ਮਾਰਕਸਵਾਦੀਆਂ ਦਾ ਸੈਨਾਪਤੀ : ਸੰਤ ਸਿੰਘ ਸੇਖੋਂ – ਪ੍ਰੇਮ ਪ੍ਰਕਾਸ਼

Date:

Share post:

ਅਕਤੂਬਰ 2007 ਵਿਚ ਪੰਜਾਬੀ ਦੇ ਮੋਢੀ ਲੇਖਕ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸੰਸਾਰ ਨਾਲੋਂ ਵਿਛੜਿਆਂ ਦਸ ਸਾਲ ਹੋ ਗਏ ਹਨ। ਪ੍ਰਿੰਸੀਪਲ ਸੇਖੋਂ ਇੱਕ ਸਰਬਾਂਗੀ ਲੇਖਕ ਸਨ ਤੇ ਪੰਜਾਬੀ ਸਾਹਿਤ ਦੀ ਹਰ ਵਿਧਾ ਵਿਚ ਪਾਏ ਪੂਰਨਿਆਂ ਕਾਰਨ ਸਭ ਨਿੱਕੇ ਵੱਡੇ ਕਲਮਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਲਿਖੇ ਇਕ ਨਾਟਕ 'ਬਾਬਾ ਬੋਹੜ’ ਦੇ ਨਾਮ ਨਾਲ ਯਾਦ ਕਰਦੇ ਹਨ। ਮਤੇ ਅਸੀਂ ਭੁੱਲ ਜਾਈਏ, 'ਹੁਣ’ ਵਲੋਂ ਪੇਸ਼ ਹੈ ਇਹ ਉਚੇਚਾ ਲਿਖਵਾਇਆ ਲੇਖ।

1954 ’ਚ ਮੇਰੇ ਕਿਸੇ ਲੇਖਕ ਦੋਸਤ ਨੇ ਮੈਨੂੰ ਜਲੰਧਰ ਦੇ ਗਿਆਨੀ ਹੀਰਾ ਸਿੰਘ ਦਰਦ ਕਾਲਜ ਜਾਂ ਅਕੈਡਮੀ ’ਚ ਬਹਾ ਕੇ ਗਿਆਨੀ ਦਾ ਦਾਖਲਾ ਭਿਜਵਾ ਦਿੱਤਾ। ਕੋਰਸ ’ਚ ਦੋ ਕਿਤਾਬਾਂ ਸੰਤ ਸਿੰਘ ਸੇਖੋਂ ਦੀਆਂ ਲੱਗੀਆਂ ਹੋਈਆਂ ਸਨ। ਕਹਾਣੀਆਂ ਦੀ ਕਿਤਾਬ ਸਮਾਚਾਰ ਸੀ ਤੇ ਸੱਤ ਇਕਾਂਗੀਆਂ ਦਾ ਸੰਗ੍ਰਹਿ ਸੀ।
ਓਦੋਂ ਸੇਖੋਂ ਤੇ ਸੁਜਾਨ ਸਿੰਘ ਨੂੰ ਸਿਰਮੌਰ ਕਹਾਣੀਕਾਰ ਮੰਨਿਆ ਜਾਂਦਾ ਸੀ। ਉਹ ਨਵੇਂ ਲੇਖਕਾਂ ਦਾ ਆਦਰਸ਼ ਸਨ। ਨਵੇਂ ਕਹਾਣੀਕਾਰ ਉਹਨਾਂ ਦੀ ਪੈਰਵੀ ਕਰਦੇ ਸਨ। ਪਰ ਮੈਨੂੰ ਇੰਜ ਨਹੀਂ ਸੀ ਲੱਗਦਾ। ਮੈਂ ਉਰਦੂ ਦਾ ਕਹਾਣੀ ਸਾਹਿਤ ਬਹੁਤ ਪੜ੍ਹ ਚੁੱਕਿਆ ਸੀ। ਮੈਨੂੰ ਪੰਜਾਬੀ ਦੀਆਂ ਉਹਨਾਂ ਦੀਆਂ ਕਹਾਣੀਆਂ ਸਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ ਤੇ ਕ੍ਰਿਸ਼ਨ ਚੰਦਰ ਵਰਗੀਆਂ ਵਧੀਆ ਨਹੀਂ ਸਨ ਲੱਗਦੀਆਂ। ਪਰ ਸੇਖੋਂ ਦਾ ਇਕ ਨਾਟਕ ਮੈਨੂੰ ਘਰੋਂ ਭੱਜੇ ਨੂੰ ਭਾਵੁਕ ਬਣਾ ਦੇਂਦਾ ਸੀ। ਉਹਦਾ ਇਕ ਸੀਨ ਮੇਰੇ ਮਨ ’ਚ ਖੁਭ ਕੇ ਬਹਿ ਗਿਆ ਸੀ। ਖੇਤਾਂ ’ਚ ਬੈਠੀਆਂ ਤੀਵੀਆਂ ਮੱਕੀ ਦੇ ਬੰਦਾਂ ਦੇ ਉੱਚੇ ਗਰੇਅ ’ਚੋਂ ਬੰਦ ਚੱਕੀ ਜਾਂਦੀਆਂ ਨੇ ਤੇ ਟਾਂਡਿਆਂ ਨਾਲੋਂ ਛੱਲੀਆਂ ਕੱਢ ਕੇ ਟੋਕਰਿਆਂ ’ਚ ਪਾਈ ਜਾਂਦੀਆਂ ਨੇ ਤੇ ਟਾਂਡੇ ਇਕ ਪਾਸੇ ਰੱਖੀ ਜਾਂਦੀਆਂ ਨੇ। ਕੰਮ ਕਰਦੀਆਂ ਉਹ ਆਪਣੇ ਘਰਾਂ ਦੀ ਹਾਲਤ ਦੀਆਂ ਗੱਲਾਂ ਵੀ ਕਰੀ ਜਾਂਦੀਆਂ ਨੇ। ਮੈਨੂੰ ਉਹਨਾਂ ਦੀ ਬੋਲੀ ਆਪਣੇ ਪਿੰਡਾਂ ਕੰਨੀ ਦੀ ਲੱਗਦੀ। ਮੈਨੂੰ ਇਹੀ ਲੱਗੀ ਜਾਂਦਾ ਕਿ ਇਹ ਦ੍ਰਿਸ਼ ਸਾਡੇ ਖੂਹ ਦਾ ਏ। ਇਹ ਤੀਵੀਆਂ ਸਾਡੇ ਪਿੰਡ ਬਡਗੁੱਜਰਾਂ ਦੀਆਂ ਨੇ। ਸਾਰੇ ਉਰਦੂ ਸਾਹਿਤ ’ਚ ਮੈਨੂੰ ਅਜਿਹਾ ਸੀਨ ਕਿਤੇ ਵੀ ਨਹੀਂ ਸੀ ਦਿਸਿਆ।
ਕੁਝ ਚਿਰ ਬਾਅਦ ਜਦ ਪ੍ਰੋ. ਮੋਹਨ ਸਿੰਘ ਅਮ੍ਰਿਤਸਰੋਂ ਜਲੰਧਰ ਆ ਵਸਿਆ, ਤਾਂ ਉਹਦੇ ਘਰ ਇਕ ਵਾਰ ਸੇਖੋਂ ਨੂੰ ਦੇਖਿਆ। ਉਹਨੇ ਸੂਟ ਪਾ ਕੇ ਟਾਈ ਲਾਈ ਹੋਈ ਸੀ। ਅੱਖਾਂ ’ਤੇ ਐਨਕਾਂ। ਉਹਦਾ ਰੰਗ ਪੱਕਾ ਕਣਕ ਵੰਨਾ। ਚਿਹਰੇ ਦੀਆਂ ਹੜ੍ਹਬਾਂ ਨਿੱਕਲੀਆਂ ਹੋਈਆਂ। ਉੱਚਾ ਨੱਕ, ਉੱਤੋਂ ਮੋਟਾ। ਆਮ ਜਿਹਾ ਬੰਦਾ। ਉਹਦੇ ’ਚ ਕੁਝ ਵੀ ਖਿੱਚ ਪਾਓਣ ਵਾਲਾ ਨਹੀਂ ਸੀ। ਫੇਰ 1956 ’ਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਲੰਧਰ ’ਚ ਹੋਈ ਕਾਨਫਰੰਸ ’ਚ ਉਹਨੂੰ ਭਾਈ ਜੋਧ ਸਿੰਘ, ਗੁਰਬਖਸ਼ ਸਿੰਘ, (ਪ੍ਰਿੰਸੀਪਲ) ਤੇਜਾ ਸਿੰਘ ਤੇ ਗਿਆਨੀ ਹੀਰਾ ਸਿੰਘ ਦਰਦ ਦੇ ਨਾਲ ਪ੍ਰਧਾਨਗੀ ਮੰਡਲ ’ਚ ਬੈਠਿਆਂ ਦੇਖਿਆ, ਤਾਂ ਚੰਗਾ ਲੱਗਿਆ। ਉਹਨੂੰ ਤੇ ਮੋਹਨ ਸਿੰਘ ਨੂੰ ਛੱਡ ਕੇ ਸਾਰੇ ਬੁੱਢਿਆਂ ਦੇ ਚਿੱਟੀਆਂ ਕਮੀਜ਼ਾਂ, ਚਿੱਟੇ ਪਜਾਮੇ ਤੇ ਚਿੱਟੀਆਂ ਪੱਗਾਂ ਸਨ। ਅੱਖਾਂ ’ਤੇ ਐਨਕਾਂ ਤੇ ਹੱਥਾਂ ’ਚ ਖੂੰਡੀਆਂ। ਸਿਰਫ ਸੇਖੋਂ ਤੇ ਮੋਹਨ ਸਿੰਘ ਰੰਗ ਬਰੰਗੇ ਸਨ। ਚੰਗੇ ਲੱਗਦੇ ਸਨ। ਚਿੱਟੇ ਭਾਪੇ ਪਖੰਡੀ ਲੇਖਕ ਜਿਹੇ ਲੱਗੇ ਮੈਨੂੰ।
