ਮੁਹਾਜ – ਜਰਨੈਲ ਸਿੰਘ

Date:

Share post:

ਦਸੰਬਰ ਦਾ ਮਹੀਨਾ ਸੀ। ਮੈਂ ਅਪਣੀ ਡਿਟੈਚਮੈਂਟ ਦੀਆਂ ਪੋਸਟਾਂ ਦਾ ਦੌਰਾ ਕਰ ਰਿਹਾ ਸਾਂ। ਇਹ ਪੋਸਟਾਂ ਟਰਾਂਟੋ ਦੇ ‘ਕਨੇਡੀਅਨ ਫੋਰਸਜ਼ ਬੇਸ’ ਯਾਅਨੀ ਛਾਉਣੀ ’ਚ ਸਥਿੱਤ ਹਨ। ਬੇਸ ਨਾਲ਼ ਸਾਡੀ ਸਕਿਉਰਟੀ ਕੰਪਨੀ ‘ਕਮਿਸ਼ਨੇਅਰਜ਼’ ਦਾ ਕਾਂਟਰੈਕਟ ਹੈ। ਕਨੇਡਾ ਦੇ ਸਾਬਕਾ-ਫੌਜੀਆਂ ਦੀ ਇਸ ਕੰਪਨੀ ਵਿੱਚ ਥੋੜ੍ਹੀ ਕੁ ਨਫ਼ਰੀ ਕਾਮਨਵੈਲਥ ਮੁਲਕਾਂ ਤੋਂ ਆਏ ਸਾਬਕਾ-ਫੌਜੀ ਇੰਮੀਗਰਾਂਟਾਂ ਦੀ ਵੀ ਹੈ। ਕੰਪਨੀ ਦਾ ਢਾਂਚਾ ਫੌਜੀ ਪਲਟਣਾਂ ਵਾਲ਼ਾ ਹੈ। ਮੈਨੇਜਮੈਂਟ ਦੇ ਰੈਂਕ ਕਰਨਲ, ਮੇਜਰ, ਕੈਪਟਨ ਵਗ਼ੈਰਾ ਹਨ ਤੇ ਸੁਪਰਵਾਇਜ਼ਰਾਂ ਦੇ ਮਾਸਟਰ ਵਾਰੰਟ ਅਫ਼ਸਰ, ਵਾਰੰਟ ਅਫ਼ਸਰ, ਸਟਾਫ ਸਰਜੈਂਟ, ਸਰਜੈਂਟ ਵਗ਼ੈਰਾ। ਇਸਦੇ ਕਰਮਚਾਰੀਆਂ ਨੂੰ ਸਕਿਉਰਟੀ ਗਾਰਡ ਨਹੀਂ, ਕਮਿਸ਼ਨੇਅਰ ਕਿਹਾ ਜਾਂਦਾ ਹੈ।
ਦੌਰੇ ਤੋਂ ਪਰਤ ਕੇ ਮੈਂ ਅਪਣੇ ਕਮਿਸ਼ਨੇਅਰਜ਼ ਦੀਆਂ ਪੇਅ-ਰੋਲ ਮੁਕੰਮਲ ਕੀਤੀਆਂ ਤੇ ਵਾਰੰਟ ਅਫ਼ਸਰ ਨੈਨਸੀ ਬਰਟਨ ਦੇ ਦਫ਼ਤਰ ਨੂੰ ਚੱਲ ਪਿਆ। ਨੈਨਸੀ ਬੇਸ ਦੀ ਅਸਿਸਟੈਂਟ ਐਡਮਿਨ ਅਫ਼ਸਰ ਹੈ। ਸਾਡੇ ਕੰਮ-ਕਾਜ ਦਾ ਸਾਰਾ ਕੰਟਰੋਲ ਬੇਸ-ਕਮਾਂਡਰ ਨੇ ਅਸਿਸਟੈਂਟ ਐਡਮਿਨ ਅਫ਼ਸਰ ਨੂੰ ਸੌਂਪਿਆ ਹੋਇਆ ਹੈ। ਡਿਟੈਚਮੈਂਟ ਕਮਾਂਡਰ ਹੋਣ ਦੇ ਨਾਤੇ ਮੇਰਾ ਇਸ ਨਾਲ਼ ਹਰ ਵੇਲੇ ਦਾ ਵਾਹ ਏ।
“ਹਾਇ ਡੇਵ! ਹਾਓ ਯੂ ਡੂਇੰਗ?” ਅਪਣੇ ਕੰਮ ’ਚ ਰੁਝੀ ਨੈਨਸੀ ਨੇ ਮੇਰਾ ਹਾਲ ਪੁੱਛਿਆ। ਬੋਲਚਾਲ ਵਿੱਚ ਸਾਰੇ ਮੈਨੂੰ ਡੇਵ ਸੱਦਦੇ ਹਨ। ਰੈਂਕ ਅਤੇ ਪੂਰਾ ਨਾਂ ਮਾਸਟਰ ਵਾਰੰਟ ਅਫ਼ਸਰ ਸੁਖਦੇਵ ਸਿੰਘ ਕੰਗ ਸਿਰਫ਼ ਲਿਖਣ ਵੇਲੇ ਹੀ ਵਰਤੋਂ ’ਚ ਆਉਂਦਾ ਹੈ।
“ਆਇ’ਮ ਫਾਇਨ, ਹਾਓ ਅਬਾਊਟ ਯੂ?” ਨੈਨਸੀ ਸਾਹਮਣੇ ਬਹਿੰਦਿਆਂ, ਅਪਣਾ ਹਾਲ ਦੱਸ ਕੇ, ਮੈਂ ਉਸਦਾ ਪੁੱਛਿਆ।
“ਨੋਟ ਟੂਅ ਬੈਡ।”
ਬਾਹਰ ਪੈ ਰਹੀ ਕੜਾਕੇਦਾਰ ਠੰਢ ਦੀ ਨਿਤਾਣੀ ਧੁੱਪ ਵਾਂਗ ਨੈਨਸੀ ਥੱਕੀ-ਹਾਰੀ ਦਿਸ ਰਹੀ ਸੀ। ਗੁਲਾਬੀ ਫੁੱਲ ਵਰਗਾ ਚਿਹਰਾ ਖਿੜਿਆ ਨਹੀਂ ਸੀ ਹੋਇਆ, ਕੁਮਲ਼ਾਇਆ ਹੋਇਆ ਸੀ। ਉਹ ’ਕੱਲੀ-’ਕੱਲੀ ਪੋਸਟ ਦੀ ਪੇਅ-ਰੋਲ ’ਤੇ ਦਸਤਖ਼ਤ ਕਰਨ ਲੱਗ ਪਈ।
“ਬੱਚਿਆਂ ਦਾ ਕੀ ਹਾਲ ਏ।” ਮੈਂ ਬੋਝਲ ਹੋ ਰਹੀ ਚੁੱਪ ਨੂੰ ਤੋੜਿਆ।
ਨੈਨਸੀ ਦੀ ਨਿਗ੍ਹਾ ਉਸਦੇ ਮੇਜ਼ ’ਤੇ ਪਈ ਦੋਨਾਂ ਪੁੱਤਾਂ ਦੀ ਤਸਵੀਰ ਵੱਲ ਉੱਠ ਗਈ। ਚਮਕਦੀਆਂ ਹਰੀਆਂ ਅੱਖਾਂ ਵਿੱਚ ਚਿੰਤਾ ਛਾ ਗਈ। ਉਸਨੇ ਨਜ਼ਰ ਨੂੰ ਮੁੜ ਸ਼ੀਟਾਂ ’ਤੇ ਲਿਆਂਦਾ ਅਤੇ ਜ਼ਰਾ ਸਾਵੀਂ ਹੋ ਕੇ ਬੋਲੀ, “ਛੋਟਾ ਜਿੰਮੀ ਤਾਂ ਠੀਕ ਹੈ ਪਰ ਟਿੰਮ ਉਸੇ ਤਰ੍ਹਾਂ ਹੈ, ਸਮਟਾਇਮਜ਼ ਈਵਨ ਗੈਟਿੰਗ ਵਰਸਟ। ਬੜੇ ਅਜੀਬ ਤਰ੍ਹਾਂ ਦੇ ਸਵਾਲ ਪੁੱਛਦਾ ਹੈ।”
“ਕਿਸ ਤਰ੍ਹਾਂ ਦੇ।”
ਅਖੇ— ਡੈਡ ਐਫਗੈਨਿਸਤੈਨ ਕਿਉਂ ਗਿਆ? ਮੈਂ ਦੱਸਦੀ ਹਾਂ ਕਿ ‘ਉੱਤੋਂ ਆਰਡਰ ਹੋਇਆ ਸੀ। ਆਖਦੈ ਡੈਡ ਨਾਂਹ ਕਰ ਦਿੰਦਾ। ਮੈਂ ਸਮਝਾਉਂਦੀ ਹਾਂ ਕਿ ਸੈਨਿਕ ਨਾਂਹ ਨਹੀਂ ਕਰ ਸਕਦਾ। ਅੱਗੋਂ ਸਵਾਲ ਕਰ ਦਿੰਦੈ ਕਿ ਜਿਸ ਜੌਬ ’ਚ ਬੰਦੇ ਦੀ ਅਪਣੀ ਕੋਈ ਇੰਡਿਵਿਯੁਐਲਿਟੀ ਹੀ ਹੈ ਨਹੀਂ, ਉਸ ਜੌਬ ਵਿੱਚ ਡੈਡ ਤੇ ਤੂੰ ਕਿਉਂ ਆਏ? ਫਿਰ ਜੰਗ ਦੇ ਕਾਰਨਾਂ ਬਾਰੇ … ਅਤਿਵਾਦ ਬਾਰੇ ਪੁੱਛਣ ਲੱਗ ਜਾਂਦੈ। ਉਸਦਾ ਚਿਹਰਾ ਤਮਤਮਾ ਉੱਠਦਾ ਹੈ ਤੇ ਅੱਖਾਂ ਜਿਵੇਂ ਬਲ਼ ਰਹੀਆਂ ਹੋਣ। ਜਦੋਂ ਚੁੱਪ ਹੁੰਦੈ ਤਾਂ ਬਿਲਕੁਲ ਹੀ ਗੁੰਮਸੁੰਮ ਹੋ ਜਾਂਦਾ ਹੈ। ਉਸਦੀਆਂ ਅੱਖਾਂ ਵਿੱਚ ਸੁੰਨ ਛਾ ਜਾਂਦੀ ਹੈ ਤੇ ਚਿਹਰਾ, ਜਿਵੇਂ ਗੁਆਚਿਆ ਹੋਇਆ ਹੋਵੇ … ।
“ਸਾਇਕੈਟਰਿਸਟ ਕੀ ਆਖਦੈ?” ਮੈਂ ਪੁੱਛਿਆ।
“ਮਨੋਰੋਗ ਦੀ ਸ਼ੁਰੂਆਤ ਹੈ … ਖੈਰ ਉਹ ਇਲਾਜ ਕਰ ਰਿਹੈ। ਕਾਂਊਂਸਲਿੰਗ ਵੀ ਚੱਲ ਰਹੀ ਹੈ। ਕੀ ਕਰਾਂ? ਬੜੀ ਗੁੰਝਲਦਾਰ ਪਰੌਬਲਮ ਹੈ।”
“ਨੈਨਸੀ! ਤੁੰ ਏਨੀ ਚਿੰਤਾ ਨਾ ਕਰ। ਪ੍ਰਮਾਤਮਾ ਸਭ ਠੀਕ ਕਰ ਦਏਗਾ,” ਹੌਸਲਾ ਦੇਂਦਿਆਂ ਮੈਂ ਉਸਦੀ ਟੁਰ ਰਹੀ ਜ਼ਿੰਦਗੀ ਦੀ ਗੱਲ ਛੇੜ ਲਈ, “ਵੀਕ ਐਂਡ ’ਤੇ ਮੈਂ ਤੈਨੂੰ ਕਰਿਸਮਸ-ਟਰੀ ਖਰੀਦਦਿਆਂ ਦੇਖਿਆ ਸੀ।”
“ਓਹ ਅੱਛਾ, ਮੈਂ ਤੈਨੂੰ ਨਹੀਂ ਦੇਖਿਆ।”
“ਫਿਕਸ ਕਰ ਦਿੱਤੈ?”
“ਯਾਅ, ਉਸੇ ਦਿਨ। ਜਦੋਂ ਮੈਂ ਘਰ ਪਹੁੰਚੀ ਤਾਂ ਟਰੀ ਦੇਖ ਕੇ ਦੋਨੋਂ ਬੱਚੇ ਖੁਸ਼ ਹੋ ਗਏ। ਮੈਂ ਪਹਿਲੀਆਂ ਕਰਿਸਮਸਾਂ ਵਾਂਗ ਹੀ, ਬੱਚਿਆਂ ਦੀ ਇਹ ਕਰਿਸਮਸ ਵੀ ਖੁਸ਼ੀਆਂ ਭਰੀ ਬਣਾਉਣਾ ਚਾਹੁੰਦੀ ਹਾਂ। ਸੋ ਮੈਂ ਰੁੱਖ ਨੂੰ ਸਟੈਂਡ ’ਤੇ ਟਿਕਾਇਆ ਅਤੇ ਟਾਹਣੀਆਂ ਨਾਲ਼ ਕਰਿਸਮਸ ਗਹਿਣੇ ਟੰਗ ਦਿੱਤੇ। ਫਿਰ ਪਤਾ ਨਹੀਂ ਮੇਰੇ ਮਨ ’ਚ ਕੀ ਆਇਆ ਕਿ ਮੈਂ ਪੁਰਾਣੀਆਂ ਵਿਸ਼ੇਸ਼ ਚੀਜ਼ਾਂ ਦੇ ਡੱਬੇ ਕੱਢ ਲਿਆਈ। ਉਨ੍ਹਾਂ ਡੱਬਿਆਂ ਵਿੱਚ ਉਹ ਗਿਫਟ ਵੀ ਸਨ, ਜਿਹੜੇ ਮੈਂ ਤੇ ਸਟੀਵ ਨੇ ਇੱਕ-ਦੂਜੇ ਨੂੰ ਖਾਸ-ਖਾਸ ਮੌਕਿਆਂ ਜਿਵੇਂ ਜਨਮ ਦਿਨਾਂ ਅਤੇ ਵਿਆਹ ਦੀਆਂ ਵਰ੍ਹੇਗੰਢਾਂ ਸਮੇਂ ਦਿੱਤੇ ਹੋਏ ਸਨ। ਕੁੱਝ ਚੀਜ਼ਾਂ ਅਸੀਂ ਦੋਨਾਂ ਨੇ ਹੌਲੀਡੇਅਜ਼ ਦੌਰਾਨ, ਦੂਰੋਂ-ਪਾਰੋਂ ਖਰੀਦੀਆਂ ਹੋਈਆਂ ਸਨ। ਜਦੋਂ ਮੈਂ ਉਨ੍ਹਾਂ ਵਿਸ਼ੇਸ਼ ਚੀਜ਼ਾਂ ਨਾਲ਼ ਕਰਿਸਮਸ-ਟਰੀ ਨੂੰ ਸ਼ਿੰਗਾਰ ਰਹੀ ਸਾਂ ਤਾਂ ਮੇਰੇ ਅੰਦਰ ਯਾਦਾਂ ਦੀਆਂ ਛੱਲਾਂ ਉੱਭਰ ਪਈਆਂ। ਸੋਚਾਂ ਵਿੱਚ ਮੈਂ ਸਟੀਵ ਨੂੰ ਅਪਣੇ ਅੰਗ-ਸੰਗ ਮਹਿਸੂਸ ਕੀਤਾ— ਮੈਨੂੰ ਚੁੰਮਦਾ, ਗਲਵਕੜੀ ਪਾਉਂਦਾ … ਹੱਸ ਖੇਡ ਰਹੇ ਪੁੱਤਾਂ ਨਾਲ਼ ਨਿਆਣਾ ਬਣ ਕੇ ਖੇਡਦਾ। ਉਨ੍ਹਾਂ ਲਈ ਨਵੀਆਂ ਚੀਜ਼ਾਂ ਖਰੀਦਣ ਲਈ ਸਲਾਹਾਂ ਕਰਦਾ… । ਪਰ ਕੁੱਝ ਪਲਾਂ ਬਾਅਦ ਉਹੀ ਛੱਲਾਂ ਮੈਨੂੰ ਗੋਤੇ ਦੇਣ ਲੱਗ ਪਈਆਂ। ਦਿਲ ’ਚ ਵਿਲਕਣੀ ਜਿਹੀ ਉੱਠ ਪਈ ਕਿ ਮੇਰੇ ਪੱਲੇ ਹੁਣ ਸਟੀਵ ਦੀਆਂ ਯਾਦਾਂ ਹੀ ਰਹਿ ਗਈਆਂ ਸਨ। ਮੈਂ ਕਦੀ ਵੀ ਉਸ ਨੂੰ ਹਾਕ ਨਹੀਂ ਮਾਰ ਸਕਣੀ। ਅੱਖਾਂ ’ਚ ਉਮਡਦੇ ਪਿਆਰ ਨੇ ਉਸਨੂੰ ਕਦੀ ਵੀ ਦੇਖ ਨਹੀਂ ਸਕਣਾ … ਮੇਰਾ ਦਿਲ ਭਰ ਆਇਆ। ਪਰ ਮੈਂ ਅਪਣੇ-ਆਪ ’ਤੇ ਕਾਬੂ ਪਾ ਲਿਆ। ਨਿਆਣਿਆਂ ਸਾਹਮਣੇ ਮੁਸਕਰਾਉਂਦੀ ðਹੀ, ਹੱਸਦੀ ਰਹੀ। ਜਦੋਂ ਉਹ ਖਾ-ਪੀ ਕੇ ਸੌਂ ਗਏ ਤਾਂ ਮੈਂ ਮੁੜ ਕਰਿਸਮਸ-ਟਰੀ ਕੋਲ਼ ਆ ਬੈਠੀ। ਸਟੀਵ ਤੋਂ ਬਿਨਾਂ ਮੈਨੂੰ ਅਪਣਾ ਆਪਾ ਕਰਿਸਮਸ-ਟਰੀ ਵਰਗਾ ਲੱਗ ਰਿਹਾ ਸੀ, ਜੜ੍ਹਾਂ ਵਿਹੂਣਾ, ਸਟੈਂਡ ’ਤੇ ਟਿਕਿਆ ਡਾਂਵਾਂਡੋਲ ਰੁੱਖ। ਮਨ ਹੀ ਮਨ ਵਿਰਲਾਪ ਕਰਦਿਆਂ ਮੈਂ ਫੁੱਟ-ਫੁੱਟ ਰੋਣ ਲੱਗੀ। ਰੋਂਦੀ ਰਹੀ।” ਗੱਲ ਕਰਦੀ ਨੈਨਸੀ ਦੀਆਂ ਅੱਖਾਂ ਛਲਕ ਪਈਆਂ। ਮੈਂ ਮੇਜ਼ ’ਤੇ ਪਿਆ ਟਿਸ਼ੂ-ਬਕਸ ਉਸ ਵੱਲ ਵਧਾਇਆ। ਅੱਥਰੂ ਪੂੰਝਦਿਆਂ ਉਸ ਨੇ “ਥੈਂਕ ਯੂ ਡੇਵ” ਕਿਹਾ ਤੇ ਲੰਮਾ ਸਾਹ ਭਰਦੀ ਹੋਈ ਬੋਲੀ, “ਸਟੀਵ ਨਾਲ਼ ਜ਼ਿੰਦਗੀ ’ਚ ਰੌਂਣਕਾਂ ਸਨ, ਫੰਨ ਸਨ। ਘਰ ਦੇ ਕੰਮਾਂ ਵਿੱਚ ਉਹ ਮੇਰੇ ਬਰਾਬਰ ਹੁੰਦਾ ਸੀ। ਖ਼ੈਰ ਕੰਮਾਂ ਨਾਲ਼ ਸਿੱਝਣ ਦੀ ਆਦਤ ਤਾਂ ਪੈ ਗਈ ਹੈ ਪਰ ਵਿਹਲ ਦੇ ਪਲ ਬੜੇ ਔਖੇ ਗੁਜ਼ਰਦੇ ਹਨ। ਉਨ੍ਹਾਂ ਪਲਾਂ ਵਿੱਚ ਮੈਂ ਸਟੀਵ ਨੂੰ ਬਹੁਤ ਮਿਸ ਕਰਦੀ ਹਾਂ … ਸਟੀਵ ਤੇ ਮੈਂ ਕੋਲ਼-ਕੋਲ਼ ਬੈਠੇ ਹੁੰਦੇ ਸਾਂ। ਮਨਾਂ ਅੰਦਰ ਠਹਿਰਾਅ ਹੁੰਦਾ ਸੀ। ਬੜੇ ਰੂਹ-ਸੁਖਾਵੇਂ ਹੁੰਦੇ ਸਨ ਉਹ ਪਲ, ਸਾਥੀ ਜੁ ਕੋਲ਼ ਹੁੰਦਾ ਸੀ।”
“ਫ਼ੌਜੀ ਪਰਿਵਾਰਾਂ ਲਈ ਅਜਿਹੇ ਪਲਾਂ ਦਾ ਰੂਹ-ਸੁਖਾਵੇਂ ਬਣ ਜਾਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਲੰਮੇ ਵਿਛੋੜੇ ਝਾਗੇ ਹੁੰਦੇ ਹਨ। ਉਨ੍ਹਾਂ ਦੇ ਤਾਂ ਤਿਉਹਾਰ ਵੀ ਦੂਰੀਆਂ ’ਚ ਹੀ ਲੰਘ ਜਾਂਦੇ ਹਨ।” ਮੈਂ ਆਖਿਆ ਸੀ।
“ਹਾਂ, ਸਾਡੇ ਵੀ ਕਈ ਤਿਉਹਾਰ ਏਦਾਂ ਹੀ ਲੰਘੇ। ਪਹਿਲੀ ਵਾਰ ਜਦੋਂ ਮੈਂ ਕਰਿਸਮਸ ਇਕੱਲਿਆਂ ਮਨਾਈ ਉਦੋਂ ਸਟੀਵ ਬੋਸਨੀਆਂ ’ਚ ਤਾਇਨਾਤ ਸੀ। ਟਿੰਮ ਉਦੋਂ ਦੋ ਕੁ ਸਾਲ ਦਾ ਸੀ। ਜਿੰਮੀ ਦਾ ਜਨਮ ਬਾਅਦ ਦਾ ਹੈ। ਟਿੰਮ ਤੋਂ ਸੱਤ ਸਾਲ ਛੋਟਾ ਹੈ ਉਹ। ਓਸ ਕਰਿਸਮਸ ’ਤੇ ਮੈਂ ਟਿੰਮ ਲਈ ਕਿੰਨੇ ਹੀ ਖਿਡਾਉਣੇ ਤੇ ਲੀੜੇ-ਕੱਪੜੇ ਖਰੀਦੇ। ਦੋਸਤਾਂ ਰਿਸ਼ਤੇਦਾਰਾਂ ਵਿੱਚ ਉਮਾਹ ਨਾਲ਼ ਕਾਰਡ ਤੇ ਗਿਫਟ ਵੰਡੇ। ਸਟੀਵ ਦੀ ਮੌਮ ਸਾਡੇ ਕੋਲ਼ ਆ ਗਈ ਸੀ। ਕਰਿਸਮਸ ਦੀ ਸ਼ਾਮ ਬੋਸਨੀਆਂ ਤੋਂ ਸਟੀਵ ਦਾ ਫੋਨ ਆ ਗਿਆ। ਉਸਨੇ ਬੜੇ ਮੋਹ ਨਾਲ਼ ਸਾਡੇ ਨਾਲ਼ ਗੱਲਾਂ ਕੀਤੀਆਂ। ਬਹੁਤ ਚੰਗਾ ਲੱਗਾ। ਉਡੀਕਾਂ ਵਿੱਚ ਇੱਕ ਵੱਖਰਾ ਹੀ ਸਰੂਰ ਹੁੰਦਾ ਹੈ। ਪਰ ਹੁਣ ਤਾਂ ਉਡੀਕਾਂ ’ਚ ਵੱਸਣ ਵਾਲ਼ਾ ਹੀ ਨਾ ਰਿਹਾ। ਹਜ਼ਾਰਾਂ ਮੀਲ ਦੂਰ, ਐਫਗੈਨਿਸਤੈਨ ਦੀ ਚੰਦਰੀ ਜੰਗ ਨਿਗਲ਼ ਗਈ ਉਸਨੂੰ … ਨਾ ਉਹ ਜੰਗ ਦੀ ਭੇਟ ਚੜ੍ਹਦਾ, ਨਾ ਮੇਰਾ ਟਿੰਮ ਇਸ ਤਰ੍ਹਾਂ ਮੈਂਟਲੀ ਡਿਸਟਰਬ … ।”
ਨੈਨਸੀ ਦਾ ਫੋਨ ਵੱਜ ਪਿਆ। ਉਸਨੇ ਰਿਸੀਵਰ ਉਠਾ ਕੇ ਗੱਲ ਕੀਤੀ। ਟਿਸ਼ੂ-ਪੇਪਰ ਨਾਲ਼ ਨਮ ਅੱਖਾਂ ਪੂੰਝੀਆਂ ਤੇ ਕੁਰਸੀ ਤੋਂ ਉੱਠਦਿਆਂ ਬੋਲੀ, “ਐਡਮਿਨ ਅਫ਼ਸਰ ਨੇ ਬੁਲਾਇਐ। ਤੂੰ ਬੈਠ, ਮੈਂ ਕੁੱਝ ਮਿੰਟਾਂ ’ਚ ਆਈ।”
