ਮੈਂ ਇਹੋ ਜਿਹਾ ਨਹੀਂ ਦੇਵ – ਗੁਰਸੇਵਕ ਸਿੰਘ ਪ੍ਰੀਤ

Date:

Share post:

ਅੱਜ ਮੇਰੇ ਵਿਚ ਕਲ੍ਹ ਵਰਗਾ ਉਤਸ਼ਾਹ ਨਹੀਂ। ਇਕ ਉਦਾਸੀ ਜਿਹੀ ਛਾਈ ਹੋਈ ਹੈ। ਅੰਦਰ ਖਾਲੀ ਜਿਹਾ ਹੋਇਆ ਪਿਆ। ਸ਼ਾਮ ਹੋ ਚੱਲੀ ਆ। ਮੈਂ ਮੰਜੇ ਉਪਰ ਪਿਆ ਅਸਮਾਨ ਵੱਖ ਵੇਖੀ ਜਾ ਰਿਹਾਂ। ਉਠਣ ਨੂੰ ਚਿੱਤ ਨਹੀਂ ਕਰਦਾ। ਕਈ ਦ੍ਰਿਸ਼ ਅੱਖਾਂ ਅੱਗੇ ਘੁੰਮ ਰਹੇ ਨੇ।
ਅੱਵਲ ਤਾਂ ਨਿਰਮਲ ਯਾਨੀ ਮੇਰੀ ਪਤਨੀ, ਘਰੋਂ ਬਾਹਰ ਜਾਂਦੀ ਨਹੀਂ। ਜੇ ਜਾਊ ਤਾਂ ’ਕੱਲੀ ਨੀਂ ਜਾਂਦੀ ਮੈਨੂੰ ਵੀ ਨਾਲ ਘੜੀਸੂ। ਰੱਬ ਸਬੱਬੀਂ ’ਕੱਲੀ ਚਲੀ ਵੀ ਗਈ ਤਾਂ ਦਿਨ ਢਲਦਿਆਂ ਈ ਹਿੱਕ ’ਚ ਵੱਜੂ, ਠਾਹ ਦੇਣੇ। ਅੱਖਾਂ ’ਚ ਖੁਮਾਰੀ ਇਉਂ ਚੜ੍ਹੀ ਹੁੰਦੀ ਆ ਜਿਵੇਂ ਕੋਈ ਮਾਸ਼ੂਕਾ ਵਰਿ੍ਹਆਂ ਬਾਅਦ ਆਪਣੇ ਮਹਿਬੂਬ ਨੂੰ ਛੱਤੀ ਕੋਠੇ ਟੱਪ ਕੇ ਮਸੀਂ ਮਿਲੀ ਹੋਵੇ। ਤੇ ਇਹੋ ਜਿਹੇ ਮੌਕੇ ਮੇਰੇ ਸਾਰੇ ‘ਫਿਊਜ਼’ ਉੱਡ ਜਾਂਦੇ ਨੇ।
ਐਨਾ ਵੀ ਕੀ ਮੋਹ ਆਖ ਯਾਰ। ਇਹ ਕੀ ਹੋਇਆ ਬਈ ਚੱਤੋ ਪਹਿਰ ਕੈਦੀ ਬਣੇ ਰਹੋ। ਮੈਂ ਤਾਂ ਘਬਰਾ ਜਾਂਦਾ ਹਾਂ। ਖਿੱਝ ਚੜ੍ਹ ਜਾਂਦੀ ਹੈ। ਕਈ ਵਾਰ ਤਾਂ ਡਾਢੀ ਪ੍ਰੇਸ਼ਾਨੀ ਵਿਚ ਨਿਰਮਲ ਨੂੰ ਕਤਲ ਕਰਨ ਦੀਆਂ ਸਕੀਮਾਂ ਬਣਾ ਚੁੱਕਿਆਂ। ਕੋਈ ਸਪਾਰੀ ਸਪੂਰੀ ਵਾਲਾ ਮਿਲਿਆ ਨੀਂ ਅਜੇ ਤੱਕ… ਮਿਲਜੇ ਤਾਂ ਗਲੋਂ ਲਹੇ ਸਿਆਪਾ।
” ਚੱਲ ਨਿੰਦਰਾ ਕਿਉਂ ਐਵੀਂ ਕਲਪੀ ਜਾਨਾਂ। ਹੁਣ ਤਾਂ ਚਾਰ ਦਿਨ ਮੌਜਾਂ ਨੇ, ਲੁੱਟ ਬੁੱਲੇ। ’’ ਕੱਲ ਸ਼ਾਮ ਜਦੋਂ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਮੇਰੇ ਦਿਮਾਗ ’ਤੇ ਭਾਰੂ ਸਨ ਤਾਂ ਬੈੱਡ ਰੂਮ ਵਿਚ ਸੋਫੇ ਉਪਰ ਬੈਠਾ ਮੈਂ ਉੱਚੀ ਦੇਣੇ ਬੋਲਿਆ ਸੀ। ਮੇਰੀ ਘਰਵਾਲੀ ਚਾਰ ਦਿਨਾਂ ਲਈ ਆਪਣੇ ਪੇਕੇ ਗਈ ਸੀ। ਬੇਟਾ ਵੀ ਉਸਦੇ ਨਾਲ ਸੀ। ਬੱਸ ਇਹੋ ਜਿਹਾ ਮੌਕਾ ਮੇਰੇ ਲਈ ਜਸ਼ਨ ਵਰਗਾ ਹੁੰਦਾ।
ਦੇਵ, ਮੇਰਾ ਪੱਕਾ ਬੇਲੀ, ਬਹੁਤ ਚੰਗਾ ਬੰਦਾ। ਬਹੁਤ ਖਿਆਲ ਰੱਖਦੈ। ਜਦੋਂ ਕਹੂੰ, ਜਿਥੇ ਕਹੂੰ, ਜਿਵੇਂ ਕਹੂੰ, ਝੱਟ ਤਿਆਰੀ ਕਰ ਲੈਂਦੈ। ਆਹ ਦੁਪਹਿਰੇ ਗੱਲ ਹੋਈ ਸੀ। ਹੁਣ ਹੋਟਲ ’ਚ ਬੈਠਾ ਸੱਦੀ ਜਾਂਦੈ। ਕਾਹਲਾ ਪਿਆ ਖੜੈ। ਆ ਜਾ… ਆ ਜਾ… ਕਰੀ ਜਾਂਦੈ। ਮੇਰਾ ਤਾਂ ਆਪ ਚਿੱਤ ਕਰਦੈ ਬੋਤਲ ਨੂੰ ਮੂੰਹ ਲਾ ਕੇ ਚੜ੍ਹਾ ਜਾਵਾਂ, ਇਕੋ ਸਾਹ। ਹਾਬੜਿਆ ਪਿਆ ਅੰਦਰ ਤਾਂ। ਪਰ ਮਜ਼ਬੂਰ ਹਾਂ। ਅਜੇ ਪੰਜ ਵੱਜੇ ਨੇ । ਸੱਤ ਵੱਜਣ ਤੱਕ ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦਾ।
ਸ਼ਾਲੂ… ਮੇਰੀ ਮਾਸ਼ੂਕਾ… ਕਮਾਲ ਦੀ ਨੱਢੀ ਆ। ਦੁਨੀਆਂ ਨੂੰ ਠੁੱਡੇ ’ਤੇ ਰੱਖਦੀ ਆ। ਸੋਹਣੀ? ਵੇਖ ਕੇ ਹੋਸ਼ ਉੱਡ ਜਾਣ। ਸਟੇਟਸ ? ਕਿਆ ਕਹਿਣੇ। ਅੰਗਰੇਜ਼ੀ ਸ਼ਰਾਬ, ਅੰਗਰੇਜ਼ੀ ਅੰਦਾਜ਼ ਤੇ ਅੰਗਰੇਜ਼ੀ ਖੁੱਲ ਬਹਾਰ।
ਮੈਂ ਨੂਰੋ ਨੂਰ ਹੋਇਆ ਪਿਆ ਸੀ।
ਨਿਰਮਲ ਆਪਣੀ ਜਾਣੈ ਤਾਂ ਬਹੁਤ ਪਿਆਰ ਕਰਦੀ ਆ ਮੈਨੂੰ। ਦਿਲ ਜਾਨ ਤੋਂ। ਪਰ ਫਾਇਦਾ?
… ਸ਼ੇਰ ਤੇ ਭੇਡ ਦੇ ਪਿਆਰ ਵਾਂਗ। ਅਖੇ ਇਕ ਵਾਰ ਸ਼ੇਰ ਦਾ ਭੇਡ ਨਾਲ ਪਿਆਰ ਹੋ ਗਿਆ। ਸਹੁੰ ਖਾ ਲਈ ’ਕੱਠੇ ਜਿਓਣ ਮਰਨ ਦੀ, ’ਕੱਠੇ ਖਾਣ ਪੀਣ ਦੀ… ਨਾ ਸ਼ੇਰ ਨੇ ਮਾਸ ਖਾਧਾ ਨੇ ਭੇਡ ਨੇ ਘਾਹ… ਮਰ ਗਏ ਭੁੱਖੇ… ਕੀ ਖੱਟਿਆ!? ਉਹਦਾ ਤਾਂ ਇਕੋ ਅਸੂਲ ਆ ਸੌ ਪੈਸੇ ਪਿਆਰ ਲੈਣਾ ਸੌ ਪੈਸੇ ਦੈਣਾ। ਕੋਈ ਬੇਈਮਾਨੀ ਨਹੀਂ। ਪੂਰੀ ਖਰੀ ਆ। ਊਂ ਸੋਹਣੀ ਵੀ ਸ਼ਾਲੂ ਨਾਲੋਂ ਘੱਟ ਨਹੀਂ। ਮੈਂ ਤਾਂ ਉਹਦੇ ਮੂਹਰੇ ਹਬਸ਼ੀ ਜਿਹਾ ਲੱਗਦਾਂ। ਸੋਹਣੀ ਹੋਣ ਕਰਕੇ ਹੀ ਮੈਂ ਉਸ ਨਾਲ ਵਿਆਹ ਕਰਵਾਇਆ। ‘ਟੈਕਨੀਕਲੀ’ ਤਾਂ ਸਾਡਾ ਕੋਈ ਮੇਲ ਨਹੀਂ। ਲੋਕ ਤਾਂ ਸਾਡੀ ਜੋੜੀ ਨੂੰ ਵੇਖ ਕੇ ਕਹਿੰਦੇ ਨੇ ‘ਖੰਡ ਦੀ ਬੋਰੀ ਨੂੰ ਕਾਲਾ ਕੁੱਤਾ ਲੱਗਿਆ।’ ਮੈਨੂੰ ਚਿੜ੍ਹ ਚੜ੍ਹਣ ਦੀ ਬਜਾਏ ਖੁਸ਼ੀ ਹੁੰਦੀ ਆ। ਜਾਣ ਬੁੱਝ ਕੇ ਗਲੀਆਂ ਬਜ਼ਾਰਾਂ ’ਚ ਨਿਰਮਲ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦਾਂ। ਪੰਦਰਾਂ ਸਾਲ ਹੋ ਗਏ… ਵਿਆਹ ਤੋਂ ਬਾਅਦ, ਗਹਿਣਿਆਂ ਤੋਂ ਲੈ ਕੇ ਸਾਬਣ ਕੰਘੀ, ਸਬਜ਼ੀ ਤੋਂ ਲੈ ਕੇ ਕੱਪੜਿਆਂ ਤੱਕ ਸਭ ਕੁਝ ਉਸਦੀ ਪਸੰਦ ਦਾ ਆਉਂਦੈ ਘਰੇ।
ਇਹ ਸਭ ਤਾਂ ਠੀਕ ਏ, ਪਰ ਆਹ ਗੱਲ ਮਾੜੀ ਕੀਤੀ ਉਸ। ਸੁਹਾਗਰਾਤ ਨੂੰ ਹੀ ਮੈਥੋਂ ਵਚਨ ਲੈ ਲਿਆ। ਅਖੇ , ਸਹੁੰ ਖਾਓ ਜੀ… ਬੇਗਾਨੀ ਔਰਤ ਤੇ ਸ਼ਰਾਬ ਨੂੰ ਮੂੰਹ ਨਹੀਂ ਲਾਉਂਗੇ। ਮੈਂ ਸਹੁੰ ਖਾ ਲਈ। ਪੰਦਰਾਂ ਸਾਲਾਂ ਤੋਂ ਨਿਭਾ ਰਿਹਾਂ…।
