ਭਾਈ ਲਾਲੋਆਂ ਨੂੰ ਸੰਬੋਧਿਤ – ਗੁਰਸ਼ਰਨ ਸਿੰਘ

Date:

Share post:

ਜੀਵਨ ਵਿੱਚ ਨਾਟਕ ਦੀ ਏਨੀ ਮਹੱਤਤਾ ਹੋਣ ਦੇ ਬਾਵਜੂਦ ਪੰਜਾਬ ਵਿਚ ਨਾਟਕ ਲਈ ਜ਼ਮੀਨ ਸਦਾ ਹੀ ਉਖੜੀ ਪੁੱਖੜੀ ਰਹੀ। ਆਧੁਨਿਕ ਰੂਪ ਵਿਚ ਤਾਂ ਇਹਦੀ ਉਮਰ ਦੇ ਦਹਾਕੇ ਉਂਗਲਾਂ ‘ਤੇ ਹੀ ਗਿਣੇ ਜਾ ਸਕਦੇ ਹਨ।
ਫੇਰ ਵੀ ਪੰਜਾਬ ਦੀਆਂ ਜਿਨ੍ਹਾਂ ਸ਼ਖ਼ਸ਼ੀਅਤਾਂ ਨੇ ਅਪਣਾ ਸਾਰਾ ਆਪਾ ਰੰਗ ਮੰਚ ਨੂੰ ਹੀ ਅਰਪ ਦਿੱਤਾ ਉਨ੍ਹਾਂ ਦੀ ਸਿਖਰ ‘ਤੇ ਆਉਂਦਾ ਹੈ ਗੁਰਸ਼ਰਨ ਸਿੰਘ ਜੀ ਦਾ ਨਾਮ। ਪਿੰਡਾਂ ਵਿਚ, ਸ਼ਹਿਰਾਂ ਵਿਚ ਨਾਟਕ ਦਾ ਨਾਂ ਲਓ ਤਾਂ ਹਰ ਬੱਚੇ ਬੁੱਢੇ ਦੀ ਜ਼ਬਾਨ ਬੋਲਦੀ ਹੈ ‘ਮੰਨਾ ਸਿੰਘ’, ‘ਭਾਅ ਜੀ’ ਤੇ ਅੱਖਾਂ ਵਿਚ ਤਸਵੀਰ ਲਟਕ ਜਾਂਦੀ ਹੈ ਇੱਕ ਸਾਊ, ਬਚਨਬੱਧ ਮਨੁੱਖ ਦੀ ਜਿਹਨੇ ਨਾਟਕ ਰਾਹੀਂ ਸਾਰੇ ਸੰਸਾਰ ਨੂੰ ਉਜਲਾ ਸੰਦੇਸ਼ ਦੇਣ ਦਾ ਬੀੜਾ ਚੁੱਕਿਆ ਹੋਇਆ ਹੋਵੇ।
ਗੁਰਸ਼ਰਨ ਸਿੰਘ ਜੀ ਦਾ ਜਨਮ 1929 ਵਿਚ ਮੁਲਤਾਨ ਵਿਚ ਹੋਇਆ ਸੀ। ਥੋੜ੍ਹੇ ਚਿਰ ਦੀ ਸਰਕਾਰੀ ਨੌਕਰੀ ਤੋਂ ਬਾਅਦ ਉਹ ਲੋਕ ਘੋਲਾਂ ਵਿਚ ਕੁੱਦ ਪਏ। ਅਗਾਂਹ ਵਧੂ ਲਹਿਰਾਂ ਨਾਲ ਸਹਾਨਭੂਤੀ ਹੋਣ ਕਰਕੇ ਜੇਲ੍ਹ ਦੀ ਹਵਾ ਵੀ ਖਾਣੀ ਪਈ ਪਰ ਪੈਰ ਕਦੇ ਵੀ ਨਾ ਥਿੜ੍ਹਕੇ।
ਨਾਟਕ ਨੂੰ ਕਿਤਾਬਾਂ ਦੇ ਬੇਜਾਨ ਪੰਨਿਆਂ ਵਿਚੋਂ ਕੱਢਕੇ ਆਮ ਲੋਕਾਂ ਦੀਆਂ ਅੱਖਾਂ, ਕੰਨਾਂ ਤੱਕ ਪਹੁੰਚਾਉਣ ਅਤੇ ਕਲਾ ਨੂੰ ਸਮਾਜ ਦੀ ਤਬਦੀਲੀ ਲਈ ਪੂਰੇ ਵੇਗ ਨਾਲ ਜੋੜਨ ਦਾ ਸਿਹਰਾ ਜਾਂਦਾ ਹੈ ਗੁਰਸ਼ਰਨ ਸਿੰਘ ਜੀ ਨੂੰ। ਉਨ੍ਹਾਂ ਨੇ ਖੁਦ ਨਾਟਕ ਲਿਖੇ, ਖੁਦ ਹੀ ਖ੍ਹੇਲ੍ਹੇ। ਪੰਜਾਬ ਦੇ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਇਸ ਪਾਸੇ ਪ੍ਰੇਰਿਤ ਕੀਤਾ।
ਅੱਜ ਉਹ ਇੱਕ ਵਿਅਕਤੀ ਨਹੀਂ ਰਹੇ, ਲੋਕਨਾਇਕ ਹੋ ਗਏ ਹਨ।

ਨਾਟਕ ਚੇਟਕ

ਹੁਣ: ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਉ ਆਵਤ ਲਾਜਾ

(ਦਸਮ ਗ੍ਰੰਥ-ਬਚਿੱਤ੍ਰ ਨਾਟਕ)

-ਗੁਰਸ਼ਰਨ ਸਿੰਘ ਜੀ ਤੁਹਾਡੇ ਵਰਗੇ ਰੰਗਕਰਮੀ ਗੁਰਬਾਣੀ ਦੀ ਇਸ ਪੰਗਤੀ ਦਾ ਅਰਥ ਕੀ ਲੈਂਦੇ ਨੇ?

ਗੁਰਸ਼ਰਨ: ਨਾਟਕ ਸ਼ਬਦ ਇਕ ਵਿਖਾਵੇ ਦਾ ਵੀ ਸ਼ਬਦ ਹੈ। ਤੁਸੀਂ ਅਪਣੇ ਆਪ ਨੂੰ ਉਸ ਰੂਪ ਵਿਚ ਪੇਸ਼ ਕਰੋ, ਜੋ ਤੁਸੀਂ ਅਸਲ ਵਿਚ ਨਹੀਂ ਹੋ, ਤਾਂ ਕਿਹਾ ਜਾਵੇਗਾ ਕਿ ਤੁਸੀਂ ਨਾਟਕ ਕਰ ਰਹੇ ਹੋ। ਜਿਸ ਤਰ੍ਹਾਂ ਡੇਰੇ ਦਾ ਬਾਬਾ ਆਪਣੇ ਚੇਲਿਆਂ ਨਾਲ ਗੱਲਾਂ ਕਰ ਰਿਹਾ ਹੈ ਪਰ ਕਿਸੇ ਸ਼ਰਧਾਲੂ ਨੂੰ ਦੇਖ ਕੇ ਇਕਦਮ ਸਮਾਧੀ ਲਾ ਲੈਂਦਾ ਹੈ ਤਾਂ ਇਹ ਐਕਸ਼ਨ ਨਾਟਕ ਹੈ। ਮੇਰੇ ਖ਼ਿਆਲ ਵਿਚ ਏਥੇ ਏਸੇ ਗੱਲ ਨੂੰ ਨਾਟਕ ਕਿਹਾ ਗਿਆ ਹੈ। ਔਰ ਏਸੇ ਨੂੰ ਕੁਕਾਜ ਕਿਹਾ ਗਿਆ ਹੈ। ਮੈਂ ਇਸ ਤੁਕ ਨੂੰ ਰੰਗਮੰਚ ਨਾਲ ਜੋੜਕੇ ਨਹੀਂ ਦੇਖਦਾ।

ਹੁਣ: ਕੀ ਨਾਟਕ ਵੱਲ ਸਿੱਖ ਸਮਾਜ ਦੀ ਖੁਲ੍ਹੀ ਬੇਰੁਖੀ ਨੇ ਏਡੇ ਵੱਡੇ ਸ਼ਕਤੀਸ਼ਾਲੀ ਮਾਧਿਅਮ ਨੂੰ ਕਮਜ਼ੋਰ ਨਹੀਂ ਕੀਤਾ?
ਗੁਰਸ਼ਰਨ: ਕਈ ਲਿਹਾਜ਼ ਨਾਲ ਕਮਜ਼ੋਰ ਕੀਤਾ ਹੈ। ਇਹਦੇ ਬਾਰੇ ਸਾਨੂੰ ਚੇਤਨ ਹੋਣ ਦੀ ਲੋੜ ਹੈ।

ਹੁਣ: ਰਾਮ ਲੀਲ੍ਹਾ ਵਰਗੇ ਲੋਕ ਨਾਟਕਾਂ ਵਿਚ ਆਦਰਸ਼ਕ ਤੇ ਪਵਿਤਰ ਅਵਤਾਰਾਂ ਦਾ ਰੋਲ ਵੀ ਆਮ ਵਿਅਕਤੀ ਕਰਦੇ ਹਨ। ਸਿੱਖ ਸਮਾਜ ਇਹਦੇ ਵਿਰੁੱਧ ਕਿਉਂ ਉਠ ਖਲੋਂਦਾ ਹੈ?
ਗੁਰਸ਼ਰਨ: ਇਹ ਇਸਲਾਮੀ ਸਭਿਅਤਾ ਦਾ ਪ੍ਰਭਾਵ ਹੈ, ਜਿੱਥੇ ਬੁੱਤ ਪ੍ਰਸਤੀ ਨੂੰ ਗਲਤ ਸਮਝਿਆ ਜਾਂਦਾ ਹੈ। ਅਗਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਦਾ ਸਥਾਨ ਸਾਡੇ ਸਮਾਜ ਵਿਚ ਬਹੁਤ ਸਤਿਕਾਰਯੋਗ ਹੈ। ਜੇ ਗੁਰੂ ਸਾਹਿਬ ਦੇ ਸਵਾਂਗ ਬਣਾਉਣ ਨਾਲ ਲੋਕਾਂ ਦੇ ਜਜ਼ਬਾਤ ਨੂੰ ਠੇਸ ਪੁੱਜਦੀ ਹੈ ਤਾਂ ਕੋਈ ਲੋੜ ਨਹੀਂ ਬਣਾਉਣ ਦੀ। ਜੇ ਅਸੀਂ ਗੁਰੂ ਦੀ ਬਾਣੀ ਰਾਹੀਂ ਗੱਲ ਸਿਰਜ ਸਕਦੇ ਹਾਂ, ਇਹੋ ਠੀਕ ਹੈ। ਕੁਝ ਇਹੋ ਜਿਹੇ ਪਾਤਰ ਲਿਆ ਕੇ ਜੇ ਅਸੀਂ ਗੱਲ ਦਰਸ਼ਕ ਤੱਕ ਪੁੱਜਦੀ ਕਰ ਸਕੀਏ ਤਾਂ ਬੜਾ ਸਫ਼ਲ ਨਾਟਕ ਬਣ ਜਾਂਦਾ ਹੈ। ‘ਜਿਨੁ ਸਚਿ ਪਲੈ ਹੋਇ’, ‘ਇਹ ਲਹੂ ਕਿਸਦਾ ਹੈ’, ‘ਨਿਓਟਿਆਂ ਦੀ ਓਟ’ ਆਦਿ ਨਾਟਕ ਮੈਂ ਨਹੀਂ ਖੇਡੇ? ‘ਤੱਤੀ ਤਵੀ ਤੇ’ ਦੇ ਨਾਇਕ ਗੁਰੂ ਅਰਜਨ ਦੇਵ ਹਨ। ਨਾਇਕ ਨੂੰ ਲਿਆਉਣ ਦੀ ਗੱਲ ਏਨੀ ਨਹੀਂ’। ਅਸਲ ਗੱਲ ਤਾਂ ਉਹਨਾਂ ਦੇ ਉਦੇਸ਼ ਦੀ ਹੈ ਜਾਂ ਸੰਦੇਸ਼ ਦੀ, ਜਿਹੜਾ ਦੇ ਕੇ ਉਹ ਅਪਣੇ ਮਿਸ਼ਨ ਵਿਚ ਸਫ਼ਲ ਹੋ ਜਾਂਦੇ ਨੇ।

ਹੁਣ: ਤੁਹਾਨੂੰ ਨਾਟਕ ਕਰਨ ਕਰਾਉਣ ਦੀ ਚੇਟਕ ਕਿਉਂ ਤੇ ਕਿੱਥੋਂ ਲੱਗੀ ਸੀ?
ਗੁਰਸ਼ਰਨ: ਮੈਂ ਬਚਪਨ ਤੋਂ ਸਾਹਿਤ ਨਾਲ ਜੁੜਿਆ ਹੋਇਆ ਹਾਂ। ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਸੀ। ਬਚਪਨ ਵਿਚ ਮੈਂ ਈਸ਼ਵਰ ਚੰਦਰ ਨੰਦਾ ਦਾ ਨਾਟਕ ‘ਸੁਭੱਦਰਾ’ ਵੇਖਿਆ, ਮੁਲਤਾਨ ਜੇਲ੍ਹ੍ਹ ਵਿਚ ਕੈਦੀਆਂ ਨੇ ਕੀਤਾ ਸੀ ਇਹ। ਮੁੰਡਿਆਂ ਨੇ ਹੀ ਕੁੜੀਆਂ ਦਾ ਰੋਲ ਵੀ ਕੀਤਾ। ਇਹ 1937 ਦੀ ਗੱਲ ਹੈ। ਸੱਤ-ਅੱਠ
ਸਾਲ ਦੀ ਉਮਰ ਸੀ ਮੇਰੀ ਉਸ ਵਕਤ। ਮੈਂ ਉਹਦੇ ਤੋਂ ਬਹੁਤ ਪ੍ਰਭਾਵਤ ਹੋਇਆ। ਇਹਦਾ ਗੀਤ ਸੰਗੀਤ ਵੀ ਕੈਦੀਆਂ ਨੇ ਹੀ ਕੰਪੋਜ਼ ਕੀਤਾ ਸੀ। ਸ਼ਾਇਦ ਮੈਨੂੰ ਨਾਟਕ ਚੇਟਕ ਏਥੋਂ ਹੀ ਲੱਗੀ।

ਹੁਣ: ਲੋਕਾਂ ਨਾਲ ਸਾਂਝ ਪੈਦਾ ਕਰਨ ਲਈ ਜਾਂ ਆਪਣੇ ਵਿਸ਼ਵਾਸ਼ਾਂ ਦਾ ਪ੍ਰਗਟਾਵਾ ਕਰਨ ਲਈ ਤੁਸੀਂ ਨਾਟਕ ਨੂੰ ਹੀ ਕਿਉਂ ਚੁਣਿਆ ਜਦੋਂ ਕਿ ਹੋਰ ਬੜੀਆਂ ਵਿਧਾਵਾਂ ਸਨ?
ਗੁਰਸ਼ਰਨ: ਮੈਂ ਇਹਦਾ ਕੋਈ ਖਾਸ ਕਾਰਨ ਤਾਂ ਨਹੀਂ ਦੱਸ ਸਕਦਾ ਪਰ ਮੈਂ ਏਨਾ ਜਾਣਦਾ ਹਾਂ ਕਿ ਸਾਹਿਤ ਸਿਰਫ਼ ਪੜ੍ਹਨ ਵਾਲੇ ਲੋਕਾਂ ਤੱਕ ਸੀਮਤ ਰਹਿੰਦਾ ਪਰ ਨਾਟਕ ਵਿਸ਼ਾਲ ਲੋਕਾਈ ਤੱਕ ਪਹੁੰਚਦਾ ਹੈ।
ਹਾਂ ਇਕ ਗੱਲ ਦੱਸਦਾਂ। ਸਾਰਿਆਂ ਨਾਲੋਂ ਪਹਿਲੀ ਜਿਹੜੀ ਕਿਤਾਬ ਮੈਨੂੰ ਯਾਦ ਆਉਂਦੀ ਹੈ , ਉਹਦਾ ਨਾਂ ਸੀ ‘ਹਾਸੇ ਦੀ ਬਰਖ਼ਾ’। ਉਹ ਐਸ.ਐਸ. ਚਰਨ ਸਿੰਘ ਨੇ ਛਾਪੀ ਸੀ। ਉਹਦੇ ਵਿਚ ਵੱਖ ਵੱਖ ਚੁਟਕਲੇ ਸਨ। ਅਸਲ ਵਿਚ ਉਹ ਚੁਸਤ ਨਾਟਕੀ ਵਾਰਤਾਲਾਪ ਸਨ ਜਿਵੇਂ ਬਰਨਾਡ ਸ਼ਾਅ ਦੇ ਨਾਟਕਾਂ ਵਿਚ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਇਕ ਕੰਜੂਸ ਬੰਦੇ ਦੇ ਘਰ ਮਹਿਮਾਨ ਆ ਜਾਂਦੈ। ਉਹ ਆਪਣੀ ਵਹੁਟੀ ਨਾਲ ਸਲਾਹ ਕਰਦੈ ਕਿ ਉਹਨੂੰ ਕਿਵੇਂ ਨਠਾਇਆ ਜਾਵੇ। ਉਹ ਸਕੀਮ ਬਣਾਂਦੇ ਹਨ ਕਿ ਉਹ ਆਪਸ ਵਿਚ ਝੂਠੀ ਮੂਠੀ ਲੜ ਪੈਣਗੇ ਤੇ ਮਹਿਮਾਨ ਉਨ੍ਹਾਂ ਦੀ ਲੜਾਈ ਦੇਖਕੇ ਨੱਠ ਜਾਵੇਗਾ। ਉਹ ਲੜਨ ਦਾ ਨਾਟਕ ਕਰਦੇ ਨੇ ਤੇ ਸਮਝਦੇ ਨੇ ਮਹਿਮਾਨ ਚਲਾ ਗਿਆ ਹੈ, ਫੇਰ ਹੇਠ ਲਿਖੀ ਵਾਰਤਾਲਾਪ ਹੁੰਦੀ ਹੈ-

ਘਰਵਾਲਾ- ਦੇਖ ਯਾਰ ਦੀਆਂ ਬਾਤਾਂ, ਮਾਰੀਆਂ ਖੰਭੀ ਨੂੰ ਛਾਂਟਾ, ਮਾਰਿਆ ਮੈਂ ਵੀ ਨਹੀਂ।
ਘਰਵਾਲੀ- ‘ਦੇਖ ਮੇਰੀ ਚਤੁਰਾਈ, ਸੁੱਕੇ ਸੰਘ ਅੜਾਈ, ਰੋਈ ਮੈਂ ਵੀ ਨਹੀਂ।’

ਤਾਂ ਮਹਿਮਾਨ ਦੀ ਆਵਾਜ਼ ਆਂਦੀ ਹੈ-

‘ਵੇਖ ਯਾਰ ਦਾ ਬੁੱਤਾ, ਰਿਹਾ ਖੁਰਲੀ ਵਿਚ ਸੁੱਤਾ, ਗਿਆ ਮੈਂ ਵੀ ਨਹੀਂ।

ਇਸ ਤਰ੍ਹਾਂ ਦਾ ਇਕ ਹੋਰ –

ਮੋਟਾ ਬੰਦਾ ਪਤਲੇ ਨੂੰ-ਓਏ ਤੈਨੂੰ ਦੇਖਕੇ ਇੰਜ ਲਗਦੈ ਜਿਵੇਂ ਤੂੰ ਕਾਲ ਦਾ ਮਾਰਿਆ ਹੋਵੇਂ।

ਪਤਲਾ ਬੰਦਾ- ਤੇ ਤੁਹਾਨੂੰ ਦੇਖਕੇ ਇੰਜ ਲਗਦੈ ਕਿ ਸਭ ਕੁਝ ਖਾ ਕੇ, ਕਾਲ ਤੁਸੀਂ ਹੀ ਪਾਇਆ ਹੈ।

ਇਹ ਕਿਤਾਬ ਮੈਂ 7-8 ਸਾਲ ਦੀ ਉਮਰ ਵਿਚ ਪੜ੍ਹੀ ਸੀ। ਇਸ ਤਰ੍ਹਾਂ ਸ਼ੁਰੂ ਤੋਂ ਹੀ ਮੈਂ ਮਹਿਸੂਸ ਕੀਤਾ ਕਿ ਆਪਣੀ ਗੱਲ ਕਹਿਣ ਲਈ ਨਾਟਕ ਇਕ ਦਿਲਚਸਪ ਵਿਧਾ ਹੈ, ਸ਼ਾਇਦ ਇਹ ਸੋਚ ਮੈਨੂੰ ਉਥੋਂ ਆਈ।

ਹੁਣ: ਕਿਹੜਾ ਐਸਾ ਨਾਟਕ ਸੀ ਜਾਂ ਕਿਸ ਰੂਪ ਵਿਚ ਪਹਿਲੀ ਵਾਰ ਤੁਸੀਂ ਦਰਸ਼ਕਾਂ ਸਾਹਮਣੇ ਪੇਸ਼ ਹੋਏ ਸੀ?
ਗੁਰਸ਼ਰਨ: ਇਹ ਨਾਟਕ ਸੀ ‘ਦੀਵਾ ਬੁੱਝ ਗਿਆ’। ਕਰਤਾਰ ਸਿੰਘ ਦੁੱਗਲ ਦਾ ਇਹ ਨਾਟਕ ਕਸ਼ਮੀਰ ਦੇ ਮਸਲੇ ’ਤੇ ਸੀ, ਜਦੋਂ ਕਬਾਇਲੀਆਂ ਨੇ 1947 ਵਿਚ ਕਸ਼ਮੀਰ ਵਾਦੀ ’ਤੇ ਹਮਲਾ ਕੀਤਾ ਸੀ। ਬੜਾ ਜ਼ੁਲਮ ਕੀਤਾ ਔਰਤਾਂ ’ਤੇ। ਇਹ ਨਾਟਕ ਮੈਂ ਸੰਨ 1958 ਵਿਚ ਨੰਗਲ ਵਿਚ ਖੇਡਿਆ। ਮੌਲਿਕ ਨਾਟਕ ਵਿਚ ਜਿਹੜਾ ਮਾਂ ਦਾ ਪਾਤਰ ਹੈ, ਉਹ ਮੈਂ ਕੀਤਾ, ਬੁੱਢਾ ਬਾਪ ਬਣਕੇ। ਉਦੋਂ ਹੀ ਮੈਨੂੰ ਆਪਣੀ ਨਾਟਕੀ ਪ੍ਰਤਿਭਾ ਦਾ ਅਹਿਸਾਸ ਹੋਇਆ ਸੀ।

ਪਰਿਵਾਰ – ਖਬਿਓਂ ਸੱਜੇ : ਭਰਾ ਅਵਤਾਰ ਸਿੰਘ, ਰਮਿੰਦਰ, ਪਿਤਾ ਡਾ. ਗਿਆਨ ਸਿੰਘ ਪਿੱਛੇ ਖੜ੍ਹੇ ਭਰਾ ਇੰਦਰਜੀਤ, ਮਾਤਾ ਕਰਤਾਰ ਕੌਰ, ਭੈਣ ਮਹਿੰਦਰ, ਭਰਾ ਹਰਭਜਨ ਅਤੇ ਸੱਭ ਤੋਂ ਅੱਗੇ ਬੈਠੇ ਗੁਰਸ਼ਰਨ ਸਿੰਘ – 1933 ਮੁਲਤਾਨ।

ਹੁਣ: ਤੁਹਾਡਾ ਜਨਮ ਮੁਲਤਾਨ ਦਾ ਹੈ। ਕੀ ਉਥੇ ਨਾਟਕ ਮੰਡਲੀਆਂ ਵੀ ਹੁੰਦੀਆਂ ਸਨ?
ਗੁਰਸ਼ਰਨ: ਸਾਡੇ ਘਰ ਵਿਚ ਸਾਹਿਤਕ ਵਾਤਾਵਰਣ ਸੀ। ਇਸ ਕਰਕੇ ਦੁਨੀਆ ਦੇ ਸਾਰੇ ਕਲਾਸਿਕਲ ਸਾਹਿਤ ਨੂੰ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ। 1936 ਦੇ ਕੋਇਟੇ ਦੇ ਭੁਚਾਲ ਦੀ ਘਟਨਾ ਮਨ ’ਤੇ ਉਕਰੀ ਹੋਈ ਹੈ। ਮੇਰੇ ਵੱਡੇ ਭਰਾ ਇੰਦਰਜੀਤ, ਭੁਚਾਲ ਦੇ ਸਮੇਂ ਰਾਹਤ ਦਾ ਕੰਮ ਕਰਨ ਲਈ ਸਕਾਊਟ ਦੇ ਤੌਰ ’ਤੇ ਕੋਇਟੇ ਗਏ। ਉਨ੍ਹਾਂ ਵਾਪਸ ਆ ਕੇ ਲੋਕਾਂ ਦਾ ਜੋ ਦੁੱਖ ਦਸਿਆ ਉਸ ਤੋਂ ਮੈਨੂੰ ਨਾ ਸਿਰਫ਼ ਮਨੁੱਖੀ ਦੁੱਖ ਦਾ ਅਹਿਸਾਸ ਹੋਇਆ ਸਗੋਂ ਉਸ ਦੁੱਖ ਦੇ ਸਮੇਂ ਆਪਸੀ ਭਾਈਚਾਰੇ ਦਾ ਵੀ ਅਹਿਸਾਸ ਹੋਇਆ। ਇਸ ਸਭ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਬੜੀ ਗਹਿਰਾਈ ਨਾਲ ਟੁੰਬਿਆ।
ਪੜ੍ਹਨ ਦਾ ਸ਼ੌਕ ਦਾਦਾ ਜੀ ਤੋਂ ਸ਼ੁਰੂ ਹੋਇਆ। ਦਾਦਾ ਜੀ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਡਬਲ ਗਰੈਜੂਏਟ ਸਨ। 1887 ਵਿਚ ਐਮ.ਏ. ਇੰਗਲਿਸ਼ ਕੀਤੀ। ਫੇਰ ਐਲ.ਐਲ.ਬੀ ਵੀ ਕੀਤੀ, ਪਰ ਵਕਾਲਤ ਦਾ ਪੇਸ਼ਾ ਨਹੀਂ ਅਪਣਾਇਆ। ਐਜੂਕੇਸ਼ਨ ਵੱਲ ਗਏ। ਪਹਿਲੇ ਖਾਲਸਾ ਸਕੂਲ, ਰਾਵਲਪਿੰਡੀ ਦੇ ਹੈਡ ਮਾਸਟਰ ਰਹੇ ਤੇ ਫੇਰ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਦੇ। ਬਾਅਦ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ ਪ੍ਰਿੰਸੀਪਲ ਬਣੇ। ਉਨ੍ਹਾਂ ਨੂੰ ਅੰਗਰੇਜ਼ੀ ਸਾਹਿਤ ਦਾ ਸ਼ੌਕ ਸੀ। ਨਾਲ ਹੀ ਸਿੰਘ ਸਭਾ ਲਹਿਰ ਨਾਲ ਜੁੜੇ ਹੋਣ ਕਰਕੇ, ਜੋ ਵੀ ਪੰਜਾਬੀ ਦਾ ਸਾਹਿਤ ਉਦੋਂ ਛਪਦਾ ਸੀ, ਉਹ ਸਾਡੇ ਘਰ ਜ਼ਰੂਰ ਆਂਦਾ ਸੀ।
ਮੇਰੇ ਪਿਤਾ ਜੀ ਐਮ.ਬੀ.ਬੀ.ਐਸ ਡਾਕਟਰ ਸਨ ਪਰ ਉਨ੍ਹਾਂ ਦਾ ਜਨਰਲ ਨੌਲਜ ਵਿਚ ਬੜਾ ਸ਼ੌਕ ਸੀ। ਉਹ ਲੰਡਨ ਦੀ ਹੋਮ ਲਾਇਬਰੇਰੀ ਦੇ ਮੈਂਬਰ ਸਨ। ਬਚਪਨ ਤੋਂ ਬੁੱਕ ਆਫ ਨੌਲਜ ਵਗੈਰਾ ਬਕਾਇਦਾ ਸਾਡੇ ਘਰ ਆਂਦੀਆਂ ਸਨ। ਅਸੀਂ ਪੰਜ ਭਰਾ ਤੇ ਇਕ ਭੈਣ ਸਾਂ। ਮੈਂ ਸਭ ਤੋਂ ਛੋਟਾ ਸਾਂ। ਤੀਜੇ ਭਰਾ ਇੰਦਰਜੀਤ ਸਭ ਤੋਂ ਪਹਿਲਾਂ ਸਰਦਾਰ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਰਾਹੀਂ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਹੋਏ। ਅੱਜ ਮੈਂ ਕਹਿ ਸਕਦਾ ਹਾਂ ਕਿ ਮੈਂ ਇਸ ਵਿਚਾਰਧਾਰਾ ਦਾ ਜੋ ਵੀ ਅਸਰ ਕਬੂਲਿਆ ਹੈ, ਇਹ ਇੰਦਰਜੀਤ ਹੁਰਾਂ ਦੇ ਹੀ ਰਾਹੀਂ ਹੈ। ਸੋਹਣ ਸਿੰਘ ਜੋਸ਼ ਮੇਰੇ ਪਹਿਲੇ ਪ੍ਰੇਰਨਾ ਸਰੋਤ ਹਨ। ਮੈਂ ਇਹ ਵੀ ਕਹਿ ਸਕਦਾ ਹਾਂ ਕਿ ਜੇ ਮਾਂ ਬਾਪ ਨੇ ਕਿਸੇ ਕਲਾ ਵੱਲ ਪ੍ਰੇਰਿਆ ਨਹੀਂ ਤਾਂ ਕਦੀ ਮਨ੍ਹਾ ਵੀ ਨਹੀਂ ਕੀਤਾ।
ਸਾਡੇ ਪਿਤਾ ਜੀ ਦੂਜੀ ਸੰਸਾਰ ਜੰਗ ਸਮੇਂ ਫੌਜ ਵਿਚ ਚਲੇ ਗਏ। ਇਹ 1939 ਦਾ ਸਮਾਂ ਸੀ। 16 ਫਰਵਰੀ 1942 ਨੂੰ ਸਿੰਘਾਪੁਰ ਜਪਾਨੀਆਂ ਦੇ ਜੰਗੀ ਕੈਦੀ ਬਣ ਗਏ। 1945 ਤੱਕ ਕੈਦ ਵਿਚ ਰਹੇ। ਅਸੀਂ ਉਸ ਤੋਂ ਬਾਅਦ ਮੁਲਤਾਨ ਛੱਡ ਕੇ ਆਪਣੇ ਦਾਦਾ ਜੀ ਕੋਲ ਅੰਮ੍ਰਿਤਸਰ ਆ ਗਏ। ਅਗਲੇ ਸਾਲਾਂ ਵਿਚ ਮੇਰੇ ’ਤੇ ਦਾਦਾ ਜੀ ਦਾ ਬੜਾ ਪ੍ਰਭਾਵ ਰਿਹਾ। ਉਹ ਬੜੇ ਦ੍ਰਿੜ ਕਿਸਮ ਦੇ ਇਨਸਾਨ ਸਨ। ਬੜੇ ਸਾਦਾ ਤੇ ਬੜੇ ਅਸੂਲ ਵਾਲੇ। ਮੈਂ ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਦੇ ਨਾਲ ਸੌਂਦਾ ਸਾਂ। ਕਮਰੇ ਵਿਚ ਗੁਰਬਾਣੀ ਦੀ ਤੁੱਕ ਫਰੇਮ ਵਿਚ ਕੰਧ ’ਤੇ ਟੰਗੀ ਹੁੰਦੀ ਸੀ-
‘ਸੁਖੀ ਬਸੈ ਮਸਕੀਨੀਆ, ਆਪ ਨਵਾਰ ਤਲੇ,
ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੈ।’
ਇਸ ਤੁੱਕ ਦੀ ਮੇਰਾ ਕਿਰਦਾਰ ਬਣਾਉਣ ਵਿਚ ਬੜੀ ਮਹੱਤਤਾ ਹੈ।

ਪਹਿਲੀ ਬਗਾਵਤ

ਹੁਣ: ਆਪਣੇ ਹਾਣੀਆਂ ਮਿੱਤਰਾਂ ਨਾਲ ਤੁਹਾਡੀ ਕਿਵੇਂ ਨਿਭਦੀ ਸੀ?
ਗੁਰਸ਼ਰਨ: ਬਹੁਤ ਚੰਗੀ ਨਿਭਦੀ ਸੀ। ਅਸਲ ਵਿਚ ਮੇਰੇ ਮਿੱਤਰ ਵੀ ਮੇਰੇ ਵਰਗੇ ਹੀ ਸਨ। ਮੇਰੀ ਸੋਚ ਬਨਾਉਣ ਵਿਚ ਮੇਰੇ ਮਿੱਤਰਾਂ ਦੀ ਖਾਸੀ ਭੂਮਿਕਾ ਰਹੀ ਹੈ।
ਸਕੂਲੀ ਜੀਵਨ ਵਿਚ ਹੀ ਜ਼ਿੰਦਗੀ ਦੇ ਸਫ਼ਰ ਵਿਚ ਅਸੀਂ ਕੁਝ ਮਿੱਤਰਾਂ ਨੇ ਪਹਿਲੀ ਬਗਾਵਤ ਕੀਤੀ। ਇਹ 1944, 7 ਨਵੰਬਰ ਦਾ ਦਿਨ ਸੀ। ਖਾਲਸਾ ਸਕੂਲ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਮਨਾਇਆ ਜਾ ਰਿਹਾ ਸੀ। ਦੀਵਾਨ ਸਮਾਪਤ ਹੋਇਆ। ਲੰਗਰ ਲਈ ਕਤਾਰਾਂ ਲੱਗ ਗਈਆਂ ਪਰ ਖਾਲਸਾ ਕਾਲਜ ਦੇ ਸਫਾਈ ਕਰਮਚਾਰੀਆਂ ਅਤੇ ਵਿਹੜਿਆਂ ’ਚੋਂ ਪੜ੍ਹਨ ਆਉਂਦੇ ਬੱਚਿਆਂ ਲਈ ਵੱਖਰੀ ਪੰਗਤ ਬਣਾਈ ਗਈ। ਸਾਡੀ ਹਾਕੀ ਟੀਮ ਦੇ ਦੋ ਖਿਡਾਰੀਆਂ ਸ਼ਿੰਗਾਰੇ ਤੇ ਕੈਲੇ ਨੇ ਵੱਖਰੀ ਪੰਗਤ ਵਿਚ ਬੈਠਣ ਤੋਂ ਇਨਕਾਰ ਕਰ ਦਿੱਤਾ। ਮੈਂ ਤੇ ਮੇਰੇ ਹੋਰ ਕੁਝ ਸਾਥੀਆਂ ਨੇ ਸ਼ਿੰਗਾਰੇ ਤੇ ਕੈਲੇ ਦੀ ਹਮਾਇਤ ਕੀਤੀ। ਅਸੀਂ ਸ਼ਾਮ ਨੂੰ ਇਨ੍ਹਾਂ ਸਾਥੀਆਂ ਦੇ ਵਿਹੜੇ (ਠੱਠੀਆਂ) ਵਿਚ ਜਾ ਕੇ ਲੰਗਰ ਛਕਿਆ। ਇਹ ਸਪਿਰਟ ਸਾਡੇ ਵਿਚ ਖੇਡ ਦੇ ਮੈਦਾਨ ਵਿਚ ਇਕਠਿਆਂ ਵਿਚਰਦਿਆਂ ਪੈਦਾ ਹੋਈ ਸੀ।
ਇੱਕਠੇ ਖੇਡਣਾ, ਇੱਕਠੇ ਖਾਣਾ ਪੀਣਾ ਅਤੇ ਹਰ ਕੰਮ ਵਿਚ ਇੱਕਠੇ ਰਹਿਣਾ ਇਹ ਸਾਨੂੰ ਖੇਡਾਂ ਨੇ ਸਿਖਾਇਆ। ਖੇਡ ਦੇ ਮੈਦਾਨ ਵਿਚ ਹਿੰਦੂ, ਮੁਸਲਿਮ, ਸਿੱਖ ਤੇ ਵੱਖ ਵੱਖ ਜਾਤਾਂ ਦੇ ਬੱਚੇ ਜਿਵੇਂ ਆਪੋ ਵਿਚ ਮਿਲ ਕੇ ਖੇਡਦੇ ਸਨ ਇਹ ਸਾਡੇ ਲਈ ਬੜੀ ਵੱਡੀ ਪ੍ਰੇਰਣਾ ਸੀ। ਸੈਕੂਲਰਿਜ਼ਮ ਲਈ ਖੇਡ ਦਾ ਮੈਦਾਨ ਬਹੁਤ ਵੱਡਾ ਸਬਕ ਸੀ। ਪੰਜਾਬ ’ਚ ਨਾਟਕ ਦੇ ਖੇਤਰ ਵਿਚ ਕੰਮ ਕਰ ਰਹੀਆਂ ਟੀਮਾਂ ਵਿਚਾਲੇ ਆਪਸੀ ਸਾਂਝ ਬਨਾਉਣ ਦੀ ਮੇਰੀ ਸੋਚ ਦੀ ਜ਼ਮੀਨ ਖੇਡ ਦੇ ਮੈਦਾਨ ਦੀ ਹੀ ਦੇਣ ਹੈ। ਅੱਜ ਦੀ ਜੇ ਗੱਲ ਕਰਨੀ ਹੋਵੇ ਤਾਂ ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਖੇਡ ਦਾ ਮੈਦਾਨ ਹੀ ਸਭ ਤੋਂ ਵੱਡਾ ਇਲਾਜ ਹੈ।
ਮੈਂ ਸਦਾ ਹੀ ਆਪਣੇ ਇਨ੍ਹਾਂ ਮਿੱਤਰਾਂ ਨੂੰ ਮੁਹੱਬਤ ਅਤੇ ਦੋਸਤੀ ਦਾ ਗਹਿਰਾ ਅਹਿਸਾਸ ਦਿੰਦਾ ਰਿਹਾ। ਸਾਰਿਆਂ ਨੂੰ ਇਕ ਨਜ਼ਰ ਨਾਲ ਦੇਖਣ ਦੀ ਦ੍ਰਿਸ਼ਟੀ ਸਾਡੇ ਪ੍ਰੋ. ਸਾਹਿਬ ਸਿੰਘ ਹੋਰਾਂ ਦੀ ਦੇਣ ਸੀ। ਪ੍ਰੋ. ਸਾਹਿਬ ਸਿੰਘ ਦੇ ਬਰਾਬਰੀ ਵਾਲੇ ਨਜ਼ਰੀਏ ਨੂੰ ਮੈਂ ਅੱਗੋਂ ਅਪਣੇ ਮਿੱਤਰਾਂ ਵਿਚ ਵਿਚਾਰਦਾ। ਖਾਲਸਾ ਕਾਲਜ ਵਿਚ ਸਿੱਖੀ ਦੀਆਂ ਧਾਰਾਵਾਂ ਉਤੇ ਬਹਿਸ ਚੱਲਦੀ ਸੀ, ਇਕ ਸੀ ਪ੍ਰਿੰਸੀਪਲ ਜੋਧ ਸਿੰਘ ਦੀ, ਜਿਨ੍ਹਾਂ ਦਾ ਵਿਚਾਰ ਸੀ ਕਿ ਧਰਮ ਸ਼ਰਧਾ ਉਤੇ ਟਿਕਿਆ ਹੁੰਦਾ ਹੈ ਜਦਕਿ ਪ੍ਰੋ. ਸਾਹਿਬ ਸਿੰਘ ਮੰਨਦੇ ਸਨ ਕਿ ਧਰਮ ਰੀਜ਼ਨ ਉਤੇ ਚੱਲਦਾ ਹੈ। ਉਹ ਬਾਬਾ ਨਾਨਕ ਨੂੰ ਇਕ ਮਿਸ਼ਨਰੀ ਸਮਝਦੇ ਸਨ। ਅੱਜ ਮੈਂ ਸੋਚਦਾ ਹਾਂ ਕਿ ਮੇਰੇ ਨਾਟਕ ‘ਨਵਾਂ ਜਨਮ’ ‘ਦਾਸਤਾਨ ਦਿੱਤੂ ਸਿੰਘ’ ਤੇ ‘ਸਰਪੰਚਣੀ’ ਇਸੇ ਸੋਚ ਵਿਚੋਂ ਨਿਕਲੇ ਹਨ ਕਿ ਅਸੀਂ ਸਭ ਬਰਾਬਰ ਹਾਂ। ਜਾਤ-ਪਾਤ ਦਾ ਕੋਈ ਮਤਲਬ ਨਹੀਂ। ਇਹ ਸਾਰਾ ਕੁਝ ਮੈਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਿੱਖਦਾ ਹਾਂ। ਖਾਲਸਾ ਸਕੂਲ ਕਾਲਜ ’ਚ ਪੜ੍ਹਦਿਆਂ ਧਾਰਮਕ ਪੀਰੀਅਡ ਲਾਉਂਦਿਆਂ ਇਹ ਚੇਤਨਾ ਜਾਗੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਨੇ ਊਚ ਨੀਚ ਦਾ ਫਰਕ ਖਤਮ ਕਰ ਦਿੱਤਾ। ਇਹ ਸ਼ਾਇਦ ਉਸ ਸਾਖੀ ਦਾ ਅਸਰ ਹੈ ਜਿਸ ਵਿਚ ਇਕੋ ਪਿਆਲੇ ’ਚੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਹੈ।
ਮੇਰੀ ਮਾਰਕਸਵਾਦ ਵੱਲ ਵਚਨਬੱਧਤਾ ਵੀ ਖਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਵਿਚ ਪ੍ਰੋ. ਸਾਹਿਬ ਸਿੰਘ ਹੋਰਾਂ ਵੱਲੋਂ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਵਿਚੋਂ ਹੀ ਜਨਮ ਲੈਂਦੀ ਹੈ। ਗੁਰੂ ਨਾਨਕ ਜਿਵੇਂ ਭਾਈ ਲਾਲੋ ਨੂੰ ਮੁਖਾਤਬ ਹੁੰਦੇ ਨੇ ਮੈਂ ਵੀ ਸਾਰੀ ਉਮਰ ਭਾਈ ਲਾਲੋਆਂ ਨੂੰ ਹੀ ਸੰਬੋਧਤ ਰਿਹਾ ਹਾਂ। ਮੇਰੀ ਸਿਆਸੀ ਪ੍ਰਤੀਬੱਧਤਾ ਵਿਚ ਵਿਗਿਆਨ ਮਾਰਕਸਵਾਦ ਵੱਲੋਂ ਆਈ ਹੈ ਪਰ ਪ੍ਰੇਰਣਾ ਮੈਨੂੰ ਗੁਰੂ ਨਾਨਕ ਤੋਂ ਹੀ ਮਿਲੀ ਹੈ। ਦਰਅਸਲ, ਮੇਰੇ ਕਿਰਦਾਰ ਵਿਚ ਇਕ ਵਿਸ਼ੇਸ਼ਤਾ ਹੈ ਜਿਹਦੇ ਉਤੇ ਮੈਨੂੰ ਨਿਮਾਣਾ ਜਿਹਾ ਮਾਣ ਵੀ ਹੈ ਕਿ ਮੈਂ ਕਦੇ ਸੁਆਰਥ ਦੀ ਗੱਲ ਨਹੀਂ ਕੀਤੀ। ਮਤਲਬ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਨਹੀਂ ਕੀਤਾ। ਇਸੇ ਲਈ ਮੇਰੀ ਮੇਰੇ ਮਿੱਤਰਾਂ ਹਾਣੀਆਂ ਨਾਲ ਹੁਣ ਤੱਕ ਚੰਗੀ ਨਿਭਦੀ ਆਈ ਹੈ।

