ਭਾਰ – ਮਨਿੰਦਰ ਸਿੰਘ ਕਾਂਗ

Date:

Share post:

ਪੰਜਾਬ ਦੇ ਅੱਤਵਾਦੀ ਦੌਰ ਦੀ ਲਪੇਟ ਵਿਚ ਆਏ ਪੰਜਾਬੀ ਨੌਜਵਾਨਾਂ ਦੇ ਮਨਾਂ ਦੀਆਂ ਪਰਤਾਂ ਖੋਲ਼੍ਹਦੀ
ਸ਼ਾਇਦ ਇਹ ਬਿਹਤਰੀਨ ਕਹਾਣੀ ਹੈ, ਜਿਹਨੂੰ ਪਹਿਲੀ ਵਾਰ ਛਾਪਣ ਦਾ ‘ਹੁਣ’ ਨੂੰ ਮਾਣ ਹੈ।

-ਸੰਪਾਦਕ

ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿਚ ਬੜੀ ਔਖ ਹੁੰਦੀ ਸੀ। ਇਕ ਤੇ ਕੁੱਟ ਖਾ-ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ਼ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਣ ਗੁਪਤਵਾਸ ਦੇ ਦਿਨਾਂ ਵਿਚ ਵੀ ਮੈਨੂੰ ਮੰਜੀ ’ਤੇ ਸੌਣਾ ਪਰਵਾਨ ਹੁੰਦਾ ਸੀ; ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿਚ ਤੜਿਆ ਰਹਿੰਦਾ, ਪਰ ਮੈਂ ਜੱਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਜ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ।

ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਦਕਾ ਕਿ ‘ਮੰਜੀ’’ਤੇ ਹੀ ਸੌਣਾ ਹੈ, ਇਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰੀਆ ਸਕੂਲ ਦੇ ਸਾਲਾਂ ਤੋਂ ਖ਼ਾਲੀ ਪਏ ਹੋਸਟਲ ਦੇ ਬੋਅ ਮਾਰਦੇ ਤੇ ਅੱਧ-ਕੱਚੇ ਕਮਰਿਆਂ ਵਿਚ ਸੜਾਂਗਾ।

ਆਵਾਜ਼ ਦੂਸਰੀ ਵਾਰ ਪਈ ਸੀ । ਹੁਣ ਘੇਸਲ਼ ਮਾਰਨੀ ਔਖੀ ਸੀ, ਕਿਉਂਕਿ ਫ਼ਕੀਰੀਆ ਤੇ ਚਰਨਾ ਹੌਲਦਾਰ, ਦੋਹੇਂ ਪਹਿਲਾਂ-ਪਹਿਲ ਜਦ ਮੈਂ ਹੱਡ ਟੁੱਟੇ ਹੋਣ ਕਾਰਣ ਉਠ ਨਹੀਂ ਸਾਂ ਸਕਦਾ ਹੁੰਦਾ, ਮੈਨੂੰ ਵੱਖੀ ਵਿਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ। ਉਦੋਂ ਦਾ ਮਨ ਚੰਦਰਾ ਏਨਾ ਸਹਿਮਿਆ ਪਿਆ ਹੈ ਕਿ ਜੇ ਕੋਈ ਹੋਮ-ਗਾਰਡੀਆ ਜਾਂ ਸੀ. ਆਰ. ਪੀ. ਵਾਲ਼ਾ ਵੀ ਆਵਾਜ਼ ਮਾਰੇ, ਮੈਂ ਫੜਕ ਦੇਣੀ ਉੱਠ ਬਹਿਨਾਂ ਤੇ ਜਵਾਬ ਦੇ ਦੇਨਾਂ ਵਾਂ।
…ਬਾਹਰ “ਚੰਨਾ ਨੱਥ” ਜਿਹੜਾ ਹੁਣੇ ਹੌਲਦਾਰ ਬਣਿਆ ਹੈ, ਖੜੋਤਾ ਹੈ। ਉਂਜ ਕੁੱਟਣ ਵਿਚ ਉਹ ਵੀ ਕਸਾਈ ਹੈ, ਪਰ ਆਮ ਬੋਲ-ਚਾਲ ਵਿਚ ਠੀਕ ਰਹਿੰਦਾ ਹੈ।
“ਆਜਾ ਮਾਸਟਰਾ! ਤੈਨੂੰ ਡਿਪਟੀ ਯਾਦ ਕਰਦੈ!” ਉਹਨੇ ਕਿਹਾ ਤੇ ਮੇਰੇ ਵੱਲ ਪ੍ਰਤੀਕਰਮ ਲਈ ਵੇਖਣ ਲਗਾ।
“ਨਾਲ਼ ਲੈ ਕੇ ਜਾਣੈ ਤੈਨੂੰ!” ਮੈਨੂੰ ਚੁੱਪ ਖੜੋਤਾ ਵੇਖ ਕੇ ਉਹਨੇ ਫੇਰ ਕਿਹਾ। ਮੈਂ ਚੁੱਪ-ਚਾਪ ਚਾਦਰ ਝਾੜ ਕੇ ਕਿੱਲੀ ’ਤੇ ਟੰਗੀ ਤੇ ਬੂਹਾ ਢੋਅ ਕੇ ਉਹਦੇ ਨਾਲ਼ ਹੋ ਲਿਆ।

ਮੇਰੀ ਇਨ੍ਹਾਂ ਛੇ ਮਹੀਨਿਆਂ ਵਿਚ ਚਾਰ ਵਾਰ ਤਫ਼ਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ-ਸਾਰਾ ਹਫ਼ਤਾ ਮੇਰੀ ਚਂੰਡਾਈ ਹੁੰਦੀ ਰਹੀ ਸੀ। ਇਕ ਵਾਰ ਤਾਂ ਮੈਂ ਮਰ ਹੀ ਗਿਆ ਸਾਂ, ਪਰ ਸੀ. ਆਰ. ਪੀ. ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਵੀ ਹੁਣ ਤਕ ਭਾਖੜੇ ਦੀਆਂ ਮੱਛੀਆਂ ਦੇ ਢਿੱਡ ਵਿਚ ਹੁੰਦਾ, ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗਿੱਟੀ-ਸਿੱਟੀ ਆਪਸ ਵਿਚ ਪੂਰੀ ਤਰ੍ਹਾਂ ਮਿਲ਼ੀ ਹੋਈ ਹੈ। ਕਾਗ਼ਜ਼ਾਂ ਵਿਚ ਤਾਂ ਪੁਲਿਸ ਮੈਨੂੰ ਪਿਛਲੇ ਪੰਜ ਮਹੀਨੇ ਦਾ ਮਰਿਆ ਵਿਖਾਈ ਜਾ ਰਹੀ ਹੈ। ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ, ਇਹ ਮੈਨੂੰ ਗੱਡੂ ਸਿਪਾਹੀ ਦੱਸ ਗਿਆ ਸੀ।

“ਖ਼ੈਰ! ਮਨਾਂ, ਵੇਖੀ ਜਾਊ ਹੁਣ! ਕਿਧਰੇ ਦੁਬਾਰਾ ਨਾ ਢਾਹ ਲੈਣ ਤੇ ਜਾਹ ਜਾਂਦੀਏ ਹੋ ਜਾਏ! ਸਰੀਰ ਤੇ ਅੱਗੇ ਹੀ ਖ਼ਤਮ ਏ। ਪਿਛਲੀ ਵਾਰ ਤਾਂ ਪੈਨਸਲੀਨ ਬਚਾ ਗਈ, ਪਰ ਐਤਕਾਂ ਤੇ ਉਹ ਵੀ ਮਰੋੜ ਲਾ ਦਊ।” ਮੈਂ ਗਿਣਤੀਆਂ ਵਿਚ ਪਿਆ “ਚੰਨੇ ਨੱਥ” ਨਾਲ਼ ਤਫ਼ਤੀਸ਼ ਵਾਲ਼ੇ ਭੋਰਿਆਂ ਵਲ ਵਧ ਰਿਹਾ ਸਾਂ। ਚੰਨਾ ਚੁੱਪ ਸੀ ਤੇ ਅੱਗੇ-ਅੱਗੇ ਤੁਰੀ ਜਾ ਰਿਹਾ ਸੀ। ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਤੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ-ਲਾ ਕੇ ਭੋਰਿਆਂ ਵਰਗਾ ਬਣਾਇਆ ਹੋਇਆ ਹੈ, ਉੱਥੇ ਹੀ ਸਭ ਦੀ ਤਫ਼ਤੀਸ਼ ਹੁੰਦੀ ਹੈ ਤੇ ਜਾਂ ਫਿਰ ਜੀਹਦਾ ਮੁਕਾਬਲਾ ਬਣਾਉਣਾ ਹੋਵੇ, ਉਹਨੂੰ ਉਥੇ ਇੱਕ ਵਾਰ ਐਸ. ਪੀ. ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿਚ “ਪਹੀਏ” ਲਾ ਦੇਂਦੇ ਹਨ। ਸਿਵਾਇ ਮੇਰੇ ਤੇ ‘ਪੀਤੂ ਲੰਬੜ’ ਦੇ, ਜਿਹੜਾ ਬੱਬਰਾਂ ਵਿਚ ਸੀ, ਬਾਕੀ ਸਾਰੇ ਮੇਰੇ ਵਿਹੰਦਿਆਂ-ਵਿਹੰਦਿਆਂ ‘ਪਹੀਏ’ ਲਵਾ ਕੇ ਗੁਰੂ ਮਹਾਰਾਜ ਕੋਲ਼ ਪਹੁੰਚ ਚੁੱਕੇ ਸਨ। ਗੁਰਦੀਪ ਸਿੰਘ ਚਕੋਰੀ, ਮਨਜੀਤ ਸਿੰਘ ‘ਘਸੀਟਪੁਰੀਆ’, ਲਾਲੀ ਬੱਬਰ, ਤਰਸੇਮ ਸਿੰਘ ‘ਗੁੱਡੀ’ ਤੇ ਮਹਿੰਦਰ ਸਿੰਘ ਉਰਫ਼ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿਚ ਟਰੱਕ ਵਿਚ ਲਿਟਾਏ ਹਨ। ਬਾਕੀਆਂ ਦੀ ਤਾਂ ਮੈਨੂੰ ਇਨ੍ਹਾਂ ਛੇ ਮਹੀਨਿਆਂ ਵਿਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵਲ ਦੇ ਤੇ ਕਈ ਰੋਪੜ ਜਾਂ ਆਨੰਦਪੁਰ ਵਲ ਦੇ ਬੰਦੇ ਸਨ, ਜਿਹੜੇ ‘ਪਹੀਏ’ ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾਂ, ਚਮਕੌਰ ਸਾਹਿਬ ਵਲ ਦੀਆਂ। ਉਨ੍ਹਾਂ ਨੂੰ ਵੀ ਵਾਰੀ-ਵਾਰੀ ‘ਪਹੀਏ’ ਲਾਏ ਗਏ ਸਨ। ਵਾਰਿਸ ਸ਼ਾਇਦ ਉਨ੍ਹਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿਚ ਟੱਕਰਾਂ ਮਾਰਦੇ ਫਿਰਦੇ ਹੋਣਗੇ। ‘ਪੀਤੂ ਲੰਬੜ’ ਕੁੱਟ ਨਾਲ਼ ਪਾਗਲ ਹੋ ਗਿਆ ਸੀ, ਸੋ ਉਹਨੂੰ ਛੱਡ ਦਿੱਤਾ ਗਿਆ ਸੀ। ਹੁਣ ਉਹ ਦਰਬਾਰ ਸਾਹਿਬ ਅਮ੍ਰਿਤਸਰ ਦੇ ਬਾਹਰ ਬੈਠਾ ਰਹਿੰਦੈ। ਗੁੱਡੂ ਹੌਲਦਾਰ ਨੇ ਇਹ ਗੱਲ ਵੀ ਦੱਸੀ ਸੀ।

“ਮਨਾਂ! ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਹੈ! ਹੋ ਤਗੜਾ!” ਮੈਂ ਇਹਨਾਂ ਗਿਣਤੀਆਂ ਵਿਚ ਹੀ ਪਿਆ ‘ਚੰਨੇ ਨੱਥ’ ਦੇ ਨਾਲ਼-ਨਾਲ਼ ਤੁਰਦਾ “ਇੰਟੈਰੋਗੇਸ਼ਨ” ਸੈਂਟਰ ਵਾਲ਼ੇ ਪਾਸੇ ਪਹੁੰਚ ਗਿਆ ਸਾਂ। ਅੱਗੇ ਜਾ ਕੇ ਅਸੀਂ ਥੰਮਲੇ ਨਾਲ਼ ਢੋਅ ਲਾ ਕੇ ਖੜ੍ਹੇ ਹੋ ਗਏ। ਇਹਨਾਂ ਥੰਮਲਿਆਂ ਤੋਂ ਸਾਡੇ ਵਿੱਚੋਂ ਕੋਈ ਵੀ ਬਿਨਾਂ ਪੁੱਛੇ ਅੱਗੇ ਨਹੀਂ ਸੀ ਜਾ ਸਕਦਾ। ਅੱਗੋਂ ਵਲੇਵਾਂ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐੱਸ. ਐੱਚ. ਓ. ਦੇ ਬਿਨਾਂ ਕਹੇ ਕਿਸੇ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ। ਸਿਪਾਹੀ ਵੀ ਉਹੀ ਜਾਂਦੇ ਸਨ, ਜਿਹੜੇ ਪੱਕੇ ਤਫ਼ਤੀਸ਼ੀਏ ਸਨ ਜਾਂ ਫਿਰ ਜਿਹੜੇ ਸਿਰਫ਼ “ਚੰਡਾਈ” ਕਰਨ ਲਈ ਰੱਖੇ ਹੋਏ ਸਨ। ਡਿਪਟੀ “ਅਜੈਬਾ ਸ਼ੁਦਾਈ” ਤੇ ਐੱਸ. ਪੀ. ‘ਸ਼ਰਮਾ’ ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰ ਜੇ ਕੋਈ ‘ਭਾਊ’ ਨਾ ਬਕੇ ਜਾਂ ਫਿਰ ਕਿਤੇ ਦੋਹੇਂ ਕੁੱਟ-ਕੁੱਟ ਕੇ ਪਾਗਲ ਹੋਏ ਹੋਣ, ਤਾਂ ਕਿਸੇ ਨਾ ਕਿਸੇ ਸਿਪਾਹੀ ਉਪਰ ਵੀ ਗ਼ੁੱਸਾ ਕੱਢ ਦੇਂਦੇ ਸਨ। ਸੋ ਸਣੇ ਐੱਸ. ਅੱੈਚ. ਓ. ਅਤੇ ਸਣੇ ਸਿਪਾਹੀਆਂ, ਕੋਈ ਵੀ ‘ਅਜੈਬੇ’ ਡਿਪਟੀ ਦੀ ਮਰਜ਼ੀ ਬਿਨਾਂ ਉਧਰ ਨਹੀਂ ਸੀ ਜਾਂਦਾ।

ਅੱਜ ਵੀ “ਸ਼ਰਮੇ’’ ਐੱਸ. ਪੀ. ਤੇ “ਅਜੈਬੇ ਸ਼ੁਦਾਈ” ਦੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ। ਫ਼ਕੀਰੀਆ ਹੌਲਦਾਰ ਵੀ ਪਰ੍ਹਾਂ ਖੜਾ ਤੰਬਾਕੂ ਥੁੱਕ ਰਿਹਾ ਸੀ। ਇਹ ਅਜੈਬੇ ਦਾ ਖ਼ਾਸ ਬੰਦਾ ਸੀ।
ਮੇਰੇ ਰੌਂਗਟੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਾਰੇ ਹੱਡਾਂ ਵਿਚ ਚਸਕ ਜਿਹੀ ਪੈਣ ਲੱਗ ਪਈ। ਫ਼ਕੀਰੀਆ ਉਦੋਂ ਹੀ ਅਪਣੇ ਕਮਰੇ ਵਿੱਚੋਂ ਬਾਹਰ ਨਿਕਲ਼ਦਾ ਹੁੰਦਾ ਸੀ, ਜਦੋਂ ਕਿਸੇ ਭਾਊ ਨੂੰ ਅੱਤ ਦਾ ਕੁਟਾਪਾ ਕਰਨਾ ਹੋਵੇ ਜਾਂ ਫਿਰ ਬੇਤਰਸ ਹੋ ਕੇ ਮਕਾਬਲਾ ਬਨਾਉਣ ਦੀ ਲੋੜ ਪਵੇ। ਫ਼ਕੀਰੀਆ ਚੱਵੀ-ਚੱਵੀ ਘੰਟੇ ਦਾਰੂ ਪੀਣ ਵਾਲਿਆਂ ਵਿੱਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ ਤੀਂਵੀਆਂ ਮਾਰ ਘੱਤੇ ਸਨ, ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ। ਹੁਣ ਇਹਨੂੰ ਐੱਸ. ਆਈ. ਬਨਾਣ ਨੂੰ ਫਿਰਦੇ ਨੇ। ਪਹਿਲਾਂ ਇਹਨੂੰ ਮਜੀਠਾ ਪੁਲਿਸ ਵਾਲੇ ਅਮ੍ਰਿਤਸਰ ਦੇ ਭਾਊਆਂ ਨੂੰ ਬਕਾਉਣ ਵਾਸਤੇ ਲੈ ਜਾਂਦੇ ਸਨ, ਪਰ ਹੁਣ ਇਹ ਪੱਕੇ ਤੌਰ ‘ਤੇ ਅਮ੍ਰਿਤਸਰ ਪੁਲਿਸ ਕੋਲ਼ ਆ ਗਿਆ ਹੈ। ਕਦੀ-ਕਦੀ ਨਾਭੇ ਜੇਲ ਵਾਲ਼ੇ ਵੀ ਤੇ ਜਲੰਧਰੀਏ ਵੀ ਲਿਜਾਂਦੇ ਨੇ। ਮੈਂ ਉਨ੍ਹਾਂ ਦੀ ਗੱਡੀ ਵਿਚ ਚੜ੍ਹਦਿਆਂ-ਉਤਰਦਿਆਂ ਇਹਨੂੰ ਕਈ ਵਾਰ ਵੇਖਿਐ…ਅੱਜ ਜੇ ਫ਼ਕੀਰੀਆ ਬਾਹਰ ਏ ਤਾਂ ਤੇ ਜ਼ਰੂਰ ਹੀ ਮੇਰੀ ਚੰਡਾਈ ਹੋਏਗੀ ਤੇ ਜਾਂ ਫੇਰ…!
“ਭਾਅ! ਕਿਤੇ ਅੱਜ ਮੁੜ ਮੇਰੀ ਵਾਰੀ ਤੇ ਨਹੀਂ ਆ ਗਈ ਦੁਬਾਰਾ;” ਮੈਂ ਡਰਦੇ-ਡਰਦੇ ਨੇ ਅਪਣੇ ਨਾਲ਼ ਖੜ੍ਹੇ ‘ਚੰਨੇ ਨੱਥ’ ਨੂੰ ਪੁੱਛ ਲਿਆ। ਉਹ ਅੱਗੇ ਹੀ ਮੈਨੂੰ ਦੱਸਣ -ਦੱਸਣ ਕਰਦਾ ਪਿਆ ਸੀ।
“ਓ ਨਹੀਂ ਓਏ ਮਾਸ਼ਟਰਾ! ਇਹ ਤਾਂ ਤੇਰੇ ਪੁਰਾਣੇ ਆੜੀ ‘ਜੱਸੇ ਮਰੂਤੀ’ ਦੇ ਸਵਾਗਤ ਦੀਆਂ ਤਿਆਰੀਆਂ ਨੇ! ਜਲੰਧਰ ਦੀ ਪੁਲਿਸ ਨੇ ਇਹ ਭੈਣ… ਦੀ “ਦੱਦਰ ਜਿਹੀ” ਅਪਣੇ ਗਲ਼ੋਂ ਲਾਹ ਕੇ ਤਰਨਤਾਰਨ ਦੀ ਪੁਲਿਸ ਦੇ ਗਲ਼ ਪਾ ‘ਤੀ ਸੀ। ਤਰਨਤਾਰਨ ਆਲ਼ੇ ਗਾੜੀਓਂ ਆਹੰਦੇ ਪਈ ਅਸੀਂ ਕਾਹਨੂੰ ਮਾਰੀਏ ਏਸ ਗੰਦ ਨੂੰ? ਅਨਾਮ ਤੇ ਮਾਰ ਕੋਈ ਹੈ ਨਹੀਂ ਇਹਦੇ ਸਿਰ ਦਾ…ਤੇ ਫਿਰ ਐੱਸ. ਐੱਸ. ਪੀ. ਆਪੂੰ ਇਹਦਾ ਫਸਤਾ ਵੱਢੇ! …ਹੁਣ ਸ਼ਰਮੇ ਐੱਸ.ਪੀ. ਤੇ ਅਜੈਬੇ ਦੀ ਡਿਊਟੀ ਲੱਗੀ ਆ ਪਈ ਤੁਸੀਂ ਇਹਦੇ ਆਲਾ ਕੰੰਮ ਨਬੇੜੋ!”
“…ਹੈਂ! ਜੱਸਾ ਅਜੇ ਹੈਗੈ?” ਮੈਂ ਡੈਂਬਰ ਗਿਆ ਸਾਂ। ਸਹਿਵਨ ਹੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ।
“ਤੈਨੂੰ ਨਹੀਂ ਪਤਾ? ਲੈ ਦੱਸ…! ਤੈਨੂੰ ਤੇ ਮਾਰ ਉਹਦੀ ਸਾਰੀ ਰਾਮ ਲੀਲਾ ਪਤੈ?” ਚੰਨੇ ਨੱਥ ਨੇ ਅਪਣੀ ਜਾਣੀ ਮੈਨੂੰ ਜਿਵੇਂ ਝਿੜਕਿਆ।
“…ਪਰ!…ਪਰ ਉਹ ਤੇ ਮਹੀਨਾ ਹੋ ਚੱਲਿਐ, ਮਰੇ ਹੋਏ ਨੂੰ! ਮੈਨੂੰ ਵਾਇਰਲੈੱਸ ਵਾਲ਼ਾ ਸੁਰਜੀਤ ਦੱਸ ਗਿਆ ਸੀ ਪਈ ਤੇਰਾ ਪੁਰਾਣਾ ਆੜੀ ਗਿਆ…! ਉਹਨੂੰ ਮਹਿਤੇ ਚੌਂਕ ਵਾਲ਼ਾ ਸੀਤਲ ਸੁੰਹ ਨਹੀਂ ਸੀ ਮਾਰ ਗਿਆ? ਮੈਂ ਤੇ ਇਹੀ ਸੁਣਿਆ ਸੀ!” ਮੈਂ ਕਿਹਾ।
“ਕਿਹੜਾ ਸੀਤਲ ਉਏ? ਉਹ ਤੇ ਭਾਊ, ਉਹ ਵੀ ਸਾਡਾ ਈ ਬੰਦੈ! ਇੰਟੈਲੀਜੈਂਸ ਆਲਿਆਂ ਉਹਦੀ ਇੰਸਪੈਕਟਰ ਦੀ ਤਨਖਾਹ ਲਾਈ ਹੋਈ ਐ! ਕਹਿਣ ਨੂੰ ਉਹ “ਭਿੰਡਰਾਂਵਾਲ਼ਾ ਟਾਈਗਰਜ਼” ਦਾ ਏਰੀਆ ਕਮਾਂਡਰ ਇਆ…! ਉਸੇ ਨੇ ਤੇ ਤੇਰੇ ਏਸ ‘ਜੱਸੇ ਯਾਰ’ ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਇਆ! ਨਹੀਂ ਤੇ ਕਿੱਥੇ ਕੁਛ ਪਤਾ ਲੱਗਣਾ ਸੀ?” ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲ਼ਾ ਠਾਹ ਸੋਟਾ ਮੇਰੇ ਸਿਰ ਚ ਮਾਰਿਆ।

ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲਗਦਾ ਕਿ “ਸੀਤਲ” ਵੀ ਇੰਟੈਲੀਜੈਂਸ ਵਿਚ ਹੈ, ਤਾਂ ਮੈਂ ਥੋਹੜਾ ਬਹੁਤਾ ਹੈਰਾਨ ਹੁੰਦਾ। ਜ਼ਿਆਦਾ ਏਸ ਕਰਕੇ ਨਹੀਂ, ਕਿਉਂ ਕਿ ਦਸਾਂ ਕੁ ਸਾਲਾਂ ਦੇ ਏਸ ਅੰਡਰਗਰਾਉਂਡ ਜੀਵਨ ਵਿਚ ਮੈਂ ਅਨੇਕਾਂ ਪਾਤਰ ਦੋਹੀਂ ਬੰਨੀ ਵਿਚਰਦੇ ਵੇਖ ਚੁੱਕਾ ਸਾਂ! ਕਈ ਮੈਂ ਹੱਥੀਂ ਆਪ ਮਾਰੇ ਸਨ। ਕਈ ਮੁੜ ਪੁਲਿਸ ਵਿਚ ਚਲੇ ਗਏ। ਕਈ ਅਪਣੇ ਫੀਲੇ (ਕਾਲੀਆਂ ਬਿੱਲੀਆਂ) ਪੁਲਿਸ ਨੇ ਆਪ ਮਾਰ ਘੱਤੇ!…ਏਹੋ ਜੱਸਾ ਮਰੂਤੀ, ਜੀਹਦੀ ਗੱਲ ਚੰਨਾਂ ‘ਨੱਥ’ ਕਰਦਾ ਪਿਐ, ਪਹਿਲਾਂ ਬਾਬੇ ਭਿੰਡਰਾਂਵਾਲ਼ੇ ਨਾਲ਼ ਸੀ। ਫੇਰ ਬਾਬੇ ਭਿੰਡਰਾਂਵਾਲ਼ੇ ਨੇ ਜਦੋਂ ਇਹਦੀਆਂ ਵੀ ਤੇ ਅਪਣੇ ਖ਼ਾਸ ਚੇਲੇ ਗੁਰਿੰਦਰ ਪੀ. ਟੀ. ਦੀਆਂ ਵੀ, ਲੱਤਾਂ ਤੋੜੀਆਂ, ਇਹ ਤੇ ਮੁੜ ਐੱਸ. ਐੱਸ. ਪੀ. ਮੁਸਤਫ਼ਾ ਆਲਮ ਦੀ “ਕੈਟ” ਬਣ ਗਿਆ ਸੀ। ਪੀ. ਟੀ. ਇਹਦਾ “ਗੁਰੂ” ਅੰਦਰ ਬਲੂ ਸਟਾਰ ਵਿਚ ਮਾਰਿਆ ਗਿਆ ਸੀ। ਚਾਰ ਪੰਜ ਸਾਲ ਫੇਰ ਇਹਨੇ “ਕੈਟ” ਬਣ ਕੇ ਕੱਟੇ ਸਨ । ਰਾਤ ਨੁੰ ਦਾਹੜਾ ਖ੍ਹੋਲ ਕੇ ਇਹਨੇ ਤਰਨਤਾਰਨ ਵਲ ਦੇ ਕਿੰਨੇ ਹੀ ਲਾਲੇ ਮਾਰੇ ਵੀ, ਲੁੱਟੇ ਵੀ ਸਨ। ਮੈਨੂੰ ਉਦੋਂ ਵੀ ਅਪਣੀ ਹਾਈ- ਕਮਾਂਡ ਵੱਲੋਂ ਹੁਕਮ ਮਿਲ਼ਦਾ ਰਹਿੰਦਾ ਸੀ ਕਿ ਜੱਸੇ ‘ਕੈਟ’ ਦੀ ਟਿਕਟ ਕੱਟੋ! ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪੁਰਾਣੀ ਲਿਹਾਜ਼ ਆ ਜਾਂਦੀ ਸੀ। ਉਹਨੇ ਸਵੇਰੇ ‘ਕੈਟ’ ਬਣ ਕੇ ਮਾਊਜ਼ਰ ਲਟਕਾ ਕੇ ਅੱੈਸ. ਪੀ. ਨਾਲ਼ ਘੁੰਮਣਾ। ਰਾਤ ਨੂੰ ਅੱੈਸ.ਐੱਸ. ਪੀ. ਦੇ ਦੱਸੇ ਇਲਾਕਿਆਂ ਤੇ ਘਰਾਂ ਤੇ ਲੁੱਟ-ਖੋਹ ਕਰਨੀ, ਜਾਂ ਟੱਬਰ ਮਾਰ ਆਉਣਾ। ਹਿੱਸਾ -ਪੱਤੀ ਚੰਡੀਗੜ੍ਹ ਤੋਂ ਲੈ ਕੇ ਅੱੈਸ. ਪੀ. ਸਿਟੀ, ਐੱਸ. ਪੀ. (ਡੀ) ਤੇ ਐੱਸ.ਪੀ. (ਸੀ. ਆਈ. ਡੀ.) ਨੂੰ ਬਰਾਬਰ ਪਹੁੰਚਾਉਣਾ।…ਕਦੀ-ਕਦੀ ਉਹਨੇ ਮੈਨੂੰ ਤਰਨਤਾਰਨ ਰੋਡ ਤੇ ਮਿਲ਼ ਪੈਣਾ, ਜਾਂ ਫਿਰ ਬਾਬੇ ਸ਼ਹੀਦੀਂ, ਜਿੱਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਿਹਰਾ ਕੱਟਦਾ ਸਾਂ। ਨਾ ਉਹਨੇ ਮੈਨੂੰ ਪਛਾਨਣ ਦਾ ਵਿਖਾਵਾ ਕਰਨਾ, ਤੇ ਨਾਂ ਮੈਂ ਅੱਖ ਬਚਾਣ ਦਾ ਵਿਖਾਵਾ ਕਰਨਾ। ਓਪਰਿਆਂ ਵਾਂਗ ਅਸੀਂ ਕੋਲ਼ੋਂ ਲੰਘ ਜਾਣਾ। ਕੋਈ ਜਾਨ ਤੇ ਭੀੜ ਬਣਨ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮਦਦ ਲਈ ਦੂਸਰੇ ਲਾਂਗਰੀ “ਤੋਚੀ” ਨੂੰ ਸੁਨੇਹਾ ਦੇ ਜਾਣਾ…

ਉਹਦੇ ਆਖੇ ਤੇ ਮੈਂ ਉਹਦੇ ਇੱਕ-ਦੋ ਕੰਮ ਕੀਤੇ ਸਨ। ਵੱਡਾ ਕੰਮ ਮੈਂ ਉਹਦੇ ਕਹੇ ਤੇ “ਰੂਬੀ-ਕੈਟ” ਦਾ…

“ਉਏ ! ਥੰਮਲੇ ‘ਚ ਵੱਜੀ ਜਾਨੈਂ…। ਭਾਊ! ਗਾੜੀ ਕਿੱਧਰ…? ਧਿਆਨ ਤੇਰਾ ਮਾਈਂ… ਪਤਾ ਨਹੀਂ ਕਿੱਥੇ ਆ? ਸੁਰਤ ਤਾਂਹ ਚੜ੍ਹੀ ਊ?” ਚੰਨੇ ਨੱਥ ਨੇ ਮੇਰੀ ਬਿਰਤੀ ਤੋੜ ਦਿੱਤੀ।
“…ਆ…ਹੈਂ, ਨਹੀਂ , ਮੈਂ ਤਾਂ ਆਪ ਈ ਜੱਸੇ ਬਾਰੇ ਸੋਚਣ ਡਿਹਾਂ! ਕਦੋਂ ਲਿਆਉਣੈ ਉਹਨੂੰ,” ਮੈਂ ਹੈਰਾਨੀ ਤੇ ਭੈਅ ਦੇ ਰਲ਼ੇ-ਮਿਲ਼ੇ ਭਾਵਾਂ ਨਾਲ਼ ਕਿਹਾ।
“ਓ ਨਾ, ਭੈਣ ਦੇ ਯਾਰ ਕੋਲ਼ੋਂ ਪੈਹਿਆਂ ਦਾ ਹਿਸਾਬ ਲੈਣ ਡਹੇ ਸਨ ਇਕ ਤੇ! ਮਾਰ ਸੈਂਤੀ ਲੱਖ ਤੇ ਉਹਦੀ ਰਣਜੀਤ ਐਵੇਨਿਊ, ਅੰਬਰਸਰ ਵਾਲ਼ੀ ਕੋਠੀ ਚੋਂ ਲਿਆਂਦੈ! ਸਾਢੇ ਚਾਰ ਲੱਖ ਤੇ ਦੋ ਕਿੱਲੋ ਸੋਨਾ ਉਹਦੇ ਬਟਾਲੇ ਵਾਲ਼ੇ ਟਿਕਾਣੇ ਤੋਂ ਲੱਭੈ! ਤੇ ਜਿਹੜਾ ‘ਗਿੰਦੋ ਸ਼ਪੇਹਣ’ ਦੇ ਬੰਦ ਪਏ ਘਰ ਚੋਂ ਕਿਤੇ ਨੋਟ ਮਿਲਿਐ…! ਮਾਰ ਕਹਿਣ-ਸੁਨਣ ਤੋਂ ਬਾਹਰਾ…।” ਚੰਨੇ ਨੇ ਦੱਸਿਆ।
“ਗਿੰਦੋ ਆਪ ਕਿੱਥੇ ਆ ਹੁਣ?” ਮੈਂ ਗਿੰਦੋ ਸ਼ਪੈਹਣ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਸ ਲਈ ਉਤਸੁਕਤਾ ਵੱਸ ਮੈਂ ਨੱਥ ਨੂੰ ਪੁੱਛ ਬੈਠਾ।
ਚੰਨੇ ਨੇ ਪਹਿਲੇ ਗਾਹਲ਼ਾਂ ਦੀ ਚੰਗੀ-ਚੋਖੀ ਸ਼ੁਰਲ ਛੱਡੀ ਤੇ ਫੇਰ ਥੁੱਕ ਕੇ ਕਹਿਣ ਲੱਗਾ: “ਏਹਨੇ ਤੇਰੇ ਯਾਰ ‘ਮਰੂਤੀ’ ਨੇ ਸਾਲ ਹੋ ਗਿਆ, ਮਾਰ ਕੇ ਸਾੜ ‘ਤੀ ਸੀ ਡੀਜ਼ਲ ਪਾ ਕੇ। ਉਹ ਤੇ ਜਦੋਂ ਇਹਦੇ ਛਤਰੌਲ਼ ਸ਼ੁਰੂ ਹੋਈ, ਇਹਨੇ ਬਾਕੀ ਕਤਲਾਂ ਨਾਲ਼ ਗਿੰਦੋ ਦਾ ਕਤਲ ਵੀ ਮੰਨਿਆ। ਪਰ ਏਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ? ਉਹਦੀ ਤੇ ਸ਼ੋਹਦੀ ਸਵਾਹ ਵੀ ਨਹੀਂ ਲੱਭੀ।” ਚੰਨਾ ਅਪਣੀ ਟੇਪ ਚਲਾਈ ਜਾ ਰਿਹਾ ਸੀ…
ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਣ ਵਰਗਾ ਪਿੰਡਾ ਆ ਗਿਆ। ਏਡੀ ਨਰੋਈ ਤੇ ਸੁੰਦਰ ਦੇਹੀ ਦੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਝੁਣੀ ਜਿਹੀ ਆ ਗਈ। ਫਿਰ ਅਗਲੇ ਹੀ ਪਲ ਖ਼ਿਆਲ ਆਇਆ ਕਿ ਏਨਾ ਕੁਝ ਵੇਖ ਲਿਐ ਕਿ ਸੱਤ ਜਨਮਾਂ ਤਕ ਮੁੜ ਕੇ ਏਨੀ ਵਹਿਸ਼ਤ ਨਾ ਵੇਖੀ ਜਾਣੀ ਏ, ਨਾ ਹੀ ਦੁਬਾਰਾ ਹੱਥੀਂ ਏਨੇ ਖ਼ੂਨ ਕਰ ਹੋਣੇ ਨੇ, ਫੇਰ ਮਨਾਂ, ਤੈਨੂੰ ਕਾਹਦੀ ਧੁੜਧੁੜੀ ਉਠਦੀ ਐ? ਅਗਲੀ ਸੋਚ ਨੇ ਹੋਰ ਹੀ ਹੁੰਗਾਰਾ ਦਿੱਤਾ ਕਿ ਧੁੜਧੁੜੀ ਤਾਂ ਅਜੇ ਇਹੀ ਸਾਬਤ ਕਰਦੀ ਐ ਕਿ, ਅਜੇ ਅੰਦਰ ਦਿਲ ਧੜਕਦੈ…। ਅਜੇ ਤਰਸ ਦੇ ਸਰੋਤ ਪੂਰੀ ਤਰਾਂ ਸੁੱਕੇ ਨਹੀਂ ।
…ਅਪਣੇ ਬਾਰੇ ਕੁਝ ਕੂਲ਼ਾ ਜਿਹਾ ਸੋਚ ਕੇ ਮੇਰੇ ਬੁੱਲ੍ਹਾਂ ਤੇ ਆਪੇ ਹੀ ਮੁਸਕਰਾਹਟ ਆ ਗਈ। ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ।
“ਕੀ ਗੱਲ ਇਆ? ਬੜੀਆਂ ਦੰਦੀਆਂ ਨਿਕਲ਼ਦੀਐਂ?” ਚੰਨਾ ਮੇਰੇ ਮੂੰਹ ਵਲ ਤੱਕ ਕੇ ਕਹਿਣ ਲੱਗਾ।
“ਹੈਂ! ਓ ਨਹੀਂ ਭਾਅ! ਦੰਦੀਆਂ ਕਿੱਥੇ? ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਿਹਾ ਹੋ ਜਾਂਦੈ… ਹੋਰ ਕੋਈ ਗੱਲ ਨਹੀਂ।” ਮੈਂ ਜਿਵੇਂ ਪਰਤ ਆਇਆ।
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥੰਮਲੇ ਨਾਲ਼ ਢੋਅ ਲਾਈ ਕਿੰਨੇ ਮਿੰਟਾਂ ਦਾ ਖੜ੍ਹਾ ਹਾਂ। ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਲਿਜਾ ਰਹੀ ਹੈ।…ਮੇਰੇ ਅੰਦਰੋਂ ਆਵਾਜ਼ ਆ ਗਈ ਕਿ ਮਾਰ ਖਾ-ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਿਮਾਗ਼ ਵੀ ਜਵਾਬ ਦੇਈ ਜਾ ਰਹੇ ਹਨ।
“…ਭਾਅ! ਜੇ ਕਹੇਂ ਤਾਂ ਮੈਂ ਭੁੰਜੇ ਬਹਿ ਜਾਵਾਂ। ਮੇਰੀਆਂ ਲੱਤਾਂ ਹੁਣ ਮਰੀਆਂ ਜਿਹੀਆਂ ਰਹਿੰਦੀਆਂ ਨੇ। ਮੈਥੋਂ ਹੁਣ ਹੋਰ ਖੜ੍ਹਾ ਨਹੀਂ ਹੋਇਆ ਜਾਂਦਾ।” ਮੈਂ ਬੜੀ ਆਜਿਜ਼ੀ ਨਾਲ਼ ‘ਨੱਥ’ ਨੂੰ ਬੇਨਤੀ ਕੀਤੀ।
“ਮਖ! ਮੇਰੀ ਅੱਲੋਂ ਤੂੰ ਜੰਮ-ਜੰਮ ਬਹੁ। ਬਹਿ ਜਾ, ਬਹਿ ਜਾ। ਪਰ ਜਦੋਂ ਡਿਪਟੀ ਦੀ ਮਾੜੀ ਜਿਹੀ ਵਾਜ ਵੀ ਆਏ, ਉਸ ਵੇਲੇ ਉਠ ਕੇ ਖਲੋ ਜਾਈਂ। ਅਜੈਬੇ ਦਾ ਤੈਨੂੰ ਸੁਭਾ ਪਤਾ ਈ ਐ।” ਨੱਥ ਨੇ ਸੁਚੇਤ ਕੀਤਾ।
“…ਮੈਂ ਕਿਤੇ ਭੁੱਲਦਾਂ ਅਜੈਬੇ ਨੂੰ! ਭਾਅ, ਚਿੰਤਾ ਛੱਡ ਦੇਹ! ਵਾਜ ਪੈਣ ਦੀ ਡੇਰ ਆ, ਮੈਂ ਟਨਸ਼ੰਨ ਖੜਾ ਦਿਖੂੰਗਾ।” ਅਜੈਬੇ ਦੇ ਨਾਂ ਤੋਂ ਹੀ ਮੈਨੂੰ ਧੁੜਧੁੜੀ ਆ ਗਈ ਸੀ।
“ਚੰਗਾ, ਬਹੁ ਇਥੇ ਹੀ ਫੇਰ! ਮੈਂ ਚਾਹ ਦਾ ਕੱਪ ਭੇਜਦੈਂ ਤੇਰੇ ਲਈ! ਇਹਨਾਂ ਪਤਾ ਨਹੀਂ ਕਦੋਂ ਆਪਣੇ ਭਣੋਈਏ “ਜੱਸੇ” ਨੂੰ ਲੈ ਕੇ ਆਉਣ? ਖੌਰੇ ਘੰਟਾ, ਦੋ ਘੰਟੇ, ਕਿ ਤਿੰਨ ਵੀ ਲੱਗ ਜਾਣ।” ਚੰਨੇ ਨੇ ਕਿਹਾ।
ਮੈਂ ਮਸਕੀਨਾਂ ਵਾਂਗ ਹੱਥ ਜੋੜੇ ਤੇ ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕੀਤਾ। ਬਾਅਦ ਵਿਚ ਮੈਨੂੰ ਅਪਣੇ ਜੁੜੇ ਹੱਥਾਂ ਤੇ ਹੈਰਾਨੀ ਹੋਈ। ਕਿੱਥੇ ਮੇਰੇ ਨਾਂ ਤੇ ਪੰਜਾਹ ਲੱਖ ਦਾ ਇਨਾਮ ਸੀ। ਕਦੇ ਸਾਰਾ ਪੰਜਾਬ ਮੇਰੇ ਨਾਂ ਤੋਂ ਡਰਦਾ ਸੀ। ਅੱਜ ਮੈਂ ਮੰਗਤਾ ਹਾਂ! “…ਮੈਂ ਕੀ ਦਾ ਕੀ ਹੋ ਗਿਆਂ?” ਮੈਂ ਅਪਣੇ ਜੁੜੇ ਹੱਥਾਂ ਵਲ ਕਿੰਨੀ ਦੇਰ ਵੇਖਦਾ ਰਿਹਾ ਸਾਂ।

ਥੰਮਲੇ ਨਾਲ਼ ਢੋਅ ਲਾ ਕੇ ਬੈਠਿਆਂ ਮੇਰੀ ਸੁਰਤ “ਜੱਸੇ ਮਰੂਤੀ” ਵਲ ਮੁੜ ਗਈ। ਅਤੀਤ ਮੇਰੀਆਂ ਅੱਖਾਂ ਅੱਗੇ ਇਉਂ ਸਹਿਜ ਨਾਲ਼ ਘੁੰਮਣ ਲੱਗਾ ਕਿ ਮਨੋਂ ਮੈਂ ਅੱਜ ਵੀ ਉਥੇ ਹੀ ਤੁਰਦਾ ਫਿਰਦਾ ਹੋਵਾਂ।
ਜੱਸਾ ਮਰੂਤੀ ਤਕਰੀਬਨ ਮੇਰੇ ਨਾਲ਼ ਹੀ ਸੰਤਾਂ ਦੇ ਸੰਪਰਕ ਵਿਚ ਆਇਆ ਸੀ। ਮੈਂ ਸੰਨ ਕਿਆਸੀ ਵਿਚ ਬੀ. ਐੱਡ. ਕਰਕੇ ਤਰਨਤਾਰਨ ਰੋਡ ਤੇ “ਕਲਗੀਧਰ ਖ਼ਾਲਸਾ” ਸਕੂਲ ਵਿਚ ਲਗ ਗਿਆ ਸਾਂ। ਸਕੂਲ ਮਿਡਲ ਤਕ ਸੀ, ਸ਼੍ਰੋਮਣੀ ਕਮੇਟੀ ਦੇ ਅਧੀਨ ਸੀ ਤੇ ਪੈਨਸ਼ਨੇਬਲ ਨੌਕਰੀ ਸੀ। ਮੈਂ ਪੱਕਾ ਸਾਂ ਤੇ ਸੁਹਣੀ ਨਿਭ ਰਹੀ ਸੀ। ਵਿਆਹ ਦੀ ਤਿਆਰੀ ਸੀ। ਏਦਾਂ ਹੀ ਸਾਲ, ਦੋ ਸਾਲ ਲੰਘ ਗਏ ਸਨ। ਇਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅਮ੍ਰਿਤਸਰ ਜਾਣਾ ਪਿਆ। ਗੁਰੂ ਨਾਨਕ ਨਿਵਾਸ ਤੋਂ ਅੱਗੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਨ। ਮੈਨੂੰ ਦਫ਼ਤਰ ਦੇ ਬਾਹਰ ਬਣੇ ਬਰਾਂਡੇ ਵਿਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਮੈਂ ਮਿਥੇ ਸਮੇਂ ‘ਤੇ ਅੱਪੜ ਗਿਆ ਸਾਂ।
ਇਹ ਸੰਤ ਭਿੰਡਰਾਂਵਾiਲ਼ਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ। ਅਕਾਲ ਗੈਸਟ-ਹਾਊਸ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਜੀ ਤਕ ਸੰਤਾਂ ਦੇ ਸੇਵਕ ਰਿਵਾਲਵਰ ਪਾ ਕੇ ਘੁੰਮ ਰਹੇ ਸਨ। ਅੱਗੋਂ ਮੰਜੀ ਸਾਹਿਬ ਵਿਖੇ ਵੀ ਸ਼ਸਤਰਧਾਰੀ ਸਿੰਘ ਹਮੇਸ਼ਾਂ ਬੈਠੇ ਰਹਿੰਦੇ ਸਨ। ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾ ਪਹਿਰੇ ਤੇ ਰਹਿੰਦੇ ਸਨ। ਅਕਾਲ ਗੈਸਟ ਹਾਊਸ ਤੇ ਬੱਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ਤੇ ਸੰਤਾਂ ਦੇ ਸੇਵਕ ਸਨ। ਦੋਵੇਂ ਧੜੇ ਇਕ ਦੂਜੇ ਨੂੰ ਘੋਰ ਨਫ਼ਰਤ ਕਰਦੇ ਸਨ। ਬੱਬਰਾਂ ਦੇ ਸਿਰਫ਼ ਬਾਰਾਂ ਜਣਿਆਂ ਦੀ ਭਰਤੀ ਸੀ ਤੇ ਤੇਰ੍ਹਵਾਂ ਉਨ੍ਹਾਂ ਦਾ ਮੁਖੀ ਜਰਮਨ ਭੱਜ ਗਿਆ ਹੋਇਆ ਸੀ।

ਉਥੇ ਮੈਨੂੰ ਇੰਤਜ਼ਾਰ ਕਰਦਿਆਂ ਸਮਾਂ ਹੋ ਗਿਆ। ਅੱਕ ਕੇ ਮੈਂ ਦਫ਼ਤਰੋਂ ਬਾਹਰ ਆ ਕੇ ਗੁਰਦੁਆਰਾ ਬਾਬਾ ਅਟੱਲ ਦੇ ਸਾਹਮਣੇ ਇਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਲਈ। ਸਾਹਮਣੇ ਦਿਸਦੇ ਉਚੇ ਪੁਰਾਣੇ ਅੰਬਰਸਰੀ ਮਕਾਨਾਂ ਦੀ ਛੱਤ ’ਤੇ ਸੀ. ਆਰ. ਪੀ. ਦੇ ਮੋਰਚੇ ਬਣੇ ਦਿਸਦੇ ਸਨ। ਸੀ. ਆਰ. ਪੀ. ਦੇ ਜਵਾਨ ਵੀ ਕਦੇ-ਕਦੇ ਸਿਰ ਕੱਢਦੇ। ਉਨ੍ਹਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ। ਉਧਰੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਹੋਟਲ ਤਕ ਆਉਣ ਦਾ ਹੀ ਹੁਕਮ ਸੀ। ਮੈਂ ਖਾੜਕੂਆਂ ਤੇ ਸੀ. ਆਰ. ਪੀ. ਦੀ ਕਸ਼ਮਕਸ਼ ਬਾਬਤ ਹੀ ਸੋਚਦਾ ਚਾਹ ਪੀ ਰਿਹਾ ਸਾਂ ਕਿ ਮੇਰਾ ਨਾਂ ਲੈ ਕੇ ਕਿਸੇ ਨੇ ਆਵਾਜ਼ ਮਾਰੀ। ਮੈਂ ਪਿੱਛੇ ਪਰਤ ਕੇ ਵੇਖਿਆ ਤਾਂ ਮੇਰਾ ਬੀ. ਏ. ਬੀ. ਅੱੈਡ ਦਾ ਜਮਾਤੀ “ਜੋਤੀ ਹੁੰਦਲ” ਖੜ੍ਹਾ ਸੀ। ਲੰਮਾ ਕੁੜਤਾ-ਪਜਾਮਾ, ਗੋਲ਼ ਪੱਗ ਤੇ ਗਲ਼ ਵਿਚ ਮਾਊਜ਼ਰ ਦੀ ਡੋਰੀ ਪਾਈ ਉਹ ਵੱਖਰਾ ਹੀ ਲੱਗ ਰਿਹਾ ਸੀ। ਪਰ ਮੈਂ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਲਿਆ। ਸਾਲ-ਦੋ ਸਾਲ ਪਿਛੋਂ ਮਿਲਣ ਕਾਰਣ ਉਸ ਕੋਲ਼ ਦੱਸਣ ਲਈ ਕਈ ਕੁਝ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਵਿਚ ਰਿਹਾ ਹੋਣ ਕਾਰਣ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇ ਵਿਚ ਸ਼ਾਮਿਲ ਹੋ ਗਿਆ ਸੀ। ਸੰਧੂ ਗਰੁੱਪ ਨੇ, ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਦੂਸਰਾ ਧੜਾ ਵੀ ਭਾਵੇਂ ਵਿਦਿਆਰਥੀਆਂ ਦਾ ਸੀ, ਪਰ ਉਹ ਪ੍ਰੋ: ਕੰਦੂਕਾਦਰੇ ਅਧੀਨ ਸੰਤ ਲੌਗੋਵਾਲ ਨਾਲ਼ ਸਨ। ਪਰ ਉਨ੍ਹਾਂ ਕੋਲ਼ ਹਥਿਆਰ ਨਾਂ ਮਾਤਰ ਸਨ। ਇਧਰ ਹਥਿਆਰ ਵਧੇਰੇ ਸਨ।

