ਭੇਤ ਵਾਲ਼ੀ ਗੱਲ – ਮਨਿੰਦਰ ਸਿੰਘ ਕਾਂਗ

Date:

Share post:

ਕਿਹਨੇ ਜਾਣੀ ਭਲਾ ਭੇਤ ਵਾਲ਼ੀ ਗੱਲ,
ਜੋ ਸਮਝੇ, ਉਹਦੀ ਵਾਹ ਭਲੀ।
ਜਿਹੜਾ ਨਾ ਸਮਝੇ, ਉਹਦੀ ਵੀ ਭਲੀ।
ਕਾਂਗ ਦਾ ਜ਼ਿੰਮਾ ਖਲੀ-ਬਲ਼ੀ॥

ਪੀਰ ਤਾਬੇ ਸ਼ਾਹ ਨੇ ਤਕੀਏ ’ਤੇ ਬੈਠੇ-ਬੈਠੇ ਗਰਦਨ ਲੰਮੀ ਕਰਕੇ ਬਾਹਰ ਝਾਤ ਮਾਰੀ ਤੇ ਸੂਰਜ ਦੀ ਰੋਸ਼ਨੀ ਦਾ ਜਾਇਜ਼ਾ ਲਿਆ। ਫੇਰ ਉੱਡਦੀ ਨਜ਼ਰ ਸਾਹਮਣੇ ਬੈਠੇ ਮੁਰੀਦਾਂ ਵੱਲ ਮਾਰੀ। ਮੁਰੀਦ ਰੋਜ਼ ਵਾਂਗ ਹੀ ਉਨੀ ਕੁ ਨਫ਼ਰੀ ਦੇ ਹੀ ਬੈਠੇ ਸਨ। ਸ਼ਾਇਦ ਇਕ-ਅੱਧ ਵੱਧ ਹੀ ਸੀ। ਪਰ੍ਹੇ ਕਰਕੇ ਪੱਕੇ ਸੇਵਕ ਵੀ ਆਏ ਬੈਠੇ ਸਨ, ਜਿਨ੍ਹਾਂ ਹੁਣੇ ਡੰਗਰ ਚੋਣੇ ਸਨ। ਪਰ ਪੀਰ ਦਾ ਧਿਆਨ ਤੇ ਮਲੰਗਾਂ ਵਿਚ ਫਸਿਆ ਹੋਇਆ ਸੀ। ਮਲੰਗ ਅੱਜ ਬਸ ਦੋ ਹੀ ਬੈਠੇ ਸਨ। ਉਹ ਤੇ ਪੱਕੇ ਸਨ। ਮਲੰਗ ਘੱਟ ਆਉਣ, ਤਾਂ ਪੀਰ ਦਾ ਦਿਲ ਘਟਦਾ; ਕਿਉਂਕਿ ਮਲੰਗਾਂ ਦੀ ਨਫ਼ਰੀ ਪੰਜ ਜਾਂ ਸੱਤ ਦੀ ਹੋ ਜਾਏ, ਤਾਂ ਪੀਰ ਨੂੰ ਵੀ ਫੇਰ ਸਿਗਟਾਂ ਸੁੱਟਣ ਦਾ ਅਜਬ ਨਜ਼ਾਰਾ ਆਉਂਦਾ ਸੀ, ਜੀਹਦਾ ਬਿਆਨ ਹੀ ਵੱਸੋਂ ਬਾਹਰਾ ਸੀ। ਨਾਲ਼ੇ ਪੀਰ ਤਾਬੇ ਸ਼ਾਹ ਨੂੰ ਵੀ ਪੱਕੀਆਂ ਸਿਗਟਾਂ ਪੀਣ ਦਾ ਨਜ਼ਾਰਾ ਮਲੰਗਾਂ ਨਾਲ਼ ਹੀ ਬੱਝਦਾ ਸੀ। ਮੁਰੀਦ ਤੇ ਸਹੁਰੇ ਐਵੇਂ ਸਾਦੀਆਂ ਸਿਗਟਾਂ ਦੇ ਸੂਟੇ ਮਾਰ ਕੇ ਪੱਲਾ ਝਾੜ ਟੁਰਦੇ ਲਗਦੇ ਸਨ।
“…….. ਨੂੰ ਕੀ ਸਾਰ ਐ ਫ਼ਕੀਰੀ ਦੀ?’’ ਤਾਬੇ ਸ਼ਾਹ ਨੇ ਸਾਦੀਆਂ ਸਿਗਟਾਂ ਭਾਲ਼ਦੇ ਮੁਰੀਦਾਂ ਵੱਲ ਤੱਕ ਕੇ ਦਿਲ ’ਚ ਹੀ ਉਨ੍ਹਾਂ ਨੂੰ ਗਾਹਲ਼ ਕੱਢੀ। ਫੇਰ ਉਹਨੇ ਸਾਹਮਣੇ ਪਈਆਂ ਡੱਬੀਆਂ ਵੱਲ ਝਾਤੀ ਮਾਰੀ। ਡੱਬੀਆਂ ਤੇ ਵਿੱਚੋਂ ਕੁੱਲ ਚਾਰ ਪਈਆਂ ਸਨ, ਯਾਨੀ ਕਿ ਚਾਲੀ ਕੁ ਸਿਗਟਾਂ ਕੁੱਲ ਸਨ। ਪਰ ਐਨੇ ਨੂੰ ਦੇਸ ਰਾਜ ਬਾਲਮੀਕ ਦੀ ਨੂੰਹ ਮੱਥਾ ਟੇਕਣ ਆ ਗਈ। ਉਹਨੇ ਅਪਣੇ ਹੀ ਧਿਆਨ ਪੰਜਾਂ ਦਾ ਨੋਟ ਦਰਗਾਹ ’ਤੇ ਚੜ੍ਹਾਇਆ ਤੇ ਸਿੱਧਾ ਆ ਕੇ ਤਾਬੇ ਸ਼ਾਹ ਨੂੰ ਮੱਥਾ ਟੇਕਿਆ। ਤਾਬੇ ਸ਼ਾਹ ਨੇ ਮਸ਼ੀਨੀ ਢੰਗ ਨਾਲ਼ ਅਸੀਸ ਦਿੱਤੀ, ਪਰ ਧਿਆਨ ਉਹਦਾ ਬੀਬੀ ਦੀ ਝੋਲ਼ੀ ਵਿਚ ਫਸਿਆ ਰਿਹਾ। ਜਦੋਂ ਨੂੰਹ ਰਾਣੀ ਨੇ ਝੋਲ਼ੀ ਵਿੱਚੋਂ ਦੋ ਡੱਬੀਆਂ ਲੰਪ ਦੀਆਂ ਤੇ ਦੋ ਬੰਡਲ ਬੀੜੀਆਂ ਦੇ; ਕੱਢ ਕੇ ਪੀਰ ਦੇ ਪੈਰਾਂ ’ਤੇ ਰੱਖੇ ਤਾਂ ਪੀਰ ਨੇ ਜਿਵੇਂ ਆਰਾਮ ਦਾ ਲੰਮਾ ਸਾਹ ਲਿਆ, ਮਾਨੋ ਮੁਕਤੀ ਮਿਲ਼ੀ ਹੋਵੇ-
“ਹੁਣ ਸਰ ਜਾਣੈ। ਸਿਗਟ ਸੁੱਟਣ ਦਾ ਵੀ ਨਜ਼ਾਰਾ ਉਦੋਂ ਈ ਐ, ਜਦੋਂ ਸਾਡੀ ਝੋਲ਼ ਭਰੀ ਹੋਵੇ।’’ ਤਾਬੇ ਸ਼ਾਹ ਅਪਣੇ ਅੰਦਰਲੇ ਨਾਲ਼ ਗੱਲਾਂ ਕਰਦਾ ਰਹਿੰਦਾ। ਬੀਬੀ ਦੇ ਜਾਣ ਦੀ ਦੇਰ ਸੀ ਕਿ ਪੀਰ ਨੇ ਸਾਰੀਆਂ ਸਿਗਟਾਂ ਡੱਬੀਆਂ ਵਿੱਚੋਂ ਕੱਢ ਕੇ ਝੋਲ਼ੀ ’ਚ ਸੁੱਟ ਲਈਆਂ। ਝੋਲ਼ੀ ਗਲ਼ ਪਏ ਪਰਨੇ ਦੀ ਹੀ ਲੜ ਕੱਢ ਕੇ ਬਣਾਈ ਰੱਖਦਾ ਸੀ ਤਾਬੇ ਸ਼ਾਹ, ਫੇਰ ਉਹਦੇ ਵਿੱਚੋਂ ਹੀ ਮੁੱਠ ਭਰਦਾ ਸੀ। ਲੱਡੂਆਂ ਵਾਰੀ ਵੀ ਇੰਜ ਹੀ ਕਰਦਾ ਸੀ। ਬਸ ਪੈਸੇ ਦੀ ਝੋਲ ਨਹੀਂ ਸੀ ਭਰਦਾ। ਪੈਸਾ ਹਮੇਸ਼ਾ ਤੱਪੜ ਦੇ ਥੱਲੇ ਰਹਿੰਦਾ ਸੀ। ਲੋੜ ਵੇਲੇ ਹੀ ਤੱਪੜ ਚੁੱਕਿਆ ਜਾਂਦਾ ਸੀ।
“ਲਓ ਕਰੀਏ ਫੇਰ ਸੋਟ?’’ ਤਾਬੇ ਸ਼ਾਹ ਨੇ ਮਲੰਗਾਂ ਵੱਲ ਝਾਕਦਿਆਂ ਸਾਰਿਆਂ ਨੂੰ ਆਖਿਆ।
“ਹਾਂ ਜੀ। ਕਰੋ ਕਿਰਪਾ ਹੁਣ।’’ ਬਿਜਲੀ ਬੋਰਡ ਵਾਲ਼ਾ ਜਜੀ ਫ਼ੁਕਰਾ ਘਰ ਜਾਣ ਨੂੰ ਕਾਹਲ਼ਾ ਸੀ।
ਪੀਰ ਨੇ ਫੱਟ ਝੋਲ਼ੀ ਵਿਚ ਹੱਥ ਪਾ ਕੇ ਅੱਠ-ਦਸ ਸਿਗਟਾਂ ਦਾ ਥੱਬਾ ਕੱਢ ਕੇ ਮੁਰੀਦਾਂ ਵੱਲ ਸੋਟ ਕੀਤੀ। ਸਿਗਟਾਂ ਮੁੱਕਣ ‘ਤੇ ਬੀੜੀਆਂ ਦੀ ਸੋਟ ਕੀਤੀ। ਉਹਦੇ ਮੁਰੀਦ ਬੜੇ ਧੀਰਜ ਵਾਲ਼ੇ ਸਨ। ਸਭ ਨੂੰ ਸਿਗਟ-ਬੀੜੀ ਮਿਲ਼ੀ। ਜੇ ਕਿਸੇ ਨੂੰ ਨਹੀਂ ਵੀ ਮਿਲ਼ੀ, ਉਹ ਨਾ ਉੱਠਿਆ, ਨਾ ਕੁਸਕਿਆ, ਦੂਸਰਿਆਂ ਆਪੇ ਲੱਭ ਕੇ, ਜਾਂ ਦਰੀ ਤੋਂ ਚੁੱਕ ਕੇ ਫੜਾ ਦਿੱਤੀਆਂ। ਕਈਆਂ ਨੇ ਸੂਟੇ ਸਾਂਝੇ ਕਰ ਲਏ। ਦੋ ਮਿੰਟਾਂ ਵਿਚ ਹੀ ਮਾਹੌਲ ਤਮਾਕੂ ਦੇ ਧੂੰਏ ਨਾਲ਼ ਕਸੈਲਾ ਹੋ ਗਿਆ।
ਇਹ ਹਰ ਸ਼ਾਮ ਦੀ ਸਮਝੋ, ਬਖ਼ਸ਼ਿਸ਼ ਸੀ, ਪਰਸ਼ਾਦ ਸੀ! ਇਕ-ਇਕ, ਦੋ-ਦੋ ਮਿੰਟ ਦੇ ਵਕਫ਼ੇ ਨਾਲ਼ ਸਾਰੇ ਮੁਰੀਦ ਮੱਥਾ ਟੇਕ ਨਿਕਲਣੇ ਸ਼ੁਰੂ ਹੋ ਗਏ। ਸੇਵਕ ਮੱਝਾਂ ਆਲੇ ਪਾਸੇ ਟੁਰ ਗਏ। ਸਿਰਫ਼ ਦੋਹੇਂ ਮਲੰਗ ਬੈਠੇ ਹੋਏ ਸਨ। ਦੋਹਾਂ ਦੀਆਂ ਅੱਖਾਂ ਟਿੱਕੀ ਹੋਈਆਂ ਪਈਆਂ ਸਨ। ਸਵੇਰ ਦੀ ਬੂਟੀ ਦਾ ਪੂਰਾ ਅਸਰ ਸੀ ਅਜੇ ਉਨ੍ਹਾਂ ’ਤੇ, ਉੱਤੋਂ ਦੂਸਰੀ ਦੀ ਆਸ ਸੀ।
”ਓ ਬੁੱਢੀ ਕੰਜਰੀ ਤੇ ਖੜਸੁੱਕ ਟਾਹਲੀ
ਮਾਲ ਫ਼ਕੀਰਾਂ ਦਾ, ਜੀ ਮਾਲ ਫ਼ਕੀਰਾਂ ਦਾ
ਪੀਰ ਤਾਬੇ ਸ਼ਾਹ ਨੇ ਤਕੀਏ ’ਤੇ ਬੈਠੇ ਹੀ ਬੋਲ ਚੁੱਕਿਆ। ਹੁਣ ਉਹ ਵਿਹਲਾ ਸੀ।
ਨਾ ਕੁਝ ਪਾਉਣਾ ਤੇ ਨਾ ਕੁਝ ਲਾਹੁਣਾ
ਜੀ ਤਨ ਦੀਆਂ ਲੀਰਾਂ ਦਾ, ਜੀ…”
ਦੋਹਾਂ ਮਲੰਗਾਂ ਨੇ ਵੀ ਸੁਰ ਮੇਲ਼ੀ। ਮਲੰਗ ਭਾਵੇਂ ਅੱਜ ਦੋ ਹੀ ਸਨ, ਪਰ ਭਾਵੇਂ ਦੋ, ਭਾਵੇਂ ਸੌ ਹੋਣ; ਇਹ ਸਭਨਾਂ ਦਾ ਨਿੱਤ ਦਾ ਬੋਲਾ ਸੀ, ਜਿਹੜਾ ਸਾਂਝੇ ਕੀਤੇ ਬਿਨਾ ਉਹ ਬਖ਼ਸ਼ਿਸ਼ ਨਹੀਂ ਲੈਂਦੇ ਸਨ।
ਪੀਰ ਤਾਬੇ ਸ਼ਾਹ ਨੇ ਦੂਸਰੀ ਨੁੱਕਰੇ ਸਪੈਸ਼ਲ ਬਣਵਾ ਕੇ ਰੱਖੀਆਂ ਤਿੰਨ ਪੱਕੀਆਂ ਸਿਗਟਾਂ ਕੱਢੀਆਂ। ਦੋ ਮਲੰਗਾਂ ਵੱਲ ਸੁੱਟੀਆਂ ਤੇ ਇਕ ਆਪ ਲਾ ਲਈ।
ਤੇ ਮੇਰਾ ਪੁੱਤ ਜਦੋਂ ਡੇਰੇ ਵੜੇ, ਘੁਸਮੁਸਾ ਹੋ ਗਿਆ ਸੀ। ਪੀਰ ਹੁਰੀਂ
ਤਕੀਏ ਤੋਂ ਉੱਠ ਕੇ ਬਾਹਰ ਖੁੱਲ੍ਹੇ ’ਚ ਮੰਜਾ ਡਾਹੀ ਬੈਠੇ ਸਨ। ਕੋਲ ਚਰਨਾ ਤੇ ਘੁੱਕ, ਦੋਹੇਂ ਪੱਕੇ ਮਲੰਗ ਬੋਰੀਆਂ ਵਿਛਾ ਕੇ ਲੇਟੇ ਹੋਏ ਸਨ। ਅੱਜ ਸਾਡੀ ਹਾਜ਼ਰੀ ਖੁੰਝ ਗਈ ਸੀ, ਨਹੀਂ ਤਾਂ ਸ਼ਾਮ ਵੇਲੇ ਦੀ ਸੋਟ ਸਮੇਂ ਅਸੀਂ ਹਾਜ਼ਰ ਰਹਿੰਦੇ ਸਾਂ। ਸ਼ਾਮ ਦਾ ਚਿਰਾਗ਼ ਤੇ ਰੌਸ਼ਨ ਹੀ ਮੈਂ ਕਰਦਾ ਸਾਂ। ਅੱਜ ਪੀਰ ਹੁਰਾਂ ਆਪ ਕੀਤਾ ਹੋਣੈ! ਸ਼ਾਮ ਦਾ ਚਿਰਾਗ਼ ਮੈਂ ਜਾਂ ਮੇਰਾ ਪੁੱਤਰ ਰੋਸ਼ਨ ਕਰ ਸਕਦੇ ਹਾਂ, ਕੋਈ ਦੂਸਰਾ ਨਹੀਂ। ਜਾਂ ਫੇਰ ਸਾਈਂ ਫੱਤਾ ਕਰ ਸਕਦੈ। ਉਹ ਹੁਣ ਥੋੜ੍ਹਾ ਕੁ ਅੱਲ੍ਹਾ-ਲੋਕ ਹੋਈ ਜਾਂਦੈ, ਜਿਸ ਕਰਕੇ ਉਹਦੀ ਬਿਰਧ ਅਵਸਥਾ ਦਾ ਧਿਆਨ ਰੱਖੀਦੈ। ਲਗਦੀ ਵਾਹ ਅਸੀਂ ਹੀ ਹਾਜ਼ਰ ਰਹਿੰਦੇ ਹਾਂ।
“… ਕਦੀ-ਕਦੀ ਇੰਜ ਹੋ ਜਾਂਦੈ! ਕਈ ਵਾਰ ਚੰਗੀ ਕਮਾਈ ਦੇ ਲਾਲਚ ਵਿਚ ਸ਼ਾਮ ਖੁੰਝਾ ਦਈਦੀ ਏ, ਪਰ ਡੇਰੇ ਦੀ ਕਰੋਪੀ ਤੋਂ ਵੀ ਡਰੀਦੈ, ਇਸ ਲਈ ਦੋਹਾਂ ਵਿੱਚੋਂ ਇਕ ਤੇ ਡੇਰੇ ਪਰਤ ਹੀ ਆਉਂਦੈ। ਅੱਗੇ ਪਰੂੰ-ਪਰਾਰ ਦੀ ਗੱਲ ਏ, ਅੰਬਰਸਰ ਦੇ ਟੇਸ਼ਣ ਦੇ ਮਗਰ ਪੂਰੀ ਬੋਗੀ, ਦੋ ਨੰਬਰ ਦੇ ਮਾਲ ਦੀ ਉਤਰੀ ਸੀ। ਤਕਰੀਬਨ ਕੁਇੰਟਲ ਮਾਲ ਸਾਨੂੰ ਵੀ ਵੱਜਾ ਸੀ, ਸਾਰਾ ਹੀ ਦਿੱਲੀ ਦਾ! ਆਹੀ ਕੈਂਚੀ, ਚਾਕੂ, ਪੇਚਕੱਸ, ਚਾਬੀਆਂ, ਪਾਨੇ… ਹੋਰ ਨਿੱਕ-ਸੁੱਕ ਸੀ। ਮਿੱਟੀ ਦੇ ਭਾਅ… ਤਿੰਨ ਦਿਨ ਖੜ੍ਹੇ ਪੈਰੀਂ ਅਸੀਂ ਹਾਲ ਗੇਟ ਦੇ ਬਾਹਰ ਖੜ੍ਹੋ ਕੇ ਵੇਚਦੇ ਰਹੇ। ਮਾਰ ਕਿਤੇ ਨੋਟ ਡਿੱਗੇ! ਦੁਪਹਿਰੇ ਹਾਲ ਗੇਟ ਦੇ ਬਾਹਰ ਪੀਰ ਨਬੀ ਦੀ ਦਰਗਾਹ ’ਤੇ ਲੰਗਰ ਵਰਤੀਂਦਾ, ਉਹ ਖਾ ਛੱਡਦੇ ਤੇ ਚਾਹ ਪੀ ਲੈਂਦੇ ਸਾਂ। ਰਾਤ ਉਦੋਂ ਵੀ ਇਕ ਜਣਾ ਡੇਰੇ ਪਰਤ ਜਾਂਦਾ, ਦੂਜਾ ਮਾਲ ਕੋਲ਼ ਸੌਂਦਾ ਸੀ।
… ਪਰ ਉਹ ਵੀ ਵੇਲੇ-ਵੇਲੇ ਦੀ ਗੱਲ ਸੀ। ਹੁਣ ਆਪਣਾ ਮਨ ਵੀ ਵਣਜ ਵਿਚ ਘੱਟ ਲੱਗਦੈ। ਬਸ ਝੱਸ ਪੂਰਾ ਕਰਦੇ ਆਂ। ਨਾਲ਼ੇ ਪੀਰ ਹੁਰੀਂ ਵੀ ਕਹਿ ਛੱਡਦੇ ਨੇ ਕਿ ਛੱਡ ਝੰਜਟ! ਕਾਹਦੇ ਲਈ? ਪੁੱਤਰ ਲਈ ਤੇ ਉੱਕਾ ਹੀ ਲੋੜ ਨਹੀਂ। ਪੁਤਰ ਨੂੰ ਤੇ ਪੀਰ ਹੁਰਾਂ ਅਪਣਾ ਬਾਲਕਾ ਮੰਨ ਹੀ ਲਿਐ! ਮੇਰਾ ਥਾਂ ਫੱਕਰਾਂ ਚ ਸਿਰੇ ’ਤੇ ਬੋਲਦੈ। ਮੈਂ ਤੇ ਬੱਸ ਐਵੇਂ ਠਰਕ ਪੂਰਾ ਕਰਦਾਂ।
….ਪੁੱਤਰ ਮੇਰਾ ਹੁਣ ਸਤਾਰਾਂ ਪੂਰੇ ਕਰਨ ਵਾਲ਼ੈ। ਪੂਰਾ ਜਵਾਨ ਨਿਕਲ਼ਿਐ! ਡੇਰਾ ਭਾਵੇਂ ਕਿਸੇ ਪੀਰ ਨੂੰ ਮਿਲ਼ੇ, ਪੁੱਤ ਮੇਰਾ ਹੁਣ ਮੁਖਤਾਰ ਰਹੂ ਹੀ ਰਹੂ। ਪੀਰ ਤਾਬੇ ਸ਼ਾਹ ਨੇ ਤੇ ਹੁਣ ਸਨਦ ਵੀ ਕਰਾ ਛੱਡੀ ਏ। ਏਸੇ ਗੱਲੋਂ ਤੇ ਕਾਮਰੇਟ ਹਰਬੰਸ ਬਾਲਮੀਕ ਦੀਆਂ… ਸੜਦੀਆਂ ਨੇ, ਪਈ ਮੇਰੀ ਥਾਵੇਂ ਏਸ ਛੋਹਰ ਨੂੰ ਮੁਖਤਾਰੀ ਮਿਲ਼ੀ ਏ। … ਇਹ ਤੇ ਸੱਚ ਪੁੱਛੋਂ ਤਾਂ ਮੇਰੇ ਮੁਰਸ਼ਦ, ਪਹਿਲੇ ਪੀਰ, ਜੋਜਨ ਪੀਰ ਦੀ ਕਿਰਪਾ ਹੋਈ ਏ। ਜੋਜਨ ਪੀਰ ਨੇ ਹੀ ਮੇਰੇ ਬੱਚੇ ਨੂੰ ਸ਼ਰਨੀਂ ਲਿਆ ਸੀ ਤੇ ਤਕੀਏ ਦੀ ਮਿੱਟੀ ਲੈ ਕੇ ਮੇਰੇ ਬਾਲਕੇ ਤੇ ਫੂਕ ਮਾਰ ਛੱਡੀ ਸੀ। ਜੁੰਮੇ ਦੇ ਜੁੰਮੇ ਉਹਦੇ, ਨਿੱਕੇ ਜਿਹੇ ਦੇ ਸਿਰ ’ਤੇ ਹਰੀ ਟਾਕੀ ਬੰਨ੍ਹਦੇ ਸਨ।
ਬਾਕੀ ਤੇ ਸਭ ਠੀਕ ਏ, ਪਰ ਕਦੀ-ਕਦੀ ਮੇਰਾ ਦਿਲ ਘਿਰਦੈ ਪਈ ਪੁੱਤਰ ਦੀ ਜੂਨ ਤੇ ਨਹੀਂ ਖੁਆਰ ਕਰ ਛੱਡੀ? ਪੁੱਤਰ ਮੇਰਾ ਸਮਝਦੈ, ਪਈ ਭਾਪੇ ਮੇਰੇ ਨੂੰ ਮੇਰਾ ਕੁਛ ਪਤਾ ਨਹੀਂ! ਪਰ ਇਹ ਨਹੀਂ ਪਤਾ ਕਿ ਉਹਦਾ ਸਾਰਾ ਹੀਜ-ਪਿਆਜ ਭਾਪੇ ਨੂੰ ਹੀ ਪੂਰਾ ਪਤੈ, ਡੇਰੇ ’ਚ ਹੋਰ ਕਿਸੇ ਨੂੰ ਵੀ ਨਹੀਂ। ਕੁੜੀਆਂ-ਕਤਰੀਆਂ ਮਗਰ ਜਾਂਦਾ; ਜਾਂ ਨਸ਼ੇ ਕਰਦਾ; ਜਾਂ ਫੇਰ ਸੇਵਕਾਂ ਵਾਂਗ ਬੂਟੀ ਪੀਣ ਲੱਗ ਜਾਂਦਾ, ਤਾਂ ਮੈਂ ਏਨਾ ਰੰਜ ਨਹੀਂ ਸੀ ਕਰਨਾ। ਵਿੱਚੋਂ ਸਿਆਪਾ ਇਹ ਵੇ ਕਿ ਉਹ ਭੱਪ ਖੁਸਰੇ ਕੋਲ ਜਾਂਦੈ ਚੋਰੀ-ਛਪੇ। ਤੇ ਸਮਝਦੈ ਕਿ ਭੱਪ ਦੇ ਡੇਰੇ ’ਤੇ ਜਾਣ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ। ਭੱਪ ਨੂੰ ਸ਼ੁਰੂ ਤੋਂ ਹੀ ਜੁਆਨ ਮੁੰਡੇ ਮਗਰ ਲਾਣ ਦਾ ਸ਼ੌਕ ਏ, ਪਰ ਮੇਰਾ ਮੁੰਡਾ ਵੀ ਪੱਟ ਲਏਗਾ, ਇਹਦਾ ਮੈਨੂੰ ਕਿੱਥੇ ਇਲਮ ਸੀ? ਚਾਹੇ ਭੱਪ ਹੁਣ ਬੁੱਢਾ ਹੋ ਰਿਹੈ, ਪਰ ਤੜ ਅਜੇ ਵੀ ਪੂਰੀ ਏ ਉਹਦੀ… ਵਿਚ! ਕਦੀ-ਕਦੀ ਚਿੱਤ ’ਚ ਆਉਂਦੈ, ਪਈ ਭੱਪ ਨੂੰ ਝਿੜਕ ਦਿਆਂ, ਪਰ ਖੁਸਰੇ ਦੇ ਸਰਾਪ ਤੋਂ ਵੀ ਡਰਦਾਂ, ਨਹੀਂ ਤੇ ਭੱਪ ਦੀ ਕੀ ਮਜਾਲ ਏ ਕਿ ਮੇਰੇ ਅੱਗੇ ਅੱਖ ਚੁੱਕੇ? ਪੀਰ ਤਾਬੇ ਸ਼ਾਹ ਦੀ ਪੀਰੀ ਤੇ ਬਸ ਨਾਂ ਦੀ ਏ, ਵਿੱਚੋਂ ਸਭ ਨੂੰ ਪਤੈ ਕਿ ਅਸਲ ਤਾਕਤ ਸਾਡੇ ਪਿਉ-ਪੁੱਤਰ ਕੋਲ਼ ਈ ਏ! ਅੱਗੋਂ ਵੀ ਕਿਹੜਾ ਮਾਈ ਦਾ ਲਾਲ ਉੱਠੂ? ਪੀਰ ਤਾਬੇ ਸ਼ਾਹ ਦੀ ਜਾਨ ਤੇ ਗਿੱਟਿਆਂ ਵਿਚ ਏ। ਸਾਈਂ ਫੱਤਾ ਵੀ ਦਿਨ ਗਿਣਦੈ। ਪਰ੍ਹਾਂ ਮਾਸਟਰ ਦਾ ਬਿੱਲੂ ਸਾਈਂ ਬੈਠੈ, ਜਿਹੜਾ ਮੇਰੇ ਪੁੱਛੇ ਬਿਨਾਂ ਪਸ਼ਾਬ ਕਰਨ ਵੀ ਨਹੀਂ ਜਾਂਦਾ! ਰਹੀ ਗੱਲ ਕਾਮਰੇਟ ਹਰਬੰਸ ਬਾਲਮੀਕ ਦੀ, ਉਹਨੂੰ ਜਦੋਂ ਚਾਹਾਂ… ਨਾਲ਼ ਪੂੰਝ ਕੇ ਸੁੱਟ ਦਿਆਂ!
