ਲੋਕ ਪੀੜਾ ਦੇ ਹਮਸਫ਼ਰ – ਇਕਬਾਲ ਕੌਰ

Date:

Share post:

ਗਹਿਲ ਸਿੰਘ ਛੱਜਲਵੱਡੀ
ਬਿਆਸ ਤੋਂ ਅੰਮ੍ਰਿਤਸਰ ਨੂੰ ਜਾਂਦੀ ਜਰਨੈਲੀ ਸੜਕ 'ਤੇ ਇੱਕ ਨਗਰ ਆਉਂਦਾ ਹੈ 'ਟਾਂਗਰਾ'। ਇਹਦੀ ਵੱਖੀ ਵਿੱਚ ਵੱਸਿਆ ਹੋਇਆ ਹੈ ਪੰਜਾਬ ਦਾ ਪ੍ਰਸਿੱਧ ਪਿੰਡ 'ਛੱਜਲਵੱਡੀ'। 'ਛੱਜਲਵੱਡੀ' ਦੀ ਮਸ਼ਹੁਰੀ ਬਹੁਤ ਕਾਰਨਾਂ ਕਰਕੇ ਹੈ। ਪੰਜਾਬ ਵਿੱਚ ਚੱਲੀ ਹੁਣ ਤੱਕ ਦੀ ਹਰ ਲਹਿਰ ਵਿੱਚ ਇਸ ਪਿੰਡ ਦਾ ਨਾਂਅ ਬੋਲਦਾ ਹੈ। ਆਜ਼ਾਦੀ ਸੰਗਰਾਮ ਵਿੱਚ ਵੀ ਇਹ ਪਿੰਡ ਪੇਸ਼-ਪੇਸ਼ ਰਿਹਾ।
ਅਗਸਤ 1947, ਦੇਸ਼ ਵੰਡ ਦੀ ਫਿਰਕੂ ਹਨੇਰੀ ਦੌਰਾਨ ਭਰਾਵਾਂ ਵਿਚਾਲੇ ਖਿੱਚ ਦਿੱਤੀ ਗਈ ਲਕੀਰ ਨੂੰ ਮੇਟਣ ਲਈ ਇਹ ਪਿੰਡ ਵੀ ਤੜਪਿਆ ਪਰ ਸੰਤਾਲੀ ਦਾ ਕਹਿਰ ਵਰਤਣਾ ਹੀ ਸੀ। ਇਸੇ ਕਹਿਰ ਨੇ ਗਹਿਲ ਸਿੰਘ ਛੱਜਲਵੱਡੀ ਦੇ ਸਰੀਰ ਦੇ ਨਾਲ-ਨਾਲ ਉਹਦੇ ਸੁਪਨਿਆਂ ਨੂੰ ਵੀ ਖੇਰੂੰ-ਖੇਰੂੰ ਕਰ ਦਿੱਤਾ। ਮੁਸਲਮ ਧੀਆਂ-ਭੈਣਾਂ ਦੀ ਰਾਖੀ ਦੀ ਕੀਮਤ ਗਹਿਲ ਸਿੰਘ ਨੂੰ ਆਪਣਾ ਲਹੂ ਦੇ ਕੇ ਤਾਰਨੀ ਪਈ। 
'ਹੁਣ' ਦੀ ਬੇਨਤੀ 'ਤੇ ਗਹਿਲ ਸਿੰਘ ਛੱਜਲਵੱਡੀ ਦੀ ਸਪੁੱਤਰੀ ਡਾ. ਇਕਬਾਲ ਕੌਰ ਪਾਠਕਾਂ ਨਾਲ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਹਨ। ਅਖ਼ੀਰ ਵਿੱਚ ਦਿੱਤੇ ਜਾ ਰਹੇ ਹਨ ਉਸ ਮੁਲਾਕਾਤ ਦੇ ਕੁਝ ਹਿੱਸੇ ਜੋ ਤਲਖ਼ ਹਕੀਕਤਾਂ ਤੋਂ ਪਰਦੇ ਚੁੱਕਦੇ ਹਨ।
ਇਕਬਾਲ ਕੌਰ

“ਮਾਂ ਜੀ, ਆਪਣੀ ਮਹਿੰ ਦਾ ਦੁੱਧ ਸੌ ਕੋਹਾਂ ’ਤੇ ਪੀਈਦਾ। ਪਿੰਡਾਂ ਵਿਚ ਸਾਥੀਆਂ ਦੇ ਘਰ ਜਾਈਦਾ, ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਬਾਕੀ ਰਹੀ ਰੌਲਿਆਂ ਦੇ ਸਮੇਂ ਦੀ ਗੱਲ। ਮਾਂ! ਇਹ ਫ਼ਿਰਕੂ ਹਨੇਰੀ ਆ। ਇਹਨੂੰ ਠੱਲ ਪੈਣੀ ਬਹੁਤ ਜ਼ਰੂਰੀ ਐ। ਦੋਹੀਂ ਪਾਸੀਂ ਖੂਨ ਦੀ ਹੋਲੀ ਖੇਡੀ ਜਾ ਰਹੀ ਏ। ਲੋਕਾਂ ਦੀ ਹੁੰਦੀ ਤਬਾਹੀ ਵੇਖ ਕੇ ਮੈਂ ਕਿੱਦਾਂ ਅੰਦਰ ਵੜ ਜਾਂਦਾ। ਮੈਂ ਤੁਹਾਨੂੰ ਦੱਸ ਦੇਵਾਂ, ਮੈਨੂੰ ਮੌਤ ਦਾ ਡਰ ਨਹੀਂ। ਇਹ ਤਾਂ ਇਕ ਦਿਨ ਆਉਣੀ ਏ। ਜਨਤਾ ਦੇ ਕੰਮ ਕਰਦਿਆਂ ਮਰ ਜਾਓ ਹਿਰਖ਼ ਨਹੀਂ ਹੁੰਦਾ। ਇਹ ਜਨਮ ਕਿਸੇ ਲੇਖੇ ਲੱਗ ਜਾਊੁ। ਪਿੰਡਾਂ ਦੇ ਪਿੰਡ, ਇਸ ਅੱਗ ਵਿਚ ਭੁੱਜ ਗਏ ਹਨ। ਪਹਿਲਾਂ ਆਪ ਹੀ ਰੌਲਾ ਪਾ ਦੇਣਾ, ਆ ਗਏ! ਆ ਗਏ! ਫਿਰ ਆਪ ਘਰਾਂ ਵਿਚ ਜਾ ਕੇ ਮਾਲ ਅਸਬਾਬ ਦੀ ਲੁੱਟ ਮਾਰ ਕਰਨੀ। ਨੋਹਾਂ ਧੀਆਂ ਨੂੰ ਧੂ-ਧੂ ਕੇ ਘਰਾਂ ’ਚੋਂ ਕੱਢ ਕੇ ਬੇਪੱਤ ਕਰਨਾ ਤੇ ਮੁੜ ਘਰਾਂ ਨੂੰ ਅੱਗਾਂ ਲਾ ਦੇਣੀਆਂ। ਦੱਸੋ ਇਹ ਕਿਹੜੇ ਧਰਮ ਵਿਚ ਲਿਖਿਆ। ਲੱਖਾਂ ਲੋਕ ਜਿਹੜੇ ਘਰਾਂ ਵਿਚ ਮਾਰ ਦਿੱਤੇ ਗਏ। ਕਈ ਕਾਫ਼ਲਿਆਂ ਵਿਚ ਭੁੱਖ, ਬਿਮਾਰੀ ਦੇ ਦੁੱਖੋਂ ਮਰ ਗਏ। ਉਹਨਾਂ ਦੇ ਟੱਬਰਾਂ ਦਾ ਸੋਚੋ ਕੀ ਹਾਲ ਹੋਇਆ ਹੋਵੇਗਾ। ਕਿੱਦਾਂ ਤੜ੍ਹਫਦੇ ਹੋਣਗੇ। ਪਤਾ ਵੀ ਏ ਅਸੀਂ ਇਸ ਹੈਵਾਨੀਅਤ ਦੇ ਵਰਤਾਰੇ ਵਿਚ ਕੁਝ ਨਹੀਂ ਕਰ ਸਕਦੇ, ਪਰ ਜਰਿਆ ਵੀ ਨਹੀਂ ਜਾਂਦਾ। ਤੁਸੀਂ ਫ਼ਿਕਰ ਨਾ ਕਰਿਆ ਕਰੋ, ਮੀਟਿੰਗਾਂ ਹੁੰਦੀਆਂ ਨੇ। ਦੂਰ ਨੇੜਿਓਂ ਸਾਥੀ ਪਹੁੰਚਦੇ ਹਨ। ਮੈਂ ਕਿੱਦਾਂ ਘਰ ਬਹਿ ਜਾਵਾਂ। ਧੀਆਂ ਭੈਣਾਂ ਦੀਆਂ ਚੀਕਾਂ, ਬੁੱਢੀਆਂ ਮਾਵਾਂ ਦੇ ਹਾੜੇ ਹਰ ਵੇਲੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ। ਲੋਕਾਂ ਲਈ ਕੰਮ ਕਰਨ ਵਾਲਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ। ਟੱਬਰ ਵੀ ਉਹ ਰੱਬ ਰਾਖੇ ਛੱਡ ਕੇ ਸਿਰਾਂ ’ਤੇ ਕਫ਼ਨ ਬੰਨ੍ਹ ਕੇ ਘਰੋਂ ਤੁਰਦੇ ਹਨ। ਚਲੋ ਫਿਰ ਵੀ ਮੈਂ ਤੁਹਾਡੇ ਕਹਿਣ ’ਤੇ ਹਨੇਰਾ ਹੋਣ ਤੋਂ ਪਹਿਲਾਂ ਘਰ ਆਉਣ ਦੀ ਕੋਸ਼ਿਸ਼ ਕਰਿਆ ਕਰਾਂਗਾ।’’ ਇਹ ਉੱਤਰ ਸੀ ਗਹਿਲ ਸਿੰਘ ਜੀ ਦਾ ਜੋ ਰਿਸ਼ਤੇ ਵਿਚ ਮੇਰਾ ਬਾਪ ਸੀ। ਆਪਣੀ ਮਾਂ ਮਾਲਾਂ ਨੂੰ ਉਸ ਨੇ ਇਹ ਜੁਆਬ ਦਿੱਤਾ ਸੀ ਜਦੋਂ ਮਾਂ ਨੇ ਕਿਹਾ ਸੀ, ”ਗਹਿਲ ਸਿੰਹਾਂ, ਸਮੇਂ ਬਹੁਤ ਮਾੜੇ ਨੇ, ਤੂੰ ਹਨੇਰੇ ਸਵੇਰੇ ਤੁਰਿਆ ਫਿਰਦਾਂ ਏ, ਬੰਦੇ ਮੂਲੀਆਂ ਗਾਜਰਾਂ ਹੋ ਗਏ ਨੇ, ਇਹੋ ਜੇਹੇ ਵੇਲੇ ਕੌਣ ਕਿਸਦਾ? ਜਰਾ ਕੁ ਬੂਹਾ ਹਵਾਅ ਨਾਲ ਵੀ ਜ਼ੋਰ ਦੀ ਖੜਕੇ, ਦਿਲ ਵੱਸ ਵਿਚ ਨਹੀਂ ਆਉਂਦਾ, ਨਿਆਣੇ ਵੀ ਉੱਠ ਬਹਿੰਦੇ ਨੇ, ਬੀਬਾ ਪੁੱਤ! ਦਿਨ ਹੁੰਦਿਆਂ ਘਰ ਆ ਜਾਇਆ ਕਰ, ਮੰਨਣੀ ਤੇ ਤੂੰ ਮੇਰੀ ਹੈ ਨਹੀਂ।’’
ਮਾਂ ਜੀ ਤਾਂ ਡਰ ਸੱਚ ਹੀ ਸਾਬਤ ਹੋ ਗਿਆ ਜਦੋਂ ਅਗਲੇ ਦਿਨ ਘੁਸਮੁਸੇ ਜੇਹੇ ਪਿੰਡ ਦਾ ਇਕ ਮੋਹਤਬਰ ਆਦਮੀ ਬੀਜੀ ਨੂੰ ਆਵਾਜ਼ ਦੇ ਕੇ ਦਵਾ ਦਵ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਚਲਾ ਗਿਆ। ਬੀਜੀ ਨੂੰ ਵੀ ਘਬਰਾਹਟ ਜੇਹੀ ਹੋ ਗਈ ਤੇ ਉਹ ਪਿੱਛੇ ਪਿੱਛੇ ਮੈਨੂੰ ਉਂਗਲੀ ਲਾ ਕੇ ਚੁਬਾਰੇ ਵਿਚ ਜਾ ਪਹੁੰਚੇ। ਪਾਪਾ ਜੀ ਨੇ ਜੁੱਤੀ ਪਾਈ ਤੇ ਤੇਜ਼ ਤੋਰੇ ਮੱਖਣ ਸਿੰਘ ਨਾਲ ਪੌੜੀਆਂ ਉਤਰ ਕੇ ਬਾਹਰ ਚਲੇ ਗਏ। ਬੀਜੀ ਦਾ ਮੂੰਹ ਓਦਣ ਬਹੁਤਾ ਉਤਰਿਆ ਸੀ, ਡਰ ਤੇ ਉਹਨਾਂ ਨੂੰ ਵੱਡ-ਟੁੱਕ ਦੀਆਂ ਗੱਲਾਂ ਸੁਣ ਕੇ ਪਹਿਲਾਂ ਵੀ ਮਹਿਸੂਸ ਹੁੰਦਾ ਰਹਿੰਦਾ ਸੀ। ਕੋਈ ਅੱਧੇ ਘੰਟੇ ਪਿੱਛੋਂ ਪਾਪਾ ਜੀ ਇਕੱਲੇ ਘਰ ਮੁੜੇ ਤੇ ਆ ਕੇ ਹੇਠਾਂ ਵੱਡੀ ਅਰਾਮ ਕੁਰਸੀ ’ਤੇ ਬੈਠ ਗਏ। ਪਾਪਾ ਜੀ ਦੇ ਸ਼ਹੀਦ ਹੋਣ ਤੋਂ ਪਿੱਛੋਂ ਬੀਜੀ ਨੇ ਸਾਨੂੰ ਸਭ ਨੂੰ ਇਹ ਗੱਲ ਦੱਸੀ ਕਿ ਉਸ ਦਿਨ ਤੁਹਾਡੇ ਪਾਪਾ ਜੀ ਮਸੀਂ ਬਚੇ ਸਨ। ਜਦੋਂ ਮੱਖਣ ਸਿੰਘ ਨੇ ਆ ਕੇ ਦੱਸਿਆ ਸੀ ਕਿ ਉਹਦੇ ਕੋਲੋਂ ਵੱਡੀ ਭੁੱਲ ਹੋ ਗਈ ਹੈ। ਉਹ ਸ਼ਰੀਕਾਂ ਦੇ ਮਿਹਣਿਆਂ ਦੇ ਦੁੱਖੋਂ, ਸੰਤਾਨ ਦੀ ਲਾਲਸਾ ਲਈ ਰਾਤੀਂ ਉਹਦੀ ਪੈਲੀ ਕੋਲੋਂ ਲੰਘਦੇ ਕਾਫ਼ਲੇ ਵਿਚੋਂ ਇਕ ਸਕੀਨਾ ਨਾਂ ਦੀ ਕੁੜੀ, ਧੂ ਕੇ ਘਰ ਲੈ ਆਇਆ ਸੀ। ਘਰ ਦੇ ਦੱਸਦੇ ਨੇ ਹੁਣ ਉਸ ਗਊ ਨੇ ਰਾਤ ਦਾ ਅੰਨ ਨੂੰ ਮੂੰਹ ਨਹੀਂ ਲਾਇਆ, ਰੋਈ ਜਾਂਦੀ ਏ ਤੇ ਉਹ ਬੜਾ ਅਵਾਜ਼ਾਰ ਹੈ। ਉਹ ਉਸ ਦੇਵੀ ਨੂੰ ਵਾਪਿਸ ਘਰਦਿਆਂ ਨਾਲ ਰਲਾਉਣਾ ਚਾਹੁੰਦਾ ਹੈ। ਤੁਹਾਡੇ ਪਾਪਾ ਜੀ ਨੇ ਉਸਦੀ ਗ਼ਲਤੀ ਨੂੰ ਮਹਿਸੂਸ ਕੀਤਾ ਪਰ ਨਾਲ ਜਾ ਕੇ ਕੁੜੀ ਨੂੰ ਸੁਰੱਖਿਅਤ ਪਹੁੰਚਾਉਣ ਲਈ ਸਹਿਮਤ ਵੀ ਹੋ ਗਏ। ਘੋੜੀ ਉੱਤੇ ਅੱਗੇ ਚਾਚਾ ਮੱਖਣ ਸਿੰਘ ਉਹ ਕੁੜੀ ਤੇ ਪਿੱਛੇ ਤੁਹਾਡੇ ਪਾਪਾ ਜੀ। ਤੇਜ਼ ਘੋੜੀ ਭਜਾ ਕੇ ਕੁੜੀ ਨੂੰ ਕਾਫ਼ਲੇ ਨਾਲ ਜੋ ਰਾਤ ਦਾ ਦੋ ਫਰਲਾਂਗ ਹੀ ਮਸਾਂ ਵਧਿਆ ਸੀ, ਰਲਾ ਕੇ ਆਏ। ਉਹਨੇ ਆਪਣੇ ਮਾਪਿਆਂ ਨੂੰ ਪਛਾਣ ਲਿਆ, ਰੋ ਰੋ ਕੇ ਉਹਦੀ ਘਿੱਗੀ ਬੱਝੀ ਹੋਈ ਸੀ, ਪਰ ਉਹਨੇ ਜਾਨ ਬਖਸ਼ੀ ਲਈ ਤੁਹਾਡੇ ਪਾਪਾ ਜੀ ਅਤੇ ਚਾਚੇ ਨੂੰ ਝੁਕ ਕੇ ਤਿੰਨ ਚਾਰ ਵੇਰਾਂ ਆਦਾਬ ਕੀਤਾ। ਵਾਪਸੀ ’ਤੇ ਜਦੋਂ ਉਹ ਦੋਵੇਂ ਪਿੰਡ ਵੱਲ ਆ ਰਹੇ ਸਨ ਤਾਂ ਇਕ ਘਰੋਂ ਤਿੰਨ ਚਾਰ ਆਦਮੀਆਂ ਨੇ ਅਗਾਂਹ ਹੋ ਕੇ ਘੋੜੀ ਨੂੰ ਰੋਕ ਲਿਆ, ਤੁਹਾਡੇ ਪਾਪਾ ਜੀ ਨੂੰ ਬੜੇ ਗੁੱਸੇ ਨਾਲ ਪੁੱਛਿਆ, ”ਤੂੰ ਕੌਣ ਹੁੰਨਾ ਕਿਸੇ ਦੀਆਂ ਧੀਆਂ ਭੈਣਾਂ ਮੋੜਨ ਵਾਲਾ। ਜਾਪਦਾ ਤੈਨੂੰ ਆਪਣੀ ਜਾਨ ਨਹੀਂ ਚਾਹੀਦੀ? ਦੂਜੇ ਨੇ ਸਿੱਧੀ ਬੰਦੂਕ ਸੇਧਦਿਆਂ ਕਿਹਾ, ‘ਤੇਰਾ ਇਲਾਜ ਸਾਨੂੰ ਆਉਂਦਾ।’ ਕਹਿੰਦੇ ਪਾਪਾ ਜੀ ਡਰੇ ਨਹੀਂ ਸਨ। ਉਹਨਾਂ ਕਿਹਾ, ‘ਜੇ ਉੱਧਰ ਸਾਡੀਆਂ ਧੀਆਂ ਭੈਣਾਂ ਨਾਲ ਇਹ ਸਲੂਕ ਹੁੰਦਾ ਹੈ ਤਾਂ ਸਾਨੂੰ ਕਿੰਨਾ ਦੁੱਖ ਪਹੁੰਚਦਾ ਏ। ਇਹ ਰਾਜਨੀਤਕ ਨੇਤਾ ਸਾਨੂੰ ਆਪਸ ਲੜਾਉਂਦੇ ਹਨ। ਆਓ, ਤਹੱਮਲ ਤੋਂ ਕੰਮ ਲਈਏ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।’ ”ਓਏ ਅੱਗੇ ਉਹਨਾਂ ਘੱਟ ਕੀਤੀਆਂ ਉੱਧਰ, ਆਇਆ ਸਾਨੂੰ ਸਬਕ ਪੜ੍ਹਾਉਣ, ਸਾਨੂੰ ਗੱਡੀ ਚੜ੍ਹਾਉਣਾ ਆਉਂਦਾ।’’ ਇੰਨੇ ਨੂੰ ਪਿੰਡ ਦਾ ਡਾਕਟਰ ਉੱਥੇ ਆ ਗਿਆ, ਉਹਨੇ ਅੱਗੇ ਹੋ ਕੇ ਕਿਹਾ, ‘ਚਾਚਾ ਜੀ ਤੁਸੀਂ ਜਾਓ ਘਰ, ਇਹਨਾਂ ਮੂਰਖਾਂ ਨਾਲ ਮੈਂ ਗੱਲ ਕਰਦਾਂ।’’ ਵਾਕਿਆ ਹੀ ਉਹਨਾਂ ਤੋਂ ਅੱਜ ਭਲੇ ਦੀ ਆਸ ਨਹੀਂ ਸੀ। ਮੱਖਣ ਸਿੰਘ ਵਿਚਾਰਾ ਕਹਿਣ ਲੱਗਾ, ”ਤੁਹਾਨੂੰ ਮੇਰੇ ਕਰਕੇ ਇਹ ਕੁਝ ਸੁਣਨਾ ਪਿਆ।’’ ਪਰ ਪਾਪਾ ਜੀ ਨੂੰ ਉਸ ਨਾਲ ਕੋਈ ਰੋਸ ਨਹੀਂ ਸੀ। ਉਸ ਦਿਨ ਉਹ ਸੋਚਦੇ ਜ਼ਰੂਰ ਰਹੇ ਕਿ ਕਿਵੇਂ ਸਮਝਾਇਆ ਜਾਵੇ ਕਿ ਭਾਵੇਂ ਕਿਸੇ ਪਾਸੇ ਹੋਵੇ, ਹੈ ਤਾਂ ਇਹ ਮਾਸੂਮ ਮਨੁੱਖਤਾ ਦਾ ਘਾਣ ਹੀ। ਇਵੇਂ ਚਾਰ ਪੰਜ ਵੇਰ ਵਾਪਰਿਆ ਪਰ ਉਸ ਬਹਾਦਰ ਯੋਧੇ ਨੇ ਨਿਰੰਤਰ ਆਪਣਾ ਲੋਕ ਸੇਵਾ ਦਾ ਕੰਮ ਜਾਰੀ ਰੱਖਿਆ।

