ਬਾਵਾ ਬਲਵੰਤ ਨਾਲ ਘਰ ਦੀ ਤਲਾਸ਼ – ਸਤੀ ਕੁਮਾਰ

Date:

Share post:

ਸਾਨੂੰ ਇਹ ਲਿਖਦਿਆਂ ਦੁੱਖ ਹੋ ਰਿਹਾ ਹੈ ਕਿ 'ਹੁਣ' ਦੇ ਪਾਠਕਾਂ ਲਈ ਸਤੀ ਕੁਮਾਰ ਦੀ ਇਹ ਅੰਤਲੀ ਲਿਖਤ ਹੈ। ਉਹ ਚੜ੍ਹਦੇ ਸਾਲ ਦੇ ਪਹਿਲਿਆਂ ਹਫਤਿਆਂ ਵਿਚ ਹੀ ਸਾਨੂੰ ਸਦਾ ਲਈ ਵਿਦਾ ਕਹਿ ਗਿਆ। ਹੁਣ ਨਾਲ ਉਸਦਾ ਖਾਸ ਲਗਾਉ ਸੀ ਤੇ ਇਹ ਲੇਖ ਵੀ ਉਸਨੇ ਸਾਨੂੰ ਬੜੇ ਚਾਅ ਨਾਲ ਭੇਜਿਆ ਸੀ । - ਸੰਪਾਦਕ

ਅਸੀਂ ਇਕ ਸੁਬਾਹ ਘਰ ਦੀ ਤਲਾਸ਼ ਵਿਚ ਨਿਕਲ ਪਏ। ਮੈਂ ਅਤੇ ਬਾਵਾ ਬਲਵੰਤ।
ਘਰ ਦੀ ਮੈਨੂੰ ਲੋੜ ਸੀ।
”ਕਰੋਲ ਬਾਗ ਚਲਦੇ ਹਾਂ। ਉਥੇ ਇਕ ਮਕਾਨ ਮਾਲਕ ਅਪਣਾ ਵਾਕਿਫ਼ ਹੈ।” ਬਾਬਾ ਬਲਵੰਤ ਨੇ ਆਖਿਆ ਸੀ
ਇਹ 1960 ਦੇ ਆਸਪਾਸ ਦੀ ਗੱਲ ਹੈ। ‘ਸ਼ੁਗੰਧ ਸਮੀਰ’ ਪਿੱਛੋਂ ਬਾਵੇ ਨੇ ਲਿਖਣਾ ਲਗਭਗ ਬੰਦ ਕਰ ਰੱਖਿਆ ਸੀ। ਉਸ ਦਾ ਬਹੁਤਾ ਸਮਾਂ ਦਿੱਲੀ ਪਬਲਿਕ ਲਾਇਬਰੇਰੀ ਵਿਚ ਗੁਜ਼ਰਦਾ ਜਾਂ ਸ਼ਾਹਦਰੇ ਦੇ ਇਕ ਆਰਟਿਸਟ ਦੀਪਕ ਹੁਰਾਂ ਨਾਲ ਦਿੱਲੀ ਦੀਆਂ ਸੜਕਾਂ ਨਾਪਦਿਆਂ। ਬਾਵੇ ਦੀ ਕਵਿਤਾ ਵਿਚ ਭਾਵੇਂ ਖੜੋਤ ਆਈ ਹੋਈ ਸੀ, ਪਰ ਉਸ ਦੀ ਜ਼ਿੰਦਗੀ ‘ਚ ਅੰਤਾਂ ਦਾ ਵੇਗ ਸੀ। ਕਵਿਤਾ ਛੱਡ ਕੇ ਉਹ ਦਿੱਲੀ ਦਾ ਪਦ-ਯਾਤਰੀ ਬਣ ਗਿਆ ਜਾਪਦਾ ਸੀ।
ਮੈਂ ਕੁਝ ਮਹੀਨੇ ਕਲਕੱਤਾ ਅਵਾਰਾਗਰਦੀ ਕਰ ਕੇ ਦਿੱਲੀ ਆਇਆ ਸੀ। ਟੈਗੋਰ, ਬੰਕਿਮ ਅਤੇ ਸ਼ਰਤ ਦੀਆਂ ਕਿਤਾਬਾਂ ਵਿਚਲਾ ਬੰਗਾਲ ਉਹਨੀਂ ਦਿਨੀਂ ਅਜੀਬ ਖਿੱਚ ਰੱਖਦਾ ਸੀ। ਬੰਗਾਲੀ ਕਵਿਤਾ ਦੀ ‘ਭੁੱਖੀ ਪੀੜ੍ਹੀ’ ਦੀ ਆਪਣੀ ਖਿੱਚ ਸੀ। ਪਰ ਜਿਸ ਬੰਗਾਲ ਨਾਲ ਮੇਰਾ ਸਾਹਮਣਾ ਹੋਇਆ ਉਹ ਦੂਸਰਾ ਹੀ ਬੰਗਾਲ ਸੀ।
ਮੈਨੂੰ ਯਾਦ ਹੈ ਕਿ ਮਦਨ ਨਾਂ ਦਾ ਇਕ ਲਿੱਸਾ ਜਿਹਾ ਮੁੰਡਾ ਸੁੱਕੇ ਹੋਏ ਤਲਾਓ ਵਿਚ ਮਛਲੀ-ਕੰਡਾ ਸੁੱਟੀ ਦਿਨ ਭਰ ਬੈਠਾ ਊਂਘਦਾ ਰਹਿੰਦਾ। ਉਸ ਤਲਾਓ ਵਿਚ ਮਛਲੀ ਨੇ ਤਾਂ ਕੀ ਹੋਣਾ ਸੀ, ਪਾਣੀ ਵੀ ਬਸ ਲਿਸ਼ਕ ਭਰ ਹੀ ਸੀ। ਅਜੇਹਾ ਆਸ਼ਾਵਾਨ ਮਨੁੱਖ ਮੈਂ ਜਿੰਦਗੀ ਭਰ ਫੇਰ ਕਦੇ ਨਹੀਂ ਵੇਖਿਆ।
”ਹੰਝੂਆਂ ’ਚੋਂ ਮਛਲੀ ਪਕੜ ਰਹੇ ਹੋ ਮਦਨ ਦਾਦਾ’ ਮੈਂ ਹਮਦਰਦੀ ਅਤੇ ਅਪਣੱਤ ’ਚ ਉਸ ਨੂੰ ਆਖਦਾ। ਉਥੇ ਰਹਿ ਕੇ ਮੈਂ ਥੋੜ੍ਹੀ ਬਹੁਤ ਬੰਗਾਲੀ ਬੋਲਣ ਲੱਗ ਪਿਆ ਸੀ।
”ਹੰਝੂ ਕਿਥੇ ਨੇ ” ਉਸ ਦਾ ਜਵਾਬ ਹੁੰਦਾ ”ਹੰਝੂ ਹੁੰਦੇ ਤਾਂ ਮੈ ਉਹਨਾਂ ਨਾਲ ਇਹ ਤਲਾਓ ਭਰ ਦਿੰਦਾ! ਨਾ ਮਛਲੀ ਨੂੰ ਸ਼ਿਕਾਇਤ ਰਹਿੰਦੀ ਨਾ ਮੈਨੂੰ!”
