ਪੰਜਾਬੀ ਸਾਹਿਤ ਜਗਤ ਦਾ ਪਿਤਾਮਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ
26 ਅਪ੍ਰੈਲ ਵਾਲਾ ਦਿਨ ਸਾਰੇ ਪੰਜਾਬੀ ਸਾਹਿਤ ਜਗਤ ਲਈ ਗੌਰਵ ਤੇ ਮਾਣ ਵਾਲਾ ਦਿਨ ਹੈ। ਸੰਨ 1895 ਵਾਲੇ ਸਾਲ ਇਸੇ ਦਿਨ ਪੈਦਾ ਹੋਏ ਸਨ ਅਪਣੀ ਕਲਮ ਤੇ ਅਪਣੀ ਬੋਲੀ ਨੂੰ ਅਥਾਹ ਪਿਆਰ ਕਰਨ ਵਾਲੇ ਗੁਰਬਖ਼ਸ਼ ਸਿੰਘ ਜੀ। 1933 ਵਿਚ ਉਨ੍ਹਾਂ ਨੇ ਇੰਜੀਨੀਅਰੰਗ ਦੀ ਵੱਡੀ ਨੌਕਰੀ ਤਿਆਗ ਕੇ 'ਪ੍ਰੀਤ ਲੜੀ' ਸ਼ੁਰੂ ਕੀਤੀ ਸੀ ਜਿਸ ਨੇ ਸਾਰੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਤਿੱਖਾ ਮੋੜ ਦੇ ਦਿੱਤਾ ਸੀ।
ਉਨ੍ਹਾਂ ਦੀ ਵਡਮੁੱਲੀ ਦੇਣ ਅੱਗੇ ਸਿਰ ਝੁਕਾਉਂਦਿਆਂ ਅਸੀਂ 'ਹੁਣ' ਦੇ ਅਗਲੇ ਕੁਝ ਪੰਨੇ ਉਨ੍ਹਾ ਦੀ ਯਾਦ ਨੂੰ ਅਰਪਿਤ ਕਰ ਰਹੇ ਹਾਂ । ਇਨ੍ਹਾ ਵਿਚ ਉਨ੍ਹਾ ਦੀ ਸਖ਼ਸ਼ੀਅਤ ਬਾਰੇ ਉਨ੍ਹਾਂ ਦੀ ਸਪੁਤਰੀ ਉਰਮਿਲਾ ਆਨੰਦ ਵਲੋਂ ਲਿਖਿਆ ਇੱਕ ਵਿਸ਼ੇਸ਼ ਲੇਖ ਅਤੇ ਉਨ੍ਹਾਂ ਦੀ ਅਪਣੀ ਹੱਥ ਲਿਖਤ ਵਿਚ ਉਨ੍ਹਾਂ ਦੀ 'ਪ੍ਰਣ ਪੁਸਤਕ' ਦੇ ਕੁਝ ਪੰਨੇ ਸ਼ਾਮਲ ਹਨ ਜੋ ਸਾਨੂੰ ਅੱਜ ਕਲ ਪ੍ਰੀਤ ਨਗਰ ਵਿਚ ਵਸਦੀ ਉਨ੍ਹਾਂ ਦੀ ਦੂਜੀ ਸਪੁਤਰੀ ਉਮਾ ਅਤੇ ਸਪੁੱਤਰ ਹਿਰਦੇਪਾਲ ਸਿੰਘ ਜੀ ਰਾਹੀਂ ਪ੍ਰਾਪਤ ਹੋਏ ਹਨ। -ਸੰਪਾਦਕ
ਦਾਰ ਜੀ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਵਿਚ ਕਦੇ ਵੀ ਨਾ ਪੂਰਿਆ ਜਾਣ ਵਾਲਾ ਖੱਪਾ ਹੋ ਨਿਬੜੇ ਹਨ। ਦਾਰ ਜੀ ਅਜੋਕੇ ਪੰਜਾਬੀ ਜਗਤ ਵਿਚ ਉਹ ਮਨੁੱਖ ਸਨ, ਜਿਹਨਾਂ ਦੀ ਤੁਲਨਾ ਇਕ ਪੂਰਨ ਮਨੁੱਖ ਨਾਲ ਕੀਤੀ ਜਾ ਸਕਦੀ ਹੈ। ਦਾਰ ਜੀ ਨੇ ਸਿਰਫ਼ ਆਪਣੀ ਸੋਚਣੀ ਵਿਚ ਹੀ ਨਵੇਂ ਵਿਚਾਰ ਸਿਰੇ ਨਹੀਂ ਚੜ੍ਹਾਏ, ਸਗੋਂ ਸਮੁੱਚੇ ਜਗਤ ਨੂੰ ਨਵੀਂ ਸੋਚਣੀ ਲਈ ਵੀ ਟੁੰਬਿਆ ਹੈ। ਉਹਨਾਂ ਵਿਚਾਰਾਂ ਦੀ ਬਰਾਬਰੀ ਕਰਦੀ ਬੋਲੀ ਨੂੰ ਹੀ ਨਹੀਂ ਸਿਰਜਿਆ, ਸਗੋਂ ਨਵੀਨ ਪੰਜਾਬੀ ਵਾਰਤਕ ਨੂੰ ਵੀ ਜਨਮ ਦਿੱਤਾ ਹੈ। ਉਹਨਾਂ ਸਿਰਫ਼ ਪੰਜਾਬੀ ਸਾਹਿਤ ਦਾ ਸਿਰਮੌਰ ਹੋਣ ਦਾ ਹੀ ਸਨਮਾਨ ਨਹੀਂ ਲਿਆ, ਸਗੋਂ ਪੰਜਾਬੀ ਲੇਖਕਾਂ ਦੀਆਂ ਇਕ ਨਾਲੋਂ ਵੱਧ ਪੀੜ੍ਹੀਆਂ ਦੇ ਪ੍ਰੇਰਨਾ-ਸਰੋਤ ਵੀ ਹੋ ਨਿਬੜੇ ਹਨ। ਦਾਰ ਜੀ ਬਹੁ-ਰੰਗੇ, ਬਹੁ-ਪੱਖੀ ਤੇ ਸਰਬ-ਸਾਂਝੇ ਸਨ। ਉਹ ਮਨੁੱਖ ਹੀ ਨਹੀਂ, ਸੰਸਥਾ ਸਨ। ਬੁੱਧੀਮਾਨ ਹੀ ਨਹੀਂ, ਪ੍ਰੀਤੀਵਾਨ ਵੀ ਸਨ। ਨਿੱਤ ਨਵੇਂ ਸੁਪਨੇ ਲੈਣ ਵਾਲੇ ਹੀ ਨਹੀਂ ਸਨ, ਸਗੋਂ ਅਨੇਕਾਂ ਅੰਦਰ ਸੁਪਨੇ ਲਟਕਾਉਣ ਤੇ ਲਿਸ਼ਕਾਉਣ ਵਾਲੇ ਵੀ ਸਨ। ਉਹ ਉਹਨਾਂ ਦੀ ਪ੍ਰੇਰਨਾ ਦੇ ਮੁੱਖ ਸਰੋਤ ਸਨ। ਉਹਨਾਂ ਦੇ ਅੰਦਰ ਜੋ ਚੰਗਾ, ਨਰੋਇਆ, ਅਣਘੜਿਆ ਪਿਆ ਸੀ, ਉਹਨਾਂ ਇਕ ਮਾਹਰ ਵਾਂਗ ਉੱਪਰ ਲਿਆ ਕੇ ਸਭ ਕੁਝ ਸਾਰਥਕ ਕਰ ਸਕਣ ਦਾ ਉਪਰਾਲਾ ਕੀਤਾ।
ਸਾਡੀ ਮਾਂ-ਬੋਲੀ ਦਾ ਮੂੰਹ-ਮੱਥਾ ਸੰਵਾਰਨ ਵਿਚ ਉਹਨਾਂ ਦੀ ਬੜੀ ਦੇਣ ਹੈ। ਸਾਡੇ ਦਿਸਹੱਦੇ ਦਾ ਘੇਰਾ ਚੌੜਾ ਕਰਨ ਵਿਚ ਤੇ ਸਾਨੂੰ ਮਿੱਠੀ ਤੋਂ ਮਿੱਠੀ ਜ਼ਬਾਨ ਦੇਣ ਵਿਚ ਉਹਨਾਂ ਬਹੁਤ ਹਿੱਸਾ ਪਾਇਆ ਹੈ। ਉਹਨਾਂ ਨਿਝੱਕ ਹੋ ਕੇ ਆਪਣੇ ਮਨ ਦੀਆਂ ਅੰਤਰੀਵ ਡੂੰਘਾਣਾਂ ਵਿਚੋਂ ਸਭ ਕੁਝ ਜਿਵੇਂ ਉਹ ਸਮਝਦੇ ਸਨ, ਬਾਹਰ ਲਿਆਂਦਾ। ਸੈਕਸ ਬਾਰੇ ਲਿਖ ਕੇ ਤੇ ਗੁਰੂਆਂ ਨੂੰ ਪਰਮ ਮਨੁੱਖ ਆਖ ਕੇ ਤਹਿਲਕਾ ਮਚਾ ਦਿੱਤਾ।
ਦਾਰ ਜੀ ਨੇ ਇਕ ਨਵੇਂ ਯੁੱਗ ਦਾ ਆਰੰਭ ਕਰਦਿਆਂ ਵਹਿਮਾਂ-ਭਰਮਾਂ ਤੇ ਦਾਜ-ਰਹਿਤ ਰਸਮਾਂ ਦੀ ਪਹਿਲ ਕੀਤੀ। ਨਿਰੰਤਰ ਪ੍ਰੀਤਾਂ ਵੰਡਦੀ ਇਕ ਸਾਦਾ ਜ਼ਿੰਦਗੀ ਉਹਨਾਂ ਜੀਵੀ ਹੈ। ਉਹਨਾਂ ਦੀ ਲੇਖਣੀ ਕਰਾਮਾਤੀ ਤੇ ਮਿਕਨਾਤੀਸੀ ਸੀ। ਉਹਨਾਂ ਦਾ ਹਲੂਣਿਆ ਮਨੁੱਖ ਜ਼ਿੰਦਗੀ ਭਰ ਦੀਆਂ ਮਾਯੂਸੀਆਂ ਤੋਂ ਮੁਕਤ ਹੁੰਦਾ ਮੈਂ ਦੇਖਿਆ ਹੈ।