ਮਨਾ, ਤੂੰ ਫੇਰ ਤਰਕ ’ਚ ਪੈ ਗਿਆਂ। ਓ ਭਾਈ ਸਹੁੰ ਖਾਣ ਲੱਗਿਆਂ ਥੋੜੀ ਜਿਹੀ ਗੁੰਜਾਇਸ਼ ਰੱਖ ਲਈ ਸੀ… ਚੋਰੀ ਛੁਪੇ ਚੱਪ-ਚੱਪ ਕਰਨ ਦੀ। ਹੁਣ ਯਾਰ ਭੁੱਖੇ ਤਾਂ ਨੀਂ ਮਰਨਾ। ਇਸੇ ਕਰਕੇ ਉਸ ਭਲੀਮਾਨਸ ਨੂੰ ਮੇਰੇ ’ਤੇ ਅੰਨ੍ਹਾ ਵਿਸ਼ਵਾਸ ਆ। ਭਾਵੇਂ ਕੋਈ ਲੱਖ ਸਬੂਤ ਦੇਵੇ, ਉਹਨੇ ਨੀਂ ਮੰਨਣਾ। ਬੱਸ ਕਦੇ ਕਦਾਈਂ ਦਾਅ ਲਾਈਦਾ… ਪੂਰੀ ਤਸੱਲੀ ਕਰਕੇ…। ਮਿੱਤਰ ਪਿਆਰੇ ਵਿਸ਼ਵਾਸ਼ ਜਿੱਤਣਾ ਸੌਖਾ ਨਹੀਂ… ਬੜੇ ਦਾਅ ਖੇਡਣੇ ਪੈਂਦੇ ਆ। ਫਾਰਮੂਲਾ ਦੱਬ ਘੁੱਟ ਵਰਤਣਾ ਪੈਂਦੈ।
ਹੁਣ ਦੀ ਹੀ ਗੱਲ ਲੈ ਲਓ। ਮੇਰੇ ਬੇਟੇ ਰਾਹੁਲ ਨੂੰ ਸਕੂਲੋਂ ਛੁੱਟੀਆਂ ਹੋਈਆਂ। ਉਹ ਨਾਨਕੀਂ ਜਾਣ ਨੂੰ ਕਾਹਲਾ ਹੋਇਆ ਫਿਰੇ। ਪਰ ਮੈਂ ਨੀਂ ਕੁਸਕਿਆ। ਸਗੋਂ ਰਾਹੁਲ ਨੂੰ ਕਿਹਾ ‘ਯਾਰ … ਗਰਮੀ ’ਚ ਪਿੰਡ ਕੀ ਕਰੇਂਗਾ। ਐਥੇ ਸਾਰਾ ਦਿਨ ਕੂਲਰ ਮੂਹਰੇ ਪਿਆ ਰਹਿਨਾ… ਟੀ.ਵੀ. ਵੇਖਦੈਂ… ਕੋਕ ਪੀਨੈ… ਬਰਗਰ ਖਾਨੈ… ਮੌਜਾਂ ਈ ਮੌਜਾਂ… ਨਾਲੇ ਮੇਰਾ ‘ਕੱਲੇ ਦਾ ਘਰੇ ਜੀਅ ਨੀਂ ਲੱਗਦਾ… ਤੂੰ ਜਾਣਾ ਤਾਂ ਜਾਹ ਮੰਮੀ ਐਥੇ ਈ ਰਹੂ…।’
‘ਆਹੋ ਸਾਰਾ ਦਿਨ ਅੰਦਰ ਵੜੇ ਰਹੋ… ਉਥੇ ਪਤਾ ਮੋਟਰ ’ਤੇ ਨਾੲ੍ਹੀਦਾ … ਨਾਲੇ ਜੋਤੀ ਹੋਰਾਂ ਨਾਲ ਖੇਡੀਦਾ… ਮੈਨੂੰ ਨੀਂ ਪਤਾ… ਮੈਂ ਤਾਂ ਜਾਣਾ ਈ ਆ।’ ਰਾਹੁਲ ਕਿੱਲ੍ਹ ਕੇ ਬੋਲਿਆ ਤੇ ਆਕੜਿਆ ਹੋਇਆ ਬਾਹਰ ਨੂੰ ਤੁਰ ਗਿਆ।
‘ਤੁਸੀਂ ਵੀ ਨਾ … ਜਵਾਕ ਮੂਹਰੇ ਗੀਗੇ ਬਣੇ ਰਹਿਣੇ ਓਂ… ਅਖੇ ‘ਕੱਲੇ ਤੋਂ ਨਹੀਂ ਰਿਹਾ ਜਾਣਾ। ਅਸੀਂ ਤਾਂ ਜਾਵਾਂਗੇ। ਸਾਲ ਬਾਅਦ ਕਿਤੇ ਦੋ ਚਾਰ ਦਿਨ ਜਾਣਾ ਹੁੰਦੈ ਪਿੰਡ।’ ਨਿਰਮਲ ਮੇਰੇ ਵਾਲਾਂ ’ਚ ਉਂਗਲਾਂ ਫੇਰਦਿਆਂ ਬੁੱਲ ਟੇਰ ਕੇ ਨਖਰੇ ਨਾਲ ਬੋਲੀ।
ਮੈਨੂੰ ਪਤੈ, ਖੋਤਾ ਖੂਹ ’ਚ ਸਿੱਟਣਾ ਹੋਵੇ ਤਾਂ ਅੱਗੇ ਨੂੰ ਖਿੱਚਣਾ ਪੈਂਦਾ। ਐਵੀਂ ਤਾਂ ਨੀਂ ਇਹ ਗੱਠਜੋੜ ਸਫਲਤਾ ਪੂਰਵਕ ਨਿਭਾ ਰਿਹਾ!
ਅਗਲੀ ਕੌਡੀ ਸਿੱਟਦਿਆਂ ਮੈਂ ਕਿਹਾ, ‘… ਚੱਲ ਠੀਕ ਆ… ਰਾਤ ਰਹਿ ਕੇ ਆ ਜੀਂ…।’
‘ਊਂ ਹੂੰ… ਚਾਰ ਦਿਨ, ਅੱਵਲ ਹਫਤਾ…।’
‘ਮੇਰਾ ਕਿਵੇਂ ਸਰੂ ?’
‘ਜਿਵੇਂ ਲੋਕਾਂ ਦਾ ਸਰਦੈ।’
‘ਉਨ੍ਹਾਂ ਕੋਲ ਤੇਰੇ ਵਰਗੀ ਹੀਰ ਹੋਵੇ ਤਾਂ ਫੇਰ ਪੁੱਛਾਂ ਕਿਵੇਂ ਸਰਦੈ…।’
‘ਬੱਸ ਬੱਸ… ਓ ਕੇ… ਬਹੁਤੀ ਫੂਕ ਨਾ ਛਕਾਓ… ਮੈਂ ਤਾਂ ਜਾਣੈ… ਜਾਣੈ… ਜਾਣੈ… ਅੱਜ ਹੀ ਜਾਣੈ।’
‘ਚੱਲ ਠੀਕ ਆ, ਜਦੋਂ ਤੂੰ ਸ਼ਾਮ ਨੂੰ ਸੱਤ ਵਜੇ ਫੋਨ ਕਰੇਂਗੀ ਉਦੋਂ ਮੈਂ ਰੋਟੀ ਖਾਊਂਗਾ ਤੇ ਜਦੋਂ ਤੂੰ ਚੰਨ ਰਾਹੀਂ ਮੇਰੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰੇਂਗੀ ਉਦੋਂ ਸੋਵਾਂਗਾ… ਨਹੀਂ ਤਾਂ…।’
‘ਤੁਸੀਂ ਕਿੰਨੇ ਚੰਗੇ ਓਂ।’ ਉਹ ਅੱਖਾਂ ਭਰ ਕੇ ਬੋਲੀ।
ਮੇਰੇ ਦਾਅ ਲੋਟ ਆ ਗਿਆ। ਹਮੇਸ਼ਾਂ ਹੀ ਆਉਂਦੇ ਆ।
ਉਧਰ ਨਿਰਮਲ ਬੱਸ ਚੜ੍ਹੀ। ਇਧਰ ਮੇਰੀਆਂ ਲਗਾਮਾਂ ਖੁੱਲੀਆਂ। ਬੱਸ ਆਹੀ ਇਕ ਪ੍ਰੀਖਿਆ ਬਾਕੀ ਆ। ਸੱਤ ਵਜੇ ਉਹਦਾ ਫੋਨ ਆਉਣਾ। ਕਰੂ ਵੀ ਲੈਂਡ ਲਾਈਨ ’ਤੇ। ਅਖੇ ਘਰ ਦੀਆਂ ਗੱਲਾਂ ਘਰ ਦੇ ਫੋਨ ’ਤੇ ਈ ਹੁੰਦੀਆਂ ਨੇ। ਬੱਸ ਇਕ ਵਾਰ ਫੋਨ ਆ ਜਾਵੇ ਫਿਰ ਰਾਤ ਭਰ ਲਈ ਮੌਜਾਂ ਈ ਮੌਜਾਂ।
ਦੇਵ ਦਾ ਦੋ ਵਾਰ ਫੋਨ ਆ ਚੁੱਕਿਐ। ਵਿਚਾਰਾ ਹੋਟਲ ’ਚ ਬੈਠਾ ਉਡੀਕੀ ਜਾਂਦੈ।
ਇਹ ਸਿਆਪਾ ਵੀ ਮੈਂ ਹੀ ਸਹੇੜਿਆ ਕਿ ਉਹਦੇ ਬਿਨਾਂ ’ਕੱਲਾ ਘਰੋਂ ਨੀਂ ਨਿਕਲਦਾ। ਮੈਂ ਕਿਸੇ ਗੱਲ ਦੀ ਭਿਣਕ ਨੀਂ ਲੱਗਣ ਦੇਣੀ ਚਾਹੁੰਦਾ। ਜੇ ਪਤਾ ਲੱਗ ਗਿਆ ਤਾਂ ਉਹਨੇ ਰਾਤ ਨੂੰ ਹੀ ਆ ਜਾਣਾ।
ਓਦਣ ਵਾਂਗ।
ਨਿਰਮਲ ਆਪਣੇ ਭਰਾ ਦੇ ਵਿਆਹ ਦੀ ਤਿਆਰੀ ਵਾਸਤੇ ਪਿੰਡ ਗਈ ਹੋਈ ਸੀ। ਮੈਂ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਘਰ ਰਹਿ ਪਿਆ। ਸਹੁਰੀਂ ਜਾ ਕੇ ਕੀ ਕਰੂੰਗਾ। ਉਥੇ ਤਾਂ ਸਾਰਾ ਦਿਨ ਨਰਮੇ ਨੂੰ ਮਿੱਲੀ ਬੱਗ ਪੈਗੀ… ਇਕ ਮੱਝ ਨੇ ਕੱਟਾ ਦੇਤਾ ਦੂਈ ਦੱਬਾ ਮਾਰਗੀ… ਫਲਾਣੇ ਦੀ ਬੜੀ ਚੱਲਦੀ ਆ ਬਈ ਸ਼ਰੇਆਮ ’ਫੀਮ ਵੇਚਦੈ… ਫਲਾਣੇ ਦੀ ਕੁੜੀ ਖਰਾਬ ਆ ਫਲਾਣੇ ਦਾ ਮੁੰਡਾ…। ਬੱਸ ਇਹੋ ਗੱਲਾਂ ਹੁੰਦੀਆਂ ਨੇ। ਕਿਸੇ ਖਾਸ ਰਿਪੋਰਟ ਵਾਂਗ ਮੇਰੇ ਮੂਹਰੇ ਵਾਰ ਵਾਰ ਦਹੁਰਾਈਆਂ ਜਾਂਦੀਆਂ ਨੇ।
ਸ਼ਾਮ ਨੂੰ ਮੈਂ ਰਾਊਂਡੀ ’ਤੇ ਨਿਕਲ ਗਿਆ। ਉਧਰੋਂ ਸ਼ਾਲੂ ਦਾ ਫੋਨ ਆ ਗਿਆ। ਰੋਜ਼ ਹੀ ਸ਼ਾਮ ਨੂੰ ਸੱਤ ਕੁ ਵਜੇ ਕਰਦੀ ਆ। ਮੈਂ ਸੈਰ ਦੇ ਬਹਾਨੇ ਘਰੋਂ ਬਾਹਰ ਚਲਾ ਜਾਨਾਂ। ਪਰ ਉਸ ਦਿਨ ਨਿਰਮਲ ਨੇ ਕੋਈ ਸਲਾਹ ਕਰਨ ਲਈ ਪਹਿਲਾਂ ਘਰੇ ਫੋਨ ਕੀਤਾ ਫਿਰ ਮੇਰੇ ਮੋਬਾਇਲ ‘ਤੇ। ਮੈਨੂੰ ਕੋਈ ਪਤਾ ਨਾ ਲੱਗਿਆ। ਜਦੋਂ ਅੱਧੇ ਘੰਟੇ ਬਾਅਦ ਸ਼ਾਲੂ ਨੇ ਫੋਨ ਕੱਟਿਆ ਤਾਂ ਨਿਰਮਲ ਦੇ ਪਿੰਡ ਵਾਲੇ ਫੋਨ ਦੀਆਂ ਮਿਸ ਕਾਲਾਂ ਵੇਖ ਕੇ ਮੇਰਾ ਸਾਹ ਸੁੱਕ ਗਿਆ। ਹੁਣ ਤੱਕ ਤਾਂ ਉਹ ਪਿੰਡੋਂ ਤੁਰ ਪਈ ਹੋਊ। ਘਰੇ ਪਹੁੰਚਣ ਵਾਲੀ ਹੋਊ। ਪਿੰਡ ਫੋਨ ਕੀਤਾ, ਉਹੀ ਗੱਲ ਹੋਈ। ਉਹ ਤੁਰ ਪਈ ਸੀ। ਕੀ ਕਰਾਂ ?
” … ਜੇ ਅੱਜ ਪੇਚਾ ਪੈ ਗਿਆ ਤਾਂ… ਤਾਂ… ਕੋਈ ਗੱਲ ਨੀਂ… ਵੱਢ ਦਊਂ ਰੋਜ਼ ਰੋਜ਼ ਦਾ ਫਾਹਾ… ਭੋਰਾ ਭੋਰਾ ਕਰਕੇ ਫਲੱਸ਼ ’ਚ ਰੋੜ ਦਊਂ… ਕਿਸੇ ਨੇ ਨੀਂ ਪੁੱਛਣਾ… ਮੇਰੇ ’ਤੇ ਤਾਂ ਕਿਸੇ ਨੇ ਸ਼ੱਕ ਵੀ ਨਹੀਂ ਕਰਨਾ… ਲੋਕ ਤਾਂ ਸਾਡੇ ਪਿਆਰ ਦੀ ਸਹੁੰ ਖਾਂਦੇ ਨੇ… ਇਹ ਕੰਡਾ ਨਿਕਲ ਜੇ ਤਾਂ ਫਿਰ ਮੈਂ ਤੇ ਸ਼ਾਲੂ ਬੇਫਿਕਰੀ ਨਾਲ…।’’ ਖਿੱਝਦਾ, ਖੱਪਦਾ, ਬਹਾਨੇ ਭਾਲਦਾ ਮੈਂ ਘਰ ਨੂੰ ਮੁੜ ਪਿਆ। ਬਾਕੀ ਤਾਂ ਮੈਂ ਸਾਂਭ ਲਊਂ। ਪਰ ਮੂੰਹ ਦਾ ਮੁਸ਼ਕ ਤੇ ਫਰਿੱਜ ’ਚ ਪਈ ਵਿਸਕੀ।
ਰਾਹ ਵਿਚ ਸਕੂਲ ਲਾਗਲੇ ਨਲਕੇ ਤੋਂ ਪਾਣੀ ਦੀਆਂ ਕਈ ਕੁਰਲੀਆਂ ਕੀਤੀਆਂ। ਰੱਜ ਕੇ ਪਾਣੀ ਪੀ ਕੇ ਜ਼ੋਰ ਨਾਲ ਪਿਸ਼ਾਬ ਕੀਤਾ। ਜੀਅ ਕਰਦਾ ਸੀ ਸਭ ਖਾਧਾ ਪੀਤਾ ਬਾਹਰ ਨਿਕਲ ਜੇ।
ਐਨੇ ਵਿਚ ਫਿਰ ਮੇਰੇ ਮੋਬਾਇਲ ਦੀ ਘੰਟੀ ਵੱਜੀ। ਘਰੋਂ ਫੋਨ ਆਇਆ ਸੀ।
‘ਹੈਲੋ… ਹਾਂ ਨਿਰਮਲ ਤੂੰ ਆ ਗਈ ਘਰੇ… ਮੈਂ ਪਿੰਡ…।’
‘ਕਿਥੇ ਓਂ ਤੁਸੀਂ… ਘੰਟਾ ਹੋ ਗਿਆ ਫੋਨ ਕਰਦੀ ਨੂੰ… ਠੀਕ ਤਾਂ ਹੋ… ਕੀ ਕਰਦੇ ਓਂ… ਤੁਹਾਨੂੰ ਕੋਈ ਫਿਕਰ ਨੀਂ… ਘਰ ਸੁੰਨ੍ਹਾ…।’ ਉਹ ਪ੍ਰੇਸ਼ਾਨ ਹੋਈ ਪਈ ਸੀ।
‘ਓ ਯਾਰ ਗੱਲ ਤਾਂ ਸੁਣ… ਦੇਵ ਗੁੱਸੇ ਹੋਇਆ ਫਿਰਦਾ ਸੀ ਘਰਦਿਆਂ ਨਾਲ… ਮੈਂ ਉਹਨੂੰ ਛੱਡਣ ਉਹਦੇ ਘਰੇ …।’ ਮੈਂ ਆਖਿਆ।
‘ਚੁੱਪ ਕਰਜੋ… ਮੈਂ ਦੇਵ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਮੇਰੇ ਕੋਲ ਤਾਂ ਆਏ ਨਹੀਂ… ਸ਼ਰਮ ਤਾਂ ਨੀਂ ਆਉਂਦੀ ਝੂਠ ਬੋਲਦਿਆਂ ਨੂੰ… ਬੇਈਮਾਨ… ਝੂਠੇ…।’ ਉਹ ਬੋਲੀ।
‘ਮੈਂ ਆ ਰਿਹਾਂ ਘਰੇ… ਆ ਕੇ ਗੱਲ ਕਰਦੇ ਆਂ। ਤੂੰ ਕੀਹਦੇ ਨਾਲ ਆਈ… ਮੈਂ ਛਿੰਦੀ ਦੇ ਢਾਬੇ ਤੋਂ ਰੋਟੀ ਲੈ ਕੇ ਆਉਨਾ… ਚੰਗਾ ਹੋਇਆ ਤੂੰ ਆ ਗੀ … ’ਕੱਠੇ ਖਾਵਾਂਗੇ… ਤੂੰ ਐਵੀਂ…।’ ਮੈਂ ਕਿਹਾ।
‘ਹੂੰਅ…।’ ਉਸ ਫੋਨ ਕੱਟ ਦਿੱਤਾ।
ਘਰ ਪਹੁੰਚਿਆ। ਗਲੀ ਵਾਲਾ ਬੂਹਾ ਖੁੱਲਾ ਤੇ ਕੋਠੀ ’ਚ ਹਨੇਰਾ ਸੀ। ਬੀਬੀ ਹੋਰਾਂ ਵਾਲੇ ਪਾਸੇ ਚਾਣਨ ਸੀ। ਨਿਰਮਲ ਨੂੰ ਆਇਆਂ ਵੇਖ ਕੇ ਉਨ੍ਹਾਂ ਨੂੰ ਵੀ ਵਕਤ ਖੜਾ ਹੋ ਗਿਆ ਹੋਣਾਂ।
ਦਿਨੇ ਪਾਪਾ ਬਹੁਤ ਖੁਸ਼ ਸੀ। ਕਹਿੰਦੇ, ‘ਅੱਜ ਮੈਂ ਤੇ ਮੇਰੇ ਪੁੱਤ ਲਾਅਨ ’ਚ ਬੈਠ ਕੇ ’ਕੱਠੇ ਪੈੱਗ ਸ਼ੈੱਗ ਲਾਵਾਂਗੇ ਨਾਲੇ ਰੱਜ ਕੇ ਗੱਲਾਂ ਕਰਾਂਗੇ…।’
ਜਦੋਂ ਨਿਰਮਲ ਘਰੇ ਨਹੀਂ ਹੁੰਦੀ ਉਦੋਂ ਹੀ ਪਾਪਾ ਖੁੱਲ ਕੇ ਹੱਸਦੇ ਨੇ। ਲਾਅਨ ’ਚ ਕੁਰਸੀਆਂ ਡਾਹ ਲੈਂਦੇ ਨੇ। ਮੇਜ਼ ’ਤੇ ਦਾਰੂ, ਪਾਣੀ, ਸਲਾਦ… ਕਈ ਕੁਝ ਸਜਾਉਂਦੇ ਨੇ। ਪੈੱਗ ਹੱਥ ’ਚ ਲੈ ਕੇ ਕਦੇ ਲਾਬੀ ਵਿਚ ਘੁੰਮਦੇ ਨੇ ਕਦੇ ਸਾਡੇ ਕਮਰਿਆਂ ਦੀਆਂ ਕੰਧਾਂ ਤੇ ਬੂਹੇ ਬਾਰੀਆਂ ਉਪਰ ਹੱਥ ਫੇਰਦੇ ਨੇ। ਜਿਵੇਂ ਕੁਝ ਗੁਆਚਿਆ ਲੱਭ ਰਹੇ ਹੋਣ। ਰਿਟਾਇਰ ਹੋਣ ਕਰਕੇ ਬਾਹਰ ਅੰਦਰ ਵੀ ਘੱਟ ਹੀ ਆਉਂਦੇ ਜਾਂਦੇ ਨੇ। ਪਰ ਨਿਰਮਲ ਦੇ ਘਰ ਹੁੰਦਿਆਂ ਆਪਣੇ ਕਮਰੇ ਵਿਚ ਹੀ ਪਏ ਰਹਿੰਦੇ ਨੇ। ਬੀਬੀ ਦਿਨ ਖੜੇ ਹੀ ਰੋਟੀ ਪਕਾ ਦਿੰਦੀ ਆ। ਫਿਰ ਦੋਵੇਂ ਜੀਅ ਚੁੱਪ ਕਰਕੇ ਅੰਦਰ ਪਏ ਰਹਿੰਦੇ ਨੇ। ਕਦੇ-ਕਦੇ ਉਹਨਾਂ ਦੇ ਖੰਘਣ ਜਾਂ ਗਲਾਸ-ਕੌਲੀ ਦੇ ਖੜਕੇ ਤੋਂ ਹੀ ਉਹਨਾਂ ਦੇ ਜਿਓਂਦੇ ਹੋਣ ਦਾ ਅਹਿਸਾਸ ਹੁੰਦੈ। ਉਹ ਵਰਿ੍ਹਆਂ ਤੋਂ ਆਪਣੇ ਹੀ ਘਰ ’ਚ ਘਰ-ਨਿਕਾਲਾ ਹੰਢਾ ਰਹੇ ਨੇ। ਮੈਂ ਇਕ ਰਾਤ ਵੀ ਇਸ ਤਰਾਂ ਘਰੇਲੂ ਬੰਦੀ ’ਚ ਰਹਾਂ ਤਾਂ ਮਰ ਜਾਵਾਂ। ਪਰ ਨਾ ਮੈਂ ਖੁਦ ਮਰ ਸਕਿਆ ਤੇ ਨਾ ਨਿਰਮਲ ਨੂੰ …। ਕਈ ਦ੍ਰਿਸ਼ ਮੇਰੇ ਆਲੇ ਦੁਆਲੇ ਕੁਰਬਲ ਕੁਰਬਲ ਕਰਨ ਲੱਗ ਪਏ ਨੇ।
ਇਕ ਦ੍ਰਿਸ਼ ਹੈ ਵਿਆਹ ਤੋਂ ਕੁਝ ਦਿਨ ਬਾਅਦ ਦਾ। ਪਾਪਾ ਹਮੇਸ਼ਾਂ ਵਾਂਗ ਸ਼ਾਮ ਨੂੰ ਰਿਕਸ਼ੇ ਤੋਂ ਝੂਲਦੇ ਹੋਏ ਉਤਰੇ। ਬੀਬੀ ਨੇ ਭੱਜ ਕੇ ਉਹਨਾਂ ਦੇ ਹੱਥੋਂ ਫਲਾਂ ਫਰੂਟਾਂ ਵਾਲੇ ਕਈ ਲਿਫਾਫੇ ਤੇ ਵਿਸਕੀ ਦੀ ਬੋਤਲ ਫੜ ਕੇ ਫਰਿਜ਼ ਵਿਚ ਰੱਖ ਦਿੱਤੇ।
ਪਾਪਾ ਨਿਰਮਲ ਦੇ ਸਿਰ ’ਤੇ ਹੱਥ ਰੱਖ ਕੇ ਕਹਿਣ ਲੱਗੇ, ”ਨਿਰਮਲ ਪੁੱਤ ਤੂੰ ਕੋਈ ਕੰਮ ਨੀਂ ਕਰਨਾ… ਸਵਾ ਮਹੀਨਾ ਅਰਾਮ ਨਾਲ ਬਹੁ… ਖੁਸ਼ ਰਹੋ… ਜੋ ਮਰਜ਼ੀ ਖਾਓ ਪੀਓ… ਮੌਜ ਕਰੋ… ਕੋਈ ਪਰਵਾਹ ਨਹੀਂ… ਇਹ ਸ਼ਮਸ਼ੇਰ ਸਿੰਘ ਦਾ ਘਰ ਆ… ਕਿਸੇ ਲੰਡੂ ਦਾ ਨਹੀਂ… ਡੋਂਟ ਵਰੀ…।’’
ਉਹ ਕੱਪੜੇ ਬਦਲ ਕੇ ਲਾਬੀ ਵਿਚ ਪਏ ਮੂਹੜੇ ’ਤੇ ਬਹਿ ਗਏ। ਮੈਂ ਪਾਣੀ ਦਾ ਗਿਲਾਸ, ਜੱਗ ਤੇ ਬੋਤਲ ਮੇਜ਼ ’ਤੇ ਰੱਖ ਦਿੱਤੀ… ਆਮ ਵਾਂਗ। ਉਹ ਬੜੇ ਖੁਸ਼ ਸਨ। ਉੱਚੀ ਉੱਚੀ ਗੱਲਾਂ ਕਰ ਰਹੇ ਸੀ। ਰਾਤ ਨੂੰ ਨਿਰਮਲ ਨੇ ਰੋਟੀ ਨਾ ਖਾਧੀ। ਮੇਰੇ ਨਾਲ ਚੱਜ ਦੀ ਗੱਲ ਵੀ ਨਾ ਕੀਤੀ। ਦਿਨ ਚੜ੍ਹਦਿਆਂ ਹੀ ਉਹ ਕੱਪੜੇ ਬੈਗ ਵਿਚ ਤੁੰਨ ਕੇ ਪਿੰਡ ਨੂੰ ਤੁਰ ਪਈ। ਇਕੱਲੀ। ਪਰਸ ਮੋਢੇ ਪਾ ਕੇ ਕਹਿੰਦੀ ਮੈਂ ਪਿੰਡ ਚੱਲੀ ਆਂ। ਵੱਡੇ ਭੈਣ ਜੀ ਘਰੇ ਸੀ। ਉਨ੍ਹਾਂ ਨਿਰਮਲ ਨੂੰ ਵਰ੍ਹਾਇਆ। ਸਮਝਾਇਆ। ਪਲੋਸਿਆ। ਛੱਤੀ ਲੇਲੇ-ਪੇਪੇ ਕੀਤੇ।
ਜਾਣ ਦਾ ਕਾਰਨ ਪੁੱਛਿਆ ਤਾਂ ਕਹਿੰਦੀ ‘ਮੇਰੇ ਘਰ ’ਚ ਇਕ ਜਣੀ ਹੀ ਰਹੂ, ਮੈਂ ਜਾਂ ਸ਼ਰਾਬ।’
ਮੇਰਾ ਘਰ, ਉਹ ਇਕ ਦਿਨ ’ਚ ਹੀ ਘਰ ਦੀ ਮਾਲਕਨ ਬਣ ਗਈ ਤੇ ਅਸੀਂ? ਮੈਨੂੰ ਚੱਕਰ ਆ ਗਿਆ।
”ਜਾਹ, ਜਾਹ। ਤੁਰ ਜਾ। ਆਈ ਵੱਡੀ ਘਰ ਦੀ ਮਾਲਕਨ… ਤੂੰ ਸਾਨੂੰ ਹੁਕਮ ਦੇਣ ਵਾਲੀ ਕੌਣ ਐਂ… ਜਾਹ ਚੱਲੀ ਜਾਹ ਜਿਥੇ ਜਾਣੈ… ਹੁਣ ਜਾਨੀਂ ਆਂ ਕਿ ਦੇਵਾਂ ਤੈਨੂੰ ਧਨੇਸੜ੍ਹੀ… ।’’ ਮੈਨੂੰ ਹਰਖ ਚੜ੍ਹ ਗਿਆ।
”ਭੌਂਕ ਨਾ… ਸ਼ਰਮ ਨੀਂ ਆਉਂਦੀ। ਉਹਦਾ ਵਿਚਾਰੀ ਦਾ ਹਾਲ ਤਾਂ ਕੀ ਪੁੱਛਣਾ ਉਲਟਾ ਭਕਾਈ ਕਰਨ ਡਿਹਾਂ।’’ ਵੱਡੇ ਭੈਣ ਜੀ ਮੈਨੂੰ ਭੱਜ ਕੇ ਪਏ। ਫਿਰ ਉਹਨਾਂ ਫਰਿਜ ’ਚ ਪਈ ਸ਼ਰਾਬ ਦੀ ਬੋਤਲ ਚੁੱਕ ਕੇ ਵਾਸ਼ ਬੈਸਨ ਵਿਚ ਡੋਲ੍ਹ ਦਿੱਤੀ। ਆਂਡੇ ਕੂੜ੍ਹੇ ਵਿਚ ਸਿੱਟ ਦਿੱਤੇ।
”ਅੱਜ ਤੋਂ ਬਾਅਦ ਘਰ ਵਿਚ ਆਂਡਾ, ਮੀਟ, ਸ਼ਰਾਬ ਨਹੀਂ ਵੜੂਗਾ… ਬੱਸ… ਬਥੇਰਾ ਖਾ ਪੀ ਲਿਆ।’’ ਭੈਣ ਬੋਲੀ।
ਮੈਂ ਸੜਦਾ ਭੁੱਜਦਾ ਬੁੜ-ਬੁੜ ਕਰਦਾ ਦਫਤਰ ਚਲਾ ਗਿਆ। ਨਿਰਮਲ, ਭੈਣ ਦੇ ਇਸ ਵਾਅਦੇ ’ਤੇ ਰੁਕ ਗਈ ਕਿ ਹੁਣ ਘਰ ਉਸਦੀ ਮਰਜ਼ੀ ਅਨੁਸਾਰ ਚੱਲੇਗਾ।
ਦੁਪਹਿਰੇ ਭੈਣ ਮੇਰੇ ਕੋਲ ਦਫਤਰ ਆਈ ਤੇ ਕਹਿਣ ਲੱਗੀ, ”ਵੀਰੇ … ਨਿਰਮਲ ਤੇਰੀ ਪਸੰਦ ਆ। ਇਸੇ ਨਾਲ ਨਿਭਣਾ ਪੈਣਾ ਹੁਣ ਤਾਂ। ਨਾਲੇ ਮੇਰੀ ਇਕ ਗੱਲ ਧਿਆਨ ਨਾਲ ਸੁਣ… ਮਜ੍ਹਬੀ ਦੇ ਸੀਰੀ ਲੱਗੇ ਪੁੱਤ ਨੂੰ ਵੀਹ ਰਿਸ਼ਤੇ ਹੋ ਜਾਂਦੇ ਨੇ… ਪਰ ਬੇਜ਼ਮੀਨੇ ਤੇ ਛੁੱਟੜ ਜੱਟ ਦੇ ਪੁੱਤ ਨੂੰ ਕੋਈ ਕੁੜੀ ਨੀਂਹ ਦਿੰਦਾ… ਵੀਰੇ, ਮਾਪੇ ਤਾਂ ਮਾਪੇ ਨੇ… ਤੂੰ ਖੁਸ਼ ਰਹੇਂ ਉਹ ਇਹੀ ਚਾਹੁੰਦੇ ਨੇ… ਤੂੰ ਉਹਨਾਂ ਦਾ ਕੋਈ ਫਿਕਰ ਨਾ ਕਰ… ਆਪਣਾ ਘਰ ਸਾਂਭ।’’
ਤੇ ਉਸ ਦਿਨ ਤੋਂ ਬਾਅਦ ਘਰ ਵਿਚ ਸ਼ਰਾਬ ਪੀਣਾ ਤਾਂ ਦੂਰ ਸ਼ਰਾਬ ਦਾ ਨਾਂ ਲੈਣਾ ਵੀ ਬੰਦ ਹੋ ਗਿਆ। ਬੀਬੀ ਪਾਪਾ ਚੁੱਪ-ਚਾਪ ਕੋਠੀ ਮਗਰਲੇ ਸਰਵੈਂਟ ਕੁਆਟਰ ਵਿਚ ਚਲੇ ਗਏ।
ਯੂਨੀਵਰਸਿਟੀ ਪੜ੍ਹਦਿਆਂ ਮੈਂ ਕੁੜੀਆਂ ਦੀ ਦੋਸਤੀ ਬਹੁਤ ਹੰਢਾਈ। ਪਰ ਆਪਣੀ ਪਤਨੀ ਮੈਂ ਉਸ ਕੁੜੀ ਨੂੰ ਹੀ ਬਣਾਉਣਾ ਚਾਹੁੰਦਾ ਸੀ ਜਿਹੜੀ ਘੱਟ ਪੜ੍ਹੀ ਲਿਖੀ, ਗਰੀਬ ਪਰ ਬਹੁਤ ਖੂਬਸੂਰਤ ਤੇ ਘਰੇਲੂ ਹੋਵੇ। ਹਰ ਵੇਲੇ ਹਾਂ ਜੀ, ਹਾਂ ਜੀ ਕਹਿਣ ਵਾਲੀ। ਮੇਰਾ ਰੋਹਬ ਮੰਨਣ ਵਾਲੀ। ਜਦੋਂ ਨਿਰਮਲ ਨੂੰ ਵੇਖਿਆ ਤਾਂ ਝੱਟ ਹਾਂ ਕਹਿ ਦਿੱਤੀ। ਉਹ ਮੇਰੇ ਸਾਰੇ ਪੈਮਾਨਿਆਂ ਦੇ ਮੇਚੇ ਸੀ।
ਵੇਖਾ-ਵਿਖਾਈ ਵੇਲੇ ਜਦੋਂ ਨਿਰਮਲ ਨੇ ਕਿਹਾ ” ਵੇਖੋ ਜੀ… ਦਾਜ ’ਚ ਇਕ ਕੋਕਾ ਵੀ ਨਹੀਂ ਮਿਲਣਾ… ਬੱਸ ਚਾਹ ਪੀ ਕੇ ਡੋਲੀ ਲਿਜਾਣੀ ਪਊ…।’’ ਘੁੰਗਰੂਆਂ ਦੀ ਛਨ-ਛਨ ਵਰਗੇ ਬੋਲਾਂ ਨਾਲ ਉਸ ਪਤਾ ਨਹੀਂ ਹੋਰ ਕੀ ਕੁਝ ਕਿਹਾ, ਮੈਂ ਤਾਂ ਬੱਸ ਉਸਦਾ ਮੂੰਹ ਵੇਖਦਾ ਰਿਹਾ। ਮੇਰੇ ਸਾਰੇ ਸੰਸੇ ਮੁੱਕ ਗਏ। ਅਜੀਬ ਜਿਹਾ ਚਾਅ ਚੜ੍ਹ ਗਿਆ। ਯਾਰਾਂ ਬੇਲੀਆਂ ਨੂੰ ਦੱਸਣ ਦੀ ਕਾਹਲ ਲੱਗ ਗਈ ਕਿ ਕਿਵੇਂ ਪਿੰਡ ਦੀ ਦਸ ਪੜ੍ਹੀ ਕੁੜੀ ਡੱਬਲ ਐਮ. ਏ. ਪਾਸ ਮੁੰਡੇ ਦੀ ਅੱਖ ’ਚ ਅੱਖ ਪਾ ਕੇ ਆਪਣੇ ਵਿਆਹ ਦੀ ਗੱਲ ਕਰ ਸਕਦੀ ਆ।
”ਕਮਾਲ ਅਸਤ…।’’
ਕੁਝ ਦਿਨਾਂ ਬਾਅਦ ਅਸੀਂ ਪੰਜ ਸੱਤ ਜਣੇ ਗਏ ਤੇ ਨਿਰਮਲ ਦੀ ਡੋਲੀ ਲੈ ਆਏ। ਉੇਸੇ ਸ਼ਾਮ ਪਾਪਾ ਨੇ ਇਕ ਵੱਡੀ ਪਾਰਟੀ ਦਾ ਪ੍ਰਬੰਧ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿਚ ਕੀਤਾ। ਬਹੁਤ ਇਕੱਠ ਕੀਤਾ ਗਿਆ।
”ਗੁਝਾ ਨਾਵਾਂ ਲਿਆ ਸ਼ਮਸ਼ੇਰ ਨੇ… ਓਏ ਜਿਹੜਾ ਪੈਸੇ ਲਏ ਬਿਨਾਂ ਦੁਆਨੀ ਦੀ ਪੈਨਸਲ ਨੀਂਅ ਘਸਾਉਂਦਾ, ਉਹ ਮੁੰਡੇ ਦਾ ਵਿਆਹ ਕਿਥੋਂ ਪੁੰਨ ’ਚ ਕਰ ਦਊ।’’ ਮੁਰਗੇ ਦੀ ਲੱਤ ਚੂੰਡਦਿਆਂ ਕਈਆਂ ਨੇ ਘੁਸਰ ਮੁਸਰ ਕੀਤੀ।
ਕਈ ਕਹਿੰਦੇ, ”ਨਹੀਂ ਗੱਲ ਹੋਰ ਆ… ਮੁੰਡੇ ‘ਤੇ ਚੰਡੀਗੜ੍ਹ ਅਵਾਰਾ ਗਰਦੀ ਦਾ ਕੇਸ ਬਣ ਗਿਆ ਸੀ… ਕੋਈ ਰਿਸ਼ਤਾ ਨਹੀਂ ਸੀ ਕਰਦਾ… ਆਹ ਭੋਲੇ ਬੰਦੇ ਫਸਾ ਲਏ ਵਿਚਾਰੇ…।’’
ਪਰ ਬੀਬੀ ਪਾਪਾ ਨੇ ਸਭ ਕੁਝ ਅਣਸੁਣਿਆ ਕਰਕੇ ਆਪਣੇ ਸਵਾ ਲੱਖੇ ਪੁੱਤ ਲਈ ਸਿਰਜੇ ਚਾਅ ਰੱਜ ਕੇ ਪੂਰੇ ਕੀਤੇ। ਇਕੋ ਦਿਨ ਵਿਚ ਲੱਖਾਂ ਰੁਪਏ ਉਡਾ ਦਿੱਤਾ। ਮੇਰੇ ਲਈ ਅਚਕਨ ਤੇ ਨਿਰਮਲ ਲਈ ਲਾਚਾ ਖਾਸ ਤੌਰ ਤੇ ਦਿਲੀਓਂ ਮੰਗਵਾਇਆ। ਸੁਹਾਗ ਰਾਤ ਵਾਲੇ ਕਮਰੇ ਨੂੰ ਸਜਾਉਣ ਲਈ ਗੰਗਾਨਗਰ ਤੋਂ ‘ਸ਼ਹਿਜਾਦਾ ਫੁੱਲਾਂ ਵਾਲਾਂ’ ਆਇਆ ਸੀ। ਖੁੱਲੀ ਵੱਡੀ ਕੋਠੀ ਹਫਤਾ ਭਰ ਜਗਮਗ-ਜਗਮਗ ਕਰਦੀ ਰਹੀ ਸੀ।
ਪਰ ਉਸ ਸ਼ਾਮ ਉਹੀ ਕੋਠੀ ਹਨੇਰੇ ’ਚ ਡੁੱਬੀ ਪਈ ਸੀ।
