ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

Date:

Share post:

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਜਗਤਾਰ ਦਾ ਇਹ ਸ਼ਿਅਰ ਭਾਵੇਂ ਮਾਨਵ ਵਿਰੋਧੀ ਨਿਰਦਈ ਵਿਵਸਥਾ ਦਾ ਜ਼ਿਕਰ ਕਰਕੇ ਸੰਗਰਾਮੀਆਂ ਦੇ ਸਿਦਕ ਨੂੰ ਬਿਆਨ ਕਰਦਾ ਹੈ, ਪ੍ਰੰਤੂ ਇਹ ਉਸਦੀ ਅਪਣੀ ਕਾਵਿ-ਯਾਤਰਾ ਉੱਪਰ ਵੀ ਪੂਰੀ ਤਰ੍ਹਾਂ ਢੁਕਦਾ ਹੈ। ਜਗਤਾਰ ਨੇ ਆਧੁਨਿਕ ਪੰਜਾਬੀ ਕਵਿਤਾ ਦਾ ਲੰਮੇਰਾ ਪੰਧ ਵੀ ਬੜੇ ਸਿਦਕ ਅਤੇ ਸਿਰੜ ਨਾਲ ਤੈਅ ਕੀਤਾ ਹੈ। ਨਜ਼ਮ ਅਤੇ ਗ਼ਜ਼ਲ ਦੋਵਾਂ ਸਿਨਫਾਂ ਉੱਪਰ ਹੀ ਬਰਾਬਰ ਦੀ ਕੌਸ਼ਲਤਾ ਰੱਖਣ ਵਾਲੇ ਇਸ ਸ਼ਾਇਰ ਨੇ ਲਗਪਗ ਹਰ ਅਦਬੀ ਤਹਿਰੀਕ ਦਾ ਪ੍ਰਭਾਵ ਕਬੂਲਿਆ, ਪ੍ਰੰਤੂ ਉਸਦੀ ਵਿਸ਼ੇਸ਼ਤਾ ਇਹ ਰਹੀ ਕਿ ਉਹ ਕਿਸੇ ਵੀ ਤਹਿਰੀਕ ਦਾ ਪਿਛਲੱਗ ਸ਼ਾਇਰ ਨਹੀਂ ਬਣਿਆ। ਉਸ ਨੇ ਹਰ ਤਹਿਰੀਕ ਦੀ ਪਰਿਪੱਕ ਸ਼ਾਇਰੀ ਕੀਤੀ। ਉਸ ਨੇ ਹਰ ਤਹਿਰੀਕ ਨੂੰ ਹੀ ਗੁਣਾਤਮਿਕ ਯੋਗਦਾਨ ਦਿੱਤਾ ਅਤੇ ਹਰ ਧਾਰਾ ਦਾ ਸਫ਼ਲ ਤੇ ਪ੍ਰਮੁੱਖ ਕਵੀ ਬਣਿਆ। ਇਸ ਤਰ੍ਹਾਂ ਉਸ ਨੇ ਸਿਲਸਿਲੇਵਾਰ ਉੱਸਰ ਰਹੀ ਪੰਜਾਬੀ ਕਾਵਿ-ਪਰੰਪਰਾ ਦੀ ਉਸਾਰੀ ਵਿਚ ਭਰਪੂਰ ਯੋਗਦਾਨ ਪਾਇਆ।
ਪੰਜਾਬੀ ਗ਼ਜ਼ਲ ਤਾਂ ਸਦਾ ਜਗਤਾਰ ਦੀ ਰਿਣੀ ਰਹੇਗੀ, ਜਿਸਦੀ ਬਾਕਮਾਲ ਪ੍ਰਤਿਭਾ ਸਦਕਾ ਉਹ ਤਿੱਖੇ ਵਿਰੋਧਾਂ ਦੇ ਬਾਵਜੂਦ ਅਪਣੀ ਹੋਂਦ ਬਚਾਈ ਰੱਖਣ ਵਿਚ ਕਾਮਯਾਬ ਹੋ ਗਈ।
ਜਗਤਾਰ ਦੀ ਸ਼ਾਇਰੀ ਵਿਚ ਦੁਬਿਧਾ, ਆਤਮਗਿਲਾਨੀ, ਅੰਤਰਮੁਖਤਾ ਆਦਿ ਦੇ ਭਾਵ ਬਹੁਤ ਘੱਟ ਆਏ ਹਨ। ਮੁੱਖ ਰੂਪ ਵਿਚ ਉਹ ਸੰਘਰਸ਼, ਦ੍ਰਿੜ੍ਹਤਾ, ਮਾਨਵਤਾ ਅਤੇ ਆਤਮ ਸਨਮਾਨ ਆਦਿ ਮੁੱਲਾਂ ਨੂੰ ਪ੍ਰਣਾਇਆ ਹੋਇਆ ਹੈ। ਸਥਾਪਤੀ ਅੱਗੇ ਗਿੜਗਿੜਾਉਣ ਦਾ, ਨਤਮਸਤਕ ਹੋਣ ਦਾ ਸਿੱਧਾ-ਅਸਿੱਧਾ ਸੰਕੇਤ ਨਾ ਹੀ ਉਸਦੀ ਸ਼ਾਇਰੀ ਵਿਚ ਮਿਲਦਾ ਹੈ ਤੇ ਨਾ ਹੀ ਜੀਵਨ ਵਿਚ

ਕਤਲਗਾਹ ’ਚ ਸਿਰ ਝੁਕਾ ਕੇ ਕਿਉਂ ਤੁਰਾਂ
ਮੈਂ ਕਿਸੇ ਕੀਤੀ ‘ਤੇ ਸ਼ਰਮਿੰਦਾ ਨਹੀਂ
ਲੋਕ ਸ਼ਾਇਰ ਮੈਂ ਲਿਖਾਂ ਲੋਕਾਂ ਲਈ
ਸ਼ਹਿਨਸ਼ਾਹਾਂ ਦਾ ਮੈਂ ਕਰਿੰਦਾ ਨਹੀਂ

ਨਵਾਬੀ ਜੁੱਤੀ

ਸੁਪਨੀਲੇ ਦਿਨ – 1967 (ਫ਼ੋਟੋਕਾਰ-ਹਰਭਜਨ ਗੁਰਾਇਆ)

ਜਗਤਾਰ ਜੀ ਤੁਸੀਂ ਬਹੁਤ ਸਫਲ ਖੁੱਲ੍ਹੀਆਂ ਕਵਿਤਾਵਾਂ ਵੀ ਲਿਖੀਆਂ ਹਨ ਅਤੇ ਗ਼ਜ਼ਲ ਦੇ ਸ਼ਿਅਰਾਂ ਦੀ ਬੰਦਸ਼ ਵਿਚ ਵੀ ਖੂਬ ਪੁਖ਼ਤਗੀ ਦਿਖਾਈ ਹੈ। ਅਜਿਹਾ ਕਰਨ ਤੋਂ ਬਾਅਦ ਹੁਣ ਤੁਸੀਂ ਪ੍ਰੋ. ਪੂਰਨ ਸਿੰਘ ਦੀ ‘ਨਵਾਬੀ ਜੁੱਤੀ’ ਵਾਲੀ ਗੱਲ ਬਾਰੇ ਕੀ ਕਹੋਗੇ?
ਪੂਰਨ ਸਿੰਘ ਪੰਜਾਬੀ ਦਾ ਵਾਹਿਦ ਕਵੀ ਹੈ (1881-1931) ਜਿਸ ਨੇ ਪੰਜਾਬੀ ਕਾਵਿ ਦੀ ਛੰਦਾ-ਬੰਦੀ ਵਾਲੀ ਕਵਿਤਾ ਦਾ ਵਿਰੋਧ ਕੀਤਾ। ਜਿਸ ਛੰਦਾ ਬੰਦੀ ਨੂੰ ਉਹ ‘ਨਵਾਬੀ ਜੁੱਤੀ’ ਕਹਿ ਰਿਹਾ ਹੈ। ਇਸ ਜੁੱਤੀ ਦਾ ਪ੍ਰਯੋਗ ਉਸ ਨੇ ਅਪਣੇ ਵਿਆਹ ਵੇਲੇ ਉਚਾਰੀਆਂ ਛੰਦ ਬੰਦਕ ਕਵਿਤਾਵਾਂ (ਚੁਮਿਸਰਿਆਂ) ਵਿਚ ਕੀਤਾ ਪਰ ਉਹ ਚੌਮਿਸਰੇ ਪੰਜਾਬੀ ਦੀ ਮਾੜੀ ਤੋਂ ਮਾੜੀ ਕਵਿਤਾ ਦਾ ਹਮ ਪੱਲਾ ਨਹੀਂ। ਸੋ ਸ਼ਾਇਦ ਉਹ ਕਾਫ਼ੀਆ ਬੰਦ ਸ਼ਾਇਰੀ ਲਿਖਣ ਵਿਚ ਸਫ਼ਲ ਹੀ ਨਹੀਂ ਸੀ।
ਦੁਨੀਆ ਵਿਚ Paul Cezanne (1838-1906) Monet (1840-1926) Manet (1832-1883) Vangogh (1853-1890) Gaugvin (1846-1903) ਆਦਿ ਬੜੇ ਵੱਡੇ ਪੇਂਟਰ ਹੋਏ ਨੇ। Vangogh ਤੇ Gaugvin ਬੜੇ ਮਿੱਤਰ ਵੀ ਰਹੇ। ਪਿਕਾਸੋ (Picasso) ਤੇ Georges Bracque ਨੇ ਕੁਝ ਕੰਮ ਰਲ ਕੇ ਵੀ ਕੀਤਾ ਫੇਰ ਅਲੱਗ-ਥਲੱਗ ਹੋ ਗਏ। Picasso ਨੇ (1881-1975 ਤੱਕ) ਅਜਿਹਾ ਕੰਮ ਕੀਤਾ ਹੈ ਜੋ Unsurpassed ਹੈ। ਸਪੈਨਿਸ਼ ਪੇਂਟਰ Surclist Salvadan Dali ਦਾ ਕੰਮ ਬਿਲਕੁਲ ਅਲੱਗ-ਥਲੱਗ ਹੈ।
Monet ਤੇ Manet ਦੇ ਨਾਵਾਂ ਤੋਂ ਭੁਲੇਖਾ ਪੈ ਸਕਦਾ ਹੈ ਪਰ ਦੋਹਾਂ ਦਾ ਕੰਮ ਬਿਲਕੁਲ ਵੱਖੋ ਵੱਖਰਾ ਹੈ। ਕੁੱਲ ਮਿਲਾ ਕੇ Miro (1893-1983) ਤੱਕ ਕੰਮ ਬਿਲਕੁਲ ਹਰ ਪਹਿਲੂ ਤੋਂ ਨਵਾਂ ਹੈ ਪਰ ਕਿਸੇ ਨੇ ਪੂਰਨ ਸਿੰਘ ਵਾਂਗ ਕਿਸੇ ਦੀ ਵਿਰੋਧਤਾ ਨਹੀਂ ਕੀਤੀ।
ਸਾਡੇ ਇੱਥੇ ਟੈਗੋਰ (1861-1941) ਭਾਈ ਵੀਰ ਸਿੰਘ (1872-1958) ਧਨੀ ਰਾਮ ਚਾਤ੍ਰਿਕ (1879-1954) ਡਾ. ਮੁਹੰਮਦ ਇਕਬਾਲ ਆਦਿ ਕਵੀ ਜੋ ਲਗਭਗ ਇੱਕੋ ਸਮੇਂ ਵਿਚ ਹੋਏ, ਕਿਸੇ ਦੀ ਕਵਿਤਾ ਨੂੰ ਉਹਨਾਂ ‘ਨਵਾਬੀ ਜੁੱਤੀ’ ਕਹਿ ਕੇ ਨਹੀਂ ਭੰਡਿਆ, ਮੇਰੇ ਦ੍ਰਿਸ਼ਟੀਕੋਣ ਅਨੁਸਾਰ।
ਡਾ. ਇਕਬਾਲ ਨੂੰ ਈਰਾਨ ਵਾਲੇ ਫ਼ਾਰਸੀ ਦਾ ਕਵੀ ਮੰਨਣ ਲਈ ਤਿਆਰ ਨਹੀਂ ਸਨ ਨਾ ਉਹਨਾਂ ਗ਼ਾਲਿਬ ਨੂੰ ਫ਼ਾਰਸੀ ਦਾ ਸ਼ਾਇਰ ਮੰਨਿਆ। ਕਾਰਨ ਇਹ ਸੀ ਕਿ ਇਕਬਾਲ ਤੇ ਗ਼ਾਲਿਬ ਦੀ ਫ਼ਾਰਸੀ ਸ਼ਾਇਰੀ ਵਿੱਚ ਆਏ ਭਾਰਤੀ ਸ਼ਬਦਾਂ ਕਾਰਨ ਉਹ ਇਹਨਾਂ ਨੂੰ ਫ਼ਾਰਸੀ ਸ਼ਾਇਰ ਨਹੀਂ ਮੰਨਦੇ ਸਨ ਉਹ ਸਿਰਫ਼ ‘ਅਮੀਰ ਖੁਸਰੋ’ ਨੂੰ ਫ਼ਾਰਸੀ ਸ਼ਾਇਰ ਮੰਨਦੇ ਸਨ। ਪਰ ਈਰਾਨੀਆਂ ਦੇ ਕੋਲ ਇਕ ਭਰਪੂਰ ਦਲੀਲ ਸੀ।
ਪੂਰਨ ਸਿੰਘ ਨੇ ਅਜੇਹਾ ਕੁਝ ਬੇ ਦਲੀਲਾ ਹੀ ਕਿਹਾ ਹੈ। ਹਾਲਾਂਕਿ ਉਸ ਨਾਲੋਂ ਹਜ਼ਾਰ ਗੁਣਾ ਬਿਹਤਰ ਸ਼ਾਇਰ ਉਸ ਵੇਲੇ ਭਾਰਤ ਵਿਚ ਸਨ।
ਪੂਰਨ ਸਿੰਘ ਦੀ ਕਵਿਤਾ ਦਾ ਜ਼ਿਆਦਾਤਰ ਭਾਗ ਵਾਰਤਿਕ ਕਾਵਿ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਭਾਈ ਵੀਰ ਸਿੰਘ ਤੋਂ ਨਿਸਾਰ ਜਾਂਦਾ ਸੀ। ਮੈਂ ਜ਼ਿਆਦਾ ਵਿਸਥਾਰ ਵਿਚ ਨਹੀਂ ਜਾਂਦਾ,
ਮੇਰਾ ਭਾਵ ਇਹ ਨਹੀਂ ਕਿ ਪੂਰਨ ਸਿੰਘ ਦਾ ਅਦਬ ਕਾਬਲੇ ਕਦਰ ਨਹੀਂ। ਉਸ ਨੇ ਚੰਗਾ ਵੀ ਲਿਖਿਆ ਹੈ ਤੇ ਉਲਾਰੂ ਵੀ। ਪਰ ਕਿਸੇ ਮਾਈ ਦੇ ਲਾਲ ਨੇ ਵੀਰ ਸਿੰਘ, ਪੂਰਨ ਸਿੰਘ ਸਮੇਤ 1947 ਤੱਕ ਅੰਗਰੇਜ਼ ਸਰਕਾਰ ਦੀ ਵਿਰੋਧਤਾ ਨਹੀਂ ਕੀਤੀ। ਅਸਲ ਵਿਚ ਦੋਸ਼ ਦੇ ਭਾਗੀ ਅਜਿਹੇ ਲੋਕ ਹਨ ਜੋ ਸਰਕਾਰ ਵਿਰੁੱਧ ਕੁਸਕੇ ਵੀ ਨਹੀਂ। ਅੱਜ ਦੇ ਵੀ ਜ਼ਿਆਦਾਤਰ ਕਵੀ ਬਹੁਤੀ ਜਾਤੀਆਤ ਦੀ ਗੱਲ ਹੀ ਕਰਦੇ ਹਨ ਪਰ ਭਾਰਤ ਵਿਚ ਫੈਲ ਰਹੀ ਸਰਕਾਰੀ ਘਪਲੇਬਾਜ਼ੀ, ਰਿਸ਼ਵਤਖੋਰੀ ਤੇ ਆਤੰਕਵਾਦ ਬਾਰੇ ਪੂਰਨ ਤੌਰ ‘ਤੇ ਨਹੀਂ ਤਾਂ ਲਗਪਗ ਚੁੱਪ ਹਨ। ਵਾਰਤਿਕ ਕਵਿਤਾ ਦੀ ਉਹਨਾਂ ਦੇ ਪ੍ਰਸ਼ੰਸਕਾਂ ਤੇ ਗੁੱਟਬੰਦੀ ਨੇ ਮਿੱਟੀ ਪਲੀਤ ਕਰ ਦਿੱਤੀ ਹੈ। ਅੱਜ ਦੇ ਕਵੀਆਂ ਦਾ ਰੋਲ 1950 ਤੱਕ ਦੇ ਕਵੀਆਂ ਤੋਂ ਵੀ ਮਾੜਾ ਹੈ। ਨਕਸਲਵਾਦੀ ਕਵੀ ਜ਼ਰੂਰ ਕ੍ਰਾਂਤੀਸ਼ੀਲ ਰਹੇ ਤੇ ਮਾਨਵਵਾਦ ਲਈ ਕੁਰਬਾਨੀਆਂ ਦਿੱਤੀਆਂ ਪਰ ਅੱਜਕਲ੍ਹ ਉਨ੍ਹਾਂ ਵਿਚੋਂ ਵੀ ਬਹੁਤੇ ਬਦੇਸ਼ਾਂ ਵਿਚ ਮੌਜਾਂ ਕਰ ਰਹੇ ਹਨ।

ਕਵਿਤਾ ਬਾਰੇ ਸੋਝੀ

ਤੁਹਾਡੇ ਅਨੁਸਾਰ ਚੰਗੀ ਕਵਿਤਾ ਕਿਹੋ ਜਹੀ ਹੁੰਦੀ ਹੈ। ਕੀ ਸਮੁੱਚੀ ਪੰਜਾਬੀ ਕਵਿਤਾ ਵਿਚੋਂ ਕੋਈ ਮਿਸਾਲ ਦੇ ਕੇ ਸਮਝਾਉਗੇ?
ਚੰਗੀ ਕਵਿਤਾ ਚੰਗੀ ਕਿਵੇਂ ਹੁੰਦੀ ਹੈ? ਬੜਾ ਅਜੀਬ ਜਿਹਾ ਸਵਾਲ ਹੈ। ਹਰ ਕਵਿਤਾ ਦੇ ਪਾਠਕ ਅਲੱਗ-ਅਲੱਗ ਹੁੰਦੇ ਹਨ। ਅਕਸਰ ਕੁੜੀਆਂ ਮੁੰਡੇ ਰੁਮਾਂਟਿਕ ਕਵਿਤਾ ਪਸੰਦ ਕਰਦੇ ਹਨ, ਧਾਰਮਿਕ ਲੋਕ ਧਾਰਮਿਕ ਬਾਣੀ ਜਾਂ ਕਵਿਤਾ ਪਸੰਦ ਕਰਦੇ ਹਨ। ਕਿਸੇ ਵੇਲੇ ਪੰਜਾਬ ਦੇ ਡਾਂਗਰੀ ਅਸ਼ਲੀਲ ਕਵਿਤਾ ਦੇ ਚਾਹਵਾਨ ਸਨ। 50 ਕੁ ਸਾਲ ਪਹਿਲਾਂ ਆਮ ਤੌਰ ’ਤੇ ਲੋਕ ਕਿੱਸੇ ਪਸੰਦ ਕਰਦੇ ਸਨ। ਅੱਜ ਦੇ ਲੋਕ ਅਜਿਹੀਆਂ ਕਵਿਤਾਵਾਂ ਹੀ ਪਸੰਦ ਕਰਦੇ ਹਨ, ਜੋ ਉਨ੍ਹਾਂ ਦੇ ਜੀਵਨ ਨਿਰਬਾਹ ਦੀਆਂ ਲਖ਼ਾਇਕ ਜਾਂ ਜੀਵਨ ਸੰਕਟ ਦੀ ਮੁਕਤੀ ਦੀ ਗੱਲ ਦਰਸਾਉਂਦੀਆਂ ਹਨ। ਸੋ ਕਿਸੇ ਇਕ ਕਵਿਤਾ ਨੂੰ ਸਾਰੇ ਲੋਕ ਨਹੀਂ ਸਹਾਰ ਸਕਦੇ।
ਸਮੁੱਚੀ ਕਵਿਤਾ ਬਾਰੇ ਗੱਲ ਕੀ ਕਰੀਏ। ਬਾਬਾ ਫ਼ਰੀਦ ਜੀ ਤੋਂ ਲੈ ਕੇ ਅੱਜ ਤੱਕ ਦੀ ਕਵਿਤਾ ਦਾ ਪੂਰਨ ਅਧਿਐਨ ਤਾਂ ਸ਼ਾਇਦ ਕਿਸੇ ਕੀਤਾ ਵੀ ਨਹੀਂ।
ਜੇ ਮੈਂ ਕਿਸੇ ਕਵਿਤਾ ਨੂੰ ਪੰਜਾਬੀ ਦੀ ਸਭ ਤੋਂ ਚੰਗੀ ਕਵਿਤਾ ਕਹਾਂ ਵੀ ਤਾਂ ਜ਼ਰੂਰੀ ਨਹੀਂ ਉਹ ਸਭ ਨੂੰ ਚੰਗੀ ਲੱਗੇ।
ਕਣਕ ਦੇ ਪੂਰੇ ਖੇਤ ਵਿਚੋਂ ਜੇ ਮੈਂ ਕਹਾਂ ਕਿ ਤੁਹਾਨੂੰ ਕਿਹੜਾ ਬੂਟਾ ਚੰਗਾ ਲਗਦਾ ਹੈ ਤਾਂ ਤੁਸੀਂ ਕੀ ਕਹੋਗੇ?
ਪੰਜਾਬੀ ਵਿਚ ਬੇਸ਼ੁਮਾਰ ਕਵਿਤਾਵਾਂ ਚੰਗੀਆਂ ਹਨ ਅਤੇ ਚੰਗੀਆਂ ਤੋਂ ਵਧੇਰੇ ਮਾੜੀਆਂ ਹਨ। ਪਿਛਲੇ 20 ਸਾਲਾਂ ਵਿਚ ਕੂੜਾ ਕਰਕਟ ਕਵਿਤਾ ਵਧੇਰੇ ਲਿਖੀ ਗਈ ਹੈ।

ਗ਼ਾਲਿਬ ਦੇ ਮਕਬਰੇ ‘ਤੇ ਡਾ. ਜਗਤਾਰ ਨਾਲ ਨਵਤੇਜ ਪੁਆਧੀ, ਸ਼ਾਂਤੀ ਦੇਵ ਅਤੇ ਹਰਨਾਮ – ਦਿੱਲੀ

  ਖ਼ਿਆਲ ਹੈ ਕਿ ਕਵੀ ਜਿੱਥੇ ਆਮ ਬੇਰਸੇ ਜੀਵਨ ਵਿਚ ਰੰਗੀਨੀਆਂ ਭਰਦੇ ਹਨ ਉੱਥੇ ਸਮਾਜ ਦੇ ਸਥਾਈਪਨ ਲਈ ਖ਼ਤਰਾ ਵੀ ਹੁੰਦੇ ਹਨ। ਤੁਸੀਂ ਕੀ ਸਮਝਦੇ ਹੋ?
  ਕਵੀ ਕਈ ਤਰ੍ਹਾਂ ਦੇ ਹੁੰਦੇ ਹਨ। ਸਿਰਫ਼ ਬੇਰਸੇ ਸਮਾਜ ਵਿਚ ਰੰਗੀਨੀਆਂ ਭਰਨ ਵਾਲੇ ਕਵੀ ਹੀ ਸਮਾਜ ਵਿਚ ਸਥਾਈਪਨ ਦੇ ਭਾਗੀ ਹੁੰਦੇ ਹਨ ਪਰ ਸਮਾਜ ਵਿਚ ਆਏ ਸਥਾਈਪਨ ਨੂੰ ਤੋੜਨ ਵਾਲੇ ਕਵੀ ਸਥਾਈਪਨ ਤੋੜ ਕੇ ਰੰਗੀਨੀਆਂ ਲਿਆਉਣ, ਸਮਾਜਿਕ ਕਦਰਾਂ ਕੀਮਤਾਂ ਬਦਲਣ ਵਾਲੇ ਕਵੀ ਹੀ ਕਵੀ ਹੁੰਦੇ ਹਨ। ਏਹੀ ਕਾਰਨ ਹੈ ਕਿ ਜਦੋਂ ਦਾ ਰੂਸ ਵਿਚ ਉਲਟਫੇਰ ਆਇਆ ਹੈ ਪੰਜਾਬੀ ਦੇ ਜ਼ਿਆਦਾਤਰ ਕਵੀ ਹੁਣ ਰੂਸ ਦੀ ਨਿੰਦਾ ਵਿਚ ਜੁਟ ਗਏ ਹਨ। ਜਦੋਂ ਕਿ ਮਹਿਮੂਦ ਦਰਵੇਸ਼ ਵਰਗੇ ਕਵੀ ਸਮਾਜਿਕ ਤਬਦੀਲੀਆਂ ਲਿਆਉਣ ਵਿਚ ਜੁਟੇ ਰਹੇ। ਪਹਿਲਾਂ ਵੀ ਦੁਨੀਆ ਵਿਚ ਅਜਿਹੇ ਕਵੀ ਹੋਏ ਹਨ ਤੇ ਹੈਨ ਜੋ ਅਪਣੀਆਂ ਕਾਵਿ ਰਚਨਾਵਾਂ ਦੁਆਰਾ ਥੋਥੀਆਂ, ਬੋਦੀਆਂ ਤੇ ਮਾਰੂ ਕੀਮਤਾਂ ਤੇ ਸਮਾਜਿਕ ਨਾ ਬਰਾਬਰੀ ਬਾਰੇ ਕਵਿਤਾਵਾਂ ਲਿਖਣ ਦੇ ਜੁਰਮ ਵਿਚ ਮਾਰੇ ਗਏ। ਭਾਰਤੀ ਪੰਜਾਬ ਵਿਚ ਅਜਿਹਾ ਕੋਈ ਕਵੀ ਜਾਂ ਉਸ ਦੀ ਮਿਸਾਲ ਨਹੀਂ ਮਿਲਦੀ ਬਲਕਿ ਜ਼ਿੰਦਗੀ ਨੂੰ ਸੁਖਣੀਆਂ ਕਦਰਾਂ ਕੀਮਤਾਂ ਦੇ ਮੁਤਲਾਸ਼ੀ ਬਦੇਸ਼ਾਂ ਵਿਚ ਜਾ ਬੈਠੇ।
ਵਾਸਤਵ ਵਿਚ ਤੁਸੀਂ ਵੀ ਜੇ ਉਹਨਾਂ ਕਵੀਆਂ ਦੀ ਹੀ ਗੱਲ ਕਰਦੇ ਹੋ ਤਾਂ ਭਾਰਤ ਵਿਚ ਕੋਈ ਅਜੇਹਾ ਕਵੀ ਨਜ਼ਰ ਨਹੀਂ ਆਉਂਦਾ- ਮੈ ਗ਼ਦਰ ਲਹਿਰ ਨੂੰ ਛੱਡ ਕੇ ਇਹ ਗੱਲ ਕਹਿ ਰਿਹਾਂ- ਅੱਜ ਦੇ ਭਾਰਤੀ ਪੰਜਾਬੀਆਂ ਕੋਲੋਂ ਅਜਿਹੇ ਵਤੀਰੇ ਦੀ ਆਸ ਫ਼ਿਲਹਾਲ ਨਜ਼ਰ ਵੀ ਨਹੀਂ ਆ ਰਹੀ। ਕਿਉਂਕਿ ਭਾਰਤੀ ਪੰਜਾਬੀ ਕੇਵਲ ਤੇ ਕੇਵਲ ਯੂਨੀਵਰਸਿਟੀਆਂ ਵਿਚ ਉੱਚੀਆਂ ਪਦਵੀਆਂ ਲੈਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਭਾਰਤੀ ਕਵੀ -ਪੰਜਾਬੀ ਤੋਂ ਬਿਨਾ ਵੀ, ਇਹ ਹਿੰਮਤ ਨਹੀਂ ਕਰ ਰਿਹਾ ਕਿ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾ ਸਕੇ। ਉਂਜ ਵੀ ਪੰਜਾਬੀ ਕਵਿਤਾ ਵਿਚ ਦੋ ਚਾਰ ਕਵੀਆਂ ਨੂੰ ਛੱਡ ਕੇ ਕਿਸੇ ਵਿਚ ਦਲੇਰੀ ਹੀ ਨਜ਼ਰ ਨਹੀਂ ਆਉਂਦੀ। ਉਂਜ ਤੁਹਾਡੇ ਸਵਾਲ ਦਾ ਅਰਥ ਸ਼ਾਇਦ ਏਹੀ ਹੈ, ਪਰ ਅਸਲੀ ਬਾਤ ਉਹ ਹੈ, ਜਿਸ ਦਾ ਮੈਂ ਜ਼ਿਕਰ ਕੀਤਾ ਹੈ। ਕਿਉਂਕਿ ਤੁਹਾਡਾ ਸਵਾਲ ਵੀ ਅਜੋਕੀ ਬੇਸਿਰ ਪੈਰ ਕਵਿਤਾ ਬਾਰੇ ਹੀ ਲਗਦਾ ਹੈ। ਜੇ ਸਵਾਲ ਅਜਿਹੀ ਕਵਿਤਾ ਬਾਰੇ ਹੈ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ। ਅੱਜ ਦੀ Free Verse ਤੇ Blank Verse ਕਵਿਤਾ ਤੇ ਗ਼ਜ਼ਲਾਂ ਬੜੀਆਂ ਹੀ ਨੀਵੀਂ ਪੱਧਰ ਦੀਆਂ ਹਨ, ਤੁਸੀਂ ਗ਼ਜ਼ਲਾਂ ਭਾਵੇਂ ਨਹੀਂ ਛਾਪਦੇ ਪਰ ਤੀਸਰੇ ਦਰਜੇ ਦੀਆਂ ਕਵਿਤਾਵਾਂ ਜ਼ਿਆਦਾ ਛਾਪਦੇ ਹੋ।
‘ਹੁਣ’ ਦੇ ਰੂਪ ਵਿਚ ਤੁਹਾਡਾ ਉੱਦਮ ਸ਼ਲਾਘਾਯੋਗ ਹੈ, ਪਰ ਰਿਸਕ ਲੈ ਕੇ ਵੀ ਬੇਸਿਰੋ ਪਾ ਕਵਿਤਾ ਦਾ ਵਿਰੋਧ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਬਲਕਿ ਮਾੜੀਆਂ ਕਵਿਤਾਵਾਂ ਛਾਪਣ ਵਾਲੀ ਤੁਹਾਡੀ ਨੀਤੀ ਬੜੀ ਚੁਭਦੀ ਹੈ। ਤੁਹਾਨੂੰ ਇਸ ਤਰ੍ਹਾਂ ਦੀਆਂ ਕਵਿਤਾਵਾਂ ਨਹੀਂ ਛਾਪਣੀਆਂ ਚਾਹੀਦੀਆਂ। ਇਸ ਤਰ੍ਹਾਂ ਤੁਹਾਡਾ ਬੇਮਿਸਾਲ ਪਰਚਾ ਹੌਲੀ ਹੌਲੀ ਆਮ ਪਰਚਿਆਂ ਵਾਂਗ ਹੋ ਜਾਵੇਗਾ।
  ਤੁਹਾਡੀ ਅਪਣੀ ਜ਼ਿੰਦਗੀ ਵਿਚ ਤੁਹਾਨੂੰ ਇਹ ਸੋਝੀ ਕਦੋਂ ਕੁ ਹੋਈ ਸੀ ਕਿ ਤੁਸੀਂ ਕਵਿਤਾ ਲਿਖ ਸਕਦੇ ਹੋ?
  ਇਹ ਤਾਂ ਮੈਨੂੰ ਯਾਦ ਨਹੀਂ ਪਰ ਮੈਂ ਪਾਕਿਸਤਾਨ ਦੇ ਪਿੰਡ ਪੱਕਾ ਕਿਲ੍ਹਾ ਤੋਂ 8/9 ਦਿਨ ਪੈਦਲ ਤੁਰ ਕੇ ਅਪਣੀ ਭੈਣ ਤੇ ਬਹਿਨੋਈ ਨਾਲ ਖੇਮਕਰਨ ਪੁੱਜਾ ਸਾਂ। ਮੇਰੀ ਭੈਣ ਦੀ ਜੇਠਾਣੀ ਦੇ ਪੇਕੇ ਖੇਮਕਰਨ ਸਨ। ਸਾਡੇ ਕੋਲ ਤਨ ਦੇ ਕੱਪੜਿਆਂ ਤੋਂØ ਸਿਵਾ ਕੁਝ ਨਹੀਂ ਸੀ ਬਚਿਆ। ਫੇਰ ਅਸੀਂ ਪੈਦਲ ਤਰਨ ਤਾਰਨ ਪੁੱਜੇ। ਅੱਗੋਂ ਤਾਂਗੇ ਤੇ ਅੰਮ੍ਰਿਤਸਰ। ਰਾਏਵਿੰਡ ਆ ਕੇ ਸਾਡੇ ਸਭ ਹਥਿਆਰ (ਕਿਰਪਾਨਾਂ ਆਦਿ) ਪਾਕਿਸਤਾਨੀ ਪੁਲਸ ਨੇ ਖੋਹ ਲਏ। ਉਸ ਵੇਲੇ ਮੁਸਲਮਾਨਾਂ ਨੇ ਖੂਹਾਂ ਵਿਚ ਮਾਰ ਕੇ ਗਊਆਂ ਤੇ ਜ਼ਹਿਰ ਸੁੱਟ ਦਿੱਤੀ ਸੀ। ਸੋ ਬਾਰਸ਼ ਦਾ ਪਾਣੀ ਜੋ ਸੜਕਾਂ ਦੇ ਕਿਨਾਰਿਆਂ ’ਤੇ ਜਮ੍ਹਾਂ ਹੋ ਜਾਂਦਾ ਸੀ, ਉਹ ਪੀ-ਪੀ ਲੋਕਾਂ ਦਿਨ ਗੁਜ਼ਾਰੇ। ਅਸੀਂ ਲਲਿਆਣੀ ਰਾਤ ਗੁਜ਼ਾਰੀ ਕਿਉਂਕਿ ਕਸੂਰ ਜਾਣ ਦੀ ਗੋਰਖਾ ਫ਼ੌਜੀਆਂ ਮਨਾਹੀ ਕਰ ਦਿੱਤੀ ਸੀ। ਮੈਂ 7ਵੀਂ ਦਾ ਵਿਦਿਆਰਥੀ ਸੀ ਉਸ ਸਮੇਂ ਕਵਿਤਾ ਲਿਖਣ ਦੀ ਸੋਝੀ ਹੀ ਕਿੱਥੇ ਸੀ।
ਸੋ, ਮੈਂ ਗੀਤ ਲਿਖਣ ਦਾ ਆਰੰਭ 1949-50 ਵਿਚ ਕੀਤਾ ਤੇ ਮੇਰਾ ਪਹਿਲਾ ਗੀਤ 1952 ਮਾਰਚ ਦੇ ‘ਲੋਕ ਸਾਹਿਤ’ ਵਿਚ ਨਾਨਕ ਸਿੰਘ ਜੀ ਨੇ ਛਾਪਿਆ। ਸ. ਨਾਨਕ ਸਿੰਘ ਮੇਰੇ ਗੀਤਾਂ ਦੀ ਸੁਧਾਈ ਵੀ ਕਰ ਦਿੰਦੇ ਸਨ। ਵਾਸਤਵ ਵਿਚ ਉਸ ਸਮੇਂ ਦੋ ਚਾਰ ਕਵੀ ਮੋਹਨ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਤੇ ਸਫ਼ੀਰ ਵਗੈਰਾ ਹੀ ਆਮ ਪੜ੍ਹਨ ਨੂੰ ਮਿਲਦੇ ਸਨ ਪਰ ਸਟੇਜੀ ਕਵੀਆਂ ਦਾ ਇਕ ਪੂਰਾ ਕਾਫ਼ਲਾ ਸੀ। ਸਾਡੇ ਨੇੜਲੇ ਪਿੰਡਾਂ ਵਿਚ ਹੀ 12-13 ਸਟੇਜੀ ਕਵੀ ਸਨ।

ਕੋਈ ਸ਼ਾਇਰ ਇਨਕਲਾਬੀ ਨਹੀਂ

  ਇੱਕ ਕਥਨ ਵਿਚ ਤੁਹਾਨੂੰ ਸੁਹਜਵਾਦੀ ਜਾਂ ਇਨਕਲਾਬੀ ਨਹੀਂ ਮਾਨਵਵਾਦੀ ਸ਼ਾਇਰ ਕਿਹਾ ਗਿਆ ਹੈ। ਕੀ ਤੁਸੀਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹੋ?
  ਮੈਨੂੰ ਤਾਂ ਕੁਝ ਯਾਦ ਨਹੀਂ ਕਿ ਇਹ ਸਵਾਲ ਕਦੋਂ ਉਭਰੇ। ਵਾਸਤਵ ਵਿਚ ਪੰਜਾਬੀ ਵਿਚ ਕੋਈ ਵੀ ਸ਼ਾਇਰ ਇਨਕਲਾਬੀ ਨਹੀਂ। ਮੋਹਨ ਸਿੰਘ, ਅੰਮ੍ਰਿਤਾ, ਆਦਿ ਸਭ ਰੁਮਾਂਟਿਕ ਪ੍ਰਗਤੀਵਾਦੀ ਸ਼ਾਇਰ ਹਨ। ਏਸੇ ਲਈ ਮੋਹਨ ਸਿੰਘ ਆਦਿ ਦੀ ਕਵਿਤਾ ਤੋਂ ਉਕਤਾਏ ਲੋਕ ਪਾਸ਼ ਆਦਿ ਦੀ ਵਧੇਰੇ ਸਰਾਹਣਾ ਕਰਦੇ ਸਨ। ਮੇਰੇ ਬਾਰੇ ਲੋਕ ਕੀ ਕਹਿੰਦੇ ਹਨ, ਮੈਂ ਕਦੇ ਪਰਵਾਹ ਹੀ ਨਹੀਂ ਕੀਤੀ, ਪਰ ਦੁਨੀਆ ਭਰ ਵਿਚ ਮੇਰੇ ਪਾਠਕਾਂ ਦੀ ਗਿਣਤੀ ਬੇਸ਼ੁਮਾਰ ਹੈ। ਉਂਜ ਵੀ ਚੰਗੀ ਸ਼ਾਇਰੀ ਦੇ ਪ੍ਰਸ਼ੰਸਕ ਵੱਖੋ ਵੱਖਰੀ ਕਿਸਮ ਦੇ ਹੁੰਦੇ ਹਨ।
ਜੇ ਮੈਨੂੰ ਮਾਨਵਵਾਦੀ ਸ਼ਾਇਰ ਸਮਝਿਆ ਜਾਂਦਾ ਹੈ ਤਾਂ ਮੈਨੂੰ ਕੋਈ ਦੁੱਖ ਨਹੀਂ, ਜਿਹੜੇ ਲੋਕ ਮੈਨੂੰ ਮਾਨਵਵਾਦੀ ਕਹਿੰਦੇ ਹਨ, ਮੈਨੂੰ ਕਦੇ ਚੁਭੇ ਨਹੀਂ। ਇਕ ਮਿਸਾਲ ਦੇਣੀ ਚਾਹੁੰਦਾ ਹਾਂ-
ਕੀਟਸ ਅਪਣੇ ਜ਼ਮਾਨੇ ਦਾ ਮਹਾਨ ਕਵੀ ਸੀ। ਪਰ ਜਦੋਂ ਉਹਨੇ ਇਕ ਲੰਬੀ ਕਵਿਤਾ ENDYMION ਲਿਖੀ ਤਾਂ ਉਸ ਸਮੇਂ ਆਲੋਚਕਾਂ ਜੌਹਨ ਵਿਲਸਨ, ਕਰੋਕਰ ਅਤੇ ਜੌਹਨ ਗਿਬਸਨ ਨੇ ਉਸਦੇ ਵਿਰੁੱਧ ਬਹੁਤ ਕੁਝ ਕਿਹਾ। ਬਲਕਿ ਉਸਦੀ ਕਵਿਤਾ ਤੋਂ ਬਿਨਾ ਉਸਦੀ ਜ਼ਾਤ ਦਾ ਵੀ ਮੌਜੂ ਉਡਾਇਆ। ਕੀਟਸ ਦੀ ਬਿਮਾਰੀ ਦਾ ਕਾਰਨ ਵੀ ਮੈਂ ਇਸ ਤਰ੍ਹਾਂ ਦੇ ਆਲੋਚਕਾਂ ਨੂੰ ਸਮਝਦਾ ਹਾਂ ਪਰ ਅੱਜ ਕਿੱਥੇ ਹਨ ਉਹ ਆਲੋਚਕ? ਪਰ ਕੀਟਸ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ।

ਨਿਆਜ਼ੀ ਨਾਲ ਲੜਾਈ

  ਤੁਹਾਡੇ ਜੀਵਨ ਕਾਲ ਅੰਦਰ ਹੀ ਪੰਜਾਬੀ ਸਾਹਿਤ ਵਿਚ ਕਈ ਧਾਰਾਵਾਂ ਚੱਲੀਆਂ, ਜਿਨ੍ਹਾਂ ਦਾ ਆਧਾਰ ਸਿਆਸਤ ਹੁੰਦਾ ਸੀ। ਕੀ ਤੁਹਾਡੇ ’ਤੇ ਇਨ੍ਹਾਂ ਦਾ ਕੋਈ ਅਸਰ ਹੁੰਦਾ ਰਿਹਾ ਤੇ ਤੁਹਾਡੀ ਮਾਨਸਿਕਤਾ ਇੱਧਰ ਓਧਰ ਡੋਲਦੀ ਰਹੀ?
  ਮੈਂ ਸਿਆਸੀ ਤੌਰ ’ਤੇ ਕਿਸੇ ਵੀ ਭਾਰਤੀ-ਪਾਰਟੀ ਦਾ ਮੈਂਬਰ ਨਹੀਂ, ਪਰ ਮਾਰਕਸਵਾਦੀ ਸਿਧਾਂਤ ਦਾ ਪ੍ਰਭਾਵ ਮੇਰੀਆਂ ਕਵਿਤਾਵਾਂ ਵਿਚ ਮੇਰੀ ਅਪਣੀ ਮਰਜ਼ੀ ਤੇ ਮਾਰਕਸੀ ਸਿਧਾਂਤ ਦੇ ਅਸਰ ਅਧੀਨ ਵੇਖਿਆ ਜਾ ਸਕਦਾ ਹੈ। ਮੈਂ ਆਮ ਕਵੀਆਂ ਹਰਿਭਜਨ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਆਦਿ ਵਾਂਗ ਪਾਸੇ ਨਹੀਂ ਬਦਲੇ। ਮੇਰਾ ਦ੍ਰਿਸ਼ਟੀਕੋਣ ਅੱਜ ਵੀ ਮਾਰਕਸੀ ਹੈ ਕਿਉਂਕਿ ਮੈਂ ਨਾ ਕਿਸੇ ਨੌਕਰੀ ਦੀ ਲਾਲਸਾ ਕਾਰਨ ਲਿਖਿਆ ਹੈ ਨਾ ਇਨਾਮਾਂ ਲਈ ਨਾ ਪੈਸਿਆਂ ਲਈ। ਸੋ ਮੇਰੀ ਮਾਨਸਿਕਤਾ ਡੋਲਣ ਦੀ ਗੱਲ ਕੀ ਤੁਸੀਂ ਦੁਧਪਥਰੀ ਤੋਂ ਲੈ ਕੇ ਕਿਸੇ ਪੁਸਤਕ ਦੇ ਹਵਾਲਿਆਂ ਰਾਹੀਂ ਸਾਬਤ ਕਰ ਸਕਦੇ ਹੋ? ਪਾਕਿਸਤਾਨ ਵਿਚ ਮੁਨੀਰ ਨਿਆਜ਼ੀ ਬੜੇ ਚੋਟੀ ਦੇ ਸ਼ਾਇਰਾਂ ਵਿਚ ਗਿਣਿਆ ਜਾਂਦਾ ਸੀ, ਪਰ ਉਸਦੀ Diction ਦਾ ਪੱਧਰ 1950 ਤੋਂ 2007 ਤੱਕ ਉਹੀ ਰਿਹਾ। ਮੇਰੀ ਕਵਿਤਾ ਵਿਚ ਹਰ ਵਾਰੀ ਬਦਲਾਓ ਆਇਆ ਹੈ ਤੇ ਹਰ ਵਾਰੀ Diction ਤੇ ਵਿਚਾਰਾਂ ਦਾ ਬਦਲਾਉ ਜ਼ਰੂਰੀ ਵੀ ਹੈ। ਮੁਨੀਰ ਨਿਆਜ਼ੀ ਮੇਰੇ ਨਾਲ ਇਸ ਕਾਰਨ ਲੜ ਵੀ ਪਿਆ ਸੀ। ਮੇਰੀ ਇਕ ਪੁਸਤਕ ਦਾ ਮੁਹਾਂਦਰਾ ਦੂਸਰੀ ਤੋਂ ਅਲੱਗ ਹੈ। ਸ਼ਾਇਦ ਇਸ ਨੂੰ ਹੀ ਤੁਸੀਂ ਡੋਲਣਾ ਕਹਿ ਰਹੇ ਹੋ।

ਜੀਵਨ ਦੀਆਂ ਤਲਖ਼ੀਆਂ

ਨਵਾਂ ਸਫ਼ਰ-ਵਿਆਹ ਵਾਲ਼ਾ ਦਿਨ-1966

  ਸੁਣੀਆਂ ਸੁਣਾਈਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਬਹੁਤ ਤਲਖ਼ੀਆਂ ਵਿਚੋਂ ਲੰਘੀ ਹੈ। ਮੁੱਢ ਤੋਂ ਸ਼ੁਰੂ ਕਰੀਏ ਤਾਂ ਤੁਹਾਡਾ ਬਚਪਨ ਕਿਹੋ ਜਿਹਾ ਸੀ?
  ਮੇਰੀ ਜ਼ਿੰਦਗੀ ਤਲਖ਼ੀਆਂ ਵਿੱਚੋਂ ਲੰਘੀ ਹੀ ਨਹੀਂ ਲੰਘ ਵੀ ਰਹੀ ਹੈ। ਸਾਡਾ ਪੂਰਾ ਪਿੰਡ ਰਾਜਗੋਮਾਲ ਇੱਕੋ ਬਰਾਦਰੀ ਨਾਲ ਸਬੰਧ ਰੱਖਦਾ ਹੈ। ਜਿਨ੍ਹਾਂ ਵਿਚ ਆਦਿਧਰਮੀ ਤੇ ਤਿੰਨ-ਚਾਰ ਘਰ ਰਾਮਗੜ੍ਹੀਆਂ ਦੇ ਸਨ। ਮੇਰੇ ਮਾਂ-ਪਿਉ ਅੱਜ ਤੋਂ 50-51 ਸਾਲ ਪਹਿਲਾਂ ਗੁਜ਼ਰ ਗਏ ਸਨ। ਸੋ ਛੋਟੇ-ਛੋਟੇ ਭੈਣ-ਭਰਾਵਾਂ ਦਾ ਭਾਰ ਵੀ ਮੈਨੂੰ ਚੁੱਕਣਾ ਪਿਆ।
ਮੇਰੇ ਤਾਇਆ ਜੀ ਸ. ਜਵਾਹਰ ਸਿੰਘ 1907-08 ਜਾਂ ਸ਼ਾਇਦ ਇਸ ਤੋਂ ਵੀ ਪਹਿਲਾਂ ਆਸਟਰੇਲੀਆ ਚਲੇ ਗਏ ਸਨ। ਉਹਨਾਂ ਦਾ ਇਕ ਬੇਟਾ ਹਜ਼ਾਰਾ ਸਿੰਘ ਸੀ, ਉਹ ਲਾਹੌਰ ਵਿਚ ਸੀ ਤਾਂ ਸਾਡੀ ਇਕ ਰਿਸ਼ਤੇਦਾਰ ਔਰਤ, ਜੋ ਸਾਡੇ ਪਿੰਡ ਦੀ ਹੀ ਸੀ, ਨੇ ਉਸ ਨੂੰ ਅਪਣੇ ਹੱਥਾਂ ’ਤੇ ਪਾ ਲਿਆ ਤੇ ਜਦੋਂ ਉਹਨੇ ਉਸ ਨਾਲ ਨਾਜਾਇਜ਼ ਸਬੰਧ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਕਾਬੂ ਨਾ ਆਇਆ, ਉਸ ਨੇ ਜ਼ਹਿਰ ਦੇ ਕੇ ਮਾਰ ਦਿੱਤਾ। ਜਦੋਂ ਮੇਰੀ ਮਾਂ, ਜੋ ਵਾਸਤਵ ਵਿਚ ਮੇਰੀ ਤਾਈ ਸੀ, ਨੂੰ ਉਸ ਦੇ ਮਰਨ ਦੀ ਤਾਰ ਮਿਲੀ ਉਸ ਵੇਲੇ ਸਾਡਾ ਤਾਰਘਰ ਜੰਡਿਆਲਾ ਸੀ। ਤਾਰ ਵਾਲਿਆਂ ਓਥੋਂ ਹਰਕਾਰਾ ਭੇਜਣ ਦੀ ਥਾਂ ਤਾਰ ਡਾਕ ਵਿਚ ਪਾ ਦਿੱਤੀ, ਜਦੋਂ ਮਾਂ ਨੂੰ ਤਾਰ ਮਿਲੀ ਤਾਂ ਉਹ ਲਾਹੌਰ ਪਹੁੰਚੀ। ਓਦੋਂ ਤੱਕ ਮੇਰੇ ਭਰਾ ਦੀ ਲਾਸ਼ ਅਗਨ ਭੇਂਟ ਹੋ ਚੁੱਕੀ ਸੀ। ਇਸ ਸਾਜਿਸ਼ ਵਿਚ ਬਰਾਦਰੀ ਦੇ ਹੋਰ ਲੋਕ ਵੀ ਸ਼ਾਮਲ ਸਨ। ਮੇਰੇ ਨਾਨਾ ਜੀ ਦਾ ਘਰ ਕੰਬੋਵਾੜੇ ਵਿਚ ਵੇਖਣਯੋਗ ਸੀ। ਉਹ ਵੀ ਇਹ ਸਦਮਾ ਨਾ ਸਹਾਰ ਸਕੇ, ਉਹ ਉਦੋਂ ਗਲਗਿੱਤ ਵਿਚ ਸਨ। ਮਾਂ ਭਾਵ ਤਾਈ ਜੀ ਦਾ ਕੋਈ ਭੈਣ ਭਰਾ ਨਹੀਂ ਸੀ। ਸੋ ਲਾਹੌਰ ਵਾਲੀ ਹਵੇਲੀ ਨਾਨਾ ਜੀ ਦੇ ਭਾਈਚਾਰੇ ਨੇ ਸਾਂਭ ਲਈ। ਮਾਂ ਭਾਵ ਤਾਈ ਜੀ ਨੇ ਮੈਨੂੰ ਅਪਣਾ ਪਿਸਰ ਮੁਤਬੰਨਾ ਬਣਾ ਲਿਆ। ਪਹਿਲਾਂ ਲੜਕੀਆਂ ਬਾਪ ਦੀ ਜਾਇਦਾਦ ਦੀਆਂ ਹੱਕਦਾਰ ਨਹੀਂ ਸੀ ਹੁੰਦੀਆਂ, ਪਰ 1957 ਵਿਚ ਜਵਾਹਰ ਲਾਲ ਨਹਿਰੂ ਨੇ ਕਾਨੂੰਨ ਪਾਸ ਕਰਵਾ ਲਿਆ ਕਿ ਧੀਆਂ ਅਪਣੇ ਬਾਪ ਦੀ ਜਾਇਦਾਦ ਦੀਆਂ ਬਰਾਬਰ ਦੀਆਂ ਹੱਕਦਾਰ ਹਨ। ਸੋ ਜਦੋਂ 1960 ਵਿਚ ਮਾਂ ਦੀ ਮੌਤ ਹੋਈ, ਮੇਰੇ ਤਾਏ ਦੇ ਪੋਤਰੇ ਨੇ ਮੁਕੱਦਮਾ ਕਰ ਦਿੱਤਾ ਕਿ ਮੈਂ ਬਰਾਬਰ ਦਾ ਹੱਕਦਾਰ ਹਾਂ। ਇਹ ਇਕ ਲੰਬੀ ਕਹਾਣੀ ਹੈ ਮੇਰੀਆਂ ਤਲਖੀਆਂ ਦੀ।
1975 ਅਪ੍ਰੈਲ ਵਿਚ ਮੇਰੇ ਛੋਟੇ ਭਰਾ ਅਵਤਾਰ ਦਾ ਕਤਲ ਹੋ ਗਿਆ। ਮੇਰੇ ਬਹਿਨੋਈ ਨੇ ਵੀ ਮੇਰੀ ਕੋਈ ਸਹਾਇਤਾ ਨਾ ਕੀਤੀ ਕਿਉਂਕਿ ਮੇਰੀ ਭੈਣ (ਜੋ ਵੱਡੀ ਸੀ) 1960 ਵਿਚ ਚਲ ਵਸੀ ਤੇ ਬਹਿਨੋਈ ਨੇ ਹੋਰ ਸ਼ਾਦੀ ਕਰਵਾ ਲਈ। ਜੇ ਉਹ ਮੇਰੀ ਸਹਾਇਤਾ ਕਰਦਾ ਤਾਂ ਕਿਸੇ ਨੇ ਕੁਸਕਣਾ ਨਹੀਂ ਸੀ ਕਿਉਂਕਿ ਉਹ ਅਪਣੇ ਪਿੰਡ ਪੱਕਾ ਕਿਲ੍ਹਾ ਜ਼ਿਲ੍ਹਾ ਸ਼ੇਖੂਪੁਰਾ ਵਿਚ ਚਾਰ ਖ਼ੂਨ ਕਰ ਚੁੱਕਾ ਸੀ। ਚੌਹਾਂ ਵਿਚੋਂ ਉਹਨੂੰ ਕਿਸੇ ਵਿਚ ਵੀ ਸਜ਼ਾ ਨਹੀਂ ਸੀ ਹੋਈ। ਕੋਈ ਗਵਾਹ ਉਸਦੇ ਵਿਰੁੱਧ ਨਹੀਂ ਭੁਗਤਦਾ ਸੀ। ਉਂਜ ਵੀ ਉਹ ਜਾਗੀਰਦਾਰ ਸੀ। ਬੜੀਆਂ ਲੰਬੀਆਂ ਕਹਾਣੀਆਂ ਨੇ ਹੋਰ ਵੀ।
ਏਸੇ ਲਈ ਮੈਂ ਸਕੂਲ ਤੇ ਕਾਲਜ ਤੱਕ ਹੀ ਸੀਮਤ ਰਿਹਾ। ਫੇਰ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਵਿਚ ਦਾਖ਼ਲ ਹੋ ਗਿਆ। ਮੇਰੀ ਮੁਖ਼ਾਲਫ਼ਤ ਹਰਿਭਜਨ ਸਿੰਘ, ਅਤਰ ਸਿੰਘ ਆਦਿ ਸਾਰੇ ਕਰਦੇ ਸਨ। ਅਖ਼ੀਰ ਮੈਂ 31.7.76 ਤੱਕ ਡਾ. ਤਿਵਾੜੀ ਤੋਂ ਨਿੱਖੜ ਕੇ ਹੁਸ਼ਿਆਰਪੁਰ ਕਾਲਜ ਵਿਚ ਆ ਗਿਆ।
ਜੋ ਮੇਰੇ ਨਾਲ ਹੋਰ ਹਾਦਸੇ ਬੀਤੇ, ਉਹਨਾਂ ਦੀ ਕਹਾਣੀ ਪੂਰੀ ਪੁਸਤਕ ਦੀ ਮੰਗ ਕਰਦੀ ਹੈ। ਜ਼ਿੰਦਗੀ ਰਹੀ ਤਾਂ ਲਿਖਾਂਗਾ। ਮੇਰੀਆਂ ਦਾਸਤਾਨਾਂ ਨਾਲ ਤਾਂ ਤੁਹਾਡਾ ਰਸਾਲਾ ਭਰ ਜਾਵੇਗਾ। ਉਂਜ ਮੈਨੂੰ ਕਈਆਂ ਪ੍ਰਕਾਸ਼ਕਾਂ ਨੇ ਪੇਸ਼ਗੀ ਪੈਸੇ ਦੇ ਕੇ ਮੇਰਾ ਜ਼ਿੰਦਗੀਨਾਮਾ (ਸਵੈ ਜੀਵਨੀ) ਦੀ ਵੀ Offer ਕੀਤੀ ਹੈ, ਪਰ ਮੈਂ ਨਹੀਂ ਚਾਹੁੰਦਾ ਲੋਕਾਂ ਨੂੰ ਅਲਫ਼ ਨੰਗਿਆਂ ਕਰਕੇ ਚੁਰਾਹੇ ਵਿਚ ਖਿਲਾਰਾਂ। ਪਰ ਤੁਹਾਡੇ ਸਵਾਲਾਂ ਨੇ ਮੈਨੂੰ ਉਤਸ਼ਾਹਿਤ ਜ਼ਰੂਰ ਕੀਤਾ ਹੈ ਕਿ ਮੈਂ ਸਵੈਜੀਵਨੀ ਤੇ ਸਫ਼ਰਨਾਮੇ ਲਿਖਾਂ।

ਉਂਝ ਮੇਰੀ ਜ਼ਿੰਦਗੀ ਮੇਰੇ ਸ਼ਿਅਰਾਂ ਵਰਗੀ ਹੀ ਹੈ-
‘ਇਸ ’ਚ ਵੀ ਰੌਣਕ ਸੀ, ਹੱਸਦੀ ਜ਼ਿੰਦਗੀ ਸੀ, ਰੰਗ ਸਨ,
ਇਕ ਜ਼ਮਾਨਾ ਸੀ ਇਹ ਘਰ ਸੀ ਇਸ ਤਰ੍ਹਾਂ ਮਲਬਾ ਨਾ ਸੀ

  ਤੁਹਾਡੇ ਮਾਤਾ-ਪਿਤਾ, ਭੈਣ-ਭਰਾਵਾਂ ਆਦਿ ਦਾ ਤੁਹਾਡੇ ਨਾਲ ਕਿੰਨਾ ਕੁ ਤੇਹ ਸੀ? ਕੀ ਇਨ੍ਹਾਂ ਵਿਚੋਂ ਵੀ ਕਿਸੇ ਨੂੰ ਕਵਿਤਾ ਜਾਂ ਸਾਹਿਤ ਨਾਲ ਮਸ ਸੀ, ਜਿਥੋਂ ਤੁਹਾਨੂੰ ਸ਼ਿਅਰ ਕਹਿਣ ਦੀ ਲਾਗ ਲੱਗੀ ਹੋਵੇ?
  ਮੇਰੇ ਭੈਣ ਭਰਾ ਮੇਰੀ ਅਪਣੇ ਬਾਪ ਜਿੰਨੀ ਕਦਰ ਕਰਦੇ ਸਨ ਪਰ ਹੁਣ ਇਕ ਭੈਣ ਹੀ ਜ਼ਿੰਦਾ ਹੈ, ਵੱਡੇ ਭਰਾ ਦੇ ਦੋ ਬੇਟੇ ਪਾਕਿਸਤਾਨ ਦੀ ਗੋਲਾਬਾਰੀ ’ਚ ਮਾਸੂਮ ਉਮਰੇ ਹੀ ਮਾਰੇ ਗਏ, ਪਰ ਉਹਨਾਂ ਦੀਆਂ ਲਾਸ਼ਾਂ ਅੱਜ ਤੱਕ ਨਹੀਂ ਮਿਲੀਆਂ।
ਵੱਡਾ ਭਰਾ ਨੀਮ ਪਾਗਲ ਹੋ ਗਿਆ ਸੀ ਫੇਰ ਘਰੋਂ ਕਿਤੇ ਚਲਾ ਗਿਆ। ਕਈ ਸਾਲਾਂ ਪਿੱਛੋਂ ਉਸ ਦੀ ਬਿਮਾਰੀ ਬਾਰੇ ਫਤਹਿਗੜ੍ਹ ਚੂੜ੍ਹੀਆਂ ਵਿਚੋਂ ਕਿਸੇ ਜੀਊਣ ਜੋਗੀ ਨਰਸ ਦੀ ਤਾਰ ਆਈ ਕਿ ਤੁਹਾਡਾ ਭਰਾ ਬੁਰੀ ਹਾਲਤ ਵਿਚ ਹੈ, ਆ ਕੇ ਲੈ ਜਾਓ। ਕਹਾਣੀਆਂ ਬਹੁਤ ਲੰਮੀਆਂ ਨੇ….। ਕਦੇ ਫੇਰ ਸਹੀ। ਮੇਰੇ ਕਿਸੇ ਭੈਣ-ਭਰਾ ਨੂੰ ਕਵਿਤਾ ਆਦਿ ਲਿਖਣ ਦਾ ਸ਼ੌਕ ਨਹੀਂ ਸੀ। ਮੇਰੀ ਵੱਡੀ ਬੇਟੀ ਕਵਿਤਾ ਲਿਖਦੀ ਹੈ। ਮੇਰੀਆਂ ਸਾਰੀਆਂ ਬੇਟੀਆਂ ਨੇ ਸਾਹਿਤ ਦੀ ਹੀ ਐਮ.ਏ. ਕੀਤੀ ਹੋਈ ਹੈ।
ਮੇਰੀ ਵੱਡੀ ਬੇਟੀ ਤਾਂ ਮੇਰੀ ਕਵਿਤਾ ਬਾਰੇ ਐਨੀ ਭਾਵੁਕ ਹੈ ਕਿ ਉਹ ਇੱਥੋਂ ਤੱਕ ਕਹਿ ਜਾਂਦੀ ਹੈ ਕਿ ਪਾਪਾ ਤੁਹਾਡੀਆਂ ਕਵਿਤਾਵਾਂ- ਦੁਆ ਕਦੇ ਕਤਲ ਨਹੀਂ ਹੁੰਦੀ, ਬਚਪਨ ਤੋਂ ਹੁਣ ਤੱਕ, ਨਿਆਸ਼ਾਲਾ ਵਿੱਚ ਲਿਆਂਦਾ ਗਿਆ ਦੋਸ਼ੀ, ਪਰਿੰਦੀਆਂ ਦਾ ਮਰਸੀਆ, ਸਰਕੱਪ ਨਾਲ ਵਾਰਤਾਲਾਪ ਆਦਿ ਸੰਸਾਰ ਦੀਆਂ ਬਿਹਤਰੀਨ ਕਵਿਤਾਵਾਂ ਵਿਚ ਸ਼ਮੂਲੀਅਤ ਰੱਖਦੀਆਂ ਹਨ।

ਮਿੱਤਰ ਪਿਆਰੇ – ਕੈਲੀਫੋਰਨੀਆ (ਅਮਰੀਕਾ) ਵਿਚ ਸ਼ਾਇਰ ਕੁਲਵਿੰਦਰ ਨਾਲ-2003

  ਤੁਹਾਨੂੰ ਅਪਣੇ ਬਚਪਨ ਦੇ ਕਿਸੇ ਗੂੜ੍ਹੇ ਮਿੱਤਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਹਨ?
  ਬਚਪਨ ਵੇਲੇ ਪਿੰਡ ਵਿਚ ਮੇਰਾ ਕੋਈ ਮਿੱਤਰ ਨਹੀਂ ਸੀ। ਉਂਜ ਰੁੜਕਾਂ ਕਲਾਂ ਦਾ ਅਜੀਤ ਸਿੰਘ ਅਣਖੀ ਮੇਰਾ ਸਿਰੇ ਦਾ ਮਿੱਤਰ ਰਿਹਾ। ਮੇਰੇ ਨਾਲ ਜੇਲ੍ਹ ਵੀ ਗਿਆ ਤੇ ਮੇਰੇ ਕਈ ਵਿਰੋਧੀਆਂ ਨੂੰ ਫਾਂਟਾ ਵੀ ਚਾੜ੍ਹਿਆ। ਹੁਣ ਉਹ ਕੈਨੇਡਾ ਵਿਚ ਹੈ। ਬਚਪਨ ਤੋਂ ਪਿੱਛੋਂ ਮੇਰੇ ਅੱਠ-ਦਸ ਦੋਸਤ ਅਜਿਹੇ ਜ਼ਰੂਰ ਹਨ, ਜਿਨ੍ਹਾਂ ਨੇ ਮੇਰੀ ਹਰ ਤਰ੍ਹਾਂ ਸਹਾਇਤਾ ਕੀਤੀ ਹੈ। ਖਾਸ ਕਰਕੇ ਕੇ.ਕੇ. ਬਹਿਲ, ਸੰਤੋਖ ਸਿੰਘ ਸੰਤੋਖ, ਪ੍ਰੀਤਮ ਸਿੰਘ ਆਈ.ਏ.ਐਸ., ਬਲਵੀਰ ਪਰਵਾਨਾ, ਪਰਬਿੰਦਰ ਸਿੰਘ, ਸੁਖਵਿੰਦਰ ਕੰਬੋਜ, ਮੁਸ਼ਤਾਕ, ਕੁਲਵਿੰਦਰ, ਅੰਮ੍ਰਿਤ ਦੀਵਾਨਾ, ਬੱਬੂ, ਗੁਰੂਮੇਲ, ਮਿੰਦਰ, ਐਡਵੋਕੇਟ ਮਾਂਗਟ ਅਤੇ ਗੁਰਦੀਪ ਵਿਨੀਪੈੱਗ ਆਦਿ ਦਾ ਨਾਂ ਉਨ੍ਹਾਂ ਵਿਚ ਸ਼ਾਮਲ ਹੈ।

  ਤੁਸੀਂ ਅਪਣੇ ਸਕੂਲ, ਕਾਲਜ ਦੀ ਸਿੱਖਿਆ ਕਿਵੇਂ ਪੂਰੀ ਕੀਤੀ?
  ਜਿਸ ਤਰ੍ਹਾਂ ਆਮ ਲੋਕ ਕਰਦੇ ਹਨ। ਐਫ.ਏ. ਤੇ ਬੀ.ਏ. ਫਰਵਿਅਟੲਲੇ ਕੀਤੇ। ਐੈਮ.ਏ. ਪੰਜਾਬੀ ਤੇ ਉਰਦੂ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੇ। ਦੋਹੀਂ ਵਾਰੀ ਅੱਵਲ ਵੀ ਆਇਆ। ਫੇਰ ਫਾਰਸੀ ਦੀ ਐਮ.ਏ. ਵੀ ਕੀਤੀ।
ਜੇ ਤੁਹਾਨੂੰ ਕੋਈ ਏਹੀ ਸਵਾਲ ਪੁੱਛੇ ਤਾਂ ਤੁਸੀਂ ਕੀ ਦਸ ਸਕਦੇ ਹੋ। ਜਮਾਤ ਪਾਸ ਕਰਨ ਦਾ ਤੁਹਾਡਾ ਅਪਣਾ ਕਿਹੜਾ ਢੰਗ ਸੀ?
ਉਂਜ ਵੀ ਅਦੀਬ ਦਾ ਜਮਾਤਾਂ ਨਾਲ ਕੋਈ ਸਬੰਧ ਨਹੀਂ ਹੁੰਦਾ। ਸ਼ੈਕਸਪੀਅਰ, ਵਾਰਸ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਬੁੱਲ੍ਹੇ ਸ਼ਾਹ, ਬਾਬਾ ਫਰੀਦ ਆਦਿ ਕਵੀਆਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਉਹਨਾਂ ਦਾ ਕੋਈ ਮੁਕਾਬਲਾ ਨਹੀਂ।

ਲੂਣਾ, ਦੀਦਾਰ ਦੀ ਨਕਲ

  ਪੰਜਾਹਵਿਆਂ ਵਿਚ ਬਲੱਗਣ ਦੇ ਰਿਸਾਲੇ ‘ਕਵਿਤਾ’ ਵਿਚ ਤੁਹਾਡੇ ਗੀਤ ਜਗਤਾਰ ਪਪੀਹਾ ਦੇ ਨਾਮ ਹੇਠ ਛਪਦੇ ਹੁੰਦੇ ਸੀ ਤੇ ਉਸ ਸਮੇਂ ਨੰਦ ਲਾਲ ਨੂਰਪੁਰੀ ਨੂੰ ਤੁਸੀਂ ਅਪਣਾ ਗੁਰੂ ਵੀ ਧਾਰਿਆ ਸੀ। ਫੇਰ ਤੁਸੀਂ ਗੀਤ ਲਿਖਣ ਤੋਂ ਬੇਜ਼ਾਰ ਕਿਉਂ ਹੋ ਗਏ ਅਤੇ ਨੂਰਪੁਰੀ ਨਾਲ ਗੁਰੁ ਚੇਲੇ ਵਾਲਾ ਰਿਸ਼ਤਾ ਕਿੰਨਾ ਕੁ ਚਿਰ ਚੱਲਿਆ?
 
ਮੈਂ ਗੀਤ ਹੁਣ ਵੀ ਵਿਚ ਵਿਚਾਲੇ ਲਿਖੇ ਹਨ, ਜਿਹੜੇ ਮੇਰੀਆਂ ਪੁਸਤਕਾਂ ਵਿਚ ਸ਼ਾਮਿਲ ਹਨ। ਪਰ ਤੁਹਾਡੀ ਨਜ਼ਰ ਉਹ ਪੈ ਨਹੀਂ ਸਕੇ ਜਾਂ ਤੁਹਾਡੀ ਸਮਝ ਨਹੀਂ ਆ ਸਕੇ। ਤੁਸੀਂ ਉਹਨਾਂ ਨੂੰ ਗੀਤ ਨਹੀਂ ਸਮਝਦੇ। ਪ੍ਰਗੀਤ ਕਾਵਿ ਸੰਗ੍ਰਹਿ ਵਿਚ ਮੈਂ ਨੂਰਪੁਰੀ ਨੂੰ ਉਸਤਾਦ ਗੀਤਕਾਰ ਅੱਜ ਵੀ ਮੰਨਦਾ ਹਾਂ ਜਾਂ ਹਜ਼ਾਰਾ ਸਿੰਘ ਗੁਰਦਾਸਪੁਰੀ ਨੇ ਜਿਹੜੇ ਗੀਤ ਲਿਖੇ ਹਨ, ਉਹ ਬੇਮਿਸਾਲ ਹਨ। ਸ਼ਿਵ ਕੁਮਾਰ ਨੇ ਲੂਣਾ ਵੀ ਪ੍ਰੋ. ਦੀਦਾਰ ਸਿੰਘ ਦੀ ਇਕ ਲੰਬੀ ਕਵਿਤਾ ਦੀ ਨਕਲ ਮਾਰ ਕੇ ਜਾਂ ਉਸ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਮੈਂ ਉਹ ਪ੍ਰੋ. ਦੀਦਾਰ ਸਿੰਘ ਤੋਂ 1956-57 ਵਿਚ ਸੁਣੀ ਸੀ। ਜਿਸ ਦਾ ਜ਼ਿਕਰ ਅਵਤਾਰ ਸਿੰਘ ਜੌੜਾ ਨੇ ਅਪਣੇ ਐਮ.ਏ. ਦੇ ਥੀਸਿਸ ਵਿਚ ਵੀ ਕੀਤਾ ਹੈ।
ਡਾ. ਹਰਿਭਜਨ ਸਿੰਘ ਤੇ ਸ਼ਿਵ ਕੁਮਾਰ ਨੇ ਗੁਰਦਾਸਪੁਰੀ ਦੀ ਰੀਸੇ ਗੀਤ ਲਿਖੇ ਪਰ ਉਹਨਾਂ ਦਾ ਜ਼ਿਕਰ ਤੱਕ ਨਹੀਂ। ਮੈਂ ਕਾਫੀ ਅਧਿਐਨ ਕਰਨ ਪਿੱਛੋਂ ਸੋਚਿਆ ਕਿ ਮੈਂ ਉੱਚ ਪਾਏ ਦੇ ਗੀਤ ਨਹੀਂ ਲਿਖ ਸਕਦਾ। ਲਿਖਣੇ ਛੱਡ ਦਿੱਤੇ। ਨੂਰਪੁਰੀ ਤੇ ਗੁਰਦਾਸਪੁਰੀ ਦੇ ਗੀਤਾਂ ਦਾ ਮੁਕਾਬਲਾ ਅੱਜ ਵੀ ਕੋਈ ਨਹੀਂ ਕਰ ਸਕਦਾ। ਉਂਜ ਵੀ ਗੀਤ-ਕਾਵਿ ਵਿਚ ਉਹ ਭਰਪੂਰਤਾ ਪੰਜਾਬੀ ਵਿਚ ਨਹੀਂ ਆਈ ਜਿਹੜੀ ਉਰਦੂ, ਹਿੰਦੀ ਜਾਂ ਗੁਜਰਾਤੀ ਵਿਚ ਮੈਂ ਵੇਖੀ ਹੈ ਜਾਂ ਲੋਕ ਗੀਤਾਂ ਵਿਚ ਹੈ।
ਮੈਂ ਨੂਰਪੁਰੀ ਨੂੰ ਅੱਜ ਵੀ ਉਤਕ੍ਰਿਸ਼ਟ ਭਾਂਤ ਦਾ ਗੀਤਕਾਰ ਮੰਨਦਾ ਹਾਂ। ਪਰ ਮੇਰਾ ਉਸਤਾਦ ਉਹ ਕਦੇ ਨਹੀਂ ਸੀ। ਜੇ ਮੈਂ ਇਹ ਗੱਲ ਕਿਤੇ ਕਹੀ ਜਾਂ ਲਿਖੀ ਵੀ ਹੈ ਤਾਂ ਇਸ ਵਿਚ ਕੀ ਹਰਜ਼ ਹੈ। ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਵੱਲੋਂ ਮੂੰਹ ਮੋੜ ਕੇ ਹੀ ਅੱਜ ਵਾਰਤਿਕ ਕਵਿਤਾ ਲਿਖਣ ਵਾਲਿਆਂ ਦੀ ਗਿਣਤੀ ਕਈ ਦਰਜਣਾਂ ਪਾਰ ਕਰ ਗਈ ਹੈ। ਪਰ ਉਹ ਨੂਰਪੁਰੀ ਤੇ ਗੁਰਦਾਸਪੁਰੀ ਤੋਂ ਬੜੀ ਨੀਵੀਂ ਪੱਧਰ ਦੇ ਗੀਤ ਹਨ। ਭਾਵੇਂ ਅੰਮ੍ਰਿਤਾ, ਹਰਿਭਜਨ ਸਿੰਘ ਆਦਿ ਨੇ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੇ ਗੀਤ ਬੜੀ ਹੀ ਸਤਈ ਪੱਧਰ ਦੇ ਹਨ। ਮੋਹਨ ਸਿੰਘ ਦੇ ਗੀਤਾਂ ਵਿਚ ਜ਼ਰੂਰ ਕਸ਼ਿਸ਼ ਹੈ।
  ਫੇਰ ਤੁਸੀਂ ਪਪੀਹਾ ਵੀ ਅਪਣੇ ਨਾਮ ਨਾਲੋਂ ਲਾਹ ਦਿੱਤਾ ਜੋ ਸ਼ਾਇਦ ਸੁਰੀਲੀ ਆਵਾਜ਼ ਅਤੇ ਸਟੇਜ ’ਤੇ ਸੁਹਣਾ ਗਾ ਸਕਣ ਦੀ ਯੋਗਤਾ ਕਰਕੇ ਰੱਖਿਆ ਗਿਆ ਸੀ। ਕੀ ਗਾ ਕੇ ਕਵਿਤਾ ਦਾ ਰੰਗ ਬੰਨ੍ਹਣ ਤੋਂ ਤੁਹਾਡਾ ਵਿਸ਼ਵਾਸ ਜਾਂਦਾ ਰਿਹਾ ਸੀ?
  ਗਾ ਕੇ ਕਵਿਤਾ ਪੜ੍ਹਨੀ ਕਿਸੇ ਤਰ੍ਹਾਂ ਵੀ ਬੁਰੀ ਗੱਲ ਨਹੀਂ। ਪਰ ਉਹ ਕਵਿਤਾ ਜ਼ਮਾਨੇ ਦੀ ਊਚ ਨੀਚ ਬਾਰੇ ਹੋਵੇ। ਦੂਸਰੀ ਗੱਲ ਇਹ ਹੈ ਕਿ ਅੱਜ Free Verse ਕਵਿਤਾ ਗਾਈ ਵੀ ਜਾ ਸਕਦੀ ਹੈ, ਪਰ ਵਾਰਤਿਕ ਕਵਿਤਾ ਬਹਿਰ ਮੁਕਤ ਹੁੰਦੀ ਹੈ। ਇਸ ਲਈ ਬੇਕਾਰ ਹੈ।

ਜਦੋਂ ਦਿਲ ਟੁੱਟਾ

  ਇੱਕ ਵਾਰ ਅੰਮ੍ਰਿਤਸਰ ਵਿਚ ਹੋਈ ਵੱਡੀ ਪੰਜਾਬੀ ਕਾਨਫਰੰਸ ਦੇ ਕਵੀ ਦਰਬਾਰ ਵਿਚ ਤੁਹਾਨੂੰ ਸਖ਼ਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਗੁਰਬਖ਼ਸ਼ ਸਿੰਘ ਨੇ ਸਰੋਤਿਆਂ ਨੂੰ ਤੁਹਾਡਾ ਦਿਲ ਨਾ ਤੋੜਨ ਦੀ ਅਪੀਲ ਕੀਤੀ ਸੀ। ਕੀ ਯਾਦ ਹੈ ਉਹ ਜਾਂ ਉਹੋ ਜਿਹਾ ਕੋਈ ਹੋਰ ਤਲ਼ਖ਼ ਤਜਰਬਾ?
  ਅੰਮ੍ਰਿਤਸਰ ਵਾਲੀ ਘਟਨਾ ਮੈਨੂੰ ਯਾਦ ਹੈ। ਇਹ ਸ਼ਿਵ ਕੁਮਾਰ ਤੇ ਆਤਮ ਹਮਰਾਹੀ ਆਦਿ ਦੀ ਸ਼ਰਾਰਤ ਸੀ। ਪਰ ਲੱਭੂ ਰਾਮ ਜੋਸ਼ ਮਲਸਿਆਨੀ ਨੇ ਜੋ ਪ੍ਰਧਾਨਗੀ ਕਰ ਰਹੇ ਸਨ, ਕਿਹਾ ਸੀ,”ਪਹਿਲਾਂ ਉਹ ਸ਼ਾਇਰ ਹੀ ਪੜ੍ਹੇਗਾ ਤੇ ਫੇਰ ਕਵੀ ਦਰਬਾਰ ਅੱਗੇ ਚੱਲੇਗਾ।” ਮੇਰੇ ਪਿੱਛੋਂ ਸ਼ਿਵ ਕੁਮਾਰ ਕਵਿਤਾ ਪੜ੍ਹਨ ਲੱਗਾ ਤਾਂ ਮੇਰੇ ਸੰਗੀਆਂ ਨੇ ਰੌਲਾ ਪਾ ਦਿੱਤਾ। ਫੇਰ ਪ੍ਰੀਤਲੜੀ ਜੀ ਨੇ ਲੋਕਾਂ ਨੂੰ ਚੁਪ ਕਰਵਾਇਆ ਤੇ ਮੁਸ਼ਾਇਰਾ ਅੱਗੇ ਤੁਰਿਆ।
ਕਿਹੜੇ ਕਿਹੜੇ ਤਜਰਬੇ ਦੀ ਗੱਲ ਕਰਾਂ। ਇਕ ਵਾਰੀ ਜੰਡਿਆਲਾ ਮੰਜਕੀ ਦੇ ਕਾਲਜ ਵਿਚ ਕਵੀ ਦਰਬਾਰ ਹੋ ਰਿਹਾ ਸੀ। ਜਦੋਂ ਸ਼ਿਵ ਕੁਮਾਰ ਦੀ ਵਾਰੀ ਆਈ ਤਾਂ ਵਿਦਿਆਰਥੀਆਂ ਤੇ ਲੋਕਾਂ ਸ਼ਿਵ ਨੂੰ ਵੰਗਾਰਿਆ ਕਿ ਜਾਂ ਤਾਂ ਜਗਤਾਰ ਵਰਗੀ ਕ੍ਰਾਂਤੀਕਾਰੀ ਕਵਿਤਾ ਸੁਣਾ ਨਹੀਂ ਤਾਂ ਬਹਿ ਜਾ ਪਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਾਹਿਬ ਨੇ ਲੋਕਾਂ ਨੂੰ ਭਾਸ਼ਣ ਦੇ ਕੇ ਚੁੱਪ ਕਰਾਇਆ ਸੀ।
ਇਸ ਤਰ੍ਹਾਂ ਦੇ ਕਈ ਵਾਕਿਆਤ ਬੜੇ ਬੜੇ ਕਵੀਆਂ ਨਾਲ ਵਾਪਰੇ ਹਨ, ਪਰ ਤੁਸੀਂ ਸਾਰੀਆਂ ਕਹਾਣੀਆਂ ਤੋਂ ਵਾਕਿਫ਼ ਨਹੀਂ। ਮੈਨੂੰ ਅਜਿਹੇ ਕਈ ਕਿੱਸੇ ਯਾਦ ਹਨ ਪਰ ਕੀ ਲੈਣਾ ਫਰੋਲ ਕੇ।

ਸਿਜਦਾ – ਮਹਾਂ ਕਵੀ ਵਾਰਸ਼ ਸ਼ਾਹ ਦੀ ਮਜ਼ਾਰ ‘ਤੇ ਚਾਦਰ ਚੜ੍ਹਾ ਰਹੇ ਮਹੀਪ ਸਿੰਘ, ਡਾ. ਜਗਤਾਰ, ਡਾ. ਸ਼ਾਨ. ਡਾ. ਤਿਵਾੜੀ ਤੇ ਬਚਿੰਤ ਕੌਰ।

  ਅੱਜ ਕੱਲ੍ਹ ਜਦੋਂ ਗੀਤ ਕਲਚਰ ਪੰਜਾਬ ’ਤੇ ਪੂਰੀ ਤਰ੍ਹਾਂ ਭਾਰੂ ਹੈ, ਕੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਗੀਤ ਲਿਖਣੇ ਛੱਡਣੇ ਨਹੀਂ ਚਾਹੀਦੇ ਤੇ ਗਾਉਣੇ ਵੀ?
  ਗੀਤ ਲਿਖਣੇ ਕੋਈ ਬੁਰੀ ਗੱਲ ਨਹੀਂ ਪਰ ਉਹ ਗੀਤ ਤਾਂ ਹੋਵੇ। ਸਾਡੇ ਦੋ ਤਿੰਨ ਕਵੀਆਂ ਦੇ ਮੁਕਾਬਲੇ ਵਿਚ ਕੋਈ ਵੀ ਗੀਤਕਾਰ ਕਾਮਯਾਬ ਨਹੀਂ। ਨੀਵੀਂ ਤੋਂ ਨੀਵੀਂ ਪੱਧਰ ਦੇ ਗੀਤ ਜਿਹੜੇ ਅੱਜ ਕੱਲ੍ਹ ਗਾਏ ਜਾਂਦੇ ਹਨ, ਉਹ ਟੱਬਰ ਵਿਚ ਬਹਿ ਕੇ ਸੁਣੇ ਵੀ ਨਹੀਂ ਜਾ ਸਕਦੇ।

ਮੈਂ ਅਪਣੀ ਮਰਜ਼ੀ ਨਾਲ ਲਿਖਦਾ ਹਾਂ ਕਿਸੇ ਦੇ ਕਹਿਣ ’ਤੇ ਕੁਝ ਨਹੀਂ ਲਿਖਦਾ।
ਉਂਝ ਜੇ ਇਹ ਪਿੜ ਖ਼ਾਲੀ ਪਿਆ ਹੈ ਤਾਂ ਤੁਸੀਂ ਦੋਵੇਂ ਗੀਤ ਕਿਉਂ ਨਹੀਂ ਲਿਖਦੇ।

  ਪੰਜਾਬੀ ਵਿਚ ਅੱਜ ਕੱਲ੍ਹ ਮਣਾਂ ਮੂੰਹੀ ਕਵਿਤਾ ਲਿਖੀ ਜਾ ਰਹੀ ਹੈ। ਇੱਟ ਚੁਕੇ ’ਤੇ ਕਵੀ ਨਿਕਲਦਾ ਹੈ। ਪਰ ਪਾਠਕ ਅਜੋਕੀ ਕਵਿਤਾ ਨੂੰ ਚੁਮਟੇ ਨਾਲ ਵੀ ਚੁਕਣਾ ਨਹੀਂ ਚਾਹੁੰਦੇ। ਤੁਹਾਡੇ ਅਨੁਸਾਰ ਇਹਦਾ ਕੀ ਕਾਰਣ ਹੈ?
  ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਪਰ ਇਸ ਤਰ੍ਹਾਂ ਦੀ ਕਵਿਤਾ ਕਿਉਂ ਲਿਖੀ ਜਾ ਰਹੀ ਹੈ? ਇਸ ਬਾਰੇ ਤੁਸੀਂ ਕਦੇ ਸੋਚਿਆ ਹੈ? ਕਿਉਂਕਿ ਇਸ ਤਰ੍ਹਾਂ ਦੀ ਕਵਿਤਾ ਦਾ ਵਿਰੋਧ ਨਹੀਂ ਹੋ ਰਿਹਾ। ਤੁਸੀਂ ਇਸ ਵਰ੍ਹੇ ਮਿਲੇ ਸਾਹਿਤ ਅਕਾਦਮੀ ਐਵਾਰਡ ਬਾਰੇ ਕੋਈ ਵਿਰੋਧ ਕੀਤਾ ਹੈ? ਅਜੇਹੀ ਕਵਿਤਾ ਲਿਖਣ ਵਾਲੀਆਂ ਕੁੜੀਆਂ ਤੇ ਮੁੰਡਿਆਂ ਦੀ ਲਾਈਨ ਬੜੀ ਲੰਬੀ ਹੈ। ਇਸ ਦੇ ਵਿਰੁੱਧ ਕੋਈ ਬੋਲਦਾ ਤੱਕ ਨਹੀਂ ਕਿਉਂਕਿ ਰੇਡਿਓ, ਟੀ.ਵੀ. ਪ੍ਰੋਗਰਾਮਾਂ ਤੇ ਯੂਨੀਵਰਸਿਟੀਆਂ ਦੇ ਮੁਫ਼ਾਦ ਅੱਗੇ ਆ ਖਲੋਂਦੇ ਹਨ। ਟੀ.ਵੀ. ਰੇਡਿਓ ਆਦਿ ਬਾਰੇ ਤੁਸੀਂ ਕਦੇ ਆਪ ਵੀ ਸੋਚਣਾ। ਮੈਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੋਂ ਕਰੀਬ-ਕਰੀਬ ਤਿੰਨ ਸਾਲਾਂ ਤੋਂ ਕਿਨਾਰਾਕਸ਼ੀ ਕਰ ਲਈ ਹੈ। ਕਹਿੰਦੇ ਹਨ ਉੱਥੇ ਹਿੱਸਾ ਪੱਤੀ ਵੀ ਚਲਦੀ ਹੈ। ਅਜੇਹੀਆਂ ਹਾਲਤਾਂ ਵਿਚ ਕਵਿਤਾ ਵਿਚ ਅਜੇ ਹੋਰ ਨਿਘਾਰ ਵੀ ਆਉਣ ਦੀ ਸੰਭਾਵਨਾ ਹੈ।
ਏਸ ਲਈ ਪੰਜ ਚਾਰ ਕਵੀਆਂ ਦੀ ਕਵਿਤਾ ਦੇ ਖਰੀਦਾਰ ਹੀ ਹਨ। ਬਾਕੀ ਸ਼ੌਕ ਪੂਰਾ ਕਰਦੇ ਹਨ। ਮੇਰੀਆਂ ਸਾਰੀਆਂ ਪੁਸਤਕਾਂ ਇਕੋ ਸਮੇਂ ਤਿੰਨ ਪਬਲਿਸਰਾਂ ਨੇ ਛਾਪੀਆਂ ਹਨ। ਪਰ ਹੁਣ ਮੈਂ ਸਾਰੇ ਹੱਕ ਕੇਵਲ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੂੰ ਦੇ ਦਿੱਤੇ ਹਨ। ਹਰ ਪਬਲਿਸ਼ਰ ਨੇ ਮੇਰੀਆਂ ਪੁਸਤਕਾਂ ਦੀ Royality ਮਾਰੀ ਹੈ, ਪਰ ਲੋਕ ਗੀਤ ਵਾਲੇ ਇਸ ਤਰ੍ਹਾਂ ਨਹੀਂ ਕਰਦੇ। ਮੈਸੂਰ ਦੇ ਇਕ ਵਿਭਾਗ ਨੇ ਬੁਲ੍ਹੇ ਸ਼ਾਹ ਬਾਰੇ ਮੇਰੀ ਪੁਸਤਕ ਦੀਆਂ 350 ਕਾਪੀਆਂ ਖਰੀਦ ਕੇ 65 ਹਜ਼ਾਰ Royality ਦਿੱਤੀ ਹੈ।
ਤੁਹਾਡੀ ਇਹ ਗੱਲ 90 ਪ੍ਰਤੀਸ਼ਤ ਦਰੁਸਤ ਹੈ ਕਿ ਅੱਜ ਦੇ ਪਾਠਕ ਅਜੋਕੀ ਕਵਿਤਾ ਨੂੰ ਚੁਮਟੇ ਨਾਲ ਵੀ ਚੁਕਣਾ ਨਹੀਂ ਚਾਹੁੰਦੇ, ਪਰ ਸਾਰੀ ਕਵਿਤਾ ਬਾਰੇ ਇਹ ਦਰੁਸਤ ਨਹੀਂ। ਕਾਰਨ ਸਾਫ ਹੈ ਕਿ ਪਾਠਕ ਚੰਗੀ ਕਵਿਤਾ ਦੇ ਖ਼ਰੀਦਦਾਰ ਹਨ। ਸੋ ਪੰਜ ਚਾਰ ਕਵੀ ਅਤੇ ਪੰਜ ਚਾਰ ਨਾਵਲਿਸਟ, ਕਹਾਣੀਕਾਰ ਆਦਿ ਹੀ ਵਧੇਰੇ ਛਪਦੇ ਤੇ ਵਿਕਦੇ ਹਨ। ਜ਼ਿਆਦਾਤਰ ਲੋਕ ਆਪ ਹੀ ਕਿਤਾਬਾਂ ਛਪਵਾਉਂਦੇ ਹਨ।

ਚਿੱਤਰਕਾਰ ਸੋਭਾ ਸਿੰਘ ਨਾਲ – ਅੰਧਰੇਟਾ 1966

  ਕੀ ਸ਼ਿਵ ਕੁਮਾਰ ਅਤੇ ਪਾਸ਼ ਜੋ ਹੁਣ ਸਮੇਂ ਦੇ ਫ੍ਰੇਮ ਵਿਚ ਜੜੇ ਗਏ ਹਨ, ਤੁਹਾਡੇ ਤੋਂ ਵੱਡੇ ਕਵੀ ਸਨ?
  ਮੈਂ ਇਸ ਪ੍ਰਸ਼ਨ ਦਾ ਉੱਤਰ ਕੀ ਦੇਵਾਂ। ਉਹ ਦੋਵੇਂ ਬੜੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਦੋਹਾਂ ਤੋਂ ਵਧੀਆ ਕਵੀ ਅੱਜ ਵੀ ਹਨ, ਪਰ ਵਿਕਣ ਦੇ ਹਿਸਾਬ ਪੱਖੋਂ ਨਹੀਂ। ਲਾਲ ਸਿੰਘ ਦਿਲ ਦੀ ਕਵਿਤਾ ਉਪਰੋਕਤ ਦੋਹਾਂ ਤੋਂ ਉਚੇਰੀ ਨਹੀਂ ਤਾਂ ਘੱਟ ਵੀ ਨਹੀਂ। ਮੈਂ ਅਪਣੇ ਬਾਰੇ ਆਪ ਕੁਝ ਨਹੀਂ ਕਹਿ ਸਕਦਾ। ਤੁਸੀਂ ਆਪ ਸੋਚੋ।
ਬਾਵਾ ਬਲਵੰਤ ਜਿਸ ਤਰ੍ਹਾਂ ਮੋਹਨ ਸਿੰਘ, ਅੰਮ੍ਰਿਤਾ ਤੇ ਸਫ਼ੀਰ ਆਦਿ ਤੋਂ ਕਿਤੇ ਵੱਡਾ ਕਵੀ ਸੀ ਪਰ ਉਸਦੀ ਦਰਵੇਸ਼ੀ ਕਾਰਨ ਉਹ ਏਨਾ ਪ੍ਰਸਿੱਧ ਨਾ ਹੋ ਸਕਿਆ, ਪਰ ਹੁਣ ਲੋਕ ਉਸ ਨੂੰ ਬਹੁਤ ਵੱਡਾ ਕਵੀ ਸਮਝਦੇ ਹਨ।
ਹਰਿਭਜਨ ਸਿੰਘ ਜੋ ਕਿਸੇ ਤਰ੍ਹਾਂ ਵੀ ਬਾਵਾ ਤੋਂ ਵੱਡਾ ਕਵੀ ਨਹੀਂ ਪਰ ਉਸਦੀ ਜੁਗਾੜਬੰਦੀ ਕਾਰਨ ਉਸਦੀ ਕਾਫ਼ੀ ਚਰਚਾ ਰਹੀ ਹੈ। ਇਕ ਸਮਾਂ ਸੀ ਜਦੋਂ ਜ਼ੌਕ ਦੀ ਬੜੀ ਪੁੱਛ ਪੜਤਾਲ ਸੀ, ਪਰ ਗ਼ਾਲਿਬ ਦੀ ਏਨੀ ਪੁੱਛ ਪੜਤਾਲ ਨਹੀਂ ਸੀ ਪਰ ਅੱਜ ਕਿੱਥੇ ਹੈ ਜ਼ੌਕ? ਕੇਵਲ ਮੀਰ ਤਕੀ ਮੀਰ, ਗ਼ਾਲਿਬ ਤੇ ਮੋਮਨ ਹੀ ਮਹਾਕਵੀ ਸਮਝੇ ਜਾਂਦੇ ਹਨ। ਸ਼ਿਵ ਕੁਮਾਰ ਕਾਲਜੀ ਮੁੰਡੇ ਕੁੜੀਆਂ ਦਾ ਸ਼ਾਇਰ ਸੀ ਤੇ ਪਾਸ਼ ਇਕ ਤੇ ਕੇਵਲ ਇਕ ਖਿੱਤੇ ਦਾ ਕਵੀ ਸੀ। ਪੂਰੀ ਨਕਸਲਵਾੜੀ ਮੂਵਮੈਂਟ ਵੀ ਉਸਦੇ ਪਿੱਛੇ ਸੀ। ਪਰ ਜ਼ਾਤੀ ਪਛੜੇਵੇਂ ਕਾਰਨ ਲਾਲ ਸਿੰਘ ਦਿਲ ਬਾਰੇ ਉਸਦੇ ਪੱਧਰ ਦੀ ਚਰਚਾ ਨਹੀਂ ਹੋਈ ਤੇ ਨਾ ਹੀ ਉਦਾਸੀ ਦੀ ਚਰਚਾ ਹੋਈ ਹੈ। ਏਥੇ ਸਾਹਿਤ ਦੀ ਗੱਲ ਜ਼ਾਤ ਤੇ ਜ਼ਾਤੀ ਸਾਂਝ ਦੁਆਰਾ ਹੀ ਹੁੰਦੀ ਹੈ। ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਦਾ ,ਨਾ ਕੋਈ ਪਾਰਟੀ ਮੇਰੇ ਪਿੱਛੇ ਹੈ।
ਪਾਸ਼ ਦੀ ਪਹਿਲੀ ਪੁਸਤਕ ਵਿਚ ਤੀਸਰੇ ਦਰਜੇ ਦੀ ਸ਼ਾਇਰੀ ਹੈ। ਬਚਗਾਨਾ ਜਿਹੀਆਂ ਕਵਿਤਾਵਾਂ ਹਨ।
  ਤੁਸੀਂ ਇਕ ਵਾਰੀ ਕਿਹਾ ਸੀ ਕਿ ਕਵਿਤਾ ਲਿਖਣੀ ਹਰ ਰੋਜ਼ ਮੁਰਗੀ ਦਾ ਆਂਡਾ ਦੇਣ ਵਰਗੀ ਗੱਲ ਨਹੀਂ। ਫੇਰ ਇਹ ਮਜਾਜਣ ਕਦੋਂ ਤੇ ਕਿਵੇਂ ਕਵੀ ਦੇ ਮਨ ਵਿਚ ਉਤਰਦੀ ਹੈ?
  ਮੈਂ ਅੱਜ ਵੀ ਕਹਿੰਦਾ ਹਾਂ ਕਿ ਕਵਿਤਾ ਰੋਜ਼ ਨਹੀਂ ਲਿਖੀ ਜਾ ਸਕਦੀ, ਨਹੀਂ ਤਾਂ ਕਵੀ ਦੀ ਹਾਲਤ ਮੁਰਗੀ ਦੇ ਰੋਜ਼ ਆਂਡਾ ਦੇਣ ਬਰਾਬਰ ਹੁੰਦੀ ਹੈ। ਜਦੋਂ ਮੈਂ ਇਹ ਗੱਲ 30 ਕੁ ਵਰ੍ਹੇ ਪਹਿਲਾਂ ਆਖੀ ਸੀ ਉਦੋਂ ਕੁਝ ਕਵੀ ਨਕਲ ਆਦਿ ਮਾਰ ਕੇ ਰੋਜ਼ ਕਵਿਤਾ ਲਿਖਦੇ ਸਨ।
ਸਾਡੇ ਸਾਹਿਤ ਦੀ ਗਿਰਾਵਟ ਦੇ ਜ਼ਿੰਮੇਵਾਰ ‘ਅਵਤਾਰ’ ਜੀ ਤੁਹਾਡੇ ਭਰਾ ਭਾਈ ਜ਼ਿਆਦਾ ਹਨ, ਜਿਹਨਾਂ ਦੇ ਸਿਰ ’ਤੇ ਅੱਜ ਕਈ ਪ੍ਰਕਾਸ਼ਕ ਖੜ੍ਹੇ ਹਨ। 100 ਸਫੇ ਦੀ ਕਾਵਿ ਪੁਸਤਕ ਛਾਪਣ ਦਾ ਉਹ ਪੰਜ ਸੌ ਡਾਲਰ ਲੈਂਦੇ ਹਨ, ਜਿਹੜਾ ਕਿ 25000 ਦੇ ਬਰਾਬਰ ਹੈ। ਭਾਰਤ ਵਿਚ ਵੀ ਸਵਾਏ 15 ਕੁ ਲੇਖਕਾਂ ਦੇ ਕਿਸੇ ਨੂੰ Royality ਨਹੀਂ ਮਿਲਦੀ ਸਭ ਪੈਸੇ ਕੋਲੋਂ ਖਰਚਦੇ ਹਨ।

