ਮੋਹਿੰਜੋਦਾੜੋ – ਅਵਤਾਰ ਸਿੰਘ

Date:

Share post:

ਗੁਰਦੁਆਰੇ ਦੇ ਨਾਲ ਲਗਵੇਂ ਖੋਲ਼ੇ ਕਿਸੇ ਵੇਲੇ, ਕਹਿੰਦਾ ਕਹਾਉਂਦਾ ਨਾ ਸਹੀ, ਪਰ ਇਕ ਵਸਦਾ ਰਸਦਾ ਘਰ ਸੀ। ਇਹੋ ਜਿਹਾ ਘਰ ਮੈਂ ਕਿਤੇ ਨਹੀਂ ਦੇਖਿਆ। ਸ਼ਾਇਦ ਤੁਸੀਂ ਵੀ ਨਾ ਦੇਖਿਆ ਹੋਵੇ। ਪਹਿਲਾਂ ਇਕ ਕੱਚਾ ਵਿਹੜਾ, ਫਿਰ ਵਰਾਂਡਾ, ਫਿਰ ਇਕ ਦਲਾਨ, ਉਹਦੇ ਪਿਛੇ ਫਿਰ ਵਿਹੜਾ, ਫਿਰ ਦਲਾਨ, ਫਿਰ ਅੱਧਾ ਕੁ ਚੌਂਕਾ, ਅੱਧਾ ਕੁ ਵਿਹੜਾ, ਫਿਰ ਦਲਾਨ, ਉਹਦੇ ਪਿਛੇ ਇਕ ਪੱਕੀਆਂ ਇਟਾਂ ਦਾ ਦਲਾਨ, ਉਸਦੇ ਪਿਛੇ ਪਿੰਡ ਦਾ ਦੂਜਾ ਪਾਸਾ।
ਕਿਸੇ ਵੇਲੇ ਇਥੇ ਜ਼ਿਮੀਦਾਰਾਂ ਦੇ ਚਾਰ ਪੰਜ ਭਰਾ ਕੱਲੇ ਕੱਲੇ, ਇਕੱਠੇ ਹੀ ਰਹਿੰਦੇ ਸਨ। ਗੁਰੂ ਘਰ ਦੇ ਭਾਈ ਜੀ ਨੂੰ ਇਨ੍ਹਾਂ ਦਾ ਬਹੁਤ ਫ਼ਾਇਦਾ ਸੀ। ਸੰਗਰਾਂਦ ਨੂੰ ਜਦੋਂ ਦੇਗ ਬਣਦੀ ਤਾਂ ਕਈ ਕਮਖ਼ਰਚ ਕਿਸਮ ਦੇ ਨਘੋਚੀ ਸ਼ਰਧਾਲੂ ਟੋਕਾ ਟਾਕੀ ਕਰਨ ਲਗ ਪੈਂਦੇ -”ਦੇਗ ਬਹੁਤੀ ਬਣਾ ਲਈ ਭਾਈ ਜੀ ਨੇ”। ਪਰ ਉਦੋਂ ਸਭ ਹੱਕੇ ਬੱਕੇ ਰਹਿ ਜਾਂਦੇ, ਜਦ ”ਆਗਿਆ ਭਈ ਅਕਾਲ ਕੀ” ਤੋਂ ਬਾਦ ਮੱਥਾ ਟੇਕਣ ਲਈ ਸੰਗਤ ਹੇਠਾਂ ਝੁਕਦੀ। ਅੰਦਰ ਸੂਈ ਰੱਖਣ ਲਈ ਥਾਂ ਨਾ ਲੱਭਦੀ। ਇਧਰ ਸੰਗਤ ਨੈਣ ਮੁੰਦ ਕੇ ਅਰਦਾਸ ‘ਚ ਮੰਤਰ ਮੁਘਧ ਹੁੰਦੀ, ਉਧਰ ਇਸ ਟੱਬਰ ਦੇ ਜੀ, ਮੱਥਾ ਟੇਕੇ ਬਗ਼ੈਰ, ਸਾਰੀ ਸੰਗਤ ਵਿਚ, ਛਿਪ ਜਾਣ ਦੀ ਕੋਸ਼ਿਸ਼ ਕਰਦੇ। ਪਰ, ਇਸ ਟੱਬਰ ਦੇ ਜੀ ਸੰਗਤ ਦੇ ਗੁਰੂ ਪ੍ਰੇਮ ਦੀਆਂ ਗਿਠ ਗਿਠ ਚੜ੍ਹੀਆਂ ਲਾਲੀਆਂ ਵਿਚ, ਤਰਬੂਜ਼ ਦੇ ਬੀਆਂ ਵਾਂਗ, ਅਲਹਿਦਾ ਹੀ ਪਛਾਣੇ ਜਾਂਦੇ। ਤੁਫ਼ਾਨੀ ਸੰਗਤ ਦੀ ਆਮਦ ਦਾ ਭੇਤ ਜਾਂ ਤਾਂ ਇਨ੍ਹਾਂ ਬੀਆਂ ਤੋਂ ਲਗਦਾ ਜਾਂ ਫਿਰ ਨਿਆਣਿਆਂ ਦੇ ਹੱਥਾਂ ‘ਚ ਫੜੀਆਂ ਪਿਤਲ਼ ਦੀਆਂ ਕੌਲੀਆਂ ਤੋਂ, ਜੋ ਹੱਥੋਂ ਡਿਗ ਡਿਗ ਪੈਂਦੀਆਂ ਅਤੇ ਸਾਈਕਲ ਦੀਆਂ ਟੱਲੀਆਂ ਵਾਂਗ ਐਲਾਨ ਕਰਦੀਆਂ, ”ਪਿਛੇ ਹਟ ਜਾਉ ਬਈ”।
ਨਘੋਚੀ ਵਰਤਾਵੇ, ਪਿਆਰਾ ਸੋਂਹ ਨੂੰ ਵਖ਼ਤ ਪੈ ਜਾਂਦਾ ਕਿ ਹੁਣ ਪ੍ਰਸ਼ਾਦ ਪੂਰਾ ਕਿਵੇ ਹੋਵੇਗਾ। ਫਿਰ ਉਹ ਇਸ ਤਰ੍ਹਾਂ ਪਰਸ਼ਾਦ ਵੰਡਦਾ, ਜਿਵੇਂ ਸਾਰੇ ਪਿੰਡ ਨੂੰ ਸ਼ੂਗਰ ਹੋਈ ਹੋਵੇ। ਪਰਸ਼ਾਦ ਵਰਤ ਜਾਣ ਤੋਂ ਬਾਦ ਇਨ੍ਹਾਂ ਤਰਬੂਜ਼ਕਿਆਂ ਦਾ ਕੱਲਾ ਕੱਲਾ ਜੀ, ਠੋਕ ਠੋਕ ਕੇ ਮੱਥਾ ਟੇਕਦਾ ਤੇ ਬਾਹਰ ਨਿਕਲ਼ ਆਉਂਦਾ। ਅੱਧੀਉਂ ਵੱਧ ਸੰਗਤ ਇਕੋ ਘਰ ਨੂੰ ਜਾਂਦੀ ਦੇਖ, ਇਵੇਂ ਲਗਦਾ, ਜਿਵੇਂ ਬੀਜ ਤਰਬੂਜ਼ ਨੂੰ ਅਲਵਿਦਾ ਕਹਿ ਗਏ ਹੋਣ।
ਉਹ ਰੌਣਕਾਂ ਹੁਣ ਗ਼ਾਇਬ ਹਨ। ਜੀਆਂ ਦਾ ਭਾਗ ਹੁੰਦਾ ਹੈ, ਟੱਬਰਾਂ ਦੀਆਂ ਰੌਣਕਾਂ ਹੁੰਦੀਆਂ ਹਨ। ਅੱਜ ਕਲ ਉਹ, ਇਕੱਠੇ ਉਜੜ ਕੇ, ਜਾਂ ਉਠ ਕੇ ਕਹਿ ਲਉ, ਇਸੇ ਪਿੰਡ ਵਿਚ, ਇਕੱਲੇ ਇਕੱਲੇ ਰਹਿੰਦੇ ਹਨ। ਉਨ੍ਹਾਂ ਦੇ ਕੱਚੇ ਮਕਾਨਾਂ ਦੀਆਂ ਕੰਧਾਂ ਬਰਸਾਤਾਂ ‘ਚ ਖੁਰ ਖੁਰ ਕੇ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਪੜ੍ਹਾਏ ਜਾਂਦੇ, ਮੁਰਦਿਆਂ ਦੇ ਟਿੱਲੇ, ਮੋਹਿੰਜੋਦਾੜੋ ਦੇ ਥੇਹ ਦਾ ਪ੍ਰਭਾਵ ਦਿੰਦੀਆਂ।
ਇਸ ਥੇਹ ਦੇ ਮਾਲਕ, ਜਦ ਇਥੋਂ ਉਜੜੇ, ਨਾ ਸੱਚ ਉਠੇ ਸਨ, ਉਦੋਂ ਸਾਰੇ ਪਿੰਡ ਨੂੰ ਕੋਈ ਫ਼ਰਕ ਨਹੀ ਸੀ ਪਿਆ। ਖੋਟਾ ਪੈਸਾ ਜਿਧਰਲੀ ਜੇਬ ‘ਚ ਮਰਜ਼ੀ ਹੋਵੇ, ਉਸ ਨਾਲ਼ ਕੀ ਫ਼ਰਕ ਪੈਣਾ ਹੋਇਆ! ਪਰ ਇਸ ਥੇਹ ਦਾ ਗੁਆਂਢੀ, ਉਸ ਦਿਨ ਭੁੱਬੀਂ ਰੋਇਆ ਸੀ, ਜਿਸ ਦਿਨ ਇਹ ਚਾਰੇ ਖੋਟੇ, ਸੱਚ ਸਕੇ ਭਰਾ, ਆਪੋ ਅਪਣੇ ਟੱਬਰ ਟੀਰ੍ਹ – ਕਿੱਛੂ, ਗਧੀ, ਗੀਂਢੇ ਅਤੇ ਸੀਂਢਲ਼ ਦੀਆਂ ਤਮਾਮ ਚਾਚੀਆਂ, ਤਾਈਆਂ ਤੇ ਭਰਜਾਈਆਂ ਸਮੇਤ, ਇਥੋਂ ਉਠ ਕੇ ਪਿੰਡ ਦੇ ਦੂਸਰੇ ਪਾਸੇ ਜਾ ਵਸੇ ਸਨ।