ਮੇਰੀ ਲਗਨ ਸਿਰਫ਼ ਅਪਣੇ ਮੁਰਸ਼ਦ, ਸਾਈਂ ਜੋਜਨ ਵਿਚ ਏ। ਡੇਰਾ ਉਹਦਾ ਚਲਾਇਆ ਹੀ ਚਲ ਗਿਆ, ਨਹੀਂ ਤੇ ਇਕ ਵਾਰੀ ਤਾਂ ਦਬੁਰਜੀ ਦੇ ਜੱਟ ਆ ਪਏ ਸਨ। ਉਨ੍ਹਾਂ ਦੀ ਨੀਤ ਤੇ ਇੱਥੇ ਕਬਜ਼ਾ ਕਰਕੇ ਗੁਰਦੁਆਰਾ ਬਣੌਨ ਦੀ ਸੀ। ਇਹ ਸ਼ੈਤ ਪਚਵੰਜਾ-ਸੱਠ ਦੀਆਂ ਗੱਲਾਂ ਨੇ! ਉਹ ਤੇ ਭਲਾ ਹੋਏ ਸਾਈ ਜੋਜਨ ਦਾ, ਜਿਹੜਾ ਰਾਤੋ-ਰਾਤ ਪੈਦਲ ਜਾ ਕੇ ਜੇਠੂਵਾਲ਼ੇ-ਵੇਰਕੇ ਦੇ ਸਰਦਾਰਾਂ ਨੂੰ ਬੁਲਾ ਲਿਆਇਆ। ਇਹ ਜਗ੍ਹਾ ਉਨ੍ਹਾਂ ਦੇ ਨਾਂ ਬੋਲਦੀ ਸੀ ਕਦੀ, ਜਦੋਂ ਭਲੇ ਵੇਲੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਮੁਰੱਬਾ ਦਿੱਤਾ ਸੀ। ਬੜੀ ਦੇਰ ਉਨ੍ਹਾਂ ਦੇ ਆਥੜੀ ਤੇ ਕੰਮੀ-ਕਮੀਣ ਇੱਥੇ ਵਾਹੀ ਕਰਦੇ ਰਹੇ, ਫੇਰ ਜਦੋਂ ਉਨ੍ਹਾਂ ਦਾ ਬਾਬਾ…ਨਾਲ਼ ਮਰਿਆ, ਉਹ ਇਹ ਭੋਇੰ ਪੰਜ-ਪੀਰ ਦਾ ਡੇਰਾ ਬਣਾ ਕੇ ਡੇਰੇ ਨਾਉਂ ਕਰ ਗਏ।
”… ਇਹ ਵੀ ਪੂਰੀ ਕਹਾਣੀ ਏ, ਜਿਹੜੀ ਹਰ ਵੇਲੇ ਮੇਰੇ ਅੰਦਰ ਜਿਵੇਂ ਵੱਜਦੀ ਰਹਿੰਦੀ ਏ। ਸਾਈਂ ਜੋਜਨ ਨੇ ਮੈਨੂੰ ਇਹ ਏਨੀ ਵਾਰੀ ਸੁਣਾਈ ਏ ਕਿ ਕਿਸੇ ਗੌਣ ਵਾਂਗ ਇਹ ਮੇਰੇ ਅੰਦਰ ਵੱਸ ਗਈ ਏ! ਮੈਂ ਵੀ ਅੱਗੋਂ ਉੱਦਾਂ ਦੀ ਉੱਦਾਂ ਅਪਣੇ ਪੁੱਤ ਨੂੰ ਸੁਣਾ ਛੱਡਦਾਂ।
ਪੀਰ ਤਾਬੇ ਸ਼ਾਹ ਹੁਰੀਂ ਵੀ ਕਈ ਵਾਰ ਮੁਰੀਦਾਂ ਨੂੰ ਸੁਣਾਂਦੇ ਨੇ -“ਕਹਿੰਦੇ ਨੇ ਪਈ ਵੱਲ੍ਹੇ-ਵੇਰਕੇ ਵਲ ਦੇ ਕਿਸੇ ਜ਼ਿਮੀਂਦਾਰ ਨੂੰ ਸਰਕਾਰੇ-ਦਰਬਾਰੇ ਬਣੇ ਰਹਿਣ ਦਾ ਸ਼ੌਕ ਸੀ। ਉਹ ਅੰਗਰੇਜ਼ਾਂ ਦਾ ਪੱਕਾ ਹੀ ਟੋਡੀ-ਬੱਚਾ ਬਣ ਗਿਆ। ਅੰਗਰੇਜ਼ਾਂ ਉਹਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ। ਜੇਠੂਵਾਲ਼ੇ ਕਿਸੇ ਦੇਸ਼ਭਗਤ ਦੀ ਕੁਰਕ ਹੋਈ ਜ਼ਮੀਨ ਦਿੱਤੀ। ਵੇਰਕੇ ਦੇ ਬਾਹਰ ਕੋਠੀ ਪਵਾ ਦਿੱਤੀ; ਜਿੱਥੇ ਤਹਿਸੀਲੀਏ, ਥਾਣੇਦਾਰ ਤੇ ਹੋਰ ਅਫ਼ਸਰ ਅਕਸਰ ਉਸ ਕੋਲ ਰਾਤਾਂ ਕੱਟਦੇ ਸਨ। ਤਹਿਸੀਲਦਾਰ ਨੇ ਅੰਗਰੇਜ਼ ਸਰਕਾਰ ਦਾ ਇਸ਼ਾਰਾ ਪਾ ਕੇ ਦਬੁਰਜੀ ਕੋਲ਼ੋਂਂ ਨਵੀਂ ਬਣੀ ਨਹਿਰ ਦੇ ਨਾਲ਼-ਨਾਲ਼ ਵਾਧੂ ਪਈ ਪਿੰਡ ਦੀ ਜ਼ਮੀਨ ਵੀ ਉਸੇ ਜ਼ਿਮੀਂਦਾਰ ਦੇ ਨਾਂ ਚਾੜ੍ਹ ਦਿੱਤੀ। ਪਿੰਡ ਆਲ਼ਿਆਂ ਦੀ ਜੁਰੱਅਤ ਨਹੀਂ ਪਈ ਕਿ ਚੂੰ ਵੀ ਕਰ ਜਾਣ! ਉਸ ਜ਼ਿਮੀਂਦਾਰ ਨੇ ਆਪ ਤੇ ਕੀ ਆਉਣਾ ਸੀ, ਅਪਣੇ ਕੰਮੀ-ਕਮੀਣਾਂ ਨੂੰ ਉੱਥੇ ਡੇਰੇ ਪਾ ਦਿੱਤੇ। ਅੰਗਰੇਜ਼ਾਂ ਉਸਦੇ ਖੇਤਾਂ ਦੇ ਨਾਲ਼-ਨਾਲ਼ ਕੱਚੀ ਸੜਕ ਨੂੰ ਨਵੀਂ ਬਣਾ ਕੇ ਉਹਨੂੰ ਬਣ ਰਹੀ ਨਵੀਂ ਗੁਮਟਾਲਾ ਜੇਲ ਵਾਲ਼ੀ ਸੜਕ ਨਾਲ਼ ਜੋੜ ਦਿੱਤਾ। ਉਸ ਭੋਇੰ ਦੀ ਬੱਲੇ-ਬੱਲੇ ਹੋ ਗਈ। ਜ਼ਿਮੀਂਦਾਰ ਨੇ ਉੱਧਰ ਕਦੀ ਫੇਰਾ ਨਾ ਪਾਇਆ। ਉਹ ਤੇ ਵੇਰਕੇ, ਜੇਠੂਵਾਲ਼ੇ ਵਾਲ਼ੀ ਭੋਇੰ ਵੱਲ ਵੀ ਕਦੀ ਨਾ ਜਾਂਦਾ; ਸਗੋਂ ਸਾਰਾ ਵੇਲਾ ਅੰਗਰੇਜ਼ ਅਫ਼ਸਰਾਂ ਦੀ ਝੋਲ਼ੀ ਚੁੱਕਦਾ। ਜੋਜਨ ਪੀਰ ਹੁਰੀਂ ਦੱਸਿਆ ਕਰਦੇ ਸਨ ਕਿ ਉਹ ਜਨਾਨੀਆਂ ਦਾ ਅੱਤ ਦਾ ਠਰਕੀ ਸੀ। ਨਵੀਂ ਖਿੜੀ ਕਲੀ, ਕਿਤੇ ਵੀ ਖਿੜ੍ਹੀ ਹੋਵੇ, ਉਹਨੂੰ ਧੱਕੇ ਨਾਲ਼ ਚੁੱਕ ਲਿਔਣਾ; ਜਾਂ ਵਿਆਹ ਲਿਔਣਾ! ਇਕ ਦੋ ਰਾਤਾਂ ਰੱਖ ਕੇ, ਅੱਗੇ ਤੋਰ ਦੇਣਾ। ਕਦੀ ਕਿਸੇ ਅੰਗਰੇਜ਼ ਨੂੰ ਤੋਹਫ਼ੇ ਚ ਦੇ ਦੇਣੀ, ਕਦੀ ਰਾਮਬਾਗ ਦੇ ਕੰਜਰਾਂ ਨੂੰ ਵੇਚ ਦੇਣੀ, ਉਹਦਾ ਨੇਮ ਸੀ। ਰਾਮਬਾਗ ਚ ਮੁਸਲਮਾਨਾਂ ਦਾ ਕੰਜਰਖਾਨਾ ਸੀ, ਜਿੱਥੇ ਦੱਲੇ ਗਾਹਕ ਉਡੀਕਦੇ ਸਨ। ਉਨ੍ਹਾਂ ਨੂੰ ਹਰਮਿੰਦਰ ਸਾਹਿਬ ਵਾਲ਼ੀ ਸੜਕ ’ਤੇ ਜਾਣ ਦਾ ਹੁਕਮ ਨਹੀਂ ਸੀ, ਇਸ ਲਈ ਉਹ ਉੱਥੇ ਕੁ ਹੀ ਚਕਲਾ ਚਲਾਂਦੇ ਸਨ।
”… ਕਦੀ-ਕਦੀ ਇਹ ਸਰਦਾਰ ਇਥੇ ਵੀ ਅੱਯਾਸ਼ੀ ਲਈ ਅਪਣੇ ਸਾਥੀਆਂ ਨਾਲ਼ ਆਣ ਧਮਕਦਾ, ਜਦ ਕਦੀ ਕਿਸੇ ਸੋਹਣੀ-ਸੁਣੱਖੀ ਰੰਡੀ ਦੇ ਆਉਣ ਦਾ ਪਤਾ ਲੱਗਦਾ।”
”… ਜੋਜਨ ਸਾਈਂ ਹੁਰੀਂ ਦੱਸਦੇ ਨੇ ਪਈ ਸਮਾਂ ਪਾ ਕੇ ਸਰਦਾਰ ਬੁੱਢਾ ਹੋ ਗਿਆ, ਪਰ ਚਾਲੇ ਨਾ ਬਦਲੇ। ਕੁਦਰਤ ਦੇ ਨੇਮ ਵੇਖੋ, ਅੱਤ ਭੋਗ ਕਰਕੇ, ਤੇ ਕਿਸੇ ਨਵੀਂ ਆਈ ਕੰਜਰੀ ਕੋਲ਼ ਜਾਣ ਨਾਲ਼ ਉਹਨੂੰ ਆਤਸ਼ਕ ਹੋ ਗਈ। ਬੁਢਾਪੇ ਨੂੰ ਪਰ੍ਹੇ ਰੱਖਣ ਤੇ ਨੌਜਆਨ ਕੰਜਰੀ ਦੀ ਨਿਸ਼ਾ ਕਰਾਣ ਦੇ ਚੱਕਰ ਵਿਚ ਕਿਤੇ ਗ਼ਲਤ ਕੁਸ਼ਤੇ ਖਾਧੇ ਗਏ। ਆਤਸ਼ਕ ਨਾਲ਼ ਪਹਿਲੇ ਨੱਕ, ਫੇਰ ਉਂਗਲ਼ਾਂ ਗਲ਼ੀਆਂ ‘ਤੇ ਫੇਰ ਸਾਰੇ ਸਰੀਰ ਵਿਚ ਜਿਵੇਂ ਕੋਹੜ ਫੈਲ ਗਿਆ। ਜਿਹੜੇ ਨੇੜੇ ਢੁੱਕ-ਢੁੱਕ ਬਹਿੰਦੇ ਸੀ, ਉਹ ਸਦਾ ਲਈ ਪਰ੍ਹੇ ਹੋ ਗਏ। ਅੰਗਰੇਜ਼, ਤਹਿਸੀਲੀਏ, ਥਾਣੇਦਾਰ, ਸਭ ਉਹਦੇ ਨੌਜਵਾਨ ਪੁੱਤਰਾਂ ਦੇ ਹੋ ਗਏ ਤੇ ਉਹਨੂੰ ਭੁੱਲ-ਭੁਲਾ ਗਏ। ਉਹਦੇ ਪੁੱਤਰਾਂ ਇਲਾਜ ਕਰਾਇਆ, ਪਰ ਲਾਇਲਾਜ ਬੀਮਾਰੀ ਜਾਣਕੇ ਉਹਦੇ ਜੁਆਈ ਨੇ ਤੇ ਪੁੱਤਰਾਂ ਨੇ ਸਲਾਹ ਕਰਕੇ ਉਹਨੂੰ ਏਸ ਭੋਇੰ ’ਤੇ ਲਿਆ ਸੁੱਟਿਆ। ਮੁਜਾਰੇ ਤੇ ਕੰਮੀ-ਕਮੀਣ ਦੂਸਰੀ ਰਾਤ ਹੀ ਭੋਇੰ ਛੱਡ ਕੇ ਨੱਸ ਗਏ। ਇਹ ਬੀਮਾਰੀ ਬੜੀ ਮਨਹੂਸ ਤੇ ਛੂਤ ਵਾਲ਼ੀ ਮੰਨੀ ਜਾਂਦੀ ਸੀ। ਉਹ ਬੁੱਢਾ ਸਰਦਾਰ ਕੋਹੜ ਨਾਲ਼ ਭਰਿਆ ਪੁੱਤਰਾਂ ਤੇ ਜੁਆਈ ਨੂੰ ਗਾਹਲ਼ਾਂ ਕੱਢਦਾ ਰਿਹਾ, ਪਰ ਉਨ੍ਹਾਂ ਕੰਨ ਨਾ ਧਰਿਆ ਤੇ ਉੱਥੇ ਸੁੱਟ ਕੇ ਪਾਰ ਗਏ। ਆਸ-ਪਾਸ ਦੇ ਪਿੰਡਾਂ ਵਾਲ਼ੇੇ ਤੇ ਡੇਰੇਦਾਰ ਵੀ ਉੱਧਰ ਹੁਣ ਮੂੰਹ ਨਹੀਂ ਸਨ ਕਰਦੇ। ਭੋਇੰ ਬਰਾਨ ਹੋਣ ਲੱਗੀ ਤੇ ਡੇਰੇ ਉੱਜੜ ਗਏ, ਪਰ ਬਾਬੇ ਨੂੰ ਸਾਂਭਣ ਲਈ ਪ੍ਰਭੂ ਨੇ ਇਕ ਭਗਤ ਪਹਿਲਾਂ ਹੀ ਭੇਜਿਆ ਹੋਇਆ ਸੀ! ਨਵੀਂ ਸੜਕ ਬਣੀ ਹੋਣ ਕਰਕੇ ਕਿਤੇ ਸਾਲ ਕੁ ਪਹਿਲਾਂ ਰਈਏ-ਬਿਆਸ ਵੱਲੋਂ ਕੋਈ ਮਸਤਾਨਾ ਏਧਰ ਆ ਗਿਆ ਤੇ ਉਸੇ ਸਰਦਾਰ ਦੀ ਭੋਇੰ ਦੇ ਕਿਨਾਰੇ ’ਤੇ ਡੇਰਾ ਕਰ ਲਿਆ ਸੀ। ਸੜਕ ਤੋਂ ਹੱਟਵਾਂ ਬਹੁਤ ਵੱਡਾ ਦਾਹੜੀ ਵਾਲ਼ਾ ਬੋਹੜ ਸੀ, ਜਿੱਥੇ ਉਸ ਮਸਤਾਨੇ ਨੇ ਡੇਰੇ ਲਾਏ। ਪਹਿਲੇ ਤੇ ਉਹ ਬੋਹੜ ਥੱਲੇ ਹੀ ਸੌਂ ਛੱਡਦਾ ਸੀ, ਫੇਰ ਜਦੋਂ ਉਹਨੂੰ ਕੀੜੀਆਂ ਦਾ ਭੌਣ ਖਾਣ ਲੱਗ ਪਿਆ; ਤਾਂ ਉਹਨੇ ਕੰਮੀਆਂ ਕੋਲ਼ੋਂ ਪੁਰਾਣਾ ਮੰਜਾ ਮੰਗ ਲਿਆ। ਕੰਮੀਆਂ ਵੀ ਰੱਬ ਦਾ ਪਿਆਰਾ ਜਾਣ ਕੇ ਉਹਨੂੰ ਛੰਨ ਪਾ ਦਿੱਤੀ ਤੇ ਦੋਹੇਂ ਵੇਲੇ ਰੋਟੀ ਦੇਣ ਲੱਗ ਪਏ। ਉਹ ਮੂੰਹੋਂ ਕੁਛ ਵੀ ਨਹੀਂ ਸੀ ਬੋਲਦਾ; ਬਸ ਜਦ ਕਦੀ ਵਜਦ ਵਿਚ ਆਉਂਦਾ, ਨੱਚੀ ਜਾਂਦਾ ਤੇ ਕਹੀ ਜਾਂਦਾ – “ਪੰਜ ਪੀਰ, ਪੰਜ ਪੀਰ, ਪੰਜ ਪੀਰ!’’ ਲੋਕਾਂ ਉਹਦੀ ਅੱਲ ‘ਪੰਜ ਪੀਰ’ ਪਾ ਲਈ। ਉਹ ਦਰਵੇਸ਼ ਅਪਣੀ ਛੰਨ ਤੋਂ ਜ਼ਿਆਦਾ ਉਰ੍ਹੇ-ਪਰ੍ਹੇ ਨਾ ਹੁੰਦਾ, ਬਸ ਕਦੀ-ਕਦੀ ਦਬੁਰਜੀ ਵੱਲ ਲੰਘ ਜਾਂਦਾ ਤੇ ਜੀ.ਟੀ. ਰੋਡ ’ਤੇ ਜਾ ਕੇ ਖੜ੍ਹੋ ਜਾਂਦਾ। ਜਦੋਂ ਉਹਦੇ ਲੀੜਿਆਂ ਦੇ ਲੰਗਾਰੇ ਲੱਥਣ ਲੱਗਦੇ, ਕੋਈ ਨਾ ਕੋਈ ਉਹਨੂੰ ਲੀੜੇ ਵੀ ਲੈ ਦੇਂਦਾ।