ਰਾਤ ਦਾ ਸ਼ਾਇਰ

  ਨਿੱਜੀ ਤੌਰ ’ਤੇ ਤੁਹਾਡੇ ’ਤੇ ਰਚਨਾ ਵੇਲੇ ਕਿਹੋ ਜਿਹੀ ਕੈਫ਼ੀਅਤ ਤਾਰੀ ਹੁੰਦੀ ਹੈ?
  ਕੋਈ ਕੈਫ਼ੀਅਤ ਤਾਰੀ ਨਹੀਂ ਹੁੰਦੀ। ਮੈਂ ਅਕਸਰ ਕਵਿਤਾਵਾਂ ਰਾਤ ਨੂੰ ਹੀ ਲਿਖੀਆਂ ਹਨ।
  ਅਮ੍ਰਿਤਾ ਪ੍ਰੀਤਮ ਕਹਿੰਦੀ ਹੁੰਦੀ ਸੀ ਕਿ ਰਚਨਾ ਤੋਂ ਪਹਿਲਾਂ ਉਸ ਨੂੰ ਹਲਕਾ ਬੁਖ਼ਾਰ ਹੋ ਜਾਂਦਾ ਹੈ ਜੋ ਕਾਗਜ਼ ’ਤੇ ਸ਼ਬਦਾਂ ਦੇ ਉਤਾਰੇ ਬਿਨਾ ਨਹੀਂ ਉਤਰਦਾ। ਕੀ ਤੁਹਾਡੇ ਨਾਲ ਵੀ ਅਜਿਹਾ ਕੁਝ ਅਨੋਖਾ ਹੁੰਦਾ ਹੈ?
  ਮੈਂ ਅੰਮ੍ਰਿਤਾ ਬਾਰੇ ਕੁਝ ਵੀ ਨਹੀਂ ਜਾਣਦਾ। ਦੁਨੀਆਂ ਦੇ ਵੱਡੇ-ਵੱਡੇ ਲੇਖਕ ਅਜਿਹੀਆਂ ਬੇਤੁਕੀਆਂ ਬਿਮਾਰੀਆਂ ਦੇ ਸ਼ਿਕਾਰ ਹਨ। ਮੈਨੂੰ ਅਜਿਹੀ ਕੋਈ ਬਿਮਾਰੀ ਨਹੀਂ।
  ਪੰਜਾਬ ਸੰਕਟ ਦੌਰਾਨ ਲਿਖੀ ਤੁਹਾਡੀ ਨਜ਼ਮ-ਧੀਆਂ ਪਿੰਡ ਚਲੀਆਂ-ਅਜ ਹੋਰ ਵੀ ਪ੍ਰਸੰਗਕ ਹੋ ਗਈ ਹੈ, ਇਹ ਨਜ਼ਮ ਕਿਵੇਂ ਲਿਖੀ ਗਈ।
  ਕਵਿਤਾਵਾਂ ਮੈਂ ਕਦੇ ਜ਼ੋਰ ਪਾ ਕੇ ਨਹੀਂ ਲਿਖੀਆਂ। ਏਸੇ ਲਈ ਮੈਂ ਅਪਣੇ ਸਮਕਾਲੀਆਂ ਤੇ ਉਤਰ ਸਮਕਾਲੀਆਂ ਜਿੰਨਾ ਨਹੀਂ ਲਿਖ ਸਕਿਆ। ਮੇਰੀਆਂ ਕਵਿਤਾਵਾਂ ਅਕਸਰ ਮੇਰੇ ਕੋਲ ਆਪ ਚੱਲ ਕੇ ਆਈਆਂ ਹਨ। ਸੋ ਮੇਰੀਆਂ ਕਵਿਤਾਵਾਂ ਨੇ ਆਪ ਆ ਕੇ ਮੇਰੇ ਜ਼ਿਹਨ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਹੈ। ਉਦਾਹਰਨ ਲਈ ਪੰਜਾਬ ਅੰਦਰ ਜਦੋਂ ਵਹਿਸ਼ੀਆਨਾ ਮਾਹੌਲ ਸੀ, ਉਸ ਸਮੇਂ ਵੀ ਮੈਂ ਜਿਹੜੀਆਂ ਕਵਿਤਾਵਾਂ ਲਿਖੀਆਂ, ਉਨ੍ਹਾਂ ਵਿਚੋਂ 90 ਪ੍ਰਤੀਸ਼ਤ ਕਵਿਤਾਵਾਂ ਦੀ ਆਮਦ ਹੋਈ ਹੈ ਆਵੁਰਦ ਨਹੀਂ।
ਪੰਜਾਬ ਵਿਚ 15 ਕੁ ਸਾਲ ਕਤਲੋਗਾਰਤ ਦੇ ਮਾਹੌਲ ਬਾਰੇ ਹਰਿਭਜਨ ਸਿੰਘ, ਦੁੱਗਲ, ਪਾਤਰ ਆਦਿ ਕਵੀਆਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ, ਉਨ੍ਹਾਂ ਦੀ ਪੈੜ ਵੀ ਅੱਜ ਨਹੀਂ ਲੱਭਦੀ। ਪਰ ਮੈਂ ਬੜਾ ਸੋਚ ਸਮਝ ਕੇ ਫ਼ੈਸਲਾ ਕੀਤਾ ਕਿ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਨਾ ਰਿਹਾ ਹੈ ਨਾ ਰਹੇਗਾ, ਪਹਿਲੇ ਘਲੂਘਾਰਿਆਂ ਦੀ ਪੈੜ ਵੀ ਵਕਤ ਪੈ ਕੇ ਮਿਟ ਗਈ।
ਮੇਰੀ ਬੀਵੀ ਉਹਨਾਂ ਦਿਨਾਂ ਵਿਚ ਪਿੰਡ ‘ਰਾਜਗੋਮਾਲ’ ਗਈ ਹੋਈ ਸੀ। ਉਹ ਤਿੰਨ ਚਾਰ ਦਿਨ ਨਾ ਮੁੜੀ ਤਾਂ ਮੇਰੀਆਂ ਧੀਆਂ ਘਬਰਾ ਕੇ ਉਸ ਨੂੰ ਪਿੰਡ ਜਾ ਕੇ ਲਿਆਉਣ ਲਈ ਬਹਿਬਲ ਹੋ ਗਈਆਂ। ਉਸ ਸਮੇਂ ਪਿੰਡ ਵਿਚ ਫੋਨ ਦੀ ਸੁਵਿਧਾ ਵੀ ਨਹੀਂ ਸੀ। ਹਾਰ ਕੇ ਮੈਂ ਮੰਨ ਗਿਆ ਕਿ ਉਹ ਜਾ ਕੇ ਉਸ ਨੂੰ ਲੈ ਆਉਣ।
ਜਾਣ ਤੋਂ ਪਹਿਲਾਂ ਉਹਨਾਂ ਨੇ ਘਰ ਤੇ ਮੇਰੇ ਬਾਰੇ ਜਿਹੜੀਆਂ ਨਸੀਹਤਾਂ ਕੀਤੀਆਂ ਮੈਂ ਸੁਣਦਾ ਰਿਹਾ। ਉਹਨਾਂ ਦੇ ਜਾਣ ਪਿੱਛੋਂ ਮੈਨੂੰ ਇੰਜ ਲੱਗਾ ਜਿਵੇਂ ਉਹ ਮੈਨੂੰ ਨਸੀਹਤਾਂ ਕਰਕੇ ਨਹੀਂ ਗਈਆਂ ਬਲਕਿ ਇਕ ਕਵਿਤਾ ਰਾਹੀਂ ਕੁਝ ਹਦਾਇਤਾਂ ਕਰਕੇ ਗਈਆਂ ਹਨ। ਅਜੇ ਉਹ ਰਸਤੇ ਵਿਚ ਹੀ ਹੋਣਗੀਆਂ ਕਿ ਮੇਰੀ ਕਵਿਤਾ ‘ਧੀਆਂ ਪਿੰਡ ਚੱਲੀਆਂ’ ਨੇ ਜਨਮ ਲਿਆ। ਕਵਿਤਾ ਵਿਚ ਘਰ ਦੇ ਮਾਹੌਲ ਬਾਰੇ ਤੇ ਮੇਰੇ ਬਾਰੇ ਉਹਨਾਂ ਦੇ ਡਰ ਭਰੇ ਵਾਕ ਕਵਿਤਾ ਦੀ ਸ਼ਕਲ ਵਿਚ ਉੱਭਰ ਆਏ-

ਧੀਆਂ ਪਿੰਡ ਚੱਲੀਆਂ
ਬਾਰ ਬਾਰ ਮੈਨੂੰ ਉਹ ਤਕੀਦ ਕਰ ਰਹੀਆਂ ਨੇ
ਜਿਵੇਂ ਵਿਚੋ ਵਿਚ ਡਰ ਰਹੀਆਂ ਨੇ
ਪਾਪਾ ਗੈਸ ਯਾਦ ਨਾਲ ਬੰਦ ਕਰ ਛੱਡਣੀ
ਦੁੱਧ ਨੂੰ ਫਰਿੱਜ ਵਿਚ ਫੇਰ ਤੁਸੀਂ ਧਰਨਾ
ਪਹਿਲੋਂ ਠੰਡਾ ਕਰਨਾ
ਰਾਤੀਂ ਸੌਣ ਵੇਲੇ ਬੱਤੀ ਵਿਹੜੇ ਦੀ ਬੁਝਾ ਦੇਣਾ
ਪਰ ਕੋਰੀ-ਡੋਰ ਦੀ ਜਗ੍ਹਾ ਦੇਣਾ।
ਬੱਦਲਾਂ ਦੀ ਰੁੱਤ ਏ
ਕਿੱਲੀ ਉੱਤੇ ਬਾ੍ਹਰ ਕੋਈ
ਕੱਪੜਾ ਨਾ ਰਹਿਣ ਦੇਣਾ
ਟੀ.ਵੀ. ਦੀ ਤਾਰ ਪਿੱਛੋਂ ਕੱਢ ਦੇਣੀ
ਦੁੱਧ ਵਾਲਾ, ਡਾਕੀਆ ਜਾਂ ਹੋਰ ਕੋਈ ਆਵੇ ਪਿੱਛੋਂ
ਪਹਿਲੋਂ ਕੰਧ ਉੱਪਰੋਂ ਦੀ ਵੇਖਣਾ
ਅਣਸੂਹੇਂ ਬੰਦੇ ਨੂੰ ਟਟੋਲਣਾ
ਫੇਰ ਬੂਹਾ ਖੋਲ੍ਹਣਾ।

ਮੈਂ ਕਹਿਣਾ ਚਾਹੁੰਦਾ ਹਾਂ,
ਸੰਭਲ ਕੇ ਬਸ ਵਿਚ ਚੜ੍ਹਨਾ
ਜਿੱਥੇ ਕਿਤੇ ਭੀੜ ਹੋਵੇ, ਉੱਥੇ ਨਹੀਓਂ ਖੜ੍ਹਨਾ
ਨਿੰਮ ਵਾਲੀ ਦਾਦੀ ਦੇ
ਤੇ ਮੰਦਰ ਜ਼ਰੂਰ ਜਾਣਾ
ਪਿੰਡ ਵਿਚ ਸਭ ਨੂੰ ਅਦਾਬ ਕਹਿਣਾ
ਐਵੇਂ ਨਾ ਅਭਿੱਜ ਰਹਿਣਾ
ਪਰ ਮੈਨੂੰ ਬੋਲਣ ਦਾ ਮੌਕਾ ਨਈਓਂ ਦਿੰਦੀਆਂ
ਧੀਆਂ ਪਿੰਡ ਚੱਲੀਆਂ।

ਡਾ. ਵਜ਼ੀਰ ਆਗਾ ਅਤੇ ਅਕਬਰ ਹਮੀਦੀ ਨਾਲ-ਗੁਜਰਾਂਵਾਲਾ (ਪਾਕਿਸਤਾਨ), 4 ਅਗਸਤ, 1981

ਕਵਿਤਾ ਦੇ ਪਹਿਲੇ ਭਾਗ ਵਿਚ ਇਕ ਲਫ਼ਜ਼ ਵੀ ਮੈਂ ਕੋਲੋਂ ਨਹੀਂ ਪਾਇਆ। ਪਰ ਦੂਸਰਾ ਭਾਗ ਮੈਂ ਆਪ ਲਿਖਿਆ ਹੈ।
ਸਭ ਤੋਂ ਅਨੋਖੀ ਗੱਲ ਇਹ ਹੈ ਕਿ ਮੈਂ ਕਦੇ ਪਿੰਗਲ ਦੇ ਇਸ ਬਹਿਰ ਵਿਚ ਕਦੇ ਨਹੀਂ ਸੀ ਲਿਖਿਆ। ਪਰ ਸ਼ਰੀਫ਼ ਕੁੰਜਾਹੀ (ਮਰਹੂਮ) ਦੀ ਏਸੇ ਬਹਿਰ ਵਿਚ ਲਿਖੀ ਕਵਿਤਾ ‘ਵੀਰ ਤੂੰ ਕੁੰਜਾਹ ਦਾ ਏਂ, ਤੇਰਾ ਨਾਂ ਸ਼ਰੀਫ਼ ਏ।’ ਮੈਨੂੰ ਉਸਦੀਆਂ ਕਵਿਤਾਵਾਂ ਵਿਚੋਂ ਸ਼ਾਹਕਾਰ ਪ੍ਰਤੀਤ ਹੁੰਦੀ ਰਹੀ ਤੇ ਅੱਜ ਵੀ ਸ਼ਾਹਕਾਰ ਪ੍ਰਤੀਤ ਹੋ ਰਹੀ ਹੈ। ਮੈਂ ਅਪਣੀ ਇਹ ਕਵਿਤਾ ਭਾਰਤ ਦੀਆਂ ਕਈ ਸਟੇਜਾਂ ’ਤੇ ਪੜ੍ਹੀ ਹੈ ਤੇ ਕਈ ਵਾਰੀ ਲੋਕਾਂ ਨੇ ਸਿਫ਼ਾਰਸ਼ਾਂ ਕਰਕੇ ਸੁਣੀ ਵੀ ਹੈ। ਭਾਰਤ ਦੀਆਂ ਕਈਆਂ ਜ਼ਬਾਨਾਂ ਵਿਚ ਅਨੁਵਾਦ ਹੋ ਕੇ ਵੀ ਛਪੀ ਹੈ।
ਅੱਜ ਦੇ ਮਾਹੌਲ ਵਿਚ ਭਾਰਤ ਦੀਆਂ ਸਥਿਤੀਆਂ ਕਾਰਨ ਇਸ ਵਿਚ ਹੋਰ ਵੀ ਤਾਜ਼ਗੀ ਆ ਰਹੀ ਹੈ। ਪਰ ਮੇਰੇ ਸਮਕਾਲੀਆਂ ਦੀਆਂ ਇਸ ਬਾਰੇ ਲਿਖੀਆਂ ਕਵਿਤਾਵਾਂ ਪੰਜਾਬ ਦੇ ਘੱਲੂਘਾਰੇ ਦੇ ਨਾਲ ਹੀ ਮਰ ਗਈਆਂ।
ਹੋਰ ਦਸਦਾਂ-
ਮੈਂ ਇਕ ਵਾਰੀ 1981 ਵਿਚ ਪਾਕਿਸਤਾਨ ਜਾ ਰਿਹਾ ਸਾਂ। ਘਰਦਿਆਂ ਨੇ ਬੜਾ ਰੋਕਿਆ, ਪਰ ਮੈਂ ਜ਼ਿੱਦ ਫੜ ਲਈ ਕਿ ਜ਼ਰੂਰ ਜਾਣਾ ਹੈ। ਦੋਸਤ ਵੀ ਕਹਿ ਰਹੇ ਸਨ ਕਿ ਹਾਲਾਤ ਠੀਕ ਨਹੀਂ ਤੂੰ ਨਾ ਜਾਵੇਂ ਤਾਂ ਚੰਗੀ ਗੱਲ ਹੈ। ਪਰ ਮੈਂ ਅੜਿਆ ਰਿਹਾ। ਆਖ਼ਰ ਜ਼ਿੱਦ ਕਰਕੇ ਤੁਰ ਹੀ ਪਿਆ! ਉਂਜ ਦਿਲ ਵਿਚ ਬੜਾ ਸਹਿਮ ਸੀ। ਪਰ ਮੁਨੀਰ ਅਹਿਮਦ ਸ਼ੇਖ਼-ਜੋ ਪਾਕਿਸਤਾਨ ਦੇ ਸਫ਼ਾਰਤਖਾਨੇ ਵਿਚ ਸਫ਼ੀਰ ਸੀ-ਨੇ ਮੈਨੂੰ ਵੀਜ਼ਾ ਦੇਣ ਲੱਗਿਆਂ ਬੜਾ ਕੁਝ ਸਮਝਾ ਦਿੱਤਾ। ਉਹ ਇਕ ਚੰਗਾ ਸ਼ਾਇਰ ਵੀ ਸੀ। ਉਸ ਨੇ ਸ਼ਫ਼ਕਤ ਤਨਵੀਰ ਮਿਰਜ਼ਾ, ਅਪਣੇ ਵਾਲਿਦ ਸਾਹਿਬ ਤੇ ਹੋਰ ਦੋਸਤਾਂ ਲਈ ਮੈਨੂੰ ਸਿਫ਼ਾਰਸ਼ੀ ਖ਼ਤ ਵੀ ਦਿੱਤੇ।
ਮੈਂ ਬੜੇ ਸਹਿਮੇ ਹੋਏ ਨੇ ਬਾਰਡਰ ਕਰਾਸ ਕੀਤਾ ਤਾਂ ਬਾਰਡਰ ’ਤੇ ਬੈਠੇ ਅਫਸਰਾਂ ਨੇ ਚਾਹ ਪਿਆਈ, ਭਾਰਤ ਬਾਰੇ ਗੱਲਾਂ ਕੀਤੀਆਂ ਤੇ ਸਾਮਾਨ ਚੈੱਕ ਕੀਤੇ ਬਿਨਾ ਹੀ ਮੇਰੇ ਪਾਸਪੋਰਟ ’ਤੇ ਮੋਹਰ ਲਗਾ ਦਿੱਤੀ।
ਪਾਕਿਸਤਾਨ ਵਿਚ ਮੇਰੀ ਏਡੀ ਵਾਕਫ਼ੀ ਵੀ ਨਹੀਂ ਸੀ। ਮੈਂ ਦਾਤਾ ਗੰਜ ਬਖ਼ਸ਼ ਨੇੜੇ ਇਕ ਹੋਟਲ ਵਿਚ ਡੇਰਾ ਜਾ ਲਾਇਆ। ਪਹਿਲੇ ਦਿਨ ਹੀ ਤੁਰਿਆਂ ਜਾਂਦਿਆਂ ਮੈਂ ਇਕ ਸੜਕ ਉੱਤੇ ਪਈ ਤੋਪ ਵੇਖੀ। ਇਕ ਆਦਮੀ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਭੰਗੀਆਂ ਦੀ ਤੋਪ ਹੈ। ਅਜਿਹੀ ਭਾਰੀ ਤੋਪ ਮੈਂ ਕਦੇ ਭਾਰਤ ਵਿਚ ਵੀ ਨਹੀਂ ਵੇਖੀ ਸੀ। ਉਸ ਦੇ ਮੂੰਹ ਵਿਚ ਸ਼ਾਰਕਾਂ ਨਿਕਲ ਤੇ ਵੜ ਰਹੀਆਂ ਸਨ। ਇਕ ਦਮ ਮੈਨੂੰ ਇਕ ਕਵਿਤਾ ਫੁਰੀ। ਜਿੰਨੇ ਚਿਰ ਵਿਚ ਇਹ ਕਵਿਤਾ ਫੁਰੀ, ਅੱਜ ਤੀਕ ਬਹੁਤ ਘੱਟ ਕਵਿਤਾਵਾਂ ਏਨੇ ਸਮੇਂ ਵਿਚ ਫੁਰੀਆਂ ਹਨ।

ਓਪਰੇ ਸ਼ਹਿਰ ਦੀ ਗੱਲ


ਅਜਨਬੀ ਸੀ ਸ਼ਹਿਰ ਤੇ ਮੈਂ ਸਾਂ ਉਦਾਸ
ਜੰਗ ਦੇ ਸੁਣ ਸੁਣ ਕੇ ਹੂਲੇ ਸਾਂ ਹਿਰਾਸ
ਸ਼ਹਿਰ ਵਿਚ ਆਵਾਰਾਗਰਦੀ ਕਰਦਿਆਂ
ਸਹਿਮਿਆਂ ਹੋਇਆਂ ਤੇ ਕੁਝ ਕੁਝ ਡਰਦਿਆਂ
ਇਕ ਕਿਲ੍ਹੇ ਅੰਦਰ ਅਜਾਇਬ ਘਰ ’ਚ ਡਿੱਠਾ
ਤੋਪ ਦੇ ਮੂੰਹ ਵਿਚ ਜਨੌਰਾਂ ਨੇ ਸੀ ਪਾਇਆ ਆਲ੍ਹਣਾ।

ਓਪਰੇ ਉਸ ਦੇਸ਼ ਤੇ ਓਭੜ ਸ਼ਹਿਰ ਵਿਚ
ਨਿੱਕਿਆਂ ਨਿੱਕਿਆਂ ਪੰਛੀਆਂ ਦਾ
ਤਕ ਕੇ ਵੱਡਾ ਹੌਸਲਾ
ਡਿਗ ਰਹੇ ਦਿਲ ਨੂੰ ਅਚਾਨਕ
ਮਿਲ ਗਿਆ ਸੀ ਠੁੰਮਣਾ।

ਉਂਜ ਤਾਂ ਹੋਰ ਵੀ ਮੇਰੀਆਂ ਬੜੀਆਂ ਕਵਿਤਾਵਾਂ ਹਨ, ਜਿਨ੍ਹਾਂ ਨੇ ਆਪ ਮੇਰੇ ਦਰਵਾਜ਼ੇ ’ਤੇ ਦਸਤਕਾਂ ਦਿੱਤੀਆਂ ਹਨ ਤੇ ਕਵਿਤਾ ਦਾ ਰੂਪ ਧਾਰਿਆ ਹੈ। ਪਰ ਇਸ ਕਵਿਤਾ ਵਿਚ ਜਿਸ ਗੱਲ ਨੇ ਬੇਹੱਦ ਪ੍ਰਭਾਵਿਤ ਕੀਤਾ ਸੀ, ਉਹ ਸੀ ਡਰ ਵਿਚ ਗਰਸੇ ਮਨ ਉੱਤੇ ਤੋਪ ਦੇ ਮੂੰਹ ਵਿਚ ਬੈਠੀਆਂ ਸ਼ਾਰਕਾਂ ਦਾ ਪ੍ਰਭਾਵ।

ਜ਼ੀਨਤ ਨਾਲ ਪਿਆਰ

  ਕਵੀਆਂ ਦੇ ਜੀਵਨ ਅਤੇ ਰਚਨਾ ਵਿਚ ਅਸਲੀ ਜਾਂ ਨਕਲੀ ਮਾਸ਼ੂਕਾਂ ਦਾ ਬੜਾ ਦਖ਼ਲ ਹੁੰਦਾ ਹੈ, ਜਿਹਨਾਂ ਦਾ ਪ੍ਰੇਰਨਾਦਾਇਕ ਤੇ ਕਾਲਪਨਿਕ ਰਿਸ਼ਤਾ ਅਕਸਰ ਦੁਨਿਆਵੀ ਰਿਸ਼ਤਿਆਂ ਤੋਂ ਵੱਖਰਾ ਚਲਦਾ ਰਹਿੰਦਾ ਹੈ। ਕੀ ਤੁਹਾਡੇ ਜੀਵਨ ਵਿਚ ਵੀ ਕਿਸੇ ਦੀ ਅਜਿਹੀ ਹੋਂਦ ਰਹੀ?
  ਹਾਂ, ਮੈਂ ਇਕ ਕੁੜੀ ਜੀਨਤ ਬੇਗਮ ਨੂੰ ਹੀ ਅਪਣੀ ਮਾਂ, ਭੈਣ ਤੇ ਦੋਸਤ ਦੇ ਦਰਜੇ ਵਾਂਗ ਪਿਆਰ ਕੀਤਾ ਸੀ। ਅੰਤ ਉਹ 1952 ਵਿਚ ਪਾਕਿਸਤਾਨ ਚਲੀ ਗਈ ਫੇਰ ਕੁਝ ਪਤਾ ਨਹੀਂ। ਉਂਜ ਮੇਰੀਆਂ ਇਕ ਦੋ ਪੁਸਤਕਾਂ ਵੀ ਉਸ ਨੂੰ ਭੇਂਟ ਕੀਤੀਆਂ ਗਈਆਂ ਹਨ। ਮੇਰੇ ਲਈ ਉਹ ਈਸ਼ਵਰ ਸੀ।
  ਕੌਣ ਸੀ ਇਹ ਜ਼ੀਨਤ?
  ਪਹਿਲਾਂ ਇਕ ਸ਼ੇਅਰ ਸੁਣੋ-

ਹਵਾ ਦੇ ਨਾਲ ਡਿੱਗੇ ਫਲ ਤਰ੍ਹਾਂ
ਮਿਲੀ ਸੈਂ ਤੂੰ ਜਦੋਂ ਮੈਨੂੰ
ਤਾਂ ਏਦਾਂ ਜਾਪਦਾ ਸੀ
ਕਿ ਸਭ ਮੌਸਮ ਮੇਰੀ ਮੁੱਠੀ ‘ਚ ਹਨ।

ਵਾਸਤਿਵ ਵਿਚ ਮੈਂ ਜ਼ੀਨਤ ਦੇ ਪਿਆਰ ਭਰੇ ਰਿਸ਼ਤੇ ਨੂੰ ਕਿਸੇ ਇਕ ਰਿਸ਼ਤੇ ਨਾਲ ਨਹੀਂ ਜੋੜ ਸਕਦਾ। ਮੇਰਾ ਬਚਪਨ 7 ਸਾਲ ਦੀ ਉਮਰ ਤੱਕ ਇਕ ਮੁਸਲਮਾਨ ਦੇ ਘਰ ਗੁਜ਼ਰਿਆ। ਮੇਰਾ ਵੱਡਾ ਭਰਾ ਸਰਵਣ ਬਚਪਨ ਵਿਚ ਹੀ ਗੁਜ਼ਰ ਗਿਆ ਸੀ। ਮੇਰੀ ਮਾਂ ਦੀ ਇਕ ਮੁਸਲਮਾਨ ਸਹੇਲੀ ਸੀ। ਉਸ ਨੇ ਮਾਂ ਨੂੰ ਕਿਹਾ ਕਿ ਤੂੰ ਸੁੱਖਣਾ ਸੁੱਖ ਕਿ ਜੇ ਮੇਰੇ ਘਰ ਪੁੱਤਰ ਜੰਮੇਂ ਤਾਂ ਉਹ ਹਜ਼ਰਤ ਹੁਸੈਨ ਸ਼ਹੀਦੇ ਕਰਬਲਾ ਦੇ ਗੰਜ ਭਰਿਆ ਕਰੇਗੀ ਤੇ ਪੰਜ ਸਾਲ ਉਸ ਨੂੰ ਮੰਗਵੇਂ ਕੱਪੜੇ ਪਵਾਵੇਗੀ। ਸੋ ਮੈਂ ਬਚਪਨ ਵਿਚ 6-7 ਸਾਲ ਦੀ ਉਮਰ ਤੱਕ ਤਾਜ਼ੀਆਂ ਦੇ ਦਿਨਾਂ ਵਿਚ ਗੰਜ ਭਰਦਾ ਸੀ ਤੇ ਅਪਣੀ ਮਾਂ ਦੀ ਸਹੇਲੀ ਦੇ ਘਰ ਹੀ ਸਾਰਾ ਦਿਨ ਉਸ ਦੇ ਬੱਚਿਆਂ ਨਾਲ ਖੇਡਦਾ ਰਹਿੰਦਾ ਸੀ। ਉਹਨਾਂ ਦੇ ਘਰੋਂ ਰੋਟੀ ਆਦਿ ਵੀ ਖਾ ਲੈਂਦਾ ਸੀ। ਬੱਚਿਆਂ ਨਾਲ ਨਮਾਜ਼ ਵੀ ਪੜ੍ਹ ਲੈਂਦਾ ਸਾਂ। ਇਸ ਕਾਰਨ ਮੇਰੇ ਉੱਤੇ ਬਚਪਨ ਸਮੇਂ ਸਿੱਖੀ ਸਿਧਾਂਤ ਤੋਂ ਵੱਧ ਮੁਸਲਿਮ ਸਭਿਆਚਾਰ ਦਾ ਪ੍ਰਭਾਵ ਪਿਆ। ਜੋ ਮੇਰੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਤੁਸੀਂ ਵੇਖ ਸਕਦੇ ਹੋ।
ਜਲੰਧਰ ਵਿਚ ਪੜ੍ਹਨ ਲੱਗਾ ਤਾਂ ਮਸਜਿਦ ਵਿਚਲੀ ਇਕ ਮਜ਼ਾਰ ’ਤੇ ਹਰ ਵੀਰਵਾਰ ਦੀਵਾ ਜਗਾਉਂਦਾ ਸੀ। ਓਦੋਂ ਪਾਕਿਸਤਾਨ ਬਣ ਚੁੱਕਾ ਸੀ। ਉਸ ਮਜ਼ਾਰ ’ਤੇ ਹੀ ਮੇਰੀ ਮੁਲਾਕਾਤ ਜ਼ੀਨਤ ਨਾਲ ਹੋਈ। ਉਹ ਦੂਨ ਸਕੂਲ ਦੀ ਪੜ੍ਹੀ ਹੋਈ ਸੀ। ਉਮਰ ਵਿਚ ਵੀ ਮੈਥੋਂ 4-5 ਸਾਲ ਵੱਡੀ ਸੀ। ਉਹ ਕਦੀ-ਕਦੀ ਹੀ ਇਕ ਰਿਸ਼ਤੇਦਾਰ ਕੋਲ ਜਲੰਧਰ ਆਉਂਦੀ ਸੀ। ਇਤਫ਼ਾਕਨ ਉਹ ਇਕ ਵਾਰੀ ਉਸ ਮਜ਼ਾਰ ’ਤੇ ਮੈਨੂੰ ਵੇਖ ਕੇ ਪੁੱਛਣ ਲੱਗੀ- ਤੂੰ ਏਥੇ ਦੀਵਾ ਜਗਾਉਣ ਜੁਮੇਂ ਦੀ ਸ਼ਾਮ ਨੂੰ ਕਿਸ ਲਈ ਆਉਂਦਾ ਏਂ?’ ਮੈਂ ਉਸ ਨੂੰ ਅਪਣੇ ਬਚਪਨ ਦੀ ਸਾਰੀ ਕਹਾਣੀ ਸੁਣਾਈ ਤੇ ਦੱਸਿਆ ਕਿ ਮੈਂ ਇਸ ਮਜ਼ਾਰ ’ਤੇ ਅਪਣੀ ਮਾਂ ਤੇ ਉਸਦੀ ਮੁਸਲਮਾਨ ਸਹੇਲੀ ਨਾਲ ਕੀਤੇ ਕੌਲ ਅਨੁਸਾਰ ਕਦੀ ਕਦੀ ਦੀਵਾ ਜਗਾਉਣ ਆਉਂਦਾ ਹਾਂ। ਮੇਰੇ ਬਚਪਨ ਦੇ ਦਿਨ ਮੁਸਲਮਾਨ ਘਰਾਣੇ ਵਿਚ ਗੁਜ਼ਰੇ ਹਨ। ਪਰ ਇਸ ਮਜ਼ਾਰ ’ਤੇ ਦੀਵਾ ਜਗਾਉਣ ਹਰ ਵੀਰਵਾਰ ਨਹੀਂ ਆਉਂਦਾ। ਪਾਕਿਸਤਾਨ ਬਣ ਜਾਣ ਪਿੱਛੋਂ ਇਸ ਮਜ਼ਾਰ ਦੀ ਕਦਰ ਨਹੀਂ ਰਹੀ। ਇਸ ਤਰ੍ਹਾਂ ਸਾਡੇ ਮਿਲਣ ਦੀ ਸਾਂਝ ਆਰੰਭ ਹੋਈ। ਉਹ ਮਲੇਰਕੋਟਲੇ ਦੇ ਸ਼ਾਹੀ ਪਰਵਾਰ ਵਿਚੋਂ ਸੀ। ਉਸ ਤੋਂ ਸੋਹਣੀ ਕੁੜੀ ਮੈਂ ਮੁੜ ਕੇ ਕਦੇ ਨਹੀਂ ਵੇਖੀ।
1952-53 ਵਿਚ ਉਹ ਪਾਕਿਸਤਾਨ ਚਲੀ ਗਈ। ਤਾਹੀਂ ਤਾਂ ਮੈਂ ਕਹਿੰਦਾ ਹਾਂ ਕਿ ਪਤਾ ਨਹੀਂ ਉਸਦਾ ਪਿਆਰ ਮਾਂ ਵਾਲਾ ਸੀ, ਭੈਣ ਵਾਲਾ ਜੀ ਜਾਂ ਮਹਿਬੂਬ ਵਾਲਾ ਸੀ। ਮੁੜਕੇ ਏਡੀ ਸਿਆਣੀ, ਸੋਹਣੀ ਤੇ ਆਜ਼ਾਦ ਖ਼ਿਆਲਾਂ ਵਾਲੀ ਧਰਮਾਂ ਦੀ ਵਲਗਣ ਤੋਂ ਆਜ਼ਾਦ ਕੁੜੀ ਮੈਂ ਨਹੀਂ ਵੇਖੀ।
ਮੈਨੂੰ ਉਸ ਨੇ ਸ਼ਿਮਲਾ ਵਿਖਾਇਆ, ਮੇਰਠ ਵਿਖਾਇਆ, ਨੈਨੀਤਾਲ ਵਿਖਾਇਆ।
ਪਰ ਪਾਕਿਸਤਾਨ ਜਾਣ ਪਿੱਛੋਂ 50 ਕੁ ਸਾਲ ਹੋ ਗਏ, ਕਦੀ ਮਿਲੀ ਨਹੀਂ। ਦੋ ਕੁ ਵਾਰੀ 1955-56 ਵਿਚ ਉਸ ਦਾ ਈਦ ਮੁਬਾਰਕ ਦਾ ਖ਼ਤ ਕਰਾਚੀ ਤੋਂ ਜ਼ਰੂਰ ਆਉਂਦਾ ਰਿਹਾ। ਇਕ ਸ਼ੇਅਰ ਹੋਰ ਸੁਣੋ-

ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕਹੇਗੀ ਫ਼ਜਰ ਕੀ ਜਦ ਹਾਰ ਕੇ ਦੀਵੇ ਬੁਝਾਵਾਂਗਾ।

ਸ਼ਰੀਫ ਕੁਜਾਹੀ (ਮਰਹੂਮ) ਨਾਲ-ਦਿੱਲੀ, 1982

  ਬਹੁਤ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਜ਼ਬਾਨ ਵਿਚ ਉਰਦੂ ਫਾਰਸੀ ਵਰਗੀ ਲਤਾਫ਼ਤ ਨਾ ਹੋਣ ਕਰਕੇ ਇਹ ਜ਼ਬਾਨ ਅਸਲ ਵਿਚ ਗ਼ਜ਼ਲ ਲਈ ਢੁਕਵੀਂ ਨਹੀਂ। ਤੁਸੀਂ ਕੀ ਸਮਝਦੇ ਹੋ?
  ਜਿਹੜੇ ਲੋਕ ਆਪ ਗ਼ਜ਼ਲ ਨਹੀਂ ਕਹਿ ਸਕਦੇ ਇਹ ਉਹਨਾਂ ਦਾ ਖ਼ਿਆਲ ਹੈ। ਉਰਦੂ ਵਾਲੇ ਵੀ ਮੰਨਦੇ ਹਨ ਕਿ ਪਸ਼ਤੋ ਤੇ ਹਿੰਦੀ ਨਾਲੋਂ ਪੰਜਾਬੀ ਗ਼ਜ਼ਲ ਬੜੇ ਉੱਚ ਪਾਏ ਦੀ ਹੈ। ਮੋਹਨ ਸਿੰਘ ਦੀ ਗ਼ਜ਼ਲ ਨੇ ਪੰਜਾਬੀ ਗ਼ਜ਼ਲ ਵਿਚ ਅਜਿਹੇ ਖ਼ਿਆਲਾਂ ਦਾ ਪ੍ਰਗਟਾਵਾ ਕੀਤਾ ਜੋ ਕਿਸੇ ਹੋਰ ਪੰਜਾਬੀ ਸ਼ਾਇਰ ਨੇ ਨਹੀਂ ਕੀਤਾ। ਉਹ ਬਹਿਰ ਦਾ ਬੜਾ ਜਾਣਗੀਰ ਸੀ, ਪਰ ਉਸਦੀਆਂ 90 ਪ੍ਰਤੀਸ਼ਤ ਗ਼ਜ਼ਲਾਂ ਵਿਚ ਬਹਿਰ ਦੀਆਂ ਖ਼ਾਮੀਆਂ ਹਨ। ਈਸ਼ਵਰ ਚਿਤ੍ਰਕਾਰ ਤੇ ਬਾਵਾ ਬਲਵੰਤ ਵੀ ਕਮਾਲ ਦੇ ਗ਼ਜ਼ਲਗੋ ਸਨ।
ਅੱਜ ਵੀ ਕੁਝ ਲੋਕ ਬੜੀਆਂ ਚੰਗੀਆਂ ਗ਼ਜ਼ਲਾਂ ਲਿਖ ਰਹੇ ਹਨ। ਮੇਰੇ ਖ਼ਿਆਲ ਵਿਚ ਉਹਨਾਂ ਦੁਆਰਾ ਪੰਜਾਬੀ ਗ਼ਜ਼ਲ ਤਰੱਕੀ ਕਰੇਗੀ, ਮਰੇਗੀ ਨਹੀਂ। ਪੰਜਾਬੀ ਵਿਚ ਗ਼ਜ਼ਲ ਉਰਦੂ ਤੋਂ ਪਹਿਲਾਂ ਆਰੰਭ ਹੋਈ ਪਰ 200 ਸਾਲ ਤੱਕ ਕਿਸੇ ਫੇਰ ਏਧਰ ਧਿਆਨ ਨਹੀਂ ਦਿੱਤਾ ਪਰ ਅੱਜ ਪੰਜਾਬੀ ਦੇ 8-10 ਸ਼ਾਇਰ ਉਰਦੂ ਦੀ ਆਧੁਨਿਕ ਗ਼ਜ਼ਲ ਵਰਗੀਆਂ ਗ਼ਜ਼ਲਾਂ ਕਹਿ ਰਹੇ ਹਨ।
ਉਰਦੂ ਗ਼ਜ਼ਲ ਦਾ ਮੁਕਾਬਲਾ ਅੱਜ ਦੇ ਕਈ ਪੰਜਾਬੀ ਸ਼ਾਇਰ ਕਰ ਰਹੇ ਹਨ। ਪਰ ਗ਼ਾਲਿਬ, ਮੋਮਨ ਤੇ ਮੀਰ ਤਕੀ ਮੀਰ ਦੀ ਬਰਾਬਰੀ ਅਜੇ ਕਿਸੇ ਪੰਜਾਬੀ ਕਵੀ ਵਿਚ ਨਜ਼ਰ ਨਹੀਂ ਆ ਰਹੀ। ਉਂਜ ਉਰਦੂ ਦੇ ਕਈ ਗ਼ਜ਼ਲਗੋਆਂ ਨੇ ਵੀ ਬੜੇ ਮਾਅਰਕੇ ਦੀਆਂ ਗ਼ਜ਼ਲਾਂ ਕਹੀਆਂ ਹਨ। ਪੰਜਾਬੀ ਗ਼ਜ਼ਲ ਅਜੇ ਹੋਰ ਵੀ ਬੜੀ ਤਰੱਕੀ ਕਰੇਗੀ। ਤੁਹਾਡਾ ਦੋਹਾਂ ਦਾ ਨਜ਼ਰੀਆ ਸੁਣੀਆਂ ਸੁਣਾਈਆਂ ’ਤੇ ਅਧਾਰਿਤ ਪ੍ਰਤੀਤ ਹੁੰਦਾ ਹੈ। ਤੁਸੀਂ ਆਪ ਹੀ ਵੇਖ ਲਵੋ ਕਿ ਪੰਜਾਬੀ ਦੀ ਟੋਟਾ-ਮੋਛਾ ਕਵਿਤਾ ਕਿੱਥੇ ਖੜ੍ਹੀ ਹੈ। ਲੋਕ ਅਜਿਹੀ ਕਵਿਤਾ ਖ਼ਰੀਦਦੇ ਵੀ ਨਹੀਂ ਮੁਫਤ ਵੰਡੀਆਂ ਜਾਂਦੀਆਂ ਹਨ। ਤੁਹਾਡਾ ਇਹ ਨਜ਼ਰੀਆ ਤੁਹਾਡੇ ਪਰਚੇ ਵਿੱਚੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਤੁਸੀਂ ਗ਼ਜ਼ਲਾਂ ਛਾਪਣੀਆਂ ਗੁਨਾਹ ਸਮਝਦੇ ਹੋ। ਪੰਜਾਬੀ ਸਾਹਿਤ ਵਿਚ ਤਾਂ ਨਾਵਲ ਕਹਾਣੀ ਆਦਿ ਵੀ ਬਾਹਰੋਂ ਆਏ ਹਨ, ਤੁਸੀਂ ਉਹਨਾਂ ਬਾਰੇ ਕਿਉਂ ਚੁੱਪ ਹੋ? ਉਰਦੂ, ਫਾਰਸੀ, ਅਰਬੀ ਤੇ ਤੁਰਕੀ ਦੇ 50 ਪ੍ਰਤੀਸ਼ਤ ਸ਼ਬਦ ਪੰਜਾਬੀ ਨੇ ਅਪਣਾ ਲਏ ਹਨ। ਫੇਰ ਇਹ ਗ਼ਜ਼ਲ ਵਿਚ ਹੀ ਨਹੀਂ ਕਵਿਤਾ ਵਿਚ ਵੀ ਇਸਤੇਮਾਲ ਕੀਤੇ ਜਾਂਦੇ ਹਨ, ਕੀ ਉਸ ਵੇਲੇ ਇਹਨਾਂ ਦੀ ਲਤਾਫ਼ਤ ਵਿਚ ਦਖ਼ਲਅੰਦਾਜ਼ੀ ਨਹੀਂ ਹੁੰਦੀ?
ਕਿੱਸਾ ਕਾਵਿ ਤੇ ਸੂਫ਼ੀ ਕਾਵਿ ਦਾ ਤਾਂ ਢਾਂਚਾ ਹੀ ਇਹਨਾਂ ਭਾਸ਼ਾਵਾਂ ਦੀ ਸ਼ਬਦਾਵਲੀ ’ਤੇ ਅਧਾਰਿਤ ਹੈ। ਉਹਨਾਂ ਬਾਰੇ ਕੀ ਕਹੋਗੇ? ਗੁਰੂ ਗ੍ਰੰਥ ਸਾਹਿਬ ਵਿਚ ਵੀ ਅਰਬੀ ਫ਼ਾਰਸੀ ਦੇ ਬੜੇ ਸ਼ਬਦ ਹਨ। ਇਕ ਸ਼ਾਇਰ ਨੇ ਬੰਗਲੌਰ ਮੈਨੂੰ ਅਪਣੀ ਪੁਸਤਕ ਦਿੱਤੀ ਸੀ, ਜੋ ਗ਼ਜ਼ਲਾਂ ਦੀ ਪੁਸਤਕ ਸੀ। ਮੈਂ ਉੱਥੋਂ ਦੀ ਭਾਸ਼ਾ ਨਹੀਂ ਜਾਣਦਾ, ਪਰ ਮੈਨੂੰ ਬੜੀ ਹੈਰਾਨੀ ਹੋਈ ਸੀ।

