ਰਾਜਹੰਸ ਦਾ ਸ਼ਿਕਾਰ – ਸਤੀ ਕਪਿਲ

Date:

Share post:

‘ਨਈ ਕਹਾਨੀ’, ‘ਸਾਰਿਕਾ’ ਅਤੇ ਬੌਲੀਵੁਡ ਵਾਲਾ ਕਮਲੇਸ਼ਵਰ ਚਲਾਣਾ ਕਰ ਗਿਆ।
ਹਿਂਦੀ ਦੇ ਮਾਰਕਸਵਾਦੀ ਲੇਖਕਾਂ ’ਚੋਂ ਕਮਲੇਸ਼ਵਰ ਹੀ ਇੱਕ ਅਜਿਹਾ ਲੇਖਕ ਸੀ ਜਿਸ ਦੀਆਂ ਗੱਲਾਂ ਮੁੱਲਵਾਨ ਹੁੰਦੀਆਂ ਸਨ। ਹੁਣ ਇਸ ਦੋਸਤ ਨੂੰ ਯਾਦ ਹੀ ਕੀਤਾ ਜਾ ਸਕੇਗਾ, ਗੱਲਾਂ ਕਦੇ ਨਹੀਂ ਹੋ ਸਕਣਗੀਆਂ। ਉਹ ਮਾਰਕਸਵਾਦੀ ਸੀ, ਪਰ ਨਾਮਵਰ ਸਿੰਘ ਵਾਂਗ ਲੱਠਮਾਰ ਨਹੀਂ। ਦੋਵਾਂ ਵਿਚ ਕਿੰਨਾਂ ਫ਼ਰਕ! ਪਰ ਇਸ ਬਾਰੇ ਅੱਗੇ ਚੱਲ ਕੇ।
ਯਾਦ ਆ ਰਿਹਾ ਹੈ ਸੱਠਵਿਆਂ ‘ਚ ‘ਨਈ ਕਹਾਨੀ’ ਦਾ ਸੰਪਾਦਕ ਕਮਲੇਸ਼ਵਰ। ‘ਨਈ ਕਹਾਨੀ’ ਦੇ ਅੰਦੋਲਨ ਨੇ ਹਿੰਦੀ ਸਾਹਿਤ ਦਾ ਸਾਰਾ ਆਕਾਸ਼ ਮੱਲਿਆ ਹੋਇਆ ਸੀ। ਮੈਂ ਉਦੋਂ ਦਿੱਲੀ ਯੂਨੀਵਰਸਿਟੀ ਦੀ ਲਿਟਰੇਰੀ-ਯੁਨੀਅਨ ਦਾ ਪ੍ਰੈਜ਼ੀਡੈਂਟ ਸੀ ਤੇ ਇਸ ਸਭਾ ਦਾ ਜਨਰਲ ਸੈਕਟਰੀ ਸੀ ਮੱਧ-ਪ੍ਰਦੇਸ਼ ਦਾ ਇਕ ਤੇਜ ਤਰਾਰ ਕਿਰਦਾਰ ਰਾਘਵਨ ਜੋ ਅੱਜ ਕੱਲ੍ਹ, ਕਈ ਹੋਰ ਦੋਸਤਾਂ ਵਾਂਗ, ਪੀ. ਐਚ. ਡੀ.ਅਤੇ ਡੀ.ਲਿਟ. ਕਰ ਕੇ ਪ੍ਰੋਫੈਸਰ ਲੱਗਾ ਹੋਇਆ ਹੈ। ਉਹ ਇਸ ਇੱਜਤ-ਦਾਰ ਕਿੱਤੇ ਦੇ ਨਾਲ ਨਾਲ ਹੀਰੇ-ਜਵਾਹਰਾਤ ਦਾ ਚੋਰ-ਧੰਦਾ ਵੀ ਕਰ ਰਿਹਾ ਹੈ। 70ਵਿਆਂ ‘ਚ ਉਸਨੇ ਜੈਪੁਰ ਦੇ ਇਕ ਤਿਲਕਧਾਰੀ ਜੌਹਰੀ ਨਾਲ ਦਿੱਲੀ ਸਾਡੇ ਘਰ ਆਕੇ ਇਵਾਂਕਾ ਨੂੰ ਇਕ ਸੌਲਿਟਰੀ ਹੀਰੇ ਦੀ ਬਹੁਤ ਹੀ ਮਹਿੰਗੀ ਅੰਗੂਠੀ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਉਸ ਅਨੁਸਾਰ ਪ੍ਰੋਫੈਸਰੀ ਤਾਂ ਦਿਖਾਵਾ ਹੀ ਸੀ। ਉਸਦੇ ਅਸਲੀ ਸ਼ੌਕ ਚਾਂਦਨੀ ਚੌਕ ਦੀਆਂ ਸੇਠਾਨੀਆਂ ਅਤੇ ਜੈਪੁਰ ਦੇ ਪੱਥਰ ਸਨ। ਖੈਰ, ਇਹਨੀਂ ਹੀ ਦਿਨੀਂ ਇਕ-ਦੋ ਵਾਰ ਕਮਲੇਸ਼ਵਰ ਨੂੰ ਅਸੀਂ ਯੂਨੀਵਰਸਿਟੀ ਬੁਲਾਇਆ ਸੀ। ਉਸ ਨੂੰ ਆਇਆ ਸੁਣ ਕੇ ਅੰਗ੍ਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਵਿਦਿਆਰਥੀਆਂ ਦੀ ਕਾਫੀ ਭੀੜ ਜੁੜ ਗਈ। ਇਸ ਮੀਟਿੰਗ ‘ਚ ਪੰਜਾਬੀ ਦੇ ਡਾ ਹਰਿਭਜਨ ਸਿੰਘ ਅਤੇ ਹਰਨਾਮ ਤੋਂ ਅਲਾਵਾ ਹਿੰਦੀ ਵਿਭਾਗ ਦੇ ਕੁਝ ਚੋਟੀਧਾਰੀ ਲੈਕਚਰਾਰ ਵੀ ਹਾਜ਼ਰ ਸਨ।
