ਭਗਤ ਸਿੰਘ ਤੋਂ ਪੁੱਛੇ ਬਿਨਾਂ ਇਹਦੇ ਪਿਤਾ ਕਿਸ਼ਨ ਸਿੰਘ ਦੀ ਕੀਤੀ ਰਹਿਮ ਦੀ ਅਪੀਲ ਲੰਡਨ ਵਿਚ ਬੈਠੀ ਪ੍ਰਿਵੀ ਕੌਂਸਲ ਨੇ 11 ਫ਼ਰਵਰੀ 1931 ਨੂੰ ਰੱਦ ਕਰ ਦਿੱਤੀ ਸੀ। ਉਨ੍ਹੀਂ ਦਿਨੀਂ ਲੰਡਨ ਵਿਚ ਲੱਕੜੀ ਦੇ ਕਾਰੀਗਰਾਂ ਦੀ ਯੂਨੀਅਨ ਨੇ ਭਗਤ ਸਿੰਘ ਅਤੇ ਇਹਦੇ ਸਾਥੀਆਂ ਦੀ ਫਾਂਸੀ ਤੁੜਵਾਉਣ ਦੀ ਦਸਤਖ਼ਤੀ ਮੁਹਿੰਮ ਵੀ ਚਲਾਈ ਸੀ। ਇਸ ਪਿੱਛੇ ਬਰਤਾਨਵੀ ਕਮਿਉਨਿਸਟ ਪਾਰਟੀ, ਲੀਗ ਅਗੇਂਸਟ ਇੰਪੀਰੀਅਲਇਜ਼ਮ, ਇੰਡੀਅਨ ਨੈਸ਼ਨਲ ਕਾਂਗਰਸ ਦੀ ਲੰਡਨ ਬਰਾਂਚ ਦਾ ਹੱਥ ਸੀ।
ਬ੍ਰਿਟਿਸ਼ ਲਾਇਬ੍ਰੇਰੀ ਵਿਚ ਸਾਂਭੇ ਪਏ ਇਸ ਮੁਹਿੰਮ ਦੇ ਕਾਗ਼ਜ਼ਾਂ ਤੋਂ ਪਤਾ ਲੱਗਦਾ ਹੈ ਕਿ ਤਿੰਨ ਸੌ ਵੱਧ ਅੰਗਰੇਜ਼ਾਂ ਅਤੇ ਲੰਡਨ ਵਿਚ ਪੜ੍ਹਦੇ ਹਿੰਦੁਸਤਾਨੀ ਵਿਦਿਆਰਥੀਆਂ ਤੇ ਕਾਮਿਆਂ ਨੇ ਦਸਤਖ਼ਤ ਕੀਤੇ ਸਨ।
ਮੁਹਿੰਮ ਦੀ ਚਿੱਠੀ ਦਾ ਪੰਜਾਬੀ ਉਲਥਾ ਇਹ ਬਣਦਾ ਹੈ:
“ਲਹੌਰ ਹਿੰਦੁਸਤਾਨ ਵਿਚ ਲਾਹੌਰ ਸਾਜ਼ਿਸ਼ ਕੇਸ ਦੇ ਜੱਜ ਦੀਆਂ ਦਿੱਤੀਆਂ ਸਜ਼ਾਵਾਂ (ਮੌਤ ਦੀਆਂ ਤਿੰਨ ਸਜ਼ਾਵਾਂ ਸਮੇਤ) ਨੂੰ ਜੋ ਤੁਸੀਂ ਪਰਵਾਨਗੀ ਦਿੱਤੀ ਹੈ, ਉਹਦੇ ਖ਼ਿਲਾਫ਼ ਅਸੀਂ ਗ੍ਰੇਟ ਬ੍ਰਿਟੇਨ ਦੇ ਵੋਟਰ ਸਖ਼ਤ ਰੋਸ ਜ਼ਾਹਰ ਕਰਦੇ ਹਾਂ। ਇਸ ਮੁਕੱਦਮੇ ਦੀਆਂ ਕਈ ਗੱਲਾਂ ਗ਼ਲਤ ਹਨ।
ਸਾਨੂੰ ਪਤਾ ਹੈ ਕਿ ਇਸ ਮੁਕੱਦਮੇ ਦੇ ਸਤਾਈ ਹਿੰਦੁਸਤਾਨੀ ਨੌਜਵਾਨਾਂ ਦਾ ਮੁਕੱਦਮਾ ਜੀਊਰੀ ਤੋਂ ਬਿਨਾਂ ਵਾਇਸਰਾਏ ਦੀਆਂ ਦਿੱਤੀਆਂ ਖ਼ਾਸ ਹਿਦਾਇਤਾਂ ਨਾਲ਼ ਚੱਲਿਆ। ਆਮ ਤਰੀਕੇਕਾਰ ਦਾ ਖ਼ਿਆਲ ਨਾ ਕਰਦਿਆਂ ਮੁਕੱਦਮਾ ਮੁਕਾਉਣ ਵਾਸਤੇ ਗ਼ੈਰਮਾਮੂਲੀ ਕਾਇਦੇ-ਅਸੂਲ ਘੜੇ ਗਏ।