ਕੋਈ ਚੰਗਾ ਗ਼ਜ਼ਲ ਅਲੋਚਕ ਨਹੀਂ

  ਅਰਬੀ-ਫਾਰਸੀ ਮੂਲ ਦੇ ਰੁਮਾਨੀ ਕਾਵਿ ਰੂਪ ਗ਼ਜ਼ਲ ਵਿਚ ਤੁਹਾਨੂੰ ਕਿਹੜੀਆਂ ਸੰਭਾਵਨਾਵਾਂ ਨਜ਼ਰ ਆਈਆਂ ਖਾਸ ਕਰਕੇ ਉਸ ਸਮੇਂ ਜਦੋਂ ਕਈ ਪਾਸਿਓਂ ਇਹਦਾ ਵਿਰੋਧ ਹੋ ਰਿਹਾ ਸੀ?
  ਅਰਬੀ ਭਾਸ਼ਾ ਬਾਰੇ ਮੇਰਾ ਕੋਈ ਖ਼ਾਸ ਗਿਆਨ ਨਹੀਂ। ਮੈਂ ਸਿਰਫ਼ ਫਾਰਸੀ ਕਾਵਿ ਸਾਹਿਤ ਪੜ੍ਹਿਆ ਹੈ। ਭਾਰਤ ਵਿਚ ਅਮੀਰ ਖੁLਸਰੋ ਤੇ ਸ਼ੀਰਾਜ਼ ਦੇ ਸ਼ੇਖ ਸਾਅਦੀ ਅਤੇ ਹਾਫ਼ਿਜ਼ ਸ਼ੀਰਾਜ਼ੀ ਬੇਮਿਸਾਲ ਕਵੀ ਹਨ। ਇਹ ਅਜਿਹੇ ਮਹਾਨ ਕਵੀ ਹੋਏ ਹਨ ਜਿਨ੍ਹਾਂ ਦਾ ਜ਼ਿਕਰ ਦੁਨੀਆ ਭਰ ਦੇ ਮਹਾਨ ਕਵੀਆਂ ਵਿਚ ਹੁੰਦਾ ਹੈ। ਦੋਵੇਂ ਹੀ ਸ਼ੀਰਾਜ਼ ਵਿਚ ਪੈਦਾ ਹੋਏ। ਸ਼ੇਖ਼ ਸਾਅਦੀ 1175 ਈਸਵੀ ਵਿਚ ਜਨਮਿਆ ਤੇ 1288 ਵਿਚ ਕਾਲਵਸ ਹੋ ਗਿਆ। ਮੈਂ ਫਾਰਸੀ ਦਾ ਵਿਦਿਆਰਥੀ ਹਾਂ ਤੇ ਅੱਜ ਤੱਕ ਕਦੀ ਇਹਨਾਂ ਦੀ ਵਿਰੋਧਤਾ ਨਹੀਂ ਪੜ੍ਹੀ। ਬਲਕਿ ਇਹਨਾਂ ਦੀ ਗਿਣਤੀ ਦੁਨੀਆ ਦੇ ਮਹਾਨ ਕਵੀਆਂ ਵਿਚ ਕੀਤੀ ਜਾਂਦੀ ਹੈ। ਇਹ ਦੋਵੇਂ ਰੁਮਾਂਟਿਕ ਨਹੀਂ ਸੂਫ਼ੀ ਸਨ।
  ਪੰਜਾਬੀ ਗ਼ਜ਼ਲ ਆਧੁਨਿਕ ਵੇਦਨਾ ਸੰਵੇਦਨਾ ਨੂੰ ਪ੍ਰਗਟਾਉਣ ਵਿਚ ਕਿੱਥੋਂ ਤੱਕ ਸਫਲ ਰਹੀ ਹੈ?
  1965 ਤੋਂ ਪੰਜਾਬੀ ਗ਼ਜ਼ਲ ਵਿਚ ਜਿੰਨੀ ਆਧੁਨਿਕਤਾ ਆਈ ਹੈ ਉਹ ਕਿਸੇ ਤਰ੍ਹਾਂ ਵੀ ਉਰਦੂ ਕਾਵਿ-ਸਾਹਿਤ ਤੋਂ ਘੱਟ ਨਹੀਂ। ਤੁਸੀਂ ਮਾਰਕੀਟ ਤੋਂ ਪਤਾ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚੰਗੀਆਂ ਪੰਜਾਬੀ ਗ਼ਜ਼ਲਾਂ ਦੀਆਂ ਪੁਸਤਕਾਂ ਅੱਜ ਦੀਆਂ 80 ਪ੍ਰਤੀਸ਼ਤ ਕੂੜਾ ਕਬਾੜ ਕਵਿਤਾਵਾਂ ਦੀਆਂ ਪੁਸਤਕਾਂ ਤੋਂ ਵੱਧ ਵਿਕ ਰਹੀਆਂ ਹਨ। ਗ਼ਜ਼ਲ ਸੰਗ੍ਰਹਿ ਕਵਿਤਾਵਾਂ ਨਾਲੋਂ ਵੱਧ ਵਿਕਦੇ ਤੇ ਸਲਾਹੇ ਜਾਂਦੇ ਹਨ। ਸੋ ਪੰਜਾਬੀ ਦੀਆਂ ਗ਼ਜ਼ਲਾਂ ਦੀਆਂ ਪੁਸਤਕਾਂ ਦੀ ਵਿਕਰੀ ਕਾਫ਼ੀ ਹੈ। ਮੇਰਾ ਭਾਵ ਇਹ ਨਹੀਂ ਕਿ ਸਾਰੀ ਪੰਜਾਬੀ ਕਵਿਤਾ ਮਾੜੀ ਹੈ। ਕਵਿਤਾਵਾਂ ਦੀਆਂ ਚੰਗੀਆਂ ਪੁਸਤਕਾਂ ਵੀ ਕਾਫ਼ੀ ਵਿਕਦੀਆਂ ਹਨ ਪਰ ਅੰਮ੍ਰਿਤਾ, ਮੋਹਨ ਸਿੰਘ, ਈਸ਼ਵਰ ਚਿੱਤਰਕਾਰ, ਧਨੀ ਰਾਮ ਚਾਤ੍ਰਿਕ, ਬਾਵਾ ਬਲਵੰਤ, ਸਫ਼ੀਰ, ਅਜਾਇਬ ਚਿੱਤਰਕਾਰ ਤੋਂ ਪਿੱਛੋਂ ਕਵਿਤਾ ਵਿਚ ਬੜਾ ਨਿਘਾਰ ਆਇਆ ਹੈ। ਗ਼ਜ਼ਲ ਵਿੱਚ ਵੀ ਬੜਾ ਨਿਘਾਰ ਆਇਆ ਹੈ। ਸੋਚੋ ਕਿਉਂ? ਕਿਉਂਕਿ ਵਾਰਤਕਨੁਮਾ ਲਿਖਣ ਲਈ ਮਿਹਨਤ ਨਹੀਂ ਕਰਨੀ ਪੈਂਦੀ।
  ਆਧੁਨਿਕ ਪੰਜਾਬੀ ਕਵਿਤਾ ਵਿਚ ਗ਼ਜ਼ਲ ਦੀ ਪ੍ਰਵਾਨਗੀ ਕਾਫ਼ੀ ਸੰਘਰਸ਼ ਤੋਂ ਮਗਰੋਂ ਹੋਈ। ਕਾਰਣ ਗ਼ਜ਼ਲ ਦਾ ਸੁਭਾਅ ਸੀ ਜਾਂ ਆਲੋਚਕਾਂ ਦਾ ਨਜ਼ਰੀਆ?
  ਭਾਵੇਂ ਗ਼ਜ਼ਲ ਦਾ ਆਰੰਭ 16ਵੀਂ ਸਦੀ ਦੇ ਅੰਤ ਤੱਕ ਹੋ ਚੁੱਕਾ ਸੀ। ਪਰ ਮੌਲਾ ਬਖਸ਼ ਕੁਸ਼ਤਾ ਦੇ ਗ਼ਜ਼ਲ ਸੰਗ੍ਰਹਿ (1903) ਤੋਂ ਪਿੱਛੋਂ ਗ਼ਜ਼ਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ। ਅੰਮ੍ਰਿਤਾ, ਸ਼ਰੀਫ ਕੁੰਜਾਹੀ, ਅਫ਼ਜ਼ਲ ਪ੍ਰਵੇਜ਼, ਵੀਰ ਸਿੰਘ, ਪੂਰਨ ਸਿੰਘ ਆਦਿ ਕਵਿਤਾ ਵੱਲ ਹੀ ਰੁੱਝੇ ਰਹੇ। ਪਰ ਮੋਹਨ ਸਿੰਘ ਤੇ ਈਸ਼ਵਰ ਚਿਤੱਕਾਰ, ਅਜਾਇਬ ਚਿਤੱਕਾਰ, ਤਖਤ ਸਿੰਘ ਆਦਿ ਨੇ ਗ਼ਜ਼ਲ ਕਾਵਿ-ਰੂਪ ਵੱਲ ਧਿਆਨ ਦਿੱਤਾ। ਪੰਜਾਬੀ ਗ਼ਜ਼ਲ ਦੀ ਉਮਰ 60 ਕੁ ਸਾਲ ਤੋਂ ਜ਼ਿਆਦਾ ਨਹੀਂ ਪਰ ਪਿਛਲੇ 35-36 ਸਾਲਾਂ ਵਿਚ ਇਹ ਉਰਦੂ ਗ਼ਜ਼ਲ ਦੀ ਹਮਪੱਲਾ ਹੋ ਗਈ ਹੈ ਤੇ ਅਪਣੇ ਬਲਬੂਤੇ ਨਾਲ ਹੋਈ ਹੈ। ਦੋ ਢਾਈ ਸੌ ਸਾਲ ਇਹ ਅਣਗੌਲੀ ਹੀ ਰਹੀ।
ਪੰਜਾਬੀ ਵਿਚ ਅਜੇ ਵੀ ਗ਼ਜ਼ਲ ਦਾ ਕੋਈ ਚੰਗਾ ਆਲੋਚਕ ਨਹੀਂ, ਨਾ ਸੰਤ ਸਿੰਘ ਸੇਖੋਂ ਸੀ ਨਾ ਅਤਰ ਸਿੰਘ ਨਾ ਹਰਿਭਜਨ ਨਾ ਹੋਰ ਕੋਈ। ਕਾਰਨ ਇਹ ਸੀ ਕਿ ਉਹ ਬਹਿਰੇ ਅਰੂਜ਼ ਤੋਂ ਕੋਰੇ ਸਨ। ਸੋ ਪੰਜਾਬੀ ਗ਼ਜ਼ਲਕਾਰਾਂ ਨੇ ਜੋ ਗ਼ਜ਼ਲ ਦੇ ਆਲੋਚਕ ਵੀ ਸਨ, ਇਸ ਦੀ ਗੱਲ ਤੋਰੀ। ਸ੍ਰੀ ਜੋਗਿੰਦਰ ਸਿੰਘ ਤੋਂ ਪਿੱਛੋਂ ਗ਼ਜ਼ਲ ਦੇ ਅਰੂਜ਼ੀ ਸ਼ਾਇਰਾਂ ਨੇ ਹੀ ਇਹ ਭੂਮਿਕਾ ਨਿਭਾਈ ਹੈ ਤੇ ਅਰੂਜ਼ ਬਾਰੇ ਕੁਝ ਪੁਸਤਕਾਂ ਵੀ ਛਪੀਆਂ ਹਨ ਪਰ ਇਹ ਪੁਸਤਕਾਂ ਗ਼ਜ਼ਲਗੋਆਂ ਨੇ ਹੀ ਲਿਖੀਆਂ ਹਨ। ਕਿਸੇ ਆਲੋਚਕ ਨੇ ਨਹੀਂ। ਜੇ ਤੁਹਾਡੇ ਪਰਚੇ ਦੀ ਗੱਲ ਹੀ ਲਈ ਜਾਵੇ ਤਾਂ ਤੁਸੀਂ ਗ਼ਜ਼ਲਾਂ ਛਾਪਦੇ ਹੀ ਨਹੀਂ ਹਾਲਾਂਕਿ ਇਹ ਫੈLਸਲਾ ਪਾਠਕਾਂ ਨੇ ਕਰਨਾ ਹੁੰਦਾ ਹੈ ਕਿ ਕੀ ਮਾੜਾ ਕੀ ਚੰਗਾ ਹੈ। ਹਾਲਾਂਕਿ ਮੈਂ ਐਨ.ਬੀ.ਟੀ. ਦੀ ਪੁਸਤਕ ਵਿਚ ਸੁਸ਼ੀਲ ਦੁਸਾਂਝ ਦੀਆਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿਚ ਜੇ 95 ਫੀਸਦੀ ਵਾਰਤਕਨੁਮਾ ਕਵਿਤਾ ਲਿਖੀ ਜਾ ਰਹੀ ਹੈ ਤਾਂ ਇਸੇ ਹਿਸਾਬ ਗ਼ਜ਼ਲਾਂ ਦਾ ਪੱਧਰ ਵੀ ਨੀਵਾਂ ਹੋ ਰਿਹਾ ਹੈ।
ਮੇਰੇ ਖ਼ਿਆਲ ਅਨੁਸਾਰ ਸ਼ਾਇਦ ਪੰਜਾਬੀ ਆਲੋਚਕਾਂ ਵਿਚ ਕੋਈ ਆਲੋਚਕ ਇਸ ਯੋਗ ਹੀ ਨਹੀਂ ਜੋ ਗ਼ਜ਼ਲ ਬਾਰੇ ਲਿਖ ਸਕੇ। ਜੇ ਲਿਖੇਗਾ ਵੀ ਤਾਂ ਉਸ ਦੀਆਂ ਫੰਨੀ ਤੇ ਅਰੂਜ਼ੀ ਖੂਬੀਆਂ ਜਾਂ ਖਾਮੀਆਂ ਬਾਰੇ ਗੱਲ ਨਹੀਂ ਕਰੇਗਾ।
  ਕਿਹਾ ਜਾਂਦਾ ਹੈ ਕਿ ਗ਼ਜ਼ਲ ਵਿਚ ਸ਼ਿਲਪ ਅਤੇ ਸਿਰਜਣਾ ਦਾ ਅਨੁਪਾਤ ਅਕਸਰ ਡਗਮਗਾ ਜਾਂਦਾ ਹੈ। ਗ਼ਜ਼ਲਗੋ ਨੂੰ ਪਿੰਗਲ ਅਰੂਜ਼ ਦਾ ਖਿਆਲ ਰੱਖਣਾ ਪੈਂਦਾ ਹੈ। ਇਹਦੇ ਬਾਰੇ ਕੀ ਕਹੋਗੇ?
  ਸ਼ਿਲਪ ਅਤੇ ਸਿਰਜਣਾ ਦਾ ਅਨੁਪਾਤ ਅਕਸਰ ਉਹਨਾਂ ਕਵੀਆਂ ਦਾ ਡੋਲਦਾ ਹੈ ਜੋ ਅਰੂਜ਼ ਤੋਂ ਵਾਕਿਫ਼ ਨਹੀਂ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿਚ ਸ਼ਮਾ, ਮਹਿਕ, ਟਹਿਕ, ਜਨਮ, ਬਹੁਤ ਸਾਰੇ ਲਫ਼ਜ਼ ਪੰਜਾਬੀ ਗ਼ਜ਼ਲਗੋਆਂ ਨੇ ਅਪਣੇ ਲਹਿਜ਼ੇ ਅਨੁਸਾਰ ਢਾਲ ਲਏ ਹਨ। ਪਿੰਗਲ ਅਤੇ ਅਰੂਜ਼ ਦੇ ਗਿਆਨ ਤੋਂ ਬਗੈਰ ਗ਼ਜ਼ਲ ਕਹਿਣੀ ਕਮਜ਼ਰਫ਼ੀ ਵੀ ਹੈ ਅਤੇ ਨਾਲਾਇਕੀ ਵੀ। ਉਂਜ ਫਾਰਸੀ ਵਾਲਿਆਂ ਅਰਬੀ ਦੇ ਤੇ ਉਰਦੂ ਵਾਲਿਆਂ ਅਰਬੀ ਫ਼ਾਰਸੀ ਦੇ ਸ਼ਬਦਾਂ ਵਿਚ ਕਾਫ਼ੀ ਬਦਲਾਅ ਲਿਆਂਦਾ ਹੈ। ਜੋ ਸਵੀਕਾਰ ਵੀ ਕੀਤਾ ਗਿਆ ਹੈ।
  ਗ਼ਜ਼ਲ ਦੀਆਂ ਸੀਮਾਵਾਂ ਬਾਰੇ ਤੁਹਾਡਾ ਕੀ ਖ਼ਿਆਲ ਹੈ?
  ਮੇਰੇ ਗ਼ਜ਼ਲ ਦੇ ਭਵਿੱਖ ਤੇ ਸੀਮਾ ਬਾਰੇ ਵਿਚਾਰ ਬੜੇ ਚੰਗੇ ਹਨ-ਇਸ ਲਈ ਨਹੀਂ ਕਿ ਮੈਂ ਗ਼ਜ਼ਲਗੋ ਵੀ ਹਾਂ- ਮੇਰੇ ਖ਼ਿਆਲ ਵਿਚ ਨਿਘਾਰ ਪੰਜਾਬੀ ਦੀਆਂ ਜ਼ਿਆਦਾਤਰ ਛੰਦ ਮੁਕਤ ਕਵਿਤਾਵਾਂ ਵਿਚ ਆ ਰਿਹਾ ਹੈ। ਇਹ ਗੱਲ ਤੁਸੀਂ ਆਪ ਵੀ ਪਿੱਛੇ ਇਕ ਪ੍ਰਸ਼ਨ ਵਿਚ ਮੰਨ ਚੁੱਕੇ ਹੋ। ਕਮਾਲ ਇਹ ਹੈ ਕਿ ਅਰੂਜ਼ ਤੋਂ ਅਣਜਾਣ ਆਲੋਚਕ ਇਹਨਾਂ ਦੀ ਸਿਫਤ ਕਰ ਰਹੇ ਹਨ। ਸੋਚੋ ਕਿਉਂ? ਅੱਜ ਦੇ ਕਵੀ ਤੇ ਆਲੋਚਕ ਦਾ ਜ਼ਿਆਦਾਤਰ ਧਿਆਨ ਅਜਿਹੀਆਂ ਕਵਿਤਾਵਾਂ ਵਲ ਨਹੀਂ, ਜੋ ਅਰੂਜ਼ੀ ਜ਼ਾਬਤੇ ਵਿਚ ਤੇ ਕਮਾਲ ਦੀਆਂ ਹੋਣ ਬਲਕਿ ਲੈਣ ਦੇਣ ਵੱਲ ਜ਼ਿਆਦਾ ਹੈ ਅਤੇ ਉਹ ਅਰੂਜ਼ ਪਾਬੰਦੀਆਂ ਤੋਂ ਅਣਜਾਣ ਹਨ।
  ਉਹ ਕਿਹੜਾ ਅਨੁਭਵ ਹੈ ਜਿਹੜਾ ਗ਼ਜ਼ਲ ਵਿਚ ਨਹੀਂ ਸਮਾਉਂਦਾ ਤੇ ਤੁਹਾਨੂੰ ਨਜ਼ਮ ਲਿਖਣੀ ਪੈਂਦੀ ਹੈ?
  ਬਹੁਤ ਸਾਰੇ ਵਿਚਾਰ ਹਨ ਜਿਹੜੇ ਕਵਿਤਾ ਵਿਚ ਨਹੀਂ ਸਮਾਉਂਦੇ ਜਿਸ ਕਾਰਨ ਵਾਰਤਿਕਨੁਮਾ ਦਾ ਜਨਮ ਹੋਇਆ। ਗ਼ਜ਼ਲ ਵਿਚ ਵੀ ਹਰ ਤਰ੍ਹਾਂ ਦਾ ਖ਼ਿਆਲ ਨਹੀਂ ਆ ਸਕਦਾ। ਗ਼ਜ਼ਲ ਵਿਚ ਬੜੀਆਂ ਬੰਦਸ਼ਾਂ ਨੇ ਪਰ ਵਾਰਤਿਕ ਵਿਚ ਕੋਈ ਬੰਦਸ਼ ਨਹੀਂ।
ਗ਼ਜ਼ਲ ਮੁਖ਼ਤਲਿਫ਼ ਸ਼ਿਅਰਾਂ ਦਾ ਇਕੱਠ ਹੈ, ਪਰ ਕਵਿਤਾ ਇਕ ਖ਼ਿਆਲ ਤੱਕ ਹੀ ਸੀਮਤ ਹੁੰਦੀ ਹੈ, ਮੈਂ ਗ਼ਜ਼ਲਾਂ ਨਾਲੋਂ ਕਵਿਤਾਵਾਂ ਵਧੇਰੇ ਰਚੀਆਂ ਹਨ। ਮੈਨੂੰ ਕਿਸੇ ਸਿਨਫ਼ ਵਿਚ ਵੀ ਕਦੇ ਮੁਸ਼ਕਿਲ ਨਹੀਂ ਆਈ, ਪਰ ਅਰੂਜ਼ ਦੇ ਗਿਆਨ ਬਗੈਰ ਬਲੈਂਕ ਵਰਸ ਵੀ ਨਹੀਂ ਲਿਖੀ ਜਾ ਸਕਦੀ। ਵਾਰਤਿਕ ਟੁਕੜੇ ਲਿਖੇ ਜਾ ਸਕਦੇ ਹਨ। ਜੋ ਲਿਖੇ ਜਾ ਰਹੇ ਹਨ।
  ਨਜ਼ਮ ਅਤੇ ਗ਼ਜ਼ਲ ਵਿਚੋਂ ਕਿਹੜੇ ਕਾਵਿ-ਰੂਪ ਨੇ ਤੁਹਾਨੂੰ ਵਧੇਰੇ ਸਿਰਜਣਾਤਮਕ ਸੰਤੁਸ਼ਟੀ ਬਖ਼ਸ਼ੀ ਹੈ ਅਤੇ ਕਿਉਂ?
  ਮੈਨੂੰ ਕਿਸੇ ਸਿਨਫ਼ ਵਿਚ ਲਿਖਦਿਆਂ ਕੋਈ ਰੁਕਾਵਟ ਕਦੇ ਮਹਿਸੂਸ ਨਹੀਂ ਹੋਈ। ਗ਼ਜ਼ਲ ਕਈ ਸ਼ਿਅਰਾਂ ਦੇ ਵਿੱਕੋਲਿਤੱਰੇ ਖ਼ਿਆਲਾਂ ਦਾ ਮਜਮੂਆ ਹੁੰਦੀ ਹੈ ਪਰ ਕਵਿਤਾ ਵਿਚ ਇੰਜ ਨਹੀਂ ਹੁੰਦਾ। ਮੈਨੂੰ ਤਾਂ ਦੋਹਾਂ ਕਾਵਿ ਰੂਪਾਂ ਦੀ ਸਿਰਜਣਾ ਨੇ ਸਦਾ ਸੰਤੁਸ਼ਟੀ ਬਖ਼ਸ਼ੀ ਹੈ। ਤੁਸੀਂ ਆਮ ਬੁਲਾਰਿਆਂ ਨੂੰ ਲੈ ਲਵੋ – ਉਹ ਅਪਣੀ ਸਪੀਚ ਵਿਚ ਸ਼ਿਅਰਾਂ ਦੀਆਂ ਮਿਸਾਲਾਂ ਹੀ ਦਿੰਦੇ ਹਨ। ਕਿਉਂਕਿ ਅਵਾਮ ਨੂੰ ਸ਼ਿਅਰ ਹੀ ਮੁਤਾਸਰ ਕਰਦੇ ਹਨ। ਸਾਡੇ ਪੰਜਾਬੀ ਦੇ ਕਈ ਸ਼ਾਇਰ ਕਵੀ ਦਰਬਾਰਾਂ ਵਿਚ ਗ਼ਜ਼ਲਾਂ ਹੀ ਪੜ੍ਹਦੇ ਹਨ ਕਿਉਂØਕਿ ਉਹਨਾਂ ਦੀਆਂ ਵਾਰਤਿਕਨੁਮਾ ਕਵਿਤਾਵਾਂ ਅਵਾਮ ‘ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਛੱਡਦੀਆਂ। ਉਂਜ ਉਹਨਾਂ ਨੂੰ ਗ਼ਜ਼ਲ ਦੀ ਸੂਝ ਵੀ ਨਹੀਂ ਹੁੰਦੀ। ਮੈਨੂੰ ਦੋਹਾਂ ਰੂਪਾਂ ਤੋਂ ਬੜੀ ਸੰਤੁਸ਼ਟੀ ਮਿਲੀ ਹੈ।

ਕਾਮਰੇਡ ਸ਼ਫ਼ੀਕ ਅਹਿਮਦ, ਪੇਂਟਰ ਰਾਜਾ ਨਈਅਰ ਅਤੇ ਉਮਰ ਗਨੀ ਨਾਲ-ਲਾਹੌਰ, 2001

  ਸਮਝਿਆ ਜਾਂਦਾ ਹੈ ਕਿ ਜੇਕਰ ਜਗਤਾਰ ਤੇ ਸੁਰਜੀਤ ਪਾਤਰ ਚੱਪੂ ਨਾ ਸੰਭਾਲਦੇ ਤਾਂ ਪੰਜਾਬੀ ਗ਼ਜ਼ਲ ਦੀ ਬੇੜੀ ਕਦੋਂ ਦੀ ਡੁੱਬ ਗਈ ਹੁੰਦੀ। ਇਸ ਪ੍ਰਸੰਗ ਵਿਚ ਤੁਸੀਂ ਅਪਣੇ ਵਲੋਂ ਕੀਤੇ ਯਤਨਾਂ ਨੂੰ ਕਿਵੇਂ ਲੈਂਦੇ ਹੋ?
  ਸਾਥੋਂ ਮਗਰੋਂ ਵੀ ਗ਼ਜ਼ਲਗੋਆਂ ਦੀ ਇਕ ਲੰਬੀ ਕਤਾਰ ਖੜ੍ਹੀ ਹੈ। ਸੋ ਪੰਜਾਬੀ ਗ਼ਜ਼ਲ ਅਜੇ ਬਹੁਤ ਵਿਕਾਸ ਕਰੇਗੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਹਾਡੀ ਕਿਸੇ ਵੀ ਛਪ ਚੁੱਕੀ ਇੰਟਰਵਿਊ ਵਿਚ ਤੁਸੀਂ ਪੰਜਾਬੀ ਗ਼ਜ਼ਲ ਬਾਰੇ ਕਿਸੇ ਤੋਂ ਏਨੇ ਸਵਾਲ ਨਹੀਂ ਪੁੱਛੇ ਆਖਿਰ ਕਿਉਂ? ਖ਼ੈਰ ਤੁਹਾਡੀਆਂ ਤੁਸੀਂ ਜਾਣੋਂ ਪਰ ਮੇਰਾ ਨਜ਼ਰੀਆ ਗ਼ਜ਼ਲ ਬਾਰੇ ਬੜਾ ਚੰਗਾ ਤੇ ਸੁਖਾਵਾਂ ਹੈ।
  ਉਸਤਾਦੀ ਸ਼ਾਗਿਰਦੀ ਦਾ ਜ਼ਮਾਨਾ ਜਾਂਦਾ ਰਿਹਾ। ਅਰੂਜ਼ ਬਾਰੇ ਜਾਨਣ ਦੀ ਕਿਸੇ ਨੂੰ ਕੋਈ ਫ਼ਿਕਰ ਨਹੀਂ। ਇਨ੍ਹਾਂ ਹਾਲਤਾਂ ਵਿਚ ਪੰਜਾਬੀ ਗ਼ਜ਼ਲ ਦਾ ਸਮੁੱਚਾ ਭਵਿੱਖ ਖ਼ਤਰੇ ਵਿਚ ਨਹੀਂ ਜਾਪਦਾ ਕੀ?
  ਉਸਤਾਦੀ ਸ਼ਾਗਿਰਦੀ ਦਾ ਜ਼ਮਾਨਾ ਅਜੇ ਕਾਇਮ ਹੈ। ਭਾਵੇਂ ਇਹ ਆਮ ਨਹੀਂ। ਅਰੂਜ਼ ਬਾਰੇ ਜਾਨਣ ਦੀ ਕਿਸੇ ਨੂੰ ਕੋਈ ਫ਼ਿਕਰ ਨਹੀਂ ਤਾਂ ਨਾ ਸਹੀ। ਦੁਨੀਆ ਵਿਚ ਪਿਕਾਸੋ, ਜਾਰਜ ਬਰਾਕ, ਡਾਲੀ ਆਦਿ ਨੇ ਬੇਮਿਸਾਲ Figurative Work ਕੀਤਾ ਹੈ। ਪਰ ਫੇਰ ਉਹਨਾਂ Figurative Work ਛੱਡ ਕੇ ਪੇਂਟਿੰਗ ਵਿਚ ਬੇਹੱਦ ਪਰਿਵਰਤਨ ਲਿਆਂਦੇ। ਅਰੂਜ਼ੀ ਗ਼ਜ਼ਲ ਜਾਂ ਕਵਿਤਾਵਾਂ ਭਾਵੇਂ ਨਾ ਲਿਖੋ ਪਰ ਤੁਹਾਨੂੰ ਅਰੂਜ਼ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਕ ਸ਼ਾਇਰ ਨੇ-ਨਾਂ ਭੁੱਲ ਗਿਆ ਉਹ ਪੋਲੀਸ ਆਫੀਸਰ ਸੀ, ਸ਼ਾਇਦ ‘ਸੁਮਨ’ ਸੀ ਉਸਦਾ ਨਾਂ- ਇਕ ਲੇਖ ਵਿਚ ਲਿਖਿਆ ਸੀ ਕਿ ਮੈਂ ਹਰਿਭਜਨ ਸਿੰਘ ਦੇ ਘਰ ਜਾਣ ਬੁਝ ਕੇ ਇਕ ਅਰੂਜ਼ ਦੀ ਪੁਸਤਕ ਛੱਡ ਆਇਆ ਤਾਂ ਕਿ ਉਹ ਅਪਣੀਆਂ ਖ਼ਾਮੀਆਂ ਦੂਰ ਕਰ ਸਕੇ।
ਪਰ ਹਰਿਭਜਨ ਸਿੰਘ ਜਾਂ ਅੰਮ੍ਰਿਤਾ ਨੂੰ ਕੀ ਲੋੜ ਸੀ ਕਿ ਉਹ ਇਹ ਕਜ਼ੀਆ ਸਹੇੜਦੇ। 40 ਕੁ ਸਾਲ ਹੋਏ ਇਕ ਵਾਰੀ ਇਕ ਕਵੀ ਦਰਬਾਰ ਵਿਚ ਮੈਂ ਗ਼ਜ਼ਲ ਪੜ੍ਹੀ। ਬੜੀ ਸਰਾਹੀ ਗਈ। ਮੁਸ਼ਾਇਰੇ ਬਾਅਦ ਇਕ ਬਜ਼ੁਰਗ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ”ਤੇਰੀ ਗ਼ਜ਼ਲ ਬੜੀ ਚੰਗੀ ਲੱਗੀ ਪਰ ਤੂੰ ਇਸ ਸ਼ੇਅਰ ਬਾਰੇ ਜ਼ਰ੍ਹਾ ਸੋਚੀਂ-

‘ਵਲਦਾਰ ਨੇ ਸਭ ਗਲੀਆਂ
ਘਰ ਸਾਰੇ ਪਰਾਏ ਨੇ,
ਜਿਸ ਦਰ ’ਤੇ ਅਸੀਂ ਜਾਈਏ
ਮਾਯੂਸੀ ਖੜ੍ਹੀ ਹੈ।’
ਜੇ ਤੂੰ ਇਸ ਸ਼ੇਅਰ ਨੂੰ ਇੰਝ ਕਰ ਲਵੇਂ-
-ਵਲਦਾਰ ਨੇ ਸਭ ਗਲੀਆਂ ਦੀ ਥਾਂ ਦਿਲਦਾਰ ਨੇ ਸਭ ਗਲੀਆਂ-

ਖਬਿਓਂ : ਡਾ. ਜਗਤਾਰ, ਅਫ਼ਜ਼ਲ ਤੌਸੀਫ਼, ਰਖ਼ਸ਼ੰਦਾ ਨਵੀਦ, ਨੀਲਮਾ ਅਹਿਮਦ ਬਸ਼ੀਰ, ਖ਼ਾਵਰ ਰਾਜਾ।

ਸ਼ੇਅਰ ਦਾ ਮਾਹੌਲ ਏਨਾ ਕਮਾਲ ਦਾ ਹੋ ਗਿਆ ਕਿ ਮੈਂ ਉਸ ਦਾ ਜ਼ਿਕਰ ਕਈ ਵਾਰ ਕਰ ਚੁੱਕਾ ਹਾਂ। ਬਾਅਜ਼ ਔਕਾਤ ਆਮ ਆਦਮੀ ਵੀ ਅਜਿਹੀ ਲਤਾਫ਼ਤ ਤੇ ਉੱਚ ਖ਼ਿਆਲੀ ਬਖਸ਼ ਸਕਦਾ ਹੈ, ਤੁਹਾਡੀ ਕਵਿਤਾ ਜਾਂ ਸ਼ੇਅਰ ਵਿਚ।
  ਮੋਹਨ ਸਿੰਘ ਦਾ ਸ਼ਿਅਰ-ਮੋਹਨ ਕਿੰਝ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ-ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਵੀ ਦੇ ਜੀਵਨ ਵਿਚ ਆਈ ਕੋਈ ਅਲੋਕਾਰ ਜਜ਼ਬਾਤੀ ਘਟਨਾ ਉਸ ਨੂੰ ਸ਼ਿਅਰਾਂ ਦੇ ਲੜ ਲਾ ਜਾਂਦੀ ਹੈ। ਕੀ ਤੁਹਾਡੇ ਨਾਲ ਵੀ ਅਜਿਹਾ ਕਦੇ ਕੁਝ ਹੋਇਆ?
  ਮੋਹਨ ਸਿੰਘ ਨੇ ਸ਼ਾਇਰੀ ਅਪਣੀ ਪਹਿਲੀ ਬੀਵੀ ਦੇ ਮਰਨ ਉਪਰੰਤ ਕੀਤੀ ਸੀ। ਮੈਂ ਘਰ ਦੇ ਕੰਮਾਂ ਵਿਚ ਏਨਾ ਰੁੱਝਿਆ ਰਿਹਾ ਹਾਂ ਕਿ ਕਦੇ ਏਧਰ ਧਿਆਨ ਹੀ ਨਹੀਂ ਗਿਆ। ਜ਼ੀਨਤ ਬੇਗਮ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹਾਂ।
  ਡਾ. ਹਰਿਭਜਨ ਸਿੰਘ ਦਾ ਵਿਚਾਰ ਸੀ ਕਿ ਕਵੀ ਦਾ ਥੋੜ੍ਹਾ ਬਹੁਤ ਜਨੂੰਨੀ ਹੋਣਾ ਲਾਜ਼ਮੀ ਹੁੰਦਾ ਹੈ। ਤੁਸੀਂ ਇਸ ਬਾਰੇ ਕੀ ਕਹੋਗੇ?
  ਡਾ. ਹਰਿਭਜਨ ਸਿੰਘ ਜ਼ਰੂਰ ਜਨੂੰਨੀ ਹੋਵੇਗਾ। ਮੈਨੂੰ ਕੋਈ ਪਤਾ ਨਹੀਂ ਪਰ ਜਨੂੰਨੀ ਦਾ ਅਰਥ ਫਰਹੰਗੇ ਆਸਫ਼ੀਆਂ ਵਿਚ ਪਾਗਲ, ਦੀਵਾਨਾ, ਨਿਸ਼ਟ ਬੁੱਧੀ ਤੇ ਜ਼ੁਲਮੀ ਹੈ। ਫ਼ੀਰੋਜੁਲ ਲੁਗਾਤ (1987) ਵਿਚ ਦੀਵਾਨਾ, ਪਾਗਲ, ਸੌਦਾਈ, ਸ਼ੱਫਾਕ, ਜ਼ੁਲਮੀ ਹੈ। ਫ਼ਾਰਸੀ ਦੀ ਡਿਕਸ਼ਨਰੀ ‘ਫਰਹੰਗੇ ਆਮਰਾ’ ਵਿਚ ਸੌਦਾਈ ਹੈ, ਸੋ ਮੈਂ ਜਨੂੰਨੀਅਤ ਵਿਚ ਯਕੀਨ ਨਹੀਂ ਰੱਖਦਾ। ਸ਼ਾਇਦ ਉਹ ਜਨੂੰਨੀ ਹੋਵੇ। ਕਵਿਤਾ ਜਨੂੰਨ ਦੀ ਦੇਣ ਨਹੀਂ, ਦਿਲ ਦਿਮਾਗ ਤੇ ਹੰਡਾਏ ਦਰਦ ਤੇ ਕਿਸੇ ਦਾ ਦਰਦ ਵੇਖ ਕੇ ਪੀੜਤਾ ਅਨੁਭਵ ਕਰਨ ਦੀ ਦੇਣ ਹੈ।