ਇਸ ਪਰਿਵਾਰ ਦੇ ਕਿਸੇ ਵੀ ਜੀ ਨੇ, ਅਪਣੇ ਗੁਆਂਢੀ, ਸੁਆਮੀ ਦਾ ਤਾਂ ਇਕ ਪਾਸੇ ਰਿਹਾ, ਪਿੰਡ ਵਿਚ ਕਿਸੇ ਦਾ ਵੀ, ਕਦੀ ਵੀ, ਕੋਈ ਕੰਮ ਨਹੀਂ ਸੀ ਸੁਆਰਿਆ। ਇਨ੍ਹਾਂ ਦੇ ਘਰੋਂ, ਸੁਆਮੀ ਨੂੰ, ਦੁੱਧ ਦੀਆਂ ਚਾਰ ਧਾਰਾਂ ਕੀ, ਸਿਰ ਨੌਣ੍ਹ ਨੂੰ, ਖੱਟੀ ਲੱਸੀ ਨਹੀਂ ਸੀ ਨਸੀਬ ਹੁੰਦੀ। ਆਖ ਦਿੰਦੇ, ”ਗਧੀ ਨੇ ਕੱਟੀ ਨਲ਼ਾ੍ਹ ਤੀ”। ਦਾਲ਼ ਦੀ ਕੌਲ਼ੀ ਮੰਗਣ ਗਿਆਂ ਭਾਂਤ ਭਾਂਤ ਦੇ ਜਵਾਬ ਮਿਲ਼ਦੇ, ”ਅਸੀਂ ਤਾਂ ਅੱਜ ਛੱਲੀਆਂ ਚੱਬ ਕੇ ਸਾਰ ਲਿਆ”, ”ਅੱਜ ਤਾਂ ਅਸੀਂ ਗੰਨੇ ਚੂਪ ਲਏ”, ”ਅੱਜ ਅਸੀਂ ਹੋਲ਼ਾਂ ਕਰ ਲਈਆਂ” ਜਾਂ ”ਅੱਜ ਅਸੀਂ ਖਰਬੂਜੇ ਖਾ ਲਏ”। ਕਦੀ ਕਦੀ ਤਾਂ ਬੜਾ ਹਾਸੋ ਹੀਣਾ ਜਵਾਬ ਮਿਲ਼ਦਾ ਅਖੇ, ”ਅੱਜ ਸਾਡੇ ਨਿਆਣੇ ਜਾਮਣ ‘ਤੇ ਚੜ੍ਹ ਗਏ”। ਜਿਵੇਂ ਜਾਮਣ ਤੋਂ ਅਗਾਂਹ ਅਸਮਾਨ ਨੂੰ ਚੜ੍ਹ ਗਏ ਹੋਣ। ਸਾਲ ਭਰ ਮੱਕੀ, ਬਾਜ਼ਰਾ ਤੇ ਜੌਂ ਖਾਂਦੇ। ਕਣਕ ਵੇਚ ਦਿੰਦੇ ਜਾਂ ਥੋੜ੍ਹੀ ਬਹੁਤੀ, ਔਖੇ ਸਮੇਂ ਕਿਸੇ ਲੋੜਵੰਦ ਦਾ ਲਹੂ ਪੀਣ ਲਈ, ਰੱਖ ਲੈਂਦੇ। ਜੌਂ ਖਾਂਦਿਆਂ ਨੂੰ ਜੇ ਕੋਈ ਦੇਖ ਲੈਂਦਾ ਤਾਂ ਆਖਦੇ, ”ਮਹਿੰਗੇ ਭਾ ਦੀ ਕਣਕ ਖਾ ਕੇ ਮਰਨਾ!” ਫਲ਼ ਫਰੂਟ ਜਾਂ ਸਬਜ਼ੀ ਵਾਲ਼ੇ, ਇਨ੍ਹਾਂ ਦੇ ਦਰ ਮੋਹਰੇ ਕਦੀ ਨਹੀਂ ਸੀ ਖੜ੍ਹਦੇ। ਪਤਾ ਨਹੀਂ ਕਿਥੋਂ ਅਜਿਹਾ ਬੀਜ ਲਿਆਉਂਦੇ ਕਿ ਇਨ੍ਹਾਂ ਦੇ ਕੁੱਪਾਂ ਤੇ ਗੁਹਾੜੀਆਂ ਨਾਲ਼ੋਂ ਸਾਰਾ ਸਾਲ ਬੱਡਾਂ ਨਾ ਮੁਕਦੀਆਂ। ਕਣਕ ਤਾਂ ਇਹ ਸਾਲ ਬਾਦ ਮਾਛੀਵਾੜੇ ਦੀ ਸਭਾ ‘ਚ ਹੀ ਖਾਂਦੇ ਸਨ। ਪੰਗਤਾਂ ‘ਚ ਬੈਠੇ ਇਕ ਦੂਜੇ ਨੂੰ ਹੁੱਝਾਂ ਮਾਰ ਮਾਰ ਕਹਿੰਦੇ, ”ਉਏ, ਪਹਿਲਾਂ ਦੋ ਦੋ ਲੈ ਲਿਉ”। ਲੋਕ ਸਾਰਾ ਸਾਲ ਸਭਾ ਵਿਚ ਸੁਣੇ ਢਾਡੀਆਂ, ਕਵੀਸ਼ਰਾਂ ਤੇ ਲੀਡਰਾਂ ਦੇ ਭਾਸ਼ਣਾਂ ਦੀਆਂ ਗੱਲਾਂ ਕਰਦੇ। ਪਰ ਇਹ ਚਟਕਾਰੇ ਲਾ ਲਾ ਖਾਧੇ ਫੁਲਕਿਆਂ ਦੀਆਂ ਗੱਲਾਂ ਕਰਦੇ।
ਇਹ ਸਾਰਾ ਟੱਬਰ ਕੰਮ ਸੁਆਰਨ ਵਿਚ ਨਹੀਂ ਸਰੁਆਣ ਵਿਚ ਯਕੀਨ ਰੱਖਦਾ ਸੀ। ਪਰ ਸੁਆਮੀ ਨੂੰ ਕਿਸੇ ਨਾਲ਼ ਕੋਈ ਕੰਮ ਦਾ ਮਤਲਬ ਨਹੀਂ ਸੀ। ਉਸ ਦੇ ਘਰੇ ਕੀ ਨਹੀਂ ਸੀ! ਮਨ ਪਰਚਾਵੇ ਲਈ ਸਿਰਫ਼ ਗਾਲ਼ਾਂ ਦੇ ਸਟੇਸ਼ਨ ਵਾਲ਼ਾ ਰੇਡੀਓ, ਜਾਣੀ ਕਿ ਉਸਦੀ ਘਰ ਵਾਲ਼ੀ, ਚਾਹ ਦੇ ਦੋ ਡੰਗ ਟਪਾਉਣ ਲਈ ਬੱਕਰੀ ਤੇ ਅੜੇ ਥੁੜੇ ਲਈ ਆੜੂ ਰੰਗੇ ਕੱਪੜੇ। ਨਾਲ਼ੇ ਖੋਟਾ ਪੈਸਾ ਤਾਂ ਤਦ ਹੀ ਖੋਟਾ ਹੁੰਦਾ ਹੈ, ਜੇ ਉਸ ਨੂੰ ਹੱਟੀ ‘ਤੇ ਚਲਾਉਣਾ ਹੋਵੇ। ਜੇ ਮੋਰੀ ਕਰਕੇ ਗਲ਼ ‘ਚ ਲਟਕਾਉਣਾ ਹੋਵੇ, ਫਿਰ ਖਰਾ ਕੀ ਤੇ ਖੋਟਾ ਕੀ!
ਖੋਟੇ ਸਿਕਿਆਂ ਦੇ ਇਸ ਥੇਹ ਦੇ ਨਾਲ਼ ਲਗਦਾ, ਸੁਆਮੀ ਦਾ ਘਰ, ਘੁੱਗ ਵਸਦਾ ਰਸਦਾ ਵੀ, ਉਜੜੇ ਹੋਣ ਦਾ ਪ੍ਰਭਾਵ ਦਿੰਦਾ। ਨਿਕੀਆਂ ਨਿਕੀਆਂ ਕੰਧਾਂ ‘ਚ ਘਿਰਿਆ ਅੱਧਾ ਕੁ ਵਿਹੜਾ ਅੱਧਾ ਕੁ ਵਰਾਂਡਾ, ਫਿਰ ਇਕ ਕੋਠੜੀ ਤੇ ਬਸ। ਵਿਹੜੇ ਵਿਚ ਇਕ ਚੁੱਲ੍ਹਾ, ਜਿਸ ਦੇ ਆਸ ਪਾਸ ਇੰਜ ਮੀਂਗਣਾਂ ਖਿਲਰੀਆਂ ਹੋਈਆਂ, ਜਿਵੇਂ ਝੀਰੀ ਨਹੀਂ, ਕੋਈ ਬੱਕਰੀ ਮੀਂਗਣਾਂ ਭੁੰਨ ਕੇ ਹਟੀ ਹੋਵੇ।
ਅੱਗਿਉਂ ਲੰਘਦੇ ਪਿੰਡ ਦੇ ਸਿਆਣੇ ”ਸੁਆਮੀ ਜੀਹ” ਆਖ ਕੇ, ਕੋਈ ਉਤਰ ਉਡੀਕੇ ਬਗ਼ੈਰ, ਅੱਗੇ ਲੰਘ ਜਾਂਦੇ। ਕੋਈ ਦੇਖਣ ਦੀ ਜ਼ਰੂਰਤ ਵੀ ਨਾ ਸਮਝਦਾ ਕਿ ਸੁਆਮੀ ਘਰੇ ਵੀ ਹੈ ਕਿ ਨਹੀਂ। ਉਂਝ ਲੰਘਦੇ ਵੜਦੇ ਨੂੰ ਉਸ ਦੇ ਘਰੇ ਹੋਣ ਜਾਂ ਨਾ ਹੋਣ ਦਾ ਕੋਈ ਫ਼ਰਕ ਵੀ ਨਹੀਂ ਸੀ ਪੈਂਦਾ। ਕਿਉਂਕਿ ਇਹ ਸੁਆਮੀ ਸੀ, ਕੋਈ ਗਿਆਨੀ ਕਰਮ ਸੋਂਹ ਥੋੜ੍ਹਾ ਸੀ, ਜੋ ਘਰ ਅੱਗਿਉਂ ਲੰਘਦੇ ਰਾਣੇ ਵਾਲ਼, ਬਾਗ਼, ਅਟਾਰੀ, ਸ਼ੇਖੂ ਪੁਰ ਜਾਂ ਪਿੰਡ ਦੇ ਕਿਸੇ ਵੀ ਬੰਦੇ ਨੂੰ ਅਪਣੇ ਮੋਹ ਭਰੇ ਸ਼ਿਸ਼ਟਾਚਾਰ ਦੀਆਂ ਤੰਦਾਂ ਨਾਲ਼ ਨੂੜ ਕੇ ਮੰਜੇ ਦੇ ਸਿਰ੍ਹਾਣੇ ਬਹਾ ਕੇ, ਚਾਹ ਪੀਤੇ ਬਗ਼ੈਰ ਲੰਘਣ ਨਾ ਦੇਵੇ। ਇਹ ਤਾਂ ਸੁਆਮੀ ਸੀ ਜੋ ਅਪਣੀ ਜਾਚੇ ”ਚੰਗਾ” ਆਖਦਾ, ਜੋ, ਦੰਦ ਹੁੰਦੇ ਸੁੰਦੇ, ਬੋੜੇ ਜਾਪਦੇ ਮੂੰਹ ‘ਚੋਂ ਨਿਕਲ਼ਕੇ ‘ਬੁੜ ਬੁੜ’ ਵਿਚ ਬਦਲ ਜਾਂਦਾ। ਘਰ ਮੁਹਰਿਉਂ ਲੰਘਦੇ ਬੰਦੇ ਦੇ ਕੰਨਾਂ ਤੱਕ ਪੁਜਦਾ ਪੁਜਦਾ ਰਾਹ ਵਿਚ ਹੀ ਖੁਰਦ ਬੁਰਦ ਹੋ ਜਾਂਦਾ।
