ਮਾੜਾ ਬੰਦਾ – ਜਿੰਦਰ

Date:

Share post:

ਸਰਬਜੀਤ ਵਾਰ-ਵਾਰ ਆ ਰਹੀ ਹੈ। ਕੁਝ ਪਲ ਖੜਦੀ ਹੈ।
ਫੇਰ ਕਿਸੇ ਨਾ ਕਿਸੇ ਕੰਮ ਜਾ ਲੱਗਦੀ ਹੈ। ਮੇਰੇ ਵੱਲ ਦੇਖ ਕੇ ਉਸ ਨੂੰ ਅੱਚੋਤਾਈ ਲੱਗੀ ਹੈ। ਉਹ ਪ੍ਰੇਸ਼ਾਨ ਹੋ ਜਾਂਦੀ ਹੈ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਸ ਦੀ ਇਸ ਪ੍ਰੇਸ਼ਾਨੀ ਦਾ ਕਾਰਨ ਮੈਂ ਹਾਂ। ਮੈਂ ਪਿਛਲੇ ਤਿੰਨ ਘੰਟਿਆਂ ਤੋਂ ਕੰਪਿਊਟਰ ਅੱਗੇ ਬੈਠਾ ਹਾਂ। ਹਰਕਤਹੀਣ। ਫੇਰ ਉਸ ਦੇ ਸਬਰ ਦਾ ਪਿਆਲਾ ਭਰ ਜਾਂਦਾ ਹੈ। ਉਹ ਪੁੱਛਦੀ ਹੈ, ”ਤੁਸੀਂ ਕਿਸੇ ਟੈਨਸ਼ਨ ’ਚ ਲੱਗਦੇ ਓ। ਅੱਪਸੈਟ ਹੋ। ਹੈ ਨਾ?’’ ਮੈਂ ਨਾਂਹ ਦੀ ਮੁਦਰਾ ’ਚ ਸਿਰ ਹਿਲਾ ਦਿੰਦਾ ਹਾਂ। ਉਹ ਮੇਰੇ ਮੱਥੇ ’ਤੇ ਹੱਥ ਰੱਖਦੀ ਹੈ। ਅਗਾਂਹ ਨੂੰ ਮੂੰਹ ਕਰਕੇ ਕਹਿੰਦੀ ਹੈ, ”ਮੈਥੋਂ ਕਿਉਂ ਝੂਠ ਬੋਲਦੇ ਹੋ। ਸੱਚ ਸੱਚ ਦੱਸੋ। ਵਿਚੋਂ ਕੀ ਗੱਲ ਆ?’’ ਮੈਂ ਕੰਪਿਊਟਰ ’ਤੇ ਹੀ ਨਜ਼ਰਾਂ ਟਿਕਾਈ ਦੱਸਦਾ ਹਾਂ, ”ਕੋਈ ਖਾਸ ਨ੍ਹੀਂ। ਮੈਂ ਇਕ ਮਾੜੇ ਬੰਦਾ ਦੀ ਪਹਿਚਾਣ ਕਰ ਰਿਹਾਂ। ਇਹ ਮਾੜਾ ਬੰਦਾ ਮੇਰੇ ਗੇੜ ’ਚ ਨ੍ਹੀਂ ਆ ਰਿਹਾ।’’ ਉਹ ਫਿਰ ਪੁੱਛਦੀ ਹੈ, ”ਮਾੜਾ ਬੰਦਾ ਹੈ ਕੌਣ?’’ ਹੁਣ ਮੈਂ ਇਹਨੂੰ ਕੀ ਦੱਸਾਂ। ਇਹੀ ਕਿ ਮੈਂ ਟੈਨਸ਼ਨ ’ਚ ਹਾਂ। ਮੇਰੀ ਟੈਨਸ਼ਨ ਦੇ ਕਈ ਕਾਰਨ ਹਨ। ਵੱਡਾ ਕਾਰਨ ‘ਮਾੜਾ ਬੰਦਾ’ ਹੈ। ਇਹ ਮਾੜਾ ਬੰਦਾ ਕੌਣ ਹੈ? ਦਲਜੀਤ ਸਿੰਘ? ਮੋਹਨ ਲਾਲ? ਮੈਂ ਖੁਦ? ਜਾਂ ਕੋਈ ਹੋਰ? ਮੈਥੋਂ ਇਸ ਗੱਲ ਦਾ ਨਖੇੜਾ ਨਹੀਂ ਹੋ ਰਿਹਾ।
ਮੈਂ ਕੰਪਿਊਟਰ ਅੱਗੇ ਜਿਉਂ ਦਾ ਤਿਉਂ ਬੈਠਾ ਹਾਂ। ਮਨੀਟਰ ’ਤੇ ਬਾਈ ਪੁਆਇੰਟ ’ਚ ‘ਮਾੜਾ ਬੰਦਾ’ ਲਿਖਿਆ ਹੋਇਆ ਹੈ। ਕੁਝ ਚਿਰ ਬਾਅਦ ‘ਮਾੜਾ ਬੰਦਾ’ ਅੱਖਰ ਅਲੋਪ ਹੋ ਜਾਂਦੇ ਹਨ। ਸਕਰੀਨ ਸੇਵਰ ਆ ਜਾਂਦਾ ਹੈ। ਮੈਂ ਮੁੜ ਤੋਂ ਮਾਊਸ ਨੂੰ ਹਿਲਾਉਂਦਾ ਹਾਂ। ਦਰਅਸਲ ਮੈਂ ਅਜਿਹੀ ਤਕਨੀਕ ਦੀ ਭਾਲ ’ਚ ਹਾਂ ਕਿ ਮੈਂ ਚੌਹਾਂ ਦੀ ਕਥਾ ਲਿਖ ਦਿਆਂ। ਆਖਰ ’ਚ ਮੈਂ ਕੰਪਿਊਟਰ ਨੂੰ ਅਜਿਹੀ ਕਮਾਂਡ ਦੇਵਾਂ ਜਿਸ ਨਾਲ ਮੈਨੂੰ ਇਹ ਪਤਾ ਲੱਗ ਜਾਵੇ ਕਿ ‘ਮਾੜਾ ਬੰਦਾ’ ਹੈ ਕੌਣ। ਪਰ ਅਜੇ ਤਾਈਂ ਮੈਨੂੰ ਅਜਿਹਾ ਕੋਈ ਨੁਕਤਾ ਨਹੀਂ ਲੱਭਿਆ।
ਮੈਂ ਸਰਬਜੀਤ ਨੂੰ ਬੁੱਲ੍ਹਾਂ ’ਤੇ ਉਂਗਲ ਰੱਖ ਕੇ ਚੁੱਪ ਚਾਪ ਬੈਠਣ ਦਾ ਇਸ਼ਾਰਾ ਕਰਦਾ ਹਾਂ।
‘ਮਾੜਾ ਬੰਦਾ’ ਅੱਖਰਾਂ ’ਚੋਂ ਦੋ ਅੱਖਾਂ ਪ੍ਰਗਟ ਹੁੰਦੀਆਂ ਹਨ। ਮੈਨੂੰ ਘੂਰਦੀਆਂ ਹਨ। ਮੈਂ ਵੀ ਉਹਨਾਂ ਵੱਲ ਸਿੱਧਾ ਹੀ ਦੇਖਦਾ ਹਾਂ। ਫੇਰ ਦੋ ਬੁੱਲ੍ਹ ਦਿੱਸਦੇ ਹਨ। ਇਕ ਆਵਾਜ਼ ਆਉਂਦੀ ਹੈ, ”ਵੱਡਿਆ ਹਰੀਸ਼ ਚੰਦਰਾ ਸੱਚ ਬੋਲ ਕੇ ਦਿਖਾ ਤਾਂ।’’ ਮੈਂ ਸੱਚ ਬੋਲਣ ਲਈ ਆਪਣੇ ਆਪ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਹੋਇਆ ਹੈ। ਗੱਲ ਆਪਣੇ ਆਪ ਜਾਂ ਮੋਹਨ ਲਾਲ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਮੇਰੀਆਂ ਉਂਗਲਾਂ ਕੀ-ਬੋਰਡ ’ਤੇ ਹਰਕਤ ਕਰਨ ਲੱਗਦੀਆਂ ਹਨ ਕਿ ਦਲਜੀਤ ਸਿੰਘ ਮੇਰਾ ਹੱਥ ਫੜ ਲੈਂਦਾ ਹੈ। ਉਹ ਕਹਿਣਾ ਸ਼ੁਰੂ ਕਰਦਾ ਹੈ, ”ਮੈਂ ਇਸ ਕਥਾ ਦਾ ਮੁੱਖ ਪਾਤਰ ਹਾਂ। ਪਹਿਲਾਂ ਮੇਰੇ ਬਾਰੇ ਦੱਸ।’’ ਮਗਰੇ ਹੀ ਮੋਹਨ ਲਾਲ ਦਾ ਚਿਹਰਾ ਪ੍ਰਗਟ ਹੋ ਜਾਂਦਾ ਹੈ। ਉਹ ਕਹਿੰਦਾ ਹੈ, ”ਦਲਜੀਤ ਸਿੰਘ ਕਿਉਂ? ਪਹਿਲਾਂ ਮੈਂ ਹਾਂ। ਮੈਨੂੰ ਪਤਾ ਕਿ ਤੁਸੀਂ ਮੇਰੀ ਗੱਲ ਬਾਅਦ ’ਚ ਹੀ ਕਰਨੀ ਆ। ਤੁਸੀਂ ਪੁੱਛੋ-ਮੈਂ ਇਹ ਕਿਵੇਂ ਜਾਣ ਲਿਆ। ਮੈਨੂੰ ਪਤਾ ਆ ਕਿ ਸਦੀਆਂ ਬੀਤ ਚੱਲੀਆਂ ਨੇ। ਕਥਾਵਾਂ ਵੱਡਿਆਂ ਬੰਦਿਆਂ ਤੋਂ ਸ਼ੁਰੂ ਹੁੰਦੀਆਂ ਨੇ। ਵੱਡਿਆਂ ’ਤੇ ਹੀ ਖਤਮ ਹੋ ਜਾਂਦੀਆਂ ਨੇ।’’ ਮੈਂ ਦੋਹਾਂ ਨੂੰ ਹੀ ਛੱਡ ਕੇ ਆਪਣੇ ਆਪ ਬਾਰੇ ਪਹਿਲਾਂ ਦੱਸਣਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਠੀਕ ਰਹੇਗਾ। ਮੇਰੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਰਹੇਗਾ। ਪਰ ਇਹ ਦੋਵੇਂ ਜਣੇ ਮੇਰੀ ਕੋਈ ਪੇਸ਼ ਨਹੀਂ ਜਾਣ ਦਿੰਦੇ। ਮੈਂ ਇਨ੍ਹਾਂ ਨੂੰ ਸਮਝਾਉਂਦਾ ਹਾਂ, ”ਤੁਹਾਨੂੰ ਆਪੋ ਆਪਣੇ ਡਰ ਕਿਉਂ ਮਾਰੀ ਜਾ ਰਹੇ ਨੇ? ਹੋ ਸਕਦਾ ਹੈ ਕਿ ਇਸ ਕਥਾ ਦਾ ਮਾੜਾ ਬੰਦਾ ਕੋਈ ਹੋਰ ਜਣਾ ਹੀ ਹੋਵੇ। ਅਜੇ ਤਾਂ ਮੈਂ ਸਾਰਿਆਂ ਦੀਆਂ ਅੰਦਰਲੀਆਂ ਪਰਤਾਂ ਫਰੋਲਣੀਆਂ ਨੇ।’’ ਇਹ ਦੋਵੇਂ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹਨ। ਮੈਂ ਕੰਨਾਂ ’ਚ ਉਂਗਲਾਂ ਲੈ ਲੈਂਦਾ ਹਾਂ। ਕੁਝ ਚਿਰ ਬਾਅਦ ਉਂਗਲਾਂ ਹਟਾਉਂਦਾ ਹਾਂ। ਹੁਣ ਕੁਝ ਕੁ ਸ਼ਾਂਤੀ ਹੈ। ਮੈਂ ਪਰ੍ਹਾਂ ਪਿਆ ਕਾਗਜ਼ ਚੁੱਕਦਾ ਹਾਂ। ਚਾਰ ਪਰਚੀਆਂ ਬਣਾਉਂਦਾ ਹਾਂ। ਪਹਿਲੀ ਪਰਚੀ ’ਤੇ ਲਿਖਦਾ ਹਾਂ। ਮੈਂ ਉਰਫ਼ ਬਲਕਾਰ ਸਿੰਘ-ਸੁਪਰਡੈਂਟ। ਦੂਜੀ ’ਤੇ ਲਿਖਦਾ ਹਾਂ-ਕੋਈ ਹੋਰ ਜਣਾ। ਤੀਜੀ ’ਤੇ ਮੈਥੋਂ ਲਿਖਿਆ ਜਾਂਦਾ ਹੈ-ਦਲਜੀਤ ਸਿੰਘ, ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ)। ਚੌਥੇ ’ਤੇ ਲਿਖਦਾ ਹਾਂ-ਮੋਹਨ ਲਾਲ, ਸੇਵਾਦਾਰ। ਮੈਂ ਅੱਖਾਂ ਮੀਚ ਕੇ ਚਾਰੇ ਪਰਚੀਆਂ ਨੂੰ ਆਪਸ ਵਿੱਚ ਮਿਲਾ ਦਿੰਦਾ ਹਾਂ। ਸਰਬਜੀਤ ਨੂੰ ਇਨ੍ਹਾਂ ’ਚੋਂ ਕਿਸੇ ਇਕ ਪਰਚੀ ਨੂੰ ਚੁੱਕਣ ਲਈ ਇਸ਼ਾਰਾ ਕਰਦਾ ਹਾਂ। ਉਹ ਇਕ ਪਰਚੀ ਚੁੱਕਦੀ ਹੈ। ਖੋਲ੍ਹਦੀ ਹੈ। ਦਲਜੀਤ ਸਿੰਘ ਦਾ ਨਾਂ ਨਿਕਲਦਾ ਹੈ।
ਮੇਰੀਆਂ ਉਂਗਲਾਂ ਤੇਜ਼ੀ ਨਾਲ ਕੀ-ਬੋਰਡ ’ਤੇ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਦਲਜੀਤ ਸਿੰਘ ਦੇ ਕਮਰੇ ਬਾਹਰ ਨੇਮ ਪਲੇਟ ’ਤੇ ਕਾਲਿਆਂ ਅੱਖਰਾਂ ’ਚ ਲਿਖਿਆ ਹੈ-ਦਲਜੀਤ ਸਿੰਘ। ਸਹਾਇਕ ਕੰਟੋਰਲਰ (ਵਿੱਤ ਤੇ ਲੇਖਾ)। ਕਮਰੇ ਵਿੱਚ ਇੱਕ ਵੱਡਾ ਸਾਰਾ ਮੇਜ਼ ਪਿਆ ਹੈ। ਰਿਵਾਲਵਿੰਗ ਚੇਅਰ ਹੈ। ਖੱਬੇ ਹੱਥ ਚਾਰ ਕੁਰਸੀਆਂ ਪਈਆਂ ਹਨ। ਸਾਹਮਣੇ ਛੇ ਕੁਰਸੀਆਂ ਹਨ। ਸੱਜੇ ਹੱਥ ਵਾਲਾ ਪਾਸਾ ਖਾਲੀ ਹੈ। ਚਾਰ ਕੁ ਫੁੱਟ ’ਤੇ ਸਟੀਲ ਦੀ ਅਲਮਾਰੀ ਹੈ। ਇਸ ਅਲਮਾਰੀ ਨੂੰ ਉਸ ਕਦੇ ਖੋਲ੍ਹ ਕੇ ਨਹੀਂ ਦੇਖਿਆ। ਉਸਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਕਿਹੜਾ ਡਾਕੂਮੈਂਟਸ ਕਿਸ ਖਾਨੇ ’ਚ ਪਿਆ ਹੈ। ਕੰਮ ਕਰਦਿਆਂ ਹੋਇਆਂ ਉਹ ਬਹੁਤ ਕੁਝ ਭੁੱਲ ਜਾਂਦਾ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਸ ਨੇ ਟੈਲੀਫੋਨ ਕਰਕੇ ਗੈਸ ਬੁੱਕ ਕਰਵਾਉਣਾ ਸੀ। ਹਸਪਤਾਲ ’ਚ ਦਾਖਲ ਆਪਣੇ ਸਾਂਢੂ ਦੇ ਅਪ੍ਰੇਸ਼ਨ ਦੀ ਤਾਜ਼ਾ ਸਥਿਤੀ ਬਾਰੇ ਜਾਣਨਾ ਸੀ। ਭਤੀਜੀ ਦੇ ਆਈਲੈਟਸ ਦੇ ਰਜ਼ਿਲਟ ਬਾਰੇ ਪੁੱਛਣਾ ਸੀ। ਅਚਨਚੇਤ ਉਸਨੂੰ ਯਾਦ ਆਉਂਦਾ ਹੈ ਕਿ ਅੱਜ ਛੱਬੀ ਤਰੀਕ ਹੋ ਗਈ ਹੈ। ਉਸ ਤਾਂ ਅਜੇ ਇਨਕਮ ਟੈਕਸ ਦੀ ਰੀਟਰਨ ਨਹੀਂ ਭਰੀ। ਸਿਰਫ਼ ਪੰਜ ਦਿਨ ਰਹਿ ਗਏ ਸਨ। ਉਹ ਸੱਜੇ ਹੱਥ ਲੱਗੀ ਘੰਟੀ ਵਾਲਾ ਬਟਨ ਦਬਾਉਂਦਾ ਹੈ। ਸੇਵਾਦਾਰ ਆ ਹਾਜ਼ਰ ਹੁੰਦਾ ਹੈ। ਉਹ ਕਹਿੰਦਾ ਹੈ, ”ਮਰ ਜਾਣਾ ਸੀ। ਚੰਗੇ ਵੇਲੇ ਯਾਦ ਆ ਗਿਆ। ਤੂੰ ਵੀ ਮੈਨੂੰ ਯਾਦ ਨ੍ਹੀਂ ਕਰਾਇਆ। ਮੈਂ ਦਫਤਰ ਦੇ ਕੰਮ ’ਚ ਹੀ ਲੱਗਾ ਰਹਿੰਦਾ ਹਾਂ। ਆਪਣੇ ਕੰਮ ਭੁੱਲ ਜਾਂਦਾ ਹਾਂ। ਮੇਰੀ ਪਰਸਨਲ ਫਾਇਲ ਕੱਢੀਂ। ਇਨਕਮ ਟੈਕਸ ਰਿਟਰਨ ਭਰਨੀ ਆ।’’ ਸੇਵਾਦਾਰ ਉਹਨੂੰ ਫਾਇਲ ਫੜਾਉਂਦਾ ਹੈ। ਉਹ ਫਾਰਮਾਂ ਦੇ ਵੱਖ ਵੱਖ ਕਾਲਮਾਂ ਨੂੰ ਦੇਖਦਾ ਹੈ। ਭਰਦਾ ਹੈ। ਫੇਰ ਘੰਟੀ ਮਾਰਦਾ ਹੈ। ਸੇਵਾਦਾਰ ਨੂੰ ਕਹਿੰਦਾ ਹੈ, ”ਰਮੇਸ਼ ਨੂੰ ਬੁਲਾ। ਅੱਜ ਹੀ ਫਾਰਮ ਜਮ੍ਹਾ ਕਰਵਾ ਆਵੇ। ਕੱਲ੍ਹ ਤੇ ਪਰਸੋਂ ਸ਼ਨੀਵਾਰ ਐਤਵਾਰ ਆ। ਸੋਮਵਾਰ ਬਹੁਤ ਰਸ਼ ਹੋ ਜਾਣਾ। ਆਖਰੀ ਦਿਨ ਚਲ ਰਹੇ। ਮੈਂ ਹੁਣ ਆਪਣੇ ਕੰਮਾਂ ਦੀ ਲਿਸਟ ਬਣਾ ਕੇ ਸ਼ੀਸ਼ੇ ਥੱਲੇ ਰੱਖਿਆ ਕਰਾਂਗਾ।…ਤੂੰ ਪਹਿਲਾਂ ਜਿਥੋਂ ਫਾਇਲ ਚੁੱਕੀ ਉਥੇ ਹੀ ਰੱਖ ਦੇ।’’ ਸੇਵਾਦਾਰ ਉਸ ਦੇ ਕਹੇ ਨੂੰ ਸਿਰ ਮੱਥੇ ਮੰਨਦਾ ਹੈ। ਫਾਇਲ ਫੇਰ ਅਲਮਾਰੀ ’ਚ ਕੈਦ ਹੋ ਜਾਂਦੀ ਹੈ। ਉਹ ਸੇਵਾਦਾਰ ਨੂੰ ਕਹਿੰਦਾ ਹੈ, ”ਛੱਡ ਯਾਰ, ਰਮੇਸ਼ ਨੂੰ ਰਹਿਣ ਦੇ। ਉਸ ਦੇ ਕੰਮ ਦਾ ਲੌਸ ਹੋਵੇਗਾ। ਮੈਂ ਆਪਣੇ ਬੇਟੇ ਨੂੰ ਕਹਾਂਗਾ। ਉਹ ਆਪੇ ਜਮ੍ਹਾਂ ਕਰਵਾ ਆਊਗਾ…।’’
ਉਸ ਨੂੰ ਇਸ ਦਫ਼ਤਰ ’ਚ ਆਇਆਂ ਛੇ ਸਾਲ ਹੋ ਗਏ ਹਨ। ਬ੍ਰਾਂਚ ਦੇ ਬਾਬੂ ਹਰ ਸਾਲ ਮਾਰਚ-ਅਪ੍ਰੈਲ ’ਚ ਕਿਆਸ ਲਾਉਣੇ ਸ਼ੁਰੂ ਕਰ ਦਿੰਦੇ ਹਨ ਕਿ ਉਹ ਇਸ ਸਾਲ ਬਦਲ ਜਾਵੇਗਾ। ਇਸ ਸਮੇਂ ਉਹਨਾਂ ਨੂੰ ਕੁਲਦੀਪ ਸਿੰਘ ਬਣਵੈਤ ਬਹੁਤ ਯਾਦ ਆਉਂਦਾ ਹੈ। ਸਾਰੇ ਇਕੋ ਸੁਰ ਵਿੱਚ ਕਹਿੰਦੇ ਹਨ, ”ਉਹਨਾਂ ਵਰਗਾ ਕੋਈ ਅਫ਼ਸਰ ਮੁੜ ਕੇ ਨ੍ਹੀਂ ਆਉਣਾ। ਕੋਈ ਦੋ ਘੰਟਿਆਂ ਦੀ ਛੁੱਟੀ ਮੰਗਦਾ ਤਾਂ ਉਹ ਚਾਰ ਘੰਟਿਆਂ ਦੀ ਛੁੱਟੀ ਦਿੰਦੇ। ਅੱਧੇ ਦਿਨ ਦੀ ਛੁੱਟੀ ਲਾਉਂਦੇ ਹੀ ਨਾ। ਉਹਨਾਂ ਦੇ ਰਾਜ ਵਿੱਚ ਸੁਖਪਾਲ ਤੇ ਜਸਪਾਲ ਨੇ ਬਹੁਤ ਮੌਜਾਂ ਲੁੱਟੀਆਂ। ਉਹ ਕਹਿੰਦੇ-‘ਸਰਕਾਰ ਦੇ ਕੰਮ ਵੀ ਕਦੇ ਵੀ ਮੁੱਕੇ ਆ। ਤੁਸੀਂ ਆਪਣੇ ਘਰ ਦੇ ਕੰਮਾਂ ਨੂੰ ਪਹਿਲਾਂ ਕਰੋ। ਤੁਹਾਡੇ ਕੰਮ ਦਾ ਕੀ ਆ। ਕਟੌਤੀਆਂ, ਡੀ. ਏ. ਤੇ ਅਡਵਾਂਸਾਂ ਦੀਆਂ ਫਿਗਰਾਂ ਇੱਥੇ ਬੈਠ ਕੇ ਫਾਰਮਾਂ ’ਚ ਭਰ ਲਓ। ਕੈਲਕੁਲੇਸ਼ਨ ਘਰੇ ਬੈਠ ਕੇ ਵੀ ਕੀਤੀ ਜਾ ਸਕਦੀ ਹੈ।’ ਦੱਸੋ-ਕਿਸੇ ਦਾ ਕੋਈ ਕੰਮ ਪੈਂਡਿੰਗ ਰਿਹਾ। ਕਿਸੇ ਨੇ ਕੋਈ ਉਲਾਂਭਾ ਲਿਆ।’’ ਜੁਲਾਈ-ਅਗਸਤ ਗੁਜਰ ਜਾਂਦੇ ਹਨ। ਉਨ੍ਹਾਂ ਦੇ ਲਗਾਏ ਕਿਆਸ ਝੂਠੇ ਨਿਕਲਦੇ ਹਨ। ਕਿਉਂਕਿ ਇਸ ਬ੍ਰਾਂਚ ਦਾ ਕੰਮ ਹੀ ਅਜਿਹਾ ਹੈ ਕਿ ਕੋਈ ਵੀ ਅਕਾਉੂਂਟ ਅਫਸਰ ਇਥੇ ਰਹਿ ਕੇ ਖੁਸ਼ ਨਹੀਂ। ਕਿਹੜਾ ਸਾਰਾ ਦਿਨ ਮੱਥਾ ਮਾਰੇ। ਇਕੋ ਜਿਹਾ ਕੰਮ। ਇਕੋ ਜਿਹੀ ਰੁਟੀਨ। ਜੇ ਕੋਈ ਹੋਰ ਕੰਮ ਹੋਵੇ ਤਾਂ ਅਫ਼ਸਰ ਘੁੱਗੀ ਮਾਰ ਕੇ ਫਾਇਲ ਅਗਾਂਹ ਤੋਰ ਦਿੰਦੇ ਹਨ। ਪਰ ਇੱਥੇ ਤਾਂ ਜੀ. ਪੀ. ਐਫ਼. ਦੀ ਅਦਾਇਗੀ ਹੁੰਦੀ ਹੈ। ਅਡਵਾਂਸ ਤੇ ਅੰਤਮ ਅਦਾਇਗੀ। ਜੇ ਕਿਸੇ ਨੂੰ ਵੱਧ ਅਦਾਇਗੀ ਹੋ ਗਈ ਤਾਂ ਕਿਸ ਭੜੂਏ ਨੇ ਵਾਪਸ ਕਰਨੀ ਹੈ। ਪੈਸੇ ਆਪਣੇ ਸਿਰ ਪੈ ਜਾਂਦੇ ਹਨ। ਪੂਰੀ ਇਕਾਗਰਤਾ ਨਾਲ ਕੰਮ ਕਰਨਾ ਪੈਂਦਾ ਹੈ।
ਉਹ ਇਸ ਬ੍ਰਾਂਚ ’ਚ ਖੁਸ਼ ਹੈ। ਇੱਥੋਂ ਜਾਣ ਨੂੰ ਉਹਦਾ ਮਨ ਰਾਜ਼ੀ ਨਹੀਂ ਹੁੰਦਾ। ਉਹ ਆਪਣੇ ਆਪ ਨਾਲ ਗੱਲੀਂ ਪੈਂਦਾ, ”ਕੰਮ ਕਰਨਾ ਬੰਦੇ ਦਾ ਪਹਿਲਾ ਫਰਜ਼ ਆ। ਜਿੰਨੇ ਪੈਸੇ ਸਾਨੂੰ ਸਰਕਾਰ ਦਿੰਦੀ ਆ-ਘੱਟੋ ਘੱਟ ਉਨਾ ਕੰਮ ਤਾਂ ਕਰਨਾ ਚਾਹੀਦਾ। ਇਸ ਦਫਤਰ ਦੀ ਇਹ ਮੌਜ ਆ ਕਿ ਏਥੇ ਸਮੇਂ ਦਾ ਪਤਾ ਨ੍ਹੀਂ ਲੱਗਦਾ। ਬੰਦਾ ਆਪਣੇ ਕੰਮੀਂ ਲੱਗਾ ਰਹਿੰਦਾ। ਬਿਜ਼ੀ ਰਹਿੰਦਾ।’’ ਉਸ ਦੀ ਪੱਕੀ ਰੁਟੀਨ ਹੈ ਕਿ ਠੀਕ ਅੱਠ ਵੱਜ ਕੇ ਪਚਵੰਜਾ ਮਿੰਟ ’ਤੇ ਆਪਣੀ ਕੁਰਸੀ ’ਤੇ ਆ ਬੈਠਦਾ ਹੈ। ਮੀਂਹ ਪਵੇ ਜਾਂ ਹਨੇਰੀ ਆ ਜਾਵੇ, ਉਸ ਨੇ ਆਪਣੀ ਰੁਟੀਨ ਕਦੇ ਨਹੀਂ ਤੋੜੀ। ਸ਼ਾਮ ਨੂੰ ਚਾਰ ਪੈਂਤੀ ’ਤੇ ਕੁਰਸੀ ਤੋਂ ਉੱਠਦਾ ਹੈ। ਸਾਢੇ ਚਾਰ ਵਜੇ ਘੰਟੀ ਮਾਰਦਾ ਹੈ। ਸੇਵਾਦਾਰ ਨੂੰ ਅਖ਼ਬਾਰ ਤੇ ਟਿਫਿਨ ਬੌਕਸ ਗੱਡੀ ’ਚ ਰੱਖਣ ਦਾ ਇਸ਼ਾਰਾ ਕਰਦਾ ਹੈ। ਸੇਵਾਦਾਰ ਉਸ ਦੀ ਕਾਰ ਵੱਲ ਜਾਂਦਾ ਹੈ। ਉਹ ਅੰਦਰੋਂ ਹੀ ਬੈਠਾ ਬੈਠਾ ਰਿਮੋਟ ਕੰਟਰੋਲ ਨਾਲ ਕਾਰ ਦਾ ਲੌਕ ਖੋਲ੍ਹ ਦਿੰਦਾ ਹੈ। ਉਹ ਸਾਲ ’ਚ ਦੋ ਜਾਂ ਤਿੰਨ ਛੁੱਟੀਆਂ ਕਰਦਾ ਹੈ। ਉਹ ਵੀ ਉਦੋਂ ਜਦੋਂ ਉਹਨੂੰ ਕੋਈ ਬਹੁਤ ਹੀ ਅਤੀ ਜ਼ਰੂਰੀ ਕੰਮ ਪੈ ਜਾਵੇ। ਕਿਸੇ ਮਰਗ ’ਤੇ ਜਾਣਾ ਪੈ ਜਾਵੇ। ਜੇ ਕੋਈ ਮਾਤਹਿਤ ਛੁੱਟੀ ਦੀ ਅਰਜ਼ੀ ਲੈ ਕੇ ਜਾਵੇ ਤਾਂ ਪਹਿਲੀ ਵਾਰ ਤਾਂ ਉਹਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ। ਜੇ ਮਾਤਹਿਤ ਘਿੜਗੜਾਉਣ ਹੀ ਲੱਗ ਪਵੇ ਤਾਂ ਉਹ ‘ਪ੍ਰਵਾਨ ਹੈ’ ਲਿਖਦਿਆਂ ਹੋਇਆਂ ਇਹ ਕਹਿਣਾ ਨਹੀਂ ਭੁੱਲਦਾ, ”ਦੇਖੀਂ, ਘਰ ਜਾ ਕੇ ਹੋਰ ਨਾ ਛੁੱਟੀ ਦੀ ਅਰਜ਼ੀ ਭੇਜ ਦੇਈਂ। ਤੇਰੇ ਕੋਲ ਪਹਿਲਾਂ ਹੀ ਕਿੰਨੇ ਸਾਰੇ ਕੇਸ ਪੈਂਡਿੰਗ ਪਏ ਆ।’’ ਮਾਤਹਿਤ ਉਸ ਦੇ ਸਾਹਮਣੇ ਤਾਂ ਕੁਝ ਨਹੀਂ ਬੋਲਦਾ ਪਰ ਬਾਹਰ ਆ ਕੇ ਆਪਣਾ ਗੁੱਸਾ ਜ਼ਾਹਿਰ ਕਰਦਾ ਹੈ, ”ਭੈਣ ਆਪਣੀ ਦਾ ਖਸਮ। ਛੁੱਟੀ ਦਿੰਦਿਆਂ ਇਹਦੀ … ਫਟਦੀ ਆ। ਇਹਨੇ ਤਾਂ ਦਫਤਰ ਨੂੰ ਆਪਣੀ ਸਲਤਨਤ ਸਮਝ ਰੱਖਿਆ। ਇਹ ਨੂੰ ਦੱਸਣਾ ਪਊ ਕਿ ਇਹ ਸਰਕਾਰੀ ਦਫਤਰ ਆ। ਸਾਨੂੰ ਸਰਕਾਰ ਵੱਲੋਂ ਛੁੱਟੀਆਂ ਮਿਲੀਆਂ ਹੋਈਆਂ। ਜੇ ਇਹਨੇ ਅਗਲੀ ਵਾਰ ਵੀ ਐਦਾਂ ਹੀ ਕੀਤੀ ਤਾਂ ਮੈਂ ਘਰੋਂ ਹੀ ਦੋ ਮਹੀਨਿਆਂ ਦਾ ਮੈਡੀਕਲ ਭੇਜ ਦੇਣਾ। ਪੁੱਟ ਲਵੇ ਜਿਹੜਾ ਮੇਰਾ ਪੁੱਟਣਾ…..।’’ ਮਾਤਹਿਤ ਐਨੇ ਗੁੱਸੇ ’ਚ ਹੁੰਦਾ ਹੈ ਕਿ ਉਹ ਇਹ ਵੀ ਭੁੱਲ ਜਾਂਦਾ ਹੈ ਕਿ ਇਸ ਬ੍ਰਾਂਚ ’ਚ ਛੇ ਔਰਤਾਂ ਵੀ ਬੈਠੀਆਂ ਹਨ। ਕੋਈ ਜਣਾ ਉਸਨੂੰ ਇਸ਼ਾਰਾ ਕਰਦਾ ਹੈ ਤਾਂ ਉਹ ਕਹਿ ਦਿੰਦਾ ਹੈ, ”ਕੰਜਰ ਦਾ ਪੁੱਤ-ਇਨ੍ਹਾਂ ਨਾਲ ਕਿਹੜਾ ਘੱਟ ਕਰਦਾ। ਪਿਛਲੇ ਹਫ਼ਤੇ ਰਜਨੀ ਛੁੱਟੀ ਲੈਣ ਗਈ ਸੀ। ਅੰਦਰੋਂ ਰੋਂਦੀ-ਰੋਂਦੀ ਆਈ ਸੀ। ਇਹ ਤਾਂ ਕਿਸੇ ਨਾਲ ਵੀ ਘੱਟ ਨ੍ਹੀਂ ਕਰਦਾ।’’