ਸੇਖੋਂ ਥੋੜ੍ਹੇ ਸਮੇਂ ’ਚ ਹੀ ਪ੍ਰਗਤੀਵਾਦੀ ਜਾਂ ਮਾਰਕਸਵਾਦੀ ਸਾਹਿਤਕ ਲਹਿਰ ਦੀ ਸੈਨਾ ਦਾ ਸੈਨਾਪਤੀ ਬਣ ਗਿਆ ਸੀ। ਮੈਂ ਵੀ ਓਸ ਖੱਬੇ-ਪੱਖੀ ਸੋਚ ਵਾਲਿਆਂ ਦੀ ਸੈਨਾ ਦਾ ਬਾਨਰ ਸੀ। ਪਰ ਦੋ ਕੁ ਵਰਿ੍ਹਆਂ ਬਾਅਦ ਜਦ ਮੈਂ ਕੁਝ ਕੁ ਕਹਾਣੀਆਂ ਛਪਵਾ ਕੇ ਕਹਾਣੀਕਾਰਾਂ ਦੇ ਵਿਚ ਵੜ ਗਿਆ, ਤਾਂ ਮੈਨੂੰ ਸੇਖੋਂ ਤੋਂ ਔਖਿਆਈ ਹੋਣ ਲੱਗ ਪਈ ਸੀ। ਮੈਂ ਔਖਾ ਹੋ ਗਿਆ ਕਿ ਇਹ ਸੇਖੋਂ-ਸੇਖੋਂ ਕੀ ਹੋਈ ਜਾਂਦੀ ਏ? ਕੋਰਸਾਂ ’ਚ ਉਹਦੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ। ਸੁਪਰੀਮ ਕੋਰਟ ਦੇ ਜੱਜ ਵਾਂਗੂੰ ਫੈਸਲੇ ਦੇਈ ਜਾਂਦਾ ਏ। ਕੁਲਵੰਤ ਸਿੰਘ ਵਿਰਕ ਨੂੰ ਮਾਰਕਸਵਾਦੀ ਕਹਿਣਾ ਔਖਾ ਲੱਗਿਆ ਤਾਂ ਕਹਿੰਦੈ ਅਖੇ ਵਿਰਕ ਮਾਨਵਵਾਦੀ ਏ। ਜਿਵੇਂ ਕੋਈ ਸਾਹਿਤਕਾਰ ਅਮਾਨਵਵਾਦੀ ਵੀ ਹੁੰਦਾ ਏ। ਸ਼ਿਵ ਕੁਮਾਰ ਜੇ ਮਾਰਕਸਵਾਦੀ ਨਹੀਂ, ਤਾਂ ਪੰਜਾਬੀ ਦਾ ਕੀਟਸ ਏ। ਪ੍ਰਭਜੋਤ ਦੀ ਕਵਿਤਾ ਬਹੁਤ ਉੱਚੇ ਪੱਧਰ ਦੀ ਏ। ਸੇਖੋਂ ਅਜਿਹੇ ਫ਼ਤਵੇ ਦੇਣ ਵਾਲਾ ਕੌਣ ਹੁੰਦੈ?
ਸੇਖੋਂ ਦਾ ਵਿਰੋਧ ਮੇਰੇ ਸਣੇ ਬਹੁਤੇ ਲੇਖਕ ਏਸ ਕਰ ਕੇ ਕਰਦੇ ਸਨ ਕਿ ਉਹ ਪੰਜਾਬੀ ਸਾਹਿਤ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਮੰਨਿਆ ਜਾਂਦਾ ਸੀ। ਉਹ ਜਿਹੜੇ ਲੇਖਕ ਦਾ ਨਾਂ ਲੈਂਦਾ ਸੀ, ਉਹ ਉੱਚਾ ਚੱਕਿਆ ਜਾਂਦਾ ਸੀ। ਜੀਹਨੂੰ ਨਿੰਦ ਦੇਂਦਾ ਸੀ, ਉਹ ਥੱਲੇ ਲਹਿ ਜਾਂਦਾ ਸੀ। ਫੇਰ ਉਹ ਸੇਖੋਂ ਦੇ ਵਿਰੁੱਧ ਬੋਲਣ ਲੱਗ ਪੈਂਦਾ ਸੀ। ਏਨੀ ਸ਼ਕਤੀ ਸੀ ਸੇਖੋਂ ਦੇ ਬੋਲ ਤੇ ਕਲਮ ਦੀ। ਪਰ ਉਹ ਗੈਰ ਮਾਰਕਸਵਾਦੀਆਂ ਦੀ ਨਿੰਦਿਆ ਕਰਦਾ ਸੀ। ਗੈਰ-ਜੱਟਾਂ ਦਾ ਵੀ ਵਿਰੋਧ ਕਰਦਾ ਸੀ। ਮੁਤੱਸਬੀ ਸੀ। ਮੈਂ ਵੀ ਉਹਦਾ ਵਿਰੋਧ ਮੁਤੱਸਬੀ ਬਣ ਕੇ ਕਰਨ ਲੱਗ ਪਿਆ ਸੀ। ਉਹਦੇ ਗੋਡੇ ਛੋਟੀ ਉਮਰੇ ਹੀ ਚੱਲਣੋਂ ਨਾਂਹ ਕਰਨ ਲੱਗ ਪਏ ਸਨ। ਮੈਂ ਹੋਰ ਨਹੀਂ ਤਾਂ ਉਹਦੇ ਚੱਲਣੋਂ ਰਹੇ ਗੋਡਿਆਂ ਦਾ ਹੀ ਮਜ਼ਾਕ ਉਡਾਣ ਲੱਗ ਪੈਂਦਾ ਸੀ।
ਜਦ ਮੇਰਾ ਕਹਾਣੀ ਸੰਗ੍ਰਹਿ ‘ਮੁਕਤੀ’ ਛਪਿਆ ਤਾਂ ਕੁਝ ਮਾਰਕਸਵਾਦੀ ਵੀ ਉਹਦੇ ਹੱਕ ’ਚ ਬੋਲਣ ਲੱਗ ਪਏ ਸਨ। ਪਰ ਬਹੁਤੇ ਵਿਰੁੱਧ ਹੀ ਸਨ। ਕੇਂਦਰੀ ਲੇਖਕ ਸਭਾ ਨੇ ਮੇਰੀ ਉਸ ਪੁਸਤਕ ’ਤੇ ਗੋਸ਼ਟੀ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਰੱਖ ਲਈ। ਉਦੋਂ ਸਭਾ ਦਾ ਜਨਰਲ ਸਕੱਤਰ ਰਘਬੀਰ ਸਿੰਘ ਸੀ। ਮੈਨੂੰ ਪਤਾ ਸੀ ਕਿ ਉਹਦੀ ਨੀਤ ਠੀਕ ਨਹੀਂ ਸੀ। ਓਥੇ ਮਾਹੌਲ ਨਾ ਬਹੁਤਾ ਮੇਰੇ ਹੱਕ ’ਚ ਸੀ ਤੇ ਨਾ ਈ ਖਿਲਾਫ਼। ਕਈ ਮਾਰਕਸਵਾਦੀਆਂ ਨੇ ਦੁਵੱਲੀ ਤਲਵਾਰ ਚਲਾਈ। ਬੜੀ ਭਰਮੀ ਬਹਿਸ ਹੋਈ। ਮੈਨੂੰ ਸਟੇਜ ਦੀ ਥਾਂ ਸਰੋਤਿਆਂ ਦੀ ਪਹਿਲੀ ਕਤਾਰ ’ਚ ਬਹਾਇਆ ਗਿਆ ਸੀ। ਮੇਰੇ ਕੋਲ ਕੁਲਵੰਤ ਸਿੰਘ ਵਿਰਕ ਤੇ ਸੁਰਜੀਤ ਹਾਂਸ ਵੀ ਬੈਠੇ ਸਨ। ਪਰ ਉਹ ਕੁਝ ਨਾ ਬੋਲੇ। ਅਖੀਰ ’ਚ ਸੰਤ ਸਿੰਘ ਸੇਖੋਂ ਬੋਲਿਆ। ਉਹਨੇ ਸਮਾਜ ਤੇ ਸਾਹਿਤ ਦੀਆਂ ਗੱਲਾਂ ਕਰਦਿਆਂ ਮੇਰੀਆਂ ਕਹਾਣੀਆਂ ਦਾ ਇਕ ਚੰਗਾ ਪਹਿਲੂ ਵੀ ਗਿਣ ਦਿੱਤਾ। ਫੇਰ ਜ਼ਰਾ ਸੰਕੋਚ ਨਾਲ ਕਿਹਾ, ”ਇਹੋ ਜਿਹੇ ਪ੍ਰੇਮ ਪਿਆਰ ਦੇ ਅਨੁਭਵ ਮੇਰੇ ਵੀ ਨੇ। ਕਦੇ ਮੈਂ ਵੀ ਇਹਨਾਂ ਅਨੁਭਵਾਂ ਨੂੰ ਲਿਖਣਾ ਚਾਹੁੰਦਾ ਸੀ। ਪਰ ਮੇਰਾ ਦ੍ਰਿਸ਼ਟੀਕੋਣ ਮੈਨੂੰ ਰੋਕਦਾ ਸੀ। ਹੁਣ , ਹੁਣ ਲਿਖਣ ਦਾ ਹੌਸਲਾ ਨਹੀਂ ਰਿਹਾ। ਏਸ ਗੋਸ਼ਟੀ ਦੀ ਬਹਿਸ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰਾ ਝਾਕਾ ਹੀ ਖੁਲ੍ਹ ਗਿਆ।’’ ਸੇਖੋਂ ਵੱਲ ਮੇਰਾ ਰੁਖ਼ ਵੀ ਨਰਮ ਪੈ ਗਿਆ।
1980 ਦੀ ਇੰਗਲੈਂਡ ’ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ. ਐØੱਸ. ਗਰੇਵਾਲ ਨੂੰ ਸਾਹਿਤ ਦਾ ਖਿਆਲ ਆਇਆ, ਤਾਂ ਉਹਨਾਂ ਨੇ ਸੇਖੋਂ ਨੂੰ ਆਤਮਕਥਾ ਲਿਖਣ ਦੀ ਪੇਸ਼ਕਸ਼ ਕੀਤੀ। ਲਿਖਣ ਸਮੇਂ ’ਚ ਸੇਖੋਂ ਨੂੰ ਯੂਨੀਵਰਸਿਟੀ ਦਾ ਮਹਿਮਾਨ ਰੱਖਿਆ ਗਿਆ। ਉਹਨੂੰ ਪ੍ਰਤੀ ਪੰਨੇ ਦੇ ਹਿਸਾਬ ਨਾਲ ਪੈਸੇ ਦੇਣੇ ਕੀਤੇ। ਜਿਹੜੇ ਲਿਖਤ ਮੁੱਕਦੇ ਸਾਰ ਦੇ ਦਿੱਤੇ ਗਏ। ਸੇਖੋਂ ਇਕ ਪੰਨਾ ਪੂਰਾ ਕਰ ਕੇ ਆਪਣੇ ਪੈਸੇ ਗਿਣ ਲੈਂਦਾ ਸੀ। ਏਸ ਤਰ੍ਹਾਂ ਉਹਦੇ ਕੋਲ ਜਿੰਨੇ ਵੀ ਛਪੇ ਅਣਛਪੇ ਸਾਹਿਤਕ ਤੇ ਸਿਆਸੀ ਲੇਖ ਪਏ ਸਨ, ਕਾਨਫਰੰਸ ਦੀ ਖਿੱਚ ਕੇ ਵਧਾਈ ਸਾਰੀ ਰੀਪੋਰਟ, ਨਿੱਕੇ-ਮੋਟੇ ਲੇਖਕਾਂ ਨਾਲ ਹੋਈਆਂ ਮੁਲਾਕਾਤਾਂ ਦਾ ਵੇਰਵਾ ਸਭ ਕੁਝ ਆਤਮਕਥਾ ਵਿਚ ਤੁੰਨ ਦਿੱਤਾ। ਆਤਮਕਥਾ ਦੀ ਪਹਿਲੀ ਜਿਲਦ ਤਾਂ ਸੁੱਖਸਾਂਦ ਨਾਲ ਛਪ ਗਈ। ਪਰ ਦੂਜੀ ਛਪੀ, ਤਾਂ ਪੁਆੜਾ ਪੈ ਗਿਆ। ਏਤਰਾਜ਼ ਏਨੇ ਸਖ਼ਤ ਹੋਏ ਕਿ ਯੂਨੀਵਰਸਿਟੀ ਨੇ ਉਹ ਜਿਲਦ ਵਾਪਸ ਲੈ ਲਈ। ਜਿਹੜੀਆਂ ਕਾਪੀਆਂ ਨਿੱਕਲ ਗਈਆਂ ਸੋ ਗਈਆਂ, ਬਾਕੀ ਸਟਾਕ ਤਬਾਹ ਕਰ ਦਿੱਤਾ ਗਿਆ। ਉਹਦੇ ਵਿਚ ਸੇਖੋਂ ਨੇ ਔਰਤਾਂ ਨਾਲ ਆਪਣੇ ਪ੍ਰੇਮ ਪ੍ਰਸੰਗਾਂ ਤੇ ਕਾਮ ਕ੍ਰੀੜਾ ਦਾ ਜ਼ਿਕਰ ਕਰ ਦਿੱਤਾ ਸੀ। ਖਾਸ ਤੌਰ ’ਤੇ ਖਾਲਸਾ ਕਾਲਜ ਫਤਿਹਗੜ੍ਹ ਦੀ ਪ੍ਰਿੰਸੀਪਲੀ ਦੇ ਦੌਰਾਨ ਚੱਲਿਆ ਉਹਦਾ ਕਿਸੇ ਜ਼ਨਾਨੀ ਨਾਲ ਚੱਕਰ ਲਿਖਿਆ ਗਿਆ ਸੀ। ਮੈਂ ਵੀ ਉਹ ਪੜ੍ਹਿਆ ਸੀ। ਮੈਨੂੰ ਤਾਂ ਉਹ ਠੀਕ ਹੀ ਲੱਗਿਆ ਸੀ। ਸਿਰਫ ਇਸਤਰੀ ਦਾ ਅਸਲੀ ਨਾਂ ਲਿਖਣਾ ਬੁਰਾ ਲੱਗਿਆ ਸੀ। ਉਹਦੇ ਵਿਚ ਸੇਖੋਂ ਨੇ ਲਿਖਿਆ ਸੀ ਕਿ ਉਹ ਓਸ ਔਰਤ ਵੱਲ ਏਨਾ ਖਿੱਚਿਆ ਗਿਆ ਸੀ ਕਿ ਦੋ ਵਾਰ ਉਹਦੇ ਨਾਂਹ-ਨਾਂਹ ਕਰਦੀ ਦੇ ਹੱਥ ਚੁੰਮ ਲਏ। ਫੇਰ ਉਹ ਹੱਥ ਚੁੰਮਾਣ ਲੱਗ ਪਈ। ਫੇਰ ਇਕ ਸ਼ਾਮ ਉਹਨੇ ਸੇਖੋਂ ਨੂੰ ਆਪਣੇ ਘਰ ਚਾਹ ’ਤੇ ਸੱਦ ਲਿਆ। ਜਦ ਸੇਖੋਂ ਗਿਆ ਤਾਂ ਉਹ ਡਰੈਸਿੰਗ ਗਾਊਨ ਪਹਿਨੀਂ ਆਪਣੇ ਪਲੰਘ ’ਤੇ ਲੇਟੀ ਹੋਈ ਸੀ। ਗਾਊਨ ਦੇ ਹੇਠਾਂ ਉਹਨੇ ਕੇਵਲ ਇਕ ਅੰਗੀ ਤੇ ਇਕ ਅੱਧ-ਲੰਮੀ ਸਲਵਾਰ ਪਹਿਨੀ ਹੋਈ ਸੀ। ਜਿਸ ਵਿਚ ਨਾਲੇ ਦੀ ਥਾਂ ਇਲਾਸਟਿਕ ਸੀ। ਉਹ ਦੋਵੇਂ ਦੀਵਾਨੇ ਹੋ ਗਏ ਸੀ। ਕਾਲਜ ਦੇ ਦਫਤਰ ਵਿਚ ਵੀ ਉਹ ਦੁਪਹਿਰ ਨੂੰ ਕੱਠੇ ਰੋਟੀ ਖਾਂਦੇ ਤੇ ਚੁੰਮਣ ਚੱਟਣ ਕਰਦੇ ਸਨ। ਇਹ ਸੇਖੋਂ ਵਾਸਤੇ ਬਦਨਾਮੀ ਵਾਲੀ ਕੋਈ ਗੱਲ ਨਹੀਂ ਸੀ। ਉਹ ਆਮ ਭਾਰਤੀਆਂ ਵਾਂਗ ਏਸ ’ਤੇ ਫਖ਼ਰ ਕਰਦਾ ਹੁੰਦਾ ਸੀ। ਇਹ ਫਖਰ ਵੀ ਮੈਨੂੰ ਉਹਦੀ ਬਦਸੂਰਤੀ ’ਚੋਂ ਨਿੱਕਲਦਾ ਲੱਗਦਾ ਸੀ। ਇਹਨਾਂ ਗੱਲਾਂ ਪਿੱਛੇ ਉਹਨੂੰ ਦੋ ਨੌਕਰੀਆਂ ਤੋਂ ਕੱਢਿਆ ਗਿਆ ਸੀ। ਪਰ ਹੈ ਸੀ ਇਹ ਮਰਦਾਂ ਵਾਲੀ ਹੀ ਗੱਲ। ਇਹ ਮਰਦਾਵੀਂ ਊਰਜਾ ਹੀ ਸਾਹਿਤ ਦੀ ਰਚਨਾ ਕਰਵਾਉਾਂਦੀ ਹੈ। ਤੁਸੀਂ ਕੋਈ ਖੁਸਰਾ ਸਾਹਿਤਕਾਰ ਵੇਖਿਆ ਏ?
