ਸੁਰਜੀਤ ਪਾਤਰ – ਸ਼ਬਦਾਂ ਦੀ ਛਾਵੇਂ

Date:

Share post:

ਬੰਦੇ, ਰੁੱਖ, ਸਾਜ਼, ਆਵਾਜ਼

ਹੁਣ : ਚੁੱਪ ਦੀ ਧੁੱਪ ਵਿਚ ਕਿਉਂ ਸੜਦਾ ਏਂ / ਆ ਸ਼ਬਦਾਂ ਦੀ ਛਾਵੇਂ ਆ ਜਾ…। ਇਹ ਤੇਰਾ ਕਿਹਾ ਹੀ ਸੁਹਣਾ ਸ਼ੇਅਰ ਹੈ। ਤੈਨੂੰ ਸ਼ਬਦਾਂ ਦੀ ਛਾਂ ਵਾਲ਼ੇ ਰੁੱਖ ਹੋਣ ਦਾ ਅਹਿਸਾਸ ਕਿਸ ਉਮਰੇ ਹੋਣਾ ਸ਼ੁਰੂ ਹੋ ਗਿਆ ਸੀ?
ਪਾਤਰ : ਜਦੋਂ ਮੈਂ ਸੁਰਤ ਸੰਭਾਲ਼ੀ, ਮੈਂ ਅਪਣੇ ਆਪ ਨੂੰ ਸਾਜ਼ਾਂ ਮਗਰ ਭੱਜਦਾ ਦੇਖਿਆ।

ਮੇਰੀ ਦੋ ਗਿੱਠਾਂ ਦੀ ਬੰਸਰੀ, ਇਹਦੀ ਕੋਹ-ਕੋਹ ਕੂਕ ਸੁਣੇ।…
ਇਹ ਬੋਲ ਮੈਂ ਬਹੁਤ ਬਚਪਨ ਵਿਚ ਸੁਣੇ।

ਮੇਰੇ ਮਾਮੇ ਦੇ ਬੇਟੇ ਨਿਰਮਲ ਨੇ ਮੈਨੂੰ ਤਾਰਿਆਂ ਦੀ ਛੱਤ ਹੇਠ ਉਸ ਕੁੜੀ ਦੀ ਬਾਤ ਸੁਣਾਈ, ਜਿਹਨੂੰ ਉਹਦੇ ਭਰਾ ਨੇ ਮਾਰ ਕੇ ਉਜਾੜ ਵਿਚ ਦੱਬ ਦਿੱਤਾ ਸੀ। ਫਿਰ ਕੁਝ ਸਾਲਾਂ ਬਾਅਦ ਜਦੋਂ ਉਹ ਕਿਤਿਓਂ ਵਾਂਢਿਓਂ ਮੁੜ ਰਿਹਾ ਸੀ, ਤਾਂ ਧੁੱਪ ਤੇ ਥਕੇਵੇਂ ਦਾ ਮਾਰਿਆ ਰੁੱਖ ਥੱਲੇ ਸੌਂ ਗਿਆ। ਰੁੱਖ ਉਸ ਦੇ ਸੁਪਨੇ ਵਿਚ ਗਾਉਣ ਲੱਗਾ:

ਵੀਰਾ ਛਾਵੇਂ ਸੁੱਤਿਆ, ਦਿਨ ਦੀ ਹੋ ਗਈ ਰੈਣ
ਝੱਲਾਂ ਸਾਵੀਆਂ ਪੱਖੀਆਂ, ਮੈਂ ਤੇਰੀ ਤੱਤੜੀ ਭੈਣ

ਭਰਾ ਤ੍ਰੱਭਕ ਕੇ ਜਾਗਿਆ। ਉਹ ਬਹੁਤ ਡਰ ਗਿਆ ਕਿ ਇਹ ਰੁੱਖ ਤਾਂ ਉਸ ਦੀ ਓਹੀ ਭੈਣ ਹੈ, ਜੋ ਉਹਨੇ ਵੱਢ ਕੇ ਦੱਬੀ ਸੀ। ਉਹਨੇ ਕੁਹਾੜਾ ਲਿਆ ਕੇ ਉਹ ਰੁੱਖ ਵੱਢ ਦਿੱਤਾ ਤੇ ਚਲਾ ਗਿਆ। ਵੱਢੇ ਰੁੱਖ ਦਾ ਮੋਛਾ ਕਿਸੇ ਫ਼ਕੀਰ ਨੇ ਚੁੱਕ ਲਿਆ ਤੇ ਉਹਦੀ ਸਾਰੰਗੀ ਬਣਵਾ ਲਈ। ਉਹ ਫ਼ਕੀਰ ਘੁੰਮਦਾ-ਘੁਮਾਉਂਦਾ ਓਸ ਕੁੜੀ ਦੇ ਪਿੰਡ ਹੀ ਚਲਾ ਗਿਆ। ਜਦੋਂ ਉਹਨੇ ਉਸ ਗਲ਼ੀ ਵਿਚ ਜਾ ਕੇ ਸਾਰੰਗੀ ਵਜਾਈ, ਤਾਂ ਉਸ ਵਿੱਚੋਂ ਉਸ ਵੱਢ ਕੇ ਮਾਰ ਮੁਕਾਈ ਕੁੜੀ ਦੀ ਆਵਾਜ਼ ਆਉਣ ਲੱਗੀ….

ਮੇਰੇ ਮਨ ਵਿਚ ਬੰਦੇ, ਰੁੱਖ, ਸਾਜ਼, ਆਵਾਜ਼ ਹਮੇਸ਼ਾ ਲਈ ਘੁਲ ਗਏ।

ਪੰਜਵੀਂ ਛੇਵੀਂ ਵਿਚ ਮੈਂ ਤੁਕਬੰਦੀ ਕਰਨ ਲੱਗ ਪਿਆ ਸੀ। ਦਸਵੀਂ-ਗਿਆਰਵੀਂ ਤਕ ਮੇਰੀਆਂ ਕੁਝ ਰਚਨਾਵਾਂ ਏਧਰ-ਓਧਰ ਛਪ ਵੀ ਗਈਆਂ। ਇਕ ਬਹੁਤ ਦਿਲਚਸਪ ਗੱਲ ਤੈਨੂੰ ਸੁਣਾਉਂਦਾ ਹਾਂ; ਜਿਸ ਨੂੰ ਯਾਦ ਕਰਕੇ ਹੁਣ ਤਾਂ ਮੈਨੂੰ ਮਾਣ ਹੁੰਦਾ ਹੈ, ਪਰ ਓਦੋਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਓਥੇ ਪੰਜਾਬੀ ਦੇ ਅਧਿਆਪਕ ਸਨ, ਪੰਜਾਬੀ ਦੇ ਸਾਹਿਤਕਾਰ ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ ਮਨੋਹਰ ਕੌਰ ਅਰਪਨ। ਮੈਂ ਸੇਠੀ ਸਾਹਿਬ ਨੂੰ ਕਾਲਜ ਮੈਗਜ਼ੀਨ ਵਾਸਤੇ ਗ਼ਜ਼ਲ ਦੇਣ ਗਿਆ। ਉਸ ਓਸੇ ਵੇਲੇ ਪੜ੍ਹਨ ਲੱਗ ਪਏ, ਤਾਂ ਪੜ੍ਹਕੇ ਬਹੁਤ ਗ਼ੁੱਸੇ ਨਾਲ਼ ਬੋਲੇ: ਕਿੱਥੋਂ ਚੁਰਾ ਕੇ ਲਿਆਇਆ ਏਂ ਗ਼ਜ਼ਲ? ਮੈਂ ਕਿਹਾ : ਨਹੀਂ ਜੀ, ਮੈਂ ਆਪ ਲਿਖੀ ਹੈ। ਪਰ ਉਨ੍ਹਾਂ ਨੂੰ ਯਕੀਨ ਨਾ ਆਇਆ। ਉਨ੍ਹਾਂ ਨੇ ਗ਼ੁੱਸੇ ਨਾਲ਼ ਗ਼ਜ਼ਲ ਮੈਨੂੰ ਮੋੜ ਦਿੱਤੀ। ਮੈਂ ਨਮ ਅੱਖਾਂ ਨਾਲ਼ ਮੁੜ ਆਇਆ। ਫਿਰ ਉਹ ਜਿਸ ਦਿਨ ਸਾਡੀ ਕਲਾਸ ਨੂੰ ਪੰਜਾਬੀ ਪੜ੍ਹਾਉਣ ਆਏ, ਤਾਂ ਉਨ੍ਹਾਂ ਨੇ ਸਾਨੂੰ ਕਿਹਾ: ਅਪਣੇ ਦੋਸਤ ਦੀ ਮਾਤਾ ਜੀ ਦੇ ਦੇਹਾਂਤ ਉੱਤੇ ਦਿਲਾਸੇ ਦਾ ਖ਼ਤ ਲਿਖੋ; ਮੈਂ ਖ਼ਤ ਲਿਖਿਆ ਤੇ ਉਨ੍ਹਾਂ ਕੋਲ਼ ਚੈੱਕ ਕਰਵਾਉਣ ਲੈ ਗਿਆ। ਖ਼ਤ ਪੜ੍ਹ ਕੇ ਉਹ ਕਹਿਣ ਲੱਗੇ: ਕੱਲ੍ਹ ਨੂੰ ਅਪਣੀ ਉਹ ਗ਼ਜ਼ਲ ਲੈ ਆਈਂ।
ਉਸ ਤੋਂ ਬਾਅਦ ਉਹ ਮੈਨੂੰ ਬਹੁਤ ਪਿਆਰ ਤੇ ਉਤਸ਼ਾਹ ਦੇਣ ਲੱਗ ਪਏ।
ਪਰ ਉਹ ਕਵਿਤਾ ਜਿਸ ਨੂੰ ਮੈਂ ਅਪਣੀ ਅਸਲੀ ਪਹਿਲੀ ਕਵਿਤਾ ਮੰਨਦਾ ਹਾਂ, ਇਸ ਵਾਕਏ ਤੋਂ ਕੋਈ ਇਕ ਸਾਲ ਬਾਅਦ ਲਿਖੀ। ਇਸ ਕਵਿਤਾ ਦਾ ਨਾਮ ਸੀ ਗਾਇਕਾ।

ਇਸ ਕਵਿਤਾ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਸੇਠੀ ਸਾਹਿਬ ਨੇ ਸਾਡੇ ਕਾਲਜ ਦੀ ਟੀਮ ਨੂੰ ਕਿਸੇ ਕਵਿਤਾ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਭੇਜਿਆ। ਟੀਮ ਦਾ ਇਕ ਮੈਂਬਰ ਮੈਂ ਸਾਂ ਤੇ ਇਕ ਸੀ ਸਾਡੇ ਕਾਲਜ ਦੀ ਬਹੁਤ ਪਿਆਰੀ ਗਾਇਕਾ ਕੁੜੀ। ਸੇਠੀ ਸਾਹਿਬ ਕਹਿਣ ਲੱਗੇ: ਇਹਨੂੰ ਅਪਣਾ ਕੋਈ ਗੀਤ ਜਾਂ ਗ਼ਜ਼ਲ ਦੇ ਦੇ, ਇਹ ਅਪਣੀ ਕਹਿ ਕੇ ਗਾ ਦੇਵੇਗੀ। ਉਸ ਗਾਇਕਾ ਦਾ ਮੇਰਾ ਉਹ ਗੀਤ ਗਾਉਣਾ ਮੇਰੇ ਲਈ ਗਹਿਰੇ ਸੰਜੋਗ ਜਿਹਾ ਅਨੁਭਵ ਸੀ। ਮੈਨੂੰ ਲੱਗਾ ਜਿਵੇਂ ਉਸ ਕੁੜੀ ਦਾ ਵਜੂਦ ਕੋਈ ਸਰੋਵਰ ਹੋਵੇ ਤੇ ਮੇਰੇ ਲਫ਼ਜ਼ ਰੰਗਾਂ ਵਾਂਗ ਉਸ ਵਿਚ ਘੁਲ ਰਹੇ ਹੋਣ। ਪਰ ਕੁਝ ਦਿਨਾਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਕੁਝ ਤਾਂ ਮੇਰਾ ਹੀ ਭਰਮ ਸੀ, ਉਸ ਗਾਇਕਾ ਦੇ ਮਨ ਵਿਚ ਤਾਂ ਇਹੋ-ਜਿਹਾ ਕੋਈ ਅਹਿਸਾਸ ਹੀ ਨਹੀਂ ਸੀ। ਉਸ ਦਿਨ ਮੈਂ ਘਰ ਆਇਆ ਤੇ ਫਿਰ ਕਾਪੀ ਪੈੱਨ ਚੁੱਕ ਕੇ ਖੇਤਾਂ ਵਲ ਤੁਰ ਗਿਆ ਤੇ ਉਹ ਕਵਿਤਾ ਲਿਖੀ, ਜਿਹਨੂੰ ਮੈਂ ਅਪਣੀ ਪਹਿਲੀ ਕਵਿਤਾ ਕਹਿੰਦਾ ਹਾਂ। ਇਸ ਤੋਂ ਪਹਿਲਾਂ ਮੇਰੀ ਕਿਸੇ ਕਵਿਤਾ ਵਿੱਚ ਮੇਰਾ ਤਨ, ਮਨ ਇਉਂ ਸ਼ਾਮਿਲ ਨਹੀਂ ਸੀ । ਇਹ ਕਵਿਤਾ 1964 ਦੇ ਅਗਸਤ ਮਹੀਨੇ ਪ੍ਰੀਤਲੜੀ ਵਿਚ ਛਪੀ, ਇਹ ਮੈਂ ਕਿਸੇ ਸੰਗ੍ਰਹਿ ਵਿਚ ਸ਼ਾਮਿਲ ਨਹੀਂ ਕੀਤੀ। ਸੁਣ; ਤੈਨੂੰ ਥੋੜ੍ਹੀ-ਜਿਹੀ ਸੁਣਾਉਂਦਾ ਹਾਂ:

ਜ਼ਖ਼ਮੀ ਹੰਸ ਉਡੇ ਸਰਵਰ ਚੋਂ
ਪਾਣੀ ਵਿਚ ਪਿਆਜ਼ੀ ਰੌਆਂ
ਜਲ ਤਲ ਨੂੰ ਝਰਨਾਟਾਂ ਛਿੜੀਆਂ
ਤੂੰ ਅੱਜ ਮੇਰਾ ਗੀਤ ਗਾਂਵਿਆ
ਰਿਵੀ ਰਚਾਈਆਂ ਲਹਿਰਾਂ-ਤਾਲੀ
ਲਰਜ਼ਾਂਦੀ ਤੇਰੀ ਆਵਾਜ਼
ਇਕ ਯੁਗ ਤੋਂ ਮੇਰਾ ਵਿਸ਼ਵਾਸ
ਤੇਰੇ ਸੀਨੇ ਸਰਵਰ ਲਹਿਰੇ…

ਕਪੂਰਥਲ਼ੇ ਪੜ੍ਹਦਿਆਂ ਬਹੁਤ ਕਵਿਤਾਵਾਂ ਲਿਖੀਆਂ। ਮੈਂ ਤਾਂ ਪੂਰਾ ਸੰਗ੍ਰਹਿ ਤਿਆਰ ਕਰ ਲਿਆ ਸੀ ਤੇ ਉਹਦਾ ਨਾਮ ਵੀ ਰੱਖ ਲਿਆ ਸੀ: ਐਨਕ ਦੇ ਅੱਥਰੂ। ਉਸ ਵਿਚਲੀਆਂ ਕਈ ਨਿੱਕੀਆਂ-ਨਿੱਕੀਆਂ ਕਵਿਤਾਵਾਂ ਮੈਨੂੰ ਯਾਦ ਹਨ :

ਕਿਸੇ ਕੋਣ ਤੋਂ ਮੁੜ ਜਾਂ ਭਾਵੇਂ
ਬਹਿ ਨਹੀਂ ਹੋਣਾ ਅਪਣੀ ਛਾਵੇਂ
ਅਪਣੇ ਅਕਸ ’ਤੇ ਟਿਕਿਆ ਹੈ ਹਰਿਮੰਦਰ
ਫ਼ਰਸ਼ ਤੋਂ ਉੱਚੇ ਹੋ ਕੇ ਆਉਣਾ ਅੰਦਰ
ਜਿੰਨੇ ਚਿਰ ਨੂੰ ਸੂਰਜ ਚੜ੍ਹਿਆ
ਇਕ ਵੇਲ ਨੇ ਵਲ ਲਈਆਂ ਸਨ
ਸਾਈਕਲ ਦੀਆਂ ਤਾਰਾਂ ਨੂੰ ਤਾਰਾਂ
ਬਹੁਤ ਵਾਰ ਮੇਰੀ ਐਨਕ ਰੋਈ, ਇਕ ਦੋ ਵਾਰੀ ਅੱਖਾਂ
ਤੀਜੀ ਅੱਖ ਕਦੇ ਨਾ ਰੋਈ, ਹੋਏ ਹਾਦਸੇ ਲੱਖਾਂ
ਸੁੰਨੇ-ਸੁੰਨੇ ਰਾਹਾਂ ਵਿਚ

ਹੁਣ : ਸੁਣਿਆ ਹੈ ਬਹੁਤ ਨਿੱਕੀ ਉਮਰੇ ਤੇਰਾ ਪਿਉ ਪਰਦੇਸ ਚਲਾ ਗਿਆ ਸੀ। ਤੁਹਾਡਾ ਪੇ-ਪੁਤ ਦਾ ਕਿੰਨਾ ਕੁ ਨੇੜ ਰਿਹਾ?
ਪਾਤਰ : ਮੈਂ ਓਦੋਂ ਦੂਜੀ ਜਮਾਤ ਵਿਚ ਪੜ੍ਹਦਾ ਸਾਂ। ਮੈਨੂੰ ਉਹ ਸਵੇਰ ਯਾਦ ਹੈ, ਜਦੋਂ ਟਾਂਗੇ ’ਤੇ ਬੈਠ ਕੇ ਉਹ ਕਰਤਾਰਪੁਰ ਗਏ ਤੇ ਓਥੋਂ ਗੱਡੀ ਚੜ੍ਹਕੇ ਬੰਬਈ, ਫਿਰ ਜ਼ੰਜ਼ੀਬਾਰ। ਮੈਨੂੰ ਅਪਣੇ ਘਰ ਦਾ ਬੋੜਾ ਜਿਹਾ ਬੂਹਾ ਯਾਦ ਹੈ, ਜਿੱਥੇ ਅਸੀਂ ਸਾਰੇ ਖੜ੍ਹੇ ਸਾਂ ਮੇਰੇ ਬੀ ਜੀ, ਮੇਰੀਆਂ ਚਾਰ ਵੱਡੀਆਂ ਭੈਣਾਂ ਤੇ ਇਕ ਛੋਟਾ ਭਰਾ। ਦੋ ਭੈਣਾਂ ਵਿਆਹੀਆਂ ਹੋਈਆਂ ਸਨ ਤੇ ਦੋ ਵਿਆਹੁਣ ਜੋਗੀਆਂ। ਪਿਤਾ ਜੀ ਚਾਰ ਪੰਜ ਸਾਲ ਦੀ ਮੁਸਾਫ਼ਰੀ ਬਾਅਦ ਆਉਂਦੇ; ਸਾਡੇ ਕੋਲ਼ ਦੋ ਕੁ ਮਹੀਨੇ ਰਹਿੰਦੇ; ਫਿਰ ਚਲੇ ਜਾਂਦੇ। ਮੈਨੂੰ ਭਾਪਾ ਜੀ ਦੇ ਜਾਣ ਦੀ ਉਹ ਸਵੇਰ ਚੰਗੀ ਤਰ੍ਹਾਂ ਯਾਦ ਹੈ। ਇਸ ਬਾਰੇ ਬਹੁਤ ਸਾਲਾਂ ਬਾਅਦ ਇਹ ਗੀਤ ਲਿਖਿਆ ਸੀ :

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਓਦ੍ਹਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਦੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ਼ ਖ਼ੁਸ਼ੀਆਂ ਨੂੰ ਵੈਰ ਏ
ਮੈਲ਼ੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ’ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ

ਮੈਂ ਅਪਣੇ ਪਿਤਾ ਨਾਲ਼ ਬਹੁਤ ਘੱਟ ਗੱਲਾਂ ਕੀਤੀਆਂ। ਪਰ ਅਸੀਂ ਇਕ ਦੂਜੇ ਨੂੰ ਚਿੱਠੀਆਂ ਬਹੁਤ ਲਿਖੀਆਂ।
ਜਦੋਂ ਉਹ ਪਿੰਡ ਹੁੰਦੇ ਸੀ, ਤਾਂ ਅਪਣੀ ਹਵੇਲੀ ਵਿਚ ਕੁਰਸੀਆਂ ਬਣਾਉਂਦੇ ਸੀ ਤੇ ਫਿਰ ਵੇਚਣ ਲਈ ਟਾਂਗੇ ’ਤੇ ਕਰਤਾਰਪੁਰ ਭੇਜ ਦੇਂਦੇ। ਉਨ੍ਹਾਂ ਦਾ ਅਸਲੀ ਪ੍ਰੇਮ ਗੁਰਬਾਣੀ ਤੇ ਕੀਰਤਨ ਸੀ। ਉਹ ਸਹਿਗਲ ਵਰਗੀ ਭਾਰੀ ਆਵਾਜ਼ ਵਿਚ ਕੀਰਤਨ ਕਰਦੇ ਸਨ ਤੇ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ।
ਅਪਣੀ ਉਮਰ ਦੇ ਆਖ਼ਰੀ ਦਸ ਸਾਲ ਉਹ ਮੇਰੇ ਕੋਲ਼ ਲੁਧਿਆਣੇ ਰਹੇ। ਮੇਰਾ ਛੋਟਾ ਭਰਾ ਉਪਕਾਰ ਐੱਮ.ਏ. ਫ਼ਿਜ਼ਿਕਸ ਕਰ ਕੇ ਉਨ੍ਹਾਂ ਕੋਲ਼ ਚਲਾ ਗਿਆ ਸੀ। ਜਦੋਂ ਪਿਤਾ ਜੀ ਮੇਰੇ ਕੋਲ਼ ਆਏ, ਓਦੋਂ ਉਹ ਅੱਸੀ ਸਾਲ ਦੇ ਸਨ, ਪੰਜ ਬਾਣੀਆਂ ਦੇ ਨਿਤਨੇਮੀ। ਬਾਕੀ ਯਾਦ-ਸ਼ਕਤੀ ਬਹੁਤ ਖੀਣ ਹੋ ਚੁੱਕੀ ਸੀ।
ਮੇਰੇ ਬੀ ਜੀ ਦਾ ਦੇਹਾਂਤ ਜਦੋਂ ਮੈਂ ਐੱਮ.ਏ. ਦੇ ਪਹਿਲੇ ਸਾਲ ਵਿਚ ਸਾਂ 1967 ਵਿਚ ਹੋ ਗਿਆ। ਪਿਤਾ ਜੀ ਓਦੋਂ ਅਫ਼ਰੀਕਾ ਵਿਚ ਹੀ ਸਨ। ਓਦੋਂ ਸਮੁੰਦਰੀ ਜਹਾਜ਼ਾਂ ਦਾ ਸਫ਼ਰ ਹੁੰਦਾ ਸੀ। ਉਹ ਮਹੀਨੇ ਬਾਅਦ ਆਏ। ਮੈਂ ਪਹਿਲੀ ਵਾਰ ਉਨ੍ਹਾਂ ਨੂੰ ਰੋਦਿਆਂ ਦੇਖਿਆ। ਕਹਿਣ ਲੱਗੇ: ਉਹ ਤਾਂ ਕੋਈ ਦੇਵੀ ਸੀ। ਮੈਂ ਉਹਨੂੰ ਬਹੁਤ ਦੁੱਖ ਦਿੱਤੇ।

ਹੁਣ : ਤੈਨੂੰ ਅਪਣੀ ਮਾਂ ਦਾ ਪਿਆਰ ਕਿੰਨਾ ਕੁ ਮਿਲ਼ਿਆ? ਕਿਸ ਤਰ੍ਹਾਂ ਦੀ ਸੀ ਉਹ?


ਪਾਤਰ : ਉਹ ਬਹੁਤ ਹੀ ਠੰਢੇ ਸੁਭਾਅ ਦੀ ਔਰਤ ਸੀ। ਮੈਂ ਉਹਨੂੰ ਕਦੀ ਉੱਚਾ ਨੀਵਾਂ ਬੋਲ ਬੋਲਦਿਆਂ ਨਹੀਂ ਸੀ ਸੁਣਿਆ। ਜਦੋਂ ਉਸ ਬਾਰੇ ਸੋਚਦਾ ਹਾਂ, ਤਾਂ ਉਦਾਸੀ ਤੇ ਦੁੱਖ ਨਾਲ਼ ਭਰ ਜਾਂਦਾ ਹਾਂ। ਕਿੰਨਾ ਬੋਝ ਉਠਾਇਆ ਉਹਨੇ। ਪਰਦੇਸੀ ਪਤੀ ਦੀ ਬੀਵੀ, ਚਾਰ ਧੀਆਂ, ਦੋ ਪੁੱਤਾਂ ਦੀ ਜ਼ਿੰਮੇਵਾਰੀ, ਡਾਕ ਵਿਚ ਆਉਣ ਵਾਲ਼ੇ ਨੀਲੇ ਲਫ਼ਾਫ਼ੇ ’ਤੇ ਲਿਖੇ ਅੱਖਰਾਂ ਦੇ ਸਹਾਰੇ। ਜਦ ਤਕ ਮੈਂ ਸਕੂਲ ਪੜ੍ਹਿਆ, ਤਾਂ ਵਕਤ ਸਿਰ ਆ ਜਾਂਦਾ ਸੀ। ਪਰ ਜਦੋਂ ਕਾਲਜ ਦਾਖ਼ਲ ਹੋਇਆ, ਤਾਂ ਮੈਂ ਤੇ ਮੇਰੇ ਦੋਸਤ ਵੀਰ ਸਿੰਘ ਰੰਧਾਵੇ ਤੇ ਅਜਾਇਬ ਸੰਘੇ ਨੇ ਘਰਾਂ ਨੂੰ ਮੁੜਦਿਆਂ ਬਹੁਤ ਦੇਰ ਕਰ ਦੇਣੀ। ਵੀਰ ਸਿੰਘ ਫਿਆਲੀ ਪਿੰਡ ਦਾ ਸੀ ਤੇ ਅਜਾਇਬ ਕਾਲ਼ੇ ਸੰਘਿਆਂ ਦਾ। ਸਾਡਾ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ। ਅਸੀਂ ਵਿਛੜਦਿਆਂ-ਵਿਛੜਦਿਆਂ ਰਾਤ ਪਾ ਦੇਣੀ। ਜਦੋਂ ਮੈਂ ਘਰ ਆਉਣਾ, ਤਾਂ ਬੀ ਜੀ ਨੇ ਕਈ ਵਾਰ ਬੂਹੇ ’ਤੇ ਉਡੀਕਦਿਆਂ ਮਿਲਣਾ। ਹੁਣ ਜਦੋਂ ਆਪ ਪਿਤਾ ਬਣਿਆਂ, ਤਾਂ ਪਤਾ ਲੱਗਾ ਕਿੰਨਾ ਔਖਾ ਹੁੰਦਾ ਹੈ ਇਹ ਸਹਿਣਾ। ਹੁਣ ਅਪਣੇ ਆਪ ’ਤੇ ਗਿਲਾਨੀ ਆਉਂਦੀ ਹੈ ਕਿ ਮੈਂ ਵੀ ਉਹਨੂੰ ਕਿੰਨਾਂ ਦੁੱਖ ਦਿੱਤਾ।

ਜੱਦੀ-ਪੁਸ਼ਤੀ

ਹੁਣ  : ਕੀ ਤੂੰ ਕਦੀ ਅਪਣੇ ਹੱਥੀਂ ਜੱਦੀ-ਪੁਸ਼ਤੀ ਲਕੜੀ ਦਾ ਕੰਮ ਵੀ ਕੀਤਾ?
ਪਾਤਰ : ਪਹਿਲੋਂ ਤੈਨੂੰ ਕਵਿਤਾ ਸੁਣਾਉਂਦਾ ਹਾਂ। ਇਹ ਕਵਿਤਾ ਹੈ ਤਾਂ ਕੁਦਰਤ ਨੂੰ ਸਭਿਆਚਾਰ ਵਿਚ ਬਦਲਦੀ ਮਾਨਵਤਾ ਬਾਰੇ, ਪਰ ਇਸ ਵਿਚ ਪ੍ਰਤੀਕ ਤਰਖਾਣ ਦਾ ਹੈ :

ਮੈਂ ਕਾਰੀਗਰ ਪੁੱਤਰ ਇਕ ਤਰਖਾਣ ਦਾ
ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣ ਜਾਣਦਾ
ਬੂਹੇ ਗੱਡ ਗਡੀਹਰੇ ਚਰਖ਼ੇ ਚਰਖ਼ੀਆਂ
ਰੱਥ ਡੋਲ਼ੀਆਂ ਗੁੱਟ ਮਧਾਣੀਆਂ ਤਖ਼ਤੀਆਂ
ਹਲ਼ ਪੰਜਾਲੀ ਚਊ ਸੁਹਾਗੇ ਪਟੜੀਆਂ
ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਅਰਥੀਆਂ
ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ
ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ
ਹੁਣ ਇਹ ਕਰਦਾ ਕਰਦਾ ਬੁੱਢੜਾ ਹੋ ਗਿਆਂ
ਨਦੀ ਕਿਨਾਰੇ ਆਪ ਹੀ ਰੁੱਖੜਾ ਹੋ ਗਿਆਂ
ਹੁਣ ਮੇਰੇ ਖ਼ਾਬਾਂ ਵਿਚ ਆਉਂਦੇ ਰੁੱਖ ਨੇ
ਮੈਨੂੰ ਆਣ ਸੁਣਾਉਂਦੇ ਅਪਣੇ ਦੁੱਖ ਨੇ
ਇਹ ਕਰਵਤ ਫਰਨਾਹੀਆਂ ਆਰੇ ਆਰੀਆਂ
ਆਉਂਦੀਆਂ ਮੇਰੇ ਵੱਲ ਨੂੰ ਸ਼ੈਆਂ ਸਾਰੀਆਂ
ਹੁਣ ਇਕ ਦਿਨ ਆਖ਼ਰ ਮੈਂ ਸੂਲ਼ੀ ਘੜਾਂਗਾ
ਉਸ ਦੇ ਉੱਪਰ ਆਪ ਮਰਨ ਲਈ ਚੜ੍ਹਾਂਗਾ
ਰੁੱਖ ਕਹਿਣਗੇ ਨਾ ਮਾਰੋ ਇਸ ਦੀਨ ਨੂੰ
ਇਸ ਨੇ ਸਭ ਕੁਝ ਕੀਤਾ ਅਪਣੇ ਜੀਣ ਨੂੰ
ਕੀ ਹੋਇਆ ਜੇ ਇਸ ਨੇ ਸਾਨੂੰ ਚੀਰਿਆ
ਇਸ ਦਾ ਦਿੱਤਾ ਨੀਰ ਅਸਾਂ ਵੀ ਜੀਰਿਆ
ਕੋਈ ਹਰੀਆਂ ਥਾਵਾਂ ਦੇਖ ਲਿਟਾ ਦਿਓ
ਇਸ ਨੂੰ ਸਾਡੀਆਂ ਛਾਵਾਂ ਹੇਠ ਲਿਟਾ ਦਿਓ

ਮੈਂ ਜੱਦੀ-ਪੁਸ਼ਤੀ ਕੰਮ ਨਹੀਂ ਕੀਤਾ। ਮੇਰੇ ਤਾਇਆ ਜੀ ਮੂਲ ਸਿੰਘ ਸੇਪੀ ਕਰਦੇ ਸਨ। ਹਵੇਲੀ ਮੈਂ ਅਕਸਰ ਉਨ੍ਹਾਂ ਕੋਲ਼ ਬੈਠਾ ਰਹਿੰਦਾ। ਉਨ੍ਹਾਂ ਨੂੰ ਕੰਮ ਕਰਦੇ ਵੇਖਦਾ ਰਹਿੰਦਾ ਤੇ ਕੰਮ ਕਰਵਾਉਣ ਆਇਆਂ ਦੀਆਂ ਗੱਲਾਂ ਬਾਤਾਂ ਸੁਣਦਾ ਰਹਿੰਦਾ। ਇਹ ਮੈਨੂੰ ਬਹੁਤ ਚੰਗਾ ਲੱਗਦਾ ਸੀ। ‘ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ’।

ਹੁਣ : ਤੇਰਾ ਗੋਤ ਕੀ ਹੈ? ਇਹ ਕਿਉਂ ਨਹੀਂ ਵਰਤਿਆ? ਕੀ ਤੇਰੇ ਮਨ ਵਿਚ ਤਰਖਾਣ-ਮਿਸਤਰੀ ਹੋਣ ਕਰ ਕੇ ਕੋਈ ਹੀਣ ਭਾਵ ਤਾਂ ਨਹੀਂ? ਤੇਰੀ ਕਿਸੇ ਕਵਿਤਾ ਜਾਂ ਗ਼ਜ਼ਲ ਵਿਚ ਨਾ ਤਾਂ ਅਪਣੇ ਪਿਛੋਕੜ ਦਾ ਮਾਣ ਦਿਸਦਾ ਹੈ ਅਤੇ ਨਾ ਹੀ ਦਮਨ। ਕਾਰਣ?
ਪਾਤਰ  :

ਮੇਰਾ ਗੋਤ ਲਾਟ
ਮੇਰੀ ਜਾਤ ਅਗਨ
ਮੇਰੀ ਧਰਮ ਰੌਸ਼ਨੀ, ਨਿੱਘ, ਸੇਕ
ਅਹੁ ਜੋ ਦੂਰ ਦੂਰ ਤਕ ਦੀਪ ਜਗਣ
ਉਹ ਸਾਰਾ ਮੇਰਾ ਕਬੀਲਾ ਹੈ

ਮੈਂ ਕਦੀ ਇਸ ਤਰ੍ਹਾਂ ਦੀ ਕਵਿਤਾ ਲਿਖੀ ਸੀ।
ਪਰ ਤੁਸੀਂ ਮੈਨੂੰ ਕਵਿਤਾ ਪਿੱਛੇ ਲੁਕਣ ਨਹੀਂ ਦਿਓਗੇ! ਮੇਰਾ ਲੁਕਣ ਦਾ ਇਰਾਦਾ ਵੀ ਨਹੀਂ।
ਮੇਰਾ ਗੋਤ ਹੂੰਝਣ ਹੈ। ਮੇਰਾ ਗੋਤ ਜੇ ਵਿਰਦੀ ਹੁੰਦਾ ਜਾਂ ਸੱਗੂ ਜਾਂ ਮਣਕੂ ਜਾਂ ਧੰਜਲ, ਤਾਂ ਮੈਂ ਸ਼ਾਇਦ ਅਪਣੇ ਨਾਮ ਪਿੱਛੇ ਲਾ ਲੈਂਦਾ, ਪਰ ਹੂੰਝਣ ਤਾਂ ਮੈਨੂੰ ਬਿਲਕੁਲ ਅਪਣੇ ਨਾਲ਼ ਜੋੜਨਾ ਪਸੰਦ ਨਹੀਂ। ਮੈਂ ਇਕ ਵਾਰ ਇਸ ਨੂੰ ਹੁਣਜਨ ਵੀ ਕਰ ਕੇ ਦੇਖਿਆ। ਪਰ ਗੱਲ ਨਹੀਂ ਬਣੀ।
ਸੋ ਮੈਂ ਅਪਣੇ ਨਾਲ਼ ਪੱਤੜ ਜੋੜ ਲਿਆ। ਇਹ ਮੈਨੂੰ ਕੁਝ-ਕੁਝ ਪੱਤਝੜ ਵਰਗਾ ਲੱਗਦਾ ਸੀ। ਐਸੀ ਪੱਤਝੜ ਜਿਸ ਚੋਂ ‘ਝੱਝਾ’ ਵੀ ਝੜ ਗਿਆ ਹੋਵੇ। ਪਰ ਨਵਤੇਜ, ਜੋ ਕਿ ਬਹੁਤ ਸੁਹਜ ਵਾਲ਼ਾ ਸੰਪਾਦਕ ਸੀ, ਉਹਨੇ ਮੈਨੂੰ ਲਿਖਿਆ ਤੇਰੀਆਂ ਕਵਿਤਾਵਾਂ ਬਹੁਤ ਪਸੰਦ ਆਈਆਂ। ਮੈਨੂੰ ਦੋ ਕਵਿਤਾਵਾਂ ਹੋਰ ਭੇਜ; ਮੈਂ ਤੇਰਾ ਪੂਰਾ ਸਫ਼ਾ ਛਾਪਣਾ ਚਾਹੁੰਦਾ ਹਾਂ। ਪਰ ਤੇਰਾ ਨਾਮ ਬਿਲਕੁਲ ਪਸੰਦ ਨਹੀਂ ਆਇਆ। ਇਸ ਨਾਮ ਦੇ ਪੱਕਣ ਤੋਂ ਪਹਿਲਾਂ ਹੀ ਇਸ ਨੂੰ ਬਦਲ ਲੈ। ਮੈਨੂੰ ਕੋਈ ਨਾਮ ਸੁੱਝੇ ਨਾ। ਮੈਂ ਅਪਣੇ ਅਧਿਆਪਕ ਸੁਰਜੀਤ ਸਿੰਘ ਸੇਠੀ ਨਾਲ਼ ਨਾਮ ਬਦਲਣ ਬਾਰੇ ਗੱਲ ਕੀਤੀ। ਉਹ ਬਹੁਤ ਗ਼ੁੱਸੇ ਹੋਏ। ਕਹਿੰਦੇ, ਪੱਤੜ ਬਹੁਤ ਸੁਹਣਾ ਨਾਮ ਹੈ। ਮੈਂ ਨਵਤੇਜ ਹੋਰਾਂ ਨੂੰ ਲਿਖਿਆ ਕਿ ਅਜੇ ਮੈਨੂੰ ਕੋਈ ਨਾਮ ਨਹੀਂ ਸੁੱਝ ਰਿਹਾ। ਤੁਸੀਂ ਇਸ ਵਾਰ ਏਸੇ ਨਾਮ ’ਤੇ ਹੀ ਛਾਪ ਦਿਓ। ਅਗਲੀ ਵਾਰ ਮੈਂ ਨਾਮ ਬਦਲ ਕੇ ਹੀ ਕਵਿਤਾਵਾਂ ਭੇਜਾਂਗਾ। ਨਵਤੇਜ ਹੋਰਾਂ ਅਗਸਤ 1964 ਦੀ ਪ੍ਰੀਤ ਲੜੀ ਵਿਚ ਕਵਿਤਾਵਾਂ ਛਾਪੀਆਂ, ਪਰ ਮੇਰਾ ਨਾਮ ਸੁਰਜੀਤ ਪੱਤਣ ਛਾਪਿਆ।

ਸੁਰਜੀਤਮ

ਹੁਣ : ਸੁਣਿਆ ਕਿਸੇ ਸਮੇਂ ਤੂੰ ਅਪਣਾ ਨਾਮ ਸੁਰਜੀਤਮ ਵੀ ਰੱਖਿਆ?
ਪਾਤਰ : ਹਾਂ ਇਸ ਦੌਰਾਨ ਮੈਂ ਅਪਣੇ ਕਈ ਨਾਮ ਰੱਖੇ। ਮੈਂ ਸਵ੍ਰਜੀਤ ਸਿੰਘ ਵੀ ਰਿਹਾ। ਨਵਸੁਰਜੀਤ ਵੀ। ਮੇਰੀ ਕਾਲਜ ਦੀ ਗਰੁੱਪ ਫ਼ੋਟੋ ’ਤੇ ਨਵਸੁਰਜੀਤ ਹੀ ਲਿਖਿਆ ਹੋਇਆ ਹੈ। ਫਿਰ ਮੈਨੂੰ ਇਕ ਨਾਮ ਸੁੱਝਿਆ ਸੁਰਜੀਤਮ। ਇਹ ਨਾਮ ਮੈਂ ਰੱਖ ਹੀ ਲਿਆ ਸੀ ਤੇ ਨਾਗਮਣੀ ਦੇ ਕਿਸੇ ਅੰਕ ਵਿਚ ਇਸ ਨਾਮ ਥੱਲੇ ਮੇਰੀਆਂ ਨਿੱਕੀਆਂ-ਨਿੱਕੀਆਂ ਪੰਦਰਾਂ, ਸੋਲ਼ਾਂ ਕਵਿਤਾਵਾਂ ਛਪੀਆਂ ਵੀ।
ਪਾਤਰ ਮੈਂ ਇਸ ਤਰ੍ਹਾਂ ਬਣਿਆ ਕਿ ਇਕ ਵਾਰ ਕਪੂਰਥਲੇ ਰਣਧੀਰ ਕਾਲਜ ਵਿਚ ਪੜ੍ਹਦਿਆਂ ਅਪਣੀ ਕਿਸੇ ਕਵਿਤਾ ਦਾ ਅੰਗਰੇਜ਼ੀ ਤਰਜਮਾ ਕੀਤਾ। ਪੰਜਾਬੀ ਕਵਿਤਾ ਕੁਝ ਇਸ ਤਰ੍ਹਾਂ ਸੀ :