ਬਾਲ ਵਰੇਸੇ

ਬਾਲ ਵਰੇਸੇ ਬੰਟੇ ਖੇਡੇ ਵੱਡੇ ਹੋ ਕੇ ਨਾਟਕ – ਮੁਲਤਾਨ 1936

ਹੁਣ: ਬਚਪਨ ਦਾ ਤੁਹਾਡੇ ’ਤੇ ਸਭ ਤੋਂ ਵੱਧ ਗੁੜ੍ਹਾ ਪ੍ਰਭਾਵ ਕਿਸ ਸਖਸ਼ੀਅਤ ਦਾ ਹੈ?
ਗੁਰਸ਼ਰਨ: ਬਚਪਨ ਦਾ ਸਭ ਤੋਂ ਗੂੜ੍ਹਾ ਪ੍ਰਭਾਵ ਵੱਡੇ ਭਰਾ ਇੰਦਰਜੀਤ ਹੁਰਾਂ ਦਾ ਹੀ ਹੈ ਤੇ ਉਨ੍ਹਾਂ ਰਾਹੀਂ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ। ਪ੍ਰੀਤਲੜੀ ਵਿਚ ਉਨ੍ਹਾਂ ਦਾ ਕਾਲਮ ਹੁੰਦਾ ਸੀ-‘ਰੋਜ਼ਾਨਾ ਜ਼ਿੰਦਗੀ ਦੀ ਸਿਖਿਆ’। ਉਸ ਕਾਲਮ ਨੇ ਮੈਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਾਇਆ।

ਹੁਣ: ਪੜ੍ਹਨ ਵਿਚ ਕਿਹੋ ਜਹੇ ਸੀ ਤੁਸੀਂ। ਕਿਹੜੀਆਂ ਕਿਤਾਬਾਂ ਨਾਲ ਬੇਹੱਦ ਪਿਆਰ ਹੁੰਦਾ ਸੀ?
ਗੁਰਸ਼ਰਨ: ਮੈਂ ਪੜ੍ਹਨ ਵਿਚ ਹੁਸ਼ਿਆਰ ਸਾਂ। ਜਮਾਤ ਵਿਚ ਪੁਜੀਸ਼ਨ ਲੈਂਦਾ ਸਾਂ। ਨਾਨਕ ਸਿੰਘ ਹੁਰਾਂ ਦੇ ਨਾਵਲ ਅੱਛੇ ਲਗਦੇ ਸਨ। ਦਰਸ਼ਨ ਸਿੰਘ ਅਵਾਰਾ ਦੀਆਂ ਕਵਿਤਾਵਾਂ ‘ਰੱਬ ਬੰਦੇ ਨੂੰ, ਬੰਦਾ ਰੱਬ ਨੂੰ’ ਮੇਰੀਆਂ ਪਹਿਲੀਆਂ ਯਾਦ ਹੋਈਆਂ ਕਵਿਤਾਵਾਂ ਨੇ।

ਹੁਣ: ਕੁਦਰਤਨ ਹਰ ਜਵਾਨ ਦਿਲ ਵਿਚ ਮੁਹੱਬਤ ਦੀਆਂ ਕੋਪਲਾਂ ਫੁਟੱਦੀਆਂ ਹਨ, ਗਭਰੇਟ ਉਮਰੇ ਤੁਹਾਡਾ ਦਿਲ ਵੀ ਕਿਸੇ ਲਈ ਧੜਕਿਆ ਹੋਵੇਗਾ?
ਗੁਰਸ਼ਰਨ: ਬਹੁਤ ਹੋਰ ਕੰਮ ਸਨ, ਜ਼ਿੰਦਗੀ ਵਿਚ। ਉਂਜ ਵੀ ਮੈਂ ਸੈਲਫ਼ ਡਸਿਪਲਿਨ ਵਿਚ ਰਹਿਣ ਵਾਲਾ ਬੰਦਾ ਹਾਂ।

ਹੁਣ: ਤੁਸੀਂ ਸਦਾ ਹੀ ਪੰਜਾਬੀ ਲੋਕ ਜੀਵਨ ਦੀਆਂ ਮੂਹਰਲੀਆਂ ਕਤਾਰਾਂ ਵਿਚ ਰਹੇ ਹੋ। ਕਿਹੜੀ ਐਸੀ ਤਹਿਰੀਕ ਸੀ ਜਿਸ ਵਿਚ ਤੁਸੀਂ ਪਹਿਲੀ ਵਾਰ ਹਿੱਸਾ ਲਿਆ ਸੀ?
ਗੁਰਸ਼ਰਨ: ਪਹਿਲੀ ਤਹਿਰੀਕ ਜਿਸ ਵਿਚ ਮੈਂ ਹਿੱਸਾ ਲਿਆ, ਉਹ ਇਪਟਾ ਹੀ ਸੀ- (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਇਸ ਨਾਲ ਮੈਂ 1943 ਵਿਚ ਜੁੜ ਗਿਆ। ਖੁਦ ਨਾਟਕ ਨਹੀਂ ਕੀਤਾ ਪਰ ਸ਼ੌਅ ਆਰਗੇਨਾਈਜ਼ ਕਰਨ ਵਿਚ ਹਿੱਸਾ ਪਾਉਂਦਾ ਰਿਹਾ। ਜਦੋਂ 1943 ਵਿਚ ਬੰਗਾਲ ਦਾ ਕਾਲ ਪਿਆ ਤਾਂ ਭਰਾ ਇੰਦਰਜੀਤ ਜੋ ਹੁਣ ਡੈਂਟਲ ਡਾਕਟਰ ਬਣਨ ਦੀ ਪੜ੍ਹਾਈ ਕਰ ਰਹੇ ਸਨ, ਪੰਜਾਬ ਤੋਂ ਡਾਕਟਰਾਂ ਦਾ ਰਾਹਤ ਮਿਸ਼ਨ ਲੈ ਕੇ ਬੰਗਾਲ ਗਏ। ਉਨ੍ਹਾਂ ਦੇ ਰਾਹੀਂ ਉੱਥੇ ਹੁੰਦੀਆਂ ਇਪਟਾ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗਾ। 1944 ਵਿਚ ਪੰਦਰਾਂ ਸਾਲਾਂ ਦੀ ਉਮਰ ਵਿਚ ਮੈਂ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਸਾਂ। 1971 ਤੱਕ ਪਾਰਟੀ ਨੇ ਮੈਨੂੰ ਜੋ ਵੀ ਕੰਮ ਦਿੱਤਾ, ਉਹ ਮੈਂ ਨਿਭਾਇਆ।

ਹੁਣ: ਤੁਸੀਂ ਬਹੁਤੇ ਨਾਟਕ ਆਪ ਹੀ ਲਿਖਕੇ ਖੇਡਦੇ ਹੋ। ਯਾਦ ਹੈ ਤੁਸੀਂ ਸਭ ਤੋਂ ਪਹਿਲਾ ਨਾਟਕ ਕਿਹੜਾ ਲਿਖਿਆ ਤੇ ਖੇਡਿਆ ਸੀ?
ਗੁਰਸ਼ਰਨ: ਸਾਰਿਆਂ ਨਾਲੋਂ ਪਹਿਲਾ ਨਾਟਕ ਮੈਂ ‘ਲੋਹੜੀ ਦੀ ਹੜਤਾਲ’ 1954 ਵਿਚ ਲਿਖਿਆ ਸੀ। ਇਹ ਡਰਾਮਾ ਨੰਗਲ ਵਿਚ ਖੇਡਿਆ ਗਿਆ ਪਰ ਮੈਂ ਆਪ ਇਹਦੇ ਵਿਚ ਨਹੀਂ ਸਾਂ। ਸਟੇਜ ’ਤੇ ਮੈਂ ‘ਦੀਵਾ ਬੁਝ ਗਿਆ’ ਵਿਚ ਹੀ ਪਹਿਲੀ ਵਾਰ ਆਇਆ।

ਹੁਣ: ਤੁਸੀਂ ਅਪਣੇ ਨਾਟਕਾਂ ਨੂੰ ਡਿਜ਼ਾਈਨ ਕਿਵੇਂ ਕਰਦੇ ਓ?
ਗੁਰਸ਼ਰਨ: ਮੈਂ ਅਪਣੇ ਆਪ ਤੋਂ ਪੁੱਛਦਾ ਹਾਂ ਕਿ ਮੈਂ ਚਾਹੁੰਦਾ ਕੀ ਹਾਂ? ਮੈਂ ਕਿਨ੍ਹਾਂ ਨੂੰ ਸੰਬੋਧਨ ਹੋਣਾ ਹੈ? ਮੇਰੇ ਕੋਲ ਸਾਧਨ ਕੀ ਹਨ? ਤੇ ਮੈਂ ਅਪਣੀ ਗੱਲ ਕਿਸ ਤਰ੍ਹਾਂ ਕਰਾਂ ਕਿ ਜਿਨ੍ਹਾਂ ਨੂੰ ਸਮਝਾਉਣੀ ਚਾਹੁੰਦਾ ਹਾਂ, ਉਨ੍ਹਾਂ ਨੂੰ ਮੇਰੀ ਗੱਲ ਸਮਝ ਆ ਜਾਏ, ਸਿਰ ਤੋਂ ਨਾ ਲੰਘ ਜਾਏ। ਮੈਂ ਐਕਸਪੈਰੀਮੈਂਟ ਦੇ ਨਾਂ ’ਤੇ ਨਾਟਕ ਕਲਾ ਦੀ ਕਦਰ ਘਟਾਈ ਨਹੀਂ ਕਰ ਸਕਦਾ। ਬਹੁਤ ਲੋਕ ਐਕਸਪੈਰੀਮੈਂਟ ਕਰਦੇ ਹਨ ਜੋ ਮੈਨੂੰ ਪਸੰਦ ਨਹੀਂ। ਮਿਸਾਲ ਦੋ ਤੌਰ ’ਤੇ 27 ਮਾਰਚ 2008 ਨੂੰ ਅੰਮ੍ਰਿਤਸਰ ਵਿਚ ਥੀਏਟਰ ਡੇ ਮਨਾਇਆ ਗਿਆ। ਜਿਵੇਂ ਕਿ ਰਿਵਾਜ਼ ਹੁੰਦਾ ਹੈ ਕਿ ਫੋਕ ਥੀਏਟਰ ਦੀ ਵੰਨਗੀ ਪੇਸ਼ ਹੋਣੀ ਚਾਹੀਦੀ ਹੈ। ਫੋਕ ਥੀਏਟਰ ਦੇ ਨਾਂ ’ਤੇ ਰਾਸ ਲੀਲਾ ਸ਼ੈਲੀ ਵਿਚ ਇਕ ਨਾਟਕ ਦਿਖਾਇਆ ਗਿਆ। ਨਾਟਕ ਵਿਚ ਮੁੰਡਿਆਂ ਨੂੰ ਕੁੜੀਆਂ ਬਣਾਇਆ ਗਿਆ ਸੀ। ਮੈਂ ਸਮਝਦਾ ਹਾਂ ਇਹ ਨਾਟਕ ਦੀ ਕਦਰ ਘਟਾਈ ਹੈ।
ਠੀਕ ਹੈ ਫੋਕ ਥੀਏਟਰ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਪਰ ਫੋਕ ਥੀਏਟਰ ਨੂੰ ਅਕਲ ਵੀ ਤਾਂ ਦੇਣੀ ਚਾਹੀਦੀ ਹੈ। ਅਸੀਂ ਲੋਕਾਂ ਨੂੰ ਸਿਆਣੇ ਬਣਾਉਣਾ ਹੈ ਪਿੱਛੇ ਤਾਂ ਨਹੀਂ ਲੈ ਕੇ ਜਾਣਾ। ਅਸਲ ਵਿਚ ਕਈ ਵਾਰ ਵਿਰਸੇ ਦੇ ਨਾਂ ’ਤੇ ਹੀ ਬਹੁਤ ਕੁਝ ਗਲਤ ਹੋਈ ਜਾਂਦਾ ਹੈ। ਵਿਰਸੇ ਵਿਚੋਂ ਉਹ ਚੀਜ਼ਾਂ ਲਈਆਂ ਜਾਣੀਆਂ ਚਾਹੀਦੀਆਂ ਹਨ ਜੋ ਅੱਜ ਦੇ ਵਿਗਿਆਨਕ ਯੁੱਗ ਵਿਚ ਅਰਥ ਰੱਖਦੀਆਂ ਹੋਣ।

ਕਾਲੇ ਦਿਨ

ਹੁਣ: ਕਾਲੇ ਦਿਨਾਂ ਦੌਰਾਨ ਤੁਹਾਨੂੰ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਆਉਣਾ ਪਿਆ, ਤੁਹਾਡੇ ਲਈ ਕਿਹੋ ਜਿਹੇ ਸਨ ਉਹ ਦਿਨ?
ਗੁਰਸ਼ਰਨ: ਅੰਮ੍ਰਿਤਸਰ ਛੱਡਣ ਦਾ ਮੈਨੂੰ ਬਹੁਤ ਗਮ ਰਿਹਾ। ਮੈਂ ਉਹਨੀਂ ਦਿਨੀਂ ਤੜਪ ਰਿਹਾ ਸੀ। ਪ੍ਰੀਤ ਲੜੀ ਵਾਲਾ ਸੁਮੀਤ ਮਾਰਿਆ ਗਿਆ। ਮੈਨੂੰ ਲੱਗਾ ਮੇਰਾ ਅਪਣਾ ਪੁੱਤ ਮਾਰਿਆ ਗਿਆ ਹੈ। ਮੇਰਾ ਚੰਡੀਗੜ੍ਹ ਆਉਣਾ ਪੰਜਾਬ ਸੰਤਾਪ ਨਾਲ ਹੀ ਜੁੜਿਆ ਹੋਇਆ ਹੈ। ਮੈਨੂੰ ਕਿਸੇ ਨੇ ਕੋਈ ਸਿੱਧੀ ਧਮਕੀ ਤਾਂ ਨਹੀਂ ਦਿੱਤੀ ਪਰ ਦੋਸਤ ਮਿੱਤਰ ਮੈਨੂੰ ਚੌਕਸ ਕਰਦੇ ਰਹੇ। ਕਹਿੰਦੇ ਰਹੇ ਕਿ ਇੱਥੇ ਹੁਣ ਕੋਈ ਸੁਰੱਖਿਆ ਨਹੀਂ।
ਖਾਲਸਾ ਕਾਲਜ ਦੇ ਇਕ ਪ੍ਰੋਫੈਸਰ, ਭਿੰਡਰਾਵਾਲੇ ਨਾਲ ਰਾਬਤਾ ਰੱਖਦੇ ਸਨ। ਉਹ ਇਕ ਵਾਰੀ ਕਹਿਣ ਲੱਗੇ, ‘ਤੁਹਾਡੀਆਂ ਸਰਗਰਮੀਆਂ ਨੂੰ ਸੰਤ ਪਸੰਦ ਨਹੀਂ ਕਰਦੇ।’ ਭਿੰਡਰਾਵਾਲਾ ਦਾ ਸੱਜਾ ਹੱਥ ਅਮਰੀਕ ਸਿੰਘ ਖਾਲਸਾ ਕਾਲਜ ਵੇਲੇ ਤੋਂ ਮੇਰੇ ਨੇੜੇ ਸੀ ਉਹਦੇ ਨਾਲ ਕਿਸੇ ਵੇਲੇ ਮੇਰੀ ਨਿੱਜੀ ਮੁਹੱਬਤ ਵੀ ਰਹੀ। ਉਹਨੇ ਜਾਂ ਕਿਸੇ ਹੋਰ ਨੇ ਵੀ ਕਦੇ ਮੈਨੂੰ ਸਿੱਧਿਆਂ ਕੁਝ ਨਹੀਂ ਕਿਹਾ।
ਚੰਡੀਗੜ੍ਹ ਆਉਣ ਦਾ ਮੇਰਾ ਇਕ ਕਾਰਨ ਇਹ ਵੀ ਸੀ ਕਿ ਵੱਡੀ ਬੇਟੀ ਨਵਸ਼ਰਨ ਦਿੱਲੀ ਚਲੀ ਗਈ ਸੀ ਤੇ ਛੋਟੀ ਅਰੀਤ ਚੰਡੀਗੜ੍ਹ। ਦੋਵੇਂ ਬੇਟੀਆਂ ਜ਼ੋਰ ਪਾ ਰਹੀਆਂ ਸਨ ਕਿ ਤੁਸੀਂ ਅੰਮ੍ਰਿਤਸਰ ’ਕੱਲੇ ਨਾ ਰਹੋ। ਇਨ੍ਹੀਂ ਦਿਨੀਂ ਹੀ ਫਿਰੋਜ਼ਪੁਰ ਨੇੜੇ ਫਿਰੋਜ਼ਸ਼ਾਹ ਵਿਖੇ ਦੂਰਦਰਸ਼ਨ ਦੇ ਲੜੀਵਾਰ ਭਾਈ ਮੰਨਾ ਸਿੰਘ ਦੀ ਸ਼ੂਟਿੰਗ ਚੱਲ ਰਹੀ ਸੀ। ਉਦੋਂ ਬੱਚਿਆਂ ਦੇ ਮਾਸੜ ਜੀ ਮੇਜਰ ਜਨਰਲ ਸਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਖ਼ਬਰਾਂ ਕੁਝ ਚੰਗੀਆਂ ਨਹੀਂ ਮਿਲ ਰਹੀਆਂ, ਤੁਸੀਂ ਹੁਣ ਪਾਪਾ ਨੂੰ ਅੰਮ੍ਰਿਤਸਰ ਨਾ ਜਾਣ ਦੇਣਾ। ਦੂਸਰੀ ਗੱਲ, ਅੰਮ੍ਰਿਤਸਰ ਵਿਚ ਮੇਰਾ ਬਹੁਤਾ ਕੰਮ ਨਾਟਕ ਖੇਤਰ ਵਿਚ ਹੀ ਸੀ ਤੇ ਅੰਮ੍ਰਿਤਸਰ ਦੇ ਅਵਾਮ ਨਾਲ ਖਾਸ ਤੌਰ ’ਤੋ ਮਜ਼ਦੂਰਾਂ ਆਦਿ ਨਾਲ ਮੇਰਾ ਕੋਈ ਸਿੱਧਾ ਸਬੰਧ ਨਹੀਂ ਸੀ। ਮੈਂ ਅੰਮ੍ਰਿਤਸਰ ਜੋ ਵੀ ਕਰਦਾ ਸਾਂ ਉਹ ਕਾਮਰੇਡ ਸੱਤਪਾਲ ਅਤੇ ਬਿਮਲਾ ਡਾਂਗ ਨਾਲ ਗੱਲ ਕਰਕੇ ਕਰਦਾ ਸਾਂ। ਉਥੇ ਨਕਸਲੀ ਦੇ ਤੌਰ ’ਤੇ ਮੇਰੀ ਕੋਈ ਪਛਾਣ ਨਹੀਂ ਸੀ ਨਾ ਹੀ ਮੈਂ ਕਿਸੇ ਜਥੇਬੰਦੀ ਦਾ ਅਹੁਦੇਦਾਰ ਜਾਂ ਨੀਤੀਵਾਹਕ ਰਿਹਾ ਸਾਂ। ਉਦੋਂ ਤੱਕ ਮੇਰਾ ਸਮੁੱਚਾ ਪ੍ਰਭਾਵ ਪ੍ਰਗਤੀਸ਼ੀਲ ਕਲਾਕਾਰ ਦਾ ਹੀ ਸੀ। ਮੇਰੀ ਪੁਜੀਸ਼ਨ ਬੜੀ ਅਜੀਬ ਰਹੀ ਹੈ। ਅੰਮ੍ਰਿਤਸਰ ਵਿਚ ਮੇਰੇ ਜਿੰਨੇ ਵੀ ਸਾਥੀ ਸਨ ਉਹ ਸੀ.ਪੀ.ਆਈ ਵਾਲੇ ਕਾਮਰੇਡ ਸਨ ਜਦਕਿ ਨੰਗਲ ਰਹਿੰਦਿਆਂ ਮੇਰੀ ਦੋਸਤੀ ਸੀ.ਪੀ.ਐਮ ਵਾਲਿਆਂ ਨਾਲ ਰਹੀ। ਮੈਂ ਕਿਸੇ ਵੀ ਪਾਰਟੀ ਵਿਚ ਨਾ ਹੁੰਦਿਆਂ ਹੋਇਆਂ ਵੀ ਕਮਿਊਨਿਸਟ ਹੀ ਸਾਂ। ਇਨ੍ਹਾਂ ਹਾਲਤਾਂ ਵਿਚ ਮੈਂ 1989 ਵਿਚ ਅੰਮ੍ਰਿਤਸਰ ਤੋਂ ਕੁਝ ਸਮੇਂ ਲਈ ਦਿੱਲੀ ਗਿਆ ਤੇ ਫੇਰ ਪੱਕੇ ਤੌਰ ’ਤੇ ਚੰਡੀਗੜ੍ਹ ਆ ਗਿਆ।
ਇਕ ਦਿਲਚਸਪ ਗੱਲ ਸੁਣਾਵਾਂ। ਮੈਂ ਅਮਰੀਕਾ ਸਾਂ। ਹਰਸ਼ਰਨ ਧੀਦੋ ਦੇ ਫਾਰਮ ’ਤੇ। ਉਥੇ ਮੈਨੂੰ ਟੈਲੀ ਸਕੋਪ ਪਿਸਟਲ ਦੀ ਡੈਮੋਸਟਰੇਸ਼ਨ ਦਿਖਾਈ ਗਈ। ਉਹਦੇ ਵਿਚ ਮੈਂ ਦੇਖ ਰਿਹਾ ਸੀ ਕਿ ਸੌ ਗਜ਼ ਦੂਰ ਖੜਾ ਬੰਦਾ ਵੀ ਬਿਲਕੁਲ ਸਾਹਮਣੇ ਖੜਾ ਦਿਖਾਈ ਦੇ ਰਿਹਾ ਸੀ। ਮੈਨੂੰ ਖ਼ਿਆਲ ਆਇਆ ਮੈਂ ਕਿਧਰੇ ਡਰਾਮਾ ਕਰਦਾ ਹੋਵਾਂ ਤੇ ਪ੍ਰਬੰਧਕਾਂ ਨੇ ਮੇਰੀ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੋਵੇ ਪਰ ਇਸ ਤਰ੍ਹਾਂ ਦੀ ਟੈਲੀਸਕੋਪ ਪਿਸਟਲ ਨਾਲ ਮੇਰੇ ’ਤੇ ਦੂਰੋਂ ਵੀ ਤਾਂ ਹਮਲਾ ਹੋ ਸਕਦਾ ਹੈ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਨੂੰ ਕਿਸੇ ਵੇਲੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਰ ਫੇਰ ਮੈਨੂੰ ਖ਼ਿਆਲ ਆਇਆ ਕਿ ਜਿੱਥੇ ਹੋਰ ਮਰਦੇ ਹਨ ਅਸੀਂ ਵੀ ਮਰ ਜਾਵਾਂਗੇ। ਕੰਮ ਤਾਂ ਕਰਨਾ ਹੀ ਹੈ। ਬਚਾਅ ਦੀ ਖਾਤਰ ਕੰਮ ਨਹੀਂ ਬੰਦ ਕਰਨਾ। ਕੰਮ ਕਰਨੈ ਸਮਾਜਕ ਨਿਆਂ ਲਈ, ਸੈਕੂਲਰਇਜ਼ਮ ਲਈ। ਸੋ ਮੈਂ ਕੰਮ ਕਰਦਾ ਰਿਹਾ ਹਾਂ ਚਾਹੇ ਨੰਗਲ ਹੋਵੇ, ਅੰਮ੍ਰਿਤਸਰ ਤੇ ਜਾਂ ਫੇਰ ਚੰਡੀਗੜ੍ਹ।

ਹੁਣ: ਇਨ੍ਹੀਂ ਦਿਨੀਂ ਹੀ ਤੁਸੀਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨਾਂਅ ਦੀ ਸੰਸਥਾ ਬਣਾ ਕੇ ਪੰਜਾਬ ਦੀਆਂ ਲੋਕ ਪੱਖੀ ਨਾਟਕ ਮੰਡਲੀਆਂ ਨੂੰ ਇਕ ਮੰਚ ਮੁਹੱਈਆ ਕਰਵਾਇਆ। ਕਿਹੋ ਜਿਹਾ ਰਿਹਾ ਇਹ ਤਜਰਬਾ।
ਗੁਰਸ਼ਰਨ: ਇਹ ਸੋਚ ਮੇਰੀ ਅਤੇ ਅਮੋਲਕ ਦੀ ਸੀ। ਅਸੀਂ ਮਲੇਰਕੋਟਲੇ ਬੱਸ ਸਟੈਂਡ ’ਤੇ ਇਕ ਢਾਬੇ ’ਤੇ ਮੀਟਿੰਗ ਕੀਤੀ। ਉਦੋਂ ਇਨਕਲਾਬੀ ਗਰੁੱਪਾਂ ਵਿਚੋਂ ਇਹੋ ਗਰੁੱਪ ਨਾਟਕ ਸਰਗਰਮੀਆਂ ਕਰਦਾ ਸੀ। ਅਸੀਂ ਸੋਚਿਆ ਕਿ ਨਾਟਕ ਨੂੰ ਇਕ ਜਥੇਬੰਦਕ ਰੁੂਪ ਦਿੱਤਾ ਜਾਵੇ। ਬਕਾਇਦਗੀ ਨਾਲ ਪਲਸ ਮੰਚ ਹੁਣ ਵੀ ਕੰਮ ਕਰ ਰਿਹਾ ਹੈ ਪਰ ਇਹਦੀਆਂ ਜਿੱਥੇ ਪ੍ਰਾਪਤੀਆਂ ਹਨ, ਉਥੇ ਰੁਕਾਵਟ ਇਹ ਹੋ ਗਈ ਕਿ ਦੂਜੇ ਗਰੁੱਪ ਸਾਡੇ ਨੇੜੇ ਨਹੀਂ ਆਏ। ਜਿਵੇਂ ਦਰਸ਼ਨ ਖਟਕੜ, ਬਲਵੰਤ ਮੱਖੂ ਆਦਿ। ਹੁਣ ਮੈਂ ਸੋਚਦਾ ਹਾਂ ਕਿ ਪਲਸ ਮੰਚ ਅਪਣੇ ਮੁਤਾਬਕ ਕੰਮ ਕਰੇ। ਮੈਂ ਕੁਝ ਕੰਮ ਸੁਤੰਤਰ ਤੌਰ ’ਤੇ ਵੀ ਕਰਨਾ ਚਾਹੁੰਦਾ ਹਾਂ। ਮੈਂ ਸਮਝਦਾ ਹਾਂ ਕਿ ਖੱਬੀਆਂ ਧਿਰਾਂ ਜੇਕਰ ਸਿਰਜਣਾਤਮਕ ਵਿਧਾਵਾਂ ਵਿਚ ਸਾਂਝੀ ਸੋਚ ਰੱਖਣ ਤਾਂ ਜ਼ਿਆਦਾ ਚੰਗੇ ਨਤੀਜੇ ਨਿਕਲ ਸਕਦੇ ਹਨ। ਮੇਰਾ ਸਾਰੇ ਸਤਿਕਾਰ ਕਰਦੇ ਹਨ। ਇਹ ਮੇਰੀ ਉਮਰ ਦਾ ਤਕਾਜ਼ਾ ਵੀ ਹੋ ਸਕਦਾ ਹੈ ਪਰ ਮੇਰਾ ਅਪਣਾ ਨਿਰਪੱਖ ਕੰਮ ਵੀ ਹੈ। ਮੈਂ ਕਲਾ ਦੇ ਖੇਤਰ ਵਿਚ ਕੋਈ ਵਖਰੇਵਾਂ ਨਹੀਂ ਕਰਦਾ। ਮੈਂ ਹੁਣ ਵੀ ਸਾਰੀਆਂ ਖੱਬੀਆਂ ਧਿਰਾਂ, ਅਵਾਮੀ ਜਥੇਬੰਦੀਆਂ ਦੀਆਂ ਸਟੇਜਾਂ ’ਤੇ ਜਾਂਦਾ ਹਾਂ। ਮੈਨੂੰ ਕੋਈ ਇਤਰਾਜ਼ ਨਹੀਂ ਕਿ ਉਹ ਅਪਣਾ ਪ੍ਰੋਗਰਾਮ ਲੋਕਾਂ ਨੂੰ ਦੇਣ। ਮੈਂ ਅਪਣੇ ਵਿਚਾਰ ਲੋਕਾਂ ਨੂੰ ਦੱਸ ਦਿਨਾਂ। ਮੇਰੇ ਵਿਚਾਰ ਕੀ ਹਨ?
ਮੈਂ ਚਾਰ ਗੱਲਾਂ ’ਤੇ ਜ਼ੋਰ ਦਿੰਦਾ ਹਾਂ-ਮਜ਼ਹਬਾਂ ਦਾ ਕੋਈ ਫਰਕ ਨਾ ਹੋਵੇ, ਜਾਤਾਂ ਦਾ ਕੋਈ ਫਰਕ ਨਾ ਹੋਵੇ, ਘਰਾਂ ਵਿਚ ਮੁੰਡੇ ਕੁੜੀ ਦਾ ਕੋਈ ਫਰਕ ਨਾ ਹੋਵੇ ਤੇ ਔਰਤਾਂ ਨੂੰ ਬਰਾਬਰਤਾ ਦੀ ਲਹਿਰ ਵਿਚ ਲਿਆਂਦਾ ਜਾਵੇ। ਮੈਂ ਕਹਿਨਾਂ ਕਿ ਜਿਹੜੇ ਕਹਿੰਦੇ ਕਹਾਉਂਦੇ ਕਾਮਰੇਡਾਂ ਦੇ ਘਰਾਂ ਵਿਚ ਇਹ ਵੱਖਰੇਵੇਂ ਹਨ ਤਾਂ ਇਹਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਾਡੀ ਲਹਿਰ ਦੇ ਹੋਣ ਦਾ ਕੋਈ ਦਾਅਵਾ ਕਰਨ ਦਾ ਹੱਕ ਨਹੀਂ। ਕਾਮਰੇਡਾਂ ਦੇ ਘਰਾਂ ਵਿਚ ਕੀ ਵਰਤਾਰੇ ਚੱਲਦੇ ਹਨ ਇਹ ਵੀ ਸਾਫ ਹੋਣਾ ਚਾਹੀਦਾ ਹੈ। ਮੈਂ ਪਲਸ ਮੰਚ ਤੋਂ ਵੀ ਇਹੀ ਆਵਾਜ਼ ਉਠਾਈ ਹੈ।

ਹੁਣ: ਸੈਕਸ਼ਪੀਅਰ ਨੂੰ ਕਾਰਲ ਮਾਰਕਸ ਸਮੇਤ ਸਾਰਾ ਸੰਸਾਰ ਹੀ ਕਿਉਂ ਵੱਡਾ ਨਾਟਕਕਾਰ ਕਹਿੰਦਾ ਹੈ ਹਾਲਾਂ ਕਿ ਉਹਦੇ ਅੱਧੇ ਕੁ ਨਾਟਕ ਰਾਜੇ ਮਹਾਰਾਜਿਆਂ ਦੁਆਲੇ ਘੁੰਮਦੇ ਹਨ?
ਗੁਰਸ਼ਰਨ: ਸੈਕਸ਼ਪੀਅਰ ਵੱਡਾ ਨਾਟਕਕਾਰ ਹੈ। ਉਹ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ ਤੇ ਉਹਨੂੰ ਨਾਟਕੀ ਰੂਪ ਵਿਚ ਪੇਸ਼ ਕਰਦਾ ਸੀ। ਏਸੇ ਕਰਕੇ ਉਹਦੇ ਬਹੁਤ ਸਾਰੇ ਡਾਇਲਾਗ ਕੌਏਟੇਬਲ ਕੋਟਸ(ਕਹਾਵਤਾਂ) ਬਣ ਚੁੱਕੇ ਹਨ।

ਹੁਣ: ਮੇਰੀ ਲੰਡਨ ਵਿਚ ਇਕ ਐਸੇ ਅਫਰੀਕੀ ਨਾਟਕਕਾਰ ਨਾਲ ਮੁਲਾਕਾਤ ਹੋਈ ਸੀ ਜਿਸਨੇ ਇਕ ਪੂਰੇ ਪਿੰਡ ਅਤੇ ਉਹਦੇ ਸਾਰੇ ਦੇ ਸਾਰੇ ਵਸਨੀਕਾਂ ਨੂੰ ਨਾਟਕ ਵਿਚ ਸ਼ਾਮਲ ਕਰ ਲੈਣ ਦਾ ਤਜ਼ਰਬਾ ਕੀਤਾ ਸੀ ਜੋ ਬੇਹੱਦ ਸਫ਼ਲ ਵੀ ਰਿਹਾ। ਕੀ ਤੁਹਾਡੇ ਮਨ ਨੇ ਵੀ ਪੰਜਾਬ ਵਿਚ ਇਹੋ ਜਿਹਾ ਕੁਝ ਕਰਨ ਦੀ ਸੋਚੀ ਕਦੇ?
ਗੁਰਸ਼ਰਨ: ਮੈਂ ਏਹੋ ਜਿਹਾ ਕਰਨ ਦੀ ਕਦੇ ਸੋਚੀ ਨਹੀਂ, ਪਰ ਮੈਂ ਇਹ ਸਮਝਦਾ ਹਾਂ, ਖਾਸ ਕਰਕੇ ਜਦੋਂ ਮੈਂ ਨਾਟਕ ‘ਜਿੰਨ ਸਚੁ ਪੱਲੇ ਹੋਇ’ ਕਰਦਾ ਸਾਂ, ਉਦੋਂ ਆਪਣੇ ਨਾਲ ਸਮੂਹ ਪਿੰਡ ਦੇ ਜੁੜੇ ਹੋਣ ਦੀ ਖੁਸ਼ੀ ਦਾ ਅਹਿਸਾਸ ਬਹੁਤ ਵਾਰ ਮਹਿਸੂਸ ਕੀਤਾ।

ਨੰਗਲ ਦਾ ਥੜ੍ਹਾ ਤੇ ਨੁੱਕੜ

ਹੁਣ: ਨੁੱਕੜ ਨਾਟਕ ਦਾ ਨਾਮ ਤੁਹਾਡੇ ਨਾਲ ਹੀ ਜੁੜ ਗਿਆ ਹੈ। ਮੂਲ ਰੂਪ ਵਿਚ ਕੀ ਹੁੰਦਾ ਹੈ ਨੁੱਕੜ ਨਾਟਕ ਤੇ ਇਹਦਾ ਇਹ ਨਾਂ ਕਿਉਂ ਰੱਖਿਆ ਗਿਆ ਸੀ?
ਗੁਰਸ਼ਰਨ: ਨੁੱਕੜ ਨਾਟਕ ਦੀ ਵਿਸ਼ੇਸ਼ਤਾ ਹੈ ਕਿ ਨਾਟਕ ਲੋਕਾਂ ਤੱਕ ਪਹੁੰਚਦਾ ਹੈ, ਲੋਕ ਨਾਟਕ ਦੇਖਣ ਨਹੀਂ ਉਹਦੇ ‘ਚ ਸ਼ਾਮਲ ਹੋਣ ਲਈ ਆਉਂਦੇ ਨੇ। ਦੂਜੀ ਵੱਡੀ ਜੰਗ ਤੋਂ ਬਾਅਦ ਜੰਗ ਦੀ ਦਹਿਸ਼ਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯੂਰਪ ਦੇ ਵੱਡੇ ਨਾਟਕਾਰਾਂ ਨੇ ਇਸ ਸ਼ੈਲੀ ਨੂੰ ਅਪਣਾਇਆ। ਮੈਂ ਸਤਰਵਿਆਂ ਵਿਚ ਨੁੱਕੜ ਨਾਟ ਸ਼ੈਲੀ ਨੂੰ ਪੂਰੀ ਤਰ੍ਹਾਂ ਅਪਣਾ ਚੁੱਕਿਆ ਸਾਂ। ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਵਿਕਸਿਤ ਨੁੱਕੜ ਨਾਟਕ ਕਲਾ ਨੂੰ ਪਹੁੰਚਾਇਆ ਗਿਆ ਜਦੋਂ ਮੈਂ 1980 ਵਿਚ ਨੀਲਮ ਮਾਨ ਸਿੰਘ ਹੋਰਾਂ ਦੇ ਸੱਦੇ ’ਤੇ ਭੋਪਾਲ ਨਾਟ-ਮਹਾਂਉਤਸਵ ਵਿਚ ਆਪਣੇ ਨਾਟਕ ‘ਤਮਾਸ਼ਾ ਹਿੰਦੂਸਤਾਨ’ ਅਤੇ ‘ਟੋਆ’ ਪੇਸ਼ ਕੀਤੇ। ਸਾਂਈ ਪਰਾਂਜਪਾਈ ਨੇ ਮੈਨੂੰ ਸਾਈਡ ਪਾਈਪਰ ਕਿਹਾ ਅਤੇ ਮਸ਼ਹੂਰ ਰੰਗਕਰਮੀ ਪਰਸੰਨਾ ਨੇ ਕਿਹਾ ਕਿ ਇਨ੍ਹਾਂ ਨੁੱਕੜ ਨਾਟਕਾਂ ਵਿਚ ਬੇਸ਼ੱਕ ਗੀਤ ਸੰਗੀਤ ਨਹੀਂ ਹੈ ਪਰ ਇਨ੍ਹਾਂ ਦੇ ਡਾਇਲਾਗ ਦਾ ਰਿਦਮ ਇਨ੍ਹਾਂ ਨੂੰ ਸੰਗੀਤਕ ਬਣਾ ਰਿਹਾ ਹੈ।
ਅੱਜ ਮੈਂ ਨਜ਼ਰ ਮਾਰਾਂ ਤਾਂ ‘ਇਨਕਲਾਬ ਜ਼ਿੰਦਾਬਾਦ’ ਤੋਂ ਲੈ ਕੇ ‘ਭੰਡ ਮਟਕਾ ਚੌਕ ਆਏ’ ਨੁੱਕੜ ਨਾਟਕਾਂ ਦਾ ਬੜਾ ਲੰਮਾ ਸਫ਼ਰ ਹੈ। ਇਨ੍ਹਾਂ ਨਾਟਕਾਂ ਦਾ ਇਤਿਹਾਸ, ਪੰਜਾਬ ਅਤੇ ਦੇਸ਼ ਦੇ ਪਿਛਲੇ 35 ਸਾਲਾਂ ਦੇ ਇਤਿਹਾਸ ਦਾ ਪ੍ਰਗਟਾਵਾ ਹੈ।
1977 ਵਿਚ ਨਾਟਕ ਕੀਤਾ ਸੀ ‘ਸੰਕਟ ਹੈ, ਸੰਕਟ ਨਹੀਂ ਹੈ’ ਉਸ ਵਿਚ ਸੰਜੇ ਗਾਂਧੀ ਉਤੇ ਵਿਅੰਗ ਸੀ-ਝੋਲੀ ਚੁੱਕ ਕਹਿੰਦਾ ਹੈ-

‘ਰਾਜੇ ਦੀ ਜੈ ਜੈਕਾਰ ਹੈ
ਬੜਾ ਸਿਆਣਾ ਰਾਜਕੁਮਾਰ ਹੈ
ਵੱਡੀ ਓਹਦੀ ਅਕਲ ਹੈ
ਛੋਟੀ ਉਸਦੀ ਕਾਰ ਹੈ
ਯਾਰਾਂ ਦਾ ਉਹ ਯਾਰ ਹੈ
ਉਹਨੂੰ ਕੁੜੀਆਂ ਨਾਲ ਪਿਆਰ ਹੈ।’
ਏਥੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਿੰਦੂਸਤਾਨ ਵਿਚ ਨੁੱਕੜ ਨਾਟਕ ਦਾ ਨਾਮ ਜਦੋਂ ਵੀ ਲਿਆ ਜਾਵੇਗਾ, ਸਫ਼ਦਰ ਹਾਸ਼ਮੀ ਨੂੰ ਸਤਿਕਾਰ ਨਾਲ ਯਾਦ ਜ਼ਰੂਰ ਕੀਤਾ ਜਾਵੇਗਾ।

ਦਾਦਾ ਜੀ ਸਰਦਾਰ ਨਰਾਇਣ ਸਿੰਘ – ਅੰਮ੍ਰਿਤਸਰ 1969

ਹੁਣ: ਨੰਗਲ ਦੇ ਥੜੇ ਤੋਂ ਪਿੰਡਾਂ ਵਿਚ ਗੱਡੇ ਜੋੜ ਕੇ, ਸ਼ਹਿਰਾਂ ਦੇ ਚੌਕਾਂ ਵਿਚੋਂ ਗੁਜ਼ਰਦਾ ਹੋਇਆ ਤੁਹਾਡਾ ਨਾਟਕ ਚੰਡੀਗੜ੍ਹ ਦੇ ਟੈਗੋਰ ਥੀਏਟਰ ਹੀ ਨਹੀਂ ਸੰਸਾਰ ਦੇ ਬਿਹਤਰੀਨ ਹਾਲਾਂ ਵਿਚ ਵੀ ਪਹੁੰਚਿਆ ਹੈ, ਤੁਸੀਂ ਨਾਟਕ ਦੇ ਕਿਹੜੇ ਰੂਪ ਨੂੰ ਲੋਕਾਂ ਦੇ ਸਭ ਤੋਂ ਵਧੇਰੇ ਨੇੜੇ ਸਮਝਦੇ ਹੋ?
ਗੁਰਸ਼ਰਨ: ਮੈਂ ਇੰਗਲੈਂਡ ਦੇ ਪਾਰਕਾਂ ਵਿਚ ਕੁਝ ਗਰੁੱਪਾਂ ਨੂੰ ਸੈਕਸ਼ਪੀਅਰ ਖੇਡਦੇ ਦੇਖਿਆ ਹੈ। ਉਥੇ ਵੱਡੀ ਗਿਣਤੀ ਵਿਚ ਲੋਕ ਇਹ ਨਾਟਕ ਮਾਣਦੇ ਹਨ। ਮੈਂ ਸਮਝਦਾ ਹਾਂ ਕਿ ਥੀਏਟਰ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਉਹਦਾ ਸਾਰਾ ਡਿਜ਼ਾਈਨ ਇਹ ਹੋਣਾ ਚਾਹੀਦਾ ਹੈ ਕਿ ਕੋਈ ਰੁਕਾਵਟ ਨਾ ਆਵੇ। ਚੰਡੀਗੜ੍ਹ ਥੀਏਟਰ ਦੀ ਅਪਣੀ ਇਕ ਸ਼ੈਲੀ ਹੈ ਤੇ ਹੋਣੀ ਚਾਹੀਦੀ ਹੈ। ਪੰਜਾਬ ਦੇ ਕਿਸੇ ਦੂਰ ਦੁਰਾਡੇ ਪਿੰਡ ਵਿਚ ਨਾਟਕ ਦੀ ਇਕ ਅਪਣੀ ਸ਼ੈਲੀ ਹੈ। ਇਨ੍ਹਾਂ ਚੀਜ਼ਾਂ ਬਾਰੇ ਸਾਨੂੰ ਚੇਤੰਨ ਹੋਣਾ ਚਾਹੀਦਾ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਪੰਜਾਬ ਵਿਚ ਜਿਹੜਾ ਆਵਾਮੀ ਥੀਏਟਰ ਕੀਤਾ ਜਾ ਰਿਹਾ ਹੈ ਉਹ ਸੰਸਾਰ ਪੱਧਰ ’ਤੇ ਅਪਣੀ ਖਾਸ ਪਛਾਣ ਰੱਖਦਾ ਹੈ।
ਮੈਂ ਕਹਿੰਦਾ ਹਾਂ ਕਿ ਨੁੱਕੜ ਨਾਟਕ ਦੀ ਹਮੇਸ਼ਾਂ ਕਦਰ ਬਣੀ ਰਹੇਗੀ। ਨੁੱਕੜ ਨਾਟਕ ਵਿਚ ਐਕਟਿੰਗ ਖਾਸ ਕਰਕੇ ਆਵਾਜ਼ ਦਾ ਜ਼ੋਰ ਇਹਦੀ ਖਾਸ ਲੋੜ ਹੈ। ਨੁੱਕੜ ਦਰਸ਼ਕਾਂ ’ਤੇ ਸਿੱਧਾ ਤੇ ਫੌਰੀ ਅਸਰ ਪਾਉਂਦਾ ਹੈ। ਪਾਰਟੀਆਂ ਤੇ ਆਵਾਮੀ ਜਥੇਬੰਦੀਆਂ ਨੂੰ ਨਾਟਕ ਦੀ ਇਹ ਵਿਧਾ ਵੱਡੇ ਪੱਧਰ ’ਤੇ ਅਪਨਾਉਣੀ ਚਾਹੀਦੀ ਹੈ। ਖਾਸ ਕਰਕੇ ਲੋਕ ਹਿੱਤਾਂ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਨੂੰ। ਮੈਂ ਮਹਿਸੂਸ ਕੀਤਾ ਹੈ ਕਿ ਲੋਕ ਹਿੱਤਾਂ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਇੱਥੇ ਫੇਲ ਹੋਈਆਂ ਹਨ। ਸਥਾਪਤ ਖੱਬੀਆਂ ਪਾਰਟੀਆਂ ਨੂੰ ਅਪਣੇ ਕਲਚਰਲ ਵਿੰਗ ਜ਼ਰੂਰ ਬਣਾਉਣੇ ਚਾਹੀਦੇ ਹਨ, ਅਪਣੇ ਕਲਾਕਾਰਾਂ ਨੂੰ ਸਿਖਲਾਈ ਦੇਣ ਲਈ। ਮੈਂ ਬੜੀ ਵੱਡੀ ਘਾਟ ਮਹਿਸੂਸ ਕੀਤੀ ਕਿ ਮੇਰੀਆਂ ਨਾਟ ਸਰਗਰਮੀਆਂ ਵਿਚ ਖੱਬੀਆਂ ਪਾਰਟੀਆਂ ਨੇ ਕੋਈ ਸੇਧ ਨਹੀਂ ਦਿੱਤੀ। ਸਵਾਏ ਕਾਮਰੇਡ ਸੋਹਣ ਸਿੰਘ ਜੋਸ਼ ਹੋਰਾਂ ਦੇ।
ਜੋਸ਼ ਹੋਰਾਂ ਕੋਲ ਯੋਗਤਾ ਸੀ। ਉਹ ਮੈਨੂੰ ਬੁਲਾ ਕੇ ਮੇਰੇ ਨਾਲ ਵਿਸਥਾਰ ਨਾਲ ਚਰਚਾ ਕਰਦੇ ਸਨ ਕਿ ਤੂੰ ਫਲਾਣਾ ਨਾਟਕ ਕੀਤਾ ਤੇ ਇਹਦੇ ’ਚ ਇਹ ਹੋਇਆ ਤੇ ਇਹ ਨਹੀਂ ਹੋਇਆ। ਤੇ ਜਿਹੜਾ ਨਹੀਂ ਹੋਇਆ ਉਹ ਇਸ ਕਰਕੇ ਨਹੀਂ ਹੋਇਆ। ਮੇਰੇ ਕਹਿਣ ਦਾ ਭਾਵ ਹੈ ਕਿ ਪਾਰਟੀਆਂ ਨੂੰ ਕਲਚਰ, ਫਰੰਟ ਦੇ ਤੌਰ ’ਤੇ ਲੈਣਾ ਚਾਹੀਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਸਾਹਿਤਕ ਜਥੇਬੰਦੀਆਂ ਵਿਚ ਲੈਫਟ ਦਾ ਦਖ਼ਲ ਬਰਦਾਸ਼ਤ ਨਹੀਂ ਉਹ ਇਸ ਲਈ ਕਹਿੰਦੇ ਹਨ ਕਿਉਂਕਿ ਸਾਹਿਤ ਨੂੰ ਸਹੀ ਅਰਥਾਂ ਵਿਚ ਲਿਆ ਹੀ ਨਹੀਂ ਗਿਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਨੁੱਕੜ ਨਾਟਕ ਸਭ ਤੋਂ ਵਧੀਆ ਮਾਧਿਅਮ ਸਾਬਤ ਹੋ ਸਕਦਾ ਹੈ।

ਹੁਣ: ਨਾਟਕ ਕਰਨ ਵਾਲੇ ਨੂੰ ਮਾਂ ਪਿਓ, ਗਲੀ ਗੁਆਂਢ ਆਮ ਤੌਰ ’ਤੇ ਹਲਕਾ, ਸ਼ੁਗਲ ਮੇਲੇ ਦੀ ਤਬੀਅਤ ਵਾਲਾ ਤੇ ਤੇਜ਼ ਤਰਾਰ, ਤਿਲਕਵਾਂ ਇਨਸਾਨ ਹੀ ਸਮਝਦੇ ਹਨ। ਕੀ ਤੁਹਾਨੂੰ ਵੀ ਇਹੋ ਜਿਹਾ ਕਦੀ ਕੁਝ ਮਹਿਸੂਸ ਹੋਇਆ?
ਗੁਰਸ਼ਰਨ: ਕਦੀ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ। ਪੜ੍ਹਾਈ ਵਿਚ ਮੈਂ ਅੱਛਾ ਸਾਂ ਇਸ ਲਈ ਆਪਣੇ ਰੁਝਾਨਾਂ ਕਰਕੇ ਮੈਨੂੰ ਅਲੋਚਨਾ ਨਹੀਂ ਸੁਣਨੀ ਪਈ। ਜਦੋਂ ਨੰਗਲ ਅਸੀਂ ਸਟਾਫ਼ ਕਲੱਬ ਬਣਾਇਆ ਤੇ ਨਾਟਕ ਕੀਤੇ ਉਥੇ ਮੈਨੂੰ ਆਪਣੇ ਨੇੜੇ ਦੇ ਸਾਥੀਆਂ ਰਾਮ ਪ੍ਰਕਾਸ਼ ਕਪੂਰ, ਅਮਰੀਕੇ ਤੇ ਹਰਦੀਪ, ਫੁਲਵੰਤ ਮਨੋਚਾ, ਅਨੰਤ ਸਰੂਪ ਸ਼ਰਮਾ, ਗਿਆਨ ਸਿੰਘ ਵਗੈਰਾ ਦਾ ਬਹੁਤ ਸਹਿਯੋਗ ਮਿਲਿਆ। ਭਾਖੜਾ ਨੰਗਲ ਪ੍ਰੋਜੈਕਟ ‘ਤੇ ਮੈਂ ਸੀਮਿੰਟ ਲੈਬਰਾਟਰੀ ਵਿਚ ਅਸਿਸਟੈਂਟ ਰਿਸਰਚ ਅਫ਼ਸਰ ਸਾਂ। ਆਪਣੇ ਕੰਮ ਵਿਚ ਅੱਛਾ ਸਾਂ। ਇਮਾਨਦਾਰ ਅਤੇ ਸੱਚੇ ਸੁੱਚੇ ਇਨਸਾਨ ਦੀ ਰੈਪੂਟੇਸ਼ਨ ਸੀ। 1957 ਦੀਆਂ ਅਸੈਂਬਲੀ ਚੋਣਾਂ ਵਿਚ ਪੰਡਤ ਰਾਮ ਕ੍ਰਿਸ਼ਨ ਭੜੋਲੀਆਂ ਨੰਗਲ ਤੋਂ ਖੜੇ ਹੋਏ ਸਨ। ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਮੈਂ ਬੜਾ ਸਰਗਰਮ ਰਿਹਾ। ਉਹ ਚੋਣ ਜਿੱਤੇ ਵੀ। ਮੈਂ ਐਲਾਨੀਆ ਕਮਿਊਨਿਸਟ ਸਾਂ। ਖੁਫੀਆ ਪੁਲੀਸ ਦੀਆਂ ਬਹੁਤ ਰਿਪੋਰਟਾਂ ਦੇ ਬਾਵਜੂਦ ਮੇਰੇ ਅਫ਼ਸਰਾਂ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ। ਮੇਰੇ ਨਾਟਕ ਕਿਉਂਕਿ ਹਮੇਸ਼ਾ ਲੋਕਾਂ ਨਾਲ ਜੁੜੇ ਰਹੇ ਤੇ ਉਨ੍ਹਾਂ ਦੇ ਮਸਲਿਆਂ ਦੀ ਗੱਲ ਕਰਦੇ ਰਹੇ, ਇਸ ਕਰਕੇ ਮੈਨੂੰ ਲੋਕਾਂ ਨੇ ਹਮੇਸ਼ਾ ਸੰਜੀਦਗੀ ਨਾਲ ਲਿਆ। ਮੇਰੇ ਸ਼ੁਰੂ ਦੇ ਨਾਟਕ ‘ਘੁੰਮਣਘੇਰੀ’ ਤੋਂ ਲੈ ਕੇ ਪਿਛਲੇ 55 ਸਾਲਾਂ ਤੋਂ ਮੇਰਾ ਇਹੀ ਇਮੇਜ ਕਾਇਮ ਰਿਹਾ ਹੈ।

ਅਫਸਰੀ ਤੇ ਨਾਟਕ

ਹੁਣ: ਭਾਖੜਾ ਨੰਗਲ ਡੈਮ ’ਤੇ ਵੱਡਾ ਅਫਸਰ ਹੋ ਕੇ ਆਮ ਬੰਦੇ ਦੇ ਹੱਕ ਵਿਚ ਨਾਟਕ ਕਰਦਿਆਂ ਸਰਕਾਰੀ ਰੁਕਾਵਟਾਂ ਕਿਹੋ ਜਿਹੀਆਂ ਆਉਂਦੀਆਂ ਸਨ?
ਗੁਰਸ਼ਰਨ: ਅਸਲ ਵਿਚ ਬੜਾ ਆਦਰਸ਼ਕ ਮਾਹੌਲ ਸੀ ਉੱਥੇ। ਇਸ ਆਦਰਸ਼ਕ ਮਾਹੌਲ ਦਾ ਹੀ ਕਾਰਨ ਸੀ ਕਿ ਭਾਖੜਾ ਡੈਮ ਅਪਣੇ ਮਿੱਥੇ ਸਮੇਂ ਤੋਂ ਇਕ ਸਾਲ ਪਹਿਲਾਂ ਹੀ ਬਣ ਗਿਆ ਸੀ। ਦੋ-ਤਿੰਨ ਬੜੇ ਵੱਡੇ ਹਾਦਸੇ ਵੀ ਹੋਏ ਪਰ ਕੰਮ ਰੁਕਿਆ ਨਹੀਂ। ਅੱਜ ਕੱਲ ਸਾਧਨ ਤਾਂ ਬਹੁਤ ਨੇ ਪਰ ਕਮਿਟਮੈਂਟ ਕੋਈ ਨਹੀਂ। ਇਸੇ ਲਈ ਕੰਮ ਸਾਲਾਂ ਬੱਧੀਂ ਲਟਕ ਜਾਂਦੇ ਹਨ। ਉਦੋਂ ਸਾਧਨ ਬਹੁਤ ਘੱਟ ਸਨ ਪਰ ਇਮਾਨਦਾਰੀ ਤੇ ਕਮਿਟਮੈਂਟ ਦੀ ਭਾਵਨਾ ਪ੍ਰਬਲ ਸੀ। ਇਹਦਾ ਈ ਅਸਰ ਉਥੋਂ ਦੇ ਸਾਰੇ ਮਾਹੌਲ ’ਤੇ ਪਿਆ ਤੇ ਇਸੇ ਅਸਰ ਕਰਕੇ ਸਾਨੂੰ ਨਾਟਕ ਕਰਦਿਆਂ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਭਾਖੜਾ ਪ੍ਰੋਜੈਕਟ ਦੇ ਮੈਨੇਜਰ ਮਿਸਟਰ ਚੌਪੜਾ ਇਕ ਖਾਸ ਕਿਸਮ ਦੀ ਸ਼ਖਸ਼ੀਅਤ ਦੇ ਮਾਲਕ ਸਨ। ਉਨ੍ਹਾਂ ਅਪਣੇ ਅਫਸਰਾਂ ਵਿਚ ਵੀ ਇਹ ਗੱਲ ਭਰੀ ਕਿ ਤੁਸੀਂ ਵੀ ਵਰਕਰ ਹੋ। ਸਿਆਣੇ ਵਰਕਰ। ਅਫਸਰਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਅਫਸਰਸ਼ਾਹੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਫਸਰਸ਼ਾਹੀ ਲਫ਼ਜ਼ ਹੀ ਉਥੇ ਖ਼ਤਮ ਹੋ ਗਿਆ ਸੀ। ਸਾਡੇ ਕੰਮ ’ਚ ਬਾਹਰੋਂ ਕਿਸੇ ਦਾ ਕੋਈ ਦਖ਼ਲ ਨਹੀਂ ਸੀ। ਭਾਖੜਾ ਦਾ ਕੰਮ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਸੀ-ਡਿਜ਼ਾਈਨਿੰਗ, ਕਨਸਟਰਕਸ਼ਨ ਤੇ ਇੰਸਪੈਕਸ਼ਨ। ਇਨ੍ਹਾਂ ਤਿੰਨਾਂ ਭਾਗਾਂ ਵਿਚ ਬੜੇ ਇਮਾਨਦਾਰ ਅਫਸਰ ਸਨ। ਕੇ.ਪੀ.ਐਸ ਗਿੱਲ ਦੇ ਪਿਤਾ ਆਰ.ਐਸ. ਗਿੱਲ ਇੰਸਪੈਕਸ਼ਨ ਕੰਟਰੋਲ ਦੇ ਡਾਇਰੈਕਟਰ ਸਨ। ਘੱਟ ਗਿਣਤੀ ਕੌਮੀ ਕਮਿਸ਼ਨ ਦੇ ਸਾਬਕਾ ਮੁਖੀ ਤਰਲੋਚਨ ਸਿੰਘ ਵੀ ਉਦੋਂ ਉਥੇ ਨਵੇਂ ਨਵੇਂ ਆਏ ਸਨ, ਪਬਲਿਕ ਰਿਲੇਸ਼ਨ ਅਫਸਰ ਬਣ ਕੇ। ਅਸੀਂ ਨਾਟਕ ਕਰਦੇ ਸਾਂ, ਇਸ ਲਈ ਸਾਡੀ ਇਕ ਤਰ੍ਹਾਂ ਦੀ ਖਾਸ ਕਦਰ ਸੀ ਉੱਥੇ। ਭਾਖੜਾ ਪ੍ਰੋਜੈਕਟ ਬਾਰੇ ਸੌਖੇ ਸ਼ਬਦਾਂ ਵਿਚ ਸਮਝਾਉਣ ਦੀ ਮੁਹਾਰਤ ਸੀ ਮੈਨੂੰ। ਜਦੋਂ ਪਿੰਡਾਂ ਤੋਂ ਕਿਸਾਨਾਂ ਨੇ ਭਾਖੜਾ ਦੇਖਣ ਆਉਣਾ ਤਾਂ ਮੈਨੂੰ ਵਿਸ਼ੇਸ਼ ਤੌਰ ’ਤੇ ਬੁਲਾ ਲਿਆ ਜਾਣਾ ਤਾਂ ਜੋ ਮੈਂ ਉਨ੍ਹਾਂ ਨੂੰ ਸਮਝਾ ਸਕਾਂ ਕਿ ਡੈਮ ਕੀ ਹੈ? ਪਾਣੀ ਕਿਵੇਂ ਡਿੱਗਦਾ ਹੈ? ਦੱਸ ਹਜ਼ਾਰ ਬੰਦਾ ਕੰਮ ਕਰ ਰਿਹਾ ਸੀ ਇਸ ਪ੍ਰੋਜੈਕਟ ’ਤੇ। ਜੇ ਇਕ ਨਾਲ ਤਿੰਨ ਹੋਰ ਪਰਿਵਾਰਕ ਮੈਂਬਰ ਵੀ ਲਾਏ ਜਾਣ ਤਾਂ 40,000 ਦੀ ਆਬਾਦੀ ਰਹਿੰਦੀ ਸੀ ਇੱਕਠੀ। ਇਨ੍ਹਾਂ ਵਿਚ ਬਹੁਤ ਪੀਡੀ ਸਾਂਝ ਸੀ। ਉਦੋਂ ਮੇਰੇ ਮਨ ’ਚ ਇਹ ਗੱਲ ਆ ਰਹੀ ਸੀ ਕਿ ਜੇ ਅਸੀਂ ਇੱਕਠੇ ਹਾਂ ਤੇ ਜੇ ਅਸੀਂ ਦਰਿਆਵਾਂ ਦਾ ਵਹਿਣ ਮੋੜ ਸਕਦੇ ਹਾਂ ਤਾਂ ਸਮਾਜ ਦਾ ਵਹਿਣ ਵੀ ਮੋੜਿਆ ਜਾ ਸਕਦਾ ਹੈ। ਇਹ ਭਾਵਨਾ ਹੀ ਉਥੋਂ ਦੇ ਬਾਕੀ ਵਰਕਰਾਂ ਵਿਚ ਵੀ ਭਰੀ ਜਾ ਰਹੀ ਸੀ। ਇਹਦਾ ਹੀ ਅਸਰ ਸੀ ਕਿ ਇਕ ਦਿਨ ਜਦੋਂ ਨਵੇਂ ਨਵੇਂ ਇਕ ਅਫਸਰ ਨੇ ਵਰਕਰਾਂ ’ਤੇ ਐਵੇਂ ਰੋਹਬ ਝਾੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਵਰਕਰ ਨੇ ਉਹਨੂੰ ਥਾਂ ਸਿਰ ਲੈ ਆਂਦਾ। ਵਰਕਰ ਨੇ ਅਪਣੀ ਬਾਂਹ ਦਾ ਐਕਸ਼ਨ ਕਰਦਿਆਂ ਕਿਹਾ, ‘ਸਾਹਿਬ ਬਹਾਦਰ ਆਹ ਬਾਂਹ ਕੁ ਜਿੰਨੀ ਵਿੱਥ ਹੈ ਤੁਸੀਂ ਚਾਰ ਸੌ ਫੁੱਟ ਡੂੰਘੇ ਪਾਣੀ ਵਿਚ ਡਿਗ ਸਕਦੇ ਹੋ।’ ਇਹ ਸੀ ਏਕਤਾ ਅਤੇ ਰੋਹ ਦਾ ਜਜ਼ਬਾ। ਇਹ ਜਜ਼ਬਾ ਉਥੇ ਸਮੂਹਕ ਰੂਪ ਵਿਚ ਪ੍ਰਗਟ ਹੋ ਰਿਹਾ ਸੀ।

ਹੁਣ: ਨਾਟਕ ਕਾਰਨ ਐਮਰਜੈਂਸੀ ਤੋਂ ਪਹਿਲਾਂ ਵੀ ਕਦੇ ਤੁਹਾਡੀ ਨੌਕਰੀ ’ਤੇ ਤਲਵਾਰ ਲਟਕੀ?
ਗੁਰਸ਼ਰਨ: ਨਹੀਂ। ਕਦੇ ਕੋਈ ਪ੍ਰੇਸ਼ਾਨੀ ਨਹੀਂ ਆਈ। ਜਿਵੇਂ ਮੈਂ ਦਸਿਆ ਕਿ ਮਾਹੌਲ ਦੋਸਤਾਨਾਂ ਸੀ। ਐਮਰਜੈਂਸੀ ਤੋਂ ਪਹਿਲਾਂ ਮੇਰੇ ਅਫਸਰ ਮੈਨੂੰ ਡੀਫੈਂਡ ਕਰਦੇ ਰਹੇ ਸਨ। ਉਹ ਜਾਣਦੇ ਸਨ ਕਿ ਮੈਂ ਕਮਿਊਨਿਸਟ ਹਾਂ। ਪਰ ਮੇਰੇ ਕੰਮ ਤੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ। ਐਮਰਜੈਂਸੀ ਦੌਰਾਨ ਵੀ ਮੇਰੇ ਵਿਰੁਧ ਐਕਸ਼ਨ ਲੈਣਾ ਉਨ੍ਹਾਂ ਦੀ ਮਜਬੂਰੀ ਸੀ। ਆਖਰ ਸੀ ਤਾਂ ਉਹ ਸਰਕਾਰ ਦੇ ਹੀ ਕਲਪੁਰਜ਼ੇ। ਐਮਰਜੈਂਸੀ ਨੇ ਇਕ ਚੰਗਾ ਕੰਮ ਵੀ ਕੀਤਾ, ਸਰਕਾਰੀ ਕੰਮ ਵਿਚ ਐਫੀਸੀਐਂਸੀ ਵੱਧ ਗਈ ਸੀ।

ਹੁਣ: ਤੁਸੀਂ ਸਰਕਾਰੀ ਨੌਕਰੀ ਤੋਂ ਰੀਟਾਇਰ ਹੋ ਕੇ ਹੀ ਕੁਲਵਕਤੀ ਮੰਚਨ ਸ਼ੁਰੂ ਕੀਤਾ। ਐਮਰਜੈਂਸੀ ਦੌਰਾਨ ਤੁਹਾਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਤੇ ਫੇਰ ਜੇਲ੍ਹ੍ਹ ਵੀ ਭੇਜਿਆ ਗਿਆ। ਕੀ ਸੀ ਸਾਰਾ ਕਿੱਸਾ?
ਗੁਰਸ਼ਰਨ: ਸਰਕਾਰੀ ਨੌਕਰੀ ਕਰਦਿਆਂ ਜਿਹੜੀਆਂ ਮੇਰੀਆਂ ਡਿਊਟੀਆਂ ਸਨ, ਮੈਂ ਨਿਭਾ ਲੈਂਦਾ ਸਾਂ। ਭਾਵੇਂ ਭਾਖੜਾ ਨੰਗਲ ਪ੍ਰੋਜੈਕਟ ਤੋਂ ਬਾਅਦ ਮੈਨੂੰ ਨੌਕਰੀ ਵਿਚ ਕਦੀ ਬਹੁਤੀ ਮਾਨਸਿਕ ਖੁਸ਼ੀ ਨਹੀਂ ਮਿਲੀ ਤੇ ਮੈਂ ਸਮਝਦਾ ਸਾਂ ਕਿ ਮੈਂ ਹੋਰ ਕੰਮਾਂ ਲਈ ਬਣਿਆ ਹਾਂ।
1975 ਵਿਚ ਜਦੋਂ ਐਮਰਜੈਂਸੀ ਲੱਗੀ, ਉਸ ਵੇਲੇ ਮੈਂ ਬਹੁਤ ਝੰਜੋੜਿਆ ਗਿਆ ਕਿ ਅਸੀਂ ਕਿਹੋ ਜੇਹੇ ਮੁਲਕ ਵਿਚ ਰਹਿ ਰਹੇ ਹਾਂ ਜਿੱਥੇ ਸ਼ਖਸੀ ਰਾਜ ਜ਼ਬਰਦਸਤੀ ਦੂਜਿਆਂ ’ਤੇ ਠੋਸਿਆ ਜਾਂਦਾ ਹੈ।
ਨੌਂ ਸਤੰਬਰ, 1975 ਵਿਚ ਮੈ ਗਾਂਧੀ ਗਰਾਉਂਡ, ਅੰਮ੍ਰਿਤਸਰ ਸ਼ੋਅ ਕੀਤਾ। ਉਸ ਵਿਚ ਪਾਕਿਸਤਾਨੀ ਲੇਖਕ ਨੱਜਮ ਹੁਸੈਨ ਸਯੱਦ ਦਾ ਨਾਟਕ ‘ਤਖ਼ਤ ਲਾਹੌਰ ਦਾ’ ਕੀਤਾ। ਇਹ ਨਾਟਕ ਭਾਵੇਂ ਅਯੂਬ ਖਾਨ ਦੀ ਪਾਕਿਸਤਾਨ ਵਿਚ ਤਾਨਾਸ਼ਾਹੀ ਦੇ ਵਿਰੁਧ ਲਿਖਿਆ ਗਿਆ ਸੀ ਪਰ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ਼ ਸਾਡਾ ਪ੍ਰਗਟਾਵਾ ਸੀ। ਉਸੇ ਸ਼ਾਮ ਦੂਜਾ ਨਾਟਕ ‘ਮਸ਼ਾਲ’ ਨਾਚ ਨਾਟਕ ਸੀ, ਜਿਸ ਵਿਚ ਨਾਚ ਸ਼ੈਲੀ ਵਿਚ ਇਕ ਆਪ ਹੁਦਰੇ ਰਾਜੇ ਵੱਲੋਂ ਜਨਤਾ ਨੂੰ ਆਪਣੇ ਪਿੱਛੇ ਲਗਾਇਆ ਜਾਂਦਾ ਹੈ। ਰਾਜਾ ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਝੁਕ ਕੇ ਹੀ ਰਹਿਣਾ। ਉਹ ਚਾਰ ਪੈਰਾਂ ਦੇ ਜਾਨਵਰ ਬਣਾਕੇ ਉਨ੍ਹਾਂ ਨੂੰ ਨਚਾਉਂਦਾ ਹੈ। ਅੰਤ ਵਿਚ ਲੋਕ ਬਗਾਵਤ ਕਰਦੇ ਹਨ ਅਤੇ ਰਾਜੇ ਨੂੰ ਨਚਾਉਂਦੇ ਹਨ। ਨਾਟਕ ਦੇ ਪਿੱਛੇ ਮੇਰੀ ਕਮੈਂਟਰੀ ਸੀ। ਗਾਂਧੀ ਗਰਾਊਂਡ ਖਚਾਖਚ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਬਹੁਤ ਪੁਲੀਸ ਵੀ ਪਹੁੰਚੀ ਹੋਈ ਸੀ। ਨਾਟਕ ਦੌਰਾਨ ਦਰਸ਼ਕਾਂ ਵੱਲੋਂ ਲਗਾਤਾਰ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲੱਗਦੇ ਰਹੇ। ਐਮਰਜੈਂਸੀ ਦੇ ਵਕਤਾਂ ਵਿਚ ਇਹ ਵੱਡੀ ਗੱਲ ਸੀ।
12 ਸਤੰਬਰ, ਯਾਨਿ ਕਿ ਤਿੰਨਾਂ ਦਿਨਾਂ ਬਾਅਦ ਮੈਨੂੰ ਨੌਕਰੀ ਤੋਂ ਬਰਖ਼ਾਸਤਗੀ ਦੀ ਚਿੱਠੀ ਆ ਗਈ। ਮੇਰੀਆਂ ਕਾਰਵਾਈਆਂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦਸਿਆ ਗਿਆ ਅਤੇ ਬਗ਼ੈਰ ਨੋਟਿਸ ਤੋਂ ਨੌਕਰੀ ਤੋਂ ਕੱਢ ਦਿੱਤਾ ਗਿਆ।
ਜਦੋਂ ਨੌਕਰੀ ਚਲੀ ਗਈ ਤਾਂ ਮੈਂ ਕੁਲਵਕਤੀ ਨਾਟਕ ਕਰਨੇ ਸ਼ੁਰੂ ਕਰ ਦਿੱਤੇ। ਉਸ ਦੌਰ ਦਾ ਮੇਰਾ ਨਾਟਕ ‘ਕਿਵੁ ਕੂੜੇ ਤੁਟੇ ਪਾਲਿ’ ਹੈ। ਮੈਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਘਟਨਾ ਨੂੰ ਤਾਨਾਸ਼ਾਹੀ ਜ਼ੁਲਮ ਦੇ ਤੌਰ ’ਤੇ ਪੇਸ਼ ਕੀਤਾ ਤੇ ਬੰਦੇ ਬਹਾਦਰ ਦੇ ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਵਜਾਉਣ ਦੇ ਪ੍ਰਤੀਕਰਮ ਨੂੰ ਲੋਕਾਂ ਦਾ ਜਵਾਬ ਕਿਹਾ। ਅਖੀਰਲੇ ਡਾਇਲਾਗ ਵਿਚ ਲੋਕਾਂ ਨੂੰ ਚੁਣੌਤੀ ਸੀ ‘ਮੇਰੇ ਲੋਕੋ, ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਜੇ ਅੱਜ ਕਿਸੇ ਜ਼ੁਲਮ ਨੂੰ ਤਮਾਸ਼ਾਹੀ ਬਣਕੇ ਦੇਖੋਗੇ ਤਾਂ ਕੱਲ੍ਹ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ-ਪੁਸ਼ਤਾਂ ਨੂੰ ਇਹਦੀ ਕੀਮਤ ਦੇਣੀ ਪਵੇਗੀ।’ ਇਹ ਸਚਾਈ ਬੀਤੇ ਦੀ ਸੀ। ਅੱਜ ਦੇ ਯੁੱਗ ਦੀ ਹੈ ਅਤੇ ਆਉਣ ਵਾਲੇ ਯੁੱਗ ਦੀ ਰਹੇਗੀ।
1976 ਵਿਚ ਇਹ ਨਾਟਕ ਮੈਂ ਜੰਮੂ ਯੂਨੀਵਰਸਿਟੀ ਦੇ ਸੱਦੇ ’ਤੇ ਜੰਮੂ ਕੀਤਾ। ਉੱਥੇ ਗਿਆਨੀ ਜ਼ੈਲ ਸਿੰਘ, ਜੋ ਉਸ ਵੇਲੇ ਮੁੱਖ ਮੰਤਰੀ ਪੰਜਾਬ ਸੀ, ਸ਼ੇਖ ਅਬਦੁੱਲਾ ਤੇ ਹੋਰ ਬੜਾ ਸਰਕਾਰੀ ਅਮਲਾ ਫੈਲਾ ਆਇਆ ਹੋਇਆ ਸੀ। ਨਾਟਕ ਦੀ ਪੇਸ਼ਕਾਰੀ ਬੜੀ ਪ੍ਰਭਾਵਸ਼ਾਲੀ ਸੀ। ਬਾਅਦ ਵਿਚ ਗਿਆਨੀ ਜ਼ੈਲ ਸਿੰਘ ਨੇ ਸਟੇਜ ਤੋਂ ਕਿਹਾ ਕਿ ਗੁਰਸ਼ਰਨ ਸਿੰਘ ਪੰਜਾਬ ਦਾ ਹੀਰਾ ਹੈ। ਨਾਲੇ ਕਿਹਾ ਕਿ ਸਾਹਿਤਕਾਰਾਂ ਵਿਚ ਖੁਲ੍ਹਕੇ ਸੱਚ ਕਹਿਣ ਦੀ ਜੁਰਅਤ ਹੋਣੀ ਚਾਹੀਦੀ ਹੈ। ਡਰਾਮੇ ਤੋਂ ਬਾਅਦ ਖਾਣੇ ਵਕਤ ਮੇਰੀ ਪਤਨੀ ਨੇ ਗਿਆਨੀ ਜੀ ਨੂੰ ਕਿਹਾ ਕਿ ਤੁਸੀਂ ਸਟੇਜ ਤੋਂ ਕਿਹਾ ਹੈ ਕਿ ਸਾਹਿਤਕਾਰਾਂ ਵਿਚ ਸੱਚ ਕਹਿਣ ਦੀ ਜ਼ੁਰਅਤ ਹੋਣੀ ਚਾਹੀਦੀ ਹੈ ਫੇਰ ਤੁਸੀਂ ਮੇਰੇ ਪਤੀ ਨੂੰ ਨੌਕਰੀ ਤੋਂ ਕੱਢਕੇ ਮੇਰੇ ਬੱਚਿਆਂ ਦੀ ਰੋਟੀ ਕਿਉਂ ਖੋਹ ਰਹੇ ਹੋ। ਗਿਆਨੀ ਜੀ ਨੇ ਜਵਾਬ ਦਿੱਤਾ ਕਿ ਮੈਂ ਵਾਪਸ ਜਾ ਕੇ ਵੇਖਾਂਗਾ।
ਜੰਮੂ ਤੋਂ ਵਾਪਸ ਆ ਕੇ ਅਗਲੇ ਦਿਨ ਮੈਂ ਆਪਣੀ ਬੱਚੀ ਨੂੰ ਸਕੂਟਰ ’ਤੇ ਸਕੂਲੋਂ ਵਾਪਸ ਲਿਆ ਰਿਹਾ ਸਾਂ ਤਾਂ ਮੈਨੂੰ ਰਸਤੇ ਵਿਚ ਪੈਂਦੇ ਸਦਰ ਥਾਣੇ ਅੱਗੇ ਰੋਕ ਲਿਆ ਗਿਆ। ਬੇਟੀ ਨੂੰ ਸਿਪਾਹੀਆਂ ਨੇ ਹੀ ਰਿਕਸਾ ਵਿਚ ਬਿਠਾਕੇ ਘਰ ਭੇਜ ਦਿੱਤਾ ਅਤੇ ਮੈਨੂੰ ਮੀਸਾ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। 48 ਦਿਨ ਮੈਂ ਅੰਮ੍ਰਿਤਸਰ ਸੈਂਟਰਲ ਜੇਲ੍ਹ੍ਹ ਵਿਚ ਬੀ ਕਲਾਸ ਕੈਦੀ ਰਿਹਾ। 1977 ਵਿਚ ਐਮਰਜੈਂਸੀ ਹਟੀ। ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਮੈਨੂੰ ਨੌਕਰੀ ’ਤੇ ਬਹਾਲ ਕਰ ਦਿੱਤਾ ਗਿਆ। 22 ਮਹੀਨੇ ਡਿਊਟੀ ’ਤੇ ਹਾਜ਼ਰ ਕਨਸਿਡਰ ਕੀਤਾ ਗਿਆ ਅਤੇ ਪਿਛਲੀ ਸਾਰੀ ਤਨਖਾਹ ਦਿੱਤੀ ਗਈ।
ਇੰਦਰਾ ਗਾਂਧੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਪੰਜਾਬ ਵਿਚ ਬੱਸ ਕਿਰਾਇਆ ਘੋਲ ਸ਼ੁਰੂ ਹੋਇਆ ਤਾਂ ਮੈਨੂੰ ਮੇਰੇ ਦਫ਼ਤਰ ਤੋਂ ਦੁਬਾਰਾ ਪੁਲੀਸ ਫੜ ਕੇ ਲੈ ਗਈ। ਇਕ ਰਾਤ ਹਵਾਲਾਤ ਵਿਚ ਰੱਖਕੇ ਛੱਡ ਦਿੱਤਾ। ਉਦੋਂ ਮੇਰੀ ਵੱਡੀ ਬੇਟੀ ਨਵਸ਼ਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦੀ ਸੀ। ਉਥੇ ਉਹਨੂੰ ਵੀ ਤਿੰਨ ਚਾਰ ਘੰਟੇ ਲਈ ਪੁਲੀਸ ਹਿਰਾਸਤ ਵਿਚ ਰੱਖਿਆ ਗਿਆ। ਉਸ ਵੇਲੇ ਤੱਕ ਮੈਂ ਪੈਨਸ਼ਨ ਦਾ ਹੱਕਦਾਰ ਹੋ ਚੁੱਕਾ ਸਾਂ ਭਾਵੇਂ ਰਿਟਾਇਰ ਹੋਣ ਨੂੰ ਸੱਤ ਸਾਲ ਪਏ ਸਨ। ਮੈਂ ਪ੍ਰੀ ਮੈਚਿਊਰ ਰਿਟਾਇਰਮੈਂਟ ਲੈ ਲਈ।

ਕੁਲਵਕਤੀ ਨਾਟਕਕਾਰ

ਹੁਣ: ਕੁਲਵਕਤੀ ਨਾਟਕਕਾਰ ਹੋਣ ਵੇਲੇ ਇਹ ਖ਼ਿਆਲ ਨਹੀਂ ਆਇਆ ਕਿ ਘਰ ਦਾ ਕੀ ਬਣੇਗਾ? ਬੱਚੇ ਕਿਵੇਂ ਪਲਣਗੇ?
ਗੁਰਸ਼ਰਨ: ਚਾਰੇ ਭਰਾ ਮੇਰੇ ਤੋਂ ਵੱਡੇ ਸਨ ਤੇ ਵੈਰੀ ਵੈਲ ਅਸਟੈਬਲਿਸ਼ਡ। ਕੋਈ ਤੰਗੀ ਨਹੀਂ ਸੀ। ਸਾਂਝਾ ਪਰਿਵਾਰ ਸੀ। ਮੇਰੇ ’ਤੇ ਕੋਈ ਜ਼ਿੰਮੇਵਾਰੀ ਨਹੀਂ ਸੀ। ਮੈਨੂੰ ਮੇਰੀ ਜੀਵਨ ਸਾਥਣ ਵੀ ਮੇਰੇ ਵਰਗੀ ਅਣਖੀਲੀ ਹੀ ਮਿਲੀ। ਕੈਲਾਸ਼ ਕੌਰ ਨੇ ਕਹਿਣਾ ਕਿ ਮੈਂ ਭੁੱਖੀ ਮਰ ਜਾਵਾਂਗੀ ਪਰ ਕਿਸੇ ਤੋਂ ਲੈਣਾ ਕੁਝ ਨਹੀਂ। ਮੇਰਾ ਕੰਮ ਮੈਨੂੰ ਸਭ ਕੁਝ ਦੇ ਰਿਹਾ ਸੀ। ਜਦੋਂ ਮੇਰੀ ਨੌਕਰੀ ਗਈ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਪ੍ਰਿਥਵੀ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਭਾਅ ਜੀ ਦੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਹੈ। ਮੈਂ ਜਿੱਥੇ ਜਾਂਦਾ ਲੋਕ ਮੇਰੀ ਮਦਦ ਕਰਦੇ ਸਨ। ਤੰਗੀ ਦਾ ਕਦੇ ਸੁਆਲ ਹੀ ਪੈਦਾ ਨਹੀਂ ਹੋਇਆ। ਇਕ ਤਾਂ ਮੇਰਾ ਪਰਸਨਲ ਖਰਚ ਕੋਈ ਨਹੀਂ ਸੀ। ਸ਼ਰਾਬ ਤੋਂ ਮੈਂ ਸਦਾ ਦੂਰ ਰਿਹਾਂ। ਬੱਚੇ ਵੀ ਸਾਦਗੀ ਨਾਲ ਰਹੇ। ਇਨ੍ਹਾਂ ਦੀ ਡਿਮਾਂਡ ਕੋਈ ਨਹੀਂ ਸੀ। ਹੁਣ ਤੱਕ ਮੇਰਾ ਕੰਮ ਲਗਾਤਾਰਤਾ ਨਾਲ ਚੱਲਣ ਦਾ ਕਾਰਨ ਹੀ ਇਹੀ ਹੈ ਕਿ ਮੇਰੀ ਨਿੱਜੀ ਜ਼ਿੰਦਗੀ ਬੇਹੱਦ ਸਾਦਗੀ ਨਾਲ ਚੱਲੀ ਹੈ। ਕੋਈ ਫਾਲਤੂ ਖਰਚ ਕਦੇ ਕਰਨ ਦੀ ਲੋੜ ਹੀ ਨਹੀਂ ਪਈ। ਇਸ ਲਈ ਕਦੇ ਮਨ ’ਚ ਕੋਈ ਦੁੱਬਧਾ ਵਾਲੀ ਸਥਿਤੀ ਨਹੀਂ ਬਣੀ।

ਹੁਣ: ਪਿੰਡਾਂ ਵਿਚ ਨਾਟਕ ਕਰਦਿਆਂ ਬਹੁਤ ਸਾਰੀਆਂ ਦਿਲਚਸਪ ਘਟਨਾਵਾਂ ਵਾਪਰਦੀਆਂ ਹੋਣਗੀਆਂ?
ਗੁਰਸ਼ਰਨ: ਬਹੁਤ। ਪਰ ਮੈਂ ਇਕ ਦੋ ਦਾ ਹੀ ਜ਼ਿਕਰ ਕਰਦਾਂ। ਇਕ ਵਾਰ ਪ੍ਰੋ. ਹਰਭਜਨ ਸਿੰਘ ਨੇ ਅਪਣੇ ਪਿੰਡ ਕਾਲਾ ਸੰਘਿਆਂ ਨਾਟਕ ਕਰਵਾਉਣ ਲਈ ਬੁਲਾਇਆ। ਪਿੰਡ ਪਹੁੰਚੇ ਤਾਂ ਸੱਥ ਵਿਚ ਕੁਝ ਲੋਕ ਤਾਸ਼ ਖੇਡ ਰਹੇ ਸਨ। ਮੈਂ ਸਟੇਜ ਲਾਉਣ ਲਈ ਥਾਂ ਲੱਭ ਰਿਹਾ ਸਾਂ।
ਤਦੇ ਤਾਸ਼ ਖੇਡਦਾ ਇਕ ਬਜ਼ੁਰਗ ਬੋਲਿਆ-‘ਸਰਦਾਰਾ ਕੰਜਰਖਾਨਾ ਹੀ ਕਰਨੈ ਇਥੇ ਕੀਤਾ ਜਾਂ ਉਥੇ, ਕੀ ਫਰਕ ਪੈਂਦੈ?’ ਮੈਂ ਕੁਝ ਨਾ ਕਿਹਾ। ਫੇਰ ਅਸੀਂ ਉਥੇ ਨਾਟਕ ਕੀਤਾ ‘ਜਿਨ ਸੱਚੁ ਪੱਲੇ ਹੋਇ’। ਨਾਟਕ ਤੋਂ ਬਾਅਦ ਮੈਂ ਉਸੇ ਬਜ਼ੁਰਗ ਨੂੰ ਪੁੱਛਿਆ ਕਿਵੇਂ ਰਿਹਾ ਕੰਜਰਖਾਨਾ। ਉਹਦਾ ਜਵਾਬ ਸੀ ਇਹ ਤਾਂ ਗੱਲ ਹੀ ਹੋਰ ਨਿਕਲੀ।
ਪੇਂਡੂ ਬਿਲਕੁਲ ਸਾਫ ਦਿਲ ਹੁੰਦੇ ਹਨ। ਇਨ੍ਹਾਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ। ਇਹ ਟਿਚਕਰੀ ਵੀ ਸਿਰੇ ਦੇ ਤੇ ਇਮਾਨਦਾਰ ਵੀ ਸਿਰੇ ਦੇ।
ਇਸੇ ਤਰ੍ਹਾਂ ਅੰਬਾਲਾ ਸਿਟੀ ਵਿਚ ਅਸੀਂ ‘ਜਿਨ ਸੱਚੁ ਪੱਲੇ ਹੋਇ’ ਖੇਡਣ ਗਏ। ਇਹਦੇ ’ਚ ਇਕ ਮੁਸਲਿਮ ਕਿਰਦਾਰ ਹੈ ਜੋ ਅਨੂਪ ਕਰ ਰਿਹਾ ਸੀ। ਨਾਟਕ ਵਿਚ ਇਹ ਮੁਸਲਿਮ, ਸਿੱਖ ਕਿਰਦਾਰ ਨੂੰ ਚੰਗਾ ਮੰਦਾ ਬੋਲ ਰਿਹਾ ਸੀ। ਅਚਾਨਕ ਇਕ ਕਿਰਪਾਨ ਲਿਸ਼ਕੀ। ਇਹ ਇਕ ਨਿਹੰਗ ਸਿੰਘ ਸੀ ਜੋ ਅਨੂਪ ਦੁਆਲੇ ਹੋ ਗਿਆ ਸੀ ਤੇ ਕਹਿ ਰਿਹਾ ਸੀ-ਉਏ ਤੂੰ ਸਾਡੇ ਗੁਰ ਸਿੱਖ ਨੂੰ ਔਖਾ ਬੋਲਦੈਂ।’ ਬੜੀ ਮੁਸ਼ਕਲ ਨਾਲ ਪ੍ਰਬੰਧਕਾਂ ਨੇ ਉਸ ਨੂੰ ਸਮਝਾਇਆ ਕਿ ਇਹ ਨਾਟਕ ਹੈ।
ਸੁਲਤਾਨਪੁਰ ਲੋਧੀ ਵਿਚ ਨਾਟਕ ‘ਇਹ ਲਹੂ ਕਿਸ ਦਾ ਹੈ’ ਕਰਦਿਆਂ ਇਕ ਜਾਬਰ ਕਿਰਦਾਰ ਦੇ ਵਿਰੁਧ ਦਰਸ਼ਕਾਂ ਨੇ ਇਵੇਂ ਹੀ ਰਿਐਕਟ ਕੀਤਾ ਸੀ। ਇਕ ਵਾਰੀ ਮੈਂ ਕੈਲਾਸ਼ ਤੇ ਦੋਵਾਂ ਬੇਟੀਆਂ ਨਾਲ ਕਿਸੇ ਪਿੰਡ ਨਾਟਕ ਕਰਨ ਤੋਂ ਬਾਅਦ ਵਾਪਸ ਆਉਣ ਲੱਗਾ ਸੀ ਕਿ ਸਾਡੇ ਕੋਲੋਂ ਪਿੰਡ ਦੀਆਂ ਕੁਝ ਔਰਤਾਂ ਇਹ ਕਹਿੰਦੀਆਂ ਨਿਕਲੀਆਂ ਕਿ ਦੇਖੋ ਨੀਂ ਰੋਟੀ ਪਿੱਛੇ ਕਿਵੇਂ ਨਿਆਣਿਆਂ ਨੂੰ ਵੀ ਨਾਲ ਈ ਧੂਈ ਫਿਰਦੇ ਆ। ਉਂਜ ਮੈਨੂੰ ਹੁਣ ਤੱਕ ਦੇ ਅਪਣੇ ਨਾਟਕ ਸਫ਼ਰ ਵਿਚ ਇਸ ਗੱਲ ਦਾ ਫ਼ਖਰ ਹੈ ਕਿ ਇਕ ਵਾਰ ਵੀ ਮੇਰੇ ਨਾਲ ਇਵੇਂ ਨਹੀਂ ਹੋਇਆ ਕਿ ਦਰਸ਼ਕਾਂ ਨੇ ਮੇਰਾ ਨਾਟਕ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਮੇਰੇ ਨਾਟਕ ਦੇ ਨਾਲ ਨਾਲ ਹੀ ਮੇਰੇ ਦਰਸ਼ਕ ਤੁਰਦੇ ਰਹੇ ਹਨ।

