ਸਦਾਬਹਾਰ ‘ਸਾਵੇ ਪੱਤਰ’

Date:

Share post:

ਅਮਰ ਰਚਨਾ ‘ਸਾਵੇ ਪੱਤਰ

ਯੁਗ ਕਵੀ ਮੋਹਨ ਸਿੰਘ ਵਰਗੀ ਪੂਰੀ ਪੁਸਤਕ ਲਿਖ ਕੇ ਸਾਵੇ ਪੱਤਰ ਬਾਰੇ ਕੁਝ ਕਹਿਣਾ ਪਾਠਕ ਨਾਲ ਮੇਰੀ ਜਾਚੇ ਅਨਿਆਂ ਕਰਨਾ ਹੋਵੇਗਾ; ਪਰ ਹੁਣ ਦੀ ਫ਼ਰਮਾਇਸ਼ ਨੂੰ ਅਣਗੌਲਿਆ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਮੈਂ ਫ਼ੈਸਲਾ ਕੀਤਾ ਹੈ ਕਿ ਸਾਵੇ ਪੱਤਰ ਨਾਲ ਸੰਬੰਧਿਤ ਦਿਲਚਸਪ ਘਟਨਾ ਦਾ ਜ਼ਿਕਰ ਕਰਕੇ ਸੁਰਖਰੂ ਹੋ ਲਵਾਂ।
ਮੋਹਨ ਸਿੰਘ ਮੇਰੀ ਮਾਂ ਦੀ ਮਾਸੀ ਦਾ ਪੁੱਤਰ ਸੀ। ਅਸੀਂ ਇੱਕੋ ਪਿੰਡ ਧਮਿਆਲ ਦੇ ਜੰਮਪਲ ਹਾਂ। ਇੱਕੋ ਗਲੀ ਵਿਚ ਸਾਡੇ ਘਰ ਸਨ।
ਮੈਂ ਜਦੋਂ ਪੰਜਾਬੀ ਸਾਹਿਤ ਵਿਚ ਕਦਮ ਰੱਖਿਆ, ਮੋਹਨ ਸਿੰਘ ਅਮ੍ਰਿਤਸਰ ਖ਼ਾਲਸਾ ਕਾਲਜ ਵਿਚ ਪੜ੍ਹਾਉਂਦੇ ਸਨ। ਮੈਂ ਰਾਵਲਪਿੰਡੀ ਗਾਰਡਨ ਕਾਲਜ ਦੇ ਰਿਸਾਲੇ ਗਾਰਡੋਨੀਅਨ ਦੇ ਪੰਜਾਬੀ ਸੈਕਸ਼ਨ ਦਾ ਸੰਪਾਦਕ ਸਾਂ। ਇੰਝ ਜਾਪਦਾ ਹੈ, ਮੋਹਨ ਸਿੰਘ ਮੇਰੀ ਪ੍ਰਤਿਭਾ ਨੂੰ ਵੇਖਦੇ ਹੋਏ ਮੇਰੇ ਨਾਲ ਵਧੇਰੇ ਜੁੜ ਗਏ। ਜਦੋਂ ਚਾਰ ਹੰਝੂ ਉਹਨਾਂ ਦੀ ਸਭ ਤੋਂ ਪਹਿਲੀ ਪੁਸਤਕ ਛਪੀ, ਉਹਨਾਂ ਮੈਨੂੰ ਉਚੇਚੀ ਭੇਜੀ। ਇਹ ਪੁਸਤਕ ਇਤਨੀ ਸੁੰਦਰ ਛਪੀ ਸੀ ਕਿ ਮੈਂ ਉਸ ਨੂੰ ਗਲੇ ਨਾਲ ਲਾਈ ਰਖਦਾ। ਇਹਨਾਂ ਕਵਿਤਾਵਾਂ ਨੂੰ ਮੈਂ ਮੁੜ-ਮੁੜ ਪੜ੍ਹਦਾ। ਘਰ ਵਾਲਿਆਂ ਨੂੰ, ਆਏ-ਗਏ ਨੂੰ ਸੁਣਾਉਂਦਾ ਰਹਿੰਦਾ।
ਚਾਰ ਹੰਝੂ ਤੋਂ ਕੁਝ ਚਿਰ ਬਾਅਦ ਸਾਵੇ ਪੱਤਰ ਛਪੀ। ਮੋਹਨ ਸਿੰਘ ਨੇ ਪਹਿਲੇ ਵਾਂਗ ਕਾਪੀ ਮੈਨੂੰ ਭੇਜੀ। ਅਜੇ ਮੈਂ ਗਾਰਡਨ ਕਾਲਜ ਵਿਚ ਹੀ ਸਾਂ। ਸ਼ਾਇਦ ਸੀਨੀਅਰ ਕਲਾਸ ਵਿਚ। ਸਾਵੇ ਪੱਤਰ ਨਾਲ ਅਪਣੀ ਚਿੱਠੀ ਵਿਚ ਮੋਹਨ ਸਿੰਘ ਨੇ ਮੈਨੂੰ ਲਿਖਿਆ – ਕਰਤਾਰ, ਤੇਰੇ ਲਈ ਮੈਂ ਕੁੜੀ ਵੇਖੀ ਹੈ। ਤੂੰ ਵਿਆਹ ਲਈ ਕਿਸੇ ਨੂੰ ਇਕਰਾਰ ਨਾ ਕਰ ਬਹੀਂ। ਚਿੱਠੀ ਪੜ੍ਹਕੇ ਜਵਾਨ-ਜਹਾਨ, ਮੈਨੂੰ ਪੰਜਾਬੀ ਵਿਚ ਲਿਖਣ ਵਾਲੀਆਂ ਕੁੜੀਆਂ ਦੇ ਸੁਫ਼ਨੇ ਆਉਣ ਲੱਗ ਪਏ। ਕਦੀ ਕਿਸੇ ਦਾ, ਕਦੀ ਕਿਸੇ ਦਾ। ਉੱਧਰ ਮੇਰੀ ਰਾਵਲਪਿੰਡੀ ਦੀ ਦੋਸਤ ਕਦੀ ਕਿਸੇ ਦਾ, ਕਦੀ ਕਿਸੇ ਦਾ ਨਾਂ ਲੈ ਲੈ ਕੇ ਮੈਨੂੰ ਚਿੜ੍ਹਾਂਦੀ ਰਹਿੰਦੀ।
ਇਸ ਮਜ਼ਮੂਨ ਬਾਰੇ ਮੋਹਨ ਸਿੰਘ ਦੀ ਉਹ ਇੱਕੋ-ਇਕ ਤੇ ਆਖ਼ਰੀ ਚਿੱਠੀ ਸੀ। ਕਈ ਵਰ੍ਹੇ ਬੀਤ ਗਏ। ਉਨ੍ਹਾਂ ਦਿਨਾਂ ਵਿਚ ਅਸੀਂ ਲਾਹੌਰ ਇਕੱਠੇ ਰਹਿੰਦੇ ਸਾਂ। ਮੋਹਨ ਸਿੰਘ ਨੇ ਪੰਜ ਦਰਿਆ ਨਾਂ ਦਾ ਰਿਸਾਲਾ ਸ਼ੁਰੂ ਕੀਤਾ ਸੀ, ਜਿਸ ਨੂੰ ਅਸੀਂ ਰਲ ਕੇ ਚਲਾ ਰਹੇ ਸਾਂ। ਮੈਂ ਫ਼ੋਰਮੈਨ ਕ੍ਰਿਸਚੀਅਨ ਕਾਲਜ ਵਿਚ ਅੰਗਰੇਜ਼ੀ ਐੱਮ.ਏ. ਕਰ ਰਿਹਾ ਸਾਂ। ਢੇਰ ਸਾਰੀਆਂ ਕੁੜੀਆਂ ਮੈਨੂੰ ਮਿਲਣ ਆਂਦੀਆਂ; ਜਵਾਨ-ਜਹਾਨ ਸਾਡੇ ਹੱਸਣ-ਖੇਡਣ ਦੇ ਦਿਨ ਸਨ। ਮੋਹਨ ਸਿੰਘ ਦੀ ਕੋਸ਼ਿਸ਼ ਹੁੰਦੀ, ਉਹਨਾਂ ਵਿੱਚੋਂ ਕਿਸੇ ਦੀ ਉਹਦੇ ਨਾਲ ਦੋਸਤੀ ਹੋ ਜਾਏ। ਇਕ ਵਿਚਾਰੀ ਬੜੀ ਸਜ ਕੇ ਆਈ, ਉਸ ਨੂੰ ਮੇਰੇ ਬਰਸਾਤੀ ਵਾਲੇ ਕਮਰੇ ਵੱਲ ਲਿਆ ਰਿਹਾ, ਪੌੜ੍ਹੀਆਂ ਵਿਚ ਹੀ ਉਸ ਉਹਨੂੰ ਚੁੰਮ ਲਿਆ। ਇਕ ਹੋਰ ਨੂੰ ਕਿਹਾ ਮੇਰੀ ਅੰਮ੍ਰਿਤਾ ਨਾਲ ਦੋਸਤੀ ਕਰਵਾ ਦੇ। ਮੈਂ ਵੀ ਇਸਦੀ ਸਿਫ਼ਾਰਸ਼ ਕੀਤੀ। ਕੁਝ ਦਿਨ ਤੇ ਉਹ ਮੇਰੀ ਦੋਸਤ, ਮੈਨੂੰ ਕਹਿਣ ਲੱਗੀ ਤੁਹਾਡਾ ਦੋਸਤ ਅੰਮ੍ਰਿਤਾ ਨਾਲ ਦੋਸਤੀ ਕਰਨਾ ਚਾਹੁੰਦਾ ਹੈ ਜਾਂ ਮੇਰੇ ਨਾਲ। ਮੈਂ ਸੁਣ ਕੇ ਹੱਕਾ-ਬੱਕਾ ਰਹਿ ਗਿਆ।
ਇਸ ਤਰ੍ਹਾਂ ਦੇ ਸ਼ਾਇਰ ਮਿਜ਼ਾਜ ਦੋਸਤ ਤੋਂ ਮੈਂ ਨਹੀਂ ਕਦੀ ਪੁੱਛਿਆ, ਉਹ ਕੌਣ ਸੀ; ਜਿਸ ਨਾਲ ਉਹ ਮੇਰਾ ਵਿਆਹ ਕਰਾਉਣਾ ਚਾਹੁੰਦਾ ਸੀ, ਅਪਣੀ ਮਾਂ ਦੀ ਭਣੇਵੀਂ ਦੇ ਬੇਟੇ ਦਾ।
ਜੋ ਕੁਝ ਵੀ ਹੈ ਸਾਵੇ ਪੱਤਰ ਪੰਜਾਬੀ ਸਾਹਿਤ ਦੀ ਅਮਰ ਰਚਨਾ ਹੈ। ਮੈਂ ਖ਼ੁਸ਼ਵੰਤ ਸਿੰਘ ਨਾਲ ਉੱਕਾ ਸਹਿਮਤ ਹਾਂ ਕਿ ਬਾਬਾ ਗੁਰੂ ਨਾਨਕ ਤੋਂ ਬਾਅਦ ਮੋਹਨ ਸਿੰਘ ਦੇ ਪੱਧਰ ਦਾ ਪੰਜਾਬੀ ਸਾਹਿਤ ਵਿਚ ਹੋਰ ਕੋਈ ਕਵੀ ਨਹੀਂ ਹੋਇਆ। ਸਾਵੇ ਪੱਤਰ ਨੂੰ ਮੈਂ ਲੋਕਾਂ ਨੂੰ ਹੀਰ ਵਾਰਿਸ ਵਾਂਗ ਪੜ੍ਹਦੇ ਤੇ ਪਿਆਰ ਕਰਦੇ ਵੇਖਿਆ ਹੈ। ਜਲੰਧਰ ਵਿਚ ਇਕ ਦਿਨ ਮੈਂ ਕਮਿਸ਼ਨਰ ਨੂੰ ਮਿਲਣ ਗਿਆ। ਦਫ਼ਤਰ ਦੇ ਬਾਹਰ ਬੈਠਾ ਉਹਦਾ ਚਪੜਾਸੀ ਬੈਠਾ ਸਾਵੇ ਪੱਤਰ ਪੜ੍ਹ ਰਿਹਾ ਸੀ। ਮੈਂ ਮੋਹਨ ਸਿੰਘ ਨੂੰ ਸਲਾਮ ਕਰਕੇ ਅੰਦਰ ਕਮਿਸ਼ਨਰ ਨੂੰ ਮਿਲਣ ਗਿਆ ਤੇ ਅਸੀਂ ਢੇਰ ਚਿਰ ਮੋਹਨ ਸਿੰਘ ਦੀ ਕਵਿਤਾ ਦਾ ਜ਼ਿਕਰ ਕਰਦੇ ਰਹੇ। ਸਾਵੇ ਪੱਤਰ ਵਰਗੇ ਕਵਿਤਾ ਸੰਗ੍ਰਹਿ ਉੱਤੇ ਕੋਈ ਵੀ ਭਾਈਚਾਰਾ ਮਾਣ ਕਰ ਸਕਦਾ ਹੈ।

ਕਰਤਾਰ ਸਿੰਘ ਦੁੱਗਲ

ਹੀਰ ਤੋਂ ਬਾਅਦ

ਸਾਡੇ ਦੇਸ ਪੰਜਾਬ ਵਿਚ ਵਾਰਿਸ ਦੀ ਹੀਰ ਤੋਂ ਬਾਅਦ ਜੋ ਦੋ ਕਿਤਾਬਾਂ ਬੇਹੱਦ ਮਕਬੂਲ ਹੋਈਆਂ ਹਨ; ਉਹ ਹਨ ਮੋਹਨ ਸਿੰਘ ਦੀ ਸਾਵੇ ਪੱਤਰ ਅਤੇ ਅਹਿਮਦ ਰਾਹੀ ਦੀ ਤ੍ਰਿੰਞਣ । ਸੰਨ ਸੰਤਾਲੀ ਮਗਰੋਂ ਵੀ ਲਹਿੰਦੇ ਪੰਜਾਬ ਵਿਚ ਸਾਵੇ ਪੱਤਰ ਵਾਰ-ਵਾਰ ਛਪਦੀ ਰਹੀ ਹੈ। ਇਸ ਲਿਹਾਜ਼ ਨਾਲ਼ ਇਹ ਦੋਹਵੇਂ ਕਿਤਾਬਾਂ ਪੰਜਾਬ ਦੀਆਂ ਕੌਮੀ ਕਿਤਾਬਾਂ ਹਨ। ਸਾਵੇ ਪੱਤਰ ਨੂੰ ਛਪਿਆਂ ਸੱਤਰ ਸਾਲ ਹੋ ਗਏ ਹਨ; ਇਹਦੀ ਗੱਲ ਅਸੀਂ ਅੱਜ ਵੀ ਮਾਣ ਨਾਲ਼ ਕਰ ਰਹੇ ਹਾਂ ਅਤੇ ਅਗਾਂਹ ਵੀ ਹੁੰਦੀ ਰਹੇਗੀ। ਸਾਵੇ ਪੱਤਰ ਦੀਆਂ ਦੇਸ਼ ਪਿਆਰ, ਅੰਬੀ ਦੇ ਬੂਟੇ ਥੱਲੇ ਅਤੇ ਨੂਰ ਜਹਾਨ ਵਰਗੀਆਂ ਕਵਿਤਾਵਾਂ ਮੈਂ ਜਦ ਵੀ ਪੜ੍ਹਦਾ ਹਾਂ; ਮੋਹਨ ਸਿੰਘ ਮੈਨੂੰ ਬੜਾ ਪਿਆਰਾ ਲਗਦਾ ਹੈ। ਸੰਨ ਸੰਤਾਲੀ ਤਕ ਛਪੀਆਂ ਅਪਣੀਆਂ ਚਾਰ ਕਿਤਾਬਾਂ ਵਿਚ ਮੋਹਨ ਸਿੰਘ ਦੀ ਪ੍ਰਤਿਭਾ ਪੂਰੇ ਜੋਬਨ ‘ਤੇ ਸੀ। ਇਸ ਤੋਂ ਮਗਰੋਂ ਸ਼ਾਇਦ ਪੰਜਾਬ ਦੇ ਉਜਾੜੇ ਕਰਕੇ ਜਾਂ ਕਿਸੇ ਜ਼ਾਤੀ ਗੱਲ ਕਰਕੇ ਮੋਹਨ ਸਿੰਘ ਦਾ ਜਲੌਅ ਢਲ਼ਦਾ ਗਿਆ ਅਤੇ ਵੇਲੇ ਦੀ ਤਰੱਕੀਪਸੰਦੀ ਦਾ ਫ਼ੈਸ਼ਨ ਵੀ ਇਹਦੇ ਬਹੁਤਾ ਕੰਮ ਨਾ ਆਇਆ।
ਯੂਰਪ ਅਮਰੀਕਾ ਵਿਚ ਸਾਵੇ ਪੱਤਰ ਵਰਗੀਆਂ ਕਿਤਾਬਾਂ ਇਥੋਂ ਤਕ ਕਿ ਕਿਸੇ ਅਮਰ ਕਵਿਤਾ – ਦੀਆਂ ਵਰ੍ਹੇ ਗੰਢਾਂ ਮਨਾਉਣ ਦੀਆਂ ਬਣਤਾਂ ਤਿੰਨ-ਤਿੰਨ ਸਾਲ ਪਹਿਲਾਂ ਹੀ ਬਣਨ ਲਗਦੀਆਂ ਹਨ; ਪ੍ਰਕਾਸ਼ਕ ਸੁਹਜੀਆਂ ਕਿਤਾਬਾਂ ਛਾਪਦੇ ਹਨ; ਯੂਨੀਵਰਸਟੀਆਂ ਤੇ ਹੋਰ ਅਦਾਰੇ ਜਸ਼ਨ ਮਨਾਉਂਦੇ ਹਨ। ਪਰ ਸਾਡੇ ਤਾਂ ਇਹ ਹਾਲ ਹੈ ਕਿ ਸਾਡੇ ਮਹਾਨ ਕਵੀ ਪੂਰਨ ਸਿੰਘ ਦਾ ਇਸ ਸਾਲ 115ਵਾਂ ਜਨਮ ਦਿਹਾੜਾ ਅਤੇ 75ਵਾਂ ਵਰ੍ਹੀਣਾ ਵੀ ਅਣਗੌਲਿਆ ਹੀ ਲੰਘ ਗਿਆ।

ਅਮਰਜੀਤ ਚੰਦਨ

ਸਾਵੇ ਪੱਤਰ ਦੀ ਕਵਿਤਾ – ਮੌਤ ਨੂੰ

ਨਵਤੇਜ ਭਾਰਤੀ

ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ਪਿਛਲੇ ਹਫ਼ਤੇ ਇਹ ਬੈਠੀ-ਬੈਠੀ ਗੁਣਗੁਣਾਉਣ ਲਗ ਪਈ: ਸਾਹ ਲੈ ਮੌਤੇ ਕਾਹਲ਼ੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁਕ ਕੇ ਪੂਰੀ ਕਵਿਤਾ ਬੋਲ ਦਿੱਤੀ। ਅੰਤ ‘ਤੇ ਕਹਿੰਦੀ, “ਲੈ, ਹੁਣ ਮੈਂ ਵਿਹਲੀ ਆਂ।”

