ਨਕਸਲਬਾੜੀ ਅੰਦੋਲਨ ਨੇ ਸਾਹਿਤ ਅਤੇ ਸਿਆਸਤ ਵਿਚ ਬਰਾਬਰ ਦੀ ਹਲਚਲ ਪੈਦਾ ਕੀਤੀ। ਪੰਜਾਬੀ ਕਵਿਤਾ ਦਾ ਤਾਂ ਇਕ ਨਵਾਂ ਦੌਰ ਹੀ ਆਰੰਭ ਹੋ ਗਿਆ। ਨਕਸਲਬਾੜੀ ਸਿਆਸੀ ਵਿਚਾਰਾਂ ਤੋਂ ਪ੍ਰਭਾਵਿਤ ਕਵਿਤਾ ਦਾ ਇਕ ਅਸਧਾਰਣ ਫੈਲਾਅ ਜਿਵੇਂ ਅੱਖ ਦੇ ਫੋਰ ਵਿਚ ਹੀ ਹੋਂਦ ਗ੍ਰਹਿਣ ਕਰ ਗਿਆ ਹੋਵੇ। ਇਹ ਸਭ ਕੁੱਝ ਉਦੋਂ ਵਾਪਰਿਆ ਜਦੋਂ ਸਾਹਿਤ-ਚਿੰਤਨ ਇਸ ਨਿਰਣੇ ‘ਤੇ ਪਹੁੰਚ ਚੁੱਕਾ ਸੀ ਕਿ ਸਾਹਿਤ ਵਿਚ ਰਾਜਨੀਤਕ ਵਿਚਾਰਧਾਰਾ ਦਾ ਪ੍ਰਤੀਰੂਪਣ ਇਕ ਗ਼ੈਰ ਸਿਰਜਣਾਤਮਿਕ ਅਮਲ ਹੁੰਦਾ ਹੈ ਅਤੇ ਮਾਰਕਸੀ ਵਿਚਾਰਕ ਵੀ ਇਸ ਧਾਰਨਾ ਨਾਲ ਸਹਿਮਤੀ ਪ੍ਰਗਟਾ ਰਹੇ ਸਨ। ਫਿਰ ਵੀ ਨਕਸਲਬਾੜੀ ਰਾਜਨੀਤਕ ਵਿਚਾਰਧਾਰਾ ਦਾ ਸਿੱਧਾ ਵਿਖਾਵਾ ਕਰਨ ਵਾਲੀ ਕਵਿਤਾ ਦੇਖਦਿਆਂ ਦੇਖਦਿਆਂ ਹੀ ਪੰਜਾਬੀ ਕਵਿਤਾ ਦਾ ਤਕਰੀਬਨ ਸਮੁੱਚਾ ਚਿਰਤਪੱਟ ਮੱਲ ਬੈਠੀ। ਇਸ ਕਵਿਤਾ ਦੇ ਸਿਰਜਕਾਂ ਅਤੇ ਚਿੰਤਕਾਂ ਨੇ ਉਦੋਂ ਤੱਕ ਲਿਖੀ ਗਈ ਕਵਿਤਾ ’ਤੇ ਲਕੀਰ ਫੇਰਦਿਆਂ ਧੜੱਲੇ ਨਾਲ ਆਪਣੇ ਯੁੱਗ ਦਾ ਐਲਾਨ ਕੀਤਾ। ਇਨ੍ਹਾਂ ਸ਼ਾਇਰ ਸਿਪਾਹੀਆਂ ਦੀ ਸੁਵਿਧਾ ਲਈ ਇਨ੍ਹਾਂ ਦੀ ਟੋਕਾ-ਟਾਕੀ ਕਰਨ ਵਾਲਾ ਵੀ ਕੋਈ ਨਹੀਂ ਸੀ। ਬੰਸਰੀ ਨਾਲ ਤਾਂ ਫਿਰ ਵੀ ਬਹਿਸ ਹੋ ਸਕਦੀ ਹੈ, ਪਰੰਤੂ ਬੰਦੂਕ ਨਾਲ ਬਹਿਸ ਕੌਣ ਕਰੇ? ਦਿਲਚਸਪ ਗੱਲ ਹੈ ਕਿ ਉਸ ਦੌਰ ਵਿਚ ਨਕਸਲਬਾੜੀ ਅਤੇ ਗ਼ੈਰ ਨਕਸਾਲਬਾੜੀ ਸਾਹਿਤਕਾਰਾਂ ਦਰਮਿਆਨ ਇਕ ਵੀ ਖੁੱਲ੍ਹ ਕੇ ‘ਗੋਸਟਿ’ ਨਹੀਂ ਹੋਈ। ਕੀ ਸਾਹਿਤ ਉੱਪਰ ਦਹਿਸ਼ਤ ਦਾ ਪਰਛਾਵਾਂ ਪੈ ਗਿਆ ਸੀ? ਨਕਸਲਬਾੜੀ ਸਾਹਿਤ ਤੋਂ ਪੂਰਬਲੇ ਸਾਹਿਤ ਨੂੰ ਸੰਤ ਸੰਧੂ ਇੰਜ ਨਕਾਰਦਾ ਹੈ :