ਛੱਜਲਵੱਡੀ ਆਪਣੇ ਘਰ ਦੀ ਛੱਤ ‘ਤੇ ਬੈਠੇ ਗਹਿਲ ਸਿੰਘ, ਸੁਪਤਨੀ ਹਰਨਾਮ ਕੌਰ ਅਤੇ ਬੇਟਾ ਅਵਤਾਰ ਸਿੰਘ

ਅਸੀਂ ਉਦੋਂ ਛੋਟੀਆਂ ਸਾਂ, ਮੈਂ ਉਦੋਂ ਅੱਠ-ਨੌਂ ਸਾਲਾਂ ਦੀ ਹੋਵਾਂਗੀ ਤੇ ਮੇਰੀ ਛੋਟੀ ਭੈਣ ਅੰਮਰਤ ਡੇਢ ਕੁ ਸਾਲ ਦੀ। ਪਾਪਾ ਜੀ, ਮਾਂ ਜੀ ਦੀਆਂ ਗੱਲਾਂ ਸੁਣ ਕੇ ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦੇ ਹੁੰਦੇ ਸਨ। ਭਾਵੇਂ ਅਛੂਤ ਸੁਧਾਰ ਦੇ ਅੰਤਰਗਤ ਉਹਨਾਂ ਦੇ ਹਰੀਜਨਾਂ ਨਾਲ ਡੂੰਘੇ ਮੇਲ-ਜੋਲ ਦੀ ਗੱਲ ਜਾਂ ਬੀਬੀ ਅੱਛਰੀ ਅਤੇ ਕਰਤਾਰੀ ਨੂੰ ਭੈਣਾਂ ਬਨਾਉਣ ਤੇ ਬਰਾਬਰ ਬੈਠਾਉਣ ਦੀ ਗੱਲ ਹੋਵੇ ਜਾਂ ਮਹਿਲਾਂ ਦੇ ਬਾਹਰ ਚੁਰਾਹੇ ਵਿਚ ਵੱਡੀ ਦੇਗ ਵਿਚ ਚੌਲ ਰਿੰਨ੍ਹ ਕੇ ਸਾਂਝੇ ਛਕਾਉਣ ਦੀ ਘਟਨਾ, ਮਾਂ ਜੀ ਦੇ ਗੁੱਸੇ ਵਾਲੇ ਪ੍ਰਤੀਕਰਮ ਦਾ ਉਹਨਾਂ ’ਤੇ ਕੋਈ ਅਸਰ ਨਹੀਂ ਸੀ ਹੁੰਦਾ। ਉਹਨਾਂ ਦੇ ਗੁੱਸੇ ਦਾ ਪਾਪਾ ਜੀ ਕੋਲ ਉੱਤਰ ਨਿੰਮੀ ਨਿੰਮੀ ਮੁਸਕਰਾਹਟ ਹੀ ਹੁੰਦੀ ਸੀ ਜੋ ਮੈਂ ਉਹਨਾਂ ਦੇ ਚਿਹਰੇ ਉੱਤੇ ਅੱਗੋਂ ਪਿੱਛੋਂ ਕਦੀ ਨਹੀਂ ਸੀ ਵੇਖੀ। ਛੂਤ-ਛਾਤ ਨੂੰ ਮੇਟਣ ਦੀ ਇਸ ਵੱਡੀ ਘਟਨਾ ਤੋਂ ਪਿੱਛੋਂ ਅਗਲੇ ਦਿਨ ਤੋਂ ਹੀ ਸਾਡੇ ਘਰ ਨਾਲ ਬਾਈਕਾਟ ਵਾਲਾ ਵਤੀਰਾ ਬਣ ਗਿਆ ਸੀ। ਚਰਨ ਸਿੰਘ ਅਤੇ ਬੀਬੀ ਮਨਸੋ ਨੂੰ ਪਿੰਡ ਦੀ ਬਹੁਗਿਣਤੀ ਨੇ ਸੱਦ ਕੇ ਸਾਡੇ ਘਰ ਪਾਣੀ ਭਰਨ ਤੇ ਭਾਂਡਿਆਂ ਦਾ ਕੰਮ ਕਰਨ ਦੀ ਸਖ਼ਤ ਤਾੜਨਾ ਕਰ ਦਿੱਤੀ ਸੀ। ਘਰ ਲਈ ਮੁਸ਼ਕਿਲ ਵੀ ਬੜੀ ਬਣ ਗਈ ਸੀ, ਪਰ ਪਾਪਾ ਜੀ ਸਮਾਜ ਦੀ ਵਿਰੋਧਤਾ ਤੋਂ ਘਬਰਾਉਂਦੇ ਨਹੀਂ ਸਨ। ਇਹਨਾਂ ਦਿਨਾਂ ਵਿਚ ਹੀ ਬਰਾਦਰੀ ਵਿਚੋਂ ਸਾਡੇ ਇਕ ਤਾਇਆ ਜੀ ਦੇ ਘਰ ਕੋਈ ਧਾਰਮਿਕ ਸਮਾਗਮ ਸੀ। ਪਾਪਾ ਜੀ ਅਰਦਾਸ ਪਿੱਛੋਂ ਜਦੋਂ ਥਾਲੀ ਫੜ ਕੇ ਪਰਸ਼ਾਦ ਵਰਤਾਉਣ ਲੱਗੇ ਤਾਂ ਉਹਨਾਂ ਦੇ ਹੱਥੋਂ ਥਾਲੀ ਫੜ ਲਈ ਗਈ ਕਿ ਤੂੰ ਛੂਤਾਂ ਨਾਲ ਵਰਤਦਾਂ ਏਂ। ਪਾਪਾ ਜੀ ਘਰ ਆ ਕੇ ਘਰ ਦੇ ਵੱਡੇ ਬਰਾਂਡੇ ਵਿਚ ਵੱਡੇ ਮੇਜ਼ ਨਾਲ ਪਈ ਇਕ ਵੱਡੀ ਬੈਠਣ ਵਾਲੀ ਕੁਰਸੀ ’ਤੇ ਬੈਠ ਜਾਇਆ ਕਰਦੇ ਸਨ। ਬੀਜੀ ਦੇ ਪੁੱਛਣ ’ਤੇ ਤਹੱਮਲ ਨਾਲ ਦੱਸਦੇ ਹੁੰਦੇ ਸਨ ਕਿ ਅੱਜ ਇਹ ਘਟਨਾ ਹੋਈ ਹੈ।