ਮੇਰੇ ਨਾਲ਼ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੱਕ ਆਇਆ। ਮੈਂ ਦੱਸਿਆ ਕਿ ਮੈਂ ਤੇ ਪ੍ਰਧਾਨ ਨੂੰ ਮਿਲਣ ਆਇਆ ਸਾਂ। ਸਾਡੇ ਸਕੂਲ ਦੇ ਪ੍ਰਧਾਨ ਦੀ ਕਮੇਟੀ ਨਾਲ਼ ਬੜੀ ਨੇੜਤਾ ਹੈ। ਸੁਣ ਕੇ ਉਹ ਹੱਸਣ ਲਗ ਪਿਆ ਤੇ ਕਹਿਣ ਲੱਗਾ, “ਕੋਈ ਕੰਮ ਹੈ ਈ ਤੇ ਦੱਸ! ਇਥੇ ਸਾਡੇ ਹੁਕਮ ਬਿਨਾਂ ਬੰਦੇ ਮੂਤਣ ਤਕ ਨਹੀਂ ਜਾ ਸਕਦੇ।” ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਿਵਾਸ ਲੰਘ ਗਿਆ।
ਜਦੋਂ ਮੈਂ ਦੁਬਾਰਾ ਅੰਦਰ ਗਿਆ ਤਾਂ ਮੈਂ ਵੇਖਿਆ, ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵਲ ਵੇਖ ਰਿਹਾ ਸੀ। ਮੇਰੇ ਮਨ ਵਿਚ ਨਾ ਕੋਈ ਭਾਵ ਤੇ ਨਾਂ ਕੋਈ ਭੈਅ, ਮੈਂ ਸੁੱਤੇ ਸਿਧ ਜਾ ਉਹਨੂੰ ਫ਼ਤਹਿ ਬੁਲਾਈ। ਉਹਦਾ ਰੌਂ ਪਰ ਕੁਝ ਉੱਖੜਿਆ ਸੀ। ਫ਼ਤਹਿ ਦਾ ਜਵਾਬ ਦੇ ਕੇ ਉਸ ਸਿੱਧਾ ਹੀ ਪੁੱਛ ਲਿਆ, “ ਇਹ ਕਿੱਦਾਂ ਜਾਣਦੈ ਤੁਹਾਨੂੰ?”
ਮੈਂ ਅੰਦਰੋਂ ਉਹਦੇ ਰੌਂਅ ਤੋਂ ਥੋੜ੍ਹਾ ਜਿਹਾ ਘਬਰਾ ਗਿਆ ਸਾਂ। ਪਰ ਮੈਂ ਪੱਕੀ ਆਵਾਜ਼ ਨਾਲ਼ ਦੱਸਿਆ ਕਿ ਮੇਰਾ ਬੀ. ਐੱਡ. ਦਾ ਜਮਾਤੀ ਹੈ। ਪਹਿਲੇ ਦੋ ਕੁ ਮਿੰਟ ਉਹ ਚੁੱਪ ਰਿਹਾ, ਅੰਤ ਉਸ ਦੁਚਿੱਤੀ ਛੱਡ ਕੇ ਕਹਿ ਹੀ ਦਿੱਤਾ।

“ਮਾਸਟਰ ਜੀ! ਤੁਸੀਂ ਕਿਹੜੇ ਵੇਲਿਆਂ ਵਿਚੋਂ ਲੰਘ ਰਹੇ ਹੋ? ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ? ਅਸੀਂ ਤੇ ਟਕਸਾਲੀ ਅਕਾਲੀ ਹਾਂ। ਏਜੰਸੀਆਂ ਨੂੰ ਸਾਡਾ ਸਭ ਕੁਝ ਪਤੈ! ਪਰ ਤੁਸੀਂ ਤਾਂ ਅਸਲੋਂ ਨਵੇਂ ਸਾਓ! ਹੁਣ ਤੱਕ ਵੀਹ ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣੈ ਉਹਦੇ ਨਾਲ਼ ਗੱਲਾਂ ਕਰਦਿਆਂ! ਤੇ ਉਹ ਵੀਹ ਦੀਆਂ ਵੀਹ ਅੱਖਾਂ ਹੀ ਜਾਂ ਤੇ ਸੀ. ਆਈ. ਡੀ. ਜਾਂ ਫਿਰ ਪੁਲਿਸ ਦੇ ਸੂਹੀਆ ਕੁੱਤਿਆਂ ਦੀਆਂ ਹੋਣੀਆਂ ਨੇ! ਨਾਲ਼ੇ ਜਿਸ ਹੁੰਦਲ-ਹਾਂਦਲ ਜਿਹੇ ਨਾਲ਼ ਤੁਸੀਂ ਬੀ. ਐੱਡ. ਵੇਲੇ ਦਾ ਦੋਸਤ ਹੋਣ ਦਾ ਦਾਅਵਾ ਕਰ ਰਹੇ ਸਾਓ, ਉਹਦੇ ਬਾਰੇ ਸੰਤ ਲੌਗੋਵਾਲ਼ ਕੋਲ਼ ਏਹੀ ਖ਼ਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨੇ ਹੀ ਏਥੇ ਫ਼ਿਟ ਕੀਤਾ ਹੈ। ਉਤੋਂ ਸਿਆਪਾ ਇਹ ਵੇ ਕਿ ਸੰਤ ਭਿੰਡਰਾਂਵਾਲ਼ੇ ਕਦੇ ਵੀ ਲੌਗੋਵਾਲ਼ ਜੀ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ।”

ਅਚਾਨਕ ਡਰ ਨਾਲ਼ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ। ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ, ਮਨ ਤਗੜਾ ਹੈ, ਪਰ ਤਨ ਖੋਖਲਾ ਹੈ। ਉਦੋਂ ਤਨ ਤਗੜਾ ਸੀ, ਪਰ ਮਨ ਡਰਪੋਕ ਸੀ। ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਦਾ ਸੀ. ਆਈ. ਡੀ. ਦਾ ਹੋਣ ਬਾਰੇ ਸੋਚ ਕੇ ਮੈਂ ਡਰ ਗਿਆ ਸਾਂ ਤੇ ਪ੍ਰਧਾਨ ਸਾਹਮਣੇ ਅਵਾਕ ਖੜ੍ਹਾ ਸਾਂ। ਮੇਰੀ ਮੱਤ ਮਾਰੀ ਗਈ ਸੀ।
“ਹੁਣ ਜਾਉ ਤੁਸੀਂ ਘਰ! ਤੇ ਬਚ ਕੇ ਰਹਿਓ। ਮੈਨੂੰ ਸ਼ੱਕ ਹੈ ਕਿ ਇਹ ਹੁੰਦਲ ਹੀ ਕਿਧਰੇ ਤੁਹਾਡੀਆਂ ਬੇੜੀਆਂ ਵਿਚ ਵੱਟੇ ਨਾ ਪਾਏ!” ਪ੍ਰਧਾਨ ਜੀ ਨੇ ਮੈਂਨੂੰ ਇਹ ਕਹਿ ਕੇ ਤੋਰ ਦਿੱਤਾ ਸੀ।
ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇਕ-ਇਕ ਅੱਖਰ ਸੱਚਾ ਸਾਬਤ ਹੋਏਗਾ। ਤੇ ਇਕ ਦਿਨ ਏਹੀ ਹੁੰਦਲ ਤੇ ਏਹੀ ਏਜੰਸੀਆਂ ਦੇ ਸੂਹੀਏ ਕੁੱਤੇ ਮੇਰੇ ਘਰ-ਸੰਸਾਰ ਦਾ ਤੀਲਾ-ਤੀਲਾ ਬਖੇਰ ਛੱਡਣਗੇ।

ਉਹੀ ਗੱਲ ਹੋੱਈ ਸੀ। ਦਸ ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ’ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲ਼ੋਂ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ਼ ਇਕ ਭਾਰਾ ਜਿਹਾ ਸਰਦਾਰ ਮੇਰੇ ਘਰ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੁਰੀਂ ਕੰਮਾਂ-ਕਾਰਾਂ ਤੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਡਰ ਗਿਆ ਸਾਂ। ਪਰ ਰਸਮੀਂ ਮੈਂ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵੀ ਪੰਜ-ਸੱਤ ਮਿੰਟ ਬਹਿ ਕੇ ਤੇ ਚਾਹ ਦਾ ਕੱਪ ਪੀ ਕੇ ਟੁਰ ਗਏ ਸਨ। ਜਾਂਦੇ-ਜਾਂਦੇ ਉਹ ਮੈਨੂੰ ਬੋਰਾ-ਜਿਹਾ ਫੜਾ ਗਏ ਸਨ। ਵੀਹ ਕੁ ਕਿੱਲੋ ਵਾਲ਼ੇ ਇਸ ਬੋਰੇ ਵਿਚ ਸਿਰਫ਼ ਤਿੰਨ ਵੱਡੇ ਹਦਵਾਣੇ ਸਨ। ਦਸ ਕੁ ਕਿੱਲੋ ਦੇ ਹੋਣਗੇ। ਉਹ ਕਹਿਣ ਲਗੇ, “ਸਿੰਘਾਂ ਨੇ ਖਾਣ ਲਈ ਹਦਵਾਣੇ ਮੰਗੇ ਸਨ, ਪਰ ਸਾਡਾ ਪੁਲਸ ਪਿੱਛਾ ਕਰ ਰਹੀ ਹੈ, ਏਸ ਲਈ ਅਸੀਂ ਕੱਲ ਜਾਂ ਪਰਸੋਂ ਹਦਵਾਣੇ ਲੈ ਜਾਵਾਂਗੇ।”
ਉਹ ਤੇ ਚਲੇ ਗਏ, ਪਰ ਮੈਂ ਹਦਵਾਣੇ ਰਖਾ ਕੇ ਵੀ ਸੋਚੀਂ ਪਿਆ ਰਿਹਾ ਕਿ ਆਖ਼ਰ ਏਸ ਨਿਗੂਣੀ ਦੋ ਕੁ ਰੁਪਏ ਦੀ ਚੀਜ਼ ਨੂੰ ਰੱਖਣ ਲਈ ਉਹ ਮੇਰੇ ਘਰ ਜੋਖਮ ਉਠਾ ਕੇ ਆਏ ਸਨ। ਅਚਾਨਕ ਕੋਈ ਖ਼ਿਆਲ ਮੇਰੇ ਮਨ ਵਿਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ। ਵਾਰੀ-ਵਾਰੀ ਤਿੰਨਾਂ ਅੰਦਰੋਂ ਛਣਕਾਟਾ ਜਿਹਾ ਪਿਆ। ਫਿਰ ਮੈਂ ਧਿਆਨ ਨਾਲ਼ ਵੇਖਿਆ। ਉਹ ਤਿੰਨੇ ਹੀ ਵਿਚਕਾਰੋਂ ਚੀਰ ਕੇ ਫਿਰ ਜੋੜੇ ਹੋਏ ਸਨ। ਹਿੰਮਤ ਕਰਕੇ ਮੈਂ ਇਕ ਖੋਲ੍ਹ ਲਿਆ। ਉਹ ਅੰਦਰੋਂ ਖ਼ਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗ਼ਜ਼ ਵਿਚ ਗੋਲ਼ੀਆਂ ਤਹਿ ਕੀਤੀਆਂ ਪਈਆਂ ਸਨ। ਗੋਲ਼ੀਆਂ ਥੱਲੇ ਨਿੱਕੇ ਪਿਸਟਲ ਸਨ, ਤਿੰਨੇ ਵਿਚੋਂ ਇੱਕੋ ਜਿਹੇ, ਇਕਸਾਰ ਤੇ ਲਿਸ਼ਕਦੇ।…
…ਮੈਂ ਅੰਤਾਂ ਦਾ ਡਰ ਗਿਆ। ਰਾਤ ਨੀਂਦ ਨਾ ਪਈ। ਮੈਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਦੀ ਧਾੜ ਆਈ, ਹੁਣ ਵੀ ਆਈ। ਰੱਬ ਰੱਬ ਕਰਕੇ ਸਵੇਰ ਹੋਈ। ਸਕੂਲ ਮੇਰਾ ਦਿਲ ਨਾ ਟਿਕੇ। ਰੱਬ ਰੱਬ ਕਰਦਾ ਘਰ ਆਇਆ ਤੇ ਆ ਕੇ ਕਮਰੇ ਵਿਚ ਲੇਟ ਗਿਆ। ਮਾਂ ਨੇ ਕੁਝ ਪੁੱਛਿਆ ਮੈਂ ਕੁਝ ਦੱਸਾਂ? ਸ਼ਾਮ ਹਨੇਰੇ ਪਏ ਭਾਪਾ ਜੀ ਤੇ ਭਰਾ ਵੀ ਆ ਗਏ, ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ। ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੇ ਦੰਦ ਵੀ ਦੁਖਦਾ ਸੀ ਤੇ ਬਾਕੀ ਤਿੰਨੇ ਫੱਟ ਉਹਦਾ ਕਸ਼ਟ ਬੁੱਝ ਲੈਂਦੇ ਸਨ। ਪਰਿਵਾਰ ਦੇ ਜੀਅ ਮੈਨੂੰ ਹਲਕੀ ਜਿਹੀ ਪੁੱਛ ਪ੍ਰਤੀਤ ਕਰਦੇ ਰਹੇ, ਪਰ ਮੈਂ ਕੋਈ ਲੜ-ਪੱਲਾ ਨਾ ਫੜਾਇਆ, ਦੱਸਦਾ ਵੀ ਕੀ? ਏਨੇ ਨੂੰ ਸਾਢੇ ਕੁ ਅੱਠ ਵਜੇ ਉਸੇ ਭਾਰੇ ਜਿਹੇ ਸਰਦਾਰ ਨੇ ਆ ਸਿਰੀ ਕੱਢੀ। ਦਰਵਾਜ਼ਾ ਖੜਕਾ ਕੇ ਉਸ ਨੇ ਮੈਨੂੰ ਬਾਹਰ ਬੁਲਾ ਲਿਆ ਤੇ ਹਦਵਾਣਿਆਂ ਵਾਲ਼ੀ ਬੋਰੀ ਦੇਣ ਲਈ ਕਿਹਾ। ਹਦਵਾਣੇ ਤੇ ਮੈਂ ਫੜਾ ਦਿੱਤੇ, ਪਰ ਬੜੀ ਪੱਕੀ ਆਵਾਜ਼ ਵਿਚ ਮੈਂ ਕਹਿ ਦਿੱਤਾ, “ਹੁੰਦਲ ਨੂੰ ਕਹਿਓ, ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿਚ ਨਾ ਪਾਵੇ, ਤੇ ਨਾ ਹੀ ਮੇਰੇ ਵੱਲ ਮੁੜ ਕਦੀ ਊਹ ਆਵੇ।” ਉਹ ਭਾਰਾ ਜਿਹਾ ਸਰਦਾਰ ਕੁਝ ਸਕਿੰਟ ਬੜੀ ਅਜੀਬ ਤਰ੍ਹਾਂ ਮੇਰੇ ਵਲ ਘੂਰਦਾ ਰਿਹਾ, ਬੋਲਿਆ ਕੁਝ ਨਹੀਂ। ਫੇਰ ਉਹ ਹਦਵਾਣੇ ਲੈ ਕੇ ਚੁੱਪ-ਚਾਪ ਚਲਾ ਗਿਆ।
ਬਸ ਉਹ ਦਿਨ ਤੇ ਆਹ ਦਿਨ। ਮੇਰੇ ਉਪਰ “ਹੁੰਦਲ ਪ੍ਰਕੋਪ” ਸ਼ੁਰੂ ਹੋ ਗਿਆ। ਬਹੁਤ ਬਾਦ ਵਿਚ ਸੰਤਾਂ ਕੋਲ਼ ਰਹਿ-ਰਹਿ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੁੰਦਲ ਮੇਰੀਆਂ ਜੜ੍ਹਾਂ ਵਿਚ ਬੈਠਾ ਸੀ। ਉਹ ਵੀ ਤਾਂ ਪਤਾ ਲੱਗਾ, ਜਦੋਂ ਏਸੇ ਜੱਸੇ, ਪੀ. ਟੀ. ਤੇ ਵਹਿਸ਼ੀ ਇੰਦਰਜੀਤ ਨੇ ਸੰਤਾਂ ਦੇ ਇਸ਼ਾਰੇ ‘ਤੇ ਏਸ ਪੁਲਸੀਏ ਹੁੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਕਰਕੇ ਬੋਰੀ ਵਿਚ ਪਾ ਕੇ ਬਾਗ਼ ਵਾਲ਼ੀ ਗਲ਼ੀ ਵਿਚ ਸੁੱਟੇ ਸਨ। ਉਥੋ ਪੁਲਸ ਆ ਕੇ ਚੁੱਪ-ਚਾਪ ਉਹ ਟੋਟੇ ਹੋਈ ਲੋਥ ਲੈ ਗਈ ਸੀ।

“ਹੁੰਦਲ ਤੇ ਹਦਵਾਣਿਆਂ ਵਾਲੀ” ਘਟਨਾ ਤੋਂ ਤੀਸਰੇ ਦਿਨ ਹੀ ਪੁਲਸ ਨੇ ਮੈਨੂੰ ਸਵੇਰੇ ਰਾਹ ਵਿੱਚੋਂ ਚੁੱਕ ਲਿਆ। ਮੈਂ ਅਜੇ ਘਰੋਂ ਨਿਕਲ਼ ਕੇ ਗਲ਼ੀ ਮੁੜਿਆ ਹੀ ਸੀ ਕਿ ਚਿੱਟ-ਕਪੜੀਏ ਪੰਜ-ਸੱਤ ਸਾਹਨਾਂ ਨੇ ਮੈਨੁੰ ਚੁੱਕ ਕੇ ਕੈਂਟਰ ਵਿਚ ਸੁੱਟ ਦਿੱਤਾ। ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ੍ਹ ਗਏ। ਮੂੰਹ ਤੇ ਹੱਥ ਮੇਰੇ ਉਨ੍ਹਾਂ ਬੰਨ੍ਹ ਦਿੱਤੇ। ਦਸਾਂ ਮਿੰਟਾਂ ਬਾਦ ਹੀ ਅਸੀਂ ਅਮ੍ਰਿਤਸਰ ਦੇ ਬਦਨਾਮ ਸੀ. ਆਈ. ਸਟਾਫ਼ ਦੇ ਕਮਰਿਆਂ ਵਿਚ ਸਾਂ। ਮੇਰੀ ਤਫ਼ਤੀਸ਼ ਦਾ ਜ਼ਿੰਮਾ ਅੱਸ. ਪੀ. (ਡੀ) ਰੰਧਾਵੇ ਕੋਲ਼ ਸੀ। ਉਹਨੇ ਤੇ ਉਹਦੇ ਸਾਹਨਾਂ ਨੇ ਜਾਂਦਿਆਂ ਮੇਰੀਆਂ ਲੱਤਾਂ ਪਾੜ ਦਿੱਤੀਆਂ। ਦਰਦ ਨਾਲ਼ ਮੇਰਾ ਸਿਰ ਚਕਰਾ ਗਿਆ, ਪਰ ਮੈਂ ਕਸੀਸ ਵੱਟ ਕੇ ਪੀ ਗਿਆ।

“ਤੂੰ ਆਪ ਹੀ ਸਾਰਾ ਕੁਛ ਦੱਸ ਦੇਹ! ਨਹੀਂ ਤੇ ਮਾਲ ਮੰਡੀ ਭੇਜ ਦਊਂਗਾ ਮੈਂ ਤੈਨੂੰ!” ਰੰਧਾਵੇ ਨੇ ਦਾਬਾ ਮਾਰਿਆ।
“ਮੈਂ ਕਦੋਂ ਨਾਬਰ ਆਂ? ਤੁਸੀਂ ਜੋ ਪੁੱਛਣੈ, ਪੁੱਛੋ?” ਮੇਰੀ ਆਵਾਜ਼ ਦਰਦ-ਭਰੀ ਸੀ।
“ਦੱਸ ਫੇਰ, ਇਹ ਹਦਵਾਣਿਆਂ ਵਾਲ਼ਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ?” ਰੰਧਾਵੇ ਨੇ ਪੈਂਦੀ ਸੱਟੇ ਕਿਹਾ।
ਮੈਂ ਸਮਝ ਗਿਆ ਸਾਂ ਕਿ ਇਹਨਾਂ ਨੂੰ ਜੋਤੀ ਹੁੰਦਲ ਤੇ ਹਦਵਾਣਿਆਂ ਵਾਲੀ ਗੱਲ ਦਾ ਪਤਾ ਹੈ। ਮੈਂ ਕਿਹੜਾ ਦੋਸ਼ੀ ਸਾਂ, ਏਸ ਲਈ ਅੱਖਰ-ਅੱਖਰ ਸਾਰੀ ਗੱਲ ਸੱਚ ਦੱਸ ਦਿੱਤੀ। ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਥਾਂ ਸਗੋਂ ਗਾਹਲਾਂ ਕੱਢਣ ਲੱਗ ਪਿਆ।
“ਮਾਂ ਚੋ…ਅਜੇ ਬੜਾ ਕੁਝ ਹੋਰ ਹੈਗੈ ਤੇਰੇ ਢਿੱਡ ‘ਚ । ਤੂੰ ਏਦਾਂ ਨਹੀਂ ਦੱਸਣਾ। ਤੈਨੂੰ ਮਾਲ ਮੰਡੀ ਵਿਖਾਉਣੀ ਹੀ ਪਊ।”
“ਤੂੰ ਐਸ. ਪੀ. ਐਂ ਕਿ…ਦਾ ਸਿਰਾ ਏਂ? ਤੈਨੂੰ ਕਹਿਨੇ ਤਪਤੀਸ਼ੀਆ ਬਣਾ ਤਾ? ਜੇ ਤੈਨੂੰ ਹੁੰਦਲ ਦਾ ਤੇ ਹਦਵਾਣਿਆਂ ਦਾ ਸਾਰਾ ਹਾਲ ਪਤੈ, ਤਾਂ ਤੈਨੂੰ ਤੇਰੇ ਸੂਹੀਆਂ ਭੈਣ ਚੋ…ਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ-ਬਿੱਲੇ ਦੇ ਡੰਡਾ ਨਹੀਂ ਮਾਰਿਆ। ਸਿਵਾਇ ਮਾਸਟਰੀ ਦੇ ਮੈਂ ਹੋਰ ਕੀ ਕੀਤੈ?” ਗ਼ੁੱਸੇ ਵਿਚ ਮੈਥੋਂ ਕਿਹਾ ਗਿਆ। ਅਸਲ ਗੱਲ ਇਹ ਸੀ ਕਿ ਨੰਗੀਆਂ ਗਾਹਲਾਂ ਮੈਥੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ ।

ਮੇਰੀ ਏਨੀ ਸਪੱਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ਼ ਕੁੱਟਣ ਲੱਗ ਪਏ। ਇਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜ ਦਿੱਤੀ। ਮੈਂ ਦਰਦ ਨਾਲ਼ ਲੂਹਰੀਆਂ ਲੈਂਦਾ ਡਿੱਗ ਪਿਆ। ਫੇਰ ਉਹ ਮੇਰੇ ਪੈਰਾਂ ਤੇ ਪੁੱਠੇ ਪਾਸੇ ਡਾਂਗਾਂ ਮਾਰਨ ਲੱਗ ਪਏ। ਮੈਂ ਗਾਹਲਾਂ ਕੱਢਣ ਲੱਗ ਪਿਆ, ਪਰ ਅੱਧ ਕੁ ਮਿੰਟ ਪਿੱਛੋਂ ਮੇਰੀ ਸੁਰਤ ਜਵਾਬ ਦੇ ਗਈ। ਜਦੋਂ ਹੋਸ਼ ਆਈ ਮੈਂ ਉਥੇ ਹੀ ਲੰਮਾ ਪਿਆ ਹੋਇਆ ਸਾਂ।

ਸ਼ਾਮ ਤੱਕ ਮੇਰੇ ਸਾਥੀ, ਸ਼ੁਭਚਿੰਤਕ ਅੱਪੜ ਗਏ ਸਨ। ਮੁਹੱਲੇ ਦੇ ਮੁਹਤਬਰ ਵੀ ਨਾਲ਼ ਸਨ। ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵੱਖਰਾ ਕਰਕੇ ਕਿਹਾ, “ਲੈ ਜਾਉ, ਪਰ ਅਸੀਂ ਇਸ ਤੋਂ ਅਜੇ ਬੜਾ ਕੁਝ ਕਢਾਉਣਾ ਏ।”
ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਵਾਣ ਤੇ ਘਰ ਪੁਚਾਣ ਤਕ ਹਰ ਕਦਮ ਤੇ ਮੇਰਾ ਸਾਥ ਦਿੱਤਾ। ਜਾਣ ਲੱਗੇ ਨੇ ਨਿੱਜੀ ਤੌਰ ਤੇ ਮੈਨੂੰ ਪੈਸੇ ਵੀ ਦਿੱਤੇ। ਮੇਰੀ ਮਾਂ ਤੇ ਮੇਰੇ ਸ਼ਰੀਫ਼ ਪਿਉ ਨੂੰ ਹੌਂਸਲਾ ਵੀ ਦਿੱਤਾ । ਨਿੱਕੇ ਭਰਾ ਨੂੰ ਵੀ ਢਾਰਸ ਬੰਨ੍ਹਾਈ। ਪਰ ਜਾਣ ਲੱਗਿਆਂ ਮੈਨੂੰ ਇਕੱਲਾ ਕਰਕੇ ਕਿਹਾ: “ਅੱਗੋਂ ਕੀ ਸੋਚਿਆ ਈ?”
“ਮੈਨੂੰ ਮਾਰ ਦਾ ਦੁੱਖ ਨਹੀਂ, ਭਾਵੇਂ ਮੇਰੀ ਲੱਤ ਫੇਰ ਤੋੜ ਲੈਣ। ਦੁੱਖ ਮੈਨੂੰ ਮੇਰੇ ਬੇਦੋਸੇ ਹੀ ਕੁਟੀਣ ਦਾ ਹੈ।” ਮੇਰੀਆਂ ਅੱਖਾਂ ਭਰ ਆਈਆਂ ਸਨ।

“ਕਾਕਾ! ਵਿਚਲੀ ਗੱਲ ਤੇ ਇਹ ਈ ਕਿ ਸਰਕਾਰੀ ਤੰਤਰ ਹੀ ਗੁਪਤ ਅਪਰੇਸ਼ਨ ਚਲਾ ਰਿਹੈ ਕਿ ਨੌਜੁਆਨੀ ਨੂੰ ਖਾੜਕੂ ਬਣਨ ਲਈ ਪਰੇਰੋ। ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਏ। ਤੇ ਜਿੱਥੋਂ ਤਕ ਮੇਰੀ ਸਮਝ ਕਹਿੰਦੀ ਏ, ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗਾ ਪਿੱਛਾ ਕਰ ਜਾ, ਨਹੀਂ ਤੈਨੂੰ ਅੰਬਰਸਰ ਦੀ ਪੁਲਸ ਨੇ ਟਿਕਣ ਨਹੀਂ ਦੇਣਾ। ਅੰਬਰਸਰ, ਗੁਰਦਾਸਪੁਰ ਦਾ ਮੁੰਡਾ ਇਸ ਚੱਕਰ ਵਿਚ ਲਿਆਉਣ ਲਈ ਤੇ ਮਾਰ ਸਾਰੀ ਪੁਲਸ, ਸਾਰੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਤੂੰ ਜੇ ਇਥੇ ਹੀ ਰਹਿਓਂ ਤੇ ਮੇਰੀ ਜਾਚੇ ਲੰਮਾ ਸਮਾਂ ਨਹੀਂ….। ਅਗੇ ਤੂੰ ਅਪਣਾ ਪੜ੍ਹਿਆ ਵਿਚਾਰ ਲੈ…।” ਪ੍ਰਧਾਨ ਨੇ ਇਸ਼ਾਰੇ ਨਾਲ਼ ਗੱਲ ਨਿਬੇੜ ਦਿੱਤੀ।

ਪ੍ਰਧਾਨ ਤੇ ਟੁਰ ਗਿਆ ਸੀ, ਪਰ ਅਸੀਂ ਕਿੱਥੇ ਜਾਂਦੇ? ਕੁਝ ਸੁੱਝਦਾ ਨਹੀਂ ਸੀ। ਥੋੜ੍ਹੀ ਦੇਰ ਮਗਰੋਂ ਮੈਂ ਰਿਕਸ਼ੇ ’ਤੇ ਆਉਣ-ਜਾਣ ਲੱਗ ਪਿਆ। ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ। ਪਰ ਇਕ ਪਰਛਾਵਾਂ ਜਿਹਾ ਰਹਿ ਗਿਆ ਸੀ।
ਅਚਾਨਕ ਇਕ ਦਿਨ ਅਮ੍ਰਿਤਸਰ ਦੇ ਸ਼ਿਵਾਲੇ ਮੰਦਰ ਬੰਬ ਫਟ ਗਿਆ। ਮੈਂ ਸਕੂਲ ਹੀ ਸਾਂ; ਪ੍ਰਧਾਨ ਹੁਰੀਂ ਅਚਨਚੇਤ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰ ਨਾ ਰਹੀਂ। ਉਨ੍ਹਾਂ ਦਾ ਕਿਹਾ ਮੇਰੇ ਲਈ ਹੁਕਮ ਸੀ। ਉਸ ਰਾਤ ਮੈਂ ਅਪਣੇ ਸਾਥੀ ਮਾਸਟਰ ਨਾਲ਼ ਉਹਦੇ ਪਿੰਡ ‘ਚੱਬੇ’ ਨੂੰ ਚਲਾ ਗਿਆ। ਘਰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਆਵਾਂਗਾ। ਉਦੋਂ ਕੀ ਪਤਾ ਸੀ?

ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਾ ਕਿ ਮਾਂ ਨੂੰ ਪੁਲਿਸ ਲੈ ਗਈ ਸੀ। ਘਰ ਨਾ ਉਦੋਂ ਭਾਪੇ ਹੋਰੀਂ ਸਨ ਤੇ ਨਾ ਛੋਟਾ ਭਰਾ। ਦੋਵੇਂ ਕੰਮ ’ਤੇ ਸਨ। ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗਵਾਂਢੀਆਂ ਨੇ ਦੱਸਿਆ ਕਿ ਮਾਸ਼ਟਰ ਦੀ ਮਾਂ ਨੂੰ ਰੋਂਦੀ ਕੁਰਲਾਉਂਦੀ ਨੂੰ ਚਿੱਟ ਕੱਪੜੀਏ ਪੁਲਸੀਏ ਲੈ ਗਏ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹੜੇ ਜ਼ਿਲ੍ਹੇ ਦੀ ਪੁਲਸ ਸੀ।

ਘਾਬਰੇ ਹੋਏ ਅਸੀਂ ਤਿੰਨੇ ਪਿਉ-ਪੁੱਤਰ ਐੱਸ.ਐੱਸ.ਪੀ. ‘ਮੀਨਾ’ ਕੋਲ਼ ਪੇਸ਼ ਹੋ ਗਏ। ਉਹਨੇ ਫੇਰ ਸਾਨੂੰ ਰੰਧਾਵੇ ਕੋਲ਼ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ਼ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉਥੇ ਹੀ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਵਿਚ ਬਿਠਾ ਦਿੱਤਾ। ਅਸੀਂ ਤਿੰਨੇ ਰਾਤ ਭਰ ਉਥੇ ਬੈਠੇ ਰਹੇ। ਨਾ ਸਾਡੇ ਕੋਲ਼ ਮੰਜਾ, ਬਿਸਤਰਾ, ਨਾ ਢਿੱਡ ਵਿਚ ਅੰਨ ਦਾ ਦਾਣਾ! ਨਾ ਹੀ ਕਿਸੇ ਨੇ ਸਾਨੂੰ ਰੋਟੀ, ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ। ਸਾਡੇ ਨਾਲ਼ ਹੋਰ ਵੀ ਕਿੰਨੇ ਹੀ ਘਸਮੈਲ਼ੇ ਤੇ ਦੁੱਖਾਂ ਮਾਰੇ ਜਾਪਦੇ ਪੇਂਡੂ ਚਿਹਰੇ ਬੈਠੇ ਸਨ। ਸਭ ਖ਼ਾਮੋਸ਼ ਸਨ।

ਸਵੇਰੇ ਪੰਜ ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ਼ ਡੀ.ਆਈ.ਜੀ. ਸ਼ੁਕਲ ਆ ਗਏ। ਸ਼ੁਕਲ ਨੂੰ ਵੀ ਮੈਂ ਪਿਛਲੀ ਗ੍ਰਿਫ਼ਤਾਰੀ ਵੇਲੇ ਦਾ ਪਛਾਣਦਾ ਸਾਂ। ਉਨ੍ਹਾਂ ਦੇ ਆਉਂਦਿਆਂ ਹੀ ਸਾਨੂੰ ਫਾਲਨ ਕਰ ਲਿਆ ਗਿਆ ਤੇ ਅੰਦਰ ਤਫ਼ਤੀਸ਼ੀ ਕਮਰਿਆਂ ਵਿਚ ਧੱਕ ਦਿੱਤਾ। ਅੱਗੇ ਸ਼ੁਕਲ ਤੇ ਰੰਧਾਵਾ ਕੁਰਸੀਆਂ ’ਤੇ ਬੈਠੇ ਸਨ ਤੇ ਉਨ੍ਹਾਂ ਦੇ ਬੁੱਚੜ ਸਿਪਾਹੀ ਕੋਲ਼ ਤਿਆਰ-ਬਰ ਤਿਆਰ ਖੜ੍ਹੇ ਸਨ। ਨਵੇਂ ਬੰਦੇ ਦਾ ਸਾਹ ਸੁੱਕ ਸਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਵਾਹ ਸੀ।
“ਜਨਾਬ, ਇਹਨਾਂ ਦਾ ਕੀ ਕਰਨੈ?” ਇੰਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ।
“ਸਫ਼ਾਰਸ਼ ਤੁਹਾਡੀ ਭੈਣ ਚੋ…, ਪਹਿਲਾਂ ਅੱਪੜ ਜਾਂਦੀ ਏ! ਕੀ ਕਹੀਏ ਹੁਣ ਤੁਹਾਨੂੰ?” ਰੰਧਾਵਾ ਕਹਿਣ ਲੱਗਾ।
“ਇਹੀ ਨੇ ਪ੍ਰਧਾਨ ਮਨਚੰਦੇ ਦੇ ਬੰਦੇ?” ਸ਼ੁਕਲ, ਰੰਧਾਵੇ ਨੂੰ ਪੁੱਛਣ ਲੱਗਾ।
“ਜੀ ਜਨਾਬ! ਮਨਚੰਦੇ ਦੇ ਈ ਬੰਦੇ ਐ! ਉਹੀ ਲੌਂਗੋਆਲ ਗਰੁੱਪ ਵਾਲ਼ਾ…।” ਰੰਧਾਵੇ ਨੇ ਕਿਹਾ।
“ਭੇਜੋ ਭੈਣ ਚੋ… ਨੂੰ!” ਸ਼ੁਕਲ ਨੇ ਕਿਹਾ। ਫੇਰ ਉਹਦੇ ਮਨ ਵਿਚ ਪਤਾ ਨਹੀਂ ਕੀ ਵਲੇਲ ਆਈ ਕਿ ਬਿਨਾਂ ਕਾਰਣ ਦੰਦੀਆਂ ਕਰੀਚਦਾ ੳੁੱਠਿਆ ਤੇ ਮੇਰੇ ਪਿਉ ਦੀ ਦਾੜ੍ਹੀ ਫੜਕੇ ਖਿੇੱਚਣ ਲੱਗ ਪਿਆ। ਨਾਲ਼-ਨਾਲ਼ ਪਾਗਲਾਂ ਵਾਂਗ ਕਹੀ ਜਾਏ, “ਕੁੱਤਿਆ! ਮੁੰਡਿਆਂ ਅਪਣਿਆਂ ਨੂੰ ਬੰਨ੍ਹ ਕੇ ਰੱਖ।”
ਉਹਦੀ ਦੇਖਾ-ਦੇਖੀ ਰੰਧਾਵੇ ਨੇ ਵੀ ਦੋ-ਤਿੰਨ ਠੁੱਡ ਸਾਡੇ ਦੋਹਾਂ ਦੇ ਬੈਠਿਆਂ ਕੱਢ ਮਾਰੇ। ਕੁਛ ਦੇਰ ਤੇ ਮੈਂ ਬਰਦਾਸ਼ਤ ਕੀਤਾ। ਫੇਰ ਮੇਰੇ ਹੱਥ ਲੋਹੇ ਦੀ ਨਿੱਕੀ ਬਾਲ਼ਟੀ ਆ ਗਈ, ਜਿਹੜੀ ਸ਼ਾਇਦ ਫ਼ਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ ਹੋਈ ਸੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਪਿੱਠ ’ਤੇ ਮਾਰੀ। ਨਿੱਕਾ ਭਰਾ ਮੇਰੀ ਹੱਲਾਸ਼ੇਰੀ ਨਾਲ਼ ਪਿਉ ਨੂੰ ਕੁੱਟਦੇ ਸ਼ੁਕਲ ਦੇ ਹੱਥੀਂ ਪੈ ਗਿਆ। ਬੱਸ ਫੇਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਨ੍ਹਾਂ ਸਾਨੂੰ ਡਾਂਗਾਂ, ਠੁੱਡਿਆਂ ਤੇ ਪਟਿਆਂ ਨਾਲ਼ ਕੁੱਟਿਆ। ਜਾਂਦਾ-ਜਾਂਦਾ ਸ਼ੁਕਲ ਕਹਿ ਗਿਆ…….

“ਹੋਸ਼ ਆਉਣ ’ਤੇ ਮਾਂ ਚੋ… ਨੂੰ ਬਾਹਰ ਸੁੱਟ ਆਇਆ ਜੇ! ਤੇ ਨਾਲ਼ੇ … ਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਉਗੇ।”

ਉਹ ਦਿਨ ਤੇ ਆਹ ਦਿਨ!

ਭਾਪਾ ਜੀ ਤੇ ਪੂਰੇ ਹੋ ਗਏ ਨੇ। ਅੱਜ ਤੇ ਉਨ੍ਹਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿਚ ਧੁੰਦਲਾ ਜਿਹਾ ਗਿਆ ਹੈ! ਭਰਾ ਨੂੰ ਆਖ਼ਰੀ ਵਾਰ ਸ਼ਿੰਟੀ ਖ਼ਰਾਦੀਏ ਨੇ ਨਾਨਕਮੱਤੇ ਯੂ.ਪੀ. ਦੋ ਕੁ ਸਾਲ ਹੋਏ, ਵੇਖਿਆ ਸੀ। ਉਹ ਉਥੇ ਹੀ ਕਿਸੇ ਪਿੰਡ ਵਿਚ ਫ਼ੋਟੋਗ੍ਰਾਫ਼ੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ਼ ਵੱਸ ਗਿਆ ਸੀ।

ਤੇ ਮਾਂ! ਮਾਂ ਦਾ ਚਿਹਰਾ ਏਨ੍ਹਾਂ ਦਸਾਂ ਸਾਲਾਂ ਵਿਚ ਵੀ ਧੁੰਦਲਾ ਨਹੀਂ ਪਿਆ।
ਪਰ ਮਾਂ ਨੂੰ ਫੇਰ ਮੈਂ ਕਦੀ ਨਹੀਂ ਮਿਲ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਤੇ ਕਿਤੇ ਪੰਜ-ਤੱਤਾਂ ਵਿਚ ਲੀਨ ਹੋ ਚੁੱਕੀ ਸੀ .
ਕੈਂਟਰ ਦੇ ਇੰਜਣ ਦੀ ਘੁਰ-ਘੁਰ ਨੇ ਮੇਰੀ ਬਿਰਤੀ ਤੋੜ ਦਿੱਤੀ। ਸਾਲਾਂ ਪਿੱਛੇ ਗਿਆ ਮੈਂ ਵਾਪਸ ਪਰਤ ਆਇਆ ਸਾਂ। ਜੱਸੇ ਮਰੂਤੀ ਵਾਲ਼ਾ ਕੈਂਟਰ ਆ ਗਿਆ ਸੀ। ਮੈਂ ਫੱਟ ਟਨਸ਼ਨ ਹੋ ਕੇ ਖੜ੍ਹਾ ਹੋ ਗਿਆ। ਏਨੇ ਨੂੰ ਅਜੈਬਾ ਤੇ ਸ਼ਰਮਾ ਵੀ ਬਾਹਰ ਨਿਕਲ਼ਦੇ ਮੈਂ ਵੇਖ ਲਏ ਸਨ। ਮੇਰੇ ਕੋਲ਼ੋਂ ਲੰਘਦੇ ਹੋਏ ਉਹ ਬਿਨਾਂ ਮੈਨੂੰ ਵੇਖੇ ਕੈਂਟਰ ਵਲ ਵਧ ਗਏ ਸਨ। ਉਨ੍ਹਾਂ ਦੀ ਨਜ਼ਰ ਵਿਚ ਕੀ ਮੈਂ ਤੇ ਕੀ ਕੋਈ ਹੋਰ ਆਦਮ-ਜਾਇਆ ਸਭ ਕੀੜੇ ਹੀ ਸਨ। ਏਨਾ ਚਿਰ ਏਹਨਾਂ ਬੁੱਚੜਾਂ ਵਿਚ ਰਹਿ-ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਹਨਾਂ ਦੇ ਦਿਲ-ਦਿਮਾਗ਼ ਵਿਚ ਭਾਵਨਾਵਾਂ ਵਾਲ਼ੀ ਥਾਂ ਸ਼ਾਇਦ ਜੰਗਾਲਿਆ ਲੋਹਾ ਭਰ ਦਿੱਤਾ ਹੈ। ਮੈਂ ਅਬੋਲ ਖੜ੍ਹਾ ਰਿਹਾ ਸਾਂ। ਚੰਨਾ, ਫ਼ਕੀਰੀਆ ਤੇ ਸ਼ਿੰਦਾ ‘ਸ਼ਪਾਹੀ’ ਵੀ ਕੈਂਟਰ ਕੋਲ਼ ਜਾ ਖੜ੍ਹੇ ਸਨ।
“ਉਏ ਤੂੰ? ਕੀ ਨਾ ਤੇਰਾ? ਏਧਰ ਆ ਜਾ ਭੈਣ ਦੇਣਿਆ। ਮੁੰਡਿਆਂ ਨਾਲ਼ ਲਗ ਜਾਹ ਤੇ ਏਸ ਮੁਰਦਾਰ ਨੂੰ ਪਰ੍ਹਾਂ ਆਪਣੇ ਆਲ਼ੀ ਕੋਠੜੀ ’ਚ ਲੈ ਜਾਹ! ਕਲ੍ਹ ਨੂੰ ਕਰਾਂਗੇ ਇਹਦਾ ਕੰਮ…।” ਅਜੈਬੇ ਨੂੰ ਮੈਂ ਹੁਣ ਦਿਖ ਪਿਆ ਸਾਂ।
ਅਪਣੇ ਚਿਹਰੇ ਉਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਧੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ਼ ਤੀਰ ਵਾਂਗ ਗਿਆ ਤੇ ਲਾਸ਼ ਜਿਹੀ ਨੂੰ, ਜੀਹਨੂੰ ਅਸੀਂ ਕਦੀ ‘ਜੱਸਾ ਮਰੂਤੀ’ ਕਿਹਾ ਕਰਦੇ ਸਾਂ, ਪੁਲਸੀਆਂ ਨਾਲ਼ ਹੱਥ ਪਵਾ ਕੇ ਕੈਂਟਰ ਵਿੱਚੋਂ ਲਾਹੁਣ ਲਗ ਪਿਆ ਸਾਂ।
ਪਰ ਜੱਸਾ ਮਰੂਤੀ! ਜੱਸਾ ਕਿੱਥੇ ਸੀ? ਇਹ ਤੇ ਕੋਈ ਲੋਥ ਜਿਹੀ ਸੀ। ਮੈਂ ਅਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿਚ ਵੇਖ ਕੇ ਝੂਰਦਾ ਸਾਂ, ਪਰ ਜੱਸੇ ਨੂੰ ਵੇਖ ਕੇ ਤੇ ਮੈਂ ਬਸ ਝੂਣਿਆ ਗਿਆ ਸਾਂ। ਸੱਜੀ ਅੱਖ ਜਿਹੜੀ ਕਾਲ਼ੀ ਹੋਈ ਪਈ ਸੀ, ਬੰਦ ਸੀ। ਤੇ ਅੱਖ ਦੇ ਨਾਲ਼ ਵਾਲ਼ਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਪਿਆ ਸੀ। ਐਨ ਜਿਵੇਂ ਮਤੀਰਾ ਪੂਰਾ ਤਿਆਰ ਹੋਵੇ ਤੇ ਕਿਸੇ ਨੇ ਫੇਹ ਦਿੱਤਾ ਹੋਵੇ। ਕਪੜਿਆਂ ਤੇ ਪੈਰਾਂ ’ਤੇ ਖ਼ੂਨ ਦੇ ਨਿਸ਼ਾਨ। ਤੇ ਉਹਨੂੰ ਹੱਥ ਪਵਾਂਦਿਆਂ ਮੇਰਾ ਧਿਆਨ ਜੱਸੇ ਦੀਆਂ ਬਾਹਵਾਂ ਵਲ ਚਲਾ ਗਿਆ ਸੀ।
“ਹੱਥ ਕਿਥੇ ਐ ਸੱਜਾ ਇਹਦਾ?” ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸਾਂ। ਤੇ ਹੱਥ ਦੀ ਥਾਂ ਇਕ ਸੁੱਕੇ ਲਹੂ ਵਾਲ਼ੀ ਪੱਟੀ ਵਾਲ਼ਾ ਟੁੰਡ ਜਿਹਾ ਮੇਰਾ ਮੂੰਹ ਚਿੜਾ ਰਿਹਾ ਸੀ।
“ਇਹਨੂੰ ਮਾਸਟਰ ਆਲ਼ੇ ਕਮਰੇ ਵਿਚ ਪਾ ਦਿਉ। ਕਿਉਂ ਉਏ, ਕੰਬਲ਼ ਹੈਗੇ ਈ ਨਾ ਲੋੜ ਜੋਗੇ?” ਸ਼ਰਮੇ ਨੇ ਕਿਹਾ।
“ਹਾਂ ਜੀ, ਹਾਂ ਜੀ! “ ਮੈਂ ਮਸ਼ੀਨ ਵਾਂਗ ਜਵਾਬ ਦਿੱਤਾ।
ਸਣੇ ਤਿੰਨ ਸਿਪਾਹੀਆਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿਚ ਜਾ ਲਿਟਾਇਆ। ਏਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ। ਵਿਚ ਵਿਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਲਿਟਾ ਕੇ ਚਲੇ ਗਏ। ਮੈਂ ਉਹਦੇ ਕੋਲ਼ ਹੀ ਜ਼ਮੀਨ ’ਤੇ ਬਹਿ ਗਿਆ। ਮੇਰੇ ਭੋਂ-ਬਿਸਤਰੇ ਉਪਰ ਉਹ ਲੇਟਿਆ ਹੋਇਆ ਸੀ। ਕੁਛ ਦੇਰ ਮੈਂ ਬੈਠਾ ਰਿਹਾ। ਫੇਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ਼ ਮੈਨੂੰ ਵੇਖ ਰਿਹਾ ਹੈ। ਉਹ ਮੈਨੂੰ ਪਛਾਣ ਗਿਆ ਸੀ ਤੇ ਕੁਛ ਕਹਿਣਾ ਲੋਚਦਾ ਸੀ।
“ਮੈਂ ਆ ਜੱਸਿਆ ਮਾਸ਼ਟਰ। ਤੇਰਾ ਪੁਰਾਣਾ ਬੇਲੀ, ਮਾਸ਼ਟਰ ਕਰਮ, ਪਛਾਣਿਆ?” ਮੈਂ ਗੱਲਬਾਤ ਤੋਰਨ ਲਈ ਕਿਹਾ।

“ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਸ਼ਿੰਦੇ ਸਿਪਾਹੀ ਕੋਲ਼ੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀ ਖਣੀ ਇਕ ਕਿ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐੱਸ.ਪੀ. ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸ਼ਟਰ ਕੋਲ਼ ਲੰਘਾ ਦਿਆ ਜੇ! ਬੜੀ ਮੁਸ਼ਕਲ ਉਹਦੇ ਮਨ ਮਿਹਰ ਪਈ ਏ। ਮਨ-ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖ਼ਾਤਰ ਜੀਤ ਸਪਰਿੰਗਾਂ ਆਲ਼ੇ ਦੇ ਚੁਬਾਰੇ ਦੀ ਦੱਸ ਪਾਈ ਏ! ਉਥੇ ਮੇਰਾ ਨਗਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ਤੇ ਜਿੰਦਰਾ ਮੇਰਾ ਈ ਏ, ਭਾਅ ਵੱਡਿਆ । ਦੋ ਲੱਖ ਦੀ ਪਈ ਏ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ।” ਜੱਸਾ ਬੜੀ ਚੜ੍ਹਦੀ ਕਲਾ ਵਾਲ਼ੀ ਆਵਾਜ਼ ਵਿਚ ਬੋਲ ਰਿਹਾ ਸੀ। ਪਹਿਲੇ ਮੈਨੂੰ ਯਕੀਨ ਨਾ ਆਵੇ ਕਿ ਏਨੇ ਹਿੱਲੇ ਅੰਜਰ-ਪੰਜਰ ਨਾਲ਼ ਵੀ ਕੋਈ ਏਨੀ ਬੁਲੰਦ ਆਵਾਜ਼ ਵਿਚ ਬੋਲ ਸਕਦੈ? ਫੇਰ ਆਪੇ ਹੀ ਮੈਨੂੰ ਬਘੇਲੇ ਦਾ ਚੇਤਾ ਆਇਆ। ਬਘੇਲੇ ਦਾ ਅੰਗ-ਅੰਗ ਗਿੱਲ ਨੇ ਕੋਲ਼ ਖੜੋ ਕੇ ਤੁੜਵਾਇਆ ਸੀ, ਪਰ ਮੌਤ ਦੀ ਆਖ਼ਰੀ ਘੜੀ ਤਕ ਉਹਦੀ ਆਵਾਜ਼ ਦਾ ਗੜ੍ਹਕਾ ਕਾਇਮ ਰਿਹਾ।

