ਮੈਕਲਾਉਡ ਬਾਰੇ ਤਾਤਲੇ ਦਾ ਲੇਖ – ਬਲਕਾਰ ਸਿੰਘ

Date:

Share post:

ਦਰਸ਼ਨ ਸਿੰਘ ਤਾਤਲੇ ਦੇ ਲੇਖ ‘’’ਸਿੱਖ ਧਰਮ ਦਾ ਖੋਜੀ ਮੈਕਲਾਉਡ‘ (ਹੁਣ-7) ਨਾਲ਼ ਸਿੱਖ ਧਰਮ ਚਿੰਤਨ ਦੀ ਅਕਾਦਮਿਕਤਾ ਬਾਰੇ ਖੁੱਲ੍ਹੇ ਵਿਚਾਰ-ਵਟਾਂਦਰੇ ਦਾ ਅਵਸਰ ਪੈਦਾ ਹੋ ਗਿਆ ਹੈ। ਸਿੱਖ ਅਕਾਦਮਿਕਤਾ ਦੇ ਅਣਗੌਲ਼ੇ ਸੋਮਿਆਂ ਬਾਰੇ ਜਿਹੜੇ ਮੁੱਦੇ ਪ੍ਰੋਫ਼ੈਸਰ ਮੈਕਲਾਉਡ ਦੀਆਂ ਲਿਖਤਾਂ ਨਾਲ਼ ਸਾਹਮਣੇ ਆਏ ਹਨ, ਉਹ ਪਹਿਲਾਂ ਇਸ ਤਰ੍ਹਾਂ ਤੇ ਏਨੇ ਤਿੱਖੇ ਕਦੇ ਵੀ ਨਹੀਂ ਸਨ; ਹਾਲਾਂਕਿ ਮੈਕਲਾਉਡ ਤੋਂ ਪਹਿਲਾਂ ਵੀ ਪੱਛਮ ਵਿਚ ਪਲ਼ੇ-ਪੜ੍ਹੇ ਵਿਦਵਾਨਾਂ ਨੇ ਸਿੱਖ ਧਰਮ ਬਾਰੇ ਲਿਖਿਆ ਸੀ।
ਸਿੱਖ ਧਰਮ ਦੇ ਵਿਦਿਆਰਥੀ ਵਜੋਂ ਮੈਂ ਮੈਕਲਾਉਡ ਅਤੇ ਉਹਦੇ ਜਵਾਬ ਵਿਚ ਲਿਖੀਆਂ ਲਿਖਤਾਂ ਨੂੰ ਲਗਾਤਾਰ ਪੜ੍ਹਦਾ ਰਿਹਾ ਹਾਂ। ਪੜ੍ਹਦਿਆਂ-ਲਿਖਦਿਆਂ ਮੈਨੂੰ ਤਾਤਲੇ ਵਾਲ਼ੇ ਸੰਤਾਪ ਜਾਂ ਸ਼ਰਮ ਦਾ ਸ਼ਿਕਾਰ ਇਸ ਲਈ ਨਹੀਂਂ ਹੋਣਾ ਪਿਆ, ਕਿਉਂਕਿ ਮੈਨੂੰ ਪਤਾ ਹੈ ਕਿ ਸਿੱਖ ਧਰਮ ਚਿੰਤਨ ਨੂੰ ਮੁੱਢੋਂ ਹੀ ਸਮਾਨਾਂਤਰ ਪਹੁੰਚ-ਵਿਧੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਠੀਕ ਹੈ ਕਿ ਜਿਸ ਤਰ੍ਹਾਂ ਸਮਕਾਲੀ ਸਿੱਖ ਚੇਤਨਾ ਨੇ ਮੈਕਲਾਉਡ ਦਾ ਵਿਰੋਧ ਕੀਤਾ ਹੈ, ਉਹ ਪਹਿਲਾਂ ਨਹੀਂਂ ਹੋਇਆ ਸੀ। ਵਿਰੋਧ ਵਿਚ ਸਮਝੇ ਜਾਣ ਵਾਲ਼ੇ ਵਿਚਾਰਾਂ ਦੀ ਚਸਕ ਸਮਕਾਲੀ ਸਥਿਤੀਆਂ ਵਿਚ ਜਿਵੇਂ ਅੱਜ ਮਹਿਸੂਸ ਹੁੰਦੀ ਹੈ, ਉਹਦੇ ਵੀ ਕਾਰਣ ਹਨ। ਸੰਨ 1708 ਤਕ ਸਿੱਖੀ ਦੇ ਵਿਰੋਧ ਵਿਚ ਲਿਖਣ ਵਾiਲ਼ਆਂ ਦਾ ਨਿਸ਼ਾਨਾ ਗੁਰਗੱਦੀ ਸੀ ਅਤੇ ਉਨ੍ਹਾਂ ਬਾਰੇ ਵਰਤੀਆਂ ਗਈਆਂ ਵਿਧੀਆਂ ਵੱਖਰੀਆਂ ਸਨ। ਵਧੇਰੇ ਲਿਖਤਾਂ ਪੰਜਾਬ ਵਿਚ ਅੰਗਰੇਜ਼ਾਂ ਦੀ ਹਕੂਮਤ ਵੇਲੇ ਪੈਦਾ ਹੋਈਆਂ ਅਤੇ ਉਨ੍ਹਾਂ ਵਿਚ ਬਹੁਤੀਆਂ ਸਿੱਖੀ ਅਤੇ ਸਿੱਖਾਂ ਨੂੰ ਸਮਝਣ ਲਈ ਸਨ। ਅੰਗਰੇਜ਼ ਹਾਕਮਾਂ ਨੂੰ ਜੇ ਇਹ ਪਤਾ ਲੱਗਾ ਕਿ ਸ਼ਰਧਾ ਰਾਮ ਫਲੌਰੀ ਦੀਆਂ ਲਿਖਤਾਂ ਵਿਚ ਹਿੰਦੂ ਦ੍ਰਿਸ਼ਟੀਕੋਣ ਪ੍ਰਬਲ ਹੋ ਗਿਆ ਹੈ ਅਤੇ ਸਿੱਖੀ ਨੂੰ ਸਿੱਖੀ ਦੇ ਪ੍ਰਸੰਗ ਵਿਚ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ, ਤਾਂ ਉਨ੍ਹਾਂ ਨੇ ਰਤਨ ਸਿੰਘ ਭੰਗੂ ਨੂੰ ਸਿੱਖਾਂ ਬਾਰੇ ਸੱਚ ਜਾਨਣ/ਦਸਣ ਲਈ ਲਭ ਲਿਆ। ਕਹਿਣ ਦਾ ਭਾਵ ਇਹ ਹੈ ਕਿ ਪੱਛਮੀ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਨੂੰ ਜਦੋਂ ਗਿਆਨੀ ਲਾਲ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਛਾਪਿਆ, ਤਾਂ ਇਹਦਾ ਇਸ ਲਈ ਸੁਆਗਤ ਹੋਇਆ ਕਿ ਇਨ੍ਹਾਂ ਵਿਚ ਲੇਖਕਾਂ ਨੇ ਬੇਈਮਾਨੀ ਨਾਲ਼ ਜਾਂ ਮੰਤਵਪੂਰਤੀ ਲਈ ਨਹੀਂ ਲਿਖਿਆ ਸੀ। ਪਰ ਇਹ ਗੱਲ ਮੈਕਲਾਉਡ ਬਾਰੇ ਨਹੀਂ ਕਹੀ ਜਾ ਸਕਦੀ।
ਸਿੱਖੀ ਦੇ ਵਿਰੋਧ ਵਿਚ ਲਿਖਤੀ ਹਵਾਲਿਆਂ ਨੂੰ ਜਿਸ ਤਰ੍ਹਾਂ ਮੈਕਲਾਉਡ ਨੇ ਪੱਛਮੀ ਖੋਜ ਵਿਧੀਆਂ ਦੀ ਆੜ ਵਿਚ ਬੇਕਿਰਕੀ ਨਾਲ਼ ਵਰਤਿਆ ਹੈ, ਉਸ ਨਾਲ਼ ਪੱਛਮੀ ਤਰਜ਼ ਵਿਚ ਪਲਣ ਵਾਲਿਆਂ ਇਹ ਭੁਲੇਖਾ ਪੈਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਕਿ ਅਸਲ ਸਿੱਖੀ ਉਹ ਹੈ, ਜੋ ਮੈਕਲਾਉਡ ਦੱਸ ਰਿਹਾ ਹੈ। ਇਹਦੇ ਵਿਰੋਧ ਵਿਚ ਆਵਾਜ਼ ਬਿਲਕੁਲ ਸਰਦਾਰ ਦਲਜੀਤ ਸਿੰਘ ਦੀ ਅਗਵਾਈ ਵਿਚ ਚੰਡੀਗੜ੍ਹੋਂ ਹੀ ਉੱਠੀ ਸੀ। ਪਰ ਇਸ ਵਿਚ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਸ਼ਾਮਿਲ ਸਨ। ਜੋ ਵਿਦਵਾਨ ਇਸ ਮੁਹਿੰਮ ਦਾ ਹਿੱਸਾ ਨਹੀਂ ਬਣੇ, ਉਹ ਵੀ ਮੈਕਲਾਉਡ ਨਾਲ਼ ਇਸ ਤਰ੍ਹਾਂ ਸਹਿਮਤ ਨਹੀਂ ਸਨ, ਜਿਸ ਤਰ੍ਹਾਂ ਮੈਕਲਾਉਡ ਦੇ ਹਮਾਇਤੀਆਂ ਨੇ ਸਮਝ ਲਿਆ ਹੈ। ਮੇਰੇ ਘਰ ਗੁਰਦਿਆਲ ਸਿੰਘ ਬੱਲ ਨੇ ਪ੍ਰੋਫ਼ੈਸਰ ਜੇ. ਐੱਸ. (ਜਗਤਾਰ ਸਿੰਘ) ਗਰੇਵਾਲ਼ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਮੈਕਲਾਉਡ ਤੋਂ ਕਿੰਨੇ-ਕੁ ਪ੍ਰਭਾਵਿਤ ਹੋ? ਗਰੇਵਾਲ਼ ਦਾ ਸਪੱਸ਼ਟ ਉੱਤਰ ਸੀ ਕਿ ਸਵਾਲ ਹੀ ਗ਼ਲਤ ਹੈ। ਮੈਂ ਮੈਕਲਾਉਡ ਤੋਂ ਕਿਉਂ ਪ੍ਰਭਾਵਿਤ ਹੋਵਾਂਗਾ? ਜਦੋਂ ਮੈਕਲਾਉਡ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਮੈਂ ਸਿੱਖ ਇਤਿਹਾਸਕਾਰ ਵਜੋਂ ਸਥਾਪਿਤ ਸੀ। ਪ੍ਰਭਾਵਿਤ ਹੋਣ ਦੀ ਗੱਲ ਮੈਕਲਾਉਡ ਤੋਂ ਤਾਂ ਪੁੱਛੀ ਜਾ ਸਕਦੀ ਹੈ, ਮੇਰੇ ਕੋਲ਼ੋਂ ਨਹੀਂ। ਮੈਕਲਾਉਡ ਦੀ ਹਿਮਾਇਤ ਵਿਚ ਤਾਂ ਉਹਦੇ ਵਿਦਿਆਰਥੀਆਂ ਤੋਂ ਬਿਨਾਂ ਕੋਈ ਨਹੀਂ ਨਿਤਰਿਆ। ਮੈਕਲਾਉਡ ਨੂੰ ਮੈਕਲਾਉਡ ਦੇ ਪ੍ਰਸੰਗ ਵਿਚ ਸਲਾਹੁਣਾ ਹੋਰ ਗੱਲ ਹੈ ਅਤੇ ਉਹਨੂੰ ਸਿੱਖੀ ਦੇ ਲੇਖਕ ਵਜੋਂ ਹਜ਼ਮ ਕਰਨਾ ਹੋਰ ਗੱਲ ਹੈ। ਤਾਤਲੇ ਨੇ ਬਹੁਤ ਕੁਝ ਉਲ਼ਝਾ ਦਿੱਤਾ ਹੈ ਅਤੇ ਲੱਗਦਾ ਹੈ ਕਿ ਉਹ ਮੈਕਲਾਉਡ ਨਾਲ਼ੋਂ ਵੀ ਵਧ ਮੈਕਲਾਉਡੀਅਨ ਹੋਣ ਦਾ ਸ਼ਿਕਾਰ ਹੋ ਗਿਆ ਹੈ। ਮੇਰਾ ਵਿਸ਼ਵਾਸ ਹੈ ਕਿ ਮੈਕਲਾਉਡ ਨੂੰ ਇਹ ਪਤਾ ਹੋਵੇਗਾ ਕਿ ਕਿਸੇ ਵੀ ਧਰਮ ਚਿੰਤਨ ਦੇ ਵਿਰੋਧ ਵਿਚ ਲਿਖੀਆਂ ਗਈਆਂ ਲਿਖਤਾਂ ਵਿਚ ਆਏ ਤਲਖ਼ੀਆਂ ਪੈਦਾ ਕਰਣ ਵਾਲੇ ਹਵਾਲੇ, ਹੌਲ਼ੀ-ਹੌਲ਼ੀ ਵਿਰੋਧ ਵਾਸਤੇ ਵਿਰੋਧ ਵਾਂਙ ਹੀ ਪਰਵਾਨ ਹੋਣੇ ਹਨ। ਇਹੋ ਜਿਹੇ ਹਵਾਲਿਆਂ ਦੀ ਅਸਲੀਅਤ ਵਿਰੋਧ ਦੀ ਸਥਾਪਤੀ ਲਈ ਹਵਾਲਿਆਂ ਵਾਸਤੇ ਹੀ ਰਹਿ ਜਾਂਦੀ ਹੈ। ਤਾਤਲੇ ਨੂੰ ਫ਼ਿਕਰਮੰਦੀ ਦੀ ਇਸ ਲਈ ਵੀ ਲੋੜ ਨਹੀਂ ਹੈ, ਕਿਉਂਕਿ ਮੈਕਲਾਉਡ ਨੇ ਜਿਸ ਪਾਠਕ ਵਰਗ ਨੂੰ ਧਿਆਨ ਵਿਚ ਰਖਕੇ ਲਿਖਿਆ ਹੈ, ਉਸ ਵਿਚ ਆਮ ਸਿੱਖ ਸ਼ਾਮਿਲ ਹੀ ਨਹੀਂ ਹੈ। ਉਹ ਅਪਣੀ ਜੀਵਨੀ ਵਿਚ ਠੀਕ ਹੀ ਕਹਿੰਦਾ ਹੈ ਕਿ ਉਹਦੀਆਂ ਲਿਖਤਾਂ ਨੂੰ ਨਾ ਹੀ ਧਿਆਨ ਨਾਲ਼ ਪੜ੍ਹਿਆ ਗਿਆ ਹੈ ਅਤੇ ਨਾ ਹੀ ਸਿੱਖ ਭਾਈਚਾਰੇ ਵੱਲੋਂ ਉਹਨੂੰ ਕੋਈ ਮਾਣ-ਸਨਮਾਣ ਮਿiਲ਼ਆ ਹੈ। ਇਸ ਬਾਰੇ ਪ੍ਰੋਫ਼ੈਸਰ ਗਰੇਵਾਲ਼ ਅਪਣੀ ਤਾਜ਼ੀ ਪੁਸਤਕ ਵਿਚ ਕਹਿੰਦਾ ਹੈ ਕਿ ਮੈਕਲਾਉਡ ਸਿੱਖ ਇਤਿਹਾਸ ਬਾਰੇ ਸਮਝ ਨੂੰ ਵਧਾਉਣ ਵਿਚ ਨਹੀਂ ਵਧ ਸਕਿਆ ਅਤੇ ਉਹਦੀ ਸਕੌਲਰਸ਼ਿਪ ਪਾ-ਲਾਹ ਕੇ ‘ਨਿਉਟਰਲ ਗੀਅਰ’ ਵਿਚ ਭੱਜੀ ਜਾਂਦੀ ਲੱਗਦੀ ਹੈ।
ਮੇਰੇ ਮਨ ਵਿਚ ਤਾਂ ਮੈਕਲਾਉਡ ਦੀ ਸਿੱਖ ਧਰਮ ਦੇ ਲੇਖਕ ਵਜੋਂ ਕਦੇ ਵੀ ਕੋਈ ਕਦਰ ਨਹੀਂ ਸੀ, ਕਿੳਂੁਕਿ ਉਹਦੀਆਂ ਲਿਖਤਾਂ ਵਿਚ ‘ਬਾਣੀ’ ਦੀ ਤਾਸੀਰ ਗੁੰਮ ਹੈ। ਉਂਜ ਵੀ ਜਿਨ੍ਹਾਂ ਮਨਮਰਜ਼ੀ ਦੇ ਹਵਾਲਿਆਂ ਨਾਲ਼ ਉਹ ਮਿਥੇ ਹੋਏ ਨਤੀਜੇ ਕੱਢਦਾ ਹੈ, ਉਨ੍ਹਾਂ ਤਕ ਮੇਰੀ ਸਿੱਧੀ ਰਸਾਈ ਹੈ। ਕਾਰਣ ਇਹ ਹੈ ਕਿ ਉਹ ‘ਗ੍ਰੰਥ’ ਅਤੇ ‘ਪੰਥ’ ਦੇ ਦੋ ਕੰਢਿਆਂ ਵਿਚਕਾਰ ਵਗਦੇ ਸਿੱਖੀ ਦੇ ਦਰਿਆ ਦਾ ਨਾ ਹੀ ਮਰਮ ਹੰਢਾ ਸਕਿਆ ਹੈ ਅਤੇ ਨਾ ਹੀ ਉਹਦੇ ਜਲੌਅ ਨੂੰ ਸਮਝ ਸਕਿਆ ਹੈ। ਜਿਹੜੀ ਖੋਜ-ਵਿਧੀ ਉਹਨੇ ਸਿੱਖੀ ‘ਤੇ ਲਾਗੂ ਕਰ ਲਈ ਹੈ; ਉਹ ਸਿੱਖੀ ਨੂੰ ਤਾਂ ਕੀ, ਕਿਸੇ ਵੀ ਧਰਮ ਨੂੰ ਠੀਕ ਨਹੀਂ ਬੈਠ ਸਕਦੀ, ਕਿਉਂਕਿ ਉਸ ਵਿਚ ਕਿਸੇ ਵੀ ਧਰਮ ਦੀ ਚੂਲ ਵਿਸ਼ਵਾਸ ਅਤੇ ਪਰੰਪਰਾ ਨੂੰ ਕੋਈ ਥਾਂ ਹੀ ਨਹੀਂ ਹੈ। ਉਹਦੀਆਂ ਲਿਖਤਾਂ ਸ਼ਰਧਾਵਾਨ ਸਿੱਖ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਤਾਤਲੇ ਵਾਂਙ ਹੀ ਚੰਗੀਆਂ ਲਗ ਸਕਦੀਆਂ ਹਨ। ਇਸ ਧਾਰਨਾ ਦਾ ਆਧਾਰ ਇਹ ਹੈ ਕਿ ਉਹਨੇ ਗਿਣੀ-ਮਿਥੀ ਵਿਧੀ ਵਿਚ ਪੜ੍ਹੇ-ਲਿਖੇ ਸਿੱਖਾਂ ਨੂੰ ਅਪਣੀਆਂ ਜੜ੍ਹਾਂ ਨਾਲ਼ੋਂ ਤੋੜ ਦੇਣ ਵਾਲ਼ੀਆਂ ਲਿਖਤਾਂ ਲਿਖੀਆਂ ਹਨ। ਉਹਦੀਆਂ ਲਿਖਤਾਂ ਦੇ ਆਧਾਰ ‘ਤੇ ਇਹ ਰਾਏ ਬਣਾਈ ਜਾ ਸਕਦੀ ਹੈ ਕਿ ਸਿੱਖ ਇਤਿਹਾਸ ਗ਼ਲਤੀਆਂ ਦਾ ਪੁਲੰਦਾ ਹੈ ਅਤੇ ਸਿੱਖ ਵਿਸ਼ਵਾਸ ਨਿਰਾ-ਪੁਰਾ ਮਿਥਹਾਸ ਹੈ ਜਾਂ ਮਨਘੜਤ ਕਥਾ ਕਹਾਣੀਆਂ ਹਨ। ਪੜ੍ਹੇ-ਲਿਖੇ ਸਿੱਖਾਂ ਵੱਲੋਂ ਜੋ ਉਹਦਾ ਵਿਰੋਧ ਹੋਇਆ ਹੈ, ਉਹਦਾ ਆਧਾਰ ਇਹ ਹੈ ਕਿ ਜੇ ਸਮਕਾਲੀਆਂ ਦੀ ਚੁੱਪ ਨਾਲ਼ ਇਹ ਪਰਵਾਨ ਹੋਣ ਲਗ ਪਵੇ ਕਿ ਸਿੱਖੀ ਨਾਲ਼ ਜੁੜੀਆਂ ਹੋਈਆਂ ਮਾਨਤਾਵਾਂ ਦੇ ਸ੍ਰੋਤ-ਆਧਾਰ ਹੀ ਗ਼ਲਤ ਹਨ, ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇਹਦੇ ਘਾਤਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਤਾਤਲੇ ਦੇ ਲੇਖ ਤੋਂ ਪ੍ਰਭਾਵ ਇਹੀ ਬਣਦਾ ਹੈ ਕਿ ਸਿੱਖਾਂ ਕੋਲ਼ ਮੈਕਲਾਉਡ ਦੀਆਂ ਦਲੀਲਾਂ ਦਾ ਕੋਈ ਉੱਤਰ ਨਹੀਂ ਹੈ। ਇਸ ਲਈ ਇਹ ਮੰਨ ਲੈਣਾ ਚਾਹੀਦਾ ਹੈ ਕਿ ਮੈਕਲਾਉਡ ਨੇ ਸਿੱਖਾਂ ਦੀਆਂ ਧਾਰਮਿਕ ਮਾਅਰਕੇਬਾਜ਼ੀਆਂ ਨੂੰ ਸਿਧਾਂਤ ਤੇ ਖੋਜਕਾਰੀ ਦੇ ਪਰਦੇ ਹੇਠ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਗੁਰੁੂ ਨਾਨਕ ਉਹਦੇ ਸਮਕਾਲੀ ਹੋਣ ਅਤੇ ਉਹ ਅੱਖੀਂ ਡਿੱਠਾ ਬਿਆਨ ਕਰ ਰਿਹਾ ਹੋਵੇ। ਏਸੇ ਦੇ ਪ੍ਰਸੰਗ ਸਥਾਪਨ ਵਾਸਤੇ ਮੈਂ ਤਾਤਲੇ ਦੇ ਲੇਖ ਦੀ ਨਿਰੰਤਰਤਾ ਵਿਚ ਗੱਲ ਕਰ ਰਿਹਾ ਹਾਂ।
ਜਿਨ੍ਹਾਂ ਗ਼ੈਰ-ਸਿੱਖ ਲੇਖਕਾਂ ਨੇ ਸਿੱਖੀ ਬਾਰੇ ਲਿਖਿਆ ਹੈ, ਉਨ੍ਹਾਂ ਵਿੱਚੋਂ ਮੈਕਲਾਉਡ ਨੂੰ ਕਿਸੇ ਵੀ ਹੋਰ ਦੀ ਨਿਰੰਤਰਤਾ ਵਿਚ ਨਹੀਂ ਵੇਖਿਆ ਜਾ ਸਕਦਾ। ਕਿਸੇ ਵੀ ਹੋਰ ਗ਼ੈਰ-ਸਿੱਖ ਲੇਖਕ ਬਾਰੇ ਇਹੋ-ਜਿਹਾ ਵਾਵੇਲਾ ਵੀ ਨਹੀਂ ਹੋਇਆ, ਜਿਹੋ-ਜਿਹਾ ਮੈਕਲਾਉਡ ਬਾਰੇ ਹੋਇਆ ਹੈ ਅਤੇ ਤਾਤਲੇ ਨੂੰ ਜਿਸ ‘ਤੇ ਇਤਰਾਜ਼ ਹੈ। ਕਾਰਣ ਇਹ ਨਹੀਂ ਹੈ ਕਿ ਉਹਨੇ ਕੀ ਲਿਖਿਆ ਹੈ। ਸਗੋਂ ਕਾਰਣ ਇਹ ਹੈ ਕਿ ਉਹਨੇ ਕਦੋਂ ਲਿਖਿਆ ਹੈ ਅਤੇ ਕਿਸ ਪ੍ਰਸੰਗ ਵਿਚ ਲਿਖਿਆ ਹੈ। ਤਾਤਲਾ ਜਿਹੜੀਆਂ ਗੱਲਾਂ ‘ਤੇ ਝੂਰਦਾ ਹੈ, ਉਹਨੂੰ ਮੈਕਲਾਉਡ ਖ਼ੁਦ ਸਿੱਖਾਂ ਦਾ ਕੁਦਰਤੀ ਪ੍ਰਤੀਕਰਮ ਵੀ ਮੰਨਦਾ ਹੈ ਅਤੇ ਅਪਣੀਆਂ ਧਾਰਣਾਵਾਂ ਨੂੰ ਭਰੋਸੇਯੋਗ ਪ੍ਰਾਪਤੀਆਂ ਵੀ ਦਸਦਾ ਹੈ। ਇਸ ਲੇਖਕ ਬਾਰੇ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਕੇ ਤਾਤਲੇ ਨੇ ਚੰਗੀ ਪਹਿਲ ਤਾਂ ਕੀਤੀ ਹੈ। ਪਰ ਜਿਹੋ-ਜਿਹੀਆਂ ਟਿਪਣੀਆਂ ਤਾਤਲੇ ਕੋਲ਼ੋਂ ਇਸ ਲੇਖ ਵਿਚ ਹੋ ਗਈਆਂ ਹਨ, ਉਨ੍ਹਾਂ ਬਾਰੇ ਮੇਰੀ ਰਾਏ ਹੈ ਕਿ ਸਿੱਖੀ ਦੇ ਵਾਰਿਸ ਹੋਣ ਦੇ ਚੇਤੰਨ-ਫ਼ਖ਼ਰ ਦੀ ਗ਼ੈਰਹਾਜ਼ਿਰੀ ਵਿਚ ਹੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਤਾਤਲੇ ਨੂੰ ਲੱਗਦਾ ਹੈ ਕਿ ਮੈਕਲਾਉਡ ਦੇ ਵਿਰੁਧ ਦਿੱਤੀਆਂ ਦਲੀਲਾਂ ‘ਕੱਚੀਆਂ ਤੇ ਮਨਘੜਤ’ ਹਨ। ਉਸ ਮੁਤਾਬਿਕ ਮੈਕਲਾਉਡ-ਵਿਰੋਧੀ ਲੇਖਕ ‘ਆਪ-ਸਜੇ ਵਿਦਵਾਨ’ ਹਨ ਅਤੇ ‘ਪੰਥ ਦੇ ਰਖਵਾਲੇ ਹੋਣ ਦੇ ਦਾਅਵੇ ਕਰਨ ਵਿਚ ਸਫਲ ਹੋ ਗਏ ਹਨ’। ਇਹਦੇ ਵਿਚ ਉਲਾਂਭੇ ਵਾਲ਼ੀ ਜਾਂ ਦੁਖੀ ਹੋਣ ਵਾਲ਼ੀ ਕਿਹੜੀ ਗੱਲ ਹੈ? ਜਿਵੇਂ ਮੈਕਲਾਉਡ ਦੀਆਂ ਲਿਖਤਾਂ ਪੱਛਮੀ ਤਰਜ਼ ਦੇ ਪਾਠਕਾਂ ਨੂੰ ਸੰਬੋਧਿਤ ਹਨ, ਉਵੇਂ ਹੀ ਇੰਨਸਟੀਚਿਊਟ ਆੱਵ ਸਿੱਖ ਸਟੱਡੀਜ਼ ਦੀਆਂ ਲਿਖਤਾਂ ਵਿਸ਼ਵਾਸੀ ਸਿੱਖ ਚੇਤਨਾ ਨੂੰ ਸੰਬੋਧਿਤ ਹਨ। ਮੈਕਲਾਉਡ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਕੁਝ ਉਹਨੇ ਲਿਖਿਆ ਹੈ, ਉਹਨੂੰ ਪੜ੍ਹਿਆ ਵੀ ਜਾ ਰਿਹਾ ਹੈ ਅਤੇ ਉਸ ਨਾਲ਼ ਕੌਮੀ ਪ੍ਰਸੰਗ ਵਿਚ ਹੋ ਸਕਣ ਵਾਲ਼ੇ ਨੁਕਸਾਨ ਪ੍ਰਤੀ ਸਿੱਖੀ ਦੇ ਵਾਰਿਸਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਦੋਹਵੇਂ ਧਿਰਾਂ ਅਪਣੇ-ਅਪਣੇ ਸੱਚ ਨੂੰ ਸਾਹਮਣੇ ਲਿਆਉਣ ਦਾ ਯਤਨ ਕਰ ਰਹੀਆਂ ਹਨ। ਦੋਹਵਾਂ ਧਿਰਾਂ ਦਾ ਵੱਡਾ ਸਰੋਕਾਰ ਪੱਛਮੀ ਰੰਗ ਵਿਚ ਪਰਵਾਨ ਚੜ੍ਹ੍ਹ ਰਹੀ ਸਿੱਖਾਂ ਦੀ ਅਗਲੀ ਪੀੜ੍ਹੀ ਹੈ। ਸਮਕਾਲੀ ਸਿੱਖ ਪੀਹੜੀ ਆਧੁਨਿਕਤਾ, ਉਪਭੋਗਤਾ ਅਤੇ ਮੰਡੀਕਰਣ ਦੀ ਇਸ ਹਦ ਤਕ ਸ਼ਿਕਾਰ ਹੋ ਗਈ ਹੈ ਕਿ ਉਸ ਕੋਲੋਂ ਗਿਆਨ-ਜਗਿਆਸਾ ਹੀ ਗੁਆਚ ਗਈ ਹੈ। ਕਿੱਸੇ ਪੜ੍ਹਦਿਆਂ-ਪੜ੍ਹਦਿਆਂ ਸੋਹਣ ਸਿੰਘ ਸੀਤਲ ਨੂੰ ਪੜ੍ਹਨ ਲਗ ਪੈਣ ਵਾਲੇ ਹਾਲਾਤ ਹੀ ਨਹੀਂ ਰਹੇ। ਸੂਰਜ ਪ੍ਰਕਾਸ਼ ਦੀ ਕਥਾ ਅਤੇ ਗੁਰਬਾਣੀ ਦੇ ਕੀਰਤਨ ਦੀ ਭੂਮਿਕਾ ਨੂੰ ਮੈਕਲਾਉਡ ਵਾਲ਼ੀਆਂ ਗਿਣਤੀਆਂ-ਮਿਣਤੀਆਂ ਨਾਲ਼ ਨਹੀਂ ਨਕਾਰਿਆ ਜਾ ਸਕਦਾ। ਪਰ ਇਹ ਸੱਚ ਹੈ ਕਿ ਪਰੰਪਰਕ ਧਾਰਣਾਵਾਂ ਦੇ ਆਸਰੇ ਪੈਦਾ ਹੋਈ ਸਿੱਖ ਮਾਨਸਿਕਤਾ ਨੇ ਜੋ ਇਤਿਹਾਸ ਲਗਾਤਾਰ ਸਿਰਜਿਆ ਹੈ, ਉਹਨੂੰ ਮੈਕਲਾਉਡ ਨੇ ਮਿਥਕੇ ਝੁਠਲਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜੇ ਤਾਤਲੇ ਨੂੰ ਇਹ ਲਗਦਾ ਹੈ ਕਿ ਮੈਕਲਾਉਡ ਦੀਆਂ ਲਿਖਤਾਂ ਦੇ ਸਹਾਰੇ ਨਾਲ਼ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ, ਤਾਂ ਇਹ ਦੱਸਣਾ ਹੋਵੇਗਾ ਕਿ ਮੈਕਲਾਉਡ ਦਾ ਮਕਸਦ ਕੀ ਹੈ ਅਤੇ ਜੋ ਵੀ ਮਕਸਦ ਹੈ, ਉਸ ਨਾਲ਼ ਸੰਵਰਦਾ ਜਾਂ ਵਿਗੜਦਾ ਕੀ ਹੈ? ਇੰਸਟੀਚਿਊਟ ਆੱਵ ਸਿੱਖ ਸਟਡੀਜ਼ ਵਾਲਿਆਂ ਦੀਆਂ ਲਿਖਤਾਂ ਵਿਚ ਸਵਾਲ ਹੀ ਤਾਂ ਪੁੱਛੇ ਗਏ ਹਨ। ਵਰਤੇ ਗਏ ਸਿੱਖ ਸ੍ਰੋਤਾਂ ਦੀ ਵਾਜਬੀਅਤ ਦਾ ਲੇਖਾ-ਜੋਖਾ ਹੀ ਤਾਂ ਕੀਤਾ ਗਿਆ ਹੈ। ਇਹੀ ਤਾਂ ਪੁੱਛਿਆ ਹੈ ਕਿ ਕੱਢੇ ਗਏ ਨਤੀਜਿਆਂ ਨੂੰ ਬਾਣੀ (ਸ਼ਬਦ-ਗੁਰੂ) ਦੀ ਕਸਵੱਟੀ ‘ਤੇ ਪਰਖਿਆ ਗਿਆ ਹੈ ਜਾਂ ਨਹੀਂ? ਇਹ ਸ਼ੱਕ ਕੀਤਾ ਗਿਆ ਹੈ ਕਿ ਮੈਕਲਾਉਡ ਨੇ ‘ਕਰਸਟੀਅਨ ਬੈਡ’ ਵਾਲ਼ੀ ਵਿਧੀ ਅਪਣਾ ਕੇ ਮਨਮਰਜ਼ੀ ਦੇ ਨਤੀਜੇ ਕੱਢਣ ਦੇ ਲਾਲਚ ਵਿਚ ਸਿੱਖੀ ਦੇ ਸੱਚ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਤਾਤਲੇ ਵਰਗੇ ਜਿਹੜੇ ਸਿੱਖ ਮੈਕਲਾਉਡ ਦੀ ਚੰਗੀ ਅੰਗ੍ਰੇਜ਼ੀ ਅਤੇ ਖੋਜ ਵਿਧੀ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨੂੰ ਤਾਂ ਇਨਸਟੀਚਿਊਟ ਦੀਆਂ ਲਿਖਤਾਂ ਨੂੰ ਹੋਰ ਵੀ ਧਿਆਨ ਨਾਲ਼ ਪੜ੍ਹਨਾ ਅਤੇ ਵਿਚਾਰਨਾ ਚਾਹੀਦਾ ਹੈ। ਇਸ ਮੁਹਿੰਮ ਦੇ ਮੋਢੀ ਸਰਦਾਰ ਦਲਜੀਤ ਸਿੰਘ ਅਤੇ ਇਸ ਮੁਹਿੰਮ ਦੇ ਰੂਹੇ-ਰਵਾਂ ਡਾਕਟਰ ਜਸਬੀਰ ਸਿੰਘ ਮਾਨ ਨੇ ਜਿਸ ਤਰ੍ਹਾਂ ਇਸ ਮੁਹਿੰਮ ਨੂੰ ਤਨ, ਮਨ ਤੇ ਧਨ ਨਾਲ਼ ਨਿਭਾਇਆ ਹੈ; ਇਹਨੂੰ ਅੱਖਾਂ ਮੀਚ ਕੇ ਨਿੰਦਣ ਦੀ ਥਾਂ, ਖੁੱਲ੍ਹੇ ਮਨ ਨਾਲ਼ ਸਮਝਣ ਦੀ ਲੋੜ ਹੈ। ਆਪ ਹੀ ਤਾਂ ਤਾਤਲੇ ਨੇ ਮੰਨਿਆ ਹੈ ਕਿ ਮੈਕਲਾਉਡ ਦੀ ਮੁਖ਼ਾਲਫ਼ਿਤ ਪੰਜਾਬੀ ਯੂਨੀਵਰਸਿਟੀ ਵਿਚ ਹੋ ਰਹੇ ਸੈਮੀਨਾਰ ਤੋਂ ਹੋਈ ਸੀ ਅਤੇ ਇਹਦਾ ਆਗ਼ਾਜ਼ ਸਥਾਪਿਤ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਨੇ ਕੀਤਾ ਸੀ। ਇਹ ਗੱਲ ਤਤਲਾ ਲੁਕਾ ਗਿਆ ਕਿ ਉਥੇ ਹਾਜ਼ਿਰ ਕਿਸੇ ਵੀ ਵਿਦਵਾਨ ਨੇ ਇਹਦਾ ਵਿਰੋਧ ਨਹੀਂ ਕੀਤਾ ਸੀ। ਤਾਤਲਾ ਹੀ ਇਹ ਦੱਸੇ ਕਿ ਅਪਣੀ ਹੀ ਵਿਰਾਸਤ ਬਾਰੇ ਵਾਰਿਸ ਵੱਲੋਂ ਸਵਾਲ ਪੁਛਣ ਦੇ ਅਧਿਕਾਰ ਵਾਸਤੇ ‘ਵਿਦਵਤਾ’ ਦਾ ਸਰਟੀਫ਼ੀਕੇਟ ਲੈਣ ਦੀ ਕਿਉਂ ਲੋੜ ਹੈ? ਮੈਕਲਾਉਡ ਦੇ ਚੇਲਿਆਂ ਨੇ ਤਾਂ ਹੋਰ ਵੀ ਕਮਾਲ ਕਰ ਵਿਖਾਉਣ ਲਈ ਸਿੱਖ ਦੀ ਅਸਫਲਤਾ ਜਾਂ ਕਮਜ਼ੋਰੀ ਨੂੰ ਸਿੱਖੀ ਦੀ ਅਸਫਲਤਾ ਜਾਂ ਕਮਜ਼ੋਰੀ ਪਰਵਾਨ ਕਰਕੇ ‘ਗੁੱਗਾ’ ਅਤੇ ‘ਸਖ਼ੀ ਸਰਵਰ’ ਤਕ ਨੂੰ ਸਿੱਖੀ ਨਾਲ਼ ਜੋੜਨ ਵਾਲੀਆਂ ਲਿਖਤਾਂ ਲਿਖ ਦਿੱਤੀਆਂ ਹਨ। ਇਹਦਾ ਵਿਰੋਧ ਕਰਨ ਵਾiਲ਼ਆਂ ਨੂੰ ਤਾਤਲੇ ਨੇ ਕੋਸਣ ਵੇਲੇ ਇਹ ਨਹੀਂ ਸੋਚਿਆ ਕਿ ਪੱਛਮੀ ਖੇਤਰ ਵਿਚ ਸਿੱਖ-ਅਕਾਦਮਿਕਤਾ ਜਿਸ ਪਾਸੇ ਵਲ ਸੇਧਿਤ ਹੈ, ਉਹਨੂੰ ਚਿੱਥੇ ਵਿਚਾਰੇ ਜਾਣ ਦੀ ਲੋੜ ਪੱਛਮੀ ਖ਼ਿੱਤੇ ਵਿਚ ਵਸ ਗਏ ਅਤੇ ਪਲ਼ ਰਹੇ ਸਿੱਖੀ ਦੇ ਵਾਰਿਸਾਂ ਨੂੰ ਵਧੇਰੇ ਹੈ।