ਇਹ ਦ੍ਰਿਸ਼ ਹਰ ਰੋਜ਼ ਰਿਪੀਟ ਹੁੰਦਾ। ਨਾ ਮਛਲੀ ਨੂੰ ਪਾਣੀ ਮਿਲਿਆ ਨਾ ਮਦਨ ਦਾਦਾ ਨੂੰ ਮਛਲੀ।
ਮੇਰਾ ਹਾਲ ਵੀ ਮਦਨ ਦਾਦਾ ਤੋਂ ਬਹੁਤਾ ਚੰਗਾ ਨਹੀੰ ਸੀ। ਵੀਹ ਕੁ ਸਾਲ ਦਾ ਸਾਂ ਮੈਂ। ਮਹਾਤਮਾ ਗਾਂਧੀ ਰੋਡ ਰਾਤ ਕੱਟਣ ਲਈ ਥਾਂ ਲੱਭ ਗਈ ਸੀ। ਉੱਥੋਂ ਚੁਰੰਗੀ ਪਹੁੰਚਣ ’ਚ ਅੱਧਾ ਦਿਨ ਬੀਤ ਜਾਂਦਾ। ਪਤਾ ਨਹੀੰ ਮੈੰ ਕੀ ਤਲਾਸ਼ ਰਿਹਾ ਸੀ। ਭੀੜਾਂ ਮਗਰ ਲਗਿਆ ਕਲੱਕਤੇ ਦੀਆਂ ਸੜਕਾਂ ‘ਤੇ ਐਵੇਂ ਫਿਰੀ ਜਾਂਦਾ।
ਇਹ ਉਹ ਦਿਨ ਸਨ ਜਦੋਂ ਮੇਰੇ ਵੇਖਦਿਆਂ ਵੇਖਦਿਆਂ ਬੰਗਾਲੀ ਕਵਿਤਾ ਦੀ ‘ਭੁੱਖੀ ਪੀੜੀ’ ਜੰਮੀ, ਪੁੰਗਰੀ ਅਤੇ ਸਾਰੇ ਬੰਗਾਲੀ ਸਾਹਿਤ ਉੱਤੇ ਛਾ ਗਈ। ਇਕ ਤਲਿਸਮ ਦੇ ਟੁੱਟ ਜਾਣ ਪਿੱਛੋਂ ਹੁਣ ਤੱਕ ਦਾ ਸੋਚਿਆ ਸਮਝਿਆ ਅਚਾਨਕ ਬੇਮਾਨੀ ਅਤੇ ਵਿਅਰਥ ਜਾਪਣ ਲੱਗ ਪਿਆ ਸੀ। ਭਵਿੱਖ ਵਜੋਂ ਸਿਰ ਉਤਲੀ ਹਵਾ ‘ਚ ਵੀਰਾਨੀ ਸੀ ਅਤੇ ਪੈਰਾਂ ਹੇਠ ਬੀਤੇ ਹੋਏ ਦਿਨਾਂ ਦੇ ਮਲਬੇ ਦਾ ਢੇਰ।
ਇਸ ਮਲਬੇ ਦੇ ਢੇਰ ਨੂੰ ਮਿਧਦਾ ਹੋਇਆ ਮੈਂ ਦਿੱਲੀ ਪੁੱਜਿਆ ਸੀ।
ਉਦੋਂ ਬਾਵਾ ਬਲਵੰਤ ਅਤੇ ‘ਚੇਤਨਾ’ ਦਾ ਸੰਪਾਦਕ ਸਵਰਨ ਦੋ ਕਮਰਿਆਂ ਦੇ ਇਕੋ ਮਕਾਨ ‘ਚ ਰਹਿੰਦੇ ਸੀ। ਸੋਚਿਆ ਸੀ ਕਿ ਉਹਨਾਂ ਕੋਲ ਇਕ ਅੱਧ ਦਿਨ ਦਿੱਲੀ ਰਹਿ ਕੇ ਅੱਗੇ ਤੁਰ ਜਾਵਾਂਗਾ ਪੰਜਾਬ ਨੂੰ। ਪਰ ਇਹ ਇਕ ਅੱਧ ਦਿਨ ਕਈ ਸਾਲ ਲੰਬਾ ਹੋ ਗਿਆ।
ਕਿਤੇ ਪੁੱਜਣ ਦੀ ਕੋਈ ਕਾਹਲ ਤਾਂ ਹੈ ਨਹੀਂ ਸੀ। ਕੁਝ ਦਿਨ ਕ੍ਰਿਸ਼ਨ ਨਗਰ ਬਾਵਾ ਬਲਵੰਤ ਅਤੇ ਸਵਰਨ ਨਾਲ ਰਿਹਾ ਅਤੇ ਫਿਰ ਅਪਣੀ ਛੱਤ ਹੇਠ ਰਹਿਣ ਦੀ ਲਾਲਸਾ ਜਾਗ ਪਈ।
ਬਾਵਾ ਬਲਵੰਤ ਨੂੰ ਵੇਖ ਕੇ ਮੈਨੂੰ ਬੜਾ ਅਫਸੋਸ ਹੁੰਦਾ। ਨਾ ਨੌਕਰੀ, ਨਾ ਕਿਸੇ ਕਿਤਾਬ ਦੀ ਆਮਦਨੀ, ਨਾ ਕੋਈ ਸਮਾਜਵਾਦੀ ਦੇਸ਼ਾਂ ਵਾਂਗ ਲੇਖਕੀ ਪੈਨਸ਼ਨ। ਨਾ ਕੋਈ ਰੇਡੀਓ ਪੋ੍ਰਗਰਾਮ ਅਤੇ ਨਾ ਮੁਸ਼ਾਇਰਿਆਂ ‘ਚ ਕਵਿਤਾ ਪਾਠ ਦਾ ਬੁਲਾਵਾ। ਦਿੱਲੀ ਵਿਚ ਪੰਜਾਬੀ ਸਭਿਆਚਾਰ ਦੇ ਹਾਕਮਾਂ ਨਾਲ ਸਮਝੌਤੇ ਕਰਨ ਦੀ ਬਜਾਏ ਬਾਵਾ ਬਲਵੰਤ ਨੇ ਇਕ ਪਹੁੰਚੇ ਹੋੇਏ ਫ਼ਕੀਰ ਵਾਂਗ ਅਪਣੀਆਂ ਜ਼ਰੂਰਤਾਂ ਨੂੰ ਹੀ ਇੰਨਾ ਘਟਾ ਲਿਆ ਸੀ ਕਿ ਜਿਉਂਦੇ ਜੀਅ ਉਸ ਨੂੰ ਕਿਸੇ ਦੇ ਤਰਲੇ ਨਾ ਕੱਢਣੇ ਪਏ। ਇਸੇ ਲਈ ਕਿਸੇ ਮੂਹਰੇ ਕਦੇ ਉਸ ਦੇ ਗੋਡੇ ਨਾ ਕੰਬੇ ਅਤੇ ਮੱਥਾ ਹਮੇਸ਼ਾ ਉੱਚਾ ਰਿਹਾ। ਉਸ ਦੇ ਚਿਹਰੇ ਉੱਤੇ ਅਜਿਹਾ ਸਕੂਨ ਸੀ ਜੋ ਕੋਈ ਪੁਰਸਕਾਰ ਨਹੀਂ ਦੇ ਸਕਦਾ। ਜੋ ਰੱਜੇ ਪੁੱਜੇ ਸੀ, ਦਿੱਲੀ ਦੇ ਉਹਨਾਂ ਲੇਖਕਾਂ ਦੇ ਚਿਹਰਿਆਂ ‘ਤੇ ਕੰਗਾਲੀ ਲਿਖੀ ਹੋਈ ਸੀ । ਬਾਵਾ ਜੇਬੋਂ ਕੰਗਾਲ ਸੀ ਪਰ ਉਸ ਦਾ ਚਿਹਰਾ ਬਾਦਸ਼ਾਹੀ ਸੀ। ਉਸਦੇ ਦਗਦੇ ਚਿਹਰੇ ਦਾ ਰਾਜ਼ ਇਹ ਵੀ ਸੀ ਕਿ ਉਹ ਬਾਲ- ਬ੍ਰਹਮਚਾਰੀ ਸੀ। ‘ਸੁਗੰਧ ਸਮੀਰ’ ’ਚ ਪਿਆਰ ਦੀਆਂ ਬੇਹਤਰੀਨ ਨਜ਼ਮਾਂ ਨੇ, ਪਰ ਉਸਦੀ ਜ਼ਿੰਦਗੀ ਪਿਆਰ ਤੋਂ ਸੱਖਣੀ ਹੀ ਰਹੀ। ਇਹ ਵਿਰੋਧਾ-ਭਾਸ ਪੰਜਾਬੀ ਦੇ ਕਰੀਬ ਹਰ ਲੇਖਕ ਦੀ ਹੋਣੀ ਹੈ। ਪੰਜਾਬੀ ਦੀ ਲਵ-ਪੋਇਟਰੀ ਕਲਪਿਤ ਪਿਆਰ ਦੀ ਕਵਿਤਾ ਹੈ।
ਮੈਨੂੰ ਜਾਪਿਆ ਕਿ ਜ਼ਿੰਦਗੀ ਭਰ ਇਕੱਲਿਆਂ ਰਹਿਣ ਕਰਕੇ ਬਾਵਾ ਜਿਵਂੇ ਕੰਪਲੈਕਸ ਦਾ ਸ਼ਿਕਾਰ ਸੀ। ਸ਼ਾਇਦ ਉਸ ਵਿਚ ਆਤਮ ਵਿਸ਼ਵਾਸ ਦੀ ਘਾਟ ਸੀ ਜਿਸ ਕਰਕੇ ਉਹ ਓਪਰੇ ਲੋਕਾ ਤੋਂ ਕਈ ਵਾਰ ਕੰਨੀ ਕਤਰਾਂਦਾ। ਪੰਜਾਬ ਤੋਂ ਮਿਲਣ ਆਏ ਲੇਖਕਾਂ ਨੂੰ ਉਸਦੇ ਦਰਸ਼ਨ ਤਾਂ ਹੋ ਜਾਂਦੇ, ਪਰ ਬੈਠ ਕੇ ਕਿਸੇ ਨਾਲ ਗੱਪਬਾਜ਼ੀ ਕਰਣ ਦਾ ਸ਼ੁਕੀਨ ਉਹ ਨਹੀੰ ਸੀ। ਕਈ ਵਾਰ ਸਾਡੀ ਮਹਿਫ਼ਲ ਲੱਗੀ ਹੁੰਦੀ ਅਤੇ ਉਹ ਆਪਣੇ ਘੁੰਗਰਾਲੇ ਵਾਲਾਂ ਨੂੰ ਸ਼ਿੰਗਾਰ ਕੇ ਛੇਤੀ ਛੇਤੀ ਬਾਹਰ ਨਿਕਲ ਜਾਂਦਾ। ਉਹ ਕਦੋਂ ਮੁੜੇਗਾ ਇਸਦਾ ਪਤਾ ਕਿਸੇ ਨੂੰ ਨਾ ਹੁੰਦਾ। ਅਪਣੇ ਦੁਆਲੇ ਉਸਾਰੇ ਇਕੱਲਤਾ ਦੇ ਦੁਰਗ ਤੋਂ ਬਾਹਰ ਉਹ ਕਦੇ ਹੀ ਆਉਂਦਾ।