ਬੇਕਾਰ ਪੁਸਤਕਾਂ

  ‘ਰੁੱਤਾਂ ਰਾਂਗਲੀਆਂ’ ਤੋਂ ਲੈ ਕੇ ‘ਪ੍ਰਵੇਸ਼ ਦੁਆਰ’ ਤੱਕ ਪੰਦਰਾਂ ਦੇ ਕਰੀਬ ਕਵਿਤਾ ਦੀਆਂ ਕਿਤਾਬਾਂ ਲਿਖ ਕੇ ਤੁਹਾਨੂੰ ਅਪਣੇ ਆਪ ਵਿਚ ਤਸੱਲੀ ਹੈ ਕਿ ਤੁਸੀਂ ਅਪਣੀ ਚਰਮ ਸੀਮਾ ਨੂੰ ਛੂਹ ਸਕੇ ਹੋ ਜਾਂ ਅਜੇ ਹੋਰ ਕੋਈ ਚੋਟੀਆਂ ਸਰ ਕਰਨੀਆਂ ਬਾਕੀ ਹਨ?
  ਪੂਰਨ ਤਸੱਲੀ ਦਾ ਅਰਥ ਹੈ ਢਾਰਸ, ਖੜੋਤ। ਚਰਮ ਸੀਮਾ ਤਾਂ ਸ਼ਾਇਦ ਮੈਂ ਨਹੀਂ ਛੂਹ ਸਕਿਆ। ਪਰ ਆਮ ਸ਼ਾਇਰਾਂ ਵਾਂਗ ਸ਼ਾਇਦ ਮੇਰੀ ਤਸੱਲੀ ਕਦੇ ਵੀ ਨਾ ਹੋ ਸਕੇ। ਅਸਲ ਵਿਚ ਮੈਂ ਕਈ ਹਿੱਸਿਆਂ ਵਿਚ ਵਟਿਆ ਰਿਹਾਂ। ਪਹਿਲਾ 25-26 ਸਾਲ ਮੁਕੱਦਮਿਆਂ ਵਿਚ ਫਸਿਆ ਰਿਹਾ, ਫੇਰ ਮੈਂ ਇਕ ਪੱਛੜੇ ਜਹੇ ਸਕੂਲ ਵਿਚ ਨੌਕਰੀ ਕਰ ਰਿਹਾ ਸੀ, ਜਿੱਥੇ ਫਰਵਰੀ 1956 ਤੋਂ 1961 ਤੱਕ ਰਿਹਾ। ਫੇਰ ਬੜੀ ਮੁਸ਼ਕਿਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਸ਼ਾਮ ਚੁਰਾਸੀ ਨੇੜਲੇ ਮਸਾਣੀਆਂ ਪਿੰਡ ਦੇ ਇਕ ਸਕੂਲ ਵਿਚ ਆ ਕੇ ਮੁਕੱਦਮਿਆਂ ਵਿਚ ਫਸਿਆ ਰਿਹਾ।
ਫੇਰ ਮੈਂ 3-4 ਸਾਲ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਕਰਕੇ ਫੈਲੋਸ਼ਿਪ ਵਿਚ ਅੜ ਗਿਆ। ਪ੍ਰੋਫੈਸਰਾਂ-ਖਾਸ ਕਰਕੇ ਤਿਵਾੜੀ ਸਾਹਿਬ ਨੇ ਮੇਰੀ ਬੜੀ ਸਹਾਇਤਾ ਕੀਤੀ। ਅੰਗਰੇਜ਼ੀ ਵਿਭਾਗ ਦੇ ਪ੍ਰੋ. ਰਾਜ਼ਦਾਂ, ਗੁਰਬਖਸ਼ ਸੋਚ ਆਦਿ ਨੇ ਮੇਰੀ ਬੜੀ ਸਹਾਇਤਾ ਕੀਤੀ ਤੇ ਮੇਰੀਆਂ ਮੁਸ਼ਕਿਲਾਂ ਵਿਚ ਸਹਾਈ ਬਣੇ। ਹੁਣ ਉਹ ਦੋਵੇਂ ਸੁਰਗਵਾਸ ਹੋ ਚੁੱਕੇ ਨੇ ਮੈਂ ਪੂਰਨ ਤੌਰ ’ਤੇ ਇਕੱਲੀ ਕਵਿਤਾ ਵੱਲ ਧਿਆਨ ਨਾ ਦੇ ਸਕਿਆ। ਫੇਰ ਮੈਂ ਜਵਾਨੀ ਵਿਚ 15-20 ਸਾਲ ਸ਼ਿਕਾਰ ਖੇਡਦਾ ਰਿਹਾ। ਸਿੱਕੇ ਬੜੇ ਇਕੱਠੇ ਕੀਤੇ। ਹਰ ਸਾਲ 15-20 ਦਿਨ ਭਾਰਤ ਦੀ ਜ਼ਿਆਰਤ ਕੀਤੀ ਜੇ ਜ਼ਿੰਦਗੀ ਰਹੀ ਤਾਂ ਅਜੇ ਹੋਰ ਲਿਖਾਂਗਾ।
ਤੁਸੀਂ ਸ਼ਾਇਦ ਮੇਰੀਆਂ ਸੂਫੀਵਾਦ ਬਾਰੇ ਤੇ ਹੋਰ ਪੁਸਤਕਾਂ ਨਹੀਂ ਵੇਖੀਆਂ, ਜਿੰਨ੍ਹਾ ਵਿਚ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਮੇਰਾ ਥੀਸਿਸ ਸ਼ਾਮਿਲ ਹਨ। ਮਾਰਚ 2009 ਤੱਕ ਸ਼ਾਹ ਹੁਸੈਨ ਬਾਰੇ ਮੇਰੀ ਇਕ ਹੋਰ ਪੁਸਤਕ ਆ ਰਹੀ ਹੈ।
ਕੰਮ ਹੋਰ ਵੀ ਬੜੇ ਨੇ ਪਰ ਮੇਰੀ ਸਿਹਤ ਅੱਜ ਕੱਲ੍ਹ ਠੀਕ ਨਹੀਂ। ਮੈਂ ਇਕ ਸਾਲ ਤੋਂ ਬਿਸਤਰ ’ਤੇ ਹਾਂ। ਤੁਸੀਂ ਦੋਵੇਂ ਮੇਰੀ ਹਾਲਤ ਦੋ ਤਿੰਨ ਵਾਰੀ ਵੇਖ ਵੀ ਗਏ ਹੋ।
  ਤੁਸੀਂ ਬੁਲ੍ਹੇ ਸ਼ਾਹ ਤੇ ਸ਼ਾਹ ਹੂਸੈਨ ’ਤੇ ਨਿੱਠ ਕੇ ਕੰਮ ਕੀਤਾ ਹੈ, ਕਿਹੋ ਜਿਹਾ ਅਨੁਭਵ ਹੈ ਇਹ।
  ਮੈਂ ਸੂਫੀਇਜ਼ਮ ਦਾ ਅਧਿਐਨ 35-40 ਸਾਲ ਤੋਂ ਕਰ ਰਿਹਾ ਹਾਂ। ਫ਼ਾਰਸੀ ਭਾਸ਼ਾ ਦਾ ਗਿਆਤਾ ਹੋਣ ਕਾਰਨ ਮੇਰੇ ਲਈ ਸੂਫ਼ੀਇਜ਼ਮ ਦਾ ਅਧਿਐਨ ਆਮ ਪੰਜਾਬੀ ਲੇਖਕਾਂ (ਗੁਲਵੰਤ ਸਿੰਘ, ਡਾ. ਸੀਤਲ, ਡਾ. ਗੁਰਦੇਵ ਸਿੰਘ ਤੇ ਪ੍ਰੋ. ਪ੍ਰੀਤਮ ਸਿੰਘ ਤੋਂ ਬਿਨਾ) ਨਾਲੋਂ ਆਸਾਨ ਸੀ। ਪੰਜਾਬੀ ਵਿਚ ਲਿਖੀਆਂ ਗਈਆਂ ਸੂਫ਼ੀਆਂ ਬਾਰੇ ਪੁਸਤਕਾਂ ਮੈਨੂੰ ਬਿਲਕੁਲ ਬੇਕਾਰ ਜਾਪੀਆਂ। ਭਾਰਤ ਵਿਚ ਪੰਜਾਬੀ ਵਿਚ ਦਸਤਯਾਬ ਪੁਸਤਕਾਂ ਵਿਦਿਆਰਥੀਆਂ ਦੇ ਪੱਧਰ ਦੀਆਂ ਤਾਂ ਹਨ, ਪਰ ਵਿਦਵਾਨਾਂ ਲਈ ਇਹ ਸਾਧਾਰਨ ਪੱਧਰ ਦੀਆਂ ਹਨ।
ਵਾਸਤਵ ਵਿਚ ਫ਼ਾਰਸੀ ਕਵੀਆਂ ਤੇ ਵਿਦਵਾਨਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹਿਆਂ ਬਗੈਰ ਸੂਫ਼ੀਇਜ਼ਮ ਦੀ ਸਮਝ ਆਉਣੀ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ।
ਏਥੋਂ ਤੱਕ ਕਿ ਲਾਜਵੰਤੀ ਰਾਮਾ ਕ੍ਰਿਸ਼ਨਾ, ਬਾਵਾ ਬੁੱਧ ਸਿੰਘ, ਮੌਲਾ ਬਖ਼ਸ਼ ਕੁਸ਼ਤਾ ਤੋਂ ਬਿਨਾ ਡਾ. ਦੀਵਾਨਾ ਨੇ ਵੀ ਯਬਲੀਆਂ ਹੀ ਜ਼ਿਆਦਾ ਮਾਰੀਆਂ ਹਨ।
ਮੈਂ ਲਗਭਗ 25 ਕੁ ਹਜ਼ਾਰ ਦੀਆਂ ਪੁਸਤਕਾਂ ਇਕੱਲੇ ਸ਼ਾਹ ਹੁਸੈਨ ਬਾਰੇ ਹੀ ਪਾਕਿਸਤਾਨ ਵਿਚੋਂ ਮੰਗਵਾਈਆਂ ਹਨ। ਸ਼ਾਹ ਹੁਸੈਨ ਬਾਰੇ ਮੇਰੀ ਪੁਸਤਕ ਮਾਰਚ 2009 ਤੱਕ ਛਪ ਕੇ ਆ ਜਾਵੇਗੀ।
ਭਾਵੇਂ ਬਾਬਾ ਫ਼ਰੀਦ ਜੀ ਦਾ ਕਲਾਮ ਕਾਬਲੇ ਤਾਜ਼ੀਮ ਹੈ, ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਲਈ ਉਹਨਾਂ ਬਾਰੇ ਲਿਖਣ ਦਾ ਖ਼ਿਆਲ ਮੈਂ ਛੱਡ ਦਿੱਤਾ। ਪਰ ਆਸਫ਼ ਖਾਂ (ਮਰਹੂਮ) ਦੀ ਪੁਸਤਕ- ਆਖਿਆ ਫ਼ਰੀਦ ਨੇ-25-26 ਸਾਲ ਪਹਿਲਾਂ ਲਿਪੀਅੰਤਰ ਕਰਕੇ ਉਸ ਦੇ ਮੁੱਖ ਬੰਦ ਵਿਚ ਕਈ ਗ਼ਲਤ ਫਹਿਮੀਆਂ ਦੂਰ ਕਰਨ ਦਾ ਯਤਨ ਕੀਤਾ ਸੀ।
ਬੁੱਲ੍ਹੇ ਸ਼ਾਹ ਨਾਲ ਮੈਨੂੰ ਬੜੀ ਅਕੀਦਤ ਤੇ ਬੜਾ ਸਤਿਕਾਰ ਹੈ। ਉਸ ਬਾਰੇ ਲਿਖਦਿਆਂ ਮੈਂ ਪਹਿਲੀ ਵਾਰੀ ਉਸ ਵੇਸਵਾ ਦੀ ਕਬਰ ਭਾਲ ਕੇ ਉਸਦੀ ਤਸਵੀਰ ਕਿਤਾਬ ਵਿਚ ਛਾਪੀ ਹੈ। ਇਹ ਉਸ ਬੇਮਿਸਾਲ ਔਰਤ ਦੀ ਕਬਰ ਦੀ ਤਸਵੀਰ ਹੈ ਜਿਸ ਨੇ ਕਸੂਰ ਦੇ ਹਾਕਮਾਂ ਤੋਂ ਜ਼ਮੀਨ ਖਰੀਦ ਕੇ (ਉਸਦੀ ਕਬਰ ਕਸੂਰ ਵਿਚ ਨਹੀਂ ਸੀ ਬਣਨ ਦਿੰਦੇ) ਬੁੱਲ੍ਹੇ ਸ਼ਾਹ ਦੀ ਕਬਰ ਲਈ ਜਗ੍ਹਾ ਖਰੀਦੀ ਸੀ। ਬੁੱਲ੍ਹੇ ਸ਼ਾਹ ਦੇ ਮਜ਼ਾਰ ‘ਚ ਉਸਦੇ ਗੁਰੂ ਸ਼ਾਹ ਇਨਾਇਤ ਕਾਦਰੀ ਤੇ ਬੁੱਲ੍ਹੇ ਸ਼ਾਹ ਦੇ ਪੜਦਾਦਾ ਮੁਰਸ਼ਿਦ ਦੇ ਮਜ਼ਾਰਾਂ ਦੀਆਂ ਤਸਵੀਰਾਂ ਮੈਂ ਪ੍ਰੋ. (ਡਾ.) ਨਾਸਰ, ਅਬਦੁਲ ਕਰੀਮ ਕੁਦਸੀ ਤੇ ਖਾਸ ਕਰਕੇ ਪਾਕਪਟਨ ਦੇ ਗੂੜ੍ਹੇ ਯਾਰ ਤੇ ਸ਼ਾਇਰ ਉਮਰ ਗਨੀ ਸਾਹਿਬ ਦੀ ਕੋਸ਼ਿਸ਼ ਨਾਲ ਪ੍ਰਾਪਤ ਕੀਤੀਆਂ।
ਤਿੰਨ ਵਾਰੀ ਮੈਨੂੰ ਖ਼ੁਦ ਬੁੱਲ੍ਹੇ ਸ਼ਾਹ ਦੇ ਮਜ਼ਾਰ ਦੀ ਜ਼ਿਆਰਤ ਕਰਨੀ ਪਈ। ਕੁਝ ਖਾਸ ਕਾਰਨਾਂ ਕਰਕੇ ਮੈਂ ਪਾਂਡੋਕੇ ਨਹੀਂ ਜਾ ਸਕਿਆ, ਜਿੱਥੇ ਬੁੱਲ੍ਹੇ ਸ਼ਾਹ ਨੇ ਚਾਰ ਜਮਾਤਾਂ ਪਾਸ ਕੀਤੀਆਂ ਸਨ। ਉਸਦਾ ਬਾਪ ਓਥੇ ਮਸਜਿਦ ਵਿਚ ਮੁੱਲਾ ਸੀ। ਪਾਂਡੋਕੇ ਪਿੰਡ ਲਾਹੌਰ ਤੋਂ ਕਸੂਰ ਜਾਂਦਿਆਂ ਰਾਹ ਵਿਚ ਸੜਕ ਤੋਂ 2-3 ਮੀਲ ਹਟਵਾਂ ਹੀ ਸੀ।
ਮੇਰਾ ਖ਼ਿਆਲ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਬਾਰੇ ਪਾਕਿਸਤਾਨ ਵਿਚ ਭਾਵੇਂ ਕਾਫੀ ਕੰਮ ਹੋਇਆ ਹੈ, ਪਰ ਅਜੇ ਵੀ ਉਸ ਬਾਰੇ ਹੋਰ ਖੋਜ ਦੀ ਲੋੜ ਹੈ।
  ਇਹ ਤਾਂ ਮਹਾਂਪੁਰਖਾਂ ਤੇ ਤੁਹਾਡਾ ਕੰਮ ਹੈ ਪਰ ਸਮਕਾਲੀ ਪਾਕਿਸਤਾਨੀ ਪੰਜਾਬੀ ਲੇਖਕਾਂ ਵੱਲ ਤੁਹਾਡਾ ਬੇਲੋੜਾ ਝੁਕਾਅ ਬਹੁਤ ਅੱਖਰਦਾ ਹੈ ਹਾਲਾਂਕਿ ਤੁਸੀਂ ਵੀ ਤਾਂ ਇਹ ਸਮਝਦੇ ਹੀ ਹੋਵੇਗੇ ਕਿ ਉਸ ਪਾਸੇ ਇਧਰ ਦੇ ਮੁਕਾਬਲੇ ਮਿਆਰੀ ਲਿਖਤਾਂ ਦੀ ਬੜੀ ਘਾਟ ਹੈ। ਕੀ ਇਹਦੇ ਪਿੱਛੇ ਕੋਈ ਖਾਸ ਕਾਰਨ ਹੈ?
  ਦਰਅਸਲ 1970 ਤੱਕ ਦੇ ਸਾਹਿਤ ਬਾਰੇ ਤੁਹਾਡਾ ਪ੍ਰਸ਼ਨ ਠੀਕ ਹੋ ਸਕਦਾ ਹੈ, ਪਰ ਪਾਕਿਸਤਾਨ ਦੇ ਵਜੂਦ ਤੋਂ ਪਹਿਲਾਂ ਵੀ ਸ਼ਰੀਫ਼ ਕੁੰਜਾਹੀ, ਸ੍ਰੀ ਕੁਸ਼ਤਾ ਆਦਿ ਬੜੇ ਪ੍ਰਸਿੱਧ ਤੇ ਮੋਹਨ ਸਿੰਘ, ਅੰਮ੍ਰਿਤਾ, ਬਾਵਾ ਬਲਵੰਤ, ਸ਼ਫੀਰ ਦੀ ਪੱਧਰ ਦੇ ਲੇਖਕ ਹੋਏ ਹਨ। ਉਂਝ ਸਰਕਾਰੀ ਤੌਰ ’ਤੇ ਪੰਜਾਬੀ ਸਾਹਿਤ ਨੂੰ ਦਬਾਉਣ ਦੀ ਨੀਤੀ ਵੀ ਓਥੇ ਆੜੇ ਆਉਂਦੀ ਰਹੀ।
ਹੁਣ ਦੇ ਬਹੁਤ ਸਾਰੇ ਲੇਖਕਾਂ ਦਾ ਵੀ ਕਵਿਤਾ ਦੀ ਆਲੋਚਨਾ ਵਿਚ ਏਧਰਲੀ ਟੱਕਰ ਦਾ ਸਾਹਿਤ ਹੈ। ਦਰਜਨਾਂ ਸਾਹਿਤਕਾਰ ਬੜੇ ਉੱਚ ਪਾਏ ਦਾ ਸਾਹਿਤ ਰਚ ਰਹੇ ਹਨ। ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਓਧਰ ਸਫ਼ਰਨਾਮੇ ਆਦਿ ਦੀ ਘਾਟ ਹੈ।
  ਲਹਿੰਦੇ ਪੰਜਾਬ ਦਾ ਸਾਹਿਤ ਪ੍ਰਤੀਕਆਤਮਕ ਹੈ, ਕੀ ਲਹਿੰਦੇ ਪੰਜਾਬ ਦਾ ਸਾਹਿਤਕਾਰ ਖੁੱਲ੍ਹ ਕੇ ਗੱਲ ਕਰਨ ਲਈ ਲੋੜੀਂਦਾ ਸਾਹਸ ਨਹੀਂ ਜੁਟਾ ਸਕਿਆ?
  ਲਹਿੰਦੇ ਪੰਜਾਬ ਦੇ ਸ਼ਾਇਰਾਂ ਦੀਆਂ ਕਈ ਮਜਬੂਰੀਆਂ ਸਨ। ਸਾਡੇ ਨਕਸਲਬਾੜੀ ਲਹਿਰ ਵੇਲੇ ਵੀ ਕਿਸੇ ਸ਼ਾਇਰ ਨੂੰ ਸਾਹਿਤ ਕਰਕੇ ਸਰਕਾਰ ਨੇ ਨਹੀਂ ਸੀ ਫੜਿਆ। ਡੀਂਗਾਂ ਉਂਜ ਕਈ ਮਾਰਦੇ ਹਨ। ਉਹਨਾਂ ਨੂੰ ਕੇਵਲ ਸਿਆਸੀ ਗਤੀਵਿਧੀਆਂ ਕਾਰਨ ਹੀ ਜੇਲ੍ਹਾਂ ਕੱਟਣੀਆਂ ਪਈਆਂ, ਪਰ ਪਾਕਿਸਤਾਨ ਦੇ ਦਰਜਨਾਂ ਲੇਖਕ, ਲੇਖਕ ਹੋਣ ਕਰਕੇ ਫੜੇ ਗਏ। ਹਾਂ, ਮੈਂ ਫੇਰ ਮੰਨਦਾ ਹਾਂ ਕਿ ਓਧਰ ਸਫ਼ਰਨਾਮਿਆਂ ਤੇ ਹੋਰ ਸਿਨਫ਼ਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਆਲੋਚਨਾ ਵਿਚ ਵੀ ਉਹ ਭਾਰਤੀ ਆਲੋਚਕਾਂ ਤੋਂ ਪਿੱਛੇ ਨਹੀਂ। ਪਹਿਲਾਂ ਪਹਿਲਾਂ ਮਿਆਰੀ ਸਾਹਿਤ ਦੀ ਜ਼ਰੂਰ ਘਾਟ ਸੀ। ਤੁਸੀਂ ਪਾਕਿਸਤਾਨੀ ਪੁਸਤਕਾਂ ਤੋਂ ਵਾਂਝੇ ਪ੍ਰਤੀਤ ਹੁੰਦੇ ਹੋ। ਤੁਸੀਂ ਡਾ. ਨਾਸਰ ਰਾਣਾ, ਸ਼ਰੀਫ਼ ਕੁੰਜਾਹੀ, ਨਜਮ ਹੁਸੈਨ ਸੱਯਦ, ਤਨਵੀਰ ਬੁਖ਼ਾਰੀ ਆਦਿ ਤੋਂ ਬਿਨਾਂ ਸ਼ਾਹ ਹੁਸੈਨ ਬਾਰੇ ਮਜ਼ੱਫ਼ਰ ਗ਼ੱਫਾਰ ਦੀ ਤਿੰਨ ਜਿਲਦਾਂ ਵਿਚ ਛਪੀ ਪੁਸਤਕ ਵੇਖੋ। ਭਾਰਤ ਵਿਚ ਅਜਿਹੀ ਕੋਈ ਪੰਜਾਬੀ ਪੁਸਤਕ ਨਹੀਂ। ਇਹ 1142 ਸਫਿਆਂ ਦੀ ਤਿੰਨ ਜਿਲਦਾਂ ਵਿਚ ਛਪੀ ਪੁਸਤਕ ਹੈ। ਹੋਰ ਵੀ ਬੜੀਆਂ ਪੁਸਤਕਾਂ ਕਾਬਲੇ ਜ਼ਿਕਰ ਛਪੀਆਂ ਹਨ।
1970 ਤੱਕ ਦੇ ਸਾਹਿਤ ਬਾਰੇ ਤੁਹਾਡੇ ਵਿਚਾਰ ਦਰੁਸਤ ਕਹੇ ਜਾ ਸਕਦੇ ਹਨ, ਪਰ ਅੱਜ ਪਾਕਿ ਪੰਜਾਬੀ ਵਿਚ ਬੜੇ ਚੰਗੇ ਲੇਖਕ ਹਨ। ਨਸਰੀਨ ਅੰਜਮ ਭੱਟੀ ਵਰਗੀ ਸਾਡੇ ਕੋਲ ਕੋਈ ਸ਼ਾਇਰਾ ਨਹੀਂ। ਹੁਣ ਉਹਨਾਂ ਦਾ ਸਾਹਿਤ ਸਿਰਫ਼ ਪ੍ਰਤੀਕਾਤਮਕਤਾ ਤੱਕ ਹੀ ਸੀਮਤ ਨਹੀਂ।
ਹੋਰ ਬੜਾ ਚੰਗਾ ਸਾਹਿਤ ਵੀ ਰਚਿਆ ਜਾ ਰਿਹਾ ਹੈ ਪਰ ਸਾਡੇ ਤੱਕ ਅੱਪੜਦਾ ਨਹੀਂ।
  ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਹਿਤ ਵਿਚਕਾਰ ਮਿੱਟੀ ਦੀ ਮਜ਼ਬੂਤ ਦੀਵਾਰ ਖੜ੍ਹੀ ਹੈ। ਕੀ ਇਵੇਂ ਰਹੇਗੀ ਜਾਂ ਫਿਰ ਢਹਿ ਜਾਵੇਗੀ?
  ਮਿੱਟੀ ਦੀਆਂ ਦੀਵਾਰਾਂ ਕਿੰਨੀਆਂ ਵੀ ਮਜ਼ਬੂਤ ਹੋਣ ਉਹ ਪੱਕੀਆਂ ਦੀਵਾਰਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਅੱਜ ਓਥੇ ਦੇ ਜ਼ਿਆਦਾਤਰ ਲੇਖਕ ਚੜ੍ਹਦੇ ਪੰਜਾਬ ਨਾਲ ਸਾਂਝ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਸਰਕਾਰ ਦਾ ਰਵੱਈਆ ਵੀ ਓਥੋਂ ਦੇ ਲੋਕਾਂ ਨੂੰ ਵੀਜ਼ਾ ਦੇਣ ਵਿਚ ਕਾਫੀ ਨਰਮ ਹੈ, ਪਰ ਪਾਕਿਸਤਾਨੀ ਸਰਕਾਰ ਅੱਜ ਵੀ ਨਰਮ ਨਹੀਂ। ਉਂਜ ਬੜੀ ਆਸ ਹੈ ਕਿ ਦੋਹਾਂ ਦੇਸ਼ਾਂ ਦਾ ਵਤੀਰਾ ਬਦਲ ਜਾਵੇਗਾ ਤੇ ਇਹ ਦੀਵਾਰ ਨਹੀਂ ਰਹੇਗੀ।
  ਲਿੱਪੀ ਦੀ ਸਮੱਸਿਆ ਦੇ ਖ਼ਾਤਮੇ ਦਾ ਕੋਈ ਹੱਲ ਜੇ ਤੁਹਾਡੇ ਕੋਲ ਹੋਵੇ ਤਾਂ?
  ਗੁਰਮੁਖੀ ਤੇ ਉਰਦੂ ਲਿੱਪੀਆਂ ਸਦਾ ਇੰਜ ਹੀ ਰਹਿਣਗੀਆਂ ਕਿਉਂਕਿ ਗੁਰਮੁਖੀ ਸਿੱਖਾਂ ਤੇ ਹਿੰਦੂ ਧਰਮਾਂ ਨਾਲ ਜੁੜੀ ਹੋਈ ਹੈ। ਉਰਦੂ ਰਸਮੁਲ ਖ਼ਤ ਵਾਲੀ ਲਿੱਪੀ 68 ਪ੍ਰਤੀਸ਼ਤ ਪਾਕਿਸਤਾਨੀਆਂ ਨਾਲ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ 1948 ਤੱਕ ਗਿਆਨੀ ਪਾਸ ਕਰਨ ਲਈ ਫ਼ਾਰਸੀ, ਗੁਰਮੁਖੀ ਜਾਂ ਹਿੰਦੀ ਵਿੱਚੋਂ ਕਿਸੇ ਵੀ ਲਿੱਪੀ ਦਾ ਪ੍ਰਯੋਗ ਕੀਤਾ ਜਾ ਸਕਦਾ ਸੀ। ਅੱਜ ਪਾਕਿਸਤਾਨ ਵਿਚ ਸਿਰਫ਼ ਫ਼ਾਰਸੀ ਤੇ ਭਾਰਤ ਵਿਚ ਗੁਰਮੁਖੀ ਲਿੱਪੀ ਦਾ ਪ੍ਰਯੋਗ ਹੀ ਕੀਤਾ ਜਾ ਸਕਦਾ ਹੈ।
  ਤੁਸੀਂ ਕਿਸੇ ਲੰਮੇਰੀ ਰਚਨਾ ਜਾਂ ਮਹਾਂਕਾਵਿ ਵਗੈਰਾ ਦੇ ਲਿਖਣ ਵੱਲ ਕਿਉਂ ਪ੍ਰੇਰਤ ਨਹੀਂ ਹੋਏ। ਕੀ ਇਸ ਲਈ ਲੋੜੀਂਦੀ ਸਮਰਥਾ ਤੁਹਾਡੇ ਵਿਚ ਨਹੀਂ ਸੀ?
  ਲੋਕ ਤਾਂ ਹੁਣ ਕਵਿਤਾਵਾਂ ਦੀਆਂ ਪੁਸਤਕਾਂ ਖਰੀਦ ਕੇ ਖ਼ੁਸ਼ ਨਹੀਂ। ਮੈਂ ਸੋਚਿਆ ਤਾਂ ਹੈ ਕਿ ਸਮਾਂ ਮਿਲਿਆ ਤਾਂ ਮਹਾਂ ਕਾਵਿ ਵੀ ਲਿਖਾਂ ਪਰ ਸਿਹਤ ਦੀ ਖ਼ਰਾਬੀ ਕਾਰਨ ਸਫ਼ਲ ਨਹੀਂ ਹੋ ਸਕਿਆ। ਜ਼ਰੂਰੀ ਵੀ ਨਹੀਂ ਕਿ ਹਰ ਸ਼ਾਇਰ ਮਹਾਂ-ਕਾਵਿ ਵੀ ਲਿਖੇ। ਤੁਸੀਂ ਕਦੇ ਆਧੁਨਿਕ ਸਮੇਂ ਵਿਚ ਲਿਖਿਆ ਗਿਆ ਬਦੇਸ਼ੀ ਸਾਹਿਤ ਪੜ੍ਹੋ, ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ। ਪਿਛਲੇ 40-45 ਸਾਲ ਵਿਚ ਅਵਤਾਰ ਨੇ ਮਹਾਂਕਾਵਿ ਕਿਉਂ ਨਹੀਂ ਲਿਖਿਆ। ਏਨੇ ਚਿਰ ਵਿਚ ਉਸਦੀਆਂ 3-4 ਪੁਸਤਕਾਂ ਹੀ ਛਪ ਸਕੀਆਂ ਹਨ।
  ਪੰਜਾਬ ਵਿਚ ਉਭਰੇ ਕੈਸਟ ਕਲਚਰ ਨੇ ਪੰਜਾਬੀ ਕਵਿਤਾ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਹੈ?
  ਇਸ ਬਾਰੇ ਮੇਰਾ ਕੋਈ ਤਜਰਬਾ ਨਹੀ। ਮੇਰੀਆਂ ਪੁਸਤਕਾਂ ਦੇ ਕਈ ਐਡੀਸ਼ਨ ਛਪੇ ਹਨ, ਹੋਰ ਵੀ ਕਈ ਚੰਗੇ ਲੇਖਕ ਹਨ, ਜਿਹਨਾਂ ਦੀਆਂ ਕਾਵਿ ਪੁਸਤਕਾਂ ਦੇ ਕਈ-ਕਈ ਐਡੀਸ਼ਨ ਛਪੇ ਹਨ। ਕੈਸਟ ਕਲਚਰ ਬਿਲਕੁਲ ਸਧਾਰਨ ਗੀਤਾਂ ਨੂੰ ਤਰਜੀਹ ਦੇ ਰਿਹਾ ਹੈ। ਜਿਸ ਦੇ ਸੁਣਨ ਵਾਲੇ ਸਧਾਰਨ ਪੱਧਰ ਦੇ ਲੋਕ ਹਨ।

ਪਾਸ਼ ਐਵਾਰਡ

  ਪਾਸ਼ ਦੇ ਜੀਊਂਦਿਆਂ ਤੁਸੀਂ ਉਹਦੀ ਕਵਿਤਾ ਨੂੰ ਛੁਟਿਆਉਂਦੇ ਹੁੰਦੇ ਸੀ, ਪਰ ਉਹਦੇ ਤੁਰ ਜਾਣ ਪਿੱਛੋਂ ਉਹਦੇ ਹੀ ਨਾਮ ’ਤੇ ਚਲਾਇਆ ਹੋਇਆ ਐਵਾਰਡ ਤੁਸੀਂ ਖ਼ੁਸ਼ੀ ਨਾਲ ਕਬੂਲ ਕਰ ਗਏ ਸੀ। ਕੀ ਇਹ ਹੱਦ ਦਰਜੇ ਦੀ ਮੌਕਾਪ੍ਰਸਤੀ ਨਹੀਂ?
  ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਪਾਸ਼ ਐਵਾਰਡ ਨਹੀਂ ਸੀ ਲੈਣਾ ਚਾਹੀਦਾ ਤਾਂ ਕਾਫ਼ੀ ਠੀਕ ਹੈ। ਪਰ ਮੈਂ ਕੁਝ ਲੋਕਾਂ ਦੇ ਪਤਿਆਵੇ ਵਿਚ ਆ ਗਿਆ ਸਾਂ। ਤੁਸੀਂ ਇਸ ਨੂੰ ਮੌਕਾਪ੍ਰਸਤੀ ਕਹਿ ਲਵੋ, ਪਰ ਜੋ ਕੁਝ ਮੈਂ ਉਸ ਵੇਲੇ ਦੇਸ਼ ਭਗਤ ਯਾਦਗਾਰ ਹਾਲ ਵਿਚ ਕਿਹਾ ਸੀ ਲੋਕ ਅੱਜ ਵੀ ਇਸ ਦੇ ਗਵਾਹ ਹਨ।
  ਤੁਹਾਨੂੰ ਪੰਜਾਬੀ ਅਤੇ ਉਰਦੂ ਦੀ ਸਮੁੱਚੀ ਕਵਿਤਾ ਵਿਚੋਂ ਕਿਹੜੇ ਕਵੀ ਸਭ ਤੋਂ ਪਿਆਰੇ ਲੱਗਦੇ ਹਨ ਅਤੇ ਕਿਉਂ?
  ਉਰਦੂ ਵਿਚ ਗ਼ਾਲਿਬ, ਮੋਮਨ, ਮੀਰ ਤਕੀ ਮੀਰ, ਫੈਜ਼ ਸਾਹਿਬ ਮੇਰੇ ਮਨਪਸੰਦ ਕਵੀ ਹਨ। ਪੰਜਾਬੀ ਵਿਚ ਗੁਰੂ ਨਾਨਕ, ਵਾਰਸ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਮੇਰੇ ਪਸੰਦੀਦਾ ਕਵੀ ਹਨ ਕਿਉਂਕਿ ਉਹਨਾਂ ਵਰਗਾ ਹੋਰ ਕੋਈ ਨਜ਼ਰ ਨਹੀ ਆਉਂਦਾ।
ਆਧੁਨਿਕ ਸ਼ਾਇਰਾਂ ਵਿਚੋਂ ਨਜਮ ਹੁਸੈਨ ਸੱਯਦ, ਯੂਸਫ ਜ਼ਫਰ, ਨੂੰਨ ਮੀਮ ਰਾਸ਼ਿਦ, ਮੁਨੀਰ ਨਿਆਜ਼ੀ, ਨਸਰੀਨ ਅੰਜਮ ਭੱਟੀ ਆਦਿ ਮੇਰੇ ਮਨਪਸੰਦ ਲੇਖਕ ਹਨ।
ਬਾਕੀ ਪ੍ਰੋ. ਮੋਹਨ ਸਿੰਘ, ਈਸ਼ਵਰ, ਦਲੀਪ ਕੌਰ, ਸੰਤੋਖ ਸਿੰਘ ਸੰਤੋਖ, ਸੁਖਵਿੰਦਰ ਕੰਬੋਜ਼, ਮੁਸ਼ਤਾਕ, ਸੁਰਜੀਤ ਪਾਤਰ, ਕੁਲਵਿੰਦਰ, ਜਸਵਿੰਦਰ, ਵਿਜੇ ਵਿਵੇਕ, ਗੁਰਤੇਜ ਕੁਹਾਰਵਾਲਾ, ਪਾਲ ਢਿੱਲੋਂ, ਹਰਵਿੰਦਰ ਭੰਡਾਲ ਸਭ ਵਧੀਆ ਹਨ। ਕਈ ਨਾਂ ਯਾਦ ਵੀ ਨਹੀਂ ਆ ਰਹੇ।
ਮੈਂ ਆਪਣੇ ਇਨ੍ਹਾਂ ਸ਼ਾਇਰ ਮਿੱਤਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ –

ਮਿਰੇ ਯਾਰੋ!
ਮਿਰੇ ਪਿੱਛੋਂ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਚਰਖ਼ਾ ਵੀ ਬਣਨਾ ਹੈ
ਤੁਸੀਂ ਰੰਗੀਲ-ਪੀੜ੍ਹਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀਂ ਬਣਨਾ।

ਡਾ. ਜਗਤਾਰ ਪੰਜਾਬੀ ਗ਼ਜ਼ਲ ਦੇ ਭਵਿੱਖ ਵਿਜੇ ਵਿਵੇਕ, ਜਸਵਿੰਦਰ ਅਤੇ ਗੁਰਤੇਜ ਕੁਹਾਰਵਾਲਾ ਨਾਲ
-ਜਲੰਧਰ, ਦਸੰਬਰ 2008 (ਫੋਟੋਕਾਰ-ਸੁਸ਼ੀਲ ਦੁਸਾਂਝ)

  ਤੁਹਾਡੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਏਨੇ ਪਿਆਰੇ ਹਨ ਕਿ ਇਹ ਸਹਿਜ ਸੁਭਾਅ ਹੀ ਅਵਾਮ ਦੀ ਜ਼ੁਬਾਨ ’ਤੇ ਚੜ੍ਹ ਗਏ। ਜਿਵੇਂ-
ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ
ਏਸ ਦੀ ਰੰਗਤ ਕਦੇ ਜਾਣੀ ਨਹੀਂ
ਜਾਂ
ਗ਼ਮ ਨਾ ਕਰ ਜੇ ਗ਼ਮ ਹੀ ਗ਼ਮ ਤੇਰੇ ਚੁਫੇਰੇ
ਨਾਗ ਹੁੰਦੇ ਹੀ ਨੇ ਚੰਦਨ ’ਤੇ ਬਥੇਰੇ।
ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਕਿਸੇ ਪ੍ਰਸਿੱਧ ਗਾਇਕ ਨੇ ਗਾਇਆ ਨਹੀਂ। ਇਹਦਾ ਕਾਰਨ?

  ਪੰਜਾਬੀ ਗਾਇਕਾਂ ਵਿਚ ਕੋਈ ਗ਼ਜ਼ਲ ਗਾਇਕ ਹੀ ਨਹੀਂ, ਫੇਰ ਗਾਵੇ ਕੌਣ? ਗ਼ਾਲਿਬ, ਮੋਮਨ ਆਦਿ ਦੀਆਂ ਗ਼ਜ਼ਲਾਂ ਉਹਨਾਂ ਦੀ ਹਿਯਾਤ ਵਿਚ ਨਹੀਂ ਗਾਈਆਂ ਗਈਆਂ ਪਰ ਦਾਗ਼ ਦੀਆਂ ਗ਼ਜ਼ਲਾਂ ਬੇਹੱਦ ਗਾਈਆਂ ਹਨ, ਪਰ ਅੱਜ ਹਾਲਤ ਬਿਲਕੁਲ ਉਲਟ ਹੈ।
ਅੱਜ ਦੇ ਪੰਜਾਬੀ ਗਾਉਣ ਵਾਲਿਆਂ ਲਈ ਕੋਈ ਲਿਖਦਾ ਵੀ ਨਹੀਂ। ਜਦੋਂ ਵਕਤ ਆਵੇਗਾ ਤਾਂ ਪੰਜਾਬੀ ਗ਼ਜ਼ਲ ਗਾਇਕ ਪੈਦਾ ਹੋਣਗੇ ਤਾਂ ਫੇਰ ਗ਼ਜ਼ਲ ਗਾਉਣਗੇ ਵੀ। ਅਜੇ ਤਾਂ ਗਾਇਕ ਮੇਲਿਆਂ ਤੇ ਵਿਆਹਾਂ ਸ਼ਾਦੀਆਂ ਦੇ ਗਾਇਕ ਹਨ। ਮੇਰੇ ਖ਼ਿਆਲ ਅਨੁਸਾਰ ਪੰਜਾਬੀ ਗ਼ਜ਼ਲਾਂ ਗਾਉਣ ਦੇ ਅਸੂਲਾਂ ਤੋਂ ਵੀ ਅਜੇ ਵਾਕਿਫ਼ ਨਹੀਂ, ਨਾ ਸੁਣਨ ਵਾਲੇ ਨਾ ਗਾਉਣ ਵਾਲੇ।
  ਪ੍ਰੌਢ ਉਮਰ ਵਿਚ ਆਮ ਤੌਰ ’ਤੇ ਕਵੀ ਵਾਰਤਕ ਲੇਖਨ ਵੱਲ ਵੀ ਤਿਲਕ ਜਾਂਦੇ ਹਨ। ਪਰ ਤੁਸੀਂ ਕੁਝ ਅਨੁਵਾਦਾਂ ਤੋਂ ਬਿਨਾ ਏਸ ਪਾਸੇ ਦਿਲਚਸਪੀ ਨਹੀਂ ਦਿਖਾਈ ਹਾਲਾਂਕਿ ਕਵੀ ਬਹੁਤ ਚੰਗੀ ਵਾਰਤਕ ਲਿਖਦੇ ਹਨ। ਕਿਉਂ?
  ਮੈਂ ਵਾਰਤਕ ਵਾਲਿਆਂ ਦੀ ਕਦਰ ਕਰਦਾ ਹਾਂ ਪਰ ਮੈਂ ਘੋਰ ਰੁਝੇਵਿਆਂ ਕਾਰਨ ਏਧਰ ਧਿਆਨ ਨਹੀਂ ਦੇ ਸਕਿਆ। ਦੁਨੀਆ ਦੇ ਦਰਜਨਾਂ ਅਜਿਹੇ ਲੇਖਕ ਹਨ, ਜਿਹੜੇ ਮਹਾਂ-ਕਾਵਿ ਨਹੀਂ ਲਿਖ ਸਕੇ ਪਰ ਮਹਾਨ ਲੇਖਕ ਹਨ। ਮੇਰਾ ਕੰਮ ਸਿਰਫ਼ ਕਵਿਤਾ ਲਿਖਣ ਤੱਕ ਸੀਮਤ ਵੀ ਨਹੀਂ। ਮੈਂ ਹਿੰਦੁਸਤਾਨ ਦੇ ਤਮਾਮ ਚੋਣਵੇਂ ਕਿਲਿ੍ਹਆਂ ਦੀ ਫੋਟੋਗ੍ਰਾਫੀ ਕੀਤੀ ਹੈ। ਅਗਲੇ ਸਾਲ ਅੰਗਰੇਜ਼ੀ ਵਿਚ ਮੇਰੀ ਪੁਸਤਕ ਰਾਜਸਥਾਨ ਬਾਰੇ ਛਪੇਗੀ। ਛੇਤੀ ਹੀ ਸ਼ਾਹ ਹੁਸੈਨ ਬਾਰੇ ਮੇਰੀ ਖੋਜ ਭਰਪੂਰ ਪੁਸਤਕ ਛਪੇਗੀ। ਹੋਰ ਵੀ ਬੜਾ ਕੰਮ ਪਿਆ ਹੈ। ਜਿਵੇਂ ਸਵੈ ਜੀਵਨੀ, ਪਾਕਿਸਤਾਨੀ ਸਫਰਨਾਮਾ ਆਦਿ। ਹਿੰਦੀ ਦੇ ਪ੍ਰਸਿੱਧ ਅਖਬਾਰ ‘ਭਾਸਕਰ’ ਵਿਚ ਅਮਰੀਕਨ ਸਫ਼ਰਨਾਮੇ ਦੀਆਂ 20 ਕਿਸ਼ਤਾਂ ਛਪੀਆਂ, ਪਰ ਬਿਮਾਰ ਹੋਣ ਕਾਰਨ ਮੈਂ ਬਾਕੀ ਕਿਸ਼ਤਾਂ ਨਹੀਂ ਛਪਵਾ ਸਕਿਆ।

ਸ਼ੇਰ ਦਾ ਸ਼ਿਕਾਰ

ਅਪਣੇ ਗਿਆਰਾਂ ਗੋਲੀਆਂ ਦੇ ਪਿਸਤੌਲ ਨਾਲ – ਜਲੰਧਰ, ਦਸੰਬਰ 2008 (ਫੋਟੋਕਾਰ-ਸੁਸ਼ੀਲ ਦੁਸਾਂਝ)

  ਕਵਿਤਾ ਤੋਂ ਬਿਨਾ ਤੁਹਾਨੂੰ ਫੋਟੋਗਰਾਫੀ ਦਾ ਅਤੇ ਐਨਟੀਕ ਦਾ ਸ਼ੌਕ ਵੀ ਹੈ। ਇਨ੍ਹਾਂ ਵਿਚ ਕੋਈ ਗੌਲਣਯੋਗ ਪ੍ਰਾਪਤੀਆਂ ਹੋਈਆਂ ਹਨ, ਖ਼ਾਸ ਕਰ ਐਨਟੀਕ ਵਿਚ ਕੋਈ ਦੁਰਲੱਭ ਵਸਤੂਆਂ ਇਕੱਤਰ ਕਰ ਸਕੇ?
  ਸ਼ੌਕ ਤਾਂ ਮੈਨੂੰ ਹੋਰ ਵੀ ਬੜੇ ਹਨ, ਪਰ ਹੁਣ ਸਿਹਤ ਆਗਿਆ ਨਹੀਂ ਦਿੰਦੀ। ਐਨਟੀਕ ਦੀ ਮਾਰਕੀਟ ਬੜੀ ਹੀ ਮਹਿੰਗੀ ਹੈ। ਮਿਲਿਆ ਵੀ ਕਾਫ਼ੀ ਕੁਝ ਹੈ, ਮੈਂ ਵੇਚਣ ਦੇ ਹੱਕ ਵਿਚ ਵੀ ਹਾਂ ਪਰ ਜਲੰਧਰ ਕੀ ਪੰਜਾਬ ਵਿਚ ਵੀ ਅਜਿਹੀ ਕੋਈ ਮਾਰਕੀਟ ਨਹੀਂ। ਭਾਰਤੀ ਖ਼ਰੀਦਦਾਰ ਠੱਗੀਆਂ ਮਾਰਦੇ ਹਨ। ਮੈਨੂੰ ਸਫ਼ਰ ਕਰਨ ਦਾ ਬੇਹੱਦ ਸ਼ੌਕ ਹੈ। ਪਰ ਮੈਂ ਕਈ ਬਿਮਾਰੀਆਂ ਕਾਰਨ ਹੁਣ ਸਫ਼ਰ ਨਹੀਂ ਕਰ ਸਕਦਾ। ਸ਼ਿਕਾਰ ਖੇਡਣਾ ਬੰਦ ਕੀਤਾ ਹੋਇਆ ਹੈ। 25-30 ਸਾਲ ਪਹਿਲਾਂ ਜੋ ਸ਼ਿਕਾਰ ਖੇਡਿਆ, ਉਸ ਦਾ ਵੀ ਪਛਤਾਵਾ ਹੈ।
  ਸ਼ਾਇਰ ਦੇ ਤੌਰ ‘ਤੇ ਤੁਹਾਨੂੰ ਜੱਗ ਜਾਣਦਾ ਹੈ, ਪਰ ਜਗਤਾਰ ਦੇ ਅਵਲੜੇ ਸ਼ੌਕਾਂ ਬਾਰੇ ਨੇੜਲੇ ਮਿੱਤਰ ਹੀ ਜਾਣੂ ਹਨ, ਕੁਝ ਵਿਸਥਾਰ ਹੋ ਜਾਵੇ
  ਚਲੋ ਜੇ ਤੁਸੀਂ ਨਹੀਂ ਹਟਦੇ ਕੁਝ ਗੱਲਾਂ ਕਰ ਹੀ ਲੈਨਾਂ ਹਾਂ। ਸ਼ਿਕਾਰ ਤੋਂ ਗੱਲ ਤੋਰਦਾਂ।
ਸ਼ਿਕਾਰ ਮੈਂ 15- 20 ਸਾਲ ਕੀਤਾ। ਪਰ ਅੱਜ ਮੈਂ ਇਸ ਨੂੰ ਵਧੀਆ ਨਹੀਂ ਸਮਝਦਾ। ਮੈਨੂੰ ਲੱਗਦਾ ਕਿ ਜਾਨਵਰਾਂ ਦੀ ਜਾਨ ਲੈਣੀ ਜੁਰਮ ਹੈ।
ਮੈਂ ਹਜ਼ਾਰਾਂ ਜਾਨਵਰਾਂ ਦਾ ਸ਼ਿਕਾਰ ਕੀਤਾ। ਦਰਿਆਈ ਜਾਨਵਰਾਂ ਵਿਚੋਂ ਮੁਰਗਾਬੀਆਂ, ਕੂੰਜਾਂ ਤੇ ਪਿੰਡਾਂ ਵਿਚ ਬੋਹੜਾਂ ’ਤੇ ਹਰੀਅਲ, ਤਿੱਤਰ, ਬਟੇਰੇ, ਭਟਿੱਟਰ, ਤਲੀਅਰ ਤੇ ਖਰਗੋਸ਼ ਬੇਹਿਸਾਬ ਮਾਰੇ। ਹੁਸ਼ਿਆਰਪੁਰ ਦੀਆਂ ਪਹਾੜੀਆਂ ਵਿਚ ਖ਼ਰਗੋਸ਼ਾਂ ਤੋਂ ਇਲਾਵਾ ਹਿਰਨ ਅਤੇ ਨੀਲ ਗਾਵਾਂ ਦਾ ਵੀ ਸ਼ਿਕਾਰ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੇਰਾ ਇਕ ਮਿੱਤਰ ਰਹਿੰਦਾ ਸੀ ਜਸਵੰਤ ਸਿੰਘ ਖ਼ੁਮਾਰ। ਇਹਦੇ ਨਾਲ ਰਲ ਕੇ ਮੈਂ ਪਿੰਡ ਢਪਈ ਨੇੜਿਓਂ ਘੇਵੇ ਨਾਂ ਦੇ ਜਾਨਵਰ ਦਾ ਸ਼ਿਕਾਰ ਕੀਤਾ। ਇਹ ਮੋਰ ਵਰਗਾ ਹੁੰਦਾ ਹੈ। ਘੇਵੇ ਇਹਦਾ ਅਸਲੀ ਨਾਂ ਨਹੀਂ, ਹੁਣ ਮੈਨੂੰ ਇਹਦਾ ਅਸਲੀ ਨਾਂ ਯਾਦ ਨਹੀਂ ਆ ਰਿਹਾ, ਇਹਦਾ ਵਜ਼ਨ ਇਕ ਕਿੱਲੋ ਦੇ ਨੇੜੇ ਤੇੜੇ ਹੁੰਦਾ ਹੈ। ਘੇਵੇ ਪਹਾੜਾਂ ਤੋਂ ਆਉਂਦੇ ਸੀ ਤੇ ਨਵੰਬਰ ਤੋਂ ਫਰਵਰੀ ਤੱਕ ਪਿੰਡਾਂ ਵਿਚ ਪਾਣੀ ਦੇ ਟੋਭਿਆਂ ਵਿਚ ਰਹਿੰਦੇ ਸੀ। ਇਹਨਾਂ ਦਾ ਗੋਸ਼ਤ ਬਹੁਤ ਮਜ਼ੇਦਾਰ ਹੁੰਦਾ ਹੈ। ਅੱਜ ਕੱਲ੍ਹ ਇਹ ਕਿਤੇ ਦਿਖਾਈ ਨਹੀਂ ਦਿੰਦੇ। ਇਸ ਤੋਂ ਬਿਨਾਂ ਨੈਨੀਤਾਲ ਇਲਾਕੇ ਵਿਚ ਅਸੀਂ ਇਕ ਵਾਰੀ ਸ਼ੇਰ ਵੀ ਮਾਰਿਆ। ਭਾਵੇਂ ਗਿੱਦੜ ਕਿਸੇ ਕੰਮ ਨਹੀਂ ਸੀ ਆਉਂਦਾ, ਪਰ ਕਈ ਵਾਰੀ ਕੁਝ ਲੋਕਾਂ ਨੇ ਸਾਡੇ ਕੋਲ ਸਿਫਾਰਸ਼ ਕਰਕੇ ਗਿੱਦੜ ਵੀ ਮਰਵਾਇਆ। ਕਿਹਾ ਜਾਂਦਾ ਸੀ ਕਿ ਗਿੱਦੜ ਦਾ ਮੀਟ ਗਠੀਏ ਦੇ ਮਰੀਜ਼ ਨੂੰ ਠੀਕ ਕਰ ਦਿੰਦਾ ਹੈ।
ਜ਼ਿਲ੍ਹਾ ਨੈਨੀਤਾਲ ਵਿਚ ਖ਼ਰਗੋਸ਼ ਤੇ ਹਿਰਨ ਬੇਪਨਾਹ ਹਨ।
ਸ਼ਿਕਾਰ ਕਰਨ ਦਾ ਤਰੀਕਾ ਸਾਡਾ ਇਹ ਹੁੰਦਾ ਸੀ ਕਿ ਅਸੀਂ ਟਰਾਲੀ ’ਤੇ ਬਿਸਤਰੇ ਲੱਦ ਕੇ ਉਹਨਾਂ ਵਿਚ ਬੰਦੂਕਾਂ ਲੁਕਾ ਕੇ ਲੈ ਜਾਣੀਆਂ। ਨੈਨੀਤਾਲ ਮੈਂ ਆਪਣੇ ਜਿਨ੍ਹਾਂ ਦੋਸਤਾਂ ਕੋਲ ਜਾਂਦਾ ਸੀ; ਉਨ੍ਹਾਂ ਨੇ ਵੱਡੇ ਪੱਧਰ ’ਤੇ ਜ਼ਮੀਨਾਂ ਠੇਕੇ ’ਤੇ ਲਈਆਂ ਹੁੰਦੀਆਂ ਸਨ। ਬੰਦੂਕਾਂ ਲੁਕਾ ਕੇ ਲੈ ਜਾਂਦਿਆਂ ਜਦੋਂ ਰਾਹ ਵਿਚ ਪੁਲਿਸ ਨੇ ਟਰਾਲੀ ਦੀ ਤਲਾਸ਼ੀ ਲੈਣ ਲਈ ਕਹਿਣਾ ਤਾਂ ਮੇਰੇ ਇਹਨਾਂ ਦੋਸਤਾਂ ਨੇ ਇਹ ਕਹਿ ਕੇ ਨਿਕਲ ਜਾਣਾ ਕਿ ਅਸੀਂ ਜ਼ਮੀਨ ਸਰਕਾਰ ਤੋਂ ਠੇਕੇ ’ਤੇ ਲਈ ਹੋਈ ਹੈ। ਉੁਸ ਇਲਾਕੇ ਵਿਚ ਬੇਹੱਦ ਸ਼ਿਕਾਰ ਸੀ, ਪਰ ਉਹ ਸਾਰਾ ਇਕ ਡਰ ਤੇ ਸਹਿਮ ਹੇਠ ਖੇਡਣਾ ਪੈਂਦਾ ਸੀ।
ਕਈ ਵਾਰ ਸ਼ਿਕਾਰ ਖੇਡਣ ਲਈ ਅਸੀਂ ਗੱਡੇ ਤੇ ਬਲਦ ਜੋੜ ਕੇ ਬੈਟਰੀਆਂ ਨਾਲ ਲਾਈਟਾਂ ਲਾ ਲੈਣੀਆਂ। ਇਕ ਵਾਰ ਨੈਨੀਤਾਲ ਨੇੜੇ ਭੀਮਤਾਲ ’ਚ ਇਕ ਮੁਸਲਮਾਨ ਵੀ ਸਾਡੇ ਨਾਲ ਸੂਰਾਂ ਦਾ ਸ਼ਿਕਾਰ ਖਿਡਾਉਂਦਾ ਰਿਹਾ। ਬੰਦੂਕਾਂ ਵੀ ਸ਼ਿਕਾਰ ਦੇ ਮੁਤਾਬਕ ਹੀ ਹੁੰਦੀਆਂ ਸਨ। ਵੱਡੇ ਸ਼ਿਕਾਰ ਲਈ ਜਾਂ ਇਹ ਕਹਿ ਲਓ ਸ਼ੇਰ ਦੇ ਸ਼ਿਕਾਰ ਲਈ 12 ਬੋਰ ਦੀ ਬੰਦੂਕ ਕੰਮ ਨਹੀਂ ਆਉਂਦੀ। ਇਸ ਲਈ ਨੈਨੀਤਾਲ ਵਿਚ ਉਥੋਂ ਦੇ ਦੋਸਤਾਂ ਦੇ ਹਥਿਆਰ ਹੀ ਅਸੀਂ ਵਰਤਦੇ। ਮੈਂ ਭਾਰਤ ਦੇ ਬਹੁਤ ਵੱਡੇ ਵੱਡੇ ਸ਼ਿਕਾਰੀਆਂ ਨਾਲ ਸ਼ਿਕਾਰ ਖੇਡੇ ਹਨ।
ਸ਼ਿਕਾਰ ਦਾ ਸ਼ੌਕ ਮੈਨੂੰ ਅਪਣੇ ਵੱਡੇ ਭਰਾ ਮਨਮੋਹਨ ਸਿੰਘ ਨੂੰ ਦੇਖ ਕੇ ਲੱਗਾ। ਉਹ ਵੀ ਸ਼ਿਕਾਰੀ ਸੀ। ਉਹ ਪਿੰਡਾਂ ’ਚ ਟੋਕਰਾ ਲਾ ਕੇ ਕਬੂਤਰ ਫੜਦਾ। ਕਣਕਾਂ ਵੱਢੀਆਂ ਜਾਣ ਤੋਂ ਬਾਅਦ ਉਹ ਮੈਨੂੰ ਨਾਲ ਲੈ ਕੇ ਜਾਲ ਲਾਉਂਦਾ ਤੇ ਅਸੀਂ ਤਿੱਤਰ ਬਟੇਰੇ ਫੜਦੇ। ਮੇਰੇ ਕਈ ਸਾਥੀ ਮੋਰ ਵੀ ਖਾ ਲੈਂਦੇ ਸੀ। ਪਰ ਮੈਂ ਕਦੇ ਮੋਰ ਨਹੀਂ ਖਾਧਾ। ਮੈਂ ਸਮਝਦਾ ਸੀ ਕਿ ਮੋਰ ਵਰਗੇ ਖ਼ੂਬਸੂਰਤ ਪੰਛੀ ਨੂੰ ਮਾਰਨਾ ਪਾਪ ਹੈ।
  ਇਕ ਸ਼ਾਇਰ, ਸ਼ਿਕਾਰੀ ਕਿਵੇਂ ਬਣ ਗਿਆ ?
  ਸ਼ਿਕਾਰ ਦਾ ਸ਼ੌਕ ਪੈਦਾ ਹੋਣ ਪਿੱਛੇ ਸਾਡੀਆਂ ਦੁਸ਼ਮਣੀਆਂ ਵੀ ਰਹੀਆਂ। ਜਦੋਂ ਜ਼ਮੀਨੀ ਝਗੜੇ ਸ਼ੁਰੂ ਹੋਏ ਤਾਂ ਮੈਨੂੰ ਅਪਣੀ ਰਾਖੀ ਲਈ ਬੰਦੂਕਾਂ ਖ਼ਰੀਦਣੀਆਂ ਪਈਆਂ। ਇਹ ਮੈਂ ਦੁਸ਼ਮਣੀ ਵਿਚ ਹੀ ਖ਼ਰੀਦੀਆਂ। ਉਦੋਂ ਮੈਨੂੰ ਕਈ ਬਦਮਾਸ਼ਾਂ ਨੇ ਕਿਹਾ ਕਿ ਅਸੀਂ ਤੇਰੇ ਨਾਲ ਹਾਂ ਪਰ ਮੈਂ ਅਪਣੇ ਆਪ ਵਿਚ ਹੀ ਰਹਿਣਾ ਚਾਹੁੰਦਾ ਸੀ। ਹੁਣ ਹਥਿਆਰ ਮੇਰੇ ਕੋਲ ਸਨ। ਇਨ੍ਹਾਂ ਹਥਿਆਰਾਂ ਨੇ ਵੀ ਸ਼ਿਕਾਰ ਦੇ ਮੇਰੇ ਸ਼ੌਕ ਨੂੰ ਹੁਲਾਰਾ ਦਿੱਤਾ। ਪਹਿਲਾਂ ਮੈਂ ਇਕ ਬੰਦੂਕ ਖਰੀਦੀ, ਫਿਰ ਦੂਜੀ,ਫਿਰ ਤੀਜੀ, ਫਿਰ ਗਿਆਰਾਂ ਗੋਲੀਆਂ ਦਾ ਰਿਵਾਲਵਰ ਵੀ ਖ਼ਰੀਦਿਆ। ਮੈਂ ਨਿਸ਼ਾਨਾ ਪਕਾਉਣ ਲਈ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਸ਼ਿਕਾਰੀ ਹੀ ਬਣ ਗਿਆ।
ਫਿਰ ਜਦੋਂ ਪੰਜਾਬ ਵਿਚ ਦਹਿਸ਼ਤਗਰਦੀ ਦਾ ਦੌਰ ਆਇਆ ਤਾਂ ਸਾਨੂੰ ਇਹ ਸ਼ੌਕ ਬੰਦ ਕਰਨਾ ਪਿਆ। ਕਿਉਂਕਿ ਦਹਿਸ਼ਤਗਰਦਾਂ ਦੇ ਟੋਲੇ ਬੰਦੂਕਾਂ ਆਦਿ ਖੋਹ ਲਿਆ ਕਰਦੇ ਸਨ।

