ਰੇਤੇ ਦੇ ਨਕਸ਼ – ਬਿਪਨਪ੍ਰੀਤ

Date:

Share post:

ਛੋਟੀ ਜਿਹੀ ਸਾਂ। ਢੋਲਕੀ ਦੀ ਥਾਪ ’ਤੇ ਭਾਰੀ ਅਵਾਜ਼ ’ਚ ਗਾਉਣ ਦੀ ਅਵਾਜ਼ ਆਉਣੀ। ਪੂਰੀ ਫੁਰਤੀ ਨਾਲ ਦਗੜ ਦਗੜ ਪੌੜੀਆਂ ਉਤਰਦੇ ਜਾਣਾ। ਸਾਰੇ ਬੱਚਿਆਂ ਦੇ ਨਾਲ ਉਥੇ ਜਾ ਪਹੁੰਚਣਾ ਜਿੱਥੇ ਅਵਾਜ਼ ’ਤੇ ਥਾਪ ਛਮ ਛਮ ਨੱਚ ਰਹੇ ਹੋਣ। ਨੱਚਣ ਵਾਲੇ ਨੇ ਅੱਖਾਂ ਮਟਕਾ ਮਟਕਾ ਕੇ ਸਾਡੇ ਵੱਲ ਤੱਕਣਾ | ਬੱਚਿਆਂ ਨੇ ਡਰਦਿਆਂ ਮੂੰਹ ’ਚ ਉਗਲਾਂ ਪਾ ਕੇ, ਨੌਂਹ ਟੁੱਕਦਿਆਂ ਉਸ ਦੀਆਂ ਅਜੀਬ ਹਰਕਤਾਂ ਨੂੰ ਵੇਖਣਾ | ਇਕ ਦੂਜੇ ਵੱਲ ਝਾਕਣਾ ਜਿਵੇਂ ਪੁੱਛ ਰਹੇ ਹੋਈਏ, ਇਹ ਕੌਣ ਹੈ ?
ਹੌਲੀ ਹੋਲੀ ਪਤਾ ਲੱਗਣਾ ਸ਼ੁਰੂ ਹੋਇਆ | ਫੇਰ ਜਦੋਂ ਵੀ ਕੋਈ ਭਾਰੀ ਅਵਾਜ਼ ਨੂੰ ਗਾਉਂਦਿਆਂ ਸੁਣਨਾ, ਇਹ ਕਹਿ ਕੇ ਭੱਜੇ ਜਾਣਾ ਖੁਸਰਾ ਆਇਆ ਏ ਖੁਸਰਾ । ਕੁਝ ਚਿਰ ’ਚ ਇਹ ਵੀ ਪਤਾ ਲੱਗ ਗਿਆ ਕਿ ਇਹ ਮੁੰਡੇ ਦੇ ਵਿਆਹ ਅਤੇ ਮੁੰਡਾ ਜੰਮਣ ਵਾਲੇ ਘਰ ’ਚ ਆਉਂਦੇ ਨੇ | ਥੋੜ੍ਹਾ ਸੰਭਲੀ ਤਾਂ ਮਾਂ ਨੂੰ ਪੁੱਛਿਆ ਮਾਂ ਖੁਸਰੇ ਕੌਣ ਹੁੰਦੇ ਨੇ | ਉਸ ਮੈਨੂੰ ਬੜੀ ਬੁਰੀ ਤਰਾਂ੍ਹ ਡਾਂਟਿਆ ਤੇ ਭਜਾ ਦਿੱਤਾ ਕਿ ਤੁਸੀਂ ਬੱਚੇ ਹੋ | ‘ਬੱਚੇ ਨਹੀਂ ਪੁੱਛਦੇ ਇਹੋ ਜਹੇ ਸਵਾਲ।’ ਜਵਾਬ ਨਾਂ ਮਿਲਣ ’ਤੇ ਮਨ ਹੋਰ ਬੇਚੈਨ ਹੋ ਗਿਆ | ਇਹੋ ਜਹੇ ਬਹੁਤ ਸਾਰੇ ਸਵਾਲ ਇੰਝ ਹੀ ਦਫਨਾਏ ਜਾਂਦੇ ਨੇ ਮਾਸੂਮ ਮਿੱਟੀ ਦੇ ਕੁੱਜੇ ’ਚ, ਪਰ ਮਾਂਵਾ ਜਵਾਬ ਨਹੀਂ ਦੇਂਦੀਆਂ |
ਤੀਹ ਸਾਲਾਂ ਬਾਅਦ ਮੈਂ ਅਚਾਨਕ ਉਸੇ ਮਾਂ ਦੇ ਥੜ੍ਹੇ ’ਤੇ ਉਸੇ ਸਵਾਲ ਨਾਲ ਫਿਰ ਰੂਬਰੂ ਹੋ ਗਈ | ਉਸ ਵਕਤ ਨਾਂ ਮੈਂ ਡਰੀ ਨਾ ਕੋਈ ਮੇਰੀ ਸਹੇਲੀ ਸੀ ਕੋਲ | ਬਸ ਮਾਂ ਅਤੇ ਮਨ ਵਿਚ ਵਰਿ੍ਹਆਂ ਤੋਂ ਦਫਨ ਉਹ ਸਵਾਲ ਸੀ | ਤਾੜੀਆਂ ਤੇ ਭਾਰੀ ਅਵਾਜ਼ ਸੁਣ ਪੋੜੀਆਂ ਉਤਰਦੀ ਹੇਠਾਂ ਗਈ। ਉਸ ਨੂੰ ਪਹਿਲੀ ਵੇਰ ਏਨੀ ਨੇੜਿਉਂ ਤੱਕਿਆ| ਬੰਦੇ ਵਰਗੇ ਜਿਸਮ ’ਤੇ ਔਰਤ ਦਾ ਪਹਿਰਾਵਾ, ਮੂੰਹ ਮੇਕਅਪ ਨਾਲ ਲਥਪਥ, ਵੱਡੇ ਵੱਡੇ ਗਹਿਣੇ ਪਰ ਚਾਲ ਢਾਲ ’ਚ ਬੰਦੇ ਜਿਹਾ ਰੋਹਬ | ਗੁਆਂਢੀ ਦੇ ਘਰ ਵਧਾਈ ਲੈਣ ਆਈ ਘੜੀ ਪਲ ਸਾਡੇ ਥੜ੍ਹੇ ’ਤੇ ਬੈਠ ਗਈ ਉਹ | ਸਮਝ ਨਾ ਆਈ ਗੱਲ ਕਿੱਥੋਂ ਸ਼ੁਰੂ ਕਰਾਂ। ਪਰ ਪਾਣੀ ਨੇ ਰਾਹ ਬਣਾ ਦਿੱਤਾ | ਮੱਥੇ ਤੋਂ ਪਸੀਨਾ ਚੋਂਦਾ ਵੇਖ ਪੁੱਛਿਆ ‘ਪਾਣੀ ਪੀਉਗੇ?’ ਉਹ ਕਰੜੀ ਅਵਾਜ਼ ’ਚ ਬੋਲੀ- ਲਿਆ ਨੀ ਕੁੜੀਏ ਜ਼ਰੂਰ ਪੀਆਂਗੇ। ਮੈਨੂੰ ਲੱਗਾ ਮੇਰਾ ਸਵਾਲ ਬਚਪਨ ਦੀ ਸਰਦਲ ਟੱਪਦਾ ਇਕ ਦਮ ਮੇਰੇ ਕਮਰੇ ’ਚ ਪਹੁੰਚ ਗਿਆ ਹੋਵੇ | ਪਾਣੀ ਪਿਆਉਂਦਿਆਂ ਮੈਂ ਉਹਦੇ ਕੋਲ ਮੰਜੇ ’ਤੇ ਬੈਠ ਗਈ | ਉਹਦੇ ਢੋਲਚੀ ਵੀ ੳੁੱਥੇ ਆ ਬੈਠੇ| ਉਹ ਜ਼ਮੀਨ ’ਤੇ ਹੀ ਬੈਠੇ ਰਹੇ, ਕਹਿਣ ’ਤੇ ਵੀ ਕੁਰਸੀਆਂ ’ਤੇ ਨਾ ਬੈਠੇ | ਉਹਦੇ ਕੋਲ ਬੈਠਦਿਆਂ ਹੀ ਮੇਰਾ ਬਚਪਨ ਦਾ ਅੰਦਰ ਬੈਠਾ ਡਰ ਵੀ ਨਿਕਲ ਗਿਆ ਤੇ ਲੱਗਾ ਇਹ ਵੀ ਸਾਡੇ ਵਾਂਗ ਆਮ ਮਨੁੱਖ ਹੀ ਨੇ, ਆਪਣੇ ਢੰਗ ਨਾਲ ਮਿਹਨਤ ਕਰਦੇ ਨੇ। ਮੈਂ ਗੱਲ ਸ਼ੁਰੂ ਕੀਤੀ ‘ਦੀਦੀ ਤੁਸੀਂ ਥੱਕਦੇ ਨਹੀਂ ?’
‘ਸਾਰਾ ਦਿਨ ਗਲੀ ਗਲੀ, ਘਰ ਘਰ ਫਿਰਨਾ, ਨੱਚਣਾ|’ ਉਸ ਦੀ ਭਾਰੀ ਅਵਾਜ਼ ਗਿੱਲੀ ਮਿੱਟੀ ਦੀ ਢਿੱਗ ਵਾਂਗ ਡਿੱਗ ਪਈ, ਜਿਵੇਂ ਹੱਥ ਲਾਊਣ ਦੀ ਹੀ ਦੇਰ ਸੀ| ਬਿਨਾ ਕਿਸੇ ਅਦਾ ਜਾਂ ਅੱਖ ਮਟਕਾ ਕਰਨ ਦੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕਹਿਣ ਲੱਗੀ “ਲੈ ਥੱਕਣਾ ਹੀ ਤਾਂ ਆਪਣਾ ਨਸੀਬ ਏ, ਤਨ ਵੀ ਥੱਕਦਾ ਤੇ ਮਨ ਵੀ, ਤਨ ਨੂੰ ਵੀ ਰੋਟੀ ਖਵਾਉਣੀ ਮਨ ਨੂੰ ਵੀ। ਕੁੜੀਏ ਜੇ ਪੈਸੇ ਕਮਾ ਕੇ ਗੁਰੂ ਨੂੰ ਨਾ ਦੇਈਏ ਤਾਂ ਪਿੱਠ ’ਤੇ ਚਿਮਟਾ ਲਾਉਂਦਾ ਗਰਮ ਗਰਮ | ਕੁੱਟ ਵੀ ਪੈਂਦੀ ਕਈਆਂ ਨੂੰ,ਉਹਦੇ ਨਾਲੋਂ ਤਾਂ ਚੰਗਾ ਨੰਗੀਆਂ ਸੜਕਾਂ ਹੀ ਸਾੜ ਲੈਣ ਸਾਡੇ ਪੈਰ, ਨਾਲੇ ਆਪਾਂ ਨੂੰ ਤਾਂ ਆਪਣੀ ਉਦਾਸੀ ਤੇ ਖੁਸ਼ੀ ਕੰਨਾਂ ’ਚ ਹੀ ਵਾਲੀਆਂ ਵਾਂਗ ਵਿੰਨਣੀ ਪੈਂਦੀ। ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਸੁਣਾਵਾਂ, ਹਸਪਤਾਲੋ ਫੋਨ ਆਇਆ, ਕੁੜੀ ਰਾਮਗੜੀਆਂ ਦੀ ਏ। ਸਾਡੇ ਕੁਨਬੇ ’ਚ ਖੁਸ਼ੀ ਦੀ ਲਹਿਰ ਦੋੜ ਗਈ | ਪੈਰ ਧਰਤੀ ’ਤੇ ਨਾ ਲੱਗਣ, ਗੁਰੁ ਜੀ ਨੇ ਹੁਕਮ ਕਰ ਦਿੱਤਾ – ਹੁਣੇ ਹੀ ਲੈ ਕੇ ਆਉ। ਪਹੁੰਚ ਗਏ ਉਸ ਘਰ। ਕੁੜੀ ਦੋ ਦਿਨਾਂ ਦੀ ਸੀ। ਮਾਂ ਦਾ ਅੱਗੇ ਹੀ ਰੋ ਰੋ ਕੇ ਬੁਰਾ ਹਾਲ ਸੀ | ਉਸ ਨੂੰ ਪਤਾ ਲੱਗ ਗਿਆ ਅਸੀਂ ਆਏ ਹਾਂ, ਕੀ ਕਰੀਏ ਪੁੱਤ ਜਦੋਂ ਤੱਕ ਤਾੜੀ ਨਾ ਮਾਰੀਏ ਆਪਣੇ ਜੀਊਂਦੇ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ | ਸੁਣ ਲਈ ਉਸ ਤਾੜੀ ਦੀ ਅਵਾਜ਼। ਬੜਾ ਰੋਈ ਪਿੱਟੀ। ਪੰਦਰਾ ਸਾਲਾਂ ਬਾਅਦ ਔਲਾਦ ਹੋਈ ਸੀ ਤੇ ਉਹ ਵੀ ਸਾਡੇ ਵਰਗੀ, ਤਰਸ ਤਾਂ ਬੜਾ ਆਵੇ, ਸਿਰ ’ਤੇ ਪਿਆਰ ਦਿੱਤਾ ਤੇ ਕੁੜੀ ਚੁੱਕ ਲਿਆਏ। ਲੈ ਅਜੇ ਦਹਿਲੀਜ਼ ਵੀ ਨਾ ਸੀ ਟੱਪੀ, ਮਾਂ ਦਾ ਹਉਕਾ ਨਿਕਲ ਗਿਆ| ਉਥੇ ਹੀ ਪੂਰੀ ਹੋ ਗਈ | ਉਸ ਵਕਤ ਜੀਅ ਕਰਦਾ ਸੀ ਆਪਣੇ ਸਿਰ ’ਤੇ ਛਿੱਤਰ ਮਾਰਾਂ, ਨੋਚ ਲਵਾਂ ਆਪਣਾ ਆਪ, ਪਰ ਕੀ ਕਰਦੀ ਮੇਰਾ ਤਾਂ ਧਰਮ ਕੰਮ ਹੀ ਇਹ। ਕੁੜੀ ਲੈ ਆਂਦੀ, ਪੰਘੁੂੜੇ ਪਾਈ ਸਾਰਾ ਕੁਨਬਾ ਆਇਆ ਕੁੜੀ ਨੂੰ ‘ਦਾਜੀ ਦੇਣ’। ਮੈਂ ਵਿਚੋਂ ਟੋਕ ਪੁੱਛਿਆਂ ਇਹ ਦਾਜੀ ਕੀ ਹੁੰਦੀ ? ਬੋਲੀ- ਕੁੜੀ ਦੇ ਨਾਂ ਪੈਸਾ ਲਗਾਇਆ ਜਾਂਦਾ, ਸ਼ਗਨ ਦਿੱਤੇ ਜਾਂਦੇ, ਰੀਝਾਂ ਕੀਤੀਆਂ ਜਾਂਦੀਆਂ, ਜਸ਼ਨ ਹੁੰਦਾ| ਪਰ ਮੇਰੇ ਅੰਦਰ ਤਾਂ ਉਥਲ ਪੁਥਲ ਚਲ ਰਹੀ ਸੀ, ਕੁੜੀ ਦਾ ਰੋਣਾ ਤੇ ਮਾਂ ਦਾ ਹਉਕਾ ਮੇਰੇ ਕੰਨਾਂ ਨੂੰ ਪਿਘਲਾ ਰਿਹਾ ਸੀ। ਖੂਬ ਨਾਚ ਹੋਇਆ, ਸਾਰਾ ਕੁਨਬਾ ਨੱਚਿਆ ਪਰ ਮੈਂ ਤੇ ਬੱਚੀ ਸਾਰੀ ਰਾਤ ਨਾ ਸੋਏ, ਉਸ ਨੂੰ ਚੁੱਕਾਂ ਉਹ ਮੇਰੀਆਂ ਛਾਤੀਆ ਲੱਭੇ, ਪਰ ਪੁੱਤ ਉਸਨੂੰ ਕੌਣ ਸਮਝਾਏ ਇਹ ਤਾਂ ਰੇਤੇ ਦੇ ਨਕਸ਼ ਨੇ, ਮਾਰੂਥਲ ਏ, ਦੂਰ ਦੂਰ ਤੀਕ ਦੁੱਧ ਤਾਂ ਕੀ ਪਾਣੀ ਦੀ ਇਕ ਬੂੰਦ ਵੀ ਨਹਂੀਂ ਮਿਲਣੀ ਏਥੇ, ਅੰਮ੍ਰਿਤ ਵੇਲੇ ਉਹ ਆਪੇ ਹੀ ਸੌਂ ਗਈ ਰੋਂਦੀ ਰੋਂਦੀ | ਸੁੱਤੀ ਕਦੇ ਹੱਸਦੀ ਕਦੇ ਰੋਂਦੀ,ਹੁਣ ਕੀ ਪਤਾ ਵਿਧ ਮਾਤਾ ਨਾਲ ਗੱਲਾਂ ਕਰਦੀ ਏ ਜਾਂ ਜਨਮਦਾਤੀ ਨਾਲ |ਪਰ ਹੁਣ ਤਾਂ ਉਸ ਨੂੰ ਇਸੇ ਮਾਂ ਨਾਲ ਗੱਲਾਂ ਕਰਨੀਆਂ ਪੈਣੀਆਂ, ਇਸੇ ਰੇਤੇ ’ਚ ਖੇਡਣਾ ਪੈਣਾਂ | ਮਨ ਬੜਾ ਉਦਾਸ ਸੀ | ਗੁਰੂ ਜੀ ਨੂੰ ਕਿਹਾ -ਅੱਜ ਨਹੀਂ ਜਾਣਾ ਵਧਾਈ ਲੈਣ। ਪਰ ਕੋਈ ਪੇਸ਼ ਨਾ ਗਈ, ਜਾਣਾ ਹੀ ਪਿਆ |