ਮੈਂ ਬਾਥਰੂਮ ਵਿਚ ਵੜ ਕੇ ਫਿਰ ਕਈ ਕੁਰਲੀਆਂ ਕੀਤੀਆਂ। ਬਰੱਸ਼ ਕੀਤਾ। ਮੂੰਹ ’ਚੋਂ ਸ਼ਰਾਬ ਦੀ ਗੰਧ ਮੁੱਕ ਜਾਵੇ … ਬਾਕੀ ਤਾਂ ਮੈਂ ਸੰਭਾਲ ਹੀ ਲੈਣਾ।
ਸੰਭਾਲ ਤਾਂ ਉਸ ਦਿਨ ਵੀ ਲਿਆ ਸੀ। ਪਰ ਪਹਿਲੀ ਵਾਰ ਆਪਣੀਆਂ ਹੀ ਨਜ਼ਰਾਂ ’ਚੋਂ ਡਿੱਗਿਆ ਸੀ।
ਕੀ ਕਰਾਂ ਮਜਬੂਰ ਹਾਂ। ਜਿਉਣ ਦੇ ਕਈ ਬਹਾਨੇ ਹੁੰਦੇ ਨੇ। ਕਹਾਣੀ ਲਿਖਦਾਂ। ਕਹਾਣੀਕਾਰਾਂ ਨਾਲ ਵਾਹ ਆ।
ਸ਼ਾਲੂ ਵੀ ਕਹਾਣੀਕਾਰਾ ਹੈ। ਮੇਰੀਆਂ ਕਹਾਣੀਆਂ ਪੜ੍ਹ ਕੇ ਮੇਰੀ ਫੈਨ ਹੋ ਗਈ। ਮੇਰੀ ਇਕ ਕਹਾਣੀ ਉਸਦੀ ਜ਼ਿੰਦਗੀ ਦੇ ਕੁਝ ਜ਼ਿਆਦਾ ਹੀ ਨੇੜੇ ਸੀ। ਹੌਲੀ-ਹੌਲੀ ਸਾਡੀ ਸਾਂਝ ਬਣ ਗਈ। ਪਹਿਲਾਂ ਫੋਨ। ਫਿਰ ਰੂਬਰੂ। ਮੇਰੀ ਪ੍ਰਸ਼ੰਸਕ, ਹੱਦੋਂ ਵੱਧ ਸੋਹਣੀ। ਮੈਂ ਕਿਵੇਂ ਵੀ ਪਾਸਾ ਨਾ ਵੱਟ ਸਕਿਆ। ਉਸਨੂੰ ਆਸਰਾ ਚਾਹੀਦਾ ਸੀ। ਕਹਾਣੀਆਂ ਤੋਂ ਤੁਰਦੀ ਗੱਲ ਰਿਸ਼ਤਿਆਂ ’ਤੇ ਆ ਗਈ। ਮੈਂ ਕਿਹੜਾ ਭਗਤ ਭਰਥਰੀ ਸੀ ਜਿਹੜਾ ਤਿਆਗ ਕਰ ਦਿੰਦਾ। ਭੇਤ ਸਾਂਝੇ ਹੋ ਗਏ। ਤੇ ਫਿਰ ਜ਼ਿੰਦਗੀ ਦਾ ਹਿੱਸਾ ਬਣ ਗਏ।
ਮੈਂ ਨਿਰਮਲ ਤੋਂ ਚੋਰੀ ਸ਼ਾਲੂ ਦੇ ਦਫਤਰ ਚਲਾ ਜਾਂਦਾ। ਉਹ ਆਪਣੇ ਪਤੀ ਤੋਂ ਚੋਰੀ ਮੈਨੂੰ ਘਰ ਸੱਦ ਲੈਂਦੀ। ਪਰ ਇਕ ਦਿਨ ਮੈਂ ਉਸਦੇ ਘਰ ਰੰਗੇ ਹੱਥੀਂ ਫੜਿਆ ਗਿਆ। ਉਸਦਾ ਪਤੀ ਘਰ ਜਲਦੀ ਆ ਗਿਆ ਸੀ। ਸ਼ਾਲੂ ਦਾ ਤਿੰਨ ਦਿਨ ਫੋਨ ਨਾ ਆਇਆ, ਨਾ ਹੀ ਮੈਂ ਕੀਤਾ। ਚੌਥੇ ਦਿਨ ਫੋਨ ਆਇਆ ਕਹਿੰਦੀ ” … ਨਿੰਦਰ, ਤੇਰੀ ਆਂ…।’’
ਸਾਡੇ ਸਬੰਧਾਂ ਦੀ ਗੱਲ ਨਿਰਮਲ ਤੱਕ ਪੁੱਜ ਗਈ। ਉਸਨੂੰ ਦੌਰੇ ਪੈਣ ਲੱਗ ਪਏ। ਕਦੇ ਸਾਰਾ ਦਿਨ ਮੰਜੇ ‘ਤੇ ਪਈ ਰਹਿੰਦੀ। ਕਦੇ ਦਿਨ ਰਾਤ ਭਾਂਡੇ ਮਾਂਜੀ ਜਾਂਦੀ, ਫਰਸ਼ ਧੋਈ ਜਾਂਦੀ, ਕੱਪੜੇ ਧੋਈ ਜਾਂਦੀ… ਕਹਿੰਦੀ ਮੈਲ ਨਹੀਂ ਲਹਿੰਦੀ।
ਮੈਂ ਰਾਤ ਨੂੰ ਰਜਾਈ ’ਚ ਪਿਆ ਵੀ ਸ਼ਾਲੂ ਨੂੰ ਮਿਸ ਕਾਲਾਂ ਮਾਰਦਾਂ ਰਹਿਨਾਂ। ਮੈਸਿਜ ਭੇਜਦਾਂ, ਪਰ ਝੱਟ ਬਾਅਦ ਡਿਲੀਟ ਕਰ ਦੇਨਾਂ, ਕਿਤੇ ਨਿਰਮਲ ਨਾ ਵੇਖ ਲਵੇ …।
ਪਰ ਉਸ ਦਿਨ ਸਭ ਚੌਕਸੀ ਧਰੀ ਧਰਾਈ ਰਹਿ ਗਈ । ਨਿਰਮਲ ਆਪਣੀ ਭੈਣ ਨਾਲ ਦੋ ਘੰਟਿਆਂ ਲਈ ਬਜ਼ਾਰ ਗਈ ਸੀ। ਉਹ ਘਰੋਂ ਨਿਕਲੀਆਂ ਤਾਂ ਮੈਂ ਸ਼ਾਲੂ ਨੂੰ ਫੋਨ ਲਾ ਲਿਆ।
” ਸ਼ਾਲੂ, ਦੋ ਘੰਟੇ ਦੀ ਆਜ਼ਾਦੀ ਆ…।’’
” ਥੈਂਕ ਗਾੱਡ… ਮੈਂ ਦੋ ਘੰਟੇ ਦੀ ਛੁੱਟੀ ਲੈ ਲੈਨੀ ਆਂ… ਵੂਈ ਗੋ ਐਨੀ ਢਾਬਾ… ਓਪਨ ਓਪਨ… ਓ ਕੇ … ਆਈ ਕਾਲ ਯੂ ਬੈਕ…।’’
” ਨਹੀਂ ਨਹੀਂ, ਅੰਨ੍ਹੀ ਦੇ ਭਾਗਾਂ ’ਚ ਕਿਥੇ… ਬੱਸ ਫੋਨ ‘ਤੇ ਹੀ ਚਾਰ ਗੱਲਾਂ ਕਰ ਲੈ…।’’
” ਨਿੰਦਰ! ਜੇ ਤੂੰ ਮੇਰਾ ਇੰਨ੍ਹਾ ਖਿਆਲ ਨਾ ਰੱਖਦਾ ਤਾਂ ਮੈਂ ਪਾਗਲ ਹੋ ਜਾਂਦੀ …।’’
” ਕੋਈ ਗੱਲ ਨੀਂ ਪਾਗਲ ਹੋ ਕੇ ਤਾਂ ਤੂੰ ਹੋਰ ਵੀ ਸੋਹਣੀ ਲੱਗਣਾ ਸੀ…ਦੇਵਦਾਸੀ…।’’
” ਨਿੰਦਰ… ਨੋ ਟਾੱਕ ਟੂ ਦਿਸ ਟਾਈਪ… ਤੈਨੂੰ ਪਤੈ ਅੱਜ ਕੱਲ ‘ਸਟੈਥੋ’ (ਸ਼ਾਲੂ ਦੇ ਘਰਵਾਲੇ ਨੂੰ ਅਸੀਂ ਆਪਸ ’ਚ ਸਟੈਥੋ ਕਹਿੰਦੇ ਹਾਂ) ਬਹੁਤ ਜ਼ਾਲਮ ਹੋ ਗਏ ਨੇ… ਉਨ੍ਹਾਂ ਦਾ ਵੱਸ ਚੱਲੇ ਤਾਂ ਮਾਰ ਹੀ ਸੁੱਟੇ… ਰਾਤ ਨੂੰ ਜਾਂ ਤਾਂ ਪਿੱਠ ਕਰਕੇ ਪਿਆ ਰਹੂ ਜਾਂ ਪਾਗਲਾਂ ਵਾਂਗੂੰ ਦੰਦੀਆਂ ਵੱਢੀ ਜਾਊ… ਕੱਲ ਮੇਰਾ ਸਭ ਤੋਂ ਪਿਆਰਾ ਸੂਟ ਪਾੜ ਦਿੱਤਾ… ਅਖੇ ਇਹਦੀ ਤੈਨੂੰ ਕੀ ਲੋੜ ਆ, ਲੋਕ ਤਾਂ ਤੈਨੂੰ ਉੂਂ ਈ ਬਥੇਰਾ ਵੇਖਦੇ ਰਹਿੰਦੇ ਨੇ… ਆਏ ਐਮ ਵੈਰੀ ਅੱਪ ਸੈੱਟ ਨਿੰਦਰ… ਚੱਲ ਛੱਡ … ਨਿੰਦਰ, ਤੈਨੂੰ ਪਤੈ, ਮੇਰੇ ਪਾਪਾ ਬਹੁਤ ਢਿੱਲੇ ਰਹਿੰਦੇ ਆ… ਹੀ ਵਾਂਟ ਟੂ ਸੀ ਮਾਈ ਨੇਮ ਆੱਨ ਮਾਈ ਸਟੋਰੀ ਬੁੱਕ… ਬਹੁਤ ਇੱਛਾ ਉਨ੍ਹਾਂ ਦੀ… ਸ਼ਾਇਦ ਆਖਰੀ… । ’’ ਸ਼ਾਲੂ ਬੋਲੀ।
” ਤਾਂ ਦੇਰ ਕਾਹਦੀ ਆ… ਤੇਰੇ ਕੋਲ ਕਹਾਣੀਆਂ ਨੇ… ਪੈਸੇ ਹੈਗੇ ਆ… ਕਿਤਾਬ ਛਪਾ ਛੱਡ…।’’
” ਡਾਰਲਿੰਗ… ਮੈਂ ਬੁੱਕ ਤਾਂ ਛਪਾ ਲਊਂ, ਪਰ ਜੇ ਤੂੰ ਸੋਧੇਂ ਤਾਂ।’’
” ਹਾਂ ਸੋਧ ਦਊਂ, ਪਰ ਸੋਧ ਕਰਤਾ ਨਿੰਦਰ ਲਿਖਣਾ ਪਊ ਕਿਤਾਬ ’ਤੇ…।’’
” ਬਦਮਾਸ਼… ਨਿੰਦਰ, ਮੈਂ ਤਾਂ ਬੱਸ ਪਾਪਾ ਦੀ ਇੱਛਾ ਖਾਤਿਰ…।’’
” ਓ ਕੇ ਯਾਰ … ਜੇ ਸਹੁਰਾ ਸਾਹਿਬ ਦੀ ਇੱਛਾ ਪੂਰੀ ਨਾ ਕੀਤੀ ਤਾਂ ਮੈਂ ਕਾਹਦਾ ਜਵਾਈ ਹੋਇਆ…।’’ ਮੈਂ ਬੋਲਿਆ।
” ਕਿਹੜੀ ਇੱਛਾ ਪੂਰੀ ਕਰੀ ਜਾਨੇਂ ਓਂ ਸਹੁਰਾ ਸਾਹਿਬ ਦੀ…।’’ ਅਚਾਨਕ ਮੈਨੂੰ ਨਿਰਮਲ ਦਾ ਬੋਲ ਸੁਣਾਈ ਦਿੱਤਾ।
” ਲੈ ਸ਼ਾਲੂ, ਹੁਣ ਤਾਂ ਨਿਰਮਲ ਦੀ ਆਤਮਾ ਵੀ ਆਪਣੇ ਦੁਆਲੇ ਗੇੜੇ ਕੱਢਣ ਲੱਗ ਪਈ… ਹਾ ਹਾ ਹਾ… ਮੈਂ ਹੁਣੇ ਉਹਦੀ ਅਵਾਜ਼ ਸੁਣੀ ਆ…।’’ ਉੱਚੀ-ਉੱਚੀ ਹੱਸਦਿਆਂ ਮੈਂ ਬੋਲਿਆ।
” ਮੈਂ ਅਜੇ ਮਰੀ ਨਹੀਂ… ਕਿਹੜੀ ਸ਼ਾਲੂ ਕੰਜਰੀ ਆ ਇਹ … ਤਾਂ ਹੀ ਕਹਿੰਦੇ ਸੀ ਥੱਕਿਆ ਹੋਇਆਂ, ਘਰੇ ਰਹੂੰ…।’’ ਨਿਰਮਲ ਦਾ ਬੋਲ ਫਿਰ ਕਮਰੇ ਵਿਚ ਗੂੰਜਿਆ।
