ਸਿਰੇ ਦਾ ਕਲਾਕਾਰ – ਨਿੰਦਰ ਘੁਗਿਆਣਵੀ

Date:

Share post:

‘ਆਏ..ਹਾਏ..ਹਾਏ..ਅੱਛਾ ਜੀ?’ ਉਹਨੇ ਅੱਖਾਂ ਟੱਡੀਆਂ, ਮੂੰਹ ਨੂੰ ‘ਹੋਰੂੰ ਜਿਹਾ ਬਣਾਇਆ ਤੇ ਉਪਰਲਾ ਬੁੱਲ੍ਹ ਖੱਬਿਓਂ ਉਤਾਂਹ ਨੂੰ ਚੜ੍ਹਾਇਆ। ਉਹਦੀ ਇੰਜ ਦੀ ਕਲਾਤਮਿਕਤਾ ਭਰੀ ਉਤਸੁਕਤਾ ਦੇਖਕੇ ਮੈਂ ਅਗਾਂਹ ਗੱਲ ਸੁਣਾਉਣ ਲਈ ਕਾਹਲਾ ਜਿਹਾ ਹੋ ਗਿਆ ਸਾਂ। ਉਹ ਮੇਰੀ ਹਰੇਕ ਗੱਲ ਦੇ ਫਿਕਰੇ ਉਤੇ, ‘ਆਏ..ਹਾਏ..ਹਾਏ..ਅੱਛਾ ਜੀ..? ਫੇਰ ਜੀ?ਅੱਛਾ…।’ ਕਰੀ ਜਾ ਰਿਹਾ ਸੀ। ਮੈਨੂੰ ਜਾਪਿਆ ਕਿ ਜਿਵੇਂ ਮੈਨੂੰ ਆਪਣੀ ਗੱਲ ਸੁਣਾਉਣ ਦੀ ਅਸਲੀ ਦਾਦ ਅੱਜ ਈ ਨਸੀਬ ਹੋਈ ਹੈ,ਇਸ ਤੋਂ ਪਹਿਲਾਂ ਸਭ ਲੋਕ ਮੇਰੀ ਗੱਲ ਨੂੰ ਭਕਾਈ ਹੀ ਜਾਣਦੇ ਰਹੇ ਹਨ ਹੁਣ ਤੀਕ…ਕਿਸੇ ਨੇ ਮੇਰੀ ਗੱਲ ਵੱਲ ਧਿਆਨ ਈ ਨਹੀਂ ਦਿੱਤਾ ਸੀ ਇਸ ਤਰਾਂ।
‘ਤੇ ਫੇਰ ਜੀ, ਤੁਸੀਂ ਏਥੋਂ ਚਲੇ ਕਿਉਂ ਗਏ ਸੀ ਜੀ..ਭਾਸ਼ਾ ਵਿਭਾਗ ਚੋਂ..?’ ਉਹਨੇ ਪੁੱਛਿਆ। ਮੈਂ ਦੱਸਣ ਲੱਗਿਆ, ‘ਹਸੀਜਾ ਖਿਝਦਾ ਰਹਿੰਦਾ ਸੀ ਮੇਰੇ ‘ਤੇ..ਕਹਿੰਦਾ ਅਖੇ ਤੂੰ ਵੱਡਾ ਲੇਖਕ ਬਣਦੈਂ..ਦਿਹਾੜੀਆ ਬਣਕੇ ਰਹਿ..ਤੈਨੂੰ ਮਾਲੀ ਭਰਤੀ ਕੀਤਾ ਕੇ ਲੇਖਕ?’
‘ਆਏ..ਹਾਏ..ਹਾਏ..ਅੱਛਾ ਜੀ..? ਲੋਹੜਾ ਆ ਗਿਆ ਜੀ ਇਹ ਤਾਂ?’ ਉਹਨੇ ਖੱਬਾ ਉਤਲਾ ਬੂੱਲ੍ਹ ਪੁਰੀ ਤਰਾਂ ਮਰੋੜਾ ਜਿਹਾ ਦੇਕੇ ਉਤਾਂਹ ਨੂੰ ਚੜ੍ਹਾ ਲਿਆ ਸੀ।
‘ਲਓ ਜੀ..ਲਓ..ਚਾਹ ਪੀਓ ਜੀ ਪਹਿLਲਾਂ…।’ ਉਹਦੇ ਘਰ ਵਾਲੀ ਚਾਹ ਲੈ ਆਈ ਸੀ। ਮੈਂ ਆਪਣੀ ਕੁਰਸੀ ਉਤੋਂ ਉਠਕੇ ਆਖਿਆ, ‘ਤੁਸੀਂ ਕਿਉਂ ਖੇਚਲ ਕੀਤੀ ਮਾਂ ਜੀ.. ਮੈਂ ਆਪੇ ਫੜ ਲੈਂਦਾ ਚਾਹ।’
‘ਓ ਛੱਡੋ ਜੀ..ਛੱਡੋ..ਹੱਦ ਕਰੀ ਜਾਂਦੇ ਓ ਜੀ..ਬੈਠੋ ਜੀ..ਬੈਠੋ..ਤੁਸੀ ਗੱਲ ਸੁਣਾਓ ਜੀ..।’ ਉਹਨੇ ਕਿਹਾ। ਮਾਂ ਜੀ ਚਾਹ ਮੇਜ਼ ਉਤੇ ਧਰ ਕੇ ਚਲੀ ਗਈ ਸੀ ਚੁੱਪ-ਚਾਪ। ਉਹ ਚਾਹ ਦੀ ਘੁੱਟ ਭਰਦਾ ਆਖਣ ਲੱਗਿਆ, ‘ਆਹ ਤਾਂ ਜੀ ਕਮਾਲ ਈ ਹੋ ਗਈ ਕਿ…ਸੁਆਦ ਆ ਗਿਆ ਜੀ..ਤੁਸੀਂ ਕਮਾਲ ਦੇ ਬੰਦੇ ਓ ਜੀ…ਏਹ ਜੀ ਫਿਰ ਤੁਸੀਂ ਪਟਿਆਲੇ ਆਉਂਦੇ ਜਾਂਦੇ ਰਹਿੰਦੇ ਓ? ਉਥੇ ਪਿੰਡ ਕੀ ਕਰਦੇ ਹੁੰਦੇ ਓ ਜੀ..? ਵੇਖੋ ਜੀ, ਵਾਰਤਕ ਲੇਖਕ ਪੰਜਾਬ ‘ਚ ਐਸ ਵੇਲੇ ਦੋ ਈ ਨੇ …ਇੱਕ ਨਰਿੰਦਰ ਸਿੰਘ ਕਪੂਰ ਤੇ ਦੂਜਾ ਨਿੰਦਰ ਘੁਗਿਆਣਵੀ..।’
ਇਹ ਸੁਣਕੇ ਮੈਨੂੰ ਸੰਗ ਜਿਹੀ ਆਈ ਸੀ।
ਮੈਂ ਉਹਨੂੰ ਸਾਰਾ ਕੁਝ ਹੁੱਭ੍ਹ-ਹੁੱਭ੍ਹ ਕੇ ਦੱਸੀ ਜਾ ਰਿਹਾ ਸਾਂ। ਉਹ ਚਾਹ ਦੀਆਂ ਚੁਸਕੀਆਂ ਲੈਂਦਾ, ‘ਆਏ..ਹਾਏ..ਹਾਏ..’ ਕਰੀ ਜਾਂਦਾ ਸੀ। ਉਹਦਾ ਮੋਬਾਇਲ ਫੋਨ ਖੜਕਿਆ, ‘ਹਾਂਅ ਜੀ …ਹਾਂਅ ਜੀ..ਮਹਾਰਾਜ ਕੀ ਹਾਲ ਜੇ ਧੁਆਡਾ ਜੀ..ਵਾਹ ਜੀ ਵਾਹ..ਆਹ ਤਾਂ ਬੜੀ ਕਿਰਪਾ ਕੀਤੀ ਏ ਜੀ ਮਹਾਰਾਜ..ਅੱਛਾ ਜੀ ਅੱਛਾ..ਆਜੋ.. ਆਜੋ..ਸ਼ਾਮੀਂ ..ਆਜੋ..ਮੈਂ ਘਰ ਈ ਹੋਵਾਂਗਾ…ਅੱਛਾ ਜੀ..।’
ਫੋਨ ਬੰਦ ਕਰਕੇ ਕਹਿਣ ਲੱਗਾ, ‘ਓ ਜੀ..ਬੀਰਦਵਿੰਦਰ ਸਿੰਘ ਦਾ ਫੋਨ ਸੀ ਜੀ..ਉਹਨਾਂ ਆਣੈ ਘਰ ਸ਼ਾਮੀ..ਤੁਸੀਂ ਜਾਣਦੇ ਓ ਨਾ ਜੀ ਬੀਰਦਵਿੰਦਰ ਨੂੰ..ਜੇਹੜਾ ਵਿਧਾਨ ਸਭਾ ਦਾ ਸਪੀਕਰ ਏ ਜੀ..।’
ਮੈਨੂੰ ਖੁਸ਼ੀ ਵਾਲੀ ਹੈਰਾਨੀ ਹੋਈ ਕਿ ਲੀਡਰ -ਲੂਡਰ ਜਿਹੇ ਤਾਂ ਲੇਖਕਾਂ ਨੂੰ ਕੱਖ ਨੀ੍ਹ ਸਮਝਦੇ ਹੁੰਦੇ, ਤੇ ਏਧਰ ਧੰਨ ਨੇ ਸਾਡੇ ਪ੍ਰੋਫੈਸਰ ਕਜ਼ਾਕ ਜੀ.. ਜਿਹਨਾਂ ਕੋਲ ਲੀਡਰ ਆਪ ਚੱਲਕੇ ਤੇ ਪਹਿਲਾਂ ਵਕਤ ਲੈਕੇ ਆ ਰਹੇ ਹਨ।
‘ਏਹਨੂੰ ਬੀਰਦਵਿੰਦਰ ਨੂੰ ਤਾਂ ..ਲਿਟਰੇਚਰ ਪੜ੍ਹਨ ਦਾ ਵੀ ਬੜਾ ਸ਼ੌਕ ਏ।’ ਮੈਂ ਕਿਹਾ।

‘ਓ ਜੀ, ਏਹ ਤਾਂ ਬੜਾ ਤਕੜਾ ਪਾਠਕ ਏ ਜੀ..ਸੈLਕੜੇ ਸ਼ੇਅ੍ਹਰ ਜ਼ਬਾਨੀ ਰਟੀ ਫਿਰਦੈ ਜੀ..ਹਰ ਇੱਕ ਥਾਂ ਭਾਸ਼ਣ ਕਰਦੇ ਸਮੇਂ ਸ਼ੇਅ੍ਹਰ ਪੜ੍ਹਦਾ ਏ ਜੀ ਤੇ ਲੋਕੀ ਅਸ਼-ਅਸ਼ ਕਰਦੇ ਨੇ..ਆਪਣਾ ਮਿੱਤਰ ਏ ਜੀ, ਆ ਜਾਣਾ ਸ਼ਾਮੀਂ ਤੁਸੀਂ ਵੀ..ਮਿਲਵਾ ਦਿਆਂਗਾ ..।’ਇਹ ਸੁਣਕੇ ਮੈਨੂੰ ਹੋਰ ਵੀ ਖੁਸ਼ੀ ਹੋਣ ਲੱਗੀ ਕਿ ਕਜ਼ਾਕ ਜੀ ਨੂੰ ਮਿਲਣ ਦਾ ਹੋਰ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਇਹਨਾਂ ਰਾਹੀਂ ਹੋਰ ਵੀ ਵੱਡੇ-ਵੱਡੇ ਲੋਕਾਂ ਨੂੰ ਮਿਲਿਆ ਜਾ ਸਕੇਗਾ।

