ਸਤਵੰਜਾ ਦਾ ਗਦਰ ਤੇ ਸਿੱਖ – ਮਨਮੋਹਨ

Date:

Share post:

1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਉਪਰਲੇ ਵਰਗਾਂ ਵਿਚਲੇ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਸਨ। ਦੂਜਾ, ਬਸਤੀਵਾਦੀ ਸੰਬੰਧਾਂ ਦੇ ਪ੍ਰਸੰਗ ਵਿਚ ‘ਪਿਤਰੀ ਉਪਯੋਗਵਾਦ’ (Paternal Unilitarianism) ਅਤੇ ‘ਗਾਜਰ ਤੇ ਡੰਡੇ’ (Carrot And Stick policy) ਵਾਲੀ ਨੀਤੀ ਨੇ ਕਿਥੋਂ ਤਕ ਲੋਕਾਂ ਦੇ ਵਿਵਹਾਰਕ ਵਿਕਾਸ ਤੇ ਮਾਨਸਿਕ ਪ੍ਰਵਿਰਤੀ ਨੂੰ ਪ੍ਰਭਾਵਿਤ ਕੀਤਾ, ਜੋ ਕਿ ਇਸ ਖਿੱਤੇ ਅਤੇ ਭਾਰਤ ਦੇ ਹੋਰ ਇਲਾਕਿਆਂ ਵਿਚ ਉਨ੍ਹਾਂ ਦੀ ਰਾਜਨੀਤੀ ਅਤੇ ਸਮਾਜਿਕ ਰਾਜਸੀ ਲਹਿਰ ਦੇ ਨਿਰਮਾਣ ਵਿਚ ਸਹਾਈ ਹੋਈ ।
1857 ਦੇ ਗਦਰ ਨੂੰ ਅੰਗਰੇਜ਼ਾਂ ਨੇ ‘ਸਿਪਾਹੀਆਂ ਦੀ ਬਗਾਵਤ’ ਕਿਹਾ । ਮੇਰਠ, ਝਾਂਸੀ, ਕਾਨਪੁਰ, ਲਖਨਊ ਤੇ ਦਿੱਲੀ ਵਿਚ ਹੋਈ ਉਥਲ-ਪੁਥਲ ਅਤੇ ਬਗ਼ਾਵਤ ਦੇ ਮੁਕਾਬਲੇ ਪੰਜਾਬ ਦੀਆਂ ਰਿਆਸਤਾਂ ਚੁੱਪ ਤੇ ਵਫ਼ਾਦਾਰ ਰਹੀਆਂ। ਇੱਥੋਂ ਇਹ ਮਿੱਥ ਸਥਾਪਤ ਹੋ ਗਈ ਕਿ ਸਿੱਖਾਂ ਨੇ ਇਸ ਗ਼ਦਰ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ । ਇਸ ਮਿੱਥ ਨੂੰ ਹੋਰ ਸਥਾਈ ਤੱਤ ਦੇਣ ਵਿਚ ਇਤਿਹਾਸਕਾਰ ਮੈਕਾਲਿਫ ਦੀ ਵੱਡੀ ਭੂਮਿਕਾ ਸੀ । ਇਸ ਮਾਮਲੇ ਵਿਚ ਇਤਿਹਾਸਕਾਰ, ਪੱਤਰਕਾਰ ਤੇ ਲੇਖਕ ਖ਼ੁਸ਼ਵੰਤ ਸਿੰਘ ਤਾਂ ਸਭ ਨੂੰ ਪਿੱਛੇ ਛੱਡ ਗਿਆ ਹੈ । ਉਸਨੇ ਲਿਖਿਆ ਹੈ ਕਿ ਕੁਝ ਇਕ ਨੂੰ ਛੱਡ ਕੇ ‘ਸਤਲੁਜ ਦੇ ਦੋਹਾਂ ਪਾਸਿਆਂ ਦੇ ਕਿਸਾਨ ਨਿਰਸੰਕੋਚ ਅੰਗਰੇਜ਼ ਦੀ ਮਦਦ ਉੱਤੇ ਆਏ।’ ਅਤੇ ਇਹ ਕਿ ‘ਇਹ ਗੱਲ ਹੈਰਾਨੀ ਵਾਲੀ ਸੀ, ਕਿਉਂਕਿ ਉਹ ਲੋਕ ਜਿਹੜੇ 1857 ਵਿਚ ਆਜ਼ਾਦੀ ਦੇ ਮੁਜਾਹਿਦ ਹੋਣ ਦਾ ਦਾਅਵਾ ਕਰਦੇ ਸਨ, ਉਹੋ ਹੀ ਸਨ, ਜਿਨ੍ਹਾਂ ਨੇ ਅੱਠ ਸਾਲ ਪਹਿਲਾਂ ਫਰੰਗੀਆਂ ਦੇ ਹੱਥ ਠੋਕੇ ਬਣ ਕੇ ਪੰਜਾਬੀਆਂ ਨੂੰ ਗ਼ੁਲਾਮ ਬਣਾਇਆ ਸੀ।’ ਉਨ੍ਹਾਂ ਨੇ ਹੋਰ ਵੀ ਲਿਖਿਆ ਹੈ ਕਿ ‘ਬਗ਼ਾਵਤ ਨੂੰ ਦਬਾਉਣ ਦੇ ਮਾਮਲੇ ਵਿਚ ਪੰਜਾਬੀਆਂ ਵਿਚੋਂ ਸਭ ਤੋਂ ਵੱਧ ਭੂਮਿਕਾ ਸਿੱਖਾਂ ਦੀ ਸੀ।’ ਦਰਅਸਲ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਨਹੀਂ ਸੀ ਦਿੱਤਾ ਬਲਕਿ ਸਿੱਖ ਰਜਵਾੜਿਆਂ ਜਿਨ੍ਹਾਂ ਵਿਚੋਂ ਮਹਾਰਾਜਾ ਪਟਿਆਲਾ, ਜੀਂਦ ਦਾ ਰਾਜਾ ਸਰੂਪ ਸਿੰਘ, ਨਾਭੇ ਦਾ ਰਾਜਾ ਭਰਪੂਰ ਸਿੰਘ, ਕਪੂਰਥਲਾ ਦਾ ਰਾਜਾ ਰਣਧੀਰ ਸਿੰਘ ਤੇ ਫਰੀਦਕੋਟ ਦਾ ਰਾਜਾ ਸ਼ਾਮਿਲ ਸਨ। ਅੰਗਰੇਜ਼ਾਂ ਨੇ ਇਨ੍ਹਾਂ ਨੂੰ ਇਸ ਗੱਦਾਰੀ ਦਾ ਭਰਪੂਰ ਇਨਾਮ ਦਿੱਤਾ। ਮਹਾਰਾਜਾ ਪਟਿਆਲਾ ਨੂੰ ਝੱਜਰ ਤੇ ਭਦੌੜ ਰਿਆਸਤਾਂ ਦੇ ਨਾਲ ਨਾਲ ਫਰਜੰਦ-ਏ-ਖ਼ਾਸ ਦੇ ਖ਼ਿਤਾਬ ਨਾਲ ਨਵਾਜਿਆ ਗਿਆ । ਜੀਂਦ ਦੇ ਰਾਜੇ ਨੂੰ ਦਾਦਰੀ ਤੇ ਥਾਨੇਸਰ ਇਲਾਕਿਆਂ ਦੇ ਕੁਝ ਪਿੰਡਾਂ ਤੋਂ ਇਲਾਵਾ ‘ਫਰਜੰਦ-ਏ-ਦਿਲਬੰਦ’ ਦਾ ਖ਼ਿਤਾਬ ਦਿੱਤਾ ਗਿਆ । ਨਾਭੇ ਦੇ ਰਾਜੇ ਨੂੰ ਝੱਜਰ ਦੇ ਕੁਝ ਪਿੰਡਾਂ ਤੋਂ ਇਲਾਵਾ ‘ਫਰਜੰਦ-ਅਹਨੁਜ ਮੰਦ’ ਦਾ ਖ਼ਿਤਾਬ ਦਿੱਤਾ ਗਿਆ । ਇਸੇ ਤਰ੍ਹਾਂ ਫਰੀਦਕੋਟ ਤੇ ਕਪੂਰਥਲਾ ਦੇ ਰਾਜਿਆਂ ਨੂੰ ਵੀ ਬਖਸ਼ੀਸ਼ਾਂ ਦਿੱਤੀਆਂ ਗਈਆਂ ਪਰ ਇਹ ਗੱਦਾਰੀ ਇਨ੍ਹਾਂ ਦੇ ਰਾਜਿਆਂ ਨੇ 1857 ਵਿਚ ਪਹਿਲੀ ਵਾਰ ਨਹੀਂ ਸੀ ਕੀਤੀ, ਸਗੋਂ 1845 ਤੇ 1859 ਵਿਚ ਐਂਗਲੋ ਸਿੱਖ ਲੜਾਈਆਂ ਵਿਚ ਵੀ ਇਨ੍ਹਾਂ ਰਜਵਾੜਿਆਂ ਨੇ ਖਾਲਸਾ ਦਰਬਾਰ ਲਾਹੌਰ (ਮਹਾਰਾਜਾ ਰਣਜੀਤ ਸਿੰਘ) ਵਿਰੁੱਧ ਅੰਗਰੇਜ਼ਾਂ ਦਾ ਸਾਥ ਦੇ ਕੇ ਵੀ ਕੀਤੀ ਸੀ।