ਕਮਲੇਸ਼ਵਰ ਨੇ ’ਨਈ ਕਹਾਨੀ’ ਦੇ ਪੱਖ ‘ਚ ਕੁਝ ਫਿਕਰੇ ਹੀ ਆਖੇ ਹੋਣਗੇ ਕਿ ਉਹਨਾਂ ਨੇ ਕਮਲੇਸ਼ਵਰ ਨੂੰ ਘੇਰ ਲਿਆ। ਡਾ ਨਗੇਂਦ੍ਰ ਦੇ ਪੜ੍ਹਾਏ ਰਸ-ਸਿਧਾਂਤ ਦੇ ਇਹਨਾਂ ਪਹਿਰੂਆਂ ਨੇ ਨਾਟਿਅ-ਸਾLਸਤਰ ਤਾਂ ਜਰੂਰ ਪੜ੍ਹਿਆ ਸੀ, ਪਰ ਭਾਰਤੀ ਭਾਸ਼ਾਵਾਂ’ਚ ਲਿਖੇ ਜਾ ਰਹੇ ਨਵੇਂ ਸਾਹਿਤ ਦਾ ਅਧਿਐਨ ਕਰਨ ਦਾ ਪਾਪ ਉਹ ਕਦੇ ਨਹੀਂ ਸੀ ਕਰਦੇ। ਪਰ ਉਹਨਾਂ ਕੋਲ ਨਾ ਕਮਲੇਸ਼ਵਰ ਜਿੰਨਾਂ ਗਿਆਨ ਸੀ ਤੇ ਨਾ ਹੀ ਉਸ ਵਰਗੀ ਨਸ਼ਤਰੀ ਭਾਸ਼ਾ। ਕਮਲੇਸ਼ਵਰ ਨੇ ਉਹਨਾਂ ਨੂੰ ਅੱਖ ਦੇ ਫੋਰੇ ‘ਚ ਹੀ ਨੱਥ ਲਿਆ। ਪਤਾ ਹੀ ਨਾ ਲੱਗਾ ਕਮਲੇਸ਼ਵਰ ਉਹਨਾਂ ਦੀਆਂ ਆਕੜੀਆਂ ਬੋਦੀਆਂ ਕੁਤਰ ਕੇ ਪੈਦਲ ਹੀ ਕਦੋਂ ਆਪਣੇ ਘਰ ਨੂੰ ਤੁਰ ਪਿਆ ਤੇ ਅਸੀਂ ਡੌਰ-ਭੌਰ ਹੋਏ ਉਸ ਜਾਦੂਗਰ ਦੇ ਪਿੱਛੇ ਪਿੱੱਛੇ। ਲੱਗਦਾ ਸੀ, ਸੜਕ ਤੇ ਉਸ ਨਾਲ ਤੁਰੇ ਜਾਂਦੇ ਅਸੀਂ ਨਵੇਂ ਦੀ ਪੁਰਾਣੇ ਤੇ ਹੋਈ ਫਤਿਹ ਦਾ ਜਸ਼ਨ ਮਨਾ ਰਹੇ ਹੋਈਏ।
ਕਹਿਣਾ ਚਾਹੀਦਾ ਹੈ ਕਿ ਅਸੀਂ ਸਾਹਿਤ ‘ਚ ਅਜੇ ਸ਼ੌਕੀਆ ਹੀ ਮੂੰਹ ਮਾਰ ਰਹੇ ਸੀ ਤੇ ਦਿੱਲੀ ਦੇ ਉਘੇ ਲੇਖਕਾਂ ਨੂੰ ਯੂਨੀਵਰਸਿਟੀ ‘ਚ ਬੁਲਾ ਕੇ ਲੇਖਕਾਂ ਨੂੰ ਬਹਿਸ ਦੇ ਸੇਕ ‘ਚ ਤੱਤੇ ਹੁੰਦੇ ਤੇ ਭਿੜਦੇ ਵੇਖਣਾ ਸਾਡਾ ਸ਼ੁਗਲ ਬਣ ਗਿਆ ਸੀ।

ਇੰਡੀਆ ਇੰਟਰਨੇਸ਼ਨਲ ਸੈਂਟਰ ‘ਚ ਸਤੀ ਅਤੇ ਕਮਲੇਸ਼ਵਰ। ਫੋਟੋ: ਗਾਇਤ੍ਰੀ (1999)

ਦਿੱਲੀ ਉਦੋਂ ਮਹਾਨਗਰ ਹੋਣ ਦੇ ਬਾਵਜੂਦ ਬੌਧਕ ਤੌਰ ਤੇ ਇਕ-ਦੋ ਥਾਵਾਂ ਤੇ ਹੀ ਧਵਕਦੀ ਤੇ ਜਿਊਂਦੀ ਸੀ। ਕਨਾਟ ਪਲੇਸ ਦੇ ਟੀ-ਹਾਊਸ ਤੇ ਯੂਨਾਈਟਡ ਕੌਫੀ-ਹਾਊਸ ‘ਚ ਸ਼ਾਮ ਨੂੰ ਇੰਨੀਂ ਭੀੜ ਹੋ ਜਾਂਦੀ ਕਿ ਬੈਠਣ ਨੂੰ ਥਾਂ ਨਹੀਂ ਸੀ ਲੱਭਦੀ। ਪੰਚਾਇਤੀ ਚੌਂਤਰਿਆਂ ਵਾਂਗ ਰਾਜਧਾਨੀ ਦੇ ਲੇਖਕਾਂ ਦੀ ਜ਼ਿੰਦਗੀ ਇਨ੍ਹਾਂ ਦੋ ਥਾਵਾਂ ਤਕ ਹੀ ਮਹਿਦੂਦ ਸੀ। ਮੋਹਨ ਰਾਕੇਸ਼, ਕਮਲੇਸ਼ਵਰ ਅਤੇ ਰਾਜੇਂਦ੍ਰ ਯਾਦਵ ਵਾਲੀ ਮੇਜ਼ ਦੇ ਦੁਆਲੇ ਖੜ੍ਹੇ ਸਿਖਾਂਦਰੂ-ਲੇਖਕ ਇਸ ਮਸ਼ਹੂਰ ਤਿਕੜੀ ਵਿਚਕਾਰ ਹੋ ਰਹੀ ਬਹਿਸ ਨੂੰ ਸੁਣਨ-ਸਮਝਣ ਦੀ ਕੋਸ਼ਿਸ਼ ‘ਚ ਸਿਗਰਟਾਂ ਫੂਕੀ ਜਾਂਦੇ, ਪਰ ਮੋਹਨ ਰਾਕੇਸ਼ ਦੇ ਉਚੇ ਠਹਾਕਿਆਂ ਤੋਂ ਅਲਾਵਾ ਸ਼ਾਇਦ ਹੀ ਕੋਈ ਗੱਲ ਉਹਨਾਂ ਦੇ ਪੱਲੇ ਪੈਂਦੀ ਹੋਵੇ। ਅਦਬੀ ਦਿੱਲੀ ਦੀ ਇਸ ਤਿਕੱੜੀ ’ਚੋਂ ਹੁਣ ‘ਹੰਸ’ ਦਾ ਸੰਪਾਦਕ ਰਾਜੇਂਦ੍ਰ ਯਾਦਵ ਹੀ ਸਰਗਰਮ ਹੈ। ਮੋਹਨ ਰਾਕੇਸ਼ ਨੂੰ ਮਰਿਆਂ ਬਹੁਤ ਸਾਲ ਹੋ ਗਏ ਨੇ। ਇਸ ਸਾਲ 27 ਜਨਵਰੀ ਨੂੰ ਕਮਲੇਸ਼ਵਰ ਚੱਲ ਵਸਿਆ। ਇਹ ਖ਼ਬਰ ਮੇਰੇ ਲਈ ਅਜੇ ਵੀ ਇੰਨੀ ਤਾਜ਼ਾ ਅਤੇ ਅ-ਯਥਾਰਥਕ ਹੈ ਕਿ ਇਹ ਸਤਰਾਂ ਲਿਖਦਿਆਂ ਕਮਲੇਸ਼ਵਰ ਨੂੰ ਉਸਦੇ ਪੂਰੇ ਜਲੌਅ ‘ਚ ਮੈਂ ਆਪਣੇ ਮੋਢੇ ਕੋਲ ਖੜੋਤਾ ਮਹਿਸੂਸ ਕਰ ਰਿਹਾ ਹਾਂ। ’ਸੁਣ ਰਹੇ ਹੋ ਨਾ ਕਮਲੇਸ਼ਵਰ?’
ਸਥਾਨ ਦਿੱਲੀ। 22/ 2/99 ਦੀ ਤਾਰੀਕ। ਇਸ ਤਾਰੀਕੇ ਇੰਡੀਆ ਇੰਟਰਨੇਸ਼ਨਲ ਸੈਂਟਰ ‘ਚ ਅਸੀਂ ਲੰਚ ਖਾਧਾ ਸੀ ਤੇ ਬੈਠ ਕੇ ਕਈ ਘੰਟੇ ਗੱਪਾਂ ਮਾਰੀਆਂ। ਉਦੋਂ ਹੀ ਕਮਲੇਸ਼ਵਰ ਨੇ ਮੈਨੂੰ ਆਪਣੀ ਨਵੀਂ ਛਪ ਕੇ ਆਈ ਕਿਤਾਬ ‘ਜਲਤੀ ਹੁਈ ਨਦੀ’ ਦਿਤੀ ਸੀ। ਉਸਦੇ ਪਹਿਲੇ ਪੰਨੇ ਤੇ ਕਾਲੀ ਸਿਆਹੀ ‘ਚ ਉਸਦੀ ਖੂਬਸੂਰਤ ਹੱਥ-ਲਿਖਤ ਹੈ ‘ਭਾਈ ਸਤੀ ਕੁਮਾਰ ਕੇ ਲੀਏ/ਭਾਰਤ ਆਨੇ ਕੀ ਯਾਦ ਮੇਂ’। ਕੀ ਮੈਨੂੰ ਸਚਮੁਚ ਇੰਨਾਂ ਸਮਾਂ ਹੋ ਗਿਆ ਭਾਰਤ ਗਿਆਂ? ਯਕੀਨ ਨਹੀਂ ਆਉਂਦਾ।
1966 ‘ਚ ਸੋਫੀਆ ਯੂਨੀਵਰਸਿਟੀ ਦੀ ਸਕੌਲਰਸ਼ਿਪ ਮੈਨੂੰ ਬਲਗਾਰੀਆ ਲੈ ਗਈ ਸੀ ਤੇ ਕਮਲੇਸ਼ਵਰ ਉਦੋਂ ਹੀ ਕਦੇ ’ਟਾਈਮਸ ਆਫ ਇੰਡੀਆ’ ਦਾ ਸੰਪਾਦਕ ਬਣਕੇ ਮੁੰਬਈ ਜਾ ਵਸਿਆ। ਇਸ ਨਿਯੁਕਤੀ ਪਿੱਛੇ ਰਮਾ ਜੈਨ ਸੀ। ਮਾਰਕਸਵਾਦੀ ਕਮਲੇਸ਼ਵਰ ਦੇ ਪੂੰਜੀਵਾਦੀ-ਪ੍ਰੈਸ ਦੀ ਪਤ੍ਰਿਕਾ ‘ਸਾਰਿਕਾ’ ਦਾ ਸੰਪਾਦਕ ਬਣਨ ਨਾਲ ਉਸਦੇ ਵਿਰੋਧੀਆਂ ਨੂੰ ਉਸ ਤੇ ਹਮਲੇ ਕਰਨ ਦਾ ਮੌਕਾ ਮਿਲ ਗਿਆ ਸੀ। ਆਪਣੀ ਸਵੈ-ਜੀਵਨੀ ‘ਯਾਦੋਂ ਕੇ ਚਿਰਾਗ਼’ ‘ਚ ਇਹਨਾਂ ਸਾਹਿਤ ਦੇ ਪਾਂਧਿਆਂ ਬਾਰੇ ਕਮਲੇਸ਼ਵਰ ਦੀ ਟਿੱਪਣੀ ਹੈ, ‘ ਹਿੰਦੀ ਕੀ ਭਈਆ-ਭੈਂਸ ਕਲਚਰ ਮੇਂ ਜਨਮੇਂ ਔਰ ਗੋਬਰ-ਪ੍ਰਸੰਨ ਲੋਗ, ਏਕ ਹਿੰਦੀ ਭਾਸ਼ੀ ਕੀ ਯੇਹ ਪ੍ਰਸਿੱਧੀ ਪਚਾ ਨਹੀਂ ਪਾਏ, ਕਿਉੰਂ ਕਿ ਮੈਂ ਉਨਕੀ ਤਬਲਾ ਸੰਸਕ੍ਰਿਤੀ ਕਾ ਹਾਮੀ ਨਹੀਂ ਥਾ’।
ਇਹ ਪੜ੍ਹ ਕੇ ਮੈਨੂੰ ਦਿੱਲੀ ਯੁਨੀਵਰਸਿਟੀ ਵਾਲਾ ਕਮਲੇਸ਼ਵਰ ਯਾਦ ਆ ਗਿਆ ਸੀ ਜਿਸਦੀ ਜ਼ਬਾਨ ਦੇ ਪਿਘਲੇ ਲਾਵੇ ਦੇ ਸੇਕ ‘ਚ ਮੈਂ ਹਿੰਦੀ-ਸੰਸਕ੍ਰਿਤ ਦੇ ਪ੍ਰੋਫੈਸਰਾਂ ਦੀਆਂ ਬੋਦੀਆਂ ਨੂੰ ਢਿੱਲੀਆਂ ਹੁੰਦੇ ਵੇਖਿਆ ਸੀ।
ਕਮਲੇਸ਼ਵਰ ਅਨੁਸਾਰ ’ਟਾਈਮਜ਼ ਆਫ ਇੰਡੀਆ’ ਉਦੋਂ ਨੇਹਰੂ-ਵਿਰੋਧੀ, ਮਾਰਕਸਵਾਦ-ਵਿਰੋਧੀ ਲੋਹੀਆ-ਵਾਦੀਆਂ ਦਾ ਗੜ੍ਹ ਹੁੰਦਾ ਸੀ। ਕਮਲੇਸ਼ਵਰ ਵਰਗੇ ਖੱਬੇ-ਵਾਦੀ ਦੀ ਇਸ ਗੜ੍ਹ ‘ਚ ਅਚਾਨਕ ਐਂਟਰੀ ਨੇ ਕੀ ਸੱਜੀ ਤੇ ਕੀ ਖੱਬੀ ਸੋਚ ਵਾਲੇ ਸਭ ਨੂੰ ਚਕ੍ਰਿਤ ਕਰ ਦਿੱਤਾ ਸੀ। ਇਸਦਾ ਕਾਰਨ ਦਰਅਸਲ ’ਨਈ ਕਹਾਨੀ’ ਅੰਦੋਲਨ ਦੀ ਸਫਲਤਾ ਸੀ। ਭਾਰਤ ਦੇ ਪ੍ਰਗਤੀਸ਼ੀਲ ਲੇਖਕਾਂ ਨੇ ਸਿਰਜਣ ਦੇ ਸੁਹਜ-ਸ਼ਾਸਤਰ ਨੂੰ ਹੀ ਬਦਲ ਦਿੱਤਾ ਸੀ। ਇਹ ਨੌਕਰੀ ਕਬੂਲਣ ਸਮੇਂ ਕਮਲੇਸ਼ਵਰ ਨੇ ਆਪਣੀ ਜ਼ਮੀਰ ਨਹੀਂ ਸੀ ਵੇਚੀ, ਬਲਕਿ ਟਾਈਮਜ਼ ਦੀ ਵਪਾਰਕ-ਅੱਖ ਨੇ ਇਹ ਤੱਥ ਪਛਾਣ ਲਿਆ ਸੀ ਕਿ ਨਵੇਂ ਲੇਖਕਾਂ ਨੂੰ ਨਾਲ ਰੱਖਣ ਲਈ ਕਮਲੇਸ਼ਵਰ ਵਰਗੀ ਮਹਿਮਾ ਵਾਲੇ ਲੇਖਕ ਨੂੰ ਨਾਲ ਰਲਾ ਲੈਣ ਤੋਂ ਅਲਾਵਾ ਕੋਈ ਰਸਤਾ ਨਹੀਂ ਸੀ। ਇਸ ਪ੍ਰਸੰਗ ‘ਚ ਇਹ ਗੱਲ ਵੀ ਧਿਆਨਯੋਗ ਹੈ ਕਿ ਕਮਲੇਸ਼ਵਰ ਪਾਰਟੀ-ਬੱਧ ਮਾਰਕਸਵਾਦ ਤੋਂ ਦੂਰ ਸੀ। ਜ਼ਰਾ ਉਸਦੀ ਆਖੀ ਇਹ ਗੱਲ ਸੁਣੋ,’ਪਾਰਟੀ ਦੇ ਦਬਾਉ ਤੋਂ ਜੋ ਰਚਨਾਕਾਰ ਖੁਦ ਨੂੰ ਬਚਾਉਂਦਾ ਹੈ, ਉਹੋ ਆਪਣੇ ਸ਼ਬਦ ਨੂੰ ਜੀਵਿਤ ਰੱਖ ਪਾਉਂਦਾ ਹੈ’।