ਪਤਾ ਨਹੀਂ ਕਿਹੜੇ ਦਿਸਹੱਦੇ ਟੱਪ ਕੇ ਉਹ ਅੱਧੀ ਰਾਤ ਵਾਪਿਸ ਆਂਦਾ। ਉਸ ਬਾਲ ਬ੍ਰਹਮਚਾਰੀ ਨੇ ਕੀ ਥੱਕਣਾ ਸੀ, ਥੱਕਦੇ ਤਾਂ ਗ੍ਰਿਹਸਥੀ ਹਨ। ਜਿਵੇਂ ਬਾਵਾ ਬਲਵੰਤ ਨੇ ਅਪਣੀਆਂ ਹੋਰ ਲੋੜਾਂ ਘਟਾ ਰੱਖੀਆਂ ਸਨ, ਉਸੇ ਤਰ੍ਹਾਂ ਨੀਂਦ ਨੂੰ ਵੀ ਉਸ ਨੇ ਆਪਣੀ ਦਹਿਲੀਜ਼ ਉੱਤੇ ਖੜ੍ਹਾ ਕਰ ਰੱਖਿਆ ਸੀ, ਜਿਵੇਂ ਭੀਸ਼ਮ ਪਿਤਾਮਾ ਨੇ ਮੌਤ ਨੂੰ। ਬਾਵੇ ਦਾ ਇਸ਼ਾਰਾ ਹੋਣ ‘ਤੇ ਹੀ ਉਹ ਉਸਦੇ ਮੰਜੇ ‘ਤੇ ਪੈਰ ਰੱਖਣ ਦਾ ਹੌਸਲਾ ਕਰਦੀ।
ਸਾਹਿਤ ਵਿਚ ਅਸੀਂ ਨਿਧੜਕਤਾ ਅਤੇ ਦਿਆਨਤਦਾਰੀ ਦੀ ਚਰਚਾ ਅਕਸਰ ਕਰਦੇ ਹਾਂ। ਬਾਵਾ ਇਸ ਦੀ ਸਭ ਤੋਂ ਵੱਡੀ ਮਿਸਾਲ ਸੀ। ਦਿੱਲੀ ਵਿਚ ਪੁਰਸਕਾਰਾਂ ਅਤੇ ਮਾਨਤਾਵਾਂ ਖੱਟਣ ਦੀ ਆਪਾ ਧਾਪੀ ਦੇ ਦਮਘੋਟੂ ਮਾਹੌਲ ਵਿਚ ਸ਼ਾਇਦ ਬਾਵਾ ਬਲਵੰਤ ਦਾ ਨਾਂ ਹੀ ਬੇਦਾਗ਼ ਹੈ। ਪੰਜਾਬੀ ਲਈ ਇਹ ਸ਼ਰਮ ਦੀ ਗੱਲ ਹੈ ਕਿ ਬਾਵਾ ਬਲਵੰਤ ਦਾ ਨਾਂ ਕਦੇ ਕਿਸੇ ਪੁਰਸਕਾਰ ਲਈ ਨਹੀਂ ਵਿਚਾਰਿਆ ਗਿਆ। ਜਿਸ ਦਿੱਲੀ ਨਾਲ ਗ਼ਾਲਿਬ ਨੂੰ ਇੰਨਾ ਇਸ਼ਕ ਸੀ, ਉਹ ਦਿੱਲੀ ਬਾਵਾ ਬਲਵੰਤ ਲਈ ਖਰ੍ਹਵੀ, ਨਿਰਲੱਜ ਅਤੇ ਬੇਰਹਿਮ ਸੀ। ਹਿੰਦੀ ਕਵੀ ਮੁਕਤੀ ਬੋਧ ਨੂੰ ਤਾਂ ਦਮ ਤੋੜਨ ਲਈ ਦਿੱਲੀ ਦੇ ਇਕ ਹਸਪਤਾਲ ’ਚ ਬਿਸਤਰ ਮੁਹੱਈਆ ਹੋ ਗਿਆ ਸੀ, ਪਰ ਬਾਵਾ ਬਲਵੰਤ ਨੂੰ ਰਿੰਗ ਰੋੜ ਦੀ ਤਪਦੀ ਸੜਕ ਉੱਤੇ ਡਿੱਗ ਕੇ ਸਾਹ ਛੱਡਣੇ ਪਏ।
ਮਕਾਨ ਵੇਖਣ ਅਸੀਂ ਭਾਵੇਂ ਸਵੇਰੇ ਹੀ ਨਿਕਲ ਗਏ ਸੀ, ਪਰ ਉਥੇ ਪਹੁੰਚਦੇ ਪਹੁੰਚਦੇ ਆਥਣ ਹੋ ਚੱਲੀ ਸੀ।
”ਪਹਿਲਾਂ ਚਾਂਦਨੀ ਚੌਕ ਚਲਦੇ ਹਾਂ” ਬਾਵਾ ਬਲਵੰਤ ਨੇ ਆਖਿਆ, ”ਦੇਸੀ ਘਿਓ ਦੀਆਂ ਜਲੇਬੀਆਂ ਖਾਂਦੇ ਹਾਂ ਚਲ ਕੇ, ਬੜਾ ਮਸ਼ਹੂਰ ਹਲਵਾਈ ਹੈ।”
ਬਾਵਾ ਬਲਵੰਤ ਦੀ ਸੰਗਤ ’ਚ ਇਹਨਾਂ ਜਲੇਬੀਆਂ ਦਾ ਸ਼ੌਕ ਮੈਨੂੰ ਵੀ ਚੰਬੜ ਗਿਆ ਸੀ। ਚਾਂਦਨੀ ਚੌਕ ਚੋਂ ਲੰਘਣਾ ਹੁੰਦਾ ਤਾਂ ਇਸ ਹਲਵਾਈ ਦੀ ਦੁਕਾਨ ‘ਤੇ ਜਲੇਬੀਆਂ ਛਕਣਾ ਲਾਜ਼ਮੀ ਸੀ। ਜਮੁਨਾ ਪਾਰ ਤੋਂ ਆਵੋ ਤਾਂ ਦਿੱਲੀ ’ਚ ਕਿਤੇ ਵੀ ਜਾਣਾ ਹੋਵੇ, ਵਾਇਆ ਚਾਂਦਨੀ ਚੌਕ ਹੀ ਜਾਇਆ ਜਾ ਸਕਦਾ ਹੈ। ਮੁਫਲਸੀ ਦੇ ਦਿਨ ਸਨ, ਪਰ ਜਲੇਬੀਆਂ ਲਈ ਜੇਬ ‘ਚੋਂ ਪੈਸੇ ਨਿਕਲ ਹੀ ਆਉਂਦੇ ਸਨ।