ਸ਼ੌਕੀਨ ਪਾਪਾ - ਡਾ. ਕੰਚਨ
ਪਾਠਕਾਂ ਦੀ ਨਜ਼ਰ ਵਿਚ ਜਗਤਾਰ ਇਕ ਕਵੀ ਹੈ, ਪਰ ਮੈਂ ਅੱਜ ਪਾਠਕਾਂ ਨੂੰ ਇਕ ਸ਼ਾਇਰ ਤੋਂ ਇਲਾਵਾ ਇਕ ਅਲਬੇਲੇ ਜਗਤਾਰ ਨਾਲ ਮਿਲਵਾ ਰਹੀ ਹਾਂ। ਮੇਰੇ ਪਾਪਾ ਨੂੰ ਪੜ੍ਹਨ ਲਿਖਣ ਤੋਂ ਬਿਨਾ ਅਨੇਕਾਂ ਅਜਿਹੇ ਸ਼ੌਕ ਹਨ ਜਿਨ੍ਹਾਂ ਬਾਰੇ ਸ਼ਾਇਦ ਬਹੁਤੇ ਪਾਠਕ ਨਹੀਂ ਜਾਣਦੇ।
ਮੇਰੇ ਪਾਪਾ ਨੂੰ ਘਰੋਂ ਬਾਹਰ ਜਾਣ ਵੇਲੇ ਹਮੇਸ਼ਾ ਇਹੀ ਫ਼ਿਕਰ ਹੁੰਦਾ ਕਿ ਉਹਨਾਂ ਦੇ ਕੱਪੜੇ ਸੁਹਣੇ, ਪੱਗ ਸੁਹਣੀ ਤੇ ਬੂਟ ਚਮਕਦਾਰ ਹੋਣ, ਸਿਆਲਾਂ ਵਿਚ ਉਹ ਹਮੇਸ਼ਾ ਵਧੀਆ ਪੈਂਟ ਕੋਟ ਪਾ ਕੇ ਘਰੋਂ ਨਿਕਲਦੇ ਤੇ ਜਦ ਵਾਪਸ ਪਰਤਦੇ ਤਾਂ ਉਹਨਾਂ ਦੇ ਕਾਲਰ ’ਤੇ ਮੋਰ ਪੰਖੀਆ ਦਾ ਪੱਤਾ ਜਾਂ ਗੁਲਾਬ ਦੀ ਡੋਡੀ ਹੁੰਦੀ। ਇਹ ਉਸ ਦੌਰ ਦੀ ਗੱਲ ਹੈ ਜਦੋਂ ਮੈਂ ਸੱਤ-ਅੱਠ ਸਾਲ ਦੀ ਨਿੱਕੀ ਜਿਹੀ ਬੱਚੀ ਸੀ। ਪਾਪਾ ਦੇ ਘਰ ਆਉਣ ’ਤੇ ਮੈਂ ਮੰਜੇ ’ਤੇ ਖੜ੍ਹੀ ਹੋ, ਉਹ ਪੱਤਾ ਜਾਂ ਫੁੱਲ ਉਤਾਰ ਲੈਣਾ ਤੇ ਅਪਣੇ ਆਪ ਨੂੰ ਜੇਤੂ ਸਮਝਣਾ। ਪਾਪਾ ਨੂੰ ਸੋਹਣੇ ਕੱਪੜੇ, ਸੋਹਣੀਆਂ ਟਾਈਆਂ, ਸਿਲਕ ਦੀਆਂ ਕਮੀਜ਼ਾਂ, ਕਢਾਈਦਾਰ ਕੁੜਤੇ ਤੇ ਬਹੁਤ ਵਧੀਆ ਕਿਸਮ ਦੇ ਇਤਰ ਦਾ ਬੜਾ ਸ਼ੌਕ ਰਿਹਾ ਹੈ। ਪਾਪਾ ਦੇ ਇਤਰ ਬਾਰੇ ਇਕ ਛੋਟੀ ਜਿਹੀ ਗੱਲ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ।
ਪਾਪਾ ਨੂੰ ਪਾਕਿਸਤਾਨ ਤੋਂ ਕਿਸੇ ਨੇ ਕਸਤੂਰੀ ਦਾ ਇਤਰ ਭੇਜਿਆ। ਉਹਨਾਂ ਦਿਨਾਂ ਵਿਚ ਮੈਂ ਐਮ.ਏ. ਪੰਜਾਬੀ ਕਰ ਰਹੀ ਸੀ। ਪਾਪਾ ਨੇ ਅਪਣੇ ਸੁਭਾਅ ਮੁਤਾਬਕ ਹਫ਼ਤੇ ਵਿਚ ਇਕ ਵਾਰੀ ਇਹ ਇਤਰ ਜ਼ਰੂਰ ਲਾਉਣਾ ਤੇ ਸਾਡੀ ਪੂਰੀ ਕਲਾਸ ਨੂੰ ਪਤਾ ਲੱਗ ਜਾਣਾ ਕਿ ਜਗਤਾਰ ਸਰ ਹੁਣ ਗੇਟ ’ਤੇ ਆ ਗਏ ਹਨ ਤੇ ਹੌਲੀ ਹੌਲੀ ਇਹ ਖੁਸ਼ਬੂ ਸਾਡੇ ਵੱਲ ਵਧਦੀ ਆਉਣੀ ਤੇ ਨਾਲ ਹੀ ਪਾਪਾ ਨੇ ਕਲਾਸ ਵਿਚ ਖੜ੍ਹੇ ਹੋਣਾ।
ਪਾਪਾ ਨੂੰ ਫੋਟੋਗ੍ਰਾਫੀ ਦਾ ਸ਼ੌਕ ਤਾਂ ਮੇਰੇ ਹੋਸ਼ ਸੰਭਾਲਣ ਤੋਂ ਪਹਿਲਾਂ ਦਾ ਹੀ ਸੀ, ਪਰ 1980-81 ਵਿਚ ਇਹ ਸ਼ੌਕ ਖ਼ਬਤ ਬਣ ਗਿਆ ਤੇ ਪਾਪਾ ਨੇ ਠਾਣ ਲਈ ਕਿ ਮੈਂ ਪੰਜਾਬ ਦੀਆਂ ਪੁਰਾਣੀਆਂ ਹਵੇਲੀਆਂ, ਮੰਦਰਾਂ, ਗੁਰਦੁਆਰਿਆਂ, ਡੇਰਿਆਂ, ਮਸੀਤਾਂ ਆਦਿ ਦੀਆਂ ਦੀਵਾਰਾਂ ’ਤੇ ਹੋਈ ਚਿਤਕਾਰੀ ਨੂੰ ਕੈਮਰੇ ਵਿਚ ਉਤਾਰਨਾ ਹੈ। ਜਿਨ੍ਹਾਂ ਕੰਧ ਚਿੱਤਰਾਂ ਦੀ ਫੋਟੋਗਰਾਫ਼ੀ ਪਾਪਾ ਨੇ ਕੀਤੀ ਹੋਈ ਹੈ, ਉਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਕੰਧ-ਚਿੱਤਰ ਅੱਜ ਦੀਵਾਰਾਂ ’ਤੇ ਸਾਬਤ ਬਚਿਆ ਹੋਵੇ।
ਪਾਪਾ ਨੇ ਛੁੱਟੀ ਲੈ ਕੇ ਕੈਮਰੇ ਚੁੱਕ ਸ਼ਹਿਰੋਂ ਸ਼ਹਿਰ ਚਲੇ ਜਾਣਾ ਤੇ ਨਾਲ ਇਕ ਬੰਦਾ ਹੋਣਾ ਜਿਸ ਨੇ ਜਾ ਕੇ ਪਹਿਲਾਂ ਕੰਧਾਂ ਦੀ ਸਫਾਈ ਕਰਨੀ ਤੇ ਫੇਰ ਫੋਟੋਆਂ ਖਿੱਚੀਆਂ ਜਾਣੀਆਂ। ਇਸ ਤਰ੍ਹਾਂ ਪਾਪਾ ਨੇ ਸਾਰਾ ਪੰਜਾਬ, ਰਾਜਸਥਾਨ ਦੇ ਕਿਲ੍ਹੇ ਤੇ ਹਿੰਦੁਸਤਾਨ ਦੇ ਬੇਸ਼ਤਰ ਮੰਦਰਾਂ ਦੀ ਫੋਟੋਗ੍ਰਾਫੀ ਲਗਭਗ ਪੰਦਰਾਂ ਸਾਲਾਂ ਵਿਚ ਪੂਰੀ ਕਰ ਲਈ। ਉਹਨਾਂ ਨੇ ਜਦ ਵੀ ਰਾਜਸਥਾਨ ਦਾ ਦੌਰਾ ਕਰਕੇ ਪਰਤਣਾ, ਸਾਡੇ ਲਈ ਚੂੜੀਆਂ, ਜੁੱਤੀਆਂ, ਕੱਪੜੇ, ਊਠ ਦੀ ਉੱਨ ਦੀਆਂ ਸ਼ਾਲਾਂ ਤੇ ਚਾਂਦੀ ਦੇ ਗਹਿਣੇ ਲੈ ਕੇ ਪਰਤਣਾ ਤੇ ਫੇਰ ਆ ਕੇ ਫੋਟੋਗ੍ਰਾਫੀ ਵਾਲੀਆਂ ਸਲਾਇਡਾਂ ਇੰਗਲੈਂਡ ਵਿਚ ਰਹਿ ਰਹੇ ਸੰਤੋਖ ਅੰਕਲ ਨੂੰ ਡਾਕ ਰਾਹੀਂ ਭੇਜ ਦੇਣੀਆਂ ਤੇ ਫਿਰ ਸਿਲਸਿਲਾ ਸ਼ੁਰੂ ਹੋਣਾ ਇੰਤਜ਼ਾਰ ਦਾ। ਦਸ ਕੁ ਦਿਨ ਬਾਅਦ ਪਾਪਾ ਨੇ ਦੁਪਹਿਰ ਵੇਲੇ ਹਰ ਅੱਧੇ ਘੰਟੇ ਬਾਅਦ ਗੇਟ ’ਤੇ ਜਾਣਾ ''ਯਾਰ ਚਿੱਠੀ-ਰਸਾਨ ਅਜੇ ਨਹੀਂ ਆਇਆ, ਅੱਜ ਕੱਲ੍ਹ ਬੜਾ ਸੁਸਤ ਹੋ ਗਿਆ ਹੈ, ਚਲੋ ਥੋੜ੍ਹੀ ਦੇਰ ਹੋਰ ਇੰਤਜ਼ਾਰ ਕਰਦੇ ਹਾਂ।’’ ਜਦ ਕਿਤੇ ਉਹ ਸਲਾਇਡਾਂ ਵਾਪਸ ਆਉਣੀਆਂ ਤਾਂ ਕਿਤੇ ਪਾਪਾ ਦੀ ਜਾਨ ਵਿਚ ਜਾਨ ਆਉਣੀ। ਮੇਰੀ ਦਿਲੀ ਇੱਛਾ ਹੈ ਕਿ ਇਹ ਸਾਰਾ ਕੰਮ ਪੁਸਤਕ ਰੂਪ ਵਿਚ ਛਪ ਕੇ ਜਲਦੀ ਹੀ ਪਾਠਕਾਂ ਸਾਹਮਣੇ ਆ ਸਕੇ।
ਪਾਪਾ ਨੂੰ ਬਾਗਬਾਨੀ ਦਾ ਬੜਾ ਸ਼ੌਕ ਰਿਹਾ ਹੈ, ਖਾਸ ਕਰਕੇ ਫੁੱਲਾਂ ਵਾਲੇ ਪੌਦਿਆਂ ਦਾ। ਸਾਡੇ ਪਿੰਡ ਵਾਲੇ ਟਿਉੂਬਵੈੱਲ ’ਤੇ ਹਰ ਪ੍ਰਕਾਰ ਦੇ ਫੁੱਲ ਅਤੇ ਰੁੱਖ, ਪਾਪਾ ਨੇ ਅਪਣੇ ਹੱਥੀਂ ਲਗਵਾਏ ਸਨ। ਹੁਸ਼ਿਆਰਪੁਰ ਰਹਿੰਦਿਆਂ ਸਾਡਾ ਕਿਰਾਏ ਦਾ ਘਰ ਛੋਟਾ ਸੀ ਤੇ ਗਮਲੇ ਜ਼ਿਆਦਾ ਸਨ। ਜਿਨ੍ਹਾਂ ਵਿਚ ਘੱਟੋ-ਘੱਟ ਪੱਚੀ-ਤੀਹ ਕਿਸਮ ਦੀਆਂ ਗੁਲਦਾਉਂਦੀਆਂ ਅਤੇ ਦਸ ਪੰਦਰਾਂ ਕਿਸਮ ਦੇ ਗੁਲਾਬ ਸਨ। ਮੈਨੂੰ ਯਾਦ ਹੈ, ਜਦੋਂ ਅਸੀਂ ਜਲੰਧਰ ਵਾਲੇ ਘਰ ਸ਼ਿਫਟ ਕਰਕੇ ਆਏ ਤਾਂ ਪੰਜ ਸੌ ਗਮਲੇ ਲਈ ਵੱਖਰਾ ਟਰੱਕ ਕਰਨਾ ਪਿਆ। ਇਸੇ ਸ਼ੌਕ ਸਦਕਾ, ਪਾਪਾ ਨੇ ਜਲੰਧਰ ਵਾਲਾ ਘਰ ਪੰਜਾਹ ਮਰਲੇ (ਢਾਈ ਕਨਾਲ) ਵਿਚ ਬਣਾ ਲਿਆ। ਪਰ ਬਿਮਾਰੀ ਕਰਕੇ ਅਪਣੇ ਬਗੀਚੇ ਲਈ ਬਹੁਤਾ ਕੁਝ ਕਰ ਨਾ ਸਕੇ। ਅੱਜ ਵੀ ਮੈਂ ਕਦੇ ਕੋਈ ਪੌਦਾ ਖਰੀਦ ਕੇ ਲੈ ਜਾਵਾਂ ਤਾਂ ਪਾਪਾ ਆਪ ਖੜ੍ਹੇ ਹੋ ਕੇ ਉਹ ਪੌਦਾ ਲਗਵਾਉਂਦੇ ਹਨ ਤੇ ਰੋਜ਼ ਉੱਠ ਕੇ ਦੇਖਦੇ ਹਨ ਕਿ ਉਹ ਪੌਦਾ ਠੀਕ ਠਾਕ ਚੱਲ ਰਿਹਾ ਹੈ। ਪਾਪਾ ਦਾ ਸੁਭਾਅ ਵੀ ਤਾਂ ਫੁੱਲਾਂ ਵਰਗਾ ਹੈ, ਜਿਵੇਂ ਫੁੱਲ ਸੋਹਣੇ ਕਿਸਮ ਵਿਚ ਖਿਲਦੇ ਹਨ ਤੇ ਮਾੜੀ ਜਿਹੀ ਤੇਜ਼ ਹਵਾ ਉਹਨਾਂ ਨੂੰ ਤਾਰੋ ਤਾਰ ਕਰ ਦਿੰਦੀ ਹੈ। ਇਸੇ ਤਰ੍ਹਾਂ ਪਾਪਾ ਵੀ ਖਿੱਲਦੇ ਵੀ ਬਹੁਤ ਜਲਦੀ ਹਨ ਤੇ ਮਾੜੀ ਜਿਹੀ ਤਲਖ਼ੀ ਵੀ ਉਹਨਾਂ ਨੂੰ ਉਦਾਸ ਕਰ ਦਿੰਦੀ ਹੈ।
ਫੁੱਲਾਂ, ਫੋਟੋਗ੍ਰਾਫੀ, ਟਿਕਟਾਂ, ਸ਼ਿਕਾਰ ਤੋਂ ਬਿਨਾ ਪਾਪਾ ਦਾ ਇਕ ਬੜਾ ਮਹਿੰਗਾ ਸ਼ੌਕ ਪਾਠਕਾਂ ਨਾਲ ਸਾਂਝਾ ਕਰ ਰਹੀ ਹਾਂ। ਜਿਸ ਸਦਕਾ ਕਈ ਵਾਰੀ ਮੇਰੇ ਹੱਥ ਵੀ ਸੜੇ ਤੇ ਕੱਪੜੇ ਵੀ, ਪਰ ਪਾਪਾ ਨੇ ਕਿਹਾ ''ਚੱਲ ਕੋਈ ਨੀਂ, ਨਵਾਂ ਸੂਟ ਲੈ ਲਈਂ, ਪਰ ਮੇਰੇ ਸਿੱਕੇ ਸਾਫ ਕਰ ਦੇ।’’ ਪਾਪਾ ਨੂੰ ਪੁਰਾਣੇ ਸਿੱਕੇ ਤੇ ਪੁਰਾਣੀਆਂ ਵਸਤਾਂ ਦਾ ਬੜਾ ਸ਼ੌਕ ਰਿਹਾ ਹੈ। ਇਹਨਾਂ ਸਿੱਕਿਆਂ ’ਤੇ ਪੁਰਾਣੀਆਂ ਵਸਤਾਂ ਨੂੰ ਖਰੀਦਣ ਲਈ, ਉਹ ਕਬਾੜੀ ਦੀ ਦੁਕਾਨ ਤੋਂ ਲੈ ਕੇ, ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਤੱਕ ਘੁੰਮਦੇ ਰਹੇ। ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਖਰੀਦਣੇ, ਫਿਰ ਤੇਜ਼ਾਬ ਨਾਲ ਸਾਫ ਕਰਨੇ ਤੇ ਫਿਰ ਕਿਤਾਬਾਂ ਚੁੱਕ ਕੇ ਵੇਖਣਾ ਕਿ ਇਹ ਕਿਸ ਰਿਆਸਤ ਦਾ ਹੈ, ਕਿਹੜੇ ਰਾਜੇ ਦਾ ਹੈ, ਵਗੈਰਾ। ਪੁਰਾਣੀਆਂ ਵਸਤਾਂ ਜਿਵੇਂ ਚਾਂਦੀ ਤੇ ਪਿੱਤਲ ਦੀਆਂ ਮੂਰਤੀਆਂ, ਸੁਰਮੇਦਾਨੀਆਂ, ਫੁਲਕਾਰੀਆਂ, ਗਲਾਸ, ਥਾਲੀਆਂ, ਦੇਵੀ-ਦੇਵਤਿਆਂ ਦੇ ਬੁੱਤ, ਖਰਲ, ਊਠ, ਹਾਥੀ, ਘੋੜੇ (ਟੈਰਾਕੋਟ ਮਿੱਟੀ ਦਾ ਸਾਮਾਨ), ਦੀਵੇ, ਦੀਵਟ ਆਦਿ ਅੱਜ ਵੀ ਪਾਪਾ ਪਾਸ ਮਹਿਫੂਜ਼ ਪਏ ਹਨ। ਪਾਪਾ ਦੇ ਸਿੱਕਿਆਂ ਨਾਲ ਜੁੜੀ ਇਕ ਬੜੀ ਦਿਲਚਸਪ ਘਟਨਾ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਨੀ ਹੈ।
ਇਕ ਵਾਰੀ ਹਿਮਾਚਲ ਦੇ ਕਿਸੇ ਪਿੰਡ ਪਾਪਾ ਸਿੱਕੇ ਖਰੀਦਣ ਗਏ। ਕਿਸੇ ਸੁਨਿਆਰੇ ਦੀ ਦੁਕਾਨ ’ਚੋਂ ਨਿਕਲ ਕੇ ਇਕ ਹਿਮਾਚਲੀ ਲੜਕੇ ਨੂੰ ਪੁੱਛਿਆ ਕਿ ਇੱਥੋਂ ਕਿਤੇ ਸਿੱਕੇ ਮਿਲ ਸਕਦੇ ਹਨ, ਤਾਂ ਉਹ ਕਹਿੰਦਾ ''ਹਾਂ ਸਰਦਾਰ ਜੀ, ਮੇਰੇ ਨਾਲ ਚੱਲੋ, ਜਿੰਨੇ ਮਰਜ਼ੀ ਖਰੀਦੋ।’’ ਡੈਡੀ ਦੱਸਦੇ ਹਨ, ''ਮੈਂ ਬੜਾ ਖੁਸ਼ ਹੋਇਆ।’’ ਦੋ ਚਾਰ ਗਲੀਆਂ ਨਿਕਲ ਕੇ ਉਹ ਮੈਨੂੰ ਕਿਤਾਬਾਂ ਦੀ ਦੁਕਾਨ ’ਤੇ ਲੈ ਗਿਆ ਤੇ ਦੁਕਾਨਦਾਰ ਨੂੰ ਕਹਿਣ ਲੱਗਾ, ''ਸਰਦਾਰ ਜੀ ਨੂੰ ਪੈਨ ’ਚ ਪਾਉਣ ਲਈ ਸਿੱਕੇ ਚਾਹੀਦੇ ਹਨ।’’
ਪਾਪਾ ਨੂੰ ਧੂਣੀ ਦੀ ਅੱਗ ਦੇ ਸਾਹਮਣੇ ਬੈਠ ਕੇ ਗੱਲਾਂ ਕਰਨ ਦਾ ਬੜਾ ਸ਼ੌਕ ਹੈ। ਉਹ ਬੜੇ ਕੋਮਲ ਭਾਵੀ ਇਨਸਾਨ ਹਨ। ਔਰਤ ਜਾਤੀ ਲਈ ਉਹਨਾਂ ਦੇ ਅੰਦਰ ਅੰਤਾਂ ਦਾ ਸਤਿਕਾਰ ਹੈ। ਉਹ ਆਖਦੇ ਹਨ ''ਮੇਰੇ ਸਾਹਮਣੇ ਜਦੋਂ ਕੋਈ ਔਰਤ ਦੁਖੀ ਹੁੰਦੀ ਹੈ ਤਾਂ ਮੇਰਾ ਕਲੇਜਾ ਫਟਦਾ ਹੈ।’’ ਐਡਾ ਖੂਬਸੂਰਤ ਸਖਸ਼ ਜਿਸ ਨੂੰ ਸਾਰੀ ਲੁਕਾਈ ਨਾਲ ਪਿਆਰ ਹੈ, ਧੀਆਂ ਨਾਲ ਅੰਤਾਂ ਦਾ ਮੋਹ ਹੈ, ਉਹਨਾਂ ਦੀ ਸੰਗਤ ਵਿਚ ਸਾਨੂੰ ਰੱਬ ਦੀ ਓਟ ਜਾਪਦੀ ਹੈ। ਮੈਂ ਚਾਹੁੰਦੀ ਹਾਂ ਐਸੇ ਖੂਬਸੂਰਤ ਇਨਸਾਨ ਅਤੇ ਬਹੁਤ ਹੀ ਪਿਆਰੇ ਪਾਪਾ ਦਾ ਸਾਥ ਸਾਡੇ ਨਾਲ ਹਮੇਸ਼ਾਂ ਰਹੇ।

ਦੇਖਣ ਵਾਲ਼ੀ ਅੱਖ

ਦੇਖਣ ਵਾਲੀ ਅੱਖ – ਜਲੰਧਰ, ਦਸੰਬਰ 2008 (ਫੋਟੋਕਾਰ ਨੀਰਜ)

  ਤੇ ਫ਼ੋਟੋਗ੍ਰਾਫੀ ਦਾ ਸ਼ੌਕ ਕਿਵੇਂ ਪਿਆ ?
  ਮੇਰੀ ਘੁਮੰਤਰੂ ਫ਼ਿਤਰਤ ਕਰਕੇ ਮੈਂ ਸਾਰਾ ਹਿੰਦੁਸਤਾਨ ਗਾਹ ਮਾਰਿਆ। ਪਹਿਲਾਂ ਮੈਂ ਪੰਜਾਬ ਦਾ ਕੋਨਾ ਕੋਨਾ ਦੇਖਣ ਦਾ ਪ੍ਰਣ ਕੀਤਾ। ਘੁੰਮਣ ਫਿਰਨ ਦੇ ਸ਼ੌਕ ਨੇ ਹੀ ਮੈਨੂੰ ਫੋਟੋਗਰਾਫੀ ਦਾ ਸ਼ੌਕ ਲਾਇਆ। ਪੰਜਾਬ ਦੇ ਕੋਨੇ ਕੋਨੇ ’ਚ ਜਾ ਕੇ ਮੈਂ ਫੋਟੋਗਰਾਫੀ ਕੀਤੀ। ਗੁਰਦੁਆਰੇ, ਮਸੀਤਾਂ, ਮਹੱਲ, ਲੋਕਾਂ ਦੇ ਸ਼ਾਨਦਾਰ ਘਰਾਂ ਵਿਚਲੇ ਕੰਧ ਚਿਤਰ ਸਾਰਿਆਂ ਨੂੰ ਮੈਂ ਅਪਣੇ ਕੈਮਰੇ ਵਿਚ ਕੈਦ ਕਰਦਾ ਰਿਹਾ। ਦਰਅਸਲ ਸੈਰਸਪਾਟੇ ਅਤੇ ਫ਼ੋਟੋਗਰਾਫੀ ਦਾ ਸ਼ੌਕ ਵੀ ਮੈਨੂੰ ਇਕ ਵਿਰੋਧ ਵਿਚੋਂ ਹੀ ਲੱਗਿਆ।
1958-60 ਵਿਚ ਜਦੋਂ ਸੁਰਿੰਦਰ ਹੇਮ ਜੋਤੀ ਨੇ ‘ਹੇਮਜੋਤੀ’ ਨਾਂ ਦਾ ਪਰਚਾ ਕੱਢਿਆ ਤਾਂ ਉਦੋਂ ਉਹਨੇ ਅਪਣੇ ਨਾਲ ਕੰਵਰਜੀਤ ਸਿੰਘ ਕੰਗ ਵੀ ਰਲਾ ਲਿਆ। ਅਸੀਂ ਤਿੰਨਾਂ ਨੇ ਵੀ ਕਈ ਵਾਰ ਇਕੱਠਿਆਂ ਯਾਤਰਾ ਕੀਤੀ ਤੇ ਫੋਟੋਗ੍ਰਾਫੀ ਕੀਤੀ। ਸੁਰਿੰਦਰ ਹੇਮਜੋਤੀ ਬਹੁਤ ਹੀ ਇਮਾਨਦਾਰ ਬੰਦਾ ਸੀ। ਇਕ ਵਾਰ ਅਸੀਂ ਤਿੰਨੇ ਹਿਮਾਚਲ ਵਿਚ ਸੁਜਾਨਪੁਰ ਟੀਹਰਾ ਜਾ ਕੇ ਬੜੀਆਂ ਫੋਟੋਆਂ ਖਿੱਚੀਆਂ। ਇੱਥੇ ਦਰਿਆ ਦੇ ਕਿਨਾਰੇ ਇਕ ਮੰਦਰ ਹੈ, ਉੱਥੇ ਅਣਗਿਣਤ ਕਮਾਲ ਦੀਆਂ ਤਸਵੀਰਾਂ ਅਤੇ ਕੰਧ ਚਿੱਤਰ ਸਨ। ਹੁਣ ਉੱਥੇ ਕੁਝ ਨਹੀਂ ਰਿਹਾ। ਇਸ ਮੰਦਰ ਦੇ ਉੱਪਰਲੇ ਪਾਸੇ ਰਾਜੇ ਦਾ ਮਹੱਲ ਤੇ ਕਿਲ੍ਹਾ ਵੀ ਸੀ, ਉੱਥੇ ਵੀ ਸ਼ਾਨਦਾਰ ਕੰਧ ਚਿੱਤਰ ਸਨ। ਅਸੀਂ ਸਾਂਝੇ ਤੌਰ ’ਤੇ ਇੱਥੇ ਫੋਟੋਗ੍ਰਾਫੀ ਕੀਤੀ। ਬਹੁਤੀਆਂ ਫੋਟੋਆਂ ਮੈਂ ਹੀ ਖਿੱਚੀਆਂ। ਕੈਮਰਾ ਮੇਰਾ ਨਹੀਂ ਸੀ। ਉਹ ਕੰਵਰਜੀਤ ਸਿੰਘ ਕੰਗ ਦਾ ਸੀ। ਬਾਅਦ ਵਿਚ ਸੁਰਿੰਦਰ ਹੇਮਜੋਤੀ ਤਾਂ ਜਰਮਨੀ ਚਲਾ ਗਿਆ ਤੇ ਕੰਵਰਜੀਤ ਸਿੰਘ ਕੰਗ ਨੇ ਮੇਰੀਆਂ ਖਿੱਚੀਆਂ ਇਹ ਸਾਰੀਆਂ ਫੋਟੋਆਂ ਦੱਬ ਲਈਆਂ ਤੇ ਇਹਨਾਂ ਫੋਟੋਆਂ ਦੇ ਆਸਰੇ ਹੀ ਉਹਨੇ ਬਾਅਦ ਵਿਚ ਕੰਧ ਚਿੱਤਰਾਂ ਉੱਪਰ ਪੀ ਐਚ ਡੀ ਦਾ ਥੀਸਿਸ ਪੂਰਾ ਕੀਤਾ ਤੇ ਡਿਗਰੀ ਲਈ। ਮੇਰੇ ਮਨ ਵਿਚ ਇਸ ਗੱਲ ਦਾ ਬੜਾ ਗੁੱਸਾ ਰਿਹਾ। ਇਸ ਗੁੱਸੇ ਵਿਚ ਹੀ ਮੈਂ ਭਾਰਤ ਭ੍ਰਮਣ ਸ਼ੁਰੂ ਕਰ ਦਿੱਤਾ। ਉਦੋਂ ਹੀ ਫੋਟੋਗ੍ਰਾਫੀ ਦਾ ਸ਼ੌਕ ਜਨੂੰਨ ਤੱਕ ਪਹੁੰਚ ਗਿਆ। ਇਸ ਸ਼ੌਕ ਨੇ ਹਜ਼ਾਰਾਂ ਫੋਟੋਆਂ ਖਿਚਵਾਈਆਂ। ਪੰਜਾਬ ਤਾਂ ਪੰਜਾਬ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਜਿੱਥੇ ਕਿਤੇ ਵੀ ਮੈਨੂੰ ਦੱਸ ਪੈਂਦੀ, ਮੈਂ ਅਪਣਾ ਕੈਮਰਾ ਚੁੱਕ ਕੇ ਉੱਥੇ ਪਹੁੰਚ ਜਾਂਦਾ। ਮੈਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ, ਮਸੀਤਾਂ, ਕਿਲਿ੍ਹਆਂ ਤੇ ਕਬਰਾਂ ਦੀਆਂ ਫੋਟੋਆਂ ਵੀ ਖਿੱਚੀਆਂ। ਦੁਨੀਆ ਦੇ ਜਿਸ ਹਿੱਸੇ ਵਿਚ ਵੀ ਮੈਂ ਗਿਆ, ਮੇਰਾ ਕੈਮਰਾ ਮੇਰੇ ਨਾਲ ਰਿਹਾ। ਅੱਜ ਮੇਰੇ ਕੋਲ 4000 ਤੋਂ ਵੀ ਜ਼ਿਆਦਾ ਸਲਾਈਡਜ਼ ਪਈਆਂ ਹਨ, ਜਿਹਦੇ ਵਿਚ ਦੁਰਲਭ ਫੋਟੋਗ੍ਰਾਫੀ ਹੈ। ਮੇਰੇ ਇਸ ਸ਼ੌਕ ਕਰਕੇ ਭਾਵੇਂ ਮੇਰੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ, ਪਰ ਪਰਿਵਾਰ ਦਾ ਸਾਥ ਮੈਨੂੰ ਸਦਾ ਰਿਹਾ। ਬੱਚਿਆਂ ਨੇ ਕਦੇ ਕੋਈ ਜਿੱਦ ਨਹੀਂ ਕੀਤੀ, ਪਤਨੀ ਨੇ ਨਰਾਜ਼ਗੀ ਨਹੀਂ ਦਿਖਾਈ। ਮੈਂ ਅਪਣੀ ਤਨਖਾਹ ਦਾ ਇਕ ਹਿੱਸਾ ਘਰ ਦੇ ਦਿੰਦਾ ਸੀ ਤੇ ਕਹਿ ਦਿੰਦਾ ਸੀ- ਇਹਦੇ ਨਾਲ ਹੀ ਸਾਰੋ। ਉਂਝ ਪਿੰਡ ਦੀ ਜ਼ਮੀਨ ਦਾ ਠੇਕਾ ਆ ਜਾਂਦਾ ਸੀ। ਘਰ ਚੱਲੀ ਜਾਂਦਾ ਸੀ। ਇਸੇ ਕਰਕੇ ਮੈਂ ਅਪਣੇ ਸ਼ੌਕ ਪੂਰੇ ਕਰਦਾ ਰਿਹਾ।
ਮੇਰੇ ਫੋਟੋਗ੍ਰਾਫੀ ਦੇ ਸ਼ੌਕ ਨੂੰ ਅਸਲੀ ਦਿਸ਼ਾ ਬਖਸ਼ੀ ਬਰਤਾਨੀਆ ਦੀ ਸੰਸਾਰ ਪ੍ਰਸਿੱਧ ਫੋਟੋਗਰਾਫ਼ਰ ਵਰਜ਼ੀਨੀਆ ਫਾਸ ਨੇ। ਇਹ ਮੈਨੂੰ ਰਾਜਸਥਾਨ ਵਿਚ ਮਿਲੀ ਸੀ। ਇਹ ਭਾਰਤ ਦੀ ਇਕ ਸਟੇਟ ਸਮਥਰ ਦੇ ਰਾਜੇ ਰਣਜੀਤ ਸਿੰਘ ਦੀ ਦੋਸਤ ਸੀ। ਰਾਜੇ ਨੇ ਇਹਨੂੰ ਅਪਣਾ ਇਕ ਨੌਕਰ ਤੇ ਗੰਨਮੈਨ ਦਿੱਤਾ ਹੋਇਆ ਸੀ। ਇਹ ਉਦੋਂ ਭਾਰਤ ਦੇ ਕਿਲਿ੍ਹਆਂ ਉੱਪਰ ਫੋਟੋਗ੍ਰਾਫੀ ਕਰ ਰਹੀ ਸੀ। ਮੈਨੂੰ ਇਹ ਮਿਲੀ ਤੇ ਮੇਰਾ ਸ਼ੌਕ ਦੇਖ ਕੇ ਮੈਨੂੰ ਵਰਜ਼ੀਨੀਆ ਨੇ ਕਿਹਾ ਕਿ ਜੇ ਤੁਸੀਂ ਸੱਚਮੁੱਚ ਕੋਈ ਕੰਮ ਕਰਨਾ ਹੈ ਤਾਂ ਫਿਰ ਇਕ ਕੈਮਰੇ ਨਾਲ ਨਹੀਂ ਸਰਨਾ। ਹੋਰ ਕੈਮਰੇ ਖਰੀਦੋ। ਉਹਨੇ ਮੈਨੂੰ ਫੋਟੋਗ੍ਰਾਫੀ ਕਰਨ ਦੀ ਜਾਚ ਸਿਖਾਈ। ਉਹ ਮੈਨੂੰ ਉਦੋਂ ਪਹਿਲੀ ਤੇ ਆਖ਼ਰੀ ਵਾਰ ਮਿਲੀ। ਉਸ ਤੋਂ ਬਾਅਦ ਮੈਂ ਉਹਦੇ ਦੱਸੇ ਮੁਤਾਬਕ ਕੰਮ ਕਰਦਾ ਰਿਹਾ ਤੇ ਅੱਜ ਵੀ ਮੇਰੇ ਮਨ ਵਿਚ ਇਹ ਭਾਵਨਾ ਹੈ ਕਿ ਫੋਟੋਗ੍ਰਾਫੀ ਵਿਚ ਮੇਰੀ ਗੁਰੂ ਵਰਜ਼ੀਨੀਆ ਫਾਸ ਹੀ ਹੈ। ਵਰਜ਼ੀਨੀਆ ਨੇ ਸੰਸਾਰ ਭਰ ਦੇ ਕਿਲਿ੍ਹਆਂ ’ਤੇ ਕੰਮ ਕੀਤਾ ਹੈ। ਉਹਨੇ ਮੈਨੂੰ ਉਦੋਂ ਅਪਣੀ ਪੁਸਤਕ ਵੀ ਭੇਟ ਕੀਤੀ ਸੀ। ਇਸ ਪੁਸਤਕ ਵਿਚ ਉਹਨੇ ਭਾਰਤ ਦੇ ਕਿਲਿ੍ਹਆਂ ’ਤੇ ਸ਼ਾਨਦਾਰ ਫੋਟੋਗਰਾਫ਼ੀ ਕੀਤੀ ਹੈ। ਇਹ ਪੁਸਤਕ ਅੱਜ ਵੀ ਮੇਰੇ ਲਈ ਅਮੁੱਲ ਹੈ ਤੇ ਮੈਂ ਹਮੇਸ਼ਾ ਇਸ ਨੂੰ ਸਾਂਭ ਸਾਂਭ ਰੱਖਿਆ ਹੈ। ਇਕ ਵਾਰ ਮੈਂ ਉਹਦੇ ਮਹਾਰਾਜਾ ਦੋਸਤ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਖ਼ਤ ਲਿਖਿਆ ਉਹਨੇ ਖਤ ਦਾ ਜਵਾਬ ਵੀ ਦਿੱਤਾ ਤੇ ਕਿਹਾ ਕਿ ਤੁਸੀਂ ਫਲਾਣੇ ਫਲਾਣੇ ਦਿਨ ਅਤੇ ਟਿਕਾਣੇ ’ਤੇ ਮੈਨੂੰ ਮਿਲ ਸਕਦੇ ਹੋ। ਪਰ ਮੈਂ ਜਾ ਨਹੀਂ ਸਕਿਆ।
ਫੋਟੋਗ੍ਰਾਫੀ ਦੇ ਸ਼ੌਕ ਨੇ ਕਈ ਵਾਰ ਮੈਨੂੰ ਮੁਸ਼ਕਲਾਂ ਵਿਚ ਵੀ ਪਾਇਆ। ਬਹੁਤ ਸਾਰੇ ਹਾਦਸੇ ਹੋਏ, ਸਾਰਿਆਂ ਦਾ ਜ਼ਿਕਰ ਸੰਭਵ ਨਹੀਂ, ਪਰ ਤਰਨਤਾਰਨ ਨੇੜ੍ਹੇ ਦੇ ਰਾਹ ਵਿਚ ਇਕ ਘਟਨਾ ਹਾਲੇ ਵੀ ਕਈ ਵਾਰ ਕੰਬਣੀ ਛੇੜ ਦਿੰਦੀ ਹੈ। ਮੈਨੂੰ ਪਤਾ ਲੱਗਾ ਕਿ ਤਰਨਤਾਰਨ ਨੇੜ੍ਹੇ ਇਕ ਪਿੰਡ ਵਿਚ ਮੰਦਰ ਤੇ ਉਸਦੀ ਜ਼ਮੀਨ ਉੱਪਰ ਨਿਹੰਗਾਂ ਨੇ ਕਬਜ਼ਾ ਕਰ ਲਿਆ ਹੈ। ਮੈਂ ਅਪਣੀ ਸਾਲੀ ਦੇ ਮੁੰਡੇ ਬਿੱਟੂ ਨੂੰ ਲੈ ਕੇ ਉੱਧਰ ਨੂੰ ਤੁਰ ਪਿਆ। ਪਿੰਡ ਦੇ ਅੱਡੇ ਤੇ ਉਤਰ ਕੇ ਉਸ ਪਿੰਡ ਜਾਣ ਲਈ ਰਿਕਸ਼ੇ ਵਿਚ ਬੈਠੇ, ਸਾਡੇ ਨਾਲ ਹੀ ਰਿਕਸ਼ੇ ਵਾਲੇ ਨੇ ਇਕ ਹੋਰ ਸਵਾਰੀ ਬਿਠਾ ਲਈ। ਅਸੀਂ ਅਪਣੀਆਂ ਗੱਲਾਂ ਕਰੀ ਜਾ ਰਹੇ ਸਾਂ। ਨਾਲ ਦੀ ਸਵਾਰੀ ਸਾਨੂੰ ਪੁਲਿਸ ਦੇ ਬੰਦੇ ਸਮਝ ਬੈਠੀ। ਉਹਨੇ ਰਿਕਸ਼ੇ ਤੋਂ ਉਤਰਦਿਆਂ ਸਾਰ ਹੀ ਸ਼ੂਟ ਵੱਟ ਲਈ ਤੇ ਨਿਹੰਗਾਂ ਦੇ ਮੋਹਤਬਰ ਨੂੰ ਜਾ ਦੱਸਿਆ ਕਿ ਪੁਲਿਸ ਦੇ ਬੰਦੇ ਇਨਕੁਆਰੀ ਕਰਨ ਆ ਰਹੇ ਹਨ। ਸਾਨੂੰ ਰਿਕਸ਼ੇ ਤੋਂ ਉਤਰ ਕੇ ਥੋੜ੍ਹੀ ਦੂਰ ਤੱਕ ਪੈਦਲ ਚੱਲਣਾ ਪਿਆ। ਉਦੋਂ ਤੱਕ ਨਿਹੰਗਾਂ ਨੇ ਸਾਨੂੰ ਘੇਰ ਲਿਆ ਤੇ ਅਪਣੇ ਮੁਖੀ ਕੋਲ ਲੈ ਗਏ। ਮੁਖੀ ਨੇ ਰੋਅਬਦਾਰ ਆਵਾਜ਼ ’ਚ ਪੁੱਛਿਆ, ”ਤੁਸੀਂ ਪੁਲਿਸ ਦੇ ਬੰਦੇ ਹੋ।’’ ਅਸੀਂ ਕਿਹਾ, ”ਨਹੀਂ।’’ ਉਹਨੇ ਕਿਹਾ,”ਪਰੂਫ ਦਿਖਾਓ।’’ ਬਿੱਟੂ ਨੇ ਅਪਣਾ ਕਾਲਜ ਦਾ ਸ਼ਨਾਖਤੀ ਕਾਰਡ ਦਿਖਾ ਦਿੱਤਾ। ਮੇਰੇ ਕੋਲ ਕੁਝ ਨਹੀਂ ਸੀ। ਮੈਂ ਕਿਹਾ, ”ਮੈਂ ਹੁਸ਼ਿਆਰਪੁਰ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਹਾਂ।’’ ਉਹਨੇ ਉਲਟਾ ਸਵਾਲ ਕੀਤਾ, ”ਤੂੰ ਹਰੀਆਂ ਵੇਲਾਂ ਵਾਲੇ ਦਾ ਵਾਕਫ਼ ਹੈਂ।’’ ਮੈਂ ਕਿਹਾ, ”ਮੈਂ ਜਾਣਦਾ ਹਾਂ ਇਕ ਵਾਰ ਉੱਥੇ ਫੋਟੋਗ੍ਰਾਫੀ ਵੀ ਕਰਨ ਗਿਆ ਸੀ। ਉਹ ਮੇਰੇ ਨਾਂ ਤੋਂ ਵਾਕਫ ਨਹੀਂ, ਪਰ ਮੈਂ ਉਹਨਾਂ ਨੂੰ ਮਿਲਿਆ ਕਈ ਵਾਰ ਹਾਂ।’’ ਸਾਡੀ ਗੱਲਬਾਤ ਚੱਲ ਹੀ ਰਹੀ ਸੀ ਕਿ ਏਨੇ ਨੂੰ ਇਕ ਨਿਹੰਗ ਉੱਥੇ ਆ ਗਿਆ। ਉਹਨੇ ਸਾਨੂੰ ਨੰਗੀਆਂ ਚਿੱਟੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ, ”ਇਹ ਪੁਲਿਸ ਦੇ ਬੰਦੇ ਆ, ਇਨ੍ਹਾਂ ਨੂੰ ਹੁਣ ਤੱਕ ਮਾਰਿਆ ਕਿਉਂ ਨਹੀਂ।’’ ਬਿੱਟੂ ਬਹੁਤ ਘਬਰਾ ਗਿਆ। ਮੈਂ ਅੰਦਰੋਂ ਡਰ ਤਾਂ ਗਿਆ ਪਰ ਸੁਰਤ ਵਿਚ ਰਿਹਾ। ਨਿਹੰਗਾਂ ਦੇ ਮੁਖੀ ਨੇ ਉਸ ਨਿਹੰਗ ਨੂੰ ਘੂਰਿਆ ਤੇ ਕਿਹਾ, ”ਚੁੱਪ ਕਰ ਬਈ, ਮੈਂ ਪ੍ਰੋਫੈਸਰਾਂ ਦੀ ਕਦਰ ਕਰਦਾਂ।’’ ਤੇ ਫਿਰ ਸਾਡੇ ਵੱਲ ਮੁਖ਼ਾਤਬ ਹੋ ਕੇ ਕਿਹਾ, ਤੁਸੀਂ ਜਾ ਸਕਦੇ ਹੋ, ਪਰ ਇੱਥੇ ਫੋਟੋਆਂ ਨਹੀਂ ਖਿੱਚਣੀਆਂ। ਉਹਨੇ ਨਾਲ ਹੀ ਕਿਹਾ ਇਨ੍ਹਾਂ ਨੂੰ ਗਰਮਾ ਗਰਮ ਦੁੱਧ ਪਿਆਓ ਬਈ। ਬਿੱਟੂ ਨੂੰ ਹਾਲੇ ਵੀ ਤ੍ਰੇਲੀਆਂ ਆਈ ਜਾਣ। ਅਸੀਂ ਮਸਾਂ ਮਸਾਂ ਦੁੱਧ ਪੀਤਾ ਤੇ ਉੱਥੋਂ ਦਬਾ ਦਬ ਮੁੜ ਆਏ।
ਇਸੇ ਤਰ੍ਹਾਂ ਪੰਜਾਬੋਂ ਬਾਹਰ ਵੀ ਕਈ ਧਾਰਮਿਕ ਅਸਥਾਨਾਂ ਵਾਲਿਆਂ ਨੇ ਸਾਨੂੰ ਫੋਟੋਗ੍ਰਾਫੀ ਕਰਨ ਤੋਂ ਰੋਕਿਆ। ਇਕ ਵਾਰ ਅਸੀਂ
ਗੜ੍ਹ ਕੁੰਡਾਰ ਕਿਲ੍ਹੇ ਦੀਆਂ ਫੋਟੋਆਂ ਖਿੱਚਣ ਬਾਰੇ ਤਿੰਨ ਸਾਲ ਲਗਾਤਾਰ ਸੋਚਦੇ ਰਹੇ ਤੇ ਜਦੋਂ ਅਸੀਂ ਉੱਧਰ ਨੂੰ ਗਏ ਤਾਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਾਲਤਾਂ ਸਨ। ਉਸ ਕਿਲ੍ਹੇ ਤੱਕ ਪਹੁੰਚਣਾ ਬਹੁਤ ਔਖਾ ਸੀ। ਝਾਂਸੀ ਤੋਂ ਅੱਗੇ ਇਹਦੇ ਰਾਹ ਵਿਚ ਜੰਗਲ ਹੈ। ਅਸੀਂ ਚਾਰ ਜਣੇ ਸਾਂ। ਰਾਹ ਵਿਚ ਇਕ ਚਾਹ ਦੀ ਦੁਕਾਨ ਵਾਲੇ ਤੋਂ ਪੁੱਛਿਆ ਤਾਂ ਉਹਨੇ ਸਾਫ਼ ਕਿਹਾ, ”ਤੁਸੀਂ ਮਰਨਾ ਹੈ, ਕੀ ਘਰਦਿਆਂ ਨੂੰ ਤੁਹਾਡੀ ਲੋੜ ਨਹੀਂ?’’
ਇਸੇ ਦੌਰਾਨ ਉੱਥੇ ਇਕ ਬੱਸ ਆਈ, ਕੁਝ ਸਵਾਰੀਆਂ ਉਤਰੀਆਂ ਤਾਂ ਉਸੇ ਚਾਹ ਵਾਲੇ ਨੇ ਉਹਨਾਂ ਨੂੰ ਕਿਹਾ, ”ਇਨ੍ਹਾਂ ਸਿੱਖਾਂ ਨੂੰ ਸਮਝਾਓ ਇਹ ਮਰਨਗੇ।’’ ਸਾਡੇ ਮਨ ਵਿਚ ਡਰ ਬੈਠ ਰਿਹਾ ਸੀ ਪਰ ਅਸੀਂ ਰੁਕੇ ਨਹੀਂ। ਉਂਝ ਮੈਂ ਅਪਣੀ ਗੁਰੂ ਵਰਜ਼ੀਨੀਆ ਦੀ ਕਿਤਾਬ ਪੜ੍ਹ ਚੁੱਕਾ ਸਾਂ। ਜਿਸ ਵਿਚ ਇਸ ਕਿਲ੍ਹੇ ਬਾਰੇ ਵੀ ਜ਼ਿਕਰ ਸੀ ਕਿ ਉੱਥੇ ਤੱਕ ਪਹੁੰਚਣਾ ਬੇਹੱਦ ਖ਼ਤਰਨਾਕ ਹੈ। ਅਸੀਂ ਥੋੜ੍ਹੇ ਹੋਰ ਅੱਗੇ ਗਏ ਤਾਂ ਇਕ ਬੰਦਾ ਟੱਕਰਿਆ। ਉਹਨੂੰ ਪੁੱਛਿਆ, ”ਕੀ ਕਿਲ੍ਹੇ ਵੱਲ ਜਾਂਦਿਆਂ ਰਾਹ ਵਿਚ ਕੋਈ ਖ਼ਤਰਾ ਹੈ।’’ ਤਾਂ ਉਹਨੇ ਕਿਹਾ, ”ਖ਼ਤਰਾ ਤਾਂ ਸਦਾ ਹੀ ਹੁੰਦਾ ਹੈ, ਪਰ ਅੱਜ ਨਹੀਂ ਹੈ, ਕਿਉਂਕਿ ਡਾਕੂ ਕੱਲ੍ਹ ਹੀ ਆ ਕੇ ਗਏ ਨੇ। ਅੱਜ ਉਹ ਨਹੀਂ ਆਉਣਗੇ।’’ ਸੋ ਅਸੀਂ ਇਸ ਰੁਮਾਂਚ ਅਤੇ ਡਰ ਭਰੇ ਮਾਹੌਲ ਵਿਚ ਉਸ ਕਿਲ੍ਹੇ ਤੱਕ ਪਹੁੰਚੇ ਤੇ ਉਹਦੀ ਫੋਟੋਗਰਾਫ਼ੀ ਕੀਤੀ।
  ਸੁਣਿਐ ਤੁਸੀਂ ਸੱਪਾਂ ‘ਤੇ ਵੀ ਕੰਮ ਕੀਤਾ ਹੈ ?
  ਸੱਪਾਂ ਬਾਰੇ ਮੇਰਾ ਗਿਆਨ ਬਹੁਤਾ ਨਹੀਂ, ਪਰ ਮੈਂ ਐਨ.ਬੀ.ਟੀ. ਵਾਲਿਆਂ ਲਈ ਇਕ ਕਿਤਾਬ ਅਨੁਵਾਦ ਕੀਤੀ ਸੀ ‘ਸਨੇਕਸ ਆਫ ਇੰਡੀਆ’। ਇਸ ਕਿਤਾਬ ਨੂੰ ਅਨੁਵਾਦ ਕਰਦਿਆਂ ਸੱਪਾਂ ਦੀਆਂ ਕਿਸਮਾਂ, ਜ਼ਹਿਰੀਲੇ ਤੇ ਘੱਟ ਜ਼ਹਿਰੀਲੇ, ਮਿੱਟੀ ਖਾਣੇ ਅਤੇ ਹਰ ਤਰ੍ਹਾਂ ਦੇ ਸੱਪਾਂ ਬਾਰੇ ਮੈਨੂੰ ਭਰਪੂਰ ਜਾਣਕਾਰੀ ਮਿਲੀ। ਸੱਪ ਦੇ ਡੰਗੇ ਹੋਣ ਦੀਆਂ ਨਿਸ਼ਾਨੀਆਂ ਕੀ ਹਨ? ਇਹਦੀ ਸਾਰੀ ਜਾਣਕਾਰੀ ਵੀ ਉਥੋਂ ਹੀ ਮਿਲੀ।