‘ਵਰਿਆਮ’ ਮਾਸਿਕ ਵਿੱਚ ਹਰਨਾਮ ਦਾਸ ਸਹਿਰਾਈ ਬਾਰੇ ਮੇਰਾ ਇੱਕ ਰੇਖਾ-ਚਿਤਰ ਛਪਿਆ ਸੀ, ਕਜ਼ਾਕ ਜੀ ਦਾ ਪੋਸਟ-ਕਾਰਡ ਆਇਆ ਸੀ, ਉਦੋਂ ਤੱਕ ਤਾਂ ਮੈਂ ਕਜ਼ਾਕ ਜੀ ਨੂੰ ਇੱਕ ਵਾਰੀ ਵੀ ਨਹੀਂ ਸੀ ਮਿਲਿਆ, ਕਾਰਡ ਪੜ੍ਹਕੇ ਖੁਸ਼ੀ ਤਾਂ ਹੋਣੀ ਈ ਸੀ, ਸੋਚਿਆ, ਜਦ ਪਟਿਆਲੇ ਗਿਆ, ਮਿਲਕੇ ਆਵਾਂਗਾ। ਕਹਾਣੀ ‘ਹੁੰਮਸ’ ਪੜ੍ਹੀ, ਚੰਗੀ ਲੱਗੀ, ਚਿੱਠੀ ਲਿਖੀ, ਫਿਰ ‘ਤੱਕਲੇ ਦਾ ਦਾਗ’, ਪੜ੍ਹੀ, ਚਿੱਠੀ ਲਿਖੀ, ਲੱਭ-ਲੱਭ ਕੇ ਪੜ੍ਹਨ ਲੱਗਿਆ ਕਜਾLਕ ਜੀ ਦੀਆਂ ਲਿਖਤਾਂ। ‘ਗਾਡੀ ਲੁਹਾਰਾਂ’ ਤੇ ‘ਕਬੀਲਾ ਸੱਭਿਆਚਾਰ’ ਕਿਤਾਬਾਂ ਖ੍ਰੀਦੀਆਂ, ਪੜ੍ਹਦਾ ਗਿਆ ਤੇ ਕਜ਼ਾਕ ਜੀ ਦੀ ਵੱਡਮੁੱਲੀ ਖੋਜ ਤੋਂ ਹੈਰਾਨ ਹੋਕੇ ਰਹਿ ਗਿਆ। ਕਹਾਣੀਕਾਰ ਗੁਰਚਰਨ ਚਾਹਲ ਭੀਖੀ ਬਾਰੇ ‘ਅੱਕ ਦਾ ਟਿੱਡਾ’ ਰੇਖਾ-ਚਿਤਰ ਪੜ੍ਹਿਆ। ਇੰਝ ਉਹਨਾਂ ਦੇ ਦਰਸ਼ਨਾਂ ਨੂੰ ਮਨ ਤਰਸਣ ਲੱਗ ਪਿਆ। ਮਿੱਤਰ ਸਤਪਾਲ ਭੀਖੀ ਕਹਿੰਦਾ, ‘ਬੰਦੈ ਤਾਂ ਚੰਗੈ..ਪਰ ਅਗਲੇ ਦੀ ਲਾਹੁੰਦਾ ਬਹੁਤ ਐ..ਕੱਚਾ ਕਰਕੇ ਛਡਦੈ ਅਗਲੇ ਨੂੰ..ਤੂੰ ਉਹਨੂੰ ਮਿਲਕੇ ਕੀ ਉਹਤੋਂ ਟੀਂਡ੍ਹੇ ਲੈਣੇ ਐਂ..ਛੱਡ ਪਰਾਂ੍ਹ ਯਾਰ..ਊਂ ਉਹ ਮੇਰੇ ਭਾਈ ਲਕਸ਼ਮੀ ਨਰੈਣ ਦਾ ਤਾਂ ਪੱਕਾ ਆੜੀ ਐ..।’ ਫਰੀਦਕੋਟ ਵਾਲਾ ਵਿਰਸਾ ਸਿੰਘ ਕਹਿੰਦਾ, ‘ਉਹ ਤਾਂ ਬੰਦਾ ਈ ਬੜਾ ਲੱਠਾ ਏ..ਬੜਾ ਦਿਲ ਲੁਵਾਉਂਦਾ ਏ..ਤੂੰ ਮਿਲੀਂ ਜ਼ਰੂਰ ਉਹਨੂੰ..ਸਾਡਾ ਸਿਰੇ ਦਾ ਕਥਾਕਾਰ ਏ ਕਿਰਪਾਲ ਕਜ਼ਾਕ..ਨਾਲੇ ਮੇਰੀ ਵੀ ਫਤਹਿ ਆਖੀਂ ਉਹਨੂੰ।’
ਵਿਰਸਾ ਸਿੰਘ ਦੀ ਗੱਲ ਤਾਂ ਸੋਲਾਂ ਆਨੇ ਸੱਚੀ ਜਾਪਦੀ ਸੀ,ਵਾਕਈ ਕਜ਼ਾਕ ਲੱਠਾ ਈ ਨਹੀਂ ,ਲੱਠਿਆਂ ਦਾ ਵੀ ਲੱਠਾ ਲੱਗ ਰਿਹਾ ਸੀ। ਕਿੰਨੇ ਸਾਰੇ ਘੰਟੇ ਮੈਂ ਉਹਦੇ ਕੋਲ ਬੈਠਾ ਰਿਹਾ, ਉਠਣ ਨੂੰ ਦਿਲ ਈ ਨਹੀ ਕਰਦਾ ਸੀ,ਉਹਦੀਆਂ ਗੱਲਾਂ ਹੀ ਏਨੀਆਂ ਸੁਆਦਲੀਆਂ ਸਨ, ਰੱਜ ਈ ਨਹੀਂ ਸੀ ਆ ਰਿਹਾ ਸੁਣ-ਸੁਣ ਕੇ, ਲੜੀ ਟੁੱਟਣ ‘ਚ ਨਹੀਂ ਆਉਂਦੀ, ‘ਓ ਜੀ..ਫੇਰ ਜੀ..ਇੰਜ ਹੋਇਆ ਜੀ..ਮੈਂ ਦਸਦਾਂ ਧੁਆਨੂੰ ਜੀ..ਓ ਜੀ ਮੈਂ ਉਥੋਂ ਟੁਰ ਪਿਆ ਜੀ..ਭੁੱਖ ਤੇ ਪਿਆਸ ਨੇ ਜਾਨ ਕੱਢੀ ਹੋਈ ਸੀ ..ਹਫਤਾ ਹੋ ਗਿਆ ਸੀ..ਕੁਝ ਨ੍ਹੀਂ ਸੀ ਖਾਧਾ ਜੀ..ਮੈਂ ਤੁਰਿਆ ਗਿਆ ਜੀ..ਤੁਰਿਆ ਗਿਆ ਜੀ..ਜੰਗਲ ਮੁੱਕਣ ‘ਚ ਈ ਨਹੀਂ ਸੀ ਆ ਰਿਹਾ ..ਉਤੋਂ ਹਨੇਰਾ ਉਤਰਨਾਂ ਸ਼ੁਰੂ ਹੋ ਗਿਆ ਜੀ..ਜਾਨਵਰਾਂ ਦੀਆਂ ਅਵਾਜ਼ਾਂ ਵੀ ਆਣ ਲੱਗ ਪਈਆਂ ਜੀ..ਕਿਤੇ ਸੇLਰ ਦੀ ‘ਵਾਜ਼ ਆਵੇ ਜੀ..ਕਿਧਰੋਂ ਚੀਤੇ ਦੀ ‘ਵਾਜ਼ ਆਵੇ ਜੀ..ਗਿੱਦੜ ਹੁਆਂਕਣ ਲੱਗਪੇ ਜੀ..ਬਾਂਦਰਾਂ ਦੇ ਝੁੰਡ ਦੌੜੇ ਫਿਰਨ.. ਜੀ..ਆਏ..ਹਾਏ..ਹਾਏ ..ਮੈਂ ਜੀ ਪਿੱਛਾ ਭਉਂਕੇ ਦੇਖਿਆ ..ਕਾਲੀ ਹਨ੍ਹੇਰੀ ਚੜ੍ਹੀ ਆਣ ਡਹੀ ਜੀ..ਓ.. ਜੀ.. ਮੈਂ ਉਥਂੋ ਜਿਉਂ ਤੁਰਿਆ ਜੀ..ਜਿਉਂ ਤੁਰਿਆ ਜੀ… ਹੁਣ ਤੇ ਲੱਤਾਂ ਵੀ ਜੁਆਬ ਦੇਣ ਲੱਗੀਆਂ ਸਨ..।’ ਉਹ ਆਪਣੀ ਕਥਾ- ਯਾਤਰਾ ਸੁਣਾ ਰਿਹਾ ਸੀ, ਜਦੋਂ ਉਹ ਕਬੀਲਿਆਂ ‘ਤੇ ਖੋਜ ਕਰਨ ਗਿਆ ਸੀ, ਬਿਰਤਾਂਤ ਵਰਣਨ ਏਨਾਂ ਕਲਾਮਈ ਸੀ..ਮੈਨੂੰ ਜਾਪਿਆ ਕਿ ਜਿਵੇਂ ਮੈਂ ਵੀ ਕਜ਼ਾਕ ਜੀ ਦੇ ਨਾਲ-ਨਾਲ ਜੰਗਲਾਂ ਵਿੱਚ ਤੁਰਿਆ ਫਿਰਦਾ ਹੋਵਾਂ। ਮੈਥੋਂ ਰਿਹਾ ਨਾ ਗਿਆ, ਪੁੱਛਿਆ, ‘ਏਹੇ ਸਭ ਕੁਝ ਲਿਖਿਆ ਤੁਸੀਂ? ਕਿੱਥੇ ਛਪੂ?ਬੜਾ ਖੂਬਸੂਰਤ ਬਿਰਤਾਂਤ ਤੇ ਦ੍ਰਿਸ਼ ਪੇਸ਼ ਕੀਤਾ ਐ ਏਹੇ ਕਜ਼ਾਕ ਜੀ..।’
‘ਓ ਛੱਡੋ ਜੀ..ਕੀ ਲਿਖਣੈਂ ਜੀ, ਏਹ ਵੀ ਕੋਈ ਲਿਖਣ ਵਾਲੀ ਗੱਲ ਏ ਜੀ ਭਲਾ, ਇਹ ਕੋਈ ਸਾਹਿਤ ਏ ਜੀ..?’

ਉਹਨੇ ਹੱਸਕੇ ਜਿਹੇ ਗੱਲ ਟਾਲ ਦਿੱਤੀ ਸੀ। ਤੇ ਬਿਰਤਾਂਤ ਅੱਗੇ ਤੋਰੀ ਗਿਆ ਸੀ। ਜਦ ਮੈਂ ਉਹਦੇ ਕੋਲੋਂ ਆਇਆ ਸਾਂ, ਤਾਂ ਭਰਿਆ-ਭਰਿਆ ਮਹਿਸੂਸ ਕਰ ਰਿਹਾ ਸਾਂ,ਖਾਲੀ-ਖਾਲੀ ਜਿਹਾ ਗਿਆ ਸਾਂ। ਜਦ ਪਟਿਆਲੇ ਚੱਕਰ ਲਗਦਾ,ਪਹਿਲਾ ਕੰਮ ਕਜ਼ਾਕ ਜੀ ਨੂੰ ਮਿਲਣਾ ਹੁੰਦਾ, ਕਦੇ ਘਰ ਮਿਲਦੇ, ਕਦੇ ਯੂਨੀਵਰਸਿਟੀ, ਸਾਰਾ-ਸਾਰਾ ਦਿਨ ਗੱਲਾਂ ਨਾ ਮੁੱਕਦੀਆਂ, ਨਾ ਚਾਹ ਮੁਕਦੀ, ਜਦ ਇਹਨਾਂ ਦੀਆਂ ਉਹੋ ਗੱਲਾਂ ਆਪਣੇ ਦੋਸਤਾਂ ਨੂੰ ਜਾ ਸੁਣਾਉਂਦਾ ,ਤਾਂ ਉਹ ਸਾਰੇ ਆਖਦੇ ਕਿ ਕਜ਼ਾਕ ਸਾਹਿਬ ਨੂੰ ਅਸੀਂ ਵੀ ਮਿਲਣੈ..ਏਡੇ ਚੰਗੇ ਬੰਦੇ ਨੂੰ ਤੂੰ ‘ਕੱਲਾ ਈ ਮਿਲ ਆਉਂਨੈ, ਸਾਨੂੰ ਕਿਉਂ ਨਹੀਂ ਮਿਲਾਉਂਦਾ? ਜੇ ਕਜਾLਕ ਜੀ ਪਟਿਆਲੇ ਤੋਂ ਬਾਹਰ ਹੁੰਦੇ,ਮੈਂ ਬਿਨਾਂ ਮਿਲੇ ਪਰਤ ਆਉਂਦਾ ਤਾਂ ਫੇਰੀ ਰੁੱਖੀ-ਰੁੱਖੀ ਜਿਹੀ ਲਗਦੀ, ਫੋਨ ਕਰਕੇ ਹਾਲ ਚਾਲ ਪੁੱਛਦਾ, ਫੋਨ ਉਤੇ ਸੰਖੇਪ ਜਿਹੀ ਗੱਲ ਕਰਦੇ-ਸੁਣਦੇ, ‘ਹਾਂ ਆਂ ਜੀ..ਦੱਸੋ ਜੀ..ਚੰਗਾ ਜੀ..।’ ਫੋਨ ਬੰਦ।

ਦੋਸਤ ਖਹਿੜੇ ਪੈ ਗਏ ਕਿ ਕਜ਼ਾਕ ਜੀ ਨੂੰ ਆਪਣੇ ਇਲਾਕੇ ਵਿੱਚ ਸੱਦਕੇ ਸਨਮਾਨਿਤ ਕਰੀਏ, ਪੁੱਛ..ਕਦੋਂ ਆ ਸਕਦੇ ਨੇ। ਮੈਂ ਕਿਹਾ, ‘ਸਰ, ਅਸੀਂ ਸਾਡੇ ਏਰੀਏ ਵਿੱਚ ਤੁਹਾਨੂੰ ਸਨਮਾਨਿਤ ਕਰਨੈ..ਟਾਈਮ ਕੱਢੋ ਜੀ..।’
‘ਓ ਨਾ.. ਜੀ ਨਾ.. ਛੱਡੋ ਛੱਡੋ.. ਏਹ ਸਭ ਆਂਡੂ ਗੱਲਾਂ ਨੇ ਜੀ..ਮੈਂ ਤਾਂ ਜੀ ਐਹੋ ਜਿਹੇ ਸਨਮਾਨ ਚਮਟੀ ਨਾਲ ਵੀ ਨੀ੍ਹ ਚੁੱਕਦਾ ਜੀ..।’ ਇਹ ਕਹਿਕੇ ਉਹ ਭਚੀੜਿਆ ਜਿਹਾ ਹੱਸਿਆ ਤੇ ਮੈਂ ਭੌਂਚੱਕਾ ਈ ਰਹਿ ਗਿਆ, ‘ ਲੈਅ ਕਰਲੋ ਘਿਉ ਨੂੰ ਭਾਂਡਾ..ਕਰਲੋ ਸਨਮਾਨ..ਹੱਦ ਹੋਗੀ ਐ..ਲੇਖਕ ਤਾਂ ਸਨਮਾਨ ਹਥਿਆਉਣ ਪਿੱਛੇ ਟੰਬੇ ਕੱਢੀ ਫਿਰਦੇ ਨੇ,ਵਟਾਂਦਰੇ ਕਰਦੇ ਨੇ, ਤੂੰ ਮੇਰਾ ਸਨਮਾਨ ਕਰ..ਮੈਂ ਤੇਰਾ ਕਰਵਾਊਂ…ਤੇ ਏਧਰ ਸਾਡੇ ਕਜ਼ਾਕ ਜੀ?….ਚਮਟੀ ਨਾਲ ਵੀ ਨਹੀਂ ਚੁੱਕਦੇ ਸਨਮਾਨ..ਧੰਨ ਨੇ ਏਹ ਬਾਬੇ..ਵਾਹ ਜੀ ਵਾਹ..।’
ਕੱਚਾ ਜਿਹਾ ਹੋਇਆ ਮੈਂ ਆਪਣੇ ਆਪ ਨਾਲ ਈ ਗੱਲਾਂ ਕਰ ਰਿਹਾ ਸਾਂ ਜਿਵੇਂ।
‘ਓ ਜੀ, ਧੁਆਡੇ “ਮੈਂ ਸਾਂ ਜੱਜ ਦਾ ਅਰਦਲੀ” ਵਾਲੇ ਪੀਸ ਬੜੇ ਅੱਛੇ ਸਨ ਜੀ।’
‘ਤੁਸੀਂ ਕਿੱਥੇ ਪੜ੍ਹੇ ਸੀ..ਪੰਜਾਬੀ ਟ੍ਰਿਬਿਊਨ ‘ਚੋਂ?’
‘ਓ ਨਾ ਜੀ, ਇੱਕ ਦਿਨ ਮੈਂ ਚੰਡੀਗੜ ਗਿਆ ਸਾਂ ..ਡਾ. ਕੇਸਰ ਸਿੰਘ ਕੇਸਰ ਹੁਰਾਂ ਕੋਲ..ਮੈਂ ਪੁੱਛਿਆ ਡਾ. ਸਾਹਿਬ ਅੱਜਕੱਲ ਕੀ ਪੜ੍ਹ ਰਹੇ ਓ ਤਾਂ ਧੁਆਡੀ ਕਿਤਾਬ ਵਿਖਾਂਦੇ ਉਹ ਕਹਿਣ ਲੱਗੇ ਕਜ਼ਾਕ ਮੈਂ ਅਹਿ ਬੁੱਕ ਪੜ੍ਹ ਰਿਹਾਂ..ਤੂੰ ਵੀ ਪੜ੍ਹ..ਮੈਂ ਉਥੇ ਬੈਠੇ-ਬੈਠੇ ਈ ਕਾਫੀ ਹਿੱਸੇ ਪੜ੍ਹ ਲਏ..ਆਏ..ਹਾਏ..ਹਾਏ..ਤੇ ਉਹ ਮੈਥਂੋ ਡਾ. ਕੇਸਰ ਹੁਰਾਂ ਉਸੇ ਵੇਲੇ ਈ ਵਾਪਿਸ ਲੈ ਲਈ..ਤੁਸੀਂ ਭੇਜਿਓ ਉਹਦੀ ਇੱਕ ਕਾਪੀ ਮੈਨੂੰ..ਨਾਲੇ ਆਪਣੇ ਦਸਖਤ ਵੀ ਕਰਿਓ ਜੀ..।’
ਹੁਣ ਮੇਰੀ ਖੁLਸ਼ੀ ਹੋਰ ਵੀ ਵਧ ਗਈ ਸੀ ਕਿ ਡਾ. ਕੇਸਰ ਵਰਗੇ ਵਿਦਵਾਨ ਆਲੋਚਕ ਨੂੰ ਵੀ ਮੇਰੀ ਕਿਤਾਬ ਪਸੰਦ ਆਈ ਸੀ, ਜੋ ਨਾਲ ਅੱਗੇ ਪੜ੍ਹਨ ਲਈ ਵੀ ਸਿਫਾਰਸ਼ ਕਰ ਰਿਹਾ ਸੀ, ਸੋਚਿਆ, ਜਦ ਚੰਡੀਗੜ ਜਾਵਾਂਗਾ, ਡਾ. ਕੇਸਰ ਜੀ ਨੂੰ ਜ਼ਰੂਰ ਮਿਲਾਂਗਾ। ਪਿੰਡ ਆਣਕੇ ਕਜ਼ਾਕ ਜੀ ਨੂੰ ਕਿਤਾਬ ਕੋਰੀਅਰ ਕਰ ਦਿੱਤੀ। ਉਹਨਾਂ ਦੀ ਚਿੱਠੀ ਆਈ,ਕਿਤਾਬ ਹਾਲੇ ਅੱਧੀ ਪੜ੍ਹੀ ਹੈ,ਤੁਹਾਡੀ ਲਿਖਤ ਦਾ ਜਾਦੂ ਸਿਰ ਚੜ੍ਹਕੇ ਬੋਲਦਾ ਹੈ।’ ਕਜ਼ਾਕ ਜੀ ਦੀ ਚਿੱਠੀ ਸੰਭਾਲਕੇ ਜ਼ਰੂਰੀ ਕਾਗਜ਼ਾਂ ਵਿੱਚ ਰੱਖ ਲਈ।
ਸਬੱਬੀਂ ਹੀ ਥੋੜੇ ਦਿਨਾਂ ਮਗਰੋਂ ਚੰਡੀਗੜ ਜਾਣ ਦਾ ਪ੍ਰੋਗਰਾਮ ਵੀ ਬਣ ਗਿਆ, ਸੰਤੋਖ ਸਿੰਘ ਧੀਰ ਨੂੰ ਮਿਲਣ ਪਿੱਛੋਂ ਡਾ. ਕੇਸਰ ਜੀ ਨੂੰ ਮਿਲਣ ਚਲਾ ਗਿਆ, ਜਾਕੇ ਕਿਹਾ, ‘ਡਾ. ਸਾਹਿਬ, ਧੰਨਵਾਦ ਜੀ.. ਤੁਸੀਂ ਮੇਰੀ ਕਿਤਾਬ ਪੜ੍ਹਕੇ ਪਸੰਦ ਕੀਤੀ ਐ।’ ਉਹਨਾਂ ਨੂੰ ਮੇਰੀ ਗੱਲ ਦੀ ਸਮਝ ਜਿਹੀ ਨਾ ਪਈ, ਕਹਿਣ ਲੱਗੇ, ‘ਕਾਕਾ, ਮੈਂ ਤੇਰੀ ਕੋਈ ਕਿਤਾਬ ਨਹੀਂ ਪੜ੍ਹੀ..ਮੈਂ ਤਾਂ ਤੇਰਾ ਨਾਂ ਵੀ ਅੱਜ ਪਹਿਲੀ ਬਾਰ ਤੇਰੇ ਕੋਲੋਂ ਹੀ ਸੁਣਿਆ ਹੈ।’
ਛਿੱਥਾ ਜਿਹਾ ਪੈਕੇ ਮੈਂ ਉਥੋਂ ਤੁਰ ਆਇਆ। ‘ਕਜ਼ਾਕ ਜੀ ਦਾ ਭਲਾ ਕੀ ਥੁੜਿਆ ਪਿਆ ਸੀ ਏਡਾ ਵੱਡਾ ਝੂਠ ਬੋਲਣ ਖੁਣੋਂ? ਨਹੀਂ-ਨਹੀਂ, ਕਜ਼ਾਕ ਜੀ ਸੱਚੇ ਈ ਹੋਣਗੇ,ਇਹ ਵੱਡੇ ਲੇਖਕ, ਛੋਟਿਆਂ ਨੂੰ ਸਾਰੀ ਗੱਲ ਸੱਚ ਨਹੀਂ ਦਸਦੇ ਹੁੰਦੇ ਕਿ ਛੋਟੇ ਲੇਖਕ ਆਪਣੇ ਪੈਰ ਨਾ ਛੱਡ ਜਾਣ, ਦੂਜਾ..ਇਹਨਾਂ ਨੂੰ ਵੱਡੇ ਹੋਣ ਦਾ ਮਾਣ ਵੀ ਹੁੰਦਾ ਹੈ।’

ਆਪਣੇ ਆਪ ਨਾਲ ਖਵਝਦਾ ਮੈਂ ਡਾ. ਕੇਸਰ ਜੀ ਦੇ ਘਰੋਂ ਆਪਣੀ ਭੂਆ ਦੇ ਘਰ ਵੱਲ ਜਾ ਰਿਹਾ ਸਾਂ।

ਅਖਬਾਰ ਵਿੱਚ ਖਬਰ ਛਪੀ ਹੋਈ ਸੀ ਕਿ ਕਿਰਪਾਲ ਕਜ਼ਾਕ ਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰੋਫੈਸਰ ਦੀ ਪਦਵੀ ਦੇਕੇ ਸਨਮਾਨਿਤ ਕੀਤਾ ਹੈ। ਦਿਲ ਕੀਤਾ ਕਿ ਪਟਿਆਲੇ ਜਾਕੇ ਵਧਾਈ ਦੇਵਾਂ, ਪਰ ਜਾ ਨਾ ਹੋਇਆ,ਫੋਨ ‘ਤੇ ਵਧਾਈ ਦੇਣੀ ਚਾਹੀ, ਫੋਨ ਬੰਦ ਸੀ, ਫਿਰ ਚਿੱਠੀ ਹੀ ਲਿਖ ਦਿੱਤੀ। ਪੰਜਾਬ ਦੇ ਸਾਹਿਤ-ਜਗਤ ਨੇ ਇਸ ਸਨਮਾਨ ਦਾ ਚੋਖਾ ਸੁਆਗਤ ਕੀਤਾ,ਕਈ ਬੰਦੇ ਲੂਸਣ ਤੇ ਕਲਪਣ ਲੱਗੇ ਕਿ ਯੂਨੀਵਰਸਿਟੀ ਵਿੱਚ ਇੱਕ ਮਿਸਤਰੀ ਰਹੇ ਬੰਦੇ ਨੂੰ ਕਿਉਂ ਇਹ ਉਪਾਧੀ ਦੇ ਦਿੱਤੀ ਹੈ,ਕੋਈ ਹੋਰ ਨਹੀਂ ਦਿਸਿਆ ?ਕਹਾਣੀਆਂ ਤਾਂ ਹੋਰ ਲੋਕ ਵੀ ਲਿਖਦੇ ਹਨ, ਜੇ ਇਹ ਕਹਾਣੀਆਂ ਲਿਖਦਾ ਹੈ ਤਾਂ ਕੀ ਵੱਡੀ ਗੱਲ ਹੈ ਇਹ ? ਸੋ, ਇਹੋ-ਜਿਹੇ ਲੂਸਣਿਆਂ ਉਤੇ ਗੁੱਸਾ ਵੀ ਆਇਆ ਸੀ,ਕਜ਼ਾਕ ਜੀ ਨੂੰ ਕਿਹਾ ਤਾਂ, ਆਖਣ ਲੱਗੇ, ‘ਓ ਹੋ..ਜੀ..ਛੱਡੋ ਜੀ..ਏਹ ਤੇ ਨਿੱਕੀਆਂ ਗੱਲਾਂ ਨੇ..ਕੀ ਪਿਐ ਜੀ ਇਹਨਾਂ ਗੱਲਾਂ ਵਿੱਚ।’
ਮਨ ਵਿੱਚ ਤਾਂਘ ਅੰਗੜਾਈਆਂ ਲੈਣ ਲੱਗ ਪਈ ਸੀ ਕਿ ਇਸ ਸ਼ਖ਼ਸ ਬਾਰੇ ਹੋਰ ਵੱਧ ਤੋਂ ਵੱਧ ਜਾਣਿਆਂ ਜਾਵੇ,ਜਿਹੜਾ ਇੱਕ ਸਾਧਾਰਨ ਰਾਜ -ਮਿਸਤਰੀ ਤੋਂ ਪ੍ਰੋਫੈਸਰ, ਖੋਜੀ, ਲੇਖਕ ਤੇ ਪ੍ਰਕਾਂਡ ਵਿਦਵਾਨ ਦੇ ਤੌਰ ‘ਤੇ ਮੰਨਿਆਂ ਤੇ ਮਾਣਿਆਂ- ਸਨਮਾਣਿਆ ਜਾ ਰਿਹਾ ਹੈ, ਕੌਣ ਦੱਸ ਸਕਦਾ ਹੈ ਇਸ ਬਾਰੇ? ਅਜਿਹੇ ਬੰਦੇ ਦੀ ਭਾਲ ਕਰਨੀ ਸੁLਰੂ ਕੀਤੀ, ਆਖਿਰ ਦੱਸ ਪੈ ਹੀ ਗਈ, ਪਟਿਆਲੇ ਰਹਿੰਦੇ ਉਜਾਗਰ ਸਿੰਘ ਦੀ, ਜਿਹੜਾ ਲੰਬਾ ਅਰਸਾ ਲੋਕ ਸੰਪਰਕ ਵਿਭਾਗ ਵਿੱਚ ਜ਼ਿਲ੍ਹਾ ਅਧਿਕਾਰੀ ਰਿਹਾ ਸੀ,ਤੇ ਸਰਕਾਰੇ-ਦਰਬਾਰੇ ਅਤੇ ਰਾਜਨੀਤਿਕ ਲੋਕਾਂ ਵਿੱਚ ਆਪਣੀ ਚੰਗੀ ਪੁੱਛ-ਪ੍ਰਤੀਤ ਬਣਾ ਚੁੱਕਾ ਸੀ, ਉਂਝ ਸਮੇਂ ਦੇ ਮੁੱਖ- ਮੰਤਰੀ ਸ੍ਰ. ਬੇਅੰਤ ਸਿੰਘ ਦੇ ਵੀ ਉਹ ਬਹੁਤ ਨੇੜੇ ਸੀ।
ਪਤਾ ਲੱਗਾ ਕਿ ਕਜ਼ਾਕ ਜੀ ਦੇ ਯੂਨੀਵਰਸਿਟੀ-ਪੜਾਅ ਬਾਰੇ ਉਹੀ ਸਭ ਕੁਝ ਦੱਸ ਸਕਦਾ ਹੈ। ਉਜਾਗਰ ਸਿੰਘ ਨੂੰ ਲੱਭ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ, ਉਹ ਬੜੀ ਸਹਿਜ ਅਵਸਥਾ ਵਿੱਚ ਦੱਸ ਰਹੇ ਸਨ, ‘ਏਹ ਗੱਲ ਇਓਂ ਸੀ ਕਿ ਮੇਰੇ ਇਕ ਮਿੱਤਰ ਦਰਸ਼ਨ ਸਿੰਘ ਵਿਰਕ ਨੂੰ ਮੈਂ ਪੁਛਿਆ ਕਿ ਮਕਾਨ ਬਣਵਾਉਣਾ ਹੈ, ਕਿਸ ਮਿਸਤਰੀ ਤੋਂ ਬਣਵਾਈਏ? ਤਾਂ ਵਿਰਕ ਕਹਿਣ ਲੱਗਾ,ਇੱਕ ਮਿਸਤਰੀ ਹੈ..ਮੇਰੀ ਨਿਗ੍ਹਾ ਵਿੱਚ, ਉਹਦਾ ਨਾਂ ਕਿਰਪਾਲ ਸਿੰਘ ਹੈ,ਬੜਾ ਅੱਛਾ ਮਿਸਤਰੀ ਐ..ਉਹੀ ਮਕਾਨ ਦਾ ਨਕਸ਼ਾ ਬਣਾ ਦੇਵੇਗਾ ਤੇ ਮਕਾਨ ਵੀ ਵਧੀਆ ਬਣਾਏਗਾ..ਇਓਂ ਮੈਨੂੰ ਕਜਾLਕ ਨਾਲ ਦਰਸ਼ਨ ਸਿੰਘ ਵਿਰਕ ਨੇ ਮਿਲਵਾਇਆ ਸੀ, ਨਕਸ਼ਾ ਤਿਆਰ ਕਰਕੇ ਮਕਾਨ ਬਣਾਉਣ ਲੱਗਿਆ,ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਬੰਦਾ ਤਾਂ ਰਾਈਟਰ ਵੀ ਐ,ਕਹਾਣੀਆਂ ਦੀਆਂ ਕਈ ਕਿਤਾਬਾਂ ਲਿਖ ਚੁੱਕਾ ਐ ਤੇ ਇਹਦੀਆਂ ਕਹਾਣੀਆਂ ਬਹੁਤ ਮਸ਼ਹੂਰ ਹੋ ਚੁੱਕੀਆ ਹਨ,ਪਾਕਿਸਤਾਨ ਵਿੱਚ ਵੀ ਇਹਦੀਆਂ ਕਹਾਣੀਆਂ ਉਤੇ ਵਿਦਿਆਰਥੀ ਖੋਜਾਂ ਕਰ ਰਹੇ ਹਨ, ਤਾਂ ਇਹ ਗੱਲ ਮੈਂ ਆਪਣੇ ਮਿੱਤਰ ਡਾ. ਸੇLਰ ਸਿੰਘ ਗੁਪਤਾ ਨਾਲ ਸਾਂਝੀ ਕੀਤੀ, ਗੁਪਤਾ ਜੀ ਟ੍ਰਿਬਿਊਨ ਗਰੁੱਪ ਦੇ ਬੜੇ ਸੀਨੀਅਰ ਰਿਪੋਟਰ ਸਨ, ਉਹ ਬੜੇ ਖੁਸ਼ ਹੋਏ, ਕਹਿੰਦੇ ਉਜਾਗਰ ਸਿੰਘ ਉਸਨੂੰ ਜ਼ਰੂਰ ਮਿਲਵਾ ਮੈਨੂੰ..ਮੈ ਆਪਣੇਂ ਕੰਮ- ਕਾਰ ‘ਚ ਲੇਟ ਹੋ ਗਿਆ..ਤੇ ਇੱਕ ਦਿਨ ਬੜੀ ਧੁੰਦ ਪਵੇ, ਸਰਦੀ ਬਹੁਤ ਸੀ, ਸਵੇਰੇ-ਸਵੇਰੇ,ਗੁਪਤਾ ਜੀ ਤੇ ਉਹਨਾਂ ਦੀ ਪਤਨੀ ਸੈਰ ਕਰਦੇ-ਕਰਦੇ ਮੇਰੇ ਘਰ ਆ ਗਏ, ਮੈਂ ਡੋਲੂ ਲੈਕੇ ਦੁੱਧ ਲੈਣ ਚੱਲਿਆ ਸਾਂ, ਗੁਪਤਾ ਜੀ ਆਖਣ ਲੱਗੇ..ਭਾਈ ਉਹ ਤੇਰਾ ਰਾਈਟਰ ਮਿਸਤਰੀ ਕਿੱਥੇ ਐ..ਮਿਲਵਾਇਆ ਕਿਉਂ ਨਹੀਂ ਹਾਲੇ ਤੱਕ..? ਤੇ ਫਿਰ ਇਕ ਦਿਨ ਕਜ਼ਾਕ ਜੀ ਆ ਗਏ, ਮੈਂ ਇਨਾਂ੍ਹ ਨੂੰ ਗੁਪਤਾ ਜੀ ਕੋਲ ਲੈ ਗਿਆ, ਉਹਨਾਂ ਏਹਦਾ ਇੰਟਰਵਿਊ ਕੀਤਾ ਤੇ ਘਰ ਬਣਾ ਰਹੇ ਦੀ ਫੋਟੋ ਵੀ ਖਿੱਚ੍ਹ ਕੇ ਨਾਲ ਛਾਪੀ ਟ੍ਰਿਬਿਊਨ ‘ਚ..ਜਦੋਂ ਛਪੀ ਚਰਚਾ ਤਾਂ ਹੋਣੀ ਈ ਸੀ ? ਬੜਾ ਅੱਛਾ ਫੀਚਰ ਲਿਖਿਆ ਸੀ ਗੁਪਤਾ ਜੀ ਨੇ…Lਖੈਰ…ਸ੍ਰ. ਦਰਬਾਰਾ ਸਿੰਘ ਦੀ ਵਜ਼ਾਰਤ ਸੀ ਤੇ ਸ੍ਰ. ਬੇਅੰਤ ਸਿੰਘ ਪੀ.ਡਬਲਯੂ ਡੀ. ਮੰਤਰੀ ਸਨ, ਮੈਂ ਉਹਨਾਂ ਨੂੰ ਕਿਹਾ ਕਿ ਸਰਦਾਰ ਜੀ..ਇੱਕ ਲੇਖਕ ਹੈ,ਅੱਛਾ ਲਿਟਰੇਚਰ ਲਿਖਦਾ ਹੈ,ਪਰ ਮਿਸਤਰੀ ਹੈ, ਉਹਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਦਿਲਵਾ ਦਿਓ, ਸ੍ਰ. ਭਗਤ ਸਿੰਘ ਵਾਈਸ-ਚਾਂਸਲਰ ਸਨ, ਸ੍ਰ. ਬੇਅੰਤ ਸਿੰਘ ਕਹਿਣ ਲੱਗੇ ਕਿ ਉਜਾਗਰ ਸਿੰਘ..ਭਗਤ ਸਿੰਘ ਹੈ ਤਾਂ ਅਕਾਲੀ ਪੱਖੀ..ਪਰ ਆਪਣੀ ਕਹੀ ਨੀ੍ਹ ਮੋੜਦਾ..ਕਹਿਕੇ ਦੇਖ ਲੈਨੇ ਆਂ । ਸ੍ਰ. ਬੇਅੰਤ ਸਿੰਘ ਪਟਿਆਲੇ ਆਏ, ਮੈਂ ਫਿਰ ਯਾਦ ਕਰਵਾਇਆ,ਤਾਂ ਉਹਨਾਂ ਸ੍ਰ. ਭਗਤ ਸਿੰਘ ਨੂੰ ਫੋਨ ਕੀਤਾ, ਭਗਤ ਸਿੰਘ ਕਹਿਣ ਲੱਗੇ ਕਿ ਮੈਂ ਹੀ ਆਪ ਂਨੂੰ ਮਿਲਣ ਲਈ ਆ ਰਿਹਾਂ ਸਰਕਟ-ਹਾਊਸ, ਤੇ ਉਹਨਾਂ ਗੱਲ ਸੁਣਕੇ ਝੱਟ ਕਹਿ ਦਿੱਤਾ ਕਿ ਕੰਮ ਹੋ ਗਿਆ ਸਮਝੋ..ਉਜਾਗਰ ਸਿੰਘ ਮੈਂਨੂੰ ਯੂਨੀਵਸਿਟੀ ਆਕੇ ਮਿਲ ਲੈਣ..। ਮੈਂ ਤੇ ਸੇLਰ ਸਿੰਘ ਗੁਪਤਾ ਉਹਂਨਾਂ ਨੂੰ ਮਿਲੇ ਤੇ ਕਜ਼ਾਕ ਜੀ ਬਾਰੇ ਛਪੇ ਉਸ ਫੀਚਰ ਦੀ ਕਾਪੀ ਵੀ ਦਿਖਾਈ। ਤੇ ਇਸਨੂੰ ਉਥੇ ਵਰਕ-ਮਿਸਤਰੀ ਲਾ ਲਿਆ,ਸਾਨੂੰ ਖੁਸ਼ੀ ਹੋਈ ਕਿ ਚਲੋ ਪੱਕੇ ਭਾਂਡੇ ਤਾਂ ਪੈ ਗਿਆ ਹੈ। ਇਹ ਯੂਨੀਵਰਸਿਟੀ ‘ਚ ਕਲਮ ਵੀ ਚਲਾਈ ਗਿਆ ਤੇ ਕਰੰਡੀ ਵੀ। ਸ੍ਰ. ਜੋਗਿੰਦਰ ਸਿੰਘ ਪੁਆਰ ਵਾਈਸ-ਚਾਂਸਲਰ ਬਣ ਗਏ,ਉਹਨਾਂ ਏਹਦੀ ਕਦਰ ਕਰਦਿਆਂ ਇਹਨੂੰ ਵਰਕ-ਮਿਸਤਰੀ ਤੋਂ ਸੁਪਰਵਾਈਜ਼ਰ ਪ੍ਰਮੋਟ ਕਰ ਦਿੱਤਾ,ਨਾਲੋ-ਨਾਲ ਇਹਨੂੰ ਸਾਹਿਤਕ ਕੰਮ ਵੀ ਦੇ ਦਿੱਤਾ, ਇਹ ‘ਖੋਜ-ਪੱਤ੍ਰਿਕਾ’ ਰਸਾਲੇ ਦੀ ਸੰਪਾਦਨਾ ਕਰਨ ਲੱਗ ਪਿਆ,ਫਿਰ ਇਹਨੂੰ ਖੋਜਾਂ ਕਰਨ ਲਈ ਫੈਲੋਸ਼ਿੱਪਾਂ ਮਿਲਣ ਲੱਗ ਪਈਆਂ,ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਫੋਕ-ਲੋਰ ਦੀ ਅਸਾਮੀਂ ਸੀ..ਉਹੋ ਰੂਲ ਪੁਆਰ ਸਾਹਿਬ ਨੇ ਇੱਥੇ ਲਿਆਕੇ ਇਹਨੂੰ ਇਸ ਅਸਾਮੀਂ ਉਤੇ ਲਾ ਦਿੱਤਾ। ਕੁਝ ਸਮੇਂ ਲਈ ਨ੍ਰਿਪਇੰਦਰ ਸਿੰਘ ਰਤਨ ਵੀ.ਸੀ. ਬਣ ਗਏ,ਉਹਨਾਂ ਸੋਚਿਆ ਕਿ ਕਜ਼ਾਕ ਦੀ ਸਾਹਿਤਕ ਦੇਣ ਦਾ ਮੁੱਲ ਪਾਇਆ ਜਾਵੇ,ਉਹਨਾਂ ਨੇ ਸਿੰਡੀਕੇਟ ਤੋਂ ਪਾਸ ਕਰਵਾਉਣ ਲਈ ਕੇਸ ਤਿਆਰ ਕੀਤਾ ਹੀ ਸੀ ਕਿ ਉਹ ਬਦਲ ਗਏ,ਤੇ ਬੋਪਾਰਾਏ ਵੀ.ਸੀ. ਬਣ ਗਏ ਤੇ ਉਹਨਾਂ ਸਿੰਡੀਕੇਟ ਤੋਂ ਪਾਸ ਕਰਵਾ ਕੇ ਕਜ਼ਾਕ ਸਾਹਿਬ ਨੂੰ ਪ੍ਰੋਫੈਸਰ ਦੀ ਉਪਾਧੀ ਦੇ ਦਿੱਤੀ…ਆਹੀ ਗੱਲ ਐ…।’
ਉਜਾਗਰ ਸਿੰਘ ਨੂੰ ਇਹ ਗੱਲ ਪੁੱਛੇ ਬਿਨਾਂ ਮੈਥੋਂ ਰਿਹਾ ਨਾ ਗਿਆ, ‘ਹੁਣ ਕਦੇ ਕਜ਼ਾਕ ਜੀ ਨੇ ਆਪਣੀ ਕਿਸੇ ਮੁਲਾਕਾਤ ਜਾਂ ਵਾਰਤਾ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ? ਜੇ ਨਹੀਂ ਕੀਤਾ ਤਂਾ ਕਿਉਂ?’