1950 ਤੋਂ ਆਪਣੇ ਅੰਤ ਤਕ ਲਗਭਗ ਅੱਧੀ ਸਦੀ ਸੇਖੋਂ ਦੀ ਬਾਦਸ਼ਾਹਤ ਚੱਲਦੀ ਰਹੀ। ਉਹਦੇ ’ਤੇ ਦੂਸ਼ਨ ਲੱਗਦੇ ਰਹੇ ਕਿ ਉਹ ਬੋਤਲ ਤੇ ਔਰਤ ਦਾ ਲੋਭੀ ਏ। ਡੱਬ ’ਚੋਂ ਸ਼ੀਸ਼ੀ ਵਿਖਾ ਦਿਓ, ਤਾਂ ਉਹ ਮੀਲ ਭਰ ਤੁਹਾਡੇ ਮਗਰੇ ਤੁਰਿਆ ਆਵੇਗਾ। ਔਰਤਾਂ ਦਾ ਠਰਕੀ ਉਹ ਮੇਰੇ ਨਾਲੋਂ ਵੀ ਵੱਧ ਸੀ। ਆਮ ਵਿਹਾਰ ਤੇ ਆਲੋਚਨਾ ਕਰਦਾ ਵੀ ਉਹ ਉਹਨਾ ਦੇ ਹੱਕ ’ਚ ਝੂਠੇ ਗਵਾਹ ਵਾਂਗ ਭੁਗਤ ਜਾਂਦਾ ਸੀ। ਇਹ ਗੱਲ ਮੈਨੂੰ ਬਹੁਤੀ ਚੰਗੀ ਨਹੀਂ ਸੀ ਲੱਗਦੀ। 1970-71 ਜਦ ਨਕਸਲੀ ਲਹਿਰ ਭਖਣ ਲੱਗੀ ਤਾਂ ਖੇਤੀ ਬਾੜੀ ਯੂਨੀਵਰਸਿਟੀ, ਲੁਧਿਆਣਾ ’ਚ ਨੌਕਰੀ ਕਰਦੇ ਪ੍ਰੋ. ਐØੱਸ. ਐØੱਸ. ਦੁਸਾਂਝ ਦੀ ਲੀਡਰਸ਼ਿਪ ’ਚ ਪੰਜਾਬੀ ਦੇ ਜੁਝਾਰਵਾਦੀ ਲੇਖਕ ਦੋਹਾਂ ਕਮਿਊਟਿਸਟ ਪਾਰਟੀਆਂ ਤੇ ਕੇਂਦਰੀ ਲੇਖਕ ਸਭਾ ਦੇ ਵਿਰੋਧ ’ਚ ’ਕੱਠੇ ਹੋਣ ਲੱਗ ਪਏ। ਸਿਆਸੀ ਲਹਿਰ ’ਚ ਅਮਲੀ ਹਿੱਸਾ ਲੈਣ ਵਾਲੇ ਕਈ ਲੇਖਕ ਫੜ੍ਹੇ ਵੀ ਗਏ ਸਨ। ਬਹੁਤ ਸਾਰੇ ਅੰਡਰ ਗਰਾਉੂਂਡ ਹੋ ਗਏ ਸੀ ਤੇ ਕੁਝ ਐਵੇਂ ਈ ਕਰਾਂਤੀ ਦੇ ਰੋਮਾਂਸ ਵਜੋਂ ਪੁਲਸ ਤੋਂ ਡਰਦੇ ਲੁਕਣ ਲੱਗ ਪਏ ਸਨ। ਦੁਸਾਂਝ ਨੇ ਦੇਸ਼ਭਗਤ ਯਾਦਗਾਰ ਹਾਲ ’ਚ ਲੇਖਕਾਂ ਦਾ ਭਾਰੀ ’ਕੱਠ ਕਰਾਇਆ। ਜੀਹਦੇ ਵਿਚ ਸੰਤ ਸਿੰਘ ਸੇਖੋਂ ਨੇ ਕਮਿਊਨਿਸਟ ਪਾਰਟੀ ਦੇ ਵਿੰਗ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਬਗ਼ਾਵਤ ਦਾ ਐਲਾਨ ਕਰ ਦਿੱਤਾ ਤੇ ਉਹ ਨੌਜਵਾਨ ਨਕਸਲੀਆਂ ਨਾਲ ਰਲ਼ ਗਿਆ। ਪ੍ਰੋ. ਮੋਹਨ ਸਿੰਘ ਨੂੰ ਵੀ ਜੋਸ਼ ਕੁੱਦਿਆ। ਉਹਨੇ ਵੀ ਐਲਾਨ ਕਰ ਦਿੱਤਾ ਤੇ ਆਪਣੇ ਏਸ ਕੰਮ ਨੂੰ ਸਾਹਿਤਕਾਰ ਦਾ ਅਹਿਮ ਫਰਜ਼ ਦੱਸਿਆ। ਪਰ ਦੂਜੇ ਦਿਨ ਮੋਹਨ ਸਿੰਘ ਮੁੱਕਰ ਕੇ ਆਪਣੇ ਟਿਕਾਣੇ ’ਤੇ ਜਾ ਬੈਠਾ। ਸੇਖੋਂ ਡਟਿਆ ਰਿਹਾ। ਅਸੀਂ ਸਾਹਿਤਕਾਰਾਂ ਦੀ ਗ੍ਰਿਫਤਾਰੀ ਦੇ ਖਿਲਾਫ ਸ਼ਹਿਰ ’ਚ ਜਲੂਸ ਕੱਢਿਆ। ਜੀਹਦੇ ਵਿਚ ਅੱਗੇ-ਅੱਗੇ ਸੰਤ ਸਿੰਘ ਸੇਖੋਂ ਰਿਕਸ਼ਾ ’ਚ ਜਾਂਦਾ ਸੀ। ਰਿਕਸ਼ੇ ਨੂੰ ਲਾਊਡ ਸਪੀਕਰ ਬੱਝਾ ਸੀ ਤੇ ਮਾਈਕ ਦੁਸਾਂਝ ਦੇ ਹੱਥ ’ਚ ਸੀ। ਰੈਣਕ ਬਜ਼ਾਰ ਤੇ ਫਗਵਾੜਾ ਗੇਟ ਹੁੰਦੇ ਅਸੀਂ ਮਿਲਾਪ ਚੌਕ ਤਕ ਗਏ। ਜਿੱਥੇ ਸੇਖੋਂ ਨੇ ਰਿਕਸ਼ੇ ’ਤੇ ਖੜ੍ਹ ਕੇ ਭਾਸ਼ਣ ਦੇਂਦਿਆਂ ਕਿਹਾ ਕਿ ਇਹ ਬੱਚੇ ਖਾਣੀ ਸਰਕਾਰ ਐ। ਇਹ ਨਹੀਂ ਰਹਿਣ ਦੇਣੀ ਚਾਹੀਦੀ। ਅਖਬਾਰਾਂ ਨੇ ਇਹਦੀਆਂ ਨਿੱਕੀਆਂ ਖਬਰਾਂ ਤੇ ਫੋਟੋਆਂ ਵੀ ਛਾਪੀਆਂ । ਏਸ ਗੱਲ ’ਤੇ ਦੋਵੇਂ ਕਮਿਊਨਿਸਟ ਪਾਰਟੀਆਂ ਸੇਖੋਂ ਨਾਲ ਨਰਾਜ਼ ਹੋ ਗਈਆਂ। ਪਰ ਸੇਖੋਂ ਨੇ ਇਹਦੀ ਕੋਈ ਪਰਵਾਹ ਨਾ ਕੀਤੀ। ਅਸਲ ’ਚ ਉਹ ਆਪਣਾ ਰਾਹ ਮਾਰਕਸਵਾਦ ਤੋਂ ਬਦਲ ਰਿਹਾ ਸੀ। ਕੁਝ ਸਾਲਾਂ ਬਾਅਦ ਜਦ ਨਕਸਲੀ ਲਹਿਰ ਦਬੀ, ਤਾਂ ਉਹਨੂੰ ‘ਨਕਸਲੀ ਜੁਝਾਰਵਾਦੀਆਂ’ ਨਾਲ ਵੀ ਹਮਦਰਦੀ ਨਾ ਰਹੀ। ਉਹ ਖਾਲਿਸਤਾਨ ਜਾਂ ਸਿੱਖ ਸਟੇਟ ਬਣਾਉਣ ਵਾਲੀਆਂ ਗੱਲਾਂ ਕਰਨ ਲੱਗ ਪਿਆ।