ਵਿਕਾਊ ਹਨ ਸਿੱਕੇ

ਫੋਟਗ੍ਰਾਫੀ ਵਿੱਚ ਜਗਤਾਰ ਦੀ ਗੁਰੂ ਵਰਜ਼ੀਨੀਆ ਫਾਸ ਅਪਣੇ ਅੰਗਰਖਿਅੱਕ ਅਤੇ ਨੌਕਰ ਨਾਲ

  ਹਜ਼ਾਰਾਂ ਦੀ ਤਦਾਦ ਵਿਚ ਇੱਕਠੇ ਕੀਤੇ ਸਿੱਕਿਆਂ ਦਾ ਹੁਣ ਕੀ ਕਰਨਾਂ ਹੈ?
  ਸਿੱਕੇ ਇਕੱਠੇ ਕਰਨ ਦਾ ਸ਼ੌਕ ਮੈਨੂੰੂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਸਕੂਲ ਦੇ ਪ੍ਰਿੰਸੀਪਲ ਤੋਂ ਲੱਗਾ। ਉਹਨੂੰ ਸ਼ੌਕ ਤਾਂ ਸੀ, ਪਰ ਕਿਉਂਕਿ ਉਹਨੂੰ ਅਰਬੀ, ਫਾਰਸੀ ਬਹੁਤੀ ਨਹੀਂ ਸੀ ਆਉਂਦੀ, ਇਸ ਕਰਕੇ ਉਹਨੂੰ ਸਿੱਕਿਆਂ ਦੀ ਪਹਿਚਾਣ ਕਰਨ ਵਿਚ ਬਹੁਤ ਮੁਸ਼ਕਲ ਪੇਸ਼ ਆਉਂਦੀ ਸੀ। ਉਹ ਇਹਦੇ ਲਈ ਮੇਰੇ ਤੋਂ ਮੱਦਦ ਲੈਂਦਾ। ਪਹਿਲਾਂ ਪਹਿਲ ਮੈਂ ਉਹਦੇ ਸਿੱਕੇ ਪੜ੍ਹਦਾ ਰਿਹਾ, ਫਿਰ ਮੇਰਾ ਅਪਣਾ ਸ਼ੌਕ ਵਧ ਗਿਆ। ਮੈਂ ਬੇਸ਼ੁਮਾਰ ਸਿੱਕੇ ਇਕੱਠੇ ਕੀਤੇ ਹਨ। ਇਸ ਵੇਲੇ ਮੇਰੇ ਕੋਲ ਕਈ ਰਾਜਿਆਂ, ਸੁਲਤਾਨਾਂ, ਮੁਗਲਾਂ, ਰਿਆਸਤਾਂ, ਮਹਾਰਾਜਾ ਰਣਜੀਤ ਸਿੰਘ ਅਤੇ ਇੰਡੋ ਗਰੀਕ ਦੇ ਸਿੱਕੇ ਪਏ ਹਨ। ਪਰ ਅੱਜ ਮੈਂ ਸੋਚਦਾਂ ਕਿ ਮੈਂ ਇਹ ਪੈਸੇ ਬਰਬਾਦ ਹੀ ਕੀਤੇ ਹਨ। ਕਿਉਂਕਿ ਬਹੁਤੇ ਸਿੱਕੇਬਾਜ਼ ਬੇਈਮਾਨ ਲੋਕ ਹਨ। ਮੇਰੀ ਮੌਤ ਤੋਂ ਬਾਅਦ ਜਿਹੜਾ ਇਕ ਸਿੱਕਾ ਇਕ ਲੱਖ ਰੁਪਏ ਦਾ ਹੈ, ਉਹ ਕਿਸੇ ਨੇ ਮੇਰੇ ਬੱਚਿਆਂ ਕੋਲੋਂ 200 ਰੁਪਏ ਵਿਚ ਵੀ ਨਹੀਂ ਖ਼ਰੀਦਣਾ। ਹੁਣ ਮੈਂ ਅਪਣੇ ਇਕ ਦੋਸਤ ਨੂੰ ਕਿਹਾ ਹੈ ਕਿ ਤੂੰ ਮੇਰੇ ਸਾਰੇ ਸਿੱਕੇ ਲੱਗੀ ਕੀਮਤ ’ਤੇ ਹੀ ਮੇਰੇ ਕੋਲੋਂ ਲੈ ਜਾ। ਸ਼ਾਇਦ ਉਹ ਲੈ ਜਾਵੇ ਤੇ ਇਹ ਸਿੱਕੇ ਸਾਂਭੇ ਜਾਣ ‘ਤੇ ਮੇਰੇ ਇਸ ਕੁਲੱਛਣੇ ਸ਼ੌਕ ਤੋਂ ਮੇਰਾ ਖਹਿੜਾ ਛੁੱਟੇ। ਹੁਣ ਮੈਂ ਸਿੱਕੇ ਨਹੀਂ ਖ਼ਰੀਦਦਾ ਕਿਉਂਕਿ ਅੱਜ ਕੱਲ੍ਹ ਤਾਂ ਨਕਲੀ ਸਿੱਕਿਆਂ ਦਾ ਵੀ ਪੂਰਾ ਵਪਾਰ ਚੱਲ ਰਿਹਾ ਹੈ। ਉਂਝ ਸਿੱਕਿਆਂ ਦੀ ਪਛਾਣ ਕਰਨ ਵਾਲੇ ਭਾਰਤ ਦੇ ਕੁਝ ਚੋਣਵੇਂ ਬੰਦਿਆਂ ਵਿਚ ਮੇਰਾ ਨਾਂ ਬੋਲਦਾ ਹੈ।

  ਕੰਧ ਚਿੱਤਰਾਂ ਦੇ ਸੌਕ ਬਾਰੇ ਵੀ ਕੁਝ ਦੱਸੋ?
  ਭਾਰਤ ਦਾ ਕੋਈ ਹਿੱਸਾ ਨਹੀਂ ਜਿੱਥੋਂ ਦਸ ਪਈ ਹੋਵੇ ਤੇ ਕੰਧ ਚਿੱਤਰਾਂ ਨੂੰ ਕੈਮਰੇ ਵਿਚ ਕੈਦ ਕਰਨ ਲਈ ਮੈਂ ਉੱਥੇ ਨਾ ਗਿਆ ਹੋਵਾਂ। ਇਸ ਸ਼ੌਕ ਨੇ ਕਈ ਵਾਰ ਪੁਲਿਸ ਵਾਲਿਆਂ ਨਾਲ ਵੀ ਉਲਝਾਇਆ। ਪਰ ਕਿਤੇ ਕੋਈ ਬਹੁਤੀ ਤੰਗੀ ਨਹੀਂ ਆਈ। ਜਾਂ ਇਉਂ ਕਹਿ ਲਓ ਉਦੋਂ ਹਿੰਦੁਸਤਾਨ ਦਾ ਵਾਤਾਵਰਣ ਚੰਗਾ ਸੀ। ਪੁਲਿਸ ਵੀ ਅਦਬ ਨਾਲ ਪੇਸ਼ ਆਉਂਦੀ ਸੀ। ਹੋਟਲ ਵਗੈਰਾ ਵੀ ਸਸਤੇ ਸਨ।
ਇਕ ਦਿਲਚਸਪ ਘਟਨਾ ਸੁਣਾਉਂਦਾ ਹਾਂ।
ਇਕ ਵਾਰ ਅਸੀਂ ਦਵਾਰਕਾ ਤੋਂ 24 ਮੀਲ ’ਤੇ ਅਰਬ ਸਾਗਰ ਤੋਂ ਪਾਰ ਬੇਟ ਦੁਵਾਰਕਾ ਵੱਲ ਗਏ। ਸਾਨੂੰ ਪਤਾ ਲੱਗਾ ਸੀ ਕਿ ਉਥੇ ਬਹੁਤ ਰੇਅਰ ਕੰਧ ਚਿੱਤਰ ਹਨ। ਅਸੀਂ ਪਹੁੰਚੇ, ਫੋਟੋਗ੍ਰਾਫੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਾਂਡਿਆਂ ਨੇ ਵਰਜਿਆ। ਅਸੀਂ ਫੋਟੋਗ੍ਰਾਫੀ ਕਰਨ ਲਈ ਬਜਿੱਦ ਸਾਂ। ਉਹ ਪੁੱਛਣ- ਤੁਸੀਂ ਕੌਣ ਹੋ? ਅਸੀਂ ਕਿਹਾ, ਕਿ ਸਰਕਾਰੀ ਬੰਦੇ ਹਾਂ। ਉਹਨਾਂ ਕਿਹਾ ਸਬੂਤ ਦਿਖਾਓ। ਕਰਨੈਲ ਸਿੰਘ ਨਿੱਝਰ ਕਾਰ ਵਿਚੋਂ ਕਾਗਜ਼ ਲੈਣ ਤੁਰ ਪਿਆ। ਮੱਖਣ ਸਿੰਘ ਮਾਨ ਤੇ ਜਸਵੰਤ ਬੇਗੋਵਾਲ ਕਿਤੇ ਦੂਰ ਟਹਿਲ ਰਹੇ ਸਨ। ਮੈਂ ਇਕੱਲਾ ਰਹਿ ਗਿਆ। ਪਾਂਡਿਆਂ ਨੇ ਮੈਨੂੰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ। ਏਨੇ ਨੂੰ ਮੇਰੇ ਸਾਥੀ ਇਕੱਠੇ ਹੋ ਗਏ। ਉਹਨਾਂ ਆਪਣੇ ਕਾਗਜ਼ ਪੱਤਰ ਦਿਖਾਏ ਤਾਂ ਜਾ ਕੇ ਮੈਨੂੰ ਛੱਡਿਆ ਗਿਆ।
ਜਦੋਂ ਅਸੀਂ ਇਸ ਤਰ੍ਹਾਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਜਾਂਦੇ ਸਾਂ ਤਾਂ ਸ਼ਰਾਬ ਵੀ ਸਾਡੀ ਗੱਡੀ ਵਿਚ ਪਈ ਹੁੰਦੀ ਸੀ। ਇਕ ਵਾਰ ਗੁਜਰਾਤ ਵੱਲ ਗਏ, ਉੱਥੇ ਸ਼ਰਾਬ ’ਤੇ ਪਾਬੰਦੀ ਸੀ। ਸਾਨੂੰ ਨਹੀਂ ਸੀ ਪਤਾ। ਅਸੀਂ ਆਮ ਵਾਂਗ ਹੀ ਉਥੋਂ ਪੀਂਦੇ-ਖਾਂਦੇ ਲੰਘੇ। ਬਾਅਦ ਵਿਚ ਸਾਨੂੰ ਪਤਾ ਲੱਗਾ ਤਾਂ ਅਸੀਂ ਬੜੇ ਹੈਰਾਨ ਹੋਏ ਤੇ ਸੋਚਿਆ ਕਿ ਖ਼ੁਸ਼ਕਿਸਮਤੀ ਨਾਲ ਹੀ ਬਚ ਗਏ ਹਾਂ, ਜੇ ਫੜੇ ਜਾਂਦੇ ਤਾਂ ਛੇ-ਛੇ ਮਹੀਨੇ ਲਈ ਅੰਦਰ ਹੋ ਜਾਣਾ ਸੀ। ਉੰਝ ਮੈਂ ‘ਨਵਾਂ ਜ਼ਮਾਨਾ’ ਅਤੇ ‘ਅਜੀਤ’ ਦੇ ਸ਼ਨਾਖਤੀ ਕਾਰਡ ਬਣਵਾਏ ਹੋਏ ਸੀ। ਉਹ ਬਹੁਤ ਵਾਰ ਕੰਮ ਆਉਂਦੇ ਰਹੇ।
  ਕਿਤਾਬਾਂ, ਪੇਂਟਿੰਗ ਅਤੇ ਸਟੈਂਪਸ ਦਾ ਸੌਕ ਵੀ ਤੁਹਾਨੂੰ ਬਹੁਤ ਥਾਂਈਂ ਲੈ ਗਿਆ ਹੋਵੇਗਾ
  ਮੈਂ ਬਹੁਤ ਰੇਅਰ ਕਿਤਾਬਾਂ ਇਕੱਠੀਆਂ ਕੀਤੀਆਂ ਹਨ। ਖਾਸ ਤੌਰ ’ਤੇ ਫਾਰਸੀ ਅਤੇ ਉਰਦੂ ਦੀਆਂ ਉਹ ਕਿਤਾਬਾਂ ਮੇਰੇ ਕੋਲ ਹਨ, ਜਿਹੜੀਆਂ ਪੰਜਾਬ ਵਿਚ ਸ਼ਾਇਦ ਹੀ ਕਿਸੇ ਕੋਲ ਹੋਣ। ਇਸੇ ਤਰ੍ਹਾਂ ਜਿੰਨੀਆਂ ਪੇਂਟਿੰਗਜ਼ ਮੇਰੇ ਕੋਲ ਪਈਆਂ ਹਨ, ਅਜੇਹੀਆਂ ਦੁਨੀਆ ਦੀਆਂ ਬੇਹਤਰੀਨ ਪੇਂਟਿੰਗਜ਼, ਉਹ ਪੰਜਾਬ ਦੇ ਕਿਸੇ ਵੀ ਲੇਖਕ, ਇਥੋਂ ਤੱਕ ਪੰਜਾਬ ਦੇ ਕਿਸੇ ਪੇਂਟਰ ਕੋਲ ਵੀ ਸ਼ਾਇਦ ਨਾ ਹੋਣ। ਪੇਂਟਿੰਗਜ਼ ਲਈ ਮੈਂ ਏਨਾ ਦੀਵਾਨਾ ਹਾਂ ਕਿ ਪੈØਰਿਸ ਦਾ ਅਜਾਇਬ ਘਰ ਦੇਖਦਿਆਂ ਮੈਂ ਪੂਰੇ ਤਿੰਨ ਦਿਨ ਲਾ ਦਿੱਤੇ। ਅਮਰੀਕਾ ਦੇ ਬਹੁਤ ਸਾਰੇ ਅਜਾਇਬ ਘਰਾਂ ਵਿਚ ਪੇਂਟਿੰਗਜ਼ ਦੇਖਣ ਦਾ ਮੈਨੂੰ ਸੁਭਾਗ ਹੈ। ਐਮਸਟਰਡਮ ਵਿਚੋਂ ਕੁਝ ਪੇਂਟਿੰਗਜ਼ ਦੀਆਂ ਕਾਪੀਆਂ ਮੈਂ ਖ਼ਰੀਦੀਆਂ ਵੀ। ਇੱਥੇ ਮੈਂ ਵੈਨਗੌਗ ਦਾ ਮਿਉਜ਼ੀਅਮ ਕਈ ਦਿਨ ਲਾ ਕੇ ਵੇਖਿਆ। ਵਿਦੇਸ਼ਾਂ ਵਿਚ ਜਿੱਥੇ ਵੀ ਮੈਨੂੰ ਦੱਸ ਪਈ ਮੈਂ ਗਿਆ, ਪੇਂਟਿੰਗਜ ਦੇਖੀਆਂ, ਪਰ ਇਸ ਕਾਬਲ ਨਹੀਂ ਸੀ ਕਿ ਮੈਂ ਇਨ੍ਹਾਂ ਨੂੰ ਖ਼ਰੀਦ ਸਕਦਾ।
ਸਟੈਂਪਸ ਦਾ ਪਤਾ ਹੀ ਨਹੀਂ ਕਿ ਮੈਂ ਕਿੰਨੀਆਂ ਕੁ ਇਕੱਠੀਆਂ ਕੀਤੀਆਂ ਹਨ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੀਆਂ ਸਟੈਂਪਸ ਮੈਂ ਖ਼ਰੀਦਦਾ ਰਿਹਾ। ਕੁਝ ਦੁਨੀਆ ਭਰ ਤੋਂ ਆਉਂਦੀਆਂ ਚਿੱਠੀਆਂ ਤੋਂ ਵੀ ਮੈਂ ਟਿਕਟਾਂ ਲਾਹ ਲਾਹ ਕੇ ਇਕੱਠੀਆਂ ਕਰਦਾ ਰਿਹਾ। ਹੁਣ ਤਾਂ ਚਿੱਠੀ ਪੱਤਰ ਦਾ ਜ਼ਮਾਨਾ ਹੀ ਜਾਂਦਾ ਦਿਖਾਈ ਦੇ ਰਿਹਾ ਹੈ। ਬਹੁਤੀ ਗੱਲਬਾਤ ਫ਼ੋਨ ’ਤੇ ਹੀ ਹੁੰਦੀ ਹੈ।
  ਸ਼ੌਕ ਤਾਂ ਤੁਹਾਨੂ ਕੁੱਤਿਆਂ ਦਾ ਵੀ ਬਹੁਤ ਰਿਹਾ ਪਰ ਅੱਜ ਘਰ ਵਿਚ ਕੋਈ ਕੁੱਤਾ ਦਿਖਾਈ ਨਹੀਂ ਦੇ ਰਿਹਾ?
  ਕੁੱਤੇ ਰੱਖਣ ਦਾ ਸ਼ੌਕ ਮੇਰੇ ਨਾਲੋਂ ਵੀ ਜ਼ਿਆਦਾ ਮੇਰੀ ਬੀਵੀ ਅਤੇ ਮੇਰੀਆਂ ਬੱਚੀਆਂ ਨੂੰ ਹੈ। ਬਹੁਤੇ ਕੁੱਤੇ ਮੈਂ ਅਲਸੈਸ਼ਨ ਰੱਖੇ। ਇਹ ਕਮਾਲ ਦੇ ਕੁੱਤੇ ਹੁੰਦੇ ਹਨ। ਇਸ ਤੋਂ ਇਲਾਵਾ ਬੁਲਟੇਰੀਆ, ਡਲਮੇਸ਼ੀਅਨਜ਼, ਜਰਮਨ ਸ਼ੈਫਰਡ ਅਤੇ ਪਾਮੇਰੀਅਨ ਕੁੱਤੇ ਸਾਡੇ ਕੋਲ ਰਹੇ ਹਨ। ਮੈਨੂੰ ਕੁੱਤਿਆਂ ਦੀ ਪਛਾਣ ਵੀ ਬਹੁਤ ਹੈ। ਇਹ ਇਤਫ਼ਾਕ ਹੀ ਹੈ ਕਿ ਅੱਜ ਤੁਸੀਂ ਮੇਰੇ ਘਰ ਆਏ ਹੋ ਤਾਂ ਇੱਥੇ ਕੋਈ ਕੁੱਤਾ ਨਹੀਂ। ਅੱਜ ਕੱਲ੍ਹ ਮੇਰੀ ਬੇਟੀ ਨੀਰਜ ਅਤੇ ਮੇਰੀ ਬੀਵੀ ਜ਼ਿਦ ਕਰ ਰਹੀਆਂ ਹਨ ਕਿ ਰੌਟਵੀਲ੍ਹਰ ਕੁੱਤਾ ਰੱਖਣਾ ਹੈ। ਇਹ ਬੜਾ ਖ਼ਤਰਨਾਕ ਕੁੱਤਾ ਹੈ। ਮੈਂ ਥੋੜ੍ਹਾ ਜੱਕੋ ਤੱਕੋ ਵਿਚ ਹਾਂ। ਮੇਰੀ ਸਿਹਤ ਹੁਣ ਇਸ ਤਰ੍ਹਾਂ ਦੇ ਕੁੱਤੇ ਰੱਖਣ ਵਾਲੀ ਨਹੀਂ। ਪਰ ਮੈਨੂੰ ਲੱਗਦਾ ਹੈ ਮੇਰੀ ਬੇਟੀ ਅਤੇ ਮੇਰੀ ਬੀਵੀ ਅਪਣੀ ਜਿੱਦ ਪੁਗਾ ਕੇ ਹੀ ਹਟਣਗੀਆਂ।
ਸੋ ਇਹ ਮੇਰੇ ਕੁਝ ਅਜਿਹੇ ਸ਼ੌਕ ਹਨ, ਜਿਹੜੇ ਜੀਵਨ ਭਰ ਮੈਨੂੰ ਅਨੰਦਤ ਤੇ ਰੁਮਾਂਚਿਤ ਕਰਦੇ ਰਹੇ। ਮੈਂ ਬੜੇ ਪੈਸੇ ਬਰਬਾਦ ਕੀਤੇ ਹਨ। ਚੰਗੀ ਗੱਲ ਇਹ ਹੈ ਕਿ ਮੇਰੀਆਂ ਬੱਚੀਆਂ ਅਤੇ ਮੇਰੀ ਬੇਗਮ ਨੇ ਕਦੇ ਵੀ ਮੇਰੇ ਇਨ੍ਹਾਂ ਸ਼ੌਕਾਂ ’ਤੇ ਕੋਈ ਇਤਰਾਜ਼ ਤੇ ਗੁੱਸਾ ਪ੍ਰਗਟ ਨਹੀਂ ਕੀਤਾ। ਤੁਸੀਂ ਇਹ ਗੱਲਾਂ ਪੁਛ ਲਈਆਂ, ਨਹੀਂ ਤਾਂ ਮੈਂ ਕਦੇ ਇਨ੍ਹਾਂ ਦਾ ਸ਼ਾਇਦ ਜ਼ਿਕਰ ਨਾ ਕਰਦਾ।
  ਹੁਣ ਉਮਰ ਦੇ ਪਝਤਰਵੇਂ ਡੰਡੇ ਤੇ ਖਲੋਤਿਆਂ ਗ਼ੁਜ਼ਰੇ ਹੋਏ ਦਿਨਾਂ ਦਾ ਲੇਖਾ ਕਿਹੋ ਜਿਹਾ ਲੱਗਦਾ ਹੈ? ਕੀ ਕੋਈ ਪਛਤਾਵਾ ਵੀ ਹੈ?
  ਗੁਜ਼ਰੇ ਦਿਨ ਮਾੜੇ ਚੰਗੇ ਜਿਸ ਤਰ੍ਹਾਂ ਦੇ ਵੀ ਸੀ, ਅਸੀਂ ਕਿਸੇ ਅੱਗੇ ਹੱਥ ਨਹੀਂ ਅੱਡਿਆ! ਕੁਝ ਦੋਸਤਾਂ ਦੀ ਮਿਹਰ ਜ਼ਰੂਰ ਰਹੀ ਹੈ। ਪਛਤਾਵਾ ਸਿਰਫ਼ ਏਨਾ ਹੈ ਕਿ ਮੈਂ 2006 ਤੋਂ ਪਿੱਛੋਂ ਸਿਹਤ ਦੀ ਖਰਾਬੀ ਕਾਰਨ ਕਿਤੇ ਆ ਜਾ ਨਹੀਂ ਸਕਿਆ, ਪਰ ਅਜੇ ਨਾ ਉਮੀਦ ਨਹੀਂ।
  ਕੀ ਉਮਰ ਦੇ ਬੀਤਣ ਨਾਲ ਜਜ਼ਬਿਆਂ ਦੀ ਅੱਗ ਦਾ ਸੇਕ ਠੰਡਾ ਨਹੀਂ ਹੋ ਗਿਆ?
  ਠੰਡਾ ਨਹੀਂ ਹੋਇਆ ਪਹਿਲਾਂ ਵਾਂਗ ਹੀ ਕਾਇਮ ਹੈ। ਮੇਰੇ ਹੱਥ ਕੰਮ ਨਹੀਂ ਕਰਦੇ, ਨਾੜਾਂ ਵਿਚ ਕੋਈ ਕਸਰ ਪੈ ਗਈ ਹੈ, ਉਂਜ ਵੀ ਮੈਂ Asthma, Heart ਅਤੇ Sugar ਰੋਗ ਦਾ ਮਰੀਜ਼ ਹਾਂ, ਪਰ ਜਿੰਨਾ ਕੁ ਹੋ ਸਕੇ ਕੰਮ ਕਰਦਾ ਰਹਿੰਦਾ ਹਾਂ।
  ਤੁਸੀਂ ਅਪਣੀ ਕਾਵਿ ਪ੍ਰਾਪਤੀ ਦੀ ਗੱਲ ਪੂਰੇ ਸਵੈਮਾਣ ਨਾਲ ਕਰਦੇ ਹੋ, ਕਰਨੀ ਵੀ ਬਣਦੀ ਹੈ। ਪਰ ਕਈ ਵਾਰ ਇਹ ਸਵੈਮਾਣ ਹੱਦਾਂ ਪਾਰ ਕਰਕੇ ਆਤਮ-ਅਭਿਮਾਨ ਕਿਉਂ ਬਣਨ ਲੱਗਦਾ ਹੈ?
  ਜਦੋਂ ਮੇਰਾ ਸਵੈਮਾਣ ਹੱਦਾਂ ਪਾਰ ਕਰੇ ਤੁਸੀਂ ਉਸ ਬਾਰੇ ਲਿਖੋ ਤਾਂ ਕਿ ਮੈਂ ਇਸਦਾ ਕਾਰਨ ਸਮਝ ਸਕਾਂ । ਉਂਜ ਵੀ ਮੈਂ ਕੋਈ ਦੇਵਤਾ ਨਹੀਂ ਸ਼ਾਇਦ ਕੁਝ ਕਜ ਮੇਰੇ ਲੇਖਾਂ ਤੇ ਕਵਿਤਾਵਾਂ ਵਿਚ ਤੁਹਾਨੂੰ ਲੱਭੇ ਹੋਣ।

ਸਾਹਿਤ ‘ਚ ਸਿਆਸਤ

  ਤੁਹਾਨੂੰ ਜਥੇਬੰਦਕ ਕੰਮਾਂ ਦਾ ਵੀ ਤਜਰਬਾ ਹੈ, ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹਿ ਚੁੱਕੇ ਹੋ। ਕੀ ਜਥੇਬੰਦੀਆਂ ਲੇਖਕਾਂ ਦਾ ਕੁਝ ਸਵਾਰਦੀਆਂ ਹਨ?
  ਜਥੇਬੰਦਕ ਤਜਰਬਾ ਹੈ ਪਰ ਹੁਣ ਮੈਂ ਅਜਿਹੀਆਂ ਜਥੇਬੰਦੀਆਂ ਤੋਂ ਬਾਜ਼ ਆਇਆ। ਵਾਸਤਵ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਕਈ ਤਰ੍ਹਾਂ ਦੀਆਂ ਧੜੇਬੰਦੀਆਂ ਦਾ ਸ਼ਿਕਾਰ ਹੈ। ਇਕ ਧਿਰ ਦਾ ਦੂਜੀ ਧਿਰ ਨੂੰ ਚਿੱਤ ਕਰਨ ਦਾ ਵਿਚਾਰ ਹਰ ਵੇਲੇ ਭਾਰੀ ਰਹਿੰਦਾ ਹੈ। ਖ਼ਾਸ ਕਰਕੇ ਸੀ.ਪੀ.ਆਈ ਦਾ ਰੋਲ, ਸੀ.ਪੀ.ਆਈ. ਐਮ. ਦਾ ਰੋਲ, ਇਸ ਦੇ ਜੇਤੂ ਧੜੇ ਨੂੰ ਮਾਰਨ ਦੀਆਂ ਸਕੀਮਾਂ ਘੜਦਾ ਰਹਿੰਦਾ ਹੈ। ਖੁLਦਾ ਦੂਰ ਹੀ ਰੱਖੇ ਅਜਿਹੀਆਂ ਧੜੇਬੰਦੀਆਂ ਤੋਂ।
ਜਦੋਂ ਮੈਂ ਪ੍ਰਧਾਨ ਸਾਂ ਤਾਂ ਸਾਡੇ ਜਨਰਲ ਸਕੱਤਰ ਨੇ ਹੀ ਮੇਰੀ ਹਾਜ਼ਰੀ ਵਿਚ ਦੋ ਤਿੰਨ ਵਾਰੀ ਅਸਤੀਫ਼ਾ ਦਿੱਤਾ, ਮੈਂ ਬੜੀ ਮੁਸ਼ਕਿਲ ਰੋਕਿਆ। ਉਂਜ ਵੀ ਇਸ ਵਿਚ ਪ੍ਰਧਾਨ ਬਰਾਏ ਨਾਮ ਹੀ ਹੁੰਦਾ ਹੈ। ਬਹੁਤੀ ਪਾਵਰ ਜਨਰਲ ਸਕੱਤਰ ਕੋਲ ਹੁੰਦੀ ਹੈ। ਜੋ ਅਪਣੀ ਮਰਜ਼ੀ ਦਾ ਇਸਤੇਮਾਲ ਕਰਦਾ ਰਹਿੰਦਾ ਹੈ। ਮੈਂ ਤਾਂ ਹੁਣ ਇਸ ਸਭਾ ਨੂੰ 95 ਫੀਸਦੀ ਵੋਟ ਦੇਣ ਤੋਂ ਵੀ ਗੁਰੇਜ਼ ਕਰਾਂਗਾ।
  ਤੁਸੀਂ ਲਹਿਰਾਂ ਦੇ ਨਾਲ-ਨਾਲ ਕਦੇ ਰੁਮਾਂਟਿਕ, ਕਦੇ ਪ੍ਰਗਤੀਵਾਦੀ ਕਦੇ ਜੁਝਾਰਵਾਦੀ ਆਦਿ ਬਣਨ ਦਾ ਸਿਲਸਿਲਾ ਲਗਾਤਾਰ ਬਣਾਈ ਰੱਖਿਆ, ਤੁਹਾਡੇ ਕਈ ਸਮਕਾਲੀਆਂ ਨੇ ਤੁਹਾਡੀ ਇਸ ਰੁਚੀ ਬਾਰੇ ਤਨਜ਼ੀਆ ਲਹਿਜ਼ੇ ਵਿਚ ਵੀ ਪ੍ਰਤੀਕਰਮ ਪ੍ਰਗਟਾਏ। ਇਸ ਬਾਰੇ ਤੁਹਾਡਾ ਅਪਣਾ ਕੀ ਖ਼ਿਆਲ ਹੈ?
  ਮੇਰੇ ਬਾਰੇ ਲੋਕ ਬਹੁਤ ਕੁਝ ਕਹਿੰਦੇ ਹਨ। ਮੈਂ ਖੁLਸ਼ ਹਾਂ। ਉਹਨਾਂ ਨੂੰ ਕਹਿਣ ਦਿਓ। ਮੈਂ ਜੋ ਹਾਂ ਸੋ ਹਾਂ। ਮੈਂ ਤਾਂ ਸਮਝਦਾ ਹਾਂ ਕਿ ਮੇਰੇ ਸਮਕਾਲੀ ਮੇਰੇ ਬਾਰੇ ਕੁਝ ਵੀ ਨਹੀਂ ਕਹਿੰਦੇ ਸਗੋਂ ਮੈਨੂੰ ਇਗਨੋਰ ਕਰਕੇ ਪਛਾੜਨ ਦਾ ਯਤਨ ਕਰਦੇ ਹਨ। ਪਰ ਮੈਂ ਸਦਾ ਇਗਨੋਰਡ ਤੇ ਪਛੜੇ ਹੋਏ ਲੋਕਾਂ ਬਾਰੇ ਲਿਖਿਆ ਹੈ।
ਮੁਨੀਰ ਨਿਆਜ਼ੀ ਬੜਾ ਵਧੀਆ ਸ਼ਾਇਰ ਸੀ, ਪਰ ਉਸ ਦੀ ਟੋਟਲ ਕਵਿਤਾ ਦਾ ਵਿਸ਼ਾ ਇੱਕੋ ਥਾਂ ਖੜ੍ਹਾ ਹੈ। ਮੈਂ ਇਕ ਥਾਂ ਬੱਝੇ ਰਹਿਣਾ ਪਸੰਦ ਨਹੀਂ ਕਰਦਾ। ਵਾਸਤਵ ਵਿਚ ਮੇਰੀਆਂ ਜ਼ਿਆਦਾਤਰ ਕਵਿਤਾਵਾਂ ਮਾਰਕਸਵਾਦੀ ਹਨ। ਨਜਮ ਹੁਸੈਨ ਸੱਯਦ ਦੀਆਂ ਵੀ ਜ਼ਿਆਦਾਤਰ ਕਵਿਤਾਵਾਂ ਵਿਕਾਸਸ਼ੀਲ ਨਹੀਂ। ਚੰਗੀ ਤਰ੍ਹਾਂ ਗਹੁ ਨਾਲ ਵਾਚੋ ਤਾਂ ਹਰਭਜਨ ਸਿੰਘ ਦੀ ਕਵਿਤਾ ਇਕ ਦਾਇਰੇ ਵਿਚ ਘੁੰਮਦੀ ਹੈ।
  ਅੱਜ ਦੇ ਦੌਰ ਦੇ ਦੋ ਪੰਜਾਬੀ ਸ਼ਾਇਰ ਅਤੇ ਗ਼ਜ਼ਲਗੋ ਹਨ-ਇਕ ਤੁਸੀਂ ਅਤੇ ਦੂਜਾ ਸੁਰਜੀਤ ਪਾਤਰ। ਪਾਤਰ ਨੇ ਅਪਣੀ ਇਕ ਮੁਲਾਕਾਤ ਵਿਚ ਕਿਹਾ ਸੀ ਕਿ ਜਗਤਾਰ ਨੂੰ ਮੇਰੇ ‘ਤੇ ਐਵੇਂ ਹੀ ਗੁੱਸਾ ਆਉਂਦਾ ਰਹਿੰਦਾ ਹੈ। ਕੀ ਇਹ ਗੱਲ ਠੀਕ ਹੈ ਕਿ ਤੁਹਾਡਾ ਮਨ ਉਹਨੂੰ ਅਪਣੇ ਬਰਾਬਰ ਦਾ ਸ਼ਾਇਰ ਮੰਨਣ ਲਈ ਤਿਆਰ ਨਹੀਂ?
  ਪਾਤਰ ਵਧੀਆ ਕਵੀ ਹੈ। ਭਲਾ ਮੈਨੂੰ ਉਹਦੇ ’ਤੇ ਗੁੱਸਾ ਕਿਉਂ ਆਵੇਗਾ। ਤੁਹਾਡਾ ਪ੍ਰਸ਼ਨ ਵੀ ਅਜੀਬ ਹੈ। ਜੇ ਮੈਂ ਉਸ ਨੂੰ ਅਪਣੇ ਬਰਾਬਰ ਦਾ ਕਵੀ ਨਾ ਵੀ ਸਮਝਾਂ ਤਾਂ ਉਸ ਨੂੰ ਕੀ ਫ਼ਰਕ ਪਵੇਗਾ? ਪਾਤਰ ਦੁਨੀਆਂ ਵਿਚ ਬੜਾ ਨਾਂ ਕਮਾ ਚੁੱਕਾ ਹੈ। ਕੀ ਤੁਸੀਂ ਦੱਸ ਸਕਦੇ ਹੋ ਜਿੰਨੀ ਚਰਚਾ ਉਸਦੀ ਹੋ ਰਹੀ ਹੈ ਜਾਂ ਹੋਈ ਹੈ ਹੋਰ ਕਿਹੜੇ ਕਵੀ ਦੀ ਹੋਈ ਹੈ।
ਪਾਤਰ ਨੂੰ ਵੀ ਅਜਿਹਾ ਸ਼ਾਇਦ ਇਸ ਲਈ ਕਹਿਣਾ ਪਿਆ ਹੋਵੇ ਕਿ ਮੇਰਾ ਉਸ ਨਾਲ ਕੋਈ ਦੋਸਤਾਂ ਵਾਲਾ ਸਬੰਧ ਨਹੀਂ, ਮੈਂ ਦੋ ਚਾਰ ਵਾਰੀ ਉਸ ਦੇ ਘਰ ਵੀ ਗਿਆ ਹਾਂ। ਉਹ ਮੇਰੀ ਬੇਟੀ ਦੇ ਵਿਆਹ ’ਤੇ ਵੀ ਆਇਆ ਸੀ। ਮੈਂ ਜੇ ਉਸਨੂੰੂ ਚੰਗਾ ਕਵੀ ਜਾਂ ਅਪਣੇ ਬਰਾਬਰ ਨਾ ਵੀ ਸਮਝਾਂ ਤਾਂ ਉਸ ਨੂੰ ਕੀ ਫ਼ਰਕ ਪਵੇਗਾ? ਉਹ ਵਧੀਆ ਕਵੀ ਹੈ। ਪਰ ਅੱਜ ਕੱਲ੍ਹ ਉਸਦੀ ਕਵਿਤਾ ਤੇ ਗ਼ਜ਼ਲ ਨਿਵਾਣ ਵੱਲ ਆ ਰਹੀ ਹੈ।

ਅਕਾਦਮੀਆਂ ਦੇ ਸ਼ਰਮਨਾਕ ਇਨਾਮ

  ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਪੰਜਾਬੀ ਜ਼ਬਾਨ ਅਤੇ ਸਾਹਿਤ ਦੀ ਬੇਹਤਰੀ ਲਈ ਕੀ ਹਾਂ-ਮੁਖੀ ਭੂਮਿਕਾ ਰਹੀ ਹੈ?
  ਵਿਸ਼ਵ ਪੰਜਾਬੀ ਕਾਨਫਰੰਸਾਂ ਦੀ 1990 ਤੱਕ ਚੰਗੀ ਭੂਮਿਕਾ ਰਹੀ, ਫੇਰ ਤਾਂ ਇਹ ਕੁਰਾਹੇ ਪੈ ਗਈ। ਸ਼ਾਇਦ ਇਸ ਵਾਰੀ ਇਹ ਫੇਰ ਜੀਊਂਦੀ ਹੋ ਸਕੇ। ਪਰ ਮੈਂ ਸਮਝਦਾ ਹਾਂ ਸਾਹਿਤ ਅਕਾਡਮੀ ਲੁਧਿਆਣਾ, ਸਾਹਿਤ ਤੇ ਕਲਾ ਪ੍ਰੀਸ਼ਦ ਚੰਡੀਗੜ੍ਹ ਆਦਿ ਸਭ ਸਭਾਵਾਂ ਹੁਣ ਡੁੱਬੀਆਂ ਹੀ ਪਈਆਂ ਨੇ। ਅਦੀਬਾਂ ਨੂੰ ਨਿੱਜੀ ਲਾਭ ਉਠਾਉਣ ਦੀ ਲਿਲਕ ਵਧੇਰੇ ਹੈ।
  ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਰਾਜਨੀਤਕ ਦਖ਼ਲ ਅਤੇ ਕੁਝ ਸਾਹਿਤਕ ਪਰਜੀਵੀਆਂ ਦੀ ਘੁਸਪੈਠ ਨੂੰ ਤੁਸੀਂ ਕਿਵੇਂ ਲੈਂਦੇ ਹੋ?
  ਏਸੇ ਰਾਜਨੀਤਕ ਦਖ਼ਲ ਅਤੇ ਕੁਝ ਇਕ ਸਾਹਿਤਕ ਪਰਜੀਵੀਆਂ ਤੇ ਕਿਸੇ ਹੱਦ ਤੱਕ ਵਿਸ਼ਵ ਵਿਦਿਆਲਿਆਂ, ਟੀ.ਵੀ. ਤੇ ਰੇਡੀਓ ਦੇ ਸੋ ਕਾਲਡ ਲੇਖਕਾਂ ਦੇ ਕਾਰਨ ਇਹ ਨਾਮੋਸ਼ੀ ਪੈਦਾ ਹੋਈ ਹੈ। ਅੱਜ ਦੇ ਜ਼ਿਆਦਾਤਰ ਲੇਖਕ ਇਸ ਆਪਹੁਦਰੇਪਨ ਦਾ ਸ਼ਿਕਾਰ ਹਨ। ਚੰਡੀਗੜ੍ਹ ਦੀ ਅਕਾਡਮੀ ਤੇ ਸਾਹਿਤ ਅਕਾਡਮੀ ਦਿੱਲੀ ਦੇ ਦਿੱਤੇ ਗਏ ਇਸ ਵਾਰੀ ਦੇ ਇਨਾਮ ਸ਼ਰਮਨਾਕ ਉਦਾਹਰਨਾਂ ਹਨ।
ਉਂਝ ਸਾਹਿਤ ਅਕਾਦਮੀ ਦਾ ਐਵਾਰਡ ਇਸ ਵਾਰੀ ਹੀ ਏਨੀ ਨੀਵੀਂ ਪੱਧਰ ਦੇ ਲੇਖਕ ਨੂੰ ਨਹੀਂ ਮਿਲਿਆ। ਪਹਿਲਾਂ ਵੀ ਸੁਖਪਾਲਵੀਰ ਹਸਰਤ, ਡਾ. ਵਿਸ਼ਵਨਾਥ ਤਿਵਾੜੀ ਆਦਿ ਨੂੰ ਮਿਲਦੇ ਰਹੇ ਹਨ।

  ਪੰਜਾਬੀ ਵਿਚ ਦਿਨੋਂ ਦਿਨ ਫੈਲਦਾ ਜਾ ਰਿਹਾ ਰੂ-ਬ-ਰੂਆਂ, ਘੁੰਡ ਚੁਕਾਈਆਂ ਦਾ ਚੱਕਰ ਜੋ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ, ਤੁਹਾਨੂੰ ਚੰਗਾ ਲੱਗਦਾ ਹੈ?
  ਪੰਜਾਬੀ ਵਿਚ ਰੂਬਰੂ ਜਾਂ ਸਾਹਿਤਕ ਇਨਾਮਾਂ ਲਈ ਦੌੜ ਤੇ ਘੁੰਡ ਚੁਕਾਈਆਂ ਦਾ ਚੱਕਰ ਬਿਲਕੁਲ ਪਸੰਦ ਨਹੀਂ ਪਰ ਕਈ ਵਾਰੀ ਕਈਆਂ ਫੰਕਸ਼ਨਾਂ ਵਿਚ ਬੰਦਾ ਫਸ ਜਾਂਦਾ ਹੈ, ਉਸ ਨੂੰ ਪਤਾ ਨਹੀਂ ਹੁੰਦਾ ਕਿ ਉੱਥੇ ਘੁੰਡ ਚੁਕਾਈ ਦੀ ਰਸਮ ਵੀ ਹੋਵੇਗੀ। ਪਰ ਉੱਚ ਪਾਏ ਦੇ ਲੇਖਕਾਂ ਬਾਰੇ ਸੰਜੀਦਗੀ ਨਾਲ ਗੋਸ਼ਟੀ ਕਰਨੀ ਬੁਰੀ ਨਹੀਂ। ਏਸ ਤਰ੍ਹਾਂ ਰੂਬਰੂ ਵੀ ਸਾਹਿਤ ਵਿਚ ਬੜਾ ਕੰਮ ਕਰ ਚੁੱਕੇ ਅਦੀਬਾਂ ਬਾਰੇ ਕਰਨਾ, ਕਰਵਾਉਣਾ ਬੁਰੀ ਗੱਲ ਨਹੀਂ। ਇਸ ਤਰ੍ਹਾਂ ਲੇਖਕ ਬਾਰੇ ਕਾਫ਼ੀ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਸਾਹਿਤਕਾਰ ਨੂੰ ਅਪਣੀਆਂ ਊਣਤਾਈਆਂ ਦਾ ਪਤਾ ਲੱਗ ਜਾਂਦਾ ਹੈ, ਪਰ ਅੱਜ ਕੱਲ੍ਹ ਜੋ ਰੂਬਰੂ ਅਨਾੜੀਆਂ ਬਾਰੇ ਹੋ ਰਹੇ ਹਨ, ਮੈਂ ਉਹਨਾਂ ਦਾ ਵਿਰੋਧੀ ਹਾਂ। ਸਾਡੇ 80 ਪ੍ਰਤੀਸ਼ਤ ਲੇਖਕ ਜਾਣਦੇ ਹਨ ਕਿ ਪ੍ਰੋਗਰਾਮਾਂ ਪਿੱਛੋਂ ਪੀਣ ਪਲਾਉਣ ਦਾ ਦੌਰ ਵੀ ਚੱਲੇਗਾ, ਸੋ ਲੇਖਕ ਜਮ੍ਹਾਂ ਹੋ ਜਾਂਦੇ ਹਨ। ਪਿੱਛੋਂ ਕਦੇ ਉਸ ਲੇਖਕ ਦੀ ਗੱਲ ਵੀ ਨਹੀਂ ਕਰਦੇ।
  ਸਰਕਾਰੀ ਅਤੇ ਗੈਰ ਸਰਕਾਰੀ ਸਾਹਿਤਕ ਇਨਾਮਾਂ ਦੀ ਦੌੜ ਜੋ ਅਪਰਾਧੀਕਰਨ ਤੱਕ ਪਹੁੰਚ ਚੁੱਕੀ ਹੈ, ਤੁਹਾਨੂੰ ਪਸੰਦ ਹੈ? ਜੇ ਨਹੀਂ ਤਾਂ ਇਹਦਾ ਕੀ ਇਲਾਜ ਕੀਤਾ ਜਾਵੇ?
  ਇਹ ਬੀਮਾਰੀ ਅਜੇ ਵਧੇਗੀ। ਮੈਂ ਇਸ ਦਾ ਕੀ ਇਲਾਜ ਕਰਾਂ ਜਾਂ ਦੱਸਾਂ? ਨਾ ਮੈਂ ਇਸ ਬਿਮਾਰੀ ਦਾ ਸ਼ਿਕਾਰ ਹਾਂ ਨਾ ਮੇਰੇ ਪਾਸ ਕੋਈ ਇਲਾਜ ਹੈ। ਪਰ ਫੋਕੀਆਂ ਪੁਸਤਕਾਂ ਬਾਰੇ ਤਾਰੀਫ਼ੀ ਭਾਸ਼ਣ ਲੇਖਕ ਨੂੰ ਦੋ ਚਾਰ ਦਿਨ ਲਈ ਖ਼ੁਸ਼ ਜ਼ਰੂਰ ਕਰ ਜਾਂਦੇ ਹਨ।
  ਕੀ ਤੁਸੀਂ ਖੁਦ ਕਦੇ ਕਿਸੇ ਇਨਾਮ ਲਈ ਨੱਠ ਭੱਜ ਕੀਤੀ ਹੈ?
  ਮੈਂ ਤਾਂ ਕੋਸ਼ਿਸ਼ ਕਰਨ ਵਾਲਿਆਂ ਦੇ ਸਿਰ ਖੇਹ ਵੀ ਨਹੀਂ ਪਾਉਂਦਾ। ਇਕ ਵਾਰੀ ਮੈਂ ਭਾਸ਼ਾ ਵਿਭਾਗ ਦੇ ਕਾਵਿ ਇਨਾਮ ਲਈ ਇਕ ਸ਼ਾਇਰ ਦੀ ਸਿਫ਼ਾਰਸ਼ ਕਰ ਬੈਠਾ ਸੀ, ਹਾਲੇ ਤੱਕ ਪਛਤਾ ਰਿਹਾ ਹਾਂ। ਇਕ ਸੇਅਰ ਸੁਣੋ-