ਹੂਕ ਹੀ ਤਾਂ ਹੇਕ ਹੈ ਤੇ ਛੇਕ ਹੀ ਨੇ ਬੰਸਰੀ
ਸਾਜ਼ ਵਿਚ ਆਵਾਜ਼ ਖ਼ਾਲੀ ਖੋਲ਼ ਨੇ ਹੀ ਹੈ ਭਰੀ

ਅੰਗੇਰਜ਼ੀ ਤਰਜਮਾ ਮੈਂ ਕੁਝ ਇਸ ਤਰ੍ਹਾਂ ਕੀਤਾ :
The Perforation makes a bamboo a flute.
ਉਸ ਦੇ ਨਾਲ਼ ਮੇਰਾ ਨਾਮ ਛਪਿਆ -Surjit Patar
ਮੇਰਾ ਬਹੁਤ ਗੂੜ੍ਹਾ ਦੋਸਤ ਵੀਰ ਸਿੰਘ ਰੰਧਾਵਾ ਮੈਨੂੰ ਮਖੌਲ ਕਰਨ ਲੱਗਾ। ਕਹਿੰਦਾ: ਇਹ ਤਾਂ ਪੱਤੜ ਬਣਦਾ ਹੀ ਨਹੀਂ; ਇਹ ਤਾਂ ਪੈਟਰ ਬਣਦਾ ਹੈ ਜਾਂ ਪਟਾਰ ਜਾਂ ਪਾਟਰ! ਮੈਨੂੰ ਉਹਦੇ ਪਾਟਰ ਤੋਂ ਅਪਣਾ ਨਾਮ ਮਿਲ ਗਿਆ ਪਾਤਰ। ਇਹ ਨਾਮ ਨਵਤੇਜ ਹੋਰਾਂ ਨੂੰ ਵੀ ਬਹੁਤ ਪਸੰਦ ਆਇਆ ਤੇ ਮੇਰੇ ਅਧਿਆਪਕ ਸੁਰਜੀਤ ਸਿੰਘ ਸੇਠੀ ਨੂੰ ਵੀ।
ਅਪਣੀ ਜਾਤ ਕਰਕੇ ਹੀਣਭਾਵਨਾ ਕਿਤੇ ਬਹੁਤ ਗਹਿਰੀ ਮੇਰੇ ਮਨ ਵਿਚ ਛੁਪੀ ਹੋਵੇ, ਤਾਂ ਕਹਿ ਨਹੀਂ ਸਕਦਾ; ਪਰ ਇਸ ਨੂੰ ਕਿਸੇ ਮੌਕੇ ਮਹਿਸੂਸ ਕਰਨ ਦੇ ਪਲ ਮੇਰੀ ਜ਼ਿੰਦਗੀ ਵਿਚ ਕਦੀ ਨਹੀਂ ਆਏ। ਇਸ ਪਿੱਛੇ ਇਕ ਕਾਰਣ ਸ਼ਾਇਦ ਇਹ ਹੈ ਕਿ ਮੇਰੇ ਪਿੰਡ ਵਿਚ ਮੇਰੇ ਪਿਤਾ ਗਿਆਨੀ ਹਰਭਜਨ ਸਿੰਘ ਹੁਰਾਂ ਦਾ ਮਾਣ ਸੀ। ਉਹ ਪਿੰਡ ਗੁਰਮੁਖੀ ਅੱਖਰ ਲੈ ਕੇ ਆਏ। ਉਨ੍ਹਾਂ ਨੇ ਇਕ ਕਿੱਸਾ ਵੀ ਲਿਖਿਆ, ਜਿਸ ਵਿਚ ਪੜ੍ਹੀ-ਲਿਖੀ ਨੂੰਹ ਅਪਣੀ ਸੱਸ ਨੂੰ ਪੜ੍ਹਨਾ ਲਿਖਣਾ ਸਿਖਾਉਂਦੀ ਹੈ। ਮੇਰੇ ਪਿਤਾ ਜੀ ਹਵੇਲੀ ਕੁਰਸੀਆਂ ਵੀ ਬਣਾਉਂਦੇ ਤੇ ਪਿੰਡ ਦੀਆਂ ਬੱਚੀਆਂ ਨੂੰ ਪੰਜ ਗ੍ਰੰਥੀ, ਦਸਮ ਗ੍ਰੰਥੀ ਤਕ ਵਿੱਦਿਆ ਦੀ ਲੋਅ ਵੀ ਦਿੰਦੇ। ਹੁਣ ਵੀ ਮੈਨੂੰ ਕਈ ਮਾਈਆਂ ਭੈਣਾਂ ਮਿਲ਼ਦੀਆਂ ਹਨ, ਜਿਹੜੀਆਂ ਮੈਨੂੰ ਦੱਸਦੀਆਂ ਨੇ ਕਿ ਅਸੀਂ ਗਿਆਨੀ ਜੀ ਕੋਲ਼ੋਂ ਗੁਰਮੁਖੀ ਪੜ੍ਹੀ ਸੀ।


ਸਾਡੇ ਪਿੰਡ ਦੋ ਬਹੁਤ ਸਿਆਣੇ ਜੱਟ ਪਰਵਾਰ ਸਨ; ਇਕ ਹਕੀਮ ਕਰਤਾਰ ਸਿੰਘ ਹੁਰਾਂ ਦਾ ਤੇ ਇਕ ਨੰਬਰਦਾਰ ਗੁਰਦਿੱਤ ਸਿੰਘ ਹੁਰਾਂ ਦਾ। ਇਹਨਾਂ ਦੋਹਾਂ ਤੇ ਮੇਰੇ ਪਿਤਾ ਜੀ ਨੇ ਪਿੰਡ ਦੇ ਮਾਹੌਲ ਵਿਚ ਗੁਰਮਤਿ ਤੇ ਵਿੱਦਿਆ ਦੇ ਪ੍ਰਸਾਰ ਵਿਚ ਬਹੁਤ ਹਿੱਸਾ ਪਾਇਆ।
ਉਂਜ ਬਹੁਤ ਵਾਰ ਹੀਣ-ਭਾਵਨਾ ਭਰਨ ਦੀ ਕੋਸ਼ਿਸ਼ ਕਰਨ ਵਾਲ਼ੇ ਜ਼ਰੂਰ ਮਿਲ ਜਾਂਦੇ ਹਨ। ਇਹ ਕੈਨੇਡਾ ਕਿਸੇ ਵਿਆਹ ਦੀ ਗੱਲ ਹੈ। ਬਲਿਊ ਸਟਾਰ ਆਪਰੇਸ਼ਨ ਤੋਂ ਕੁਝ ਬਾਅਦ ਦੇ ਦਿਨ ਸਨ। ਇਕ ਟੇਬਲ ’ਤੇ ਮੇਰੇ ਦੋ ਦੋਸਤ ਤੇ ਕੁਝ ਹੋਰ ਜਣੇ ਬੈਠੇ ਸਨ, ਜਿਨ੍ਹਾਂ ਨਾਲ਼ ਮੇਰੀ ਜਾਣ-ਪਛਾਣ ਨਹੀਂ ਸੀ। ਮੈਨੂੰ ਜਾਨਣ ਵਾਲ਼ੇ ਮੇਰੇ ਦੋਸਤ ਸ਼ਾਇਦ ਅਪਣੀਆਂ ਡਰਿੰਕਸ ਲੈਣ ਗਏ ਸਨ। ਮੈਨੂੰ ਮੇਰੇ ਨਾਲ਼ ਦਾ ਪੁੱਛਣ ਲੱਗਾ: ਸਰਦਾਰ ਸਾਹਿਬ ਤੁਹਾਡਾ ਲਾਸਟ ਨੇਮ ਕੀ ਹੈ? ਮੈਂ ਕਿਹਾ: ਪਾਤਰ। ਉਹ ਕਹਿਣ ਲੱਗਾ: ਕਦੀ ਸੁਣਿਆ ਨਹੀਂ। ਲਾਸਟ ਨੇਮ ਤਾਂ ਹੁੰਦੇ ਆ, ਜਿਵੇਂ ਬਰਾੜ, ਗਿੱਲ, ਸੰਧੂ, ਬੇਦੀ। ਮੈਂ ਕਿਹਾ: ਜੀ ਮੈਂ ਤੁਹਾਡਾ ਸੁਆਲ ਸਮਝ ਗਿਆਂ, ਮੈਂ ਤਰਖਾਣਾਂ ਦਾ ਪੁੱਤਰ ਆਂ। ਅੱਛਾ, ਫਿਰ ਤਾਂ ਗਿਆਨੀ ਜ਼ੈਲ ਸਿੰਘ ਹੁਰਾਂ ’ਚੋਂ ਹੋਏ। ਮੈਂ ਕਿਹਾ : ਨਹੀਂ, ਭਾਈ ਲਾਲੋ ਹੁਰਾਂ ’ਚੋਂ।
ਹਨੇਰੇ ਵਿਚ ਸੁਲਗਦੀ ਵਰਣਮਾਲ਼ਾ ਵਿਚ ਕਵਿਤਾ ਹੈ: ਪਿਤਾ ਦੀ ਅਰਦਾਸ। ਉਸ ਦੇ ਇਕ ਬੰਦ ਵਿਚ ਜਿਵੇਂ ਮੇਰਾ ਪਿਛੋਕੜ ਆਇਆ ਹੈ, ਉਹ ਮੈਨੂੰ ਬਹੁਤ ਜ਼ਰੂਰੀ ਵੀ ਲੱਗਦਾ, ਸੁਹਣਾ ਵੀ ਤੇ ਮੋਹ-ਮਾਣ ਭਰਿਆ ਵੀ। ਬਿਨਾ ਮਤਲਬ ਅਪਣੇ ਪਿਛੋਕੜ ਦਾ ਢੰਡੋਰਾ ਪਿੱਟਣਾ ਹੋਛੀ ਗੱਲ ਲੱਗਦੀ ਹੈ। ਪਿਤਾ ਜੀ ਬਹੁਤ ਬਿਰਧ ਹੋ ਚੁੱਕੇ ਸਨ। ਮੇਰਾ ਚਚੇਰਾ ਭਰਾ ਦੀਦਾਰ ਸਿੰਘ ਪਰਦੇਸੀ ਮਿਲਣ ਆਇਆ, ਤਾਂ ਪੁੱਛਣ ਲੱਗਾ: ਤਾਇਆ ਜੀ, ਪਿੰਡ ਜਾਣ ਨੂੰ ਜੀਅ ਕਰਦਾ? ਪਿਤਾ ਜੀ ਕਹਿਣ ਲੱਗੇ: ਨਹੀਂ ਦੀਦਾਰ, ਹੁਣ ਤਾਂ ਬੱਸ ਅਕਾਲ ਪੁਰਖ ਦੇ ਚਰਨਾਂ ਵਿਚ ਜਾਣ ਨੂੰ ਜੀ ਕਰਦਾ। ਉਸ ਕਵਿਤਾ ਦਾ ਸਰੋਤ ਪਿਤਾ ਜੀ ਦਾ ਏਹੀ ਵਾਕ ਸੀ। ਉਹ ਬੰਦ ਇਸ ਤਰ੍ਹਾਂ ਹੈ, ਉਸ ਵਿਚ ਬਜ਼ੁਰਗ ਪਿਤਾ ਦੀ ਅਰਦਾਸ ਹੈ :

ਹੁਣ ਨਾ ਹੱਥਾਂ ਪਲੰਘ ਬਣਾਉਣੇ
ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਪਾਉਣੇ
ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ
ਪ੍ਰਭੂ ਜੀ ਉਹ ਕਦ ਖੁੱਲ੍ਹਣਾ ਏ ਦੁਆਰਾ
ਜਿੱਥੇ ਸਾਜ਼ ਆਪੇ ਹਰ ਬੂਟਾ
ਆਪੇ ਵਾਵਨਹਾਰਾ

ਵਾਵਨਹਾਰਾ ਸ਼ਬਦ ਵਿਚ ਪਿਤਾ ਦਾ ਗੁਰਬਾਣੀ ਵਾਲ਼ਾ ਪਿਛੋਕੜ ਵੀ ਆਉਂਦਾ ਹੈ।

ਖ਼ਾਲੀ ਤਰਕਸ਼

ਹੁਣ  : ਕੁਝ ਬੰਦਿਆਂ ਦਾ ਕਹਿਣਾ ਹੈ ਕਿ ਤੈਂ ਅਮਿਤੋਜ ਦੀ ਕਿਤਾਬ ਛਪਵਾ ਕੇ ਉਸ ਤੋਂ ਬਦਲਾ ਲਿਆ ਸੀ। ਕਿਉਂਕਿ ਉਸ ਵਿਚ ਉਹਦੇ ਵੱਡੇ ਕਵੀ ਹੋਣ ਦਾ ਵਹਿਮ ਟੁੱਟਦਾ ਹੈ, ਉਸ ਵਿਚ ਤਿੰਨ ਚਾਰ ਕਵਿਤਾਵਾਂ ਹੀ ਜ਼ਿਕਰਯੋਗ ਹਨ।
ਪਾਤਰ  : ਪਿਆਰੇ ਅਵਤਾਰ, ਇਹ ਗੱਲ ਜਿਹੜਾ ਵੀ ਕਹਿੰਦਾ, ਉਹ ਜ਼ਰੂਰ ਅਮਿਤੋਜ ਤੋਂ ਕੋਈ ਬਦਲਾ ਲੈਣਾ ਚਾਹੁੰਦਾ ਹੈ! ਅਮਿਤੋਜ ਬਹੁਤ ਪ੍ਰਤਿਭਾਸ਼ੀਲ ਕਵੀ ਸੀ; ਉਸ ਕੋਲ਼ ਭਾਸ਼ਾ ਸੀ; ਕਵਿਤਾ ਦਾ ਰੂਪ ਸਿਰਜਣ ਵਿਚ ਵੀ ਉਹ ਬਹੁਤ ਮਾਹਿਰ ਸੀ; ਸ਼ਿਲਪੀ ਵੀ ਸੀ; ਉਸ ਕੋਲ਼ ਅਨੁਭਵ ਵੀ ਸੀ। ਸਮਾਜ ਵਿਚ ਕੀ ਹੋ ਰਿਹਾ, ਇਸ ਪੱਖੋਂ ਵੀ ਉਹ ਜਾਗਰੂਕ ਸੀ। ਉਹਨੇ ਕਈ ਬਹੁਤ ਸ਼ਾਨਦਾਰ ਕਵਿਤਾਵਾਂ ਲਿਖੀਆਂ। ਉਸ ਦੀ ਜ਼ਿਕਰਯੋਗ ਕਵਿਤਾਵਾਂ ਦੀ ਗਿਣਤੀ ਤਿੰਨ ਚਾਰ ਤੋਂ ਕਿਤੇ ਜ਼ਿਆਦਾ ਹੈ। ਬੁੱਢਾ ਬਲਦ, ਲਾਹੌਰ ਦੇ ਨਾਂ ਇਕ ਖ਼ਤ, ਮੇਰੇ ਪਿੰਡ ਦੀ ਸਵੇਰ ਸ਼ਾਮ, ਖ਼ਾਲੀ ਤਰਕਸ਼। ਵੱਡੀ ਗੱਲ ਹੈ ਕਿ ਉਸ ਦੀ ਆਵਾਜ਼ ਦਾ ਚਿਹਰਾ ਹੈ, ਉਸ ਦਾ ਅੰਦਾਜ਼ ਹੈ। ਇਹ ਕੋਈ ਛੋਟੀ ਗੱਲ ਨਹੀਂ। ਉਸ ਦਾ ਮਸਲਾ ਸੀ ਕਿ ਉਹ ਨਾਟਕ ਬਹੁਤ ਕਰਦਾ ਸੀ; ਜ਼ਿੰਦਗੀ ਵਿਚ ਵੀ। ਤੁਹਾਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਕੀ ਜੋ ਅਮਿਤੋਜ ਤੁਹਾਨੂੰ ਦੱਸ ਰਿਹਾ ਹੈ, ਉਹ ਸੱਚ ਹੈ?
ਕੁਝ ਵੀ ਕਹੋ, ਅਮਿਤੋਜ ਦਾ ਅੰਦਾਜ਼ ਬਹੁਤ ਦਿਲਕਸ਼ ਹੈ ਤੇ ਜਿੰਨਾ ਕੰਮ ਉਹ ਕਵਿਤਾ ਦੇ ਰੂਪ ’ਤੇ ਕਰਦਾ ਸੀ; ਸ਼ਾਇਦ ਹੀ ਕੋਈ ਹੋਰ ਕਵੀ ਕਰਦਾ ਹੋਵੇ। ਇਸ ਪੱਖੋਂ ਇਹ ਬੇਮਿਸਾਲ ਕਵਿਤਾਵਾਂ ਹਨ। ਕਿਤਾਬ ਛਪਣ ਨਾਲ਼ ਇਹ ਸਾਰੀਆਂ ਕਵਿਤਾਵਾਂ ਪਾਠਕਾਂ ਸਾਹਮਣੇ ਆਈਆਂ। ਕਾਫ਼ੀ ਲੋਕ ਐਸੇ ਸਨ, ਜਿਨ੍ਹਾਂ ਨੇ ਉਹਦਾ ਸਿਰਫ਼ ਨਾਮ ਸੁਣਿਆ ਹੋਇਆ ਸੀ ਜਾਂ ਉਹਨੂੰ ਉਹ ਉਹਦੇ ਬੜੇ ਮਸ਼ਹੂਰ ਟੀ ਵੀ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਕਰਕੇ ਹੀ ਜਾਣਦੇ ਸਨ।

ਹੁਣ  : ਕਪੂਰਥਲ਼ੇ ਤੈਂ ਤੇ ਕ੍ਰਿਸ਼ਣ ਕੰਵਲ (ਅਮਿਤੋਜ) ਨੇ ਜੋ ਪਰਚਾ ਕੱਢਿਆ ਸੀ; ਉਹਦਾ ਦੱਸ।
ਪਾਤਰ  : ਅਸੀਂ ਦੋ ਹੀ ਅੰਕ ਕੱਢੇ ਸਨ। ਪਰ ਉਹ ਬਹੁਤ ਕਮਾਲ ਦਾ ਪਰਚਾ ਸੀ। ਪਿੱਛੇ ਜਿਹੇ ਅਜਾਇਬ ਕਮਲ ਮਿiਲ਼ਆ, ਉਹਨੇ ਦੱਸਿਆ ਕਿ ਉਸ ਕੋਲ਼ ਅਜੇ ਵੀ ਉਹ ਅੰਕ ਪਏ ਹਨ। ਰੂਪ ਰੇਖਾ ਸੀ ਉਹਦਾ ਨਾਮ। ਉਸ ਦੇ ਅੰਤ ’ਤੇ ਕਾਲਮ ਹੁੰਦਾ ਸੀ: ਕਾਲੇ ਲੇਖ। ਉਸ ਵਿਚ ਉਸ ਅੰਕ ਵਿਚ ਛਪੇ ਸਾਰੇ ਲੇਖਕਾਂ ਬਾਰੇ ਇਕ-ਇਕ ਪਹਿਰਾ ਹੁੰਦਾ ਸੀ। ਉਹ ਬੜਾ ਕ੍ਰੀਏਟਿਵ ਹੁੰਦਾ ਸੀ। ਇਹ ਕਾਲਮ ਹੁੰਦਾ ਸੀ: ਧੁੱਪ ਦੇ ਰੰਗ। ਇਸ ਵਿਚ ਕਿਸੇ ਇਕ ਕਵਿਤਾ ਦਾ ਵਿਸ਼ਲੇਸ਼ਣ ਹੁੰਦਾ ਸੀ। ਕਹਾਣੀਆਂ ਦਾ ਕਾਲਮ ਸੀ: ਹੋਣੀਆਂ ਅਣਹੋਣੀਆਂ। ਪਹਿਲੇ ਹੀ ਅੰਕ ਵਿਚ ਹਰਿਭਜਨ ਸਿੰਘ, ਮੀਸ਼ਾ ਤੇ ਅਜਾਇਬ ਕਮਲ ਜਿਹੇ ਕਵੀਆਂ ਦੀਆਂ ਕਵਿਤਾਵਾਂ ਸਨ। ਮੀਸ਼ੇ ਕੋਲ਼ੋਂ ਕਵਿਤਾ ਅਮਿਤੋਜ ਲਿਆਇਆ ਸੀ। ਅਮਿਤੋਜ ਨੇ ਮੈਨੂੰ ਦੱਸਿਆ ਕਿ ਮੀਸ਼ੇ ਨੇ ਪਹਿਲਾਂ ਇਨਕਾਰ ਕਰ ਦਿੱਤਾ ਸੀ; ਪਰ ਫਿਰ ਮੈਂ ਅੱਖਾਂ ’ਚ ਹੰਝੂ ਭਰਨ ਦੀ ਐਕਟਿੰਗ ਕੀਤੀ, ਤਾਂ ਮੀਸ਼ੇ ਨੇ ਮੈਨੂੰ ਇਹ ਕਵਿਤਾ ਦਿੱਤੀ। ਕਵਿਤਾ ਸੀ ਵਣਮਹਾਉਤਸਵ। ਸਾਡੇ ਨਾਲ਼ ਅਜੀਤ ਸਿੰਘ ਰਾਹੀ ਵੀ ਹੁੰਦਾ ਸੀ। ਹੁਣ ਉਹ ਆਸਟਰੇਲੀਆ ਹੈ।

ਟੈਸਟ ਟਿਊਬ ਚ ਅੱਥਰੂ

ਹੁਣ : ਤੇਰੀ ਸਾਰੀ ਗ਼ਜ਼ਲਕਾਰੀ ਵਿਚ ਤਿੰਨ ਚਾਰ ਹੀ ਬਿੰਬ ਹਨ; ਜੋ ਮੁੜ ਘਿੜ ਆਉਂਦੇ ਹਨ: ਹੰਝੂ, ਜ਼ਖ਼ਮ, ਰੁੱਖ, ਬਿਰਖ। ਕੀ ਇਹ ਗ਼ਜ਼ਲ-ਸਿਨਫ਼ ਦੀ ਸੀਮਾ ਹੈ ਜਾਂ ਤੇਰੀ ਪ੍ਰਤਿਭਾ ਦੀ? ਚੰਗਾ ਕਵੀ ਨਵੇਂ ਬਿੰਬ ਵੀ ਸਿਰਜਦਾ ਹੈ। ਤੇਰੀਆਂ ਕੁਝ ਚਰਚਿਤ ਰਚਨਾਵਾਂ ਵਿਚ ਕੁਝ ਬਿੰਬਾਂ ਦਾ ਕਾਵਿਕ ਤਰਕ ਨਹੀਂ ਬਣਦਾ, ਜਿਵੇਂ “ਸ਼ਮ੍ਹਾਦਾਨ” ਕੀ ਹੋਇਆ? ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਏ…। ਇੱਥੇ ਸਿਖ਼ਰ ਦੁਪਹਿਰੇ ਦਾ ਕੀ ਮਤਲਬ?
ਪਾਤਰ : ਕੀ ਮਤਲਬ ਦਾ ਕੀ ਮਤਲਬ? ਏਨੇ ਵੀ ਮਤਲਬੀ ਨਹੀਂ ਬਣੀਦਾ ਕਿ ਹਰ ਗੱਲ ਦਾ ਮਤਲਬ ਹੀ ਪੁੱਛੀ ਜਾਈਏ। ਹਾ… ਹਾ…ਹਾ…। ਖ਼ੈਰ ਤੇਰੇ ਇਸ ਸਵਾਲ ਵੱਲ ਮੈਂ ਬਾਅਦ ਵਿਚ ਆਵਾਂਗਾ। ਪਹਿਲਾਂ ਪਹਿਲੇ ਹਿੱਸੇ ਦਾ ਹੀ ਜਵਾਬ ਦੇਂਦਾ ਹਾਂ।
ਮੇਰੀ ਗ਼ਜ਼ਲ ਵਿਚ ਵਾਇਲਿਨ ਵੀ ਆਉਂਦੀ ਐ, ਰੇਡੀਓ ਵੀ, ਸ਼ਤਰੰਜ ਵੀ, ਸਮੁੰਦਰੀ ਜਹਾਜ਼ ਵੀ, ਅਖ਼ਬਾਰ ਵੀ, ਕਲਾਲ ਵੀ, ਦੰਦੇ ਵੀ, ਮੇਜ਼ ਵੀ, ਕੁਰਸੀਆਂ ਵੀ, ਜਾਲ ਵੀ, ਰਬਾਬ ਵੀ, ਖੂਹ ਵੀ, ਟਿੰਡਾਂ ਵੀ, ਗੱਡੇ ਵੀ, ਰੇਲ ਗੱਡੀ ਵੀ, ਗੁੰਬਦ ਵੀ ਅਤੇ ਆਉਂਦੇ ਵੀ ਬੜੀ ਸ਼ਾਨ ਸ਼ੌਕਤ ਨਾਲ਼ ਹਨ:

ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ਼
ਆਪ ਹੀ ਚੱਲਣੀ ਪਵੇਗੀ, ਓਹਨਾਂ ਦੀ ਵੀ ਚਾਲ
ਮੈਂ ਹਾਂ ਉਹ ਨਦੀ-ਨਦੀ ਜਿਸ ’ਚ ਐਸੇ ਸੁਪਨੇ
ਖ਼ੌਫ਼ ਆਉਂਦਾ ਹੈ ਜਦੋਂ ਕੰਢੇ ’ਤੇ ਜਾਲ ਆਉਂਦਾ ਹੈ
ਵਾਇਲਿਨ ਦਾ ਗਜ਼ ਫੇਰ ਰਿਹਾ ਸੀ ਸੀਖਾਂ ’ਤੇ
ਜੇਲ੍ਹ’ਚ ਇਕ ਸਾਜ਼ਿੰਦਾ ਡੱਕਿਆ ਹੋਇਆ ਸੀ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
ਕੋਈ ਦਸਤਾਰ ਰੱਤ ਲਿੱਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ
ਅੱਜ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਵੱਜਦਾ ਬਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼
ਮਤਲਬ ਨ ਲੈ ਕਿ ਪੌਣ ਖ਼ਿਜ਼ਾਂ ਦੀ ਤੁਰੀ ਨਹੀਂ
ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨ ਆਏਗਾ
ਮੈਂ ਅੱਧੀ ਰਾਤ ਨੂੰ ਸੁਣਦਾ ਹਾਂ ਕੋਈ ਲੰਘਦੀ ਗੱਡੀ
ਤਾਂ ਮੈਨੂੰ ਜਾਪਦਾ ਹੈ ਜਿਉਂ ਕੋਈ ਮੈਨੂੰ ਬੁਲਾਉਂਦਾ ਹੈ
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ,
ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਯੁਗਾਂ ਯੁਗਾਂ ਦੀਆਂ ਥਾਵਾਂ
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖ਼ੀਰ ਦੀ
ਟੁੱਟੀ ਨੀਂਦ ਬਿਰਖ ਫ਼ਕੀਰ ਦੀ
ਓਦੇ ਪੱਤੇ ਮੁਸਾਫ਼ਿਰ ਉਤਰੇ

ਹੰਝੂਆਂ ਅਤੇ ਜ਼ਖ਼ਮਾਂ ਨਾਲੋਂ ਕਈ ਗੁਣਾਂ ਜ਼ਿਆਦਾ ਮੇਰੀਆਂ ਗ਼ਜ਼ਲਾਂ ਵਿਚ ਹਵਾ, ਸੂਰਜ, ਦਰਿਆ, ਨਦੀਆਂ, ਚੰਨ, ਤਾਰੇ, ਦੀਵਾ, ਸਾਜ਼, ਸ਼ੀਸ਼ਾ, ਸ਼ਹਿਰ, ਹਨ੍ਹੇਰਾ, ਪੱਥਰ ਤੇ ਪਾਣੀ ਆਉਂਦੇ ਹਨ, ਜ਼ਖ਼ਮ ਮੇਰੀ ਗ਼ਜ਼ਲ ਵਿਚ ਪੰਜ-ਛੇ ਵਾਰ ਆਇਆ ਹੋਊ ਤੇ ਹੰਝੂ ਦਸ ਵਾਰੀ ਜਦ ਕਿ ਫੁੱਲ ਮੇਰੀ ਗ਼ਜ਼ਲ ਵਿਚ ਛੱਤੀ ਵਾਰ ਆਏ ਹੋਣਗੇ। ਫਿਰ ਤੂੰ ਇਹ ਵੀ ਤਾਂ ਦੇਖ ਕਿ ਮੇਰੀ ਗ਼ਜ਼ਲ ਵਿਚ ਇਹ ਆਉਂਦੇ ਕਿਸ ਤਰ੍ਹਾਂ ਹਨ :

ਅੱਥਰੂ ਟੈਸਟ ਟਿਊਬ ’ਚ ਪਾ ਕੇ ਦੇਖਾਂਗੇ
ਕੱਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ
ਤੂੰ ਮੇਰੀ ਨਮ ਨਜ਼ਰ ਨ ਦੇਖ ਕੇ ਡਰ
ਮੇਰੇ ਹੰਝੂਆਂ ’ਤੇ ਤੇਰਾ ਨਾਮ ਨਹੀਂ
ਤਾਨਸੈਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਬਣ ਕਿਰਪਾਨ
ਡੁਬਣੋਂ ਬਚ ਜਾਂਦਾ ਏ ਇਉਂ ਜਾਨ ਦਾ ਬੇੜਾ ਯਾਰੋ
ਬੋਝ ਲਹਿ ਜਾਂਦਾ ਏ ਇਕ ਹੰਝੂ ਜੋ ਡੁੱਲ੍ਹ ਜਾਂਦਾ ਏ

ਰੁੱਖਾਂ ਬਿਰਖਾਂ ਵਾਲੀ ਗੱਲ ਤੇਰੀ ਠੀਕ ਹੋ ਸਕਦੀ ਹੈ। ਪਰ ਮੇਰਾ ਅੰਦਾਜ਼ਾ ਹੈ ਕਿ ਮੇਰੀਆਂ ਗ਼ਜ਼ਲਾਂ ਵਿਚ ਹਵਾ ਬਿਰਖਾਂ ਤੋਂ ਵੀ ਜ਼ਿਆਦਾ ਵਾਰ ਆਈ ਹੈ। ਰੁੱਖਾਂ ਬਿਰਖਾਂ ਦੇ ਮਾਮਲੇ ਵਿਚ ਵੀ ਇਹ ਗੱਲ ਵੇਖਣ ਵਾਲੀ ਹੈ ਕਿ ਉਹ ਕੀ-ਕੀ ਰੂਪ ਧਾਰ ਕੇ ਆਏ ਹਨ:

ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜ ਕੱਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ
ਨਾ ਤਾਂ ਕੁਰਸੀਆਂ ਨੂੰ ਨ ਤਖ਼ਤ ਨੂੰ
ਨ ਸਲੀਬ ਸਖ਼ਤ ਕੁਰਖ਼ਤ ਨੂੰ
ਇਹ ਮਜ਼ਾਕ ਕਰਨ ਦਰਖ਼ਤ ਨੂੰ
ਬੜੇ ਸਮਝਦਾਰ ਨੇ ਮਸਖ਼ਰੇ
ਹੁਣ ਚੀਰ ਹੁੰਦਿਆਂ ਵੀ ਚੁਪ ਰਵੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੋ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ
ਉਹ ਫੇਰ ਕਦੀ ਹੋ ਕੇ ਹਰੇ ਝੂਮ ਸਕੇ ਨਾ
ਉਹ ਬਿਰਖ ਕਿ ਜੋ ਕੁਰਸੀਆਂ ਦੀ ਜੂਨ ਪਏ ਨੇ
ਲੱਤਾਂ ਨੇ ਜਦੋਂ ਚਾਰ ਤਾਂ ਕਿਉਂ ਦੌੜ ਨਾ ਜਾਈਏ
ਦਫ਼ਤਰ ’ਚ ਪਏ ਮੇਜ਼ ਇਹੋ ਸੋਚ ਰਹੇ ਨੇ
ਮੇਰਾ ਸੁੱਤਾ ਪਿਆ ਰਾਹੁਲ, ਯਸ਼ੋਧਾ ਦੇ ਕਲੇਜੇ ਲੱਗ
ਗਯਾ ਦੇ ਬਿਰਖ ਤੋਂ ਵਿਹੜੇ ਦਾ ਰੁੱਖ ਮੈਨੂੰ ਬਣਾਉਂਦਾ ਹੈ
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਿਲਾ
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ

ਬਾਕੀ ਗੱਲ ਇਹ ਹੈ ਕਿ ਕਵਿਤਾ ਕਵੀ ਦਾ ਅਚੇਤ ਤੇ ਸਚੇਤ ਰਲ਼ ਕੇ ਲਿਖਦੇ ਹਨ। ਬਹੁਤ ਕੁਝ ਅਚੇਤ ਚੋਂ ਆਉਂਦਾ ਹੈ। ਹੁਣ ਤੀਜੀ ਗੱਲ ਵੱਲ ਆਉਂਦਾ ਹਾਂ। ਸ਼ਮ੍ਹਾਦਾਨ ਕੀ ਕਹਿਣਗੇ। ਮੈਂ ਕਿਸੇ ਫ਼ਿਲਮ ਵਿਚ ਪੁਰਾਣੇ ਵਕਤ ਦੇ ਉਰਦੂ ਸ਼ਾਇਰਾਂ ਦਾ ਮੁਸ਼ਾਇਰਾ ਦੇਖਿਆ ਸੀ, ਜਿਸ ਵਿਚ ਜਦੋਂ ਕਿਸੇ ਸ਼ਾਇਰ ਦੀ ਵਾਰੀ ਆਉਂਦੀ, ਉਸ ਅੱਗੇ ਸ਼ਮ੍ਹਾਦਾਨ ਰੱਖ ਦੇਂਦੇ, ਉਹ ਅਪਣਾ ਕਲਾਮ ਸ਼ੁਰੂ ਕਰਦਾ। ਪਰ ਜੇ ਉਹ ਚੁੱਪ ਹੀ ਰਹੇ ਤਾਂ ਵਾਕਈ ਸ਼ਮ੍ਹਾਦਾਨ ਕੀ ਕਹੇਗਾ?

ਕੁਛ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ

ਮੈਂ ਸਮਝਦਾਂ ਇਸ ਵਿਚ ਕਾਵਿਕ ਤਰਕ ਹੈ।

‘ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਏ’। ਇਸ ਵਿਚ ਸਿਖ਼ਰ ਦੁਪਹਿਰੇ ਸ਼ਾਇਦ ਇਸ ਲਈ ਆ ਗਿਆ ਕਿ ਸਾਡੇ ਪਿੰਡ ਡਾਕ ਸਿਖ਼ਰ ਦੁਪਹਿਰੇ ਆਉਂਦੀ ਸੀ। ਸਿਰ ਉੱਤੇ ਜਾਂ ਮੋਢੇ ’ਤੇ ਚਿੱਠੀਆਂ ਦਾ ਥੈਲਾ ਚੁੱਕੀ ਤੇ ਹੱਥ ਵਿਚ ਇਕ ਸੰਗੀਨ ਤੇ ਇਕ ਘੁੰਗਰੂ ਵਾਲੀ ਲਾਠੀ ਚੁੱਕੀ ਡਾਕੀਆ ਕਰਤਾਰਪੁਰੋਂ ਤੁਰ ਕੇ ਆਉਂਦਾ ਸੀ। ਮੈਨੂੰ ਲੱਗਦਾ ਸਾਰੇ ਪਿੰਡਾਂ ਵਿਚ ਡਾਕ ਸਿਖ਼ਰ ਦੁਪਹਿਰੇ ਹੀ ਆਉਂਦੀ ਹੋਏਗੀ। ਪਰ ਮੈਨੂੰ ਪੱਕਾ ਪਤਾ ਨਹੀਂ। ਸੋ ਇਸ ਦੇ ਕਾਵਿਕ ਤਰਕ ਬਾਰੇ ਮੈਂ ਦਾਅਵੇ ਨਾਲ਼ ਕੁਝ ਨਹੀਂ ਕਹਿ ਸਕਦਾ।

ਕਵਿਤਾ ਦਾ ਰੇਟ

ਹੁਣ : ਕੋਈ ਦੱਸਦਾ ਸੀ ਕਿ ਤੂੰ ਕੈਨੇਡੇ, ਅਮਰੀਕਾ, ਯੂਰਪ ਜਾ ਕੇ ਤਰੰਨੁਮ ਵਿਚ ਗ਼ਜ਼ਲਾਂ ਸੁਣਾਉਣ ਦਾ ਘੱਟੋ-ਘੱਟ ਤਿੰਨ ਹਜ਼ਾਰ ਡਾਲਰ (ਇਕ ਲੱਖ ਰੁਪਏ) ਦਾ ਰੇਟ ਬੰਨਿ੍ਹਆ ਹੋਇਆ ਹੈ। ਆਉਣ-ਜਾਣ, ਨੁਕਲ-ਪਾਣੀ ਦਾ ਖ਼ਰਚ ਵੱਖਰਾ। ਅਪਣੇ ਹੁਨਰ ਦੀ ਕਮਾਈ ਕਰਨੀ ਮਾੜੀ ਗੱਲ ਨਹੀਂ। ਪਰ ਕੀ ਤੇਰੀ ਅੰਦਰੋਂ ਰੂਹ ਮੰਨਦੀ ਹੈ, ਕਵਿਤਾ ਨੂੰ ਇਸ ਤਰ੍ਹਾਂ ਜਿਣਸ ਬਣਾਉਣ ਨੂੰ?
ਪਾਤਰ : ਮੈਂ ਕਦੀ ਕਿਸੇ ਨਾਲ਼ ਰੇਟ ਨਹੀਂ ਬੰਨਿ੍ਹਆ। ਮੈਂ ਤਾਂ ਸਦਾ ਗ਼ਜ਼ਲਾਂ ਗਾਉਣ ਨੂੰ ਤਿਆਰ ਰਹਿੰਦਾ ਹਾਂ। ਇਕ ਵਾਰ ਮੈਂ ਸੁੱਖਣਾ ਲੇਕ ਦੇ ਕੰਢੇ ਸਾਰੀ ਰਾਤ ਗਾਇਆ ਸੀ। ਮੈਂ ਜਦ ਵੀ ਵਿਦੇਸ਼ ਗਿਆਂ ਅਪਣੇ ਦੋਸਤਾਂ ਕੋਲ਼ ਹੀ ਗਿਆਂ। ਕੈਨੇਡਾ ਹਰਦੇਵ ਵਿਰਕ, ਸਾਧੂ ਸਿੰਘ, ਜਸਵਿੰਦਰ, ਭਜਨ, ਰਵੀ ਮਾਨ, ਅਜਮੇਰ ਰੋਡੇ ਕੋਲ਼। ਲੰਡਨ ਅਪਣੇ ਭਰਾ ਦੀਦਾਰ ਪਰਦੇਸੀ ਕੋਲ਼ ਜਾਂ ਸੁਰਿੰਦਰ ਸੀਹਰੇ ਕੋਲ਼। ਅਮਰੀਕਾ ਗੁਰਮੇਲ ਕੋਲ਼, ਸੁਰਿੰਦਰ ਸੀਰਤ ਕੋਲ਼ ਜਾਂ ਸੁਖਵਿੰਦਰ ਕੰਬੋਜ ਕੋਲ਼।
ਜਦੋਂ ਮੈਂ ‘ਹੁਣ’ ਦੇ ਰਿਲੀਜ਼ ਸਮਾਰੋਹ ’ਤੇ ਆਇਆ ਸਾਂ, ਤੇਰੇ ਕੋਲ਼ੋਂ ਅਪਣੀਆਂ ਛਪੀਆਂ ਕਵਿਤਾਵਾਂ ਦੇ ਪੈਸੇ ਤਾਂ ਲੈ ਲਏ ਸਨ ਸ਼ਾਇਦ ਪੰਜ ਸੌ ਰੁਪਏ। ਪਰ ਤਰੰਨੁਮ ਵਿਚ ਗ਼ਜ਼ਲਾਂ ਸੁਣਾਉਣ ਦਾ ਕੋਈ ਪੈਸਾ ਨਹੀਂ ਲਿਆ ਸੀ ਤੇ ਉਸ ਦਿਨ ਵੀ ਮੈਂ ਸਾਰੀ ਰਾਤ ਗਾਉਣ ਲਈ ਤਿਆਰ ਸਾਂ।
ਹਾਂ, ਕੈਨੇਡਾ ਵਿਚ ਦੋਸਤਾਂ ਨੇ ਇਹ ਜ਼ਰੂਰ ਕੀਤਾ ਕਿ ਮੇਰੀ ਤੇ ਦੀਦਾਰ ਪਰਦੇਸੀ ਦੀ ਇਕ ਸ਼ਾਮ ਆਯੋਜਿਤ ਕੀਤੀ ਗਈ, ਜਿਹਦੀ ਦਸ ਡਾਲਰ ਟਿਕਟ ਰੱਖੀ ਗਈ। ਪੰਜ ਸੌ ਸੀਟਾਂ ਦਾ ਹਾਲ ਭਰਿਆ ਹੋਇਆ ਸੀ। ਤੇ ਲੋਕਾਂ ਨੇ ਸਾਹ ਰੋਕ ਕੇ ਦੀਦਾਰ ਨੂੰ ਤੇ ਮੈਨੂੰ ਤਿੰਨ ਘੰਟੇ ਸੁਣਿਆ। ਦੇਵ ਦਿਲਦਾਰ ਵਾਰੀ ਵੀ ਇਉਂ ਹੀ ਹੋਇਆ। ਮੈਨੂੰ ਬਹੁਤ ਵਧੀਆ ਲੱਗਾ। ਕਿਸੇ ਇਕ ਬੰਦੇ ’ਤੇ ਭਾਰ ਪਾਉਣ ਨਾਲ਼ੋਂ ਬਿਹਤਰ ਹੈ, ਟਿਕਟਾਂ ਦੇ ਕੇ ਭਾਰ ਵੰਡ ਲੈਣਾ। ਉਨ੍ਹਾਂ ਟਿਕਟਾਂ ਦੇ ਪੈਸਿਆਂ ਵਿੱਚੋਂ ਆਡੀਟੋਰੀਅਮ ਦਾ ਕਿਰਾਇਆ ਵੀ ਦਿੱਤਾ ਗਿਆ, ਸਾਊਂਡ ਦਾ ਖ਼ਰਚਾ ਵੀ ਤੇ ਸਾਨੂੰ ਵੀ ਪੈਸੇ ਦਿੱਤੇ ਗਏ। ਮੈਂ ਪਰਦੇਸਾਂ ਦੀਆਂ ਸਾਹਿਤ ਸਭਾਵਾਂ ਵਿਚ ਵੀ ਕਵਿਤਾਵਾਂ ਪੜ੍ਹਕੇ ਆਇਆਂ। ਉਹ ਜਾਣਦੇ ਹਨ, ਮੈਂ ਕਿਸੇ ਨਾਲ਼ ਕੋਈ ਰੇਟ ਨਹੀਂ ਬੰਨਿ੍ਹਆ। ਜਦੋਂ ਅਸੀਂ ਸਾਹਿਤ ਸਭਾਵਾਂ ਵਿਚ ਕਵਿਤਾਵਾਂ ਪੜ੍ਹਦੇ ਹਾਂ, ਤਾਂ ਮੀਂਹ ਸਮੁੰਦਰ ਉੱਤੇ ਹੀ ਵਸਦਾ ਹੈ ਯਾਨੀ ਲੇਖਕਾਂ ਨੂੰ ਲੇਖਕ ਹੀ ਸੁਣਦੇ ਹਨ। ਸਾਰੇ ਯੂਰਪ ਤੇ ਉੱਤਰੀ ਅਮਰੀਕਾ ਵਿਚ ਕਵੀ ਟਿਕਟਾਂ ’ਤੇ ਕਵਿਤਾ ਪੜ੍ਹਦੇ ਹਨ। ਇਸ ਤਰ੍ਹਾਂ ਟਿਕਟਾਂ ਖ਼ਰੀਦਣ ਵਾਲ਼ੇ ਸਾਰੇ ਅਮੀਰ ਗ਼ਰੀਬ ਤੁਹਾਡੇ ਸਰਪ੍ਰਸਤ ਬਣਦੇ ਹਨ। ਕੋਈ ਇਕ ਰਾਜਾ ਮਹਾਰਾਜਾ ਨਹੀਂ ਬਣਦਾ।
ਜੇ ਜਿਣਸ ਬਣਾਉਣ ਦੀ ਗੱਲ ਹੈ, ਫੇਰ ਤਾਂ ਕਵਿਤਾ ਦੀ ਕਿਤਾਬ ਦੀ ਰਾਇਲਟੀ ਵੀ ਨਹੀਂ ਲੈਣੀ ਚਾਹੀਦੀ। ਪਰ ਉਹ ਸਾਰੇ ਕਵੀ ਰਾਇਲਟੀ ਲੈਂਦੇ ਹਨ ਜਾਂ ਸਨ, ਜਿਨ੍ਹਾਂ ਨੂੰ ਤੁਸੀਂ ਮਹਾਨ ਕਹਿੰਦੇ ਹੋ।

