ਰਿਲੇਅ ਰੇਸ – ਵਿਸ਼ਵਜੋਤੀ ਧੀਰ

Date:

Share post:

ਮੈਂ ਅਪਣੇ ਕਮਰੇ ਵਿੱਚ ਬੈਠੀ ਬਿੱਟ-ਬਿੱਟ ਘਰ ਵਿੱਚ ਆਏ ਭੁਚਾਲ ਨੂੰ ਵੇਖ ਰਹੀ ਸੀ। ਮਾਂ ਨੇ ਬਾਊ ਜੀ ਮੂਹਰੇ ਰੋਟੀ ਰੱਖ ਦਿੱਤੀ। ਬਾਊ ਜੀ ਨੇ ਪਲੇਟ ਪਰ੍ਹਾਂ ਚਲਾ ਕੇ ਮਾਰੀ, ”ਓਏ…ਭੈਣ… ਚੋ…. ਤੈਨੂੰ ਰੋਟੀ ਲਿਆਉਣ ਨੂੰ ਕੀਹਨੇ ਕਿਹੈ?’’ ”ਤੁਸੀਂ ਰੋਟੀ ਤਾਂ ਖਾ ਲਵੋ… ਸਵੇਰ ਦਾ ਕੁਝ ਵੀ ਨਹੀਂ ਖਾਧਾ’’ ਮਾਂ ਫੇਰ ਵਾਸਤਾ ਪਾਉਣ ਲੱਗ ਪਈ। ਬਾਊ ਜੀ ਨੇ ਮਾਂ ਦੇ ਮੂੰਹ ’ਤੇ ਚਪੇੜ ਕੱਢ ਮਾਰੀ। ਲੱਕੀ ਨੇ ਆ ਕੇ ਨਸ਼ੇ ਵਿੱਚ ਧੁੱਤ ਬਾਊ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ”ਬਾਊ ਜੀ, ਚੱਲੋ… ਚੱਲ ਕੇ ਅੰਦਰ ਪਵੋ।’’ ”ਓਏ ਕੁੱØਤਿਆ..! ਓਏ ਹੁਣ ਇਹ ਬਨੇਰਿਆਂ ’ਤੇ ਲਾਟੂ ਕਾਹਦੇ ਵਾਸਤੇ ਲਟਕਾਏ ਨੇ… ਸਾਲਿਆ! ਲਾਹ ਇਹਨਾਂ ਨੂੰ… ਮੈਂ ਕਹਿਨਾਂ ਲਾਹ ਸੁੱਟ ਇਹਨਾਂ ਨੂੰ! ਓਏ ਭੈਣ… ਚੋ…. ਹੁਣ ਏਸ ਘਰੇ ਕੀਹਨੇ ਢੁੱਕਣੈਂ? ਦੱਸੋ ਮੈਨੂੰ ?… ਕੀਹਨੇ ਢੁੱਕਣੈਂ, ਏਸ ਘਰੇ ?’’ ਧੜੱਮ ਕਰਕੇ ਬਾਊ ਜੀ ਫੇਰ ਕੁਰਸੀ ’ਤੇ ਡਿੱਗ ਪਏ।
ਹਰ ਪਾਸੇ ਗਾਲ੍ਹਾਂ ਤੇ ਰੋਣ ਦੀਆਂ ਅਵਾਜ਼ਾਂ… ਮਿੰਟੋਂ ਮਿੰਟੀਂ ਬਨੇਰਿਆਂ ਤੇ ਰੁੱਖਾਂ ਤੋਂ ਧਰੂਹ ਕੇ ਰੋਸ਼ਨੀ ਗੁੱਲ ਕਰ ਦਿੱਤੀ। ਸਾਰੀ ਰੌਣਕ ਕਿਧਰੇ ਗੁਆਚ ਗਈ। ਘਰ ਵਿੱਚ ਮਸਾਨਾਂ ਵਰਗੀ ਚੁੱਪ ਵਰਤ ਗਈ। ਰਿਸ਼ਤੇਦਾਰ ਮਹਿਜ਼ ਤਮਾਸ਼ਬੀਨ ਲੱਗ ਰਹੇ ਸੀ ਤੇ ਮੈਂ ਥਰ-ਥਰ ਕੰਬ ਰਹੀ ਸੀ… ਸਹਿਮੀ ਜਿਹੀ… ਸਾਹ ਕੱਢਣ ਤੋਂ ਵੀ ਡਰਦੀ। ਅੱਜ ਮੇਰਾ ਵਜੂਦ ਜਿਵੇਂ ਅਰਥਹੀਣ ਹੋ ਗਿਆ… ਕਚਰੇ ਦੇ ਢੇਰ ਵਾਂਗ। ਮੇਰੇ ਅੰਦਰ ਖਾਹਿਸ਼ ਹੋਈ…ਅੱਜ ਇਹ ਜ਼ਮੀਨ ਫਟ ਜਾਵੇ… ਮੈਨੂੰ ਨਿਗਲ ਜਾਵੇ। ਸੋਚਦੀ ਸੀ, ਮਾਂ ਆਵੇਗੀ…। ਨਮਰ ਆਵੇਗੀ…। ਮੈਨੂੰ ਗਲ ਨਾਲ ਲਾਉਣਗੇ…। ਮੈਂ ਰੱਜ ਕੇ ਰੋਉਂਗੀ…, ਭੁਬਾਂ ਮਾਰ-ਮਾਰ ਕੇ ਰੋਉਂਗੀ ਪਰ ਸਾਰੇ ਮੇਰੇ ਵੱਲ ਨਫ਼ਰਤ ਨਾਲ ਤੱਕਦੇ… ਜਿਵੇਂ ਮੈਨੂੰ ਕੋਹੜ ਹੋਇਆ ਹੋਵੇ।
-੦-੦-੦-
ਟੈਲੀਫੋਨ ਦੀ ਰਿੰਗ ਵੱਜ ਰਹੀ ਸੀ। ਕੋਈ ਨਹੀਂ ਚੁੱਕ ਰਿਹੈ। ਰਿੰਗ ਤੇ ਰਿੰਗ ਵੱਜਦੀ ਰਹੀ… ਜਿਵੇਂ ਸੋਗੀ ਜਿਹੀ ਰਾਤ ਵਿੱਚ ਕੋਈ ਸੁੰਝ ਪਾੜਵੀਂ ਚੀਖ ਮਾਰਦਾ ਹੋਵੇ। ਮੈਥੋਂ ਬਰਦਾਸ਼ਤ ਨਹੀਂ ਹੋ ਰਹੀ। ਮੈਂ ਲੱਤਾਂ ਘੜੀਸਦੀ ਲੌਬੀ ਵਿੱਚ ਆ ਗਈ। ਫੋਨ ਚੁੱਕਿਆ, ”ਹੈਲੋ’’! ”ਹੈਲੋ ਕੋਮਲ।’’ ਅੱਗੋਂ ਚੇਤਨਾ ਦੀ ਛਣਕਦੀ ਆਵਾਜ਼ ਸੁਣਾਈ ਦਿੱਤੀ, ”ਕੋਮਲ, ਤੈਨੂੰ ਬਹੁਤ-ਬਹੁਤ ਮੁਬਾਰਕਾਂ!… ਮੈਨੂੰ ਕਾਰਡ ਪਹੁੰਚ ਗਿਆ… ਪਰ ਵੈਰੀ ਸੌਰੀ ਯਾਰ… ਮੇਰਾ ਕੰਪਨੀ ਵੱਲੋਂ ਮਦਰਾਸ ਦਾ ਟੂਰ ਹੈ… ਜ਼ਰੂਰੀ ਮੀਟਿੰਗ ਲਈ ਜਾਣਾ ਪਵੇਗਾ। ਮੈਂ ਦਿੱਲੀ ਵਾਪਿਸ ਘਰ ਆ ਕੇ ਤੁਹਾਨੂੰ ਦੋਹਾਂ ਨੂੰ ਇਨਵਾਈਟ ਕਰਾਂਗੀ। ਅੱਛਾ ਦੱਸ। ਉਹ ਕਿਹੋ ਜਿਹਾ ਐ?… ਕੀ ਕਰਦੈ ?… ਤੂੰ ਤਾਂ ਅਪਣੇ ਸ਼ਹਿਰ ਵਿੱਚ ਹੀ ਲੱਭ ਲਿਆ… ਲਵ ਮੈਰਿਜ ਹੈ ਕਿ ਅਰੇਂਜਡ ?’’ ਮੇਰੇ ਚਿਹਰੇ ’ਤੇ ਤਰੇਲੀ ਆ ਗਈ। ਲੱਤਾਂ ਕੰਬ ਰਹੀਆਂ ਸਨ। ”ਚੇਤਨਾ, ਜਦੋਂ ਮਿਲਾਂਗੇ… ਫੇਰ ਸਾਰੀ ਗੱਲ ਦੱਸਾਂਗੀ।’’ ”ਨਹੀਂ ਹੁਣੇ ਦੱਸ… ਮੈਨੂੰ ਬਹੁਤ ਕਰੀਓਸਟੀ ਐ।’’ ‘ਦਰਅਸਲ ਚੇਤਨਾ ਘਰ ਬਹੁਤ ਗੈਸਟ ਆਏ ਹੋਏ ਨੇ…ਸ਼ੋਰ ਬਹੁਤ ਹੈ… ਤੇਰੀ ਅਵਾਜ਼ ਵੀ ਠੀਕ ਨਹੀਂ ਸੁਣ ਰਹੀ… ਮੈਂ ਤੈਨੂੰ ਆਪ ਹੀ ਫੋਨ ਕਰਾਂਗੀ… ਓ ਕੇ।’’ ਮੈਂ ਝੱਟ ਦੇਣੇ ਹੱਥØੋਂ ਫੋਨ ਪਟਕ ਦਿੱਤਾ, ਜਿਵੇਂ ਕਰੰਟ ਲੱਗ ਗਿਆ ਹੋਵੇ… ਮੈਨੂੰ ਅੰਦਰ ਤਾਂਈ ਕਈ ਝਟਕੇ ਲੱਗੇ।
”ਕੀਹਦਾ ਫੋਨ ਸੀ?’’ ਨਮਰ ਦੀਦੀ ਨੇ ਮੇਰੇ ਵੱਲ ਘੂਰ ਕੇ ਪੁੱਛਿਆ। ਮੈਂ ਪਿੱਠ ਭੁਆ ਕੇ ਕਿਹਾ, ”ਚੇਤਨਾ ਦਾ’’। ਨਮਰ ਜਾਣਦੀ ਸੀ, ਮੈਂ ਤੇ ਚੇਤਨਾ ਨੇ ਬੀ.ਟੈੱਕ ਇਕੱਠਿਆਂ ਕੀਤੀ ਸੀ। ਚੇਤਨਾ ਨੇ ਅਗਾਂਹ ਦਿੱਲੀ ਤੋਂ ਐਮ.ਬੀ.ਏ. ਕਰ ਲਈ। ਦਿੱਲੀ ਹੀ ਸੈਟਲ ਹੋ ਗਈ। ਅੱਜਕਲ੍ਹ ਉਹ ਮਲਟੀਨੈਸ਼ਨਲ ਕੰਪਨੀ ਵਿੱਚ ਕੋਰਪੋਰੇਟ ਮੈਨੇਜਰ ਸੀ… ਤੇ ਮੈਂ… ਮੈਂ ਤਾਂ ਘਰ ਤੱਕ ਹੀ ਸੀਮਤ ਰਹਿ ਗਈ। ਨਮਰ ਦੀਦੀ ਦੇ ਵਿਆਹ ਪਿੱਛੋਂ ਹੀ ਘਰ ਦੇ ਮੇਰੇ ਲਈ ਚੰਗੇ ਖਾਨਦਾਨੀ ਵਰ ਦੀ ਤਲਾਸ਼ ਕਰਨ ਲੱਗ ਪਏ। ਅਗਾਂਹ ਪੜ੍ਹਣਾ ਚਾਹੁੰਦੀ ਸੀ… ਪਰ ਨਹੀਂ… ਸ਼ਹਿਰੋਂ ਬਾਹਰ ਅਸੀਂ ਭੇਜ ਨਹੀਂ ਸਕਦੇ। ਬੀ.ਟੈੱਕ ਦੀ ਐਡਮਿਸ਼ਨ ਵੇਲੇ ਵੀ ਇਹੋ ਸ਼ਰਤ ਸੀ। ਜੇ ਸੀਟ ਲੋਕਲ ਕਾਲਜ ਵਿੱਚ ਮਿਲ ਗਈ ਤਾਂ ਠੀਕ ਹੈ… ਪਰ ਅਸੀਂ ਬਾਹਰ ਨਹੀਂ ਭੇਜਣਾ। ਮੇਰੇ ਚੰਗੇ ਕਰਮ ਸੀ ਜੋ ਲੋਕਲ ਇੰਜੀਨੀਰਿੰਗ ਕਾਲਜ ਵਿੱਚ ਐਡਮਿਸ਼ਨ ਮਿਲ ਗਈ… ਨਹੀਂ ਤਾਂ ਨਮਰ ਵਾਂਗ ਮੈਨੂੰ ਵੀ ਛੇਤੀ ਵਿਆਹ ਕੇ ਤੋਰ ਦਿੰਦੇ।
ਵੱਡੀ ਭੂਆ ਦੀ ਅਵਾਜ਼ ਮੈਨੂੰ ਸੁਣ ਰਹੀ ਸੀ। ”ਬੀਰ। ਤੂੰ ਰੋਟੀ ਖਾ ਲੈ… ਦੱਸ ਕਿੰਨੇ ਕੁ ਦਿਨ ਨਾ ਖਾਏਂਗਾ ? ਹੁਣ ਜੋ ਹੋਣਾ ਸੀ, ਉਹ ਤਾਂ ਹੋ ਗਿਐ।’’ ਬਾਊ ਜੀ ਫੇਰ ਗਾਲ੍ਹਾਂ ਕੱਢਣ ਲੱਗ ਪਏ। ਲੱਡੂਆਂ ਵਾਲਾ ਟੋਕਰਾ ਚੁਕ ਕੇ ਲੌਬੀ ਵਿੱਚ ਉਲਟ ਦਿੱਤਾ। ਲੱਕੀ ਤੇ ਮਾਂ ਲੱਡੂ ਇਕੱਠੇ ਕਰ-ਕਰ ਕੇ ਟੋਕਰੇ ਵਿੱਚ ਪਾ ਰਹੇ ਸਨ। ਮੈਂ ਅਪਣੇ ਕਮਰੇ ਵਿੱਚ ਖਿਲ੍ਹਰੇ ਕੱਪੜੇ ਸਮੇਟ ਰਹੀ ਸੀ। ਸ਼ਗਨਾਂ ਵਾਲੀ ਲਾਲ ਚੁੰਨੀ ਹੱਥ ਆ ਗਈ… ਉਸਤੇ ਜੜ੍ਹੇ ਸਿਤਾਰੇ ਹੁਣ ਮੇਰੀਆਂ ਅੱਖਾਂ ਨੂੰ ਚੁਭਦੇ ਸਨ… ਇਹ ਸਿਤਾਰੇ… ਮੈਂ ਅਪਣੇ ਹੱਥੀਂ ਲਾਏ… ਸ਼ਾਇਦ ਮੇਰੇ ਹਿੱਸੇ ਵਿੱਚ ਨਹੀਂ ਸਨ। ਮੇਰੇ ਤਾਂ ਹਿੱØਸੇ ਦੇ ਸੁਫ਼ਨੇ ਵੀ ਹੰਝੂਆਂ ਨਾਲ ਹੌਲੀ-ਹੌਲੀ ਤਿਲਕ ਕੇ ਕਿਧਰੇ ਗੁਆਚ ਗਏ। ਮੈਂ ਤਾਂ ਜਿਵੇਂ ਅਪਣੇ ਆਪ ਤੋਂ ਵਿਛੜ ਗਈ।
ਮੈਂ ਲੱਕੀ ਨੂੰ ਅਵਾਜ਼ ਦਿੱਤੀ। ”ਵੀਰੇ ਮੈਨੂੰ ਕੋਈ ਨੀਂਦ ਦੀ ਗੋਲੀ ਦੇ ਦੇ’’। ਉਸਨੇ ਗੋਲੀਆਂ ਦਾ ਪੂਰਾ ਪੱਤਾ ਹੀ ਮੇਰੇ ਵੱਲ ਵਗਾਹ ਮਾਰਿਆ। ਮੈਂ ਇਕੱਠੀਆਂ ਹੀ ਦੋ ਗੋਲੀਆਂ ਫੱਕ ਲਈਆਂ। ਮੇਰਾ ਨਾੜੀ ਤੰਤਰ ਸੁਸਤ ਹੁੰਦਾ ਜਾ ਰਿਹਾ ਸੀ…ਨੀਮ ਬੇਹੋਸ਼ੀ ਛਾ ਗਈ… ਕਿਸੇ ਹਨ੍ਹੇਰੇ ਵਿੱਚ ਗੁਆਚਦੀ ਜਾ ਰਹੀ ਸੀ। ਇੱਕ ਅਵਾਜ਼ ਹਾਲੇ ਵੀ ਮੇਰਾ ਪਿੱਛਾ ਨਹੀਂ ਸੀ ਛੱਡ ਰਹੀ… ਗੂੰਜ ਰਹੀ ਸੀ ਮੇਰੇ ਆਲੇ ਦੁਆਲੇ… ਹੁਣ ਕੀਹਨੇਂ ਢੁੱਕਣੈ ਏਸ ਘਰੇ ?… ਹੁਣ ਕੀਹਨੇ… ? ਮੈਨੂੰ ਜਿਵੇਂ ਚਿਖਾ ਤੇ ਰੱਖ ਦਿੱਤਾ ਹੋਵੇ… ਮੱਚ ਰਹੀ ਸੀ ਮੈਂ। ਜਿਹੜਾ ਨੇੜੇ ਆਉਂਦਾ, ਹੋਰ ਲੱਕੜਾਂ ਧਰ ਜਾਂਦਾ… ਕਿਧਰੇ ਮੈਂ ਅੱਧ ਮੱਚੀ ਨਾ ਰਹਿ ਜਾਵਾਂ। ਲਲਿਤਾ ਭਾਬੀ ਕੋਲ ਖੜ੍ਹੀ ਗਰੂਰ ਨਾਲ ਮੁਸਕਰਾ ਰਹੀ ਸੀ। ਦਕਸ਼ ਉੱਚੀ-ਉੱਚੀ ਹੱਸਦਾ ਹੋਇਆ…ਮੈਨੂੰ ਚੰਡਾਲ ਲੱਗ ਰਿਹਾ ਸੀ। ਏਸੇ ਤਰ੍ਹਾਂ ਹੀ ਹੱਸਿਆ ਸੀ, ਓਸ ਦਿਨ, ਜਿਸ ਦਿਨ ਲਲਿਤਾ ਭਾਬੀ ਦਾ ਫੋਨ ਆਇਆ, ”ਕੋਮਲ ਬਜ਼ਾਰ ਆ ਜਾ… ਵਰੀ ਖਰੀਦਣੀ ਐ… ਤੇਰੀ ਤੇ ਦਕਸ਼ ਦੀ ਪਸੰਦ ਦੀ ਸ਼ਾਪਿੰਗ ਹੋ ਜਾਵੇ ਤਾਂ ਚੰਗੈ।’’ ਅੱਜ ਮੈਂ ਦਕਸ਼ ਨੂੰ ਮਿਲਾਂਗੀ। ਇਹੀ ਸੋਚ ਕੇ ਅੰਦਰੋਂ-ਅੰਦਰੀਂ ਕਿਸੇ ਅਵੱਲੇ ਅਹਿਸਾਸ ਨੂੰ ਮਹਿਸੂਸ ਕਰ ਰਹੀ ਸੀ। ਵਾਰ-ਵਾਰ ਘੜੀ ਦੀਆਂ ਸੂਈਆਂ ਵੇਂਹਦੀ। ਸ਼ੀਸ਼ੇ ਮੂਹਰੇ ਕਈ ਵਾਰ ਅਪਣੇ ਆਪ ਨੂੰ ਤੱØਕਿਆ… ਉਸ ਨਾਲ ਮੁਲਾਕਾਤ ਬਾਰੇ ਸੋਚ ਕੇ ਸੱਚਮੁੱਚ ਮੈਂ ਗੁਲਜ਼ਾਰ ਹੋ ਰਹੀ ਸੀ।
-੦-੦-੦-
ਮੇਰੇ ਸਾਹਮਣੇ ਰੰਗ ਬਿਰੰਗੀਆਂ ਸਾੜੀਆਂ ਤੇ ਸੂਟ ਖਿਲ੍ਹਰੇ ਪਏ ਸਨ। ਲਲਿਤਾ ਭਾਬੀ ਮੇਰੇ ਤੇ ਦਕਸ਼ ਵਿਚਾਲੇ ਬੈਠੀ ਹੋਈ। ਮੈਂ ਚੋਰ ਅੱਖ ਨਾਲ ਦਕਸ਼ ਨੂੰ ਵੇਖ ਲੈਂਦੀ। ਉਹ ਹਰ ਰੰਗ ਵੇਖਦਾ ਤੇ ਲਲਿਤਾ ਭਾਬੀ ਨੂੰ ਪੁੱਛਦਾ, ”ਭਾਬੀ ਜਾਨ ਇਹ ਸਾੜੀ ਕਿਹੋ ਜਿਹੀ ਹੈ ?’’ ”ਬਹੁਤ ਸੋਹਣੀ! ਪਰ ਦਕਸ਼, ਰੰਗ ਜ਼ਿਆਦਾ ਡਾਰਕ ਐ…ਕੋਮਲ ਨੂੰ ਸੂਟ ਨਹੀਂ ਕਰੇਗਾ।’’ ”ਭਾਬੀ ਜਾਨ, ਤੁਹਾਨੂੰ ਤੇ ਕਰੇਗਾ ?…ਮੇਰੀ ਖੁੰਭ ਵਰਗੀ ਭਾਬੀ… ਤੇ ਉਸਦੇ ਇਹ ਸਾੜੀ ਪਾਈ ਹੋਵੇ… ਅੋਹੋ! ਕਿਆਮਤ ਲੱਗੇਂਗੀ ਭਾਬੀ, ਕਿਆਮਤ!’’ ਲਲਿਤਾ ਨੇ ਦਕਸ਼ ਦੇ ਲਾਡ ਨਾਲ ਮੁੱਕਾ ਮਾਰਿਆ। ”ਵੇਖ ਲੈ ਕੋਮਲ… ਮੇਰਾ ਲਾਡਲਾ ਦਿਓਰ… ਬਹੁਤ ਸ਼ਰਾਰਤੀ ਐ।’’ ਦਕਸ਼ ਨੇ ਭਾਬੀ ਵਾਸਤੇ ਸਾੜੀ ਪੈਕ ਕਰਵਾ ਕੇ ਪਾਸੇ ਰਖਵਾ ਦਿੱਤੀ। ਮੈਂ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਕਦੇ ਅਪਣੇ ਆਪ ਨੂੰ ਤੱਕਦੀ, ਕਦੇ ਲਲਿਤਾ ਭਾਬੀ ਨੂੰ। ਸੱਚਮੁੱਚ ਉਹ ਬਹੁਤ ਗੋਰੀ ਸੀ… ਤੇ ਮੈਂ ਸ਼ਾਇਦ ਉਸਦੇ ਜਿੰਨੀ ਖੂਬਸੂਰਤ ਨਹੀਂ। ਅੰਦਰੋਂ ਕਮਤਰੀ ਦਾ ਅਹਿਸਾਸ ਹੋ ਰਿਹਾ ਸੀ। ”ਕੋਮਲ ਤੂੰ ਸੋਬਰ ਜਿਹੇ ਕਲਰ ਪਸੰਦ ਕਰ ਲੈ।’’ ਭਾਬੀ ਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਮੈਨੂੰ ਹਲੂਣ ਦਿੱਤਾ। ”ਭਾਬੀ ਜੋ ਤੁਸੀਂ ਪਸੰਦ ਕਰੋਗੇ ਠੀਕ ਹੈ।’’ ”ਲੈ ਇਹ ਕੀ ਗੱਲ ਹੋਈ ? ਹਰ ਇੱਕ ਦੀ ਅਪਣੀ ਅਪਣੀ ਪਸੰਦ ਹੁੰਦੀ ਹੈ… ਅੱਜਕਲ੍ਹ ਕੀ ਫੈਸ਼ਨ ਚੱਲ ਰਿਹੈ, ਤੇਰੇ ਵਰਗੀਆਂ ਕੁੜੀਆਂ ਨੂੰ ਜ਼ਿਆਦਾ ਪਤੈ।’’ ”ਕਦੇ ਬਾਪੂ ਨੇ ਘਰੋਂ ਬਾਹਰ ਕੱਢੀ ਹੋਵੇ ਤਾਂ ਹੀ ਪਤਾ ਹੋਵੇ।’’ ਦਕਸ਼ ਕਹਿ ਕੇ ਹੱਸ ਪਿਆ। ਮੈਨੂੰ ਉਸਦੀ ਗੱਲ ਕਰਨ ਦਾ ਅੰਦਾਜ਼ ਬਿਲਕੁਲ ਪਸੰਦ ਨਹੀਂ ਆਇਆ, ਪਰ ਉਹ ਠੀਕ ਹੀ ਕਹਿੰਦਾ ਸੀ। ਪੰਜ ਸਾਲ ਏਸੇ ਸ਼ਹਿਰ ਵਿੱਚ ਡਿਗਰੀ ਕਰਦੀ ਰਹੀ। ਬਾਊ ਜੀ ਨੇ ਰਿਕਸ਼ਾ ਲਵਾ ਦਿੱਤਾ ਸੀ। ਘਰ ਤੋਂ ਕਾਲਜ ਤੇ ਕਾਲਜ ਤੋਂ ਘਰ। ਇਕੱਲੀ ਬਜ਼ਾਰ ਜਾਣਾ… ਸਹੇਲੀਆਂ ਨਾਲ ਘੁੰਮਣਾ ਫਿਰਨਾ, ਇਹਨਾਂ ਗੱਲਾਂ ਦੀ ਸਾਨੂੰ ਇਜਾਜ਼ਤ ਨਹੀਂ ਸੀ। ਜਦੋਂ ਕਿਧਰੇ ਜਾਣਾ ਤਾਂ ਮਾਂ ਤੇ ਨਮਰ ਦੀਦੀ ਨਾਲ।