“… ਜਦ ਕੋਹੜੀ ਬਾਬੇ ਨੂੰ ਪਰਿਵਾਰ ਉੱਥੇ ਸੁੱਟ ਗਿਆ ਤੇ ਮੁਜਾਰੇ, ਕੰਮੀ ਵੀ ਭੱਜ ਗਏ, ਉਸੇ ਸਾਈਂ ਪੰਜ ਪੀਰ ਨੇ ਆ ਕੇ ਬਾਬੇ ਨੂੰ ਸਾਂਭ ਲਿਆ। ‘ਪੰਜ ਪੀਰ, ਪੰਜ ਪੀਰ’ ਕਹਿੰਦਾ ਉਹ ਬਾਬੇ ਦਾ ਟੱਟੀ-ਪਸ਼ਾਬ ਚੁੱਕ ਦੇਂਦਾ। ਅਪਣੇ ਲੀੜੇ ਲਾਹ ਕੇ ਉਹਦੇ ਪਾਕ ਨਾਲ਼ ਭਰੇ ਕਪੜੇ ਸਾੜ ਕੇ ਉਹਦੇ ਗਲ਼ ਪੁਆ ਦੇਂਦਾ। ਲੋਕੀਂ ਸਾਈਂ ਨੂੰ ਹੋਰ ਲੀੜੇ ਲੈ ਦੇਂਦੇ। ਉਹਦੇ ਪਾਕ ਨਾਲ਼ ਰਿੱਸਦੇ ਸਰੀਰ ਨੂੰ ਸਾਫ਼ ਪਾਣੀ ਨਾਲ਼ ਧੋ ਦੇਂਦਾ ਤੇ ਬਸ ਬਾਬੇ ਦੇ ਲੱਖ ਬੁਲਾਣ ’ਤੇ ਵੀ ‘ਪੰਜ ਪੀਰ, ਪੰਜ ਪੀਰ’ ਕਹੀ ਜਾਂਦਾ। ਕੋਹੜੀ ਬਾਬੇ ਨੇ ਵੀ ਹੋਣੀ ਪਰਵਾਨ ਕਰ ਲਈ ਸੀ ਤੇ ਏਸ ‘ਪੰਜ ਪੀਰ’ ਸਾਈਂ ਨੂੰ ਵੀ ਪਰਵਾਨ ਕਰ ਲਿਆ ਸੀ। ਉਹ ਪਛਤਾਵੇ ਦੀ ਡੂੰਘੀ ਸੁਰ ਵਿਚ ਅਪਣੇ ਬੀਤੇ ਦੀਆਂ ਗੱਲਾਂ ਸਾਈਂ ਨਾਲ਼ ਕਰੀ ਜਾਂਦਾ, ਬਿਨਾਂ ਕਿਸੇ ਹੁੰਗਾਰੇ ਦੀ ਆਸ ਵਿਚ ਤੇ ਨਾਲ਼-ਨਾਲ਼ ਅੱਥਰੂ ਕੇਰੀ ਜਾਂਦਾ! ਸਾਈਂ ਵਿਚ-ਵਿਚ ‘ਪੰਜ-ਪੀਰ’ ਦੀ ਰੱਟ ਲਾ ਦੇਂਦਾ। ਦੋਹਾਂ ਦੀ ਕੁਛ ਚਿਰ ਚੰਗਾ ਨਿਭੀ। ਆਸ-ਪਾਸ ਦੇ ਡੇਰੇਦਾਰ ਤੇ ਦਬੁਰਜੀ, ਸੁਲਤਾਨਵਿੰਡ, ਵੱਲੇ ਤੇ ਮਾਨਾਂਵਾਲ਼ੇ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਗੱਲ ਕਰਨ ਲਈ ਚੰਗਾ ਮਸਾਲਾ ਮਿਲ ਗਿਆ ਸੀ। ਬਤਾਵੇ ਡੂੰਘੀ ਰਾਤ ਤੱਕ ਆਪੋ-ਅਪਣੇ ਪਿੰਡਾਂ ਦੀਆਂ ਸੱਥਾਂ ਵਿਚ ਬੈਠੇ ਬਾਤ ਪਾਉਂਦੇ ਤੇ ਏਸ ਅਨੋਖੇ ਰਿਸ਼ਤੇ ਤੇ ਕਲਜੁਗ ਦੇ ਭੈੜੇ ਵਰਤਾਰੇ ਤੇ ਅਫ਼ਸੋਸ ਕਰਦੇ। ਬਸ ਇਕ ਵਾਰ ‘ਪੰਜ ਪੀਰ’ ਕਿਸੇ ਬਰੂਦੀ ਗੋਲੇ ਵਾਂਗ ਫਟਿਆ ਸੀ, ਜਦ ਛੇਈਂ ਕੁ ਮਹੀਨੀਂ ਉਸ ਬਾਬੇ ਦਾ ਜੁਆਈ ਤੇ ਵੱਡਾ ਪੁੱਤਰ ਦੂਰੋਂ ਹੀ ਬਾਬੇ ਨੂੰ ਵੇਖਣ ਆਏ ਸਨ ਕਿ ਜਿਊਂਦਾ ਹੈ ਜਾਂ ਮਰ ਗਿਐ? ਉਦੋਂ ਉਨ੍ਹਾਂ ਨੂੰ ਦੂਰੋਂ ਹੀ ਵੇਖ ਕੇ ਪੰਜ-ਪੀਰ ਸਾਈਂ, ਬਾਬੇ ਦੇ, ਤੇ ਬੋਹੜ ਦੇ ਗੇੜੇ ਕੱਢਣ ਲੱਗ ਪਿਆ। ਨਾਲ਼ੇ ਉੱਚੀ-ਉੱਚੀ ਕਹੀ ਜਾਵੇ –
“ਭੈਣਾਂ ਦੇ …… ਆ ਗਏ। ਹਰਾਮ ਦੀਆਂ ਸੱਟਾਂ ਆ ਗਈਆਂ। ਕੁੜੀਆਂ ਦੇ ਕੇ ਰਾਜ ਲੈਣ ਵਾਲ਼ੇੇ ਆ ਗਏ। ਅਪਣੀਆਂ ਭੈਣਾਂ ’ਤੇ ……ਵਾਲ਼ੇੇ ਆ ਗਏ। ਕੁੜੀਆਂ ’ਤੇ …… ਵਾਲ਼ੇੇ ਪਿਉ ਆ ਗਏ…।’’
ਇਹ ਬਕੜਵਾਹ ਸੁਣਕੇ ਪਤਾ ਨਹੀਂ ਉਹ ਦੋਹੇਂ ਏਨਾ ਕਿਉਂ ਡਰੇ ਕਿ ਉੱਥੋਂ ਹੀ ਵਾਪਸ ਪਰਤ ਕੇ ਆਪੋ-ਅਪਣੀ ਘੋੜੀ ’ਤੇ ਚੜ੍ਹੇ ਤੇ ਉਹ ਗਏ, ਉਹ ਗਏ!…… ਮੁੜ ਉਹ ਕਦੀ ਨਹੀਂ ਆਏ।
ਇਸ ਘਟਨਾ ਤੋਂ ਇਕ ਸਾਤੇ ਮਗਰੋਂ ਬਾਬਾ ਮਰ ਗਿਆ ਸੀ।
ਬੜਾ ਪੁੱਛਣ ’ਤੇ ਵੀ ਜੋਜਨ ਸਾਈਂ ਨੇ ਇਹ ਨਹੀਂ ਦੱਸਿਆ ਕਿ ਬਾਬੇ ਦਾ ਨਾਂ ਕੀ ਸੀ? ਉਹ ਤੇ ਪੀਰ ਤਾਬੇ ਸ਼ਾਹ ਨੇ ਇਕ ਦਿਨ ਦੱਸਿਆ ਸੀ ਕਿ ਉਸ ਸਰਦਾਰ ਬਾਬੇ ਦਾ ਨਾਂ ਮੰਨਣ ਸਿੰਘ ਸੀ।
…………
“…. ਪੀਰ ਤਾਬੇ ਸ਼ਾਹ ਮੇਰੇ ਨਾਲ਼ੋਂ ਉਮਰ ਵਿਚ ਚੋਖਾ ਵੱਡਾ ਹੈ ਤੇ ਉਸ ਜੋਜਨ ਸਾਈਂ ਕੋਲ ਬੜਾ ਅਰਸਾ ਗੁਜ਼ਾਰਿਆ ਹੈ। ਇਸ ਲਈ ਉਹਨੂੰ ਮੇਰੇ ਨਾਲ਼ੋਂ ਬਹੁਤਾ ਪਤਾ ਹੈ। ਪਰ ਇਹ ਗੱਲ ਵੀ ਬੜੀ ਹੈਰਾਨ ਕਰਦੀ ਹੈ ਕਿ ਪੀਰ ਤਾਬੇ ਸ਼ਾਹ ਦੇ ਐਨੇ ਨੇੜੇ ਰਹਿਣ ਦੇ ਬਾਵਜੂਦ ਜੋਜਨ ਸਾਈਂ ਨੇ ਮੇਰੇ ਨਾਲ਼, ਤੇ ਮੇਰੇ ਪੁੱਤਰ ਨਾਲ਼ ਹੀ ਅਪਣਾ ਤੇਹ ਵਧਾਇਆ ਸੀ। ਕਈ ਵਾਰ ਮੈਂ ਹੱਸ ਕੇ ਪੁੱਛਣਾ ਕਿ, ਸਾਈਂ ਜੀ, ਸਾਡੇ ਪਾਪੀਆਂ ਉੱਪਰ ਏਨੇ ਕਿਉਂ ਤਰੁੱਠੇ ਹੋ? ਉਨ੍ਹਾਂ ਹੱਸ ਪੈਣਾ ਤੇ ਉੱਪਰ ਹਵਾ ਵਿਚ ਉਂਗਲ਼ ਕਰਕੇ ਗੌਣਾ:
ਬਾਰੀ ਵਿਚ ਬੈਠ ਕੇ ਮੈਂ ਵਾਹਵਾਂ ਕੰਘੀਆਂ
ਹੁਣ ਪਤਾ ਲਗੈ, ਤੇਰੇ ਨਾਲ਼ ਮੰਗੀ ਆਂ।’
ਉਨ੍ਹਾਂ ਦੀਆਂ ਰਮਜ਼ਾਂ ਮੈਂ ਨਹੀਂ ਸਾਂ ਸਮਝ ਸਕਿਆ। ਹੁਣ ਤੱਕ ਵੀ ਨਹੀਂ, ਨਾ ਹੀ ਮੇਰਾ ਪੁੱਤਰ! ਪਰ ਉਨ੍ਹਾਂ ਸਾਡੇ ਵਿੱਚੋਂ ਜਿਵੇਂ ਆਪਣਾ ਆਪ ਲੱਭ ਲਿਆ ਸੀ। ਸ਼ਾਇਦ ਇਸੇ ਕਰਕੇ ਜਾਣ ਲੱਗਿਆਂ ਉਹ ਪੀਰ ਤਾਬੇ ਸ਼ਾਹ ਨੂੰ ਅਪਣਾ ਸੋਟਾ, ਕੁੜਤਾ ਤਾਂ ਦੇ ਗਏ, ਨਾਲ਼ ਹੀ ਸਾਡੀ ਵੀ ਸੌਂਪਣਾ ਕਰ ਗਏ ਸਨ।
ਹ ਵੀ ਭਾਪੇ ਨਾਲ਼ ਸਵੇਰ ਦਾ ਸ਼ਹਿਰ ਗਿਆ ਹੋਇਆ ਸੀ। ਭਾਪੇ ਦੀ
ਹੱਡੀ ਪੱਕੀ, ਪੁਰਾਣੀ ਏ। ਬੜਾ ਦਿਲ-ਰੱਖ ਤੇ ਪੀਡਾ ਏ। ਪੱਕੀਆਂ ਸਿਗਟਾਂ ਤੇ ਸ਼ਰਦਾਈਆਂ ਦਾ ਸ਼ੁਕੀਨ ਏ। ਆਪ ਤੇ ਥੱਕਦਾ ਨਹੀਂ, ਪਰ ਉਹਦੀ ਜਾਨ ਅਜ਼ਾਬ ਵਿਚ ਪਾ ਛੱਡਦੈ। ਸਵਾਰੀ ਜਾਂ ਬਸ ਮਿਲ਼ ਜਾਏ ਤਾਂ ਠੀਕ ਏ, ਨਹੀਂ ਤੇ ਡੇਰੇ ਤੱਕ ਪੈਦਲ ਹੀ ਟੁਰੀ ਆਉਂਦੈ। ਉਹ ਭਾਵੇਂ ਜੁਆਨ ਏ, ਪਰ ਉਹਦੇ ਸਤਾਰਾਂ ਸਾਲ ਵੀ ਭਾਪੇ ਦੇ ਪੰਜਾਹਾਂ ਨੂੰ ਢੁੱਕੇ ਸਰੀਰ ਤੋਂ ਪਿੱਛੇ ਰਹਿ ਜਾਂਦੇ ਨੇ।
ਉਹਦੀ ਸੁਰਤ ਅੱਜ ਵਲ ਪਰਤੀ :-
“ਅੱਜ ਭਾਪੇ ਨੇ ਫੇਰ ਹਰਮੰਦਰ ਸਾਹਿਬ ਦੇ ਬਾਹਰ ਫੋਟੋ-ਕਾਰਡ, ਰੁਮਾਲ ਤੇ ਛੱਲਿਆਂ ਦੀ ਫੇਰੀ ਲਾਈ ਸੀ। ਭਾਪੇ ਨੂੰ ਪੈਸੇ-ਟਕੇ ਦੀ ਉੱਕਾ ਹੀ ਲੋੜ ਨਹੀਂ, ਪਰ ਇਹਦਾ ਫਿਰ ਤੁਰਕੇ ਮਾਲ ਵੇਚਣ ਦਾ ਠਰਕ ਨਹੀਂ ਜਾਂਦਾ। “ਖੱਤਰੰਮਾ’’ ਉਹਦੇ ਹੱਡਾਂ ਵਿੱਚੋਂ ਨਿਕਲ਼ਦਾ ਹੀ ਨਹੀਂ। ਸਾਈਂ ਕਈ ਵਾਰ ਕਹਿ ਚੁੱਕਾ ਹੈ ਕਿ ਡੇਰੇ ਬਹੁ ਤੇ ਭੰਡਾਰਾ ਸਾਂਭ! ਪੀਰ ਜੋਜਨ ਹੁਰੀਂ ਵੀ ਇਸ਼ਾਰੇ ਨਾਲ਼ ਕਹਿੰਦੇ ਸਨ, ਪਰ ਸਿੱਧੇ ਨਹੀਂ ਸਨ ਰੋਕਦੇ। ਉਨ੍ਹਾਂ ਨੂੰ ਹਰ ਗੱਲ ਦਾ ਚਾਨਣ ਸੀ। ਉਨ੍ਹਾਂ ਨੂੰ ਪਤਾ ਸੀ ਕਿ ਇਹਦੇ ਅੰਦਰ ਕੋਈ ਸ਼ੈਅ ਲੁਕੀ ਏ, ਜਿਹੜੀ ਇਹਨੂੰ ਟਿਕਣ ਨਹੀਂ ਦੇਂਦੀ। ਹਫ਼ਤੇ ਚ ਇਕ-ਦੋ ਵੇਰੀਂ ਉਹ ਆਪ ਹੀ ਕਹਿ ਦੇਂਦੇ ਸਨ ਕਿ ਭਲਿਆ ਲੋਕਾ! ਜਾਹ, ਜਾ ਕੇ ਫਿਰ ਟੁਰ ਆ! ਹਾਏ, ਮੇਰੇ ਨਾਲ਼ ਉਨ੍ਹਾਂ ਦੀ ਕਿੰਨੀ ਮੁਹੱਬਤ ਸੀ! ਸਮਝੋ, ਮੇਰੀ ਮਾਂ, ਮੇਰਾ ਪਿਓ ਤੇ ਉਹ ਹੀ ਸਨ! ਪੀਰ ਹੁਰੀਂ, ਜਦ ਦੀ ਮੈਂ ਸੁਰਤ ਸੰਭਾਲੀ ਏ, ਮੈਨੂੰ ਲਾਡ ਕਰਦੇ ਤੇ ਮੇਰੀਆਂ ਫ਼ਰਮਾਇਸ਼ਾਂ ਮੰਨਦੇ ਹੀ ਮੈਂ ਡਿੱਠਾ ਏ। ਮਾਂ ਮੇਰੀ ਤੇ ਮੈਂ ਡਿੱਠੀ ਨਹੀਂ, ਖੌਰੇ ਕਿਹੋ ਜਿਹੀ ਹੋਏਗੀ? ਪਰ ਜੇ ਹੁੰਦੀ ਤਾਂ ਪੀਰ ਹੁਰਾਂ ਵਰਗੀ ਹੀ ਹੋਣੀ ਸੀ। ਸ਼ੈਤ ਕੁਝ ਵੱਖਰੀ ਹੀ ਹੁੰਦੀ… ਪਤਾ ਨਹੀਂ? ਕੁੜੀਆਂ ਦੀ ਤੇ ਡੇਰੇ ’ਤੇ ਵੀ ਕਮੀ ਨਹੀਂ ਦਿੱਸੀ। ਕੀ ਕੁਆਰੀਆਂ ਤੇ ਕੀ ਵਿਆਹੀਆਂ, ਡੇਰੇ ’ਤੇ ਸਭੋ ਮੱਥਾ ਟੇਕਣ ਆਉਂਦੀਆਂ ਨੇ। ਇਕ ਤੋਂ ਇਕ ਚੜ੍ਹਦੀ ਬੁੱਢੀ ਇੱਥੇ ਆਉਂਦੀ ਏ! ਵੀਰਵਾਰ ਤੇ ਮਾਰ ਇੱਥੇ ਮੁਲਖ਼ਤ ਕੱਠੀ ਹੋਈ ਹੁੰਦੀ ਏ। ਸ਼ਹਿਰ ਦੇ ਤੇ ਪਿੰਡਾਂ ਦੇ ਕਹਿੰਦੇ-ਕੁਹਾਂਦੇ ਬੰਦੇ ਆਪੋ-ਅਪਣੀਆਂ ਬੁੱਢੀਆਂ ਲੈ ਕੇ ਅਪੜੇ ਹੁੰਦੇ ਨੇ। ਨਾਲ਼ ਕਈ ਵਾਰ ਬਾਲ-ਅੰਞਾਣੇ ਵੀ ਹੁੰਦੇ ਨੇ। ਕਿਵੇਂ ਮਾਪੇ ਉਨ੍ਹਾਂ ਦੀਆਂ ਫ਼ਰਮਾਇਸ਼ਾਂ ਪੂਰੀਆਂ ਕਰਦੇ ਨੇ? ਇੰਜ ਹੀ ਜੋਜਨ ਸਾਈਂ ਹੁਰੀਂ ਮੇਰੀ ਹਰ ਫ਼ਰਮਾਇਸ਼ ਪੂਰੀ ਕਰ ਦਿਆ ਕਰਦੇ ਸਨ। ਉਹ…ਉਹ, ਕੁਲਫ਼ੀਆਂ, ਖੰਡ ਦੇ ਆਲ਼ੇ-ਭੋਲ਼ੇ, ਚਾਬੀ ਆਲ਼ਾ ਬਾਂਦਰ ਤੇ ਚਾਟ ਪਕੌੜੀ! ਪੈਸੇ, ਨਵੇਂ ਲੀੜੇ, ਮਾਰ ਮੈਨੂੰ ਕੀ ਨਹੀਂ ਮਿਲ਼ਿਆ?’’