ਇਹੀ ਕਵਿਤਾ ਅਠਤਾਲ਼ੀ ਵਰ੍ਹੇ ਪਹਿਲਾਂ ਮੈਂ ਪਟਿਆਲ਼ੇ ਮਹਿੰਦਰਾ ਕਾਲਜ ਵਿਚ ਸੁਣੀ ਸੀ। ਸੁਣਾਉਣ ਵਾਲ਼ੀ ਪਹਿਲੇ ਸਾਲ ਦੀ ਵਿਦਿਆਰਥਣ ਸੀ, 17-18 ਵਰ੍ਹੇ ਦੀ। ਨਵੀਂ-ਨਵੀਂ ਪਿੰਡੋਂ ਆਈ ਸੀ। ਸੰਙਦੀ ਸੀ। ਕਿਸੇ ਓਪਰੇ ਨਾਲ਼ ਕਦੇ ਬੋਲੀ ਨਹੀਂ ਹੋਣੀ। ਪਿੰਡਾਂ ਦੇ ਲੋਕ ਓਪਰੇ ਨਾਲ਼ ਨਹੀਂ ਬੋਲਦੇ। ਜਦੋਂ ਬੋਲਦੇ ਹਨ, ਪਹਿਲੀਆਂ ਇਕ-ਦੋ ਗੱਲਾਂ ਵਿਚ ਹੀ ਕੋਈ ਸਕੀਰੀ ਕੱਢ ਲੈਂਦੇ ਹਨ ਤੇ ਉਹਨੂੰ ਅਪਣਾ ਬਣਾ ਲੈਂਦੇ ਹਨ।
ਏਥੇ ਉਹਦੇ ਸਾਹਮਣੇ ਸੈਂਕੜੇ ਓਪਰੇ ਬੈਠੇ ਸਨ ਤੇ ਸਾਰੇ ਉਸ ਵਲ ਝਾਕ ਰਹੇ ਸਨ। ਉੱਤੋਂ ਉਹਨੂੰ ਮਾਈਕ ‘ਤੇ ਬੋਲਣਾ ਪੈਣਾ ਸੀ; ਉਹ ਵੀ ਸ਼ਾਇਦ ਪਹਿਲੀ ਵਾਰ। ਪੇਂਡੂ ਲੋਕ ਮਾਈਕ ‘ਤੇ ਬੋਲਣ ਵਾਲ਼ੇ ‘ਤੇ ਪੂਰਾ ਧਿਜਦੇ ਨਹੀਂ। ਅੱਖ ਵਿਚ ਅੱਖ ਪਾ ਕੇ ਕੀਤੀ ਗੱਲ ‘ਤੇ ਹੀ ਯਕੀਨ ਕਰਦੇ ਹਨ। ਚੀਜ਼ਾਂ ਦੀ ਮੁਨਾਦੀ, “ਕੰਪਨੀ ਦੀ ਮਸ਼ਹੂਰੀ” ਜਾਂ ਚੋਣਾਂ ਦਾ ਪ੍ਰਚਾਰ ਕਰਨ ਵਾਲ਼ੇ ਲਾਊਡਸਪੀਕਰ ਅਜੇ ਵੀ ਗ੍ਰਾਮੀਣ ਬੋਲ-ਬਾਣੀ ਦਾ ਅੰਗ ਨਹੀਂ ਬਣ ਸਕੇ। ਇਸ ਕਰਕੇ ਪੇਂਡੂ ਬੰਦਾ, ਜਦੋਂ ਮਾਈਕ ‘ਤੇ ਬੋਲਦਾ ਹੈ; ਖ਼ਾਸ ਕਰਕੇ ਪਹਿਲੀ ਵਾਰ, ਤਾਂ ਝੂਠਾ ਜਿਹਾ ਲਗਦਾ ਹੈ। ਮਾਈਕ ਸਾਹਵੇਂ ਖੜ੍ਹੀ ਕੁੜੀ ਅੰਦਰ ਇਹ ਉਥੱਲ-ਪੁਥੱਲ ਹੋ ਰਹੀ ਸੀ। ਆਵਾਜ਼ ਉਹਦੀ ਅਜੇ ਵੀ ਪਿੰਡ ਵਿਚ ਖੜ੍ਹੀ ਸੀ; ਮਾਈਕ ਤੋਂ ਕੋਹਾਂ ਦੂਰ। ਕਿਵੇਂ ਨਾ ਕਿਵੇਂ ਉਹਨੇ ਅਪਣੇ ਸੰਘ ਵਿਚ ਫਸੀ ਆਵਾਜ਼ ਬੁੱਲ੍ਹਾਂ ਤਕ ਧੂਹ ਲਿਆਂਦੀ ਤੇ ਕਵਿਤਾ ਬੋਲਣ ਲਗ ਪਈ।
ਉਹਨੇ ਦੋ ਪੰਕਤੀਆਂ ਹੀ ਬੋਲੀਆਂ ਸੀ ਕਿ ਕੁਝ ਮੁੰਡੇ ਉਹਦੇ ਨਾਲ਼ ਬੋਲਣ ਲੱਗ ਪਏ। ਤੇ ਜਦੋਂ ਉਹ “ਸਾਹ ਲੈ ਮੌਤੇ ਕਾਹਲ਼ੀਏ ਮੈ ਅਜੇ ਨਾ ਵੇਹਲੀ” ਵਾਲ਼ੀ ਪੰਕਤੀ ਕਹਿਣ ਲੱਗੀ, ਉਹਦੀ ਆਵਾਜ਼ ਨਾਲ਼ ਅਨੇਕਾਂ ਹੋਰ ਆਵਾਜ਼ਾਂ ਰਲ਼ ਗਈਆਂ। ਤੇ ਉਹਦੇ ਸਾਹਮਣੇ ਬੈਠੇ ਮੁੰਡੇ ਜਿਹੜੇ ਪਹਿਲਾਂ ਓਪਰੇ ਲਗਦੇ ਸਨ, ਹੁਣ ਓਨੇ ਓਪਰੇ ਨਾ ਰਹੇ। ਉਨ੍ਹਾਂ ਨਾਲ਼ ਕਵਿਤਾ ਦੀ ਸਕੀਰੀ ਨਿਕਲ਼ ਆਈ ਸੀ। ਕਵਿਤਾ ਦਾ ਇਹ ਸਕੀਰੀ ਗੁਣ, ਭਾਰਤੀ ਕਾਵਿ ਸ਼ਾਸਤਰ ਵਿਚ ਅੰਕੇ
ਕਵਿਤਾ ਦੇ ਬਾਕੀ ਤਿੰਨ ਗੁਣਾਂ ਮਾਧੁਰਯ, ਓਜ ਅਤੇ ਪ੍ਰਸਾਦਿ ਵਿਚ ਜੋੜ ਲੈਣਾ ਚਾਹੀਦਾ ਹੈ। ਦਿਨੋਂ ਦਿਨ ਓਪਰੇ ਅਤੇ ਵੰਡੇ ਜਾ ਰਹੇ ਮਨੁੱਖ ਲਈ ਇਹਦੀ ਵਧੇਰੇ ਲੋੜ ਹੈ। ਜੁੜੇ ਰਹਿਣ ਲਈ ਕਵਿਤਾ ਤੇ ਪਿੰਡ ਦੋਹਵਾਂ ਦੀ ਲੋੜ ਹੈ।
1992 ਦੇ ਦਸੰਬਰ ਮਹੀਨੇ ਵਿਚ ਮੈ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਘੁੰਮ ਰਿਹਾ ਸੀ, ਇਕੱਲਾ ਸੀ ਤੇ ਪਹਿਲੀ ਵਾਰ ਆਇਆ ਸੀ। ਅਚਾਨਕ ਪਿੱਛੋਂ ਆ ਕੇ ਕਿਸੇ ਸੱਜਣ ਨੇ ਮੇਰੀ ਬਾਂਹ ਫੜ ਲਈ ਤੇ ਅੰਮ੍ਰਿਤਾ ਪ੍ਰੀਤਮ ਦੀ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਕਵਿਤਾ ਦੀਆਂ ਟੁੱਟੀਆਂ-ਫੁੱਟੀਆਂ ਸਤਰਾਂ ਸੁਣਾਉਣ ਲਗ ਪਿਆ। ਤੇ ਮੇਰੇ ਹੱਥ ਚੁੰਮ ਕੇ ਬਿਨਾਂ ਕੁਝ ਹੋਰ ਬੋਲੇ ਚਲਾ ਗਿਆ। ਬੰਦਾ ਜਦੋਂ ਓਪਰਾ ਹੋਣ ਲਗਦਾ ਹੈ; ਕਵਿਤਾ ਉਹਦੀ ਬਾਂਹ ਫੜ ਲੈਂਦੀ ਹੈ।
ਕੋਈ-ਕੋਈ ਕਵਿਤਾ ਹੁੰਦੀ ਹੈ, ਜਿਹੜੀ ਅੱਖ ਕੰਨ ਟੱਪ ਕੇ ਸਾਡੇ ਲਹੂ ਵਿਚ ਵਗਣ ਲਗ ਪੈਂਦੀ ਹੈ। ਅਸੀਂ ਉਹਨੂੰ ਜਿਉਣ ਲਗ ਪੈਂਦੇ ਹਾਂ ਤੇ ਕਦੇ-ਕਦੇ ਪੜ੍ਹਨ-ਸੁਣਨ ਦੀ ਥਾਂ ਉਸ ਨਾਲ਼ ਖੇਡਣ ਲਗ ਜਾਂਦੇ ਹਾਂ। ਉਸ ਦਿਨ ਮਹਿੰਦਰਾ ਕਾਲਜ ਵਿਚ ਇਉਂ ਹੀ ਹੋਇਆ ਸੀ। ਜਿਹੜੀ ਕਵਿਤਾ ਕੁੜੀ ਸੁਣਾ ਰਹੀ ਸੀ; ਬਹੁਤੇ ਮੁੰਡਿਆਂ ਨੂੰ ਪਹਿਲਾਂ ਹੀ ਯਾਦ ਸੀ। ਇਹਦੀਆਂ ਬਾਰਾਂ ਹੀ ਪੰਕਤੀਆਂ ਸਨ। ਉਹ ਕਵਿਤਾ ਘਟ ਸੁਣ ਰਹੇ ਸਨ; ਉਚਾਰਿਕਾ ਦੇ ਚਿਹਰੇ ਵੱਲ ਵਧੇਰੇ ਵੇਖ ਰਹੇ ਸਨ ਤੇ ਉਡੀਕ ਰਹੇ ਸਨ ਕਿ ਅੰਤਲੀ ਤੁਕ ਕਹਿਣ ਵੇਲੇ ਇਹਦਾ ਕੀ ਰੰਗ ਹੁੰਦਾ ਹੈ? ਸ਼ਾਇਦ ਉਹ ਵੀ ਉਨ੍ਹਾਂ ਦੀ ਸ਼ਰਾਰਤ ਭਾਂਪ ਗਈ ਸੀ। ਜਿਵੇਂ-ਜਿਵੇਂ ਉਹ ਅੰਤਲੀ ਪੰਕਤੀ ਵਲ ਵਧ ਰਹੀ ਸੀ; ਹਿੱਕ ਦੀ ਧੜਕਣ ਉੱਚੀ ਹੁੰਦੀ ਜਾ ਰਹੀ ਸੀ। ਕਵਿਤਾ ਦਾ ਤਾਲ ਸ਼ਬਦਾਂ ਦੀ ਥਾਂ ਸਾਹ ਬਣ ਗਿਆ ਸੀ:

ਹੰਝੂ ਮੇਰੇ ਰਾਖਵੇਂ ਅਣਵੰਡੀਆਂ ਆਹੀਂ
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ

ਤੇ ਅਗਲੀ ਪੰਕਤੀ, ਜਿਹਨੂੰ ਮੁੰਡੇ ਸਾਹ ਰੋਕ ਕੇ ਉਡੀਕ ਰਹੇ ਸਨ, ਕੁੜੀ ਦੇ ਕੰਠ ਵਿਚ ਉਲ਼ਝ ਗਈ। ਪਰ ਕਵਿਤਾ ਕਿਸੇ ਇਕ ਕੰਠ ਦੀ ਥੁੜੋਂ ਮੁਥਾਜ ਹੁੰਦੀ ਹੈ। ਮੁੰਡਿਆਂ ਨੇ ਆਪ ਉਹ ਪੰਕਤੀ ਬੋਲ ਦਿੱਤੀ: ਅਜੇ ਨਾ ਆਪਣੇ ਹਾਣ ਦਾ ਮੈ ਚੁਣਿਆ ਬੇਲੀ ਤੇ ਤਾੜੀਆਂ ਨਾਲ਼ ਵਿਹੜਾ ਗੂੰਜ ਉਠਿਆ। ਸੰਙ ਨਾਲ਼ ਕੁੜੀ ਦਾ ਚਿਹਰਾ ਸੂਹਾ ਹੋ ਗਿਆ।

ਮੌਤ ਨੂੰ
ਜਿਸ ਨੇ ਹੱਥਾਂ ਮੇਰਿਆਂ ਤੇ ਰੰਗ ਜਮਾਣਾ,
ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅੰਞਾਣਾ,
ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ,
ਉਹ ਹਥਣੀ ਵਿਚ ਬੇਲਿਆਂ ਵੱਤੇ ਅਲਬੇਲੀ,
ਸਾਹ ਲੈ ਮੌਤੇ ਕਾਹਲ਼ੀਏ,
ਮੈਂ ਅਜੇ ਨਾ ਵਿਹਲੀ।
ਅਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ,
ਜੌਂ-ਚਰਵਾਈ ਲਈ ਨਾ, ਨਾ ਵਾਗ-ਫੜਾਈ,
ਅਜੇ ਨਾ ਭਾਬੀ ਅਪਣੀ ਨੂੰ ਝਾਤ ਬੁਲਾਈ,
ਨਾ ਮੈਂ ਪੀਂਘਾਂ ਝੂਟੀਆਂ, ਨਾ ਸਾਵੇਂ ਖੇਲ੍ਹੀ,
ਸਾਹ ਲੈ ਮੌਤੇ ਕਾਹਲ਼ੀਏ,
ਮੈਂ ਅਜੇ ਨਾ ਵਿਹਲੀ।
ਹੰਝੂ ਮੇਰੇ ਰਾਖਵੇਂ, ਅਣ-ਵੰਡੀਆਂ ਆਹੀਂ,
ਸਹਿਕਣ ਮੇਰੇ ਦੀਵਿਆਂ ਤਾਈ ਖ਼ਨਗਾਹੀਂ,
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ,
ਨਾ ਮੈਂ ਅਪਣੇ ਹਾਣ ਦਾ ਕੋਈ ਚੁਣਿਆ ਬੇਲੀ,
ਸਾਹ ਲੈ ਮੌਤੇ ਕਾਹਲ਼ੀਏ,
ਮੈਂ ਅਜੇ ਨਾ ਵਿਹਲੀ।

ਜੇ ਉਸ ਦਿਨ ਮੋਹਨ ਸਿੰਘ ਸਰੋਤਿਆਂ ਵਿਚ ਬੈਠਾ ਹੁੰਦਾ, ਅਪਣੀ ਕਵਿਤਾ ਦਾ ਸੂਹਾ ਰੰਗ ਵੇਖਕੇ ਹੈਰਾਨ ਹੋ ਜਾਂਦਾ। ਸਾਵੇ ਪੱਤਰ ਵਿੱਚੋਂ ਇਹਦਾ ਕਿਆਸ ਨਹੀਂ ਲਗ ਸਕਦਾ। ਦੀਵਾ ਜਗਣ ‘ਤੇ ਹੀ ਦੀਵੇ ਦਾ ਜਲੌਅ ਦਿਸਦਾ ਹੈ। ਪਰ ਦੀਵਾ ਕਿਸਦਾ ਹੈ: ਬਣਾਉਣ ਵਾਲ਼ੇ ਦਾ, ਜਗਾਉਣ ਵਾਲ਼ੇ ਦਾ, ਪ੍ਰਕਾਸ਼ ਵਿਚ ਬੈਠਣ ਵਾਲ਼ੇ ਦਾ ਜਾਂ ਸਭ ਦਾ ਸਾਂਝਾ? ਸੂਹਾ ਰੰਗ ਸਾਵੇ ਪੱਤਰ ਵਾਲ਼ੀ ਕਵਿਤਾ ਦਾ ਸੀ ਜਾਂ ਕੁੜੀ ਦੇ ਚਿਹਰੇ ਦਾ? ਕਵਿਤਾ ਸੁਣਨ ਵੇਲੇ ਉਹ ਸ਼ਾਇਦ ਇਜੇਹੇ ਪ੍ਰਸ਼ਨਾਂ ਦੀ ਗੂੰਜ ਵੀ ਸੁਣਦਾ। ਜਿਉਂਦੀ ਕਵਿਤਾ ਸੁਣਨ ਵੇਲੇ ਅਸੀਂ ਸ਼ਬਦਾਂ ਤੋਂ ਬਿਨਾਂ ਹੋਰ ਵੀ ਬੜਾ ਕੁਝ ਸੁਣਦੇ ਹਾਂ। ਕੀ ਪਤਾ ਉਹ ਇਹ ਵੀ ਮਹਿਸੂਸ ਕਰਦਾ ਕਿ ਸੁਣਾਉਣ ਵਾਲ਼ੀ ਤੇ ਸੁਣਨ ਵਾਲ਼ੇ ਸਾਰਿਆਂ ਵਿਚ ਉਹ ਭੋਰਾ-ਭੋਰਾ ਵੰਡਿਆ ਹੋਇਆ ਸੀ। ਜਾਂ ਉਹ ਆਪ ਹੀ ਬੋਲ ਰਿਹਾ ਸੀ, ਆਪ ਹੀ ਸੁਣ ਰਿਹਾ ਸੀ। “ਕਹਿਤਾ, ਬਕਤਾ ਸੁਣਤਾ ਸੋਊ।” ਜਿਉਂਦੀ ਕਵਿਤਾ ਅਨੇਕਾਂ ਵਾਰ ਲਿਖੀ ਜਾਂਦੀ ਹੈ। ਅਨੇਕਾਂ ਕਵੀ ਲਿਖਦੇ ਹਨ। ਆਦਿ ਕਵੀ ਤਾਂ ਖ਼ਾਕਾ ਹੀ ਤਿਆਰ ਕਰਦਾ ਹੈ। ਹਵਾ ਤੇ ਧੁਪ ਵਾਂਙੂੰ ਇਹ ਉਸੇ ਦੀ ਹੁੰਦੀ ਹੈ, ਜਿਹੜਾ ਇਹਨੂੰ ਅਪਣੀ ਬਣਾ ਲਵੇ।
ਤੇ ਜੇ ਪਿਛਲੇ ਹਫ਼ਤੇ ਮਾਸੀ ਕੋਲ਼ੋਂ ਇਹੀ ਕਵਿਤਾ ਸੁਣ ਲੈਂਦਾ, ਤਾਂ ਗੌਰਵ ਨਾਲ਼ ਭਰ ਜਾਂਦਾ। ਪਹਿਲੀ ਸੰਙ ਨਾਲ਼ ਰੰਗੇ ਚਿਹਰੇ ਤੋਂ ਝੁਰੜੀਆਂ ਨਾਲ਼ ਅੰਗੇ ਚਿਹਰੇ ਤਕ ਉਹਦੀ ਕਵਿਤਾ ਲੋਅ ਦਿੰਦੀ ਰਹੀ ਹੈ। ਪੰਨੇ ਤੋਂ ਉਠ ਕੇ ਲੋਕਾਂ ਦੀ ਸਿਮਰਤੀ ਵਿਚ ਵਸੀ ਹੋਈ ਹੈ। ਤੇ ਸਿਮਰਤੀ ਹੀ ਕਵਿਤਾ ਦਾ ਅਸਲੀ ਘਰ ਹੈ।
ਸਾਡੀਆਂ ਬਹੁਤੀਆਂ ਕਵਿਤਾਵਾਂ ਤਾਂ ਪੰਨੇ ਤੋਂ ਬਾਹਰ ਆਉਣ ਜੋਗੀਆਂ ਹੀ ਨਹੀਂ। ਉਨ੍ਹਾਂ ਵਿਚ ਚੀਜ਼ਾਂ ਦੇ ਸਾਹਮਣੇ ਹੋਣ ਦਾ ਹੀਆ ਨਹੀਂ। ਪੰਨੇ ‘ਤੇ ਜੰਮਦੀਆਂ ਪੰਨੇ ‘ਤੇ ਵਿਹਾਅ ਜਾਂਦੀਆਂ ਹਨ। ਜਿਵੇਂ ਜੀਵਨ ਜਿਉਣ ਤੋਂ ਬਿਨਾ ਹੀ ਬੀਤ ਜਾਵੇ। ਵੇਲਜ਼ ਦਾ ਕਵੀ ਡਿਲਨ ਟ੍ਹੌਮਸ ਕਹਿੰਦਾ ਹੈ ਕਿ ਪੰਨੇ ‘ਤੇ ਲਿਖੀ ਕਵਿਤਾ ਅੱਧੀ ਹੁੰਦੀ ਹੈ। ਅੱਧੀ ਵੀ ਮੁੱਲ ਵਾਲ਼ੀ ਹੁੰਦੀ ਹੈ; ਕਮਰੇ ਵਿਚ ਬੰਦ ਆਸਮਾਨ ਵਾਂਙ। ਪਰ ਉਸ ਵਿਚ ਤਾਰੇ ਨਹੀਂ ਹੁੰਦੇ; ਨਾ ਹੀ ਉਸ ਵਿਚ ਕਾਲ਼ੀਬੋਲ਼ੀ ਨ੍ਹੇਰੀ ਵਗਦੀ ਹੈ ਤੇ ਝੱਖੜਝਾਂਜੀ ਮੇਘਲਾ ਵਰ੍ਹਦਾ ਹੈ।
ਪੰਨੇ ਤੋ ਬਾਹਰ ਨਿਕਲ਼ਦੀ ਹੈ, ਤਾਂ ਕਵਿਤਾ ਜੀਣ-ਥੀਣ ਦੇ ਤਾਲ ਨਾਲ਼ ਜੁੜ ਜਾਂਦੀ ਹੈ। ਪੰਨੇ ਉਤੇ ਉਹ ਆਰੰਭ ਹੁੰਦੀ ਹੈ ਤੇ ਪੂਰੀ ਹੋ ਜਾਂਦੀ ਹੈ। ਬਾਹਰ, ਜਿਉਣ ਵਾਂਙ ਅਧੂਰੀ ਰਹਿੰਦੀ ਹੈ। ਜੇ ਇਕ ਥਾਂ ਤੇ ਅੰਤ ਹੁੰਦੀ ਹੈ; ਅਗਲੇ ‘ਤੇ ਫਿਰ ਆਰੰਭ ਹੋ ਜਾਂਦੀ ਹੈ। ਅੰਤ ਨਾ ਅੰਤ ਦੀ ਖੇਡ ਹੈ ਇਹ। ਇਕ ਦੀਵੇ ਵਿਚ ਵੱਡੀ ਹੁੰਦੀ ਹੈ, ਦੂਜੇ ਵਿਚ ਜਗ ਪੈਂਦੀ ਹੈ। ਪੰਨੇ ਉੱਤੇ, ਇਹ ਜਿਵੇਂ ਲਿਖੀ ਹੈ; ਤਿਵੇਂ ਰਹਿੰਦੀ ਹੈ। ਲਿਖੇ ਲੇਖ ਨਾ ਮਿਟਦੇ ਹਨ, ਨਾ ਬਦਲਦੇ ਹਨ। ਬਾਹਰ, ਇਹ ਅਪਣੇ ਲੇਖਾਂ ਤੇ ਲਿਖਾਰੀ ਤੋਂ ਮੁਕਤ ਹੋ ਜਾਂਦੀ ਹੈ; ਭਾਵੇਂ ਉਨ੍ਹਾਂ ਨਾਲ਼ ਜੁੜੀ ਰਹਿੰਦੀ ਹੈ।
ਮੌਤ ਨੂੰ ਕਵਿਤਾ ਦਾ ਸੁਹਜ ਪੰਨੇ ਤੋਂ ਬਾਹਰ ਹੈ। ਮਹਿੰਦਰਾ ਕਾਲਜ ਦੇ ਮੰਚ ਉਤੇ ਇਹ ਆਰੰਭ ਲਿਖੇ ਸ਼ਬਦ ਨਾਲ਼ ਹੁੰਦੀ ਹੈ, ਪਰ ਅੰਤ ਚਿਹਰੇ ਦੀ ਸੂਹੀ ਸੰਙ ‘ਤੇ। ਭਾਵੇਂ ਇਹ ਅੰਤ ਸੱਚਮੁੱਚ ਦਾ ਅੰਤ ਨਹੀਂ ਹੈ। ਕਿਉਂਕਿ ਅੰਤਲੀ ਪੰਕਿਤੀ ਅਣਕਹੀ ਰਹਿ ਗਈ ਹੈ, ਜਿਹਨੂੰ 50 ਵਰਿ੍ਹਆਂ ਪਿੱਛੋਂ, ਪਿਛਲੇ ਹਫ਼ਤੇ ਮਾਸੀ ਕਹਿੰਦੀ ਹੈ। ਪੰਨੇ ਦੀ ਕਵਿਤਾ ਪੂਰੀ ਹੋ ਜਾਂਦੀ ਹੈ, ਪਰ ਉਹ ਇਕ ਪੰਕਤੀ ਅਪਣੇ ਕੋਲ਼ੋਂ ਜੋੜ ਦਿੰਦੀ ਹੈ, “ਲੈ ਹੁਣ ਮੈ ਵਿਹਲੀ ਆਂ।” ਤੇ ਅੱਗੇ ਤੁਰਨ ਲਈ ਕਵਿਤਾ ਦੇ ਪੈਰ ਲਾ ਦਿੰਦੀ ਹੈ। ਇਹ ਸਹਿਜ ਸੁਭਾਅ ਹੁੰਦਾ ਹੈ। ਕਵਿਤਾ ਜਿਉਣ ਨਾਲ਼ ਇਸ ਤਰ੍ਹਾਂ ਸਿਉਂਤੀ ਹੋਈ ਹੈ ਕਿ ਵਿਚਾਲੇ ਸਿਉਣ ਨਹੀਂ ਦਿਸਦੀ।
ਜਿਉਣ ਨਾਲ਼ ਸਿਉਂਤੀ ਹੋਣਾ ਇਸ ਕਵਿਤਾ ਦੀ ਵਡਿਆਈ ਹੈ। ਕੁਝ ਸੁਹਜ ਸ਼ਾਸਤਰੀ ਕਹਿੰਦੇ ਹਨ, ਕਲਾ ਤੇ ਜ਼ਿੰਦਗੀ ਸਮਾਨਾਂਤਰ ਰੇਖਾਵਾਂ ਹਨ ਤੇ ਸਦਾ ਇਕ ਦੂਸਰੀ ਤੋਂ ਅੱਡ ਰਹਿੰਦੀਆਂ ਹਨ। ਉਹ ਸਹੀ ਹੋਣਗੇ। ਪਰ ਮੈਨੂੰ ਇਹ ਰੂਪਕ ਸਹੀ ਨਹੀਂ ਲਗਦਾ। ਇਹ ਰੇਖਾ ਸ਼ਾਸਤਰ ਤੋਂ ਉਧਾਰਾ ਲਿਆ ਗਿਆ ਹੈ। ਮਾਂਗਵੇਂ ਕਪੜੇ ਕਦੇ-ਕਦਾਈਂ ਹੀ ਮੇਚ ਆਉਂਦੇ ਹਨ। ਅਸੀਂ ਉਸ ਬ੍ਰਹਿਮੰਡ ਵਿਚ ਨਹੀਂ ਰਹਿੰਦੇ, ਜਿਸ ਵਿਚ ਸਮਾਨਾਂਤਰ ਰੇਖਾਵਾਂ ਇਕ ਦੂਜੀ ਨਾਲ਼ ਕਦੇ ਨਹੀਂ ਮਿਲਦੀਆਂ। ਉਹ ਰੇਖਾ ਸ਼ਾਸਤਰ ਦਾ ਬ੍ਰਹਿਮੰਡ ਹੈ। ਜਿਥੇ ਅਸੀਂ ਰਹਿੰਦੇ ਹਾਂ, ਉਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ਕਲਾ। ਦੋਵੇਂ ਇਕ ਦੂਜੇ ਨਾਲ਼ ਮਿਲ਼ਦੀਆਂ ਵਿੱਛੜਦੀਆਂ ਤੇ ਖਹਿ ਕੇ ਲੰਘਦੀਆਂ ਹਨ। ਜਿਥੇ ਮਿਲ਼ਦੀਆਂ ਹਨ, ਉਥੇ ਤੀਰਥ ਬਣ ਜਾਂਦਾ ਹੈ। ਗੰਗਾ ਤੇ ਜਮੁਨਾ ਜਦੋਂ ਮਿਲਦੀਆਂ ਹਨ; ਦੋਵੇਂ ਪੂਜਣਜੋਗ ਬਣ ਜਾਂਦੀਆਂ ਹਨ। ਮੋਹਨ ਸਿੰਘ ਦੀ ਮੌਤ ਨੂੰ ਕਵਿਤਾ ਦੀ, ਜ਼ਿੰਦਗੀ ਨਾਲ਼ ਕੁਝ ਇਹੋ-ਜਿਹੀ ਹੀ ਸਕੀਰੀ ਹੈ। ਗੰਗਾ ਜਮੁਨਾ ਵਾਂਙ ਦੋਵੇ ਇਕ ਦੂਜੀ ਵਿਚ ਵਗਦੀਆਂ ਹਨ, ਪਰ ਸਰਸਵਤੀ ਵਾਂਙ ਅਪਣੀ ਹੋਂਦ ਸਾਂਭੀ ਰਖਦੀਆਂ ਹਨ।
ਸੰਭਵ ਹੈ ਇਹ ਸੰਗਮ ਇਕ ਦੂਜੀ ਦੀ ਹੋਂਦ ਦੀ ਲੋੜ ਹੋਵੇ। ਕਲਾ ਦੀ ਪੌਣ ਪਾਣੀ ਜਿੰਨੀ ਲੋੜ ਹੋਵੇ। ਸੰਸਕ੍ਰਿਤੀ, ਜੈਵਕਤਾ (ਬਾਇਓਲੌਜੀ) ਦਾ ਅੰਗ ਬਣ ਗਈ ਹੋਵੇ। ਮੌਤ ਨੂੰ ਪੜ੍ਹਦਿਆਂ-ਸੁਣਦਿਆਂ ਅਸੀਂ ਇਜੇਹੇ ਪ੍ਰਸ਼ਨਾਂ ਦੇ ਸਾਹਮਣੇ ਹੁੰਦੇ ਹਾਂ।
ਨੱਬੇਵੇਂ ਵਰ੍ਹੇ ਤਕ ਆਉਂਦੀ-ਆਉਂਦੀ ਮਾਸੀ ਬਹੁਤ ਕੁਝ ਭੁੱਲ ਗਈ ਹੈ। ਪਰ ਉਹਨੂੰ ਜਪੁਜੀ, ਕੀਰਤਨ ਸੋਹਿਲਾ, ਰਹਿਰਾਸ ਦੀਆਂ ਬਾਣੀਆਂ ਯਾਦ ਹਨ। ਕਬੀਰ, ਫ਼ਰੀਦ, ਨੌਵੇਂ ਮਹੱਲੇ ਦੇ ਸਲੋਕ ਯਾਦ ਹਨ। ਭਾਈ ਗੁਰਦਾਸ ਦੀਆਂ ਵਾਰਾਂ ਯਾਦ ਹਨ। ਤੇ ਮੌਤ ਨੂੰ ਕਵਿਤਾ ਵੀ ਉਹਦੇ ਚੇਤੇ ਵਿਚ ਟਿਕੀ ਹੋਈ ਹੈ। ਕਹਿੰਦੀ ਹੈ, “ਬਾਣੀ ਮੈਨੂੰ ਸੁੱਖ ਦਿੰਦੀ ਹੈ ਤੇ ਜਿਉਂਦਾ ਰੱਖਦੀ ਹੈ। ਸ਼Lੁਕਰ ਐ, ਮੈਨੂੰ ਬਾਣੀ ਯਾਦ ਐ।” ਲਗਦਾ ਹੈ, ਸਾਡਾ ਜਿਉਂਦੇ ਰਹਿਣਾ ਸਾਡੀ ਸਿਮਰਤੀ ਤੇ ਵਿਸਿਮਰਤੀ ਨਾਲ਼ ਜੁੜਿਆ ਹੋਇਆ ਹੈ। ਯਾਦ ਕਰਨ ਨਾਲ਼ ਅਸੀਂ ਜਿਉਂਦੇ ਹਾਂ, ਭੁੱਲਣ ਨਾਲ਼ ਮਰ ਜਾਂਦੇ ਹਾਂ। “ਆਖਾ ਜੀਵਾਂ, ਵਿਸਰੈ ਮਰ ਜਾਓ” ਨਾਨਕ ਜੀ ਬਚਨ ਕਰਦੇ ਹਨ।
ਇਹ ਬਚਨ ਆਤਮਾ ਦੇ ਜਿਉਣ ਮਰਨ ਦਾ ਰੂਪਕ ਹੈ ਜਾਂ ਸਰੀਰ ਦੇ ਜਿਉਣ ਮਰਨ ਦਾ ਸੂਚਕ। ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਅਸੀਂ ‘ਹੋ ਰਹੇ’ ਨੂੰ ਕਿਵੇਂ ਵੇਖਦੇ ਹਾਂ: ਘਟਨਾ ਦੇ ਰੂਪ ਵਿਚ ਜਾਂ ਪ੍ਰਵਾਹ ਵਿਚ। ਜੇ ਸਭ ਕੁਝ ਘਟਨਾਵਾਂ ਵਿਚ ਘਟ ਰਿਹਾ ਹੈ, ਤਾਂ ਮਿਰਤੂ ਵੀ ਘਟਨਾ ਹੈ। ਅੰਤਮ ਘਟਨਾ। ਇੱਕੋ ਵਾਰ ਘਟਦੀ ਹੈ। ਰਸਤਾ ਕਬਰ ਵਿਚ ਡਿਗਦਾ ਹੈ, ਤਾਂ ਉਸ ਤੋਂ ਅੱਗੇ ਨਹੀਂ ਜਾਂਦਾ। ਪਰ ਜੇ ਸ੍ਰਿਸ਼ਟੀ ਪ੍ਰਵਾਹ ਹੈ, ਤਾਂ ਸਾਡੀ ਮਿਰਤੂ ਵੀ ਪ੍ਰਵਾਹ ਹੈ। ਇਹ ਅੰਤਿਮ ਘਟਨਾ ਨਹੀਂ। ਇਹ ਸਾਡੇ ਨਾਲ਼-ਨਾਲ਼ ਤੁਰਦੀ ਹੈ। ਸਰੀਰ ਤੇ ਆਤਮਾ ਦੀ ਮਿਰਤੂ ਇੱਕੋ ਹੈ। ਨਾਨਕ ਬਚਨ ਕੇਵਲ ਰੂਪਕ
ਨਹੀਂ ਹੈ।
ਬਾਣੀ ਕਹਿੰਦੀ ਹੈ ਜੀਆਂ ਅੰਦਰ ਜਿਉਣ ਦੀ ਜੁਗਤ ਧਰੀ ਹੋਈ ਹੈ। ਲਗਦਾ ਹੈ, ਜਿਹੜੀ ਚੀਜ਼ ਜਿਉਣ ਲਈ ਜ਼ਰੂਰੀ ਨਹੀਂ ਉਹ ਸਿਮਰਤੀ ਵਿਚੋਂ ਕਿਰ ਜਾਂਦੀ ਹੈ। ਜਿੰਨੀ ਕੁ ਸਿਮਰਤੀ ਕਿਰਦੀ ਹੈ, ਉਨਾ ਕੁ ਅਸੀਂ ਮਰ ਜਾਂਦੇ ਹਾਂ। ਏਸ ਉਮਰ ਵਿਚ ਮਾਸੀ ਦੀ ਸਿਮਰਤੀ ਵਿੱਚੋਂ ਬਹੁਤ ਕੁਝ ਕਿਰ ਗਿਆ ਹੈ। ਉਹੀ ਰਹਿ ਗਿਆ ਹੋਣਾ ਹੈ, ਜਿਸ ਬਿਨਾਂ ਸਰਦਾ ਨਹੀਂ। ਜੇ ਮੌਤ ਨੂੰ ਕਵਿਤਾ ਬਚ ਗਈ ਹੈ, ਤਾਂ ਮਾਸੀ ਦਾ ਉਸ ਬਿਨਾਂ ਵੀ ਸਰਦਾ ਨਹੀਂ ਹੋਣਾ।
ਜਿਸ ਸਿਮਰਤੀ ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਕਵਿਤਾ ਟਿਕੀ ਹੋਵੇ, ਉਥੇ ਵਾਸਾ ਮਿਲਣਾ ਹੀ ਇਸ ਕਵਿਤਾ ਦੀ ਵਡਿਆਈ ਹੈ। ਮੈਨੂੰ ਲਗਦਾ ਹੈ ਕਵਿਤਾ ਦਾ ਜਿਉਣ ਦੀ ਲੋੜ ਬਣਨਾ, ਇਹਦਾ ਕਾਵਿ ਧਰਮ ਹੈ; ਭਾਵੇ ਇਕ ਜਣੇ ਲਈ ਹੀ ਬਣੇ। ਮੈਨੂੰ ਮੌਤ ਨੂੰ ਕਵਿਤਾ ਏਸੇ ਲਈ ਮੁੱਲਵਾਨ ਲਗਦੀ ਹੈ।
ਇਹ ਕਵਿਤਾ ਮਿਰਤੂ ਨੂੰ ਸਵੀਕਾਰ ਹੀ ਨਹੀਂ ਕਰਦੀ, ਮਿਰਤੂ ਨੂੰ ਜਿਉਣ ਦਾ ਅੰਗ ਸਮਝਦੀ ਹੈ। ਸਵੀਕਾਰ ਬਾਹਰਲੇ ਨੂੰ ਜਾਂ ਦੂਜੇ ਨੂੰ ਕੀਤਾ ਜਾਂਦਾ ਹੈ ਅਪਣੇ ਅੰਗ ਨੂੰ ਨਹੀਂ। ਪਰ ਅਸੀਂ ਮੌਤ ਨੂੰ ਦੂਈ ਜਾਂ ਦੂਜੇ ਦੇ ਰੂਪ ਵਿਚ ਵੇਖਦੇ ਹਾਂ। ਦੂਜਾ ਭੈਅ ਹੈ। ਫ਼ਲਸਫ਼ੀ ਸਾਰਤਰ ‘ਦੂਜੇ ਨੂੰ ਦੋਜ਼ਖ਼’ ਠਹੲ ੋਟਹੲਰ ਸਿ ਹੲਲਲ ਕਹਿੰਦਾ ਹੈ। ਦੋਜ਼ਖ਼ ਵੀ ਭੈਅ ਹੈ। ਮਨੋਵਿਗਿਆਨੀਆਂ ਦਾ ਅਨੁਮਾਨ ਹੈ, ਬੰਦਾ ਦਸ ਵਿੱਚੋਂ ਨੌਂ ਖੰਡ ਭੈਅ ਵਿਚ ਰਹਿੰਦਾ ਹੈ। ਬਾਬਾ ਨਾਨਕ ਇਸ ਤੋਂ ਵੀ ਅੱਗੇ ਜਾਂਦੇ ਹਨ: ਜੀਵ ਭੈਅ ਵਿਚ ਜੰਮਦਾ ਹੈ, ਭੈਅ ਵਿਚ ਮਰਦਾ ਹੈ, ਭੈਅ ਵਿਚ ਉਹ ਹੱਸਦਾ ਹੈ, ਭੈਅ ਵਿਚ ਰੋਂਦਾ ਹੈ। ਭੈਅ ਸਾਨੂੰ ਭੈਭੀਤ ਕਰਦਾ ਹੈ। ਇਹਦੇ ਸਾਹਵੇਂ ਅਰਜਨ ਵੀ ਨਿਹੱਥਾ ਹੋ ਜਾਂਦਾ ਹੈ।
ਮੌਤ ਨੂੰ ਕਵਿਤਾ ਵਿਚ ਮਿਰਤੂ ਭਿਅੰਕਰ ਨਹੀਂ ਦਿਸਦੀ। ਉਹਦੇ ਗਲ਼ ਵਿਚ ਖੋਪਰੀਆਂ ਦੀ ਮਾਲ਼ਾ ਨਹੀਂ, ਜਬ੍ਹਾੜਿਆਂ ਵਿੱਚੋਂ ਲਹੂ ਨਹੀਂ ਚਿਉਂਦਾ। ਮਿਰਤੂ ਸਾਧਾਰਣ ਵਰਤਾਰਾ ਹੈ; ‘ਜੌਂ ਚਰਵਾਈ ਲੈਣ’ ਤੋਂ ਵੀ ਸਾਧਾਰਣ, ‘ਭਾਬੀ ਨੂੰ ਝਾਤ’ ਬੁਲਾਉਣ ਤੋਂ ਵੀ ਸਾਧਾਰਣ। ਇਹ ਰਿਹਾੜ ਕਰਦੇ ਬੱਚੇ ਵਰਗੀ ਹੈ, ਜਿਹੜਾ ਝਿੜਕ ਖਾ ਕੇ ਪਾਸੇ ਬੈਠਾ ਜਾਂਦਾ ਹੈ ਤੇ ਥੋਹੜੇ ਚਿਰ ਪਿੱਛੋਂ ਅੱਖਾਂ ਮਲ਼ਦਾ ਫੇਰ ਕੋਲ਼ ਆ ਜਾਂਦਾ ਹੈ।
ਮਿਰਤੂ ਦਾ ਇਹ ਚਿਹਰਾ ਘਰੇਲੂ ਹੈ। ਤੇ ਕੇਵਲ ਏਸੇ ਕਵਿਤਾ ਵਿਚ ਮਿਲ਼ਦਾ ਹੈ। ਨਾ ਅੱਗੇ ਨਾ ਪਿੱਛੇ। ਮੋਹਨ ਸਿੰਘ ਦੀ ਬਾਕੀ ਰਚਨਾ ਵਿਚ ਵੀ ਨਹੀਂ। ਪੰਜਾਬੀ ਦੀ ਸਮੁੱਚੀ ਨਵੀਂ ਕਵਿਤਾ ਇਹ ਤੋਂ ਕੋਰੀ ਹੈ। ਇਹ ਸਬੱਬ ਦੀ ਕਵਿਤਾ ਹੈ। ਪਰ ਹਰ ਸਬੱਬ ਬਿਲਕੁਲ ਬੇਸਬੱਬ ਨਹੀਂ ਹੁੰਦਾ। ਬਸ ਉਹ ਸਾਡੇ ਤਰਕ ਦੇ ਘੇਰੇ ਵਿਚ ਨਹੀਂ ਆਉਂਦਾ। ਰੁੱਖ ਦੀ ਜੜ੍ਹ ਸਾਨੂੰ ਦਿਸਦੀ ਨਹੀਂ।