”ਤੁਸੀਂ ਬੈਠੋ… ਮੈਂ ਹੁਣੇ ਆਇਆ।’’ ਕਹਿ ਕੇ ਦਕਸ਼ ਚਲਾ ਗਿਆ। ਭਾਬੀ ਨੇ ਕਈ ਸੂਟ ਸਾੜੀਆਂ ਪੈਕ ਕਰਵਾ ਲਈਆਂ। ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ। ਦਕਸ਼ ਹਾਲੇ ਵੀ ਨਹੀਂ ਆਇਆ। ਭਾਬੀ ਨੇ ਫੋਨ ਕੀਤਾ, ”ਹਾਲੇ ਤੇਰੇ ਪੰਜ ਮਿੰਟ ਨਹੀਂ ਹੋਏ ?… ਸਾਨੂੰ ਬਹੁਤ ਭੁੱਖ ਲੱਗੀ ਹੈ…ਤੂੰ ਇੰਝ ਕਰ ਫਟਾਫਟ ਸਾਹਮਣੇ ਰੈਸਟੋਰੈਂਟ ਵਿੱਚ ਆ ਜਾ।’’
ਦਕਸ਼ ਆ ਗਿਆ। ਆਉਂਦਾ ਹੀ ਕੁਰਸੀ ਵਿੱਚ ਵੱਜਿਆ। ਮੈਂ ਉੱਠ ਕੇ ਕੁਰਸੀ ਸਿੱਧੀ ਕੀਤੀ। ਮੈਂ ਪੁੱਛ ਬੈਠੀ, ”ਤੁਸੀਂ ਡਰਿੰਕ ਕਰਕੇ ਆਏ ਓ ?’’ ਉਸਨੇ ਮੂੰਹ ਖੋਹਲ ਕੇ ਮੇਰੇ ਵੱਲ ਸਾਹ ਛੱØਡਿਆ। ”ਬਿਲਕੁਲ ਵੀ ਨਹੀਂ।’’ ਪਰ ਉਹ ਡੋਲ ਰਿਹਾ ਸੀ। ਸਹਿਜ ਨਹੀਂ ਸੀ। ਮੈਂ ਪਰੇਸ਼ਾਨ ਹੋ ਗਈ। ਲਲਿਤਾ ਭਾਬੀ ਫਟਾਫਟ ਬੋਲੀ ”ਕੋਮਲ ਜੇ ਡਰਿੰਕ ਵੀ ਕੀਤੀ ਹੋਵੇ, ਤਾਂ ਕੀ ਹੋਇਆ… ਮੁੰਡੇ ਦਾ ਵਿਆਹ ਐ…ਥੋੜ੍ਹਾ ਫੱਨ-ਸ਼ੱਨ ਤਾਂ ਚਲਦਾ ਈ ਐ। ਦੱਸ ਤੂੰ ਕੀ ਖਾਣੈਂ ?’’ ਮੈਂ ਚੁੱਪ ਸੀ। ”ਤੂੰ ਝਿਜਕ ਕਿਉਂ ਰਹੀ ਏਂ…ਕਾਨਫੀਡੈਂਸ ਨਾਲ ਗੱਲ ਕਰ।’’ ”ਨਹੀਂ ਭਾਬੀ ਜੀ…ਮੈਂ ਸੋਚ ਰਹੀ ਸੀ, ਕਾਫ਼ੀ ਦੇਰ ਹੋ ਗਈ। ਹਾਲੇ ਤੱਕ ਤਾਂ ਕੌਫ਼ੀ ਵੀ ਨਹੀਂ ਆਈ।’’ ”ਮੈਂ ਪਤਾ ਕਰਕੇ ਆਉਨਾਂ।’’ ਉਹ ਉੱਠਕੇ ਕਾਊਂਟਰ ਵੱਲ ਚਲਾ ਗਿਆ। ਲੜਖੜਾਉਂਦਾ ਹੋਇਆ। ਕਦੀ ਕਿਸੇ ਮੇਜ਼ ਵਿੱਚ ਵੱਜਦਾ ਤੇ ਕਦੇ ਕਿਸੇ ਕੁਰਸੀ ਵਿੱਚ। ਉਦੋਂ ਹੀ ਪਤਾ ਲੱØਗਿਆ ਜਦੋਂ ਕਾਊਂਟਰ ਦੁਆਲੇ ਭੀੜ ਇਕੱਠੀ ਹੋ ਗਈ। ਦਕਸ਼ ਬੁਰੀ ਤਰ੍ਹਾਂ ਗਾਲ੍ਹਾਂ ਕੱਢ ਰਿਹਾ ਸੀ। ਭਾਬੀ ਉਸਨੂੰ ਭੀੜ ਵਿੱਚੋਂ ਧਰੂਹ ਲਿਆਈ। ਉਸਦੇ ਹੱਥ ਕੰਬ ਰਹੇ ਸਨ। ਚਿਹਰਾ ਲਾਲ… ਅੱਖਾਂ ਚੜ੍ਹੀਆਂ ਹੋਈਆਂ। ਲਲਿਤਾ ਭਾਬੀ ਨੇ ਕਾਰ ਦੀ ਚਾਬੀ ਉਸਦੇ ਹੱਥੋਂ ਫੜ ਲਈ। ਉਸਨੂੰ ਸੀਟ ਤੇ ਬਿਠਾਇਆ। ਭਾਬੀ ਆਪ ਹੀ ਕਾਰ ਡਰਾਈਵ ਕਰਨ ਲੱਗ ਪਈ ਤੇ ਉਹ ਇੱਕ ਪਾਸੇ ਗਰਦਨ ਟੇਢੀ ਕਰੀ ਹਾਲੇ ਵੀ ਗਾਲ੍ਹਾਂ ਕੱਢ ਰਿਹਾ ਸੀ। ਮੈਨੂੰ ਘਰ ਦੇ ਮੋੜ ’ਤੇ ਹੀ ਉਤਾਰ ਕੇ ਉਹ ਚਲੇ ਗਏ। ਸਭ ਦਾ ਮੂੜ ਅਪਸੈੱਟ ਹੋ ਗਿਆ। ਮੈਂ ਅਜੀਬ ਉਲਝਣ ਵਿੱਚ ਸੀ। ਦਕਸ਼ ਦਾ ਏਨਾ ਓਪਰਾ ਵਿਹਾਰ। ਮੈਂ ਅੰਦਰ ਤਾਂਈ ਟੁੱਟ ਗਈ। ਮੈਂ ਉਸਦੇ ਕਿੰਨੇ ਕਰੀਬ ਬੈਠੀ ਰਹੀ ਪਰ ਉਸ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ।
-੦-੦-੦-
”ਦੀਦੀ, ਦਕਸ਼ ਦੇ ਕੱਪੜੇ ਖਰੀਦਣੇ ਨੇ… ਕਿਉਂ ਨਾ ਆਪਾਂ ਵੀ ਦਕਸ਼ ਨੂੰ ਮਾਰਕਿਟ ਬੁਲਾ ਲਈਏ। ਆਪੇ ਅਪਣੀ ਪਸੰਦ ਨਾਲ ਸ਼ਾਪਿੰਗ ਕਰ ਲਵੇਗਾ।’’ ਦੀਦੀ ਹੱਸ ਪਈ। ”ਠੀਕ ਹੈ…ਤੂੰ ਫੋਨ ਕਰ।’’ ਮੈਂ ਫੋਨ ਕੀਤਾ, ”ਦਕਸ਼ ਤੁਸੀਂ ਬਜ਼ਾਰ ਆ ਸਕਦੇ ਓ ? ਤੁਹਾਡੇ ਕੱਪੜੇ ਖਰੀਦਣੇ ਨੇ…ਮੈਂ ਚਾਹੁੰਦੀ ਹਾਂ ਆਪਾਂ ਦੋਹੇ…ਸਿਰਫ਼ ਦੋਹੇਂ ਤੁਹਾਡੀ ਸ਼ਾਪਿੰਗ ਕਰੀਏ…ਥੋੜ੍ਹੀ ਦੇਰ ਇਕੱਲੇ ਬੈਠਾਂਗੇ…ਅਪਣੀਆਂ ਗੱਲਾਂ ਕਰਾਂਗੇ।’’
”ਹੁਣ ਤਾਂ ਮੈਂ ਦੋਸਤਾਂ ਨਾਲ ਬਾਹਰ ਬੈਠਾ ਹਾਂ। ਚਾਰ ਕੁ ਵਜੇ ਪਹੁੰਚ ਜਾਵਾਂਗਾ।’’ ਅੱਜ ਮੈਂ ਖੁਸ਼ ਸੀ। ਦੀਦੀ ਨੂੰ ਕਿਹਾ ਸੀ, ”ਕੁਝ ਦੇਰ ਸਾਨੂੰ ਦੋਹਾਂ ਨੂੰ ਇਕੱਲੇ ਛੱਡ ਦੇਣਾ।
-੦-੦-੦-
ਨਮਰ ਤੇ ਮੈਂ ਸ਼ੋਅ-ਰੂਮ ਦੇ ਅੰਦਰ ਖੜ੍ਹੇ ਇੰਤਜ਼ਾਰ ਕਰ ਰਹੇ ਸੀ। ਉਹ ਮੋਟਰ ਸਾਇਕਲ ’ਤੇ ਆ ਗਿਆ। ਲਲਿਤਾ ਭਾਬੀ ਵੀ ਪਿੱਛੇ ਬੈਠੀ ਹੋਈ। ਪਤਾ ਨਹੀਂ ਕਿਉਂ ਮੇਰੇ ਦਿਮਾਗ ’ਤੇ ਬੋਝ ਪੈ ਗਿਆ। ਬੁੱਲ੍ਹਾਂ ’ਤੇ ਚੁੱਪ ਚੜ੍ਹ ਗਈ। ਮੈਂ ਦਕਸ਼ ਵੱਲ ਵੇਖਿਆ…ਉਹ ਨੀਂਦਰੇ ਵਿੱਚ ਲੱØਗਿਆ…ਚੰਗੀ ਤਰ੍ਹਾਂ ਵਾਲ ਵੀ ਨਹੀਂ ਵਾਹੇ ਹੋਏ…ਅੱਖਾਂ ਲਾਲ ਸੁਰਖ। ”ਤੁਹਾਡੀ ਤਬੀਅਤ ਤਾਂ ਠੀਕ ਐ ?’’ ਮੈਂ ਨੇੜੇ ਹੋ ਕੇ ਪੁੱØØਛਿਆ। ”ਮੈਨੂੰ ਕੀ ਹੋਇਐ ?’’ ਉਸਦੇ ਜਵਾਬ ਵਿੱਚ ਰੁੱਖਾਪਣ ਸੀ। ”ਸਵੇਰ ਦਾ ਸੁੱਤਾ ਪਿਐ, ਮਸਾਂ ਉਠਾ ਕੇ ਲਿਆਈਂ ਹਾਂ।’’ ਭਾਬੀ ਨੇ ਲੜਖੜਾ ਕੇ ਜਵਾਬ ਦਿੱਤਾ। ਮੈਂ ਭਾਬੀ ਦੇ ਚਿਹਰੇ ਵੱਲ ਗੌਰ ਨਾਲ ਤੱØਕਿਆ…ਸਾਫ਼ ਝੂਠ ਦਾ ਪਰਦਾ ਪਾ ਰਹੀ ਸੀ। ਦੀਦੀ ਨੇ ਦਕਸ਼ ਨੂੰ ਪੈਂਟਾਂ, ਸ਼ਰਟਾਂ ਦੇ ਰੰਗ ਪਸੰਦ ਕਰਨ ਨੂੰ ਕਿਹਾ, ਪਰ ਉਹ ਤਾਂ ਜਿਵੇਂ ਕਿਧਰੇ ਗੁਆਚਿਆ ਹੋਇਆ…ਹੱਥ ਵਿੱਚ ਕੱਪੜਾ ਫੜ੍ਹਦਾ ਤਾਂ ਉਸਦੇ ਹੱਥ ਕੰਬਦੇ… ਅੱਖਾਂ ਦੀਆਂ ਪੁਤਲੀਆਂ ਖ਼ਤਰਨਾਕ ਤਰੀਕੇ ਨਾਲ ਹਰਕਤ ਕਰ ਰਹੀਆਂ ਸਨ। ”ਭਾਬੀ, ਯਾਰ। ਤੁਸੀਂ ਆਪ ਹੀ ਸਿਲੈਕਟ ਕਰ ਲਓ।’’ ਲਲਿਤਾ ਭਾਬੀ ਨੇ ਉਸਨੂੰ ਪਿਆਰ ਨਾਲ ਪਲੋਸਿਆ। ”ਠੀਕ ਐ… ਤੂੰ ਜਾਹ, ਰੈਸਟ ਕਰ… ਮੈਨੂੰ ਪਤੈ ਤੂੰ ਬਹੁਤ ਥੱਕਿਆ ਹੋਇਐਂ।’’ ਦਕਸ਼ ਫਟਾਫਟ ਉੱਠ ਕੇ ਚਲਾ ਗਿਆ।
ਅਸੀਂ ਦੋਹੇਂ ਭੈਣਾਂ ਵਾਪਿਸ ਆ ਗਈਆਂ। ਨਮਰ ਦੀਦੀ ਤਾਂ ਜਿਵੇਂ ਗੂੰਗੀ ਹੋ ਕੇ ਬੈਠੀ ਸੀ। ਸ਼ਾਇਦ ਉਹ ਵੀ ਓਹੀ ਸੋਚ ਰਹੀ ਸੀ, ਜੋ ਮੈਂ। ਮੈਂ ਉਸਦੇ ਚਿਹਰੇ ’ਤੇ ਉਪਰਾਮਤਾ ਵੇਖ ਲਈ। ਘਰ ਪਹੁੰਚੇ ਤਾਂ ਬਨੇਰਿਆਂ ’ਤੇ ਲੜੀਆਂ ਤੇ ਲਾਟੂ ਜਗਮਗਾ ਰਹੇ ਸਨ। ਵਿਹੜੇ ਵਿੱਚ ਚਾਨਣੀ ਤਾਣ ਦਿੱਤੀ ਗਈ…ਰਿਸ਼ਤੇਦਾਰਾਂ ਦਾ ਇਕੱਠ… ਹਲਵਾਈ ਦੀ ਭੱਠੀ ਵਿੱਚੋਂ ਉੱਠਦੀ ਮਿੱਠੀ ਜਿਹੀ ਖੁਸ਼ਬੋ। ਮਾਂ ਨੇ ਵੀ ਅੱਜ ਸਿਰ ‘ਤੇ ਸਵਾਰ ਕੇ ਚੁੰਨੀ ਲਈ ਹੋਈ ਸੀ। ਆਪ ਤੋਂ ਵੱਡੇ ਰਿਸ਼ਤੇਦਾਰਾਂ ਨੂੰ ਉਹ ਏਸੇ ਤਰ੍ਹਾਂ ਮਾਣ ਦਿੰਦੀ। ਅਪਣੇ ਕਮਰੇ ਵਿੱਚ ਆ ਕੇ ਮੈਂ ਲੇਟ ਗਈ। ਮੈਨੂੰ ਵਿਆਹ ਦੀ ਇਹ ਰੌਣਕ ਕੋਈ ਖੁਸ਼ੀ ਨਹੀਂ ਦੇ ਰਹੀ ਸੀ।
”ਕੁੜੀਏ, ਤੇਰੀ ਮਾਂ ਕਿੱਥੇ ਐ ?’’ ਬਾਊ ਜੀ ਨੇ ਮੇਰੇ ਕਮਰੇ ਦਾ ਬੂਹਾ ਜ਼ੋਰ ਦੀ ਖੋਲਿ੍ਹਆ। ”ਪਤਾ ਨੀ ਬਾਊ ਜੀ… ਬਾਹਰ ਹੀ ਹੋਣਗੇ।’’ ”ਭੈਣ…. ਚੋ… ਪਤਾ ਨੀਂ ਕਿੱਥੇ ਭੋਂਕਦੀ ਫਿਰਦੀ ਐ… ਆਹ ਹਵਨ ਦੀ ਸਮੱਗਰੀ ਸਾਂਭ ਲੈਂਦੀ… ਫੇਰ ਟਾਈਮ ’ਤੇ ਕੁਝ ਲੱਭਣਾ ਨਹੀਂ।’’ ਬੁੜਬੁੜ ਕਰਦਿਆਂ ਉਹਨਾਂ ਮੇਰੇ ਕਮਰੇ ਦਾ ਬੂਹਾ ਠਾਹ ਕਰਕੇ ਬੰਦ ਕਰ ਦਿੱਤਾ। ਮੈਂ ਤ੍ਰਬਕ ਗਈ। ਪਹਿਲਾਂ ਹੀ ਅੰਦਰੋਂ ਡਾਵਾਂਡੋਲ ਸੀ। ਦੂਰ ਤੱਕ ਜਗਮਗਾਉਂਦੀ ਰੋਸ਼ਨੀ ਪਰ ਮੇਰੇ ਅੰਦਰ ਹਨ੍ਹੇਰਾ ਪਸਰਦਾ ਜਾ ਰਿਹਾ ਸੀ। ਮੈਂ ਹੋਰ ਸੱਚ ਲੱਭਣਾ ਚਾਹੁੰਦੀ ਸੀ। ਮੇਰਾ ਕਲਾਸਫੈਲੋ ਜਗਦੀਪ… ਉਸਨੂੰ ਇਹ ਡਿਊਟੀ ਸੌਂਪਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਜਗਦੀਪ ਜੋ ਖ਼ਬਰ ਲਿਆਏਗਾ, ਗਲਤ ਨਹੀਂ ਹੋਵੇਗੀ। ਕੰਬਦੇ ਹੱਥਾਂ ਨਾਲ ਮੈਂ ਜਗਦੀਪ ਦਾ ਨੰਬਰ ਮਿਲਾਉਣ ਲੱਗ ਪਈ।
-੦-੦-੦-
ਦੀਦੀ ਨੇ ਸਵੇਰੇ-ਸਵੇਰੇ ਨਹਾਉਣ ਦੀ ਹਦਾਇਤ ਕਰ ਦਿੱਤੀ। ਮਹਿੰਦੀ ਲਾਉਣ ਵਾਲੀ ਨੇ ਆਉਣੈਂ। ਦੀਦੀ ਮਹਿੰਦੀ ਵਾਲਾ ਕੌਲਾ ਫੜੀ ਅੰਦਰ ਆਈ। ”ਵੇਖ ਕੋਮਲ। ਮਹਿੰਦੀ ਕਿੰਨੀ ਰੰਗਲੀ ਐ… ਤੇਰੀ ਸੱਸ ਤੈਨੂੰ ਬਹੁਤ ਪਿਆਰ ਕਰੇਗੀ।’’ ਉਹ ਹੱਸ ਪਈ। ”ਦੀਦੀ ਇੱਕ ਗੱਲ ਆਖਾਂ ?’’ ”ਕੀ ?’’ ”ਤੁਸੀਂ ਦਕਸ਼ ਦੀ ਹਾਲਤ ਵੇਖੀ ਸੀ… ਉਸਨੇ ਜ਼ਰੂਰ ਕੋਈ ਤੇਜ਼ ਨਸ਼ਾ ਕੀਤਾ ਹੋਇਆ ਸੀ।’’ ”ਹੈ ਪਾਗਲ! ਉਹ ਕੀ ਨਸ਼ੇ ਕਰਦੈ ?… ਲਲਿਤਾ ਨੇ ਦੱਸਿਆ ਤਾਂ ਸੀ, ਬਹੁਤ ਥੱØਕਿਆ ਹੋਇਆ ਸੀ।’’ ”ਦੀਦੀ ਤੂੰ ਵੀ ਲਲਿਤਾ ਵਾਂਗ ਉਹਦੇ ਨਾਲ ਰਲ ਗਈ… ਕਿਉਂ ਪਰਦੇ ਪਾਉਨੀਂ ਐ ?’’ ”ਕੋਮਲ ਤੇਰਾ ਵਹਿਮ ਹੈ… ਹਾਲੇ ਨਵਾਂ-ਨਵਾਂ ਰਿਸ਼ਤਾ ਐ… ਤੂੰ ਜਾਏਂਗੀ ਨਾ, ਫੇਰ ਵੇਖੀਂ ਤੇਰਾ ਕਿਵੇਂ ਪਾਣੀ ਭਰਦੈ।’’ ਦੀਦੀ ਨੇ ਗੱਲ ਹੀ ਬਦਲ ਦਿੱਤੀ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਕੀਹਦੇ ਨਾਲ ਗੱਲ ਕਰਾਂ ?…ਕੋਈ ਵੀ ਮੈਨੂੰ ਸੁਨਣ ਲਈ ਤਿਆਰ ਨਹੀਂ ਹੋਵੇਗਾ… ਇਹ ਮੇਰੇ ਅਪਣੇ ਹੀ ਮੈਨੂੰ ਦੁਸ਼ਮਣ ਲੱਗਣ ਲੱਗ ਪਏ… ਦਾਦੀ ਤਾਂ ਰੋਜ਼ ਕਹਿੰਦੀ ਐ… ਚੱਲ ਮੇਰੇ ਪੁੱਤ ਦਾ ਬੋਝ ਲਹੂਗਾ… ਧੀਆਂ ਘਰੋ ਘਰੀ ਜਾਣਗੀਆਂ ਤਾਂ ਸੁੱਖ ਨਾਲ ਬਹੂ ਲਿਆਵਾਂਗੇ… ਜੇ ਮੈਂ ਮਾਂ ਨਾਲ ਗੱਲ ਕੀਤੀ ਤਾਂ ਉਸਨੇ ਮੇਰੇ ਬੁੱਲ੍ਹਾਂ ‘ਤੇ ਉਂਗਲ ਹੀ ਧਰ ਦੇਣੀ ਐ… ਬੱਸ…! ਬੋਲੀਦਾ ਨਹੀਂ… ਇੰਝ ਹੀ ਘੁੱਟ ਵੱਟ ਜਾ… ਵੇਖੀਂ ਮੇਰੀ ਧੀ… ਸਾਡੀ ਇੱਜ਼ਤ ਦਾ ਖਿਆਲ ਰੱਖ। ਮਾਂ ਦੱਸਦੀ ਹੁੰਦੀ ਐ, ਜਦੋਂ ਮੈਂ ਜੰਮੀ ਸੀ ਤਾਂ ਦਾਦੀ ਵੈਣ ਪਾਉਣ ਲੱਗ ਪਈ ਸੀ… ਦੂਜਾ ਵੀ ਪੱਥਰ ਜੰਮ ਦਿੱਤਾ। ਪਰ ਮੈਂ ਜਾਣਦੀ ਆਂ ਜਦੋਂ ਮੈਂ ਜੰਮੀ ਹੋਵਾਂਗੀ ਤਾਂ ਮਾਂ ਨੇ ਵੀ ਅੱਖਾਂ ’ਤੇ ਬਾਹਾਂ ਰੱਖ ਕੇ ਲੰਮਾ ਹਉਕਾ ਲਿਆ ਹੋਵੇਗਾ… ਹੌਲੀ-ਹੌਲੀ ਜ਼ਰੂਰ ਰੋਈ ਹੋਊਗੀ। ਮੇਰੇ ਕੋਲ ਮਾਂ ਦਾ ਦਿੱਤਾ ਜਿਸਮ ਸੀ… ਓਹੀ ਮੁਹਾਂਦਰਾ… ਪਰ ਕੁਝ ਜ਼ਰੂਰ ਵੱਖਰਾ ਸੀ… ਤਾਂ ਹੀ ਮੈਂ ਛੇਤੀ ਬਗਾਵਤ ਕਰ ਦਿੰਦੀ… ਸਮਝੌਤਾ ਨਹੀਂ ਕਰਦੀ ਸੀ… ਏਸੇ ਕਰਕੇ ਦਾਦੀ ਤੇ ਬਾਊ ਜੀ ਦੀਆਂ ਨਜ਼ਰਾਂ ਵਿੱਚ ਅਕਸਰ ਰੜਕਦੀ।
-੦-੦-੦-
ਮੇਂਹਦੀ ਵਾਲੀ ਮੇਰੇ ਹੱਥਾਂ ’ਤੇ ਲਕੀਰਾਂ ਵਾਹੁੰਦੀ ਰਹੀ। ਮੈਂ ਇਹਨਾਂ ਲਕੀਰਾਂ ਦੇ ਜਾਲ ਵਿੱਚ ਹੋਰ ਵੀ ਉਲਝਦੀ ਗਈ। ਕਿਸੇ ਗਹਿਰੇ ਸਮੁੰਦਰ ਵਿੱਚ ਗੋਤੇ ਖਾ ਰਹੀ ਸੀ… ਮੁਹੱਬਤ ਦੀ ਤਲਾਸ਼ ਵਿੱਚ… ਕੁੱਝ ਨਾ ਲੱਭਦਾ… ਮੁੜ ਕਿਨਾਰੇ ਆ ਬਹਿੰਦੀ।
”ਦਕਸ਼ ਦਾ ਨਾਂਅ ਲਿਖ ਦੇਵਾਂ ?’’ ਮਹਿੰਦੀ ਵਾਲੀ ਨੇ ਚੁੰਡੀ ਵੱਡ ਕੇ ਪੁੱØਛਿਆ। ਮੈਂ ਅਪਣੀਆਂ ਸੋਚਾਂ ਵਿੱਚੋਂ ਬਾਹਰ ਆ ਗਈ। ”ਹਾਂ।’’ ਮੈਂ ਰਤਾ ਕੁ ਸ਼ਰਮਾ ਕੇ ਕਿਹਾ। ਉਹ ਪੈਰਾਂ ਤੋਂ ਹੱਥਾਂ ਤੱਕ ਤੇ ਹੱਥਾਂ ਤੋਂ ਕੂਹਣੀਆਂ ਤੱਕ ਰੰਗੀਨ ਲੀਕਾਂ ਵਾਹੁੰਦੀ ਰਹੀ… ਮੋਰਨੀਆਂ ਪਾਉਂਦੀ ਰਹੀ। ”ਦਕਸ਼ ਦਾ ਫੋਨ ਐ ਕੋਮਲ… ਗੱਲ ਕਰ ਲੈ।’’ ਦੀਦੀ ਨੇ ਫੋਨ ਮੇਰੇ ਕੰਨ ਨਾਲ ਲਾ ਦਿੱਤਾ। ”ਹਾਂ ਜੀ ਮੈਡਮ … ਕੀ ਕਰ ਰਹੇ ਓ ?’’ ਉਸਨੇ ਨੇ ਬੜੇ ਪਿਆਰ ਨਾਲ ਪੁੱਛਿਆ। ਮੇਰੀ ਕੋਈ ਸੁੱਤੀ ਰਗ ਫੇਰ ਜਾਗ ਪਈ। ”ਮਹਿੰਦੀ ਲਗਵਾ ਰਹੀ ਹਾਂ… ਤੁਹਾਡਾ ਨਾਂਅ ਵੀ ਹਥੇਲੀਆਂ ’ਤੇ ਪੁਵਾਇਆ ਐ।’’ ਮੈਂ ਬੜੇ ਲਾਡ ਨਾਲ ਉਸਨੂੰ ਦੱØØਸਿਆ। ਉਸਨੇ ਗੱਲ ਹੀ ਬਦਲ ਦਿੱਤੀ। ”ਅੱਛਾ ਮੈਨੂੰ ਦੱਸ… ਬਾਊ ਜੀ ਅੱਜ ਲੁਧਿਆਣੇ ਗੱਡੀ ਲੈਣ ਜਾਣਗੇ ?’’ ”ਹਾਂ ਜੀ, ਕਿਉਂ ?’’ ”ਯਾਰ ਮੇਰਾ ਮੂੜ ਚੇਂਜ ਹੋ ਗਿਆ… ਬਾਊ ਜੀ ਨੂੰ ਕਹੀ ਸਵਿਫਟ ਨਾ ਲੈ ਕੇ ਆਉਣ।’’ ”ਫੇਰ ?’’ ”ਸਿਟੀ ਹੌਂਡਾ।’’ ”ਪਰ ਬਾਊ ਜੀ ਨੇ ਤਾਂ ਕੰਪਨੀ ਵਾਲਿਆਂ ਨਾਲ ਗੱਲ ਵੀ ਕਰ ਲਈ।’’ ”ਨਹੀਂ ਯਾਰ ਮੇਰੇ ਦੋਸਤ ਕਹਿੰਦੇ, ਸਿਟੀ ਹੌਂਡਾ ਦੀ ਟੌਹਰ ਈ ਵੱਖਰੀ ਐ।’’ ”ਪਹਿਲਾਂ ਹੀ ਦਕਸ਼ ਤੁਹਾਡੇ ਕੋਲ ਵੱਡੀ ਗੱਡੀ ਹੈਗੀ ਤਾਂ ਹੈ।’’ ”ਕੀ ਗੱਲ ਜੇ ਦਕਸ਼ ਕੋਲ ਦੋ ਗੈਸ ਏਜੰਸੀਆਂ ਹੋ ਸਕਦੀਆਂ ਨੇ ਤਾਂ ਦੋ ਵੱਡੀਆਂ ਗੱਡੀਆਂ ਨਹੀਂ ਹੋ ਸਕਦੀਆਂ ?’’ ਉਸਦੀ ਅਵਾਜ਼ ਵਿੱਚ ਤਲਖ਼ੀ ਸੀ। ”ਤੂੰ ਮਹਿੰਦੀ ਮੂੰਹਦੀ ਛੱਡ… ਬਾਊ ਜੀ ਨਾਲ ਗੱਲ ਕਰ… ਮੈਂ ਤੈਨੂੰ ਪੰਦਰਾਂ ਮਿੰਟਾਂ ਬਾਅਦ ਫੋਨ ਕਰੂੰਗਾ।’’ ”ਮਹਿੰਦੀ ਮੂੰਹਦੀ ਦਾ ਕੀ ਮਤਲਬ… ਇਹ ਸਭ ਤੁਹਾਡੇ ਲਈ ਹੈ… ਮੈਂ ਕਿੰਨੇ ਚਾਅ ਨਾਲ ਲਵਾਈ ਹੈ… ਕੀ ਗੱਲ ਤੁਹਾਨੂੰ ਕੋਈ ਚਾਅ ਨਹੀਂ ?’’ ”ਯਾਰ ਇਹ ਜਨਾਨੀਆਂ ਵਾਲੀਆਂ ਗੱਲਾਂ ਨਾ ਕਰ… ਉਹ ਤਾਂ ਮੈਂ ਵੇਖ ਈ ਲੈਣੀ ਹੈ… ਪਹਿਲਾਂ ਤੂੰ ਬਾਊ ਜੀ ਨਾਲ ਗੱਲ ਕਰ।’’ ਮੇਰੇ ਹੱਥੋਂ ਫੋਨ ਡਿੱਗ ਪਿਆ। ਮੈਂ ਹੱਥਾਂ ਪੈਰਾਂ ’ਤੇ ਉੱਕਰੇ ਫੁੱਲ, ਬੂਟੇ ਬਿੱਟ-ਬਿੱਟ ਵੇਖ ਰਹੀ ਸੀ। ਅੱਖਾਂ ਵਿੱਚੋਂ ਹੰਝੂ ਸਿੰਮ ਕੇ ਹਥੇਲੀਆਂ ’ਤੇ ਡਿੱਗਦੇ ਰਹੇ। ਮੇਰੇ ਅੰਦਰ ਆਉਣ ਵਾਲੀ ਜ਼ਿੰਦਗੀ ਦੇ ਮਾਸੂਮ ਕਲੀਆਂ ਵਰਗੇ ਅਹਿਸਾਸ ਹੌਲੀ-ਹੌਲੀ ਕਤਲ਼ ਹੁੰਦੇ ਗਏ। ਮੇਰੀ ਤੇ ਉਸਦੀ ਖਾਹਿਸ਼ ਵਿੱਚ ਕਿੰਨਾ ਫ਼ਰਕ ਸੀ। ਮੈਨੂੰ ਸਿਰਫ਼ ਤੇ ਸਿਰਫ਼ ਉਹ ਚਾਹੀਦਾ ਸੀ ਪਰ ਉਸਦੀ ਖਾਹਿਸ਼… ਸ਼ਾਇਦ ਬਹੁਤ ਜ਼ਿਆਦਾ ਵੱਡੀ ਸੀ।
ਜਗਦੀਪ ਦਾ ਫੋਨ ਆ ਗਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜੋ ਮੈਂ ਸੋਚਦੀ ਸੀ, ਜਗਦੀਪ ਨੇ ਵੀ ਓਹੀ ਕੁਝ ਦੱਸਿਆ। ਮੈਂਥੋਂ ਜ਼ਿਆਦਾ ਗੱਲ ਨਾ ਹੋ ਸਕੀ। ਮੈਂ ਕੰਬਦੀ-ਕੰਬਦੀ ਨੇ ਫੋਨ ਬੰਦ ਕੀਤਾ। ਮੇਰਾ ਹਸੀਨ ਸੁਫ਼ਨਾ ਅੱਧ ਵਿਚਾਲੇ ਹੀ ਟੁੱਟ ਗਿਆ। ਜਿਵੇਂ ਧੜ੍ਹਮ ਕਰਕੇ ਹਨ੍ਹੇਰੇ ਖੂਹ ਵਿੱਚ ਡਿੱਗ ਪਈ ਹੋਵਾਂ।
ਮੈਂ ਦੀਦੀ ਨੂੰ ਅੰਦਰ ਬੁਲਾਇਆ। ”ਦੀਦੀ, ਬੂਹਾ ਢੋਅ ਦੇ… ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ।’’ ਮੇਰੇ ਚਿਹਰੇ ’ਤੇ ਤਣਾਅ ਵੇਖ ਕੇ ਉਸਨੇ ਕੁੰਡੀ ਚੜ੍ਹਾ ਦਿੱਤੀ। ”ਕੀ ਗੱਲ ਕੋਮਲ ?’’ ਮੈਂ ਕੁੱਝ ਦੇਰ ਚੁੱਪ ਰਹੀ। ਮੇਰੀਆਂ ਅੱਖਾਂ ਵਿੱਚ……ਨਫ਼ਰਤ ਸੀ… ਅੰਦਰ ਇੱਕ ਤੂਫ਼ਾਨ… ਡਾਹਢੀ ਹਿੰਮਤ ਦੀ ਲੋੜ ਸੀ। ਪਤਾ ਨਹੀਂ ਕਿੱਧਰੋਂ ਆ ਗਈ। ”ਦੀਦੀ, ਦਕਸ਼ ਇਸ ਬੂਹੇ ’ਤੇ ਬਰਾਤ ਲੈ ਕੇ ਨਹੀਂ ਆਏਗਾ।’’ ਦੀਦੀ ਦੇ ਹੋਸ਼ ਉੱਡ ਗਏ। ”ਤੂੰ ਪਾਗਲ਼ ਹੋ ਗਈ ?’’ ਮੈਂ ਸਚਮੁੱਚ ਪਾਗਲ ਹੋ ਗਈ। ”ਦੀਦੀ ਮੇਰਾ ਆਖਰੀ ਤੇ ਪੱਕਾ ਫੈਸਲਾ ਹੈ।’’ ਦੀਦੀ ਨੇ ਮੇਰੇ ਮੂੰਹ ’ਤੇ ਜ਼ੋਰ ਦੀ ਚਪੇੜ ਮਾਰੀ। ਮੇਰੀ ਪੁੜਪੁੜੀ ਸੁੰਨ ਹੋ ਗਈ। ਮੇਰੇ ਅੰਦਰ ਜਿਵੇਂ ਚੰਡੀ ਪ੍ਰਵੇਸ਼ ਕਰ ਗਈ। ਮੈਂ ਉੱਠ ਕੇ ਬਾਥਰੂਮ ਵਿੱਚ ਚਲੀ ਗਈ। ਸਾਰੀ ਮਹਿੰਦੀ ਧੋਹ ਸੁੱਟੀ। ਦੀਦੀ ਮੇਰੇ ਕੋਲ ਖੜ੍ਹੀ ਕੰਬ ਰਹੀ ਸੀ, ”ਕੋਮਲ! ਕੋਮਲ!… ਜੇ ਤੂੰ ਇੰਜ ਕੀਤਾ ਤਾਂ ਮੈਂ ਹੁਣੇ ਕੋਠੇ ਤੋਂ ਛਾਲ ਮਾਰ ਦੇਣੀ ਐ… ਤੂੰ ਹੋਸ਼ ਵਿੱਚ ਆਜਾ, ਮੇਰੀ ਭੈਣ।’’ ”ਜੀ ਸਦਕੇ ਮਾਰ ਛਾਲ ਮੇਰੀ ਭੈਣ… ਪਰ ਪਹਿਲੋਂ ਮੈਨੂੰ ਧੱਕਾ ਦੇ। ਚੱਲ ਮੇਰੇ ਨਾਲ।’’ ਮੈਂ ਨਮਰ ਦਾ ਹੱਥ ਫੜ੍ਹ ਲਿਆ। ਉਸਨੇ ਹੱਥ ਛੁੜਾ ਕੇ ਦੋਹੇ ਹੱਥ ਜੋੜ ਲਏ। ਮੇਰੇ ਪੈਰ ਫੜ੍ਹ ਲਏ। ”ਸਾਡੀ ਇਜ਼ਤ ਰੱਖ ਲੈ ਕੋਮਲ… ਤੈਨੂੰ ਵਾਸਤਾ ਪਾਉਨੀ ਆਂ… ਇੱਕ ਦਿਨ ਸੰਨ੍ਹ ਵਿਚਾਲੇ ਰਹਿ ਗਿਆ… ਲੋਕ ਕੀ ਆਖਣਗੇ?… ਕੋਮਲ, ਬਾਊ ਜੀ ਤਾਂ ਮਰ ਈ ਜਾਣਗੇ… ਇਹ ਫੈਸਲਾ ਬਦਲ ਦੇ… ਤੇਰੇ ਜੀਜੇ ਨੇ ਮੈਨੂੰ ਮਿਹਣੇ ਦੇ ਦੇ ਕੇ ਮਾਰ ਦੇਣੈਂ… ਉਹ ਤਾਂ ਵਿਚੋਲਾ ਐ… ਉਸਦੀ ਇੱਜ਼ਤ ਦਾ ਖ਼ਿਆਲ ਰੱਖ… ਸਾਨੂੰ ਦੁਨੀਆਂ ’ਚ ਖੜ੍ਹਣ ਜੋਗਾ ਛੱਡ ਦੇ।’’ ਨਮਰ ਦੀਦੀ ਹੱਥ ਬੰਨ੍ਹੀ ਖੜ੍ਹੀ ਸੀ। ”ਕਿਹੜੇ ਜੀਜੇ ਦੀ ਇੱਜ਼ਤ ਦੀ ਗੱਲ ਕਰਦੀ ਐਂ ਦੀਦੀ… ਓਹੀ ਜੀਜਾ… ਬਾਹਲੀਆਂ ਇੱਜ਼ਤਾਂ ਵਾਲਾ… ਪਰ ਗੰਦੀਆਂ ਨਜ਼ਰਾਂ ਵਾਲਾ… ਜਵਾਨ ਹੁੰਦੀ ਸਾਲੀ ਦੇ ਅੰਗਾਂ ਨੂੰ ਜੱਫੀ ਦੇ ਬਹਾਨੇ ਟੋਹ-ਟੋਹ ਵੇਂਹਦਾ ਸੀ।… ਮੇਰਾ ਮੂੰਹ ਨਾ ਖੁਲ੍ਹਵਾ… ਤੈਨੂੰ ਜੀਜੇ ਦੀ ਇੱਜ਼ਤ ਦਾ ਫ਼ਿਕਰ ਹੈ… ਬਾਊ ਜੀ ਦੀ ਇੱਜ਼ਤ ਦਾ ਫ਼ਿਕਰ ਹੈ… ਤੇ ਮੇਰਾ??… ਮੇਰਾ ਕੀ ਭਵਿੱਖ ਐ… ਦੱਸ ਮੈਨੂੰ ? ਮੈਨੂੰ ਕਿਉਂ ਬਲੀ ਦਾ ਬੱਕਰਾ ਬਣਾਉਂਦੇ ਓ ?’’
ਦੀਦੀ ਰੋ ਰਹੀ ਸੀ। ”ਕੋਮਲ… ਆਪਣੇ ਬਾਊ ਜੀ ਜਿਉਂਦੇ ਜੀ ਮਰ ਜਾਣਗੇ… ਮੇਰੀ ਭੈਣ, ਕੁਝ ਤਾਂ ਹੋਸ਼ ਕਰ।’’ ”ਕਿਉਂ ਮੈਂ ਕਿਸੇ ਨਾਲ ਭੱਜ ਚੱਲੀ ਆਂ?? ਮੇਰੇ ਕਿਸੇ ਨਾਲ ਨਜਾਇਜ਼ ਸਬੰਧ ਨੇ ?… ਕੀ ਕੀਤਾ ਮੈਂ, ਕੀ ਕੀਤਾ ਮੈਂ ?? ਦੱਸ ਮੈਨੂੰ ਦੀਦੀ।’’ ਮੈਂ ਜ਼ੋਰ ਦੀ ਚੀਖੀ ਸੀ।
………
ਫੋਨ ਦੀ ਰਿੰਗ ਵੱਜ ਉੱਠੀ। ”ਕੋਮਲ!… ਕੋਮਲ!… ਲੈ ਮੇਰੀ ਭੈਣ ਦਕਸ਼ ਦਾ ਫੋਨ ਹੈ… ਠੀਕ ਹੋ ਕੇ ਗੱਲ ਕਰ… ਅਪਣੇ ਆਪ ਨੂੰ ਸਹਿਜ ਕਰ।’’ ਨਮਰ ਨੇ ਮੇਰੇ ਹੱਥ ਵਿੱਚ ਫੋਨ ਫੜ੍ਹਾ ਦਿੱਤਾ।
”ਹਾਂ, ਦਕਸ਼ ?’’ ”ਕੋਮਲ, ਗੱਡੀ ਬਾਰੇ ਗੱਲ ਹੋਈ ?’’ ਮੈਂ ਗੁੱਸੇ ਨਾਲ ਲਰਜ ਉੱਠੀ, ”ਨਾ ਤੈਨੂੰ ਗੱਡੀ ਮਿਲੇ ਤੇ ਨਾ ਕੋਮਲ… ਮੈਂ ਅੱਜ ਤੋਂ ਇਹ ਰਿਸ਼ਤਾ ਆਪ ਤੋੜ ਰਹੀ ਹਾਂ… ਤੂੰ ਸਾਡੇ ਬੂਹੇ ’ਤੇ ਬਰਾਤ ਲੈ ਕੇ ਨਹੀਂ ਆਵੇਂਗਾ।’’ ਉਸਨੇ ਨੇ ਅੱਗੋਂ ਮਾਵਾਂ, ਭੈਣਾਂ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਫੋਨ ਚਲਾ ਕੇ ਮਾਰਿਆ। ਰੋ-ਰੋ ਕੇ ਨਮਰ ਨੂੰ ਦਕਸ਼ ਬਾਰੇ ਇਕ-ਇਕ ਗੱਲ ਦੱਸੀ… ਜਗਦੀਪ ਵੱਲੋਂ ਮਿਲੀ ਸਾਰੀ ਜਾਣਕਾਰੀ ਬਿਲਕੁਲ ਸੱਚ ਹੈ। ਦਕਸ਼ ਸਮੈਕ ਪੀਂਦੈ… ਆਪਣੇ ਦੋਸਤ ਦੇ ਸ਼ੈਲਰ ‘ਤੇ ਪਿਆ ਚੌਵੀਂ ਘੰਟੇ ਨਸ਼ੇ ਵਿੱਚ ਗੜੂੰਦ ਰਹਿੰਦੈ।’’ ਦੀਦੀ ਚੀਕਾਂ ਮਾਰ ਕੇ ਰੋਣ ਲੱਗ ਪਈ। ਮੈਂ ਉਸਨੂੰ ਝੰਜੋੜਦੀ ਰਹੀ। ”ਦੱਸ ਦੀਦੀ ਮੇਰਾ ਫੈਸਲਾ ਗਲਤ ਹੈ ?… ਦੱਸ ਦੀਦੀ ?… ਮੈਂ ਕੀ ਗਲਤ ਕੀਤਾ ?’’ ਨਮਰ ਬਾਹਰ ਚਲੀ ਗਈ। ਮੈਂ ਬੂਹਾ ਬੰਦ ਕਰ ਲਿਆ। ਬਾਹਰ ਮੱਚਦੀ ਅੱਗ ਦਾ ਸੇਕ ਮੇਰੇ ਤਾਂਈ ਪਹੁੰਚ ਰਿਹਾ ਸੀ। ਦਾਦੀ ਭੁੱਬਾਂ ਮਾਰ ਉੱਠੀ। ”ਲਛਮਣ ਦਾਸਾ, ਇਹ ਕੀ ਹੋ ਗਿਆ ?… ਕਲਿਹਣੀ ਐ ਇਹ ਕੁੜੀ… ਜੰਮਦੀ ਮਰ ਜਾਂਦੀ… ਖਾਨਦਾਨ ਨੂੰ ਦਾਗੀ ਕਰਤਾ…।’’ ਬਾਊ ਜੀ ਭੁੱਬਾਂ ਮਾਰਨ ਲੱਗ ਪਏ। ਗਾਲ੍ਹਾਂ ਕੱਢ ਰਹੇ ਸੀ। ਮੈਂ ਕੰਨਾਂ ’ਤੇ ਹੱਥ ਧਰ ਲਏ। ਸਾਰੇ ਘਰ ਦੀ ਰੌਣਕ ਮਿੰਟਂੋ ਮਿੰਟੀਂ ਮਾਤਮ ਵਿੱਚ ਬਦਲ ਗਈ।
ਮਾਂ ਨੇ ਬੂਹਾ ਖੋਲਿ੍ਹਆ। ਕੜਛੀ ਵਿੱਚ ਗੁੱਗਲ ਦੀ ਧੂਫ਼ ਧੁਖਾ ਕੇ ਲਿਆਈ ਸੀ। ਅਕਸਰ ਹੀ ਏਸੇ ਤਰ੍ਹਾਂ ਬੁਰੇ ਵਕਤ ਨੂੰ ਟਾਲਣ ਦਾ ਭਰਮ ਪਾਲੀ ਬੈਠੀ ਸੀ। ਮੇਰੇ ਵੱਲ ਵਿਚਾਰੀਆਂ ਜਿਹੀਆਂ ਨਜ਼ਰਾਂ ਨਾਲ ਵੇਖ ਕੇ ਕਹਿੰਦੀ, ”ਕੋਮਲ ਅਪਣਾ ਫੈਸਲਾ ਬਦਲ ਦੇ… ਹਾਲੇ ਵੀ ਕੁਝ ਨਹੀਂ ਵਿਗੜਿਆ… ਲੋਕਾਂ ਦੀ ਨਜ਼ਰ ਲੱਗ ਗਈ, ਏਨਾ ਚੰਗਾ ਘਰ ਮਿਲ ਗਿਆ।… ਅੱਜਕੱਲ੍ਹ ਕੌਣ ਅੰਦਰੋਂ ਖੁਸ਼ ਹੈ। ਲੋਕਾਂ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ।’’
ਮੈਂ ਹੈਰਾਨ ਸੀ, ਮਾਂ ਹਾਲੇ ਵੀ…। ”ਅੋਹੋ! ਮਾਂ ਤੂੰ ਨਹੀਂ ਜਾਣਦੀ। ਤੂੰ ਇਹ ਧੂਫ਼ਾਂ ਧੁਖਾਉਣ ਤੋਂ ਵੱਧ ਕੁਝ ਵੀ ਨਹੀਂ ਸੋਚ ਸਕਦੀ… ਮੈਂ ਤੇਰੇ ਨਾੜੂਏ ਨਾਲ ਬੱਝੀ ਨਹੀਂ ਰਹਿਣਾ ਚਾਹੁੰਦੀ… ਮੈਨੂੰ ਵੱਖ ਕਰਦੇ ਅਪਣੇ ਆਪ ਤੋਂ… ਮਾਂ ਵੱਖ ਕਰਦੇ…।’’ ਮਾਂ ਅੱਖਾਂ ਪੂੰਝਦੀ ਬਾਹਰ ਚਲੀ ਗਈ।
-੦-੦-੦-
ਦਾਦੀ ਨੇ ਜਿਵੇਂ ਸੱਥਰ ਹੀ ਵਿਛਾ ਲਿਆ। ਜਿਹੜਾ ਆਉਂਦਾ ਵੈਣ ਪਾ-ਪਾ ਰੋਂਦੀ। ਮੇਰਾ ਪੁੱਤ ਮਰਜੂਗਾ… ਬੋਤਲ ਤੇ ਬੋਤਲ ਚੜ੍ਹਾਈ ਜਾਂਦੈ… ਸਾਡੇ ਘਰ ਵਿੱਚੋਂ ਕੋਈ ਨਾ ਕੋਈ ਮਰਜੂਗਾ…।’’ ਰਿਸ਼ਤੇਦਾਰ ਵੀ ਮੁੜਨੇ ਸ਼ੁਰੂ ਹੋ ਗਏ। ਜੀਜੇ ਨੇ ਵੀ ਦੀਦੀ ਨੂੰ ਹੁਕਮ ਸੁਣਾ ਦਿੱਤਾ, ”ਚੱਲ ਛੇਤੀ ਸਾਮਾਨ ਬੰਨ੍ਹ… ਲੱਤਾਂ ਭੰਨਦੂ ਜੇ ਮੁੜ ਕੇ ਇਸ ਘਰੇ ਪੈਰ ਪਾਏ।’’ ਮੈਨੂੰ ਸਭ ਨੇ ਗੁਨਾਹਗਾਰ ਸਾਬਤ ਕਰ ਦਿੱਤਾ। ਮੈਂ ਅੰਦਰੋਂ ਅੰਦਰੀਂ ਅਪਰਾਧ ਬੋਧ ਦਾ ਸ਼ਿਕਾਰ ਹੁੰਦੀ ਗਈ। ਅਪਣੇ ਕਮਰੇ ਵਿੱਚ ਹੀ ਕੈਦ ਹੋ ਗਈ… ਕਮਰੇ ਵਿੱਚ ਕੋਈ ਨਹੀਂ ਆਉਣਾ ਚਾਹੁੰਦਾ… ਇੱਕ ਬਦਹਵਾਸ ਉਦਾਸੀ ਸੀ… ਸ਼ਮਸ਼ਾਨ ਵਰਗਾ ਇਕੱਲਾਪਣ… ਸਿਰਫ਼ ਮੇਰੀ ਰੂਹ ਭਕਟਦੀ ਸੀ… ਮੈਂ ਜਿਵੇਂ ਕੋਈ ਹਾਦਸਾ ਕਰ ਬੈਠੀ ਹੋਵਾਂ… ਕੋਈ ਸੰਗੀਨ ਜ਼ੁਰਮ…। ਇਹ ਅਹਿਸਾਸ ਮੇਰੇ ਲਈ ਫੰਦਾ ਬਣ ਗਿਆ, ਜਿਸਨੂੰ ਦੁਨੀਆਂ ਵਾਲੇ… ਮੇਰੇ ਘਰ ਦੇ… ਮੇਰੇ ਅਪਣੇ… ਹਰ ਰੋਜ਼ ਥੋੜਾ-ਥੋੜਾ ਕੱਸ ਦਿੰਦੇ। ਮੈਨੂੰ ਘੁਟਣ ਮਹਿਸੂਸ ਹੁੰਦੀ। ਪਲ-ਪਲ ਜ਼ਿਬਹ ਹੁੰਦੀ ਜਾਂਦੀ। ਡਰ ਲੱਗਦਾ ਸੀ, ਜੇ ਬਾਹਰ ਗਈ ਤਾਂ ਕੋਈ ਮੈਨੂੰ ਦਬੋਚ ਲਏਗਾ। ਹਰ ਰੋਜ਼ ਮੇਰੀਆਂ ਅੱਖਾਂ ਹੇਠਾਂ ਹੀ ਹੇਠਾਂ ਝੁਕਦੀਆਂ ਗਈਆਂ। ਮੈਂ ਇਹਨਾਂ ਨੂੰ ਚੁੱਕਣਾ ਹੀ ਬੰਦ ਕਰ ਦਿੱਤਾ। ਕਈ ਵਾਰੀ ਅਪਣੇ ਆਪ ਨੂੰ ਯਕੀਨ ਦਿਵਾਉਂਦੀ ਕਿ ਮੈਂ ਜਿਉਂਦੀ ਹਾਂ ?