….ਉਹਦੀ ਸੁਰਤ ਪਰਤਦੀ ਹੈ। ਅੱਜ ਵੀ ਪਿਉ ਨੂੰ ਕਾਫ਼ੀ ਵਟਕ ਹੋਈ ਹੈ। ਅੰਗਰੇਜ਼ ਟੂਰਿਸਟ ਆਉਂਦੇ ਨੇ। ਪਿਉ ਉਹਦਾ ਅੱਗੇ ਹੋ ਕੇ ਹਰਮੰਦਰ ਸਾਹਿਬ ਵਾਲ਼ੀ ਫ਼ੋਟੋ-ਫਰੇਮ, ਛੱਲੇ ਵਖਾਈ ਟੁਰੀ ਜਾਂਦਾ ਹੈ। ਉਹ ਪੱਕਾ ਸ਼ਿਕਾਰੀ ਹੈ! ਅੰਗਰੇਜ਼ ਟੂਰਿਸਟ ਬਾਕੀ ਦੇ ਭਾਟੜਿਆਂ ਨੂੰ ਲੱਖ ਨਾਂਹ ਕਰ ਦਏ, ਪਰ ਅੰਗਰੇਜ਼ੀ ਵੱਢਦੇ ਉਹਦੇ ਪਿਉ ਨੂੰ ਬਹੁਤੀ ਦੇਰ ਨਾਂਹ ਨਹੀਂ ਕਰ ਸਕਦਾ। ਪਿਉ ਉਹਦੇ ਨੂੰ ਇਹ ਪਤਾ ਏ। ਉਹ ਟੂੁਰਿਸਟ ਨਾਲ਼ ਅੰਦਰ ਜੋੜੇ-ਘਰ ਤੱਕ ਟੁਰੀ ਜਾਂਦਾ ਏ; ‘ਪਲੀਜ਼ ਸੀ, ਜਸਟ ਸੀ’ ਕਰਦਾ। ਪੰਜ ਦੀ ਫ਼ੋਟੋ ਪੰਜਾਹ ਵਿਚ ਠੋਕ ਦੇਂਦਾ ਏ। ਜੇ ਕੋਈ ਕਹੇ “ਟੂ ਮੱਚ’’, ਤਾਂ ਪਾਸਾ ਬਦਲ ਕੇ ਕਹਿ ਦੇਂਦਾ ਏ: “ਜੈਂਟਲਮੈਨ, ਲਿਸਨ ਪਰੋਪਰਲੀ, ਆਈ ਟੋਲਡ ਫ਼ਿਫ਼ਟੀਨ, ਨਾਟ ਫ਼ਿਫ਼ਟੀ!” ਵਿਦੇਸ਼ੀ ਲੋਕ ਉਹਦੇ ਝਾਂਸੇ ਵਿਚ ਆ ਜਾਂਦੇ ਨੇ। ਸੋਚਦੇ ਨੇ ਕਿ ਪੰਦਰਾਂ ਵਿਚ ਤੇ ਸਸਤਾ ਹੀ ਰਿਹਾ। ਉਹ ਲੈ ਲੈਂਦੇ ਨੇ। ਤਿੰਨਾਂ ਦਾ ਰੁਮਾਲ ਪੰਦਰਾਂ ਵਿਚ ਠੋਕ ਕੇ ਉਹ ਘੰਟੇ ਦੋ ਵਿਚ ਹੀ ਤਿੰਨ-ਚਾਰ ਸੌ ਵੱਢ ਲੈਂਦਾ ਏ। ਉੱਥੋਂ ਦੇ ਰੋਂਦੇ ਭਾਟੜਿਆਂ ਦੀ ਈਰਖਾ-ਭਰੀ ਤੱਕਣੀ ਦੀ ਪਰਵਾਹ ਕੀਤੇ ਬਿਨਾ ਦਿਹਾੜੀ ਪਾ ਕੇ ਟੁਰ ਪੈਂਦਾ ਏ। ਉਹਦੇ ਪੈਰਾਂ ਵਿਚ ਗ਼ਜ਼ਬ ਦੀ ਫੁਰਤੀ ਆ ਜਾਂਦੀ ਏ। ਜੱਲ੍ਹਿਆਂਵਾਲ਼ੇੇ ਬਾਗ ਤੋਂ ਥੋੜ੍ਹਾ ਪਰ੍ਹੇ ਹੱਟ ਕੇ, ਮਲਕਾਂ ਦੇ ਚੌਕ ਕੋਲ ਭੰਗ ਦਾ ਡੋਲੂੁ ਲੈ ਕੇ ਬੈਠੇ ਨਿਹੰਗਾਂ ਕੋਲੋਂ ਰੁਪਈਏ ਦਾ ਗਲਾਸ ਪੀ ਕੇ ਉਹਦਾ ਪਿਉ ਪੈਦਲ ਹੀ ਸੁਲਤਾਨਵਿੰਡ ਵਾਲ਼ੀ ਜੀ.ਟੀ. ਰੋਡ ਦੀ ਨਹਿਰ ’ਤੇ ਅਪੜ ਜਾਂਦਾ। ਉਹ ਬਥੇਰਾ ਕਹਿੰਦਾ ਕਿ ਟਾਂਗੇ ਚੜ੍ਹ ਚਲੀਏ, ਥ੍ਰੀ-ਵੀਲ੍ਹਰ ਤੇ ਬਹਿ ਜਾਈਏ, ਪਰ ਭਾਪਾ ਕਿੱਥੇ ਸੁਣਦਾ? ਤਾਰਾਂ ਵਾਲ਼ੇੇ ਨਹਿਰੀ ਪੁਲ ’ਤੇ ਅੱਪੜ ਕੇ ਉਹ ਸ਼ੈਲੀ ਚੂੁਹੜੇ ਕੋਲੋਂ ਪੰਜਾਂ ਦੀ ਚਾਹ ਬਣਵਾਂਦਾ। ਇਕ ਕੱਪ ਚਾਹ ਤੇ ਇਕ ਸ਼ੱਕਰਪਾਰਾ ਉਹਨੂੰ ਦੇ ਕੇ, ਬਾਕੀ ਸਾਰੀ ਚਾਹ ਦੀ ਕੇਤਲੀ ਤੇ ਮਿੱਠੇ ਨਾਲ਼ ਭਰੇ ਪੰਜ-ਸੱਤ ਸ਼ਕਰਪਾਰੇ ਖਾ ਕੇ ਉਹ ਸ਼ੈਲੀ ਤੇ ਉਹਦੇ ਪੁੱਤ ਨਾਲ਼ ਹੱਥ-ਮਿਲਾਵਾ ਕਰਦਾ, ਤੇ ਫੇਰ ਚੱਲ ਸੋ ਚੱਲ…।
“ਪਿਉ ਕਾਹਦਾ ਏ, …….. ਦਾ …… ਏ!” ਉਹ ਖਿੱਝ ਕੇ ਸੋਚਦਾ ਤੇ ਘਿਣ ਨਾਲ਼ ਥੁੱਕਦਾ। ਫੇਰ ਉਹਨੂੰ ਤਾਬੇ ਸ਼ਾਹ ਦੀਆਂ ਗੱਲਾਂ ਯਾਦ ਆਉਣ ਲੱਗਦੀਆਂ, ਜਿਹੜੀਆਂ ਉਹ ਨਸ਼ੇ ਦੇ ਲੋਰ ਵਿਚ ਉਹਦੇ ਪਿਉ ਦੀ ਗ਼ੈਰਹਾਜ਼ਰੀ ਵਿਚ ਉਹਨੂੰ ਸੁਣਾਂਦਾ:
“ਉਰ੍ਹੇ ਆ ਉਏ ਛਲਾਰੂ। ਸੁਣ! ਭਾਪਾ ਤੇਰਾ ਪਤਾ ਈ ਕੌਣ ਈ? ਪਤਾ ਈ? ਲੈ ਸੁਣ। ਉਹ ਲੂਣ ਮੰਡੀ ਦਾ ਪ੍ਰਕਾਸ਼ਾ ਸਿੰਘ ਸਚਦੇਵੇ ਈ… ਮਸ਼ਹੂਰ ਵਪਾਰੀ ਹਜ਼ੂਰਾ ਸਿੰਘ ਸਚਦੇਵੇ ਦਾ ਪੁੱਤਰ ਈ! ਬਾਬਾ ਤੇਰਾ ਤੇ ਖੌਰੇ ਵੀਹ ਵਰ੍ਹੇ ਹੋ ਗਏ ਨੇ, ਮਰ-ਖਪ ਗਿਆ ਸੀ ਤੇਰੇ ਪਿਉ ਦੇ ਦੁੱਖੋਂ। ਬਾਰਦਾਣੇ ਦਾ ਵਪਾਰੀ ਸੀ। ਤੇਰੀ ਦਾਦੀ ਪਹਿਲੋਂ ਮਰ ਗਈ ਸੀ। ਏਹੀ ਪਿਉ ਤੇਰਾ, ਜਿਹੜਾ ਇੱਥੇ ਸਾਈਂ ਪਾਸ਼ਾ ਕਹਾਉਂਦਾ ਈ, ਜਵਾਨੀ ਵਿਚ ਹੀ ਮੂੰਹ-ਸਿਰ ਮੁੰਨਾ ਕੇ ਬੱਤੀਆਂ ਪੀਣ ਲੱਗ ਪਿਆ ਸੀ। ਮਾਂ-ਪਿਉ ਕਦੀ ਘਰੋਂ ਕੱਢ ਦੇਂਦੇ, ਕਦੀ ਲੈ ਆਉਂਦੇ। ਦੋ ਇਹਦੇ ਵੱਡੇ ਭਰਾ ਸਨ, ਜਿਹੜੇ ਰੱਬੋਂ ਹੀ ਪੱਕੇ ਵਪਾਰੀ ਸਨ। ਉਹ ਇਹਦੀ ਅੱਧ ‘ਤੇ ਵੀ… ਨਹੀਂ ਸਨ ਮਾਰਦੇ। ਇਹ ਪਹਿਲਾਂ ਤੇ ਲੁਕ-ਛਿਪ ਕੇ, ਫੇਰ ਸ਼ਾਹਦੀ ਹੀ ਨਸ਼ੇ ਪੀਣ ਲੱਗ ਪਿਆ। ਪਿਉ ਏਹਨੂੰ ਝੂੁਰਦਾ ਮਰ ਗਿਆ। ਭਰਾਵਾਂ ਜਾਇਦਾਦ ਸਾਂਭ ਲਈ ਤੇ ਹਿੱਸੇ ਵਿਚ ਸਿਰਫ਼ ਇਕ ਨਿੱਕੀ-ਜਿਹੀ ਹੱਟੜੀ ਇਹਨੂੰ ਲੂਣ ਮੰਡੀ ਵਿਚ ਦੇ ਦਿੱਤੀ। ਇਹ ਉਹਨੂੰ ਕਦੀ ਖੋਹਲਦਾ, ਕਦੀ ਮਹੀਨਿਆਂ ਤੱਕ ਬੰਦ ਰੱਖਦਾ। ਵਿਆਹ ਕਿਥੋਂ ਹੋਣਾ ਸੀ? ਅੰਤ ਇਹ ਆਪ ਹੀ ਜਦੋਂ ਤੀਹਾਂ ਨੂੰ ਢੁੱਕਿਆ ਤੇ ਕਿਧਰੇ ਸ੍ਰੀਨਗਰ ਵਲ ਸਸਤੀ ਮਿਲ਼ਦੀ ਚਰਸ ਲੈਣ ਗਿਆ, ਉਥੋਂ ਕਿਸੇ ਗ਼ਰੀਬ ਕਸ਼ਮੀਰੀ ਸਿੱਖ ਦੀ ਕੰਨਿਆ ਲੈ ਆਇਆ। ਉਨ੍ਹਾਂ ਵੀ ਪੁੰਨ ਦਾ ਸਾਕ ਈ ਦਿੱਤਾ। ਬੜੀ ਮੁਸ਼ਕਲ ਨਾਲ਼ ਕਿਤੇ ਇੱਕੋ ਬਾਲ ਹੋਇਆ, ਉਹ ਤੂੰ ਸੈਂ! ਭਾਪਾ ਤੇਰਾ ਉਹਨੂੰ ਗ਼ਲਤ-ਸ਼ਲਤ ਸਾਧਨਾਂ ਨਾਲ਼ ਕੁਛ ਜਾਦਾ ਈ ਤੰਗ ਕਰਦਾ ਸੀ। ਇਕ ਦਿਨ ਉਹ ਤੈਨੂੰ ਤੇ ਤੇਰੇ ਭਾਪੇ ਨੂੰ ਛੱਡ, ਐਸੀ ਕਸ਼ਮੀਰ ਪਰਤੀ ਕਿ ਭਾਪਾ ਤੇਰਾ ਟੱਕਰਾਂ ਮਾਰ ਹੱਟਿਆ; ਪਰ ਉਹ ਲੱਭੀ ਨਹੀਂ। ਪੇਕੇ ਵੀ ਨਹੀਂ ਗਈ। ਇੱਧਰ ਤੇਰੇ ਭਾਪੇ ਦਾ ਇਸ ਡੇਰੇ ਆਉਣ ਜਾਣ ਸੀ। ਜੋਜਨ ਸਾਈਂ ਨਾਲ਼ ਤੇਰੇ ਭਾਪੇ ਦਾ ਬੜਾ ਜੋੜ ਪੈ ਗਿਆ। ਭਰਾਵਾਂ ਦੀ ਕੁੱਟ ਦਾ ਝੰਬਿਆ, ਜਨਾਨੀ ਗਵਾ ਕੇ, ਪਰ ਤੈਨੂੰ ਬਚਾ ਕੇ, ਪਿਉ ਤੇਰਾ ਜੋਜਨ ਸਾਈਂ ਕੋਲ਼ ਪੱਕਾ ਆ ਗਿਆ। ਦੁਕਾਨ ਵੇਚ ਕੇ ਜਿਹੜੇ ਪੈਸੇ ਮਿਲ਼ੇ, ਉਹ ਸਾਈਂ ਨੂੰ ਫੜਾ ਦਿੱਤੇ। ਜੋਜਨ ਸਾਈਂ ਨੇ ਵੀ ਕਦੀ ਪੈਸੇ ਦਾ ਮੋਹ ਨਹੀਂ ਸੀ ਕੀਤਾ। ਇਸ ਮਗਰੋਂ ਜਿੰਨੇ ਮੰਗੇ, ਸਾਈਂ ਨੇ ਫੱਟ ਤੱਪੜ ਚੁੱਕਿਆ ਤੇ ਇਹਨੂੰ ਫੜਾ ਦੇਣੇ। ਇਹ ਵੀ ਭੇਤ ਈ ਸੀ ਕਿ ਜੋਜਨ ਸਾਈਂ ਕੋਲ਼ੋਂਂ ਅਸੀਂ ਜਿੰਨਾ ਮੰਗਦੇ, ਜਦੋਂ ਮੰਗਦੇ, ਭਾਵੇਂ ਦਿਨ ਤੇ ਭਾਵੇਂ ਰਾਤ ਹੋਵੇ, ਜੋਜਨ ਸਾਈਂ ਦੇ ਤੱਪੜ ਥੱਲਿਓਂ ਉਨੇ ਹੀ ਨਿਕਲਣੇ, ਜਿੰਨੇ ਅਸੀਂ ਮੰਗਣੇ! ਸੋ ਪੁੱਤਰਾ, ਪਿਉ ਤੇਰੇ ਨੂੰ ਫੇਰੀ ਲਾਣ ਦਾ ਠਰਕ ਈ, ਜਿਹੜਾ ਸਾਈਂ ਨੇ ਬੁੱਝ ਲਿਆ ਸੀ। ਸਾਈਂ ਨੇ ਤੈਨੂੰ ਅਪਣੀ ਝੋਲ਼ੀ ਪਾ ਲਿਆ ਸੀ, ਜਦੋਂ ਅਜੇ ਤੂੰ ਮਸਾਂ ਸਾਲ ਕੁ ਦਾ ਚੂੁੰਆ ਜਿਹਾ ਸੈਂ…!’’
ਉਸ ਪੀਰ ਤਾਬੇ ਸ਼ਾਹ ਦੀਆਂ ਸੁਣਾਈਆਂ ਨੂੰ ਕਦੇ ਵਿਸਾਰਿਆ ਨਹੀਂ ਸੀ। ਅਕਸਰ ਆਪਣੀ ਮਾਂ ਬਾਰੇ ਸੋਚਦਾ ਰਹਿੰਦਾ। ਖ਼ਿਆਲਾਂ ਵਿਚ ਹੀ ਕਦੀ ਕਸ਼ਮੀਰ ਘੁੰਮਦਾ, ਜਿੱਥੇ ਕਿਤੇ ਉਹਦੀ ਮਾਂ ਰਹਿ ਰਹੀ ਏ। ਸ਼ਾਇਦ ਜੀਂਦੀ ਏ ਕਿ ਹੁਣ…? ਪਿਉ ਉਹਦੇ ਨੇ ਕਦੀ ਉਸ ਨਾਲ਼ ਦਿਲ ਹੌਲਾ ਨਹੀਂ ਕੀਤਾ। ਜ਼ਿੰਦਗੀ ਦਾ ਇਹ ਪਾਸਾ ਉਸ ਨਾਲ਼ ਸਾਂਝਾ ਨਹੀਂ ਕੀਤਾ। ਬੜਾ ਭੇਦ ਰੱਖਦਾ ਏ ਭਾਪਾ ਉਹਦੇ ਕੋਲੋਂ… ਤੇ ਉਹ ਭਾਪੇ ਕੋਲੋਂ…!
ਅਚਾਨਕ ਉਹਦਾ ਹਾਸਾ ਨਿਕਲ਼ ਜਾਂਦਾ ਹੈ: “ਭਾਪਾ ਸਮਝਦੈ ਕਿ ਉਹਦੇ ਸਾਰੇ ਭੇਤ ਜਿਵੇਂ ਉਹਨੂੰ ਪਤਾ ਨੇ! ਪਰ ਭਾਪਾ ਕੀ ਜਾਣੇ ਕਿ ਉਹਦਾ ਕੱਖ ਵੀ ਉਹਨੂੰ ਪਤਾ ਨਹੀਂ! ਭਾਪੇ ਨੇ ਬਸ ਇੱਕੋ ਵਾਰ ਹੀ ਜਾ ਕੇ ਭੱਪ ਖੁਸਰੇ ਨੂੰ ਮਾੜਾ-ਜਿਹਾ ਤਾੜ ਦਿੱਤਾ ਤੇ ਸਮਝ ਲਿਆ ਕਿ ਮੈਂ ਮੁੰਡੇ ਦਾ ਰਾਹ ਰੋਕ ਲਿਆ ਏ। ਪਰ ਉਹਨੂੰ ਝੁੱਡੂ ਨੂੰ ਕੀ ਪਤੈ? ਮੈਂ ਕਿਹੜਾ ਕੱਲਾ ਭੱਪ ਖੁਸਰੇ ਦੇ ਆਸਰੇ ਆਂ! ਸੰਧੂਆਂ ਦੇ ਫ਼ਾਰਮ ‘ਤੇ ਆਲੂੁ ਪੁੱਟਣ ਵਾਲ਼ੀਆਂ ਟਰਾਲੀਆਂ ਭਰ-ਭਰ ਕੇ ਆਉਂਦੀਆਂ ਨੇ। ਜਿਹਨੂੰ ਮਰਜ਼ੀ… ਬਸ ਦਸਾਂ, ਵੀਹਾਂ ਦਾ ਇਕ ਨੋਟ ਵਖਾ ਦੇਵਾਂ! ਪਰ ਮੇਰਾ ਤੇ ਜਿਵੇਂ ਜਨਾਨੀਆਂ ਕੋਲ ਜਾਣ ਦਾ ਮਨ ਹੀ ਨਹੀਂ ਕਰਦਾ। ਦੋ, ਤਿੰਨ ਵਾਰ ਕਿੱਛੀ ਪੰਡਤ ਤੇ ਜਜੀ ਫ਼ੁਕਰਾ ਲੈ ਗਏ ਸਨ। ਬਿਜਲੀ ਬੋਰਡ ਵਾਲ਼ਿਆਂ ਨੂੰ ਜਨਾਨੀ ਦੀ ਬੜੀ ਭੁੱਖ ਏ! ਮੈਂ ਦੋ-ਤਿੰਨ ਵਾਰ ਗਿਆਂ ਉਨ੍ਹਾਂ ਨਾਲ਼… ਤੇ ਬੱਸ। ਮੈਂ ਮੁੜਕੇ ਹੱਥ ਜੋੜ ਛੱਡੇ ਨੇ। ਸਾਰਿਆਂ ਨਾਲ਼… ਤੇ ਉਹ ਵੀ ਬਾਰ-ਬਾਰ ਇੱਕੋ ਕੋਲ਼? ਉਸੇ ਮੂਰਖਾਂ ਵਾਲ਼ੇੇ ਢੰਗਾਂ ਨਾਲ਼…। ਐਵੇਂ ਤੇ ਨਹੀਂ ਮੈਂ ਭੱਪ ਕੋਲ ਜਾਂਦਾ ਰਿਹਾਂ…! ਜਨਾਨੀ ਨਾਲ਼ੋਂ ਵੱਧ ਸਵਾਦ ਦੇਂਦੈ ਭੱਪ! ਨਾਲ਼ੇ ਹੁਣ ਤੇ ਉਹਦੇ ਡੇਰੇ ’ਤੇ ਕਾਂਤਾ ਪਟਾਕਾ ਵੀ ਆ ਗਈ ਏ। ਰਾਜ ਹੀ ਉਹਦਾ ਚਲਦੈ… ! ਉਹ ਵੀ ਮੈਨੂੰ ਵੇਖਦਿਆਂ ਹੀ ਖਿੜ ਜਾਂਦੀ ਏ।’’
“ਉਏ ਭਾਊ ਉਏ…ਏ…ਏ।’’ ਉਹਦੀ ਸੁਰਤ ਟੁੱਟ ਜਾਂਦੀ ਹੈ। ਪਰ੍ਹੇ ਦੋ ਟਰੱਕਾਂ ਵਾਲ਼ੇੇ ਆ ਖੜੋਤੇ ਨੇ। ਇਕ ਅਪਣੇ ਕਲੀਂਡਰ ਨੂੰ ’ਵਾਜ ਮਾਰ ਰਿਹੈ। ਹੁਣ ਇਹ ਟਰੱਕ ਜੀ.ਟੀ. ਰੋਡ ’ਤੇ ਛੱਡ ਕੇ ਡੇਰੇ ਆਉਣਗੇ ਤੇ ਸੌ ਪੰਜਾਹ ਦੀ ਭੇਟ ਕਰਕੇ ਜਾਣਗੇ। ਬਹੁਤੇ ਤਾਂ ਜੰਮੂ ਵੱਲੋਂ ਆਉਂਦਿਆਂ ਸਾਈਂ ਨੂੰ ਗੋਲ਼ੀ ਵੀ ਦੇ ਜਾਂਦੇ ਨੇ। ਡੇਰੇ ਵਿਚ ਪੱਕੀ ਸਿਗਟ ਇਨ੍ਹਾਂ ਵਰਗਿਆਂ ਦੇ ਆਸਰੇ ਹੀ ਤੁਰਦੀ ਏ। ਗਾਂਜਾ ਤੇ ਕਈ ਵਾਰ ਇਹ ਪਾਈਆ-ਅੱਧਾ ਕਿਲੋ ਦੀ ਪੁੜੀ ਵਿਚ ਵੀ ਫੜਾ ਜਾਂਦੇ ਨੇ; ਪਰ ਗੋਲ਼ੀ ਮਹਿੰਗੀ ਏ! ਸ਼ਾਇਦ ਇਸੇ ਲਈ ਗੋਲ਼ੀ ਦੇਣ ਵਾਲ਼ੇੇ ਨੂੰ ਸਾਈਂ ਦੂੁਹਰਾ ਅਸ਼ੀਰਵਾਦ ਦੇਂਦੈ।
“ਇਹ ਸਾਈਂ ਤਾਬੇ ਸ਼ਾਹ ਵੀ ਮਸਤ ਚੀਜ਼ ਹੈ… ਭਾਵੇਂ ਜੋਜਨ ਸਾਈਂ ਵਰਗਾ ਤੇ ਧਰਮੀ ਨਹੀਂ ਏ, ਪਰ ਬਦਰੂਹਾਂ ਵੱਸ ਵਿਚ ਕਰਨ ਜੋਗਾ ਤੇ ਇਲਮ ਇਸ ਕੋਲ਼ ਹੈ ਵੇ! ਮੇਰੇ ਪਿਉ ਤੋਂ ਤਾਂ ਖਰੈ।’’ ਉਹਦੀ ਸੁਰਤ ਤੁਰਦੀ ਰਹਿੰਦੀ ਏ।
“ਟਰੱਕਾਂ ਵਾਲ਼ਿਆਂ ਤੋਂ ਸਦਾ ਬਚ ਕੇ… ਇਕ ਵਾਰ ਇਹ ਕੋਈ ਭਈਆਣੀ ਲੈ ਆਏ ਸਨ ਉਧਰੋਂ ਯੂ.ਪੀ., ਸੀ.ਪੀ. ਵੱਲੋਂ। ਉਹਨੂੰ ਵਰਤ-ਵੁਰਤ ਕੇ ਮਾਰ ਕੇ ਇੱਥੇ ਡੇਰੇ ਤੋਂ ਮੀਲ ਕੁ ਦੀ ਵਿੱਥ ’ਤੇ ਸੁੱਟ ਗਏ ਸਨ। ਇਹ ਗੱਲਾਂ ਸ਼ੈਤ ਸੱਤਰ ਤੋਂ ਪਹਿਲਾਂ ਦੀਆਂ ਨੇ!’’ ਸਾਈਂ ਤਾਬੇ ਸ਼ਾਹ ਅਕਸਰ ਉਨ੍ਹਾਂ ਨੂੰ ਦੱਸਦਾ।
“ਕਈ ਵਾਰ ਬਿੱਟੂ ਬਿਜਲੀ ਬੋਰਡ ਵਾਲ਼ਾ ਦੱਸਦੈ ਪਈ ਰਾਤ ਨੂੰ ਜਦ ਅਸੀਂ ਡੇਰੇ ਦੇ ਬਾਹਰ ਸੌਂ ਜਾਈਦਾ ਸੀ, ਖਾਸ ਕਰ ਭਾਦਰੋਂ ਦੀਆਂ ਗਰਮ, ਹੁੰਮਸ ਵਾਲ਼ੀਆਂ ਰਾਤਾਂ ਵਿਚ! ਉਦੋਂ ਕਈ ਵਾਰ ਅੱਧੀ ਰਾਤ ਸਾਡੇ ਆਲ਼ੇ-ਦੁਆਲ਼ੇ ਕਈ ਵਾਰ ਕੋਈ ਪੂਰਬਣ ਨੱਚਦੀ। ਨੱਚਦੀ-ਨੱਚਦੀ ਘੱਗਰਾ ਚੁੱਕ ਕੇ ਆਖਦੀ – “ਆ ਜਾ ਰੇ। ਮੇਰੇ ਸੇ ਬੁਰਾ ਕਾਮ ਕਰ ਲੇ।’’
ਬਿੱਟੂ ਦੀ ਦਾੜ੍ਹੀ ਚਿੱਟੀ ਹੋ ਗਈ ਇੱਥੇ ਆਉਂਦੇ ਦੀ! ਝੂੁਠ ਨਹੀਂ ਬੋਲ ਸਕਦਾ। ਉਹ ਅਕਸਰ ਪੁੱਛਦਾ, “ਬਿੱਟੂ ਭਾ ਜੀ, ਹੁਣ ਨਹੀਂ ਦਿੱਸੀ ਕਦੀ?’’ ਇਸ ਗੱਲ ’ਤੇ ਬਿੱਟੂ ਸਰਗੋਸ਼ੀ ਕਰਦਾ ਆਖਦਾ, “ਸਾਈਂ ਜੋਜਨ ਨੂੰ ਜਦੋਂ ਪਤਾ ਲੱਗਾ, ਇਕ ਰਾਤ ਉਹ ਤੇ ਤਾਬੇ ਸ਼ਾਹ ਸੜਕ ’ਤੇ ਸੁੱਤੇ ਸਨ। ਅੱਧੀ ਰਾਤ ਉਨ੍ਹਾਂ ਭਈਅਣ ਦੀ ਆਤਮਾ ਬੁਲਾ ਕੇ ਮਿੱਟੀ ਦੇ ਕੁੱਜੇ ’ਚ ਪਾ ਲਈ ਤੇ ਪੀਰ ਖ਼ਾਜਾ ਖ਼ਿਜ਼ਰ ਦੇ ਹਵਾਲੇੇ ਕਰ ਆਏ ਸਨ।’’