ਸਾਵੇ ਸ਼ਮਲੇ

ਹੁਣ : ਤੂੰ ਪਿੰਡ ਦਾ ਜੰਮਪਲ਼ ਏਂ। ਕਿਹੋ ਜਿਹਾ ਸੀ ਤੇਰਾ ਆਲ਼ਾ ਦੁਆਲ਼ਾ?
ਪਾਤਰ : ਪਿੰਡ ਵਿਚ ਮੈਨੂੰ ਸਭ ਤੋਂ ਸੁਹਣੀ ਚੀਜ਼ ਲੱਗਦੀ ਹੁੰਦੀ ਸੀ, ਖੂਹ। ਬੜੀ ਕਾਵਿਕ ਤੇ ਰਹੱਸਮਈ। ਬਹੁਤ ਸਾਲਾਂ ਬਾਅਦ ਮੈਂ ਖੂਹ ਬਾਰੇ ਕਵਿਤਾ ਵੀ ਲਿਖੀ :

ਖੂਹ ਗਿੜਦਾ ਏ ਦਿਨ ਰਾਤ ਮੀਆਂ
ਟਿੰਡਾਂ ਅੰਧਕਾਰ ’ਚੋਂ ਉਭਰਦੀਆਂ
ਟਿੰਡਾਂ ’ਚੋਂ ਕਿਰੇ ਪਰਭਾਤ ਮੀਆਂ
ਉੱਠੀਆਂ ਸਨ ਭਰੀਆਂ ਡਲ੍ਹਕਦੀਆਂ
ਉਲਰੀਆਂ ਸਿਖ਼ਰੋਂ ਛਲਕਦੀਆਂ
ਵਿਚ ਪਾੜਛਿਆਂ ਦੇ ਢਲਕਦੀਆਂ
ਫਿਰ ਆਡੋ-ਆਡ ਕਿਆਰਿਆਂ ਤਕ
ਆਉਂਦੀ ਹੈ ਧੁਰ ਗਹਿਰਾਈਆਂ ਤੋਂ
ਪਾਤਾਲਾਂ ਦੀ ਸੌਗਾਤ ਮੀਆਂ
ਖੂਹ ਗਿੜਦਾ ਏ ਦਿਨ ਰਾਤ ਮੀਆਂ
ਕੱਢ ਸਾਵੇ ਸ਼ਮਲੇ ਬੀਜ ਤੁਰੇ
ਫ਼ਸਲਾਂ ਦੀ ਹਰੀ ਬਰਾਤ ਮੀਆਂ

ਵੱਡੀ ਢਾਬ ਦੇ ਕੰਢੇ ਬੋਹੜਾਂ ਤੇ ਪਿੱਪਲਾਂ ਦਾ ਇਕ ਬਹੁਤ ਸੰਘਣਾ ਝੁੰਡ ਹੁੰਦਾ ਸੀ। ਉਸ ਦੇ ਹੇਠਾਂ ਸ਼ਮਲਿਆਂ ਵਾਲ਼ੇ ਗਮੰਤਰੀ ਗੇੜਾ ਬੰਨ੍ਹ ਕੇ ਗਾਉਂਦੇ। ਇਕ ਅਲਗੋਜ਼ਿਆਂ ਵਾਲ਼ਾ, ਇਕ ਇਕਤਾਰੇ ਵਾਲ਼ਾ, ਇਕ ਵਿਖਿਆਨ ਕਰਨ ਵਾਲ਼ਾ। ਉਹ ਅਪਣੇ ਦੋ ਸਾਜ਼ਾਂ ਨਾਲ਼, ਬੋਲਾਂ ਨਾਲ਼ ਤੇ ਗੇੜੇ ਨਾਲ਼ ਕਾਇਨਾਤ ਘੁਮਾ ਦਿੰਦੇ। ਏਥੇ ਹੀ ਮੈਂ ਅਪਣੇ ਵਕਤਾਂ ਦੇ ਮਸ਼ਹੂਰ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਸੁਣਿਆ। ਗਾਉਂਦਿਆਂ ਉਹਦਾ ਸੋਨੇ ਦਾ ਦੰਦ ਲਿਸ਼ਕਦਾ। ਉਹਦੀ ਹੇਕ ਬੋਹੜਾਂ ਪਿੱਪਲਾਂ ਦੀਆਂ ਟੀਸੀਆਂ ਨੂੰ ਚੀਰ ਕੇ ਆਸਮਾਨ ਵਲ ਜਾਂਦੀ ਦਿਸਦੀ।

ਤੁਰਦਾਂ ਹਾਂ ਤਾਂ ਰਾਹ ਬਣਦੇ

ਹੁਣ : ਮੈਂ ਰਾਹਾਂ ’ਤੇ ਨਹੀਂ ਤੁਰਦਾ/ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਕੀ ਤੇਰੇ ਇਸ ਸ਼ੇਅਰ ਵਿਚ ‘ਖ਼ੁਦੀ ਕੋ ਕਰ ਬੁਲੰਦ ਇਤਨਾ’ ਵਾਲ਼ਾ ਸੁਰ ਗੁਰਬਾਣੀ ਦੀ ਨਿਮਰਤਾ ਤੋਂ ਉਲਟ ਭਾਰੂ ਨਹੀਂ ਹੋ ਗਿਆ?
ਪਾਤਰ : ਮੈਂ ਇਸ ਗ਼ਜ਼ਲ ਨਾਲ਼ ਬੜਾ ਖੌਝiਲ਼ਆ ਹਾਂ। ਇਕ ਸਵੇਰ ਮੈਂ ਸੈਰ ਕਰਨ ਗਿਆ, ਤਾਂ ਇਹ ਗ਼ਜ਼ਲ ਤੁਰ ਪਈ। ਘਰ ਆ ਕੇ ਮੈਂ ਇਹਦੇ ਇਹ ਸ਼ੇਅਰ ਨੋਟ ਕੀਤੇ:

ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਿਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ
ਜੁ ਲੋ ਮੱਥੇ ’ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ’ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਇਕ ਦਿਨ ਮੈਨੂੰ ਇਹ ਮਤਲਾ ਪਰੇਸ਼ਾਨ ਕਰਨ ਲੱਗ ਪਿਆ। ਮੈਂ ਸੋਚਿਆ ਇਹ ਮੈਂ ਕੌਣ ਹਾਂ? ਕੀ ਸੱਚਮੁੱਚ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਹਨ? ਫਿਰ ਮੈਂ ਸੋਚਿਆ: ਇਹ ‘ਮੈਂ’ ‘ਮੇਰੀ’ ਨਹੀਂ। ਮਾਨਵ ਦੀ ਮੈਂ ਹੈ। ਮਾਨਵ ਤੋਂ ਪਹਿਲਾਂ ਰਾਹ ਨਹੀਂ ਸਨ। ਉਹ ਤੁਰਿਆ ਤਾਂ ਰਾਹ ਬਣੇ। ਆਦਮੀ ਬੋਲਿਆ, ਤਾਂ ਭਾਸ਼ਾ ਬਣੀ। ਉਸ ਵਿਚੋਂ ਵਿਆਕਰਣ ਖੋਜੀ ਗਈ। ਪਰ ਕੀ ਮਾਨਵ ਨੇ ਅਪਣੀਆਂ ਬਿਰਤੀਆਂ ਆਪ ਬਣਾਈਆਂ। ਲੈਵੀ ਸਤਰਾਸ ਮਿਥ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਮਾਨਵ ਨੇ ਥਾਂ-ਥਾਂ ਇਉਂ ਹੀ ਕਿਉਂ ਸੋਚਿਆ? ਤੇ ਉਹ ਗ਼ਜ਼ਲ ਅਪਣੇ ਆਪ ਨਾਲ਼ ਹੀ ਸੰਵਾਦ ਕਰਦਿਆਂ ਅੱਗੇ ਤੁਰ ਪਈ :

ਅਚਨਚੇਤੀ ਕਿਸੇ ਬਿੰਦੂ ’ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ
ਨਹੀਂ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ਼ ਮਿਲ਼ ਕੇ ਰਾਹ ਬਣਦੇ
ਤੇ ਅਖ਼ੀਰ ਇਸ ਸ਼ੇਅਰ ’ਤੇ ਖ਼ਤਮ ਹੋਈ :
ਇਹ ਤੁਰਦਾ ਕੌਣ ਹੈ? ਮੈਂ ਕੌਣ ਹਾਂ? ਤੇ ਕੌਣ ਪੁੱਛਦਾ ਹੈ?
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਰਾਹੀ ਹੀ ਰਾਹ ਬਣਦੇ।

ਹੁਣ ਇਹ ਇਕ ਲੰਮੀ ਗ਼ਜ਼ਲ ਹੈ। ਸ਼ਾਇਦ ਸਤਾਰਾਂ ਸ਼ੇਅਰਾਂ ਦੀ। ਅਪਣੇ ਆਪ ਨਾਲ਼ ਸੰਵਾਦ ਕਰਦੀ ਗ਼ਜ਼ਲ। ਮੇਰੀਆਂ ਕਈ ਹੋਰ ਗ਼ਜ਼ਲਾਂ ਵਿਚ ਵੀ ਸੰਵਾਦ ਹੈ। ਇਕ ਗ਼ਜ਼ਲ ਦਾ ਸ਼ੇਅਰ ਹੈ :

ਹਾਂ ਮੈਂ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ
ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ
ਉਸ ਦੇ ਨਾਲ਼ ਲੱਗਦਾ ਹੀ ਸ਼ੇਅਰ ਹੈ :
ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਿਲਾ

ਮੈਂ ਰਾਹਾਂ ਤੇ ਨਹੀਂ ਤੁਰਦਾ ਵਾਲੀ ਗ਼ਜ਼ਲ ਬਾਰੇ ਇਕ ਗੱਲ ਹੋਰ। ਇਹ ਗ਼ਜ਼ਲ ਮੇਰੇ ਮਨ ਵਿਚ ਖ਼ੁਦੀ ਦੀ ਭਾਵਨਾ ਨਾਲ਼ ਨਹੀਂ ਸੀ ਸ਼ੁਰੂ ਹੋਈ। ਮਾਨਵ-ਸਿਰਜਿਤ ਸਦਾਚਾਰ, ਗਰਾਮਰ, ਸੰਗੀਤ, ਬਹਿਰ ਅਰੂਜ਼ ਬਾਰੇ ਸੋਚਦਿਆਂ ਸ਼ੁਰੂ ਹੋਈ ਸੀ। ਤੇ ਇਸ ਦੀ ਇਹ ਸਤਰ: ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ; ਗੁਰੂ ਨਾਨਕ ਬਾਣੀ ਤੋਂ ਲਈ। ਉਨ੍ਹਾਂ ਦੀ ਤੁਕ ਹੈ:ਜਾਲਉ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ; ਯਾਨੀ ਉਹ ਹਰ ਰੀਤ ਜਲਾ ਦਿਓ, ਜੋ ਤੁਹਾਨੂੰ ਤੁਹਾਡੇ ਪਿਆਰੇ ਦੀ ਪ੍ਰੀਤ ਤੋਂ ਦੂਰ ਲੈ ਕੇ ਜਾਵੇ।

ਗੁਰਬਾਣੀ ਦੀ ਲੋਏ

ਹੁਣ : ਤੂੰ ਗੁਰਬਾਣੀ ਕਿੰਨੀ ਕੁ ਪੜ੍ਹਦਾ ਏਂ?
ਪਾਤਰ : ਬਚਪਨ ਤੋਂ ਗੁਰਬਾਣੀ ਮੇਰੇ ਅੰਗ ਸੰਗ ਰਹੀ ਹੈ। ਜਦੋਂ ਮੈਂ ਪਹਿਲੀ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਤਾਂ ਮੇਰੇ ਉੱਤੇ ਉਸ ਸਾਰੇ ਦ੍ਰਿਸ਼ ਦਾ ਤੇ ਧੁਨੀ ਦਾ ਬਹੁਤ ਅਸਰ ਹੋਇਆ। ਮੇਰੇ ਅੰਦਰ ਸੁਰ ਅਤੇ ਸ਼ਬਦ, ਅਕਸ ਅਤੇ ਜਲ ਵਾਂਗ ਘੁਲ ਗਏ। ਮੇਰੇ ਪਿਤਾ ਜੀ ਦੀ ਹਰ ਚਿੱਠੀ ਵਿਚ ਗੁਰਬਾਣੀ ਦੇ ਵਾਕ ਮੋਤੀਆਂ ਵਾਂਗ ਜੁੜੇ ਹੁੰਦੇ। ਮੇਰਾ ਪੀ।ਐੱਚ।ਡੀ। ਦਾ ਥੀਸਸ ਵੀ ਨਾਨਕ ਬਾਣੀ ਬਾਰੇ ਹੈ। ਦੁੱਖ-ਸੁੱਖ ਵੇਲੇ ਇਹੋ ਜਿਹੀਆਂ ਸਤਰਾਂ ਬੇੜਾ ਪਾਰ ਕਰਵਾਉਂਦੀਆਂ ਹਨ:

ਪਰਵਾਹ ਨਾਹੀ ਕਿਸੇ ਕੇਰੀ ਬਾਝ ਸਚੇ ਨਾਇ
ਮੈਂ ਜਾਨਿਆ ਦੁਖ ਮੁਝ ਕੋ ਦੁਖ ਸਬਾਇਆ ਜਗ
ਕਹੇ ਰਵੀਦਾਸ ਚਮਾਰਾ
ਸੋਨੇ ਕੀ ਸੂਈ ਰੁਪੇ ਕਾ ਧਾਗਾ,
ਨਾਮੇ ਦਾ ਚਿਤ ਹਰੀ ਨਾਮ ਮੇ ਲਾਗਾ
ਮਿਹਰ ਮਸੀਤ ਸਿਦਕ ਮੁਸਲਾ ਹਕ ਹਲਾਲ ਕੁਰਾਨ

ਗੁਰੂ ਨਾਨਕ ਦਾ ਮਿੱਥ, ਰੀਤ ਜਾਂ ਅਨੁਸ਼ਠਾਨ ਪ੍ਰਤੀ ਖੰਡਨ ਜਾਂ ਕਿਤੇ ਦ੍ਰਿਸ਼ਟਾਂਤ ਵਾਲ਼ਾ ਰਵੱਈਆ ਵੀ ਹੈ ਪਰ ਇਕ ਗੱਲ ਜੋ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ, ਉਹ ਇਹ ਹੈ ਕਿ ਉਹ ਉਸ ਦਾ ਇਸ ਤਰ੍ਹਾਂ ਰੂਪਾਂਤਰਣ ਕਰਦੇ ਹਨ ਇਕ ਕਰਾਮਾਤ ਵਾਂਗ ਉਹ ਰੀਤ ਜਾਂ ਮਿਥ ਕਿਸੇ ਮਹਾਨ ਸਰਬ ਵਿਆਪੀ ਕਦਰ ਕੀਮਤ ਵਿਚ ਤਬਦੀਲ ਹੋ ਜਾਂਦੀ। ਮਿਸਾਲ ਦੇ ਤੌਰ ’ਤੇ ਉਹ ਜਨੇਊ ਪਾਉਣ ਤੋਂ ਇਨਕਾਰ ਨਹੀਂ ਕਰਦੇ। ਉਹ ਕਹਿੰਦੇ ਹਨ : ਹਾਂ ਮੈਂ ਜਨੇਊ ਪਾਉਣਾ ਚਾਹੁੰਦਾ ਹਾਂ ਤੇ ਉਹ ਵੀ ਹਮੇਸ਼ਾ ਹਮੇਸ਼ਾ ਲਈ। ਇਸ ਲਈ ਉਹ ਅਜਿਹਾ ਹੋਵੇ ਕਿ ਨਾ ਕਦੀ ਟੁੱਟੇ, ਨਾ ਮੈਲਾ ਹੋਵੇ, ਚਿਤਾ ਦੀ ਅੱਗ ਵਿਚ ਵੀ ਨ ਜਲੇ। ਕੀ ਇਹੋ ਜਿਹਾ ਜਨੇਊ ਸੰਭਵ ਹੈ। ਹਾਂ? ਸੰਭਵ ਹੈ: ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤ ਵਟ।
ਹੋਰ ਬਹੁਤ ਸਾਰੀਆਂ ਰੀਤਾਂ-ਮਿੱਥਾਂ ਦਾ ਉਹ ਕਾਇਆਕਲਪ ਇਸ ਤਰ੍ਹਾਂ ਹੀ ਕਰਦੇ ਹਨ। ਇਹ ਖੰਡਨ ਸਦਮੇ ਦੀ ਥਾਂ ਸਿਰਜਣਾ ਦਾ ਹੁਲਾਸ ਦੇਂਦਾ ਹੈ: ਹਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ; ਧੌਲ ਧਰਮ ਦਇਆ ਕਾ ਪੂਤ; ਗਗਨ ਮੈ ਥਾਲਿ ਰਵਿ ਚੰਦ ਦੀਪਕ ਬਨੇ। ਅਪਣੇ ਚੁੱਲ੍ਹੇ ਚੌਕੇ ਦੁਆਲੇ ਕਾਰ ਵਾਹ ਕੇ ਬੈਠੀ ਬ੍ਰਾਹਮਣੀ ਨੂੰ ਉਹ ਕਹਿੰਦੇ ਹਨ :

ਕੁਬੁਧਿ ਡੂਮਣੀ, ਕੁਦਇਆ ਕਸਾਇਣ
ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧਿ ਚੰਡਾਲ
ਕਾਰੀ ਕਢੀ ਕਿਆ ਥੀਐ
ਜਾਂ ਚਾਰੇ ਬੈਠੀਆ ਨਾਲਿ॥

ਮੈਂ ਬਹੁਤ ਬਾਰ ਸੋਚਦਾ ਹਾਂ ਕਿ ਉਹ ਪ੍ਰਸਨ ਜੋ ਬਾਬਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾ ਨੂੰ ਪੁੱਛਿਆ ਸੀ :

ਏਤੀ ਮਾਰ ਪਈ ਕੁਰਲਾਣੇ
ਤੈ ਕੀ ਦਰਦ ਨਾ ਆਇਆ?

ਉਸ ਦਾ ਕੋਈ ਜਵਾਬ ਕਰਤਾ ਨੇ ਦਿੱਤਾ ਜਾਂ ਕਿਸੇ ਨੇ ਸੋਚਿਆ ਕਿ ਕਰਤਾ ਜੇ ਜਵਾਬ ਦਿੰਦਾ ਤਾਂ ਕੀ ਦਿੰਦਾ? ਜਾਂ ਕਿ ਉਸਦਾ ਸਵਾਲ ਅਣਜਵਾਬਿਆ ਹੀ ਖਿਲਾਅ ਦੇ ਸੀਨੇ ਵਿੱਚ ਖੁੱਭਿਆ ਹੋਇਆ ਹੈ? ਤਾਂ ਮੈਨੂੰ ਗੁਰਬਾਣੀ ਦੀ ਇਕ ਤੁੱਕ ਵਿੱਚੋਂ ਹੀ ਇਸਦਾ ਜਵਾਬ ਮਿਲਿਆ ਤੇ ਮੈਂ ਲਿਖਿਆ :

ਤੂੰ ਹੀ ਮੇਰੇ ਦਰਦ ਦਇਆ ਦੀ ਜੋਤਿ ਹੈਂ
ਨਾਨਕ ਨੂੰ ਇਹ ਸਬਦ ਕਹੇ ਪਰਮਾਤਮਾ
ਉੱਠ ਧਰਤੀ ਦਾ ਦੁੱਖ ਵੰਡਾ ਓ ਪੂਰਨਾ
ਬਾਝ ਸਪੁੱਤਰਾਂ ਅਉਤ ਰਹੇ ਪਰਮਾਤਮਾ

ਗੁਰਬਾਣੀ ਦੀ ਜਿਸ ਤੁੱਕ ਵਿੱਚੋਂ ਇਹ ਜਵਾਬ ਮਿਲਿਆ ਉਹ ਤੁੱਕ ਮੈਨੂੰ ਯਾਦ ਨਹੀਂ ਪਰ ਉਹਦਾ ਅਰਥ ਕੁਝ ਇਸ ਤਰ੍ਹਾਂ ਹੈ ਕਿ ਭਲੇ ਇਨਸਾਨਾਂ ਨੇ ਹੀ ਪਰਮਾਤਮਾ ਨੂੰ ਸਉਤਰ ਬਣਾਇਆ ਵਰਨਾ ਉਹ ਅਉਤ ਹੀ ਕਹਾਉਂਦਾ ਤੇ ਉਸਦੇ ਕਿੰਨੇ ਕੰਮ ਅਣਕੀਤੇ ਹੀ ਰਹਿ ਜਾਂਦੇ।

ਹੇ ਕਵਿਤਾ ਦੇ ਤੀਰਥ !

ਹੁਣ : ਤੈਨੂੰ ਸਟੇਜ ’ਤੇ ਪਹਿਲੀ ਸਫਲਤਾ ਕਦੋਂ ਮਿਲ਼ੀ?
ਪਾਤਰ : ਪਹਿਲੀ ਵਾਰ ਤਾਂ ਮੈਨੂੰ ਯਾਦ ਨਹੀਂ। ਪਰ ਮੈਂ ਅਪਣੀਆਂ ਦੋ ਯਾਦਾਂ ਕਦੇ ਨਹੀਂ ਭੁੱਲ ਸਕਦਾ। ਇਕ ਯਾਦ ਭਾਰਤ ਭਵਨ ਭੋਪਾਲ ਦੀ ਹੈ। ਸ਼ਾਇਦ 1990 ਦੀ। ਓਥੇ ਭਾਰਤੀ ਕਵਿਤਾ ਉਤਸਵ ਸੀ। ਸਾਰੀਆਂ ਭਾਰਤੀ ਭਾਸ਼ਾਵਾਂ ਦੇ ਕਵੀ ਸ਼ਾਮਿਲ ਸਨ। ਓਥੇ ਮੈਂ ਅਪਣੀਆਂ ਕਵਿਤਾਵਾਂ ਹੁਣ ਘਰਾਂ ਨੂੰ ਪਰਤਣਾ, ਵਜੰਤਰੀ, ਦੋ ਰੁੱਖਾਂ ਦੀ ਗੁਫ਼ਤਗੂ, ਕਵੀ ਦੀ ਹੱਤਿਆ ਤੇ ਘਰਰ ਘਰਰ, ਮੈਂ ਤੁਰਦਾ ਹਾਂ ਤੇ ਮੇਰੇ ਵੱਲ, ਉਡੀਕ ਮੇਰੀ, ਬੁੱਧ ਪੂਰਣਿਮਾ ਤੇ ਹਜ਼ਾਰਾਂ ਪਰਿੰਦੇ ਪੜ੍ਹੀਆਂ। ਇਹਨਾਂ ਦੇ ਹਿੰਦੀ ਅਨੁਵਾਦ ਤੇਜੀ ਗਰੋਵਰ ਨੇ ਪੜ੍ਹੇ। ਮੇਰਾ ਨਹੀਂ ਖ਼ਿਆਲ, ਮੈਨੂੰ ਜ਼ਿੰਦਗੀ ਵਿਚ ਕਦੀ ਏਨੀ ਪ੍ਰਸ਼ੰਸਾ ਮਿਲ਼ੀ ਹੋਵੇ। ਬਾਅਦ ਵਿਚ ਕਿਸੇ ਨੇ ਗ਼ਜ਼ਲ ਦੀ ਫ਼ਰਮਾਇਸ਼ ਕੀਤੀ ਤਾਂ ਮੈਂ ਇਹ ਗ਼ਜ਼ਲ ਪੜ੍ਹੀ ਸੀ :

ਕੂ ਹੂ ਕੂ ਹੂ ਦੇ ਸਮਝੇ ਅਰਥ ਅਰੇ
ਬੰਸਰੀ ਨਾਲ਼ ਬਹਿਸ ਕੌਣ ਕਰੇ
ਖੜਕ ਹੋਵੇ ਜੇ ਡਿੱਗੇ ਪੱਤਾ ਵੀ
ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ
ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ
ਡਾਲੀ ਡਾਲੀ ’ਚੋਂ ਪੁੰਗਰੇ ਹਰਫ਼ ਹਰੇ

ਦੂਸਰੀ ਯਾਦ ਅੰਤਰ-ਰਾਸ਼ਟਰੀ ਕਵਿਤਾ ਉਤਸਵ, ਮੈਦੇਯਿਨ (ਕੋਲੰਬੀਆ) ਦੀ ਹੈ। ਉਹ ਉਤਸਵ ਸੱਤ ਦਿਨ ਚੱਲਿਆ। ਇਸ ਵਿਚ ਪੰਜਾਹ ਮੁਲਕਾਂ ਦੇ ਕਵੀਆਂ ਨੇ ਹਿੱਸਾ ਲਿਆ। ਇਸ ਬਾਰੇ ਮੈਂ ਲੰਮਾ ਲੇਖ ਵੀ ਲਿਖਿਆ ਸੀ: ਹੇ ਕਵਿਤਾ ਦੇ ਤੀਰਥ। ਇਸ ਵਿਚ ਸ਼ਾਮਲ ਹੋਣ ਵਾਲ਼ੇ ਹਰ ਕਵੀ ਨੇ ਅਪਣੀਆਂ ਵੀਹ-ਵੀਹ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਭੇਜੇ ਸਨ, ਜਿਨ੍ਹਾਂ ਦੇ ਸਪੈਨਿਸ਼ ਅਨੁਵਾਦ ਉਨ੍ਹਾਂ ਨੇ ਉਤਸਵ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਵਾ ਲਏ ਸਨ। ਕਵੀ ਅਪਣੀ ਮੂਲ ਭਾਸ਼ਾ ਵਿਚ ਕਵਿਤਾ ਪੜ੍ਹਦਾ ਸੀ; ਬਾਅਦ ਵਿਚ ਉਸ ਦਾ ਸਪੇਨੀ ਅਨੁਵਾਦ ਪੜ੍ਹਿਆ ਜਾਂਦਾ ਸੀ। ਮੈਦੇਯਿਨ ਦੇ ਉਤਸਵ ਵਿਚ ਮਿਲ਼ੇ ਪਿਆਰ ਨੂੰ ਯਾਦ ਕਰ ਕੇ ਮੈਂ ਮਿਆਮੀ ਏਅਰਪੋਰਟ ’ਤੇ ਭਿੱਜੀਆਂ ਅੱਖਾਂ ਨਾਲ਼ ਇਹ ਕਵਿਤਾ ਲਿਖੀ ਸੀ :

ਤੂੰ ਮੈਨੂੰ ਬਹੁਤ ਯਾਦ ਆਉਂਦਾ ਏਂ
ਓ ਕਵਿਤਾ ਦੇ ਤੀਰਥ ਮੈਦੇਯਿਨ
ਓ ਸਰੋਤਿਆਂ ਦੇ ਰੰਗਲੇ, ਰਸੀਲੇ, ਸੁਰੀਲੇ ਸਮੁੰਦਰ
ਓ ਕਵਿਤਾ ਦੇ ਹਰੇਕ ਸ਼ਬਦ ਨਾਲ਼ ਵੱਜਦੇ ਮਹਾਨ ਸਾਜ਼
ਮੈਂ ਤੈਨੂੰ ਬਹੁਤ ਯਾਦ ਕਰਦਾ ਹਾਂ
ਤੂੰ ਮੈਨੂੰ ਕਿਸ ਤਰ੍ਹਾਂ ਵਲ਼ ਲਿਆ ਸੀ
ਅਪਣੀਆਂ ਹਜ਼ਾਰ ਹਜ਼ਾਰ ਬਾਹਵਾਂ ਵਿਚ
ਤੂੰ ਇਕ ਇਕ ਸ਼ਬਦ ਨਾਲ਼
ਸਮੁੰਦਰ ਵਾਂਗ ਉਛਲਿਆ
ਓ ਮੈਦੇਯਿਨ
ਤੇਰੀਆਂ ਭੋਲ਼ੀਆਂ ਹਿਰਨ ਵਰਗੀਆਂ ਹਜ਼ਾਰਾਂ ਅੱਖਾਂ
ਮੇਰੇ ਨਾਲ਼ ਨਮ ਹੋਈਆਂ
ਉਦਾਸੀ ਤੇ ਖ਼ੁਸ਼ੀ ਨਾਲ਼
ਇਕ ਵਾਕ ਦੇ ਮੋੜ ਨਾਲ਼
ਤੇਰੇ ਸਰੋਤੇ
ਹਰੀਆਂ ਅੱਖਾਂ ਵਾਲ਼ੇ ਬਿਰਖ ਬਣ ਗਏ
ਇਕ ਸਤਰ ਦੇ ਤੇਵਰ ਨਾਲ਼
ਫਲਾਂ ਨਾਲ਼ ਭਰ ਗਏ ਤੇਰੇ ਬਿਰਖ।

ਹੁਣ : ਸ਼ਿਵ ਕੁਮਾਰ ਦੇ ਹੁੰਦਿਆਂ ਤੇਰੀ ਬਹੁਤੀ ਪੁੱਛ ਪਰਤੀਤ ਨਾ ਹੋਈ। ਇਹਦਾ ਕਾਰਣ ਤੂੰ ਕੀ ਸਮਝਦਾ ਏਂ?
ਪਾਤਰ : ਮੇਰੀ ਪਹਿਲੀ ਪੁਸਤਕ ਸ਼ਿਵ ਕੁਮਾਰ ਦੇ ਦੇਹਾਂਤ ਤੋਂ ਛੇ ਸਾਲ ਬਾਅਦ ਪ੍ਰਕਾਸ਼ਤ ਹੋਈ। ਪੁੱਛ ਪਰਤੀਤ ਕਾਹਦੇ ਸਿਰ ’ਤੇ ਹੁੰਦੀ? ਸ਼ਿਵ ਬਹੁਤ ਪਿਆਰਾ ਇਨਸਾਨ ਤੇ ਵੱਡਾ ਕਵੀ ਸੀ। ਮੈਨੂੰ ਕ੍ਰਿਸ਼ਨ ਅਦੀਬ ਨੇ ਸ਼ਿਵ ਦੇ ਦੇਹਾਂਤ ਤੋਂ ਕਈ ਸਾਲਾਂ ਬਾਅਦ ਇਹ ਗੱਲ ਦੱਸੀ ਕਿ ਤੇਰੇ ਕਾਲਜ ਵਿਚ ਜੋ ਮੁਸ਼ਾਇਰਾ ਹੋਇਆ ਸੀ, ਓਥੇ ਕਿਸੇ ਪੰਜਾਬੀ ਕਵੀ ਨੇ ਤੇ ਮੈਂ ਉਸ ਨੂੰ ਹੂਟ ਕਰਨ ਦੀ ਕੋਸ਼ਿਸ਼ ਕੀਤੀ। ਜਦ ਉਹਨੇ ਅਪਣਾ ਗੀਤ: ਮਾਏ ਨੀ ਮਾਏ, ਮੈਂ ਇਕ ਸ਼ਿਕਰਾ ਯਾਰ ਬਣਾਇਆ, ਸ਼ੁਰੂ ਕੀਤਾ ਤਾਂ ਮੈਂ ਸ਼ਿਕਰੇ ਨੂੰ ਫ਼ੁਕਰਾ ਬਣਾ ਕੇ ਸਤਰ ਦੁਹਰਾਈ। ਪਰ ਅਸੀਂ ਉਸ ਨੂੰ ਹੂਟ ਕਰਨ ਵਿਚ ਕਾਮਯਾਬ ਨਾ ਹੋਏ। ਉਦੋਂ ਤਕ ਮੈਂ ਉਸ ਨੂੰ ਪੜ੍ਹਿਆ ਨਹੀਂ ਸੀ। ਬੱਸ ਪੰਜਾਬੀ ਕਵੀਆਂ ਦੇ ਕਹੇ-ਕਹਾਏ ਮੈਂ ਵੀ ਉਸ ਨੂੰ ਕੋਈ ਵਧੀਆ ਕਵੀ ਨਹੀਂ ਸੀ ਮੰਨਦਾ। ਪਰ ਹੁਣ ਮੈਂ ਉਹਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਪੜ੍ਹੀਆਂ। ਬਹੁਤ ਵਧੀਆ ਕਵੀ ਸੀ। ਮੈਨੂੰ ਤਾਂ ਹੁਣ ਪਤਾ ਲੱਗਾ, ਉਹਦੇ ਮਰਨ ਤੋਂ ਏਨੇ ਸਾਲਾਂ ਬਾਅਦ। ਕ੍ਰਿਸ਼ਨ ਅਦੀਬ ਦੇ ਹੱਥ ਵਿਚ ਸ਼ਿਵ ਕੁਮਾਰ ਦੀ ਸਮੁੱਚੀ ਰਚਨਾ ਵਾਲ਼ੀ ਕਿਤਾਬ ਸੀ।

ਇਕ ਲੱਖ ਦਾ ਇਨਾਮ

ਹੁਣ : ਕੁਝ ਚਿਰ ਪਹਿਲਾਂ ਭਾਸ਼ਾ ਵਿਭਾਗ ਵੱਲੋਂ ਮਿਲੇ ਇਨਾਮ ਬਾਰੇ ਤੇਰੀ ਦਿਖਾਈ ਦੁਚਿੱਤੀ ਦਾ ਬੜਾ ਜ਼ਿਕਰ ਹੋਇਆ ਸੀ। ਇਨਾਮਾਂ ਬਾਰੇ ਤੇਰੀ ਕੀ ਸੋਚ ਹੈ?
ਪਾਤਰ : ਸ਼ੁਕਰ ਹੈ ਤੂੰ ਇਹ ਗੱਲ ਛੇੜੀ। ਮੈਂ ਪਿਛਲੀ ਵਾਰ ਕੈਨੇਡੇ ਗਿਆ, ਤਾਂ ਮੇਰੇ ਦੋਸਤ ਹਰਦੇਵ ਵਿਰਕ ਦੇ ਘਰ ਸਾਧੂ ਭਾ ਜੀ ਮੈਨੂੰ ਕਹਿਣ ਲੱਗੇ: ਪਾਤਰ ਤੈਨੂੰ ਤੇ ਤੇਰੀ ਸ਼ਾਇਰੀ ਨੂੰ ਅਸੀਂ ਬੇਹੱਦ ਪਿਆਰ ਕਰਦੇ ਹਾਂ। ਪਰ ਤੇਰੀ ਇਕ ਗੱਲ ਨੇ ਸਾਨੂੰ ਬਹੁਤ ਦੁੱਖ ਦਿੱਤਾ। ਸਾਡੇ ਕੋਲ਼ ਕੋਈ ਜਵਾਬ ਨਹੀਂ ਸੀ, ਜਦੋਂ ਇੰਡੀਆ ਤੋਂ ਆਏ ਕਿਸੇ ਆਲੋਚਕ ਨੇ ਸਾਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ‘ਤੁਹਾਡੇ ਚਹੇਤੇ ਪਾਤਰ ਨੇ ਪਹਿਲਾਂ ਭਾਸ਼ਾ ਵਿਭਾਗ ਦੇ ਪੁਰਸਕਾਰ ਤੋਂ ਇਨਕਾਰ ਕੀਤਾ ਤੇ ਫਿਰ ਲੈ ਵੀ ਲਿਆ।’ ਮੈਂ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ। ਹੈਰਾਨ ਇਸ ਲਈ ਹੋਇਆ ਕਿ ਦੁਨੀਆ ਵਿਚ ਤੁਹਾਡੇ ਕੈਸੇ ਕੈਸੇ ਮਿਹਰਬਾਨ ਹਨ ਤੇ ਖ਼ੁਸ਼ ਇਸ ਗੱਲੋਂ ਹੋਇਆ ਕਿ ਮੇਰੇ ਪਿਆਰੇ ਦੋਸਤਾਂ ਦੇ ਦਿਲਾਂ ’ਚੋਂ ਚੁਭਦਾ ਜ਼ਹਿਰੀ ਕੰਡਾ ਨਿਕਲ ਜਾਵੇਗਾ, ਜਦੋਂ ਉਹ ਮੇਰੇ ਮੂੰਹੋਂ ਇਹ ਅਸਲੀਅਤ ਸੁਣਨਗੇ ਕਿ ਮੈਂ ਇਨਾਮ ਨਹੀਂ ਲਿਆ ਸੀ।