-੦-੦-੦-
ਚੇਤਨਾ ਦਾ ਫੋਨ ਆਇਆ ਸੀ, ”ਕੋਮਲ, ਤੂੰ ਉਦਾਸ ਨਾ ਹੋ। ਮੰਮੀ ਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ… ਤੂੰ ਜੋ ਫੈਸਲਾ ਕੀਤਾ, ਠੀਕ ਹੀ ਕੀਤਾ ਹੋਵੇਗਾ।’’ ਮੈਂ ਫੁੱਟ-ਫੁੱਟ ਕੇ ਰੋ ਪਈ। ”ਚੇਤਨਾ ਇਥੇ ਮੈਨੂੰ ਸਾਹ ਨਹੀਂ ਆਉਂਦਾ… ਮੈਨੂੰ ਤੇਰੀ ਲੋੜ ਹੈ… ਮੈਂ ਬਹੁਤ ਟੁੱਟ ਚੁੱਕੀ ਆਂ।’’ ”ਕੋਮਲ ਤੂੰ ਮੇਰੇ ਕੋਲ ਦਿੱਲੀ ਆ ਜਾ… ਥੋੜ੍ਹੇ ਦਿਨ ਮਾਹੌਲ ਬਦਲ ਕੇ ਵੇਖ… ਟਾਈਮ ਨਾਲ ਸਭ ਕੁਝ ਨਾਰਮਲ ਹੋ ਜਾਏਗਾ… ਹੌਂਸਲੇ ਨਾਲ ਅਪਣਾ ਫੈਸਲਾ ਕਰ।’’ ਮੈਂ ਹਉਕੇ ਲੈ ਰਹੀ ਸੀ। ”ਚੇਤਨਾ ਮੈਂ…ਮੈਂ ਜਲਦੀ ਆ ਰਹੀ ਹਾਂ।’’
ਮਾਂ ਨੂੰ ਮੈਂ ਅਪਣੇ ਕਮਰੇ ਅੰਦਰ ਬੁਲਾਇਆ। ”ਮੈਂ ਚੇਤਨਾ ਕੋਲ ਦਿੱਲੀ ਜਾ ਰਹੀ ਹਾਂ।’’ ”ਕਿਉਂ ਹੁਣ ਕੀ ਹੋਇਆ?’’ ਮਾਂ ਨੇ ਮੇਰੇ ਹੱਥੋਂ ਬੈਗ ਫੜ੍ਹ ਲਿਆ। ”ਮਾਂ ਤੂੰ ਹਾਲੇ ਵੀ ਨਹੀਂ ਜਾਣ ਸਕੀ , ਕਿ ਮੇਰੇ ਨਾਲ ਕੀ ਹੋਇਆ ?’’ ”ਆਪਣੇ ਬਾਊ ਜੀ ਤੋਂ ਪੁੱਛ ਲੈਂਦੀ।’’ ਮਾਂ ਦੇ ਚਿਹਰੇ ’ਤੇ ਡਰ ਫੈਲ ਗਿਆ। ਮੈਨੂੰ ਫੇਰ ਗੁੱਸਾ ਆ ਗਿਆ, ”ਮਾਂ ਮੈਂ ਪੁੱਛ ਨਹੀਂ ਰਹੀ…ਮੈਂ ਸਿਰਫ਼ ਦੱਸ ਰਹੀ ਹਾਂ ਕਿ ਮੈਂ ਦਿੱਲੀ ਜਾ ਰਹੀ ਹਾਂ।’’ ਕਹਿ ਕੇ ਮੈਂ ਬੈਗ ਮਾਂ ਦੇ ਹੱਥੋਂ ਖੋਹ ਲਿਆ ਤੇ ਵਿਹੜੇ ਵਿੱਚ ਆ ਗਈ। ਬਾਹਰ ਦਾਦੀ ਮਾਲਾ ਫੇਰਦੀ-ਫੇਰਦੀ ਰੁਕ ਗਈ। ਸਿਰ ਤੋਂ ਪੈਰਾਂ ਤਾਂਈ ਘੂਰਦੀ ਹੋਈ, ”ਹੁਣ ਕਿੱਧਰ ਉੱਧਲ ਚੱਲੀ ਐਂ ?… ਆਹ ਵੇਖ ਲਛਮਣ ਦਾਸਾ… ਆਹ ਹੁਣ ਕੋਈ ਨਵਾਂ ਚੰਨ ਚੜ੍ਹਾਉਗੀ ?’’ ”ਬੀਬੀ, ਇਹਨੂੰ ਜਾਣ ਦੇ… ਰੋਕੀਂ ਨਾ।’’ ਮਾਂ ਨੇ ਦਾਦੀ ਨੂੰ ਚੁੱਪ ਕਰਾ ਦਿੱਤਾ… ਪਤਾ ਨਹੀਂ ਹੁਣ ਮਾਂ ‘ਤੇ ਕੀ ਕਹਿਰ ਟੁੱਟØੇਗਾ। ਮੈਂ ਸਰਦਲਾਂ ਵਿੱਚ ਆ ਖਲੋਤੀ। ਲੰਮੀ ਸੜਕ ਮੇਰੇ ਸਾਹਮਣੇ ਸੀ… ਦੂਰ ਤੱਕ ਜਾਂਦੀ ਹੋਈ। ਮੈਂ ਕਾਹਲੀ ਨਾਲ ਕਦਮ ਪੁੱਟ ਲਏ।
-੦-੦-੦-
ਚੇਤਨਾ ਦੇ ਗਲ ਲੱਗ ਕੇ ਮੈਂ ਰੱਜ ਕੇ ਰੋਈ। ਉਸਨੇ ਚੁੱਪ ਨਹੀਂ ਕਰਾਇਆ, ”ਰੋ ਲੈ… ਹਲਕੀ ਹੋ ਜਾ… ਅਪਣੀ ਘੁਟਣ ਦੂਰ ਕਰ ਲੈ।’’ ਮੈਨੂੰ ਗੋਦੀ ਵਿੱਚ ਲੈ ਕੇ ਪਲੋਸਦੀ ਰਹੀ। ”ਕੋਮਲ ਅਪਣੇ ਦਿਮਾਗ ਵਿੱਚੋਂ ਕੰਪਲੈਕਸ ਕੱਢ ਦੇ… ਮੈਂ ਜਾਣਦੀ ਹਾਂ ਤੈਨੂੰ ਵੀ… ਤੇਰੇ ਪਰਿਵਾਰ ਨੂੰ ਵੀ। ਤੇਰੇ ਘਰ ਦੇ ਹਰ ਕੁੜੀ ਵਿੱਚ ਤੇਰੀ ਮਾਂ ਜਿਹੀ ਔਰਤ ਵੇਖਣਾ ਚਾਹੁੰਦੇ ਨੇ।’’ ”ਹਾਂ, ਚੇਤਨਾ… ਮੇਰੀ ਮਾਂ ਵਿਚਾਰੀ… ਕਿੱਲੇ ਬੱਧੀ ਗਾਂ ਵਰਗੀ… ਨਮਰ ਵੀ ਉਹੋ ਜਿਹੀ… ਇਹ ਦੋਹੇਂ ਫਰਮਾਬਰਦਾਰੀ ਦੇ ਦੋ ਚਰਖੇ ਨੇ… ਪਰ ਮੈਂ ਕਿਉਂ ਉਹਨਾਂ ਵਰਗੀ ਨਹੀਂ ਬਣ ਸਕੀ ?’’
”ਕੋਮਲ, ਤੂੰ ਇੱਕ ਬੌਧਿਕ ਕੁੜੀ ਏਂ। ਅਜਿਹੀਆਂ ਕੁੜੀਆਂ ਵਾਸਤੇ ਗੁਲਾਮੀ ਸਭ ਤੋਂ ਵੱਡੀ ਪੀੜਾ ਹੈ।’’
”ਚੇਤਨਾ, ਮੈਂ ਇਹ ਸਭ ਕੁਝ ਤੋਂ ਮੁਕਤ ਹੋਣਾ ਚਾਹੁੰਦੀ ਹਾਂ… ਜਾਂ ਫੇਰ ਮਰ ਜਾਣਾ ਚਾਹੁੰਦੀ ਹਾਂ।’’ ਚੇਤਨਾ ਹੱਸ ਪਈ। ”ਕੋਮਲ ਔਰਤ ਦਾ ਮੁਕਤ ਹੋਣਾ ਕੋਈ ਸੌਖੀ ਗੱਲ ਨਹੀਂ… ਤੂੰ ਘਰ ਤੇ ਸਮਾਜ ਨਾਲ ਲੜਾਈ ਲੈ ਤਾਂ ਬੈਠੀ… ਪਰ ਇਸ ਹਾਦਸੇ ਨਾਲ ਜ਼ਿੰਦਗੀ ਦੇ ਤੌਰ ਤਰੀਕੇ ਭੁੱਲ ਗਈ… ਇਨ੍ਹੀਂ ਛੇਤੀ ਸ਼ਕਤੀਹੀਣ ਹੋ ਗਈ… ਪਹਿਲੇ ਪੜਾਅ ‘ਤੇ ਹੀ ਮਰਨ ਦੀ ਗੱਲ ਕਰ ਰਹੀ ਏਂ… ਬੇਵਕੂਫ ਲੜਕੀ !… ਜ਼ਿੰਦਗੀ ਇਨ੍ਹੀਂ ਸਸਤੀ ਨਹੀਂ…। ਉੱਠ ਕੇ ਬੈਠ, ਫਰੈਸ਼ ਹੋ… ਚਾਹ ਪੀ ਲੈ… ਸਭ ਠੀਕ ਹੋ ਜਾਏਗਾ… ਨੋ ਟੈਨਸ਼ਨ… ਓ.ਕੇ.।’’ ਕਹਿ ਕੇ ਉਸਨੇ ਹਾਸੇ ਨਾਲ ਮੇਰੀ ਗੱਲ੍ਹ ’ਤੇ ਹਲਕਾ ਜਿਹਾ ਥੱਪੜ ਮਾਰਿਆ। ਚੇਤਨਾ ਦੀ ਸਖਸ਼ੀਅਤ ਵਿੱਚ ਸਚਮੁੱਚ ਕਿੰਨੀ ਖੁਲ੍ਹ ਤੇ ਕਿੰਨਾ ਫੈਲਾਅ ਸੀ। ਮੈਂ ਸੱਚੀਂ ਅੰਦਰੋਂ ਹਲਕੀ ਹੁੰਦੀ ਜਾ ਰਹੀ ਸੀ।
-੦-੦-੦-
”ਮੈਡਮ ਕੌਫ਼ੀ।’’ ਮੀਨਾ ਟਰੇਅ ਵਿੱਚ ਦੋ ਕੱਪ ਰੱਖੀ ਸਾਡੇ ਕੋਲ ਆ ਗਈ। ਮੀਨਾ, ਚੇਤਨਾ ਦੀ ਨੇਪਾਲਣ ਨੌਕਰਾਣੀ ਸੀ। ਚਿੱਟਾ ਰੰਗ, ਗੋਲ ਚਿਹਰਾ, ਮੱਧਰਾ ਕੱਦ ਤੇ ਨਿੱਕੀਆਂ-ਨਿੱਕੀਆਂ ਚਮਕਦਾਰ ਅੱਖਾਂ। ਕਾਲੀ ਲੰਮੀ ਸਕਰਟ ਤੇ ਚਿੱਟੀ ਕਮੀਜ਼ ਪਾਈ ਉਹ ਗੁੱਡੀ ਜਿਹੀ ਜਾਪਦੀ ਸੀ। ”ਕੋਮਲ ਇਹ ਮੇਰੀ ਮੀਨਾ… ਮੇਰਾ ਸਾਰਾ ਘਰ ਸੰਭਾਲਦੀ ਹੈ। ਹੈ ਨਾ, ਬਹੁਤ ਪਿਆਰੀ ? ਮੇਰੇ ਕੋਲ ਪਿਛਲੇ ਤਿੰਨ ਸਾਲਾਂ ਤੋਂ ਰਹਿ ਰਹੀ ਹੈ।’’ ਮੀਨਾ ਮੁਸਕਰਾ ਪਈ। ”ਚੇਤਨਾ, ਮੀਨਾ ਨੇਪਾਲ ਤੋਂ ਇਕੱਲੀ ਆਈ ਹੈ ?’’ ਇਸ ਤੋਂ ਪਹਿਲਾਂ ਚੇਤਨਾ ਜਵਾਬ ਦਿੰਦੀ, ਮੀਨਾ ਹੱਸ ਪਈ। ”ਨਹੀਂ ਮੈਡਮ… ਅਕੇਲੀ ਤੋਂ ਨਹੀਂ ਆਈ ਥੀ… ਪਰ ਅਬ ਅਕੇਲੀ ਹੂੰ।’’ ”ਕੀ ਮਤਲਬ ?’’ ਮੈਂ ਹੈਰਾਨੀ ਨਾਲ ਪੁੱØਛਿਆ।
”ਸ਼ਾਦੀ ਕਰਕੇ ਆਈ ਥੀ। ਅਬ ਵੋਹ ਮੇਰੇ ਸਾਥ ਨਹੀਂ ਰਹਿਤਾ।’’
”ਤੈਨੂੰ ਛੱਡ ਗਿਆ ?’’ ਮੈਂ ਉਸਦੇ ਇਕੱਲੇਪਣ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ। ”ਨਹੀਂ… ਮੈਨੇ ਉਸੇ ਛੋੜ ਦੀਆ।’’ ਕਹਿ ਕੇ ਉਹ ਹੱਸ ਪਈ। ਨਿੱਕੇ-ਨਿੱਕੇ ਕਦਮ ਪੁੱਟਦੀ ਹੋਈ ਰਸੋਈ ਵੱਲ ਨੂੰ ਚਲੀ ਗਈ।
”ਕੋਮਲ… ਇਹ ਠੀਕ ਹੀ ਕਹਿੰਦੀ ਹੈ… ਇਸਨੇ ਆਪ ਹੀ ਅਪਣੇ ਪਤੀ ਨੂੰ ਛੱਡ ਦਿੱਤਾ। ਨਸ਼ੇ ਦਾ ਆਦੀ ਸੀ… ਸਾਰੀ ਕਮਾਈ ਖੋਹ ਕੇ ਲੈ ਜਾਂਦਾ। ਇੱਕ ਰਾਤ ਤਾਂ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ।’’ ”ਕਿਉਂ…?’’
”ਮੈਡਮ ਮੁਝੇ ਧੰਦੇ ਪੇ ਬਿਠਾਣਾ ਚਾਹਤਾ ਥਾ” ਮੀਨਾ ਨੇ ਕੱਪ ਚੁੱਕਦਿਆਂ ਕਿਹਾ – ਜਬ ਮੈਨੇ ਖੁਦ ਹੀ ਕਮਾ ਕੇ ਖਾਣਾ ਹੈ ਤੋਂ ਐਸੇ ਗੰਦੇ ਆਦਮੀ ਕੇ ਸਾਥ ਕਿਉਂ ਰਹੂੰ। ਮੁਝੇ ਐਸੀ ਜਿੰਦਗੀ ਨਹੀਂ ਮੰਜੂਰ… ਇਸੀ ਲੀਏ ਮੈਨੇ ਖੁਦ ਹੀ ਉਸੇ ਛੋੜ ਦਿਆ।’’ ਮੀਨਾ ਗੱਲ ਕਰਦੀ ਹੋਈ ਏਨੀ ਸਹਿਜ ਸੀ ਜਿਵੇਂ ਉਸਨੂੰ ਅਪਣੇ ਕੀਤੇ ਫੈਸਲੇ ’ਤੇ ਕੋਈ ਗਿਲਾ ਨਾ ਹੋਵੇ।
-੦-੦-੦-
ਡੋਰ ਬੈੱਲ ਵੱਜੀ। ਮੀਨਾ ਨੇ ਬੂਹਾ ਖੋਲਿ੍ਹਆ। ”ਆ ਜਾ ਕਾਂਤੀ।’’ ਇੱਕ ਪਤਲੀ ਜਿਹੀ ਲੜਕੀ ਅੰਦਰ ਦਾਖਲ ਹੋਈ। ਸਿਰ ’ਤੇ ਕੱਪੜਿਆਂ ਦੀ ਗੱਠੜੀ ਚੁੱਕੀ ਹੋਈ। ਗੱਠੜੀ ਹੇਠਾਂ ਰੱਖ ਕੇ ਫਰਸ਼ ’ਤੇ ਲੱਤਾਂ ਨਿਸਾਰ ਕੇ ਬਹਿ ਗਈ। ਉਸਦੀ ਸਾੜ੍ਹੀ ਗੋਡਿਆਂ ਤਾਂਈ ਸਰਕ ਗਈ। ਬੜੀ ਲਾਪ੍ਰਵਾਹੀ ਨਾਲ ਕੱਪੜੇ ਗਿਣ-ਗਿਣ ਕੇ ਮੇਜ਼ ’ਤੇ ਰੱਖਦੀ ਗਈ। ਮੈਂ ਉਸਨੂੰ ਤੱਕਦੀ ਰਹੀ। ਬੜੀ ਮਲੂਕ ਜਿਹੀ, ਸਾਂਵਲੇ ਰੰਗ ਦੀ ਕਾਂਤੀ… ਗਲੇ ਵਿੱਚ ਪਾਇਆ ਮੰਗਲਸੂਤਰ… ਸਿਰ ਦੇ ਵਿਚਾਲੇ ਚੀਰ ਵਿੱਚ ਲੰਮੀ ਤਿੱਖੇ ਲਾਲ ਸੰਧੂਰ ਦੀ ਧਾਰੀ, ਉਸਦੇ ਵਿਆਹੁਤਾ ਹੋਣ ਦਾ ਪ੍ਰਮਾਣ ਦੇ ਰਹੀ ਸੀ। ਪਤਲੇ ਜਿਹੇ ਸਰੀਰ ’ਤੇ ਕੱØØਸਿਆ ਹੋਇਆ ਨਿੱਕਾ ਜਿਹਾ ਬਲਾਊਜ ਤੇ ਫੁੱਲਾਂ ਵਾਲੀ ਘਸਮੈਲੀ ਜਿਹੀ ਸਾੜ੍ਹੀ ਵਿੱਚ ਵੀ ਉਹ ਬੜੀ ਖੂਬਸੂਰਤ ਜਾਪਦੀ ਸੀ। ”ਮੈਡਮ ਕੀ ਸਹੇਲੀ ਹੋ ?’’ ਕੁਝ ਜ਼ਿਆਦਾ ਹੀ ਵੱਡੀਆਂ ਗਜ਼ਾਲਾਂ ਵਰਗੀਆਂ ਅੱਖਾਂ ਉਤਾਂਹ ਚੁੱਕ ਕੇ ਉਸਨੇ ਮੈਨੂੰ ਪੁੱØØਛਿਆ।
”ਹਾਂ।’’ ਕਹਿ ਕੇ ਮੇਰਾ ਧਿਆਨ ਉਸਦੇ ਪੈਰਾਂ ਵੱਲ ਚਲਾ ਗਿਆ। ”ਕਿਆ ਦੇਖਤੀ ਹੋ ?’’ ਉਸਨੇ ਅਪਣੀ ਉਤਾਂਹ ਹੋਈ ਸਾੜ੍ਹੀ ਨੂੰ ਹੇਠਾਂ ਕਰਕੇ ਲੱਤਾਂ ਕੱਜ ਲਈਆਂ। ਮੈਂ ਹੱਸ ਪਈ। ”ਕੁਝ ਨਹੀਂ ਦੇਖਦੀ… ਮੈਂ ਤਾਂ ਤੇਰੇ ਪੈਰਾਂ ਦੀ ਪਾਜੇਬ ਤੇ ਬਿਛੂਏ…।’’ ”ਯੇ ਬਿਛੂਏ… ਯੇ ਤੋ ਸ਼ਾਦੀ ਕੇ ਬਾਅਦ ਹਮਾਰੇ ਮੇਂ ਪਹਿਨਣੇ ਜ਼ਰੂਰੀ ਹੋਤੇ ਹੈਂ।’’ ਕਹਿ ਕੇ ਉਹ ਪੈਰਾਂ ਵਿੱਚ ਪਾਏ ਬਿਛੂਏ ਉਂਗਲੀਆਂ ਨਾਲ ਘੁੰਮਾਉਣ ਲੱਗ ਪਈ। ”ਕਸਤੇ ਬਹੁਤ ਹੈਂ… ਦੇਖੋ ਪੈਰੋਂ ਕੀ ਉਂਗਲੀਓ ਪਰ ਨਿਸ਼ਾਨ ਪੜ ਗਏ।’’ ”ਕਾਂਤੀ ਕੱਪੜੇ ਔਰ ਲੇ ਜਾਣਾ।’’ ਮੀਨਾ ਕੱਪੜਿਆਂ ਦਾ ਢੇਰ ਚੁੱਕ ਲਿਆਈ। ”ਕੱਲ ਲੇ ਕੇ ਜਾਊਂਗੀ… ਆਜ ਸੌ ਰੁਪਏ ਚਾਹੀਏ… ਮੇਰੇ ਕੋ ਜਾਣਾ ਹੈ।’’ ਕਹਿ ਕੇ ਸ਼ਰਮਾ ਗਈ। ਉਂਗਲਾਂ ਨਾਲ ਪਾਜੇਬਾਂ ਦੇ ਘੁੰਗਰੂ ਠੁਣਕਾਉਣ ਲੱਗ ਪਈ। ਮੈਨੂੰ ਨਿੱਕੀ ਜਿਹੀ ਬਾਲੜੀ ਜਾਪੀ… ਕਲੋਲਾਂ ਕਰਦੀ ਹੋਈ… ਲਾਪ੍ਰਵਾਹ ਅੱਖਾਂ… ਤੇ ਬੁੱਲ੍ਹਾਂ ’ਤੇ ਸ਼ਰਾਰਤੀ ਜਿਹੀ ਮੁਸਕਾਨ।
ਚੇਤਨਾ ਪਰਸ ਫਰੋਲਦੀ ਬਾਹਰ ਆ ਗਈ। ਉਸਨੂੰ ਸੌ ਰੁਪਏ ਫੜਾਏ। ਫਟਾਫਟ ਫੜ੍ਹ ਕੇ ਉਸਨੇ ਅਪਣੇ ਬਲਾਊਜ ਅੰਦਰ ਤੁੰਨ ਲਏ। ”ਆਜ ਕੱਪੜੇ ਤੋ ਪਰੈਸ ਹੋ ਨਹੀਂ ਸਕਤੇ… ਹੈ ਨਾ ਕਾਂਤੀ।’’ ਚੇਤਨਾ ਨੇ ਹੱਸ ਕੇ ਕਿਹਾ। ”ਕਿਸ਼ੋਰੀ ਨੇ ਕਿਸੀ ਦਿਨ ਇਸੀ ਕੋ ਪਰੈਸ ਕਰ ਦੇਨਾ ਹੈ… ਕਿਉਂ ਕਾਂਤੀ ?’’ ਮੀਨਾ ਨੇ ਸ਼ਰਾਰਤ ਨਾਲ ਕਿਹਾ।

”ਹਾਥ ਤੋਂ ਲਗਾ ਕੇ ਦੇਖੇ… ਹਰਾਮੀ।’’ ਉਹ ਤਲਖ਼ੀ ਨਾਲ ਬੋਲੀ। ”ਅੱਛਾ-ਅੱਛਾ ਤੂੰ ਜਾ ਪਿਕਨਿਕ ਮਨਾ… ਜਲਦੀ ਆਨਾ।’’ ਮੀਨਾ ਨੇ ਕਿਹਾ। ”ਜਲਦੀ ਆਊਂਗੀ’’ ਕਹਿ ਕੇ ਉਹ ਕਾਹਲੇ ਕਦਮਾਂ ਨਾਲ ਮੁਸਕਰਾਉਂਦੀ ਹੋਈ ਬਾਹਰ ਚਲੀ ਗਈ।

ਚੇਤਨਾ ਆਫਿਸ ਜਾ ਰਹੀ ਸੀ। ”ਕੋਮਲ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ, ਮੀਨਾ ਤੇਰੇ ਕੋਲ ਹੈ… ਮੈਨੂੰ ਦੇਰ ਵੀ ਹੋ ਸਕਦੀ ਹੈ, ਓ.ਕੇ.।’’ ਕਹਿ ਕੇ ਉਹ ਚਲੀ ਗਈ।
ਮੈਂ ਬਾਹਰ ਟੈਰਿਸ ’ਤੇ ਆ ਕੇ ਖਲੋ ਗਈ। ਸਾਹਮਣੇ ਗੁਲਮੋਹਰਾਂ ਦੀ ਛਾਂ ਹੇਠਾਂ ਕਾਂਤੀ ਕੱਪੜੇ ਪਰੈਸ ਕਰ ਰਹੀ ਸੀ। ਕੋਲ ਮਰੀਅਲ ਜਿਹਾ ਬੁੱਢਾ ਪੈਰਾਂ ਭਾਰ ਬੈਠਾ ਹੋਇਆ, ਬੀੜੀ ਪੀ ਰਿਹਾ ਸੀ। ਛੋਟਾ ਜਿਹਾ ਟੀਨ ਦਾ ਛੱਪਰ। ਕੱਪੜਿਆਂ ਦੀਆਂ ਗੰਢਾਂ ਦਾ ਵੱਡਾ ਸਾਰਾ ਢੇਰ।
”ਮੈਡਮ ਨਾਸ਼ਤਾ ?’’ ਮੀਨਾ ਮੇਰੇ ਕੋਲ ਆ ਗਈ।
”ਹਾਲੇ ਨਹੀਂ… ਮੀਨਾ, ਉਹ ਕਾਂਤੀ ਦਾ ਸਹੁਰਾ ਐ। ਮੈਂ ਉਸ ਬੁੱਢੇ ਵੱਲ ਇਸ਼ਾਰਾ ਕੀਤਾ। ਮੀਨਾ ਹੱਸ ਪਈ।
”ਨਹੀਂ ਇਸਕਾ ਮਰਦ ਹੈ… ਸਾਰਾ ਦਿਨ ਤੰਬਾਕੂ ਪੀਤਾ ਹੈ… ਰਾਤ ਕੋ ਦਾਰੂ… ਬੇਚਾਰੀ ਕੀ ਇਤਨੀ ਪਿਟਾਈ ਕਰਤਾ ਹੈ… ਬੱਸ ਪੁੱਛੋ ਮਤ।’’ ”ਕਿਉਂ ?’’ ”ਬੁੱਢਾ ਹੈ ਨਾ… ਜਵਾਨ ਬੀਵੀ ਪਰ ਸ਼ੱਕ ਕਰਤਾ ਹੈ… ਸਾਰੇ ਕੱਪੜੇ ਕਾਂਤੀ ਕੋ ਪਰੈਸ ਕਰਨੇ ਪੜਤੇ ਹੈ… ਮੈਨੇ ਇਸੇ ਕਭੀ ਪਰੈਸ ਕਰਤੇ ਨਹੀਂ ਦੇਖਾ… ਬੱਸ ਇਸ ਕੇ ਸਿਰਹਾਣੇ ਬੈਠਾ ਰਹਿਤਾ ਹੈ… ਯਾ ਫਿਰ ਦਿਨ ਮੇਂ ਭੀ ਦਾਰੂ ਚੜ੍ਹਾ ਕੇ ਸੋਤਾ ਰਹਿਤਾ ਹੈ।’’ ਮੈਂ ਕਾਂਤੀ ਵੱਲ ਵੇਖ ਰਹੀ ਸੀ। ਅਪਣੇ ਕੰਮ ਵਿੱਚ ਮਸਤ… ਸੁਫ਼ਨੇ ਲੈਣ ਦੀ ਉਮਰ ਵਿੱਚ ਉਹ ਕਿਹੋ ਜਿਹਾ ਕਸ਼ਟ ਭੋਗ ਰਹੀ ਸੀ।
-੦-੦-੦-
ਸ਼ਾਮ ਦੇ ਸੱਤ ਵੱਜ ਗਏ। ਡੋਰ ਬੈੱਲ ਹੋਈ। ਮੈਂ ਦਰਵਾਜ਼ਾ ਖੋਲਿ੍ਹਆ। ਕਾਂਤੀ ਦਾ ਪਤੀ ਖੜ੍ਹਾ ਸੀ। ”ਮੀਨਾ ਹੈ ਜੀ ?’’ ”ਹਾਂ’’। ਮੀਨਾ ਬਾਹਰ ਆ ਗਈ। ”ਕਾਂਤੀ ਕਹਾਂ ਗਈ ?… ਤੇਰੇ ਕੋ ਕੁਛ ਬਤਾ ਕੇ ਗਈ ਕਿਆ ?’’ ”ਹਾਂ, ਉਸਕੇ ਪੇਟ ਮੇਂ ਬਹੁਤ ਦਰਦ ਥਾ… ਡਾਕਟਰ ਕੇ ਪਾਸ ਗਈ ਹੈ। ਮੈਡਮ ਸੇ ਪੈਸੇ ਭੀ ਲੈ ਕੇ ਗਈ।’’ ”ਕਬ ਕੀ ਗਈ ਹੂਈ ਹੈ… ਚਾਰ ਪਾਂਚ ਘੰਟੇ ਹੋ ਗਏ ?’’ ਕਿਸ਼ੋਰ ਨੇ ਸ਼ੱਕੀ ਜਿਹੇ ਅੰਦਾਜ਼ ਨਾਲ ਪੁੱØਛਿਆ।
”ਲੰਬੀ ਲਾਇਨ ਹੋਤੀ ਹੈ ਡਾਕਟਰ ਕੇ ਪਾਸ… ਜਲਦੀ ਨੰਬਰ ਨਹੀਂ ਲਗਾ ਹੋਗਾ… ਫਿਰ ਦਵਾਈ ਲੇਨੇ ਚਲੀ ਗਈ ਹੋਗੀ… ਫ਼ਿਕਰ ਨਾ ਕਰ… ਮੈਡਮ ਨੇ ਹੀ ਚੈੱਕ ਕਰਵਾਨੇ ਭੇਜਾ ਥਾ… ਦਰਦ ਸੇ ਬਿਚਾਰੀ ਮਰੀ ਜਾ ਰਹੀ ਥੀ।’’ ਮੀਨਾ ਨੇ ਬੜੇ ਸਲੀਕੇ ਨਾਲ ਝੂਠ ਨੂੰ ਸੱਚ ਬਣਾ ਦਿੱਤਾ। ਮੈਂ ਕਦੇ ਮੀਨਾ ਨੂੰ ਤੱਕਦੀ ਤੇ ਕਦੇ ਕਿਸ਼ੋਰ ਨੂੰ।
-੦-੦-੦-