ਉਜਾਗਰ ਸਿੰਘ ਮੇਰੀ ਗੱਲ ਸੁਣ ਹਾਲੇ ਵੀ ਸਹਿਜ ਸਨ, ਆਖਣ ਲੱਗੇ , ”ਚਲੋ..ਕੋਈ ਗੱਲ ਨੀ੍ਹ..ਜੇ ਨਹੀਂ ਕੀਤਾ ਤਾਂ…ਉਨਾਂ੍ਹ ਦੀ ਮਰਜੀL ਐ..ਉਹ ਆਪਣੇ ਮਿਤਰ ਨੇ.।’

ਮੇਰਾ ਕੋਈ ਬਦੇਸ਼ੀ ਮਿੱਤਰ ਮੋਬਾਇਲ ਫੋਨ ਦਾ ਤੁਹਫਾ ਦੇ ਗਿਆ, ਤੇ ਮੈਂ ਉਹਦੇ ਵਿੱਚ ਨਵੀਆਂ-ਨਵੀਆਂ ਟੀੳਂੂਨਾਂ ਭਰਵਾ ਲਈਆਂ। ਇੱਕ ਦਿਨ, ਕਜ਼ਾਕ ਜੀ ਦੇ ਬੈਠੇ-ਬੈਠੇ ਮੇਰਾ ਮੋਬਾਇਲ ਫੋਨ ਖੜਕਿਆ, ਸੰਗੀਤ ਉਭਰਿਆ, ‘ਓਏ..ਹੋਏ..ਹੋਏ…ਆਹ ਤਾਂ ਕਮਾਲ ਏ ਜੀ..ਬੜੀ ਸੁਹਣੀ ਵਾਜ਼ ਕਢਦੈ ਜੀ ਏਹ ਤਾਂ..ਏਹ ਤੁਸੀਂ ਕਿਥੋਂ ਲੈ ਆਏ ਓ…ਵਾਹ ਪਈ ਵਾਹ..।’ ਉਹ ਅੱਖਾਂ ਅੱਡ-ਅੱਡ ਕੇ ਤੇ ਮੂੰਹ ਨੂੰ ‘ਹੋਰੂੰ-ਹੋਰੂੰ’ ਜਿਹਾ ਬਣਾਕੇ, ਖੜਕ ਰਹੇ ਫੋਨ ਵੱਲ ਦੇਖਣ ਲੱਗਿਆ ਹੋਇਆ ਸੀ, ਜਿਵੇਂ ਕਿਤੇ ਉਹਨੇ ਪਹਿਲਾਂ ਮੋਬਾਇਲ ਫੋਨ ਦੇਖਿਆ ਈ ਨਹੀਂ ਹੁੰਦਾ।
‘ਏਹੇ ਮੈਨੂੰ ਮੇਰਾ ਇੱਕ ਮਿਤਰ ਦੇਕੇ ਗਿਆ..ਕਨੇਡਾ ਤੋਂ।’
‘ਅੱਛਾ ਜੀ? ਕਮਾਲ ਏ ਜੀ..ਏਹ ਤਾਂ ਜੀ ਬੜਾ ਚੰਗਾ ਹੋਇਆ ਜੀ।’
ਮੈਂ ਕਜ਼ਾਕ ਜੀ ਨੂੰ ਆਪਣੇ ਕਨੇਡੀਅਨ ਸੱਜਣ ਬਾਰੇ ਦੱਸਣ ਲੱਗਿਆ ਕਿ ਉਹ ਉਥੇ ਕਿੰਨੀ ਸਖ਼ਤ ਮਿਹਨਤ ਕਰਦਾ ਹੈ, ਉਥੇ ਤਾਂ ਵਕਤ ਈ ਨਹੀਂ ਹੁੰਦਾ, ਉਹ ਵਕਤ ਕੱਢਦਾ ਹੈ, ਕਵਿਤਾ ਲਿਖਦਾ ਹੈ ਤੇ ਪੜ੍ਹਦਾ ਹੈ।’
ਕਜ਼ਾਕ ਜੀ ਮੇਰੀ ਗੱਲ ਸੁਣੀ ਗਏ, ਫਿਰ ਕਿਹਾ, ‘ਗੱਲ ਏਹ ਵੇ ਜੀ ਬਈ ਤੁਸੀਂ ਤਾਂ ਇਹਨਾਂ ਲੋਕਾਂ ਦੇ ਭੲ੍ਹੀਏ ਲੱਗੇ ਹੋਏ ਓ ਜੀ..।’
‘ਕੀ ਕਿਹੈ? ਭਈਏ ..? ਉਹ ਕਿਵੇਂ ਕਜ਼ਾਕ ਸਾਹਿਬ।’ ਮੈਨੂੰ ਗੱਲ ਸੁਆਰਕੇ ਸਮਝ ਨਹੀਂ ਆਈ ਸੀ।
‘ ਹਾਂਅ ਜੀ..ਭਈਏ ਓ ਜੀ ਤੁਸੀਂ ਇਹਨਾਂ ਪਰਵਾਸੀ ਲੇਖਕਾਂ ਦੇ …ਸੁਣੋ ਜੀ ਗੱਲ..ਐਧਰ ਮੇਰੀ ਅੱਖ ‘ਚ ਅੱਖ ਪਾਕੇ ਗੱਲ ਕਰੋ ਜੀ ਜ਼ਰਾ..।’
ਮੈਂ ਕਜ਼ਾਕ ਜੀ ਦੀਆਂ ਅੱਖਾਂ ਵੱਲ ਝਾਕਣ ਲੱਗਿਆ, ਉਹ ਬੜਾ ਫਬਾ-ਫਬਾ ਕੇ ਬੋਲ ਰਹੇ ਸਨ, ‘ ਗੱਲ ਏਹ ਵੇ ਜੀ..ਬਈ ਤੁਸੀਂ ਬਦੇਸ਼ਾਂ ਵਿੱਚ ਜਾਂਦੇ ਓ, ਏਹ ਲੋਕ ਉਥੇ ਤੁਹਾਡੀ ਵਾਧੂੰ ਦੀ ‘ਪੂਛ-ਪੂਛ’ ਜਹੀ ਕਰਦੇ ਫਿਰਦੇ ਨੇ..ਵੀਹ-ਪੰਜਾਹ ਡਾਲਰ ਪੌਂਡ ਧੁਆਡੇ ਬੋਝੇ ‘ਚ ਤੁੰਨ ਦੇਂਦੇ ਨੇ… ਤੇ ਤੁਸੀਂ ਇਹਨਾਂ ਦੀ ਕੱਚੀ-ਪਿੱਲੀ ਆਂਡੂ ਕਿਸਮ ਦੀ ਕਵਿਤਾ ਨੂੰ ਸ਼ਾਹਕਾਰ ਰਚਨਾ ਗਰਦਾਨ ਦੇਂਦੇ ਓ ਜੀ..ਤੇ ਫਿਰ ਏਧਰ ਆਣਕੇ ਵੀ ਇਨ੍ਹਾਂ ਦੀ ਘਟੀਆ ਕਿਸਮ ਦੀ ਰਚਨਾ ਨੂੰ ਉਤੱਮ ਸਿੱਧ ਕਰਨ ਲਈ ਗੋਸ਼ਟੀਆਂ ਰਚਾਂਦੇ ਓ ਜੀ..ਝਾੜੂ ਚੁੱਕੀ ਫਿਰਦੇ ਓ ਤੁਸੀਂ ਏਹਨਾਂ ਦੇ ਮਗਰ-ਮਗਰ..ਭਈਏ ਨਾ ਹੋਏ ਤਾਂ ਫਿਰ ਕੀ ਹੋਏ ਤੁਸੀਂ ਏਹਨਾ ਦੇ ਜੀ..?’

