ਪ੍ਰਸਿੱਧ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਨਾਲ ਇਹ ਗੱਲਬਾਤ 28 ਅਕਤੂਬਰ 2007 ਨੂੰ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਘਰ, ਲਿਬਨਾਨ, ਪੈਨਸਲਵੇਨੀਆ ਵਿਖੇ ਹੋਈ। ਗੱਲਬਾਤ ਵਿਚ ਦਲਜੀਤ ਮੋਖਾ, ਰਵਿੰਦਰ ਸਹਿਰਾਅ, ਸਫ਼ੀਰ ਰਾਮਾਹ ਅਤੇ ਸੁਰਿੰਦਰ ਸੋਹਲ ਨੇ ਹਿੱਸਾ ਲਿਆ
ਦਲਜੀਤ ਮੋਖਾ: ਅਹਿਮਦ ਸਲੀਮ ਸਾਹਿਬ, ਤੁਹਾਡਾ ਕੀ ਖ਼ਿਆਲ ਹੈ, ਸਾਹਿਤ ਵਿਚ ਲੇਬਲ ਲਾਉਣੇ ਠੀਕ ਨੇ ਜਾਂ ਗ਼ਲਤ?
ਅਹਿਮਦ ਸਲੀਮ: ਮੈਂ ਵੰਡੀਆਂ ਦੇ ਖ਼ਿਲਾਫ਼ ਹਾਂ। ਪਛਾਣ, ਅਡੈਂਟਿਟੀ, ਦੇ ਹੱਕ ਵਿਚ ਹਾਂ। ਡਾਇਵਰਸਿਟੀ ’ਚ ਮੈਂ ਯਕੀਨ ਰੱਖਦਾ ਹਾਂ। ਬਾਗ਼ ਵਿਚ ਪੰਦਰਾਂ ਰੰਗ ਦੇ ਫੁੱਲ ਨੇ, ਪੰਦਰਾਂ ਖ਼ੁਸ਼ਬੋਆਂ ਨੇ, ਪੰਦਰਾਂ ਉਹਨਾਂ ਦੇ ਨਾਮ ਨੇ। ਨਿਰੇ ਗੁਲਾਬ ਦੇ ਫੁੱਲ ਲਾ ਕੇ ਕਹੋ ਕਿ ਬਾਗ਼ ਬਣਾ ਲਿਆ, ਉਹ ਬਾਗ਼ ਨਹੀਂ। ਮੈਂ ਡਾਇਵਰਸਿਟੀ ਦਾ ਬਹੁਤ ਹਾਮੀ ਹਾਂ। ਵੱਖਰੀ ਵੱਖਰੀ ਪਛਾਣ ਦਾ ਹਾਮੀ ਹਾਂ। ਪਰ ਇਕਤਲਾਫ਼ ਨਹੀਂ ਹੋਣਾ ਚਾਹੀਦਾ। ਮੁਕਤਲਿਫ਼ ਹੋਣ ਵਿਚ ਇਕਤਲਾਫ਼ ਨਹੀਂ ਹੋਣਾ ਚਾਹੀਦਾ। ਕਈ ਬੰਦੇ ਪੁੱਛਦੇ ਨੇ ਕਿ ਯਾਰ ਤੇਰੀ ਰਿਸਰਚ 1947 ’ਤੇ ਆ ਕੇ ਰੁਕ ਕਿਉਂ ਜਾਂਦੀ ਐ? ਮੈਂ ਕਹਿਨਾਂ, ਉਸ ਤੋਂ ਬਾਅਦ ਪੰਜਾਬੀ ਦੀਆਂ ਵੰਡੀਆਂ ਸ਼ੁਰੂ ਹੋ ਗਈਆਂ। ਸਾਡੇ ਕੋਲ ਇਕੋ ਹੀ ਤਰੀਕਾ ਹੈ ਪੰਜਾਬ ਨੂੰ ਇਕ ਰੱਖਣ ਦਾ ਕਿ 1947 ’ਤੇ ਆ ਕੇ ਖਲੋ ਜਾਈਏ।
ਦਲਜੀਤ ਮੋਖਾ: ਹਿੰਦੋਸਤਾਨ ਵਿਚ ਵੰਡੀਆਂ ਪਾਈਆਂ ਬ੍ਰਾਹਮਣਵਾਦੀ ਸੋਚ ਨੇ, ਜੋ ਵੀ ਜ਼ਾਤਾਂ-ਪਾਤਾਂ ਬਣੀਆਂ ਉਸੇ ਕਰਕੇ ਹੀ। ਜਦੋਂ ਸਾਹਿਤ ਵਿਚ ਲੇਬਲ ਲੱਗਣ ਲਗਦੇ ਨੇ ਤਾਂ ਸਾਨੂੰ ਇਹੀ ਸ਼ੱਕ ਪੈਂਦੀ ਐ ਕਿ ਬ੍ਰਾਹਮਣਵਾਦੀ ਸੋਚ ਸਾਹਿਤ ’ਚ ਸ਼ਾਮਿਲ ਹੋ ਗਈ ਐ ਤੇ ਲੇਬਲ ਲਾਉਣੇ ਸ਼ੁਰੂ ਕਰ ਦਿੱਤੇ- ਇਹ ਪਰਵਾਸੀ ਸਾਹਿਤ ਐ, ਇਹ ਦਲਿਤ ਸਾਹਿਤ ਐ, ਇਹ ਫਲਾਨਾ ਸਾਹਿਤ ਐ।
ਅਹਿਮਦ ਸਲੀਮ: ਸਾਹਿਤ ਤਾਂ ਸਾਹਿਤ ਐ। ਸਾਹਿਤ ਤੇ ਇਨਸਾਨ ਦੋਨਾਂ ਦੀ ਐਸੀ ਸਾਂਝ ਐ। ਜਿਹੜਾ ਸਾਹਿਤ ਇਨਸਾਨ ਦੀ ਗੱਲ ਨਹੀਂ ਕਰਦਾ, ਉਹ ਸਾਹਿਤ ਹੀ ਨਹੀਂ। ਸਾਹਿਤ ਨੂੰ ਰਿਐਕਸ਼ਨਰੀ ਕਹਿਣਾ ਜਾਂ ਪ੍ਰੌਗਰੈਸਿਵ ਕਹਿਣਾ ਵੀ ਇਕ ਤਰ੍ਹਾਂ ਦੀ ਵੰਡੀ ਹੈ।
ਸੁਰਿੰਦਰ ਸੋਹਲ: ਜਦੋਂ ਤੁਸੀਂ ਸਾਹਿਤ ਰਚਣਾ ਸ਼ੁਰੂ ਕੀਤਾ, ਤੁਸੀਂ ਲੇਖਕ ਪਹਿਲਾਂ ਸੀ ਤੇ ਖੱਬੇ ਪੱਖੀ ਵਿਚਾਰਧਾਰਾ ਬਾਅਦ ’ਚ ਬਣੀ ਜਾਂ ਵਿਚਾਰਧਾਰਕ ਪਰਪੱਕਤਾ ਪਹਿਲਾਂ ਆ ਗਈ ਸੀ ਤੇ ਉਸੇ ਤਰ੍ਹਾਂ ਦਾ ਸਾਹਿਤ ਰਚਿਆ?
ਅਹਿਮਦ ਸਲੀਮ: ਇਹ ਤੈਅ ਕਰਨਾ ਬਹੁਤ ਔਖਾ ਹੈ। ਮੇਰੇ ’ਤੇ ਜਿਹੜੇ ਜਿਹੜੇ ਅਸਰ ਹੋਏ, ਜੌਹਰ ਮੀਰ ਸਾਹਿਬ ਦਾ ਅਸਰ। ਜੌਹਰ ਮੀਰ ਸਾਹਿਬ ਨਿਊਯਾਰਕ ਰਹਿੰਦੇ ਸਨ। ਕਈ ਵਾਰੀ ਪ੍ਰੋਗਰਾਮ ਬਣਿਆ ਉਹਨਾਂ ਨੂੰ ਮਿਲਣ ਜਾਣ ਦਾ। ਮੌਕਾ ਲੱਗ ਨਹੀਂ ਸਕਿਆ। ਹੁਣ ਆਇਆ ਹਾਂ ਤਾਂ ਮੀਰ ਸਾਹਿਬ ਰਹੇ ਨਹੀਂ। ਉਹਨਾਂ ਦਾ ਸ਼ਿਅਰ ਯਾਦ ਆ ਰਿਹਾ ਹੈ, ਜਿਹੜਾ ਉਹਨਾਂ ਨੇ ਜ਼ਿਆ ਉਲ ਹੱਕ ਦੀ ਮੌਤ ’ਤੇ ਲਿਖਿਆ ਸੀ-
ਇਕ ਹਾਦਸਾ ਹੈ ਮਸ਼ੀਨੋ ਕੀ
ਬਾਜ਼ਮੀਰੀ ਭੀ
ਜਹਾਜ਼ ਉਸ ਕੇ ਗੁਨਾਹੋਂ ਕਾ
ਬੋਝ ਉਠਾ ਨਾ ਸਕਾ।
ਇਕ ਉਹਨਾਂ ਦਾ ਸ਼ਿਅਰ ਪਾਰਟੀਸ਼ਨ ’ਤੇ ਹੈ-
ਮੇਰੇ ਵਤਨ ਕੀ ਮੁਕੱਦਸ ਜ਼ਮੀਂ
ਪੇ ਲਿਖਾ ਹੈ
ਜੋ ਚੀਜ਼ ਟੂਟ ਕੇ ਬਨਤੀ ਹੈ
ਟੂਟ ਜਾਤੀ ਹੈ।
ਅੱਛਾ ਮੇਰੇ ’ਤੇ ਜੌਹਰ ਮੀਰ ਹੋਰਾਂ ਦਾ ਅਸਰ ਸੀ, ਉਸ ਜ਼ਮਾਨੇ ਦੇ ਹੋਰ ਲੇਖਕਾਂ ਦਾ ਅਸਰ ਸੀ। ਮੈਂ ਪਿਸ਼ਾਵਰ ਵਿਚ ਪੜ੍ਹਿਆ ਹਾਂ। ਮੇਰੇ ਕਲਾਸਫੈਲੋ ਪਸ਼ਤੋ ਵਿਚ ਸ਼ਿਅਰ ਲਿਖਦੇ ਸਨ। ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਉਹ ਕਹਿੰਦੇ ਸਨ, ਤੇਰੀ ਏਨੀ ਸੋਹਣੀ ਪੰਜਾਬੀ ਜ਼ਬਾਨ ਏਂ, ਤੂੰ ਉਰਦੂ ’ਚ ਕਿਉਂ ਲਿਖਦੈਂ। ਮੈਂ ਜਿਵੇਂ ਅਪਣੀ ਜ਼ਬਾਨ ਪਸ਼ਤੋ ਵਿਚ ਲਿਖਦਾ ਹਾਂ, ਤੂੰ ਪੰਜਾਬੀ ਵਿਚ ਲਿਖ ਕੇ ਦੇਖ, ਦੇਖੀਂ ਕਿੰਨਾਂ ਮਜ਼ਾ ਆਵੇਗਾ। ਇਹ ਗੱਲ ਸਮਝ ਨਹੀਂ ਆਈ। ਬਹੁਤ ਦੇਰ ਉਰਦੂ ਵਿਚ ਲਿਖਦੇ ਰਹੇ। ਜੁੜੇ ਹੋਏ ਸਾਂ ਤਰੱਕੀਪਸੰਦ ਲੇਖਕਾਂ ਦੇ ਕਬੀਲੇ ਨਾਲ। ਰਜ਼ਾ ਹਮਦਾਨੀ, ਬੁਖਾਰੀ, ਜੌਹਰ ਮੀਰ, ਮਹਿਸਨ ਅਹਿਸਨ ਸਾਰੇ ਉਰਦੂ ਵਾਲੇ ਸਨ। ਇਹ ਮੇਰੇ ਮੈਂਟਰਜ਼ ਨੇ। ਇਹ ਨਾ ਹੁੰਦੇ ਤਾਂ ਅਹਿਮਦ ਸਲੀਮ ਨਾ ਹੁੰਦਾ। ਇਹ ਲੋਕ ਵਿਚਾਰਧਾਰਾ ਦੀ ਗੱਲ ਕਰਦੇ ਸਨ। ਆਖਦੇ ਸਨ ਕਿ ਇਹ ਹੀ ਅਜਿਹੀ ਵਿਚਾਰਧਾਰਾ ਹੈ, ਜਿਸ ਵਿਚ ਇਨਸਾਨ ਦੀ ਨਿਜਾਤ ਦਾ ਰਸਤਾ ਹੈ। ਇਨਸਾਨ ਦੀ ਖ਼ੁਸ਼ਹਾਲੀ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਲੇਖਕ ਦਾ ਇਹ ਫ਼ਰਜ਼ ਐ। ਇਹ ਗੱਲਾਂ ਸ਼ੁਰੂ ਤੋਂ ਹੀ ਸੁਣਦੇ ਆਏ ਸਾਂ। ਲਿਖਣਾ ਸ਼ੁਰੂ ਕੀਤਾ ਤੇ ਅਚੇਤ-ਸੁਚੇਤ ਮਨ ’ਚ ਇਹ ਗੱਲਾਂ ਮੌਜੂਦ ਸਨ। ਪਰ ਕੋਈ ਵਿਚਾਰਧਾਰਾ ਲੈ ਕੇ ਉਸ ਦੇ ਤਹਿਤ ਮੌਜੂ ਬਣਾ ਕੇ ਨਹੀਂ ਲਿਖਣਾ ਸ਼ੁਰੂ ਕੀਤਾ ਕਿ ਐਹ ਵਿਚਾਰਧਾਰਾ ਹੈ ਤੇ ਇਹਦੇ ’ਤੇ ਲਿਖਿਆ ਜਾਏ। ਉਹ ਤਾਂ ਜਵਾਬੇ ਮਜ਼ਮੂਨ ’ਚ ਹੋ ਜਾਂਦੈ ਕਿ ਫਲਾਨੇ ਟਾਪਿਕ ’ਤੇ ਲਿਖ ਕੇ ਲਿਆਓ। ਉਹ ਕੁਝ ਹੋਰ ਹੁੰਦਾ ਹੈ। ਪਰ ਸਾਹਿਤ ਦੀ ਡਾਇਰੈਕਸ਼ਨ ਤੁਹਾਡੇ ਅੰਦਰ ਹੁੰਦੀ ਹੈ, ਜਿਹੜੀ ਤੁਹਾਨੂੰ ਲਿਖਣ ਦੀ ਪਰੇਰਨਾ ਦਿੰਦੀ ਹੈ।