ਗੱਲ ਤਾਂ ਲਿਖੇ ਹੋਏ ਲੇਖ ਦੀ ਹੈ। ਤਾਤਲੇ ਨੇ ‘ਸਿੱਖਾਂ ਵਿਚ ਪਈਆਂ ਮਿਥਾਂ ਦਾ ਕੁਝ ਹਿੱਸਾ ਟੁਟਣ’ ਦਾ ਹਵਾਲਾ ਦਿੱਤਾ ਹੈ। ਮੈਕਲਾਉਡ ਨੂੰ ਤਾਂ ਲੱਗਦਾ ਹੈ ਕਿ ਪੰਜ ਕਕਾਰੀ ਰਹਿਤ ਨੂੰ ਖ਼ਾਲਸਾ ਸਾਜਨਾ ਦਾ ਹਿੱਸਾ ਮੰਨਣਾ ਮਿਥ ਹੈ। ਦਸ ਗੁਰੂ ਸਾਹਿਬਾਨ ਨੂੰ ਜੋਤਿ ਅਤੇ ਜੁਗਤਿ ਦੀ ਨਿਰੰਤਰਤਾ ਵਿਚ ਪਰਵਾਨ ਕਰਣਾ ਮਿੱਥ ਹੈ। ਫਿਰ ਵੀ ਮੈਕਲਾਉਡ ਜਿਸਨੂੰ ‘ਮਿੱਥ’ ਕਹਿੰਦਾ ਹੈ, ਗਰੇਵਾਲ਼ ਉਸੇ ਨੂੰ ‘ਲੈਗੇਸੀ’ Legacy ਕਹਿੰਦਾ ਹੈ ਅਤੇ ਜਨਮਸਾਖੀਆਂ ਨੂੰ ਧਾਰਮਿਕਤਾ ਤਕ ਸੁੰਗੇੜਣ ਤੋਂ ਗੁਰੇਜ਼ ਕਰਕੇ ਇਸ ਵਿਚ ਨਿਹਿਤ ਸੰਦੇਸ਼ ਦੇ ਨੈਤਿਕ, ਸਮਾਜਿਕ ਅਤੇ ਸਿਆਸੀ ਪੱਖ ਸਾਹਮਣੇ ਲਿਆਉਣ ਦੀ ਵਕਾਲਤ ਕਰਦਾ ਹੈ। ਇਸ ’ਤੇ ਵਿਸਥਾਰ ਨਾਲ਼ ਗੱਲ ਹੋ ਸਕਦੀ ਹੈ, ਪਰ ਇਥੇ ਇਹਦੀ ਗੁੰਜਾਇਸ਼ ਨਹੀਂ ਜਾਪਦੀ। ਅਸਲ ਵਿਚ ਸਿੱਖੀ ਨੂੰ ਸਮਝਣ/ਸਮਝਾਉਣ ਵਾਸਤੇ ਪਹਿਲ ਬਾਣੀ ਨੂੰ ਹੀ ਦੇਣੀ ਬਣਦੀ ਹੈ, ਪਰ ਮੈਕਲਾਉਡ ਵਲੋਂ ਪਹਿਲ ਰਹਿਤਨਾਮਿਆਂ ਵਰਗੇ ਗੌਣ ਸਾਹਿਤ ਨੂੰ ਦੇਣ ਨਾਲ਼ ਨਤੀਜਿਆਂ ਦਾ ਰੁਖ਼ ਹੀ ਬਦਲ ਗਿਆ ਹੈ।
ਤਾਤਲੇ ਦਾ ਦੂਜਾ ਇਤਰਾਜ਼ ਮੈਕਲਾਉਡ ਨੂੰ ਬਣਦਾ ਮਾਣ ਨਾ ਮਿਲਣ ਦਾ ਹੈ। ਇਸ ਦੇ ਉੱਤਰ ਲਈ ਹੁਣ ਦੇ ਪੰਨਾ 102 ਉੱਤੇ ਤੇਜਾ ਸਿੰਘ ਦੇ ਸ਼ਬਦ ਧਿਆਨ ਨਾਲ਼ ਵਾਚ ਲੈਣੇ ਚਾਹੀਦੇ ਹਨ। ਤਾਤਲਾ ਹੀ ਦੱਸੇ ਕਿ ਜੇ ਸਿੱਖੀ ਦੇ ਪ੍ਰਸ਼ੰਸਕ ਮੈਕਾਲਿਫ਼ ਦੀ ਕਦਰ ਨਹੀਂ ਪਈ, ਤਾਂ ਸਿੱਖੀ ਦੇ ਨਿੰਦਕ ਮੈਕਲਾਉਡ ਦੀ ਕਦਰ ਕਿਉਂ ਪਾਈ ਜਾਵੇ? ਜਿਥੋਂ ਤਕ ਮੈਕਲਾਉਡ ਨੂੰ ‘ਸੌੜੇ ਮਾਹੌਲ ਤੇ ਦਬਾਅ ਖੋਜ ਦਾ ਕੰਮ ਕਰਣ’ ਦਾ ਸਵਾਲ ਹੈ, ਇਹਦਾ ਜਵਾਬ ਤਾਂ ਉਸੇ ਤੋਂ ਹੀ ਮੰਗਿਆ ਜਾਣਾ ਚਾਹੀਦਾ ਹੈ ਕਿ ਉਹਦੀ ਕੀ ਮਜਬੂਰੀ ਸੀ? ਉਹਦਾ ਵਿਰੋਧ ਉਸਨੂੰ ਠੀਕ ਕਰਣ ਦੇ ਆਸ਼ੇ ਨਾਲ਼ ਹੁੰਦਾ ਰਿਹਾ ਹੈ। ਪਰ ਉਹ ਤਾਂ ਸਿਆਣੇ ਵਪਾਰੀ ਵਾਂਙ ਇਸਨੂੰ ਲਾਹੇਵੰਦੇ ਧੰਦੇ ਵਾਂਙ ਨਿਰੰਤਰ ਚਲਾਉਂਦਾ ਰਿਹਾ ਹੈ। ਉਹਦਾ ਅਜ ਵੀ ਦਾਅਵਾ ਹੈ ਕਿ ਸਿੱਖਾਂ ਕੋਲ਼ ਭਰੋਸੇਯੋਗ ਸਾਹਿਤ ਹੈ ਹੀ ਨਹੀਂ। ਪਰ ਨਤੀਜੇ ਉਹ ਉਸੇ ਹੀ ਗ਼ੈਰ-ਭਰੋਸੇਯੋਗ ਸਾਹਿਤ ਦੇ ਆਧਾਰ ‘ਤੇ ਕੱਢੀ ਜਾ ਰਿਹਾ ਹੈ। ਜਿਸ ‘ਸੁੰਢ ਦੀ ਗੰਢੀ’ ਦੇ ਆਸਰੇ ਉਹ ਵਪਾਰੀ ਬਣ ਜਾਣ ਦਾ ਭਰਮ ਪਾਲ਼ ਰਿਹਾ ਹੈ, ਉਹ ਸਿੱਖੀ ਦੇ ਚੇਤੰਨ ਵਾਰਿਸਾਂ ਲਈ ਸੁੰਢ ਦੀ ਗੰਢੀ ਹੀ ਤਾਂ ਹੈ। ਤਾਤਲੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਦੇ ਵਿਰੋਧ ਨੇ ਉਹਨੂੰ ਚਮਕਾਇਆ ਹੀ ਹੈ। ਇਸੇ ਲਈ ਉਹਨੇ ਵਿਰੋਧ ਨੂੰ ਹਮੇਸ਼ਾ ਆਪ ਆਵਾਜ਼ ਮਾਰੀ ਹੈ।
ਤਾਤਲੇ ਨੂੰ ਇਤਰਾਜ਼ ਹੈ ਕਿ ਮੈਕਲਾਉਡ ਦੀ ‘ਸਾਰੀ ਆਲੋਚਨਾ ਦਾ ਪੱਧਰ ਨੀਵਾਂ ਅਤੇ ਕੁਝ ਹੱਦ ਤਕ ਅਸਭਿਅਕ ਬੋਲੀ ਚ ਹੈ’। ਇਹ ਟਿਪਣੀ ਕਿੰਨੀ ਕੁ ਸਭਿਅਕ ਹੈ? ਧਿਰ ਹੋ ਜਾਈਏ, ਤਾਂ ਇਉਂ ਲੱਗਣ ਲਗ ਪੈਣਾ ਕੁਦਰਤੀ ਹੈ। ਤਾਤਲਾ ਹੀ ਦੱਸੇ ਕਿ ਕਿੰਨੇ ਪ੍ਰਤੀਸ਼ਤ ਸਿੱਖਾਂ ਨੇ ਉਹਦੀਆਂ ਲਿਖਤਾਂ ਪੜ੍ਹੀਆਂ ਹਨ? ਜਿਨ੍ਹਾਂ ਨੇ ਪੜ੍ਹੀਆਂ ਹਨ, ਉਨ੍ਹਾਂ ਵਿਚੋਂ ਕਿੰਨੇ ਪ੍ਰਤੀਸ਼ਤ ਤਾਤਲੇ ਵਾਂਙ ਮੈਕਲਾਉਡ ਦੀਆਂ ਲਿਖਤਾਂ ਨੂੰ ਹਰਫ਼ੇ-ਆਖ਼ਿਰ ਮੰਨਦੇ ਹਨ? ਜੇ ਧੀਰਮੱਲੀਏ ਅਤੇ ਰਾਮਰਾਈਏ ਲੇਖਕਾਂ ਦੀਆਂ ਲਿਖਤਾਂ ਸਿੱਖੀ ਦਾ ਕੁਝ ਨਹੀਂ ਵਿਗਾੜ ਸਕੀਆਂ, ਤਾਂ ਉਨ੍ਹਾਂ ਦੇ ਆਸਰੇ ਪੈਦਾ ਹੋਈਆਂ ਮੈਕਲਾਉਡੀਅਨ ਲਿਖਤਾਂ ਸਿੱਖੀ ਦਾ ਕੀ ਵਿਗਾੜ ਲੈਣਗੀਆਂ? ਤਾਤਲੇ ਨੂੰ ਲੱਗਦਾ ਹੈ ਕਿ ਮੈਕਲਾਉਡ ’ਤੇ ਕਿੰਤੂ ਕਰਨ ਵਾiਲ਼ਆਂ ਨੇ ‘ਉਹਦੇ ਈਸਾਈ ਪਾਦਰੀ ਹੋਣ ਦੀ ਰਟ ਲਾਈ ਰੱਖੀ’। ਤਾਤਲੇ ਨੇ ਆਪ ਹੀ ਤਾਂ ਲਿਖਿਆ ਹੈ ਕਿ ‘ਬਹੁਤ ਸਾਰੇ ਆਦਰਸ਼ਕ ਨੌਜਵਾਨ ਗੋਰਿਆਂ ਦੀ ਤਰ੍ਹਾਂ ਉਹ ਅਪਣੇ ਈਸਾਈ ਵਿਰਸੇ ਦੀ ਪਛਾਣ ਕਰ ਰਿਹਾ ਸੀ’। ਇਹ ਠੀਕ ਹੈ ਕਿ ਈਸਾਈ ਉਹ ਓਨਾਂ ਚਿਰ ਹੀ ਰਿਹਾ, ਜਿੰਨਾ ਚਿਰ ਉਹਨੂੰ ਈਸਾਈ ਰਹਿਣ ਦੀ ਲੋੜ ਸੀ। ਸਿੱਖੀ ਤੋਂ ਜੇ ਦਿਆਨਤਦਾਰ ਵਿਦੇਸ਼ੀ ਵਿਦਵਾਨ ਪ੍ਰਭਾਵਿਤ ਹੋਵੇਗਾ, ਤਾਂ ਉਸ ਲਈ ਰੋਲ ਮਾਡਲ ਮੈਕਾਲਿਫ਼ ਹੋਵੇਗਾ। ਪਰ ਜੇ ਕੋਈ ਪੱਛਮੀ ਵਿਦਵਾਨ ਬੇਈਮਾਨੀ ਨਾਲ਼ ਸਿੱਖੀ ਤੋਂ ਪ੍ਰਭਾਵਿਤ ਹੋਵੇਗਾ, ਤਾਂ ਉਸ ਲਈ ਰੋਲ ਮਾਡਲ ਮੈਕਲਾਉਡ ਰਹੇਗਾ। ਇਸ ਹਾਲਤ ਵਿਚ ਵੀ ਜੇ ਤਾਤਲੇ ਨੂੰ ਇਹ ਲੱਗਦਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਕੇਵਲ ਵਿਦਵਾਨਾਂ ਨਾਲ਼ ਵਧੀਕੀਆਂ ਹੀ ਹੁੰਦੀਆਂ ਰਹੀਆਂ ਹਨ, ਤਾਂ ਉਹ ਉਸੇ ਅਕਾਲ ਤਖ਼ਤ ਸਾਹਿਬ ਤੋਂ ਮਾਣ ਮੰਗਣ ਦੀ ਮੰਗ ਕਿਉਂ ਕਰ ਰਿਹਾ ਹੈ? ਵਿੱਚੇ ਉਹਨੇ ਡਾਕਟਰ ਪਿਆਰ ਸਿੰਘ ਦੇ ਮਸਲੇ ਵਲ ਇਸ਼ਾਰਾ ਕਰ ਦਿੱਤਾ ਹੈ। ਇਸ ਮਸਲੇ ਨੂੰ ਮੈਕਲਾਉਡ ਨਾਲ਼ ਜੋੜਨ ਦੀ ਕੋਸ਼ਿਸ਼ ਫਜ਼ੂਲ ਹੈ, ਕਿਉਕਿ ਇਹ ਕਿਸੇ ਪੁਰਾਤਨ ਖਰੜੇ ਦੇ ਪਰਮਾਣਕ ਜਾਂ ਨਾ ਪਰਮਾਣਕ ਹੋਣ ਦਾ ਸੀ। ਅਕਾਲ ਤਖ਼ਤ ਸਾਹਿਬ ਦੀ ਕੋਈ ਮਰਯਾਦਾ ਹੈ ਅਤੇ ਉਸ ਵਿਚ ਡੀਬੇਟ ਨੂੰ ਕੋਈ ਥਾਂ ਨਹੀਂ ਹੈ, ਖ਼ਾਸਕਰ ਫ਼ੈਸਲਾ ਹੋ ਜਾਣ ਤੋਂ ਪਿੱਛੋਂ ਬਿਲਕੁਲ ਹੀ ਨਹੀਂ। ਇਸ ਮਸਲੇ ‘ਤੇ ਵੀ ਜੇ ਲੋੜ ਪਈ, ਤਾਂ ਉਠਾਏ ਜਾਣ ਵਾਲ਼ੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਦੇ ਹਨ। ਵੈਸੇ ਜਿਹੜੇ ਜਵਾਬ ਦਿੱਤੇ ਗਏ ਹਨ, ਉਨ੍ਹਾਂ ‘ਤੇ ਵੀ ਇਤਰਾਜ਼ ਹੈ ਤਾਤਲੇ ਵਰਗਿਆਂ ਨੂੰ। ਜੇ ਕੋਈ ਇਹ ਸਵਾਲ ਕਰ ਦੇਵੇ ਕਿ ਕੀ ਤੂੰ ਅਪਣੀ ਵਹੁਟੀ ਨੂੰ ਕੁੱਟਣਾ ਛੱਡ ਦਿੱਤਾ ਹੈ, ਤਾਂ ਇਹਦਾ ਕੀ ਜਵਾਬ ਦਿਤਾ ਜਾ ਸਕਦਾ ਹੈ? ਚੁੱਪ ਵੀ ਕਈ ਵਾਰ ਜਵਾਬ ਹੀ ਹੁੰਦਾ ਹੈ। ਗ਼ਲਤ ਸਵਾਲਾਂ ਦੇ ਠੀਕ ਜਵਾਬਾਂ ਦੀ ਆਸ ਨਹੀਂ ਰਖਣੀ ਚਾਹੀਦੀ।
ਕੈਨੇਡਾ ਵਿਚ ਸਿੱਖ ਅਧਿਅਨ ਦੀਆਂ ਚੇਅਰਾਂ ਤੇ ਪੜ੍ਹਾਈ ਬੰਦ ਹੋਣ ਦੀ ਜ਼ੁੰਮੇਵਾਰੀ ਨਿਰਧਾਰਿਤ ਕਰਨ ਲੱਗਿਆਂ ਇਹ ਧਿਆਨ ਵਿਚ ਰਖ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਚੇਅਰਾਂ ‘ਮੈਕਲਾਉਡੀਅਨ ਸਕੂਲ ਆੱਵ ਥੌਟ’ ਦੀ ਸਥਾਪਤੀ ਲਈ ਹੀ ਯਤਨਸ਼ੀਲ ਤਾਂ ਨਹੀਂਂ ਹਨ/ਸਨ? ਕਿਤੇ ਇਸ ਯਤਨ ਨੂੰ ਨੇਪਰੇ ਚਾੜ੍ਹਣ ਲਈ ਸਿੱਖੀ ਦੇ ਮੂਲ ਸਰੋਕਾਰਾਂ ਦੀ ਬਲੀ ਤਾਂ ਨਹੀਂ ਦਿਤੀ ਜਾ ਰਹੀ? ਵੈਸੇ ਇਹ ਵੀ ਵਿਚਾਰਿਆ ਜਾ ਸਕਦਾ ਹੈ ਕਿ ਬੰਦ ਹੋਈਆਂ ਕਥਿਤ ਚੇਅਰਾਂ ਰਾਹੀਂ ਸਿੱਖਾਂ ਅਤੇ ਸਿੱਖੀ ਦਾ ਕੀ ਭਲਾ ਹੋਇਆ ਸੀ ਅਤੇ ਬੰਦ ਹੋ ਜਾਣ ਨਾਲ਼ ਕੀ ਘਾਟਾ ਪੈ ਗਿਆ ਹੈ? ਇਹੋ ਜਿਹੇ ਸਵਾਲ ਜੇ ਜਸਬੀਰ ਸਿੰਘ ਮਾਨ ਕਰਦਾ ਹੈ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਣ ਲਈ ਚੇਤੰਨ ਸਿੱਖਾਂ ਤਕ ਪਹੁੰਚ ਕਰਦਾ ਹੈ, ਤਾਂ ਮੈਕਲਾਉਡਕਿਆਂ ਨੂੰ ਕਿਉਂ ਚੁੱਭਦਾ ਹੈ? ਜੋ ਕੁਝ ਮਾਨ ਕਰ ਰਿਹਾ ਹੈ ਉਹ ਸਾਰਾ ਕੁਝ ਵੈਬਸਾਈਟ ‘ਤੇ ਮੌਜੂਦ ਵੀ ਹੈ ਅਤੇ ਪੁਸਤਕ ਰੂਪ ਵਿਚ ਛਪਿਆ ਹੋਇਆ ਵੀ ਹੈ। ਇਸੇ ਪੱਖ ਨੂੰ ਅਕਾਦਮਿਕ ਮਾਨਤਾ ਜੇ ਪੰਜਾਬੀ ਯੂਨੀਵਰਸਿਟੀ ਨੇ ਡੀ. ਲਿਟ ਦੀ ਡਿਗਰੀ ਦੇ ਕੇ ਦੇ ਦਿੱਤੀ ਹੈ, ਤਾਂ ਇਸ ਵਿਚ ਕੀ ਗ਼ਲਤ ਹੋ ਗਿਆ ਹੈ? ਉਸ ਵੇਲੇ ਦੇ ਵੀ.