ਗ਼ਦਰ ਵਿਚ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੀ ਅਕਰਾਮਕਤਾ ਦਾ ਪ੍ਰਸ਼ਨ ਹਮੇਸ਼ਾ ਹੀ ਉਨ੍ਹਾਂ ਦੀ ਅਨਿਆਂ, ਦਾਬੇ, ਤਾਨਾਸ਼ਾਹੀ ਅਤੇ ਰਾਜਨੀਤਕ ਜ਼ੁਲਮ ਦੇ ਵਿਰੁੱਧ ਵਿਦਰੋਹ, ਜੁਝਾਰੂਪਨ ਅਤੇ ਖਾੜਕੂ ਰੋਸ ਦੀ ਪਰੰਪਰਾ ਕਾਰਨ ਸ਼ੱਕ ਅਧੀਨ ਰਿਹਾ ਹੈ । ਵੀਹਵੀਂ ਸਦੀ ਵਿਚ ਕੇਂਦਰੀ ਪੰਜਾਬ ਵਿਚ ਸਾਮਰਾਜੀ ਤੇ ਬਸਤੀਵਾਦੀ ਵਿਰੋਧੀ ਨਾਅਰੇ ਇਨ੍ਹਾਂ ਲਹਿਰਾਂ ਵਿਚੋਂ ਹੀ ਨਿਕਲੇ ਸਨ ।
ਪੰਜਾਬੀ ਇਸ ਸਮੇਂ ਦੌਰਾਨ ਕਿਉਂ ਉਦਾਸੀਨ ਰਹੇ, ਇਸ ਦੀਆਂ ਕਈ ਵਿਆਂਖਿਆਵਾਂ ਹਨ। 1857 ਦੀ 150ਵੀਂ ਵਰ੍ਹੇ ਗੰਢ ’ਤੇ ਇਹ ਸਵਾਲ ਵਿਚਾਰਨਯੋਗ ਹੈ,ਕਿਉਂਕਿ ਇਤਿਹਾਸਕਾਰੀ ਵਿਚ ‘ਹਰਫ਼-ਏ-ਆਖ਼ਰ’ ਜਿਹੀ ਕੋਈ ਚੀਜ਼ ਨਹੀਂ ਹੁੰਦੀ। । ਨਵੇਂ ਤੱਥਾਂ ਦੇ ਸਾਹਮਣੇ ਤੇ ਮਨੁੱਖੀ ਸੋਚ ਦੇ ਵਿਕਾਸ ਦੇ ਤਕਾਜ਼ੇ ਇਸ ਅਮਲ ਨੂੰ ਨਿਰੰਤਰ ਚਲਦਾ ਰਹਿਣ ਵਾਲਾ ਬਣਾ ਦਿੰਦੇ ਹਨ ।
ਪ੍ਰਸ਼ਾਸ਼ਨ ਦੀ ਦ੍ਰਿਸ਼ਟੀ ਤੋਂ ਪੰਜਾਬ ਵਰਗੇ ਅਸੰਗਠਿਤ ਰਾਜ਼ ਨੂੰ ਸਰ ਜੌਹਨ ਲਾਰੰਸ ਦੇ ਪਿਤਰੀ ਪ੍ਰਸ਼ਾਸ਼ਨ ਨੇ ਜੁਝਾਰੂ ਕਦਰਾਂ ਕਰਕੇ ਜਾਣੀ ਜਾਂਦੀ ਸਿੱਖ/ਜੱਟ ਕਿਰਸਾਨੀ ਨੂੰ ਸ਼ਾਂਤ ਕਰਨ ਵਿਚ ਵੱਡਾ ਰੋਲ ਨਿਭਾਇਆ । 1849 ਵਿਚ ਲਾਹੌਰ ਰਾਜ ਦੇ ਕਬਜ਼ੇ ਤੋਂ ਬਾਅਦ ਹਰ ਪ੍ਰਸ਼ਾਸ਼ਕ ਨੂੰ ਤੀਹਰੇ ਪੱਧਰ ’ਤੇ ਕੰਮ ਕਰਨਾ ਪਿਆ:-
(ੳ) ਮਨਾਂ ’ਚ ਆਈ ਕਰੜਵਾਹਟ ਤੇ ਫਿੱਕੇ ਪੈ ਗਏ ਰਿਸ਼ਤਿਆਂ ਵਿਚ ਬਦਲਾਵ ਲਿਆਉਣਾ।
(ਅ) ਸਭਿੱਅਕ ਪ੍ਰਸਾਸ਼ਨ ਦੀ ਬਹਾਲੀ।
(ੲ) ਪੰਜਾਬ ਨੂੰ ਨਾ ਸਿਰਫ਼ ਸੁਰੱਖਿਅਤ ਬਲਕਿ ਲਾਭਦਾਇਕ ਕਬਜ਼ਾਕਾਰੀ ਤੋਂ ਵੀ ਬਚਾਉਣਾ।
ਅੰਗਰੇਜ਼ਾਂ ਦੀ ਇਸ ਸ਼ਾਂਤੀ-ਮੂਲਕ ਨੀਤੀ ਦੇ ਪਿੱਛੇ ਸਥਾਨਕ ਖਾੜਕੂ/ਜੁਝਾਰੂ ਤੇ ਚੜ੍ਹਦੀ ਕਲਾ ਵਾਲੀ ਜਨਤਾ ਤੋਂ ਪੈਦਾ ਹੋਣ ਵਾਲੇ ਸੰਭਾਵੀ ਖ਼ਤਰੇ ਨੂੰ ਠੱਲ ਪਾਉਣਾ ਮੁੱਖ ਮੁੱਦੇ ਸਨ । ਇਸ ਤੋਂ ਇਲਾਵਾ ਪੰਜਾਬ ਭੂਗੋਲਿਕ ਤੌਰ ’ਤੇ ਵੀ ਬੜੀ ਮਹੱਤਵਪੂਰਨ ਯੁੱਧਨੀਤਿਕ ਸਥਿਤੀ ’ਤੇ ਸਥਿਤ ਸੀ । ਦੂਜਾ ਇਥੋਂ ਬਹੁਤ ਹੀ ਵਧੀਆ ਪੱਧਰ ਤੇ ਸਿਪਾਹੀਆਂ ਦੀ ਭਰਤੀ ਕੀਤੀ ਜਾ ਸਕਦੀ ਸੀ । ਤੀਜਾ ਪੰਜਾਬ ਦੇ ਬੰਜਰ ਤੇ ਬਰਾਨੀ ਇਲਾਕਿਆਂ ਨੂੰ ਨਹਿਰੀ ਵਿਵਸਥਾ ਲਾਗੂ ਕਰਕੇ ਪੰਜਾਬ ਦੀ ਮਿਹਨਤੀ ਕਿਰਸਾਨੀ ਰਾਹੀਂ ਉਪਜਾਊ ਬਣਾਇਆ ਜਾ ਸਕਦਾ ਸੀ । ਅਤੇ ਚੌਥਾ ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਵਿਚ ਕੱਚਾ ਮਾਲ ਭੇਜਣ ਲਈ ਇਥੋਂ ਦੀ ਉਪਜ ਨੂੰ ਵਰਤਿਆ ਜਾ ਸਕਦਾ ਸੀ। ਇਨ੍ਹਾਂ ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਬ੍ਰਿਟਿਸ਼ ਰਾਜ ਵੱਲੋਂ ਸਾਰੇ ਨੌਜਵਾਨ ਪ੍ਰਸ਼ਾਸ਼ਨਿਕ ਅਫ਼ਸਰਾਂ ਵਿਚ ਇਕ ਦਸਤਾਵੇਜ਼ ‘Social And Political Intercourse with Punjab’ ਵੰਡਿਆ ਗਿਆ । ਕਹਿਣ ਤੋਂ ਭਾਵ ਕਿ ਅੰਗਰੇਜ਼ਾਂ ਨੇ ਪੰਜਾਬ ਵਿਚ ਆਪਣੇ ਰਾਜ ਨੂੰ ਜਾਇਜ਼ ਠਹਿਰਾਉਣ ਲਈ ਅਤੇ ਆਪਣੀ ਸਾਖ ਸਥਾਪਤ ਕਰਨ ਲਈ ਕਈ ਨੀਤੀਆਂ ਅਪਣਾਈਆਂ, ਜਿਵੇਂ ਕਿ ਸਮਾਜਿਕ ਗੁੱਟਾਂ, ਧਾਰਮਿਕ ਵਰਗਾਂ ਅਤੇ ਸੰਸਥਾਵਾਂ, ਜ਼ਿਮੀਂਦਾਰੀ, ਕੁਲੀਨ ਵਰਗਾਂ, ਜਗੀਰਦਾਰਾਂ, ਉੱਘੇ ਪਰਿਵਾਰਾਂ ਤੋਂ ਤੇ ਕਬੀਲਾਈ ਲੋਕਾਂ, ਖ਼ਾਸ ਕਰਕੇ ਪਠਾਨਾਂ ਤੋਂ ਹਮਾਇਤ ਪ੍ਰਾਪਤ ਕਰਨਾ, ਤਾਂ ਕਿ ਬ੍ਰਿਟਿਸ਼ ਰਾਜ ਦੇ ਸਮਾਜਿਕ ਤੇ ਰਾਜਨੀਤਕ ਨਿਯੰਤਰਣ ਨੂੰ ਚਿਰ ਸਥਾਈ ਬਣਾਇਆ ਜਾ ਸਕੇ ।