ਇਨ੍ਹਾਂ ਗੱਲਾਂ ਬਾਰੇ ਦਲਜੀਤ ਸਿੰਘ ਨੂੰ ਵੀ ਪਤਾ ਲੱਗ ਜਾਂਦਾ ਹੈ। ਕੇਸ ਚੈਕ ਕਰਾਉਣ ਆਏ ਸੁਖਪਾਲ ਨਾਲ ਉਹ ਸਲਾਹੀਂ ਪੈ ਜਾਂਦਾ ਹੈ, ”ਮੈਨੂੰ ਪਤਾ ਆ ਕਿ ਤੁਸੀਂ ਸਾਰੇ ਮੈਥੋਂ ਔਖੇ ਹੋ। ਮੈਨੂੰ ਪਸੰਦ ਨ੍ਹੀਂ ਕਰਦੇ। ਨਾ ਕਰੋ। ਮੈਂ ਨ੍ਹੀਂ ਕਿਸੇ ਦੀ ਪ੍ਰਵਾਹ ਕਰਦਾ। ਇਹ ਤਾਂ ਮੈਂ ਜਾਣਦਾਂ ਜਾਂ ਮੇਰਾ ਰੱਬ ਕਿ ਮੈਂ ਏਨੇ ਸਾਰੇ ਮਾੜੇ ਬੰਦਿਆਂ ਨੂੰ ਕਿਵੇਂ ਕੰਟਰੋਲ ਕੀਤਾ ਹੋਇਆ… ਮੇਰੀ ਵੀ ਕੋਈ ਜ਼ੁੰਮੇਵਾਰੀ ਆ। ਮੈਂ ਆਪਣੀ ਬ੍ਰਾਂਚ ਵੀ ਚਲਾਉਣੀ ਆ। ਜੇ ਮੈਂ ਤੁਹਾਨੂੰ ਖੁੱਲ੍ਹ ਦੇ ਦਵਾਂ ਤਾਂ ਤੁਸੀਂ ਤਾਂ ਸੌਖੇ ਹੋ ਜਾਣਾ-ਮੈਂ ਔਖਾ। ਤੂੰ ਪੁੱਛ-ਉਹ ਕਿਵੇਂ। ਭਾਈ ਮੇਰਿਆ-ਜੇ ਕਿਸੇ ਰਿਟਾਇਰੀ ਨੂੰ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਉਹਨੇ ਕੋਰਟ ਕੇਸ ਕਰਨ ਲੱਗਿਆਂ ਦੇਰ ਨ੍ਹੀਂ ਲਾਉਣੀ। ਉਹਨੇ ਮੈਨੂੰ ਵੀ ਨਾਲ ਹੀ ਪਾਰਟੀ ਬਣਾ ਲੈਣਾ। ਪਹਿਲਾਂ ਹੀ ਕਿੰਨੇ ਕੇਸ ਚਲ ਰਹੇ। ਇਨ੍ਹਾਂ ’ਤੇ ਕਿੰਨਾ ਸਮਾਂ ਖਰਾਬ ਹੋ ਰਿਹਾ। ਇਕ ਤਾਂ ਕੰਮ ਦਾ ਲੌਸ ਹੁੰਦਾ। ਦੂਜਾ ਖਜਲ ਖਰਾਬੀ ਵਾਧੂ ਦੀ। ਸਾਰਾ ਸਾਰਾ ਦਿਨ ਕੋਰਟ ’ਚ ਬੈਠੇ ਰਹੋ। ਸ਼ਾਮ ਨੂੰ ਜੱਜ ਅਗਲੀ ਤਰੀਕ ਪਾ ਦਿੰਦਾ। ਇਹਦੂੰ ਚੰਗਾ ਨ੍ਹੀਂ-ਵੇਲੇ ਸਿਰ ਕੰਮ ਕਰੋ।’’ ਕੋਲ ਬੈਠੇ ਸੁਖਪਾਲ ਨੇ ਕੀ ਕਹਿਣਾ ਹੁੰਦਾ ਹੈ। ਉਹ ‘ਹੂੰ ਜੀ’, ‘ਹਾਂ ਜੀ’, ‘ਠੀਕ ਆ ਜੀ’ ਕਹਿੰਦਾ ਹੋਇਆ ਉਸ ਦੀ ਗੱਲ ਸੁਣਦਾ ਰਹਿੰਦਾ ਹੈ। ਦਲਜੀਤ ਸਿੰਘ ਕੇਸ ਵੀ ਚੈਕ ਕਰੀ ਜਾਂਦਾ ਹੈ ਤੇ ਆਪਣੀ ਗੱਲ ਵੀ ਕਰੀ ਜਾਂਦਾ ਹੈ,”ਤੂੰ ਵੀ ਹੁਣ ਕਹੇਂਗਾ ਕਿ ਮੈਂ ਖੁੱਲ੍ਹ ਕਿਉਂ ਨ੍ਹੀਂ ਦਿੰਦਾ। ਇਸ ਬ੍ਰਾਂਚ ’ਚ ਖੁੱਲ੍ਹ ਦਿੱਤੀ ਹੀ ਨ੍ਹੀਂ ਜਾ ਸਕਦੀ। ਜਦੋਂ ਮੈਂ ਨਵਾਂ ਨਵਾਂ ਆਇਆ ਸੀ ਤਾਂ ਕੁਲਦੀਪ ਸਿੰਘ ਬਣਵੈਤ ਨਾਲੋਂ ਵੀ ਜ਼ਿਆਦਾ ਖੁੱਲ੍ਹਾਂ ਦਿੱਤੀਆਂ ਸੀ। ਫੇਰ ਮੈਂ ਜਿਹੜਾ ਵੀ ਕੇਸ ਚੈਕ ਕਰਦਾ-ਉਹੀ ਗਲਤ ਨਿਕਲਦਾ। ਇਕ ਵਾਰੀ ਦਰਸ਼ਨਾ ਦੋ ਅਡਵਾਂਸ ਪਾਉਣੇ ਹੀ ਛੱਡ ਗਈ। ਰਜਨੀ ਦੀਆਂ ਦੋ ਸਾਲਾਂ ਦੀਆਂ ਕਟੌਤੀਆਂ ਗਲਤ ਨਿਕਲੀਆਂ। ਜੇ ਮੈਂ ਹੀ ਇਕੱਲੀ ਇਕੱਲੀ ਫਿਗਰ ਚੈਕ ਕਰਨੀ ਆ ਤਾਂ ਇੰਨੇ ਜਣਿਆਂ ਦਾ ਅਚਾਰ ਪਾਉਣਾ। ਤੁਹਾਨੂੰ ਕੀ ਪਤਾ ਜਦੋਂ ਏ. ਜੀ. ਪਾਰਟੀ ਵਾਲੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਚੈਕ ਕਰਨ ਆਏ ਤਾਂ ਕਿੰਨੀਆਂ ਗਲਤੀਆਂ ਨਿਕਲੀਆਂ ਸਨ। ਅਕਾਊਂਟ ਅਫ਼ਸਰ ਮੇਰਾ ਦੋਸਤ ਸੀ। ਮੇਰੇ ਕਹਿਣ ’ਤੇ ਉਹ ਤੁਹਾਨੂੰ ਸਾਰਿਆਂ ਨੂੰ ਬਖ਼ਸ਼ ਗਿਆ। ਜੇ ਕੋਈ ਹੋਰ ਹੁੰਦਾ ਤਾਂ ਉਹਨਾਂ ਦੇ ਬਣਾਏ ਪੈਰਿਆਂ ਦੇ ਜੁਆਬ ਤੁਹਾਡੇ ਕੋਲੋਂ ਸਾਰੀ ਉਮਰ ਨ੍ਹੀਂ ਦੇ ਹੋਣੇ ਸੀ। ਫੇਰ ਰਿਕਵਰੀਆਂ ਅੱਡ।’’ ਸੁਖਪਾਲ ਅਗਾਂਹ ਨੂੰ ਹੋ ਕੇ ਉਸਦੇ ਗੋਡੇ ਹੱਥ ਲਾਉਂਦਾ ਹੈ। ਉਹ ਆਪਣੀ ਗੱਲ ਜਾਰੀ ਰੱਖਦਾ ਹੈ, ”ਮੈਨੂੰ ਕੰਮ ਚਾਹੀਦਾ ਆ। ਐਵੇਂ ਨਾ ਮੇਰੇ ਗੋਡਿਆਂ ਨੂੰ ਘੁੱਟੀ ਜਾਇਆ ਕਰ। ਤੁਸੀਂ ਤਾਂ ਵਰਮੇ ਕੋਲੋਂ ਸੂਤ ਆਏ ਸੀ। ਉਹ ਹਰ ਹਫ਼ਤੇ ਕੰਮ ਦੀ ਰਿਪੋਰਟ ਲੈਂਦਾ ਸੀ। ਉਹਨੇ ਮੂਵਿੰਗ ਰਜਿਸਟਰ ਲਗਾਇਆ ਸੀ। ਦੱਸ ਮੈਂ ਝੂਠ ਬੋਲਦਾਂ….?…. ਬ੍ਰਾਂਚ ’ਚੋਂ ਕੋਈ ਮੈਨੂੰ ਦੱਸੇ-ਮੈਂ ਕਦੇ ਆਪਣੇ ਕੰਮ ਲਈ ਦਫਤਰੋਂ ਬਾਹਰ ਗਿਆਂ। ਮੇਰੇ ਵੀ ਬਾਲ ਬੱਚੇ ਆ। ਮੈਨੂੰ ਵੀ ਆਪਣੇ ਸੌ ਤਰ੍ਹਾਂ ਦੇ ਕੰਮ ਹੁੰਦੇ ਆ। ਮੈਂ ਇਹ ਪੰਜ ਵਜੇ ਤੋਂ ਬਾਅਦ ਕਰਦਾਂ ਜਾਂ ਸ਼ਨੀਵਾਰ-ਐਤਵਾਰ। ਜੇ ਮੈਂ ਕਰਦਾਂ ਤਾਂ ਤੁਸੀਂ ਕਿਉਂ ਨ੍ਹੀਂ। ਦੇਖ-ਇਨ੍ਹਾਂ ਬਾਬੂਆਂ ਦੇ ਲੱਛਣ-ਚਾਹ ਪੀਣ ਗਏ ਘੰਟਾ-ਘੰਟਾ ਨ੍ਹੀਂ ਮੁੜਦੇ। ਜੇ ਮੈਂ ਕਹਾਂ ਤਾਂ ਕਹਿ ਦਿੰਦੇ-ਕੀ ਅਸੀਂ ਚਾਹ ਵੀ ਨ੍ਹੀਂ ਪੀ ਸਕਦੇ। ਟਿਫਿਨ ਵੀ ਇਕ ਵਜੇ ਖੋਲ੍ਹ ਕੇ ਬੈਠ ਜਾਂਦੇ। ਮੈਂ ਹੁਣੇ ਸਟੈਨੋ ਨੂੰ ਸੱਦਦਾਂ। ਆਰਡਰ ਕੱਢਦਾਂ-ਕੋਈ ਵੀ ਡੇਢ ਵਜੇ ਤੋਂ ਪਹਿਲਾਂ ਰੋਟੀ ਨ੍ਹੀਂ ਖਾਵੇਗਾ।’’ ਸੁਖਪਾਲ ਬੁੱਲ੍ਹਾਂ ’ਚ ਹੱਸਦਾ ਚਲਾ ਜਾਂਦਾ ਹੈ। ਦਲਜੀਤ ਸਿੰਘ ਆਪਣੇ ਸਟੈਨੋ ਨੂੰ ਬੁਲਾਉਂਦਾ ਹੈ। ਖਰੜਾ ਡਿਕਟੇਟ ਕਰਵਾਉਂਦਾ ਹੈ। ਆਖਿਰ ’ਚ ਇਹ ਲਿਖਵਾਉਣਾ ਨਹੀਂ ਭੁੱਲਦਾ, ”ਜੇ ਕਿਸੇ ਨੇ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਵਿਰੁੱਧ ਅਗਲੀ ਕਾਰਵਾਈ ਲਈ ਡਾਇਰੈਕਟਰ ਸਾਹਿਬ ਨੂੰ ਲਿਖ ਦਿੱਤਾ ਜਾਵੇਗਾ।’’
ਜਿਵੇਂ ਜਿਵੇਂ ਸਟੈਨੋ ਬਾਬੂਆਂ ਤੇ ਮੈਡਮਾਂ ਕੋਲੋਂ ਨੋਟਿੰਗ ਪੰਨੇ ’ਤੇ ਨੋਟ ਕਰਵਾਉਂਦਾ ਹੈ, ਤਿਵੇਂ-ਤਿਵੇਂ ਉਨ੍ਹਾਂ ਦੇ ਗੁਭਗਲਾਹਟ ਨਿਕਲਣੇ ਸ਼ੁਰੂ ਹੋ ਜਾਂਦੇ ਹਨ।
‘’ਉਸ ਕੁੱਤੇ ਦੇ ਤੁਖ਼ਮ ਨੂੰ ਕਹਿ ਦੇ ਮੇਰੇ ਵੱਲੋਂ-ਇਹ ਦਫਤਰ ਆ। ਕਿਸੇ ਡਿਕਟੇਟਰ ਦੀ ਸਲਤਨਤ ਨ੍ਹੀਂ,’’ ਜਸਪਾਲ ਸਿੰਘ ਦਸਖ਼ਤ ਕਰਦਿਆਂ ਹੋਇਆਂ ਸਟੈਨੋ ਨੂੰ ਕਹਿੰਦਾ ਹੈ।