ਖਾਲਿਸਤਾਨ ਦੇ ਹੱਕ ’ਚ ਲਹਿਰ ਤੇਜ਼ ਹੋਈ, ਤਾਂ ਹੋਰ ਮਾਰਕਸਵਾਦੀ ਸਾਹਿਤਕਾਰ ਵੀ ਤਿਲਕਣ ਲੱਗ ਪਏ। ਜਸਵੰਤ ਕੰਵਲ ਦੇ ਬਾਅਦ ਸੇਖੋਂ ਵਰਗਾ ਥੰਮ੍ਹ ਵੀ ਹਿੱਲ ਗਿਆ। ਉਹਨਾਂ ਸ਼ੁਰੂ ਦੇ ਦਿਨਾਂ ’ਚ ਆਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਨੇ ਸਾਹਿਤਕਾਰਾਂ ਤੇ ਦਾਨਿਸ਼ਵਰਾਂ ਦੀ ਮੀਟਿੰਗ ਬੁਲਾਈ। ਉਹਦੇ ਵਿਚ ਸੇਖੋਂ ਨੇ ਸਾਫ ਸ਼ਬਦਾਂ ’ਚ ਖਾਲਿਸਤਾਨ ਦੀ ਹਮਾਇਤ ਕੀਤੀ। ਅਸੀਂ ਭੋਲ਼ੇ ਬੰਦੇ ਹੈਰਾਨ ਹੋ ਗਏ। ਬਾਹਰ ਜਾਂਦਿਆਂ ਜਦ ਮੈਂ ਗੱਲ ਕੀਤੀ ਤਾਂ ਸੇਖੋਂ ਕਹਿੰਦਾ,” ਪ੍ਰੇਮ ਪ੍ਰਕਾਸ਼, ਛੋਟੇ ਦੇਸਾਂ ’ਚ ਇਨਕਲਾਬ ਛੇਤੀ ਆਉਂਦੈ।’’
ਉਹਨਾਂ ਦਿਨਾਂ ’ਚ ਤਾਂ ਵਿਰਕ ਵੀ ‘ਸਿੱਖਾਂ ਨੂੰ ਕੁਝ ਦੇਣ’ ਦੀ ਗੱਲ ਕਰਨ ਲੱਗ ਪਿਆ ਸੀ। ਉਹਨੇ ਕਿਸੇ ਲੇਖ ’ਚ ਲਿਖਿਆ ਸੀ ਕਿ ਹੁਣ ਜਦ ਸਿੱਖ ਸਬੱਬ ਨਾਲ ਇਕ ਇਲਾਕੇ ’ਚ ’ਕੱਠੇ ਹੋ ਗਏ ਨੇ, ਤਾਂ ਉਹਨਾਂ ਦੀਆਂ ਲੋੜਾਂ ਦਾ ਖਿਆਲ ਕਰਨਾ ਬਣਦਾ ਏ। ਸੇਖੋਂ ਨੇ ਇੰਗਲੈਂਡ ਤੋਂ ਛਪਦੇ ਹਫਤਾਵਾਰ ਅਖਬਾਰ ਦੇਸ ਪ੍ਰਦੇਸ (ਦੀਵਾਲੀ ਅੰਕ 1983) ਵਿਚ ਆਪਣੇ ਲੜੀਵਾਰ ਲੇਖ ’ਚ ਇਕ ਥਾਂ ਲਿਖਿਆ ਸੀ, ”ਅਸਲ ਸਮੱਸਿਆ ਇਹੀ ਹੈ ਕਿ ਸਿੱਖ ਭਾਰਤ ਵਿਚ ਵਰਤਮਾਨ ਸਥਿਤੀ ਅਨੁਸਾਰ ਰਾਜਸੀ ਅਤੇ ਸੱਭਿਆਚਾਰਕ ਪੱਖ ਤੋਂ ਸੰਤੁਸ਼ਟ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਪੰਜਾਬ ਨੂੰ ਸੁਤੰਤਰ ਦੇਸ਼ ਬਨਾਉਣ ਦੇ ਇੱਛੁਕ ਹਨ। ਉਹ ਏਸ ਤੋਂ ਘੱਟ ’ਤੇ ਸੰਤੁਸ਼ਟ ਨਹੀਂ ਹੋਣਗੇ।’’
ਸੇਖੋਂ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਕਰ ਕੇ ਉਹਦੀ ਸੈਨਾ ਮੁੱਠੀ ਭਰ ਰਹਿ ਗਈ ਸੀ। ਫੇਰ ਲੇਖਕ ਉਹਦੇ ਵਿਰੋਧ ’ਚ ਬਹੁਤਾ ਬੋਲਣ ਲੱਗ ਪਏ ਸਨ। ਮੈਨੂੰ ਬੁੱਢੇ ਬੰਦੇ ਨੂੰ ਮਾੜਾ ਬੋਲਣਾ ਬਹੁਤਾ ਚੰਗਾ ਨਹੀਂ ਸੀ ਲੱਗਦਾ। ਧਰਮੀ ਯੁੱਧ ਤਾਂ ’ਕੱਲੇ ਦਾ ’ਕੱਲੇ ਨਾਲ ਤੇ ਹਾਣਦੇ ਦਾ ਹਾਣਦੇ ਨਾਲ ਈ ਚੰਗਾ ਹੁੰਦਾ ਏ। ਭ੍ਰਿੰਡਾਂ ਦੇ ਖੱਖਰ ਵਾਂਗ ਰਲ਼ ਕੇ ਕਿਸੇ ’ਤੇ ਹੱਲਾ ਬੋਲਣਾ ਬੁਜ਼ਦਿਲੀ ਏ। ਪਰ ਕਮਿਊਨਿਸਟ ਇਹਨੂੰ ਵੱਡਾ ਹਥਿਆਰ ਮੰਨਦੇ ਨੇ।
ਜਦ ਸੇਖੋਂ ਆਪਣੇ ਅੰਤ ਵੱਲ ਵਧ ਰਿਹਾ ਸੀ ਤਾਂ ਇਕ ਪਾਸੇ ਤਾਂ ਉਹਦੇ ਵਿਰੋਧੀ ਵਧ ਗਏ ਸਨ ਤੇ ਦੂਜੇ ਪਾਸੇ ਉਹ ਆਪ ਵੀ ਪੁੱਠੇ ਸਿੱਧੇ ਅਜਿਹੇ ਕੰਮ ਕਰਨ ਲੱਗ ਪਿਆ ਸੀ ਕਿ ਹਾਰੇ ਦਾ ਨਿਆਂ ਜਾਪਦਾ ਸੀ। ਉਹ ਬੀਮਾਰ ਹੋ ਕੇ ਪੈਸੇ ਕੱਠੇ ਕਰਨ ਲਈ ਹੱਥ ਪੱਲਾ ਅੱਡਣ ਲੱਗ ਪਿਆ ਸੀ। ਉਹ ਪੈਸੇ ਚਾਹੁੰਦਾ ਸੀ, ਉਹ ਭਾਵੇਂ ਕਿਸੇ ਵੀ ਪਾਸਿਉਂ ਮਿਲਣ। ਇਕ ਪਾਸੇ ਉਹ ਖਾਲਿਸਤਾਨ ਦੀ ਹਮਾਇਤ ਕਰਦਾ ਸੀ ਤੇ ਦੂਜੇ ਪਾਸੇ ਸਰਕਾਰ ਤੋਂ ਲੱਖ ਰੁਪਏ ਲੈਣ ਲਈ ਪਟਿਆਲੇ ਵਿਦਿਆਰਥੀਆਂ ਦੀ ਵਿਸ਼ਾਲ ਰੈਲੀ ਨੂੰ ਦੇਸ਼ ਭਗਤੀ ਦੀ ਸਹੁੰ ਚੁਕਾਣ ਤੁਰ ਪਿਆ ਸੀ। ਕਿਸੇ ਦੇ ਟੋਕਣ ’ਤੇ ਕਹਿਣ ਲੱਗ ਪਿਆ ਸੀ ਕਿ ਉਹਨੇ ਲੱਖ ਰੁਪਿਆ ਕਦੇ ’ਕੱਠਾ ਦੇਖਿਆ ਨਹੀਂ ਸੀ। ਉਹ ਫੜ ਕੇ ਦੇਖਣਾ ਚਾਹੁੰਦਾ ਸੀ। ਮੈਂ ਦੋਸਤਾਂ ’ਚ ਮਖੌਲ ’ਚ ਕਹਿੰਦਾ ਹੁੰਦਾ ਸੀ ਕਿ ਸੇਖੋਂ ਨੇ ਤਾਂ ਹਾਥੀ ਦੀ ਇੰਦਰੀ ਵੀ ਨਹੀਂ ਦੇਖੀ ਹੋਣੀ! ਉਹ ਦਿਖਾਉਣ ਖਾਤਰ ਇਹਨੂੰ ਕੇਰਲ ਦੀ ਸੈਰ ਕਰਾਉਣੀ ਪਊਗੀ। ਨਾਲੇ ਬੰਦੇ ਦੀ ਉਹ ਕੁਝ ਦੇਖਣ ਦੀ ਆਸ ਤਾਂ ਮੁੱਕਦੀ ਹੀ ਨਹੀਂ, ਜਿਹੜਾ ਕੁਝ ਨਹੀਂ ਦੇਖਿਆ ਹੁੰਦਾ। ਦਿਲ ਤਾਂ ਰਾਜ ਮਹਿਲਾਂ ਤੇ ਰਣਵਾਸਾਂ ’ਚ ਰਹਿਣ ਨੂੰ ਵੀ ਕਰਦਾ ਏ!