ਵੈਸੇ ਸੁਆਮੀ ਦੇ ਘਰੇ ਹੋਣ ਜਾਂ ਨਾ ਹੋਣ ਦਾ ਪਤਾ ਬੱਕਰੀ ਤੋਂ ਲਗਦਾ ਸੀ। ਬੱਕਰੀ ਕਾਹਦੀ, ਕਿਸੇ ਆਹਲਾ ਅਫ਼ਸਰ ਦੇ ਦਫ਼ਤਰ ਮੋਹਰੇ ਲੱਗੀ, ਇੰਨ ਆਊਟ ਦੀ ਪਲੇਟ ਸੀ ਨਿਰੀ। ਜਦ ਸੁਆਮੀ ਬਾਹਰ ਗਿਆ ਹੁੰਦਾ ਤਾਂ ਬੱਕਰੀ ਘਰੇ ਖੁੰਡੀ ਨਾਲ਼ ਬੰਨ੍ਹੀ ਹੁੰਦੀ ਤੇ ਲੰਘਣ ਵਾਲ਼ੇ ਦੀ ”ਸੁਆਮੀ ਜੀਅ” ਦੇ ਜਵਾਬ ਵਿਚ ਕੰਨ ਪਟਕਾ ਕੇ ਚੌਕੰਨੀ ਹੋ ਕੇ ”ਮੈਂ ਹ ਹ ਹ” ਕਰ ਦਿੰਦੀ। ਸੁਆਮੀ ਘਰੇ ਹੁੰਦਾ ਤਾਂ ਬੱਕਰੀ ਨਾਲ਼ ਦੇ ਤੌੜ ‘ਚ ਉਗੇ ਮiਲ਼ਆਂ ਜਾਂ ਹੋਰ ਕਈ ਕਿਸਮ ਦੇ ਉਰੇ ਪਰੇ ਨੂੰ ਲਪਰ ਲਪਰ ਮੂੰਹ ਮਾਰ ਰਹੀ ਹੁੰਦੀ। ਉਸਦੇ ਵਿਹੜੇ ‘ਚੋਂ ਸਾਹਮਣੇ ਦਿਸਦਾ ਦਰਵਾਜ਼ਾ ਵੀ ਹਰ ਜਣੇ ਖਣੇ ਦੀ ਨਜ਼ਰ ਖਿਚਦਾ ਸੀ। ਇਹ ਵੀ ਉਸ ਦੇ ਘਰ ‘ਚ ਹੋਣ ਜਾਂ ਨਾ ਹੋਣ ਦੀ ਦੱਸ ਪਾਉਂਦਾ। ਉਹ ਘਰੇ ਹੁੰਦਾ ਤਾਂ ਇਹ ਖੁੱਲ੍ਹਾ ਹੁੰਦਾ, ਬਾਹਰ ਹੁੰਦਾ ਤਾਂ ਬੰਦ। ਪਰ ਇਸ ਨੂੰ ਜਿੰਦਰਾ ਲੱਗਾ ਕਦੀ ਨਹੀਂ ਸੀ ਦੇਖਿਆ। ਜਾਂ ਤੇ ਪਿੰਡ ‘ਚ ਕੋਈ ਚੋਰ ਨਹੀਂ ਸੀ। ਜਾਂ ਫਿਰ ਇਸ ਘਰ ਵਿਚ ਚੋਰਾਂ ਦੇ ਮਤਲਬ ਦੀ ਕੋਈ ਚੀਜ਼ ਨਹੀਂ ਸੀ।
ਪਿੰਡ ਦੇ ਵੱਡੇ ਬੇਸ਼ੱਕ ਉਸ ਨੂੰ ਸੁਆਮੀ ਜੀ ਆਖਦੇ, ਪਰ ਚਾਰ ਚਾਰ ਸਾਲ ਦੇ ਨਿਕੇ ਨਿਆਣੇ ਵੀ ਉਸ ਨੂੰ ਮੰਮੇਂ ‘ਚ ਥੋੜ੍ਹਾ ਜਿਹਾ ਹਾਹਾ ਟੰਗ ਕੇ ਸਿੱਧਾ ”ਸੁਆਮੀ੍ਹ” ਆਖਦੇ। ਪਰ ਉਹ ਵੀ ਦੇਖੋ ਕਿਡਾ ਅਜੀਬ ਬੰਦਾ ਸੀ। ਜਿਨ੍ਹਾਂ ਦੇ ਬਾਪ ਦਾਦਿਆਂ ਨੂੰ ਵੀ ਨਹੀਂ ਸੀ ਪਤਾ ਕਿ ”ਜੀ” ਕਿਸ ਬਲਾ ਦਾ ਨਾਂ ਹੈ, ਇਸ ਨੂੰ ਵੀ, ਉਨ੍ਹਾਂ ਚਾਰ ਚਾਰ ਸਾਲ ਦੇ ਸ਼ੋਕਰਿਆਂ ਨਾਲ਼ ਹੀ ਗੱਲ ਅਹੁੜਦੀ ਸੀ। ਗੱਲ ਵੀ ਕਾਹਦੀ, ਸਿਰਫ਼ ਇਹੀ ਪੁੱਛਣਾ ਹੁੰਦਾ ਸੀ, ”ਉਇ ਭੀਂਡੀ, ਤੇਰੀ ਤਾਈ ਕਿਥੇ ਆ?” ਅੱਗਿਉਂ ਭੀਂਡੀ, ਘਾਸ਼ਾ, ਤੁੜ੍ਹੀਆ, ਟੈਂਪੂ ਤੇ ਔਟਲ਼ ਉਚੀ ਉਚੀ ”ਮੇਲਾ ਦੇਖਣ ਗਈ, ਮੇਲਾ ਦੇਖਣ ਗਈ” ਕਰਦੇ ਔਹ ਗਏ, ਔਹ ਗਏ ਹੋ ਜਾਂਦੇ।
ਉਸ ਨੂੰ ਸਾਰੇ ਸੁਆਮੀ ਕਹਿੰਦੇ ਸਨ, ਪਰ ਕਿਉਂ? ਕਿਸੇ ਨੂੰ ਪਤਾ ਨਹੀਂ ਸੀ। ਉਹਨੇ ਹਮੇਸ਼ਾ ਆੜੂੂ ਰੰਗੀ ਕਮੀਜ਼ ਪਾਈ ਹੁੰਦੀ, ਚਿੱਟਾ ਪਜਾਮਾ ਜਾਂ ਕਦੀ ਕਦੀ ਆੜੂ ਰੰਗੀ ਧੋਤੀ। ਇਸੇ ਰੰਗ ਦੀ ਨਿਕੀ ਅਤੇ ਸਾਦੀ ਜਹੀ ਪੱਗ ਬੰਨ੍ਹਦਾ। ਉਸ ਦਾ ਆਪਣਾ ਰੰਗ ਮੀਂਹ ਭਿਜੀ ਕਣਕ ਵੰਨਾ ਸੀ। ਉਸਦਾ ਕੱਦ ਵੀ ਖਾਸਾ ਉਚਾ ਲੰਮਾਂ ਸੀ, ਜਿਸ ਦਾ ਕਦੀ ਕੌਡੀ ਜਿੰਨਾਂ ਮੁੱਲ ਨਹੀਂ ਸੀ ਪਿਆ। ਉਦਾਂ ਉਸ ਕੋਲ਼ ਜ਼ਮੀਨ ਵੀ ਸੀ ਕਨਾਲ਼ ਕੁ, ਸੀ ਵੀ ਬੜੀ ਟਿਕਾਣੇ ਸਿਰ। ਇਤਨੀ ਟਿਕਾਣੇ ਸਿਰ ਕਿ ਅੱਧੇ ਪਿੰਡ ਨੂੰ ਇਸੇ ਕਨਾਲ਼ ‘ਚ ਜੰਗਲ਼ ਪਾਣੀ ਉਤਰਦਾ। ਨਾ ਕੋਈ ਉਸਨੂੰ ਠੇਕੇ ’ਤੇ ਲੈਂਦਾ ਨਾ ਵਟਾਈ ‘ਤੇ। ਸੁਆਮੀ ਨੂੰ ਇਸ ਕਨਾਲ਼ ਥਾਂ ਦਾ ਕੋਈ ਵੀ ਫ਼ਾਇਦਾ ਨਹੀਂ ਸੀ। ਜਿਹੜੇ ਸੁਆਮੀ ਦੀ ਅੱਖ ‘ਚ ਰੜਕਦੇ ਸਨ, ਉਸਨੂੰ ਜਾਪਦਾ ਕਿ ਉਨ੍ਹਾਂ ਦੀਆਂ ਅੱਖਾਂ ‘ਚ ਉਸਦੀ ਕਨਾਲ਼ ਰੜਕਦੀ ਹੈ। ਜਿਨ੍ਹਾਂ ਦੀਆਂ ਅੱਖਾਂ ‘ਚ ਸੱਚ ਮੁਚ ਇਹ ਰੜਕਦੀ ਸੀ, ਉਹ ਸੁਆਮੀ ਦੀਆਂ ਅੱਖਾਂ ‘ਚ ਬਿਲਕੁਲ ਨਹੀਂ ਸਨ ਰੜਕਦੇ, ਕਿਉਂਕਿ ਉਹ ਸੁਆਮੀ ਨੂੰ ਕਦੀ ਕਦੀ ਵਰ੍ਹੇ ਛਮਾਹੀਂ ਰੋਟੀ ਖੁਆ ਛਡਦੇ। ਸੁਆਮੀ ਕੋਈ ਜ਼ਿਮੀਦਾਰ ਥੋੜ੍ਹਾ ਸੀ, ਜੁ ਕਨਾਲ਼ ਨੂੰ ਦੋ ਕਨਾਲ਼ ਕਰਨ ਬਾਬਤ ਸੋਚਦਾ, ਤੇ ਨਾ ਹੀ ਉਹ ਬਾਣੀਆਂ ਸੀ ਜੋ ਵੇਚ ਵੱਟ ਕੇ ਪੈਸੇ ਨਾਲ਼ ਪੈਸਾ ਕਮਾਉਂਦਾ। ਉਸ ਲਈ ਇਹ ਕਨਾਲ਼ ਹੋਈ ਨਾ ਹੋਈ ਦੇ ਬਰਾਬਰ ਸੀ। ਇਸੇ ਲਈ ਤਾਂ ਉਹ ਰੋਟੀ ਖਾ ਕੇ ”ਗੁਰੂ ਭਲਾ ਕਰੇ ਕਹਿ ਛਡਦਾ”।
ਇਸ ਕਨਾਲ਼ ਥਾਂ ਵਰਗੀ ਹੀ ਉਸ ਦੀ ਘਰ ਵਾਲ਼ੀ ਸੀ। ਸਾਰਾ ਪਿੰਡ ਉਸ ਨੂੰ ਸੁਆਮਣ ਕਹਿੰਦਾ ਸੀ । ਲੱਤਾਂ ਉਸ ਦੀਆਂ ਚਲਦੀਆਂ ਨਹੀਂ ਸਨ। ਇਸ ਕਰਕੇ ਉਹ ਲੱਤਾਂ ਦਾ ਕੰਮ ਵੀ ਜ਼ੁਬਾਨ ਤੋਂ ਹੀ ਲੈਂਦੀ। ਸੁਆਮੀ ਨੂੰ ਜੰਗਲ਼ ਗਏ ਨੂੰ ਵੀ ਰਤਾ ਕੁ ਦੇਰ ਹੋ ਜਾਂਦੀ ਤਾਂ ਆਉਂਦੇ ਦਾ ਬੜੇ ਜੋਸ਼ੋ ਖ਼ਰੋਸ਼ ਨਾਲ ਸਵਾਗਤ ਕਰਦੀ, ”ਥੇਹ ਹੋਣਿਆਂ, ਕਿਥੇ ਖੇਹ ਖਾ ਕੇ ਆਇਆਂ। ਤੜਕੇ ਦੀ ਚਾਹ ਖੁਣੋ ਮਰੀ ਪਈ ਆਂ। ਦੇਖੀ ਜਾਨੀ ਆਂ, ਕਦ ਮਰਦਾ”। ਸੁਆਮੀ ਚੁਪ ਗੜੁਪ ਤੇਜ ਕਦਮੀਂ ਇਧਰ ਉਧਰ ਘੁੰਮਦਾ। ਪਹਿਲਾਂ ਪਤੀਲੀ ਮਾਂਜਦਾ ਫਿਰ ਕੱਪ ਧੋਂਦਾ। ਚੁੱਲੇ ‘ਚ ਅੱਗ ਬਾਲ਼ਦਾ, ਪਤੀਲੀ ‘ਚ ਪਾਣੀ ਦਾ ਡੇਢ ਕੱਪ ਪਾ ਕੇ ਚੁੱਲੇ ‘ਤੇ ਰੱਖ ਦਿੰਦਾ ਤੇ ਥੇਹ ਤੇ ਖੇਹ ਦੇ ਸੁੰਦਰ ਮੇਲ਼ ਬਾਬਤ ਸੋਚਣ ਲੱਗ ਪੈਂਦਾ।