”ਹੈਂਅ … ?’’ ਮੇਰਾ ਮੂੰਹ ਖੁੱਲਾ ਰਹਿ ਗਿਆ। ਨਿਰਮਲ ਮੇਰੇ ਸਿਰਹਾਣੇ ਖੜੀ ਸੀ।
”ਨਹੀਂ, ਨਹੀਂ… ਕੋਈ ਨਹੀਂ, ਉਹ ਤਾਂ… ਉਹ ਤਾਂ, ਦੇਵ ਸੀ ਦੇਵ… ਐਵੇਂ ਮਖੌਲ ਕਰੀ ਜਾਂਦੇ ਸੀ… ਤੂੰ ਆ ਗੀ…।’’
ਮੈਂ ਕਾਹਲੀ ਨਾਲ ਮੋਬਾਇਲ ਬੰਦ ਕੀਤਾ ਪਰ ਮੇਰੇ ਤੋਂ ਲਾਊਡ ਕੀ ਨੱਪੀ ਗਈ।
”ਤੁਸੀਂ ਕਹਿੰਦੇ ਸੀ ਦੋ ਘੰਟੇ ਦੀ ਆਜ਼ਾਦੀ ਆ… ਫਿਰ ਇਹ ‘ਮਿਜ਼ਾਇਲ’ ਕਿਵੇਂ ਪਹਿਲਾਂ ਈ ਆ ਗਈ…।’’ ਸ਼ਾਲੂ ਦਾ ਬੋਲ ਕਮਰੇ ਵਿਚ ਗੂੰਜਿਆ।
”ਇਹ ਮੇਰਾ ਘਰ ਆ ਹਰਾਮਦੇ … ਜਦੋਂ ਮਰਜ਼ੀ ਆਵਾਂ ਜਾਵਾਂ… ਦੂਜੀ ਖੁਰਲੀ ’ਚ ਮੂੰਹ ਮਾਰਦਿਆਂ ਸ਼ਰਮ ਨੀਂ ਆਉਂਦੀ ਕੰਜਰੀਏ… ਮੇਰਾ ਘਰ ਪੱਟਦੀ ਐਂ… ਮੈਂ ਤੇਰਾ ਕੀ ਵਿਗਾੜਿਆ ਕੁੱਤੀਏ… ਮੇਰੇ ਸਾਹਮਣੇ ਆ ਤੇਰਾ ਝਾਟਾ ਨਾ ਪੱਟਿਆ ਤਾਂ ਮੈਨੂੰ ਵੀ…।’’ ਨਿਰਮਲ ਨੇ ਉੱਚੀ ਉੱਚੀ ਰੋਂਦਿਆ ਫੋਨ ਚਲਾ ਕੇ ਮਾਰਿਆ।
ਲਓ ਜੀ ਫਿਰ ਵਰਤਿਆ ਫਾਰਮੂਲਾ ‘ਲਗੇ ਰਹੋ ਬੇਸ਼ਰਮੀ ਸੇ।’
”ਨਿਰਮਲ … ਪਾਗਲ ਹੋ ਗਈਂ ਏ… ਉਹ ਯਾਰ ਮੇਰੀ ਪਾਠਕ ਆ… ਬੱਸ ਐਵੀਂ ਫੋਨ ਆ ਗਿਆ… ਗੱਲਾਂ ਕਰੀ ਜਾਂਦੇ ਸੀ… ਤੂੰ ਤਾਂ ਐਵੀਂ… ਮੈਂ ਤਾਂ ਜਾਣਦਾ ਵੀ ਨਹੀਂ ਕਿਥੋਂ ਦੀ ਆ… ਕੌਣ ਆ…।’’
”ਤੁਸੀਂ ਤਾਂ ਮੈਨੂੰ ਵੀ ਨਹੀਂ ਜਾਣਦੇ … ਜਿਹਨੂੰ ਪੰਦਰਾਂ ਸਾਲ ਹੋ ਗਏ ਤੁਹਾਡੇ ਨਾਲ ਵਿਆਹੀ ਨੂੰ।’’ ਸ਼ਾਲੂ ਆਪਣੀਆਂ ਭਰੀਆਂ ਹੋਈਆਂ ਅੱਖਾਂ ਮੇਰੇ ਵੱਲ ਕਰਕੇ ਬੋਲੀ।
” ਤੂੰ ਤਾਂ ਐਵੀਂ… ਲੇਖਕ ਆਂ ਯਾਰ, ਪਾਠਕ ਦਾ ਫੋਨ ਤਾਂ ਲੇਖਕ ਲਈ ਸੰਜੀਵਨੀ ਬੂਟੀ ਹੁੰਦੈ… ਤੈਨੂੰ ਤਾਂ ਸਾਰਾ ਪਤੈ… ਉਹਨੇ ਸੋਚਣਾ, ਬੋਲਡ ਕਹਾਣੀਆਂ ਲਿਖਣ ਵਾਲੇ ਲੇਖਕ ਦੀ ਪਤਨੀ ਕਿੱਦਾਂ ਦੀ ਆ…।’’
” ਮੇਰੇ ’ਚ ਜਾਨ ਆ… ਮੈਂ ਤੁਹਾਡੀਆਂ ਕਹਾਣੀਆਂ ਦੀ ਪਾਤਰ ਨਹੀਂ ਜਿਹਨੂੰ ਜਿਵੇਂ ਮਰਜ਼ੀ ਤੋਰੀ ਫਿਰੋਂ… ਮੇਰੇ ਘਰ ਨੂੰ ਕਹਾਣੀ ਦਾ ਪਲਾਟ ਨਾ ਬਣਾਓ … ਪਲੀਜ਼…।’’ ਉਹ ਜ਼ਾਰੋ ਜ਼ਾਰ ਰੋਂਦੀ ਬੈੱਡ ’ਤੇ ਡਿੱਗ ਪਈ।
ਫਾਰਮੂਲਾ ਲਗੇ ਰਹੋ ਫਿੱਟ ਤਾਂ ਬੈਠ ਗਿਆ ਪਰ ਪੰਜ ਹਜ਼ਾਰ ਰੁਪਈਆ ਲੱਗਿਆ। ਸ਼ਾਲੂ ਵਾਸਤੇ ਵੱਖਰਾ ਫੋਨ ਲੈ ਕੇ ਦੇਵ ਦੀ ਦੁਕਾਨ ‘ਤੇ ਰੱਖ ਦਿੱਤਾ। ਸ਼ਾਮ ਨੂੰ ਉਥੋਂ ਹੀ ਚੁੱਕ ਲੈਂਦਾ ਹਾਂ।
ਮੈਂ ਫਿਰ ਪਾਣੀ ਦੀ ਕੁਰਲੀ ਕੀਤੀ। ਗਰਾਰਾ ਕੀਤਾ। ਮੂੰਹ ਧੋਤਾ। ਫਰਿਜ਼ ’ਚ ਪਈ ਬੋਤਲ ਮੇਰੇ ਸਾਹਮਣੇ ਭੂਤ ਸੀ। ਦੱਬੇਂ ਪੈਰੀਂ ਰਸੋਈ ’ਚ ਵੜਿਆ। ਫਰਿਜ਼ ਖੋਲੀ ਤਾਂ ਬੋਤਲ ਚਮਕ ਰਹੀ ਸੀ। ਨਿਰਮਲ ਨੇ ਵੇਖੀ ਨੀਂਹ ਹੋਣੀਂ। ਮੈਂ ਦਾਰੂ ਵਾਲੀ ਬੋਤਲ ਕੱਛੇ ਮਾਰੀ ਤੇ ਫਲੱਸ਼ ’ਚ ’ਲੱਦ ਦਿੱਤੀ। ਖਾਲੀ ਬੋਤਲ ਪਾਪਾ ਹੋਰਾਂ ਦੇ ਡਸਟ ਬਿੱਨ ’ਚ ਪਾ ਦਿੱਤੀ। ਮਾਮਲਾ ਸਾਫ। ਰਸੋਈ ’ਚ ਗਿਆ, ਢਾਬੇ ਤੋਂ ਲਿਆਂਦੀ ਸਬਜ਼ੀ ਤੇ ਫੁਲਕੇ ਥਾਲੀ ’ਚ ਰੱਖੇ। ਬੈੱਡ ਰੂਮ ’ਚ ਆ ਕੇ ਨਿਰਮਲ ਨੂੰ ਹਲੂਣਿਆ। ਮੂਧੇ ਮੂੰਹ ਪਈ ਨੇ ਮੇਰੇ ਵੱਲ ਵੇਖਿਆ। ਫਿਰ ਝੱਟ ਉਠ ਕੇ ਮੈਨੂੰ ਜੱਫੀ ਪਾ ਲਈ ਤੇ ਰੋਣ ਲੱਗੀ। ਅਗਲੇ ਹੀ ਪਲ ਅਸੀਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਉਹ ਭਰਾ ਦੇ ਵਿਆਹ ਦੀਆਂ ਤਿਆਰੀਆਂ ਬਾਰੇ ਦੱਸਣ ਲੱਗੀ।
” ਨਿਰਮਲ ਤੇਰੇ ਬਿਨਾਂ ਘਰ ਜੀਅ ਨਹੀਂ ਸੀ ਲੱਗਦਾ… ਤੂੰ ਆ ਗਈ ਚੰਗਾ ਹੋ ਗਿਆ… ਨਹੀਂ ਤਾਂ ਮੈਂ ਰੋਟੀ ਨਹੀਂ ਸੀ ਖਾਣੀ… ਤੇਰੇ ਬਿਨਾਂ ਤਾਂ ਮੈਂ ਮਰਿਆਂ ਵਰਗਾਂ।’’

” ਬੱਸ ਬੱਸ ਮਰਨ ਤੁਹਾਡੇ ਦੁਸ਼ਮਨ… ਮੈਂ ਤਾਜ਼ੀ ਰੋਟੀ ਪਕਾ ਕੇ ਲਿਆਉਨੀ ਆਂ…।’’ ਉਹ ਕਾਹਲੀ ਨਾਲ ਰਸੋਈ ਵੱਲ ਚਲੀ ਗਈ।

ਟਰਨ… ਟਰਨ… ਟਰਨ…।
ਨਿਰਮਲ ਦਾ ਫੋਨ ਆ ਗਿਆ। ਜਾਨ ਛੁੱਟੀ।
” ਹੈਲੋ, ਕੀ ਕਰਦੇ ਪਏ ਓਂ ?’’ ਨਿਰਮਲ ਬੋਲੀ।
” ਬੱਸ ਬੈਠਾਂ ਭੁੱਖਣ ਭਾਣਾ… ਤੂੰ ਰੋਟੀ ਖਾ ਲਈ?’’ ਮੈਂ ਪੁੱਛਿਆ।
” ਕਿੱਥੇ ? ਹੁਣੇ ਮਾਮੀ ਨਾਲ ਟੱਕਰ ਲੈ ਕੇ ਹਟੀ ਆਂ… ਆਈ ਵੱਡੀ ਵਿਚੋਲਣ… ਕਹਿੰਦੀ ਵਰੀ ’ਚ ਵੀਹ ਤੋਲੇ ਸੋਨਾ ਪਾਓ, ਨਾਲੇ…।’’
” ਨਿਰਮਲ … ਪਿਆਰ ਕਰਨ ਨੂੰ ਜੀਅ ਕਰਦੈ… ਕੀ ਕਰਾਂ…।’’
” ਹੱਟ … ਗੰਦੇ… ਸੱਚ ਤੁਹਾਨੂੰ ਖੁਸ਼ਖਬਰੀ ਦੇਵਾਂ… ਆਪਣੀ ਭੂਰੀ ਮੱਝ ਸੂਈ ਆ… ਬਾਰਾਂ ਕਿਲੋ ਦੁੱਧ ਦਿੰਦੀ ਆ ਡੰਗ ਦਾ… ਮੈਂ ਖੋਆ ਮਾਰ ਕੇ ਲਿਆਊਂ… ਰਾਹੁਲ ਉਹਦੀ ਕੱਟੀ ਨਾਲ ਖੇਡਦਾ ਫਿਰਦੈ… ਬਹੁਤ ਸੋਹਣੀ ਆ…ਬੀਬੀ ‘ਵਾਜਾਂ ਮਾਰੀ ਜਾਂਦੀ ਆ… ਜਾਨੀ ਆਂ… ਓ ਕੇ … ਰੋਟੀ ਖਾ ਲਈਓ… ਹੁਣੇ ਈ…।’’ ਨਿਰਮਲ ਨੇ ਫੋਨ ਬੰਦ ਕਰ ਦਿੱਤਾ।
ਹੁਰ ਰ ਰ ਏ … ਲੱਗ ਗੀਆਂ ਮੌਜਾਂ… ਰੋਟੀਆਂ ਕੀਹਨੇ ਖਾਣੀਆਂ ਨੇ ਨਿੰਮੀਏ… ਯਾਰ ਤਾਂ ਚੱਲੇ ਨੇ ਪੈੱਗ ਸ਼ੈੱਗ ਲਾਉਣ ਤੇ ਬੱਕਰੇ ਬਲਾਉਣ… ਦੁ ਰ ਰ ਰੇ…।
ਮੈਂ ਪੈਂਟ ਸ਼ਰਟ ਪਾਈ। ਸੈਂਟ ਛਿੜਕਿਆ। ਮੋਟਰ ਸਾਇਕਲ ਨੂੰ ਮਾਰੀ ਕਿੱਕ। ਚੱਲ ਹੋਟਲ ਨੂੰ।
” ਨੋ ਪਾਣੀ… ਨੋ ਬੀਅਰ… ਓਨਲੀ ਦਾਰੂ… ਬਥੇਰਾ ਕੋਟਾ ਬਾਕੀ ਪਿਆ ਅਜੇ ਮੇਰਾ।’’ ਮੈਂ ਮੇਜ਼ ’ਤੇ ਬਹਿੰਦਿਆਂ ਹੀ ਐਲਾਨ ਕਰ ਦਿੱਤਾ, ” ਨਾਲੇ ਜੇ ਪਹਿਲੇ ਪੈੱਗ ਨਾਲ ਕਿੱਕ ਨਾ ਵੱਜੇ ਤਾਂ ਮੁੜ ਨਹੀਂ ਚੜ੍ਹਦੀ…।’’
” ਨਿੰਦਰ, ਤੂੰ ਵੀ ਯਾਰ ਐਵੀਂ ਵੱਲਗਣ ਜਿਹੇ ਵਲੀ ਫਿਰਦੈਂ ਆਪਣੇ ਦੁਆਲੇ… ਕੀ ਫਾਇਦੈ ਘੁੱਟ ਘੁੱਟ ਕੇ ਜਿਓਣ ਦਾ। ਸਿੱਧਾ ਕਹਿਦੇ ਤਾਂ ਭਰਜਾਈ ਨੂੰ… ਕੀ ਹੋਜੂ …!’’ ਦੇਵ ਮੈਨੂੰ ਹਾਬੜਿਆ ਵੇਖ ਕੇ ਬੋਲਿਆ।
” ਹੋਣ ਦੀ ਗੱਲ ਨਹੀਂ ਯਾਰ… ਬੱਸ … ਤੂੰ ਹੁਣ ਮੈਨੂੰ ਸਭ ਕੁਝ ਭੁੱਲ ਜਾਣ ਦੇ… ਜਾਗ ਪੈਣ ਦੇ ਮੇਰੇ ਅੰਦਰਲੇ ਨਿੰਦਰ ਨੂੰ… ਬਦਲ ਜਾਣਗੇ ਹਾਲਾਤ ਵੀ ਕਦੇ ਨਾ ਕਦੇ…।’’ ਮੈਂ ਪੈੱਗ ’ਚੋਂ ਘੁੱਟ ਭਰਦਿਆਂ ਕਿਹਾ।
” ਹਾਲਾਤ ਬੰਦੇ ਦੇ ਵੱਸ ਹੁੰਦੇ ਆ, ਚਾਹੇ ਹੰਸ ਬਣਜੇ ਚਾਹੇ ਇੱਲ… ਤੈਨੂੰ ਪਤੈ ਹੰਸ ਜ਼ਮੀਨ ’ਤੇ ਰਹਿ ਕੇ ਵੀ ਮੋਤੀ ਚੁੱਗਦੇ ਤੇ ਇੱਲ ਅਸਮਾਨ ’ਚ ਉੱਡ ਕੇ ਵੀ ਨਿਗ੍ਹਾ ਮੁਰਦਾਰ ’ਤੇ ਹੀ ਰੱਖਦੀ ਆ…।’’ ਦੇਵ ਆਪਣਾ ਫਲਸਫਾ ਘੋਟਨ ਲੱਗਿਆ।
” ਤੈਨੂੰ ਜਾਣਦਾ ਮੈਂ ਵੱਡੇ ਹੰਸ ਨੂੰ… ਮੰਗ ਖਾਣੀ ਜਾਤ…।’’ ਮੈਨੂੰ ਹਰਖ ਚੜ੍ਹਦਾ ਜਾ ਰਿਹਾ ਸੀ।
” ਉਏ ਕੰਜਰ ਦਿਆ, ਮੈਂ ਬਾਹਮਣ ਦਾ ਨਹੀਂ ਤਖਾਣ ਦਾ ਪੁੱਤ ਆਂ… ਮੰਗ ਖਾਣੀ ਜਾਤ ਤੂੰ ਕਿਵੇਂ ਕਹਿਤਾ… ਸੱਕ ਲਾਹੁਣੀ ਤਾਂ ਭਾਵੇਂ ਕਹਿ ਦਿੰਦਾ।’’ ਦੇਵ ਨੇ ਗੱਲ ਦੀ ਰਉਂ ਬਦਲ ਦਿੱਤੀ।
”ਹੁਣ ਆਇਆ ਨਾ ਲਾਇਨ ’ਤੇ… ਕਮਲਿਆ ਆਪਾਂ ਤਾਂ ਆਸ਼ਕ ਆਂ ਆਸ਼ਕ…।’’
”ਗਿੱਲ, ਤੇਰੀ ਕਹਾਣੀ ‘ਧੁੰਦ’ ਚੰਗੀ ਲੱਗੀ ਬਈ।’’ ਦੇਵ ਨੇ ਸੰਜੀਦਾ ਹੁੰਦਿਆਂ ਮੇਰੀ ਗੱਲ ਕੱਟ ਕੇ ਕਿਹਾ, ” ਕਾਮਰੇਡ ਦਿਆਲ ਦਾ ਸੱਚ … ਤੇ ਵਿਕਰਮ ਵਰਗੇ ਦੱਲੇ…।’’
”ਸੱਚ ਦੱਸਾਂ ਦੇਵ… ਤੇਰੀ ਸਹੁੰ… ਮੈਂ ਵਿਕਰਮ ਬਣਨਾ ਚਾਹੁਨਾ… ਦੱਲਾ … ਵੱਡਾ ਦੱਲਾ… ਗਲੋਬਲੀ ਵਰਤਾਰੇ ਨੂੰ ਗਾਹਲਾਂ ਕੱਢਣ ਵਾਲਾ ਤੇ ਖੁਦ ਇਸ ’ਚੋਂ ਪੈਸੇ ਲੁੱਟਣ ਵਾਲਾ… ਸੱਚ ਕਹਿਨਾਂ ਮੈਂ… ਚਾਲੀ ਸਾਲ ਹੋ ਗਏ ਜੰਮੇ ਨੂੰ… ਵੀਹ ਜਮਾਤਾਂ ਪੜ੍ਹਿਆਂ… ਪੰਦਰਾਂ ਸਾਲ ਟਿਊਸ਼ਨਾਂ ਪੜ੍ਹਾਉਂਦੇ ਨੂੰ ਹੋ ਗਏ, ਪਰ ਲੱਖ ਰੁਪਈਆ ’ਕੱਠਾ ਨੀਂਅ ਕਰ ਸਕਿਆ… ਤੇ ਹੁਣ ਜਦੋਂ ਦਾ ਪ੍ਰਾਪਰਟੀ ਡੀਲਰ ਬਣਿਆਂ, ਲੱਖਾਂ ਰੁਪਈਆਂ ਦਾ ਰੋਜ਼ ਲੈਣ ਦੇਣ ਕਰਦਾਂ… ਛੇ ਮਹੀਨਿਆਂ ’ਚ ਪੰਜਾਹ ਲੱਖ ਰੁਪਈਆ ਕੈਸ਼ ਕਮਾ ਲਿਆ… ਸੌਰੀ ਸੌਰੀ, ਕਮਾਇਆ ਨਹੀਂ ’ਕੱਠਾ ਕੀਤਾ… ਕਮਾਉਣ ਨੂੰ ਕਿਹੜਾ ਮੂੰਗੀ ਵੇਚੀ ਆ… ਰੋਜ਼ ਸ਼ਾਮ ਨੂੰ ਏ. ਟੀ. ਐਮ. ’ਚੋਂ ਪੈਸੇ ਕਢਾਈਦੇ ਆ… ਬੜਾ ਸਵਾਦ ਆਉਂਦੇ… ਦੁਨੀਆ ਗੁਲਾਮ ਲੱਗਦੀ ਆ…।’’
”ਦੁਨੀਆ ਨਹੀਂ ਤੂੰ ਖੁਦ ਗੁਲਾਮ ਹੋ ਗਿਐਂ ਆਪਣੀਆਂ…।’’ ਦੇਵ ਦੀ ਕਾਮਰੇਡੀ ਜਾਗ ਪਈ ਸੀ।
”ਚੁੱਪ… ਚੁੱਪ … ਦੇਵ, ਮੈਂ ਵੀ ਬਥੇਰਾ ਚਿਰ ਬੁਰਜੂਆ ਸ਼੍ਰੇਣੀ, ਪੂੰਜੀਵਾਦ, ਸਾਮਵਾਦ, ਯੇਵਾਦ, ਵੋਹਵਾਦ ਕਰਦਾ ਰਿਹਾਂ… ਪਰ ਮਿੱਤਰਾ ਭੁੱਖੇ ਢਿੱਡ ਭਗਤੀ ਨਹੀਂ ਹੁੰਦੀ… ਸਮੇਂ ਦੇ ਨਾਲ ਨਾ ਤੁਰੇ ਤਾਂ ਕੁੱਤੇ ਦੀ ਮੌਤ ਮਰਾਂਗੇ… ਕਿਸੇ ਬਾਤ ਵੀ ਨੀਂਅ ਪੁੱਛਣੀ… ਚੱਕ ਚੱਕ… ਪੈੱਗ ਚੱਕ… ਐਸ ਸਾਲ ਤਿੰਨ ਕਾਮਰੇਡ ਮਰੇ ਆ… ਇਕ ਭੁੱਖ ਨਾਲ, ਇਕ ਇਲਾਜ ਖੁਣੋਂ ਤੇ ਇਕ ਦਾਰੂ ਨਾਲ… ਤੇ ਉਹਨਾਂ ਦੇ ਹੀ ਇਕ ਸਾਥੀ ਨੇ ਆਪਣੇ ਪੋਤਰੇ ਦੇ ਵਿਆਹ ਦੀਆਂ ਪਾਰਟੀਆਂ ਇਕ ਨਹੀਂ ਕਈ ਫਾਈਵ ਸਟਾਰ ਹੋਟਲਾਂ ਵਿਚ ਕੀਤੀਆਂ … ਦੁਨੀਆ ਭਰ ਦੇ ਅਮੀਰ ਸੱਦੇ ਸੀ ਉਸਨੇ… ਤੂੰ ਯਾਰ ਕਿਉਂ ਮੈਨੂੰ ਐਵੀਂ … ਮੈਨੂੰ ਤਾਂ ਮਸੀਂ ਪੈਸੇ ਇਕੱਠੇ ਕਰਨ ਦਾ ਮੰਤਰ ਲੱਭਿਆ… ਮੈਂ ਤਾਂ ਉਹੀ ਵਰਤੂੰਗਾ, ਦੁਨੀਆ ਵੜੇ ਜਿਥੇ ਵੜਣਾ।’’
ਇਹ ਸਾਲਾ ਦੇਵ ਵੀ ਬੱਸ ਜ਼ਖਮਾਂ ‘ਤੇ ਲੂਣ ਛਿੜਕੂ। ਜੇ ਕਦੇ ਮੱਲ੍ਹਮ ਲਾਊ ਤਾਂ ਉਹ ਵੀ ਕੰਡੇ ਨਾਲ ਲਾਊ। ਵੱਡਾ ਕਾਮਰੇਡ। ਅਖੇ ਮੈਂ ਤੇਰਾ ਵੈਲਵਿਸ਼ਰ ਆਂ। ਉਸ ਦਿਨ ਵੀ ਬਹੁਤ ਖਹਿਬੜਿਆ ਸੀ ਮੇਰੇ ਨਾਲੇ।
ਅਖੇ ਤੂੰ ਤੇ ਸ਼ਾਲੂ ਕੋਈ ਪਿਆਰ ਵਿਆਰ ਨਹੀਂ ਕਰਦੇ। ਸਿਰਫ ਵਰਤਦੇ ਓਂ ਇਕ ਦੂਜੇ ਨੁੰ। ਉਸਨੇ ਇਹ ਸਾਬਤ ਕਰਨ ਲਈ ਮੈਨੂੰ ਚੈਲੰਜ ਵੀ ਕੀਤਾ।
ਮੈਂ ਵੀ ਉਸਦੇ ਸੁਰਖ ਹੋਏ ਮੂੰਹ ਨੂੰ ਵੇਖ ਕੇ ਲੰਬਾ ਚੌੜਾ ਭਾਸ਼ਨ ਦੇ ਦਿੱਤਾ, ”ਤੂੰ ਮੇਰਾ ਸੱਚਾ ਯਾਰ ਐਂ… ਤੇਰੀ ਜ਼ੁਅੱਰਤ ਨੂੰ ਸਲਾਮ ਜਿੰਨ੍ਹੇ ਮੇਰੇ ਮੂੰਹ ‘ਤੇ ਮੇਰੀ ਕਮਜ਼ੋਰੀ ਕਹਿ ਦਿੱਤੀ। ਪਰ ਮੈਂ ਨਿੰਦਰ, ਐਲਾਨ ਕਰਦਾਂ ਕਿ ਮੈਂ ਬੰਦੇ ਨੂੰ ਪੜ੍ਹਣ ’ਚ ਕਦੇ ਧੋਖਾ ਨਹੀਂ ਖਾਧਾ… ਇਹ ਤੇਰੀ ਮੁਹੱਬਤ ਬੋਲਦੀ ਆ… ਵੀਰੇ… ਯੂ ਡਾਂਟ ਵਰੀ… ਸ਼ਾਲੂ ਮੇਰੀ ਮੁੱਠੀ ਵਿਚ ਆ… ਮੇਰੇ ਤੋਂ ਪੁੱਛੇ ਬਿਨਾਂ ਉਹ ਸਾਹ ਵੀ ਨਹੀਂ ਲੈ ਸਕਦੀ…।’