ਏਸੇ ਦੌਰਾਨ ’ਚ ਜਸਵੰਤ ਦੀਦ ਇਕ ਵਾਰੀ ਦੂਰਦਰਸ਼ਨ ਲਈ ਸੇਖੋਂ ਦੀ ਇੰਟਰਵਿਊ ਕਰਨ ਤੁਰ ਪਿਆ। ਉਹਦੇ ਨਾਲ ਸਵਿਤੋਜ ਵੀ ਸੀ। ਉਹਨਾਂ ਨੇ ਮੈਨੂੰ ਵੀ ਘਰੋਂ ਲੈ ਲਿਆ। ਉਦੋਂ ਮੇਰੇ ਭਗਵੇਂ ਕੱਪੜੇ ਪਾਏ ਹੋਏ ਸੀ। ਮੈਂ ਉਵੇਂ ਉੱਠ ਕੇ ਤੁਰ ਪਿਆ। ਅਸੀਂ ਪੁੱਛਦੇ ਪੁਛਾਂਦੇ ਸੇਖੋਂ ਦੇ ਪਿੰਡ ਦਾਖੇ ਤੇ ਫੇਰ ਘਰ ਅੱਪੜ ਗਏ। ਵੱਡੇ ਦਰਵਾਜ਼ੇ ਵਾਲਾ ਘਰ ਆਮ ਜੱਟਾਂ ਵਰਗਾ ਸੀ। ਮੂਹਰੇ ਬੈਠਕ, ਵੱਖੀ ’ਚ ਵਿਹੜਾ ਤੇ ਪਿੱਛੇ ਦਲਾਨ। ਨਾਲ ਰਸੋਈ। ਘਰ ’ਚ ਨਿਆਣੇ ਨਾ ਦਿਸੇ। ਮਾਤਾ ਸੀਗੀ। ਨੂੰਹ ਗਈ ਹੋਈ ਹੋਣੀ ਏ। ਉਹਦਾ ਸਿੱਧੜ ਮੁੰਡਾ ਕਾਕੂ ਕੁਝ ਲੈਣ ਘਰ ਆਇਆ ਦੇਖਿਆ।
ਅਸੀਂ ਬੈਠਕ ’ਚ ਬਹਿ ਕੇ ਚਾਹ ਪੀਤੀ ਤੇ ਕੈਮਰਾ ਸਿਨ੍ਹਣ ਲੱਗੇ। ਸੇਖੋਂ ਕੱਪੜੇ ਬਦਲਦਾ ਮੈਨੂੰ ਕਹਿੰਦਾ, ”ਪ੍ਰੇਮ ਤੈਨੂੰ ਪੂਣੀ ਕਰਾਓਣੀ ਆਉਂਦੀ ਐ?’’ ਮੈਂ ਕਿਹਾ, ” ਮੈਂ ਬਥੇਰੀਆਂ ਕਰਾਈਆਂ ਨੇ। ਮੈਂ ਆਪ ਪੱਗ ਬੰਨ੍ਹਦਾ ਰਿਹਾਂ।’’
ਰੀਕਾਰਡਿੰਗ ਵੇਲ਼ੇ ਸਵਾਲ ਪੁੱਛਣ ਵਾਲੇ ਤਿੰਨ ਤੇ ਸੇਖੋਂ ’ਕੱਲਾ। ਉਹਦੀ ਯਾਦ ਸ਼ਕਤੀ ਏਨੀ ਕਮਾਲ ਦੀ ਕਿ ਤਰੀਕਾਂ ਤਕ ਦੱਸਦਾ ਰਿਹਾ। ਮੇਰੇ ਵਿੰਗੇ ਸਵਾਲਾਂ ਦੇ ਜਵਾਬ ਵੀ ਨਿਡਰ ਹੋ ਕੇ ਦੇਂਦਾ ਰਿਹਾ। ਜਿਨ੍ਹਾਂ ’ਚ ਕੀਤੇ ਇਸ਼ਕਾਂ, ਸਾਹਿਤ ਦੀ ਸਿਆਸਤ ਤੇ ਉਹਦੀ ਬਦਲਦੀ ਸਾਹਿਤਕ ਤੇ ਸਿਆਸੀ ਸੋਚ ਬਾਰੇ ਉਲਝਾਵੇਂ ਸਵਾਲ ਸ਼ਾਮਲ ਸਨ। ਏਨਾ ਨਿਡਰ ਹੋਣਾ ਬਹੁਤ ਔਖਾ ਏ। ਮੈਂ ਉਹਨੂੰ ‘ਜੱਟ ਦੇ ਹੌਸਲੇ’ ਦੀ ਦਾਦ ਦਿੱਤੀ। ਰੀਕਾਰਡਿੰਗ ਮੁੱਕਣ ’ਤੇ ਵੀ ਅਸੀਂ ਗੱਲਾਂ ਜਾਰੀ ਰੱਖੀਆਂ। ਜਦ ਅਸੀਂ ਮੁੜਨ ਲੱਗੇ ਤਾਂ ਸੇਖੋਂ ਕਹਿੰਦਾ, ” ਮੈਂ ਵੀ ਲੁੱਦੇਹਾਣੇ ਜਾਣੈ। ਥੋਡੇ ਨਾਲ ਈ ਚੱਲਦਾਂ।’’
ਰਾਹ ’ਚ ਗੱਲਾਂ ਕਰਦਾ ਸੇਖੋਂ ਹੋਰ ਵੀ ਖੁੱਲ੍ਹ ਕੇ ਬੋਲਣ ਲੱਗ ਪਿਆ। ਉਹ ਮੇਰੇ ਨਾਲ ਬੈਠਾ ਸੀ। ਗੱਲਾਂ ਕਰਦਿਆਂ ਸਾਡੇ ਵਿਚਕਾਰ ਤਲਖੀ ਦੀ ਥਾਂ ਅਪਣੱਤ ਪੈਦਾ ਹੋ ਗਈ ਸੀ। ਸੇਖੋਂ ਚਾਂਭਲੇ ਨਿਆਣੇ ਵਾਂਗ ਹੱਸ-ਹੱਸ ਕੇ ਮੈਨੂੰ ਦੱਸੀ ਗਿਆ ,” ਤੈਨੂੰ ਸੱਚ ਦੱਸਾਂ, ਅਸਲ ’ਚ ਮੈਂ ਲੇਖਕ-ਲੂਖਕ ਬਣਨਾ ਨਹੀਂ ਸੀ ਚਾਹੁੰਦਾ। ਮੈਂ ਤਾਂ ਡਾਕੂ ਬਨਣਾ ਚਾਹੁੰਦਾ ਸੀ। ਮੇਰਾ ਆਦਰਸ਼ ਧਰਮੀ ਡਾਕੂ ਸੀ, ਜਿਊਣੇ ਮੌੜ ਵਰਗਾ। ਜਿਹੜਾ ਅਮੀਰਾਂ ਨੂੰ ਲੁੱਟੇ ਤੇ ਗਰੀਬਾਂ ’ਚ ਵੰਡੇ। ਵੱਡਾ ਹੋ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਅਸਲ ’ਚ ਰਾਜ ਸੱਤਾ ਚਾਹੁੰਦਾਂ। ਜੀਹਦੇ ਨਾਲ ਈ ਧਨ ਦੀ ਸੱਤਾ ਵੀ ਆਉਂਦੀ। ਅਸਲ ’ਚ ਮੈਨੂੰ ਹਾਵਾ ਰਣਜੀਤ ਸਿੰਘ ਦੇ ਬਾਅਦ ਸਿੱਖਾਂ ਦੇ ਰਾਜ ਦੇ ਜਾਣ ਦਾ ਹੈ। ਮੈਂ ਓਸ ਰਾਜ ਦੀ ਮੁੜ ਸਥਾਪਤੀ ਚਾਹੁੰਦਾ ਹਾਂ। ਇਕ ਹੋਰ ਸੱਚੀ ਗੱਲ ਦੱਸਾਂ ਮੈਂ ਤਾਂ ਸਿੱਖ ਰਾਜ ਨਾਲੋਂ ਵੀ ਵੱਧ ਜੱਟਾਂ ਦਾ ਰਾਜ ਚਾਹੁੰਦਾ ਹਾਂ। ਇਹ ਸਿੱਖਾਂ, ਖਾਸ ਤੌਰ ’ਤੇ ਜੱਟਾਂ ਦੀ ਹਉਮੈ ਦੀ ਲੋੜ ਐ। ਊਂ ਭਾਵੇਂ ਇਹਨੂੰ ਪੰਜਾਬ ਦੇਸ਼, ਸਿੱਖ ਸਟੇਟ, ਜਾਂ. ਹੋਰ ਕੁਝ ਵੀ ਕਹਿ ਲਵੋ। ਮਤਲਬ ਤਾਂ ਰਾਜ ਦੇ ਸਿੰਗਾਂ ਨੂੰ ਹੱਥ ਪਾਓਣ ਦਾ ਐ।’’ ਉਹਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਸੇਖੋਂ ਨੂੰ ਪੂਰੀ ਆਸ ਏ ਕਿ ਇਕ ਦਿਨ ਅਜਿਹਾ ਆਵੇਗਾ ਕਿ ਸਾਰੇ ਪੰਜਾਬ (ਵਿੱਚੇ ਪਾਕਿਸਤਾਨੀ) ਕੀ, ਦਿੱਲੀ ਤਕ ਸਿੱਖ ਜੱਟਾਂ ਦਾ ਰਾਜ ਹੋਵੇਗਾ। ਦੂਜੀਆਂ ਜਾਤਾਂ ਦੇ ਲੋਕ ਪਰਜਾ ਹੋਣਗੇ। ਪਰ ਉਹਨਾਂ ਨਾਲ ਪੂਰਾ ਸਮਾਜਿਕ ਤੇ ਆਰਥਿਕ ਨਿਆਂ ਹੋਵੇਗਾ। ਜ਼ੁਬਾਨੀ ਗੱਲਾਂ ਜਾਂ ਖਾਲਿਸਤਾਨ ਦੀ ਹਮਾਇਤ ਕਰਦੇ ਵਲੈਤੀ ਤਰਸੇਮ ਪੁਰੇਵਾਲ ਦੇ ਹਫਤਾਵਾਰ ‘ਦੇਸ ਪ੍ਰਦੇਸ’ ’ਚ ਲਿਖੇ ਲੇਖ ਹੋਣ, ਸੇਖੋਂ ਨੇ ਅੱਤਵਾਦੀਆਂ ਵੱਲੋਂ ਹਿੰਦੂਆਂ ਨੂੰ ਕਤਲ ਕਰਨ ਦੀ ਕਦੇ ਵੀ ਹਮਾਇਤ ਨਹੀਂ ਕੀਤੀ।