ਕਮਲੇਸ਼ਵਰ ਦੇ ਮਨੁੱਖਤਾ-ਵਾਦੀ ਮਾਰਕਸੀ-ਚਿੰਤਨ ‘ਚ ਵਿਅਕਤੀਵਾਦ ਲਈ ਵੀ ਥਾਂ ਸੀ, ਯਸ਼ ਅਤੇ ਪ੍ਰਸਿੱਧੀ ਲਈ ਵੀ ਅਤੇ ਨਿਜੀ-ਜਾਇਦਾਦ ਲਈ ਵੀ। (ਉਸਦੀ ਪਰਿਭਾਸ਼ਾ ਅਨੁਸਾਰ ਮੈਂ ਵੀ ਖੁਦ ਨੂੰ ਇਕ ਚੰਗਾ ਮਾਰਕਸਵਾਦੀ ਸਮਝ ਸਕਦਾ ਸਾਂ)। ਮੁੰਬਈ ‘ਚ ਇਹ ਸਾਰੀਆਂ ਨਿਆਮਤਾਂ ਉਸਦੇ ਰਾਹ ‘ਚ ਪਈਆਂ ਸਨ। ਇਸ ਰਾਹ ਦਾ ਨਾਂ ਸੀ ਬੌਲੀਵੁਡ। ਸ਼ਕਤੀ ਸਾਮੰਤ ਦੀ ਬਣਾਈ ਤੇ ਕਮਲੇਸ਼ਵਰ ਦੀ ਲਿਖੀ ‘ਅਮਾਨੁਸ਼’ ਫਿਲਮ ਦੀ ਸਫਲਤਾ ਨੇ ਕਮਲੇਸ਼ਵਰ ਲਈ ਵੱਡੀਆਂ ਫਿਲਮਾਂ ਦੀਆਂ ਪਟ-ਕਥਾਵਾਂ ਲਿਖਣ ਦੇ ਬੂਹੇ ਖੋਲ੍ਹ ਦਿਤੇ। ਉਸ ਉਤੇ ਅਚਾਨਕ ਰੁਪਈਏ ਵਰ੍ਹਨ ਲੱਗ ਪਏ ਸੀ।
ਇਕ ਗੁਮਨਾਮ ਪਿੰਡ ਦੇ ਜੰਮ-ਪਲ, ਤੇ ਕਰੋਲਬਾਗ ‘ਚ ਇਕ ਪੁਰਾਣੇ ਮਕਾਨ ਦੇ ਕਿਰਾਏਦਾਰ ਕਮਲੇਸ਼ਵਰ ਪ੍ਰਸਾਦ ਸਕਸੇਨਾ ਦੀ ਜ਼ਿੰਦਗ਼ੀ ਬੌਲੀਵੁਡ ਨੇ ਕਿਵੇਂ ਇਕੋ ਝਟਕੇ ‘ਚ ਚੰਨ ਤੇ ਪੁਚਾ ਦਿਤੀ, ਇਹ ਕਮਲੇਸ਼ਵਰ ਦੀ ਆਪਣੀ ਹੀ ਜ਼ਬਾਨੀ ਸੁਣੋ ,’ਉਹ ਤਾਂ ਬੇਹੋਸ਼ੀ ਦੀ ਇਕ ਐਸ਼ਵਰਯ ਭਰੀ ਦੁਨੀਆਂ ‘ਚ ਜੀਅ ਰਿਹਾ ਸੀ, ਜਿਥੇ ਅੰਡੇ ਦਾਦਾ ਮੁਨੀ (ਅਸ਼ੋਕ ਕੁਮਾਰ) ਦੇ ਖੰਡਾਲਾ ਫਾਰਮ ਤੋਂ ਆਉਂਦੇ ਸਨ, ਚਾਹ ‘ਚ ਪੈਣ ਵਾਲਾ ਸ਼ਹਿਦ ਸੀਕਰੀ ਦੇ ਮਹਿਲ ਜਾਂ ਹੈਦਰਾਬਾਦ ਦੀ ਚਾਰਮੀਨਾਰ ਨੂੰ ਚਿਪਕੇ ਮਖਿਆਲ ਦੇ ਛiੱਤਆਂ ’ਚੋਂ ਆਉਂਦਾ ਸੀ, ਅਤੇ ਦੁਪਹਿਰ ਦਾ ਖਾਣਾ ਹੌਲੀਡੇ-ਇਨ, ਸਨ ਐਂਡ ਸੈਂਡ ‘ਚ ਹੁੰਦਾ ਸੀ, ਸ਼ਾਮ ਦੇ ਡਰਿੰਕਸ ਸਮਗਲਰ ਸਪਲਾਈ ਕਰਦੇ ਸੀ , ਅਤੇ ਰਾਤ ਦਾ ਅੱਧਾ ਖਾਣਾ ਸੈਂਟੂਰ ‘ਚ ਖਾ ਕੇ ਉਹ ਘਰ ਮੁੜਿਆ ਕਰਦਾ ਸੀ ਅਤੇ ਉਸਤੋਂ ਬਾਅਦ ਨਟਰਾਜ, ਅੋਬਰਾਏ, ਤਾਜ, ਅੰਬੈਸਡਰ ‘ਚ ਪੀਣ ਪਿਲਾਣ ਦੀ ਅਗਲੀ ਕਿਸ਼ਤ ਅਤੇ ਖਾਣਾ ਹੋਇਆ ਕਰਦਾ ਸੀ’।
ਲੇਖਕੀ ਉਤਸੁਕਤਾ ਕਮਲੇਸ਼ਵਰ ਨੂੰ ਬੌਲੀਵੁਡ ਦੀਆਂ ਨਿਰਲੱਜ ਪਾਰਟੀਆਂ ‘ਚ ਵੀ ਲੈ ਜਾਂਦੀ ਰਹੀ, ਜਿੱਥੇ ਰਾਜੇਸ਼ ਖੰਨਾ, ਰੇਖਾ, ਰਾਖੀ, ਅਮਿਤਾਭ, ਜ਼ੀਨਤ ਅਮਾਨ, ਸੰਜਯ ਖਾਨ, ਸ਼ਤਰੂਘਨ ਸਿਨਹਾ, ਰੀਨਾ ਰਾਏ, ਕੋਠਾਰੀ, ਜਸਮੀਨ ਤੋਂ ਲੈ ਕੇ ਧਰਮੇਂਦਰ ਅਤੇ ਦਲੀਪ ਕੁਮਾਰ ਤੱਕ ਦੀਆਂ ਜਨਮ-ਕੁੰਡਲੀਆਂ ਖੁਲ੍ਹੀਆਂ ਪਈਆਂ ਸੀ। ਆਪਣੇ ਬਾਰੇ ਕਮਲੇਸ਼ਵਰ ਦੇ ਕੰਨਾਂ ‘ਚ ਪਾਰਟੀ-ਗਰਲਜ਼ ਦੇ ਅਜੇਹੇ ਕੁਮੈਂਟ ਪੈਂਦੇ, ‘ਕਮਲੇਸ਼ਵਰ ਸਾਹਿਬ ਆਦਮੀ ਤੋ ਅੱਛੇ ਲਗਤੇ ਹੈਂ, ਪਰ ਪਰਸਨੈਲਿਟੀ ਮੇਂ ਮਾਰ ਖਾਤੇ ਹੈਂ। ਇਜ਼ੱਤ ਔਰ ਪੈਸਾ ਬਹੁਤ ਕਮਾਇਆ ਹੈ ਇਸ ਆਦਮੀ ਨੇ!’