ਹੁਣ: ਜੇਲ੍ਹ ਵਿਚ ਬਿਤਾਏ ਦਿਨਾਂ ਦੌਰਾਨ ਮਨ ’ਚ ਕੀ ਕੁਝ ਵਾਪਰਦਾ ਸੀ। ਜੇਲ੍ਹ੍ਹ ਦੀ ਕੋਈ ਯਾਦ।
ਗੁਰਸ਼ਰਨ: ਜੇਲ੍ਹ ਵਿਚ ਮੈਨੂੰ ਕੋਈ ਸ਼ਰੀਰਕ ਪ੍ਰੇਸ਼ਾਨੀ ਨਹੀਂ ਹੋਈ। ਬਹੁਤ ਵੱਡੀ ਗਿਣਤੀ ਵਿਚ ਸਿਆਸੀ ਕੈਦੀ ਉਥੇ ਸਨ। ਮਾਨਸਿਕ ਤਕਲੀਫ ਜ਼ਰੂਰ ਸੀ ਕਿ ਬਾਹਰ ਸਾਰੇ ਕੰਮ ਰੁਕ ਗਏ ਹਨ। ਮੇਰੀ ਜੇਲ੍ਹ ਕੋਠੜੀ ਦੇ ਸੱਜੇ ਪਾਸੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਸਨ ਤੇ ਖੱਬੇ ਪਾਸੇ ਉਦੋਂ ਦਾ ਪ੍ਰਸਿੱੱਧ ਸਮਗਲਰ ਪੰਮਾ। ਇਕ ਦਿਨ ਮੈਂ ਜਥੇਦਾਰ ਉਮਰਾਨੰਗਲ ਨਾਲ ਗੱਲ ਕੀਤੀ ਕਿ ਇੱਥੇ ਸੌ ਕੈਦੀਆਂ ਵਿਚੋਂ 80 ਪਿੰਡਾਂ ਦੇ ਰਹਿਣ ਵਾਲੇ ਕਿਸਾਨ ਪਰਿਵਾਰਾਂ ਦੇ ਲੋਕ ਹਨ। ਅਨਪੜ੍ਹਤਾ ਕਰਕੇ ਇਹ ਇੱਥੇ ਨੇ। ਮੈਂ ਉਮਰਾਨੰਗਲ ਨੂੰ ਪੁੱਛਿਆ ਕਿ ਤੁਸੀਂ ਸਿੱਖ ਸਟੇਟ ਦੇ ਹਮਾਇਤੀ ਹੋ ਕੀ ਤੁਹਾਡੀ ਭਾਵੀ ਸਟੇਟ ਵਿਚ ਇਨ੍ਹਾਂ ਅੱਸੀਆਂ ਲੋਕਾਂ ਬਾਰੇ ਕੋਈ ਪ੍ਰੋਗਰਾਮ ਹੈ ਜਾਂ ਤੁਹਾਡਾ ਪ੍ਰੋਗਰਾਮ ਹਿੰਦੂਆਂ ਜਾਂ ਦਿੱਲੀ ਵਾਲਿਆਂ ਨੂੰ ਹੀ ਨਿੰਦਣਾ ਹੈ? ਜਥੇਦਾਰ ਉਮਰਾਨੰਗਲ ਮੇਰੇ ਸਵਾਲ ਦਾ ਕੋਈ ਤੱਸਲੀਬਖਸ਼ ਜਵਾਬ ਨਹੀਂ ਦੇ ਸਕੇ ਹਾਲਾਂ ਕਿ ਉਹ ਉਦੋਂ ਅਕਾਲੀ ਦਲ ਦੇ ਸਰਕਰਦਾ ਆਗੂ ਸਨ। ਉਨ੍ਹਾਂ ਕੋਲ ਅਕਾਲੀ ਦਲ ਦਾ ਕੋਈ ਵੀ ਲਿਖਤੀ ਪ੍ਰੋਗਰਾਮ ਨਹੀਂ ਸੀ। ਇਹ ਗੱਲਾਂ ਹੋਰਨਾਂ ਲੀਡਰਾਂ ਵਾਸਤੇ ਵੀ ਕਹੀਆਂ ਜਾ ਸਕਦੀਆਂ ਹਨ। ਮੈਂ ਸਮਝਦਾ ਹਾਂ ਕਿ ਲਹਿਰ ਜਾਂ ਹਰ ਜਥੇਬੰਦੀ ਨੂੰ ਅਪਣਾ ਮਕਸਦ ਲਿਖਤ ਵਿਚ ਜ਼ਰੂਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਚਾਹੁਨੇ ਕੀ ਹਾਂ?
ਜੇਲ੍ਹ ਵਿਚ ਹੀ ਜਿਹੜਾ ਸੇਵਾਦਾਰ ਮੈਨੂੰ ਮਿਲਿਆ, ਉਹ ਜੇਬ ਕਤਰਾ ਸੀ। ਮੈਂ ਉਹਨੂੰ ਗੱਲੀਂ ਬਾਤੀਂ ਲਾ ਲੈਂਦਾ ਸਾਂ। ਇਕ ਦਿਨ ਮੈਂ ਉਹਨੂੰ ਕਿਹਾ ਕਿ ਕੋਈ ਘਟਨਾ ਸੁਣਾ ਤਾਂ ਉਹ ਦੱਸਣ ਲੱਗਾ ਕਿ ਜਦੋਂ ਉਹ ਜੇਲ੍ਹ ਵਿਚ ਆਇਆ ਤਾਂ ਗੇਟ ਉਪਰ ਹੀ ਜੇਲ੍ਹ ਸੁਪਰਡੈਂਟ ਕਹਿਣ ਲੱਗਾ, ‘ਓਏ ਤੇਰੀ ਬੜੀ ਮਸ਼ਹੂਰੀ ਐ। ਕਹਿੰਦੇ ਤੂੰ ਬੜਾ ਵੱਡਾ ਜੇਬ ਕਤਰਾ ਐਂ। ਕੋਈ ਸਾਨੂੰ ਵੀ ਅਪਣਾ ਕਮਾਲ ਦਿਖਾ।’ ਏਨਾ ਕਹਿ ਉਹ ਗੇਟ ਤੋਂ ਜੇਲ੍ਹ ਦੇ ਅੰਦਰ ਟਾਵਰ ਤੱਕ ਪਹੁੰਚੇ ਤਾਂ ਸੁਪਰਡੈਂਟ ਨੇ ਰੌਲੀ ਪਾਈ, ‘ਮੇਰੀ ਜੇਬ ਕੱਟੀ ਗਈ ਬਈ।’ ਮੁੰਡੇ ਨੇ ਦੱਸਿਆ ਕਿ ਉਸ ਕਿਹਾ, ‘ਤੁਸੀਂ ਕਮਾਲ ਦਿਖਾਉਣ ਨੂੰ ਕਿਹਾ ਸੀ ਮੈਂ ਕਮਾਲ ਕਰ ਦਿੱਤਾ।’ ਇਸ ਜੇਬ ਕਤਰੇ ਮੁੰਡੇ ਨੇ ਮੈਨੂੰ ਜੇਬ ਕਤਰੀ ਦੇ ਆਰਟ ਦੀਆਂ ਕਈ ਗੁੱਝੀਆਂ ਗੱਲਾਂ ਦੱਸੀਆਂ। ਉਹਨੇ ਦੱਸਿਆ ਕਿ ਕਿਵੇਂ ਬਲੇਡ ਨਾਲ ਜੇਬ ਕੱਟੀਦੀ ਹੈ। ਉਸ ਨੇ ਦੱਸਿਆ ਕਿ ਉਂਗਲੀ ਦਾ ਥੋੜ੍ਹਾ ਜਿਹਾ ਮਾਸ ਸਾੜ ਕੇ ਉਹਦੇ ਵਿਚ ਬਲੇਡ ਪਾ ਲਈਦਾ ਤੇ ਬੜੀ ਆਸਾਨੀ ਨਾਲ ਜੇਬ ਕੱਟ ਲਈ ਜਾਂਦੀ ਹੈ। ਉਹਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚ ਲੱਗਦੇ ਗੁਰਪੂਰਬ ਤੇ ਤਰਨਤਾਰਨ ਦੀ ਮਸਿਆ ਸਾਡੇ ਕਾਰਜ ਖੇਤਰ ਹਨ। ਜੇਲ੍ਹ ਵਿਚ ਹੋਰ ਬੜੀਆਂ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਵੀ ਮੈਂ ਦੇਖੀਆਂ। ਮੈਂ ਦੇਖਿਆ ਕਿ ਕਿਵੇਂ ਅਸਰ ਰਸੂਖ ਵਾਲੇ ਕੈਦੀਆਂ ਨੂੰ ਉਹਨਾਂ ਦੀ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਾਈ ਜਾਂਦੀ ਹੈ। ਮੈਂ ਦੇਖਿਆ ਕਿ ਕਿਵੇਂ ਫਰੂਟ ਦੇ ਡੱਬਿਆਂ ਵਿਚ ਸ਼ਰਾਬ ਦੀਆਂ ਬੋਤਲਾਂ ਆਉਂਦੀਆਂ ਹਨ। ਉਂਜ ਜੇਲ੍ਹ ਦੀ ਜ਼ਿੰਦਗੀ ਹੁੰਦੀ ਬੜੀ ਦਿਲਚਸਪ ਹੈ। ਸਿਆਸੀ ਕੈਦੀਆਂ ਨੂੰ ਇੱਥੋਂ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਪੜ੍ਹਨ ਲਿਖਣ ਲਈ ਖੁੱਲ੍ਹਾ ਵਕਤ ਮਿਲ ਜਾਂਦਾ ਹੈ। ਜੇਲ੍ਹਾਂ ਵਿਚ ਦੁੱਖ ਕੱਟਦੇ ਬੰਦੇ ਇੱਕਠੇ ਹੋ ਜਾਂਦੇ ਹਨ। ਸਾਂਝਾਂ ਪੱਕੀਆਂ ਹੁੰਦੀਆਂ ਹਨ। ਅਪਣੇ ਨਾਲ ਦੇ ਬਿਮਾਰ ਕੈਦੀਆਂ ਦੀ ਸੇਵਾ ਸੰਭਾਲ ਵਿਚ ਜੁਟਣਾ ਮਨੁੱਖਤਾ ਦੀ ਵੱਡੀ ਮਿਸਾਲ ਕਹੀ ਜਾ ਸਕਦੀ ਹੈ।

ਕਿਤਾਬ ਦੀ ਕਦਰ

ਹੁਣ: ਸਸਤੇ ਭਾਅ ਕਿਤਾਬਾਂ ਛਾਪ ਕੇ ਪਿੰਡ-ਪਿੰਡ ਪਹੁੰਚਾਉਣ ਦੇ ਯਤਨ ਵਜੋਂ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’ ਦਾ ਤਜ਼ਰਬਾ ਕਿਵੇਂ ਰਿਹਾ।
ਗੁਰਸ਼ਰਨ: 1971 ਬਲਰਾਜ ਸਾਹਨੀ ਹੋਰਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਪੰਜ ਹਜ਼ਾਰ ਰੁਪਏ ਦਾ ਐਵਾਰਡ ਮਿਲਿਆ। ਇਹ ਨਕਦ ਸ਼ਕਲ ਵਿਚ ਲਾਲ ਗੁੱਥੀ ਵਿਚ ਸੀ। ਬਲਰਾਜ ਹੋਰਾਂ ਉਹ ਗੁੱਥੀ ਮੈਨੂੰ ਫੜਾ ਦਿੱਤੀ ਤੇ ਕਿਹਾ ਕਿ ਇਸ ਨੂੰ ਪੰਜਾਬੀ ਦੇ ਉਭਰਦੇ ਲੇਖਕਾਂ ਦੇ ਉਤਸ਼ਾਹ ਵਜੋਂ ਵਰਤ ਲਵਾਂ। ਗੁੱਥੀ ਜਦੋਂ ਮੈਂ ਖੋਲ੍ਹੀ ਉਹਦੇ ਵਿਚ ਸਤਵੰਜਾ ਸੌ ਰੁਪਏ ਸਨ। ਬੰਬਈ-ਚੰਡੀਗੜ੍ਹ ਦੇ ਹਵਾਈ ਸਫ਼ਰ ਦਾ ਕਿਰਾਇਆ ਵੀ ਸੀ ਸ਼ਾਇਦ ਉਹਦੇ ਵਿਚ। ਅਜੇ ਉਸ ਪੈਸੇ ਬਾਰੇ ਮੈਂ ਸੋਚ ਹੀ ਰਿਹਾ ਸੀ ਕਿ ਬਲਰਾਜ ਜੀ ਅਚਾਨਕ ਗੁਜ਼ਰ ਗਏ। ਉਨ੍ਹਾਂ ਦੇ ਧਰਮ ਪਤਨੀ ਸੰਤੋਸ਼ ਹੋਰਾਂ ਨੂੰ ਜਦੋਂ ਮੈਂ ਪੈਸੇ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਕੰਮ ਲਈ ਬਲਰਾਜ ਜੀ ਤੁਹਾਨੂੰ ਪੈਸੇ ਫੜਾ ਕੇ ਗਏ ਸੀ, ਉਸ ਲਈ ਹੀ ਇਨ੍ਹਾਂ ਨੂੰ ਵਰਤੋ। ਮੈਂ ਫੇਰ ਬਲਰਾਜ ਸਾਹਨੀ ਯਾਦਗਾਰ ਘਰੇਲੂ ਪੁਸਤਕਸ਼ਾਲਾ ਦੇ ਨਾਂ ਥੱਲੇ ਪਾਸ਼ ਦੀ ਕਿਤਾਬ ‘ਲੋਹ ਕਥਾ’ ਛਾਪੀ। ਫੇਰ ਸੰਤ ਸੰਧੂ ਦੀ ‘ਸੀਸ ਤਲੀ ’ਤੇ। ਦੋਵੇਂ ਕਵਿਤਾਵਾਂ ਦੀਆਂ ਕਿਤਾਬਾਂ ਸਨ। ਪਾਸ਼ ਦੀ ਕਿਤਾਬ ਸੰਤ ਸੰਧੂ ਨੇ ਤਿਆਰ ਕੀਤੀ ਸੀ। ਬਹੁਤ ਸਾਰੀਆਂ ਕਵਿਤਾਵਾਂ ਸੰਤ ਸੰਧੂ ਨੇ ਸਿਗਰਟ ਦੀਆਂ ਡੱਬੀਆਂ ’ਤੇ ਪੈਂਸਲਾਂ ਨਾਲ ਲਿਖੀਆਂ ਹੁੰਦੀਆਂ ਸਨ। ਲੋਹ ਕਥਾ ਦੀ ਕੀਮਤ 50 ਪੈਸੇ ਰੱਖੀ ਸੀ। ਉਸ ਤੋਂ ਬਾਅਦ ਤਕਰੀਬਨ 112 ਕਿਤਾਬਾਂ ਛਾਪੀਆਂ, ਇਨ੍ਹਾਂ ਵਿਚ ਏਸ ਵੇਲੇ ਦੇ ਸਥਾਪਤ ਲੇਖਕਾਂ ਦੀਆਂ ਪਹਿਲੀਆਂ ਪਹਿਲੀਆਂ ਕਿਤਾਬਾਂ ਸਨ-ਵਰਿਆਮ ਸੰਧੂ, ਪ੍ਰੇਮ ਗੋਰਖੀ, ਅਤਰਜੀਤ, ਸੁਖਵੰਤ ਕੌਰ ਮਾਨ ਆਦਿ। ਸੰਤ ਰਾਮ ਉਦਾਸੀ ਦੀਆਂ ਸਾਰੀਆਂ ਹੀ ਕਿਤਾਬਾਂ ਮੈਂ ਛਾਪੀਆਂ। ਖਾਸ ਜ਼ਿਕਰ ਵਾਲੀ ਗੱਲ ਇਹ ਹੈ ਕਿ ਪਹਿਲਾਂ ਪਹਿਲ ਜਦੋਂ ਮੈਂ ਕਿਤਾਬਾਂ ਛਾਪੀਆਂ ਤਾਂ ਲੇਖਕਾਂ ਦਾ ਬੜਾ ਸਹਿਯੋਗ ਰਿਹਾ ਪਰ ਜਦੋਂ ਇਹ ਲੇਖਕ ਸਥਾਪਤ ਹੋ ਗਏ ਤਾਂ ਮੇਰੀ ਸਾਦਾ ਦਿਖ ਵਾਲੀ ਸਸਤੀ ਕਿਤਾਬ ਇਨ੍ਹਾਂ ਨੂੰ ਪਸੰਦ ਆਉਣੋਂ ਹੱਟ ਗਈ। ਨਾਟਕਾਂ ਦੇ ਨਾਲ ਨਾਲ ਪਿੰਡ ਪਿੰਡ ਕਿਤਾਬਾਂ ਲਿਜਾਣ ਨਾਲ ਕਿਤਾਬਾਂ ਦੀ ਸਰਕੂਲੇਸ਼ਨ ਵਧੀ। ਨਾਟਕਾਂ ਦੇ ਬਾਅਦ ਕਿਤਾਬਾਂ ਦਾ ਖੁੱਲ੍ਹਾ ਸਟਾਲ ਲਾਇਆ ਜਾਂਦਾ ਸੀ।
ਇਸ ਪੁਸਤਕਸ਼ਾਲਾ ਬਾਰੇ ਬੜੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਚੋਣਵਾਂ ਇਨਕਲਾਬੀ ਸਾਹਿਤ ਇਹਦੇ ਨਾਮ ਥੱਲੇ ਤਕਰੀਬਨ 30 ਸਾਲ ਛਪਿਆ ਹੈ।
1983 ਤੋਂ 1994 ਵਿਚ ਜਿਹੜਾ ਅਤਿਵਾਦ ਦਾ ਕਾਲਾ ਦੌਰ ਗਿਣਿਆ ਜਾਂਦਾ ਹੈ, ਉਸ ਵਿਚ ਕਵਿਤਾਵਾਂ ਤੇ ਕਹਾਣੀਆਂ ਦੇ ਬਹੁਤ ਸਾਰੇ ਸੰਗ੍ਰਹਿ ਛਾਪੇ। ਕਵਿਤਾਵਾਂ ਦਾ ਸੰਗ੍ਰਹਿ ‘ਪਹੁੰਚੇ ਹਾਂ ਕਿਸ ਮੁਕਾਮ ’ਤੇ’ ਪਰਮਿੰਦਰਜੀਤ ਨੇ ਤਿਆਰ ਕੀਤਾ ਸੀ। ਇਸ ਵਿਚ ਪੰਜਾਬ ਦੇ ਸੰਤਾਪ ਬਾਰੇ ਬਹੁਤ ਹੀ ਚੋਣਵੀਆਂ ਕਵਿਤਾਵਾਂ ਸਨ। ਇਸ ਪੁਸਤਕਸ਼ਾਲਾ ਬਾਰੇ ਜ਼ਿਕਰਯੋਗ ਗੱਲ ਇਹ ਹੈ ਕਿ ਇਹ ਮੇਰਾ ਮਿਸ਼ਨ ਨਾਟਕ ਸਰਗਰਮੀਆਂ ਦਾ ਇਕ ਅਨਿਖੜਵਾਂ ਅੰਗ ਬਣ ਗਿਆ ਸੀ।
ਮੇਰੇ ਤੋਂ ਬਾਅਦ ਹੁਣ ਬਹੁਤ ਸਾਰੇ ਪ੍ਰਕਾਸ਼ਕ ਕੰਮ ਕਰ ਰਹੇ ਹਨ। ਇਕ ਦੋ ਪ੍ਰਕਾਸ਼ਕ ਹਨ ਜਿਹੜੇ ਸਸਤੀਆਂ ਕਿਤਾਬਾਂ ਲੈ ਕੇ ਪਿੰਡਾਂ ਵਿਚ ਜਾ ਰਹੇ ਹਨ। ਕਹਾਣੀਕਾਰ ਅਤਰਜੀਤ ਮੇਰੇ ਇਸ ਤਜ਼ਰਬੇ ਨੂੰ ਹੋਰ ਅੱਗੇ ਲਿਜਾਉਣਾ ਚਾਹੁੰਦਾ ਹੈ। ਉਹ ਚੰਗੇ ਯਤਨ ਕਰ ਰਿਹਾ ਹੈ ਕਿ ਵਧੀਆ ਸਾਹਿਤ ਵਾਜਬ ਕੀਮਤ ’ਤੇ ਅਵਾਮੀ ਸਮਾਗਮਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇ। ਤਰਕਸ਼ੀਲ ਲਹਿਰ ਨੇ ਵੀ ਚੰਗਾ ਕੰਮ ਕੀਤਾ ਹੈ।
ਉਂਜ ਅਪਣੇ ਤਜ਼ਰਬੇ ਤੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਜ਼ਿਆਦਾ ਸਸਤੀ ਕਿਤਾਬ ਨਾਲ ਵੀ ਕਿਤਾਬ ਦੀ ਕਦਰ ਘੱਟ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਕੋਈ ਆਦਰਸ਼ਕ ਪਹੁੰਚ ਨਹੀਂ ਪਰ ਸਜਾਵਟੀ ਛਲਾਵੇ ਨਾਲ ਕਿਤਾਬਾਂ ਦਾ ਬਾਜ਼ਾਰ ਵਿਚ ਭੇਜਣਾ ਵੀ ਤਰਕਸੰਗਤ ਨਹੀਂ ਹੈ। ਕੋਈ ਵਿਚਕਾਰਲਾ ਰਾਹ ਲੱਭਣਾ ਚਾਹੀਦਾ ਹੈ। ਗੈਟਅੱਪ ਵੀ ਚੰਗੀ ਹੋਵੇ, ਕੁਆਲਟੀ ਵੀ ਹੋਵੇ ਤੇ ਕੀਮਤ ਵੀ ਜੇਬ ਤੋਂ ਬਾਹਰੀ ਨਾ ਹੋਵੇ। ਤੇ ਨਾਲ ਹੀ ਨਿਸ਼ਾਨਾਂ ਤੈਅ ਹੋਵੇ ਕਿ ਕਿਤਾਬ ਕਿਹਦੇ ਕੋਲ ਕਿਵੇਂ ਪਹੁੰਚਾਉਣੀ ਹੈ।
ਆਹ ਸਾਹਿਤ ਅਕਾਦਮੀ ਲੁਧਿਆਣਾ ਵਾਲੇ ਪਰਚਾ ਛਾਪਦੇ ਆ ‘ਆਲੋਚਨਾ’। ਖਰਚ ਤਾਂ ਇਹ ਵੀ ਓਨਾ ਹੀ ਕਰਦੇ ਹਨ ਪਰ ਸ਼ਾਇਦ ਇਹ ਸੋਚਦੇ ਹਨ ਕਿ ਆਲੋਚਨਾ ਸਿਰਫ਼ ਅਕਾਦਮਿਕ ਹੀ ਹੁੰਦੀ ਹੈ। ਅਵਾਮ ਨੂੰ ਇਹਦੀ ਲੋੜ ਨਹੀਂ। ਇਹ ਗਲਤ ਸੋਚ ਹੈ। ਕੁਝ ਰਾਜਸੀ ਪਰਚੇ ਵੀ ਚੰਗੇ ਨਿਕਲ ਰਹੇ ਹਨ। ਜਿਵੇਂ ‘ਸੰਗਰਾਮੀ ਲਹਿਰ’, ਇਹਦੇ ’ਚ ਚੰਗੇ ਰਾਜਸੀ ਕੁਮੈਂਟ ਹੁੰਦੇ ਹਨ ਪਰ ਘੇਰਾ ਹੋਰ ਵਿਸ਼ਾਲ ਕਰਨ ਦੀ ਲੋੜ ਹੈ।

ਹੁਣ: ਪਿੰਡਾਂ ਵਿਚ ਨਾਟਕ ਕਰਨ ਜਾਣ ਲਈ ਤੁਸੀਂ ਬਹੁਤ ਸਮਾਂ ਮਾਰੂਤੀ ਕਾਰ ਵਰਤੀ ਹੈ। ਤੁਸੀਂ ਆਪਣੇ ਹਰ ਡਰਾਈਵਰ ਨੂੰ ਵੀ ਨਾਟਕ ਦਾ ਕਲਾਕਾਰ ਬਣਾ ਦਿੱਤਾ। ਕੁਝ ਲੋਕ ਮਜ਼ਾਕ ਵਜੋਂ ਤੁਹਾਡੀ ਨਾਟ ਮੰਡਲੀ ਨੂੰ ‘ਮਾਰੂਤੀ ਮੰਚ’ ਵੀ ਕਹਿੰਦੇ ਰਹੇ ਹਨ। ਤੁਸੀਂ ਕੀ ਮਹਿਸੂਸ ਕਰਦੇ ਹੋ।
ਗੁਰਸ਼ਰਨ: ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਘੱਟ ਤੋਂ ਘੱਟ ਟੀਮ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਿਆ ਜਾਏ। ਮੇਰੇ ਲਈ ਨਾਟਕ ਦਾ ਸੁਨੇਹਾ, ਨਾਟਕ ਦਾ ਵਿਸ਼ਾ, ਸਭ ਚੀਜ਼ਾਂ ਤੋਂ ਵੱਧ ਅਹਿਮੀਅਤ ਰੱਖਦਾ ਹੈ। ਸੋ, ਮੈਂ ਆਪਣੇ ਨਾਟਕ ਇਸ ਨਿਸ਼ਾਨੇ ਨਾਲ ਹੀ ਡਿਜ਼ਾਈਨ ਕੀਤੇ ਹਨ। ਮਾਰੂਤੀ ਰਾਹੀਂ ਸਫ਼ਰ ਕਰਦਿਆਂ ਉਸ ਪੀਰੀਅਡ ਵਿਚ ਬੜੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। 1991 ਤੋਂ 1997 ਤੱਕ ਨਾਟਕ ‘ਲਾਰੇ, ਇਨਾਮ, ਨਵਾਂ ਜਨਮ, ਬੇਗਮੋ ਦੀ ਧੀ, ਖੰਭਾਂ ਵਾਲੀ ਕੁੜੀ’ ਕੀਤੇ। ਇਸ ਸਮੇਂ ਵਿਚ ਨਾਟਕਾਂ ਦੀਆਂ ਬਹੁਤ ਜ਼ਿਆਦਾ ਪੇਸ਼ਕਾਰੀਆਂ ਹੋਈਆਂ। ਇਕ ਸਾਲ ਵਿਚ 280 ਪੇਸ਼ਕਾਰੀਆਂ ਕੀਤੀਆਂ। ਸ਼ਾਇਦ ਇਹ ਕੋਈ ਵਿਸ਼ਵ ਰਿਕਾਰਡ ਹੀ ਹੋਏ। ਜਿਹੜੇ ਲੋਕ ‘ਮਾਰੂਤੀ ਮੰਚ’ ਕਹਿਕੇ ਮੇਰਾ ਮਜ਼ਾਕ ਉਡਾਉਂਦੇ ਨੇ ਉਡਾਈ ਜਾਣ, ਮੈਨੂੰ ਜਾਂ ਪੰਜਾਬੀ ਨਾਟਕਾਂ ਨੂੰ ਕੀ ਫ਼ਰਕ ਪੈਂਦੈ। ਤੁਸੀਂ ਤਾਂ ਮਜ਼ਾਕ ਨਹੀਂ ਸਮਝਦੇ। ਤੁਸੀਂ ਮੈਨੂੰ ਸੀਰੀਅਸਲੀ ਲੈ ਰਹੇ ਹੋ, ਇਸੇ ਲਈ ‘ਹੁਣ’ ਦੇ ਪਾਠਕਾਂ ਲਈ ਮੇਰੇ ਨਾਲ ‘ਗੱਲਾਂ’ ਕਰ ਰਹੇ ਹੋ ਨਾ।

ਹੁਣ: ਪਿਛਲੇ ਦੱਸ ਕੁ ਸਾਲਾਂ ਤੋਂ ਗਲੋਬਲਾਈਜੇਸ਼ਨ ਦੇ ਅਸਰ ਪਿੰਡਾਂ ’ਚ ਦਿਖਾਈ ਦੇਣ ਲੱਗੇ ਹਨ। ਤੁਹਾਡੇ ਖ਼ਿਆਲ ਨਾਲ ਕਿੰਨੇ ਕੁ ਬਦਲ ਗਏ ਹਨ ਅਪਣੇ ਪਿੰਡ ਤੇ ਇਹ ਬਦਲਾਅ ਜਾਂਦਾ ਕਿਸ ਰੁਖ ਦਿਖਦਾ ਹੈ?
ਗੁਰਸ਼ਰਨ: ਬੜਾ ਕੁਝ ਬਦਲ ਰਿਹਾ ਹੈ। ਪਿੰਡ ਪਿੰਡ ਨਹੀਂ ਰਹੇ। ਮਾਡਰਨ ਕਨਸਟਰਕਸ਼ਨ ਬੜੀ ਹੋ ਰਹੀ ਹੈ। ਖਾਸ ਕਰਕੇ ਦੁਆਬੇ ਵਿਚ। ਓਪਰੀ ਨਜ਼ਰੇ ਇਹ ਖੁਸ਼ਹਾਲੀ ਜਾਪਦੀ ਹੈ। ਪਰ ਅਸਲੀਅਤ ਕੁਝ ਹੋਰ ਹੈ। ਐਨ.ਆਰ.ਆਈਜ਼ ਦੇ ਪੈਸਿਆਂ ਨਾਲ ਪਿੰਡਾਂ ਦੇ ਆਲੇ-ਦੁਆਲੇ ਵੱਡੇ ਵੱਡੇ ਮਹਿਲ ਉਸਰ ਗਏ ਹਨ ਪਰ ਇਨ੍ਹਾਂ ਵਿਚ ਰਹਿਣ ਵਾਲਾ ਕੋਈ ਨਹੀਂ। ਇਹਤੋਂ ਵੀ ਅਗਲੀ ਗੱਲ ਵਿਹੜਿਆਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਹੈ। ਨਾ ਪੀਣ ਲਈ ਸ਼ੁੱਧ ਪਾਣੀ ਨਾ ਪਾਣੀ ਦਾ ਨਿਕਾਸ। ਰੂੜੀਆਂ ਦੇ ਢੇਰ ਉਸੇ ਤਰ੍ਹਾਂ ਨੇ। ਖਪਤ ਕਲਚਰ ਨੇ ਉਤਲੇ ਤਬਕੇ ਨੂੰ ਹੋਰ ਉਪਰ ਕਰ ਦਿੱਤਾ ਹੈ ਪਰ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਮਿਸਾਲ ਦੇ ਤੌਰ ’ਤੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਵਿਚ ਮੇਰੇ ਘਰ ਤੋਂ ਡੇਢ ਕਿਲੋਮੀਟਰ ਦੂਰ ਕਾਲੋਨੀ ਨੰਬਰ ਪੰਜ ਹੈ। ਦੇਖ ਲਓ ਕਿੰਨਾ ਕੁ ਫ਼ਰਕ ਹੈ। ਹਜ਼ਾਰਾਂ ਕੋਹਾਂ ਦਾ ਫ਼ਰਕ ਇਕ ਡੇਢ ਕਿਲੋਮੀਟਰ ਦੇ ਘੇਰੇ ਵਿਚ ਹੀ ਤੁਹਾਨੂੰ ਨਜ਼ਰ ਆ ਜਾਵੇਗਾ। ਇਹੀ ਫ਼ਰਕ ਪਿੰਡਾਂ ਵਿਚ ਹੈ। ਸ਼ਹਿਰਾਂ ਦੇ ਬਾਹਰਵਾਰ ਜਿਹੜੀਆਂ ਨਵੀਆਂ ਕਾਲੋਨੀਆਂ ਵਸਾਈਆਂ ਜਾ ਰਹੀਆਂ ਹਨ ਉਹ ਪੱਛਮ ਦੀਆਂ ਉਸਾਰੀਆਂ ਨੂੰ ਵੀ ਮਾਤ ਪਾਉਣ ਵਾਲੀਆਂ ਹਨ। ਇਹ ਸਭ ਕੁਝ ਪਿੰਡਾਂ ਨੂੰ ਉਜਾੜ ਕੇ ਕੀਤਾ ਜਾ ਰਿਹਾ ਹੈ। ਹਾਂ ਜਿਨ੍ਹਾਂ ਪਿੰਡਾਂ ਵਿਚ ਖੱਬੀਆਂ ਧਿਰਾਂ ਮੌਜੂਦ ਹਨ ਉਥੇ ਵਿਹੜਿਆਂ ਵਿਚ ਕੰਮ ਹੋਇਆ ਹੈ। ਇਹ ਕੰਮ ਸੋਚ ਦੇ ਪੱਧਰ ’ਤੇ ਹੈ। ਆਰਥਿਕਤਾ ਉਵੇਂ ਹੀ ਹੈ। ਉਂਜ ਐਨ.ਆਰ.ਆਈਜ਼ ਵਿਚ ਇਕ ਹਾਂ ਪੱਖੀ ਫ਼ਰਕ ਵੀ ਨਜ਼ਰ ਆ ਰਿਹਾ ਹੈ। ਅੱਜ ਤੋਂ ਕੋਈ ਦੱਸ ਪੰਦਰਾਂ ਸਾਲ ਪਹਿਲਾਂ ਕੋਈ ਪਰਵਾਸੀ ਜਦੋਂ ਅਪਣੇ ਪਿੰਡ ਆਉਂਦਾ ਸੀ ਤਾਂ ਉਹ ਗੁਰਦੁਆਰੇ ਨੂੰ ਮਾਇਆ ਚੜ੍ਹਾਉਂਦਾ ਸੀ ਜਾਂ ਫੇਰ ਅਪਣੇ ਬਾਪ ਦਾਦਿਆਂ ਦੇ ਨਾਂ ’ਤੇ ਗੇਟ ਬਣਾਉਂਦਾ ਸੀ। ਹੁਣ ਪਿੰਡਾਂ ਵਿਚ ਸਕੂਲਾਂ, ਹਸਪਤਾਲਾਂ ਅਤੇ ਖੇਡਾਂ ਦੇ ਖੇਤਰ ਵਿਚ ਵੀ ਪਰਵਾਸੀ ਪੰਜਾਬੀ ਮਦਦ ਕਰਨ ਲੱਗ ਪਏ ਹਨ। ਇਹ ਚੰਗੀ ਗੱਲ ਹੈ।

ਰੰਗ ਮੰਚ ਦੀ ਸਿਖਲਾਈ

ਸੁਲਗਦੇ ਸੁਪਨਿਆਂ ਦੀ ਉਮਰ – ਮਈ 1958 ਗੁਰਸ਼ਰਨ ਸਿੰਘ

ਹੁਣ: ਕੀ ਕਾਰਣ ਹੈ ਕਿ ਤੁਸੀਂ ਰੰਗ-ਮੰਚ ਦੀ ਲਹਿਰ ਤਾਂ ਖੜੀ ਕਰ ਦਿੱਤੀ ਪਰ ਇਹਦੇ ਪ੍ਰਭਾਵ ਨਾਲ ਪੈਦਾ ਹੋ ਸਕਣ ਵਾਲੀ ਲੋਕ ਲਹਿਰ ਕਿਧਰੇ ਨਜ਼ਰ ਨਹੀਂ ਆਉਂਦੀ।
ਗੁਰਸ਼ਰਨ: ਮੇਰੀ ਰੰਗ-ਮੰਚ ਦੀ ਲਹਿਰ, ਲੋਕ ਲਹਿਰ ਨੂੰ ਹੀ ਸਮਰਪਤ ਰਹੀ ਹੈ। ਮੈਂ ਆਪਣਾ ਬਣਦਾ ਯੋਗਦਾਨ ਲੋਕ ਲਹਿਰ ਵਿਚ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਲੋਕ ਲਹਿਰ ਨੂੰ ਨਾਟ-ਲਹਿਰ ਤੋਂ ਇਲਾਵਾ ਹੋਰ ਫੈਕਟਰ ਵੀ ਪ੍ਰਭਾਵਤ ਕਰਦੇ ਹਨ।

ਹੁਣ: ਬਿਜਲਈ ਮਾਧਿਅਮਾਂ ਦਾ ਰੰਗ-ਮੰਚ ਨੂੰ ਕਿੰਨਾ ਕੁ ਨਫ਼ਾ ਤੇ ਕਿੰਨਾ ਕੁ ਨੁਕਸਾਨ ਹੋਇਆ?
ਗੁਰਸ਼ਰਨ: ਰੰਗਮੰਚ ਨੇ ਆਪਣੇ ਸਾਧਨਾਂ ਮੁਤਾਬਕ ਨਾਟਕ ਡਿਜ਼ਾਈਨ ਕੀਤੇ ਹਨ। ਬਿਜਲਈ ਮਾਧਿਅਮ ਨੇ ਇਨ੍ਹਾਂ ਨੂੰ ਲਿਸ਼ਕਾਉਣ ਵਿਚ ਸਹਾਇਤਾ ਕੀਤੀ ਹੈ।
ਮੈਂ ਇਹ ਵੀ ਸਮਝਦਾਂ ਕਿ ਜਿਹੜੀ ਗੱਲ ਚੰਗੇ ਸਮਾਜ ਦੇ ਨਿਸ਼ਾਨੇ ਤੋਂ ਲਾਂਭੇ ਹੋ ਜਾਵੇ, ਉਹ ਨੁਕਸਾਨਦੇਹ ਹੁੰਦੀ ਹੈ, ਬਹੁਤੇ ਤਕਨੀਕੀ ਅਡੰਬਰ ਵੀ ਅਸਲੀ ਗੱਲ ਨੂੰ ਪਰ੍ਹਾਂ ਲੈ ਜਾਂਦੇ ਹਨ। ਤਿੰਨ ਕੁ ਸਾਲ ਪਹਿਲਾਂ ਮੈਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਗਿਆ ਤਾਂ ਉਥੇ ਇਕ ਨਾਟਕ ਲਈ ਇਕ ਟੀ.ਵੀ.ਚੈਨਲ ਨੇ ਪ੍ਰਬੰਧ ਕੀਤਾ ਹੋਇਆ ਸੀ, ਮੈਂ ਹਾਲ ’ਚ ਵੜਦਾ ਹੀ ਚੁੰਧਿਆ ਗਿਆ। ਤਿੰਨ ਘੰਟੇ ਤਮਾਸ਼ਾ ਹੁੰਦਾ ਰਿਹਾ, ਨਿਕਲਿਆ ਕੁਝ ਵੀ ਨਾ। ਮੈਂ ਅਪਣੀ ਉਮਰ ਦੇ ਇਸ ਪੜਾ ’ਤੇ ਆ ਕੇ ਮਾਣ ਕਰ ਸਕਦਾ ਹਾਂ ਕਿ ਜਿਸ ਨਿਸ਼ਾਨੇ ਨੂੰ ਲੈ ਕੇ ਮੈਂ ਘਾਲਣਾ ਘਾਲੀ ਹੈ ਉਹਦੇ ਵਿਚ ਮੈਨੂੰ ਸਫਲਤਾ ਮਿਲੀ ਹੈ ਪਰ ਨਾਲ ਹੀ ਇਹ ਵੀ ਮਹਿਸੂਸ ਕਰਦਾ ਹਾਂ ਕਿ ਮੈਂ ਦਸ ਸਾਲ ਲੇਟ ਹੋ ਗਿਆ ਹਾਂ। ਭਾਵੇਂ ਮੈਂ ਹੁਣ ਵੀ ਲੱਗਾ ਹੋਇਆਂ ਹਾਂ ਪਰ ਅੱਜ ਮੇਰੇ ਕੋਲ ਉਹ ਐਨਰਜੀ ਨਹੀਂ ਕਿ ਮੈਂ ਦਿਨ ਰਾਤ ਅੱਗੇ ਵਾਂਗ ਤੁਰਿਆ ਰਵ੍ਹਾਂ।

ਹੁਣ: ਭਵਿੱਖ ਦੇ ਰੰਗਮੰਚ ਨੂੰ ਕੋਈ ਨਵਾਂ ਮੋੜ ਦੇਣ ਬਾਰੇ ਕੁਝ ਸੋਚਿਆ ਹੋਵੇ ਤਾਂ ਦੱਸੋ?
ਗੁਰਸ਼ਰਨ: ਮੇਰੇ ਕੋਲ ਰੰਗਮੰਚ ਦੀ ਕੋਈ ਰਸਮੀ ਸਿਖਲਾਈ ਨਹੀਂ ਹੈ, ਪਰ ਮੇਰੀਆਂ ਲੀਹਾਂ ’ਤੇ ਜੇ ਕੋਈ ਕੰਮ ਕਰਨਾ ਚਾਹੇ ਤਾਂ ਵੱਧ ਤੋਂ ਵੱਧ ਪ੍ਰਾਪਤੀਆਂ ਹੋ ਸਕਦੀਆਂ ਹਨ। ਪੇਂਡੂ ਰੰਗਮੰਚ ਦਾ ਆਪਣਾ ਮੁਹਾਵਰਾ ਹੈ। ਇਹਦੇ ਵਿਚ ਵਿਕਾਸ ਦੀ ਬਹੁਤ ਸੰਭਾਵਨਾ ਹੈ।

ਹੁਣ: ਨਾਟਕ ਤੋਂ ਬਿਨਾਂ ਤੁਹਾਡੀ ਹੋਰ ਕੋਈ ਗੌਲਣ ਯੋਗ ਸਾਹਿਤਕ ਪ੍ਰਾਪਤੀ ਹੈ?
ਗੁਰਸ਼ਰਨ: 1955 ਵਿਚ ਮੈਂ ਪੰਜਾਬੀ ਵਿਚ ਸਾਇੰਸ ਦੀਆਂ ਦੋ ਕਿਤਾਬਾਂ ਲਿਖੀਆਂ। ‘ਐਟਮ ਤੇ ਐਟਮੀ ਸ਼ਕਤੀ’ ਅਤੇ ‘ਧਰਤੀ, ਤਾਰੇ ਅਤੇ ਆਕਾਸ਼’। ਪਹਿਲੀ ਕਿਤਾਬ ਲਈ ਮੈਨੂੰ ਭਾਸ਼ਾ ਵਿਭਾਗ ਦਾ ਪੰਜਾਬੀ ਵਿਚ ਸਾਇੰਸ ਦੀ ਲਿਖਤ ਲਈ ਐਵਾਰਡ ਵੀ ਮਿਲਿਆ। ਅਪਣੇ ਰਸਾਲਿਆਂ ‘ਸਰਦਲ’ ਅਤੇ ਫੇਰ ‘ਸਮਤਾ’ ਲਈ ਮੈਂ ਬਕਾਇਦਗੀ ਨਾਲ ਕਾਲਮ ‘ਇਹ ਹਮਾਰਾ ਜੀਵਣਾ’ ਲਿਖਦਾ ਰਿਹਾ ਹਾਂ। ਕਾਫੀ ਦੇਰ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਲਈ ਵੀ ਹਫ਼ਤਾਵਾਰੀ ਕਾਲਮ ਲਿਖਿਆ।