ਪੂਰਾ ਕਿੱਸਾ ਇਸ ਤਰ੍ਹਾਂ ਹੈ ਮੈਨੂੰ ਅਮਰਜੀਤ ਗਰੇਵਾਲ਼ ਨੇ ਚੰਡੀਗੜ੍ਹ ਤੋਂ ਫ਼ੋਨ ’ਤੇ ਦੱਸਿਆ ਕਿ ਅੱਜ ਮੀਟਿੰਗ ਸੀ; ਤੈਨੂੰ ਸ਼੍ਰੋਮਣੀ ਕਵੀ ਦਾ ਇਨਾਮ ਦੇਣ ਦਾ ਫ਼ੈਸਲਾ ਹੋ ਗਿਆ। ਇਹ ਫ਼ੈਸਲਾ ਕਰਾਉਣ ਵਿਚ ਅਮਰਜੀਤ ਗਰੇਵਾਲ਼ ਦਾ ਵੀ ਜ਼ਰੂਰ ਯੋਗਦਾਨ ਸੀ ਕਿਉਂਕਿ ਉਹ ਵੀ ਉਸ ਮੀਟਿੰਗ ਵਿਚ ਸ਼ਾਮਲ ਸੀ।
ਦੂਜੇ ਦਿਨ ਅਖ਼ਬਾਰਾਂ ਵਿਚ ਸਾਰੇ ਸ਼੍ਰੋਮਣੀਆਂ ਦੇ ਨਾਮ ਆ ਗਏ। ਉਨ੍ਹਾਂ ਵਿਚੋਂ ਦੋ ਪਰਦੇਸ ਵਸਦੇ ਲੇਖਕਾਂ ਦੇ ਨਾਵਾਂ ਦੀ ਚਰਚਾ ਹੁੰਦੀ ਰਹੀ। ਕਿਸੇ ਨੂੰ ਪਤਾ ਨਹੀਂ ਸੀ ਇਹ ਕੌਣ ਹਨ। ਕਹਿੰਦੇ ਹਨ ਕਿ ਇਹ ਦੋਵੇਂ ਨਾਮ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਮਨਿਸਟਰ ਸ. ਮਨਜੀਤ ਸਿੰਘ ਕਲਕੱਤਾ ਨੇ ਆਪ ਪੁਆਏ ਸਨ।
ਕੁਝ ਦਿਨਾਂ ਬਾਅਦ ਚੰਡੀਗੜ੍ਹ ਸ਼ਾਇਰ ਜੋਗਾ ਸਿੰਘ ਦੀ ਬੇਟੀ ਰੇਸ਼ਮਾ ਦੀ ਸ਼ਾਦੀ ਸੀ। ਉਸ ਵਿਚ ਬਹੁਤ ਸਾਰੇ ਲੇਖਕ ਸ਼ਾਮਿਲ ਸਨ। ਉਨ੍ਹਾਂ ਵਿਚ ਰਮਾ ਰਤਨ ਵੀ ਸੀ, ਆਤਮਜੀਤ ਸਿੰਘ ਨਾਟਕਕਾਰ ਵੀ ਸੀ, ਸ਼ਾਮ ਸਿੰਘ ਵੀ ਸੀ, ਅਜਮੇਰ ਸਿੰਘ ਔਲਖ ਵੀ ਸੀ। ਉਨ੍ਹਾਂ ਸਾਰਿਆਂ ਮੈਨੂੰ ਇਕੱਠੇ ਹੋ ਕੇ ਕਿਹਾ ਕਿ ਮੈਨੂੰ ਇਹ ਇਨਾਮ ਨਹੀਂ ਲੈਣਾ ਚਾਹੀਦਾ। ਨਾਲ਼ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਤੂੰ ਇਨਾਮ ਨਾ ਲਵੇਂ, ਤਾਂ ਅਸੀਂ ਐਸੀ ਲਹਿਰ ਪੈਦਾ ਕਰ ਦੇਵਾਂਗੇ, ਜੋ ਵਜ਼ੀਰ ਸਾਹਿਬ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਕਰਵਾ ਕੇ ਛੱਡੇਗੀ। ਭੁਪਿੰਦਰ ਮੇਰੀ ਪਤਨੀ ਨੂੰ ਵੀ ਰਮਾ ਨੇ ਸਹਿਮਤ ਕਰ ਲਿਆ। ਮੈਂ ਲਿਖਤੀ ਰੂਪ ਵਿਚ ਇਨਾਮ ਨੂੰ ਠੁਕਰਾਉਣ ਦਾ ਐਲਾਨ ਕਰ ਦਿੱਤਾ। ਫਿਰ ਕੀ ਸੀ? ਅਖ਼ਬਾਰਾਂ ਵਿਚ ਵਾਵੇਲਾ ਸ਼ੁਰੂ ਹੋ ਗਿਆ। ਕੁਝ ਮੇਰੇ ਖ਼ਿਲਾਫ਼, ਕੁਝ ਹੱਕ ਵਿਚ। ਕਿਸੇ ਨੇ ਇਸ ਨੂੰ ਮੇਰੀ ਹਉਮੈ ਕਿਹਾ। ਕਿਸੇ ਨੇ ਲਾਈਲੱਗਤਾ। ਮੈਨੂੰ ਯਾਦ ਹੈ ਕਿ ਸਿਰਫ਼ ਅਜੀਤ ਦੇ ਬਲਜੀਤ ਸਿੰਘ ਬੱਲੀ ਦਾ ਆਰਟੀਕਲ ਮੇਰੇ ਹੱਕ ਵਿਚ ਸੀ। ਮੇਰੇ ’ਤੇ ਸਰਕਾਰ ਨੇ ਵੀ ਕੁਝ ਦੋਸਤਾਂ ਰਾਹੀਂ ਦਬਾਅ ਪਾਏ। ਮੈਂ ਇਸ ਸਭ ਕੁਝ ਦੇ ਉੱਤਰ ਵਿਚ ਖ਼ਤ ਅਖ਼ਬਾਰ ਵਿਚ ਲਿਖਿਆ ਸੀ ਕਿ ਮੈਂ ਇਨਾਮ ਲੈ ਸਕਦਾ ਹਾਂ, ਪਰ ਜੇ ਭਾਸ਼ਾ ਵਿਭਾਗ ਪੁਰਸਕਾਰ ਦੇਣ ਦੀ ਵਿਧੀ ਨੂੰ ਤਬਦੀਲ ਕਰੇ ਤੇ ਪੰਜਾਬੀ ਦੀਆਂ ਮੁਅਤਬਰ ਸੰਸਥਾਵਾਂ-ਕੇਂਦਰੀ ਪੰਜਾਬੀ ਲੇਖਕ ਸਭਾਵਾਂ ਤੇ ਪੰਜਾਬੀ ਸਾਹਿਤ ਅਕਾਡਮੀ ਮੈਨੂੰ ਆਦੇਸ਼ ਦੇ ਦੇਵੇ।
ਇਸ ਦੇ ਪ੍ਰਤੀਕਰਮ ਵਜੋਂ ਸਰਕਾਰ ਨੇ ਸਾਰੇ ਸ਼੍ਰੋਮਣੀ ਪੁਰਸਕਾਰਾਂ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ ਇਕ ਲੱਖ ਕਰ ਦਿੱਤੀ। ਫਿਰ ਪੁਰਸਕਾਰ ਸਮਾਰੋਹ ਦਾ ਦਿਨ ਆ ਗਿਆ। ਇਹ ਅਮ੍ਰਿਤਸਰ ਹੋਣਾ ਸੀ। ਪਟਿਆiਲ਼ਓਂ ਚੱਲਣ ਲੱਗਿਆਂ ਮੈਨੂੰ ਭਾਸ਼ਾ ਵਿਭਾਗ ਦੇ ਡਾਇਰੈਕਟਰ ਮਦਨ ਲਾਲ ਹਸੀਜਾ ਦਾ ਫ਼ੋਨ ਆਇਆ। ਕਹਿਣ ਲੱਗੇ: ਮੈਂ ਲੁਧਿਆਣੇ ਥਾਣੀਂ ਲੰਘਣਾ ਹੈ, ਤੁਸੀਂ ਕਿਰਪਾ ਕਰ ਕੇ ਮੇਰੇ ਨਾਲ਼ ਹੀ ਚੱਲੋ। ਮੈਂ ਕਿਹਾ: ਜੇ ਮੈਂ ਹੁਣ ਪੁਰਸਕਾਰ ਲਵਾਂ, ਉਸ ਦਾ ਤਾਂ ਮਤਲਬ ਏਹੀ ਨਿਕਲ਼ੇਗਾ ਕਿ ਮੈਨੂੰ ਇੱਕੀ ਹਜ਼ਾਰ ਦਾ ਪੁਰਸਕਾਰ ਮਨਜ਼ੂਰ ਨਹੀਂ ਸੀ, ਇਕ ਲੱਖ ਦਾ ਮਨਜ਼ੂਰ ਹੈ। ਸੋ ਮੈਂ ਇਹ ਪੁਰਸਕਾਰ ਪ੍ਰਵਾਨ ਨਹੀਂ ਕੀਤਾ।

ਹੁਣ  : ਤੇਰੇ ਭਰਾ ਦੀਦਾਰ ਪਰਦੇਸੀ ਤੇ ਹੋਰ ਕਈਆਂ ਨੇ ਤੇਰੀਆਂ ਗ਼ਜ਼ਲਾਂ ਗਾਈਆਂ। ਤੇਰੀ ਕੋਈ ਗ਼ਜ਼ਲ ਕਿਸੇ ਜਗਜੀਤ ਸਿੰਘ ਦੀ ਨਜ਼ਰ ਕਿਉਂ ਨਾ ਚੜ੍ਹੀ?
ਪਾਤਰ : ਮੇਰੇ ਭਰਾ ਦੀਦਾਰ ਤੇ ਉਪਕਾਰ ਨੇ ਵੀ ਮੇਰੀਆਂ ਗ਼ਜ਼ਲਾਂ ਗਾਈਆਂ ਹਨ। ਹੰਸ ਰਾਜ ਹੰਸ ਨੇ ਵੀ ਦੋ ਗੀਤ ਤੇ ਇਕ ਗ਼ਜ਼ਲ ਗਾਈ ਹੈ। ਜਗਜੀਤ ਸਿੰਘ ਨੇ ਵੀ ਇਕ ਗੀਤ ਗਾਇਆ ਹੈ, ਗ਼ਜ਼ਲ ਨਹੀਂ। ਗਾਇਕ ਵੀ ਤੇ ਕੈਸਿਟ ਕੰਪਨੀਆਂ ਵਾਲ਼ੇ ਵੀ ਚਾਹੁੰਦੇ ਹਨ ਕਿ ਗੀਤ ਗਾਉਣੇ ਤਾਂ ਪੰਜਾਬੀ ਦੇ ਗਾਓ ਗ਼ਜ਼ਲ ਉਰਦੂ ਦੀ। ਉਨ੍ਹਾਂ ਦਾ ਇਹ ਸੋਚਣਾ ਜਾਇਜ਼ ਹੈ, ਕਿਉਂਕਿ ਉਰਦੂ ਗ਼ਜ਼ਲ ਅੱØਧਿਓਂ ਵੱਧ ਭਾਰਤ ਨੂੰ ਸਮਝ ਆਉਂਦੀ ਹੈ। ਪੰਜਾਬੀ ਦੇ ਸਰੋਤਿਆਂ ਬਾਰੇ ਕਿਸੇ ਨੇ ਗੱਲ ਸੁਣਾਈ ਕਿ ਜਗਜੀਤ ਉਰਦੂ ਗ਼ਜ਼ਲਾਂ ਗਾ ਰਿਹਾ ਸੀ ਤਾਂ ਕਿਸੇ ਨੇ ਕਿਹਾ: ਪੰਜਾਬੀ ਪੰਜਾਬੀ। ਜਗਜੀਤ ਨੇ ਅਗਲਾ ਗੀਤ ਸ਼ਿਵ ਦਾ ਸ਼ੁਰੂ ਕਰ ਲਿਆ, ਪਰ ਉਸ ਸਰੋਤੇ ਨੇ ਫਿਰ ਏਹੀ ਰੱਟ ਲਾਈ ਰੱਖੀ: ਪੰਜਾਬੀ ਪੰਜਾਬੀ। ਜਗਜੀਤ ਸਮਝ ਗਿਆ ਕਿ ਇਹ ਕੋਈ ਨੱਚਣ-ਟੱਪਣ ਵਾਲ਼ਾ ਗੀਤ ਚਾਹੁੰਦਾ ਹੈ। ਉਹ ਕਹਿਣ ਲੱਗਾ: ਭਾਈ ਸਾਹਿਬ ਅਗਲੀ ਵਾਰ ਹਾਰਮੋਨੀਅਮ ਦੀ ਥਾਂ ਢੋਲ ਲੈ ਕੇ ਆਵਾਂਗਾ, ਫਿਰ ਸੁਣਾਵਾਂਗਾ ਪੰਜਾਬੀ। ਇਸ ਵਾਰ ਤੁਸੀਂ ਉਰਦੂ ਹੀ ਸੁਣੋ।

ਐ ਗ਼ਜ਼ਲ ਵਸੇਂ ਤੂੰ ਸਾਹੀਂ

ਹੁਣ : ਗ਼ਜ਼ਲ ਦੇ ਸ਼ਿਅਰਾਂ ਤੇ ਬਣਤਰ ਦੀ ਤੜਾਗੀ ਵਿਸ਼ਾਲ ਖ਼ਿਆਲਾਂ ਦੇ ਫਿੱਟ ਨਹੀ ਆਉਂਦੀ। ਇਕ ਵਾਰ ਤਾਂ ਗ਼ਾਲਿਬ ਵੀ ਇਸ ਨਾਲ਼ ਸਹਿਮਤ ਹੋ ਗਿਆ ਸੀ। ਤੂੰ ਕੀ ਕਹਿੰਦਾ ਏਂ?
ਪਾਤਰ : ਗ਼ਾਲਿਬ ਹੋਰਾਂ ਦਾ ਸ਼ਿਅਰ ਹੈ :

ਬਕਦਰਿ – ਸ਼ੌਕ ਨਹੀਂ ਜ਼ਰਫ਼ ਤੰਗਹਾਇ ਗ਼ਜ਼ਲ
ਕੁਛ ਔਰ ਚਾਹੀਏ ਵੁਸਅਤ ਮੇਰੇ ਬਿਆਂ ਕੇ ਲਿਏ

ਯਾਨੀ ਗ਼ਜ਼ਲ ਦਾ ਛੋਟਾ ਵਿੱਤ ਮੇਰੇ ਸ਼ੌਕ ਮੁਤਾਬਿਕ ਨਹੀਂ। ਮੇਰੇ ਬਿਆਨ ਨੂੰ ਕੁਝ ਹੋਰ ਵਿਸ਼ਾਲਤਾ ਚਾਹੀਦੀ ਹੈ। ਪਰ ਕਾਵਿ-ਰੂਪ ਕਿਸੇ ਨੇ ਕਵੀ ਉੱਪਰ ਠੋਸਿਆ ਨਹੀਂ ਹੁੰਦਾ। ਇਹ ਉਹਦੇ ਜੀਵਨ ਦਾ, ਸੋਚ ਦਾ ਅਤੇ ਮਾਨਿਸਕਤਾ ਦਾ ਹਿੱਸਾ ਹੁੰਦਾ ਹੈ। ਗ਼ਾਲਿਬ ਨੇ ਲੰਮੇ-ਲੰਮੇ ਕLਸੀਦੇ ਵੀ ਲਿਖੇ। ਉਸ ਦੇ ਬਿਆਨ ਨੂੰ ਵੁਸਅਤ ਦੀ ਲੋੜ ਸੀ, ਤਾਂ ਉਹ ਮਸਨਵੀ ਵੀ ਲਿਖ ਸਕਦਾ ਸੀ।
ਬਾਬਾ ਫ਼ਰੀਦ ਨੇ ਦੋ ਸਤਰਾਂ ਵਿਚ ਦੋ ਜਹਾਨਾਂ ਦੀ ਅੱਗ ਸਮੇਟ ਦਿੱਤੀ। ਹਾਇਕੂ ਦੇਖ ਲਓ। ਪੰਜਾਬੀ ਦੀ ਡੇਢ ਤੁਕੀ ਬੋਲੀ ਦੇਖ ਲਓ।
ਗ਼ਾਲਿਬ ਗ਼ਜ਼ਲ ਦੇ ਬਹਾਨੇ ਇਸ ਤੋਂ ਕੁਝ ਹੋਰ ਵੀ ਗੱਲ ਕਰ ਰਿਹਾ ਹੈ। ਪੂਰਨ ਸਿੰਘ ਤਾਂ ਕਹਿੰਦਾ: ਮੈਥੋਂ ਖੁੱਲ੍ਹੀ ਕਵਿਤਾ ਵਿਚ ਵੀ ਨਹੀਂ ਬੰਨਿ੍ਹਆ ਜਾ ਰਿਹਾ ਸਭ ਕੁਝ। ਗੁਰੂ ਨਾਨਕ ਸਾਹਿਬ ਲਿਖਦੇ ਹਨ ਕਿ ਜੇ ਸਾਰੀ ਧਰਤੀ ਕਾਗਦ ਹੋਵੇ ਤੇ ਸਾਰੇ ਸਮੁੰਦਰ ਦਾ ਜਲ ਸਿਆਹੀ ਬਣ ਜਾਵੇ, ਤਾਂ ਵੀ ਨਹੀਂ ਲਿਖੇ ਜਾ ਸਕਦੇ ਕਾਦਰ ਦੇ ਗੁਣ।
ਮੈਂ ਅਪਣੀਆਂ ਗ਼ਜ਼ਲਾਂ ਦੀ ਪਹਿਲੀ ਕਿਤਾਬ ਦੇ ਸ਼ੁਰੂ ਵਿਚ ਲਿਖਿਆ ਸੀ ਕਿ ਗ਼ਜ਼ਲ ਨਾਲ਼ ਮੇਰਾ ਪਿਆਰ ਤੇ ਨਫ਼ਰਤ ਦਾ ਰਿਸ਼ਤਾ ਹੈ। ਪਰ ਹੁਣ ਪਿੱਛਲਝਾਤ ਮਾਰਦਾ ਹਾਂ, ਤਾਂ ਸੋਚਦਾ ਹਾਂ ਕਿ ਮੇਰੀ ਕਵਿਤਾ ਦਾ ਕਾਫ਼ੀ ਅਹਿਮ ਹਿੱਸਾ ਮੇਰੀਆਂ ਗ਼ਜ਼ਲਾਂ ਵਿਚ ਵੀ ਹੈ :

ਤੇਰੇ ਲਫ਼ਜ਼ ਨੇ ਲਹੂ ਵਿਚ
ਤੇਰਾ ਰਾਗ ਹੈ ਰਗਾਂ ਵਿਚ
ਐ ਗ਼ਜ਼ਲ ਵਸੇਂ ਤੂੰ ਸਾਹੀਂ
ਤੇਰੇ ਤੋਂ ਕੀ ਲੁਕੋਅ ਹੈ?

ਹੁਣ : ਪਾਸ਼ ਤੈਨੂੰ ਵੱਡਾ ਕਵੀ ਮੰਨਦਾ ਸੀ। ਤੇਰੀ ਅਪਣੀ ਪਾਸ਼ ਬਾਰੇ ਕੀ ਰਾਏ ਹੈ?
ਪਾਤਰ : ਪਾਸ਼ ਬਹੁਤ ਪਿਆਰਾ ਸ਼ਖ਼ਸ ਤੇ ਵੱਡਾ ਕਵੀ ਸੀ। ਉਹਨੇ ਪੰਜਾਬੀ ਨੂੰ ਨਵਾਂ ਮੁਹਾਣ ਦਿੱਤਾ। ਉਹ ਚੀਜ਼ਾਂ, ਜਿਨ੍ਹਾਂ ਨੂੰ ਆਮ ਤੌਰ ’ਤੇ ਕਾਵਿਕ ਨਹੀਂ ਮੰਨਿਆ ਜਾਂਦਾ, ਉਨ੍ਹਾਂ ਵਿਚੋਂ ਕਵਿਤਾ ਪੈਦਾ ਕਰ ਦੇਣੀ, ਇਹ ਉਸਦਾ ਵੱਡਾ ਕਮਾਲ ਸੀ। ਉਹ ਬਾਕੀਆਂ ਨੂੰ ਵੀ ਪੜ੍ਹਦਾ-ਘੋਖਦਾ ਰਹਿੰਦਾ ਸੀ। ਉਹ ਸਵੈ- ਕੇਂਦ੍ਰਿਤ ਨਹੀਂ ਸੀ। ਪਿੰਡ ਨੂੰ ਵੀ ਜਿੰਨੀ ਅਪਣੱਤ, ਅਸਲੀਅਤ ਤੇ ਕਾਵਿਕਤਾ ਨਾਲ਼ ਉਹਨੇ ਦੇਖਿਆ ਹੋਰ ਕੋਈ ਕਵੀ ਨਹੀਂ ਦੇਖ ਸਕਿਆ। ਉਹ ਹਰ ਪਲ ਸੁਲਗਦਾ ਤੜਪਦਾ, ਅਪਣੇ ਆਪ ਨੂੰ ਤੇ ਜੱਗ ਜਹਾਨ ਨੂੰ ਨਿਹਾਰਦਾ ਸੀ।

ਸ਼ਿੱਦਤ, ਸ਼ਿਲਪ, ਸ਼ੋਰ, ਸ਼ਾਇਰੀ

ਹੁਣ : ਕੀ ਤੂੰ ਕਵਿਤਾ ਨੂੰ ਧੁਰੋਂ ਉਤਰੀ ਮੰਨਦਾ ਹੈਂ ਕਿ ਸ਼ਿਲਪਕਾਰੀ?
ਪਾਤਰ : ਧੁਰੋਂ, ਧੁਰ-ਅੰਦਰੋਂ, ਸ਼ਿੱਦਤ, ਸ਼ਿਲਪ, ਸ਼ਊਰ ਇਹ ਸਭ ਕੁਝ ਘੁiਲ਼ਆ-ਮਿiਲ਼ਆ ਹੀ ਹੈ। ਮੈਂ ਜਦੋਂ ਯਾਦ ਕਰਦਾ ਹਾਂ, ਤਾਂ ਵੇਖਦਾ ਹਾਂ ਕਿ ਮੈਂ ਬਹੁਤ ਕਵਿਤਾਵਾਂ ਅਚਨਚੇਤ ਤੇ ਨਿਰੰਤਰ ਲਿਖੀਆਂ ਹਨ। ਮੈਂ ਜਦੋਂ ਪਹਿਲੀ ਵਾਰ ਯੂ.ਕੇ. ਗਿਆ, ਤਾਂ ਇਕ ਦਿਨ ਕੀ ਹੋਇਆ ਕਿ ਦਿਨੇ ਕੋਈ ਸੈਮੀਨਾਰ ਸੀ ਜਿੱਥੇ ਅਮਰਜੀਤ ਚੰਦਨ ਨੇ ਪਰਚਾ ਪੜ੍ਹਿਆ ਸੀ। ਰਾਤੀਂ ਮਹਿਫ਼ਲ ਸੀ ਸੁਰਿੰਦਰ ਸੀਹਰੇ ਦੇ ਘਰ। ਕੋਈ ਬਹਿਸ ਵੀ ਹੋਈ ਤੇ ਕੁਝ ਦੋਸਤਾਂ ਵਿਚਕਾਰ ਕੁੜੱਤਣ ਵੀ। ਮੈਂ ਸੁਰਿੰਦਰ ਦੇ ਘਰ ਹੀ ਰਹਿਣਾ ਸੀ। ਉਸ ਦੇ ਚੁਬਾਰੇ ਵਿਚ ਜਾ ਕੇ ਸੌਂ ਗਿਆ। ਨੀਂਦ ਵੀ ਝੱਟ ਹੀ ਆ ਗਈ। ਪਰ ਮੇਰੀ ਜਾਗ ਤਿੰਨ ਕੁ ਵਜੇ ਖੁੱਲ੍ਹੀ, ਜਿਵੇਂ ਮਨ ’ਤੇ ਕੋਈ ਬੋਝ ਸੀ। ਮੈਂ ਤਿੰਨ ਕਵਿਤਾਵਾਂ ਲਿਖੀਆਂ ਤੇ ਫਿਰ ਸੌਂ ਗਿਆ। ਉਨ੍ਹਾਂ ਵਿੱਚੋਂ ਇਕ ਇਹ ਕਵਿਤਾ ਸੀ :

ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
ਗੱਡੀ ਚੜ੍ਹਨ ਦੀ ਕਾਹਲ਼ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਯੁਗਾਂ ਯੁਗਾਂ ਦੀਆਂ ਥਾਵਾਂ
ਮੇਰੇ ਲਈ ਜੋ ਤੀਰ ਬਣੇ ਸਨ, ਹੋਰ ਕਲੇਜੇ ਲੱਗੇ
ਕਿੰਜ ਸਾਹਿਬਾਂ ਨੂੰ ਅਪਣੀ ਆਖਾਂ, ਕਿਉਂ ਮਿਰਜ਼ਾ ਸਦਵਾਵਾਂ
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ ’ਤੇ ਮੇਰਾ ਸਰਨਾਵਾਂ
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ’ਤੇ ਇਹ ਸ਼ਬਦਾਂ ਦੀਆਂ ਛਾਵਾਂ

ਦੂਜੀ ਕਵਿਤਾ ਸੀ :

ਬੜਾ ਚਿਰ ਹੱਸਿਆ ਸੋਨੇ ਦਾ ਜੰਗਲ
ਜਦੋਂ ਇਹ ਆਖ ਕੇ ਲੱਗਾ ਮੈਂ ਪਰਤਣ
ਕਿ ਤੇਰੇ ਚਾਂਦੀ ਰੰਗੇ ਕੰਡਿਆਂ ਵਿਚ
ਮੇਰੀ ਪਗੜੀ ਦਾ ਸ਼ਮਲਾ ਅੜਕਦਾ ਹੈ
ਉਨ੍ਹਾਂ ਨੇ ਮੋਹਰ ਲਾ ਦਿੱਤੀ ਹੈ ਅਪਣੀ
ਤੇਰੇ ਨਿੰਬਲ ਜਿਹੇ ਅਸਮਾਨ ਉੱਤੇ
ਤੇਰੀ ਹਰ ਰਾਤ ਗਿਰਵੀ ਹੋ ਗਈ ਹੈ
ਤੇਰਾ ਹਰ ਦਿਵਸ ਗਹਿਣੇ ਪੈ ਗਿਆ ਹੈ
ਉਨ੍ਹਾਂ ਦੇ ਪੌਂਡ ਤਾਂ ਜਿੰਨੇ ਵੀ ਸਨ ਪਰ
ਰੁਪਈਆਂ ਵਿਚ ਜਦੋਂ ਅਨੁਵਾਦ ਹੋਏ
ਉਹ ਮਹਿੰਗੇ ਨਿਕਲੇ ਚੰਨ ਤਾਰਿਆਂ ਤੋਂ
ਤੇ ਸੂਰਜ ਉੱਠਦੇ ਪਲੜੇ ਤੁਲ ਗਿਆ ਹੈ
ਮੈਂ ਸੁਪਨੇ ਵਿਚ ਸਫ਼ਰ ਤੋਂ ਪਰਤਦਾ ਹਾਂ
ਦਹਿਲ ਜਾਂਦਾ ਹਾਂ ਜੋ ਕੁਝ ਵੇਖਦਾ ਹਾਂ
ਚੁਪੱਟ ਖੁੱਲ੍ਹਾ ਪਿਆ ਹੈ ਘਰ ਦਾ ਬੂਹਾ
ਕਿਤੇ ਵਿਹੜੇ ਦਾ ਬੂਟਾ ਤੁਰ ਗਿਆ ਹੈ

ਤੀਜੀ ਕਵਿਤਾ ਸੀ :

ਦੁੱਖਾਂ ਭਰਿਆ ਦਿਲ ਪੈਮਾਨਾ, ਛੱਡ ਪਰੇ
ਕੀ ਇਹ ਹਸਤੀ ਦਾ ਮੈਖ਼ਾਨਾ, ਛੱਡ ਪਰੇ
ਚੱਲ ਮੁੜ ਚੱਲੀਏ ਏਸ ਸਫ਼ਰ ਤੋਂ ਕੀ ਲੈਣਾ
ਵੀਰਾਨੇ ਅੱਗੇ ਵੀਰਾਨਾ, ਛੱਡ ਪਰੇ
ਪੰਛੀ ਦਾ ਦਿਲ ਕੰਬੇ ਤੇਰੇ ਹੱਥ ਕੰਬਣ
ਤੈਥੋਂ ਲੱਗਣਾ ਨਹੀਂ ਨਿਸ਼ਾਨਾ, ਛੱਡ ਪਰੇ

ਕਵਿਤਾਵਾਂ ਲਿਖ ਕੇ ਮੈਂ ਫਿਰ ਸੌਂ ਗਿਆ। ਮੇਰੇ ਨਾਲ਼ ਬਹੁਤ ਵਾਰ ਇਉਂ ਹੋਇਆ ਕਿ ਜਦੋਂ ਮਨ ’ਤੇ ਕੋਈ ਬੋਝ ਹੁੰਦਾ ਹੈ ਤਾਂ ਮੇਰੀ ਵੱਡੇ ਤੜਕੇ ਜਾਗ ਖੁੱਲ੍ਹਦੀ ਹੈ, ਤਾਂ ਮੇਰੀਆਂ ਤਹਿਆਂ ’ਚੋਂ ਉਭਰ ਕੇ ਉਹ ਗੱਲ ਮਨ ਦੇ ਸੁੱਤ-ਉਣੀਦੇ ਤਲ ’ਤੇ ਤਰ ਰਹੀ ਹੁੰਦੀ ਹੈ, ਜੋ ਤੰਗ ਕਰ ਰਹੀ ਹੁੰਦੀ ਹੈ। ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਸਿਰਜਣਾਤਮਕ ਅਮਲ ਇਹੋ ਜਿਹਾ ਹੈ।
ਮੇਰੀ ਕਵਿਤਾ ਘਰਰ ਘਰਰ ਵੀ ਸਵੇਰਸਾਰ ਦੀ ਲਿਖੀ ਹੋਈ ਹੈ: ਮੈਂ ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ/ ਹਵਾਵਾਂ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ/ ਅਜੀਬੋ ਗ਼ਰੀਬ ਦਰਖ਼ਤ ਹਾਂ।
‘ਕੁਛ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ’ ਮੈਂ ਸ਼ਾਮ ਨੂੰ ਲਿਖੀ ਸੀ। ਲੁਧਿਆਣੇ ਦੇ ਲੱਕੜ ਦੇ ਪੁਲ਼ ਤੋਂ ਉਤਰ ਕੇ ਮੈਂ ਕਚਹਿਰੀ ਦੇ ਅਹਾਤੇ ਵਿੱਚੋਂ ਲੰਘ ਰਿਹਾ ਸਾਂ, ਸਿਰਫ਼ ਸੜਕ ਦੇ ਭੀੜ-ਭੜੱਕੇ ਤੋਂ ਬਚਣ ਲਈ। ਕਚਹਿਰੀ ਬੰਦ ਹੋ ਚੁੱਕੀ ਸੀ। ਜੱਜ ਵਕੀਲ ਮੁਵੱਕਲ ਸਭ ਘਰਾਂ ਨੂੰ ਜਾ ਚੁੱਕੇ ਹਨ। ਸਿਰਫ਼ ਵਕੀਲਾਂ ਦੇ ਬੰਦ ਖੋਖੇ ਸਨ ਤੇ ਕੁਝ ਦਰਖ਼ਤ ਨਿੰਮ, ਟਾਹਲੀ, ਸ਼ਰੀਂਹ, ਕੁਝ ਸੁੱਕੇ ਹੋਏ। ਮੈਨੂੰ ਅਚਨਚੇਤ ਲੱਗਾ; ਜਿਵੇਂ ਇਹ ਦਰੱਖ਼ਤ ਨਾ ਹੋਣ, ਉਹ ਲੋਕ ਹੋਣ, ਜੋ ਏਥੇ ਇਨਸਾਫ਼ ਲੈਣ ਆਏ ਹੋਣ। ਏਥੇ ਉਡੀਕਦੇ-ਉਡੀਕਦੇ ਬਿਰਖ ਬਣ ਗਏ ਹੋਣ। ਮੇਰੇ ਦਿਲ ਚੋਂ ਇਹ ਬੋਲ ਉੱਠੇ :

ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਓਦੋਂ ਪੀ.ਏ.ਯੂ. ਦੇ ਤਿੰਨ ਨੰਬਰ ਗੇਟ ਕੋਲ਼ ਰਹਿੰਦਾ ਸਾਂ। ਮੈਂ ਤੁਰਦਾ ਆਇਆ ਤੇ ਨਾਲ਼ ਇਸ ਗ਼ਜ਼ਲ ਦੇ ਸ਼ੇਅਰ ਵੀ ਤੁਰਦੇ ਆਏ :

ਕੀ ਇਹ ਇਨਸਾਫ਼ ਹਉਮੈ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ’ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ
ਯਾਰ ਮੇਰੇ ਜੋ ਇਸ ਆਸ ’ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ
ਇਹ ਜੋ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ ’ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਵਾ ਵਿਚ ਲਿਖੇ ਰਹਿਣਗੇ…

ਅਪਣੇ ਕਮਰੇ ਵਿਚ ਆ ਕੇ ਮੈਂ ਇਹਨਾਂ ਨੂੰ ਨੋਟ ਕੀਤਾ ਤੇ ਇਹਦਾ ਆਖ਼ਰੀ ਸ਼ੇਅਰ ਮੈਂ ਅਪਣੇ ਕਮਰੇ ਦੇ ਮੂੰਹ ਹਨ੍ਹੇਰੇ ਵਿਚ ਹੀ ਲਿਖਿਆ ਸੀ:

ਇਹ ਵੀ ਸ਼ਾਇਦ ਮੇਰਾ ਅਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ’ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ’ਚ ਵੀ ਦੀਵੇ ਬੁਝੇ ਰਹਿਣਗੇ।