ਫਿਰ ਗਲਾਸ ‘ਚ ਪਾਣੀ ਲੈ ਕੇ ਬੱਕਰੀ ਚੋਣ ਚਲਾ ਜਾਂਦਾ। ਪਰ ਇਹ ਬੱਕਰੀ ਕਾਹਦੀ ਸੁਆਮਣ ਦੀ ਭੈਣ ਸੀ ਨਿਰੀ। ਹੱਥ ਲੌਣਾ ਤਾਂ ਕਿਤੇ ਰਿਹਾ, ਸੁਆਮੀ ਰਤਾ ਕੁ ਥਣਾਂ ਵੱਲ ਝਾਕਦਾ ਤਾਂ ਟੱਪ ਕੇ ਔਹ ਜਾਂਦੀ। ਉਸ ਦੀ ਹਿੰਮਤ ਨਾ ਪੈਂਦੀ ਕਿ ਬੱਕਰੀ ਨੂੰ ਵੀ ਅੱਪ ਸ਼ਬਦ ਬੋਲ ਸਕੇ। ਵਰਾਂਡੇ ‘ਚ ਬੈਠੀ ਸੁਆਮਣ ਅਪਣੇ ਸੁਆਮੀ ਦਾ ਬੱਕਰੀ ਯੁਧ ਦੇਖ ਕੇ, ਬੱਕਰੀ ਦੀ ਥਾਂ ਸੁਆਮੀ ਨੂੰ ਹੀ ਸ਼ਬਦਾਂ ਦੇ ਤੀਰਾਂ ਨਾਲ਼ ਵਿੰਨ੍ਹਦੀ, ”ਕੰਜਰਾ, ਤੈਨੂੰ ਬੱਕਰੀ ਵੀ ਨਹੀਂ ਚੋਣੀ ਆਉਂਦੀ”। ਸੁਆਮਣ ਲਈ ਗੱਲ ਦਾ ਮੈਨਾ ਕੇਵਲ ਗਾਲ਼ ਹੀ ਸੀ, ਇਸੇ ਲਈ ਸੁਆਮੀ ਨੂੰ ਉਸ ਦੀ ਕਿਸੇ ਵੀ ਗੱਲ ‘ਤੇ ਗੁੱਸਾ ਨਹੀਂ ਸੀ ਆਉਂਦਾ। ਪਰ ਉਹ ਸੁਆਮਣ ਦੇ ਇਸ ਵਾਕ ਪ੍ਰਤੀ ਮਨੋ ਮਨੀ ਹਿਰਖ ਛਾਂਟਦਾ, ”ਬੱਕਰੀ ਨੀ ਚੋਣੀ ਆਉਂਦੀ”। ਇੰਨੇ ਨੂੰ ਸੁਆਮਣ ਦੀ ਜ਼ੁਬਾਨ ‘ਚੋਂ ਇਕ ਹੋਰ ਗੋਲ਼ਾ, ਠਾਹ ਦੇਣੀ, ਉਸਦੇ ਕੰਨ ‘ਚ ਆ ਧੱਸਦਾ, ”ਨਿਜ ਹੋਣਿਆਂ ਪਾਣੀ ਸੜ ਗਿਆ”।
ਬੱਕਰੀ ਦੀ ਸੰਗਲ਼ੀ ਨੂੜ ਨਾੜ ਕੇ ਮਸਾਂ ਚਾਰ ਧਾਰਾਂ ਕੱਢਦਾ। ਕਾਹਲ਼ੀ ਕਾਹਲ਼ੀ ਜਾ ਕੇ ਪਤੀਲੀ ‘ਚ ਚਾਰ ਦਾਣੇ ਪੱਤੀ ਦੇ ਪਾਉਂਦਾ ਤੇ ਫ਼ਟਾ ਫ਼ਟ ਦੁੱਧ ਉਲੱਟ ਦਿੰਦਾ। ਫਿਰ ਉਬਾਲ਼ੇ ਦੀ ਉਡੀਕ ਕਰਦਾ। ਪਰ ਇਹ ਚਾਹ ਸੀ, ਕੋਈ ਸੁਆਮਣ ਥੋੜ੍ਹੀ ਸੀ, ਜੋ ਯੱਕ ਲਖ਼ਤ ਉਬਾਲ਼ਾ ਖਾ ਜਾਵੇ। ਚਾਹ ਇਧਰ ਸ਼ਾਂਤੀ ਦਾ ਸਬਕ ਦੇ ਰਹੀ ਹੁੰਦੀ ਤੇ ਉਧਰ ਸੁਆਮਣ ਉਬਲ਼ ਉਬਲ਼ ਕੇ ਅਪਣੇ ਕੰਢੇ ਸਾੜਨ ‘ਤੇ ਆਈ ਹੁੰਦੀ। ਸੁਆਮੀ ਤੱਤ ਭੜੱਤੇ ਅੱਧ ਉਬਲ਼ੀ ਚਾਹ ਕੱਪਾਂ ‘ਚ ਪਾਉਂਦਾ ਤੇ ਸੁਆਮਣ ਮੋਹਰੇ ਜਾ ਧਰਦਾ। ਸੁਆਮਣ ਲਗਾਤਾਰ ਘੂਰੀਆਂ ਵੱਟੀ ਸੁਆਮੀ ਵੱਲ ਇਵੇਂ ਦੇਖਦੀ, ਜਿਵੇਂ ਕਹਿ ਰਹੀ ਹੋਵੇ, ”ਡੁਬ ਜਾਣਿਆਂ ਜੇ ਮੇਰੀਆਂ ਚਲਦੀਆਂ ਹੁੰਦੀਆਂ ਤਾਂ ਤੇਰੀਆਂ ਲੱਤਾਂ ਤੋੜ ਦਿੰਦੀ”। ਅਪਣੀ ਜਿੰਦ ਜਾਨ ਦੇ ਮਨ ਦੀਆਂ ਜਾਣਨ ‘ਚ ਅਸਮਰੱਥ ਸੁਆਮੀ ਉਸ ਨੂੰ ਚੁਪ ਦੇਖ ਕੇ ਸੋਚਦਾ ਕਿ ਚਾਹ ਨੇ ਇਸਦੇ ਗੁੱਸੇ ਹੋਣ ਦੇ ਸਾਰੇ ਬਹਾਨੇ ਖ਼ਤਮ ਕਰ ਦਿੱਤੇ ਹਨ। ਸੁਆਮਣ ਕੱਪ ਵੱਲ ਹੱਥ ਵਧਾਉਂਦੀ ਤੇ ਡੰਡੀ ਤੋਂ ਫੜ ਕੇ ਮੂੰਹ ਨੂੰ ਲਾਉਂਦੀ। ਚਾਹ ਦਾ ਘੁੱਟ ਹਲੇ ਬੁੱਲ੍ਹਾਂ ਤੋਂ ਅਗਾਂਹ ਨਾ ਲੰਘਿਆ ਹੁੰਦਾ ਕਿ ਉਹ ਚਾਹ ਦੇ ਕੱਪ ਨੂੰ ਇਵੇਂ ਭੁੰਝੇ ਰੱਖਦੀ ਜਿਵੇਂ ਕਿਤੇ ਭੁਲੇਖੇ ਨਾਲ਼ ਜ਼ਹਿਰ ਦਾ ਪਿਆਲਾ ਉਹਦੇ ਮੂੰਹ ਨੂੰ ਲੱਗ ਗਿਆ ਹੋਵੇ। ਅਜਿਹੇ ਵੇਲੇ ਉਹ ਸੁਕਰਾਤ ਦੀ ਭੈਣ ਜਾਪਦੀ ਤੇ ਸੁਆਮੀ ਵਕਤ ਦਾ ਹਾਕਮ। ਪਰ ਵਕਤ ਦਾ ਹਾਕਮ ਪਲ ਭਰ ‘ਚ ਗ਼ੁਲਾਮ ਬਣ ਜਾਂਦਾ ਤੇ ਸੁਆਮਣ ਬਾਦਸ਼ਾਹੀ ਠਾਠ ‘ਚ ਭੁੜਕ ਕੇ ਪੈਂਦੀ, ”ਖੋਤਿਆ, ਮਿੱਠਾ ਤੇਰੀ ਮਾਂ ਨੇ ਪੌਣਾ ਸੀ?” ਮਸਾਂ ਮਸਾਂ ਸਕੂਨ ਦੇ ਘਰ ਪੁੱਜਿਆ ਸੁਆਮੀ ਇਕ ਦਮ ਆਪਣੀ ਮਾਂ ਦਾ ਜ਼ਿਕਰ ਸੁਣ ਕੇ ਤਲਖ਼ੀ ‘ਚ ਆਉਣ ਹੀ ਲਗਦਾ ਕਿ ਉਸਨੂੰ ਯਾਦ ਆਉਂਦਾ ਕਿ ਸੁਆਮਣ ਨੇ ਉਸ ਨੂੰ ਖੋਤਾ ਵੀ ਆਖਿਆ ਹੈ। ਐਤਕੀ ਹਿਰਖ ਦੀ ਬਜ਼ਾਇ ਉਹ ਸੋਚਣ ਲੱਗਾ ਕਿ ਇਹ ਗਧਾ ਵੀ ਤਾਂ ਆਖ ਸਕਦੀ ਸੀ। ਫਿਰ ਉਹ ਖੋਤੇ ਤੇ ਗਧੇ ਵਿਚ, ਫ਼ਰਕ ਲਭਦਾ ਲਭਦਾ, ਬੜੀ ਦੂਰ ਨਿਕਲ਼ ਜਾਂਦਾ। ਅਖ਼ੀਰ ਇਸ ਸਿੱਟੇ ‘ਤੇ ਪੁਜਦਾ ਕਿ ਇਹ ਇਕੋ ਜਾਨਵਰ ਦੇ ਦੋ ਨਾਂ ਹਨ; ਰੂੜੀਆਂ ‘ਤੇ ਚੁਗਦਾ ਹੋਵੇ ਤਾਂ ਉਹ ਗਧਾ ਹੁੰਦਾ ਹੈ, ਭਾਰ ਲੱਦਿਆ ਹੋਵੇ ਤਾਂ ਖੋਤਾ। ਉਹ ਸੋਚਦਾ ਕਿ ਗਧੇ ਨਾਲ਼ੋਂ ਖੋਤੇ ਵਿਚ ਅਪਣੱਤ ਦੇ ਅੰਸ਼ ਵੀ ਵੱਧ ਹਨ।
ਇਸ ਅਪਣੱਤ ਦੇ ਸਾਰੇ ਅੰਸ਼ ਖਿਲਰ ਜਾਂਦੇ ਜਦ ਸੁਆਮਣ ਫਿਰ ਭਬਕ ਪੈਂਦੀ, ”ਚੱਲ ਅਪਣੀ ਮਾਂ ‘ਚ ਮਿੱਠਾ ਪਾ ਤੇ ਗਰਮ ਕਰ ਕੇ ਲਿਆ”। ਸੁਆਮੀ ਇਕ ਦਮ ਖੋਤੇ ਦੀ ਅਪਣੱਤ ਤੋਂ ਹੇਠਾਂ ਉਤਰ ਕੇ ਖੋਤੇ ਦੀ ਜੂਨ ਬਾਬਤ ਸੋਚਣ ਲਗ ਪੈਂਦਾ। ਉਸ ਨੂੰ ਜਾਪਦਾ ਜਿਵੇਂ ਸੁਆਮਣ ਇਕ ਮਘਿਆ ਅਤੇ ਦਗਦਾ ਹੋਇਆ ਆਵਾ ਹੋਵੇ, ਤੇ ਉਹ ਇਕ ਖੋਤਾ, ਜਿਸ ਦੀ ਪਿਠ ‘ਤੇ ਠੂਠੇ, ਠੂਠੀਆਂ, ਚੱਪਣ, ਤੌੜੀਆਂ, ਕੁੱਜੇ, ਕੁੱਜੀਆਂ, ਦੋਹਣੇ, ਦੌਰੀਆਂ ਤੇ ਝਾਵਿਆਂ ਦਾ ਮਣਾਂ ਮੂੰਹੀਂ ਬੋਝ੍ਹ ਲੱਦਿਆ ਹੋਵੇ ਤੇ ਉਹ ਭਾਣਾ ਮੰਨੀ ਤੁਰੇ ਜਾਣ ਦੀ ਕੋਈ ਮਿਸਾਲ ਕਾਇਮ ਕਰ ਰਿਹਾ ਹੋਵੇ।