ਮੌਤ ਨੂੰ ਕਵਿਤਾ ਦੀ ਜੜ੍ਹ ਪੰਜਾਬੀ ਦੀ ਕਾਵਿ ਪਰੰਪਰਾ ਵਿਚ ਨਹੀਂ, ਲੋਕਧਾਰਾ ਵਿਚ ਲੱਗੀ ਹੋਈ ਹੈ। ਇਹਦੀ ਸੁਰ ਲੋਕਗੀਤ ਵਾਲ਼ੀ ਅਤੇ ਆਵਾਜ਼ ਇਸਤਰੀ ਦੀ ਹੈ। ਪੰਜਾਬ ਦੀ ਇਸਤਰੀ ਲੋਕ ਗੀਤਾਂ ਵਿਚ ਹੀ ਖੁੱਲ੍ਹ ਕੇ ਬੋਲਦੀ ਹੈ। ਪੰਜਾਬੀ ਦੇ ਪੁਰਖ ਪ੍ਰਧਾਨ ਪ੍ਰਵਚਨ ਵਿਚ ਇਹਦੀ ਆਵਾਜ਼ ਗ਼ਾਇਬ ਹੈ। ਉਹ ਕੰਮ ਸਾਰਨ ਲਈ ਬੋਲਦੀ ਹੈ ਜਾਂ ਅਣਸਰਦੇ ਨੂੰ ਬੋਲਦੀ ਹੈ: “ਜੇ ਤੂੰ ਸਿਰ ਚੜ੍ਹਿਆ ਅਣਸਰਦੇ ਨੂੰ ਬੋਲੀ।” ਪਰ ਇਹਦਾ ਵੀ ਉਹਨੂੰ ਮੁੱਲ ਤਾਰਨਾ ਪੈਂਦਾ ਹੈ: “ਕਰਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ।”
ਮੌਤ ਨੂੰ ਕਵਿਤਾ ਵਿਚ ਇਸਤਰੀ ਅਪਣੇ ਵਾਂਙੂੰ (ਨਾਰੀ ਵਾਂਙੂੰ) ਬੋਲਦੀ ਹੈ; ਮਰਦ ਵਾਂਙੂੰ ਨਹੀਂ, ਨਾ ਉਹਦੇ ਬਰਾਬਰ, ਨਾ ਰੋਸ ਵਿਚ, ਨਾ ਅਣਸਰਦੇ ਨੂੰ। ਏਹੋ ਜਿਹੀ ਖਰੀ ਆਵਾਜ਼ ਪੰਜਾਬ ਦੀ ਨਾਰੀ ਕਵਿਤਾ ਵਿਚ ਵੀ ਨਹੀਂ ਸੁਣਦੀ। ਬਹੁਤੀ ਕਵਿਤਾ ਵਿਚ ਰੋਹ, ਵਿਦਰੋਹ, ਚਿੰਤਾ ਨਾਰੀ ਦੀ ਹੈ; ਪਰ ਆਵਾਜ਼ ਮਰਦਾਵੀਂ। ਅਪਣਾ ਦੁੱਖ-ਸੁੱਖ ਕਹਿਣ ਲਈ ਉਸ ਕੋਲ਼ ਅਪਣੀ ਭਾਸ਼ਾ ਨਹੀਂ। ਮਰਦ ਦੀ ਭਾਸ਼ਾ ਵਿਚ ਉਹ ਹਾਸੋਹੀਣਾ ਬਣ ਜਾਂਦਾ ਹੈ। ਜਿਵੇਂ ਰਾਣੀ ਜਿੰਦਾਂ ਨੂੰ ‘ਪੰਜਾਬ ਦਾ ਇੱਕੋ ਮਰਦ’ ਕਹਿਣ ਨਾਲ਼।
ਮਿਰਤੂ ਨਾਲ਼ ਸੰਵਾਦ ਇਸ ਕਵਿਤਾ ਦਾ ਹੋਰ ਗੁਣ ਹੈ। ਸਾਡੇ ਪਰਵਚਨ ਵਿਚ ਸੰਵਾਦ ਘੱਟ ਹੈ, ਵਿਵਾਦ ਵੱਧ। ਪਰ ਵਿਵਾਦ ਸਾਡਾ ਵਿਰਸਾ ਨਹੀਂ, ਇਤਿਹਾਸ ਦਾ ਦਿੱਤਾ ਸਰਾਪ ਹੈ। ਸਾਨੂੰ ਏਨਾ ਚਿਰ ਸ਼ਸਤਰ ਚੁੱਕਣੇ ਪਏ ਕਿ ਅਸੀਂ ਭੁੱਲ ਗਏ ਰੱਖਣੇ ਕਿਵੇਂ ਹਨ? ਸਾਡੇ ਹੱਥ ਹੀ ਸ਼ਸਤਰ ਬਣ ਗਏ ਹਨ। ਸ਼ਸਤਰ ਹੀ ਗੁਰੂ ਪੀਰ। ਤੇ ਯੁੱਧ ਸਾਡਾ ਧਰਮ।
ਸ਼ਸਤਰ ਵੈਰੀ ‘ਤੇ ਹੀ ਨਹੀਂ ਉਸ ਭਾਸ਼ਾ ‘ਤੇ ਵੀ ਵਾਰ ਕਰਦੇ ਹਨ, ਜਿਹੜੀ ਸ਼ਸਤਰ ਮਹਿਮਾ ਨਹੀਂ ਕਰਦੀ। ਵੇਖੋ ਸਾਡੀ ਮੁਖ ਕਿਰਿਆ ‘ਕਰਨਾ’ ਕਿਵੇਂ ‘ਮਾਰਨਾ’ ਬਣ ਗਈ ਹੈ: ਅਸੀਂ ਗੱਲਾਂ ਮਾਰਦੇ ਹਾਂ, ਝੂਠ ਮਾਰਦੇ ਹਾਂ, ਮੌਜ ਮਾਰਦੇ ਹਾਂ। ਸੈਂਕੜੇ ਚੀਜ਼ਾਂ ਹਨ; ਜਿਹੜੀਆਂ ਅਸੀ ਹੁਣ ਕਰਦੇ ਨਹੀਂ, ਮਾਰਦੇ ਹਾਂ। ਵਿਆਕਰਣ ਦੀ ਕਿਰਿਆ ਜਿਉਣ ਦੀ ਕਿਰਿਆ ਤੋਂ ਵੱਖਰੀ ਨਹੀਂ ਹੁੰਦੀ। ਲਗਦਾ ਹੈ, ਸਾਡੇ ਹਰ ਕਰਨ ਵਿਚ ਮਰਨ ਰਲ਼ ਜਾਂਦਾ ਹੈ। ਹੱਥ ਹਥਿਆਰ ਬਣਦੇ ਹਨ, ਤਾਂ ਹਰ ਛੁਹ ਵਲੂੰਧਰੀ ਜਾਂਦੀ ਹੈ।
ਸ਼ਸਤਰਬੱਧ ਭਾਸ਼ਾ ਵਿਚ ਸੰਵਾਦ ਨਹੀਂ ਹੋ ਸਕਦਾ। ਪੰਜਾਬੀ ਬੰਦਾ ਵੈਰੀ ਨਾਲ਼ ਗੱਲ ਨਹੀਂ ਕਰਦਾ। ਮਰਦਾ ਹੈ ਜਾਂ ਮਾਰਦਾ ਹੈ। ਇਸ ਲਈ ਉਹ ਮਿਰਤੂ ਨਾਲ਼ ਗੱਲ ਨਹੀਂ ਕਰ ਸਕਦਾ।
ਮੌਤ ਨੂੰ ਕਵਿਤਾ ਵਿਚ ਇਹ ਗੱਲਬਾਤ ਇਸਤਰੀ ਕਰਦੀ ਹੈ। ਸਾਵਿਤਰੀ-ਸੱਤਿਆਵਾਨ ਮਿੱਥ ਵਿਚ ਵੀ ਇਸਤਰੀ ਹੀ ਇਹ ਭੂਮਿਕਾ ਨਿਭਾਉਂਦੀ ਹੈ। ਅਸਲ ਵਿਚ ਮਿਰਤੂ ਨਾਲ਼ ਵਾਰਤਾਲਾਪ ਇਸਤਰੀ ਵੀ ਨਹੀਂ ਕਰਦੀ, ਇਸਤਰੀ ਦੇ ਰੂਪ ਵਿਚ ਜਨਨੀ ਕਰਦੀ ਹੈ। ਉਹੀ ਇਹਦੀ ਭਾਸ਼ਾ ਜਾਣਦੀ ਹੈ। ਇਹ ਭਾਸ਼ਾ ਉਹ ਜਣੇਪੇ ਦੀ ਪੀੜ ਵਿੱਚੋਂ ਸਿਖਦੀ ਹੈ।
ਤਰਕ ਵਿਤਰਕ ਤੇ ਹਾਰ ਜਿੱਤ ਦੀ ਭਾਸ਼ਾ ਵਿਚ ਇਹ ਵਾਰਤਾਲਾਪ ਅਸੰਭਵ ਹੈ। ਸਵੀਡਨ ਦੇ ਫ਼ਿਲਮ ਨਿਰਦੇਸ਼ਕ ਇੰਗਮਾਰ ਬਰਗਮਾੱਨ ਦੀ ਫ਼ਿਲਮ ਸੈਵਨਥ ਸੀਲ ਵਿਚ ਮਨੁੱਖ ਮਿਰਤੂ ਨਾਲ਼ ਸ਼ਤਰੰਜ ਦੀ ਬਾਜ਼ੀ ਲਾਉਂਦਾ ਹੈ। ਸਤਰੰਜ ਦੀ ਭਾਸ਼ਾ ਹਾਰ ਜਿੱਤ ਦੀ ਭਾਸ਼ਾ ਹੈ, ਯੁੱਧ ਦੀ ਭਾਸ਼ਾ ਹੈ। ਇਸ ਕਰਕੇ ਵਾਰਤਾਲਾਪ ਦੀ ਖੇਡ ਸਿਰੇ ਨਹੀਂ ਚੜ੍ਹਦੀ।
ਸਾਵਿੱਤਰੀ ਯਮਰਾਜ ਵਾਰਤਲਾਪ ਮਿਰਤੂ ਦੀ ਪਰਿਭਾਸ਼ਾ ਬਾਰੇ ਹੈ। ਸੱਤਿਆਵਾਨ ਦਾ ਸਜਿੰਦ ਹੋਣਾ ਇਸਦਾ ਪਰਿਣਾਮ ਹੈ। ਉਹ ਅਪਣੀ ਆਈ ਤੇ ਘਟ ਚੁੱਕਾ ਹੈ। ਸਾਵਿਤਰੀ ਇਸ ਘਟਨਾ ਨੂੰ ਅਣਘਟ ਅਤੇ ਆਈ ਨੂੰ ਅਣਆਈ ਕਰਨਾ ਚਾਹੁੰਦੀ ਹੈ।
ਬਰਜਮੱਾਨ ਦੀ ਫ਼ਿਲਮ ਵਿਚ ਸ਼ਤਰੰਜ ਦੀ ਖੇਡ ਮਿਰਤੂ ਦੇ ਆਉਣ ਦੀ ਘੜੀ ਨੂੰ ਖੁੰਝਾਉਣ ਵਾਸਤੇ ਖੇਡੀ ਜਾਂਦੀ ਹੈ। ਬੰਦਾ, ਹਾਰਨ ਲੱਗਾ, ਹੱਥ ਮਾਰ ਕੇ ਨਰਦਾਂ ਖਿੰਡਾ ਦਿੰਦਾ ਹੈ। ਸੋਚਦਾ ਹੈ, ਮਿਰਤੂ ਨੂੰ ਯਾਦ ਨਹੀ ਰਹਿਣਾ, ਕਿਹੜੀ ਨਰਦ ਕਿੱਥੇ ਪਈ ਸੀ। ਖੇਡ ਮੁੱਢ ਤੋਂ ਸ਼ੁਰੂ ਕਰਨੀ ਪਵੇਗੀ ਤੇ ਮਿਰਤੂ ਦਾ ਵੇਲਾ ਖੁੰਝ ਜਾਵੇਗਾ।
ਦੋਵੇਂ ਸੰਵਾਦ ਮਿਰਤੂ ਦੀ ਅਟੱਲਤਾ ਬਾਰੇ ਹਨ। ਦੋਵੇਂ ਮਿਰਤੂ ਨੂੰ ਸਮੱਸਿਆ ਸਮਝਦੇ ਹਨ ਤੇ ਇਹਨੂੰ ਹੱਲ ਕਰਨ ਦਾ ਯਤਨ ਕਰਦੇ ਹਨ।
ਮੌਤ ਨੂੰ ਕਵਿਤਾ ਵਿਚ ਮਿਰਤੂ ਸਮੱਸਿਆ ਨਹੀਂ ਹੈ। ਕਵਿਤਾ ਚੀਜ਼ਾਂ ਨੂੰ ਸਮੱਸਿਆ-ਗ੍ਰਸਤ ਦ੍ਰਿਸ਼ਟੀ ਨਾਲ਼ ਵੇਖਦੀ ਹੀ ਨਹੀਂ। ਸਮੱਸਿਆਵਾਂ ਮਨੁੱਖੀ ਲੋੜਾਂ ਤੋਂ ਉਪਜਦੀਆਂ ਹਨ। ਲੋੜ ਵਾਲ਼ੀ ਅੱਖ ਨਾਲ਼ ਰੁੱਖ ਸ਼ਾਇਦ ਲੱਕੜ ਦਿਸੇ ਤੇ ਗੁਲਾਬ ਗੁਲਕੰਦ। ਕਵਿਤਾ ਦਾ ਧਰਮ ਰੁੱਖ ਨੂੰ ਰੁੱਖ ਵੇਖਣਾ ਹੈ ਤੇ ਫੁੱਲ ਨੂੰ ਫੁੱਲ। ਰੁੱਖ ਤੇ ਫੁੱਲ ਉਨਾਂ ਚਿਰ ਹੀ ਬਚੇ ਰਹਿਣਗੇ, ਜਿੰਨਾਂ ਚਿਰ ਉਹ ਕਵਿਤਾ ਦੀ ਅੱਖ ਨਾਲ਼ ਵੇਖੇ ਜਾਣਗੇ। ਅਜ ਦੇ ਪਰਿਆਵਰਣ ਦੀ ਦੁਰਦਸ਼ਾ ਤੇ ਪਰਦੂਸ਼ਣ ਕਵਿਤਾ ਵੱਲੋਂ ਬੇਮੁਖ ਹੋਣ ਕਰਕੇ ਵੀ ਹੈ। ਇਸ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਕਵਿਤਾ ਸਾਡੇ ਹੋਣ ਦੀ ਜ਼ਰੂਰਤ ਹੈ।
ਮੌਤ ਨੂੰ ਕਵਿਤਾ ਕਿਸੇ ‘ਮਸਲੇ’ ਨਾਲ਼ ਮੈਲ਼ੀ ਨਹੀਂ ਹੋਈ ਹੈ। ਮਸਲੇ ਮਿਰਤੂ ਨੂੰ ਫ਼ਤਹਿ ਕਰਨ ਦੀ ਲੋੜ ਵਿੱਚੋਂ ਪੈਦਾ ਹੁੰਦੇ ਹਨ। ਉਹ ਲੋੜ ਇਸ ਕਵਿਤਾ ਵਿਚ ਹੈ ਨਹੀਂ। ਲਗਦਾ ਹੈ, ਬੰਦਾ ਮੌਤ ਨਾਲ਼ ਹਮੇਸ਼ਾਂ ਸਪੇਨੀ ਨਾਵਲਕਾਰ ਸਰਵਾਂਤੇ ਦੇ ਡਾਨ ਕਿਹੋਤੇ ਵਾਂਙ ਲੜਦਾ ਰਿਹਾ ਹੈ, ਜਿਹਨੂੰ ਸਾਹਮਣੇ ਧੂੜ ਵਿਚ ਆਉਂਦੀਆਂ ਭੇਡਾਂ ਵੈਰੀ ਦਲ ਦਿਸਦੀਆਂ ਸਨ।
ਨਾਇਕ ਬਣਨ ਲਈ ਬੰਦੇ ਨੂੰ ਕੀ-ਕੀ ਨਹੀਂ ਕਰਨਾ ਪੈਂਦਾ? ਇਸਤਰੀ ਇਸ ਆਪ-ਸਹੇੜੀ ਬਲਾ ਤੋਂ ਮੁਕਤ ਹੈ। ਉਹਨੂੰ ਚੀਜ਼ਾਂ ਨੂੰ ਧੂੜ ਵਿਚ ਵੇਖਣ ਦੀ ਲੋੜ ਨਹੀਂ।
ਮੌਤ ਨੂੰ ਕਵਿਤਾ ਵਿਚਲਾ ਨਿਰਮਲ ਤੇ ਨਿਰਮਾਣ ਬਿੰਬ ਪੰਜਾਬੀ ਦੀ ਬਾਕੀ ਕਵਿਤਾ ਵਿਚ ਦੁਰਲੱਭ ਹੈ।
ਇਸ ਕਵਿਤਾ ਵਿਚ ਮਿਰਤੂ ਨਾਲ਼ ਵਾਰਤਾਲਾਪ ਵੀ ਨਿਆਰਾ ਹੈ। ਵਾਰਤਾਲਾਪ ਕਵਿਤਾ ਤੋਂ ਪਹਿਲਾਂ ਸ਼ੁਰੂ ਹੋਇਆ ਹੁੰਦਾ ਹੈ। ਕਵਿਤਾ ਜਿਸ ਪ੍ਰਸ਼ਨ ਦੁਆਲੇ ਮਿਰਤੂ ਕਵਿਤਾ ਘੁੰਮਦੀ ਹੈ, ਉਹ ਕਵਿਤਾ ਤੋਂ ਬਾਹਰ ਹੈ। ਸ਼ਾਇਦ ਸ਼Lੂਨਯ ਹੀ ਕਵਿਤਾ ਦੀ ਧੁਰੀ ਹੈ, ਜਿਹਦੇ ਆਲ਼ੇ-ਦੁਆਲ਼ੇ ਉਹ ਰੂਪ ਸਾਜਦੀ ਹੈ। ਹੋਣ ਅਤੇ ਅਣਹੋਣ ਦਾ ਵਾਰਤਾਲਾਪ ਸਦਾ ਤੋਂ ਚਲ ਰਿਹਾ ਹੈ। ਇਹ ਕਵਿਤਾ ਚਲਦੇ ਵਾਰਤਾਲਾਪ ਵਿਚ ਪਰਵੇਸ਼ ਕਰਦੀ ਹੈ ਤੇ ਵਾਰਤਾਲਾਪ ਨੂੰ ਮਨੁੱਖੀ ਚਿਹਰਾ ਦੇ ਦਿੰਦੀ ਹੈ। ਕਵਿਤਾ ਵਿੱਚੋਂ ਆਦਿ-ਜੁਗਾਦੀ ਭਾਰੇ ਪ੍ਰਸਤਾਵ ਨਿਕਲ਼ ਜਾਂਦੇ ਹਨ। ਮਹਿੰਦੀ ਲਾਉਣ, ਘੋੜੀ ਗਾਉਣ ਤੇ ਪੀਂਘ ਝੂਟਣ ਜਿਹੇ ਨਿੱਕੇ-ਨਿੱਕੇ ਦ੍ਰਿਸ਼ ਪ੍ਰਵੇਸ਼ ਕਰ ਜਾਂਦੇ ਹਨ।
ਇਸ ਕਵਿਤਾ ਦੀ ਸਿਫ਼ਤ ਹੈ ਕਿ ਇਹ ਮਿਰਤੂ ਦੀ ਗੱਲ ਮਿਰਤੂ ਦੇ ਮੁਹਾਵਰੇ ਵਿਚ ਨਹੀਂ ਕਰਦੀ। ਪੰਜਾਬੀ ਦਾ ਇਹ ਮੁਹਾਵਰਾ ਇਹਦੇ ਰਾਸ ਵੀ ਨਹੀਂ ਆਉਣਾ ਸੀ। ਇਹ ਹਿੰਸਾ ਨਾਲ਼ ਵਿੰਨਿ੍ਹਆ ਹੋਇਆ ਹੈ। ਇਸ ਕਵਿਤਾ ਨੇ ਸਹਿਜ ਸੁਭਾਅ ਹੀ ਇਹ ਮੁਹਾਵਰਾ ਨਕਾਰ ਦਿੱਤਾ ਹੈ। ਅਸਲ ਵਿਚ ਕਵਿਤਾ ਮਿਰਤੂ ਨਾਲ਼ ਗੱਲ ਕਰਦੀ ਹੈ, ਮਿਰਤੂ ਬਾਰੇ ਨਹੀਂ। ਗੱਲ ਜਿਉਣ ਬਾਰੇ ਹੈ।
ਵਾਰਤਾਲਾਪ ਵਿਚ ਮਿਰਤੂ ਬੋਲਦੀ ਨਹੀਂ। ਬੋਲੀ ਵਿਚ ਗੱਲ ਬੱਝ ਜਾਂਦੀ ਹੈ। ਚੁੱਪ ਵਿਚ ਗੱਲ ਪਸਰੀ ਹੁੰਦੀ ਹੈ ਧੁੱਪ ਵਾਂਙ। ਉਹ ਅਕLਲ ਦੀ ਪੰਡ ਵਿਚ ਬੱਝਦੀ ਨਹੀਂ। ਇਸ ਕਰਕੇ ਅਸੀਂ ਚੁੱਪ ਤੋਂ ਡਰਦੇ ਹਾਂ। ਤੇ ਚਾਹੁੰਦੇ ਹਾਂ ਕਿ ਮਿਰਤੂ ਸਾਡੇ ਵਾਙੂੰ ਸਾਡੇ ਨਾਲ਼ ਬੋਲੇ। ਸਾਡੀ ਬੋਲੀ ਵਿਚ ਬੋਲੇ।
ਪਰ ਕਵੀ ਮਿਰਤੂ ਦੇ ਮੂੰਹ ਵਿਚ ਮਨੁੱਖੀ ਜ਼ਬਾਨ ਪਾਉਣ ਦੀ ਉਕਾਈ ਨਹੀਂ ਕਰਦਾ। ਸੋ ਵਾਰਤਾਲਾਪ ਦੋਹਾਂ ਜ਼ਬਾਨਾਂ ਵਿਚ ਹੁੰਦਾ ਹੈ। ਸਾਨੂੰ ਲਗਦਾ ਹੈ, ਵਾਰਤਾਲਾਪ ਕੇਵਲ ਸਾਡੀ ਬੋਲੀ ਵਿਚ ਹੀ ਹੋ ਰਿਹਾ ਹੈ। ਬੋਲ ਕੇਵਲ ਅਸੀਂ ਰਹੇ ਹਾਂ, ਮਿਰਤੂ ਕੇਵਲ ਸੁਣ ਰਹੀ ਹੈ। ਇਹ ਸਾਡਾ ਭਰਮ ਹੈ। ਵਾਰਤਾਲਾਪ ਕੇਵਲ ਬੋਲ ਕੇ ਹੀ ਨਹੀਂ ਹੁੰਦਾ। ਅਣਬੋਲਿਆਂ ਵੀ ਬਿਰਥਾ ਜਾਣੀ ਜਾ ਸਕਦੀ ਹੈ।
ਮੌਤ ਕਵਿਤਾ ਦੇ ਹਰ ਬੰਦ ਦਾ ਅੰਤ ਮਿਰਤੂ ਨੂੰ ਆਖੇ ਨਾਲ਼ ਹੁੰਦਾ ਹੈ: ‘ਸਾਹ ਲੈ ਮੌਤੇ ਕਾਹਲ਼ੀਏ ਮੈਂ ਅਜੇ ਨਾ ਵਿਹਲੀ।’ ਪਹਿਲੇ ਬੰਦ ਦੇ ਅੰਤ ਅਤੇ ਦੂਜੇ ਬੰਦ ਦੇ ਜਨਮ ਵਿਚਕਾਰ ਖੱਪਾ ਹੈ; ਸ਼ੂਨਯ ਹੈ; ਰਹਾਓ ਹੈ। ਤੇ ਇਹ ਚੁੱਪ ਹੈ। ਇਹ ਚੁੱਪ ਮਿਰਤੂ ਦਾ ਸੰਵਾਦ ਹੈ। ਇਸ ਸ਼ੂਨਯ ਵਿਚ ਪਹਿਲੇ ਬੰਦ ਦੀ ਮਿਰਤੂ ਹੈ ਤੇ ਦੂਜੇ ਦਾ ਜਨਮ ਹੈ। ਇਹ ਹੋਣ ਅਤੇ ਨਾ ਹੋਣ ਦਾ ਰਿਦਮ ਹੈ। ਅਸੀਂ ਤੁਰਦੇ ਹਾਂ; ਤਾਂ ਇਕ ਪੈਰ ਧਰਤੀ ‘ਤੇ ਹੁੰਦਾ ਹੈ, ਦੂਜਾ ਸ਼ੂਨਯ ਵਿਚ। ਇਹ ਹੋਣ ਅਤੇ ਅਣਹੋਣ ਦਾ, ਜਿਉਣ ਅਤੇ ਮਿਰਤੂ ਦਾ ਵਾਰਤਾਲਾਪ ਹੈ।
ਮੌਤ ਕਵਿਤਾ ਹੋਣ ਅਤੇ ਅਣਹੋਣ ਦੇ ਰਿਦਮ ਵਿਚ ਲਿਖੀ ਗਈ ਹੈ। ਸਾਡੇ ਜਿਉਣ ਦੀ ਕਰਮਗਤੀ ਵੀ। ਜਿਉਣਾ ਰੰਗਾਂ ਦਾ ਅਚੰਭਾ ਛੰਭ ਹੈ, ਪੂਰਨ ਸਿੰਘ ਕਿਸੇ ਕਵਿਤਾ ਵਿਚ ਕਹਿੰਦਾ ਹੈ। ਪਰ ਇਹ ਦਿਸਦਾ ਛੰਭ ਤੋਂ ਬਾਹਰ ਖੜ੍ਹ ਕੇ ਹੈ। ਉਹ ਬਾਹਰ ਬਿਲਕੁਲ ਬਾਹਰ ਨਹੀਂ, ਖੱਪੇ ਵਾਲ਼ੀ ਥਾਂ ਹੈ। ਜਿਉਣਾ ਵਿਆਹ ਵਰਗਾ ਹੈ, ਮੋਹਨ ਸਿੰਘ ਇਸ ਕਵਿਤਾ ਵਿਚ (ਰੂਪਕ ਵਜੋਂ) ਕਹਿੰਦਾ ਹੈ। ਪਰ ਇਹ ਵਿਆਹ ਤਾਂ ਹੀ ਹੈ ਕਿ ਇਸ ਵਿਚ ਮਿਰਤੂ ਵੀ ਸ਼ਾਮਲ ਹੈ। ਵਿਆਹ ਵਿਚ ਆਈਆਂ ਮੇਲਣਾਂ ਵਿਚ ਮੇਲਣ ਹੈ, ਜਿਸ ਨਾਲ਼ ਵਿਚ-ਵਿਚ ਗੱਲਬਾਤ ਕਰਨੀ ਪੈਂਦੀ ਹੈ।
ਇਹ ਕਵਿਤਾ ਦਸਦੀ ਹੈ ਕਿ ਮਿਰਤੂ ਦੀ ਅੱਖ ਨਾਲ਼ ਵੇਖਿਆਂ ਹੀ ਜਿਉਣਾ ਚੰਗਾ ਲਗਦਾ ਹੈ। ਦੁਨੀਆ ਸੁਹਣੀ ਲਗਦੀ ਹੈ। ਸੁਹਜ ਹੈ ਹੀ ਮਿਰਤੂ ਕਰਕੇ। ਫੁੱਲਾਂ ਵਿਚ ਰੰਗ ਤੇ ਸੁਗੰਧ ਮਿਰਤੂ ਦੀ ਹੈ। ਸਦਾ ਬਹਾਰ ਰੁੱਖਾਂ ਨੂੰ ਰੰਗ ਨਹੀਂ ਲਗਦੇ। ਉਹ ਇਕੋ ਰੁੱਤ ਦੇ ਸਰਾਪ ਵਿਚ ਰਹਿੰਦੇ ਹਨ।
ਮਾਸੀ ਕਹਿੰਦੀ ਹੈ: “ਹੁਣ ਮੈਂ ਵਿਹਲੀ ਆਂ, ਬਥੇਰਾ ਜਿਉਂ ਲਿਆ ਹੈ।” ਭਾਈ ਗੁਰਦਾਸ ਨੂੰ ਯਾਦ ਕਰਨ ਲਗਦੀ ਹੈ:

