ਬੁੱਧੂ ਬਕਸੇ ’ਚੋਂ ਨਿਕਲਦੀ ਕਲਾ – ਰਮਨ

Date:

Share post:

ਸੂਚਨਾ ਤਕਨਾਲੋਜੀ ਦੇ ਅਪੂਰਵ ਵਿਕਾਸ ਦੇ ਫਲਸਰੂਪ ਟੈਲੀਵੀਜ਼ਨ ਨੇ ਕਲਾ ਮਧਿਅਮਾਂ ਵਿੱਚ ਪ੍ਰਮੁੱਖ ਸਥਾਨ ਗ੍ਰਹਿਣ ਕਰ ਲਿਆ ਹੈ। ਇਹ ਸਾਡੇ ਜੀਵਨ ਦੀਆਂ ਬੁਨਿਆਦੀ ਲੋੜਾਂ ਵਿੱਚ ਆ ਸ਼ਾਮਿਲ ਹੋਇਆ ਹੈ। ਸਾਡੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦੀਆਂ ਅਤਿ ਮਹੀਨ ਤੰਦਾਂ ਅੱਜ ਇਸ ਬੁੱਧੂ ਬਕਸੇ ਨਾਲ ਇਸ ਕਦਰ ਜੁੜੀਆਂ ਮਹਿਸੂਸ ਹੋ ਰਹੀਆਂ ਹਨ ਕਿ ਕਈ ਵਾਰ ਇੰਜ ਵੀ ਜਾਪਣ ਲੱਗ ਪੈਂਦਾ ਹੈ ਕਿ ਇਹ ਮਧਿਅਮ ਬਾਕੀ ਮਧਿਅਮਾਂ ਨੂੰ ਉਵੇਂ ਨਿਗਲ ਲਏਗਾ ,ਜਿਵੇਂ ਸ਼ਹਿਰ ਪਿੰਡਾਂ ਨੂੰ ਹੜੱਪ ਰਹੇ ਹਨ । ਪ੍ਰੰਤੂ ਸਿਆਣੇ ਲੋਕ ਨਿਰਾਸ਼ ਨਹੀਂ ਹਨ । ਉਹਨਾਂ ਨੂੰ ਇਹ ਖਤਰਾ ਨਿਰਮੂਲ ਭਾਸਦਾ ਹੈ, ਕਿਉਂਕਿ ਬਿਜਲਈ ਮਧਿਅਮ ਵੀ ਆਪਣੇ ਪ੍ਰਭਾਵਕਾਰੀ ਅਸਤਿਤਵ ਲਈ ਦੂਸਰੇ ਮਧਿਅਮਾਂ ’ਤੇ ਬਰਾਬਰ ਨਿਰਭਰਤਾ ਰੱਖਦੇ ਹਨ, ਸਿੱਟੇ ਵਜੋਂ ਹਰ ਮਧਿਅਮ ਦਾ ਆਪਣਾ ਨਿਵੇਕਲਾ ਮਹੱਤਵ ਬਣਿਆ ਰਹਿੰਦਾ ਹੈ। ਨਿਰਸੰਦੇਹ, ਟੈਲੀਵੀਜ਼ਨ ਦੀ ਆਪਣੀ ਇੱਕ ਵੱਖਰੀ ਪਛਾਣ ਹੈ, ਪ੍ਰੰਤੂ ਜ਼ਰਾ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਦੂਸਰੇ ਮਧਿਅਮਾਂ ਦਾ ਇੱਕ ਜੰਕਸ਼ਨ ਵੀ ਪ੍ਰਤੀਤ ਹੁੰਦਾ ਹੈ। ਕੀ ਰੰਗਮੰਚ, ਕੀ ਸਾਹਿਤ, ਕੀ ਗਾਇਕੀ, ਕੀ ਦ੍ਰਿਸ਼ਕਲਾ ਸਭਨਾਂ ਦਾ ਸੰਗਮ ਟੈਲੀਵੀਜ਼ਨ ਦੀ ਸਕਰੀਨ ’ਤੇ ਹੋ ਜਾਂਦਾ ਹੈ। ਕਲਾ ਮਧਿਅਮਾਂ ਦੇ ਇਸ ਸੁਮੇਲ ਵਿੱਚ ਜਿਹੜੀਆਂ ਸਖਸੀਅਤਾਂ ਪਿਛਲੇ ਕੁੱਝ ਅਰਸੇ ਤੋਂ ਅਹਿਮ ਅਤੇ ਸਿਰਜਣਾਤਮਕ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਵਿੱਚ ਇੱਕ ਉਘੜਵਾਂ ਨਾ ਹੈ ਰਾਜੀਵ ਦਾ। ਰੰਗਮੰਚ ਦਾ ਪਿਛੋਕੜ ਰੱਖਣ ਵਾਲਾ ਰਾਜੀਵ ਵਿਸ਼ੇਸ਼ ਟੀ.ਵੀ. ਪ੍ਰੋਗਰਾਮਾਂ ਦਾ ਪ੍ਰਮੁੱਖ ਨਿਰਮਾਤਾ ਅਤੇ ਨਿਰਦੇਸ਼ਕ ਹੈ।
ਲੁਧਿਆਣਾ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਮੁੱਲਾਂਪੁਰ ਦੇ ਹੌਲਦਾਰ ਦਾ ਮੁੰਡਾ ਰਾਜੀਵ ਨਰਮ ਸੁਭਾਅ ਦਾ ਸਨੁੱਖਾ ਅਤੇ ਸੰਵੇਦਨਸ਼ੀਲ ਨੌਜਵਾਨ ਹੈ। ਪੰਜਾਬ ਵਿੱਚ ਅਤਿਵਾਦ ਦੀ ਹਨ੍ਹੇਰੀ ਝੁੱਲਣ ਤੋਂ ਥੋੜ੍ਹਾ ਸਮਾਂ ਪਹਿਲਾ ਉਸ ਨੂੰ ਮਰਹੂਮ ਰੰਗ ਕਰਮੀ ਸੁਖਦੇਵ ਪ੍ਰੀਤ ਵਰਗੇ ਮਿੱਤਰਾਂ ਦਾ ਸਾਥ ਮਿਲਿਆ। ਫੇਰ ਉਸਨੇ ਸਥਾਨਿਕ ਰੰਗ ਮੰਡਲੀ ਸਥਾਪਤ ਕਰਕੇ ਕੁੱਝ ਨਾਟਕ ਕੀਤੇ, ਕਾਫੀ ਸਮਾਂ ਗੁਰਸ਼ਰਨ ਸਿੰਘ ਦੇ ਗਰੁੱਪ ਵਿੱਚ ਕੰਮ ਕੀਤਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਤੋਂ ਤਾਲੀਮ ਹਾਸਿਲ ਕੀਤੀ ਤੇ ਇਹ ਫ਼ੈਸਲਾ ਕਰ ਲਿਆ ਕਿ ਕੇਵਲ ਰੰਗਮੰਚ ਤੱਕ ਹੀ ਸੀਮਿਤ ਨਹੀਂ ਰਹਿਣਾ, ਅੱਗੇ ਵੱਧਣਾ ਹੈ। ਇਸ ਤਰ੍ਹਾਂ ਉਸ ਨੇ ਆਪਣੇ ਜਿੰਦਗੀ ਦਾ ਨਿਰਣਾਇਕ ਮੋੜ ਕੱਟਦਿਆਂ ਇੱਕ ਪਾਸ਼ੇ ਨਿੱਜੀ ਪੱਧਰ ’ਤੇ ਕੁੱੱਝ ਵਿਸ਼ੇਸ਼ ਦਸਤਾਵੇਜ਼ੀ ਟੈਲੀ-ਫਿਲਮਾਂ ਦਾ ਨਿਰਮਾਣ ਕੀਤਾ, ਦੂਜੇ ਪਾਸੇ ਟੀ.