ਪ੍ਰਬੰਧਰਸ

ਹੁਣ  : ਤੇਰੀ ਤੇ ਨੂਰ ਦੀ ਬੜੀ ਯਾਰੀ ਹੁੰਦੀ ਸੀ। ਫੇਰ ਤੁਸੀਂ ਪ੍ਰਧਾਨਗੀਆਂ ਲਈ ਸਿਰ ਭੇੜਨ ਲੱਗ ਪਏ। ਕੀ ਤੈਨੂੰ ਇਹ ਕੁਹਜਾ ਨਹੀਂ ਲੱਗਿਆ?
ਪਾਤਰ : ਹਾਂ, ਬੁਰਾ ਲੱਗਿਆ। ਪਰ ਇਹ ਸਭ ਕੁਝ ਸ਼ੁਰੂ ਇਸ ਤਰ੍ਹਾਂ ਹੋਇਆ। ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਪ੍ਰਧਾਨ ਦੀ ਚੋਣ ਸੀ। ਇਕ ਪਾਸੇ ਗੋਪੀ ਚੰਦ ਨਾਰੰਗ ਖੜ੍ਹੇ ਸਨ; ਦੂਜੇ ਪਾਸੇ ਮਹਾਸ਼ਵੇਤਾ ਦੇਵੀ। ਜਿਸ ਜਨਰਲ ਕੌਂਸਲ ਦੀਆਂ ਵੋਟਾਂ ਨਾਲ਼ ਫ਼ੈਸਲਾ ਹੋਣਾ ਸੀ, ਉਸ ਵਿਚ ਸਾਰੀਆਂ ਮਾਨਤਾ-ਪ੍ਰਾਪਤ ਭਾਰਤੀ ਭਾਸ਼ਾਵਾਂ ਦੇ ਲੇਖਕ ਸ਼ਾਮਲ ਸਨ। ਪੰਜਾਬੀ ਵੱਲੋਂ ਅਸੀਂ ਚਾਰ ਸਾਂ: ਕਰਨਜੀਤ ਸਿੰਘ, ਸ.ਪ. ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਹਰਭਜਨ ਹਲਵਾਰਵੀ ਤੇ ਮੈਂ। ਨੂਰ ਅਪਣੀ ਕਨਵੀਨਰੀ ਦੇ ਪੰਜ ਸਾਲ ਨਿਭਾ ਚੁੱਕੇ ਸਨ। ਉਸ ਸਾਲ ਉਹ ਵੋਟਰ ਨਹੀਂ ਸਨ, ਪਰ ਉਹ ਗੋਪੀ ਚੰਦ ਨਾਰੰਗ ਹੋਰਾਂ ਦੇ ਸਰਗਰਮ ਸਪੋਰਟਰ ਸਨ; ਮੈਂ ਸ੍ਰੀਮਤੀ ਮਹਾਸ਼ਵੇਤਾ ਦੇਵੀ ਹੁਰਾਂ ਦਾ ਸਪੋਰਟਰ ਸਾਂ; ਸ.ਪ. ਸਿੰਘ ਵੀ। ਕਰਨਜੀਤ ਸਿੰਘ ਤੇ ਹਰਭਜਨ ਹਲਵਾਰਵੀ ਵੀ ਨੂਰ ਹੋਰਾਂ ਦੇ ਨਾਲ਼ ਹੀ ਸਨ। ਨੂਰ ਹਰਭਜਨ ਹਲਵਾਰਵੀ ਨੂੰ ਅਪਣੀ ਖ਼ਾਲੀ ਹੋਈ ਥਾਂ ਪੰਜਾਬੀ ਅਡਵਾਈਜ਼ਰੀ ਬੋਰਡ ਦੇ ਕਨਵੀਨਰ ਬਣਾਉਣ ਲਈ ਵੀ ਓਨੇ ਹੀ ਸਰਗਰਮ ਸਨ। ਮੈਂ ਤੇ ਸ.ਪ. ਸਿੰਘ ਇਸ ਗੱਲ ਦੇ ਵੀ ਖ਼ਿਲਾਫ਼ ਸਾਂ। ਉਸ ਵੇਲੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਮੈਂ ਹਲਵਾਰਵੀ ਨੂੰ ਕਿਹਾ ਕਿ ਤੈਨੂੰ ਤਾਂ ਵਿਚਾਰਧਾਰਕ ਤੌਰ ’ਤੇ ਮਹਾਸ਼ਵੇਤਾ ਦੇਵੀ ਹੁਰਾਂ ਦਾ ਪੱਖ ਲੈਣਾ ਚਾਹੀਦਾ। ਉਹ ਕਹਿਣ ਲੱਗਾ: ਆਪੋ ਅਪਣੀ ਈਕੁਏਸ਼ਨ ਹੁੰਦੀ ਹੈ। ਮਹਾਸ਼ਵੇਤਾ ਦੇਵੀ ਹੁਰਾਂ ਦੀ ਇਸ ਚੋਣ ਵਿਚ ਹਾਰ ਹੋਈ। ਕਨਵੀਨਰ ਦੇ ਮਾਮਲੇ ਵਿਚ ਕਰਨਜੀਤ ਸਿੰਘ ਹੁਰਾਂ ਦੇ ਨਾਮ ’ਤੇ ਅਸੀਂ ਪੰਜਾਬੀ ਵਾiਲ਼ਆਂ ਨੇ ਸਹਿਮਤੀ ਕਰ ਲਈ। ਮੈਂ ਤੇ ਨੂਰ ਇਸ ਵਾਕਏ ਵੇਲੇ ਅਪਣੀ ਚਾਲ਼ੀ ਸਾਲਾਂ ਦੀ ਦੋਸਤੀ ਵਿਚ ਪਹਿਲੀ ਵਾਰ ਵਿਰੋਧੀ ਧਿਰਾਂ ਦੇ ਨਾਲ਼ ਸਾਂ।
ਓਦੋਂ ਮੈਂ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਸਾਂ। ਜਦੋਂ ਪੰਜਾਬੀ ਸਾਹਿਤ ਅਕਾਦਮੀ ਦੀ ਅਗਲੀ ਚੋਣ ਦਾ ਐਲਾਨ ਹੋਇਆ, ਤਾਂ ਮੈਂ ਕਿਸੇ ਹਿੰਦੀ ਅਖ਼ਬਾਰ ਵਿਚ ਨੂਰ ਸਾਹਿਬ ਦਾ ਬਿਆਨ ਪੜ੍ਹਿਆ: ਮੈਂ ਪਾਤਰ ਦੇ ਖ਼ਿਲਾਫ਼ ਚੋਣ ਲੜਾਂਗਾ। ਨਾਲ਼ ਹੀ ਉਨ੍ਹਾਂ ਇਹ ਕਿਹਾ ਕਿ ਇਹ ਫ਼ੈਸਲਾ ਮੈਂ ਕੁਝ ਦੋਸਤਾਂ ਦੇ ਕਹਿਣ ’ਤੇ ਕੀਤਾ ਹੈ। ਉਨ੍ਹਾਂ ਦੋਸਤਾਂ ਦੀ ਲਿਸਟ ਵਿਚ ਬਹੁਤ ਸਾਰੇ ਦੋਸਤਾਂ ਅਦੋਸਤਾਂ ਦੇ ਨਾਮ ਸਨ। ਮੈਂ ਨੂਰ ਨੂੰ ਕਿਹਾ: ਤੁਸੀਂ ਇਸ ਕਹਾਣੀ ਵਿਚ ਨਾ ਆਵੋ। ਲੁਧਿਆਣੇ ਦੇ ਕੁਝ ਲੇਖਕ ਅਪਣੇ ਆਪ ਨੂੰ ਕਿੰਗ-ਮੇਕਰਜ਼ ਸਮਝਦੇ ਹਨ। ਉਨ੍ਹਾਂ ਦਾ ਵਹਿਮ ਹੈ ਕਿ ਅਸੀਂ ਕਿਸੇ ਨੂੰ ਵੀ ਪ੍ਰਧਾਨ ਬਣਾ ਸਕਦੇ ਹਾਂ; ਕਿਸੇ ਨੂੰ ਵੀ ਹਟਾ ਸਕਦੇ ਹਾਂ। ਮੈਂ ਉਨ੍ਹਾਂ ਦਾ ਇਹ ਵਹਿਮ ਕੱਢਣਾ ਚਾਹੁੰਦਾ ਹਾਂ। ਹਜ਼ਾਰ ਤੋਂ ਵੱਧ ਲੇਖਕਾਂ ਦੀ ਇਸ ਸੰਸਥਾ ਦੇ ਕਿੰਗ-ਮੇਕਰਜ਼ ਇਕ ਜਾਂ ਦੋ ਜਣੇ ਨਹੀਂ ਹੋ ਸਕਦੇ। ਇਕ ਸਾਂਝੇ ਦੋਸਤ ਸ਼ੁਭਪ੍ਰੇਮ ਦੀ ਹਾਜ਼ਰੀ ਵਿਚ ਅਸੀਂ ਦੋ ਘੰਟੇ ਬੈਠੇ। ਮੈਂ ਕਿਹਾ: ਤੁਸੀਂ ਅਪਣੀ ਗੱਲ ਕਹੋ, ਮੈਂ ਅਪਣੀ ਕਹਿੰਦਾ ਹਾਂ। ਸਾਡੇ ਵਿਚੋਂ ਜਿਸ ਨੂੰ ਵੀ ਸ਼ੁਭਪ੍ਰੇਮ ਕਹੇਗਾ, ਉਹ ਅਪਣਾ ਨਾਮ ਪ੍ਰਧਾਨਗੀ ਤੋਂ ਵਾਪਿਸ ਲੈ ਲਵੇਗਾ। ਸ਼ੁਭ ਨੇ ਨੂਰ ਨੂੰ ਕਿਹਾ ਕਿ ਇਸ ਮਾਮਲੇ ਵਿਚ ਪਾਤਰ ਦਾ ਪੱਖ ਠੀਕ ਹੈ। ਨੂਰ ਸਾਹਿਬ ਇਹ ਕਹਿ ਕੇ ਚਲੇ ਗਏ ਕਿ ਮੈਂ ਦੂਸਰੇ ਦੋਸਤਾਂ ਨਾਲ਼ ਗੱਲ ਕਰ ਕੇ ਹੀ ਕੋਈ ਫ਼ੈਸਲਾ ਕਰਾਂਗਾ। ਦੂਸਰੇ ਦੋਸਤਾਂ ਨੇ ਕਿਹਾ ਕਿ ਪਾਤਰ ਅਪਣੀ ਹਾਰ ਤੋਂ ਡਰਦਾ ਹੁਣ ਇਹ ਚਾਲਾਂ ਚੱਲ ਰਿਹਾ ਹੈ। ਫਿਰ ਕੋਈ ਚਾਰਾ ਨਹੀਂ ਸੀ ਇਸ ਤੋਂ ਬਿਨਾ ਕਿ ਚੋਣ ਹੁੰਦੀ।
ਹੁਣ : ਕੀ ਜੱਥੇਬੰਦੀਆਂ ਵਿਚਲੇ ਜੁਗਾੜਾਂ ਤੇ ਨਕਲੀ ਵੋਟਾਂ ਨੇ ਸਾਹਿਤ ਦਾ ਨੁਕਸਾਨ ਨਹੀਂ ਕੀਤਾ?
ਪਾਤਰ : ਜੁਗਾੜਾਂ ਅਤੇ ਨਕਲੀ ਵੋਟਾਂ ਨੇ ਸਾਹਿਤ ਦਾ ਨੁਕਸਾਨ ਵੀ ਕੀਤਾ ਤੇ ਜੱਥੇਬੰਦੀਆਂ ਦਾ ਵੀ। ਕਈ ਵਾਰ ਇਹੋ ਜਿਹੇ ਮੌਕੇ ਵੀ ਆ ਜਾਂਦੇ ਹਨ ਕਿ ਇਉਂ ਲੱਗਦਾ ਕਿ ਜੱਥੇਬੰਦੀਆਂ ਦੀ ਕੋਈ ਜ਼ਰੂਰਤ ਨਹੀਂ। ਦੋ ਤਿੰਨ ਬੰਦੇ ਇਕੱਠੇ ਹੋ ਕੇ ਬਿਹਤਰ ਕੰਮ ਕਰ ਸਕਦੇ ਹਨ। ਪਰ ਜੱਥੇਬੰਦੀਆਂ ਨੂੰ ਜੁਗਾੜੀਆਂ ਤੇ ਨਕਲੀ ਵੋਟਰਾਂ ਦੇ ਰਹਿਮੋ ਕਰਮ ’ਤੇ ਛੱਡ ਦੇਣਾ ਵੀ ਬਹੁਤ ਬੁਰੀ ਗੱਲ ਹੈ। ਜੇ ਸਾਹਿਤਕਾਰ ਅਪਣੀਆਂ ਸੰਸਥਾਵਾਂ ਨੂੰ ਵੀ ਸੁਹਿਰਦਤਾ ਤੇ ਤਨਦੇਹੀ ਨਾਲ਼ ਨਹੀਂ ਚਲਾ ਸਕਦੇ, ਫਿਰ ਇਹ ਸਮਾਜ ਨੂੰ ਬਦਲਣ ਦੀ ਗੱਲ ਕਿਹੜੇ ਮੂੰਹ ਨਾਲ਼ ਕਰਦੇ ਹਨ?
ਹੁਣ : ਫ਼ੈਜ਼ ਅਹਿਮਦ ਫ਼ੈਜ਼ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਗੋਸ਼ਟੀਆਂ, ਕਾਨਫ਼ਰੰਸਾਂ ਕਰਵਾਉਣਾ ਲੇਖਕ ਦਾ ਕੰਮ ਨਹੀਂ। ਹਾਂ, ਉਹ ਉਥੇ ਜਾਵੇ ਜ਼ਰੂਰ। ਨਵਤੇਜ ਵੀ ਇਨ੍ਹਾਂ ਨੂੰ ‘ਪ੍ਰਬੰਧਰਸੀੲ’ੇ ਕਹਿੰਦਾ ਹੁੰਦਾ ਸੀ। ਕੀ ਤੈਨੂੰ ਜੱਥੇਬੰਦਕ ਕੰਮ ਵਾਧੂ ਦਾ ਭਾਰ ਨਹੀਂ ਲੱਗਦਾ?
ਪਾਤਰ  : ਬਹੁਤ ਵਾਰ ਲੱਗਦਾ ਹੈ ਕਿ ਭਾਰ। ਪਰ ਜਦ ਕਦੀ ਕੋਈ ਅੱਛਾ ਪ੍ਰੋਗਰਾਮ ਕਰਦੇ ਹਾਂ, ਤਾਂ ਥਕੇਵਾਂ ਉਤਰ ਜਾਂਦਾ ਹੈ। ਮੈਂ ‘ਪ੍ਰਬੰਧਰਸੀਆ’ ਤਾਂ ਨਹੀਂ ਹਾਂ, ਮੈਂ ਅਪਣੀ ਉਮਰ ਦੇ 58 ਸਾਲ ਕੋਈ ਪ੍ਰਬੰਧਕੀ ਕੰਮ ਨਹੀਂ ਕੀਤਾ। ਏਥੋਂ ਤਕ ਕਿ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਮੇਰੀ ਹੈੱਡਸ਼ਿਪ ਦੀ ਵਾਰੀ ਆਈ, ਤਾਂ ਮੈਂ ਅਪਲਾਈ ਹੀ ਨਹੀਂ ਕੀਤਾ। ਮੈਂ ਕਿਹਾ: ਮੈਂ ਅਪਣੇ ਹੈੱਡ ਤੇ ਕੋਈ ਸ਼ਿਪ ਨਹੀਂ ਚੁੱਕਣੀ ਚਾਹੁੰਦਾ! ਪਰ ਮੈਨੂੰ ਇਹ ਜ਼ਰੂਰ ਲੱਗਦਾ ਕਿ ਕਦੀ-ਕਦੀ ਤੁਹਾਡੇ ’ਤੇ ਕੋਈ ਜ਼ਿੰਮੇਵਾਰੀ ਪੈ ਜਾਂਦੀ ਹੈ।
ਬਾਕੀ ਰਹੀ ਫ਼ੈਜ਼ ਸਾਹਿਬ ਦੀ ਗੱਲ। ਤੈਨੂੰ ਉਨ੍ਹਾਂ ਨਸਰ ਵਿਚ ਇਹ ਕਿਹਾ ਹੋਵੇਗਾ, ਪਰ ਮੈਨੂੰ ਨਜ਼ਮ ਵਿਚ ਕਹਿਣ ਲੱਗੇ: ਚਲੋ ਫਿਰ ਹਮ ਹੀ ਕLਤਲ ਹੋ ਆਏਂ!
ਹੁਣ : ਤੂੰ ਪੰਜਾਬ ਸਾਹਿਤ ਅਕਾਦੇਮੀ ਦਾ ਪ੍ਰਧਾਨ ਏਂ। ਪ੍ਰਧਾਨਗੀਆਂ ਰੂਬਰੂਆਂ ’ਤੇ ਵੀ ਤੂੰ ਹੁੱਬ ਕੇ ਜਾਂਦਾ ਏਂ। ਤੇਰਾ ਇਨ੍ਹਾਂ ਬਿਨਾ ਸਰਦਾ ਨਹੀਂ?
ਪਾਤਰ : ਸਾਹਿਤ ਅਕਾਦਮੀ ਦੀ ਪ੍ਰਧਾਨਗੀ ਦੀ ਗੱਲ ਮੈਂ ਪਹਿਲਾਂ ਕਰ ਹੀ ਚੁੱਕਾਂ। ਰੂਬਰੂਆਂ ਬਾਰੇ ਮੈਂ ਇਹ ਸੋਚਦਾਂ ਕਿ ਕਾਲਜਾਂ ਸਕੂਲਾਂ ਵਿਚ ਤੇ ਪਿੰਡਾਂ ਥਾਵਾਂ ਦੀਆਂ ਸਾਹਿਤ ਸਭਾਵਾਂ ਵਿਚ ਵੀ ਰੂਬਰੂ ਹੋਣੇ ਚਾਹੀਦੇ ਹਨ; ਖ਼ਾਸ ਕਰਕੇ ਕਾਲਜਾਂ ਵਿਚ। ਲੇਖਕਾਂ ਲਈ ਵੀ ਅਤੇ ਸੁਣਨ ਵਾਲਿਆਂ ਵਾਸਤੇ ਵੀ ਇਹਨਾਂ ਦੀ ਬਹੁਤ ਸਾਰਥਕਤਾ ਹੈ। ਕਵੀ ਦਰਬਾਰਾਂ ਨਾਲ਼ੋਂ ਇਹ ਬਹੁਤ ਬਿਹਤਰ ਹਨ। ਗੱਲਾਂਬਾਤਾਂ, ਸਵਾਲ ਜਵਾਬ, ਪ੍ਰਤੀਕਰਮ, ਸਾਂਝ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਅਪਣਾ ਕਾਲਜ ਦਾ ਜ਼ਮਾਨਾ ਯਾਦ ਹੈ; ਜਦੋਂ ਮੈਂ ਸ਼ਿਵ, ਨੇਕੀ ਤੇ ਸ.ਸ. ਮੀਸ਼ੇ ਨੂੰ ਮਿiਲ਼ਆ। ਮੈਂ ਮੀਸ਼ਾ ਜੀ ਨੂੰ ਜਲੰਧਰ ਦੇ ਕਾਫ਼ੀ ਹਾਊਸ ਬਾਰੇ ਪੁੱਛਿਆ। ਉਹ ਕਹਿਣ ਲੱਗੇ: ਓਥੇ ਜਾ ਕੇ ਕਵੀ ਨਹੀਂ ਬਣਦੇ, ਖ਼ਲੀਫ਼ੇ ਬਣਦੇ ਨੇ। ਨਵਿਆਂ ਨੂੰ ਓਥੇ ਨਹੀਂ ਜਾਣਾ ਚਾਹੀਦਾ। ਬੱਸ ਤੂੰ ਵਧੀਆ ਕਿਤਾਬਾਂ ਪੜ੍ਹ। ਪੁਰਾਣੀ ਕਵਿਤਾ ਵੀ ਪੜ੍ਹ। ਵਾਰਿਸ ਪੜ੍ਹ। ਬੁੱਲ੍ਹਾ ਪੜ੍ਹ।
ਹੁਣ : ਤੇਰੀ ਸਮਰਥਾ ਕਵਿਤਾਵਾਂ ਗ਼ਜ਼ਲਾਂ ਤਕ ਹੀ ਸੀਮਿਤ ਹੈ ਜਾਂ ਤੂੰ ਕਦੀ ਮਹਾਕਾਵਿ ਲਿਖਣ ਬਾਰੇ ਵੀ ਸੋਚਿਆ ਹੈ?
ਪਾਤਰ : ਸਾਰੀ ਉਮਰ ਮੈਂ ਕਵਿਤਾਵਾਂ ਗ਼ਜ਼ਲਾਂ ਵਿਚ ਹੀ ਘਿਰਿਆ ਰਿਹਾ ਹਾਂ। ਹੁਣ ਮੈਨੂੰ ਕਦੀ-ਕਦੀ ਲੰਮੀ ਰਚਨਾ ਦੀ ਝਲਕ ਦਿਸਦੀ ਹੈ। ਦੁਆ ਕਰਦਾ ਹਾਂ ਕਿ ਇਹ ਝਲਕ ਸਮੂਰਤ ਹੋਵੇ।


ਕਿਸਕਾ ਚੇਲਾ

ਹੁਣ : ਕਲਾ ਕੌਸ਼ਲਤਾ ਲਈ ਤੂੰ ਕਿਸੇ ਦੀ ਸ਼ਾਗਿਰਦੀ ਵੀ ਕੀਤੀ?
ਪਾਤਰ : ਸਾਰੀ ਪਰੰਪਰਾ ਮੇਰੀ ਗੁਰੂ ਹੈ। ਗੁਰਬਾਣੀ, ਸੂਫ਼ੀ ਕਲਾਮ, ਲੋਕਧਾਰਾ। ਜਦੋਂ ਮੈਂ ਕਪੂਰਥਲੇ ਕਾਲਜ ਵਿਚ ਦਾਖ਼ਲ ਹੋਇਆ, ਤਾਂ ਮੇਰਾ ਨਹੀਂ ਖ਼ਿਆਲ ਉਸਦੀ ਲਾਇਬਰੇਰੀ ਵਿਚ ਕਵਿਤਾ ਦੀ ਕੋਈ ਐਸੀ ਕਿਤਾਬ ਹੋਵੇ, ਜਿਹੜੀ ਮੈਂ ਨਾ ਪੜ੍ਹੀ ਹੋਵੇ। ਉਹਨੀਂ ਦਿਨੀਂ ਹੀ ਭਾਸ਼ਾ ਵਿਭਾਗ ਦਾ ਪ੍ਰਕਾਸ਼ਿਤ ਕੀਤਾ ਗੁਰਮੁਖੀ ਅੱਖਰਾਂ ਵਿਚ ਦੀਵਾਨ-ਏ-ਗ਼ਾਲਿਬ ਪੜ੍ਹਿਆ। ਪੰਜਾਬੀ ਹਿੰਦੀ ਦੇ ਸਾਰੇ ਕਹਿੰਦੇ-ਕਹਾਉਂਦੇ ਕਵੀ ਪੜ੍ਹੇ। ਜੋਗਿੰਦਰ ਸਿੰਘ ਹੁਰਾਂ ਦੀ ਪਿੰਗਲ ਤੇ ਅਰੂਜ਼ ਵੀ ਪੜ੍ਹੀ, ਭਾਵੇਂ ਇਹ ਸਮਝ ਮੈਨੂੰ ਬਾਅਦ ਵਿਚ ਹੀ ਆਈ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾਖ਼ਲ ਹੋਇਆ, ਤਾਂ ਕਲਾਸ ਰੂਮਾਂ ਤੋਂ ਜ਼ਿਆਦਾ ਉੱਜੜੇ ਭੂਤਵਾੜੇ ਦੇ ਭੂਤਾਂ ਤੋਂ ਸਿੱØਖਿਆ। ਲਾਲੀ ਜੀ ਨੇ ਯੂਨਾਨੀ ਦੁਖਾਂਤਾਂ ਦੀ ਦੱਸ ਪਾਈ; ਲੋਰਕਾ ਨਾਲ਼ ਵਾਕਫ਼ੀ ਕਰਾਈ। ਨੀਤਸ਼ੇ ਦੇ ਦਸ ਸਪੇਕ ਜ਼ਰਦੁਸਤ ਦਾ ਉਰਦੂ ਤਰਜਮਾ ਦੋ ਰਾਤਾਂ ਜਾਗ ਕੇ ਮੂਹਰਜੀਤ ਦੇ ਪਿੰਡ ਵਾਲ਼ੇ ਕਮਰੇ ਵਿਚ ਸੁਣਾਇਆ। ਕਈ ਵਾਰੀ ਰੰਗੀਲੇ ਦੇ, ਕਦੀ ਮੇਰੇ ਕਮਰੇ ਵਿਚ ਨਵ-ਭੂਤਵਾੜਾ ਵਸ ਜਾਂਦਾ ਰਿਹਾ। ਗੁਰਭਗਤ ਸਿੰਘ, ਕੁਲਵੰਤ ਗਰੇਵਾਲ, ਹਰਿੰਦਰ ਸਿੰਘ ਮਹਿਬੂਬ, ਨੂਰ, ਜੋਗਿੰਦਰ ਕੈਰੋਂ, ਸੁਰਜੀਤ ਮਾਨ, ਰਣਜੀਤ ਬਾਜਵਾ ਅਨੂਪ ਵਿਰਕ, ਦਰਸ਼ਨ ਜੈੱਕ, ਇੰਦਰਜੀਤ, ਜੋਗਾ ਸਿੰਘ, ਰਵਿੰਦਰ ਭੱਠਲ, ਹਰਜੀਤ ਸਿੰਘ ਗਿੱਲ, ਦਲੀਪ ਕੌਰ ਟਿਵਾਣਾ ਤੇ ਰਣਜੀਤ ਰੰਗੀਲਾ ਇਹ ਸਭ ਪਿਆਰੇ ਲੋਕ ਏਥੇ ਹੀ ਮਿਲ਼ੇ। ਪ੍ਰੋਫ਼ੈਸਰ ਰਾਜ਼ਦਾਨ ਕੁਝ ਸਾਲ ਬਾਅਦ ਅਮਰੀਕਾ ਤੋਂ ਆਏ, ਤਾਂ ਅਪਣੇ ਨਾਲ਼ ਨੇਰੂਦਾ ਤੇ ਪਾਜ਼ ਲਿਆਏ। ਉਨ੍ਹਾਂ ਦੇ ਘਰ ਹੀ ਯਹੂਦੀ ਧੁਨਾਂ ਦਾ ਉਹ ਐਲ.ਪੀ. ਸੁਣਿਆ, ਜਿਹਨੂੰ ਸੁਣਦਿਆਂ ਸਦੀਆਂ ਰੋਂਦੀਆਂ ਗਾਉਂਦੀਆਂ ਦੇਖੀਆਂ। ਐੱਮ.ਏ. ਕਰਨ ਤੋਂ ਬਾਅਦ ਪੀਐੱਚ.ਡੀ. ਕਰਨ ਲਈ ਸਕਾਲਰਸ਼ਿਪ ਮਿਲ ਗਿਆ। ਖੋਜ ਦਾ ਵਿਸ਼ਾ ਚੁਣਿਆ: ਪੰਜਾਬੀ ਨਾਟਕ ਵਿਚ ਅਸਤਿਤਵਵਾਦ। ਸਾਰਤਰ ਤੇ ਕਾਮੂ ਨੇ ਪੈਰਾਂ ਹੇਠ ਅੰਗਿਆਰ ਧਰ ਦਿੱਤੇ। ਦਰਖ਼ਤਾਂ ਦੀਆਂ ਛਾਵਾਂ ਵੀ ਤਪਣ ਲੱਗੀਆਂ। ਫਿਰ ਨਕਸਲਵਾੜੀ ਲਹਿਰ ਦੀਆਂ ਛੱਲਾਂ ਉੱਠੀਆਂ। ਖ਼ੂੰਖਾਰ ਬਹਿਸਾਂ ਦੇ ਦੌਰ। ਫਿਰ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਦੇ ਮੁੱਖ ਸਮਾਗਮ ਵਿਚ ਵਾਈ.ਬੀ. ਚਵਾਨ ਦੇ ਭਾਸ਼ਣ ਵੇਲੇ ਇੰਦਰਜੀਤ ਤੇ ਜੈਕ ਦੇ ਨਾਅਰੇ। ਸਿਪਾਹੀਆਂ ਦੀਆਂ ਲਾਠੀਆਂ। ਲੰਮੀ ਹੜਤਾਲ। ਵਾਈਸ ਚਾਂਸਲਰ ਦੀ ਨਾਰਾਜ਼ਗੀ ਤੇ ਪਟਿਆਲੇ ਤੋਂ ਮੇਰੀ ਤੇ ਨੂਰ ਦੀ ਹਿਜਰਤ। ਇਹ ਮੇਰੇ ਸ਼ਾਗਿਰਦੀ ਦੇ ਦਿਨ ਸਨ।

ਪਾਠਕ ਤੇ ਸਰੋਤੇ

ਹੁਣ : ਤੇਰੇ ’ਤੇ ਆਮ ਇਲਜ਼ਾਮ ਲੱਗਦਾ ਹੈ ਕਿ ਤੂੰ ਪਾਠਕਾਂ ਲਈ ਨਹੀਂ ਸਰੋਤਿਆਂ ਲਈ ਲਿਖਦਾ ਹੈਂ?
ਪਾਤਰ : ਏਨਾ ਮਿਥ ਕੇ ਲਿਖਣਾ ਤਾਂ ਬੜੀ ਮੁਸ਼ਕਿਲ ਗੱਲ ਹੈ। ਕਵਿਤਾ ਲਿਖਣ ਦਾ ਕੋਈ ਫ਼ਾਰਮੂਲਾ ਨਹੀਂ ਹੁੰਦਾ। ਜੇ ਕੋਈ ਫ਼ਾਰਮੂਲਾ ਹੁੰਦਾ, ਤਾਂ ਅੰਮ੍ਰਿਤਾ ਪ੍ਰੀਤਮ-ਆਖਾਂ ਵਾਰਿਸ ਸ਼ਾਹ ਵਰਗੀਆਂ ਕੁਝ ਹੋਰ ਮਸ਼ਹੂਰ ਹੋ ਸਕਣ ਵਾਲ਼ੀਆਂ ਕਵਿਤਾਵਾਂ ਲਿਖ ਲੈਂਦੀ।
ਜਦੋਂ ਅਸੀਂ ਸਰੋਤਿਆਂ ਦੇ ਸਨਮੁਖ ਹੁੰਦੇ ਹਾਂ, ਓਦੋਂ ਤਾਂ ਜ਼ਰੂਰ ਸੋਚਦੇ ਹਾਂ ਕਿ ਕਿਹੜੀ ਕਵਿਤਾ ਪੜ੍ਹੀ ਜਾਵੇ; ਪਰ ਲਿਖਣ ਵੇਲੇ ਏਨੇ ਸਚੇਤ ਹੋ ਸਕਣਾ ਅਸੰਭਵ ਹੈ। ਮੇਰੀਆਂ ਬਹੁਤੀਆਂ ਕਵਿਤਾਵਾਂ ਉਹ ਨੇ, ਜਿਹੜੀਆਂ ਮੈਂ ਕਦੀ ਵੀ ਕਿਸੇ ਮੰਚ ’ਤੇ ਨਹੀਂ ਪੜ੍ਹੀਆਂ। ਸ਼ਾਇਦ ਅਪਣਾ ਪਹਿਲਾ ਪਾਠਕ ਤੇ ਸਰੋਤਾ ਕਵੀ ਆਪ ਹੀ ਹੁੰਦਾ ਹੈ। ਆਪੇ ਰਸੀਆ ਆਪ ਰਸਾਲ।

ਜੇ ਕਵੀ ਚੰਗਾ ਸਰੋਤਾ ਹੋਵੇ, ਜੇ ਉਸ ਨੂੰ ਸੁਰਤ ਤੇ ਧੁਨ ਦਾ ਰਿਸ਼ਤਾ ਪਤਾ ਹੋਵੇ, ਤਾਂ ਉਹ ਜਿਹੜੀ ਸਤਰ ਲਿਖੇਗਾ, ਉਹ ਚੰਗੇ ਸਰੋਤਿਆਂ ਲਈ ਚੰਗੀ ਹੀ ਹੋਵੇਗੀ। ਰਚਣ ਵੇਲੇ ਕਵੀ ਅੰਦਰਲਾ ਗੁਪਤ ਸਰੋਤਾ ਸੁਣ ਰਿਹਾ ਹੁੰਦਾ ਹੈ ਤੇ ਗੁਪਤ ਪਾਠਕ ਪੜ੍ਹ ਰਿਹਾ ਹੁੰਦਾ ਹੈ। ਅਸਲ ਵਿਚ ਇਹ ਤਿੰਨੇ ਹੀ ਰਚ ਰਹੇ ਹੁੰਦੇ ਹਨ। ਕਈ ਵਾਰ ਇਹਨਾਂ ਵਿਚ ਚੁੱਪ-ਚਾਪ ਬਹਿਸ ਵੀ ਹੁੰਦੀ ਹੋਵੇਗੀ। ਕਵੀ ਅਪਣੀ ਸਤਰ ਅਪਣੇ ਅੰਦਰਲੇ ਸਰੋਤੇ ਨੂੰੂ ਸੁਣਾ ਕੇ ਪੁੱਛਦਾ ਹੋਵੇਗਾ: ਕਿਉਂ ਬਈ ਕੋਈ ਗੱਲ ਬਣੀ? ਜੇ ਇਹ ਸਾਰੇ ਇਕਸੁਰ ਹੋਣ ਫਿਰ ਕਵਿਤਾਵਾਂ ਜਲਦੀ ਸਿਰੇ ਚੜ੍ਹ ਜਾਂਦੀਆਂ ਹਨ, ਨਹੀਂ ਤਾਂ ਬਹੁਤ ਕੱਟ-ਵੱਢ ਕਰਨੀ ਪੈਂਦੀ ਹੈ।
ਮੈਂ ਸਮਝਦਾ ਹਾਂ, ਸਭ ਤੋਂ ਉੱਤਮ ਕਵਿਤਾ ਉਹ ਹੈ ਜੋ ਸਰੋਤੇ ਲਈ ਵੀ ਹੋਵੇ; ਪਾਠਕ ਲਈ ਵੀ, ਜਿਵੇਂ ਯੂਨਾਨੀ ਦੁਖਾਂਤ ਹੈ, ਜਿਵੇਂ ਸ਼ੇਕਸਪੀਅਰ, ਲੋਰਕਾ ਜਾਂ ਹੋਰ ਮਹਾਨ ਕਵੀਆਂ ਦੇ ਨਾਟਕ ਹਨ, ਜਿਵੇਂ ਗੁਰਬਾਣੀ ਹੈ। ਭਾਵੇਂ ਗੁਰੂ ਸਾਹਿਬਾਨ ਦੀ ਪਹਿਲ ਸਰੋਤੇ ਲਈ ਹੀ ਹੈ, ਤਦੇ ਉਨ੍ਹਾਂ ਨੇ ਬਾਣੀ ਦੇ ਗਾਇਨ ਲਈ ਰਾਗ ਨਿਰਧਾਰਿਤ ਕੀਤੇ। ਕੁਝ ਆਲੋਚਕ ਕਹਿੰਦੇ ਹਨ ਕਿ ਉਹ ਯੁਗ ਸਰੋਤਿਆਂ ਦਾ ਸੀ ਇਹ ਪਾਠਕਾਂ ਦਾ। ਮੈਂ ਸਮਝਦਾ ਹਾਂ ਹੁਣ ਲੋਕ ਪਹਿਲੋਂ ਨਾਲ਼ੋਂ ਵੱਧ ਸੁਣਦੇ ਹਨ। ਕਿਉਂਕਿ ਵਿਗਿਆਨ ਦੁਆਰਾ ਹੁਣ ਆਵਾਜ਼ ਵੀ ਥਾਂ-ਥਾਂ ਜਾ ਸਕਦੀ ਹੈ ਤੇ ਯੁਗਾਂ-ਯੁਗਾਂ ਤਕ ਸਾਂਭੀ ਜਾ ਸਕਦੀ ਹੈ। ਗੱਲਾਂ ਵਿਚਲੀ ਗੱਲ ਇਹ ਵੀ ਹੈ ਕਿ ਅੱਖਰ ਵੀ ਤਾਂ ਬੋਲ ਨੂੰੂ ਸਾਂਭਣ ਲਈ ਹੀ ਪੈਦਾ ਹੋਏ ਹਨ।
ਤੈਨੂੰ ਇਕ ਦਿਲਚਸਪ ਗੱਲ ਦੱਸਾਂ। ਸਪੈਨਿਸ਼ ਭਾਸ਼ਾ ਦੇ ਦੇਸ਼ ਕੋਲੰਬੀਆ ਵਿਚ ਕਵਿਤਾ ਉਤਸਵ ਵਿਚ ਸਾਰੇ ਕਵੀ ਪਹਿਲਾਂ ਮੂਲ ਭਾਸ਼ਾ ਵਿਚ ਕਵਿਤਾ ਪੜ੍ਹਦੇ ਸਨ, ਫਿਰ ਉਹਦਾ ਸਪੈਨਿਸ਼ ਅਨੁਵਾਦ ਪੜ੍ਹਿਆ ਜਾਂਦਾ ਸੀ। ਇਕ ਥਾਂ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਅਸੀਂ ਮੂਲ ਭਾਸ਼ਾ ਵਿਚ ਨਹੀਂ ਪੜ੍ਹਾਵਾਂਗੇ, ਸਿੱਧੇ ਅਨੁਵਾਦ ਹੀ ਪੜ੍ਹਾਂਗੇ; ਪਰ ਸਰੋਤਿਆਂ ਨੇ ਇਹ ਨਾ ਹੋਣ ਦਿੱਤਾ। ਸਰੋਤਿਆਂ ਨੇ ਕਿਹਾ ਮੂਲ ਭਾਸ਼ਾ ਦੀ ਧੁਨੀ ਦਾ ਅਪਣਾ ਪ੍ਰਭਾਵ ਹੈ, ਉਹ ਅਸੀਂ ਗੁਆਉਣਾ ਨਹੀਂ ਚਾਹੁੰਦੇ।
ਹੁਣ : ਕਹਿੰਦੇ ਨੇ, ਤੈਨੂੰ ਗੀਤ ਲਿਖਣੇ ਚੰਗੇ ਨਹੀਂ ਲਗਦੇ?
ਪਾਤਰ : ਪਤਾ ਨਹੀਂ ਇਹ ਮੈਂ ਕਦੋਂ ਤੇ ਕਿਉਂ ਕਿਹਾ? ਪਰ ਉਂਜ ਮੈਂ ਗੀਤ ਬਹੁਤ ਹੀ ਘੱਟ ਲਿਖੇ ਹਨ। ਅਪਣੀ-ਅਪਣੀ ਪ੍ਰਤਿਭਾ ਹੈ। ਇਹ ਸ਼ਾਇਦ ਇਸ ਲਈ ਹੋਇਆ ਕਿ ਮੇਰੀ ਮਾਨਸਿਕਤਾ ਨਜ਼ਮ ਤੇ ਗ਼ਜ਼ਲ ਦੇ ਨੇੜੇ ਹੈ। ਗੀਤ ਸਿੱਧੇ-ਸਤੀਰ ਚੱਲਦੇ ਹਨ, ਗ਼ਜ਼ਲ ਸੋਚਾਂ ਸੋਚਦੀ ਤੁਰਦੀ ਹੈ, ਕਈ ਵਾਰੀ ਧਰਤੀ ਨੂੰ ਪੁੱਛ ਕੇ ਪੈਰ ਪੁੱਟਦੀ:

ਸ਼ਰਅ ਦੀ ਚਾਰਦੀਵਾਰੀ ਦੇ ਅੰਦਰ
ਗ਼ਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ

ਇਸ ਵਿਚ ਬੌਧਿਕਤਾ ਦਾ ਓਨਾ ਹੀ ਰੋਲ ਹੁੰਦਾ ਹੈ, ਜਿੰਨਾ ਭਾਵੁਕਤਾ ਦਾ। ਇਹ ਵੇਗਮਈ ਨਹੀਂ ਹੁੰਦੀ। ਵੇਗਮਈ ਸਿੱਧੀਆਂ ਸਤੀਰ ਗ਼ਜ਼ਲਾਂ ਵੀ ਲਿਖੀਆਂ ਮਿਲਦੀਆਂ ਹਨ, ਪਰ ਉਹ ਬਹੁਤ ਘੱਟ ਹਨ। ਗ਼ਾਲਿਬ ਹੁਰੀ ਲਿਖਦੇ ਹਨ :

ਦਹਿਰ ਸੇ ਡਰਤੇ ਹੂਏ ਕਾਅਬੇ ਕੋ ਹਮ ਜਾਤੇ ਹੈਂ
ਦੇਖ ਲੇਤਾ ਹੈ ਜੋ ਕੋਈ ਵਹੀ ਥਮ ਜਾਤੇ ਹੈ
ਜਾਂ
ਈਮਾਂ ਮੁਝੇ ਰੋਕੇ ਹੈ ਤੋ ਖੀਚੇ ਹੈ ਮੁਝੇ ਕੁਫ਼ਰ
ਕਾਅਬਾ ਮੇਰੇ ਪੀਛੇ ਹੈ ਕਲੀਸਾ ਮੇਰੇ ਆਗੇ

ਹੁਣ  : ਕਹਿੰਦੇ ਨੇ, ਤੇਰੀ ਕਵਿਤਾ ਕਿਸ਼ੋਰ ਉਮਰੇ ਪ੍ਰਸੰਸਕਾਂ ਦੀ ਬੰਦੀ ਬਣ ਗਈ ਸੀ। ਕੀ ਇਹ ਸੱਚ ਹੈ?
ਪਾਤਰ : ਵੀਹ ਸਾਲ ਦੀ ਉਮਰ ਵਿਚ ਮੈਨੂੰ ਸਿਰਫ਼ ਲੇਖਕ ਜਾਣਦੇ ਸਨ ਤੇ ਮੇਰੀ ਬਹੁਤ ਪ੍ਰਸ਼ੰਸਾ ਕਰਦੇ ਸਨ। ਮੇਰਾ ਕੋਈ ਸਹਿਪਾਠੀ ਕਹਿੰਦਾ ਹੁੰਦਾ ਸੀ: ਮੈਨੂੰ ਤੇਰੀ ਕਵਿਤਾ ਸਮਝ ਨਹੀਂ ਆਉਂਦੀ; ਪਰ ਚੰਗੀ ਬਹੁਤ ਲੱਗਦੀ ਹੈ। ਉੱਨੀਵੇਂ ਸਾਲ ਤੋਂ ਹੀ ਮੈਂ ਪ੍ਰੀਤਲੜੀ ਨੂੰ ਕਵਿਤਾਵਾਂ ਭੇਜ ਰਿਹਾ ਸਾਂ, ਪਰ ਉਹ ਵਾਪਿਸ ਆ ਜਾਂਦੀਆਂ ਸਨ। ਪਰ ਮੈਂ ਦਮ ਨਾ ਛੱਡਿਆ ਤੇ ਆਖ਼ਰ ਇਕ ਦਿਨ ਮੈਨੂੰ ਨਵਤੇਜ ਹੁਰਾਂ ਦੀ ਚਿੱਠੀ ਆਈ ਕਿ ਤੇਰੀਆਂ ਕਵਿਤਾਵਾਂ ਬਹੁਤ ਪਸੰਦ ਆਈਆਂ। ਤੂੰ ਦੋ ਤਿੰਨ ਕਵਿਤਾਵਾਂ ਹੋਰ ਭੇਜ। ਮੈਂ ਇਕ ਪੂਰਾ ਸਫ਼ਾ ਤੇਰੀਆਂ ਕਵਿਤਾਵਾਂ ਦਾ ਛਾਪਣਾ ਚਾਹੁੰਦਾ ਹਾਂ। ਇਸ ਖ਼ਤ ਵਿਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਤੇਰਾ ਨਾਮ ਪੱਤੜ ਮੈਨੂੰ ਪਸੰਦ ਨਹੀਂ। ਜਦੋਂ ਮੈਨੂੰ ਮੇਰੇ ਅਧਿਆਪਕ ਸੁਰਜੀਤ ਸਿੰਘ ਸੇਠੀ ਹੁਰਾਂ ਨੇ ਕਾਲਜ ਆਏ ਸ਼ਿਵ ਕੁਮਾਰ ਨਾਲ਼ ਮਿਲਾਇਆ, ਤਾਂ ਸ਼ਿਵ ਨੇ ਮੈਨੂੰ ਦੱਸਿਆ ਕਿ ਨਵਤੇਜ ਨੇ ਮੈਨੂੰ ਤੇਰੀਆਂ ਕਵਿਤਾਵਾਂ ਪੜ੍ਹਾਈਆਂ, ਜਿਹੜੀਆਂ ਅਗਲੇ ਅੰਕ ਵਿਚ ਛਪ ਰਹੀਆਂ ਹਨ। ਜਿਸ ਦਿਨ ਪ੍ਰੀਤਲੜੀ ਦਾ ਉਹ ਅੰਕ ਆਇਆ, ਤਾਂ ਉਸ ਵਿਚ ਛਪੀਆਂ ਅਪਣੀਆਂ ਕਵਿਤਾਵਾਂ ਦੇਖ ਕੇ ਮੈਨੂੰ ਏਨੀ ਖ਼ੁਸ਼ੀ ਹੋਈ, ਜਿੰਨੀ ਬਾਅਦ ਵਿਚ ਸਾਹਿਤ ਅਕਾਦਮੀ ਦਾ ਇਨਾਮ ਮਿਲਣ ’ਤੇ ਹੋਈ। ਮੇਰੀ ਕਿਸ਼ੋਰ ਅਵਸਥਾ ਦੀ ਕਹਾਣੀ ਤਾਂ ਏਨੀ ਕੁ ਹੀ ਹੈ।
ਫਿਰ ਇਕ ਦੋ ਸਾਲਾਂ ਬਾਅਦ ਮੈਂ ਪਟਿਆਲ਼ੇ ਚਲਾ ਗਿਆ। ਓਥੇ ਦਾ ਮਾਹੌਲ ਬਹੁਤ ਪੂਰਨਤਾਵਾਦੀ ਸੀ। ਕਿਸੇ ਦੀ ਕੀ ਮਜਾਲ ਕਿ ਪ੍ਰਸ਼ੰਸਾ ਦਾ ਬੰਦੀ ਹੋ ਜਾਵੇ। ਓਥੇ ਤਾਂ ਨਿਸ਼ਾਨੇ ਬਹੁਤ ਉੱਚੇ ਸਨ। ਸੋਫ਼ੋਕਲੀਜ਼, ਐਲੀਅਟ, ਯੇਟਸ, ਲੋਰਕਾ, ਬੈਕਟ ਤੋਂ ਉਰੇ ਗੱਲ ਨਹੀਂ ਸੀ ਹੁੰਦੀ।
ਹੁਣ : ਤੂੰ ਕਦੀ ਕਿਹਾ ਸੀ: ਮੈਨੂੰ ਅਪਣੀ ਸ਼ੁਹਰਤ ਤੋਂ ਸ਼ਰਮ ਆਉਣ ਲੱਗਦੀ ਹੈ। ਫੇਰ ਤੂੰ ਇਸ ਦਲਦਲ ਵਿਚੋਂ ਨਿਕਲਣ ਦਾ ਉਪਾਅ ਕਿਉਂ ਨਹੀਂ ਕਰਦਾ?
ਪਾਤਰ : ਜਦੋਂ ਮੇਰੇ ਅੰਦਰ ਕੁਝ ਹੋਰ ਬਿਹਤਰ ਕਰਨ ਦੀ ਤੜਪ ਉੱਠਦੀ ਹੈ, ਓਦੋਂ ਮੈਨੂੰ ਸ਼ੁਹਰਤ ਤੋਂ ਸ਼ਰਮ ਆਉਂਦੀ ਹੈ। ਦਲਦਲ ਸ਼ੁਹਰਤ ਦੀ ਕਹੋ ਜਾਂ ਸ਼ਰਮ ਦੀ, ਇਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਨਿੱਤ ਕੁਝ ਨਵਾਂ ਸਿਰਜਦੇ ਰਹਿਣਾ। ਸਿਰਜਣਾ ਤੋਂ ਟੁੱਟ ਜਾਵਾਂ, ਤਾਂ ਸ਼ੁਹਰਤ ਤੋਂ ਸ਼ਰਮ ਆਉਂਦੀ ਹੈ।