ਰਵਿੰਦਰ ਸਹਿਰਆ: ਵਾਦ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਅਹਿਮਦ ਸਲੀਮ: ਮੈਂ ਵਾਦ-ਵਿਵਾਦ ਵਿਚ ਯਕੀਨ ਨਹੀਂ ਰੱਖਦਾ, ਸਿਰਫ਼ ਮਾਰਕਸਵਾਦ ਵਿਚ ਯਕੀਨ ਰੱਖਦਾ ਹਾਂ। ਜਾਂ ਕਹਿ ਲਓ ਯਕੀਨ ਮੈਂ ਨਹੀਂ ਰੱਖਦਾ, ਉਹ ਮੇਰੇ ਲਈ ਇਕ ਸਾਇੰਟਫ਼ਿਕ ਇਲਮ ਹੈ, ਬੰਦੇ ਦੀ ਬਚਤ ਕਰਨ ਵਾਸਤੇ। ਉਹ ਇਕ ਰਸਤਾ ਹੈ। ਮੈਥਡੌਲੋਜੀ ਹੈ। ਇਟ ਇਜ਼ ਨਾਟ ਏ ਪਾਰਟ ਆਫ਼ ਮਾਈ ਫ਼ੇਥ। ਮੈਂ ਇਸ ਨੂੰ ਇਕ ਰਸਤਾ, ਇਲਮ ਹਾਸਿਲ ਕਰਨ ਦਾ ਇਕ ਤਰੀਕਾ ਸਮਝਦਾਂ। ਇਸੇ ਕਰਕੇ ਮਾਸਕੋ ਦੇ ਢਹਿਣ ਨਾਲ ਮੇਰਾ ਕੁਝ ਨਹੀਂ ਵਿਗੜਿਆ। ਨਾ ਮੇਰਾ ਕੋਈ ਨੁਕਸਾਨ ਹੋਇਆ। ਨਾ ਮੈਨੂੰ ਕੋਈ ਪਰੇਸ਼ਾਨੀ ਹੋਈ ਹੈ। ਨਾ ਮੈਂ ਰੋਇਆ ਹਾਂ। ਜਿਹੜਾ ਕਿ ਲੋਕਾਂ ਨੇ ਕੀਤਾ ਹੈ। ਕਿਉਂਕਿ ਉਹਨਾਂ ਦੇ ਬਹੁਤ ਸਾਰੇ ਫ਼ਾਇਦੇ ਜੁੜੇ ਹੋਏ ਹੁੰਦੇ ਨੇ ਕਿਸੇ ਇੰਪਾਇਰ ਨਾਲ। ਕਿਸੇ ਵਿਚਾਰਧਾਰਾ ਨਾਲ। ਸਾਡੇ ਨਹੀਂ ਸਨ। 1990 ਵਿਚ ਬੜੇ ਰੌਲੇ ਮਚੇ ਹੋਏ ਸਨ ਕਿ ਸਭ ਕੁਝ ਖ਼ਤਮ ਹੋ ਗਿਆ। ਮੇਰੇ ਗਵਾਂਢ ’ਚ ਮਕਾਨ ਬਣ ਰਿਹਾ ਸੀ। ਉਹ ਤੀਸਰੀ ਮੰਜ਼ਿਲ ਤੋਂ ਪੰਜਵੀਂ ਮੰਜ਼ਿਲ ਪਾ ਰਿਹਾ ਸੀ। ਕਦੇ ਉਤੋਂ ਇੱਟ, ਕਦੇ ਪੱਥਰ ਡਿੱਗਦਾ ਮੇਰੇ ਝੁੱਗੀ ਨੁਮਾ ਘਰ ’ਤੇ। ਮੈਂ ਕਿਹਾ ਬਈ ਮੇਰੀ ਤੇ ਲੜਾਈ ਚੱਲ ਰਹੀ ਏ। ਪੂੰਜੀਵਾਦ ਉੱਤੋਂ ਇੱਟਾਂ ਰੋੜੇ ਸੁੱਟੀ ਜਾ ਰਿਹੈ, ਮੈਂ ਇਹਨਾਂ ਨੂੰ ਨਹੀਂ ਛੱਡਣਾ।
ਸੁਰਿੰਦਰ ਸੋਹਲ: ਤੁਹਾਡੀ ਪੀੜ੍ਹੀ ਜਿੰਨੀ ਪ੍ਰਤੀਬੱਧਤਾ ਨਾਲ ਜੁੜੀ ਹੋਈ ਸੀ, ਉਸ ਵਿਚਾਰਧਾਰਾ ਨਾਲ, ਹੁਣ ਦੀ ਪੀੜ੍ਹੀ ਵਿਚ ਵੀ ਓਨੀ ਪ੍ਰਤੀਬੱਧਤਾ ਹੈ?
ਅਹਿਮਦ ਸਲੀਮ: ਸਾਡੇ ਪਾਸੇ ਜਿਹੜੀ ਸੂਝ ਵਧੀ ਹੈ, ਉਹ ਵਧੀ ਹੈ ਅਪਣੀ ਮਾਂ ਬੋਲੀ ਦੀ। ਜਿਹੜੀ ਪਹਿਲਾਂ ਬਹੁਤ ਘੱਟ ਸੀ। ਸਾਡੇ ਵੇਲੇ ਦੇ ਵਿਚ। ਇੰਡੀਆ ਤੋਂ ਖ਼ਤ ਆਇਆ ਤਾਂ ਛੇ ਮਹੀਨੇ ਸੀ ਆਈ ਡੀ ਦੀਆਂ ਹਾਜ਼ਰੀਆਂ ਭੁਗਤੋ। ਪੰਜਾਬੀ ਸੰਗਤ ਦਾ ਜਲਸਾ ਕਰ ਲਿਆ ਤੇ ਸੀ ਆਈ ਡੀ ਤੁਹਾਨੂੰ ਰੋਜ਼ ਘਰ ਛੱਡਣ ਆਉਂਦੀ ਸੀ। ਇਸ ਤਰ੍ਹਾਂ ਦੇ ਹਾਲਾਤ ਸਨ। ਹੁਣ ਸੂਰਤ ਇਹ ਐ ਕਿ ਸੂਝ ਵਧੀ ਐ। ਪੰਜਾਬੀ ਦਾ ਜਿਹੜਾ ਤਾਕਤਵਰ ਸਾਹਿਤ ਲਿਖਿਆ ਗਿਐ, ਉਹ ਪ੍ਰੌਗਰੈਸਿਵ ਲਹਿਰ ਦੇ ਤਹਿਤ ਹੀ ਲਿਖ ਹੋਇਐ। ਬਹੁਤ ਸਾਰੇ ਲਿਖਾਰੀ ਪੰਜਾਬੀ ਦੀ ਭਲਿਆਈ ਵਾਸਤੇ ਲਿਖ ਰਹੇ ਹਨ। ਉਹ ਕਿਸੇ ਅਡਿਆਲੌਜੀ ਦੀ ਗੱਲ ਨਹੀਂ ਕਰ ਰਹੇ, ਪਰ ਅਸੀਂ ਕਹਿਨੇ ਆਂ ਕਿ ਕੋਈ ਹਰਜ ਨਹੀਂ। ਉਹਨਾਂ ਦਾ ਅਪਣਾ ਖ਼ਿਆਲ ਹੈ ਇਕ ਅਪਣਾ ਰੋਲ ਹੈ। ਉਹ ਅਪਣਾ ਕੰਮ ਕਰੀ ਜਾ ਰਹੇ ਨੇ। ਇਸ ਲਈ ਪ੍ਰਤੀਬੱਧਤਾ ਤਾਂ ਉਥੇ ਈ ਐ। ਪਰ ਕੁਝ ਲੋਕ ਹੁੰਦੇ ਨੇ ਜਿਹੜੇ ਸੋਲਾਂ ਸਾਲ ਦੀ ਉਮਰ ਵਿਚੋਂ ਸਤਾਰਵੇਂ ਸਾਲ ਵਿਚ ਚਲੇ ਜਾਂਦੇ ਨੇ ਤੇ ਫਿਰ ਸੱਤਰ ਸਾਲ ਦੇ ਹੋ ਜਾਂਦੇ ਨੇ। ਕੁਝ ਲੋਕ ਲੋਕ ਹੁੰਦੇ ਨੇ ਜਿਹੜੇ ਮੇਰੀ ਤਰ੍ਹਾਂ ਸੱਠ ਸਾਲ ਦੀ ਉਮਰ ਵਿਚ ਵੀ ਸੋਲਾਂ ਸਾਲ ਦੇ ਹੁੰਦੇ ਨੇ। ਉਹ ਜਿਹੜਾ ਕੁਮਿਟਮੈਂਟ ਦਾ ਜਨੂੰਨ ਹੁੰਦਾ ਹੈ, ਉਹ ਅਗਰ ਅਪਣੇ ਅੰਦਰ ਪਾਲੀ ਰੱਖੋ, ਮੇਰੇ ਖ਼ਿਆਲ ਵਿਚ ਉਹ ਤੁਹਾਨੂੰ ਉਸ ਵਿਚਾਰਧਾਰਾ ਤੋਂ ਦੂਰ ਨਹੀਂ ਹੋਣ ਦਿੰਦਾ।
ਸੁਰਿੰਦਰ ਸੋਹਲ: ਇਕਬਾਲ ਕੈਸਰ ਨਾਲ ਗੱਲ ਹੋਈ ਸੀ ਕੋਈ 6-7 ਸਾਲ ਪਹਿਲਾਂ, ਉਹ ਕਹਿੰਦਾ ਸੀ ਕਿ ਜੇ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਜਾਂ ਗੱਦਾਰ ਕਹਿੰਦੇ ਨੇ ਜਾਂ ਕਹਿੰਦੇ ਨੇ ਇਹ ਸਿੱਖ ਨੇ!
ਅਹਿਮਦ ਸਲੀਮ: ਜਿਹੜੇ ਲੋਕ ਪੰਜਾਬੀ ਦੇ ਖ਼ਿਲਾਫ਼ ਨੇ, ਕਈ ਵਾਰ ਲਹਿਰ ’ਚ ਆ ਕੇ ਕਹਿ ਦਿੰਦੇ ਨੇ ਕਿ ਪੰਜਾਬੀ ਸਿੱਖਾਂ ਦੀ ਜ਼ਬਾਨ ਐ ਜੀ। ਉਹ ਭੁੱਲ ਜਾਂਦੇ ਨੇ ਕਿ ਬਾਬਾ ਫ਼ਰੀਦ ਤੋਂ ਲੈ ਕੇ ਜਿਤਨੇ ਸਾਡੇ ਸੂਫ਼ੀ ਬਜ਼ੁਰਗ ਨੇ ਉਹਨਾਂ ਦੀ ਪੰਜਾਬੀ ਕਵਿਤਾ ਵਿਚ ਕੋਈ ਕਮੀ ਨਹੀਂ, ਸਗੋਂ ਮੈਂ ਸਮਝਦਾਂ ਹਾਂ ਕਿ ਨੀਂਹ ਹੀ ਉਹਨਾਂ ਨੇ ਰੱਖੀ ਹੈ। ਜੇਕਰ ਨਿਰੋਲ ਸਾਹਿਤਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਮੇਰਾ ਖ਼ਿਆਲ ਹੈ ਕਿ ਗੁਰੂ ਨਾਨਕ ਦੇਵ ਜੀ ਨਾ ਹੁੰਦੇ, ਜੇਕਰ ਬਾਬਾ ਫ਼ਰੀਦ ਜੀ ਨਾ ਹੁੰਦੇ ਤਾਂ। ਬਾਬਾ ਫ਼ਰੀਦ ਤੋਂ ਪਹਿਲੇ ਵੀ ਹੈ ਸਨ। ਉਸ ਤੋਂ ਪਹਿਲਾਂ ਜਿਹੜੇ ਜੋਗੀ ਕਵੀ ਹੋਏ ਨੇ।
ਸੁਰਿੰਦਰ ਸੋਹਲ: ਗੋਰਖ ਨਾਥ, ਚਰਪਟ ਨਾਥ, ਰਤਨ ਨਾਥ, ਚੌਰੰਗੀ ਨਾਥ। ਨੌਵੀਂ-ਦਸਵੀਂ ਸਦੀ ਵਿਚ।
ਅਹਿਮਦ ਸਲੀਮ: ਇਹ ਰੈਬਲ ਸਨ ਤੇ ਰੈਬਲ ਜਿਹੜਾ ਹੁੰਦੈ, ਅਸਲੀ ਬੰਦਾ ਉਹੀ ਹੁੰਦੈ। ਉਹ ਨਿੱਕੀਆਂ ਨਿੱਕੀਆਂ ਲੀਹਾਂ ’ਤੇ ਤੁਰਦਾ ਰਹਿੰਦੈ। ਉਹਦੇ ’ਚ ਜਾਨ ਜ਼ਰਾ ਘੱਟ ਹੁੰਦੀ ਹੈ, ਇਹ ਪ੍ਰਾਬਲਮ ਐ।
ਸੁਰਿੰਦਰ ਸੋਹਲ: ਜਦੋਂ ਡਾ. ਜੀਤ ਸਿੰਘ ਸੀਤਲ ਪੰਜਾਬੀ ਕਵਿਤਾ ਦਾ ਇਤਿਹਾਸ ਸ਼ੁਰੂ ਕਰਦਾ ਹੈ ਤਾਂ ਪੂਰਵ-ਨਾਨਕ ਕਾਲ ਚੈਪਟਰ ਵਿਚ ਗੱਲ ਗੋਰਖ ਨਾਥ ਹੋਰਾਂ ਤੋਂ ਸ਼ੁਰੂ ਕਰਦਾ ਹੈ।
ਦਲਜੀਤ ਮੋਖਾ: ਕੋਈ ਸਿਆਸੀ ਗੱਲ ਕਰ ਲਈਏ!