ਹੁਣ: ਕੀ ਕਾਰਨ ਹੈ ਕਿ ਪੰਜਾਬੀ ਵਿਚ ਨਾਵਲ ਅਤੇ ਕਹਾਣੀ ਵਾਂਗ ਮੌਲਿਕ ਨਾਟ-ਲੇਖਨ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਹੋ ਸਕਿਆ?
ਗੁਰਸ਼ਰਨ: ਸਾਡੇ ਕਰੀਏਟਿਵ ਸਰਕਲ ਵਿਚ ਨਾਟਕ ਸਰਗਰਮੀਆਂ ਬਹੁਤੀਆਂ ਨਹੀਂ ਹੁੰਦੀਆਂ।
ਖਾਸ ਕਰਕੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਬੁੱਧੀਜੀਵੀਆਂ ਨੇ ਨਾਟਕ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ। ਉਹ ਇਹਦੇ ਪ੍ਰਤੀ ਕਦੇ ਵੀ ਸੰਜੀਦਾ ਨਹੀਂ ਹੋਏ। ਉਨ੍ਹਾਂ ਲਈ ਨੀਲਮ ਮਾਨ ਸਿੰਘ ਜਾਂ ਵੱਧ ਤੋਂ ਵੱਧ ਆਤਮਜੀਤ ਹੀ ਨਾਟਕਕਾਰ ਹਨ। ਆਵਾਮ ਵਿਚ ਜਿਹੜਾ ਨਾਟਕ ਹੋ ਰਿਹਾ ਹੈ, ਉਹਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।
ਮੈਂ ਇਕ ਪੰਜਾਬੀ ਪ੍ਰੋਫੈਸਰ ਨੂੰ ਪੁੱਛਿਆ ਕਿ ਤੁਸੀਂ ਅਜਮੇਰ ਔਲਖ ਦੇ ਕਿਹੜੇ ਕਿਹੜੇ ਨਾਟਕ ਦੇਖੇ ਹਨ? ਉਹਨੇ ਉਹ ਇਕ ਦੋ ਨਾਟਕ ਗਿਣਾਏ ਜਿਹੜੇ ਯੂਨੀਵਰਸਿਟੀ ਮੁਕਾਬਲਿਆਂ ਵਿਚ ਹੁੰਦੇ ਹਨ। ਬਾਕੀ ਉਸ ਨੂੰ ਕੁਝ ਪਤਾ ਨਹੀਂ ਸੀ। ਇਹ ਸੰਕਟ ਹੈ। ਪੰਜਾਬ ਦਾ ਸਾਰਾ ਸਮਾਜ ਪੇਂਡੂ ਪ੍ਰਧਾਨ ਸਮਾਜ ਹੈ। ਇਸ ਵਿਚ ਜਿਹੜਾ ਨਾਟਕ ਪਿੰਡ ਦੇ ਮੁਹਾਵਰੇ ਜਾਂ ਸੁਭਾਅ ਨੂੰ ਫੜਦਾ ਹੈ ਉਹੀ ਪੰਜਾਬ ਦੇ ਅਨੁਕੂਲ ਹੈ। ਅਜਮੇਰ ਔਲਖ ਇਹਦੀ ਵੱਡੀ ਮਿਸਾਲ ਹੈ। ਨੀਲਮ ਮਾਨ ਸਿੰਘ ਦਾ ਨਾਟਕ ਪਿੰਡਾਂ ਵਿਚ ਨਹੀਂ ਚੱਲ ਸਕਦਾ। ਉਹਦੇ ਕੋਲ ਇਕ ਖਾਸ ਵਰਗ ਦਾ ਨਾਟਕ ਹੈ ਜਿਹਨੂੰ ਤੁਸੀਂ ਅਲੀਟ ਕਹਿ ਸਕਦੇ ਹੋ। ਸੋ ਇਹ ਕਾਰਨ ਹੈ ਜਿਹਦੇ ਕਰਕੇ ਮੌਲਿਕ ਨਾਟ-ਲੇਖਨ ਪ੍ਰਫੁੱਲਤ ਨਹੀਂ ਹੋ ਪਾ ਰਿਹਾ।

ਨਾਟਕ ਤੇ ਪਰਿਵਾਰ

ਨਵਾਂ ਸੰਸਾਰ – ਵਿਆਹ ਵੇਲੇ ਦਿੱਲੀ 1959

ਹੁਣ: ਆਪਣੀ ਜੀਵਨ ਸਾਥਣ ਕੈਲਾਸ਼ ਕੌਰ ਨੂੰ ਵਿਆਹ ਦੇ ਤੁਰੰਤ ਬਾਅਦ ਹੀ ਤੁਸੀਂ ਆਪਣੇ ਨਾਲ ਮੰਚ ’ਤੇ ਲੈ ਆਏ, ਕੋਈ ਖਾਸ ਉਚੇਚ ਕਰਨਾ ਪਿਆ ਇਹਦੇ ਲਈ?
ਗੁਰਸ਼ਰਨ: ਇਹਦੇ ਲਈ ਕੋਈ ਖਾਸ ਉਚੇਚ ਨਹੀਂ ਕਰਨਾ ਪਿਆ। ਮੇਰੀ ਹਰ ਸਰਗਰਮੀ ਵਿਚ ਮੇਰਾ ਪਰਿਵਾਰ ਬਗੈਰ ਕਿਸੇ ਉਚੇਚ ਦੇ ਜੁੜਦਾ ਰਿਹਾ ਹੈ।

ਹੁਣ: ਇਹ ਤਾਂ ਉਹ ਸਮਾਂ ਸੀ ਜਦੋਂ ਔਰਤ ਕਿਰਦਾਰ ਮਰਦ ਹੀ ਕਰਿਆ ਕਰਦੇ ਸਨ, ਔਰਤ ਤਾਂ ਕੀ ਮਰਦ ਦਾ ਵੀ ਸਟੇਜ ’ਤੇ ਚੜ੍ਹਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਕੈਲਾਸ਼ ਕੌਰ ਦਾ ਤੁਹਾਡੇ ਨਾਲ ਮੰਚ ’ਤੇ ਆਉਣਾ ਤੁਹਾਡੇ ਪਰਿਵਾਰ ਨੂੰ ਕਿੰਨਾ ਕੁ ਚੁਭਿਆ?
ਗੁਰਸ਼ਰਨ: ਪਰਿਵਾਰ ਨੂੰ ਬਿਲਕੁਲ ਨਹੀਂ ਚੁਭਿਆ। ਪਰਿਵਾਰ ਬਾਰੇ ਬਾਅਦ ਦੀ ਇਕ ਘਟਨਾ ਦਾ ਜ਼ਿਕਰ ਕਰਦਾ ਹਾਂ। ਨਵਤੇਜ ਹੋਰੀਂ ਜਦੋਂ ਗੁਜ਼ਰੇ ਮੈਂ ਉਨ੍ਹਾਂ ਦੀਆਂ ਚਾਰ ਕਹਾਣੀਆਂ ਨਾਲ ਨਾਟਕ ਬਣਾਇਆ-‘ਮੇਰੀ ਧਰਤੀ, ਮੇਰੇ ਲੋਕ’। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ। ਉਨ੍ਹਾਂ ਦਾ ਕਾਲਮ ਇਸ ਨਾਮ ਥੱਲੇ ਪ੍ਰੀਤ ਲੜੀ ਵਿਚ ਛਪਦਾ ਸੀ। ਇਤਿਹਾਸਕ ਸਾਹਿਤਕ ਕੀਮਤ ਰੱਖਦਾ ਹੈ ਉਹ ਕਾਲਮ। ਖ਼ੈਰ, ਕਹਾਣੀ ਸੀ ਕਿ ਜਿਸ ਵਿਚ ਇਕ ਗਰੀਬ ਲੜਕੀ ਆਪਣੀ ਬਿਮਾਰ ਮਾਂ ਲਈ ਪਾਣੀ ਲੈਣ ਅਮੀਰ ਘਰ ਵਿਚ ਜਾਂਦੀ ਹੈ, ਜਿਨ੍ਹਾਂ ਦੇ ਘਰ ਵਿਚ ਖੂਹ ਹੈ। ਪਾਣੀ ਦੇ ਬਦਲੇ ਉਹਦੇ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਉਹ ਗਰਭਵਤੀ ਹੋ ਜਾਂਦੀ ਹੈ ਤੇ ਸਾਰਾ ਪਿੰਡ ਉਹਦੇ ਤੇ ਬਦਚਲਣੀ ਦਾ ਦੋਸ਼ ਲਾਉਂਦਾ ਹੈ, ਉਹਨੂੰ ਪਿੰਡ ਤੋਂ ਕੱਢਣ ਲਈ ਸਾਰੇ ’ਕੱਠੇ ਹੋ ਜਾਂਦੇ ਹਨ। ਲੜਕੀ ਦਾ ਪਾਤਰ ਵੱਡੀ ਬੇਟੀ ਨਵਸ਼ਰਨ ਨੇ ਕੀਤਾ, ਜੋ ਉਸ ਵੇਲੇ 18-19 ਸਾਲ ਦੀ ਸੀ। ਨਾਟਕ ਦੇਖਣ ਆਏ ਬੇਟੀ ਦੀ ਸਹੇਲੀ ਦੇ ਪਿਤਾ ਜੋ ਫੌਜ ਵਿਚ ਕਰਨਲ ਸਨ, ਏਨੇ ਹੈਰਾਨ ਹੋਏ ਕਿ ਵਾਰ ਵਾਰ ਆ ਕੇ ਮੈਨੂੰ ਕਹਿਣ ਕਿ ‘ਭਾਈ ਸਾਹਿਬ ਤੁਸੀਂ ਆਪਣੀ ਹੀ ਬੇਟੀ ਤੋਂ ਇਹ ਰੋਲ ਕਰਾਇਆ। ਮੇਰਾ ਸਿਰ ਤੁਹਾਡੇ ਅੱਗੇ ਝੁਕਦਾ ਹੈ।’
ਨਾਟਕ ‘ਜਿਨ ਸੱਚੁ ਪਲੇ ਹੋਇ’ ਨੂੰ ਲੈ ਕੇ ਜਦੋਂ ਮੈਂ ਪਹਿਲੀ ਵਾਰ ਪਿੰਡਾਂ ਵੱਲ ਗਿਆ, ਮੇਰੀ ਪਤਨੀ ਤੇ ਦੋਵੇਂ ਬੇਟੀਆਂ ਇਸ ਨਾਟਕ ਦੀ ਟੀਮ ਵਿਚ ਸਨ। ਤਕਰੀਬਨ ਸੋਲਾਂ ਸੌ ਪੇਸ਼ਕਾਰੀਆਂ ਇਸ ਨਾਟਕ ਦੀਆਂ ਹੋਈਆਂ ਸਨ। ਮੈਂ ਮਹਿਸੂਸ ਕਰਦਾ ਹਾਂ ਕਿ ਉਸ ਵਕਤ, ਪਰਿਵਾਰ ਦੇ ਵੀ ਮੇਰੇ ਨਾਲ ਹੋਣ ਨਾਲ, ਪੰਜਾਬੀ ਨਾਟਕ ਸਮਾਜ ਵਿਚ ਇਕ ਵਿਸ਼ੇਸ਼ ਇੱਜ਼ਤ ਹਾਸਲ ਕਰ ਸਕਿਆ।

ਹੁਣ: ਜੀਵਨ ਸਾਥਣ ਦੇ ਨਾਲ ਨਾਲ ਬੇਟੀਆਂ ਨਵਸ਼ਰਨ ਤੇ ਅਰੀਤ ਨੂੰ ਵੀ ਤੁਸੀਂ ਅਪਣੀ ਮੰਡਲੀ ਵਿਚ ਰਲਾ ਲਿਆ। ਇਹ ਸਭ ਕੁਝ ਚਾਅ ਚਾਅ ਵਿਚ ਹੀ ਹੋਇਆ, ਜਨੂੰਨ ’ਚ ਜਾਂ ਇਹਦੇ ਪਿੱਛੇ ਔਰਤ ਪ੍ਰਤੀ ਸਮਾਜ ਨਾਲੋਂ ਕੋਈ ਵੱਖਰਾ ਨਜ਼ਰੀਆ ਸੀ ਤੁਹਾਡਾ?
ਗੁਰਸ਼ਰਨ: ਨਾਟਕ ਕਲਾ ਨੂੰ ਜਾਂ ਵਿਧਾ ਨੂੰ ਲੋਕਾਂ ਤੱਕ ਲੈ ਜਾਣ ਵਿਚ ਮੇਰੀਆਂ ਬੇਟੀਆਂ ਅਤੇ ਕੈਲਾਸ਼ ਨੇ ਜਿਹੜਾ ਕੰਮ ਕੀਤਾ ਹੈ ਇਹ ਇਕ ਇਤਿਹਾਸਕ ਕੀਮਤ ਰੱਖਦਾ ਹੈ। ਔਰਤਾਂ ਬਾਰੇ ਮੇਰੀ ਸੋਚ ਸਰਦਾਰ ਗੁਰਬਖ਼ਸ ਸਿੰਘ ਪ੍ਰੀਤ ਲੜੀ ਦੀ ਦੇਣ ਹੈ। ਇਹ ਵੀ ਠੀਕ ਹੈ ਕਿ ਕਈ ਵਾਰ ਇਸਤਰੀ ਕਲਾਕਾਰ ਲੱਭਣੇ ਵੀ ਬਹੁਤ ਔਖੇ ਸਨ ਤੇ ਸਾਡੀ ਮਜਬੂਰੀ ਵੀ ਸੀ ਪਰ ਅਸੀਂ ਸਮਾਜ ਨੂੰ ਇਕ ਮੈਸੇਜ ਦੇਣਾ ਚਾਹੁੰਦੇ ਸਾਂ ਤੇ ਇਹ ਮੈਸੇਜ ਤਾਂ ਹੀ ਪਾਵਰਫੁੱਲ ਹੋ ਸਕਦਾ ਸੀ ਜੇ ਇਸ ਨੂੰ ਅਸੀਂ ਅਪਣੇ ਘਰ ਤੋਂ ਹੀ ਸ਼ੁਰੂ ਕਰਦੇ। ਇਹ ਵੀ ਨਹੀਂ ਕਿ ਸਾਡੇ ਤੋਂ ਪਹਿਲਾਂ ਕਿਸੇ ਨੇ ਇਸਤਰੀ ਕਲਾਕਾਰਾਂ ਨੂੰ ਸਟੇਜ ’ਤੇ ਲਿਆਂਦਾ ਹੀ ਨਹੀਂ ਸੀ। ਆਜ਼ਾਦੀ ਤੋਂ ਪਹਿਲੇ ਇਕ ਦੋ ਸਾਲਾਂ ਵਿਚ ਕੁਝ ਨਾਟਕ ਹੋਏ ਜਿਨ੍ਹਾਂ ਵਿਚ ਇਸਤਰੀ ਕਲਾਕਾਰਾਂ ਨੇ ਕੰਮ ਕੀਤਾ। ਸ਼ੀਲਾ ਭਾਟੀਆ ਦੀ ਨਿਰਦੇਸ਼ਨਾਂ ਵਿਚ ਲਾਹੌਰ ਵਿਖੇ ਨਾਟਕ ਹੁੰਦੇ ਰਹੇ ਉਹ ਇਤਿਹਾਸਕ ਸਨ। ਇਨ੍ਹਾਂ ਵਿਚ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਤਿੰਨੋਂ ਬੇਟੀਆਂ ਕੰਮ ਕਰ ਰਹੀਆਂ ਸਨ। ਪ੍ਰੀਤ ਨਗਰ ਸਕੂਲ ਦੀ ਲੜਕੀ ਰਾਜੀ ਸੀ, ਸੰਪੂਰਨ ਕੌਰ ਸੀ ਜਿਹੜੀ ਬਾਅਦ ਮੇਰੇ ਭਰਾ ਇੰਦਰਜੀਤ ਸਿੰਘ ਦੀ ਜੀਵਨ ਸਾਥਣ ਬਣੀ। ਡਾਕਟਰ ਹਰਚਰਨ ਸਿੰਘ ਦੀ ਪਤਨੀ ਧਰਮ ਕੌਰ ਵੀ ਸਟੇਜ ਆਰਟਸਿਟ ਦੇ ਤੌਰ ’ਤੇ ਪ੍ਰਵਾਨ ਹੋ ਚੁੱਕੇ ਸਨ। ਸੁਰਿੰਦਰ ਕੌਰ ਸਟੇਜ ’ਤੇ ਆਉਣ ਲੱਗ ਪਏ ਸਨ। ਅੰਮ੍ਰਿਤ ਕੌਰ (ਅੰਮ੍ਰਿਤਾ ਪ੍ਰੀਤਮ) ਦਾ ਨਾਂ ਵੀ ਬੋਲਣ ਲੱਗ ਪਿਆ ਸੀ। ਉਹਦੀ ਕਿਤਾਬ ‘ਅੰਮ੍ਰਿਤ ਲਹਿਰਾਂ’ ਜ਼ਿਕਰ ਵਿਚ ਸੀ। ਔਰਤਾਂ ਵਿਚੋਂ ਵਿਦਰੋਹ ਦੀ ਆਵਾਜ਼ ਉੱਠ ਰਹੀ ਸੀ। ਇਸਮਤ ਚੁਗਤਈ ਵੀ ਸਾਡੇ ਸਾਹਮਣੇ ਸੀ। ਸੋ, ਸ਼ੁਰੂਆਤ ਹੋ ਚੁੱਕੀ ਸੀ। ਅਸੀਂ ਇਸ ਨੂੰ ਅੱਗੇ ਤੋਰਿਆ।
ਪਰ ਅੱਜ ਮੈਂ ਸੋਚਦਾਂ ਕਿ ਐਨੇ ਕੰਮ ਕਰਨ ਦੇ ਬਾਵਜੂਦ ਪੰਜਾਬ ਵਿਚ ਔਰਤਾਂ ਦੀ ਕੋਈ ਲਹਿਰ ਅਪਣਾ ਥਾਂ ਨਹੀਂ ਬਣਾ ਸਕੀ। ਦਰਅਸਲ, ਇਹ ਸਾਡੀ ਮਾਨਸਿਕਤਾ ਦਾ ਸੁਆਲ ਹੈ। ਮਿਸਾਲ ਵਜੋਂ ਪਰੂੰ ਪਰਾਰ ਜਦ ਮੈਂ ਅਪਣੀ ਟੀਮ ਲੈ ਕੇ ਕੈਨੇਡਾ ਗਿਆ ਤਾਂ ਅਖ਼ਬਾਰ ਵਿਚ ਵੱਡੇ ਵੱਡੇ ਇਸ਼ਤਿਹਾਰ ਦੇਖੇ। ਮੁੰਡੇ ਵੰਡਦੇ ਹੋਏ ਇਸ਼ਤਿਹਾਰ। ਬਹੁਤ ਵੱਡੇ ਵੱਡੇ ਇਸ਼ਤਿਹਾਰ ਸਨ ਇਹ। ਇਕ ਇਸ਼ਤਿਹਾਰ ’ਤੇ ਮੇਰੀ ਨਜ਼ਰ ਅਟਕ ਗਈ। ਮੈਂ ਦੇਖਿਆ ਇਹ ਤਾਂ ਮਾਸਟਰ ਘਣਸ਼ਾਮ ਹੈ ਮੋਗੇ ਵਾਲਾ। ਨੰਬਰ ਦੇਖ ਕੇ ਮੈਂ ਫੋਨ ਕੀਤਾ। ਰਸਮੀ ਹਾਲ ਚਾਲ ਪੁੱਛਣ ਤੋਂ ਬਾਅਦ ਮੈਂ ਉਹਨੂੰ ਕਿਹਾ, ‘ਓਏ ਘਣਸ਼ਾਮ ਮੋਗੇ ਤਾਂ ਤੇਰੀਆਂ ਅਪਣੀਆਂ ਤਿੰਨ ਕੁੜੀਆਂ ਇਥੇ ਤੂੰ ਮੁੰਡੇ ਵੰਡਦਾ ਫਿਰਦੈਂ।’ ਉਹ ਖਸਿਆਣੀ ਜਿਹਾ ਹਾਸਾ ਹੱਸਿਆ ਤੇ ਕਹਿਣ ਲੱਗਾ, ‘ਕੀ ਕਰੀਏ ਜੀ ਰੋਟੀ ਦੀ ਮਜਬੂਰੀ ਹੈ ਇਹ ਤਾਂ ਮੇਰਾ ਵਪਾਰ ਹੈ।’ ਏਦਾਂ ਹੀ ਮੈਂ ਕੈਨੇਡਾ ਜਿਸ ਘਰ ਵਿਚ ਠਹਿਰਿਆ ਉਹ ਸਿੱਖ ਘਰਾਣਾ ਸੀ। ਉਨ੍ਹਾਂ ਦੀ ਦੱਸ-ਗਿਆਰਾਂ ਸਾਲ ਦੀ ਬੱਚੀ ਮੈਨੂੰ ਕਹਿਣ ਲੱਗੀ, ‘ਬਾਬਾ ਜੀ ਮੈਂ ਤੁਹਾਡਾ ਨਾਟਕ ਦੇਖਿਆ ਬੜਾ ਚੰਗਾ ਲੱਗਾ। ਪਰ ਸਾਡੇ ਮਾਪਿਆਂ ਨੂੰ ਵੀ ਕੁਝ ਸਮਝਾ ਦਿਓ।’ ਮੈਂ ਪੁੱਛਿਆ ਕੀ ਹੋਇਆ? ਤਾਂ ਕਹਿਣ ਲੱਗੀ, ‘ਦੋ ਮਹੀਨੇ ਹੋਏ ਮੇਰਾ ਭਰਾ ਕੇਸ ਕਤਲ ਕਰਵਾ ਆਇਆ, ਤਾਂ ਡੈਡ ਕਹਿਣ ਲੱਗੇ-ਇਹ ਕੀ ਕਰਾ ਆਇਆਂ।’ ਮੇਰੀ ਮੰਮੀ ਨਾਲ ਹੀ ਬੋਲ ਪਈ, ‘ਛੱਡੋ ਜੀ ਕੋਈ ਨੀ ਕੋਈ ਨੀ, ਮੁੰਡਾ ਖੁੰਡਾ ਐ ਗਲਤੀ ਕਰ ਆਇਐ ਆਪੇ ਠੀਕ ਹੋ ਜਾਊ।’ ਉਸ ਬੱਚੀ ਨੇ ਹੋਰ ਦਸਿਆ, ‘ਮੈਂ ਅਪਣੇ ਸਕੂਲ ਫੰਕਸ਼ਨ ਵਿਚ ਰੈਡ ਇੰਡੀਅਨ ਕੁੜੀ ਬਣੀ। ਮੈਂ ਅਪਣਾ ਜਿਸਮ ਪਤਿਆਂ ਨਾਲ ਢਕਿਆ ਹੋਇਆ ਸੀ ਭਾਵੇਂ ਮੈਂ ਹੇਠਾਂ ਵੀ ਕੱਪੜੇ ਪਾਏ ਹੋਏ ਸਨ। ਘਰ ਆਏ ਤਾਂ ਡੈਡ ਕਹਿਣ ਲੱਗੇ, ‘ਬੇਟੀ ਮੈਨੂੰ ਇਹ ਠੀਕ ਨਹੀਂ ਲੱਗਾ।’ ਡੈਡ ਦੇ ਮੂੰਹ ਵਿਚੋਂ ਹਾਲੇ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਮੰਮੀ ਬੋਲ ਪਏ ‘ਇਹ ਤਾਂ ਹੈ ਈ ਫੈਸ਼ਨਾਂ ਪੱਟੀ।’
ਵਿਨੀਪੈਗ ਵਿਚ ਮੈਨੂੰ ਇਕ ਪਾਦਰੀ ਮਿਲਿਆ। ਕੁਝ ਗੱਲਾਂ ਬਾਤਾਂ ਹੋਈਆਂ ਤਾਂ ਕਹਿਣ ਲੱਗਾ, ‘ਤੁਸੀਂ ਜਿਸ ਧਰਤੀ ਤੋਂ ਹੋ ਉਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਨਮਸਕਾਰ ਹੈ ਉਸ ਧਰਤੀ ਨੂੰ ਪਰ ਤੁਸੀਂ, ਤੁਸੀਂ ਲੋਕ ਗੱਲਾਂ ਤਾਂ ਬਹੁਤ ਕਰਦੇ ਹੋ ਕਰਦੇ ਕੁਝ ਨਹੀਂ। ਦਾਜ ਬਾਰੇ ਗੱਲਾਂ ਕਰੀ ਜਾਂਦੇ ਓ ਤੇ ਇਸੇ ਲਾਹਨਤ ਥੱਲੇ ਜੀਵੀ ਜਾਂਦੇ ਓ, ਇਹਨੂੰ ਖਤਮ ਕਰਨ ਲਈ ਤੁਸੀਂ ਕਦੀ ਕੁਝ ਕੀਤਾ ਹੀ ਨਹੀਂ।’ ਉਹਨੇ ਵਾਰ ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਰਫ਼ ਗੱਲਾਂ ਨਾਲ ਹੀ ਨਹੀਂ ਸਰਨਾ ਅਮਲੀ ਰੂਪ ਵਿਚ ਵੀ ਕੁਝ ਕਰਨਾ ਪਉ। ਹੁਣ ਇਹ ਮਾਨਸਿਕਤਾ ਦਾ ਸਵਾਲ ਹੈ। ਇਹ ਸਦੀਆਂ ਦੀ ਮਾਨਸਿਕਤਾ ਹੈ। ਇਹਦੇ ਵਿਚ ਇਨਕਲਾਬੀ ਤਬਦੀਲੀ ਦੀ ਲੋੜ ਹੈ। ਇਸ ਮਾਨਸਿਕਤਾ ਨੂੰ ਬਦਲੇ ਬਿਨਾਂ ਕੁਝ ਨਹੀਂ ਹੋ ਸਕਦਾ। ਇਹ ਗੱਲ ਸਿਰਫ਼ ਔਰਤਾਂ ਦੇ ਫਿਕਰ ਦੀ ਨਹੀਂ, ਇਹ ਸਿਆਣੇ ਮਰਦਾਂ ਅਤੇ ਔਰਤਾਂ ਦਾ ਸਾਂਝਾ ਫ਼ਿਕਰ ਹੋਣਾ ਚਾਹੀਦਾ ਹੈ। ਮੈਂ ਆਪਣੇ ਨਾਟਕਾਂ ਵਿਚ ਲਗਾਤਾਰ ਇਸ ਮਾਨਸਿਕਤਾ ਦੇ ਵਿਰੁਧ ਆਵਾਜ਼ ਉਠਾਈ ਹੈ। ਉਂਜ ਇਹ ਵੀ ਨਹੀਂ ਕਿ ਕਿਤੇ ਕੁਝ ਚੰਗਾ ਹੋ ਨਹੀਂ ਰਿਹਾ। ਪਿਛਲੇ ਦਿਨੀਂ ਨਵਾਂ ਸ਼ਹਿਰ ਨੇੜੇ ਪਿੰਡ ਕਾਹਮਾ ਵਿਚ ਬੰਗਾ ਕਾਲਜ ਦੇ ਮੁੰਡੇ ਕੁੜੀਆਂ ਨੇ ਇਕ ਘਰ ਦੇ ਅੱਗੇ ਪੋਸਟਰ ਲਾ ਦਿੱਤਾ ਕਿ ਇਹ ਘਰ ਕੁੜੀ ਮਾਰਾਂ ਦਾ ਘਰ ਹੈ ਤੇ ਅਸੀਂ ਇਹਦਾ ਬਾਈਕਾਟ ਕਰਦੇ ਆਂ। ਇੰਨੀ ਗੱਲ ਨਾਲ ਹੀ ਪਿੰਡ ਅਤੇ ਇਲਾਕੇ ਵਿਚ ਰੌਲਾ ਪੈ ਗਿਆ। ਪਿੰਡ ਕਾਹਮਾ ਦੀ ਪੰਚਾਇਤ ’ਕੱਠੀ ਹੋਈ ਤੇ ਫੈਸਲਾ ਹੋਇਆ ਕਿ ਇਸ ਪਿੰਡ ਵਿਚ ਅੱਜ ਤੋਂ ਬਾਅਦ ਕੋਈ ਭਰੂਣ ਹੱਤਿਆ ਨਹੀਂ ਹੋਵੇਗੀ। ਇਹ ਇਕ ਉਦਾਹਰਣ ਹੈ। ਗੱਲ ਸਿਰਫ਼ ਏਨੀ ਹੈ ਕਿ ਕਿਸੇ ਨਾ ਕਿਸੇ ਨੂੰ ਤੁਰਨਾ ਹੀ ਪਵੇਗਾ। ਕਾਫ਼ਲੇ ਬਣਨ ਵਿਚ ਦੇਰ ਨਹੀਂ ਲੱਗਦੀ।

ਪਤਨੀ ਦੀ ਨਜ਼ਰ
ਜਿਸ ਦਿਨ ਡਰਾਮਾ ਹੁੰਦੈ ਘਰ ਵਿਚ ਕੱਖ ਨਹੀਂ ਰਹਿੰਦਾ

? ਜਦੋਂ ਗੁਰਸ਼ਰਨ ਸਿੰਘ ਹੁਰਾਂ ਨੇ ਨੰਗਲ ਡਰਾਮੇ ਕਰਨੇ ਸ਼ੁਰੂ ਕੀਤੇ ਤਾਂ ਕੀ ਤੁਹਾਨੂੰ ਖ਼ਿਆਲ ਸੀ ਕਿ ਉਹਨਾਂ ਦਾ ਸ਼ੌਕ ਏਨਾਂ ਵਧ ਜਾਵੇਗਾ?
-ਨਹੀਂ ਮੈਨੂੰ ਕਿੱਥੇ ਖ਼ਿਆਲ ਸੀ!

? ਤੁਸੀਂ ਡਰਾਮੇ ਵਿਚ ਕਦੋਂ ਹਿੱਸਾ ਲੈਣਾ ਸ਼ੁਰੂ ਕੀਤਾ ?
-ਵਿਆਹ ਹੋਇਆ ਤਾਂ ਮੈਂ ਡਰਾਮੇ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ|
-ਗੁੱਗੀ ਛੋਟੀ ਜਿਹੀ ਸੀ| ਭਾਸ਼ਾ ਵਿਭਾਗ ਦੇ ਮੁਕਾਬਲੇ ਸੀ| …ਹੁਸ਼ਿਆਰਪੁਰ ਨੇੜੇ ਚੋਅ ਲੰਘਣ ਲੱਗੇ ਤਾਂ ਇਹਨੇ ਰੁੜ੍ਹ ਹੀ ਜਾਣਾ ਸੀ|
? ਕਦੋਂ ਦੀ ਗੱਲ ਹੈ?
-1961 ਦੀ
? ਜਦੋਂ ਕਾਸਟਿਊਮਜ਼ ਬਣਾਉਂਦੇ ਨੇ, ਘਰ ਦੇ ਕੱਪੜਿਆਂ ’ਤੇ ਹੀ ਜ਼ੋਰ ਚੜ੍ਹਦਾ ਹੋਣੈ?
-ਵਿਆਹ ਤੋਂ ਪਹਿਲਾਂ ਮੈਨੂੰ ਰਿਸ਼ਤੇਦਾਰਾਂ ਨੇ ਦੱਸਿਆ ਸੀ ਬਈ ਜਿਸ ਦਿਨ ਡਰਾਮਾ ਹੁੰਦੈ, ਘਰ ਵਿਚ ਕੱਖ ਨਹੀਂ ਰਹਿੰਦਾ| ਬਲਬ ਵੀ ਲਾਹ ਕੇ ਲੈ ਜਾਂਦੇ ਹਨ| ਵਿਆਹ ਤੋਂ ਬਾਅਦ ਇੰਜ ਹੀ ਹੋਇਆ| ਕੱਪੜੇ, ਬੈੱਡ-ਕਵਰ, ਭਾਂਡੇ ਉਹ ਫੇਰ ਮੁੜ ਕੇ ਨਹੀਂ ਆਏ|
-ਪਿੱਛੇ ਜਿਹੇ ਦੀ ਗੱਲ ਦੱਸਦੀ ਹਾਂ| ਬੜਾ ਸੋਹਣਾ ਟੈਰੀਕਾਟ ਦਾ ਕੁਰਤਾ ਸੀ, ਬੜਾ ਮਹਿੰਗਾ ਜਿਹਾ| ਪਰ ਇਹਨਾਂ ਲਾਲ ਰੰਗ ਲਾ ਲਿਆ ਖੂਨ ਦਾ| ਮੈਨੂੰ ਆਮ ਤਾਂ ਗੁੱਸਾ ਨਹੀਂ ਆਉਂਦਾ, ਪਰ ਮੇਰਾ ਰੋਣ ਨਿਕਲ ਗਿਆ| ਮੈਨੂੰ ਦੁੱਖ ਹੋਇਆ ਬਈ ਜ਼ਰਾ ਨਹੀਂ ਖ਼ਿਆਲ ਆਇਆ| ਮੈਨੂੰ ਗੁੱਸੇ ਨਾਲ ਕਹਿੰਦੇ ਨੇ, “ਮੈਂ ਏਨਾ ਕੁਝ ਗੁਆ ਲਿਐ, ਤੁਹਾਨੂੰ ਕੁਰਤੇ ਉਤੇ ਤਕਲੀਫ ਹੋਈ ਹੈ| ਫੇਰ ਮੈਂ ਚੁੱਪ ਕਰ ਰਹੀ|
? ਵਿਆਹ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਸੀ, ਇਹ ਡਰਾਮੇ ਕਰਦੇ ਹਨ?
-ਹਾਂ ਪਤਾ ਸੀ|
? ਜਦੋਂ ਇਨ੍ਹਾਂ ਦੀ ਨੌਕਰੀ ਹਟੀ ਤਾਂ ਤੁਹਾਨੂੰ ਕਿਵੇਂ ਲਗਿਆ?
-ਨੌਕਰੀ ਹਟੀ ਤਾਂ ਦੁੱਖ ਤਾਂ ਹਰ ਇਕ ਨੂੂੰ ਹੁੰਦੈ| ਮੈਨੂੰ ਲੱਗਿਆ ਕਿ ਸਰਕਾਰ ਨੇ ਅਜਿਹੇ ਚੰਗੇ ਬੰਦੇ, ਉਦੇਸ਼ ਲਈ ਕੁਝ ਕਰਨ ਵਾਲੇ ਬੰਦੇ ਨੂੰ ਕੱਢ ਦਿੱਤਾ ! ਹੁਣ ਇਨ੍ਹਾਂ ਨੂੰ ਸਾਡਾ ਵੀ ਫ਼ਿਕਰ ਪੈ ਗਿਆ| ਇਕੱਲੇ ਹੁੰਦੇ ਤਾਂ ਹੋਰ ਗੱਲ ਸੀ| ਘਰ ਦਾ ਖਰਚ ਕਿਸ ਤਰਾਂ੍ਹ ਚਲਾਉਣੈ! ਇਹਨਾਂ ਨੇ ਇਹ ਵੀ ਧਿਆਨ ਰੱਖਣਾ ਸੀ ਕਿ ਪਰਿਵਾਰ ਦੇ ਜੀਆਂ ਵਿਚ ਮਨ ਦੀਆਂ ਗੁੰਝਲਾਂ ਨਾ ਪੈ ਜਾਣ| ਮੈਂਨੂੰ ਇਸ ਗੱਲ ਦਾ ਦੁੱਖ ਸੀ| ਪਰ ਮੈਨੂੰ ਇਹਨਾਂ ਬਾਰੇ ਕੋਈ ਸ਼ਿਕਾਇਤ ਨਹੀਂ|
? ਗੁਰਸ਼ਰਨ ਸਿੰਘ ਹੁਰੀਂ ਸਟੇਜ ਉਤੇ ਬਹੁਤ ਗੁੱਸੇ ਵਿਚ ਆ ਜਾਂਦੇ ਹਨ| ਇਹ ਇਹੋ ਜਿਹਾ ਡਰਾਮਾ ਕਦੇ ਘਰ ਵੀ ਕਰਦੇ ਹਨ?
-ਨਹੀਂ…ਉਂਜ ਅਸੀਂ ਇਹਨਾਂ ਨੂੰ ਕਈ ਵਾਰ ਮਾਫ਼ ਵੀ ਇਸ ਕਰਕੇ ਕਰ ਦਿੰਦੇ ਹਾਂ ਕਿ ਬੱਚਿਆਂ ਦਾ ਇਹਨਾਂ ਵਰਗਾ ਬਾਪੂ ਕੋਈ ਘੱਟ ਹੀ ਹੋਣੈ, ਇਹਨਾਂ ਵਰਗਾ ਪਤੀ ਵੀ ਸ਼ਾਇਦ ਕੋਈ ਨਹੀਂ ਹੋਣਾ| ਬੜੇ ਚੰਗੇ ਇਨਸਾਨ ਹਨ| ਕਈ ਵਾਰ ਇਨ੍ਹਾਂ ਉਤੇ ਗੁੱਸਾ ਵੀ ਆਉਂਦਾ ਹੈ ਪਰ ਅਸੀਂ ਮਾਫ਼ ਕਰ ਦਿੰਦੇ ਹਾਂ ਨਹੀਂ ਬੰਦਾ ਚੰਗੈ ਉਂਜ !
? ਬਾਹਰ ਤਾਂ ਇਹ ਬੜੇ ਜੋਸ਼ ਵਿਚ ਆ ਜਾਂਦੇ ਹਨ|
-ਨਹੀਂ ਘਰ ਨਹੀਂ| ਕਦੇ ਕਦੇ ਇੰਝ ਹੋ ਜਾਂਦੈ| ਜਦੋਂ ਨੌਕਰੀ ਟੁੱਟੀ ਤਾਂ ਇਨਾਂ੍ਹ ਦੇ ਮਾਤਾ ਜੀ, ਵੱਡੇ ਹਨ ਨਾ, ਕੁਝ ਕਹਿ ਦਿੰਦੇ ਸਨ, ਤਾਂ ਜ਼ੋਸ਼ ਵਿਚ ਆ ਜਾਂਦੇ ਸਨ| ਜਾਂ ਕਈ ਵਾਰ ਦੋ ਚਾਰ ਦਿਨ ਲਗਾਤਾਰ ਬਾਹਰ ਰਹਿਣਾ| ਅਸੀਂ ਕੁਝ ਕਹਿਣਾ ਤਾਂ ਇਹ ਗੁੱਸੇ ਹੋ ਜਾਂਦੇ ਸਨ| ਮੈਂ ਬਾਹਰੋਂ ਚੰਗਾ ਭਲਾ ਆਉਨਾਂ, ਤੁਸੀਂ ਪਤਾ ਨਹੀਂ ਕੀ ਪ੍ਰਭਾਵ ਬਣਾ ਲੈਂਦੇ ਹੋ| ਮੇਰੇ ਹੁਣ ਅਸਲੀ ਦਿਨ ਨੇ, ਮੈਂ ਅੱਗੇ ਬੱਝਿਆ ਰਿਹਾ!”
? ਮੈਂ ਤਾਂ ਕਿਹਾ ਲੜਾਈ ਕਰਕੇ ਤੁਸੀਂ ਰੋਂਦੇ ਹੋਵੋਗੇ ਤੁਸੀਂ ਕਹਿੰਦੇ ਹੋਂ ਉਹ ਰੋਂਦੇ ਹਨ?
-ਮੈਨੂੰ ਕੀ ਪੁੱਛਦੇ ਓ, ਉਨਾਂ੍ਹ ਕੋਲੋ ਪੁੱਛਣਾ| ਮੈਨੂੰ ਸ਼ਾਇਦ ਇਨਾਂ੍ਹ ਦੀ ਸਮਝ ਆ ਗਈ ਸੀ| ਇਸ ਕਰਕੇ ਕੰਮ ਠੀਕ ਚਲਦਾ ਰਿਹਾ| ਮੈਨੂੰ ਇਨਾਂ੍ਹ ਦੀ ਨੌਕਰੀ ਟੁੱਟਣ ਦਾ ਦੁੱਖ ਬੜਾ ਸੀ| ਨੌਕਰੀ ਵੀ ਮਾਮੂਲੀ ਤਾਂ ਨਹੀਂ ਸੀ| ਮੈਂ ਜਦੋਂ ਇਹਨਾਂ ਦੇ ਦਫ਼ਤਰ ਸਾਹਮਣੇ ਦੀ ਸਕੂਟਰ ਉਤੇ ਲੰਘਣਾ, ਮੇਰਾ ਰੋਣ ਨਿਕਲ ਜਾਂਦਾ| ਮੈਂ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਦੀ| ਪਰ ਮੈਂ ਇਹਨਾਂ ਨੂੰ ਜ਼ਾਹਰ ਨਹੀਂ ਹੋਣ ਦਿੰਦੀ ਸੀ| ਲੋਕ ਮੇਰੇ ਕੋਲ ਆਇਆ ਕਰਨ, “ਸਰਦਾਰ ਹੋਰਾਂ ਨੁੰ ਸਮਝਾਇਆ ਕਰੋ|” ਮੈਂ ਕਹਿ ਦੇਣਾ, “ਭੈੜੇ ਕੰਮ ਤਾਂ ਨਹੀਂ ਕਰਦੇ, ਸ਼ਰਾਬ ਨਹੀਂ ਪੀਂਦੇ, ਉਹੋ ਜਹੇ ਕੰਮ ਤਾਂ ਨਹੀਂ ਕਰਦੇ| ਠੀਕ ਏ ਸਾਡੀ ਫੈਮਿਲੀ ਵਿਚ ਹੋਰ ਕਿਸੇ ਨੇ ਇਉਂ ਨਹੀਂ ਕੀਤਾ, ਇਹ ਕਰਦੇ ਹਨ ਕਰਨ|”
? ਪਿੰਡਾਂ ਵਾਲੇ ਡਰਾਮੇ ਨੂੰ ਕਿਸ ਤਰਾਂ੍ਹ ਲੈਂਦੇ ਹਨ?
-ਠੀਕ ਹੀ| ਮੈਨੂੰ ਉੱਥੇ ਜਾ ਕੇ ਸੰਗ ਆਉਣ ਲੱਗ ਜਾਂਦੀ ਹੈ| ਇਹ ਕੀ ਸੋਚਦੇ ਹੋਣਗੇ ਕਿ ਅਸੀਂ ਕਿਉਂ ਡਰਾਮਾ ਕਰਦੇ ਹਾਂ| ਕਈ ਵਾਰ ਤਮਾਸ਼ਾਈ ਕਹਿੰਦੇ, “ਲਓ ਪੇਟ ਦੀ ਖ਼ਾਤਰ…”
-ਮੇਰਾ ਖ਼ਿਆਲ ਸੀ ਕਿ ਸਾਡੇ ਹੁੰਦਿਆਂ ਨਹੀਂ ਇਹ ਗੱਲ ਹੋਣੀ, ਮਗਰੋਂ ਭਾਵੇਂ ਲੱਭਦੇ ਫਿਰਨ ਕਿ ਕਿੱਥੇ ਹਨ ਗੁਰਸ਼ਰਨ ਸਿੰਘ ਦੇ ਵਾਰਿਸ| ਮੇਰੇ ਦਿਲ ਵਿਚ ਆਉਣੀ, ਇਹਨਾਂ ਦੀ ਨੌਕਰੀ ਲੱਗਣ ਦਾ ਦਿਨ ਦੇਖਾਂ|
? ਉਹਨਾਂ ਦਾ ਖ਼ਿਆਲ ਹੈ ਕਿ ਮੁੜ ਕੇ ਨਹੀਂ ਐਮਰਜੈਂਸੀ ਆਉਣੀ |
-ਕੀ ਪਤਾ| ਲਗਦਾ ਤਾਂ ਹੈਕਿ ਦੋ-ਚਾਰ ਸਾਲ ਚੰਗੇ ਲੰਗ ਜਾਣਗੇ|
? ਗੁਰਸ਼ਰਨ ਸਿੰਘ ਹੁਰੀਂ ਪ੍ਰਕਾਸ਼ਕ ਵੀ ਹਨ| ਇਹਨਾਂ ਦੀਆਂ ਪ੍ਰਕਾਸ਼ਨਾਵਾਂ ਕਿਹੋ ਜਿਹੀਆਂ ਹਨ?
-ਭੈੜੀਆਂ! ਜਿਹੜਾ ਕਵਿਤਾ ਲਿਖਣੀ ਸਿਖਦੈ, ਉਹ ਸਾਡੇ ਘਰ ਖਰੜਾ ਭੇਜ ਦਿੰਦੈ| ਏਥੇ ਕਈ ਗੁਆਚ ਵੀ ਜਾਂਦੇ ਨੇ|
? ਜਿਹੜਾ ਇਹਨਾਂ ਨੁੰ ਭਾਵੁਕ ਕਰ ਜਾਵੇ, ਉਹੀ ਛਪ ਜਾਂਦਾ ਹੈ|
-ਇਹੀ ਤਾਂ ਮੁਸ਼ਕਲ ਹੈ| ਇਹ ਕਿਸੇ ਨੂੰ ਨਾਂਹ ਨਹੀਂ ਕਰ ਸਕਦੇ| ਮੈਂ ਕਈ ਵਾਰ ਤਾਅਨਾ ਦੇ ਦਿੰਦੀ ਹਾਂ ਕਿ ਐਮਰਜੈਂਸੀ ਵਿਚ ਕਿਸੇ ਨੇ ਸਾਡਾ ਹਾਲ ਵੀ ਨਹੀਂ ਸੀ ਪੁੱਛਿਆ, ਹੁਣ ਹਰ ਕੋਈ ਆਪਣੇ ਮਤਲਬ ਲਈ ਆ ਆਖਦਾ ਹੈ, “ਭਾਜੀ ਤੁਸੀਂ ਬੜੇ ਚੰਗੇ ਸਾਥੀ ਹੋ, ਕਿਤਾਬ ਕਦੋਂ ਛਾਪੋਗੇ?”
? ਇਹ ਭਾਜੀ ਕਿਵੇਂ ਹੋ ਗਏ ?
-ਨੰਗਲ ਵੀਰ ਜੀ ਸਨ| ਅੰਮ੍ਰਿਤਸਰ ਆਕੇ…
? ਏਥੇ ਤਾਂ ਭਾਊ ਹੋਣਾ ਚਾਹੀਦਾ ਸੀ?
-ਜਤਿੰਦਰ ਹੋਰੀਂ ਅਤੇ ਬਾਕੀ ਆਰਟਿਸਟ ਭਾਜੀ ਕਹਿੰਦੇ ਸਨ|
ਨਿੱਕਾਂ: ਫੇਰ ਸਾਥੀਆਂ ਨੇ ਵੀ ਭਾਜੀ ਕਹਿਣਾ ਸ਼ੁਰੂ ਕਰ ਦਿੱਤਾ |
? ਤੁਸੀਂ ਇਹਨਾਂ ਦੇ ਜਾਂ ਆਪਣੇ ਦਰਸ਼ਕਾਂ ਨੂੰ ਕੁਝ ਕਹੋਗੇ ?
-ਮੈਂ ਤਾ ਕੁਝ ਨਹੀਂ ਕਹਿੰਦੀ ਬਸ ਨਾਲ ਤੁਰੀ ਜਾਂਦੀ ਹਾਂ…।