ਕਿਉਂਕਿ ਪੰਜਾਬ ਵਿਚ ਸਿੱਖ ਕੋਈ ਇਕ ਰੂਪੀ ਸਮੂਹ ਨਹੀਂ ਸਨ, ਇਸ ਲਈ ਅੰਗਰੇਜ਼ਾਂ ਨੇ ਇਥੋਂ ਦੀ ਕਿਰਸਾਨੀ ਨਾਲ ਹੋਰ ਤਰ੍ਹਾਂ ਦਾ ਤੇ ਜ਼ਿਮੀਂਦਾਰੀ, ਜਗੀਰਦਾਰੀ ਨਾਲ ਹੋਰ ਤਰ੍ਹਾਂ ਦਾ ਵਿਵਹਾਰ ਰੱਖਿਆ । 1849 ਤੋਂ 1857 ਦੇ ਦਰਮਿਆਨ ਪੰਜਾਬ ਸਰਕਾਰ ਦੀ ਹਲਕੇ ਕਰ ਲਾਉਣ ਦੀ ਨੀਤੀ ਅਤੇ ਕਦੇ ਕਦੇ ਪੰਜਾਬ ਦੀ ਕਿਰਸਾਨੀ ਦਾ ਮਨ, ਕਰਾਂ ਵਿਚ ਕਮੀ ਤੇ ਹੜ੍ਹਾਂ, ਅਕਾਲਾਂ ਤੇ ਮਹਾਂ-ਬਿਮਾਰੀਆਂ ਵੇਲੇ ਸਹਾਇਤਾ ਕਾਰਜਾਂ ਨਾਲ, ਜਿਥੇ ਜਿਤਿਆ, ਉੇਥੇ ਇਨ੍ਹਾਂ ਹੀ ਵਰਗਾਂ ਵਿਚੋਂ ਪੈਦਾ ਹੋਏ ਸਿਪਾਹੀਆਂ ਦੀ ਵਫ਼ਾਦਾਰੀ ਨੂੰ ਵੀ 1857 ਦੀ ਬਗ਼ਾਵਤ ਵੇਲੇ ਬ੍ਰਿਟਿਸ਼ ਰਾਜ ਬਚਾਉਣ ਲਈ ਵਰਤਿਆ ।ਪਰ ਬਗ਼ਾਵਤ ਤੋਂ ਪਹਿਲਾਂ ਦੀ ਬ੍ਰਿਟਿਸ਼ ਰਾਜ ਵਲੋਂ ਅਪਣਾਈ ਗਈ ਕੁਲੀਨ ਵਰਗਾਂ ਨੂੰ ਕਮਜ਼ੋਰ ਕਰਨ ਦੀ ਨੀਤੀ 1857 ਤੋਂ ਬਾਅਦ ਐਨ ਉਲਟ ਹੋ ਗਈ ।
ਸਿੱਖਾਂ ਦੀ ਊਦਾਸੀਨਤਾ ਦੇ ਹੋਰ ਵੀ ਕਈ ਕਾਰਨ ਸਨ ਜਿਵੇਂ ਕਿ ਖ਼ਾਸ ਕਰਕੇ ਪੁਰਾਣੇ ਖਾਲਸਾ ਸਿਪਾਹੀਆਂ ਨੂੰ ਅਜੇ ਵੀ ਐਂਗਲੋ ਸਿੱਖ ਜੰਗ ਵਿਚ ਆਪਣੀ ਹਾਰ ਨਹੀਂ ਸੀ ਭੁੱਲੀ । ਭਾਈ ਮਹਾਰਾਜ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਕੋਲ ਕੋਈ ਕੱਦਾਵਰ ਨੇਤਾ ਵੀ ਨਹੀਂ ਸੀ, ਜਿਸ ਦੀ ਕਮਾਨ ਹੇਠ ਉਹ ਇਕਜੁੱਟ/ਇਕੱਠੇ ਹੋ ਕੇ ਲੜਦੇ । ਇਸ ਤੋਂ ਇਲਾਵਾ ਅੰਗਰੇਜ਼ ਨੇ ਸਿੱਖਾਂ ਦੀ ਮੁਸਲਮਾਨਾਂ ਵਿਰੁੱਧ ਦੁਸ਼ਮਣੀ ਨੂੰ ਵੀ ਅਤੇ ਐਂਗਲੋ ਸਿੱਖ ਜੰਗ ਵਿਚ ਅੰਗਰੇਜ਼ਾਂ ਵੱਲੋਂ ਲੜੇ ਪੂਰਬੀਆਂ ਵਿਰੁੱਧ ਰੋਸ ਭਾਵਨਾ ਦਾ ਵੀ ਲਾਭ ਲਿਆ । ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਫ.ਐੱਚ.ਕੂਪਰ ਦਾ ਯਤਨ ਸੀ ਕਿ ਸਿੱਖ-ਮੁਸਲਮਾਨ ਪੂਰਬੀਆਂ ਦੀ ਦੁਸ਼ਮਣੀ ਨੂੰ ਬਿਨਾਂ ਕਿਸੇ ਭੜਕਾਹਟ ਤੋਂ ਬਣਾਈ ਰੱਖਿਆ ਜਾ ਸਕੇ । ਇਸ ਤੋਂ ਇਲਾਵਾ ਬ੍ਰਿਟਿਸ਼ ਨੇ ਦਮਨ ਦੀ ਨੀਤੀ ਅਖ਼ਤਿਆਰ ਕਰਕੇ ਸੰਭਾਵਿਤ ਬਗ਼ਾਵਤ ਨੂੰ ਦਬਾਇਆ । ਮੀਆਂ ਵਾਲੀ, ਗੋਬਿੰਦਗੜ, ਫਿਲੌਰ ਤੇ ਫਿਰੋਜ਼ਪੁਰ ਵਿਖੇ ਗਿਆਰਵੀਂ ਸਥਾਨਕ ਰੈਜੀਮੈਂਟ ਨੂੰ ਬੇਹਥਿਆਰੀ ਕਰਕੇ ਯੋਰਪੀ ਸਿਪਾਹੀਆਂ ਦੇ ਅਧੀਨ ਕਰਨਾ ਤੇ ਇਹ ਬਹਾਨਾ ਲਗਾਉਣਾ ਕਿ ਅਸੀਂ ਇਹ ਇਸ ਲਈ ਕਰ ਰਹੇ ਹਾਂ ਕਿ ‘ਵਫ਼ਾਦਾਰ ਸਰਦਾਰਾਂ ਦੀ ਸੁਰੱਖਿਆ ਕੀਤੀ ਜਾ ਸਕੇ’। ਇਸ ਸਾਰੀ ਕਾਰਵਾਈ ਦਾ ਸਮੁੱਚਾ ਪ੍ਰਭਾਵ ਸਿੱਖਾਂ/ਪੰਜਾਬੀਆਂ ਦੀ ਉਦਾਸੀਨਤਾ ਰਾਹੀਂ ਨਿਕਲਿਆ । ਇਸ ਉਦਾਸੀਨਤਾ ਦਾ ਹੋਰ ਵੱਡਾ ਕਾਰਨ ਸਿੱਖ ਰਾਜ ਦੇ ਖੁੱਸ ਜਾਣ ਦਾ ਰੰਜ ਵੀ ਸੀ ਜੋ ਕਿ ਕਿਤੇ ਉਹਨਾਂ ਦੇ ਅਵਚੇਤਨ ਦੇ ਧੁਰ ਅੰਦਰ ਲੁਕਿਆ ਪਿਆ ਸੀ। ਸ਼ੁਰੂਆਤੀ ਦੌਰ ਵਿਚ ਜਿਨ੍ਹਾਂ ਨੇ ਅੰਗਰੇਜ਼ ਦਾ ਸਾਥ ਬਗ਼ਾਵਤ ਨੂੰ ਦਬਾਉਣ ਤੇ ਦਿੱਲੀ ’ਤੇ ਮੁੜ ਕਬਜ਼ਾ ਕਰਨ ਵਿਚ ਦਿੱਤਾ, ਉਨ੍ਹਾਂ ’ਚ ਉਹ ਸਰਦਾਰ ਤੇ ਰਜਵਾੜੇ ਸ਼ਾਮਿਲ ਸਨ, ਜੋ ਅਜੇ ਵੀ ਜਗੀਰਾਂ/ਰਿਆਸਤਾਂ ’ਤੇ ਕਾਬਜ਼ ਸਨ । ਕਸ਼ਮੀਰ ਦੇ ਮਹਾਰਾਜਾ ਗੁਲਾਬ ਸਿੰਘ ਨੇ ਲੱਖਾਂ ਰੁਪਏ ਦੇ ਕੇ ਅੰਗਰੇਜ਼ਾਂ ਦੀ ਮਦਦ ਕੀਤੀ । ਇਸ ਤਰਾਂ੍ਹ ਇਹ ਇਕ ਰਾਜ ਦੀ ਦੂਜੇ ਰਾਜ ਨੂੰ ਮਦਦ ਸੀ ।