ਦਾਰ ਜੀ ਦੀ ਲੇਖਣੀ ਵਿਚ ਇਕ ਜਾਦੂ ਸੀ। ਏਨੀ ਰਵਾਨੀ ਨਾਲ ਉਹ ਪੰਜਾਬੀ ਲਿਖਦੇ ਕਿ ਆਪ-ਮੁਹਾਰੇ ਨਦੀਆਂ-ਨਾਲਿਆਂ ਵਾਂਗ ਉਹਨਾਂ ਦੇ ਵਿਚਾਰ ਵਹਿੰਦੇ ਜਾਂਦੇ। ਦਾਰ ਜੀ ਲੋਕਾਂ ਨੂੰ ‘ਸਹਿਜ ਪ੍ਰੀਤ’, ‘ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ’ ਦਾ ਫਲਸਫ਼ਾ ਪੇਸ਼ ਕਰਕੇ ਪਿਆਰ ਕਰਨਾ ਸਿਖਾਇਆ। ਸਾਵੀਂ ਪੱਧਰੀ ਤੇ ਗੁੰਝਲਾਂ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਆ। ਸਭ ਲੋਕ ਬਰਾਬਰ ਹੋਣੇ ਚਾਹੀਦੇ ਹਨ ਤੇ ਛੂਤ ਛਾਤ ਮੁੱਕਣੀ ਚਾਹੀਦੀ ਹੈ। ਉਹ ਅਮਨ ਲਹਿਰ ਦੇ ਮੋਢੀ ਰਹੇ ਤੇ ਸਮਾਜਵਾਦ ਦੇ ਹਮੇਸ਼ਾ ਹਾਮੀ।
ਆਪਣੇ ਫਲਸਫ਼ੇ ਤੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਉਹਨਾਂ 1938 ਵਿਚ ਪ੍ਰੀਤ ਨਗਰ ਦੀ ਸਥਾਪਨਾ ਕੀਤੀ। ਆਪਣੇ ਫਲਸਫ਼ੇ ਨੂੰ ਸਿਰਫ਼ ਸ਼ਬਦਾਂ ਰਾਹੀਂ ਪ੍ਰਚਾਰਨ ਤੱਕ ਹੀ ਸੀਮਤ ਨਾ ਰੱਖ ਕੇ ਉਹਨਾਂ ਪ੍ਰੀਤ ਨਗਰ ਦੀ ਸਥਾਪਨਾ ਕਰਕੇ ਜੀਵਨ-ਜਾਚ ਦਾ ਸਾਕਾਰ ਰੂਪ ਦਿੱਤਾ। ‘ਪ੍ਰੀਤ ਲੜੀ’ ਦੇ ਨਾਲ ਪ੍ਰੀਤ ਮਿਲਣੀ, ਪ੍ਰੀਤ ਮਾਰਗ, ਪ੍ਰੀਤ ਭੋਜਨ, ਪ੍ਰੀਤ ਸਿਪਾਹੀ, ਪ੍ਰੀਤ ਮੰਡਲ ਤੇ ਪ੍ਰੀਤ ਸੈਨਾ ਆਦਿ ਸ਼ਬਦ ਥੋੜ੍ਹੇ ਸਮੇਂ ਵਿਚ ਹੀ ਬਹੁ-ਅਰਥੀ ਬਿੰਬ ਬਣ ਗਏ ਸਨ।
ਜਿਹਨਾਂ ਪ੍ਰੀਤ ਨਗਰ ਵੇਖਿਆ ਹੀ ਨਹੀਂ ਸੀ, ਦਾਰ ਜੀ ਵੇਲੇ ਦੀਆਂ ਉਸ ਪ੍ਰੀਤ ਨਗਰ ਦੀਆਂ ਕਹਾਣੀਆਂ ਹੀ ਸੁਣੀਆਂ ਹੋਈਆਂ ਸਨ, ਉਹਨਾਂ ਦੇ ਮਨਾਂ ਵਿਚ ਮੈਂ ਲੂਹਰੀਆਂ ਉੱਠਦੀਆਂ ਵੇਖੀਆਂ ਹਨ ਕਿ ਹਾਏ! ਅਸੀਂ ਉਸ ਸਮੇਂ ਪ੍ਰੀਤਨਗਰ ਕਿਉਂ ਨਾ ਜਾ ਸਕੇ? ਕਿਸੇ ਅਜਿਹੇ ਸਥਾਨ ਤੇ ਸੰਸਥਾ ਲਈ ਅਚੇਤ ਮਨ ਵਿਚ ਅਜਿਹੀ ਭਾਵਨਾ ਪੈਦਾ ਹੋ ਜਾਣੀ ਇਕ ਕੁਦਰਤੀ ਗੱਲ ਹੈ। ਅੱਜ ਕਿਸੇ ਵੀ ਉਸ ਸਮੇਂ ਦੇ ਮੰਨੇ-ਪ੍ਰਮੰਨੇ ਆਰਟਿਸਟ, ਲਿਖਾਰੀ, ਕਵੀ, ਨਾਟਕਕਾਰ, ਨਾਵਲਕਾਰ ਜਾਂ ਬਲਰਾਜ ਸਾਹਨੀ ਵਰਗੇ ਵਧੀਆ ਦਿਲ ਵਾਲੇ ਇਨਸਾਨ ਨੂੰ ਜੇ ਚੇਤੇ ਕਰੀਏ ਤਾਂ ਉਹ ਪ੍ਰੀਤ ਨਗਰ ਦੇ ਮੋਕਲੇ ਵਿਹੜੇ ਤੇ ਖੁੱਲ੍ਹੇ-ਡੁੱਲ੍ਹੇ ਪ੍ਰੀਤ ਵੰਡਦੇ ਸਭਿਆਚਾਰ ਤੋਂ ਪ੍ਰਭਾਵਿਤ ਹੋਣੋਂ ਨਾ ਰਹਿ ਸਕਿਆ। ਦੂਰ-ਦੁਰਾਡੇ ਦੇਸ਼ਾਂ ਤੋਂ ਵੀ ਲੋਕੀਂ ਚੱਲ ਕੇ ਆਉਂਦੇ ਸਨ ਤੇ ਫਿਰ ਉੱਥੇ ਦੇ ਹੀ ਹੋ ਕੇ ਰਹਿ ਜਾਣਾ ਚਾਹੁੰਦੇ ਸਨ। ਹਰ ਸਾਲ ਪ੍ਰੀਤ ਨਗਰ ਵਿਚ ਬੜੇ ਚੰਗੇ ਨਾਟਕ ਖੇਡੇ ਜਾਂਦੇ, ਜਿਹਨਾਂ ਨੂੰ ਚਾਹਵਾਨ ਲੋਕ ਬੜੇ ਚਾਅ ਨਾਲ ਆ ਕੇ ਦੇਖਦੇ ਤੇ ਪ੍ਰੀਤ ਨਗਰ ਦੀ ਸਭਿਅਤਾ ਨਾਲ ਰਚ-ਮਿਚ ਜਾਣਾ ਚਾਹੁੰਦੇ।
ਜ਼ਿੰਦਗੀ ਦੇ ਵਾਰਸਾਂ ਲਈ ਉਹਨਾਂ ਇਕ ਨਵੀਨ ਕਿਸਮ ਦਾ ਐਕਟਿਵਿਟੀ ਸਕੂਲ ਖੋਲ੍ਹਿਆ। ਦੁਨੀਆ ਦੇ ਦੁਰਾਡੇ ਦੇਸ਼ਾਂ ਦੇ ਬੱਚੇ ਇੱਥੇ ਪੜ੍ਹਨ ਲਈ ਆਉਂਦੇ ਸਨ। ਬੱਚਿਆਂ ਦੇ ਸਕੂਲ ਦਾ ਕੋਈ ਵੀ ਵਿੰਗ ਅੱਜ ਸਾਬਤ ਨਹੀਂ, ਸਿਰਫ ਡਿਓੜੀ ਹੀ ਕਾਇਮ ਹੈ, ਜਿਹੜੀ ਉਸ ਸਕੂਲ ਦੀ ਰੂਹ ਦੀ ਸ਼ਾਹਦੀ ਭਰਦੀ ਹੈ। ਹਰ ਮੁਲਕ ਵਿਚ ਇਸ ਸਕੂਲ ਦੇ ਪੜ੍ਹੇ ਹੋਏ ਬੱਚੇ ਆਪਣੀਆਂ ਕਾਮਯਾਬ ਜ਼ਿੰਦਗੀਆਂ ਬਿਤਾ ਰਹੇ ਹਨ। ਅੱਜ ਵੀ ਆਪਣੇ ਸਕੂਲ ਦੀ ਨਿਵੇਕਲੀ ਨੁਹਾਰ ਨੂੰ ਚੇਤੇ ਕਰਕੇ ਉਹਨਾਂ ਦਿਨਾਂ ਦੀ ਯਾਦ ਨਾਲ ਸਗਵੇਂ ਦੇ ਸਗਵੇਂ ਹਲੂਣੇ ਜਾਂਦੇ ਹਨ।
ਦਾਰ ਜੀ ਨੇ ਦੁਨੀਆਂ ਦੇ ਬਹੁਤ ਸਾਰੇ ਮੁਲਕ ਵੇਖੇ ਹੋਏ ਸਨ ਤੇ ਉਹਨਾਂ ਪਾਸ ਤਜਰਬੇ ਦਾ ਭੰਡਾਰ ਸੀ। ਉਹਨਾਂ ਨੇ ਅਮਰੀਕਾ ਵਿਚ ਇੰਜੀਨੀਅਰਿੰਗ ਦੀ ਵਿੱਦਿਆ ਹਾਸਲ ਕੀਤੀ ਸੀ। ਵਾਪਸ ਆ ਕੇ ਉਹਨਾਂ ਮਸ਼ੀਨੀ ਖੇਤੀ ਸ਼ੁਰੂ ਕੀਤੀ, ਕਿਉਂਕਿ ਰੇਲਵੇ ਦੀ ਨੌਕਰੀ ’ਤੇ ਉਹਨਾਂ ਦਾ ਜੀਅ ਨਾ ਲੱਗਾ। ‘ਪ੍ਰੀਤ ਲੜੀ’ ਉਹਨਾਂ ਦੀ ਜ਼ਿੰਦਗੀ ਸੀ ਤੇ ਪ੍ਰੀਤ ਨਗਰ ਉਹਨਾਂ ਦਾ ਸੁਪਨਾ।