ਅਚਾਨਕ ਮੈਨੂੰ ਯਾਦ ਆਇਆ, ‘ਅੱਛਾ ਤਾਂ ਤੁਸੀ ਨੱਚਦੇ ਨੱਚਦੇ ਦੁੱਧ ਪਿਲਾਉਣ ਦੇ ਅੰਦਾਜ਼ ’ਚ ਬੱਚੇ ਨੂੰ ਲੋਰੀ ਦਿੰਦੇ ਹੋ,ਇਸ ਦਾ ਮਤਲਬ ਤੁਹਾਡੇ ਅੰਦਰ ਮਮਤਾ ਹੈਗੀ| ਸਾਰੀ ਰਾਤ ਜਾਗਣਾ,ਕੁੜੀ ਨੂੰ ਬਹਿਲਾਉਣਾ,ਨਵਜੰਮੇ ਮੁੰਡੇ ਨੂੰ ਲੋਰੀਆ ਦੇਣੀਆਂ, ਦੁੱਧ ਪਿਲਾਉਣ ਦੀ ਐਕਟਿੰਗ ਕਰਨੀ, ਖੁਸ਼ੀ, ਦੁੱਖ, ਉਦਾਸੀ ਫਿਰ ਜਿਸਮਾਨੀ ਫਰਕ ਨਾਲ ਹੀ ਤੁਸੀਂ ਆਮ ਮਨੁੱਖ ਤੋਂ ਸਮਾਜ ਤੋਂ ਛੇਕ ਦਿੱਤੇ ਜਾਂਦੇ ਹੋ ਤੇ ਆਪਣਾ ਸਮਾਜ ਬਣਾਉਂਦੇ ਓ|
ਮੇਰੀ ਗੱਲ ਟੋਕਦਿਆਂ ਬੋਲੀ “ਲੈ ਤੂੰ ਕੀ ਸਮਝਦੀੲਂੇ,ਸਾਨੂੰ ਭੁੱਖ ਨਹੀਂ ਲਗਦੀ, ਪਿਆਸ ਨਹੀਂ ਲਗਦੀ। ਸਾਡੀਆ ਇਛਾਵਾਂ ਨਹੀਂ, ਸਾਡੇ ਵੀ ਪਲਾਟ ਨੇ, ਕੋਠੀਆਂ, ਗਹਿਣੇ, ਕਾਰਾਂ, ਜਾਤਪਾਤ, ਬੱਸ ਜੰਮਣ ਕਰਕੇ ਤੁਸੀਂ ਬਹੁਤੀਆਂ ਚੌਧਰਾਣੀਆਂ ਜੇ। ਸਾਡੀਆ ਵੀ ਜਾਤਾਂ ਹੁੰਦੀਆਂ, ਮੰਨਦ, ਮੋਲੇ, ਜਾਟ, ਵਜੀਰ ਬਾਬੇ | ਅਸੀ ਵਜੀਰ ਬਾਬੇ ਹੁੰਦੇ ਹਾਂ ਸਭ ਤੋਂ ੳੁੱਚੀ ਗੋਤ | ਸਾਡੇ ਕੁਨਬੇ ਵਿਚ ਕੋਈ ਜਸ਼ਨ ਹੋਵੇ ਜਦੋਂ ਤੱਕ ਵਜੀਰ ਨਾ ਪਹੁੰਚਣ, ਰੋਟੀ ਤੋਂ ਕੱਪੜਾ ਨਹੀਂ ਚੁੱਕਦੇ | ਅਸੀਂ ਪਹੁੰਚਾਗੇ ਤਾਂ ਰੋਟੀ ਸ਼ੁਰੂ ਕਰਨੀ। ਨਹੀਂ ਪਹੁੰਚੇ ਤਾਂ ਭਾਵੇਂ ਲੱਖਾਂ ਲੱਗੇ ਹੋਣ ਸਾਰੀ ਰੋਟੀ ਮੰਦਰ ਗੁਰਦਵਾਰੇ ਚੜ੍ਹਾ ਆਉਣੀ। ਆਹ ਜਿਹੜੇ ਰੇਲ ਗੱਡੀਆਂ ’ਚ ਧੇਲੀ ਧੇਲੀ ਮੰਗਦੇ ਫਿਰਦੇ ਇਹ ਸਭ ਤੋਂ ਹੇਠਲੀ ਜਾਤ ਹੈ। ਮਿਹਨਤ ਕਰਨ ਤੋਂ ਭੱਜਦੀ, ਕਿਤੇ ਕੁੜੀਏ ਨੱਕ ਤੇਰੀ ਹੀ ਲੱਗੀ ਏ, ਨੱਕ ਸਾਡੀ ਵੀ ਲੱਗੀ ਏ, ਆਪਾਂ ਤਾਂ ਦਾਗ ਨਹੀਂ ਆਉਣ ਦੇਂਦੇ।’
ਇਹ ਕਹਿ ਕੇ ਉਹ ਖਿੜ ਖਿੜਾ ਹੱਸਣ ਲੱਗੀ| ਗੱਲਾਂ ਕਰਦੀ ਨੇ ਮੇਰੀ ਬਾਂਹ ’ਤੇ ਥਪਾਕੀ ਜਿਹੀ ਮਾਰ ਦਿੱਤੀ | ਮੈਂ ਗੱਲ ਬਦਲੀ “ਦੀਦੀ ਤੁਹਾਡੇ ਪਰਿਵਾਰ ਕਿਹੋ ਜਹੇ ਹੁੰਦੇ?’’