ਇਨ੍ਹਾਂ ਹਾਲਤਾਂ ਵਿਚ ਦਿੱਤੀਆਂ ਸਜ਼ਾਵਾਂ ਨੂੰ ਅਸੀਂ ਇਨਸਾਫ਼ ਨਾਲ਼ ਕੀਤਾ ਧੱਕਾ ਸਮਝਦੇ ਹਾਂ ਅਤੇ ਤੁਹਾਡੇ ਤੋਂ ਇਹ ਮੰਗ ਕਰਦੇ ਹਾਂ ਕਿ ਤੁਸੀਂ ਸਜ਼ਾਵਾਂ ਤੋੜ ਦਿਓ। ਜੇ ਤਿੰਨਾਂ ਨੌਜਵਾਨਾਂ ਨੂੰ ਫਾਹੇ ਲਾ ਦਿੱਤਾ ਗਿਆ, ਤਾਂ ਅਸੀਂ ਤੁਹਾਨੂੰ ਤੇ ਤੁਹਾਡੀ ਸਰਕਾਰ ਨੂੰ ਸਰਕਾਰੀ ਜੁਡੀਸ਼ਲ ਸਜ਼ਾਵਾਂ ਦੇ ਓਹਲੇ ਸਿਆਸੀ ਵਿਰੋਧੀਆਂ ਦੇ ਕ਼ਤਲਾਂ ਦਾ ਜ਼ਿੰਮੇਵਾਰ ਕਰਾਰ ਦੇਵਾਂਗੇ।
ਅਸੀਂ ਇਸ ਸਵਾਲ ਵਿਚ ਨਹੀਂ ਪੈਣਾ ਚਾਹੁੰਦੇ ਕਿ ਲਹੌਰ ਦਾ ਇਹ ਮੁਕੱਦਮਾ ਚਲਾਉਣਾ ਕਿੰਨਾ ਕੁ ਸਹੀ ਸੀ, ਜਿਹਦੀਆਂ ਸਜ਼ਾਵਾਂ ਇਹੋ ਜਿਹੇ ਗ਼ੈਰਮਾਮੂਲੀ ਤਰੀਕਿਆਂ ਨਾਲ਼ ਹੀ ਦਿੱਤੀਆਂ ਜਾ ਸਕਣੀਆਂ ਸੀ। ਅਸੀਂ ਵਧ ਤੋਂ ਵਧ ਸਖ਼ਤ ਸ਼ਬਦਾਂ ਵਿਚ ਤੁਹਾਨੂੰ ਅਪਣੇ ਵਿਚਾਰ ਦੱਸਣੇ ਚਾਹੁੰਦੇ ਹਾਂ ਕਿ ਸਾਰੇ ਮੁਕੱਦਮੇ ਹਰ ਹਾਲਤ ਵਿਚ ਮੁਲਾਜ਼ਿਮਾਂ ਦੇ ਹਮਵਤਨਾਂ ਦੀ ਜੀਊਰੀ ਰਾਹੀਂ ਹੀ ਖੁੱਲ੍ਹੇ ਤੌਰ ‘ਤੇ ਚੱਲਣੇ ਚਾਹੀਦੇ ਹਨ।”
ਲੱਕੜੀ ਦੇ ਕਾਰੀਗਰਾਂ ਦੀ ਯੂਨੀਅਨ ਦੇ ਆਗੂ ਏ. ਈ. ਰਿਚਰਡਸਨ ਨੇ ਸੈਕ੍ਰੇਟਰੀ ਆੱਵ ਸਟੇਟ ਫ਼ੌਰ ਇੰਡੀਆ ਵੈੱਜਵੁੱਡ ਬੈੱਨ ਨੂੰ 19 ਫ਼ਰਵਰੀ 1931 ਨੂੰ ਦਸਤਖ਼ਤਾਂ ਦਾ ਪੁਲੰਦਾ ਘੱਲਦਿਆਂ ਨਾਲ਼ ਼ਿਲਖੇ ਰੁੱਕੇ ਵਿਚ ਲੇਬਰ ਪਾਰਟੀ ਦੀ ਸਰਕਾਰ ਦੇ ਇਸ ਵਜ਼ੀਰ ਦੇ ਜ਼ਮੀਰ ਨੂੰ ‘ਇਨਸਾਨੀਅਤ ਦੇ ਕਾਜ਼’ ਦਾ ਨਾਂ ਲੈ ਕੇ ਝੰਜੋੜਿਆ ਸੀ:
“ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜੇ ਈਮਾਨਦਾਰੀ ਵਰਤਦਿਆਂ ਤੁਹਾਨੂੰ ਅਪਣਾ ਅਹੁਦਾ ਵੀ ਤਿਆਗਣਾ ਪਵੇ, ਤਾਂ ਤੁਹਾਨੂੰ ਸਿਰਫ਼ ਬਰਤਾਨੀਆਂ ਦੇ ਹੀ ਨਹੀਂ, ਸਗੋਂ ਦੁਨੀਆ ਭਰ ਦੇ 75 ਫ਼ੀ ਸਦੀ ਮਿਹਨਤਕਸ਼ ਲੋਕਾਂ ਦੀ ਪੂਰੀ ਹਿਮਾਇਤ ਹਾਸਿਲ ਹੋਵੇਗੀ। ਤੁਹਾਡਾ ਜ਼ਮੀਰ ਜੇ ਕੋਈ ਐਸੀ ਚੀਜ਼ ਹੈ ਸੁਰਖ਼ਰੂ ਰਹੇਗਾ ਕਿ ਤੁਸਾਂ ਇਨਸਾਨੀਅਤ ਦੇ ਆਦਰਸ਼ ਵਾਸਤੇ ਅਪਣਾ ਪੂਰਾ ਤਾਣ ਲਾਇਆ ਸੀ।”
ਸੈਕ੍ਰੇਟਰੀ ਆੱਵ ਸਟੇਟ ਫ਼ੌਰ ਇੰਡੀਆ ਵੈੱਜਵੁੱਡ ਬੈੱਨ ਨੇ 21 ਫ਼ਰਵਰੀ ਨੂੰ “ਤੁਹਾਡਾ ਜ਼ਮੀਰ ਜੇ ਕੋਈ ਐਸੀ ਚੀਜ਼ ਹੈ” ਲਫ਼ਜ਼ਾਂ ਹੇਠ ਲੀਕ ਵਾਹ ਕੇ ਅਪਣੇ ਮਾਤਹਿਤ ਨੂੰ ਹੁਕਮ ਲਿਖਿਆ ਸੀ: ਰਿਚਰਡਸਨ ਨੂੰ ਖ਼ਤ ਲਿਖੋ ਅਤੇ ਬਾਕੀ ਅਣਡਿੱਠ ਕਰ ਦਿਓ। ਜ਼ਾਹਿਰ ਹੈ, ਭਾਰਤੀ ਮਾਮਲਿਆਂ ਦੇ ਵਜ਼ੀਰ ਨੂੰ ਜ਼ਮੀਰ ਵਾਲ਼ੀ ਗੱਲ ਬੜੀ ਚੁੱਭੀ ਹੋਵੇਗੀ।
ਵੈੱਜਵੁੱਡ ਬੈੱਨ ਦਾ ਪੁਤ ਟੋਨੀ ਅੱਜ ਲੇਬਰ ਪਾਰਟੀ ਦਾ ਧੜੱਲੇਦਾਰ ਆਗੂ ਹੈ। ਮੈਂ ਇਹਨੂੰ ਚਿੱਠੀ ਲਿਖੀ ਕਿ ਅਪਣੇ ਪਿਤਾ ਦੇ ਕਾਗ਼ਜ਼ਾਂ ਚ ਭਗਤ ਸਿੰਘ ਦੇ ਕੇਸ ਬਾਬਤ ਕੁਝ ਹੋਰ ਗੱਲਾਂ ਤਸਵੀਰਾਂ ਵਗ਼ੈਰਾ ਹੋਣ, ਤਾਂ ਦੱਸੋ। ਇਹਨੇ ਜਵਾਬ ਦਿੱਤਾ ਕਿ ਇਹਦੇ ਕੋਲ਼ ਭਗਤ ਸਿੰਘ ਬਾਬਤ ਕੋਈ ਕਾਗ਼ਜ਼-ਪੱਤ੍ਰ ਨਹੀਂ। ਨਾਲ਼ ਇਹ ਵੀ ਲਿਖਿਆ ਕਿ ਸੰਵਿਧਾਨਕ ਤੌਰ ‘ਤੇ ਬਰਤਾਨਵੀ ਸ਼ਹਿਨਸ਼ਾਹ ਦਾ ਨੁਮਾਇੰਦਾ ਵਾਇਸਰਾਏ ਹੀ ਭਗਤ ਸਿੰਘ ਦੀ ਫਾਂਸੀ ਤੋੜ ਸਕਦਾ ਸੀ; ਹਿੰਦੁਸਤਾਨੀ ਮਾਮਲਿਆਂ ਦਾ ਵਜ਼ੀਰ ਨਹੀਂ। ‘ਮੇਰਾ ਬਾਪ ਹਿੰਦੁਸਤਾਨੀ ਆਜ਼ਾਦੀ ਦਾ ਪੱਕਾ (ਕਮਿੱਟਡ) ਹਿਮਾਇਤੀ ਸੀ।’ (8 ਮਾਰਚ 1991 ਦੀ ਚਿੱਠੀ)। ਅ.ਚੰ.