ਉਹ ਬਹੁਤ ਸੰਜੀਦਾ ਸੁਭਾਅ ਦੇ ਸਨ। ਮੈਂ ਉਹਨਾਂ ਨੂੰ ਕਦੇ ਹਾਸੇ ਮਖੌਲ ਵਾਲੀ ਮੁਦਰਾ ਵਿਚ ਨਹੀਂ ਸੀ ਵੇਖਿਆ। ਪ੍ਰਾਪਤ ਤਸਵੀਰਾਂ ਵਿਚ ਵੀ ਉਹਨਾਂ ਦਾ ਚਿਹਰਾ ਗੰਭੀਰ ਹੈ। ਜਾਪਦਾ ਹੁੰਦਾ ਸੀ ਜਿਵੇਂ ਕੋਈ ਡੂੰਘੀ ਸੋਚ ਉਹਨਾਂ ਦੇ ਦਿਲ ਦਿਮਾਗ ਵਿਚ ਟਿਕੀ ਹੋਈ ਹੈ। ਉਹ ਖੜ੍ਹੇ ਹੋਣ ਜਾਂ ਬੈਠੇ, ਕੋਈ ਵੀ ਘਰ ਦਾ ਕੰਮ ਕਰ ਰਹੇ ਹੋਣ, ਉਹਨਾਂ ਦਾ ਮਸਤਕ ਕਿਤੇ ਹੋਰ ਜੁੜਿਆ ਹੁੰਦਾ ਸੀ। ਸਾਥੀਆਂ ਸੰਗ ਜਾਂ ਇਲਾਕੇ ਦੇ ਲੋਕਾਂ ਨਾਲ ਜਿਹਨਾਂ ਦੀ ਘਰ ਵਿਚ ਲਗਾਤਾਰ ਆਵਾਜਾਈ ਰਹਿੰਦੀ, ਉਹ ਗੰਭੀਰਤਾ ਨਾਲ ਗੱਲਾਂ ਕਰਦੇ, ਕਦੀ ਉੱਠ ਕੇ ਉਹਨਾਂ ਦੇ ਨਾਲ ਚਲੇ ਜਾਂਦੇ, ਫਿਰ ਆ ਕੇ ਚੁਬਾਰੇ ਵਿਚ ਬੈਠ ਕੇ ਦੂਸਰੇ ਆਇਆਂ ਨਾਲ ਵਿਚਾਰਾਂ ਕਰਨ ਵਿਚ ਰੁਝ ਜਾਂਦੇ। ਅਸੀਂ ਦੋਵੇਂ ਨਿੱਕੀਆਂ ਭੈਣਾਂ ਉੱਪਰ ਥੱਲੇ, ਬੀਜੀ ਨੂੰ ਸੁਨੇਹੇ ਦੇਣ ਵਿਚ ਲੱਗੀਆਂ ਰਹਿੰਦੀਆਂ ਕਿ ਉੱਪਰ ਇੰਨੇ ਜਣਿਆਂ ਦੀ ਰੋਟੀ ਭੇਜੋ, ਇੰਨਿਆਂ ਦੀ ਚਾਹ ਭੇਜ ਦਿਓ।
ਅਕਾਲੀ ਪਾਰਟੀ ਵਿਚ ਸਰਗਰਮੀ ਸਮੇਂ ਇਸ ਘਰ ਵਿਚ ਵੱਖ-ਵੱਖ ਜਥੇਦਾਰ ਪਹੁੰਚਦੇ, ਫਿਰ ਅਜ਼ਾਦੀ ਘੁਲਾਟੀਏ, ਗਦਰੀ ਬਾਬਿਆਂ ਦੀ ਆਮਦ ਵੀ ਰਹੀ ਤੇ ਫਿਰ ਕਾਮਰੇਡ ਸਾਥੀਆਂ ਦਾ ਇਹ ਪੱਕਾ ਟਿਕਾਣਾ ਹੋ ਗਿਆ। ਇੱਥੇ ਹਰ ਆਉਣ ਵਾਲੇ ਲਈ ਰੋਟੀ ਬਿਸਤਰਾ ਸਦਾ ਤਿਆਰ ਹੁੰਦਾ। ਘਰ ਦੇ ਕੰਮ ਵੀ ਕੁਝ ਕਰਦੇ ਸਨ। ਜਦੋਂ ਜੰਡ ਹੁੰਦੇ ਖੂਹਾਂ ’ਤੇ ਕਾਮਿਆਂ ਦੀ ਰੋਟੀ ਦੇ ਆਉਂਦੇ, ਪੈਲੀਆਂ ਵਲ ਫੇਰਾ ਮਾਰ ਆਉਂਦੇ। ਹਵੇਲੀ ਪਸ਼ੂਆਂ ਵੱਲ ਫੇਰਾ ਮਾਰ ਆਉਂਦੇ। ਪਰ ਮਨ ਮਸਤਕ ਵਿਚ ਦੇਸ਼ ਸੇਵਾ ਤੇ ਜਨਤਾ ਦੀ ਸੇਵਾ ਦੇ ਵਿਚਾਰ ਉਤੇਜਿਤ ਹੁੰਦੇ ਰਹਿੰਦੇ। ਮੇਰੇ ਪਤੀ ਪ੍ਰਿੰਸੀਪਲ ਨਰੋਤਮ ਸਿੰਘ ਤਿੱਸੋਵਾਲ ਦੱਸਦੇ ਹਨ ਕਿ ਖੂਹ ਤੋਂ ਵਾਪਸੀ ’ਤੇ ਉਹ ਸਰਕਾਰੀ ਹਾਈ ਸਕੂਲ ਦੇ ਹੈੱਡਮਾਸਟਰ ਤਰਲੋਕ ਸਿੰਘ ਕੋਲ ਬਾਹਰਲੇ ਪਾਸਿਓਂ ਦਫ਼ਤਰ ਦੀ ਖਿੜਕੀ ਵੱਲ ਨੂੰ ਜ਼ਰੂਰ ਆ ਕੇ ਖੜ੍ਹੇ ਹੁੰਦੇ। ਹੈੱਡਮਾਸਟਰ ਕੁਰਸੀ ਬਾਹਰ ਨੂੰ ਭੁਆਂ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਜਦੋਂ ਉਹ ਸਾਈਕਲ ਦੀ ਕਾਠੀ ਤੋਂ ਇਕ ਪੈਰ ਭੁੰਜੇ ਲਾਹ ਕੇ ਗੱਲਾਂ ਕਰਦੇ ਤਾਂ ਅਸੀਂ ਪੰਜ ਸੱਤ ਮੁੰਡੇ ਬਾਹਰ ਆ ਕੇ ਉਹਨਾਂ ਦੇ ਕੋਲ ਹੋ ਕੇ ਗੱਲਾਂ ਸੁਣਨ ਲਗ ਪੈਂਦੇ। ਭਾਵੇਂ ਸਾਨੂੰ ਪੂਰੀ ਸਮਝ ਤਾਂ ਨਾ ਲਗਦੀ ਪਰ ਗੱਲਾਂ ਚੰਗੀਆਂ ਲਗਦੀਆਂ ਸਨ। ਸਾਈਕਲ ਦੇ ਪਿੱਛੇ ਕੈਰੀਅਰ ਵਿਚ ਅਖ਼ਬਾਰ ਰੱਖੀ ਹੁੰਂਦੀ ਸੀ। ਅਸੀਂ ਵੇਖਦੇ ਜੇ ਫੁਰਸਤ ਮਿਲਦੀ ਤਾਂ ਪਾਪਾ ਜੀ ਅਖ਼ਬਾਰ ਪੜ੍ਹਦੇ ਜਾਂ ਵੱਡੀਆਂ-ਵੱਡੀਆਂ ਪੁਸਤਕਾਂ। ਮੇਰਾ ਖ਼ਿਆਲ ਹੈ ਉਹਨਾਂ ਦੀ ਅੰਗਰੇਜ਼ੀ ਤੇ ਉਰਦੂ ਭਾਸ਼ਾ ਵਿਚ ਮੁਹਾਰਤ ਸੀ। ਉਰਦੂ ਵਿਚ ਕੁਝ ਪੁਸਤਕਾਂ ਵੱਡੇ ਆਕਾਰ ਦੀਆਂ ਚਕਿਤਸਾ ਦੀਆਂ ਵੀ ਮਿਲੀਆਂ ਹਨ। ਪਾਪਾ ਜੀ ਨੇ ਬੀਜੀ ਨੂੰ ਬਾਰਾਸਿੰਗਾ ਦੇ ਸਿੰਗਾਂ ਨੂੰ ਭਸਮ ਕਰਨ ਅਤੇ ਚੁਵਰਕਾ ਬਨਾਉਣ ਦੇ ਵੱਲ ਵੀ ਦੱਸੇ ਹੋਏ ਸਨ। ਬੀਜੀ ਅਕਸਰ ਲੋੜਵੰਦਾਂ ਨੂੰ ਪੁੜੀਆਂ ਅਤੇ ਚੁਵਰਕਾ ਦਿੰਦੇ ਰਹਿੰਦੇ ਸਨ। ਵੱਡੇ ਘਰ ਵਿਚ ਗੁਰਮੁਖੀ ਲਿੱਪੀ ਦੇ ਹੱਥ ਲਿਖਤ ਖਰੜਿਆਂ ਦਾ ਇਕ ਭੰਡਾਰ ਸੀ, ਮੈਨੂੰ ਉਹ ਉਠਾਉਣ ਭਾਵ ਪੜ੍ਹਣ ਵਿਚ ਮੁਹਾਰਤ ਸੀ। ਜਿਸ ਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ, ਪਰ ਸੰਭਾਲਣ ਦੀ ਚੇਤਨਾ ਨਾ ਹੋਣ ਕਰਕੇ ਉਹ ਸਾਰੇ ਰੁਲ ਗਏ।
ਪਾਪਾ ਜੀ ਕਦੇ ਵਾਧੂ ਬਹਿਸ ਵਿਚ ਨਹੀਂ ਸੀ ਪੈਂਦੇ। ਉਹਨਾਂ ਦਾ ਆਪਣੇ ਮਾਂ-ਬਾਪ, ਭਰਾਵਾਂ-ਭੈਣਾਂ ਨਾਲ ਪਿਆਰ ਸਤਿਕਾਰ ਦਾ ਰਿਸ਼ਤਾ ਕਾਇਮ ਸੀ, ਪਰ ਉਹਨਾਂ ਨਾਲੋਂ ਰਸਤਾ ਬਿਲਕੁਲ ਵੱਖ ਹੋਣ ਕਰਕੇ, ਉਹ ਬਹਿਸ ਵਿਚ ਕਦੇ ਨਾ ਪਏ, ਨਾ ਕੋਈ ਵਿਰੋਧ ਪਣਪਿਆ। ਤਾਇਆ ਜੀ ਡਾ. ਟਹਿਲ ਸਿੰਘ, ਚਾਚਾ ਜੀ ਗੰਗਾ ਸਿੰਘ ਦੋਵੇਂ ਵਲਾਇਤ ਪਾਸ ਸਨ ਭਾਵ ਬਾਪੂ ਜੀ ਨੇ ਉਹਨਾਂ ਨੂੰ ਉਸ ਸਮੇਂ ਇੰਗਲੈਂਡ ਵਿੱਦਿਆ ਪ੍ਰਾਪਤ ਕਰਨ ਲਈ ਭੇਜਿਆ ਸੀ। ਸਾਡੀ ਅੰਗਰੇਜ਼ ਚਾਚੀ ਇਕ ਬਹੁਤ ਨੇਕ ਹਿਰਦੇ ਵਾਲੀ ਤ੍ਰੀਮਤ ਸੀ। ਹਰ ਰੋਜ਼ ਸਾਡੇ ਦੇਸ਼ ਭਗਤ ਸੰਤ ਪਿਤਾ ਦੀ ਪਤਨੀ ਸਾਡੀ ਮਾਂ ਨੂੰ ਇੱਧਰ ਆ ਕੇ ਹੇਠੋਂ ਆਵਾਜ਼ ਦਿੰਦੀ, ”ਹਰਨਾਮ ਕੌਰ, ਆਓ ਇਕੱਠੇ ਚਾਹ ਪੀਈਏ, ਚਾਰ ਵੱਜ ਗਏ ਹਨ।’’ ਸਾਰੇ ਘਰ ਨਾਲੋਂ ਨਾਲੋ-ਨਾਲ ਸਨ। ਉੱਧਰ ਬਰਿਟਿਸ਼ ਆਰਕੀਟੈਕਟ ਦੀਆਂ ਕੋਠੀਆਂ ਸਨ, ਇੱਧਰ ਨਿੱਕੀ ਇੱਟ ਦੇ ਵੱਡੇ-ਵੱਡੇ ਮਹਿਲ। ਚਾਚਾ ਜੀ ਦੀਆਂ ਧੀਆਂ ਮੇਬਲ, ਹੈਦਰ ਅਤੇ ਨੰਨ੍ਹਾ ਬੱਚਾ ਦਲਬੀਰ ਜੋ ਮਾਂ-ਪਿਓ ਮਹਿੱਟਰ ਹੋ ਗਏ ਸਨ, ਬੀਜੀ ਨੂੰ ਬਹੁਤ ਪਿਆਰਦੇ ਸਨ ਤੇ ਤਾਏ ਦੀਆਂ ਧੀਆਂ ਦਰਸ਼ਨ, ਦੀਪਾਂ, ਭਾਈਆ ਜੀ ਸਰੂਪ ਸਿੰਘ ਕਲ੍ਹਾ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਨੀ ਸਨ, ਬ੍ਰਿਗੇਡੀਅਰ ਸਾਹਿਬ ਸਿੰਘ ਸਾਰੇ ਬੀਜੀ ਦੇ ਕੋਲ ਬਹੁਤ ਪਿਆਰ ਨਾਲ ਪਿੰਡ ਆਉਂਦੇ ਤੇ ਰੋਟੀ ਖਾਂਦੇ। ਸਾਡੀਆਂ ਚਾਰੇ ਭੂਆਂ ਸਰਦਾਰਾਂ ਦੀਆਂ ਧੀਆਂ ਹੋਣ ਕਰਕੇ ਪਰਿਵਾਰਾਂ ਸਹਿਤ ਪਿੰਡ ਹੀ ਵਧੇਰੇ ਆ ਕੇ ਰਹਿੰਦੀਆਂ ਸਨ। ਇਹ ਸਾਰੇ ਰਿਸ਼ਤੇ ਤਾਂ ਬੀਜੀ ਨਿਭਾਅ ਰਹੇ ਸਨ ਪਰ ਪਾਪਾ ਜੀ ਦੇ ਦੇਸ਼ ਭਗਤੀ ਦੇ ਮਾਰਗ ਨਾਲ ਉਹਨਾਂ ਸਭ ਦਾ ਵਿਰੋਧ ਘੱਟ ਹੀ ਹੋਇਆ ਸੀ। ਪਾਪਾ ਜੀ ਦੇ ਚਾਚੇ ਦੇ ਭਾਈਆਂ ਸ. ਕਰਨੈਲ ਸਿੰਘ (ਚੇਅਰਮੈਨ ਰੇਲਵੇ ਬੋਰਡ) ਤੇ ਸ. ਦਲੀਪ ਸਿੰਘ ਸੌਂਦ (ਅਮਰੀਕਾ) ਦੇ ਘਰ ਦੀ ਦੀਵਾਰ ਸਾਂਝੀ ਸੀ। ਪਰ ਇਸ ਆਪਣੀ ਧੁਨ ਦੇ ਪੱਕੇ, ਅਡੋਲ, ਲੋਹ ਪੁਰਸ਼ ਨੇ ਆਪਣੇ ਚੌਗਿਰਦੇ ਦਾ ਰੰਗ ਬਿਲਕੁਲ ਨਾ ਕਬੂਲਿਆ, ਆਪਣਾ ਰਸਤਾ ਨਾ ਬਦਲਿਆ। ਵਿਚਾਰਾਂ ਦੀ ਸਾਂਝ ਵਾਲਾ ਉਸ ਨੇ ਇਕ ਵੱਡਾ ਪਰਿਵਾਰ ਪਿੰਡ, ਇਲਾਕੇ ਅਤੇ ਸਾਥੀਆਂ ਦਾ ਸਿਰਜ ਲਿਆ ਸੀ, ਜਿਸ ਮਾਰਗ ਵਿਚ ਹੀ ਉਸ ਨੇ ਆਪਣੇ ਜੀਵਨ ਦਾ ਨਿਸ਼ਾਨਾ ਮਿਥਿਆ ਤੇ ਉਸੇ ਉੱਤੇ ਤੁਰਦਾ ਗਿਆ, ਉਹ ਹੀ ਉਸਦੀ ਸ਼ਕਤੀ ਸੀ, ਇਹ ਹੀ ਉਸਦੀ ਨਾਤਾਦਾਰੀ। ਪਰਿਵਾਰਕ ਰਿਸ਼ਤਿਆਂ ਨੂੰ ਉਹਨੇ ਆਪਣੇ ਰਾਜਨੀਤਕ ਵਿਚਾਰਾਂ ਨਾਲ ਜੋੜ ਕੇ ਕਦੀ ਕੁੜੱਤਣ ਪੈਦਾ ਨਹੀਂ ਹੋਣ ਦਿੱਤੀ। ਪਰਿਵਾਰ ਨੇ ਵੀ ਪਰਵਾਨ ਕਰ ਲਿਆ ਸੀ ਕਿ ਇਸਦਾ ਰਸਤਾ ਅਲੱਗ ਹੈ। ਇਸ ਨੂੰ ਮੋੜਿਆ ਨਹੀਂ ਜਾ ਸਕਦਾ, ਪਰਿਵਾਰਕ ਸਾਂਝ ਬਣੀ ਰਹੀ।

ਦਰਬਾਰ ਸਾਹਿਬ ਤਰਨ ਤਾਰਨ ਵਿਖੇ ਗਹਿਲ ਸਿੰਘ ਦੀ ਤੀਸਰੀ ਸਪੁੱਤਰੀ ਅਨੂਪ ਦੀ ਸਾਦਾ ਸ਼ਾਦੀ ਸਮੇਂ ਇਕੱਠੇ ਹੋਏ ਪਤਵੰਤੇ – 1941