ਅਹਿਮਦ ਸਲੀਮ: ਮੇਰਾ ਖ਼ਿਆਲ ਏ ਸਿਆਸੀ ਗੱਲ ਈ ਹੋ ਰਹੀ ਏ। ਪਾਕਿਸਤਾਨ ਵਿਚ ਪੰਜਾਬੀ ਦਾ ਮਾਮਲਾ ਬਹੁਤ ਵੱਡਾ ਸਿਆਸੀ ਮਾਮਲਾ ਹੈ। ਸਾਡੀ ਸਿਆਸੀ ਲੜਾਈ ਏ ਸਗੋਂ। ਕਿਉਂਕਿ ਅਸੀਂ ਇਹ ਕਹਿਨੇ ਆਂ ਕਿ ਪੰਜਾਬੀ ਸਾਡੇ ਲਈ ਉਸ ਦਿਨ ਪੰਜਾਬੀ ਬਣੇਗੀ, ਜਿਸ ਦਿਨ ਉਹ ਰੋਜ਼ਗਾਰ ਦੀ ਜ਼ਬਾਨ ਮੰਨੀ ਜਾਏਗੀ। ਅਸੀਂ ਅਜੇ ਸਟਰਗਲ ਕਰ ਰਹੇ ਹਾਂ ਕਿ ਪੜ੍ਹਾਈ ਦੀ ਜ਼ਬਾਨ ਮੰਨੀ ਜਾਵੇ। ਪੜ੍ਹਾਈ ਦੀ ਜ਼ਬਾਨ ਮੰਨੀ ਜਾਏਗੀ ਤਾਂ ਉਹ ਪੁਲਿਸ-ਥਾਣੇ ਦੀ ਜ਼ਬਾਨ ਬਣ ਜਾਏਗੀ। ਜ਼ਾਹਿਰ ਹੈ ਕਿ ਸਾਰਾ ਕਿੱਸਾ ਜੁੜਿਆ ਏ ਸਿਆਸਤ ਦੇ ਨਾਲ। ਭਾਸ਼ਾ ਦਾ ਸਾਰਾ ਤੁਅਲੱਕ ‘ਪਾਵਰ’ ਨਾਲ ਹੈ। ‘ਪਾਵਰ’ ਜਿਸ ਦੇ ਕੋਲ ਹੈ, ਉਹ ਜ਼ਬਾਨ ਦਾ ਮਾਮਲਾ ਤੈਅ ਕਰਦੇ ਹਨ। ਮਿਸਾਲ ਦੇ ਤੌਰ ’ਤੇ ਰੋਜ਼ਗਾਰ ਦੀ ਜ਼ਬਾਨ ਬਣੇਗੀ ਤੇ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਪੰਜਾਬੀ ਦੀ ਮੰਗ ਸਿਆਸੀ ਮੰਗ ਏ, ਇਹ ਅਸੀਂ ਸਮਝਦੇ ਹਾਂ।
ਸੁਰਿੰਦਰ ਸੋਹਲ: ਪੰਜਾਬੀ ਅਖ਼ਬਾਰ ‘ਸੱਜਣ’ ਬੰਦ ਹੋ ਗਿਆ ਸੀ, ਇਕਬਾਲ ਕੈਸਰ ਦੱਸਦਾ ਸੀ!
ਅਹਿਮਦ ਸਲੀਮ: ਹਾਂ, ਇਕ ਹੋਰ ਅਖ਼ਬਾਰ ਨਿਕਲੀ ਸੀ ‘ਖ਼ਬਰਾਂ’, ਉਹ ਵੀ ਬੰਦ ਹੋ ਗਿਆ। ਹਾਲਾਂਕਿ ਉਹਦੇ ’ਚੋਂ ਬਹੁਤ ਕਮਾਈ ਹੁੰਦੀ ਸੀ। ਬਹੁਤ ਇਸ਼ਤਿਹਾਰ ਹੁੰਦੇ ਸਨ। ਉਹ ਲਾਹੌਰ ਤੋਂ ਨਿਕਲੀ ਸੀ। ਫਿਰ ਇਸਲਾਮਾਬਾਦ ਪਿੰਡੀ ਤੋਂ ਵੀ। ਮੈਂ ‘ਖ਼ਬਰਾਂ’ ਲਵਾਈ ਹੋਈ ਸੀ। ਇਕ ਦਿਨ ਅਚਾਨਕ ਹਾਕਰ ਨੇ ਲਿਆਉਣੀ ਬੰਦ ਕਰ ਦਿੱਤੀ। ‘ਸਵੇਰ ਇੰਟਰਨੈਸ਼ਨਲ’ ਦੇ ਐਡੀਟਰ ਜਮੀਲ ਅਹਿਮਦ ਵੀ ਉਥੇ ਹੀ ਕੰਮ ਕਰਦੇ ਸਨ। ਸ਼ਾਹਿਦਾ ਵੀ ਉਸ ਵਿਚ ਰੈਗੂਲਰ ਕਾਲਮ ਲਿਖਦੀ ਸੀ। ਹੋਰ ਬਹੁਤ ਲੋਕ ਸਨ। ਮੈਂ ਖ਼ੁਸ਼ ਇਸ ਵਾਸਤੇ ਸਾਂ ਕਿ ਪਹਿਲੀ ਵਾਰ ਪੰਜਾਬੀ ਦੇ ਵਿਚ ਸ਼ਿਅਰ, ਸਾਹਿਤ ਅਤੇ ਅਫ਼ਸਾਨੇ ਤੋਂ ਵੱਖ ਕੁਝ ਲਿਖਿਆ ਜਾ ਰਿਹਾ ਸੀ।
ਸਫ਼ੀਰ ਰਾਮਾਹ : ਉਹ ਬਾਕਾਇਦਾ ਕਮਰਸ਼ੀਅਲ ਪੇਪਰ ਸੀ।
ਅਹਿਮਦ ਸਲੀਮ: ਉਸ ਵਿਚ ਇਕਨਾਮਿਕਸ, ਕਰਾਈਮ, ਸਾਇੰਸ, ਫਲਸਫੇ ਉਪਰ ਲੇਖ ਹੁੰਦੇ ਸਨ। ਸੋਸ਼ਲ ਲਾਈਫ਼ ਉੱਤੇ ਲਿਖਿਆ ਜਾਂਦਾ ਸੀ। ਉਸ ਨਾਲ ਪੰਜਾਬੀ ਸ਼ਬਦਾਵਲੀ ਵਧ ਰਹੀ ਸੀ। ਪੰਜਾਬੀ ਗਰੋ ਕਰਨ ਲੱਗ ਪਈ ਸੀ। ਉਸ ਵਿਚ ਗਲੋਬਲਾਈਜ਼ੇਸਨ ਨਾਲ ਸੰਬੰਧਤ ਨਵੀਆਂ ਟਰਮਾਂ ਪੰਜਾਬੀ ਵਿਚ ਆਉਣ ਲੱਗ ਪਈਆਂ ਸਨ। ਪਤਾ ਨਹੀਂ ਕਿਉਂ ਬੰਦ ਹੋ ਗਈ ਅਖ਼ਬਾਰ।
ਸਫ਼ੀਰ ਰਾਮਾਹ : ਅਸਲ ਵਿਚ ਕਈ ਜ਼ਾਤੀ ਚੀਜ਼ਾਂ ਹੋ ਗਈਆਂ ਸਨ। ਜ਼ਿਆ ਸ਼ਾਹਿਦ ਸਾਹਿਬ ਦਾ ਬੇਟਾ ਫੌਤ ਹੋ ਗਿਆ ਸੀ। ਉਹ ਡਿਪਰੈਸ਼ਨ ਵਿਚ ਚਲਾ ਗਿਆ ਸੀ। ‘ਖ਼ਬਰਾਂ’ ਬਹੁਤ ਵੱਡਾ ਆਦਾਰਾ ਹੈ।
ਅਹਿਮਦ ਸਲੀਮ: ਉਹਨਾਂ ਨੇ ਚਾਰ ਜ਼ਬਾਨਾਂ ਵਿਚ ਕੱਢਿਆ ਸੀ ਅਖ਼ਬਾਰ। ‘ਖ਼ਬਰੂਨਾ’ ਪਸ਼ਤੋ ਵਿਚ, ‘ਖਬਰੂਨ’ ਸਿੰਧੀ ਵਿਚ, ‘ਖ਼ਬਰਾਂ’ ਪੰਜਾਬੀ ਵਿਚ ਤੇ ‘ਖ਼ਬਰੇਂ’ ਉਰਦੂ ਵਿਚ। ਉਰਦੂ, ਸਿੰਧੀ ਅਤੇ ਪਸ਼ਤੋ ਵਿਚ ਚੱਲ ਰਿਹਾ ਹੈ। ਪੰਜਾਬੀ ਵਿਚ ਬੰਦ ਹੋਣ ਦਾ ਕੋਈ ਆਡਿਆਲੋਜੀਕਲ ਮਸਲਾ ਨਹੀਂ। ਇਹ ਮਤਲਬ ਨਹੀਂ ਕਿ ਉਹ ਪੰਜਾਬੀ ਦੇ ਖ਼ਿਲਾਫ਼ ਹੋ ਗਿਆ। ਮੈਨੂੰ ਯਾਦ ਹੈ ਜਦੋਂ ਅਖ਼ਬਾਰ ਨਿਕਲਿਆ ਸੀ ਚੀਫ਼ ਮਨਿਸਟਰ ਦੇ ਸਾਹਮਣੇ ਜ਼ਿਆ ਸ਼ਾਹਿਦ ਨੇ ਤਕਰੀਰ ਕੀਤੀ ਸੀ ਕਿ ਜਨਾਬ ਹੁਣ ਇਹ ਬਹਾਨੇ ਛੱਡੋ, ਪੰਜਾਬੀ ਨੂੰ ਪੜ੍ਹਾਈ ਦੀ ਜ਼ਬਾਨ ਬਣਾਓ। ਚੀਫ਼ ਮਨਿਸਟਰ ਸਾਹਿਬ ਨੇ ਕਿਹਾ ਸੀ ਕਿ ਜੀ ਬੜੇ ਮਸਲੇ ਹੁੰਦੇ ਨੇ। ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ। ਬੜਾ ਕੁਝ ਦੇਖਣਾ ਪੈਂਦਾ ਹੈ, ਕਰਨਾ ਪੈਂਦਾ ਹੈ। ਕਹਿਣ ਦਾ ਮਤਲਬ ਕਿ ਮੈਨੂੰ ਨਹੀਂ ਲਗਦਾ ਕਿ ਜ਼ਿਆ ਸ਼ਾਹਿਦ ਸਾਹਿਬ ਦਾ ਕੋਈ ਪੰਜਾਬੀ ਦੇ ਖ਼ਿਲਾਫ਼ ਕਦਮ ਹੋਵੇ। ਜਿਵੇਂ ਸਫ਼ੀਰ ਸਾਹਿਬ ਨੇ ਕਿਹਾ ਕੋਈ ਨਿੱਜੀ ਪ੍ਰਾਬਲਮ ਉਸਨੂੰ ਆਈ ਹੈ।
ਦਲਜੀਤ ਮੋਖਾ: ਲੇਕਿਨ ਬਹੁਤ ਅਫਸੋਸ ਦੀ ਗੱਲ ਹੈ।
ਰਵਿੰਦਰ ਸਹਿਰਆ: ਪਾਸ਼ ਨੇ ਨਜ਼ਮ ਲਿਖੀ ਸੀ ਤੁਹਾਡੇ ਬਾਰੇ।
ਅਹਿਮਦ ਸਲੀਮ: ਉਹ ਮੈਨੂੰ ਉਸਨੇ ਸ਼ੀਸ਼ਾ ਵਿਖਾਇਆ ਸੀ। ਪਾਸ਼ ਦੀ ਨਜ਼ਮ ਵਿਚ ਜਿਹੜਾ ਬੁਨਿਆਦੀ ਨੁਕਤਾ ਸੀ, ਉਹ ਇਹ ਸੀ ਕਿ ਅਹਿਮਦ ਸਲੀਮ ਤੂੰ ਖ਼ੁਸ਼ ਨਾ ਹੋ ਕਰਤਾਰ ਸਿੰਘ ਦੁੱਗਲ ’ਤੇ, ਤੂੰ ਖ਼ੁਸ਼ ਨਾ ਹੋ ਅੰਮ੍ਰਿਤਾ ਪ੍ਰੀਤਮ ’ਤੇ, ਤੂੰ ਖ਼ੁਸ਼ ਨਾ ਹਰਿਭਜਨ ਸਿੰਘ ’ਤੇ ਕਿ ਉਹ ਤੇਰੇ ’ਤੇ ਨਜ਼ਮਾਂ ਲਿਖ ਰਹੇ ਨੇ। ਤੈਨੂੰ ਗਰੋਲੀਫਾਈ ਕਰ ਰਹੇ ਨੇ। ਅਸੀਂ ਵੀ ਓਹੀ ਲੜਾਈ ਲੜ ਰਹੇ ਹਾਂ ਏਥੇ, ਜਿਹੜੀ ਤੂੰ ਉਥੇ ਲੜ ਰਿਹਾ ਏਂ। ਅਸੀਂ ਵੀ ਜੇਲ੍ਹਾਂ ਵਿਚ ਹਾਂ। ਸਾਡੇ ਵਾਸਤੇ ਕਿਉਂ ਨਹੀਂ ਨਜ਼ਮਾਂ ਲਿਖੀਆਂ ਜਾ ਰਹੀਆਂ। ਸਾਡੀ ਕਿਉਂ ਨਹੀਂ ਹਿਮਾਇਤ ਕੀਤੀ ਜਾਂਦੀ। ਕਿਉਂਕਿ ਉਹ ਤੇਰੀ ਹਿਮਾਇਤ ਇਸ ਕਰਕੇ ਹੈ ਕਿ ਜਿਹੜੀ ਇੰਡੀਅਨ ਗੌਰਮਿੰਟ ਦੀ ਨੀਤੀ ਹੈ, ਜਿਹੜਾ ਪੋਲੀਟੀਕਲ ਏਜੰਡਾ ਹੈ, ਉਹ ਤੇਰੀ ਹਿਮਾਇਤ ਕਰਕੇ ਪੂਰਾ ਹੁੰਦਾ ਹੈ। ਕਿਉਂਕਿ ਭਾਰਤ ਬੰਗਲਾ ਦੇਸ਼ ਵਿਚ ਉਹਨਾਂ ਦੀ ਹਿਮਾਇਤ ਕਰ ਰਿਹਾ ਹੈ। ‘ਹੇਮਜੋਤੀ’ ਪਰਚੇ ਵਿਚ ਇਕ ਖ਼ਤ ਛਪਿਆ ਸੀ ‘ਅਹਿਮਦ ਸਲੀਮ ਦੇ ਨਾਂ ਖੁੱਲ੍ਹਾ ਖ਼ਤ’। ਪਾਸ਼ ਦੀ ਨਜ਼ਮ ਪੜ੍ਹ ਲਓ ਤੇ ਉਹ ਖ਼ਤ ਪੜ੍ਹ ਲਓ ਤਾਂ ਲਗਦਾ ਹੈ ਕਿ ਉਹ ਇਕੋ ਬੰਦੇ ਨੇ ਲਿਖਿਆ ਹੈ। ਮੈਨੂੰ ਯਕੀਨ ਹੈ, ਉਹ ਪਾਸ਼ ਦਾ ਹੈ।
ਰਵਿੰਦਰ ਸਹਿਰਆ: ਜ਼ਿਆ ਉਲ ਹੱਕ ਦੀ ਹਕੂਮਤ ਸੀ ਉਸ ਵੇਲੇ। ਮੈਂ ਇਹ ਪੁਛਣਾ ਚਾਹੁੰਨਾ ਕਿ ਤੁਸੀਂ ਅੱਜ ਵੀ ਉਹੀ ਅਹਿਮਦ ਸਲੀਮ ਹੋ?