ਮੈਂ ਉਹਦੀ ਇਸ ਗੱਲ ਦਾ ਕੀ ਜੁਆਬ ਦਿੰਦਾ ਭਲਾ? ਉਹਨੇ ਤਾਂ ਸਾਰੀ ਗੱਲ ਉਤੇ ਸਪੱਟਾ ਈ ਫੇਰ ਦਿੱਤਾ ਸੀ ਕਿ..।

ਪਟਿਆਲਾ ਰੇਡੀਓ ਉੱਤੇ ਤਿੰਨ ਲੋਕ-ਗਾਥਾਵਾਂ ਰਿਕਾਰਡ ਕਰਵਾਈਆਂ ਸਨ, ਤੂੰਬੇ ਤੇ ਢੋਲਕ ਉਤੇ ਗਾਇਆ ਸੀ, ਰੇਡੀਓ ਵਾਲਿਆਂ ਨੂੰ ਆਪਣੇ ਨਿੱਜੀ ਰਿਕਾਰਡ ‘ਚ ਰੱਖਣ ਲਈ ਕਹਿਕੇ ਟੇਪ ਦੀ ਇੱਕ ਕਾਪੀ ਲੈ ਲਈ ਸੀ, ਸਿੱਧਾ ਕਜ਼ਾਕ ਜੀ ਦੇ ਘਰ ਵੱਲ ਆਇਆ,ਬੈਗ ਵਿਚ ਵਾਕ-ਮੈਨ ਵੀ ਸੀ, ‘ਲਓ ਜੀ ..ਪ੍ਰੋਫੈਸਰ ਸਾਹਿਬ.. ਅੱਜ ਥੋਨੂੰ ਕੁਝ ਸੁਣਾਈਏ..।’ ਵਾਕ-ਮੈਨ ਦੀ ਸਵਿੱਚ ਦਬਾਉਂਦਿਆਂ ਮੈਂ ਕਿਹਾ।
‘ਕਮਾਲ ਏ ਜੀ ਅਹਿ ਪੁਰਜਾ…ਆਏ..ਹਾਏ..ਹਾਏ.. ਸੁਣਾਓ ਜੀ ਕੀ ਸੁਣਾਂਦੇ ਓ ਜੀ..।’
ਤੂੰਬਾ ਤੇ ਢੋਲਕ ਰਲੇ,ਕਜ਼ਾਕ ਜੀ ਸਿਰ ਹਿਲ੍ਹਾਣ ਲੱਗੇ, ਅੱਖਾਂ ਮੁੰਦ ਲਈਆਂ, ‘ਆਏ..ਹਾਏ..ਹਾਏ..ਯਮਲਾ ਜੀ ਤਾਂ ਧੰਨ ਸਨ ਜੀ..ਏਹ ਜੈਮਲ ਫੱਤੇ ਦੀ ਗਾਥਾ ਗਾਈ ਏ ਜੀ…ਯਮਲਾ ਜੀ ਨੇ..ਤੁਸੀਂ ਕਿੱਥੋਂ ਲਿਆਏ ਓ ਟੇਪ ਇਹਨਾਂ ਦੀ ?’
‘ਓ ਗੁਰੁ ਜੀ ਮੈਂ ਗਾਇਆ ਏਹੇ, ਅੱਜ ਈ ਪਟਿਆਲਾ ਰੇਡੀਓ ‘ਤੇ..ਉਥੋਂ ਈ ਆ ਰਿਹਾਂ..।’
‘ਓ ਜੀ, ਕਮਾਲ ਕਰ ਛੱਡੀ ਏ ਜੀ ਤੁਸੀਂ ਤੇ..ਤੁਸੀਂ ਤੇ ਗੁਣਾਂ ਦੇ ਗੁਥਲੇ ਓ ਜੀ ਮਹਾਰਾਜ.. ਵਾਹ ਜੀ ਵਾਹ..ਯਮਲਾ ਜੀ ਵਾਲਾ ਰੰਗ..ਤੁਸੀਂ ਤਾਂ ਜੀ ਬਿਲਕੁੱਲ ਈ ਉਹਨਾਂ ਵਾਂਗ ਗਾਂਦੇ ਓ ..।’
ਮੈਨੂੰ ਖੁਸ਼ੀ ਹੋਣ ਲੱਗੀ ਕਿ ਕਜ਼ਾਕ ਜੀ ਨੂੰ ਮੇਰਾ ਸੰਗੀਤ ਪਸੰਦ ਆ ਗਿਆ ਹੈ। ਵਾਕਮੈਨ ਚੱਲ ਰਿਹਾ ਸੀ।
‘ਓ ਜੀ ਗੱਲ ਏਹ ਵੇ ਜੀ..ਧਿਆਨ ਨਾਲ ਸੁਣੋ ਮੇਰੀ ਗੱਲ ਤੁਸੀਂ..ਕੁੱਤੇ ਨੂੰ ਓਨਾਂ ਕੁ ਹੱਡ ਈ ਚੁੱਕਣਾ ਚਾਹੀਦਾ ਏ, ਜਿਨਾਂ ਚੁੱਕਕੇ ਉਹ ਸੌਖੀ ਤਰਾਂ ਕਮਾਦ ਵਿੱਚ ਵੜ ਸਕੇ ।’
‘ਮੈਨੂੰ ਸਮਝ ਨਹੀਂ ਆਈ ਕਜ਼ਾਕ ਸਾਹਿਬ ਕੀ ਕਹਿੰਦੇ ਓ ਜੀ ਤੁਸੀਂ?’
‘ਵੇਖੋ ਜੀ, ਜਿਹੜਾ ਦੋਂਹ ਬੇੜੀਆਂ ਵਿੱਚ ਸਵਾਰ ਹੁੰਦਾ ਏ ਨਾ ਜੀ.. ਉਹ ਕਦੇ ਵੀ ਪਾਰ ਨਹੀਂ ਲੱਗਦਾ ਜੀ..ਅਧਵਾਟੇ ਈ ਡੁੱਬਦਾ ਏ ਜੀ..ਤੇ ਤੁਸੀਂ ਤਾਂ ਜੀ ਵੀਹ ਬੇੜੀਆਂ ‘ਚ ਟੰਗਾਂ ਫਸਾਈਆਂ ਹੋਈਆਂ ਨੇ..ਕਿਧਰੇ ਗਾ੍ਹਣ ਵਾਲੇ ਬਣਦੇ ਫਿਰਦੇ ਓ..ਕਿਧਰੇ ਲੇਖਕ ਬਣਦੇ ਓ,ਕਿਧਰੇ ਪ੍ਰੈਸੱ-ਰਿਪੋਟਰ ਬਣਦੇ ਓ,ਕਿਧਰੇ ਤੁਸੀਂ ਫਿਲਮੀਂ ਐਕਟਰ ਬਣਦੇ ਓ,ਕਦੇ ਰੇਡੀਓ ਅਨਾਂਊਸਰ ਬਣ ਜਾਂਦੇ ਓ..ਓ ਸੀ ਨਾ ਜੀ ਬਲਰਾਜ ਸਾਹਨੀ..? ਉਹਦੇ ਵਾਲਾ ਹਾਲ ਏ ਧੁਆਡਾ ਜੀ..ਨਾ ਉਹਦੇ ਤੋਂ ਐਕਟਰ ਬਣਿਆਂ ਗਿਆ..ਨਾ ਲੇਖਕ..ਮੇਰੇ ਕਹਿਣ ਦਾ ਭਾਵ ਏ ਬਈ ਕੁੱਤਾ ਹੱਡ ਓਨਾ ਈ ਚੁੱਕੇ..ਜਿਨੇ ਨਾਲ ਉਹ ਸੌਖੀ ਤਰਾਂ ਕਮਾਦ ਵਿੱਚ ਵੜ ਜਾਏ ਜੀ..ਤੁਸੀਂ ਫੀਲਡ ਇੱਕ ਚੁਣੋ..ਤਾਂ ਜੋ ਧੁਆਡੀ ਪਛਾਣ ਬਣ ਸਕੇ ਜੀ..ਐਵੇਂ ਅੱਕੀਂ- ਪਲ੍ਹਾਈਂ ਹੱਥ ਮਾਰਦੇ ਫਿਰਨ ਦਾ ਕੀ ਫਾਇਦਾ ਏ..? ਵੇਖੋ ਜੀ..ਜੇ ਕੁੱਤਾ ਕਪਾਹ ਦੇ ਖੇਤ ‘ਚੋਂ ਲੰਘ ਜਾਵੇ ਉਹ ਖੇਸ ਤਾਂ ਨਹੀਂ ਬਣਾ ਸਕਦਾ ਨਾ…ਕਪਾਹ ਚੁਗ-ਚੁਗ ਕੇ..ਏਵੇਂ ਹੁਣ ਤੁਸੀਂ ਕੱਚੀਆਂ-ਪਿੱਲੀਆਂ ਕਿਤਾਬਾਂ ਲਿਖ-ਲਿਖ ਕੇ ਰਾਈਟਰ ਤਾਂ ਨਹੀਂ ਬਣ ਸਕਦੇ ਨਾ ਜੀ..।’
ਪਹਿਲਾਂ ਤਾਂ ਮੇਰੇ ਮਨ ਵਿੱਚ ਆਈ ਕਿ ਆਖ ਈ ਦੇਵਾਂ ਕਿ ਕਜ਼ਾਕ ਜੀ ਜਿੱਦਣ ਤੁਸੀਂ ਯੁੂਨੀਵਸਿਟੀ ਤੋਂ ਪਹਿਲੀ ਤਨਖਾਹ ਪ੍ਰਾਪਤ ਕੀਤੀ ਸੀ, ਤੁਹਾਡੀ ਕਹਾਣੀ-ਕਲਾ ਤਾਂ ਓਦਣ ਈ ਮਰ ਗਈ ਸੀ..ਸੰਘੀ ਘੁੱਟੀ ਗਈ ਸੀ ਓਦਣ ਤੁਹਾਡੀ ਕਹਾਣੀ ਦੀ..ਫਿਰ ਤੁਸੀਂ ਖੋਜੀ ਬਣ ਗਏ..ਫਿਲਮਾਂ ਲਿਖਣ ਲੱਗ ਪਏ..ਮਕਾਨਾਂ ਤੇ ਦੁਕਾਨਾਂ ਦੇ ਨਕਸ਼ੇ ਬਣਾਉਣ ਲੱਗ ਪਏ..ਯੂਨੀਵਸਿਟੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਤੇ ਪ੍ਰੋਫੈਸਰਾਂ,ਦੇ ਮੁਫਤ ਦੇ ਸਲਾਹਕਾਰ ਬਣ ਗਏ..ਤੁਸੀਂ ਏਨੇ ਹੱਡ ਕਿਉਂ ਚੁੱਕੀ ਫਿਰਦੇ ਓ ਭਲਾ..? ਫਿਰ ਮਨ ਨੇ ਕਿਹਾ..ਨਹੀਂ-ਨਹੀਂ..ਉਮਰ ਵਿੱਚ ਵੀ ਵੱਡੇ ਨੇ ਤੇ ਰੁੱਤਬੇ ਵਿੱਚ ਵੀ..ਪਿਓਆਂ ਬਰਾਬਰ ਨੇ.. ਕੀ ਹੋ ਗਿਐ ਜੇ ਕਹਿ ਲਿਆ ਤਾਂ..? ਸੁਣੀਂ ਚੱਲ…ਤੇ ਮੈਂ ਚੁੱਪ ਕਰਕੇ ਸੁਣੀਂ ਗਿਆ ਸਾਂ ।
‘ਓ ਜੀ.. ਮੈਂ ਬੰਬੇ ਗਿਆ, ਐਨੇ ਸਾਲ ਕੰਮ ਕੀਤਾ ਜੀ ਉਥੇ..ਪੂੰਨਾਂ ਇੰਸਟੀਚਿਊਟ ਵਿੱਚ ਗਿਆ ਜੀ..ਐਨੇ ਸਾਲ ਮੈਂ ਉਸਾਰੀ ਦਾ ਕੰਮ ਕੀਤਾ ਜੀ..ਐਨੇ ਸਾਲ ਕਬੀਲਿਆਂ ਦੀ ਖੋਜ ‘ਤੇ ਲਾਏ ਜੀ..ਫਿਰ ਮੈਂ ਓਥੇ ਗਿਆ ਜੀ..ਫਿਰ ਓਥੋਂ ਆਇਆ..ਓਥੇ ਗਿਆ ਜੀ..ਐਨਾ ਚਿਰ ਓਥੇ ਲੱਗ ਗਿਆ ਜੀ..।’
ਉਹ ਦੱਸੀ ਜਾਏਗਾ ਸਾਲਾਂ ਦੇ ਸਾਲ ਗਿਣ-ਗਿਣ ਕੇ..ਜੇ ਸਾਰੇ ਸਾਲ ਗਿਣੀਏਂ ਤਾਂ ਉਹਦੀ ਉਮਰ ਡੇਢ ਸੌ ਸਾਲ ਬਣਦੀ ਹੈ ਤੇ ਹਾਲੇ ਵੀ ਹੱਟਾ ਕੱਟਾ ਹੈ। ਸਕੂਟਰ ਵੀ ਤੇਜ਼-ਤੇਜ਼ ਚਲਾਉਦਾ ਹੈ, ਪੈਦਲ ਵੀ ਤੇਜ਼ ਤੇਜ਼ ਤੁਰਦਾ ਹੈ, ਪੈੱਨ ਵੀ ਤੇਜ਼ ਚਲਾੳਂਦਾ ਹੈ..ਭਾਵੇਂ ਫਿਲਮ ਲਿਖਦਾ ਹੋਵੇ..ਜਾਂ ਕਿਸੇ ਦੀ ਕੋਠੀ ਦਾ ਨਕਸ਼ਾ ਬਣਾਉਂਦਾ ਹੋਵੇ।
ਮੈਂ ਕਿਹਾ, ‘ਏਨਾ ਲਿਖਣਾ ਤਾਂ ਕਾਫੀ ਔਖਾ ਹੁੰਦੈ..ਕੰਪਿਊਟਰ ਰੱਖੋ ਲਿਆਕੇ..ਉਹਦੇ ‘ਤੇ ਲਿਖਿਆ ਕਰੋ..।’
‘ਲੈਅ ਛੱਡੋ ਜੀ..ਕੰਪੂਟਰ-ਕੰਪਾਟਰ ਜੀ..ਮੈਂ ਕੋਈ ਨਿੰਦਰ ਘੁਗਿਆਣਵੀ ਆਂ..?’
‘ਕਜ਼ਾਕ ਜੀ, ਮੇਰੀ ਕਿਤਾਬ ‘ਮੈL ਸਾਂ ਜੱਜ ਦਾ ਅਰਦਲੀ’ ‘ਤੇ ਟੈਲੀਫਿਲਮ ਬਣਨੀ ਐਂ..ਤੁਸੀਂ ਉਹਦੀ ਸਕਰਿਪਟ ਲਿਖ ਦਿਓ।’
‘ਵੇਖੋ ਜੀ, ਸੱਠ ਹਜ਼ਾਰ ਰੁੱਪਈਆ ਲਵਾਂਗਾ ਜੀ..ਵੰਨ-ਮੈਨ ਸਟੋਰੀ ਲਿਖ ਦਿਆਂਗਾ…।’
‘ਸੱਠ ਤਾਂ ਜ਼ਿਆਦਾ ਐ ਪ੍ਰੋਫੈਸਰ ਸਾਹਿਬ..।’

‘ਵੇਖੋ ਜੀ ਤੁਸੀਂ ਤਾਂ ਸੁੱਤੀ ਪਈ ਦਾ ਮੁੰਮਾਂ ਮੂੰਹ ‘ਚ ਪਾ ਕੇ ਤੇ ਦੁੱਧ ਚੁੰਘ ਕੇ ਭੱਜ ਜਾਣਾ ਚਾਹੁੰਦੇ ਓ..ਕਿਉਂ ਲਵਾਂ ਮੈਂ ਸੱਠ ਹਜਾLਰ ਤੋਂ ਘੱਟ..ਮੇਰਾ ਪ੍ਰੋਫੈਸ਼ਿਨ ਏਂ..ਤੇ ਤੁਸੀਂ?..ਤੁਸੀਂ ਤੇ ਸ਼ੌਕੀਆ ਤੌਰ ‘ਤੇ ਘਿਚ-ਘਿਚੀਆਂ ਮਾਰਦੇ ਫਿਰਦੇ ਓ ਵਾਧੂ ਦੀਆਂ..ਥਾਂ..ਥਾਂ ‘ਤੇ..।’