ਬੜੇ ਸਲੀਕੇ ਨਾਲ ਉਹਨਾਂ ਜ਼ਿੰਦਗੀ ਜੀਵੀ ਹੈ; ਸਾਦਾ ਕੱਪੜੇ ਘਰ ਦੇ ਧੋਤੇ ਹੋਏ, ਪਰ ਇਸਤਰੀ ਕੀਤੇ ਹੋਣ। ਪੱਗ ਉਹ ਬੜੀ ਪ੍ਰੀਤ ਨਾਲ ਬੰਨ੍ਹਦੇ ਸਨ। ਮਜਾਲ ਹੈ ਕਿ ਬਿਸਤਰੇ ’ਤੇ ਜਾਂ ਉਹਨਾਂ ਦੇ ਲਿਖਣ ਦੇ ਮੇਜ਼ ਉੱਤੇ ਕੁਝ ਇੱਧਰੋਂ ਉੱਧਰ ਹੋਵੇ। ਬੜੇ ਤਰੀਕੇ ਲਾਲ ਉਹ ਆਪਣੀਆਂ ਚੀਜ਼ਾਂ ਸਾਂਭਦੇ। ਆਪਣੀ ਜੁੱਤੀ ਉਹ ਆਪ ਪਾਲਿਸ਼ ਕਰਕੇ ਖ਼ੁਸ਼ ਹੁੰਦੇ ਸਨ। ਰੋਟੀ ਦੀ ਮੇਜ਼ ਉੱਤੇ ਉਹ ਕਦੇ ਮਾੜੀ ਗੱਲ ਨਹੀਂ ਸਨ ਕਰਨ ਦਿੰਦੇ ਤੇ ਹਰ ਇਕ ਨੂੰ ਆਖਦੇ ਸਨ ਕਿ ਪੱਗ ਬੰਨ੍ਹ ਕੇ ਰੋਟੀ ਦੇ ਮੇਜ਼ ’ਤੇ ਆਓ। ਬਾਹਰੋਂ ਆ ਕੇ ਆਪਣਾ ਸੂਟਕੇਸ ਕੱਪੜੇ ਨਾਲ ਆਪ ਸਾਫ਼ ਕਰਕੇ ਰੱਖਦੇ ਸਨ ਤੇ ਜੇ ਪਾਲਸ਼ ਵਾਲਾ ਹੋਵੇ ਤਾਂ ਆਪ ਬੁਰਸ਼ ਮਾਰ ਕੇ ਪਾਲਸ਼ ਕਰਕੇ ਰੱਖਦੇ ਸਨ।
ਬੜੀ ਨੇਮਬੱਧ ਉਹਨਾਂ ਜ਼ਿੰਦਗੀ ਜੀਵੀ। ਸਵੇਰੇ-ਸਵੇਰੇ ਉੱਠ ਕੇ ਸੈਰ ਤੇ ਵਰਜਿਸ਼ ਕਰਦੇ, ਨਹਾਂਦੇ ਤੇ ਫਿਰ ਲੱਸੀ ਜਾਂ ਦੁੱਧ ਨਾਲ ਨਾਸ਼ਤਾ ਕਰਦੇ। ਤਿਆਰ ਹੋਣ ਲੱਗਿਆਂ ਬੜਾ ਉਚੇਚ ਕਰਦੇ। ਤਿਆਰ ਹੁੰਦਿਆਂ ਉਹ ਕਦੀ ਕਾਹਲ ਨਾ ਵਿਖਾਂਦੇ। ਇਉਂ ਲੱਗਦਾ ਜਿਵੇਂ ਆਪਣੇ ਸਾਹਮਣੇ ਵਾਲੇ ਆਦਮ-ਕੱਦ ਸ਼ੀਸ਼ੇ ਨਾਲ ਉਹ ਗੱਲਾਂ ਕਰ ਰਹੇ ਹੋਣ। ਜਦੋਂ ਤਿਆਰ ਹੋ ਜਾਂਦੇ ਤੇ ਆਪਣੇ ਮੇਜ਼ ਉੱਤੇ ਚਲੇ ਜਾਂਦੇ, ਸਭ ਤੋਂ ਪਹਿਲਾਂ ਆਪਣੀ ਪ੍ਰਣ ਪ੍ਰੁਸਤਕ ਲਿਖਦੇ। ਸਭ ਆਈਆਂ ਚਿੱਠੀਆਂ ਦੇ ਜੁਆਬ ਦੇਂਦੇ ਤੇ ਫਿਰ ‘ਪ੍ਰੀਤ ਲੜੀ’ ਲਈ ਮਜ਼ਮੂਨ ਲਿਖਦੇ। ‘ਪ੍ਰੀਤ ਲੜੀ’ ਦਾ ਬਹੁਤਾ ਹਿੱਸਾ ਉਹ ਆਪ ਲਿਖਦੇ। ਇਕ ਵਜੇ ਤੱਕ ਲਗਾਤਾਰ ਕੰਮ ਕਰਦੇ ਤੇ ਵਿਚ ਅੱਧਾ ਕੁ ਘੰਟਾ ਅਰਾਮ ਕਰ ਲੈਂਦੇ। ਰੋਟੀ ਦੀ ਮੇਜ਼ ਉੱਤੇ ਜਿੰਨਾ ਚਿਰ ਸਾਰਾ ਪਰਿਵਾਰ ਜੁੜ ਨਾ ਜਾਏ, ਉਹ ਨਾ ਆਉਂਦੇ। ਬੜੀ ਥੋੜ੍ਹੀ ਤੇ ਸੰਜਮੀ ਰੋਟੀ ਉਹ ਖਾਂਦੇ। ਖੁਸ਼ਕ ਫੁਲਕਾ, ਸਬਜ਼ੀ, ਦਾਲ ਤੇ ਦਹੀਂ। ਸਾਡੇ ਸਾਰਿਆਂ ਨਾਲੋਂ ਪਹਿਲਾਂ ਉਹ ਰੋਟੀ ਮੁਕਾ ਲੈਂਦੇ। ਰੋਟੀ ਦੀ ਮੇਜ਼ ਉੱਤੇ ਜੋ ਹਾਸਾ-ਠੱਠਾ ਹੁੰਦਾ ਤਾਂ ਉਹ ਸਾਡੇ ਨਾਲ ਪੂਰੀ ਤਰ੍ਹਾਂ ਸ਼ਰੀਕ ਹੁੰਦੇ। ਮੇਜ਼ ਤੋਂ ਉੱਠ ਕੇ ਉਹ ਅਖ਼ਬਾਰਾਂ ਲੈ ਕੇ ਆਪਣੇ ਕਮਰੇ ਵਿਚ ਚਲੇ ਜਾਂਦੇ ਤੇ ਫਿਰ ਘੰਟਾ ਕੁ ਜ਼ਰੂਰ ਆਰਾਮ ਕਰਦੇ। ਫਿਰ ਮੁੜ ਕੇ ਪੱਗ ਬੰਨ੍ਹ ਕੇ ਉਹ ਆਪਣੇ ਮੇਜ਼ ’ਤੇ ਘੰਟਾ-ਦੋ ਘੰਟੇ ਕੰਮ ਕਰਦੇ। ਸ਼ਾਮੀਂ ਥੋੜ੍ਹੀ ਜਿਹੀ ਸੈਰ ਕਰਦੇ ਤੇ ਫਿਰ ਬੱਚਿਆਂ ਤੇ ਮਾਤਾ ਜੀ ਨਾਲ ਬਹਿ ਕੇ ਗੱਲਾਂ ਕਰਕੇ ਖੁਸ਼ ਹੁੰਦੇ। ਸਿਆਸਤ ਦੀਆਂ ਗੱਲਾਂ ਉਹਨਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ। ਕਿਸੇ ਦੀ ਨਿੰਦਿਆ ਨਾ ਉਹ ਕਰਦੇ ਤੇ ਨਾ ਕਿਸੇ ਨੂੰ ਕਰਨ ਦੇਂਦੇ। ਰਾਤ ਦੀ ਰੋਟੀ ਤੋਂ ਥੋੜ੍ਹੀ ਦੇਰ ਬਾਅਦ ਉਹ ਝੱਟ ਸੌਣ ਚਲੇ ਜਾਂਦੇ।
ਘਰ ਆਇਆ ਮਹਿਮਾਨ ਵੇਲੇ ਆਵੇ, ਕੁਵੇਲੇ ਆਵੇ, ਉਸ ਨੂੰ ਮਿਲ ਕੇ ਖ਼ੁਸ਼ ਹੁੰਦੇ ਤੇ ਉਸ ਨੂੰ ਪਹਿਲ ਦੇਂਦੇ। ਨੌਕਰਾਂ ਨਾਲ ਚੰਗਾ ਸਲੂਕ ਰੱਖਣ ਦੀ ਵੀ ਆਦਤ ਅਸੀਂ ਆਪਣੇ ਦਾਰ ਜੀ ਤੋਂ ਹੀ ਸਿੱਖੀ ਹੈ।
ਸਾਡੇ ਮਾਤਾ ਜੀ ਨੇ ਉਹਨਾਂ ਨਾਲ ਸਾਰੀ ਉਮਰ ਇਕ ਬੜਾ ਚੰਗਾ ਸਾਥ ਨਿਭਾਇਆ। ਮਾਤਾ ਜੀ ਉਹਨਾਂ ਦੇ ਮਨ ਅੰਦਰਲੀ ਗੱਲ ਪਹਿਲਾਂ ਹੀ ਪੜ੍ਹ ਲੈਂਦੇ ਤੇ ਉਸ ’ਤੇ ਅਮਲ ਕਰਨਾ ਸ਼ੁਰੂ ਕਰ ਦੇਂਦੇ। ਇਸੇ ਲਈ ਦਾਰ ਜੀ ਇਸ ਸਾਦ-ਮੁਰਾਦੀ ਸਾਡੀ ਮਾਂ ਨਾਲ ਅੰਤਾਂ ਦਾ ਪਿਆਰ ਕਰਦੇ ਸਨ।
ਦਾਰ ਜੀ ਦੇ ਅਸੀਂ ਛੇ ਬੱਚੇ ਸਾਂ, ਦੋ ਪੁੱਤ ਤੇ ਚਾਰ ਧੀਆਂ। ਉਹਨਾਂ ਆਪਣੀਆਂ ਧੀਆਂ ਨੂੰ ਹਮੇਸ਼ਾ ਪੁੱਤਰਾਂ ਬਰਾਬਰ ਹੀ ਰੱਖਿਆ ਤੇ ਸ਼ਾਇਦ ਧੀਆਂ ਨੇ ਪੁੱਤਰਾਂ ਨਾਲੋਂ ਪਿਆਰ ਜ਼ਿਆਦਾ ਹੀ ਪਾਇਆ ਹੋਵੇ। ਬੱਚਿਆਂ ਦੀ ਮਰਜ਼ੀ ਨੂੰ ਉਹਨਾਂ ਕਦੇ ਉਲੱਦਿਆ ਨਹੀਂ ਸੀ। ਬੱਚਿਆਂ ਦੀ ਖ਼ੁਸ਼ੀ ਵਿਚ ਹੀ ਉਹਨਾਂ ਆਪਣੀ ਖ਼ੁਸ਼ੀ ਪਾਈ। ਉਹਨਾਂ ਪਾਸੋਂ ਆਪਣੀ ਕੋਈ ਵੀ ਗੱਲ ਮਨਵਾ ਸਕਣੀ ਬੜੀ ਸੌਖੀ ਹੁੰਦੀ ਸੀ। ਸਾਡੇ ਵਿਚ ਉਹ ਹਮੇਸ਼ਾ ਦੋਸਤ ਵਾਂਗ ਰਹੇ ਸਨ। ਉਹਨਾਂ ਦੇ ਬਿਰਧ, ਸੁਬਕ ਤੇ ਫੁਰਤੀਲੇ ਸਰੀਰ ਵਿਚ ਇਕ ਜਵਾਨ ਦਿਲ ਧੜਕਦਾ ਸੀ ਤੇ ਹਮੇਸ਼ਾ ਉਹ ਸਾਡੇ ਰਹਿਬਰ ਰਹੇ। ਉਹਨਾਂ ਆਪਣੀ ਲੇਖਣੀ ਤੇ ਸੱਚੀ-ਸੁੱਚੀ ਮੁਹੱਬਤ ਰਾਹੀਂ ਸਾਨੂੰ ਅਨੇਕਾਂ ਧਿਰਾਂ ਪੈਦਾ ਕਰਦੇ ਦਿੱਤੀਆਂ ਹਨ। ਜਿੱਥੇ ਕਿਤੇ ਵੀ ਪਤਾ ਲੱਗ ਜਾਂਦਾ ਏ ਕਿ ਅਸੀਂ ਦਾਰ ਜੀ ਦੇ ਧੀ ਜਾਂ ਪੁੱਤਰ ਹਾਂ, ਸਾਡਾ ਬੜਾ ਮਾਣ-ਸਤਿਕਾਰ ਹੁੰਦਾ ਹੈ।
ਸਾਡੇ ਬੱਚਿਆਂ ਤੋਂ ਲੈ ਕੇ ਜ਼ਿੰਦਗੀ ਦੇ 82 ਸਾਲ ਪੂਰੇ ਕਰਨ ਤੱਕ ਉਹਨਾਂ ਨੂੰ ਕਈ ਬੇਵਕਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦਾ ਦਿਲ ਬੜਾ ਨਰਮ ਸੀ ਤੇ ਵਾਹ ਲੱਗਦੇ ਅਜਿਹੀਆਂ ਠੋਕਰਾਂ ਤੋਂ ਅਸੀਂ ਉਹਨਾਂ ਨੂੰ ਬਚਾਅ ਕੇ ਰੱਖਦੇ। ਮਾੜੀ ਹੋਣੀ ਦਾ ਉਹਨਾਂ ’ਤੇ ਝੱਟ ਅਸਰ ਹੋ ਜਾਂਦਾ। ਬੇਵਕਤੀ ਮਾੜੀ ਖ਼ਬਰ ਕਈ ਵਾਰ ਅਸੀਂ ਉਹਨਾਂ ਕੋਲੋਂ ਲੁਕਾ ਕੇ ਰੱਖਦੇ। ਦੇਸ਼-ਵੰਡ ਦੀਆਂ ਫਿਰਕੂ ਹਵਾਵਾਂ ਨੇ ਉਹਨਾਂ ਦੇ ਸੁਪਨਿਆਂ ਨੂੰ ਤੀਲ੍ਹਾ ਤੀਲ੍ਹਾ ਕਰ ਦਿੱਤਾ ਤੇ ਉਹਨਾਂ ਦੇ ਹਮਸਾਏ ਉਹਨਾਂ ਦੀਆਂ ਅੱਖਾਂ ਅੱਗੇ ਲਹੂ ਭਿੱਜੀਆਂ ਲਾਸ਼ਾਂ ਵਿਚ ਵਿਛ ਗਏ। ਉਹਨਾਂ ਦਾ ਸੁਪਨਾ ‘ਪ੍ਰੀਤ ਨਗਰ’ ਸੁੰਞਾ ਹੋ ਗਿਆ। ਉਹਨਾਂ ਬਥੇਰਾ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਿੰਨਾ ਕੁ ਬਚਾਅ ਸਕਦੇ ਸਨ? ਉਹਨਾਂ ਨੂੰ ਪਾਕਿਸਤਾਨ ਬਣਨ ’ਤੇ ਇਕ ਸਾਲ ਮਜਬੂਰਨ ਪ੍ਰੀਤ ਨਗਰ ਛੱਡ ਕੇ ਦੂਰ ਮਹਿਰੌਲੀ ਰਹਿਣਾ ਪਿਆ, ਪਰ ਉਹ ਝਟ ਹੀ ਪਰਤ ਆਏ। ”ਮੇਰਾ ਹੋਰ ਕਿਧਰੇ ਦਿਲ ਨਹੀਂ ਲੱਗ ਸਕਦਾ।’’ ਤੇ ਆਪਣੀ ਉਮਰ ਦੇ ਆਖ਼ਰੀ ਸਾਹਾਂ ਤੱਕ ਆਪਣੇ ਸੁਪਨਿਆਂ ਦੇ ਢੇਰ ਉੱਤੇ ਜਾਗਦੇ ਰਹੇ।