ਜਲੇਬੀਆਂ ਖਾ ਕੇ ਅਸੀਂ ਗ਼ਾਲਿਬ ਦੀ ਕਬਰ ਵੇਖਣ ਨਿਕਲ ਪਏ।
ਜਿਸ ਨੂੰ ਗ਼ਾਲਿਬ ਨਾਲ ਥੋੜ੍ਹਾ ਬਹੁਤ ਵੀ ਇਸ਼ਕ ਹੈ, ਮੇਰੇ ਖ਼ਿਆਲ ‘ਚ ਉਸ ਨੂੰ ਗ਼ਾਲਿਬ ਦਾ ਮਕਬਰਾ ਵੇਖਣ ਨਹੀਂ ਜਾਣਾ ਚਾਹੀਦਾ। ਮਕਬਰੇ ਉੱਪਰ ਚੜ੍ਹਾਉਣ ਲਈ ਉੱਥੇ ਗੇਂਦੇ ਦੇ ਫੁੱਲ ਵਿਕਦੇ ਹਨ। ਪਰ ਗ਼ਾਲਿਬ ਦੀ ਕਬਰ ਉੱਪਰ ਫੁੱਲ ਚੜ੍ਹਾਉਂਦਿਆਂ ਨੱਕ ‘ਤੇ ਰੁਮਾਲ ਰੱਖਣਾ ਪੈਂਦਾ ਹੈ। ਰਾਤ ਨੂੰ ਉੱਥੇ ਲੰਡਰ ਕੁੱਤੇ ਸੌਂਦੇ ਹਨ ਅਤੇ ਦਿਨ ਵੇਲੇ ਆਂਢ-ਗੁਆਂਢ ਦੇ ਨਿਆਣੇ ਖੁੱਤੀਆਂ ਬਣਾ ਕੇ ਮੂਤਦੇ ਹਨ। ਕੰਧਾਂ ਉੱਤੇ ਮੌਲਿਕ ਤੋਂ ਮੌਲਿਕ ਗਾਲ੍ਹਾਂ ਅਤੇ ਕੋਕ ਸ਼ਾਸ਼ਤਰ ਦੀ ਤਰਜ਼ ਉੱਤੇ ਚਿੱਤਰਕਾਰੀ ਦੀ ਨੁਮਾਇਸ਼ ਹੈ। ਦਿੱਲੀ ‘ਚ ਕਈ ਥਾਈਂ ਲਿਖਿਆ ਮਿਲਦਾ ਹੈ, ”ਇੱਥੇ ਪੇਸ਼ਾਬ ਕਰਨਾ ਮਨ੍ਹਾ ਹੈ”। ਪਰ ਜਾਪਦਾ ਹੈ ਗ਼ਾਲਿਬ ਦੇ ਮਕਬਰੇ ਉੱਤੇ ਹਾਜ਼ਿਤ ਰਫ਼ਾ ਕਰਨ ਦੀ ਸਭ ਨੂੰੂ ਖੁੱਲ੍ਹ ਹੈ। ਭਾਵੇਂ ਉੱਥੇ ਫੁੱਲ ਚੜ੍ਹਾ ਆਉ ਭਾਵੇਂ ਪਿਸ਼ਾਬ ਕਰ ਆਓ। ਹੁਣ ਸ਼ਾਇਦ ਕੁਝ ਸੁਧਾਰ ਹੋ ਗਿਆ ਹੋਵੇ। ਪਰ ਮੈਨੂੰ ਬਾਵਾ ਬਲਵੰਤ ਨਾਲ ਵੇਖਿਆ ਗ਼ਾਲਿਬ ਦਾ ਇਹੋ ਮਕਬਰਾ ਯਾਦ ਹੈ।
”ਇੱਥੇ ਕਾਹਨੂੰ ਆਉਣਾ ਸੀ ਬਾਵਾ ਜੀ” ਮੈਂ ਆਖਿਆ।
”ਮੈਂ ਸੋਚਿਆ ਵੇਖ ਚਲੀਏ… ਤੁਸੀਂ ਖੁਦ ਪਤਾ ਨਹੀਂ ਇੱਥੇ ਆਉਂਦੇ ਕਿ ਨਾ” ਬਾਵਾ ਬਲਵੰਤ ਨੇ ਜਵਾਬ ਦਿੱਤਾ। ਕੁਝ ਚਿਰ ਸੋਚ ਕੇ ਉਸ ਨੇ ਕੰਬਦੀ ਜਿਹੀ ਆਵਾਜ਼ ‘ਚ ਫਿਰ ਆਖਿਆ, ”ਗ਼ਾਲਿਬ ਤਾਂ ਮਰ ਗਿਆ। ਕਿਆ ਸ਼ਾਇਰ ਸੀ! ਅਸਾਂ ਜਿਉਂਦੇ ਲੇਖਕਾਂ ਦੀ ਜ਼ਿੰਦਗੀ ਕਿਹੜਾ ਉਸ ਤੋਂ ਚੰਗੀ ਹੈ’।
ਬਾਵੇ ਦਾ ਇਹ ਕੁਮੈਂਟ ਮੇਰੇ ਦਿਲ ਨੂੰ ਚੀਰਾ ਪਾ ਗਿਆ। ਇਸ ਪਿੱਛੋਂ ਅਸੀਂ ਸਾਰਾ ਰਾਹ ਚੁੱਪ ਰਹੇ।