‘ਕੁੜੀਏ ਆਹ ਵੇਖ ਆਹ ਢੋਲਕੀ ਵਜਾਉਂਦੈ, ਮਚਲਾ ਈ ਮਚਲਾ ਏ, ਏਨੀ ਜ਼ੋਰ ਦੀ ਵਜਾਉਂਦਾ ਏ ਢੋਲਕੀ, ਨਾਲੇ ਆਪਣਾ ਰੁੱਗ ਕੱਢ ਲੈਂਦਾ ਨਾਲੇ ਮੇਰੇ ਪੈਰਾ ’ਚ ਛਾਲੇ ਪਾ ਦਿੰਦਾ | ਇਹ ਛੈਣੇ ਵਜਾਉਂਦਾ, ਨਾਲਦਾ, ਇਹਨੂੰ ਘਰੋਂ ਕੱਢਿਆ ਈ ਤੇ ਸਾਡੀ ਦੁਨੀਆ ਨੇ ਪਨਾਹ ਦਿੱਤੀ ਸੂ ਏਹਨੂੰ | ਵੀਹ ਸਾਲ ਪਹਿਲਾਂ ਮੈਂ ਵੀ ਇਕ ਕੁੜੀ ਲਾਈ ਸੀ ਘਰ ਕੰਮ ਕਾਜ ਲਈ, ਆਰਤੀ ਨਾਂ ਸੀ ਉਹਦਾ। ਮਾਂ ਬਾਪ ਗਰੀਬ ਸੀ, ਫੁੱਟਪਾਥ’ਤੇ ਰਹਿੰਦੇ। ਲੈ, ਦੇਖਿਆਂ ਨਾਂ ਜਾਵੇ ਤੇ ਮੈਂ ਗੋਦ ਲੈ ਲਈ। ਲਿਖਾ ਪੜ੍ਹੀ ਕਰਵਾਈ | ਸੁਹਣੇ ਕੱਪੜੇ ਪੁਆਏ, ਮੈਂਨੁੰ ਮੰਮੀ ਕਹਿਣ ਲੱਗੀ, ਵੱਡੀ ਹੋਈ ਵਿਆਹੀ, ਅੰਨ੍ਹਾ ਦਾਜ ਦਿੱਤਾ | ਪੰਜਾਹ ਲੱਖ ਦੀ ਕੋਠੀ ਲੈ ਕੇ ਦਿੱਤੀ। ਲੈ ਬਈ ਹੁਣ ਤਾਂ ਮੈਂ ਨਾਨੀ ਵੀ ਹਾਂ। ਇਕ ਮੁੰਡਾ ਤੇ ਇਕ ਕੁੜੀ ਏ ਉਹਦੀ | ਪਰ ਉਹੀ ਕੁੜੀ ਜਿਹੜੀ ਮੰਮੀ ਕਹਿੰਦੀ ਸੀ, ਹੁਣ ਸੁਹਰਿਆਂ ਵਾਲੀ ਹੋ ਗਈ। ਘਰ ਆਲੇ ਨੂੰ ਹੁਣ ਪਸੰਦ ਨਹੀਂ। ਕੁੜੀ ਖੁਸਰਿਆਂ ਦੇ ਘਰ ਜਾਵੇ।ਪਰ ਆ ਜਾਂਦੀ ਏ ਚੋਰੀ ਕਿਤੇ ਬੱਚਿਆਂ ਨੂੰ ਲੈ ਕੇ | ਉਹ ਆਰਤੀ ਨੂੰ ਗੋਦ ਲੈਣ ਤੋਂ ਛੇ ਸੱਤ ਸਾਲਾਂ ਬਾਅਦ ਫਿਰ ਇਕ ਕੁੜੀ ਮਿਲੀ, ਹੈਲਥ ਡਿਪਾਰਟਮੈਂਟ ਤੋਂ ਫੋਨ ਆਇਆ। ‘ਕੁੜੀ ਏ ਲੈ ਜਾਉ ਆ ਕੇ ਚਾਰ ਦਿਨਾ ਦੀ’। ਨਾਂ ‘ਬੇਬੀ’ ਰੱਖਿਆ, ਮੁਸਲਮਾਨਾਂ ਦੀ ਸੀ। ਵੱਡੀ ਹੋਈ, ਕਹਿੰਦੀ ਪੜ੍ਹਨਾ ਏ ਆਰਤੀ ਦੀਦੀ ਵਾਂਗ। ਕਿੱਥੇ ਭੇਜਦੀ? ਦੂਰ ਘੱਲਤੀ ਪੜ੍ਹਨ ਲਈ। ਅੱਠ ਜਮਾਤਾਂ ਪਾਸ ਕਰ ਗਈ। ਅੱਠ ਵੀ ਅਠਾਂਰਾ ਜਿੱਡੀਆ ਨੇ ਉਹਦੀਆਂ। ਹੁਣ ਕਹਿੰਦੀ ਏ,ਮੈਂ ਨਹੀਂ ਨੱਚਣਾ ਘਰ ਘਰ ਜਾ ਕੇ, ਮੈਂ ਹੋਰ ਪੜ੍ਹਨਾ ਏ |’’
