ਤੇਰੇ ਨਾਲ ਨਾਲ
ਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰੂ
ਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ
ਅਜੇ ਤਾਂ ਕੁਝ ਕਹਿ ਨਹੀਂ ਹੋ ਰਿਹਾ
ਬੌਰੀ ਹਾਂ
ਆਪਣੇ ਹੀ ਭਾਰ ਹੇਠਾਂ ਦੱਬੀ
ਤੇਰੀਆਂ ਹਵਾਵਾਂ
ਮੇਰੇ ਤੋਂ ਫਾਲਤੂ ਮਿੱਟੀ ਝਾੜ ਸਕਦੀਆਂ
ਮੈਂ ਫੁੱਟਣਾ ਚਾਹੁੰਦੀ ਹਾਂ ਤੇਰੀ ਮਿੱਟੀ ਹੇਠਾਂ
ਆਪਣੀ ਧੁੱਪ ਦਾ ਤਰੌਕਾ ਦੇ
ਸੀਤਾ ਨਹੀਂ ਮੈਂ
ਜੋ ਆਪਣੀ ਹੀ ਜ਼ਮੀਨ ’ਚ ਧੱਸ ਜਾਵਾਂ
ਆਪਣੀ ਮਿੱਟੀ ਨੂੰ ਪਾੜਕੇ ਮੁੜ ਜੰਮਾਂਗੀ
ਸੁਣਨੀ ਏ ਅਜੇ
ਮੈਂ ਆਪਣੀਆਂ ਜੜ੍ਹਾਂ ਦੀ ਲੋਰੀ
ਤਣੇ ਦੇ ਕੰਧਾੜੇ ਚੜ੍ਹ ਦੇਖਣਾ ਏ
ਤੇਰੀ ਕੁਦਰਤ ਦਾ ਮੇਲਾ
ਪਾਲਣੇ ਨੇ ਆਪਣੇ ਗਰਭ ’ਚ
ਤੇਰੀ ਅੱਗ ਦੇ ਰੰਗ
ਟਪਕਣਾ ਏ ਪੱਕੇ ਫਲ ਵਾਂਗ
ਆਪਣੇ ਵਜੂਦ ਤੋਂ
ਬਿਖਰਨਾ ਏ ਪੱਤੀ ਪੱਤੀ
ਤੇਰੇ ਕੋਲ ਕੋਲ, ਨਾਲ ਨਾਲ
ਆ ਜੀਰ ਜਾ ਮੇਰੇ ਅੰਦਰ
ਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰ
ਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ
ਅਜੀਬ ਭਾਵ
ਅਜੀਬ ਭਾਵ ਨੇ
ਤੇਰੇ ਚਿਹਰੇ ’ਤੇ ਅੱਜ ਕੱਲ੍ਹ
ਏਨਾ ਮੁਸਕਰਾਂਦਾ ਏ
ਕਿ ਚਿਹਰੇ ਦੀਆਂ ਵਿੱਥਾਂ ’ਚ ਉਦਾਸੀ ਛੁਪਾ ਲੈਂਨੈਂ
ਕਦੇ ਮੇਰੇ ਵੱਲ ਵੇਖੀ ਜਾਂਦੈ ਇਕ ਟਕ
ਕਦੇ ਮੇਰੀ ਤਸਵੀਰ ਤੋਂ ਵੀ ਨਜ਼ਰ ਚੁਰਾ ਲੈਨਾ
ਘੂਰਦਾ ਰਹਿੰਨੈਂ ਛੱਤ ਨੂੰ
ਜਿਵੇਂ ਫਰਸ਼ ਦੀ ਧਮਕ ਸੁਣ ਰਿਹਾ ਹੋਵੇਂ
ਕਿੰਨਾ ਬੋਲਦਾ ਏਂ ਕਦੀ
ਆਪਣੀ ਚੁੱਪ ਤੋਂ ਡਰਦਾ
ਤੇ ਕਦੇ ਮੇਲੇ ’ਚ
ਧੂਣੀ ਲਗਾ ਬੈਠ ਜਾਂਨੈ ਆਪਣੇ ਅੰਦਰ
ਕੀ ਲੱਭ ਰਿਹੈਂ ਅੱਜ ਕੱਲ੍ਹ
ਕਿ ਆਪਣਾ ਆਪ ਵੀ ਗਵਾ ਦੇਣਾ ਚਾਹੁੰਨੈਂ।