ਬੀਜੀ ਦੱਸਿਆ ਕਰਦੇ ਸਨ ਕਿ ਵੱਡੇ ਭੈਣ ਜੀ ਬਲਵੰਤ ਕਲਸੀ ਦੀ ਜਗੋਂ ਬਾਹਰੀ ਰੀਤ ਨਾਲ ਅਕਾਲ ਤਖ਼ਤ ਵਿਖੇ ਖੱਦਰ ਦੇ ਚਿੱਟੇ ਕੱਪੜਿਆਂ ਨਾਲ ਨੰਗੇ ਮੂੰਹ ਸ਼ਾਦੀ ਵੇਲੇ ਗੁਰਦਾਸਪੁਰ ਵਾਲੀ ਬੀਬੀ, ਜੇਠੂਵਾਲ ਵਾਲੀ ਬੀਬੀ (ਨਣਾਨਾਂ) ਬੱਚੀ ਲਈ ਗਰਮ ਕੱਪੜੇ ਲੈ ਕੇ ਆਈਆਂ, ਪਰ ਭਰਾ ਦੇ ਨਾਂ ਮੰਨਣ ’ਤੇ ਕੋਈ ਨਰਾਜ਼ਗੀ ਨਹੀਂ ਹੋਈ। ਤਾਇਆ ਜੀ, ਦਾਦਕਿਆਂ (ਨਾਗੋਕੇ ਵਾਲੇ) ਨੇ ਵੀ ਪੂਰਾ ਜ਼ੋਰ ਲਾਇਆ ਪਰ ਉਹਨਾਂ ਦੇ ਉੱਥੇ ਹੀ ਸ਼ਾਦੀ ਕਰਨ ਦਾ ਫੈਸਲਾ ਵੇਖ ਕੇ ਸਭ ਚੁੱਪ ਹੋ ਗਏ ਸਨ। ਅਕਾਲ ਤਖ਼ਤ ਦੇ ਇਤਿਹਾਸ ਵਿਚ ਇਹ ਪਹਿਲੀ ਸ਼ਾਦੀ ਸੀ। ਬਾਕੀ ਭੈਣਾਂ ਦੀਆਂ ਸ਼ਾਦੀਆਂ ਅਤੇ ਅੱਗੋਂ ਹੁਣ ਤੱਕ ਦੀਆਂ ਸ਼ਾਦੀਆਂ ਇਸੇ ਤਰਜ਼ ਉੱਤੇ ਕਰਨ ਦਾ ਪ੍ਰਣ ਨਿਭ ਰਿਹਾ ਹੈ। ਦੋ ਭੈਣਾਂ ਦੀਆਂ ਸ਼ਾਦੀਆਂ ਇੱਥੇ ਕਰਨਾ ਲੋਕਾਂ ਲਈ ਅਚੰਭਾ ਸੀ। ਤੀਸਰੀ ਦੀ ਸ਼ਾਦੀ ਤਰਨਤਾਰਨ ਦਰਬਾਰ ਸਾਹਿਬ ਵਿਚ ਸੰਪੰਨ ਹੋਈ ਤੇ ਬਾਕੀ ਤਿੰਨ ਘਰ ਵਿਚ ਜਾਂ ਕਿਸੇ ਸਕੂਲ ਵਿਚ ਸਾਦੇ ਸਮਾਗਮਾਂ ਰਾਹੀਂ ਬਿਨਾ ਕਿਸੇ ਵੀ ਦਾਜ ਦੇ ਹੋਈਆਂ। ਭਾਜੀ ਅਵਤਾਰ ਸਿੰਘ ਦੀ ਸ਼ਾਦੀ ਗੁਰਦੁਆਰਾ ਡੇਅਰਾ ਬਾਬਾ ਨਾਨਕ ਚੋ੍ਹਲਾ ਸਾਹਿਬ ਵਿਖੇ ਸਾਦਗੀ ਨਾਲ ਹੋਈ।
ਪਾਪਾ ਜੀ ਨੇ ਰਾਜਨੀਤੀ ਵਿਚ ਪ੍ਰਵੇਸ਼ ਗਦਰੀ ਬਾਬਿਆਂ ਦੇ ਪ੍ਰਭਾਵ ਹੇਠਾਂ ਕੀਤਾ ਸੀ। ਬੀਜੀ ਤੋਂ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਉਦੋਂ ਤੱਕ ਪਰਿਵਾਰ ਦਾ ਰਹਿਣ ਬਹਿਣ ਪੂਰੇ ਠਾਠ ਵਾਲਾ ਸੀ। ਬਾਪੂ ਜੀ ਹੁਕਮ ਸਿੰਘ (ਸਾਡੇ ਦਾਦਾ ਜੀ) ਬਹੁਤ ਵੱਡੇ ਠੇਕੇਦਾਰ ਸਨ। ਜ਼ਿਹਨੀ ਵੀ ਬਹੁਤ ਸਨ। ਛੋਟੇ ਜਿਹੇ ਕੰਮ ਤੋਂ ਉਹਨਾਂ ਨੇ ਵੱਡੇ-ਵੱਡੇ ਕਾਰੋਬਾਰ ਬਣਾ ਲਏ। ਦੇਸ਼ ਦੇ ਹਰ ਕੋਨੇ ਵਿਚ ਉਹਨਾਂ ਨੇ ਕੰਮ ਕੀਤਾ ਜਿਵੇਂ ਮਹਾਂਨਦੀ ਹਰਦੁਆਰ, ਅਨੂਪਪੁਰ, ਨਾਲਾਗੜ੍ਹ, ਕੋਇਟਾ, ਦਾਲਬੰਦੀ ਆਦਿ। ਬਾਪੂ ਜੀ ਨੇ ਕਮਾਇਆ ਵੀ ਬਹੁਤ ਤੇ ਵਰਤਿਆ ਵੀ ਖੂਬ। ਲੋਕਾਂ ਦੀਆਂ ਜੰਝਾਂ ਆਪਣੇ ਪਿੰਡ ਇਕ ਰਾਤ ਰੋਕ ਕੇ ਸੇਵਾ ਕਰਨੀ। ਕਈਆਂ ਦੇ ਵਿਆਹ ਵੀ ਵੱਜ ਗੱਜ ਕੇ ਕੀਤੇ। ਦਾਨੀ ਸਨ, ਪਿੰਡ ਦਾ ਹਾਈ ਸਕੂਲ ਬਣਵਾਇਆ, ਪਰ ਕੰਮ ਵਿਚ ਘਾਟਾ ਪੈਣ ਕਾਰਨ ਪੈਸਾ ਬਹੁਤ ਦੇਣ ਵਾਲਾ ਰਹਿ ਗਿਆ। ਪਰਿਵਾਰ ਨੂੰ ਬਹੁਤ ਚਿੰਤਾ ਸੀ। ਬਾਪੂ ਜੀ ਅਕਾਲ ਚਲਾਣਾ ਕਰ ਗਏ।
ਇਹ ਬੰਦਾ, ਮੇਰਾ ਬਾਪ, ਇਨਾ ਦਿਆਨਤਦਾਰ ਸੀ; ਬੀਜੀ ਦੱਸਦੇ ਹੁੰਦੇ ਸਨ ਕਿ ਮਰਨ ਦੇ ਸੱਥਰ ਉੱਤੇ ਹੀ ਜ਼ਮੀਨ ਦੀਆਂ ਰਜਿਸਟਰੀਆਂ ਆਪਣੇ ਭਣਵੱਈਏ ਦੇ ਪਿਤਾ ਜੀ ਨੂੰ ਉਹਨਾਂ ਦੇ ਬਹੁਤ ਨਾਂਹ ਕਰਦਿਆਂ ਵੀ ਫੜਾਅ ਦਿੱਤੀਆਂ ਤੇ ਕਿਹਾ, ਦਾਤਾ ਜੀ ਜੇ ਮੇਰੀ ਵਾਹ ਗਈ ਤਾਂ ਮੈਂ ਪੈਸੇ ਦੇ ਕੇ ਛੁਡਾਅ ਲਊਂ ਤੁਸੀਂ ਫਿਲਹਾਲ ਰੱਖੋ। ਪਾਪਾ ਜੀ ਨੇ ਪੂਰਾ ਇਕ ਸਾਲ ਠੇਕੇਦਾਰੀ ਦਾ ਕੰਮ ਇੰਨੇ ਜ਼ੋਰ ਨਾਲ ਕੀਤਾ ਕਿ ਰਜਿਸਟਰੀਆਂ ਛੁੱਟ ਗਈਆਂ। ਫੇਰ ਬੀਜੀ ਨੂੰ ਕਹਿ ਦਿੱਤਾ ਹੁਣ ਮੈਂ ਕੰਮ ਬਿਲਕੁਲ ਨਹੀਂ ਕਰਨਾ ਤੁਸੀਂ ਘਰ ਦਾ ਕੰਮ ਚਲਾਓ। ਮੈਂ ਦੇਸ਼ ਦਾ ਕੰਮ ਕਰਨਾ ਹੈ।
ਅਕਾਲੀ ਲਹਿਰ ਵਿਚ ਪ੍ਰਵੇਸ਼ ਕਰਕੇ ਪਾਪਾ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। ਪਿੰਡ ਵਿਚ ਵੱਡੇ ਕੜਾਹੇ ਵਿਚ ਰੰਗ ਤਿਆਰ ਕਰਕੇ ਸਾਰੇ ਪਿੰਡ ਦੀਆਂ ਦਸਤਾਰਾਂ ਨੀਲੀਆਂ ਰੰਗਾ ਦਿੱਤੀਆਂ। ਆਪ ਅੰਮ੍ਰਿਤ ਛਕ ਲਿਆ ਤੇ ਬੀਜੀ ਨੂੰ ਛਕਾ ਦਿੱਤਾ। ਉਹ ਜਿਸ ਵੀ ਪਾਰਟੀ ਵਿਚ ਹੁੰਦੇ ਤਨ, ਮਨ, ਧਨ ਨਾਲ ਕੰਮ ਕਰਦੇ। ਰੋਜ਼ ਸਵੇਰੇ ਉੱਠ ਕੇ ਚੱਕੀ ਉੱਤੇ ਆਟਾ ਪੀਸ ਕੇ ਬਾਬੇ ਬਕਾਲੇ ਮਾਤਾ ਗੁਜਰੀ ਲੰਗਰ ਗੁਰਦੁਆਰੇ ਪਹੁੰਚਾਉਂਦੇ। ਹਰ ਕੰਮ ਵਿਚ ਬੀਜੀ ਨੂੰ ਸ਼ਾਮਲ ਕਰਦੇ ਸਨ। ਉਦੋਂ ਬਾਬੂ ਜੀ ਜੀਊਂਦੇ ਸਨ। ਉਹਨਾਂ ਦੀ ਠੇਕੇਦਾਰੀ ਚਲਦੀ ਸੀ।
ਪਾਪਾ ਜੀ ਨੇ ਪਿੰਡ ਗੁਰਦੁਆਰੇ ਬਨਾਉਣੇ ਆਰੰਭ ਦਿੱਤੇ। ਆਪ ਸਿਰ ’ਤੇ ਬਾਟਾ ਚੁੱਕ ਕੇ ਮਗਰ ਬੀਬੀਆਂ, ਬੰਦੇ ਲਾ ਕੇ ਕਾਰ ਸੇਵਾ ਰਾਹੀਂ ਗੁਰਦੁਆਰਾ ਗੋਰੇ ਵਾਲਾ ਤਿਆਰ ਕਰ ਦਿੱਤਾ। ਬੀਜੀ ਬਾਪੂ ਜੀ ਕੋਲ ਅਨੂਪਪੂਰ ਸਨ। ਘਰੋਂ ਦਰੀਆਂ, ਗਲੀਚੇ, ਅਲਮਾਰੀਆਂ ਸਭ ਗੁਰਦੁਆਰੇ ਚੜਾਅ ਦਿੱਤੇ। ਬੀਜੀ ਦੇ ਸਾਰੇ ਗਹਿਣਿਆਂ ਦੇ ਗੁਰਦੁਆਰੇ ਵਿਚ ਪਾਲਕੀ ਸਾਹਿਬ ਅੱਗੇ ਛੱਬੇ ਬਣਵਾ ਕੇ ਚੜਾਅ ਦਿੱਤੇ। ਬੀਬੀ ਦੱਸਦੇ ਹੁੰਦੇ ਸਨ ਕਿ ਜੇ ਜ਼ਮੀਨ ਉਹਨਾਂ ਦੇ ਨਾਂਅ ਹੁੰਦੀ ਤਾਂ ਉਹ ਵੀ ਸਾਰੀ ਗੁਰਦੁਆਰੇ ਦੇ ਨਾਂਅ ਲਵਾ ਦੇਣੀ ਸੀ। ਜ਼ਮੀਨ ਉਹਨਾਂ ਦਿਨਾਂ ਵਿਚ ਰਾਏ ਬਹਾਦਰ ਵਿਸਾਖਾ ਸਿੰਘ ਮੁਛਲਾਂ ਵਾਲਿਆਂ ਦੇ ਨਾਂਅ ਸੀ ਕਿਉਂਕਿ ਐਕਟ ਅਨੁਸਾਰ ਜ਼ਮੀਨ ਕੇਵਲ ਜ਼ਿਮੀਂਦਾਰਾਂ ਦੇ ਨਾਂਅ ਹੋ ਸਕਦੀ ਸੀ। ਤਾਇਆ ਜੀ ਵਿਸਾਖਾ ਸਿੰਘ ਮਾਂ ਜੀ ਤੇ ਬਾਪੂ ਜੀ ਦੇ ਧਰਮ ਪੁੱਤਰ ਸਨ। ਕੰਮ ਨਾਲ ਗਿੱਟਿਆਂ ਉੱਤੇ ਜ਼ਖ਼ਮ ਹੋ ਗਏ ਪਰ ਪਰਵਾਹ ਨਾ ਕੀਤੀ। ਕੰਮ ਕਰੀ ਗਏ। ਝੰਡਾ ਸਿੰਘ ਮੁਣਸ਼ੀ ਕੇ ਬਾਪੂ ਜੀ ਨੂੰ ਚਿੱਠੀ ਲਿਖੀ ਕਿ ”ਘਰ ਸਾਰਾ ਖੁੱਲ੍ਹਾ ਪਿਆ ਹੈ ਗਹਿਲ ਸਿੰਘ ਨੇ ਸਾਰਾ ਕੁਝ ਲੁਟਾਅ ਦਿੱਤਾ ਹੈ।’’ ਬਾਪੂ ਜੀ ਨੇ ਅੱਗੋਂ ਕੁਝ ਨਾ ਕਿਹਾ, ਕਿਉਂਕਿ ਉਹ ਸਮਝਦੇ ਸਨ ਮੇਰਾ ਇਹ ਪੁੱਤਰ ਦੁਨੀਆਦਾਰੀ ਤੋਂ ਦੂਰ ਹੈ। 1936 ਤੋਂ 1939 ਈ: ਤੱਕ ਪਾਪਾ ਜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਘਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਦਾ ਬਿਰਾਜਮਾਨ ਸੀ। ਇਕ ਵਿਸ਼ੇਸ਼ ਕਮਰਾ ਸੀ। ਗੁਰਦੁਆਰੇ ਅਜ਼ਾਦ ਹੋ ਗਏ ਸਨ। ਦੇਸ਼ ਦੀ ਆਜ਼ਾਦੀ ਦਾ ਬਿਗਲ ਵੱਜ ਚੁੱਕਾ ਸੀ। ਹੁਣ ਪਾਪਾ ਜੀ ਨੇ ਇੰਡੀਅਨ ਕਾਂਗਰਸ ਵਿਚ ਸ਼ਾਮਲ ਹੋ ਕੇ ਕੰਮ ਕਰਨਾ ਕਾਰਗਰ ਸਮਝਿਆ। ਕਿਸਾਨ ਮੋਰਚਿਆਂ ਵਿਚ ਭਾਗ ਲਿਆ। 1938 ਤੋਂ 1939 ਤੱਕ, ਉੱਚੇ ਪੁਲ ਅੰਮ੍ਰਿਤਸਰ ਵਿਚ ਡਾਂਗਾਂ ਵੀ ਖਾਧੀਆਂ, ਹਰਸਾ ਛੀਨਾ, ਮੋਘਾ ਮੋਰਚਾ ਵਿਚ ਭਾਗ ਲਿਆ। ਲਗਾਤਾਰ ਘੋਲ ਯਾਤਰਾ ਦਾ ਸਮਾਂ ਆ ਗਿਆ ਸੀ, ਜਿਸ ਦਾ ਉਹਨਾਂ ਨੂੰ ਕਦੀ ਹਿਰਖ ਨਾ ਲੱਗਾ, ਸਗੋਂ ਇਹ ਉਹਨਾਂ ਲਈ ਖੁਸ਼ੀ ਦਾ ਸਮਾਂ ਹੁੰਦਾ। ਜੇਲ੍ਹ ਜਾ ਕੇ ਉਹ ਪਿੱਛੇ ਪਰਿਵਾਰ ਵੱਲ ਧਿਆਨ ਨਾ ਕਰਦੇ ਕੇਵਲ ਕੁਝ ਜ਼ਰੂਰੀ ਵਸਤਾਂ ਜਿਵੇਂ ਗੁੜ, ਬਨੈਨਾਂ, ਚੱਪਲਾਂ ਆਦਿ ਹੀ ਮੰਗਵਾਉਂਦੇ। ਪਿੱਛੇ ਬੱਚਿਆਂ ਦਾ ਉਹਨਾਂ ਨੂੰ ਚਿੱਤ ਚੇਤਾ ਵੀ ਨਾ ਹੁੰਦਾ। ਉਹਨਾਂ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲਿਖੀਆਂ ਚਿੱਠੀਆਂ ਤੋਂ ਸਪੱਸ਼ਟ ਪਤਾ ਲੱਗਦਾ ਹੈ; ਉਹਨਾਂ ਦਾ ਮੋਹ ਸਾਥੀਆਂ ਅਤੇ ਜਨਤਾ ਨਾਲ ਸੀ।
ਮੈਨੂੰ ਇਕ ਅੱਖੀਂ ਡਿੱਠੀ ਘਟਨਾ ਯਾਦ ਹੈ ਜਦੋਂ ਇਕ ਵੇਰਾਂ ਇਕ ਥਾਣੇਦਾਰ ਅਤੇ ਤਿੰਨ ਚਾਰ ਸਿਪਾਹੀ ਪਾਪਾ ਜੀ ਨੂੰ ਗ੍ਰਿਫਤਾਰ ਕਰਨ ਆਏ। ਘਰ ਆ ਕੇ ਪੁੱਛਣ ’ਤੇ ਪਤਾ ਲੱਗਾ ਕਿ ਉਹ ਖੂਹ ’ਤੇ ਗਏ ਹੋਏ ਹਨ। ਉਹਨਾਂ ਦਾ ਟਾਂਗਾ ਖੂਹਾਂ ਵੱਲ ਦੌੜ ਪਿਆ ਤੇ ਮੈਂ ਤੇ ਅੰਮਰਤ ਉੱØਚਿਆਂ ਚੁਬਾਰਿਆਂ ਉੱਤੇ ਚੜ੍ਹਕੇ ਦੂਰ ਤੱਕ ਵੇਖ ਰਹੀਆਂ ਸਾਂ ਕਿ ਹੁਣ ਕੀ ਹੋਵੇਗਾ? ਮਾਂ ਜੀ ਵੀ ਉੱਚੀ ਉੱਚੀ ਬਚਨ ਬਾਣੀ ਕਰਨ ਲੱਗ ਪਏ। ਪਲਾਂ ਵਿਚ ਹੀ ਟਾਂਗਾ ਵਾਪਸ ਆ ਗਿਆ। ਪਾਪਾ ਜੀ ਵੀ ਉਹਨਾਂ ਦੇ ਨਾਲ ਸਨ। ਉਹ ਪੁਲਿਸ ਦੇ ਨਾਲ ਹੀ ਡਿਉੜੀ ਵਿਚ ਵੱਡੇ ਤਖ਼ਤਪੋਸ਼ ਉੱਤੇ ਬੈਠ ਗਏ। ਬੀਜੀ ਨੇ ਰੋਟੀਆਂ ਦੇ ਥਾਲ ਭੇਜਣੇ ਸ਼ੁਰੂ ਕਰ ਦਿੱਤੇ। ਅਸੀਂ ਦੋਵੇਂ ਡਿਉੜੀ ਵਿਚਲੀ ਲੱਕੜ ਦੀ ਪਉੜੀ ਦੇ ਨਾਲ ਲਟਕ ਕੇ ਖਲੋਤੀਆਂ ਰਹੀਆਂ ਕਿ ਅੱਗੋਂ ਕੀ ਹੋਵੇਗਾ। ਸਮਝਣ ਲਈ ਯਤਨ ਕਰਦੀਆਂ ਸਾਂ। ਮਨ ਵਿਚ ਇਹ ਵਿਚਾਰ ਆਉਂਦਾ ਸੀ ਕਿ ਪਾਪਾ ਜੀ ਸਾਡੇ ਕੋਲ ਹੀ ਰਹਿਣ, ਬਾਕੀ ਸਥਿਤੀ ਸਾਡੀ ਸਮਝ ਤੋਂ ਬਾਹਰ ਸੀ। ਸਿਪਾਹੀਆਂ ਦੇ ਹੱਥ ਵਿਚ ਹੱਥਕੜੀ ਵੀ ਸੀ। ਪਾਪਾ ਜੀ ਉੱਥੇ ਹੀ ਬੈਠੇ ਰਹੇ ਤੇ ਬੀਜੀ ਨੂੰ ਆਵਾਜ਼ ਦਿੱਤੀ, ਮੇਰਾ ਇਕ ਕਮੀਜ਼ ਪਜ਼ਾਮਾ ਤੇ ਗੁਰਗਾਬੀ ਦੇ ਦਿਓ। ਕੋਈ ਫ਼ਿਕਰ, ਉਦਾਸੀ ਉਹਨਾਂ ਦੇ ਚਿਹਰੇ ’ਤੇ ਨਹੀਂ ਸੀ। ਉਹਨਾ ਨੇ ਚੀਜ਼ਾਂ ਫੜੀਆਂ, ਮਾਂ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹੀ ਤੇ ਪੁਲਿਸ ਨਾਲ ਤੁਰ ਪਏ। ਬਾਹਰ ਆ ਕੇ ਟਾਂਗੇ ਵਿਚ ਬੈਠ ਗਏ, ਟਾਂਗਾ ਅੱਡੇ ਟਾਂਗਰੇ ਵੱਲ ਨੂੰ ਦੌੜ ਰਿਹਾ ਸੀ ਤੇ ਅਸੀਂ ਦੋਵੇਂ ਭੈਣਾਂ ਮੁੜ ਉੱਪਰ ਚੜ੍ਹ ਕੇ ਉਦਾਸ ਮਨਾਂ ਨਾਲ ਆਪਣੇ ਪਾਪਾ ਨੂੰ ਜੇਲ੍ਹ ਜਾਂਦਿਆਂ ਵੇਖਦੀਆਂ ਰਹੀਆਂ।

ਪਿੰਡ ਛੱਜਲਵੱਡੀ ਆਪਣੇ ਘਰ ਵਿੱਚ – ਗਹਿਲ ਸਿੰਘ ਦਾ ਬੇਟਾ ਅਵਤਾਰ ਸਿੰਘ, ਪੋਤਰਾ ਅਤੇ ਪੋਤ ਨੂੰਹ- ਮਾਰਚ, 2007 (ਫੋਟੋਕਾਰ – ਸੁਸ਼ੀਲ ਦੁਸਾਂਝ)

ਪਾਪਾ ਜੀ ਦੀ ਸਾਦਗੀ ਮਿਸਾਲ ਸਨ। ਉਹਨਾਂ ਦੀ ਲੋੜ ਦੋ ਤਿੰਨ ਚਿੱਟੇ ਖੱਦਰ ਦੇ ਪਜਾਮੇ, ਕਮੀਜ਼, ਮੋਚੀ ਦੀ ਬਣੀ ਚੜਾਵੀਂ ਜੁੱਤੀ ਅਤੇ ਸਰਦੀਆਂ ਵਿਚ ਪੱਟੀ ਦਾ ਇਕ ਕੋਟ ਹੁੰਦਾ ਸੀ। ਮੈਨੂੰ ਇਹ ਵੀ ਯਾਦ ਹੈ ਇਹਨਾਂ ਦਿਨਾਂ ਵਿਚ ਹੀ ਜਦੋਂ ਉਹ ਸ਼ਹੀਦ ਹੁੰਦੇ ਹਨ, ਕੁਝ ਦਿਨ ਪਹਿਲਾਂ ਵੱਡੇ ਬਰਾਂਡੇ ਵਿਚ ਸਾਈਕਲ ਹੱਥ ਵਿਚ ਫੜਿਆ ਸੀ। ਬੀਜੀ ਵੱਲ ਵੇਖ ਕੇ ਕਹਿਣ ਲੱਗੇ, ”ਹਰਨਾਮ ਕੌਰ ਅੱਜ ਭਲਕ ਕਿੱਕਰ ਦੇ ਸੱਕ ਲੈ ਕੇ ਕੁੜਤੇ ਪਜਾਮੇ ਨੂੰ ਰੰਗ ਲਾ ਦਿਓ ਮੈਲਾ ਹੋ ਜਾਂਦਾ ਹੈ।’’ ਬੀਜੀ ਨੇ ਅਗਲੇ ਦਿਨ ਕੱਪੜਿਆਂ ਨੂੰ ਰੰਗ ਕਰ ਦਿੱਤਾ। ਉਸ ਕੁੜਤੇ, ਪਜਾਮੇ ਨਾਲ ਉਹ ਖੱਦਰ ਦਾ (ਲੂਣ ਮਿਰਚਾਂ) ਭੂਰੇ ਜਿਹੇ ਰੰਗ ਦਾ ਸਾਫ਼ਾ ਬੰਨਦੇ ਸਨ। ਸਾਫ਼ਾ ਗੋਲ ਬੰਨ੍ਹਦੇ ਸਨ। ਸਰੀਰ ਸੁਡੌਲ ਸੀ, ਜੁੱਸਾ ਤਕੜਾ, ਰੰਗ ਕਣਕਭਿੰਨਾ, ਚਿਹਰਾ ਭਰਵਾਂ, ਖੁੱਲ੍ਹੀ ਕਾਲੀ ਦਾੜ੍ਹੀ, ਮੋਟੀਆਂ ਅੱਖਾਂ, ਕੱਦ ਚੰਗਾ, ਹਿੰਮਤ ਇੰਨੀ ਕਿ ਦੂਰ ਨੇੜੇ ਸਾਈਕਲ ਉੱਤੇ ਹੀ ਜਾਣਾ, ਸਾਈਕਲ ਪਰ ਨਵਾਂ ਰੱਖਣਾ ਕਿਉਂਕਿ ਪਤਾ ਹੁੰਦਾ ਸੀ ਕਿ ਪੈਂਡਾ ਅਮੁੱਕ ਹੋ ਸਕਦਾ ਹੈ; ਕਿਸੇ ਸਾਥੀ ਨੂੰ ਵੀ ਚੜ੍ਹਾਉਣਾ ਪੈ ਜਾਵੇ, ਰੁਕਣਾ ਨਾ ਪਵੇ। ਜਗਜੀਤ ਸਿੰਘ ਆਨੰਦ ਜੀ ਨੇ ਇਕ ਥਾਂ ਲਿਖਿਆ ਹੈ, ”ਉਹ ਸਾਥੀ ਉਸ ਉਮਰ ਵਿਚ ਹੀ ਸੂਇਆਂ ਦੀਆਂ ਪਟੜੀਆਂ, ਵਿੰਗੇ ਟੇਡੇ ਰਾਹਾਂ ਉੱਤੇ ਵਧੀਆ ਸਾਈਕਲ ਚਲਾਉਂਦਾ ਸੀ ਤੇ ਪਲੋਪਲੀ ਤਰਨਤਾਰਨ, ਪੱਟੀ, ਦੁਦੇਹਰ, ਸਰਹਾਲੀ ਜਾ ਅਪੜਦਾ। ਕਮਿਊਨਿਸਟ ਪਾਰਟੀ ਦਾ ਉਹ ਪ੍ਰੋਢ ਆਗੂ, ਨਿਧੜਕ ਜਰਨੈਲ ਅਤੇ ਵਫ਼ਾਦਾਰ ਸਿਪਾਹੀ ਸੀ। ਲੋਕਾਂ ਨਾਲ ਹੁੰਦੀ ਜ਼ਿਆਦਤੀ ਕਦਾਚਿਤ ਸਹਿਣ ਨਾ ਕਰਦਾ ਭਾਵੇਂ ਉਹਦੀ ਜਾਨ ਨੂੰ ਖ਼ਤਰਾ ਪੈਦਾ ਹੋਵੇ। ਇਲਾਕੇ ਦੀ ਪੁਲਿਸ ਇਸ ਦੇਸ਼ ਭਗਤ ਤੋਂ ਸਦਾ ਖ਼ੌਫਜ਼ਦਾ ਹੁੰਦੀ।’’
ਕਾਮਰੇਡ ਜੈਪਾਲ, ਪਿੰਡ ਗਹਿਰੀ, ਪਾਪਾ ਜੀ ਨੂੰ ਪਿਉ ਵਾਂਗ ਸਮਝਦਾ ਸੀ। ਉਸਦਾ ਪਾਪਾ ਜੀ ਪ੍ਰਤੀ ਸਤਿਕਾਰ ਗੁਰੂ ਭਗਤੀ ਵਾਂਗ ਸੀ। ਭਾਜੀ ਜੈਪਾਲ ਤੋਂ ਉਹਨਾਂ ਬਾਰੇ ਸੁਣਨ ਤੋਂ ਇਲਾਵਾ, ਉਸ ਦੇ ਘਰ ਵਿਚ ਪਾਪਾ ਜੀ ਦੀ ਪਈ ਫ਼ੋਟੋ ਤੋਂ ਜੈਪਾਲ ਹੋਰਾਂ ਦੇ ਪਰਿਵਾਰ ਦੀ ਉਸ ਬੰਦੇ ਪ੍ਰਤੀ ਆਸਥਾ ਦਾ ਪਤਾ ਲੱਗਦਾ ਜੋ ਹਰ ਲੜਕੇ ਲੜਕੀ ਦੀ ਸ਼ਾਦੀ ਤੋਂ ਪਹਿਲਾਂ ਇਸ ਮਹਾਨ ਸ਼ਖ਼ਸੀਅਤ ਤੋਂ ਅਸ਼ੀਰਵਾਦ ਭਾਵ ਸ਼ਕਤੀ ਲੈ ਕੇ ਤੁਰਦੇ ਰਹੇ ਹਨ। ਉਹਨਾਂ ਦੱਸਿਆ ਸੀ ਕਿ ਇਕ ਵੇਰਾਂ ਸਰਦਾਰ ਜੀ ਤੇ ਮੈਂ ਸਾਈਕਲਾਂ ’ਤੇ ਜਾ ਰਹੇ ਸਾਂ। ਰਸਤੇ ਵਿਚ ਕੁਝ ਮੱਝਾਂ ਵਾਲੇ ਮਿਲੇ ਜਿਹਨਾਂ ਕੋਲੋਂ ਸਿਪਾਹੀਆਂ ਨੇ ਪੈਸੇ ਵੀ ਖੋਹ ਲਏ ਤੇ ਉਹਨਾਂ ਦਾ ਦੁੱਧ ਵੀ ਖਾ-ਪੀ ਲਿਆ ਸੀ। ਸਰਦਾਰ ਜੀ ਉਹਨਾਂ ਦੇ ਨਾਲ ਖਿਲਚੀਆਂ ਪਹੁੰਚੇ ਤੇ ਚੌਕੀਂ ਵਿਚ ਜਾ ਕੇ ਭੜੱਥੂ ਪਾ ਦਿੱਤਾ ਕਿ ਇਹਨਾਂ ਗਰੀਬਾਂ ਦੇ ਪੈਸੇ ਫੌਰਨ ਮੋੜੇ ਜਾਣ। ਚੌਕੀਂ ਇੰਚਾਰਜ ਥਾਣੇਦਾਰ ਨਹਾਉਂਦਾ ਕੱਛ ਬਨੈਣ ਨਾਲ ਭੱਜਾ ਆਇਆ ਤੇ ਪੈਸੇ ਮੁੜਵਾ ਕੇ ਸੁੱਖ ਦਾ ਸਾਹ ਲਿਆ। ਸੱਚੇ ਸੁੱਚੇ ਹੋਣ ਕਰਕੇ ਪੁਲਿਸ ਨੂੰ ਇਹਨਾਂ ਦੇ ਸੁਭਾਅ ਕਾਰਨ ਬਹੁਤ ਡਰ ਹੁੰਦਾ ਸੀ ਕਿ ਕਿਸੇ ਨਾਲ ਵਾਧਾ ਨਾ ਹੋ ਜਾਵੇ। ਜੈਪਾਲ ਹੋਰਾਂ ਕੋਲ ਭਰਪੂਰ ਜਾਣਕਾਰੀ ਸੀ ਕਿਉਂਕਿ ਉਹ ਬਚਪਨ ਤੋਂ ਇਹਨਾਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਨਾਲ ਜੁੜ ਗਏ ਸਨ ਤੇ ਹਰ ਵੇਲੇ ਇਹਨਾਂ ਦੇ ਨਾਲ ਬਾਹਰ ਅੰਦਰ ਰਹਿੰਦੇ ਸਨ, ਪਰ ਖੇਦ ਹੈ ਅਸੀਂ ਇਹ ਅਨਮੋਲ ਸਾਮਗ੍ਰੀ ਇਕੱਤਰ ਕਰਨ ਤੋਂ ਖੁੰਝ ਗਏ।
ਸਾਡੇ ਭਤੀਜਿਆਂ ਜੰਗ ਬਹਾਦਰ ਅਤੇ ਗੁਰਕੰਵਲ ਨਾਲ ਜਦੋਂ ਤਰਨ ਤਾਰਨ ਤੋਂ ਰਿਸ਼ਤੇ ਕਰਨ ਦੀ ਗੱਲ ਤੁਰੀ ਤਾਂ ਸਰਹਾਲੀ ਤੋਂ ਉਹਨਾਂ ਦੇ ਰਿਸ਼ਤੇਦਾਰ ਐਸ. ਪੀ. ਸਿੰਘ ਦੱਸਦੇ, ”ਸੰਪੂਰਨ ਸਿੰਘ ਹੋਰਾਂ ਫੌਰਨ ਰਾਇ ਦਿੱਤੀ ਕਿ ਇਸ ਘਰ ਰਿਸ਼ਤਾ ਜ਼ਰੂਰ ਕਰਨਾ ਹੈ। ਇਹਨਾਂ ਦਾ ਬਾਬਾ ਗਹਿਲ ਸਿੰਘ ਬਹੁਤ ਸੱਚਾ ਸੁੱਚਾ ਤੇ ਲੋਕਾਂ ਦਾ ਹਮਦਰਦ ਸੀ, ਇਕ ਵੇਰ ਜੰਡਿਆਲੇ ਗੁਰੂ ਦੇ ਥਾਣੇ ਵਿਚ ਉਦੋਂ ਮੈਂ ਮੁਣਸ਼ੀ ਸਾਂ। ਇਕ ਬੰਦੇ ਕੋਲੋਂ ਜੋ ਰਪਟ (ਰੀਪੋਰਟ) ਲਿਖਾਉਣ ਆਇਆ ਸੀ, ਸਿਪਾਹੀ ਨੇ ਕਾਗਜ਼ ਲਈ ਅਠਆਨੀ ਮੰਗ ਲਈ। ਸਰਦਾਰ ਜੀ ਨੇ ਆ ਕੇ ਦਲੀਲ ਨਾਲ ਸਿਪਾਹੀ ਦੀ ਉਹ ਸ਼ਾਮਤ ਲਿਆਂਦੀ ਕਿ ਉਸ ਨੇ ਪੈਸੇ ਵੀ ਮੋੜੇ ਤੇ ਉਸ ਆਦਮੀ ਤੋਂ ਮੁਆਫ਼ੀ ਵੀ ਮੰਗੀ।’’ ਭਾਵ ਸ਼ਹੀਦ ਗਹਿਲ ਸਿੰਘ ਦਾ ਪੁਲਿਸ ਉੱਤੇ ਇੰਨਾ ਦਬਦਬਾ ਸੀ ਕਿ ਉਹਨਾਂ ਦੇ ਜੀਊੁਂਦਿਆਂ ਪੁਲਿਸ ਪਿੰਡ ਵਿਚ ਨਾ ਵੜਦੀ ਤੇ ਨਾ ਕਿਤੇ ਵਧੀਕੀ ਵੇਖਣ ਵਿਚ ਆਉਂਦੀ। ਉਹ ਬੰਦਾ ਦਲੀਲ ਨਾਲ ਹੀ ਤਕੜੇ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਾ ਦਿੰਦਾ ਸੀ ਤੇ ਮਾੜੇ ਦਾ ਹਮੇਸ਼ਾ ਪੱਖ ਕਰਦਾ। ਉਹ ਕਿਰਤੀਆਂ, ਮਜ਼ਦੂਰਾਂ ਅਤੇ ਗਰੀਬਾਂ ਲਈ ਇਕ ਮਸੀਹਾ ਸੀ।
ਲੋਕਾਂ ਦਾ ਨਿਸ਼ਕਾਮ ਸੇਵਕ ਹੋਣ ਕਰਕੇ ਦੂਸਰਿਆਂ ਨੂੰ ਸੇਵਾ ਵੱਲ ਪ੍ਰੇਰਨਾ ਕੇਵਲ ਸ਼ਹੀਦ ਗਹਿਲ ਸਿੰਘ ਦਾ ਹੀ ਕੰਮ ਸੀ। ਪਿੰਡ ਪਹਿਲਾਂ ਉਹਨੇ ਘੁੰਢ ਲਹਾਉਣ ਦਾ ਕੰਮ ਸ਼ੁਰੂ ਕੀਤਾ ਫਿਰ ਦਾਜ ਰਹਿਤ ਸ਼ਾਦੀਆਂ ਦੀ ਪਹਿਲਕਦਮੀ ਕੀਤੀ। ਸਮਾਜ ਵਿਚ ਵਹਿਮ ਭਰਮ ਅਤੇ ਹੋਰ ਬੁਰਾਈਆਂ ਦੂਰ ਕਰਨ ਲਈ ਉਹ ਗੁਰੂਆਂ, ਭਗਤਾਂ ਦਾ ਅਨੁਆਈ ਸੀ। ਜਨਮ, ਵਿਆਹ, ਮਰਨ ਉੱਤੇ ਬੇਲੋੜੀਆਂ ਰਸਮਾਂ ਦਾ ਭਾਰ ਉਸ ਨੇ ਆਪਣੇ ਘਰ ਵਿਚ ਕਦੇ ਨਾ ਪੈਣ ਦਿੱਤਾ ਅਤੇ ਦੂਸਰਿਆਂ ਨੂੰ ਪ੍ਰੇਰਿਆ। ਗਵਾਂਢ ਵਿਚ ਰਹਿੰਦੀ ਚਾਚੀ ਅਰਜਨ ਕੌਰ ਹਮੇਸ਼ਾ ਪਾਪਾ ਜੀ ਨੂੰ ਬੁਰਾ ਭਲਾ ਕਹਿੰਦੀ, ਅਸੀਂ ਸੁਣ ਕੇ ਬੀਜੀ ਨੂੰ ਦੱਸਣਾ ਵੀ ਪਰ ਪਾਪਾ ਜੀ ਨੇ ਹੱਸ ਛੱਡਣਾ।
ਮਹਲਾਂ ਵਾਲੇ ਘਰਾਂ ਵਿਚੋਂ, ਜਿਥੇ ਤੀਵੀਆਂ ਹੱਥ ਨਹੀਂ ਸੀ ਨੰਗਾ ਕਰਦੀਆਂ, ਪਾਪਾ ਜੀ ਨੇ ਸ਼ਰ੍ਹੇਆਮ ਬੀਜੀ ਦਾ ਘੁੰਢ ਚੁਕਵਾ ਕੇ ਅਚੰਭਾ ਕਰ ਦਿੱਤਾ। ਫਿਰ ਕਈਆਂ ਨੂੰ ਇਸ ਰਾਹੇ ਤੋਰਿਆ। ਤੀਵੀਆਂ ਨੂੰ ਸਾਈਕਲ ਚਲਾਉਣ ਦੀ ਪ੍ਰੇਰਨਾ ਦਿੱਤੀ। ਡਾ. ਹਜ਼ਾਰਾ ਸਿੰਘ ਦੇ ਘਰੋਂ ਚਾਚੀ ਦੇ ਗੋਡਿਆਂ ’ਤੇ ਸੱਟ ਲੱਗ ਗਈ। ਬੀਜੀ ਦੇ ਗਿੱਟਿਆਂ ’ਤੇ ਵੀ ਚੋਟ ਆਈ ਪਰ ਪਾਪਾ ਜੀ ਦੁਨੀਆ ਤੋਂ ਵੱਖਰੇ ਰਾਹ ’ਤੇ ਤੁਰਨ ਦੀ ਆਪਣੀ ਜ਼ਿਦ ਪੁਗਾਉਂਦੇ ਸਨ। ਧੀਆਂ ਨੂੰ ਨੱਕ, ਕੰਨ ਤੇ ਨਾ ਵਿੰਨਣ ਦਿੱਤੇ ਤੇ ਪਰ ਸਟੇਜ ’ਤੇ ਜਾ ਕੇ ਦੇਸ਼ ਭਗਤੀ ਦੀਆਂ ਨਜ਼ਮਾਂ ਅਤੇ ਗੀਤ ਬੋਲਣ ਲਈ ਆਪ ਤਿਆਰ ਕਰਦੇ ਸਨ। ਉਹਨਾਂ ਦੀ ਜੀਵਨ ਪ੍ਰਤੀ ਪਹੁੰਚ ਵੀ ਵਿਗਿਆਨਕ ਸੀ। ਦਿਨ ਵਾਰ, ਰੁੱਤਾਂ, ਥਿੱਤਾਂ ਵਿਚ ਉਹ ਕਦੀ ਵਿਸ਼ਵਾਸ ਨਹੀਂ ਸੀ ਕਰਦੇ। ਨਾਗੋਕੇ ਵਿਆਹ ਤੋਂ ਪਹਿਲਾਂ ਨਾਨਾ ਜੀ ਕੋਲ ਇਹ ਸ਼ਰਤ ਰੱਖੀ ਕਿ ਵਿਆਹ ਕੱਤਕ ਵਿਚ ਕਰਨਾ ਹੈ ਜਦਕਿ ਲੋਕ ਕੱਤਕ ਦਾ ਵਿਆਹ ਅਪਸ਼ਗਨ ਗਿਣਦੇ ਸਨ। ਪਾਪਾ ਜੀ ਨੂੰ ਸਮਾਜਕ ਬਰਾਬਰੀ ਦੇ ਨਾਲ ਨਾਰੀ ਦਾ ਬਹੁਤ ਸਨਮਾਨ ਸੀ। ਉਹ ਆਪਣੀਆਂ ਵੱਡੀਆਂ ਧੀਆਂ ਬਲਵੰਤ, ਵਿਦਿਆ ਅਤੇ ਅਨੂਪ ਨੂੰ ਸਦਾ ਬੀਬੀ ਬਲਵੰਤ, ਬੀਬੀ ਵਿਦਿਆ, ਬੀਬੀ ਅਨੂਪ ਕਹਿ ਕੇ ਸੰਬੋਧਿਤ ਕਰਦੇ, ਛੋਟੀਆਂ ਨੂੰ ਇੰਦਰਜੀਤ, ਇਕਬਾਲ, ਅੰਮਰਤਾ ਵੱਡੇ ਜੁਆਈ ਨੂੰ ਸਾਥੀ ਪ੍ਰੀਤਮ ਸਿੰਘ, ਬਾਕੀਆਂ ਨੂੰ ਸਤਿਕਾਰ ਨਾਲ ਜੀ ਕਰਕੇ ਬੁਲਾਉਂਦੇ।
ਧੀਆਂ ਨੂੰ ਵਿੱਦਿਆ ਦੇਣ ਦੇ ਉਹ ਪੱਕੇ ਹਾਮੀ ਸਨ। ਇਕ ਧੀ ਦਾ ਨਾਂ ਹੀ ਵਿੱਦਿਆ ਰੱਖਿਆ। ਭੈਣ ਜੀ ਵੱਡਿਆਂ ਨੂੰ ਕੈਰੋਂ ਹੋਸਟਲ ਵਿਚ ਪੜ੍ਹਣ ਲਈ ਭੇਜਿਆ। ਸਮਾਜੀ ਪ੍ਰਸਥਿਤੀਆਂ ਦੀ ਸੂਝ ਰੱਖਦੇ ਸਨ। ਆਪਣੇ ਪੁੱਤਰ ਨੂੰ ਵੱਡੀ ਬੀਬੀ ਬਲਵੰਤ ਕੋਲ ਸ਼ਹਿਰ ਪੜ੍ਹਣ ਲਈ ਭੇਜਿਆ। ਇਹ ਤੱਥ ਵੱਖਰਾ ਹੈ ਕਿ ਮੈਂ ਕਿਸੇ ਸਥਿਤੀ ਕਾਰਣ ਜਾਂ ਆਪਣੀ ਮਾਨਸਿਕ ਸੀਮਾ ਦੇ ਫਲਸਰੂਪ ਵਕੀਲ ਨਾ ਬਣ ਸਕੀ, ਪਰ ਵੱਡੇ ਭੈਣ ਜੀ ਦੱਸਿਆ ਕਰਦੇ ਸਨ, ਪਾਪਾ ਜੀ ਕਹਿੰਦੇ ਸਨ, ਇਹਨੂੰ ਵਕੀਲ ਬਣਾਉਣਾ ਹੈ। ਕਹਿਣ ਤੋਂ ਭਾਵ ਉਹਨਾਂ ਦੀ ਧੀਆਂ ਪ੍ਰਤੀ ਸੋਚ ਬਹੁਤ ਉੱਚੀ ਸੀ। ਪੰਜਵੀਂ ਧੀ ਤੱਕ ਪਹੁੰਚ ਕੇ ਉਹਦਾ ਨਾਂ ਰਜਨੀ ਰੱਖਣ ਦੀ ਥਾਂ ਇਕਬਾਲ ਰੱਖਦੇ ਹਨ। ਨਾਰੀ ਨੂੰ ਖੁੱਲ੍ਹ ਦੇਣ ਦੀ ਗੱਲ ਮੈਨੂੰ ਯਾਦ ਆਉਂਦੀ ਹੈ। ਅਸੀਂ ਟਾਂਗੇ ’ਤੇ ਪਿੰਡ ਚੌਹਾਨ ਤੋਂ ਆ ਰਹੇ ਸਾਂ, ਪਾਪਾ ਜੀ ਨੂੰ ਘੋੜੀ ਰੱਖਣ ਦਾ ਬਹੁਤ ਸ਼ੌਕ ਸੀ। ਪਿੰਡ ਤੋਂ ਪਰੇ੍ਹ ਉਹਨਾਂ ਵਾਗਾਂ ਮੇਰੇ ਹੱਥ ਫੜਾਅ ਦਿੱਤੀਆਂ। ਥੋੜ੍ਹਾ ਚਲਾਅ ਕੇ ਜਦੋਂ ਵੇਖਿਆ ਘੋੜੀ ਮੇਰੇ ਵੱਸ ਵਿਚ ਨਹੀਂ ਰਹੀ ਤਾਂ ਉਹਨਾਂ ਨੇ ਆਪ ਫੜ ਲਈਆਂ ਤੇ ਅਸੀਂ ਪਿੰਡ ਪਹੁੰਚ ਗਏ।
ਸਮਾਂ ਤੇ ਯਾਦ ਨਹੀਂ ਕਿਹੜਾ ਸੰਨ ਸੀ ਪਰ ਪਾਰਟੀ ਦੇ ਪ੍ਰੋਗਰਾਮ ਅਨੁਸਾਰ ਚਾਰ ਬੰਗਾਲੀ ਕਾਮਰੇਡ, ਪਿੰਡ ਘਰ ਪਾਪਾ ਜੀ ਕੋਲ ਭੇਜ ਦਿੱਤੇ ਗਏ ਤਾਂ ਜੋ ਉਹਨਾਂ ਦੀ ਤੰਦਰੁਸਤੀ ਦਾ ਧਿਆਨ ਕੀਤਾ ਜਾਵੇ। ਉਸ ਘਟਨਾ ’ਚੋਂ ਕੁਝ ਯਾਦ ਹੈ। ਮੈਂ ਤੇ ਮੇਰੀ ਵੱਡੀ ਭੈਣ ਇੰਦਰਜੀਤ ਨੂੰ ਇਕ ਇਕ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਕਿ ਅਸੀਂ ਸਮੇਂ-ਸਮੇਂ ਸਿਰ ਦੁੱਧ ਦਹੀਂ ਰੋਟੀ ਭੇਜਣ ਦਾ ਪ੍ਰਬੰਧ ਕਰਨਾ ਹੈ।
ਉਹ ਤਾਂ ਫਿਰਕੂ ਹਨੇਰੀ ਦੀ ਭੇਟ ਚੜ੍ਹ ਗਏ ਸਨ, ਪਰ ਸਾਨੂੰ ਬੱਚਿਆਂ ਨੂੰ ਕਿਸੇ ਮਾੜੀ ਘਟਨਾ ਦੀ ਸੋਅ ਨਹੀਂ ਸੀ। ਦਿਵਾਲੀ ਨੇੜੇ ਢੁਕ ਰਹੀ ਸੀ। ਅਸੀਂ ਰੋਜ਼ ਵਾਰ ਵਾਰ ਬੀਜੀ ਨੂੰ ਪੁੱਛਣਾ ਮਾਂ ਜੀ ਕਿਉਂ ਰੋਂਦੇ ਰਹਿੰਦੇ ਹਨ। ਕੀ ਅਸੀਂ ਦਿਵਾਲੀ ਨਹੀਂ ਜਗਾਉਣੀ। ਮਹਿਲ ਨੁਮਾ ਵੱਡੇ ਘਰ ਦੇ ਹੇਠਾਂ ਵੱਡੇ ਵਿਹੜੇ ਦੇ ਵੱਡੇ ਬਰਾਂਡਿਆਂ ਵਿਚ ਦੁਆਖੀਆਂ ਬਣੀਆਂ ਹੋਈਆਂ ਸਨ। ਦਿਵਾਲੀ ਨੂੰ ਜਦੋਂ ਸਾਰੀਆਂ ਦਵਾਖੀਆਂ ਉੱਤੇ ਮਿੱਟੀ ਦੇ ਦੀਵੇ ਜਗਮਗਾਉਂਦੇ ਤਾਂ ਇਹ ਦ੍ਰਿਸ਼ ਬੜਾ ਭਾਵਪੂਰਤ ਹੁੰਦਾ। ਸਾਨੂੰ ਉਸ ਦਿਨ ਦੀ ਉਡੀਕ ਸੀ। ਅਸੀਂ ਵਾਰ ਵਾਰ ਪਾਪਾ ਜੀ ਬਾਰੇ ਪੁੱਛਦੀਆਂ। ਸੱਚ ਨੂੰ, ਭੇਦ ਨੂੰ ਛੁਪਾਉਣ ਲਈ ਕਈ ਚਿਰ ਅਫ਼ਵਾਹਾਂ ਸੁਣੀਦੀਆਂ ਰਹੀਆਂ। ਆਸ ਬਣਦੀ ਰਹੀ। ਉਡੀਕ ਜਾਰੀ ਰਹੀ। ਇਕ ਦਿਨ ਬੀਜੀ ਸਾਨੂੰ ਸਾਫ਼ ਦਸ ਦਿੱਤਾ, ”ਤੁਹਾਡੇ ਪਾਪਾ ਜੀ ਸ਼ਹੀਦ ਕਰ ਦਿੱਤੇ ਗਏ ਹਨ।’’ ਸਾਨੂੰ ਉਡੀਕ ਮੁੱਕ ਗਈ। ਮਨਾਂ ਵਿਚ ਦੁੱਖ ਉਦਾਸੀ ਦੇ ਵਿਚਾਰ ਵਹਿ ਤੁਰੇ। ਪਰ ਸਾਡਾ ਬਾਪ ਲੋਕਾਂ ਦਾ ਵੀਰ ਸੀ, ਪੁੱਤਰ ਸੀ, ਬਾਪ ਸੀ, ਹਮਦਰਦ ਸੀ, ਉਹਨਾਂ ਲਈ ਜਾਨ ਵਾਰ ਗਿਆ।
ਵੇਖਿਆ ਸੀ, ਸਮਝਿਆ ਸੀ, ਬੜਾ ਬਿਖੜਾ ਪੈਂਡਾ ਸੀ, ਜਿਸ ਉੱਤੇ ਉਹ ਤੁਰਿਆ ਸੀ। ਨਾ ਚਾਹੁੰਦਿਆਂ ਵੀ ਉਸ ਦੀਆਂ ਪੈੜਾਂ ਦੇ ਨਿਸ਼ਾਨ ਦਿਸ ਪੈਂਦੇ ਹਨ। ਉਸ ਦੀਆਂ ਪੈੜਾਂ ਉੱਤੇ ਮਸਤਕ ਟਿਕ ਜਾਂਦਾ ਪ੍ਰਤੀਤ ਹੁੰਦਾ ਹੈ।