ਇੱਕ ਦਿਨ ਉਹਨੇ ਬਿਰਤਾਂਤ ਸੁਣਾਇਆ, ਜਦੋਂ ਉਹ ਬਨਾਰਸ ਯੂਨੀਵਰਸਿਟੀ ਕਿਸੇ ਖੋਜ- ਕਾਰਜ ਲਈ ਜਾਂਦਾ ਹੈ ਤੇ ਵਿਹਲਾ ਵੇਲਾ ਦੇਖਕੇ ਉਸੱਤਾਦ ਬਿਸਮਿੱਲਾ ਖਾਂ ਸਾਹਿਬ ਨੂੰ ਜਾ ਮਿਲਦਾ ਹੈ, ਖਾਂ ਸਾਹਬ ਆਪਣੇ ਨਾਲ ਮੰਦਰ ਲੈ ਜਾਂਦੇ ਹਨ ਤੇ ਉਥੇ ਈ ਭੁੱਲ ਆਉਂਦੇ ਹਨ। ਫਿਰ ਜਦੋਂ ਉਸਤਾਦ ਬਿੱਸਮਿਲਾ ਖਾਂ ਸਾਹਿਬ ਦੀ ਚਿੱਠੀ ਆਉਣ ‘ਤੇ ਦੂਜੀ ਬਾਰ ਮਿਲਣ ਜਾਂਦਾ ਹੈ, ਤੇ ਅੱਗੋਂ ਉਸਤਾਦ ਜੀ ਨੇ ਕਿਸੇ ਪ੍ਰੋਗਰਾਮ ਲਈ ਜਾਣਾ ਹੁੰਦਾ ਹੈ, ਤੇ ਉਹ ਕਜ਼ਾਕ ਜੀ ਨੂੰ ਆਪਣੇ ਨਾਲ ਪਰੋਗਰਾਮ ਵਿਖਾਉਣ ਲੈ ਜਾਂਦੇ ਹਨ, ਉਹ ਉਥੇ ਉਸਤਾਦ ਜੀ ਦੀ ਸ਼ਹਿਨਾਈ ਦਾ ਕਿੰਝ ਆਨੰਦ ਮਾਣਦਾ ਹੈ, ਉਹਨਾ ਦੇ ਨਾਲ ਹੀ ਰਹਿੰਦਾ ਹੈ, ਤੇ ਪ੍ਰਸੰਨ ਹੋ ਕੇ ਆਉਂਦਾ ਹੈ। ਇਹ ਸਾਰਾ ਬਿਰਤਾਂਤ ਏਨਾ ਰੌਚਕ ਤੇ ਦਿਲਚਸਪੀ ਭਰਿਆ ਸੀ ਕਿ ਮੈਂ ਸਾਹ ਰੋਕੀ ਸੁਣਦਾ ਰਿਹਾ ਸਾਂ। ਉਸਤਾਦ ਜੀ ਦੀ ਸਮੁੱਚੀ ਸ਼ਖ਼ਸੀਅਤ, ਉਹਨਾਂ ਦਾ ਰਹਿਣ ਸਹਿਣ, ਜੀਵਨ ਸੰਘਰਸ਼, ਕਲਾ ਸਾਧਨਾ, ਆਦਿ ਦੇ ਪ੍ਰਤੱਖ ਦੀਦਾਰ ਹੁੰਦੇ ਸਨ ਇਸ ਬਿਰਤਾਂਤ ਵਿੱਚੋਂ। ਜਦ ਸੁਣਾ ਹਟੇ, ਤਾਂ ਮੈਂ ਕਿਹਾ, ‘ਇਹ ਸਭ ਲਿਖਿਆ ਹੈ ਕਿ ਨਹੀਂ..? ਲਿਖੋ ਇਹ ਸਭ ਕੁਝ, ਕਮਾਲ ਦਾ ਪੀਸ ਬਣੂੰਗਾ ਪ੍ਰੋਫੈਸਰ ਸਾਹਿਬ..।’
‘ਲੈਅ..? ਏਹ ਵੀ ਕੋਈ ਲਿਖਣ ਵਾਲੀ ਗੱਲ ਏ ਜੀ ਭਲਾ..ਛਡੋ ਜੀ..ਮੈਂ ਨੀ੍ਹ ਆਂਡੂ ਲੇਖ ਲਿਖਦਾ..ਤੁਸੀਂ ਤਾਂ ਘੋੜੇ ਦੀ ਪੂਛਲ ‘ਤੇ ਲਲਿਤ -ਨਿਬੰਧ ਲਿਖ ਦੇਂਦੇ ਓ..ਬਈ ਘੋੜੇ ਦੀ ਪੂਛਲ ਏਨੀ ਲੰਬੀ ਸੀ..ਏਨੇ ਵਾਲ ਸਨ..ਏਨੀ ਮੋਟੀ ਸੀ..ਤੁਸੀਂ ਤਾਂ ਮੂਤਰ ਕਰਦੇ ਓ..ਤਾਂ ਲਿਖ ਦੇਂਦੇ ਓ….. ਫਿਰਦੇ ਓ..ਤਾਂ ਲੇਖ ਲਿਖ ਦੇਂਦੇ ਜੇ… ਮੈਂ ਪੜ੍ਹੀ ਏ ਜੀ ਧੁਆਡੀ ਕਿਤਾਬ ‘ਮੇਰਾ ਰੇਡੀਓਨਾਮਾ’.. ਮੈਂ ਔਥੇ ਗ਼ਜ਼ਲ ਪੜ੍ਹੀ..ਔਥੇ ਗੀਤ ਪੜ੍ਹਿਆ..ਕੀ ਗੱਲਾਂ ਨੇ ਜੀ ਏਹ..? ਮੈਂ ਟ੍ਰਿਬਿਊਨ ‘ਚ ਧੁਆਡਾ ਲੇਖ ਪੜ੍ਹਿਆ ਸੀ ਜੀ..ਓ ਜਦੋਂ ਤੁਸੀਂ ਕੈਨੇਡਾ ਸਮੁੰਦਰ ਦੇ ਕੰਢੇ ਜਾਂਦੇ ਓ..ਤੇ ਬੱਤਖਾਂ ਤਰਦੀਆਂ ਵੇਖਕੇ ਉਨ੍ਹਾਂ ‘ਤੇ ਲੇਖ ਲਿਖ ਛਡਿਆ..ਛਡੋ ਜੀ..ਫੂਸੀਅਂਾ ਮਾਰਨੀਆਂ..ਤੇ ਕੋਈ ਸੌਲਿਡ- ਵਰਕ ਕਰੋ..ਤੁਸੀਂ ਤਾਂ ਜੀ ‘ਆਪ-ਬੀਤੀਆਂ’ ਲਿਖ-ਲਿਖ ਕੇ ਰੂਸੋ ਦੇ ਪੈਰਾਂ ‘ਚ ਪੈਰ ਮਾਰਦੇ ਪਏ ਓ..।’
‘ਚੰਗਾ ਜੀ, ਪ੍ਰੋਫੈਸਰ ਸਾਹਿਬ..ਫਿਰ ਮੈਂ ਲਿਖਣਾ ਛੱਡ ਦਿੰਨੈ..ਛੱਡ ਦਿਆਂ ਮੈਂ ਲਿਖਣਾ..?’
‘ਨਾ ਜੀ ਨਾ..ਮੈਂ ਕਦੋਂ ਕਹਿਨਾਂ ਲਿਖਣਾ ਛੱਡੋ..ਨਾ ਲਿਖਣ ਨਾਲੋਂ ਤਾਂ ਲਿਖਣਾ ਚੰਗੈ ..ਪਰ ਪ੍ਰਦੂਸ਼ਣ ਨਾ ਫੈਲਾਓ..ਇਹ ਮਾੜਾ ਏ ਜੀ..ਤੁਸੀਂ ਤਾਂ…{ਹੱਸਕੇ}…ਬੱਸ ਹੁਣ ਮੈਂ ਕੀ ਕਹਵਾਂ ਜੀ…ਛੱਡੋ ਜੀ..।’
‘ਮੈਂ ਕਿਹੜਾ ਥੋਡਾ ਗੁੱਸਾ ਕਰਦੈਂ ਜੀ..ਕਹੋ ਤੁਸੀਂ ਜੋ ਕਹਿਣੈ ਜੀ..।’
‘ਵੇਖੋ ਜੀ,ਉਹ ਗਿਆਨੀ ਜੀ..’ਇਨਕਲਾਬ ਹਥਿਆਰਬੰਦ’ ਨਾਵਲ ਵਾਲੇ..ਗਿਆਨੀ ਕੇਸਰ ਸਿੰਘ ਜੀ ਕਨੇਡਾ ਵਾਲੇ..ਤੁਸੀਂ ਉਨਾਂ੍ਹ ਨੂੰ ਮਿਲਕੇ ਆਏ ਸੀ ਐਡਮਿੰਟਨ ਜਾਕੇ..ਮੈਂ ਉਹ ਵੀ ਪੜ੍ਹਿਆ ਸੀ …ਹੁਣ ਤੁਸੀਂ ਦੱਸੋ ਵਈ..ਏਹ ਧੱਕਾ ਨਈਂ ਤਾ ਹੋਰ ਕੀ ਏ..? ਵਈ ਗਿਆਨੀ ਜੀ ਤਾਂ ਬੇਸੁਰਤ ਪਏ ਹੋਏ ਸਨ..ਨਾ ਬੋਲ ਸਕਦੇ ਸਨ..ਨਾ ਪਛਾਣ ਸਕਦੇ ਸਨ..ਨਾ ਉਠ ਸਕਦੇ ਸਨ..ਨਾ ਸੁਣ ਸਕਦੇ ਸਨ..ਉਨ੍ਹਾਂ ਧੁਆਨੂੰ ਵੇਖਕੇ ਸਿਰਫ ਤਾਂ ਸਿਰਫ ਆਪਣਾ ਸਿਰ ਈ ਹਿਲਾਇਆ ਸੀ ਜੀ..ਤੇ ਤੁਸੀ ਉਨਾਂ੍ਹ ਦੇ ਸਿਰ ਹਿਲ੍ਹਾਣ ‘ਤੇ ਈ ਲੇਖ ਲਿਖ ਮਾਰਿਆ..ਵੇਖੋ ਜੀ ਨਾ..ਤੁਸਾਂ ਤੀਹ ਕਿਤਾਬਾਂ ਲਿਖੀਆਂ ਨੇ..ਕੰਮ ਦੀ ਧੁਆਡੀ ਕਿਤਾਬ ਸਿਰਫ ਅਰਦਲੀ ਵਾਲੀ ਏ..ਬਾਕੀ ਸਭ ਭਰਤੀ ਕੀਤੀ ਏ ਜੀ..ਨਿੱਕੀਆਂ-ਨਿੱਕੀਆਂ ਪੇੜੀਆਂ ਦੀ ਤਰਾਂ..ਫੇਰ ਤੁਸੀਂ ਆਹ ਕੱਚ-ਘਰੜ ਕਿਸਮ ਦੇ ਗੌਣ-ਗੂਣ ਵਾਲਿਆਂ ਉਤੇ ਲਿਖ-ਲਿਖ ਕੇ ਗਿੱਦੜਾਂ ਦਾ ਗੂੰਹ ਪਹਾੜੀਂ ਚੜਾ੍ਹ ਛਡਿਆ ਜੀ..ਏਹ ਸਭ ਟੱਟੂ ਕਿਸਮ ਦਾ ਕੰਮ ਏਂ ..।’

ਅੱਜ ਤਾਂ ਉਹਨੇ ਕੋਈ ਕਸਰ ਈ ਨਹੀਂ ਸੀ ਛੱਡੀ। ਆਥਣ ਹੋ ਗਈ ਸੀ, ਸਾਰਾ ਦਿਨ ਹਯਾ ਲੁਹਾਂਉਦੇ ਦਾ ਲਹਿ ਗਿਆ ਸੀ,ਮਨ ‘ਚ ਆਈ ਕਿ ਹੇ ਮਨਾਂ..ਏਨਾ ਹਯਾ ਤਾਂ ਮੁਫਤ ਵਿੱਚ ਲਾਹੁੰਣ ਵਾਲੇ ਮੇਰੇ ਪਿੰਡ ਵਿੱਚ ਵੀ ਬੜੇ ਹਨ,ਏਨੀ ਦੂਰ ਖਰਚਾ ਕਰਕੇ ਆਉਣ ਦੀ ਕੀ ਲੋੜ ਸੀ ਭਲਾ? ਅੱਗੇ ਤੋਂ ਨਹੀਂ ਆਵਾਂਗਾ।

ਰਿਹਾ ਫਿਰ ਨਾ ਗਿਆ। ਯੂਨੀਵਰਸਿਟੀ ਆਪਣੇ ਕੰਮ ਗਿਆ ਸਾਂ, ਅਗੇ ਕਜ਼ਾਕ ਜੀ ਮਿਲ ਪਏ। ਗੋਡੀਂ ਹੱਥ ਲਾਏ ਤਾਂ ਕਹਿੰਦੇ, ‘ਆਓ ਜੀ.. ਆਓ ਜੀ..ਓ ਜੀ ਮੈਂ ਤਾਂ ਸੋਚਦਾ ਸਾਂ ਵਈ ਤੁਸੀਂ ਗੁੱਸੇ ਹੋ ਗਏ ਹੋਵੋਗੇ..ਹੁਣ ਨਹੀਂ ਆਵੋਗੇ..ਆਓ ਜੀ..ਪਹਿਲਾਂ ਚਾਹ ਪੀਨੇ ਆਂ..ਫੇਰ ਆਪਾਂ ਐਥੇ ਨੇੜੇ ਈ ਜਾਣੈ ਡਾਕ ਖਾਨੇ..ਤੁਸੀਂ ਬਿਜ਼ੀ ਤਾਂ ਨਹੀਂ ਓ ਨਾ…? ਹੈ ਨਾ ਵਕਤ…?’
ਚਾਹ ਪੀਕੇ ਅਸੀਂ ਡਾਕ ਖਾਨੇ ਚਲੇ ਗਏ। ਕਜ਼ਾਕ ਜੀ ਦੇ ਹੱਥ ਵਿੱਚ ਪਾਸ ਬੁੱਕਾਂ ਸਨ, ਮੈਂ ਪੁੱਛਿਆ, ‘ਕੀ ਕੰਮ ਐਂ ਜੀ ਡਾਕਖਾਨੇ..?’
‘ਓ ਜੀ.. ਬੱਸ ਪੁੱਛੋ ਕੁਝ ਨਾ ਜੀ..ਐਥੋਂ ਪੈਸੇ ਕਢਾਣੇ ਨੇ ਜੀ.. ਬੜੀ ਮੁਸੀਬਤ ਬਣੀ ਹੋਈ ਏ ਜੀ.ਮੇਰੇ ਸਾਲੇ ਦੇ ਮੁੰਡੇ ਨੇ ਕੰਬਾਈਨ ਲਈ ਸੀ..ਤੇ ਉਹ ਨਾ … ਉਹਨੇ ਟਿੱਬੀ ਉਤੇ ਖਲ੍ਹਾਰ ਦਿੱਤੀ ਜੀ..ਤੇ ਆਪ ਉਹ ਕੰਬਾਈਨ ਦੇ ਟਾਈਰ ਹੇਠਾਂ ਪਰਨਾ ਵਿਛਾਅ ਕੇ ਲੇਟ ਗਿਆ..ਛਾਂ ਦੇਖਕੇ.. ..ਕੰਬਾਈਨ ਦਾ ਗੇਅ੍ਹਰ ਕੱਢਣਾ ਭੁੱਲ ਗਿਆ ਜੀ..ਉਧਰੋਂ ਕਿਤੇ ਬਾਂਦਰ-ਬਾਂਦਰੀਆਂ ਆਣਕੇ ਡਰਾਈਵਰ ਵਾਲੀ ਸੀਟ ਉਤੇ ਭੁੜਕਣ ਲੱਗੇ ..ਤੇ ਗੇਅ੍ਹਰ ਨਿਕਲ ਗਿਆ ਜੀ..ਮੇਰੇ ਸਾਲੇ ਦਾ ਲੜਕਾ ਹੇਠਾਂ ਆ ਗਿਆ..ਹੁਣ ਹਸਪਤਾਲ ਏ ਜੀ.. ਬੜਾ ਸੀਰੀਅਸ ਏ ..ਉਥੇ ਪੈਸੇ ਭੇਜਣੇ ਨੇ ਜੀ..।’
‘ਤੇ ਪ੍ਰੋਫੈਸਰ ਸਾਹਿਬ..ਤੁਸੀਂ ਐਫੱ ਡੀਜ਼ ਨਾ ਤੁੜਵਾਓ ਜੀ..ਮੈਂ ਭੇਜ ਦਿੰਨੈ ਜਾਕੇ ਪੈਸੇ ਪਿੰਡੋ ..ਦੋਸਤਾਂ ਤੋਂ ਲੈਲੂੰਗਾ ..।’
‘ਓ ਛਡੋ ਜੀ..ਛਡੋ ..ਨਾਨੀ ਖਸਮ ਕਰੇ..ਦੋਹਤਾ ਚੱਟੀ ਭਰੇ..ਤੁਸੀਂ ਕਾਹਨੂੰ.. ਜੀ..ਧੰਨਵਾਦ ਧੁਆਡਾ..।’

