ਬਘੇਲ ਸਿੰਘ – ਮਨਮੋਹਨ ਬਾਵਾ

Date:

Share post:

ਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ ਕੁਝ ਦੂਰੀ ’ਤੇ ਨਵੇਂ ਬਣ ਰਹੇ ਕਿਲ੍ਹੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸੇ ਵੇਲੇ ਉਸ ਨੂੰ ਹਵੇਲੀ ਦੇ ਅੰਦਰੋਂ ਉਸ ਦੀ ਪਤਨੀ ਰਾਮ ਕੌਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਇਕ ਨੌਕਰ ਦੇ ਹੱਥ ਦੁੱਧ ਦਾ ਭਰਿਆ ਗਲਾਸ ਭੇਜ ਰਹੀ ਸੀ। ਨੌਕਰ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਬਘੇਲ ਸਿੰਘ ਨੂੰ ਆਪਣਾ ਬਚਪਨ ਯਾਦ ਆ ਗਿਆ। ਦੁੱਧ ਦਾ ਭਰਿਆ ਗਲਾਸ ਹੱਥ ’ਚ ਫੜਦਿਆਂ ਉਸ ਨੇ ਪਹਿਲਾਂ ਆਪਣੇ ਲਾਗੇ ਬੈਠੇ ਇਕ ਨੌਜਵਾਨ ਵੱਲ ਤੱਕਿਆ ਅਤੇ ਫੇਰ ਨੌਕਰ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ”ਓਏ, ਇੱਕੋ ਗਲਾਸ? ਜਾ ਦੂਜਾ ਗਲਾਸ ਭਰ ਕੇ ਲਿਆ ਅਨੂਪ ਸਿੰਘ ਲਈ?’’
”ਓਹ ਵੀ ਆ ਰਿਹਾ ਏ ਜੀ।’’ ਨੌਕਰ ਆਪਣੇ ਪਿੱਛੇ ਵੱਲ ਤੱਕਦਿਆਂ ਬੋਲਿਆ। ਬਘੇਲ ਸਿੰਘ ਨੇ ਵੀ ਨਜ਼ਰ ਘੁਮਾ ਕੇ ਵੇਖਿਆ। ਅਨੂਪ ਸਿੰਘ ਦੀ ਵੀਹ-ਇੱਕੀ ਵਰਿ੍ਹਆਂ ਦੀ ਪਤਨੀ ਦੁਪੱਟੇ ਨਾਲ ਦੁੱਧ ਦਾ ਗਲਾਸ ਫੜੀ ਉਹਨਾਂ ਵੱਲ ਆ ਰਹੀ ਸੀ। ਦੋ ਤਿੰਨ ਵਰ੍ਹੇ ਪਹਿਲਾਂ ਬਘੇਲ ਸਿੰਘ ਹੱਥੋਂ ਇਹਨਾਂ ਦੋਹਾਂ ਨੇ ਪਹੁਲ ਛਕੀ ਅਤੇ ਸਿੰਘ ਸਜੇ ਸਨ। ਹੁਣ ਇਹ ਦੋਵੇਂ ਬਘੇਲ ਸਿੰਘ ਦੀ ਹਵੇਲੀ ’ਚ ਹੀ ਰਹਿੰਦੇ ਸਨ। ਬਘੇਲ ਸਿੰਘ ਤਲਵਾਰ ਨੂੰ ਇਕ ਪਾਸੇ ਰੱਖ ਕੇ ਦੁੱਧ ਪੀਂਦਿਆਂ ਕਿਲ੍ਹੇ ਦੀ ਕੰਧ ਦੀ ਉਸਾਰੀ ਵੱਲ ਤੱਕਣ ਲੱਗਾ।
”ਇਹ ਜੋ ਤੂੰ ਵੇਖ ਰਿਹਾ ਏਂ ਅਨੂਪ ਸਿਆਂ, ਸਿਰਫ਼ ਪੱਥਰਾਂ ਦੇ ਕਿਲ੍ਹੇ ਦੀ ਉਸਾਰੀ ਨਹੀਂ ਬਲਕਿ ਖਾਲਸਾ ਕੌਮ ਦੀ ਉਸਾਰੀ ਦਾ ਪ੍ਰਤੀਕ ਹੈ ਅਤੇ ਇਸ ਦੀ ਉਸਾਰੀ ਲਈ ਇਸਤੇਮਾਲ ਹੋ ਰਿਹਾ ਗਾਰਾ, ਪਾਣੀ, ਇੱਟਾਂ ਸਾਡੇ ਸ਼ਹੀਦਾਂ ਦੀ ਰੱਤ, ਮੁੜ੍ਹਕਾ ਅਤੇ ਹੱਡੀਆਂ ਹਨ।’’
ਅਨੂਪ ਸਿੰਘ ਇਕ ਟਾਹਲੀ ਦੇ ਮੁੱਢ ’ਤੇ ਬੈਠਾ, ਦੁੱਧ ਪੀਂਦਿਆਂ ਕੁਝ ਹੋਰ ਹੀ ਸੋਚ ਰਿਹਾ ਸੀ। ਬਘੇਲ ਸਿੰਘ ਦੋ ਦਿਨ ਪਹਿਲਾਂ ਹੀ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਮਿਲ ਕੇ ਆਇਆ ਸੀ। ਚਾਹੇ ਬਘੇਲ ਸਿੰਘ ਨੇ ਉਹਨਾਂ ਵਿਚਕਾਰ ਹੋਏ ਫ਼ੈਸਲੇ ਬਾਰੇ ਪੂਰੀ ਗੱਲ ਨਹੀਂ ਸੀ ਦੱਸੀ ਪਰ ਅਨੂਪ ਸਿੰਘ ਅਤੇ ਉਸ ਦੇ ਬਾਕੀ ਸਿੰਘਾਂ ਨੇ ਅਨੁਮਾਨ ਲਾ ਲਿਆ ਸੀ ਕਿ ਇਹ ਤਿੰਨੇ ਸਰਦਾਰ ਮਿਲ ਕੇ ਦਿੱਲੀ ਉੱਤੇ ਚੜ੍ਹਾਈ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਸੇ ਲਈ ਤੇ ਬਘੇਲ ਸਿੰਘ ਹਰਿਆਣਾ (ਹੁਸ਼ਿਆਰਪੁਰ ਲਾਗੇ) ਅਤੇ ਹੋਰ ਥਾਵਾਂ ਤੋਂ ਆਪਣੀਆਂ ਫੌਜਾਂ ਨੂੰ ਬੁਲਾ ਕੇ ਇੱਥੇ ਛਲੋਂਦੀ ਵਿਚ ਇਕੱਠਿਆਂ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਕਿ ਅਨੂਪ ਸਿੰਘ ਇਸ ਬਾਰੇ ਕੁੱਝ ਪੁੱਛਦਾ, ਉਸ ਵੇਖਿਆ ਕਿ ਕਰਮ ਸਿੰਘ ਨਿਰਮਲਾ ਇਕ ਆਦਮੀ ਨੂੰ ਆਪਣੇ ਨਾਲ ਲਈ ਉਹਨਾਂ ਵੱਲ ਆ ਰਿਹਾ ਹੈ।
”ਮੇਰਾ ਨਾਮ ਰਹਿਮਤ ਮਸੀਹ ਹੈ।’’ ਆਉਣ ਵਾਲੇ ਨੇ ਆਪਣੀ ਜਾਣ ਪਛਾਣ ਕਰਾਉਂਦਿਆਂ ਬਘੇਲ ਸਿੰਘ ਨੂੰ ਆਖਿਆ, ”ਮੈਂ ਸਰਧਾਨਾ ਤੋਂ ਆ ਰਿਹਾ ਹਾਂ, ਸਮਰੂ ਬੇਗ਼ਮ ਦਾ ਖ਼ਾਸ ਪੈਗ਼ਾਮ ਲੈ ਕੇ।’’
”ਸਮਰੂ ਬੇਗ਼ਮ!’’ ਬਘੇਲ ਸਿੰਘ ਉਸ ਵੱਲ ਗੌਹ ਨਾਲ ਤੱਕਦਿਆਂ ਬੋਲਿਆ, ”ਕੋਈ ਸਬੂਤ? ਤੇ ਪੈਗ਼ਾਮ ਕੀ ਹੈ?’’
ਜਵਾਬ ਵਿਚ ਰਹਿਮਤ ਮਸੀਹ ਨੇ ਚਮੜੇ ਦੀ ਫਤੂਹੀ ’ਚੋਂ ਇਕ ਖ਼ਤ ਕੱਢ ਕੇ ਉਸ ਦੇ ਹੱਥ ਫੜਾ ਦਿੱਤਾ। ਖ਼ਤ ਫੜਦਿਆਂ ਬਘੇਲ ਸਿੰਘ ਬੋਲਿਆ :
”ਤੂੰ ਵੀ ਸਮਰੂ ਬੇਗ਼ਮ ਵਾਂਗ ਈਸਾਈ ਹੋ ਗਿਆਂ?’’