ਸਟੈਨੋ ਬੁੱਲ੍ਹਾਂ ’ਚ ਹੱਸਦਾ ਹੋਇਆ ਅਗਲੇ ਟੇਬਲ ’ਤੇ ਚਲਾ ਜਾਂਦਾ ਹੈ।
”ਇਹਨੂੰ ਕਦੇ ਤਾਪ ਵੀ ਨ੍ਹੀਂ ਚੜ੍ਹਦਾ। ਜੇ ਇਹਦੇ ਵੱਸ ’ਚ ਹੋਵੇ ਤਾਂ ਇਹ ਤਾਂ ਸਾਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਨਾ ਕਰਨ ਦੇਵੇ,’’ ਪਰਮਜੀਤ ਕੌਰ ਕਹਿੰਦੀ ਹੈ।
”ਹੁਕਮ ਤਾਂ ਇਉਂ ਕਰਦਾ-ਜਿਵੇਂ ਜਾਰਜ ਬੁਸ਼ ਦਾ ਸਾਲਾ ਹੋਵੇ। ਜਾ ਮੈਂ ਨ੍ਹੀਂ ਕਰਦੀ ਸਾਈਨ। ਜਾ ਕੇ ਕਹਿ ਦੇ ਵੱਡੇ ਨਵਾਬ ਸਾਹਿਬ ਨੂੰ,’’ ਦਰਸ਼ਨਾ ਨੋਟਿੰਗ ਪੰਨਾ ਪਰ੍ਹਾਂ ਨੂੰ ਸੁੱਟਦੀ ਹੋਈ ਬੋਲਦੀ ਹੈ।
”ਜਿਥੇ ਬਾਕੀਆਂ ਨੇ ਸਾਈਨ ਕੀਤੇ-ਉਥੇ ਤੂੰ ਵੀ ਕਰਦੇ। ਅਫਸਰ ਦਾ ਲਿਖਿਆ ਕਦੇ ਵਾਪਸ ਨ੍ਹੀਂ ਮੁੜਦਾ ਹੁੰਦਾ।’’ ਸੁਖਪਾਲ ਨੇ ਦਰਸ਼ਨਾ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਹੈ।
ਸਾਰਿਆਂ ਦੀ ਇਹੋ ਜਿਹੀ ਹੀ ਪ੍ਰਤੀਕ੍ਰਿਆ ਹੈ।
”ਮੈਂ ਇੱਕ ਦਿਨ ਉਹਨੂੰ ਸਮਝਾਇਆ ਸੀ-ਸਰਦਾਰ ਜੀ, ਕਿਤੇ ਵਿਹਲੇ ਬੈਠ ਕੇ ਸੋਚੀਓ-ਪਿੱਛੇ ਕਿੰਨੀ ਕੁ ਉਮਰ ਰਹਿ ਗਈ। ਤੁਹਾਡੀ ਰਿਟਾਇਰਮੈਂਟ ਵਿੱਚ ਸਾਲ ਵੀ ਨ੍ਹੀਂ ਰਿਹਾ। ਇਹ ਉਮਰ ਭਲਾ ਕਰਨ ਦੀ ਹੁੰਦੀ ਆ। ਕਿਸੇ ਦਾ ਭਲਾ ਕਰੋਗੇ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਤੁਹਾਨੂੰ ਲੋਕ ਖਿੜੇ ਮੱਥੇ ਮਿਲਣਗੇ। ਜੇ ਕੋਈ ਬਾਬੂ ਜਾਂ ਮੈਡਮ ਘੰਟਾ ਦੋ ਘੰਟੇ ਲੇਟ ਵੀ ਆ ਗਈ ਤਾਂ ਕਿਹੜੀ ਆਫਤ ਆ ਜਾਣੀ ਆ। ਗੱਲ ਤਾਂ ਆਪਣੀ ਸੀਟ ਦੇ ਕੰਮ ਦੀ ਹੁੰਦੀ ਆ। ਦੱਸੋ-ਕਿਹਦਾ ਕੰਮ ਪੈਂਡਿੰਗ ਪਿਆ। ਇੱਕ ਵਾਰ ਤਾਂ ਉਹ ਸੋਚੀਂ ਪੈ ਗਿਆ ਸੀ। ਬੋਲਿਆ ਸੀ, ‘ਗੱਲ ਤਾਂ ਤੇਰੀ ਠੀਕ ਆ।’ ਪਰ ਇਸ ਸ਼ਖ਼ਸ ਨੇ ਤੀਜੇ ਦਿਨ ਹੀ ਦੀਪ ਦੀ ਜੁਆਬ ਤਲਬੀ ਕਰ ਲਈ। ਜੇ ਉਹ ਅਡਵਾਂਸ ਪਾਉਣਾ ਭੁੱਲ ਗਈ ਸੀ ਤਾਂ ਇਹ ਆਪ ਪਾ ਦਿੰਦਾ। ਆਖਰੀ ਐਂਟਰੀ ਸੀ,’’ ਸੁਖਪਾਲ ਨੇ ਆਪਣੇ ਸੱਜੇ ਪਾਸੇ ਬੈਠੇ ਕੁਲਵਿੰਦਰ ਨਾਲ ਸਲਾਹੀਂ ਪੈਂਦਿਆਂ ਦੱਸਿਆ ਹੈ।
”ਕਦੇ ਕੁੱਤੇ ਦੀ ਪੂਛ ਵੀ ਸਿੱਧੀ ਹੋਈ ਆ। ਮੈਂ ਆਪ ਕਈ ਵਾਰ ਕਿਹਾ ਕਿ ਇਸ ਬ੍ਰਾਂਚ ’ਚ ਬਾਬੂਆਂ ਤੇ ਮੈਡਮਾਂ ਦੀ ਉਮਰ ਔਸਤਨ ਪੰਜਾਹ ਸਾਲ ਬਣਦੀ ਆ। ਸਾਰੇ ਹੀ ਕਿਸੇ ਨਾ ਕਿਸੇ ਤਰ੍ਹਾਂ ਦੀ ਟੈਨਸ਼ਨ ਲਈ ਫਿਰਦੇ ਆ। ਘਰੋਂ। ਬਾਹਰੋਂ। ਆਪਾਂ ਨੂੰ ਦਫਤਰ ’ਚ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਜਿਸ ਨਾਲ ਇੱਥੇ ਕੋਈ ਟੈਨਸ਼ਨ ਕਰੀਏਟ ਨਾ ਹੋਵੇ। ਜੇ ਇੱਥੇ ਵੀ ਟੈਨਸ਼ਨ ਰਹੀ ਤਾਂ ਅਗਲੇ ਦੇ ਮਨ ਦੀ ਇਕਾਗਰਤਾ ਵਾਰ-ਵਾਰ ਭੰਗ ਹੁੰਦੀ ਰਹਿਣੀ। ਫੇਰ ਗਲਤੀਆਂ ਹੋਣ ਦੀ ਜ਼ਿਆਦਾ ਸੰਭਾਵਨਾ ਰਹਿਣੀ ਆ। ਪਰ ਇਹਨੂੰ ਤਾਂ ਪਤਾ ਨ੍ਹੀਂ ਕਿਉਂ ਸਾਨੂੰ ਟੈਨਸ਼ਨ ਵਿੱਚ ਪਾਉਂਦਿਆਂ ਖੁਸ਼ੀ ਹੁੰਦੀ ਆ। ਦੱਸੋ-ਆਪਣੇ ਵਿੱਚੋਂ ਕਿਹੜਾ ਬਚਿਆ ਜਿਸਦੀ ਇਸ ਕਦੇ ਜਵਾਬਤਲਬੀ ਨਾ ਕੀਤੀ ਹੋਵੇ,’’ ਕੁਲਵਿੰਦਰ ਨੇ ਕਿਹਾ ਹੈ।
ÛÛÛÛÛ
ਮੋਹਨ ਲਾਲ ਦੀ ਪਰਚੀ ਨਿਕਲਦਿਆਂ ਹੀ ਮੈਂ ਖੁਸ਼ੀ ਨਾਲ ਸਰਬਜੀਤ ਵੱਲ ਦੇਖਣ ਲੱਗਾ ਹਾਂ।
ਉਸ ਨੂੰ ਇਸ ਬ੍ਰਾਂਚ ’ਚ ਆਇਆਂ ਦੋ ਕੁ ਮਹੀਨੇ ਹੋਏ ਹਨ। ਪਿਆਰੇ ਲਾਲ ਨੇ ਛੇ ਮਹੀਨਿਆਂ ਦੀ ਮੈਡੀਕਲ ਛੁੱਟੀ ਲਈ ਸੀ। ਮੋਹਨ ਲਾਲ ਦੇ ਆਰਡਰ ਇਸ ਬ੍ਰਾਂਚ ’ਚ ਹੋ ਗਏ ਸਨ। ਉਸ ਦੇ ਇਸ ਬ੍ਰਾਂਚ ’ਚ ਆਉਣ ਤੋਂ ਪਹਿਲਾਂ ਹੀ ਉਸ ਦੀਆਂ ਚੰਗਿਆਈਆਂ-ਬੁਰਾਈਆਂ ਪਹੁੰਚ ਗਈਆਂ ਸਨ।
-ਬਹੁਤ ਹੀ ਨੇਕ ਆਦਮੀ ਹੈ।
-ਜੀ ਤੋਂ ਬਿਨਾਂ ਬੋਲਦਾ ਨਹੀਂ।
-ਕਿਸੇ ਨੂੰ ਕੰਮ ਤੋਂ ਨਾਂਹ ਨਹੀਂ ਕਰਦਾ।
-ਮੇਜ਼ ਤੇ ਕੁਰਸੀਆਂ ਆਉਂਦਿਆਂ ਨੂੰ ਸਾਫ਼ ਮਿਲਣਗੀਆਂ।
-ਸਾਹਿਬ ਦੀ ਕਾਰ ਚਮਕਾ ਕੇ ਰੱਖਦਾ ਹੈ। ਬਾਬੂਆਂ ਤੇ ਮੈਡਮਾਂ ਦੇ ਸਕੂਟਰ ਆਪਣੇ ਆਪ ਸਾਫ਼ ਕਰ ਦਿੰਦਾ ਹੈ।
-ਜੇ ਕੋਈ ਬਾਹਰੋਂ ਦਾਲ-ਸਬਜ਼ੀ ਮੰਗਵਾਉਣਾ ਚਾਹੁੰਦਾ ਹੈ ਤਾਂ ਦੌੜ ਕੇ ਫੜ ਲਿਆਉਂਦਾ ਹੈ।
-ਇਕੱਲੇ-ਇਕੱਲੇ ਨੂੰ ਨਮਸਕਾਰ ਕਰਦਾ ਹੈ।
-ਅੱਧੇ-ਅੱਧੇ ਘੰਟੇ ਬਾਅਦ ਪਾਣੀ ਦਾ ਪੁੱਛਦਾ ਹੈ।
-ਜੇ ਆਕੜ ਜਾਵੇ ਤਾਂ ਲੋਹੇ ਦਾ ਥਣ ਬਣ ਜਾਂਦਾ।
-ਨਾ ਵਾਧੂ ਗੱਲ ਕਰਦਾ। ਨਾ ਸੁਣਦਾ।
-ਆਪਣੇ ਆਪ ਨੂੰ ਬਾਬੂ ਹੀ ਸਮਝਦਾ। ਪੈਂਟ ਕਮੀਜ਼ ਦੀ ਕਰੀਜ ਨਹੀਂ ਮਰਨ ਦਿੰਦਾ।
-ਬੜਾ ਘੈਂਟ ਬੰਦਾ।