(ਸੰਨ 1978 ਵਿਚ ਛਪੀ ‘ਲਕੀਰ’ ਵਾਲੀ ਮੁਲਾਕਾਤ ਦੇ ਕੁਝ ਹਿੱਸੇ,ਧੰਨਵਾਦ ਸਹਿਤ।)

ਮਿਤਰ ਪਿਆਰਾ

ਹੁਣ: ਬਲਰਾਜ ਸਾਹਨੀ ਨਾਲ ਤੁਹਾਡੀ ਦੋਸਤੀ ਕਿਵੇਂ ਪਈ, ਕਿਹੋ ਜਿਹਾ ਮਨੁੱਖ ਸੀ ਉਹ?
ਗੁਰਸ਼ਰਨ: ਇਕ ਕਲਾਕਾਰ ਅਤੇ ਲੇਖਕ ਵਜੋਂ ਬਲਰਾਜ ਸਾਹਨੀ ਨੂੰ ਮੈਂ ਪਹਿਲੋਂ ਹੀ ਜਾਣਦਾ ਸਾਂ। ਮਿਲਣ ਦਾ ਸਬੱਬ ਅੰਮ੍ਰਿਤਸਰ ਵਿਚ ਜੁੜਿਆ। ਅੰਮ੍ਰਿਤਸਰ ਵਿਚ ਇਕ ਸਮਾਗਮ ਕਰਾਉਣਾ ਸੀ। ਮੈਂ ਨਵਤੇਜ ਨੂੰ ਕਿਹਾ ਕਿ ਬਲਰਾਜ ਨੂੰ ਸੱਦਣਂੈ। ਖੁਸ਼ਕਿਸਮਤੀ ਨਾਲ ਬਲਰਾਜ ਉਨ੍ਹੀਂ ਦਿਨੀਂ ਦਿੱਲੀ ਆਏ ਹੋਏ ਸਨ। ਨਵਤੇਜ ਰਾਹੀਂ ਉਹ ਅੰਮ੍ਰਿਤਸਰ ਆ ਗਏ। ਇਹ ਮੇਰੀ ਉਨ੍ਹਾਂ ਨਾਲ ਪਹਿਲੀ ਮਿਲਣੀ ਸੀ ਪਰ ਪਹਿਲੀ ਮਿਲਣੀ ’ਚ ਹੀ ਅਸੀਂ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਉਹ ਅਕਸਰ ਅੰਮ੍ਰਿਤਸਰ ਆਉਂਦੇ ਰਹਿੰਦੇ ਤੇ ਮੈਂ ਵੀ ਬੰਬਈ ਜਾਂਦਾ ਰਹਿੰਦਾ। ਸਾਡੀ ਦੋਸਤੀ ਬਹੁਤ ਨਿੱਘੀ ਹੋ ਗਈ ਸੀ। ਉਹ ਬੰਦੇ ਵੀ ਬੜੇ ਕਮਾਲ ਦੇ ਸਨ। ਬਹੁਤ ਭਾਵੁਕ ਤੇ ਮਿਹਨਤੀ। ਮੈਂ ਉਨ੍ਹਾਂ ਦੀ ਮਿਹਨਤ ਅਕਸਰ ਦੇਖੀ। ਇਕ ਵਾਰ ਉਹ ਕਰਤਾਰ ਸਿੰਘ ਦੁੱਗਲ ਦਾ ‘ਵਨ ਪਰਸਨ’ ਨਾਟਕ ‘ਉਪਰਲੀ ਮੰਜ਼ਿਲ’ ਖੇਡਣ ਲਈ ਅੰਮ੍ਰਿਤਸਰ ਆਏ। ਉਹ ਮੇਰੇ ਘਰ ਠਹਿਰੇ। ਮੈਂ ਦੇਖਣਾ ਤੜਕਸਾਰ ਉੱਠ ਕੇ ਉਨ੍ਹਾਂ ਸ਼ੀਸ਼ੇ ਸਾਹਮਣੇ ਰਿਹਰਸਲ ਕਰਨੀ। ਐਡਾ ਮਹਾਨ ਕਲਾਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਤਾ ਸੀ ਕਿ ਲਗਾਤਾਰ ਮਿਹਨਤ ਹੀ ਕਲਾਕਾਰੀ ਦੀ ਬੁਨਿਆਦ ਹੈ। ਦ੍ਰਿੜ ਵਿਸ਼ਵਾਸ ਤੇ ਬੇਦਾਗ਼ ਸਖਸ਼ੀਅਤ ਵਾਲੇ ਸਨ ਬਲਰਾਜ ਸਾਹਨੀ। ਜਦੋਂ ਗੱਲ ਕਰਦੇ ਸਨ ਤਾਂ ਮਹਿਸੂਸ ਹੁੰਦਾ ਸੀ ਕਿ ਤੁਸੀਂ ਕਿਸੇ ਵੱਡੇ ਬੰਦੇ ਨਾਲ ਗੱਲ ਕਰ ਰਹੇ ਹੋ। ਮੈਂ ਬੰਬਈ ਜਾਣਾ ਤਾਂ ਉਨ੍ਹਾਂ ਹੋਰਨਾਂ ਕਲਾਕਾਰਾਂ ਨਾਲ ਮੈਨੂੰ ਮਿਲਾਉਣਾ ਤੇ ਅਕਸਰ ਕਹਿਣਾ, ‘ਇਹ ਐ ਗੁਰਸ਼ਰਨ ਸਿੰਘ। ਤੁਸੀਂ ਵੀ ਕਲਾਕਾਰ ਓ, ਕਿਤੇ ਆਉਣਾ ਜਾਣਾ ਹੋਵੇ ਤਾਂ ਹਵਾਈ ਜਹਾਜ਼ ਤੋਂ ਉਰੇ ਗੱਲ ਨਹੀਂ ਕਰਦੇ। ਤੇ ਇਹ ਗੁਰਸ਼ਰਨ ਤੁਹਾਡੇ ਨਾਲੋਂ ਵੱਡਾ ਕਲਾਕਾਰ ਐ। ਇਹ ਸਧਾਰਨ ਗੱਡੀ ’ਚ ਆਉਂਦੈ ਤੇ ਇੱਥੇ ਥੱਲੇ ਹੀ ਆਪਣਾ ਵਿਛੋਣਾ ਕਰ ਲੈਂਦੈ।’ ਸੋ, ਉਹ ਮਿਹਨਤੀ ਸਨ ਇਸੇ ਲਈ ਮਿਹਨਤੀ ਬੰਦੇ ਨੂੰ ਹੀ ਸਲਾਮ ਕਰਦੇ ਸਨ। ਮੈਂ ਉਨ੍ਹਾਂ ਨੂੰ ਭਾਪਾ ਜੀ ਕਹਿੰਦਾ ਸੀ। ਦੂਸਰੀ ਵਾਰ ਜਦੋਂ ਉਹ ਮੇਰੇ ਘਰ ਆਏ ਤਾਂ ਮੈਂ ਕਿਹਾ, ‘ਭਾਪਾ ਜੀ ਮੈਂ ਤਾਂ ਪੀਂਦਾ ਨਹੀਂ ਜੇ ਤੁਸੀਂ ਪੀਣੀ ਹੈ ਤਾਂ ਕੋਈ ਬੀਅਰ-ਸ਼ੀਅਰ ਦਾ ਪ੍ਰਬੰਧ ਕਰਾਂ?’ ਤਾਂ ਉਹ ਕਹਿਣ ਲੱਗੇ, ‘ਗੁਰਸ਼ਰਨ ਮੈਂ ਤੇਰਾ ਘਰ ਅਪਵਿੱਤਰ ਨਹੀਂ ਕਰਨਾ।’ ਇਹੋ ਜਿਹੇ ਸਨ ਸਾਡੇ ਬਲਰਾਜ।

ਮਿੱਤਰਤਾ – ਬਲਰਾਜ ਸਾਹਨੀ ਨਾਲ ਅੰਮ੍ਰਿਤਸਰ ਵਿੱਚ 1968

ਹੁਣ: ਬਲਰਾਜ ਤੋਂ ਬਿਨਾਂ ਬੰਬਈ ਦੀ ਕੋਈ ਹੋਰ ਯਾਦ?
ਗੁਰਸ਼ਰਨ: ਬਹੁਤ ਨੇ ਪਰ ਦੋ ਘਟਨਾਵਾਂ ਮੈਨੂੰ ਕਦੇ ਨਹੀਂ ਭੁੱਲੀਆਂ। ਇਕ ਵਾਰ ਅਸੀਂ ਬੰਬਈ ਦੇ ‘ਸਨਮੁੱਖ ਨੰਦਾ ਹਾਲ’ ਵਿਚ ਅਪਣਾ ਨਾਟਕ ‘ਕਿਵ ਕੂੜੇ ਤੁਟੇ ਪਾਲਿ’ ਖੇਡਣ ਗਏ। ਬਹੁਤ ਵਿਸ਼ਾਲ ਸਟੇਜ ਸੀ। ਸਟੇਜ ’ਤੇ ਪਹਿਲੀ ਐਂਟਰੀ ਮੇਰੀ ਹੀ ਸੀ। ਮੈਨੂੰ ਇੱਕਲੇ ਨੂੰ ਸਟੇਜ ’ਤੇ ਆਇਆਂ ਦੇਖ ਹਾਲ ਵਿਚ ਘੁਸਰ ਮੁਸਰ ਹੋਈ, ਵਿਅੰਗਮਈ ਹਾਸਾ ਖਿਲਰਿਆ। ਮੈਨੂੰ ਲਗਿਆ ਕਿ ਸਾਰਾ ਹਾਲ ਸ਼ਾਇਦ ਇਹ ਕਹਿ ਰਿਹਾ ਹੈ ਕਿ ਐਡੀ ਵਿਸ਼ਾਲ ਸਟੇਜ ਉਪਰ ਇਹ ’ਕੱਲਾ ਬੰਦਾ ਕੀ ਕਰੇਗਾ ਪਰ ਜਦੋਂ ਮੈਂ ਆਪਣਾ ਪਹਿਲਾ ਹੀ ਡਾਇਲਾਗ ਬੋਲਿਆ, ‘ਮੈਂ ਇਕ ਦਰਵੇਸ਼ ਹਾਂ’ ਤਾਂ ਸਾਰੇ ਹਾਲ ਵਿਚ ਚੁੱਪ ਵਰਤ ਗਈ। ਨਾਟਕ ਦੇ ਅੱਧ ਵਿਚ ਦਲੀਪ ਕੁਮਾਰ ਸਟੇਜ ਉਪਰ ਆ ਚੜ੍ਹੇ। ਉਨ੍ਹਾਂ ਮਾਈਕ ਫੜਿਆ ਤੇ ਕਹਿਣ ਲੱਗੇ, ‘ਸੁਨਾ ਕਰਤੇ ਥੇ ਕਿ ਸੈਕਸ਼ਪੀਅਰ ਕੇ ਜ਼ਮਾਨੇ ਮੇਂ ਕਲਾਕਾਰ ਅਪਨੀ ਆਵਾਜ਼ ਸੇ ਹਜ਼ਾਰੋਂ ਲੋਗੋਂ ਕੋ ਸੁੰਨ ਕਰ ਦੇਤੇ ਥੇ ਆਜ ਉਸੀ ਫਨ ਕਾ ਕਮਾਲ ਹਮ ਨੇ ਦੇਖਾ ਹੈ। ਹਮ ਸਿਰ ਝੁਕਾਤੇ ਹੈਂ ਸਰਦਾਰ ਸਾਹਿਬ ਕੋ।’ ਫਿਰ ਉਨ੍ਹਾਂ ਸਾਇਰਾ ਬਾਨੋ ਨੂੰ ਬੁਲਾਇਆ ਤੇ ਸਾਡੀ ਸਾਰੀ ਟੀਮ ਨਾਲ ਫੋਟੋ ਖਿਚਵਾਈ।
ਇਸੇ ਤਰ੍ਹਾਂ ਇਕ ਵਾਰ ਫੇਰ ਅਸੀਂ ਇਕ ਨਾਟਕ ਕਰਨ ਬੰਬਈ ਗਏ। ਰਾਹ ਵਿਚ ਜਾਂਦਿਆਂ ਗੱਡੀ ਦੇ ਸਫ਼ਰ ਦੌਰਾਨ ਹੀ ਅਸੀਂ ਸੁਰਿੰਦਰ ਗਿੱਲ ਦਾ ਗੀਤ ‘ਛੱਟਾ ਚਾਨਣਾਂ ਦਾ ਦੇਈ ਜਾਣਾ’ ਤਿਆਰ ਕੀਤਾ। ਨਾਟਕ ਤੋਂ ਪਹਿਲਾਂ ਅਸੀਂ ਬਲਰਾਜ ਨੂੰ ਕਿਹਾ ਕਿ ਪ੍ਰਿਥਵੀ ਰਾਜ ਕਪੂਰ ਨੂੰ ਮਿਲਣ ਦਾ ਚਾਅ ਹੈ। ਤਾਂ ਬਲਰਾਜ ਨੇ ਜਵਾਬ ਦਿੱਤਾ, ‘ਤੁਸੀਂ ਨਾਟਕ ਕਰੋ, ਜੇ ਤੁਹਾਡੀ ਕਲਾ ’ਚ ਦਮ ਹੋਇਆ ਤਾਂ ਪ੍ਰਿਥਵੀ ਰਾਜ ਕਪੂਰ ਸਾਹਿਬ ਤੁਹਾਨੂੰ ਆਪੇ ਮਿਲ ਲੈਣਗੇ।’ ਨਾਟਕ ਦੇ ਵਿਚਕਾਰ ਅਸੀਂ ‘ਛੱਟਾ ਚਾਨਣਾ’ ਦਾ ਪੇਸ਼ ਕੀਤਾ। ਪੇਸ਼ਕਾਰੀ ਦੇ ਤੁਰੰਤ ਬਾਅਦ ਪ੍ਰਿਥਵੀ ਰਾਜ ਕਪੂਰ ਸਟੇਜ ’ਤੇ ਆ ਚੜ੍ਹੇ। ਉਨ੍ਹਾਂ ਬਾਹਾਂ ਫੈਲਾਈਆਂ ਤੇ ਸਾਨੂੰ ਕਲਾਵੇ ’ਚ ਲੈਂਦਿਆਂ ਕਿਹਾ, ‘ਉਹ ਆਓ ਉਏ! ਮੇਰੇ ਵਤਨ ਦੇ ਛੱਟੇ ਚਾਨਣੇ ਦੇਓ।’ ਮੈਨੂੰ ਲੱਗਦੈ ਸਾਡੀ ਮਿਹਨਤ ਦਾ ਇਸ ਤੋਂ ਵੱਡਾ ਕੋਈ ਇਨਾਮ ਨਹੀਂ।

ਹੁਣ: ਹੁਣ ਅੱਸੀਆਂ ਨੂੰ ਢੁੱਕਣ ਲੱਗੇ ਤੁਸੀਂ ਭਾਰਤ ਦੀ ਆਜ਼ਾਦੀ ਦੀ ਲੜਾਈ, ਦੂਸਰੀ ਸੰਸਾਰ ਜੰਗ, ਰੂਸ ਦੀ ਚੜ੍ਹਤ ਅਤੇ ਜ਼ਵਾਲ ਹੰਢਾ ਚੁੱਕੇ ਹੋ। ਕੀ ਤੁਹਾਨੂੰ ਲਗਦਾ ਹੈ ਕਿ ਸੰਸਾਰ ਵਿਚ ਫੈਲੀ ਬਦਅਮਨੀ ਅਤੇ ਗਰੀਬੀ ਦਾ ਕੋਈ ਇਲਾਜ ਹੈ?
ਗੁਰਸ਼ਰਨ: ਮੇਰਾ ਬੁਨਿਆਦੀ ਵਿਸ਼ਵਾਸ ਹੈ ਕਿ ਅੱਜ ਦੇ ਸਾਇੰਸ ਦੇ ਯੁੱਗ ਵਿਚ ਸੋਸ਼ਲਿਜ਼ਮ ਹੀ ਸੰਸਾਰ ਵਿਚ ਫੈਲੀ ਬਦਅਮਨੀ ਅਤੇ ਨਾਬਰਾਬਰੀ ਦਾ ਹੱਲ ਹੈ। ਮੇਰਾ ਮੰਨਣਾ ਹੈ ਕਿ ਜੇਕਰ ਪ੍ਰਬੰਧ ਠੀਕ ਹੈ ਤਾਂ ਸਭ ਲੋਕਾਂ ਲਈ ਚੰਗਾ ਬਰਾਬਰੀ ਵਾਲਾ ਸਮਾਜ ਉਸਾਰਿਆ ਜਾ ਸਕਦਾ ਹੈ। ਸਰਮਾਏਦਾਰੀ ਸਿਸਟਮ ਜਿਹੜਾ ਮੁਨਾਫ਼ੇ ਨੂੰ ਮੁੱਖ ਰੱਖਦਾ ਹੈ, ਉਹਦੇ ਵਿਚ ਬਰਬਾਦੀ ਹੀ ਬਰਬਾਦੀ ਹੈ।

ਪੰਜਾਬ ਦੀ ਪੀੜ

ਹੁਣ: ਪੰਜਾਬ ਵਿਚ ਸੰਤਾਲੀ, ਅੱਸੀ, ਚੁਰਾਸੀ ਦੇ ਕਤਲੇਆਮ ਨੂੰ ਭਾਵੇਂ ਇਕ ਰੱਸੇ ਨਹੀਂ ਬੰਨਿ੍ਹਆ ਜਾ ਸਕਦਾ ਪਰ ਤੁਸੀਂ ਇਨ੍ਹਾਂ ਸਮਿਆਂ ਵਿਚ ਕੀ ਤੇ ਕਿਸ ਪਾਸੇ ਦੇ ਯਤਨ ਕਰਦੇ ਰਹੇ?
ਗੁਰਸ਼ਰਨ: ਸੌੜੀ ਫ਼ਿਰਕੂ ਸੋਚ ਇਨ੍ਹਾਂ ਕਤਲੇਆਮਾਂ ਦੀ ਜ਼ਿੰਮੇਵਾਰ ਹੈ। ਮੇਰਾ ਸਾਰਾ ਜ਼ੋਰ ਇਸ ਸੋਚ ਨੂੰ ਨਸ਼ਰ ਕਰਕੇ, ਇਨਸਾਨੀਅਤ ਦਾ ਸੁਨੇਹਾ ਦੇਣਾ ਰਿਹਾ। 1947 ਵਿਚ ਵੰਡ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਰਫ਼ਿਊਜ਼ੀ ਕੈਂਪ ਸੀ, ਸਰਹੱਦ ਪਾਰ ਤੋਂ ਆ ਰਹੇ ਕਾਫ਼ਲਿਆਂ ਲਈ ਇਹ ਪਹਿਲਾ ਟਿਕਾਣਾ ਸੀ। ਜਿਹੜੇ ਉਧਰੋਂ ਆਉਂਦੇ ਸਨ, ਬਹੁਤ ਵਾਰ ਆਪ ਤਾਂ ਲੋਕ ਅੱਗੇ ਚਲੇ ਜਾਂਦੇ ਸਨ ਪਰ ਬਜ਼ੁਰਗਾਂ ਨੂੰ ਤੇ ਬਿਮਾਰਾਂ ਨੂੰ ਉਥੇ ਹੀ ਛੱਡ ਦਿੰਦੇ ਸਨ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ, ਉਥੇ ਲੋਕਾਂ ਦੀ ਸੇਵਾ ਕਰ ਰਹੇ ਸਨ। ਉਥੇ ਬਜ਼ੁਰਗਾਂ ਦੇ ਕੱਪੜੇ ਬਦਲਣ, ਉਨ੍ਹਾਂ ਦਾ ਮੈਲਾ ਚੁੱਕਣ ਵਿਚ ਮੈਂ ਵੀ ਪੂਰੀ ਤਰ੍ਹਾਂ ਜੁਟਿਆ ਰਿਹਾ। ਖਾਲਸਾ ਕਾਲਜ ਸਕੂਲ ਦੇ ਡਰਾਇੰਗ ਕਮਰੇ ਵਿਚ ਸੇਵਾ ਦਾ ਹੈਡਕੁਆਟਰ ਸੀ। ਭਗਤ ਪੂਰਨ ਸਿੰਘ ਮੇਰਾ ਸੇਵਾ ਦਾ ਜਜ਼ਬਾ ਵੇਖਕੇ ਬੜੇ ਪ੍ਰਭਾਵਤ ਹੋਏ। ਉਸ ਦੌਰਾਨ ਜੋ ਮੈਂ ਦੁਖ ਦੇਖਿਆ ਲੋਕਾਂ ਦਾ, ਮੈਂ ਸਮਝਦਾ ਹਾਂ ਮੈਂ ਫੇਰ ਕਦੇ ਹੱਸ ਨਹੀਂ ਸਕਿਆ। ਬਹੁਤ ਭਿਆਨਕ ਸਮਾਂ ਸੀ। ਇਨਸਾਨੀਅਤ ਦੀ ਵਹਿਸ਼ਤ ਦਾ ਮੈਂ ਚਸ਼ਮਦੀਦ ਗਵਾਹ ਹਾਂ। ਅਤਿਵਾਦ ਦਾ ਦੌਰ ਜਿਸ ਵਿਚ 1984 ਦੇ ਸਿੱਖਾਂ ਦਾ ਕਤਲੇਆਮ ਵੀ ਸ਼ਾਮਲ ਹੈ, ਉਸ ਵਿਚ ਮੈਂ ਬੇਖੌਫ਼ ਹੋ ਕੇ ਸਰਕਾਰੀ ਜਬਰ ਅਤੇ ਫਿਰਕੂ ਅਤਿਵਾਦ ਦਾ ਵਿਰੋਧ ਕੀਤਾ ਹੈ।
1981 ਵਿਚ ਹੀ ਮੈਂ ‘ਸਮਤਾ’ ਵਿਚ ਲਿਖਿਆ ਸੀ ਕਿ ਸੰਤ ਭਿੰਡਰਾਵਾਲੇ ਦੀ ਪੰਜਾਬ ਦੀ ਸਿਆਸਤ ਵਿਚ ਆਮਦ, ਪੰਜਾਬ ਲਈ ਖ਼ਤਰਾ ਹੈ। ਇਸ ਤੋਂ ਬਾਅਦ ਮੈਂ ਸਮਤਾ ਵਿਚ ਲਘੂ ਕਹਾਣੀ ‘ਹਿੱਟ ਲਿਸਟ’ ਲਿਖੀ। ਸੁਮੀਤ ਪ੍ਰੀਤ ਲੜੀ ਦੇ ਕਤਲ ਤੋਂ ਬਾਅਦ ਇਹ ਕਹਾਣੀ ਨੁੱਕੜ ਨਾਟਕ ਦੀ ਸ਼ਕਲ ਵਿਚ ਹਰਮੰਦਰ ਸਾਹਿਬ ਦੇ ਬਾਹਰ ਸੜਕ ’ਤੇ ਖੇਡੀ। ਨਵਤੇਜ ਹੋਰਾਂ ਨਾਲ ਮੇਰਾ ਪਿਆਰ ਤੇ ਰਿਸ਼ਤਾ ਸੀ। ਸੁਮੀਤ ਦੇ ਕਤਲ ਨੇ ਮੈਨੂੰ ਬਹੁਤ ਡੂੰਘੀ ਸੱਟ ਮਾਰੀ। ਇਸ ਤੋਂ ਬਾਅਦ ਮੈਂ ਲਗਾਤਾਰ ਪੰਜਾਬ ਵਿਚ ਫਿਰਕੂ ਸਿਆਸਤ ਅਤੇ ਸਰਕਾਰ ਦੀ ਦਹਿਸ਼ਤਗਰਦੀ ਦੇ ਖਿਲਾਫ਼ ਨਾਟਕ ਲਿਖਦਾ ਤੇ ਖੇਡਦਾ ਰਿਹਾ। ਬਲਦੇਵ ਮਾਨ ਦਾ ਕਤਲ ਮੇਰੇ ਵਾਸਤੇ ਬੜਾ ਵੱਡਾ ਨਿੱਜੀ ਘਾਟਾ ਸੀ। ਭਿੰਡਰਾਵਾਲਾ ਜਦੋਂ ਮੰਜੀ ਸਾਹਿਬ ਮੋਰਚਾ ਲਾ ਕੇ ਬੈਠਾ ਹੋਇਆ ਸੀ, ਮੈਂ 1983 ਵਿਚ ਗਾਂਧੀ ਗਰਾਉਂਡ ਅੰਮ੍ਰਿਤਸਰ ‘ਕੁਰਸੀ, ਮੋਰਚਾ ਤੇ ਹਵਾ ਵਿਚ ਲਟਕਦੇ ਲੋਕ’ ਕੀਤਾ। ਬਕਾਇਦਾ ਭਿੰਡਰਾਵਾਲੇ ਦਾ ਕੈਰੀਕੇਚਰ ਇਕ ਪਾਸੇ ਮੰਜੀ ’ਤੇ ਦੂਜੇ ਪਾਸੇ ਕੁਰਸੀ ’ਤੇ ਦਰਬਾਰਾ ਸਿੰਘ ਬੈਠਾ ਦਿਖਾਇਆ। ਇਸ ਤੋਂ ਬਾਅਦ ਇਹ ਨਾਟਕ ਕਈ ਥਾਂ ਕੀਤਾ। ਮਈ 1984 ਵਿਚ, ਯਾਨੀ ਓਪਰੇਸ਼ਨ ਬਲੂਸਟਾਰ ਤੋਂ ਇਕ ਮਹੀਨਾ ਪਹਿਲੇ, ਅੰਮ੍ਰਿਤਸਰ ਦੇ ਕੋਲ ਛੇਹਰਟੇ ਸਾਰੇ ਕਾਰਖਾਨਿਆਂ ਵਿਚ ਕੇਸਰੀ ਝੰਡੇ ਲਾ ਦਿੱਤੇ ਗਏ। ਭਿੰਡਰਾਵਾਲੇ ਦੇ ਡਰ ਨਾਲ ਹੀ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਸਨ। ਮੈਂ ਉੱਥੇ ਨਾਟਕ ਕੀਤਾ ‘ਮਜ਼ਦੂਰਾਂ ਦਾ ਝੰਡਾ’ ਜਿਸ ਵਿਚ ਸਪਸ਼ਟ ਸੁਨੇਹਾ ਦਿੱਤਾ ਕਿ ਮਜ਼ਦੂਰ ਦੀ ਮੁਕਤੀ ਦਾ ਰਾਹ ਲਾਲ ਝੰਡੇ ਦੇ ਥੱਲੇ ਹੀ ਹੈ, ਕੇਸਰੀ ਝੰਡੇ ਦੇ ਥੱਲੇ ਨਹੀਂ।
ਉਸ ਤੋਂ ਬਾਅਦ ਅਤਿਵਾਦੀ ਹਿੰਸਾ ਦੇ ਨਾਲ-ਨਾਲ ਜੋ ਪੁਲੀਸ ਅਤਿਆਚਾਰ ਦਾ ਪੰਜਾਬ ਵਿਚ ਦੌਰ ਚਲਿਆ, ਉਸ ਦਾ ਬੜਾ ਸਪਸ਼ੱਟ ਵਿਰੋਧ ਆਪਣੇ ਨਾਟਕਾਂ-‘ਮੌਤ ਦਰ ਮੌਤ’, ‘ਮੈਂ ਉਗਰਵਾਦੀ ਨਹੀਂ ਹਾਂ’, ‘ਕਰਫਿਊ’, ‘ਬਾਬਾ ਬੋਲਦਾ ਹੈ’ ਸਾਧਾਰਣ ਲੋਕਾਂ ਅਤੇ ਐਕਸ਼ਨ ਵਿਚ ਕੀਤਾ।
ਏਸੇ ਸਮੇਂ ਵਿਚ ‘ਭਾਈ ਮੰਨਾ ਸਿੰਘ’ ਦੀਆਂ ਅਠਾਰਾਂ ਕਿਸ਼ਤਾਂ ਜਲੰਧਰ ਦੂਰਦਰਸ਼ਨ ਲਈ ਬਣਾਈਆਂ ਅਤੇ ਨੈਸ਼ਨਲ ਚੈਨਲ ਲਈ ‘ਦਾਸਤਾਨੇ ਪੰਜਾਬ’ ਦੀਆਂ ਛੇ ਕਿਸਤਾਂ। ਇਨ੍ਹਾਂ ਵਿਚ ਵੀ ਬਿਲਕੁਲ ਬੇਖੌਫ਼ ਹੋ ਕੇ ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਦੀ ਗੱਲ ਕੀਤੀ। ਮੈਂ ਲਗਾਤਾਰ ਇਕ ਪਾਸੇ ਫ਼ਿਰਕੂ ਦਹਿਸ਼ਤਗਰਦੀ ਤੇ ਦੂਜੇ ਪਾਸੇ ਹਕੂਮਤੀ ਜਬਰ ਦਾ ਵਿਰੋਧ ਕੀਤਾ।

ਹੁਣ: ਇੱਕ ਵਾਰ ਜਥੇਦਾਰ ਟੌਹੜਾ ਨੇ ਤੁਹਾਡੇ ਨਾਟਕ ‘ਤੇ ਪਾਬੰਦੀ ਲੁਆ ਦਿੱਤੀ ਸੀ। ਕੀ ਸੀ ਸਾਰਾ ਕਿੱਸਾ?
ਗੁਰਸ਼ਰਨ: ਡੀ.ਏ.ਵੀ ਕਾਲਜ, ਹੁਸ਼ਿਆਰਪੁਰ ਨੇ ਯੂਥ ਫੈਸਟੀਵਲ ਵਿਚ ਮੇਰਾ ਇਕ ਨਾਟਕ ਖੇਡਿਆ ਸੀ, ਉਹ ਸੀ ‘ਕੁਰਸੀ, ਮੋਰਚਾ ਤੇ ਹਵਾ ਵਿਚ ਲਟਕਦੇ ਲੋਕ’ ਇਹ 1991 ਦੀ ਗੱਲ ਹੈ। ਇਹ ਨਾਟਕ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਅਤੇ ਸੰਤ ਭਿੰਡਰਾਵਾਲਿਆਂ ਨੇ ਸਰਕਾਰ ਦੇ ਵਿਰੁੱਧ ਮੋਰਚਾ ਲਾਇਆ ਹੋਇਆ ਸੀ। ਉਸ ਨਾਟਕ ਵਿਚ ਮੈਂ ਇਹ ਪੇਸ਼ ਕੀਤਾ ਕਿ ਦੋਵੇਂ ਧਿਰਾਂ ਆਮ ਆਦਮੀ ਦੇ ਵਿਰੁੱਧ ਭੁਗਤ ਰਹੀਆਂ ਹਨ। ਤੇ ਆਮ ਆਦਮੀ ਹਵਾ ਵਿਚ ਲਟਕਿਆ ਹੋਇਆ ਹੈ। ਉਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਕੁਰਸੀ ’ਤੇ ਸਰਕਾਰ ਸੀ ਤੇ ਮੰਜੀ ’ਤੇ ਮੋਰਚਾ ਲਾਈ ਬੈਠਾ ਧਾਰਮਕ ਆਗੂ ਸੀ।
ਜਥੇਦਾਰ ਟੌਹੜਾ ਯੂਥ ਫੈਸਟੀਵਲ ਦੇ ਮੁੱਖ ਮਹਿਮਾਨ ਸਨ। ਉਸਨੇ ਨਾਟਕ ਵਿਚਾਲੇ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਾਟਕ ਪ੍ਰੋ. ਜਨਮੀਤ ਨੇ ਤਿਆਰ ਕਰਵਾਇਆ ਹੋਇਆ ਸੀ। ਜਥੇਦਾਰ ਟੌਹੜਾ ਨੇ ਇਹਨੂੰ ਧਰਮ ਵਿਰੋਧੀ ਕਰਾਰ ਦਿੱਤਾ ਤੇ ਮੇਰੇ ਨਾਟਕਾਂ ’ਤੇ ਪਾਬੰਦੀ ਲਗਾ ਦਿੱਤੀ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ। ਪਰ ਇਹ ਪਾਬੰਦੀ ਨਾ ਮੈਂ ਮੰਨੀ ਤੇ ਨਾ ਹੀ ਇਨਕਲਾਬੀ ਧਿਰਾਂ ਨਾਲ ਜੁੜੀਆਂ ਹੋਰ ਨਾਟਕ ਮੰਡਲੀਆਂ ਨੇ। ਇਹ ਨਾਟਕ ਇਸ ਤੋਂ ਬਾਅਦ ਵੀ ਬਹੁਤ ਵਾਰ ਖੇਡਿਆ ਗਿਆ।

ਹੁਣ: ਪੰਜਾਬ ਵਿਚ ਚੱਲੀ ਨਕਸਲੀ ਲਹਿਰ ਬਾਰੇ ਤੁਹਾਡਾ ਕੀ ਨਿਖੇੜਾ ਹੈ ਤੇ ਉਨ੍ਹਾਂ ਨੌਜੁਆਨਾਂ ਬਾਰੇ ਜਿਹੜੇ ਗੰਭੀਰ ਸਾਹਿਤਕ ਰੁਚੀਆਂ ਵਾਲੇ ਹੋਣ ਦੇ ਬਾਵਜੂਦ ਕਤਲੋਗਾਰਤ ਦੀ ਇਸ ਤਿਲਕਣ ਵਿਚ ਜਾ ਫਸੇ?
ਗੁਰਸ਼ਰਨ: ਮੇਰਾ ਦ੍ਰਿੜ ਵਿਸ਼ਵਾਸ਼ ਸੀ ਕਿ ਸਥਾਪਤ ਕਮਿਊਨਿਸਟ ਪਾਰਟੀਆਂ ਸੀ.ਪੀ.ਆਈ ਤੇ ਸੀ.ਪੀ.ਆਈ(ਐਮ) ਜਿਨ੍ਹਾਂ ਨਾਲ ਮੈਂ ਤਕਰੀਬਨ 1944 ਤੋਂ ਜੁੜਿਆ ਹੋਇਆ ਸਾਂ, ਉਹ ਇਨਕਲਾਬ ਦੀ ਰਾਹ ਤੋਂ ਪਰ੍ਹੇ ਹੋ ਚੁੱਕੀਆਂ ਹਨ।
ਭਾਵੇਂ ਮੈਂ ਜਥੇਬੰਦਕ ਤੌਰ ’ਤੇ ਕਿਸੇ ਨਕਸਲਬਾੜੀ ਗਰੁੱਪ ਨਾਲ ਜੁੜਿਆ ਹੋਇਆ ਨਹੀਂ ਸਾਂ ਤੇ ਨਾ ਹੀ ਉਨ੍ਹਾਂ ਦੀ ਪਾਲਸੀ ਮੇਕਿੰਗ ਵਿਚ ਮੇਰਾ ਕੋਈ ਦਖ਼ਲ ਸੀ ਪਰ ਮੈਂ ਭਾਵੁਕ ਪੱਧਰ ’ਤੇ ਉਨ੍ਹਾਂ ਦੇ ਨਾਲ ਸਾਂ। ਪ੍ਰਿਥੀਪਾਲ ਰੰਧਾਵਾ ਮੇਰਾ ਬਹੁਤ ਨੇੜੇ ਦਾ ਬੰਦਾ ਸੀ। ਮੇਰੀ ਇਹ ਸੋਚ ਬਿਲਕੁਲ ਨਹੀਂ ਕਿ ਨਕਸਲਬਾੜੀ ਲਹਿਰ ਵੱਡੀ ਪੱਧਰ ’ਤੇ ਕਤਲੋਗਾਰਤ ਦੀ ਤਿਲਕਣ ਵਿਚ ਫਸੀ ਹੋਈ ਸੀ। ਤੁਸੀਂ ਕਿਹੜੇ ਸਾਹਿਤਕਾਰਾਂ ਦੀ ਗੱਲ ਕਰ ਰਹੇ ਹੋ ਜਿਹੜੇ ਕਤਲੋਗਾਰਤ ਕਰ ਰਹੇ ਸਨ? ਮੇਰੇ ਹਿਸਾਬ ਨਾਲ ਇਸ ਲਹਿਰ ਨੇ ਬੜੇ ਹੀਰੇ ਪੈਦਾ ਕੀਤੇ ਹਨ। ਕਤਲੋਗਾਰਤ ਦੀ ਤਿਲਕਣ ਵਗੈਰਾ ਵਿਰੋਧੀਆਂ ਦਾ ਝੂਠਾ ਪ੍ਰਚਾਰ ਹੈ।

ਹੁਣ: ਤੁਹਾਡੀ ਇਹ ਭਾਵੁਕ ਸਾਂਝ ਕਦੇ ਕਿਸੇ ਐਕਸ਼ਨ ਵਿਚ ਵੀ ਤਬਦੀਲ ਹੋਈ?
ਗੁਰਸ਼ਰਨ: ਨਹੀਂ। ਮੇਰੇ ਜ਼ੁੰਮੇ ਉਨ੍ਹਾਂ ਇਹ ਕੰਮ ਲਾਇਆ ਹੀ ਨਹੀਂ। ਦਰਅਸਲ, ਮੈਂ ਇਹ ਕੰਮ ਕਰ ਹੀ ਨਹੀਂ ਸਾਂ ਸਕਦਾ। ਬੜੇ ਉਚੇ ਲੰਮੇ ਜਵਾਨ ਅਕਸਰ ਹਥਿਆਰਾਂ ਨਾਲ ਲੈਸ ਮਿਲਦੇ। ਮੈਂ ਉਨ੍ਹਾਂ ਨੂੰ ਵੇਹੰਦਾ ਪਰ ਨਾ ਕਦੇ ਉਨ੍ਹਾਂ ਮੈਨੂੰ ਇਨ੍ਹਾਂ ਨੂੰ ਵਰਤਣ ਲਈ ਕਿਹਾ ਤੇ ਨਾ ਹੀ ਮੈਂ ਕਦੀ ਇਸ ਤਰ੍ਹਾਂ ਦੀ ਕੋਈ ਇੱਛਾ ਰੱਖੀ। ਮੈਂ ਦੋ ਚੀਜ਼ਾਂ ਨੂੰ ਕਦੇ ਜ਼ਿੰਦਗੀ ਵਿਚ ਹੱਥ ਨਹੀਂ ਲਾਇਆ। ਇਕ ਪਿਸਤੌਲ ਤੇ ਦੂਜਾ ਸ਼ਰਾਬ।