ਪਰ ਇਸ ਦਾ ਇਹ ਭਾਵ ਨਹੀਂ ਕਿ ਪੰਜਾਬੀ ਤੇ ਸਿੱਖ ਇਸ ਬਗ਼ਾਵਤੀ ਦੌਰ ਵਿਚ ਚੁੱਪ ਤੇ ਤਮਾਸ਼ਬੀਨ ਹੀ ਬਣੇ ਰਹੇ । ਉਨ੍ਹਾਂ ਦੇ ਬ੍ਰਿਟਿਸ਼ ਦਮਨ ਤੇ ਬਾਹਰੀ ਕੌਮ ਦੇ ਅਧੀਨਗੀ ਵਿਰੁੱਧ ਸੰਘਰਸ਼ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ ।
10 ਮਈ 1857 ਨੂੰ ਮੇਰਠ ਤੋਂ ਵਿਦਰੋਹ ਸ਼ੁਰੂ ਹੋਇਆ । ਪਰ ਇਸ ਸ਼ੁਰੂਆਤ ਦੇ ਨੌਂ ਘੰਟੇਂ ਪਹਿਲਾਂ ਹੀ ਅੰਬਾਲਾ ਵਿਖੇ ਤੈਨਾਤ ਸਿਪਾਹੀਆਂ ਨੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਸੀ ।ਇਸ ਦੇ ਨਾਲ ਹੀ 11 ਮਈ ਨੂੰ ਫਿਰੋਜ਼ਪੁਰ ਛਾਉਣੀ ਵਿਚ ਗੜਬੜ ਸ਼ੁਰੂ ਹੋ ਗਈ । ਅੰਗਰੇਜ਼ ਅਫ਼ਸਰਾਂ ਨੇ ਚੌਕਸੀ ਵਜੋਂ 12 ਮਈ ਨੂੰ ਫਿਰੋਜ਼ਪੁਰ ਤੇ ਫਿਲੌਰ ਵਿਚ ਫੌਜੀਆਂ ਨੂੰ ਬੇਹਥਿਆਰ ਕਰ ਦਿਤਾ। ਗੁਰੇਰਾ, ਮੁਲਤਾਨ, ਰਾਵਲਪਿੰਡੀ ਵਿਚ ਵਿਦਰੋਹ ਹੋਇਆ । ਇਸ ਵਿਦਰੋਹ ਦਾ ਕਮਾਂਡਰ ਅਹਿਮਦ ਖਰੱਲ ਸੀ ।ਉਸ ਦਾ ਡਿਪਟੀ ਕਮਾਂਡਰ ਇਕ ਸਿੱਖ ਸਿਪਾਹੀ ਸੀ । ਉਧਰੋਂ ਅੰਬਾਲੇ ਜ਼ਿਲ੍ਹੇ ’ਚ ਸਿਪਾਹੀਆਂ ਵਲੋਂ ਕੀਤੀ ਗੜਬੜ ਦੀ ਕਨਸੋਅ ਮਿਲਦਿਆਂ ਹੀ ਰੋਪੜ ਜ਼ਿਲ੍ਹੇ ਦੇ ਸਰਦਾਰ ਮੋਹਰ ਸਿੰਘ ਆਪਣੇ ਇਲਾਕੇ ਨੂੰ ਗ਼ੁਲਾਮੀ ਤੋਂ ਮੁਕਤ ਕਰਨ ਲਈ ਮੂਹਰੇ ਆਏ । ਕਈ ਪਹਾੜੀ ਰਾਜਿਆਂ ਨੂੰ ਉਨ੍ਹਾਂ ਨੇ ਬ੍ਰਿਟਿਸ਼ ਵਿਰੁੱਧ ਖੜ੍ਹੇ ਹੋ ਜਾਣ ਲਈ ਪ੍ਰੇਰਿਆ । ਅੰਗਰੇਜ਼ਾਂ ਵਿਰੁੱਧ ਲੜਦਿਆਂ ਉਹ ਗ੍ਰਿਫਤਾਰ ਹੋ ਗਏ ਤੇ ਅੰਬਾਲਾ ਲਿਆ ਕੇ ਫਾਂਸੀ ’ਤੇ ਚੜਾ੍ਹ ਦਿਤੇ ਗਏ । ਇਸ ਤਰ੍ਹਾਂ ਭਾਰਤ ਦੇ ਇਸ ਵਿਦਰੋਹ ਦਾ ਪਹਿਲਾ ਸ਼ਖ਼ਸ ਜੋ ਫਾਂਸੀ ਚੜਾ੍ਹਇਆ ਗਿਆ, ਉਹ ਰੋਪੜ ਦੇ ਇਲਾਕੇ ਤੋਂ ਇਕ ਸਿੱਖ ਸੀ ।
ਇਸ ਦੌਰਾਨ ਪਿਸ਼ਾਵਰ ਨੇੜੇ ਛਾਉਣੀ ਵਿਚ 20 ਮਈ, 1857 ਨੂੰ 55ਵੀਂ ਇਨਫੈਂਟਰੀ ਰੈਜੀਮੈਂਟ ਨੇ ਬਗ਼ਾਵਤ ਕਰ ਦਿੱਤੀ । ਕਰਨਲ ਜੌਹਨ ਨਿਕਲਸਨ ’ਤੇ ਬਾਗ਼ੀਆਂ ਨੇ ਹਮਲਾ ਕਰ ਦਿੱਤਾ । ਉਸ ਨੇ ਲੜਾਈ ’ਚ 150 ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰ ਲਿਆ ।ਇਨ੍ਹਾਂ ਵਿਚੋਂ 49 ਨੂੰ ਤੋਪਾਂ ਦੇ ਮੂੰਹ ਅੱਗੇ ਬੰਨ੍ਹ ਕੇ ਉਡਾਅ ਦਿੱਤਾ ਅਤੇ ਬਾਕੀਆਂ ਨੂੰ ਫਾਂਸੀ ਦੇ ਦਿੱਤੀ ਗਈ । ਪਹਿਲੀ ਪੰਜਾਬ ਕੈਵਲਰੀ ਦੇ ਸਿਪਾਹੀ ਹਾਂਸੀ ਤੇ ਰੋਹਤਕ ਵਿਚ ਜਨਰਲ ਕੋਰਟਲੈਂਡ ਦੇ ਜ਼ੁਲਮਾਂ ਕਾਰਨ ਬੇਚੈਨ ਤੇ ਬਗ਼ਾਵਤ ’ਤੇ ਉੇਤਾਰੂ ਸਨ । ਡੇਰਾ ਇਸਮਾਇਲ ਖਾਂ ਵਿਖੇ 10ਵੀਂ ਸਿੱਖ ਇਨਫੈਂਟਰੀ ਨੇ ਵੀ ਬਗ਼ਾਵਤ ਕੀਤੀ । 26ਵੀਂ ਇਨਫੈਂਟਰੀ ਡਿਵੀਜ਼ਨ ਦੇ ਸਿਪਾਹੀਆਂ ਨੇ ਲਾਹੌਰ ਵਿਚ ਬਗ਼ਾਵਤ ਕੀਤੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਜੁਲਾਈ 1857 ਵਿਚ 400 ਸਿਪਾਹੀ ਜੇਲ੍ਹ ਤੋੜ ਕੇ ਫਰਾਰ ਹੋ ਗਏ ਅਤੇ ਆਪਣੇ ਘਰਾਂ ਨੂੰ ਚਲੇ ਗਏ । ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਵੱਧ ਮਹੱਤਵਪੂਰਨ ਅਜਨਾਲੇ (ਅੰਮ੍ਰਿਤਸਰ) ਦੇ ‘ਕਾਲਿਆਂ ਦੇ ਖੂਹ’ ਅਤੇ ‘ਕਾਲਿਆਂ ਦੇ ਬਾਗ’ ਦਾ ਦੁਖਾਂਤ ਹੈ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐੱਫ.ਐੱਚ.ਕੂਪਰ ਨੂੰ ਖ਼ਬਰ ਮਿਲੀ ਕਿ 500 ਦੇ ਕਰੀਬ ਬਾਗ਼ੀ ਅਜਨਾਲੇ ਨੇੜੇ ਰਾਵੀ ਦਰਿਆ ਦੇ ਕੰਢੇ ਇਕੱਠੇ ਹੋਏ ਹਨ । ਕੂਪਰ ਨੇ ਭਾਰੀ ਗਿਣਤੀ ਵਿਚ ਫ਼ੌਜ ਲੈ ਕੇ ਇਨਾਂ੍ਹ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ ਤੇ ਇਕ ਛੋਟੀ ਜਿਹੀ ਥਾਂ ’ਤੇ ਬੰਦ ਕਰ ਦਿੱਤਾ । ਇਨ੍ਹਾਂ ਨੂੰ 10-10 ਦੇ ਗਰੁੱਪ ਵਿਚ ਬਾਹਰ ਲਿਜਾਇਆ ਗਿਆ ਤੇ ਗੋਲੀਆਂ ਨਾਲ ਉਡਾਅ ਦਿੱਤਾ । ਪੂਰੇ ਦਿਨ ਵਿਚ 250 ਬਾਗ਼ੀਆਂ ਨੂੰ ਇਸ ਤਰ੍ਹਾਂ ਨਾਲ ਮਾਰਿਆ ਗਿਆ ।