ਫਿਰ ਉਸਨੂੰ ਬਚਪਨ ‘ਚ ਸੁਣੀ ਖੋਤੇ ਤੇ ਘੁਮਿਆਰ ਦੀ ਕਹਾਣੀ ਯਾਦ ਆਉਂਦੀ, ਜਿਸ ਵਿਚ ਲੂਣ ਲੱਦਿਆ ਖੋਤਾ ਪਾਣੀ ‘ਚ ਡਿਗ ਕੇ ਭਾਰ ਹਲਕਾ ਹੋ ਜਾਣ ‘ਤੇ ਰੋਜ਼ ਰੋਜ਼ ਪਾਣੀ ‘ਚ ਡਿਗਣ ਦੀ ਆਦਤ ਪਾ ਲੈਂਦਾ ਹੈ। ਇਕ ਦਿਨ ਘੁਮਾਰ ਉਸ ਉਤੇ ਲੂਣ ਦੀ ਥਾਂ ਰੂੰ ਲੱਦ ਦਿੰਦਾ ਹੈ। ਰੂੰ ਲੱਦੇ ਖੋਤੇ ਨੂੰ ਪਾਣੀ ‘ਚ ਡਿਗਣ ‘ਤੇ ਉਸ ਦੇ ਭਾਰ ‘ਚ ਹੋਏ ਮਣਾਂ ਮੂੰਹੀਂ ਵਾਧੇ ਦੇ ਖ਼ਿਆਲ ਨਾਲ਼ ਸੁਆਮੀ ਦੇ ਦਿਮਾਗ਼ ਨੂੰ ਘੇਰਨੀ ਜਹੀ ਚੜ੍ਹਦੀ। ਉਸ ਨੂੰ ਪਤਾ ਨਾ ਲਗਦਾ ਕਿ ਉਹ ਸੁਆਮੀ ਹੈ, ਖੋਤਾ ਹੈ ਕਿ ਬੰਦਾ? ਇਸੇ ਸ਼ਸ਼ੋਪੰਜ ਵਿਚ ਪਿਆ ਜਦ ਉਹ ਚਾਹ ਦੀ ਪਤੀਲੀ ਚੁੱਲ੍ਹੇ ਉਤੇ ਰੱਖਣ ਲਗਦਾ ਤਾਂ ਉਸ ਨੂੰ ਲਗਦਾ ਜਿਵੇਂ ਮਾਂ ਛੱਤ ਦੇ ਮਘੋਰੇ ‘ਚੋਂ ਉਸਨੂੰ ਫਿਟਕਾਰਾਂ ਪਾਉਂਦੀ ਹੋਵੇ, ”ਪਾਪੀਆ, ਭੁਲ ਗਿਆਂ ਖ਼ਾਨਦਾਨੀ ਰੀਤ!” ਉਨ੍ਹਾਂ ਦੇ ਖ਼ਾਨਦਾਨ ਵਿਚ ਮੁਰਦੇ ਨੂੰ ਨਮਕ ਪਾ ਕੇ ਬੈਠੇ ਨੂੰ ਹੀ ਦਫ਼ਨਾਉਣ ਦੀ ਰੀਤ ਸੀ, ਨਾ ਕਿ ਮਿੱਠਾ ਪਾ ਕੇ ਚੁੱਲ੍ਹੇ ਧਰਨ ਦੀ।
ਸੁਆਮੀ ਇਕ ਅਜਿਹਾ ਇਨਸਾਨ ਸੀ ਜਿਸ ‘ਤੇ ਚੱਤੋ ਪਹਿਰ ਸੁਆਮਣ ਦਾ ਬਤੂਨੀ ਜਬਰ ਵਰ੍ਹਦਾ ਰਹਿੰਦਾ। ਇਸ ਜਬਰ ਤੋਂ ਉਸਨੂੰ ਉਦੋਂ ਹੀ ਰਾਹਤ ਨਸੀਬ ਹੁੰਦੀ ਜਦ ਕਿਤੇ ਸੁਆਮਣ ‘ਤੇ ਕੋਈ ਭੂਤ ਸਵਾਰ ਹੋਇਆ ਹੁੰਦਾ। ਸੁਆਮਣ ‘ਤੇ ਭੂਤ ਸਵਾਰ ਨਹੀਂ, ਉਸਨੂੰ ਚਿੰਬੜਦੇ ਸਨ। ਕਦੀ ਕਦੀ ਉਸਨੂੰ ਉਹ ਆ ਜਾਂਦੀ, ਜਿਸਨੂੰ ਪਿੰਡ ‘ਚ ਹਵਾ ਕਹਿੰਦੇ ਹਨ। ਅਜਿਹੇ ਵੇਲੇ ਸੁਆਮੀ ਪਿੰਡ ਦੇ ਹੀ ਇਕ ਬਹੁਤ ਵੱਡੇ ਸਿਆਣੇ ਨੂੰ ਬੁਲਾ ਲਿਆਉਂਦਾ, ਜਿਸ ਦਾ ਨਾਂ ਭਾਵੇਂ ਸੋਹਣ ਸੀ, ਪਰ ਸਾਰਾ ਪਿੰਡ ਉਸਨੂੰ ਬਾਂਦਰ ਸੋਹਣ, ਸ਼ਾਇਦ ਸੋਹਣ ਬਾਂਦਰ ਕਹਿੰਦਾ ਸੀ। ਇਸ ਪਿੰਡ ਵਿਚ ਕੋਈ ਹਿੰਦੂ ਪਰਿਵਾਰ ਨਹੀਂ ਸੀ; ਅੱਜ ਤੱਕ ਨਹੀਂ ਹੈ। ਪਰ ਇਹ ਦੋ ਘਰ ਅਜਿਹੇ ਸਨ, ਜਿਨ੍ਹਾਂ ‘ਤੇ ਧਰਮ ਦੀ ਪਰਿਭਾਸ਼ਾ ਲਾਗੂ ਨਹੀਂ ਸੀ ਹੁੰਦੀ ਸੀ। ਨਾਂ ਉਹ ਹਿੰਦੂ ਸਨ ਨਾ ਸਿਖ; ਜਾਂ ਫਿਰ ਹਿੰਦੂ ਵੀ ਸਨ ਤੇ ਸਿਖ ਵੀ। ਅਪਣੇ ਸਨਾਤਨੀ ਮੱਤ ਵੱਲ ਮੁੜਨ ਦੀ ਕੋਸ਼ਿਸ਼ ਕਰਦੇ ਤਾਂ ਸਿਖ ਨੇਣ੍ਹ ਨੇਣ੍ਹ ਮਾਰਦੇ। ਜੇ ਕਿਤੇ ਸਿਖਾਂ ‘ਚ ਘੁਸੜਨ ਦੀ ਕੋਸ਼ਿਸ਼ ਕਰਦੇ ਤਾਂ ਸਿਖ ਦੋ ਦਿਨਾਂ ‘ਚ ਨਾਨੀ ਚੇਤੇ ਕਰਵਾ ਦਿੰਦੇ। ਵਾਰ ਵਾਰ ਨਾਨੀ ਚੇਤੇ ਕਰਨ ਨਾਲ਼ੋਂ, ਸੋਹਣ ਨੇ, ਅਪਣੇ ਘਰ ਮੋਹਰੇ ਇਕ ਨਿੱਕਾ ਜਿਹਾ ਮੰਦਰ ਬਣਾ ਲਿਆ ਸੀ। ਜਿਸ ਨੂੰ ਦੇਖ ਕੇ, ਦੇਸ ਦਿਸੰਤਰਾਂ ਵਿਚ ਘੁੰਮੇਂ ਹੋਏ, ਸੋਢੀ ਬਲਦੇਵ ਸਿੰਘ, ਹੱਸਦੇ ਹੋਏ ਕਹਿਣ ਲੱਗੇ, ”ਭਾਰਤੀ ਸਭਿਅਤਾ ਵਿਚ ਬਾਂਦਰਾਂ ਤੇ ਮੰਦਰਾਂ ਦਾ ਬੜਾ ਪੁਰਾਣਾ ਤੇ ਗੂੜ੍ਹਾ ਸਬੰਧ ਹੈ”।
ਸੋਹਣ ਕਦੀ ਕਦਾਈਂ ਇਸ ਵਿਚ ਅਰਚਾ ਪੂਜਾ ਕਰਦਾ। ਇਸ ਦੇ ਅੰਦਰ ਉਸਨੇ ਇਕ ਧੂਣਾ ਬਣਾ ਕੇ ਉਸ ਵਿਚ ਤਿੰਨ ਚਾਰ ਚਿਮਟੇ ਗੱਡੇ ਹੋਏ ਸਨ। ਪਿਛਲੀ ਕੰਧ ‘ਤੇ ਕਾਲ਼ੀ ਮਾਂ ਦੀਆਂ ਭਿਆਨਕ ਫੋਟੋਆਂ। ਇਕ ਫੋਟੋ ਤਾਂ ਦੇਖ ਕੇ ਡਰ ਲਗਦਾ ਸੀ, ਜਿਸ ਵਿਚ ਕਾਲ਼ੀ ਮਾਂ ਨੇ ਗਿੱਠ ਲੰਮੀ ਜੀਭ ਬਾਹਰ ਕੱਢੀ ਹੋਈ, ਇੱਕ ਹੱਥ ਵਿਚ ਦਾਤ, ਇਕ ਵਿਚ ਕਿਸੇ ਰਾਖਸ਼ ਦਾ ਸਿਰ। ਬਾਕੀ ਹੱਥਾਂ ਵਿਚ ਭਾਂਤ ਭਾਂਤ ਦੇ ਹਥਿਆਰ, ਗਲ਼ ਵਿਚ ਰਾਖਸ਼ਾਂ ਦੇ ਸਿਰਾਂ ਦਾ ਹਾਰ, ਤੇ ਸ਼ਿਵ ਜੀ ਨੂੰ ਹੇਠਾਂ ਸੁੱਟ ਕੇ, ਉਸਦੀ ਛਾਤੀ ‘ਤੇ ਧਰਿਆ ਹੋਇਆ ਗੋਡਾ; ਖ਼ਬਰੇ ਪੈਰ। ਇਕ ਖੂੰਜੇ ‘ਚ ਬੋਹੜ ਦੀ ਖੋੜ ‘ਚ ਬਾਰਾਂ ਵਰਿਅ੍ਹਾਂ ਦੀਆਂ ਰੋਟੀਆਂ, ਮਾਈ ਰਤਨੋ ਤੇ ਲੰਗੋਟ ਵਾਲ਼ਾ ਬਾਬਾ। ਸੋਹਣ ਨੂੰ ਇਸ ਗੱਲ ਦਾ ਇਲਮ ਨਹੀਂ ਸੀ, ਕਿ ਬੜੇ ਅਰਾਮ ਨਾਲ਼ ਇਸ ਮੰਦਰ ਦਾ ਗਿੰਨੀ ਬੁੱਕ ਵਿਚ ਨਾਂ ਦਰਜ ਕਰਾਇਆ ਜਾ ਸਕਦਾ ਹੈ। ਦੁਨੀਆਂ ਦੇ ਤਮਾਮ ਮੰਦਰਾਂ ਵਿਚੋਂ, ਇਹ ਇਕ ਅਜਿਹਾ ਮੰਦਰ ਸੀ, ਜਿਥੇ ਕਦੀ ਕਿਸੇ ਨੇ, ਇਕ ਧੇਲਾ ਨਾ ਚੜ੍ਹਾਇਆ ਹੋਵੇ।