ਹੁਣ: ਅੱਜ ਦੀ ਤਾਰੀਕ ਵਿਚ ਤੁਸੀਂ ਕਿਸੇ ਅਜਿਹੀ ਸਿਆਸੀ ਧਿਰ ਦੀ ਨਿਸ਼ਾਨਦੇਹੀ ਕਰ ਸਕਦੇ ਹੋ ਜਿਹੜੀ ਭਾਰਤੀ ਅਵਾਮ ਦੀ ਬੰਦ ਖਲਾਸੀ ਲਈ ਸੱਚਮੁੱਚ ਹੀ ਪ੍ਰਤੀਬੱਧ ਹੋਵੇ?
ਗੁਰਸ਼ਰਨ: ਮੇਰੀ ਇਹ ਪੱਕੀ ਸਮਝ ਹੈ ਕਿ ਪਾਰਟੀ ਉਹ ਹੀ ਬੰਦ ਖਲਾਸੀ ਕਰ ਸਕਦੀ ਹੈ, ਜਿਹਦੀ ਮਾਰਕਸੀ ਵਿਚਾਰਧਾਰਾ ਨਾਲ ਵਚਨਬੱਧਤਾ ਹੋਵੇ। ਖੱਬੀਆਂ ਪਾਰਟੀਆਂ ਵਿਚ ਸਿਆਣੇ ਤੇ ਇਮਾਨਦਾਰ ਵਿਅਕਤੀ ਹਨ ਪਰ ਸਮੁੱਚੇ ਤੌਰ ’ਤੇ ਕਿਸੇ ਪਾਰਟੀ ਦੀ ਹਾਲੇ ਤੱਕ ਅਜਿਹੀ ਦਿੱਖ ਸਾਹਮਣੇ ਨਹੀਂ ਜਿਹੜੀ ਲੋਕ ਮੁਕਤੀ ਦੇ ਅੰਦੋਲਨ ਨੂੰ ਜਿੱਤ ਤੱਕ ਪਹੁੰਚਾ ਸਕੇ। ਜੇ ਮੈਂ ਉੱਘੇ ਮਾਰਕਸੀ ਚਿੰਤਕ ਪ੍ਰੋ. ਰਣਧੀਰ ਸਿੰਘ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਉਹ ਕਹਿੰਦੇ ਨੇ ਕਿ ਇਨਕਲਾਬ ਪਾਰਟੀ ਤੋਂ ਬਿਨਾਂ ਸੰਭਵ ਹੀ ਨਹੀਂ। ਪਰ ਪਾਰਟੀ ਕਿਹੜੀ ਹੋਵੇ? ਇਹ ਵੀ ਅਪਣੇ ਆਪ ਵਿਚ ਇਕ ਵੱਡਾ ਸਵਾਲ ਹੈ। ਇਹਦੇ ਸਨਮੁੱਖ ਹੋਣ ਦੀ ਲੋੜ ਹੈ। ਕੁਝ ਲੋਕ ਐਨ.ਜੀ.ਓਜ਼ ’ਤੇ ਹੀ ਟੇਕ ਲਾਈ ਬੈਠੇ ਹਨ। ਇਹ ਸਰਾਸਰ ਗਲਤ ਪਹੁੰਚ ਹੈ। ਅਗਵਾਈ ਪਾਰਟੀ ਨੇ ਹੀ ਕਰਨੀ ਹੈ। ਜਿਹੜੇ ਲੋਕ ਅਪਣੇ ਆਪ ਨੂੰ ਸੁਤੰਤਰ ਮਾਰਕਸੀ ਅਖਵਾਉਂਦੇ ਨੇ, ਉਹ ਵੀ ਗਲਤ ਰਾਹ ’ਤੇ ਹਨ। ਮੈਨੂੰ ਲੱਗਦਾ ਹੈ ਕਿ ਅੱਜ ਕਮਿਊਨਿਸਟ ਪਾਰਟੀਆਂ ਦੇ ਕਾਡਰ ਨੂੰ ਅਪਣੇ ਅਪਣੇ ਆਗੂਆਂ ਤੋਂ ਪੁੱਛਣਾ ਪਏਗਾ ਕਿ ਤੁਹਾਡਾ ਮਾਰਕਸਵਾਦ ਹੈ ਕਿੱਥੇ? ਦਫ਼ਤਰਾਂ ਵਿਚ ਬੈਠ ਕੇ ਪਾਰਟੀਆਂ ਨੂੰ ਚਲਾਉਣ ਵਾਲੇ ਆਗੂ ਕਦੇ ਵੀ ਸਮਾਜ ਨਹੀਂ ਬਦਲ ਸਕਦੇ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਹੀ ਬਦਲ ਦੇਣ ਦੀ ਲੋੜ ਹੈ। ਸਹੀ ਮਾਰਕਸੀ ਪਹੁੰਚ ਵਾਲੀ ਧਿਰ ਦੀ ਪਛਾਣ ਕਰਨੀ ਹੀ ਪਵੇਗੀ। ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਨੌ-ਦੱਸ ਅਜਿਹੇ ਗਰੁੱਪ ਹਨ ਜਿਨ੍ਹਾਂ ਕੋਲ ਮੇਰੇ ਹਿਸਾਬ ਨਾਲ 2000 ਤੋਂ ਜ਼ਿਆਦਾ ਕੁੱਲਵਕਤੀ ਹਨ। ਪਰ ਇਹ ਅਵਾਮ ਤੱਕ ਇਨਕਲਾਬ ਦਾ ਸੁਨੇਹਾ ਕਿੰਨਾ ਕੁ ਪਹੁੰਚਾ ਸਕੇ ਹਨ, ਇਹ ਇਨ੍ਹਾਂ ਨੂੰ ਅਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ। ਇਹਦੇ ਨਾਲ ਹੀ ਅਵਾਮ ਨੂੰ ਵੀ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਇਨਕਲਾਬ ਤੁਹਾਨੂੰ ਦੇਵੇਗਾ ਕੀ? ਮੈਂ ਇਨ੍ਹੀਂ ਦਿਨੀਂ ਅਪਣੇ ਨਾਟਕ ‘ਇਨਕਲਾਬ ਦੇ ਰਾਹ ’ਤੇ’ ਵਿਚ ਇਸ ਸਵਾਲ ਦੇ ਮੁਖ਼ਾਤਬ ਹੋ ਰਿਹਾ ਹਾਂ। ਮੈਂ ਹੋਰ ਵੀ ਕਰ ਰਿਹਾ ਹਾਂ। ਮੈਂ ਪੰਜਾਬ ਦੇ ਕੁੱਲ 47 ਵੱਡੇ ਨਾਵਾਂ ਦੀ ਲਿਸਟ ਬਣਾਈ ਹੈ। ਮੈਂ ਉਨ੍ਹਾਂ ਨੂੰ ਇਕ ਮੰਚ ਮੁਹੱਈਆ ਕਰਵਾਵਾਂਗਾ। ਜਿੱਥੇ ਮੈਂ ਉਨ੍ਹਾਂ ਕੋਲੋਂ ਪੁੱਛਣਾ ਚਾਹਾਂਗਾ ਕਿ ਆਓ ਆ ਕੇ ਸਾਨੂੰ ਦੱਸੋ, ਤੁਸੀਂ ਕੀ ਚਾਹੁੰਦੇ ਹੋ? ਲੋਕ ਮੁਕਤੀ ਲਈ ਤੁਹਾਡੇ ਕੋਲ ਕੀ ਏਜੰਡਾ ਹੈ? ਹਾਕਮ ਤੁਹਾਡੇ ਅੱਗੇ ਕੋਈ ਏਜੰਡਾ ਸੁੱਟ ਦਿੰਦੇ ਹਨ, ਤੁਸੀਂ ਉਹਦੇ ’ਚ ਉਲਝ ਜਾਂਦੇ ਹੋ। ਲੋੜ ਇਸ ਗੱਲ ਦੀ ਹੈ ਕਿ ਆਓ ਇਕ ਦੂਜੇ ਨੂੰ ਕੁਝ ਪੁੱਛੀਏ ਕੁਝ ਦੱਸੀਏ।
ਆਓ ਲੋਕਾਂ ਨੂੰ ਪੁੱਛੀਏ ਉਹ ਕੀ ਚਾਹੁੰਦੇ ਹਨ ਤੇ ਲੋਕਾਂ ਨੂੰ ਦੱਸੋ ਤੁਸੀਂ ਕੀ ਕਰਨਾ ਹੈ? ਮੈਂ ਸਮਝਦਾ ਹਾਂ ਅਹਿਸਾਸ ਸਾਰੇ ਕਰਦੇ ਹਨ ਪਰ ਈਗੋ ਹਾਜ਼ਰ ਨਾਜ਼ਰ ਹੈ। ਜਦੋਂ ਤੱਕ ‘ਮੈਂ’ ਨਹੀਂ ਮਰਦੀ, ਜਦੋਂ ਤੱਕ ‘ਮੈਂ’ ਦੀ ਕੁਰਬਾਨੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਸਹੀ ਤਸਵੀਰ ਸਾਹਮਣੇ ਨਹੀਂ ਆਉਂਣੀ।

ਸਿਆਸੀ ਰੰਗ-ਮੰਚ

ਹੁਣ: ਪੰਜਾਬ ਵਿਚ ਧੜਿਆਂ ਵਿਚ ਵੰਡੀ ਲੋਕ ਸ਼ਕਤੀ ਨੂੰ ਇਕ ਮੰਚ ’ਤੇ ਲਿਆਉਣ ਦਾ ਕੋਈ ਫਾਰਮੂਲਾ ਤੁਹਾਡੇ ਕੋਲ ਹੈ?
ਗੁਰਸ਼ਰਨ: ਸਿਰ ਜੋੜਕੇ ਬੈਠਣ। ਨਿਸ਼ਾਨਾ ਕੀ ਹੈ, ਇਹਦਾ ਫੈਸਲਾ ਕਰਨ। ਇਹ ਫੈਸਲੇ ਦੀ ਯੱਕਜਹਿਤੀ ਹੀ ਫਾਰਮੂਲਾ ਹੈ।

ਹੁਣ: ਨਕਸਲੀ ਮੂਵਮੈਂਟ ਦਾ ਸਮੁੱਚੇ ਪੰਜਾਬੀ ਨਾਟਕ ’ਤੇ ਕੀ ਪ੍ਰਭਾਵ ਪਿਆ?
ਗੁਰਸ਼ਰਨ: ਨਕਸਲੀ ਮੂਵਮੈਂਟ ਦਾ ਬਹੁਤ ਵੱਡਾ ਅਸਰ ਰਿਹਾ। ਇਹਨੇ ਪੰਜਾਬੀ ਨਾਟਕ ਨੂੰ ਇਕ ਵੱਖਰਾ ਮੁਹਾਵਰਾ ਦਿੱਤਾ ਤੇ ਨਵੇਂ ਆਯਾਮ ਖੋਲ੍ਹੇ। ਨਾਟਕ ਸਿੱਧਾ ਆਮ ਬੰਦੇ ਨੂੰ ਮੁਖ਼ਾਤਬ ਹੋਣ ਲੱਗਾ ਤੇ ਆਮ ਬੰਦਾ ਅਪਣੇ ਆਪ ਨੂੰ ਨਾਟਕ ਵਿਚ ਦੇਖਣ ਲੱਗਾ। ਜਿਹੜੀਆਂ ਛੇ ਸੱਤ ਪ੍ਰਮੁੱਖ ਨਾਟ ਮੰਡਲੀਆਂ ਰਹੀਆਂ ਹਨ, ਉਹ ਸਾਰੀਆਂ ਨਕਸਲੀ ਮੂਵਮੈਂਟ ਦੇ ਪ੍ਰਭਾਵ ਥੱਲੇ ਹੀ ਕੰਮ ਕਰਦੀਆਂ ਰਹੀਆਂ ਹਨ। ਇਨ੍ਹਾਂ ਨੇ ਪਿੰਡਾਂ ਵਿਚ ਰੰਗ ਮੰਚ ਪਹੁੰਚਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਹੁਣ: ਕੀ ਤੁਸੀਂ ਸਹਿਮਤ ਹੋ ਕਿ ਤੁਹਾਡਾ ਰੰਗ ਮੰਚ ਅਸਿੱਧੇ ਰੂਪ ਵਿਚ ਸਿਆਸੀ ਮੰਚ ਹੀ ਹੈ?
ਗੁਰਸ਼ਰਨ: ਹਾਂ, ਬਿਲਕੁਲ। ਮੈਂ ਨਾਟਕ ਕਰਦਾ ਹੀ ਸਿਆਸੀ ਮੰਤਵ ਲਈ ਹਾਂ। ਇਹਨੂੰ ਤੁਸੀਂ ‘ਇੱਛਤ ਯਥਾਰਥ’ ਕਹਿ ਸਕਦੇ ਹੋ। ਮੇਰੀ ਇਹ ਇੱਛਾ ਹੈ ਕਿ ਇਕ ਅਜਿਹਾ ਸਮਾਜ ਬਣੇ ਜਿਹੜਾ ਬੁਨਿਆਦੀ ਤੌਰ ’ਤੇ ਬਰਾਬਰੀ ਦਾ ਸਮਾਜ ਹੋਵੇ ਤੇ ਉਹਦਾ ਪਹਿਲਾ ਮਾਪਦੰਡ ਇਹ ਹੈ ਕਿ ਸੌ ਦੇ ਸੌ ਬੱਚੇ ਪੜ੍ਹਨ ਤੇ ਇਕੋ ਜਿਹੇ ਸਕੂਲਾਂ ਵਿਚ ਪੜ੍ਹਨ। ਇਹੀ ਥੀਏਟਰ ਹੈ, ਇਹੀ ਮੇਰੀ ਸਿਆਸਤ। ਮੈਂ ਕਹਿਨਾਂ ਕਿ ਹੁਣ ਨਿਰੀ ਜਮਾਤਾਂ ਦੀ ਗੱਲ ਕਰਕੇ ਨਹੀਂ ਸਰਨਾ, ਹੋਰ ਅੱਗੇ, ਹੋਰ ਅੱਗੇ ਜਾਣਾ ਪਏਗਾ।

ਗ਼ਦਰ ਦਾ ਸੁਨੇਹਾ – ਦੇਸ਼ ਭਗਤ ਯਾਦਗਾਰ ਹਾਲ ਜਲੰਦਰ ਦੇ ਵਿਹੜੇ ‘ਚ ਬੈਠੇ ਖੱਬਿਓਂ ਸੱਜੇ: ਗੰਧਰਵ ਸੇਨ, ਚੈਨ ਸਿੰਘ ਚੈਨ, ਬਾਬਾ ਭਗਤ ਸਿੰਘ ਬਿਲਗਾ, ਗੁਰਸ਼ਰਨ ਸਿੰਘ, ਕੁਲਵੰਤ ਸਿੰਘ ਸੰਧੂ, ਬਾਬਾ ਗੁਰਬਖਸ਼ ਸਿੰਘ ਬਨੂੰਆਣਾ ਅਤੇ ਹੇਠਾਂ ਬੈਠੇ ਹਨ ਗੁਰਮੀਤ ਤੇ ਅਮੋਲਕ ਸਿੰਘ

ਹੁਣ: ਤੁਹਾਡਾ ਪਾਸ਼ ਤੇ ਸ਼ਿਵ ਕੁਮਾਰ ਨਾਲ, ਨੇੜ ਰਿਹਾ। ਤੁਸੀਂ ਹੁਣ ਇਨ੍ਹਾਂ ਬਾਰੇ ਕੀ ਸੋਚਦੇ ਹੋ?
ਗੁਰਸ਼ਰਨ: ਦੋਵੇਂ ਆਪਣੀ ਥਾਂ ’ਤੇ ਵੱਡੇ ਕਵੀ ਹਨ। ਪਾਸ਼ ਕਮਿਟਿਡ ਇਨਕਲਾਬੀ ਕਵੀ ਹੈ। ਉਹ ਬੇਬਾਕ ਸ਼ਾਇਰੀ ਦੇ ਸਿਖ਼ਰ ’ਤੇ ਪਹੁੰਚਿਆ ਹੈ ਤੇ ਸ਼ਿਵ ਸੂਖ਼ਮਤਾ ਦਾ ਸਿਖ਼ਰ ਹੈ।

ਹੁਣ: ਆਪਣੇ ਨਾਟਕਾਂ ਰਾਹੀਂ ਤੁਸੀਂ ਅਕਸਰ ਹੀ ਲੋਕ ਵਿਰੋਧੀ ਰਾਜਨੀਤੀਵਾਨਾਂ ਅਤੇ ਭ੍ਰਿਸ਼ਟ ਪੁਲੀਸ ਅਵਸਥਾ ਨੂੰ ਸਿੱਧੇ ਹੋ ਕੇ ਟਕਰਦੇ ਰਹੇ ਹੋ, ਕਦੇ ਤੁਹਾਨੂੰ ਕਿਸੇ ਪਾਸਿਓਂ ਸਿੱਝ ਲੈਣ ਦੀ ਧਮਕੀ ਵੀ ਆਈ?
ਗੁਰਸ਼ਰਨ: ਨਹੀਂ, ਕਦੇ ਨਹੀਂ।

ਹੁਣ: ਤੁਸੀਂ ਖੱਬੇਪੱਖੀ ਵਿਚਾਰਾਂ ਦੇ ਧਾਰਨੀ ਹੋ। ਪੰਜਾਬ ਵਿਚ ਤੁਹਾਡੀ ਸਹਾਨਭੂਤੀ ਖੱਬੀਆਂ ਪਾਰਟੀਆਂ ਵਿਚੋਂ ਕਿਸ ਨਾਲ ਵਧੇਰੇ ਰਹੀ?
ਗੁਰਸ਼ਰਨ: ਪਹਿਲਾਂ ਸੀ.ਪੀ.ਆਈ ਨਾਲ ਨੇੜਤਾ ਰਹੀ। ਨੰਗਲ ਵਿਚ ਸੀ.ਪੀ.ਆਈ (ਐਮ) ਦੇ ਜ਼ਿਆਦਾ ਨੇੜੇ ਰਿਹਾ। ਅੰਮ੍ਰਿਤਸਰ ਆ ਕੇ ਦੋਵਾਂ ਪਾਰਟੀਆਂ ਨਾਲ ਹੀ ਜੁੜਿਆ ਰਿਹਾ। ਤੇ 1971 ਤੋਂ ਬਾਅਦ ਨਕਸਲਬਾੜੀਆਂ ਨਾਲ ਨੇੜਤਾ ਰਹੀ। ਨਿੱਜੀ ਤੌਰ ’ਤੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਸਤਿਕਾਰ ਹਮੇਸ਼ਾ ਕੀਤਾ ਹੈ। ਸਤਪਾਲ ਡਾਂਗ ਹਮੇਸ਼ਾ ਬਹੁਤ ਨੇੜੇ ਰਹੇ। ਜਗਜੀਤ ਅਨੰਦ ਹੋਰਾਂ ਅਤੇ ਮੰਗਤ ਰਾਮ ਪਾਸਲਾ ਦਾ ਸਤਿਕਾਰ ਕਰਦਾ ਹਾਂ। ਨੇੜਤਾ ਦੇ ਸੰਦਰਭ ਵਿਚ ਮੈਂ ਸਮਝਦਾ ਹਾਂ ਕਿ ਨਕਸਲਬਾੜੀ ਧਿਰਾਂ ਨੇ ਮੈਨੂੰ ਬੜਾ ਪਿਆਰ ਤੇ ਸਤਿਕਾਰ ਦਿੱਤਾ ਹੈ।

ਹੁਣ: ਕਲਾਕਾਰ ਅਤੇ ਲੇਖਕ ਦਾ ਤੁਹਾਡੇ ਅਨੁਸਾਰ ਸਿਆਸਤ ਨਾਲ ਕਿਸ ਤਰ੍ਹਾਂ ਦਾ ਸਬੰਧ ਹੈ?
ਗੁਰਸ਼ਰਨ: ਕਲਾਕਾਰ ਲੋਕਾਂ ਨੂੰ ਤਾਂ ਹੀ ਕੁਝ ਦੇ ਸਕਦਾ ਹੈ ਜੇ ਉਹ ਸਿਸਟਮ ਦੀ ਸਿਆਸਤ ਨੂੰ ਸੰਜੀਦਗੀ ਨਾਲ ਸਮਝੇ ਅਤੇ ਆਪਣੇ ਵਿਚਾਰ ਬਣਾਵੇ।

ਹੁਣ: ਤੁਸੀਂ ਪੰਜਾਬ ਵਿਚ ਰੰਗ ਕਰਮੀਆਂ ਦੀ ਇਕ ਪੂਰੀ ਨਸਲ ਪਾਲੀ ਹੈ। ਅਜਿਹਾ ਕਰਦਿਆਂ ਤੁਹਾਨੂੰ ਕਿਹੜੇ ਵਿਅਕਤੀਆਂ ਨਾਲ ਬੇਹੱਦ ਸਨੇਹ ਜਾਗਿਆ?
ਗੁਰਸ਼ਰਨ: ਮੈਂ ਤੁਹਾਡੇ ਇਸ ਸਵਾਲ ਬਾਰੇ ਸੋਚਦਾ ਰਿਹਾ ਹਾਂ। ਇਕ ਲਿਸਟ ਮਨ ਵਿਚ ਬਣਾਈ, ਬਾਅਦ ਵਿਚ ਕਈ ਨਾਂ ਯਾਦ ਆਈ ਗਏ ਜੋ ਛੁੱਟਣੇ ਨਹੀਂ ਚਾਹੀਦੇ। ਬੜਾ ਲੰਮਾ ਸਮਾਂ ਕੰਮ ਕੀਤਾ ਹੈ। ਟੀਮ ਨਾਲ ਹਮੇਸ਼ਾ ਹੀ ਡੂੰਘੀ ਸਾਂਝ ਰਹੀ ਹੈ। ਜਿੰਨਾ ਪਿਆਰ ਮੈਂ ਆਪਣੇ ਕਲਾਕਾਰਾਂ ਨੂੰ ਕੀਤਾ, ਓਨਾ ਹੀ ਪਿਆਤ ਤੇ ਸਤਿਕਾਰ ਉਨ੍ਹਾਂ ਨੇ ਵੀ ਮੈਨੂੰ ਦਿੱਤਾ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਨਾਂ ਛੁੱਟ ਜਾਵੇ। ਨੰਗਲ ਤੋਂ ਸ਼ੁਰੂ ਕਰਕੇ, ਅੰਮ੍ਰਿਤਸਰ ਵਿਚ ਕਲਾਕਾਰਾਂ ਦੀਆਂ ਦੋ ਨਸਲਾਂ ਅਤੇ ਫੇਰ ਚੰਡੀਗੜ੍ਹ ਦੀ ਟੀਮ ਬਹੁਤ ਕਰੀਬੀ ਹੈ। ਅੱਜ ਜਦੋਂ ਮੈਂ ਬਗੈਰ ਸਹਾਰੇ ਦੇ ਤੁਰ ਫਿਰ ਨਹੀਂ ਸਕਦਾ, ਆਪਣੀ ਟੀਮ ਦੇ ਨਾਲ ਹੀ ਬਾਹਰ ਜਾਣਾ ਚਾਹੁੰਦਾ ਹਾਂ। ਬਹੁਤ ਲੋਕ ਬਹੁਤ ਪਿਆਰੇ ਰਹੇ ਹਨ। ਡੂੰਘੀ ਸਾਂਝ ਰਹੀ ਹੈ।

ਹੁਣ: ਆਧੁਨਿਕ ਪੰਜਾਬੀ ਨਾਟਕ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਕਿਹਨਾਂ ਕਿਹਨਾਂ ਨਾਟਕਕਾਰਾਂ ਨੂੰ ਤੁਸੀਂ ਇਹਦੇ ਥੰਮ ਗਿਣਦੇ ਹੋ?
ਗੁਰਸ਼ਰਨ: ਈਸ਼ਵਰ ਚੰਦ ਨੰਦਾ ਅਤੇ ਬਲਵੰਤ ਗਾਰਗੀ ਦੀ ਪੰਜਾਬੀ ਨਾਟਕ ਨੂੰ ਵੱਡੀ ਦੇਣ ਹੈ। ਅੱਜ ਦੇ ਸਮੇਂ ਵਿਚ ਅਜਮੇਰ ਔਲਖ ਪੇਂਡੂ ਨਾਟਕ ਦੇ ਮੁਹਾਵਰੇ ਦਾ ਉਸਤਾਦ ਹੈ। ਸਵਰਾਜਬੀਰ, ਆਤਮਜੀਤ, ਪਾਲੀ ਭੁਪਿੰਦਰ ਬੜਾ ਅੱਛਾ ਲਿੱਖ ਰਹੇ ਹਨ। ਇਨ੍ਹਾਂ ਤੋਂ ਪੰਜਾਬੀ ਨਾਟਕ ਨੂੰ ਬੜੀਆਂ ਉਮੀਦਾਂ ਹਨ।

ਹੁਣ: ਬਲਵੰਤ ਗਾਰਗੀ ਨੂੰ ਪੰਜਾਬੀ ਦਾ ਵੱਡਾ ਨਾਟਕਕਾਰ ਗਿਣਿਆ ਜਾਂਦਾ ਹੈ ਪਰ ਟਿੱਪਣੀਕਾਰ ਉਹਦੀ ਰੁਚੀ ਨੂੰ ਔਰਤ ਮਰਦ ਦੇ ਰਿਸ਼ਤਿਆਂ ਵਿਚ ਲੋੜ ਤੋਂ ਵਧੇਰੇ ਦਿਲਚਸਪੀ ਲੈਣ ਵਾਲਾ ਦੱਸਦੇ ਹਨ। ਤੁਹਾਡਾ ਵਿਚਾਰ?
ਗੁਰਸ਼ਰਨ: ਬਲਵੰਤ ਗਾਰਗੀ ਇਕ ਬੁਰਜਵਾ ਨਾਟਕਕਾਰ ਹੈ ਪਰ ਉਹਦੇ ਕੋਲ ਨਾਟ-ਕਲਾ ਦੀ ਮੁਹਾਰਤ ਹੈ ਅਤੇ ਭਾਸ਼ਾ ਦੀ ਮਾਸਟਰੀ ਹੈ। ਨਾਟ ਮੁਹਾਵਰੇ ਦੀ ਉਹਨੂੰ ਪਛਾਣ ਹੈ। ਬਾਕੀ ਮਰਦ-ਔਰਤ ਦੇ ਰਿਸ਼ਤੇ ਬਾਰੇ ਓਹਦੀ ਅਪਣੀ ਸਮਝ ਹੈ ਤੇ ਉਸਨੂੰ ਇਸ ਰੂਪ ਵਿਚ ਹੀ ਸਵੀਕਾਰ ਕਰਨਾ ਚਾਹੀਦਾ ਹੈ।

ਹੁਣ: ਤੁਹਾਡੇ ’ਤੇ ਆਮ ਦੋਸ਼ ਲੱਗਦਾ ਹੈ ਕਿ ਸਧਾਰਨ ਜਨ ਜੀਵਨ ਦੇ ਬਹੁਤਾ ਨੇੜੇ ਹੋਣ ਦੇ ਲਾਲਚ ਵਿਚ ਤੁਸੀਂ ਨਾਟਕ ਵਿਚ ਗੰਭੀਰਤਾ ਨਹੀਂ ਲਿਆ ਸਕੇ। ਤੁਸੀਂ ਇਸ ਬਾਰੇ ਕੀ ਕਹੋਗੇ?
ਗੁਰਸ਼ਰਨ: ਮੈਂ ਜਿਨ੍ਹਾਂ ਲਈ ਨਾਟਕ ਕਰਦਾ ਹਾਂ, ਉਨ੍ਹਾਂ ਦੀ ਸਮਝ ਮੁਤਾਬਕ ਨਾਟਕਾਂ ਵਿਚ ਗੰਭੀਰਤਾ ਲਿਆਉਂਦਾ ਹਾਂ। ਅਪਣਾ ਸੁਨੇਹਾ ਸੌਖੇ ਤੇ ਸਪਸ਼ੱਟ ਤੀਰਕੇ ਨਾਲ ਦੇਣ ਦੀ ਕੋਸ਼ਿਸ਼ ਕਰਦਾ ਹਾਂ।

ਹੁਣ: ਨਾਟਕਾਂ ਵਿਚ ਲੋਕ ਗੀਤ, ਟੱਪੇ, ਬੈਂਤ ਆਦਿ ਵਰਤਣ ਨਾਲ ਪ੍ਰਭਾਵ ਪੱਖੋਂ ਕਿੰਨੀ ਕੁ ਸਹਾਇਤਾ ਮਿਲਦੀ ਹੈ?
ਗੁਰਸ਼ਰਨ: ਕਿਸੇ ਇਕ ਗੱਲ ਨੂੰ ਜ਼ੋਰ ਦੇ ਕੇ ਕਹਿਣ ਲਈ ਗੀਤ, ਟੱਪੇ, ਕਵਿਤਾ ਦੇ ਬੋਲ ਕਾਫ਼ੀ ਸਹਾਇਕ ਹੁੰਦੇ ਹਨ। ‘ਕਿਵੁ ਕੁੜੈ ਤੁਟੇ ਪਾਲਿ’ ਵਿਚ ਮੈਂ ਮੁਹਾਵਰੇ ਵਰਤੇ ਸਨ, ਬੜੀ ਥਾਂ ’ਤੇ, ਕਿਉਂਕਿ ਨਾਟਕ ਐਮਰਜੈਂਸੀ ਦੌਰਾਨ ਲਿਖਿਆ ਗਿਆ ਸੀ, ਇਸ ਲਈ ਆਖਾਣ-‘ਏਥੇ ਚੋਰ ਉੱਚਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ’ ਜਾਣ ਕੇ ਵਿਚ ਪਾਇਆ ਸੀ।

ਜਲੰਧਰ ‘ਚ ਇਕ ਨਾਟਕ ਦੀ ਪੇਸ਼ਕਾਰੀ ਸਮੇਂ ਗੁਰਸ਼ਰਨ ਸਿੰਘ ਸਾਥੀ ਕਲਾਕਾਰਾਂ ਨਾਲ – 1998

ਹੁਣ: ਕੀ ਨਾਟਕ ਵਿਚ ਨਿਰੋਲ ਯਥਾਰਥ ਦਾ ਪੱਲਾ ਫੜੀ ਰੱਖਣ ਨਾਲ ਉਹ ਨਿੱਤ ਵਰਤੀਂਦੀਂ ਸਧਾਰਨ ਘਟਨਾ ਹੀ ਨਹੀਂ ਬਣ ਕੇ ਰਹਿ ਜਾਂਦੀ?
ਗੁਰਸ਼ਰਨ: ਮੈਂ ਜਿੱਥੇ ਯਥਾਰਥ ਨੂੰ ਪੇਸ਼ ਕਰਦਾ ਹਾਂ, ਉਥੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇੱਛਤ ਯਥਾਰਥ ਨੂੰ ਹੀ ਆਪਣੇ ਨਾਟਕ ਦਾ ਹਿੱਸਾ ਬਣਾਵਾਂ ਤਾਂ ਕਿ ਸਧਾਰਨ ਘਟਨਾ ਵੀ ਕੁਝ ਸਪਸ਼ੱਟ ਸੁਨੇਹਾ ਦੇ ਸਕੇ।

ਹੁਣ: ਕੀ ਪੰਜਾਬੀ ਲੋਕਾਂ ਵਿਚ ਇਕਾਂਗੀ ਵਧੇਰੇ ਅਸਰਦਾਇਕ ਹੁੰਦੇ ਹਨ ਜਾਂ ਪੂਰੇ ਦੇ ਪੂਰੇ ਨਾਟਕ?
ਗੁਰਸ਼ਰਨ: ਇਹ ਇਸ ਗੱਲ ਉਤੇ ਮੁਨੱਸਰ ਹੈ ਕਿ ਨਾਟਕ ਕਿੱਥੇ ਕਰ ਰਹੇ ਹਾਂ। ਦੋਹਾਂ ਦੀ ਅਪਣੀ ਅਪਣੀ ਥਾਂ ਹੈ।

ਹੁਣ: ਕੀ ਕਾਰਨ ਹੈ ਕਿ ਪੰਜਾਬੀ ਨਾਟਕ ਦਿਨੋਂ ਦਿਨ ਪਿੱਛੇ ਹੀ ਪਿੱਛੇ ਜਾ ਰਿਹਾ ਹੈ?
ਗੁਰਸ਼ਰਨ: ਇਹ ਐਂਵੇ ਅਕਾਦਮਿਕ ਅਲੋਚਕਾਂ ਦਾ ਫ਼ਤਵਾ ਹੈ। ਪੰਜਾਬੀ ਨਾਟਕ ਸਮੇਂ ਦੇ ਨਾਲ ਪੂਰਾ ਵਿਕਾਸ ਕਰ ਰਿਹਾ ਹੈ।

ਹੁਣ: ਪੰਜਾਬ ਵਿਚ ਕਿੰਨੀਆਂ ਕੁ ਚੰਗੀਆਂ ਅਤੇ ਸਫ਼ਲ ਨਾਟ ਮੰਡਲੀਆਂ ਹਨ?
ਗੁਰਸ਼ਰਨ: ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀਆਂ ਦੇ ਡਰਾਮਾਂ ਵਿਭਾਗਾਂ ਤੋਂ ਇਲਾਵਾ, ਸੱਤ ਨਾਟਕ ਮੰਡਲੀਆਂ ਜ਼ਰੂਰ ਹਨ, ਜਿਹੜੀਆਂ ਪੇਸ਼ਾਵਰ ਪੱਧਰ ’ਤੇ ਨਾਟਕ ਕਰਦੀਆਂ ਹਨ। ਅੰਮ੍ਰਿਤਸਰ ਵਿਚ ਨਾਟਸ਼ਾਲਾ ਅਤੇ ਮੰਚ- ਰੰਗਮੰਚ ਵੱਲੋਂ ਬਕਾਇਦਾਗੀ ਨਾਲ ਨਾਟ ਉਤਸਵ ਕੀਤੇ ਜਾਂਦੇ ਹਨ। ਮੇਲਾ ਗ਼ਦਰੀ ਬਾਬਿਆਂ ਦਾ ਅਤੇ ਪਹਿਲੀ ਮਈ ਦਾ ਲੁਧਿਆਣੇ ਹੋਣ ਵਾਲਾ ਸਾਰੀ ਰਾਤ ਦਾ ਨਾਟ ਉਤਸਵ ਮਾਇਨੇ ਰੱਖਦੇ ਹਨ। ਮੈਂ ਕਹਿ ਸਕਦਾ ਹਾਂ ਕਿ ਪੰਜਾਬੀ ਨਾਟਕ ਨੇ ਬੜੀਆਂ ਪੁਲਾਂਘਾ ਪੁੱਟੀਆਂ ਹਨ ਅਤੇ ਰਾਸ਼ਟਰ ਪੱਧਰ ’ਤੇ ਇਹਦੀ ਬਕਾਇਦਾ ਪਛਾਣ ਹੈ।

ਨਾਟਕ ਦੀ ਕਮਾਈ

ਹੁਣ: ਕੀ ਨਾਟਕਾਂ ਵਿਚੋਂ ਤੁਹਾਨੂੰ ਕੋਈ ਕਮਾਈ ਵੀ ਹੋਈ ਜਾਂ ਇਹ ਤੁਹਾਡਾ ਨਿਰਾਪੁਰਾ ਖਬਤ ਹੀ ਸਾਬਤ ਹੋਇਆ?
ਗੁਰਸ਼ਰਨ: ਆਪਣੀ 50 ਸਾਲਾਂ ਦੇ ਨਾਟਕ ਸਫ਼ਰ ਵਿਚ ਪ੍ਰੋਗਰਾਮ ਹਮੇਸ਼ਾ ਇਸ ਵਿਉਂਤ ਨਾਲ ਬਣਾਏ ਹਨ ਕਿ ਜੇ ਕਮਾਈ ਨਹੀਂ ਕੀਤੀ ਤਾਂ ਪੈਸੇ ਖੁਣੋਂ ਕੋਈ ਕੰਮ ਰਹਿ ਵੀ ਨਹੀਂ ਗਿਆ।

ਹੁਣ: ਅਜਿਹੇ ਨਾਟਕ ਵੀ ਹਨ ਜੋ ਖੇਡਣ ਤੋਂ ਬਿਨਾਂ ਪੜ੍ਹਨ ਵਿਚ ਵੀ ਉਹੋ ਜਿਹਾ ਹੀ ਸੁਆਦ ਦਿੰਦੇ ਹਨ। ਕੀ ਤੁਹਾਨੂੰ ਉਹ ਵੀ ਚੰਗੇ ਲੱਗਦੇ ਹਨ?
ਗੁਰਸ਼ਰਨ: ਚੰਗੀ ਬਰੀਲੀਐਂਟ ਰਾਈਟਿੰਗ ਹਮੇਸ਼ਾ ਪੜ੍ਹਨ ਦਾ ਸੁਆਦ ਦੇਂਦੀ ਹੈ। ਜੇ ਇਹੀ ਨਾਟਕ ਕੋਈ ਚੰਗੀ ਟੀਮ ਖੇਡ ਰਹੀ ਹੋਵੇ ਤਾਂ ਹੋਰ ਵੀ ਜ਼ਿਆਦਾ ਸੁਆਦ ਆਉਂਦਾ ਹੈ।

ਹੁਣ: ਲੰਡਨ ਵਿਚ ਇਕ ਨਾਟਕ ਪਿਛਲੇ ਛਪੰਜਾ ਸਾਲਾਂ ਤੋਂ ਚੱਲ ਰਿਹਾ ਹੈ। ਤਿੰਨ ਤਿੰਨ ਪੀੜ੍ਹੀਆਂ ਨੇ ਇਹ ਨਾਟਕ ਦੇਖਿਆ ਹੈ। ਭਾਵੇਂ ਅਸੀਂ ਲੰਡਨ ਵਰਗੀ ਅਵਸਥਾ ਵਿਚ ਨਹੀਂ ਪਰ ਕੀ ਕਦੇ ਸਾਡਾ ਨਾਟਕ ਵੀ ਏਨਾ ਹਰਮਨ ਪਿਆਰਾ ਹੋ ਸਕੇਗਾ?
ਗੁਰਸ਼ਰਨ: ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਨਾਟਕ ਪੰਜਾਬ ਵਿਚ ਹਰਮਨ ਪਿਆਰਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਿਆਲਾਂ ਦੀਆਂ ਠੰਡੀਆਂ ਰਾਤਾਂ ਵਿਚ ਲੋਕ ਕੰਬਲਾਂ ਦੀਆਂ ਬੁਕਲਾਂ ਮਾਰ ਕੇ ਨਾਟਕ ਦੇਖਦੇ ਹਨ। ਜੋਗਿੰਦਰ ਬਾਹਰਲੇ ਦੇ ਓਪੇਰੇ ਖਾਸ ਕਰਕੇ ਸਭ ਤੋਂ ਪਹਿਲਾਂ ਹਰਮਨ ਪਿਆਰੇ ਹੋਏ। ਅੱਜ ਸੱਠ ਸਾਲ ਹੋ ਗਏ ਹਨ, ਪੰਜਾਬੀ ਨਾਟਕ ਨੇ ਦਰਸ਼ਕਾਂ ਦੀਆਂ ਕਈ ਪੀੜ੍ਹੀਆਂ ਪੈਦਾ ਕੀਤੀਆਂ ਹਨ।
2007 ਵਿਚ ਜਦੋਂ ਮੈਨੂੰ ਰਾਸ਼ਟਰੀ ਸੰਗੀਤ ਨਾਟਕ ਅਕੈਡਮੀ ਦੀ ਰਤਨ ਫੈਲੋਸ਼ਿੱਪ ਦਿੱਤੀ ਗਈ ਤਾਂ ਇਸ ਗੱਲ ਦਾ ਵਿਸ਼ੇਸ਼ ਉਲੇਖ ਕੀਤਾ ਗਿਆ ਕਿ ਪੰਜਾਬ ਵਿਚ ਬੜੀ ਵੱਡੀ ਗਿਣਤੀ ਵਿਚ ਜਨ ਸਧਾਰਨ ਪੰਜਾਬੀ ਨਾਟਕ ਦਾ ਦਰਸ਼ਕ ਬਣਿਆ ਹੈ। ਔਰਤਾਂ ਦੀ ਬਰਾਬਰ ਦੀ ਮੌਜੂਦਗੀ, ਦਰਸ਼ਕਾਂ ਵਿਚ ਬੜੀ ਵੱਡੀ ਗੱਲ ਹੈ। ਗਾਇਕਾਂ ਦੇ ਅਖਾੜੇ ਵਗੈਰਾ ਜਦੋਂ ਲੱਗਦੇ ਹਨ, ਉਥੇ ਔਰਤਾਂ ਨਹੀਂ ਹੁੰਦੀਆਂ। ਨਾਟਕ ਦੇਖਣ ਉਹ ਵੱਡੀ ਗਿਣਤੀ ਵਿਚ ਆਉਦੀਆਂ ਹਨ। ਇਹ ਛੋਟੀ ਮੋਟੀ ਪ੍ਰਾਪਤੀ ਨਹੀਂ।

ਜਨ ਨਾਟਯ ਮੰਚ (ਜਨਮ) ਦੀ ਨਿਰਦੇਸ਼ਕਾ ਮਾਲਾ ਹਾਸ਼ਮੀ ਅਤੇ ਸਾਥੀਆਂ ਨਾਲ – ਹਿਸਾਰ 1990

ਹੁਣ: ਪੰਜਾਬ ਵਿਚ ਸਰਕਾਰਾਂ, ਸੰਸਥਾਵਾਂ ਨੇ ਥੀਏਟਰਾਂ ਦਾ ਨਿਰਮਾਣ ਕੀਤਾ ਪਰ ਅਜੇ ਤੱਕ ਇਹ ਨਹੀਂ ਹੋ ਸਕਿਆ ਕਿ ਕਿਤੇ ਹਰ ਰੋਜ਼ ਨਾਟਕ ਦੇ ਸ਼ੋਅ ਹੋਣ। ਕੀ ਕਾਰਨ ਹੈ?
ਗੁਰਸ਼ਰਨ: ਪੰਜਾਬ ਵਿਚ ਅਜੇ ਕੋਈ ਮਹਾਨਗਰ ਨਹੀਂ। ਇਸ ਕਰਕੇ ਲੰਡਨ ਵਰਗੇ ਤਜ਼ਰਬਿਆਂ ਦੀਆਂ ਏਥੇ ਮਿਸਾਲਾਂ ਨਹੀਂ ਦਿੱਤੀਆਂ ਜਾ ਸਕਦੀਆਂ।

ਹੁਣ: ਚੰਗਾ ਨਾਟਕ ਖੇਡਣ ਲਈ ਵੱਡਾ ਅਡੰਬਰ ਕਰਨਾ ਪੈਂਦਾ ਹੈ। ਕੀ ਤੁਸੀਂ ਇਸੇ ਲਈ ਤਾਂ ਸਾਦ ਮੁਰਾਦੀ ਪੇਸ਼ਕਾਰੀ ਵੱਲ ਰੁਚਿਤ ਨਹੀਂ?
ਗੁਰਸ਼ਰਨ: ਮੈਂ ਕਈ ਤਰ੍ਹਾਂ ਦੇ ਹਾਲਾਤ ਵਿਚ ਨਾਟਕ ਕੀਤੇ ਹਨ। ਅੰਮ੍ਰਿਤਸਰ ਗਾਂਧੀ ਗਰਾਉਂਡ ਵਿਚ ਵੱਡੇ ਸੈਟ ਲਾ ਕੇ ਬੜੀਆਂ ਵਧੀਆ ਪੇਸ਼ਕਾਰੀਆਂ ਕੀਤੀਆਂ- ‘ਪਰਲੋ ਤੋਂ ਪਹਿਲਾਂ’ (ਲੇਖਕ ਗੁਰਦਿਆਲ ਸਿੰਘ ਖੋਸਲਾ), ਗੋਰਕੀ ਦਾ ‘ਪੈਟੀ ਬੁਰਜਵਾ’ ਨੂੰ ਪੰਜਾਬੀ ਵਿਚ ‘ਆਲ੍ਹਣਾ ਤੀਲੋ ਤੀਲ’ ਅਤੇ ‘ਲੋਅਰ ਡੈਪਥਜ਼’ ‘ਖਾਲੀ ਬੋਤਲਾਂ ਭਰੇ ਪਿਆਲੇ’ ‘ਇਬਸਨ ਦਾ ਭੂਤ’, ਫੇਰ ‘ਧਮਕ ਨਗਾਰੇ ਦੀ’, ਨਜ਼ਮ ਹੁਸੈਨ ਸਯੱਦ ਦਾ ‘ਤਖ਼ਤ ਲਾਹੌਰ’ ਜਤਿੰਦਰ ਬਰਾੜ ਦਾ ‘ਲੋਹੇ ਦੀ ਭੱਠੀ’ ਪਰ ਇਨ੍ਹਾਂ ਨੂੰ ਮੈਂ ਵੱਡੀਆਂ ਪ੍ਰਾਪਤੀਆਂ ਨਹੀਂ ਸਮਝਦਾ। ਉਂਜ ਟੀਮ ਦੇ ਮੁਤਾਬਕ ਹਰ ਕਿਸਮ ਦੇ ਤਜ਼ਰਬੇ ਕੀਤੇ ਹਨ। ‘ਗੋਦੋ ਦੀ ਉਡੀਕ’ ਵਰਗੇ ਗੰਭੀਰ ਨਾਟਕ ਕੀਤੇ। ਗੋਰਕੀ ਦਾ ‘ਮਾਂ’ ਜਿਸ ਵਿਚ ਜਤਿੰਦਰ ਨੇ ਯਾਦਗਾਰੀ ਭੂਮਿਕਾ ਨਿਭਾਈ। ਸ਼ਿਵ ਦੀ ‘ਲੂਣਾ’ ਦੀ ਬੜੀ ਬੇਹਤਰੀਨ ਪੇਸ਼ਕਾਰੀ ਸੀ। ‘ਕੋਈ ਹਰਿਆ ਬੂਟਾ ਰਹਿਓ ਰੀ’ ਅਤੇ ‘ਜਦੋਂ ਰੌਸ਼ਨੀ ਹੁੰਦੀ ਹੈ’ ਵਰਗੇ ਨਾਟ ਤਜ਼ਰਬੇ ਵੀ ਕੀਤੇ ਜੋ ਬੜੇ ਹਰਮਨ ਪਿਆਰੇ ਵੀ ਹੋਏ ਅਤੇ ਰਾਸ਼ਟਰੀ ਪੱਧਰ ’ਤੇ ਪੰਜਾਬੀ ਨਾਟਕ ਦੀ ਪਛਾਣ ਬਣੇ। ਪਰ ਇਹ ਨਾਟਕ ਪਿੰਡ ਪਿੰਡ ਨਹੀਂ ਪਹੁੰਚਾਏ ਜਾ ਸਕਦੇ ਸਨ। ਪ੍ਰਿਥੀਪਾਲ ਰੰਧਾਵਾ ਦੇ ਕਤਲ ਤੋਂ ਬਾਅਦ ‘ਧਮਕ ਨਗਾਰੇ ਦੀ’ ਨੂੰ 110 ਥਾਵਾਂ ’ਤੇ ਕੀਤਾ, ਪਰ ਵੱਡੀਆਂ ਪੇਸ਼ਕਾਰੀਆਂ ਦੀਆਂ ਆਪਣੀਆਂ ਸੀਮਤਾਵਾਂ ਹਨ।