ਵੀ. ਚੈੱਨਲਾਂ ਦੇ ਪ੍ਰੋਗਰਾਮ ਵੀ ਕਰਨੇ ਸ਼ੁਰੂ ਕਰ ਦਿੱਤੇ। ਰਾਜੀਵ ਲਈ ਆਪਣੀ ਰੰਗਕਰਮੀ-ਪ੍ਰਤਿਭਾ ਦੇ ਵਿਸਥਾਰ ਵਜੋਂ ਅਜਿਹਾ ਕਰਨਾ ਬਹੁਤ ਜਰੂਰੀ ਸੀ।
ਰਾਜੀਵ ਦਸਤਾਵੇਜ਼ੀ ਟੈਲੀਫਿਲਮ ” ਆਪਣਾ ਪਾਸ਼” ਰਾਹੀਂ ਚਰਚਾ ਵਿੱਚ ਆਇਆ। ਦਹਿਸ਼ਤਗਰਦਾਂ ਹੱਥੋਂ ਇਨਕਾਲਾਬੀ ਕਵੀ ਪਾਸ਼ ਦੇ ਕਤਲ ਮਗਰੋਂ ਰਾਜੀਵ ਨੇ ਇਹ ਫਿਲਮ ਇੱਕ ਸ਼ਰਧਾਂਲਜੀ ਵਜੋਂ ਬਣਾਈ ਸੀ। ਇਸ ਫਿਲਮ ਵਿੱਚ ਪਾਸ਼ ਦੀ ਇਨਕਾਲਾਬੀ ਸ਼ਖਸੀਅਤ ਦੇ ਵਿਕਾਸ ਨੂੰ ਉਸ ਦੀਆਂ ਰਚਨਾਵਾਂ, ਸਮਕਾਲੀ ਘਟਨਾਵਾਂ ਅਤੇ ਵਿਦਵਾਨਾਂ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਦਰਸਾਇਆ ਗਿਆ ਹੈ। ਪਾਸ਼ ਦੀ ਜ਼ਿੰਦਗ਼ੀ ਦੇ ਕੁੱਝ ਅਹਿਮ ਵਾਕਿਆ ਅਤੇ ਦੁਰਲੱਭ ਦ੍ਰਿਸ਼ ਇਸ ਫਿਲਮ ਵਿੱਚ ਸਾਂਭ ਲਏ ਗਏ ਹਨ। ਇਹ ਫਿਲਮ ਨਾ ਕੇਵਲ ਪਾਸ਼ ਦੀ ਜ਼ਿੰਦਗ਼ੀ ’ਤੇ ਅਧਾਰਤ ਹੋਣ ਕਾਰਨ ਮਹੱਤਵਪੂਰਨ ਹੈ, ਸਗੋਂ ਰਾਜੀਵ ਦੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਵੀ ਪ੍ਰਮਾਣ ਹੈ।
ਕੇਵਲ ਇਨਕਾਲਾਬੀ ਵਿਰਸੇ ਪ੍ਰਤੀ ਹੀ ਨਹੀਂ ਸਗੋਂ ਸੱਭਿਆਚਾਰਕ ਵਿਰਸੇ ਪ੍ਰਤੀ ਵੀ ਰਾਜੀਵ ਪੂਰੀ ਤਰ੍ਹਾਂ ਸੁਚੇਤ ਹੈ। ਪੰਜਾਬ ਵਿੱਚ ਲੋਕ ਗਾਇਕੀ ਦੀ ਇੱਕ ਅਮੀਰ ਪਰੰਪਰਾ ਹੈ, ਜਿਸ ਨੂੰ ਸਮਕਾਲੀ ਬਜ਼ਾਰੂ ਗਾਇਕੀ ਨੇ ਲਗਪਗ ਰੋਲ ਕੇ ਰੱਖ ਦਿੱਤਾ ਹੈ। ਪਰੰਪਰਿਕ ਗਾਇਕੀ ਦੇ ਅਦੁੱਤੀ ਸੁਹਜ ਨੂੰ ਮੁੜ ਤੋਂ ਉਜਾਗਰ ਕਰਨ ਲਈ ਰਾਜੀਵ ਨੇ ਆਪਣੇ ਕੈਮਰੇ ਦਾ ਮੂੰਹ ਢਾਡੀ ਈਦੂ ਸ਼ਰੀਫ ਤੇ ਹੋਰ ਬਚੇ ਖੁੱਚੇ ਲੋਕ ਗਾਇਕਾਂ ਵੱਲ ਮੋੜ ਲਿਆ ਅਤੇ ਇਨ੍ਹਾਂ ਉਪਰ ਬੇ-ਜੋੜ ਟੈਲੀ ਫਿਲਮਾਂ ਬਣਾਈਆਂ।
ਮਹਾਂਨਗਰਾ ਦੇ ਵੱਡੇ ਟੀ.ਵੀ. ਚੈੱਨਲਾਂ ‘ਤੇ ਕੰਮ ਕਰਕੇ ਜਦੋਂ ਉਹ ਪਿਛੇ ਜਿਹੇ ਆਪਣੇ ਜੱਦੀ ਕਸਬੇ ਵਿੱਚ ਕੁੱਝ ਦਿਨਾਂ ਲਈ ਪਰਤਿਆ ਤਾਂ ਉਸ ਦੇ ਸ਼ੁਰੂਆਤੀ ਸਮੇਂ ਦੇ ਕਲਾਕਾਰਾਂ ਵਿਚੋਂ ਕੋਈ ਦਵਾਈਆਂ ਦੀ ਦੁਕਾਨ ਕਰ ਰਿਹਾ ਸੀ ,ਕੋਈ ਕੱਪੜੇ ਦੀ, ਕੋਈ ਹੋਟਲ ਵਿੱਚ ਵੇਟਰ ਬਣਿਆ ਹੋਇਆ ਸੀ ਤੇ ਕੋਈ ਬਿਜਲੀ ਬੋਰਡ ਦੇ ਖੰਭਿਆ ‘ਤੇ ਕੰਮ ਕਰ ਰਿਹਾ ਸੀ। ਰਾਜੀਵ ਨੇ ਸਭ ਨੂੰ ਮੁੜ ਇਕੱਠਾ ਕੀਤਾ ਤੇ ਸਰਵਮੀਤ ਦੀ ਕਹਾਣੀ ‘ਤੇ ਟੈਲੀਫਿਲਮ ”ਕਲਾਣ” ਬਣਾ ਲਈ। ਇਹ ਫਿਲਮ ਪਹਿਲੀ ਨਜ਼ਰੇ ਬੜੀ ਸਰਲ ਜਿਹੀ ਪ੍ਰਤੀਤ ਹੁੰਦੀ ਹੈ, ਪ੍ਰੰਤੂ ਜਾਤ ਦੇ ਯਥਾਰਥ ਦੀਆਂ ਕਈ ਪਰਤਾਂ ਫਰੋਲਦੀ ਹੈ ਤੇ ਇਸ ਦਾ ਸੁਨੇਹਾ ਵੀ ਬਹੁਤ ਵੱਡਾ ਹੈ।

ਜ਼ੀ.ਟੀ.ਦੇ ਪ੍ਰਮੁੱਖ ਮਨੋਰੰਜਨ ਚੈੱਨਲ ਲਈ ਰਾਜੀਵ ਨੇ ਤਿੰਨ ਸਾਲ ਕੰਮ ਕੀਤਾ। ਉਹ ਪਹਿਲਾਂ ਕਾਰਜਕਾਰੀ ਨਿਰਮਾਤਾ ਬਣਿਆ ਅਤੇ ਫਿਰ ਤਰੱਕੀ ਕਰਕੇ ‘ ਗਰੁੱਪ ਹੈੱਡ ਆਫ ਪ੍ਰੋਗਰਾਮਿੰਗ’ ਦੇ ਵੱਕਾਰੀ ਅਹੁਦੇ ‘ਤੇ ਪਹੁੰਚ ਗਿਆ। ਰਾਸ਼ਟਰੀ ਪੱਧਰ ‘ਤੇ ਕਿਸੇ ਪੰਜਾਬੀ ਵਲੋਂ ਪ੍ਰਾਪਤ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਅਹੁਦਾ ਸੀ। ਇਸ ਦੌਰਾਨ ਉਸ ਨੇ ਅਮਾਨਤ, ਕੋਸ਼ਿਸ਼, ਏਕ ਆਸ਼ਾ, ਬਸੇਰਾ, ਅਸ਼ੀਰਵਾਦ, ਮਹਿੰਦੀ ਤੇਰੇ ਨਾਮ ਕੀ, ਕਿੱਟੀ ਪਾਰਟੀ, ਬਾਬਲ ਕੀ ਦੁਆਏਂ ਲੇਤੀ ਜਾ ਅਤੇ ਰਿਸ਼ਤੇ ਆਦਿ ਲੋਕਪ੍ਰਿਯ ਲੜੀਵਾਰਾਂ ਦਾ ਨਿਰਮਾਣ ਕੀਤਾ। ਸੰਨ 2004 ਵਿਚ ਉਸ ਨੂੰ ‘ਰੈਪੀ ਫਿਲਮਜ਼ ਜਕਾਰਤਾ ਇੰਡੋਨੇਸ਼ੀਆ’ ਨੇ ਕੰਮ ਕਰਨ ਦਾ ਮੌਕਾ ਦਿੱਤਾ ਜਿਸ ਨਾਲ ਉਸ ਨੂੰ ਕੌਮਾਂਤਰੀ ਟੈਲੀਵਿਜ਼ਨ ਦਾ ਅਨੁਭਵ ਹਾਸਿਲ ਹੋਇਆ।
ਦੂਰਦਰਸ਼ਨ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ‘ਸੁਰਭੀ’ ਲਈ ਰਾਜੀਵ ਨੇ ਕਈ ਦੁਰਲੱਭ ਪ੍ਰੋਗਰਾਮ ਬਣਾਏ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉਸ ਨੇ ਭਾਰਤ ਦੇ ਦੂਰ ਦੁਰੇਡੇ ਇਲਾਕਿਆਂ ਦਾ ਵੰਨ-ਸੁਵੰਨਾ ਜੀਵਨ, ਜੰਗਲ ਦਾ ਜੀਵਨ ਅਤੇ ਸਮੁੰਦਰੀ ਜਹਾਜ਼ਾਂ ਦੇ ਕਚਰੇ ਦੀ ਮੰਡੀ ਦੇ ਜ਼ੋਖਮ ਭਰੇ ਤੇ ਅਸਲੋਂ ਅਸਧਾਰਨ ਪ੍ਰੋਗਰਾਮ ਬਣਾਏ। ਇਹ ਕੰਮ ਏਨਾ ਉੱਚ ਪਾਏ ਦਾ ਹੈ ਕਿ ਕਿਸੇ ਸਧੇ ਹੋਏ ਪ੍ਰੌਢ ਅਤੇ ਪ੍ਰਬੁੱਧ ਫਿਲਮਸਾਜ਼ ਕੋਲੋਂ ਹੀ ਅਜਿਹੇ ਕੰਮ ਦੀ ਆਸ ਰੱਖੀ ਜਾ ਸਕਦੀ ਹੈ। ਰਾਜੀਵ ਵਲੋਂ ਬਣਾਈ ਗਈ “ਸੱਗੀ ਫੁੱਲ” ਡੀ ਵੀ ਡੀ ਨਿਰੋਲ ਗਿੱਧੇ ‘ਤੇ ਅਧਾਰਤ ਹੈ। ਇਹ ਸਾਫ ਸੁਥਰੀ ਫਿਲਮ ਕੈਨੇਡਾ ਅਤੇ ਅਮਰੀਕਾ ਦੇ ਲਗਭਗ ਹਰ ਪੰਜਾਬੀ ਦੀ ਬੈਠਕ ਦਾ ਸ਼ਿੰਗਾਰ ਹੈ।