ਤਾਬੇ ਸ਼ਾਹ ਦੇ “ਕਰਨੀ ਵਾਲ਼ੇ’’ ਜਾਂ “ਤਾਕਤਵਰ’’ ਹੋਣ ਬਾਰੇ ਜਦ ਵੀ ਕਦੀ ਉਹ ਸੁਣਦਾ, ਬੇਚੈਨ ਹੋ ਜਾਂਦਾ। ਉਹਨੂੰ ਜਾਪਦਾ ਕਿ ਇਹ ਕੀ ਬਕਵਾਸ ਏ? ਕੋਈ ਕਰਨੀ, ਕੋਈ ਤਾਕਤ, ਕੋਈ ਪੀਰ ਨਹੀਂ ਹੁੰਦਾ! ਸ਼ੈਤ ਬੰਦੇ ਦੇ ਅੰਦਰ ਹੀ ਬਦਰੂਹ ਤੇ ਅੰਦਰ ਹੀ ਕਿਤੇ ਸਾਈਂ ਬੈਠਾ ਹੁੰਦੈ! ਜੇ ਪੀਰ-ਸਾਈਂ ਏਨੇ ਕਰਨੀ ਵਾਲ਼ੇੇ ਹੁੰਦੇ, ਪਾਸ਼ੇ, ਉਹਦੇ ਪਿਉ ਦੀ ਖ਼ਾਤਰ, ਉਹਦੀ ਖ਼ਾਤਰ, ਕਸ਼ਮੀਰੋਂ ਉਹਦੀ ਮਾਂ ਨੂੰ ਨਾ ਖਿੱਚ ਕੇ ਲੈ ਆਉਂਦੇ? ਉਹਨੂੰ ਨਾ ਕੁੱਜੇ ਵਿਚ ਬੰਦ ਕਰਦੇ? ਤੇ ਜਿਥੋਂ ਤੱਕ ਤਾਬੇ ਸ਼ਾਹ ਦਾ ਤਾਲੁੱਕ ਏ, ਉਹ ਤੇ ਰੱਜ ਕੇ ਸੂਟਾ ਪੀਂਦੈ! ਹਾੜ੍ਹ ਦੇ ਹਾੜ੍ਹ, ਜਦੋਂ ਸਾਲਾਨਾ ਮੇਲਾ ਲੱਗਦੈ, ਮੇਲੇ ’ਚ ਆਏ ਸਭ ਤੋਂ ਸੋਹਣੇ ਨੱਚਾਰ ਦੀ ਦੋ ਦਿਨ ਲਗਾਤਾਰ …. ਮਾਰਦੈ, ਅਗਲਾ ਭਾਵੇਂ ਮੰਨੇ, ਭਾਵੇਂ ਨਾ! ਫੇਰ ਹਰ ਮਹੀਨੇ ਦੇ ਅਖ਼ੀਰਲੇ ਸ਼ਨੀਵਾਰ ਅੰਗੂਠੇ ’ਤੇ ਕਰੂੰਡੀਆਂ ਸੱਪ ਲੜਵਾਂਦੈ, ਨਾਥਾਂ ਦੀ ਬਗ਼ੀਚੀ ਜਾ ਕੇ… ਉਹਦਾ ਇਹਨੂੰ ਦਸ ਕੁ ਦਿਨ ਵਾਹਵਾ ਨਸ਼ਾ ਚੜ੍ਹਿਆ ਰਹਿੰਦੈ। ਫੇਰ ਜਦੋਂ ਜੀਅ ਕਰੇ, ਮੇਰੇ ਪਿਉ ਨੂੰ ਲੈ ਕੇ ਸਾਹਮਣੇ ਬਾਈਪਾਸ ’ਤੇ ਜਾਂਦੈ, ਮੇਜੋ ਚਾਹ ਵਾਲ਼ੀ ਦੀ ਦੁਕਾਨ ’ਤੇ! ਮੇਜੋ ਕਹਿੰਦੀ-ਕੁਹਾਂਦੀ ਰੰਨ ਐ ਤੇ ਇਹ ਦੋਹੇਂ, ਏਨੇ ਕੁੱਤੇ ਦੇ ਵੱਢੇ ਐ, ਪਈ ਨਾਗਣੀ ਦੀ ਇਕ-ਇਕ ਗੋਲ਼ੀ ਖਾ ਕੇ ਉਹਦੇ ਕੋਲ਼ ਟੁਰ ਜਾਂਦੇ ਐ। ਮੈਨੂੰ ਦਿਆਲੇੇ, ਉਹਦੇ ਘਰ ਵਾਲ਼ੇੇ ਨੇ ਕਈ ਵਾਰ ਹੱਸਦਿਆਂ ਦੱਸਿਐ, ਪਈ ਉਹ ਦੋਹਾਂ ਦੀ ਭੀਂ ਬੁਲਾ ਦੇਂਦੀ ਐ। ਪਾਸ਼ੇ, ਉਹਦੇ ਪਿਉ ਨੂੰ ਤੇ ਕਈ ਵਾਰ ਉਹ … ’ਤੇ ਲੱਤ ਮਾਰ ਕੇ ਕੱਢ ਚੁੱਕੀ ਐ। ਤਾਬੇ ਸ਼ਾਹ ਨੂੰ ਲੱਤ ਨਹੀਂ ਮਾਰਦੀ, ਉਸ ਦੇ ਇਲਮ ਤੋਂ ਡਰਦੀ ਐ! ਪਰ ਉਹਦੇ ਜਾਣ ਬਾਅਦ ਉਹਨੂੰ ਮਣ-ਮਣ ਦੀ ਗਾਹਲ਼ ਕੱਢਦੀ ਐ।
ਉਹਦਾ ਹਾਸਾ ਨਿਕਲ਼ ਜਾਂਦਾ ਹੈ। ਪਿਉ ਦੇ ਤੇ ਸਾਈਂ ਤਾਬੇ ਦੇ ਪੱਜਲ ਹੋਣ ਦਾ ਉਹਦੇ ਅੰਦਰ ਕਿਤੇ ਗਹਿਰਾ ਸੰਤੋਖ ਹੈ। ਉਹਨੂੰ ਲਗਦਾ ਹੈ ਕਿ ਕਿਤੇ ਨਾ ਕਿਤੇ ਸਭ ਐਵੇਂ ਹੀ ਹੈ! ਇਹ ਸੰਸਾਰ ਬਸ ਐਵੇਂ ਦੀ ਖੇਡ ਹੈ! ਸਾਈਂ ਜੋਜਨ ਸਨ ਅਸਲੀ ਪੀਰ! ਉਹ ਸੱਚੀਂ ਹੀ ਏਸ ਦੁਨੀਆ ਨੂੰ ਐਵੇਂ ਦੀ ਖੇਡ ਕਹਿੰਦੇ ਸਨ। ਉਹ ਜਦੋਂ ਵੀ ਤਾਬੇ ਸ਼ਾਹ, ਪਾਸ਼ੇ, ਉਹਦੇ ਪਿਉ ਨਾਲ਼ ਤੇ ਹੋਰ ਫੱਕਰਾਂ ਨਾਲ਼ ਦੁਪਹਿਰੇ ਰਲ ਕੇ ਬਹਿੰਦੇ ਤੇ ਚਿਲਮ ਸ਼ੁਰੂ ਕਰਦੇ (ਉਹ ਸਿਗਟ ਨਹੀਂ ਸਨ ਪੀਂਦੇ) ਹਰ ਵਾਰੀ ਚਿਲਮ ਫੇਰਨ ਤੋਂ ਪਹਿਲਾਂ ਇਹੀ ਸਤਰਾਂ ਗੌਂਦੇ ਸਨ:-
“ਚਿਲਮ ਕਹੇ ਮੈਂ ਆਪ ਜਵਾਲਾ
ਮੇਰੇ ਸਿਰ ’ਤੇ ਲਾਟਾਂ ਬਲ਼ਨ
ਨੜੀ ਕਹੇ ਮੈਂ ਆਪ ਨਰਾਇਣ
ਮੈਨੂੰ ਲੈਂਦਿਆਂ ਈ ਬਾਹੋਂ ਫੜਨ।”
ਉਦੋਂ ਭਾਵੇਂ ਉਹ ਨਿੱਕਾ ਬਾਲਕਾ ਸੀ, ਪਰ ਸਾਈਂ ਜੋਜਨ ਦਾ ਅੱਖਰ-ਅੱਖਰ ਉਹਨੂੰ ਯਾਦ ਸੀ। ਕਿਸੇ ਰੱਟੇ ਹੋਏ ਸਬਕ ਵਾਂਗ! ਫੇਰ ਜਦੋਂ ਚਿਲਮ ਵਿਚਲਾ ਸੁਲਫ਼ਾ ਚਿੱਟੀ ਧੂੰਏ ਦੀ ਲਾਟ ਲੈ ਕੇ ਹਵਾ ਵਿਚ ਡਿੱਕੋ-ਡੋਲੇ ਖਾਂਦਾ, ਉੱਡਦਾ, ਲਾਲ ਸੁਰਖ਼ ਅੱਖਾਂ ਅਪਣੇ ਮੁਰੀਦਾਂ ਵੱਲ ਕਰਕੇ ਪੀਰ ਹੁਰੀਂ ਫਰਮਾਂਦੇ : –
“ਸਾਈਂ ਬੁੱਲ੍ਹਾ ਤਰੀਕਤ ਦੇ ਦਰ ’ਤੇ ਤਾਂ ਇਹ ਆਖਦੈ, ਹਕੀਕਤ ਤੇ ਜਾ ਕੇ ਕੀ ਕਹਿੰਦੈ…?’’
ਨਸ਼ੇ ਵਿਚ ਟੁੰਨ ਹੋਏ ਵਿਹਲੜ ਫੱਕਰ ਤੇ ਮਲੰਗ ਕੀ ਜਵਾਬ ਦੇਂਦੇ? ਉਹ ਬੌਂਤਰਾਂ ਵਾਂਗ ਸਾਈਂ ਵੱਲ ਝਾਕਦੇ। ਉਹਨੂੰ ਨਿੱਕੇ ਬੱਚੇ ਨੂੰ ਉਦੋਂ ਹੀ ਬੁਰਾ ਲੱਗਦਾ ਸੀ। ਹਾਰ ਕੇ ਉਹ ਹੀ ਆਖਦਾ, “ਸਾਈਂ ਜੀ, ਫੇਰ ਬੁੱਲ੍ਹਾ ਕੀ ਕਹਿੰਦੈ?’’
ਸਾਈਂ ਹੱਸਦਾ ਤੇ ਕਹਿੰਦਾ, “ਇਹ ਮੇਰਾ ਕਾਕੇ ਸ਼ਾਹ ਈ। ਸ਼ਾਹਾਂ ਦਾ ਸ਼ਾਹ! ਸਾਈਂ ਕਾਕਾ ਸ਼ਾਹ! ਇਹ ਡੇਰਾ ਅੰਤ ਏਨੇ ਸਾਂਭਣੈ…। ਪੁੱਤ, ਚੇਤੇ ਰੱਖੀਂ! ਏਸ ਡੇਰੇ ’ਤੇ ਇਕ ਦਿਨ ਇੰਡੀਆ ਦਾ ਰਾਜਾ ਵੀ ਆਊ ਚੱਲ ਕੇ। ਪਰ ਮੈਂ, ਤੂੰ ਨਹੀਂ ਹੋਣਾ।’’
“ਪਰ ਸਾਈਂ ਜੀ। ਬੁੱਲ੍ਹਾ ਕੀ ਕਹਿੰਦੈ?’’ ਉਹਦੇ ਅੰਦਰੋਂ ਹਕੀਕਤ ਵਾਲ਼ੀ ਗੱਲ ਨਾ ਨਿਕਲ਼ਦੀ ’ਤੇ ਉਹ ਫੇਰ ਪੁੱਛਦਾ।
“ਪੁੱਤ, ਬੁੱਲ੍ਹਾ ਕਹਿੰਦੈ:
ਬੁੱਲ੍ਹਿਆ ਜੇ ਚਾਹਵੇਂ ਕੰੁਟ ਸੁਧਾਰਿਆ
ਨਾਉਂ ਸਾਈਂ ਦਾ ਸੀਨੇ ਧਰ
ਤੇ ਪੀ ਤਮਾਕੂ ਤੇ ਚਿਲਮਾਂ ਭਰ
ਏਨਾ ਕਹਿ ਕੇ ਸਾਈਂ ਜੋਜਨ ਹੱਸਦੇ ਤੇ ਨਸ਼ੇ ਵਿਚ ਅੱਖਾਂ ਮੀਟ ਲੈਂਦੇ। ਮੁਰੀਦ ਨਾਲ਼ੋ-ਨਾਲ਼ ਸਿਰ ਹਿਲਾਈ ਜਾਂਦੇ। ਉਹ……ਉਹ ਵੀ ਡੂੰਘੀ ਸੋਚ ਵਿਚ ਲਹਿ ਜਾਂਦਾ।


*

ਡੇਰੇ ਨੇ, ਡੇਰੇ ਤੇ ਲੱਗਦੇ ਮੇਲਿਆਂ ਨੇ, ਉਰਸ ਦੀਆਂ ਰੌਣਕਾਂ ਨੇ,
ਉਹਨੂੰ ਕਿੰਨਾ ਕੁਛ ਦਿੱਤਾ ਸੀ: “ਹਰ ਮਹੀਨੇ ਦੇ ਅਖ਼ੀਰਲੇ ਐਤਵਾਰ ਮੱਲ ਆਉਂਦੇ ਤੇ ਸਵੇਰ ਤੋਂ ਦੁਪਹਿਰ ਤੱਕ ਕੁਸ਼ਤੀਆਂ ਚੱਲਦੀਆਂ। ਸ਼ਾਮ ਨੂੰ ਮੱਲ ਹਟਦੇ ਤੇ ਢੋਲਕੀ, ਚਿਮਟਾ ਲੈ ਕੇ ਚੌਹਾਨਾਂ ਤੋਂ ਆਏ ਮਰਾਸੀਆਂ ਦੇ ਟੱਬਰ ਗੌਣ ਲੱਗ ਪੈਂਦੇ… “ਵੇ ਸੌਦਾ ਇਕੋ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ।” ਹਾੜ੍ਹ ਦੇ ਵੱਡੇ ਮੇਲੇ ਤੋਂ ਇਲਾਵਾ ਤਿੰਨ ਛੋਟੇ ਮੇਲੇ ਲੱਗਦੇ। ਜੁੰਮੇ ਦੇ ਜੁੰਮੇ ਦੀ ਰੌਣਕ ਵੱਖਰੀ ਹੁੰਦੀ! ਮੁੰਡੇ ਕਾਗ਼ਜ਼ ਦੀਆਂ ਬਣੀਆਂ ਪੀਪਣੀਆਂ ਵਜਾ ਕੇ ਲੰਘਦੇ। ਕੁੜੀਆਂ-ਕੱਤਰੀਆਂ ਤੇ ਜੁਆਨ ਨੂੰਹਾਂ ਬਣ-ਠਣ ਕੇ ਆਉਂਦੀਆਂ ਤੇ ਨਸ਼ੰਗ ਅਪਣੀਆਂ ਦਿਲ ਦੀਆਂ, ਅਪਣੀਆਂ ਲੋਭੀ ਅੱਖਾਂ ਰਾਹੀਂ ਬਿਆਨ ਕਰਦੀਆਂ। ਵੱਡੀ ਰੌਣਕ ਉਦੋਂ ਲੱਗਦੀ, ਜਦੋਂ ਰਾਤ ਸ਼ੁਰੂ ਹੁੰਦਿਆਂ ਹੀ ਨੱਕਾਲ ਤੇ ਨੱਚਾਰ ਆ ਜਾਂਦੇ। ਜੇ ਖੁਸਰੇ ਆਏ ਹੁੰਦੇ, ਤਾਂ ਸਾਈਂ ਪਹਿਲਾਂ ਅਖਾੜਾ ਉਨ੍ਹਾਂ ਦਾ ਲਵਾਂਦਾ। ਦੀਪੋ ਖੁਸਰਾ ਜਦੋਂ ਅੱਡੀ ਮਾਰ ਕੇ ਲਹਿਰੀਆਂ ਦੇਂਦਾ ਤੇ ਗੌਂਦਾ :-
ਓ ਫਿਰਕੀ ਵਾਲ਼ੀ
ਤੂੰ ਕੱਲ੍ਹ ਫਿਰ ਆਨਾ…
ਤੇ ਨਾਲ਼ ਹੀ ਕਿਸੇ ਜੁਆਨ ਮੁੰਡੇ ਦੀ ਮੁਤੈਹਰ ਵੱਲ ਹੱਥ ਕਰਕੇ ਨੀਵਾਂ ਹੁੰਦਾ, ਸਾਰੇ ਲੋਭੀ-ਕਾਮੀ, ਭੁੱਖੀਆਂ ਚੀਕਾਂ ਮਾਰ ਕੇ ਹੱਸਦੇ! ਅਸਲੀ ਰੰਗ ਉਦੋਂ ਬੱਝਦਾ, ਜਦੋਂ ਅਜਨਾਲ਼ੇ ਵੱਲੋਂ ਆਈ “ਕੋਕੀ ਨੱਚਾਰ’’ ਅਪਣੀ ਪਾਰਟੀ ਨਾਲ਼ ਪੂਰੀ ਕੁੜੀ ਬਣੀ ਅਖਾੜਾ ਸ਼ੁਰੂ ਕਰਦੀ। ਜੀ. ਟੀ. ਰੋਡ ’ਤੇ ਰਾਤ ਨੂੰ ਟਰੱਕਾਂ ਦੀ ਲੰਮੀ ਲਾਇਨ ਲੱਗ ਜਾਂਦੀ। ਆਸ-ਪਾਸ ਦੇ ਪਿੰਡ ਟਰਾਲੀਆਂ ਭਰ ਕੇ ਆਉਂਦੇ। ਨਜ਼ਾਰਾ ਉਦੋਂ ਬੱਝਦਾ, ਜਦੋਂ ਕਪੂਰਥਲਿਓਂ ਆਇਆ “ਸੀਮਾ ਨੱਚਾਰ’’, ਜਿਹੜਾ ਹੀਰੋਇਨਾਂ ਨੂੰ ਵੀ ਮਾਤ ਪੌਂਦਾ ਤੇ ਗੇਂਦਾਂ ਪਾ ਕੇ ਬਣਾਏ ਮੰਮਿਆਂ ਨੂੰ ਡਾਂਸ ਦੇ ਨਾਲ਼-ਨਾਲ਼ ਏਨੀ ਤੇਜ਼ੀ ਨਾਲ਼ ਭੁੜਕਾਂਦਾ ਤੇ ਅੱਖ ਦੇ ਇਸ਼ਾਰੇ ਕਰਦਾ ਕਿ ਬੜੇ-ਬੜੇ ਸੰਤੋਖੀ ਬੰਦਿਆਂ ਨੂੰ ਵੀ ਹੁਸ਼ਿਆਰੀ ਲਿਆ ਦੇਂਦਾ। ਪੀਰ ਤਾਬੇ ਸ਼ਾਹ ਅਜਨਾਲਿਓਂ ਤੇ ਬਟਾਲ਼ੇ ਦਿਆਂ ਪਿੰਡਾਂ ਵੱਲੋਂ ਆਏ ਸਾਈਂਆਂ ਨਾਲ਼ ਵਿਚਕਾਰ ਚਿੱਟੀਆਂ ਚਾਦਰਾਂ ਵਿਛਾ ਕੇ ਬੈਠਾ ਹੁੰਦਾ। ਸਿਰ ’ਤੇ ਅਰਬੀ ਨਾਫ਼… ! ਮੁਰੀਦ ਦੋ-ਦੋ ਪੰਜ-ਪੰਜ ਦੀ ਗੱਠੀ ਪਹਿਲੇ ਪੀਰ ’ਤੇ ਚੜ੍ਹਾਂਦੇ ਤੇ ਫੇਰ ਨੱਚਾਰਾਂ ’ਤੇ ਲੁਟਾਂਦੇ।
ਇੱਧਰ ਮੇਲੇ ਦੀ ਦੁਪਹਿਰ ਵਿਚ ਮੁੰਡਾ ਜੰਮਣ ਵਾਲ਼ੇੇ ਮਾਪੇ ਢੋਲ ਵਜਾਂਦੇ ਆਉਂਦੇ। ਲੱਗੀਆਂ ਯਾਰੀਆਂ ਵਾਲ਼ੇੇ ਮੁੰਡਾ-ਕੁੜੀ ਪਹੁੰਚਦੇ। ਨਵੀਆਂ ਯਾਰੀਆਂ ਲਾਉਣ ਵਾਲ਼ੇੇ ਜੁਆਨ ਤੇ ਮੁਸ਼ਕੀਆਂ ਤੇ ਨਵੀਆਂ ਉੱਠੀਆਂ ਕੁੜੀਆਂ ਅਪਣੇ ਨਖ਼-ਸ਼ਿਖ ਸੰਵਾਰ ਕੇ ਤੇ ਤਿੱਖੀ ਨੋਕ ਵਾਲ਼ੀਆਂ ਅੰਗੀਆਂ ਪਾ ਕੇ ਪੁੱਜਦੀਆਂ। ਉੱਥੇ ਔਂਤਰੀਆਂ; ਜਿਹੜੀਆਂ ਹਰ ਗੇੜੇ ਨਵਾਂ ਜੁਆਨ ਲੱਭਣ ਆਉਂਦੀਆਂ, ਗਲ਼ ’ਚ ਤਵੀਤ ਪਾ ਕੇ ਪੁੱਜਦੀਆਂ। ਸ਼ਿੰਦੋ ਔਂਤਰੀ ਤੇ ਤਕਰੀਬਨ ਚਾਲ਼ੀਆਂ ਦੀ ਹੋ ਕੇ ਆਉਣੋਂ ਹਟੀ, ਜਦੋਂ ਉਹਦੀ ਆਸ ਮੁੱਕ ਗਈ। ਉਹ ਬਚਪਨ ਤੋਂ ਹੀ ਸ਼ਿੰਦੋ ਨੂੰ ਆਉਂਦੀ ਵੇਖਦਾ ਰਿਹਾ ਸੀ। ਸੌਂਕਣ-ਮੋਹਰਾ ਪਾ ਕੇ ਰੋ-ਰੋ ਕੇ ਪੀਰ ਕੋਲ਼ ਫ਼ਰਿਆਦ ਕਰਦੀਆਂ ਜੱਟੀਆਂ ਨੂੰ ਉਹ ਵੇਖਦਾ ਤੇ ਹੈਰਾਨ ਹੁੰਦਾ ਰਿਹਾ ਸੀ। ਕਈ ਵਾਰ ਉਹਨੂੰ ਮਜੌਰ ਦੀ ਡਿਊਟੀ ਦੇਣੀ ਪੈਂਦੀ ਤੇ ਉਹਦੇ ਲਈ ਦੁਨੀਆ ਦਾ ਉਹ ਰੂਪ ਵੱਖਰਾ ਹੀ ਹੁੰਦਾ ਸੀ। ਹਾਰ ਕੇ ਉਹਨੇ ਮਜੌਰ ਦੀ ਡਿਊਟੀ ਛੱਡ ਦਿੱਤੀ ਸੀ। ਉਹ ਵਧੇਰੇ ਲੂਣ-ਝਾੜੂ ਦੇ ਚੜ੍ਹਾਵੇ ’ਤੇ ਬੈਠਦਾ। ਚਾਹ ਪੱਤੀ, ਖੰਡ ਦੇ ਚੜ੍ਹਾਵੇ ਵੱਖਰੇ ਕਰਦਾ। ਘਿਉ ਦੀਆਂ ਸ਼ੀਸ਼ੀਆਂ ਸਾਂਭਦਾ। ਚਰਾਗ਼ਾਂ ’ਚ ਪੈਣ ਆਏ ਤੇਲ ਨੂੰ ਸਾਂਭਦਾ ਸੀ। ਕਈ ਵਾਰ ਉਹ ਅੱਕ ਕੇ ਇਸ ਖਲਜਗਣ ਬਾਰੇ ਸੋਚਦਾ ਤੇ ਉਹਨੂੰ ਸਾਈਂ ਜੋਜਨ ਦੀ ਉਪਰਾਮਤਾ ਹੁਣ ਸਮਝੀਂ ਪੈਂਦੀ ਸੀ। ਹਰ ਵਾਰ ਜਦੋਂ ਮੇਲਾ ਮੁੱਕਦਾ, ਸਮਾਪਤੀ ਦਾ ਢੋਲ-ਡੱਗਾ ਵੱਜਦਾ, ਨਿਆਜ਼ ਵੰਡੀ ਜਾਂਦੀ ਤੇ ਸਭ ਚਲੇ ਜਾਂਦੇ। ਉਦੋਂ ਹੀ ਇਕੱਲਾ ਹੋ ਕੇ ਸਾਈਂ ਜੋਜਨ ਹਮੇਸ਼ਾ ਇਹ ਕਾਫ਼ੀ ਉਚਾਰਦਾ ਹੁੰਦਾ ਸੀ:
ਹਿੰਦੂ ਦਾ ਰੱਬ ਪਾਧਿਆਂ,
ਮੁਸਲਮਾਨ ਮੁੱਲਾਣਿਆਂ
ਸਭੇ ਕੌਮਾਂ ਝਗੜ ਕੇ ਮੋਈਆਂ
ਤੇ ਰੱਬ ਕਿਸੇ ਨਾ ਜਾਣਿਆ
ਇਹ ਜਨਮ-ਕਰਮ ਦੀ ਫਾਹੀ ਫਸ ਗਿਓਂ,
ਜਿਉਂ ਪੰਛੀ ਫਸ ਗਏ ਦਾਣਿਆਂ
ਤੇ ਬੁੱਲ੍ਹਿਆ, ਬੇੜੇ ਪਾਰ ਉਨ੍ਹਾਂ ਦੇ,
ਜਿਨ੍ਹਾਂ ਸੱਚ ਸਾਹਿਬ ਕਰ ਜਾਣਿਆ।
ਉਹਨੂੰ ਹੁਣ ਵੀ ਜਾਪਦੈ, ਜਿਵੇਂ ਦਾਣਿਆਂ ਖ਼ਾਤਰ ਫਾਹੀ ਫਸਣ ਵਾਲ਼ਾ ਉਹ ਆਪ ਹੋਵੇ! ਪਿਉ ਉਹਦਾ ਅਪਣੇ ਥਾਂ ਮਸਤ, ਸਿਰੇ ਦਾ ਕਾਮੀ ਤੇ ਮੇਜੋ ਦਾ ਯਾਰ ਤੇ ਨੱਚਾਰਾਂ ਨਾਲ਼ ਸੌਣ ਵਾਲ਼ੇ ਸਾਈਂ ਤਾਬਾ ਆਪਣੀ ਥਾਵੇਂ ਮਸਤ! ਦੁਨੀਆ ਕੁਲਫ਼ੀਆਂ ਚੂਪਦੀ, ਰਹੁ ਪੀਂਦੀ, ਲੰਗਰ ਛਕਦੀ, ਢੋਲ ’ਤੇ ਨੱਚਦੀ, ਰੋ-ਰੋ ਅਰਦਾਸਾਂ ਕਰਦੀ ਅਪਣੀ ਥਾਵੇਂ ਮਸਤ! ਤੇ ਉਹ ਫੇਰ ਕੀ ਏ?