ਇਹ ਸਾਰੀ ਕਾਰਵਾਈ ਇਕ ਬਾਗ ਵਿਚ ਹੋਈ, ਜਿਸ ਨੂੰ ‘ਕਾਲਿਆਂ ਵਾਲਾ ਬਾਗ’ ਕਹਿੰਦੇ ਹਨ । ਬਾਕੀ ਵਿਦਰੋਹੀ ਉਸ ਤੰਗ ਥਾਂ ’ਤੇ ਹੀ ਦਮ ਘੁੱਟ ਕੇ ਮਰ ਗਏ ।ਇਨ੍ਹਾਂ ਦੀਆਂ ਲਾਸ਼ਾਂ ਨੂੰ ਖੂਹ ਵਿਚ ਸੁੱਟ ਕੇ ਉੱਤੋਂ ਮਿੱਟੀ ਨਾਲ ਪੂਰ ਦਿੱਤਾ ਗਿਆ, ਜਿਸ ਨੂੰ ‘ਕਾਲਿਆਂ ਦਾ ਖੂਹ’ ਕਿਹਾ ਜਾਂਦਾ ਹੈ।
ਪੰਜਾਬ ਵਿਚ ਸਿਪਾਹੀਆਂ ਦੀਆਂ ਨਿਖੜਵੀਆਂ ਬਗ਼ਾਵਤਾਂ ਤੋਂ ਇਲਾਵਾ ਨਾਭਾ ਰਿਆਸਤ ਵਿਚ ਜੈਤੋ ਵਿਖੇ ਇਕ ਫ਼ਕੀਰ ਸ਼ਾਮਦਾਨ ਨੇ ਵਿਦਰੋਹ ਦਾ ਡੰਡਾ ਚੁੱਕਿਆ ।ਹੋਰਨਾਂ ਤੋਂ ਇਲਾਵਾ ਨਾਭਾ ਤੇ ਫਰੀਦਕੋਟ ਰਿਆਸਤਾਂ ਤੋਂ ਕਾਫ਼ੀ ਸੰਖਿਆ ਵਿਚ ਸਿੱਖਾਂ ਨੇ ਵੀ ਉਸ ਫ਼ਕੀਰ ਦਾ ਸਾਥ ਦਿੱਤਾ ।ਉਨ੍ਹਾਂ ਨੇ ਸਿੱਖਾਂ ਦੇ ਇਕ ਪਿੰਡ ਡਾਬਰੀ ਵਿਖੇ ਨਾਭਾ,ਜੀਂਦ ਤੇ ਬ੍ਰਿਟਿਸ਼ ਦੀਆਂ ਮਿਲਵੀਆਂ ਜੁਲਵੀਆਂ ਫ਼ੌਜਾਂ ਨਾਲ ਡਟਵੀਂ ਲੜਾਈ ਲੜੀ । ਫ਼ਕੀਰ ਦੀ ਹਾਰ ਹੋਈ ਤੇ ਉਸ ਨੂੰ ਅੰਬਾਲਾ ਛਾਉਣੀ ਲਿਆ ਕੇ ਫਾਂਸੀ ਲਾ ਦਿੱਤਾ ਗਿਆ ।ਅੰਗਰੇਜ਼ਾਂ ਨੇ ਬਾਅਦ ਵਿਚ ਪਿੰਡ ਡਾਬਰੀ ਦਾ ਨਾਮੋ-ਨਿਸ਼ਾਨ ਤਕ ਮਿਟਾ ਦਿੱਤਾ ।
10 ਮਈ 1857 ਦੀ ਮੇਰਠ ਵਿਖੇ ਹੋਈ ਬਗ਼ਾਵਤ ਤੋਂ ਬਾਅਦ ਯੂ.ਪੀ., ਬਿਹਾਰ, ਬੰਗਾਲ ਵਿਖੇ ਜੋ ਬਗ਼ਾਵਤਾਂ ਹੋਈਆਂ ਉਹ ਰੈਜੀਮੈਂਟਾਂ ਮਿਲਵੀਆਂ ਜੁਲਵੀਆਂ ਸਨ ਭਾਵ ਕਿ ਉਨ੍ਹਾਂ ਵਿਚ ਹਿੰਦੂ (ਨੀਵੀਂ ਅਤੇ ਉੱਚੀਆਂ ਜਾਤੀਆਂ ਦੋਨੋਂ ਹੀ ), ਮੁਸਲਮਾਨ, ਸਿੱਖ, ਪੂਰਬੀਏ ਤੇ ਪੰਜਾਬੀ ਸ਼ਾਮਿਲ ਸਨ ।
ਪੰਜਾਬ ਤੋਂ ਬਾਹਰ ਜਿਥੇ ਵੀ ਮੌਕਾ ਮਿਲਿਆ ਉਥੇ ਹੀ ਸਿੱਖ ਸਿਪਾਹੀਆਂ ਨੇ ਬਗ਼ਾਵਤ ਵਿਚ ਵੱਡੀ ਭੂਮਿਕਾ ਨਿਭਾਈ ।ਜੂਨ 3, 1857 ਨੂੰ ਝਾਂਸੀ ਵਿਚ ਗੰਭੀਰ ਬਗ਼ਾਵਤ ਹੋਈ । ਜਿਸ ਯੁਨਿਟ ਨੇ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਉਹ ਵੀ ਮਿਲਵੀਂ ਜੁਲਵੀਂ ਰੈਜੀਮੈਂਟ ਸੀ । ਜੂਨ 10 ਨੂੰ ਨਵਗਾਂਵ (ਯੂ.ਪੀ.) ਵਿਚ ਬਗ਼ਾਵਤ ਹੋਈ। ਉਥੇ ਵੀਂ 12ਵੀਂ ਐਨ.ਆਈ. ਦੀ ਇਕ ਯੂਨਿਟ ਤੈਨਾਤ ਸੀ । ਜੁਲਾਈ 1 ਨੂੰ ਮਊ ਵਿਖੇ ਵੀ ਬਗ਼ਾਵਤ ਹੋਈ ਤੇ ਸਿੱਖ ਸਿਪਾਹੀਆਂ ਨੂੰ ਫਾਂਸੀ ਦਿੱਤੀ ਗਈ । 23 ਵੀਂ ਐੱਨ. ਆਈ.ਨੇ ਇਸ ਵਿਚ ਮੁੱਖ ਰੋਲ ਅਦਾ ਕੀਤਾ । ਰੈਜੀਮੈਂਟ ਦੇ ਦਸਤਾਵੇਜ਼ ਦੱਸਦੇ ਹਨ ਕਿ ਇਸ ਵਿਚ 124 ਪੰਜਾਬੀ ਸਿਪਾਹੀ ਸਨ, ਜਿਨ੍ਹਾਂ ਵਿਚੋਂ 68 ਸਿੱਖ ਸਨ ਅਤੇ ਉਨ੍ਹਾਂ ’ਚੋਂ ਬਹੁਤੇ ਮਾਝਾ ਇਲਾਕੇ ਤੋਂ ਸਨ ।ਇਥੇ ਇਹ ਗੱਲ ਪ੍ਰਸੰਗਿਕ ਹੈ ਕਿ ਗਵਰਨਰ ਜਨਰਲ ਡਲਹੌਜ਼ੀ ਨੇ ਆਪਣੇ ਕਮਾਂਡਰ-ਇਨ-ਵੀਫ਼ ਚਾਰਲਸ ਨੇਪੀਅਰ ਨੂੰ 1849 ਵਿਚ ਪੰਜਾਬ ਦੇ ਕਬਜ਼ੇ ਤੋਂ ਤੁਰੰਤ ਬਾਅਦ ਕਿਹਾ ਸੀ ਕਿ ਉਹ ਪੰਜਾਬ ਦੇ ਮਾਝਾ ਇਲਾਕੇ ਨੂੰ ਖ਼ਾਸ ਕਰਕੇ ਖਾੜਕੂ/ਜੁਝਾਰੂ ਸੁਭਾਉ ਦਾ ਮੰਨਦਾ ਸੀ। 4 ਜੂਨ, 1857 ਨੂੰ ਲੁਧਿਆਣਾ ਰੈਜੀਮੈਂਟ, ਜਿਸ ਵਿਚ ਬਹੁਤ ਸਿੱਖ ਸਨ, ਨੇ ਬਨਾਰਸ ਵਿਖੇ ਬਗ਼ਾਵਤ ਕਰ ਦਿੱਤੀ ।ਇਸ ਵੇਲੇ ਹੀ ਜੌਨਪੁਰ ਵਿਖੇ ਤੈਨਾਤ ਲੁਧਿਆਣਾ ਸਿੱਖ ਰੈਜੀਮੈਂਟ ਦੀ ਇਕ ਪਲਟਨ ਨੇ ਵੀ ਬਗ਼ਾਵਤ ਕਰ ਦਿੱਤੀ । ਬਾਗ਼ੀ ਸਿਪਾਹੀਆਂ ਨੇ ਸਥਾਨਕ ਮੈਜਿਸਟ੍ਰੇਟ ਨੂੰ ਗੋਲੀ ਮਾਰੀ, ਖ਼ਜ਼ਾਨਾ ਲੁੱਟਿਆ ਤੇ ਲਖਨਊ ਵੱਲ ਤੁਰ ਪਏ ।