”ਸਰਧਾਨਾ ਦੇ ਬਹੁਤ ਸਾਰੇ ਮੁਸਲਮਾਨਾਂ ਨੇ ਈਸਾਈ ਧਰਮ ਅਖ਼ਤਿਆਰ ਕਰ ਲਿਆ ਹੋਇਆ ਹੈ।’’
”ਤੂੰ ਕੀ ਖੂਬੀ ਵੇਖੀ ਈਸਾਈ ਧਰਮ ’ਚ?’’ ਬਘੇਲ ਸਿੰਘ ਨੇ ਪੁੱਛਿਆ, ”ਮੈਂ ਸਿਰਫ਼ ਆਪਣੀ ਜਾਣਕਾਰੀ ਲਈ ਪੁੱਛ ਰਿਹਾ ਹਾਂ।’’
”ਈਸਾਈ ਧਰਮ ਈਸਾ ਨੂੰ ਆਪਣਾ ਮਸੀਹਾ ਮੰਨਦਾ ਹੈ। ਉਹ ਖ਼ੁਦਾ ਦਾ ਬੇਟਾ ਸੀ।’’
”ਤੇ ਹਜ਼ਰਤ ਮੁਹੰਮਦ? ਅਤੇ ਹੋਰ ਵੀ ਬਹੁਤ ਸਾਰੇ! ਕਿੰਨੇ ਕੁ ਬੇਟੇ ਹੈਗੇ ਖ਼ੁਦਾ ਦੇ? ਜਾਂ ਵੱਖਰੇ-ਵੱਖਰੇ ਖ਼ੁਦਾ ਹਨ ਸਾਰਿਆਂ ਦੇ? ਗੁੱਸਾ ਨਾ ਮਨਾਈਂ। ਮੈਂ ਅਨਪੜ੍ਹ ਹਾਂ, ਇਸ ਲਈ ਪੁੱਛ ਰਿਹਾ ਹਾਂ। ਮੈਨੂੰ ਤੇ ਲੱਗਦਾ ਏ ਜਿਵੇਂ ਖ਼ੁਦਾ ਦੇ ਇਹ ਸਾਰੇ ਪੁੱਤ ਵੀ ਕਿਸੇ ਮੁਸਲਮਾਨ ਬਾਦਸ਼ਾਹ ਦੇ ਪੁੱਤਰਾਂ ਵਾਂਗ ਆਪਣੀ ਵਡਿਆਈ ਕਾਇਮ ਰੱਖਣ ਲਈ ਆਪਸ ’ਚ ਲੜੀ ਜਾ ਰਹੇ ਹੋਣ!
”ਇਸ ਬਾਰੇ ਤਾਂ ਕੋਈ ਆਲਮ-ਫਾਜ਼ਲ ਹੀ ਦੱਸ ਸਕਦਾ ਹੈ।’’
”ਖ਼ੈਰ।’’ ਕਹਿ ਕੇ ਬਘੇਲ ਸਿੰਘ ਨੇ ਸਮਰੂ ਬੇਗ਼ਮ ਵਲੋਂ ਭੇਜੇ ਗਏ ਖ਼ਤ ਨੂੰ ਉਲਟਾ-ਪਲਟਾ ਕੇ ਵੇਖਿਆ। ਖ਼ਤ ਦੀ ਅਬਾਰਤ ਦੇ ਥੱਲੇ ਸਮਰੂ ਬੇਗਮ ਦੀ ਮੋਹਰ, ਦਸਖ਼ਤ ਅਤੇ ਇਕ ਖ਼ਾਸ ਨਿਸ਼ਾਨੀ ਨੂੰ ਵੇਖ ਕੇ ਬਘੇਲ ਸਿੰਘ ਨੂੰ ਇਤਬਾਰ ਹੋ ਗਿਆ ਕਿ ਇਹ ਖ਼ਤ ਬੇਗ਼ਮ ਦਾ ਭੇਜਿਆ ਹੋਇਆ ਹੀ ਹੈ। ਫੇਰ ਉਸ ਨੇ ਕੋਲ ਖੜ੍ਹੇ ਕਰਮ ਸਿੰਘ ਨਿਰਮਲੇ ਨੂੰ ਖ਼ਤ ਫੜਾਉਂਦਿਆਂ ਪੜ੍ਹਨ ਲਈ ਕਿਹਾ।
ਖ਼ਤ ਬਹੁਤਾ ਲੰਮਾ ਨਹੀਂ ਸੀ। ਆਪਸੀ ਦੋਸਤਾਨਾ ਸਬੰਧਾਂ ਬਾਰੇ ਲਿਖਣ ਤੋਂ ਬਾਅਦ ਲਿਖਿਆ ਸੀ-ਗ਼ੁਲਾਮ ਕਾਦਰ ਰੁਹੇਲਾ ਆਪਣੀ ਫੌਜ ਲੈ ਕੇ ਸਰਧਾਨਾ ਵੱਲ ਆ ਰਿਹਾ ਹੈ ਅਤੇ ਸਮਰੂ ਬੇਗ਼ਮ ਨੇ ਆਪਣੀ ਰੱਖਿਆ ਲਈ ਬਘੇਲ ਸਿੰਘ ਤੋਂ ਸਹਾਇਤਾ ਮੰਗਦਿਆਂ ਛੇਤੀ ਤੋਂ ਛੇਤੀ ਉਪੜਨ ਲਈ ਬੇਨਤੀ ਕੀਤੀ ਹੈ।
ਖ਼ਤ ਦੇ ਪੜ੍ਹੇ ਜਾਣ ਤੋਂ ਬਾਅਦ ਉਹਨਾਂ ਵਿਚਕਾਰ ਇਕ ਗੰਭੀਰ ਜਹੀ ਚੁੱਪ ਵਰਤੀ ਰਹੀ। ਨਿਰਮਲਾ, ਅਨੂਪ ਸਿੰਘ ਅਤੇ ਰਹਿਮਤ ਮਸੀਹ ਉਤਸੁਕਤਾ ਅਤੇ ਸਵਾਲੀਆ ਨਜ਼ਰਾਂ ਨਾਲ ਬਘੇਲ ਸਿੰਘ ਵੱਲ ਵੇਖ ਰਹੇ ਸਨ। ਬਘੇਲ ਸਿੰਘ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਮਸਤਕ ਕਹਿ ਰਿਹਾ ਸੀ ਕਿ ਉਸ ਦੀ ਸਹਾਇਤਾ ਲਈ ਜਾਣ ’ਚ ਉਸ ਨੂੰ ਕੋਈ ਲਾਭ ਹਾਸਲ ਨਹੀਂ ਹੋਵੇਗਾ। ਪਰ ਉਹ ਇਹ ਵੀ ਨਹੀਂ ਸੀ ਭੁੱਲਿਆ ਕਿ ਸਮਰੂ ਬੇਗ਼ਮ ਨੇ ਫ਼ਰੰਗੀਆਂ ਅਤੇ ਮਰਾਠਿਆਂ ਨਾਲ ਉਸ ਦਾ ਸਮਝੌਤਾ ਕਰਾਉਣ ’ਚ ਸਕਾਰਾਤਮਕ ਭੂਮਿਕਾ ਨਿਭਾਈ ਸੀ। ਇਸ ਦੇ ਇਲਾਵਾ ਜੀਵਨ ’ਚ ਸਾਰੇ ਕੰਮ ਆਪਣਾ ਨਿੱਜੀ ਲਾਭ ਜਾਂ ਤਰਕ ਦੁਆਰਾ ਹੀ ਤੇ ਨਹੀਂ ਕੀਤੇ ਜਾਂਦੇ। ਕਈ ਮਹੱਤਵਪੂਰਨ ਕੰਮ ਬੰਦਾ ਆਪਣੇ ਅਵਚੇਤਨ ਦੇ ਅਦਿੱਖ ਨਿਰਦੇਸ਼ਣ ਦੁਆਰਾ ਕਰਦਾ ਰਹਿੰਦਾ ਹੈ। ਬਘੇਲ ਸਿੰਘ ਨੇ ਗ਼ੁਲਾਮ ਕਾਦਰ ਰੁਹੇਲੇ ਦੇ ਜ਼ੁਲਮਾਂ, ਲੁੱਟਮਾਰ ਅਤੇ ਨਿਰਦੈਤਾ ਦੇ ਕਿੱਸੇ ਵੀ ਸੁਣੇ ਸਨ। ਸਰਧਾਨਾ ਉੱਤੇ ਫਤਿਹ ਹਾਸਲ ਕਰਨ ਤੋਂ ਬਾਅਦ ਉਹ ਸਮਰੂ ਬੇਗ਼ਮ ਦਾ ਕੀ ਹਾਲ ਕਰੇਗਾ? ਇਹ ਸੋਚਦਿਆਂ ਹੀ ਬਘੇਲ ਸਿੰਘ ਅੰਦਰੋਂ ਅੰਦਰ ਕੰਬ ਉੱਠਿਆ।