ਪਤਾ ਨਹੀਂ ਸੋਹਣ ਨੂੰ ਕਿਹੜੀ ਉਲੇਲ ਜਾਂ ਚੁੜੇਲ ਦੱਸ ਜਾਂਦੀ ਸੀ ਕਿ ਅੱਜ ਸੁਆਮਣ ਨੂੰ ਭੂਤ ਚਿੰਬੜਨੇ ਹਨ। ਉਹ ਸਵੇਰ ‘ਤੋਂ ਹੀ ਮੰਦਰ ਵਿਚ ਧੂਣਾ ਲਾ ਕੇ ਕੋਈ ਸ਼ਕਤੀ ਸਾਧਨਾ ਕਰਨ ਲਗ ਪੈਂਦਾ। ਇਥੇ ਹੀ ਸੁਆਮੀ ਸੋਹਣ ਅੱਗੇ ਸੁਆਮਣ ‘ਚੋਂ ਭੂਤ ਕੱਢਣ ਦੀ ਫ਼ਰਿਆਦ ਲੈ ਕੇ ਆਉਂਦਾ। ਇਸ ਧੂਆਂ ਰਾਲ਼ੀ ਵਿਚ ਸੋਹਣ ਤਾਂ ਉਸਨੂੰ ਬਾਦ੍ਹ ‘ਚ ਦਿਖਦਾ ਪਹਿਲਾਂ ਸਾਹਮਣੀ ਕੰਧ ‘ਤੇ ਲਟਕਦੇ ਕਲੈਂਡਰ ‘ਤੇ ਨਿਗਾਹ ਜਾ ਟਿਕਦੀ। ਅਪਣਾ ਆਪ ਉਸ ਨੂੰ ਸ਼ਿਵ ਜੀ ਜਾਪਦਾ ਤੇ ਕਾਲ਼ੀ ਮਾਂ ਸੁਆਮਣ। ਉਸਦੀ ਸੁਰਤ ਟਿਕਾਣੇ ਉਦੋਂ ਆਉਂਦੀ ਜਦ ਹਮੇਸ਼ਾ ਸੁਆਮੀ ਕਹਿ ਕੇ ਬੁਲਾਉਣ ਵਾਲ਼ਾ ਸੋਹਣ ਉਸਨੂੰ ਬੱਚਾ ਕਹਿ ਕੇ ਬੁਲਾਉਂਦਾ। ਜੱਜਰ ਜਹੀ ਦੇਹ ਵਾਲ਼ਾ ਸੋਹਣ ਫ਼ਰਿਆਦ ਸੁਣਦਿਆਂ ਸਾਰ, ਗੁੱਗਲ਼ ਦੇ ਧੂਫ਼ ਵਾਲ਼ਾ ਕੜਛਾ ਸੁਆਮੀ ਹੱਥ ਦਿੰਦਾ ਤੇ ਆਪ ਧੂਣੇ ‘ਚੋਂ ਚਿਮਟਾ ਪੁੱਟਕੇ ਕਾਹਲ਼ੀ ਕਾਹਲ਼ੀ ਸੁਆਮੀ ਨਾਲ਼ ਹੋ ਤੁਰਦਾ।
ਸੋਹਣ ਚੰਗੀ ਭਲੀ ਹੱਟੀ ਕਰਦਾ ਸੀ। ਇਸ ਨੇ ਹੱਟੀ ‘ਚ ਕਈ ਪੁਰਾਣੇ ਗ੍ਰੰਥ ਰੱਖੇ ਹੁੰਦੇ। ਇਸ ਨੂੰ ਕੋਈ ਵੀ ਗਿਆਨ ਦੀ ਗੱਲ ਦਸਦਾ ਤਾਂ ਇਹ ਅੱਗਿਉਂ ਭ੍ਰਿੰਗੀ ਰਿਖੀ ਦੇ ਕਿੱਸੇ ਛੇੜ ਬਹਿੰਦਾ। ਇਸ ਦੀ ਹੱਟੀ ਵਿਚ ਨਿਤ ਵਰਤੋਂ ਦਾ ਸੌਦਾ ਘੱਟ ਵੱਧ ਹੀ ਮਿਲ਼ਦਾ ਸੀ, ਪਰ ਮਸਾਂ ਕਿਤੇ ਕੰਮ ਆਉਣ ਵਾਲ਼ੀਆਂ ਚੀਜ਼ਾਂ, ਤੁੱਮਾਂ, ਤੁਕਮਲੰਗਾਂ, ਨਿੰਬੂ ਸਤ, ਆਸਗੰਧ, ਹਿੰਗ, ਫਟਕੜੀ ਤੇ ਕਲ਼ੌਂਜੀ ਨਾਲ਼ ਮਰਤਬਾਨ ਭਰੇ ਰੱਖਦਾ। ਗੁਲਾਬਾਰੀ ਤੇ ਚੁਅਰਕੇ ਦੀਆਂ ਬੋਤਲਾਂ ਖਾਲੀ ਨਾ ਹੋਣ ਦਿੰਦਾ। ਦੁਕਾਨ ਦੇ ਪਿਛੇ ਰੱਖੀ ਬਾਲਣ ਦੀ ਭਰੀ ਬਾਬਤ ਕੋਈ ਪੁਛਦਾ ਤਾਂ ਆਖਦਾ, ”ਸੱਜਣਾ, ਬੜੇ ਕੰਮ ਦੀ ਚੀਜ਼ ਹੈ ਛਟੀ ਚਰੈਤਾ। ਹੋਰ ਤਾਂ ਹੋਰ ਜੀ ਦੀ ਨਿੱਬ ਨਵੇਂਸ਼ਹਿਰੋਂ ਨਹੀਂ, ਇਹਦੀ ਹੱਟੀਉਂ ਮਿਲ਼ਦੀ ਸੀ। ਬਾਕੀ ਲੂਣ, ਤੇਲ, ਸਾਬਣ, ਸੋਢਾ, ਮੂੰਗੀ, ਮਸਰ, ਹਲ਼ਦੀ ਤੇ ਕਰਿਆਟੀ ਸ਼ਰਤੀਆ ਤੌਰ ਪਰ ਇਥੋਂ ਨਹੀਂ ਸੀ ਮਿਲ਼ਦੀ ਕਦੀ। ਹਮੇਸ਼ਾਂ ਆਖਦਾ, ”ਸੱਜਣਾ, ਹੁਣਈਂ ਮੁੱਕੀ ਆ”।
ਇਸ ਦੇ ਕੋਲ਼ ਨਿੱਕਾ ਜਿਹਾ ਰੇਡੀਉ ਹੁੰਦਾ ਸੀ, ਜਿਸ ਵਿਚੋਂ ਤਾਰ ਕੱਢਕੇ, ਸਾਰੇ ਕੋਠੇ ਉਤੇ ਇਸਤਰ੍ਹਾਂ ਘੁਮਾਈ ਹੁੰਦੀ, ਜਿਵੇਂ ਪੁੱਠੇ ਮੰਜਿਆਂ ਦੇ ਪਾਵਿਆਂ ਨਾਲ਼, ਸੇਵੀਆਂ ਸੁਕਾਉਣ ਲਈ, ਵਾਣ ਲਪੇਟਿਆ ਹੋਵੇ। ਗਾਣਿਆਂ ਦਾ ਰੱਤੀ ਭਰ ਸ਼ੌਕੀਨ ਨਹੀਂ ਸੀ। ਪਤਾ ਨਹੀ ਉਹ ਚੱਪਾ ਕੁ ਰੇਡੀਉ ਵਿਚੋਂ ਬੀ ਬੀ ਸੀ ਕਿਵੇਂ ਸੁਣ ਲੈਂਦਾ ਸੀ! ਅੰਮ੍ਰਿਤ ਵੇਲ਼ੇ ਮੰਨਾ ਡੇ ਦੇ ਗਾਏ ਸ਼ਿਵ ਜੀ ਦੇ ਭਜਨ ਸੁਣਦਾ ਸੀ। ਅੱਗੇ ਪਿਛੇ, ਸਾਰਾ ਦਿਨ, ਨਿੱਕਾ ਜਿਹਾ ਪੇਚ ਕੱਸ ਲੈ ਕੇ ਰੇਡੀਉ ਦੀ ਫ਼੍ਰੀਕੁਐਂਸੀ ਸੈਟ ਕਰਨ ‘ਤੇ ਲੱਗਾ ਰਹਿੰਦਾ। ਰਜਿਸਟੈਂਸਾਂ ਛੇੜਦਾ, ਕਪੈਸਟਰ ਹਿਲਾਉਂਦਾ, ਟਰਿਮਰ ਘੁਮਾਉਂਦਾ ਤੇ ਕੁਐਲਾਂ ਇਧਰ ਉਧਰ ਕਰਦਾ ਰਹਿੰਦਾ। ਰੇਡੀਉ ਕਦੀ ਚਿਊਂ ਚਿਆਂ ਤੇ ਕਦੀ ਕਰੜ ਕਰੜ ਕਰਦਾ। ਲੋਕ ਉਸਨੂੰ ਬਹੁਤ ਵੱਡਾ ਇੰਜੀਨੀਅਰ ਸਮਝਦੇ। ਪਰ ਬੱਚੇ ਇਸ ਦੀ ਹੱਟੀ ਤੋਂ ਰੇੜੀਆਂ, ਮਰੂੰਡਾ ਲੈਣਾ ਤਾਂ ਕਿਤੇ ਰਿਹਾ, ਉਸ ਦੀ ਸ਼ਕਲ ਤੋਂ ਵੀ ਡਰਦੇ ਸਨ। ਹੱਟੀ ‘ਚ ਬੈਠਾ ਇਵੇਂ ਜਾਪਦਾ, ਜਿਵੇਂ ਕੋਈ ਜਿੰਨ ਬੈਠਾ ਹੋਵੇ।
ਕਹਿੰਦੇ ਹਨ ਕਿ ਇਹ ਛੋਟਾ ਹੁੰਦਾ ਘਰੋਂ ਦੌੜ ਗਿਆ ਸੀ ਤੇ ਨਾਥਾਂ ਜੋਗੀਆਂ ਨਾਲ਼ ਰਲ਼ ਕੇ ਕੰਨ ਪੜਵਾ ਲਏ ਸਨ। ਅਪਣੇ ਜੋਗਪੁਣੇ ਦੀ ਪ੍ਰੀਖਿਆ ਲਈ, ਜਾਂ ਫਿਰ, ਕਿਸੇ ਰਾਣੀ ਸੁੰਦਰਾਂ ਦੀ ਤਾਕ ਵਿਚ, ਕਈ ਸਾਲਾਂ ਬਾਦ ਆਣ ਕੇ, ਪਿੰਡ ਵਿਚ ਹੀ ਅਲਖ ਜਗਾ ਦਿੱਤੀ। ਫਿਰ ਕੀ ਸੀ। ਕਰਮਾਂ ਮਾਰੇ ਦੇ ਕਰਮੀ ਪੱਲੇ ਪੈ ਗਈ। ਹੋਇਆ ਇਹ ਕਿ ਇਹਦੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਕਾਰਣ ਉਹਦੀ ਘਰ ਵਾਲ਼ੀ ਕਰਮੀ ਹਾਲੋਂ ਬੇਹਾਲ ਹੋਈ ਪਈ ਸੀ। ਹਾਲ ਚਾਲ ਪੁੱਛਣ ਲਈ ਘਰੇ ਗਿਆ ਤਾਂ ਉਸਨੂੰ ”ਬੱਚਾ” ਕਹਿ ਕੇ ਬੁਲਾਇਆ। ਕਹਿੰਦੇ ਹਨ ਕਿ ਇਕ ਰਾਤ ‘ਚ ਹੀ ਸੋਹਣ ਦੇ ਅੰਦਰਲਾ ਜੋਗੀ ਭੋਗੀ ਦੇ ਰੂਪ ‘ਚ ਵਟ ਗਿਆ ਸੀ। ਕਰਮੀ ਨੂੰ ਬੱਚਾ ਕਹਿਣ ਵਾਲ਼ਾ ਜੋਗੀ ਸੋਹਣ ਸਵੇਰ ਹੁੰਦੇ ਸਾਰ ਉਹਦੇ ਨਿਆਣਿਆਂ ਨੂੰ ਬੱਚਾ ਕਹਿਣ ਲਗ ਪਿਆ। ਪਿੰਡਾਂ ਦੇ ਲੋਕ ਵੀ ਬੜੇ ਜਾਣੀ ਜਾਣ ਹੁੰਦੇ ਹਨ। ਸੋਹਣ ਦੇ ਜੋਗ ਦਾ, ਭੋਗ ਪੈ ਗਿਆ ਜਾਣ ਕੇ, ਲੋਕਾਂ ਨੇ ਦੁਪਹਿਰ ਨੂੰ ਹੀ ਇਨ੍ਹਾਂ ਲਈ ਚਾਦਰ ਦਾ ਬੰਦੋਬਸਤ ਕਰ ਦਿਤਾ।