ਕਿਤੇ ਜਾ ਨਈਂ ਸਕਦੇ ਤਾਂ ਫੁਲ ਬਣਕੇ ਖਿੜ ਜਾਓ
ਦਲਦਲ ਚੋਂ ਨਿਕਲਣ ਦਾ ਇਹ ਵੀ ਤਰੀਕਾ ਹੈ

ਪੰਜਾਬੀ ਦਾ ਤਾਲ

ਹੁਣ : ਕਈ ਕਹਿੰਦੇ ਹਨ ਕਿ ਅਸਲ ਵਿਚ ਪੰਜਾਬੀ ਗ਼ਜ਼ਲ ਲਈ ਢੁਕਵੀਂ ਜ਼ਬਾਨ ਨਹੀਂ। ਤੇਰਾ ਕੀ ਖ਼ਿਆਲ ਹੈ?
ਪਾਤਰ : ਪ੍ਰੋਫ਼ੈਸਰ ਮੋਹਨ ਸਿੰਘ ਹੁਰਾਂ ਨੇ ਵੀ ਇਹ ਗੱਲ ਕਹੀ ਸੀ। ਉਹ ਕਹਿੰਦੇ ਸੀ ਕਿ ਇਸ ਗੱਲ ਦਾ ਅਹਿਸਾਸ ਸਾਡੇ ਵੱਡ- ਵਡੇਰਿਆਂ ਨੂੰ ਪਹਿਲਾਂ ਹੀ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਕਾਫ਼ੀਆਂ ਲਿਖੀਆਂ, ਦੋਹੇ ਲਿਖੇ, ਪਰ ਗ਼ਜ਼ਲ ਨਹੀਂ ਲਿਖੀ। ਇਹ ਕਹਿਣ ਦੇ ਬਾਵਜੂਦ ਉਹ ਆਪ ਆਖ਼ਰੀ ਉਮਰ ਤਕ ਗ਼ਜ਼ਲਾਂ ਲਿਖਦੇ ਰਹੇ। ਸੱਚ ਤਾਂ ਇਹ ਹੈ ਕਿ ਵੀਹਵੀਂ ਸਦੀ ਦੇ ਤਕਰੀਬਨ ਹਰ ਪੰਜਾਬੀ ਕਵੀ ਨੇ ਗ਼ਜ਼ਲਾਂ ਲਿਖੀਆਂ ਹਨ: ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਮੌਲ਼ਾ ਬਖ਼ਸ਼ ਕੁਸ਼ਤਾ, ਮੋਹਨ ਸਿੰਘ, ਬਾਵਾ ਬਲਵੰਤ, ਈਸ਼ਵਰ ਚਿਤਰਕਾਰ, ਹਰਿਭਜਨ ਸਿੰਘ, ਸ਼ਿਵ ਕੁਮਾਰ, ਸ.ਸ. ਮੀਸ਼ਾ, ਜਸਵੰਤ ਸਿੰਘ ਨੇਕੀ, ਤਖ਼ਤ ਸਿੰਘ, ਜਗਤਾਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਤਾਰਾ ਸਿੰਘ।


ਅਸਲ ਵਿਚ ਇਹੋ ਜਿਹੇ ਫ਼ੈਸਲੇ ਵਕਤ ਕਰਦਾ ਹੈ। ਇਸ ਵੇਲੇ ਪੰਜਾਬੀ ਵਿਚ ਬਹੁਤ ਗ਼ਜ਼ਲ ਲਿਖੀ ਜਾ ਰਹੀ ਹੈ ਤੇ ਕੁਝ ਲੋਕ ਬੜੀ ਚੰਗੀ ਲਿਖ ਰਹੇ ਹਨ। ਇਹਨਾਂ ਵਿਚ ਬਹੁਤੇ ਉਹ ਹਨ, ਜੋ ਉਰਦੂ ਫ਼ਾਰਸੀ ਦੇ ਗ਼ਲਬੇ ਤੋਂ ਮੁਕਤ ਹਨ। ਕੁਝ ਲੋਕਾਂ ਨੇ ਪੰਜਾਬੀ ਵਿਚ ਸੌਨਿਟ ਵੀ ਲਿਖੀ, ਪਰ ਇਹ ਰੂਪ ਪ੍ਰਚਲਿਤ ਨਾ ਹੋ ਸਕਿਆ।
ਗ਼ਜ਼ਲ ਬਹੁਤ ਦਿਲਚਸਪ ਤੇ ਸਾਰੇ ਕਾਵਿ-ਰੂਪਾਂ ਤੋਂ ਵੱਖਰੀ-ਜਿਹੀ ਸਿਨਫ਼ ਹੈ। ਇਸ ਵਿਚ ਬੰਧਨ ਵੀ ਬਹੁਤ ਹੈ, ਆਜ਼ਾਦੀ ਵੀ ਬਹੁਤ। ਬੰਧਨ ਇਹ ਹੈ ਕਿ ਬਹਿਰ ਵਜ਼ਨ ਵਿਚ ਰਹਿਣਾ ਹੈ ਤੇ ਆਜ਼ਾਦੀ ਇਹ ਕਿ ਹਰ ਸ਼ੇਅਰ ਨਵੀਂ ਕਵਿਤਾ ਹੁੰਦਾ ਹੈ। ਦੋ ਸਤਰਾਂ ਵਿਚ ਨਵੀਂ ਗੱਲ ਛੇੜਨੀ ਤੇ ਮੁਕਾਉਣੀ ਹੈ। ਪਰ ਸਾਰੇ ਸ਼ੇਅਰ ਇਕ ਹੀ ਜ਼ਮੀਨ ਵਿਚ ਹੁੰਦੇ ਹਨ। ਉਹ ਆਜ਼ਾਦ ਹੁੰਦੇ ਹਨ, ਪਰ ਫਿਰ ਵੀ ਇਕ ਸਾਂਝ ਵਿਚ ਪਰੋਏ।
ਦੋਹਾ ਵੀ ਸ਼ੇਅਰ ਵਾਂਗ ਜਾਂ ਮਤਲੇ ਵਾਂਗ ਹੈ। ਪਰ ਇਹ ਹਰ ਵਾਰ ਇਕ ਹੀ ਛੰਦ ਵਿਚ ਹੁੰਦਾ ਹੈ। ਪਰ ਗ਼ਜ਼ਲਾਂ ਕਈ ਬਹਿਰਾਂ ਵਿਚ ਹੋ ਸਕਦੀਆਂ ਹਨ; ਉਰਦੂ, ਫ਼ਾਰਸੀ ਬਹਿਰਾਂ ਵਿਚ ਵੀ ਤੇ ਭਾਰਤੀ ਛੰਦਾਂ ਵਿਚ ਵੀ। ਬੈਂਤ ਵਿਚ ਵੀ, ਦਵੱਈਏ ਵਿਚ ਵੀ, ਕਬਿਤ ਵਿਚ ਵੀ, ਕਲੀ ਵਿਚ ਵੀ।
ਕਈ ਵਾਰੀ ਰਦੀਫ਼ ਦੀ ਸਾਂਝ ਗ਼ਜ਼ਲ ਨੂੰ ਖ਼ਾਸ ਤਰ੍ਹਾਂ ਦੀ ਏਕਤਾ ਦਿੰਦੀ ਹੈ। ਮੇਰੀਆਂ ਬਹੁਤ ਸਾਰੀਆਂ ਗ਼ਜ਼ਲਾਂ ਵਿਚ ਨਜ਼ਮਾਂ ਵਰਗੀ ਗਤੀ, ਵਿਕਾਸ ਤੇ ਸਾਂਝ ਹੈ।
ਜੇ ਪੰਜਾਬੀ ਵਿਚ ਦੋਹੇ ਲਿਖੇ ਜਾ ਸਕਦੇ ਹਨ, ਤਾਂ ਸ਼ੇਅਰ ਵੀ ਲਿਖਿਆ ਜਾ ਸਕਦਾ ਹੈ। ਜੇ ਸ਼ੇਅਰ ਲਿਖਿਆ ਜਾ ਸਕਦਾ ਹੈ, ਤਾਂ ਗ਼ਜ਼ਲ ਵੀ ਲਿਖੀ ਜਾ ਸਕਦੀ ਹੈ। ਰੌਲ਼ਾ ਸਿਰਫ਼ ਬਹਿਰਾਂ ਦਾ ਹੈ। ਬਹਿਰਾਂ ਸਿਰਫ਼ ਓਹੀ ਵਰਤੋ, ਜੋ ਪੰਜਾਬੀ ਦੇ ਅਨੁਕੂਲ ਹੋਣ। ਹਰ ਬਹਿਰ ਹਰ ਭਾਸ਼ਾ ਦੇ ਯੋਗ ਨਹੀਂ ਹੁੰਦੀ।
ਹਰ ਭਾਸ਼ਾ ਦਾ ਅਪਣਾ ਤਾਲ ਹੁੰਦਾ ਹੈ। ਭਾਵੇਂ ਇਹ ਤਾਲ ਦੁੱਖ-ਸੁੱਖ ਹੁਲਾਸ ਹੈਰਾਨੀ ਵੇਲੇ ਬਦਲਦੇ ਹਨ, ਪਰ ਇਕ ਵਿਆਪਕ ਤਾਲ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਵਿਆਪਕ ਤਾਲ ਚਾਰ ਗੁਰੂ ਹੈ ਜਿਵੇਂ :

ਚੌਂਕਾ ਚੁੱਲ੍ਹਾ। ਦਾਣਾ ਪਾਣੀ। ਅੱਡਾ ਟੱਪਾ।
ਜੰਗ ਪਲੰਗਾ। ਗੋਲ ਕਤਾਰਾ। ਠੀਹਾ ਠੱਪਾ।
ਦੰਦ ਘਸਾਈ। ਘੁੰਡ ਚੁਕਾਈ। ਵਾਗ ਫੜਾਈ।
ਲਾਗੇ ਸ਼ਾਗੇ। ਦੂਰ ਦੁਰਾਡੇ। ਰੱਬ ਸਬੱਬੀਂ।
ਬੀਬੀ ਰਾਣੀ। ਸੁਘੜ ਸਿਆਣੀ। ਪਿੱਛਲ ਪੈਰੀ।
ਬਾਰਾਂ-ਤਾਲੀ। ਕਾਰੇ ਹੱਥੀ। ਘੋਗਲ਼ ਕੰਨਾ।
ਤੜਕੇ ਤੜਕੇ। ਟਾਂਡੇ ਮੀਂਡੇ। ਸੜਕੇ ਸੜਕੇ।
ਘੁੰਮਣਘੇਰੀ। ਗੋਤ ਕਨਾਲ਼ਾ। ਕੱਲਮ ਕੱਲਾ।
ਅੱਧੜਵੰਜਾ। ਅੱਧੋਰਾਣਾ। ਹੱਥੋ ਪਾਈ।
ਕੁੱਕੜ ਖੋਹੀ। ਕਾਵਾਂ ਰੌਲ਼ੀ। ਕੁੱਤੇ ਖਾਣੀ।
ਡਾਂਗੋ ਡਾਂਗੋ। ਮਾਈ ਭਾਈ। ਹੱਟੀ ਭੱਠੀ।
ਚੰਨੇ ਬੰਨੇ। ਜੋੜਾ ਜਾਮਾ। ਝੱਗਾ ਚੁੰਨੀ।
ਦੀਵਾ ਵੱਟੀ। ਭਾਂਡਾ ਟੀਂਡਾ। ਲੀੜਾ ਲੱਤਾ।
ਰੌਣਕ ਮੇਲਾ। ਧੂਮ ਧੜੱਕਾ। ਭੀੜ ਭੜੱਕਾ।
ਇੱਟ ਖੜਿੱਕਾ। ਉੱਚੜ ਪੈੜੇ। ਛਿੜਕਾ ਛੰਭਾ।
ਦਰਸ਼ਨ ਮੇਲੇ। ਪੇਟ ਘਰੋੜੀ। ਕੌੜਾ ਸੋਤਾ।
ਦੀਵਾ ਵੱਟੀ। ਆਥਣ ਉੱਗਣ। ਲੋਏ ਲੋਏ।

(ਇਹ ਬਹੁਤ ਲੰਮੀ ਲਿਸਟ ਹੈ)

ਇਸੇ ਲਈ ਪੰਜਾਬੀ ਵਿਚ ਸਭ ਤੋਂ ਵੱਧ ਕਵਿਤਾ ਦਵੱਈਏ ਛੰਦ ਵਿਚ ਲਿਖੀ ਗਈ ਹੈ। ਦੂਜੀ ਥਾਂ ਬੈਂਤ ਆਉਂਦਾ ਹੈ। ਗੁਰਬਾਣੀ ਵਿਚ ਬੈਂਤ ਬਿਲਕੁਲ ਨਹੀਂ ਹੈ, ਦਵੱਈਆ ਹੈ। ਲੋਕ ਸਾਹਿਤ ਵਿਚ ਵੀ ਬੈਂਤ ਨਹੀਂ ਹੈ। ਦਮੋਦਰ, ਹਾਸ਼ਮ, ਮੁਹੰਮਦ ਬਖ਼ਸ਼ ਦਵੱਈਏ ਵਿਚ ਹਨ। ਸਾਰੀਆਂ ਲੰਮੀਆਂ ਬੋਲੀਆਂ ਦਵੱਈਏ ਵਿਚ ਹਨ :

ਹੀਰਿਆ ਹਰਨਾ ਬਾਗੀਂ ਚਰਨਾ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ’ਤੇ ਕੀ ਕੁਝ ਲਿਖਿਆ
ਤਿੱਤਰ ਤੇ ਮੁਰਗਾਈਆਂ

ਸ਼ਿਵ ਦੇ ਬਹੁਤ ਸਾਰੇ ਗੀਤਾਂ ਵਿਚ ਦਵੱਈਆ ਹੈ :

ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲ਼ਾ

ਸਾਨੂੰ ਅਪਣੀ ਭਾਸ਼ਾ ਦੇ ਤਾਲ ਵੀ ਪਹਿਚਾਨਣੇ ਚਾਹੀਦੇ ਹਨ, ਪਰ ਅਪਣੀ ਭਾਸ਼ਾ ਦੀ ਮੌਜੂਦਾ ਅਮੀਰੀ ਵਿਚ ਵਾਧਾ ਵੀ ਕਰਨਾ ਚਾਹੀਦਾ ਹੈ। ਪੰਜਾਬ ਦੇ ਸਾਹਿਤ ਵਿਚ ਛੰਦਾਂ ਦਾ ਸਭ ਤੋਂ ਵੱਡਾ ਭੰਡਾਰ ਦਸਮ ਗ੍ਰੰਥ ਹੈ।

ਉਹ ਹੋਰ ਹੋਣਗੇ

ਹੁਣ : ਤੈਨੂੰ ਅਰੂਜ਼ ਦੀ ਕਿੰਨੀ ਕੁ ਵਾਕਫ਼ੀ ਹੈ? ਕੀ ਤੂੰ ਕਦੇ ਛੰਦ ਵਿੱਦਿਆ ਨੂੰ ਜਾਨਣ ਦੀ ਕੋਸ਼ਿਸ਼ ਕੀਤੀ?
ਪਾਤਰ : ਸੱਤਰਵਿਆਂ ਦੀ ਗੱਲ ਹੈ, ਕੁਝ ਸੀਨੀਅਰ ਗ਼ਜ਼ਲਗੋ ਜੂਨੀਅਰਾਂ ਉੱਤੇ ਅਕਸਰ ਇਹ ਇਲਜ਼ਾਮ ਲਾਉਂਦੇ ਸਨ ਕਿ ਨਵਿਆਂ ਨੂੰ ਬਹਿਰ ਵਜ਼ਨ ਦੀ ਕੋਈ ਸਮਝ ਨਹੀਂ। – 1973 ਵਿਚ ਮੈਂ ਪੰਜਾਬੀ ਗ਼ਜ਼ਲ ਬਾਰੇ ਪੇਪਰ ਪੜ੍ਹਿਆ। ਉਸ ਪੇਪਰ ਵਿਚ ਗ਼ਜ਼ਲ ਬਾਰੇ ਹੋਰ ਗੱਲਾਂ ਵੀ ਕੀਤੀਆਂ, ਪਰ ਨਾਲ਼ ਹੀ ਕੁਝ ਉਸਤਾਦਾਂ ਦੀਆਂ ਗ਼ਜ਼ਲਾਂ ਦੇ ਨੁਕਸ ਕੱਢ ਦਿੱਤੇ; ਇਹ ਦਿਖਾਉਣ ਲਈ ਕਿ ਨਵਿਆਂ ਨੂੰ ਵੀ ਅਰੂਜ਼ ਦਾ ਪਤਾ ਹੈ। ਜਗਤਾਰ ਦਾ ਸ਼ੇਅਰ ਹੈ :

ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ ’ਤੇ ਕੋਈ
ਕਲੀਆਂ ਚੜ੍ਹਾਉਣ ਆਇਆ ਪਰ ਅੱਗ ਲਾ ਗਿਆ ਹੈ

ਇਸ ਸ਼ੇਅਰ ਵਿਚ ਕਬਰ ਨੂੰ ਕ+ਬਰ ਬੰਨਿ੍ਹਆ ਗਿਆ ਹੈ; ਜਦ ਕਿ ਕਬ+ਰ ਬੰਨਿ੍ਹਆ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ ਮੈਂ ਲਿਖਿਆ ਕਿ ਤਖ਼ਤ ਸਿੰਘ ਹੁਰੀਂ ਕਿਸੇ ਸ਼ੇਅਰ ਵਿਚ ਮਹਿ+ਕ ਬੰਨ੍ਹਦੇ ਹਨ; ਕਿਸੇ ਵਿਚ ਮ+ਹਿਕ :

ਮੂਕ ਨੈਣਾਂ ’ਚੋਂ ਇਸ਼ਾਰੇ ਦੀ ਮ+ਹਿਕ ਆਣ ਤਾਂ ਦੇ
ਮਨ ’ਚ ਆਸਾਂ ਦੇ ਸ਼ਗੂਫੇ ਜਹੇ ਖਿੜ ਜਾਣ ਤਾਂ ਦੇ
ਭਿਣਕ ਪੌਣ ਮੈਥੋਂ ਲੁਕਾਵੇ ਕਿਸੇ ਦੀ
ਬਹੁਤ ਨੇੜਿਓਂ ਮਹਿ+ਕ ਆਵੇ ਕਿਸੇ ਦੀ

ਅਰੂਜ਼ ਤੇ ਛੰਦ ਮੈਨੂੰ ਕਦੀ ਮੁਸ਼ਕਿਲ ਨਹੀਂ ਲੱਗੇ। ਸਿਰਫ਼ ਤਾਲ ਦੀ ਸਮਝ ਚਾਹੀਦੀ ਹੈ। ਅਸਲ ਵਿਚ ਇਹ ਗਰਾਮਰ ਵਾਂਗ ਹਨ। ਪਿੰਡ ਦਾ ਅਨਪੜ੍ਹ ਜੱਟ ਸਾਡੇ ਨਾਲ਼ੋਂ ਵਧੀਆ ਪੰਜਾਬੀ ਬੋਲਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਨਾਮ ਕੀ ਹੈ, ਪੜਨਾਂਵ ਕੀ ਹੈ, ਵਿਸ਼ੇਸ਼ਣ ਕੀ ਹੈ, ਕਿਰਿਆ ਵਿਸ਼ੇਸ਼ਣ ਕੀ ਹੈ? ਉਹ ਭਾਸ਼ਾ ਦੇ ਸਮੁੰਦਰ ਵਿਚ ਰਿਹਾ। ਉਹਨੇ ਗਰਾਮਰ ਨਹੀਂ ਸਿੱਖੀ। ਕਵੀ ਜਿਸਨੇ ਕਵਿਤਾ ਪੜ੍ਹੀ, ਕਵਿਤਾ ਨੂੰ ਪਿਆਰ ਕੀਤਾ, ਕਵਿਤਾ ਜਿਸ ਦੇ ਵਜੂਦ ਵਿਚ ਵਸਦੀ ਹੈ, ਉਹ ਅਰੂਜ਼ ਸਿੱਖਦਾ ਨਹੀਂ, ਉਹਨੂੰ ਅਰੂਜ਼ ਆ ਜਾਂਦਾ ਹੈ। ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਵਾਲੀ ਗੱਲ ਹੁੰਦੀ ਐ। ਉਰਦੂ ਦੇ ਕਿਸੇ ਉਸਤਾਦ ਦੀ ਮੈਨੂੰ ਕਿਸੇ ਨੇ ਗੱਲ ਸੁਣਾਈ। ਜੇ ਕੋਈ ਉਸ ਦੀ ਸ਼ਾਗਿਰਦੀ ਕਰਨ ਜਾਂਦਾ ਹੈ, ਤਾਂ ਉਹ ਉਹਨੂੰ ਕਹਿੰਦਾ: ਪਹਿਲਾਂ ਤੂੰ ਪੰਜ ਸੌ ਵਧੀਆ ਸ਼ੇਅਰ ਯਾਦ ਕਰ ਕੇ ਆ। ਜੇ ਕੋਈ ਪੰਜ ਸੌ ਸ਼ੇਅਰ, ਉਹ ਵੀ ਵਧੀਆ, ਯਾਦ ਕਰਨ ਦੇ ਰਾਹ ਤੁਰ ਪਏ, ਅੱਧਾ ਉਸਤਾਦ ਤਾਂ ਉਹ ਇਸ ਅਮਲ ਵਿਚ ਆਪ ਹੀ ਬਣ ਜਾਂਦਾ ਹੈ।

ਅਸਾਂ ਤਾਂ ਡੁੱਬ ਕੇ ਸਦਾ ਖ਼ੂਨ ਵਿਚ ਲਿਖੀ ਏ ਗ਼ਜ਼ਲ
ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ।

ਕਿਸੇ ਨੇ ਮੈਨੂੰ ਕਿਹਾ ਤੇਰਾ ਇਹ ਸ਼ੇਅਰ ਵੀ ਬਹਿਰ ਵਿਚ ਹੈ। ਫਿਰ ਤੂੰ ਕਿਵੇਂ ਕਹਿੰਦਾ ਹੈਂ ਕਿ ਤੂੰ ਬਹਿਰ ਵਿਚ ਨਹੀਂ ਲਿਖਦਾ? ਮੈਂ ਕਿਹਾ ਬਹਿਰ ਵਿਚ ਹੋਣਾ ਤੇ ਬਹਿਰ ਵਿਚ ਲਿਖਣਾ ਦੋ ਵੱਖ-ਵੱਖ ਗੱਲਾਂ ਹਨ। ਬਹਿਰ ਵਿਚ ਲਿਖਣ ਦਾ ਮਤਲਬ ਹੈ ਕਿ ਗਿਣਤੀ-ਮਿਣਤੀ ਕਰ ਕੇ ਲਿਖਣਾ। ਬਹਿਰ ਵਿਚ ਹੋਣ ਦਾ ਮਤਲਬ ਹੈ ਕਿ ਤੁਸੀਂ ਸੁਭਾਵਿਕ ਹੀ ਬਹਿਰ ਵਿਚ ਹੁੰਦੇ ਹੋ। ਬਹਿਰ ਵਿਚ ਹੋਣ ਲਈ ਤੁਹਾਨੂੰ ਉਚੇਚ ਨਹੀਂ ਕਰਨਾ ਪੈਂਦਾ। ਬੋਲਣ ਵੇਲੇ ਸਾਡੇ ਲਈ ਭਾਸ਼ਾ ਦੇ ਵਿਆਕਰਣ ਅਲੱਗ-ਅਲੱਗ ਨਹੀਂ ਹੁੰਦੇ। ਇਸੇ ਤਰ੍ਹਾਂ ਗ਼ਜ਼ਲ ਲਿਖਣ ਵੇਲੇ ਮੇਰੇ ਲਈ ਗ਼ਜ਼ਲ ਤੇ ਅਰੂਜ਼ ਅਲੱਗ-ਅਲੱਗ ਨਹੀਂ ਹੁੰਦੇ।

ਸ਼ੌਕ ਅਵੱਲੜੇ

ਹੁਣ : ਤੈਨੂੰ ਕਵਿਤਾ ਤੋਂ ਬਿਨਾ ਕੋਈ ਹੋਰ ਅਵੱਲਾ ਸ਼ੌਕ ਵੀ ਹੈ?
ਪਾਤਰ : ਕਿਸੇ ਵਕਤ ਮੈਂ ਬਹੁਤ ਸੰਗੀਤ ਸੁਣਦਾ ਸਾਂ। ਪੰਡਤ ਜਸਰਾਜ, ਕੁਮਾਰ ਗੰਧਰਵ, ਹਰੀ ਪ੍ਰਸਾਦ ਚੌਰਸੀਆ, ਬਿਸਮਿੱਲਾ ਖ਼ਾਂ, ਵਿਲਾਇਤ ਹੁਸੈਨ ਖ਼ਾਂ, ਰਵੀ ਸ਼ੰਕਰ, ਅਮਜਦ ਅਲੀ ਖ਼ਾਂ, ਮਹਿਦੀ ਹਸਨ, ਗ਼ੁਲਾਮ ਅਲੀ, ਜਗਜੀਤ ਸਿੰਘ, ਬੇਗਮ ਅਖ਼ਤਰ, ਨੁਸਰਤ ਫ਼ਤਹਿ ਅਲੀ, ਲੋਕ ਸੰਗੀਤ। ਗਿਟਾਰ ਸਿੱਖਣੀ ਵੀ ਸ਼ੁਰੂ ਕੀਤੀ। ਪਰ ਫਿਰ ਛੱਡ ਦਿੱਤੀ। ਇਹ ਕੰਮ ਬਹੁਤ ਸਮਾਂ ਮੰਗਦਾ ਸੀ। ਹੁਣ ਕਦੀ-ਕਦੀ ਹਰਮੋਨੀਅਮ ਵਜਾਉਂਦਾ ਹਾਂ, ਉਹਦਾ ਮੈਂ ਮਾਹਿਰ ਨਹੀਂ; ਪਰ ਤਨ-ਮਨ ਨੂੰ ਸੁਰ ਕਰਨ ਵਿਚ ਉਹ ਮੇਰੀ ਮਦਦ ਕਰਦਾ ਹੈ। ਮੈਂ ਬਚਪਨ ਵਿਚ ਘਰਦਿਆਂ ਨਾਲ਼ ਬਹੁਤ ਲੜਦਾ ਸੀ ਕਿ ਮੈਨੂੰ ਹਰਮੋਨੀਅਮ ਲੈ ਕੇ ਦਿਓ। ਮੇਰੀਆਂ ਕਈ ਕਵਿਤਾਵਾਂ ਤੇ ਗ਼ਜ਼ਲਾਂ ਵਿਚ ਸਾਜ਼ ਆਉਂਦੇ ਹਨ :

ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ
।।।।।।।
ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ।

ਇਕ ਪੂਰੀ ਕਵਿਤਾ ਸਾਜ਼ਾਂ ਬਾਰੇ ਹੈ, ਵਜੰਤਰੀ। ਅਮਰਜੀਤ ਚੰਦਨ ਦੇ ਕਹਿਣ ਵਾਂਗੂੰ, ‘ਵਿੱਚੋਂ-ਵਿੱਚੋਂ’ਸੁਣਾਉਂਦਾ ਹਾਂ :

ਹੁਣ ਜਦੋਂ ਉਹ ਸਾਜ਼ਾਂ ਦੀ ਦੁਕਾਨ ਕੋਲ਼ੋਂ ਲੰਘਦਾ ਹੈ
ਨੀਵੀਂ ਪਾ ਲੈਂਦਾ ਹੈ
ਇਹ ਸਾਰੇ ਸਾਜ਼ ਉਸ ਦੇ ਘਰ ਪਏ ਹਨ ਹੀ
ਕਦੀ ਉਹ ਵੀ ਸਮਾਂ ਸੀ
ਉਹ ਮੈਡੋਲੀਨ ਦਾ ਮੁੱਲ ਪੁੱਛ ਕੇ ਲੰਘਦਾ ਸੀ
ਤੇ ਤਾਰਾਂ ਟੁਣਕਾ ਕੇ ਸੋਚਦਾ ਸੀ:
ਸਾਜ਼ ਉਸਦਾ ਨਹੀਂ ਹੁੰਦਾ ਜੋ ਉਸ ਨੂੰ ਮੁੱਲ ਲੈਂਦਾ ਹੈ
ਜੋ ਉਸ ’ਚੋਂ ਖ਼ੂਬਸੂਰਤ ਤਰਜ਼ਾਂ ਕੱਢੇ
ਉਸਦਾ ਹੁੰਦਾ
…….
ਹੁਣ ਉਹ ਸਾਜ਼
ਉਸ ਦੇ ਸੁਪਨਿਆਂ ਵਿਚ ਆਣ ਕੇ
ਉਸ ਨੂੰ ਡਰਾਉਂਦੇ ਨੇ
ਉਹ ਸਾਰੇ ਸਾਜ਼ ਕੱਠੇ
ਬੇਸੁਰੇ ਮਾਤਮ ਜਿਹੀ ਆਵਾਜ਼ ਕਰਦੇ ਨੇ
ਸਾਨੂੰ ਆਜ਼ਾਦ ਕਰ ਦੇ… ਅਸੀਂ ਤੇਰੇ ਨਹੀਂ ਹਾਂ
…….
ਛਾਤੀ ਹੇਠ ਤਰਜ਼ਾਂ ਸੁੱਤੀਆਂ ਨੇ
ਛਾਤੀ ਉੱਤੇ ਹੱਥ
ਉਹ ਅਕਸਰ ਸੋਚਦਾ ਹੈ
ਫ਼ਰਕ ਤਾਂ ਥੋੜ੍ਹਾ ਜਿਹਾ ਹੈ।

ਕਿਸੇ ਸਮੇਂ ਮੈਨੂੰ ਰੰਗ ਬਰੰਗੀਆਂ ਪੈਨਸਿਲਾਂ ਨਾਲ ਡਰਾਇੰਗ ਕਰਨ ਦਾ ਵੀ ਅਵੱਲਾ ਸ਼ੌਕ ਰਿਹਾ, ਇਕ ਲੰਮੀ ਕਵਿਤਾ ਉਰਵਸ਼ੀ, ਜਿਹੜੀ ਅਜੇ ਸਿਰੇ ਨਹੀਂ ਚੜ੍ਹੀ, ਉਹਦਾ ਟਾਈਟਲ ਵੀ ਆਪ ਹੀ ਬਣਾਇਆ ਸੀ। ਤੈਨੂੰ ਦਿਖਾਉਂਦਾ ਹਾਂ।
ਹੁਣ : ਤੇਰੇ ਸਿਰ ਜੋ ਗਾਉਣ ਦਾ ‘ਇਲਜ਼ਾਮ’ ਲੱਗਦਾ ਹੈ, ਉਹਦੇ ਬਾਰੇ ਤੂੰ ਕੀ ਸੋਚਦੈਂ?
ਪਾਤਰ : ਉਹ ਜੋ ਤਰੱਨੁਮ ਨੂੰ ਤਰਸ, ਰਾਗ ਨੂੰ ਰੁਦਨ ਤੇ ਗਾਇਨ ਨੂੰ ਗੁਨਾਹ ਕਹਿੰਦੇ ਨੇ, ਉਹ ਕਿਸੇ ਸੂਫ਼ੀ ਦੇ ਚੇਲੇ ਜਾਂ ਗੁਰੂ ਦੇ ਸਿੱਖ ਤਾਂ ਨਹੀਂ ਹੋ ਸਕਦੇ, ਉਹ ਜ਼ਰੂਰ ਕੋਈ ਔਰੰਗਜ਼ੇਬ ਦੇ ਦਰਬਾਰੀ ਹੋਣਗੇ।

ਪਰਿਵਾਰ ਤੇ ਕਵਿਤਾ

ਹੁਣ : ਤੇਰੇ ਪਰਿਵਾਰ ਦਾ ਤੇ ਤੇਰੀ ਕਵਿਤਾ ਦਾ ਕਿਹੋ ਜਿਹਾ ਸੰਬੰਧ ਹੈ?
ਪਾਤਰ : ਤੇਰੇ ਸਵਾਲ ਦਾ ਇਕ ਉੱਤਰ ਤਾਂ ਇਹ ਹੈ ਕਿ ਮੇਰਾ ਪਰਿਵਾਰ ਮੇਰੀ ਕਵਿਤਾ ਵਿਚ ਘੁiਲ਼ਆ ਹੋਇਆ ਹੈ। ਮੇਰੀਆਂ ਕਈ ਕਵਿਤਾਵਾਂ ਵਿਚ ਮੇਰੇ ਪਰਿਵਾਰ ਦੇ ਜੀਅ ਹਾਜ਼ਰ ਹਨ। ਸ਼ਾਇਦ ਸਭ ਕਵੀਆਂ ਦੀਆਂ ਕਵਿਤਾਵਾਂ ਵਿਚ ਹੀ ਹੁੰਦੇ ਹਨ। ਮਾਤਾ-ਪਿਤਾ, ਭੈਣ-ਭਰਾ, ਪਤਨੀ, ਧੀਆਂ-ਪੁੱਤਰ। ਮਾਤਾ-ਪਿਤਾ ਬਾਰੇ ਤਾਂ ਮੇਰੀਆਂ ਕਵਿਤਾਵਾਂ ਬਹੁਤ ਪ੍ਰਤੱਖ ਹਨ। ਇਕ ਹੋਰ ਕਵਿਤਾ ਸੁਣਾਉਂਦਾ ਹਾਂ। ਮੇਰਾ ਵਿਆਹ ਹੋਏ ਨੂੰ ਇਕ ਸਾਲ ਹੋ ਗਿਆ ਸੀ। ਪਰ ਸਾਡੇ ਘਰ ਕੋਈ ਬੱਚਾ ਨਾ ਹੋਇਆ। ਉਸ ਉਡੀਕ ਤੇ ਥੋੜ੍ਹੀ-ਜਿਹੀ ਉਦਾਸੀ ਵਿਚੋਂ ਮੈਂ ਇਹ ਕਵਿਤਾ ਲਿਖੀ ਸੀ, ਜੋ ਮੇਰੀ ਜੀਵਨ ਸਾਥਣ ਭੁਪਿੰਦਰ ਨਾਲ਼ ਕੀਤੀਆਂ ਗੱਲਾਂ ਹਨ:

ਕਦੋ ਗੁਲਾਬ ਖਿੜੇਗਾ ਅੜੀਏ ਟਹਿਣੀਏ
ਕਦ ਤੁਰਸੀ ਬ੍ਰਹਿਮੰਡ ਨੀ ਖੜੀਏ ਟਹਿਣੀਏ
ਨੀਰ ਗਏ ਪਥਰਾ ਨੀ ਚੁੱਪ ਚੁੱਪ ਰਹਿਣੀਏ
ਟੁੱਟਣਾ ਕਦੋਂ ਸਰਾਪ ਨੀ ਦੁਖੜੇ ਸਹਿਣੀਏ
ਪਿਤਰਾਂ ਕੋਲੇ ਜਾਹ ਵੇ ਮੇਰਿਆ ਰਾਜਿਆ
ਜਾ ਕੇ ਸੀਸ ਨਿਵਾ ਵੇ ਮੇਰਿਆ ਹਾਕਮਾ
ਚੰਨ ਤੋਂ ਡਿੱਗੇ ਗੁਲਾਬ ਸਮੁੰਦਰ ਆ ਟਿਕੇ
ਤਰਦਾ-ਤਰਦਾ ਆਣ ਵੇ ਲੱਗੇ ਕੰਢੜੇ
ਫਿਰ ਲੂਆਂ ਵਿਚਕਾਰ ਤਰਦੀਆਂ ਪੱਤੀਆਂ
ਲੱਗਣ ਕੁੱਖ ਦੇ ਨਾਲ ਵੇ ਮਮਤਾ-ਮੱਤੀਆਂ
ਕੌਣ ਦਏ ਸਰਨਾਵਾਂ ਓਸ ਗੁਲਾਬ ਨੂੰ
ਕੌਣ ਲਭਾਵੇ ਥਾਵਾਂ ਵਿਚ ਹਨ੍ਹੇਰਿਆਂ
ਪਿਆਰ ਦਏ ਸਰਨਾਵਾਂ ਓਸ ਗੁਲਾਬ ਨੂੰ
ਪਿਆਰ ਲਭਾਵੇ ਥਾਵਾਂ ਵਿਚ ਹਨ੍ਹੇਰਿਆਂ।

ਇਕ ਵਾਰੀ ਅਸੀਂ ਰੁੱਸੇ ਹੋਏ ਸਾਂ। ਇਹ ਰੋ ਕੇ ਸੌ ਗਈ ਸੀ ਤੇ ਮੈਂ ਕਵਿਤਾ ਲਿਖ ਰਿਹਾ ਸਾਂ :

ਕਿਤੇ ਇਹੀ ਗੱਲ ਨਾ ਹੋਵੇ, ਕਿਤੇ ਇਸ ਤਰ੍ਹਾਂ ਨਾ ਹੋਵੇ
ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਮੈਲ਼ੀ ਛਾਂ ਨ ਹੋਵੇ
ਉਹ ਜੋ ਸੌਂ ਗਿਆ ਹੈ ਪਿਆਸਾ, ਉਹਨੂੰ ਚੁੰਮ ਕੇ ਜਗਾ ਲੈ
ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁ ਥਾਂ ਨ ਹੋਵੇ

ਤੇਰੇ ਸਵਾਲ ਦੀ ਦੂਜੀ ਤਹਿ ਦਾ ਮਤਲਬ ਹੈ ਕਿ ਮੇਰਾ ਪਰਿਵਾਰ ਮੇਰੀ ਕਵਿਤਾ ਕਿੰਨੀ ਕੁ ਪੜ੍ਹਦਾ-ਸੁਣਦਾ ਹੈ। ਉਸ ਦਾ ਉੱਤਰ ਇਹ ਹੈ ਕਿ ਮੇਰੇ ਪਿਤਾ ਤੇ ਮੇਰੀ ਬੀ ਜੀ ਨੇ ਕਦੀ ਮੇਰੀ ਕਵਿਤਾ ਨਹੀਂ ਸੀ ਸੁਣੀ ਪੜ੍ਹੀ। ਮੇਰੀਆਂ ਚਾਰ ਭੈਣਾਂ ਜੋ ਮੈਥੋਂ ਵੱਡੀਆਂ ਹਨ; ਉਹਨਾਂ ਨੇ ਵੀ ਕੁਝ ਕਵਿਤਾਵਾਂ ਸੁਣੀਆਂ ਜ਼ਰੂਰ ਹੋਣਗੀਆਂ, ਪਰ ਪੜ੍ਹੀਆਂ ਸ਼ਾਇਦ ਹੀ ਹੋਣ। ਸਾਡੇ ਪਰਿਵਾਰ ਵਿਚ ਮੇਰੀ ਕਵਿਤਾ ਦਾ ਪਹਿਲਾ ਪਾਠਕ ਮੇਰਾ ਵੱਡਾ ਭਰਾ ਦੀਦਾਰ ਸਿੰਘ ਪਰਦੇਸੀ ਹੈ, ਜੋ ਮਸ਼ਹੂਰ ਗਾਇਕ ਹੈ ਤੇ ਜਿਸਨੇ ਮੇਰੀਆਂ ਕਈ ਰਚਨਾਵਾਂ ਰਿਕਾਰਡ ਕੀਤੀਆਂ ਹਨ।
ਮੇਰੀ ਕਵਿਤਾ ਦਾ ਦੂਜਾ ਪਾਠਕ ਨੈਰੋਬੀ ਵਿਚ ਵਸਦਾ ਮੇਰਾ ਛੋਟਾ ਵੀਰ ਉਪਕਾਰ ਹੈ। ਉਹਨੇ ਮੇਰਾ ਅੱਖਰ-ਅੱਖਰ ਪੜ੍ਹਿਆ ਤੇ ਮਹਿਸੂਸ ਕੀਤਾ ਹੈ ਤੇ ਮੇਰੀਆਂ ਕਈ ਰਚਨਾਵਾਂ ਰਿਕਾਰਡ ਕੀਤੀਆਂ ਹਨ।
ਮੇਰੇ ਪਰਿਵਾਰ ਵਿਚ ਮੇਰੀਆਂ ਕਵਿਤਾਵਾਂ ਦੀ ਤੀਜੀ ਪਾਠਕ ਮੇਰੀ ਪਤਨੀ ਭੁਪਿੰਦਰ ਹੈ। ਉਹ ਵੀ ਗੀਤ ਗ਼ਜ਼ਲਾਂ ਸੁਣਨ ਤੇ ਗਾਉਣ ਦੀ ਬਹੁਤ ਸ਼ੌਕੀਨ ਹੈ। ਮੇਰੀਆਂ ਦੋ-ਤਿੰਨ ਗ਼ਜ਼ਲਾਂ ਤੇ ਗੀਤ ਬਹੁਤ ਸੁਹਣੀਆਂ ਗਾਉਂਦੀ ਹੈ।
ਮੇਰੇ ਬੇਟੇ ਅੰਕੁਰ ਤੇ ਮਨਰਾਜ ਵੀ ਮੇਰੀ ਕੋਈ-ਕੋਈ ਕਵਿਤਾ ਪੜ੍ਹ ਲੈਂਦੇ ਹਨ। ਮਨਰਾਜ ਤਾਂ ਗਾਉਣ ਦਾ ਵੀ ਸ਼ੌਕੀਨ ਹੈ। ਉਹ ਸੂਫ਼ੀ ਸ਼ਾਇਰੀ ਦਾ ਆਸ਼ਕ ਹੈ। ਸਾਡੇ ਘਰ ਵਿਚ ਸੰਗੀਤ ਦਾ ਬੋਲਬਾਲਾ ਹੈ।
ਕਦੀ-ਕਦੀ ਕੋਈ ਸਤਰ ਕੋਟ ਵੀ ਹੁੰਦੀ ਹੈ। ਇਕ ਵਾਰ ਅੰਕੁਰ ਨੇ ਜਾਂ ਮਨਰਾਜ ਨੇ ਮੋਬਾਇਲ ਲੈਣਾ ਸੀ। ਜਿਹੜਾ ਮੋਬਾਇਲ ਉਹਨੂੰ ਪਸੰਦ ਸੀ, ਉਹ ਬਹੁਤ ਮਹਿੰਗਾ ਸੀ। ਉਹਦੇ ਕੋਲ ਪੈਸੇ ਘੱਟ ਸੀ। ਕਹਿਣ ਲੱਗਾ: ਮੇਰਾ ਵੀ ਪਾਪਾ ਦੀ ਕਵਿਤਾ ਵਾਲਾ ਹਾਲ ਹੈ। ਉਹ ਕਿਹੜੀ ਕਵਿਤਾ ਸੀ: ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ।
ਕਈ ਵਾਰੀ ਮੈਂ ਅਪਣੀਆਂ ਕਵਿਤਾਵਾਂ ਘਰ-ਵਾiਲ਼ਆਂ ਦੀ ਨਜ਼ਰ ਨਾਲ਼ ਪੜ੍ਹਦਾ ਹਾਂ; ਤਾਂ ਸੋਚਦਾ ਹਾਂ, ਪਤਾ ਨਹੀਂ ਉਹ ਮੇਰੀਆਂ ਕਵਿਤਾਵਾਂ ਦੇ ਕੀ ਅਰਥ ਕੱਢਣਗੇ? ਇਹੋ ਜਿਹੀ ਸੋਚ ਵਿਚੋਂ ਹੀ ਪੈਦਾ ਹੋਈ ਸੀ ਮੇਰੀ ਉਹ ਕਵਿਤਾ:

ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨ ਆਈ
ਭਾਵੇਂ ਮੇਰੀ ਮਾਂ ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ
ਮੇਰੇ ਹੁੰਦਿਆਂ ਆਇਆ ਕਿੱਥੋਂ
ਨੀਝ ਲਗਾ ਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗ਼ਜ਼ਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਸ਼ਾਇਦ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ।
ਕਦੀ ਮੈਂ ਇਹ ਵੀ ਲਿਖਿਆ ਸੀ:
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣਕੇ ਰੋਵੇਂ ਮੈਂ ਕਿਸ ਜਹਾਨ ’ਚ ਹਾਂ

ਹੁਣ : ਅਮਰਜੀਤ ਚੰਦਨ ਨੇ ਇਕ ਥਾਂ ਲਿਖਿਆ ਸੀ ਕਿ ਤੇਰੀ ਕਵਿਤਾ ਦੀ ਇਹ ਸਤਰ: ਤੇਰੇ ਅੰਦਰੋਂ ਪੰਛੀ ਉੱਡ ਉੱਡ ਭਰ ਜਾਊ ਅਸਮਾਨ ਜਿਹਾ। ਅਸਲ ਵਿਚ ਪਾਬੋਲ ਨਰੂਦਾ ਦੀ ਹੈ। ਇਹ ਵੀ ਦਸਦਾ ਸੀ ਕਿ ਇਹ ਗੱਲ ਪਹਿਲਾਂ ਪਾਸ਼ ਨੇ ‘ਫੜੀ’ ਸੀ।
ਪਾਤਰ : ਅਮਰਜੀਤ ਚੰਦਨ ਦੀਆਂ ਨਜ਼ਮਾਂ ਤੇ ਉਹਦੀ ਨਸਰ ਦਾ ਵੀ ਮੈਂ ਬਹੁਤ ਪ੍ਰਸ਼ੰਸਕ ਹਾਂ ਤੇ ਇਸ ਵਿਚ ਕੀ ਕੋਈ ਸ਼ੱਕ ਨਹੀਂ ਕਿ ਦੁਨੀਆ ਵਿਚ ਲਿਖੇ ਜਾ ਰਹੇ ਸਾਹਿਤ ਦੀ ਉਹਨੂੰ ਖ਼ਬਰ ਹੈ, ਪਰ ਇਸ ਸਤਰ ਬਾਰੇ ਮੈਂ ਕੁਝ ਹੋਰ ਤਰ੍ਹਾਂ ਸੋਚਦਾ ਹਾਂ। ਮੈਂ ਸਮਝਦਾ ਹਾਂ ਮੇਰੀ ਸਤਰ ਦਾ ਸਰੋਤ ਪੰਜਾਬੀ ਲੋਕਧਾਰਾ ਹੈ।
ਮੇਰੀ ਇਹ ਸਤਰ ਮੌਤ ਬਾਰੇ ਹੈ। ਅਸੀਂ ਅਕਸਰ ਕਹਿੰਦੇ ਹਾਂ: ਜਾਨ ਦਾ ਪੰਛੀ ਉੱਡ ਗਿਆ, ਪਿੰਜਰਾ ਖ਼ਾਲੀ ਰਹਿ ਗਿਆ ਜਾਂ ਅਸੀਂ ਕਹਿੰਦੇ ਆਂ :

ਚੁੱਕ ਲਉ ਚੁਕ ਲਉ ਹੋ ਜਾਊਗੀ
ਜਦ ਉੱਡ ਗਿਆ ਭੌਰ ਸਰੀਰ ’ਚੋਂ
ਭਗਤ ਨਾਮਦੇਵ ਜੀ ਦੀ ਸਤਰ ਹੈ :
ਹਾਡ ਮਾਸ ਨਾੜੀ ਕੋ ਪਿੰਜਰਾ
ਵਿਚ ਪੰਖੀ ਵਸੇ ਬੇਚਾਰਾ

ਮੈਂ ਸਿਰਫ਼ ਇਹ ਤਬਦੀਲੀ ਕੀਤੀ ਹੈ ਕਿ ਪੰਛੀ ਇਕ ਤੋਂ ਅਨੇਕ ਬਣਾ ਦਿੱਤੇ। ਮੇਰੀ ਇਕ ਹੋਰ ਕਵਿਤਾ ਹੈ :

ਹਜ਼ਾਰਾਂ ਪਰਿੰਦੇ
ਮੇਰੇ ਮਨ ’ਚ ਕੈਦੀ
ਸੁਣਾਂ ਰਾਤ ਦਿਨ ਮੈਂ ਇਹ ਦਿੰਦੇ ਦੁਹਾਈ
ਰਿਹਾਈ
ਰਿਹਾਈ
ਰਿਹਾਈ
ਰਿਹਾਈ

ਟਵਿੰਟੀ ਲਵ ਪੋਇਮਜ਼ ਐਂਡ ਏ ਪੋਇਮ ਆਫ਼ ਡਿਸਪੇਅਰ ਵਿਚ ਨਰੂਦਾ ਦੀ ਉਹ ਸਤਰ ਇਕੱਲਤਾ ਬਾਰੇ ਹੈ। ਉਹ ਸਤਰ ਇਹ ਹੈ :

ਮੈਂ ਖ਼ਾਲੀ ਸੁਰੰਗ ਵਾਂਙ ਹਾਂ
ਮੇਰੇ ਥਾਣੀ ਪੰਛੀ ਉੱਡ-ਉੱਡ ਜਾ ਰਹੇ ਹਨ
ਮੇਰੀ ਕਵਿਤਾ ਦਾ ਪੂਰਾ ਬੰਦ ਇਸ ਤਰ੍ਹਾਂ ਹੈ :
ਖ਼ਤ ਆਵੇਗਾ ਰਾਤ ਬਰਾਤੇ, ਧਰਤੀਓਂ ਲੰਮੀ ਛਾਂ ਦਾ ਖ਼ਤ
ਚੁੱਪ ਦੇ ਸਫ਼ਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾਂ ਦਾ ਖ਼ਤ
ਇਕ ਬੇਨਕਸ਼ ਖ਼ਿਲਾਅ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖ਼ਤ
ਲੋਕ ਕਹਿਣਗੇ ਕਬਰ ਦਾ ਖ਼ਤ ਹੈ ਤੂੰ ਆਖੇਂਗਾ ਮਾਂ ਦਾ ਖ਼ਤ
ਖ਼ਤ ਖੁੱਲ੍ਹੇਗਾ ਖ਼ਤ ਵਿਚੋਂ ਇਕ ਹੱਥ ਉਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ ਬਕਿਰਕਾ ਬੇਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉੱਡ-ਉੱਡ ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ ਉੱਠੂ ਦਰਦ ਬੇਨਾਮ ਜਿਹਾ
ਪਰ ਫਿਰ ਤੇਰੀ ਤਪਦੀ ਰੂਹ ਨੂੰ ਆ ਜਾਊ ਆਰਾਮ ਜਿਹਾ

ਮੇਰੇ ਪੰਛੀ ਪਿੰਜਰੇ ’ਚੋਂ ਤ੍ਰਭਕ ਕੇ ਉਡਦੇ ਹਨ ਤੇ ਨੇਰੂਦਾ ਦੇ ਪੰਛੀ ਸੁਰੰਗ ਥਾਣੀਂ ਉੱਡ-ਉੱਡ ਕੇ ਜਾਂਦੇ ਹਨ।
ਫਿਰ ਵੀ ਅਪਣਾ ਇਹ ਸ਼ੇਅਰ ਯਾਦ ਆਉਂਦਾ ਹੈ :

ਇਹ ਲਫ਼ਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ
ਜਾਂ ਖ਼ਬਰੇ ਇਹ ਵੀ ਨਹੀਂ ਐਵੇਂ ਮੈਂ ਗੁਮਾਨ ਚ ਹੈ

ਹੁਣ : ਉੱਤਮ ਕਵੀ ਸਦਾ ਕਵਿਤਾ ਨੂੰ ਰਵਾਇਤੀ ਦਾਇਰੇ ਤੋਂ ਆਜ਼ਾਦ ਕਰਵਾਉਂਦਾ ਹੈ; ਉਸ ਵਿਚ ਨਫ਼ਾਸਤ ਨਹੀਂ ਭਰਦਾ। ਤੂੰ ਕਿਵੇਂ ਸਮਝਦਾ ਏਂ?
ਪਾਤਰ : ਭਾਸ਼ਾ ਖ਼ੁਦ ਰਵਾਇਤ ਹੈ, ਜਿਹੜੀ ਅਸੀਂ ਅਪਣੇ ਪੁਰਖ਼ਿਆਂ ਤੋਂ ਲੈਂਦੇ ਹਾਂ। ਭਾਸ਼ਾ ਵਿਚ ਸਾਡੀ ਪਰਫ਼ੌਰਮੈਂਸ ਨਵੇਂ ਵਾਕ ਲੈ ਕੇ ਆਉਂਦੀ ਹੈ। ਪੁਰਾਣੇ ਸ਼ਬਦਾਂ ਦੀ ਨਵੀਂ ਤਰਤੀਬ ਨਵੀਂ ਗੱਲ ਬਣ ਜਾਂਦੀ ਹੈ। ਇਹ ਕਰਦੇ ਹੋਏ ਵੀ ਅਸੀਂ ਵਿਆਕਰਣ ਦੇ ਰਵਾਇਤੀ ਦਾਇਰਿਆਂ ਵਿਚ ਕੈਦ ਰਹਿੰਦੇ ਹਾਂ। ਜੇ ਅਸੀਂ ਇਨ੍ਹਾਂ ਦਾਇਰਿਆਂ ਵਿੱਚੋਂ ਆਜ਼ਾਦ ਹੋ ਜਾਵਾਂਗੇ, ਤਾਂ ਅਸੀਂ ਸੰਚਾਰ ਹੀ ਨਹੀਂ ਕਰ ਸਕਦੇ; ਜੋ ਕਿ ਭਾਸ਼ਾ ਦਾ ਮੰਤਵ ਹੈ। ਸੰਗੀਤ ਵਿਚ ਹਰ ਸੁਰਵਾਕ ਜਾਂ ਸੁਰ-ਸੰਜੋਗ ਸੁਰੀਲਾ ਨਹੀਂ ਹੁੰਦਾ।
ਆਈਨਸਟਾਈਨ ਨੇ ਮੋਜ਼ਾਰਟ ਬਾਰੇ ਕਿਹਾ ਸੀ: ਮੋਜ਼ਾਰਟ ਦੇ ਸੰਗੀਤ ਨੂੰ ਸੁਣ ਕੇ ਇਉਂ ਜਾਪਦਾ ਹੈ ਕਿ ਇਹ ਉਹਨੇ ਬਣਾਇਆ ਨਹੀਂ। ਇਹ ਤਾਂ ਹਮੇਸ਼ਾ ਤੋਂ ਬ੍ਰਹਿਮੰਡ ਵਿਚ ਸੀ ਤੇ ਕਿਸੇ ਮਹਾਨ ਸੰਗੀਤਕਾਰ ਦੀ ਉਡੀਕ ਕਰ ਰਿਹਾ ਸੀ ਕਿ ਉਹ ਉਸ ਨੂੰ ਲੱਭ ਲਵੇ।
ਗੱਲ ਰਵਾਇਤੀ ਦਾਇਰਿਆਂ ਤੋਂ ਆਜ਼ਾਦ ਕਰਾਉਣ ਜਾਂ ਨਫ਼ਾਸਤ ਭਰਨ ਦੀ ਨਹੀਂ। ਗੱਲ ਤਾਂ ਉਸ ਤੜਪ ਦੀ ਹੈ, ਜੋ ਕਾਇਨਾਤ ਦਾ ਰਹੱਸ ਢੂੰਡਦੀ ਹੈ; ਦੁੱਖ ਵੰਡਾਉਂਦੀ ਹੈ; ਸੁੰਦਰਤਾ ਸਿਰਜਦੀ ਹੈ। ਕਵਿਤਾ ਕੋਈ ਫ਼ੈਸ਼ਨ ਨਹੀਂ ਕਿ ਪੁਰਾਣਾ ਹੋ ਜਾਵੇਗਾ।
ਸਦੀਆਂ ਤੋਂ ਸੂਰਜ, ਚੰਨ, ਸਿਤਾਰੇ, ਦਿਨ, ਰਾਤ, ਰੁੱਤਾਂ, ਚੱਲ ਰਹੀਆਂ ਹਨ; ਰਵਾਇਤ ਵਾਂਙ।
ਬੰਦੇ ਅੰਦਰ ਵੀ ਕੁਝ ਵਿਰਤੀਆਂ ਹਨ, ਜੋ ਸਰਬਵਿਆਪਕ ਹਨ; ਤਾਂ ਹੀ ਤਾਂ ਕਵਿਤਾ ਦੇਸ਼ ਕਾਲ ਨੂੰ ਉਲੰਘ ਜਾਂਦੀ ਹੈ।
ਹੁਣ : ਕਿਸੇ ਆਲੋਚਕ ਨੇ ਕਿਹਾ ਹੈ ਤੇਰੇ ਕੋਲ਼ ਵਿਸ਼ਾਲ ਜੀਵਨ-ਦ੍ਰਿਸ਼ਟੀ ਨਹੀਂ। ਰਿਸ਼ਤਿਆਂ ਦਾ ਬਹੁਪੱਖੀ ਅਨੁਭਵ ਨਹੀਂ। ਕੀ ਤੂੰ ਵੀ ਅਪਣੇ ਅੰਦਰ ਝਾਤੀ ਮਾਰ ਕੇ ਇਉਂ ਹੀ ਸੋਚਦਾ ਹੈਂ?
ਪਾਤਰ : ਹਾਂ ਮੈਂ ਸੋਚਦਾ ਹਾਂ। ਗੁਰੂ ਸਾਹਿਬਾਨ ਤੇ ਸੂਫ਼ੀਆਂ ਕੋਲ਼ ਜੋ ਜੀਵਨ-ਦ੍ਰਿਸ਼ਟੀ ਸੀ ਤੇ ਅਨੁਭਵ ਸੀ ਉਸ ਤੋਂ ਮੈਂ ਊਣਾ ਹਾਂ।

ਦਾਨਾ ਦੀਵਾਨਾ ਸ਼ਾਇਰ

ਹੁਣ : ਡਾਕਟਰ ਹਰਿਭਜਨ ਸਿੰਘ ਆਖਦਾ ਹੁੰਦਾ ਸੀ ਕਿ ਕਵੀ ਨੂੰ ਥੋੜ੍ਹੇ ਜਿਹੇ ਪਾਗਲਪਨ ਦੀ ਲੋੜ ਹੁੰਦੀ ਹੈ। ਕੀ ਤੂੰ ਇਸ ਨਾਲ ਸਹਿਮਤ ਹੈਂ?
ਪਾਤਰ : ਪਾਗਲਪਨ ਤੇ ਸਿਆਣਪ ਦੋਵੇਂ ਰਲ ਕੇ ਕਵਿਤਾ ਲਿਖਦੇ ਹਨ। ਪਾਗਲਪਨ ਕਹਿੰਦਾ ਹੈ: ਰਾਤੀਂ ਮੈਂ ਦੌੜੇ ਜਾਂਦੇ ਰੁੱਖ ਦੇਖੇ। – ਸਿਆਣਪ ਕਹਿੰਦੀ ਹੈ: ਮੈਂ ਸਮਝ ਗਈ ਤੂੰ ਕੀ ਕਹਿ ਰਿਹਾ ਏਂ? ਪਤਾ ਨਹੀਂ ਲੋਕ ਸਮਝਣਗੇ ਕਿ ਨਹੀਂ। ਸਮਝ ਹੀ ਜਾਣਗੇ। ਲੋਕ ਜਿਹੜੇ ਖ਼ੁਦ ਇਹ ਲਿਖ ਸਕਦੇ ਹਨ :

ਨੀਲੀ ਟੱਲੀ ਚੌਲ ਬੱਧੇ
ਦਿਨੇ ਗੁਆਚੇ ਰਾਤੀਂ ਲੱਭੇ

ਲੋਕ ਜਿਹੜੇ ਆਸਮਾਨ ਨੂੰ ਟਾਕੀ ਲਾ ਸਕਦੇ ਹਨ, ਕਿਵੇਂ ਨਹੀਂ ਸਮਝਣਗੇ?
ਪਾਗਲਪਨ ਵਾਲੀ ਗੱਲ ਅਸਲ ਵਿਚ ਓਹੀ ਹੈ, ਜੋ ਟੀ ਐੱਸ ਐਲੀਅਟ ਨੇ ਕਹੀ ਸੀ – ਕਵੀ ਦਾ ਅਰਧਚੇਤਨ ਮਨ ਤੇ ਸਚੇਤ ਮਨ ਰਲ ਕੇ ਲਿਖਦੇ ਹਨ। ਚੰਗੇ ਕਵੀ ਨੂੰ ਪਤਾ ਹੁੰਦਾ ਹੈ ਕਿ ਕਿਸ ਨੂੰ ਕਿੰਨਾ ਕੁ ਦਖ਼ਲ ਦੇਣ ਦੇਣਾ ਹੈ।
ਹੁਣ : ਤੇਰੀਆਂ ਕਿਤਾਬਾਂ ਪਾਠਕ ਖ਼ਰੀਦਦੇ ਹਨ। ਤੈਨੂੰ ਪੰਜਾਬੀ ਪ੍ਰਕਾਸ਼ਕਾਂ ਦਾ ਕਿਹੋ ਜਿਹਾ ਅਨੁਭਵ ਹੈ?
ਪਾਤਰ : ਮੇਰਾ ਅਨੁਭਵ ਬੁਰਾ ਨਹੀਂ। ਮੇਰੀ ਪਹਿਲੀ ਕਿਤਾਬ ਮੇਰੇ ਅਜ਼ੀਜ਼ ਜਨਮੇਜਾ ਜੌਹਲ਼ ਨੇ ਛਾਪੀ ਸੀ। ੳਹਨੇ ਨਵੀਂ ਪੱ੍ਰੈਸ ਲਾਈ ਸੀ ਤੇ ਪਹਿਲੀ ਕਿਤਾਬ ਮੇਰੀ ਸੀ। ਉਸ ਦਾ ਦੂਜਾ ਐਡੀਸ਼ਨ ਲਾਹੌਰ ਬੁੱਕ ਸ਼ਾਪ ਨੇ ਛਾਪਿਆ ਸੀ ਤੇ ਮੈਨੂੰ ਕਹਿੰਦੇ ਜੇ ਰਾਇਲਟੀ ਅਡਵਾਂਸ ਲੈਣੀ ਏ, ਤਾਂ ਬਾਰਾਂ ਪਰਸੈਂਟ ਦਿਆਂਗਾ। ਜੇ ਐਡਵਾਂਸ ਨਹੀਂ ਲੈਣੀ, ਤਾਂ ਪੰਦਰਾਂ ਪਰਸੈਂਟ। ਹੁਣ ਮੇਰਾ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ ਹੈ। ਉਸ ਕੋਲ਼ ਬਹੁਤ ਸਬਜ਼ ਬਾਗ਼ ਹਨ ਤੇ ਫਲ ਵੀ ਸਾਲ-ਖੰਡ ਬਾਅਦ ਪੈ ਹੀ ਜਾਂਦਾ ਹੈ।

ਹੁਣ : ਤੂੰ ਹੁਣ ਕੀ ਤੇ ਕਿੰਨ ਕੁ ਪੜ੍ਹਦਾ ਹੈਂ?
ਪਾਤਰ : ਕੁਝ ਨਾ ਕੁਝ ਪੜ੍ਹਦਾ ਰਹਿੰਦਾ ਹਾਂ। ਪੰਜਾਬੀ ਵਿਚ ਜ਼ਿਆਦਾ ਕਹਾਣੀਆਂ ਪੜ੍ਹਦਾ ਹਾਂ। ਕੋਈ ਕੋਈ ਨਾਵਲ। ਕਵਿਤਾ ਤਾਂ ਖ਼ੈਰ ਕਈ ਕਾਰਨਾਂ ਕਰਕੇ ਪੜ੍ਹ ਸੁਣ ਹੋ ਜਾਂਦੀ ਹੈ। ਇਸ ਸਾਲ ਮੈਂ ਮਾਰਕੁਏਜ਼ ਦੇ ਦੋ ਨਾਵਲ ਪੜ੍ਹੇ। ਲਵ ਇਨ ਦਾ ਟਾਈਮ ਆੱਵ ਕੌਲੇਰਾ ਤੇ ਸੌ ਸਾਲਾਂ ਦਾ ਇਕਲਾਪਾ (ਤੇਜਵੰਤ ਗਿੱਲ ਦਾ ਕੀਤਾ ਹੋਇਆ ਅਨੁਵਾਦ) ਫਰਾਂਸੀਸੀ ਨਾਟਕਕਾਰ ਯਾਂ ਜਿਰਾਦੂ ਦੇ ਕੁਝ ਨਾਟਕ। ਬਾਕੀ ਨਿਕਸੁਕ।
ਹੁਣ  : ਤੂੰ ਕਈ ਨਾਟਕਾਂ ਦੇ ਅਨੁਵਾਦ ਵੀ ਕੀਤੇ ਹਨ।
ਪਾਤਰ : ਕੁਝ ਨਾਟਕਾਂ ਦੇ ਮੈਂ ਅਨੁਵਾਦ ਕੀਤੇ ਤੇ ਕੁਝ ਦੇ ਰੂਪਾਂਤਰ। ਲੋਰਕਾ ਦੇ ਤਿੰਨਾਂ ਦੁਖਾਂਤਾਂ ਦਾ ਰੂਪਾਂਤਰਣ ਕੀਤਾ। ਅੱਗ ਦੇ ਕਲੀਰੇ (ਬਲੱਡ ਵੈਡਿੰਗ), ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯਰਮਾ), ਹੁਕਮੀ ਦੀ ਹਵੇਲੀ (ਹਾਊਸ ਆੱਵ ਬਰਨਾਰਡਾ ਅਲਬਾ) ਇਸ ਤੋਂ ਇਲਾਵਾ ਯਾਂ ਜਿਰਾਦੂ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ (ਦ ਮੈਡ ਵੋਮਨ ਆਵੱ ਸ਼ਈਆ) ਰੇਸੀਨ ਦਾ ਫ਼ਿਦਾ (ਫ਼ੀਦਰਾ)। ਮੈਂ ਕੁਝ ਕਹਾਣੀਆਂ ਤੇ ਨਾਵਲਾਂ ਦੇ ਵੀ ਨਾਟ ਰੂਪਾਂਤਰਣ ਕੀਤੇ: ਸੀਬੋ ਇਨ ਸੁਪਰਮਾਰਕੀਟ ਤੇ ਕਿਚਨ ਕਥਾ । ਕਾਵਿ ਨਾਟਕ ਪੜ੍ਹਨੇ ਮੈਨੂੰ ਚੰਗੇ ਲੱਗਦੇ ਹਨ। ਇਹਨਾਂ ਵਿਚ ਭਾਸ਼ਾ ਅਪਣੇ ਸਾਰੇ ਜੌਹਰ ਦਿਖਾ ਸਕਦੀ ਹੈ।
ਹੁਣ  : ਪੰਜਾਬੀ ਵਿਚ ਤੇਰਾ ਮਨਪਸੰਦ ਕਵੀ ਕੌਣ ਹੈ?
ਪਾਤਰ : ਨਾਨਕ ਸ਼ਾਇਰ।
ਇਹ ਉਨ੍ਹਾਂ ਦਾ ਆਪਣਾ ਵਾਕੰਸ਼ ਹੈ: ਨਾਨਕ ਸ਼ਾਇਰ ਏਵ ਕਹਿਤ ਹੈ।
ਹੁਣ  : ਕੀ ਤੂੰ ਪ੍ਰਫ਼ਾਰਮਰ ਹੋਣ ਨਾਲ਼ੋਂ ਕਵੀ ਹੋਣਾ ਵਧੇਰੇ ਪਸੰਦ ਨਹੀਂ ਕਰੇਂਗਾ?
ਪਾਤਰ : ਇਹਨਾਂ ਦੋਹਾਂ ਵਿਚ ਕੋਈ ਵਿਰੋਧ ਨਹੀਂ। ਸ਼ਿਵ ਕੁਮਾਰ ਬਹੁਤ ਵਧੀਆ ਕਵੀ ਵੀ ਸੀ ਤੇ ਪ੍ਰਫ਼ਾਰਮਰ ਵੀ। ਡਾਕਟਰ ਹਰਿਭਜਨ ਸਿੰਘ ਵੀ ਜਦੋਂ ਅਪਣੀ ਕਵਿਤਾ ਸੁਣਾਉਂਦਾ ਸੀ, ਤਾਂ ਕਿਸੇ ਕਾਵਿ-ਨਾਟਕ ਦਾ ਸ਼ਾਨਦਾਰ ਅਦਾਕਾਰ ਲੱਗਦਾ ਸੀ। ਪ੍ਰੋਫ਼ੈਸਰ ਮੋਹਨ ਸਿੰਘ ਬਹੁਤ ‘ਬੁਰੀ ਤਰ੍ਹਾਂ’ ਕਵਿਤਾ ਪੜ੍ਹਦੇ ਸਨ। ਅਮਿਤੋਜ, ਅਮਰਜੀਤ ਚੰਦਨ, ਪਾਸ਼ ਇਨ੍ਹਾਂ ਸਾਰਿਆਂ ਦੀ ਕਵਿਤਾ ਦੀ ਪ੍ਰਫ਼ਾਰਮੈਂਸ ਕਲਾਮਈ ਕਹੀ ਜਾਂਦੀ ਹੈ।
ਮੈਨੂੰ ਕਵਿਤਾ ਸੁਣਾਉਣੀ ਕਈ ਵਾਰ ਬਹੁਤ ਕਾਵਿਕ ਅਨੁਭਵ ਲੱਗਦੀ ਹੈ। ਇਕ ਸਾਂਝ ਦਾ ਅਹਿਸਾਸ ਹੁੰਦਾ ਹੈ। ਕਿਤੇ ਗਹਿਰੇ ਜੁੜੇ ਹੋਣ ਦੀ ਭਾਵਨਾ। ਦਿਨ-ਬ-ਦਿਨ ਕੱਲਖੋਰੇ ਹੁੰਦੇ ਜਾ ਰਹੇ ਸਾਡੇ ਯੁਗ ਵਿਚ ਤਾਂ ਇਹ ਹੋਰ ਵੀ ਜ਼ਰੂਰੀ ਹਨ – ਨਾਟਕ ਮੰਚਨ ਤੇ ਕਵਿਤਾ ਦੀ ਪੇਸ਼ਕਾਰੀ।
ਹੁਣ : ਤੂੰ ਅਪਣੇ ਆਪ ਨੂੰ ‘ਪ੍ਰਤਿਬੱਧ’ ਸ਼ਾਇਰ ਸਮਝਦਾ ਏਂ। ਤੈਨੂੰ ਕਵਿਤਾ ਤੋਂ ਕਿਸੇ ਇਨਕਲਾਬ ਦੀ ਆਸ ਹੈ?
ਪਾਤਰ :

ਮੈਂ ਪੁਰਾਣਾ ਕਵੀ ਹਾਂ ਪਰ ਮੈਨੂੰ
ਨਿਤ ਨਵੇਂ ਦੁੱਖ ਜਦੀਦ ਕਰਦੇ ਨੇ
ਰੋਜ਼ ਇਸ ਨੂੰ ਤਪਾ ਕੇ ਰੂਹ ਵਿਚੋਂ
ਦਰਦ ਕਵਿਤਾ ਕਸ਼ੀਦ ਕਰਦੇ ਨੇ
ਮੂਰਤਾਂ ਵਿਚ ਬਣੇ ਚਿਰਾਗ਼ਾਂ ਤੋਂ
ਲੋਕ ਲੋ ਦੀ ਉਮੀਦ ਕਰਦੇ ਨੇ

ਮੇਰੀ ਪੰਜਾਬ ਬਾਰੇ ਇਕ ਛੋਟੀ ਜਿਹੀ ਕਵਿਤਾ ਸੀ

ਮਾਤਮ
ਹਿੰਸਾ
ਖ਼ੌਫ
ਬੇਬਸੀ
ਤੇ ਅਨਿਆਂ
ਇਹ ਨੇ ਅੱਜ ਕੱਲ੍ਹ ਮੇਰੇ ਪੰਜਾਂ ਦਰਿਆਵਾਂ ਦੇ ਨਾਂ

ਇਸ ਕਵਿਤਾ ਵਿਚੋਂ ਨਵੇਂ ਪੱਤੇ ਫੁੱਟੇ। ਕਈ ਵਾਰ ਮੇਰੀਆਂ ਪੁਰਾਣੀਆਂ ਕਵਿਤਾਵਾਂ ਵਿਚੋਂ ਨਵੇਂ ਪੱਤੇ ਫੁੱਟ ਪੈਂਦੇ ਹਨ। ਇਸ ਵਿਚੋਂ ਇਹ ਨਵੇਂ ਫੁੱਟੇ। ਮੁੱਢੋਂ ਸ਼ੁਰੂ ਕਰਦਾ ਹਾਂ

ਮਾਤਮ
ਹਿੰਸਾ
ਖ਼ੌਫ
ਬੇਬਸੀ
ਤੇ ਅਨਿਆਂ
ਇਹ ਨੇ ਅੱਜ ਕੱਲ੍ਹ ਮੇਰੇ ਦਰਿਆਵਾਂ ਦੇ ਨਾਂ
ਜੋ ਹੁੰਦੇ ਸਨ
ਸਤਿਲੁਜ
ਬਿਆਸਾ
ਰਾਵੀ
ਜਿਹਲਮ
ਅਤੇ
ਝਨਾਂ
ਤੇ ਜਿਹੜੇ ਇਕ ਦਿਨ ਹੋਵਣਗੇ
ਹੁਸਨ
ਸ਼ਾਇਰੀ
ਇਸ਼ਕ
ਮੁਹੱਬਤ
ਅਤੇ ਨਿਆਂ
ਮੇਰੇ ਦਰਿਆਵਾਂ ਦੇ ਨਾਂ

ਹਰ ਸ਼ਾਇਰ ਇਨ੍ਹਾਂ ਹਸੀਨ ਕਦਰਾਂ ਕੀਮਤਾਂ ਨੂੰ ਬੜੀ ਸ਼ਿੱਦਤ ਨਾਲ ਇਸ਼ਕ ਕਰਦਾ ਹੈ ਤੇ ਇਨ੍ਹਾਂ ਲਈ ਤੜਪਦਾ ਤੇ ਆਪਣੀ ਔਕਾਤ ਮੁਤਾਬਕ ਜੂਝਦਾ ਹੈ। ਇਸ ਵਿਚ ਇਸ ਕਾਇਨਾਤ ਨੂੰ, ਬੰਦੇ ਨੂੰ, ਸਮਾਜ ਨੂੰ, ਇਤਿਹਾਸ ਨੂੰ ਰਾਜਨੀਤੀ ਨੂੰ ਸਮਝਣਾ ਵੀ ਸ਼ਾਮਿਲ ਹੈ। ਨਿਆਂ ਇਸ ਸਮਝ ਵਿਚੋਂ ਹੀ ਪੈਦਾ ਹੁੰਦਾ ਹੈ।
ਪ੍ਰਤਿਬੱਧ ਸ਼ਬਦ ਬਾਰੇ ਮੈਂ ਕਦੀ ਕਿਹਾ ਸੀ ਇਹ ਮੈਨੂੰ ਕੁਝ ਅਧੂਰਾ ਜਾਪਦਾ ਹੈ। ਇਸ ਨਾਲੋਂ ਤਾਂ ਮੈਨੂੰ ਸਮਰਪਿਤ ਚੰਗਾ ਲੱਗਦਾ ਹੈ। ਕਈ ਵਾਰ ਪ੍ਰਤਿਬੱਧ ਦੀ ਥਾਂ ਪਰਨਾਇਆ ਹੋਇਆ ਵਾਕੰਸ਼ ਵੀ ਵਰਤਿਆ ਜਾਂਦਾ ਹੈ। ਮੇਰਾ ਇਕ ਨੌਜਵਾਨ ਇਨਕਲਾਬੀ ਦੋਸਤ ਹੈ ਜਸਪਾਲ ਜੱਸੀ। ਕਵਿਤਾ ਵੀ ਬਹੁਤ ਵਧੀਆ ਲਿਖਦਾ ਹੈ। ਇਸ ਸ਼ਬਦ ਬਾਰੇ ਅਸੀਂ ਬਹਿਸ ਕਰ ਰਹੇ ਸਾਂ। ਮੈਂ ਉਹਨੂੰ ਹਾਸੇ ਨਾਲ ਕਿਹਾ-ਸੋਹਣੀ ਪਰਨਾਈ ਹੋਈ ਸੀ ਆਪਣੇ ਖਾਵੰਦ ਨਾਲ। ਪਰ ਉਸਦਾ ਇਸ਼ਕ ਸੀ ਇੱਜ਼ਤ ਬੇਗ ਨਾਲ।
ਮਾਰਕਸੀ ਚਿੰਤਨ ਨੇ ਸਾਡੇ ਦੋਰ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ ਤੇ ਸਮਾਜ ਨੂੰ ਵਿਗਿਆਨਕ ਤਰੀਕੇ ਨਾਲ ਸਮਝਣ ਵਿਚ ਸਾਡੀ ਮਦਦ ਕੀਤੀ ਹੈ। ਅਣਮਨੁੱਖੀ ਬੇਕਿਰਕ ਪੂੰਜੀਵਾਦ ਦੇ ਖ਼ਿਲਾਫ਼ ਇਸ ਨੇ ਮਾਨਵਤਾ ਨੂੰ ਜਗਾਈ ਰੱਖਿਆ। ਪਰ ਮਾਰਕਸੀ ਚਿੰਤਨ ਕੋਈ ਧਰਮ ਨਹੀਂ, ਇਕ ਨਿਰੰਤਰ ਚਿੰਤਨ ਹੈ। ਆਪਣੀਆਂ ਧਾਰਨਾਵਾਂ ਨੂੰ ਸੰਵਾਦ ਜਾਂ ਸੰਦੇਹ ਤੋਂ ਪਾਰ ਸਮਝਣਾ ਮਾਰਕਸ-ਵਿਰੋਧੀ ਗੱਲ ਹੈ। ਸੰਵਾਦ ਤਾਂ ਧਰਮ ਲਈ ਵੀ ਸਿਹਤਮੰਦ ਹੈ, ਵਿਗਿਆਨਕ ਸੋਚ ਨੂੰ ਤਾਂ ਜ਼ਰੂਰ ਹੀ ਨਿਤ ਨਵੀਆਂ ਸੋਚਾਂ ਨਾਲ ਸੰਵਾਦ ਕਰਨਾ ਚਾਹੀਦਾ ਹੈ।
ਸਮਾਜ ਜਿਸ ਵਿਚ ਬੰਦਿਆਂ ਨਾਲ ਕਾਇਨਾਤ ਨਾਲ ਪੂਰਾ ਇਨਸਾਫ਼ ਹੋਵੇ। ਉਸ ਵਿਚ ਵੱਖਰਾ ਸੋਚਣ ਤੇ ਪ੍ਰਗਟਾਉਣ ਤੇ ਵੀ ਕੋਈ ਪਾਬੰਦੀ ਨਾ ਹੋਵੇ। ਏਹੀ ਮੇਰਾ ਇਨਕਲਾਬ ਹੈ।
ਕਵਿਤਾ ਹਰ ਪਲ ਇਨਕਲਾਬ ਨੂੰ ਸਮਰਪਿਤ ਹੈ।
ਇਕ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਆਪਣੀ ਧਰਤੀ ਦੇ ਇਤਿਹਾਸ ਆਪਣੀ ਲੋਕਾਂ ਦੀ ਮਾਨਸਿਕਤਾ ਨੂੰ ਹੋਰ ਗਹਿਰਾਈ ਵਿਚ ਜਾ ਕੇ ਸਮਝਣਾ ਚਾਹੀਦਾ। ਇਕ ਵਾਰ ਸੇਖੋਂ ਸਾਹਿਬ ਕਹਿਣ ਲੱਗੇ ਮੈਨੂੰ ਕੋਈ ਆਪਣੀ ਪਾਰਟੀ ਦਾ ਵਧੀਆ ਜਿਹਾ ਨਾਮ ਨਹੀਂ ਲੱਭਾ ਨਹੀਂ ਤਾਂ ਮੈਂ ਚੋਣਾਂ ਵਿਚ ਜਿੱਤ ਜਾਣਾ ਸੀ। ਮੈਂ ਉਨ੍ਹਾਂ ਨੂੰ ਕਿਹਾ-ਤੁਸੀਂ ਨਾਮ ਰੱਖਣਾ ਸੀ ਲੋਕ ਪੰਥ।
ਹੁਣ : ਸ਼ਿਵ ਕੁਮਾਰ ਤੋਂ ਬਾਅਦ ਤੈਨੂੰ ਲੋਕ ਮੰਚ-ਮਾਈਕ ਦਾ ਰਾਜ ਕੁਮਾਰ ਕਹਿੰਦੇ ਹਨ। ਕੀ ਤੈਨੂੰ ਆਪਣੇ ਤੋਂ ਬਾਅਦ ਵੀ ਕੋਈ ਸੇਲ੍ਹੀ ਟੋਪੀ ਵਾਲਾ ਨਜ਼ਰ ਆਉਂਦਾ ਹੈ ਜਾਂ ਨਵੀਂ ਕਵਿਤਾ ਮੰਚ ਮਾਈਕ ਦੀ ਕਬਰ ’ਤੇ ਉਸਰ ਰਹੀ ਹੈ?
ਪਾਤਰ :