ਕਰਮ ਸਿੰਘ ਨਿਰਮਲੇ ਨੂੰ ਆਪਣੀ ਫੌਜ ਦੀ ਤਿਆਰੀ ਦਾ ਆਦੇਸ਼ ਦੇ ਕੇ ਬਘੇਲ ਸਿੰਘ ਉੱਠਿਆ ਅਤੇ ਆਪਣੇ ਘਰ ਅੰਦਰ ਜਾ ਕੇ ਰਾਮ ਕੌਰ ਨੂੰ ਇਸ ਬਾਰੇ ਜਾ ਦੱਸਿਆ। ਉਹ ਰਾਮ ਕੌਰ ਅਤੇ ਆਪਣੀਆਂ ਦੋ ਹੋਰ ਪਤਨੀਆਂ ਨਾਲ ਆਮ ਤੀਵੀਆਂ ਵਾਂਗ ਵਰਤਾਅ ਨਹੀਂ ਸੀ ਕਰਦਾ। ਉਸ ਦੀਆਂ ਇਹ ਤਿੰਨੇ ਔਰਤਾਂ ਬਘੇਲ ਸਿੰਘ ਦੀ ਗ਼ੈਰਹਾਜ਼ਰੀ ’ਚ ਆਪਣੇ-ਆਪਣੇ ਖੇਤਰਾਂ ’ਚ ਸਾਰਾ ਕੰਮ ਬਾਖ਼ੂਬੀ ਸੰਭਾਲਦੀਆਂ ਸਨ। ਰੂਪ ਕੌਰ ਹਰਿਆਣਾ ’ਚ, ਰਤਨ ਕੌਰ ਕਲਾਵਰ ’ਚ ਅਤੇ ਇੱਥੇ ਛਲੋਂਦੀ ਵਿਚ ਇਹ ਰਾਮ ਕੌਰ। ਇਸ ਸੰਦਰਭ ’ਚ ਸਮਰੂ ਬੇਗ਼ਮ ਬਘੇਲ ਸਿੰਘ ਦੀਆਂ ਪਤਨੀਆਂ ਲਈ ਇਕ ਆਦਰਸ਼ ਸੀ।
ਕੁਝ ਮਹੀਨੇ ਪਹਿਲਾਂ ਸਮਰੂ ਬੇਗ਼ਮ ਆਪ ਛਲੋਂਦੀ (ਕਰਨਾਲ ਦੇ ਲਾਗੇ) ਆਈ ਸੀ। ਛੱਬੀ ਸਤਾਈ ਵਰ੍ਹੇ ਦੀ ਉਮਰ, ਗੋਲ ਜਿਹਾ ਚਿਹਰਾ, ਉੱਪਰਲੇ ਬੁਲ੍ਹ ਦੇ ਸੱਜੇ ਪਾਸੇ ਤਿਲ, ਅੱਖਾਂ ਚਾਹੇ ਮੋਟੀਆਂ ਨਹੀਂ, ਪਰ ਉਹਨਾਂ ਵਿਚ ਇਕ ਅਜੀਬ ਚਮਕ ਅਤੇ ਕਸ਼ਿਸ਼ ਸੀ। ਸਮਰੂ ਬੇਗ਼ਮ ਰਾਮ ਕੌਰ ਨਾਲ ਬੜੇ ਪਿਆਰ ਨਾਲ ਮਿਲੀ ਅਤੇ ਉਸ ਨੂੰ ਸੁੱਚੇ ਮੋਤੀਆਂ ਦਾ ਇਕ ਹਾਰ, ਸੋਨੇ ਦੇ ਕੰਗਣ ਅਤੇ ਕੁਝ ਹੋਰ ਚੀਜ਼ਾਂ ਭੇਟ ’ਚ ਦਿੱਤੀਆਂ। ਉਸ ਨਾਲ ਮਿਲ ਕੇ ਰਾਮ ਕੌਰ ਪ੍ਰਭਾਵਿਤ ਤਾਂ ਹੋਈ, ਪਰ ਨਾਲ ਹੀ ਔਰਤਾਂ ਵਾਲੀ ਇਕ ਹਲਕੀ ਜਹੀ ਈਰਖਾ ਵੀ ਉਤਪੰਨ ਹੋ ਉੱਠੀ। ਉਹ ਇਹ ਵੀ ਸਮਝਦੀ ਸੀ ਕਿ ਇਸ ਵੇਲੇ ਉਹ ਬਘੇਲ ਸਿੰਘ ਨੂੰ ਇਸ ਮੁਹਿੰਮ ’ਤੇ ਜਾਣ ਤੋਂ ਰੋਕ ਵੀ ਨਹੀਂ ਸਕਦੀ। ਰੁਕਣ ਲਈ ਕਹਿੰਦਿਆਂ ਆਪਣੀ ਕਮਜ਼ੋਰੀ ਹੀ ਜ਼ਾਹਰ ਹੋਣੀ ਸੀ।
”ਠੀਕ ਏ।’’ ਰਾਮ ਕੌਰ ਬਘੇਲ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲੀ, ”ਵਾਹਿਗੁਰੂ ਤੁਹਾਨੂੰ ਸਫ਼ਲਤਾ ਬਖ਼ਸ਼ੇ। ਪਿੱਛੋਂ ਮੈਂ ਇਸ ਗੜ੍ਹੀ ਦੀ ਉਸਾਰੀ ਦਾ ਕੰਮ ਵੇਖਦੀ ਰਹਾਂਗੀ।

ਸਮਰੂ ਬੇਗ਼ਮ ਦਾ ਅਸਲੀ ਨਾਮ ਜ਼ੇਬ-ਉਲ-ਨਿਸਾ ਸੀ ਪਰ ਬਚਪਨ ’ਚ ਇਸ ਨੂੰ ‘ਫਰਜ਼ਾਨਾ’ ਨਾਮ ਨਾਲ ਬੁਲਾਇਆ ਜਾਂਦਾ ਸੀ। ਅੱਠ-ਨੌਂ ਸਾਲ ਦੀ ਆਯੂ ’ਚ ਕਿਸੇ ਹਾਲਾਤ ਵਸ ਫਰਜ਼ਾਨਾ ਨੂੰ ਆਗਰੇ ਦੀ ਗੁਲਬਦਨ ਨਾਮ ਦੀ ਇਕ ਤੁਵਾਇਫ (ਨੱਚਣ-ਗਾਉਣ ਵਾਲੀ) ਦੇ ਕੋਠੇ ’ਚ ਆ ਕੇ ਸ਼ਰਨ ਲੈਣੀ ਪਈ। ਇੱਥੇ ਆ ਕੇ ਇਸ ਨੇ ਬੜੀ ਮਿਹਨਤ ਨਾਲ ਨਾਚ-ਗਾਣਾ ਸਿੱਖਿਆ। ਜਵਾਨ ਹੋ ਕੇ ਇਹ ਬਹੁਤ ਖ਼ੂਬਸੂਰਤ ਨਿਕਲੀ ਅਤੇ ਇਸ ਦਾ ਨਾਮ ਦੂਰ-ਦੂਰ ਤੱਕ ਮਸ਼ਹੂਰ ਹੋ ਗਿਆ।
ਉਸ ਵੇਲੇ ਵਾਲਟਰ ਸੋਂਬਰ ਨਾਮ ਦੇ ਇਕ ਫਰੰਗੀ (ਜਰਮਨ) ਜਰਨੈਲ ਦੀ ਅੱਖ ਇਸ ਉੱਤੇ ਪਈ ਅਤੇ ਉਸ ਨੇ ਫਰਜ਼ਾਨਾ ਨੂੰ ਗੁਲਬਦਨ ਕੋਲੋਂ ਖਰੀਦ ਲਿਆ। ਵਾਲਟਰ ਸੋਂਬਰ ਨੇ ਆਪਣੀ ਇਕ ਫੌਜ ਬਣਾਈ ਹੋਈ ਸੀ ਅਤੇ ਇਸ ਅਰਾਜਕਤਾ ਦੇ ਦੌਰ ’ਚ ਜਿਸ ਨੂੰ ਵੀ ਲੋੜ ਪਵੇ, ਵਾਲਟਰ ਸੋਂਬਰ ਪੈਸੇ ਲੈ ਕੇ ਉਸ ਦੀ ਸਹਾਇਤਾ ਕਰਦਾ ਸੀ। ਫਰਜ਼ਾਨਾ ਨੇ ਉਸ ਕੋਲ ਆ ਕੇ ਘੋੜ ਸਵਾਰੀ ਸਿੱਖੀ ਅਤੇ ਘੁੰਗਰੂ ਸੁੱਟ ਕੇ ਤਲਵਾਰ ਫੜ ਲਈ। ਕੁਝ ਹੀ ਦਿਨਾਂ ’ਚ ਆਪਣੀ ਜ਼ਹਿਨੀਅਤ ਅਤੇ ਕਾਬਲੀਅਤ ਕਾਰਨ ਉਸ ਨੇ ਲੜਾਈ ਅਤੇ ਰਾਜਨੀਤੀ ’ਚ ਮੁਹਾਰਤ ਹਾਸਲ ਕਰ ਲਈ। ਇਕ ਦੋ ਵਾਰੀ ਵਾਲਟਰ ਨੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੀ ਸਹਾਇਤਾ ਵੀ ਕੀਤੀ ਅਤੇ ਉਸ ਦੇ ਬਦਲੇ ਦਿੱਲੀ ਅਤੇ ਮੇਰਠ ਵਿਚਕਾਰ ਸਰਧਾਨਾ ਦੀ ਜਗੀਰ ਹਾਸਲ ਕਰ ਲਈ। ਵਿਆਹ ਤੋਂ ਬਾਅਦ ਫਰਜ਼ਾਨਾ ਨੇ ਈਸਾਈ ਧਰਮ ਅਖ਼ਤਿਆਰ ਕਰ ਲਿਆ ਅਤੇ ਸਮਰੂ ਬੇਗ਼ਮ ਕਰਕੇ ਜਾਣੀ ਜਾਣ ਲੱਗੀ।
