ਆਦਿ ਬ੍ਰਹਮ ਅਵਸਥਾ – 1
ਮੈਂ ਸੋਚਦਾ ਸੀ ਅਕਸਰ
ਕਿ ਜੇ ਤੂੰ ਵਿਛੜੀ ਮੇਰੇ ਨਾਲੋਂ
ਤਾਂ ਚੰਨ ਬੁੱਝ ਜਾਵੇਗਾ,
ਸੂਰਜ ਤਿੜਕ ਜਾਵੇਗਾ,
ਧਰਤੀ ਭਸਮ ਹੋ ਜਾਵੇਗੀ,
ਅੰਬਰ ਹੋ ਜਾਵੇਗਾ ਲੀਰਾਂ-ਲੀਰਾਂ!
ਪਰ ਕੁੱਝ ਵੀ ਨਹੀਂ ਹੋਇਆ ਅਜਿਹਾ
ਤੂੰ ਵਿਛੜ ਵੀ ਗਈ
’ਤੇ ਮੈਂ ਜਿਉਂਦਾ ਵੀ ਹਾਂ!
ਇੰਝ ਹੀ ਕਿੰਨੇ ਸਾਲ ਬੀਤ ਗਏ ਨੇ-
ਤੈਨੂੰ ਵੇਖਿਆਂ-ਤੈਨੂੰ ਸੁਣਿਆਂ!
ਵਕਤ ਤਾਂ ਇੱਕ ਪਲ ਵੀ ਨਹੀਂ ਰੁਕਿਆ
ਮੇਰਾ ਹਾਲ ਪੁੱਛਣ ਲਈ!
ਵਕਤ ਅਪਣੀ ਹੀ ਮਸਤੀ ’ਚ ਮਸਤ ਰਹਿੰਦੈ!
ਕਦੇ ਕਿਸੇ ਲਈ ਵੀ ਨਹੀਂ ਬਦਲਦਾ-
ਅਪਣੀ ਚਾਲ!
ਬੱਸ, ਹੁਣ ਵਕਤ ਜਿੰਨਾ ਮਸਤ ਹੋਣ ਤੱਕ ਦੇ ਹੀ
ਸਫ਼ਰ ’ਚ ਉਪਰਾਮ ਹਾਂ ਮੈਂ!
ਬ੍ਰਹਮ-ਅਵਸਥਾ – 2
ਹੌਲੀ-ਹੌਲੀ ਤੇਰਾ ਆਕਾਰ
ਨਿਰਾਕਾਰ ਹੋ ਗਿਆ!
ਮੈਨੂੰ ਭਗਤੀ ਨਹੀਂ ਸੀ ਆਉਂਦੀ
ਤੂੰ ਸਿਖਾ ਦਿੱਤੀ,
ਪਿਆਰ, ਅਪਰਮਪਾਰ ਹੋ ਗਿਆ!
ਮੇਰੀਆਂ ਉਂਗਲਾਂ ਦੇ ਪੋਟੇ ਹੀ ਬਣ ਗਏ
ਤਸਬੀ ਦੇ ਮਣਕੇ,
ਤੇਰੀ ਉਡੀਕ ’ਚ ਬੈਠਾ ਮੈਂ
ਸਮਾਧੀ ’ਚ ਲੀਨ ਹੋ ਗਿਆ!
ਤੜਪ, ਸਬਰ ਬਣ ਗਈ
ਕਾਮ ਨੂੰ ਇਲਹਾਮ ਹੋ ਗਿਆ!
ਹੰਕਾਰ, ਸਦਾਚਾਰ ’ਚ ਬਦਲ ਗਿਆ,
ਉਹ ਰੁੱਖ ਕਿ ਜਿੰਨ੍ਹਾਂ ਗਲ ਲੱਗ ਕੇ
ਰੋਇਆ ਕਰਦਾ ਸਾਂ ਮੈਂ-
ਬੁੱਧ-ਰੁੱਖ ਹੋ ਗਏ!
ਹੁਣ ਤੇਰੀਆਂ ਯਾਦਾਂ ਦੇ
ਪ੍ਰਵਚਨ ਕਰਦਾ ਹਾਂ ਮੈਂ,
ਲੋਕ ਮੈਨੂੰ ਮਹਾਤਮਾ ਕਹਿੰਦੇ ਨੇ!
ਪੱਥਰ ਮਾਰਨ ਵਾਲੇ
ਸਿਰ ਝੁਕਾ ਕੇ ਮੱਥਾ ਟੇਕਦੇ ਨੇ!
ਸ਼ਾਇਦ ਮੇਰੇ ’ਚੋਂ ਤੇਰਾ ਜਲੌਅ ਵੇਖਦੇ ਨੇ!
ਉਹ ਜੋ ਨਾ ਮੈਨੂੰ ਇਕੱਲੇ ਨੂੰ-
ਕੁੱਝ ਸਮਝਦੇ ਸੀ,
ਨਾ ਤੈਨੂੰ ਇਕੱਲੀ ਨੂੰ ਹੀ ਦਿੰਦੇ ਸੀ-
ਕੋਈ ਮਹੱਤਵ,
ਉਹ ਸਭ ਹੁਣ ਸਾਨੂੰ ਦੋਹਾਂ ਨੂੰ ਨਮਨ ਕਰਦੇ ਨੇ!
ਅਸੀਂ ਅਪਣੀ ਅਪਣੀ ਥਾਂ
ਹਿਜ਼ਰ ਦੇ ਚਿਲ੍ਹੇ ਕੱਟਦੇ,
ਹੋ ਗਏ ਹਾਂ ਬ੍ਰਹਮ-ਅਵਸਥਾ ਨੂੰ ਪ੍ਰਾਪਤ!
ਅਸੀਂ ਇੱਕ ਦੂਜੇ ਤੋਂ ਦੂਰ
ਇਕੱਲੇ ਇਕੱਲੇ ਵੀ ਇਕੱਲੇ ਨਹੀਂ ਹਾਂ,
ਮੈਂ ਜਮਾਂ ਤੇਰਾ ਦੁੱਖ!
ਤੂੰ ਜਮਾਂ ਮੇਰਾ ਦੁੱਖ!