ਬਿਹਾਰ ਵਿਚ ਆਰਾ ਵਿਖੇ ਵੀ ਕੁੰਵਰ ਸਿੰਘ ਦਾ ਸਾਥ ਸਿੱਖ ਸਿਪਾਹੀਆਂ ਨੇ ਦਿੱਤਾ ਤੇ ਆਰਾ ’ਤੇ ਕਬਜ਼ਾ ਕੀਤਾ । ਇਹ ਸਿੱਖ ਸਿਪਾਹੀ ਹੀ ਸਨ ਜਿਨਾਂ੍ਹ ਸ਼ਹਿਰ ’ਤੇ ਹੋਏ ਬ੍ਰਿਟਿਸ਼ ਹਮਲੇ ਨੂੰ ਖਦੇੜਿਆ । ਇਸ ਤੋਂ ਇਲਾਵਾ ਇਹ ਵੀ ਗੱਲ ਇਤਿਹਾਸ’ਚ ਮਿਲਦੀ ਹੈ ਕਿ ਪੰਜਾਬ ਦੇ ਵਿਭਿੰਨ ਇਲਾਕਿਆਂ ਤੋਂ ਲਗਭਗ 2500 ਸਿੱਖ ਅੰਗਰੇਜ਼ਾਂ ਵਿਰੁੱਧ ਲੜਨ ਲਈ ਦਿੱਲੀ ਗਏ । ਬਾਦਸ਼ਾਹ ਨੇ ਵੀ ਉਨ੍ਹਾਂ ਦੀ ਬਹਾਦਰੀ ਤੇ ਸੋਚ ਦੀ ਪ੍ਰਸੰਸਾ ਕੀਤੀ ।
ਇਸ ਦੌਰਾਨ ਪੰਜਾਬ ਦੇ ਪਹਾੜੀ ਇਲਾਕੇ ਜਿਵੇਂ ਕੁੱਲੂ, ਕਾਂਗੜਾ, ਰਾਮਪੁਰ ਤੇ ਬੁਸ਼ੇਹਾਰ ਵਿਚ ਵੀ ਕਈ ਵਿਦਰੋਹੀ ਕਾਰਵਾਈਆਂ ਹੋਈਆਂ। ਮੇਰਠ ਦੀ ਬਗ਼ਾਵਤ ਤੋਂ ਪਹਿਲਾਂ ਕਸੌਲੀ ਵਿਖੇ ਸਥਾਨਕ ਸਿਪਾਹੀਆਂ ਨੇ ਸਰਕਾਰੀ ਖਜ਼ਾਨਾ ਲੁੱਟਿਆ ਤੇ ਸੂਬੇਦਾਰ ਭੀਮ ਸਿੰਘ ਦੀ ਕਮਾਨ ਹੇਠ ਜੁਟੋਅ ਵੱਲ ਭੱਜ ਗਏ ।ਇਕ ਪੁਲਿਸ ਚੌਂਕੀ ਸਾੜ ਦਿੱਤੀ ਗਈ ।ਇਨ੍ਹਾਂ ਦਾ ਉਦੇਸ਼ ਸੀ, ਸ਼ਿਮਲੇ ਵਿਖੇ ਬ੍ਰਿਟਿਸ਼ ਅਫ਼ਸਰਾਂ ਤੇ ਪਰਿਵਾਰਾਂ ਨੂੰ ਮਾਰਨਾ । ਭੀਮ ਸਿੰਘ ਨੂੰ ਬੇਹਥਿਆਰਾ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਅੰਬਾਲਾ ਵਿਖੇ ਲੈ ਆਂਦਾ ਗਿਆ ।ਕਾਂਗੜਾ ਦੇ ਕਿਲ੍ਹੇ ਵਿਚ ਵੀ ਚੌਥੀ ਐੱਨ.ਆਈ.ਨੇ ਬਗ਼ਾਵਤ ਦੀ ਯੋਜਨਾ ਬਣਾਈ ਪਰ ਡਿਪਟੀ ਕਮਿਸ਼ਨਰ ਮੇਜਰ ਟੇਲਰ ਨੂੰ ਪਤਾ ਲੱਗ ਜਾਣ ਕਾਰਨ ਇਹ ਦਬਾਅ ਦਿੱਤੀ ਗਈ । ਕੁਲੂ ਦੇ ਰਾਜਾ ਪ੍ਰਤਾਪ ਸਿੰਘ ਨੇ ਬ੍ਰਿਟਿਸ਼ ਵਿਰੁੱਧ ਬਗ਼ਾਵਤ ਕੀਤੀ । ਬੈਜਨਾਥ ਵਿਖੇ ਵੀਰ ਸਿੰਘ ਨੇ ਵੀ ਇਹੀ ਕੀਤਾ। ਧਰਮਸ਼ਾਲਾ ਵਿਖੇ 3 ਅਗਸਤ 1857 ਨੂੰ ਦੋਨਾਂ ਨੂੰ ਫਾਂਸੀ ਦੇ ਦਿੱਤੀ ਗਈ ।ਰਾਮਪੁਰ ਬੁਸ਼ੇਹਾਰ ਦੇ ਰਾਜਾ ਸਮਸ਼ੇਰ ਸਿੰਘ ਨੇ ਬ੍ਰਿਟਿਸ਼ ਨੂੰ ਸਾਲਾਨਾ ਨਜ਼ਰਾਨਾ ਦੇਣਾ ਬੰਦ ਕਰ ਦਿੱਤਾ । ਲਾਹੁਲ ਸਪਿਤੀ ਦੇ ਕਬੀਲਾਈ ਇਲਾਕੇ ਹਿੰਡੂਰ (ਨਾਲਾਗੜ੍ਹ ) ਵਿਖੇ ਜੂਨ 1857 ਨੂੰ ਚੋਰੀ ਛਿਪੇ ਕੁਝ ਬਾਗ਼ੀ ਜਲੰਧਰ ਤੋਂ ਬਗ਼ਾਵਤ ਕਰਕੇ ਇਥੇ ਆ ਲੁਕੇ । ਇਥੇ ਉਹਨਾਂ ਨੇ ਖਜਾਨਾ ਤੇ ਹਥਿਆਰ ਲੁੱਟੇ ।ਸ਼ਿਮਲੇ ਦੇ ਡਿਪਟੀ ਕਮਿਸ਼ਨਰ ਵਿਲੀਅਮ ਹੇਅ ਨੇ ਨਾਲਾਗੜ ਪਹੁੰਚ ਕੇ ਬਗ਼ਾਵਤ ਕੁਚਲ ਦਿੱਤੀ । ਕੁਝ ਬਾਗ਼ੀ ਸਿਪਾਹੀਆਂ ਨੇ ਸਿਆਲਕੋਟ ਤੋਂ ਬਗ਼ਾਵਤ ਕੀਤੀ ਤੇ ਲਾਹੌਰ ਸਪਿਤੀ ਦੇ ਰਸਤਿਓਂ ਲੱਦਾਖ ਰਾਹੀਂ ਜੰਮੂ ਪਹੁੰਚੇ । ਅਸਲ ਇਹ ਸਿਪਾਹੀ ਕੁੱਲੂ ਦੇ ਰਾਜਾ ਪ੍ਰਤਾਪ ਸਿੰਘ ਦੀ ਮਦਦ ਲਈ ਭੇਜੇ ਗਏ ਸਨ ।
ਸੋ ਇਹ ਸੱਚ ਨਹੀਂ ਹੈ ਕਿ 1857 ਦੌਰਾਨ ਪੰਜਾਬ ਚੁੱਪ ਰਿਹਾ । ਬ੍ਰਿਟਿਸ਼ ਫ਼ੌਜਾਂ ਦੀ ਭਾਰੀ ਤੈਨਾਤੀ (ਸਾਰੀ ਬੰਗਾਲ ਆਰਮੀ ਦਾ 45 ਪ੍ਰਤੀਸ਼ਤ ਹਿੱਸਾ ਅਤੇ ਯਰੂਪੀ ਸਿਪਾਹੀਆਂ ਦਾ 60 ਪ੍ਰਤੀਸ਼ਤ ਹਿੱਸਾ ), ਲੋਕਾਂ ’ਤੇ ਅਫ਼ਸ਼ਰਾਂ ਦੀ ਮਜ਼ਬੂਤ ਪਕੜ ਅਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦੇ ਸਾਹਮਣੇ ਲਈ ਪੂਰੀ ਤਿਆਰੀ ਦੇ ਬਾਵਜੂਦ ਪੰਜਾਬ ਵਿਚ ਵਿਭਿੰਨ ਪ੍ਰਕਾਰ ਦੀ ਉਥਲ-ਪੁਥਲ ਰਹੀ । ਫਿਰੋਜ਼ਪੁਰ ( 41ਵੀਂ, 51 ਵੀਂ ਰੈਜੀਮੈਂਟ), ਹੋਤੀ ਮਰਦਾਨ (55ਵੀਂ ਰੈਜੀਮੈਂਟ), ਜਲੰਧਰ (36 ਵੀਂ ਰੈਜੀਮੈਂਟ),ਫਿਲੌਰ, ਜਿਹਲਮ, ਸਿਆਲਕੋਟ, ਥਾਨੇਸਰ, ਅੰਬਾਲਾ, ਹਾਂਸੀ, ਹਿਸਾਰ, ਸਿਰਸਾ, ਲਾਹੌਰ, ਪੇਸ਼ਾਵਾਰ (55 ਵੀਂ ਰੈਜੀਮੈਂਟ ) ਤੇ ਮੀਆਂਵਾਲੀ ਵਿਖੇ ਵੱਖ-ਵੱਖ ਡਿਗਰੀਆਂ ਅਤੇ ਪੈਮਾਨਿਆਂ ਦੀਆਂ ਬਗ਼ਾਵਤਾਂ ਹੋਈਆਂ । ਇਸ ਵਿਚ ਸੌ ਤੋਂ ਵੱਧ ਸਿਪਾਹੀਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁਝ ਇਤਿਹਾਸਕਾਰਾਂ ਨੇ ਪੰਜਾਬ ਤੋਂ ਬਾਹਰ ਹੋਈਆਂ ਬਗ਼ਾਵਤਾਂ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਭੂਮਿਕਾ ਨੂੰ ਘਟਾ ਕੇ ਵੇਖਿਆ ਹੈ ਅਤੇ ਇਸ ਸਾਰੇ ਵਿਦਰੋਹ ਨੂੰ ‘ਪੂਰਬੀਆਂ ਦਾ ਵਿਦਰੋਹ ਕਿਹਾ ਹੈ, ਜੋ ਕਿ ਸਹੀ ਨਹੀਂ । ਜਿਨ੍ਹਾਂ ਰੈਜੀਮੈਂਟਾਂ ਨੇ ਇਸ ਸਾਰੇ ਵਿਦਰੋਹ ਵਿਚ ਮਹੱਤਵਪੂਰਨ ਤੇ ਬਹਾਦਰੀ ਵਾਲੀ ਭੂਮਿਕਾ ਨਿਭਾਈ, ਉਹ ‘ਮਿਲਵੀਆਂ ਜੁਲਵੀਆਂ ਰੈਜੀਮੈਂਟਸ ਸਨ, ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ, ਸਿੱਖ ਪੂਰਬੀਏ ਤੇ ਪੰਜਾਬੀ ਵੀ ਸ਼ਾਮਿਲ ਸਨ। ਇਥੇ ਇਕ ਹੋਰ ਤੱਤ ਮਹੱਤਵਪੂਰਨ ਹੈ ਜੋ ਕਿ ਪੰਜਾਬ ਵਿਚ ਹੋਈਆਂ ਬਗ਼ਾਵਤਾਂ ਵਿਚ ਅਜੇ ਤਕ ਛੁਪਿਆ ਰਿਹਾ ਹੈ ਕਿ ਕੋਈ ਵੀ ਬਗ਼ਾਵਤ ਕਿਸੇ ਯੁੱਧਨੀਤੀ ਦੀ ਆਪਸੀ ਸਮਝ ਅਤੇ ਸਥਾਨਕ ਜਨਤਾ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ । ਜਿਥੇ ਆਮ ਜਨਤਾ ਨੇ ਇਨ੍ਹਾਂ ਬਾਗ਼ੀਆਂ ਦੇ ਖ਼ੁਫ਼ੀਆਂ ਤੰਤਰ ਨੂੰ ਸੁਦ੍ਰਿੜ ਕਰਨ ਵਿਚ ਭੂਮਿਕਾ ਨਿਭਾਈ,ਉਥੇ ਇਨ੍ਹਾਂ ਨੂੰ ਰਸਦ, ਠਾਹਰਾਂ ਆਦਿ ਦੇ ਕੇ ਵੀ ਮਦਦ ਕੀਤੀ । ਦਿੱਲੀ ਨਾਲ ਲਗਦੇ ਪੰਜਾਬ ਦੇ ਇਲਾਕੇ ਜਿਵੇਂ ਸੋਨੀਪਤ, ਪਾਨੀਪਤ, ਥਾਨੇਸਰ ਦੇ ਲੋਕਾਂ ਨੇ ਜੀ.ਟੀ.ਰੋਡ ’ਤੇ ਬ੍ਰਿਟਿਸ਼ ਫ਼ੌਜ਼ਾਂ ਲਈ ਰਾਹ ਵਿਚ ਕਈ ਪ੍ਰਕਾਰ ਦੀਆਂ ਅੜਚਨਾਂ ਪਾਈਆਂ ਤਾਂ ਕਿ ਉਹ ਦਿੱਲੀ ਨਾ ਪਹੁੰਚ ਸਕਣ।ਸੋਨੀਪਤ ਵਿਚ ਪਿੰਡ ਲਿਵਾਸਪੁਰ ਵਿਖੇ ਚੌਧਰੀ ਉਦਮੀ ਰਾਮ ਤੇ ਪਤਨੀ ਦੇ ਨਾਲ 22 ਹੋਰ ਲੋਕ ਮਾਰੇ ਗਏ ਸਨ, ਜਿਨ੍ਹਾਂ ਨੇ ਦਿੱਲੀ ਤੋਂ ਅੰਬਾਲਾ ਜਾਂਦੇ ਕੁਝ ਬ੍ਰਿਟਿਸ਼ ਸਿਪਾਹੀਆਂ ਨੂੰ ਪਹਿਲਾ ਮਾਰ ਮੁਕਾਇਆ ਸੀ। ਦਿੱਲੀ ਨੂੰ ਜਾਣ ਵਾਲੀਆਂ ਬ੍ਰਿਟਿਸ਼ ਫ਼ੌਜ਼ਾਂ ਦੀ ਜਗਰਾਉਂ ਵਿਖੇ ਸਾਂਸੀਆਂ, ਬਾਵਰੀਆਂ ਆਦਿ ਨੇ ਬ੍ਰਿਟਿਸ਼ ਫ਼ੌਜ਼ਾਂ ਦੀ ਨਫ਼ਰੀ, ਤੋਪਾਂ ਦੀ ਦਿੱਲੀ ਬਾਗ਼ੀਆਂ ਨੂੰ ਖੁਫ਼ੀਆਂ ਸੂਚਨਾ ਪ੍ਰਦਾਨ ਕੀਤੀ ।ਇਨ੍ਹਾਂ ਨੀਵੀਆਂ ਜਾਤੀਆਂ ਤੋਂ ਇਲਾਵਾ ਆਮ ਸਾਧਾਰਨ ਸਿੱਖ ਵੀ ਅੰਗਰੇਜ਼ਾਂ ਦਾ ਕੱਟੜ ਵਿਰੋਧੀ ਸੀ ਜਿਨ੍ਹਾਂ ਨੇ ਉਨ੍ਹਾਂ ਦੇ ਮਹਾਰਾਜਾ, ਉਸਦੀ ਮਾਂ, ਉਨ੍ਹਾਂ ਦੇ ਸਰਦਾਰਾਂ ਨੂੰ ਨੀਵਾਂ ਦਿਖਾਇਆ ਹੈ ਤੇ ਸਿੱਖਾਂ ਤੋਂ ਰਾਜ ਖੋਹ ਲਿਆ ਅਤੇ ਨਾਲ ਹੀ ਨਾਲ ਉਨ੍ਹਾਂ ਦੇ ਧਰਮ, ਪਰੰਪਰਾ, ਆਰਥਿਕਤਾ ਤੇ ਸਭਿਆਚਾਰ ਨੂੰ ਅਪਮਾਨਿਤ ਕੀਤਾ।
ਭਾਵੇਂ ਕਿ ਸਿੱਖ ਰਜਵਾੜਿਆਂ ਨੇ ਬ੍ਰਿਟਿਸ਼ ਦੀ 1857 ਦੇ ਵਿਦਰੋਹ ਨੂੰ ਦਬਾਉਣ ਵਿਚ ਸਹਾਇਤਾ ਕੀਤੀ ਅਤੇ ਵਫ਼ਾਦਾਰੀ ਨਿਭਾਈ ਪਰ ਆਮ ਸਾਧਾਰਨ ਸਿੱਖਾਂ ਨੇ ਉਨ੍ਹਾਂ ਬਾਗ਼ੀਆਂ ਨਾਲ ਜਿਥੇ ਵੀ ਅਤੇ ਜਿਵੇਂ ਵੀ ਹੋ ਸਕਿਆ, ਹਮਦਰਦੀ ਜਤਾਈ ਜੋ ਕਿ ਫਰੰਗੀ ਦੇ ਰਾਜ ਨੂੰ ਖ਼ਤਮ ਕਰਨ ਲਈ ਨਿਤਰੇ ਹੋਏ ਸਨ । ਇਹ ਭਾਵਨਾ ਏਨੀ ਪ੍ਰਬਲ ਸੀ ਕਿ ਮਹਾਰਾਜਾ ਪਟਿਆਲਾ ਤੇ ਨਾਭਾ ਦੇ ਕੁਝ ਕਰੀਬ ਦੇ ਰਿਸ਼ਤੇਦਾਰਾਂ ਨੇ ਦੁਸ਼ਮਣ ਨਾਲ ਵਫ਼ਾਦਾਰੀ ਨਿਭਾਉਣ ਕਾਰਨ ਉਨ੍ਹਾਂ ਵਿਰੁੱਧ ਬਗ਼ਾਵਤ ਕਰ ਦਿੱਤੀ ।