ਅਹਿਮਦ ਸਲੀਮ: ਮੈਂ ਤਾਂ ਇਹੀ ਕਿਹਾ ਕਿ ਮੈਂ ਸੋਲਾਂ ਸਾਲ ਦਾ ਹਾਂ ਅੱਜ ਵੀ। ਉਮਰ ਮੇਰੀ ਬਾਹਟ ਸਾਲ ਹੋ ਗਈ ਐ। ਇਹ ਹੁੰਦੈ ਜੀ ਕਿ ਤੁਸੀਂ ਅਸਰ ਲੈਂਦੇ ਓ ਵੇਲਿਆਂ ਦਾ। ਬਹੁਤ ਕੁਝ ਉੱਖੜ ਜਾਂਦੈ, ਬਹੁਤ ਕੁਝ ਨਵਾਂ ਆ ਜਾਂਦੈ। ਅਗਰ ਉਥੇ ਤੁਸੀਂ ਸਟੈਟਿਕ ਰਹੋ ਤਾਂ ਤੁਸੀਂ ਫਿਰ ਗ਼ਲਤ ਹੋ। ਅਗਰ ਤੁਸੀਂ ਜ਼ਿਦ ਬਣਾ ਲਓ ਕਿ ਐਹ ਮੇਰਾ ਆਈਡੀਆ ਹੈ ਤੇ ਇਹਦੇ ਤੋਂ ਮੈਂ ਹਿੱਲਣਾ-ਜੁਲਣਾ ਨਹੀਂ, ਐਹ ਮੇਰਾ ਕਾਅਬਾ ਐ, ਐਹ ਮੇਰੀ ਫਲਾਂ ਗੱਲ ਐ। ਤਬਦੀਲੀਆਂ ਤਾਂ ਆਉਂਦੀਆਂ ਨੇ ਬੰਦੇ ’ਚ ਤੇ ਆਉਂਦੀਆਂ ਰਹਿੰਦੀਆਂ ਨੇ।
ਰਵਿੰਦਰ ਸਹਿਰਆ: ਇਹ ਤਾਂ ਸੋਚ ਹੈ, ਮੌਕੇ ਮੁਤਾਬਕ ਬਦਲਦੀ ਰਹਿੰਦੀ ਐ!
ਅਹਿਮਦ ਸਲੀਮ: ਜੀ, ਉਹਦੇ ’ਚ ਤੁਸੀਂ ਪੜ੍ਹਦੇ ਓ, ਉਹ ਅਸਰ ਆਉਂਦੈ ਏ ਤੁਹਾਡੇ ’ਚ। ਤੁਸੀਂ ਤਰਜਮੇ ਕਰਦੇ ਓ, ਨਵਾਂ ਸਿੱਖਦੇ ਓ ਕੋਈ, ਤੁਸੀਂ ਕਿਧਰੇ ਕਿਧਰੇ ਕਮਜ਼ੋਰ ਪੈ ਜਾਂਦੇ ਓ, ਮਾੜੇ ਪੈ ਜਾਂਦੇ ਓ, ਤੁਸੀਂ ਸਮਝੌਤਾਵਾਦੀ ਹੋ ਜਾਂਦੇ ਓ। ਮਤਲਬ ਜ਼ਿੰਦਗੀ ਦੇ ਬਹੁਤ ਸਾਰੇ ਸਿਲਸਿਲੇ ਨੇ। ਉਹ ਅਸਰ ਪਾਉਂਦੇ ਨੇ। ਅਗਰ ਤੁਸੀਂ ਕਹੋ ਕਿ ਮੂਲ ਸੋਚ ਵਿਚ ਕੋਈ ਤਬਦੀਲੀ ਆਈ ਹੈ, ਇਹ ਗੱਲ ਨਹੀਂ। ਮਤਲਬ 1965 ਵਿਚ ਜਦੋਂ ਕਮਿਊਨਿਸਟ ਪਾਰਟੀ ਨੇ ਮੈਨੂੰ ਕਿਹਾ ਕਿ ਤੂੰ ਸਾਡਾ ਹੁਣ ਕੈਂਡੀਡੇਟ ਮੈਂਬਰ ਹੋ ਗਿਆ ਏਂ ਇਕ ਸਾਲ ਦੇ ਵਿਚ, ਮੈਂ ਅਜੇ ਵੀ ਉਥੇ ਈ ਹਾਂ। ਭਾਵੇਂ ਕਮਿਊਨਿਸਟ ਪਾਰਟੀ ਨਹੀਂ ਹੈ ਜਾਂ ਕਹਿ ਲਓ ਘੱਟੋ-ਘੱਟ ਉਸ ਸ਼ਕਲ ਵਿਚ ਨਹੀਂ ਹੈ। ਮੈਂ ਕਮਿਊਨਿਜ਼ਮ ਨੂੰ ਜ਼ਿੰਦਗੀ ਦਾ ਫਲਸਫਾ ਮੰਨਦਾ ਹਾਂ। ਇਕ ਸਾਇੰਟਫਿਕ ਨੌਲਜ ਹੈ। ਉਹ ਇਕ ਸੰਦ ਹੈ, ਜਿਸਦੇ ਨਾਲ ਤੁਸੀਂ ਅਨੈਲੇਸਿਜ਼ ਕਰ ਸਕਦੇ ਹੋ। ਹਾਲਾਤ ਦਾ ਵਿਸਲੇਸ਼ਣ ਕਰ ਸਕਦੇ ਹੋ। ਮਿਸਾਲ ਦੇ ਤੌਰ ’ਤੇ ਪਾਰਟੀ ਵਿਚ ਅਸੀਂ ਅਕਸਰ ਇਹ ਬਹਿਸ ਕਰਦੇ ਸਾਂ ਕਿ ਅਸੀਂ ਅਪਣੇ ਅਵਾਮ ਕੋਲੋਂ ਏਨੇ ਅਜਨਬੀ ਕਿਉਂ ਹਾਂ? ਅਸੀਂ ਸਿਰਫ਼ ਮਾਸਕੋ ਤੇ ਮਾਰਕਸ ਦੀ ਗੱਲ ਕਿਉਂ ਕਰਦੇ ਹਾਂ? ਕੀ ਇਹ ਸਮਾਜੀ ਇਨਸਾਫ਼ ਦੀ ਲੜਾਈ ਮਾਰਕਸ ਨੇ ਆ ਕੇ ਸ਼ੁਰੂ ਕੀਤੀ ਹੈ? ਇਹ ਬਾਬਾ ਫ਼ਰੀਦ ਤੋਂ ਨਹੀਂ ਚਲ ਰਹੀ। ਉਸ ਤੋਂ ਪਹਿਲਾਂ ਨਹੀਂ ਚਲ ਰਹੀ? ਬਰਨਾਡੇ ਨੇ ਜਿਹੜੀ ਕਿਤਾਬ ਲਿਖੀ ਸੀ ‘ਓਸ਼ਨ ਆਫ਼ ਸਟੋਰੀ’ ਉਥੋਂ ਨਹੀਂ ਚੱਲ ਰਹੀ।
ਟਾਲਸਟਾਏ ਦਾ ਸਾਹਿਤ ਇਨਸਾਨੀਅਤ ਦਾ ਇਲਮ ਹੈ, ਜਿਹੜਾ ਮਾਰਕਸ ਆਪ ਬਹੁਤ ਜ਼ੋਰ ਦਿੰਦਾ ਰਿਹੈ, ਲੈਨਿਨ ਜ਼ੋਰ ਦਿੰਦਾ ਰਿਹੈ ਕਿ ਟਾਲਸਟਾਏ’ਜ਼ ਰਿਆਲਿਟੀ ਆਫ਼ ਹਿਊਮੈਨਿਟੀ ਸੀ। ਟਾਲਸਟਾਏ ਤੇ ਰਿਐਕਸ਼ਨਰੀ ਸੀ, ਲੇਕਿਨ ਟਾਲਸਟਾਏ ਦੀ ਜਿਹੜੀ ਦੇਣ ਹੈ ਹਿਊਮੈਨ ਨਾਲਜ ਦੀ ਜਾਂ ਦੋਸਤੋਵਸਕੀ ਦੀ ਦੇਣ ਹੈ, ਉਸਨੂੰ ਮਾਰਕਸਿਜ਼ਮ ਰੱਦ ਨਹੀਂ ਕਰਦਾ। ਪਰ ਮਾਰਕਸ ਦੇ ਪੈਰੋਕਾਰ ਰੱਦ ਕਰਦੇ ਨੇ ਕਿ ਜੀ ਮਾਰਕਸਿਜ਼ਮ ਦੇ ਖ਼ਿਲਾਫ਼ ਨੇ ਇਹ ਚੀਜ਼ਾਂ। ਇਹ ਸਾਰਾ ਭੁਲੇਖਾ ਹੈ। ਮਾਰਕਸ ਨੇ ਇਕ ਵਾਰੀ ਮਜ਼ਾਕ ’ਚ ਕਿਹਾ ਸੀ ਕਿ ਥੈਂਕ ਗੌਡ ਆਈ ਐਮ ਨੌਟ ਏ ਮਾਰਕਸਿਸਟ। ਮਾਰਕਸਿਸਟ ਹੋਣ ਦਾ ਮਤਲਬ ਜਿਹੜਾ ਅਸੀਂ ਲੈਨੇ ਆਂ ਕਿ ਜੀ ਸਭ ਕੁਝ ਰੱਦ ਕਰ ਦਿਓ। ਮੇਰਾ ਖ਼ਿਆਲ ਹੈ ਕਿ ਮਾਰਕਸਿਜ਼ਮ ਵੀ ਓਸੇ ਇਲਮ ਦੇ ਨਤੀਜੇ ’ਚੋਂ ਨਿਕਲ ਕੇ ਆਇਆ, ਜਿਹੜਾ ਕਿ ਸਦੀਆਂ ਤੋਂ ਚਲਿਆ ਆ ਰਿਹਾ ਹੈ। ਰਾਜਨੀਤਿਕ ਢਾਂਚੇ ਦਾ ਇਕ ਤਜਰਬਾ ਹੋਇਆ, ਉਹ ਕਾਮਯਾਬ ਨਹੀਂ ਹੋਇਆ। ਹੁਣ ਕੋਈ ਹੋਰ ਤਜਰਬਾ ਹੋ ਸਕਦਾ ਹੈ। ਹੁਣ ਵੋਟਾਂ ਦੇ ਰਾਹੀਂ ਹੋ ਸਕਦਾ ਹੈ। ਸਰਮਾਏਦਾਰੀ ਦੇ ਕਿੰਨੇ ਤਜਰਬੇ ਉਲਟ ਚੁੱਕੇ ਨੇ। ਕਮਿਊਨਿਜ਼ਮ ਨੂੰ ਤਾਂ ਸੱਤਰ ਸਾਲ ਗਾਲੀ ਪਈ ਏ ਨਾ, ਸਰਮਾਏਦਾਰੀ ਨੂੰ ਚਾਰ ਸੌ ਸਾਲ ਤੋਂ ਪੈ ਰਹੀ ਹੈ। ਲੇਕਿਨ ਜ਼ਾਹਰ ਹੈ ਕਿ ਉਹਨਾਂ ਨੇ ਇਕ ਮੈਕਾਨਿਜ਼ਮ ਬਣਾਇਐ ਅਪਣਾ, ਜਿਸ ਵਿਚ ਉਹ ਤਬਦੀਲੀਆਂ ਲਿਆਉਂਦੇ ਰਹਿੰਦੇ ਨੇ। ਪ੍ਰੈਸ਼ਰ ਵੱਧ ਜਾਵੇ ਤਾਂ ਸੋਸ਼ਲ ਵੈੱਲਫੇਅਰ ਸਟੇਟ ਬਣਾ ਲੈਂਦੇ ਨੇ ਪ੍ਰੈਸ਼ਰ ਘੱਟ ਜਾਵੇ ਤਾਂ ਸਾਰੀਆਂ ਰਿਆਇਤਾਂ ਖ਼ਤਮ ਹੋ ਜਾਂਦੀਆਂ ਨੇ। ਅਮਰੀਕਾ, ਬਰਤਾਨੀਆ ਵਿਚ। ਉਹ ਜ਼ੁਲਮ ਓਨਾ ਨਹੀਂ ਵਧਣ ਦਿੰਦੇ ਕਿ ਲੋਕ ਸੜਕਾਂ ’ਤੇ ਆ ਜਾਣ। ਮਤਲਬ ਸਰਮਾਏਦਾਰੀ ਦੇ ਅਪਣੇ ਹੱਥ-ਕੰਡੇ ਨੇ।
ਦਲਜੀਤ ਮੋਖਾ: ਸਰਮਾਏਦਾਰੀ ਬਹੁਤ ਲਚਕੀਲੀ ਹੈ!
ਅਹਿਮਦ ਸਲੀਮ: ਮਾਰਕਸਵਾਦ ਵਿਚ ਗੜਬੜ ਇਹ ਹੋਈ ਕਿ ਲਚਕ ਖ਼ਤਮ ਹੋ ਗਈ ਸੀ।
ਰਵਿੰਦਰ ਸਹਿਰਾਅ: ਜਦੋਂ ਤੁਸੀਂ ਯਾਹੀਆ ਖਾਨ ਦੀ ਹਕੂਮਤ ਵੇਲੇ ਲਿਖਣਾ ਸ਼ੁਰੂ ਕੀਤਾ, ਤੁਸੀਂ ਸਾਡੇ ਰੋਲ ਮਾਡਲ ਸੀ। ਜਦੋਂ ਹਕੂਮਤ ਗ਼ਲਤ ਕਦਰਾਂ ਕੀਮਤਾਂ ਦੇ ਖ਼ਿਲਾਫ਼ ਕੰਮ ਕਰਦੀ ਹੈ ਤਾਂ ਲੇਖਕ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ?