“ਭਾਅ ! ਤੂੰ ਇਹ ਕੀ ਹਾਲਤ ਕਰਵਾ ਲਈ ਊ? ਚੰਗਾ ਭਲਾ ਟਿਕਾਣੇ ਤੇ ਸੈਂ! ਸਬ-ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਵਿਚ। ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਏਥੇ ਵਖੌਣ ਦੀ? ਅੱਗੇ ਤੂੰ ਚੁਰਾਸੀ ਵਿਚ ਤੇ ਚੁਰਾਸੀ ਤੋਂ ਮਗਰੋਂ ਥੋੜ੍ਹਾ ਵਖਾਲਿਐ ਆਪਣਾ ਪਾਗਲਪਣ? ਹੋਰ ਕੀ ਕਸਰ ਸੀ ਭਲਾ….?” ਮੈਂ ਦੁਖੀ ਮਨ ਨਾਲ਼ ਏਨਾ ਹੀ ਕਹਿ ਸਕਿਆ।
“ਵੱਡਿਆ!” ਲੰਮੀ ਚੁੱਪ ਦੇ ਮਗਰੋਂ ਉਹ ਬੋਲਿਆ।
“ਹੂੰ?” ਮੈਂ ਪ੍ਰਸ਼ਨ ਚਿੰਨ੍ਹ ਬਣਿਆ ਬੈਠਾ ਸਾਂ।
“ਏਹ ਲੰਮੀ ਰਾਮ ਕਹਾਣੀ ਊ। ਜੇ ਕਿਤੇ ਕੁਦਰਤ ਨੇ ਇਕ ਅੱਧੀ ਰਾਤ ਉਮਰ ਲਮਕਾਈ ਏ, ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ। ਪਰ ਮੈਂ ਤੈਨੂੰ ਇਕ ਕੰਮ ਕਹਿਣਾ ਈ, ਤੇ ਨਾਂਹ ਨਾ ਕਰੀਂ। ਮੈਂ ਏਸੇ ਕੰਮ ਲਈ ਤੇਰੇ ਕੋਲ਼ ਆਇਆਂ। ਰੁਪਈਆ ਦੋ ਲੱਖ ਕੀ, ਮੈਂ ਹੋਰ ਵੀ ਸਾਰਾ ਕੁਛ ਦੇ ਦੇਣਾ ਸੀ ਸ਼ਰਮੇ ਨੂੰ। ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਛ ਦੇ ਜਾਊਂ। ਪਰ ਮੇਰੀ ਹਾਅ ਬੇਨਤੀ ਮੰਨ ਲਈਂ, ਜਿਹੜੀ ਮੈਂ ਹੁਣ ਕਰਾਂਗਾ।” ਉਹ ਜਿਵੇਂ ਬੁਝਾਰਤ ਬਣਿਆ ਖੜ੍ਹਾ ਸੀ।
“ਪੈਹੇ ਮੈਂ ਹੁਣ ਢੂਏ ’ਚ ਲੈਣੇ ਆ ਜੱਸਿਆ। ਤੂੰ ਦੱਸ ਭਾਅ! ਮੈਂ ਅੱਗ ਲੌਣੀ ਆਂ ਨੋਟਾਂ ਨੂੰ। ਕਾਗ਼ਜ਼ਾਂ ’ਚ ਮੈਂ ਮੋਇਆ ਪਿਆਂ। ਬਾਹਰ ਵੀ ਨਾ ਮੇਰੀ ਰੰਨ, ਨਾ ਕੰਨ, ਨਾ ਮਾਂ-ਪਿਉ। ਭਰਾ ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਵੀ ਮੋਇਆਂ ਬਰਾਬਰ। ਤੁੂੰ ਅਪਣੀ ਦੱਸ!” ਮੈਂ ਜਿਵੇਂ ਜ਼ਿੰਦਗੀ ਦੇ ਅਕੇਵੇਂ ਵਿਚੋਂ ਬੋਲ ਪਿਆ।
“ਹਾਂ! ਏਹ ਤੇ ਵੱਡਿਆ, ਤੂੰ ਠੀਕ ਆਹਨਾਂ ਇਆ, ਹਾਅ ਹਾ!” ਉਹ ਜਿਵੇਂ ਲੰਮੀ ਪੀੜ ਭਰੀ ਆਵਾਜ਼ ਵਿਚ ਬੋਲਿਆ।

ਫੇਰ ਸਾਡੇ ਦੋਹਾਂ ਵਿਚ ਲੰਮੀ ਚੁੱੱਪ ਛਾ ਗਈ। ਅਸੀਂ ਦੋਹੇਂ ਹੀ ਸੋਚੀਂ ਪੈ ਗਏ ਸਾਂ।

ਮਾਂ ਮੇਰੀ ਪੁਲਸ ਨੇ ਮਾਰ ਦਿੱਤੀ ਸੀ ਕਿ ਜਿਊਂਦੀ ਸੀ, ਅਸੀਂ ਇਸੇ ਸ਼ਸ਼ੋਪੰਜ ਵਿਚ ਪਏ ਤਿੰਨੇ ਰੁਲ਼ ਗਏ ਸਾਂ। ਪਿਉ ਮੇਰਾ ਤੇ ਮੰਜੇ ਤੇ ਪੈ ਗਿਆ। ਮੈਂ ਤੇ ਛੋਟਾ ਕਦੀ ਰੋਟੀਆਂ ਲਾਹੁੰਦੇ, ਕਦੀ ਡਾਕਟਰਾਂ ਵੱਲ ਭੱਜਦੇ, ਕਦੀ ਨੌਕਰੀਆਂ ਵੱਲ ਭੱਜਦੇ। ਹਾਰ ਕੇ ਮਾਈ ਰੱਖ ਲਈ। ਪਰ ਪਿਉ ਮੇਰੇ ਲਈ ਇਹ ਵਿਛੋੜਾ ਅਸਹਿ ਸੀ। ਕੁਛ ਦੇਰ ਬਾਅਦ ਮੈਨੂੰ ਜਿਵੇਂ ਦੀ ਖ਼ਬਰ ਮਿਲ਼ੀ, ਉਹ ਠੀਕ ਨਹੀਂ ਸੀ। ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ। ਦਿਲ ’ਤੇ ਅਜੇ ਤਕ ਅੰਦਰੋਂ ਨਹੀਂ ਮੰਨਦਾ, ਪਰ ਸੱਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ। ਉਦੋਂ ਹੀ ਪੁਲਸ ਬਾਰ-ਬਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਸੀ। ਕਦੀ ਆਟਾ ਮੰਡੀ, ਕਦੇ ਸੱਟੇ ਬਜ਼ਾਰ ’ਚ ਤੇ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਹੋਣਾ, ਮੈਨੂੰ ਜਾਂ ਭਰਾ ਨੂੰ ਇਕ ਅੱਧੀ ਰਾਤ ਥਾਣੇ ਬਠਾ ਲੈਣਾ। ਹਾਰ ਕੇ ਛੋਟੇ ਨੂੰ ਅਸੀਂ ਯੁੂ.ਪੀ. ਰਿਸ਼ਤੇਦਾਰਾਂ ਕੋਲ਼ ਭੇਜ ਦਿੱਤਾ। ਉਥੇ ਸਾਡੀ ਤਖਾਣਾ ਬਰਾਦਰੀ ਬਥੇਰੀ ਸੀ। ਮਾਂ ਦੀ ਖ਼ਬਰ ਮਿਲਣ ਤੋਂ ਮਹੀਨੇ ਤਕ ਮੈਂ ਦੁਬਿਧਾ ਵਿਚ ਰਿਹਾ ਫੇਰ ਦਿਲ ਕਰੜਾ ਕਰਕੇ ਅਸਤੀਫ਼ਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸ਼ਿਫਾਰਿਸ਼ ’ਤੇ ਸੰਤਾਂ ਦੇ ਟਹਿਲੂਆਂ ਵਿਚ ਸ਼ਾਮਲ ਹੋ ਗਿਆ। ਬੇਨਤੀ ਮੇਰੀ ਇੱਕੋ ਸੀ ਕਿ ਮੈਨੂੰ ਐੱਸ.ਪੀ. ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ। ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ, ਅਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿਜੀ ਹਥਿਆਰ ਸੇਵਾ ਵਿਚ ਪਾ ਦਿੱਤਾ ਸੀ।

ਮੈਂ ਉਥੇ ਇਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ। ਮੇਰੇ ਹਰਿਮੰਦਰ ਸਾਹਿਬ ਅਪੜ ਜਾਣ ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖ਼ਬਰ ਅੱਗ ਵਾਂਗ ਫੇੈਲੀ ਸੀ, ਉਹੀ ਪੁਲਿਸ ਹੁਣ ਮੇਰੇ ਘਰ ਵਲ ਮੂੰਹ ਨਹੀਂ ਸੀ ਕਰਦੀ। ਮੇਰੇ ਭਾਪਾ ਜੀ ਅਰਾਮ ਨਾਲ਼ ਰਹਿੰਦੇ ਪਏ ਸਨ। ਕੰਮ ਕਾਰ ’ਤੇ ਉਹ ਜਾਂਦੇ ਸਨ, ਪਰ ਹੁਣ ਮਸਾਂ ਆਪਣੇ ਖ਼ਰਚ ਜੋਗਾ ਕੰਮ ਕਰਦੇ ਸਨ।

ਉਥੇ ਹੀ ਪਹਿਲੀ ਵਾਰੀ ਮੈਨੂੰ ਇਹ “ਜੱਸਾ ਮਰੂਤੀ” ਮਿਲਿਆ ਸੀ। ਉਹ ਪੁਤਲੀ ਘਰ ਵਾਲੇ ਖਾੜਕੂ ਪੀ.ਟੀ ਦਾ ਪੁਰਾਣਾ ਸੰਗੀ ਸੀ। ਖ਼ਾਲਸਾ ਕਾਲਿਜ, ਅਮ੍ਰਿਤਸਰ ਦੇ ਨਾਲ਼ ਦੀਆਂ ਗਲ਼ੀਆਂ ਵਿਚ ਉਹਦਾ ਪੁਰਾਣਾ ਘਰ ਸੀ। ਪਿਛੋਂ ਪਿਉ ਉਹਦਾ ਯੂਨੀਵਰਸਿਟੀ ਦੇ ਮਗਰਲੇ ਰਾਹ ’ਤੇ ਪੈਂਦੇ ਘਣਪੁਰ ਦਾ ਸੀ। ਗ਼ਰੀਬ ਜੱਟ ਭਲੇ ਵੇਲੇ ਪਿੰਡੋਂ ਉਠ ਕੇ ਖ਼ਾਲਸਾ ਕਾਲਜ ਦੇ ਨਾਲ਼ ਵੱਸੇ ਗੁਰੂ ਨਾਨਕ ਵਾੜੇ ਆ ਵਸਿਆ ਸੀ। ਜੱਸਾ ਉਹਦੀ ਇੱਕੋ-ਇਕ ਵੱਡੀ ਉਮਰੇ ਹੋਈ ਔਲਾਦ ਸੀ। ਜਮਾਂਦਰੂ ਹੀ ਵਹਿਸ਼ੀ ਸੁਭਾ ਦਾ ਹੋਣ ਕਰਕੇ ਉਹਦੀ ਬਹਿਣੀ ਬਲੈਕੀਏ ਜਾਂ ਮਾਰਖੋਰੇ ਭਾਊਆਂ ਨਾਲ਼ ਹੋ ਗਈ ਸੀ। ਉਥੋਂ ਹੀ ਉਹਦੀ ਪੀ.ਟੀ. ਨਾਲ਼ ਯਾਰੀ ਪੈ ਗਈ ਸੀ। ਪੀ.ਟੀ. ਅੰਦਰ ਵੀ ਅਜਿਹੇ ਹੀ ਜਜ਼ਬੇ ਸਨ। ਦੋਹੈ ਅੰਤ ਨੂੰ ਸੰਤਾਂ ਦੀ ਸ਼ਰਨ ਜਾ ਪਏ ਸਨ। ਪੀ.ਟੀ. ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬੇ ਬਾਰਾ ਸਿੰਘ ਕੋਲ਼ੋਂ ਉਹਦੀਆਂ ਲੱਤਾਂ ਤੁੜਵਾ ਕੇ ਲੰਗਰ ਹਾਲ ਦੀ ਛੱਤ ’ਤੇ ਮਹੀਨੇ ਕੁ ਲਈ ਲੰਮਾ ਪਾ ਛੱਡਿਆ ਸੀ। ਉਦੋਂ ਤੇ ਜੱਸਾ ਝੁੂਠ ਮਾਰ ਕੇ ਸੰਤਾਂ ਕੋਲ਼ੋ ਬਚ ਗਿਆ ਸੀ, ਪਰ ਬਾਬੇ ਮਾਨੋਚਾਹਲ ਨੂੰ ਜੱਸਾ ਪਸੰਦ ਨਹੀਂ ਸੀ। ਉਹਨੇ ਤੇ ਬਾਬੇ ਬਾਰੇ ਨੇ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ, ਪਰ ਏਦੂੰ ਪਹਿਲਾਂ ਕਿ ਉਹਦਾ ਕੰਮ ਹੁੰਦਾ, ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ। ਉਦੋਂ ਹੀ ਕਿਧਰੇ ਅਪ੍ਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋਈ। ਜੱਸਾ ਬੱਬਰਾਂ ਕੋਲ਼ੋਂ ਤੇ ਗੁਰਚਰਨ ਲੰਮੇ ਕੋਲ਼ੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂਆ ਸੀ, ਸੂਚਨਾ ਲੈ ਕੇ ਬਲੂ ਸਟਾਰ ਤੋਂ ਪੰਜ ਕੁ ਦਿਨ ਪਹਿਲਾਂ ਹੀ ਬਾਗ ਵਾਲੀ ਗਲੀ ਵਿਚ ਪਾੜ ਪਾ ਕੇ ਚੌਂਕ ਪ੍ਰਾਗਦਾਸ ਕੋਲ਼ੋਂ ਤਰਨਤਾਰਨ ਵਲ ਨੂੰ ਨਿਕਲ਼ ਗਿਆ ਸੀ। ਪੀ.ਟੀ. ਤੇ ਉਹਦੇ ਸਾਥੀ ਅੰਦਰ ਪਰਿਕਰਮਾ ਵਿਚ ਤੇ ਬਾਬੇ ਸ੍ਰੀ ਚੰਦ ਦੇ ਉਦਾਸੀਨ ਅਖਾੜੇ ਵਿਚ ਫ਼ੌਜ ਨਾਲ਼ ਮੁਕਾਬਲਾ ਕਰਦੇ ਮਾਰੇ ਗਏ ਸਨ।

ਮੈਂ ਉਹਨੀਂ ਦਿਨੀਂ ਆਪ ਵੀ ਪਰਿਕਰਮਾ ਤੋਂ ਬਾਹਰ ਸਾਂ। ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ ’ਤੇ ਲਾਈ ਸੀ, ਪਰ ਮੈਂ ਨਾਂਹ ਕਰ ਗਿਆ ਸਾਂ। ਫੇਰ ਉਹਨੂੰ ਇੰਦਰ ਵਹਿਸ਼ੀ ਤੇ ਜੱਸੇ ਤੇ ਪੀ.ਟੀ. ਨੇ ਮਾਰਿਆ ਸੀ। ਸਿੰਘਾਂ ਨੇ ਮੇਰੀ ਇੱਕੋ ਇਕ ਤਮੰਨਾ, ਐਸ.ਪੀ. ਸ਼ਰਮੇ ਦੀ ਜਾਨ ਲੈਣ ਦੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿਚ ਭੇਜ ਦਿੱਤਾ। ਸ਼ਰਮਾ ਵੀ ਉਦੋਂ ਤਰਨਤਾਰਨ ਵਲ ਕੰਮ ਕਰ ਰਿਹਾ ਸੀ….।

“ਕੀ ਸੋਚਦੈਂ ਵੱਡਿਆ?” ਲੰਮੇ ਪਏ ਜੱਸੇ ਨੇ ਅਚਾਨਕ ਮੈਨੂੰ ਪੁਛ ਲਿਆ।
“ ਕੁਛ ਨਹੀਂ। ਬਸ ਪੁਰਾਣੇ ਦਿਨ ਯਾਦ ਆ ਗਏ।” ਮੈਂ ਕਿਹਾ।
“ਯਾਦ ਈ ਭਾਊ। ਮੈਂ ਪਹਿਲੀ ਵਾਰ ਤੈਨੂੰ ਬੀ.ਐਡ. ਖ਼ਾਲਸਾ ਕਾਲਜ ਦੇ ਸਮਾਗਮ ’ਤੇ ਵੇਖਿਆ ਸੀ। ਤੂੰ ਇਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ। ਨਾਲ਼ੇ ਤੁਹਾਡੀ ਕਲਾਸ ਨੇ ਕੱਵਾਲੀ ਪੇਸ਼ ਕੀਤੀ ਸੀ।”
ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੇਰੇ ਚਿਹਰੇ ’ਤੇ ਮੁਸਕੁਰਾਹਟ ਆ ਗਈ।
“ਤੂੰ ਕਿਵੇਂ ਉਥੇ ਸੀ?” ਮੈਂ ਕਿਹਾ

“ਅਸੀਂ ਭਾਅ ਵਿਹਲੜ ਤੇ ਲੋਫ਼ਰ ਨੰਬਰ ਇਕ ਸੀਗੇ। ਕਾਲਜ ਦੇ ਹਰ ਸਮਾਗਮ ਵਿਚ ਵੜ ਜਾਂਦੇ ਸਾਂ। ਇਕ ਤੇ ਮੇਰਾ ਘਰ ਈ ਕਾਲਜ ਦੀ ਜੜ੍ਹ ’ਚ ਸੀ। ਦੂਜਾ ਮੈਂ ਖ਼ਾਲਸਾ ਸਕੂਲ ਤੋਂ ਪੜਿਆ ਵਾਂ। ਮੇਰੇ ਲਈ ਕੀ ਔਖਾ ਸੀ?” ਜੱਸੇ ਨੇ ਕਿਹਾ।

ਅਚਾਨਕ ਬਾਹਰ ਰੌਲ਼ਾ ਪਿਆ। ਮੇਰਾ ਧਿਆਨ ਬਾਹਰ ਨੂੰ ਚਲਾ ਗਿਆ। ਸ਼ਾਮ ਢਲ਼ ਗਈ ਸੀ ਤੇ ਰਾਤ ਪੈ ਰਹੀ ਸੀ। ਰੌਲ਼ਾ ਸੁਣ ਕੇ ਮੈਂ ਬਾਹਰ ਚਲਾ ਗਿਆ। ਉਥੇ ਦੂਰੋਂ ਨਜ਼ਰ ਮਾਰਿਆਂ ਕੁਛ ਪਤਾ ਨਹੀਂ ਸੀ ਲਗਦਾ। ਪਰ ਏਨਾ ਪਤਾ ਲਗ ਗਿਆ ਕਿ ਅਜੈਬਾ ਥਾਣੇਦਾਰ ਤੇ ਫ਼ਕੀਰੀਆ ਆਪਸ ਵਿਚ ਖਹਿਬੜਦੇ ਪਏ ਸਨ। ਫ਼ਕੀਰੀਆ ਕਿਸੇ ਤੋਂ ਵੀ ਡਰਦਾ ਨਹੀਂ ਸੀ। ਥੋੜ੍ਹੀ ਦੇਰ ਮੈਂ ਖੜ੍ਹਾ ਰਿਹਾ। ਏਨੇ ਨੂੰ ਸ਼ੋਕੀ ਲਾਂਗਰੀ ਮੇਰੇ ਕੋਲ਼ੋਂ ਲੰਘਿਆ। ਮੈਂ ਹੌਲ਼ੀ ਜਿਹੀ ਵਾਜ ਵਿਚ ਉਹਨੂੰ ਮਾਜਰਾ ਪੁਛਿਆ।
“ਓ ਫ਼ਕੀਰੀਆ ਤੇ ਜੈਬਾ ਥਾਣੇਦਾਰ ਖਹਿਬੜ ਪਏ ਈ ਭਾਊ। ਜੈਬਾ ਫ਼ਕੀਰੀਏ ਨੂੰ ਰੁਪਈਆ ਦਸ ਹਜ਼ਾਰ ਸੁੱਟੂ ਈ। ਨਾਲ਼ੇ ਬੋਤਲਾਂ ਦੀ ਪੂਰੀ ਪੇਟੀ ਦਉੂ ਈ, ਪਈ ਉਹ ਜੱਸੇ ਨੂੰ ਮਾਰਕੇ ਮੰਡ ਵਲ ਸੁੱਟ ਆਏ, ਉਥੇ ਜਿਥੇ ਪਹਿਲਾਂ ਈ ਲਾਸ਼ਾਂ ਸੁੱਟਦੇ ਰਹੇ ਆਂ। ਪਰ ਫ਼ਕੀਰੀਆ ਅਗੋਂ ਗਾਹਲੀਂ ਡਹਿ ਪਿਆ ਈ ਅਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ।”
“ਫੇਰ?” ਮੈਂ ਸ਼ੋਕੀ ਨੂੰ ਹੋਰ ਕੁਰੇਦਿਆ।
“ਫੇਰ ਕੀ? ਅਜੈਬਾ ਕਹਿੰਦੈ, ਮਾਈਂਯਾਵੇ ਨੇ ਸਾਡੇ ਖਣੀਂ ਕਿੰਨੇ ਪੁਲਸੀਏ ਮਾਰੇ ਐ, ਆਪ ਹੀ ਪੁਲਸੀਆ ਹੋ ਕੇ ਵੀ। ਤੇ ਏਹੋ ਜਹੇ ਕੀੜੇ ਨੂੰ ਮਾਰਨ ’ਚ ਕੀ ਹਰਜ਼ ਐ?” ਅਗੋਂ ਫ਼ਕੀਰੀਆ ਕਹਿੰਦੈ, “ਮੈਂ ਕਿਹੜਾ ਥੋੜ੍ਹੇ ਬੰਦੇ ਮਾਰੇ ਐ? ਫੇਰ ਤੇ ਕਲ੍ਹ ਨੂੰ ਮੈਨੂੰ ਵੀ ਮਾਰ ਦਿਉ ਜੇ।”
“ਹੁਣ ਕੀ ਕਰਨਗੇ ਫੇਰ?” ਮੈਂ ਪੁੱਛਿਆ। ਮੈਨੂੰ ਪਤਾ ਸੀ ਕਿ ਸ਼ੋਕੀ ਨੂੰ ਸਭ ਪਤਾ ਹੋਏਗਾ। ਉਂਜ ਵੀ ਤਜਰਬੇ ਤੋਂ ਮੈਂ ਜਾਣ ਗਿਆ ਸਾਂ ਕਿ ਭੇਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਤੇ ਡਰਾਈਵਰਾਂ ਕੋਲ਼ ਹੀ ਹੁੰਦੇ ਨੇ।
“ਫੇਰ ਕੀ?”
“ਫੇਰ ਭਾਅ, ਹੁਣ ਚੰਨਾ ਨੱਥ ਤੇ ਕਿਰਪਾਲ ਹੌਲਦਾਰ ਤਿਆਰ ਨੇ ਏਹਦੀ ਟਿਕਟ ਕੱਟਣ ਲਈ। ਅਜੈਬੇ ਨੇ ਉਹੀ ਦਸ ਹਜ਼ਾਰ ਤੇ ਪੇਟੀ ਉਨ੍ਹਾਂ ਨੂੰ ਦੇਣੀ ਕਰ ’ਤੀ ਐ,” ਸ਼ੋਕੀ ਨੇ ਕਿਹਾ।
“ਕਦੋਂ?” ਮੈਂ ਸ਼ੋਕੀ ਨੂੰ ਸਪੱਸ਼ਟ ਪੁਛਿਆ।