ਮੋਹਨ ਲਾਲ ਬਾਬੂਆਂ ਤੇ ਮੈਡਮਾਂ ਦੀਆਂ ਆਸ਼ਾਵਾਂ ’ਤੇ ਠੀਕ ਉਤਰਿਆ ਸੀ। ਉਹ ਤਾਂ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਵੀ ਉਸ ਨਾਲ ਕਰ ਲੈਂਦੇ ਸਨ। ਬਿਨਾਂ ਕਿਸੇ ਲੁਕ ਲੁਕੋ ਦੇ। ਦਲਜੀਤ ਸਿੰਘ ਵੀ ਉਸ ਦੇ ਕੰਮ ਤੋਂ ਖੁਸ਼ ਸੀ। ਉਹ ਡੇਢ ਵਜੇ ਦਲਜੀਤ ਸਿੰਘ ਦਾ ਟਿਫਿਨ ਬੌਕਸ ਖੋਲ੍ਹਦਾ। ਦਾਲ ਸਬਜ਼ੀ ਗਰਮ ਕਰਦਾ। ਉਸ ਅੱਗੇ ਰੱਖਦਾ। ਇਕੱਲੀ-ਇਕੱਲੀ ਰੋਟੀ ਹੀਟਰ ’ਤੇ ਗਰਮ ਕਰਦਾ। ਨਾਲ ਦੀ ਨਾਲ ਦੇਈ ਜਾਂਦਾ। ਦਲਜੀਤ ਸਿੰਘ ਕਹਿੰਦਾ, ”ਯਾਰ ਤੂੰ ਤਾਂ ਮੇਰੀ ਆਦਤ ਖਰਾਬ ਕਰ ਦੇਣੀ।’’ ਮੋਹਨ ਲਾਲ ਬੋਲਦਾ, ”ਇਹ ਤਾਂ ਮੇਰਾ ਫਰਜ਼ ਆ। ਘਰ ’ਚ ਬਜ਼ੁਰਗ ਦੀ ਸੇਵਾ ਹੋਣੀ ਚਾਹੀਦੀ ਆ। ਦਫਤਰ ’ਚ ਅਫਸਰ ਦੀ। ਦੋਵੇਂ ਇਕੋ ਜਿਹੇ ਹੁੰਦੇ ਆ। ਦੋਹਾਂ ਦੇ ਸਿਰ ’ਤੇ ਕੰਮ ਚਲਦੇ ਆ।’’ ਦਲਜੀਤ ਸਿੰਘ ਪੁੱਛਦਾ, ”ਉਹ ਕਿਵੇਂ?’’ ਮੋਹਨ ਲਾਲ ਦੱਸਦਾ, ”ਘਰ ’ਚ ਕੋਈ ਵੀ ਦੁੱਖ ਤਕਲੀਫ ਹੋਵੇ ਬਜ਼ੁਰਗ ਨੂੰ ਦੱਸਿਆ ਜਾਂਦਾ। ਉਹਦੀ ਸਲਾਹ ਲਈ ਜਾਂਦੀ। ਬਜ਼ੁਰਗ ਨੂੰ ਸਾਰੇ ਜੀਆਂ ਦਾ ਧਿਆਨ ਰੱਖਣਾ ਪੈਂਦਾ। ਇਹੀ ਗੱਲ ਦਫਤਰ ਦੇ ਅਫਸਰ ਦੀ ਹੁੰਦੀ ਆ। ਅਫਸਰ ਵੀ ਉਹੀ ਸਿਆਣਾ ਹੁੰਦਾ ਜਿਹੜਾ ਇਕ ਦੀ ਗੱਲ ਦੂਜੇ ਨੂੰ ਨਾ ਦੱਸੇ। ਸਾਰਿਆਂ ਨਾਲ ਹੱਸ ਖੇਡ ਕੇ ਬੋਲੇ। ਆਪਣੇ ਮਾਤਹਿਤ ਦੀਆਂ ਸਮੱਸਿਆਵਾਂ ਨੂੰ ਸਮਝੇ।’’ ਦਲਜੀਤ ਸਿੰਘ ਕਹਿੰਦਾ, ”ਤੂੰ ਤਾਂ ਆਪਣੀ ਉਮਰ ਨਾਲੋਂ ਜ਼ਿਆਦਾ ਹੋ ਗਿਆਂ। ਕਿਥੋਂ ਲਈ ਆ ਇਹ ਮਤ?’’ ਮੋਹਨ ਲਾਲ ਦੱਸਦਾ, ”ਕਿਹੜਾ ਕੋਈ ਘਰੋਂ ਸਿੱਖ ਕੇ ਆਉਂਦਾ। ਤੁਹਾਡੇ ਵਰਗੇ ਅਫਸਰਾਂ ਦੀ ਸੰਗਤ ਦਾ ਅਸਰ ਆ।’’ ਦਲਜੀਤ ਸਿੰਘ ਕਹਿੰਦਾ, ”ਆਹ ਸਾਹਮਣੇ ਬੈਠੇ ਤਾਂ ਮੈਨੂੰ ਮਾੜਾ ਬੰਦਾ ਕਹਿੰਦੇ ਆ।’’ ਮੋਹਨ ਲਾਲ ਕਹਿੰਦਾ, ”ਕਿਸੇ ਦੇ ਕਹਿਣ ਨਾਲ ਕੋਈ ਮਾੜਾ ਤਾਂ ਨ੍ਹੀਂ ਬਣ ਜਾਂਦਾ।’’
ਇਹੀ ਮੋਹਨ ਲਾਲ ਪਿਛਲੇ ਹਫਤੇ ਦਲਜੀਤ ਸਿੰਘ ਅੱਗੇ ਆਕੜ ਗਿਆ ਸੀ।
ਦਲਜੀਤ ਸਿੰਘ ਨੇ ਲਾਲ ਪੀਲਿਆਂ ਹੁੰਦਿਆਂ ਹੋਇਆਂ ਪੁੱਛਿਆ ਸੀ, ”ਤੈਨੂੰ ਮੇਰੀ ਘੰਟੀ ਨ੍ਹੀਂ ਸੁਣੀ?’’
ਮੋਹਨ ਲਾਲ ਨੇ ਦੱਸਿਆ ਸੀ, ”ਸੁਣੀ ਸੀ।’
”ਫੇਰ ਆਇਆ ਕਿਉਂ ਨ੍ਹੀਂ?’’
”ਮੈਂ ਸਤਨਾਮ ਜੀ ਨੂੰ ਲੈਜਰਾਂ ਦੇ ਰਿਹਾ ਸੀ।’’
”ਸਤਨਾਮ ਮੈਥੋਂ ਪਹਿਲਾਂ ਹੋ ਗਿਆ।’’
”ਨ੍ਹੀਂ ਜੀ।’’
”ਤੈਨੂੰ ਪਤਾ ਮੈਂ ਕੌਣ ਆਂ?’’
”ਮੇਰੇ ਸਰ।’’
”ਫੇਰ ਪਹਿਲਾਂ ਮੇਰੀ ਘੰਟੀ ਸੁਣਿਆ ਕਰ।’’
”ਬਾਬੂਆਂ ਦਾ ਕੰਮ…..?’’
”ਫੇਰ ਉਹੀ ਗੱਲ।’’
”ਜੀ ਸਰ।’’
”ਔਹ ਦੂਰ ਕਿਉਂ ਬੈਠਾ ਰਹਿੰਨਾ। ਮੇਰੇ ਕਮਰੇ ਦੇ ਬਾਹਰ ਬੈਠਿਆ ਕਰ।’’
ਮੋਹਨ ਲਾਲ ਕੁਝ ਚਿਰ ਨੀਵੀਂ ਪਾਈ ਖੜਾ ਰਿਹਾ ਸੀ। ਦਲਜੀਤ ਸਿੰਘ ਆਪਣੇ ਕੰਮ ਲੱਗ ਗਿਆ ਸੀ। ਉਹਨੂੰ ਨਹੀਂ ਪਤਾ ਸੀ ਕਿ ਮੋਹਨ ਲਾਲ ਖੜਾ ਸੀ। ਕੁਝ ਚਿਰ ਬਾਅਦ ਦਲਜੀਤ ਸਿੰਘ ਨੇ ਪਰ੍ਹਾਂ ਪਈ ਫਾਇਲ ਆਪਣੇ ਵੱਲ ਨੂੰ ਕੀਤੀ ਤਾਂ ਉਹਦਾ ਧਿਆਨ ਮੋਹਨ ਲਾਲ ਵੱਲ ਗਿਆ ਸੀ। ਉਹਨੇ ਪੁੱਛਿਆ ਸੀ, ”ਹੁਣ ਕੀ ਗੱਲ ਹੋ ਗਈ?’’
”ਪਹਿਲਾਂ ਫੈਸਲਾ ਕਰੋ।’’
”ਕਿਸ ਗੱਲ ਦਾ?’’
”ਇਹੀ ਕਿ ਕੀ ਮੈਂ ਸਿਰਫ਼ ਤੁਹਾਡੀ ਘੰਟੀ ਸੁਣਾਂ ਜਾਂ ਸਟਾਫ ਨੂੰ ਲੈਜਰਾਂ ਦਵਾਂ।’’
”ਤੈਨੂੰ ਦੋਹੇਂ ਹੀ ਕੰਮ ਕਰਨੇ ਪੈਣੇ ਆ।’’
”ਮੈਥੋਂ ਇਕੋ ਵੇਲੇ ਦੋਵੇਂ ਕੰਮ ਨ੍ਹੀਂ ਹੋਣੇ।’’
”ਤੈਨੂੰ ਪਤਾ ਕਿ ਤੂੰ ਕੀ ਕਹਿ ਰਿਹਾਂ।’’
”ਹਾਂ ਜੀ, ਮੈਨੂੰ ਪਤਾ। ਮੈਂ ਹੁਣ ਸਿਰਫ਼ ਤੁਹਾਡੀ ਹੀ ਘੰਟੀ ਸੁਣਾਗਾਂ,’’ ਕਹਿ ਕੇ ਮੋਹਨ ਲਾਲ ਬਾਹਰ ਆ ਗਿਆ ਸੀ। ਉਸ ਬਾਬੂਆਂ ਤੇ ਮੈਡਮਾਂ ਵੱਲ ਪਿਛਾੜੀ ਕਰ ਲਈ ਸੀ। ਜੇ ਕੋਈ ਕਿਸੇ ਕੰਮ ਲਈ ਉਸ ਨੂੰ ਆਵਾਜ਼ ਮਾਰਦਾ ਤਾਂ ਉਹ ਦਲਜੀਤ ਸਿੰਘ ਦੇ ਕਮਰੇ ’ਚ ਚਲੇ ਜਾਂਦਾ। ਪੁੱਛਦਾ, ”ਮੈਂ ਸਤਵਿੰਦਰ ਹੋਰਾਂ ਨੂੰ ਲੈਜਰਾਂ ਦੇ ਆਵਾਂ?’’ ਅੱਗੋਂ ਦਲਜੀਤ ਸਿੰਘ ਦਾ ਮੱਥਾ ਤਿਊੜਿਆਂ ਨਾਲ ਭਰ ਜਾਂਦਾ। ਉਹ ਹੌਲੀ ਜਿਹੇ ਕਹਿੰਦਾ, ”ਜਾ ਉਨ੍ਹਾਂ ਦੀ ਗੱਲ ਵੀ ਸੁਣ।’’
ਮੋਹਨ ਲਾਲ ਲੈਜਰਾਂ ਲੱਭਣ ਲੱਗ ਜਾਂਦਾ ਸੀ। ਫੇਰ ਉਹ ਮੈਡਮ ਪਲਵਿੰਦਰ ਕੋਲ ਹੀ ਪਈ ਕੁਰਸੀ ’ਤੇ ਬੈਠ ਜਾਂਦਾ। ਬਾਬੂ ਤੇ ਮੈਡਮਾਂ ਉਸ ਦੇ ਕੰਨ ਭਰਨ ਲੱਗਦੀਆਂ।
ਕਲ੍ਹ ਸ਼ਾਮੀਂ ਤਾਂ ਅਜੀਬ ਕਿਸਮ ਦੀ ਗੱਲ ਹੋਈ ਸੀ। ਦਲਜੀਤ ਸਿੰਘ ਨੇ ਜਾਣ ਲਈ ਉੱਠਦਿਆਂ ਹੋਇਆਂ ਘੰਟੀ ਮਾਰੀ ਸੀ। ਮੋਹਨ ਲਾਲ ਜਾ ਹਾਜ਼ਿਰ ਹੋਇਆ ਸੀ। ਦਲਜੀਤ ਸਿੰਘ ਨੇ ਅਖ਼ਬਾਰ ਤੇ ਟਿਫਿਨ ਬੌਕਸ ਕਾਰ ’ਚ ਰੱਖਣ ਲਈ ਕਿਹਾ ਸੀ। ਅੱਗੋਂ ਮੋਹਨ ਲਾਲ ਨੇ ਕਿਹਾ ਸੀ, ”ਉੱਚੀ ਬੋਲੋ। ਮੈਨੂੰ ਸੁਣਿਆ ਨ੍ਹੀਂ।’’
”ਤੂੰ ਬੋਲਾਂ?’’