ਅਹਿਮਦ ਸਲੀਮ: ਯਾਹੀਆ ਖਾਨ ਦਾ ਦੌਰ ਸੀ ਉਦੋਂ। ਮਿਲਟਰੀ ਐਕਸ਼ਨ ਹੋਇਆ ਸੀ ਉਦੋਂ ਬੰਗਾਲੀ ਲੋਕਾਂ ਦੇ ਖ਼ਿਲਾਫ਼। ਮੈਂ ਸਮਝਦਾ ਹਾਂ ਕਿ ਲੇਖਕ ਦਾ ਹੀ ਫ਼ਰਜ਼ ਹੈ ਕਿ ਉਹ ਹਕੂਮਤ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰੇ। ਸਿਆਸਤਾਦਾਨਾਂ ਦੇ ਤਾਂ ਅਪਣੇ ਏਜੰਡੇ ਹੁੰਦੇ ਨੇ। ਅਪਣੀ ਦੌੜ ਹੁੰਦੀ ਹੈ। ਲੇਕਿਨ ਲੇਖਕ ਦੀ ਭੂਮਿਕਾ ਹੈ, ਉਹ ਲਿਖਦਾ ਰਹੇ। ਉਸਨੂੰ ਨਤੀਜੇ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਫ਼ਰੈਂਚ ਰੈਵੇਲਿਊਸ਼ਨ ਜਦੋਂ ਆਇਆ ਤਾਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਸ ਦੇ ਪਿੱਛੇ ਜਿਹੜੀਆਂ ਫੋਰਸਾਂ ਕੰਮ ਕਰ ਰਹੀਆਂ ਨੇ ਉਹ ਲੇਖਕ ਹੀ ਸਨ, ਜਿਹਨਾਂ ਨੇ ਅਪਣਾ ਖ਼ਾਮੋਸ਼ ਕੰਮ ਕੀਤਾ। ਲੇਖਕ ਨੂੰ ਫਲ ਦੀ ਫ਼ਿਕਰ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਕਦੋ ਉਹਦੇ ਕਲਾਮ ਦਾ ਬੂਟਾ ਲੱਗ ਜਾਵੇ, ਕਿੱਥੇ ਲੱਗ ਜਾਵੇ।
ਸੁਰਿੰਦਰ ਸੋਹਲ: ਸਾਹਿਤ ਅਤੇ ਫਲਸਫੇ ਦਾ ਕੀ ਸੰਬੰਧ ਹੈ?
ਅਹਿਮਦ ਸਲੀਮ: ਸਾਹਿਤ ਵਿਚ ਫਲਸਫਾ ਨਹੀਂ ਵਾੜਨਾ ਚਾਹੀਦਾ। ਸ਼ਾਇਰੀ ਫਲਸਫਾ ਬਣਨੀ ਚਾਹੀਦੀ ਹੈ। ਏਦਾਂ ਨਹੀਂ ਕਿ ਸ਼ਾਇਰੀ ਵਿਚ ਅੱਧਾ ਕਿੱਲੋ ਮਾਰਕਸਿਜ਼ਮ ਪਾ ਦਿਆਂ, ਇਕ ਪਾਅ ਰੂਹਾਨੀਅਤ ਪਾ ਦਿਆਂ। ਕੁਝ ਸਾਡੇ ਨਾਵਲ ਨਿਗਾਰ ਵੀ ਹੁੰਦੇ ਨੇ, ਜਿੰਨਾਂ ਇਲਮ ਉਹਨਾਂ ਨੇ ਜ਼ਿੰਦਗੀ ਵਿਚ ਪੜ੍ਹਿਆ ਹੁੰਦਾ ਹੈ, ਉਹ ਸੋਚਦੇ ਨੇ ਕਿ ਸਾਰਾ ਇਹਦੇ ਵਿਚ ਪਾ ਦੇਈਏ। ਅਪਣੇ ਰਾਹੀਂ ਵੀ ਅਤੇ ਅਪਣੇ ਪਾਤਰਾਂ ਰਾਹੀਂ ਵੀ। ਮੇਰੇ ਖ਼ਿਆਲ ਵਿਚ ਉਹ ਪਾਠਕ ’ਤੇ ਬੋਝ ਪਾਉਂਦੇ ਨੇ। ਉਹ ਅਦਬ ਦੇ ਨਾਲ ਵੀ ਜ਼ਿਆਦਤੀ ਕਰਦੇ ਨੇ। ਹਾਂ ਜਿੱਥੇ ਜ਼ਰੂਰਤ ਹੋਵੇ, ਲੇਖਕ ਬੋਲੇ, ਪਰ ਉਸਦੀ ਵਿਚਾਰਧਾਰਾ ਰੜਕਣ ਨਾ ਲੱਗ ਪਵੇ।
ਰਵਿੰਦਰ ਸਹਿਰਆ: ਤੁਹਾਡੇ ਓਧਰ ਬਹੁਤ ਪੰਜਾਬੀ ਦੇ ਅਦੀਬ ਹੈਗੇ ਨੇ ਜਿਹੜੇ ਪੰਜਾਬੀ ਲਈ ਬਹੁਤ ਕੰਮ ਕਰ ਰਹੇ ਨੇ। ਕੁਝ ਬੰਦੇ ਓਹ ਨੇ, ਜਿਹਨਾਂ ਦੀਆਂ ਹਕੂਮਤਾਂ ਵੀ ਰਹੀਆਂ ਨੇ ਜਾਂ ਜਿਹੜੇ ਹਕੂਮਤਾਂ ਵਿਚ ਰਹੇ ਨੇ। ਜਿੱਦਾਂ ਫ਼ਖ਼ਰ ਜ਼ਮਾਨ, ਪਰ ਕਹਿੰਦੇ ਨੇ ਉਹਨਾਂ ਵੇਲੇ ਵੀ ਪਾਕਿਸਤਾਨ ਦੀ ਅਸੈਂਬਲੀ ਵਿਚ ਪੰਜਾਬੀ ਵਿਚ ਭਾਸ਼ਣ ਕਰਨ ਦਾ ਹੱਕ ਨਹੀਂ ਸੀ। ਪਰ ਉਹਨਾਂ ਨੇ ਵੀ ਕਦੇ ਇਹਦੇ ਬਾਰੇ ਗੱਲ ਨਹੀਂ ਕੀਤੀ। ਇਹ ਮਜਬੂਰੀ ਹੈ ਜਾਂ ਚਲਾਕੀ?
ਅਹਿਮਦ ਸਲੀਮ: ਉਹਦੇ ਵਿਚ ਥੋੜ੍ਹਾ ਜਿਹਾ ਫ਼ਰਕ ਹੈ। ਗੱਲ ਕੀਤੀ ਹੈ। ਮਿਸਾਲ ਦੇ ਤੌਰ ’ਤੇ ਫ਼ਖ਼ਰ ਜ਼ਮਾਨ ਨੇ ਕੈਬਨਿਟ ਵਿਚ ਅਪਰੂਵ ਕਰਵਾਇਆ ਕਿ ਪਾਕਿਸਤਾਨ ਦੀਆਂ ਸਾਰੀਆਂ ਜ਼ਬਾਨਾਂ ਨੂੰ ਇਲਾਕਾਈ ਬੋਲੀਆਂ ਨਾ ਕਿਹਾ ਜਾਏ, ਕੌਮੀ ਬੋਲੀਆਂ ਕਿਹਾ ਜਾਏ। ਉਸਨੇ ਬਾਕਾਇਦਾ ਹਿਦਾਇਤਾਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਰਾਹੀਂ ਦਿਲਵਾਈਆਂ ਹਨ ਕਿ ਜੀ ਮੀਡੀਆ ਇਸ ਤਰ੍ਹਾਂ ਲਿਖੇ, ਇਸ ਤਰ੍ਹਾਂ ਨਾ ਲਿਖੇ। ਲੇਕਿਨ ਇਸ ਤੋਂ ਵੱਧ ਪੇਚੀਦਗੀਆਂ ਨੇ। ਮਤਲਬ ਪੰਜਾਬੀ ਦੀ ਮੰਗ ਏ ਨਾ ਇਹਦੇ ਪਿੱਛੇ ਸੌ-ਡੇਢ ਸੌ ਸਾਲ ਦੀ ਤਾਰੀਖ਼ ਏ। ਕਿਸ ਤਰ੍ਹਾਂ ਲਾਹੌਰ ਨੂੰ ਉਰਦੂ ਦਾ ਮਰਕਜ਼ੀ ਇਲਾਕਾ ਬਣਾ ਦਿੱਤਾ ਗਿਆ। ਤੁਹਾਨੂੰ 1850-55 ਤੋਂ ਉਰਦੂ ਦੀਆਂ ਕਿਤਾਬਾਂ ਛਪਣੀਆਂ ਸ਼ੁਰੂ ਹੋਈਆਂ ਨਜ਼ਰ ਆਉਣਗੀਆਂ। ਹੁਣ ਉਰਦੂ ਦੇ ਲੇਖਕ ਬਾਹਰੋਂ ਵੀ ਆਏ, ਉਥੋਂ ਵੀ ਜਿਹੜਾ ਉੱਠਿਆ, ਉਹਨੇ ਉਰਦੂ ਦਾ ਕਲਾਮ ਲਿਖਿਆ।
ਮੈਂ ਤੁਹਾਨੂੰ ਇਕ ਗੱਲ ਸੁਣਾਨਾ ਵਾਂ ਕਿ ਸਰ ਅਬਦੁਲ ਕਾਦਰ ਇਕ ਬਹੁਤ ਵੱਡਾ ਆਦਮੀ ਹੋਇਆ। ਉਹਨੇ ਇਕ ਰਿਸਾਲਾ ਕੱਢਿਆ ਸੀ ‘ਮਖ਼ਜ਼ਨ’ ਜਾਨੀ ‘ਖ਼ਜ਼ਾਨਾ’। ਬਹੁਤ ਵਧੀਆ ਸਾਹਿਤਕ ਪਰਚਾ। ਉਹਦੇ ਵਿਚ ਅਪਣੇ ਵੇਲੇ ਦੇ ਬਹੁਤ ਵਧੀਆ ਸਾਹਿਤ ਨੂੰ ਉਸਨੇ ਪੇਸ਼ ਕੀਤਾ। ਪਹਿਲੀ ਵਾਰ ਅਲਾਮਾ ਇਕਬਾਲ ਨੂੰ ਉਹਨੇ ਛਾਪਿਆ। ਅਬਦੁਲ ਕਲਾਮ ਆਜ਼ਾਦ ਨੂੰ ਉਹਨੇ ਇੰਟ੍ਰੋਡਿਊਸ ਕੀਤਾ ਕਿ ਇਹ ਇਕ ਨਵਾਂ ਲਿਖਾਰੀ ਆਇਆ ਹੈ, ਇਹਨੇ ਜਰਨਲਿਜ਼ਮ ’ਤੇ ਬਹੁਤ ਵਧੀਆ ਮਜ਼ਮੂਨ ਲਿਖਿਆ ਹੈ। ਅਸੀਂ ਇਹਨੂੰ ਤੁਹਾਡੀ ਨਜ਼ਰ ਕਰ ਰਹੇ ਹਾਂ। ਉਹਨਾਂ ਹੋਰ ਕਈ ਵੱਡੇ ਲੇਖਕ ਇੰਟ੍ਰੋਡਿਊਸ ਕਰਵਾਏ।
ਉਹਨਾਂ ਨੇ ਇਕ ਵਾਰ ‘ਹੀਰ ਵਾਰਿਸ’ ’ਤੇ ਇਕ ਮਜ਼ਮੂਨ ਲਿਖਿਆ ਤੇ ਬੜੀ ਤਾਰੀਫ਼ ਕੀਤੀ ਕਿ ਕਮਾਲ ਕੀਤੀ ਏ ਵਾਰਿਸ ਸ਼ਾਹ ਨੇ। ਉਸਨੇ ਕਿਹਾ ਕਿ ਇਸਨੂੰ ਪੰਜਾਬ ਦਾ ‘ਸੋਸ਼ਲ ਇਨਸਾਈਕਲੋਪੀਡੀਆ’ ਕਹਿਣਾ ਚਾਹੀਦਾ ਹੈ। ਪਰ ਅਖ਼ੀਰ ’ਤੇ ਉਹਨਾਂ ਅਫ਼ਸੋਸ ਕੀਤਾ ਕਿ ਵਾਰਿਸ ਸ਼ਾਹ ਇਹ ਉਰਦੂ ’ਚ ਲਿਖਦੇ ਤਾਂ ਇਸ ਦਾ ਖਿਲਾਰ ਹੋਰ ਵੱਡਾ ਹੋਣਾ ਸੀ। ਇਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਸਦਾ ਦਿਮਾਗ਼ ਕਿੰਨਾ ਤੰਗ ਸੀ।
ਉਰਦੂ ਦੀ ਦੋ ਸੌ ਸਾਲ ਦੀ ਤਾਰੀਖ਼ ਵੀ ਨਹੀਂ। ਪੰਜਾਬੀ ਦੀ ਚਲੋ ਸਥਾਪਤ ਹਿਸਟਰੀ ਤਾਂ ਹਜ਼ਾਰ ਸਾਲ ਦੀ ਹੈ ਨਾ। ਜੋ ਸਥਾਪਤ ਨਹੀਂ ਉਹ ਵੀ ਪੰਜ ਸੌ ਸਾਲ ਹੋਰ ਪਿੱਛੇ ਜਾਂਦੀ ਹੈ। ਚਲੋ ਤੁਸੀਂ ਇਹ ਵੀ ਕਹੋ ਕਿ ਬਾਬਾ ਫ਼ਰੀਦ ਪਹਿਲੇ ਸ਼ਾਇਰ ਸਨ ਤਾਂ ਵੀ ਤਾਂ ਹਜ਼ਾਰ ਸਾਲ ਹੋ ਜਾਂਦੇ ਨੇ। ਹਜ਼ਾਰ ਸਾਲ ਦੀ ਜ਼ਬਾਨ ਨੂੰ ਤੁਸੀਂ ਛੁਟਿਆ ਕੇ ਕਹਿ ਰਹੇ ਹੋ ਕਿ ਉਰਦੂ ਨਾਲ ਹੀਰ ਵਾਰਿਸ ਸ਼ਾਹ ਦਾ ਖਿਲਾਰਾ ਵਧ ਜਾਣਾ ਸੀ।