ਮੈਂ ਸੋਚੀ ਜਾਵਾਂ, ਕਿਵੇਂ ਕੰਬਾਈਨ ਟਿੱਬੀ ਉਤੇ ਖੜ੍ਹੀ ਹੋਊ..ਮੁੰਡੇ ਨੇ ਟਿੱਬੀ ਉਤੇ ਹੀ ਕੰਬਾਈਨ ਖਲਾ੍ਹਰਨੀ ਸੀ?ਤੇ ਫਿਰ ਬਾਂਦਰਾਂ-ਬਾਂਦਰਨੀਆਂ ਨੇ ਆਣਕੇ ਡਰੈਵਰ ਵਾਲੀ ਸੀਟ ਉਤੇ ਹੀ ਕਿਉਂ ਭੁੜਕਣਾ ਸੀ? ਹੋਰ ਕੋਈ ਥਾਂ ਨਾ ਲੱਭੀ ਉਨ੍ਹਾਂ ਦੇ ਭੁੜਕਣ ਨੂੰ? ਇਉਂ ਬੰਦਾ ਕਿਵਂੇ ਹੇਠਾਂ ਆ ਗਿਆ ਹੋਊ? ਗੱਲ ਵਿੱਚ ਵਜ਼ਨ ਜਿਹਾ ਨਹੀਂ ਸੀ ਜਾਪਦਾ। ਫਿਰ ਕੁਝ ਚਿਰ ਪਿੱਛੋਂ ਪਤਾ ਚੱਲਿਆ ਕਿ ਕਜ਼ਾਕ ਜੀ ਨੇ ਪਲਾਟ ਲੈਣਾ ਸੀ, ਇਸ ਲਈ ਐਫ ਡੀਜ਼ ਤੁੜਵਾਈਆਂ ਸਨ।

‘ਅਸਲ ‘ਚ ਗੱਲ ਏਹ ਵੇ ਜੀ..ਵਈ ਨਾ..ਨਿੰਦਰ ਜੀ..ਤੁਹਾਨੂੰ ਗੰਭੀਰ ਬੰਦੇ ਨਹੀਂ ਮਿਲੇ, ਜਿਹੜੇ ਤੁਹਾਨੂੰ ਕੁਝ ਸਿਖਾਂਦੇ..ਐਵੇਂ ਤੁਸੀਂ ਥਾਂ-ਥਾਂ ਖੱਚਾਂ ਮਾਰਨ ਵਾਲਿਆਂ ਨਾਲ ਤੁਰੇ ਫਿਰਦੇ ਓ..ਆਹ ਜੱਸੋਵਾਲ..ਖੱਸੋਵਾਲ..ਕੀ ਨੇ ਏਹ ਭਲਾ ਜੀ ? ਤੁਸੀਂ ਓਸੇ ਦਾ ਈ ਗੁਣਗਾਣ ਕਰਦੇ ਰਹਿੰਦੇ ਓ..ਇੱਕ ਧੁਆਡੀ ਹੋਰ ਭੈੜੀ ਆਦਤ ਏ..ਤੁਸੀਂ ਗੰਭੀਰ ਹੁੰਦੇ ਈ ਨਹੀਂ, ਹਰ ਵੇਲੇ ਹਿੜ-ਹਿੜ ਲਾਈ ਰੱਖਦੇ ਓ..ਆਪੇ ਗੱਲ ਕਰਕੇ ਆਪੇ ਈ ਹੱਸਣ ਲੱਗ ਪੈਂਦੇ ਓ..ਹੀ੍ਹ…ਹੀ੍ਹ..ਹੀ੍ਹ..ਓ ਜੀ ਜਿਹੜੀਆਂ ਬਨਿਆਣੀਆਂ ਨੇ ਨਾ ਜੀ..ਇਹ….. ਘੱਟ ਨੇ ਤੇ ਪਿੜ-ਪਿੜ ਬਹੁਤਾ ਕਰਦੀਆਂ ਨੇ..ਉਹੋ ਹਾਲ ਧੁਆਡਾ ਏ..ਓ ਨਾ ਜੀ..ਕੋਈ ਜੁਲਾਹੇ ਸਨ ਪੰਜ-ਸੱਤ..ਉਹ ਤੁਰੇ ਜਾਣ ..ਰਾਤ ਦਾ ਵੇਲਾ ਸੀ ਜੀ..ਇੱਕ ਜੁਲਾਹਾ ਧੁਆਡੇ ਵਰਗਾ ਸੀ..ਉਹ ਰੌਲਾ ਪਾਣ ਲੱਗਾ.. ਮਾਰੇ ਗਏ.. ਮਾਰੇ ਗਏ ..ਅਹੁ ਦੇਖੋ ਕਿੰਨਾ ਪਾਣੀ..ਕਿੰਨਾ ਪਾਣੀ..ਪਾਣੀ ‘ਚ ਡੁੱਬ ਜਾਵਾਂਗੇ..ਡੁੱਬ ਜਾਵਾਂਗੇ..ਕੱਪੜੇ ਉਤਾਰ ਲਵੋ..ਤੇ ਉਨਾਂ੍ਹ ਨੇ ਕੱਪੜੇ ਉਤਾਰ ਲਏ..ਕੱਛਾਂ-ਕੁੱਛਾਂ ਲਾਹ ਕੇ ਮੋਢਿਆਂ ‘ਤੇ ਧਰ ਲਈਆਂ ਜੀ..ਤੁਰੇ ਗਏ..ਤੁਰੇ ਗਏ..ਪਾਣੀ ਆਇਆ ਈ ਨਹੀਂ ਜੀ..ਕਿਥੋਂ ਆਣਾ ਸੀ ਪਾਣੀ ..ਉਹ ਤੇ ਛੋਰਾ ਸੀ ਜੀ..ਰਾਤ ਨੂੰ ਪਾਣੀ ਲੱਗਦਾ ਪਿਆ ਸੀ..ਉਹੋ ਹਾਲ ਧੁਆਡਾ ਜੇ..ਗੱਲ ਕੋਈ ਹੁੰਦੀ ਨਹੀਂ ਤੇ ਵਾਧੂ ਦੀ ਰੌਲੀ ਮਚਾਣ ਲੱਗ ਪੈਂਦੇ ਜੇ..ਮੈਂ ਅਹੁ ਕਰਤਾ..ਮੈਂ ਅਹੁ ਕਰਤਾ..ਕੀ ਤੁਸੀਂ ਟੱਟੂ ਕਰਤਾ ਜੀ..? ਅਸਲ ‘ਚ ਨਾ ਜੀ ਤੁਸੀਂ ਕੁੱਤੇ ਖੱਸੀ ਕਰਦੇ ਫਿਰਦੇ ਓ..ਉਹ ਡੰਗਰ ਡਾਕਟਰਾਂ ਕੋਲ ਨਾ ਇੱਕ ਰੈਂਚੱ ਜਿਹਾ ਹੁੰਦੈ..ਉਹਨੂੰ ਸੰਨ੍ਹਾਂ ਵੀ ਕਹਿੰਦੇ ਨੇ ..ਜੀਹਦੇ ਨਾਲ ਡੰਗਰ ਖੱਸੀ ਕਰੀ ਦੇ ਨੇ ਜੀ..ਤੁਸੀਂ ਆਪਣੇ ਹੱਥਾਂ ਵਿੱਚ.. ਉਹ ਦੋ-ਦੋ ਸੰਨੇ੍ਹ ਫੜੀ੍ਹ ਫਿਰਦੇ ਓ ਜੀ..ਜਨਾਬ ਸੁਣਦੇ ਓ ਕਿ ਨਹੀਂ..?..ਲਿੱਸ-ਲਿਸਾ..ਫੁਸ-ਫੁਸਾ..ਗ਼ਿਜ਼-ਗ਼ਿਜ਼ਾ..ਲਿਖਣਾ ਛੱਡੋ..ਚਾਲੂ ਮਾਲ..।’
ਇਹ ਸਭ ਕੁਝ ਸੁਣੀਂ ਜਾਣ ਤੋਂ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ ਸੀ,ਕਜ਼ਾਕ ਜੀ ਨੇ ਕਿਹੜਾ ਮੈਨੂੰ ਸੱਦਾ ਪੱਤਰ ਭੇਜਿਆ ਸੀ, ‘ਬਈ ਆਜਾ..ਤੈਨੂੰ ਰਾਸ਼ਨ ਪਾਵਾਂ..।’ ਮੈਂ ਤਾਂ ਆਪਣੇ ਆਪ ਈ ਆਉਂਦਾ ਹਾਂ, ਜਦ ਵੀ ਆਉਂਦਾ ਹਾਂ, ਰਿਹਾ ਜਾਂਦਾ ਹੀ ਨਹੀਂ, ਜਦ ਪਟਿਆਲੇ ਆਇਆ ਹੋਵਾਂ..ਕਜ਼ਾਕ ਜੀ ਨੂੰ ਮਿਲੇ ਬਿਨਾਂ..।’
ਇੱਕ ਦਿਨ ਗਿਆ ਸਾਂ, ‘ਆਓ ਜੀ..ਆਓ..ਮਹਾਰਾਜ..ਅੱਜ ਕਿਧਰੋਂ ਜੀ..?’
‘ਬਸ ਜੀ, ਮਿਲਣ ਈ ਆਇਆ ਸਾਂ..ਮਖ਼ ਮਿਲ ਆਵਾਂ ਪ੍ਰੋਫੈਸਰ ਸਾਹਬ ਨੂੰ..।’
‘ਵੇਖੋ ਜੀ, ਏਹ ਸਭ ਫਜ਼ੂਲ ਗੱਲਾਂ ਨੇ ਜੀ..ਕੋਈ ਕਿਸੇ ਨੂੰ ਮਿਲਣ ਨਹੀਂ ਆਉਂਦਾ ਜੀ..ਨਾ ਕਿਸੇ ਕੋਲ ਵਿਹਲ ਏ ਬਈ ਕਿਸੇ ਨਾਲ ਐਵੇਂ ਮਿਲਣੀਆਂ ਕਰਦਾ ਫਿਰੇ..ਸਭ ਆਪੋ-ਆਪਣੇ ਧੰਦੇ ਲੱਗੇ ਹੋਏ ਨੇ ਜੀ..ਲਓ ਸੁਣੋ..ਤੁਸੀਂ ਐਥੇ ਰੇਡੀਓ ਉਤੇ ਬੋਲਣ ਆਏ ਹੋਵੋਗੇ..ਤੇ ਉਥੋਂ ਵਿਹਲੇ ਹੋਕੇ..ਹਜ਼ਾਰ ਦਾ ਚੈਕੱ ਬੋਝੇ ‘ਚ ਪਾਕੇ ਮੇਰੇ ਵੱਲ ਤੁਰੇ ਆਏ ਓ..ਵੇਖੋ ਜੀ..ਕਿਸੇ ਦੇ ਖੁੱਤੀ ‘ਚ ਅੱਕ ਚੋਇਆ ਏ ਵਈ ਉਹ ਫਰੀਦਕੋਟੋਂ ਬੱਸ ਚੜੇ੍ਹ ਤੇ ਪੰਜ ਘੰਟੇ …… ਭੰਨਾਉਂਦਾ-ਭੰਨਾਉਂਦਾ ਮੈਨੂੰ ਮਿਲਣ ਆਵੇ ਜੀ..ਪਟਿਆਲੇ..? ਇਹ ਸਭ ਆਂਡੂ ਗੱਲਾ ਨੇ ਜੀ।’.
ਅੱਜ ਤਾਂ ਉਹ ਮੈਨੂੰ ਆਉਦੇਂ ਨੂੰ ਈ ਪੈ ਨਿੱਕਲਿਆ ਸੀ। ਮੈਂ ਛਿੱਥਾ ਜਿਹਾ ਪੈ ਕੇ ਆਖਿਆ, ‘ਬਸ..ਜਾਣਾ ਈਂ ਐਂ ਜੀ..ਮਿਲਣ ਈ ਆਇਆ ਸਾਂ..।’
‘ਨਾ ਜੀ ਨਾ..ਚਾਹ ਪੀਨੇ ਆਂ ਘੁਟ-ਘੁਟ.. ਬੈਠੋ..ਬੈਠੋ..ਹੋਰ ਸੁਣਾਓ ਕੀ ਹਾਲ ਨੇ..ਕੀ ਲਿਖ-ਪੜ੍ਹ ਰਹੇ ਓ ਅੱਜ-ਕੱਲ੍ਹ..?’
‘ਉਸਤਾਦ ਯਮਲਾ ਜੱਟ ਜੀ ਬਾਰੇ ਕੰਮ ਕਰ ਰਿਹਾਂ..ਰੀਸਰਚ-ਵਰਕ ਐ।’
‘ਦੇਖੋ ਜੀ, ਮੇਰੀ ਗੱਲ ਦਾ ਭਾਵੇਂ ਧੁਆਨੂੰ ਗੁੱਸਾ ਈ ਲੱਗੇ ਜੀ..ਠੀਕ ਏ ਵਈ ਯਮਲਾ ਜੱਟ ਧੁਆਡਾ ਉਸਤਾਦ ਸੀ..ਪਰ ਤੁਸੀਂ ਤਾਂ ਉਸਦਾ ਬੇੜਾ ਈ ਬਿਠਾਣ ਲੱਗੇ ਹੋਏ ਓ..ਹਰ ਥਾਂ ਯਮਲਾ ਜੱਟ ਵਿੱਚ ਲਿਆ ਘੁਸੇੜਦੇ ਓ..ਧੁਆਡੇ ਹਰ ਲੇਖ ਵਿੱਚ ਯਮਲਾ ਜੱਟ..ਹਰ ਲਿਖਤ ‘ਚ ਯਮਲਾ ਜੱਟ..ਰੋਟੀ ਖਾਂਦੇ ਓ ,ਤਾਂ ਯਮਲਾ ਜੱਟ..ਹੱਘਦੇ ਓ, ਤਾਂ ਯਮਲਾ ਜੱਟ..ਨਹਾਂਦੇ੍ਹ ਓ, ਤਾਂ ਯਮਲਾ ਜੱਟ.. ਏਹ ਸਭ ਆਂਡੂ ਗੱਲਾਂ ਨੇ ਜੀ..ਇੱਕ ਦਿਨ ਤੁਸੀਂ ਯਮਲੇ ਦਾ ਨਾ ਏਨਾਂ ਬੱਦੂ ਕਰ ਦੇਵੋਗੇ ਕਿ ਕਿਸੇ ਨੇ ਉਹਦਾ ਗਾਣਾ ਨਹੀਂ ਜੇ ਸੁਣਨਾ..ਸਮਝੇ ਨਾ ਜੀ ਮੇਰੀ ਗੱਲ..?’
‘ਚੰਗਾ ਜੀ ਪ੍ਰੋਫੈਸਰ ਸਾਹਿਬ,ਮੈਂ ਕੱਲ੍ਹ ਜਾਣੈਂ ਜੀ..ਹੁਣ ਭਾਸ਼ਾ ਭਵਨ ਚੱਲਿਆਂ ।’ ਮੈਂ ਉਠਿਆ।
‘ਤੁਸੀਂ ਫਰੀਦਕੋਟ ਨੂੰ ਕਿਹੜਾ ਵਾਇਆ ਜਾਂਦੇ ਹੁੰਦੇ ਓ .?’
‘ਬਠਿੰਡਾ ਜਾਈਦੈ ਜੀ..ਸੌਖੈ ਏਧਰੋਂ।’
‘ਸਵੇਰੇ ਮੈਂ ਵੀ ਜਾਣੈ ਬਠਿੰਡੇ..ਆਪਾਂ ‘ਕੱਠੇ ਚਲੇ ਚੱਲਾਂਗੇ ਜੀ, ਮੈਂ ਧੁਆਨੂੰ ਭਾਸ਼ਾ ਭਵਨ ‘ਚੋ ਲੈ ਲਵਾਂਗਾ ..।’
‘ਠੀਕ ਐ ਪ੍ਰੋਫੈਸਰ ਸਾਹਿਬ..ਚੰਗਾ ਜੀ।’
ਅਸੀਂ ਸਵੇਰੇ-ਸਵੇਰੇ ਬੱਸੇ ਬੈਠ ਗਏ। ਮੈਂ ਬਥੇਰਾ ਜੋLਰ ਲਾਇਆ ਟਿਕਟ ਲੈਣ ਲਈ, ਉਸ ਲੈਣ ਈ ਨਾ ਦਿੱਤੀ, ‘ਓ..ਛੱਡੋ ਜੀ..ਛੱਡੋ..ਤੁਸੀਂ ਸਾਡੇ ਨਿਆਣੇ ਓ ਜੀ..ਵੱਡਿਆਂ ਦਾ ਫਰਜ਼ ਹੁੰਦੈ .. .ਖਰਚਾ ਕਰਨਾ ।’
‘ਪ੍ਰੋਫੈਸਰ ਸਾਹਿਬ, ਬਠਿੰਡੇ ਕੀ ਐ ਜੀ ਅੱਜ?’
‘ਓ ਨਾ ਜੀ..ਬਠਿੰਡੇ ਤੋਂ ਫਰੀਦਕੋਟ ਜਾਣੈ..ਯੂਨੀਵਸਿਟੀ ਵੱਲੋਂ ..ਡਿਊਟੀ ਏ ਜੀ ਮੇਰੀ.. ਫਲਾਇੰਗ ਅਫਸਰ ਬਣਾਕੇ ਭੇਜਿਆ ਏ ਯੂਨੀਵਸਿਟੀ ਨੇ..ਪੇਪਰ ਚੈਕਿੰਗ ਲਈ..ਵੀ .ਸੀ ਸਾਹਿਬ ਕਹਿੰਦੇ ਕਜ਼ਾਕ ਜੀ ਤੁਸੀਂ ਜਾਣੈ ।’
ਮੈਨੂੰ ਬੜੀ ਖੁਸ਼ੀ ਹੋਈ ‘ਫਲਾਇੰਗ-ਅਫਸਰ’ ਸ਼ਬਦ ਸੁਣਕੇ। ਵਰਕ-ਮਿਸਤਰੀ, ਸੁਪਰਵਾਈਜ਼ਰ-ਮੁਰੰਮਤ, ਸੰਪਾਦਕ,ਖੋਜੀ, ਪ੍ਰੋਫੈਸਰ, ਸਲਾਹਕਾਰ, ਤੇ ਹੁਣ ਫਲਾਇੰਗ- ਅਫਸਰ…? ਵਾਹ ਫਕੀਰਾ ਵਾਹ..ਤੇਰੀ ਮੌਜ..ਵਾਹ..ਤੇਰੀ ਸਾਧਨਾ..ਸਿਰੜ ਤੇ ਸਿਦਕ ਨੂੰ ਸਲਾਮ..ਬਾਰ-ਬਾਰ ਸਲਾਮ ਫਕੀਰਾ..।
ਪ੍ਰੋਫੈਸਰ ਸਾਹਬ ਦਾ ਮੋਬਾਇਲ ਫੋਨ ਬੱਸ ਦੇ ਖੜਕੇ ‘ਚ ਬਾਰ-ਬਾਰ ਖੜਕੀ ਜਾ ਰਿਹਾ ਸੀ। ਉਹ ਦੱਸਣ ਲੱਗੇ, ‘ਓਦਾਂ ਜੀ..ਮੇਰਾ ਸਟਾਫ ਤਾਂ ਉਥੇ ਪਹਿਲਾਂ ਈ ਪੁੱਜਾ ਹੋਇਐ ….ਓ ਫਿਰ ਸੀਕਰੇਟ-ਡਿਊਟੀ ਹੋਣ ਕਰਕੇ ਮੈਂ ਬੱਸ ‘ਚ ਈ ਜਾ ਰਿਹਾਂ ਜੀ..ਸਾਨੂੰ ਜਿੰਨੇ ਵੀ ਫਲਾਇੰਗ ਅਫਸਰ ਨੇ..ਯੂਨੀਵਸਿਟੀ ਵੱਲੋਂ ਕਾਰ ਮਿਲਦੀ ਏ ਜਾਣ ਨੂੰ ..।’
ਫੋਨ ਫਿਰ ਖੜਕਿਆ ਸੀ, ‘ ਹਾਂਅ ਜੀ..ਮੈਂ ਪ੍ਰੋਫੈਸਰ ਕਜ਼ਾਕ ਬੋਲਦਾਂ .. ਬਸ ਮੈਂ ਆਣ ਈ ਵਾਲਾਂ ਜੀ..ਤੁਸੀਂ ਪੁਲੀਸ ਬੁਲਾਓ ਹਾਂ..ਹਾਂ. ਠੀਕ-ਠੀਕ ਏ…ਤੁਸੀਂ ਵਿਦਿਆਰਥੀ ਤੋਂ ਪੇਪਰ ਖੋਹ ਕੇ ਰੱਖ ਲਵੋ..।’
‘ ਕੀ ਹੋ ਗਿਐ ਪ੍ਰੋਫੈਸਰ ਸਾਹਿਬ ?’
‘ਓ ਜੀ..ਨਕਲ ਪਕੜੀ ਗਈ ਏ..ਹੁਣ ਮੈਂ ਜਾਕੇ ਪਰਚਾ ਦਰਜ ਕਰਨਾ ਏਂ..ਮੇਰੇ ਦਸਖਤਾਂ ਬਿਨਾਂ ਪਰਚਾ ਨਹੀਂ ਨਾ ਦਰਜ ਹੋਣਾ …ਕੋਲ ਫਲਾਇੰਗ ਅਫਸਰ ਹੋਣਾ ਜ਼ਰੂਰੀ ਏ ਨਾ ਜੀ..।’
ਫਰੀਦਕੋਟ ਆਣ ਕੇ ਉਤਰੇ। ਮੈਂ ਆਪਣੇ ਪਿੰਡ ਵਾਲੀ ਬੱਸ ਵਿੱਚ ਬੈਠ ਗਿਆ ਸਾਂ। ਦੂਜੇ ਕਿ ਤੀਜੇ ਦਿਨ ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਇੱਕ ਸਮਾਗਮ ‘ਤੇ ਮਿਲੇ, ਮੈਂ ਪੁੱਛਿਆ, ‘ਉਹ ਪਰਚਾ ਹੋ ਗਿਆ ਕਿ ਬੱਚਤ ਹੋ ਗਈ ਵਿਦਿਆਰਥੀ ਦੀ ?’