ਅੱਖੀਂ ਵੇਖ ਨ ਰਜੀਆ, ਬਹੁ ਰੰਗ ਤਮਾਸੇ॥
ਉਸਤਤਿ ਨਿੰਦਾ ਕੰਨਿ ਸੁਣਿ, ਰੋਣੇ ਤੇ ਹਾਸੇ॥
ਸਾਦੀ ਜੀਭ ਨ ਰਜੀਆ, ਕਰ ਭੋਗ ਬਿਲਾਸੇ॥
ਨਕ ਨ ਰਜਾ ਵਾਸੁ ਲੈ, ਦੁਰਗੰਧ ਸੁਵਾਸੇ॥
ਰਜਿ ਨ ਕੋਈ ਜੀਵਿਆ, ਕੂੜੇ ਭਰਵਾਸੇ॥

-ਨਵਤੇਜ ਭਾਰਤੀ

ਮੋਹਨ ਸਿੰਘ ਦੀ ਇਹ ਕਵਿਤਾ ਰੱਜਣ ਨੂੰ ਕੂੜਾ ਨਹੀਂ ਸਮਝਦੀ। ਇਹ ਕਹਿੰਦੀ ਹੈ, ਜਿਉਣਾ ਏਨਾ ਰਸਵੰਤ ਹੈ ਕਿ ਇਹਦਾ ਰੱਜ ਨਹੀਂ ਆਉਂਦਾ। ਇਹੀ ਗੱਲ ਡੇਢ ਸਦੀ ਪਹਿਲਾਂ ਅਮਰੀਕਨ ਕਵੀ ਐਮਿਲੀ ਡਿਕਨਸਨਸ ਨੇ ਕਹੀ ਸੀ, “ਜਿਉਣਾ ਹੀ ਏਨਾ ਅਚੰਭੇ ਭਰਿਆ ਹੈ ਕਿ ਹੋਰ ਕੰਮ ਲਈ ਵਿਹਲ ਹੀ ਨਹੀਂ ਦਿੰਦਾ।”
ਮਾਸੀ ਵੀ ਵਿਹਲੀ ਨਹੀਂ। ਉਹ ਜਿਉਣ ਦਾ ਕੰਮ ਕਰੀ ਜਾ ਰਹੀ ਹੈ। ਨਾਲ਼ ਦੇ ਸੰਗੀ-ਸਾਥੀ ਤੁਰ ਗਏ ਹਨ। ਹਾਣ ਦਾ ਬੇਲੀ ਚਲਾ ਗਿਆ ਹੈ। ਕਦੇ-ਕਦੇ ਬਾਣੀ ਦੀ ਥਾਂ ਹੋਠਾਂ ‘ਤੇ ਰੋਸਾ ਆ ਜਾਂਦਾ ਹੈ:

ਸੰਜੋਗ ਤੋਂ ਵਿਜੋਗ ਲਿਖ ਤੇ
ਹੱਥ ਚੰਦਰੇ ਦੇ ਕਲਮ ਫੜਾਈ॥

15 ਅਗਸਤ, 2006

ਸਾਵੇ ਪੱਤਰ

ਤੇਜਵੰਤ ਸਿੰਘ ਗਿੱਲ

ਮੋਹਨ ਸਿੰਘ ਦਾ ਪਹਿਲਾ ਕਾਵਿ-ਸੰਗ੍ਰਹਿ ਸਾਵੇ ਪੱਤਰ ਪਹਿਲੀ ਵਾਰ 1936 ਵਿਚ ਛਪਿਆ ਸੀ। ਉਸ ਸਮੇਂ ਮੋਹਨ ਸਿੰਘ ਦੀ ਉਮਰ 31 ਸਾਲ ਸੀ। ਇਸ ਉਪਰੰਤ ਉਹ 42 ਸਾਲ ਹੋਰ ਜੀਵਿਆ। ਉਨ੍ਹਾਂ ਸਾਲਾਂ ਵਿਚ ਉਸ ਨੇ ਨੌਂ ਹੋਰ ਕਾਵਿ-ਸੰਗ੍ਰਹਿ ਛਪਵਾਏ, ਜਿਨ੍ਹਾਂ ਵਿੱਚੋਂ ਨਾਨਕਾਇਣ ਗੁਰੂ ਨਾਨਕ ਦੇਵ ਬਾਰੇ ਲਿਖਿਆ ਮਹਾਂ-ਕਾਵਿ ਸੀ। ਇਸ ਤੋਂ ਬਿਨਾਂ ਉਸ ਨੇ ਉਨੀਵੀਂ ਸਦੀ ਦੇ ਅੰਗਰੇਜ਼ ਕਵੀ ਐਡਵਿਨ ਆਰਨਲਡ ਦੇ ਮਹਾਤਮਾ ਬੁੱਧ ਦੇ ਜੀਵਨ ਤੇ ਲਿਖੇ ਮਹਾਂਕਾਵਿ ਦਾ ਏਸ਼ੀਆ ਦਾ ਚਾਨਣ ਨਾਂ ਹੇਠ ਅਨੁਵਾਦ ਵੀ ਕੀਤਾ। ਅਨੁਵਾਦ ਤਾਂ ਉਸਨੇ ਪੁਰਾਤਨ ਯੂਨਾਨੀ ਕਾਵਿ-ਨਾਟ ਦਾ ਵੀ ਕੀਤਾ, ਜੋ ਸੋਫ਼ੋਕਲੀਜ਼ ਨਾਲ਼ ਸੰਬੰਧ ਰੱਖਦੀ ਤ੍ਰਿੱਕੜੀ ਦਾ ਪ੍ਰਥਮ ਭਾਗ ਸੀ।
ਇਸ ਵੇਰਵੇ ਤੋਂ ਸਹਿਜੇ ਹੀ ਅਨੁਮਾਨ ਹੋ ਜਾਂਦਾ ਹੈ ਕਿ 1978 ਵਿਚ ਜੀਵਨ-ਲੀਲਾ ਸਮਾਪਤ ਹੋਣ ਤਕ ਮੋਹਨ ਸਿੰਘ ਕਾਵਿ-ਸਾਧਨਾ ਨਾਲ਼ ਨਿਰੰਤਰ ਜੁੜਿਆ ਰਿਹਾ। ਉਸ ਦੇ ਸਭ ਤੋਂ ਸੰਜੀਦਾ ਅਤੇ ਸੂਝਵਾਨ ਸਮੀਖਿਅਕ ਸੰਤ ਸਿੰਘ ਸੇਖੋਂ ਦੀ ਰਾਏ ਵਿਚ ਉਹ ਇੱਕੋ-ਇੱਕ ਪੰਜਾਬੀ ਕਵੀ ਸੀ, ਜਿਸ ਨੇ ਨਿਰੰਤਰ ਵਿਕਾਸ ਦਾ ਪ੍ਰਮਾਣ ਦਿੱਤਾ।
ਪਾਠਕ-ਜਗਤ ਲਈ ਅਸਲੀ ਮੋਹਨ ਸਿੰਘ ਸਾਵੇ ਪੱਤਰ ਵਾਲ਼ਾ ਹੀ ਹੈ। ਬਾਅਦ ਵਿਚ ਉਸਦੀਆਂ ਰਚਨਾਵਾਂ ਛਪਦੀਆਂ ਰਹੀਆਂ ਹਨ, ਪਰ ਜੋ ਚਮਤਕਾਰ ਉੇਸਦੇ ਪਹਿਲੇ ਕਾਵਿ-ਸੰਗ੍ਰਹਿ ਵਿਚ ਮੋਹਨ ਸਿੰਘ ਦੇ ਹਿੱਸੇ ਆਇਆ, ਉਸ ਦੀ ਤਾਂ ਬਾਤ ਹੀ ਹੋਰ ਸੀ। ਜਿਉਂਦਿਆਂ ਮੋਹਨ ਸਿੰਘ ਆਪ ਜਦ ਇਸ ਤਰ੍ਹਾਂ ਦੀ ਸਲਾਹੁਣਾ ਸੁਣਦਾ ਸੀ, ਤਾਂ ਦੰਗ ਹੋਣ ਦੀ ਥਾਂ ਗਦ-ਗਦ ਹੋ ਉੱਠਦਾ ਸੀ। ਇਕ-ਦੋ ਨੂੰ ਛੱਡ ਕੇ ਉਸਦੇ ਸਮੀਖਿਅਕ ਵੀ ਸਾਵੇ ਪੱਤਰ ਦੀ ਇਸ ਸਲਾਹੁਣਾ ਨੂੰ ਮੋਹਨ ਸਿੰਘ ਦੇ ਸਮੁੱਚੇ ਕਾਵਿ ਦੇ ਮੁਲੰਕਣ ਵਿਚ ਕੋਈ ਰੁਕਾਵਟ ਮਹਿਸੂਸ ਨਹੀਂ ਸਨ ਕਰਦੇ।
ਸਹਿਜੇ ਹੀ ਇਸ ਪੜਾਅਤੇ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਸਾਵੇ ਪੱਤਰ ਦੀ ਇਹ ਸਲਾਹੁਣਾ ਕੀ ਕੇਵਲ ਮੋਹਨ ਸਿੰਘ ਦੇ ਪ੍ਰਥਮ ਕਾਵਿ-ਸੰਗ੍ਰਹਿ ਕਰਕੇ ਹੈ? ਬਹੁਤ ਵਾਰ ਮਾਪਿਆਂ ਨੂੰ ਹੀ ਨਹੀਂ, ਰਿਸ਼ਤੇਦਾਰਾਂ ਅਤੇ ਏਥੋਂ ਤਕ ਸਨੇਹੀਆਂ ਨੂੰ ਵੀ ਜੇਠਾ ਪੁੱਤਰ ਖਾਸ ਤੌਰ ਤੇ ਪਿਆਰਾ ਲੱਗਣ ਲੱਗ ਜਾਂਦਾ ਹੈ। ਦੂਜੀ ਤਰ੍ਹਾਂ ਕੀ ਇਸ ਦਾ ਭਾਵ ਇਹ ਵੀ ਬਣਦਾ ਹੈ ਕਿ ਤੀਹਵਿਆਂ ਵਿਚ ਜਦੋਂ ਇਹ ਕਾਵਿ-ਸੰਗ੍ਰਹਿ ਛਪਿਆ, ਤਾਂ ਇਸਦਾ ਸਾਹਿਤਕ ਦੇ ਨਾਲ਼ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਸੀ। ਸੱਤ ਦਹਾਕੇ ਬੀਤ ਜਾਣਤੇ ਉਹ ਮਹੱਤਵ ਲੋਪ ਨਹੀਂ ਹੋਇਆ; ਸਗੋਂ ਇਸ ਪੜਾਅ ਤੇ ਜਦ ਵਿਸ਼ਵੀਕਰਣ, ਉਦਾਰੀਕਰਣ ਅਤੇ ਮੰਡੀਕਰਣ ਦੀ ਅੰਨ੍ਹੇਵਾਹ ਦੌੜ ਨੇ ਭਾਈਚਾਰਕ ਅਤੇ ਸਭਿਆਚਾਰਕ ਜੀਵਨ ਨੂੰ ਖੋਰਾ ਲਾ ਦਿੱਤਾ ਹੈ, ਤਾਂ ਬਦਲਵੇਂ ਰੂਪ ਵਿਚ ਇਸ ਦਾ ਮਹੱਤਵ ਵੀ ਉੱਘੜ ਆਇਆ ਹੈ। ਅਤੀਤ ਲਈ ਜੋ ਇਸਦਾ ਮਹੱਤਵ ਸੀ, ਵਰਤਮਾਨ, ਸ਼ਾਇਦ ਭਵਿੱਖ ਲਈ ਇਹ ਸਾਵੇ ਪੱਤਰ ਦਾ ਮੁੱਲ ਹੋ ਨਿਬੜਿਆ ਹੈ। ਭਾਵੇਂ ਪਹਿਲੀ ਮਣੌਤ ਨੂੰ ਮੁੱਢੋਂ-ਸੁੱਢੋਂ ਰੱਦ ਤਾਂ ਨਹੀਂ ਕੀਤਾ ਜਾ ਸਕਦਾ; ਪ੍ਰੰਤੂ ਦੂਜੀ ਧਾਰਨਾ ਹੈ, ਜੋ ਇਸ ਅਚੰਭੇ ਨੂੰ ਖੋਲ੍ਹਣ ਲਈ ਕੁੰਜੀ ਦਾ ਕੰਮ ਦੇ ਸਕਦੀ ਹੈ। ਪਰ ਖੋਲ੍ਹਣ ਦੇ ਇਸ ਅਮਲ ਵਿਚ ਪੈਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਕੀ ਸੀ ਮੋਹਨ ਸਿੰਘ, ਕਿਹੋ ਜਹੇ ਸਨ ਉਸਦੇ ਪ੍ਰੇਰਿਕ? ਕਿਸ ਤਰ੍ਹਾਂ ਅਤੇ ਕਿਉਂ ਇਹ ਪ੍ਰੇਰਿਕ ਪ੍ਰਬਲ ਹੋਏ, ਤਾਂ ਜੋ ਸਾਵੇ ਪੱਤਰ ਦੀ ਰਚਨਾ ਸੰਭਵ ਹੀ ਨਹੀਂ ਸਗੋਂ ਸੰਭਾਵੀ, ਇਸ ਤੋਂ ਵੀ ਅਗਾਂਹ ਸੁਭਾਵਕ ਬਣ ਗਈ। ਇਸ ਖਾਤਰ ਉਸਦੇ ਪਿਛੋਕੜ, ਤਬੀਅਤ, ਤਰਬੀਅਤ, ਜੀਵਨ-ਅਨੁਭਵ ਨੂੰ ਚਿਤਾਰਣਾ ਹੋਵੇਗਾ, ਉਸ ਦੁਖਾਂਤਿਕਲੀ ਘਟਨਾ ਸਮੇਤ ਜੋ ਦੁਖਦਾਈ ਹੋਣ ਕਰਕੇ/ਬਾਵਜੂਦ ਇਸ ਕਾਵਿ-ਸੰਗ੍ਰਹਿ ਦੀ ਰਚਨਾ ਲਈ ਜ਼ਰੂਰੀ ਹੋ ਨਿਬੜੀ।

