ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

Date:

Share post:

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ ਦੇ ਰਹੀ ਹੋਵੇ, ਜੁਦਾ ਹੋਣ ਤੋਂ ਪਹਿਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਇਸ ਤਰ੍ਹਾਂ ਲਗਦਾ ਸੀ, ਜਿਵੇਂ ਸੰਗੀਤ ਦੀਆਂ ਸੁਰਾਂ ਨੇ ਕੀਲ ਲਿਆ ਹੋਵੇ ਪਰ ਜੁਦਾ ਹੋਣ ਤੋਂ ਪਿਛੋਂ ਟੁੱਟੀਆਂ ਤਾਰਾਂ ਦਾ ਸਿਤਮ ਸਦੀਆਂ ਤਕ ਹੰਢਾਉਣਾ ਪੈਂਦਾ ਹੈ, ਕਦੇ ਸੋਚਿਆ ਵੀ ਨਹੀਂ ਸੀ ਕਿ ਇੰਝ ਵਾਪਰ ਸਕਦਾ ਹੈ। ਕਿਸੇ ਨਾਲ ਵੀ ਕਹਾਣੀਆਂ ਦਾ ਸੱਚ ਐਵੇਂ ਝੂਠ-ਮੂਠ ਲਗਿਆ ਕਰਦਾ ਪਰ ਜਦੋਂ ਕਹਾਣੀ ਅਪਣੇ ਨਾਲ ਵਾਪਰ ਜਾਂਦੀ ਹੈ ਤਾਂ ਇੰਝ ਲਗਦਾ ਹੈ ਜਿਵੇਂ ਇਹ ਕਿਸੇ ਨਾਲ ਪਹਿਲੀ ਵਾਰ ਵਾਪਰਿਆ ਹੋਵੇ।
ਅਜੇ ਤਾਂ ਸੁਪਨਿਆਂ ਦਾ ਇਕ ਵਜ਼ੂਦ ਬਣਨਾ ਸੀ ਪਰ ਬਣਨ ਤੋਂ ਪਹਿਲਾਂ ਹੀ ਸੁਪਨੇ ਤਾਂ ਘੁਲ-ਮਿਲਕੇ ਤਰਲ ਤੋਂ ਵੀ ਕਿਤੇ ਵੱਧ ਪਿਘਲ ਚੁਕੇ ਸਨ, ਜਿਨ੍ਹਾਂ ਨੂੰ ਠਾਰ ਕੇ ਮੁੜ੍ਹ ਠੋਸ ਦੀ ਹਕੀਕਤ ਤਕ ਲੈ ਜਾਣਾ ਤਾਂ ਸ਼ਾਇਦ ਵਸ ਦੀ ਗੱਲ ਨਹੀਂ ਸੀ ਲਗਦੀ ਅਤੇ ਹੁਣ ਇੰਝ ਲਗਦਾ ਹੈ ਜਿਵੇਂ ਘੁਲੇ ਹੋਏ ਸੁਪਨੇ ਮਨ ਵਿਚ ਜ਼ਹਿਰ ਵਾਂਗ ਫੈਲ ਗਏ ਹੋਣ ਤੇ ਸਾਰੇ ਜਿਸਮ ਵਿਚ ਨੀਲ ਘੁਲ ਗਿਆ ਹੋਵੇ। ਅਜੇ ਤਕ ਤਾਂ ਨੀਲੇ ਅਕਾਸ਼ ਨੂੰ ਹੀ ਤੱਕਿਆ ਸੀ ਜਾਂ ਅਕਾਸ਼ ਦੇ ਨੀਲੇ ਬਿੰਬ ਨੂੰ ਹੀ ਪਾਣੀ ਵਿਚ ਦੇਖਿਆ ਸੀ ਅਤੇ ਉਸ ਨਿਲੱਤਣ ਨੂੰ ਅਪਣੇ ਅੰਦਰ ਸਮੇਟਣ ਲਈ ਆਹਰ ਕਰਦਾ ਰਿਹਾ ਇਕ ਉਮਰ ਤਕ ਪਰ ਕਦੇ ਨਾ ਹਾਸਲ ਕਰ ਸਕਿਆ। ਉਹ ਵੀ ਇਕ ਸੁਪਨਾ ਸੀ ਤੇ ਇਹ ਵੀ ਇਕ ਸੁਪਨਾ ਹੈ, ਦੋਵੇਂ ਘੁਲ ਗਏ ਨੇ, ਨਾ ਕਸ਼ੀਦ ਕਰ ਸਕਦਾ ਹਾਂ, ਨਾ ਸੁੱਟ ਸਕਦਾ ਹਾਂ। ਇਹ ਤਾਂ ਇਤਹਾਸ ਹੈ ਜੋ ਆਪ ਲਿਖਿਆ ਸੀ ਪੋਟਿਆਂ ਨਾਲ ਰੇਤ ਦੇ ਕਣਾਂ ਉਤੇ, ਜਦੋਂ ਰੀਝ ਸੀ ਕਿ ਇਤਹਾਸ ’ਤੇ ਮੇਰਾ ਵੀ ਨਾਂ ਹੋਵੇ। ਪਰ ਇਸ ਤੋਂ ਪਹਿਲਾਂ ਤਾਂ ਕਦੇ ਮਨ ਦੇ ਅੰਦਰਵਾਰ ਉਹ ਸੁਪਨੇ ਵਸੇ ਹੋਏ ਸਨ ਜੋ ਕਦੇ ਸਿਤਮ ਤੇ ਸਹਿਮ ਨੂੰ ਕਿਤੇ ਨੇੜੇ-ਤੇੜੇ ਵੀ ਨਹੀਂ ਸਨ ਫੜਕਣ ਦਿੰਦੇ। ਅਜੇ ਤਕ ਤਾਂ ਕਦੇ ਘੁਟ ਘੁਟ ਕੇ ਜਿਉਂਣ ਦਾ ਸਬਬ ਕਦੇ ਬਣਿਆ ਨਹੀਂ ਸੀ ਤੇ ਨਾ ਹੀ ਕਦੇ ਇਸ ਦਾ ਵੱਲ ਸਿਖਿਆ ਸੀ। ਨਾ ਤੱਤੀ ਹਵਾ ਤੋਂ ਕਦੀ ਡਰ ਲਗਿਆ ਸੀ ਨਾ ਯਖ਼ ਸਰਦ ਮੌਸਮਾਂ ਦੇ ਕਹਿਰ ਤੋਂ, ਨਾ ਕਦੇ ਹਨੇਰੀ, ਝੱਖੜ-ਝਾਂਜੇ, ਕਾਲ਼ੀ-ਬੋਲ਼ੀ ਰਾਤ ਤੋਂ ਅਤੇ ਨਾ ਹੀ ਮੌਸਮਾਂ ਦੀ ਉਦਾਸੀ ਦੇ ਅਰਥਾਂ ਦਾ ਪਤਾ ਸੀ ਤੇ ਨਾ ਹੀ ਇਹ ਵੀ ਪਤਾ ਸੀ ਕਿ ਮੌਸਮ ਵੀ ਉਦਾਸ ਹੋ ਸਕਦੇ ਨੇ। ਅਜੇ ਤਾਂ ਉਘ-ਸੁਘ ਵੀ ਨਹੀਂ ਸੀ ਇਨ੍ਹਾਂ ਦੀ, ਭਾਵੇਂ ਦੁਆਲੇ ਦੇ ਰਿਸ਼ਤਿਆਂ ਨੂੰ ਤਾਂ ਉਦਾਸ ਹੁੰਦਿਆਂ ਵੇਖਿਆ ਸੀ ਕਈ ਵਾਰ। ਕਦੀ ਕਦੀ ਉਦਾਸ ਵੀ ਹੋ ਜਾਂਦਾ ਤੇ ਸ਼ਰੀਕ ਵੀ ਹੋ ਜਾਂਦਾ ਪਰ ਵਰੋਲਿਆਂ ਵਾਂਗ ਉਡਦੇ ਰਹਿਣ ਨੂੰ ਜੀਅ ਕਰਦਾ ਸੀ ਸਾਰੀ ਉਮਰ ।
ਪਤਾ ਨਹੀਂ ਇਹ ਵਰ ਹੁੰਦਾ ਹੈ ਜਾਂ ਸਰਾਪ, ਜਦੋਂ ਬੋਲਾਂ ਨੂੰ ਘੁਣ ਲੱਗ ਜਾਵੇ ਜਾਂ ਗੁੰਗੀਆਂ ਸੈਨਤਾਂ ਸਮਝਣ ਜੋਗੇ ਹੀ ਰਹਿ ਜਾਣ, ਪਤਾ ਨਹੀਂ ਪਰ ਧੁਰ ਅੰਦਰ ਨੂੰ ਹਲੂਣ ਦੇਣਾ ਇਨ੍ਹਾਂ ਦੇ ਹਿੱਸੇ ਦਾ ਹਾਸਲ ਹੈ। ਲਿਖੇ ਤੇ ਆਪੇ ਪੜ੍ਹੇ ਖ਼ਤ ਬਰੰਗ ਬਣਕੇ ਲਟਕਦੇ ਰਹਿਦੇ ਹਨ ਸਿਰਾਂ ’ਤੇ ਸਾਰੀ ਉਮਰ। ਜੇ ਇਹ ਸਰਾਪ ਹੈ ਤਾਂ ਹੰਢਾ ਰਿਹਾ ਹਾਂ ਜੇ ਵਰ ਹੈ ਤਾਂ ਪਤਾ ਨਹੀਂ ਸਰਾਪ ਕਿਸ ਨੂੰ ਆਖਦੇ ਨੇ। ਕਦੇ ਇੰਜ ਲਗਦਾ ਏ ਜਿਵੇਂ ਇਹ ਦੋਵੇਂ ਇਕੋ ਕੁੱਖ ਦੇ ਹੀ ਜਾਏ ਹੋਣ, ਭੀੜ ਬਣੇ ਤਾਂ ਚੁੱਕ ਲੈਂਦੇ ਨੇ ਤਲਵਾਰਾਂ ਪਰ ਸ਼ਾਂਤੀ ਦੇ ਮੌਸਮ ਵਿਚ ਜ਼ਰ ਲਗ ਜਾਂਦੀ ਏ ਇਨ੍ਹਾਂ ਦੀਆਂ ਧਾਰਾਂ ਨੂੰ ਤੇ ਜੁਦਾ ਹੋ ਜਾਂਦੇ ਨੇ ਜਿਵੇਂ ਜੌੜਿਆਂ ਨੂੰ ਵੱਖ ਕਰ ਦਿਤਾ ਗਿਆ ਹੋਵੇ, ਅਪਣੀ ਪਛਾਣ ਗੁਆ ਬੈਠਦੇ ਨੇ ਇਸ ਮੌਸਮ ਵਿਚ। ਕਦੇ ਕੱਚੀਆਂ ਤੰਦਾਂ ਵਰਗੇ ਲਗਦੇ ਨੇ ਇਹ ਖ਼ਤ ਅਤੇ ਕਦੇ ਸਖ਼ਤ ਤੇ ਖ਼ੁਰਦਰੀਆਂ ਲੱਜਾਂ ਵਰਗੇ, ਇਨ੍ਹਾਂ ਵਿਚ ਝਰੀਟੇ ਹੋਏ ਸ਼ਬਦ ਸਜ਼ਾ ਦਿੰਦੇ ਹਨ ਸਾਰੀ ਉਮਰ। ਇਹ ਕੈਦ ਕਦੇ ਨਾ ਮੁੱਕਣ ਵਾਲਾ ਸਿਲਸਲਾ ਲਗਦਾ ਏ, ਲੱਖਾਂ ਜ਼ਮਾਨਤਾਂ ਨਾਲ ਵੀ ਨਹੀਂ ਮੁਕਦਾ ਇਹ ਆਪ ਸਹੇੜਿਆ ਸਰਾਪ, ਭਾਵੇਂ ਇਕਬਾਲ ਵੀ ਕਰ ਲਈਏ ਜਾਂ ਮੁੱਕਰ ਵੀ ਜਾਈਏ। ਜਿਸਮ ਨੂੜਿਆ ਹੋਇਆ ਲਗਦਾ ਏ ਅਤੇ ਮਨ ਵੀ ਨਾਲ ਨਾਲ । ਜਦੋਂ ਜਿਸਮ ਨੂੜਿਆ ਹੋਵੇ ਤਾਂ ਮਨ ਆਪੇ ਤਕ ਸਿਮਟ ਜਾਂਦਾ ਹੈ ਤੇ ਰਹਿ ਜਾਂਦੀ ਹੈ ਸਿਰਫ਼ ਇਕ ਅਵਾਜ਼ ਜੋ ਆਪੇ ਤੋਂ ਬਾਹਰ ਕਿਤੇ ਸੁਣਾਈ ਨਹੀਂ ਦਿੰਦੀ ਤੇ ਬਣ ਜਾਂਦੀਆਂ ਹਨ ਅਪਣੀਆਂ ਅਵਾਜ਼ਾਂ ਵੀ ਬਰੰਗ, ਨਾ ਰੰਗ ਹੁੰਦਾ ਨਾ ਕੋਈ ਰੂਪ ਸਾਰੀ ਉਮਰ ਅਪਣੇ ਵਜ਼ੂਦ ਦੇ ਨਾਲ ਨਾਲ ਹੰਢਾਉਣੀਆਂ ਪੈਂਦੀਆਂ ਨੇ।

ਬਹੁਤ ਤਲਾਸ਼ ਕੀਤੀ ਖ਼ਤਾਂ ਦੀ ਖ਼ਤਾ ਬਣ ਗਈ ਮੇਰੇ ਲਈ
ਨਾ ਰਾਤ ਨੂੰ ਰੋਕੋ ਨਾ ਜਿਸਮ ’ਤੇ ਪਾਵੋ ਖ਼ੌਫ਼ ਦਾ ਸਿਲਸਲਾ
ਮੈਂ ਮਰ ਕੇ ਵੀ ਜੀ ਸਕਦਾ ਹਾਂ ਇਹ ਕੇਹਾ ਸਰਾਪ ਪਾਇਆ ਹੈ
ਨਾ ਮੁੱਕਦੀ ਰਾਤ ਨਾ ਮੁੱਕਦੀ ਬਾਤ, ਬਾਤਾਂ ਦਾ ਕੇਹਾ ਸਿਲਸਲਾ
ਰਾਤ ਨੂੰ ਤਾਂ ਸਭ ਸੁੱਤੇ ਨੇ ਪੰਖੇਰੂ ਰਾਤ ਲੰਘੇ ਤਾਂ ਜਗਾਈਏ
ਉਨ੍ਹਾਂ ਦਾ ਕੀ ਕਸੂਰ ਹੈ ਰਾਤ ਭਰ ਜਾਗਣ ਮੇਰੇ ਨਾਲ ਮੇਰੇ ਲਈ
ਬਾਤ ਪਾਈਏ ਜਿਸਮ ਦੀ ਜਾਂ ਫਿਰ ਕੋਈ ਹੋਰ ਬਹਾਨਾ ਘੜੀਏ
ਜਾਂ ਫਿਰ ਰਹਿ ਜਾਈਏ ਇਕੱਲੇ ਹੀ ਮੌਸਮਾਂ ਦਾ ਸਰਾਪ ਪਾਣ ਲਈ

ਰਾਤ ਕਦੇ ਡਰ ਜਾਂ ਭੈਅ ਦਾ ਦੂਜਾ ਨਾਂ ਹੈ, ਕਦੇ ਸਹਿਮ, ਕਦੇ ਛਲਾਵੇ ਰਾਤ ਦੇ ਨਾਂ ਨਾਲ ਜੁੜ ਜਾਂਦੇ ਹਨ। ਰਾਤ ਦੀ ਪਛਾਣ ਉਦੋਂ ਬਣਦੀ ਹੈ ਜਦੋਂ ਅਕਾਰ ਖ਼ਤਮ ਹੋ ਜਾਣ। ਉਚੇ ਲੰਮੇ ਸਭ ਇਕੋ ਜਹੇ ਲੱਗਣ ਲੱਗ ਜਾਂਦੇ ਹਨ। ਤੇ ਸਭ ਕਾਸੇ ਦਾ ਪਤਾ ਸੱਨਾਟੇ ਵਿਚ ਹੋਈ ਹਲਚਲ ਤੋਂ ਹੀ ਹੁੰਦਾ ਜਾਂ ਫਿਰ ਗੰਧ ਦੁਰਗੰਧ ਹੀ ਕਾਸਦ ਬਣ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਸਭ ਕੁਝ ਬਰਾਬਰ ਹੋ ਗਿਆ ਹੋਵੇ। ਇਹ ਭਰਮ ਉਦੋਂ ਹੰਡਾਇਆ ਜਾਂਦਾ ਹੈ ਜਦੋਂ ਰਾਤ ਦੇ ਅਰਥ ਬਰੰਗ ਹੁਦੇ ਨੇ। ਅਰਥਾਂ ਨੂੰ ਪਾਉਣ ਦੀ ਲਾਲਸਾ ਤਾਂ ਹਰ ਕੋਈ ਕਰਦਾ ਹੈ ਪਰ ਇਨ੍ਹਾਂ ਨੂੰ ਪਕੜਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਬੜੇ ਤਿਲਕਵੇਂ ਤੇ ਤਰਲ ਵੀ ਹੁੰਦੇ ਹਨ ਕਈ ਵਾਰ ਇਨ੍ਹਾਂ ਦੇ ਅਰਥ, ਤੇ ਕਈ ਵਾਰ ਅਨਰਥ ਵੀ ਹੋ ਜਾਂਦਾ ਏ ਅਰਥਾਂ ਦਾ ਇਨ੍ਹਾਂ ਨੂੰ ਫੜਦਿਆਂ ਫੜਦਿਆਂ। ਕਈ ਵਾਰ ਪ੍ਰਸੰਗ ਬਣ ਜਾਂਦੇ ਨੇ ਤਾਂ ਰੰਗ ਬਿਖੇਰਦੇ ਲਗਦੇ ਹਨ, ਅਰਥਾਂ ਨੂੰ ਮਿਲਕੇ ਕਈ ਵਾਰ ਹੁਲਾਸ ਮਿਲਦਾ ਹੈ ਪਰ ਜਦੋਂ ਪਕੜ ਤੋਂ ਬਾਹਰ ਰਹਿ ਜਾਂਦੇ ਨੇ ਤਾਂ ਨਿਰਾਸ਼ਾ ਦਾ ਆਲਮ ਫੈਲ ਜਾਂਦਾ ਹੈ ਚੁਫੇਰੇ, ਬਰੰਗ ਮੁੜੇ ਸ਼ਬਦ ਰਾਤ ਵਰਗੇ ਹੁੰਦੇ ਨੇ ਬੇਪਛਾਣ ਜਹੇ, ਬਰੰਗ ਮੁੜੇ ਸ਼ਬਦ ਇਕ ਚੀਸ ਵਰਗੇ ਹੁੰਦੇ ਨੇ ਜੋ ਨਾ ਸੌਣ ਦਿੰਦੇ ਨਾ ਟੇਕ ਤੇ ਅਰਾਮ, ਕਈ ਵਾਰ ਬਰੰਗ ਸ਼ਬਦਾਂ ਨਾਲ ਵੀ ਮੋਹ ਹੋ ਜਾਂਦਾ ਹੈ। ਇਕ ਦਮ ਸਮਝੇ ਜਾਣ ਵਾਲੇ ਸ਼ਬਦ ਕਈ ਵਾਰ ਜ਼ਲਜ਼ਲੇ ਜਾਂ ਸੁਨਾਮੀ ਵਰਗਾ ਵੀ ਕੁਝ ਕਰ ਸਕਦੇ ਨੇ ਇਸ ਲਈ ਜੇ ਕੁਝ ਸ਼ਬਦ ਬਰੰਗ ਵੀ ਰਹਿ ਜਾਣ ਤਾਂ ਵੀ ਅਫਸੋਸ ਨਹੀਂ ਹੁੰਦਾ।
ਖ਼ਤਾਂ ਦਾ ਵਟਾਂਦਰਾ ਜਦੋਂ ਰੁਕ ਜਾਂਦਾ ਹੈ ਤਾਂ ਇਸ਼ਾਰੇ ਹੀ ਸਾਥ ਦਿੰਦੇ ਨੇ, ਜੇ ਉਹ ਵੀ ਰੁਕ ਜਾਣ ਤਾਂ ਉਡੀਕ ਕਰਨੀ ਪੈਂਦੀ ਹੈ ਮੌਸਮ ਦੇ ਬਦਲਣ ਦੀ। ਉਡੀਕ ਕਰਨਾ ਸਾਰਿਆਂ ਦੇ ਵਸ ਦੀ ਗੱਲ ਨਹੀਂ ਉਂਜ ਉਡੀਕ ਵੀ ਬਰੰਗ ਸ਼ਬਦਾਂ ਵਰਗੀ ਹੀ ਹੰਦੀ ਹੈ। ਜੇ ਖ਼ਤਾਂ ਦੇ ਵਟਾਂਦਰੇ ਹੋ ਵੀ ਜਾਣ ਤਾਂ ਫਿਰ ਵੀ ਕੀ ਪਤਾ ਕਿ ਉਹ ਬਰੰਗ ਨਾ ਹੋਣ, ਪਰ ਕਦੇ ਕਦੇ ਪਤਾ ਨਹੀਂ ਕਦੋਂ ਉਨ੍ਹਾਂ ਵਿਚਲੇ ਸ਼ਬਦ ਖੰਭ ਲਾ ਕੇ ਉਡ ਜਾਣ ਖ਼ਤਾਂ ’ਤੇ ਪਏ ਮੁਰਦਾ ਸ਼ਬਦ ਵੀ ਤਾਂ ਬਰੰਗ ਹੋ ਸਕਦੇ ਨੇ, ਹੋਰ ਕੀ ਨਾਂ ਦਿਤਾ ਜਾ ਸਕਦਾ ਏ ਉਨ੍ਹਾਂ ਨੂੰ, ਜਦੋਂ ਸ਼ਬਦਾਂ ਦੇ ਅਰਥਾਂ ਦੀ ਸਮਝ ਨਹੀਂ ਪੈਂਦੀ ਐਂਵੇ ਭਰਮ ਰਹਿ ਜਾਂਦਾ ਹੈ ਜਿਉਂਦੇ ਸ਼ਬਦਾਂ ਦਾ, ਮਰ ਤਾਂ ਉਹ ਉਦੋਂ ਹੀ ਗਏ ਸਨ ਜਦੋਂ ਉੱਕਰੇ ਗਏ ਸਨ ਪਰ ਜਦੋਂ ਤਕ ਮਨ ਅੰਦਰਲੇ ਸ਼ਬਦਾਂ ਦੀਆਂ ਬਰੰਗ ਸ਼ਬਦਾਂ ਨਾਲ ਪੀਂਘਾਂ ਨਹੀਂ ਪੈਂਦੀਆਂ ਜਾਂ ਫਿਰ ਅਰਥਾਂ ਦੇ ਸੌੜੇ ਘੇਰੇ ਵਿਚ ਘਿਰ ਜਾਣ ’ਤੇ ਇਕੋ ਹੀ ਅਰਥ ਤਕ ਸਿਮਟ ਜਾਣ ਤਾਂ ਘੋਰ ਅਨਰਥ ਹੁੰਦਾ ਹੈ ਸ਼ਬਦਾਂ ਦੇ ਅਰਥਾਂ ਦਾ, ਇਸ ਤੋਂ ਚੰਗਾ ਸੀ ਬਰੰਗ ਰਹਿੰਦੇ ਭਰਮ ਤਾਂ ਬਣਿਆ ਰਹਿਣਾ ਸੀ। ਅਰਥਾਂ ਦੇ ਅਨਰਥ ਤੋਂ ਬਚਣ ਲਈ ਬਰੰਗ ਰੱਖ ਲਏ ਜਾਂਦੇ ਨੇ ਖ਼ਤ, ਅਪਣੇ ਕੋਲ ਕਈ ਵਾਰ।
ਕਈ ਵਾਰ ਸਾਂਭ ਕੇ ਰੱਖੇ ਖ਼ਤ ਵੀ ਤਾਂ ਬਰੰਗ ਹੁੰਦੇ ਨੇ। ਉਹ ਖ਼ਤ ਜੋ ਕਦੇ ਕਿਸੇ ਨੇ ਡਾਕੇ ਨਹੀਂ ਪਾਏ ਸਾਰੀ ਉਮਰ, ਉਨ੍ਹਾਂ ਦਾ ਸਰਾਪ ਹੰਡਾਉਣਾ ਪੈਂਦਾ ਹੈ ਤੇ ਖ਼ਤ ਉਸ ਕੁੜੀ ਵਰਗੇ ਲਗਦੇ ਨੇ ਜਿਸ ਨੂੰ ਬਾਬਲ ਨੇ ਵਿਆਹ ਤਾਂ ਦਿਤਾ ਹੋਵੇ ਪਰ ਕੰਤ ਕਦੇ ਵੀ ਮੁਕਲਾਵਾ ਲੈਣ ਨਾ ਮੁੜਿਆ ਹੋਵੇ ਜਾਂ ਫਿਰ ਮੁਕਲਾਵੇ ਜਾ ਕੇ ਵੀ ਕੁਆਰੀਆਂ ਸੱਧਰਾਂ ਨੂੰ ਅਪਣੀ ਝੋਲੀ ਵਿਚ ਪਾ ਕੀਰਨੇ ਤੇ ਔਂਸੀਆਂ ਨਾਲੋ ਨਾਲ ਪਾਉਂਦੀ ਹੋਵੇ, ਕਦੇ ਹਾਸੇ ਵੀ ਬਰੰਗ ਹੋ ਸਕਦੇ ਨੇ ਰੋਣੇ ਵੀ, ਨਾ ਸਮਝ ਪੈਣ ਵਾਲੇ ਇਹ ਦੁਖ ਤੇ ਹਾਸੇ ਜੇ ਕੋਈ ਸਮਝ ਸਕਦਾ ਹੋਵੇ ਤਾਂ ਕਬਰਾਂ ’ਚ ਪਏ ਮੁਰਦੇ ਵੀ ਜਾਗ ਸਕਦੇ ਨੇ ਪਰ ਕੌਣ ਬਰੰਗ ਸ਼ਬਦਾਂ ਦੀ ਇਬਾਰਤ ਪੜ੍ਹੇ ਤੇ ਉਸ ਕੁਆਰੀ ਦੀ ਝੋਲੀ ਵਿਚ ਪਾਏ ਜਿਸ ਨੂੰ ਦਿਨੇ ਸੁਪਨੇ ਵੇਖਣ ਦਾ ਸਰਾਪ ਮਿਲਿਆ ਹੋਵੇ ਪਰ ਇਹ ਹੀ ਤਾਂ ਉਸ ਦਾ ਸਰਮਾਇਆ ਤੇ ਜਮ੍ਹਾ ਜੋੜ ਤੋਂ ਬਾਕੀ ਬਚਿਆ ਹਾਸਲ ਏ। ਜਿਸ ਨੇ ਸਭ ਕੁਝ ਬਰੰਗ ਹੁੰਦਾ ਵੇਖਿਆ ਹੋਵੇ ਉਸੇ ਨੂੰ ਹੀ ਬਰੰਗ ਸ਼ਬਦਾਂ ਦੇ ਅਰਥਾਂ ਦੀ ਸਮਝ ਲੱਗ ਸਕਦੀ ਏ। ਸ਼ਬਦਾਂ ਦੇ ਅਰਥਾਂ ਨੂੰ ਕੋਰੇ ਪਿੰਡੇ ’ਤੇ ਹੰਢਾਉਣਾ ਪੈਂਦਾ ਏ ਸਾਰੀ ਉਮਰ ਤੇ ਤਲਾਸ਼ ਕਰਨੀ ਪੈਂਦੀ ਏ ਸਾਰੀ ਉਮਰ ਬਰੰਗ ਸ਼ਬਦਾਂ ਦੇ ਅਰਥਾਂ ਦੀ।
ਉਦੋਂ ਕੋਈ ਰਾਤ ਨਹੀਂ ਸੀ ਤੇ ਨਾ ਹੀ ਦਿਨ ਪਰ ਦਿਨ ਚੜ੍ਹਦੇ ਤੇ ਰਾਤ ਪੈਂਦੀ ਰਹਿੰਦੀ ਸੀ। ਧਰਤੀ ’ਤੇ ਪੱਬ ਹੀ ਟਿਕਦੇ ਸਨ ਪੈਰ ਤਾਂ ਜਿਵੇਂ ਉਖੜ ਹੀ ਗਏ ਹੋਣ। ਮਿਲਣ ’ਤੇ ਵੀ ਤਲਾਸ਼ ਹੁੰਦੀ ਭਟਕਣਾ ਵੀ ਨਾਲ ਨਾਲ ਹੁੰਦੀ। ਪੂਰਾ ਵਜ਼ੂਦ ਜਿਵੇਂ ਭਟਕਣਾ ਤੇ ਤਲਾਸ਼ ਵਿਚ ਕਿਤੇ ਖ਼ੁਰ ਗਿਆ ਲਗਦਾ ਰਹਿੰਦਾ, ਇੰਝ ਲਗਦਾ ਜਿਵੇਂ ਪੂਰਨ ਹਾਂ ਪਰ ਇੰਝ ਵੀ ਲਗਦਾ ਕਦੀ ਪੌਣਾ, ਅੱਧਾ ਜਾਂ ਚੱਪਾ ਕੂ ਰਹਿ ਗਿਆ ਹੋਵੇ ਮੇਰਾ ਵਜ਼ੂਦ ਕਦੇ ਕਿਣਕਾ ਹੀ ਲੱਗਣ ਲੱਗ ਪੈਂਦਾ ਸਾਂ, ਹਵਾ ਦੇ ਇਕ ਬੁੱਲੇ ਜਿਹਾ। ਜਦੋਂ ਸ਼ਬਦਾਂ ਨੂੰ ਮਿਲਦਾ ਤਾਂ ਮੁੜ੍ਹ ਮੁੜ੍ਹ ਜੋੜਣ ਲਗਦਾ ਅਪਣੇ ਆਪ ਨੂੰ ਜਿਵੇਂ ਸ਼ਬਦਾਂ ਦਾ ਹੀ ਬਣਿਆ ਹੋਵਾਂ, ਸ਼ਬਦ ਜਦੋਂ ਗੂੰਜਦੇ ਚੁਫੇਰੇ ਤਾਂ ਨਾਦ ਤੋਂ ਪੈਦਾ ਹੁੰਦਾ ਮਹਿਸੂਸ ਕਰਦਾ। ਨਾਦ ਦਾ ਨਾ ਰੰਗ ਹੁੰਦਾ ਹੈ ਨਾ ਰੂਪ ਹੁੰਦਾ ਹੈ ਪਰ ਨਾਦ ਹੀ ਮੇਰੀ ਪਛਾਣ ਬਣ ਜਾਂਦਾ, ਕਦੀ ਦਿਲ ’ਤੇ ਠੱਕ ਠੱਕ ਕਰਦਾ ਅਤੇ ਕਦੀ ਸਿਰ ਦੀਆਂ ਨਾੜਾਂ ਨੂੰ ਧੜਕਣ ਦਿੰਦਾ। ਜਦੋਂ ਚੁਫੇਰੇ ਦੀਆਂ ਸਾਰੀਆਂ ਧੜਕਣਾਂ ਮੁੱਕ ਜਾਂਦੀਆਂ ਤਾਂ ਅਹਿਸਾਸ ਹੁੰਦਾ ਧਰਤੀ ਨਿਗਲ ਗਈ ਹੋਵੇਗੀ ਉਨ੍ਹਾਂ ਨੂੰ ਜਾਂ ਹਵਾ ਉਡਾਅ ਕੇ ਲੈ ਗਈ ਹੋਵੇਗੀ ਜਾਂ ਫਿਰ ਸਾਗਰ ਦੀਆਂ ਛੱਲਾਂ ਵਿਚ ਗੁਆਚ ਗਿਆ ਹੋਵੇਗਾ। ਕਦੀ ਚੁਫੇਰੇ ਤੋਂ ਭਾਲ ਕਰਦਾ ਕਦੀ ਅਪਣੇ ਬਿਖਰੇ ਵਜ਼ੂਦ ’ਚੋਂ। ਮਿਟੇ ਅੱਖਰਾਂ ਦੀ ਪਛਾਣ ਵਰਗਾ ਰਹਿ ਜਾਂਦਾ ਰਿਹਾ। ਮਿਟੇ ਅੱਖਰਾਂ ਨੂੰ ਮੁੜ ਸੁਰਜੀਤ ਕਰਨ ਦੀ ਲਾਲਸਾ ਲੈ ਕੇ ਤੰਦਾਂ ਨੂੰ ਜੋੜਦਾ, ਨਾ ਸਾਲਮ ਨਾ ਸਬੂਤ, ਅਧੂਰੇ ਅਣਪੜ੍ਹੇ ਅੱਖਰ, ਕਦੇ ਸ਼ਬਦਾਂ ਦੇ ਇਕ ਸਿਰੇ ਅਰਥ ਦਿੰਦੇ ਅਤੇ ਕਦੇ ਦੂਜੇ ਸਿਰੇ ਦੇ ਜਿਵੇਂ ਖਣਕਦੀਆਂ ਵੰਗਾਂ ਟੁੱਟ ਜਾਣ ਤਾਂ ਅਧੂਰੇ ਸੁਨੇਹੇ ਹੀ ਰਹਿ ਜਾਂਦੇ ਨੇ। ਕੰਤ ਦੇ ਗਲ਼ ਵਿਚ ਪਾਈਆਂ ਬਾਹਵਾਂ ਦਾ ਤਾਂ ਉਨ੍ਹਾਂ ਨੇ ਸੰਦੇਸ਼ ਦੇਣਾ ਸੀ ਜਦੋਂ ਮੌਨ ਦੀ ਅਵਸਥਾ ਹੋਵੇ ਤਾਂ ਲੋੜ ਪੈਂਦੀ ਹੈ ਧੁਨਾਂ ਦੀ ਨਾ ਵੰਗਾਂ ਜੁੜਦੀਆਂ ਨਾ ਮਿਟੇ ਸ਼ਬਦ, ਤੇ ਨਾ ਹੀ ਮੇਰਾ ਆਪਾ, ਮਿਲਣ ’ਤੇ ਦਸੇ ਜਾ ਸਕਦੇ ਸਨ ਸ਼ਬਦਾਂ ਦੇ ਅਰਥ। ਸ਼ਬਦਾਂ ਦੇ ਅਰਥ ਮਨ ਦੀਆਂ ਤੈਹਾਂ ਵਿਚ ਕੁਝ ਹੋਰ ਹੁੰਦੇ ਦਿਲ ਅਤੇ ਦਿਮਾਗ ਵਿਚ ਕੁਝ ਹੋਰ। ਜਦੋਂ ਪੈਦਾ ਹੁੰਦੇ ਹਨ ਤਾਂ ਉੱਡ ਜਾਂਦੇ ਨੇ ਹਵਾ ਵਿਚ ਅਤੇ ਧੁਰ ਅੰਦਰ ਤਕ ਲਹਿ ਜਾਣ ਲਈ ਤਤਪਰ ਹੁੰਦੇ ਹਨ। ਸੁਣੇ ਤੇ ਪੜ੍ਹੇ ਸ਼ਬਦਾਂ ਦੇ ਅਰਥ ਕਦੇ ਹਾਸੇ ਵਿਚ ਬਦਲ ਜਾਂਦੇ ਕਦੀ ਮੱਥੇ ਦੀਆਂ ਤਿਔੜੀਆਂ। ਕਦੇ ਚੁਸਕੀਆਂ ਕਦੇ ਮੁਸੜੀਆਂ, ਕਦੇ ਹਿਣ-ਹਿਣ ਹਾਸੇ ਤੇ ਕਦੇ ਖਰ੍ਹਵੇ ਸ਼ਬਦਾਂ ਨੂੰ ਬਰੰਗ ਮੁੜਣਾ ਪੈਂਦਾ। ਬਰੰਗ ਮੁੜਨ ਦੀ ਦਾਸਤਾਨ ਸਾਰੀ ਉਮਰ ਭੋਗਣੀ ਪਂੈਦੀ ਹੈ ਭਾਵੇਂ ਇਨ੍ਹਾਂ ਨੂੰ ਤਲਖ਼ ਆਖੋ ਤੇ ਭਾਵੇਂ ਵਸਾਰ ਦੇਵੋ ਪਰ ਸ਼ਬਦਾਂ ਦੇ ਅਰਥ ਸਾਰੀ ਉਮਰ ਘੁੰਮਦੇ ਰਹਿੰਦੇ ਹਨ ਨਾਲ ਨਾਲ। ਦਰਦ ਤੇ ਸਰਾਪ ਵੀ ਨਾਲ ਨਾਲ ਤੁਰਦੇ ਰਹਿੰਦੇ ਨੇ। ਬਹੁਤ ਸੌਖਾ ਹੁੰਦਾ ਹੈ ਸ਼ਬਦਾਂ ਨੂੰ ਅਜ਼ਾਦ ਕਰਨਾ ਪਰ ਬਹੁਤ ਔਖਾ ਹੁੰਦਾ ਹੈ ਸ਼ਬਦਾਂ ਤੋਂ ਅਜ਼ਾਦ ਹੋਣਾ ਬੋਲਾਂ ਨੂੰ ਪੁਗਾਣ ਲਈ ਕਈ ਸਦੀਆਂ ਤੋਂ ਵੀ ਵੱਡਾ ਹੋਣਾ ਪੈਂਦਾ ਏ ਫਿਰ ਵੀ ਜ਼ਰੂਰੀ ਨਹੀਂ ਕਿ ਬੋਲਾਂ ਦੇ ਕੌਲਾਂ ਨੂੰ ਬਚਾਇਆ ਜਾ ਸਕਦਾ ਹੋਵੇ। ਕੁਝ ਬੋਲ ਅਜਿਹੇ ਹੁੰਦੇ ਹਨ ਜੋ ਹਵਾ ਵਿਚੋਂ ਤਾਂ ਪੈਦਾ ਹੋਣ ਤੋਂ ਵੀ ਪਹਿਲਾਂ ਹੀ ਮਰ ਜਾਂਦੇ ਹਨ ਪਰ ਮਨਾਂ ਵਿਚ ਕਿਰਕ ਬਣਕੇ ਰੜਕਦੇ ਰਹਿੰਦੇ ਹਨ ਸਾਰੀ ਉਮਰ। ਦੁਸ਼ਮਣ ਤਾਂ ਲਲਕਾਰਿਆ ਜਾ ਸਕਦਾ ਹੈ ਜਾਂ ਦੋਸਤ ਤੋਂ ਕੰਡ ਭੁਆਈ ਜਾ ਸਕਦੀ ਹੈ ਪਰ ਸ਼ਬਦ ਨੇ ਜੋ ਨਾ ਕੰਡ ਭੁਆਣ ਦਿੰਦੇ ਨੇ ਨਾ ਲਲਕਾਰਨ ਦਿੰਦੇ ਨੇ ਸਾਰੀ ਉਮਰ ਇਨ੍ਹਾਂ ਦਾ ਭਾਰ ਢੋਣਾ ਪੈਂਦਾ ਹੈ। ਭਰ ਜੁਆਨੀ ਤਾਂ ਕੀ ਸਾਰੀ ਉਮਰ ਨੂੰ ਕਿਰਕ ਬਣਕੇ ਕਿਰਕਰਾ ਕਰਦੇ ਰਹਿੰਦੇ ਨੇ ਜਿਉਂਣ ਦੇ ਪਲਾਂ ਨੂੰ, ਇਕੱਲ ਦੇ ਪਲਾਂ ਵਿਚ ਤਾਂ ਹੋਰ ਕਿਰਚਦੇ ਨੇ ਤੇ ਇੰਜ ਲਗਦਾ ਏ ਕਿ ਕਿਰਕ ਦੀ ਕਿਰਚ ਹੀ ਰਹਿ ਗਈ ਹੋਵੇ ਬਾਕੀ ਬਚਦੀ ਹਯਾਤੀ। ਮਨ ਦਾ ਦੁਖ ਤਾਂ ਧੜ੍ਹ ਨੂੰ ਸਹਾਰਨਾ ਪੈਂਦਾ ਪਰ ਧੜ੍ਹ ਦਾ ਸਹਾਰਾ ਕੌਣ ਬਣੇ , ਜੇ ਸਹਾਰਾ ਖੁਰ ਜਾਵੇ ਤਾਂ ਸਮਝੋ ਕੌੜੇ ਕਸੈਲ਼ੇ ਬੋਲਾਂ ਦੀ ਕਮਾਈ ਖੱਟੀ ਖਾ ਰਹੇ ਹਾਂ। ‘ਕੱਲੀਆਂ ਚਿੱਠੀਆਂ ਬਰੰਗ ਨਹੀਂ ਹੁੰਦੀਆਂ, ਮਨ, ਸ਼ਬਦ ਤੇ ਸਭ ਕੁਝ ਬਰੰਗ ਹੋ ਸਕਦਾ ਹੈ, ਇਹ ਤਾਂ ਐਵੇਂ ਭਰਮ ਪਾਲਿਆ ਏ ਸਾਰੀ ਉਮਰ ਸ਼ਬਦਾਂ ਦੇ ਅਰਥਾਂ ਤੋਂ ਬਚਣ ਦਾ। ਬਾਰ ਬਾਰ ਅਨਰਥ ਕਰਾਂਗਾ ਤਾਂ ਹੋਰ ਸਜਾਵਾਂ ਕਿਸ ਝੋਲੀ ਵਿਚ ਪਾਵਾਂਗਾ, ਕੰਨੀਆਂ ਹੋਰ ਭਾਰ ਨਾ ਝੱਲ ਸਕਣ ਸ਼ਾਇਦ।

ਬਲਦੇਵ ਸਿੰਘ ਚੀਮਾ
ਡਾ. ਬਲਦੇਵ ਸਿੰਘ ਚੀਮਾ ਪੰਜਾਬੀ ਦੇ ਪੁਖਤਾ ਸ਼ਾਇਰ ਤਾਂ ਹਨ ਹੀ, ਉਹ ਵਾਰਤਕ ਵੀ ਕਮਾਲ ਦੀ ਲਿਖਦੇ ਹਨ। "ਬਰੰਗ ਖ਼ਤ" ਇਹਦਾ ਨਮੂਨਾ ਹੈ। ਇਕ ਭਾਸ਼ਾ ਵਿਗਿਆਨੀ ਦੇ ਤੌਰ ਤੇ ਵੀ ਉਨ੍ਹਾਂ ਅਪਣੀ ਵੱਖਰੀ ਪਛਾਣ ਬਣਾ ਲਈ ਹੈ ਅਤੇ ਇਨ੍ਹੀਂ ਦਿਨੀਂ ਉਹ ਗੁਰਬਾਣੀ ਵਿਆਕਰਣ ਉੱਪਰ ਕੰਮ ਕਰ ਰਹੇ ਹਨ। ਅੱਜ ਕੱਲ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੰਜਾਬੀ ਵਿਭਾਗ ਦੇ ਮੁਖੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!