”ਹਾਂ ਜੀ।’’
”ਆਹ ਫੜ ਅਖ਼ਬਾਰ ਤੇ ਡੱਬਾ। ਕਾਰ ’ਚ ਰੱਖ ਆ।’’ ਦਲਜੀਤ ਸਿੰਘ ਨੇ ਉੱਚੀ ਦੇਣੀ ਕਿਹਾ ਸੀ।
ਮੋਹਨ ਲਾਲ ਕਾਰ ਕੋਲ ਆ ਕੇ ਖੜ ਗਿਆ ਸੀ। ਮਿੰਟ ਕੁ ਬਾਅਦ ਅੰਦਰ ਆ ਕੇ ਬੋਲਿਆ ਸੀ, ”ਸਰ ਜੀ, ਕਾਰ ਤਾਂ ਲੌਕਡ ਆ।’’
”ਖੁੱਲ੍ਹੀ ਆ।’’
”ਮੈਂ ਦੇਖ ਕੇ ਆਇਆਂ। ਲੌਕਡ ਆ।’’
”ਜਾ ਫੇਰ ਦੇਖ ਕੇ ਆ।’’
ਮੋਹਨ ਲਾਲ ਫੇਰ ਚਲਾ ਗਿਆ ਸੀ। ਵਾਪਸ ਮੁੜ ਆਇਆ ਸੀ। ਦਲਜੀਤ ਸਿੰਘ ਖਿਝ ਨਾਲ ਭਰਿਆ ਪਿਆ ਸੀ। ਉਹਨੇ ਮੋਹਨ ਲਾਲ ਤੋਂ ਅਖ਼ਬਾਰ ਤੇ ਟਿਫਿਨ ਬੌਕਸ ਫੜ ਲਿਆ ਸੀ। ਮੂੰਹੋਂ ਕੁਝ ਨਹੀਂ ਬੋਲਿਆ ਸੀ। ਨਾ ਹੀ ਉਸ ਕਿਸੇ ਵੱਲ ਦੇਖਿਆ ਸੀ।
ÛÛÛÛ
ਮੈਨੂੰ ਦਲਜੀਤ ਸਿੰਘ ਨੇ ਸੱਦਿਆ ਹੈ। ਜਾਂਦਿਆਂ ਹੀ ਬੈਠਣ ਲਈ ਇਸ਼ਾਰਾ ਕੀਤਾ ਹੈ। ਮੈਨੂੰ ਉਹ ਕਹਿੰਦਾ ਹੈ, ”ਇਹ ਮਾੜਾ ਬੰਦਾ ਬ੍ਰਾਂਚ ਦਾ ਮਾਹੌਲ ਖਰਾਬ ਕਰ ਰਿਹਾ। ਕੋਈ ਬਾਬੂ ਜਾਂ ਮੈਡਮ ਅੱਖ ਚੁੱਕ ਕੇ ਮੇਰੇ ਨਾਲ ਗੱਲ ਨ੍ਹੀਂ ਕਰਦੇ। ਇਹ ਤਾਂ ਮੇਰੇ ਅੱਗੇ ਹੀ ਆਕੜਣ ਲੱਗ ਪਿਆ। ਕਲ੍ਹ ਕਹਿੰਦਾ ਸੀ-‘ਅਖ਼ਬਾਰ ਤੇ ਟਿਫਿਨ ਬੌਕਸ ਚੁੱਕਣਾ ਮੇਰੀ ਡਿਊਟੀ ਨ੍ਹੀਂ।’ ਹੁਣ ਮੈਂ ਇਹਨੂੰ ਸਿਖਵਾਂਗਾ ਕਿ ਡਿਊਟੀ ਕਿਵੇਂ ਕਰੀਦੀ ਆ। ਇਨ੍ਹਾਂ ਲੋਕਾਂ ਨੂੰ ਜਿੰਨੀ ਢਿੱਲ ਦਿਓ ਉਨੇ ਹੀ ਇਹ ਸਿਰ ਨੂੰ ਆ ਚੜ੍ਹਦੇ ਆ। ਤੂੰ ਯੂ. ਓ. ਟਾਈਪ ਕਰਵਾ ਕੇ ਲਿਆ। ਮੈਥੋਂ ਸਿੱਧੇ ਹੀ ਸਾਈਨ ਕਰਵਾ ਲਈਂ।’’
ਮੈਂ ਕਹਿੰਦਾ ਹਾਂ, ”ਮੈਨੂੰ ਇਕ ਵਾਰੀ ਮੋਹਨ ਨੂੰ ਸਮਝਾ ਲੈਣ ਦਿਉ।’’
”ਤੂੰ ਮੈਥੋਂ ਵੱਡਾ ਹੋ ਗਿਆਂ। ਇਹ ਨ੍ਹੀਂ ਬੋਲਦਾ-ਇਹਦੇ ’ਚ ਬੈਠੀ ਪਾਰਟੀ ਬੋਲਦੀ ਆ। ਇਸ ਕੁੱਤੇ ਦੀ ਪੂਛ ਨੇ ਸਿੱਧੀ ਨ੍ਹੀਂ ਹੋਣਾ।’’ ਉਹ ਡਾਹਢਾ ਹੀ ਔਖਾ ਲੱਗਦਾ ਹੈ। ”ਤੂੰ ਇਸ ਬ੍ਰਾਂਚ ’ਚ ਸੁਪਰਡੈਂਟ ਲੱਗਾ। ਗੜਸ ਰੱਖਿਆ ਕਰ। ਐਵੇਂ ਜਨਾਨੀਆਂ ਵਾਂਗ ਨਾ ਰਿਹਾ ਕਰ। ਸਮਝਿਆ ਮੇਰੀ ਗੱਲ ਨੂੰ…?’’
ਮੈਂ ਬਾਹਰ ਆ ਜਾਂਦਾ ਹਾਂ। ਸੋਚਦਾ ਹਾਂ ਕਿ ਇਸ ਕੰਮ ਲਈ ਉਸ ਮੈਨੂੰ ਕਿਉਂ ਬੁਲਾਇਆ ਹੈ। ਇਹ ਕੰਮ ਤਾਂ ਉਹ ਆਪ ਵੀ ਕਰ ਸਕਦਾ ਸੀ। ਸਟੈਨੋ ਨੂੰ ਬੁਲਾਉਂਦਾ। ਡਿਕਟੇਸ਼ਨ ਦਿੰਦਾ। ਘੁੱਗੀ ਮਾਰਦਾ। ਸਟੈਨੋ ਦਾ ਨੰਬਰ ਲਵਾਉਂਦਾ। ਕੀ ਉਹ ਇਸ ਮਾੜੇ ਕੰਮ ’ਚ ਮੈਨੂੰ ਵੀ ਸ਼ਾਮਿਲ ਕਰਨਾ ਚਾਹੁੰਦਾ ਹੈ।
ਮੈਂ ਕਿਸੇ ਕਾਹਲ ’ਚ ਨਹੀਂ ਪੈਣਾ ਚਾਹੁੰਦਾ। ਐਵੇਂ ਮੋਹਨ ਲਾਲ ਦਾ ਨੁਕਸਾਨ ਹੋ ਜਾਵੇਗਾ। ਉਹਨੂੰ ਉਪਰਲੇ ਅਫ਼ਸਰਾਂ ਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ। ਜੇ ਕੰਮ ਇੱਥੇ ਹੀ ਨਿਬੜ ਜਾਵੇ ਤਾਂ ਇਸ ਨਾਲੋਂ ਹੋਰ ਕੀ ਵਧੀਆ ਹੋ ਸਕਦਾ। ਦਲਜੀਤ ਸਿੰਘ ਨੇ ਮੈਨੂੰ ਦੋ ਵਾਰ ਬੁਲਾਇਆ ਸੀ। ਮੈਂ ਇਹੀ ਕਹਿ ਕੇ ਵਾਪਸ ਮੁੜ ਆਇਆ ਸੀ, ”ਹੱਥ ਵਾਲਾ ਕੇਸ ਫਾਇਨਲ ਕਰ ਲਵਾਂ-ਫੇਰ ਖਰੜਾ ਟਾਈਪ ਕਰਵਾਉਂਦਾ ਆਂ।’’ ਉਹ ਗੁੱਸੇ ’ਚ ਹੈ। ਏਸੇ ਕਰਕੇ ਉਸ ਮੈਨੂੰ ਬੈਠਣ ਲਈ ਵੀ ਨਹੀਂ ਕਿਹਾ। ਮੈਨੂੰ ਪਤਾ ਹੈ ਕਿ ਉਸ ਦੇ ਸੁਭਾਅ ’ਚ ਕਾਹਲੀ ਹੈ। ਉਹ ਕਿਸੇ ਨੂੰ ਨਹੀਂ ਬਖ਼ਸ਼ਦਾ। ਮੈਨੂੰ ਵੀ ਨਹੀਂ। ਮੈਂ ਕੋਈ ਵੀ ਫੈਸਲਾ ਕਾਹਲੀ ’ਚ ਨਹੀਂ ਕਰਦਾ। ਚਾਰ ਘੰਟੇ ਲੰਘਾ ਦਿੰਦਾ ਹਾਂ। ਮੇਰੇ ਮਨ ’ਚ ਡਰ ਹੈ ਕਿ ਮੈਂ ਕਿਉਂ ਮਾੜਾ ਬਣਾਂ। ਦਲਜੀਤ ਸਿੰਘ ਨੂੰ ਇੱਕ ਮੌਕਾ ਮਿਲਿਆ ਹੈ-ਮੈਨੂੰ ਮਾੜਾ ਬਣਾਉਣ ਦਾ। ਉਹ ਮੇਰੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਉਸ ਕਿਸੇ ਕੰਮ ਲਈ ਮੈਨੂੰ ਕਿਹਾ ਹੈ। ਸਲਾਹ ਲਈ ਹੈ। ਕੀ ਉਸ ਦੇ ਮਨ ’ਚ ਵੀ ਮੇਰੇ ਵਾਂਗ ਕੋਈ ਡਰ ਹੈ। ਝਿਜਕ ਹੈ। ਕਿਸੇ ਮਾਤਹਿਤ ਵਿਰੁੱਧ ਮਾੜਾ ਕਰਨਾ ਔਖਾ ਨਹੀਂ ਹੁੰਦਾ। ਔਖਾ ਤਾਂ ਹੁੰਦਾ ਹੈ ਬਾਅਦ ਦੀਆਂ ਕਾਰਵਾਈਆਂ। ਮੈਂ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਜੇ ਕੋਈ ਵੱਧ ਘੱਟ ਕਹੇ ਵੀ ਤਾਂ ਮੈਂ ਅਗਲੇ ਨੂੰ ਸਮਝਾਉਂਦਾ ਹਾਂ। ਬੇਨਤੀ ਵੀ ਕਰਦਾ ਹਾਂ। ਏਸੇ ਕਰਕੇ ਮੈਨੂੰ ਕਈ ਡਰਪੋਕ ਵੀ ਕਹਿ ਦਿੰਦੇ ਹਨ। ਕਈ ਇਸ ਤੋਂ ਅਗਾਂਹ ਦੇ ਸ਼ਬਦ ਵੀ ਵਰਤ ਜਾਂਦੇ ਹਨ। ਕੀ ਪਤਾ ਮੋਹਨ ਲਾਲ ਵੀ ਅਜਿਹਾ ਹੀ ਸੋਚੇ। ਬਾਬੂ ਤੇ ਮੈਡਮਾਂ ਵੀ ਸੋਚਣ। ਮੈਨੂੰ ਦਲਜੀਤ ਸਿੰਘ ਤੇ ਮੋਹਨ ਲਾਲ ’ਤੇ ਗੁੱਸਾ ਆਉਂਦਾ ਹੈ। ਫਿਰ ਸੋਚਦਾ ਹਾਂ-ਮਨਾ ਉਹਨੇ ਕਿਹੜਾ ਪਿੱਛਾ ਛੱਡਣਾ। ਖਰੜਾ ਤਾਂ ਮੈਂ ਦਿਮਾਗ਼ ’ਚ ਤਿਆਰ ਕਰ ਲਿਆ ਹੈ। ਇਸ ਨੂੰ ਫਾਈਨਲ ਰੂਪ ਦੇਣ ਤੋਂ ਪਹਿਲਾਂ ਮੈਂ ਮੋਹਨ ਲਾਲ ਨੂੰ ਕੋਲ ਬੁਲਾਉਂਦਾ ਹਾਂ। ਸਮਝਾਉਂਦਾ ਹਾਂ। ਵਾਰ ਵਾਰ ਕਹਿੰਦਾ ਹਾਂ, ”ਜਾ-ਅੰਦਰ ਜਾ ਕੇ ਸੌਰੀ ਕਹਿ ਆ। ਤੇਰਾ ਕੁਸ਼ ਨ੍ਹੀਂ ਘੱਟ ਚਲਿਆ। ਉਹਨੇ ਏਨੇ ਨਾਲ ਹੀ ਠੰਢਾ ਹੋ ਜਾਣਾ।’’