ਮੋਹਨ ਸਿੰਘ ਪੋਠੋਹਾਰ ਦਾ ਜੰਮਪਲ਼ ਸੀ। ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਇਹ ਉਹ ਇਲਾਕਾ ਸੀ, ਜਿਸ ਉੱਤੇ ਕੁਦਰਤ ਦੀ ਖ਼ਾਸ ਮਿਹਰ ਸੀ। ਉੱਥੋਂ ਦੇ ਕੁਦਰਤੀ ਨਜ਼ਾਰਿਆਂ, ਸਾਹਿਜਭਾਵ ਨਾਲ਼ ਜਿਉਂ ਰਹੇ ਵਾਸੀਆਂ, ਨਦੀਆਂ ਦੇ ਕੰਢਿਆਂ, ਖੂਹਾਂ ਦੀਆਂ ਗਾਧੀਆਂ, ਪੰਛੀਆਂ ਦੇ ਚਹਿਕਣ ਦੀਆਂ ਧੁਨਾਂ, ਸਾਰੀ ਉਮਰ ਲਈ ਨਹੀਂ ਤਾਂ ਜਵਾਨੀ ਤਕ, ਵਾਸੀਆਂ ਦੇ ਮਨਾਂਤੇ ਅਪਣਾ ਜਾਦੂ ਛੱਡ ਸਕਦੀਆਂ ਸਨ। ਚੜ੍ਹਦੀ ਉਮਰੇ ਕਾਮ-ਸੰਬੰਧ ਬਣ ਜਾਣ ਦੀ ਸੂਰਤ ਵਿਚ ਤਾਂ ਇਹ ਵਰਦਾਨ ਯਕੀਨੀ ਹੀ ਹੋ ਜਾਂਦਾ ਸੀ। ਮੋਹਨ ਸਿੰਘ ਦੀ ਸ਼ਾਦੀ ਵੀ ਚੜ੍ਹਦੀ ਉਮਰੇ ਹੋ ਗਈ ਸੀ, ਜਿਸ ਕਾਰਣ ਉਹ ਸੁੰਦਰਤਾ, ਮਧੁਰਤਾ ਅਤੇ ਬਹਿਬਲਤਾ ਜੋ ਕਾਇਨਾਤ ਤੋਂ ਨਿਸ਼ਾਵਰ ਹੁੰਦੀ ਸੀ, ਉਸ ਲਈ ਔਰਤ-ਮਰਦ ਦੇ ਸਭ ਤੋਂ ਨਿਕਟ ਮੇਲ ਵਿਚ ਭੋਗਣ ਦਾ ਸਬੱਬ ਬਣ ਗਈ। ਨਿਰਸੰਦੇਹ ਸ਼ਾਦੀ-ਸ਼ੁਦਾ ਜੀਵਨ ਦੇ ਰੁਝੇਵੇਂ ਇਸ ਤਰ੍ਹਾਂ ਦੇ ਮੇਲ ਦੀ ਰਸਿਕਤਾ ਨੂੰ ਭੰਗ ਵੀ ਕਰ ਸਕਦੇ ਸਨ। ਮੋਹਨ ਸਿੰਘ ਦੇ ਜੀਵਨ ਵਿਚ, ਜਵਾਨੀ ਵੇਲੇ ਹੀ ਜੋ ਦੁਖਾਂਤਕ ਘਟਨਾ ਵਾਪਰੀ, ਉਸਨੇ ਇਸ ਰਸਿਕਤਾ ਨੂੰ ਹੋਰ ਵੀ ਹਿਰਦੇਵੇਦਕ ਬਣਾ ਦਿੱਤਾ। ਇਹ ਸੀ ਸ਼ਾਦੀ ਤੋਂ ਸਾਲ ਦੋ ਸਾਲ ਮਗਰੋਂ ਹੀ ਉਸਦੀ ਭਰ ਜਵਾਨ ਪਤਨੀ ਦਾ ਦਿਹਾਂਤ; ਜਿਸਦੇ ਜੀਵਤ ਰਹਿਣ ਦੀ ਸੂਰਤ ਵਿਚ ਪਤਾ ਨਹੀਂ ਮੋਹਨ ਸਿੰਘ ਕਦੋਂ ਅਤੇ ਕਿੰਨੀ ਸ਼ਿੱਦਤ ਨਾਲ਼ ਕਾਵਿ-ਸਾਧਨਾ ਵਿਚ ਪੈਂਦਾ। ਜਿਵੇਂ ਸਾਵੇ ਪੱਤਰ ਵਿਚ ਆਉਂਦੀ ਬਸੰਤ ਨਾਮੀ ਕਵਿਤਾ ਵਿਚ ਮਰਹੂਮ ਪਤਨੀ ਦਾ ਕਹਿਣਾ ਹੈ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਮਰਦੀ, ਇਸ ਬੇਵਕਤ ਮੌਤ ਨੇ ਕਾਵਿ-ਸਾਧਨਾ ਵਿਚ ਪੈਣ ਤੋਂ ਬਿਨਾਂ ਉਸ ਲਈ ਕੋਈ ਰਾਹ ਹੀ ਨਾ ਛੱਡਿਆ।
ਬਚਪਨ ਤੋਂ ਜਿਸ ਨੇ ਕੁਦਰਤ ਦੀ ਸੁੰਦਰਤਾ, ਰਮਣੀਕਤਾ ਅਤੇ ਮਧੁਰਤਾ ਨੂੰ ਮਾਣਿਆ ਹੋਵੇ, ਜਵਾਨੀ ਵਿਚ ਜਿਸਦੀ ਪਤਨੀ ਦਾ ਦਿਹਾਂਤ ਹੋ ਗਿਆ ਹੋਵੇ, ਮਹਿਰੂਮੀਅਤ ਦਾ ਬੋਝ ਜਿਸ ਦੇ ਦਿਲ ਦਿਮਾਗ਼ ਤੇ ਛਾ ਗਿਆ ਹੋਵੇ, ਉਸ ਨੂੰ ਰੁਮਾਂਚਕ ਕਵੀ ਬਣਨ ਤੋਂ ਕੌਣ ਰੋਕ ਸਕਦਾ ਸੀ? ਫ਼ਾਰਸੀ ਵਿਚ ਉਸ ਨੇ ਜੋ ਉਚੇਰੀ ਵਿੱਦਿਆ ਹਾਸਿਲ ਕੀਤੀ, ਉਸਨੇ ਕਵੀ ਦੀ ਰੁਮਾਂਚਿਕ ਸੰਵੇਦਨਾ ਨੂੰ ਹੋਰ ਵੀ ਪ੍ਰਚੰਡ ਕਰ ਦਿੱਤਾ। ਉਸ ਵਕਤ ਤਕ ਫ਼ਾਰਸੀ ਅਦਬ ਵਿਚ ਮੁੱਖ ਸਥਾਨ ਸ਼ਾਇਰੀ ਦਾ ਬਣਦਾ ਸੀ, ਜਿਸ ਦੀ ਕੈਫ਼ੀਅਤ ਸੂਫ਼ੀ ਮੱਤ ਵਾਲ਼ੀ ਸੀ। ਇਸ਼ਕ ਹਕੀਕੀ ਅਤੇ ਇਸ਼ਕ ਮਿਜਾਜ਼ੀ ਨੂੰ ਇਸ ਵਿਚ ਵਿਸ਼ੇਸ਼ ਥਾਂ ਪਰਾਪਤ ਸੀ। ਫ਼ਨ੍ਹਾ ਦੀ ਹੱਦ ਤਕ ਭਾਵੇਂ ਦੋਨਾਂ ਵਿਚਕਾਰ ਵਿੱਥ ਦਾ ਤਸੱਵਰ ਬਣਦਾ ਸੀ, ਪਰ ਮੋਹਨ ਸਿੰਘ ਲਈ ਇਸ ਤਸੱਵਰ ਕਿਸੇ ਸੰਕਟ ਦੀ ਅਲਾਮਤ ਨਹੀਂ ਸੀ। ਪਹਿਲੀ ਉਮਰੇ ਹੋਈ ਸ਼ਾਦੀ ਨੇ ਉਸ ਲਈ ਦੋਨਾਂ ਇਸ਼ਕਾਂ ਦੇ ਦੁਆਰ ਖੋਲ੍ਹ ਦਿੱਤੇ, ਇਸ਼ਕ ਮਿਜ਼ਾਜੀ ਦਾ ਜਦੋਂ ਉਸ ਦੀ ਪਤਨੀ ਜੀਵਤ ਸੀ ਅਤੇ ਇਸ਼ਕ ਹਕੀਕੀ ਦਾ ਜਦੋਂ ਉਹ ਕਾਲ-ਵਸ ਹੋ ਚੁੱਕੀ ਸੀ।
ਨਾਲ਼ ਹੀ ਮੋਹਨ ਸਿੰਘ ਸਿੱਖ ਭਾਈਚਾਰੇ ਦਾ ਅਨਿੱਖੜਵਾਂ ਅੰਗ ਸੀ। ਪੋਠੋਹਾਰ ਦਾ ਜੰਮਪਲ ਹੋ ਕੇ, ਸਿੱਖ ਵਜੋਂ ਅਪਣੀ ਪਛਾਣ ਕਾਇਮ ਰੱਖਣਾ ਉਸ ਲਈ ਗੌਰਵ ਦਾ ਕਾਰਣ ਸੀ। ਸਰਹੱਦ ਪਾਰੋਂ ਜੋ ਇਸ ਇਲਾਕੇ ਤੋਂ ਦੂਰ ਨਹੀਂ ਸੀ, ਸਦੀਆਂ ਤੋਂ ਜਰਵਾਣੇ ਪੰਜਾਬਤੇ ਚੜ੍ਹਾਈ ਕਰਦੇ ਆਏ ਸਨ। ਲਤਾੜਦੇ, ਲੁੱਟਾਂ-ਖੋਹਾਂ ਕਰਦੇ, ਜ਼ੁਲਮ, ਜਬਰ ਢਾਹੁੰਦੇ ਉਹ ਅੱਗੇ ਲੰਘ ਜਾਂਦੇ ਸਨ ਅਤੇ ਮਰਜ਼ੀ ਮੁਤਾਬਕ ਵਾਪਸ ਚਲੇ ਜਾਂਦੇ ਸਨ। ਇਹ ਤਾਂ ਸਿੱਖ ਸੰਘਰਸ਼ ਦੇ ਜ਼ੋਰ ਪਕੜਣ ਨਾਲ਼ ਹੀ ਹੋਇਆ ਕਿ ਜਰਵਾਣਿਆਂ ਨੂੰ ਮੂੰਹ ਦੀ ਖਾਣੀ ਪਈ। ਪੰਜਾਬ ਦੀ ਵਸੋਂ ਵਿਚ ਅਲਪ ਸੰਖਿਆ ਹੋਣ ਦੇ ਬਾਵਜੂਦ, ਸਿੱਖਾਂ ਨੇ ਇਹ ਕੌਤਿਕ ਕਰ ਦਿਖਾਇਆ ਜੋ ਚਮਤਕਾਰ ਤੋਂ ਘੱਟ ਨਹੀਂ ਸੀ। ਪਰ ਤੀਹਵਿਆਂ ਤਕ ਪਹੁੰਚਦਿਆਂ ਸਥਿਤੀ ਬਦਲ ਚੁੱਕੀ ਸੀ। ਪੰਜਾਬ ਦੀਆਂ ਤਿੰਨਾਂ ਹੀ ਸੰਪਰਦਾਵਾਂ, ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿਚ ਫ਼ਿਰਕੂ ਭਾਵਨਾ ਨੇ ਜ਼ੋਰ ਪਕੜ ਲਿਆ ਸੀ। ਅਲਪ ਸੰਖਿਆ ਹੋਣ ਕਾਰਣ, ਸਿੱਖ ਭਾਈਚਾਰੇ ਨੂੰ ਇਸ ਫ਼ਿਰਕੂਵਾਦ ਤੋਂ ਖ਼ਤਰਾ ਸਭ ਤੋਂ ਵਧੇਰੇ ਸੀ, ਪੋਠੋਹਾਰ ਦੇ ਇਲਾਕੇ ਵਿਚ ਤਾਂ ਖ਼ਾਸ ਕਰਕੇ ਜਿੱਥੇ ਨਾ ਤਾਂ ਬਾਕੀ ਪੰਜਾਬ ਵਿਚ ਵਸੇ ਸਿੱਖ ਸੁਰੱਖਿਆ ਯਕੀਨੀ ਬਣਾ ਸਕਦੇ ਸਨ, ਨਾ ਆਤਮ-ਸੁਰੱਖਿਆ ਲਈ ਹੀ ਕੋਈ ਸਰੋਤ ਜੁਟਾਇਆ ਜਾ ਸਕਦਾ ਸੀ।
ਇਹ ਸਨ ਮੂਲ ਪ੍ਰੇਰਿਕ, ਜਿਹੜੇ ਸਾਵੇ ਪੱਤਰ ਦੀ ਰਚਨਾ ਵੇਲੇ ਤਕ ਮੋਹਨ ਸਿੰਘ ਦੇ ਦਿਲ-ਦਿਮਾਗ਼ ਵਿਚ ਵਾਸਾ ਕਰ ਚੁੱਕੇ ਸਨ। ਉਹ ਝੁਰਮਟ ਵਾਂਗ ਵਿਚਰਦੇ ਸਨ, ਜਿਨ੍ਹਾਂ ਦੀ ਸਹਿ-ਹੋਂਦ ਵਿਚ ਹੀ ਉਹਨਾਂ ਦੀ ਸਵੈ-ਹੋਂਦ ਦਾ ਇਕਰਾਰ ਸੀ। ਝਮਘੱਟ ਵਾਂਗ ਉਹ ਟੱਕਰ-ਟਕਰਾ ਵਿਚ ਆਏ ਹੋਣ, ਇਸਦਾ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਤੋਂ ਕੋਈ ਪਰਤੱਖ ਪ੍ਰਮਾਣ ਨਹੀਂ ਮਿਲਦਾ। ਕਾਵਿ-ਸੰਗ੍ਰਹਿ ਦੇ ਨਾਂ ਵਾਲ਼ੀ ਨਿੱਕੀ ਜਹੀ ਕਵਿਤਾ ਨਾਲ਼ ਇਸਦੇ ਭੇਤ ਖੁੱਲ੍ਹਣੇ ਆਰੰਭ ਹੁੰਦੇ ਸਨ :

ਅਸੀਂ ਨਿਮਾਣੇ ਸਾਵੇ ਪੱਤਰ
ਸਾਨੂੰ ਕੌਣ ਖਿਆਲੇ।
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ
ਜਾਗੇ ਸਾਡੇ ਤਾਲੇ।
ਸੋਹਣੇ ਦੇ ਗੁਲਦਸਤੇ ਖਾਤਰ
ਜਾਣ ਜਦੋਂ ਉਹ ਲੱਗੇ,
ਖਾ ਕੇ ਤਰਸ ਅਸਾਂ ਉੱਤੇ ਵੀ
ਲੈ ਗਏ ਸਾਨੂੰ ਨਾਲ਼ੇ।