ਵਾਲਟਰ ਸੋਂਬਰ ਦੀ ਅਚਾਨਕ ਮੌਤ ਤੋਂ ਬਾਅਦ ਹੁਣ ਸਮਰੂ ਬੇਗ਼ਮ ਸਰਧਾਨਾ ਦੀ ਆਜ਼ਾਦ ਹੁਕਮਰਾਨ ਸੀ। ਉਸ ਵੇਲੇ ਦੀਆਂ ਰਾਜਨੀਤਕ ਪਰਿਸਥਤੀਆਂ ਨੂੰ ਧਿਆਨ ’ਚ ਰੱਖਦਿਆਂ ਇਸ ਨੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ, ਮਰਾਠਿਆਂ, ਫਰੰਗੀਆਂ ਅਤੇ ਸਿੱਖਾਂ ਨਾਲ ਚੰਗੇ ਤੇ ਦੋਸਤਾਨਾ ਸਬੰਧ ਬਣਾਏ ਹੋਏ ਸਨ।
ਕੁਝ ਵਰ੍ਹੇ ਪਹਿਲਾਂ ਜਦ ਬਘੇਲ ਸਿੰਘ ਨੇ ਜਮਨਾ ਪਾਰ ਕਰਕੇ ਚੰਦੋਸੀ, ਸਹਾਰਨਪੁਰ, ਮੇਰਠ ਆਦਿ ਨੂੰ ਲੁੱਟਿਆ ਤਾਂ ਉਸ ਨੇ ਸਰਧਾਨਾ ਦੁਆਲੇ ਵੀ ਜਾ ਘੇਰਾ ਪਾਇਆ। ਅਗਲੇ ਹੀ ਦਿਨ ਬਘੇਲ ਸਿੰਘ ਨੇ ਵੇਖਿਆ ਕਿ ਸਰਧਾਨਾ ਨਗਰ ਦੀ ਚਾਰ ਦੀਵਾਰੀ ਦਾ ਦਰਵਾਜ਼ਾ ਖੁੱਲਿ੍ਹਆ ਅਤੇ ਇਕ ਪਾਲਕੀ ਉਸ ’ਚੋਂ ਨਿਕਲ ਕੇ ਬਘੇਲ ਸਿੰਘ ਦੇ ਤੰਬੂ ਤੋਂ ਜ਼ਰਾ ਦੂਰ ਆਣ ਰੁਕੀ। ਪਾਲਕੀ ਦਾ ਪਰਦਾ ਹਟਾ ਕੇ ਉਸ ’ਚੋਂ ਇਕ ਖ਼ੂਬਸੂਰਤ ਔਰਤ (ਸਮਰੂ ਬੇਗ਼ਮ) ਨਿਕਲੀ ਅਤੇ ਦੋ ਬਾਂਦੀਆਂ ਨੂੰ ਆਪਣੇ ਨਾਲ ਲੈ ਕੇ ਬਘੇਲ ਸਿੰਘ ਦੇ ਤੰਬੂ ਵੱਲ ਵਧੀ। ਉਸ ਵੇਲੇ ਜੇ ਕੋਈ ਜਾਨਬਾਜ਼ ਨਵਾਬ ਤਲਵਾਰ ਹੱਥ ’ਚ ਫੜ ਕੇ ਉਸ ਵੱਲ ਆ ਰਿਹਾ ਹੁੰਦਾ ਤਾਂ ਬਘੇਲ ਸਿੰਘ ਉਸ ਨਾਲ ਚੰਗੀ ਤਰ੍ਹਾਂ ਨਜਿੱਠ ਲੈਂਦਾ। ਪਰ ਇਸ ਇਕੱਲੀ, ਨਿਹੱਥੀ ਅਤੇ ਖ਼ੂਬਸੂਰਤ ਔਰਤ ਨਾਲ…?
ਬਘੇਲ ਸਿੰਘ ਨੇ ਪੈਰਾਂ ’ਚ ਜੁੱਤੀ ਪਾਈ ਅਤੇ ਉਸ ਨੂੰ ਮਿਲਣ ਲਈ ਕੁਝ ਕਦਮ ਅੱਗੇ ਵਧਿਆ। ਸਮਰੂ ਬੇਗ਼ਮ ਨੇ ਆਦਮੀਆਂ ਵਾਂਗ ਸਿਰ ਦੁਆਲੇ ਪਗੜੀ ਬੰਨੀ ਹੋਈ ਸੀ ਪਰ ਬਾਕੀ ਪਹਿਰਾਵਾ ਔਰਤਾਂ ਵਾਲਾ। ਸਾਰੇ ਸਿੰਘ ਸਿਪਾਹੀ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਉਹਨਾਂ ਦੋਹਾਂ ਵੱਲ ਤੱਕਣ ਲੱਗੇ। ਸਮਰੂ ਬੇਗ਼ਮ ਨੇ ਉਸਦੇ ਕੋਲ ਪਹੁੰਚ ਕੇ ਤਿੰਨ ਵਾਰੀ ਝੁਕ ਕੇ ਸਲਾਮ ਕੀਤਾ ਅਤੇ ਨਿਮਰਤਾ ਪੂਰਵਕ ਬੋਲੀ :
”ਐਨੀ ਦੂਰ ਤੰਬੂ ਲਾ ਲਏ? ਕੀ ਮੇਰੇ ਮਹੱਲਾਂ ਨੂੰ ਅਤੇ ਮੈਨੂੰ ਆਪਣਾ ਖ਼ੈਰ-ਮੁਕੱਦਮ ਕਰਨ ਦਾ ਮੌਕਾ ਨਹੀਂ ਦੇਵੋਗੇ?’’
ਬਘੇਲ ਸਿੰਘ ਮਨ ਹੀ ਮਨ ਕੁਝ ਘਬਰਾਇਆ। ਫੇਰ ਆਪਣੀ ਆਵਾਜ਼ ’ਚ ਰੋਹਬ ਭਰਦਿਆਂ ਬੋਲਿਆ :
”ਅਸੀਂ ਜਿਸ ਮਕਸਦ ਲਈ ਆਏ ਹਾਂ, ਉਸ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ। ਹੁਣ ਇਸ ਤਰ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਮੈਨੂੰ ਫੁਸਲਾ ਨਹੀਂ ਸਕਦੇ।’’
”ਵਾਹ!’’ ਉਹ ਕੁਝ ਬੇਪਰਵਾਹੀ ਨਾਲ ਬੋਲੀ, ”ਮੈਂ ਤਾਂ ਸੁਣਿਆ ਸੀ ਕਿ ਖ਼ਾਲਸਾ ਔਰਤਾਂ ਅਤੇ ਲਾਚਾਰਾਂ ਦਾ ਰਖਵਾਲਾ ਹੈ। ਪਰ ਇੱਥੇ ਤਾਂ ਮੈਂ ਇਸ ਦੇ ਉਲਟ ਵੇਖ ਰਹੀ ਹਾਂ।’’
”ਤੁਸੀਂ ਔਰਤ ਹੋ ਜਾਂ ਮਰਦ, ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ।’’ ਕਹਿੰਦਿਆਂ ਬਘੇਲ ਸਿੰਘ ਮਨ ਹੀ ਮਨ ਇਸ ਔਰਤ ਦੀ ਹੁਸ਼ਿਆਰੀ ਨੂੰ ਸਮਝ ਰਿਹਾ ਸੀ ਅਤੇ ਇਹ ਵੀ ਕਿ ਇਸ ਬਹਿਸ ’ਚ ਪਾਸਾ ਇਸ ਔਰਤ ਦਾ ਹੀ ਭਾਰੀ ਰਹੇਗਾ। ਫੇਰ ਵੀ ਉਹ ਅੱਗਿਓਂ ਬੋਲਿਆ :
”ਅਸੀਂ ਵੀ ਗ਼ਰੀਬ, ਲਾਚਾਰ ਅਤੇ ਮਜ਼ਲੂਮ ਸਾਂ। ਉਸ ਵੇਲੇ ਸਾਡੀ ਮਦਦ ਲਈ ਕੋਈ ਨਹੀਂ ਆਇਆ, ਕੋਈ ਨਹੀਂ ਆਇਆ।’’ ਉਸ ਦੇ ਬੋਲਾਂ ’ਚ ਪਿਛਲੇ ਕਈ ਵਰਿ੍ਹਆਂ ਦੀ ਵੇਦਨਾ ਸੀ। “ਹਰ ਕੋਈ ਸਾਨੂੰ ਲੁੱਟਦਾ ਰਿਹਾ, ਵੱਢਦਾ ਰਿਹਾ। ਸਾਡੇ ਘਰਾਂ ਨੂੰ ਉਜਾੜਦਾ ਰਿਹਾ। ਹੁਣ ਸਾਡਾ ਸਮਾਂ ਆਇਆ ਹੈ।’’
”ਕਿਸ ਗੱਲ ਦਾ ਸਮਾਂ? ਲੁੱਟਣ ਦਾ ਅਤੇ ਦੂਜਿਆਂ ਨੂੰ ਉਜਾੜਨ ਦਾ?’’