ਇਹ ਗੱਲਾਂ ਮੈਂ ਕੌਮਿਆਂ ’ਚ ਲਿਖੀਆਂ ਨੇ। ਹੋ ਸਕਦੈ ਕਿ ਸੇਖੋਂ ਦੇ ਸ਼ਬਦ ਕੁਝ ਫਰਕ ਨਾਲ ਕੁਝ ਹੋਰ ਹੋਣ। ਪਰ ਮਤਲਬ ਇਹੀ ਸੀ। ਇਹੋ ਜਿਹੀਆਂ ਗੱਲਾਂ ਉਹਨੇ ਆਪਣੇ ਉਹਨਾਂ ਲੇਖਾਂ ’ਚ ਵੀ ਲਿਖੀਆਂ ਨੇ, ਜਿਹੜੇ ‘ਦੇਸ ਪ੍ਰਦੇਸ’ ਲਈ ਲਿਖੇ ਤੇ ਛਪੇ। ਪਰ ਇਹੋ ਜਿਹੀਆਂ ਗੱਲਾਂ ਦੂਰਦਰਸ਼ਨ ’ਤੇ ਟੈਲੀਕਾਸਟ ਤੇ ਨਹੀਂ ਕੀਤੀਆਂ ਜਾ ਸਕਦੀਆਂ। ਦੀਦ ਨੇ ਕੂਲੀਆਂ ਜਿਹੀਆਂ ਰੱਖ ਕੇ ਬਾਕੀ ਉਡਾ ਦਿੱਤੀਆਂ। ਦੀਦ ਦੀ ਟਰਾਂਸਫਰ ਤੋਂ ਬਾਅਦ ਅਗਲਿਆਂ ਨੇ ਏਡੇ ਵੱਡੇ ਸਾਹਿਤਕਾਰ ਦੀ ਰੀਕਾਰਡਿੰਗ ਹੀ ਉਡਾ ਦਿੱਤੀ।
ਜਦ ਮੈਂ ਚਾਹ ਪੀਂਦਿਆਂ ‘ਪੈਸਾ ਕੱਠਾ ਕਰਨ ਦੇ ਹਾਵੇ’ ਦੀ ਗੱਲ ਪੁੱਛੀ ਤਾਂ ਸੇਖੋਂ ਕਹਿੰਦਾ,” ਅਸਲ ’ਚ ਜੱਟ ਦੀ ਜਾਨ ਜਮੀਨ ’ਚ ਮਰਨ ਤੱਕ ਰਹਿੰਦੀ ਐ। ਮੈਂ ਚਾਹੁੰਦਾਂ ਬਈ ਮੇਰੇ ਕੋਲ ਏਨੇ ਕੁ ਪੈਸੇ ਹੋ ਜਾਣ ਕਿ ਸੱਤ ਕੀਲੇ ਪੂਰੇ ਕਰ ਲਵਾਂ।’’ ਓਦੋਂ ਮੈਨੂੰ ਖਿਆਲ ਆਇਆ ਕਿ ਇਹਨੂੰ ਆਪਣੇ ਸਿੱਧੜ ਪੁੱਤ ਕਾਕੂ ਦੇ ਟੱਬਰ ਦਾ ਭਵਿੱਖ ਦਾ ਡਰ ਵੀ ਲੱਗਿਆ ਹੋਇਆ ਹੋਣਾ ਏ।
ਇਹਦੇ ਨਾਲ ਈ ਮੈਨੂੰ ਦੂਰਦਰਸ਼ਨ ’ਤੇ ਹੋਈ ਇਕ ਹੋਰ ਰੀਕਾਰਡਿੰਗ ਦਾ ਚੇਤਾ ਆ ਗਿਆ। ਪੰਜਾਬੀ ਕਹਾਣੀ ’ਤੇ ਗੱਲ ਕਰਨ ਲਈ ਸੇਖੋਂ, ਵਰਿਆਮ ਸਿੰਘ ਸੰਧੂ ਤੇ ਮੈਨੂੰ ਬੁਲਾਇਆ ਗਿਆ ਸੀ। ਕੰਪੀਈਰਿੰਗ ਪਤਾ ਨਹੀਂ ਕੌਣ ਕਰ ਰਿਹਾ ਸੀ। ਪਤਾ ਨਹੀਂ ਕਿਹੜੀ ਗੱਲ ’ਤੇ ਜਦ ਵਰਿਆਮ ਬੋਲ ਰਿਹਾ ਸੀ, ਤਾਂ ਸੇਖੋਂ ਨੇ ਵਿਚ ਨੂੰ ਗੱਲ ਕੱਟ ਕੇ ਕਿਹਾ ਕਿ ਨਹੀਂ ਇਵੇਂ ਨਹੀਂ ਹੁੰਦਾ। ਵਰਿਆਮ ਕਹਿੰਦਾ-ਹੁੰਦਾ ਏ। ਸੇਖੋਂ ਖਿਝ ਕੇ ਕਹਿੰਦਾ, ”ਨਹੀਂ ਹੁੰਦਾ।’’ ਸੇਖੋਂ ਏਨਾ ਭੜਕ ਕੇ ਬੋਲਿਆ ਕਿ ਰੀਕਾਰਡਿੰਗ ਬੰਦ ਕਰ ਦਿੱਤੀ ਗਈ। ਕੁਰਸੀ ਤੋਂ ਉੱਠਦੇ ਸੇਖੋਂ ਨੂੰ ਰੋਕ ਲਿਆ ਗਿਆ। ਮੈਂ ਦਖਲ ਦੇਂਦਿਆਂ ਕਿਹਾ ਕਿ ਅਸੀਂ ਤਦੇ ਗੱਲਾਂ ਕਰਨ ਲੱਗੇ ਹਾਂ ਕਿ ਅਸੀਂ ਇਕ ਦੂਜੇ ਨਾਲ ਸਹਿਮਤ ਨਹੀਂ।’’ ਰੀਕਾਰਡਿੰਗ ਮੁੜਕੇ ਸ਼ੁਰੂ ਕੀਤੀ, ਤਾਂ ਸਿਰੇ ਚੜ੍ਹ ਗਈ।
ਕਿਸੇ ਵੀ ਕਿਸਮ ਦੀ ਮੀਟਿੰਗ, ਕਾਨਫ਼ਰੰਸ ਜਾਂ ਕੋਈ ਸਮਾਗਮ ਹੋਵੇ, ਸੇਖੋਂ ਨੂੰ ਵਿੱਚ ਬੋਲਣ , ਬੋਲਦੇ ਨੂੰ ਟੋਕਣ ਤੇ ਟਿੱਚਰ ਕਰਨ ਦੀ ਆਦਤ ਸੀ। ਗੱਲ ਕਰ ਕੇ ਉਹ ਆਪ ਈ ਹੱਸ ਪੈਂਦਾ ਸੀ। ਉਹ ਇਹਨੂੰ ਖੁਸ਼ਮਿਜ਼ਾਜੀ ਤੇ ਮੈਂ ਬਦਤਮੀਜ਼ੀ ਸਮਝਦਾ ਸੀ। ਉਹਨੂੰ ਬੋਲਦੇ ਨੂੰ ਟੋਕਣ ਦੀ ਬਦਤਮੀਜ਼ੀ ਮੈਂ ਵੀ ਇਕ ਦੋ ਵਾਰ ਕੀਤੀ। ਪਰ ਗੱਲ ਗੌਲ਼ੀ ਨਹੀਂ ਸੀ ਗਈ। ਸੇਖੋਂ ਤਾਂ ਸੇਖੋਂ ਸੀ।
ਫੇਰ ਸੇਖੋਂ ਜ਼ਿਆਦਾ ਹੀ ਬੀਮਾਰ ਹੋ ਗਿਆ। ਨਾਮਧਾਰੀਆਂ ਦੇ ਸਤਿਗੁਰੂ ਮਹਾਰਾਜ ਨੇ ਉਹਦੇ ਇਲਾਜ ਲਈ ਪੈਸੇ ਉਹਦੇ ਘਰ ਭੇਜੇ। ਉਹਨੇ ਸਤਿਗੁਰਾਂ ਦਾ ਬਹੁਤ ਧੰਨਵਾਦ ਕੀਤਾ। ਧੰਨਵਾਦ ਲਿਖਤੀ ਰੂਪ ’ਚ ਕੀਤਾ ਤੇ ਕਿਹਾ ਕਿ ਉਹ ਸਤਿਗੁਰਾਂ ਤੇ ਕੂਕਾ ਲਹਿਰ ਬਾਰੇ ਬੜਾ ਕੁਝ ਲਿਖਣਾ ਚਾਹੁੰਦਾ ਹੈ। ਪਰ ਕੀ ਕਰੇ, ਹੁਣ ਲਿਖਣ ਜੋਗਾ ਨਹੀਂ ਰਿਹਾ। ਸੁਆਸਥ ਖਰਾਬ ਹੋਈ ਜਾਂਦਾ ਹੈ। ਟੂਟੀਆਂ ਲੱਗੀਆਂ ਹੋਈਆਂ ਨੇ। ਕਿੰਨੇ ਦਿਨ ਹਸਪਤਾਲ ’ਚ ਰਹਿ ਕੇ ਆਇਆ ਹਾਂ।