ਜਿਹੜਾ ਮਕਾਨ ਬਾਵਾ ਬਲਵੰਤ ਨੇ ਮੇਰੇ ਨਮਿੱਤ ਛਾਂਟ ਰਖਿਆ ਸੀ, ਜਾਪਦਾ ਹੈ ਉਸ ਨੂੰ ਉਹ ਪਹਿਲਾਂ ਹੀ ਵੇਖ ਪਰਖ ਆਇਆ ਸੀ। ਅਪਣੇ ਲਈ ਜਾਂ ਕਿਸੇ ਹੋਰ ਲਈ, ਪਤਾ ਨਹੀਂ। ਇਸ ਮਕਾਨ ਨੂੰ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ। ਮਕਾਨ ਲਫਜ਼ ਸੁਣ ਕੇ ਸੁਰੱਖਿਆ ਅਤੇ ਨਿੱਘ ਦਾ ਜੋ ਬਿੰਬ ਮੇਰੇ ਜ਼ਿਹਨ ‘ਚ ਉਭਰਦਾ ਸੀ, ਇਹ ਮਕਾਨ ਉਸ ਦੇ ਬਿਲਕੁਲ ਉਲਟ ਸੀ। ਇਕ ਵਿਹੜੇ ਵਿਚ ਕਰੋਲ ਬਾਗ ਦੇ ਇਕ ਸਰਦਾਰ ਨੇ ਖੁੱਡੇ-ਨੁਮਾ ਟੀਨ ਦੇ ਕਮਰੇ ਖੜ੍ਹੇ ਕਰ ਦਿੱਤੇ ਸਨ ਜਿਸ ‘ਚ ਪੂਰੀ ਤਰ੍ਹਾਂ ਪੈਰ ਨਿਸਾਲਣ ਦੀ ਵੀ ਥਾਂ ਨਹੀੰ ਸੀ। ਦੀਵਾਰਾਂ ਟੀਨ ਦੀਆਂ ਸਨ, ਦਰਵਾਜ਼ਿਆਂ ਨੂੰੂ ਕੁੰਡਾ ਕੋਈ ਨਹੀਂ ਸੀ ਲੱਗਿਆ ਹੋਇਆ, ਇਕ ਗੁੱਠ ‘ਚ ਪਾਣੀ ਦੀ ਟੂਟੀ ਲੱਗੀ ਹੋਈ ਸੀ ਅਤੇ ਇਸੇ ਤਰ੍ਹਾਂ ਦੇ ਹੀ ਇਕ ਕਮਰੇ ਨੂੰ ਪਾਖਾਨੇ ਦੇ ਤੌੌਰ ‘ਤੇ ਵਰਤਿਆ ਜਾਂਦਾ ਸੀ। ਸਫ਼ਾਈ ਵੀ ਉਸ ਤੋਂ ਵੱਧ ਨਹੀਂ ਸੀ ਜਿੰਨੀ ਅਸੀਂ ਗ਼ਾਲਿਬ ਸਾਹਿਬ ਦੀ ਕਬਰ ‘ਤੇ ਵੇਖ ਆਏ ਸੀ। ਮੈਂ ਹੈਰਾਨ ਸਾਂ ਕਿ ਬਾਵਾ ਬਲਵੰਤ ਅਜੇਹੀ ਖੁੱਡ ਨੂੰ ਘਰ ਕਿਉਂ ਆਖਦਾ ਰਿਹਾ। ਬਾਵਾ ਬਲਵੰਤ ਨੇ ਮੇਰੀਆਂ ਅੱਖਾਂ ‘ਚੋਂ ਇਹ ਹੈਰਾਨੀ ਜ਼ਰੂਰ ਪੜ੍ਹ ਲਈ ਹੋਵੇਗੀ।
”ਲਿਖਣ ਪੜ੍ਹਣ ਲਈ ਮਾੜੀ ਥਾਂ ਨਹੀਂ!” ਉਸਨੇ ਆਖਿਆ।
ਮੈਂ ਹੱਸ ਕੇ ਰਹਿ ਗਿਆ। ਇਸ ਹਾਸੇ ਦਾ ਮਤਲਬ ਕੁਝ ਵੀ ਹੋ ਸਕਦਾ ਸੀ… ਜੋ ਥਾਂ ਰਹਿਣ ਲਈ ਮਾੜੀ ਹੈ, ਉਹ ਲਿਖਣ ਲਈ ਚੰਗੀ ਕਿਵੇਂ ਹੋ ਸਕਦੀ ਸੀ? ਕਿਧਰੇ ਬਾਵਾ ਬਲਵੰਤ ਦਾ ਇਹ ਮਤਲਬ ਤਾਂ ਨਹੀਂ ਸੀ ਕਿ ਇਕ ਲੇਖਕ ਸਿਰਫ ਮਾਰੂ ਪ੍ਰਸਥਿਤੀਆਂ ‘ਚ ਹੀ ਚੰਗਾ ਸਾਹਿਤ ਰਚ ਸਕਦਾ ਹੈ?
ਹੁਣ ਤੱਕ ਮਕਾਨ ਮਾਲਿਕ ਵੀ ਉੱਥੇ ਆ ਗਿਆ ਸੀ। ਉਹ ਉਮੀਦ ਭਰੀ ਨਜ਼ਰ ਨਾਲ ਸਾਨੂੰ ਵੇਖ ਰਿਹਾ ਸੀ।
”ਬਾਵਾ ਜੀ’ ਅਚਾਨਕ ਮੈਂ ਚੁੱਪ ਤੋੜਦਿਆਂ ਕਿਹਾ ‘ਸੁਗੰਧ ਸਮੀਰ’ ਦੀ ਇਕ ਕਵਿਤਾ ‘ਚ ਇਹ ਸਤਰਾਂ ਆਉਂਦੀਆਂ ਹਨ:
ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ
……. …… …..
ਮੇਰੇ ਪੁੱਛਣ ‘ਤੇ ਕਿ ਟੁੱਟਾ ਕਿਸ ਤਰ੍ਹਾਂ
ਪਾ ਕੇ ਵਲ ਗਰਦਨ ’ਚ ਸ਼ਰਮਾਇਆ ਕਰੇ
ਕੌਣ ਸੀ ਇਹ ਕੁੜੀ ਜਿਸ ਤੋਂ ਅਪਣਾ ਹਾਰ ਨਹੀੰ ਸੀ ਸੰਭਾਲਿਆ ਜਾਂਦਾ?”