“ਕਲ੍ਹ ਦੁਪਹਿਰੋਂ ਬਾਅਦ,” ਸ਼ੋਕੀ ਕਹਿ ਕੇ ਬਾਹਰ ਨੂੰ ਚਲਾ ਗਿਆ।

ਮੈਂ ਕਮਰੇ ਵਿਚ ਪਰਤ ਆਇਆ। ਜੱਸੇ ਨੇ ਰੌਲ਼ੇ ਦਾ ਕਾਰਣ ਪੁੱਛਿਆ। ਬੜੇ ਸਪੱਸ਼ਟ ਰੂਪ ਵਿਚ ਪੂਰੀ ਸਹਿਜ ਆਵਾਜ਼ ਵਿਚ ਮੈਂ ਕਿਹਾ, “ਕਲ੍ਹ ਦੁਪਹਿਰ ਤੋਂ ਬਾਦ ਤਿਆਰ ਰਹੀਂ। ਆ ਗਿਐ ਵੇਲਾ।”
ਲੰਮੀ ਚੁੱਪ ਤੋਂ ਬਾਅਦ ਉਹਨੇ ਕਿਹਾ –
“ਫੇਰ ਰੌਲਾ ਕਾਹਦਾ ਸੀ?”
“ਫ਼ਕੀਰੀਏ ਨੇ ਨਾਂਹ ਕਰ ਤੀ ਐ।” ਮੈਂ ਕਿਹਾ
“ਹੁਣ ਕੌਣ?” ਉਹਨੇ ਨਜ਼ਰਾਂ ਗੱਡ ਕੇ ਸਪੱਸ਼ਟ ਪੁਛਿਆ।
“ਚੰਨਾ ਤੇ ਕਿਰਪਾਲ!” ਮੈਂ ਏਨਾਂ ਕਹਿ ਕੇ ਚੁੱਪ ਵੱਟ ਗਿਆ। ਉਹ ਵੀ ਚੁੱਪ ਕਰ ਗਿਆ। ਕੁਛ ਦੇਰ ਸਿੱਧਾ ਪਏ ਰਹਿਣ ਬਾਅਦ ਉਸ ਕਿਹਾ, “ਮੈਨੂੰ ਪਾਸਾ ਦਵਾ ਦੇਹ!”
ਮੈਂ ਉਠਕੇ ਵੱਖੀ ਪਰਨੇ ਕਰ ਦਿੱਤਾ। ਅਚਾਨਕ ਮੈਨੂੰ ਉਹਦੇ ਕੱਟੇ ਹੱਥ ਦਾ ਖ਼ਿਆਲ ਆਇਆ –
“ਸੱਜਾ ਹੱਥ ਕਿਥੇ ਈ?”
“ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਐ ਹਫ਼ਤਾ ਕੁ ਪਹਿਲਾਂ।” ਉਹਨੇ ਜਵਾਬ ਦਿੱਤਾ।
“ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ਼, ਝਾੜੂ ਨੰਗਲ ਵਲ! ਚੀਮਾ ਰਟੈਰ ਹੋਣ ਵੇਲੇ ਉਹਨੂੰ ਭਰਤੀ ਕਰਾ ਗਿਆ ਸੀ ਹੌਲਦਾਰ! ਉਹਦੀ ਡਿਊਟੀ ਉਧਰਲੀ ਪੁਲਸ ਚੌਕੀ ’ਚ ਸੀ। ਬਸ ਮੈਨੂੰ ਪਤਾ ਸੀ, ਰਾਤ ਨੂੰ ਕਿਹੜੇ ਵੇਲੇ ਉਹ ਦੋ ਤਿੰਨ ਜਣੇ ਨਿਕਲਦੇ ਐ। ਦੋ ਸਨ, ਮੈਂ ਰੇੜ੍ਹ ਦਿੱਤੇ।” ਉਹਨੇ ਬਾਕੀ ਬਚਦੀ ਕਥਾ ਵੀ ਸੁਣਾ ਦਿੱਤੀ।
“ਫੇਰ?” ਮੈਂ ਪੁੱਛਿਆ।
“ਫੇਰ ਕੀ? ਚੀਮੇ ਨੂੰ ਪਤਾ ਲਗਾ ਈ ਸਾਲ ਕੁ ਬਾਅਦ! ਉਹ ਵੀ ਹਫ਼ਤਾ ਕੁ ਪਹਿਲਾਂ ਅਜੈਬੇ ਨੇ ਦੱਸਿਆ ਈ ਉਹਨੂੰ। ਉਹ ਅਜੈਬੇ ਕੋਲ਼ੋਂ ਮੈਨੂੰ ਮੰਗਦਾ ਸੀ। ਪੰਜ ਲੱਖ ਵੀ ਢੇਰੀ ਕਰਦਾ ਸੀ ਕਿ ਜੱਸੇ ਦੇ ਟੋਟੇ ਕਰਨ ਦਿਉ। ਅਜੈਬੇ ਨੇ ਪੰਜ-ਲੱਖ ਵੇਖ ਕੇ ਆਖ ਛੱਡਿਆ, “ਤੈਨੂੰ ਇਹ ਨੋਟਾਂ ਦੀ ਖਾਣ ਪੰਜ ਲੱਖ ’ਚ ਦੇ ਦਈਏ। ਕੁੱਟ ਜਿੰਨਾ ਮਰਜੀ ਲਾ, ਵੱਡਾਂ-ਮਾਰਾਂਗੇ ਅਸੀਂ ਆਪੇ।”
“ਅੱਛਾ?” ਮੈਂ ਹੁੰਗਾਰਾ ਭਰਿਆ। ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ, ਕਿਉਂਕਿ ਅੱਤ ਦੇ ਨੀਚ ਤੇ ਹੈਵਾਨਾਂ ਨਾਲ਼ ਤੇ ਮੈਂ ਆਪ ਕੰਮ ਕਰ ਚੁੱਕਾ ਸਾਂ ਕਈ ਸਾਲ । ਸੋ ਇਹ ਸਭ ਸਹਿਜ ਸੀ।

“ਫੇਰ ਕੀ?”
“ਆਹ ਸਾਰਾ ਅੰਜਰ-ਪੰਜਰ ਦੁਬਾਰਾ ਉਸੇ ਧੀ ਦੇ ਯਾਰ ਦਾ ਈ ਹਿਲਾਇਆ ਹੋਇਐ। ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆਇਆ ਤੇ ਹੱਥ ਵੱਢ ਗਿਆ। ਉਹ ਤੇ ਸਾਲ਼ਾ ਗਾਟਾ ਲਾਹੂ ਸੀ, ਪਰ ਅਜੈਬੇ ਤੇ ਨਿਰਮਲ ਨੇ ਫੜ ਲਿਆ।” ਉਸ ਕਿਹਾ।
ਲੰਮੀ ਚੁੱਪ ਬਾਅਦ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ-

“ਮੈਨੂੰ ਨਾ ਕੱਲ੍ਹ ਦੁਪਹਿਰੇ ਆਉਣ ਵਾਲ਼ੀ ਮੌਤ ਦਾ ਕੋਈ ਰੰਜ ਈ, ਤੇ ਨਾ ਈ ਏਸ ਹੱਥ ਦਾ। ਰੰਝ ਤੇ ਵੱਡਿਆ ਮੈਨੂੰ ਹੋਰ ਈ ਐੁ। ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਦੱਸ ਕੇ ਜਾਵਾਂਗਾ। ਨਾਲ਼ੇ ਤੈਥੋਂ ਕੁਝ ਮੰਗਣਾ ਵੀ ਏ।”

“ਤੈਨੂੰ ਯਾਦ ਏ, ਮੈਂ ਤੈਨੂੰ ਰੂਬੀ ਕੈਟ ਕੋਲ਼ੋਂ ਬਚਾਇਆ ਸੀ?” ਕੁਛ ਦੇਰ ਬਾਅਦ ਉਸ ਕਿਹਾ।
ਮੈਨੂੰ ਸਾਰੀ ਕਹਾਣੀ ਯਾਦ ਆ ਗਈ। ਰੂਬੀ ਕੈਟ ਪੁਲਸ ਦਾ ਬੰਦਾ ਸੀ। ਪਰ ਚਾਟੀ ਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜੱਥੇਦਾਰ ਬਣਿਆ ਬੈਠਾ ਸੀ। ਮੈਂ ਵੀ ਉਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ। ਰੂਬੀ ਨੂੰ ਪਤਾ ਲਗ ਗਿਆ ਤੇ ਉਹਨੇ ਥਾਣੇ ਬੀ. ਡਵਿਜ਼ਨ ਰਿਪੋਰਟ ਕਰ ਦਿੱਤੀ ਸੀ। ਉਥੇ ਕਿਤੇ ਜੱਸਾ ਹੀ ਤੈਨਾਤ ਸੀ। ਉਹਨੇ ਫੱਟ ਅਪਣੇ ਫੀਲੇ ਹੱਥ ਤੋਚੀ ਲਾਂਗਰੀ ਨੂੰ ਸੁਨੇਹਾ ਦਿੱਤਾ ਤੇ ਤੋਚੀ ਨੇ ਮੈਨੂੰ ਲਾਂਭੇ ਕਰ ਦਿੱਤਾ। ਸ਼ਾਮ ਨੂੰ ਹਨੇਰਾ ਪਏ ਮੈਂ ਤੇ ਤੋਚੀ ਨੇ ਰੂਬੀ ਨੂੰ ਗਲ਼ ਵਿਚ ਪਰਨਾ ਪਾ ਕੇ ਮਾਰ ਦਿੱਤਾ, ਜਦੋਂ ਉਹ ਬੇਫ਼ਿਕਰ ਹੋ ਕੇ ਸਕੱਤਰੀ ਬਾਗ਼ ਕੋਲ਼ੋਂ ਲੰਘ ਕੇ ਭਗਤਾਂ ਵਾਲ਼ੇ ਜਾ ਰਿਹਾ ਸੀ। ਲਾਸ਼ ਚੁੱਕ ਕੇ ਗੰਦੇ ਨਾਲ਼ੇ ਵਿਚ ਪੱਕੀ ਤਰ੍ਹਾਂ ਨੱਪ ਦਿੱਤੀ। ਰੂਬੀ ਦਾ ਤੇ ਅੱਜ ਤਕ ਖੁਰਾ ਨਹੀਂ ਲੱਭ ਸਕੀ ਪੁਲਸ, ਤੇ ਨਾ ਮੈਂ ਕਿਸੇ ਵੀ ਰਿਮਾਂਡ ਵਿਚ ਉਹਦਾ ਕਤਲ ਮੰਨਿਆ ਸਾਂ।
“ਹਾਂ। ਤੇਰੀ ਕਿਰਪਾ ਨਾਲ਼ ਉਦੋਂ ਮੈਂ ਮਸਾਂ ਬਚਿਆ ਸਾਂ।” ਮੈਂ ਜੱਸੇ ਨੂੰ ਦਿਲੋਂ ਕਿਹਾ।

ਕੁਛ ਦੇਰ ਬਾਅਦ ਮੇਰੀ ਅੱਖ ਲੱਗ ਗਈ। ਜੱਸੇ ਨੂੰ ਨੀਂਦ ਕਿੱਥੇ?

ਪੀ.ਟੀ. ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਗਾਂ ਖੁੱਲ੍ਹੀਆਂ ਸਨ। ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜ੍ਹਾਈਆਂ ਕਰ ਗਏ ਸਨ। ਜੱਸੇ ਨੇ ਉਥੋਂ ਬਚ ਨਿਕਲੇ ਜਿੰਦੇ, ਗਿੰਦਰ, ਬਾਬੇ ਮਾਨੋਚਾਹਲ ਜਾਂ ਸੁੱਖ ਹੋਰਾਂ ਨਾਲ਼ ਸੰਪਰਕ ਨਾ ਬਣਾਇਆ। ਉਧਰ ਫ਼ੌਜ ਤੇ ਪੁਲਸ ਸਾਰੇ ਹਾਰਡ ਕੋਰ ਅੱਤਵਾਦੀਆਂ ਨੂੰ ਲੱਭ ਰਹੀ ਸੀ। ਜੱਸਾ ਛੇਹਰਟੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ਼ ਮੁਸਤਫ਼ੇ ਆਲਮ ਦੀ ਕਾਲੀ ਬਿੱਲੀ ਬਣ ਗਿਆ। ਥੋੜ੍ਹੀ ਦੇਰ ਬਾਦ ਉਹ ਮਸ਼ਹੂਰ ਕੈਟ ਸੋਖੇ ਕਾਲ਼ੇ ਦੀ ਸਿਫ਼ਾਰਿਸ਼ ਨਾਲ਼ ਸਿਪਾਹੀ ਭਰਤੀ ਹੋ ਗਿਆ। ਸਾਨੂੰ ਇਹ ਸਭ ਖ਼ਬਰਾਂ ਮਿਲ਼ਦੀਆਂ ਸਨ। ਮਾਨੋਚਾਹਲ ਅਤੇ ਗੁਰਜੰਟ ਸਿੰਘ ਹੱਥਾਂ ’ਤੇ ਦੰਦੀਆਂ ਵੱਢਦੇ ਸਨ ਕਿ ਉਦੋਂ ਹੀ ਇਹਨੂੰ ਕਿਉਂ ਨਾ ਮਾਰ ਦਿੱਤਾ? ਉਧਰ ਜੱਸੇ ਨੂੰ ਤੇ ਖਾੜਕੂ ਲਹਿਰ ਦੇ ਅੱਡੇ, ਉਨ੍ਹਾਂ ਦੇ ਕੰਮ ਕਰਨ ਦਾ ਢੰਗ ਤਕ ਪਤਾ ਸੀ, ਉਹਨੇ ਕਈ ਇਨਾਮੀ ਸਿੰਘ ਮਾਰੇ ਤੇ ਤਰੱਕੀ ਕਰਦਾ ਛੋਟਾ ਥਾਣੇਦਾਰ ਬਣ ਗਿਆ ਸੀ। ਇੰਦਰਜੀਤ ਵਹਿਸ਼ੀ ਦੀ ਸੰਗਤ ਕਾਰਣ ਉਸ ਅੰਦਰ ਬੇਤਰਸੀ ਪੈਦਾ ਹੋ ਗਈ ਸੀ। ਇਕ ਉਹ ਆਪ ਵੀ ਜਮਾਂਦਰੂ ਸਖ਼ਤ ਤੇ ਵਹਿਸ਼ੀ ਸੀ। ਸੋਖੇ ਕਾਲ਼ੇ ਨਾਲ਼ ਰਲਣ ਕਰਕੇ ਉਸ ਅੰਦਰ ਉਹ ਬੇਤਰਸੀ ਪੈਦਾ ਹੋ ਗਈ ਸੀ, ਜਿਹੜੀ ਅਕਸਰ ਕਸਾਈਆਂ, ਨੀਮ ਪਾਗਲਾਂ ਜਾਂ ਅੰਨ੍ਹੀ ਤਾਕਤ ਨਾਲ਼ ਭੂਸਰੇ ਹੋਏ ਪਸ਼ੂਆਂ ਦੀਆਂ ਅੱਖਾਂ ਵਿਚ ਹੁੰਦੀ ਹੈ। ਸੋਖਾ ਕਾਲ਼ਾ ਤੇ ਇਕ ਦਿਨ ਅਮ੍ਰਿਤਸਰ ਅਪਣੇ ਘਰ ਬੈਠਾ ਹੀ ਭੂਪੀ ਜੋਗਪੁਰੀਏ ਹੱਥੋਂ ਮਾਰਿਆ ਗਿਆ, ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ। ਦਿੱਲੀ ਸਰਕਾਰਾਂ ਨੂੰ ਅੱਤਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ, ਉਹਦਾ ਨਾਂ ਹਰ ਏਜੰਸੀ ਵਿਚ ‘ਕੰਮ ਦੇ ਬੰਦੇ’ ਵਜੋਂ ਬੋਲਣ ਲਗ ਪਿਆ ਸੀ।

“ਇੰਦਰ ਵਹਿਸ਼ੀ ਨੂੰ ਕਿਉਂ ਮਾਰ ਤਾ ਸੀ ਖ਼ਾਲਿਸਤਾਨ ਲਿਬਰੇਸ਼ਨ ਵਾiਲ਼ਆਂ ਨੇ?” ਰਾਤ ਦਾ ਆਖ਼ਰੀ ਪਹਿਰ ਸੀ, ਜਦ ਮੈਂ ਨਿਰੰਤਰ ਜਾਗਦੇ ਜੱਸੇ ਨੂੰ ਪੁਛਿਆ। ਅਸੀਂ ਦੋਵੇਂ ਹੀ ਸੁੱਤੇ ਨਹੀਂ ਸਾਂ।

“ਉਹ ਦਰਅਸਲ ਅਸੀਂ ਵਰਪਾਲਾਂ ਦੇ ਕਿਸੇ ਟਾਊਟ ਨੂੰ ਮੌਕੇ ’ਤੇ ਫੜ ਕੇ ਮਾਰਨਾ ਸੀ। ਜਦ ਅਸੀਂ ਗੋਲ਼ੀ ਮਾਰਨ ਲਗੇ, ਇੰਦਰ ਵਹਿਸ਼ੀ ਕਹਿੰਦਾ: ‘ਥੋੜ੍ਹਾ ਨਜ਼ਾਰਾ ਵੀ ਬੰਨੀਏ’ ਤੇ ਉਹਨੇ ਲਿਬਰੇਸ਼ਨ ਆਲ਼ੇ ਜੱਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ, ਤੁਸੀਂ ਜਾਓ। ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ। ਨਾਲ਼ ਉਨ੍ਹਾਂ ਦਾ ਇਕ ਹੌਲ਼ੀ ਉਮਰ ਦਾ ਸਿੰਘ ਸੀ – ਪ੍ਰਤਾਪ ਸਿੰਘ । ਉਹ ਸਾਡੇ ਨਾਲ਼ ਰਿਹਾ। ਇੰਦਰ ਵਹਿਸ਼ੀ ਨੇ ਤੇ ਮੈਂ ਰਲ਼ ਕੇ ਨਹਿਰ ਕੇ ਕੰਢੇ ਜਾ ਕੇ ਉਸ ਟਾਊਟ ਨੂੰ ਮੂੰਹ ਵਿਚ ਕਪੜਾ ਦੇ ਕੇ ਉਹਦਾ ਅਸੀਂ ਬੰਦ ਬੰਦ ਕੱਟਿਆ। ਜਿਉਂ ਜਿਉਂ ਅਸੀਂ ਕੱਟੀਏ, ਉਹ ਮਰਨ ਤੋਂ ਪਹਿਲਾਂ ਤੜਫੇ। ਸਾਨੂੰ ਦੋਹਾਂ ਨੂੰ ਮਾਰ ਕਿਤੇ ਸਵਾਦ ਆਇਆ। ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਕੇ ਉਥੋਂ ਹੀ ਰਾਤੋ-ਰਾਤ ਕਸ਼ਮੀਰ ਠੱਠੇ ਕੋਲ਼ ਚਲਾ ਗਿਆ। ਅਸੀਂ ਪਿਛੋਂ ਉਹਦੇ ਸੰਤਾਲ਼ੀ ਦਾ ਪੂਰਾ ਬਰਸਟ ਮਾਰਿਆ ਕਿ ਉਹ ਠੱਠੇ ਕੋਲ਼ ਨਾ ਪਹੁੰਚ ਸਕੇ। ਪਰ ਉਹ ਬਚ ਗਿਆ, ਤੇ ਠੱਠੇ ਨੂੰ ਸਾਰੀ ਕਹਾਣੀ ਜਾ ਸੁਣਾਈ। ਮੈਨੂੰ ਖੁੜਕ ਗਈ ਸੀ, ਏਸ ਲਈ ਮੈਂ ਤੇ ਮੁੜ ਬਾਬੇ ਭਿੰਡਰਾਂਵਾਲ਼ੇ ਦੇ ਦਰਬਾਰ ਵਿਚ ਨਹੀਂ ਸੀ ਗਿਆ। ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ? ਉਹ ਅੰਦਰ ਪਰਿਕਰਮਾ ’ਚ ਚਲਾ ਗਿਆ ਤੇ ਉਥੋਂ ਹੀ ਠੱਠੇ ਹੁਰਾਂ ਉਹਨੂੰ ਬਾਹਰ ਗੁਰੂ ਰਾਮ ਦਾਸ ਸਰਾਂ ਵਿਚ ਲਿਜਾ ਕੇ ਟੋਟੇ ਕਰਕੇ ਤਰਨਤਾਰਨ ਰੋਡ ਵਲ ਕਿਧਰੇ ਉਜਾੜ ਵਿਚ ਪੈਟਰੋਲ ਪਾ ਕੇ ਸਾੜ ਘੱਤਿਆ ਸੀ।” ਜੱਸੇ ਨੇ ਸਾਰੀ ਕਹਾਣੀ ਦੱਸ ਦਿੱਤੀ।

“ਪਰ…ਪਰ ਭਾਅ। ਤੂੰ ਗਿੰਦੋ ਸ਼ਪੈਹਣ ਕਾਹਨੂੰ ਮਾਰ ਘੱਤੀ?” ਮੈਂ ਝਿਜਕ ਕੇ ਪੁੱਛ ਹੀ ਲਿਆ।
“ਉਹ ਮੇਰੀ ਘਰਦੀ ਨਹੀਂ ਸੀ, ਉਦਾਂ ਹੀ ਰੱਖੀ ਹੋਈ ਸੀ ਰਖੇਲ ਵਾਂਗ। ਪਰ ਉਹ ਮੈਨੂੰ ਟੋਕਣ ਬਹੁਤ ਲੱਗ ਪਈ ਸੀ। ਜਦੋਂ ਮੈਂ ਸ਼ਰਾਬ ਨਾਲ਼ ਡੱਕਿਆ ਉਹਦੇ ਆਲੇ ਘਰ ਹੀ ਜਾਂਦਾ, ਉਹ ਮੈਨੂੰ ਟੋਕਦੀ। ਇਕੱਲੀ ਰਹਿੰਦੀ ਸੀ ਉਹ। ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ, ਪਾਗਲ ਹੋ ਕੇ ਮੈਂ ਹੱਥਾਂ ਵਿਚ ਚਾਕੂ ਮਾਰ-ਮਾਰ ਲਹੂ ਕੱਢਦਾ, ਜਾਂ ਕੰਧ ਨਾਲ਼ ਸਿਰ ਭੰਨਦਾ। ਉਹ ਤੰਗ ਆ ਜਾਂਦੀ। ਇਕ ਦਿਨ ਗੁੱਸੇ ’ਚ ਮੈਥੋਂ ਉਹਦੇ ਗੋਲ਼ੀ ਮਾਰੀ ਗਈ। ਮੈਂ ਸਰਕਾਰੀ ਜੀਪ ’ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕ ਤੀ। ਏਦਾਂ ਈ ਪਹਿਲਾਂ ਮੈਂ ਤਰਨਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸੀ। ਉਦੋਂ ਖਬਾਰਾਂ ’ਚ ਬੜਾ ਰੌਲ਼ਾ ਪਿਆ ਸੀ, ਪਰ ਆਪੇ ਈ ਸਭ ਚੁੱਪ ਕਰ ਗਏ ਸਨ।” ਜੱਸਾ ਉਧੜਦਾ ਜਾਂਦਾ ਸੀ।
“ਭਾਅ…। ਤੇਰੀ ਵਹੁਟੀ ਤੇ ਬੱਚਾ ਵੀ ਸੀਗੇ। ਨਿੱਕੀ ਉਮਰੇ ਤੇਰੇ ਪਿਉ ਨੇ ਤੇਰੇ ਲਈ ਜਿਹੜੀ ਸਹੇੜੀ ਸੀ। ਉਹ ਨਹੀਂ ਕਦੀ ਮਿਲੇ?” ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵਲ ਦਵਾਇਆ।
“ਭਾਅ। ਉਹ ਤੇ ਮੈਂ ਸੰਨ ਇਕਾਸੀ ਦੇ ਛੱਡੇ ਈ। ਮੈਂ ਉਦੋਂ ਮਸਾਂ ਉਨੀਆਂ ਵੀਹਾਂ ਦਾ ਹੋਵਾਂਗਾ। ਉਹ ਤੇ ਐਸੀ ਮੈਂ ਛੱਡੀ, ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਅਲ ਨੂੰ ਮੂੰਹ ਨਹੀਂ ਕੀਤਾ। ਮੁੰਡਾ ਮੇਰਾ ਵੀ ਉਥੇ ਹੀ ਹੋਇਆ ਸੀ” ਉਹ ਫਿਸ ਜਿਹਾ ਪਿਆ।
“ਯਾਦ ਆਉਂਦਾ ਕਦੇ?” ਮੈਂ ਕਿਹਾ

“ਨਹੀਂ।” ਉਹਦਾ ਚਿਹਰਾ ਫਿਰ ਸਖ਼ਤ ਹੋ ਗਿਆ।

ਬਰਨਾਲ਼ਾ ਸਰਕਾਰ ਜਦੋਂ ਸਤਾਸੀ ਵਿਚ ਆਈ ਤੇ ਚਲੀ ਵੀ ਗਈ, ਉਦੋਂ ਮੈਨੂੰ ਕੁਛ ਮਹੀਨਿਆਂ ਲਈ ਆਮ ਮਾਫ਼ੀ ਮਿਲ਼ ਗਈ ਸੀ। ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸਨ। ਮੇਰੇ ਪਿਤਾ ਜੀ ਵੀ ਉਦੋਂ ਹੀ ਚੜ੍ਹਾਈ ਕਰ ਗਏ ਸਨ। ਮੈਂ ਉਹਨੀਂ ਦਿਨੀਂ ਘਰ ਹੀ ਰਹਿੰਦਾ ਸਾਂ। ਕਈ ਮੇਰੇ ਸਾਥੀ ਬਰਨਾਲ਼ਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਸਨ, ਕਈ ਬਿਜਲੀ ਬੋਰਡ ਵਿਚ। ਕਈਆਂ ਨੂੰ ਮਿੰਨੀ ਬੱਸਾਂ ਪਵਾ ਦਿੱਤੀਆਂ ਗਈਆਂ ਸਨ। ਭਾਪੇ ਹੁਰਾਂ ਨੂੰ ਗੁਜ਼ਾਰਿਆਂ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਰਨਾਲ਼ਾ ਸਰਕਾਰ ਡਿੱਗ ਪਈ ਸੀ। ਮੈਂ ਵੀ ਵੀਹ ਕੁ ਹਜ਼ਾਰ ਦਾ ਲੋਨ ਲੈ ਰੱਖਿਆ ਸੀ, ਪਰ ਕਿਸੇ ਕੰਮ ਨੂੰ ਰੂਹ ਹੀ ਨਹੀਂ ਸੀ ਕਰਦੀ। ਭਰਾ ਪੱਕਾ ਹੀ ਯੂ.ਪੀ. ਵਸ ਗਿਆ ਸੀ। ਬਰਨਾਲ਼ਾ ਸਰਕਾਰ ਦੇ ਡਿੱਗਣ ਦੀ ਦੇਰ ਸੀ ਕਿ ਫੇਰ ਪੁਲਸ ਗੇੜੇ ਕੱਢਣ ਲੱਗ ਪਈ। ਉਹੀ ਕੁਚੱਕਰ। ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ। ਇਸ ਵਾਰ ਮੈਂ ‘ਪੈਂਟਾ ਗਰੁੱਪ’ ਨਾਲ਼ ਰਲਿਆ ਸਾਂ। ਉਨ੍ਹਾਂ ਕੋਲ਼ ਪੱਕੀਆਂ ਠਾਹਰਾਂ ਤੇ ਨਵੇਂ ਹਥਿਆਰ ਸਨ। ਕਦੀ ਕਦੀ ਮੈਨੂੰ ਜੱਸੇ ਦੀ ਸ਼ੋਅ ਮਿਲਦੀ ਤੇ ਉਹਨੂੰ ਮੇਰੀ, ਪਰ ਉਦੋਂ ਹੋਰ ਕੁਛ ਪੋਂਹਦਾ ਹੀ ਨਹੀਂ ਸੀ। ਇਕ ਵਾਰ ਢੰਡ ਕਸੇਲ, ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ। ਮੈਂ ਇਕੱਲਾ ਮੋਟਰ-ਸਾਈਕਲ ਤੇ ਜਾ ਰਿਹਾ ਸਾਂ। ਉਧਰੋਂ ਜੱਸਾ ਨਾਕਾ ਲਾਈ ਖੜ੍ਹਾ ਸੀ। ਪੁਲਸ ਨੇ ਰੋਕਿਆ ਤੇ ਮੇਰੀ ਪੁੱਛ-ਗਿੱਛ ਸ਼ੁਰੂ ਕੀਤੀ। ਜੱਸਾ ਤਿੰਨ ਸਟਾਰ ਲਾਈ ਖੜ੍ਹਾ ਸੀ। ਅਸਾਂ ਦੋਹਾਂ ਇਕ ਦੂਸਰੇ ਨੂੰ ਪਛਾਣ ਲਿਆ। ਬੋਲਿਆ ਕੋਈ ਵੀ ਨਾ। ਉਹਨੇ ਹੱਥ ਦੇ ਇਸ਼ਾਰੇ ਨਾਲ਼ ਕਿਹਾ “ਜਾਣ ਦਿਉ ਮੁੰਡਿਓ ਇਹਨੂੰ।”