ਅਜੇਹੀਆਂ ਪਾਰਟੀਆਂ ‘ਚ ਲ਼ਜ਼ੀਜ਼ ਹੈਦਰਾਬਾਦੀ ਬਿਰਆਨੀ ਅਤੇ ਸ਼ਾਹੀ ਕਬਾਬ ਖਾ ਕੇ ਉਹ ਘਰ ਮੁੜਦਾ ਸੀ ਤਾਂ ਸੁਬਾਹ ਦੇ ਤਿੰਨ ਵੱਜ ਚੁਕੇ ਹੁੰਦੇ।
ਬੌਲੀਵੁਡ ਦੇ ਇਸ ਭੌਤਿਕ-ਸੁਖ ਦਾ ਇਕ ਪਹਿਲੂ ਸੀ ਮੁੰਬਈ ‘ਚ ਫੈਲਿਆ ਖੁਬਸੂਰਤ ਔਰਤਾਂ ਦਾ ਮਾਫੀਆ। ਆਪਣੀ ਆਤਮਕਥਾ ‘ਚ ਕਮਲੇਸ਼ਵਰ ਨੇ ਇਸ ਨੂੰ ‘ਵਾਸਨਾਉਂ ਕਾ ਪਾਤਾਲ’ ਨਾਂ ਦਿੱਤਾ ਹੈ। ਬੌਲੀਵੁਡ ਦੀਆਂ ਨਾੜਾਂ ‘ਚ ਲਹੂ ਬਣ ਕੇ ਫੈਲੇ ਇਸ ਮਾਫੀਏ ਤੋਂ, ਨਿਕਟਵਰਤੀ ਦੋਸਤ ਧਰਮੇਂਦਰ ਨੇ ਇਕ ਵਾਰ ਉਸਨੂੰ ਸਾਵਧਾਨ ਕਰਦਿਆਂ ਕਿਹਾ ਸੀ,’ ਔਰਤੋਂ ਕੋ ਇਜ਼ੱਤ ਦੋ ਦੋਸਤ, ਲੇਕਿਨ ਜਬ ਵੋ ਗਲੇ ਕੀ ਹੱਡੀ ਬਣ ਜਾਏਂ, ਤੋ ਅਪਨੇ ਗਲੇ ਕੀ ਹਿਫਾਜ਼ਤ ਕਰੋ! ਆਖਿਰ ਆਦਮੀ ਆਦਮੀ ਹੈ, ਵੋਹ ਕਿਤਨੀ ਔਰਤੋਂ ਕੋ ਸੰਭਾਲ ਸਕਤਾ ਹੈ?’
ਧਰਮੇਂਦਰ ਦੀ ਦਿੱਤੀ ਚਿਤਾਵਨੀ ਉਸ ਨੇ ਆਪਣੇ ਲੜ ਬੰਨ੍ਹ ਲਈ ਸੀ। ਪਰ ਜਿਸਦੀ ਜ਼ਿੰਦਗੀ ਦਾ ਹਰ ਲਮਹਾ ਹਵਾਈ ਸਫਰ, ਏਅਰਕੰਡੀਸ਼ੰਡ ਗੱਡੀਆਂ, ਫਾਈਵ ਸਟਾਰ ਹੋਟਲ, ਸਿਗਰੇਟ, ਸਕਾਚ, ਕੈਸ਼ ਪੇਮੈਂਟ ਅਤੇ ਫ੍ਰੀ-ਸ਼ੌਪਿੰਗ ‘ਚ ਗੁਜ਼ਰ ਰਿਹਾ ਹੋਵੇ, ਉਹ ਬੌਲੀਵੁਡ ਦੀਆਂ ਇਹਨਾਂ ਚਾਲਬਾਜ਼ ਔਰਤਾਂ ਤੋਂ ਕਿਵੇਂ ਤੇ ਕਦੋਂ ਤਕ ਬਚ ਸਕਦਾ ਸੀ?
”ਏਨੀਥਿੰਗ ਐਲਸ ਸਰ? ਹੋਟਲ ਮੈਨੇਜਰ ਆਲਸੋ ਐਟ ਯੂਅਰ ਸਰਵਿਸ ਸਰ। ਆਈ ਹੈਵ ਟੋਲਡ ਹਿਮ ਸਰ। ਟੁਮਾਰੋ ਲੰਚ 20 ਕਿਲੋਮੀਟਰ ਅਵੇ ਸਰ, ਡਿਨਰ ਇਨ ‘ਦ ਕੰਪਨੀ ਆਫ ਕੈਬਰੇ ਗਰਲਜ਼ ਸਰ! ਡਰਾਈਵਰ ਐਟ ਯੁਅਰ ਸਰਵਿਸ ਸਰ। ਕਾਰ ਨੰਬਰ ਸੋ ਐੰਡ ਸੋ ਸਰ!’ ਫਿਲਮ ਪਰੋਡੀਊਸਰ ਦਾ ਪਰੋਡਕਸ਼ਨ ਮੈਨੇਜਰ ਉਸਨੂੰ ਅਗਲੇ ਦਿਨ ਦਾ ਪਰੋਗਰਮ ਦੱਸਦਾ।
ਇਸ ਤਲਿਸਮੀ-ਸੰਸਾਰ ਨੂੰ ਚੇਤੇ ਕਰਦਿਆਂ ਸਿਗਰੇਟ ਦਾ ਕਸ਼ ਖਿੱਚ ਕੇ ਮੈਨੂੰ ਕਮਲੇਸ਼ਵਰ ਆਖਦਾ ਸੁਣਾਈ ਦਿੰਦਾ ਹੈ,’ ਜਬ ਆਦਮੀ ਤਮਾਸ਼ੇ ਮੇਂ ਪਹੁੰਚ ਜਾਤਾ ਹੈ, ਤੋ ਤਮਾਸ਼ਾ ਦੇਖਣਾ ਭੀ ਜ਼ਰੂਰੀ ਹੋ ਜਾਤਾ ਹੈ।’
ਬੌਲੀਵੁਡ ‘ਚ ਵਗਦੀ ਇਸ ਗੰਗਾ ਦੀਆਂ ਲਹਿਰਾਂ ‘ਚ ਕਮਲੇਸ਼ਵਰ ਨੇ ਵੀ ਕੁਝ ਗੋਤੇ ਖਾਧੇ ਤੇ ਚਾਹੇ ਅਣ-ਚਾਹੇ ਇਸ ‘ਚ ਭਿੱਜਦਾ ਵੀ ਰਿਹਾ, ਪਰ ਇਹਨਾਂ ਪਗਲਾਏੇ ਪਾਣੀਆਂ ‘ਚ ਤੈਰਨਾ ਉਹਦੇ ਸੰਸਕਾਰਾਂ ‘ਚ ਸ਼ਾਮਿਲ ਨਹੀਂ ਸੀ। ਗਾਇਤ੍ਰੀ-ਉਸਦੀ ਸਾਊ ਪਤਨੀ- ਦੇ ਪਿਆਰ ਨੇ ਉਸਨੂੰ ਇਹ ਕਦੇ ਨਾ ਭੁੱਲਣ ਦਿੱਤਾ ਕਿ ਉਹ ਬੌਲਵਿੁਡ ਸਟਾਰ ਹੋਣ ਦੇ ਬਾਵਜੂਦ ਕਮਲੇਸ਼ਵਰ ਹੈ।
ਹੁਣ ਇਸ ਕਮਲੇਸ਼ਵਰ ਦੀਆਂ ਇਕ ਦੋ ਹੋਰ ਗੱਲਾਂ।