ਬਘੇਲ ਸਿੰਘ ਕੁਝ ਦੇਰ ਚੁੱਪ ਰਿਹਾ। ਫੇਰ ਬੋਲਿਆ :
”ਜੇ ਅਸਾਂ ਆਤਮ-ਸਨਮਾਨ ਨਾਲ, ਆਜ਼ਾਦੀ ਨਾਲ ਜਿਉਣਾ ਹੈ ਤਾਂ ਇਸ ਵੇਲੇ ਇਕੋ ਹੀ ਚੀਜ਼ ਸਾਨੂੰ ਇਹ ਕੁਝ ਦੇ ਸਕਦੀ ਹੈ; ਅਤੇ ਉਹ ਹੈ ਇਕ ਤਾਕਤਵਰ ਫੌਜ, ਅਤੇ ਫੌਜ ਰੱਖਣ, ਹਥਿਆਰ ਜੁਟਾਉਣ ਲਈ, ਸਿਪਾਹੀਆਂ ਨੂੰ ਤਨਖਾਹ ਦੇਣ ਲਈ ਲੋੜ ਹੈ ਧਨ ਦੀ। ਇਹ ਕੁਝ ਆਪਣੇ ਆਪ ਆ ਕੇ ਤਾਂ ਸਾਨੂੰ ਕੋਈ ਦੇ ਨਹੀਂ ਜਾਵੇਗਾ।’’
”ਤਾਂ ਹੁਣ ਤੁਸੀਂ ਲੁਟੇਰੇ ਬਣ ਕੇ ਲੋਕਾਂ ਨੂੰ ਲੁੱਟਦੇ ਫਿਰਦੇ ਹੋ?’’
”ਅਸਲੀਅਤ ਇਹ ਹੈ ਬੇਗ਼ਮ ਸਾਹਿਬਾ’’, ਬਘੇਲ ਸਿੰਘ ਕੁਝ ਵੱਟ ਖਾ ਕੇ ਕਹਿਣ ਲੱਗਾ, ”ਇਹ ਹਾਕਮ, ਇਹ ਨਵਾਬ ਵੀ ਕੋਈ ਲੁਟੇਰਿਆਂ ਤੋਂ ਘੱਟ ਨਹੀਂ। ਇਹ ਮਹੱਲ, ਇਹ ਐਸ਼-ਓ-ਇਸ਼ਰਤ ਦੇ ਸਾਮਾਨ ਉਹਨਾਂ ਆਪਣੇ ਹੱਥਾਂ ਦੀ ਮਿਹਨਤ ਦੀ ਕਮਾਈ ਨਾਲ ਹੀ ਤੇ ਨਹੀਂ ਬਣਾਏ? ਇਹ ਸਾਰੀ ਸਾਡੇ ਵਰਗੇ ਕਿਸਾਨਾਂ, ਮਿਹਨਤ ਕਰਨ ਵਾਲਿਆਂ ਦੀ ਕਮਾਈ ’ਚੋਂ ਹੀ ਬਣਿਆ ਹੈ ਅਤੇ ਜਾਂ ਕਿਸੇ ਦੂਜੇ ਅਤੇ ਕਮਜ਼ੋਰ ਰਾਜ ਦੇ ਖੇਤਰ ’ਚ ਲੁੱਟਮਾਰ ਕਰਕੇ। ਜੇ ਅਸੀਂ ਲੁੱਟਦੇ ਹਾਂ ਤਾਂ ਉਹਨਾਂ ਨੂੰ ਜਿਹਨਾਂ ਕੋਲ ਲੋੜ ਤੋਂ ਵੱਧ ਹੈ ਅਤੇ ਵੰਡਦੇ ਹਾਂ ਉਹਨਾਂ ਵਿਚਕਾਰ, ਜਿਹਨਾਂ ਨੂੰ ਸੱਚਮੁੱਚ ਲੋੜ ਹੈ।’’
ਸਮਰੂ ਬੇਗ਼ਮ ਨੇ ਵੀ ਬਘੇਲ ਸਿੰਘ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ : ਕਿ ਉਹ ਬਹਾਦੁਰ ਹੈ, ਸੂਝਵਾਨ ਵੀ ਅਤੇ ਰਾਜਨੀਤੀ ਦੇ ਦਾਓ-ਪੇਚਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ। ਹੁਣ ਉਹ ਕੁਝ ਨਰਮ ਪੈਂਦਿਆਂ ਬੋਲੀ :
”ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਮੁਤਫ਼ਿਕ ਹਾਂ ਸਿੰਘ ਸਾਹਿਬ। ਹੁਣ ਮੈਂ ਤੁਹਾਨੂੰ ਦਾਅਵਤ ਦੇਂਦੀ ਹਾਂ ਕਿ ਤੁਸੀਂ ਮੇਰੀ ਇਸ ਛੋਟੀ ਜਿਹੀ ਰਿਆਸਤ ‘ਸਰਧਾਨਾ’ ’ਚ ਆ ਕੇ ਆਪਣੀ ਅੱਖੀਂ ਵੇਖੋ। ਮੇਰੀ ਰਿਆਇਆ ਉਹਨਾਂ ਵੱਡੇ-ਵੱਡੇ ਬਾਦਸ਼ਾਹਾਂ ਦੀ ਰਿਆਇਆ ਤੋਂ ਜ਼ਿਆਦਾ ਖੁਸ਼ਹਾਲ ਹੈ। ਗਲੀਆਂ ਬਜ਼ਾਰਾਂ ’ਚ ਕੋਈ ਭਿਖਾਰੀ, ਅਧਨੰਗਾ ਜਾਂ ਦੁਖੀ ਨਹੀਂ ਵੇਖੋਗੇ ਅਤੇ ਤਾਰੀਖ਼ ਗਵਾਹ ਹੈ ਕਿ ਮੇਰੀ ਫੌਜ ਨੇ ਸਵਾਏ ਆਪਣੀ ਹਫਾਜ਼ਤ ਦੇ ਕਦੇ ਕਿਸੇ ਗੁਆਂਢੀ ਦੇ ਇਲਾਕੇ ’ਤੇ ਹਮਲਾ ਤਾਂ ਕੀ ਕਰਨਾ, ਕੋਈ ਖ਼ੇਤ ਤੱਕ ਨਹੀਂ ਹਥਿਆਇਆ।’’
ਬਘੇਲ ਸਿੰਘ ਨੂੰ ਫਖ਼ਰ ਸੀ ਕਿ ਨਾ ਤਲਵਾਰਬਾਜ਼ੀ ’ਚ ਅਤੇ ਨਾ ਹੀ ਬਹਿਸ ’ਚ ਉਸ ਨੂੰ ਕੋਈ ਹਰਾ ਸਕਦਾ ਹੈ। ਹੁਣ ਉਹ ਇਸ ਔਰਤ ਦੀ ਸ਼ਖ਼ਸੀਅਤ, ਕਾਬਲੀਅਤ ਦੇ ਨਾਲ-ਨਾਲ ਉਸ ਦੀ ਸੁੰਦਰਤਾ ਤੋਂ ਵੀ ਪ੍ਰਭਾਵਿਤ ਹੋਣੋਂ ਨਾ ਰਹਿ ਸਕਿਆ।
ਬੇਗ਼ਮ ਸਮਰੂ ਵੀ ਉਸ ਦੇ ਹਾਵ ਭਾਵ, ਉਸ ਦੀਆਂ ਅੱਖਾਂ ਵੱਲ ਤੱਕ ਕੇ ਉਸ ਦੀ ਮਨੋਦਸ਼ਾ ਨੂੰ ਕੁਝ-ਕੁਝ ਸਮਝ ਗਈ। ਉਹ ਬੋਲੀ :
”ਮੈਂ ਤੁਹਾਨੂੰ ਇਕ ਲੁਟੇਰਾ ਜਾਂ ਦੁਸ਼ਮਣ ਜਾਣ ਕੇ ਨਹੀਂ ਬਲਕਿ ਆਪਣਾ ਹਮਦਰਦ, ਇਕ ਦੋਸਤ ਸਮਝਦਿਆਂ ਆਪਣੇ ਸਰਧਾਨਾ ਵਿਚ ਪੈਰ ਪਾਉਣ ਦੀ ਗੁਜ਼ਾਰਸ਼ ਕਰਦੀ ਹਾਂ।’’
ਬਘੇਲ ਸਿੰਘ ਤਿੰਨ ਚਾਰ ਦਿਨ ਤੱਕ ਆਪਣੇ ਕੁਝ ਸਰਦਾਰਾਂ ਨਾਲ ਉਸ ਦੀ ਆਓ ਭਗਤ ਦਾ ਸੁਆਦ ਮਾਣਦਾ ਰਿਹਾ। ਜਦ ਉਹ ਜਾਣ ਲੱਗਿਆ ਤਾਂ ਬੇਗ਼ਮ ਨੇ ਉਸ ਅੱਗੇ ਰੁਪੱਈਆਂ ਦੀਆਂ ਕਾਫੀ ਸਾਰੀਆਂ ਥੈਲੀਆਂ ਰੱਖਦਿਆਂ ਆਖਿਆ :