ਸੀ. ਜਸਬੀਰ ਸਿੰਘ ਆਹਲੂਵਾਲੀਆ ਸਥਾਪਿਤ ਸਿੱਖ ਵਿਦਵਾਨ ਹਨ ਅਤੇ ਉਨ੍ਹਾਂ ਨੂੰ ਨਾ ਹੀ ਮੈਕਲਾਉਡ ਬਾਰੇ ਕੋਈ ਭੁਲੇਖਾ ਹੈ ਅਤੇ ਨਾ ਹੀ ਜਸਬੀਰ ਸਿੰਘ ਮਾਨ ਬਾਰੇ ਕੋਈ ਤਾਤਲੇ ਵਰਗਾ ਭਰਮ ਹੈ। ਤਾਤਲੇ ਨੇ ‘ਬਦਨਾਮ ਕਰਨ ਦੀ ਸ਼ਾਬਾਸ਼’ ਟਿਪਣੀ ਕਰਕੇ ਪੰਜਾਬੀ ਯੂਨੀਵਰਸਿਟੀ ਦਾ ਮਖੌਲ ਉਡਾਇਆ ਹੈ ਅਤੇ ਜਸਬੀਰ ਮਾਨ ਦੀ ਸਾਖ ਨੂੰ ਸੱਟ ਮਾਰਨ ਦੀ ਕੁਹਜੀ ਹਰਕਤ ਕੀਤੀ ਹੈ। ਜਿਥੋਂ ਤਕ ਮਾਨ ਦਾ ਮੈਕਲਾਉਡ ਨੂੰ ਆਖ ਕੇ ਉਹਦੇ ਨਾਲ਼ ਖੜੋ ਕੇ ਫ਼ੋਟੋ ਖਿਚਵਾਣ ਦਾ ਸੰਬੰਧ ਹੈ, ਇਹ ਬੜੀ ਮਹੀਨ ਤਨਜ਼ ਹੈ; ਜਿਹੜੀ ਦੱਸਿਆਂ ਵੀ ਜੇ ਤਾਤਲੇ ਨੂੰ ਸਮਝ ਆ ਗਈ, ਤਾਂ ਮੈਨੂੰ ਖ਼ੁਸ਼ੀ ਹੋਵੇਗੀ। ਜਿਥੋਂ ਤਕ ਕਿਰਪਾਨ ਤੇ ਪੱਗ ਬਾਰੇ ਕਚਹਿਰੀ ਵਿਚ ਮੈਕਲਾਉਡ ਵੱਲੋਂ ਗਵਾਹੀ ਦੇਣ ਦਾ ਸੰਬੰਧ ਹੈ; ਇਹਦੇ ਨਤੀਜੇ ‘ਤੇ ਨਹੀਂ, ਇਹਦੇ ਟੈਕਸਟ ‘ਤੇ ਟਿਪਣੀ ਕੀਤੀ ਜਾ ਸਕਦੀ ਹੈ। ਵਿਰੋਧ ਤਾਂ ਇਸ ਗੱਲ ਦਾ ਹੋ ਰਿਹਾ ਸੀ ਕਿ ਉਹ ਕਕਾਰਧਾਰੀ ਸਿੱਖੀ ਨੂੰ ਗੁਰੁੂ ਗੋਬਿੰਦ ਸਿੰਘ ਦੀ ਦੇਣ ਨਹੀਂ ਸਮਝਦਾ ਅਤੇ ਸਿੰਘ ਸਭਾ ਲਹਿਰ ਦੀ ਪੈਦਾਵਾਰ ਮੰਨਦਾ ਹੈ। ਵਿਰੋਧ ਤਾਂ ਇਸ ਗੱਲ ਦਾ ਹੋ ਰਿਹਾ ਸੀ ਕਿ ਸਿੱਖੀ ਵਿਚ ਮਰਦਾਨਗੀ (ਮੈਕਲਾਉਡ ਲਈ ਮਿਲੀਟੈਂਸੀ ਅਤੇ ਤਾਤਲੇ ਲਈ ਸ਼ਸਤਰਾਂ ਦੀ ਮਹੱਤਤਾ) ਸਿੱਖੀ ਵਿਚ ਜੱਟਾਂ ਦੀ ਸ਼ਮੂਲੀਅਤ ਨਾਲ਼ ਆਈ। ਵਿਰੋਧ ਦੀ ਲਿਸਟ ਲੰਮੀ ਹੈ। ਪਰ ਜੇ ਤਾਤਲੇ ਨੂੰ ਇਹ ਲੱਗਦਾ ਹੈ ਕਿ ਪੱਛਮ ਵਿਚ ਪੱਗ ਅਤੇ ਕਿਰਪਾਨ ਨੂੰ ਮਾਨਤਾ ਉਹਦੀ ਗਵਾਹੀ ਕਰਕੇ ਮਿਲ਼ੀ ਹੈ, ਤਾਂ ਭਰਮ ਦਾ ਕੀ ਇਲਾਜ ਹੋ ਸਕਦਾ ਹੈ?
ਤਾਤਲੇ ਨੇ ਮੈਕਲਾਉਡ ਨੂੰ ਅਕਾਲ ਤਖ਼ਤ ਤੋਂ ਸਨਮਾਨਿਤ ਕਰਨ ਅਤੇ ਦੋ ਯੂਨੀਵਰਸਿਟੀਆਂ ਵਲੋਂ ਉਹਦੀ ਖੋਜ ਲਈ ਡੀ. ਲਿਟ ਦੀ ਡਿਗਰੀ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਇਹ ਅਪਣੇ ਆਪ ਵਿਚ ਕਿੰਨੀ ਵਿਵਾਦੀ ਗੱਲ ਹੈ ਕਿ ਉਹ ਮੈਕਲਾਉਡ ਦੀ ਮਨਘੜਤ ਖੋਜ ਲਈ ਤਾਂ ਡਿਗਰੀ ਦੇਣ ਦੀ ਸਿਫ਼ਾਰਿਸ਼ ਕਰਦਾ ਹੈ, ਪਰ ਉਹਦੀ ਸਾਰੀ ਖੋਜ ਦੀ ਆਲੋਚਨਾ ਕਰਨ ਅਤੇ ਕਰਾਉਣ ਵਾਲੇ ਜਸਬੀਰ ਮਾਨ ਨੂੰ ਦਿੱਤੀ ਗਈ ਡਿਗਰੀ ’ਤੇ ਇਤਰਾਜ਼ ਕਰਦਾ ਹੈ। ਰਹੀ ਮੈਕਲਾਉਡ ਦੇ ਅਕਾਲ ਤਖ਼ਤ ਤੋਂ ਮਾਣ ਦੀ ਗੱਲ, ਇਹ ਉਸੇ ਤਰ੍ਹਾਂ ਦੀ ਸਲਾਹ ਹੈ; ਜਿਵੇਂ ਕੋਈ ਕਹੇ ਕਿ ‘ਇਸ ਸ਼ਖ਼ਸ ਨੇ ਤੇਰੀ ਪੱਗ ਲਾਹੀ ਹੈ ਤੂੰ ਇਹਦੀ ਪੱਤ ਨੂੰ ਪ੍ਰੇਮ ਪਟੋ੍ਹਲਾ ਦੇ ਕੇ ਢਕ ਲੈ।’ ਇਕ ਸਵਾਲ ਤਾਤਲੇ ਨੂੰ ਅਸੀਂ ਵੀ ਕਰਦੇ ਹਾਂ: ਜੇ ਮੈਕਲਾਉਡ ਨੇ ਅਹਿਲੇ-ਕਿਤਾਬ ਧਰਮਾਂ ਜਿਵੇਂ ਈਸਾਈ, ਯਹੂਦੀ ਜਾਂ ਇਸਲਾਮ ਬਾਰੇ ਇਜੇਹੀ ਖੋਜ ਕੀਤੀ ਹੁੰਦੀ, ਤਾਂ ਕੀ ਉਹ ਉਨ੍ਹਾਂ ਦੇ ਪੈਰੋਕਾਰਾਂ ਨੂੰ ਡੀ. ਲਿਟ ਦੀ ਡਿਗਰੀ ਦੇਣ ਲਈ ਕਹਿਣ ਦੀ ਜੁੱਰਅਤ ਕਰਦਾ? ਇਜੇਹੀ ਹਰਕਤ ਕਰਨ ਬਾਰੇ ਸੋਚਣ ਤੋਂ ਵੀ ਪਹਿਲਾਂ ਅਸੀਂ ਉਹਨੂੰ ਇਕ-ਦੋ ਇਤਿਹਾਸਿਕ ਤੱਥਾਂ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਬਾਈਬਲ ਅਨੁਸਾਰ ਧਰਤੀ ਚਪਟੀ ਸੀ, ਪਰ ਜਦ ਕੌਪਰਨੀਕਸ ਨੇ ਇਹ ਸਿੱਧ ਕਰ ਦਿੱਤਾ ਕਿ ਧਰਤੀ ਦਰਅਸਲ ਗੋਲ਼ ਹੈ, ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਮਕਾਲੀ ਮਿਸਾਲ ਸਲਮਾਨ ਰੁਸ਼ਦੀ ਦੀ ਹੈ; ਅਪਣੇ ਨਾਵਲ The Satanic Verses ਵਿਚ ਮੁਹੰਮਦ ਸਾਹਿਬ ਦੀਆਂ ਪਤਨੀਆਂ ਬਾਰੇ ਕੁਝ ਬੇਅਦਬੇ ਸ਼ਬਦ ਲਿਖਣ ਕਰਕੇ ਆਇਤਉੱਲਾ ਖ਼ੁਮੇਨੀ ਨੇ ਉਹਨੂੰ ਮੌਤ ਦਾ ਫ਼ਤਵਾ ਦੇ ਰੱਖਿਆ ਹੈ। ਸਿੱਖ ਧਰਮ ਤਾਂ ਐਨਾ ਵਿਸ਼ਾਲ-ਦਿਲ ਤੇ ਦਿਆਲੂ ਹੈ ਕਿ ਇਹਦੇ ਪੈਰੋਕਾਰਾਂ ਨੇ ਮੈਕਲਾਉਡ ਨੂੰ ਕੋਈ ਧਮਕੀ ਤਕ ਨਹੀਂਂ ਦਿੱਤੀ, ਸਿੱਖ ਵਿਦਵਾਨਾਂ ਨੇ ਕੇਵਲ ਉਹਦੀਆਂ ਮਨਘੜਤ ਮਨੌਤਾਂ ਦਾ ਦਲੀਲਾਂ ਸਹਿਤ ਖੰਡਨ ਕਰਕੇ ਅਪਣਾ ਪੱਖ ਪੂਰਿਆ ਹੈ। ਸਿੱਖ ਹੋਣ ਦੇ ਨਾਤੇ ਤਾਤਲੇ ਨੂੰ ਸਿੱਖ ਧਰਮ ਨਾਲ਼ ਹਮਦਰਦੀ ਹੋਣੀ ਚਾਹੀਦੀ ਹੈ ਨਾ ਕਿ ਉਹਦੇ ਧਰਮ ਦੇ ਬੁਨਿਆਦੀ ਅਸੂਲਾਂ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲ਼ੇ ਨਾਲ਼। ਇਸ ਬਾਰੇ ਸ਼ਾਇਦ ਅਕਾਲ ਤਖ਼ਤ ਨੂੰ ਤਾਤਲੇ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਕੀ ਪਤਾ ਉਹਨੂੰ ਮੈਕਲਾਉਡ ਦੀ ਖੋਜ ਵਿਚੋਂ ਸਿੱਖ ਧਰਮ ਦੀ ਭਲਾਈ ਨਜ਼ਰ ਆਉਂਦੀ ਹੋਵੇ।