“ਓ.ਕੇ।” ਉਦਾਸੀ ’ਚ ਡੁੱਬੀ ਮੇਰੀ ਆਵਾਜ਼ ਜਿਵੇਂ ਸੰਘ ਵਿੱਚ ਹੀ ਡਿੱਗ ਪਈ ਸੀ। ਧਿਆਨ ਕਮਰੇ ਤੋਂ ਬਾਹਰ ਲਿਜਾਣ ਲਈ ਮੈਂ ਖਿੜਕੀ ਵੱਲ ਤੱਕਿਆ। ਬਰਫ਼ ਨਾਲ਼ ਧੁੰਦਲ਼ਾਏ ਸ਼ੀਸ਼ਿਆਂ ਵਿੱਚੀਂ ਕੁੱਝ ਵੀ ਨਜ਼ਰ ਨਾ ਆਇਆ। ਮੇਰੀ ਉਦਾਸ ਸੋਚ ਅਤੀਤ ’ਚ ਉੱਤਰ ਗਈ … ਅਪਣੀ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਸਨ ਨੈਨਸੀ ਤੇ ਇਸਦਾ ਪਤੀ ਸਟੀਵ। ਮੇਰੀ ਇਨ੍ਹਾਂ ਨਾਲ਼ ਵਾਹਵਾ ਸਾਂਝ ਏ। ਮੇਰੇ ਦੋਸਤ ਡਮਿਟਰੀ ਰਾਹੀਂ ਸ਼ੁਰੂ ਹੋਈ ਇਹ ਸਾਂਝ, ਨੈਨਸੀ ਦੇ ਐਡਮਿਨ ਅਫ਼ਸਰ ਬਣਨ ਤੋਂ ਬਾਅਦ ਹੋਰ ਗੂੜ੍ਹੀ ਹੋ ਗਈ ਸੀ। ਡਮਿਟਰੀ ਥਿਓਡੋਰ ਤੇ ਸਟੀਵ ਬਰਟਨ ਗੂੜ੍ਹੇ ਦੋਸਤ ਸਨ। ਦੋਵੇਂ ਬੇਸ ਤੋਂ ਬਾਹਰ ਡਿਕਸਨ ਆਰਮੁਰੀ ਵਿੱਚ ਸਥਿਤ ‘ਰਾਇਲ ਕੈਨੇਡੀਅਨ ਰਜਮੈਂਟ’ ਦੀ ਨੰਬਰ 3 ਬਟਾਲੀਅਨ ਵਿੱਚ ਸਟਾਫ-ਸਰਜੈਂਟ ਸਨ।
ਡਮਿਟਰੀ ਥਿਓਡੋਰ ਗਰੀਕੀ ਮੂਲ ਦਾ ਕਨੇਡੀਅਨ ਹੈ। ਉਹ ਚੜ੍ਹਦੀ ਜਵਾਨੀ ਵਿੱਚ ਅਪਣੇ ਮਾਪਿਆਂ ਨਾਲ਼ ਕਨੇਡਾ ਆਇਆ ਸੀ। ਉਸਦਾ ਡੈਡ ਗਰੀਸ ਦਾ ਸਾਬਕਾ ਫ਼ੌਜੀ ਸੀ। ਫ਼ੌਜੀ ਜੀਵਨ ਬਾਰੇ ਪਿਉ ਦੀਆਂ ਦਿਲਚਸਪ ਗੱਲਾਂ ਅਤੇ ਉਸਦੇ ਯੁੱਧ-ਮੈਡਲਾਂ ਤੋਂ ਪਰੇਰਿਤ ਹੋ ਕੇ ਡਮਿਟਰੀ ਕਨੇਡੀਅਨ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਮੈਨੂੰ ਸੁਕਰਾਤ, ਪਲੈਟੋ, ਅਰਿਸਟੋਟਲ ਵਰਗੇ ਵਿਦਵਾਨਾਂ ਤੇ ਸਿਕੰਦਰ ਵਰਗੇ ਜੋਧਿਆਂ ਦੇ ਦੇਸ਼ ਗਰੀਸ ਬਾਰੇ ਜਾਨਣ ਦੀ ਚਾਹਤ ਸੀ। ਇਵੇਂ ਹੀ ਡਮਿਟਰੀ ਵੀ ਅਨੇਕਾਂ ਜਾਤਾਂ-ਜ਼ੁਬਾਨਾਂ ਤੇ ਅਕੀਦਿਆ ਵਾਲ਼ੇ, ਪੋਰਸ ਦੇ ਦੇਸ਼ ਤੇ ਅਜੋਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਬਾਰੇ ਜਾਨਣਾ ਚਾਹੁੰਦਾ ਸੀ। ਦੋਨਾਂ ਦੇਸ਼ਾਂ ਦੇ ਚੰਗੇ-ਮੰਦੇ ਪੱਖਾਂ-ਪਹਿਲੂਆਂ ਤੋਂ ਸ਼ੁਰੂ ਹੋਈਆਂ ਸਾਡੀਆਂ ਗੱਲਾਂ ਦਾ ਸਿਲਸਿਲਾ ਹੁਣ ਗਲੋਬਲੀ ਮਸਲਿਆਂ ਤੱਕ ਪਹੁੰਚ ਚੁੱਕਾ ਸੀ ਤੇ ਇਸੇ ਅਮਲ ਵਿੱਚੀਂ ਅਸੀ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਗਏ ਸਾਂ।
ਸਟੀਵ ਬਰਟਨ ਦੇ ਰੁਜ਼ਗਾਰ ਦੀ ਸ਼ੁਰੂਆਤ ਇੱਕ ਫਰਨੀਚਰ ਫੈਕਟਰੀ ਤੋਂ ਹੋਈ ਸੀ। ਉੱਥੇ ਉਹ ਸੁਪਰਵਾਈਜ਼ਰ ਹੁੰਦਾ ਸੀ। ਸਾਰਾ ਦਿਨ ਚੱਲ ਸੋ ਚੱਲ। ਕੁਰਸੀਆਂ ਤੇ ਸੋਫ਼ੇ ਬਣਾਉਣ ਲਈ ਕਾਮਿਆਂ ਨੂੰ ਮੈਟੀਰਿਅਲ ਅਤੇ ਸੰਦ-ਬੇਟ ਮੁਹੱਈਆ ਕਰਨੇ, ਪ੍ਰੌਡਕਸ਼ਨ ਟੀਚਿਆਂ ਦੀ ਪੂਰਤੀ ਹਿੱਤ, ਹਰ ਵੇਲੇ ਪੱਬਾਂ ਭਾਰ ਹੋਏ ਰਹਿਣਾ, ਮੈਨੇਜਮੈਂਟ ਦੇ ਹੁਕਮਾਂ ਤੇ ਕਾਮਿਆਂ ਦੀਆਂ ਤਕਲੀਫਾਂ ਦਾ ਦਿਮਾਗੀ ਬੋਝ— ਕੁੱਝ ਹੀ ਸਾਲਾਂ ਵਿੱਚ ਅੱਕ-ਥੱਕ ਗਿਆ ਸੀ ਉਹ। ਅਪਣੇ ਨਾਲ਼ ਕੰਮ ਕਰਦੇ ਇੱਕ ਰਿਜ਼ਰਵਿਸਟ ਫ਼ੌਜੀ ਦੀਆਂ ਗੱਲਾਂ ਦਾ ਅਸਰ ਹੋਇਆ ਤੇ ਉਹ ਫ਼ੌਜ ’ਚ ਆ ਗਿਆ ਸੀ। ਫ਼ੌਜ ’ਚ ਨਾ ਕੋਈ ਪ੍ਰੌਡਕਸ਼ਨ ਦਾ ਚੱਕਰ ਸੀ ਤੇ ਨਾ ਕੋਈ ਮਗਜ਼ਖਪਾਈ। ਜੋ ਆਰਡਰ ਮਿiਲ਼ਆ, ਉਹ ਕਰ ਦਿਉ ਤੇ ਬੱਸ।
ਉਦੋਂ ਨੈਨਸੀ ਕਿਸੇ ਕੰਪਨੀ ਦੀ ਅਮਲਾ-ਸ਼ਾਖਾ ਵਿੱਚ ਜੌਬ ਕਰਦੀ ਸੀ। ਸ਼ੁਰੂ-ਸ਼ੁਰੂ ਵਿੱਚ ਜਦੋਂ ਸਟੀਵ ਕਈ-ਕਈ ਦਿਨਾਂ ਲਈ ਫ਼ੌਜੀ ਮਸ਼ਕਾਂ ਕਰਨ ਗਿਆ ਹੁੰਦਾ ਤਾਂ ਨੈਨਸੀ ਬੋਰ ਹੋ ਜਾਂਦੀ। ਪਰ ਸਮਾਂ ਪਾ ਕੇ ਉਹ ਇਸਦੀ ਆਦੀ ਹੋ ਗਈ ਸੀ। ਬਾਹਰੋਂ ਪਰਤ ਕੇ ਸਟੀਵ ਉਸਨੂੰ ਉੱਡ ਕੇ ਮਿਲ਼ਦਾ। ਉਸਦੇ ਜੋਸ਼ ਭਰੇ ਚੁੰਮਣ ਉਨ੍ਹਾਂ ਦੇ ਪਿਆਰ ਵਿੱਚ ਨਵਾਂ ਸਰੂਰ ਭਰ ਦੇਂਦੇ। ਘਰ ਦੇ ਕੰਮਾਂ-ਕਾਜਾਂ, ਖ਼ਾਸ ਕਰਕੇ ਬੱਚਿਆਂ ਦੀ ਦੇਖਭਾਲ ਦੀਆਂ ਅਪਣੇ ਹਿੱਸੇ ਦੀਆ ਜ਼ਿੰਮੇਵਾਰੀਆ ਉਹ ਮੁੜ ਚੁੱਕ ਲੈਂਦਾ।
ਸਟੀਵ ਚਾਹੁੰਦਾ ਸੀ ਕਿ ਉਹ ਤੇ ਨੈਨਸੀ ਇੱਕੋ ਮਹਿਕਮੇ ਵਿੱਚ ਹੋਣ ਪਰ ਨੈਨਸੀ ਦਾ ਮਨ ਨਾ ਮੰਨਿਆਂ। ਫ਼ੌਜ ’ਚ ਉਸਦੀ ਤਨਖਾਹ ਘੱਟ ਜਾਣੀ ਸੀ। ਪਰ ਜਦੋਂ ਭਰਤੀ ਨਿਯਮਾਂ ’ਚ ਕੁੱਝ ਤਬਦੀਲੀਆਂ ਹੋਈਆਂ ਤਾਂ ਨੈਨਸੀ ਦਾ ਮਨ ਬਣ ਗਿਆ। ਐਡਮਨਿਸਟ੍ਰੇਸ਼ਨ ਦੇ ਡਿਪਲੋਮੇ ਅਤੇ ਪ੍ਰਬੰਧਕੀ ਕੰਮਾਂ ਦੇ ਕਈ ਸਾਲਾਂ ਦੇ ਤਜ਼ਰਬੇ ਦੇ ਆਧਾਰ ’ਤੇ ਉਹ ਸਿੱਧੀ ਸਰਜੈਂਟ ਭਰਤੀ ਹੋ ਗਈ। ਤਨਖ਼ਾਹ ਵੀ ਬਾਹਰ ਜਿੰਨੀ ਬਣ ਜਾਂਦੀ ਸੀ ਤੇ ਕੰਮ ਵੀ ਉਹੀ ਦਫ਼ਤਰੀ। ਫ਼ੌਜੀ ਮਸ਼ਕਾਂ ਜਾਂ ਜੰਗ ’ਚ ਭੇਜੇ ਜਾਣ ਦੇ ਚਾਨਸਜ਼ ਘੱਟ ਸਨ।
ਸਟੀਵ ਤੇ ਡਮਿੱਟਰੀ ਨਾਲ਼ ਮੇਰਾ ਕਦੀ-ਕਦੀ ਬੀਅਰ-ਵਿਸਕੀ ਪੀਣ ਦਾ ਪ੍ਰੋਗਰਾਮ ਬਣ ਜਾਂਦਾ। ਜਦੋਂ ਕਦੀ ਉਹ ਮਸਤੀ ਦੇ ਮੂਡ ਵਿੱਚ ਹੁੰਦੇ ਤਾਂ ਬੇਸ ਦੀਆਂ ਫ਼ੌਜਣਾਂ ਵਿੱਚੋਂ ਸੈਕਸੀ ਫ਼ੌਜਣਾਂ ਦੇ ਜਿਸਮਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ। ਉਨ੍ਹਾਂ ਦੀ ਯੂਨਿਟ ਦੀ ਇੱਕ ਰਿਜ਼ਰਵਿਸਟ ਮੇਰੀ ਡਿਟੈਚਮੈਂਟ ’ਚ ਸਕਿਉਰਟੀ ਦੀ ਪਾਰਟ-ਟਾਈਮ ਜੌਬ ਕਰਦੀ ਸੀ। ਉਹ ਸ਼ੁਗਲ ਜਿਹੇ ਵਿੱਚ ਮੇਰਾ ਉਸ ਹੁਸੀਨਾ ਨਾਲ਼ ਸਬੰਧ ਜੋੜ ਕੇ, ਮੈਨੂੰ ਉਸਦੀ ਫਿੱਗਰ ਬਾਰੇ ਪੁੱਛਦੇ। ਤਲਾਕਸ਼ੁਦਾ ਡਮਿੱਟਰੀ ਹੈਲੀਫੈਕਸ ਬੇਸ ਦੀ ਉਸ ਜੋਬਨਵੰਤੀ ਨੂੰ ਯਾਦ ਕਰਨ ਲੱਗ ਜਾਂਦਾ, ਜਿਸ ਨਾਲ਼ ਉਸਦਾ, ਪਹਿਲੀ ਟਰਮ ਦੌਰਾਨ ਅਫਗਾਨਿਸਤਾਨ ਵਿੱਚ ਯਰਾਨਾ ਪਿਆ ਸੀ।
ਡਮਿਟਰੀ ਤੇ ਸਟੀਵ ਨਾਲ਼ ਸ਼ੁਗਲਮੇਲਾ ਕਰਦਿਆਂ, ਮੈਨੂੰ ਭਾਰਤੀ ਫ਼ੌਜੀਆਂ ਦੀ ਕਰੜੇ ਨਿਯਮਾਂ ਵਾਲ਼ੀ ਨੌਕਰੀ ਯਾਦ ਆ ਜਾਂਦੀ। ਇੱਥੇ ਬੇਸ ਵਿੱਚ ਮੈਂ ਵੇਖਦਾ ਸਾਂ— ਘੜੀ ਮੁੜੀ ਸੈਲਿਊਟ ਕਰਨ ਅਤੇ ‘ਸਰ, ਸਰ’ ਕਰਨ ਦਾ ਕੋਈ ਚੱਕਰ ਨਹੀਂ ਸੀ। ਜੂਨੀਅਰ ਅਪਣੇ ਸੀਨੀਅਰ ਨੂੰ ਉਸਦੇ ਪਹਿਲੇ ਨਾਂ ਨਾਲ਼ ਸੰਬੋਧਨ ਕਰਦਾ ਸੀ। ਮੈਨੂੰ ਬੇਸ ਦੀਆਂ ਸਾਰੀਆਂ ਮੈਸਾਂ ਵਿੱਚ ਕੁੱਝ ਕੁ ਵਾਰ ਖਾਣਾ ਖਾਣ ਦੇ ਮੌਕੇ ਮਿਲ਼ੇ ਸਨ। ‘ਆਫਿਸਰਜ਼ ਮੈੱਸ’ ਵਿੱਚ ਚੋਜ਼ ਹੀ ਵਾਧੂ ਸਨ, ਖਾਣਾ ਹੇਠਲੇ ਰੈਂਕਾਂ ਵਰਗਾ ਹੀ ਸੀ।
ਪਰ ਕਨੇਡੀਅਨ ਸੈਨਿਕਾਂ ਦੀ ਭਾਰਤੀ ਸੈਨਿਕਾਂ ਦੇ ਮੁਕਾਬਲੇ ਟਰੇਨਿੰਗ ਬੜੀ ਥੋੜ੍ਹੀ ਸੀ। ਇਸ ਬਾਬਤ ਇੱਕ ਵਾਰ ਸਟੀਵ ਨਾਲ਼ ਗੱਲ ਚੱਲੀ ਤਾਂ ਉਸ ਆਖਿਆ ਸੀ, “ਡੇਵ! ਅਸੀਂ ਕਿਹੜਾ ਕਿਸੇ ਮੁਲਕ ਨਾਲ਼ ਸਿੱਧੀਆਂ ਲੜਾਈਆਂ ਲੜਨੀਆਂ ਹਨ। ਕਿਸੇ ਦੋ ਮੁਲਕਾਂ ਦੇ ਸਰਹੱਦੀ ਰੱਟਿਆਂ ਨੂੰ ਸੁਲਝਾਉਣ ਜਾਂ ਅੰਦਰੂਨੀ ਗੜਬੜੀ ਵਾਲ਼ੇ ਮੁਲਕਾਂ ’ਚ ਸ਼ਾਂਤੀ ਸਥਾਪਤ ਕਰਨ ਲਈ ਯੂ.ਐਨ.ਓ ਅਤੇ ਨੈਟੋ ਦੇ ਜੋ ਮਿਸ਼ਨ ਹੁੰਦੇ ਹਨ, ਅਸੀਂ ਉਨ੍ਹਾਂ ’ਚ ਅਪਣਾ ਪੀਸ-ਕੀਪਰਜ਼ ਦਾ ਰੋਲ ਨਿਭਾਉਂਦੇ ਹਾਂ ਤੇ ਨਾਲ਼ ਦੀ ਨਾਲ਼, ਤਬਾਹ ਹੋਏ ਇਲਾਕਿਆਂ ਨੂੰ ਰੀਬਿਲਡ ਕਰਦੇ ਹਾਂ। ਤਹਿਜ਼ੀਬ ਪੱਖੋਂ ਪਛੜੇ ਹੋਏ ਲੋਕਾਂ ਨੂੰ ਆਧੁਨਿਕ ਜੀਵਨ-ਜਾਚ ਸਿਖਾਉਂਦੇ ਹਾਂ।”
“ਸਟੀਵ! ਗੜਬੜੀ ਨਾਲ਼ ਸਿਝਣਾ ਹੈ ਤਾਂ ਅਹਿਮ ਕਾਰਜ ਪਰ ਪਹਿਲਾਂ ਇਹ ਪਤਾ ਕਰਨਾ ਚਾਹੀਦੈ ਕਿ ਗੜਬੜੀ ਫੈਲਾਉਂਦਾ ਕੌਣ ਹੈ? ਤੇ ਜਿਹੜੀ ਗੱਲ ਤੂੰ ਜੀਵਨ-ਜਾਚ ਸਿਖਾਉਣ ਦੀ ਕਹਿ ਰਿਹਾਂ, ਮੇਰੇ ਖ਼ਿਆਲ ’ਚ ਹਰ ਦੇਸ਼-ਕੌਮ ਦੇ ਆਪੋ-ਅਪਣੇ ਜੀਵਨ-ਮੁੱਲ ਹੁੰਦੇ ਹਨ। ਸਮੇਂ ਅਨੁਸਾਰ ਉਨ੍ਹਾਂ ’ਚ ਤਬਦੀਲੀਆਂ ਹੋਣੀਆਂ ਜ਼ਰੂਰੀ ਨੇ ਪਰ ਤਬਦੀਲੀਆਂ ਡਾਇਲਾਗ ਰਾਹੀਂ ਸਮਝਾਈਆਂ ਜਾਣੀਆਂ ਚਾਹੀਦੀਆਂ ਨੇ, ਨਾ ਕਿ ਹਥਿਆਰਾਂ ਰਾਹੀਂ।”
ਸਟੀਵ ਮੇਰੇ ਵੱਲ ਕੁਨੱਖਾ ਜਿਹਾ ਝਾਕਿਆ ਸੀ। ਮੈਂ ਸਮਝ ਗਿਆ ਸਾਂ। ਸੈਨਿਕਾਂ ਅਤੇ ਸੈਨਿਕਾਂ ਨਾਲ਼ ਕੰਮ ਕਰਦੇ ਸਕਿਉਰਟੀ ਕਰਮਚਾਰੀਆਂ ਨੂੰ ਇਹੋ ਜਿਹੇ ਕਿੰਤੂਆਂ ਵਾਲੀਆਂ ਗੱਲਾਂ ਨਹੀਂ ਸਨ ਕਰਨੀਆਂ ਚਾਹੀਦੀਆਂ। ਮੈਂ ਗੱਲ ਉੱਥੇ ਹੀ ਛੱਡ ਦਿੱਤੀ ਸੀ।
ਪਰ ਹੁਣ ਸੋਲ੍ਹਾਂ-ਸਤਾਰਾਂ ਵਰਿ੍ਹਆਂ ਦਾ ਟਿੰਮ ਗੱਲ ਨੂੰ ਛੱਡ ਨਹੀਂ ਸੀ ਰਿਹਾ। ਉਹ ਆਪਣੇ ਡੈਡ ਦੀ ਮੌਤ ਦਾ ਕਾਰਨ ਬਣੀ ਜੰਗ ਦੀ ਉਚਿੱਤਤਾ ਅਤੇ ਬਾਹਰਲੇ ਫ਼ੌਜੀਆਂ ਵੱਲੋਂ ਅਫ਼ਗ਼ਾਨੀਆਂ ਨੂੰ ਜੀਵਨ-ਜਾਚ ਸਿਖਾਉਣ ਦੇ ਤਰੀਕਿਆਂ ਬਾਰੇ ਸਵਾਲ ਪੁੱਛ ਰਿਹਾ ਸੀ। ਵਿਧਵਾ ਮਾਂ ਵੱਲੋਂ ਮਿਲ਼ ਰਹੇ ਜਵਾਬਾਂ ਨਾਲ਼ ਉਸਦੀ ਤਸੱਲੀ ਨਹੀਂ ਸੀ ਹੋ ਰਹੀ … ਨੈਨਸੀ ਨੂੰ ਐਡਮਿਨ ਅਫ਼ਸਰ ਮੇਜਰ ਗੌਰਡਨ ਦੇ ਦਫ਼ਤਰ ’ਚੋਂ ਬਾਹਰ ਆਉਂਦਿਆਂ ਦੇਖ, ਮੇਰੀ ਸੋਚ ਟੁੱਟ ਗਈ। ਨੈਨਸੀ ਨੇ ਰਹਿੰਦੀਆਂ ਪੇਅ-ਰੋਲ ਸਾਈਨ ਕੀਤੀਆਂ। ਮੈਂ ਚੁੱਕੀਆਂ ਤੇ “ਬਾਇ ਨਾਓ” ਆਖ ਬਾਹਰ ਆ ਗਿਆ।
ਅਪਣੇ ਦਫ਼ਤਰ ’ਚ ਆ ਕੇ ਮੈਂ ਅਗਲੇ ਚਾਰ ਹਫ਼ਤਿਆਂ ਦੀਆਂ ਸ਼ਕੈਜੁਅਲ ਬਣਾਉਣ ਲੱਗ ਪਿਆ ਪਰ ਮਨ ਕੰਮ ’ਚ ਖੁੱਭ ਨਹੀਂ ਸੀ ਰਿਹਾ। ਨੈਨਸੀ ਦੇ ਬੋਲ “ਹੁਣ ਤਾਂ ਉਡੀਕਾਂ ’ਚ ਵੱਸਣ ਵਾਲ਼ਾ ਹੀ ਨਾ ਰਿਹਾ … ਚੰਦਰੀ ਜੰਗ ਨਿਗਲ਼ ਗਈ ਉਸਨੂੰ’’ ਮੇਰੇ ਕੰਨਾਂ ਵਿੱਚ ਗੂੰਜੀ ਜਾ ਰਹੇ ਸਨ … ਤੇ ਪਤਾ ਨਹੀਂ ਕਿਵੇਂ, ਇਨ੍ਹਾਂ ਸ਼ਬਦਾਂ ਵਰਗੇ ਹੀ ਮਨਜੀਤ ਕੌਰ ਦੇ ਦਰਦ ਭਰੇ ਬੋਲ ਵੀ ਮੇਰੀ ਸੋਚ ਵਿੱਚ ਗੂੰਜਣ ਲੱਗ ਪਏ “ਨਵਤੇਜ! ਮੈਂ ਤੈਨੂੰ ਉਡੀਕ ਰਹੀ ਹਾਂ … ਤੇਰੇ ਰਾਹਾਂ ’ਚ ਖੜ੍ਹੀ ਹਾਂ।” ਨੈਨਸੀ ਅਤੇ ਮਨਜੀਤ ਨਾਲ਼ ਵਾਪਰੇ ਦੁਖਾਂਤਾਂ ਨੇ ਇੱਕ-ਦੂਜੇ ’ਚ ਰਲ਼ਗੱਡ ਹੋ ਕੇ ਮੇਰੇ ਅੰਦਰ ਸੰਘਣਾ ਦਰਦ ਛੇੜ ਦਿੱਤਾ … ਮੇਰੀਆਂ ਛਲਕਦੀਆਂ ਅੱਖਾਂ ਸਾਹਵੇਂ ਮਨਜੀਤ ਦੇ ਪਤੀ, ਮੇਰੇ ਮਿੱਤਰ ਨਵਤੇਜ ਦੀ ਲਹੂ ’ਚ ਡੁੱਬੀ ਲਾਸ਼ ਘੁੰਮ ਗਈ … ਰਾਜਸਥਾਨ ਵਿੱਚ ਹਿੰਦ-ਪਾਕਿ ਬਾਰਡਰ ਦੇ ਨਜ਼ਦੀਕ ਪੈਂਦੇ ਭੀਮਗੜ੍ਹ ਏਅਰ ਫੋਰਸ ਸਟੇਸ਼ਨ ’ਚ ਇਹ ਭਾਣਾ ਵਰਤਿਆ ਸੀ, ਬੰਗਲਾਦੇਸ਼ ਦੀ ਜੰਗ ਸਮੇਂ। ਸਾਡਾ ਸੁਕਆਡਰਨ ਉਦੋਂ ਜੋਧਪੁਰ ’ਚ ਸੀ। ਜੰਗ ਛਿੜਨ ’ਤੇ ਸੁਕਆਡਰਨ ਨੂੰ ਭੀਮਗੜ੍ਹ ਤੋਂ ਓਪਰੇਟ ਕਰਨ ਦੇ ਹੁਕਮ ਹੋਏ ਸਨ। ਭੀਮਗੜ੍ਹ ਵਿੱਚ ਅਸੀਂ ਅਪਣਾ ਇੱਕ-ਇੱਕ ਜਹਾਜ਼, ਮੋਟੀ-ਸੰਘਣੀ ਕੰਕਰੀਟ ਦੇ ਬਣੇ ਹੋਏ ਪੱਕੇ ਤੇ ਮਜ਼ਬੂਤ ਸ਼ੈਡਾਂ ’ਚ ਸੁਰੱਖਿਅਤ ਕੀਤਾ ਹੋਇਆ ਸੀ।