ਦੂਜੀ ਗੱਲ ਇਹ ਕਿ ਪੰਜਾਬ ਵਿਚ ਜਿਹੜਾ ਪੰਜਾਬੀ ਦਾ ਮਾਮਲਾ ਹੈ, ਮੇਰਾ ਤਾਂ ਪੱਕਾ ਖ਼ਿਆਲ ਏ, ਦੋਸਤ ਖ਼ਫ਼ਾ ਹੁੰਦੇ ਨੇ ਇਸ ਗੱਲ ’ਤੇ ਕਿ ਇਸ ਵਿਚ ਬਹੁਤ ਸਾਰਾ ਹੱਥ ਸਾਡਾ ਅਪਣਾ ਪੰਜਾਬੀਆਂ ਦਾ ਹੈ। ਮਤਲਬ ਮੁਸਲਮਾਨ ਪੰਜਾਬੀਆਂ ਦਾ। ਜਦੋਂ 1882 ਵਿਚ ਹੰਟਰ ਕਮਿਸ਼ਨ ਨੇ ਸਵਾਲਨਾਮਾ ਭੇਜਿਆ ਜ਼ਬਾਨ ਕਿਹੜੀ ਹੋਵੇ ਪੜ੍ਹਾਈ ਦੀ ਤੇ ਪੰਜਾਬੀ ਹਿੰਦੂਆਂ ਨੇ ਕਿਹਾ ਕਿ ਜੀ ਹਿੰਦੀ ਹੋਵੇ। ਪੰਜਾਬੀ ਮੁਸਲਮਾਨਾਂ ਨੇ ਕਿਹਾ ਕਿ ਜੀ ਉਰਦੂ ਹੋਵੇ। ਸਿੱਖਾਂ ਨੇ ਕਿਹਾ ਕਿ ਪੰਜਾਬੀ ਹੋਵੇ। ਉਥੇ ਉਥੇ ਹੀ ਪੰਜਾਬੀ ਰਹਿ ਸਕੀ, ਜਿਥੇ ਜਿੱਥੇ ਸਿੱਖਾਂ ਦੀਆਂ ਆਰਗੇਨਾਈਜ਼ੇਸ਼ਨਾਂ ਸਨ। ਕਿਉਂਕਿ ਮੁਸਲਮਾਨ ਮਜੌਰਟੀ ਵਿਚ ਸਨ, ਉਰਦੂ ਅੱਗੇ ਆ ਗਈ। ਸਿੱਖ ਮਾਈਨਾਰਟੀ ਵਿਚ ਹੋਣ ਕਾਰਨ ਪੰਜਾਬੀ ਜ਼ਬਾਨ ਉਥੇ ਉਥੇ ਹੀ ਰਹਿ ਸਕੀ ਜਿੱਥੇ ਸਿੱਖਾਂ ਦੀਆਂ ਆਰਗੇਨਾਈਜ਼ੇਸ਼ਨਾਂ ਕੰਮ ਕਰ ਰਹੀਆਂ ਸਨ। ਅੰਗਰੇਜ਼ਾਂ ਨੇ ਵੀ ਉਰਦੂ ਵਿਚ ਕੰਮ ਕੀਤਾ। ਉਹਦੇ ਨਾਲ ਜ਼ਾਹਰ ਹੈ, ਉਰਦੂ ਨੇ ਅਪਣਾ ਅਸਰ ਵਧਾਇਆ। ਇਕ ਗੱਲ ਧਿਆਨਯੋਗ ਹੈ ਕਿ ਉਰਦੂ ਪੰਜਾਬੀ ਨੂੰ ਹਟਾ ਕੇ ਨਹੀਂ ਆਈ। ਇਹ ਫ਼ਾਰਸੀ ਨੂੰ ਹਟਾ ਕੇ ਆਈ ਹੈ ਪੰਜਾਬ ਵਿਚ। ਬੜਾ ਪਿਛੋਕੜ ਦੇਖਣਾ ਪੈਂਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਸਾਹਮਣੇ ਰੱਖ ਕੇ ਵਿਸਲੇਸ਼ਣ ਕਰਨਾ ਚਾਹੀਦੈ।
ਹੁਣ ਪੰਜਾਬੀ ਨੂੰ ਕਿਸ ਤਰ੍ਹਾਂ ਅੱਗੇ ਲਿਆਂਦਾ ਜਾਵੇ, ਲਾਗੂ ਕੀਤਾ ਜਾਵੇ? ਇਹ ਬਹੁਤ ਪੇਚੀਦਾ ਕੰਮ ਹੈ। ਉਹਦੇ ’ਚ ਕੋਈ ਇਕ ਬੰਦਾ ਸਰਕਾਰ ’ਚ ਆ ਜਾਏ। ਉਹਦੇ ਵੱਸ ’ਚ ਨਹੀਂ ਹੈ ਕਿ ਉਹ ਇਕਦਮ ਇਕ ਦਿਨ ’ਚ ਤਬਦੀਲੀ ਕਰ ਸਕੇ। ਇਹ ਹੋ ਸਕਦਾ ਹੈ ਕਿ ਫ਼ਖ਼ਰ ਜ਼ਮਾਨ ਨੇ ਓਨੀ ਕੋਸ਼ਿਸ਼ ਨਾ ਕੀਤੀ ਹੋਵੇ, ਜਿੰਨੀ ਕਰਨੀ ਚਾਹੀਦੀ ਸੀ, ਜਾਂ ਜਿੰਨੀ ਕਰ ਸਕਦਾ ਸੀ, ਪਰ ਇਹ ਅਸੀਂ ਨਹੀਂ ਕਹਿ ਸਕਦੇ ਕਿ ਉਸਨੇ ਕੁਝ ਕੀਤਾ ਨਹੀਂ। ਇਹ ਸਾਧਾਰਨ ਗੱਲ ਨਹੀਂ। ਮੈਨੂੰ ਯਾਦ ਹੈ ਕਿ ਅਸੀਂ 1964, 65, 66 ਤੋਂ ਲੱਗੇ ਹੋਏ ਹਾਂ ‘ਪੰਜਾਬੀ ਪੰਜਾਬੀ ਪੰਜਾਬੀ’। ਕੋਈ ਪੰਜਾਹ ਤੋਂ ਸੱਤਰ ਪੈਂਫ਼ਲਿਟ ਹੋਣਗੇ, ਪੰਜਾਬੀ ਬੋਲੀ ਵਿਚ ਲਿਖੇ ਹੋਏ, ਜਿਹੜੇ ਵੰਡੇ ਗਏ। ਲੋਕਾਂ ਨੇ ਅਪਣੇ ਅਪਣੇ ਲੈਵਲ ’ਤੇ ਕੰਮ ਕੀਤਾ, ਪਰ ਕੁਝ ਨਹੀਂ ਬਣਿਆ ਕਿਉਂਕਿ ਸਰਕਾਰਾਂ ਨੇ ਜਿਸ ਦਿਨ ਤੈਅ ਕੀਤਾ ਕਿ ਪੰਜਾਬੀ ਹੋਵੇਗੀ, ਉਸ ਦਿਨ ਗੱਲ ਬਣੇਗੀ।
ਰਵਿੰਦਰ ਸਹਿਰਆ: ਜਦੋਂ ਐਲੀਮੈਂਟਰੀ ਸਕੂਲ ਤੋਂ ਪੰਜਾਬੀ ਲਾਗੂ ਕੀਤੀ ਜਾਵੇਗੀ ਉਦੋਂ ਹੀ ਹੋਵੇਗੀ!
ਅਹਿਮਦ ਸਲੀਮ: ਸਾਡੀ ਮੰਗ ਇਹੀ ਹੈ ਕਿ ਜਿਹੜਾ ਤੁਸੀਂ ਛੇਵੀਂ ਜਮਾਤ ਤੋਂ ਐਮ ਏ ਤੱਕ ਪੰਜਾਬੀ ਲਾਈ ਹੈ, ਉਹ ਖ਼ਤਮ ਕਰ ਦਿਓ। ਤੁਸੀਂ ਪਹਿਲੀ ਤੋਂ ਪੰਜਵੀਂ ਤੱਕ ਮਾਂ ਬੋਲੀ ਨੂੰ ਲਾਜ਼ਮੀ ਬਣਾ ਦਿਓ। ਫਿਰ ਬਾਕੀ ਕੰਮ ਅਸੀਂ ਆਪੇ ਕਰ ਲਵਾਂਗੇ। ਪਰ ਉਹ ਸਮਝਦੇ ਨੇ ਕਿ ਇਸ ਦਾ ਕੀ ਮਤਲਬ ਹੈ। ਇਸ ਤਰ੍ਹਾਂ ਉਹ ਸਭ ਕੁਝ ਖੋਹ ਦੇਣਗੇ। ਕਿਉਂਕਿ ਜ਼ਬਾਨ ਇਕ ਪਾਵਰ ਦਾ ਰਸਤਾ ਹੈ। ਜ਼ਬਾਨ ਦੀ ਸਾਰੀ ਗੇਮ ਪਾਵਰ ਦੀ ਗੇਮ ਹੈ। ਤਾਂ ਹੀ ਮੈਂ ਵਾਰ ਵਾਰ ਕਹਿਨਾਂ ਕਿ ਇਹ ਸਾਡੀ ਸਿਆਸੀ ਮੰਗ ਹੈ।
ਦਲਜੀਤ ਮੋਖਾ: ਪਾਕਿਸਤਾਨੀ ਪੰਜਾਬੀ ਵਿਚ ਫ਼ਾਰਸੀ ਦੇ ਸ਼ਬਦ ਭਾਰੂ ਹੋ ਰਹੇ ਨੇ। ਭਾਰਤੀ ਪੰਜਾਬੀ ਦਾ ਸੰਸਕ੍ਰਿਤੀਕਰਣ ਹੋ ਰਿਹਾ ਹੈ। ਇਸ ਸਮੱਸਿਆ ਦਾ ਕੀ ਹੱਲ ਹੋ ਸਕਦਾ ਹੈ?
ਅਹਿਮਦ ਸਲੀਮ: ਕਰਨੈਲ ਸਿੰਘ ਥਿੰਦ ਹੋਰਾਂ ਦੀ ਫੋਕਲੋਰ ਬਾਰੇ ਕਿਤਾਬ ਆਈ ਪੰਜਾਬੀ ਵਿਚ। ਬਹੁਤ ਵਧੀਆ ਸੀ। ਉਹਨਾਂ ਬਹੁਤ ਮਿਹਨਤ ਕਰਕੇ ਜਾਨ ਪਾਈ ਸੀ। ਮੈਂ ਕਿਹਾ-ਥਿੰਦ ਜੀ, ਇਹਦਾ ਪੰਜਾਬੀ ਵਿਚ ਤਰਜਮਾ ਵੀ ਕਰ ਦਿਓ ਕਿਸੇ ਦਿਨ।
ਸਫ਼ੀਰ ਰਾਮਾਹ : ਅਸੀਂ ਇਕ ਮੈਗਜ਼ੀਨ ਸ਼ੁਰੂ ਕੀਤਾ ‘ਸਾਂਝ’। ਦੋਹਾਂ ਲਿੱਪੀਆਂ ਵਿਚ ਛਪਦੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਜਿਹੜੀ ਸਕਰਿਪਟ ਕਰਕੇ ਜਾਂ ਹੋਰ ਕਾਰਨਾਂ ਕਰਕੇ ਪੰਜਾਬੀ ਜ਼ਬਾਨ ਵਿਚ ਵੰਡ ਪੈ ਗਈ ਹੈ, ਉਸਨੂੰ ਦੂਰ ਕੀਤਾ ਜਾ ਸਕੇ। ਜਦੋਂ ਸਾਨੂੰ ਕੋਈ ਚੀਜ਼ ਆਉਂਦੀ ਹੈ, ਉਸ ਵਿਚ ਹਿੰਦੀਨੁਮਾ ਜਾਂ ਫ਼ਾਰਸੀਨੁਮਾ ਲਫ਼ਜ਼ ਹੋਵੇ ਤਾਂ ਲੇਖਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸ਼ਬਦ ਬਦਲ ਦਿਓ ਤਾਂ ਮਿਹਰਬਾਨੀ। ਤਾਂ ਕਿ ਪਾਠਕ ਨੂੰ ਇਹ ਸ਼ਬਦ ਸਮਝਣ ਵਿਚ ਮੁਸ਼ਕਲ ਨਾ ਆਏ, ਜੋ ਹਿੰਦੀ ਜਾਂ ਫ਼ਾਰਸੀ ਦੀ ਸ਼ਬਦਾਵਲੀ ਤੋਂ ਵਾਕਿਫ਼ ਨਹੀਂ।
ਅਹਿਮਦ ਸਲੀਮ: ਲੇਖਕ ਦੀ ਸਮਰੱਥਾ ’ਤੇ ਵੀ ਨਿਰਭਰ ਕਰਦਾ ਹੈ। ਵਾਰਿਸ ਸ਼ਾਹ ਦੀ ਹੀਰ ਵਿਚ ਪੰਜਾਬੀ, ਹਿੰਦੀ, ਫ਼ਾਰਸੀ ਦੀ ਵਕੈਬਲਰੀ ਮਿਲਦੀ ਹੈ, ਪਰ ਉਸਨੇ ਇੰਝ ਨਗੀਨਿਆਂ ਵਾਂਗ ਪਰੋਇਆ ਹੈ ਕਿ ਸ਼ਬਦ ਓਪਰੇ ਲਗਦੇ ਹੀ ਨਹੀਂ। ਹੁਣ ਜੇ ਕੋਈ ਕਹੇ ਕਿ ਫ਼ਾਰਸੀ ਦਾ ਸ਼ਬਦ ਕੱਢ ਦਿਓ, ਪੰਜਾਬ ਕੱਢ ਦਿਓ, ਸਾਡੀ ਤਾਂ ਹੋਂਦ ਹੀ ਮੁੱਕ ਜਾਂਦੀ ਹੈ।
ਦਲਜੀਤ ਮੋਖਾ: ਮੈਂ ਇਹਨਾਂ ਸ਼ਬਦਾਂ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਗ਼ੈਰ-ਜ਼ਰੂਰੀ ਸ਼ਬਦਾਂ ਬਾਰੇ ਆਖ ਰਿਹਾ ਹਾਂ, ਜਿਹਨਾਂ ਨੂੰ ਵਰਤੇ ਬਿਨਾਂ ਵੀ ਸਰ ਸਕਦਾ ਹੈ।
ਅਹਿਮਦ ਸਲੀਮ: ਸਰਕਾਰਾਂ ਨੇ ਨੀਤੀਆਂ ਬਣਾ ਕੇ ਇਹ ਘੁੱਸਪੈਠ ਕਰਵਾਈ ਹੈ।
ਰਵਿੰਦਰ ਸਹਿਰਆ: ਤੁਸੀਂ ‘ਨਾਗਮਣੀ’ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹੋ। ਅੰਮ੍ਰਿਤਾ ਪ੍ਰੀਤਮ ਅਪਣੇ ਆਖ਼ਰੀ ਸਾਲਾਂ ਵਿਚ ਮਿੱਥਾਂ, ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਨ ਲੱਗ ਪਈ ਸੀ। ਤੁਸੀਂ ਇਸਦਾ ਕੀ ਕਾਰਨ ਸਮਝਦੇ ਹੋ? ਕੀ ਤੁਸੀਂ ਅੰਤ ਤੱਕ ਅੰਮ੍ਰਿਤਾ ਨਾਲ ਰਾਬਤਾ ਰੱਖਿਆ?
ਅਹਿਮਦ ਸਲੀਮ: ਜੀ, ਮੇਰਾ ਰਾਬਤਾ ਰਿਹਾ ਆਖਰੀ ਦਮ ਤੱਕ। ਜਿਸ ਦਿਨ ਉਹਨਾਂ ਦੀ ਮੌਤ ਹੋਈ, ਮੈਂ ਉਸ ਦਿਨ ਵੀ ਦਿੱਲੀ ਹੀ ਸਾਂ। ਸ਼ਾਮੀਂ ਮੈਂ ਉਹਨਾਂ ਦੇ ਘਰ ਪਹੁੰਚਿਆ।
80ਵਿਆਂ ਦੇ ਦੌਰਾਨ ਉਹਨਾਂ ਵਿਚ ਇਹ ਤਬਦੀਲੀ ਨਜ਼ਰ ਆਉਂਦੀ ਹੈ।
ਅਸਲ ਵਿਚ ਇਹ ਸਾਰਾ ਕੁਝ ਸ਼ੁਰੂ ਹੋਇਆ ਲੇਖਕ ਦੀ ਆਜ਼ਾਦੀ ਤੋਂ ਬਾਅਦ ਕਿ ਲੇਖਕ ਨੂੰ ਫਰੀਡਮ ਹੋਣੀ ਚਾਹੀਦੀ ਹੈ। ਉਹ ਖ਼ਫ਼ਾ ਸਨ ਸੋਵੀਅਤ ਯੂਨੀਅਨ ਅਤੇ ਸੋਸ਼ਲਿਸਟ ਮੁਲਕਾਂ ’ਤੇ। ਜੈਨੂਅਨ ਰਾਈਟਰਜ਼ ਦੇ ਨਾਲ ਜੋ ਹੁੰਦਾ ਸੀ, ਉਹ ਖ਼ੁਸ਼ ਨਹੀਂ ਸਨ। ਸਾਰੇ ‘ਨਾਗਮਣੀ’ ਪੜ੍ਹੋ ਤਾਂ ਉਹ ਉਹਨਾਂ ਬਲਗਾਰਨੀਅਨ ਪੋਇਟਸ ਨੂੰ, ਉਹਨਾਂ ਸੋਵੀਅਤ ਪੋਇਟਸ ਨੂੰ, ਉਹਨਾਂ ਹੰਗੇਰੀਅਨ ਪੋਇਟਸ ਨੂੰ ਛਾਪਦੀ ਸੀ, ਜਿਹੜੇ ਅਪਣੀਆਂ ਸਰਕਾਰਾਂ ਨੂੰ ਨਾਲ ਜੂਝ ਰਹੇ ਸਨ ਕਿ ਜੀ ਲੇਖਕ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਹ ਚੀਜ਼ ਬਹੁਤ ਅੱਛੀ ਸੀ ਤੇ ਮੈਨੂੰ ਵੀ ਬਹੁਤ ਚੰਗੀ ਲੱਗਦੀ ਸੀ। ਅਸੀਂ ਸਮਝਦੇ ਸਾਂ ਕਿ ਇਹ ਬਿਲਕੁਲ ਸਹੀ ਡਾਇਰੈਕਸ਼ਨ ਹੈ। ਪਰ ਹੌਲੀ ਹੌਲੀ ਉਹਨਾਂ ਦੀ ਰੌਂਅ ਮਿੱਥ ਵੱਲ ਮੁੜਨੀ ਸ਼ੁਰੂ ਹੋ ਗਈ। ਮੈਥਾਲੌਜੀ ਇਕ ਐਸਾ ਸਮੁੰਦਰ ਹੈ ਕਿ ਉਹਦੇ ਵਿਚ ਤੁਹਾਡਾ ਤਾਂ ਪਤਾ ਵੀ ਨਹੀਂ ਚਲਦਾ। ਤੁਹਾਨੂੰ ਕਈ ਵਾਰ ਸਮਝ ਵੀ ਨਹੀਂ ਆਉਂਦੀ ਕਿ ਕਿਧਰ ਜਾਣਾ ਤੇ ਕੀ ਕਰਨੈ। ਫਿਰ ਜੋ ਆਉਂਦਾ ਜਾਂਦਾ ਹੈ, ਉਸਨੂੰ ਅਪਣਾ ਅੰਗ-ਸੰਗ ਬਣਾਈ ਜਾਂਦੇ ਹੋ। ਉਦੋਂ ਕੁਝ ਓਸ਼ੋ ਨੇ ਰੋਲ ਪਲੇਅ ਕੀਤਾ। ਉਹ ਵੀ ਉਹਨਾਂ ’ਤੇ ਕਾਫ਼ੀ ਅਸਰ ਸੀ। ਸਗੋਂ ਉਸਦੇ ਬਲੀਵਰ ਬਣ ਗਏ ਕਾਫ਼ੀ। ਮੈਂ ਜ਼ਾਤੀ ਤੌਰ ’ਤੇ ਉਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ ਕਦੇ ਵੀ। ਉਹਨਾਂ ਨਾਲ ਗੱਲ ਵੀ ਹੋਈ ਕਈ ਮੌਕਿਆਂ ’ਤੇ। ਖ਼ਾਬਾਂ ਦੇ ਬਾਰੇ ’ਚ ਹੋਰ ਚੀਜ਼ਾਂ ਦੇ ਬਾਰੇ ’ਚ। ਉਹਨਾਂ ਦੇ ਖ਼ਾਬਾਂ ਦੇ ਕੁਝ ਨਤੀਜੇ ਵੀ ਨਿਕਲਦੇ ਸਨ। ਉਸਦਾ ਨਤੀਜਾ ਕੁਝ ਇਸ ਤਰ੍ਹਾਂ ਹੋਇਆ ਕਿ ਉਹ ਜੋ ਕੁਝ ਲਿਖਦੇ ਸਨ, ਉਹ ਸਾਹਿਤਕ ਘੱਟ ਸੀ ਤੇ ਬਹੁਤ ਮਨੋਵਿਗਿਆਨਕ ਸੀ। ਮੈਥੌਲੋਜੀ ਸੀ, ਛੋਟੇ ਛੋਟੇ ਫਿਰਕਿਆਂ ਤੱਕ ਮਾਮਲਾ ਚਲੇ ਗਿਆ। ਉਹ ਵਿਸ਼ਵਾਸ ਕਰਨ ਲੱਗ ਪਏ ਸਪਿਰਚੂਅਲ ਫੋਰਸਜ਼ ਵਿਚ ਵੀ। ਮੈਂ ਜ਼ਾਤੀ ਤੌਰ ’ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਮੰਨਿਆ ਨਹੀਂ। ਲੇਕਿਨ ਉਹਨਾਂ ਨਾਲ ਤੁਅਲੱਕ ਇਕ ਵੱਡੇ ਸਤਹ ’ਤੇ ਸੀ। ਜੋ ਉਹ ਸੋਚਦੇ ਸਨ ਕਹਿ ਸਕਦੇ ਸਨ, ਜੋ ਅਸੀਂ ਸੋਚਦੇ ਸੀ, ਕਹਿ ਸਕਦੇ ਸੀ। ਕੋਈ ਵਿਤਕਰਾ, ਕੋਈ ਝਗੜਾ ਨਹੀਂ ਸੀ। ਸ਼ੀ ਵਾਜ਼ ਦਾ ਗਰੇਟੈੱਸਟ ਬਲੀਵਰ ਆਫ਼ ਡਿਫਰੈਂਸ ਆਫ਼ ਉਪੀਨੀਅਨ।
ਉਹਨਾਂ ਦੀ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਯੂਥ ਨੂੰ ਬਹੁਤ ਇੰਟ੍ਰੋਡਿਊਸ ਕੀਤਾ। ਜਿਹੜਾ ਕਿ ਬਾਕੀ ਰਿਸਾਲੇ ਨਹੀਂ ਸਨ ਛਾਪਦੇ। ਜੇ ਛਾਪਦੇ ਸਨ ਤਾਂ ਇੰਝ ਜਿਵੇਂ ਕੋਈ ਨਸਲਾਂ ਦਾ ਇਹਸਾਨ ਕਰ ਰਹੇ ਸਨ। ਇਕ ਉਹਨਾਂ ਨੇ ਵੱਡਾ ਕੰਮ ਕੀਤਾ ਪਾਕਿਸਤਾਨ ਤੇ ਹਿੰਦੋਸਤਾਨ ਨੂੰ ਜੋੜਨ ਦਾ। ਮੈਂ ਜਿਵੇਂ ਕਹਿ ਰਿਹਾ ਸਾਂ ਤਬਦੀਲੀਆਂ ਬੰਦੇ ’ਚ ਪੈਦਾ ਹੁੰਦੀਆਂ ਨੇ। ਕਿਧਰੇ ਕਿਧਰੇ ਬੰਦਾ ਕਮਜ਼ੋਰ ਵੀ ਹੋ ਜਾਂਦੈ।
ਸੁਰਿੰਦਰ ਸੋਹਲ: ਅਪਣੇ ਜਨਮ ਅਤੇ ਬਚਪਨ ਬਾਰੇ ਕੁਝ ਦੱਸੋ?
ਅਹਿਮਦ ਸਲੀਮ: 26 ਜਨਵਰੀ 1945 ਵਿਚ ਮੇਰਾ ਜਨਮ ਹੋਇਆ ਖਵਾਜਾ ਮੁਹੰਮਦ ਸ਼ਰੀਫ਼ ਦੇ ਘਰ। ਮੈਂ ਪਿੰਡ ’ਚ ਜੰਮਿਆ ਸਾਂ-ਮਿਆਣਾ ਗੋਂਦਲ, ਤਹਿਸੀਲ ਫਾਲੀਆ, ਜ਼ਿਲ੍ਹਾ ਗੁਜਰਾਤ। ਫਿਰ ਜ਼ਿਆ ਉਲ ਹੱਕ ਨੇ ਜ਼ਿਲ੍ਹੇ ਛੋਟੇ ਕੀਤੇ ਤੇ ਸਾਡਾ ਜ਼ਿਲ੍ਹਾ ਹੋ ਗਿਆ ਮੰਡੀ ਬੌਲਦੀਨ, ਤਹਿਸੀਲ ਮਲਿਕ ਵਾਲੀ। ਪਰ ਮੈਂ ਅਪਣੀ ਗੁਜਰਾਤ ਦੀ ਪਛਾਣ ਰੱਖਦਾ ਵਾਂ। ਪ੍ਰਾਇਮਰੀ ਮੈਂ ਮਿਆਣਾ ਗੋਂਦਲ ਤੋਂ ਕੀਤੀ।
ਪ੍ਰਾਇਮਰੀ ਤੋਂ ਬਾਅਦ ਮੈਂ ਅਪਣੇ ਰਿਸ਼ਤੇਦਾਰਾਂ ਕੋਲ ਪਿਸ਼ਾਵਰ ਚਲਾ ਗਿਆ। ਸਮਝੋ ਦੋ-ਢਾਈ ਸੌ ਮੀਲ ਦੂਰ। ਮੇਰੇ ਕਜ਼ਨ ਨੌਕਰੀ ਕਰਦੇ ਸਨ। ਦੂਜੇ ਕਾਲਜ ਵਿਚ ਪੜ੍ਹਦੇ ਸਨ। ਉਹਨਾਂ ਦੇ ਦੋਸਤ ਜੌਹਰ ਮੀਰ ਸਾਹਿਬ ਸਨ। ਉਥੇ ਉਹਨਾਂ ਨਾਲ ਤੁਆਰਫ਼ ਹੋਇਆ। ਫਿਰ ਉਥੇ ਹੋਰ ਵੀ ਲੇਖਕ ਮਿਲੇ। ਉਹਨਾਂ ਕੋਲੋਂ ਪੜ੍ਹਨਾ ਲਿਖਣਾ ਸਿਖਿਆ। ਪਸ਼ਤੋ ਦੇ ਲੇਖਕ ਸਨ ਗਨੀ ਖ਼ਾਨ, ਅਜਮਲ ਖਟਕ।
ਮੈਂ ਜਿਸ ਪਾਰਟੀ ਤੋਂ ਮੁਤਾਸਰ ਹੋ ਕੇ ਉਸ ਵਿਚ ਸ਼ਾਮਿਲ ਹੋਇਆ ਉਹ ਸੀ ‘ਨੈਸ਼ਨਲ ਅਵਾਮੀ ਪਾਰਟੀ’ ਪਸ਼ਤੂਨ ਨੈਸ਼ਨਲਿਜ਼ਮ ਦੀ ਹਾਮੀ। ਪਾਕਿਸਤਾਨ ਵਿਚ ਦੋ ਕਿਸਮ ਦੀ ਨੈਸ਼ਨਲਿਜ਼ਮ ਹੈ, ਇਕ ਪਾਕਿਸਤਾਨੀ ਨੈਸ਼ਨਲਿਜ਼ਮ, ਦੂਜੀ ਐਥਨਿਕ ਨੈਸ਼ਨਲਿਜ਼ਮ। ਐਥਨਿਕ ਅਤੇ ਪ੍ਰੋਵੈਨਸ਼ਲ ਵਿਚ ਅਸੀਂ ਸਮਝਦੇ ਹਾਂ ਕਿ ਹਰ ਪ੍ਰੋਵੈਨਸ਼ ਨੂੰ ਅਪਣੀ ਬੋਲੀ, ਅਪਣਾ ਕਲਚਰਲ ਪਰਵਾਨ ਚੜ੍ਹਾਉਣ ਦਾ ਰਾਈਟ ਹੋਣਾ ਚਾਹੀਦਾ ਹੈ। ਮੈਂ ਉਹਨਾਂ ਦੇ ਅਸਰ ਵਿਚ ਆ ਗਿਆ। ਆਖ਼ਰ ਉਸੇ ਅਸਰ ਵਿਚ ਮੈਂ ਪੰਜਾਬੀ ਵਿਚ ਆ ਗਿਆ। ਪਿਸ਼ਾਵਰ ਤੋਂ ਮੈਂ 1962 ਵਿਚ ਮੈਟ੍ਰਿਕ ਕੀਤਾ। ਉਥੋਂ ਮੈਂ ਕਰਾਚੀ ਚਲਾ ਗਿਆ। ਨਵਾਂ ਸੰਘਰਸ਼ ਕਰਨ ਲਈ। ਰੋਜ਼ੀ ਰੋਟੀ ਦੀ ਤਲਾਸ਼ ਵਿਚ। ਉਥੇ ਮੈਂ ਦਿਨੇ ਨੌਕਰੀ ਕਰਦਾ ਸੀ, ਸ਼ਾਮ ਦੇ ਕਾਲਜ ਵਿਚ ਪੜ੍ਹਦਾ ਸੀ। ਉਥੇ ਹੀ ਕਿਸੇ ਰਿਸਾਲੇ ਨੇ ਐਲਾਨ ਕੀਤਾ ਕਿ ਉਹ ਫ਼ੈਜ਼ ਅਹਿਮਦ ਫ਼ੈਜ਼ ਬਾਰੇ ਸਪੈਸ਼ਲ ਅੰਕ ਕੱਢ ਰਹੇ ਨੇ। ਉਹਨਾਂ ਵਿਦਿਆਰਥੀਆਂ ਨੂੰ ਇਨਵਾਈਟ ਕੀਤਾ ਕਿ ਉਹ ਫ਼ੈਜ਼ ਸਾਹਿਬ ਬਾਰੇ ਨਜ਼ਮਾਂ ਜਾਂ ਆਰਟੀਕਲ ਲਿਖ ਕੇ ਉਸ ਮੁਕਾਬਲੇ ਵਿਚ ਸ਼ਾਮਿਲ ਹੋਣ। ਮੈਂ ਉਦੋਂ ਨਜ਼ਮਾਂ ਲਿਖਦਾ ਸਾਂ। ਮੈਂ ਫ਼ੈਜ਼ ਸਾਹਿਬ ’ਤੇ ਨਜ਼ਮ ਲਿਖੀ। ਮੈਨੂੰ ਪਹਿਲਾ ਪ੍ਰਾਈਜ਼ ਮਿਲਿਆ। ਪ੍ਰਾਈਜ਼ ਫ਼ੈਜ਼ ਸਾਹਿਬ ਦੇ ਹੱਥੋਂ ਮਿਲਣਾ ਸੀ। ਉਹਨਾਂ ਨਾਲ ਤੁਆਰਫ਼ ਹੋਇਆ। ਉਹਨਾਂ ਨੇ ਪੁੱਛਿਆ ਕਿਹੜੇ ਕਾਲਜ ਪੜ੍ਹਦਾ ਏਂ? ਮੈਂ ਕਿਹਾ ਕਿ ਜੀ ਉਰਦੂ ਕਾਲਜ ਵਿਚ। ਉਹਨਾਂ ਕਿਹਾ-ਉਰਦੂ ਕਾਲਜ ਵਿਚ ਕਿਉਂ ਪੜ੍ਹਦਾ ਏਂ, ਮੇਰੇ ਕਾਲਜ ਆ ਜਾ। ਮੈਂ ਸੈਕਿੰਡ ਯੀਅਰ ਉਹਨਾਂ ਦੇ ਕਾਲਜ ਪੜ੍ਹਿਆ। ਉਹ ਮੇਰੇ ਉਸਤਾਦ ਵੀ ਬਣ ਗਏ। ਉਹਨਾਂ ਕੋਲੋਂ ਮੈਂ ਕਲਾਮ ਦੀ ਇਸਲਾਹ ਵੀ ਲੈਂਦਾ ਸਾਂ। ਉਹਨਾਂ ਨਾਲ ਰਿਸ਼ਤਾ ਬਣਿਆ ਤੇ ਫਿਰ ਸਾਰੀ ਜ਼ਿੰਦਗੀ ਦਾ ਰਿਸ਼ਤਾ ਬਣ ਗਿਆ।
ਸੁਰਿੰਦਰ ਸੋਹਲ: ਤੁਹਾਡੀ ਪਹਿਲੀ ਕਿਤਾਬ ਕਦੋਂ ਛਪੀ?