ਟਾਟਾਂ ਨੂੰ ਵੀ ਜਦ ਤਰਸੇ ਕਬੀਲਾ ਮੇਰਾ,
ਸਨਮਾਨ ‘ਚ ਕੀ ਕਰਨੈ, ਦੁਸ਼ਾਲਾ ਲੈ ਕੇ।

ਸਾਧੂ ਸਿੰਘ ਹਮਦਰਦ, ਡਾ. ਜਗਤਾਰ, ਜਸਵੰਤ ਸਿੰਘ ਕੰਵਲ ਅਤੇ ਡਾ. ਵਿਸ਼ਵਨਾਥ ਤਿਵਾੜੀ-ਜਲੰਧਰ

  ਵਿਦੇਸ਼ੀ ਲੇਖਕਾਂ ਅਤੇ ਵਿਦੇਸ਼ੀ ਪੈਸੇ ਦੀ ਘੁਸਪੈਠ ਬਾਰੇ ਕੀ ਕਹੋਗੇ
  ਵਿਦੇਸ਼ੀ ਸਾਹਿਤਕਾਰਾਂ ਵਿਚ ਦਰਜਨਾਂ ਸ਼ਾਇਰ, ਕਹਾਣੀਕਾਰ, ਨਾਵਲਿਸਟ ਆਦਿ ਜ਼ਰੂਰ ਹਨ। ਪਰ ਮੈਨੂੰ 8/10 ਲੇਖਕ ਹੀ ਚੰਗੇ ਲੱਗੇ ਹਨ। ਕੂੜ ਕਬਾੜ ਜ਼ਿਆਦਾ ਹੈ। ਉਨ੍ਹਾਂ ਵਿਚੋਂ ਚੰਗੇ ਲੇਖਕ ਵੀ ਪੈਸੇ ਦੇ ਕੇ ਪੁਸਤਕਾਂ ਛਪਵਾਉਂਦੇ ਤੇ ਉਨ੍ਹਾਂ ਪੁਸਤਕਾਂ ਬਾਰੇ ਗੋਸ਼ਟੀਆਂ ਕਰਵਾਉਂਦੇ ਹਨ। ਕਈ ਪੁਸਤਕਾਂ ਛਾਪਣ ਵਾਲਿਆਂ ਦਾ ਕਾਰੋਬਾਰ ਉਨ੍ਹਾਂ ਦੇ ਸਿਰ ’ਤੇ ਹੀ ਚੱਲ ਰਿਹਾ ਹੈ ਅਤੇ ਅਜਿਹੇ ਪਬਲਿਸ਼ਰ 100 ਸਫ਼ੇ ਦੀ ਪੁਸਤਕ ਦੇ 500 ਡਾਲਰ ਤੱਕ ਵਸੂਲ ਕਰਕੇ ਤਿੰਨ ਜਾਂ ਚਾਰ ਸੌ ਪੁਸਤਕਾਂ ਹੀ ਛਾਪਦੇ ਹਨ।
ਕਾਲਜਾਂ, ਸਰਕਾਰੀ ਇਦਾਰਿਆਂ ਤੇ ਸਕੂਲਾਂ ਵਿਚ ਪੁਸਤਕਾਂ ਭੇਜਣ ਵਾਲੇ ਪਬਲਿਸ਼ਰ 25 ਪ੍ਰਤੀਸ਼ਤ ਲਾਇਬ੍ਰੇਰੀਆਂ ਵਾਲਿਆਂ ਨੂੰ ਰਿਸ਼ਵਤ ਦੇ ਕੇ 25 ਪ੍ਰਤੀਸ਼ਤ ਆਪ ਹਜ਼ਮ ਕਰ ਜਾਂਦੇ ਹਨ। ਪਰ 15 ਪ੍ਰਤੀਸ਼ਤ ਰਾਇਲਟੀ ਦਾ ਲੇਖਕਾਂ ਨਾਲ ਇਕਰਾਰਨਾਮਾ ਲਿਖ ਕੇ ਵੀ ਪੈਸੇ ਨਹੀਂ ਦਿੰਦੇ।
ਮੈਂ ਸਾਰੀ ਉਮਰ ਲੁੱਟ ਹੁੰਦਾ ਰਿਹਾ ਹਾਂ ਪਰ ਹੁਣ ਲੋਕ ਗੀਤ ਪ੍ਰਕਾਸ਼ਨ ਵਾਲੇ ਮੈਨੂੰ ਪੈਸੇ ਦੇ ਰਹੇ ਹਨ। ਵੇਖੀਏ ਕਦੋਂ ਤੱਕ ਨਿਭੇ। ਪਰ ਕਈ ਲੇਖਕ ਖ਼ੂਬ ਪੈਸੇ ਵੀ ਕਮਾ ਰਹੇ ਹਨ, ਪਰ ਉਹਨਾਂ ਦੀ ਗਿਣਤੀ ਪੂਰੀ ਦੁਨੀਆਂ ਵਿਚ 15 ਜਾਂ 20 ਦੇ ਕਰੀਬ ਹੀ ਹੈ।
  ਪੰਜਾਬੀ ਵਿਚ ਨਾਰੀ ਲੇਖਨ ਦੀ ਸਥਿਤੀ ਕੀ ਹੈ?
  ਨਾਰੀ ਲੇਖਕਾਵਾਂ ਵਿਚ ਮੈਂ ਸਿਰਫ਼ ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਸੁਖਵੰਤ ਕੌਰ ਮਾਨ ਅਤੇ ਸੁਰਜੀਤ ਸਖੀ ਨੂੰ ਹੀ ਪੜ੍ਹਿਆ ਹੈ। ਇਨ੍ਹਾਂ ਕਰਕੇ ਹੀ ਪੰਜਾਬੀ ਸਾਹਿਤ ਵਿਚ ਵਾਰਤਿਕ ਦੀ ਵੀ ਗੱਲ ਤੁਰਦੀ ਹੈ। ਬਾਕੀ ਮੈਂ ਕਦੇ ਕਿਸੇ ਬੀਬੀ ਨੂੰ ਨਹੀਂ ਪੜ੍ਹਿਆ। ਮੇਰੀ ਕਿਸੇ ਨਾਲ ਵਿਰੋਧਤਾ ਨਹੀਂ। ਸ਼ਾਇਦ ਹੋਰ ਵੀ ਹੋਣ, ਪਤਾ ਨਹੀਂ।
  ਤੁਹਾਡੀਆਂ ਵੀ ਕੁਝ ਕਵਿਤਰੀਆਂ ਸ਼ਾਗਿਰਦ ਹਨ, ਕੀ ਤੁਸੀਂ ਵੀ ਉਹਨਾਂ ਨੂੰ ਸਥਾਪਤੀ ਲਈ ਗਰੇਸ ਅੰਕ ਦਿੰਦੇ ਹੋ ਜਿਵੇਂ ਕਿ ਕੁਝ ਵੱਡੇ ਸ਼ਾਇਰ ਕਰ ਰਹੇ ਹਨ?
  ਤੁਹਾਨੂੰ ਕਿਸ ਨੇ ਕਿਹਾ ਕਿ ਕੁਝ ਕਵਿਤਰੀਆਂ ਮੇਰੀਆਂ ਸ਼ਾਗਿਰਦ ਹਨ। ਮੈਂ ਤਾਂ ਸ਼ਾਇਦ ਕਦੇ ਕਿਸੇ ਭਾਰਤੀ ਪੰਜਾਬੀ ਲੇਖਕਾ ਨੂੰ ਉਸਦੇ ਘਰ ਜਾ ਕੇ ਮਿਲਿਆ ਵੀ ਨਾ ਹੋਵਾਂ ਜਾਂ ਕੋਈ ਮੇਰੇ ਘਰ ਆਈ ਹੋਵੇ। ਸੁਰਜੀਤ ਸਖੀ ਦੀਆਂ ਗ਼ਜ਼ਲਾਂ ਦੀ ਪੁਸਤਕ ਦਾ ਮੁਖਬੰਧ ਜ਼ਰੂਰ ਲਿਖਿਆ ਹੈ, ਉਹ ਡਿਜ਼ਰਵ ਵੀ ਕਰਦੀ ਹੈ। ਪਰ ਮੇਰੀ ਕੋਈ ਲੇਖਕਾ ਸ਼ਾਗਿਰਦ ਨਹੀਂ।
  ਕੀ ਤੁਸੀਂ ਛੰਦਾ ਬੰਦੀ ਜਾਂ ਅਰੂਜ਼ ਬਾਰੇ ਕਦੀ ਕੋਈ ਕਿਤਾਬ ਲਿਖਣ ਦੀ ਨਹੀਂ ਸੋਚੀ?
  ਕੋਸ਼ਿਸ਼ ਕੀ ਕਰਾਂ ਤੁਹਾਡਾ ਅਪਣਾ ਹੀ ਇਕ ਸਵਾਲ ਹੈ ਕਿ ਨਵੇਂ ਕਵੀ ਸਮਝਦੇ ਹਨ ਕਿ ਅਰੂਜ਼ ਦੀ ਹੁਣ ਕੋਈ ਲੋੜ ਨਹੀਂ। ਉਂਜ ਵੀ 80 ਪ੍ਰਤੀਸ਼ਤ ਸ਼ਾਇਰ ਨਾ ਅਰੂਜ਼ ਜਾਣਦੇ ਹਨ ਨਾ ਉਹਨਾਂ ਨੂੰ ਲੋੜ ਹੈ। ਪੰਜਾਬੀ ਦੇ ਸ਼ਾਇਰ ਅਕਸਰ ਵਾਰਤਿਕ-ਨੁਮਾ ਕਵਿਤਾ ਲਿਖ ਰਹੇ ਹਨ, ਸੋ ਉਹਨਾਂ ਨੂੰ ਅਰੂਜ਼ ਜਾਨਣ ਦੀ ਕੀ ਲੋੜ ਹੈ? ਕੀ ਤੁਸੀਂ ਕੋਈ ਅਰੂਜ਼ ਦੀ ਪੁਸਤਕ ਪੜ੍ਹੀ ਹੈ? ਜੇ ਪੜ੍ਹੀ ਹੈ ਤਾਂ ਇਹ ਵੀ ਜਾਣਦੇ ਹੋਵੋਗੇ ਕਿ ਅਰੂਜ਼ ਫਾਰਸੀ ਭਾਸ਼ਾ ਦੇ ਗਿਆਨ ਬਗੈਰ ਨਹੀਂ ਲਿਖਿਆ ਜਾ ਸਕਦਾ। ਸਾਡੇ ਅੱਜ ਦੇ 80 ਪ੍ਰਤੀਸ਼ਤ ਕਵੀ ਨਾ ਅਰੂਜ਼ ਤੋਂ ਜਾਣੂ ਹਨ ਨਾ ਪਿੰਗਲ ਤੋਂ। ਅੱਜ ਦੇ ਦੌਰ ਵਿਚ ਵਿਰਲੇ ਵਾਂਝੇ ਹੀ ਅਰੂਜ਼ ਆਦਿ ਦੀਆਂ ਪੁਸਤਕਾਂ ਪੜ੍ਹਦੇ ਹਨ।

ਆਪੋ ਅਪਣੇ ਰੱਬ

ਸੁਰ ਨਾਲ ਦੋਸਤੀ – ਡਾ. ਜਗਤਾਰ, ਗੁਲਾਮ ਅਲੀ ਅਤੇ ਫ਼ਖ਼ਰ ਜ਼ਮਾਨ – ਲਾਹੌਰ (1980)

  ਕੀ ਤੁਹਾਨੂੰ ਰੱਬ ਦੀ ਹੋਂਦ ’ਤੇ ਯਕੀਨ ਹੈ ਜਾਂ ਉਹਨਾਂ ਅਲੋਕਾਰ ਵਰਤਾਰਿਆਂ ’ਤੇ ਜਿਨ੍ਹਾਂ ਦੀ ਸਮਝ ਮਨੁੱਖ ਨੂੰ ਕਦੀ ਨਹੀਂ ਪੈਂਦੀ?
  ਰੱਬ ਦੀ ਹੋਂਦ ਉੱਤੇ ਮੈਨੂੰ ਕੋਈ ਪੱਕਾ ਵਿਸ਼ਵਾਸ ਨਹੀਂ, ਪਰ ਸਾਡੇ ਘਰ ਵਿਚ ਬੜਾ ਵਿਸ਼ਵਾਸ ਹੈ। ਮੇਰਾ ਵਿਸ਼ਵਾਸ ਕੁਦਰਤ ਤੇ ਨੇਕ ਇਨਸਾਨਾਂ ’ਤੇ ਹੈ। ਰੱਬ ਦੀ ਹੋਂਦ ਤੇ ਅਣਹੋਂਦ ਬਾਰੇ ਬੜਾ ਪੜ੍ਹਿਆ ਹੈ, ਪਰ ਨਿਰਾਸ਼ਾ ਹੀ ਪੱਲੇ ਪਈ ਹੈ
  ਦੇਵਿੰਦਰ ਸਤਿਆਰਥੀ ਨੇ ਤੁਹਾਡੀ ਪੁਸਤਕ ‘ਦੁੱਧ ਪਥਰੀ’ ਦੇ ਆਰੰਭ ਵਿਚ ਲਿਖਿਆ ਹੈ-‘ਕਵਿਤਾ ਲਈ ਜਿਸ ਸੂਖ਼ਮ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ, ਉਹਦੀ ਦਾਤ ਜਗਤਾਰ ਨੂੰ ਰੱਬੋਂ ਮਿਲੀ ਹੈ।’ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ?’
  ਦੇਵਿੰਦਰ ਸਤਿਆਰਥੀ ਦਾ ਰੱਬ ਬਾਰੇ ਭਰੋਸਾ ਸੀ ਜਾਂ ਨਹੀਂ, ਮੈਨੂੰ ਨਹੀਂ ਪਤਾ। ਦਰਸਅਸਲ ਰੱਬ ਇਕ ਅਜਿਹਾ ਜੀਵਤ ਮੁਹਾਵਰਾ ਹੈ ਜਿਸਦੀ ਵਰਤੋਂ ਸੁਤੇ ਸਿਧ ਵੀ ਹੋ ਜਾਂਦੀ ਹੈ। ਮੈਨੂੰ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀ ਇਹ ਸਤਰ ਬੜੀ ਟੁੰਬਦੀ ਹੈ। ‘ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ।’

ਪਰਿਵਾਰ ਨਾਲ (ਖਬਿਓਂ) ਜੀਵਨ ਸਾਥਣ ਗੁਰਬਚਨ ਕੌਰ, ਡਾ. ਜਗਤਾਰ, ਦੋਹਤੀ ਸਮੀਰਾ, ਭੈਣ ਜੀ ਪਵਿੱਤਰ ਕੌਰ ਅਤੇ ਛੋਟੀ ਬੇਟੀ ਨੀਰਜ – ਦਸੰਬਰ 2008, ਜਲੰਧਰ ਘਰ (ਫ਼ੋਟੋਕਾਰ – ਸੁਸ਼ੀਲ ਦੁਸਾਂਝ)

  ਇਕ ਸੰਪਾਦਕ ਦੇ ਤੌਰ ‘ਤੇ “ਕਲਾ ਸਿਰਜਕ” ਕੱਢਣ ਦਾ ਤਜਰਬਾ ਕਿਹੋ ਜਿਹਾ ਰਿਹਾ?
  ਮੈਂ ਜਦੋਂ ਪਰਚਾ ਕੱਢਿਆ ਸੀ ਉਸ ਸਮੇਂ ਮਾਹੌਲ ਅੱਜ ਨਾਲੋਂ ਵਖਰਾ ਸੀ। ਉਸ ਵੇਲੇ ਹਰ ਪਰਚੇ ਵਿਚ ਕਹਾਣੀਆਂ, ਕਵਿਤਾਵਾਂ ਤੇ ਕੁਝ ਇਕ ਪੁਸਤਕਾਂ ਦੇ ਰਿਵੀਉ ਹੀ ਛਪਦੇ ਸਨ। ਕਈ ਚੰਗੇ ਪਰਚੇ ਬੰਦ ਹੋ ਜਾਣ ਕਾਰਨ ਇਹ ਬੀੜਾ ਚੁੱਕਿਆ ਸੀ। ਮੇਰੇ ਪਰਚੇ ਵਿਚ ਸਿਰਫ਼ ਕਹਾਣੀਆਂ ਤੇ ਕਵਿਤਾਵਾਂ ਹੀ ਨਹੀਂ ਹੁੰਦੀਆਂ। ਹੋਰ ਵੀ ਬੜਾ ਕੁਝ ਹੁੰਦਾ ਹੈ।
ਪਰ ਬੀਮਾਰੀ ਨੇ ਮੇਰਾ ਖ਼ਾਬ ਪੂਰਨ ਰੂਪ ਵਿਚ ਪੂਰਾ ਨਹੀਂ ਹੋਣ ਦਿੱਤਾ। ਤੁਹਾਡਾ ਪਰਚਾ ਹੀ ਹੁਣ ਚੰਗਾ ਲਗਦਾ ਹੈ ਭਾਵੇਂ ਉਸ ਵਿਚ ਵੀ ਅਜੇ ਸੁਧਾਈ ਦੀ ਲੋੜ ਹੈ।
  ਜ਼ਿੰਦਗੀ ਵਿਚ ਕਦੇ ਸੰਤੁਸ਼ਟਤਾ ਦਾ ਅਹਿਸਾਸ ਵੀ ਹੋਇਆ?
  ਆਦਮੀ ਦੇ ਜੀਵਨ ਵਿਚ ਖੁਸ਼ੀ ਗ਼ਮੀ, ਉਦਰੇਵਾਂ, ਉਦਾਸੀ, ਜਿੱਤ-ਹਾਰ, ਸੰਤੁਸ਼ਟਤਾ ਤੇ ਅਸੰਤੁਸ਼ਟਤਾ ਜ਼ਰੂਰੀ ਅੰਗ ਹਨ। ਸੋ ਮੈਂ ਇਹਨਾਂ ਦੋਹਾਂ ਸੂਰਤਾਂ ਨੂੰ ਮੰਨਦਾ ਹਾਂ, ਪਰ ਅਸੰਤੁਸ਼ਟਤਾ ਵਿਚ ਕਦੇ ਦਿਲ ਨਹੀਂ ਛੱਡਿਆ। ਇਹ ਦੋਵੇਂ ਵਿਚਾਰ ਨਾਲ-ਨਾਲ ਚਲਦੇ ਹਨ ਤੇ ਇਹਨਾਂ ਦੁਆਰਾ ਹੀ ਜੀਵਨ ਪ੍ਰਗਤੀ ਕਰਦਾ ਹੈ। ਜ਼ਿੰਦਗੀ ਸਮੁੰਦਰ ਦੇ ਦੋ ਕਿਨਾਰਿਆਂ ਵਾਂਗ ਸੰਤੁਸ਼ਟਤਾ ਤੇ ਅਸੰਤੁਸ਼ਟਤਾ ਵਿਚਕਾਰ ਝੂਲਦੀ ਹੈ।
  ਤੁਹਾਡੇ ਖ਼ਿਆਲ ਵਿਚ ਆਲੋਚਕਾਂ ਨੇ ਪੰਜਾਬੀ ਕਵਿਤਾ ਦਾ ਕੁਝ ਸੰਵਾਰਿਆ?
  ਪੰਜਾਬੀ ਆਲੋਚਕਾਂ ਨੇ 1980 ਤੱਕ ਪੰਜਾਬੀ ਵਿਚ ਸੁਹਿਰਦਤਾ ਨਾਲ ਕੰਮ ਕੀਤਾ ਹੈ, ਪਿੱਛੋਂ ਜਾ ਕੇ ਨਾਮ ਮਾਤਰ ਲੇਖਕ ਤੇ ਆਲੋਚਕ ਹੀ ਸੁਹਿਰਦ ਨਜ਼ਰ ਆਉਂਦੇ ਹਨ। ਕਾਰਨ ਸਾਫ਼ ਹੈ ਕਿ ਹਰ ਆਦਮੀ ਅੱਜ ਅਪਣੇ ਆਪ ਨੂੰ ਆਲੋਚਕ ਸਮਝਦਾ ਹੈ। ਆਲੋਚਕ ਪੰਜਾਬੀ ਸਾਹਿਤ ਨੂੰ ਕੁਝ ਚਿਰ ਲਈ ਗੁੰਮਰਾਹ ਤਾਂ ਕਰ ਸਕਦੇ ਹਨ, ਪਰ ਸਾਹਿਤ ਦਾ ਕੁਝ ਵਿਗਾੜ ਨਹੀਂ ਸਕਦੇ। ਉਂਜ ਕੁਝ ਚੰਗੇ ਆਲੋਚਕ ਵੀ ਹਨ।

ਸੈਰ ਦੀ ਇੱਛਾ

  ਰੱਬ ਕਰੇ ਇਹ ਛੇਤੀ ਨਾ ਆਉਣ ਪਰ ਤੁਹਾਡੀਆਂ ਆਖਰੀ ਪਲਾਂ ਦੀਆਂ ਖਾਹਿਸ਼ਾਂ ਕਿਹੋ ਜਿਹੀਆਂ ਹਨ?
  ਮੈਂ ਇਸ ਦਾ ਕੀ ਜਵਾਬ ਦਿਆਂ? ਅਗਰ ਹਿਯਾਤ ਰਹੀ ਤਾਂ ਇਕ ਸਫ਼ਰਨਾਮਾ, ਸਵੈ ਜੀਵਨੀ ਲਿਖਣ ਤੋਂ ਬਿਨਾ ਤਾਸ਼ਕੰਦ, ਸਰਮਕੰਦ, ਬੁਖ਼ਾਰਾ ਤੇ ਰੂਸ ਵੇਖਣ ਦੀ ਇੱਛਾ ਹੈ। ਸੁਖਵਿੰਦਰ ਕੰਬੋਜ ਤੇ ਕੁਲਵਿੰਦਰ (U.S.A.) ਦਾ ਵਾਅਦਾ ਹੈ ਕਿ ਜੇ ਵੀਜ਼ਾ ਮਿਲ ਗਿਆ ਤਾਂ ਇਹ ਵੀ ਦਿਖਾ ਦਿਆਂਗੇ। ਯੂਰਪ ਦੇ ਬਹੁਤ ਸਾਰੇ ਮੁਲਕ ਮੈਨੂੰ ਮੁਸ਼ਤਾਕ ਸਿੰਘ ਤੇ ਸੰਤੋਖ ਨੇ ਵਿਖਾ ਦਿੱਤੇ ਸਨ।

ਹੁਣ ਵੱਲੋਂ ਅਵਤਾਰ ਜੰਡਿਅਲਵੀ, ਸੁਸ਼ੀਲ ਦੁਸਾਂਝ

ਵੈਸੇ ਤਾਂ ਬਕੌਲ ਗ਼ਾਲਿਬ

ਖਾਹਸ਼ੇਂ ਇਤਨੀ ਕਿ ਹਰ ਖ਼ਾਹਿਸ਼ ਪੈ ਦਮ ਨਿਕਲੇ
ਬਹੁਤ ਨਿਕਲੇ ਮਿਰੇ ਅਰਮਾਨ ਲੇਕਿਨ ਫਿਰ ਭੀ ਕਮ ਨਿਕਲੇ

ਜਗਤਾਰ ਦੀਆਂ ਨਜ਼ਮਾਂ / ਗਜ਼ਲਾਂ

ਮੈਂ ਕੈਸੇ ਦੌਰ ਵਿਚ ਹੋਇਆ ਹਾਂ ਪੈਦਾ
ਮੈਂ ਕੈਸੇ ਦੌਰ ਵਿਚ ਹੋਇਆ ਹਾਂ ਪੈਦਾ
ਕਿ ਤਲਵਾਰਾਂ ਤਾਂ ਨੰਗੀਆਂ ਸਨ
ਮਗਰ ਹੁਣ ਹਰ ਬਸ਼ਰ ਨੰਗਾ ਹੈ
ਹਰ ਔਰਤ ਵੀ ਵਸਤਰਹੀਣ ਹੋ ਚੁੱਕੀ
ਦਿਲਾਂ ਦੇ ਨਾਲ ਦਰਵਾਜ਼ੇ ਵੀ ਬੰਦ ਹੋਏ
ਨਹੀਂ ਹੁਣ ਰਸਤਿਆਂ ਵਿਚ ਮਿਲਦੀਆਂ ਪਗਡੰਡੀਆਂ ਜਾ ਕੇ
ਸਗੋਂ ਜੰਗਲ ’ਚ ਜਾ ਕੇ ਮਿਲਦੀਆਂ ਨੇ
ਨਹੀਂ ਹੁਣ ਜਾਨਵਰ ਕਿਧਰੇ ਬਣਾਉਂਦੇ ਆਲ੍ਹਣੇ ਆਪਣੇ
ਸਗੋਂ ਕਮਜ਼ੋਰ, ਬਲਹੀਣੇ ਪਰਿੰਦਿਆਂ ਦੇ
ਘਰਾਂ ‘ਤੇ ਅੱਖ ਰੱਖਦੇ ਨੇ
ਗਰਾਂ ਤੋਂ ਸ਼ਹਿਰ ਤੱਕ ਦਾ ਫਾਸਿਲਾ ਕਰਦਾ ਕਰਦਾ
ਆਮ ਬੰਦਾ ਪਹੁੰਚ ਜਾਂਦਾ ਹੈਂ ਬੁਢਾਪੇ ਦੇ ਕਿਨਾਰੇ ’ਤੇ
ਬੜਾ ਹੀ ਸ਼ੋਰ ਵਿਸ਼ਵੀਕਰਨ ਦਾ ਹੈ
ਮੌਤ ਹਰ ਵੇਲੇ ਹੈ ਚਲਦੀ ਜ਼ਿੰਦਗੀ ਦੇ ਨਾਲ ਨਾਲ
ਰਹੇ ਅੱਖਾਂ ਤੋਂ ਪਰ ਓਜਲ

ਜਦੋਂ ਜੰਗਲ ਦੇ ਅੰਦਰ ਮੋਰ ਰੋਂਦਾ ਹੈ
ਘਟਾਵਾਂ ਝਾੜੀਆਂ ਵਿਚ ਫਸ ਕੇ ਤੇ ਲੰਗਾਰੀਆਂ ਜਾਵਣ
ਜਦੋਂ ਬਰਸਾਤ ਆਉਂਦੀ ਹੈ
ਤਾਂ ਬਰਸਾਤਾਂ ਦੀ ਰਿਮਝਿਮ ਤੋਂ ਜ਼ਿਆਦਾ
ਕਿਸੇ ਵੀ ਫ਼ਸਲ ਉੱਗਣ ਤੋਂ ਹੀ ਪਹਿਲਾਂ
ਗਰੀਬਾਂ ਦੇ ਘਰਾਂ ਦੀ ਛੱਤ ਉੱਤੇ
ਫ਼ਿਕਰ ਉਗਦਾ ਹੈ।

ਤੇ ਡਰ ਰਿਸਦਾ ਹੈ ਛੱਤਾਂ ’ਚੋਂ
ਜਦੋਂ ਛੰਨਾਂ ਤੇ ਖਪਰੇਲਾਂ ਦੇ ਉੱਤੇ
ਨਚਦੀਆਂ ਕਣੀਆਂ
ਤਾਂ ਮੁਰਦਹਾਣੀ ਛਾ ਜਾਂਦੀ ਗਰੀਬਾਂ ਦੇ ਘਰਾਂ ਅੰਦਰ।
ਨਗਰ ਦਾ ਸ਼ੋਰ ਸਾਡੇ ਕੰਨ ’ਤੇ ਅੱਖਾਂ ਗੁਆ ਕੇ
ਰੌਸ਼ਨੀ ਦਿੰਦਾ ਹੈ ਸਾਨੂੰ।
ਨਹੀਂ ਪਰ ਸ਼ਾਂਤੀ ਦੇਂਦਾ ਨਾ ਦੇਂਦਾ ਹੈ ਸਕੂੰ ਸਾਨੂੰ
ਮੈਂ ਕੈਸੇ ਦੌਰ ਵਿਚ ਹੋਇਆ ਹਾਂ ਪੈਦਾ

ਵਲੈਤੀ ਖਾਦ ਵਿਚ ਉੱਗੀ ਹੋਈ ਖੇਤੀ ’ਚ ਨਾਲੋ ਨਾਲ
ਅਕਸਰ ਮੌਤ ਉੱਗਦੀ ਹੈ।
ਜੋ ਸਾਡੇ ਘਰਾਂ ਵਿਚ ਆਉਂਦੀ ਹੈ ਅਕਸਰ।
ਤੇ ਬੁੱਢੀਆਂ ਕਿਸ਼ਤੀਆਂ ਦੇ ਟਾਂਕਿਆਂ ‘ਤੇ
ਮੌਤ ਨੱਚਦੀ ਹੈ।
ਸਵੇਰੇ ਆ ਰਹੇ ਹਰ ਨੀਊਜ਼ ਪੇਪਰ ਵਿਚ
ਹਮੇਸ਼ਾ ਮੌਤ ਹਸਦੀ ਹੈ
ਮੈਂ ਕੈਸੇ ਦੌਰ ਵਿਚ ਹੋਇਆ ਹਾਂ ਪੈਦਾ?

ਇਕ ਖ਼ਤ ਬੇਟੀ ਦੇ ਨਾਮ
ਮਿਰੀ ਬੱਚੀ, ਨਣੂ ਪਿਆਰੀ
ਮੈਂ ਅਕਸਰ ਸੋਚਦਾ ਹਾਂ
ਮੁਹੱਬਤ ਨਾਮ ਤੇਰਾ ਚਾਹੀਦਾ ਸੀ
ਤਿਰੇ ਚਿਹਰੇ ’ਚ ਮੈਨੂੰ ਆਪਣੀ ਮਾਂ ਦਾ
ਨਜ਼ਰ ਆਉਂਦਾ ਹੈ ਚਿਹਰਾ
ਜੇ ਕੋਈ ਹੈ ਖ਼ੁਦਾ ਕਿਧਰੇ
ਤਾਂ ਮਾਂ ਹੀ ਸੀ ਖੁਦਾ ਮੇਰਾ
ਬੜਾ ਜਿਗਰਾ ਸੀ ਉਸਦਾ
ਉਹ ਸਾਰੀ ਉਮਰ ਤਨਹਾਈ ਦੇ ਵਿੱਚੋਂ ਇਸ ਤਰ੍ਹਾਂ ਗੁਜ਼ਰੀ
ਜਿਵੇਂ ਕੋਈ ਮੁਸਾਫ਼ਿਰ
ਘਣੇ ਜੰਗਲ ਤੇ ਨ੍ਹੇਰੇ ’ਚੋਂ
ਨਡਰ ਹੋ ਕੇ ਬੜਾ ਬੇਖ਼ੌਫ਼ ਗੁਜ਼ਰੇ
ਬੜਾ ਕੁਝ ਤੇਰਾ ਉਸਦੇ ਨਾਲ ਮਿਲਦਾ ਹੈ
ਬੜਾ ਹੀ ਦਿਲ ਜਿਗਰ ਤੇ ਹੌਸਲਾ ਤੇਰਾ
ਕਦੇ ਕੋਈ ਗਿਲਾ, ਸ਼ਿਕਵਾ, ਸ਼ਕਾਇਤ ਤੂੰ ਨਹੀਂ ਕੀਤੀ
ਮਿਰੇ ਹੰਝੂਆਂ ’ਚ ਜਦ ਤਸਵੀਰ ਤੇਰੀ ਟੁੱਟਦੀ ਹੈ
ਤਾਂ ਦਿਲ ਵਿਚ ਜ਼ਖ਼ਮ ਹੋ ਜਾਂਦੇ
ਤਾਂ ਜ਼ਖ਼ਮਾਂ ਵਿਚ ਇਉਂ ਦਿਸਦੈ
ਤੂੰ ਗੀਤਾ ਏਂ, ਤੂੰ ਬਾਣੀ ਏਂ ਤੂੰ ਕਲਮਾ ਏਂ
ਤੂੰ ਮੇਰੀ ਰੂਹ ਦਾ ਮਹਿਰਾਬ ਏਂ
ਜਿਸ ਵਿਚ ਖੜੋ ਕੇ ਮੈਂ ਦੁਆ ਕਰਦਾਂ
ਓਮ, ਸ਼ਾਂਤੀ ਸ਼ਾਂਤੀ।

ਉਪਾਸ਼ਕ ਹਾਂ ਮੈਂ ਕੁਦਰਤ ਦਾ
ਮਿਰੀ ਬੀਵੀ ਸੰਝ ਵੇਲੇ ਤੇ ਸਵੇਰੇ ਨੂਰ ਵੇਲੇ
ਸਦਾ ਜਪਜੀ ਦਾ ਤੇ ਰਹਿਰਾਸ ਦਾ ਹੈ ਪਾਠ ਕਰਦੀ
ਮੇਰੀ ਬੇਟੀ
ਗੁਰੂ ਨਾਨਕ ਦੀ ਮੂਰਤ ਸ੍ਹਾਮਣੇ ਆ ਕੇ ਹੈ ਰਖਦੀ ਫੁੱਲ ਤਾਜ਼ਾ
ਮਗਰ ਮੈਂ ਪਾਠ ਕਰਦਾ ਹਾਂ ਨਾ ਪੂਜਾ
ਹੈ ਪ੍ਰਕਿਰਤੀ ਖ਼ੁਦਾ ਮੇਰਾ
ਮੈਂ ਅਕਸਰ ਉੱਠ ਕੇ ਤੇ
ਰੋਜ਼ ਪਾਣੀ ਪੌਦਿਆਂ ਤਾਈਂ ਹਾਂ ਦੇਂਦਾ
ਜਨੌਰਾਂ ਦਾ ਸਦਾ ਸੰਗੀਤ ਸੁਣਦਾ ਹਾਂ
ਤੇ ਚਿੜੀਆਂ ਨੂੰ ਮੈਂ ਸਤਨਾਜਾ ਹਾਂ ਪਾਉਂਦਾ
ਇਹ ਕੰਮ ਮੈਨੂੰ
ਕਿਸੇ ਵੀ ਪਾਠ ਤੇ ਪੂਜਾ ਤੋਂ ਬਿਹਤਰ ਜਾਪਦਾ ਹੈ।
ਗੁਰੂ ਨਾਨਕ, ਮੁਹੰਮਦ, ਬੁੱਧ ਤੇ ਈਸਾ
ਬੜੇ ਹੀ ਮਹਾਂ ਪੁਰਖੇ ਸਨ
ਖ਼ੁਦਾ ਕੋਈ ਨਹੀਂ ਸੀ ਪਰ।

ਮਜੂਰਾਂ ਤੇ ਸਕੂਲੇ ਜਾ ਰਹੇ ਬੱਚਿਆਂ ਦੇ ਤਾਈਂ ਮੈਂ ਦੁਆ ਦੇਵਾਂ
ਕਿ ਘਰ ਪਰਤਣ ਸਲਾਮਤ ਸਭ
ਹੈ ਹਰ ਇਕ ਰੁੱਤ ਮੇਰਾ ਵੇਦ
ਤੇ ਸਭ ਅਸਕੂਲ ਨੇ ਮੰਦਰ
ਮਗਰ ਇਹ ਸਭ ਇਬਾਦਤ ਘਰ
ਛਲਾਵੇ ਜਾਪਦੇ ਮੈਨੂੰ।
ਸਦਾ ਹਾਰੇ ਹੋਏ ਲੋਕੀ
ਮਨੁੱਖੀ ਮਨ ਨੂੰ ਧੀਰਜ ਦੇਣ ਖਾਤਿਰ
ਸਦਾ ਮੰਦਰਾਂ-ਮਸੀਤਾਂ ਦੇ ਅਗੇਰੇ ਗਿੜਗੜਾਉਂਦੇ ਨੇ
ਕਈ ਕਬਰਾਂ ’ਤੇ ਜਾ ਕੇ ਬਾਲ੍ਹਦੇ ਦੀਵੇ
ਕਰਾਉਂਦੇ ਨੇ ਕਈ ਧਾਗੇ ਤੀਵਤਾਂ
ਕਈ ਆਪਣੇ ਘਰਾਂ ਦੀ ਭੁੱਖ ਵੰਨੀ ਪਿੱਠ ਕਰਕੇ
ਚੜ੍ਹਾਵੇ ਨਾਲ ਘਰ ਪੀਰਾਂ ਦਾ ਭਰਦੇ ਨੇ
ਚੜ੍ਹਾਵੇ ਵਿਚ ਕਈ ਪੀਰਾਂ ਨੂੰ ਧੀਆਂ ਸੌਂਪ ਦੇਂਦੇ ਨੇ
ਰਖੇਲਾਂ ਵਾਂਗ ਮੰਦਿਰਾਂ ਵਿਚ
ਚੜ੍ਹਾਈ ਦੇਣ-ਦਾਨੀ
ਸਦਾ ਹੀ ਨਰਕ ਭੋਗੇ।
ਵਿਰੋਧੀ ਹਾਂ ਮੈਂ ਹਰ ਐਸੇ ਅਡੰਬਰ ਦਾ
ਉਪਾਸ਼ਕ ਹਾਂ ਮੈਂ ਕੁਦਰਤ ਦਾ।

ਵਾਰਸ ਦੀ ਮਜ਼ਾਰ ‘ਤੇ
ਜਾਂ ਵਾਰਸ ਦੀ ਅਸੀਂ ਦਰਗਾਹ ‘ਤੇ ਪਹੁੰਚੇ
ਤਾਂ ਰੁੱਖਾਂ ਦੀ ਘਣੇਰੀ ਛਾਂ
ਅਸਾਡੇ ਪੈਰੀਂ ਡਿਗਕੇ ਬੜਾ ਰੋਈ
ਤੇ ਟਾਵੇਂ ਟਾਵੇਂ ਦੀਵੇ ਸ਼ਾਮ ਦੇ ਸਭ
ਬਣ ਗਏ ਸੂਰਜ
ਤੇ ਅੱਖਾਂ ਸਾਡੀਆਂ ਅੰਦਰ
ਲਿਖੀ ਤਾਰੀਖ਼ ਹੰਝੂਆਂ ਨੇ
ਕਿਤੇ ਨੇੜੇ ਹੀ ਕੋਈ ਗਾਉਣ ਲੱਗਾ
ਭਲਾ ਵਿਛੜੇ ਤੇ ਮੋਏ ਕੌਣ ਮੇਲੇ।
ਮਗਰ ਵਾਰਸ ਦਾ ਇਹ ਅੱਜ ਕੌਲ
ਝੂਠਾ ਜਾਪਦਾ ਸੀ।
ਤੇ ਇਕ ਨਚਦੇ ਹੋਏ ਸੂਫ਼ੀ ਮਲੰਘ
ਦੀ ਅੱਖ ਅੰਦਰ
ਝਲਕਦੇ ਹੋਏ ਪੰਜ ਦਰਿਆਵਾਂ
ਦਾ ਪਾਣੀ ਨੱਚਦਾ ਦਿਸਿਆ
ਕਿਤੋਂ ਆਵਾਜ਼ ਦੂਰੋਂ ਆ ਰਹੀ ਸੀ
”ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ
ਵਾਰਸ ਸ਼ਾਹ ਵੇਖਾਂ ਜੇ ਕਰ ਆਉਂਦਾ ਈ”

ਰੁੱਖ ਵਰਗਾ ਆਦਮੀ
ਆ ਰਹੀ ਸਰਦੀ ਲਈ ਬਾਲਣ ਬਣਾਉਂਦਾ
ਸਬਜ਼ ਰੁੱਖਾਂ ਦੇ ਲਈ ਕਰਦਾ ਦੁਆ
ਬਾਰਸ਼ਾਂ ਦੇ ਮੌਸਮਾਂ ਵਿਚ
ਘਿਰਕੇ ਤੇ ਸੈਲਾਬ ਅੰਦਰ
ਮੰਗਦਾ ਫ਼ਸਲਾਂ ਦੀ ਖ਼ੈਰ।
ਡਿਗ ਰਹੇ ਕੱਚੇ ਮਕਾਨਾਂ ਦੇ ਲਈ
ਅਪਣੀ ਝੁੱਗੀ ਦੇ ਦਰਾਂ ਵਿੱਚ ਬੈਠਕੇ
ਮੰਗਦਾ ਲੋਕਾਂ ਦੀਆਂ ਛੱਤਾਂ ਦੀ ਖ਼ੈਰ।

ਨੇੜਲੇ ਖੇਤਾਂ ‘ਚੋਂ ਲੰਘਦੀ ਰੇਲ ਦੀ
ਲੰਮੀ ਡਰਾਉਣੀ ਚੀਕ ਸੁਣਕੇ ਆਖਦਾ-
“ਯਾ ਖ਼ੁਦਾ
ਹਰ ਮੁਸਾਫ਼ਿਰ ਨੂੰ ਤੂੰ
ਖੈਰੀਂ ਮੇਹਰੀਂ ਅਪਣੇ ਘਰ ਪੁਚਾ।”
ਬਿਰਛ ਵਰਗਾ ਆਦਮੀ
ਪਰ ਨਹੀਂ ਮੰਗਦਾ ਕਦੇ
ਅਪਣੇ ਲਈ ਕੋਈ ਦੁਆ।

(1)

ਬੰਸਰੀ ਦਾ ਬਾਂਸ ਦੇ ਜੰਗਲ ’ਤੇ ਇਹ ਇਲਜ਼ਾਮ ਹੈ।
ਤੜਪ ਹੈ ਮੇਰਾ ਨਸੀਬਾ ਉਹ ਕਿਉਂ ਉਪਰਾਮ ਹੈ।

ਜਿਸ ਕਦਰ ਦਿਨ ਨੇ ਡਰਾਉਣਾ ਸੀ ਡਰਾ ਚੁੱਕਾ ਹੈ ਉਹ,
ਸ਼ਾਮ ਨੂੰ ਵੇਖਾਂਗੇ ਕਿੰਨੀ ਕੁ ਡਰਾਉਣੀ ਸ਼ਾਮ ਹੈ।

ਸ਼ੀਸ਼ਿਆਂ ਦੇ ਵਣਝ ਵਿਚ ਮੈਂ ਸੜਕ ’ਤੇ ਸਾਂ ਆ ਗਿਆ,
ਪੱਥਰਾਂ ਦੇ ਵਣਝ ਦਾ ਉਸ ਤੋਂ ਬੁਰਾ ਅੰਜਾਮ ਹੈ।

ਉਹ ‘ਨਦੀ’ ਤਾਰੂ ਹੈ ਸੈਆਂ ਸਾਗਰਾਂ ਦੀ ਦੋਸਤਾ,
ਤੂੰ ਤਾਂ ਕਤਰਾ ਏਂ ਸਮੁੰਦਰ ਓਸ ਤੋਂ ਉਪਰਾਮ ਹੈ।

ਯਾਦ ਰੱਖੋ ਜ਼ਿੰਦਗੀ ਦਾ ਨਾਮ ਹੈ ਬੰਦੂਕ ਹੁਣ,
ਹਾਦਸੇ ਤੇ ਦਰਦ ਦਾ ‘ਜਗਤਾਰ’ ਅਜਕਲ ਨਾਮ ਹੈ।

(2)
ਕਸ਼ਮੀਰ ਦੇਖਕੇ..

ਰਾਤ ਜਾਂ ਦਰਦਾਂ ਦੀ ਮਹਿਫ਼ਿਲ ਵਿੱਚ ਫ਼ਿਕਰਾਂ ਦੀ ਕੰਦੀਲ ਜਲੀ,
ਮੇਰੇ ਨਾਲ ਚਨਾਰ ਜਲੇ ਤੇ ਫ਼ਾਵੀ ਹੋਈ ਝੀਲ ਜਲੀ।

ਚੜ੍ਹਦੇ ਸੂਰਜ ਨੇ ਕੇਸਰ ਦੀ ਪਰਕਰਮਾ ਤਾਂ ਕੀਤੀ ਪਰ,
ਡਾਢ੍ਹਾ ਰੋਇਆ ਜਦ ਉਸ ਡਿੱਠੀ ਹਰ ਫੁਲ, ਪੱਤੀ, ਤੀਲ ਜਲੀ।

ਕਿਰਸਾਨਾਂ ਦੇ ਸਿਰ ‘ਤੇ ਉਡਦੇ ਬਗਲਿਆਂ ਦੇ ਪਰ ਧੁੰਦਲਾਏ,
ਸੋਗ ‘ਚ ਡੁੱਬੇ ਹਰ ਘਰ ਅੰਦਰ ਦਰਦਾਂ ਦੀ ਕੰਦੀਲ ਜਲੀ।

ਸ਼ੋਖ਼ ਹਿਨਾਈ ਹੱਥਾਂ ਚੋਂ ਜਦ ਭੁਰ ਭੁਰ ਡਿਗੀਆਂ ਰੇਖਾਵਾਂ,
ਹਰ ਕਜਰੇ ਵਿਚ ਰਾਤ ਘੁਲੀ ਤੇ ਹਰ ਚੂੜੀ ਰੰਗੀਲ ਜਲੀ।

ਚਾਨਣ ਵਿੱਚ ਵੀ ਕੁਝ ਨਾ ਦਿਸਿਆ ਪਾਗਲ ਅੱਗ ਮੁਨਾਖੀ ਨੂੰ,
ਜਿਸ ਦੇ ਅੰਦਰ ਗੀਤਾ ਤੇ ਕੁਰਆਨ ਜਲੇ, ਅੰਜੀਲ ਜਲੀ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!