ਉਸ ਦਿਨ ਦੁਪਹਿਰ ਵੇਲੇ, ਅਸੀਂ ਤਕਨੀਕੀ ਟਰੇਡਾਂ ਦੇ ਸੈਨਿਕ ਸ਼ੈੱਡ ਅੰਦਰ, ਅਪਣੇ ਜਹਾਜ਼ ਨੂੰ ਹਮਲੇ ’ਤੇ ਭੇਜਣ ਲਈ ਤਿਆਰ ਕਰ ਰਹੇ ਸਾਂ। ਖਾਣੇ ਵਾਲੀ ਗੱਡੀ ਬਾਹਰ ਆ ਖਲੋਈ ਸੀ। ਮੱਗ-ਪਲੇਟਾਂ ਉਠਾ ਅਸੀਂ ਖਾਣਾ ਲੈਣ ਲੱਗ ਪਏ। ਅਚਾਨਕ ਹੀ ਦੋ ਪਾਕਿਸਤਾਨੀ ਜਹਾਜ਼ ਸਾਡੇ ਸਿਰਾਂ ’ਤੇ ਆ ਧਮਕੇ। ਉਹ ਬਹੁਤ ਹੀ ਨੀਵੇਂ ਆਏ ਸਨ ਜਿਸ ਕਰਕੇ ਰੇਡਾਰ ’ਚ ਪਤਾ ਨਹੀਂ ਸੀ ਲੱਗਾ ਤੇ ਵਾਰਨਿੰਗ ਵਜੋਂ ਸਾਇਰਨ ਨਹੀਂ ਸੀ ਵੱਜਿਆ। ਜਹਾਜ਼ਾਂ ਦੀਆਂ ਗੰਨਾਂ ਵਿੱਚੋਂ ‘ਤੜ-ਤੜ’ ਕਰਦੀਆਂ ਗੋਲ਼ੀਆਂ ਵਰ੍ਹਨ ਲੱਗੀਆਂ। ਅਸੀਂ ਇੱਕਦਮ ਉੱਥੇ ਹੀ ਧਰਤੀ ’ਤੇ ਵਿਛ ਗਏ। ਪਰ ਨਵਤੇਜ ਖਾਣੇ ਵਾਲੀ ਪਲੇਟ ਚੁੱਕੀ ਸ਼ੈੱਡ ਦੇ ਅੰਦਰ ਨੂੰ ਦੌੜ ਪਿਆ ਤੇ ਗੋਲ਼ੀਆਂ ਨਾਲ਼ ਵਿੰਨਿ੍ਹਆ ਗਿਆ। ਹਮਲਾਵਰ ਜਹਾਜ਼ ਸਾਰੇ ਹਵਾਈ ਅੱਡੇ ’ਤੇ ਛਾ ਗਏ ਸਨ। ਸਾਡੇ ਲਾਗਲੇ ਸ਼ੈੱਡ ਵਿੱਚੋਂ ਬਾਹਰ ਆ ਚੁੱਕੇ ਇੱਕ ਜਹਾਜ਼, ਪਰਾਂਹ ਪਾਰਕ ਕੀਤੇ ਦੋ ਫੌਜੀ ਟਰੱਕਾਂ ਅਤੇ ਇੱਕ ਟੋਅ-ਟਰੈਕਟਰ ਨੂੰ ਸਾੜ ਕੇ ਉਹ ਔਹ ਗਏ, ਔਹ ਗਏ।
ਪਿਆਰੇ ਮਿੱਤਰ ਦੀ ਮੌਤ ਦੇ ਝਟਕੇ ਨੇ ਮੈਨੂੰ ਸੁੰਨ ਕਰ ਦਿੱਤਾ। ਮੌਤ ਬੰਦੇ ਦੇ ਇੰਨੀ ਨੇੜੇ ਹੁੰਦੀ ਹੈ, ਯਕੀਨ ਨਹੀਂ ਸੀ ਆ ਰਿਹਾ … ਤੇ ਫਿਰ ਮੇਰੇ ਮਨ ਵਿੱਚ ਅਜ਼ੀਬ ਜਿਹੀ ਖੁਸ਼ੀ ਦਾ ਅਹਿਸਾਸ ਉੱਭਰ ਪਿਆ, ਵਰ੍ਹਦੀ ਅੱਗ ਵਿੱਚੋਂ ਬਚ ਨਿਕਲਣ ਦਾ ਅਹਿਸਾਸ। ਗੋਲੀਆਂ ਦੀ ਵਾਛੜ ਸਾਥੋਂ ਡੇਢ ਫੁੱਟ ਦੇ ਫਾਸਲੇ ’ਤੇ ਹੋਈ ਸੀ। ਜੇ ਹਮਲਾਵਰ ਪਾਇਲਟ ਨੇ ਗੰਨ ਦੀ ਸਵਿੱਚ ਅੱਧਾ ਕੁ ਸਕਿੰਡ ਪਹਿਲਾਂ ਦੱਬ ਦਿੱਤੀ ਹੁੰਦੀ ਤਾਂ ਗੋਲੀਆਂ ਦਾ ਮੀਂਹ ਗੱਡੀ ਅਤੇ ਸਾਡੇ ਉੱਤੇ ਵੀ ਵਰ੍ਹਨਾ ਸੀ। ਗੱਡੀ ਨੂੰ ਅੱਗ ਲੱਗਣੀ ਹੀ ਸੀ ਤੇ ਅਸੀਂ ਸੱਤਾਂ ਦੇ ਸੱਤਾਂ ਸੈਨਿਕਾਂ ਨੇ ਮਾਰੇ ਜਾਣਾ ਸੀ।
ਨਵਤੇਜ ਦੀ ਪਤਨੀ ਪਿੱਛੇ ਜੋਧਪੁਰ ’ਚ ਸੀ। ਅਸੀਂ ਚਾਹੁੰਦੇ ਸਾਂ ਕਿ ਨਵਤੇਜ ਦਾ ਸਸਕਾਰ ਜੋਧਪੁਰ ’ਚ ਮਨਜੀਤ ਦੀ ਹਾਜ਼ਰੀ ’ਚ ਕੀਤਾ ਜਾਏ ਪਰ ਇਹ ਸੰਭਵ ਨਾ ਹੋ ਸਕਿਆ। ਲਾਗਲੀ ਸਰਹੱਦ ’ਤੇ, ਅੱਗੇ ਵੱਧ ਰਹੀ ਪਾਕਿਸਤਾਨੀ ਫ਼ੌਜ ਨੂੰ ਹਵਾਈ ਹਮਲਿਆਂ ਨਾਲ਼ ਠੱਲ੍ਹ ਪਾਉਣ ਲਈ, ਸਾਡੇ ਸੁਕਆਡਰਨ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ। ਸੋ ਨਵਤੇਜ ਦਾ ਸਸਕਾਰ, ਸਾਡੇ ਸ਼ੈੱਡ ਦੇ ਕੋਲ਼ ਹੀ ਫ਼ੌਜੀ ਰਸਮਾਂ ਨਾਲ਼ ਕਰ ਦਿੱਤਾ ਗਿਆ। ਉਸਦੀਆਂ ਅਸਥੀਆਂ, ਜੋਧਪੁਰ ਉਸਦੀ ਪਤਨੀ ਨੂੰ ਸੌਂਪਣ ਵਾਸਤੇ ਮੇਰੀ ਡਿਊਟੀ ਲਗਾਈ ਗਈ।
ਸੁਕਆਡਰਨ ਦੀ ਜੀਪ ’ਚ ਭੀਮਗੜ੍ਹ ਤੋਂ ਅਸਥੀਆਂ ਲਈ ਆਉਂਦਿਆਂ ਮੇਰੀ ਸੋਚ ਵਿੱਚ ਨਵਤੇਜ ਘੁੰਮੀ ਜਾ ਰਿਹਾ ਸੀ … ਚਾਰ ਦਿਨਾਂ ਦੀ ਉਸਦੀ ਜ਼ਿੰਦਗੀ ਤੇ ਉਹ ਵੀ ਸੰਘਰਸ਼ ਵਿੱਚ ਹੀ ਚਲੀ ਗਈ। ਪਿਓ ਦੀ ਅਚਾਨਕ ਮੌਤ ਹੋਣ ’ਤੇ ਪਰਿਵਾਰ ਦੀ ਜ਼ਿੰਮੇਵਾਰੀ ਉਸਦੇ ਮੋਢਿਆਂ ’ਤੇ ਆ ਪਈ ਸੀ। ਉਦੋਂ ਉਹ ਬੀ.ਐਸ.ਸੀ ਭਾਗ ਪਹਿਲਾ ’ਚ ਪੜ੍ਹਦਾ ਸੀ। ਲਾਇਕ ਵਿਦਿਆਰਥੀ ਹੋਣ ਦੇ ਨਾਲ਼-ਨਾਲ਼ ਉਹ ਕਾਲਜ ਦੀ ‘ਸਟੂਡੈਂਟ ਯੂਨੀਅਨ’ ’ਚ ਵੀ ਸਰਗਰਮ ਸੀ। ਪਿਓ ਦੀ ਮੌਤ ਨੇ ਉਸ ਦੀ ਪੜ੍ਹਾਈ ਛੁਡਾ ਦਿੱਤੀ। ਉਹ ਨੌਕਰੀ ਲੱਭਣ ਲੱਗਾ ਪਰ ਕੋਈ ਨਾ ਮਿਲ਼ੀ। ਹਾਰ ਕੇ ਏਅਰ ਫੋਰਸ ਵਿੱਚ ਆ ਗਿਆ ਸੀ। ਉਹ ਹਵਾਈ ਜਹਾਜ਼ਾਂ ਦੇ ਇੰਜਣਾਂ ਦਾ ਮਕੈਨਿਕ ਸੀ ਤੇ ਮੈਂ ਜਹਾਜ਼ਾਂ ਦੇ ਹਥਿਆਰਾਂ ਦਾ ਮਕੈਨਿਕ। ਸਾਡਾ ਦੋਨਾਂ ਦਾ ਰੈਂਕ ਕਾਰਪੋਰਲ ਸੀ। ਉਂਜ ਉਹ ਮੈਥੋਂ ਚਾਰ ਸਾਲ ਸੀਨੀਅਰ ਸੀ।
ਨਵਤੇਜ ਔਖੀਆਂ ਡਿਉਟੀਆਂ ਦੇ ਨਾਲ਼-ਨਾਲ਼ ਪ੍ਰਾਈਵੇਟਲੀ ਪੜ੍ਹਾਈ ਵੀ ਕਰ ਰਿਹਾ ਸੀ। ਉਸਨੇ ਮੈਨੂੰ ਵੀ ਪੜ੍ਹਾਈ ਲਈ ਪ੍ਰੇਰਿਆ ਸੀ ਪਰ ਮੈਂ ਤਾਂ ਦਸਵੀਂ ਹੀ ਮਸਾਂ ਪਾਸ ਕੀਤੀ ਸੀ। ਮੇਰੇ ਵਾਂਗ ਆਮ ਹਵਾਈ ਸੈਨਿਕ ਦਸ ਜਮਾਤੂ ਹੀ ਸਨ। ਸਾਡੇ ਲਈ ਤਾਂ ਏਅਰ ਫੋਰਸ ਦੀ ਨੌਕਰੀ ਹੀ ਇੱਕ ਵੱਡੀ ਛਾਲ਼ ਸੀ। ਪਿੰਡਾਂ ਦੀਆਂ ਧੂੜਾਂ ਫੱਕਦੇ ਅਸੀਂ ਹਵਾ ’ਚ ਉਡਣ ਵਾਲ਼ੀਆਂ ਮਸ਼ੀਨਾਂ ਦੇ ਮਕੈਨਿਕ ਬਣ ਗਏ ਸਾਂ। ਨਵਤੇਜ ਰਾਹੀਂ ਮੈਂ ਅਕਾਦਮਿਕ ਕਿਤਾਬਾਂ ਨਾਲ਼ ਤਾਂ ਨਾ ਜੁੜਿਆ, ਗਿਆਨ ਦੀਆਂ ਕਿਤਾਬਾਂ ਫਰੋਲਣ ਲੱਗ ਪਿਆ। ਉਹ ਸਿਲੇਬਸ ਦੀਆਂ ਕਿਤਾਬਾਂ ਤੋਂ ਬਿਨਾਂ ਹੋਰ ਪੁਸਤਕਾਂ ਵੀ ਪੜ੍ਹਦਾ ਰਹਿੰਦਾ ਸੀ। ਉਨ੍ਹਾਂ ਵਿੱਚੋਂ ਮੈਂ ਅਪਣੀ ਪਸੰਦ ਦੀਆਂ ਚੁੱਕ ਲਿਆਉਾਂਦਾ। ਨਵਤੇਜ ’ਚ ਕਾਬਲੀਅਤ ਦੇ ਨਾਲ਼ ਜੁਰਅਤ ਵੀ ਸੀ। ਫੂਕੀ ਤੇ ਕੱਟੜ ਅਫ਼ਸਰਾਂ ਮੂਹਰੇ ਅੜਨ ਕਾਰਨ ਉਹ ਤਿੰਨ ਵਾਰ ਅਠਾਈ-ਅਠਾਈ ਦਿਨਾਂ ਲਈ ਸੀਖਾਂ ਪਿੱਛੇ ਜਾ ਚੁੱਕਾ ਸੀ। ਇਸੇ ਕਾਰਨ ਉਸਨੂੰ ਕਾਰਪੋਰਲ ਦੀ ਤਰੱਕੀ ਲੇਟ ਮਿਲ਼ੀ ਸੀ। ਹਵਾਈ ਸੈਨਾ ’ਚ ਪਰੇਡਾਂ-ਪੀਟੀਆਂ ਘੱਟ ਹੀ ਹੁੰਦੀਆਂ ਸਨ ਪਰ ਜਦੋਂ ਕਦੀ ‘ਉਪਰੋਂ’ ਵੱਡੇ-ਵੱਡੇ ਅਫ਼ਸਰਾਂ ਨੇ ਇੰਸਪਕੈਸ਼ਨ ਕਰਨ ਆਉਣਾ ਤਾਂ ਕਈ-ਕਈ ਦਿਨ ਪ੍ਰੈਕਟਿਸਾਂ ਹੁੰਦੀਆਂ ਰਹਿਣੀਆਂ। ਨਵਤੇਜ ਨੇ ਕਿਸੇ ਨਾ ਕਿਸੇ ਬਹਾਨੇ ਪਤਰਾ ਵਾਚ ਜਾਣਾ ਅਤੇ ਠੋਕ ਕੇ ਬੰਨ੍ਹੀ ਪੱਗ ਨੂੰ ਸੁਆਰਦਿਆਂ ਆਖਣਾ, “ਇਹ ਵੀ ਕੋਈ ਕੰਮ ਐਂ— ਸਾਵਧਾਨ, ਖੱਬੇ ਮੁੜੋ, ਸੱਜੇ ਮੁੜੋ, ਤੇਜ ਚੱਲੋ, ਹੌਲ਼ੀ ਚੱਲੋ, ਸਲਾਮੀ ਦਿਉ। ਬੰਦੇ ਨੂੰ ਸ਼ਰੇਆਮ ਕਠਪੁਤਲੀ ਬਣਾ ਦਿੰਦੇ ਆ।”
ਨਵਤੇਜ ਚਾਹੁੰਦਾ ਸੀ ਕਿ ਉਸਦਾ ਛੋਟਾ ਭਰਾ ਰੇਸ਼ਮ ਦੱਬ ਕੇ ਪੜ੍ਹੇ। ਪਰ ਰੇਸ਼ਮ ਅੱਠਵੀਂ ਵਿੱਚੋਂ ਫੇਲ੍ਹ ਹੋ ਕੇ ਖੇਤੀ ਕਰਨ ਲੱਗ ਪਿਆ ਸੀ। ਭੈਣ ਨੇ ਦਸ ਕਰਕੇ ਸਿਲਾਈ-ਕਢਾਈ ਦਾ ਡਿਪਲੋਮਾ ਕਰ ਲਿਆ ਸੀ। ਨਵਤੇਜ ਨੇ ਪਹਿਲਾਂ ਉਸਦਾ ਵਿਆਹ ਕੀਤਾ ਤੇ ਫਿਰ ਅਪਣਾ।
ਨਵਤੇਜ ਨੇ ਨੌਂ ਸਾਲ ਪੂਰੇ ਕਰਕੇ ਏਅਰ ਫੋਰਸ ਛੱਡ ਦੇਣੀ ਸੀ। ਉਹ ਪੁਲਿਟੀਕਲ ਸਾਇੰਸ ਦੀ ਐਮ.ਏ ਫਸਟ ਡਵੀਜ਼ਨ ’ਚ ਕਰ ਚੁੱਕਾ ਸੀ। ਕਿਸੇ ਕਾਲਜ ’ਚ ਪ੍ਰੋਫੈਸਰ ਬਣਨ ਦਾ ਸੁਪਨਾ ਸੀ ਉਸਦਾ। ਮਨਜੀਤ ਨੇ ਬੀ.ਏ ਕੀਤੀ ਹੋਈ ਸੀ। ਉਸਦੀ ਪਲਾਨ ਬੀ.ਐਡ ਕਰਨ ਦੀ ਸੀ। ਉਸਨੂੰ ਮਿਊਜ਼ਿਕ ਦਾ ਸ਼ੌਕ ਸੀ। ਮੈਂ ਜਦੋਂ ਕਦੀ ਉਨ੍ਹਾਂ ਦੇ ਕੁਆਟਰ ਵਿੱਚ ਜਾਣਾ ਤਾਂ ਜੀਤਾਂ ਭਾਬੀ ਨੂੰ ਸਿਤਾਰ ਵਜਾਉਣ ਦੀ ਸਿਫਾਰਿਸ਼ ਕਰਨੀ। ਸੰਵੇਦਨੀ ਸੁਰਾਂ ’ਚੋਂ ਝਰਦੇ ਸੁਹਜ ਨਾਲ਼ ਰੂਹਾਂ ਸਰਸ਼ਾਰ ਹੋ ਜਾਣੀਆਂ।
ਜਿਸ ਦਿਨ ਨਵਤੇਜ ਦੇ ਡਿਸਚਾਰਜ ਦੀ ਚਿੱਠੀ, ਏਅਰ-ਹੈੱਡਕੁਆਟਰ ਤੋਂ ਸੁਕਆਡਰਨ ਦੇ ਆਰਡਰਲੀ-ਰੂਮ ’ਚ ਪਹੁੰਚੀ, ਉਸ ਦਿਨ ਉਹ ਖੁਸ਼ੀ ’ਚ ਖਿੜਿਆ ਪਿਆ ਸੀ, “ਬੱਸ ਤਿੰਨ ਮਹੀਨੇ ਹੋਰ ਨੇ। ਡੇਢ ਮਹੀਨੇ ਬਾਅਦ ਕਲੀਅਰੈਂਸ ਸ਼ੁਰੂ ਕਰ ਦੇਣੀ ਆਂ ਤੇ ਫਿਰ ਆਪਾਂ ਉਡੰਤਰ ਹੋ ਜਾਣੈ। ਸਿਵਲ ’ਚ ਮੈਂ ਲੈਕਚਰਾਰ ਤੇ ਜੀਤਾਂ ਮਾਸਟਰਨੀ। ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ।” ਨਵਤੇਜ ਦੀ ਇੱਕ ਕਾਲਜ ਵਿੱਚ ਸਿਲੈਕਸ਼ਨ ਹੋ ਚੁੱਕੀ ਸੀ।
ਪਰ ਅਗਲੇ ਦਿਨਾਂ ’ਚ ਜੰਗ ਲਈ ‘ਤਿਆਰ ਬਰ ਤਿਆਰ’ ਦੀਆਂ ਤਾਰਾਂ ਖੜਕ ਗਈਆਂ। ਛੁੱਟੀਆਂ ਤੇ ਡਿਸਚਾਰਜ ਰੋਕ ਦਿੱਤੇ ਗਏ। ਬੇਬਸੀ ਤੇ ਨਿਰਾਸ਼ਤਾ ’ਚ ਡੁੱਬੇ ਨਵਤੇਜ ਨੇ ਆਖਿਆ ਸੀ, “ਅਖੀਰ ’ਤੇ ਆ ਕੇ ਫਸ ਗਿਆ।”
“ਲੜਾਈ ਕਿਤੇ ਸਦਾ ਤਾਂ ਨ੍ਹੀਂ ਲੱਗੀ ਰਹਿਣੀ।” ਮੈਂ ਦਿਲਾਸਾ ਦਿੱਤਾ ਸੀ।
“ਮੁੱਕਣ ’ਤੇ ਇਨ੍ਹਾਂ ਨੇ ਕਿਹੜਾ ਇੱਕਦਮ ਛੱਡ ਦੇਣੈ। ਉੱਨੀ ਸੌ ਪੈਂਹਟ ਦੀ ਲੜਾਈ ਤੋਂ ਬਾਅਦ ਡਿਸਚਾਰਜ ’ਤੇ ਜਾਣ ਵਾਲ਼ੇ ਡੇਢ-ਡੇਢ ਸਾਲ ਰਿੜਕ ਹੁੰਦੇ ਰਹੇ ਸੀ। ਮੈਂ ਤਾਂ ਇੱਕ ਦਿਨ ਵੀ ਵਾਧੂ ਨਹੀਂ ਅਟਕ ਸਕਦਾ।”
3 ਦਸੰਬਰ 1971 ਨੂੰ ਜੰਗ ਦੇ ਬਿਗਲ ਵੱਜ ਗਏ। ਓਦਣ ਨਵਤੇਜ ਦੀ ਨੌਕਰੀ ਨੌਂ ਸਾਲ ਤੋਂ ਇੱਕ ਮਹੀਨਾ ਉੱਪਰ ਹੋ ਚੁੱਕੀ ਸੀ। ਉਹ ਅਪਣੇ ਟਰੇਡ ਦਾ ਕੰਮ ਤਾਂ ਕਰਦਾ ਪਰ ਬੁਝਿਆ-ਬੁਝਿਆ ਰਹਿੰਦਾ। ਵਾਰ-ਵਾਰ ਇਹੀ ਆਖੀ ਜਾਂਦਾ, “ਅਖੀਰ ’ਤੇ ਆ ਕੇ ਫਸ ਗਿਆ।”
“ਓਏ ਸੱਜਣਾਂ ਕੀ ਹੋ ਗਿਆ ਤੈਨੂੰ? ਜਿਗਰਾ ਰੱਖ।” ਮੈਂ ਖਿਝ ਕੇ ਆਖਿਆ ਸੀ।
“ਯਾਰ ਜਿਗਰੇ ਦੀ ਇਹਦੇ ’ਚ ਕੀ ਗੱਲ ਐ। ਮੇਰਾ ਸਾਰਾ ਕੀਤਾ-ਕਰਾਇਆ ਖੂਹ ’ਚ ਪੈ ਗਿਆ। ਤੂੰ ਦਿਖਾ ਤਾਂ ਜਿਗਰਾ, ਜਾ ਕੇ ਪੁੱਛ ਇੰਦਰਾ ਗਾਂਧੀ ਨੂੰ ਜੀਹਨੇ ਅਪਣੀ ਗੱਦੀ ਪੱਕੀ ਕਰਨ ਲਈ, ਦੂਜੇ ਦੇਸ਼ ’ਚ ਟੰਗ ਅੜਾਈ ਐ।”
“ਤੇਜ! ਮੁੰਹ ਬੰਦ ਰੱਖ। ਹੈਦਾਂ ਦੀਆਂ ਗੱਲਾਂ ਕਰਕੇ ਤੂੰ ਅਪਣਾ ਤਾਂ ਕੋਰਟ-ਮਾਰਸ਼ਲ ਕਰਵਾਉਣਾ ਈ ਐਂ, ਨਾਲ਼ ਸਾਨੂੰ ਵੀ ਪਲੇਥਣ ਲੁਆਏਂਗਾ।” ਮੈਂ ਉਸਨੂੰ ਚੌਕਸ ਕੀਤਾ।
“ਓਏ! ਐਵੇਂ ਕਿਉਂ ਮੋਕ ਮਾਰੀ ਜਾਨੈ, ਜਾਹ ਹੋ ਲੈਣ ਦੇ ਮੇਰਾ ਕੋਰਟ-ਮਾਰਸ਼ਲ।”