ਮੈਂ ਵਿਚ ਗੱਲ ਟੋਕੀ “ਉਹਨੂੰ ਮੇਰੇ ਕੋਲ ਭੇਜ ਦਿਉ। ਪੜਾ੍ਹ ਦਿਆ ਕਰੂੰ। ਪੜ੍ਹ ਲਿਖ ਕੇ ਮਾੜੀ ਮੋਟੀ ਨੋਕਰੀ ਲੱਗਜੂ”
ਥਪ ਥਪ ਤਾੜੀਆ ਮਾਰਦੀ ਹੱਸਣ ਲੱਗ ਪਈ “ਨੀ ਬੀਬਾ ਪੜ੍ਹਾ ਤਾਂ ਲਏਂਗੀ, ਫਾਰਮ ਦਾ ਕੀ ਕਰੇਗੀ ਜਦੋਂ ਭਰਨਾ ਪਿਆ, ਮੇਲ ਜਾਂ ਫੀਮੇਲ।’’
ਤੇ ਠੰਢਾ ਹਉਕਾ ਭਰਦੀ ਉਹ ਚੁੱਪ ਹੋ ਗਈ । ਤੇ ਫੇਰ ਬੋਲੀ-‘ਕੀ ਕਰਦਾ ਏ ਤੇਰਾ ਘਰਆਲਾ। ਨੌਕਰੀ ਨਾ, ਸਰਕਾਰੀ। ਦੱਸਿਆ ਨਹੀਂ। ਪੜ੍ਹਾਈ ਤੇ ਨੌਕਰੀ ਉਹੋ ਕਰ ਸਕਦੇ ਜਿਹੜੇ ਮਰਦ ਜਾ ਅੋਰਤ ਹੋਣ। ਮੈਡੀਕਲ ਟੈਸਟ ਤੋਂ ਬਿਨਾ ਨੌਕਰੀ ਪੱਕੀ ਨਹੀਂ ਹੁੰਦੀ। ਸਾਡੇ ਡਿਪਾਰਟਮੈਂਟ ’ਚ ਜ਼ਰੂਰ ਮਿਲ ਸਕਦੀ ਊ ਸਾਰਿਆਂ ਨੂੰ ਨੌਕਰੀ ਭਾਵੇ ਉਹ ਮਰਦ ਏ, ਅੋਰਤ ਏ ਜਾਂ ਖੁਸਰਾ | ਸਾਡੇ ਕੁਨਬੇ ਦੀ ਇਕੋ ਜਾਤ ਏ | ਸਾਡਾ ਇਕ ਗੁਰੂ ਹੁੰਦਾ |’
ਮੈਂ ਪੁੱਛਿਆ, ‘ਦੀਦੀ ਨੌਕਰੀਆਂ ਕਿਉਂ ਨਹੀਂ ਹਨ ਤੁਹਾਡੇ ਲਈ? ਕੀ ਕਦੇ ਤੁਸੀਂ ਇਸ ਖਿਲਾਫ ਪ੍ਰੋਟੈਸਟ ਨਹੀਂ ਕੀਤਾ। ਜਿਸਮਾਨੀ ਫਰਕ ਨਾਲ ਏਨਾ ਵੱਡਾ ਵਿਤਕਰਾ |
ਬੋਲੀ “ਨਿਖੱਤੇ ਇੰਡੀਆ ’ਚ ਹੀ ਹੈ। ਲੰਡਨ ਚਲੇ ਜਾ, ਅਮਰੀਕਾ ਚਲੇ ਜਾ ਸਾਡੀ ਜਾਤ ਲਈ ਸਭ ਕੁਝ ਹੈ | ਉੱਥੇ ਸਾਡੇ ਕੁਨਬੇ ਨੂੰ ਰੋਟੀ ਖਾਣ ਲਈ ਨੱਚਣਾ ਨਹੀਂ ਪੈਂਦਾ। ੳੁੱਥੇ ਕੁਨਬਾ ਹੈ ਹੀ ਨਹੀਂ | ਸਾਡੇ ਵਰਗੇ ਸਭ ਪੜ੍ਹਦੇ, ਨੌਕਰੀਆਂ ਕਰਦੇ, ਪੜਾ੍ਹਈ ਵੀ। ਜਿਹੜੇ ਕੁਝ ਨਹੀਂ ਕਰ ਸਕਦੇ ਉਹ ਕਲੱਬਾਂ ਹੋਟਲ’ਚ ਨੱਚ ਕੇ ਆਪਣਾ ਨਿਰਬਾਹ ਕਰਦੇ | ਸਿੰਘਾਪੁਰ ’ਚ ਹੈਗਾ ਏ ਰਿਵਾਜ ਨੱਚ ਨੱਚ ਕੇ ਵਧਾਈ ਲੈਣ ਦਾ | ਅਸਲ ’ਚ ਕੁੜੀਏ ਤੇਰੇ ਕੋਲ ਜੋ ਨਹੀਂ ਉਹ ਤੂੰ ਮੰਗਦੀ। ਮੇਰੇ ਕੋਲ ਜੋ ਨਹੀਂ ਮੈਂ ਉਹ ਮੰਗਦੀ। ਜ਼ਬਾਨ ੳੁੱਥੇ ਹੀ ਜਣੀ ਜਿੱਥੇ ਦੰਦ ਨਾ ਹੋਣ | ਸਮੱਸਿਆਵਾਂ ਆਪੋ ਆਪਣੀਆਂ, ਮੰਗਾਂ ਆਪੋ ਆਪਣੀਆਂ |’’
ਗੱਲ ਬਦਲਦਿਆ ਮੈਂ ਪੁੱਛਿਆ, “ਦੀਦੀ ਕਹਿੰਦੇ ਨੇ ਜਿਸ ਘਰ ’ਚ ਤੁਹਾਨੂੰ ਇੱਛਾ ਮੁਤਾਬਿਕ ਨਾ ਮਿਲੇ, ਤੁਸੀਂ ਬਦਦੁਆ ਦੇਂਦੇ ਹੋ। ਤੁਹਾਡੇ ਮੂੰਹੋ ਨਿਕਲੀ ਹਰ ਬਦਦੁਆ ਪੂਰੀ ਹੋ ਜਾਂਦੀ ਹੈ। ਉਸ ਘਰ ’ਚ ਉਸ ਤੋਂ ਬਾਅਦ ਕੋਈ ਔਲਾਦ ਨਹੀਂ ਹੁੰਦੀ | ਕੀ ਇਹ ਸੱਚ ਏ…?|’’
‘ਹਾਏ ਹਾਏ ਨੀ ਕੁੜੀਏ,ਤੂੰ ਤਾਂ ਦੁਖਦੀ ਰਗ ਉਧੇੜਨ ਲੱਗ ਪਈ। ਜੇ ਇਹ ਸੱਚ ਹੋਵੇ ਤਾਂ ਪਹਿਲਾਂ ਇਹ ਨਾ ਮੰਗੀਏ, ਮੈਂ ਔਲਾਦ ਜੰਮਣ ਜੋਗੀ ਹੋ ਜਾਂ | ਮੈਂ ਵੀ ਕਿਤੇ ਕੁਰਸੀ ’ਤੇ ਬਹਿ ਕੇ ਬੈਲ ਮਾਰਾਂ ‘ਮੁਝੇ ਕੋਈ ਡਿਸਟਰਬ ਨਾ ਕਰੇ, ਇਸ ਵਕਤ ਮੈਂ ਮੀਟਿੰਗ ਮੇਂ ਹੂੰ” ਕਿਤੇ ਸਾਨੂੰ ਵੀ ਸਲੂਟ ਵੱਜਣ, ਕਿਤੇ ਸਾਡੀਆਂ ਛਾਤੀਆਂ ’ਚੋਂ ਵੀ ਝਰਨੇ ਫੁੱਟਣ।’
ਇਹ ਕਹਿੰਦਿਆਂ ਉਹਦੀਆਂ ਅੱਖਾਂ ਫੁੱਟ ਪਈਆਂ | ਇਕ ਝਰਨਾ ਸਖਤ ਚਮੜੀ ਦੀਆਂ ਢਲਾਨਾਂ ’ਤੇ ਡਿੱਗਦਾ ਡਿੱਗਦਾ ਲਾਲ ਸੁਰਖ ਬੁੱਲ੍ਹਾਂ ਨੂੰ ਨਮਕੀਨ ਕਰ ਗਿਆ | ਮੈਂ ਅਗਾਂਹ ਹੋ ਕੇ ਚੁੱਪ ਕਰਾਉਂਦਿਆਂ ਕਿਹਾ-ਆਖਰੀ ਇਕ ਸਵਾਲ ਹੋਰ, ਤੁਹਾਡੇ ’ਚ ਮਰਨ ਵੇਲੇ ਕੀ ਕੀ ਸੰਸਕਾਰ ਕਰਦੇ?