ਇਸ ਕਵਿਤਾ ਨਾਲ਼ ਖਿੜਕੀ ਖ਼ਾਸ ਕਰਕੇ ਤਾਂ ਉਹਨਾਂ ਕਵਿਤਾਵਾਂ ਉੱਤੇ ਖੁੱਲ੍ਹਦੀ ਹੈ; ਜਿਨ੍ਹਾਂ ਵਿਚ ਪੋਠੋਹਾਰ ਦੇ ਕੁਦਰਤੀ ਨਜ਼ਾਰਿਆਂ, ਖੂਹਾਂ ਦੀਆਂ ਗਾਧੀਆਂ, ਨਦੀਆਂ-ਨਾiਲ਼ਆਂ, ਚਹਿਕਦੇ ਪੰਛੀਆਂ ਅਤੇ ਸਹਿਜਭਾਵ ਜ਼ਿੰਦਗੀ ਬਿਤਾ ਰਹੇ ਇਸਦੇ ਵਾਸੀਆਂ ਦੀਆਂ ਤਸਵੀਰਾਂ, ਤਸ਼ਬੀਹਾਂ ਅਤੇ ਚਿੱਤਰ ਗੁੰਦੇ ਪਏ ਹਨ। ਇਹਨਾਂ ਵਿਚ ਗੁਲੇਲੀ, ਜੰਗਲ ਦਾ ਫੁੱਲ, ਖੂਹ ਦੀ ਗਾਧੀ ਉੱਤੇ, ਛੱਤੋ ਦੀ ਬੇਰੀ, ਸੁਹਾਂ ਦੀ ਕੰਧੀ, ਹਾਲੀ ਦਾ ਗੀਤ ਆਦਿ ਕਵਿਤਾਵਾਂ ਆ ਸ਼ੁਮਾਰ ਹੁੰਦੀਆਂ ਹਨ। ਸਾਰਿਆਂ ਵਿਚੋਂ ਸੁੰਦਰਤਾ, ਮਧੁਰਤਾ ਅਤੇ ਰਸਿੱਕਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਫੁੱਲਾਂ, ਪੰਛੀਆਂ, ਨਦੀਆਂ, ਨਾਲ਼ਿਆਂ ਤੋਂ ਇਹਨਾਂ ਦਾ ਪ੍ਰਭਾਵ ਪੈਣਾ ਸੁਭਾਵਕ ਹੈ। ਖ਼ੁਸ਼ੀ ਵਾਲ਼ੀ ਗੱਲ ਇਹ ਹੈ ਕਿ ਜਿੱਥੇ ਕਿਤੇ ਮਨੁੱਖੀ ਮਿਹਨਤ ਦੀਆਂ ਨਿਸ਼ਾਨੀਆਂ ਹਨ, ਉੱਥੇ ਵੀ ਕੁਦਰਤੀ ਵਸਤਾਂ ਨਾਲ਼ ਉਹ ਅਭੇਦ ਹੋ ਕੇ ਜੀ ਰਹੇ ਹਨ। ਖੂਹ ਦੀ ਗਾਧੀ ਤੇ ਬੈਠੇ ਵਕਤੇ ਨੂੰ ਜੋ ਟਿਕ-ਟਿਕ ਸੁਣਾਈ ਦਿੰਦੀ ਹੈ, ਉਹ ਵੀ ਪੰਛੀਆਂ ਦੇ ਚਹਿਕਣ ਨਾਲ਼ੋਂ ਘੱਟ ਮਧੁਰ ਨਹੀਂ।

ਸੁਣ ਠਕ ਠਕ, ਰੀਂ ਰੀਂ ਵਾਂ ਵਾਂ,
ਮੈਂ ਉਡ ਉਡ ਉੱਥੇ ਜਾਵਾਂ
ਜਿੱਥੇ ਅਪੜੇ ਟਾਵਾਂ ਟਾਵਾਂ
ਤੇ ਬਿਰਤੀ ਜਾਵੇ ਲੱਗ ਨੀ,
ਸਾਡੇ ਖੂਹਤੇ ਵਸਦਾ ਰੱਬ ਨੀ।

ਵਾਸਤਵ ਵਿਚ ਇਹਨਾਂ ਦੀ ਬੋਲੀ ਕੁੱਝ ਸਿੱਧ ਪੱਧਰੀਆਂ ਆਵਾਜ਼ਾਂ ਤਕ ਹੀ ਸੀਮਤ ਹੈ। ਉਹਨਾਂ ਦੇ ਸੁਣਨ ਤੋਂ ਵਕਤਾ ਨੂੰ ਜੋ ਆਨੰਦ ਅਨੁਭਵ ਹੁੰਦਾ ਹੈ, ਜਿਸ ਖੇੜੇ ਵਿਚ ਉਹ ਜਾ ਵਾਸਾ ਕਰਦਾ ਹੈ, ਉਸਨੂੰ ਪ੍ਰਗਟ ਕਰਨ ਲਈ ਮਾਨਵੀ ਬੋਲੀ ਨੂੰ ਚਿੱਤਰਾਂ ਦਾ ਹੀ ਨਹੀਂ ਧੁਨਾਂ ਦਾ ਵੀ ਸਹਾਰਾ ਲੈਣਾ ਪੈਂਦਾ ਹੈ। ਇਹ ਕੁਦਰਤ ਅਤੇ ਮਾਨਵੀ ਜੀਵਨ ਵਿਚਕਾਰ ਮੇਲ ਸੁਮੇਲ ਦੀ ਬਦੌਲਤ ਹੈ ਜੋ ਹੁਣ ਆ ਕੇ ਉੱਡ ਪੁੱਡ ਗਿਆ ਹੈ। ਇਸ ਦਾ ਵੱਡਾ ਕਾਰਣ ਇਹ ਹੈ ਕਿ ਮਨੁੱਖ ਜਾਤੀ ਨੇ, ਨਸਲਾਂ, ਜਾਤਾਂ, ਜਮਾਤਾਂ ਵਿਚ ਵਟ ਕੇ, ਸੱਤਾ, ਸਾਸ਼ਨ, ਸੋਸ਼ਣ ਅਤੇ ਸਜ਼ਾ ਨੂੰ ਹਥਿਆਰ ਬਣਾ ਕੇ, ਕੁਦਰਤ ਦਾ ਘਾਣ ਕਰ ਦਿੱਤਾ ਹੈ। ਉਸੇ ਤਰ੍ਹਾਂ ਦਾ ਘਾਣ ਮਨੁੱਖ ਜਾਤੀ ਨੇ ਹੁਣ ਅਪਣੇ ਆਪ ਦਾ ਆਰੰਭ ਦਿੱਤਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਦਰਤ, ਪੰਛੀਆਂ, ਪਸ਼ੂਆਂ, ਬਿਰਖਾਂ ਆਦਿ ਨਾਲ਼ ਮੇਲ-ਸੁਮੇਲ ਜੋੜਨਾ ਲਾਜ਼ਮੀ ਹੈ। ਸੱਤ ਦਹਾਕੇ ਪਹਿਲਾਂ ਰਚੀਆਂ ਗਈਆਂ ਇਹਨਾਂ ਕਵਿਤਾਵਾਂ ਦਾ ਅਜੋਕੇ ਇਤਿਹਾਸਕ ਮੋੜ ਤੇ ਇਹੋ ਸੰਦੇਸ਼ ਬਣਦਾ ਹੈ। ਬਸੰਤ, ਅਨਾਰਕਲੀ ਅਤੇ ਨੂਰਜਹਾਂ ਉਹ ਕਵਿਤਾਵਾਂ ਹਨ, ਜਿਹਨਾਂ ਵਿਚ ਇਸ਼ਕ ਮਿਜਾਜ਼ੀ ਬਦਨਾਮ ਇਸ਼ਕ ਹਕੀਕੀ ਨੂੰ ਵਿਸਤ੍ਰਿਤ ਪ੍ਰਗਟਾ ਪ੍ਰਾਪਤ ਹੋਇਆ ਹੈ।
ਇਹਨਾਂ ਕਾਵਿਤਾਵਾਂ ਵਿਚ ਮਰਦ ਜੋ ਪਹਿਲੀ ਵਿਚ ਕਵੀ ਆਪ ਅਤੇ ਦੂਜੀਆਂ ਦੋ ਵਿਚ ਜਹਾਂਗੀਰ ਹੈ, ਇਸ਼ਕ ਮਿਜਾਜ਼ੀ ਵਲ ਰੁਚਿਤ ਜਾਪਦਾ ਹੈ। ਇਸ ਦੇ ਉਲਟ ਬਸੰਤ, ਕਵੀ ਦੀ ਸੁਰਗਵਾਸੀ ਪਤਨੀ, ਅਨਾਰਕਲੀ ਅਤੇ ਨੂਰ ਜਹਾਂ ਇਸ਼ਕ ਹਕੀਕੀ ਦੀਆਂ ਸਾਕਾਰ ਰੂਪ ਹਨ। ਦੋਨਾਂ ਦੇ ਵਿਰੋਧ ਦੀਆਂ ਪਰਤਾਂ ਖੋਲ੍ਹਣ ਦੀ ਥਾਂ, ਮੋਹਨ ਸਿੰਘ ਤਸ਼ਬੀਹਾਂ-ਲੱਦੇ ਸਪਾਟ ਵਰਨਣ ਵਿਚ ਪਿਆ ਰਹਿੰਦਾ ਹੈ, ਇਹ ਸਿੱਧ ਕਰਨ ਖ਼ਾਤਰ ਕਿ ਇਸ਼ਕ ਹਕੀਕੀ ਇਸ਼ਕ ਮਿਜਾਜ਼ੀ ਨਾਲ਼ੋਂ ਕਿਤੇ ਉੱਤਮ ਹੁੰਦਾ ਹੈ। ਇਸ਼ਕ ਮਿਜਾਜ਼ੀ ਨਾਲ਼ ਮੁਗਧ ਮਰਦ ਨੂੰ ਅਪਣਾ ਆਪ ਸੁਪਰਦ ਕਰਕੇ ਔਰਤ ਨੂੰ ਦੁੱਖਾਂ ਕਲੇਸ਼ਾਂ ਦਾ ਭਾਗੀ ਬਣਨਾ ਪੈਂਦਾ ਹੈ। ਜੇ ਉਹਨਾਂ ਵਿਚਕਾਰ ਦੁਨਿਆਵੀ ਰੁਤਬੇ ਆਦਿ ਦੀ ਵਿੱਥ ਹੋਵੇ, ਤਾਂ ਔਰਤ ਦਾ ਬਲੀ ਚੜ ਜਾਣਾ ਆਵੱਸ਼ਕ ਹੈ। ਸੋ ਅਨਾਰਕਲੀ ਸਲੀਮ ਦੀ ਰਤਾ ਭਰ ਨਿੰਦਿਆ ਵੀ ਸਹਿਣ ਨਹੀਂ ਕਰ ਸਕਦੀ :

ਵਿਚੋਂ ਕਬਰ ਦੇ ਮੈਨੂੰ ਆਵਾਜ਼ ਆਈ
ਮੰਨ ਸ਼ਾਇਰਾ ਰੱਬ ਰਹੀਮ ਤਾਈਂ।
ਮੇਰੀਆਂ ਅੱਖੀਆਂ ਸਾਹਮਣੇ ਖੜ੍ਹਾ ਹੋ ਕੇ
ਮੰਦਾ ਬੋਲ ਨਾ ਮੇਰੇ ਸਲੀਮ ਤਾਈਂ।

ਇਸੇ ਤਰ੍ਹਾਂ ਨੂਰ ਜਹਾਂ ਨੂੰ ਕੋਈ ਰੋਸ ਨਹੀਂ ਕਿ ਜਹਾਂਗੀਰ ਨਾਲ਼ ਸ਼ਾਦੀ ਕਰਵਾ ਕੇ ਉਸ ਨੇ ਸ਼ਾਨ ਵਾਲ਼ੀ ਜ਼ਿੰਦਗੀ ਬਤੀਤ ਕੀਤੀ। ਜੇ ਅੰਤ ਨੂੰ ਹਸ਼ਰ ਇਹ ਹੋਇਆ ਕਿ ਉਸਦੀ ਕਬਰ ਦੀ ਰਖਵਾਲ਼ੀ ਕਰਨ ਵਾਲ਼ਾ ਵੀ ਕੋਈ ਨਹੀਂ ਤਾਂ ਕੋਈ ਗੱਲ ਨਹੀਂ। ਹੁਣ ਜੇ ਨਜ਼ਮ ਦੇ ਸ਼ਾਇਰ ਨੇ ਉਸਦੀ ਕਬਰ ਦੇ ਹੰਝੂ ਕੇਰੇ ਹਨ, ਤਾਂ ਉਸਦੀ ਉਹ ਤੈਹ-ਦਿਲੋਂ ਅਹਿਸਾਨਮੰਦ ਹੈ:

ਮੇਰੀ ਸ਼ਾਇਰੀ ਦੀ ਜਿਵੇਂ ਕਦਰ ਕਰਕੇ
ਮੇਰੀ ਕਬਰ ਤੇ ਕੇਰੇ ਨੀ ਚਾਰ ਹੰਝੂ।
ਏਵੇਂ ਮੋਹਨਾ ਤੈਨੂੰ ਵੀ ਯਾਦ ਕਰਕੇ
ਲੋਕੀ ਕੇਰਨਗੇ ਬੇਸ਼ੁਮਾਰ ਹੰਝੂ।

ਬਸੰਤ, ਜੋ ਨਾ ਪਟਰਾਣੀ ਸੀ ਅਤੇ ਨਾ ਹੀ ਸ਼ਾਹੀ ਮਹਿਲ ਦੀ ਨਰਤਕੀ, ਅਪਣੇ ਨਾਂ ਦੀ ਕਵਿਤਾ ਵਿਚ ਕਵੀ ਕੋਲ਼ ਉਸ ਦਾ ਪਤੀ ਸੀ, ਇਹ ਰੋਸ ਪ੍ਰਗਟ ਕਰਦੀ ਹੈ ਕਿ ਦਿਹਾਂਤ ਉੱਪਰ ਉਸ ਨੂੰ ਭੁਲਾ ਦਿੱਤਾ ਗਿਆ ਹੈ। ਕੁਝ ਰੁਸਵਾਈ ਦੇ ਬਾਵਜੂਦ ਉਹ ਵੀ ਸ਼ੁਕਰਗੁਜ਼ਾਰ ਹੈ ਕਿ ਉਸਦੀ ਮੌਤ ਨੇ ਇਹ ਅਹਿਸਾਨ ਤਾਂ ਕੀਤਾ ਹੈ ਕਿ ਉਸਦਾ ਪਤੀ ਸ਼ਾਇਰ ਬਣ ਗਿਆ ਹੈ:

ਵੇਖ ਬਸੰਤ ਖਾਬ ਅੰਦਰ ਮੈਂ
ਦੱਸੀ ਪੀੜ ਹਿਜਰ ਦੀ।
ਹੰਝੂਆਂ ਦੇ ਦਰਿਆ ਫੁੱਟ ਨਿਕਲੇ
ਦੇਖ ਚਿਰੋਕਾ ਦਰਦੀ।
ਪੂੰਝ ਅੱਥਰੂ ਮੇਰੇ ਬੋਲੀ –
ਜੋ ਰੱਬ ਕਰਦਾ ਚੰਗੀ,
ਮੋਹਨ! ਕਿੰਜ ਬਣਦਾ ਤੂੰ ਸ਼ਾਇਰ
ਜੇ ਕਰ ਮੈਂ ਨਾ ਮਰਦੀ।

ਤਿੰਨੋਂ ਔਰਤਾਂ, ਸਬਰ, ਸੰਤੋਖ, ਉਦਾਰਤਾ ਅਤੇ ਕੁਰਬਾਨੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਅਪਰੋਖ ਰੂਪ ਵਿਚ ਤਾਂ ਮਰਦ-ਔਰਤ ਸੰਬੰਧ ਲਈ ਕੋਈ ਕਾਰਗਰ ਸੰਦੇਸ਼ ਬੁਲੰਦ ਕਰਦੀਆਂ ਪ੍ਰਤੀਤ ਨਹੀਂ ਹੁੰਦੀਆਂ। ਪਰੋਖ ਰੂਪ ਵਿਚ ਇਹ ਗ੍ਰਹਿਣ ਹੋ ਜਾਂਦਾ ਹੈ ਕਿ ਹਉਮੈ ਅਤੇ ਹੈਂਕੜ, ਜਿਹੜੀ ਮਰਦ ਜ਼ਾਤ ਦੇ ਹਿੱਸੇ ਆਈ ਮੰਨੀ ਜਾਂਦੀ ਹੈ ਅਤੇ ਔਰਤ ਜ਼ਾਤ ਨੇ ਇਸ ਨੂੰ ਮੂਕ ਪ੍ਰਵਾਨਗੀ ਵੀ ਦਿੱਤੀ ਹੋਈ ਹੈ, ਸੱਭ ਲਈ ਘਾਤਕ ਹੈ। ਇਸ ਘਾਤਕ ਘੁੰਡੀ ਦਾ ਹਲ ਇੱਕਪਾਸੜ ਨਹੀਂ, ਜਿਵੇਂ ਇਸ ਨੂੰ ਪ੍ਰਸਤੁਤ ਕਰਨ ਦਾ ਹਠ ਨਾਰੀਵਾਦ ਨੇ ਸਮਝਿਆ ਹੋਇਆ ਹੈ। ਦੁਪਾਸੜ ਨਾਲ਼ੋਂ ਵੀ ਅਗਾਂਹ ਇਸਦਾ ਹੱਲ ਬਹੁ-ਪਾਸੜ ਹੈ। ਪੜਨਾਵਾਂ ਦੇ ਮੁਹਾਵਰੇ ਵਿਚ ਕਹਿਣਾ ਹੋਵੇ ਤਾਂ ਕਿਹਾ ਸਕਦਾ ਹੈ ਕਿ ਮੈਂ-ਤੂੰ (ਮਰਦ ਔਰਤ) ਦੇ ਸੰਬੰਧ ਨੂੰ ਸਾਕਾਰਤਮਕ ਮੋੜ ਤਦ ਹੀ ਮਿਲ਼ ਸਕਦਾ ਹੈ, ਜੇ ਅਸੀਂ ਅਤੇ ਉਹਨਾਂ ਦੀ ਹੋਂਦ ਨੂੰ ਸਵੀਕਾਰਿਆ ਜਾਵੇ। ਅੰਬੀ ਦੇ ਬੂਟੇ ਥੱਲੇ ਵਿਚ ਕੁਝ ਇਸੇ ਤਰ੍ਹਾਂ ਵੀ ਬਾਤ ਪੈਂਦੀ ਲੱਗਦੀ ਹੈ। ਆਤਮ ਸੁਰੱਖਿਆ ਲਈ ਇਸ ਵਿਚ ਕੁਦਰਤ ਦੀ ਰੱਖਿਆ ਨੂੰ ਅਨਿਵਾਰੀ ਚਿਤਵਿਆ ਗਿਆ ਹੈ:

ਅੱਜ ਖਾਣ ਹਵਾਵਾਂ ਨੀ,
ਅੱਜ ਸਾੜਨ ਛਾਵਾਂ ਨੀ,
ਤਰਖਾਣ ਸਦਾਵਾਂ ਨੀ,
ਅੰਬੀ ਕਟਵਾਵਾਂ ਨੀ,
ਤੋਬਾ ਮੈਂ ਭੁੱਲੀ ਨੀ,
ਹਾੜਾ ਮੈਂ ਭੁੱਲੀ ਨੀ,
ਜੇ ਅੰਬੀ ਕਟਾਂਗੀ,
ਚੜ੍ਹ ਕਿਸ ਦੇ ਉੱਤੇ
ਰਾਹ ਢੋਲੇ ਦਾ ਤਕਾਂਗੀ।

ਸਿੱਖੀ ਵਿਚ ਦੋ ਤਰ੍ਹਾਂ ਦਾ ਵਰਨਣ ਨੇਪਰੇ ਚੜ੍ਹਦਾ ਹੈ। ਪਹਿਲਾ ਹੈ; ਉਹਨਾਂ ਦੁਸ਼ਵਾਰੀਆਂ ਦਾ, ਜਿਹਨਾਂ ਦਾ ਟਾਕਰਾ ਕਰਕੇ ਇਹ ਮੱਤ ਅਤੇ ਰਹਿਤਲ ਵਜੋਂ ਪ੍ਰਫੁੱਲਤ ਹੁੰਦੀ ਗਈ। ਇਤਿਹਾਸਕਾਰ ਜੇ.ਐੱਸ. ਗਰੇਵਾਲ ਨੇ ਇਸ ਨੂੰ ਗ੍ਰੰਥ ਅਤੇ ਪੰਥ ਦਾ ਨਾਂ ਦਿੱਤਾ ਹੈ, ਜੋ ਸੰਭਾਵਨਾਵਾਂ ਨਾਲ਼ੋਂ ਸੀਮਾਵਾਂ ਵਲ ਵਧੇਰੇ ਸੰਕੇਤ ਕਰਦਾ ਹੈ। ਦੂਜਾ ਹੈ, ਉਹਨਾਂ ਮਾਰੂ ਖ਼ਤਰਿਆਂ ਦਾ ਜੋ ਇਸ ਦੇ ਮੱਤ ਅਤੇ ਰਹਿਤਲ ਦੋਨਾਂ ਨੂੰ ਖ਼ਤਮ ਕਰਨਤੇ ਤੁਲੇ ਹੋਏ ਹਨ। ਮਾਰੂ ਖ਼ਤਰਿਆਂ ਕਾਰਣ ਫ਼ਿਕਰਮੰਦ, ਕਵੀ ਇਸ ਨਿਸ਼ਚੇ ਨੂੰ ਪਾਬੰਦ ਹੈ ਕਿ ਸਿੱਖੀ ਦੀ ਸਦੀਵੀ ਘਾਲਣਾ ਦਾ ਕੁਝ ਨਹੀਂ ਵਿਗੜਣ ਲੱਗਾ :