ਮੈਂ ਦੇਖ ਰਿਹਾ ਸਾਂ, ਨਵਤੇਜ ਦੀ ਨਿਰਾਸ਼ਤਾ ਤੇ ਬੇਬਸੀ ਵਿਦਰੋਹ ’ਚ ਬਦਲ ਗਈ ਸੀ। ਦੋ ਦਿਨ ਪਹਿਲਾਂ ਜਦੋਂ ਹਵਾਈ ਹਮਲੇ ਦਾ ਸਾਇਰਨ ਹੋਇਆ ਤਾਂ ਉਹ ਸਾਡੇ ਨਾਲ਼ ਮੋਰਚੇ ਵਿੱਚ ਨਹੀਂ ਸੀ ਲੁਕਿਆ। ਪੁੱਛਣ ’ਤੇ ਕਹਿਣ ਲੱਗਾ, “ਮੇਰੇ ਉੱਤੇ ਤਾਂ ਪਹਿਲਾਂ ਹੀ ਬੰਬ ਡਿੱਗਿਆ ਪਿਐ।”
ਤੇ ਫਿਰ ਸੱਚਮੁੱਚ ਹੀ ਬੰਬਾਂ ਦੀ ਠਿਗਣੀ ਸ਼ਕਲ ਵਾਲੀਆਂ, ਜਹਾਜ਼ਾਂ ਦੀਆਂ ਗੋਲੀਆਂ ਨਵਤੇਜ ’ਤੇ ਵਰ੍ਹ ਗਈਆਂ ਸਨ … ਉਸਦੀ ਲਾਸ਼ ਦੇ ਦੁਆਲ਼ੇ ਖੂਨ ਦਾ ਛੱਪੜ ਲੱਗਾ ਹੋਇਆ ਸੀ। ਖੂਨ ’ਚ ਡੁੱਬੀ ਉਸਦੀ ਰੋਟੀ ਵੇਖ ਕੇ ਮੈਨੂੰ ਉਸਦੀ ਹੇਠਲੇ ਰੈਂਕਾ ਅਤੇ ਅਫ਼ਸਰਾਂ ਵਿਚਾਲ਼ੇ ਪਾੜੇ ਬਾਰੇ ਆਖੀ ਗੱਲ ਯਾਦ ਆ ਗਈ ਸੀ, “ਕਿੰਨਾ ਫ਼ਰਕ ਐ ਸਾਡੀ ਅਤੇ ਅਫ਼ਸਰਾਂ ਦੀ ਰੋਟੀ, ਵਰਦੀ ਤੇ ਤਨਖਾਹ ਵਿੱਚ। ਨੌਂ ਸਾਲ ਪੂਰੇ ਹੋਣਗੇ ਤਾਂ ਸਿਵਲ ’ਚ ਜਾ ਕੇ ਚੰਗਾ ਖਾਵਾਂਗੇ, ਚੰਗਾ ਪਹਿਨਾਂਗੇ।”
ਪਰ ਚੰਗੀ ਰੋਟੀ ਤਾਂ ਕੀ, ਜੰਗ ਨੇ ਤਾਂ ਉਸਦੀ ਪਲੇਟ ’ਚ ਪਈ ਰੁੱਖੀ-ਸੁਕੀ ਵੀ ਉਸਨੂੰ ਖਾਣ ਨਹੀਂ ਸੀ ਦਿੱਤੀ। ਇਸਤੋਂ ਪਹਿਲਾਂ ਕਿ ਉਹ ਰੋਟੀ ਖਾਂਦਾ, ਗੋਲੀਆਂ ਉਸਨੂੰ ਖਾ ਗਈਆਂ ਸਨ। ਰੋਟੀ ਨੇ ਅਪਣੀ ਕੀਮਤ ਵਸੂਲ ਲਈ ਸੀ। ‘ਫ਼ੌਜੀ ਦੀ ਰੋਟੀ ਇੰਨੀ ਮਹਿੰਗੀ ਕਿਉਂ ਏ? ’ ਮੇਰੇ ਅੰਦਰੋਂ ਗੁਬਾਰ ਉੱਠਿਆ ਸੀ।
ਉਸਦੇ ਸਸਕਾਰ ਸਮੇਂ ਜਦੋਂ ਅਸੀਂ ‘ਸ਼ੋਕ ਸ਼ਸਤਰ’ ਦੀ ਮੁਦਰਾ ਵਿੱਚ ਰਾਈਫਲਾਂ ਉਲਟੀਆਂ ਕੀਤੀਆਂ ਅਤੇ ਬਿਗਲ ਦੀ ‘ਲਾਸਟ ਪੋਸਟ’ ਦੀ ਮਾਤਮੀ ਧੁੰਨ ਉੱਭਰੀ ਤਾਂ ਸਾਰੇ ਹਵਾਈ ਅੱਡੇ ’ਚ ਸੋਗ ਛਾ ਗਿਆ ਸੀ।
ਡੂੰਘੇ ਸੋਗ ’ਚ ਡੁੱਬਿਆ ਹੋਇਆ ਸੀ ਨਵਤੇਜ ਦਾ ਕੁਆਟਰ, ਜਦੋਂ ਮੈਂ ਨਵਤੇਜ ਦੀਆਂ ਅਸਥੀਆਂ ਲੈ ਕੇ ਪਹੁੰਚਾ। ਕੁਆਟਰ ਅੰਦਰ ਵੜਦਿਆਂ ਮੇਰੀਆਂ ਲੱਤਾਂ ਫੁੱਲਣ ਲੱਗ ਪਈਆਂ। ਮੈਨੂੰ ਵੇਖ ਕੇ, ਕਮਰਿਆਂ ਵਿੱਚ ਦਰੀਆਂ ’ਤੇ ਬੈਠੇ ਸਾਰੇ ਜਣੇ ਵਰਾਂਡੇ ’ਚ ਆ ਖਲੋਏ। ਸਦਮੇ ਦੀ ਮਿੱਧੀ ਹੋਈ ਜੀਤਾਂ ਭਾਬੀ, ਡਿਗੂੰ-ਡਿਗੂੰ ਕਰ ਰਹੀ ਸੀ। ਗੋਰਾ ਚਿਹਰਾ ਪੀਲ਼ਾ ਜ਼ਰਦ ਪੈ ਚੁੱਕਾ ਸੀ। ਚਿੱਟੀ ਚੁੰਨੀ ਦੀ ਚਿਟਿਆਈ ਉਸਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਵੀ ਉੱਤਰ ਆਈ ਸੀ, ਸੁਪਨਿਆਂ ਵਿਹੂਣੀ ਚਿਟਿਆਈ। ਪੰਜਾਬ ਤੋਂ ਪਹੁੰਚੇ ਨਵਤੇਜ ਦੀ ਮਾਂ ਤੇ ਭਰਾ ਹਾਲੋਂ ਬੇਹਾਲ ਹੋਏ ਪਏ ਸਨ। ਜੀਤਾਂ ਸੰਗ ਖੜੀਆਂ ਔਰਤਾਂ, ਲਾਗਲੇ ਕੁਆਟਰਾਂ ਦੇ ਸੈਨਿਕਾਂ ਦੀਆਂ ਪਤਨੀਆਂ, ਮਾਵਾਂ ਅਤੇ ਭੈਣਾਂ ਸਨ। ਪੰਜਾਬ, ਬੰਗਾਲ, ਤਾਮਿਲਨਾਡੂ, ਮਹਾਂਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਦੀਆਂ ਇਨ੍ਹਾਂ ਔਰਤਾਂ ਦੇ ਰੰਗ ਅਤੇ ਨੈਣ-ਨਕਸ਼ ਤਾਂ ਭਿੰਨ-ਭਿੰਨ ਸਨ ਪਰ ਇਨ੍ਹਾਂ ਦੇ ਚਿਹਰਿਆਂ ’ਤੇ ਛਾਏ ਫ਼ਿਕਰਾਂ ਦੇ ਚਿੰਨ੍ਹ ਇੱਕੋ ਜਿਹੇ ਸਨ। ਭੀਮਗੜ੍ਹ ਤੋਂ ਦੋ ਸੌ ਕਿਲੋਮੀਟਰ ਦੂਰ, ਸੁਰੱਖਿਅਤ ਥਾਂ ’ਤੇ ਹੋਣ ਦੇ ਬਾਵਜੂਦ ਵੀ ਉਹ ਜੰਗ ਦਾ ਓਨਾ ਹੀ ਸੇਕ ਹੰਢਾ ਰਹੀਆਂ ਸਨ, ਜਿੰਨਾ ਉਨ੍ਹਾਂ ਦੇ ਪਤੀ, ਪੁੱਤ ਅਤੇ ਵੀਰ।
ਮੈਂ ਕੰਬਦੇ ਹੱਥਾਂ ਨਾਲ਼ ਅਸਥੀਆਂ ਵਾਲ਼ਾ ਕਲਸ ਜੀਤਾਂ ਭਾਬੀ ਵੱਲ ਵਧਾਇਆ। ਉਹ ਡੌਰ-Øਭੌਰ ਹੋਈ ਕੁੱਝ ਪਲ ਉਸਨੂੰ ਤੱਕਦੀ ਰਹੀ ਤੇ ਫਿਰ ਛਾਤੀ ਨਾਲ਼ ਲਾਉਂਦਿਆਂ ਉਸਦੀ ਲੇਰ ਨਿਕਲ਼ ਗਈ, “ਨਹੀਂ … ਨਵਤੇਜ … ਨਹੀਂ … ਇਹ ਤੂੰ ਨਹੀਂ। ਤੇਰੀ ਸੋਚ ਵਿੱਚ ਮੌਤ ਨਹੀਂ, ਜ਼ਿੰਦਗੀ ਸੀ। ਆਪਾਂ ਬਿਹਤਰ ਜ਼ਿੰਦਗੀ ਦੇ ਸੁਪਨੇ ਲਏ ਸਨ … ਤੂੰ ਮੈਨੂੰ ਛੱਡ ਕੇ ਕਿਤੇ ਨਹੀਂ ਜਾ ਸਕਦਾ … ਦੇਖ! ਮੈਂ ਤੈਨੂੰ ਉਡੀਕ ਰਹੀ ਹਾਂ … ਤੇਰੇ ਰਾਹਾਂ ’ਚ ਖੜ੍ਹੀ ਆਂ।” ਧਾਹਾਂ ਮਾਰਦਿਆਂ ਉਹ ਬੇਸੁਰਤ ਹੋ ਗਈ। ਨਾਲ਼ ਖਲੋਤੀਆਂ ਔਰਤਾਂ ਨੇ ਉਸਨੂੰ ਸੰਭਾਲ਼ ਲਿਆ।
ਢਿੱਡ ’ਚ ਮੁੱਕੀਆਂ ਦੇ ਰਹੀ ਨਵਤੇਜ ਦੀ ਮਾਂ ਦੀਆਂ ਵੀ ਲੇਰਾਂ ਨਿਕਲ਼ ਗਈਆਂ। ਕਲਸ ਨੂੰ ਪਲੋਸਦਿਆਂ ਉਹ ਕੁਰਲਾਈ, “ਹਾਏ ਵੇ ਰੱਬਾ! ਇਹ ਤੂੰ ਕੀ ਕੀਤਾ? ਮੇਰਾ ਕੜੀ ਵਰਗਾ ਜੁਆਨ ਪੁੱਤ ਖੋਹ ਲਿਆ … ਅਜੇ ਤਾਂ ਮੈਨੂੰ ਇਹਦੇ ਪਿਉ ਦੀ ਮੌਤ ਹੀ ਨਹੀਂ ਭੁੱਲੀ, ਹੁਣ ਤੂੰ ਐਡਾ ਵੱਡਾ ਕਹਿਰ ਹੋਰ ਢਾਹ ਦਿੱਤੈ। ਇਹ ਤੂੰ ਮੈਨੂੰ ਕਿਹੜੇ ਜਨਮਾਂ ਦੀ ਸਜਾ ਦੇ ਰਿਹਾਂ … ।”
ਮੇਰੀਆਂ ਅੱਖਾਂ ਆਪ ਮੁਹਾਰੇ ਵਹਿ ਤੁਰੀਆਂ ਸਨ।
ਮਾਂ ਅਤੇ ਜੀਤਾਂ ਦੀਆਂ ਧਾਹਾਂ-ਸਿਸਕੀਆਂ ਮਸਾਂ ਹੀ ਬੰਦ ਹੋਈਆਂ। ਡੂੰਘੇ ਸਦਮੇ ’ਚ ਹੋਣ ਕਾਰਨ ਜੀਤਾਂ ਤੋਂ ਕੋਈ ਗੱਲ ਨਹੀਂ ਸੀ ਹੋ ਰਹੀ। ਮਾਂ ਅਤੇ ਰੇਸ਼ਮ ਨਾਲ਼ ਦੁੱਖ-ਦਰਦ ਸਾਂਝਾ ਕਰਕੇ ਮੈਂ ਉੱਠ ਪਿਆ ਸਾਂ, ਭੀਮਗੜ੍ਹ ’ਚ ਹਾਜ਼ਰ ਹੋਣ ਲਈ। ਬੈਰਕਾਂ ਕੋਲ਼ ਆ ਕੇ ਮੇਰੀ ਜੀਪ ਹੌਲ਼ੀ ਹੋ ਗਈ। ਅਨੀਂਦਰੇ ਕਾਰਨ ਸਰੀਰ ਟੁੱਟਿਆ ਪਿਆ ਸੀ। ਦਿਲ ਕੀਤਾ ਕਿ ਬੈਰਕ ’ਚ ਜਾ ਕੇ ਚੰਗੀ ਤਰ੍ਹਾਂ ਨਹਾਵਾਂ ਤੇ ਰੱਜ ਕੇ ਸੌਵਾਂ। ਪਰ ਸੁਕਆਡਰਨ ਕਮਾਂਡਰ ਦੀ ਛੇਤੀ ਤੋਂ ਛੇਤੀ ਮੁੜਨ ਦੀ ਹਦਾਇਤ ਚੇਤੇ ਆ ਗਈ। ਮੈਂ ਜੀਪ ਮੁੜ ਤੇਜ਼ ਕਰ ਲਈ … ਸੋਚਾਂ ਹੀ ਸੋਚਾਂ ਵਿੱਚ ਮੈਨੂੰ ਸੁਕਆਰਡਨ ਕਮਾਂਡਰ ਦਾ ਨਵਤੇਜ ਦੀ ਮੌਤ ਤੋਂ ਬਾਅਦ ਦਿੱਤਾ ਭਾਸ਼ਣ ਸੁਣਾਈ ਦੇਣ ਲੱਗਾ, “ਦੇਸ਼ ਲਈ ਮਰ ਮਿਟਣਾ ਜ਼ਿੰਦਗੀ ਦਾ ਉੱਤਮ ਕਾਰਜ ਹੈ। ਸਿਰ ’ਤੇ ਕੱਫਣ ਬੰਨ੍ਹਣਾਂ ਤੇ ਮੌਤ ਨਾਲ਼ ਗੱਲਾਂ ਕਰਨੀਆਂ ਸਿਰਫ਼ ਸੈਨਿਕਾਂ ਦੇ ਹਿੱਸੇ ਹੀ ਆਇਆ ਹੈ … ਨਵਤੇਜ ਦਾ ਰਣਭੂਮੀ ’ਚ ਡੁੱਲਿ੍ਹਆ ਖੂਨ, ਸਾਨੂੰ ਭਾਰਤ ਮਾਂ ਦੀ ਰੱਖਿਆ ਲਈ ਹੋਰ ਦ੍ਰਿੜ ਕਰਦਾ ਹੈ।”
ਮੇਰੀ ਨਜ਼ਰ ਬੇਲੂਮੇ ਢੰਗ ਨਾਲ਼ ਸੱਜੇ-ਖੱਬੇ ਘੁੰਮੀ ਸੀ। ਸੁਕਆਡਰਨ ਕਮਾਂਡਰ ਦੀਆਂ ਗੱਲਾਂ ਸੁਣ ਰਹੇ ਸੈਨਿਕਾਂ ਦੇ ਚਿਹਰਿਆਂ ’ਤੇ ਸੂਰਮਗਤੀ ਦੀ ਸ਼ੇਡ ਵਿੱਚ ਇੱਕ ਸ਼ੇਡ ਹੋਰ ਵੀ ਸੀ, ਅਧੀਨਗੀ ਦੀ। ਅਪਣੇ ਅੰਦਰ ਦੀ ਅਧੀਨਗੀ ਵੀ, ਮੈਂ ਮਹਿਸੂਸ ਕਰ ਰਿਹਾ ਸਾਂ। ਸੁਕਆਡਰਨ ਕਮਾਂਡਰ ਦੇ ਚਿਹਰੇ ’ਤੇ ਲਾਲੀ ਸੀ। ਸ਼ਾਇਦ ਵੱਡੇ ਰੈਂਕ ਅਤੇ ਮੋਟੀ ਤਨਖ਼ਾਹ ਦੀ ਲਾਲੀ ਕਾਰਨ ਉਸ ਅੰਦਰਲੀ ਅਧੀਨਗੀ ਜ਼ਾਹਰ ਨਹੀਂ ਸੀ ਹੋ ਰਹੀ। ਉਹ ਜੋਸ਼ ਨਾਲ਼ ਬੋਲ ਰਿਹਾ ਸੀ, “ਮੈਨੂੰ ਅਪਣੇ ਸੁਕਆਡਰਨ ਦੇ ਵਧੀਆ ਪਾਇਲਟਾਂ ਅਤੇ ਟੈਕਨੀਸ਼ਅਨਾਂ ’ਤੇ ਮਾਣ ਹੈ, ਫਖ਼ਰ ਹੈ।”
ਇਹੋ ਜਿਹੀਆਂ ਹੀ ਮਾਣ, ਫਖ਼ਰ ਵਾਲੀਆਂ ਗੱਲਾਂ ਕਨੇਡੀਅਨ ਫਰੋਸਜ਼ ਬੇਸ ਟਰਾਂਟੋ ਦੇ ਕਮਾਂਡਿੰਗ ਅਫ਼ਸਰ ਨੇ ਵੀ ਸਟੀਵ ਦੇ ਸਸਕਾਰ ਤੋਂ ਪਹਿਲਾਂ ਆਖੀਆਂ ਸਨ … ਸਟੀਵ ਦੀ ਲਾਸ਼ ਅਫਗਾਨਿਸਤਾਨ ਤੋਂ ਹਵਾਈ ਜਹਾਜ਼ ਰਾਹੀਂ ਪਹੁੰਚੀ ਸੀ। ਉਸਦੀ ਲਾਸ਼ ਵਾਲੀ ਲੰਮੀ ਗੱਡੀ ਜਦੋਂ ਏਅਰਪੋਰਟ ਤੋਂ ਬੇਸ ਨੂੰ ਆ ਰਹੀ ਸੀ ਤਾਂ ਕੁੱਝ ਲੋਕ, ਮਾਰਚ ਮਹੀਨੇ ਦੀ ਠੰਢ ਦੀ ਪਰਵਾਹ ਨਾ ਕਰਦੇ ਹੋਏ ‘ਹਾਈਵੇ ਆਫ਼ ਹੀਰੋਜ਼’ ਦੇ ਪੁਲ ’ਤੇ ਹਾਜ਼ਰ ਸਨ। ਉਨ੍ਹਾਂ ਨੇ ‘ਪਿਆਰੇ ਸਟੀਵ ਬਰਟਨ! ਤੇਰੀ ਬਹਾਦਰੀ ’ਤੇ ਕੈਨੇਡਾ ਨੂੰ ਮਾਣ ਹੈ’ ਦੇ ਪਰਚਮਾਂ ਨਾਲ਼ ਸਟੀਵ ਦਾ ਸਤਿਕਾਰ ਕੀਤਾ ਸੀ।
ਸਟੀਵ ਦੇ ਅੰਤਿਮ ਦਰਸ਼ਨਾਂ ਲਈ ਕੈਸਕਿਟ, ‘ਕਲਾਰਕ ਫਿਊਨਰਲ ਹੋਮ’ ਵਿੱਚ ਰੱਖੀ ਗਈ ਸੀ। ਸਟੀਵ ਦੀ ਮੌਮ, ਨੈਨਸੀ ਦੇ ਮੌਮ-ਡੈਡ, ਹੋਰ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਕਾਫ਼ੀ ਸੈਨਿਕ ਕੁਰਸੀਆਂ ’ਤੇ ਬੈਠੇ ਸਨ। ‘ਕਮਿਸ਼ਨੇਅਰਜ਼’ ਵੱਲੋਂ ਮੈਂ ਹਾਜ਼ਰ ਸਾਂ। ਸੈਨਿਕਾਂ ਦੇ ਚਿਹਰਿਆਂ ’ਤੇ ਬਹਾਦਰੀ ਦੇ ਹਾਵ-ਭਾਵਾਂ ਹੇਠ ਪਰ-ਵੱਸ ਦੇ ਚਿੰਨ੍ਹ ਵੀ ਰੂਪਮਾਨ ਹੋ ਰਹੇ ਸਨ।
ਸਟੀਵ ਦੇ ਵਰਦੀ ਪਾਈ ਹੋਈ ਸੀ। ਉਸਦਾ ਨੁੱਚੜਿਆ ਹੋਇਆ ਚਿਹਰਾ ਕੈਮੀਕਲਾਂ ਦੇ ਪ੍ਰਭਾਵ ਹੇਠ ਲਾਲਗੀ ’ਚ ਸੀ। ਅੰਦਰੋਂ ਸਫੈਦ ਮਖਮਲੀ ਕੱਪੜਿਆਂ ਨਾਲ਼ ਸਜਾਈ ਅਰਥੀ ਦੇ ਹਵਾਲੇ ਹੋਇਆ ਉਹ ਜਿਵੇਂ ਕਹਿ ਰਿਹਾ ਹੋਵੇ, ‘ਬਥੇਰੀ ਮਾਰ-ਮਰਾਈ ਹੋ ਗਈ। ਹੁਣ ਆਰਾਮ ਕਰ ਲੈਣ ਦਿਉ।’
ਫ਼ੌਜੀ ਪਾਦਰੀ ਨੇ ਬਾਈਬਲ ਵਿੱਚੋਂ ਸਰਮਨ ਪੜ੍ਹੇ ਤੇ ਸਟੀਵ ਦੀ ਕੁਰਬਾਨੀ ਨੂੰ ਬਾਈਬਲ ਦੇ ਪ੍ਰਸੰਗਾਂ ਨਾਲ਼ ਜੋੜ ਕੇ ਉਸਨੂੰ ਨਾਇਕ ਵਜੋਂ ਪੇਸ਼ ਕੀਤਾ।
ਉਸ ਤੋਂ ਬਾਅਦ ਟਰਾਂਟੋ ਦੇ ਮੇਅਰ ਨੇ, ਦੁਨੀਆ ਭਰ ’ਚ ਧਰਮਾਂ ਦੇ ਨਾਂ ’ਤੇ ਹੋ ਰਹੇ ਖੂਨ-ਖਰਾਬੇ ਦੀ ਗੱਲ ਛੇੜ ਕੇ, ਕਨੇਡੀਅਨ ਸੈਨਿਕਾਂ ਦੀ ਦਲੇਰੀ ਨੂੰ ਸਲਾਹਿਆ, ਜਿਹੜੇ ਅਤਿ ਕਠਿਨ ਹਾਲਾਤਾਂ ਵਿੱਚ ਤਾਲਿਬਾਨਾਂ ਨਾਲ਼ ਲੋਹਾ ਲੈ ਰਹੇ ਸਨ। ਉਸਨੇ ਸਟੀਵ ਦੀ ਕੁਰਬਾਨੀ ਨੂੰ ਟਰਾਂਟੋ-ਨਿਵਾਸੀਆਂ ਵੱਲੋਂ ਪ੍ਰਣਾਮ ਕੀਤਾ।
ਬੇਸ ਦੇ ਕਮਾਂਡਿੰਗ ਅਫ਼ਸਰ ਨੇ ਵਿਸ਼ਵ ਅਮਨ ਲਈ ਕਨੇਡੀਅਨ ਪਲਟਣਾਂ ਦੇ ਰੋਲ ਦੀ ਪ੍ਰਸ਼ੰਸ਼ਾ ਕੀਤੀ। ਬੋਸਨੀਆਂ ਤੇ ਸੋਮਾਲੀਆ ਵਿੱਚ ਅਪਣੇ ਬੇਸ ਦੀਆਂ ਯੂਨਿਟਾਂ ਦੀ ਵਧੀਆ ਕਾਰਗੁਜ਼ਾਰੀ ਦਾ ਮਾਣ ਨਾਲ਼ ਜ਼ਿਕਰ ਕੀਤਾ। ਬੋਸਨੀਆਂ ਮਿਸ਼ਨ ’ਤੇ ਤਾਂ ਉਸਨੂੰੂ ਬਾਹਲਾ ਹੀ ਫਖ਼ਰ ਸੀ, ਜਿਸ ਵਿੱਚ ਸਟੀਵ ਅਤੇ ਤਿੰਨ ਹੋਰ ਸੈਨਿਕਾਂ ਨੂੰ ਬਹਾਦਰੀ-ਸਨਮਾਨ ਮਿਲ਼ੇ ਸਨ। ਸਟੀਵ ਬਾਰੇ ਉਸਨੇ ਭਾਵੁਕ ਅੰਦਾਜ਼ ਵਿੱਚ ਕਿਹਾ ਸੀ, “ਉਹ ਇੱਕ ਸੂਰਮਾ ਸੈਨਿਕ ਸੀ, ਕਮਾਲ ਦਾ ਨਿਸ਼ਾਨਚੀ। ਉਸਦੀ ਮੌਤ ਮੇਰੇ ਬੇਸ ਲਈ ਹੀ ਨਹੀਂ, ਸਮੁੱਚੀ ਕਨੇਡੀਅਨ ਫੋਰਸਜ਼ ਲਈ ਬਹੁਤ ਵੱਡਾ ਘਾਟਾ ਏ ਪਰ ਅਸੀਂ ਉਸਦੀ ਕੁਰਬਾਨੀ ’ਤੇ ਫਖ਼ਰ ਵੀ ਮਹਿਸੂਸ ਕਰਦੇ ਹਾਂ … ਮੈਂ ਸਟੀਵ ਦੀ ਵਿਧਵਾ ਨੈਨਸੀ ਦੀ ਹਰ ਸੰਭਵ ਸਹਾਇਤਾ ਕਰਾਂਗਾ।”