ਇਕੱਲਾ ਬੈਠਾ ਉਹ ਸੋਚਦਾ ਰਹਿੰਦਾ, ਸੋਚਦਾ ਰਹਿੰਦਾ। ਫੇਰ ਅੱਕ ਕੇ ਕਦੀ ਬਿਜਲੀ ਬੋਰਡ ਦੇ ਮੀਲ ਕੁ ਪਰ੍ਹੇ ਬਣੇ ਦਫ਼ਤਰ ਜਾਂ ਗਰਿੱਡ ਵੱਲ ਚਲਾ ਜਾਂਦਾ ਤੇ ਬਿੱਟੂ ਨਾਲ਼ ਗੱਲੀਂ ਲੱਗ ਜਾਂਦਾ। ਬਹੁਤਾ ਕਰਕੇ ਉਹ ਸਾਹਮਣੇ ਜੀ.ਟੀ. ਰੋਡ ’ਤੇ ਬਣੀ ਮੇਜੋ ਦੀ ਚਾਹ ਦੀ ਦੁਕਾਨ ਦੇ ਬਾਹਰ ਜਾ ਕੇ ਬਹਿ ਜਾਂਦਾ, ਜਿੱਥੇ ਦਿਆਲਾ ਹਰ ਵੇਲੇ ਜਾਂ ਭਾਂਡੇ ਧੋਂਦਾ ਦਿੱਸਦਾ, ਜਾਂ ਫੇਰ ਖੋਇਆ ਮਾਰਦਾ ਹੱਸੀ ਜਾਂਦਾ, ਹੱਸੀ ਜਾਂਦਾ।


2


ਰੋਟੀ ਦੀ ਬੁਰਕੀ ਤੋੜ ਕੇ ਤਾਬੇ ਸ਼ਾਹ ਨੇ ਪਹਿਲਾਂ ਚਿੜੀ-ਜਨੌਰਾਂ ਦੇ ਨਾਂ
ਬਗ਼ੀਚੀ ਵੱਲ ਸੁੱਟੀ, ਫੇਰ ਬਚਦੀ ਰੋਟੀ ਦੇ ਦੋ ਟੋਟੇ ਕੀਤੇ ਤੇ ਛੇਤੀ ਦੇਣੇ ਨਿਗਲ਼ ਲਏ। ਉੱਤੋਂ ਦੋ ਘੁੱਟਾਂ ਵਿਚ ਚਾਹ ਦੀ ਗਿਲਾਸੀ ਖ਼ਤਮ। ਪੀਰ ਜੋਜਨ ਦੀ ਸੰਗਤ ਵਿਚ ਰਹਿ-ਰਹਿ ਕੇ ਉਸਦਾ ਭੁੱਖ ’ਤੇ ਬੜਾ ਕਾਬੂ ਹੋ ਗਿਆ ਸੀ। ਕਦੀ-ਕਦਾਈਂ ਦਾਲ-ਸਬਜ਼ੀ ਦੀ ਕੌਲੀ ਲੈ ਲੈਂਦਾ ਸੀ, ਨਹੀਂ ਤੇ ਬੱਸ ਰੋਟੀ ਦੇ ਦੋ ਟੋਟੇ ਤੇ ਚਾਹ! ਪਰ ਨੇਮ ਨਾਲ਼ ਰੋਜ਼ ਇਕ-ਅੱਧ ਕੱਚਾ ਕੱਦੂ ਜ਼ਰੂਰ ਖਾਂਦਾ ਸੀ। ਇਹ ਵੀ ਸਾਈਂ ਜੋਜਨ ਦੀ ਕਿਰਪਾ ਸੀ।
ਰੋਟੀ ਤੋਂ ਨਵਿਰਤ ਹੋ ਕੇ ਉਹਨੇ ਪਾਸ਼ੇ ਸਾਈਂ ਨੂੰ ਚਿਲਮ ਬਣਾਨ ਲਈ ਕਿਹਾ, ਸਿਰਫ ਤੰਮਾਕੂ ਵਾਲ਼ੀ! ਪਾਸ਼ੇ ਤੋਂ ਪਹਿਲਾਂ ਹੀ ਉਹਦਾ ਫ਼ਰਜ਼ੰਦ ਚਿਲਮ ਬਣਾ ਕੇ ਦੇ ਗਿਆ। ਪੀਰ ਤਾਬੇ ਨੂੰ ਇਹ ਬੱਚਾ ਬੜਾ ਪਸੰਦ ਸੀ। ਜੋਜਨ ਪੀਰ ਦੀ ਰੀਸੇ ਉਹਨੇ ਵੀ ਇਸ ਬਾਲਕੇ ਨੂੰ ਅਪਣਾ ਪੁੱਤਰ ਮੰਨ ਲਿਆ ਸੀ। ਪਾਸ਼ੇ ਨੂੰ ਵੀ ਉਹ ਇਸੇ ਬਾਲਕੇ ਕਰਕੇ ਬਰਦਾਸ਼ਤ ਕਰਦਾ ਸੀ; ਨਹੀਂ ਤੇ ਜਿੰਨਾ ਪਾਸ਼ਾ ਅਪਣੇ ਪੀਰ, ਜੋਜਨ ਦੀ ਚਮਚੀ ਮਾਰਦਾ ਸੀ, ਤਾਬੇ ਸ਼ਾਹ ਨੂੰ ਅੰਦਰੋਂ ਉਹ ਫੁੱਟੀ ਅੱਖ ਨਹੀਂ ਭਾਉਂਦਾ ਸੀ। ਪਰ ਦੋਹਾਂ ਦਾ ਮੁਰਸ਼ਦ ਇਕੋ ਸੀ, ਇਸ ਲਈ ਉਹ ਪਾਸ਼ੇ ਨੂੰ ਕੁਛ ਆਖਦਾ ਨਹੀਂ ਸੀ। ਦੂਸਰਾ ਪਾਸ਼ਾ ਵੀ ਲਗਦੀ ਵਾਹ ਪਿਛਲੇ ਅੱਠਾਂ-ਦਸਾਂ ਸਾਲਾਂ ਤੋਂ ਉਹਦੀ ਗੱਲ ਨਹੀਂ ਸੀ ਮੋੜ ਰਿਹਾ। ਪਹਿਲੇ ਦਸ ਕੁ ਸਾਲ ਪਾਸ਼ਾ ਸਿਰਫ਼ ਜੋਜਨ ਪੀਰ ਦੀ ਤਾਬੇਦਾਰੀ ਕਰਦਾ ਸੀ, ਪਰ ਜਦ ਦਾ ਉਹ ਗੱਦੀਨਸ਼ੀਨ ਹੋਇਆ ਏ, ਪਾਸ਼ਾ ਨਿਮਰ ਹੋ ਗਿਆ ਏ। ਨਾਲ਼ੇ ਤਾਬੇ ਸਾਈਂ ਨੂੰ ਮਹਿਸੂਸ ਹੁੰਦਾ ਏ, ਪਈ ਉਹਦੇ ਮਗਰੋਂ ਇਸੇ ਦੇ ਫ਼ਰਜ਼ੰਦ ਨੇ ਗੱਦੀਨਸ਼ੀਨ ਹੋਣਾ ਏ। ਪੀਰ ਜੋਜਨ ਸ਼ਾਹ ਦੀ ਵੀ ਇਹੀ ਮਰਜ਼ੀ ਸੀ।
ਇਹ ਪੀਰ ਜੋਜਨ ਦਾ ਹੀ ਪ੍ਰਤਾਪ ਸੀ ਕਿ ਤਾਬੇ ਸ਼ਾਹ ਨੇ ਕਦੀ ਪਾਸ਼ੇ ਦਾ ਨੁਕਸਾਨ ਨਹੀਂ ਸੀ ਕੀਤਾ। ਨਹੀਂ ਤੇ ਕਈ ਵਾਰ ਸ਼ੁਰੂ-ਸ਼ੁਰੂ ਵਿਚ ਉਹਦਾ ਜੀਅ ਕਰਦਾ ਸੀ ਕਿ ਪਾਸ਼ੇ ’ਤੇ ਮੁੱਠ ਚਲਾ ਦਿਆਂ ਜਾਂ ਕਾੜ੍ਹਨੀ ਚਲਾ ਦਿਆਂ! ਉਹਨੇ ਤੇ ਮਾਰ ਕਈ ਅਲਫ਼ ਦੁਪਹਿਰਾਂ ਜਾਗ ਕੇ ਛਿਲੇ ਕੱਟੇ ਤੇ ਪਰੀਆਂ ਤੇ ਖੇਤਰਪਾਲ ਵਰਗੇ ਜਿੰਨ ਸਿੱਧ ਕੀਤੇ ਹੋਏ ਸਨ। ਪਾਸ਼ਾ ਕੀ ਚੀਜ਼ ਸੀ? ਪਰ ਉਹਦੇ ਮੁਰਸ਼ਦ, ਸਾਈਂ ਜੋਜਨ ਨੇ ਹਰ ਵਾਰ ਉਹਦਾ ਹਿਰਦਾ ਪੜ੍ਹ ਲਿਆ ਸੀ ਤੇ ਉਹਨੂੰ ਸਖ਼ਤੀ ਨਾਲ਼ ਪਾਸ਼ੇ ਦਾ ਨੁਕਸਾਨ ਕਰਨ ਤੋਂ ਮਨ੍ਹਾਂ ਕੀਤਾ ਸੀ। ਸਾਈਂ ਤੇ ਕਿਸੇ ਪਸ਼ੂ-ਜਨੌਰ ਤੱਕ ਦਾ ਨੁਕਸਾਨ ਨਹੀਂ ਸੀ ਵੇਖਣਾ ਚਾਹੁੰਦਾ! ਇਕ ਵਾਰੀ ਭਾਟੂ ਸ਼ਰਾਬ ਪੀ ਕੇ ਡੇਰੇ ਆ ਗਿਆ ਸੀ ਤੇ ਸਾਰਿਆਂ ਨੂੰ ਅਬਾ-ਤਬਾ ਬੋਲਦਾ ਰਿਹਾ। ਸਾਈਂ ਜੋਜਨ ਹੱਸਦਾ ਰਿਹਾ ਸੀ। ਉਹਨੂੰ ਗ਼ੁੱਸਾ ਤੇ ਬੜਾ ਆਇਆ, ਪਰ ਸਾਈਂ ਨੇ ਰੋਕ ਦਿੱਤਾ। ਡੇਰੇ ਵਿਚ ਲੜਨਾ ਸਾਈਂ ਕੋਲ਼ੋਂ ਬਰਦਾਸ਼ਤ ਨਹੀਂ ਸੀ ਹੁੰਦਾ। ਬਾਹਰ ਨਿਕਲ਼ ਕੇ ਭਾਟੂ ਅਜੇ ਝੂਲਦਾ-ਝਾਲਦਾ ਜੀ.ਟੀ. ਰੋਡ ਚੜ੍ਹਿਆ ਹੀ ਸੀ ਕਿ ਬਾਲਮੀਕੀਆਂ ਉਹਨੂੰ ਢਾਹ ਲਿਆ। ਡੇਰੇ ਦੀ ਹੱਦ ਤੋਂ ਬਾਹਰ ਖੜ੍ਹੇ ਉਹ ਭਾਟੂ ਨੂੰ ਹੀ ਉਡੀਕਦੇ ਸਨ। ਮਾਰ-ਮਾਰ ਕੇ ਉਨ੍ਹਾਂ ਭਾਟੂ ਫੇਹ ਦਿੱਤਾ। ਮਰਿਆ ਜਾਣ ਕੇ ਸੁੱਟ ਗਏ। ਪੀਰ ਜੋਜਨ ਨੂੰ ਪਤਾ ਲੱਗਦਿਆਂ ਹੀ ਭੱਜਾ ਆਇਆ ਤੇ ਹਸਪਤਾਲ ਉਹਨੂੰ ਪੁੱਜਦਾ ਕੀਤਾ। ਚਾਰ ਦਿਨ ਭਾਟੂ ਮੌਤ ਨਾਲ਼ ਲੜਦਾ ਰਿਹਾ। ਚੌਥੀ ਰਾਤ ਡਾਕਟਰਾਂ ਭਾਟੂ ਨੂੰ ਮੁਰਦਾ ਕਰਾਰ ਦੇ ਦਿੱਤਾ ਸੀ। ਪੀਰ ਜੋਜਨ ਨੇ ਰਾਤੀਂ ਬੈਠੇ-ਬੈਠੇ ਹੀ ਤਾਬੇ ਸ਼ਾਹ ਨੂੰ ਕਿਹਾ ਸੀ ਕਿ ਭਾਟੂ ਮਰਨ ਵਾਲ਼ੈ, ਲੰਗਰ ’ਚੋਂ ਬਚੀ ਰੋਟੀ ਦੀ ਬੁਰਕੀ ਲੈ ਆ! ਉਹਨੇ ਫੱਟ ਲੈ ਆਂਦੀ ਸੀ ਤੇ ਸਵੇਰੇ-ਮਨ੍ਹੇਰੇ ਹੀ ਚਾਰ ਵਜੇ ਉਹ ਪੈਦਲ ਹਸਪਤਾਲ ਜਾ ਪੁੱਜੇ। ਅੱਗੇ ਭਾਟੂ ਦੀ ਲਾਸ਼ ਕੋਲ਼ ਘਰ ਦੇ ਬੈਠੇ ਲਿਜਾਣ ਦੀ ਤਿਆਰੀ ਵਿਚ ਸਨ। ਸਾਈਂ ਨੇ ਭਾਟੂ ਦਾ ਮੂੰਹ ਖੋਲ੍ਹ ਕੇ ਰੋਟੀ ਦਾ ਟੋਟਾ ਅੰਦਰ ਧੱਕ ਦਿੱਤਾ ਤੇ ਕਿਹਾ ਕਿ ਭਾਟੂ ਉੱਠ! ਰਿਸ਼ਤੇਦਾਰਾਂ ਨੂੰ ਪੀਰ ਦੇ ਇਲਮ ਦਾ ਪਤਾ ਸੀ, ਉਹ ਹੱਥ ਜੋੜ ਗਏ। ਪਰ ਇੱਧਰ ਭਾਟੂ ਨੇ ਅੱਖਾਂ ਖੋਲ੍ਹ ਲਈਆਂ ਸਨ।
“ਏਦਾਂ ਦਾ ਸੀ ਮੇਰਾ ਪੀਰ! ਮੇਰੇ ਤੇ ਕਿੰਨਾ ਭਰੋਸਾ ਸੀ ਉਹਨੂੰ!’’ ਯਾਦਾਂ ਵਿਚ ਗਵਾਚੇ ਤਾਬੇ ਸ਼ਾਹ ਨੇ ਅਪਣੇ ਆਪ ਨੂੰ ਕਿਹਾ।
“ਇਹ ਪਾਸ਼ਾ ਸਾਲਾ ਖੱਤਰੌੜਾ ਸਮਝਦੈ ਕਿ ਸਾਈਂ ਜੋਜਨ ਸਿਰਫ਼ ਉਹਦੇ ਹੀ ਲਾਗੇ ਸੀ। ਇਹ ਨਹੀਂ ਪਤਾ ਬਈ ਕੁੱਤਿਆ! ਉਹ ਤੇ ਇਸ ਮਾਂ-ਵਾਹਰੇ ਬੱਚੇ ਕਰਕੇ ਤੈਨੂੰ ਵੀ ਪਿਆਰ ਕਰਦੈ। ਮੈਂ ਵੀ ਇਸ ਬੱਚੇ ਨੂੰ ਪਿਆਰ ਕਰਦਾਂ। ਮੈਂ ਤੇ ਗੱਦੀ ਏਸੇ ਨਾਂ ਕਰ ਛੱਡੀ ਏ ਜਿਊੂਂਦੇ ਜੀਅ।’’ ਤਾਬੇ ਸ਼ਾਹ ਨੇ ਚਿਲਮ ਦਾ ਸਾਹ ਅੰਦਰ ਖਿੱਚਦਿਆਂ ਮਨਬਚਨੀ ਕੀਤੀ।
“ਪੀਰ ਨੇ ਤੇ ਪਾਸ਼ੇ ਨੂੰ ਇਹ ਵੀ ਨਹੀਂ ਦੱਸਿਆ ਪਈ ਉਸ ਵੇਰਕੇ ਵਾਲ਼ੇੇ ਸਰਦਾਰ ਦਾ ਕੀ ਬਣਿਆ ਸੀ? ਸਾਰੇ ਅਲਾਕੇ ਵਿਚ, ਸਾਰੇ ਡੇਰੇ ਵਿਚ ਪੀਰ ਹੁਰੀਂ ਸਿਰਫ਼ ਮੈਨੂੰ ਦੱਸ ਕੇ ਗਏ ਸਨ… ਪਈ ਉਸ ਸਰਦਾਰ ਦਾ ਕੀ ਬਣਿਆ ਸੀ? ਉਹ ਤੇ ਉਹਦੇ ਪੁੱਤਰ ਤੇ ਜਵਾਈ ਨੂੰ ਰਾਮੇ ਜੋਤਸ਼ੀ ਨੇ ਵਹਿਮ ਪਾ ਦਿੱਤਾ ਸੀ, “ਕਿ ਇਹ ਕੋਹੜ ਹੁਣ ਤੁਹਾਡੀ ਖ਼ਾਨਦਾਨੀ ਵਿਚ ਸਦਾ ਰਹੇਗਾ। ਜੇ ਇਸ ਤੋਂ ਮੁਕਤੀ ਚਾਹੁੰਦੇ ਹੋ, ਤਾਂ ਇਸ ਕੋਹੜੀ ਸਰਦਾਰ ਨੂੰ ਜਿਊਂਦੇ ਨੂੰ ਸਾੜ ਆਓ, ਤਾਂ ਹੀ ਘਰੋਂ ਕੋਹੜ ਨਿਕਲੇਗਾ!” ਤੇ ਉਹਦੇ ਪੁੱਤਰ ਤੇ ਜਵਾਈ ਇਕ ਰਾਤ ਚੁੱਪ ਕੀਤੇ ਆਏ ਸਨ। ਬਾਬਾ ਪੰਜ ਪੀਰ ਸੁੱਤਾ ਪਿਆ ਸੀ। ਜਦ ਉਹ ਉੱਠਿਆ, ਭਾਣਾ ਵਰਤ ਚੁੱਕਾ ਸੀ। ਜਿਉਂਦਾ ਸੜਦੇ ਬਾਬੇ ਨੂੰ ਤੜਫਦਾ ਤੇ ਮਰਦਾ ਵੇਖ ਪੰਜ ਪੀਰ ਸਾਈਂ ਨੇ ਬੜਾ ਰੌਲ਼ਾ ਪਾਇਆ, ਪਰ ਉਹ ਦਬੁਰਜੀ, ਸੁਲਤਾਨਵਿੰਡ ਦੇ ਕਿਸੇ ਡੇਰੇ ਮਦਦ ਮੰਗਣ ਨਹੀਂ ਸੀ ਗਿਆ। ਕਾਰਾ ਕਰਨ ਵਾਲ਼ੇੇ ਜਾ ਚੁੱਕੇ ਸਨ। ਸਵੇਰੇ ਆਪ ਹੀ ਲੱਕੜਾਂ ਤੇ ਪੱਤੇ ਕੱਠੇ ਕਰਕੇ ਪੰਜ ਪੀਰ ਨੇ ਬਾਕੀ ਬਚਦੀ ਲੋਥ ਦਾ ਸਸਕਾਰ ਕੀਤਾ। ਉੱਥੇ ਹੀ ਬੋਹੜ ਦੇ ਨਾਲ਼ ਕਰਕੇ ਉਹਦੀ ਸਮਾਧੀ ਹੱਥੀਂ ਬਣਾਈ ਤੇ ਪੱਕਾ ਹੀ ਉੱਥੇ ਬਹਿ ਗਿਆ ਸੀ।
……ਉਸ ਘਟਨਾ ਤੋਂ ਮਗਰੋਂ ਪੰਜ ਪੀਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ। ਹੌਲ਼ੀ-ਹੌਲ਼ੀ ਡੇਰਾ ਬਣ ਗਿਆ ਸੀ। ਸਾਲ-ਖੰਡ ਮਗਰੋਂ ਉਸ ਮੋਏ ਸਰਦਾਰ ਦੇ ਛੋਟੇ ਪੁੱਤ ਨੇ ਆ ਕੇ ਡੇਰੇ ਦੇ ਨਾਂ ਦੋ ਖੇਤ ਲਵਾ ਦਿੱਤੇ ਤੇ ਬਾਕੀ ਭੋਇੰ ਵੇਚ ਦਿੱਤੀ। ਉਦੋਂ ਤੋਂ ਹੀ ਇਹ ‘ਡੇਰਾ ਪੰਜ ਪੀਰ’ ਵੱਜਦਾ ਆ ਰਿਹੈ। ਪੀਰ ਤਾਬੇ ਸ਼ਾਹ ਨੂੰ ਸਾਰਾ ਕੁਛ ਕੱਲ੍ਹ ਵਾਂਗ ਯਾਦ ਹੈ।
ਸਾਈਂ ਜੋਜਨ ਇਸ ਘਟਨਾ ਤੋਂ ਦੋ ਕੁ ਸਾਲ ਮਗਰੋਂ ਹਿਮਾਚਲ ਦੀਆਂ ਪਹਾੜੀਆਂ ਵੱਲੋਂ ਚਿੱਲੇ ਕੱਟਦਾ ਉਤਰਿਆ ਸੀ ਤੇ ਰਮਤਿਆਂ ਵਾਂਗ ਫਿਰਦਾ ਇੱਥੇ ਆ ਕੇ ਪੰਜ ਪੀਰ ਦਿਆਂ ਚਰਣਾਂ ਵਿਚ ਵੱਸ ਗਿਆ ਸੀ। ਪਹਿਲੀ ਵਾਰ ਮਿਲਣ ’ਤੇ ਵੀ ਸਾਈਂ ਜੋਜਨ ਤੇ ਪੰਜ ਪੀਰ, ਦੋਹਾਂ ਨੇ ਘੁੱਟ ਕੇ ਗਲਵਕੜੀ ਪਾਈ ਸੀ, ਜਿਵੇਂ ਸਦੀਆਂ ਤੋਂ ਇਕ ਦੂਸਰੇ ਨੂੰ ਜਾਣਦੇ ਹੋਣ।
……ਅਚਾਨਕ ਬਿਜਲੀ ਵਰਗਾ ਕੁਛ ਪੀਰ ਤਾਬੇ ਸ਼ਾਹ ਦੇ ਚੇਤੇ ਵਿੱਚੋਂ ਗੁਜ਼ਰਿਆ। ਉਹਦੇ ਮੁਰਸ਼ਦ ਸਾਈਂ ਜੋਜਨ ਦਾ ਪੱਕਾ ਹੁਕਮ ਸੀ ਕਿ ਚਰਾਂਗਾਂ ਵਾਲ਼ੀ ਰਾਤ ਨੂੰ ਵੀ ਤੇ ਦਿਨ-ਦਿਹਾਰਾਂ ਨੂੰ ਵੀ, ਭਾਵੇਂ ਮੈਨੂੰ ਹਾਲ ਪਵੇ, ਭਾਵੇਂ ਵੱਜਦੇ ਢੋਲ ਤੇ ਮੈਂ ਲੱਖ ਫੁੰਮਣੀਆਂ ਪਾਵਾਂ, ਤੁਸੀਂ ਉਦੋਂ ਤੱਕ ਮੇਰੇ ਤੋਂ ਰੁਪਈਆਂ ਦੀ ਸੋਟ ਨਹੀਂ ਕਰਨੀ, ਜਦ ਤੱਕ ਮੈਂ ਉੱਠ ਕੇ ਕਿਸੇ ਫੱਕਰ ਦੇ ਗਲ ਲਗ ਕੇ ਨਾ ਮਿਲਾਂ!
ਇਸ ਗੱਲ ’ਤੇ ਸਖ਼ਤੀ ਨਾਲ਼ ਪਹਿਰਾ ਦਿੱਤਾ ਜਾਂਦਾ ਰਿਹਾ ਸੀ। ਹਾੜ੍ਹ ਦੇ ਆਖ਼ਰੀ ਜੁੰਮੇ ਨੂੰ ਬੜਾ ਭਾਰੀ ਮੇਲਾ ਲੱਗਦਾ ਏ। ਇਹ ਪੰਜ ਪੀਰ ਦੇ ਵੇਲਿਆਂ ਤੋਂ ਹੀ ਲੱਗਣ ਲੱਗ ਪਿਆ ਸੀ। ਪੰਜ ਪੀਰ ਉਸ ਦਿਨ ਸਵੇਰੇ ਹੀ ਸਿਰ ’ਤੇ ਅਰਬੀ ਨਾਫ਼ ਬੰਨ੍ਹ ਕੇ ਬੈਠ ਜਾਂਦਾ ਸੀ। ਉਹਦੀ ਯਾਦ ਵਿਚ ਪੀਰ ਜੋਜਨ ਵੀ ਤੇ ਹੁਣ ਤਾਬੇ ਸ਼ਾਹ ਜੁੰਮੇ ਨੂੰ ਤੇ ਦਿਨ-ਦਿਹਾਰ ਨੂੰ ਉੱਦਾਂ ਹੀ ਬੈਠਦਾ ਸੀ। ਜਦੋਂ ਧਮਾਲ ਸ਼ੁਰੂ ਹੋਣੀ ਤੇ ਸਾਈਂ ਹੁਰਾਂ ਉੱਠ ਕੇ ਅਜਨਾਲਿਓਂ ਆਏ ਪੀਰ ਗਾਲੜ੍ਹਸ਼ਾਹ ਦੇ ਗਲ਼ ਲੱਗਣਾ, ਜਾਂ ਫੇਰ ਕਪੂੁਰਥਲ਼ੇ ਆਲ਼ੇ ਪੀਰ ਝੋਲੇ ਸ਼ਾਹ ਦੇ ਗਲ ਲੱਗਣਾ, ਬਸ ਉਦੋਂ ਹੀ ਮੁਰੀਦਾਂ ਨੇ ਨੋਟ ਵਾਰਨੇ ਸ਼ੁਰੂ ਕਰ ਦੇਣੇ। ਸਭ ਤੋਂ ਪਿੱਛੋਂ ਉਹਦੇ ਸਾਈਂ ਨੇ ਉਹਦੇ ਗਲ਼ ਲੱਗਣਾ। ਉਹਦੇ ਕੰਨ ’ਚ ਕਹਿਣਾ: ਪੀਰਾਂ ਦਾ ਪੀਰ, ਕੰਧ ਪੀਰ!”
ਉਹਨੇ ਵੀ ਇਹ ਗੱਲ ਲੜ ਬੰਨ੍ਹ ਲਈ ਸੀ। ਪੰਜੇ ਪੀਰ ਉਹ ਧਿਆਉਂਦਾ ਸੀ। ਪੀਰ ਫ਼ਰੀਦ ਤੇ ਬੜਾ ਨਰਮ ਪੀਰ ਮੰਨਿਆ ਜਾਂਦਾ ਸੀ। ਖ਼ਵਾਜਾ ਪੀਰ ਦੇ ਸੇਵਕ ਜ਼ਿਆਦਾਤਰ ਜੁਲਾਹੇ ਸਨ, ਜਾਂ ਫੇਰ ਰਾਅ ਸਿੱਖ। ਪੀਰ ਲਾਲਾਂ ਵਾਲ਼ਾ ਚੂਹੜਿਆਂ ਤੇ ਬਾਲਮੀਕੀਆਂ ਦਾ ਪੀਰ ਸੀ। ਇਸੇ ਦਾ ਹੀ ਨਾਂ ਸਿੰਧ ਵਾਲ਼ੇੇ ਪਾਸੇ ਝੂਲੇ ਲਾਲ ਸੀ। ਇਹ ਗੱਲ ਵੀ ਉਹਨੂੰ ਪੀਰ ਤਾਂਬੇ ਸ਼ਾਹ ਨੇ ਹੀ ਦੱਸੀ ਹੋਈ ਸੀ।
“ਪਰ ਪੀਰ ‘ਕੰਧ ਪੀਰ’ ਬੜਾ ਭਾਰੀ ਊ। ਭਗਤਾ। ਕੰਧ ਪੀਰ ਦਾ ਬੋਲਾ ਹਰ ਜੁੰਮੇ ਰਾਤ ਸਭ ਤੋਂ ਚੋਰੀ ਸਾਈਂ ਪੰਜ ਪੀਰ ਦੀ ਕਬਰ ਤੇ ਬੋਲਣਾ ਹੀ ਬੋਲਣੈ। ਬੱਸ ਤੂੰ ਸੁਣੇਂ, ਜਾਂ ਇਹ ਬਾਲਕਾ।” ਪੀਰ ਜੋਜਨ ਉਹਨੂੰ ਦੱਸਦਾ ਰਹਿੰਦਾ ਸੀ।
ਅੱਜ ਵੀ ਹਰ ਜੁੰਮੇ ਉਹ ਤੇ ਪਾਸ਼ੇ ਦਾ ਬਾਲਕਾ ਕਬਰ ਤੇ ਜਾ ਕੇ ਕੰਧ ਪੀਰ ਦਾ ਸਜਦਾ ਕਰਦੇ ਨੇ…।
“ਸਾਈਂ ਜੀ। ਚਿਲਮ ਨਵੀਂ ਬਣਾਵਾਂ? ਏਸ ਵਾਰੀ ਤੇ ਤੰਮਾਕੂ ਬੜਾ ਫੰਨੇ ਲਿਆਂਦਾ ਜੇ। ਗੁੜ ਦੀ ਪੁੱਠ ਵਾਲ਼ਾ ਏ।’’ ਪਾਸ਼ੇ ਦੇ ਫ਼ਰਜ਼ੰਦ ਨੇ ਆ ਕੇ ਉਹਦੀ ਬਿਰਤੀ ਤੋੜ ਦਿੱਤੀ।
“ਬਣਾ ਲੈ ਕਾਕੇ ਪੁੱਤ। ਇਕ ਹੋਰ ਬਣਾ ਲੈ। ਨਾਲ਼ੇ ਪਾਸ਼ੇ ਨੂੰ ਬੁਲਾ ਲੈ, ਤੇ ਹੋਰ ਇਕ ਅੱਧ ਜੇ ਕੋਈ ਫੱਕਰ ਬੈਠੇ, ਤੇ ਬੁਲਾ ਲੈ। ਨਾਲ਼ੇ ਮਲੰਗਾਂ ਨੂੰ ਵੀ ਵਾਜ ਮਾਰ ਲੈ।”
“ਚੰਗਾ ਜੀ,’’ ਫ਼ਰਜ਼ੰਦ ਚਲਾ ਜਾਂਦਾ ਹੈ। ਉਹਨੂੰ ਫ਼ਰਜ਼ੰਦ ‘ਤੇ ਬੜਾ ਮੋਹ ਆਉਂਦਾ ਹੈ। ਉਹ ਵੀ ਪੀਰ ਜੋਜਨ ਵਾਂਗ ਇਸ ਬਾਲਕੇ ਨੂੰ “ਸਾਈਂ ਕਾਕੇ ਸ਼ਾਹ’’ ਹੀ ਕਹਿੰਦਾ ਹੈ। ਉਹਦਾ ਨਾਂ ਹੀ ਇਹੀ ਹੋ ਗਿਆ ਹੈ। ਕਿਸੇ ਨੇ ਹੋਰ ਨਾਂ ਧਰਿਆ ਹੀ ਨਹੀਂ।
“ਹ ਹ ਹ ਹ !’’ ਉਹ ਢਿੱਡੋਂ ਹੱਸਦਾ ਹੈ। ਉਹਨੂੰ ਪਤਾ ਲੱਗ ਗਿਐ ਕਿ ਉਨ੍ਹਾਂ ਦਾ ਕਾਕੇ ਸ਼ਾਹ “ਭੱਪ’’ ਤੇ “ਪਟਾਕਾ’’ ਖੁਸਰੇ ਦਾ ਸ਼ੁਕੀਨ ਹੋ ਗਿਆ ਹੈ।” ਇਹਦਾ ਮਤਲਬ ਹੈ ਕਿ ਸਾਡਾ ਪੁੱਤ ਹੁਣ ਜੁਆਨ ਹੋ ਗਿਐ। ਉਹ ਅੰਦਰੇ-ਅੰਦਰ ਹੋਰ ਖ਼ੁਸ਼ ਹੁੰਦਾ ਹੈ।
“ਅੱਜ ਓਹਲਾ-ਜਿਹਾ ਕਰਕੇ ਇਹਦੇ ਪਿਓ ਪਾਸ਼ੇ ਨੂੰ ਕਹਾਂਗਾ ਕਿ ਸਾਡਾ ਪੁੱਤ ਕਿੱਥੇ ਖੁਸਰਿਆਂ ਕੋਲ ਟੱਕਰਾਂ ਮਾਰਦਾ ਫਿਰਦੈ? ਪਰ੍ਹਾਂ ਕਿਸੇ ਔਂਤਰੀ ਨਾਲ਼ ਇਹਦਾ ਜੋੜ ਪਵਾ ਕੇ ਇਹਨੂੰ ਜਨਾਨੀ ਦਾ ਸਵਾਦ ਵਖਾ ਦਵੇ ਤੇ ਖੁਸਰੇ ਮਗਰੋਂ ਲਹਿਣ। ਤੇ ਨਾਲ਼ੇ ਕੋਈ ਔਂਤਰੀ ਵੀ ਕਿਉਂ ਲੱਭਣੀ ਐ? ਅਪਣੀ ਮੇਜੋ ਵੀ ਤੇ ਹੈਗੀ ਏ… ਭਲਵਾਨਾਂ ਦੀ ਭਲਵਾਨ! ਦਸ-ਦਸ ਕਿੱਲੋ ਦੇ ਉਹਦੇ ਪੱਟ ਐ ਤੇ ਵੀਹ-ਵੀਹ ਕਿੱਲੋ ਦੇ ……. ਐ ਉਹਦੇ! ਮੁੰਡੇ ਦੀ ਕਰਾ ਦਏਗੀ ਬਸ, ਇਕ ਵਾਰ ਤੇ। ਥੱਲਿਓਂ ਕਿਤੇ ਬੁੜ੍ਹਕਦੀ ਐ ਮਾਰ?’’ ਅਪਣੀ ਸੋਚ ’ਤੇ ਖ਼ੁਸ਼ ਹੋਇਆ ਉਹ ਚਿਲਮ ਖਿੱਚਣ ਲੱਗਾ ਤੇ ਪਾਸ਼ੇ ਦੀ ਬੇਸਬਰੀ ਨਾਲ਼ ਉਡੀਕ ਕਰਨ ਲੱਗਾ।
ਬੜਾ ਹੈਰਾਨ ਆਂ, ਪਈ ਅੱਜ ਸਾਈਂ ਤਾਬੇ ਸ਼ਾਹ ਨੇ ਮੇਰੀ ਕੀ
ਡਿਊਟੀ ਲਾਈ ਏ? ਅਪਣੇ ਹੀ ਪੁੱਤ ਦੀ ਝਿਜਕ ਮਟਾਵਾਂ? ਉਂਜ ਮੈਂ ਏਸ ਗੱਲੋਂ ਅੰਦਰੋਂ ਖੁਸ਼ ਹਾਂ ਕਿ ਉਹ ਮੇਰੇ ਪੁੱਤ ਦਾ ਤੇਹੁ ਕਰਦੈ। ਪਰ ਜਿਹੜਾ ਇਹ ਕੰਮ ਉਹਨੇ ਕਿਹੈ, ਇਹ ਕਰਨਾ ਜ਼ਰਾ ਔਖਾ ਐ, ਪਰ ਕਰ ਦੇਣੈ ਅੱਜ! ਮੇਰੇ ਲਈ ਕੀ ਔਖੈ… ਜੇ ਵੇਖਿਆਂ ਜਾਵੇ ਤਾਂ ਪੁੱਤ ਤਾਂ ਮੇਰੇ ਬਿਨਾਂ ਪੁੱਛੇ ਹਿੱਲਦਾ ਤੱਕ ਨਹੀਂ… ਉਂੰਝ ਚੋਰੀ-ਛਪੇ ਕੁਛ ਕਰੇ ਤਾਂ ਕੀ ਐ? ਚੋਰੀ ਦਾ ਗੁੜ ਤੇ ਮਹਾਂਪੁਰਖ ਵੀ ਖਾਂਦੇ ਆਏ ਹੈਣ। ਕਦੀ-ਕਦੀ ਫੇਰ ਵੀ ਮਨ ਵਿਚ ਵਰਾਗ ਜਿਹਾ ਜਾਗ ਪੈਂਦੇ ਕਿ ਸਾਈਂ ਦੇ ਦਰ ’ਤੇ ਆ ਕੇ ਮੈਂ ਐਬ ਛੱਡੇ ਨਹੀਂ। ਸਭੇ ਐਬ ਸ਼ਰੱਈ ਕਰ ਛੱਡੇ। ਪਰ ਮੇਰਾ ਸਾਈਂ ਜੋਜਨ ਮੈਨੂੰ ਮਾਫ਼ ਕਰ ਦੇਂਦਾ ਸੀ। ਫੇਰ ਵੀ ਜਿਹੜਾ ਕਦੀ-ਕਦੀ ਸੁਫ਼ਨਿਆਂ ਵਿਚ, ਜਾਂ ਫੇਰ ਜਾਗਦੀਆਂ ਅੱਖਾਂ ਵਿਚ ਵੀ ਕਈ ਵਾਰ, ਇਹ ਸੜਦਾ-ਬਲ਼ਦਾ ਕੋਈ ਉੱਚਾ-ਲੰਮਾ, ਬੁੱਢਾ ਸਰਦਾਰ ਦਿੱਸਦੈ, ਉਹਨੂੰ ਵੇਖ ਕੇ ਮਨ ਬੜਾ ਡਰਦੈ। ਪੀਰ ਜੋਜਨ ਦੇ ਜੀਂਦੇ ਜੀਅ ਨਹੀਂ ਸੀ ਕਦੀ ਦਿੱਸਿਆ। ਹੁਣ ਕੀਹਨੂੰ ਪੁੱਛਾਂ? ਤਾਬੇ ਸ਼ਾਹ ਤੇ ਆਪ ਮੇਰੇ ਵਰਗਾ ਐਬੀ-ਕਬਾਬੀ ਏ। ਨਾਂ ਦਾ ਈ ਸਾਈਂ ਏ। ਪਰੀਆਂ ਤੇ ਜਿੰਨ ਵੱਸ ਕਰ ਲੈਣ ਨਾਲ਼ ਥੋੜ੍ਹਾ ਕੋਈ ਸਾਈਂ ਬਣ ਜਾਂਦੈ…?