ਅੱਜ ਸ਼ਾਖਾਂ ਏਸ ਦੀਆਂ
ਅੱਜ ਲਗਰਾਂ ਏਸ ਦੀਆਂ
ਆਪੋ ਵਿਚ ਪਾਟ ਗਈਆਂ
ਆਪੋ ਵਿਚ ਤਿੜਕ ਗਈਆਂ।

ਇਸਦੇ ਬਾਵਜੂਦ ਇਸਦੇ ਮੁੱਢ ਅਤੇ ਖ਼ੂਨ ਵਿਚ ਉਸਦਾ ਨਿਸ਼ਚਾ ਦ੍ਰਿੜ੍ਹ ਹੈ:

ਪਰ ਮੁੱਢ ਤਾਂ ਇੱਕੋ ਏ
ਪਰ ਖ਼ੂਨ ਤੇ ਸਾਂਝਾ ਏ।

ਅਜੋਕੇ ਇਤਿਹਾਸਕ ਪੜਾਅ ਤੇ ਇਹ ਨਿਸ਼ਚਾ ਬਣਾ ਰੱਖਣਾ ਕਿ ਸਿੱਖ ਮੱਤ ਦਾ ਮੁੱਢ ਸਾਂਝਾ ਹੈ ਅਤੇ ਇਸ ਨੂੰ ਮੰਨਣ ਵਾਲਿਆਂ ਵਿਚਕਾਰ ਖ਼ੂਨ ਦੀ ਸਾਂਝ ਹੈ। ਇਸਦੇ ਭਵਿੱਖ ਵਿਚ ਪ੍ਰਫੁਲਤ ਹੋਣ ਨੂੰ ਤਾਂ ਛੱਡੋ, ਵਰਤਮਾਨ ਵਿਚ ਇਸਦੇ ਬਣੇ ਰਹਿਣ ਦੀ ਆਸ ਵੀ ਨਹੀਂ ਦਿੰਦਾ। ਇਸ ਦੇ ਬਣੇ ਰਹਿਣਾ ਸੰਭਵ ਹੈ, ਵਧਣ ਫੁੱਲਣ ਦੀ ਆਸ ਨੂੰ ਪ੍ਰਬਲ ਕਰਨ ਖ਼ਾਤਰ ਸਿੱਖੀ ਦੇ ਮੂਲਾਂ ਨੂੰ ਅਜੋਕੇ ਪ੍ਰਸੰਗ ਵਿਚ ਪਛਾਣਨਾ ਜ਼ਰੂਰੀ ਹੋਵੇਗਾ। ਕਥਿਤ ਮੂਲਵਾਦ ਨਾਲ਼ੋਂ ਇਹ ਕੋਹਾਂ ਦੂਰ ਦੀ ਗੱਲ ਹੈ।
ਦਰਅਸਲ ਤਾਂ ਰੱਬ ਨਾਮੀ ਕਵਿਤਾ ਦਾ ਵੀ ਸਮਾਨ ਪ੍ਰਸੰਗ ਹੀ ਬਣ ਜਾਂਦਾ ਹੈ। ਇਸਦਾ ਮੁੱਖੜਾ ਇਸ ਪ੍ਰਕਾਰ ਹੈ:

ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇੱਕ ਗੋਰਖਧੰਦਾ,
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ।
ਕਾਫ਼ਰ ਹੋਣੋਂ ਡਰ ਕੇ ਜੀਵੇਂ
ਖੋਜੋਂ ਮੂਲ ਨਾ ਖੁੰਝੀ,
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ।

ਮੋਮਨ ਦੀ ਤੁਲਨਾ ਵਿਚ ਖੋਜੀ ਕਾਫ਼ਰ ਨੂੰ ਉਚਿਆ ਕੇ, ਮੋਹਨ ਸਿੰਘ ਨੇ ਕੁੱਲ ਪੂਜਾ ਪਾਠਤੇ ਕਿੰਤੂ ਉਠਾ ਦਿੱਤਾ ਹੈ। ਜੇ ਇਹਨਾਂ ਤੋਂ ਮਨੁੱਖ ਜਾਤੀ ਦਾ ਵਿਸ਼ਵਾਸ ਹਿੱਲ ਜਾਵੇ ਤਾਂ ਧਰਮ ਦੀ ਆੜ ਵਿਚ ਜੋ ਲੜਾਈ ਝਗੜੇ ਹੁੰਦੇ ਹਨ, ਵਿਸ਼ਾਦ ਛਿੜਦੇ ਹਨ, ਉਹ ਵੀ ਬੇਨਕਾਬ ਹੋ ਜਾਂਦੇ ਹਨ। ਜਦੋਂ ਕਵਿਤਾ ਰਚੀ ਗਈ, ਤਾਂ ਫ਼ਿਰਕੂ ਫਸਾਦਾਂ ਦਾ ਹਰ ਵਕਤ ਭੈਅ ਬਣਿਆ ਰਹਿੰਦਾ ਸੀ। ਇਸ ਕਾਰਣ ਕਵੀ ਨੇ ਜੋ ਸਾਵਧਾਨੀ ਸੁਝਾਈ ਉਸਦਾ ਉਦੋਂ ਬਹੁਤ ਮਹੱਤਵ ਸੀ। ਪਰ ਅਜੋਕੇ ਪੜਾਅ ਤੇ ਵੀ ਇਹ ਸਾਵਧਾਨੀ ਮਹੱਤਵਹੀਣ ਨਹੀਂ ਹੁੰਦੀ। ਵਿਗਿਆਨ ਨੂੰ ਧਰਮ ਜਾਣ ਜਿਵੇਂ ਇਸਦੇ ਮੋਮਨ ਹਥਿਆਰਾਂ ਦੀ ਦੌੜ ਪਿੱਛੇ ਲੱਗੇ ਹੋਏ ਹਨ, ਉਹ ਤਾਂ ਫ਼ਿਰਕੂ ਫ਼ਸਾਦਾਂ ਨਾਲ਼ੋਂ ਵੀ ਵਧੇਰੇ ਘਾਤਕ ਰੁਜਹਾਨ ਹੈ। ਇਸ ਮੋੜਤੇ ਖੋਜੀ ਕਾਫ਼ਰ ਬਣਨ ਦਾ, ਇਸ ਡਰ ਸਮੇਤ ਕਿ ਖੋਜ-ਵਿਹੂਣਾ ਨਾ ਹੋਇਆ ਹੋਵੇ, ਅਜੋਕਾ ਮਹੱਤਵ ਹੈ। ਅੰਤ ਵਿਚ ਨਿਚੋੜ ਇਹੋ ਹੋ ਨਿਬੜਦਾ ਹੈ ਕਿ ਸ੍ਰਿਸ਼ਟੀ, ਸੰਸਾਰ, ਮਾਨਵਤਾ ਨੂੰ ਪਾਵਨ ਜਾਣ ਕੇ ਹੀ ਖੋਜ ਦਾ ਪ੍ਰਯਾਸ ਅੱਗੇ ਜਾਣਾ ਚਾਹੀਦਾ ਹੈ। ਜੇ ਇਹ ਸਾਵਧਾਨੀ ਨਹੀਂ ਵਰਤੀ ਜਾਂਦੀ; ਤਾਂ ਸ੍ਰਿਸ਼ਟੀ ਦਾ ਤਾਂ ਪਤਾ ਨਹੀਂ, ਸੰਸਾਰ ਅਤੇ ਮਾਨਵਤਾ ਲਈ ਮਾਰੂ ਖ਼ਤਰਾ ਖੜ੍ਹਾ ਹੋ ਸਕਦਾ ਹੈ।

ਤੇਜਵੰਤ ਸਿੰਘ ਗਿੱਲ

ਪਰੋਖ ਰੂਪ ਵਿਚ ਹੀ ਭਾਵੇਂ, ਸਕਾਰਤਮਕ ਅਧਿਐਨ ਰਾਹੀਂ ਸਾਵੇ ਪੱਤਰ ਦੀਆਂ ਕਵਿਤਾਵਾਂ ਤੋਂ ਇਸ ਤਰ੍ਹਾਂ ਦੇ ਪ੍ਰਮਾਣ, ਪ੍ਰਤੀਮਾਨ ਗ੍ਰਹਿਣ ਹੋ ਸਕਦੇ ਹਨ। ਫੇਰ ਤਾਂ ਇਹ ਮੰਨਣਾ ਯੋਗ ਹੈ ਕਿ ਰਚਨਾਕਾਲ ਤੋਂ ਸੱਤ ਦਹਾਕੇ ਬਾਅਦ ਵੀ ਇਹਨਾਂ ਕਵਿਤਾਵਾਂ ਦਾ ਬਦਲਵਾਂ ਮੁੱਲ ਕਾਇਮ ਹੈ।

ਤੇਜਾ ਸਿੰਘ ਅਪਣੀ ਆਤਮਕਥਾ ਆਰਸੀ ਵਿਚ ਮੋਹਨ ਸਿੰਘ ਬਾਰੇ

(ਮੈਂ) ਮੋਹਣ ਸਿੰਘ ਅਤੇ ਮਾਸਟਰ ਕਰਮ ਸਿੰਘ ਜੀ ਨੂੰ ਆਪਣਾ ਵਤਨ ਛੱਡ ਕੇ ਅਮ੍ਰਿਤਸਰ ਆਉਣ ਦੀ ਪ੍ਰੇਰਨਾ ਕੀਤੀ। ਮੋਹਣ ਸਿੰਘ ਪਹਿਲਾਂ ਖ਼ਾਲਸਾ ਕਾਲਜ ਦੇ ਸਕੂਲ ਵਿਚ ਅਤੇ ਫੇਰ ਕਾਲਜ ਵਿਚ ਲਾਏ ਗਏ। ਉਨ੍ਹਾਂ ਨੂੰ ਆਇਆਂ ਚੋਖਾ ਚਿਰ ਹੋ ਗਿਆ ਸੀ, ਪਰ ਮੈਨੂੰ ਉਨ੍ਹਾਂ ਦੀ ਸਾਹਿਤਕ ਰੁਚੀ ਦਾ ਕੁਝ ਪਤਾ ਨਹੀਂ ਸੀ ਲੱਗਾ। ਉਹ ਕਈ ਦਿਨ ਮੈਨੂੰ ਕਹਿੰਦੇ ਰਹੇ ਕਿ ਮੇਰੀ ਕਵਿਤਾ ਸੁਣੋ; ਪਰ ਮੈਂ ਟਾਲਦਾ ਰਿਹਾ। ਇਕ ਦਿਨ ਮੈਂ ਕਿਹਾ, “ਕਿਸੇ ਸਨਿਚਰਵਾਰ ਦੀ ਰਾਤ ਨੂੰ ਮੇਰੇ ਘਰ ਆਓ ਤੇ ਰੱਜ ਕੇ ਕਵਿਤਾ ਸੁਣਾਓ।”
ਉਹ ਆਏ ਤੇ ਕੁਝ ਕਵਿਤਾਵਾਂ ਸੁਣਾਈਆਂ। ਮੈਂ ਕਿਹਾ, “ਕੀ ਚਾਹੁੰਦੇ ਹੋ? ਰਾਏ ਦੇਵਾਂ ਜਾਂ ਸਲਾਹ?”
ਕਹਿਣ ਲੱਗੇ, “ਰਾਏ ਵੀ ਤੇ ਸਲਾਹ ਵੀ।”
ਮੈਂ ਕਿਹਾ, “ਜੇ ਮੰਨੋ ਤਾਂ।”
ਉਨ੍ਹਾਂ ਨੇ ਕਿਹਾ, “ਜਿਵੇਂ ਕਹੋਗੇ, ਕਰਾਂਗਾ।”
ਮੈਂ ਕਿਹਾ, “ਨਰਾਜ਼ ਤਾਂ ਨਹੀਂ ਹੋਵੋਗੇ?”
ਉਨ੍ਹਾਂ ਨੇ ਖ਼ੁਸ਼ੀ ਨਾਲ ਕਿਹਾ, “ਨਹੀਂ, ਕਦੀ ਨਹੀਂ।”
ਮੈਂ ਕਿਹਾ, “ਹਛਾ ਫਿਰ ਸੁਣੋ! ਤੁਹਾਡੇ ਵਿਚ ਕਵਿਤਾ ਦੀ ਰੁਚੀ ਤਾਂ ਹੈ, ਪਰ ਅਜੇ ਕਵਿਤਾ ਆਈ ਨਹੀਂ। ਤੁਸੀਂ ਖਿਚਦੇ ਹੋ ਕੁਦਰਤ ਦੀਆਂ ਝਾਕੀਆਂ, ਪਰ ਤੁਸੀਂ ਕੁਦਰਤ ਦੇ ਕਵੀ ਨਹੀਂ। ਫ਼ਾਰਸੀ ਉਰਦੂ ਨੇ ਤੁਹਾਡੀ ਬੋਲੀ ਤਾਂ ਬਹੁਤ ਸੁਆਰ ਦਿਤੀ ਹੈ, ਪਰ ਤੁਹਾਨੂੰ ਕੁਦਰਤ ਦਾ ਕਵੀ ਨਹੀਂ ਬਣਨ ਦਿੱਤਾ। ਤੁਸੀਂ ਮਨੁੱਖਤਾ ਦੇ ਕਵੀ ਹੋ। ਇਹ ਜੇ ਮੇਰੀ ਰਾਏ। ਹੁਣ ਮੇਰੀ ਸਲਾਹ ਵੀ ਸੁਣੋ ਇਹ ਤਿੰਨੇ ਕਾਪੀਆਂ ਘਰ ਜਾ ਕੇ ਸਾੜ ਦਿਓ ਅਤੇ ਨਵੇਂ ਸਿਰਿਓਂ ਲਿਖੋ ਮਨੁੱਖੀ ਜੀਵਨ ਉਤੇ, ਮਨੁੱਖੀ ਪਿਆਰ ਉਤੇ, ਮਨੁੱਖੀ ਸੰਬੰਧਾਂ ਉਤੇ।”
ਉਨ੍ਹਾਂ ਨੇ ਦਲੇਰੀ ਕੀਤੀ ਅਤੇ ਅਪਣੀ ਸਾਰੀ ਕਵਿਤਾ ਸਾੜ ਦਿੱਤੀ।
(ਉਨ੍ਹਾਂ) ਨਵੀਆਂ ਕਵਿਤਾਵਾਂ ਚਾਰ ਲਿਖੀਆਂ। ਮੈਂ ਸੁਣ ਕੇ ਸਲਾਹ ਦਿੱਤੀ ਕਿ ਹਰ ਇਕ ਦੇ ਮੁਢ ਵਿਚ ਸਾਰੀ ਕਵਿਤਾ ਦਾ ਸਾਰ ਹੋਵੇ। ਇਸ ਤਰ੍ਹਾਂ ਤਿਆਰ ਕੀਤੀ ਹੋਈ ਪੁਸਤਕ ਦਾ ਨਾਂ ‘ਚਾਰ ਹੰਝੂ’ ਰੱਖਿਆ ਗਿਆ।
ਇਸ ਤੋਂ ਉਪਰੰਤ ਉਨ੍ਹਾਂ ਸਾਵੇ ਪੱਤਰ ਵਾਲੀ ਕਿਤਾਬ ਲਿਖੀ। ਉਸ ਦੀ ਭੂਮਿਕਾ ਵੀ ਮੈਂ ਉਸੇ ਚਾਅ ਨਾਲ ਲਿਖੀ, ਜਿਸ ਨਾਲ ਪਹਿਲੀ ਪੁਸਤਕ ਦੀ ਲਿਖੀ ਸੀ। ਇਸ ਦੇ ਨਾਂ ਵਿਚ ਵਿਅੰਗ ਹੈ, ਜੋ ਕਿਸੇ ਪੋਠੋਹਾਰੀ ਨੂੰ ਨਹੀਂ ਮਲੂਮ ਹੋਣਾ, ਕਿਉਂਕਿ ਪੋਠੋਹਾਰ ਵਿਚ ਸਾਵੇ ਤੇ ਹਰੇ ਵਿਚ ਕੋਈ ਫ਼ਰਕ ਨਹੀਂ ਦਿਸਦਾ। ਪਰ ਮੈਂ ਉਸ ਨਾਂ ਵਿਚ ਕਿਤਾਬ ਦੀਆਂ ਕਵਿਤਾਵਾਂ ਦੇ ਗੁਣ ਔਗੁਣ ਦੋਵੇਂ ਜ਼ਾਹਿਰ ਕੀਤੇ ਹੋਏ ਵੇਖਦਾ ਹਾਂ। ਪੱਤਰ ਹਰੇ ਤਾਂ ਹਨ, ਪਰ ਅਜੇ ਸਾਵੇ-ਕਚੂਰ ਹਨ, ਰੰਗ ਵਾਹ ਵਾਹ ਤਰਾਵਤ ਦੇਣ ਵਾਲਾ ਹੈ, ਪਰ ਅਜੇ ਕੱਚਾ ਹੈ। ਜਵਾਨੀ ਤੇ ਰੋਮਾਂਸ ਦੀਆਂ ਗੱਲਾਂ ਹਨ, ਪਰ ਉਨ੍ਹਾਂ ਵਿਚ ਕੋਈ ਉੱਚਾ ਜੀਵਨ-ਸੰਦੇਸ਼ ਨਹੀਂ।

ਤੇਜਾ ਸਿੰਘ

ਫਿਰ ਮੋਹਣ ਸਿੰਘ ਹੁਰਾਂ ਕਸੁੰਭੜਾ ਲਿਖਿਆ। ਇਸ ਨਾਂ ਵਿਚ ਵੀ ਉਹੋ ਵਿਅੰਗ ਹੈ ਰੰਗ ਭੜਕਵਾਂ ਹੈ, ਉਤੋਂ ਉਤੋਂ ਦਿਲ ਨੂੰ ਮੋਹਣ ਵਾਲਾ ਹੈ, ਪਰ ਛੇਤੀ ਲੱਥ ਜਾਣ ਵਾਲਾ ਹੈ। ਇਸ ਵਿਚ ਵੀ ਉਹ ਸਥਿਰਤਾ ਨਹੀਂ ਆਈ, ਉਹ ਪਕੇਜ ਨਹੀਂ ਆਇਆ, ਜੋ ਮਜੀਠੀ ਰੰਗ ਵਿਚ ਆਉਣਾ ਸੀ।
ਖ਼ਿਆਲ ਸੀ ਕਿ ਇਸ ਦੇ ਪਿਛੋਂ ਮੋਹਣ ਸਿੰਘ ਅਜੇਹੀ ਕਵਿਤਾ ਲਿਖੇਗਾ, ਜਿਸ ਵਿਚ ਉਹ ਜੀਵਨ ਦੀਆਂ ਸਿਖਰਾਂ ਨੂੰ ਛੋਹ ਕੇ ਕੋਈ ਉਚੇਚਾ ਸਦੀਵੀ ਸੁਨੇਹਾ ਦੇਵੇਗਾ; ਜੋ ਮਨੁੱਖ ਦੀ ਨੂੰ ਸ਼ਖ਼ਸੀਅਤ ਨੂੰ ਪੂਰਣਤਾ ਦੇ ਰਾਹ ਪਾਉਣ ਵਾਲਾ ਹੋਵੇਗਾ।
ਪਰ ਮੋਹਣ ਸਿੰਘ ਦੇ ਦਿਲ ਨੂੰ ਕਈ ਅਜੇਹੇ ਧੱਕੇ ਵੱਜੇ, ਜਿਨ੍ਹਾਂ ਨਾਲ ਉਸ ਦੀ ਰੂਹ ‘ਅਧਵਾਟੇ’ ਹੀ ਥਰਥਰਾਉਣ ਲਗ ਪਈ ਅਤੇ ਜੀਵਨ ਉਤੇ ਕੋਈ ਟਿਕਵੀਂ ਨਜ਼ਰ ਨਾ ਸੁਟ ਸਕੀ, ਜਿਸ ਨਾਲ ‘ਕੱਚ ਸੱਚ’ ਦਾ ਸਾਫ਼ ਸਾਫ਼ ਨਿਰਣਾ ਹੋ ਸਕੇ।

(ਆਰਸੀ, ਸਿੱਖ ਪਬਲਿਸ਼ਿੰਗ ਹਾਊਸ. ਅਗਸਤ 1952 ਵਿੱਚੋਂ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!