ਤਾਤਲੇ ਦੀ ਇਹ ਧਾਰਣਾ ਕਿ ‘ਉਹਨੇ ਸਿੱਖ ਇਤਿਹਾਸ ਤੇ ਮਿਥਿਹਾਸ ਵਿਚ ਪਏ ਗੰਧਲੇ ਪਾਣੀ ਨੂੰ ਨਿਤਾਰਨ ਦੀ ਕੋਸ਼ਿਸ਼ ਕੀਤੀ’ ਸ਼ਰਧਾ ਵਿਚੋਂ ਪੈਦਾ ਹੋਈ ਲੱਗਦੀ ਹੈ, ਕਿਉਕਿ ਇਹ ਮੈਕਲਾਉਡ ਦੀ ਰਾਏ ਹੈ। ਨਿਤਾਰਿਆ ਇਹ ਹੈ ਕਿ ਜਨਮ ਸਾਖੀਆਂ ਵਿਚੋਂ ਪ੍ਰਾਪਤ ਮਸਾਂ ਇਕ ਸਫ਼ੇ ‘ਤੇ ਆ ਜਾਣ ਜੋਗਾ ਹੀ ਹੈ। ਜਨਮਸਾਖੀਆਂ ਦਾ ਜਨਮ ਗੁਰੁੂ ਨਾਨਕ ਦੇਵ ਤੋਂ ਕਾਫ਼ੀ ਪਿੱਛੋਂ ਨਾਨਕ ਨਾਮਲੇਵਿਆਂ ਦੀ ਸਮਝ ਅਤੇ ਲੋੜ ਵਿੱਚੋਂ ਹੋਇਆ। ਗਰੇਵਾਲ਼ ਅਨੁਸਾਰ ਮੈਕਲਾਉਡ ਨੇ ਗੁਰੁੂ ਨਾਨਕ ਦੀ ‘ਮਿਥ’ ਵਲ ਉੱਕਾ ਹੀ ਧਿਆਨ ਨਹੀਂ ਦਿੱਤਾ, ਹਾਲਾਂਕਿ ਇਸ ਖੇਤਰ ਵਿਚ ਲਾਹੇਵੰਦਾ ਕੰਮ ਹੋ ਸਕਦਾ ਹੈ। ਸਾਖੀਆਂ ਦੇ ਧਾਰਮਿਕ ਮੰਤਵ ਤੇ ਮੈਕਲਾਉਡ ਨੇ ਏਨਾ ਜ਼ੋਰ ਦਿੱਤਾ ਹੈ ਕਿ ਗੁੰਮਰਾਹਕੁਨ ਲੱਗਣ ਲਗ ਪਿਆ ਹੈ। ਹਰ ਸਾਖੀ ਦਾ ਸੰਦੇਸ਼ ਧਾਰਮਿਕ ਨਹੀਂ ਹੈ। ਕੁਝ ਸਾਖੀਆਂ ਨੈਤਿਕ ਸੰਦੇਸ਼ ਦੇਂਦੀਆਂ ਹਨ। ਸਮਾਜਿਕ ਸੰਦੇਸ਼ ਵਾਲ਼ੀਆਂ ਸਾਖੀਆਂ ਵੀ ਹਨ। ਸਾਖੀਆਂ ਵਿੱਚੋਂ ਸਿਆਸੀ ਸੰਦੇਸ਼ ਦੀ ਟੋਹ ਵੀ ਮਿਲ਼ ਜਾਂਦੀ ਹੈ। ਜਿਵੇਂ ਕਿ ਬਾਬੇ ਨਾਨਕ ਦੀ ਪਾਠਸ਼ਾਲਾ ਨਾਲ਼ ਜੁੜੀਆਂ ਹੋਈਆਂ ਸਾਖੀਆਂ। ਇਸ ਰੌਸ਼ਨਂੀ ਵਿਚ ਬਾਬੇ ਦੀ ਜੀਵਨੀ ਦੇ ਬਣਦੇ ‘ਇੱਕੋ ਸਫ਼ੇ’ ਵਾਲ਼ੀ ਧਾਰਣਾ ਦਾ ਕੀ ਬਣੇਗਾ? ਮੈਕਲਾਉਡ ਪ੍ਰਸੰਗਿਕ ਦਲੀਲ ਦੀ ਥਾਂ ਧਾਰਣਾਵਾਂ ਦੇ ਆਧਾਰ ‘ਤੇ ਨਤੀਜੇ ਕੱਢਦਾ ਹੈ ਅਤੇ ਏਸੇ ਲਈ ਸਿੱਖੀ ਦੇ ਸੰਜੀਦਾ ਵਿਦਵਾਨਾਂ ਦੀ ਨਜ਼ਰੇ ਨਹੀਂ ਚੜ੍ਹਦਾ। ਸਿਰਫ਼ ਗਰੇਵਾਲ਼ ਦੇ ਹਵਾਲੇ ਨਾਲ਼ ਮੈਂ ਇਸ ਲਈ ਗੱਲ ਕੀਤੀ ਹੈ, ਕਿੳਂੁਕਿ ਤਾਤਲੇ ਨੂੰ ਸ਼ਾਇਦ ਇਸ ‘ਤੇ ਇਤਰਾਜ਼ ਨਾ ਹੋਵੇ। ਆਧਾਰ ਗਰੇਵਾਲ਼ ਦੀ ਸੱਜਰੀ ਪੁਸਤਕ ਲੈਕਚਰਜ਼ ਆਨ ਹਿਸਟਰੀ, ਸੁਸਾਇਟੀ ਐਂਡ ਕਲਚਰ ਆੱਵ ਦਾ ਪੰਜਾਬ (ਪੰਜਾਬੀ ਯੂਨੀਵਰਸਿਟੀੇ ਸਤੰਬਰ 2007) ਨੂੰ ਬਣਾਇਆ ਹੈ।
ਇਹ ਚੇਤੇ ਕਰਵਾਉਣ ਵਿਚ ਕੋਈ ਹਰਜ਼ ਨਹੀਂ ਹੈ ਕਿ ਮੈਕਲਾਉਡ ਦੀਆਂ ਲਿਖਤਾਂ ਨੂੰ ਖ਼ੁਸ਼ਵੰਤ ਸਿੰਘ ਤੇ ਜਗਤਾਰ ਸਿੰਘ ਗਰੇਵਾਲ਼ ਦੀਆਂ ਲਿਖਤਾਂ ਦੇ ਹਵਾਲੇ ਨਾਲ਼ ਸਮਝੇ ਜਾਣ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਤਿੰਨਾਂ ਦਾ ਪਾਠਕ ਵਰਗ ਵੀ ਵੱਖੋ-ਵੱਖਰਾ ਹੈ ਅਤੇ ਪਹੁੰਚ-ਵਿਧੀ ਵੀ ਵੱਖਰੀ-ਵੱਖਰੀ ਹੈ। ਅਸਲ ਵਿਚ ਮੈਕਲਾਉਡ ਅਪਣੇ ਵਰਗਾ ਆਪ ਹੀ ਹੈ ਅਤੇ ਉਹਦੀ ਕਮਜ਼ੋਰੀ ਹੀ ਉਹਦੀ ਸ਼ਾਨ ਹੈ। ਮੈਕਲਾਉਡ ਨੇ ਕਿਸੇ ਵੀ ਲੇਖਕ ਤੋਂ ਕੁਝ ਸਿੱਖਣ ਦੀ ਥਾਂ, ਹਰ ਲੇਖਕ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਮੈਕਲਾਉਡ ਤੋਂ ਪਹਿਲਾਂ ਮੈਕਲਾਉਡ ਵਰਗਾ ਲੇਖਕ ਹੋਰ ਕੋਈ ਨਹੀਂ ਹੋਇਆ ਅਤੇ ਇਸੇ ਲਈ ਕਿਸੇ ਹੋਰ ਲੇਖਕ ਦੇ ਵਿਰੋਧ ਦੀ ਇਸ ਤਰ੍ਹਾਂ ਮੁਹਿੰਮ ਵੀ ਨਹੀਂ ਚੱਲੀ।

ਬਲਕਾਰ ਸਿੰਘ
ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਸ੍ਰੀ ਗੁਰੁ ਗ੍ਰੰਥ ਸਟਡੀਜ ਦੇ ਮੁਖੀ ਰਹਿ ਚੁੱਕੇ ਹਨ। ਇਨ੍ਹਾਂ ਨੇ ਧਾਰਮਿਕ ਖੋਜ ਦੀਆਂ ਕਈ ਪੁਸਤਕਾਂ ਲਿਖੀਆਂ ਹਨ। ਕੁਝ ਦੇਰ ਹਰਭਜਨ ਸਿੰਘ ਯੋਗੀ ਨਾਲ ਰਹਿ ਕੇ ਅੱਜ ਕਲ ਪਟਿਆਲੇ ਰਹਿੰਦੇ ਹਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!