ਦਾਰ ਜੀ ਦੇ ਸੁਪਨਿਆਂ ਦੀ ਧਰਤੀ ਹੁਣ ਬੇਰੌਣਕ ਹੋ ਗਈ ਹੈ। ਸਾਡੇ ਰੌਣਕ ਵਾਲੇ ਘਰ ਵਿਚ ਬੇਰੌਣਕੀ ਹੈ। ਨਾ ਮਾਂ ਦੇ ਬੋਲ ਹਨ ਤੇ ਨਾ ਦਾਰ ਜੀ ਦੀਆਂ ’ਵਾਜਾਂ। ਦਾਰ ਜੀ ਨੇ ਉਮਰ ਭਰ ਜਿਸ ਮੇਜ਼ ਉੱਤੇ ਬਹਿ ਕੇ ਇਕ ਤਪੱਸਵੀ ਵਾਂਗ ਢੇਰ ਕੁਝ ਲਿਖਿਆ, ਅੱਜ ਉਹਨਾਂ ਬਿਨਾ ਉਹ ਅਡੋਲ ਪਿਆ ਹੈ। ਪਰ ਦਾਰ ਜੀ ਤੇ ਮਾਤਾ ਜੀ ਦੀ ਇਸ ਸੁਪਨਿਆਂ ਦੀ ਧਰਤੀ ’ਤੇ ਉਹਨਾਂ ਦੀਆਂ ਯਾਦਾਂ ਦੀ ਧਰਤੀ ਦੀ ਹਰ ਗਲੀ, ਹਰ ਮੋੜ ਤੇ ਹਰ ਘਰ ਵਿਚ ਮੈਨੂੰ ਉਹਨਾਂ ਦੀ ਖ਼ੁਸ਼ਬੋ ਆਉਂਦੀ ਹੈ।
ਉਹਨਾਂ ਦੀ ਸਮਾਧੀ ਵੱਲ ਜਾਂਦੀ ਹਾਂ ਤੇ ਬਿਨਾ ਮਤਲਬ ਹੀ ਉਹਨਾਂ ਸੜਕਾਂ ’ਤੇ ਤੁਰਦੀ ਹਾਂ, ਜਿੱਥੇ ਕਦੇ ਉਹ ਤੁਰੇ ਸੀ। ਉਹਨਾਂ ਬਾਰੇ ਗੱਲਾਂ ਕਰਕੇ ਮਨੁੱਖ ਵਿਚੋਂ ਉਹਨਾਂ ਨੂੰ ਲੱਭਦੀ ਹਾਂ।
ਰਾਤ ਦੇ ਸੰਨਾਟਿਆਂ ਵਿਚ ਤੇ ਘਰ ਦੇ ਕਮਰਿਆਂ ਵਿਚ ਮੈਨੂੰ ਉਹਨਾਂ ਦੇ ਬੋਲਾਂ ਦੇ ਝਉਲੇ ਪੈਂਦੇ ਹਨ। ਬਿਸਤਰੇ ’ਤੇ ਪਈ-ਪਈ ਕਿੰਨਾ ਕੁਝ ਫ਼ਿਲਮ ਦੀ ਰੀਲ੍ਹ ਵਾਂਗ ਮੇਰੀਆਂ ਅੱਖੀਆਂ ਅੱਗੇ ਘੁੰਮ ਜਾਂਦਾ ਹੈ। ਅੱਖੀਆਂ ਮੀਟ ਕੇ ਜਦੋਂ ਕਿਸੇ ਚੀਜ਼ ਨੂੰ ਹੱਥ ਲਾਉਣਾ ਚਾਹੁੰਦੀ ਹਾਂ ਤਾਂ ਸਭ ਕੁਝ ਛੂਈ-ਮੂਈ ਹੋ ਜਾਂਦਾ ਹੈ। ਮਨ ਦਾ ਅੰਦਰਲਾ ਹਲੂਣਿਆ ਜਾਂਦਾ ਹੈ, ਪਰ ਸਭ ਕੁਝ ਖਾਲੀ-ਖਾਲੀ ਤੇ ਬੇਅਵਾਜ਼।
ਕਮਰਿਆਂ ਵਿਚ ਉਹਨਾਂ ਦੀਆਂ ਤਸਵੀਰਾਂ ਗੱਲਾਂ ਕਰਦੀਆਂ ਹਨ ਤੇ ਭਾਵੇਂ ਹਰ ਉਹਨਾਂ ਦੀ ਚੀਜ਼ ਘਰ ਵਿਚ ਉਵੇਂ ਦੀ ਉਵੇਂ ਪਈ ਹੈ, ਪਰ ਇਹ ਜਾਣਦਿਆਂ ਹੋਇਆਂ ਵੀ ਕਿ ਹਰ ਕਿਸੇ ਨੇ ਤੁਰ ਜਾਣਾ ਹੈ, ”ਤੁਹਾਡੇ ਪਿਆਰ ਦਾ ਖਲਾਅ ਐਨਾ ਹੈ ਕਿ ਪੂਰਿਆ ਨਹੀਂ ਜਾਣਾ। ਜਦੋਂ ਕੋਈ ਤੁਹਾਡੀਆਂ ਗੱਲਾਂ ਕਰਦਾ ਹੈ ਤਾਂ ਮੁੜ-ਮੁੜ ਤੁਹਾਡਾ ਚੇਤਾ ਆਉਂਦਾ ਹੈ ਤੇ ਮਨ ਵਿਚ ਇਕ ਰੁੱਗ ਭਰਦਾ ਹੈ।’’
ਜਦੋਂ ਰਾਤ ਨੂੰ ਮੈਂ ਮੰਜੇ ’ਤੇ ਪੈਂਦੀ ਹਾਂ ਤੇ ਸੱਚ ਜਾਨਣਾ, ਮੈਂ ਨਿੱਕੇ ਬਾਲਾਂ ਵਾਂਗ ਪ੍ਰੀਤ ਨਗਰ ਦੀਆਂ ਗਲੀਆਂ ਵਿਚ ਖੇਡਦੀ ਫਿਰਦੀ ਹਾਂ।
ਪ੍ਰੀਤਨਗਰ ਵਿੱਚ ਫ਼ੋਟੋਕਾਰੀ – ਸੁਸ਼ੀਲ ਦੁਸਾਂਝ