ਬਾਵਾ ਬਲਵੰਤ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ। ਮੇਰੇ ਸਵਾਲ ਦਾ ਜਵਾਬ ਤਾਂ ਉਹਨੇ ਨਾ ਦਿੱਤਾ, ਪਰ ਇਕ ਅਦਿੱਖ ਜਿਹੀ ਮੁਸਕਾਨ ਬਾਵਾ ਬਲਵੰਤ ਦੇ ਚਿਹਰੇ ‘ਤੇ ਖਿਲੱਰ ਗਈ। ਨਾਲ ਹੀ ਉਹ ਇਹ ਵੀ ਸਮਝ ਗਿਆ ਕਿ ਕਵਿਤਾ ਦੀ ਗੱਲ ਤੋਰ ਕੇ ਮਕਾਨ ਦੇ ਵਿਸ਼ੇ ਨੂੰ ਮੈਂ ਪੂਰਨ ਵਿਰਾਮ ਲਾ ਦਿੱਤਾ ਸੀ। ਕਵਿਤਾ ਦੀਆਂ ਗੱਲਾਂ ਕਰਦੇ ਅਸੀਂ ਬਾਹਰ ਆ ਗਏ।
ਇਸ ਤੋਂ ਬਾਅਦ ਸਾਰੀ ਸ਼ਾਮ ਮੈਨੂੰ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਅਚਾਨਕ ਗ਼ਾਲਿਬ ਦੀ ਇੱਟਾਂ ਪੱਥਰਾਂ ਦੀ ਕਬਰ ਸੁੱਚੇ ਸੰਗਮਰਮਰ ‘ਚ ਬਦਲ ਗਈ ਹੋਵੇ। ਭਾਵੇਂ ਮੈਂ ਅਜੇ ਵੀ ਬੇ-ਘਰ ਸਾਂ ਪਰ ਚੌਹੀਂ ਪਾਸੀਂ ਫੁੱਲਾਂ ਦੀ ਮਹਿਕ ਖਿਲਰੀ ਹੋਈ ਸੀ। ਉਸ ਖੁੱਡੇ ਵੱਲੋਂ ਮੂੰਹ ਮੋੜ ਕੇ ਜਾਪਿਆ ਜਿਵੇਂ ਮੈਂ ਗਾਲਿਬ ਨੂੰ ਵੀ ਬਚਾ ਲਿਆ ਸੀ ਤੇ ਖੁਦ ਨੂੰ ਵੀ।
ਇਸ ਘਟਨਾ ਤੋਂ ਦੋ ਸਾਲ ਬਾਅਦ ਹਿੰਦੀ ਕਵੀ ਰਾਜ ਕਮਲ ਚੌਧਰੀ ਨੂੰ ਵੀ ਮੇਰੇ ਵਾਂਗ ਘਰ ਦੀ ਲੋੜ ਪਈ ਸੀ। ਉਦੋਂ ਮੈਂ ਦਿੱਲੀ ਯੂਨੀਵਰਸਿਟੀ ਦੇ ਨੇੜੇ ਕਮਲਾ ਨਗਰ ਰਹਿੰਦਾ ਸੀ। ਮੈਂ ਪਟੇਲ ਨਗਰ ਇਕ ਕਮਰਾ ਵੇਖ ਰਖਿਆ ਸੀ। ਮੈਂ ਰਾਜ ਕਮਲ ਨੂੰ ਆਖਿਆ ਕਿ ਜੇ ਉਹ ਚਾਹੇ ਤਾਂ ਮੇਰਾ ਕਮਰਾ ਲੈ ਸਕਦਾ ਸੀ।
ਮੇਰਾ ਕਮਰਾ ਵੇਖਣ ਕਨਾਟ ਪਲੇਸ ਤੋਂ ਅਸੀਂ ਪੈਦਲ ਹੀ ਚੱਲ ਪਏ ਸਾਂ ਅਤੇ ਕੁਝ ਕਿਲੋਮੀਟਰਾਂ ਦੇ ਉਸ ਪੈਦਲ ਸਫ਼ਰ ਵਿਚ ਵੀ ਕੁਝ ਉਹੋ ਜਿਹਾ ਹੀ ਸਵਾਦ ਘੁਲਿਆ ਹੋਇਆ ਸੀ ਜਿਸ ਨੂੰ ਮੈਂ ਬਾਵਾ ਬਲਵੰਤ ਦੇ ਨਾਲ ਘੁੰਮਦਿਆਂ ਜੀਵਿਆ ਸੀ।
ਹਨੇੱਰੀਆਂ ਅਤੇ ਸਲ੍ਹਾਬੀਆਂ ਪੌੜੀਆਂ ਚੜ੍ਹ ਕੇ ਅਸੀਂ ਉਸ ਪੁਰਾਣੇ ਮਕਾਨ ਦੀ ਤੀਜੀ ਮੰਜ਼ਿਲ ‘ਤੇ ਪਹੁੰਚੇ ਸੀ ਜਿੱਥੇ ਕਿ ਮੇਰਾ ਇਹ ਕਮਰਾ ਸੀ।
ਕਮਰੇ ਦੇ ਵਿਚਕਾਰ ਖਲੋ ਕੇ ਰਾਜ ਕਮਲ ਨੇ ਚਾਰੇ ਪਾਸੇ ਇਕ ਝਾਤ ਮਾਰੀ ਅਤੇ ਉਤਸ਼ਾਹ ਨਾਲ ਆਖਿਆ ”ਤੇਰਾ ਇਹ ਕਮਰਾ ਏਨਾ ਮਾੜਾ ਨਹੀਂ। ਪਰ ਕਮਰੇ ‘ਚ ਕਿਤਾਬਾਂ ਕੁਝ ਘਟ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਇਸ ‘ਚ ਪੂਰਾ ਮੰਜਾ ਡੱਠ ਸਕੇ। ਖਿੜਕੀ ਛੋਟੀ ਹੋਣ ਕਰਕੇ ਅੰਦਰ ਗਰਮੀ ਬਹੁਤ ਜ਼ਿਆਦਾ ਹੈ। ਪਰ ਛੱਤ ਉੱਤੇ ਮੈਂ ਦੋ ਪੱਖੇ ਫਿਟ ਕਰ ਦਿਆਂਗਾ ਅਤੇ ਦੀਵਾਰ ‘ਚ ਮੋਘਾ ਕਰਕੇ ਉੱਥੇ ਗੰਦੀ ਹਵਾ ਨੂੰ ਬਾਹਰ ਸੁੱਟਣ ਵਾਲਾ ਇਕ ਪੱਖਾ ਵੀ ਲੱਗ ਸਕਦਾ ਹੈ। ਹਨੇਰੀਆਂ ਪੌੜੀਆਂ ‘ਚ ਫਿਸਲ ਜਾਣ ਦਾ ਖ਼ਤਰਾ ਹੈ ਪਰ…।”