ਇਥੇ ਇਹ ਕਥਨ ਅਪ੍ਰਸੰਗਕ ਨਹੀਂ ਹੋਵੇਗਾ, ਜਿਸ ਨਾਲ ਕਿ ਬਹੁਤ ਸਾਰੀਆਂ ਸੱਚਾਈਆਂ ਸਾਹਮਣੇ ਆਉਂਦੀਆਂ ਹਨ, ਉਹ ਇਹ ਕਿ ਭਾਵੇਂ ਬ੍ਰਿਟਿਸ਼ ਅਫ਼ਸਰਾਂ ਨੇ ਇਸ ਬਗ਼ਾਵਤ ਨੂੰ ਦਬਾਉਣ ਲਈ ਲੜਾਈ ’ਚ ਹਿੱਸਾ ਲਿਆ। ਪਰ ਇਹ ਬਗ਼ਾਵਤਾਂ ਸਿਰਫ਼ ਲੁੱਟਣ ਦੇ ਮਕਸਦ ਜਾਂ ਕਿਸੇ ਛੋਟੇ ਮੋਟੇ ਅਪਮਾਨ ਦਾ ਬਦਲਾ ਲੈਣ ਲਈ ਨਹੀਂ ਸੀ ਕੀਤੀਆਂ ਗਈਆਂ ਬਲਕਿ ਇਨ੍ਹਾਂ ਬਗ਼ਾਵਤਾਂ ਵਿਚ ਭਾਰਤੀਆਂ ਨੇ ਇਸ ਲਈ ਹਿੱਸਾ ਲਿਆ ਤਾਂ ਕਿ ਉਹ ਆਪਣੀ ਆਜ਼ਾਦੀ ਤੇ ਦੇਸ਼ ਪ੍ਰੇਮ ਨੂੰ ਸਮਰਪਿਤ ਸਨ।
1857 ਦੇ ਗ਼ਦਰ ਦੀ 150 ਵਰ੍ਹੇਗੰਢ ’ਤੇ ਸਾਡਾ ਫ਼ਰਜ਼ ਹੈ ਕਿ ਇਸ ਸਾਰੇ ਪ੍ਰਕਰਣ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਕੀ ਭੂਮਿਕਾ ਰਹੀ ਹੈ, ਉਸ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਉਨ੍ਹਾਂ ਦੇ ਬਾਰੇ ਅਜੇ ਤਕ ਜੋ ਗ਼ੈਰ ਤੱਥਾਤਮਕ ਭਰਮ ਫੈਲਾਏ ਗਏ ਹਨ, ਉਨ੍ਹਾਂ ਦਾ ਮੁੜ ਵਿਸ਼ਲੇਸ਼ਣ ਕਰ ਕੇ ਸਾਰੇ ਧੁੰਦੂਕਾਰੇ ਨੂੰ ਸ਼ਪਸ਼ਟ ਕੀਤਾ ਜਾਵੇ । ਇਸ ਦਾ ਕਾਰਨ ਇਹ ਹੈ ਕਿ ਗ਼ਦਰ ਸਮੇਂ ਪੰਜਾਬ ਦੀ ਸਥਿਤੀ ਬਾਕੀ ਦੇਸ਼ ਨਾਲੋਂ ਬਿਲਕੁਲ ਵੱਖਰੀ ਸੀ । ਪੰਜਾਬ ਵਿਚ ਅੰਗਰੇਜ਼ਾਂ ਨੇ ਤਲਵਾਰ ਦੇ ਜ਼ੋਰ ’ਤੇ ਕਬਜ਼ਾ ਕੀਤਾ ਸੀ । ਅੰਗਰੇਜ਼ਾਂ ਨੂੰ ਭਾਰਤ ਦੇ ਕਿਸੇ ਹੋਰ ਇਲਾਕੇ ਵਿਚ ਏਨੀਆਂ ਸਖ਼ਤ ਫ਼ੌਜ਼ੀ ਟੱਕਰਾਂ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਸੀ ਤੇ ਸ਼ਾਹ ਮੁਹੰਮਦ ਦੀ ਇਹ ਗੱਲ ਅੱਖਰ ਅੱਖਰ ਦਰੁਸਤ ਹੈ ਕਿ ਫ਼ੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਸਨ । ਕੁਝ ਗੱਦਾਰਾਂ ਦੀ ਵਜ੍ਹਾ ਕਰਕੇ ਰਣਜੀਤ ਸਿੰਘ ਦੇ ਚਲਾਣਾ ਕਰ ਜਾਣ ਕਰਕੇ ਈਸਟ ਇੰਡੀਆ ਕੰਪਨੀ ਦੀਆਂ ਉਨ੍ਹਾਂ ਕਾਰਗੁਜ਼ਾਰੀਆਂ, ਜਿਨ੍ਹਾਂ ਵਲੋਂ ਕਾਰਲ ਮਾਰਕਸ ਨੇ “The New York Daily Tribune” ਵਿਚ 2 ਜੁਲਾਈ, 1853 ਨੂੰ ਲਿਖਿਆ ਸੀ ਕਿ, ‘The probound hyporcrisy and inherent barbarism of bourgeois civilisation lies unyield before our eyes turning born its home, where it assumes re-borns an expression of that great robber, Lord Clive himself, when simple corruption could not keep pace with heir rapacity ?” ਇਸ ਕਰਕੇ ਜੋ ਗ਼ਦਰ ਭਾਰਤ ਦੇ ਬਾਕੀ ਇਲਾਕਿਆਂ ਵਿਚ ਹੋਇਆ ਸੀ, ਪੰਜਾਬ ਅਤੇ ਸਿੱਖਾਂ ਦੇ ਸੰਦਰਭ ਵਿਚ ਉਨ੍ਹਾਂ ਦਾ ਬਿਲਕੁਲ ਹੀ ਵੱਖਰਾ ਰੂਪ ਤੇ ਪ੍ਰਕਿਰਤੀ ਸੀ ।

ਹਵਾਲੇ
G. W. Forrest, A History of Indian Mutiny, Part I & II, Published by Rishabh Publishers, Dehradun, India, 1992.

  1. Economic & Political Weekly, May 12-18, 2007, edited by Sachin Chowdhary, 284, Saheed Bhagat Singh Road, Mumbai.
  2. Udhbhawna (Hindi), April-June, 2007, Nirantarta Aur Parivartana, edited by Ajay Kumar, H-55, Sector 23, Raj Nagar, Ghaziabad.
  3. The Tribune, 1857-The First Challenge, May 10, 2007.
  4. The Hindu, Recalling the Legacy of 1857 Revolt, May 10, 2007.

ਮਨਮੋਹਨ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!