ਸਾਡਾ ਵੀਹਦੀਂ ਸਦੀ ਦਾ ਪੰਜਾਬੀ ਸਾਹਿਤਕ ਵਿਰਸਾ ਪਰੰਪਰਾਈ, ਬੌਧਿਕ, ਪ੍ਰਯੋਗੀ, ਪ੍ਰਗਤੀਵਾਦੀ, ਸਮਾਜਵਾਦੀ ਤੇ ਹੋਰ ਲੱਲੂ ਪੰਜੂ ਅਖੌਤੀ ਡੀਂਗਾਂ ਹੀ ਸੀ ਜੋ ਗੁੰਮਰਾਹ ਅਤੇ ਰੰਗੇ ਹੋਏ ਗਿੱਦੜਾਂ ਦੀਆਂ ਹੂਕਾਂ ਸਨ। ਜੋ ਕਿ ਧਰਤੀ ’ਤੇ ਬੇਲੋੜਾ ਭਾਰ ਹੁੰਦੇ ਹਨ। ਅੱਠੇ ਪਹਿਰ ਜੁਗਾਲੀ ਕਰਨਾ ਜਾਂ ਮਾਸ ਦੀਆਂ ਪੀਂਘਾਂ ਝੂਟਣੀਆਂ ਇਨ੍ਹਾਂ ਦਾ ਸ਼ੁਗਲ ਹੁੰਦਾ ਹੈ। ਇਹ ਮੱਸਿਆ ਪੁੰਨਿਆ ਦੇ ਜਿਸਮ ’ਤੇ ਦੋ ਬੁੱਕ ਪਾਣੀ ਪਾਉਂਦੇ ਹਨ ਤੇ ਹਰੇ ਰਾਮ, ਹਰੇ ਗੰਗਾ ਤੇ ਬੱਸ। ਇਹਨਾਂ ਦੀ ਆਤਮਾ ’ਤੇ ਮੈਲ ਜੰਮੀ ਰਹਿੰਦੀ ਹੈ, ਦਿਮਾਗ਼ ਨਹੀਂ ਇਨ੍ਹਾਂ ਕੋਲ ਡਮਾਕ ਹੁੰਦਾ ਹੈ, ਇਹ ਆਪਣੇ ਅਗਿਆਨ ਦੀ ਧੁੰਦ ’ਚ ਠੋਕਰਾਂ ਖਾਂਦੇ, ਜ਼ਖ਼ਮੀ ਹੋਂਦੇ ਹਨ। ਗੱਲ ਕੀ ਇਹ ਕੁਝ ਵੀ ਨਹੀਂ ਹੁੰਦੇ, ਰੁੱਖ ਤੋਂ ਡਿੱਗਦੇ ਪੱਤੇ ਦਾ ਕੋਈ ਮੁਦਅ ਹੋਵੇ ਤਾਂ ਹੋਵੇ ਪਰ ਇਨ੍ਹਾਂ ਦਾ ਹਰਗਿਜ਼ ਨਹੀਂ-ਸੋ ਇਨ੍ਹਾਂ ਦੀਆਂ ਵਾ’ ਨੂੰ ਮਾਰੀਆਂ ਤਲਵਾਰਾਂ ਦੀ ‘ਦੇਣ’ ਤੇ ਪ੍ਰਾਪਤੀ ਅੱਜ ਇਸ ਕਵੀ (ਪਾਸ਼) ਦੀ ਆਵਾਜ਼ ਅਤੇ ਕਲਾ ਸਾਧਨਾ-ਜੋ ਮਨੁੱਖ ਨੂੰ ਰੀਂਗਦੀ ਜੂਨ ’ਚੋਂ ਬਾਹਰ ਕੱਢਦੀ ਸਾਕਾਰ ਜਦੋ ਜਹਿਦ ਹੈ-ਅੱਗੇ ਗੋਂਡਿਆਂ ਭਾਰ ਹੈ। (ਲੋਹ ਕਥਾ ਦੀ ਭੂਮਿਕਾ ’ਚੋਂ)
ਸੰਤ ਸੰਧੂ ਨੇ ਇਹ ਟਿੱਪਣੀ ਪੰਜਾਬੀ ਸਾਹਿਤਕ ਵਿਰਸੇ ਬਾਰੇ ਪਾਸ਼ ਦੇ ਹਵਾਲੇ ਨਾਲ ਕੀਤੀ ਹੈ। ਪਾਸ਼ ਨਕਸਲਬਾੜੀ ਦੌਰ ਦਾ ਸਭ ਤੋਂ ਵੱਧ ਚਰਚਿਤ ਕਵੀ ਰਿਹਾ ਹੈ, ਆਪਣੀ ਸ਼ਖ਼ਸੀਅਤ ਕਰਕੇ ਵੀ ਅਤੇ ਆਪਣੀ ਕਵਿਤਾ ਕਰਕੇ ਵੀ। ਨਕਸਲਬਾੜੀ ਸਾਹਿਤ ਦੇ ਉੱਥਾਨ ਅਤੇ ਪਤਨ ਦੇ ਲੱਛਣ ਵੀ ਪਾਸ਼ ਦੀ ਕਵਿਤਾ ਵਿਚ ਨਿਸਬਤਨ ਵਧੇਰੇ ਉੱਘੜਵੇਂ ਹਨ। ਪਾਸ਼ ਦੀ ਮਕਬੂਲੀਅਤ ਪਿੱਛੇ ਰੁਮਾਂਸ ਦੇ ਤੱਤ ਵਧੇਰੇ ਸਰਗਰਮ ਰਹੇ ਹਨ। ਹਲਕੇ ਸਾਂਵਲੇ ਰੰਗ, ਤਿੱਖੇ ਨੈਣ-ਨਕਸ਼, ਮੋਟੀਆਂ ਅੱਖਾਂ, ਛੁਹਲੇ ਗੱਠਵੇਂ ਸਰੀਰ ਅਤੇ ਲਰਜ਼ਦੀ ਆਵਾਜ਼ ਵਿਚ ਗੱਲਬਾਤ ਕਰਨ ਵਾਲਾ ਇਹ ਨੌਜਵਾਨ ਆਪਣੀ ਦਿੱਖ ਪੱਖੋਂ ਹੀ ਅਗਲੇ ’ਤੇ ਜਾਦੂ ਕਰ ਦੇਣ ਦੀ ਸਮਰੱਥਾ ਰੱਖਦਾ ਸੀ। ਨਿਆਰੀ ਸ਼ਖ਼ਸੀਅਤ ਉਸਦੇ ਰੁਮਾਂਸ ਦਾ ਆਦਿ ਬਿੰਦੂ ਸੀ। ਇਹ ਰੁਮਾਂਸ ਉਸਦੀ ਜੀਵਨ, ਸਿਆਸੀ ਅਤੇ ਸਾਹਿਤਕ ਸ਼ੈਲੀ ਵਿਚੋਂ ਪ੍ਰਤੱਖ ਝਲਕਦਾ ਸੀ। ਉਸ ਦੀ ਸ਼ਾਇਰੀ ਮੂੰਹ-ਜ਼ੋਰ ਜੋਸ਼ ਅਤੇ ਸ਼ਿਲਪ ਦਾ ਅਦੁੱਤੀ ਸੁਮੇਲ ਹੈ। ਘਾੜਤ ਦਾ ਉਹ ਮਾਹਿਰ ਅਭਿਆਸੀ ਸੀ। ਆਪਣੇ ਅਭਿਆਸ ਦੀ ਇਕ ਯਾਦਗਾਰੀ ਗੱਲ ਉਸ ਨੇ ਮੈਨੂੰ ਸੁਣਾਈ ਵੀ ਸੀ।
ਪਾਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੁਰਜੀਤ ਪਾਤਰ ਨੂੰ ਮਿਲਣ ਆਇਆ। ਪੰਜ-ਸੱਤ ਜਣੇ ਹੋਸਟਲ ਦੇ ਇਕ ਕਮਰੇ ਵਿਚ ਇਕੱਠੇ ਹੋਏ, ਇਹਨਾਂ ਵਿਚ ਇਤਫ਼ਾਕ ਨਾਲ ਮੈਂ ਵੀ ਸ਼ਾਮਲ ਸੀ। ਸੁਰਜੀਤ ਪਾਤਰ ਨੇ ਤਰੰਨਮ ਵਿਚ ਗ਼ਜ਼ਲ ਛੋਹੀ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ …’ ਕਮਰੇ ਵਿਚ ਡੂੰਘੀ ਚੁੱਪ ਵਰਤ ਗਈ। ਪਾਸ਼ ਦੀਆਂ ਅੱਖਾਂ ਵਿਚੋਂ ਮੋਟੇ-ਮੋਟੇ ਹੰਝੂ ਟਪਕਣ ਲੱਗੇ। ਰਿਕਸ਼ਾ ਲੈ ਕੇ ਬੱਸ ਸਟੈਂਡ ਆਉਂਦਿਆਂ ਰਸਤੇ ਵਿਚ ਮੈਂ ਪਾਸ਼ ਨੂੰ ਪੁੱਛਿਆ, ”ਗ਼ਜ਼ਲ ਸੁਣ ਕੇ ਤੁਸੀਂ ਖਾਸੇ ਭਾਵੁਕ ਹੋ ਗਏ ਸੀ, ਰੋਣ ਹੀ ਲੱਗ ਪਏ…।” ਸੁਣ ਕੇ ਪਾਸ਼ ਦੇ ਚਿਹਰੇ ’ਤੇ ਮੁਸਕਾਨ ਫੈਲ ਗਈ, ਕਹਿਣ ਲੱਗਾ, ”ਨਹੀਂ ਤਾਂ, ਇਹ ਤਾਂ ਮੇਰੀ ਜੇਲ੍ਹ ਵਿਚ ਰੋਣ ਦੀ ਪ੍ਰੈਕਟਿਸ ਕੀਤੀਉ ਆ, ਮੈਂ ਆਪਣੀ ਮਰਜ਼ੀ ਨਾਲ ਜਦੋਂ ਜੀਅ ਕਰੇ ਰੋ ਲੈਨਾ, ਭਾਵੁਕ ਹੋਣ ਤੋਂ ਬਗ਼ੈਰ ਵੀ, ਜਿਵੇਂ ਮੈਂ ਅੱਜ ਰੋਇਆ ਸੀ।’’ ਪਾਸ਼ ਭਾਵੁਕਤਾ ਤੋਂ ਬਗ਼ੈਰ ਵੀ ਆਤਿ ਭਾਵੁਕ ਕਵਿਤਾ ਦੀ ਰਚਨਾ ਕਰ ਲੈਂਦਾ ਹੋਵੇਗਾ। ‘ਕੰਡੇ ਦਾ ਜ਼ਖ਼ਮ’ ਵਰਗੀਆਂ ਕਵਿਤਾਵਾਂ ਸ਼ਾਇਦ ਇਸੇ ਪ੍ਰੈਕਟਿਸ ਦਾ ਸਿੱਟਾ ਹਨ। ਇਸ ਕਵਿਤਾ ਵਿਚ ਇਕ ਆਮ ਆਦਮੀ ਦੀ ਸਥਿਤੀ ਨੂੰ ਕਰੁਣਾਮਈ ਬਣਾਉਣ ਵਿਚ ਉਹ ਗੁਰਦਿਆਲ ਸਿੰਘ ਨੂੰ ਵੀ ਮਾਤ ਪਾ ਗਿਆ। ਉਂਜ ਜੋਸ਼ ਨੂੰ ਉਹ ਕਵਿਤਾ ਦੀ ਬੁਨਿਆਦੀ ਲੋੜ ਅਰਥਾਤ ਕਵਿਤਾ ਦਾ ਪਾ੍ਰਣ ਤੱਤ ਸਮਝਦਾ ਸੀ। ਰਿਕਸ਼ੇ ਦੇ ਇਸ ਸੰਖੇਪ ਸਫ਼ਰ ਦੌਰਾਨ ਉਸ ਨੇ ਮੈਨੂੰ ਕਿਹਾ ਸੀ ਕਿ ਜਾਂ ਸ਼ਾਇਦ ਸਬਕ ਦਿੱਤਾ ਸੀ ਕਿ ਕਵਿਤਾ ਵਿਚ ਪੈਸ਼ਨ ਹੋਣਾ ਚਾਹੀਦੈ, ਜਿਵੇਂ ਨੇਰੂਦੇ ਦੀ ਕਵਿਤਾ ਵਿਚ ਹੈ। ਕਵਿਤਾ ਵਿਚ ਜੋਸ਼ ਨੂੰ ਹਾਸਲ ਕਰਨ ਲਈ ਪਾਸ਼ ਕਾਮੁਕ ਉਤੇਜਨਾ ਵਾਲੇ ਪ੍ਰਤੀਕਾਂ ਦੀ ਵਰਤੋਂ ਵੀ ਕਰਨ ਲਗਦਾ ਸੀ। ‘ਆਸ਼ਕ ਦੀ ਅਹਿੰਸਾ’ ਵਰਗੀਆਂ ਕਵਿਤਾਵਾਂ ਦੀ ਘਾੜਤ ਅਤੇ ਇਹਨਾਂ ਵਿਚਲਾ ਜੋਸ਼ ਪਾਸ਼ ਦੀ ਪ੍ਰਸਿੱਧੀ ਦਾ ਜ਼ਾਹਿਰਾ ਸਬੱਸ ਬਣੇ।
ਆਦਰਸ਼ਕ ਕ੍ਰਾਂਤੀ ਦੇ ਟੀਚੇ ਨੂੰ ਹਾਸਲ ਕਰਨ ਲਈ ਪਾਸ਼ ਨੇ ਆਪਣੀ ‘ਮੈਂ’ ਦਾ ਮੋਰਚਾ ਉਸਾਰਿਆ। ਆਪਣੀ ‘ਮੈਂ’ ਦੀ ਜ਼ਮੀਨ ’ਤੇ ਖੜ੍ਹਕੇ ਉਹ ਹਰ ਦਾਅਵਾ ਅੰਤਾਂ ਦੇ ਭਰੋਸੇ ਨਾਲ ਕਰਦਾ ਹੈ। ਉਸਦੀ ‘ਮੈਂ’ ਤਸ਼ੱਦਦ, ਅਨਿਆਂ ਅਤੇ ਨਾਬਰਾਬਰੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ। ਨਾਂਹਮੁਖੀ ਵਰਤਾਰਿਆਂ ਪ੍ਰਤੀ ਤਿੱਖਾ ਪ੍ਰਤੀਕਰਮ ਪ੍ਰਗਟਾਉਂਦੀ ਹੋਈ ਉਸਦੀ ‘ਮੈ’ ਵਿਦਰੋਹ ਕਰਦੀ ਹੈ ਅਤੇ ਇਹਨਾਂ ਵਰਤਾਰਿਆਂ ਦੇ ਸੂਤਰਧਾਰ ਨੂੰ ‘ਤੂੰ’ ਜਾਂ ‘ਤੁਸੀਂ’ (ਬਹੁਵਚਨ) ਮਿਥ ਕੇ ਜ਼ਬਰਦਸਤ ਸ਼ਿਕਾਇਤੀ ਲਹਿਜ਼ੇ ਵਿਚ ਮੁਖ਼ਾਤਿਬ ਹੁੰਦੀ ਹੈ। ਇਸ ‘ਤੂੰ’ ਜਾਂ ‘ਤੁਸੀਂ’ ਦੀਆਂ ਜੜ੍ਹਾਂ ਉਖਾੜਨਾ ਪਾਸ਼ ਦੀ ਕ੍ਰਾਂਤੀ ਹੈ। ਉਸਦੀ ‘ਮੈਂ’ ਅਤੇ ਵਿਰੋਧੀ ਦੀ ‘ਤੂੰ’ ਵਿਚਕਾਰ ਵਿਰੋਧ ਨਾ ਕੇਵਲ ਸਪੱਸ਼ਟ ਸਗੋਂ ਬਹੁਤ ਤਿੱਖਾ ਵੀ ਹੈ। ਇਹ ਵਿਰੋੱਧ ਉਦੋਂ ਵੀ ਲਿਹਾਜ਼ਦਾਰੀ ਵਜੋਂ ਕੁਝ ਮੱਠਾ ਨਹੀਂ ਪੈਂਦਾ ਜਦੋਂ ਉਹ ਕਾਮਰੇਡ (ਤੂੰ) ਨਾਲ ਗੱਲਬਾਤ ਕਰ ਰਿਹਾ ਹੁੰਦਾ ਹੈ। ਪਾਸ਼ ਅੰਦਰਲਾ ਅਥਾਹ ਜੋਸ਼ ਕ੍ਰਾਂਤੀ ਨੂੰੂ ਭਾਵੁਕ ਸਰਲਤਾ ਨਾਲ ਹੀ ਲੈਂਦਾ ਰਿਹਾ। ‘ਸਾਡੇ ਸਮਿਆਂ ਵਿਚ’ ਆ ਕੇ ਉਹ ਕ੍ਰਾਂਤੀ ਪ੍ਰਤੀ ਨਿਰਾਸ਼ਾ ਦਾ ਭਾਵ ਤਾਂ ਪ੍ਰਗਟਾਉਣ ਲੱਗ ਪਿਆ, ਪ੍ਰੰਤੂ ਸੰਜੀਦਗੀ ਦਾ ਬਿਲਕੁਲ ਨਹੀਂ।
ਪਾਸ਼ ਨੇ ਕ੍ਰਾਂਤੀ ਉੱਪਰ ਲੱਗੇ ਹਰ ਤਰ੍ਹਾਂ ਦੇ ਰਾਜਕੀ ਅਤੇ ਕੌਮਾਂਤਰੀ ਪਹਿਰੇ ਨਜ਼ਰਅੰਦਾਜ਼ ਹੀ ਕਰੀ ਰੱਖੇ। ਉਹ ਇਉਂ ਨਿਸ਼ੰਗਤਾ ਨਾਲ ਕਾਰਜਸ਼ੀਲ ਰਿਹਾ ਜਿਵੇਂ ਉਸ ਨੂੰ ਕੋਈ ਦੇਖ ਹੀ ਨਾ ਰਿਹਾ ਹੋਵੇ। ਉਹ ਨਿਸੰਗਤਾ ਦੇ ਨੁਕਤੇ ਤੋਂ ਹੀ ਆਪਣੀ ਵਿਦਰੋਹੀ ਪੀੜ੍ਹੀ ਨੂੰ ਅਗਲੀ ਨਵੀਂ ਪੀੜ੍ਹੀ ਤੋਂ ਵਖਰਿਆਉਂਦਾ ਸੀ। ਗਰਦਿਸ਼ ਦੇ ਦਿਨਾਂ ਵਿਚ ਮੈਂ ਦੋ-ਤਿੰਨ ਦਿਨ ਲਈ ਪਾਸ਼ ਕੋਲ ਜਲੰਧਰ ਉਸਦੇ ਹੋਸਟਲ ਵਿਚ ਠਹਿਰਿਆ। ਪਹਿਲੇ ਦਿਨ ਨਹਾ ਕੇ ਗੁਸਲਖਾਨੇ ਵਿਚੋਂ ਮੈਂ ਪਾਸ਼ ਨੂੰ ਆਵਾਜ਼ ਮਾਰੀ, ”ਭਾਅ ਜੀ, ਜ਼ਰਾ ਤੌਲੀਆ ਫੜਾਇਓ’’, ਉਹ ਆਖਣ ਲੱਗਾ, ”ਤੈਨੂੰ ਇਕ ਸਾਫ਼ਾ ਦਿੱਤਾ ਤਾਂ ਸੀ।’’ ਮੈਂ ਕਿਹਾ, ”ਉਹ ਤਾਂ ਮੈਂ ਬੰਨ੍ਹ ਕੇ (ਤੇੜ) ਨਹਾ ਲਿਆ।’’ ਪਾਸ਼ ਘੁਰਕਿਆ, ”ਉਹ ਤੈਨੂੰ ਪਿੰਡਾ ਪੂੰਝਣ ਨੂੰ ਹੀ ਦਿੱਤਾ ਸੀ, ਬੰਨ੍ਹਕੇ ਨਹਾਉਣ ਦੀ ਕੀ ਲੋੜ ਸੀ, ਐਥੇ ਅੰਦਰ ਤੈਨੂੰ ਕਿਨ ਦੇਖਣਾ ਸੀ… ਇਹੋ ਤਾਂ ਫ਼ਰਕ ਆ ਤੁਹਾਡੀ ਅਤੇ ਸਾਡੀ ਪੀੜ੍ਹੀ ਦਾ…।’’
ਪਾਸ਼ ਦੀ ਨਿਸ਼ੰਗਤਾ ਨਾਲ ਲਿਖੀ ਕਵਿਤਾ ਨੰਗੇ-ਚਿੱਟੇ ਹਥਿਆਰਾਂ ਵਰਗੀ ਹੈ। ਕ੍ਰਾਂਤੀ ਦੇ ਫਲਸਫ਼ੇ ਦੀ ਸਾਣ ’ਤੇ ਲੱਗੀਆਂ ‘ਲੋਹ ਕਥਾ’ ਅਤੇ ‘ਉੱਡਦੇ ਬਾਜ਼ਾਂ ਮਗਰ’ ਵਿਚਲੀਆਂ ਕਵਿਤਾਵਾਂ ਦੀ ਧਾਰ ਬਹੁਤ ਤੇਜ਼ ਹੈ। ਸੰਘਰਸ਼ ਵਿਚ ਹਥਿਆਰ ਦਾ ਵੱਡਾ ਮਹੱਤਵ ਹੁੰਦਾ ਹੈ, ਪ੍ਰੰਤੂ ਹਥਿਆਰ ਪ੍ਰਤੀ ਸੁਚੇਤ ਹੋਣਾ ਪੈਂਦਾ ਹੈ ਜਦੋਂ ਇਸ ਨੇ ਕਿਸੇ ਬੱਚੇ ਜਾਂ ਗਭਰੇਟ ਦੇ ਹੱਥ ਜਾਣਾ ਹੋਵੇ। ਆਪਣੀ ਪ੍ਰਸਿੱਧੀ ਦੇ ਪਹਿਲੇ ਡੰਡੇ ‘ਲੋਹ ਕਥਾ’ ਦੀਆਂ ਕਵਿਤਾਵਾਂ ਦੀ ਕਮਜ਼ੋਰੀ ਤਾਂ ਪਾਸ਼ ਨੇ ਮਹਿਸੂਸ ਵੀ ਕੀਤੀ ਸੀ। ਮੈਨੂੰ ਲਿਖੇ ਇਕ ਪੱਤਰ ਵਿਚ ਉਸ ਨੇ ਇਸ ਦਾ ਜ਼ਿਕਰ ਵੀ ਕੀਤਾ ਸੀ, ‘…. ‘ਲੋਹ ਕਥਾ’ ਦੀ ਮੇਰੇ ਕੋਲ ਇਕਲੌਤੀ ਕਾਪੀ ਹੈ, ਜਦ ਆਇਆ ਲੈ ਆਊਂ। ਪਰ ਉਹ ਤੇਰੇ ਪੜ੍ਹਨ ਲਈ ਕੋਈ ਖ਼ਾਸ ਕਿਤਾਬ ਨਹੀਂ ਹੋਵੇਗੀ, ਕੇਵਲ ਉਹਦੇ ਰਾਹੀਂ ਤੂੰ ਮੇਰਾ ਪ੍ਰਾਸਿਸ ਸਮਝ ਸਕੇਂਗਾ।….’ ਡਾ. ਤੇਜਵੰਤ ਸਿੰਘ ਗਿੱਲ ਨੇ ਵੀ ਆਪਣੀ ਪੁਸਤਕ ‘ਪਾਸ਼ : ਜੀਵਨ ਤੇ ਰਚਨਾ’ ਵਿਚ ਨੋਟ ਕੀਤਾ;
ਆਪਣੀ ਝੰਜੋੜਵੀਂ ਤੀਖਣਤਾ ਦੇ ਬਾਵਜੂਦ ਇਸ ਕਾਵਿ-ਸੰਗ੍ਰਹਿ ਦਾ ਕਾਵਿ-ਪ੍ਰਵਚਨ ਰਾਜਸੀ ਸੰਦਰਭ ਦੇ ਵਿਚ-ਵਿਚਾਲੇ ਵਿਚਰਦੇ ਅਸਤਿਤਵਮਈ ਅਨੁਭਵ ਨਾਲ ਬਾਵਸਤਾ ਰਹਿੰਦਾ ਹੈ। ਕਿਸ਼ੋਰ ਆਯੂ ਤੇ ਅਵਸਥਾ ਵਾਲੇ ਇਸ ਦੇ ਵਕਤਾ ਦੇ ਅਨੁਭਵ ‘ਤੇ ਭਾਵ ਖੇਤਰ ਨੇ ਅਜੇ ਪਰਿਵਾਰਕ, ਭਾਈਚਾਰਕ ਤੇ ਸਭਿਆਚਾਰਕ ਆਕਾਰ ਗ੍ਰਹਿਣ ਕੀਤੇ ਨਹੀਂ ਲਗਦੇ। (ਪੰਨਾ : 46)