ਸਟੀਵ ਅਤੇ ਨੈਨਸੀ ਦੇ ਮਾਪਿਆਂ ਤੇ ਦੋਸਤਾਂ ਨੇ, ਉਸ ਨਾਲ਼ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਫਿਰ ਪੋਡੀਅਮ ’ਤੇ ਨੈਨਸੀ ਆਈ ਸੀ। ਉਸਨੇ ਕਾਲਾ ਸੂਟ ਪਹਿਨਿਆ ਹੋਇਆ ਸੀ। ਭੂਰੇ ਵਾਲ਼ ਸਾਦਾ ਢੰਗ ਨਾਲ਼ ਸਜਾਏ ਹੋਏ ਸਨ। ਮੈਂ ਸੁਣ ਚੁੱਕਾ ਸਾਂ ਕਿ ਪਤੀ ਦੀ ਮੌਤ ਦੀ ਖ਼ਬਰ ਟੈਲੀਫੋਨ ਰਾਹੀਂ ਕੰਨਾਂ ’ਚ ਪੈਣ ’ਤੇ ਉਹ ਸੁੰਨ ਹੋ ਕੇ ਥਾਂ ਹੀ ਡਿੱਗ ਪਈ ਸੀ … ਅਧਮੋਈ ਦੇ ਮੂੰਹੋਂ ‘ਨੋ, ਨੋ … ਨੋ’ ਦੀ ਚੀਖ ਨਿਕਲੀ ਸੀ। ਹੁਣ ਚਾਰ ਦਿਨਾਂ ਬਾਅਦ ਸੀ ਤਾਂ ਉਹ ਅਜੇ ਵੀ ਡੂੰਘੇ ਸਦਮੇ ’ਚ ਪਰ ਅਪਣੇ ਆਪ ਨੂੰ ਕਿਸੇ ਹੱਦ ਤੱਕ ਸਾਂਭਿਆ ਹੋਇਆ ਸੀ। ਉਸਨੇ ਖਿੜਕੀ ਵਿੱਚੀਂ ਬਾਹਰ ਖਲੋਤੇ ਰੁੰਡ-ਮੁੰਡ ਦਰੱਖਤਾਂ ਵੱਲ ਤੱਕਿਆ। ਅੱਖਾਂ ਵਿੱਚ ਦਫ਼ਨ ਹੋਈਆਂ ਹਸਰਤਾਂ ਜਿਵੇਂ ਦਰੱਖਤਾਂ ਨੂੰ ਕਹਿ ਰਹੀਆਂ ਹੋਣ, ‘ਤੁਹਾਡੀ ਪੱਤਝੜ ਮਹੀਨੇ-ਡੇਢ ਮਹੀਨੇ ਤੱਕ ਮੁੱਕ ਜਾਏਗੀ ਪਰ ਸਾਡੀ ਨਹੀਂ ਮੁੱਕਣੀ, ਉਮਰਾਂ ਜੇਡੀ ਲੰਮੀ ਪੱਤਝੜ।’ ਧੀਰਜ ਧਾਰ ਕੇ ਉਸ ਕਹਿਣਾ ਸ਼ੁਰੂ ਕੀਤਾ, “ਮੇਰਾ ਤੇ ਸਟੀਵ ਦਾ ਸਾਥ ਬਾਈ ਸਾਲ ਦਾ ਹੈ … ਪਹਿਲਾਂ ਦੋਸਤੀ, ਫਿਰ ਵਿਆਹ। ਅਪਨੇ ਸਾਧਨਾਂ ਮੁਤਾਬਿਕ ਅਸੀਂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣਿਆਂ। ਔਕੜਾਂ-ਕਠਿਨਾਈਆਂ ਵੀ ਆਈਆਂ ਪਰ ਇੱਕਸੁਰਤਾ ਸਾਡੀ ਊਰਜਾ ਬਣਦੀ ਰਹੀ। ਇੱਕ ਵਾਰ ਸਾਡੇ ’ਚ ਦੂਰੀ ਵੀ ਪਈ ਪਰ ਰੂਹਾਂ ’ਚ ਖੁਣੇ ਪਿਆਰ ਨੇ ਸਾਨੂੰ ਟੁੱਟਣ ਨਾ ਦਿੱਤਾ … ਹੁਣ ਇਸ ਸਦਾ-ਸਦਾ ਦੀ ਦੂਰੀ ਮੂਹਰੇ ਮੇਰੀ ਕੋਈ ਵਾਹ-ਪੇਸ਼ ਨਹੀਂ ਜਾ ਰਹੀ,” ਮੂੰਹ ਪਾਸੇ ਕਰਕੇ ਉਸਨੇ ਅੱਖਾਂ ਪੂੰਝੀਆਂ ਤੇ ਬੋਲੀ, “ਮੈਂ ਸਟੀਵ ਦੀਆਂ ਯਾਦਾਂ ਨੂੰ ਜੀਵਨ-ਸ਼ਕਤੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਤੇ ਉਸ ਸ਼ਕਤੀ ਨਾਲ਼ ਦੋਨਾਂ ਬੱਚਿਆਂ ਦੀ ਸੰਭਾਲ ਕਰਾਂਗੀ।”
ਪਾਦਰੀ ਦੇ ਆਦੇਸ਼ ’ਤੇ ਹਾਲ ’ਚ ਹਾਜ਼ਰ ਹਰ ਵਿਅਕਤੀ ਨੇ ਵਾਰੀ ਸਿਰ, ਕੈਸਕਿਟ ਕੋਲ਼ ਜਾ ਕੇ ਸਟੀਵ ਦੇ ਆਖਰੀ ਦਰਸ਼ਨ ਕੀਤੇ। ਨੈਨਸੀ ਨੇ ਸਟੀਵ ਦੀ ਬਾਂਹ ਪਲੋਸੀ ਅਤੇ ਗੂੜ੍ਹੇ ਪਿਆਰ ਨਾਲ਼ ਮੱਥੇ ’ਤੇ ਹੱਥ ਫੇਰਿਆ। ਉਸਦੇ ਨਾਲ਼ ਹੀ, ਡੌਰ-ਭੌਰ ਹੋਏ ਟਿੰਮ ਦਾ ਹੱਥ ਵੀ ਡੈਡ ਦੇ ਚਿਹਰੇ ’ਤੇ ਘੁੰਮਿਆਂ। ਨੰਨ੍ਹੇ ਜਿਹੇ ਜਿੰਮੀ ਨੇ ਡੈਡ ਦੀ ਗਲ੍ਹ ਨੂੰ ਛੁਹਿਆ ਤੇ ਭੋਲ਼ੀ ਅਦਾ ’ਚ ਆਖਿਆ, “ਡੈਡ! ਆਈ ਲਵ ਯੂ।” ਨੈਨਸੀ ਦੇ ਚਿਹਰੇ ’ਤੇ ਮੁਸਕਰਾਹਟ ਦੀ ਕਾਤਰ ਉੱਭਰ ਆਈ। ਪੁੱਤ ਨੂੰ ਮੋਹ ਨਾਲ਼ ਚੁੰਮਦਿਆਂ ਉਸ ਦੀਆਂ ਅੱਖਾਂ ਭਰ ਆਈਆਂ।
ਕਬਰਿਸਤਾਨ ਨੂੰ ਟੁਰਨ ਦਾ ਸਮਾਂ ਹੋ ਗਿਆ ਸੀ। ਕੈਸਕਿਟ ਬੰਦ ਕਰਦਿਆਂ ਨੈਨਸੀ ਦਾ ਚਿਹਰਾ ਇੱਕਦਮ ਹੀ ਬੁੱਝ ਗਿਆ। ਚਿਹਰੇ ਦੀ ਰੌਸ਼ਨੀ ਜਿਵੇਂ ਕੈਸਕਿਟ ਨੇ ਨਿਗਲ਼ ਲਈ ਹੋਵੇ। ਉਹ ਲੜਖੜਾ ਗਈ। ਕੋਲ਼ ਖਲੋਤੇ ਉਸਦੇ ਮੌਮ-ਡੈਡ ਨੇ, “ਨੈਨਸੀ ਬੇਟੀ! ਹੌਸਲਾ ਰੱਖੋ’’ ਆਖਦਿਆਂ ਉਸਦੀ ਪਿੱਠ ਪਲੋਸੀ। ਦਰਦ-ਡੁੱਬਿਆ ਹਉਕਾ ਨੈਨਸੀ ਅੰਦਰੋਂ ਨਿਕਲ਼ ਗਿਆ।
ਕਬਰਿਸਤਾਨ ਵਿੱਚ ਗਹਿਰੀ ਚੁੱਪ ਛਾਈ ਹੋਈ ਸੀ। ਨਾ ਕੋਈ ਅਲਾਰਮ, ਨਾ ਹੌਰਨ ਤੇ ਨਾ ਹੀ ਕੋਈ ਸਾਇਰਨ … । ਕਬਰਿਸਤਾਨ ਦੇ ਵਾਸੀ, ਦੁੱਧ-ਚਿੱਟੀ ਬਰਫ਼ ਦੇ ਕੰਬਲ ਤਾਣੀ ਸ਼ਾਂਤੀ ਨਾਲ਼ ਸੁੱਤੇ ਪਏ ਸਨ। ਪਰ ਕਬਰਾਂ ਵਿੱਚ ਉਹ ਨਹੀਂ ਸਨ, ਉਨ੍ਹਾਂ ਦੀ ਮਿੱਟੀ ਸੀ। ਉਹ ਸਾਰੇ ਆਪੋ ਅਪਣੀ ਜੀਵਨ-ਜੰਗ ਲੜਦੇ ਤੇ ਉਸਨੂੰ ਉਚਿਤ ਸਾਬਤ ਕਰਦੇ-ਕਰਦੇ ਮੁੱਕ ਗਏ ਸਨ, ਖਾਕ ਹੋ ਗਏ ਸਨ। ਸਟੀਵ ਨੂੰ ਵੀ, ਫ਼ੌਜੀ ਰਸਮਾਂ ਨਾਲ਼ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਉਥੋਂ ਟੁਰਨ ਲੱਗਿਆਂ ਮੇਰੇ ਕਦਮ ਨੈਨਸੀ ਵੱਲ ਪੁੱਟੇ ਗਏ। ਕੁੱਝ ਪਲ ਮੈਂ ਚੁੱਪ ਖਲੋਤਾ ਰਿਹਾ ਤੇ ਫਿਰ ਆਖਿਆ, “ਨੈਨਸੀ! ਬਹੁਤ ਮਾੜਾ ਹੋਇਆ। ਅਜੇ ਤਾਂ ਸਟੀਵ ਨੇ ਜ਼ਿੰਦਗੀ ਦੀਆਂ ਬਹੁਤ ਰੁੱਤਾਂ ਮਾਨਣੀਆਂ ਸਨ … ।”
“ਡੇਵ! ਸਟੀਵ ਨੇ ਅਪ੍ਰੈਲ ਦੇ ਸ਼ੁਰੂ ’ਚ ਵਾਪਸ ਆ ਜਾਣਾ ਸੀ। ਈਸਟਰ ਅਸੀਂ ਇਕੱਠਿਆਂ ਮਨਾਉਣਾ ਸੀ। ਪਰ ਕੀ ਪਤਾ ਸੀ ਕਿ ਉਸਦੇ ਹਿੱਸੇ ਦੇ ਤਿਉਹਾਰ ਸਦਾ ਲਈ ਖ਼ਤਮ … ।” ਗੱਲ ਉਸਦੇ ਦਰਦੀਲੇ ਹਉਕੇ ’ਚ ਡੁੱਬ ਗਈ। ਉਸਦੇ ਇਸ ਹਉਕੇ ਨੇ ਮੈਨੂੰ ਚਾਲੀ ਸਾਲ ਪਹਿਲਾਂ ਦੇ ਜੀਤਾਂ ਦੇ ਹਉਕੇ ਯਾਦ ਕਰਵਾ ਦਿੱਤੇ … ਉਹ ਹਉਕੇ-ਹਟਕੋਰੇ, ਪਹਿਲਾਂ ਮੈਂ ਉਦੋਂ ਸੁਣੇ ਸਨ ਜਦੋਂ ਨਵਤੇਜ ਦੇ ਅਸਤ ਲੈ ਕੇ ਗਿਆ ਸੀ ਤੇ ਫਿਰ ਵਿਸਾਖੀ ਤੋਂ ਬਾਅਦ ਆਈ ਉਸਦੀ ਚਿੱਠੀ ਵਿੱਚੋਂ। ਉਸ ਵਿਸਾਖੀ ਨੂੰ ਮੇਰਾ ਅਪਣਾ ਮੂਡ ਬੜਾ ਖਰਾਬ ਰਿਹਾ ਸੀ। ਉਸ ਵਿਸਾਖੀ ਤੋਂ ਪਿਛਲੀ ਵਿਸਾਖੀ ’ਤੇ ਮੈਂ, ਨਵਤੇਜ ਤੇ ਜੀਤਾਂ ਭਾਬੀ ਇਕੱਠੇ ਸਾਂ। ਹਵਾਈ ਅੱਡੇ ’ਚ ਹੋਏ ਰੰਗਾਰੰਗ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਉਹ ਮੈਨੂੰ ਅਪਣੇ ਕੁਆਟਰ ’ਚ ਲੈ ਗਏ ਸਨ। ਅਸੀਂ ਇਕੱਠਿਆਂ ਰੋਟੀ ਖਾਧੀ ਸੀ। ਜੀਤਾਂ ਭਾਬੀ ਦੀ ਬਣਾਈ ਮਾਹਾਂ ਦੀ ਦਾਲ ਮੀਟ ਨਾਲ਼ੋਂ ਵੀ ਸੁਆਦ ਸੀ। “ਏਅਰ ਫੋਰਸ ਦੀ ਸਾਡੀ ਇਹ ਆਖਰੀ ਵਿਸਾਖੀ ਏ।” ਨਵਤੇਜ ਨੇ ਖੁਸ਼ੀ ਦੇ ਰਉਂ ’ਚ ਇਹ ਗੱਲ ਦੋ-ਤਿੰਨ ਵਾਰ ਆਖੀ ਸੀ। ਪਰ ਉਸਨੂੰ ਕੀ ਪਤਾ ਸੀ ਕਿ ਉਹ ਵਿਸਾਖੀ ਉਸਦੀ ਜ਼ਿੰਦਗੀ ਦੀ ਆਖਰੀ ਵਿਸਾਖੀ ਸੀ … ਜੀਤਾਂ ਭਾਬੀ ਦੇ ਸੁਪਨਿਆਂ ਦੀ ਭਰੀ-ਭਰਾਈ ਫਸਲ ਤਬਾਹ ਹੋ ਗਈ ਸੀ। ਹੁਣ ਉਹ ਕਿਹੜੇ ਹਾਲੀਂ ਸੀ, ਕੁੱਝ ਨਹੀਂ ਸੀ ਪਤਾ। ਇੱਥੋਂ ਜਾ ਕੇ ਮਹੀਨੇ ਕੁ ਬਾਅਦ ਉਸਦੀ ਦੋ-ਸਤਰੀ ਚਿੱਠੀ ਆਈ ਸੀ। ਅਪਣੀ ਵਿਧਵਾ ਪੈਨਸ਼ਨ ਸਬੰਧੀ ਉਸਨੂੰ ਕੋਈ ਕਾਗਜ਼ ਚਾਹੀਦਾ ਸੀ। ਮੈਂ ਸੁਕਆਡਰਨ ਦੇ ਦਫ਼ਤਰੋਂ ਲੈ ਕੇ ਭੇਜ ਦਿੱਤਾ ਸੀ। ਤੇ ਫਿਰ ਵਿਸਾਖੀ ਤੋਂ ਹਫ਼ਤੇ ਕੁ ਬਾਅਦ ਉਸਦੀ ਦੂਜੀ ਚਿੱਠੀ ਆਈ ਸੀ। ਲਿਖਿਆ ਸੀ, ‘ਮੇਰਾ ਤੇ ਨਵਤੇਜ ਦਾ ਰੂਹਾਂ ਦਾ ਨਾਤਾ ਸੀ। ਤੁਸੀਂ ਦੇਖਦੇ ਹੀ ਰਹੇ ਆਂ ਕਿ ਸਾਡੀ ਸਾਧਾਰਨ ਜਿਹੀ ਜ਼ਿੰਦਗੀ ਵਿੱਚ ਵੀ ਬਹਾਰਾਂ ਵਰਗੀ ਟਹਿਕ ਤੇ ਮਹਿਕ ਸੀ। ਉਹ ਸਭ ਨਵਤੇਜ ਦੇ ਸਾਥ ਦੀਆਂ ਬਰਕਤਾਂ ਸਨ। ਅਸੀਂ ਇੱਕ-ਦੂਜੇ ਦੇ ਮਾਣ ਵਿੱਚ ਉਡੇ ਫਿਰਦੇ ਸਾਂ। ਪਰ ਰੱਬ ਨੇ ਅਜਿਹਾ ਪਟਕਾ ਕੇ ਮਾਰਿਆ ਕਿ ਜ਼ਿੰਦਗੀ ਜ਼ਹਿਰ ਬਣ ਗਈ ਏ … ਹੰਝੂ ਕੇਰਦਿਆਂ ਮੈਂ ਕਦੀ-ਕਦੀ ਨਵਤੇਜ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੀ ਹਾਂ ਕਿ ਆ ਕੇ ਦੇਖ, ਤੇਰੀ ਜੀਤਾਂ ਨਾਲ਼ ਕਿਵੇਂ ਬੇਇਨਸਾਫੀਆਂ ਹੋ ਰਹੀਆਂ ਨੇ, ਬਿਗਾਨਿਆਂ ਵੱਲੋਂ ਨਹੀਂ, ਆਪਣਿਆਂ ਵੱਲੋਂ। ਨਵਤੇਜ ਹੁਰਾਂ ਨੂੰ ‘ਭਾ ਜੀ, ਭਾ ਜੀ’ ਕਰਨ ਵਾਲ਼ਾ ਰੇਸ਼ਮ ਮੇਰੇ ਨਾਲ਼ ਰੋਹਬ ਨਾਲ਼ ਗੱਲ ਕਰਦੈ। ਸੱਸ ਦੇ ਦਿਲ ’ਚ ਹਮਦਰਦੀ ਹੈਗੀ ਏ ਪਰ ਉਸਦੀ ਪੁੱਛ-ਪ੍ਰਤੀਤ ਹੈ ਨ੍ਹੀਂ। ਦਰਾਣੀ ਘਰ ਦੇ ਕੰਮਾਂ ਤੋਂ ਪਾਸਾ ਵੱਟ ਜਾਂਦੀ ਏ। ਮੈਂ ਤਾਂ ਆਪ ਹੀ ਕੰਮਾਂ ’ਚ ਰੁੱਝੇ ਰਹਿਣਾ ਚਾਹੁੰਦੀ ਹਾਂ ਪਰ ਇਹ ਕਦਰ ਤਾਂ ਕਰਨ। ਜਿਹੜੀ ਮਾੜੀ-ਮੋਟੀ ਕਦਰ ਹੈਗੀ ਏ, ਉਹ ਪੈਨਸ਼ਨ ਕਰਕੇ ਐ। ਮਨ ਦੀ ਚੈਨ ਲਈ ਜਦੋਂ ਮੈਂ ਸਿਤਾਰ ਵਜਾਉਣ ਲਈ ਬੈਠਦੀ ਹਾਂ ਤਾਂ ਸਾਰੇ ਸੜ-ਬਲ ਜਾਂਦੇ ਹਨ। ਕਿੰਨੀ ਗਮਗੀਨ ਸੀ ਐਤਕੀਂ ਦੀ ਵਿਸਾਖੀ … । ’
ਚਿੱਠੀ ਪੜ੍ਹ ਕੇ ਮੈਂ ਬੜਾ ਪ੍ਰੇਸ਼ਾਨ ਹੋਇਆ। ਪਰ ਨਾਲ਼ ਹੀ ਮਨ ’ਚ ਮਾਣ ਜਿਹਾ ਵੀ ਉੱਭਰਿਆ … ਜੀਤਾਂ ਭਾਬੀ ਨੇ ਮੈਨੂੰ ਅਪਣਾ ਸਮਝ ਕੇ ਮੇਰੇ ਨਾਲ਼ ਦੁੱਖ-ਦਰਦ ਸਾਂਝੇ ਕੀਤੇ ਸਨ। ਚਿੱਠੀ ਦੇ ਅਖੀਰ ’ਚ ਉਸਨੇ ਅਪਣੇ ਬਾਪੂ ਦਾ ਐਡਰੈਸ ਲਿਖਿਆ ਹੋਇਆ ਸੀ।
ਜਵਾਬ ਵਿੱਚ ਮੈਂ ਅਪਣਤ ਭਿੱਜੇ ਸ਼ਬਦਾਂ ਰਾਹੀਂ ਜੀਤਾਂ ਨਾਲ਼ ਹਮਦਰਦੀ ਪ੍ਰਗਟਾਈ। ਅਪਣੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਦੁੱਖਾਂ ਨਾਲ਼ ਜੂਝਣ ਦਾ ਹੌਸਲਾ ਵੀ ਦਿੱਤਾ।
ਤੇ ਫਿਰ ਤਕਰੀਬਨ ਹਰ ਦੋ-ਤਿੰਨ ਮਹੀਨੇ ਬਾਅਦ, ਦੁੱਖ-ਦਰਦ ਬਿਆਨਦੀ ਉਸਦੀ ਚਿੱਠੀ ਆ ਜਾਂਦੀ। ਆਖਰ ਵਿੱਚ ਕਿਸਮਤ ਨੂੰ ਕੋਸਿਆ ਹੁੰਦਾ। ਉਸ ਸਾਲ ਦੀ ਦੀਵਾਲੀ ਨੂੰ ਉਸਨੇ ਕਲਮੂਹੀਂ ਦੀਵਾਲੀ ਲਿਖਿਆ ਸੀ। ਮੈਂ ਉਸਨੂੰ ਦਿਲਾਸਾ ਦਿੰਦਾ ਰਹਿੰਦਾ। ਹੋਰ ਕਰ ਵੀ ਕੀ ਸਕਦਾ ਸਾਂ। ਕਿਸਮਤ ਮੂਹਰੇ ਨਾ ਉਸਦਾ ਜ਼ੋਰ ਸੀ ਤੇ ਨਾ ਮੇਰਾ।
ਪਰ ਹੁਣ ਨੈਨਸੀ ਦੇ ਕੇਸ ਨੂੰ ਵੇਖਦਿਆਂ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਜੀਤਾਂ ਦੀਆਂ ਨਵਤੇਜ ਦੀ ਮੌਤ ਤੋਂ ਬਾਅਦ ਦੀਆਂ ਸਮੱਸਿਆਵਾਂ ਉਸਦੀ ਮਾੜੀ ਕਿਸਮਤ ਕਰਕੇ ਨਹੀਂ ਸਨ … ਉਸਦੀਆਂ ਦੀਵਾਲੀਆਂ ਤੇ ਵਿਸਾਖੀਆਂ ਏਨੀਆਂ ਕਾਲੀਆਂ ਨਹੀਂ ਸਨ ਹੋਣੀਆਂ ਜੇ ਨਵਤੇਜ ਕਨੇਡਾ ਦਾ ਫ਼ੌਜੀ ਹੁੰਦਾ … ਜੀਤਾਂ ਕੋਲ਼ ਆਪਣੀ ਜੌਬ ਵੀ ਹੋਣੀ ਸੀ ਤੇ ਸਰਕਾਰ ਵੱਲੋਂ ਚੰਗੀ ਪੈਨਸ਼ਨ ਵੀ ਮਿਲ਼ ਜਾਣੀ ਸੀ। ਕੀ ਲੋੜ ਸੀ ਉਸਨੂੰ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਵੱਲ ਝਾਕਣ ਦੀ?
ਨੈਨਸੀ ਨੂੰ ਅਜਿਹੀ ਕੋਈ ਲੋੜ ਨਹੀਂ ਸੀ ਪਈ। ਲੋਕਾਂ ਵੱਲੋਂ ਮਿਲ਼ੀ ਭਾਵਨਾਤਮਕ ਮੱਦਦ ਲਈ ਵੀ ਉਸਨੂੰ ਕਿਸੇ ਦੇ ਤਰਸ ਦੀ ਪਾਤਰ ਨਹੀਂ ਸੀ ਬਣਨਾ ਪਿਆ।
ਪਰ ਦੁੱਖ ਤਾਂ ਹਰ ਥਾਈਂ ਹੁੰਦੇ ਨੇ, ਆਪੋ-ਅਪਣੀ ਕਿਸਮ ਦੇ … ਨੈਨਸੀ ਅਪਣੇ ਪੁੱਤਰ ਦੀ ਸਮੱਸਿਆ ਵਿੱਚ ਉਲਝੀ ਪਈ ਸੀ। ਇੱਕ ਦਿਨ ਜਦੋਂ ਮੈਂ ਨੈਨਸੀ ਨਾਲ਼ ਅਪਣੀ ਡਿਟੈਚਮੈਂਟ ਦਾ ਬੱਜਟ ਡਿਸਕਸ ਕਰਨ ਗਿਆ ਤਾਂ ਪੁੱਛ ਲਿਆ, “ਟਿੰਮ ਕਿਵੇਂ ਹੈ? ਕੋਈ ਫ਼ਰਕ ਪਿਆ?”
“ਫ਼ਰਕ ਉਹਦੇ ’ਚ ਨਹੀਂ, ਮੇਰੇ ਵਿੱਚ ਪੈਣਾ ਸ਼ੁਰੂ ਹੋ ਗਿਐ।”
“ਕੀ ਮਤਲਬ?” ਮੈਂ ਹੈਰਾਨ ਹੋ ਕੇ ਪੁੱਛਿਆ।
“ਪਹਿਲਾਂ ਮੈਂ ਉਸਨੂੰ ਅਪਣੇ ਹੀ ਹਿਸਾਬ ਨਾਲ਼ ਸਮਝਦੀ ਸੀ ਪਰ ਹੁਣ ਉਸ ਨੂੰ ਉਸਦੀ ਸੋਚ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੱਲ੍ਹ ਉਹ ਕੰਪਿਉਟਰ ’ਤੇ ਬੈਠਾ ਸੀ। ਮੈਂ ਪੁੱਛਿਆ ਕੀ ਕਰ ਰਿਹਾਂ। ਕਹਿਣ ਲੱਗਾ ‘ਵਾਰ’ ਲਫਜ਼ ਨੂੰ ‘ਐਕਸਪਲੋਰ’ ਕਰ ਰਿਹਾਂ। ਮੈਂ ਪੁੱਛਿਆ ਕਾਹਦੇ ਵਾਸਤੇ। ਕਹਿੰਦਾ ਸਕੂਲੋਂ ਐਸਾਈਨਮੈਂਟ ਮਿਲ਼ੀ ਹੈ। ਮੈਂ ਪੁੱਛਿਆ ਕਿ ਐਸਾਈਨਮੈਂਟ ‘ਜੰਗ’ ਬਾਰੇ ਹੈ। ਕਹਿੰਦਾ ਕਿਸੇ ਵੀ ‘ਇੰਪੌਰਟੈਂਟ ਇਸ਼ੂ’ ’ਤੇ ਲੇਖ ਲਿਖਣੈ। ਤਿੰਨ ਘੰਟੇ ਬੀਤ ਗਏ। ਮੈਂ ਜਾ ਕੇ ਦੇਖਿਆ ਤਾਂ ਦੰਗ ਰਹਿ ਗਈ। ਮੌਨੀਟਰ ’ਤੇ ‘ਵਾਰ ਆਫ਼ ਥੌਟਸ’ ਦੇ ਸਿਰਲੇਖ ਹੇਠ ਕੁੱਝ ਲਾਈਨਾਂ ਲਿਖੀਆਂ ਹੋਈਆਂ ਸਨ। ਮੈਂ ਮੰਨਦੀ ਹਾਂ ਕਿ ਅੱਜ-ਕੱਲ੍ਹ ਦੇ ਬੱਚੇ ਬਹੁਤ ਸੂਖਮ ਹਨ ਪਰ ਮੇਰਾ ਟਿੰਮ ਤਾਂ … ।”
‘ਟਣਨ-ਟਣਨ’ ਨੈਨਸੀ ਨੇ ਗੱਲ ਵਿੱਚੇ ਛੱਡ, ਫੋਨ ਉਠਾ ਲਿਆ। ਸੁਣਨ ਉਪਰੰਤ ਉਹ ਮੈਨੂੰ ਸੰਬੋਧਿਤ ਹੋਈ, “ਬੇਸ-ਹੈਡਕੁਆਟਰ ਦੀ ਕਾਲ ਸੀ। ਸਾਰੀਆਂ ਯੂਨਿਟਾਂ ’ਚ ‘ਹਾਈ ਐਲਰਟ’ ਜਾਰੀ ਹੋ ਚੁੱਕੈ। ਸੂਹੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਦਿਨਾਂ ਵਿੱਚ ਕਨੇਡਾ ਦੀ ਕਿਸੇ ਏਅਰਪੋਰਟ ਜਾਂ ਫ਼ੌਜੀ ਟਿਕਾਣੇ ’ਤੇ ਅੱਤਵਾਦੀ ਹਮਲਾ ਹੋ ਸਕਦੈ। ਤੂੰ ਅਪਣੇ ਕਮਿਸ਼ਨੇਅਰਜ਼ ਨੂੰ ਹਦਾਇਤਾਂ ਦੇ ਆ, ਕਿ ਉਹ ਸੈਨਿਕਾਂ ਤੇ ਸਿਵਲੀਅਨਾਂ ਦੇ ਪਛਾਣ-ਪੱਤਰ ਬਾਰੀਕੀ ਨਾਲ਼ ਚੈੱਕ ਕਰਨ ਅਤੇ ਗੇਟਾਂ-ਬਿਲਡਿੰਗਾਂ ਦੀ ਆਵਾਜਾਈ ’ਤੇ ਘੋਖਵੀਂ ਨਜ਼ਰ ਰੱਖਣ … ਸ਼ੱਕੀ ਨਕੋਲ-ਹਰਕਤ ਅਤੇ ਸ਼ੱਕੀ ਬੰਦੇ ਬਾਰੇ ‘ਓਪਰੇਸ਼ਨ ਕੰਟਰੋਲ’ ਨੂੰ ਤੁਰੰਤ ਕਾਲ ਕਰਨ।”
“ਓ.ਕੇ।” ਆਖ ਮੈਂ ਉੱਠ ਪਿਆ। ਕਾਰ ਵੱਲ ਨੂੰ ਜਾਂਦਿਆਂ ਮੈਂ ਟਿੰਮ ਦੀ ‘ਵਿਚਾਰਾਂ ਦੀ ਜੰਗ’ ਵਾਲੀ ਗੱਲ ’ਤੇ ਹੈਰਾਨ ਹੋਈ ਜਾ ਰਿਹਾ ਸਾਂ। ਅੱਜ-ਕੱਲ੍ਹ ਦੇ ਬੱਚੇ ਵਾਕਈ ਬਹੁਤ ਸ਼ਾਰਪ ਹਨ … ਕੁੱਝ ਦਿਨ ਹੋਏ ਮੈਂ ਅਪਣੇ ਦਸ ਕੁ ਸਾਲ ਦੇ ਦੋਹਤੇ ਨਾਲ਼ ਅਪਣੀ ਏਅਰ ਫੌਰਸ ਦੀ ਨੌਕਰੀ ਦੀਆਂ ਗੱਲਾਂ ਕਰ ਰਿਹਾ ਸਾਂ। ਉਸ ਨੇ ਮੇਰੇ ’ਤੇ ਸਵਾਲ ਕਰ ਦਿੱਤਾ, “ਨਾਨੂੰ! ਜਹਾਜ਼ਾਂ ਵਿੱਚ ਤਾਂ ਪੈਸੈਂਜਰ ਬੈਠਦੇ ਆ। ਤੁਸੀਂ ਜਹਾਜ਼ਾਂ ’ਤੇ ਬੰਬ, ਮਿਜ਼ਾਈਲਾਂ ਜਾਂ ਹੋਰ ਵੈਪਨ ਕਿਉਂ ਲੋਡ ਕਰਦੇ ਸੀ?” ਮੈਂ ਕੀ ਜਵਾਬ ਦਿੰਦਾ! ਸੋਚੀਂ ਪੈ ਗਿਆ ਸਾਂ ਕਿ ਅਸੀਂ ਦਾਅਵੇ ਤਾਂ ਇਹ ਕਰ ਰਹੇ ਹਾਂ ਕਿ ਸਾਇੰਸ ਤੇ ਤਕਨਾਲੋਜੀ ਨੇ ਦੂਰੀਆਂ ਘਟਾ ਦਿੱਤੀਆਂ ਹਨ। ਦੁਨੀਆ ਦੇ ਸਾਰੇ ਮੁਲਕ ਇੱਕ-ਦੂਜੇ ਦੇ ਨੇੜੇ ਹੋ ਗਏ ਹਨ। ਪਰ ਇਸ ਨੇੜਤਾ ਵਿੱਚੋਂ ਨਿਕਲਿਆ ਕੀ ਹੈ? ਜੰਗ! ਹਰ ਪਾਸੇ ਜੰਗ ਦੇ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ … ‘ਐਲਰਟ’ … ‘ਹਾਈ ਐਲਰਟ’।
ਬੇਸ ਅੰਦਰਲੀਆਂ ਪੋਸਟਾਂ ਦੇ ਕਮਿਸ਼ਨੇਅਰਾਂ ਨੂੰ ਚੌਕਸੀ-ਹਦਾਇਤਾਂ ਦੱਸਣ-ਸਮਝਾਉਣ ਬਾਅਦ ਮੈਂ ਡਿਕਸਨ ਆਰਮੁਰੀ ਜਾ ਪਹੁੰਚਿਆ। ਓਥੋਂ ਦੇ ਕਮਿਸ਼ਨੇਅਰ ਨਾਲ਼ ਗੁਫ਼ਤਗੂ ਕਰਨ ਬਾਅਦ ਜਦੋਂ ਮੈਂ ਗਾਰਡ-ਰੂਮ ’ਚੋਂ ਬਾਹਰ ਨਿਕਲਿਆ ਤਾਂ ਡਮਿਟਰੀ ਟੱਕਰ ਪਿਆ। ਉਹ ਦੋ ਕੁ ਦਿਨ ਪਹਿਲਾਂ ਹੀ ਅਫਗਾਨਿਸਤਾਨ ਤੋਂ ਪਰਤਿਆ ਸੀ, ਅਪਣੀ ਦੂਜੀ ਟਰਮ ਪੂਰੀ ਕਰਕੇ। ਮੈਂ ਉਸਨੂੰ “ਵੈਲਕਮ ਬੈਕ’’ ਕਿਹਾ। ਉਸਨੇ ਧੰਨਵਾਦ ਕੀਤਾ। ਉਹ ਬਰੇਕ ’ਤੇ ਸੀ। ਸਾਡੀ ‘ਹਾਈ ਐਲਰਟ’ ਤੋਂ ਸ਼ੁਰੂ ਹੋਈ ਗੱਲ ਅਫਗਾਨਿਸਤਾਨ ਜੰਗ ’ਤੇ ਪਹੁੰਚ ਗਈ। “ਐਫਗੈਨਿਸਤੈਨ ’ਚ ਆਪਾਂ ਕਾਮਯਾਬ ਕਿਉਂ ਨਹੀਂ ਹੋ ਰਹੇ?” ਮੈਂ ਪੁੱਛਿਆ।
“ਡੇਵ! ਵੱਡਾ ਕਾਰਨ ਤਾਂ ਭੂਗੋਲਿਕ ਹੀ ਹੈ। ਉੱਥੋਂ ਦੀਆਂ ਪਹਾੜੀਆਂ, ਗੁਫਾਵਾਂ ਤੇ ਗੁਪਤ ਕੁੰਦਰਾਂ ਸਾਡੇ ਵਰਗੇ ਬਾਹਰਲੇ ਸੈਨਿਕਾਂ ਲਈ ਬੜੀਆਂ ਪੇਚੀਦਾ ਅਤੇ ਖ਼ਤਰਨਾਕ ਹਨ, ਜਦੋਂ ਕਿ ਤਾਲਿਬਾਨਾਂ ਲਈ ਉਹ ਅਟੁੱਟ ਗੁਪਤ ਮੋਰਚੇ ਹਨ। ਦੂਜਾ ਕਾਰਨ ਇਹ ਹੈ ਕਿ ਅਫਗਾਨ-ਪਾਕਿ ਬਾਰਡਰ ਖੁੱਲ੍ਹਾ ਪਿਆ ਹੈ। ਅਤਿਵਾਦੀਆਂ ਲਈ ਪਾਕਿਸਤਾਨ ਟਰੇਨਿੰਗ-ਸੈਂਟਰ ਵੀ ਹੈ ਅਤੇ ਸ਼ਰਨਗਾਹ ਵੀ। ਤੀਜਾ ਕਾਰਨ ਹੈ ਅਤਿਵਾਦੀਆਂ ਵੱਲੋਂ ਫੈਲਾਈ ਦਹਿਸ਼ਤ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਲੋਕ-ਵਿਦਰੋਹ ਨਹੀਂ ਉੱਠ ਰਿਹਾ।” ਗੱਲ ਨਿਬੇੜ ਕੇ ਡਮਿਟਰੀ ਹੱਥ ’ਚ ਫੜੀ ਕੌਫੀ ਦੇ ਘੁੱਟ ਭਰਨ ਲੱਗ ਪਿਆ।
“ਮਨੁੱਖੀ-ਬੰਬ ਕਿਹੜੀ ਉਮਰ ਦੇ ਬਣਦੇ ਹਨ?” ਮੈਂ ਸਵਾਲ ਕੀਤਾ।
“ਆਮ ਕਰਕੇ ਜਵਾਨ ਉਮਰ ਦੇ। ਤੂੰ ਜਾਣਦਾ ਹੈਂ ਕਿ ਧਾਰਮਿਕ ਕੱਟੜਤਾ ਜਵਾਨਾਂ ਦੇ ਮਨਾਂ ’ਚ ਤੇਜ਼ੀ ਨਾਲ਼ ਉੱਤਰ ਜਾਂਦੀ ਹੈ। ਇੱਕ ਮਨੁੱਖੀ-ਬੰਬ, ਕਾਰਾ ਕਰਨ ਤੋਂ ਪਹਿਲਾਂ ਸਾਡੇ ਹੱਥ ਆ ਗਿਆ। ਉਸਦੇ ਦਿਮਾਗ ਵਿੱਚ ਗੈਰ-ਮੁਸਲਿਮ ਲੋਕਾਂ ਖ਼ਾਸ ਕਰਕੇ ਉੱਤਰੀ ਅਮਰੀਕੀਆਂ ਤੇ ਯੂਰਪੀਨਾਂ ਵਿਰੁੱਧ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਸੀ। ਅਸੀਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤਾਲਿਬਾਨ ਧਰਮ ਦੇ ਨਾਂ ’ਤੇ ਲੋਕਾਂ ਦੀ ਅਕਲ ਨੂੰ ਜੰਦਰੇ ਮਾਰ ਰਹੇ ਹਨ। ਸਾਇੰਸ ਤੇ ਤਕਨਾਲੋਜੀ ਨੂੰ ਰੱਦ ਕਰਕੇ ਲੋਕਾਂ ਨੂੰ ਅਗਿਆਨਤਾ ਦੇ ਹਨ੍ਹੇਰੇ ਵਿੱਚ ਡੱਕ ਰਹੇ ਹਨ। ਸਾਡੀ ਇਹ ਦਲੀਲ ਕਿ ਤਾਲਿਬਾਨਾਂ ਦੀ ਜਹਾਲਤ ਅਤੇ ਵਹਿਸ਼ਤ ਐਫਗੈਨਿਸਤੈਨ ਨੂੰ ਭੁੱਖਮਰੀ, ਗਰੀਬੀ ਤੇ ਤਬਾਹੀ ਦੇ ਨਰਕ ’ਚ ਸੁੱਟ ਦਏਗੀ, ਉਸਦੇ ਬਿਲਕੁਲ ਹੀ ਖਾਨੇ ਨਾ ਪਈ। ਉਹ ਅਪਣੇ ਤੇ ਹੋਰਨਾਂ ਦੇ ਘਾਣ ਵਿੱਚੋਂ ਬਹਿਸ਼ਤ ਦੇ ਸੁਪਨੇ ਦੇਖ ਰਿਹਾ ਸੀ। ਅਫਗਾਨੀਆਂ ’ਚ ਮੁੜ੍ਹਪੁਣਾ ਵੀ ਬਹੁਤ ਹੈ।” ਡਮਿਟਰੀ ਦੀ ਨਿਗ੍ਹਾ ਘੜੀ ’ਤੇ ਚਲੀ ਗਈ। ਉਸਦਾ ਬਰੇਕ-ਟਾਈਮ ਖ਼ਤਮ ਹੋ ਗਿਆ ਲੱਗਦਾ ਸੀ।
“ਬੜਾ ਅਜੀਬ ਮੁਲਕ ਏ। ਸਾਰੀ ਦੁਨੀਆਂ ’ਤੇ ਰਾਜ ਕਰਨ ਵਾਲ਼ਾ ਬਰਤਾਨੀਆ ਵੀ ਓਥੇ ਸਫ਼ਲ ਨਹੀਂ ਸੀ ਹੋ ਸਕਿਆ।” ਮੈਂ ਕਿਹਾ।
“ਕਹਿੰਦੇ ਹਨ, ਇੱਕ ਸਿੱਖ ਬਾਦਸ਼ਾਹ ਨੇ ਐਫਗੈਨਿਸਤੈਨ ’ਚ ਅਪਣੀ ਧਾਂਕ ਜਮਾ ਲਈ ਸੀ।” ਡਮਿਟਰੀ ਮੇਰੇ ਨਾਲ਼ ਹੀ ਲੌਬੀ ਵਿੱਚ ਨੂੰ ਟੁਰ ਪਿਆ।
“ਯਾਅ, ਉਸਦਾ ਨਾਂ ਮਹਾਰਾਜਾ ਰਣਜੀਤ ਸਿੰਘ ਸੀ।” ਮੈਂ ਮਾਣ ਨਾਲ਼ ਦੱਸਿਆ।
“ਓ.ਕੇ, ਹੈਵ ਏ ਨਾਈਸ ਈਵਨਿੰਗ।” ਆਖਦਿਆਂ ਡਮਿਟਰੀ ਲੌਬੀ ਦੇ ਇੱਕ ਪਾਸੇ ਲੱਗੇ ਛੋਟੇ ਜਿਹੇ ਟੈਂਟ ਵੱਲ ਨੂੰ ਹੋ ਗਿਆ।
ਕਿਸੇ ਦੀ ਵਿਦਾਇਗੀ-ਪਾਰਟੀ ਦੀ ਤਿਆਰੀ ਹੋ ਰਹੀ ਲੱਗਦੀ ਸੀ। ਆਰਮੁਰੀ ਤੋਂ ਬਾਹਰ ਆਉਂਦਿਆਂ ਮੇਰੀ ਸੋਚ ਵਿੱਚ ਇਸ ਛੋਟੇ ਟੈਂਟ ਦੀ ਥਾਂ … ਵੱਡੇ-ਵੱਡੇ ਟੈਂਟ ਸਾਕਾਰ ਹੋ ਗਏ … ਉਨ੍ਹਾਂ ਟੈਂਟਾਂ ਵਿੱਚ, ਪਿਛਲੇ ਹਫ਼ਤੇ, ਸਟੀਵ ਹੁਰਾਂ ਦੀ ਯੂਨਿਟ ਦਾ ਵਰ੍ਹੇਗੰਢ ਸਮਾਗਮ ਹੋਇਆ ਸੀ। ਬੇਸ ਤੋਂ ਅਸੀਂ ਕਈ ਜਣੇ ਆਏ ਸਾਂ। ਯੂਨਿਟ ਦੀ ਵਧੀਆ ਕਾਰਗੁਜ਼ਾਰੀ ਬਾਰੇ ਬੋਲਦਿਆਂ, ਓਪਰੇਸ਼ਨ ਕਮਾਂਡਰ ਨੇ ਕੁੱਝ ਸਿਰਲੱਥ ਸੈਨਿਕਾਂ ਦਾ ਮਾਣ ਨਾਲ਼ ਜ਼ਿਕਰ ਕੀਤਾ ਸੀ। ਸਟੀਵ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਦਿਆਂ ਨੈਨਸੀ ਨੂੰ ਸਨਮਾਨਿਤ ਕੀਤਾ ਗਿਆ ਸੀ। ਨੈਨਸੀ ਨਾਲ਼ ਟਿੰਮ ਵੀ ਸੀ।
ਫੰਕਸ਼ਨ ਦੀ ਸਮਾਪਤੀ ’ਤੇ ਮੈਂ ਵੀ ਉਨ੍ਹਾਂ ਨਾਲ਼ ਟੁਰ ਪਿਆ। ਹਥਿਆਰਾਂ ਦੀ ਪ੍ਰਦਰਸ਼ਨੀ ਕੋਲੋਂ ਲੰਘਦਿਆਂ ਟਿੰਮ ਰੁਕ ਗਿਆ। ਮੈਂ ਤੇ ਨੈਨਸੀ ਵੀ ਖੜ੍ਹ ਗਏ। ਵੱਡੇ-ਵੱਡੇ ਮੇਜ਼ਾਂ ਉੱਪਰ ਪਿਸਟਲ, ਸਟੇਨਾਂ, ਐਲ.ਐਮ.ਜੀਆਂ, ਐਮ.ਐਮ ਜੀਆਂ, ਰਾਕਟ ਲਾਂਚਰ, ਗਰਨੇਡ ਲਾਂਚਰ ਅਤੇ ਹੋਰ ਕਈ ਹਥਿਆਰ ਸਜਾਏ ਪਏ ਸਨ। ਦਰਸ਼ਕਾਂ ਨਾਲ਼ ਵਾਰਤਾਲਾਪ ਕਰ ਰਹੇ ਸੈਨਿਕ, ਉਨ੍ਹਾਂ ਹਥਿਆਰਾਂ ਨੂੰ ਨਵੀਨ ਤਕਨਾਲੋਜੀ ਦੇ ਵਧੀਆ ਹਥਿਆਰ ਕਰਾਰ ਦੇ ਰਹੇ ਸਨ।
“ਮੌਮ! ਜਦ ਸਾਡੇ ਸੈਨਿਕਾਂ ਕੋਲ਼ ਏਨੇ ਵਧੀਆ ਹਥਿਆਰ ਹਨ ਤਾਂ ਉਹ ਐਫਗੈਨਿਸਤੈਨ ’ਚ ਸਫ਼ਲ ਕਿਉਂ ਨਹੀਂ ਹੋ ਰਹੇ।” ਟਿੰਮ ਨੇ ਮੱਥਾ ਸੁਕੇੜਦਿਆਂ ਪੁੱਛਿਆ।
“ਉਨ੍ਹਾਂ ਕੋਲ਼ ਵੀ ਵਧੀਆ ਹਥਿਆਰ ਹੈਗੇ ਨੇ।” ਨੈਨਸੀ ਨੇ ਉੱਤਰ ਦਿੱਤਾ।
“ਉਹ ਬਣਾਉਂਦੇ ਨੇ?”