”ਪੌੜੀਆਂ ਦੀ ਥਾਵੇਂ ਇਕ ਲਿਫ਼ਟ ਲਗਾਈ ਜਾ ਸਕਦੀ ਹੈ” ਮੈਂ ਉਸਦੀ ਗੱਲ ਨੂੰ ਪੂਰਾ ਕਰਦਿਆਂ ਆਖਿਆ ਸੀ ਅਤੇ ਅਸੀਂ ਦੋਵੇਂ ਠਹਾਕੇ ਲਾਉੰਦੇ ਪੌੜੀਆਂ ਉਤਰ ਆਏ ਸੀ। ਰਾਜ ਕਮਲ ਦੇ ਉਸਾਰੇ ਹਵਾ ਮਹਿਲ ਮੂਹਰੇ ਕਮਲਾ ਨਗਰ ’ਚ ਮਾਰਵਾੜੀਆਂ ਦੇ ਉਸ ਕਮਰੇ ਦੀ ਕੋਈ ਵੁੱਕਤ ਨਹੀਂ ਸੀ।
ਬਾਹਰ ਖੁੱਲ੍ਹੀ ਸੜਕ ‘ਤੇ ਆ ਕੇ ਅਸੀਂ ਸੁਖ ਦਾ ਸਾਹ ਲਿਆ। ਕੁਝ ਹੀ ਛਿਣਾਂ ‘ਚ ਹਨੇਰੀ ਕੋਠੜੀ ਨੂੰ ਰਾਜ ਕਮਲ ਨੇ ਸ਼ੀਸ਼ ਮਹਿਲ ‘ਚ ਬਦਲ ਦਿੱਤਾ ਸੀ। ਉਸਦੇ ਬੰਗਾਲੀ ਹੀਊਮਰ ਨੇ ਮੈਨੂੰ ਕਲਕੱਤਾ ਯਾਦ ਦਿਲਾ ਦਿਤਾ ਸੀ।
ਉਸ ਸ਼ਾਮ ਮੈਨੂੰ ਨਹੀਂ ਪਤਾ ਸੀ ਕਿ ਮੈਂ ਰਾਜ ਕਮਲ ਨੂੰ ਆਖ਼ਰੀ ਵਾਰ ਵੇਖ ਰਿਹਾ ਸਾਂ। ਉਹ ਅਪਣੀ ਕਲਪਨਾ ਦੇ ਸ਼ੀਸ਼ ਮਹਿਲ ਸਹਿਤ ਉਸ ਰਾਤ ਮੈਨੂੰ ਹਮੇਸ਼ਾ ਲਈ ਗੁਡ ਬਾਈ ਆਖ ਗਿਆ। ‘ਕੰਕਾਵਤੀ’ ਕਾਵਿ ਸੰਗ੍ਰਿਹ ਦਾ ਇਹ ਬਦਨਾਮ ਕਵੀ ਮੱਧ ਪਰਦੇਸ਼ ਇਕ ਵੇਸ਼ੀਆ ਦੇ ਕੋਠੇ ’ਚ ਸਿਫਲਿਸ ਦੇ ਰੋਗ ’ਚ ਮਾਰਿਆ ਗਿਆ। ਸਮਾਜ ਦੀ ਝੂਠੀ ਨੈਤਿਕਤਾ ਨਾਲ ਉਸਦਾ ਵਿਦਰੋਹ ਆਖਰ ਖਤਮ ਹੋਇਆ! ਖਾਦੀ ਦੇ ਚਿੱਟੇ ਕੁੜਤੇ ਅਤੇ ਧੋਤੀ ’ਚ ਵਿਚਰਦੇ ਬੰਗਾਲ ਦੇ ਇਸ ਮਿੱਠ-ਬੋਲੇ ਕਵੀ ਨੂੰ ਮਿਲਣ ਲਈ ਕਨਾਟ ਪਲੇਸ ਦੇ ਟੀ-ਹਾਉਸ ‘ਚ ਬੈਠੇ ਹਿੰਦੀ ਦੇ ਕਵੀ/ਅਕਵੀ ਉੱਠ ਕੇ ਖੜ੍ਹੇ ਹੋ ਜਾਂਦੇ ਸਨ। ਉਹ ਉੱਠ ਕੇ ਤੁਰ ਜਾਂਦਾ ਤਾਂ ਉਸਦੇ ਅਨੈਤਿਕ ਆਚਰਣ ਦੀਆਂ ਗੱਲਾਂ ਕਰਦੇ। ’ਕੰਕਾਵਤੀ’ਦੇ ਲੇਖਕ ਦਾ ਮਿਥ ਉਸਦੇ ਆਪਣੇ ਨਾਲੋਂ ਵੱਡਾ ਸੀ। ਉਸਦਾ ਪਰਛਾਵਾਂ ਆਉਣ ਵਾਲੀਆਂ ਪੀੜੀ੍ਹਆਂ ‘ਤੇ ਹਮੇਸ਼ਾ ਪੈਂਦਾ ਰਹੇਗਾ।
ਮੈਂ ਅਕਸਰ ਸੋਚਦਾ ਹਾਂ: ਦਿੱਲੀ ਦੇ ਰਿੰਗ ਰੋਡ ‘ਤੇ ਕੜਕਦੀ ਧੁੱਪ ਚ ਡਿੱਗ ਕੇ ਬਾਵਾ ਬਲਵੰਤ ਦੀ ਬੇ-ਜਾਈ ਮੌਤ ਦਾ ਜੁੰਮੇਦਾਰ ਕੌਣ ਹੈ?
‘ਸੁਗੰਧ-ਸਮੀਰ’ ਦੀ ਇਕ ਕਵਿਤਾ ‘ਚ ਇਹ ਸਤਰਾਂ ਆਉਂਦੀਆਂ ਹਨ:
ਮੇਰੇ ਸਿਰ ਸਾਇਆ ਕਰੇ
ਖ਼ਸ਼ਬੋ ਦੀ ਸ਼ਾਖ਼….।
ਪਰ ਇਸ ਖ਼ੁਸ਼ਬੋ ਦੀ ਸ਼ਾਖ਼ ਦਾ ਜ਼ਿਕਰ ਬਾਵਾ ਬਲਵੰਤ ਦੀ ਕਵਿਤਾ ’ਚ ਹੀ ਆਉਂਦਾ ਹੈ। ਜਦੋਂ ਕਵੀ ਮਰਦਾ ਹੈ ਤਾਂ ਉਸ ਤਾਈਂ ਇਸ ਸ਼ਾਖ ਦੀ ਛਾਂ ਨਹੀਂ ਅੱਪੜਦੀ….।

ਸਤੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!