ਮੈਂ ਬੜੀ ਬੇਚੈਨ ਹੋ ਰਹੀ ਸੀ। ਮੀਨਾ ਨੇ ਇੱਡਾ ਵੱਡਾ ਝੂਠ ਕਿਉਂ ਬੋਲਿਆ? ਅਖੀਰ ਮੈਂ ਰਸੋਈ ਵਿੱਚ ਮੀਨਾ ਕੋਲ ਚਲੀ ਗਈ। ”ਮੀਨਾ, ਤੂੰ ਝੂਠ ਕਿਉਂ ਬੋਲਿਆ ?’’ ”ਕਿਸਕੋ ? ਅੱਛਾ… ਅੱਛਾ… ਵੋਹ ਕਿਸ਼ੋਰ ਕੋ’’ ਮੀਨਾ ਵਿਅੰਗ ਨਾਲ ਹੱਸੀ। ”ਮੈਡਮ ਅਗਰ ਸੱਚ ਬਤਾਤੀ ਤੋ ਵੋਹ ਮਾਰ ਨਾ ਦੇਗਾ ਕਾਂਤੀ ਕੋ।’’
”ਸੱਚ ਕੀ ਹੈ ਮੀਨਾ ?’’ ”ਮੈਡਮ… ਆਪਨੇ ਕਾਂਤੀ ਕੋ ਦੇਖਾ ਹੈ ਨਾ ?… ਕਿਸ਼ੋਰ ਕੋ ਭੀ ਦੇਖਾ ਹੈ ਨਾ… ਹੈ ਕੋਈ ਮੇਲ ? ਜਿਸ ਉਮਰ ਮੇਂ ਕਿਸ਼ੋਰ ਬੁੱਢਾ ਹੋ ਗਿਆ, ਉਸ ਉਮਰ ਮੇਂ ਕਾਂਤੀ ਜਵਾਨ ਹੂਈ। ਮਾਸੂਮ ਸੀ, ਅਠਾਰਾਂ ਸਾਲ ਕੀ ਬੱਚੀ ਕੋ ਉਸ ਕੇ ਚਾਚੇ ਨੇ ਗਰੀਬੀ ਕੇ ਕਾਰਨ ਇਸ ਬੁੱਢੇ ਕੇ ਖੁੰਟੇ ਬਾਂਧ ਦੀਆ। ਬਿਨ ਮਾਂ ਬਾਪ ਕੀ ਬੱਚੀ ਕਾ ਕੋਈ ਆਸਰਾ ਭੀ ਨਹੀਂ।’’ ”ਮੀਨਾ ਤੂੰ ਝੂਠ ਕਿਉਂ ਬੋਲਿਆ ?’’ ਮੈਂ ਫੇਰ ਆਪਣਾ ਪ੍ਰਸ਼ਨ ਦੁਹਰਾਇਆ। ”ਝੂਠ ਮੈਨੇ ਨਹੀਂ ਬੋਲਾ ਮੈਡਮ… ਝੂਠ ਕਿਸ਼ੋਰੀ ਨੇ ਬੋਲਾ ਥਾ ਕਾਂਤੀ ਕੋ। ਦੋ ਸ਼ਾਦੀਆਂ ਇਸਕੀ ਪਹਿਲੇ ਹੋ ਚੁੱਕੀ ਥੀ। ਦੋਨੋਂ ਘਰਵਾਲੀਆਂ ਮਰ ਗਈ… ਪਹਿਲੀ ਘਰ ਵਾਲੀ ਕੇ ਬੱਚੇ ਤੋਂ ਕਾਂਤੀ ਸੇ ਭੀ ਬੜੇ ਹੈਂ। ਬਦਲੇ ਮੇਂ ਕਿਆ ਦੇਤਾ ਹੈ, ਉਸੇ ਢੇਰ ਸਾਰਾ ਕਾਮ… ਪਿਟਾਈ…। ਪਿਆਰ ਤੋ ਇਸ ਕੋ ਕਭੀ ਨਸੀਬ ਹੀ ਨਹੀਂ ਹੂਆ।’’ ਮੀਨਾ ਕਹਿੰਦੀ-ਕਹਿੰਦੀ ਭਾਵੁਕ ਹੋ ਗਈ।
ਡੋਰ ਬੈੱਲ ਵੱਜੀ। ਕਾਂਤੀ ਆਈ ਸੀ। ਮੀਨਾ ਭੱਜ ਕੇ ਬਾਹਰ ਆਈ। ”ਅਬ ਤੂੰ ਫਟਾਫਟ ਘਰ ਜਾ… ਕਿਸ਼ੋਰੀ ਆਇਆ ਥਾ ਪੂਛਨੇਂ।’’ ”ਅੱਛਾ ਜਾਤੀ ਹੂੰ… ਯੇ ਦੇਖ, ਯੇ ਬੁੰਦੇ ਦਿਖਾਨੇ ਆਈ ਥੀ ਤੁਝੇ।’’ ਕਹਿੰਦੀ ਹੋਈ ਕਾਂਤੀ ਨੇ ਸਾੜੀ ਦੇ ਪੱਲੇ ਬੱਝੀ ਗੰਢ ਫਟਾਫਟ ਖੋਲ੍ਹੀ। ਫਿਰੋਜ਼ੀ ਮੋਤੀਆਂ ਵਾਲੇ ਬੁੰਦੇ ਕੱਢ ਕੇ ਮੀਨਾ ਦੀ ਹਥੇਲੀ ’ਤੇ ਰੱਖ ਦਿਤੇ। ”ਹੈ ਨਾ ਸੁੰਦਰ ?’’ ਕਹਿ ਕੇ ਉਸਨੇ ਫਟਾਫਟ ਫੇਰ ਸਾੜੀ ਵਿੱਚ ਲਕੋਅ ਲਏ। ਉਸਦੀਆਂ ਗੱਲਾਂ ਚਮਕ ਰਹੀਆਂ ਸਨ। ਝਾਜਰਾਂ ਦਾ ਛਣਕਾਟਾ ਪਾਉਂਦੀ ਹੋਈ ਭੱਜ ਗਈ।
”ਮੈਡਮ, ਦੇਖਾ ਕਿਤਨੀ ਖੁਸ਼ ਥੀ। ਇਸ ਕਾ ਏਕ ਦੋਸਤ ਹੈ, ਰਾਮਾ… ਇਸੀ ਕੇ ਦੇਸ ਕਾ… ਇਸੀ ਕਾ ਹਮਉਮਰ… ਦੋਨੋਂ ਏਕ ਦੂਸਰੇ ਕੋ ਬਹੁਤ ਪਿਆਰ ਕਰਤੇ ਹੈ… ਮਹੀਨੇ ਮੇ ਏਕ ਦੋ ਬਾਰ ਉਸਕੇ ਸਾਥ ਪਿਕਚਰ ਦੇਖ ਲੇਤੀ ਹੈ… ਚਾਟ ਪਕੋੜੀ ਖਾ ਲੇਤੀ ਹੈ… ਯੇ ਚਾਰ ਪਾਂਚ ਘੰਟੇ ਮੇਂ ਰਾਮਾ ਕੇ ਸਾਥ ਅਪਨੀ ਜ਼ਿੰਦਗੀ ਜੀ ਲੇਤੀ ਹੈ… ਸਭ ਮਾਰ, ਪਿਟਾਈ ਕਾਮ ਕਾ ਬੋਝ ਭੂਲ ਜਾਤੀ ਹੈ… ਚਾਹੇ ਕੁਝ ਦੇਰ ਕੇ ਲੀਏ ਹੀ ਸਹੀ… ਕਿਤਨੇ ਦਿਨ ਫਿਰ ਇਸੀ ਖੁਸ਼ੀ ਮੇਂ ਜੀਤੀ ਰਹਿਤੀ ਹੈ।’’
”ਮੀਨਾ, ਪਰ ਹੈ ਤਾਂ ਇਹ ਸਭ ਗਲਤ ?’’
”ਵਾਹ ਮੈਡਮ, ਜੋ ਉਸ ਕੇ ਸਾਥ ਹੂਆ… ਜੋ ਹੋ ਰਹਾ ਹੈ… ਕਿਆ ਵੋਹ ਠੀਕ ਹੈ ?’’ ਉਸਨੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਪੁੱਛਿਆ। ਮੈਂ ਨਿਰਉੱਤਰ ਹੋ ਗਈ।
-੦-੦-੦-
ਚੇਤਨਾ ਆ ਗਈ। ”ਕਿਵੇਂ ਰਿਹਾ ਦਿਨ ?’’ ”ਬਹੁਤ ਵਧੀਆ … ਤੇਰੀ ਮੀਨਾ ਨੇ ਦਿਲ ਲਵਾਈ ਰੱਖਿਆ।’’ ”ਹਾਂ, ਮੇਰੀ ਮੀਨਾ ਬੜੀ ਜਿੰਦਾ ਦਿਲ ਕੁੜੀ ਹੈ।’’ ਅਸੀਂ ਗੱਲ ਕਰ ਹੀ ਰਹੇ ਸੀ ਕਿ ਚੇਤਨਾ ਦੇ ਮੰਮੀ ਦਾ ਫੋਨ ਆ ਗਿਆ। ਚੇਤਨਾ ਨੂੰ ਸਮਝਾ ਰਹੇ ਸੀ। ਜਿੰਨੀ ਦੇਰ ਤੱਕ ਕੋਮਲ ਨਾਰਮਲ ਨਹੀਂ ਹੁੰਦੀ, ਉਦੋਂ ਤੱਕ ਆਪਣੇ ਕੋਲ ਰੱਖੀਂ।’’ ”ਆਹ ਤੁਸੀਂ ਆਪ ਹੀ ਗੱਲ ਕਰ ਲਵੋ।’’ ਕਹਿ ਕੇ ਚੇਤਨਾ ਨੇ ਫੋਨ ਮੈਨੂੰ ਫੜ੍ਹਾ ਦਿੱਤਾ। ਆਂਟੀ ਲੰਮੀ ਗੱਲ ਕਰੀ ਗਏ। ਮੈਂ ਕਿਹਾ ਸੀ, ”ਆਂਟੀ ਕੀ ਕਰਾਂ?…ਕੋਈ ਰਸਤਾ ਵੀ ਦਿਖਾਈ ਨਹੀਂ ਦਿੰਦਾ। ਲੱਗਦੈ ਜਿਵੇਂ ਹੁਣ ਨਾ ਘਰ ਦੀ ਰਹੀ ਨਾ ਬਾਹਰ ਦੀ।’’ ਆਂਟੀ ਹੱਸ ਪਏ। ”ਇੰਝ ਤਾਂ ਬਿਲਕੁਲ ਵੀ ਨਹੀਂ ਸੋਚਣਾ… ਜਦੋਂ ਔਰਤ ਇਕੱਲੀ ਸਫ਼ਰ ‘ਤੇ ਨਿਕਲਦੀ ਹੈ ਤਾਂ ਉਸਨੂੰ ਕੋਈ ਰਾਹ ਨਹੀਂ ਦਿੰਦਾ… ਅਪਣਾ ਰਾਹ ਆਪ ਬਣਾਉਣਾ ਪੈਂਦਾ ਹੈ…ਤੂੰ ਹਿੰਮਤ ਰੱਖ…ਓ.ਕੇ.।’’ ਆਂਟੀ ਨੇ ਫੋਨ ਰੱਖ ਦਿੱਤਾ। ਚੇਤਨਾ ਨੇ ਅਪਣੇ ਕਮਰੇ ਵਿੱਚੋਂ ਮੈਨੂੰ ਅਵਾਜ ਮਾਰੀ। ”ਕੋਮਲ, ਆ ਜਾ… ਕੀ ਕਹਿ ਰਹੀ ਸੀ ਮੇਰੀ ਮਾਂ ?… ਜ਼ਰੂਰ ਕੋਈ ਖ਼ਤਰਨਾਕ ਜਿਹਾ ਸੰਦੇਸ਼ ਦਿੱਤਾ ਹੋਣੈਂ…।’’ ਚੇਤਨਾ ਨੇ ਹੱਸ ਕੇ ਮੈਨੂੰ ਅਪਣੇ ਨਾਲ ਬੈੱਡ ’ਤੇ ਬੈਠਣ ਦਾ ਇਸ਼ਾਰਾ ਕੀਤਾ।
”ਸੱਚਮੁੱਚ ਚੇਤਨਾ ਆਂਟੀ ਵਿਚ ਕਿੰਨੀ ਐਨਰਜੀ ਹੈ… ਬਿਲਕੁਲ ਵੀ ਨਹੀਂ ਘਬਰਾਉਂਦੇ… ਉਹਨਾਂ ਨਾਲ ਗੱਲ ਕਰਕੇ ਹੀ ਹੌਂਸਲਾ ਮਿਲ ਗਿਆ।’’ ”ਕੋਮਲ ਤੂੰ ਮੇਰੀ ਮੰਮੀ ਨੂੰ ਸਿਰਫ਼ ਮਿਉਂਸਪਲ ਕਮੇਟੀ ਦੀ ਪ੍ਰਧਾਨ ਦੇ ਤੌਰ ’ਤੇ ਹੀ ਦੇਖਿਆ ਹੈ… ਤੂੰ ਨਹੀਂ ਜਾਣਦੀ ਉਹ ਕਿੰਨੀ ਸਮਰੱਥਾਵਾਣ ਤੇ ਦਲੇਰ ਔਰਤ ਹੈ… ਮੈਂ ਵੀ ਉੱਚੀ ਸਫ਼ਲਤਾ ਦੇ ਸੁਫ਼ਨੇ ਲੈਣੇ ਅਪਣੀ ਮੰਮੀ ਤੋਂ ਹੀ ਸਿੱਖੇ… ਮੰਮੀ ਨੇ ਜ਼ਿੰਦਗੀ ਨਾਲ ਜੰਗ ਲੜੀ ਹੈ… ਮੈਂ ਉਸਨੂੰ ਕਈ ਵਾਰ ਅੱਗ ਵਿੱਚੋਂ ਲੰਘਦਿਆਂ ਦੇਖਿਆ… ਫੇਰ ਵੀ ਹਰ ਵਾਰ ਉਹ ਸਿਉਣੇ ਵਾਂਗ ਅੱਗੇ ਨਾਲੋਂ ਵਧੇਰੇ ਨਿੱਖਰ ਆਉਂਦੀ।’’
”ਚੇਤਨਾ, ਤੇਰੀ ਮੰਮੀ ਨੂੰ ਸਾਰੇ ਘਰ ਦੇ ਸਾਥ ਦਿੰਦੇ ਹੋਣਗੇ… ਆਪਣਿਆਂ ਦਾ ਹੌਂਸਲਾ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ।’’
”ਕੀਹਦਾ ਹੌਂਸਲਾ ਕੋਮਲ… ਮੇਰੀ ਮੰਮੀ ਨੇ ਤਾਂ ਕਦੀ ਕਿਸੇ ਦਾ ਮੋਢਾ ਤੱØਕਿਆ ਈ ਨਹੀਂ… ਰਹੀ ਘਰਦਿਆਂ ਦੇ ਸਾਥ ਦੀ ਗੱਲ… ਉਹ ਸਭ ਤਾਂ ਖੁਦ ਮੰਮੀ ਉੱਤੇ ਨਿਰਭਰ ਸੀ। ਮੰਮੀ ਦੇ ਵਿਆਹ ਤੋਂ ਬਾਅਦ ਪਾਪਾ ਦਾ ਬਿਜਨੈਸ ਬਿਲਕੁਲ ਫੇਲ੍ਹ ਹੋ ਗਿਆ… ਪਾਪਾ ਨੂੰ ਅਧਰੰਗ ਹੋ ਗਿਆ… ਕਮਾਈ ਦਾ ਕੀ ਸਾਧਨ ਸੀ… ਦਾਦਾ ਜੀ ਨੇ ਬਾਹਰਲੀ ਬੈਠਕ ਵਿੱਚ ਪਰਚੂਣ ਦੀ ਦੁਕਾਨ ਕੀਤੀ… ਦੁਕਾਨ ਵੀ ਕਾਹਦੀ ਚਾਰ ਕੁ ਡੱਬੇ, ਜਿੰਨ੍ਹਾਂ ਵਿੱਚ ਸਿਰਫ਼ ਲੂਣ, ਤੇਲ ਤੇ ਖੰਡ। ਮੰਮੀ ਘਰੇ ਦੋ ਮੱਝਾਂ ਸਾਂਭਦੀ… ਦਾਦੀ ਸਾਰਾ ਦੁੱਧ ਦੋਧੀਆਂ ਨੂੰ ਪਾ ਦਿੰਦੀ… ਮੰਮੀ ਨੇ ਇਕ ਦਿਨ ਦਾਦੀ ਨੂੰ ਦੱØਸਿਆ ਵੀ… ਦੋਧੀ ਹਿਸਾਬ ਵਿੱਚ ਗੜਬੜ ਕਰਦੇ ਨੇ, ਕਿਉਂ ਨਾ ਆਪਾਂ ਦੁੱਧ ਸਿੱਧਾ ਦੁਕਾਨ ’ਤੇ ਈ ਵੇਚ ਲਿਆ ਕਰੀਏ। ਮੰਮੀ ਦੇ ਦੋ ਹੱਥ… ਕਦੇ ਵੀ ਵਿਹਲੇ ਨਾ ਹੁੰਦੇ। ਕਦੇ ਗੋਹੇ ਕੂੜੇ ਵਿਚ ਲਿਬੜੇ ਹੁੰਦੇ… ਕਦੇ ਆਟੇ ਨਾਲ… ਕਦੇ ਦੁੱਧ ਵੇਚਦੇ… ਕਦੇ ਬੀਮਾਰ ਪਾਪਾ ਨੂੰ ਸਾਂਭਦੇ…। ਬੜੀ ਸ਼ਕਤੀ ਐ ਮੇਰੀ ਮੰਮੀ ਦੇ ਦੋਹਾਂ ਹੱਥਾਂ ਵਿੱਚ। ਅਸੀਂ ਦੋਵੇਂ ਭੈਣਾਂ ਸਕੂਲ ਤੋਂ ਆਉਂਦੀਆਂ ਤਾਂ ਮੰਮੀ ਦੁਕਾਨ ’ਤੇ ਹੀ ਬਿਠਾ ਲੈਂਦੇ… ਨਾਲ ਹੋਰ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੇ। ਮੰਮੀ ਨੂੰ ਫ਼ਿਕਰ ਸੀ…ਮੇਰੀ ਇਕ ਭੂਆ ਕੁਆਰੀ ਸੀ। ਏਨੀ ਕਮਾਈ ਨਾਲ ਤਾਂ ਘਰ ਮਸਾਂ ਚੱਲਦਾ। ਪਾਪਾ ਹੌਲੀ ਹੌਲੀ ਤੁਰਣ ਜੋਗੇ ਹੋ ਗਏ… ਕਹਿੰਦੇ ਸੀ ਹੁਣ ਮੈਂ ਦੁਕਾਨ ’ਤੇ ਬੈਠ ਜਾਇਆ ਕਰੂੰ। ਮੰਮੀ ਨਹੀਂ ਮੰਨੇ… ਪਾਪਾ ਨੂੰ ਕਹਿੰਦੇ, ”ਕਿਉਂ ਨਾ ਆਪਾਂ ਚੋਣੀਆਂ ਤੋਂ ਨਰਮਾ ਸਿੱਧਾ ਆਪਣੀ ਦੁਕਾਨ ’ਤੇ ਸੁਟਵਾ ਲਿਆ ਕਰੀਏ… ਤੁਸੀਂ ਰਿਕਸ਼ਾ ‘ਤੇ ਮੰਡੀ ਜਾ ਕੇ ਬੈਠਿਆ ਕਰੋ… ਅਗਾਂਹ ਮੰਡੀ ਦੇ ਭਾਅ ਨਰਮਾ ਵੇਚਤਾ। ਮੰਮੀ ਹੁਣ ਏਸੇ ਤਰ੍ਹਾਂ ਕਰਦੀ… ਮੰਡੀ ਨਾਲੋਂ ਘੱਟ ਭਾਅ ‘ਤੇ ਚੋਣੀਆਂ ਪੰਡਾਂ ਦੀਆਂ ਪੰਡਾਂ ਨਰਮਾ ਸਾਡੀ ਦੁਕਾਨ ’ਤੇ ਸੁੱਟ ਜਾਂਦੀਆਂ… ਤੇ ਪਾਪਾ ਹਰ ਰੋਜ਼ ਪੰਜ ਸੌ ਦਾ ਨੋਟ ਜੇਬ ਵਿੱਚ ਪਾ ਕੇ ਘਰ ਆਉਂਦੇ। ਓਹਨੀ ਦਿਨੀਂ ਸਰਕਾਰ ਨੇ ਪੀ.ਸੀ.ਓ. ਅਲਾਟ ਕੀਤੇ… ਮੰਮੀ ਨੇ ਦੁਕਾਨ ਵਿੱਚ ਹੀ ਪੀ.ਸੀ.ਓ. ਵੀ ਖੋਹਲ ਲਿਆ। ਦੁਕਾਨ ਵਿੱਚ ਹੀ ਹੁਣ ਵਾਧੂ ਰਾਸ਼ਨ ਹੁੰਦਾ। ਘਰ ਤਰੱਕੀ ਵੱਲ ਨੂੰ ਜਾਣ ਲੱਗ ਪਿਆ। ਮੰਮੀ ਨੇ ਭੂਆ ਦਾ ਵਿਆਹ ਕੀਤਾ… ਸਾਨੂੰ ਪੜ੍ਹਾਇਆ… ਹੋਰ ਤਾਂ ਹੋਰ ਲੋਕਾਂ ਦੇ ਕੰਮ ਵੀ ਕਰਵਾਏ… ਕਿਸੇ ਦਾ ਰਾਸ਼ਨ ਕਾਰਡ ਬਣਵਾ ਦਿੱਤਾ… ਕਿਸੇ ਨੂੰ ਹਸਪਤਾਲ ਭਰਤੀ ਕਰਵਾਉਣਾ… ਕਿਸੇ ਦੀ ਦਵਾਈਆਂ ਦੀ ਮਦਦ ਕਰਨੀ… ਇਹ ਸਭ ਕੰਮ ਵੀ ਮੰਮੀ ਕਰਦੀ। ਲੋਕ ਨਿੱਕੇ ਮੋਟੇ ਘਰੇਲੂ ਝਗੜੇ ਲੈ ਕੇ ਵੀ ਮੰਮੀ ਕੋਲ ਆਉਂਦੇ… ਪਤਾ ਨਹੀਂ ਕਿਵੇਂ ਮਿੰਟੋਂ ਮਿੰਟੀਂ ਸੁਲਝਾ ਦਿੰਦੀ। ਜਦੋਂ ਐਮ.ਸੀ. ਦੀਆਂ ਵੋਟਾਂ ਆਈਆਂ ਤਾਂ ਲੋਕਾਂ ਨੇ ਮੰਮੀ ਨੂੰ ਹੀ ਸਹੀ ਕੈਂਡੀਡੇਟ ਸਮਝਿਆ… ਉਸਨੂੰ ਵੋਟਾਂ ਵਿੱਚ ਖੜ੍ਹਾ ਕੀਤਾ।
”ਚੇਤਨਾ ਆਂਟੀ ਵਾਕਈ ਕਿੱਥੋਂ ਕਿੱਥੇ ਪਹੁੰਚੇ… ਕਿੰਨੀ ਜਦੋਜਹਿਦ ਕੀਤੀ।’’
”ਨਹੀਂ ਕੋਮਲ… ਇਹ ਜਦੋ-ਜਹਿਦ ਉਸਨੇ ਅਪਣੀ ਜ਼ਿੰਦਗੀ ਨਾਲ ਕੀਤੀ… ਅਪਣੇ ਪਰਿਵਾਰ ਵਾਸਤੇ ਕੀਤੀ… ਪਰ ਜਦੋਂ ਮੰਮੀ ਨੂੰ ਸਮਾਜ ਨਾਲ ਜਦੋ-ਜਹਿਦ ਕਰਨੀ ਪਈ ਤਾਂ ਉਸਦੀ ਹਾਲਤ ਉਸੇ ਤਰ੍ਹਾਂ ਸੀ ਜਿਵੇਂ ਕੋਈ ਨਿੱਕੇ ਤਲਾਅ ਵਿੱਚ ਰਹਿਣ ਵਾਲੀ ਮੱਛੀ ਸਮੁੰਦਰ ਵਿੱਚ ਆ ਗਈ ਹੋਵੇ। ਵੱਡੀਆਂ ਮੱਛੀਆਂ ਉਸਦੇ ਸ਼ਿਕਾਰ ਲਈ ਜੁਗਤਾਂ ਲੜਾਉਂਦੀਆਂ। ਵਿਰੋਧੀ ਧਿਰਾਂ ਨੇ ਮੰਮੀ ਤੇ ਗੰਦੀਆਂ ਤੋਹਮਤਾਂ ਲਾਈਆਂ, ਲੂਣ ਤੇਲ ਵੇਚਣ ਵਾਲੀ ਕਹਿ ਕੇ ਪ੍ਰਚਾਰ ਕੀਤਾ… ਕਈ ਵੱਡੇ ਅਹੁਦੇਦਾਰਾਂ ਲੀਡਰਾਂ ਨਾਲ ਉਸਦਾ ਨਾਂਅ ਜੋੜਿਆ। ਮੈਂ ਕਦੇ-ਕਦੇ ਭਾਵੁਕ ਹੋ ਜਾਂਦੀ, ”ਮੰਮੀ ਇਹ ਲੋਕ ਇੰਨੇ ਮਾੜੇ ਕਿਉਂ ਨੇ… ਕਿਉਂ ਤੁਹਾਡੇ ਚਰਿੱਤਰ ‘ਤੇ ਉਂਗਲੀ ਚੁੱਕਦੇ ਨੇ ?’’ ਮੇਰੀ ਮੰਮੀ ਹੱਸ ਪੈਂਦੀ, ”ਕਾਮਯਾਬ ਔਰਤ ਦਾ ਜ਼ਮਾਨਾ ਸਦਾ ਹੀ ਦੁਸ਼ਮਣ ਰਿਹੈ… ਮੈਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੀ… ਇਹ ਸਫ਼ੇਦਪੋਸ਼ਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆਂ… ਔਰਤ ਦੀ ਤਰੱਕੀ ਵੇਖ ਕੇ ਅੰਦਰੋਂ-ਅੰਦਰੀਂ ਸੁਲਗਦੇ ਨੇ… ਇਹ ਨਹੀਂ ਜਾਣਦੇ, ਮੈਂ ਏਸੇ ਸੇਕ ਤੋਂ ਹੀ ਕਿੰਨੀ ਊਰਜਾ ਲੈ ਲੈਨੀ ਹਾਂ।’’ ਮੰਮੀ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਅਜੀਬ ਸ਼ਕਤੀ ਦਾ ਸੰਚਾਰ ਹੁੰਦਾ। ਮੰਮੀ ਬੇਪਰਵਾਹ ਹੋ ਕੇ ਅਪਣਾ ਕੰਮ ਕਰਦੀ ਰਹੀ। ਤਿੰਨ ਵਾਰ ਐਮ.ਸੀ. ਜਿੱਤੀ। ਫੇਰ ਪ੍ਰਧਾਨ ਦੀ ਕੁਰਸੀ ’ਤੇ ਬੈਠੀ। ਕਿੰਨ੍ਹਾਂ ਤਕਲੀਫ਼ਾਂ ਭਰਿਆ ਸਫ਼ਰ ਉਸਨੇ ਤਹਿ ਕੀਤਾ… ਉਹ ਅਕਸਰ ਕਹਿੰਦੀ… ਕਿਸੇ ਨਾ ਕਿਸੇ ਨੂੰ ਏਸ ਰਿਲੇਅ ਰੇਸ ਦਾ ਮੋਢੀ ਬਣਨਾ ਹੀ ਪੈਂਦਾ ਹੈ… ਤੇ ਮੈਂ ਵੀ ਅਪਣੀ ਮੰਮੀ ਦੀ ਰਿਲੇਅ ਰੇਸ ਦਾ ਹਿੱਸਾ ਬਣ ਗਈ।’’
”ਚੇਤਨਾ ਤੇਰਾ ਫੀਲਡ ਤਾਂ ਬਿਲਕੁਲ ਵੱਖਰੈ… ਕੋਰਪੋਰੇਟ ਦੀ ਦੁਨੀਆਂ… ਸਭ ਲੋਕ ਪੜ੍ਹੇ ਲਿਖੇ… ਸਭ ਆਪੋ ਅਪਣੇ ਕੰਮ ਨਾਲ ਜੁੜੇ ਹੋਏ… ਪਰੋਗਰੈਸਿਵ ਸੋਚ ਵਾਲੇ… ਤੂੰ ਕੀ ਮਹਿਸੂਸ ਕਰਦੀ ਏ।’’
”ਕੋਮਲ ਕੋਰਪੋਰੇਟ ਦੀ ਦੁਨੀਆਂ… ਦਿਮਾਗੀ ਲੋਕਾਂ ਦੀ ਖੇਡ ਹੈ। ਕੰਮ ਕਾਜ ਜ਼ਰੂਰ ਹੁੰਦੇ ਨੇ… ਪਰ ਰਾਜਨੀਤੀ ਇਥੇ ਵੀ ਬਲਵਾਨ ਹੈ। ਚੌਵੀਂ ਘੰਟੇ ਅਪਣੇ ਕੰਮ ਪ੍ਰਤੀ ਅਲਰਟ… ਬਜ਼ਾਰ ਦੀ ਹਰ ਖ਼ਬਰ ਨਾਲ ਜੁੜੇ ਰਹਿਣਾ ਪੈਂਦੈ… ਥੋੜ੍ਹਾ ਜਿਹਾ ਅਵੇਸਲੇ ਹੋਏ ਨਹੀਂ… ਕਿਸੇ ਨੇ ਵੀ ਤੁਹਾਡੇ ਪੈਰਾਂ ਹੇਠੋਂ ਪੌੜੀ ਹੀ ਖਿੱਚ ਦੇਣੀ ਹੈ… ਪਰੋਗਰੈਸਿਵ ਜ਼ਰੂਰ ਨੇ… ਪਰ ਜੇ ਔਰਤ ਪਰੋਗਰੈਸਿਵ ਹੋਣਾ ਚਾਹੇ… ਉਥੇ ਵੱਖਰੀਆਂ ਔਕੜਾਂ ਆਉਂਦੀਆਂ ਨੇ।’’
”ਤੇਰੇ ਵਰਗੀ ਕੁੜੀ ਵਾਸਤੇ ਵੀ ਔਕੜਾਂ ਆਉਂਦੀਆਂ ਨੇ ਚੇਤਨਾ?’’