“ਦੇਸੀ ਕਿਸਮ ਦੇ ਤਾਂ ਉਹ ਬਣਾ ਲੈਂਦੇ ਹਨ ਪਰ ਵਧੀਆ ਨਵੀਨ ਹਥਿਆਰ ਉਹ ਇੱਧਰੋਂ-ਉੱਧਰੋਂ ਖਰੀਦਦੇ ਹਨ।”
“ਕਿੱਥੋਂ?”
“ਕੁੱਝ ਦੇਸ਼ ਹਥਿਆਰਾਂ ਦਾ ਬਿਜ਼ਨਿਸ ਕਰਦੇ ਨੇ।”
“ਵ੍ਹੱਟ! ਵੈਪਨ ਬਿਜ਼ਨਿਸ! !” ਟਿੰਮ ਨੂੰ ਜਿਵੇਂ ਕਰੰਟ ਵੱਜਾ ਹੋਵੇ। ਉਸਦਾ ਹੈਰਾਨਗੀ ’ਚ ਝੁੰਜਲਾਇਆ ਚਿਹਰਾ, ਪਲਾਂ ਵਿੱਚ ਹੀ ਅੰਗਿਆਰਾਂ ਵਾਂਗ ਭਖ ਉੱਠਿਆ। ਖਰ੍ਹਵੀ ਆਵਾਜ਼ ਵਿੱਚ ਉਹ ਬੋਲਿਆ, “ਇਸਦਾ ਮਤਲਬ ਡੈਡ ਨੂੰ ਮਾਰਨ ਵਾਲ਼ੇ ’ਕੱਲੇ ਤਾਲਿਬਾਨ ਨਹੀਂ, ਹਥਿਆਰਾਂ ਦੇ ਵਪਾਰੀ ਵੀ ਹਨ … ਆਈ ਡੋਂਟ ਅੰਡਰਸਟੈਂਡ ਦਿਸ ਬੁਲਸ਼ਿਟ।”
“ਲਿਸਨ ਮਾਈ ਪਰੈਸ਼ਿਅਸ ਚਾਇਲਡ! ਆਪਾਂ ਨੂੰ ਉਨ੍ਹਾਂ ਮਸਲਿਆਂ ਬਾਰੇ ਹੀ ਸਿਰ ਖਪਾਉਣਾ ਚਾਹੀਦੈ, ਜਿਹੜੇ ਸਾਡੇ ਵੱਸ ਵਿੱਚ ਹਨ। ਯੂ ਟੇਕ ਇਟ ਇਜ਼ੀ … ਟੇਕ ਇਟ ਇਜ਼ੀ ਮਾਈ ਸਨ।” ਹੱਥ ਵਿਚਲਾ ਬੈਗ ਮੈਨੂੰ ਫੜਾ ਕੇ, ਨੈਨਸੀ ਦੋਨਾਂ ਹੱਥਾਂ ਨਾਲ਼ ਪੁੱਤ ਦੇ ਮੋਢੇ ਘੁੱਟਣ ਲੱਗ ਪਈ ਤੇ ਉਸਨੂੰ ਕਿਸੇ ਹੋਰ ਗੱਲ ’ਚ ਪਾ ਕੇ ਕਾਰ ਵਿੱਚ ਲਿਜਾ ਬਿਠਾਇਆ।
ਉਨ੍ਹਾਂ ਨੂੰ ਤੋਰ ਕੇ ਜਦੋਂ ਮੈਂ ਅਪਣੀ ਕਾਰ ’ਚ ਬੈਠਾ ਤਾਂ ਮੇਰੇ ਕੰਨਾਂ ਵਿੱਚ ਨਵਤੇਜ ਦੀ ਜੰਗ ਦੇ ਦਿਨਾਂ ਵਿੱਚ ਕਹੀ ਗੱਲ ਗੂੰਜ ਗਈ, “ਇੱਕ ਵੱਡਾ ਦੇਸ਼ ਪਾਕਿਸਤਾਨ ਨੂੰ ਹਥਿਆਰ ਵੇਚੀ ਜਾਂਦੈ, ਦੂਜਾ ਵੱਡਾ ਦੇਸ਼ ਭਾਰਤ ਨੂੰ। ਪਾਕਿਸਤਾਨ ਨਾਲ਼ ਸਾਡੀ ਇਹ ਤੀਜੀ ਲੜਾਈ ਆ। ਦੋਨਾਂ ਦੇਸ਼ਾਂ ਦੇ ਹਜ਼ਾਰਾਂ ਫ਼ੌਜੀ ਮਰ ਚੁੱਕੇ ਆ। ਮਸਲਾ ਓਥੇ ਦਾ ਓਥੇ ਹੀ ਐ। ਹੋਰ ਪਤਾ ਨਹੀਂ ਅਜੇ ਕਿੰਨੀਆ ਲੜਾਈਆਂ ਹੋਣੀਆਂ ਨੇ ਤੇ ਕਿੰਨੇ ਫ਼ੌਜੀ ਮਰਨੇ ਹਨ।”
ਨਵਤੇਜ ਨੂੰ ਕੀ ਪਤਾ ਸੀ ਕਿ ਉਸਦੀ ਵਾਰੀ ਵੀ ਆਈ ਖੜ੍ਹੀ ਸੀ ਤੇ ਮਗਰੋਂ ਉਸਦੀ ਪਤਨੀ ਦਾ ਕੀ ਹਾਲ ਹੋਣਾ ਸੀ।
ਮੈਂ ਛੁੱਟੀ ਗਿਆ ਤਾਂ ਨਵਤੇਜ ਦੇ ਪਿੰਡ ਵੀ ਗੇੜਾ ਲੱਗਾ। ਸਾਡਾ ਆਉਣ-ਜਾਣ ਬਣਿਆ ਹੋਇਆ ਸੀ। ਜੀਤਾਂ ਭਾਬੀ ਦੀਆਂ ਚਿੱਠੀਆਂ ’ਚ ਪੜ੍ਹੇ ਦੁੱਖਾਂ-ਕਸ਼ਟਾਂ ਦੀ ਝਲਕ ਅੱਖੀਂ ਵੇਖੀ। ਸ਼ਾਦੀ-ਸ਼ੁਦਾ, ਅਨਪੜ੍ਹ ਜਿਹੇ ਰੇਸ਼ਮ ਦੀ, ਭਰਜਾਈ ਅਤੇ ਭਰਜਾਈ ਦੀ ਪੈਨਸ਼ਨ ’ਤੇ ਕਬਜ਼ਾ ਕਰਨ ਦੀ ਨੀਅਤ ਨੇ ਮੇਰੇ ਅੰਦਰ ਵਿਦਰੋਹ ਖੜ੍ਹਾ ਕਰ ਦਿੱਤਾ। ਜੀਤਾਂ ਦੀ ਸੁਚੱਜਤਾ ਅਤੇ ਪੜ੍ਹਾਈ ਦਾ ਪ੍ਰਭਾਵ ਤਾਂ ਮੇਰੇ ’ਤੇ ਪਹਿਲਾਂ ਹੀ ਸੀ। ਹੁਣ ਉਸਦੀ ਸੁੰਦਰਤਾ ਦੀ ਖਿੱਚ ਵੀ ਪੈਣ ਲੱਗ ਪਈ। ਅਜਿਹੇ ਪਲਾਂ ਵਿੱਚ ਮੈਨੂੰ ਅਪਣਾ-ਆਪ ਝੂਠਾ ਜਿਹਾ ਲੱਗਣ ਲੱਗ ਪੈਂਦਾ, ਜਿਵੇਂ ਮੈਂ ਨਵਤੇਜ ਨਾਲ਼ ਦਗਾ ਕਮਾ ਰਿਹਾ ਹੋਵਾਂ। ਮਨ ਅੰਦਰ ਕਸ਼ਮਕਸ਼ ਸ਼ੁਰੂ ਹੋ ਜਾਂਦੀ।
ਪਰ ਮੈਂ ਛੇਤੀ ਹੀ ਦੁਬਿਧਾ ’ਚੋਂ ਨਿਕਲ਼ ਆਇਆ ਸਾਂ। ਮੇਰੇ ਦੋਸਤ ਦੀ ਵਿਧਵਾ ਸੰਕਟ ’ਚ ਸੀ। ਉਸ ਨਾਲ਼ ਬੇਇਨਸਾਫ਼ੀ ਹੋ ਰਹੀ ਸੀ। ਬੇਇਨਸਾਫ਼ੀਆਂ, ਖ਼ੁਦਗਰਜ਼ੀਆਂ ਨੇ ਉਸਨੂੰ ਰੋਲ਼ ਦੇਣਾ ਸੀ। ਉਸਦੀ ਮਾਰੂਥਲੀ ਵਾਟ ਵਿੱਚ ਦੂਰ ਤੱਕ ਹਨ੍ਹੇਰਾ ਹੀ ਹਨ੍ਹੇਰਾ ਸੀ। ਜੀਤਾਂ ਨੂੰ ਚਿੱਠੀ ਰਾਹੀਂ ਟੋਹ ਲੈਣ ਬਾਅਦ ਮੈਂ ਉਸ ਨੂੰ ਅਪਨਾਉਣ ਦਾ ਫ਼ੈਸਲਾ ਕਰ ਲਿਆ। ਪਰ ਮੇਰੇ ਘਰਦਿਆਂ ਨੇ ਅੜਿੱਕਾ ਡਾਹ ਦਿੱਤਾ। ਮਾਂ ਤੇ ਬਾਪੂ ਚਿੱਠੀਆਂ ਵਿੱਚ ਵਾਸਤੇ ਜਿਹੇ ਪਾਉਣ ਲੱਗ ਪਏ, “ਸੌ ਸੁੱਖਾਂ ਦਾ ਤੂੰ ਸਾਡਾ ਇੱਕੋ-ਇੱਕ ਪੁੱਤ ਏਂ। ਅਪਣੇ ਮਨਾਂ ਵਿੱਚ ਅਸੀਂ ਤਾਂ ਪਤਾ ਨਹੀਂ ਕਦੋਂ ਦੇ ਤੇਰੇ ਵਿਆਹ ਦੀਆਂ ਰੀਝਾਂ ਬੁਣ ਰਹੇ ਹਾਂ। ਤੈਨੂੰ ਚੰਗੇ ਘਰਾਂ ਦੇ ਰਿਸ਼ਤੇ ਆ ਰਹੇ ਆ। ਵਿਧਵਾ ਨਾਲ਼ ਤੈਨੂੰ ਕਿਸ ਤਰ੍ਹਾਂ ਵਿਆਹ ਦਈਏ … ।”
ਮੈਥੋਂ ਵੱਡੀਆਂ ਤਿੰਨ ਭੈਣਾਂ ਨੇ ਵੀ ਇਹੋ ਜਿਹੀਆਂ ਹੀ ਚਿੱਠੀਆਂ ਪਾਈਆਂ ਸਨ, ‘ਸਾਨੂੰ ਮਸਾਂ-ਮਸਾਂ ਦੇ ਅਪਣੇ ਰਾਜੇ ਵੀਰ ਲਈ ਨਵੀਂ -ਨਵੇਲੀ ਦੁਲਹਨ ਚਾਹੀਦੀ ਏ … ।
ਮਾਪਿਆਂ ਦੀਆਂ ਰੀਝਾਂ ਸੱਧਰਾਂ ਮੇਰੇ ਪੈਰਾਂ ਦੀਆਂ ਬੇੜੀਆਂ ਬਣ ਗਈਆਂ। ਜੀਤਾਂ ਅੰਦਰ ਆਸ ਦੀ ਕਿਰਨ ਜਗਾ ਕੇ, ਉਸਨੂੰ ਹਨ੍ਹੇਰੇ ਵਿੱਚ ਹੀ ਛੱਡ ਦੇਣ ਦੀ ਨਮੋਸ਼ੀ ਮੇਰੇ ਮਨ ਵਿੱਚ ਜ਼ਿੰਦਗੀ ਭਰ ਖੁੱਭੀ ਰਹੀ।
ਮੇਰਾ ਵਿਆਹ ਹੋ ਗਿਆ। ਕੁਦਰਤੀ ਸੁੱਘੜ-ਸਿਆਣੀ ਪਤਨੀ ਮਿਲ਼ ਗਈ। ਉਸਦੇ ਸੰਗ, ਜੀਵਨ-ਸਫ਼ਰ ਦੇ ਸਾਲਾਂ ਦੇ ਸਾਲ ਕਦੋਂ ਬੀਤ ਗਏ, ਪਤਾ ਹੀ ਨਾ ਲੱਗਾ।
ਜੀਤਾਂ ਭਾਬੀ ਬਾਰੇ ਆਸਿਓਂ-ਪਾਸਿਓਂ ਖ਼ਬਰ ਮਿਲ਼ਦੀ ਰਹੀ। ਰੇਸ਼ਮ ਦੀ ਖੋਟੀ ਨੀਅਤ ਤੋਂ ਸਤ ਕੇ ਉਹ ਪੇਕੀਂ ਚਲੀ ਗਈ ਸੀ। ਲਾਗੇ ਪੈਂਦੇ ਸ਼ਾਮਚੁਰਾਸੀ ਕਸਬੇ ਦੇ ਨਾਮਵਰ ਉਸਤਾਦ ਕੋਲੋਂ ਸੰਗੀਤ ਦੀ ਲੰਮੀ ਸਿੱਖਿਆ ਲਈ ਤੇ ਇੱਕ ਸਕੂਲ ’ਚ ਸੰਗੀਤ ਅਧਿਆਪਕਾ ਲੱਗ ਗਈ। ਉਸਦੇ ਬੁੱਢੇ ਮਾਂ-ਪਿਉ ਨੂੰ ਉਸ ਨਾਲ਼ ਪੂਰਾ ਹਿਤ ਸੀ ਪਰ ਉਸਦੇ ਭਰਾਵਾਂ-ਭਰਜਾਈਆਂ ਦਾ ਹਿਤ ਉਸਦੀ ਪੈਨਸ਼ਨ ਤੇ ਤਨਖ਼ਾਹ ਨਾਲ਼ ਹੀ ਸੀ।
ਕੁੱਝ ਸਾਲਾਂ ਬਾਅਦ ਜੀਤਾਂ ਨੇ ਜਲੰਧਰ ਵਿੱਚ ਸੰਗੀਤ ਅਕੈਡਮੀ ਖੋਲ੍ਹ ਲਈ ਸੀ। ਅਕੈਡਮੀ ਦਾ ਵਾਹਵਾ ਨਾਂ ਬਣ ਗਿਆ ਸੀ ਪਰ ਜੀਤਾਂ ਦੇ ਕਿਸੇ ਸੰਗੀਤਕਾਰ ਨਾਲ਼ ਸਬੰਧਾਂ ਬਾਰੇ ਪਏ ਲੋਕ-ਰੌਲ਼ੇ ਨੇ ਅਕੈਡਮੀ ਦਾ ਨਾਂ ਮੱਧਮ ਪਾ ਦਿੱਤਾ ਸੀ।
ਨਵਤੇਜ ਨੂੰ ਮਾਰਨ ਵਾਲੀ ਜੰਗ ਤਾਂ ਸਿਰਫ਼ ਦੋ ਕੁ ਹਫ਼ਤੇ ਹੀ ਚੱਲੀ ਸੀ ਪਰ ਉਸਦੀ ਵਿਧਵਾ ਜੀਤਾਂ ਦੀ ਜੰਗ ਸਾਰੀ ਉਮਰ ਹੀ ਚੱਲਦੀ ਰਹੀ। ਤੇ ਇਸ ਜੰਗ ਵਿੱਚ ਉਸਨੂੰ ਪਤਾ ਨਹੀਂ ਕਿੰਨੀ ਵਾਰ ਮਰਨਾ ਪਿਆ ਸੀ।
ਮੈਂ ਜੰਗਾਂ ਵਾਲੀ ਨੌਕਰੀ ਦੇ ਆਸਰੇ ਟੱਬਰ ਪਾਲ਼ਦਾ ਰਿਹਾ। ਇੱਕੀ ਸਾਲ ਬਾਅਦ ਰਿਟਾਇਰ ਹੋਇਆ। ’ਕੱਲੀ ਪੈਨਸ਼ਨ ਨਾਲ਼ ਗੁਜ਼ਾਰਾ ਨਾ ਚੱਲਿਆ। ਅਪਣੀ ਥੋੜ੍ਹੀ ਕੁ ਜਮੀਨ ’ਚ ਖੇਤੀ ਕਰਨ ਲੱਗ ਪਿਆ।
ਸਾਡੀ ਵੱਡੀ ਲੜਕੀ ਕਨੇਡਾ ਵਿਆਹੀ ਗਈ। ਉਸਨੇ ਸਾਨੂੰ ਵੀ ਕਨੇਡਾ ਸੱਦ ਲਿਆ।
ਤੇ ਇੱਥੇ ਜਦੋਂ ‘ਕਮਿਸ਼ਨੇਅਰਜ਼’ ਦੀ ਫ਼ੌਜੀ ਰੈਂਕਾਂ ਵਾਲ਼ੀ ਸਕਿਉਰਟੀ ਵਰਦੀ ਪਾ ਕੇ ਬੇਸ ਵਿੱਚ ਫ਼ੌਜੀਆਂ ਨਾਲ਼ ਕੰਮ ਕਰਨ ਲੱਗਾ ਤਾਂ ਇੱਕ ਤਰ੍ਹਾਂ ਨਾਲ਼ ਮੁੜ ਫ਼ੌਜੀ ਬਣ ਗਿਆ। ਪਿਛਲੀ ਫ਼ੌਜੀ ਨੌਕਰੀ ਦੌਰਾਨ ਮਿਲ਼ੇ ਰਿਬਨ ਸਾਨੂੰੂ ਅਪਣੀਆਂ ਵਰਦੀਆਂ ’ਤੇ ਲਾਉਣੇ ਪੈਂਦੇ ਸਨ। ਕੰਪਨੀ ਦੀ ਸਲਾਨਾ-ਪਾਰਟੀ ਅਤੇ ਹੋਰ ਵਿਸ਼ੇਸ਼ ਮੌਕਿਆਂ ’ਤੇ ਮੈਡਲ ਵੀ ਲਾਈਦੇ ਸਨ।
ਪਿਛਲੀ ਸਲਾਨਾ ਪਾਰਟੀ ’ਚ ਕੰਪਨੀ ਦੇ ਕਲਾਇਟਾਂ ਦੇ ਪ੍ਰਤੀਨਿਧਾਂ ਵਜੋਂ ਸਟੀਵ ਵੀ ਆਇਆ ਸੀ। ਵਿਸਕੀ ਦੇ ਘੁੱਟ ਭਰਦੇ ਅਸੀਂ ਗੱਲਾਂ ਕਰ ਰਹੇ ਸਾਂ। ਉਸਦਾ ਧਿਆਨ ਮੇਰੇ ਮੈਡਲਾਂ ਵੱਲ ਚਲਾ ਗਿਆ। ਸੁਨਹਿਰੀ ਭਾਅ ਮਾਰਦੇ, ਕਿੰਗਰਿਆਂ ਵਾਲ਼ੇ ਇੱਕ ਮੈਡਲ ਨੂੰ ਨਿਹਾਰਦਿਆਂ ਉਸ ਪੁੱਛਿਆ, “ਇਹ ਕਿਹੜੀ ਜੰਗ ਦਾ ਹੈ?”