ਹੁਣ: ਪੰਜਾਬ ਦੇ ਅਤਿ ਭਿਆਨਕ ਕਾਲੇ ਦੌਰਾਂ ਵਿਚ ਤੁਸੀਂ ਨਾਟਕ ਕਿਵੇਂ ਖੇਡੇ?
ਗੁਰਸ਼ਰਨ: ਪੰਜਾਬ ਵਿਚ ਰਹਿ ਰਹੇ ਸਾਂ। ਉਸ ਸੰਕਟ ਨੂੰ ਭੋਗ ਰਹੇ ਸਾਂ, ਉਹਦਾ ਮੁਕਾਬਲਾ ਵੀ ਕਰ ਰਹੇ ਸਾਂ। ਪੰਜਾਬ ਵਿਚ ਸੈਕੂਲਰ ਡੈਮੋਕਰੈਟਿਕ ਲਹਿਰ ਵੀ ਆਪਣੀ ਤਾਕਤ ਰੱਖਦੀ ਹੈ, ਉਸ ਤਾਕਤ ਦੇ ਆਸਰੇ ਮੈਂ ਨਾਟਕ ਖੇਡੇ ਹਨ। ਰਿਸਕ ਵੀ ਲਏ ਹਨ। ਪੰਜਾਬ ਵਿਚ ਐਮਰਜੈਂਸੀ ਦਾ ਵੀ ਅਤੇ ਫਿਰਕੂ ਅਤਿਵਾਦ ਦਾ ਮੁਕਾਬਲਾ ਖੱਬੀਆਂ ਜਮਹੂਰੀ ਲਹਿਰਾਂ ਨੇ ਕੀਤਾ ਹੈ ਤੇ ਉਨ੍ਹਾਂ ਦੇ ਸਹਾਰੇ ਮੈਂ ਵੀ ਚੱਲਦਾ ਰਿਹਾ ਹਾਂ।

ਹੁਣ: ਸੰਸਾਰ ਭਰ ਦੇ ਤੁਹਾਡੇ ਸਭ ਤੋਂ ਪਿਆਰੇ ਅਤੇ ਸਤਿਕਾਰੇ ਨਾਟਕਕਾਰ ਕਿਹੜੇ ਹਨ?
ਗੁਰਸ਼ਰਨ: ਜਾਰਜ ਬਰਨਾਡ ਸ਼ਾਅ।

ਲੇਖਕ ਅਤੇ ਸ਼ਰਾਬ

ਹੁਣ: ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ। ਸੁਣਿਐ ਤੁਸੀਂ ਸਭਾ ਦੀਆਂ ਮੀਟਿੰਗਾਂ ਵਿਚੋਂ ਵੀ ਅਕਸਰ ਗੈLਰ ਹਾਜ਼ਰ ਰਹਿੰਦੇ ਸੀ। ਇਹਦੇ ਬਾਵਜੂਦ ਦੂਸਰੀ ਵਾਰ ਫੇਰ ਪ੍ਰਧਾਨਗੀ ਦੀ ਚੋਣ ਲੜਨ ਦੀ ਕੀ ਮਜਬੂਰੀ ਸੀ?
ਗੁਰਸ਼ਰਨ: ਦੇਖੋ, ਪ੍ਰਧਾਨਗੀ ਦੇ ਦੋ ਸਾਲਾਂ ਦੌਰਾਨ ਪਹਿਲਾਂ ਮੇਰਾ ਵੱਡਾ ਐਕਸੀਡੈਂਟ ਹੋਇਆ ਸੀ, ਜਿਹਦੇ ਕਰਕੇ ਮੈਂ ਛੇ ਮਹੀਨੇ ਕੋਈ ਕਾਰਵਾਈ ਨਹੀਂ ਕਰ ਸਕਿਆ। ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਹੁੰਦਲ ਹੁਰੀਂ ਪੂਰੇ ਫ਼ਰਜ਼ ਨਿਭਾਉ੍ਹਦੇ ਰਹੇ। ਫੇਰ ਮੈਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਡਰਾਮਿਆਂ ਲਈ ਚਲਾ ਗਿਆ। ਜਿਹਦੇ ਕਰਕੇ ਮੀਟਿੰਗਾਂ ਵਿਚੋਂ ਗੈLਰ ਹਾਜ਼ਰ ਰਿਹਾ।
ਦੂਜੀ ਵਾਰ ਕੁਝ ਦੋਸਤਾਂ ਦੇ ਜ਼ੋਰ ਦੇਣ ’ਤੇ ਚੋਣ ਲੜੀ। ਸਾਹਿਤਕ ਅਤੇ ਸਭਿਆਚਾਰਕ ਲਹਿਰ ਵਿਚ ਚੋਣ ਲੜਨਾਂ, ਹਾਰਨਾ, ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈ। ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ।

ਹੁਣ: ਦੂਸਰੀ ਵਾਰ ਤੁਹਾਡੀ ਹਾਰ ਦਾ ਕਾਰਨ ਉਹ ਐਲਾਨਨਾਮਾ ਤਾਂ ਨਹੀਂ ਸੀ ਜਿਹਦੇ ’ਚ ਤੁਸੀਂ ਪੰਜਾਬੀ ਲੇਖਕਾਂ ਵੱਲੋਂ ਵਰਤੀ/ਵਰਤਾਈ ਜਾਂਦੀ ਸ਼ਰਾਬ ਵਿਰੁੱਧ ਮੋਰਚਾ ਖੋਲ੍ਹ ਲਿਆ ਸੀ।
ਗੁਰਸ਼ਰਨ: ਹਾਂ, ਮੈਂ 700 ਦੇ ਕਰੀਬ ਖ਼ਤ ਪੰਜਾਬੀ ਲੇਖਕਾਂ ਨੂੰ ਅਪੀਲ ਦੇ ਰੂਪ ਵਿਚ ਲਿਖੇ ਸਨ। ਜਿਹਦੇ ਵਿਚ ਮੈਂ ਕਿਹਾ ਸੀ ਕਿ ਸਾਹਿਤਕ ਸਮਾਗਮਾਂ ਵਿਚ ਸ਼ਰਾਬ ਕਲਚਰ ਬੰਦ ਹੋਣਾ ਚਾਹੀਦਾ ਹੈ। ਇਸ ਕਰਕੇ ਮੇਰੇ ਨਾਲ ਬਹੁਤ ਬੰਦੇ ਨਾਰਾਜ਼ ਰਹੇ। ਪਰ ਇਹਦਾ ਮੈਨੂੰ ਕੋਈ ਗ਼ਮ ਨਹੀਂ। ਮੈਂ ਹੁਣ ਵੀ ਇਸ ਗੱਲ ’ਤੇ ਖੜਾ ਹਾਂ ਕਿ ਸਾਹਿਤਕ ਸਮਾਗਮਾਂ ਵਿਚ ਸ਼ਰਾਬ ਦਾ ਕੋਈ ਕੰਮ ਨਹੀਂ। ਹੁੰਦਾ ਕੀ ਹੈ, ਮੈਂ ਤੁਹਾਨੂੰ ਦੱਸਦਾਂ ਹਾਂ। ਇਕ ਵਾਰ ਪੱਟੀ ਵਿਚ ਨਿਰਮਲ ਅਰਪਣ ਨੇ ਪੰਜਾਬੀ ਕਾਨਫਰੰਸ ਕਰਵਾਈ। ਵੱਡੇ ਵੱਡੇ ਪੰਜਾਬੀ ਲੇਖਕ ਉੱਥੇ ਪਹੁੰਚੇ। ਡਾਕਟਰ ਹਰਿਭਜਨ ਸਿੰਘ ਤੇ ਸ਼ਿਵ ਕੁਮਾਰ ਵਰਗੇ ਸਾਰੇ ਹੀ। ਰਾਤੀਂ ਕਵੀ ਦਰਬਾਰ ਹੋਇਆ। ਇਨ੍ਹਾਂ ਰੱਜ ਕੇ ਦਾਰੂ ਪੀਤੀ। ਕਾਨਫਰੰਸ ਦੇ ਬਾਹਰ ਵਾਲੀ ਵੱਡੀ ਸੜਕ ’ਤੇ ਇਹ ਸਾਰੇ ਵੱਡੇ ਵੱਡੇ ਲੇਖਕ ਲਾਈਨ ਬਣਾ ਕੇ ਖਲੋ ਗਏ ਤੇ ਪਿਸ਼ਾਬ ਕਰਨ ਲੱਗੇ। ਇੱਥੇ ਮੁਕਾਬਲਾ ਹੋ ਰਿਹਾ ਸੀ ਕਿ ਦੇਖੀਏ ਕਿਹਦੀ ਧਾਰ ਅੱਗੇ ਜਾਂਦੀ ਹੈ। ਇਹ ਹਨ ਸਾਡੇ ਵੱਡੇ ਲੇਖਕ। ਸਵੇਰੇ ਉਸ ਦਿਨ ਸਾਰੀ ਪੱਟੀ ’ਚ ਗੱਲਾਂ ਹੁੰਦੀਆਂ ਰਹੀਆਂ। ਇਹ ਕਿਰਦਾਰ ਹੈ ਇਨ੍ਹਾਂ ਦਾ। ਜਦੋਂ ਇਸ ਤਰ੍ਹਾਂ ਦਾ ਪ੍ਰਭਾਵ ਕਿਸੇ ਸਾਹਿਤਕਾਰ ਦਾ ਬਣ ਜਾਏ ਤਾਂ ਕੀ ਇੱਜ਼ਤ ਰਹਿ ਜਾਂਦੀ ਹੈ।
ਐਦਾਂ ਹੀ ਇਕ ਵਾਰੀ ਮੋਗੇ ਹੋਇਆ। ਮੋਗੇ ਇਕ ਕਾਨਫਰੰਸ ਸੀ ਤੇ ਮੈਨੂੰ ਨਾਟਕ ਲਈ ਬੁਲਾਇਆ ਹੋਇਆ ਸੀ। ਤੁਹਾਡੇ ਭਾਬੀ ਜੀ ਵੀ ਨਾਲ ਸਨ। ਅਸੀਂ ਨਾਟਕ ਵਾਲੀ ਥਾਂ ਪਹੁੰਚੇ ਤਾਂ ਉੱਥੇ ਪਰਿੰਦਾ ਵੀ ਨਾ। ਪੁੱਛ ਪਛਾ ਕੇ ਅਸੀਂ ਉੱਥੇ ਪਹੁੰਚੇ ਜਿੱਥੇ ਲੇਖਕਾਂ ਦੀ ਮਹਿਫਲ ਜੁੜੀ ਹੋਈ ਸੀ। ਤੁਹਾਡੇ ਭਾਬੀ ਜੀ ਅੰਦਰ ਗਏ ਤਾਂ ਦੇਖਿਆ ਇਕ ਲੇਖਕ ਦਰਵਾਜ਼ੇ ਵਿਚ ਹੀ ਟੇਢਾ ਹੋਇਆ ਪਿਆ ਸੀ ਤੇ ਇਕ ਵਿਹੜੇ ਵਿਚ ਪਈ ਮੰਜੀ ਦੀ ਦੌਣ ਵਿਚ ਸਿਰ ਫਸਾਈ ਬੈਠਾ ਸੀ। ਤੁਹਾਡੇ ਭਾਬੀ ਜੀ ਕਿਸੇ ਨੂੰ ਪਛਾਣਦੇ ਦਾ ਤਾਂ ਨਹੀਂ ਸਨ ਇਹ ਉਨ੍ਹੀਂ ਪੈਰੀਂ ਮੁੜ ਆਏ। ਇਹ ਉਹੀ ਲੇਖਕ ਸਨ ਜਿਨ੍ਹਾਂ ਨੇ ਨਾਟਕ ਲਈ ਪੂਰਾ ਪ੍ਰਬੰਧ ਕਰਨਾ ਸੀ ਪਰ ਪ੍ਰਬੰਧ ਕੌਣ ਕਰਦਾ? ਸਾਰੇ ਤਾਂ ਦਾਰੂ ਨਾਲ ਪੂਰੀ ਤਰ੍ਹਾਂ ਟੁੱਲ ਸਨ। ਸੋ ਨਾਟਕ ਕਰੇ ਬਿਨਾਂ ਹੀ ਮੁੜ ਆਏ।
ਮੈਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੈਂ ਭਾਵੁਕ ਕਿਸਮ ਦਾ ਬੰਦਾ ਹਾਂ ਪਰ ਇਹ ਭਾਵੁਕਤਾ ਨਹੀਂ, ਸ਼ਰਾਬ ਵਿਰੁੱਧ ਮੇਰੀ ਮਾਨਸਿਕਤਾ ਬਦਲ ਹੀ ਨਹੀਂ ਸਕਦੀ। ਮੈਂ ਸਾਹਿਤ ਸਮਾਗਮਾਂ ਵਿਚ ਦਾਰੂ ਦੇ ਸਖ਼ਤ ਖਿਲਾਫ਼ ਹਾਂ ਤੇ ਰਹਾਂਗਾ। ਇਹ ਮੇਰਾ ਅਸੂਲ ਹੈ ਤੇ ਇਹਦੇ ਚਲਦਿਆਂ ਮੇਰੀ ਹਾਰ ਕੋਈ ਹਾਰ ਨਹੀਂ। ਮੈਂ ਇਹਨੂੰ ਅਪਣੀ ਨਹੀਂ ਸਾਹਿਤ ਦੀ ਪਵਿੱਤਰਤਾ ਦੀ ਹਾਰ ਮੰਨਦਾ ਹਾਂ।

ਹੁਣ: ਜਲੰਧਰ ਦੇ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਪਹਿਲੇ ਕੁਝ ਸਾਲ ਤੁਸੀਂ ਬੜੇ ਸਰਗਰਮ ਰਹੇ। ਹੌਲੀ ਹੌਲੀ ਤੁਹਾਡੀ ਦਿਲਚਸਪੀ ਮੇਲੇ ਵਿਚੋਂ ਘਟਦੀ ਨਜ਼ਰ ਆਈ। ਕੀ ਕਾਰਣ ਹੈ?
ਗੁਰਸ਼ਰਨ: ਗ਼ਦਰੀ ਬਾਬਿਆਂ ਦੇ ਮੇਲੇ ਲਈ ਮੈਂ ਹਮੇਸ਼ਾ ਹੀ ਸਰਗਰਮ ਰਿਹਾ ਹਾਂ। ਉਹਦੇ ਵਿਚ ਮੇਰੀ ਪੂਰੀ ਦਿਲਚਸਪੀ ਹੈ।

ਹੁਣ: ਤੁਸੀਂ ਕਾਫ਼ੀ ਸਮਾਂ ‘ਸਰਦਲ’ ਨਾਂਅ ਦਾ ਰਸਾਲਾ ਕੱਢਦੇ ਰਹੇ, ਫੇਰ ਤੁਸਾਂ ‘ਸਮਤਾ’ ਨਾਂਅ ਦਾ ਰਸਾਲਾ ਕੱਢਿਆ। ਪੰਜਾਬੀ ਵਿਚ ਇਹ ਪਾਏਦਾਰ ਰਸਾਲੇ ਚਲਾਉਣ ਦੇ ਬਾਵਜੂਦ ਤੁਸੀਂ ਇਨ੍ਹਾਂ ਨੂੰ ਲਗਾਤਾਰਤਾ ਪ੍ਰਦਾਨ ਕਰਨ ਵਿਚ ਅਸਫਲ ਕਿਉਂ ਰਹੇ?
ਗੁਰਸ਼ਰਨ: ‘ਸਰਦਲ’ ਐਮਰਜੈਂਸੀ ਵਿਚ ਲੱਗੀ ਸੈਂਸਰਸ਼ਿੱਪ ਕਰਕੇ ਬੰਦ ਕਰਨਾ ਪਿਆ ਕਿਉਂਕਿ ਸੈਂਸਰ ਸਰਟੀਫਿਕੇਟ ਤੋਂ ਬਿਨਾਂ ਕੁਝ ਛੱਪ ਨਹੀਂ ਸਕਦਾ ਸੀ। ‘ਸਮਤਾ’ ਜਦੋਂ ਮੈਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਇਆ ਤਾਂ ਬੰਦ ਕਰਨਾ ਪਿਆ ਕਿਉਂਕਿ ਏਥੇ ਮੇਰੇ ਕੋਲ ਪਰਚਾ ਚਲਾਣ ਦਾ ਕੋਈ ਸਾਧਨ ਨਹੀਂ ਰਿਹਾ।

ਭਾਵੁਕਤਾ ਦਾ ਵਹਿਣ

ਹੁਣ: ਮੰਚ ’ਤੇ ਬੋਲਦਿਆਂ ਤੁਸੀਂ ਅਕਸਰ ਹੀ ਭਾਵੁਕ ਹੋ ਜਾਂਦੇ ਹੋ। ਕਦੇ ਇਹ ਮਹਿਸੂਸ ਵੀ ਕੀਤਾ ਕਿ ਭਾਵੁਕਤਾ ਦੇ ਵਹਿਣ ਵਿਚ ਤੁਸੀਂ ਕੁਝ ਗੱਲਾਂ ਤਰਕ ਵਿਹੂਣੀਆਂ ਵੀ ਕਰ ਜਾਂਦੇ ਹੋ?
ਗੁਰਸ਼ਰਨ: ਭਾਵੁਕਤਾ ਮੇਰੇ ਕਿਰਦਾਰ ਦਾ ਹਿੱਸਾ ਹੈ। ਮੈਂ ਜੋ ਕੁਝ ਵੀ ਹਾਂ ਆਪਣੀ ਭਾਵੁਕਤਾ ਕਰਕੇ ਹੀ ਹਾਂ। ਦਾਨਿਸ਼ਮੰਦਾਂ ਵਾਲੀਆਂ ਦਲੀਲਾਂ ਮੇਰੇ ਕੋਲ ਨਹੀਂ ਹਨ।

ਹੁਣ: ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਮੁਲਕਾਂ ਦੇ ਟੂਰ ਤੋਂ ਵਾਪਸ ਆ ਕੇ ਤੁਸੀਂ ਕਈ-ਕਈ ਮਹੀਨੇ ਇਨ੍ਹਾਂ ਮੁਲਕਾਂ ਦੀਆਂ ਸੜਕਾਂ ਅਤੇ ਹੋਰਨਾਂ ‘ਸੁੱਖ ਸਹੂਲਤਾਂ’ ਦੀਆਂ ਤਾਰੀਫ਼ਾਂ ਹੀ ਕਰੀ ਤੁਰੀ ਜਾਂਦੇ ਹੋ। ਕੀ ਤੁਹਾਡੀ ਗੱਲ ਮੰਨ ਕੇ ਪੰਜਾਬੀ ਹੁਣ ਸਮਾਜਵਾਦ ਦਾ ਸੁਪਨਾ ਛੱਡ ਕੇ ਇਨ੍ਹਾਂ ਮੁਲਕਾਂ ਨੂੰ ਮਾਡਲ ਵਜੋਂ ਤਸੱਵਰ ਕਰ ਲੈਣ?
ਗੁਰਸ਼ਰਨ: ਮੈਂ ਉਨ੍ਹਾਂ ਮੁਲਕਾਂ ਦੀ ਜਿਹੜੀ ਐਫੀਸ਼ੀਐਂਟ ਮੈਨੇਜਮੈਂਟ ਹੈ, ਉਸਦੀ ਤਾਰੀਫ਼ ਕਰਦਾ ਹਾਂ। ਉਹਨੂੰ ਸਿਸਟਮ ਨਾਲ ਜੋੜਕੇ ਨਹੀਂ ਦੇਖਦਾ। ਸੋਸ਼ਲਿਜ਼ਮ ਮੇਰਾ ਅਕੀਦਾ ਹੈ।

ਹੁਣ: ਗੁਰਬਾਣੀ ਵੱਲ ਹੋਰ ਮੁੜੀਏ ਤਾਂ ਸਾਫ਼ ਇਸ਼ਾਰਾ ਮਿਲਦਾ ਹੈ ਕਿ ਨਾਟਕ ਅਜਿਹਾ ਖੇਡ ਤਮਾਸ਼ਾ ਹੈ ਜਿਸ ਵਿਚ ਖੇਡਣ ਵਾਲੇ ਆਪਣੇ ਕੇਸਾਂ ਵਿਚ ਘੱਟਾ ਪਾ ਕੇ ਲੋਕਾਂ ਨੂੰ ਹਸਾਉਂਦੇ ਹਨ ਤੇ ਉਹ ਬਿਨਾਂ ਕੋਈ ਅਸਰ ਕਬੂਲਿਆਂ ਹਸਦਿਆਂ ਹਸਦਿਆਂ ਘਰ ਚਲੇ ਜਾਂਦੇ ਹਨ। ਤੁਹਾਡਾ ਖਿਆਲ?
ਗੁਰਸ਼ਰਨ: ਨਾਟਕ ਇਕ ਪਰਫਾਰਮਿੰਗ ਆਰਟ ਹੈ। ਤੁਸੀਂ ਇਸ ਨੂੰ ਪ੍ਰੋਫੈਸ਼ਨ ਦੇ ਤੌਰ ’ਤੇ ਅਪਣਾਇਆ ਹੈ ਜਾਂ ਮਿਸ਼ਨ ਵਾਸਤੇ ਅਪਣਾਇਆ ਹੈ, ਦੋਵੇਂ ਸੂਰਤਾਂ ਵਿਚ ਤੁਹਾਡੀ ਪਹੁੰਚ ਹੋਰ ਹੋਵੇਗੀ। ਇਸ ਸਵਾਲ ਦਾ ਜਵਾਬ ਇਹ ਸਵਾਲ ਹੈ ਕਿ ਤੁਸੀਂ ਕਿੱਸ ਅੱਗੇ ਤੇ ਕਿਉਂ ਨਾਟਕ ਕਰ ਰਹੇ ਹੋ? ਇਸ ਬਾਰੇ ਤੁਸੀਂ ਜਿੰਨੇ ਸਪਸ਼ੱਟ ਹੋਵੋਗੇ ਉਨੇ ਹੀ ਸਫ਼ਲ ਹੋਵੋਗੇ।

ਹੁਣ: ਯੂਨਾਨ ਵਰਗੀ ਪੁਰਾਤਨ ਸਭਿਅਤਾ ਵਿਚ ਨਾਟਕ ਦਾ ਬਹੁਤ ਮਹਾਨ ਦਰਜਾ ਸੀ। ਫਿਰ ਕੀ ਉਤਰਾ ਚੜ੍ਹਾ ਆਏ। ਤੁਹਾਡੇ ਵਿਚਾਰ ਅਨੁਸਾਰ ਕੀ ਨਾਟਕ ਅਜੇ ਵੀ ਕਿਸੇ ਸਭਿਅਤਾ ਦਾ ਮਹਾਨਤਮ ਭਾਗ ਹੋ ਸਕਦਾ ਹੈ?
ਗੁਰਸ਼ਰਨ: ਇਹ ਨਾਟਕ ਦੀ ਕੁਆਲਟੀ ’ਤੇ ਨਿਰਭਰ ਕਰਦਾ ਹੈ। ਇਹ ਸਭਿਅਤਾ ਦਾ ਮਾਮੂਲੀ ਭਾਗ ਵੀ ਹੋ ਸਕਦੈ ਤੇ ਮਹਾਨਤਮ ਭਾਗ ਵੀ ਹੋ ਸਕਦੈ।

ਹੁਣ: ਜਿਸ ਅਵਾਮ ਵਿਰੋਧੀ ਵਿਵਸਥਾ ਵਿਰੁਧ ਲੜਦਿਆਂ ਤੁਸੀਂ ਆਪਣੀ ਸਾਰੀ ਉਮਰ ਲਾਈ ਹੈ, ਉਸੇ ਵਿਵਸਥਾ ਨੇ ਤੁਹਾਨੂੰ ਵੱਡੇ ਵੱਡੇ ਸਨਮਾਨਾਂ ਨਾਲ ਵੀ ਨਿਵਾਜਿਆ ਹੈ, ਤੁਸੀਂ ਇਨ੍ਹਾਂ ਸਨਮਾਨਾਂ ਨੂੰ ਕਿਵੇਂ ਮਹਿਸੂਸਦੇ ਹੋ?
ਗੁਰਸ਼ਰਨ: ਇਹ ਜਿਹੜਾ ਸਿਸਟਮ ਚੱਲ ਰਿਹਾ ਹੈ, ਫੈਸਲੇ ਲੈਣ ਵਾਲੀਆਂ ਕਈ ਕਮੇਟੀਆਂ ਹਨ। ਮੇਰੀ ਇਨਸਾਨ-ਦੋਸਤ ਪਹੁੰਚ ਹੈ ਸੁਸਾਇਟੀ ਬਾਰੇ, ਉਸਦਾ ਸਨਮਾਨ ਕੀਤਾ ਗਿਆ ਹੈ। ਏਥੇ ਕੋਈ ਰਜਵਾੜਾਸ਼ਾਹੀ ਨਹੀਂ, ਦੇਸ਼ ਵਿਚ ਲੋਕਤੰਤਰ ਹੈ, ਜਿਹੜੇ ਕਲਾਕਾਰਾਂ ਨੂੰ ਲੋਕ ਅਪਣਾਉਂਦੇ ਨੇ, ਸਰਕਾਰਾਂ ਨੂੰ ਵੀ ਉਨ੍ਹਾਂ ਨੂੰ ਐਕਨੌਲਜ ਕਰਨਾ ਪੈਂਦਾ ਹੈ। ਇਨਾਮ ਲੈਣ ਲਈ ਮੈਂ ਕਦੇ ਕੋਈ ਉਚੇਚ ਨਹੀਂ ਕੀਤਾ, ਨਾ ਹੀ ਇਨ੍ਹਾਂ ਵੱਲ ਮੈਨੂੰ ਕੋਈ ਇਤਰਾਜ਼ ਹੈ। ਇਨਾਮਾਂ ਵਿਚ ਮਿਲਣ ਵਾਲੀ ਰਕਮ ਦੀ ਇਕ ਇਕ ਪਾਈ ਅਪਣੇ ਮਿਸ਼ਨ ਲਈ ਖਰਚ ਕੀਤੀ ਹੈ ਤੇ ਕਾਫ਼ੀ ਕੰਮ ਨਿਕਲੇ ਹਨ ਇਸ ਪੈਸੇ ਨਾਲ।

ਹੁਣ: ਜਗਤ ਭਾਅ ਜੀ ਦਾ ਰੁਤਬਾ ਤੁਹਾਨੂੰ ਕਿਵੇਂ ਹਾਸਲ ਹੋਇਆ?
ਗੁਰਸ਼ਰਨ: ਮੇਰੇ ਕਲਾਕਾਰ ਪਿਆਰ ਨਾਲ ਮੈਨੂੰ ਭਾਅ ਜੀ ਬੁਲਾਉਂਦੇ ਨੇ। ਬਾਅਦ ਵਿਚ ਹੋਰਨਾਂ ਨੇ ਵੀ ਇਸਨੂੰ ਹੀ ਆਪਣਾ ਲਿਆ।

ਹੁਣ: ਯੂਰਪ ਦੇ ਦੇਸ਼ਾਂ ਵਿਚ ਕਦੀ ਉਪੇਰਾ ਜਾਂ ਕਾਵਿ-ਨਾਟਕ ਬਹੁਤ ਹਰਮਨ ਪਿਆਰਾ ਸੀ ਤੇ ਅਜੇ ਵੀ ਹੈ। ਪੰਜਾਬੀ ਵਿਚ ਤੇਰਾ ਸਿੰਘ ਚੰਨ ਦੇ ਗੰਭੀਰ ਯਤਨਾਂ ਬਵਜੂਦ ਓਪੇਰੇ ਦੀ ਮੌਤ ਕਿਉਂ ਹੁੰਦੀ ਜਾ ਰਹੀ ਹੈ?
ਗੁਰਸ਼ਰਨ: ਜੋਗਿੰਦਰ ਬਾਹਰਲੇ ਦੇ ਪੱਧਰ ਦਾ ਕੋਈ ਕਲਾਕਾਰ ਫੇਰ ਪੰਜਾਬ ਵਿਚ ਨਹੀਂ ਹੋਇਆ, ਜੇ ਕਲਾਕਾਰ ਇਹਨੂੰ ਅਪਣਾਉਣ ਤਾਂ ਇਹ ਕਲਾ ਫੇਰ ਜੀਵਤ ਹੋ ਸਕਦੀ ਹੈ।

ਹੁਣ: ਕਵਿਤਾ ਵਾਂਗ ਹੀ ਨਾਟਕ ਮਨੁੱਖ ਦੀਆਂ ਮੁਢਲੀਆਂ ਮੁਦਰਾਵਾਂ ਵਿਚੋਂ ਹੈ। ਭਾਵੇਂ ਕਵਿਤਾ ਨੂੰ ਕਿੰਨਾ ਚਿਰ ਛਾਤੀ ਵਿਚ ਸੁਲਗਦੀ ਰਹਿੰਦੀ ਕਹਿ ਸਕਦੇ ਹਾਂ ਪਰ ਨਾਟਕ ਵੀ ਤਾਂ ਮਨੁੱਖ ਦੇ ਪਹਿਲੇ ਚੁੱਕੇ ਕਦਮ ਨਾਲ ਹੀ ਆਰੰਭ ਹੋ ਗਿਆ। ਤੁਹਾਡਾ ਕੀ ਖ਼ਿਆਲ ਹੈ ਕਿ ਨਾਟਕ ਦੀ ਉਤਪਤੀ ਪਹਿਲਾਂ ਹੋਈ ਜਾਂ ਕਾਵਿ ਦੀ?
ਗੁਰਸ਼ਰਨ: ਮੈਂ ਇਸਦੇ ਬਾਰੇ ਕਦੇ ਬਹੁਤ ਬਾਰੀਕੀ ਨਾਲ ਨਹੀਂ ਸੋਚਿਆ।

ਹੁਣ: ਚੰਗੇ ਨਾਟਕ ਦਾ ਕੰਮ ਮਨੋਰੰਜਨ ਹੈ ਜਾਂ ਕੋਈ ਸਮਾਜਕ ਸੰਦੇਸ਼?
ਗੁਰਸ਼ਰਨ: ਦੋਵੇਂ ਨੇ। ਮਨੋਰੰਜਨ ਵੀ ਹੋਣਾ ਚਾਹੀਦਾ ਹੈ ਤੇ ਸੰਦੇਸ਼ ਵੀ ਪੁੱਜਣਾ ਚਾਹੀਦਾ ਹੈ। ਟਰੈਜ਼ਡੀ ਵਿਚ ਵੀ ਮਨੋਰੰਜਨ ਹੋ ਸਕਦਾ ਹੈ। ਥੀਏਟਰ ਦਿਲ ਨੂੰ ਛੂਹਣਾ ਚਾਹੀਦਾ ਹੈ।

ਹੁਣ: ਤੁਹਾਡੇ ’ਤੇ ਆਮ ਦੋਸ਼ ਲਗਦਾ ਹੈ ਕਿ ਤੁਸੀਂ ਓਵਰਐਕਟਿੰਗ ਕਰਕੇ ਨਾਟਕ ਦੀ ਅਸਲੀ ਰੂਹ ਦਾ ਘਾਣ ਕਰ ਦਿੰਦੇ ਹੋ? ਤੁਸੀਂ ਕੀ ਕਹਿਣਾ ਹੈ?
ਗੁਰਸ਼ਰਨ: ਓਵਰ ਐਕਟਿੰਗ ਵੀ ਹੋ ਜਾਂਦੀ ਹੋਵੇਗੀ। ਮੇਰੀ ਐਕਟਿੰਗ ਦਾ ਆਪਣਾ ਇਕ ਸਟਾਈਲ ਹੈ। ਉਂਜ ਮੈਂ ਜ਼ਿਆਦਾਤਰ ਆਪਣੇ ਹੀ ਨਾਟਕ ਕੀਤੇ ਹਨ।

ਹੁਣ: ਤੁਸੀਂ ਕਦੇ ਫਿਲਮਾਂ ਦੇ ਡਾਇਲਾਗ ਲਿਖਣ ਜਾਂ ਉਨ੍ਹਾਂ ਵਿਚ ਜਾ ਕੇ ਸ਼ਾਮਲ ਹੋਣ ਦੇ ਸੁਪਨੇ ਵੀ ਪਾਲੇ ਕਿਉਂਕਿ ਉਹ ਨਾਟਕ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੀਡੀਆ ਹੈ?
ਗੁਰਸ਼ਰਨ: ਨਹੀਂ।

ਹੁਣ: ਕੀ ਤੁਹਾਨੂੰ ਆਪਣੀ ਅੱਜ ਤੱਕ ਦੀ ਕਾਰਗੁਜ਼ਾਰੀ ’ਤੇ ਖੁਸ਼ੀ ਤੇ ਤਸੱਲੀ ਹੈ?
ਗੁਰਸ਼ਰਨ: ਹਾਂ ਤਸੱਲੀ ਹੈ। ਭਾਵੇਂ ਮੈਂ ਸੋਚਦਾ ਹਾਂ ਕਿ ਬਹੁਤ ਕੁਝ ਹੋਰ ਵੀ ਹੋ ਸਕਦਾ ਸੀ।

ਪਰਿਵਾਰ – ਖਬਿਓਂ ਸੱਜੇ : ਬੇਟੀ ਹਰਸ਼ਰਨ, ਭਾਬੀ ਜੀ ਕੈਲਾਸ਼ ਕੌਰ, ਭਾਜੀ ਗੁਰਸ਼ਰਨ ਸਿੰਘ ਤੇ ਛੋਟੀ ਬੇਟੀ ਡਾ. ਅਰੀਤ – ਚੰਡੀਗੜ੍ਹ 2008 (ਫ਼ੋਟੋਕਾਰੀ-ਡਾ. ਅਤੁਲ)

ਹੁਣ: ਤੁਸੀਂ ਅਪਣੀ ਕਾਮਯਾਬੀ ਦਾ ਕੀ ਕਾਰਨ ਲੱਭਦੇ ਹੋ?
ਗੁਰਸ਼ਰਨ: ਮੈਂ ਅਪਣੇ ਇਰਾਦੇ ਨੂੰ ਲਗਾਤਾਰਤਾ ਤੇ ਦ੍ਰਿੜਤਾ ਨਾਲ ਪੂਰਾ ਕੀਤਾ ਹੈ। ਇਹ ਨਹੀਂ ਕਿ ਇਕ ਗੱਲ ਕਹਿ ਕੇ ਉਹਦੇ ਤੋਂ ਪਿੱਛੇ ਹੱਟ ਗਿਆ ਹੋਵਾਂ। ਮਿਸਾਲ ਦੇ ਤੌਰ ’ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੀ ਗੱਲ ਕਰਦਾਂ। ਉੱਥੇ ਬੜੀ ਗੱਲ ਹੋਈ ਪੰਜਾਬੀਅਤ, ਪੰਜਾਬੀਅਤ, ਪੰਜਾਬੀਅਤ। ਮੇਰੇ ਮਨ ਵਿਚ ਬੜਾ ਵੱਡਾ ਸਵਾਲ ਸੀ ਤੇ ਮੈਂ ਕਈਆਂ ਨੂੰ ਪੁੱਛਿਆ ਵੀ ਕਿ ਕਿਹੜੀ ਪੰਜਾਬੀਅਤ ਤੇ ਕਿਹੜੇ ਪੰਜਾਬੀਆਂ ਦੀ ਗੱਲ ਹੋ ਰਹੀ ਹੈ। ਜਿਹੜੇ ਵਿਹੜਿਆਂ ਵਿਚ ਰਹਿੰਦੇ ਹਨ ਕੀ ਉਹ ਪੰਜਾਬੀ ਨਹੀਂ। ਉਹ ਅੱਠਤੀ ਫੀਸਦੀ ਹਨ। ਉਨ੍ਹਾਂ ਦੀ ਪੰਜਾਬੀਅਤ ਕੀ ਹੈ? ਉਨ੍ਹਾਂ ਦੀ ਗੱਲ ਕੌਣ ਕਰੇ। ਉਨ੍ਹਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਠੀਕ ਹੈ ਪੰਜਾਬੀਆਂ ਦੀਆਂ ਸੰਸਾਰ ਪੱਧਰ ’ਤੇ ਬਹੁਤ ਪ੍ਰਾਪਤੀਆਂ ਹਨ ਪਰ ਅਪਣੇ ਵਿਹੜਿਆਂ ਵਿਚ ਬਰਾਬਰਤਾ ਲਿਆਉਣ ’ਚ ਇਹ ਸਿਫ਼ਰ ਹਨ ਬਹੁਤ ਵੱਡੀ ਸਿਫ਼ਰ। ਇਸ ਸਬੰਧ ਵਿਚ ਅਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਸਾਡਾ ਬੁੱਧੀਜੀਵੀ ਤਬਕਾ ਵੀ ਜਿਸ ਪੰਜਾਬੀਅਤ ਦੀ ਗੱਲ ਕਰਦਾ ਹੈ ਜਾਂ ਜਿਸ ਪੰਜਾਬੀਅਤ ਦੀ ਪ੍ਰੀਭਾਸ਼ਾ ਦਿੰਦਾ ਹੈ ਉਹ ਉਤਲੇ ਤਬਕੇ ਜਾਣੀ ਖਾਂਦੇ ਪੀਂਦਿਆਂ ਦੀ ਗੱਲ ਹੈ। ਹੁਣ ਪੰਜਾਬ ਵਿਚ ਪੰਜਾਬੀ ਦੀ ਗੱਲ ਲੈ ਲਓ, ਬਹੁਤ ਸਾਰੇ ਸਾਹਿਤਕਾਰ ਵੀ ਵੱਡੇ ਵੱਡੇ ਅਫਸਰ ਰਹੇ, ਯੂਨੀਵਰਸਿਟੀਆਂ ਦੇ ਵੀ.ਸੀ ਰਹੇ ਹਨ। ਇਨ੍ਹਾਂ ਨੇ ਸਾਰੀ ਉਮਰ ਕੀ ਕੀਤਾ ਹੈ? ਕੁਝ ਨਹੀਂ ਕੀਤਾ ਇਨ੍ਹਾਂ ਪੰਜਾਬੀ ਜ਼ੁਬਾਨ ਵਾਸਤੇ। ਦੇਖਦਿਆਂ ਦੇਖਦਿਆਂ ਚੰਡੀਗੜ੍ਹ ਵਿਚ ਪੰਜਾਬੀ ਖ਼ਤਮ ਹੋ ਗਈ। ਪੰਜਾਬ ਦੀ ਸਾਰੀ ਅਫ਼ਸਰਸ਼ਾਹੀ ਸਣੇ ਸਾਹਿਤਕਾਰ ਅਫਸਰ ਸੁੱਤੇ ਰਹੇ। ਇਹ ਇਨ੍ਹਾਂ ਦੀ ਅਪਣੀ ‘ਮਾਂ’ ਨਾਲ ਬੇਈਮਾਨੀ ਹੈ। ਇਹ ਚੀਜ਼ਾਂ ਵੀ ਨੰਗੀਆਂ ਕਰਨੀਆਂ ਪੈਣਗੀਆਂ। ਮੈਂ ਅਪਣੇ ਨਾਟਕਾਂ ਵਿਚ ਇਸ ਸਬੰਧੀ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਤੇ ਕਰ ਰਿਹਾ ਹਾਂ।

ਹੁਣ: ਭਵਿੱਖ ਦੇ ਰੰਗਮੰਚ ਨੂੰ ਕੋਈ ਨਵਾਂ ਮੋੜ ਦੇਣ ਬਾਰੇ ਕੁਝ ਸੋਚਿਆ ਹੋਵੇ ਤਾਂ ਦੱਸੋ?
ਗੁਰਸ਼ਰਨ: ਮੇਰੇ ਕੋਲ ਰੰਗਮੰਚ ਦੀ ਕੋਈ ਰਸਮੀ ਸਿਖਲਾਈ ਨਹੀਂ ਹੈ, ਪਰ ਮੇਰੀਆਂ ਲੀਹਾਂ ’ਤੇ ਜੇ ਕੋਈ ਕੰਮ ਕਰਨਾ ਚਾਹੇ ਤਾਂ ਵੱਧ ਤੋਂ ਵੱਧ ਪ੍ਰਾਪਤੀਆਂ ਹੋ ਸਕਦੀਆਂ ਹਨ। ਪੇਂਡੂ ਰੰਗਮੰਚ ਦਾ ਆਪਣਾ ਮੁਹਾਵਰਾ ਹੈ। ਇਹਦੇ ਵਿਚ ਵਿਕਾਸ ਦੀ ਬਹੁਤ ਸੰਭਾਵਨਾ ਹੈ।

ਹੁਣ: ਪਰਿਵਾਰ ਵਿਚ ਬੈਠਿਆਂ ਅਕਸਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਹਨ?
ਗੁਰਸ਼ਰਨ: ਬਹੁਤੀਆਂ ਤਾਂ ਨਹੀਂ ਪਰ ਬੇਟੀਆਂ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਿ ਕਿਸ ਕਿਸਮ ਦਾ ਆਦਰਸ਼ਕ ਸਮਾਜ ਹੋਣਾ ਚਾਹੀਦਾ ਹੈ। ਬਹੁਤੀ ਗੱਲ ਘਰਾਂ ਵਿਚ ਸਮਾਜਕ ਕਦਰਾਂ-ਕੀਮਤਾਂ ਬਾਰੇ ਹੁੰਦੀ ਹੈ। ਮੈਂ ਆਪਣੀਆਂ ਬੱਚੀਆਂ ਨੂੰ ਇਹੀ ਪੁੱਛਦਾ ਰਹਿਨਾਂ ਕਿ ਕਿਸ ਤਰ੍ਹਾਂ ਇਸ ਸਮਾਜ ਵਿਚ ਪੋਜ਼ੀਟਿਵ ਭੂਮਿਕਾ ਨਿਭਾ ਸਕਦੇ ਹੋ?

ਹੁਣ: ਤੁਹਾਨੂੰ ਲੋਕਾਂ ਨੇ ਬੇਇੰਤਹਾ ਪਿਆਰ ਦਿੱਤਾ ਹੈ, ਜੇ ਤੁਸੀਂ ਅਪਣੇ ਇਨ੍ਹਾਂ ਲੋਕਾਂ ਤੋਂ ਕੁਝ ਮੰਗਣਾ ਹੋਵੇ ਤਾਂ ਕੀ ਮੰਗੋਗੇ?
ਗੁਰਸ਼ਰਨ: ਮੈਂ ਅਪਣੇ ਲੋਕਾਂ ਨੂੰ ਇਕੋ ਗੱਲ ਕਹਿਣੀ ਹੈ ਕਿ ਮੇਰੇ ਲੋਕੋ! ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੇਰੀ ਇੱਛਾ ਹੈ ਤੁਸੀਂ ਇਰਾਦਾ ਬਣਾਓ ਇਰਾਦਾ। ਇਰਾਦਾ ਇਹ ਬਣਾਓ ਕਿ ਇਸ ਗਲੇ ਸੜੇ ਨਿਜ਼ਾਮ ਨੂੰ ਇਕ ਸਿਰੇ ਤੋਂ ਖ਼ਤਮ ਕਰਨਾ ਹੈ, ਖ਼ਤਮ ਕਰਨਾ ਹੈ, ਖ਼ਤਮ ਕਰਨਾ ਹੈ ਤੇ ਬੱਸ ਖ਼ਤਮ ਕਰਨਾ ਹੈ।

ਹੁਣ ਵੱਲੋਂ ਅਵਤਾਰ ਜੰਡਿਅਲਵੀ, ਸੁਸ਼ੀਲ ਦੁਸਾਂਝ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!