ਅੱਗੋਂ ਉਹ ਆਕੜ ਜਾਂਦਾ ਹੈ। ਕਹਿੰਦਾ ਹੈ, ”ਮੈਂ ਕਿਉਂ ਮਾੜੇ ਬੰਦੇ ਨੂੰ ਸੌਰੀ ਕਹਾਂ। ਮੈਂ ਕੀ ਕਸੂਰ ਕੀਤਾ ਆ। ਤੁਹਾਡੇ ਕਿਸੇ ’ਚ ਤੜ ਨ੍ਹੀਂ ਸੀ-ਏਸੇ ਲਈ ਉਹ ਚਾਮਲ ਗਿਆ। ਬੰਦੇ ਨੂੰ ਬੰਦਾ ਹੀ ਨ੍ਹੀਂ ਸਮਝਦਾ। ਮੈਂ ਉਹਨੂੰ ਬੰਦੇ ਦਾ ਪੁੱਤ ਬਣਾਊਂਗਾ। ਜਾਉ-ਉਸਨੂੰ ਕਹਿ ਦਿਉ-ਜੋ ਕਰਨਾ ਕਰ ਲਵੇ। ਵੱਧ ਤੋਂ ਵੱਧ ਕੀ ਹੋ ਜਾਉੂ-ਮੈਨੂੰ ਕਿਸੇ ਹੋਰ ਬ੍ਰਾਂਚ ਵਿੱਚ ਭੇਜ ਦੇਣਗੇ। ਇਸ ਨਾਲ ਮੈਨੂੰ ਕੀ ਫਰਕ ਪੈਣ ਲੱਗਾ। ਮੈਨੂੰ ਸਸਪੈਂਡ ਕਰਾ ਦਊ-ਇਹਦੂੰ ਵਧ ਕੀ ਕਰ ਲਊ। ਉਹਨੂੰ ਦੱਸ ਦਿਓ-ਜੇ ਮੈਂ ਸਸਪੈਂਡ ਹੋ ਗਿਆ-ਪਹਿਲਾਂ ਮੈਂ ਗਾਲਾਂ ਕਢਾਂਗਾ। ਫੇਰ ਮੇਰੀ ਘਰਵਾਲੀ ਤੇ ਤਿੰਨੇ ਬੱਚੇ। ਮਾਂ ਤੇ ਬਾਪੂ ਅੱਡ। ਜਿਨ੍ਹਾਂ ਦੇ ਮੈਂ ਦੇਣੇ ਆ-ਉਹ ਅੱਡ। ਜੇ ਉਹਨੇ ਇਨ੍ਹਾਂ ਸਾਰਿਆਂ ਦੀਆਂ ਗਾਲ੍ਹਾਂ ਖਾਣੀਆਂ ਤਾਂ ਜੋ ਮਰਜ਼ੀ ਕਰ ਲਵੇ। ਹੁਣ ਮੈਂ ਉਹੀ ਕੰਮ ਕਰਾਂਗਾ-ਜੋ ਮੇਰੀ ਦਫਤਰੀ ਡਿਊਟੀ ਬਣਦੀ ਆ।’’
ਜੇ ਮੇਰੀ ਥਾਂ ’ਤੇ ਕੋਈ ਹੋਰ ਹੁੰਦਾ ਤਾਂ ਉਸ ਇਹੀ ਗੱਲ ਵਧਾ ਚੜ੍ਹਾ ਕੇ ਦਲਜੀਤ ਸਿੰਘ ਨੂੰ ਦੱਸਣੀ ਸੀ। ਆਪਣੇ ਨੰਬਰ ਬਣਾਉਣੇ ਸਨ। ਮੇਰਾ ਉਹੋ ਜਿਹਾ ਸੁਭਾਅ ਨਹੀਂ ਹੈ। ਮੈਨੂੰ ਕੋਈ ਰਸਤਾ ਨਹੀਂ ਲੱਭਦਾ। ਕਈ ਕੁਝ ਸੋਚ ਵਿਚਾਰ ਕੇ ਆਖਰ ਮੈਂ ਸਟੈਨੋ ਨੂੰ ਬੁਲਾਉਂਦਾ ਹਾਂ। ਡਿਕਟੇਸ਼ਨ ਦਿੰਦਾ ਹਾਂ। ਖਰੜਾ ਟਾਈਪ ਹੋ ਕੇ ਆ ਜਾਂਦਾ ਹੈ। ਇਕ ਵਾਰ ਪੜ੍ਹਦਾ ਹਾਂ। ਦੋ ਵਾਰ ਪੜ੍ਹਦਾ ਹਾਂ। ਮਨ ਹੀ ਮਨ ਸੋਚਦਾ ਹਾਂ ਕਿ ਦਫਤਰ ’ਚ ਕਈ ਕੰਮ ਆਪਣੀ ਇੱਛਾ ਦੇ ਵਿਰੁੱਧ ਜਾ ਕੇ ਵੀ ਕਰਨੇ ਪੈਂਦੇ ਹਨ।
ਖਰੜਾ ਲੈ ਜਾ ਕੇ ਮੈਂ ਦਲਜੀਤ ਸਿੰਘ ਦੇ ਸ਼ੀਸ਼ੇ ’ਤੇ ਰੱਖ ਦਿੰਦਾ ਹਾਂ। ਕੁਰਸੀ ’ਤੇ ਬੈਠ ਕੇ ਉਸ ਦੀ ਪ੍ਰਤੀਕ੍ਰਿਆ ਦਾ ਇੰਤਜ਼ਾਰ ਕਰਦਾ ਹਾਂ। ਉਹ ਹੱਥ ਵਾਲਾ ਕੰਮ ਨਿਪਟਾ ਕੇ ਖਰੜਾ ਪੜ੍ਹਦਾ ਹੈ। ਐਨਕਾਂ ਉਪਰੋਂ ਦੀ ਦੇਖਦਾ ਹੋਇਆ ਮੈਨੂੰ ਪੁੱਛਦਾ ਹੈ ਕਿ ਮੋਹਨ ਲਾਲ ਨੇ ਕੀ ਕਿਹਾ ਹੈ। ਮੈਂ ਉਹਨੂੰ ਮੋਹਨ ਲਾਲ, ਉਸ ਦੀ ਬੀਵੀ, ਬੱਚਿਆਂ ਤੇ ਮਾਂ ਪਿਉ ਬਾਰੇ ਦੱਸਦਾ ਹਾਂ। ਉਹ ਆਪਣੇ ਘਰੋਂ ਲਿਆਂਦੀ ਪਾਣੀ ਦੀ ਵੱਡੀ ਸਾਰੀ ਬੋਤਲ ’ਚੋਂ ਪਾਣੀ ਦਾ ਗਿਲਾਸ ਭਰਦਾ ਹੈ। ਘੁੱਟ-ਘੁੱਟ ਕਰਕੇ ਪੀਂਦਾ ਹੈ। ਮੱਥੇ ’ਤੇ ਯਕਦਮ ਆਏ ਪਸੀਨੇ ਨੂੰ ਪੂੰਝਦਾ ਹੈ। ਘਬਰਾਹਟ ਜਿਹੀ ਮਹਿਸੂਸ ਕਰਦਾ ਹੈ। ਨਾਲ ਦੀ ਨਾਲ ਸਾਰੀ ਬ੍ਰਾਂਚ ਨੂੰ ਦੇਖ ਲੈਂਦਾ ਹੈ। ਉਸ ਦੀ ਨਜ਼ਰ ਹੇਠ ਮੋਹਨ ਲਾਲ ਨਹੀਂ ਆਉਂਦਾ।
ਉਹ ਖਰੜੇ ਨੂੰ ਚੁੱਕ ਕੇ ਆਪਣੇ ਮੇਜ਼ ਦੀ ਹੇਠਲੀ ਦਰਾਜ਼ ’ਚ ਰੱਖ ਦਿੰਦਾ ਹੈ। ਮੈਨੂੰ ਕਹਿੰਦਾ ਹੈ, ”ਬੜੀ ਪੋਲਾਇਟ ਲੈਂਗੂਏਜ਼ ਲਿਖੀ। ਮਾੜੇ ਬੰਦੇ ਦਾ ਕੋਈ ਇਲਾਜ਼ ਨ੍ਹੀਂ।’’
ਅੱਧੇ ਕੁ ਘੰਟੇ ਬਾਅਦ ਮੈਨੂੰ ਪਾਣੀ ਦਾ ਗਿਲਾਸ ਦਿੰਦਿਆਂ ਹੋਇਆਂ ਮੋਹਨ ਲਾਲ ਕਹਿੰਦਾ ਹੈ, ”ਬੜੀ ਸਖ਼ਤ ਭਾਸ਼ਾ ਵਰਤੀ ਆ। ਮਾੜੇ ਬੰਦੇ ਦਾ ਕੋਈ ਇਲਾਜ਼ਨ੍ਹੀਂ।’’
ਕੇਸ ਚੈਕ ਕਰਾਉਣ ਆਇਆ ਸੁਖਪਾਲ ਕਹਿੰਦਾ ਹੈ, ”ਹੋ ਗਿਆ ਰਾਂਝਾ ਰਾਜੀ? ਮਾੜੇ ਬੰਦੇ ਦਾ ਕੋਈ ਇਲਾਜ਼ ਨ੍ਹੀਂ।’’
ਮਾੜਾ ਬੰਦਾ ਕੌਣ ਹੈ? ਮੈਂ? ਮੋਹਨ ਲਾਲ? ਦਲਜੀਤ ਸਿੰਘ? ਜਾਂ ਕੋਈ ਹੋਰ? ਇਸ ਸੰਬੰਧੀ ਸਰਬਜੀਤ ਨੀਵੀਂ ਪਾਈ ਸੋਚ ਰਹੀ ਹੈ। ਲੱਗਦਾ ਹੈ ਕਿ ਹੁਣ ਉਹ ਵੀ ਮੇਰੇ ਵਾਂਗ ਟੈਨਸ਼ਨ ਗ੍ਰਸਤ ਹੋ ਗਈ ਹੈ। ਮੈਥੋਂ ਵੀ ਕੋਈ ਫੈਸਲਾ ਨਹੀਂ ਹੋ ਰਿਹਾ। ਸ਼ਾਇਦ ਅੱਜ-ਭਲਕ ਨੂੰ ਹੋ ਜਾਵੇ। ਜੇ ਹੋ ਗਿਆ ਤਾਂ ਮੈਂ ਤੁਹਾਨੂੰ ਅਵੱਸ਼ ਹੀ ਦੱਸਾਂਗਾ। ਇਹ ਮੇਰਾ ਤੁਹਾਡੇ ਨਾਲ ਵਾਇਦਾ ਰਿਹਾ। ਹਾਲ ਦੀ ਘੜੀ ਮੇਰੇ ਹੱਥ ਖੜੇ ਹਨ।

ਜਿੰਦਰ
ਪੰਜਾਬੀ ਕਥਾ ਜਗਤ ਵਿਚ ਜਿੰਦਰ ਮਨੋਵਿਗਿਆਨਿਕ ਪਰਤਾਂ ਨੂੰ ਫਰੋਲਨ ਵਾਲੇ ਕਥਾ-ਕਾਰ ਵਜੋਂ ਸਥਾਪਿਤ ਹੈ। ਵਕਤ ਦੇ ਤੇਜ਼ ਦੌੜਦੇ ਪਹਿਏ ਨਾਲ ਬਦਲ ਰਹੀਆਂ ਪ੍ਰਸਥਿਤੀਆਂ ਦੇ ਅਸਰ ਉਹਦੀ ਕਹਾਣੀ ਵਿਚ ਸਾਫ਼ ਦਿਖਾਈ ਦਿੰਦੇ ਹਨ। ਔਰਤ ਮਨ ਦੀਆਂ ਪਰਤਾਂ, ਦਲਿਤ ਜੀਵਨ ਦਾ ਯਥਾਰਤ ਅਤੇ ਸਮਾਜਿਕ ਗੁੰਝਲਾਂ ਦੇ ਆਰ ਪਾਰ ਦੇਖਣ ਦੀ ਉਹਦੀ ਨਜ਼ਰ ਖੁਬ ਹੈ। ਉਹ ਪਿਛਲੇ ਕਈ ਵਰਿ੍ਹਆਂ ਤੋਂ ‘ਸ਼ਬਦ’ ਨਾਂ ਦੇ ਮਿਆਰੀ ਸਾਹਤਿਕ ਪਰਚੇ ਦੇ ਸੰਪਾਦਕ ਦੀ ਜ਼ਿੰਮੇਵਾਰੀਆਂ ਵੀ ਬੜੀ ਸ਼ਿੱਦਤ ਨਾਲ ਨਿਭਾਉਂਦਾ ਆ ਰਿਹਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!