ਗਹਿਲ ਸਿੰਘ ਛੱਜਲਵੱਡੀ ਦੀ ਸੁਪਤਨੀ ਹਰਨਾਮ ਕੌਰ ਅਤੇ ਬੇਟੀ ਬਲਵੰਤ ਕਲਸੀ ਨਾਲ ਗੱਲਾਂ

ਸਵਾਲ : ਮਾਤਾ ਜੀ ਜਦੋਂ ਤੁਹਾਡੀ ਸ਼ਾਦੀ ਹੋਈ ਤੁਸੀਂ ਇਸ ਘਰ ਵਿਚ ਪੈਰ ਪਾਇਆ ਤਾਂ ਇਹ ਘਰ ਕਿਹੋ ਜਿਹਾ ਸੀ?
ਹਰਨਾਮ ਕੌਰ : ਪੁੱਤ ਮੈਂ ਜਦੋਂ ਇਸ ਘਰ ਆਈ, ਏਥੇ ਇਕ ਬਹੁਤ ਵੱਡਾ ਮਹੱਲ ਸੀ, ਉਸ ਨੂੰ ‘ਮਹਿਲਾਂ ਵਾਲੇ’ ਕਰਕੇ ਹੀ ਸੱਦਦੇ ਸਨ। ਪਰਿਵਾਰ ਬਹੁਤਾ ਕਰਕੇ ਬਾਹਰ ਹੀ ਰਹਿੰਦਾ ਸੀ ਕਿਉਂਕਿ ਮੇਰਾ ਸਹੁਰਾ ਠੇਕੇਦਾਰੀ ਕਰਦਾ ਸੀ। ਵੱਡੇ-ਵੱਡੇ ਪੁਲਾਂ ਦੇ ਠੇਕੇ ਲੈਣੇ ਕਦੇ ਕਿਤੇ, ਕਦੇ ਦਿਤੇ। ਵਿਆਹ ਤੋਂ ਪਿੱਛੋਂ ਮੈਂ ਵੀ ਪਰਿਵਾਰ ਦੇ ਨਾਲ ਹੀ ਬਾਹਰ ਚਲੇ ਗਈ।
ਸਵਾਲ : ਕਾਮਰੇਡ ਗੈਹਲ ਸਿੰਘ ਪੜ੍ਹੇ ਲਿਖੇ ਸੀ?
ਹਰਨਾਮ ਕੌਰ : ਸਾਰਾ ਪਰਿਵਾਰ ਹੀ ਬਹੁਤ ਪੜ੍ਹਿਆ ਲਿਖਿਆਂ ਦਾ ਸੀ, ਦੇਸ਼ ਭਗਤ (ਗੈਹਲ ਸਿੰਘ) ਨੇ ਬੀ.ਏ. ਪਾਸ ਕਰਕੇ ਉਵਰਸੀਰੀ ਕੀਤੀ ਹੋਈ ਸੀ। ਮੇਰਾ ਇਕ ਜੇਠ ਡਾਕਟਰ ਸੀ।
ਸਵਾਲ : ਕਾਮਰੇਡ ਸਿਆਸਤ ਵਿਚ ਕਿਵੇਂ ਆਏ?
ਹਰਨਾਮ ਕੌਰ : ਮੈਨੂੰ ਬਹੁਤਾ ਪਤਾ ਨਹੀਂ, ਉਦੋਂ ਅਕਾਲੀ ਪਾਰਟੀ ਦਾ ਜ਼ੋਰ ਸੀ, ਦਰਸ਼ਨ ਸਿੰਘ ਫੇਰੂਮਾਨ, ਊਧਮ ਸਿੰਘ ਨਾਗੋਕੇ ਇਹਨਾਂ ਕੋਲ ਆਉਂਦੇ ਜਾਂਦੇ ਕਿਉਂਕਿ ਅਸੀਂ ਕੁਝ ਸਮਾਂ ਪਿੰਡ ਆ ਗਏ ਸੀ। ਦੇਸ਼ ਭਗਤ ’ਤੇ ਪਤਾ ਨਹੀਂ ਕੀ ਅਸਰ ਹੋਇਆ। ਇਸ ਨੇ ਵਧੀਆ ਕੱਪੜੇ ਪਾਉਣੇ ਛੱਡ ਦਿੱਤੇ, ਖੱਦਰ ਪਾ ਲਿਆ, ਆਪਣੀ ਰੋਟੀ ਲਈ ਚੱਕੀ ਪੀਹਣੀ ਸ਼ੁਰੂ ਕਰ ਦਿੱਤੀ। ਪਿੰਡ ਦੇ ਗਰੀਬ ਗੁਰਬਿਆਂ ਦੇ ਘਰੀਂ ਰੋਟੀ ਖਾ ਆਉਣੀ, ਆਪ ਆਟਾ ਪੀਹ ਕੇ ਲੰਗਰ ਲਾਉਣਾ ਅਤੇ ਗਰੀਬਾਂ ਨੂੰ ਖੁਆਉਣਾ। ਘਰ ਦੇ ਸਾਰੇ ਜੀਅ ਹੈਰਾਨ ਹੋ ਗਏ, ਉਹਨਾਂ ਦੇਸ਼ ਭਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ; ਪਰ ਉਹ ਕੁਝ ਨਾ ਮੰਨੇ, ਉਹਨਾਂ ਕਿਹਾ ਮੇਰਾ ਤੁਹਾਡੇ ਪੈਸੇ ਨਾਲ ਕੋਈ ਵਾਸਤਾ ਨਹੀਂ, ਮੈਂ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਵਾਂਗਾ ਅਤੇ ਗਰੀਬ ਲੋਕਾਂ ਨਾਲ ਮੇਲ-ਮਿਲਾਪ ਰੱਖਾਂਗਾ।