ਵਾਸਤਵ ਵਿਚ ਪਰਿਵਾਰਕ, ਭਾਈਚਾਰਕ ਤੇ ਸਭਿਆਚਾਰਕ ਖੇਤਰ ਹੀ ਉਹ ਸੰਦਰਭ ਹਨ, ਜਿਹੜੇ ਕ੍ਰਾਂਤੀ ਦੇ ਰੁਮਾਂਟਿਕ ਸੰਕਲਪ ਤੇ ਯਥਾਰਥਕ ਸੰਕਲਪ ਵਿਚਕਾਰ ਅੰਤਰ ਸਥਾਪਤ ਕਰਦੇ ਹਨ ਅਤੇ ਇਹ ਖੇਤਰ ਮਗਰਲੇ ਅਥਵਾ ਯਥਾਰਥਕ ਸੰਕਲਪ ਨੂੰ ਯੋਗ ਮਹੱਤਵ ਪ੍ਰਦਾਨ ਕਰਦੇ ਹਨ।
ਪਾਸ਼ ਦਾ ਸਿਆਸੀ ਅਤੇ ਸਾਹਿਤਕ ਅਮਲ ਅਨਿਆਂ ਸਹਿਣ ਤੋਂ ਸਾਫ਼ ਇਨਕਾਰ ਕਰਨ ਤੋਂ ਹੁੰਦਾ ਹੈ। ਸਮਾਂ ਪਾ ਕੇ ਇਹ ਅਮਲ ਅਸਹਿਨਸ਼ੀਲਤਾ ਦੀ ਰੁਚੀ ਬਣ ਜਾਂਦਾ ਹੈ। ਅਮਾਨਵੀ ਪ੍ਰਬੰਧ ਪ੍ਰਤੀ ਉਸ ਦੀ ਨਰਾਜ਼ਗੀ ਆਪਣੇ ਸੰਪਰਕ ਵਿਚ ਰਹਿਣ ਵਾਲਿਆਂ ਪ੍ਰਤੀ ਰੋਸਿਆਂ ਵਿਚ ਪ੍ਰਗਟ ਹੋਣ ਲਗਦੀ ਹੈ। ਪ੍ਰੇਮ ਪ੍ਰਕਾਸ਼ ਨੂੰ ਫੀਜ਼ੀਕਲੀ ਕੁੱਟਣਾ ਤਾਂ ਉਸਦਾ ਤਕੀਆ ਕਲਾਮ ਹੀ ਬਣ ਗਿਆ ਸੀ।
ਜਲੰਧਰੋਂ ਛਪਦੇ ਇਕ ਮੈਗਜ਼ੀਨ ਵਿਚ ਉਸ ਨੇ ਸੁਖਚੈਨ ਮਿਸਤਰੀ ਦੀ ਕਾਵਿ-ਪੁਸਤਕ ‘ਮਿੱਟੀ ਦਾ ਮੋਰ’ ਦਾ ਰੀਵਿਊ ਪ੍ਰਕਾਸ਼ਿਤ ਕਰਵਾਇਆ। ਇਸਦੇ ਸਰਵਰਕ ਉੱਪਰ ਲਿਖੀ ਮੇਰੀ ਟਿੱਪਣੀ ਨੂੰ ਉਸ ਨੇ ਫ਼ਜ਼ੂਲ ਕਰਾਰ ਦੇ ਦਿੱਤਾ। ਇਸ ਰੀਵਿਊ ਉੱਪਰ ਇਸੇ ਮੈਗਜ਼ੀਨ ਨੇ ਮੇਰਾ ਪ੍ਰਤੀਕਰਮ ਪ੍ਰਕਾਸ਼ਿਤ ਕੀਤਾ ਤਾਂ ਉਹ ਨਰਾਜ਼ ਹੋ ਗਿਆ ਤੇ ਬੁਲਾਉਣ ’ਤੇ ਹੁੰਗਾਰਾ ਭਰਨੋਂ ਵੀ ਹਟ ਗਿਆ। ਅਸਹਿਨਸ਼ੀਲਤਾ ਕਾਰਨ ਹੀ ਉਹ ਕਿਸੇ ਗੰਭੀਰ ਵਿਚਾਰ ਚਰਚਾ ਵਿਚ ਭਾਗ ਲੈਣੋਂ ਅਕਸਰ ਕਤਰਾਉਂਦਾ ਰਿਹਾ। ਇਸ ਦੀ ਥਾਂ ਉਹ ਦੀਦਾਰ ਸੰਧੂ-ਸਮਸ਼ੇਰ ਸੰਧੂ ਦੀ ਗਾਉਣ-ਵਜਾਉਣ ਦੀ ਦੁਨੀਆ ਨੂੰ ਆਪਣੇ ਲਈ ਵਧੇਰੇ ਸੁੱਖਿਅਤ ਠਾਹਰ ਸਮਝਦਾ ਸੀ। ਆਪਣੇ ਇਕ ਚਰਚਿਤ ਸਮਕਾਲੀ ਸ਼ਾਇਰ ਦਾ ‘ਵਿਸ਼ਵ ਵਿਦਿਆਲੇ’ ਵਿਚ ਨੌਕਰੀ ’ਤੇ ਲੱਗ ਜਾਣਾ ਵੀ ਉਸ ਦੀ ਇਕ ਵਿਅੰਗਾਤਮਿਕ ਸ਼ਿਕਾਇਤ ਸੀ।