ਮੈਂ ਵੀ ਚੁੱਪ-ਚਾਪ ਚਲਾ ਗਿਆ ਸਾਂ।

ਸਵੇਰ ਹੋ ਰਹੀ ਸੀ, ਜਦ ਜੱਸੇ ਨੇ ਮੇਰੇ ਕੋਲ਼ੋਂ ਪਾਣੀ ਮੰਗਿਆ। ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਿਟਾ ਦਿੱਤਾ। ਅਚਾਨਕ ਉਹ ਬੋਲਿਆ
“ਮਾਸਟਰਾ ! ਮੈਨੂੰ ਤੇਰੀ ਮਾਂ ਦਾ ਮਰੀ ਦਾ ਬੜਾ ਮਸੋਸ ਈ।”
“ਛੱਡ ਹੁਣ।” ਮੈਂ ਕਿਹਾ। ਪਰ ਅਚਾਨਕ ਮਾਂ ਦਾ ਜ਼ਿਕਰ ਆ ਜਾਣ ਨਾਲ਼ ਮੇਰਾ ਗੱਚ ਭਰ ਆਇਆ ਸੀ।
“ਮਾਸਟਰਾ। ਮੇਰੀ ਇਕ ਗਲਤੀ ਹੈ ਈ। ਮੈਂ ਤੇਰੇ ਦੋਸ਼ੀ ਸ਼ਰਮੇ ਅੱੈਸ.ਪੀ. ਨਾਲ਼ ਸਾਲ ਕੁ ਕੰਮ ਕੀਤੈ। ਉਦੋਂ ਤੇਰੀ ਬੜੀ ਚੜ੍ਹਾਈ ਸੀ ਪੰਜਾਬ ’ਚ। ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ। ਪਰ ਕੀ ਦੱਸਾਂ, ਮੈਨੂੰ ਉਦੋਂ ਪੈਹੇ ਦਾ ਲਾਲਚ ਬੜਾ ਹੀ, ਮੈਨੂੰ ਮਾਰ ਗਿਆ।” ਉਹ ਪੂਰੀ ਤਰ੍ਹਾਂ ਉਧੜ ਰਿਹਾ ਸੀ।

“ਛੱਡ। ਗੱਲ ਨੂੰ ਦਫ਼ਾ ਕਰ ਹੁਣ।” ਮੈਂ ਇਹ ਗੱਲਾਂ ਤੇ ਸ਼ਰਮੇ ਸੀਨੀਅਰ ਦਾ ਜ਼ਿਕਰ ਵੀ ਸੁਣਨਾ ਨਹੀਂ ਸੀ ਚਾਹੁੰਦਾ। ਸੋ ਮੈਂ ਗੱਲ ਮੁਕਾਈ।

ਘੰਟੇ ਕੁ ਬਾਦ ਜਦੋਂ ਟਿੱਕੀ ਪੁੂਰੀ ਚੜ੍ਹ ਆਈ, ਚੰਨਾ ਤੇ ਕਿਰਪਾਲ ਆ ਗਏ। ਕਿਰਪਾਲ ਘਰੋਂ ਆਇਆ ਸੀ, ਪਰ ਚੰਨਾ ਉਥੇ ਹੀ ਸੌਂਦਾ ਸੀ। ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ, ਪਰ ਵਰਿ੍ਹਆਂ ਤੋਂ ਬੰਦ ਪਿਆ ਸੀ। ਇਥੇ ਪੰਜਾਬ ਪੁਲਸ ਦਾ ਟਾਰਚਰ ਸੈਂਟਰ ਸੀ ਤੇ ਸੀ.ਆਈ.ਡੀ. ਦਾ ਵੀ ਵਿੰਗ ਸੀ। ਪਿਛਲਾ ਹਾਲ ਸੀ.ਆਰ.ਪੀ. ਕੋਲ਼ ਸੀ। ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕੰਮ ਵਿਚ ਦਖ਼ਲ ਨਹੀਂ ਸੀ ਦੇਂਦੀ। ਚੰਨੇ ਤੇ ਉਹਦੇ ਵਰਗੇ ਕਈ ਸ਼ਪਾਹੀ ਤੇ ਹੌਲਦਾਰ ਉਥੇ ਹੀ ਖ਼ਾਲੀ ਕਮਰਿਆਂ ਵਿਚ ਸੌਂ ਛੱਡਦੇ ਸਨ।
“ਹਾਂ ਬਈ। ਤਿਆਰ ਏਂ? ਚੰਨੇ ਨੇ ਬੜੇ ਇਤਮੀਨਾਨ ਨਾਲ਼ ਲੰਮੇ ਪਏ ਜੱਸੇ ਨੂੰ ਕਿਹਾ। ਕਿਰਪਾਲ ਬਿਲਕੁਲ ਚੁੱਪ ਸੀ। ਕਿਰਪਾਲ ਦੀ ਆਦਤ ਸੀ, ਬੰਦਾ ਕੁੱਟਣ ਲੱਗਾ ਵੀ ਤੇ ਮਾਰਨ ਲੱਗਾ ਵੀ ਚੁੱਪ ਰਹਿੰਦਾ ਸੀ। ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਊ ਹੁੰਦੀ ਸੀ। ਜਦੋਂ ਮੈਨੂੰ ਬੱਬੁੂ ਟਾਊਟ ਦੀ ਮੁਖ਼ਬਰੀ ਤੇ ਚੱਬੇ ਅਲੋਂ ਫੜ ਕੇ ਇਥੇ ਲਿਆਏ ਸਨ, ਉਦੋਂ ਕਿਰਪਾਲ ਨੇ ਹੀ ਮੈਨੂੰ ਸਭ ਤੋਂ ਵਧ ਤਸੀਹੇ ਦਿੱਤੇ ਸਨ।
“ਤਿਆਰ ਆਂ। ਤੁੂੰ ਦੱਸ, ਕਦੋਂ ਟਿਕਟ ਕੱਟਣਾ ਆ ਮੇਰਾ?” ਜੱਸਾ ਨਿਰਭੈ ਸੀ।
“ਦੁਪਹਿਰੋਂ ਬਾਦ।” ਕਿਰਪਾਲ ਨੇ ਹੌਲ਼ੀ-ਜਿਹੀ ਕਿਹਾ ਤੇ ਫੇਰ ਦੋਹੇਂ ਚਲੇ ਗਏ।
“ਭਾਅ। ਹੁਣ ਵੇਲਾ ਆ ਗਿਐ। ਮੈਨੂੰ ਤੇਰੀ ਲੋੜ ਐ। ਮੈਂ ਐਵੇਂ ਨਹੀਂ ਸ਼ਰਮੇ ਨੂੰ ਦੋ ਲੱਖ ਦੇ ਕੇ ਤੇਰਾ ਸਾਥ ਮੰਗਿਆ।” ਜੱਸਾ ਉਨ੍ਹਾਂ ਦੋਹਾਂ ਦੇ ਜਾਂਦਿਆਂ ਹੀ ਮੈਨੂੰ ਕਹਿਣ ਲੱਗਾ।
“ਦੱਸ। ਸੇਵਾ ਦੱਸ? “ ਮੈਂ ਦਿਲੋਂ ਕਿਹਾ।
“ਭਾਅ! ਚੰਨਾ ਨੱਥ ਤੇ ਕਿਰਪਾਲ, ਤੇਰੇ ਨਾਲ਼ ਦੋਹੇਂ ਬੜੇ ਸੂਤਰ ਇਆ। ਤੂੰ ਇਹਨਾਂ ਨੂੰ ਕਹਿ ਕਿ ਮੇਰੀ ਛਾਤੀ ਉਪਰੋਂ ਟਰੱਕ ਲੰਘਾ ਕੇ ਮੈਨੂੰ ਮਾਰਨ। ਮੈਂ ਗੋਲੀ ਨਾਲ਼ ਨਹੀਂ ਮਰਨਾ ਚਾਹੁੰਦਾ।” ਉਹਨੇ ਪੱਕੀ ਆਵਾਜ਼ ਵਿਚ ਕਿਹਾ।
ਹੈਰਾਨੀ ਨਾਲ਼ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਮੈਂ ਕਦੀ ਤਵੱਕੋ ਨਹੀਂ ਸੀ ਕੀਤੀ ਕਿ ਜੱਸਾ ਏਦਾਂ ਦੀ ਮੌਤ ਮੰਗੇਗਾ। ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ-
“ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ?”
“ਮੈਂ ਜੋ ਕਹੇਂ, ਦੇਣ ਨੂੰ ਤਿਆਰ ਆਂ। ਅਜੇ ਵੀ ਮੇਰੇ ਕੋਲ਼ ਇਕ ਜਗ੍ਹਾ ਡੇਢ-ਲੱਖ ਦੱਬਿਆ ਪਿਆ। ਮੈਂ ਚੰਨੇ ਨੱਥ ਹੁਰਾਂ ਨੂੰ ਜਗ੍ਹਾ ਦੱਸਦਾਂ। ਬਸ ਮੇਰਾ ਵੀਰ, ਤੂੰ ਕਹਿ ਕੁਹਾ ਕੇ ਉਨ੍ਹਾਂ ਨੂੰ ਰਾਜ਼ੀ ਕਰ ਲੈ, ਪਈ ਉਹ ਮੈਨੂੰ ਛਾਤੀ ਤੋਂ ਟਰੱਕ ਲੰਘਾ ਕੇ ਮਾਰਨ।” ਉਹ ਮੇਰੇ ਤਰਲੇ ਪਾਉਣ ’ਤੇ ਉਤਰ ਆਇਆ ਸੀ।
ਹੁਣ ਮੈਨੂੰ ਕੁਛ ਸੁੱਝ ਨਹੀਂ ਸੀ ਰਿਹਾ। ਮੈਂ ਹਾਰਕੇ ਸਖ਼ਤੀ ਨਾਲ਼ ਕਿਹਾ –
“ਯਾਰ, ਤੂੰ ਕਮਲਾ ਇਆਂ। ਦੱਸ ਭਲਾ ਇੰਜ ਮੰਗਿਆਂ ਵੀ ਮੌਤ ਮਿਲਦੀ ਐ?”
ਉਹ ਲੰਮਾ ਪਿਆ ਬਾਰ-ਬਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ਼ ਜਾ ਕੇ ਗੱਲ ਕਰਾਂ। ਉੱਠ ਕੇ ਮੈਂ ਚੰਨੇ ਕੋਲ਼ ਉਹਦੇ ਕਮਰੇ ਵਿਚ ਚਲਾ ਗਿਆ। ਸਾਰੀ ਗੱਲ ਸੁਣ ਕੇ ਚੰਨਾ ਪਾਗਲਾਂ ਵਾਂਗ ਹੱਸਣ ਲਗ ਪਿਆ ਤੇ ਮੈਨੂੰ ਕਹਿਣ ਲੱਗਾ-
“ਭੈਣ ਦਾ ਯਾਰ। ਹੁਣ ਸੌਖੀ ਮੌਤ ਮੰਗਦੈ। ਪਹਿਲਾਂ ਆਪ ਪੁਲ਼ਸੀਆ ਹੋ ਕੇ ਵੀ ਸਾਡੇ ਪੁਲ਼ਸੀਏ ਭਰਾ ਮਾਰਦਾ ਰਿਹੈ ਚੋਰੀ। ਹੁਣ ਡਰਦੈ? ਅਜੈਬੇ ਨੇ ਤੇ ਇਹਦੇ ਲਈ ਸਾਨੂੰ ਬੜਾ ਸਖ਼ਤ ਆਡਰ ਕੱਢਿਐ। ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਕੇ ਦਿੱਤੈ। ਅਸੀਂ ਇਥੋਂ ਹੀ ਇਹਦੇ ਗਲ ’ਚ ਲੋਹੇ ਦਾ ਫੰਦਾ ਪਾਉਣੈ, ਤੇ ਤੜਫਾਂਦੇ ਨੂੰ ਮੰਡ ਲਿਜਾ ਕੇ ਮਾਰ ਕੇ ਸੁੱਟਣੈ। ਇਹਦਾ ਸਾਹ ਅਸੀਂ ਅੱਧਾ-ਪੌਣਾ ਘੰਟਾ, ਨਾ ਆਉਣ ਦੇਣੈ, ਤੇ ਨਾ ਇਹਨੂੰ ਮਰਨ ਦੇਣਾ ਏ। ਤੂੰ ਜਾ ਕੇ ਦੱਸ ਦੇਹ ਉਹਨੂੰ।”

ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ। ਉਹ ਚੁੱਪ ਹੋ ਗਿਆ। ਮੈਂ ਵੀ ਕੁਛ ਚਿਰ ਖ਼ਾਮੋਸ਼ ਰਿਹਾ। ਹਾਰ ਕੇ ਮੈਂ ਕਿਹਾ –
“ਭਾਅ। ਤੂੰ ਹਾਅ, ਏਦਾਂ ਦੀ ਮੌਤ ਕਿਉਂ ਮੰਗਦੈਂ?
“ਮੈਨੂੰ ਪਤਾ ਸੀ, ਤੂੰ ਇਹ ਸੁਆਲ ਕਰੇਂਗਾ। ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ। ਹੁਣ ਮੇਰੇ ਕੋਲ਼ ਸਮਾਂ ਘੱਟ ਏ। ਮੈਂ ਦਿਲ ਤੋਂ ਬੋਝ ਲਾਹੁਣਾ ਚਾਹੁੰਨਾਂ। ਤੂੰ ਪਹਿਲਾ ਤੇ ਆਖ਼ਰੀ ਸ਼ਖਸ ਏਂ, ਜੀਹਨੂੰ ਮੈਂ ਇਹ ਭੇਤ ਦੱਸ ਕੇ ਮਰਨੈ।” ਉਹ ਮੇਰੇ ਵਲ ਵੇਖ ਕੇ ਕਹਿਣ ਲੱਗਾ।
“ਮੈਨੂੰ ਪਾਸਾ ਦਵਾ ਦੇਹ।” ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ। ਮੈਂ ਪਾਸਾ ਦਵਾ ਦਿੱਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ਼ ਹੋ ਕੇ ਕੰਧ ਨਾਲ਼ ਢੋਹ ਲਾ ਕੇ ਬਹਿ ਗਿਆ। ਹੁਣ ਮੈਂ ਪੂਰੀ ਇਕਾਗਰਤਾ ਨਾਲ਼ ਉਹਦੀ ਗੱਲ ਸੁਣਨ ਲੲਂੀ ਤਿਆਰ ਸਾਂ।
“ਗੱਲ ਏਦਾਂ ਸੀ ਵੱਡਿਆ। ਪਈ ਮੈਂ ਹੁਣ ਇਹਨਾਂ ਮਹੀਨਿਆਂ ਵਿਚ ਅਪਣੇ ਬਾਰੇ ਬੜਾ ਸੋਚਿਐ। ਮੈਂ ਅਪਣੇ ਸੁਭਾਅ ਦਾ ਤੇ ਜੀਵਨ ਦਾ ਆਪ ਬੜਾ ਨੇੜਿਓਂ ਹੋ ਕੇ…ਇਹਨੂੰ ਸਮਝਣਾ ਚਾਹਿਆ ਏ।” ਉਹਨੂੰ ਗੱਲ ਕਰਨ ਲਈ ਸ਼ਬਦ ਨਹੀਂ ਸਨ ਅਹੁੜ ਰਹੇ।
“ਤੂੰ ਭਾਅ। ਕਰੀ ਚੱਲ ਗੱਲ।” ਮੈਂ ਉਹਨੂੰ ਹੌਸਲਾ ਦਿੱਤਾ।
“ਗੱਲ ਏਦਾਂ ਸੀ ਪਈ, ਮੈਂ ਜਦੋਂ ਪੁਲਸ ’ਚ ਚਲਾ ਗਿਆ ਤੇ ਮਾਅਰ ਮੈਂ ਕੋਈ ਜੀਅ ਜੰਤ ਮਾਰਿਆ! ਕੋਈ ਗਿਣਤੀ, ਕੋਈ ਹਿਸਾਬ ਨਹੀਂ। ਏਜੰਸੀਆਂ ਦੇ ਕਹਿਣ ਤੇ ਮੈਂ ਅਖ਼ਬਾਰਾਂ ਆਲ਼ੇ ਮਾਰੇ। ਹਾਕਰ ਮਾਰੇ। ਮਾਸਟਰ ਮਾਰੇ। ਪਟਵਾਰੀ ਮਾਰੇ। ਡਾਂਸਰਾਂ ਮਾਰੀਆਂ, ਗੌਣ ਆਲ਼ੇ ਮਾਰੇ। ਖੁਸਰੇ ਮਾਰੇ। ਮੈਂ ਮਾਅਰ ਕੋਈ ਕੰਮ ਨਹੀਂ ਛੱਡਿਆ। ਮਾਰਕੇ ਕਦੀ ਮੈਂ ਪਰਚੀ ਬਾਬੇ ਮਾਨੋਚਾਹਲ ਦੀ ਸੁੱਟ ਦੇਣੀ। ਕਦੀ ਬੁੱਧ ਸਿੰਘ ਵਾਲ਼ੇ ਦੀ ਲਿਬਰੇਸ਼ਨ ਫ਼ੋਰਸ ਦੀ। ਕਦੀ ਬੱਬਰਾਂ ਦੀ। ਸਾਡੇ ਕੋਲ਼ ਸਾਰੇ ਪੈਡ ਪਏ ਹੁੰਦੇ ਸਨ। ਸਿੱਖਾਂ ਨੂੰ ਕੀ ਪਤਾ ਲਗਣੈ ਪਈ ਇਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਹੀ ਸਰਕਾਰੀ ਚੰਬੜੇ ਹੋਏ ਸਨ। ਲੋਕ ਸਮਝਣੇ ਕਿ ਅੱਤਵਾਦੀ ਕੰਮ ਕਰ ਗਏ ਨੇ। ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲ਼ੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸਨ।
ਮੈਂ ਚੁੱਪ ਸਾਂ। ਮੈਨੂੰ ਤੇ ਇਨ੍ਹਾਂ ਮਹੀਨਿਆਂ ਵਿਚ ਇਹਨਾਂ ਸਭ ਗੱਲਾਂ ਦਾ ਚਾਨਣ ਹੋ ਚੁੱਕਾ ਸੀ ਕਿ ਕਿਵੇਂ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਏ ਤੇ ਆਪ ਹੀ ਸਾਡੀ ਸਫ਼ ਲਵੇਟੀ ਜਾ ਰਹੀ ਏ। ਪਰ ਅੱਜ ਜੱਸੇ ਦੇ ਮੂੰਹੋਂ ਸੁਣ ਕੇ ਚੰਗਾ ਲਗ ਰਿਹਾ ਸੀ।

