ਰਬਾਬ

Date:

Share post:

ਲੇਖਕ : ਜਗਤਾਰਜੀਤ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ

ਪੰਜਾਬੀ ਸਾਹਿਤ ਜਗਤ ਵਿਚ ਇਕ ਅਜੀਬ ਪ੍ਰਸਥਿਤੀ ਦੇਖਣ ਵਿਚ ਆ ਰਹੀ ਹੈ। ਇਕ ਪਾਸੇ ਪੰਜਾਬੀ ਵਿਚ ਧੜਾ ਧੜ ਕਵਿਤਾ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਰਹੀਆਂ ਹਨ, ਦੂਸਰੇ ਪਾਸੇ ਪਾਠਕ ਪੰਜਾਬੀ ਕਵਿਤਾ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਕਵੀ ਵਾਰਤਕ ਅਤੇ ਕਵਿਤਾ ਵਿਚਲੇ ਫ਼ਰਕ ਨੂੰ ਭੁੱਲਦੇ ਜਾ ਰਹੇ ਹਨ। ਬਹੁਤ ਸਾਰੀ ”ਕਵਿਤਾ’’ ਚੰਗੀ ਭਲੀ ਵਾਰਤਕ ਦੇ ਟੋਟੇ ਕਰਕੇ ਪ੍ਰਸਤਤ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਵਾਰਤਕ ਨੂੰ ਕਵਿਤਾ ਦਾ ਜਾਮਾ ਪਹਿਨਾ ਕੇ ਕਵੀ ਸੰਤੁਸ਼ਟ ਹੋ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਵਿਚਾਰ ਅਧੀਨ ਪੁਸਤਕ ਦੀ ਪਹਿਲੀ ਕਵਿਤਾ ਹੀ ਲਵੋ ਜਿਸਦਾ ਸਿਰਲੇਖ ਹੈ ”ਰਬਾਬ’’, ਪਰ ਇਹ ਕਵਿਤਾ ਵਾਰਤਕ ਦੇ ਵਧੇਰੇ ਨੇੜੇ ਹੈ ਅਤੇ ਇਸ ”ਕਵਿਤਾ’’ ਵਿਚ ਸੰਗੀਤ ਤਾਂ ਇਕ ਪਾਸੇ ਰਿਹਾ ਲੈਅ ਦਾ ਵੀ ਨਾਂ ਨਿਸ਼ਾਨ ਨਹੀਂ।

ਰਬਾਬ ਤਾਂ ਮਰਦਾਨੇ ਦਾ ਨਾਂ ਸੀ
ਪੂਰੀ ਕਾਇਨਾਤ ਰਾਗ ਵਿਚ ਬੱਝੀ
ਨਾਨਕ ਸਾਹਮਣੇ ਹਾਜ਼ਰ ਹੋ ਜਾਂਦੀ
ਤਦੇ ਨਾਨਕ ਕਹਿੰਦੇ ਸਨ
ਮਰਦਾਨਿਆ ਰਬਾਬ ਵਜਾ
ਬਾਣੀ ਕਦ ਹਾਜ਼ਰ ਹੁੰਦੀ
ਰਬਾਬ ਉਸਨੂੰ ਮੁਖ਼ਾਤਿਬ ਹੁੰਦੀ
ਕਿਤੇ ਵੀ ਦਰਜ ਨਹੀਂ
ਪਰ ਜਦ ਦੋਵੇਂ ਮਿਲ ਵਿਚਰਦੇ
ਦੁਆਲਾ ਕੀਲਿਆ ਜਾਂਦਾ।

ਹੁਣ ਇਸ ”ਕਵਿਤਾ’’ ਨੂੰ ਜੇ ਟੋਟੇ ਕਰਕੇ ਨਾ ਪ੍ਰਸਤੁਤ ਕੀਤਾ ਜਾਵੇ ਤਾਂ ਇਸ ਨੂੰ ਵਾਰਤਕ ਗਰਦਾਨਣ ਵਿਚ ਕਿਸੇ ਨੂੰ ਕੋਈ ਆਪੱਤੀ ਨਹੀਂ ਹੋਵੇਗੀ। ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਇਸੇ ਰੰਗ ਵਿਚ ਰੰਗੀਆਂ ਹੋਈਆਂ ਹਨ।
ਇਸ ਪੁਸਤਕ ਵਿਚ ਕੁਛ ਲੈਅ ਯੁਕਤ ਕਵਿਤਾਵਾਂ ਵੀ ਹਨ ਪਰ ਉਨ੍ਹਾਂ ਵਿਚ ਵੀ ਕਵੀ ਲੈਅ ਨੂੰ ਕਾਇਮ ਨਹੀਂ ਰਖ ਸਕਿਆ। ਇਕ ਕਵਿਤਾ ਹੈ ”ਕਿਣਮਿਣ’’; ਜੋ ਹੈ ਤਾਂ ਲੈਅ ਯੁਕਤ ਪਰ ਕਵੀ ਹਰ ਬੰਦ ਵਿਚ ਲੈਅ ਨੂੰ ਕਾਇਮ ਨਹੀਂ ਰੱਖ ਸਕਿਆ। ਕਵਿਤਾ ਦੇ ਕੁੱਲ ਪੰਜ ਬੰਦ ਹਨ, ਚਾਰ ਬੰਦ ਤਾਂ ਲੈਅ ਯੁਕਤ ਹਨ ਪਰ ਚੌਥੇ ਬੰਦ ਵਿਚ ਕਵਿਤਾ ਪਟੜੀ ਤੋਂ ਉੱਤਰ ਜਾਂਦੀ ਹੈ।