ਦਰਅਸਲ, ਪਾਸ਼ ਸਮਾਜ, ਸੱਤਾ, ਸਥਾਪਤੀ, ਸਜ਼ਾ, ਨਿਆਂ ਆਦਿ ਨੂੰ ਇਹਨਾਂ ਦੀ ਸਾਪੇਖਕਤਾ ਅਤੇ ਜਟਿਲਤਾ ਵਿਚ ਦੇਖਣ ਦੇ ਸਮਰੱਥ ਨਹੀਂ ਸੀ ਹੋ ਸਕਿਆ। ਲਹਿਰਾਂ ਅਤੇ ਘਟਨਾਵਾਂ ਦੇ ਸਬੱਬ ਮਿਲੀ ਲੋਕਪ੍ਰਿਅਤਾ ਇਸ ਪੱਖੋਂ ਉਸਦੇ ਰਾਹ ਦਾ ਰੋੜਾ ਬਣੀ ਰਹੀ। ‘ਉੱਡਦੇ ਬਾਜ਼ਾਂ ਮਗਰ’ ਤੱਕ ਉਸ ’ਤੇ ਕ੍ਰਾਂਤੀ ਦਾ ਰੁਮਾਂਸ ਹਾਵੀ ਰਿਹਾ। ‘ਸਾਡੇ ਸਮਿਆਂ ਵਿਚ’ ਕਿਤੇ-ਕਿਤੇ ਇਹ ਸੰਭਾਵਨਾ ਪੈਦਾ ਹੁੰਦੀ ਹੈ ਕਿ ਉਹ ਗਹਿਰ ਗੰਭੀਰ ਹੋਣ ਦੇ ਯਤਨ ਵਿਚ ਹੈ ਅਤੇ ਮਹਿਜ਼ ਬਿਆਨਬਾਜ਼ੀ ਤੋਂ ਉੱਪਰ ਉੱਠ ਸਕਦਾ ਹੈ। ਉਹ ਇਸ ਹਕੀਕਤ ਨੂੰ ਪਛਾਨਣ ਲੱਗਦਾ ਹੈ ਕਿ ਅਸੀਂ ‘ਰੋਟੀ’ ਵਾਂਗ ਪੁਰਾਣੇ (ਬੇਹੇ) ਹੋ ਰਹੇ ਹਾਂ ਅਤੇ ਬੁਰਜੁਵਾਜ਼ੀ ‘ਸ਼ਰਾਬ’ ਵਾਂਗ ਪੁਰਾਣੀ ਹੋ ਰਹੀ ਹੈ। ਨਵੀਆਂ ਚੁਣੌਤੀਆਂ ਨਵੇਂ ਚਿੰਤਨ ਨੂੰ ਜਨਮ ਦਿੰਦੀਆਂ ਹਨ। ਵਿਕਾਸ ਲਈ ਰਾਹ ਪੱਧਰਾ ਹੁੰਦਾ ਹੈ, ਪਰ ਇਸ ਪੜਾਅ ’ਤੇ ਪਾਸ਼ ਉੱਪਰ ਨਿਰਾਸ਼ਾ ਭਾਰੂ ਹੋ ਜਾਂਦੀ ਹੈ। ਲਹਿਰ ਦੇ ਬਿਖ਼ਰਾਵ ਪਿੱਛੋਂ ਉਹ ਇਕੱਲਾ ਭਟਕਦਾ ਜਿਹਾ ਦਿਖਾਈ ਦਿੰਦਾ ਹੈ। ਨਵੀਆਂ ਪ੍ਰਸਥਿਤੀਆਂ ਵਿਚ ਉਸ ਨੇ ਆਪਣੀ ਭਾਵੁਕ ਅਤੇ ਬੌਧਿਕ ਗਤੀਵਿਧੀ ਨੂੰ ਨਵੇਂ ਸਿਰਿਉਂ ਨਵਿਆਈ ਊਰਜਾ ਨਾਲ ਵਿਉਂਤਣ ਲਈ ਹੰਭਲਾ ਵੀ ਨਹੀਂ ਮਾਰਿਆ। ਵਕਤ ਦੀਆਂ ਬੇਰਹਿਮ ਹਵਾਵਾਂ ਨੇ ਉਸ ਦੀ ਕ੍ਰਾਂਤੀ ਅਤੇ ਰੁਮਾਂਸ ਦੇ ਸੁਪਨੇ ਵਰਕਾ-ਵਰਕਾ ਕਰਕੇ ਖਿਲਾਰ ਦਿੱਤੇ। ਅਸੀਂ ਇਹਨਾਂ ਖਿੱਲਰੇ ਹੋਏ ਵਰਕਿਆਂ ਨੂੰ ਵਰਕਾ-ਵਰਕਾ ਕਰਕੇ ਜੋੜਣ ਦੇ ਆਹਰ ਵਿਚ ਹਾਂ।