ਉਸ ਨੂੰ ਸਾਰੇ ਹੱਟੀ ਵਾਲ਼ਾ ਸੋਹਣ ਕਹਿ ਕੇ ਬੁਲਾਉਂਦੇ ਸਨ। ਪਰ ਉਸ ਦੇ ਪਾਟੇ ਹੋਏ ਕੰਨ ਗਵਾਹੀ ਭਰਦੇ ਸਨ ਕਿ ਉਸ ਦੇ ਅੰਦਰ ਹਲੇ ਵੀ ਕੋਈ ਜੋਗੀ ਛੁਪਿਆ ਹੋਇਆ ਸੀ, ਜੋ ਰਾਣੀ ਸੁੰਦਰਾਂ ਨਹੀਂ, ਕਿਸੇ ਕਲਜੋਗਣ ਦੀ ਭਾਲ਼ ‘ਚ ਰਹਿੰਦਾ ਸੀ। ਇਸੇ ਭਾਲ ਸਦਕਾ ਉਹ ਝੱਟ ਪੱਟ ਸੁਆਮੀ ਨਾਲ ਹੋ ਤੁਰਿਆ। ਉਸ ਦਾ ਖ਼ਿਆਲ ਸੀ ਕਿ ਸੁਆਮਣ ਅੰਦਰ ਕੋਈ ਕਲਜੋਗਣ ਵੀ ਤਾਂ ਹੋ ਸਕਦੀ ਹੈ! ਸੁਆਮੀ ਤੇ ਸੋਹਣ ਇਕੱਠੇ ਤੁਰੇ ਜਾਂਦੇ ਅਜੀਬ ਜਹੇ ਲਗਦੇ। ਦੋਹੇ ਅੱਧੇ ਕੁ ਹਿੰਦੂ ਤੇ ਅੱਧੇ ਕੁ ਸਿਖ। ਦੋਹਾਂ ਦੀਆਂ ਪੱਗਾਂ, ਧੋਤੀਆਂ ਤੇ ਕਮੀਜ਼ਾਂ ਦਾ ਆੜੂ ਰੰਗ, ਇਵੇਂ ਪ੍ਰਭਾਵ ਦਿੰਦਾ, ਜਿਵੇਂ ਜਨਮਾਂ ਜਨਮਾਂ ਦੇ ਆੜੂ, ਨਹੀਂ, ਆੜੀ ਤੁਰੇ ਜਾ ਰਹੇ ਹੋਣ; ਜਿਨ੍ਹਾਂ ਨੇ ਜੋਗ ਤੇ ਭੋਗ ਦੇ, ਕਿਤੇ ਨਾ ਮਿਲਣ ਵਾਲ਼ੇ, ਦਿਸਹੱਦਿਆਂ ਨੂੰ ਇਕ ਕਰ ਦਿਖਾਇਆ ਸੀ।
ਸੁਆਮੀ ਦੇ ਅੰਦਰ ਵੜਦਿਆਂ ਸੋਹਣ ਦੇ ਤੌਰ ਬਦਲ ਜਾਂਦੇ। ਉਸ ਨੂੰ ਦੇਖਦੇ ਸਾਰ ਸੁਆਮਣ ਵੀ ਜ਼ੋਰ ਜ਼ੋਰ ਦੀ ਸ਼ੂੰਹ ਸ਼ਾਂਹ, ਹੀਸ਼ ਹਾਸ਼ ਕਰਨ ਲਗ ਪੈਂਦੀ। ਜਾਪਦਾ ਜਿਵੇ ਸੁਆਮਣ ਦੇ ਅੰਦਰ ਭੂਤ ਪ੍ਰੇਤ ਤੇ ਕਲ਼ਜੋਗਣਾਂ ਹੁੜਦੰਗ ਮਚਾ ਰਹੀਆਂ ਹੋਣ। ਘਬਰਾਏ ਹੋਏ ਸੁਆਮੀ ਸਾਹਮਣੇ ਸੋਹਣ ਇਸਤਰ੍ਹਾਂ ਪੇਸ਼ ਆਉਂਦਾ ਜਿਵੇਂ ਉਹ ਭੂਤਾਂ ਦਾ ਬਾਪ ਤੇ ਕਲ਼ਜੋਗਣਾਂ ਦਾ ਖਸਮ ਹੋਵੇ। ਇਕ ਭਿਅੰਕਰ ਜਿਹਾ ਨਾਟਕ ਸ਼ੁਰੂ ਹੋ ਜਾਂਦਾ। ਸੋਹਣ ਦੇ ਡਾਇਲਾਗ ਤਾਂ ਉਹ ਖ਼ੁਦ ਬੋਲਦਾ, ਪਰ ਭੂਤਾਂ ਦੇ ਡਾਇਲਾਗ ਸੁਆਮਣ ਕੁਛ ਇਸ ਤਰ੍ਹਾਂ ਬੋਲਦੀ ਕਿ ਸੋਹਣ ਨੂੰ ਹੀ ਉਨ੍ਹਾਂ ਦੀ ਵਿਆਖਿਆ ਕਰਨੀ ਪੈਂਦੀ। ਇਧਰੋਂ ਸੋਹਣ ਗਰਜਦਾ, ਉਧਰੋਂ ਸੁਆਮਣ। ਇਕ ਅਜੀਬ ਤਾਂਡਵ ਜੋ ਸੁਆਮੀ ਤੋਂ ਦੇਖਿਆ ਨਾ ਜਾਂਦਾ। ਇਸ ਵੇਲੇ ਸੁਆਮਣ ਅੰਦਰਲਾ ਜਿੰਨ ਵੀ ਸੁਆਮੀ ਨੂੰ ਬੱਚਾ ਆਖਣ ਲੱਗ ਪੈਂਦਾ। ਫਿਰ ਸੋਹਣ, ਥੋੜ੍ਹਾ ਨਰਮ ਪੈ ਕੇ, ਸੁਆਮੀ ਨੂੰ ਬਾਹਰ ਜਾਣ ਲਈ ਆਖਦਾ, ਕਿ ਭੂਤ ਉਹਦੇ ਸਾਹਮਣੇ ਪਰਗਟ ਨਹੀਂ ਹੋਣਗੇ। ਦਰਵਾਜ਼ੇ ਦੇ ਬਾਹਰ ਪਿੰਡ ਦੀ ਮੁੰਡੀਹਰ ਝਾਤੀਆਂ ਮਾਰ ਮਾਰ ਅੰਦਰਲੇ ਹਾਲਾਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਦੀ। ਪਰ ਸੁਆਮਣ ਦੇ ਫ਼ੁੰਕਾਰਿਆਂ ਤੋਂ ਡਰਦੇ ਮਾਰੇ ਲੁਕ ਲੁਕ ਵੀ ਜਾਂਦੇ।
ਪਰ ਅੱਜ ਇਸ ਰਾਸ ਦਾ ਇਕ ਨਵਾਂ ਕਾਂਡ ਸ਼ੁਰੂ ਹੋ ਗਿਆ ਸੀ। ਸੁਆਮੀ ਬਾਹਰ ਮੁਸ਼ਟੰਡਿਆਂ ਦੇ ਊਟਪਟਾਂਗ ਸਵਾਲਾਂ ‘ਚ ਇਵੇਂ ਘਿਰਿਆ ਹੋਇਆ ਸੀ, ਜਿਵੇਂ ਕੋਈ ਨਲਾਇਕ ਮੰਤਰੀ ਘਾਘ ਪੱਤਰਕਾਰਾਂ ਦੇ ਵੱਸ ਪੈ ਗਿਆ ਹੋਵੇ। ਅੰਦਰ ਕੀ ਹੋ ਰਿਹਾ ਸੀ, ਕੋਈ ਨਹੀਂ ਸੀ ਜਾਣਦਾ। ਸਾਰੇ ਆਪੋ ਅਪਣੀ ਸੂਝ੍ਹ ਬੂਝ੍ਹ ਅਨੁਸਾਰ ਸਿਰਫ਼ ਕਿਆਫ਼ੇ ਲਗਾ ਰਹੇ ਸਨ। ਅੰਦਰ ਗੁੱਗਲ਼ ਦੀਆਂ ਲਪਟਾਂ ਵਿਚ ਕਹਿਰਾਂ ਦੀ ਘਮਸਾਣ ਹੋ ਰਹੀ ਸੀ। ਹੂਸ਼ ਹਾਸ਼, ਸ਼ੂੰ ਸ਼ਾਂ, ਧੂੰਮ ਧੜੱਕ ਚਿਮਟੇ ਖੜਕਦੇ। ਕੋਈ ਕੱਲਾ ਕਾਰਾ ਮਿਰਜ਼ਾ, ਜਿਵੇਂ ਸੈਹਬਾਂ ਦੇ ਨਹੀਂ, ਸੁਆਮਣ ਦੇ ਜਿੰਨ ਭੂਤਾਂ ‘ਚ ਘਿਰ ਗਿਆ ਹੋਵੇ। ਕੋਈ ਪੌਣੇ ਘੈਂਟੇ ਬਾਦ ਦਰਵਾਜ਼ਾ ਖੁੱਲਿ੍ਹਆ। ਸੋਹਣ ਮੁੜ੍ਹਕੋ ਮੁੜਕੀ ਹੋਇਆ, ਦੰਦ ਲਿਸ਼ਕਾਉਂਦਾ, ਬਾਹਰ ਨਿਕiਲ਼ਆ, ਜਿਵੇਂ ਸਿਕੰਦਰ ਨੇ ਕੋਈ ਮੁਲਕ ਫ਼ਤੇਹ ਕਰ ਲਿਆ ਹੋਵੇ। ਮਲਕੜੇ ਜਹੇ ਸੁਆਮੀ ਕੋਲ਼ ਆ ਕੇ ਕਹਿਣ ਲੱਗਾ, ”ਸੱਜਣਾ, ਬਹੁਤ ਔਖੇ ਦੁੜਾਏ”। ਸੁਆਮੀ ਦੇ ਕੰਨ ਹਲੇ ”ਬੱਚਾ” ਦੀ ਤਵੱਕੋ ‘ਚ ਸਨ ਕਿ ਸੋਹਣ ਉਸ ਨੂੰ ”ਸੱਜਣਾ” ਕਹਿ ਕੇ ਦਰਵਾਜ਼ਿਉਂ ਬਾਹਰ ਹੋ ਗਿਆ। ਪਿੰਡ ਦੀ ਮੁੰਡੀਹਰ ਸੁੱਚਾ, ਗੋਗੀ, ਮਾੜਾ, ਘੁੱਲ੍ਹਾ ਅਤੇ ਸਰਬਣ ਸੋਹਣ ਦੇ ਮੁੜ੍ਹਕੇ, ਦੰਦੀਆਂ ਦੀ ਲਿਸ਼ਕ ਤੇ ਉਸ ਦੀ ਜੱਜਰ ਦੇਹ ਤੋਂ, ਆਪੋ ਅਪਣੀਆਂ ਸੋਚਾਂ ਦੇ ਘੋੜੇ ਦੁੜਾਉਂਦੇ, ਅਪਣੀਆਂ ਹੀ, ਅਬੁੱਝ ਚਾਹਤਾਂ ਦਾ ਸੁਆਦ ਲੈ ਰਹੇ ਸਨ।