”ਔਕੜਾਂ ਆਉਂਦੀਆਂ ਹੀ ਮੇਰੇ ਵਰਗੀ ਕੁੜੀ ਨੂੰ ਨੇ। ਜਿਹੜੀ ਕੰਮ ਤੋਂ ਬਿਨਾਂ ਹੋਰ ਸਮਝੌਤੇ ਨਹੀਂ ਕਰਦੀ… ਸਭ ਤੋਂ ਪਹਿਲਾਂ ਤਾਂ ਸਾਡੇ ਹਾਈ-ਫਾਈ ਬਾੱਸ ਲੋਕ ਹੀ ਕਿਸੇ ਵੀ ਸਮਾਰਟ ਕੁੜੀ ਨੂੰ ਅਪਣੀ ਪਰਸਨਲ ਲਾਈਫ਼ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ… ਬਥੇਰੀਆਂ ਔਰਤਾਂ ਬਲੈਕਮੇਲ ਵੀ ਹੁੰਦੀਆਂ ਨੇ… ਬਥੇਰੀਆਂ ਅੰਦਰ ਛੇਤੀ ਅਗਾਂਹ ਵਧਣ ਦੀ ਲਾਲਸਾ ਹੁੰਦੀ ਹੈ… ਅਜਿਹੀਆਂ ਔਰਤਾਂ ਛੇਤੀ ਤਰੱਕੀਆਂ ਪਾਉਂਦੀਆਂ ਨੇ… ਉਹਨਾਂ ਨੂੰ ਚੰਗੀ ਆਫ਼ਰ ਮਿਲਦੀ ਹੈ… ਚੰਗੇ ਪੈਸੇ ਮਿਲਦੇ ਨੇ। ਕੋਮਲ ਮੈਂ ਅਪਣੀ ਤਰੱਕੀ, ਅਪਣੇ ਕੰਮ ਅਤੇ ਅਪਣੇ ਕਾਨਫੀਡੈਂਸ ਨਾਲ ਖੋਹੀ ਹੈ… ਮੈਂ ਵੀ ਕਦੇ ਕਿਸੇ ਦਾ ਮੋਢਾ ਨਹੀਂ ਤੱØਕਿਆ…ਮੈਂ ਕਦੇ ਮਾੜੀ ਨੀਅਤ ਵਾਲੇ ਲੋਕਾਂ ਨਾਲ ਸਮਝੌਤਾ ਨਹੀਂ ਕਰਦੀ। ਚਾਹੇ ਅਪਣਾ ਨੁਕਸਾਨ ਹੀ ਕਿਉਂ ਨਾ ਹੋ ਜਾਵੇ…ਇੱਕ ਵਾਰੀ ਏਸੇ ਕਰਕੇ ਮੈਨੂੰ ਵੱਡੀ ਕੰਪਨੀ ਦੀ ਅਹਿਮ ਕੁਰਸੀ ਛੱਡਣੀ ਪਈ।’’
”ਕਿਉਂ ?’’ ”ਮੈਂ ਆਫਿਸ ਦੇ ਇੱਕ ਮੈਨੇਜਰ ਦੇ ਮੂੰਹ ’ਤੇ ਥੱਪੜ ਮਾਰਿਆ ਸੀ।’’ ”ਕਾਰਣ ?’’ ਮੈਂ ਉਸਦੀ ਗੱਲ ਉੱਪਰ ਬੜੀ ਹੈਰਾਨ ਹੋ ਕੇ ਪੁੱਛਿਆ। ”ਉਸਦੀ ਗੰਦੀ ਤ੍ਰਿਸ਼ਨਾਂ… ਧਮਕੀਆਂ ਦਿੰਦਾ ਸੀ… ਤੇਰਾ ਕੈਰੀਅਰ ਤਬਾਹ ਕਰ ਦੂੰਗਾ… ਫੇਰ ਉਸਨੂੰ ਸਜ਼ਾ ਤਾਂ ਮਿਲਣੀ ਸੀ… ਚਾਹੇ ਕੰਪਨੀ ਛੱਡਣੀ ਪਈ… ਮੈਨੂੰ ਵੱਡੀ ਕੰਪਨੀ ਤੋਂ ਛੋਟੀ ਕੰਪਨੀ ਵਿੱਚ ਆਉਣਾ ਪਿਆ… ਪਰ ਕੋਈ ਗੱਲ ਨਹੀਂ… ਮੇਰਾ ਕੈਰੀਅਰ ਸਗੋਂ ਜ਼ਿਆਦਾ ਜਾਨਦਾਰ ਤੇ ਸ਼ਾਨਦਾਰ ਹੋਵੇਗਾ… ਮੈਨੂੰ ਅਪਣੇ ਕੰਮ ’ਤੇ ਪੂਰਾ ਯਕੀਨ ਹੈ।’’
”ਚੇਤਨਾ, ਬਿਗ ਬਾੱਸ ਦੇ ਥੱਪੜ।’’ ਐਡਾ ਵੱਡਾ ਹੌਂਸਲਾ ਕਿੱਥੋਂ ਆਇਆ।’’ ਮੈਂ ਹੱਸ ਕੇ ਪੁੱਛਿਆ।
”ਮੰਮੀ ਕੋਲੋਂ ਇਹ ਥੱਪੜ ਵੀ ਸਿੱਖਿਆ।’’ ਕਹਿ ਕੇ ਕੋਮਲ ਨੇ ਸਿਰਹਾਣਾ ਚੁੱਕ ਕੇ ਗੋਦੀ ਵਿੱਚ ਰੱØਖਿਆ। ਠੀਕ ਹੋ ਕੇ ਬੈਠ ਗਈ। ਜਿਵੇਂ ਕੋਈ ਮਜ਼ੇਦਾਰ ਕਹਾਣੀ ਸੁਣਾਉਂਦੀ ਹੋਵੇ… ਉਸਦੀਆਂ ਅੱਖਾਂ ਹੱਸ ਰਹੀਆਂ ਸਨ।
”ਇੱਕ ਮਜ਼ੇਦਾਰ ਗੱਲ ਸੁਣਾਵਾਂ, ਕੋਮਲ ?’’ ਜਦੋਂ ਮੈਂ ਦਸਵੀਂ ਵਿੱਚ ਸੀ ਨਾ… ਮੰਮੀ ਕਿਸੇ ਫੰਕਸ਼ਨ ‘ਤੇ ਚੀਫ਼ ਗੈਸਟ ਇਨਵਾਈਟਡ ਸੀ… ਸਟੇਜ ਉੱਤੇ ਮੰਮੀ ਅਤੇ ਹੋਰ ਮੋਹਤਬਰ ਬੰਦੇ ਬੈਠੇ ਸਨ। ਕਰੀਬ ਸੱਠ ਸਾਲ ਦਾ ਜੱਥੇਦਾਰ… ਮੰਮੀ ਦੇ ਸਾਹਮਣੇ ਕੁਰਸੀ ’ਤੇ ਬੈਠਾ… ਜਦੋਂ ਮੰਮੀ ਉਧਰ ਝਾਕੇ ਤਾਂ ਉਸਨੇ ਅੱਖ ਦੱਬ ਦਿੱਤੀ। ਮੰਮੀ ਨੇ ਅਣਗੌਲਿਆ ਕਰ ਦਿੱਤਾ। ਜਦੋਂ ਖਾਣਾ ਖਾਣ ਲੱਗੇ ਤਾਂ ਉਹ ਫੇਰ ਪਲੇਟ ਫੜ੍ਹ ਕੇ ਮੰਮੀ ਦੇ ਸਾਹਮਣੇ ਖਲੋ ਗਿਆ। ਉਸਨੇ ਫੇਰ ਅੱਖ ਦੱਬੀ। ਮੰਮੀ ਨੇ ਪਲੇਟ ਪਾਸੇ ਰੱਖ ਕੇ ਚਟਾਖੇਦਾਰ ਥੱਪੜ ਉਸਦੇ ਮੂੰਹ ’ਤੇ ਮਾਰਿਆ। ਲੋਕ ਇਕੱਠੇ ਹੋ ਗਏ।
”ਮੈਡਮ ਜੀ ਕੀ ਹੋਇਆ ?’’ ਹਰ ਕੋਈ ਇਹੀ ਸਵਾਲ ਕਰ ਰਿਹਾ ਸੀ। ਮੰਮੀ ਨੇ ਕਿਹਾ, ”ਏਸੇ ਨੂੰ ਪੁੱਛ ਲਵੋ, ਕੀ ਹੋਇਆ ?’’ ਕਹਿ ਕੇ ਮੰਮੀ ਕਾਰ ਵਿੱਚ ਬੈਠ ਗਏ। ਅਸੀਂ ਦੋਹੇਂ ਉੱਚੀ-ਉੱਚੀ ਹੱਸ ਪਈਆਂ।
-੦-੦-੦-
ਅੱਜ ਚੇਤਨਾ ਨੇ ਮੀਨਾ ਨੂੰ ਘਰ ਦੀ ਸਫ਼ਾਈ ਲਈ ਖਾਸ ਤਾਕੀਦ ਕੀਤੀ। ਪਨੀਰ ਦੀ ਖਾਸ ਡਿਸ਼ ਬਣਾਉਣ ਲਈ ਕਿਹਾ। ਹੋਰ ਕੀ-ਕੀ ਬਣਾਉਣੈਂ, ਮੀਨਾ ਸਭ ਜਾਣਦੀ ਸੀ। ਚੇਤਨਾ ਆਫਿਸ ਚਲੀ ਗਈ।
”ਮੀਨਾ ਅੱਜ ਕੋਈ ਖਾਸ ਗੱਲ ਹੈ… ਤੂੰ ਸਵੇਰੇ-ਸਵੇਰੇ ਈ ਸਫ਼ਾਈ ਕਰ ਲਈ।’’
”ਹਾਂ ਜੀ, ਕਰਨ ਸਾਹਬ ਨੇ ਆਨਾ ਹੈ… ਏਕ ਮਹੀਨੇ ਸੇ ਅਮਰੀਕਾ ਗਏ ਹੂਏ ਥੇ।’’
”ਕੌਣ ਕਰਨ ?’’ ”ਮੈਡਮ ਚੇਤਨਾ ਕੇ ਫਰੈਂਡ… ਬਹੁਤ ਪਿਆਰੇ ਇਨਸਾਨ ਹੈਂ।’’ ਮੈਨੂੰ ਚੇਤਨਾ ਨੇ ਇਸ ਬਾਰੇ ਕੁਝ ਨਹੀਂ ਦੱØਸਿਆ। ਮੈਂ ਮਨ ਹੀ ਮਨ ਮੁਸਕਰਾ ਪਈ। ਜ਼ਰੂਰ ਸਰਪਰਾਈਜ਼ ਰੱਖਣਾ ਚਾਹੁੰਦੀ ਹੋਵੇਗੀ। ਮੈਂ ਜਾਣਦੀ ਹਾਂ ਉਸਦੀਆਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਨੂੰ।
ਚੇਤਨਾ ਅੱਜ ਜਲਦੀ ਆ ਗਈ। ਇੱਕ ਸੋਹਣਾ ਨੌਜਵਾਨ ਉਸਦੇ ਨਾਲ ਅੰਦਰ ਦਾਖ਼ਲ ਹੋਇਆ। ਮੈਂ ਨਮਸਤੇ ਕੀਤੀ। ਜਵਾਬ ਵਿੱਚ ਉਹ ਹੱਸ ਪਿਆ। ”ਕੋਮਲ!… ਸਹੀ ਪਹਿਚਾਣਿਆ ਨਾ ਮੈਂ ?… ਮੈਂ ਕਰਨ… ਕਰਨ ਕਪੂਰ… ਤੇਰੀ ਇਸ ਪਾਗਲ ਸਹੇਲੀ ਦਾ ਦੋਸਤ।’’ ਉਸਨੇ ਛਾਤੀ ’ਤੇ ਹੱਥ ਰੱਖ ਕੇ ਝੁਕ ਕੇ ਕਿਹਾ। ਮੇਰਾ ਹਾਸਾ ਨਿਕਲ ਗਿਆ। ”ਕੋਮਲ, ਇਹ ਪਾਗਲ ਕੁੜੀ ਦਾ ਪਾਗਲ ਦੋਸਤ।’’ ਚੇਤਨਾ ਨੇ ਉਸਦੇ ਮੂੰਹ ’ਤੇ ਹਲਕੀ ਜਿਹੀ ਚਪਤ ਮਾਰ ਕੇ ਕਿਹਾ। ”ਅੱਛਾ ਪਹਿਲਾਂ ਚਾਹ ਪਿਲਾ ਦੇ ਚੇਤਨਾ।’’ ਚੇਤਨਾ ਰਸੋਈ ਅੰਦਰ ਚਲੀ ਗਈ। ਕਰਨ ਮੀਨਾ ਦੇ ਬੈਡਰੂਮ ਵਿੱਚ ਚਲਾ ਗਿਆ। ਕਿਹੋ ਜਿਹਾ ਇਨਸਾਨ… ਜਿਵੇਂ ਇਕਦਮ ਕੋਈ ਤਾਜ਼ੀ ਹਵਾ ਦਾ ਬੁੱਲਾ ਆ ਗਿਆ ਹੋਵੇ… ਮੈਨੂੰ ਵਰਿ੍ਹਆਂ ਤੋਂ ਜਾਣਦਾ ਹੋਵੇ। ਉਸਨੇ ਅਲਮਾਰੀ ਖੋਹਲ ਕੇ ਆਪੇ ਤੌਲੀਆ ਕੱØਢਿਆ। ਹੇਠਲੀ ਦਰਾਜ ਵਿੱਚੋਂ ਮਰਦਾਨਾ ਚੱਪਲਾਂ ਕੱਢ ਕੇ ਪਹਿਨ ਲਈਆਂ। ਬਾਥਰੂਮ ਅੰਦਰ ਚਲਾ ਗਿਆ। ਸ਼ਾਇਦ ਇਸ ਘਰ ਦਾ ਕੋਈ ਵੀ ਹਿੱਸਾ ਉਸ ਲਈ ਓਪਰਾ ਨਹੀਂ ਸੀ। ਚੇਤਨਾ ਮੇਰੇ ਕੋਲ ਆ ਗਈ। ਮੈਂ ਉਸ ਨੂੰ ਉਲਾਂਭਾ ਦਿੱਤਾ, ”ਚੇਤਨਾ ਤੂੰ ਮੈਨੂੰ ਕੁਝ ਵੀ ਨਹੀਂ ਦੱਸਿਆ।’’ ਉਹ ਹੱਸ ਪਈ, ”ਸਰਪਰਾਈਜ਼ ਮੇਰੀ ਜਾਨ, ਸਰਪਰਾਈਜ਼ ਦਾ ਵੀ ਅਪਣਾ ਮਜ਼ਾ ਹੁੰਦੈ।’’
”ਕਰਨ ਤੇਰੀ ਕੰਪਨੀ ਵਿਚ ਕੰਮ ਕਰਦੈ ?’’
”ਨਹੀਂ, ਉਹ ਬਹੁਤ ਵੱਡੀ ਮਲਟੀਨੈਸ਼ਨਲ ਕੰਪਨੀ ਵਿੱਚ ਹੈ… ਅਸੀਂ ਐਮ.ਟੈੱਕ ਇਕੱਠਿਆ ਕੀਤੀ ਸੀ। ਉਦੋਂ ਤੋਂ ਸਾਡੀ ਦੋਸਤੀ ਹੈ।’’
”ਸਿਰਫ਼ ਦੋਸਤ ?’’ ਮੈਂ ਹੱਸ ਕੇ ਪੁੱਛਿਆ। ”ਨਹੀਂ, ਪਿਆਰ ਵੀ ਹੋ ਗਿਆ। ਉਹ ਹੈ ਹੀ ਬਹੁਤ ਪਿਆਰਾ… ਉਸਦਾ ਵਿਹਾਰ, ਉਸਦੇ ਵਿਚਾਰ, ਉਸਦੇ ਸੁਫ਼ਨੇ ਬਿਲਕੁਲ ਮੇਰੇ ਹਾਣ ਦੇ।’’
”ਕਰਨ ਏਸੇ ਫਲੈਟ ਵਿੱਚ ਰਹਿੰਦੈ ?’’ ”ਨਹੀਂ, ਉਹ ਅਪਣੇ ਫਲੈਟ ਵਿੱਚ ਹੀ ਰਹਿੰਦੈ… ਕਈ ਵਾਰ ਮੇਰੇ ਕੋਲ ਵੀ ਰਹਿ ਪੈਂਦੈ।’’
”ਤੂੰ ਵਿਆਹ ਕਰਵਾ ਲੈ… ਕਿਉਂ ਦੂਰ-ਦੂਰ ਰਹਿੰਦੇ ਓ ?’’
”ਹਾਲੇ ਨਹੀਂ ਕੋਮਲ… ਮੈਂ ਤਾਂ ਸਿਰਫ਼ ਉਸਦੀ ਪ੍ਰੇਮਿਕਾ ਬਣ ਕੇ ਰਹਿਣਾ ਚਾਹੁੰਦੀ ਹਾਂ…ਪਤਨੀ ਨਹੀਂ… ਪਤਾ ਨਹੀਂ ਕਿਉਂ ਪਤਨੀ ਸ਼ਬਦ ਵਿੱਚ ਮੈਨੂੰ ਗੁਲਾਮੀ ਨਜ਼ਰ ਆਉਂਦੀ ਹੈ। ਰਹੀ ਗੱਲ ਦੂਰ-ਦੂਰ ਰਹਿਣ ਦੀ… ਵਿਆਹ ਕਰਵਾ ਕੇ… ਇਕੋ ਛੱਤ ਹੇਠਾਂ ਰਹਿੰਦੇ ਮੀਆਂ-ਬੀਵੀ ਵੀ ਤਾਂ ਅਕਸਰ ਇੱਕ ਦੂਜੇ ਤੋਂ ਦੂਰ-ਦੂਰ ਹੁੰਦੇ ਨੇ।’’
ਕਰਨ ਫਰੈਸ਼ ਹੋ ਕੇ ਆ ਗਿਆ। ਚੇਤਨਾ ਚਾਹ ਲੈਣ ਚਲੀ ਗਈ। ਉਸਦੀ ਗੱਲ ਤੋਂ ਮੈਨੂੰ ਮਾਂ ਚੇਤੇ ਆ ਗਈ। ਬਾਊ ਜੀ ਨਾਲ ਵਿਆਹੀ ਹੋਈ ਉਹਨਾਂ ਦੀ ਪਤਨੀ… ਪਤਨੀ ਨਹੀਂ ਸ਼ਾਇਦ ਨੌਕਰਾਣੀ… ਸਵੇਰੇ-ਸਵੇਰੇ ਬਾਊ ਜੀ ਦੇ ਬੂਟ ਪਾਲਿਸ਼ ਕਰੇਗੀ… ਨਾਸ਼ਤਾ ਪਰੋਸੇਗੀ… ਨਾਸ਼ਤੇ ਵਿੱਚ ਲੂਣ ਘੱਟ ਜਾਂ ਮਿਰਚਾਂ ਜ਼ਿਆਦਾ ਕਹਿ ਕੇ ਬਾਊ ਜੀ ਚਾਰ ਗਾਲ੍ਹਾਂ ਕੱਢਣਗੇ। ਗੁਲਾਮ ਜਿਹੀ ਔਰਤ ਮੇਰੀ ਮਾਂ… ਏਸੇ ਤਰ੍ਹਾਂ ਹੀ ਖੁਸ਼ ਸੀ… ਅਜ਼ਾਦੀ ਦੇ ਅਹਿਸਾਸ ਤੋਂ ਕੋਹਾਂ ਦੂਰ। ਯਾਦ ਕਰਕੇ ਮੇਰੀਆਂ ਅੱਖਾਂ ਨਮ ਹੋ ਗਈਆਂ।
”ਹੈਲੋ… ਲਿਟਲ ਸਿਸਟਰ ਕੈਸੀ ਹੋ ?’’ ”ਨਮਸਤੇ ਸਾਹਬ… ਬਿਲਕੁਲ ਠੀਕ ਹੂੰ।’’ ਮੀਨਾ ਨੇ ਮੁਸਕਰਾਉਂਦਿਆਂ ਕੇਤਲੀ ਤੇ ਕੱਪ ਮੇਜ਼ ਉੱਤੇ ਰੱਖ ਦਿੱਤੇ। ਚੇਤਨਾ ਗਰਮ ਕੇਕ ਟਰੇਅ ਵਿੱਚ ਰੱਖ ਕੇ ਲੈ ਆਈ। ”ਵੈਰੀ ਗੁੱਡ… ਮਾਈ ਫੇਵਰੇਟ।’’ ਕਰਨ ਫਟਾਫਟ ਛੁਰੀ ਨਾਲ ਕੇਕ ਦੇ ਟੁਕੜੇ ਕਰਨ ਲੱਗ ਪਿਆ। ਆਪ ਹੀ ਪਲੇਟਾਂ ਵਿੱਚ ਰੱਖ ਰਿਹਾ ਸੀ। ਉਸਨੇ ਸਭ ਤੋਂ ਪਹਿਲਾਂ ਪਲੇਟ ਮੇਰੇ ਵੱਲ ਵਧਾਈ। ਫੇਰ ਇਕ ਟੁਕੜਾ ਕੇਕ ਦਾ ਚੁੱਕ ਕੇ ਚੇਤਨਾ ਦੇ ਮੂੰਹ ਵਿੱਚ ਪਾਇਆ। ਕਰਨ ਨੂੰ ਚਾਹ ਫੜਾਉਂਦਿਆਂ ਚੇਤਨਾ ਨੇ ਕਿਹਾ, ”ਕਰਨ, ਕੋਮਲ ਨੇ ਵੀ ਕੰਪਿਊਟਰ ਸਟਰੀਮ ਵਿੱਚ ਬੀ.ਟੈੱਕ ਕੀਤੀ ਹੈ… ਪਤੈ ਇਹ ਸਾਡੇ ਬੈਚ ਦੀ ਟਾੱਪਰ ਹੈ।’’
”ਵੈਰੀ ਗੁੱਡ! ਕੋਮਲ… ਕੀ ਤੁਸੀਂ ਜੋਬ ਕਰ ਰਹੇ ਹੋ ?’’ ਉਸਦੇ ਕੀਤੇ ਸਵਾਲ ਨੇ ਮੈਨੂੰ ਊਣਾ ਜਿਹਾ ਕਰ ਦਿੱਤਾ।
”ਨਹੀਂ।’’ ”ਕਿਉਂ ?’’ ਉਸਨੇ ਹੈਰਾਨੀ ਨਾਲ ਪ੍ਰਸ਼ਨ ਕੀਤਾ ।
”ਬੱਸ ਕੁਝ ਘਰੇਲੂ ਮਜ਼ਬੂਰੀਆਂ…।” ”ਅੋਹੋ! ਅਪਣਾ ਟੇਲੈਂਟ ਕਿਉਂ ਵੇਸਟ ਕਰ ਰਹੇ ਓ ?… ਚੇਤਨਾ ਤੂੰ ਅਪਣੇ ਪ੍ਰਾਜੈਕਟ ਤਿਆਰ ਕਰਦਿਆਂ ਕੋਮਲ ਨੂੰ ਨਾਲ ਬਿਠਾਇਆ ਕਰ… ਫੇਰ ਇਹਦੀ ਹੈਲਪ ਲੈਣੀ ਸ਼ੁਰੂ ਕਰ… ਆਪੇ ਕਰੇਗੀ… ਇਸਦਾ ਇੰਟਰੱਸਟ ਦੋਬਾਰਾ ਜਾਗੇਗਾ… ਅਪਣੇ ਆਪ ਟਰੈਕ ’ਤੇ ਆ ਜਾਏਗੀ।’’
”ਟਰੈਕ ’ਤੇ ਆ ਕੇ ਕੀ ਕਰਾਂਗੀ ?’’ ਮੈਂ ਪਤਾ ਨਹੀਂ ਕਿਉਂ ਦੁਖੀ ਹੋ ਕੇ ਇਹ ਕਹਿ ਬੈਠੀ
ਕਰਨ ਨੇ ਮੇਰਾ ਚਿਹਰਾ ਪੜ੍ਹ ਲਿਆ। ਉੱਚੀ-ਉੱਚੀ ਹੱਸ ਪਿਆ। ਮੇਰਾ ਹੱਥ ਫੜ੍ਹ ਕੇ ਕਹਿੰਦਾ, ”ਕੋਮਲ ਤੂੰ ਟਰੈਕ ‘ਤੇ ਜ਼ਰੂਰ ਆਏਂਗੀ, ਫੇਰ ਤੁਰੇਂਗੀ… ਫੇਰ ਇਕ ਦਿਨ ਦੌੜੇਂਗੀ… ਮੈਨੂੰ ਯਕੀਨ ਹੈ।’’
-੦-੦-੦-
ਮੈਂ ਅਪਣੇ ਕਮਰੇ ਵਿੱਚ ਆ ਗਈ। ਨੀਂਦ ਨਹੀਂ ਸੀ ਆ ਰਹੀ। ਕਦੇ ਛੱਤ ਤੇ ਕਦੇ ਕੰਧਾਂ ਨੂੰ ਕਿੰਨੀ ਦੇਰ ਘੂਰਦੀ ਰਹੀ। ਸਾਹਮਣੀ ਦੀਵਾਰ ’ਤੇ ਲੱਗੀ ਪੇਂਟਿੰਗ ਨੇ ਮੇਰਾ ਧਿਆਨ ਅਟਕਾ ਲਿਆ। ਇਕ ਨਟਨੀ, ਲੰਮੀ ਤੇ ਪਤਲੀ ਜਿਹੀ ਰੱਸੀ ’ਤੇ ਪੈਰ ਧਰੀ ਖੜ੍ਹੀ। ਦੋਹਾਂ ਹੱਥਾਂ ਵਿੱਚ ਲੰਮਾ ਸਾਰਾ ਬਾਂਸ!… ਕਿਹੋ ਜਿਹਾ ਤਮਾਸ਼ਾ!… ਇਹ ਪਤਲੀ ਰੱਸੀ ਤੇ ਬੋਚ-ਬੋਚ ਕੇ ਤੁਰਣਾ, ਪਰ ਡਿੱਗਣਾ ਨਹੀਂ, ਕਿਹੋ ਜਿਹਾ ਸੰਤੁਲਣ!… ਕਿਹੋ ਜਿਹਾ ਅਭਿਆਸ! ਮੇਰੀਆਂ ਅੱਖਾਂ ਉਸਦੇ ਨਾਜ਼ੁਕ ਰੱਸੀ ’ਤੇ ਟਿਕੇ ਪੈਰਾਂ ਉਪਰ ਕੇਂਦਰਤ ਹੋ ਗਈਆਂ। ਮੀਨਾ ਦੀ ਅਵਾਜ਼ ਨੇ ਮੇਰਾ ਧਿਆਨ ਤੋੜਿਆ।
”ਮੈਡਮ ਆਪ ਕੌਫ਼ੀ ਲੋਗੇ ?’’