“1971 ਦੀ ਭਾਰਤ-ਪਾਕਿ ਜੰਗ ਦਾ।”
“ਭਰਾਵਾਂ ਨਾਲ਼ ਲੜੀਆਂ ਲੜਾਈਆਂ ਦੇ ਕਾਹਦੇ ਮੈਡਲ?”
ਮੈਨੂੰ ਪਤਾ ਸੀ, ਸਟੀਵ ਐਵੇਂ ਨਹੀਂ ਸੀ ਕਹਿ ਰਿਹਾ। ਅਫਗਾਨਿਸਤਾਨ ਜੰਗ ਦੀ ਰਣਨੀਤੀ ਦੇ ਸਬੰਧ ’ਚ, ਉਹ ਅਮਰੀਕਾ-ਕਨੇਡਾ ਦੇ ਵਿਸ਼ੇਸ਼ ਸੈਨਿਕਾਂ ਦੀ ਟੀਮ ਨਾਲ਼ ਪਾਕਿਸਤਾਨ ਜਾ ਆਇਆ ਸੀ। ਉਸ ਟੀਮ ਨੂੰ ਪਾਕਿਸਤਾਨ ਦੇ ਇਤਿਹਾਸ ਬਾਰੇ ਵੀ ਮੋਟੀ-ਮੋਟੀ ਜਾਣਕਾਰੀ ਦਿੱਤੀ ਗਈ ਸੀ। ਉਸਦੇ ਪ੍ਰਸ਼ਨ ਦੇ ਉੱਤਰ ’ਚ ਮੈਂ ਕਿਹਾ, “ਭਰਾ ਹੋਵੇ ਜਾਂ ਕੋਈ ਹੋਰ, ਜੇ ਉਹ ਜ਼ਿਆਦਤੀਆਂ ਤੋਂ ਬਾਜ ਨਹੀਂ ਆਉਂਦਾ ਤਾਂ ਉਸਨੂੰ ਸਬਕ ਤਾਂ ਸਿਖਾਉਣਾ ਹੀ ਪੈਂਦਾ ਏ।”
“ਪਰ ਡੇਵ! ਉਸ ਜੰਗ ਦੀ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ। ਉਹ ਤੁਹਾਡੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਦੀ ਸਿਆਸੀ ਖੇਡ ਸੀ।”
“ਸਟੀਵ! ਜੇ ਆਪਾਂ ਸਾਰੀ ਦੁਨੀਆਂ ਦੀਆਂ ਹੁਣ ਤੱਕ ਹੋਈਆਂ ਜੰਗਾਂ ਦੀ ਪੁਣ-ਛਾਣ ਕਰੀਏ ਤਾਂ ਉਚਿੱਤਤਾ ਤਾਂ ਸ਼ਾਇਦ ਕੁੱਝ ਕੁ ਜੰਗਾਂ ਦੀ ਹੀ ਬਣੇਗੀ … । ਇਹ ਐਫਗੈਨਿਸਤੈਨ ਜੰਗ ਵੀ ਤਾਂ ਆਪਾਂ ਅਪਣੇ ਗੁਆਂਢੀ ਦੇਸ਼ ਨੂੰ ਖੁਸ਼ ਕਰਨ ਲਈ ਲੜ ਰਹੇ ਹਾਂ ਕਿਉਂਕਿ ਉਹ ਸਾਡੇ ਵਣਜ-ਵਪਾਰ ਦਾ ਵੱਡਾ ਭਾਈਵਾਲ ਹੈ।”
ਸਟੀਵ ਮੇਰੇ ਨਾਲ਼ ਸਹਿਮਤ ਨਹੀਂ ਸੀ ਹੋਇਆ। ਦਰਅਸਲ ਪਿਛਲੇ ਕੁੱਝ ਸਮੇਂ ਤੋਂ ਉਹ ਅਪਣੇ ਆਪ ਨੂੰ ਜ਼ਿਆਦਾ ਹੀ ਸਮਝਣ ਲੱਗ ਪਿਆ ਸੀ। ਇੱਕ ਮੁੱਠਭੇੜ ’ਚ ਉਸ ਵੱਲੋਂ ਇੱਕ ਉੱਘੇ ਤਾਲਿਬਾਨ ਨੂੰ ਨਿਸ਼ਾਨਾ ਬਣਾਉਣ ਅਤੇ ਕੁਝ ਦਿਨਾਂ ਬਾਅਦ ਉਸਦੀ ਫ਼ੌਜੀ ਟੁਕੜੀ ਵੱਲੋਂ ਤਾਲਿਬਾਨਾਂ ਨੂੰ ਮੁਹਰੇ ਨਸਾ ਲੈਣ ਦੀਆਂ ਘਟਨਾਵਾਂ ਅਤੇ ਇਨ੍ਹਾਂ ਬਦਲੇ ਸਟੀਵ ਨੂੰ ਮਿਲ਼ੇ ਬਹਾਦਰੀ ਇਨਾਮ ਨੇ ਉਸਦੇ ਪੈਰ ਚੱਕ ਦਿੱਤੇ ਸਨ। ਮੈਨੂੰ ਡਮਿਟਰੀ ਤੋਂ ਇਹ ਵੀ ਪਤਾ ਲੱਗਾ ਸੀ ਕਿ ਸਟੀਵ ਸਟਾਫ਼-ਸਰਜੈਂਟ ਤੋਂ ਸਿੱਧਾ ਲੈਫਟੀਨੈਂਟ ਬਣਨ ਦੇ ਸੁਪਨੇ ਲੈ ਰਿਹਾ ਸੀ।
ਸਟੀਵ ਦੀ ਬੜ੍ਹਕ ਇੱਕ ਵੇਰਾਂ ਮੈਂ ਆਪ ਵੀ ਸੁਣੀ ਸੀ, “ਇਡੀਅਟ ਤਾਲਿਬਾਨ ਸਾਡੇ ਸਾਹਮਣੇ ਚੀਜ਼ ਕੀ ਨੇ। ਸਾਲ਼ੇ ਬਾਰਬੇਰੀਅਨ, ਹਨ੍ਹੇਰਾ ਢੋਣ ਵਾਲੇ। ਇਨ੍ਹਾਂ ਨੂੰ ਸਬਕ ਸਿਖਾ ਕੇ ਹੀ ਹਟਾਂਗੇ।”
ਉਸਦੀ ਮੌਤ ਵਾਲ਼ੇ ਦਿਨ, ਜਦੋਂ ਉਨ੍ਹਾਂ ਦੇ ਸੈਕਟਰ ਦੀਆਂ ਪਹਾੜੀਆਂ ਵਿੱਚ ਕੁੱਝ ਖੁੰਖਾਰ ਤਾਲਿਬਾਨਾਂ ਦੀ ਨਕਲੋ-ਹਰਕਤ ਦੀ ਸੂਹ ਮਿਲ਼ੀ ਤਾਂ ਸਟੀਵ ਮੈੱਸ ’ਚ ਸੀ। ਉਸਨੇ ਤਸੱਲੀ ਨਾਲ਼ ਢੁੱਕਵੀਂ ਪਲਾਨ ਨਹੀਂ ਸੀ ਬਣਾਈ। ਉਹ ਰੋਟੀ ਖਾਂਦਾ-ਖਾਂਦਾ, ਗਰੂਰ ਵਿੱਚ ਹੀ ਅਪਣੀ ਫ਼ੌਜੀ ਟੁਕੜੀ ਲੈ ਕੇ ਜਾ ਵੱਜਾ ਸੀ … ਤੇ ਜਦੋਂ ਉਹ ਉੱਲਰ-ਉੱਲਰ ਅਪਣੇ ਸੈਨਿਕਾਂ ਨੂੰ ਉਕਸਾਉਂਦਾ ਹੋਇਆ “ਸਮੈਸ਼ ਦੈੱਮ, ਸਮੈਸ਼ ਦੈੱਮ’’ ਆਖ ਰਿਹਾ ਸੀ, ਅਗਲਿਆਂ ਨੇ ਗਰਨੇਡ ਵਰ੍ਹਾ ਦਿੱਤਾ।
ਸਟੀਵ ਮੁੱਕ ਗਿਆ ਸੀ। ਜੰਗ ਨਹੀਂ ਸੀ ਮੁੱਕੀ … । ਨੈਨਸੀ ਦੀ ਜ਼ਿੰਦਗੀ, ਜਿਹੜੀ ਸਟੀਵ ਦੇ ਸਾਥ ਵਿੱਚ ਮਾਣਨ-ਹੰਢਾਉਣ ਵਾਲੀ ਚੀਜ਼ ਹੁੰਦੀ ਸੀ, ਹੁਣ ਜੰਗ ਬਣ ਚੁੱਕੀ ਸੀ … ਅਤਿ ਕਠੋਰ ਜੰਗ।
ਜਦੋਂ ਮੈਂ ਨੈਨਸੀ ਤੇ ਡਮਿਟਰੀ ਦੀ ਨੇੜਤਾ ਬਾਰੇ ਸੁਣਿਆਂ ਤਾਂ ਚੰਗਾ ਲੱਗਾ। ਆਸੇ-ਪਾਸੇ ਦੀਆਂ ਆਮ ਗੱਲਾਂ ਵਾਂਗ, ਇਸ ਗੱਲ ਨਾਲ਼ ਨਾ ਤਾਂ ਕੋਈ ਹੈਰਾਨੀ ਜੁੜੀ ਹੋਈ ਸੀ ਤੇ ਨਾ ਹੀ ਕੋਈ ਇਸਨੂੰ ਉਛਾਲ ਰਿਹਾ ਸੀ। ਮੇਰੇ ਲਈ ਇਹ ਸਕੂਨ ਵਾਲੀ ਗੱਲ ਸੀ। ਡਮਿਟਰੀ, ਨੈਨਸੀ ਲਈ ਉਹ ਕੁੱਝ ਕਰ ਰਿਹਾ ਸੀ, ਜਿਹੜਾ ਮੈਂ ਜੀਤਾਂ ਵਾਸਤੇ ਨਹੀਂ ਸਾਂ ਕਰ ਸਕਿਆ।
ਡਮਿਟਰੀ ਨਾਲ਼ ਗੱਲ ਹੋਈ ਤਾਂ ਉਸ ਆਖਿਆ, “ਡੇਵ! ਮੈਨੂੰ ਖੁਸ਼ੀ ਹੈ ਕਿ ਮੈਂ ਅਪਣੇ ਦੋਸਤ ਦੀ ਵਿਧਵਾ ਦੀ ਮਦਦ ਕਰ ਰਿਹਾਂ। ਨੈਨਸੀ ਵੀ ਚਾਹੁੰਦੀ ਏ। ਉਹ ਖੂਬਸੂਰਤ ਹੈ। ਉਸਨੇ ਅਪਣੇ ਆਪ ਨੂੰ ਮੇਨਟੇਨ ਕੀਤਾ ਹੋਇਐ। ਅਸੀਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਸਾਥੀ ਬਣਨਾ ਚੰਗਾ ਲੱਗ ਰਿਹੈ।”
“ਕਦੋਂ ਬਣ ਰਹੇ ਹੋ?”
“ਬੱਸ ਟਿੰਮ ਠੀਕ ਹੋ ਜਾਏ। ਅੱਜ-ਕਲ੍ਹ ਮੈਂ ਉਸਨੂੰ ਅਪਣੇ ਨੇੜੇ ਲਿਆ ਰਿਹਾਂ। ਉਸ ਨਾਲ਼ ਮੂਵੀਆਂ ਦੇਖਦਾਂ, ਉਸਨੂੰ ਸਟੋਰਾਂ, ਰੈਸਟੋਰੈਂਟਾਂ ’ਚ ਲੈ ਕੇ ਜਾਨਾ। ਮੈਂ ਉਸਨੂੰ ਸਮਝਾ ਰਿਹਾਂ ਕਿ ਜ਼ਿੰਦਗੀ ਨੂੰ ਏਨੀ ਸੀਰੀਅਸ ਨਾ ਬਣਾ। ਹੱਸ-ਖੇਡ ਤੇ ਅਪਣਾ ਫੰਨ ਕਰ।”
ਕੁੱਝ ਦਿਨਾਂ ਬਾਅਦ ਮੈਂ ਡਿਕਸਨ ਆਰਮੁਰੀ ਗਿਆ ਤਾਂ ਡਮਿਟਰੀ ਮਿਲ਼ ਪਿਆ। ਟਿੰਮ ਵੀ ਉਹਦੇ ਨਾਲ਼ ਸੀ। ਕਿਤਿਓਂ ਖਾ-ਪੀ ਕੇ ਆਏ ਸਨ। “ਡੇਵ! ਇੱਥੋਂ ਤੂੰ ਬੇਸ ਨੂੰ ਜਾਣੈ?” ਡਮਿਟਰੀ ਨੇ ਮੈਨੂੰ ਪੁੱਛਿਆ।
“ਯਾਅ!” ਮੈਂ ਉੱਤਰ ਦਿੱਤਾ।
“ਕੀ ਤੁੰ ਟਿੰਮ ਨੂੰ ਨੈਨਸੀ ਕੋਲ਼ ਛੱਡ ਦੇਵੇਂਗਾ। ਮੈਂ ਅਪਣਾ ਕੰਮ ਨਿਬੇੜ ਲੈਨਾ।”
“ਹਾਂ, ਛੱਡ ਦੇਵਾਂਗਾ।” ਮੈਂ ਟਿੰਮ ਦਾ ਹੱਥ ਫੜ੍ਹਦਿਆਂ ਆਖਿਆ।
ਕਾਰ ’ਚ ਬੈਠਦਿਆਂ ਟਿੰਮ ਦੀ ਨਿਗ੍ਹਾ ਪਿਛਲੀ ਸੀਟ ’ਤੇ ਪਈ ‘ਗਲੋਬ ਐਂਡ ਮੇਲ’ ਅਖਬਾਰ ਵੱਲ ਚਲੀ ਗਈ। ਉਠਾ ਕੇ ਉਹ ਫਰੋਲਣ ਲੱਗ ਪਿਆ … ਤੇ ਫਿਰ ਬੋਲਿਆ, “ਡੇਵ ਅੰਕਲ! ਤੂੰ ਇਹ ਖ਼ਬਰ ਪੜ੍ਹੀ ਹੈ?”
“ਕਿਹੜੀ?” ਬਿਜ਼ੀ ਹਾਈਵੇਅ ’ਚ ਖੁੱਭੀ ਮੇਰੀ ਨਜ਼ਰ ਟਿੰਮ ਵੱਲ ਘੁੰਮ ਗਈ। ਮੈਂ ਸੁਰਖੀ ਦੇਖੀ … ਖ਼ਬਰ ਦੋ ਅਮਰੀਕੀ ਸੈਨਿਕਾਂ ਬਾਰੇ ਸੀ। ਉਨ੍ਹਾਂ ਨੂੰ ਇਰਾਕ-ਅਫਗਾਨਿਸਤਾਨ ਦੀ ਜੰਗ ਉਚਿੱਤ ਨਹੀਂ ਸੀ ਲੱਗਦੀ … ਜਦੋਂ ਉਨ੍ਹਾਂ ਦੇ ਇਰਾਕ ਜਾਣ ਦੇ ਆਰਡਰ ਹੋਏ ਤਾਂ ਉਨ੍ਹਾਂ ਨੇ ਕਨੇਡਾ ਆ ਕੇ ਸ਼ਰਨ ਮੰਗ ਲਈ ਸੀ।
“ਹਾਂ ਪੜ੍ਹੀ ਹੈ। ਇਨ੍ਹਾਂ ਦੇ ਕੇਸ ਰਿਜੈਕਟ ਹੋ ਗਏ ਨੇ। ਫੈਸਲੇ ’ਚ ਕਿਹਾ ਗਿਐ ਕਿ ਸੈਨਿਕ ਨੂੰ ਜੰਗ ਤੋਂ ਭਾਜੂ ਨਹੀਂ ਹੋਣਾ ਚਾਹੀਦੈ, ਹੌਸਲੇ ਨਾਲ਼ ਲੜਨਾ ਚਾਹੀਦੈ।” ਮੈਂ ਦੱਸਿਆ।
ਟਿੰਮ ਦਾ ਗੋਰਾ ਚਿਹਰਾ ਭਖ ਪਿਆ। ਅੱਖਾਂ ’ਚੋਂ ਅੰਗਿਆਰ ਜਿਹੇ ਫੁੱਟਣ ਲੱਗੇ। ਅਖਬਾਰ ’ਕੱਠੀ ਕਰਕੇ ਪੱਟਾਂ ’ਤੇ ਮਾਰਦਾ ਹੋਇਆ ਬੋਲਿਆ, “ਉਨ੍ਹਾਂ ਸੈਨਿਕਾਂ ਦਾ ਜਵਾਬ ਵੀ ਦੇਖੋ। ਉਨ੍ਹਾਂ ਕਿਹੈ— ਜੰਗ ’ਚ ਫਿਜ਼ੀਕਲ ਕਰਿਜ ਨਾਲ਼ੋਂ ਮੌਰਲ ਕਰਿਜ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਰਫਿਊਜੀ ਬੋਰਡ ਦੀ ਕੋਰਟ ਅੱਗੇ ਇਹ ਸਵਾਲ ਸੀ ਕਿ ਨੈਤਿਕਤਾ ਦੇ ਆਧਾਰ ’ਤੇ ਜਿਸ ਜੰਗ ਦੀ ਕੋਈ ਜਸਟੀਫਿਕੇਸ਼ਨ ਹੀ ਨਹੀਂ ਬਣਦੀ, ਉਸਨੂੰੂ ਜਿਸਮਾਨੀ ਹੌਸਲੇ ਨਾਲ਼ ਲੜਨ ਦੀ ਜੋ ਤੁਕ ਹੈ, ਉਹ ਸਾਨੂੰ ਸਮਝਾਈ ਜਾਵੇ … ।” ਟਿੰਮ ਬੋਲੀ ਜਾ ਰਿਹਾ ਸੀ।
“ਡੀਅਰ ਟਿੰਮ! ਇਸ ਵੇਲੇ ਮੇਰਾ ਧਿਆਨ ਟਰੈਫਿਕ ’ਚ ਹੈ। ਆਪਾਂ ਫਿਰ ਕਿਸੇ ਵੇਲੇ ਗੱਲ ਕਰਾਂਗੇ।” ਮੈਂ ਮਿਠਾਸ ਨਾਲ਼ ਕਿਹਾ।
“ਹੁੰਅ … ਕੇਸਾਂ ਦੀ ਡਿਟੇਲਡ ਰਿਪੋਰਟ ਮੈਂ ਕੰਪਿਉਟਰ ’ਤੇ ਪੜ੍ਹਾਂਗਾ। ’’ ਆਖਦਾ ਉਹ ਚੁੱਪ ਹੋ ਗਿਆ।
ਦੂਜੇ ਦਿਨ ਬੇਸ ਦੀ ਕਰਿਸਮਸ ਪਾਰਟੀ ਸੀ। ਮੈਨੂੰ ਤੇ ਹੋਰਨਾਂ ਨੂੰ ਆਸ ਸੀ ਕਿ ਨੈਨਸੀ ਅਤੇ ਡਮਿਟਰੀ ਇਕੱਠੇ ਆਉਣਗੇ। ਪਰ ’ਕੱਲਾ ਡਮਿਟਰੀ ਹੀ ਆਇਆ ਸੀ।
ਅਗਲੀ ਸਵੇਰ ਮੈਂ ਪੇਅ-ਰੋਲ ਲੈ ਕੇ ਨੈਨਸੀ ਕੋਲ਼ ਗਿਆ ਤਾਂ ਪੁੱਛ ਲਿਆ, “ਨੈਨਸੀ ਕੱਲ੍ਹ ਤੁਸੀਂ ਪਾਰਟੀ ’ਚ ਨਹੀਂ ਆਏ?”
“ਡੇਵ ਕੀ ਦੱਸਾਂ! ਅਮਰੀਕੀ ਸੈਨਿਕਾਂ ਦੇ ਕੇਸ ਨੂੰ ਲੈ ਕੇ ਟਿੰਮ ਬਹੁਤ ਜ਼ਿਆਦਾ ਅੱਪਸੈਟ ਹੋ ਗਿਆ ਏ। ਕਹਿੰਦੈ ਉਨ੍ਹਾਂ ਨਾਲ਼ ਇਨਸਾਫ਼ ਨਹੀਂ ਹੋਇਆ। ਉਨ੍ਹਾਂ ਦੀ ਮੌਰਲ ਕਰਿੱਜ ਵਾਲੀ ਗੱਲ ਬੜੀ ਵਜ਼ਨਦਾਰ ਹੈ … ਡੈਡ ਨੂੰ ਵੀ ਨੈਤਿਕ ਹੌਸਲਾ ਦਿਖਾਉਣਾ ਚਾਹੀਦਾ ਸੀ,” ਨੈਨਸੀ ਜ਼ਰਾ ਰੁਕੀ ਤੇ ਫਿਰ ਬੋਲੀ, “ਜੇ ਮੈਂ ਡਮਿਟਰੀ ਨੂੰ ਸਾਥੀ ਬਣਾਉਂਦੀ ਹਾਂ ਤਾਂ ਕੱਲ੍ਹ ਨੂੰ ਜਦੋਂ ਉਸਨੂੰ ਐਫਗੈਨਿਸਤੈਨ ਜਾਂ ਕਿਸੇ ਹੋਰ ਜੰਗ ’ਚ ਜਾਣਾ ਪਿਆ ਤਾਂ ਇਹ ਉਸਨੂੰ ਵੀ ਨੈਤਿਕ ਹੌਸਲਾ ਦਿਖਾਉਣ ਲਈ ਆਖੇਗਾ।”
“ਇਲਾਜ ਨਾਲ਼ ਵੀ ਕੋਈ ਖ਼ਾਸ ਫ਼ਰਕ ਨਹੀਂ ਪੈ ਰਿਹਾ।” ਮੈਂ ਆਖਿਆ।
“ਫ਼ਰਕ ਤਾਂ ਪੈਂਦਾ ਹੈ ਪਰ ਜਦੋਂ ਏਦਾਂ ਦੀ ਕੋਈ ਗੱਲ ਪੜ੍ਹ-ਸੁਣ ਲੈਂਦੈ ਤਾਂ ਫਿਰ ਉਵੇਂ ਹੀ ਹੋ ਜਾਂਦੈ। ਹਾਲਾਤ ਦੀਆਂ ਬੇਤੁਕੀਆਂ ਦਾ ਪ੍ਰੈਸ਼ਰ ਉਸ ’ਤੇ ਵੱਧਦਾ ਹੀ ਜਾ ਰਿਹੈ। ਜਦੋਂ ਮੈਂ ਉਸਦੀਆਂ ਕਦੀ ਸੁੰਨੀਆਂ ਤੇ ਕਦੀ ਬਲ਼ਦੀਆਂ ਅੱਖਾਂ ’ਚ ਅੱਖਾਂ ਪਾ ਕੇ ਉਸਦੇ ਗੁਆਚੇ ਜਾਂ ਤਮਤਮਾਏ ਚਿਹਰੇ ਨੂੰ ਤੱਕਦੀ ਹਾਂ ਤਾਂ ਧੁਰ ਅੰਦਰ ਤੱਕ ਕੰਬ ਜਾਂਦੀ ਹਾਂ … ਪਤੀ ਦੀ ਮੌਤ ਮੇਰੇ ਵਾਸਤੇ ਬਹੁਤ ਵੱਡੀ ਸੱਟ ਸੀ। ਮੈਂ ਸਹਿ ਲਈ। ਉਸੇ ਘਟਨਾਵੀ ਚੱਕਰ ’ਚ ਜੇ ਹੁਣ ਮੇਰੇ ਪੁੱਤ ਨੂੰ ਕੁੱਝ ਹੋ ਗਿਆ ਤਾਂ ਮੇਰੀ ਦੁਨੀਆਂ ਉੱਜੜ ਜਾਏਗੀ … ਮੈਂ ਫੌਜ ਤੋਂ ਡਿਸਚਾਰਜ ਲੈਣ ਦਾ ਫੈਸਲਾ ਕਰ ਲਿਆ ਹੈ।”

ਜਰਨੈਲ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!