”ਹੁਣ ਐਡੀ ਦੂਰੋਂ ਚੱਲ ਕੇ ਆਏ ਹੋ, ਕੁਝ ਉਮੀਦ ਲੈ ਕੇ। ਖ਼ਾਲੀ ਹੱਥ ਤੇ ਮੈਂ ਜਾਣ ਨਹੀਂ ਦੇਵਾਂਗੀ।’’
ਬਘੇਲ ਸਿੰਘ ਨੇ ਪਹਿਲਾਂ ਥੈਲੀਆਂ ਵੱਲ ਅਤੇ ਫੇਰ ਬੇਗ਼ਮ ਵੱਲ ਤੱਕਦਿਆਂ ਆਖਿਆ, ”ਬੇਗ਼ਮ ਸਾਹਿਬਾ, ਮੈਂ ਸਮਝਦਾ ਹਾਂ ਕਿ ਤੁਸੀਂ ਮੇਰਾ ਇਮਤਿਹਾਨ ਲੈ ਰਹੇ ਹੋ। ਇਹਨਾਂ ਥੈਲੀਆਂ ਨੂੰ ਹੱਥ ਲਾਉਂਦਿਆਂ ਹੀ ਮੈਂ ਤੁਹਾਡੀਆਂ ਅਤੇ ਆਪਣੀਆਂ ਹੀ ਨਜ਼ਰਾਂ ’ਚ ਨੀਵਾਂ ਹੋ ਜਾਵਾਂਗਾ ਅਤੇ ਆਪਣੀਆਂ ਹੀ ਨਜ਼ਰਾਂ ’ਚ ਡਿੱਗਿਆ ਆਦਮੀ ਕਦੀ ਉੱਪਰ ਨਹੀਂ ਉੱਠ ਸਕਦਾ। ਨਿਸ਼ਕਪਟ ਅਤੇ ਸੁਹਿਰਦ ਦੋਸਤੀ ਤੋਂ ਵੱਡਾ ਤੋਹਫਾ ਹੋਰ ਕੋਈ ਨਹੀਂ। ਉਂਝ ਦੇਣਾ ਤਾਂ ਮੈਨੂੰ ਚਾਹੀਦਾ ਸੀ।’’
ਇਹ ਲੈਣ ਦੇਣ ਦੀ ਬਹਿਸ ਕੁਝ ਦੇਰ ਚੱਲਦੀ ਰਹੀ। ਬਘੇਲ ਸਿੰਘ ਦੇ ਜਾਣ ਲੱਗਿਆਂ (ਬਘੇਲ ਸਿੰਘ ਦੀਆਂ ਤਿੰਨ ਪਤਨੀਆਂ ਬਾਰੇ ਜਾਣਨ ਤੋਂ ਬਾਅਦ) ਸਮਰੂ ਬੇਗਮ ਉਸ ਦੀਆਂ ਪਤਨੀਆਂ ਲਈ ਬਹੁਮੁੱਲੇ ਹਾਰ, ਬਘੇਲ ਸਿੰਘ ਅਤੇ ਉਸ ਦੇ ਪੰਜ ਸਰਦਾਰਾਂ ਲਈ ਵਧੀਆ ਨਸਲ ਦੇ ਘੋੜੇ ਅਤੇ ਬਘੇਲ ਸਿੰਘ ਨੂੰ ਸੋਨੇ ਦੀ ਮੁੱਠ ਵਾਲੀ ਤਲਵਾਰ ਭੇਂਟ ਵਿਚ ਦਿੱਤੀ।

”ਗ਼ੁਲਾਮ ਕਾਦਰ ਰੁਹੇਲੇ ਦੀ ਫੌਜ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਹੈ; ਸਾਡੇ ਤੋਂ ਚਾਰ ਹਜ਼ਾਰ ਵੱਧ।’’ ਅਨੂਪ ਸਿੰਘ ਨੇ ਆ ਕੇ ਬਘੇਲ ਸਿੰਘ ਨੂੰ ਦੱਸਿਆ, ”ਅਤੇ ਹਾਲੇ ਉਹ ਸਰਧਾਨਾ ਤੋਂ ਪੈਂਤੀ ਮੀਲ ਦੀ ਦੂਰੀ ’ਤੇ ਹਨ।’’
ਬਘੇਲ ਸਿੰਘ ਨੇ ਆਪਣੀ ਛੇ ਹਜ਼ਾਰ ਘੋੜ ਸਵਾਰਾਂ ਦੀ ਫੌਜ ਨੂੰ ਜਮਨਾ ਨਦੀ ਪਾਰ ਕਰਨ ਤੋਂ ਬਾਅਦ ਆਪਣੇ ਘੋੜਿਆਂ ਨੂੰ ਸਾਹ ਦੁਆਇਆ ਅਤੇ ਆਪਣੇ ਸੂਹੀਆਂ ਦੀ ਉਡੀਕ ਕਰਨ ਲੱਗਾ।
”ਕਿੰਨੇ ਕੁ ਪੈਦਲ ਅਤੇ ਕਿੰਨੇ ਕੁ ਘੋੜ ਸਵਾਰ?’’ ਸੂਹੀਆਂ ਦੇ ਆ ਪੁੱਜਣ ਤੇ ਉਸ ਨੇ ਪੁੱਛਿਆ।
”ਤਕਰੀਬਨ ਅੱਧੇ ਤੋਂ ਕੁਝ ਵੱਧ ਪੈਦਲ, ਬਾਕੀ ਘੋੜ ਸਵਾਰ।’’
”ਸਾਡੇ ਤੋਂ ਕਿੰਨੀ ਕੁ ਦੂਰੀ ’ਤੇ?’’
”ਤਕਰੀਬਨ ਡੇਢ ਕੁ ਦਿਨ ਦੇ ਸਫਰ ਦੀ ਦੂਰੀ ’ਤੇ।’’

ਬਘੇਲ ਸਿੰਘ ਨੇ ਕਰਮ ਸਿੰਘ ਨਿਰਮਲਾ, ਤਾਰਾ ਸਿੰਘ ਗੈਬਾ ਅਤੇ ਹੋਰ ਸਰਦਾਰਾਂ ਨੂੰ ਆਪਣੇ ਕੋਲ ਬੁਲਾਇਆ। ਕੁਝ ਦੇਰ ਤੱਕ ਯੁੱਧ-ਮੰਤਰਨਾ ਚੱਲਦੀ ਰਹੀ। ਫੇਰ ਉਸ ਨੇ ਤਾਰਾ ਸਿੰਘ ਗੈਬਾ ਨੂੰ ਇਕ ਹਜ਼ਾਰ ਘੋੜ ਸਵਾਰ ਅਤੇ ਕੁਝ ਹਦਾਇਤਾਂ ਦੇ ਕੇ ਇਕ ਪਾਸੇ ਭੇਜ ਦਿੱਤਾ।

ਰਾਤ ਉਹ ਮਸਾਂ ਤਿੰਨ ਕੁ ਘੰਟੇ ਸੁੱਤੇ। ਪਰ ਉਹਨਾਂ ਲਈ ਐਨੀ ਨੀਂਦ ਵੀ ਕਾਫ਼ੀ ਸੀ। ਬਘੇਲ ਸਿੰਘ ਦੇ ਸਿੰਘਾਂ ਨੂੰ ਤੇ ਸਾਰੀ ਸਾਰੀ ਰਾਤ ਚੱਲਦੇ ਰਹਿਣ ਅਤੇ ਸਵੇਰ ਹੁੰਦਿਆਂ ਹੀ ਦੁਸ਼ਮਣ ਉੱਤੇ ਹਮਲਾ ਬੋਲ ਦੇਣ ਦਾ ਅਭਿਆਸ ਸੀ। ਅੱਧੇ ਚੰਨ ਦੀ ਚਾਨਣੀ ਵਿਚ ਆਪਣੀਆਂ ਚੀਜ਼ਾਂ ਇਕੱਠਿਆਂ ਕਰਦਿਆਂ ਤੇ ਹਥਿਆਰ ਸੰਭਾਲਦਿਆਂ ਠੰਡ ਨਾਲ ਉਹਨਾਂ ਦੇ ਹੱਥ ਸੁੰਨ ਹੁੰਦੇ ਜਾ ਰਹੇ ਸਨ। ਅੱਗ ਬਾਲਣ ਦੀ ਆਗਿਆ ਨਹੀਂ ਸੀ। ਬਘੇਲ ਸਿੰਘ ਉਹਨਾਂ ਵਿਚਕਾਰ ਘੁੰਮਦਿਆਂ ਕਿਸੇ ਨਾਲ ਠੱਠਾ-ਮਖ਼ੌਲ ਅਤੇ ਕਿਸੇ ਦਾ ਹੌਂਸਲਾ ਵਧਾ ਰਿਹਾ ਸੀ। ਨਾਲ ਹੀ ਉਹ ਹਰ ਦਸਤੇ ਦੇ ਸਰਦਾਰ ਨੂੰ ਉਹਨਾਂ ਦੀ ਨਿਸ਼ਚਿਤ ਜ਼ਿੰਮੇਵਾਰੀ ਬਾਰੇ ਵੀ ਹਦਾਇਤਾਂ ਦੇਂਦਾ ਜਾ ਰਿਹਾ ਸੀ। ਕੁਝ ਸਿੰਘਾਂ ਨੂੰ ਹਲਕੀ ਅੱਗ ਤੇ ਹੱਥ ਸੇਕਦਿਆਂ ਵੇਖ ਕੇ ਬਘੇਲ ਸਿੰਘ ਬੋਲਿਆ : ਆਪਣੇ ਅੰਦਰ ਦੀ ਅੱਗ ਨਾਲ ਹੱਥ ਸੇਕੋ ਸਿੰਘ ਜੀ। ਇਹ ਅੱਗ ਠੰਡੀ ਨਹੀਂ ਪੈਣੀ ਚਾਹੀਦੀ।’’
ਸਰਘੀ ਵੇਲੇ ਹੀ ਪੰਜ ਹਜ਼ਾਰ ਸਿੰਘ ਘੋੜ ਸਵਾਰ ਪਹਿਲਾਂ ਹੌਲੀ-ਹੌਲੀ ਅਤੇ ਫੇਰ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਲੱਗੇ। ਇਕ ਛੋਟੇ ਜਿਹੇ ਨਾਲੇ ਨੂੰ ਪਾਰ ਕਰਨ ਤੋਂ ਬਾਅਦ ਬਘੇਲ ਸਿੰਘ ਨੂੰ ਆਪਣੇ ਭੇਜੇ ਹੋਏ ਸੂਹੀਏ ਮਿਲ ਗਏ। ਉਹਨਾਂ ਦੱਸਿਆ ਕਿ ਰੁਹੇਲਿਆਂ ਦੀ ਫੌਜ ਉਸ ਸਥਾਨ ਤੋਂ ਦਸ ਬਾਰਾਂ ਮੀਲ ਦੀ ਦੂਰੀ ’ਤੇ ਇਕ ਜੂਹ ਜਹੀ ’ਚ ਡੇਰੇ ਪਾਈ ਬੈਠੀ ਹੈ ਅਤੇ ਲੱਗਦਾ ਹੈ ਕਿ ਸਵੇਰ ਹੁੰਦਿਆਂ ਹੀ ਉਹ ਸਰਧਾਨਾ ’ਤੇ ਹਮਲਾ ਕਰਨ ਲਈ ਤੁਰ ਪੈਣਗੇ।
ਬਘੇਲ ਸਿੰਘ ਨੇ ਹੁਕਮ ਦਿੱਤਾ ਕਿ ਹੁਣ ਘੋੜਿਆਂ ਨੂੰ ਦੁੜਾਇਆ ਨਾ ਜਾਵੇ ਅਤੇ ਨਾ ਹੀ ਕੋਈ ਉੱਚੀ ਆਵਾਜ਼ ’ਚ ਬੋਲੇ ਤਾਂ ਕਿ ਦੁਸ਼ਮਣ ਉਹਨਾਂ ਦੇ ਆ ਪਹੁੰਚਣ ਬਾਰੇ ਆਖ਼ਰੀ ਦਮ ਤੱਕ ਅਨਜਾਣ ਰਹੇ। ਸਿੰਘਾਂ ਦੀ ਖ਼ੁਸ਼ਕਿਸਮਤੀ ਕਿ ਧਰਤੀ ਉੱਤੇ ਦੋ-ਦੋ ਗਿੱਠ ਉੱਚੀ ਅਤੇ ਤਰੇਲ ਨਾਲ ਭਿੱਜੀ ਘਾਹ ਸੀ, ਜਿਸ ਕਾਰਨ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਬਹੁਤ ਘੁਟੀ-ਘੁਟੀ ਜਹੀ ਹੋ ਗਈ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਉਹ ਐਸੇ ਸਥਾਨ ’ਤੇ ਪਹੁੰਚ ਗਏ, ਜਿੱਥੇ ਚਾਰ-ਚਾਰ ਹੱਥ ਉੱਚੀ ਘਾਹ ਸੀ ਅਤੇ ਜੇ ਘੋੜ ਸਵਾਰ ਆਪਣੀ ਦੇਹ ਨੂੰ ਜ਼ਰਾ ਥੱਲੇ ਝੁਕਾ ਲੈਣ ਤਾਂ ਦੂਰੋਂ ਕੋਈ ਇਹ ਨਹੀਂ ਸੀ ਜਾਣ ਸਕਦਾ ਕਿ ਕੋਈ ਵੱਡੀ ਫੌਜ ਆ ਰਹੀ ਹੈ। ਗ਼ੁਲਾਮ ਕਾਦਰ ਰੁਹੇਲੇ ਨੇ ਵੀ ਆਪਣੀ ਜਾਚੇ ਇਸ ਲੰਮੀ ਘਾਹ ਦੇ ਪਿੱਛੇ ਰੁੱਖਾਂ ਦੇ ਝੁੰਡ ’ਚ ਲੁਕੇ ਰਹਿਣ ਦਾ ਭਰਮ ਪਾਲਿਆ ਹੋਇਆ ਸੀ।
ਪਰ ਛੇਤੀ ਹੀ ਸਿੰਘਾਂ ਦਾ ਬਿਨਾ ਪਤਾ ਲੱਗੇ ਅੱਗੇ ਵਧਦੇ ਰਹਿਣ ਦਾ ਸਮਾਂ ਸਮਾਪਤ ਹੋ ਗਿਆ। ਰੁੱਖਾਂ ’ਤੇ ਚੜ੍ਹ ਕੇ ਬੈਠੇ ਕੁਝ ਰੁਹੇਲਿਆਂ ਨੇ ਉਹਨਾਂ ਨੂੰ ਵੇਖ ਲਿਆ ਅਤੇ ਤੂਤਨੀਆਂ ਵਜਾ ਕੇ ਹਮਲੇ ਦੇ ਖ਼ਤਰੇ ਤੋਂ ਖ਼ਬਰਦਾਰ ਕਰ ਦਿੱਤਾ। ਤੂਤਨੀਆਂ ਦੀ ਆਵਾਜ਼ ਸੁਣਦਿਆਂ ਹੀ ਬਘੇਲ ਸਿੰਘ ਅੰਦਰ ਜੋਸ਼ ਉਬਾਲੇ ਖਾਣ ਲੱਗਾ। ਪਰ ਉਹ ਆਪਣੇ ਆਪ ਨੂੰ ਕਹਿੰਦਾ ਰਿਹਾ : ਹਾਲੇ ਨਹੀਂ, ਹਾਲੇ ਨਹੀਂ! ਉਸ ਨੇ ਗ਼ੁਲਾਮ ਕਾਦਰ ਨੂੰ ਆਪਣੀ ਫੌਜ ’ਚ ਨਿਅੰਤਰਨ ਲਿਆਉਣ ਦਾ ਅਸਫ਼ਲ ਯਤਨ ਕਰਦਿਆਂ ਵੇਖਿਆ। ਰੁਹੇਲਿਆਂ ’ਚੋਂ ਕਈ ਬੇਦਿਲੀ ਅਤੇ ਘਬਰਾਹਟ ਜ਼ਾਹਰ ਕਰਦਿਆਂ ਅੱਗੇ ਵਧਣ ਦਾ ਯਤਨ ਕਰ ਰਹੇ ਸਨ। ਜਿਹਨਾਂ ਕੋਲ ਬੰਦੂਕਾਂ ਸਨ, ਉਹਨਾਂ ਦਾ ਨਿਸ਼ਾਨਾ ਵੀ ਠੀਕ ਤਰ੍ਹਾਂ ਨਹੀਂ ਸੀ ਲੱਗ ਰਿਹਾ।
ਫੇਰ ਬਘੇਲ ਸਿੰਘ ਨੇ ਵੀ ਨਗਾੜੇ ’ਤੇ ਚੋਟ ਮਾਰੀ। ਸਿੰਘਾਂ ਦੇ ਘੋੜੇ ਆਪਣੀ ਪੂਰੀ ਰਫ਼ਤਾਰ ਨਾਲ ਦੌੜਦਿਆਂ ਅੱਗੇ ਵਧਦੇ ਅਤੇ ਦੋਵੇਂ ਪਾਸੇ ਵੱਲ ਫੈਲਦੇ ਗਏ। ਇਕ-ਇਕ ਹਜ਼ਾਰ ਘੋੜ ਸਵਾਰਾਂ ਦੀਆਂ ਚਾਰ ਕਤਾਰਾਂ ਅਤੇ ਪੰਜਵੀਂ ਕਤਾਰ ਰਾਖਵੀਂ ਰੱਖੀ ਹੋਈ ਸੀ। ਜਿਉਂ ਹੀ ਸਿੰਘ ਘੋੜ ਸਵਾਰ ਰੁਹੇਲਿਆਂ ਦੇ ਨੇੜੇ ਪਹੁੰਚੇ, ਉਹਨਾਂ ਵੱਲੋਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ। ਗੋਲੀਆਂ ਖਾ ਕੇ ਕੁਝ ਸਿੰਘ ਜ਼ਖ਼ਮੀ ਹੋ ਕੇ ਡਿਗਦੇ ਰਹੇ। ਬਘੇਲ ਸਿੰਘ ਨੇ ਆਪਣਾ ਨਰਸਿੰਘਾ ਬੁੱਲ੍ਹਾਂ ’ਤੇ ਲਾਇਆ ਅਤੇ ਭਰਪੂਰ ਹਮਲੇ ਦਾ ਆਦੇਸ਼ ਦੇ ਦਿੱਤਾ। ਨਾਲ ਹੀ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਉੱਠਿਆ।