”ਇਸ ਵੇਲੇ… ਬਾਰ੍ਹਾਂ ਵੱਜ ਚੁੱਕੇ ਨੇ… ਤੂੰ ਜਾਗ ਰਹੀ ਏਂ ?’’
”ਚੇਤਨਾ ਔਰ ਕਰਨ ਸਾਹਬ ਕਾਮ ਕਰ ਰਹੇ ਹੈ। ਉਨਕੇ ਲੀਏ ਬਨਾਨੇ ਜਾ ਰਹੀ ਥੀ।’’
”ਹਾਂ, ਕੌਫ਼ੀ ਪੀ ਲਵਾਂਗੀ… ਮੈਨੂੰ ਵੀ ਨੀਂਦ ਨਹੀਂ ਆ ਰਹੀ।’’ ਮੈਂ ਲੌਬੀ ਵਿੱਚ ਆ ਗਈ। ਚੇਤਨਾ ਕੁਝ ਫਾਈਲਾਂ ਫਰੋਲ ਰਹੀ ਸੀ।
”ਕੋਮਲ, ਕੀ ਗੱਲ ਹਾਲੇ ਸੁੱਤੀ ਨਹੀਂ ?’’
”ਨੀਂਦ ਨਹੀਂ ਆਈ।’’ ”ਤੂੰ ਇਧਰ ਆ ਜਾ… ਇਕੱਠੇ ਕੌਫ਼ੀ ਪੀਵਾਂਗੇ।’’
ਕਰਨ ਕੰਪਿਊਟਰ ਵਿੱਚ ਗਵਾਚਿਆ ਹੋਇਆ। ਚੇਤਨਾ ਫਾਈਲਾਂ ਵਿੱਚ ਕੁਝ ਲੱਭ ਰਹੀ ਸੀ। ”ਆਹ ਦੇਖ ਚੇਤਨਾ… ਇਸ ਪ੍ਰਾਜੈਕਟ ਵਿੱਚ ਮੈਂ ਕਾਫ਼ੀ ਚੇਜਿੰਸ ਕੀਤੀਆਂ ਹਨ… ਹੁਣ ਤੂੰ ਸਟੱਡੀ ਕਰ।’’ ਪਲੀਜ਼ ਕਰਨ ਤੁਸੀਂ ਕੌਫ਼ੀ ਪੀਂਦੇ ਪੀਂਦੇ ਮੇਰੀ ਫਾਈਲ ਵਿਚੋਂ ਗੋ-ਥਰੂ ਹੋ ਜਾਓ… ਫੇਰ ਆਪਾਂ ਦੋਹਾਂ ਨੂੰ ਟੈਲੀ ਕਰਾਂਗੇ।’’
”ਹਾਂ, ਆਈ ਥਿੰਕ… ਇਹ ਅੱਜ ਦੀ ਅਪਣੀ ਬੈਸਟ ਆਉਟ ਪੁੱਟ ਹੋਵੇਗੀ।’’ ਕਰਨ ਦਾ ਚਿਹਰਾ ਚਮਕ ਉੱਠਿਆ।
”ਥੈਂਕ ਗੌਡ।’’ ਕਰਨ ਮੈਂ ਤਾਂ ਹੁਣ ਰਿਲੈਕਸ ਹੋਈ ਆਂ। ਮੈਨੂੰ ਇਹ ਪ੍ਰਾਜੈਕਟ ਬੜਾ ਚੇਲੈਂਜਿੰਗ ਲੱਗ ਰਿਹਾ ਸੀ।’’
”ਕਰਨ ਨੇ ਉਸਦੇ ਸਿਰ ’ਤੇ ਹੱਥ ਰੱਖ ਕੇ ਕਿਹਾ, ”ਮਾਈ ਡੀਅਰ, ਚੈਲੈਂਜ਼ ਨੂੰ ਐਕਸੈਪਟ ਕਰਨਾ ਸਿਖੋ।’’
”ਓ.ਕੇ.।’’ ਕਹਿ ਕੇ ਚੇਤਨਾ ਕੰਪਿਊਟਰ ਤੇ ਉਂਗਲਾਂ ਘੁੰਮਾਉਣ ਲੱਗ ਪਈ।
ਮੈਂ ਵੇਖ ਰਹੀ ਸੀ, ਉਹਨਾਂ ਦਾ ਹੱਸØਣਾ… ਕਦੇ ਇੱਕ ਦੂਜੇ ਨੂੰ ਗਲਤ ਸਿੱਧ ਕਰਨਾ… ਕਦੇ ਇੱਕ ਦੂਜੇ ਨਾਲ ਸਹਿਮਤ ਹੋਣਾ… ਇੱਕ ਦੂਜੇ ਤੋਂ ਵਧੀਆ ਕਰਕੇ ਦਿਖਾਉਣ ਦਾ ਜਜ਼ਬਾ… ਇੱਕ ਦੂਜੇ ਨਾਲ ਰਲ ਕੇ ਕੰਮ ਕਰਨਾ। ਇਹ ਸਭ ਕਿੰਨਾ ਸੁਕੂਨ ਦਾਇਕ ਸੀ। ਕਮਾਲ ਦੀ ਊਰਜਾ ਸੀ ਉਹਨਾਂ ਵਿੱਚ। ਚੇਤਨਾ ਤੋਂ ਕਰਨ ਤੱਕ ਜਾਂਦੀ… ਕਰਨ ਤੋਂ ਚੇਤਨਾ ਤੱਕ… ਫੇਰ ਸਾਰੇ ਮਾਹੌਲ ਵਿੱਚ ਫੈਲਦੀ ਊਰਜਾ।
-੦-੦-੦-
ਸਵੇਰੇ-ਸਵੇਰੇ ਮਾਂ ਦਾ ਫੋਨ ਆਇਆ ਸੀ। ਪੁੱਛ ਰਹੀ ਸੀ ”ਮੁੜ ਕੇ ਕਦੋਂ ਆਵੇਂਗੀ।’’ ”ਹਾਲੇ ਕੁਝ ਦਿਨ ਠਹਿਰ ਕੇ।’’ ਮੈਂ ਉਦਾਸੀ ਨਾਲ ਭਰ ਗਈ। ਫੋਨ ਬੰਦ ਕਰ ਦਿੱਤਾ। ਮਾਂ ਵਾਪਸ ਆਉਣ ਨੂੰ ਕਹਿ ਰਹੀ ਸੀ। ਮੁੜਨ ਦੇ ਖਿਆਲ ਨਾਲ ਮੇਰਾ ਦਿਲ ਡੁੱਬਣ ਲੱਗ ਪਿਆ। ਮੈਂ ਅੱਖਾਂ ਮੀਚ ਕੇ ਟੈਰਿਸ ਉਪਰ ਪਈ ਆਰਾਮ ਕੁਰਸੀ ’ਤੇ ਲੇਟ ਗਈ। ਬੇਚੈਨੀ ਨਾਲ ਕੁਰਸੀ ਨੂੰ ਹਿਲਾ ਰਹੀ ਸੀ। ਕੁਰਸੀ ਡੋਲ ਰਹੀ ਸੀ… ਕਦੇ ਅਗਾਂਹ ਤੇ ਕਦੇ ਪਿਛਾਂਹ… ਬਿਲਕੁਲ ਮੇਰੇ ਵਾਂਗ। ਮੈਂ ਵਾਪਿਸ ਪਰਤ ਰਹੀ ਸੀ… ਪਤਾ ਨਹੀਂ ਕੀਹਨੇ ਇਸ ਰਾਹ ’ਤੇ ਕੰਢੇ ਵਿਛਾ ਦਿੱਤੇ… ਕਦਮ ਪੁੱਟਦੀ ਤਾਂ ਚੀਕਾਂ ਨਿਕਲਦੀਆਂ… ਪੈਰ ਲਹੂ-ਲੁਹਾਨ ਹੁੰਦੇ ਗਏ… ਘਰ ਦੇ ਬੂਹੇ ਮੂਹਰੇ ਕੀਹਨੇ ਕਿੱਕਰਾਂ ਦੀ ਵਾੜ ਰੱਖ ਦਿੱਤੀ… ਪਾਸੇ ਕਰਦਿਆਂ ਮੇਰੇ ਹੱਥ ਵੀ ਜ਼ਖ਼ਮੀ ਹੋ ਗਏ… ਮਾਂ ਦਿੱਸ ਪਈ… ਭੱਜ ਕੇ ਆ ਗਈ… ਅਪਣੇ ਹੱਥਾਂ ਨਾਲ ਵਾੜ ਪਾਸੇ ਹਟਾ ਰਹੀ ਸੀ… ਉਸਦੀ ਚੁੰਨੀ ਵੀ ਕੰਢਿਆਂ ਵਿੱਚ ਅਟਕ ਗਈ… ਉਸਦੇ ਹੱਥ ਵੀ ਜ਼ਖ਼ਮੀ ਹੋ ਗਏ… ਮੈਨੂੰ ਘੁੱਟ ਕੇ ਕਾਲਜੇ ਨਾਲ ਲਾ ਲਿਆ… ਦਾਦੀ ਤੇ ਬਾਊ ਜੀ ਨੇ ਮਾਂ ਨੂੰ ਮੇਰੇ ਤੋਂ ਵੱਖ ਕਰ ਦਿੱਤਾ… ਧਰੂਹ ਕੇ ਅੰਦਰ ਲੈ ਗਏ… ਬੂਹਾ ਖੜ੍ਹਾਕ ਦੇਣੇ ਬੰਦ ਕਰ ਦਿੱਤਾ… ਮੈਂ ਜ਼ੋਰ-ਜ਼ੋਰ ਦੀ ਬੂਹਾ ਖੜਕਾ ਰਹੀ ਸੀ। ਇਕ ਗੜਗੜਾਹਟ ਉਭਰੀ… ਤੇਜ਼ ਬਿਜਲੀ ਦੀ ਲਿਸ਼ਕ ਮੇਰੇ ਮੂੰਹ ’ਤੇ ਵੱਜੀ… ਮੈਂ ਅੱਖਾਂ ਖੋਹਲੀਆਂ। ਮੀਨਾ ਮੇਰੇ ਕੋਲ ਖੜ੍ਹੀ ਸੀ। ”ਮੈਡਮ ਦੇਖੋ ਮੌਸਮ ਏਕਦਮ ਬਦਲ ਗਿਆ।’’ ਮੈਂ ਉਤਾਂਹ ਨਿਗਾਹ ਮਾਰੀ, ਕਾਲੇ ਬੱਦਲਾਂ ਨੇ ਹਨ੍ਹੇਰਾ ਕਰ ਦਿੱਤਾ। ਇਹ ਮੌਸਮ ਜਿਵੇਂ ਮੇਰੇ ਅੰਦਰੋਂ ਨਿਕਲ ਕੇ ਅਸਮਾਨੀ ਫੈਲ ਗਿਆ। ਮੀਂਹ ਪੈਣ ਲੱਗ ਪਿਆ। ਮੀਨਾ ਟੱਪ-ਟੱਪ ਕਰਦੀਆਂ ਬੂੰਦਾਂ ਨੂੰ ਹਥੇਲੀ ਨਾਲ ਰੋਕ ਲੈਂਦੀ। ਉਸਦੇ ਚਿਹਰੇ ’ਤੇ ਮਾਸੂਮਿਯਤ ਸੀ… ਚਹਿਕ ਰਹੀ ਸੀ… ਪਹਾੜਾਂ ਦੀ ਅਵਾਰਾ ਹਵਾ ਜਾਪ ਰਹੀ ਸੀ। ਹਵਾ ਨਾਲ ਗੁਲਮੋਹਰ ਦੇ ਰੁੱਖ ਝੂਮ ਰਹੇ ਸਨ। ”ਵੋਹ ਦੇਖੋ ਮੈਡਮ ਕਾਂਤੀ ਪਾਗਲ ਹੋ ਗਈ।’’ ਕਾਂਤੀ ਦੀਵਾਨਿਆਂ ਵਾਂਗ ਬਾਹਾਂ ਫੈਲਾਈ ਮੀਂਹ ਵਿੱਚ ਨਹਾ ਰਹੀ ਸੀ। ਘੁੰਮਣ ਘੇਰੀਆਂ ਲੈ ਰਹੀ ਸੀ… ਉਸਨੂੰ ਨਹੀਂ ਪਤਾ ਲੱਗ ਰਿਹਾ ਉਹ ਕਿੱਥੇ ਪੈਰ ਧਰਦੀ ਤੇ ਕਿੱਥØੇ ਰੱਖਿਆ ਜਾਂਦਾ… ਉਸਦਾ ਸਾਰਾ ਜਿਸਮ ਕਿਸੇ ਸੁਰਤਾਲ ’ਤੇ ਨੱਚ ਰਿਹਾ ਸੀ। ”ਆਜਾ ਮੀਨਾ… ਬਹੁਤ ਮਜਾ ਆ ਰਹਾ ਹੈ।’’
”ਮੈਡਮ ਆਪ ਚਲੋਗੇ ?’’ ”ਨਹੀਂ ਮੀਨਾ ਮੈਨੂੰ ਬਰਸਾਤ ਤੋਂ ਡਰ ਲੱਗਦੈ।’’
”ਤੋ ਮੈਂ ਜਾਊਂ… ਥੋੜ੍ਹੀ ਦੇਰ ਮੇਂ ਆਤੀ ਹੂੰ।’’ ਕਹਿ ਕੇ ਮੀਨਾ ਵੀ ਕਾਂਤੀ ਨਾਲ ਜਾ ਰਲੀ। ਦੋਹੇਂ ਵਿਸ਼ਾਲ ਅਸਮਾਨ ਹੇਠ ਅਪਣੀ ਹੋਂਦ ਨੂੰ ਮਾਣ ਰਹੀਆਂ ਸਨ। ਪੈਰਾਂ ਹੇਠਾਂ ਪਾਣੀ ਨੂੰ ਛੱਪ-ਛੱਪ ਉਛਾਲਦੀਆਂ। ਇਕ ਪਲ ਲਈ ਮੇਰਾ ਜੀਅ ਕੀਤਾ ਮੈਂ ਵੀ ਭੱਜ ਕੇ ਉਹਨਾਂ ਨਾਲ ਬਾਰਿਸ਼ ਦਾ ਮਜ਼ਾ ਲਵਾਂ। ਮੈਨੂੰ ਪਤਾ ਨਹੀਂ ਕਿਉਂ ਡਰ ਲੱਗਦਾ ਸੀ। ਮੈਨੂੰ ਅਪਣਾ ਬਚਪਨ ਚੇਤੇ ਆ ਗਿਆ। ਮੈਂ ਸ਼ਾਇਦ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਹੋਵਾਂਗੀ। ਤੇਜ਼ ਬਾਰਿਸ਼ ਵਿਚ ਲੱਕੀ ਨਿੱਕਰ ਪਾਈ ਨਹਾ ਰਿਹਾ ਸੀ। ਮੈਂ ਵੀ ਮੀਂਹ ਵਿੱਚ ਭਿੱਜਣ ਲੱਗ ਪਈ। ਅਸੀਂ ਉੱਚੀ-ਉੱਚੀ ਕਿਲਕਾਰੀਆਂ ਮਾਰਦੇ ਨਹਾ ਰਹੇ ਸੀ। ਦਾਦੀ ਨੇ ਮੈਨੂੰ ਅਵਾਜ਼ ਮਾਰੀ, ”ਕੁੜੀਏ ਚੱਲ ਅੰਦਰ।’’ ”ਕਿਉਂ ?… ਮੈਂ ਨਹੀਂ ਜਾਣਾ… ਮੈਂ ਨਹਾਉਣੈ।’’ ”ਮੈਂ ਕਿਹਾ ਚੱਲ ਅੰਦਰ।’’ ”ਕੀ ਗੱਲ ਐ… ਮੈਂ ਨਹੀਂ ਜਾਣਾ।’’ ਮੈਂ ਅਕਸਰ ਦਾਦੀ ਨਾਲ ਕਈ ਵਾਰ ਟੱਕਰ ਲੈ ਲੈਂਦੀ। ਮਾਂ ਵੀ ਆ ਗਈ। ”ਕੋਮਲ ਚੱਲ ਕੱਪੜੇ ਬਦਲ।’’ ”ਕੀ ਗੱਲ ? ਲੱਕੀ ਵੀ ਤਾਂ ਨਹਾਈ ਜਾਂਦੈ… ਉਹਨੂੰ ਕਿਉਂ ਨਹੀਂ ਕੁੱਝ ਕਹਿੰਦੇ।’’ ”ਲੱਕੀ ਨੂੰ ਨਹਾਉਣ ਦੇ… ਕੁੜੀਆਂ ਨਹੀਂ ਇੰਝ ਨਹਾਉਂਦੀਆਂ।’’ ਦਾਦੀ ਨੇ ਘੂਰ ਕੇ ਕਿਹਾ। ”ਮੈਂ ਤਾਂ ਕੱਪੜੇ ਵੀ ਪਾਏ ਹੋਏ ਨੇ।’’ ਕਹਿ ਕੇ ਮੈਂ ਫੇਰ ਪਾਣੀ ਵਿੱਚ ਛੱਪ-ਛੱਪ ਪੈਰ ਮਾਰਨ ਲੱਗੀ। ”ਪਾਏ ਨਾ ਪਾਏ ਇੱਕ ਬਰਾਬਰ… ਵੇਖ ਕਿਵੇਂ ਕਮੀਜ਼ ਪਿੰਡੇ ਨਾਲ ਚੁੰਬੜ ਗਈ… ਭੈੜੀ ਲੱਗਦੀ ਏ।’’ ਦਾਦੀ ਨੇ ਫੇਰ ਕਿਹਾ, ”ਕੋਮਲ ਤੇਰੇ ਬਾਊ ਜੀ ਝਿੜਕਣਗੇ… ਚੱਲ ਮੇਰੀ ਸਿਆਣੀ ਧੀ… ਗੱਲ ਮੰਨ ਲੈ।’’ ਮਾਂ ਨੇ ਜਦੋਂ ਕਿਹਾ ਤਾਂ ਮੇਰਾ ਰੋਣ ਨਿਕਲ ਗਿਆ। ਮੈਂ ਉਸ ਉਮਰੇ ਅੰਦਰੋਂ ਜਿਵੇਂ ਸੁੰਗੜ ਗਈ… ਜਿਉਂ ਜਿਉਂ ਵੱਡੀ ਹੁੰਦੀ ਗਈ, ਹੋਰ ਸੁੰਗੜਦੀ ਗਈ।
-੦-੦-੦-
ਕਾਂਤੀ ਕੱਪੜੇ ਲੈਣ ਆਈ ਸੀ। ਗੂੜ੍ਹੀ ਗੁਲਾਬੀ ਸਾੜੀ, ਕਲਿੱਪ ਲਾ ਕੇ ਵਾਲ ਖੁੱਲ੍ਹੇ ਛੱਡੇ ਹੋਏ। ਅੱਜ ਸੰਧੂਰ ਦੀ ਲਕੀਰ ਪਹਿਲਾਂ ਨਾਲੋਂ ਵੀ ਗੂੜ੍ਹੀ ਸੀ। ਕੰਨਾਂ ਵਿੱਚ ਓਹੀ ਫਿਰੋਜ਼ੀ ਬੁੰਦੇ ਪਾਏ ਹੋਏ। ਮੱਥੇ ’ਤੇ ਵੱਡੀ ਸਾਰੀ ਬਿੰਦੀ। ਉਹ ਗੱਲ ਕਰਦੀ ਤਾਂ ਗਰਦਨ ਜ਼ਿਆਦਾ ਮਟਕਾਉਂਦੀ… ਲੰਮੇ-ਲੰਮੇ ਬੁੰਦਿਆਂ ਨੂੰ ਜ਼ਿਆਦਾ ਹਿਲਾਉਂਦੀ… ਨਜ਼ਾਕਤ ਨਾਲ ਗੱਲ ਕਰਦੀ ਤੇ ਸ਼ਰਮਾਉਂਦੀ।
”ਕੈਸੀ ਹੋ ?’’ ਮੀਨਾ ਨੇ ਸ਼ਰਾਰਤ ਨਾਲ ਉਸਦੇ ਕੰਨੀਂ ਪਾਏ ਬੁੰਦੇ ਨੂੰ ਠੁਮਣਾ ਦਿੰਦਿਆਂ ਕਿਹਾ।
”ਕਿਆ ਬਤਾਊਂ… ਯੇ ਕਿਸ਼ੋਰੀ… ਹਰਾਮੀ… ਸਾਰੀ ਰਾਤ ਉਲਟੀਆਂ ਕਰਤਾ ਰਹਾ… ਗੰਦੀ ਦਾਰੂ ਚੜ੍ਹਾ ਕੇ ਆਇਆ ਥਾ… ਕੋਈ ਹੋਸ਼ ਨਹੀਂ ਉਸੇ… ਮਰੇ ਕੁੱਤੇ ਕੀ ਤਰ੍ਹਾਂ ਪੜਾ ਹੈ। ਦੇਖ ਮੀਨਾ ਮੇਰੀ ਤੋਂ ਬਾਜੂ ਭੀ ਫੂਲੀ ਪੜੀ ਹੈ। ਪਰ ਆਜ ਮੈਂ ਕੱਪੜੇ ਪਰੈਸ ਨਹੀਂ ਕਰੂੰਗੀ।’’
”ਫਿਰ ਕਿਆ ਕਰੋਗੀ ?’’ ”ਮੈਨੇ ਆਜ ਜਾਨਾ ਹੈ। ਤੂੰ ਸੰਭਾਲ ਲੈਨਾ… ਬੋਲਨਾ ਤੇਰੀ ਉਲਟੀ ਕੀ ਦਵਾਈ ਲੇਨੇ ਗਈ ਹੈ।’’
”ਕਿਆ ਸੱਚੀ ਮੇਂ ਦਵਾਈ ਲੇਨੇ ਜਾਏਗੀ।’’ ”ਹਾਂ ਲਾਉਂਗੀ ਦੋ ਚਾਰ ਪੁੜੀਆਂ ਚੂਰਨ ਕੀ… ਔਰ ਕਿਆ।’’ ਕਹਿ ਕੇ ਕਾਂਤੀ ਮੁਸਕਰਾ ਪਈ। ਸਿਰ ਉਪਰ ਦੋ ਗੱਠੜੀਆਂ ਚੁੱਕੀ ਉਹ ਤੁਰ ਪਈ। ਮੈਂ ਉਸਨੂੰ ਜਾਂਦੀ ਨੂੰ ਤੱਕਦੀ ਰਹੀ। ਉਹ ਪੂਰੇ ਸੰਤੁਲਨ ਵਿੱਚ… ਗੱਠੜੀਆਂ ਨੂੰ ਬਿਨਾਂ ਹੱਥ ਪਾਈ ਸਿਧੀ ਤੁਰੀ ਜਾ ਰਹੀ ਸੀ… ਬਿਲਕੁਲ ਨਟਨੀ ਵਾਂਗ। ਜੀਵਨ ਡੋਰ ’ਤੇ ਬੋਚ-ਬੋਚ ਕੇ ਪੱਬ ਧਰਦੀ ਹੋਈ।
-੦-੦-੦-
ਬਾਰਿਸ਼ ਬੰਦ ਹੋ ਗਈ। ਮੌਸਮ ਬਹੁਤ ਸੋਹਣਾ ਸੀ। ਮੀਨਾ ਨੇ ਕਿਹਾ, ”ਮੈਡਮ ਚਲੋ ਮਾਰਕਿਟ ਚਲੇਂ… ਮੇਰੇ ਕੋ ਸਬਜ਼ੀ ਲੇਨੇ ਜਾਨਾ ਹੈ।’’ ”ਠੀਕ ਹੈ ਮੀਨਾ ਮੈਂ ਵੀ ਘਰ ਬੈਠੀ ਬੈਠੀ ਬੋਰ ਹੋ ਗਈ।’’
ਮੀਨਾ ਨਿੱਕੇ-ਨਿੱਕੇ ਕਦਮ ਪੁੱਟਦੀ ਮੇਰੇ ਨਾਲ ਤੁਰੀ ਜਾ ਰਹੀ ਸੀ। ਥੋੜ੍ਹੀ ਦੂਰ ਜਾ ਕੇ ਪੀ.ਸੀ.ਓ. ਵੱਲ ਇਸ਼ਾਰਾ ਕੀਤਾ, ”ਮੈਡਮ ਮੈਂ ਫੋਨ ਕਰਲੁੰ ?’’ ”ਹਾਂ, ਮੈਂ ਪਾਰਕ ਵਿੱਚ ਬੈਠਾਂਗੀ।’’ ਮੀਨਾ ਕਰੀਬ ਅੱਧੇ ਘੰਟੇ ਬਾਅਦ ਆਈ। ”ਮੈਡਮ ਸੌਰੀ, ਆਪ ਕੋ ਅਕੇਲੀ ਛੋੜ ਗਈ।’’
”ਕੋਈ ਗੱਲ ਨਹੀਂ ਮੀਨਾ… ਮੈਨੂੰ ਪਾਰਕ ਵਿੱਚ ਬੈਠਣਾ ਬੜਾ ਚੰਗਾ ਲੱਗਿਆ… ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਂ ਬਾਹਰਲੀ ਦੁਨੀਆਂ ਦੇ ਰੰਗ ਵੇਖੇ। ਪਰ ਤੂੰ ਕਾਫ਼ੀ ਟਾਈਮ ਲਗਾ ਆਈ ?’’
”ਹਾਂ ਜੀ… ਕੇਸ਼ਵ ਸੇ ਬਾਤ ਕਰਨੀ ਥੀ… ਕਰੀਬ ਮਹੀਨਾ ਹੋ ਗਿਆ ਥਾ ਬਾਤ ਹੂਏ।’’
”ਕੇਸ਼ਵ ਕੌਣ ?’’ ਮੀਨਾ ਮੇਰੇ ਸਵਾਲ ‘ਤੇ ਮੁਸਕਰਾ ਪਈ। ”ਮੈਂ ਸ਼ਾਦੀ ਸੇ ਪਹਿਲੇ ਕੇਸ਼ਵ ਸੇ ਪਿਆਰ ਕਰਤੀ ਥੀ… ਦੇਖੋ ਮੈਡਮ, ਉਸਨੇ ਅਭੀ ਤੱਕ ਸ਼ਾਦੀ ਨਹੀਂ ਕੀ… ਉਸੇ ਅਭ ਭੀ ਮੇਰਾ ਇੰਤਜਾਰ ਹੈ।’’
”ਕੇਸ਼ਵ ਤੈਨੂੰ ਹੁਣ ਵੀ ਪਿਆਰ ਕਰਦੈ ?’’
”ਹਾਂ ਮੈਡਮ, ਵੋਹ ਸਭ ਜਾਨਤਾ ਹੈ ਕਿ ਮੇਰੀ ਸ਼ਾਦੀ ਕੈਸੇ ਹੂਈ। ਰਾਮਾ ਤੋ ਏਕ ਵਸਤੂ ਕੀ ਤਰ੍ਹਾਂ ਮੁਝੇ ਖਰੀਦ ਕੇ ਲਾਇਆ ਥਾ… ਔਰ ਵਸਤੂ ਕੀ ਤਰ੍ਹਾਂ ਇਸਤੇਮਾਲ ਕੀਆ। ਇਸੀ ਲੀਏ ਮੈਨੇ ਭੀ ਉਸੇ ਵਸਤੂ ਸਮਝ ਕਰ ਛੋੜ ਦਿਆ।’’
”ਮੀਨਾ ਤੂੰ ਏਨ੍ਹੀ ਪਿਆਰੀ ਕੁੜੀ… ਕੋਈ ਵੇਚਣ ਖਰੀਦਣ ਵਾਲੀ ਵਸਤੂ ਤਾਂ ਨਹੀਂ।’’
”ਗਰੀਬੀ ਬਹੁਤ ਬੁਰੀ ਚੀਜ਼ ਹੈ ਮੈਡਮ। ਮਾਂ ਬਾਪ ਤੋ ਮੇਰੇ ਹੈ ਨਹੀਂ। ਬੜਾ ਭਾਈ ਔਰ ਭਾਬੀ ਹੈਂ। ਭਾਈ ਦਿਹਾੜੀਦਾਰ… ਦਿਹਾੜੀ ਲਗੀ ਤੋਂ ਦਾਲ ਚਾਵਲ ਬਨ ਗਏ… ਨਹੀਂ ਲਗੀ ਤੋਂ ਭੁੱਖੇ ਪੇਟ ਸੋ ਜਾਓ। ਐਸੇ ਹੀ ਜਿੰਦਗੀ ਕਟਤੀ ਥੀ। ਕੇਸ਼ਵ ਅਪਨੇ ਮਾਮਾ ਕੀ ਚਾਏ ਕੀ ਦੁਕਾਨ ਪਰ ਬੈਠਤਾ ਥਾ। ਆਤੇ ਜਾਤੇ ਅਕਸਰ ਹਮ ਏਕ ਦੂਸਰੇ ਕੋ ਦੇਖਤੇ… ਫਿਰ ਏਕ ਦੂਸਰੇ ਕੋ ਚਾਹਨੇ ਲਗੇ… ਬਹੁਤ ਅੱਛਾ ਲੜਕਾ ਹੈ ਕੇਸ਼ਵ… ਨਾ ਕੋਈ ਨਸ਼ੇ ਕੀ ਲਤ… ਏਕ ਦਮ ਮੇਹਨਤੀ ਲੜਕਾ। ਹਮ ਸ਼ਾਦੀ ਕਰਨਾ ਚਾਹਤੇ ਥੇ… ਪਰ।’’
”ਪਰ ਕੀ ਮੀਨਾ ?’’ ”ਮੈਡਮ ਔਰਤ ਹੀ ਔਰਤ ਕੀ ਸਭ ਸੇ ਬੜੀ ਦੁਸ਼ਮਨ ਬਣ ਜਾਤੀ ਹੈ। ਏਕ ਦਿਨ ਭਾਬੀ ਨੇ ਮੁਝੇ ਕੇਸ਼ਵ ਕੇ ਸਾਥ ਦੇਖ ਲਿਆ… ਬੱਸ ਉਸਨੇ ਭਾਈ ਨੇ ਕਾਨ ਭਰ ਦੀਏ… ਭਾਈ ਨੇ ਮੇਰੀ ਖੂਬ ਪਿਟਾਈ ਕੀ… ਬਹੁਤ ਗਾਲ੍ਹੀਆਂ ਬਕੀ। ਮੈਂ ਕਈ ਦਿਨ ਗੁੱਸਾ ਮਨ ਮੇ ਲੀਏ ਭੁੱਖੀ ਪਿਆਸੀ ਰਹੀ। ਏਕ ਦਿਨ ਭਾਬੀ ਦੂਧ ਲੇ ਕੇ ਆਈ, ਬੋਲੀ ”ਪੀ ਲੇ… ਹਮਾਰੇ ਸਰ ਚੜ੍ਹ ਕੇ ਮਰੇਗੀ ਕਿਆ ?… ਬੇਇਜ਼ਤ ਕਰਵਾਏਗੀ ਹਮੇਂ ?’’
”ਮੈਂ ਨਹੀਂ ਪੀਉਂਗੀ… ਤੇਰੇ ਮਨਸਾ ਰਾਮ ਕੇ ਹਾਤੇ ਕਾ ਦੂਧ।’’ ਭਾਬੀ ਕੇ ਤੋ ਮਾਨੋ ਹੋਸ਼ ਉਡ ਗਏ। ਉਸ ਕਾ ਰਾਜ ਮੇਰੇ ਦਿਲ ਮੇ ਦਬਾ ਥਾ, ਗੁੱਸੇ ਮੇ ਮੇਰੀ ਜ਼ੁਬਾਨ ਪਰ ਆ ਗਿਆ। ਭਾਬੀ ਚੁੱਪ ਹੋ ਗਈ… ਆਤੇ ਜਾਤੇ ਮੁਝੇ ਘੂਰਤੀ… ਉਸਕੀ ਆਂਖੋਂ ਮੇਂ ਜੈਸੇ ਆਗ ਬਰਸਤੀ ਥੀ। ਮੁਝੇ ਪਤਾ ਥਾ ਭਾਬੀ ਅਕਸਰ ਮਨਸਾ ਰਾਮ ਕੇ ਬਾਗੋਂ ਮੇਂ ਜਾਤੀ ਥੀ… ਵੋਹ ਮਨਸਾ ਰਾਮ ਠਹਿਰਾ ਜ਼ਮੀਨੋਂ ਔਰ ਬਾਗੋਂ ਕਾ ਮਾਲਿਕ… ਔਰਤੋਂ ਕਾ ਰਸੀਆ ਥਾ। ਮੁਝੇ ਬਹੁਤ ਦੁੱਖ ਥਾ… ਭਾਬੀ ਕਹਾਂ ਫਸ ਗਈ, ਪਰ ਫਿਰ ਵਹੀ ਗਰੀਬੀ ਔਰ ਭੂਖ… ਕਿਆ ਕਿਆ ਨਹੀਂ ਕਰਵਾਤੀ। ਜਬ ਘਰ ਮੇਂ ਖਾਨੇ ਕੋ ਨਾ ਹੋਤਾ ਤੋ ਭਾਬੀ ਮਨਸਾ ਰਾਮ ਕੇ ਯਹਾਂ ਸੇ ਚਾਵਲ ਲੇ ਆਤੀ… ਕਭੀ ਗੜਵਾ ਭਰ ਕੇ ਦੂਧ। ਜਬ ਪੇਟ ਭਰ ਜਾਤਾ ਤੋ ਮੇਰੀ ਜੁਬਾਨ ਭੀ ਬੰਦ ਹੋ ਜਾਤੀ। ਮੇਰਾ ਭਾਈ ਤੋ ਏਕ ਨੰਬਰ ਕਾ ਨਿਕੰਮਾ… ਮੁਝੇ ਭਾਬੀ ਪਰ ਤਰਸ ਆਤਾ ਥਾ। ਜਿਸ ਦਿਨ ਮੈਨੇ ਮਨਸਾ ਰਾਮ ਕਾ ਨਾਮ ਮੂੰਹ ਸੇ ਨਿਕਾਲਾ, ਉਸ ਦਿਨ ਸੇ ਵੋਹ ਮੇਰੀ ਦੁਸ਼ਮਣ ਬਣ ਗਈ। ਏਕ ਦਿਨ ਦੋਨੋਂ ਮੁਝੇ ਬੂਆ ਕੇ ਗਾਂਵ ਲੈ ਆਏ… ਏਕ ਹੀ ਦਿਨ ਮੇਂ ਰਾਮਾ ਕੇ ਸਾਥ ਮੇਰੀ ਸ਼ਾਦੀ ਕਰ ਦੀ… ਅਸਲ ਮੇਂ ਮੁਝੇ ਮੇਰੇ ਭਾਈ ਨੇ ਦੱਸ ਹਜ਼ਾਰ ਮੇਂ ਬੇਚ ਦਿਆ ਥਾ।’’ ਮੀਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ”ਸ਼ਾਦੀ ਸੇ ਅਗਲੇ ਦਿਨ ਮੈਂ ਰਾਮਾ ਕੇ ਸਾਥ ਦਿੱਲੀ ਆ ਗਈ… ਚਾਰ ਸਾਲ ਹੋ ਗਏ ਫਿਰ ਵਾਪਿਸ ਨਹੀਂ ਗਈ।’’ ਉਸਨੇ ਅੱਖਾਂ ਪੂੰਝਦਿਆਂ ਕਿਹਾ।
”ਮੀਨਾ ਜੀ ਨਹੀਂ ਕਰਦਾ ਜਾਣ ਨੂੰ ?’’
”ਨਹੀਂ।… ਅਬ ਨਹੀਂ ਜਾਉਂਗੀ… ਬਿਕੀ ਹੂਈ ਚੀਜ਼ ਵਾਪਿਸ ਨਹੀਂ ਹੋਤੀ… ਜੋ ਬਿਕ ਗਿਆ ਸੋ ਬਿਕ ਗਿਆ। ਅਬ ਕੇਸ਼ਵ ਮੇਰੇ ਸਾਥ ਸ਼ਾਦੀ ਕਰਨਾ ਚਾਹਤਾ ਹੈ… ਮੁਝੇ ਵਾਪਿਸ ਬੁਲਾ ਰਹਾ ਹੈ। ਮੈਨੇ ਸਾਫ਼-ਸਾਫ਼ ਕਹ ਦਿਆ… ਮੇਰੇ ਸੰਗ ਰਹਨਾ ਹੈ ਤੋ ਦਿੱਲੀ ਆ ਜਾ… ਚਾਏ ਕੇ ਖੋਖੇ ਸੇ ਤੋ ਜ਼ਿਆਦਾ ਹੀ ਕਮਾ ਲੇਗਾ।’’
”ਫੇਰ ਕੇਸ਼ਵ ਕੀ ਕਹਿੰਦਾ ?’’
”ਆਜ ਹੀ ਬਾਤ ਹੂਈ, ਵੋਹ ਬੀਸ ਦਿਨ ਬਾਅਦ ਆ ਰਹਾ ਹੈ।’’ ਕਹਿ ਕੇ ਉਹ ਮੁਸਕਰਾ ਪਈ।
-੦-੦-੦-
ਸ਼ਾਮ ਨੂੰ ਕਰਨ ਤੇ ਚੇਤਨਾ ਇਕੱਠੇ ਆ ਗਏ। ਦੋਹੇਂ ਬਹੁਤ ਖੁਸ਼। ਚੇਤਨਾ ਨੇ ਮੈਨੂੰ ਜੱਫੀ ਵਿੱਚ ਲੈ ਲਿਆ।
”ਕੋਮਲ… ਮੇਰਾ ਪ੍ਰੋਜੈਕਟ ਪਾਸ ਹੋ ਗਿਆ… ਪਾਸ ਨਹੀਂ ਬਲਕਿ ਐਕਸੇਲੈਂਟ ਸੀ।’’
”ਵੈਰੀ ਗੁੱਡ।’’ ਮੈਂ ਉਸਨੂੰ ਥਾਪੀ ਦਿੱਤੀ।
”ਆਈ ਐਮ ਰੀਅਲੀ ਸੈਟੇਸਫਾਈਡ।’’ ਚੇਤਨਾ ਦੋਹੇਂ ਬਾਹਾਂ ਫੈਲਾ ਕੇ ਸੋਫੇ ’ਤੇ ਡਿੱਗ ਪਈ। ਕਰਨ ਹੱਸ ਪਿਆ। ”ਠੀਕ ਐ ਮੈਡਮ… ਮੇਰਾ ਕੋਈ ਰੋਲ ਨਹੀਂ ?’’ ਚੇਤਨਾ ਫੇਰ ਉੱਠੀ। ਕਰਨ ਨੂੰ ਜੱਫੀ ਪਾ ਲਈ, ”ਕਰਨ ਤੇਰੇ ਬਿਨਾਂ ਤਾਂ ਇਹ ਪਾਸੀਬਲ ਹੀ ਨਹੀਂ ਸੀ।’’ ਕਰਨ ਨੇ ਚੇਤਨਾ ਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਿਆ। ”ਨਹੀਂ ਚੇਤਨਾ… ਤੂੰ ਆਪ ਹੀ ਬਹੁਤ ਇੰਟੈਲੀਜੈਂਟ ਹੈ… ਆਈ ਰੀਅਲੀ ਐਪਰੀਸ਼ੀਏਟ ਯੂ।’’ ”ਥੈਂਕ ਯੂ ਸਰ।’’ ਚੇਤਨਾ ਨੇ ਸਿਰ ਝੁਕਾ ਕੇ ਕਿਹਾ। ਚੇਤਨਾ ਤਿਆਰ ਹੋ ਕੇ ਕਰਨ ਨਾਲ ਚੱਲੀ ਸੀ। ਅੱਜ ਕਰਨ ਦੇ ਫਲੈਟ ’ਤੇ ਪਾਰਟੀ ਰੱਖੀ ਹੋਈ ਹੈ। ਉਹ ਕਹਿੰਦੀ, ”ਜਦੋਂ ਅਸੀਂ ਕੋਈ ਵੱਡਾ ਕੰਮ ਨੇਪਰੇ ਚਾੜ੍ਹਦੇ ਹਾਂ… ਤਾਂ ਇਸੇ ਤਰ੍ਹਾਂ ਸੈਲੀਬਰੇਟ ਕਰਦੇ ਹਾਂ। ਮੈਂ ਤੈਨੂੰ ਕੱਲ੍ਹ ਮਿਲਾਂਗੀ।’’ ਕਹਿ ਕੇ ਉਹ ਕਰਨ ਨਾਲ ਚਲੀ ਗਈ।
-੦-੦-੦-
ਮੈਂ ਤੇ ਮੀਨਾ ਅੱਜ ਇਕੱਲੇ ਸੀ। ਮੀਨਾ ਲੌਬੀ ਵਿੱਚ ਟੀ.ਵੀ. ਦੇਖ ਰਹੀ ਸੀ ਤੇ ਮੈਂ ਕਮਰੇ ਵਿੱਚ ਇਕੱਲੇਪਣ ਨਾਲ ਖਹਿੰਦੀ ਹੋਈ। ”ਮੈਡਮ ਆਪ ਕਾ ਫੋਨ।’’ ਮੀਨਾ ਨੇ ਮੈਨੂੰ ਅਵਾਜ਼ ਮਾਰੀ। ਨਮਰ ਦਾ ਫੋਨ ਸੀ। ”ਕੋਮਲ ਤੇਰਾ ਵਾਪਸੀ ਦਾ ਕੀ ਪ੍ਰੋਗਰਾਮ ਹੈ ? ਤੈਨੂੰ ਕੀ ਪਤਾ ਲੋਕ ਇਥੇ ਕੀ-ਕੀ ਗੱਲਾਂ ਕਰਦੇ ਨੇ… ਅਸੀਂ ਸੌ-ਸੌ ਬਹਾਨੇ ਲਾਉਂਦੇ ਹਾਂ… ਕਦੀ ਕਹੀਦੈਂ ਹਾਂ ਮਾਮੀ ਕੋਲ ਗਈ ਐ… ਕਦੀ ਕਹੀਦੈਂ ਹਾਂ ਭੂਆ ਕੋਲ… ਤੂੰ ਠੰਡੇ ਦਿਮਾਗ ਨਾਲ ਸੋਚ… ਵਾਪਿਸ ਆ ਜਾ।’’ ਨਮਰ ਦੀ ਗੱਲ ਸੁਣ ਕੇ ਮੈਂ ਭੜਕ ਉੱਠੀ, ”ਦੀਦੀ, ਜੇ ਮੈਂ ਮੁੜ ਆਈ ਤਾਂ ਕੀ ਲੋਕਾਂ ਦੀ ਜ਼ਬਾਨ ਬੰਦ ਹੋ ਜਾਏਗੀ ?… ਫੇਰ ਮੈਨੂੰ ਤੁਹਾਡੀ ਦੁਨੀਆਂ ਵੈਲਕਮ ਕਰਨ ਆਊਗੀ, ਹੱਥਾਂ ਵਿੱਚ ਗੁਲਦਸਤੇ ਫੜ੍ਹਕੇ… ਮੈਨੂੰ ਦੁਨੀਆਂ ਦਾ ਵਾਸਤਾ ਨਾ ਦਿਆ ਕਰੋ।’’ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਤੜਪ ਉੱਠੀ ਸੀ ਮੈਂ। ਇੱਕ ਮੋਹ ਦੀ ਤੰਦ ਜਿਹੜੀ ਮੈਨੂੰ ਪਿਛਾਂਹ ਖਿੱਚਦੀ ਸੀ, ਅੱਜ ਮੈਂ ਉਹ ਵੀ ਤੋੜ ਦਿੱਤੀ। ਮੈਂ ਘਰ ਛੱਡ ਆਈ… ਕੀਹਦੇ ਆਸਰੇ… ਪਰ ਘਰ ਤਾਂ ਇੱਕ ਦਿਨ ਛੱਡਣਾ ਹੀ ਪੈਣਾ ਸੀ। ਉਹਨਾਂ ਖਾਤਰ ਛੱਡਦੀ ਤਾਂ ਸਭ ਨੂੰ ਚੰਗਾ ਲੱਗਦਾ… ਹੁਣ ਅਪਣੀ ਖਾਤਰ ਛੱਡਿਆ ਤਾਂ ਕੁੱਲ ਦੁਨੀਆਂ ਹੀ ਦੁਸ਼ਮਣ ਹੋ ਗਈ। ਮੈਥੋਂ ਬੇਨਾਮ ਇਜ਼ਤ ਨੂੰ ਢੋਹ ਕੇ ਅਣਚਾਹੀ ਜ਼ਿੰਦਗੀ ਨਹੀਂ ਜਿਊਈਂ ਜਾਂਦੀ। ਮੇਰੀਆਂ ਅੱਖਾਂ ਅੱਜ ਫੇਰ ਨਟਨੀ ਦੇ ਪੈਰਾਂ ‘ਤੇ ਖਲੋ ਗਈਆਂ। ਮੈਨੂੰ ਲੱØਗਿਆ ਜੇ ਰੱਸੀ ਅੱਧ ਵਿਚਕਾਰੋਂ ਟੁੱਟ ਗਈ ਤਾਂ ਉਹ ਬੁਰੀ ਤਰ੍ਹਾਂ ਡਿਗੇਗੀ… ਟੋਟੇ-ਟੋਟੇ ਹੋ ਜਾਏਗੀ… ਪਰ ਉਸਦੇ ਪੈਰਾਂ ਹੇਠਲੀ ਰੱਸੀ ਤਾਂ ਹੋਰ ਲੰਮੀ… ਹੋਰ ਲੰਮੀ ਹੁੰਦੀ ਗਈ। ਮੇਰੇ ਆਲੇ ਦੁਆਲੇ ਵਲਦੀ ਗਈ। ਮੇਰੀ ਗਰਦਨ ਤੇ ਕੱਸਦੀ ਗਈ… ਹੱਥ ਪੈਰ ਸਭ ਰੱਸੀ ਵਿਚ ਬੱਝਦੇ ਗਏ… ਮੈਨੂੰ ਸਾਹ ਨਹੀਂ ਆ ਰਿਹਾ… ਮੈਂ ਚੀਕਾਂ ਵੀ ਨਹੀਂ ਮਾਰ ਸਕਦੀ… ਭੱਜ ਵੀ ਨਹੀਂ ਸਕਦੀ। ਚੇਤਨਾ ਨੂੰ ਅਵਾਜ਼ ਮਾਰੀ ਸੀ, ”ਚੇਤਨਾ ਮੈਨੂੰ ਅਜ਼ਾਦ ਕਰਦੇ… ਚੇਤਨਾ ਮੈਂ ਮਰ ਰਹੀ ਹਾਂ… ਪਰ ਚੇਤਨਾ ਅਪਣੇ ਕੰਮ ਵਿੱਚ ਗੁਆਚੀ ਹੋਈ… ਮੇਰੀ ਅਵਾਜ਼ ਨਹੀਂ ਸੁਣ ਰਹੀ… ਮੀਨਾ। ਮੀਨਾ… ਮੈਨੂੰ ਖੋਹਲ ਦੇ…।’’ ”ਮੈਡਮ ਖੁਦ ਹੀ ਕੋਸ਼ਿਸ਼ ਕਰੋ।’’ ਕਹਿ ਕੇ ਮੀਨਾ ਵੀ ਰਸੋਈ ਵਿੱਚ ਵੜ੍ਹ ਗਈ। ਮੇਰੀ ਮਦਦ ਨੂੰ ਕੋਈ ਤਿਆਰ ਨਹੀਂ। ਮੈਂ ਅਪਣੇ ਅੰਦਰੋਂ ਸਾਰੀ ਸ਼ਕਤੀ ਇਕੱਠੀ ਕੀਤੀ… ਜਦੋ-ਜਹਿਦ ਕਰਦੀ ਰਹੀ… ਹੱਥ ਪੈਰ ਮਾਰਦੀ ਰਹੀ… ਅਥਾਹ ਸ਼ਕਤੀ ਮੇਰੇ ਅੰਦਰ ਆ ਗਈ… ਬੰਧਨ ਢਿੱਲੇ ਹੋਣ ਲੱਗ ਪਏ… ਮੈਂ ਅਜ਼ਾਦ ਹੋਣ ਵਿੱਚ ਕਾਮਯਾਬ ਹੋ ਗਈ। ਮੈਂ ਭੱਜ ਕੇ ਚੇਤਨਾ ਕੋਲ ਆ ਗਈ… ”ਚੇਤਨਾ ਭੱਜ ਚੱਲ… ਮੈਨੂੰ ਦੂਰ ਲੈ ਚੱਲ… ਮੈਨੂੰ ਫੇਰ ਰੱਸੀਆਂ ਵਿੱਚ ਜਕੜ ਦੇਣਗੇ… ਚੇਤਨਾ ਮੈਨੂੰ ਲੈ ਚੱਲ।’’ ਚੇਤਨਾ ਨੇ ਮੁਸਕਰਾਉਂਦਿਆਂ ਹੋਇਆਂ ਅੱਖਾਂ ਮੂੰਦ ਲਈਆਂ। ਮੈਨੂੰ ਇੰਜ ਜਾਪਿਆ ਜਿਵੇਂ ਮੈਂ ਉਸਦੀ ਆਗੋਸ਼ ਵਿੱਚ ਸਮਾਅ ਗਈ।

ਵਿਸ਼ਵਜੋਤੀ ਧੀਰ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!