ਆਤਮ-ਸਨਮਾਨ ਅਤੇ ਨਿਡਰਤਾ ਇਸ ਕਮਲੇਸ਼ਵਰ ਦੇ ਦੋ ਵੱਡੇ ਗੁਣ ਸਨ। ਭਾਰਤ ਦੇ ਮਾਹੌਲ ‘ਚ ਸਫਲਤਾ ਪ੍ਰਾਪਤ ਕਰਨ ਲਈ ਇਹ ਦੋਵੇਂ ਗੁਣ ਵਾਧਕ ਹੁੰਦੇ ਹਨ। ਸਫਲ ਉਹ ਹੁੰਦਾ ਹੈ ਜਿਸ ‘ਚ ਆਤਮ-ਸਨਮਾਨ ਦੀ ਕੁਝ ਘਾਟ ਹੋਵੇ ਤੇ ਜੋ ਡਰ-ਡਰ ਕੇ ਪੈਰ ਧਰੇ। ਹਿੰਦੀ ‘ਚ ਮੇਰੇ ਸੰਪਰਕਾਂ ’ਚੋਂ ਸਿਰਫ ਕਮਲੇਸ਼ਵਰ ਅਤੇ ਸ਼੍ਰੀਕਾਂਤ ਵਰਮਾ ਹੀ ਅਜਿਹੇ ਲੇਖਕ ਸਨ ਜਿੰਨ੍ਹਾਂ ਨੇ ਸਫਲਤਾ ਦੇ ਮੋਹ ‘ਚ ਨਾ ਆਪਣੀਆਂ ਮਾਨਿਅਤਾਵਾਂ ਦਾ ਤਿਆਗ਼ ਕੀਤਾ ਅਤੇ ਨਾ ਕਦੇ ਆਪਣੀ ਗੱਲ ਕਹਿਣ ਤੋਂ ਹੀ ਡਰੇ।
ਕਮਲੇਸ਼ਵਰ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਉਸਦੀ ਨਿਰ-ਭੈਅ ਬਾਣੀ ਨੇ ਹਿੰਦੀ ਵਿਚ ਉਸਨੂੰ ਆਈਸੋਲੇਟ ਕਰਨ ਦੀ ਥਾਵੇਂ ਲੇਖਕ ਦੇ ਤੌਰ ‘ਤੇ ਹੋਰ ਵੀ ਬਲਵਾਨ ਕਰ ਦਿਤਾ ਸੀ।
ਇਹ ਉਸ ਦੌਰ ਦੀਆਂ ਗੱਲਾਂ ਹਨ ਜਦੋਂ ਹਿੰਦੀ ਉਤੇ ਨਾਮਵਰ ਸਿੰਘ ਤੇ ਵਾਤਸਾਇਨ ਦਾ ਰਾਜ ਸੀ। ਵਾਤਸਾਇਨ ਤਾਂ ਹੁਣ ਨਹੀਂ ਰਹੇ, ਪਰ ਨਾਮਵਰ ਜੀ ਅੱਜ ਵੀ ਨਵੇਂ ਲੇਖਕਾਂ ਨੂੰ ਇਗਨੋਰ ਕਰ, ਪ੍ਰਤੀਬੱਧ-ਸਾਹਿਤਕਾਰਾਂ ਨੂੰ ਉਭਾਰ ਕੇ ਅਪਣਾ ਕਰਤੱਵ ਨਿਭਾ ਰਹੇ ਹਨ। ਇਸ ਕਰਤੱਵ ‘ਚ ਵਾਮਪੰਥੀ ਸੋਚ ਤੋਂ ਮੁਕਤ ਲੇਖਕਾਂ ਨੂੰ ਹਿੰਦੀ ਦੇ ਦਰਬਾਰ-ਏ-ਖਾਸ ਤੱੋਂ ਪਰ੍ਹਾਂ ਰੱਖਣਾ ਸ਼ਾਮਿਲ ਹੈ। ਅੱਧਾ ਗਿਆਨਪੀਠ ਪੁਰਸਕਾਰ ਪੰਜਾਬੀ ਦੇ ਗੁਰਦਿਆਲ ਸਿੰਘ ਨੂੰ ਮਿਲਣ ਪਿੱਛੇ ਨਾਮਵਰ ਵੱਲੋਂ ਨਿਰਮਲ ਵਰਮਾ ਦੀ ਖਿਲਾਫ਼ਤ ਜੱਗ-ਜ਼ਾਹਿਰ ਹੈ। ਨਿਰਮਲ ਵਰਮਾ ਅਤੇ ਨਾਮਵਰ ਸਿੰਘ ਵਿਚਕਾਰ ਲੰਮੇ ਸਮੇ ਤੋਂ ਤੁਰਿਆ ਆ ਰਿਹਾ ਵਿਚਾਰਕ- ਮੱਤਭੇਦ ਹਿੰਦੀ ਸੰਸਾਰ ਵਿਚ ਚਿਰਾਂ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ।(ਉਂਜ ਨਾਮਵਰ ਜੀ ਕਦੇ ਨਿਰਮਲ ਵਰਮਾ ਤੋਂ ਹੀ ਨਈ ਕਹਾਣੀ ਦਾ ਆਰੰਭ ਮੰਨਦੇ ਸਨ) ਨਾਮਵਰ ਸਿੰਘ ਦੀ ਤਰਫਦਾਰੀ ਦਾ ਇਕ ਹੋਰ ਉਦਾਹਰਣ ਹੈ ਦਿੱਲੀ ਯੂਨੀਵਰਸਿਟੀ ਦੇ ਦਿਨੀਂ ਮੇਰੇ ਮਿੱਤਰ ਸੌਮਿਤ੍ਰ ਮੋਹਨ ਦੀ ਇਕ ਮੋਡਰਨਿਸਟ ਲੰਮੀ ਕਵਿਤਾ ‘ਲੁਕਮਾਨ ਅਲੀ’ ਦਾ ਹਿੰਦੀ ਦੇ ਸੱਭ ਤੋਂ ਵੱਡੇ ਪ੍ਰਕਾਸ਼ਕ ਰਾਜਕਮਲ ਤੋਂ ਛਪਣ ਤੋਂ ਰਹਿ ਜਾਣਾ। ਸੌਮਿਤ੍ਰ ਮੋਹਨ ਅਨੁਸਾਰ ਇਹ ਨਾਮਵਰ ਦੀ ਕਿਰਪਾ ਸੀ, ਜਿਸਨੂੰ ਰਾਜਕਮਲ ਦੀ ਮਾਲਕ ਸ਼ੀਲਾ ਸੰਧੂ ਨੇ ੳਦੋਂ ਆਪਣਾ ਐਡਵਾਈਜ਼ਰ ਰਖਿਆ ਹੋਇਆ ਸੀ।