ਪਿਛਲੇ ਵਰ੍ਹੇ ਤੋਂ ਰਾਜੀਵ ‘ਚੈੱਨਲ ਪੰਜਾਬ’ ਵਿੱਚ ਕੰਮ ਕਰ ਰਿਹਾ ਹੈ। ਇਸ ਚੈੱਨਲ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਸਾਰੇ ਪ੍ਰੋਗਰਾਮਾਂ ਪਿਛੇ ਰਾਜੀਵ ਦੀ ਸੋਚ ਹੈ। ਡੇਢ ਕਾ ਸਾਲ ਦੇ ਥੋੜ੍ਹੇ ਜਿਹੇ ਅਰਸੇ ਦੌਰਾਨ ਹੀ ਇਹ ਚੈੱਨਲ ਇੰਗਲੈਡ ਅਤੇ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਮਕਬੂਲ ਹੋ ਗਿਆ ਹੈ। ਇਸ ਦੇ ਪਰਮੋਟਰਾਂ ਰਣਜੀਤ ਸਿੰਘ ਡੇਰੇਵਾਲ ਅਤੇ ਜਸਵੀਰ ਡੇਰੇਵਾਲ ਨੂੰ ਇਸ ਚੈੱਨਲ ਲਈ ਤਿੰਨ ਵੱਡੇ ਐਵਾਰਡ ਇਕ ਸਾਲ ਵਿਚ ਹੀ ਮਿਲੇ ਹਨ। ਇਸ ਚੈੱਨਲ ਲਈ ਉਹ ਹੁਣ ਤੱਕ 112 ਮੌਲਿਕ ਪ੍ਰੋਗਰਾਮ ਬਣਾ ਚੁੱਕਾ ਹੈ। ਇਹ ਚੈੱਨਲ ਦਿਨ ਵਿੱਚ 7-8 ਘੰਟੇ ਮੌਲਿਕ ਪ੍ਰੋਗਰਾਮ ਪੇਸ਼ ਕਰਦਾ ਹੈ।
‘ਚੈੱਨਲ ਪੰਜਾਬ’ ਕੋਲ ਪ੍ਰੋਗਰਾਮਾਂ ਦੀ ਇੱਕ ਲੰਬੀ ਰੇਂਜ਼ ਹੈ ਅਤੇ ਇਹੋ ਇਸ ਦੀ ਮਕਬੂਲੀਅਤ ਦੀ ਇੱਕ ਮੁੱਖ ਵਜਾ ਵੀ ਹੈ। ‘ਚੈੱਨਲ ਪੰਜਾਬ’ ਦੇ ਬਾਰਾਂ ਪ੍ਰੋਗਾਰਮ ਤਾਂ ਪਰਵਾਸੀ ਪੰਜਾਬੀਆਂ ਦੇ ਮਨ-ਭਾਉਂਦੇ ਪ੍ਰੋਗਰਾਮ ਬਣ ਗਏ ਹਨ। ‘ਤੜਕੇ-ਤੜਕੇ’ ਪ੍ਰੋਗਰਾਮ ਪੰਜਾਬੀਆਂ ਨੂੰ ਖੁਸ਼ੀ ਦੇ ਰੌਂਅ ਵਿੱਚ ਕੰਮ ‘ਤੇ ਤੋਰਦਾ ਹੈ। ‘ਤ੍ਰਿੰਝਣ’ ਨਾਰੀ ਚੇਤਨਾ ਦਾ ਪ੍ਰੋਗਰਾਮ ਹੈ।’ਮੇਰਾ ਰੰਗਲਾਂ ਪੰਜਾਬ’ ਵਿਚ ਪੰਜਾਬ ਦੀਆਂ ਵਿਸ਼ੇਸ਼ ਥਾਵਾਂ ਅਤੇ ਪੰਜਾਬ ਦੀ ਸ਼ਾਨ ਵਧਾਉਣ ਵਾਲੀਆਂ ਸਖਸ਼ੀਅਤਾਂ ਨਾਲ ਮੁਲਕਾਤਾਂ ਦਿਖਾਈਆ ਜਾਂਦੀਆਂ ਹਨ। ਪੰਜਾਬ ਦੀਆਂ ਰਹੁ ਰੀਤਾਂ ਤੇ ਤਿੱਥ ਤਿਉਹਾਰਾਂ ਦੀ ਵਾਕਫ਼ੀ ਇਸ ਪ੍ਰੋਗਰਾਮ ਵਿੱਚ ਹੁੰਦੀ ਹੈ। ‘ਜਾਦੂ-ਟੂਣਾ’ ਤਰਕਸ਼ੀਲਤਾ ਦੀ ਮੁਹਿੰਮ ਨਾਲ ਜੁੜਿਆ ਹੋਇਆ ਹੈ। ‘ਸਪੀਕਰ ਖੜਕੇ’ ਪ੍ਰੋਗਰਾਮ ਅਖਾੜਾ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਦਾ ਉਪਰਾਲਾ ਹੈ। ‘ਵਾਰਿਸ ਪੰਜਾਬ ਦੇ’ ਪ੍ਰੋਗਰਾਮ ਵਿੱਚ ਪੰਜਾਬ ਦੀ ਲੋਕ ਗਾਇਕੀ ਕਵੀਸ਼ਰੀ, ਵਾਰਾਂ ਆਦਿ ਦੇ ਰੰਗ ਬੱਝਦੇ ਹਨ। ‘ਮਹਿਫ਼ਲ’ ਪ੍ਰੋਗਰਾਮ ਵਿੱਚ ਹਲਕੀ ਪੱਕੀ ਗਾਇਕੀ ਪੇਸ਼ ਕੀਤੀ ਜਾਂਦੀ ਹੈ। ‘ਕਨਸਰਨ’ ਪ੍ਰੋਗਰਾਮ ਵਿੱਚ ਪੰਜਾਬ ਨਾਲ ਜੁੜੇ ਗੰਭੀਰ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਜਾਂਦੀ ਹੈ। ‘ਅਦਬੀ ਦਰਵਾਜ਼ਾ’ ਸਾਹਿਤਕ ਪ੍ਰੋਗਰਾਮ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਪ੍ਰਸਿੱਧ ਪੰਜਾਬੀ ਲੇਖਕਾਂ ਨਾਲ ਮੁਲੱਕਾਤਾਂ ਕਰਵਾਈਆਂ ਜਾਂਦੀਆਂ ਹਨ ਅਤੇ ਮਿਆਰੀ ਸਾਹਿਤਕ ਪੁਸਤਕਾਂ ਉਪਰ ਚਰਚਾ ਕੀਤੀ ਜਾਂਦੀ ਹੈ। ‘ਰਾਗ ਰਤਨ’ ਪ੍ਰੋਗਰਾਮ ਵਿੱਚ ਗੁਰਬਾਣੀ ਦਾ ਨਿਰਧਾਰਤ ਰਾਗਾਂ ਵਿੱਚ ਗਾਇਨ ਪੇਸ਼ ਕੀਤਾ ਜਾਂਦਾ ਹੈ।
‘ਚੈੱਨਲ ਪੰਜਾਬ’ ਕਿਸੇ ਨਾ ਕਿਸੇ ਕਾਰਨ ਹਰ ਵਰਗ ਦੀ ਪਸੰਦ ਬਣਿਆ ਹੈ। ਵਲੈਤ ਵੱਸਦੇ ਸ਼ਾਇਰ ਤੇ ਬੁੱਧੀ ਜੀਵੀ ਰਾਜੀਵ ਨੂੰ ਥਾਪੜਾ ਦਿੰਦਿਆ ਕਹਿੰਦੇ ਹਨ ਕਿ ‘ਮੇਰਾ ਰੰਗਲਾ ਪੰਜਾਬ’ ਪ੍ਰੋਗਰਾਮ ਦੇਖ ਕੇ ਪੰਜਾਬ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਪਹਿਲੀ ਵਾਰ ਪਤਾ ਲੱਗ ਰਿਹਾ ਹੈ। ਇੱਕ ਗਰਮ ਖਿਆਲੀ ਗੁਰ ਸਿੱਖ ਨੇ ਉਸ ਨੂੰ ਇਹ ਕਹਿ ਕੇ ਸ਼ਾਬਾਸ਼ ਦਿੰਤੀ ਕਿ ਤੁਹਾਡੇ ਚੈੱਨਲ ਨੇ ਇਕ ਸਾਲ ‘ਚ ਉਹ ਕੁਝ ਕਰ ਵਿਖਾਇਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 50 ਸਾਲ ਵਿੱਚ ਨਹੀਂ ਕਰ ਸਕੀ। ਸੰਗੀਤ ਨਿਰਦੇਸ਼ਕ ਅਤੇ ਗਾਇਕ ਸੁਖਸ਼ਿੰਦਰ ਛਿੰਦਾ ਚੈੱਨਲ ਪੰਜਾਬ ਦੇ ਰਾਗਾਂ ‘ਤੇ ਅਧਾਰਿਤ ਗੁਰਬਾਣੀ ਗਾਇਨ ਪ੍ਰੋਗਰਾਮ ‘ਰਾਗ-ਰਤਨ’ ਦਾ ਦੀਵਾਨਾ ਹੈ। ਮਸ਼ਹੂਰ ‘ਗਲਾਸੀ ਜੰਕਸ਼ਨ’ ਵਿੱਚ ਇਸ ਚੈੱਨਲ ਦਾ ਪ੍ਰੋਗਰਾਮ ‘ਸਪੀਕਰ ਖੜਕੇ’ ਚੱਲਦਾ ਹੈ। ‘ਜਾਦੂ-ਟੂਣਾ’ ਪ੍ਰੋਗਰਾਮ ਕਰਕੇ ਤਰਕਸ਼ੀਲਾਂ ਨੂੰ ਇਹ ਚੈੱਨਲ ਆਪਣਾ-ਆਪਣਾ ਲੱਗਦਾ ਹੈ। ਨਿਕਟ ਭਵਿੱਖ ਵਿੱਚ ਪੰਜਾਬ ਵਿੱਚ ਵੀ ‘ਚੈੱਨਲ ਪੰਜਾਬ’ ਸ਼ੁਰੂ ਕਰਨ ਦੀ ਯੋਜਨਾ ਵੀ ਲਗਪਗ ਸਿਰੇ ਲੱਗਣ ਹੀ ਵਾਲੀ ਹੈ।
ਰਾਜੀਵ ਨਕਸਲੀ ਲਹਿਰ ਦੇ ਯਥਾਰਥ ਨਾਲ ਜੁੜੀਆਂ ਕਹਾਣੀਆਂ ਨੂੰ ਫਿਲਮਾਉਣ ਦੀ ਯੋਜਨਾ ਬਣਾਈ ਬੈਠਾ ਹੈ। ਇਸ ਉਦੇਸ਼ ਲਈ ਉਸ ਨੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ‘ਮੱਛੀ’ ਦੀ ਚੋਣ ਕੀਤੀ ਹੈ, ਹੋਰ ਕਹਾਣੀਆਂ ਦੀ ਅਜੇ ਤਲਾਸ ਹੈ। ਪੰਜਾਬੀ ਚੈੱਨਲਾਂ ਦੇ ਸਭ ਤੋਂ ਹਨ੍ਹੇਰੇ ਦੌਰ ਵਿੱਚ ਰਾਜੀਵ ਸਿਆਣਪ ਅਤੇ ਸੁਹਿਰਦਤਾ ਦੇ ਸੂਰਜ ਦੀ ਕਿਰਨ ਹੈ।ਨਿਰਸੰਦੇਹ ਉਹ ਛੋਟੇ ਪਰਦੇ ਦੀ ਵੱਡੀ ਆਸ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!