ਕਿਣਮਿਣ ਦੀ ਬਰਸਾਤ ਹੋਈ
ਬਿਨ ਤਾਰਿਆਂ ਰਾਤ ਹੋਈ
—-
ਉੱਠ ਸਵੇਰੇ ਦੇਖਿਆ
ਤੁਰੀ ਜਾਏ ਪੌਣ ਇਕਸਾਰ
ਅੰਬਰ ਘਟਾਵਾਂ ਕਾਲੀਆਂ
ਉਛਲਣ ਇਕ ਦੂਜੇ ਨੂੰ ਮਾਰ
ਬਿਜ ਤਲਵਾਰਾਂ ਫਿਰਦੀਆਂ
ਇਕ ਦੂਜੇ ਤੋਂ ਵਧ ਕੇ
ਬਦਲ ਪਿੰਡੇ ਫੁਦਕਦੇ
ਬਣ ਬਣ ਸਾਰੇ ਵੀਰ

ਇਸ ਪੁਸਤਕ ਦੀਆਂ ਬਹੁਤੀਆਂ ਵਾਰਤਕ ਨੁਮਾ ”ਕਵਿਤਾਵਾਂ’’ ਬੜੀਆਂ ਲੰਬੀਆਂ ਹਨ ਅਤੇ ਇਸ ਲਈ ਕਵੀ ਦੀ ਪੂਰੀ ਕਾਵਿ ਰਚਨਾ ਦੇ ਦਰਸ਼ਣ ਕਰਵਾਉਣੇ ਜ਼ਰਾ ਮੁਸ਼ਕਿਲ ਜਾਪਦੇ ਹਨ ਪਰ ਸਾਡੇ ਚੰਗੇ ਭਾਗਾਂ ਨੂੰ ਇਕ ਕਵਿਤਾ ਲਘੂ ਵੀ ਹੈ। ਇਸ ਨੂੰ ਵਾਚਣਾ ਲਾਹੇਵੰਦ ਸਿੱਧ ਹੋਵੇਗਾ। ਇਸ ਕਵਿਤਾ ਦਾ ਸਿਰਲੇਖ ਹੈ, ”ਪਹਿਲਾ ਪਾਣੀ ਜੀਓ ਹੈ’’।

ਹੱਥ ਤੀਰ ਕਮਾਣ ਲੈ
ਉਹ ਨਿਕਲ ਪਿਆ
ਔਝੜ ਰਾਹ ਉਲੰਘਦੀ
ਮੇਘ-ਮ੍ਰਿਗਾਂ ਪਿੱਛੇ
ਆਪਣੇ ਤਿੱਖੇ ਤੀਰਾਂ ਨਾਲ
ਵਿੰਨ੍ਹ ਦੇਵੇਗਾ ਮੇਘ-ਸੀਨਾ
ਧੂ ਲਿਆਵੇਗਾ
ਧਰਤੀ ਉੱਪਰ
ਧਰਤੀ ਦਾ ਚੁਰਾਇਆ ਪਾਣੀ।

ਇਸ ਕਵਿਤਾ ਦੀ ਨੀਰਸਤਾ ਕਿਸੇ ਹੋਰ ਟਿੱਪਣੀ ਦੀ ਮੁਹਤਾਜ ਨਹੀਂ।
ਇਸ ਕਾਵਿ ਸੰਗ੍ਰਹਿ ਵਿਚ ਕੁਝ ਕਵਿਤਾਵਾਂ ਪ੍ਰਕਿਰਤੀ ਦੇ ਵਰਤਾਰੇ ਸਬੰਧੀ ਹਨ ਪਰ ਇਨ੍ਹਾਂ ਵਿਚ ਡੂੰਘੇ ਅਰਥਾਂ ਦੀ ਤਲਾਸ਼ ਬੇਕਾਰ ਹੈ।