ਪਰ ਕਈ ਦਿਨਾਂ ਬਾਅਦ ਦੇਵ ਨੇ ਸ਼ਾਲੂ ਦੀਆਂ ਕਹਾਣੀਆਂ ਦੇ ਖਰੜੇ ਮੇਰੇ ਸਾਹਮਣੇ ਰੱਖ ਕੇ ਕਿਹਾ, ”ਤੂੰ ਤਾਂ ਕਹਿੰਦਾ ਸੀ ਸ਼ਾਲੂ ਤੇਰੇ ਤੋਂ ਪੁੱਛੇ ਬਿਨਾਂ ਸਾਹ ਵੀ ਨਹੀਂ ਲੈਂਦੀ। ਆਹ ਪਏ ਆ ਖਰੜੇ, ਜਿਹਨਾਂ ਨੂੰ ਤੂੰ ਘਰੜ ਬਰੜ ਕਹਾਣੀਆਂ ਕਹਿਨਾ… ਸ਼ਾਲੂ ਨੇ ਤੈਥੋਂਂ ਪੁੱਛੇ ਬਿਨਾਂ ਰਾਸ਼ਟਰਪਤੀ ਐਵਾਰਡ ਲੈਣ ਖਾਤਰ ਭੇਜੇ ਆ। ਤੇ ਹੁਣ ਮੈਂ ਐਵਾਰਡ ਦੇ ਨਾਂ ‘ਤੇ ਸ਼ਾਲੂ ਨੂੰ ਜਿਥੇ ਮਰਜ਼ੀ ਲਈ ਫਿਰਾਂ। ਪਰ ਮੈਂ ਇਹੋ ਜਿਹਾ ਨਹੀਂ। ਮੈਂ ਤੈਨੂੰ ਵੀ ਤੇ ਸ਼ਾਲੂ ਨੂੰ ਵੀ ਇਸ ਝੂਠ ਦੀ ਨਦੀ ’ਚ ਡੁੱਬਣ ਤੋਂ ਬਚਾਉਣਾ ਚਾਹੁੰਦਾ… ਅਜੇ ਵੀ…। ’’
”ਬਕਵਾਸ ਬੰਦ…। ’’ ਮੈਂ ਉੱਚੀ ਸਾਰੀ ਚੀਕਿਆ। ਮੇਰੀ ਸੁਰਤੀ ਵਾਪਸ ਆ ਗਈ। ਹੋਟਲ ਵਿਚ ਨਾਲ ਦੀਆਂ ਮੇਜ਼ਾਂ ਉਪਰ ਬੈਠੇ ਲੋਕ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗ ਪਏ।
ਰਾਤ ਕਾਫੀ ਹੋ ਗਈ ਸੀ। ਬੰਦ ਬਜ਼ਾਰਾਂ ਤੇ ਖਾਲੀ ਸੜਕਾਂ ਉਪਰ ਘੁੰਮਦੇ ਰਹੇ। ਕਦੇ ਬੋਤਲ ਨੂੰ ਮੂੰਹ ਲਾ ਕੇ ਦਾਰੂ ਦੀ ਘੁੱਟ ਭਰਦੇ, ਕਦੇ ਕਿਸੇ ਨਲਕੇ ਤੋਂ ਓਕ ਨਾਲ ਪੈੱਗ ਲਾਉਂਦੇ। ਰੱਜ ਕੇ ਗਾਹਲਾਂ ਕੱਢੀਆਂ। ਕਿਸ ਨੂੰ? ਪਤਾ ਨਹੀਂ। ਚੌਧਰੀ ਪਾਰਕ ਵਿਚ ਨਾਈਟ ਕਲੱਬ ਦੇ ਰੱਖੇ ਨੀਂਹ ਪੱਥਰ ’ਤੇ ਪਿਸ਼ਾਬ ਕੀਤਾ। ਉਸਦੇ ਪੋਸਟਰ ਪਾੜ ਦਿੱਤੇ। ਫਿਰ ਛਿੰਦੀ ਦੇ ਢਾਬੇ ਤੋਂ ਰੋਟੀ ਖਾਧੀ ਤੇ ਆਈਸ ਕਰੀਮ ਵੀ। ਦੇਵ ਮੇਰੇ ਨਾਲ ਘਰ ਆ ਗਿਆ।
”ਦੇਵ, ਮੈਂ ਅੱਜ ਬਹੁਤ ਖੁਸ਼ ਹਾਂ… ਵਰਨਾ ਮੈਂ ਜ਼ਿੰਦਗੀ ਜੀਅ ਨਹੀਂ ਢੋਅ ਰਿਹਾਂ ਹੁਨਾ… ਪਹਿਲਾਂ ਰਿਸ਼ਵਤ ਖੋਰ ਬਾਪ… ਫਿਰ ਘਟੀਆ ਸਿਸਟਮ ਨੇ ਪ੍ਰੋਫੈਸਰ ਦੀ ਬਜਾਏ ਦਲਾਲ ਬਣਾ ਦਿੱਤਾ… ਜਾਹਲ ਬੀਵੀ ਪੱਲੇ ਪੈ ਗਈ… ਤੇ … ਤੇ …. ਬੱਸ ਜਦੋਂ ਆਹ ਇਕ ਅੱਧ ਦਿਨ ਮਿਲਦੈ … ਤੂੰ ਹੁੰਨਾਂ… ਮੈਂ ਹੁੰਨਾਂ… ਸ਼ਰਾਬ ਹੁੰਦੀ ਆ… ਤਾਂ ਜਿੰਦਾ ਹੋਣ ਦਾ ਅਹਿਸਾਸ ਹੁੰਦੈ ਨਹੀਂ ਤਾਂ ਬੱਸ…।’’ ਲਾਅਨ ਦੇ ਨਰਮ ਘਾਹ ਉਪਰ ਲੰਮਾ ਪਿਆ ਮੈਂ ਪਤਾ ਨਹੀਂ ਕੀ ਕੁਝ ਬੋਲਦਾ ਰਿਹਾ।
ਲੰਬੀ ਚੁੱਪ ਬਾਅਦ ਦੇਵ ਇਕ ਦਮ ਭੜਕਿਆ, ” ਸਭ ਪਾਖੰਡ ਆ… ਤੂੰ ਹਮੇਸ਼ਾ ਬਣਾਉਟੀ ਦੁੱਖ ਖੜੇ ਕਰਕੇ ਹਮਦਰਦੀ ਭਾਲਦੈਂ… ਜਦੋਂ ਲੋਕ ਤੈਨੂੰ ਵਿਚਾਰਾ ਕਹਿੰਦੇ ਨੇ ਤੈਨੂੰ ਸਕੂਨ ਮਿਲਦੈ… ਤੂੰ ਬਾਪ ਨੂੰ ਵੀ ਇਸੇ ਵਲਗਣ ’ਚ ਖੜੇ ਕੀਤੈ ਤੇ ਬੀਵੀ ਨੂੰ ਵੀ… ਤੂੰ ਤਾਂ ਆਪਣੇ ਆਪ ਨੂੰ ਵੀ ਨਹੀਂ ਬਖਸ਼ਿਆ… ਤੂੰ ਚੀਚੀ ਵੱਢ ਕੇ ਸ਼ਹੀਦ ਹੋਣ ਦਾ ਢੌਂਗ ਕਰਦੈਂ… ਤੇਰੇ ਦਿਮਾਗ ’ਚ ਸ਼ੁਰੂ ਤੋਂ ਹੀ ਪੈਸੇ ਦੀ ਭੁੱਖ ਤੇ ਔਰਤ ਦੀ ਹੱਵਸ ਸੀ… ਤੂੰ ਹਮੇਸ਼ਾਂ ਕਮੀਨਗੀਆਂ ਕਰਦਾ ਰਿਹਾ… ਪੈਸਾ ਵੀ ਭਾਲਦਾ ਸੀ ਤੇ ਸ਼ੋਹਰਤ ਵੀ… ਕਾਮਰੇਡੀ ਦੀ ਮਲੰਗੀ ਵਿਖਾ ਕੇ ਅਮੀਰੀ ਦਾ ਸੁੱਖ ਭੋਗਣਾ ਚਾਹੁੰਦਾ ਸੀ… ਸੁੰਦਰ ਬੀਵੀ ਵੀ ਚਾਹੀਦੀ ਸੀ ਤੇ ਸੋਹਣੀ ਮਾਸ਼ੂਕਾ ਵੀ… ਤੂੰ, ਤੂੰ ਤਾਂ ਆਪਣੇ ਬਾਪ ਨੂੰ ਵੀ ਬਲੈਕ ਮੇਲ ਕੀਤੈ… ਉਸਦੇ ਪੈਸੇ ’ਤੇ ਕਾਲਜ ਯੂਨੀਵਰਸਿਟੀਆਂ ’ਚ ਐਸ਼ ਕੀਤੀ ਨਾਲੇ ਉਸਦੀ ਕਮਾਈ ਨੂੰ ਹਰਾਮ ਦੀ ਦੱਸ ਕੇ ਭੰਡਦਾ ਰਿਹੈਂ… ਆਪਣੀ ਪਤਨੀ ਨਾਲ ਵੀ ਫਰੇਬ ਕੀਤਾ ਤੇ ਹੁਣ ਸ਼ਾਲੂ ਨੂੰ ਵੀ ਧੋਖਾ ਦੇ ਰਿਹੈਂ… ਉਹ ਤੇਰੇ ਕੋਲੋਂ ਅਗਵਾਈ ਭਾਲਦੀ ਸੀ ਪਰ ਤੂੰ ਉਸਦੀ ਕਮਜ਼ੋਰੀ ਨੂੰ ਹਵਾ ਦੇ ਕੇ ਉਸ ਨੂੰ ਭੋਗ ਰਿਹੈਂ … ਤੇ ਫਿਰ ਵੀ ਖੁਦ ਨੂੰ ਵਿਚਾਰਾ… ਥੂਅ…।’’
ਦੇਵ ਦੀਆਂ ਗੱਲਾਂ ਸੁਣ ਮੈਂ ਹਰਫਲ ਗਿਆ।
ਮੈਂ ਉਚੀ ਉੱਚੀ ਬੋਲਣ ਲੱਗਿਆ, ” ਮੈਨੂੰ ਪਤਾ ਈ ਸੀ… ਤੂੰ ‘ਖੱਚ’ ਜ਼ਰੂਰੀ ਮੇਰੀ ਦੁਖਦੀ ਰਗ ’ਤੇ ਹੱਥ ਰੱਖੇਂਗਾ… ਹਾਂ ਹਾਂ ਮੈਂ ਕਮੀਨਾਂ… ਮੈਂ ਹਰ ਇਕ ਨੂੰ ਧੋਖਾ ਦਿੱਤੈ… ਪਰ ਮੇਰੇ ਕੋਲ ਹੋਰ ਚਾਰਾ ਵੀ ਕੀ ਹੈ… ਕੀ ਆਪਣੀ ਪਾਟੀ ਹੋਈ ਲੋਈ ਵਰਗੀ ਜ਼ਿੰਦਗੀ ਨੂੰ ਮੈਂ ਟਾਕੀਆਂ ਵੀ ਨਹੀਂ ਲਾ ਸਕਦਾ… ਤੂੰ ਵੇਖ, ਦੇਵ ਤੂੰ ਮੇਰੇ ਬਾਰੇ ਸਭ ਕੁਝ ਜਾਣਦੈਂ … ਮੈਂ ਕੋਈ ਪਾਪ ਨਹੀਂ ਕਰ ਰਿਹਾ… ਮੈਂ ਤਾਂ ਸਿਰਫ ਲਾਈਫ ਇੰਜੁਆਏ ਕਰਨਾ ਚਾਹੁਣਾ… ਪਲੀਜ਼…।’’
”ਓ. ਕੇ. … ਮੈਂ ਚੱਲਦਾਂ… ਮੈਂ ਤੇਰੀ ਆਤਮਾ ਨੂੰ ਮੁਰਦਾ ਸਰੀਰ ਢੋਂਦੇ ਹੋਏ ਨਹੀਂ ਵੇਖ ਸਕਦਾ…ਤੂੰ ਖੁਦਗਰਜ਼ ਆਦਮੀ ਏਂ…।’’
”ਨਹੀਂ ਮੈਂ ਇਹੋ ਜਿਹਾ ਨਹੀਂ ਦੇਵ… ਮੈਂ…।’’
ਪਰ ਦੇਵ ਮੇਰੀ ਪੂਰੀ ਗੱਲ ਸੁਣੇ ਬਿਨਾਂ ਚਲਾ ਗਿਆ। ਮੈਂ ਕਾਫੀ ਦੇਰ ਕੋਠੀ ਦੇ ਅੱਧ ਖੁੱਲੇ ਗੇਟ ਵੱਲ ਵੇਖਦਾ ਰਿਹਾ, ਫਿਰ ਛੱਤ ਉਪਰ ਚਲਾ ਗਿਆ ਤੇ ਚੰਨ ਵੱਲ ਵੇਖਣ ਲੱਗਿਆ। ਦੇਵ ਖਵਰੇ ਕਦੋਂ ਮੇਰੀ ਗੱਲ ਸੁਣਨ ਆਊਗਾ।

ਗੁਰਸੇਵਕ ਸਿੰਘ ਪ੍ਰੀਤ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!