ਪ੍ਰਿੰਸੀਪਲ ਨੂੰ ਮੇਰੀ ਗੱਲ ਦੀ ਸਮਝ ਨਾ ਆਈ ਤੇ ਅਖੀਰੀ ਕਹਿਣ ਲੱਗੇ, ‘ਸਾਡੇ ਕਾਲਜ ਤਾਂ ਕੋਈ ਪੇਪਰ ਹੀ ਨਹੀਂ ਹੋ ਰਹੇ..ਪਰਚਾ ਕਾਹਦਾ ਦਰਜ ਹੋਣਾ ਸੀ ਉਥੇ? ਕੋਈ ਫਲਾਇੰਗ-ਫ਼ਲੂੰਗ ਨਹੀਂ ਆਈ ਸਾਡੇ ਕਾਲਜ।’

ਹੁਣ ਤਾਂ ਬੜੀ ਦੇਰ ਹੋ ਗਈ ਹੋਈ ਸੀ, ਕਜ਼ਾਕ ਜੀ ਨਾਲ ਕਦੇ ਫੋਨ ‘ਤੇ ਵੀ ਗੱਲ ਨਹੀਂ ਸੀ ਹੋਈ, ਤੇ ਨਾ ਹੀ ਪਟਿਆਲੇ ਦਾ ਗੇੜਾ ਹੀ ਲੱਗਾ ਸੀ। ਮਾਨਸਿਕ ਰੋਗ ਨੇ ਆਣ ਘੇਰਿਆ ਸੀ। ਦਵਾਈ ਲੈਣ ਪਟਿਆਲੇ ਦੇ ਇੱਕ ਡਾਕਟਰ ਦੀ ਦੱਸ ਪਈ ਸੀ, ਭਾਸ਼ਾ ਭਵਨ ਜਾ ਬੈਗ ਧਰਿਆ। ਕਜ਼ਾਕ ਜੀ ਨੂੰ ਮਿਲਣ ਲਈ ਬੜਾ ਦਿਲ ਕਰ ਰਿਹਾ ਸੀ। ਔਖੇ-ਸੌਖੇ ਮਿਲਣ ਜਾ ਪੁੱਜਾ, ਸੋਚਿਆ ਕਿ ਚਲੋ ਕੁਝ ਨਾ ਕੁਝ ਧਰਵਾਸ ਤਾਂ ਮਿਲੇਗੀ ਹੀ..ਖਾਲੀ-ਖਾਲੀ ਜਿਹਾ ਮਹਿਸੂਸ ਕਰ ਰਿਹਾ ਸਾਂ। ਮਾੜੇ ਸੁਫਨੇ ਪਿੱਛਾ ਨਹੀਂ ਸਨ ਛਡਦੇ, ਮਰ ਜਾਣ ਦਾ ਭੈਅ ਖਾਂਦਾ ਸੀ।
‘ਆਓ ਜੀ ਆਓ..ਮਹਾਰਾਜ.. ਕੀ ਹਾਲ ਜੇ ਧੁਆਡਾ ਜੀ..ਓ ਜੀ ਤੁਸੀਂ ਤੇ ਬਿਮਾਰ ਹੋ ਗਏ ਸੀ..ਕਿਸੇ ਮਿੱਤਰ ਨੇ ਦੱਸਿਆ ਸੀ ਮੈਨੂੰ..ਹੁਣ ਕੀ ਹਾਲ ਏ ਹਾਲ ਏ ਧੁਆਡਾ..ਕੀ ਗੱਲ ਕੀ ਏ ਜੀ..।’
ਮੈਂ ਦੱਸਣ ਲੱਗਿਆ, ‘ਹੁਣ ਠੀਕ ਆਂ ਪ੍ਰੋਫੈਸਰ ਸਾਹਬ..ਮੈਡੀਸਨ ਖਾ ਰਿਹਾਂ..ਬਸ.. ਡਿਪਰੈਸ਼ਨ ਜਿਹਾ….।’
‘ਆਏ..ਹਾਏ..ਹਾਏ..ਧੁਆਨੂੰ ਡਿਪਰੈਸ਼ਨ ? ਤੁਸੀਂ ਤਾਂ ਹਮੇਸਾਂ ਖੁਸ਼ ਰਹਿਣ ਵਾਲੇ ਓ ਜੀ..।’
‘ਠਹਿਰੇ ਹੋਏ ਕਿਥੇ ਓ ਜੀ? ਭਾਸ਼ਾ ਭਵਨ ਕਿ ਹੋਰ ਥਾਂ?’
‘ਭਾਸ਼ਾ ਭਵਨ ‘ਚ ਈ ਆਂ ਪ੍ਰੋ.ਸਾਹਬ ਹੋਰ ਕਿਥੇ ਜਾਣੈ ।’
ਕਜ਼ਾਕ ਜੀ ਨੇ ਗੱਲ ਆਰੰਭੀ, ‘ਗੱਲ ਇੰਜ ਏ ਜੀ..ਓ ਨਾ ਜੀ ਸਾਡੇ ਕਹਾਣੀਕਾਰ ਸਨ ਨਾ ਜੀ..ਕਮਲੇਸ਼ਵਰ..ਉਹ ਵੀ ਧੁਆਡੇ ਵਾਂਗ ਘੁੰਮਦੇ -ਫਿਰਦੇ ਰਹਿੰਦੇ ਸਨ, ਕਦੇ ਕਿਤੇ ਠਹਿਰਦੇ, ਕਦੇ ਕਿਤੇ..ਔਸ ਗੈਸਟ-ਹਾਊਸ..ਔਸ ਹੋਟਲ..ਫਲਾਣੇ ਭਵਨ..ਢਮਕਾਣੇ ਭਵਨ..ਇੱਕ ਦਿਨ ਚਪੜਾਸੀ ਨੇ ਸਵੇਰੇ-ਸਵੇਰੇ ਬੂਹਾ ਖੜਕਾਇਆ, ਚਾਹ ਦੇਣ ਨੂੰ..ਬੂਹਾ ਕਿਸ ਖੋਲ੍ਹਣਾ ਸੀ ਜੀ..ਬੂਹਾ ਤੋੜਿਆ ਜੀ..ਕਮਲੇਸ਼ਵਰ ਮਰਿਆ ਪਿਆ ਸੀ ਜੀ..ਇਵੇਂ ਈ ਕਿਸੇ ਦਿਨ ਧੁਆਡੇ ਨਾਲ ਹੋਣੀ ਏਂ ..ਭਾਸ਼ਾ ਭਵਨ ਦੇ ਚੌਂਕੀਦਾਰ ਬੂਹੇ ਖੜਕਾਂਦੇ ਰਹਿਣਗੇ..।’
ਇਹ ਗੱਲ ਸੁਣਦਿਆਂ ਮੈਂ ਉਦਾਸੀ ਦੇ ਖੂਹ ਵਿੱਚ ਡੁੱਬ ਗਿਆ ਸਾਂ..ਤੇ ਉਹਦੇ ਘਰਦਾ ਬੂਹਾ ਲੰਘਦਿਆਂ ਹੀ ਮੇਰਾ ਰੋਣ ਨਿਕਲ ਗਿਆ ਸੀ।

ਕੱਚੇ ਚਪੜਾਸੀ ਤੋਂ ਭਾਸ਼ਾ ਵਿਭਾਗ ਦੇ ਰਾਜ-ਸਲਾਹਕਾਰ ਬੋਰਡ ਦਾ ਮੈਂਬਰ, ਜੱਜ ਦਾ ਅਰਦਲੀ, ਯਮਲੇ ਜੱਟ ਦਾ ਸ਼ਾਗਿਰਦ, 30 ਪੁਸਤਕਾਂ ਦਾ ਰਚੈਤਾ, ਕਾਲਮ-ਨਵੀਸ, ਸੰਪਾਦਕ, ਅਨੁਵਾਦਕ, ਰੇਡੀਓ ਬ੍ਰਾਡਕਾਸਟਰ, ਟੀ.ਵੀ. ਐਂਕਰ, ਦੇਸ਼ਾਂ-ਬਦੇਸ਼ਾਂ ਦਾ ਘੁਮੱਕੜੀ ਤੇ ਹੋਰ ਕਈ ਕੁੱਝ ਹੈ ਨਿੰਦਰ ਘੁਗਿਆਣਵੀ। ਨਵੇਂ ਰੇਖਾ-ਚਿੱਤਰਕਾਰ ਦੇ ਤੌਰ 'ਤੇ ਵੀ ਉਸ ਨੇ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਪੱਕੀ ਪੈਂਠ ਬਣਾ ਲਈ ਹੈ। ਇੱਲਤੀ ਵੀ ਸਿਰੇ ਦਾ ਹੈ ਤੇ ਸੁਹਿਰਦ ਵੀ ਅੰਤਾਂ ਦਾ ਹੈ। ਉਮਰ ਛੋਟੀ, ਪ੍ਰਾਪਤੀਆਂ ਤੇ ਸ਼ਰਾਰਤਾਂ ਵੱਡੀਆਂ। ਪੇਸ਼ ਹੈ-ਉਹਦਾ ਨਵਾਂ ਲੇਖ!

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!