“ਮੈਂ ਤੇ ਭਾਅ। ਤੇਰੇ ਨਾਂ ’ਤੇ ਵੀ ਪੈਡ ਸੁੱਟ-ਸੁੱਟ ਕੇ ਬੜੇ ਬੰਦੇ ਮਾਰੇ। ਅੰਬਰਸਰ ਕੰਪਨੀ ਬਾਗ਼ ਕੋਲ਼ ਜਿਹੜੇ ‘ਜੰਗਸੰਘੀ’ ਸਵੇਰੇ ਸੈਰ ਕਰਦੇ ਮਾਰੇ ਸਨ ਨਾ, ਉਹ ਮੈਂ ਈ ਮਾਰੇ ਸਨ। ਪਰਚੀ ਮੈਂ ਤੇਰੇ ਨਾਂ ਦੀ, ਮਾਸਟਰ ਕਰਮ ਸਿੰਘ ਦੇ ਨਾਂ ਦੀ ਸੁੱਟ ਦਿੱਤੀ ਸੀ। ਤਰਨਤਾਰਨ ਆਲੇ ਦਸ ਲਾਲੇ ਵੀ ਮੈਂ ਈ ਬਸ ’ਚੋਂ ਲਾਹ ਕੇ ਮਾਰੇ ਸਨ। ਨਾਂ ਤੇਰਾ ਦੇ ਤਾ।” ਉਹ ਉਧੜ ਰਿਹਾ ਸੀ।
“ਹੁਣ ਛੱਡ ਪੁਰਾਣੀਆਂ ਗੱਲਾਂ ਵੀਰ,” ਮੈਂ ਕਿਹਾ।
“ਨਹੀਂ। ਇਹ ਦੱਸਣੀਆਂ ਜ਼ਰੂਰੀ ਨੇ। ਇਹਨਾਂ ਗੱਲਾਂ ਦਾ ਸਬੰਧ ਹੀ ਤੇ ਹੈ ਮੇਰੀ ਅਗਲੀ ਗੱਲ ਨਾਲ਼।” ਉਹਨੇ ਲੜੀ ਜੋੜੀ।
“ਅੱਗੋਂ ਗੱਲ ਭਾਅ ਇਹ ਈ ਕਿ ਮੇਰਾ ਦਿਲ ਬਚਪਨ ਤੋਂ ਹੀ ਵਹਿਸ਼ੀ ਜਿਹਾ ਸੀ। ਜਿਵੇਂ ਦਿਲ ਦੀ ਥਾਂ ਖਬਰੇ ਕੋਈ ਜੰਗਾਲ- ਖਾਧਾ ਲੋਹਾ ਰੱਖਿਆ ਸੀ। ਸ਼ਾਇਦ ਮੇਰੀ ਮਾਂ ਛੇਤੀ ਮਰ ਗਈ, ਉਹਦੇ ਵਿਗੋਚੇ ਕਰਕੇ ਮੈਂ ਇੰਜ ਹੋ ਗਿਆ। ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ਼ ਗਏ ਸਨ। ਮੇਰੇ ਅੰਦਰਲਾ ਪਸ਼ੂ ਬਸ ਦਿਨੋਂ-ਦਿਨ ਵਧਦਾ ਹੀ ਗਿਆ ਸੀ। ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸੇ ਨੂੰ ਮਾਰਨ ਲਈ ਲੱਭ ਈ ਲੈਂਦੇ। ਕੁੱਟਦੇ ਤਾਂ ਅਸੀਂ ਸਵਾਦ ਲੈ ਲੈ ਕੇ ਸਾਂ। ਆਹੀ ਫ਼ਕੀਰੀਆ ਮੇਰਾ ਪੁਰਾਣਾ ਆੜੀ। ਇਹਨੇ ਤੇ ਮੈਂ ਖਬਰੈ ਕੋਈ ਸੌ ਤੋਂ ਉਪਰ ਬੰਦਾ ਮਾਰਿਆ ਹੋਣੈ। ਮੈਂ ਤੇ ਇਹ ਮਸ਼ਹੂਰ ਸਾਂ। ਫ਼ਕੀਰੀਏ ਦੇ ਪੈਰਾਂ ਵਿਚ ਕੋਹੜ ਹੋਣ ਕਰਕੇ ਪਾਕ ਚੱਲਦੀ ਸੀ। ਨਾਭੇ ਦੀ ਟਾਡਾ ਆਲੀ ਜੇਲ ਵਿਚ ਫ਼ਕੀਰੀਆ ਇਹੀ ਪਾਕ ਆਲੇ ਪੈਰ ਬੰਨ੍ਹ ਕੇ ਲੰਮੇ ਸਮੇਂ ਮੁੰਡਿਆਂ ਦੇ ਪੈਰਾਂ ’ਤੇ ਰਗੜਦਾ ਹੁੰਦਾ ਸੀ।” ਉਹਨੇ ਸਾਹ ਲੈ ਕੇ ਕਿਹਾ।
“ਫੇਰ। ਅੱਗੋਂ ਕੀ ਹੋਇਆ?” ਮੈਂ ਦਿਲਚਸਪੀ ਵਖਾਈ।
“ਦੱਸਦਾਂ।” ਉਹਨੇ ਲੰਮੇ ਸਾਹ ਲਏ।
“ਹੋਇਆ ਭਾਅ ਏਦਾਂ, ਪਈ ਸਾਨੂੰ, ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਟਾਲੇ ਫ਼ਤਹਿਗੜ੍ਹ ਚੂੜੀਆਂ ਆਲ਼ੀ ਰੋਡ ’ਤੇ ਮੀਲ ਕੁ ਹਟ ਕੇ ਜਿਹੜਾ ਬਾਜਵਾ ਟਰਾਂਸਪੋਰਟਰ ਇਆ। ਉਹਦੇ ਕੋਲ਼ ਬਾਬਾ ਬਿਜਲਵਾਲ ਮਰਨ ਤੋਂ ਪਹਿਲਾਂ ਸੱਤਰ ਕੁ ਲੱਖ ਰੁਪਈਆ ਛੱਡ ਗਿਐ। ਉਦੋਂ ਮੇਰੀ ਡਿਊੁਟੀ ਅੱਚਲ ਵਟਾਲੇ ਤੋਂ ਪਹਿਲਾਂ ਸੜਕ ਆਲੀ ਚੌਂਕੀ ਵਿਚ ਸੀਗੀ। ਅਸੀਂ, ਮੈਂ ਤੇ ਛੋਟੇ ਥਾਣੇਦਾਰ ਗੁਰਮੁਖ ਤੇ ਸਾਡੀ ਜੁੰਡੀ ਦੇ ਦੋ ਸ਼ਪਾਹੀ, ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਉਸ ਬਾਜਵੇ ਨਾਲ਼ ਲੇਖਾ ਕਰਨ ਦੀ ਸਲਾਹ ਬਣਾਈ। ਮੁਖ਼ਬਰ ਨੇ ਦੱਸਿਆ ਸੀ ਪਈ ਪੈਸਾ ਉਹਦੇ ਘਰ ‘ਚ ਹੀ ਹੈ, ਅਜੇ ਕਿਸੇ ਲੇਖੇ ਨਹੀਂ ਲੱਗਾ। ਅਸੀਂ ਬਟਾਲੇ ਆਲੇ ਅੱੈਸ.ਐੱਸ.ਪੀ. ਨੂੰ ਗੱਲ ਖੋਲ੍ਹ ਦਿੱਤੀ ਤੇ ਹਿੱਸਾ-ਪੱਤੀ ਮੰਨ ਕੇ ਅੱਧੀ ਰਾਤ ਨੂੰ ਜਾ ਬਾਜਵੇ ਦਾ ਬੂਹਾ ਭੰਨਿਆ। ਪਹਿਲਾਂ ਉਹ ਖੋਲ੍ਹੇ ਨਾ, ਅਸੀਂ ਪੰਜ ਛੇ ਹੋਮਗਾਰਡੀਏ ਪਿਛਲੀ ਕੰਧ ਵਲ ਖੜ੍ਹੇ ਕੀਤੇ ਹੋਏ ਸਨ ਕਿ ਉਧਰੋਂ ਕੋਈ ਨਾ ਭੱਜੇ। ਇਧਰੋਂ ਅਸੀਂ ਚਾਰਾਂ ਬੂਹੇ ਭੰਨ ਕੇ ਖੁਲ੍ਹਵਾ ਲਏ। ਘਰ ਸਿਰਫ਼ ਉਹ ਟਰਾਂਸਪੋਰਟਰ, ਉਹਦੀ ਬੀਵੀ ਤੇ ਉਨ੍ਹਾਂ ਦੀ ਇਕ ਦੋ ਢਾਈ ਸਾਲ ਦੀ ਬਾਲੜੀ ਹੀ ਸਨ। ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ, ਮੈਨੂੰ ਪਤਾ ਨਹੀਂ।”
“ਲੈ ਬਈ ਮਾਸ਼ਟਰਾ। ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਸਾਈ। ਅਸੀਂ ਉਸ ਉਜਾੜ ਘਰ ਤੇ ਉਜਾੜ ਆਸ-ਪਾਸ ਵਿਚ ਬਗੈਰ ਚੀਕਾਂ ਦੀ ਪਰਵਾਹ ਕੀਤਿਆਂ ਉਹਦੇ ਸਾਰੇ ਹੱਡ ਤੋੜੇ, ਪਰ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ। ਹਾਰ ਕੇ ਉਹਦੀ ਵਹੁਟੀ ਮਾਰੀ। ਉਹ ਤੇ ਸਗੋਂ ਹੋਰ ਸ਼ੇਰ ਹੋ ਗਿਆ। ਕਹਿੰਦਾ – ਹੁਣ ਤੇ ਮੇਰਾ ਥਣ ਫੜ ਲਓ। ਮੈਂ ਕੁਝ ਨਹੀਂ ਦਵਾਲ਼। ਜੀਹਦੇ ਲਈ ਭੱਜਾ ਫਿਰਦਾ ਸਾਂ, ਉਹ ਤੇ ਤੁਸੀਂ ਮਾਰ ਘੱਤੀ। ਉਹ ਤੇ ਮਾਸ਼ਟਰਾ, ਸਾਨੂੰ ਗਾਹਲਾਂ ਕੱਢੀ ਜਾਏ।” ਉਹਨੇ ਸਾਹ ਲਿਆ।
“ਲੈ ਬਈ ਮਾਸ਼ਟਰਾ। ਉਹਦੀਆਂ ਗਾਹਲਾਂ ਨਾਲ਼ ਮੇਰੇ ਸਿਰ ਨੂੰ ਪਤਾ ਨਹੀਂ ਕੀ ਘੇਰਨੀ ਚੜ੍ਹੀ? ਮੈਂ ਉਹਦੀ ਉਹ ਦੋ-ਢਾਈ ਸਾਲ ਦੀ ਬਾਲੜੀ ਉਹਦੇ ਸਾਹਮਣੇ ਹੀ ਲੱਤਾਂ ਤੋਂ ਫੜੀ ਤੇ ਗੁੱਸੇ ’ਚ ਜ਼ੋਰ ਦੀ ਜ਼ਮੀਨ ’ਤੇ ਮਾਰੀ। ਜਿੱਦਾਂ ਕੱਪੜਾ ਧੋਣ ਲਗਿਆਂ ਮਾਰੀਦੈ ਨਾ ਜ਼ਮੀਨ ‘ਤੇ ਏਦਾਂ ਮਾਰੀ। ਉਹਨੇ ਬਾਲੜੀ ਨੇ ਮੇਰੇ ਹੱਥਾਂ ’ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰਕੇ ਮੇਰੇ ਵੱਲ ਵੇਖਿਆ, ਤੇ …ਤੇ ਸਕਿੰਟ ਕੁ ਬਾਦ ਉਹਦਾ ਖਖੜੀਆਂ ਹੋਇਆ ਸਿਰ ਦੋ ਟੋਟਿਆਂ ਵਿਚ ਖਿਲਰ ਗਿਆ।”
ਮੈਂ ਸੁਣ ਕੇ ਸੁੰਨ ਹੋ ਗਿਆ। ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ। ਉਹ ਮੇਰੇ ਮੂੰਹ ਵਲ ਵੇਖੀ ਗਿਆ। ਹਾਰ ਕੇ ਉਹਨੇ ਕਿਹਾ –
“ਮੈਨੂੰ ਪਤਾ ਸੀ, ਤੂੰ ਸੁਣ ਕੇ ਸੁੰਨ ਹੋ ਜਾਣੈ। ਕਹੇਂ ਤਾਂ ਅੱਗੋਂ ਦੱਸਾਂ?”
“ਪਰ…ਪਰ ਇਹਦੇ ਪਿਉ ਦਾ ਕੀ ਬਣਿਆ?” ਮੈਂ ਏਨਾ ਹੀ ਕਹਿ ਸਕਿਆ।
“ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ। ਹਾਰ ਕੇ ਗੁਰਮੁਖ ਨੇ ਗੋਲ਼ੀ ਮਾਰ ਕੇ ਉਥੇ ਵਿਹੜੇ ਵਿਚ ਹੀ ਉਹਨੂੰ ਮਾਰ ਦਿੱਤਾ। ਤੇ ਅਸੀਂ ਸਾਰੇ ਖ਼ਾਲੀ ਹੱਥ ਉਥੋਂ ਆ ਗਏ। ਐੱਸ.ਅੱੈਸ.ਪੀ. ਨੂੰ ਆ ਕੇ ਅਸੀਂ ਰਿਪੋਰਟ ਕਰ ਦਿੱਤੀ। ਸਵੇਰੇ ਉਹਨੇ ਪੱਤਰਕਾਰਾਂ ਨੂੰ ਸੱਦ ਕੇ ਇਹਨੂੰ ਖਾੜਕੂਆਂ ਦੀ ਆਪਸੀ ਲੜਾਈ ਕਹਿ ਦਿੱਤਾ।
“ਫੇਰ?”
“ਫੇਰ ਕੀ ਭਾਅ? ਅਸੀਂ ਭੁੱਲ-ਭੱਲਾ ਗਏ । ਪਰ ਹਫ਼ਤੇ ਕੁ ਬਾਦ ਹੀ ਨਾ, ਰੋਜ਼ ਰਾਤ ਜਦ ਮੈਂ ਸ਼ਰਾਬ ਨਾਲ਼ ਲੇਹੜ ਕੇ ਸੌਵਾਂ, ਕਿ ਬਸ ਰਾਤ ਨੂੰ ਇਕ -ਡੇਢ ਵਜੇ ਰੋਜ਼ ਕੋਈ ਮੈਨੂੰ ਡਰਾ ਕੇ ਜਗਾ ਦੇਵੇ। ਅੱਖਾਂ ਬੰਦ ਕਰਾਂ, ਤਾਂ ਵੀ ਦਿਖੇ ਤੇ ਅੱਖਾਂ ਖੋਹਲਾਂ, ਤਾਂ ਵੀ ਦਿਖੇ।” ਉਸ ਕਿਹਾ।
“ਕੀ ਦਿਖੇ?” ਮੈਂ ਪੁਛਿਆ
“ਬਸ ਭਾਅ। ਉਹ ਦੋ ਢਾਈ-ਕੁ ਸਾਲ ਦੀ ਬਾਲੜੀ ਦਿਖੀ ਜਾਏ। ਇਕ ਹੱਥ ’ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੇ ਵਿਚ ਕਿਸੇ ਟੁੱਟੇ ਤੇ ਫਿੱਸੇ ਹੋਏ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉੱਠ ਜਾਵਾਂ। ਰਾਤ ਨੀਂਦ ਨਾ ਪਵੇ। ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲ਼ੇ ਵੀ ਤੇ ਤਰਨਤਾਰਨ ਵਾਲ਼ੇ ਵੀ, ਅੱੈਸ.ਪੀ. ਕਹਿਣ – ਕੀ ਹੋ ਗਿਐ ਤੇਰੇ ਚਿਹਰੇ ਨੂੰ? ਜੇ ਬਟਾਲਾ ਨਹੀਂ ਮਾਫਕ ਤਾਂ ਸਾਡੇ ਕੋਲ਼ ਆ ਜਾਹ। – ਪਰ ਮੈਂ ਉਨ੍ਹਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾ ਦਿੱਤੀ, ਪਰ ਚੈਨ ਕਿਥੇ? ਹਾਰ ਕੇ ਮੈਂ ਚਾਟੀਵਿੰਡ ਆਲ਼ੇ ਪੀਰ ਗਾਲੜੂ ਸ਼ਾਹ ਕੋਲ਼ ਗਿਆ। ਉਹਨੇ ਮੈਨੂੰ ਬਿਨਾਂ ਕੁਝ ਪੁੱਛੇ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ।- ਮੈਂ ਦਿਲ ’ਚ ਉਹਨੂੰ ਲੱਖ ਗਾਹਲ ਕੱਢੀ ਤੇ ਆ ਗਿਆ। ਬਈ ਭੜੂਵਿਆ। ਮੌਤ ਮੈਨੂੰ ਕੀ ਕਰੇਗੀ? ਮੈਨੂੰ ਨੀਂਦ ਤੇ ਦੇਹ ਇਕ ਰਾਤ।” ਉਹ ਰੁਕ ਗਿਆ।
“ਫੇਰ ਤੂੰ ਕੀ ਕੀਤਾ?” ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸਾਂ। ਮੇਰੇ ਲਈ ਇਹ ਅਸਲੋਂ ਹੀ ਅੱਲੋਕਾਰ ਗੱਲਾਂ ਸਨ। ਜੀਵਨ ਦੇ ਏਨੇ ਭਿਆਨਕ ਰੰਗ ਵੇਖ ਕੇ ਵੀ ਮੈਨੂੰ ਇਹ ਗੱਲਾਂ ਤੇ ਜੱਸੇ ਦਾ ਇਹ ਵਰਤਾਰਾ ਜਿਵੇਂ ਸੁੰਨ ਕਰ ਰਿਹਾ ਸੀ।
“ਫੇਰ ਕੀ ਭਾਅ ਵੱਡਿਆ? ਮੈਂ ਸੋਚਿਆ, ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਏ। ਮਰਦਾ ਕੀ ਨਾ ਕਰਦਾ? ਮੇਰਾ ਡਮਾਗ ਤੇ ਹਿੱਲ ਚੁੱਕਾ ਸੀ। ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ਼ ਪੁਲਸੀਆਂ ਦੇ ਘਰ ਸਨ, ਚਾਹੇ ਉਹ ਹੋਮਗਾਰਡੀਆ ਈ ਹੋਵੇ, ਉਨ੍ਹਾਂ ਵਲ ਜਾ ਕੇ ਤਾੜ ਰੱਖਣੀ। ਜਦੋਂ ਦਾਅ ਲੱਗਣਾ, ਕੋਈ ਨਾ ਕੋਈ ਸ਼ਪਾਹੀ, ਕੋਈ ਹੋਮਗਾਰਡੀਆ, ਜਾਂ ਛੋਟਾ ਥਾਣੇਦਾਰ ਮਾਰ ਕੇ ਸੁੱਟ ਆਉਣਾ। ਤੇ ਸੱਚ ਜਾਣੀਂ। ਇਕ ਦੋ ਦਿਨ ਉਸੇ ਕੁੜੀ ਦੇ ਭੂਤ ਨੇ ਨਾ ਆਉਣਾ। ਪਰ ਤੀਸਰੇ ਕੁ ਦਿਨ ਫੇਰ ਉਸੇ ਬਾਲੜੀ ਨੇ ਆ ਵਖਾਲੀ ਦੇਣੀ। ਅੰਤ ਮੈਂ ਗੈਰਹਾਜ਼ਰ ਹੋਣ ਲਗ ਪਿਆ ਤੇ ਪਾਗਲਾਂ ਵਾਂਗ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਭਟਕਣ ਲੱਗ ਪਿਆ।” ਉਸ ਕਿਹਾ।
ਮੈਂ ਚੁੱਪ ਸਾਂ। ਉਸ ਆਪੇ ਫੇਰ ਗੱਲ ਛੋਹੀ।
“ਮੇਰਾ ਭਾਅ। ਪਾਗਲਪਣ ਬਹੁਤ ਵਧ ਗਿਆ ਸੀ। ਵਾਕਫ਼ੀ ਮੇਰੀ ਬੜੀ ਸੀ। ਮੈਂ ਪਤਾ ਕਰਨਾ ਕਿ ਕਿਹੜਾ ਸ਼ਪਾਹੀ ਕਿਸ ਥਾਣੇ ਤੋਂ ਰੋਜ਼ ਘਰ ਜਾਂਦੈ। ਜਾਂ ਕਿਹੜਾ ਛੁੱਟੀ ’ਤੇ ਚੱਲ ਰਿਹਾ ਹੈ? ਮੈਂ ਜਿਥੇ ਦਾਅ ਲੱਗਣਾ, ਮਾਰੀ ਟੂਰੀ ਜਾਣੇ। ਹਾਲਤ ਇਹ ਹੋ ਗਈ ਕਿ ਮੈਂ ਅਪਣੇ ਵਰਿ੍ਹਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਸੁੱਟੇ। ਰਾਮ ਸੁੰਹ ਬਚ ਗਿਆ ਸੀ। ਮਾਅਰ ਪੁਲਿਸ ’ਚ ਤੇ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨ ਏਦਾਂ ਗੁਪਤ ਰੂਪ ਵਿਚ ਮਾਰੀ ਜਾ ਰਿਹੈ?”
“ ਪਰ ਭਾਅ। ਤੂੰ ਫੜਿਆ ਨਾ ਗਿਆ?” ਮੈਂ ਕਿਹਾ
“ਫੜਿਆ ਮੈਂ ਟੱਟੂ ਜਾਣਾ ਸੀ? ਮੇਰੇ ’ਤੇ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਸਵੇਰੇ ਮੈਂ ਕਮiਲ਼ਆਂ ਵਾਂਗ ਥਾਣੇ ਫਿਰਦਾ ਰਹਿੰਦਾ। ਹਰ ਕੋਈ ਸਮਝਦਾ, ਕਿਸੇ ਅੱਤਵਾਦੀ ਜਾਂ ਕਿਸੇ ਪਨਾਹ ਦੇਣ ਵਾਲੇ ਦੀ ਮਾਰ ਵਿਚ ਫਿਰਦੈ। ਤੇ ਸ਼ੱਕ ਮੇਰੇ ’ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਏਸ ਲਿਬਰੇਸ਼ਨ ਵਾਲ਼ੇ ਸੀਤਲ ਸੁੰਹ ਮਹਿਤੇ ਚੌਂਕ ਆਲ਼ੇ ਦੀ ਬੇੜੀ ਬਹਿ ਗਈ ਤੇ ਮੈਂ ਫੜਿਆ ਗਿਆ।” ਉਸ ਕਿਹਾ।
“ਸੀਤਲ ਨੇ ਕਿੱਦਾਂ ਤੈਨੂੰ ਫੜਿਆ?” ਮੈਂ ਪੁੱਛਿਆ।

‘ਉਹ ਮੈਂ ਨਾ ਮਾਸ਼ਟਰਾ। ਧੂਲਕੇ ਅਲ ਕਿਤੇ ਇਕ ਰਾਤ ਕਿਸੇ ਹੋਮਗਾਰਡੀਏ ਦਾ ਕੰਮ ਕਰਨ ਗਿਆ ਸਾਂ। ਮੈਨੂੰ ਪੱਕਾ ਪਤਾ ਲੱਗਾ ਸੀ ਕਿ ਪਈ ਉਹ ਰਾਤ ਨੂੰ ਸੈਕਲ ’ਤੇ ਪਿੰਡ ਨੂੰ ਜਾਂਦੈ। ਜਦ ਨਾ ਮੈਂ ਉਹਨੂੰ ਮਾਰਨ ਲੱਗਾ, ਉਹਨੇ ਕਿਹਾ “ਕੌਣ ਐ?” ਉਹਦੇ ਲਲਕਾਰੇ ਦੇ ਜਵਾਬ ਵਿਚ ਮੈਂ ਕਿਤੇ ਕਹਿ ਬੈਠਾ: “ਹੁਣ ਕਿੱਥੇ ਜਾਏਂਗਾ? ਮੈਂ ਤੇਰਾ ਭਣੋਈਆ ਸੀਤਲ ਇਆਂ।” – ਉਹਨੂੰ ’ਤੇ ਮਾਰ ਦਿੱਤਾ, ਪਰ ਮੈਂ ਨਸ਼ੇ ਕਾਰਣ ਇਹ ਨਾ ਵੇਖ ਸਕਿਆ ਕਿ ਮਗਰ ਇਕ ਹੋਰ ਸਾਇਕਲ ਵੀ ਆ ਰਿਹਾ ਸੀ। ਉਹ ਖਬਰੇ ਕੋਈ ਦੋਧੀ ਸੀ, ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ। ਲਉ ਜੀ, ਉਹ ਅਗਲੀ ਸਵੇਰ ਸੀਤਲ ਨੂੰ ਦੱਸ ਆਇਆ, ਪਈ ਤੇਰੇ ਨਾਂ ਤੇ ਤਾਂ ਰਾਤੀਂ ਸਾਡੇ ਪਿੰਡ ਆਲਾ ਹੋਮਗਾਰਡੀਆ ਮਾਰ ਤਾ ਤੇ ਤੂੰ ਇਥੇ ਫਿਰੀ ਜਾਂਨੈ। ਲਉ ਜੀ, ਸੀਤਲ ਸੀ ਪੰਜਾਬ ਪੁਲਿਸ ਦਾ ਬੰਦਾ। ਮੈਂ ਐਵੇਂ ਉਹਦਾ ਨਾਂ ਲੈ ਤਾ। ਉਹ ਤੇ ਜੀ ਫੱਟ ਐੱਸ.ਪੀ. ਕੋਲ਼ ਪੁੱਜਦਾ ਹੋ ਗਿਆ। ਤੇ ਨਾਲ਼ੇ ਸੀ.ਆਈ.ਡੀ. ਮਗਰ ਲਾ ਤੀ। ਤੇ ਲਉ ਜੀ, ਸੀ.ਆਈ.ਡੀ. ਆਲਿਆਂ ਹਫ਼ਤਾ ਨਹੀਂ ਪੈਣ ਦਿੱਤਾ, ਮੈਨੂੰ ਫੜ ਕੇ ਅਜੈਬੇ ਕੋਲ਼ ਦੇ ਗਏ। ਪਹਿਲੇ ਤੇ ਜਲੰਧਰ ਪੁਲਸ ਆਲ਼ੇ ਲੈ ਗਏ, ਕਿਉਂਕਿ ਮੈਂ ਪਹਿਲਾਂ ਜਿਸ ਅੱੈਸ.ਅੱੈਸ. ਪੀ ਨਾਲ਼ ਸਾਂ, ਉਹ ਜਲੰਧਰ ਜਾ ਵੜਿਆ ਸੀ। ਉਹਨੇ ਫੇਰ ਮੈਨੂੰ ਅਜੈਬੇ ਨੂੰ ਦੇ ਦਿੱਤਾ। ਮੈਂ ਖਬਰੇ, ਕੋਈ ਪੰਤਾਲੀ ਜਾਂ ਪੰਜਾਬ ਕੁ ਦੇ ਲਾਗੇ ਸ਼ਪਾਹੀ ਮਾਰੇ ਹੋਣੇ ਆ।” ਉਹਨੇ ਲੰਮਾ ਸਾਹ ਲੈ ਕੇ ਆਪਣੀ ਰਾਮ ਕਹਾਣੀ ਮੁਕਾ ਦਿੱਤੀ।

“ਪਰ ਹੁਣ ਤੂੰ ਕੀ ਚਾਹੁਨੈ?” ਮੈਂ ਕਿਹਾ।
“ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਉ।” ਉਸ ਫੇਰ ਕਿਹਾ।
“ਇਹ ਕਦੰਤ ਨਹੀਂ ਹੋ ਸਕਦਾ।” ਮੈਂ ਅੱਕ ਕੇ ਕਿਹਾ।
“ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ। “ ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।
“ਉਏ, ਉਹ ਤੇ ਗਿੱਲ ਦਾ ਹੁਕਮ ਸੀ।’ ਮੈਂ ਉਹਨੂੰ ਸੱਚ ਦੱਸ ਦਿੱਤਾ।
“ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?” ਉਸ ਬੱਚਿਆਂ ਵਰਗਾ ਹੱਠ ਕੀਤਾ।
“ਪਰ ਯਾਰ। ਤੂੰ ਇਸ ਸਿਆਪੇ ’ਚ ਕਿਉਂ ਪੈਨੈਂ? ਗੱਲ ਕੀ ਆ ਵਿੱਚੋਂ?” ਮੈਂ ਅੱਕ ਕੇ ਕਿਹਾ।
“ਲੈ ਉਹ ਵੀ ਸੁਣ ਲੈ, ਤੇ ਆਪੇ ਫ਼ੈਸਲਾ ਕਰ ਲੈ।” ਉਹਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-
“ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਸ ਨੇ ਫੜਿਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀ।” ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ਼ ਮਾਰ ਕੇ ਮੇਰੀ ਛਾਤੀ ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲਗ ਪੈਂਦੈ। ਤੇ ਜਿਵੇਂ ਮੇਰੀ ਛਾਤੀ ’ਤੇ ਬੈਠੀ ਉਹ ਮਣਾਂ-ਟਣਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ਼ ਹੱਸੀ ਜਾਂਦੀ ਏ ਤੇ ਨਾਲ਼ੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ੍ਹਦਾਂ, ਹੱਥ ਪੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।”
ਮੈਂ ਚੁੱਪ ਸਾਂ।
ਉਹਨੇ ਹਿੰਮਤ ਕਰਕੇ ਅਪਣੇ ਖੱਬੇ ਹੱਥ ਨਾਲ਼ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ-
“ਭਾਅ। ਮੇਰੀ ਬਸ ਆਹ ਇਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਏਹ ਭਾਰ ਛਾਤੀ ’ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦੇਏ। ਖ਼ਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।”

ਮਨਿੰਦਰ ਸਿੰਘ ਕਾਂਗ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!