ਬੋਲੀ, “ਸਾਡੇ ’ਚ ਜਦ ਕੋਈ ਮਰ ਜਾਏ ਤਾਂ ਉੱਚੀ ਉੱਚੀ ਇਕ ਹੇਕ ’ਚ ਰੋਂਦੇ, ਜਿਵੇਂ ਰਾਤ ਨੂੰ ਕੁੱਤੇ | ਫਿਰ ਆਪਣੇ ਸਿਰ ’ਤੇ ਛਿੱਤਰ ਮਾਰਦੇ | ਸਾਡੇ ਭਾਵੇਂ ਇਕੋ ਨਾਮ ‘ਖੁਸਰਾ’ ਕਹਾਉਂਦੇ ਪਰ ਉਨਾਂ੍ਹ ਦੀ ਜਨਮ, ਜਾਤ, ਧਰਮ, ਨਿਸ਼ਾਨੀਆਂ ਰੱਖੀਆ ਜਾਂਦੀਆਂ। ਫਿਰ ਮਰਨ ਵੇਲੇ ਉਨ੍ਹਾਂ ਨਿਸ਼ਾਨੀਆਂ ਨਾਲ ਹੀ ਉਨਾਂ੍ਹ ਦਾ ਸਸਕਾਰ ਕੀਤਾ ਜਾਂਦਾ | ਹਿੰਦੂਆ ਤੋਂ ਆਏ ਸਾੜੇ ਜਾਂਦੇ, ਮੁਸਲਮਾਨਾਂ ਤੋਂ ਆਏ ਦਫਨਾਏ ਜਾਂਦੇ | ਅੰਤਿਮ ਸਮੇਂ ਮੁਰਦੇ ਨੂੰ ਛਿੱਤਰ ਮਾਰੇ ਜਾਂਦੇ ਤਾਂ ਕਿ ਇਹ ਰੂਹ ਦੁਬਾਰਾ ਖੁਸਰੇ ਦੇ ਪਹਿਰਾਵੇ ’ਚ ਨਾ ਆਵੇ|
ਮੈਂ ਕਿਹਾ, ‘ਫਿਰ ਤਾਂ ਮਰੇ ਹੋਏ ਸਰੀਰ ’ਚੋ ਰੂਹ ਨਿਕਲ ਜਾਂਦੀ। ਛਿੱਤਰ ਤਾਂ ਸਰੀਰ ਨੂੰ ਪੈਂਦੇ, ਰੂਹ ਨੂੰ ਨਹੀਂ।’
ਉਹ ਬੋਲੀ, ‘ਮੁਰਦਾ ਸਰੀਰ ਨੂੰ ਮਰਕੇ ਛਿੱਤਰ ਵੱਜਦੇ,ਖੁਸਰਾ ਸਰੀਰ ’ਚ ਆਈਆਂ ਰੂਹਾਂ ਤਾਂ ਸਾਰੀ ਊਮਰ ਛਿੱਤਰ ਖਾਂਦੀਆ, ਆਪਣੇ ਸਰੀਰ ਹੱਥੋਂ | ਪਿਛਲੇ ਦਿਨੀਂ ਹੀ ਇਕ ਗੁਰੂ ਜੀ ਦਾ ਦਾਹ ਸੰਸਕਾਰ ਕੀਤਾ, ਪੂਰਾ ਕੱਠ ਕੀਤਾ, ਲੱਖਾਂ ਲਗਾਏ। ਉਸ ਦਿਨ ਨੱਚਣ ਦੀ ਛੁੱਟੀ ਸੀ |”
ਗੱਲਾਂ ਸੁਣਦਿਆ ਅਚਾਨਕ ਮੇਰੇ ਚੇਤਿਆਂ ’ਚ ਇਕ ਖਰੀਂਢ ਛਿੱਲਿਆ ਗਿਆ | ਪਿਛਲੇ ਦਿਨੀਂ ਘਰ ਦੇ ਬੂਹੇ ਅੱਗੇ ਗੁਆਂਢਣਾ ਬੈਠੀਆਂ ਆਪੋ ਆਪਣੇ ਦੁੱਖੜੇ ਰੋ ਰਹੀਆਂ ਸਨ। ਗੱਲ ਚੱਲੀ ਕਿ ਕਿਸੇ ਜਗ੍ਹਾ ’ਤੇ ਔਰਤ ਦੇ ਮਰਨ ’ਤੇ ਦਾਹ ਸੰਸਕਾਰ ਵੇਲੇ ਆਟੇ ਦਾ ਮੋਟਾ ਸਾਰਾ ਦੀਵਾ ਬਣਾ ਉਸਦੀ ਯੋਨੀ ਅੱਗੇ ਥੱਪ ਦਿੱਤਾ ਜਾਂਦਾ | ਮੇਰੇ ਸਾਰੇ ਸਰੀਰ ਅੰਦਰ ਝੁਣਝੁਣੀ ਛਿੜ ਗਈ,ਮੂੰਹੋਂ ਇਕ ਦਮ ਨਿਕਲਿਆ ਇਹ ਕਿਉਂ…? ਇਕ ਸਿਆਣੀ ਉਮਰ ਦੀ ਜ਼ਨਾਨੀ ਬੋਲੀ “ਪੁੱਤ ਇਸ ਕਰਕੇ ਕਿ ਇਹ ਮਰੀ ਹੋਈ ਔਰਤ ਮੁੜ ਔਰਤ ਦੇ ਜਨਮ ’ਚ ਨਾ ਆਵੇ |
ਇਕ ਸਵਾਲ ਦੇ ਖ਼ਤਮ ਹੋਣ ਨਾਲ ਸਵਾਲਾਂ ਦੀ ਇਕ ਨਵੀਂ ਕੈਕਟਸ ਮੱਥੇ ’ਚ ਉੱਗ ਪਈ | ਉਹ ਛਿੱਤਰ ਮਾਰਦੇ ਹਨ ਕਿ ਦੁਬਾਰਾ ਖੁਸਰਾ ਨਾ ਬਣਾਈਂ, ਔਰਤ ਜਾਂ ਮਰਦ ਕੋਈ ਵੀ ਰੂਪ ਦੇ ਦੇਈਂ। ਤੇ ਇਹ ਰੱਬ ਦੀ ਕੁਦਰਤ ਦਾ ਕ੍ਰਿਸ਼ਮਾ, ਜਿੰLਦਗੀ ’ਚ ਕਿਹੜੇ ਕਿਹੜੇ ਦੁੱਖ ਸਹਾਰ ਅੰਤਿਮ ਇਹ ਫੈਸਲਾ ਲੈਂਦੀਆਂ ਕਿ ਰੱਬਾ ਅਗਲੇ ਜਨਮ ਸਾਨੂੰ ਔਰਤ ਨਾ ਬਣਾਈਂ | ਹੁਣ ਮੇਰੇ ਅੰਦਰ ਇਕ ਜ਼ਲਜਲਾ ਸੀ ਰੇਗਿਸਤਾਨ ’ਚੋਂ ਲੰਘਦਾ। ਰੇਤੇ ਦੇ ਨਕਸ਼ ਬਹੁਤ ਪਿੱਛੇ ਰਹਿ ਗਏ ਸਨ|

ਬਿਪਨਪ੍ਰੀਤ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!