ਬੱਦਲ, ਬੱਦਲ, ਬੱਦਲ
ਲੁਕ ਗਿਆ ਸੂਰਜ
ਬੱਦਲਾਂ ਦੇ ਓਹਲੇ
ਚਲਦੀ ਪੌਣ ਠਰੀ ਠਰੀ ਹੈ
ਬੱਦਲ, ਬੱਦਲ, ਬੱਦਲ
ਇਕ ਦੂਜੇ ਨੂੰ ਦੇਖ
ਗੜ੍ਹਕਣ ਲਗਦੇ
ਥੱਲੇ ਖੜ੍ਹੀ ਲੋਕਾਈ ਡਰੀ ਡਰੀ ਹੈ।

ਕੁਝ ਕਵਿਤਾਵਾਂ ਵਿਚ ਕੇਵਲ ਤਸਵੀਰ ਕਸ਼ੀ ਹੈ। ਇਹ ਕਵਿਤਾਵਾਂ ਇਸ ਤੋਂ ਅੱਗੇ ਨਹੀਂ ਵਧਦੀਆਂ। ਮਿਸਾਲ ਵਜੋਂ ਦੇਖੋ ਕਵਿਤਾ ”ਧੋਬੀ’’।

ਮੈਲੇ ਕੁਚੈਲੇ ਵਸਤਰ
ਤੁਰੇ ਜਾ ਰਹੇ
ਨਦੀ ਨ੍ਹਾਉਣ
ਬੈਠ ਧੋਬੀ ਦੇ ਸਿਰ ’ਤੇ
—-
ਮੁੜ੍ਹਕੇ ’ਚ ਭਿੱਜਾ ਕੋਈ
ਕਿਸੇ ਪਿੰਡ ਦਾ ਸਾਥ ਛੱਡਿਆ
ਦੇਰ ਬਾਅਦ, ਨਵਾਂ ਨਕੋਰ ਕੋਈ
ਰਿਹਾ ਸੰਗਦਾ ਮੈਲ ਤੋਂ
ਆਏ ਬਾਸ ਕਿਸੇ ਤੋਂ ਲਹੂ ਦੀ ਛਿੱਟ ਦੀ
ਸਭ ਇੱਕੋ ਥਾਂ
ਇਕ ਵਾਰ ਨਦੀ ਚੱਲੇ
ਬੈਠ ਧੋਬੀ ਦੇ ਸਿਰ ’ਤੇ
ਬਸਤੀ ਦੇ ਬਾਹਰ-ਬਾਹਰ
ਧੋਬੀ ਦਾ ਘਰ ਹੈ
ਮੈਲੇ-ਕੁਚੈਲੇ ਵਸਤਰ
ਤੁਰੇ ਜਾ ਰਹੇ ਨਦੀ ਨ੍ਹਾਉਣ
ਬੈਠ ਧੋਬੀ ਦੇ ਸਿਰ ’ਤੇ।

ਕੁਝ ਕਵਿਤਾਵਾਂ ਵਿਚ ਲੋਕਾਈ ਦਾ ਦਰਦ ਪ੍ਰਗਟ ਕੀਤਾ ਗਿਆ ਹੈ। ਉਦਾਹਰਨ ਪੇਸ਼ ਹੈ।

ਸੜਕ ਕਿਨਾਰੇ
ਉਸਨੂੰ ਕੱਲਾ ਛੱਡ
ਮੈਂ ਤੁਰ ਆਇਆ ਸੀ
ਕੱਲ੍ਹ ਰਾਤ
—-
ਅਗਲੀ ਸਵੇਰ
ਜਦ ਮੈਂ ਉਸ ਰਾਹੋਂ ਗੁਜ਼ਰਿਆ
ਉਹ ਕੰਦਰਾਂ ਵਿੱਚ
ਉਸੇ ਮੁਦਰਾ ਵਾਂਗ ਬੈਠਾ
ਉਤਰਦੀ ਸੂਰਜੀ ਲੋਅ ਨੂੰ
ਆਪਣੀਆਂ ਅੱਖਾਂ ਨਾਲ ਡੀਕ ਰਿਹਾ ਸੀ
ਇਕ ਹੋਰ ਰਾਤ ਨਾਲ
ਦਸਤ ਪੰਜਾ ਲੈਣ ਲਈ।

ਪਰ ਅਜਿਹੀਆਂ ਕਵਿਤਾਵਾਂ ਬਹੁਤ ਘੱਟ ਹਨ।

ਪ੍ਰੀਤਮ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!