(ਰਾਜਕਮਲ ਤੋਂ ਰੱਦ ਹੋਈ ‘ਲੁਕਮਾਨ ਅਲੀ’ ਅਸ਼ੋਕ ਵਾਜਪੇਈ ਨੇ ਪਹਿਚਾਨ-ਸੀਰੀਜ਼ ‘ਚ ਭੁਪਾਲ ਤੋਂ ਛਾਪੀ ਸੀ।) ਨਵੇਂ ਸਾਹਿਤ ਦੇ ਵਿਕਾਸ ‘ਚ ਨਾਮਵਰ ਦੇ ਇਸ ਰੋਲ ਦੀ ਖਿਲਾਫ਼ਤ ਕਰਨ ਦੀ ਜ਼ੁਰਅੱਤ ਕੋਈ ਕਮਲੇਸ਼ਵਰ ਵਰਗਾ ਹੀ ਕਰ ਸਕਦਾ ਸੀ। ਉਹ ਲਿਖਦਾ ਹੈ, ‘ ਨਾਮਵਰ ਨੇ ਸਮੇਂ ਦੇ ਵੱਡੇ ਯਥਾਰਥ ਨਾਲੋਂ ਹਿੰਦੀ ਕਹਾਣੀ ਨੂੰ ਕੱਟ ਕੇ ਰੱਖਣ ਦਾ ਜੋ ਰੋਲ ਨਿਭਾਇਆ ਹੈ ਉਸਨੂੰ ਸਾਹਿਤ ਦਾ ਇਤਿਹਾਸ ਸ਼ਾਇਦ ਹੀ ਕਦੇ ਮਾਫ ਕਰ ਪਾਵੇ। ਸ਼ਿਖੰਡੀ ਲੇਕਾ ਦੀ ਇਕ ਪੂਰੀ ਜਮਾਤ ਉਹਨਾਂ ਦੀ ਰਿਣੀ ਰਹੇਗੀ। ਖੱਸੀ ਰਚਨਾਵਾਂ ਮਥੁਰਾ ਦੀਆਂ ਵੈਸ਼ਨਵੀ ਰੰਡੀਆਂ ਦੀ ਤਰ੍ਹਾਂ ਹਰੀ ਕੀਰਤਨ ਕਰਦੀਆਂ ਰਹਿਣਗੀਆਂ। ਪ੍ਰਗਤੀਸ਼ੀਲਤਾ ਵੀ ਤਦ ਤਾਈਂ ਕੀਰਤਨ ਬਣ ਗਈ ਸੀ’।
ਕਮਲੇਸ਼ਵਰ ‘ਚ ਕੁੱਟ ਕੁੱਟ ਕੇ ਭਰੀ ਆਤਮ-ਸਨਮਾਨ ਦੀ ਭਾਵਨਾ ਅਤੇ ਨਿਰਭੈਅਤਾ ਦਾ ਇਕ ਹੋਰ ਉਦਾਹਰਣ। ’ਟਾਈਮਜ ਆਫ ਇੰਡੀਆ’ ਦੇ ਚੇਅਰਮੈਨ ਅਸ਼ੋਕ ਜੈਨ ਦੇ ਅਪਮਾਨਜਨਕ ਵਤੀਰੇ ਤੋਂ ਤੰਗ ਆਕੇ ਇਕ ਦਿਨ ਕਮਲੇਸ਼ਵਰ ਨੇ ‘ਸਾਰਿਕਾ’ ਤੋਂ ਅਸਤੀਫਾ ਦੇ ਦਿਤਾ, ਪਰ ਹੈਰਾਨ ਹੋਏ ਅਸ਼ੋਕ ਜੈਨ ਨੂੰ ਇਹ ਸੁਣਾ ਕੇ, ‘ਅਸ਼ੋਕ ਜੀ! ਆਪ ਅਪਣੇ ਘਰੋਂ ਮੇਂ ਚੇਅਰਮੈਨ, ਐਮ. ਡੀ., ਡਾਈਰੈਕਟਰ ਅਤੇ ਪਰੋਪਰਾਈਟਰ ਪੈਦਾ ਕਰ ਸਕਤੇ ਹੈਂ-ਕਮਲੇਸ਼ਵਰ ਪੈਦਾ ਨਹੀਂ ਕਰ ਸਕਤੇ। ਕਮਲੇਸ਼ਵਰੋਂ ਕੇ ਲੀਏ ਆਪ ਕੋ ਹਮੇਸ਼ਾ ਬਾਹਰ ਹੀ ਦੇਖਨਾ ਪੜੇਗਾ!’
ਇਹ ਉਨ੍ਹਾਂ ਦਿਨਾਂ ਦੀਆਂ ਗੱਲਾਂ ਹਨ ਜਦੋਂ ਭਾਰਤੀ ‘ਧਰਮਯੁਗ’ ਛੱਡ ਗਏ ਅਤੇ ਖੁਸ਼ਵੰਤ ਸਿੰਘ ਨੂੰ ‘ਇਲਸਟਰੇਟਡ ਵੀਕਲੀ’ ਤੋਂ ਅਪਮਾਨਿਤ ਹੋ ਕੇ ਨਿਕਲਣਾ ਪਿਆ ਸੀ।
1980 ਦੀਆਂ ਚੋਣਾਂ ਵਿਚ ਕਾਂਗਰਸ ਜਿੱਤ ਗਈ ਤਾਂ ਇੰਦਰਾ ਗਾਂਧੀ ਨੇ ਕਮਲੇਸ਼ਵਰ ਨੂੰ ‘ਦੂਰਦਸ਼ਨ’ ਦਾ ਐਡੀਸ਼ਨਲ ਡਾਇਰੈਕਟਰ ਨਿਯੁਕਤ ਕਰ ਦਿਤਾ। ਹੁਣ ਉਸ ਕੋਲ ਨਾ ਯਸ਼ ਦੀ ਥੋੜ ਸੀ ਨਾ ਧਨ ਦੀ। ਮੁੰਬਈ ਛੱਡ ਕੇ ਕਮਲੇਸ਼ਵਰ ਗਾਇਤ੍ਰੀ ਨਾਲ ਦਿੱਲੀ ਦੇ ਬਾਹਰ ‘ਸੂਰਜ ਕੁੰਡ’ ਲਾਗੇ ਵਸ ਗਿਆ। ਬੌਲੀਵੁਡ ਨਾਲ ਸਾਕ ਇੰਨਾ ਹੀ ਰਿਹਾ ਕਿ ਉਸਦਾ ਦੋਸਤ ਗੁਲਜ਼ਾਰ ਮਹੀਨੇ ਦੋ ਮਹੀਨੀ ਦਿੱਲੀ ਆ ਕੇ ਉਸਨੂੰ ਮਿਲ ਜਾਂਦਾ ਸੀ।
ਮੈਂ ਕਦੇ ਮੁੰਬਈ ਜਾਂਦਾ ਤਾਂ ਟਾਈਮਜ਼ ਬਿਲਡਿੰਗ ‘ਚ ਭਾਰਤੀ ਜੀ ਅਤੇ ਕਮਲੇਸ਼ਵਰ ਨਾਲ ਕੁਝ ਸਮਾਂ ਜ਼ਰੂਰ ਬਿਤਾਉਂਦਾ।।ਖੁਸ਼ਵੰਤ , ਭਾਰਤੀ ਅਤੇ ਕਮਲੇਸ਼ਵਰ ਤਦ ਟਾਈਮ ਬਿਲਡਿੰਗ ਦੇ ਇਕੋ ਫਲੋਰ ‘ਤੇ ਬੈਠਦੇ ਸਨ। ਤਿੰਨੇ ਹੈੱਵੀ-ਵੇਟ, ਵੱਡੇ ਸੰਪਾਦਕ। ਮੈਂ ਮਖੌਲ ’ਚ ਕਮਲੇਸ਼ਵਰ ਨੂੰ ਕਹਿਣਾ, ‘ਤੁਸੀੰ ਤਿੰਨੇਂ ਭਾਰੀ ਇਮੇਜ ਵਾਲੇ ਸੰਪਾਦਕ ਹੋ। ਤੁਸੀਂ ਅਲਗ ਅਲਗ ਫਲੋਰ ‘ਤੇ ਬੈਠਿਆ ਕਰੋ, ਨਹੀਂ ਤਾਂ ਇੱਕ ਦਿਨ ਟਾਈਮਜ਼ ਬਿਲਡਿੰਗ ਦੀ ਇਸ ਛੱਤ ਨੇ ਡਿਗ ਪੈਣਾ ਹੈ!’