ਦਾਇਮ ਆਬਾਦ ਰਹੇਗੀ ਦੁਨੀਆ
ਹਮ ਨਾ ਹੋਂ ਗੇ ਕੋਈ ਹਮ ਸਾ ਹੋਗਾ

ਮੈਨੂੰ ਲੱਗਦਾ ਆਉਣ ਵਾਲਾ ਯੁੱਗ ਕਵਿਤਾ ਦੀ ਪੇਸ਼ਕਾਰੀ ਦੇ ਵੱਖਰੇ ਤਰੀਕੇ ਵੀ ਈਜਾਦ ਕਰੇਗਾ। ਪਰ ਨਹੀਂ ਕਵਿਤਾ ਦਾ ਸਭ ਤੋਂ ਅੱਛਾ ਤਰੀਕਾ ਏਹੀ ਹੈ ਕਿ ਕਵੀ ਸੁਣਾ ਰਿਹਾ ਹੋਵੇ ਤੇ ਅਸੀਂ ਸੁਣ ਰਹੇ ਹੋਈਏ ਜਾਂ ਚੁੱਪ-ਚਾਪ ਕੋਈ ਤੁਹਾਡੀ ਪੁਸਤਕ ਦੇ ਅੱਖਰਾਂ ਵਿਚੋਂ ਤੁਹਾਡਾ ਦਿਲ ਧੜਕਦਾ ਸੁਣ ਰਿਹਾ ਹੋਵੇ।
ਹੁਣ  : ਪਿੱਛੇ ਜਿਹੇ ਕਿਸੇ ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰ ਵਿੱਚ ਲੱਗੀ ਤੇਰੀ ਕਵਿਤਾ ਨੂੰ ਲੈ ਕੇ ਜਗਤਾਰ ਨੇ ਤੈਨੂੰ ਠਿੱਠ ਕਰਨ ਦੀ ਕੋਸ਼ਿਸ਼ ਕੀਤੀ। ਤੇਰਾ ਜਵਾਬ ਕੀ ਹੈ?
ਪਾਤਰ : ਜਗਤਾਰ ਨੇ ਮੈਨੂੰ ਠਿੱਠ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ। ਜਗਤਾਰ ਹੁਰਾਂ ਨੂੰ ਅਕਸਰ ਮੇਰੇ ’ਤੇ ਗੁੱਸਾ ਆਉਂਦਾ ਰਹਿੰਦਾ ਹੈ। ਮੈਨੂੰ ਯਾਦ ਹੈ ਉਨ੍ਹਾਂ ਨੂੰ ਪਹਿਲੀ ਵਾਰ ਮੇਰੇ ’ਤੇ ਗੁੱਸਾ ਕਦੋਂ ਆਇਆ ਸੀ। ਅੱਜ ਤੋਂ ਕੋਈ ਅਠਾਈ ਉਨੱਤੀ ਸਾਲ ਪਹਿਲਾਂ ਚੰਡੀਗੜ੍ਹ ਤੋਂ ਇਕ ਪਰਚਾ ਨਿਕਲਿਆ ਸੀ-ਵਿਰਸਾ। ਮੇਰੀ ਬਦਕਿਸਤੀ ਨੂੰ ਉਸ ਦੇ ਸੰਪਾਦਕ ਨੇ ਮੇਰੀ ਗ਼ਜ਼ਲ-‘ਕੁਛ ਕਿਹਾ ਤਾਂ ਹਨੇਰ੍ਹਾ ਜਰੇਗਾ ਕਿਵੇਂ’… ਟਾਈਟਲ ’ਤੇ ਛਾਪ ਦਿੱਤੀ। ਬਾਕੀ ਗ਼ਜ਼ਲਾਂ ਪਿੱਛੇ ਲਾ ਦਿੱਤੀਆਂ। ਏਥੋਂ ਤੱਕ ਪ੍ਰਿੰ. ਤਖ਼ਤ ਸਿੰਘ ਹੁਰਾਂ ਦੀ ਗ਼ਜ਼ਲ ਵੀ। ਜਗਤਾਰ ਜੀ ਨੇ ਵਿਰਸੇ ਦੇ ਸੰਪਾਦਕ ਨੂੰ ਗੁੱਸੇ ਭਰਿਆ ਖ਼ਤ ਲਿਖਿਆ ਕਿ ਤੁਸੀਂ ਏਨੀਆਂ ਮਿਆਰੀ ਗ਼ਜ਼ਲਾਂ ਪਿੱਛੇ ਛਾਪੀਆਂ ਤੇ ਸੈਂਕੜੇ ਨੁਕਸਾਂ ਭਰੀ ਗ਼ਜ਼ਲ ਸਰਵਰਕ ’ਤੇ ਛਾਪ ਦਿੱਤੀ। ਮੈਂ ਜਗਤਾਰ ਜੀ ਨੂੰ ਖ਼ਤ ਲਿਖਿਆ ਕਿ ਮੈਨੂੰ ਮੇਰੀ ਉਸ ਗ਼ਜ਼ਲ ਦੇ ਨੁਕਸਾਂ ਬਾਰੇ ਵੀ ਦੱਸੋ। ਮੇਰੀ ਉਸ ਚਿੱਠੀ ਦਾ ਜਵਾਬ ਮੈਨੂੰ ਨਹੀਂ ਮਿਲਿਆ।
ਸਰਕਾਰੀ ਇਸ਼ਤਿਹਾਰ ਵਿਚ ਕਵਿਤਾ ਦੀਆਂ ਸਤਰਾਂ ਦੇ ਸ਼ਾਮਲ ਹੋਣ ਵਿਚ ਕੀ ਕੋਤਾਹੀ ਹੈ ਜਦ ਕਿ ਜਗਤਾਰ ਜੀ ਨੇ ਆਪਣੀ ਸਮੁੱਚੀ ਕਾਵਿ-ਕਮਾਈ ਵਾਸਤੇ ਸ਼੍ਰੋਮਣੀ ਪੰਜਾਬੀ ਕਵੀ ਦਾ ਪੁਰਸਕਾਰ ਸਰਕਾਰ ਕੋਲੋਂ ਲੈ ਲਿਆ।
ਜਗਤਾਰ ਜੀ ਨੇ ਲਿਖਿਆ ਕਿ ਉਹ ਕਵਿਤਾ ਮੈਂ ਸਾਈ ’ਤੇ ਲਿਖੀ। ਜਦ ਕਿ ਇਕ ਇਸ਼ਤਿਹਾਰ ਵਿਚ ਮੇਰਾ ਪੰਝੀ ਸਾਲ ਪੁਰਾਣਾ ਸ਼ਿਅਰ ਸੀ’

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ

ਤੇ ਦੂਜੀ ਵਾਰ ਜੋ ਸਤਰਾਂ ਸਨ। ਉਹ ਵੀ ਕੋਈ ਸਰਕਾਰ ਦੀ ਵਡਿਆਈ ਨਹੀਂ ਸੀ। ਉਹ ਪ੍ਰਦੂਸ਼ਣ ਦੇ ਖ਼ਿਲਾਫ਼ ਸਨ।
ਜਿੱਥੋਂ ਤੱਕ ਸਾਈ ’ਤੇ ਲਿਖਣ ਦਾ ਸਵਾਲ ਉਹ ਤਾਂ ਮੈਂ ਅਮਰਜੀਤ ਗਰੇਵਾਲ ਦੇ ਨਾਟਕ ਵਾਪਸੀ ਦੇ ਗੀਤ ਵੀ ਲਿਖੇ ਸਨ। ਰਾਮ ਸਰੂਪ ਅਣਖੀ ਦੇ ਨਾਵਲ ਪਰਤਾਪੀ ਦੇ ਨਾਟ ਰੂਪ ਲਈ ਵੀ ਤੇ ਬਲਦੇਵ ਸਿੰਘ ਦੇ ਨਾਟਕ ਲਾਲ ਬੱਤੀ ਲਈ ਵੀ। ਮੈਨੂੰ ਇਹ ਕੰਮ ਵੀ ਸ਼ਿੱਦਤ ਭਰਿਆ ਤੇ ਰਚਨਾਤਮਕ ਸ਼ਮੂਲੀਅਤ ਵਾਲਾ ਲੱਗਦਾ ਹੈ। ਉਨ੍ਹਾਂ ਗੀਤਾਂ ਵਿਚੋਂ ਕਈ ਗੀਤ ਬਹੁਤ ਚੰਗੇ ਵੀ ਹਨ।
ਜਗਤਾਰ ਜੀ ਨੇ ਕਿਤੇ ਲਿਖਿਆ ਸੀ ਕਿ ਹਰ ਗ਼ਜ਼ਲ ਵਿਚ ਬਹੁਤੇ ਸ਼ਿਅਰ ਭਰਤੀ ਦੇ ਹੁੰਦੇ ਹਨ। ਮੈਂ ਭਰਤੀ ਦੇ ਸ਼ਿਅਰ ਲਿਖਣ ਨਾਲੋਂ ਕਿਸੇ ਥੀਮ ’ਤੇ ਲਿਖੀ ਸਾਈ ਦੀ ਚੀਜ਼ ਨੂੰ ਜ਼ਿਆਦਾ ਸਾਰਥਕ ਸਮਝਦਾ ਹਾਂ।

ਉਜਲੇ ਸ਼ੀਸ਼ੇ ਸਨਮੁਖ

ਹੁਣ  : ਕਿਸੇ ਨੇ ਤੇਰੀ ਸਮੁੱਚੀ ਕਵਿਤਾ ਨੂੰ ਉਦਾਸ ਪਰਿੰਦੇ ਦੀ ਫੜਫੜਾਹਟ ਨਾਲ ਤੁਲਨਾ ਦਿੱਤੀ ਹੈ। ਕੀ ਜ਼ਿੰਦਗੀ ਏਨੀ ਹੀ ਉਦਾਸ ਹੈ ਜਦ ਕਿ ਗੁਰਬਾਣੀ ਵਿਚ ਨਾ-ਮਾਨਤਾ ਦੇ ਨਾਲ ਨਾਲ ਜੀਵਨ ਦੇ ਆਨੰਦ ਦੀ ਗਾਥਾ ਵੀ ਹੈ ।
ਪਾਤਰ :

ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲਿਹਾਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ

ਮੈਂ ਬਹੁਤ ਦੇਰ ਆਪਣੇ ਆਪ ਨਾਲ ਲੜਿਆ ਹਾਂ :

ਦੂਰ ਜੇਕਰ ਅਜੇ ਸਵੇਰਾ ਹੈ
ਇਸ ਚ ਕਾਫ਼ੀ ਕਸੂਰ ਮੇਰਾ ਹੈ
ਮੈਂ ਕਿਵੇਂ ਕਾਲੀ ਰਾਤ ਨੂੰ ਕੋੋਸਾਂ
ਮੇਰੇ ਦਿਲ ਵਿਚ ਹੀ ਹਨ੍ਹੇਰਾ ਹੈ

ਇਕ ਅਜੀਬ ਤੜਪ ਦੇਖੀ :

ਮੇਰਿਆਂ ਹੱਥਾਂ ਦੀਆਂ ਤਲੀਆਂ ਤੇ ਰੱਖੇ
ਚੰਨ ਸੂਰਜ ਸਿਵਿਆਂ ਵਾਂਗੂੰ ਬਲ ਰਹੇ
ਅੱਥਰੂਆਂ ਦੀ ਸੰਗਲੀ
ਕਿਸਤਰਾਂ ਏਨੀ ਬੁਝਾ ਸਕਦੀ ਏ ਅੱਗ ?

ਤੇ ਇਹ ਮੰਜ਼ਰ :

ਮੈਂ ਛੁਹਣ ਲੱਗਾ ਤੈਨੂੰ
ਬਹੁ ਚੀਤਕਾਰ ਹੋਇਆ
ਅੰਧੇਰ ਤੜਪ ਉੱਠੇ
ਸੌ ਸੰਖਨਾਦ ਵਿਲਕੇ
ਘੜਿਆਲ ਖੜਕ ਉੱਠੇ
ਚੁੱਲਿ੍ਹਓਂ ਨਿਕਲ ਮੁਆਤੇ
ਮਾਂਵਾਂ
ਪਤਨੀਆਂ
ਭੈਣਾਂ
ਦੇ ਸੀਨਿਆਂ ਚ ਸੁਲਗੇ
ਇਕ ਨਾਰ ਖੁੱਲ੍ਹੇ ਕੇਸੀਂ ਕੂਕੀ ਤੇ ਦੌੜ ਉੱਠੀ
ਉਸ ਦੇ ਕਹਿਰ ਤੋਂ ਕੰਬੇ
ਕੁਲ ਦਿਓਤਿਆਂ ਦੇ ਪੱਥਰ
ਤੇ ਮੁਕਟ ਰਾਜਿਆਂ ਦੇ
ਸਤਿਗੁਰ ਹੋਏ ਕਰੋਪੀ
ਤੇ ਹੱਸੇ ਮੇਰੇ ਚੇਲੇ

ਵੈਸੇ ਇਸ ਸਭ ਕੁਝ ਨੂੰ ਉਦਾਸ ਪਰਿੰਦੇ ਦੀ ਫੜਫੜਾਹਟ ਕਹਿਣਾ ਹੈ ਤਾਂ ਜ਼ਿਆਦਤੀ ਪਰ ਕੋਈ ਨਹੀਂ, ਉਹ ਜਾਣੇ ।
ਗੁਰਬਾਣੀ ਵਿਚਲੇ ਵਿਸਮਾਦ ਤੱਕ ਪਹੁੰਚਣਾ? ਮੈਨੂੰ ਇਸ ਕਸਵੱਟੀ ਤੇ ਨਾ ਪਰਖੋ । ਸਿਰਫ਼ ਦੋ ਸ਼ੇਅਰ ਸੁਣੋ:

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਪਤਾ ਨ ਲੱਗੇ ਇਹ ਚੰਨ ਤਾਰੇ
ਬਦਨ ਹੈ ਜਾਂ ਕਿ ਲਿਬਾਸ ਤੇਰਾ
ਤੂੰ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਰੱਬ

ਹੁਣ : ਤੇਰਾ ਰੱਬ ਜਾਂ ਕਿਸੇ ਹੋਰ ਅਜਿਹੀ ਅਦਿਸ ਸ਼ਕਤੀ ਵਿਚ ਵਿਸ਼ਵਾਸ ਹੈ ?
ਪਾਤਰ  :

ਜੋ ਪੀਲੇ ਪੱਤਿਆਂ ਤੇ ਲਿਖ ਕੇ ਚਿੱਠੀਆਂ
ਇਹ ਰੁੱਖ ਸਮੁੰਦਰ ਨੂੰ ਭੇਜਦੇ ਨੇ
ਤਾਂ ਪੜ੍ਹ ਕੇ ਚਿੱਠੀਆਂ ਨੇ ਉਡਦੇ ਪਾਣੀ
ਕਣੀ ਕਣੀ ਹੋ ਕੇ ਬਰਸਦੇ ਨੇ
ਸੁਰੀਲੀ ਕਿਣਮਿਣ, ਰਸੀਲੀ ਰਿਮਝਿਮ
ਇਹ ਰਾਗ ਸਾਰੇ ਹੀ ਇਸ਼ਕ ਦੇ ਨੇ
ਇਹ ਬੀਜ ਕਾਲੇ, ਬੇਰੰਗ ਜੇਹੇ
ਜ਼ਮੀਨ ਸੀਨੇ ਚ ਸਾਂਭਦੀ ਹੈ
ਕੋਈ ਨ ਜਾਣੇ ਕਿ ਇਸ ਮਿਲਣ ਵਿਚ
ਇਹ ਕੀ ਕਰਾਮਾਤ ਹੋ ਰਹੀ ਹੈ
ਇਹ ਕਾਲੇ ਬੀਜਾਂ ਚੋ ਫੁੱਲ ਸੂਹੇ
ਇਹ ਸਭ ਨਜ਼ਾਰੇ ਹੀ ਇਸ਼ਕ ਦੇ ਨੇ
ਜੋ ਤਾਜ ਹੁੰਦੀ ਸੀ ਪਰਬਤਾਂ ਦਾ
ਉਹ ਬਰਫ਼ ਕਾਹਤੋਂ ਪਿਘਲ ਰਹੀ ਹੈ
ਉਤਰ ਕੇ ਸ਼ਾਹੀ ਬੁਲੰਦੀਆਂ ਤੋਂ
ਇਹ ਖ਼ਾਕ ਵਿਚ ਕਾਹਤੋਂ ਘੁਲ ਰਹੀ ਹੈ
ਇਹ ਢਲਣ ਪਿਘਲਣ, ਮਿਲਾਪ ਹਿਜਰਤ
ਇਹ ਸਾਰੇ ਕਾਰੇ ਹੀ ਇਸ਼ਕ ਦੇ ਨੇ

ਕੁਦਰਤ ਜਿਸ ਵਿਚ ਪੁਰਖ ਤੇ ਨਾਰਾਂ ਵੀ ਸ਼ਾਮਿਲ ਹਨ,ਉਨ੍ਹਾਂ ਦੀ ਮਮਤਾ ਤੇ ਕਸ਼ਿਸ਼ ਵੀ ਸ਼ਾਮਿਲ ਹੈ, ਮੇਰੇ ਲਈ ਵੱਡੇ ਰਹੱਸ ਤੇ ਵਿਸਮਾਦ ਦਾ ਸੋਮਾ ਹੈ। ਮੈਂ ਇਹ ਕਦੀ ਨਹੀਂ ਸੋਚਿਆ ਕਿ ਕੋਈ ਸਾਡੀ ਦੁਆ ਸੁਣਦਾ ਹੈ। ਸਿਰਫ਼ ਇਹ ਜਾਣਦਾ ਹਾਂ ਕਿ ਜੋ ਅਸੀਂ ਬੀਜਦੇ ਹਾਂ ਓਹੀ ਵੱਢਦੇ ਹਾਂ। ਕੁਦਰਤ ਮੇਰੇ ਲਈ ਪ੍ਰੇਰਣਾ ਤੇ ਸ਼ਕਤੀ ਦਾ ਸੋਮਾ ਵੀ ਹੈ :

ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ
ਪਰ ਇਸਦਾ ਮਤਲਬ ਇਹ ਨਹੀਂ ਕਿ ਪੁੰਗਰਨ ਨ ਪੱਤੀਆਂ
ਪੌਣ ਵਿਚ ਨਿਤ ਵਧ ਰਹੀ ਵਿਸ਼ ਤੋਂ ਨ ਡਰਦੇ
ਬਿਰਖ ਬੂਟੇ ਰੋਜ਼ ਅਪਣਾ ਕਰਮ ਕਰਦੇ
ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤੀਆਂ

ਕਵਿਤਾ ਦੀ ਉਮਰ

ਹੁਣ : ਤੇਰੀ ਨਜ਼ਮ ਲੱਗੀ ਨਜ਼ਰ ਪੰਜਾਬ ਨੂੰ ਹੁਣ ਖ਼ਬਰੇ ਕਿਸੇ ਨੂੰ ਯਾਦ ਨਾ ਹੋਵੇ। ਕੀ ਚਲੰਤ ਮਸਲਿਆਂ ਬਾਰੇ ਲਿਖੀਆਂ ਨਜ਼ਮਾਂ ਦਾ ਇਹੋ ਹਾਲ ਹੁੰਦਾ ਹੈ ?
ਪਾਤਰ : ਜਵਾਬ ਤੋਂ ਪਹਿਲਾਂ ਇਕ ਕਵਿਤਾ ਸੁਣ :

ਮੈਂ ਮਹਾ ਕਵੀ ਹਾਂ
ਮੈਂ ਨਹੀਂ ਲਿਖਦਾ ਦੰਗਿਆਂ ਵਿਚ ਮਰਿਆਂ ਬਾਰੇ ਕਵਿਤਾਵਾਂ
ਕਿਉਂ ਕਿ ਬਹੁਤ ਜਲਦੀ ਮਰ ਜਾਂਦੀਆਂ ਨੇ ਇਹੋ ਜਿਹੀਆਂ ਕਵਿਤਾਵਾਂ
ਤੇ ਮੈਥੋਂ ਨਹੀਂ ਝੱਲੀਆਂ ਜਾਣੀਆਂ ਆਪਣੀਆਂ ਮਰਦੀਆਂ ਕਵਿਤਾਵਾਂ
ਸੋ ਮੈਂ ਨਹੀਂ ਲਿਖਦਾ ਦੰਗਿਆਂ ਵਿਚ ਮਰਿਆਂ ਬਾਰੇ ਕਵਿਤਾਵਾਂ

ਮੈਂ ਕਦੀ ਇਹ ਸੋਚ ਕੇ ਨਹੀਂ ਲਿਖਿਆ ਕਿ ਮੇਰੀ ਕਵਿਤਾ ਕੋਈ ਅਮਰ ਰਚਨਾ ਹੋਵੇਗੀ। ਮੈਂ ਤਾਂ ਓਹੀ ਲਿਖਦਾ ਹਾਂ ਜੋ ਮੇਰੀ ਤੜਪ ,ਮੇਰੀ ਸ਼ਿੱਦਤ ਮੈਥੋਂ ਲਿਖਵਾ ਦੇਵੇ ।
ਇਸ ਕਵਿਤਾ ਨੇ ਆਪਣੀ ਇਕ ਭੂਮਿਕਾ ਨਿਭਾਈ। ਤੇ ਹੋ ਸਕਦਾ ਇਹ ਓਦੋਂ ਕਿਸੇ ਨੂੰ ਯਾਦ ਵੀ ਆ ਜਾਇਆ ਕਰੇ ਜਦੋਂ ਕਿਸੇ ਨੇ ਉਨ੍ਹਾਂ ਦਿਨਾਂ ਦਾ ਇਤਿਹਾਸ ਲਿਖਣਾ ਹੋਵੇ, ਜਿਨ੍ਹਾਂ ਦਿਨਾਂ ਵਿਚ ਇਹ ਲਿਖੀ ਗਈ ।

ਇਕ ਦਿਨ ਇਹ ਬ੍ਰਹਿਮੰਡ ਵੀ ਨਹੀਂ ਰਹਿਣਾ ।
ਅਨਿਕ ਬਾਰ ਪਸਰਿਓ ਪਾਸਾਰਾ

ਹੁਣ  :ਪ੍ਰੋ ਮੋਹਨ ਸਿੰਘ ਦੇ ਆਖ਼ਰੀ ਦਿਨਾਂ ਵਿਚ ਤੂੰ ਲੁਧਿਆਣੇ ਉਹਦੇ ਕਾਫ਼ੀ ਨੇੜੇ ਰਿਹਾ । ਕੀ ਉਹਦੀ ਕਵਿਤਾ ਦਾ ਸੋਮਾ ਸੁੱਕ ਨਹੀਂ ਸੀ ਗਿਆ ? ਉਸ ਦੀ ਕੋਈ ਗੱਲ ਸੁਣਾ ।
ਪਾਤਰ :ਪ੍ਰੋ ਮੋਹਨ ਸਿੰਘ ਦੀ ਸ਼ਾਇਰੀ ਵਿਚ ਸ਼ਾਮਾਂ ਦਾ ਜ਼ਿਕਰ ਬਹੁਤ ਖ਼ੂਬਸੂਰਤ ਹੈ । iਂੲਕ ਕਵਿਤਾ ਵਿਚ ਰੱਬ ਘੁਮਿਆਰ ਧਰਤੀ ਦੇ ਘੁੰਮਦੇ ਚੱਕ ਉਤੋਂ ਸੂਰਜ ਦਾ ਘੜਾ ਉਤਾਰ ਕੇ ਧਰਦਾ ਹੈ । ਇਕ ਕਵਿਤਾ ਵਿਚ ਸ਼ਾਮ ਦਾ ਵੇਲਾ ਸ਼ਿਵ ਦੇ ਪੁਜਾਰੀ ਵਾਂਗ ਠੀਕਰ ਵਿਚ ਅੰਗਿਆਰੇ ਪਾਈ ਜਾ ਰਿਹਾ ਹੈ । ਏਥੋਂ ਤੱਕ ਕਿ ਆਪਣਾ ਮਹਾ ਕਾਵਿ ਨਾਨਕਾਇਣ ਵੀ ਉਹ ਰਾਏ ਭੋਇ ਦੀ ਤਲਵੰਡੀ ਤੇ ਉਤਰਦੀ ਸ਼ਾਮ ਤੋਂ ਹੀ ਕਰਦੇ ਹਨ:

ਲਹਿ ਕੇ ਉਤੋਂ ਰੱਥ ਦੇ ਗੋਡਿਆਂ ਪਰਨੇ ਝੁੱਕ
ਰੰਗਾਂ ਦੇ ਦਰਿਆ ਚੋਂ ਸੂਰਜ ਭਰਿਆ ਬੁੱਕ
ਵੱਡਾ ਗੋਲਾ ਓਸਦਾ ਜਿਉਂ ਆਤਿਸ਼ ਦੀ ਵੰਗ
ਅੰਤਿਮ ਕੰਢਾ ਓਸਦਾ ਦਿੱਤਾ ਜਿਸ ਨੇ ਰੰਗ
ਅੱਧਾ ਗੋਲਾ ਡੁੱਬਿਆ ਅੱਧਾ ਰਹਿ ਗਿਆ ਬਾਹਰ
ਦਾਰੂ ਵਿਚ ਨਚੋੜਿਆ ਜਾਣੋਂ ਕਿਸੇ ਅਨਾਰ
ਚਮਕੇ ਪੀਲੂ ਵਣਾਂ ਦੇ ਸੋਨ ਦਾਣਿਆਂ ਹਾਰ
ਦਿੱਤਾ ਕਿਰਨਾਂ ਟੇਢੀਆਂ ਅੰਤਿਮ ਜਦੋਂ ਪਿਆਰ
ਉੱਠੀਆਂ ਚਮਕ ਫਲਾਹੀਆਂ ਓਢ ਸੁਨਹਿਰੀ ਝੁੱਲ
ਦੀਵਿਆਂ ਵਾਂਗੂੰ ਜਗ ਪਏ ਹਲਦੀ ਰੰਗੇ ਫੁੱਲ
ਪਰ ਮੋਹਨ ਸਿੰਘ ਦੀ ਅਪਣੀ ਜ਼ਿੰਦਗੀ ਦੀ ਸ਼ਾਮ ਉਦਾਸ ਸੀ ।

ਪੰਜ ਸਾਲ ਮੈਂ ਪ੍ਰੋ ਮੋਹਨ ਸਿੰਘ ਹੋਰਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕੋ ਹੀ ਮਹਿਕਮੇ ਵਿਚ ਨੌਕਰੀ ਕੀਤੀ । ਦੋ ਸਾਲ ਤਾਂ ਮੈਂ ਇਕ ਪ੍ਰੋਜੈਕਟ ਵਿਚ ਉਨ੍ਹਾਂ ਦਾ ਰੀਸਰਚ ਅਸਿਸਟੈਂਟ ਹੀ ਰਿਹਾਂ । ਉਸ ਤੋ ਬਾਅਦ ਮੈਨੂੰ ਆਪਣਾ ਪ੍ਰੋਜੈਕਟ ਮਿਲਿਆ । ਉਹਨ੍ਹੀਂ ਦਿਨੀਂ ‘ਇਕੱਤੀ ਫਰਵਰੀ’ ਵਿਚ ਡਾ ਹਰਿਭਜਨ ਸਿੰਘ ਇਕ ਇਕ ਕਰਕੇ ਉਨ੍ਹਾਂ ਦੀਆਂ ਕਵਿਤਾਵਾਂ ਦੇ ਪੁਰਜੇ ਉੜਾ ਰਹੇ ਸਨ । ਬੜੇ ਸਾਲਾਂ ਬਾਅਦ ਭੁਵਨੇਸ਼ਵਰ ਵਿਚ ਮੈਨੂੰ ਡਾ ਹਰਿਭਜਨ ਸਿੰਘ ਕਹਿਣ ਲੱਗੇ :ਇਕ ਵਾਰ ਬੜੇ ਗੁਲਾਮ ਅਲੀ ਖਾਂ ਨੂੰ ਕੋਈ ਸੰਗੀਤ ਪ੍ਰੇਮੀ ਕਹਿਣ ਲੱਗਾ : ਉਸਤਾਦ ਜੀ, ਅੱਜ ਤੁਸੀਂ ਇਕ ਥਾਂ ਥੋੜ੍ਹੇ ਜਿਹੇ ਬੇਸੁਰੇ ਨਹੀਂ ਸੀ ਹੋ ਗਏ? ਉਸਤਾਦ ਜੀ ਕਹਿਣ ਲੱਗੇ: ਬੇਟਾ ਕਿਤੇ ਭਟਕ ਗਿਆ ਹੋਵਾਂਗਾ। ਕੋਈ ਦੁਨੀਆਦਾਰੀ ਦੀ ਤਕਲੀਫ ਆੜੇ ਆ ਗਈ ਹੋਵੇਗੀ। ਮੈ ਂਵੀ ਓਦੋਂ ਬੇਸੁਰਾ ਹੋ ਗਿਆ ਸਾਂ ਪਾਤਰ । ਮੈਂ ਪ੍ਰੋ: ਮੋਹਨ ਸਿੰਘ ਨੂੰ ਬੜੀ ਤਕਲੀਫ ਦਿੱਤੀ । ਓਦੋਂ ਡਾ ਹਰਿਭਜਨ ਸਿੰਘ ਹੋਰਾਂ ਨੂੰ ਕਬੀਰ ਪੁਰਸਕਾਰ ਮਿਲ ਚੁੱਕਾ ਸੀ । ਉਹ ਬਹੁਤ ਬੁਲੰਦੀ ਤੇ ਨਿਮਰਤਾ ਵਿਚੋਂ ਬੋਲ ਰਹੇ ਸਨ ਕਾਲਿੰਗਾ ਜਿਤਣ ਤੋਂ ਬਾਦ ਦੇ ਅਸ਼ੋਕ ਵਾਂਗ। ਖ਼ੈਰ ‘31 ਫਰਵਰੀ’ ਬਜ਼ੁਰਗ ਪ੍ਰੋ ਮੋਹਨ ਸਿੰਘ ਹੁਰਾਂ ਲਈ ਬਹੁਤ ਵਾਰ ਕੰਡਿਆਂ ਦੇ ਤਾਜ ਵਾਂਗ ਆਉਂਦਾ।

ਅੰਮ੍ਰਿਤਾ ਪ੍ਰੀਤਮ ਉਨਾਂ ਦੀ ਇਕ ਇੰਟਰਵਿਊ ਕਰ ਕੇ ਉਨ੍ਹਾਂ ਨਾਲ ਏਨੇ ਨਾਰਾਜ਼ ਹੋ ਗਏ ਸਨ ਕਿ ਉਨ੍ਹਾਂ ਦੀ ਮੌਤ ’ਤੇ ਵੀ ਨਾਗਮਣੀ, ਵਿਚ ਇਕ ਹੀ ਫਿੱਕੀ ਜਿਹੀ ਸਤਰ ਛਪੀ ਸੀ । ਇਹ ਇੰਟਰਵਿਊ ਇਕ ਮਿੰਨੀ ਮੈਗਜ਼ੀਨ ਵਿਚ ਛਪੀ ਸੀ, ਜਿਸ ਦਾ ਨਾਮ ਸੀ ਅਮੈਂ। ਕਹਿੰਦੇ ਨੇ ਇਹਦਾ ਸੰਪਾਦਕ ਰਾਜਵਿੰਦਰ ਰਾਜੂ ਜੋ ਹੁਣ ਇਸ ਦੁਨੀਆ ਵਿਚ ਨਹੀ ਹੈ, ਇਕ ਐਤਵਾਰ ਦੀ ਸਵੇਰ ਪ੍ਰੋ ਸਾਹਿਬ ਕੋਲ ਆਇਆ । ਸਿਆਲ ਸੀ । ਪ੍ਰੋ ਸਾਹਿਬ ਧੁੱਪ ਸੇਕ ਰਹੇ ਸਨ । ਰਾਜੂ ਕਹਿਣ ਲੱਗਾ ਪ੍ਰੋ ਸਾਹਿਬ, ਮੇਰੀ ਜ਼ਿੰਦਗੀ ਦੀ ਇਕ ਰੀਝ ਹੈ ਤੁਹਾਡਾ ਹਮਪਿਆਲਾ ਹੋਣਾ। ਹੈ ਤਾਂ ਇਹ ਅਜੇ ਸਵੇਰਾ ਪਰ ਮੈ ਤੁਹਾਡੇ ਨਾਲ ਇਕ ਜਾਮ ਸਾਂਝਾ ਕਰਨਾ ਚਾਹੁੰਦਾ ਹਾਂ । ਰਾਜੂ ਨੇ ਆਪਣੇ ਬੈਗ ਵਿਚੋ ਬੋਤਲ ਕੱਢੀ ਪ੍ਰੋ ਸਾਹਿਬ ਥੋੜ੍ਹੀ ਜਿਹੀ ਝਿਜਕ ਬਾਅਦ ਮੰਨ ਗਏ । ਇਕ ਇਕ ਜਾਮ ਉਠਾਇਆ ਗਿਆ । ਉਸ ਤੋਂ ਬਾਅਦ ਪਤਾ ਨਹੀ ਕਿੰਨੇ ਕੁ ਉਠਾਏ ਗਏ । ਰਾਜੂ ਨੇ ਗੱਲਾਂ ਅੰਮ੍ਰਿਤਾ ਪ੍ਰੀਤਮ ਦੀਆਂ ਸ਼ੁਰੂ ਕਰ ਦਿੱਤੀਆਂ । ਪ੍ਰੋ ਮੋਹਨ ਸਿੰਘ ਹੁਰਾਂ ਨੇ ਆਪਣੀ ਕਲਪਨਾ, ਖ਼ਾਬ, ਖ਼ਿਆਲ ਆਪਣਾ ਖ਼ੂਨੇ ਜਿਗਰ ਮਿਲਾ ਕੇ ਕਿੱਸਾ ਏਨਾ ਰੰਗੀਨ ਬਣਾ ਲਿਆ ਕਿ ਅੰਮ੍ਰਿਤਾ ਜੀ ਨੇ ਉਹਨੂੰ ਪੜ੍ਹ ਕੇ ਨਾਗਮਣੀ ਦੇ ਅਗਲੇ ਅੰਕ ਵਿਚ ਪ੍ਰੋ ਸਾਹਿਬ ਦੇ ਖ਼ਿਲਾਫ਼ ਬਹੁਤ ਜ਼ਹਿਰ ਬੁਝੇ ਫ਼ਿਕਰੇ ਲਿਖੇ ਤੇ ਹਮੇਸ਼ਾ ਲਈ ਪ੍ਰੋ ਸਾਹਿਬ ਲਈ ਦਰਵਾਜ਼ੇ ਢੋ ਲਏ । ਪ੍ਰੋ ਸਾਹਿਬ ਆਪਣੇ ਕਹੇ ਤੋਂ ਮੁੱਕਰ ਵੀ ਨਹੀਂ ਸਕਦੇ ਸਨ ਕਿਉਕਿ ਰਾਜੂ ਦਾਰੂ ਦੀ ਬੋਤਲ ਦੇ ਨਾਲ ਆਪਣੇ ਬੈਗ ਵਿਚ ਟੇਪ ਰਿਕਾਰਡਰ ਵੀ ਲਿਆਇਆ ਸੀ ਜੋ ਪ੍ਰੋ ਸਾਹਿਬ ਨੇ ਨਹੀਂ ਦੇਖਿਆ । ਅਵਤਾਰ, ਉਸ ਇੰਟਰਵਿਊ ਦਾ ਨਾਮ ਪਤਾ ਰਾਜੂ ਨੇ ਕੀ ਰੱਖਿਆ ? ਸੋਲਨ ਨੰਬਰ ਵੰਨ-1-ਕਿਉਂ ਕਿ ਉਹ ਦਾਰੂ ਸੋਲਨ ਨੰਬਰ ਵੰਨ ਸੀ ਜਿਹੜੀ ਰਾਜੂ ਲੈ ਕੇ ਆਇਆ ਸੀ।
ਪ੍ਰੋ ਸਾਹਿਬ ਦੀ ਕਵਿਤਾ ਦੇ ਸੋਮੇ ਓਦੋਂ ਵੀ ਰਵਾਂ ਸਨ । ਉਨ੍ਹਾਂ ਦੀ ਆਖ਼ਰੀ ਕਿਤਾਬ ਬੂਹੇ ਇਸ ਗੱਲ ਦੀ ਗਵਾਹ ਹੈ । ਇਸ ਵਿਚ ਕਈ ਬਹੁਤ ਵਧੀਆ ਕਵਿਤਾਵਾਂ ਹਨ।
ਹੁਣ : ਨੇੜਲੇ ਭਵਿੱਖ ਵਿਚ ਤੇਰੀਆਂ ਅਪਣੀਆਂ ਕੀ ਲਿਖਣ ਯੋਜਨਾਵਾਂ ਹਨ ?
ਪਾਤਰ :ਦੁਆ ਕਰ ਮੇਰੀਆਂ ਲਿਖਣ ਯੋਜਨਾਵਾਂ ਸਿਰੇ ਚੜ੍ਹਨ । ਕਿਉਕਿ ਕਵਿਤਾ ਕਵੀ ਦੀ ਬਾਂਦੀ ਨਹੀਂ ਹੁੰਦੀ ।ਕੁਲਵੰਤ ਗਰੇਵਾਲ ਕਹਿੰਦਾ ਹੁੰਦਾ :

ਹੁਸਨ ਤੇ ਸ਼ਾਇਰੀ ਨਸੀਬਾਂ ਦੇ ।
ਪਰ ਫਿਰ ਵੀ ਮਾਲੀ ਦਾ ਕੰਮ ਪਾਣੀ ਪਾਉਣਾ

ਇਕ ਤਾਂ ਭਾਸ਼ਾ ਬਾਰੇ ਕਵਿਤਾਵਾਂ ਦੀ ਕਿਤਾਬ ਹੈ ਜਿਸ ਨਾਲ ਮੇਰਾ ਮਨ ਜੁੜਿਆ ਹੋਇਆ ਤੇ ਦੂਜੀ ਉਰਵਸ਼ੀ ਜਿਸਦੀ ਉਧੇੜ ਬੁਣ ਬਹੁਤ ਦੇਰ ਤੋਂ ਕਰ ਰਿਹਾ ਹਾਂ ।
ਕੁਝ ਕੰਮ ਨਸਰ ਵਿਚ ਕਰ ਰਿਹਾ ਹਾਂ । ਯਾਦਾਂ ਯਾਦ ਕਰ ਰਿਹਾਂ ਤੇ ਉਨ੍ਹਾਂ ਨੂੰ ਸ਼ਬਦ ਰਿਹਾਂ ।
ਇਕ ਰਚਨਾ ਹੋਰ ਹੈ ਜਿਸ ਦਾ ਮੈਂ ਅਜੇ ਜ਼ਿਕਰ ਨਹੀ ਕਰਨਾ ਚਾਹੁੰਦਾ ਕਿਉਂਕਿ ਉਹਦਾ ਅਜੇ ਮੈਂ ਅੱਖਰ ਵੀ ਨਹੀਂ ਲਿਖਿਆ ।
ਹੁਣ:ਲੇਖਾ ਜੋਖਾ ਕਰੇਂ ਤਾਂ ਕੀ ਲਗਦਾ ਏ?ਕੀ ਤੂੰ ਉਹ ਕੁਝ ਕਰ ਸਕਿਆ ਜੋ ਕਰਨਾ ਚਾਹੁੰਦਾ ਸੀ ?
ਪਾਤਰ :ਲੇਖਾ ਜੋਖਾ ਕਰਦਾ ਹਾਂ ਤਾਂ ਕੁਝ ਗੱਲਾਂ ਮਨ ਵਿਚ ਆਉਦੀਆਂ ਹਨ। ਇਕ ਤਾਂ ਇਹ ਕਿ ਮੈਂ ਕਈ ਉਨ੍ਹਾਂ ਕੰਮਾਂ ਵਿਚ ਵੀ ਸਮਾਂ ਜ਼ਾਇਆ ਕੀਤਾ ਜਿਨ੍ਹਾਂ ਬਿਨਾ ਸਰ ਸਕਦਾ ਸੀ । ਇਕ ਕੰਮ ਸੀ ਭੂਮਿਕਾਵਾਂ ਲਿਖਣੀਆਂ ।ਮੇਰਾ ਖ਼ਿਆਲ ਹੈ ਮੈਂ ਸੌ ਤੋਂ ਵੱਧ ਭੂਮਿਕਾਵਾਂ ਲਿਖੀਆਂ ਹੋਣਗੀਆਂ। ਪਹਿਲਾਂ ਪਹਿਲਾਂ ਭੂਮਿਕਾਵਾਂ ਲਿਖਣ ਦਾ ਚਾਅ ਵੀ ਹੁੰਦਾ ।ਪਹਿਲੀ ਭੂਮਿਕਾ ਮੈਂ ਸ਼ਹਰਯਾਰ ਦੀ ਕਿਤਾਬ ਸਿਧਾਰਥ ਦੀ ਵਾਪਸੀ ਦੀ ਲਿਖੀ ਸੀ ।ਇਹ ਭੂਮਿਕਾ ਮੈਂ ਏਨੀਆਂ ਰੀਝਾਂ ਨਾਲ ਲਿਖੀ ਸੀ ਕਿ ਮੈਨੂੰ ਨਵਤੇਜ ਨੇ ਸੁਨੇਹਾ ਭੇਜਿਆ ਸੀ ਕਿ ਬਹੁਤ ਵਧੀਆ ਭੂਮਿਕਾ ਹੈ । ਇਕ ਵਾਰ ਬੰਦਾ ਇਸ ਕੰਮ ਵਿਚ ਪੈ ਜਾਵੇ ਇਸ ਵਿਚੋ ਂਸਹਿਜੇ ਕੀਤੇ ਨਿਕਲ ਨਹੀਂ ਸਕਦਾ । ਸਾਧੂ ਭਾਜੀ ਕਹਿੰਦੇ ਹੁੰਦੇ :ਵੇਲੇ ਸਿਰ ਨਾਂਹ ਕਹਿਣੀ ਸਿੱਖੋ।
ਦੂਜਾ ਮੈਂਂ ਹੁਣ ਇਸ ਉਮਰ ਵਿਚ ਆ ਕੇ ਸੋਚਦਾਂ ਕਿ ਹਰ ਸਿਰਜਕ ਨੂੰ ਕੁਝ ਸਮਾਂ ਰੋਜ਼ ਇਕੱਲਾ ਬੈਠਣਾ ਚਾਹੀਦਾ। ਆਪਣੀਆਂ ਸੋਚਾਂ ਨੂੰ ਸੋਚਣ ਲਈ, ਇਬਾਦਤ ਵਾਂਗ। ਤੇ ਜੋ ਵੀ ਇਨ੍ਹਾਂ ਪਲਾਂ ਵਿਚ ਸੁੱਝੇ ਲਿਖਣਾ ਚਾਹੀਦਾ, ਜ਼ਰੂਰੀ ਨਹੀਂ ਕਿ ਇਹ ਕਵਿਤਾ ਹੀ ਹੋਵੇ । ਹਮੇਸ਼ਾ ਇਸ ਗੱਲ ਤੇ ਹੀ ਟੇਕ ਨਹੀਂ ਰੱਖਣੀ ਚਾਹੀਦੀ ਕਿ ਆਪੇ ਜਦੋ ਕਵਿਤਾ ਨੂੰ ਲੋੜ ਹੋਵੇਗੀ ਮੈਨੂੰ ਲਿਖ ਲਵੇਗੀ। ਰਾਹ ਜਾਂਦੇ ਨੂੰ ਵਾਜ ਮਾਰ ਕੇ ਬੁਲਾ ਲਵੇਗੀ । ਜੇ ਇਨ੍ਹਾਂ ਗੱਲਾਂ ਦੀ ਪਰਤੀਤ ਮੈਨੂੰ ਪਹਿਲਾਂ ਹੋ ਜਾਂਦੀ ਤਾਂ ਬਹੁਤ ਬਿਹਤਰ ਹੁੰਦਾ ।

‘ਹੁਣ’ ਵੱਲੋਂ

ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!