“… ਚੱਲ ਮੈਨੂੰ ਕੀ? ਮੇਰੇ ਪੁੱਤ ਦਾ ਤੇ ਭਲਾ ਹੀ ਸੋਚਦੈ। ਮੈਂ ਵੀ ਨਾਲ਼ੇ ਕਿਹੜਾ ਬੈਠੇ ਰਹਿਣੈ? ਏਸ ਸੜਦੇ-ਬਲ਼ਦੇ ਬੁੱਢੇ ਦੇ ਪਰੇਤ ਨੂੰ ਮਗਰੋਂ ਲਾਹੁਣ ਲਈ ਮੈਂ ਏਸ ਜੁੰਮੇ ਦੀ ਸਾਰੀ ਰਾਤ ਚਰਾਗ਼ਾਂ ਥੱਲੇ ਬਹਿ ਰਹਾਂਗਾ। ਅਚਾਨਕ ਮੇਰਾ ਧਿਆਨ ਟੁੱਟਦਾ ਹੈ। ਪੁੱਤ ਮੇਰਾ ਪਰ੍ਹੇ ਮਾਸਟਰ ਦੇ ਬਿੱਲੂ ਸਾਈਂ ਨੂੰ ਚਾਹ ਫੜਾਨ ਜਾ ਰਿਹਾ ਹੈ।
“ਉਰੇ ਆ,’’ ਮੈਂ ਆਵਾਜ਼ ਮਾਰਦਾ ਹਾਂ।
…………
ਸ਼ਾਮਾਂ ਪੈ ਗਈਆਂ ਨੇ। ਮੇਰੇ ਕਹੇ ’ਤੇ ਮੇਰਾ ਪੁੱਤ ਮੈਨੂੰ ਜੀ. ਟੀ. ਰੋਡ ’ਤੇ ਆ ਮਿਲ਼ਦੈ। ਮੇਰੇ ਡੱਬ ਵਿਚ ਅੱਧੀਆ ਹੈ। ਦਬੁਰਜੀ ਆਲੇ ਤੋਤੀ ਹੁਣੀਂ ਦਾਰੂ ਕਮਾਲ ਦੀ ਕੱਢਦੇ ਨੇ। ਉਨ੍ਹਾਂ ਦਾ ਅੱਧੀਆ ਬੋਤਲ ਬਰਾਬਰ ਹੁੰਦਾ ਹੈ। ਮੈਂ ਤੇ ਤਾਬੇ ਸ਼ਾਹ ਕਦੀ-ਕਦੀ ਰਾਤ ਨੂੰ ਮੇਜੋ ਦੀ ਦੁਕਾਨ ’ਤੇ ਜਾ ਕੇ ਪੀ ਲੈਨੇ ਆਂ। ਮੇਜੋ ਦੀ ਦੁਕਾਨ ਦੇ ਪਿੱਛੇ ਉਹਦੀ ਰਿਹਾਇਸ਼ ਲਈ ਦੋ ਕਮਰੇ ਨੇ। ਏਨੇ ਲੁਕਵੇਂ ਕਿ ਅੰਦਰ ਜੋ ਮਰਜ਼ੀ ਕਰੋ, ਪਤਾ ਨਹੀਂ ਲਗਦਾ। ਮੇਜੋ ਆਪ ਵੀ ਉੱਦਣ ਸਾਡੇ ਨਾਲ਼ ਪੀ ਲੈਂਦੀ ਏ। ਉਸ ਰਾਤ ਅਸੀਂ ਉਹਦੇ ਕੋਲ਼ ਹੀ ਸੌਂਦੇ ਤੇ ਵਾਰੀਆਂ ਲਾਉੁਂਦੇ ਆਂ। ਡੇਰੇ ਵਿਚ ਪੀ ਕੇ ਜਾਣ ਦਾ ਹੁਕਮ ਨਹੀਂ, ਸੌਣਾ ਤੇ ਦੂਰ ਦੀ ਗੱਲ ਏ! ਮੇਜੋ ਭਾਵੇਂ ਬੜੀ ਡੰਡ ਲਾਹੁੰਦੀ ਏ, ਪਰ ਜੋ ਨਜ਼ਾਰਾ ਉਹਦੇ ਕੋਲ਼ ਪੀਣ ਦਾ, ਉਹਦੇ ਨਾਲ ਬਹਿਣ ਦਾ ਤੇ ਉਹਦੇ ਕੋਲੋਂ ਗਾਹਲਾਂ ਖਾਣ ਦਾ …. ’ਤੇ ਲੱਤਾਂ ਮਰਵਾਣ ਵਿਚ ਏ… ਧਰਮ ਨਾਲ਼ ਕਿਤੋਂ ਨਹੀਂ ਲੱਭਦਾ! ਵਿਚਾਰਾ ਦਿਆਲਾ ਉੱਤੋਂ ਅੱਧੀ ਰਾਤ ਤਕ ਸਾਡੀ ਸੇਵਾ ਵਿਚ ਰਹਿੰਦੈ।
……ਇਸ ਮੇਜੋ ਦੀ ਕਹਾਣੀ ਵੀ ਅਜੀਬ ਏ। ਅੰਬਰਸਰ ਦਾ ਦਸ ਨੰਬਰੀਆ ਤੋਚੀ ਇਹਨੂੰ ਅਬੋਹਰ, ਗੰਗਾਨਗਰ ਵੱਲੋਂ ਕਿਤੋਂ ਕੱਢ ਲਿਆਇਆ ਸੀ। ਬੜੀ ਜਾਨ ਵਾਲ਼ੀ ਰੰਨ ਸੀ। ਫੇਰ ਉਹਨੇ ਤਿੰਨ ਵਾਰ ਅੱਗੇ ਵੇਚੀ। ਚੌਥੀ ਵਾਰ ਵੀ ਘੁੰਮ-ਘੁਮਾ ਕੇ ਉਹ ਤੋਚੀ ਕੋਲ਼ ਮੁੜ ਪੁੱਜਦੀ ਹੋ ਗਈ। ਸਗੋਂ ਫੇਰ ਜਦੋਂ ਉਹ ਵੇਚਣ ਲੱਗਾ, ਤਾਂ ਮੇਜੋ ਨੂੰ ਪਤਾ ਨਹੀਂ ਕੀ ਕਚੀਚੀ ਆਈ; ਉਹਨੇ ਤੋਚੀ ਦੇ ਮੂੁੰਹ ’ਤੇ ਥੁੱਕਿਆ! ਦਸਾਂ ਕਤਲਾਂ ਦਾ ਭਾਗੀ ਤੋਚੀ ਜਿਵੇਂ ਅੰਦਰੋਂ ਮਰ ਗਿਆ! ਕੁੱਟ-ਕੁੱਟ ਜ਼ਨਾਨੀਆਂ ਦੇ ਟੋਟੇ ਲਾਹੁਣ ਵਾਲ਼ੇੇ ਤੋਚੀ ਦਾ ਮੂੰਹ ’ਤੇ ਥੁੱਕ ਪਵਾ ਕੇ ਵੀ ਜਿਵੇਂ ਮੂੰਹ ਸੀਤਾ ਗਿਆ। ਮੁੜ ਉਸ ਮੇਜੋ ਨੂੰ ਕਦੀ ਨਾ ਤੇ ਵੇਚਿਆ ਨਾ ਮਾਰਿਆ। ਇਹ ਹੁਣ ਵਾਲ਼ੀ ਥਾਂ ਸਸਤੀ ਲੈ ਕੇ ਉਹ ਬਹਿ ਗਿਆ। ਇਕੋ ਕੁੜੀ ਉਹਦੀ ਮੇਜੋ ਕੋਲੋਂ ਹੋਈ, ਜਿਹੜੀ ਤੋਚੀ ਦੀ ਮਾਂ ਲੈ ਗਈ ਸੀ। ਮੇਜੋ ਇਕੱਲੀ ਦੀ ਇਕੱਲੀ, ਪਰ ਹਰ ਹਫ਼ਤੇ ਨੇਮ ਨਾਲ਼ ਧੀ ਨੂੰ ਜਾ ਕੇ ਮਿਲ਼ ਆਉਂਦੀ। ਦਿਆਲਾ ਬਚਪਨ ਤੋਂ ਹੀ ਤੋਚੀ ਨਾਲ਼ ਸੀ। ਜਨਮ ਤੋਂ ਹੀ ਸਿੱਧਰਾ ਸੀ। ਜਿੰਨਾ ਚਿਰ ਤੋਚੀ ਦੀ ਜੂਏ ਦੀ ਬੈਠਕ ਚਲਦੀ ਸੀ, ਤੋਚੀ ਦੀ ਤੇ ਬਾਕੀ ਬਦਮਾਸ਼ਾਂ ਦੀ ਰੋਟੀ ਦਿਆਲਾ ਹੀ ਪਕਾਂਦਾ ਸੀ। ਜਾਤ ਦਾ ਮਹਿਰਾ ਸੀ ਤੇ ਕਾਰੀਗਰ ਸੀ। ਮਠਿਆਈ ਬਣਾਨ ਵਿਚ ਐਨ ਟਿੱਚ! ਕੁਝ ਦੇਰ ਬਾਦ ਹੀ ਤੋਚੀ ਕਤਲ ਹੋ ਗਿਆ। ਅੰਬਰਸਰ ਦੀਆਂ ਕਚਹਿਰੀਆਂ ਦੇ ਬਾਹਰ ਉਹਦੇ ਹੀ ਪੁਰਾਣੇ ਸਾਥੀ ਉਹਨੂੰ ਵੱਢ ਗਏ। ਮਗਰੋਂ ਨਖਸਮੀ ਰਹਿ ਗਈ ਮੇਜੋ ਨਾ ਡਰੀ ਤੇ ਨਾ ਹੀ ਭੱਜੀ। ਦਿਆਲੇ ਨੂੰ, ਜੀਹਦੀ ਅੱਲ ’ਸਾਲਾ’ ਪਈ ਹੋਈ ਸੀ, ਪਰਦੇਦਾਰੀ ਲਈ ਉਹਨੇ ਨਵਾਂ ਖਸਮ ਕਰ ਲਿਆ। ਮਗਰੋਂ ਉਹ ਤਾਬੇ ਸ਼ਾਹ ਨਾਲ਼ ਵੀ ਫਿੱਟ ਹੋ ਗਈ ਤੇ ਫੇਰ ਮੇਰੇ ਨਾਲ਼ ਤਾਬੇ ਸ਼ਾਹ ਕਰਕੇ ਉਹਦੀ ਸੂਤ ਬਹਿ ਗਈ ਸੀ…।
ਹੁਣ ਇਸੇ ਮੇਜੋ ਕੋਲੋਂ ਅੱਜ ਪੁੱਤ ਅਪਣੇ ਦੀ ਘੁੰਡ-ਚੁਕਾਈ ਕਰਵਾਣੀ ਏ। ਉਲ਼ਟਾ ਹਸਾਬ ਏ… ਮੁੰਡੇ ਦੀ ਸੰਙ ਲਾਹੁਣੀ ਏ।
“ਉਏ। ਚਰਾਗ ਬਾਲ ਤੇ ਸੀ?’’ ਮੈਂ ਆਉਂਦੇ ਕਾਕੇ ਨੂੰ ਪੁੱਛਦਾ ਹਾਂ।
“ਹਾਂ, ਬਾਲ ਆਇਆਂ। ਪੀਰ ਹੁਰੀਂ ਵੀ ਕਹਿੰਦੇ ਸਨ, ਭਾਪੇ ਕੋਲ਼ ਪੁੱਜਦਾ ਹੋ। ਅੱਜ ਕੀ ਗੱਲ ਐ ਭਾਪਾ?’’ ਪੁੱਤ ਮੇਰਾ ਮੈਨੂੰ ਪੁੱਛਦਾ ਹੈ।
“ਚੱਲ ਮਾਈ ……. ਆ ਮੇਰੇ ਨਾਲ਼। ਤੈਨੂੰ ਅੱਜ ਸੁਰਗ ਵਖਾਵਾਂ! ਐਵੇਂ ਹੁਣ ਤੱਕ ਵੇਸਣ ਹੀ ਵੱਟੀ ਗਿਆ ਏਂ। ਚੱਲ, ਅੱਜ ਤੈਨੂੰ ਬੂੰਦੀ ਖਵਾਵਾਂ!’’ ਮੈਂ ਇਸ਼ਾਰੇ ਕਰਦਾ ਹਾਂ।
“ਭਾਪਾ। ਮਿੱਠਾ ਤੇ ਮੈਂ ਘੱਟ ਈ ਖਾਨਾਂ। ਤੈਨੂੰ ਅੱਜ ਇਹ ਕੀ ਵਲੇਲ ਚੜ੍ਹ ਗਈ ਏ?’’ ਪੁੱਤ ਹੈਰਾਨ ਹੈ।
“ਉਏ ਛਲੇਡਿਆ। ਤੂੰ … ਹੀ ਰਹਿਉਂ। ਅੱਜ ਹੋ ਇਧਰ।’’ ਮੈਂ ਅੱਧੀਆ ਕੱਢ ਕੇ ਉਹਨੂੰ ਵਖਾਂਦਾ ਹਾਂ ਤੇ ਪੱਟਾਂ ’ਤੇ ਹੱਥ ਮਾਰਦਾ ਹਾਂ। ਮੈਨੂੰ ਪਤੈ ਕਿ ਮੇਰਾ ਪੁੱਤ ਕਦੀ-ਕਦੀ ਪੀ ਲੈਂਦੈ ਜਜੀ ਫੁਕਰੇ ਨਾਲ਼। ਪਰ ਓਦਣ ਸੜਕ ’ਤੇ ਸੌਂਦੈ, ਫੇਰ ਡੇਰੇ ਦੇ ਅੰਦਰ ਨਹੀਂ ਵੜਦਾ।”
ਉਹਦਾ ਹੱਥ ਫੜ ਕੇ ਮੈਂ ਮੇਜੋ ਦੀ ਦੁਕਾਨ ’ਤੇ ਅਪੜ ਜਾਂਦਾ ਹਾਂ। ਸਾਈਂ ਤਾਬਾ ਮੇਜੋ ਦੇ ਕੰਨ ਵਿਚ ਦੁਪਹਿਰ ਦਾ ਹੀ ਫੂਕ ਮਾਰ ਗਿਆ ਹੈ। ਦੁਕਾਨ ਖ਼ਾਲੀ ਹੈ, ਸਿਰਫ਼ ਦਿਆਲਾ ਬਾਹਰ ਕੜਾਹੀ ਕੋਲ਼ ਬੈਠਾ ਹਵਾ ਵਿਚ ਝਾਕੀ ਜਾਂਦੈ ਤੇ ਹੱਸੀ ਜਾਂਦਾ ਹੈ।
“ਆ ਗਿਐਂ ਦੱਲਿਆ। ਟੁੱਟ ਪੈਣਿਆ!’’ ਮੇਜੋ ਮੈਨੂੰ ਗਾਹਲ਼ਾਂ ਕੱਢਦੀ ਹੈ ਤੇ ਫੇਰ ਤਾੜਵੀਆਂ ਨਜ਼ਰਾਂ ਨਾਲ਼ ਮੇਰੇ ਪੁੱਤ ਵੱਲ ਝਾਕਦੀ ਹੈ। ਉਹ ਸ਼ਰਮਾ ਜਾਂਦਾ ਹੈ ਤੇ ਨੀਵੀਂ ਪਾ ਲੈਂਦਾ ਹੈ। ਮੇਜੋ ਦੀਆਂ ਅੱਖਾਂ ਤੋਂ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਉਦਾਸ ਹੈ ਕਿ ਆਮ ਵਾਂਗ ਸਾਧਾਰਨ ਹੈ?
“ਚੱਲ ਲੈ ਆ ਗਲਾਸ ਫੇਰ।’’ ਮੈਂ ਦਿਆਲੇ ਨੂੰ ਆਖਦਾ ਹਾਂ। ਫੇਰ ਮੈਂ ਪਿਛਲੇ ਕਮਰਿਆਂ ਵਲ ਵਧ ਜਾਂਦਾ ਹਾਂ। ਮਗਰੇ ਮੇਰਾ ਪੁੱਤ ਤੇ ਮੇਜੋ ਆ ਜਾਂਦੇ ਹਨ।
ਦਿਆਲੇ ਨੂੰ ਮੈਂ ਢੱਕਣ ਕੁ ਸ਼ਰਾਬ ਪਿਆ ਦਿੱਤੀ ਹੈ। ਪੰਜਾਹ-ਸੱਠ ਡਿਗਰੀ ਦੀ ਸ਼ਰਾਬ! ਉਹ ਏਨੇ ਵਿਚ ਹੀ ਖ਼ੁਸ਼ ਹੈ। ਗਲਾਸ, ਪਾਣੀ, ਲੂਣੀ ਦਾਲ, ਸਭ ਦੇ ਗਿਆ ਹੈ। ਆਪ ਬਾਹਰ ਜਾ ਬੈਠਾ ਹੈ। ਉੱਥੇ ਹੀ ਸੌਵਂੇਗਾ ਰਾਤ। ਅੰਦਰ ਕਦੀ ਨਹੀਂ ਆਉਂਦਾ।
ਤਕਰੀਬਨ ਘੰਟਾ, ਡੇਢ ਘੰਟਾ ਅਸੀਂ ਪੀਂਦੇ ਰਹਿੰਦੇ ਹਾਂ। ਮੇਜੋ ਦੋ ਪੈੱਗ ਹੌਲ਼ੀ-ਹੌਲ਼ੀ ਕਰਕੇ ਪੀ ਗਈ ਹੈ। ਮੇਰਾ ਅਜੇ ਦੂਸਰਾ ਵੀ ਨਹੀਂ ਮੁੱਕਾ। ਉਹ ਤੀਸਰਾ ਪੈੱਗ ਛੋਟਾ ਜਿਹਾ ਹੀ ਪਾਉਂਦੀ ਹੈ। ਪੁੱਤ ਮੇਰੇ ਨੇ ਤੇ ਇੱਕੋ ਹੀ ਪੈੱਗ ਲਿਆ ਹੈ। ਉਹਨੂੰ ਓਨੀ ਪੀਣੀ ਵੀ ਔਖੀ ਲੱਗ ਰਹੀ ਹੈ। ਅਜੇ ਨਵੀਆਂ ਆਂਦਰਾਂ ਨੇ ਉਹਦੀਆਂ! ਤੋਤੀ ਦੀ ਸ਼ਰਾਬ ਤੇ ਮੇਰੇ ਵਰਗੇ ਸੜੇ-ਬਲ਼ੇ, ਜਾਂ ਫੇਰ ਮੇਜੋ ਵਰਗੀਆਂ ਸ਼ਰਾਬਣਾਂ ਹੀ ਸਾਂਭ ਸਕਦੀਆਂ ਨੇ। ਪੁੱਤ ਮੇਰੇ ਤੇ ਡੈਲ ਘੁੰਮ ਰਹੇ ਨੇ। ਮੈਨੂੰ ਪਤੈ ਕਿ ਪੰਜਾਹ ਡਿਗਰੀ ਵਾਲ਼ੀ ਸ਼ਰਾਬ ਹਨੇਰੀ ਵਾਂਗ ਉਹਦੇ ਸਿਰ ਨੂੰ ਚੜ੍ਹੀ ਹੈ। ਇਹ ਅਜੇ ਤਿੰਨ ਕੁ ਘੰਟੇ ਤੱਕ ਨਹੀਂ ਲਹਿਣੀ। ਮੇਜੋ ਦੋ ਘੁੱਟ ਭਰਦੀ ਹੈ। ਉਹ ਪੂਰੇ ਤਰਾਰੇ ਵਿਚ ਹੈ। ਮੈਂ ਵੀ। ਪੁੱਤ ਸਾਡੀ ਰੀਸੇ ਦੂਸਰੇ ਪੈੱਗ ਵਿੱਚੋਂ ਇਕ ਘੁੱਟ ਭਰਦਾ ਹੈ। ਉਹਨੂੰ ਖੰਘ ਛਿੜ ਜਾਂਦੀ ਹੈ। ਮੇਜੋ ਉਹਦੀ ਪਿੱਠ ’ਤੇ ਹੱਥ ਫੇਰ ਕੇ ਕਹਿੰਦੀ ਹੈ, “ਨਹੀਂ ਪੀਤੀ ਜਾਂਦੀ ਤੇ ਛੱਡ ਦੇਹ ਮੇਰਾ…,’’ ਅੱਗੋਂ ਮੇਜੋ ਮੂੰਹ ਵਿਚ ਹੀ ਗੱਲ ਘੁੱਟ ਜਾਂਦੀ ਹੈ। ਅੱਖਾਂ ਉਹਦੀਆਂ ਤਰਸ ਨਾਲ਼ ਭਰੀਆਂ ਹਨ। ਪੁੱਤ ਮੇਰਾ ਵੀ ਉਹਦੇ ਵੱਲ ਸ਼ੁਕਰਾਨੇ ਨਾਲ਼ ਵੇਖਦਾ ਹੈ।
ਥੋੜ੍ਹੀ ਕੁ ਦੇਰ ਪਿੱਛੋਂ ਮੈਂ ਤੇ ਮੇਜੋ, ਪੁੱਤ ਨੂੰ ਉਸੇ ਕਮਰੇ ਵਿਚ ਛੱਡ ਕੇ ਦੂਸਰੇ ਕਮਰੇ ਵਿਚ ਚਲੇ ਜਾਂਦੇ ਹਾਂ। ਸ਼ਰਾਬ ਤਿੰਨਾਂ ਨੂੰ ਹੁਲਾਰਾ ਦੇ ਰਹੀ ਹੈ। ਪੁੱਤ ਮੇਰਾ ਪਰ ਸੁਚੇਤ ਹੈ! ਉਹ ਮੈਨੂੰ ਜਾਂਦੇ ਨੂੰ ਵੇਖ ਮੁਸਕਾਂਦਾ ਹੈ!
ਕਪੜੇ ਲਾਹ ਕੇ ਅਸੀਂ ਦੋਵੇਂ, ਮੈਂ ਤੇ ਮੇਜੋ, ਭਲੱਥੇਬਾਜ਼ਾਂ ਵਾਂਗ ਇਕ ਦੂਸਰੇ ਨੂੰ ਵੇਖਦੇ ਹਾਂ। ਤਖ਼ਤਪੋਸ਼ ’ਤੇ ਪੈ ਕੇ ਪੰਜ ਕੁ ਮਿੰਟ ਇਕ ਦੂਜੇ ਨੂੰ ਚੰਗੀ ਤਰ੍ਹਾਂ ਫੈਂਟਦੇ ਹਾਂ।
“ਹੂੰ,’’ ਮੇਜੋ ਹੁੰਗਾਰਾ-ਜਿਹਾ ਮਾਰ ਕੇ ਮੇਰੇ ਵਾਲ਼ ਫੜ ਲੈਂਦੀ ਹੈ। ਇਹ ਤਿਆਰੀ ਦਾ ਸੰਕੇਤ ਹੈ!
ਪੰਜ-ਸੱਤ ਮਿੰਟਾਂ ਬਾਅਦ ਮੈਂ ਵਿਹਲਾ ਹੋ ਜਾਨਾਂ। ਕਪੜੇ ਪਾ ਕੇ ਮੈਂ ਜਾਣ ਲੱਗਿਆਂ ਮੇਜੋ ਦੀ ਸਲਵਾਰ-ਕਮੀਜ਼ ਚੁੱਕ ਲੈਨਾਂ।
“ਭੇਜਾਂ ਮੈਂ ਫੇਰ ਬਾਲਕੇ ਨੂੰ?’’ ਮੈਂ ਹੱਸ ਕੇ ਮੇਜੋ ਵੱਲ ਤੱਕਦਾਂ।
“ਮੇਰੇ ਕਪੜੇ ਤੇ ਰੱਖ ਜਾਹ …… ਦਿਆ।’’ ਮੇਜੋ ਸ਼ਰਾਬ ਦੇ ਲੋਰ ਵਿਚ ਗਾਹਲ਼ ਕੱਢਦੀ ਹੈ।
“ਰਹਿਣ ਦੇਹ। ਤੂੰ ਨੰਗੀ ਭਲੀ ਐਂ। ਨਾਲ਼ੇ ਮੁੰਡਾ ਸ਼ਰਮਾਊ ਨਾ। ਉਹਨੂੰ ਮਿਹਨਤ ਨਾ ਕਰਨੀ ਪਊ!’’ ਮੈਂ ਹੱਸਦਾ ਹਾਂ।
“ਚੱਲ ਭੇਜ ਦੇਹ। ਤੂੰ ਵੀ ….. ਲੈ, ਜਿਹੜੀ ਭੈਣ…” ਮੇਜੋ ਗੰਭੀਰ ਹੋ ਗਈ ਹੈ।
ਪੰਜ ਮਿੰਟ, ਦਸ ਮਿੰਟ, ਅੱਧਾ ਘੰਟਾ, ਘੰਟਾ……
ਪੁੱਤ ਮੇਰੇ ਨੂੰ ਗਿਆਂ ਘੰਟੇ, ਡੇਢ ਘੰਟੇ ਤੋਂ ਵੀ ਉੱਪਰ ਹੋ ਗਿਆ ਹੈ। ਮੈਂ ਬਾਹਰ ਦਿਆਲੇ ਕੋਲ਼ ਬਹਿ ਕੇ ਦੋ ਫ਼ੁਲਕੇ ਵੀ ਖਾ ਲਏ ਨੇ। ਮਿੱਠਾ ਵੀ ਖਾ ਲਿਐ। ਪੁਰਾਣੀ ਅਖ਼ਬਾਰ ਪਈ ਸੀ, ਉਹ ਵੀ ਪੜ੍ਹ ਛੱਡੀ ਏ। ਸਮਾਂ ਲੰਘੀ ਜਾ ਰਿਹੈ। ਦਿਆਲਾ ਲੇਟ ਗਿਆ ਹੈ। ਉਹ ਸੁੱਤਾ ਤੇ ਨਹੀਂ, ਪਰ ਊਂਘ ਰਿਹਾ ਹੈ।
ਮੈਂ ਹੈਰਾਨ ਹਾਂ। ਉਧਰੋਂ ਕੋਈ ਆਵਾਜ਼ ਵੀ ਨਹੀਂ ਆ ਰਹੀ। ਮੌਤ ਵਰਗੀ ਖ਼ਾਮੋਸ਼ੀ ਹੈ!
ਹਾਰ ਕੇ ਮੈਂ ਆਪ ਉੱਠ ਕੇ ਉਸ ਕਮਰੇ ਵਿਚ ਜਾਣ ਦਾ ਫੈਸਲਾ ਕਰਦਾ ਹਾਂ। ਕਮਰੇ ਦਾ ਬੂਹਾ ਢੋਇਆ ਹੋਇਆ ਹੈ। ਚੁੱਪ-ਚਾਂ ਹੈ। ਮੈਂ ਬੂਹਾ ਧੱਕਦਾ ਹਾਂ। ਬੂਹਾ ਖੁੱਲ੍ਹ ਜਾਂਦਾ ਹੈ।
……ਅੰਦਰ ਮੇਜੋ ਜ਼ਮੀਨ ‘ਤੇ ਸੁੱਤੀ ਪਈ ਹੈ। ਤਖ਼ਤਪੋਸ਼ ਤੋਂ ਚਾਦਰ ਖਿੱਚ ਕੇ ਉਹਨੇ ਅਪਣਾ ਪਿੰਡਾ ਢਕਿਆ ਹੋਇਆ ਹੈ। ਉਹਦੇ ਪੈਰਾਂ ’ਤੇ ਸਿਰ ਰੱਖ ਕੇ ਮੇਰਾ ਪੁਤ ਵੀ ਘੁਕ ਸੁੱਤਾ ਪਿਆ ਹੈ……..।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!