ਸੁਆਮੀ ਰਤਾ ਕੁ ਜੇਰਾ ਕਰਕੇ ਅੰਦਰ ਗਿਆ ਤਾਂ ਸੋਹਣ ਦਾ ਚਿਮਟਾ ਭੁੱਲਿਆ ਦੇਖ, ਚੁੱਕ ਕੇ ਉਹਦੇ ਮਗਰ ਦੌੜ ਪਿਆ। ਸੋਚਿਆ ਕਿਤੇ ਚਿਮਟੇ ਵਿਚ ਕੋਈ ਭੂਤ ਹੀ ਨਾ ਫਸਿਆ ਰਹਿ ਗਿਆ ਹੋਵੇ। ਕਾਹਲ਼ੇ ਕਦਮੀਂ ਅਪਣੇ ਘਰੇ ਪਹੁੰਚ ਚੁੱਕਾ ਸੋਹਣ ਚਿਮਟਾ ਫੜ ਕੇ ਸੁਆਮੀ ਨੂੰ ਅਪਣੇ ਕੋਲ਼ ਬਹਾ ਕੇ ਦੱਸਣ ਲੱਗ ਪਿਆ ਕਿ ਉਸ ਨੇ ਕਿਵੇਂ ਭੂਤਾਂ ਨੂੰ ਪਟਕਾ ਪਟਕਾ ਕੇ ਧਰਤੀ ‘ਤੇ ਮਾਰਿਆ, ਤੇ ਕਿਵੇਂ ਉਹ ਤਰਲੇ ਕਰ ਕਰ ਉਸ ਤੋਂ ਜਾਨ ਬਚਾ ਕੇ ਗਏ, ਅਤੇ ਕਿਵੇਂ ਉਸ ਅੰਦਰਲੀ ਕਲ਼ਜੋਗਣ ਨੂੰ, ਵੱਸ ਵਿਚ ਕਰਕੇ, ਅੱਜ ਅਪਣੇ ਨਾਲ਼ ਹੀ ਲੈ ਆਇਆ ਹੈ। ਸੁਆਮੀ ਨੇ ਉਸ ਦੀਆਂ ਇਨ੍ਹਾਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਯਕੀਨ ਅੰਬ ਖਾਣ ‘ਚ ਸੀ ਨਾ ਕਿ ਬੂਟੇ ਗਿਣਨ ਵਿਚ। ਉਹ ਫ਼ਟਾ ਫ਼ਟ ਉਠ ਕੇ ਘਰੇ ਆਇਆ ਤਾਂ ਸੁਆਮਣ ਘੂਕ ਸੁਤੀ ਪਈ ਸੀ, ਜਿਵੇਂ ਮਰੀ ਪਈ ਹੋਵੇ। ਉਹ ਮਨ ਹੀ ਮਨ ਸੋਹਣ ਨੂੰ ਰੱਜ ਰੱਜ ਦੁਆਵਾਂ ਦੇਣ ਲੱਗਾ ਤੇ ਸੁਆਮਣ ਵੱਲ ਮੂੰਹ ਕਰਕੇ ਉਸ ਦੇ ਨੈਣ ਨਕਸ਼ ਨਿਹਾਰਦਾ ਨਿਹਾਰਦਾ ਸੌਂ ਗਿਆ।
ਕੋਈ ਲੌਢੇ ਵੇਲੇ, ਸੁਪਨੀਂਦਰੇ ਜਹੇ ਵਿਚ, ਸੁਆਮੀ ਦੇ ਕੰਨੀ ਅਵਾਜ਼ ਪਈ, ”ਜੀ, ਤੁਸੀਂ ਆ ਗਏ?” ਜੁੱਗਾਂ ਜੁਗਾਂਤਰਾਂ ਤੋਂ ਇਨ੍ਹਾਂ ਸ਼ਬਦਾਂ ਨੂੰ ਤਰਸਦਾ ਸੁਆਮੀ ਤ੍ਰਭਕ ਕੇ ਉਠਿਆ। ਸੁਆਮਣ ਵੱਲ੍ਹ ਦੇਖ ਕੇ ਸ਼ੱਕ ਤੇ ਯਕੀਨ ਦੇ ਝੁਸਮੁਸੇ ਜਹੇ ਵਿਚ ਉਲ਼ਝ ਗਿਆ। ਪਰ ਉਸ ਨੂੰ ਜਾਪਿਆ ਜਿਵੇਂ ਸੌ ਸਰੰਗੀਆਂ ਉਸ ਦੇ ਕੰਨ ‘ਚ ਇਕੱਠੀਆਂ ਹੀ ਗੂੰਜ ਪਈਆਂ ਹੋਣ। ਜੀ ਦਾਨ ਵਾਲ਼ੇ ਇਨ੍ਹਾਂ ਸ਼ਬਦਾਂ ਵਿਚ ਯਕੀਨ ਨਾ ਕਰਨ ਨੂੰ ਉਸ ਦਾ ਜੀ ਨਾ ਕੀਤਾ। ਉਹ ਸੋਹਣ ਨੂੰ ਸੌ ਸੌ ਦੁਆਵਾਂ ਦੇਣ ਲੱਗਾ, ਜੋ ਸੁਆਮਣ ਦੀ ਜੀਭ ‘ਤੇ ਹਰ ਵੇਲ਼ੇ ਸਵਾਰ, ਗਾਲ਼ਾਂ ਦੀ ਦੇਵੀ, ਕਲ਼ਜੋਗਣ ਨੂੰ ਵੀ, ਵੱਸ ਵਿਚ ਕਰਕੇ ਨਾਲ ਲੈ ਗਿਆ ਸੀ। ਉਸਨੇ ਅਪਣੀ ਇਸ ਸੁਰਗ ਪਰੀ ਨੂੰ ਖ਼ੁਸ਼ ਕਰਨ ਲਈ ਪਤੀਲੀ ਚੁੱਕੀ, ਡੇਢ ਕੱਪ ਪਾਣੀ ਪਾਇਆ, ਆਏ ਗਏ ਲਈ ਸਾਂਭ ਕੇ ਰੱਖੀ, ਖੰਡ ਦੀਆਂ ਚਾਰ ਚੁਟਕੀਆਂ ਪਾਈਆਂ ਤੇ ਅੱਗ ਬਾਲ਼ ਕੇ ਚੁੱਲੇ ‘ਤੇ ਧਰ ਦਿਤੀ। ਗਲਾਸ ‘ਚ ਪਾਣੀ ਪਾਇਆ ਤੇ ਬੱਕਰੀ ਚੋਣ ਚਲਾ ਗਿਆ। ਅੱਜ ਪਤਾ ਨਹੀਂ ਸੋਹਣ ਬੱਕਰੀ ਵਿਚੋਂ ਵੀ ਸੁਆਮਣ ਦੀ ਭੈਣ ਨੂੰ ਵੱਸ ਵਿਚ ਕਰਕੇ ਨਾਲ਼ ਲੈ ਗਿਆ ਸੀ, ਕਿ ਬੱਕਰੀ ਨੇ ਬੜੇ ਤਹੱਮਲ ਨਾਲ਼ ਸੁਆਮੀ ਨੂੰ ਦੁਧ ਚੋ ਲੈਣ ਦਿੱਤਾ। ਉਸ ਦਾ ਜੀ ਕੀਤਾ ਕਿ ਅੱਜ ਫਿਰ ਸੁਆਮਣ ਉਸ ਨੂੰ ਅਪਣੱਤ ਨਾਲ ”ਖੋਤਾ” ਕਹੇ। ਉਸਨੇ ਪੌਣਾ ਗਲਾਸ ਦੁੱਧ ਚੋਇਆ। ਚੁਟਕੀ ਪੱਤੀ ਪਾਈ ਤੇ ਦੁੱਧ ਉਲੱਟ ਦਿਤਾ। ਚਾਹ ਵੀ ਝੱਟ ਉਬਾਲ਼ਾ ਖਾ ਗਈ, ਜਿਵੇਂ ਸੋਹਣ ਸਾਰੇ ਘਰ ਦੀਆਂ ਕਲ਼ਜੋਗਣਾਂ ਨੂੰ ਧੂਹ ਕੇ ਨਾਲ਼ ਲੈ ਗਿਆ ਹੋਵੇ। ਚਾਹ ਫੈਂਟ ਕੇ ਕੱਪਾਂ ‘ਚ ਪਾਈ ਤੇ ਸੁਆਮਣ ਮੂਹਰੇ ਜਾ ਧਰੀ। ”ਖੋਤਾ” ਸੁਣਨ ਦਾ ਚਾਹਵਾਨ, ਅੱਜ ਚਾਅ ਵਿਚ, ਚਾਹ ‘ਚ ਕੁਝ ਪਾਉਣਾ ਵੀ ਨਾ ਭੁੱਲ ਸਕਿਆ।
ਸੁਆਮਣ ਘੂਕ ਸੁੱਤੀ ਪਈ ਸੀ, ਜਿਵੇਂ ਮਰੀ ਪਈ ਹੋਵੇ। ਸੁਆਮੀ ਨੇ ਥੋੜ੍ਹਾ ਲਾਡ ਵਿਚ, ਥੋੜ੍ਹਾ ਝੇਡ ਵਿਚ ਤੇ ਥੋੜ੍ਹਾ ਹੱਕ ਨਾਲ਼ ਆਖਿਆ, ”ਉਠ ਵੀ ਖੜ੍ਹ ਹੁਣ”। ਕੋਈ ਹੁੰਘਾਰਾ ਨਾ ਆਇਆ ਦੇਖ, ਸੁਆਮੀ ਨੇ ਸੌ ਹਿੰਮਤ ਕਰਕੇ ਉਸ ਨੂੰ ਹਿਲਾਇਆ। ਸੁਆਮੀ ਦੀ ਸੁਰਗ ਪਰੀ, ਸੁਰਗ ਪੁਰੀ ਨੂੰ ਜਾ ਚੁੱਕੀ ਸੀ। ਉਹ ਸੁੱਤੀ ਨਹੀ ਸੀ, ਮਰੀ ਪਈ ਸੀ, ਜਿਵੇਂ ਘੂਕ ਸੁੱਤੀ ਹੋਵੇ!
ਸਾਰੇ ਜਿੰਨ, ਸਾਰੇ ਭੂਤ ਤੇ ਸਾਰੀਆਂ ਕਲ਼ਜੋਗਣਾਂ ਸੁਆਮੀ ਦੇ ਦਿਮਾਗ਼ ‘ਚ ਆ ਵੜੀਆਂ। ਉਹ ਦਰਵਾਜ਼ੇ ‘ਚ ਖੜ੍ਹ ਕੇ ਭੁਬੀਂ ਰੋਣ ਲੱਗ ਪਿਆ। ਅੱਜ ਉਹ ਦੂਜੀ ਵਾਰ ਰੋਇਆ ਸੀ। ਇਕ ਵਾਰ ਗੁਆਂਢੀਆਂ ਦੇ ਉਠਣ ‘ਤੇ ਦੂਜਾ ਅੱਜ ਅਪਣੇ ਉਜੜਨ ‘ਤੇ। ਉਜੜੇ ਥੇਹ ‘ਤੇ ਖੜ੍ਹੇ ਧਾਹਾਂ ਮਾਰਦੇ ਸੁਆਮੀ ਨੂੰ ਦਿਲਬਰੀ ਦੇਣ ਵਾਲ਼ਾ ਕੋਈ ਨਹੀਂ ਸੀ। ਸਭ ਜਿੰਨਾਂ, ਭੂਤਾਂ ਪ੍ਰੇਤਾਂ ਤੇ ਕਲ਼ਜੋਗਣਾਂ ਦੇ ਕਹਿਰ ‘ਤੋਂ ਡਰਦੇ ਮਾਰੇ, ਅਪਣੇ ਘਰਾਂ ਨੂੰ ਜਾ ਚੁੱਕੇ ਸਨ।

ਅਵਤਾਰ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!