ਸਵਾਲ : ਮਾਤਾ ਜੀ ਨੇ ਦੱਸਿਆ ਸੀ ਕਿ ਕਾਮਰੇਡ ਹੁਰਾਂ ਨੇ ਪਿੰਡ ਜਾਤ ਪਾਤ ਵਿਰੋਧੀ ਮੁਹਿੰਮ ਚਲਾਈ, ਇਸ ਬਾਰੇ ਤੁਸੀਂ ਕੁਝ ਦੱਸੋਗੇ?
ਬਲਵੰਤ ਕਲਸੀ :ਇਕ ਵਾਰ ਜਦੋਂ ਮੇਰੀ ਮਾਤਾ ਜੀ ਨੇ ਮੇਰੀ ਸ਼ਾਦੀ ਬਾਰੇ ਗੱਲ ਕੀਤੀ ਤਾਂ ਮੇਰੇ ਪਿਤਾ ਜੀ ਬੜੇ ਹੀ ਤੱਤਪਰ ਰਹੇ ਕਿ ਜੇ ਕੋਈ ਹਰੀਜਨਾਂ ਦਾ ਹੋਣਕਾਰ ਲੜਕਾ ਮਿਲ ਜਾਏ ਤਾਂ ਮੈਂ ਉਸ ਨਾਲ ਸ਼ਾਦੀ ਕਰਾਂ। ਜਦੋਂ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀ ਮਾਂ ਨੇ ਬਹੁਤ ਫ਼ਿਕਰ ਕੀਤਾ ਕਿ ਕਿੱਧਰੇ ਇਹ ਗੱਲ ਨਾ ਹੋ ਜਾਵੇ। ਉਸ ਸਮੇਂ ਸਮਾਜ ਇਸ ਗੱਲ ਨੂੰ ਬਹੁਤ ਬੁਰਾ ਮਨਾਉਂਦਾ ਸੀ। ਇਸ ਪਿੱਛੋਂ ਮੇਰਾ ਸਬੰਧ ਕਾਮਰੇਡ ਨੇ ਇਕ ਹੋਰ ਥਾਂ ਕਰ ਦਿੱਤਾ, ਉਸ ਸਮੇਂ ਤੋਂ ਹੀ ਮੇਰਾ ਪਤੀ ਰਾਜਨੀਤੀ ਵਿਚ ਹਿੱਸਾ ਲੈਂਦਾ ਹੈ। ਇਕ ਗੱਲ ਮੈਂ ਭੁੱਲ ਗਈ, ਇਕ ਘਟਨਾ ਉਸ ਸਮੇਂ ਦੀ ਹੈ ਜਦੋਂ ਮੈਂ 6 ਸਾਲਾਂ ਦੀ ਸੀ ਤਾਂ ਭਾਪਾ ਜੀ ਨੇ ਕਿਹਾ ਕਿ ਖੱਦਰ ਪਾਉਣਾ ਹੈ, ਸਾਡੀ ਏਨੀ ਸ਼ਰਧਾ ਸੀ ਕਿ ਅਸੀਂ ਉਸ ਸਮੇਂ ਪਹਿਲੇ ਕੱਪੜੇ ਲਾਹ ਦਿੱਤੇ ਅਤੇ ਕੋਰੇ ਖੱਦਰ ਦੇ ਪਾ ਲਏ। ਮੇਰੀ ਮਾ ਨੇ ਸਾਡੇ ਸਾਰੇ ਕੱਪੜੇ ਇਕ ਮੁਸਲਮਾਨ ਨੌਕਰ ਨੂੰ ਦੇ ਦਿੱਤੇ। ਇੱਥੋਂ ਤੱਕ ਕਿ ਮੇਰੀ ਸ਼ਾਦੀ ’ਤੇ ਵੀ ਕੋਰਾ ਖੱਦਰ ਪਾਇਆ ਸੀ। ਮੇਰੀ ਮਾਂ ਨੇ ਵੀ ਇਸਦਾ ਕਦੇ ਕੋਈ ਵਿਰੋਧ ਨਹੀਂ ਸੀ ਕੀਤਾ।
ਸਵਾਲ : ਤੁਹਾਡਾ ਪਤੀ ਉਸ ਸਮੇਂ ਕੀ ਕੰਮ ਕਰਦਾ ਸੀ ਜਦੋਂ ਤੁਹਾਡੀ ਸ਼ਾਦੀ ਹੋਈ?
ਬਲਵੰਤ ਕਲਸੀ :ਇਹ ਉਹਨਾਂ ਦਿਨਾਂ ਵਿਚ ਸਿਵਲ ਇੰਜੀਨੀਅਰ ਪਾਸ ਸੀ ਇਹਨਾਂ ਅੰਗਰੇਜ਼ਾਂ ਦੀ ਨੌਕਰੀ ਕਰਨੀ ਪਸੰਦ ਨਾ ਕੀਤੀ। ਇਹ ਦੇਸ਼ ਭਗਤੀ ਲਹਿਰ ਵਿਚ ਸ਼ਾਮਲ ਹੋ ਗਏ। ਇਹਨਾਂ ਦਾ ਆਪਣਾ ਵੀ ਏਹੀ ਵਿਚਾਰ ਸੀ ਕਿ ਸ਼ਾਦੀ ਬਿਲਕੁਲ ਸਾਦਾ ਕੀਤੀ ਜਾਵੇ। ਏਥੋਂ ਤੱਕ ਕਿ ਮੇਰੇ ਸਹੁਰਿਆਂ ਦਾ ਸਾਰਾ ਪਰਿਵਾਰ ਵੀ ਇਹਨਾਂ ਵਿਚਾਰਾਂ ਦਾ ਸੀ, ਸਾਡੇ ਦਿਮਾਗ ਵਿਚ ਬਚਪਨ ਤੋਂ ਹੀ ਸ਼ਰਧਾ ਤੇ ਪਿਆਰ ਪੈਦਾ ਹੋ ਚੁੱਕਾ ਸੀ। ਮੇਰੀ ਸ਼ਾਦੀ ਜਿਸ ਨਵੇਂ ਢੰਗ ਨਾਲ ਹੋਈ, ਇਸ ਬਾਰੇ ਮੈਂ ਦਿਮਾਗੀ ਤੌਰ ’ਤੇ ਤਿਆਰ ਸੀ। ਪਰਿਵਾਰ ਦੇ ਧਨੀ ਮੈਂਬਰਾਂ ਵਲੋਂ ਜੋ ਵਤੀਰਾ ਕੀਤਾ ਜਾਂਦਾ ਸੀ ਉਸਦਾ ਵੀ ਮੇਰੇ ’ਤੇ ਬਹੁਤ ਅਸਰ ਸੀ। ਇਕ ਵਾਰ ਮੇਰੇ ਤਾਏ ਦੇ ਪੁੱਤਰ ਦੀਆਂ ਲਾਵਾਂ ਹੁੰਦੀਆਂ ਸਨ, ਮੇਰੇ ਬਾਪ ਨੇ ਬਹੁਤ ਹੀ ਸਾਦਾ ਜਹੇ ਕੱਪੜੇ ਪਾਏ ਹੋਏ ਸੀ। ਉਹ ਪ੍ਰਸ਼ਾਦ ਵੰਡਣ ਲੱਗ ਪਏ ਤਾਂ ਉਹਨਾਂ ਕੋਲੋਂ ਪਰਿਵਾਰ ਦੇ ਦੂਸਰੇ ਲੋਕਾਂ ਪਰਾਤ ਖੋਹ ਲਈ ਕਿ ਪਰਿਵਾਰ ਦੇ ਦੂਸਰੇ ਰਿਸ਼ਤੇਦਾਰ ਇਸਦਾ ਇਤਰਾਜ਼ ਕਰਦੇ ਹਨ ਤੇ ਤੁਸੀਂ ਪ੍ਰਸ਼ਾਦ ਵੰਡਦੇ ਰਹੇ ਤਾਂ ਬਾਕੀ ਸਾਰੇ ਸਾਡਾ ਬਾਈਕਾਟ ਕਰ ਦੇਣਗੇ। ਭਾਪਾ ਜੀ ਕੁਝ ਨਹੀਂ ਬੋਲੋ, ਚੁੱਪ ਕਰਕੇ ਆ ਕੇ ਬਰਾਂਡੇ ਵਿਚ ਮੰਜੀ ’ਤੇ ਬੈਠ ਗਏ। ਮੈਂ ਉਹਨਾਂ ਦੀ ਚੁੱਪ ਨੂੰ ਉਸ ਸਮੇਂ ਮਹਿਸੂਸ ਕਰ ਰਹੀ ਸੀ ਕਿ ਇਹ ਸੱਚੇ ਆਦਮੀ ਨੂੰ ਕਿਵੇਂ ਧਨੀਆਂ ਵਲੋਂ ਜ਼ਲੀਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਹੋਰ ਅਨੇਕਾਂ ਘਟਨਾਵਾਂ ਸਨ, ਜਿਹਨਾਂ ਮੇਰੇ ਵਿਚ ਇਸ ਸਮਾਜ ਨੂੰ ਖ਼ਤਮ ਕਰਨ ਦੀ ਭਾਵਨਾ ਭਰੀ। ਹੁਣ ਵੀ ਮੈਂ ਏਹੀ ਸੋਚਦੀ ਹਾਂ ਕਿ ਇਸ ਭਾਵਨਾ ਨੇ ਹੀ ਅੱਜ ਤੱਕ ਮੈਨੂੰ ਲੋਕਾਂ ਦੀ ਖਾਤਰ ਕੁਝ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ?
ਸਵਾਲ : ਤੁਸੀਂ ਪੜ੍ਹਾਈ ਕਿੱਥੇ ਕੀਤੀ?
ਬਲਵੰਤ ਕਲਸੀ :ਮੇਰੇ ਪਿਤਾ ਜੀ ਨੇ ਮੈਨੂੰ ਕੈਰੋਂ ਭੇਜ ਦਿੱਤਾ ਸੀ, ਉਦੋਂ ਮੈਂ ਬਹੁਤ ਛੋਟੀ ਹੁੰਦੀ ਸੀ। ਉੱਥੇ ਜਸਵੰਤ ਸਿੰਘ ਕੈਰੋਂ ਦੇ ਘਰੋਂ ਸਾਡੇ ਪਿੰਡ ਦੀ ਧੀ ਸੀ। ਉੱਥੇ ਭਾਪਾ ਜੀ ਨੇ ਮੈਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਪਰ ਮੇਰਾ ਮਨ ਨਾ ਲੱਗਦਾ। ਮੈਂ ਵਾਪਸ ਪਿੰਡ ਆ ਗਈ। ਪੰਜਵੀਂ ਮੈਂ ਛੱਜਲਵੱਡੀ ਕੀਤੀ, ਅੰਗਰੇਜ਼ੀ ਮੈਂ ਆਪਣੀ ਮੇਮ ਤਾਈ ਕੋਲੋਂ ਸਿੱਖ ਲਈ ਸੀ। ਛੋਟੀ ਉਮਰ ਵਿਚ ਹੀ ਸਾਡਾ ਵਿਆਹ ਕਰ ਦਿੱਤਾ ਗਿਆ।
ਸਵਾਲ : ਤੁਹਾਡੀਆਂ ਬਾਕੀ ਦੀਆਂ ਪੰਜ ਭੈਣਾਂ ਦੀ ਸ਼ਾਦੀ ਵੀ ਤੁਹਾਡੀ ਤਰ੍ਹਾਂ ਹੀ ਹੋਈ?
ਬਲਵੰਤ ਕਲਸੀ :ਦੋ ਦੀ ਅਕਾਲ ਤਖ਼ਤ ਹੋਈ, ਤੀਸਰੀ ਭੈਣ ਦੀ ਸ਼ਾਦੀ ਅਕਾਲ ਤਖ਼ਤ ਵਾਲਿਆਂ ਨੇ ਨਾਂਹ ਕਰ ਦੇਣ ਕਰਕੇ ਤਰਨਤਾਰਨ ਬੁੰਗੇ ਵਿਚ ਕੀਤੀ।
ਸਵਾਲ : ਅਕਾਲ ਤਖ਼ਤ ਵਾਲਿਆਂ ਨੇ ਨਾਂਹ ਕਿਉਂ ਕਰ ਦਿੱਤੀ? ਇਸ ਬਾਰੇ ਕੁਝ ਦੱਸੋਗੇ?
ਬਲਵੰਤ ਕਲਸੀ :ਅਕਾਲ ਤਖ਼ਤ ਵਾਲੇ ਸੋਚਦੇ ਸਨ ਕਿ ਕਿਧਰੇ ਇਸ ਤਰ੍ਹਾਂ ਦੀਆਂ ਸਾਦਾ ਸ਼ਾਦੀਆਂ ਦਾ ਰਿਵਾਜ਼ ਹੀ ਨਾ ਪੈ ਜਾਵੇ।
ਸਵਾਲ : ਤੁਹਾਡੇ ਕੋਲ ਕਿੰਨੇ ਕੁ ਵਜੇ ਗਏ?
ਬਲਵੰਤ ਕਲਸੀ :ਸਵੇਰੇ ਉਹ ਮੀਟਿੰਗ ਤੇ ਗਏ ਮੁੜਕੇ ਮੇਰੇ ਕੋਲ ਦੋ-ਢਾਈ ਵਜੇ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਪਿੰਡ ਆਉਣਾ। ਮੇਰਾ ਇਹ ਮਕਾਨ ਕਿਰਾਏ ’ਤੇ ਦਿੱਤਾ ਹੋਇਆ ਸੀ ਅਤੇ ਇਕ ਕਮਰਾ ਹੀ ਖਾਲੀ ਸੀ, ਇਕ ਹੋਰ ਹੋਣ ਵਾਲਾ ਸੀ। ਮੈਂ ਕਿਹਾ ਇਹ ਕਮਰਾ ਖਾਲੀ ਹੋ ਜਾਵੇ ਮੈਂ ਫਿਰ ਆਵਾਂਗੀ। ਇਸ ਪਿੱਛੋਂ ਉਹ ਮੇਰੇ ਕੋਲੋਂ ਚਲੇ ਗਏ। ਬਾਅਦ ਵਿਚ ਪਤਾ ਲੱਗਾ ਕਿ ਉਹਨਾਂ ਦਾ ਸਵੈਟਰ ਪਾਰਟੀ ਦਫ਼ਤਰ ਰਹਿ ਗਿਆ ਸੀ, ਜਦੋਂ ਪਿੰਡ ਨੂੰ ਤੁਰੇ। ਨਵੰਬਰ ਦਾ ਮਹੀਨਾ ਸੀ, ਠੰਡ ਸੀ। ਜਦੋਂ ਸਵੈਟਰ ਲੈ ਕੇ ਗਏ ਤਾਂ ਰਸਤੇ ਵਿਚ ਚਿੱਟੀ ਜੀਪ ਵਾਲੇ ਬੰਦੇ ਜਿਹੜੇ ਸ਼ਹਿਰ ਵੱਲ ਆ ਰਹੇ ਸੀ, ਇਹਨਾਂ ਨੂੰ ਦਬੁਰਜੀ ਵਾਲੀ ਨਹਿਰ ਦੀ ਪੁਲੀ ’ਤੇ ਮਿਲੇ, ਉਹਨਾਂ ਭਾਪਾ ਜੀ ਨੂੰ ਵੇਖ ਕੇ ਜੀਪ ਮੋੜ ਲਈ ਅਤੇ ਪਿੱਛੋਂ ਦੀ ਭਾਪਾ ਜੀ ਦੇ ਸਾਈਕਲ ਵਿਚ ਮਾਰੀ। ਭਾਪਾ ਜੀ ਨੇ ਸਾਈਕਲ ਕੱਚੇ ਲਾਇਆ, ਇਹਨਾਂ ਕੱਚੇ ਲਾਹ ਕੇ ਵੀ ਜੀਪ ਉੱਤੇ ਚਾੜ੍ਹੀ, ਉਸ ਸਮੇਂ ਮਲ੍ਹੀਆਂ ਦਾ ਇਕ ਰੇਹੜੇ ਵਾਲਾ ਜਾ ਰਿਹਾ ਸੀ, ਉਸ ਇਹ ਅੱਖੀਂ ਸਭ ਕੁਝ ਵੇਖਿਆ। ਉਹਨਾਂ ਦਿਨਾਂ ਵਿਚ ਪੰਜ ਵਜੇ ਸੜਕ ’ਤੇ ਉਜਾੜ ਹੋ ਜਾਂਦੀ ਸੀ, ਗੜਬੜ ਹੋ ਚੁੱਕੀ ਹੋਈ ਸੀ, ਲੋਕ ਛੇਤੀ ਛੇਤੀ ਘਰ ਚਲੇ ਜਾਂਦੇ ਸੀ। ਉਹਨੇ ਵੇਖਿਆ ਅਤੇ ਆਖਿਆ ਕੌਣ ਹੈ। ਜੀਪ ਵਾਲਿਆਂ ਕਿਹਾ ਕੋਈ ਗੱਲ ਨਹੀਂ, ਆਪਣਾ ਹੀ ਬੰਦਾ ਹੈ, ਇਹ ਕਹਿ ਕੇ ਉਹਨਾਂ ਸਮੇਤ ਸਾਈਕਲ ਭਾਪਾ ਜੀ ਨੂੰ ਜੀਪ ਵਿਚ ਸੁੱਟ ਲਿਆ ਅਤੇ ਬੁਰਜ ਵਿਚ ਲੈ ਆਏ। ਇਹ ਅੱਡੇ ਕੋਲ ਹੈ ਬੁਰਜ। ਇਸ ਬੁਰਜ ਵਿਚ ਉਹਨਾਂ ’ਤੇ ਜ਼ੁਲਮ ਕੀਤਾ ਗਿਆ, ਉਹਨਾਂ ਦੀਆਂ ਰਗਾਂ ਸੁੱਜ ਗਈਆਂ ਸੀ, ਫਿਰ ਉਹਨਾਂ ਦੇ ਵਾਲ ਕੱਟੇ। ਸਾਰੀ ਰਾਤ ਭਾਪਾ ਜੀ ਉਪਰ ਜ਼ਬਰ ਹੁੰਦਾ ਰਿਹਾ। ਫਿਰ ਕਿਸੇ ਹੋਰ ਆਦਮੀ ਨੂੰ ਇਹ ਕਹਿ ਕੇ ਲਿਆਂਦਾ ਕਿ ਇਕ ਮੁਸਲਮਾਨ ਨੂੰ ਮਾਰਨਾ ਹੈ। ਪਰ ਜਦੋਂ ਉਸ ਭਾਪਾ ਜੀ ਨੂੰ ਵੇਖਿਆ ਤਾਂ ਉਸ ਪਹਿਚਾਣ ਲਿਆ, ਇਸ ਪਿੱਛੇ ਉਸ ਮਾਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਇਨਕਾਰ ਕੀਤਾ ਤਾਂ ਸਵੇਰੇ ਫਿਰ ਦਰਸ਼ਨ ਸਿੰਘ ਫੇਰੂਮਾਨ, ਈਸ਼ਰ ਸਿੰਘ ਮਝੈਲ, ਨਾਗੋਕੇ, ਸੋਹਣ ਸਿੰਘ ਜਲਾਲਉਸਮਾ ਏਥੇ ਸਾਡੇ ਸਰਦੂਲ ਸਿੰਘ ਹੈਗਾ ਸੀ ਐਡਵੋਕੇਟ, ਹੁਕਮ ਸਿੰਘ ਰੋਡ ਦੇ ਪਿਛਲੇ ਬੰਨ੍ਹੇ, ਇਹ ਸਾਰੇ ਬੈਠੇ ਸੀ। ਕਹਿੰਦੇ ਨਾਗੋਕੇ ਦੇ ਮੂੰਹੋਂ ਇਹ ਗੱਲ ਨਿਕਲੀ ਕਿ ”ਛੱਡ’’ ਜਾਣ ਦਿਉ। ਪਰ ਸੋਹਣ ਸਿੰਘ ਜਲਾਲਉਸਮ ਨੇ ਕਿਹਾ ਕਿ ਦੁਸ਼ਮਣ ਹੱਥ ਆਇਆ ਨਹੀਂ ਛੱਡਣਾ ਚਾਹੀਦਾ। ਫਿਰ ਇਹਨਾਂ ਭਾਪਾ ਜੀ ਨੂੰ ਜੀਪ ਵਿਚੋਂ ਲਾਹ ਕੇ ਉਸ ਨੂੰ ਬੰਨ੍ਹ ਕੇ ਧੌਣ ਵੱਢ ਦਿੱਤੀ। ਇਸ ਪਿੱਛੋਂ ਇਹਨਾਂ ਲਾਸ਼ ਨੂੰ ਉਸੇ ਜੀਪ ਵਿਚ ਹੀ ਹਰਮੰਦਰ ਸਾਹਿਬ ਲਿਆਂਦਾ। ਉੱਥੇ ਸਾਰੇ ਹੀ ਇਹ ਪਰਚਾਰ ਕੀਤਾ ਕਿ ਅਸੀਂ ਇਕ ਮੁਸਲਮਾਨ ਨੂੰ ਮਾਰ ਕੇ ਲਿਆਏ ਹਾਂ, ਇਸਦਾ ਖੁਰਾ ਖੋਜ ਖ਼ਤਮ ਕਰਨਾ ਹੈ। ਇਸ ਤਰ੍ਹਾਂ ਇਹਨਾਂ ਨੇ ਮੇਰੇ ਭਾਪਾ ਜੀ ਦੇ ਨਿੱਕੇ-ਨਿੱਕੇ ਟੁਕੜੇ ਕਰਕੇ ਉਹਨਾਂ ਨੂੰ ਲੰਗਰ ਵਾਲੀ ਲੋਹ ਵਿਚ ਸੁੱਟ ਕੇ ਲੂਹਿਆ।
ਸਵਾਲ : ਬੀਬੀ ਤੁਹਾਨੂੰ ਇਸ ਸਾਰੀ ਕਹਾਣੀ ਦਾ ਪਤਾ ਕਿਵੇਂ ਲੱਗਾ?
ਬਲਵੰਤ ਕਲਸੀ :ਜਿਸ ਦਿਨ ਹਰਮੰਦਰ ਸਾਹਿਬ ਇਹ ਕਾਰਨਾਮਾ ਕੀਤਾ, ਮੈਨੂੰ ਤਾਂ ਉਸ ਦਿਨ ਹੀ ਮੇਰੀ ਸੱਸ ਨੇ, ਜਿਹੜੀ ਰੋਜ਼ ਹਰਮੰਦਰ ਸਾਹਿਬ ਜਾਂਦੀ ਹੁੰਦੀ ਸੀ, ਆ ਕੇ ਦੱਸਿਆ ਕਿ ਅੱਜ ਲੰਗਰ ਦੀ ਲੋਹ ’ਚ ਕਿਸੇ ਮੁਸਲਮਾਨ ਦੀ ਲਾਸ਼ ਟੁਕੜੇ ਟੁਕੜੇ ਕਰ ਕੇ ਲੂਹੀ ਹੈ। ਮੈਂ ਹੈਰਾਨ ਸਾਂ ਕਿ ਫਿਰਕੂ ਜਨੂੰਨੀ ਕੀ ਕਰ ਰਹੇ ਹਨ, ਵਿਚਾਰੇ ਮੁਸਲਮਾਨਾਂ ਨੂੰ ਕਿਵੇਂ ਕਤਲ ਕੀਤਾ ਜਾ ਰਿਹਾ ਹੈ। ਪਰ ਮੈਨੂੰ ਕੀ ਪਤਾ ਸੀ ਕਿ ਇਹ ਕਿਸੇ ਮੁਸਲਮਾਨ ਨੂੰ ਨਹੀਂ ਸਗੋਂ ਮੇਰੇ ਭਾਪਾ ਜੀ ਨੂੰੂ ਹੀ ਉਹਨਾਂ ਬੁੱਚੜਾਂ ਵਲੋਂ ਲੂਹਿਆ ਜਾ ਰਿਹਾ ਹੈ, ਜਿਹੜੇ ਸਾਡੇ ਘਰ ਆਉਂਦੇ ਹੁੰਦੇ ਸਨ ਅਤੇ ਜਿਹੜੇ ਆਪਣੇ ਆਪ ਨੂੰ ਮਹਾਨ ਆਗੂ ਅਖਵਾਉਂਦੇ ਹੁੰਦੇ ਸਨ। ਇਹਨਾਂ ਜ਼ਾਲਮਾਂ ਨੇ ਮੇਰੇ ਭਾਪਾ ਜੀ ਨੂੰ ਡੂੰਘੀ ਸਾਜਿਸ਼ ਬਣਾ ਕੇ ਕਤਲ ਕੀਤਾ। ਇਹ ਭੇਤ ਦੋ ਬੰਦਿਆਂ ਤੋਂ ਮਿਲਿਆ, ਇਕ ਤਾਂ ਰੇਹੜੇ ਵਾਲੇ ਤੋਂ, ਜਿਸ ਸਾਰੀ ਕਹਾਣੀ ਦੱਸੀ ਅਤੇ ਦੂਸਰਾ ਉਸ ਆਦਮੀ ਤੋਂ, ਜਿਸ ਨੂੰ ਭਾਪਾ ਜੀ ਨੂੰ ਮਾਰਨ ਲਈ ਲੈ ਕੇ ਗਏ ਸਨ ਅਤੇ ਉਸ ਨੇ ਪਹਿਚਾਣ ਕੇ ਨਾਂਹ ਕਰ ਦਿੱਤੀ ਸੀ।
9 ਨਵੰਬਰ ਨੂੰ ਮੇਰੇ ਬੀਬੀ ਜੀ ਦਾ ਸੁਨੇਹਾ ਆਇਆ ਕਿ ਤੁਹਾਡੇ ਭਾਪਾ ਜੀ ਕਿੰਨੇ ਦਿਨਾਂ ਦੇ ਘਰੋਂ ਗਏ ਹੋਏ ਹਨ, ਮੁੜਕੇ ਘਰ ਨਹੀਂ ਆਏ, ਪਤਾ ਕਰਕੇ ਦੱਸੋ। ਮੈਂ ਸ਼ਾਮ ਨੂੰ ਆਪਣੇ ਪਤੀ ਨੂੰ ਦੱਸਿਆ ਕਿ ਬੀਜੀ ਦਾ ਸੁਨੇਹਾ ਆਇਆ ਕਿ ਭਾਪਾ ਜੀ ਵਾਪਸ ਗਏ ਨਹੀਂ। ਮੇਰੇ ਪਤੀ ਨੇ ਉਸੇ ਵੇਲੇ ਕਿਹਾ ”ਭਾਪਾ ਜੀ ਹੈ ਨੀ।’’
ਸਵਾਲ : ਤੁਹਾਡੇ ਪਤੀ ਨੇ ਇਹ ਅੰਦਾਜ਼ਾ ਕਿਵੇਂ ਲਾ ਲਿਆ?
ਬਲਵੰਤ ਕਲਸੀ :ਉਹਨਾਂ ਨੂੰ ਇਹ ਪਤਾ ਸੀ ਕਿ ਜਲਾਲਉਸਮਾ ਹੁਣੀ ਕਾਫ਼ੀ ਦਿਨਾਂ ਤੋਂ ਉਹਨਾਂ ਦਾ ਪਿੱਛਾ ਕਰ ਰਹੇ ਸਨ। ਇਹਨਾਂ ਕਾਮਰੇਡਾਂ ਨੂੰ ਕਤਲ ਕਰਨ ਲਈ ਲਿਸਟਾਂ ਬਣਾਈਆਂ ਹੋਈਆਂ ਸਨ। ਲੋਕੀਂ ਆ ਕੇ ਦੱਸਦੇ ਸਨ ਕਿ ਅੱਜ ਜਲਾਲਉਸਮਾ ਦੇ ਬੰਦੇ ਗੈਹਲ ਤੇ ਉਸਦੇ ਹੋਰ ਸਾਥੀਆਂ ਨੂੰ ਮਾਰਨ ਦੀ ਗੱਲ ਕਰਦੇ ਹਨ। ਇਸ ਕਰਕੇ ਇਹ ਸਭ ਅੰਦਾਜ਼ੇ ਸਨ ਕਿ ਕੀ ਹੋਣ ਵਾਲਾ ਹੈ। ਏਥੇ ਪੰਜਾਬ ਗਿਆਨੀ ਕਾਲਜ ਹੁੰਦਾ ਸੀ, ਉਥੋਂ ਮੇਰੀ ਛੋਟੀ ਭੈਣ ਜਿਹੜੀ ਅੱਜ ਕੱਲ੍ਹ ਮਾਸਟਰਨੀ ਲੱਗੀ ਹੋਈ ਹੈ, ਨੇ ਸੁਣਿਆ ਕਿ ਭਾਪਾ ਜੀ ਨੂੰ ਮਾਰਨ ਦੀਆਂ ਗੱਲਾਂ ਹੁੰਦੀਆਂ ਹਨ, ਕੁਝ ਲੋਕੀਂ ਕਹਿੰਦੇ ਹਨ ਕਿ ਜਿੰਨਾ ਚਿਰ ਗੈਹਲ ਸਿੰਘ ਦਾ ਫਸਤਾ ਨਹੀਂ ਵੱਢਦੇ ਓਨਾ ਚਿਰ ਕੋਈ ਮੁਸਲਮਾਨ ਨਹੀਂ ਮਾਰਿਆ ਜਾ ਸਕਦਾ। ਇਸ ਕਰਕੇ ਸਾਨੂੰ ਸ਼ੱਕ ਸੀ, ਅਸੀਂ ਕੁਝ ਦਿਨ ਉਹਨਾਂ ਨੂੰ ਏਥੇ ਲਿਆ ਕੇ ਰੱਖਿਆ ਵੀ, ਉਹਨਾਂ ਦਿਨਾਂ ਵਿਚ ਹੀ ਸਾਡਾ ਮਹਿਲਾਂ ਵਿਚ ਜਾ ਕੇ ਸ਼ਰ੍ਹੇਆਮ ਐਹੋ ਅਵਾਜ਼ਾਂ ਮਾਰਦੇ ਰਹੋ ਕੇ ਥੱਲੇ ਉੱਤਰੋ। ਪਰ ਸਾਰਾ ਸਮਾਂ ਹੀ ਬਹੁਤੀ ਗੜਬੜ੍ਹਵਾਲਾ ਲੰਘ ਗਿਆ, ਜਦੋਂ ਕੁਝ ਅਮਨ ਅਮਾਨ ਹੋ ਗਿਆ, ਓਦੋਂ ਮਾਰਿਆ।

ਅਕਤੂਬਰ 1983 ਵਿਚ ਛਪੀ ਮੁਲਾਕਾਤ ਦੇ ਕੁਝ ਅੰਸ਼ – ‘ਸੁਰਖ ਰੇਖਾ’ ਤੋਂ ਧੰਨਵਾਦ ਸਹਿਤ।

ਬੀਬੀ ਇਕਬਾਲ ਕੌਰ ਦੇ ਵਿਆਹ ਉਪਰੰਤ ਵਿਦਾਇਗੀ ਸਮੇਂ ਮਾਤਾ ਹਰਨਾਮ ਕੌਰ, ਭੈਣ ਦੀਪ, ਭਰਾ ਅਵਤਾਰ ਸਿੰਘ, ਭਰਜਾਈ ਮਨਜੀਤ ਅਤੇ ਹੋਰ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!