ਏਸ ਦੇ ਕੁਝ ਚਿਰ ਬਾਅਦ ਭੈਣੀ ਸਾਹਿਬ ਵਿਚ ਵੱਡਾ ’ਕੱਠ ਹੋਇਆ। ਜੀਹਦੇ ਵਿਚ ਬਹੁਤ ਸਾਰੇ ਪੰਜਾਬੀ ਲੇਖਕ ਆਏ। ਜਿਨ੍ਹਾਂ ਵਿਚ ਸੰਤੋਖ ਸਿੰਘ ਧੀਰ, ਸੁਰਜੀਤ ਪਾਤਰ, ਸੁਤਿੰਦਰ ਸਿੰਘ ਨੂਰ, ਮੋਹਨਜੀਤ ਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਉਹਨਾਂ ਸਾਰਿਆਂ ਨੂੰ ਓਸ ਖਾਸ ਮੌਕੇ ’ਤੇ ਸਤਿਗੁਰਾਂ ਵੱਲੋਂ ਆਸ਼ੀਰਵਾਦ ਦਿੱਤਾ ਗਿਆ ਸੀ। ਜੀਹਦੇ ਵਿਚ ਚੰਗੀਆਂ ਰਕਮਾਂ ਸਨ। ਕਿਸੇ ਪਰਚੇ ਨੇ ਉਹਦੀ ਰੀਪੋਰਟ ਛਾਪਦਿਆਂ ਲਿਖਿਆ ਸੀ ਕਿ ਜਿਹੜਾ ਸਾਹਿਤ ਸਭਾ ਵੱਲੋਂ ਸਾਹਿਤਕਾਰ ਸੱਦੇ ਗਏ ਸਨ, ਉਹਦੇ ਕਿਸੇ ਅਹੁਦੇਦਾਰ ਨੇ ਭਾਸ਼ਣ ਕਰਦਿਆਂ ਕਿਹਾ ਸੀ ਕਿ ਲੇਖਕਾਂ ਦਾ ਫਰਜ਼ ਬਣਦਾ ਏ ਕਿ ਨਾਮਧਾਰੀਆਂ ਦੀ ਸਮਾਜੀ ਤੇ ਰਾਜਸੀ ਲਹਿਰਾਂ ਬਾਰੇ ਕੁਝ ਲਿਖਣ। ਇਹ ਗੱਲਾਂ ਕਿਸੇ ਗੈਰ ਸਾਹਿਤਕ ਪਰਚੇ ’ਚ ਛਪੀਆਂ ਸਨ। ਮੈਂ ਉਹ ਵਰਕਾ ਕੱਟ ਕੇ ਰੱਖਿਆ ਸੀ। ਹੁਣ ਲਿਖਣ ਵੇਲ਼ੇ ਲੱਭਿਆ ਨਹੀ।
ਇਕ ਅੰਤਲੀ ਘਟਨਾ ਤੋਂ ਵੀ ਸੇਖੋਂ ਬਾਰੇ ਕੁਝ ਹੋਰ ਸਮਝਿਆ ਜਾ ਸਕਦਾ ਏ। ਜਦ ਸੇਖੋਂ ਗੁਜ਼ਰਿਆ ਤਾਂ ਜਲੰਧਰ ਪੰਜਾਬੀ ਲੇਖਕ ਸਭਾ ਨੇ ਦੂਜੇ ਦਿਨ ਦੇਸ਼ਭਗਤ ਯਾਦਗਾਰ ਸਭਾ ’ਚ ਸ਼ੋਕ ਸਭਾ ਬੁਲਾਈ। ਜੀਹਦੇ ਵਿਚ ਸਾਹਿਤਕਾਰ ਘੱਟ ਤੇ ਕਮਿਊਨਿਸਟ ਵਰਕਰ ਬਹੁਤੇ ਸਨ। ਕਾਮਰੇਡ ਜਗਜੀਤ ਸਿੰਘ ਆਨੰਦ ਪ੍ਰਧਾਨ ਸੀ। ਮਾਤਮੀ ਮਤਾ ਪਾਸ ਕਰਨ ਤੋਂ ਪਹਿਲਾਂ ਦੋ ਜਣਿਆਂ ਨੇ ਮਰਨ ਵਾਲੇ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਫੇਰ ਆਨੰਦ ਨੇ ਸੇਖੋਂ ਦੇ ਰਾਜਸੀ ਪੈਂਤੜਿਆਂ ਤੇ ਨਿੱਜੀ ਜੀਵਨ ਦੀਆਂ ਗੱਲਾਂ ਕਰ ਕੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਗੱਲਾਂ ਠੀਕ ਈ ਸਨ, ਪਰ ਮੈਨੂੰ ਲੱਗਿਆ ਕਿ ਇਹ ਮੌਕਾ ਨਹੀਂ ਨੁਕਤਾਚੀਨੀ ਕਰਨ ਦਾ। ਮੈਂ ਵਿਚੇ ਟੋਕ ਕੇ ਕਹਿ ਦਿੱਤਾ ਕਿ ਹੁਣ ਜੇ ਸੇਖੋਂ ਬਾਰੇ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ, ਤਾਂ ਗੁਰਬਖਸ਼ ਸਿੰਘ (ਪ੍ਰੀਤਲੜੀ) ਬਾਰੇ ਵੀ ਕੀਤੀਆਂ ਜਾ ਸਕਦੀਆਂ ਨੇ। ਹੁਣ ਤਾਂ ਦੋ ਸਤਰੀ ਮਾਤਮੀ ਮਤਾ ਪਾਸ ਕਰਨਾ ਚਾਹੀਦਾ ਏ, ਬਸ। ਫੇਰ ਵਰਿਆਮ ਸਿੰਘ ਸੰਧੂ, ਸੰਤ ਸਿੰਘ ਸੇਖੋਂ ਦੇ ਹੱਕ ’ਚ ਭਾਵੁਕ ਹੋ ਕੇ ਬੋਲਣ ਲੱਗ ਪਿਆ। ਮੈਂ ਸੇਖੋਂ ਦੇ ਆਖਰੀ ਉਮਰ ’ਚ ਖਾਲਿਸਤਾਨੀ ਹੋਣ ਦੀ ਗੱਲ ਕਰ ਦਿੱਤੀ। ਅਸੀਂ ਦੋਵੇਂ ਭੜਕ ਕੇ ਬੋਲੇ। ਮਾਹੌਲ ਗਰਮ ਹੋ ਗਿਆ। ਫੇਰ ਮਾਤਮੀ ਮਤੇ ਦੇ ਕੁਝ ਸ਼ਬਦਾਂ ‘ਪੰਜਾਬੀ ਸਾਹਿਤ ’ਚ ਨਾ ਪੂਰਿਆ ਜਾਣ ਵਾਲਾ ਖੱਪਾ’ ਬਾਰੇ ਮੈਂ ਏਤਰਾਜ਼ ਕੀਤਾ। ਵਰਿਆਮ ਨੇ ਮੈਨੂੰ ਮਿਹਣਾ ਦਿੱਤਾ ਕਿ ਸੇਖੋਂ ਨੇ ਅਕਾਦਮੀ ਐਵਾਰਡ ਦਵਾਇਆ ਤੁਹਾਨੂੰ। ਮੈਂ ਮੰਨਦਿਆਂ ਕਿਹਾ ਕਿ ਹਾਂ, ਸੇਖੋਂ ਨੇ ਮੈਨੂੰ ਇਕ ਨਹੀਂ ਦੋ ਇਨਾਮ ਦੁਆਏ। ਪਰ ਉਹਦੇ ਮਰਨ ’ਤੇ ਏਡੇ ਭਾਵੁਕ ਹੋਣ ਦੀ ਕੀ ਲੋੜ ਏ?
ਬਾਅਦ ’ਚ ਜਾਣ ਲੱਗਿਆਂ ਇਹ ਸਾਰਾ ਝਗੜਾ ਮੈਨੂੰ ਫਜ਼ੂਲ ਜਿਹਾ ਲੱਗਿਆ। ਮੈਂ ਵਰਿਆਮ ਦੇ ਮੋਢੇ ’ਤੇ ਹੱਥ ਧਰ ਕੇ ਲੰਘਿਆ। ਕਾਮਰੇਡ ਆਨੰਦ ਵੱਲ ਮੁਸਕਰਾ ਕੇ ਦੇਖਿਆ। ਮੈਨੂੰ ਅਫਸੋਸ ਹੋਇਆ ਸਾਰੀ ਘਟਨਾ ਦਾ। ਮੇਰੇ ਮਨ ’ਚ ਆਨੰਦ ਦੀ ਬਜ਼ੁਰਗੀ ਦਾ ਅਦਬ ਸੀ। ਪਰ ਮੈਂ ਇਹ ਚਾਹੁੰਦਾ ਸੀ ਕਿ ਸਾਨੂੰ ਜਿੱਥੇ ਅਪਣੇ ਬਜ਼ਰਗ ਸਾਹਿਤਕਾਰਾਂ ਦੇ ਸਾਹਿਤ ਦਾ ਪੁਨਰ ਮੁੱਲਾਂਕਣ ਕਰਨਾ ਚਾਹੀਦਾ ਏ, ਓਥੇ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਗੱਲ ਕਰਨੀ ਚਾਹੀਦੀ ਏ। ਪਰ ਸੇਖੋਂ ਬਾਰੇ ਅਜਿਹਾ ਕੁਝ ਨਾ ਹੋਇਆ। ਏਸ ਦੇ ਬਾਅਦ ਜਲੰਧਰ ’ਚ ਸੇਖੋਂ ਬਾਰੇ ਕੋਈ ਮੀਟਿੰਗ ਹੀ ਨਾ ਹੋਈ।

ਪ੍ਰੇਮ ਪ੍ਰਕਾਸ਼

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!