ਅਹਿਮਦ ਸਲੀਮ: ਪਹਿਲੀ ਕਿਤਾਬ 1966 ਵਿਚ ਛਪੀ। ਉਦੋਂ ਮੇਰਾ ਨਾਂ ਸੀ ਸਲੀਮ ਸਾਲਿਮ। ਪਹਿਲੀ ਕਿਤਾਬ ਤਿੰਨ ਸ਼ਾਇਰਾਂ ਦੇ ਨਾਲ ਮਿਲ ਕੇ ਛਪਾਈ ਸੀ। ਨੂਰ ਕਸ਼ਮੀਰੀ ਸਨ ਤੇ ਤੀਸਰੇ ਸਨ ਅਸ਼ਰਫ਼ ਸ਼ਾਦ। ਕਿਤਾਬ ਦਾ ਨਾਮ ਸੀ ‘ਨੂਰ ਮੁਨਾਰੇ’। ਉਦੋਂ ਨੂਰ ਕਸ਼ਮੀਰੀ ਸਾਹਿਬ ਨੇ ਚਲਾਕੀ ਮਾਰ ਕੇ ਇਹ ਨਾਮ ਰੱਖ ਦਿੱਤਾ ਸੀ।
ਰਵਿੰਦਰ ਸਹਿਰਆ: ਪਹਿਲੀ ਨਜ਼ਮ ਕਿਹੜੀ ਸੀ ਤੇ ਕਦੋਂ ਛਪੀ?
ਅਹਿਮਦ ਸਲੀਮ: ਉਹ ‘ਪੰਜਾਬੀ ਅਦਬ’ ਵਿਚ ਛਪੀ ਸੀ। ਉਹ ਜਦੋਂ ਮੈਂ ਤਰਜਮੇ ਕੀਤੇ ਤਾਂ ‘ਪੰਜ ਦਰਿਆ’ ਨੂੰ ਭੇਜ ਦਿੱਤੀ। ਉਥੇ ਵੀ ਛਪ ਗਈ। ਨਾਮ ਸੀ ‘ਕਣਕ ਦਾ ਬੂਟਾ’।
ਦਲਜੀਤ ਮੋਖਾ: ਗੁਰਮੁਖੀ ਤੁਸੀਂ ਕਿਵੇਂ ਸਿੱਖੀ?
ਅਹਿਮਦ ਸਲੀਮ: ਗੁਰਮੁਖੀ ਮੈਨੂੰ ਆਸਿਫ਼ ਖ਼ਾਨ ਨੇ ਸਿਖਾਈ। 1966-67 ਵਿਚ। ਗੌਰਮਿੰਟ ਕਾਲਜ ਲਾਹੌਰ ਦਾ ਪਰਚਾ ਨਿਕਲਦਾ ਸੀ ‘ਰਾਵੀ’। ਜਦੋਂ 1962 ਵਿਚ ਬਲਰਾਜ ਸਾਹਨੀ ਪਾਕਿਸਤਾਨ ਆਏ ਸਨ ਤਾਂ ਉਹਨਾਂ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਛਪਿਆ ਸੀ। ‘ਰਾਵੀ’ ਨੇ ਉਸ ਵਿਚੋਂ ਇਕ ਚੈਪਟਰ ਛਾਪਿਆ ਸੀ। ਉਸ ਵਿਚ ਭੇਰੇ ਤੇ ਪਿੰਡੀ ਦਾ ਬਹੁਤ ਜ਼ਿਕਰ ਸੀ। ਭੇਰਾ ਮੇਰੀ ਮਾਂ ਦਾ ਪਿੰਡ ਸੀ। ਮੇਰੀ ਮਾਂ ਬਾਈ ਕਾਸਟ ਸਹਿਗਲ ਹੈ। ਕਿਉਂਕਿ ਸਾਰੇ ਅਸੀਂ ‘ਕਨਵਰਟ’ ਹੋਏ ਹਾਂ। ਮੇਰੇ ਬਾਪ ਦੀ ਕਾਸਟ ਅਰੋੜਾ ਹੈ। ਮੈਨੂੰ ਕਿਸੇ ਨੇ ਕਿਹਾ ਕਿ ਸਹਿਗਲ ਤੇ ਸਾਹਨੀਆਂ ਦਾ ਮੁਹੱਲਾ ਭੇਰੇ ਵਿਚ ਨਾਲ ਨਾਲ ਹੈ। ਇਹ ਕਿਧਰੇ ਰਿਸ਼ਤੇਦਾਰ ਹੁੰਦੇ ਹਨ। ਮੈਂ ਬਲਰਾਜ ਸਾਹਨੀ ਦਾ ਸਿਰਨਾਵਾਂ ਲੱਭਿਆ। ਉਸਨੂੰ ਖ਼ਤ ਲਿਖਿਆ। ਕਮਾਲ ਦੀ ਗੱਲ ਉਸਨੇ ਜਵਾਬ ਦੇ ਦਿੱਤਾ। ਉਸਨੇ ਕਿਹਾ ਕਿ ਅਸੀਂ ਰਿਸ਼ਤੇਦਾਰ ਹੁੰਦੇ ਸਾਂ। ਹੋ ਸਕਦਾ ਹੈ ਤੇਰੀ ਮਾਂ ਦੇ ਨਾਲ ਕਿਧਰੇ ਮੇਰਾ ਕੋਈ ਰਿਸ਼ਤਾ ਹੋਵੇ। ਕਿਸੇ ਨਾ ਕਿਸੇ ਸ਼ਕਲ ਵਿਚ। ਪਰ ਇਹ ਬਹੁਤ ਪੁਰਾਣੀ ਗੱਲ ਹੈ। ਚਾਰ ਪੰਜ ਪੀੜ੍ਹੀਆਂ ਪਹਿਲਾਂ। ਉਹਨਾਂ ਪੁੱਛਿਆ ਕਿ ਕੀ ਕਰਦਾ ਏਂ। ਮੈਂ ਕਿਹਾ ਜੀ ਮੈਂ ਸ਼ਿਅਰ ਲਿਖਦਾਂ। ਮੈਂ ਅਪਣੀਆਂ ਕੁਝ ਨਜ਼ਮਾਂ ਭੇਜੀਆਂ। ਉਹਨਾਂ ਉਹ ਨਜ਼ਮਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਭੇਜ ਦਿੱਤੀਆਂ। ਉਹ ਪ੍ਰੀਤਲੜੀ ਵਿਚ ਛਪੀਆਂ। ਪਰਚਾ ਮੈਨੂੰ ਆ ਗਿਆ। ਮੈਂ ਬੰਦੇ ਬੰਦੇ ਕੋਲ ਜਾ ਰਿਹਾਂ ਕਿ ਦੱਸੋ ਮੇਰਾ ਨਾਮ ਕਿੱਥੇ ਹੈ? ਮੇਰੀ ਨਜ਼ਮ ਕਿਥੇ ਵੇ? ਮੈਂ ਆਸਿਫ਼ ਖ਼ਾਨ ਕੋਲ ਗਿਆ। ਉਸਨੇ ਕਿਹਾ ਕਿ ਇਸਦੀ ਫੀਸ ਲੱਗੇਗੀ। ਮੈਂ ਕਿਹਾ ਕਿ ਮੈਂ ਦਿੰਨਾਂ ਫੀਸ। ਉਸ ਨੇ ਕਿਹਾ ਕਿ ਤੂੰ ਅੱਜ ਤੋਂ ‘ਪੰਜਾਬੀ ਅਦਬ’ ਜੁਆਇਨ ਕਰ ਲੈ। ਮੈਨੂੰ ਮਦਦ ਦੀ ਲੋੜ ਹੈ। ਪੰਜਾਬੀ ਦੇ ਕਾਮੇ ਦੇ ਤੌਰ ’ਤੇ ਆ ਜਾ। ਮੈਨੂੰ ਤੇ ਜੰਨਤ ਲਭ ਗਈ। ਉਥੇ ਏਨਾ ਪੰਜਾਬੀ ਦਾ ਸਿਲਸਿਲਾ ਚਲਦਾ ਸੀ, ਉਹਨਾਂ ਮੈਨੂੰ ਕਿਹਾ ਕਿ ਤੂੰ ਕੁਛ ਨਹੀਂ ਸਿਖਣਾ। ਤੂੰ ਪੈਂਤੀ ਅੱਖਰ ਸਿੱਖਣੇ ਨੇ। ਤੈਨੂੰ ਗੁਰਮੁਖੀ ਆ ਜਾਏਗੀ। ਚਾਰ-ਛੇ ਦਿਨ ’ਚ ਮੈਨੂੰ ਗੁਰਮੁਖੀ ਪੜ੍ਹਨੀ ਆ ਗਈ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਉਸਨੂੰ ਕਿਸੇ ਚੀਜ਼ ਦਾ ਉਲੱਥਾ ਕਰਾਉਣ ਲਈ ਛੇ ਛੇ ਮਹੀਨੇ ਲੱਗ ਜਾਂਦੇ ਸਨ। ਆਪ ਬੰਦਾ ਕਿੰਨਾ ਕੁ ਕਰ ਸਕਦੈ। ਅੱਧਾ ਰਸਾਲਾ ਪਾਕਿ-ਪੰਜਾਬੀਆਂ ਦਾ ਸੀ ਅੱਧਾ ਹਿੰਦ-ਪੰਜਾਬੀ ਲੇਖਕਾਂ ਦਾ। ਉਹ ਪਹਿਲਾ ਬੰਦਾ ਸੀ, ਜਿਸ ਨੇ ਕਿਹਾ ਕਿ ਸਾਹਿਤ ਵਿਚ ਕੋਈ ਵੰਡੀ ਨਹੀਂ। ਆਸਿਫ਼ ਖ਼ਾਨ ਬਸਤੀ ਦਾਨਸ਼ਮੰਦਾਂ ਜਲੰਧਰ ਤੋਂ ਸਨ। ਉਹਨਾਂ ਨੂੰ ਕਈ ਜ਼ਬਾਨਾਂ ਆਉਂਦੀਆਂ ਸਨ। ਸਕਾਲਰ ਬੰਦਾ ਸੀ। ਸਾਰੀ ਉਮਰ ਉਹਨਾਂ ਪੰਜਾਬੀ ਦੇ ਨਾਮ ਲਾਈ ਤੇ ਬਹੁਤ ਵੱਡਾ ਕੰਮ ਕੀਤਾ ਪੰਜਾਬੀ ਲਈ। ਉਹ ਸਰਕਾਰੀ ਮੁਲਾਜ਼ਮ ਸਨ। ਰਿਸਾਲੇ ਵਿਚ ਉਹਨਾਂ ਦਾ ਅਪਣਾ ਨਾਮ ਨਹੀਂ ਸੀ ਛਪਦਾ। ਉਹਨਾਂ ਦੇ ਪਿਤਾ ਦਾ ਨਾਮ ਛਪਦਾ ਸੀ, ਪਬਲਿਸ਼ਰ ਦੇ ਤੌਰ ’ਤੇ।
ਸੁਰਿੰਦਰ ਸੋਹਲ: ਤੁਹਾਡੀ ਅਪਣੀ ਕਿਤਾਬ ਕਦੋਂ ਛਪੀ?
ਅਹਿਮਦ ਸਲੀਮ: ਮੇਰੀ ਅਪਣੀ ਕਿਤਾਬ 1972 ਵਿਚ ਛਪੀ। ਲੰਡਨ ਵਿਚ ਕੁੱਝ ਦੋਸਤਾਂ ਨੇ ਰਿਸਾਲਿਆਂ ’ਚੋਂ ਚੀਜ਼ਾਂ ਇਕੱਠੀਆਂ ਕਰਕੇ ਆਰਸੀ ਵਾਲਿਆਂ ਨੂੰ ਭੇਜ ਦਿੱਤੀਆਂ। ਉਹ ਕਿਤਾਬ ਛਪੀ ‘ਤਨ-ਤੰਬੂਰ’। ਹੁਣ ਤੱਕ ਮੇਰੀਆਂ ਸਤਾਰਾਂ-ਅਠਾਰਾਂ ਕਿਤਾਬਾਂ ਛਪ ਚੁੱਕੀਆਂ ਨੇ। ਤਿੰਨ ਗੁਰਮੁਖੀ ਵਿਚ ਨੇ। ਇਕ ਨਾਵਲੈੱਟ ‘ਤਿਤਲੀਆਂ ਤੇ ਟੈਂਕ’ ਸ਼ਿਲਾਲੇਖ ਪਬਲਿਸ਼ਰਜ਼ ਦਿੱਲੀ ਨੇ ਛਾਪਿਆ ਹੈ।