ਟਾਈਮਜ਼ ਦੀ ਛੱਤ ਤਾਂ ਨਹੀਂ ਟੁੱਟੀ ਪਰ ਦੋ ਜਣੇ ਹੁਣ ਹਮੇਸ਼ਾ ਲਈ ਉੱੱਠ ਕੇ ਤੁਰ ਗਏ ਨੇ। ਇਹਨਾਂ ’ਚੋਂ ਅੱਜ ਸਿਰਫ ਖੁਸ਼ਵੰਤ ਹੀ ਜੀਵਤ ਹੈ।
ਇੰਡੀਆ ਇੰਟਰਨੈਸ਼ਨਲ ਸੈਂਟਰ ‘ਚ ਕਮਲੇਸ਼ਵਰ ਨਾਲ ਖਾਧਾ ਲੰਚ ਸਾਡੀ ਆਖਰੀ ਮੁਲਾਕਾਤ ਹੋਵੇਗੀ, ਇਸਦਾ ਉਦੋਂ ਪਤਾ ਨਹੀਂ ਸੀ। ਅਜਿਹਾ ਇਲਮ ਬੰਦੇ ਨੂੰ ਹੋ ਵੀ ਨਹੀਂ ਸਕਦਾ । ਉਸ ਦਿਨ ਕਮਲੇਸ਼ਵਰ ਨੂੰ ਘਰ ਜਾਣ ਦੀ ਕੋਈ ਕਾਹਲ ਨਹੀਂ ਸੀ। ਲੰਚ ਤੋਂ ਨਿਪਟ ਕੇ ਅਸੀਂ ਹੇਠਾਂ ਉਤਰ ਆਏ ਤਾਂ ਉਸਨੇ ਜੇਬ ’ਚੋਂ ਸਿਗਰਟ ਦੀ ਡੱਬੀ ਕੱਢ ਲਈ ਤੇ ਬੋਲਿਆ, ‘ਆਉ ਇੱਥੇ ਧੁੱਪ ‘ਚ ਬੈਠ ਕੇ ਗੱਪਾਂ ਮਾਰੀਏ। ਐਸਾ ਸਮਾਂ ਫੇਰ ਕਦੋਂ ਆਉਣੈ!’
ਇਹ ਫਿਕਰਾ ਉਸਨੇ ਹੱਸ ਕੇ ਕਿਹਾ ਸੀ, ਫਿਰ ਵੀ ਮੈਨੂੰ ਲਗਿਆ ਕਿ ਉਸਦੇ ਮੂਹਰੇ ਸਮਾਂ ਸਿਮਟ ਕੇ ਜਿਵੇਂ ਇਕ ਪ੍ਰਸ਼ਨ ਚਿੰਨ੍ਹ ਬਣ ਗਿਆ ਹੋਵੇ। ਅਸੀਂ ਕਈ ਘੰਟੇ ਕੱਠੇ ਗੁਜ਼ਾਰ ਚੁੱਕੇ ਸਾਂ। ਪਰ ਢਲਦੇ ਸੂਰਜ ਦੀ ਧੁੱਪ ‘ਚ ਮੇਰਾ ਧਿਆਨ ਪਹਿਲੀ ਵਾਰ ਉਸਦੀ ਐਨਕ ਦੇ ਮੋਟੇ ਸ਼ੀਸ਼ਿਆਂ ਵੱਲ ਗਿਆ। ਉਹ ਕੁਝ ਕਮਜ਼ੋਰ ਨਜ਼ਰ ਆਇਆ। ਇਹ ਉਹ ਕਮਲੇਸ਼ਵਰ ਨਹੀਂ ਸੀ ਜਿਸ ਕੋਲ ਹਰ ਪਹੇਲੀ ਦਾ ਜਵਾਬ ਹੁੰਦਾ ਸੀ, ਜਿਸ ਨੇ ਸਮੇਂ ਨੂੰ ਸ਼ੈਫਰਡ ਦੇ ਫਾਊਂਟੇਨ ਪੱੈਨ ਵਾਂਗ ਬਾਸਕਟ ਦੀ ਉਤਲੀ ਜੇਬ ‘ਚ ਪਾ ਕੇ ਰੱਖਿਆ ਹੋਇਆ ਸੀ। ਜੇ ਕੁਝ ਨਹੀਂ ਬਦਲਿਆ ਸੀ ਤਾਂ ਉਸਦੀਆਂ ਦੋ ਦਗਦੀਆਂ ਅੱਖਾਂ।
ਉਸਨੇ ਸਿਗਰਟ ਸੁਲਗਾ ਲਈ ਤੇ ਅਸੀਂ ਬੈਂਤ ਦੀਆਂ ਕੁਰਸੀਆਂ ‘ਤੇ ਜਾ ਬੈਠੇ ਸੀ।
ਲੰਚ ਦੌਰਾਨ ਕਮਲੇਸ਼ਵਰ ਨੇ ਇਕ ਕਹਾਣੀ ਸੁਣਾਈ ਸੀ, ਜਿਸ ਵਿਚ ਕੁਝ ਸਿਰ-ਫਿਰੇ ਰਾਜਨੀਤਕ ਇੱਕ ਰਾਜਹੰਸ ਦਾ ਸ਼ਿਕਾਰ ਕਰਨ ਨਿਕਲਦੇ ਹਨ। ਹੁਣ ਇਹ ਮੈਨੂੰ ਯਾਦ ਨਹੀਂ ਕਿ ਉਹ ਇਹ ਕਹਾਣੀ ਲਿਖ ਚੁੱਕਿਆ ਸੀ ਜਾਂ ਅਜੇ ਇਸਦਾ ਥੀਮ ਹੀ ਉਸਦੇ ਜ਼ਿਹਨ ‘ਚ ਘੁੰਮ ਰਿਹਾ ਸੀ। ਖੈਰ, ਉਹ ਰਾਜਹੰਸ ਦਾ ਪਿੱਛਾ ਕਰਦੇ ਨਦੀ ‘ਚ ਵੜ ਜਾਂਦੇ ਹਨ। ਨਦੀ ਦੀ ਧੁੰਦ ‘ਚ ਰਾਜਹੰਸ ਕਦੇ ਉਹਨਾਂ ਨੂੰ ਦਿਸ ਪੈਂਦਾ ਹੈ ਕਦੇ ਅਲੋਪ ਹੋ ਜਾਂਦਾ ਹੈ। ਰਾਜਨੀਤਕ ਉਸ ਦਾ ਪਿੱਛਾ ਕਰਦੇ ਕਰਦੇ ਕਿਨਾਰੇ ਤੋਂ ਬਹੁਤ ਦੂਰ ਆ ਜਾਂਦੇ ਹਨ ਤੇ ਅਚਾਨਕ ਡੂੰਘੇ ਪਾਣੀਆਂ ‘ਚ ਫਸ ਜਾਂਦੇ ਨੇ।
ਪਤਾ ਨਹੀਂ ਕਮਲੇਸ਼ਵਰ ਨੇ ਇਸ ਕਹਾਣੀ ਦਾ ਅੰਤ ਕਿਵੇਂ ਕੀਤਾ। ਪਰ ਇਕ ਦੋਸਤ ਨੇ ਮੈਨੂੰ ਕਮਲੇਸ਼ਵਰ ਦੀ ਮੌਤ ਦੀ ਖਬLਰ ਦਿੱਤੀ ਤਾਂ ਮੈਂ ਸੋਚਿਆ: ਆਖਰ ਉਹਨਾਂ ਨੇ ਰਾਜਹੰਸ ਦਾ ਸ਼ਿਕਾਰ ਕਰ ਹੀ ਲਿਆ!

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!