ਲੱਗਦਾ ਸੀ ਕਿ ਹੁਣ ਤੱਕ ਗ਼ੁਲਾਮ ਕਾਦਰ ਨੇ ਵੀ ਆਪਣੀ ਫੌਜ ਦੀ ਦਲਬੰਦੀ ਚੰਗੀ ਤਰ੍ਹਾਂ ਕਰ ਲਈ ਸੀ। ਰੁਹੇਲਿਆਂ ਦੇ ਦਸ ਹਜ਼ਾਰ ਪਿਆਦੇ ਅਤੇ ਘੋੜ ਸਵਾਰ ਤਲਵਾਰਾਂ ਅਤੇ ਬਰਛੇ ਸੰਭਾਲਦਿਆਂ ਪੂਰੀ ਤਰ੍ਹਾਂ ਫੈਲ ਗਏ ਸਨ ਅਤੇ ਸਿੰਘਾਂ ਨੂੰ ਤਿੰਨ ਪਾਸਿਓਂ ਘੇਰਨ ਦਾ ਯਤਨ ਕਰ ਰਹੇ ਸਨ।
ਇਸ ਤੋਂ ਕੁਝ ਦੇਰ ਪਹਿਲਾਂ ਬਘੇਲ ਸਿੰਘ ਨੇ ਸਰਧਾਨਾ ’ਚ ਆਦੇਸ਼ ਭੇਜ ਦਿੱਤਾ ਸੀ ਕਿ ਸਮਰੂ ਬੇਗ਼ਮ ਆਪਣੀਆਂ ਕੁਝ ਤੋਪਾਂ ਬਘੇਲ ਸਿੰਘ ਦੀ ਸਹਾਇਤਾ ਲਈ ਇਸ ਪਾਸੇ ਭੇਜ ਦੇਵੇ।
ਜਿਸ ਵੇਲੇ ਰੁਹੇਲੇ ਆਪਣੀ ਪੂਰੀ ਜਿੱਤ ਦੀ ਆਸ ਰੱਖਦਿਆਂ ਬੜੇ ਜੋਸ਼ ਨਾਲ ਅੱਗੇ ਵਧ ਰਹੇ ਸਨ, ਉਸੇ ਵੇਲੇ, ਪੂਰਵ ਨਿਸ਼ਚਿਤ ਯੋਜਨਾ ਅਨੁਸਾਰ, ਤਾਰਾ ਸਿੰਘ ਗੈਬਾ ਦੇ ਇਕ ਹਜ਼ਾਰ ਘੋੜ ਸਵਾਰਾਂ ਨੇ ਰੁਹੇਲਿਆਂ ਉੱਤੇ ਪਿੱਛੋਂ ਆ ਕੇ ਹਮਲਾ ਕਰ ਦਿੱਤਾ। ਤਦ ਤੱਕ ਬੇਗ਼ਮ ਸਮਰੂ ਦੀਆਂ ਤੋਪਾਂ ਵੀ ਪਹੁੰਚ ਗਈਆਂ ਅਤੇ ਰੁਹੇਲਿਆਂ ਉੱਤੇ ਗੋਲੇ ਵਰ੍ਹਾਉਣ ਲੱਗੀਆਂ। ਛੇਤੀ ਹੀ ਰੁਹੇਲਿਆਂ ਦੇ ਪੈਰ ਉੱਖੜ ਗਏ ਅਤੇ ਉਹ ਪਿੱਛੇ ਨੂੰ ਭੱਜ ਤੁਰੇ। ਬਘੇਲ ਸਿੰਘ ਨੇ ਹੁਕਮ ਦਿੱਤਾ ਕਿ ਇਸ ਲੜਾਈ ਦੀ ਜਿੱਤ ਨਾਲ ਹੀ ਸਬਰ ਨਾ ਕੀਤਾ ਜਾਏ। ਇਹਨਾਂ ਦਾ ਪਿੱਛਾ ਕਰਕੇ ਜਿੰਨਿਆਂ ਨੂੰ ਵੀ ਮਾਰ ਸਕਣ, ਮਾਰ ਦਿੱਤਾ ਜਾਏ।
ਬਹੁਤ ਦੂਰ ਤੱਕ ਇਹਨਾਂ ਦਾ ਪਿੱਛਾ ਕੀਤਾ ਗਿਆ। ਗ਼ੁਲਾਮ ਕਾਦਰ ਦੇ ਅਧੀਨ ਇਲਾਕਿਆਂ : ਸਹਾਰਨਪੁਰ, ਮੁਰਾਦਾਬਾਦ, ਰਾਮਪੁਰ ਆਦਿ ਸ਼ਹਿਰਾਂ ਦੇ ਅਮੀਰਾਂ ਨੂੰ ਖ਼ੂਬ ਲੁੱਟਿਆ ਗਿਆ। ਗ਼ੁਲਾਮ ਕਾਦਰ ਦੇ ਤੰਬੂਆਂ ’ਚੋਂ ਵੀ ਕਾਫ਼ੀ ਮਾਲ ਬਘੇਲ ਸਿੰਘ ਦੇ ਹੱਥ ਲੱਗਿਆ।

”ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਡੀ ਜੋ ਵੇਲੇ ਸਿਰ ਆ ਕੇ ਮੈਨੂੰ ਅਤੇ ਮੇਰੀ ਰਿਆਇਆ ਨੂੰ ਬਚਾਇਆ ਨਹੀਂ ਤੇ…। ਇਸ ਵਰਗਾ ਜ਼ਾਲਮ ਅਤੇ ਬੇਰਹਿਮ ਆਦਮੀ ਸ਼ਾਇਦ ਹੀ ਇਸ ਮੁਲਕ ’ਚ ਕਦੇ ਪੈਦਾ ਹੋਇਆ ਹੋਏ।’’ ਆਪਣੇ ਮਹੱਲ ’ਚ ਬਘੇਲ ਸਿੰਘ ਦੀ ਖ਼ਾਤਰਦਾਰੀ ਕਰਦਿਆਂ ਸਮਰੂ ਬੇਗ਼ਮ ਨੇ ਆਖਿਆ।
”ਬਹੁਤ ਪੈਦਾ ਹੋਏ ਹਨ ਸਮਰੂ ਬੇਗ਼ਮ, ਬਹੁਤ ਪੈਦਾ ਹੋਏ ਹਨ।’’ ਬਘੇਲ ਸਿੰਘ ਸਰਹੰਦ ਦੇ ਵਜ਼ੀਰ ਖਾਂ, ਮੀਰ ਮੰਨੂੰ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਯਾਦ ਕਰਦਿਆਂ ਬੋਲਿਆ।
”ਮੈਂ ਸਮਝਦੀ ਹਾਂ ਕਿ ਤੁਸੀਂ ਕੀ ਸੋਚਦਿਆਂ ਇਹ ਕੁਝ ਕਹਿ ਰਹੇ ਹੋ। ਪਰ ਇਸ ਮੁਆਮਲੇ ’ਚ ਇਹ ਗ਼ੁਲਾਮ ਕਾਦਰ ਉਹਨਾਂ ਸਾਰਿਆਂ ਤੋਂ ਉੱਤੇ ਹੈ। ਕੁਝ ਮਹੀਨੇ ਪਹਿਲਾਂ ਹੀ ਇਸ ਨੇ ਇਕ ਨਵਾਬ ਉੱਤੇ ਹਮਲਾ ਕਰਕੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਸ਼ਹਿਰ ’ਚ ਕਤਲ-ਏ-ਆਮ ਕਰਵਾਇਆ ਅਤੇ ਨਵਾਬ ਦੀਆਂ ਔਰਤਾਂ, ਧੀਆਂ ਨਾਲ ਬਲਾਤਕਾਰ ਕੀਤਾ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਜੇ…।’’ ਕਹਿੰਦਿਆਂ-ਕਹਿੰਦਿਆਂ ਸਮਰੂ ਬੇਗ਼ਮ ਚੁੱਪ ਹੋ ਗਈ।
ਬਘੇਲ ਸਿੰਘ ਉਸ ਦੇ ਸਜੇ ਸਜਾਏ ਮਹੱਲ ਅਤੇ ਇਸ ਤਹਿਜ਼ੀਬ ਜ਼ਾਫ਼ਤਾ ਔਰਤ ਵੱਲ ਤੱਕਦਿਆਂ ਸੋਚ ਰਿਹਾ ਸੀ : ਕਿੰਨੀ ਸੂਝ, ਕਿੰਨੀ ਸ਼ਾਇਸਤਗੀ ਹੈ ਇਸ ਔਰਤ ਵਿਚ! ਅਤੇ ਮੈਂ? ਇਕ ਜੱਟ-ਮੂੜ੍ਹ, ਜੋ ਕਦੇ ਕਰੋੜਾ ਸਿੰਘ ਦਾ ਘਰੇਲੂ ਨੌਕਰ ਹੋਇਆ ਕਰਦਾ ਸੀ। ਹੁਣ ਉਸ ਨੂੰ ਬੇਗ਼ਮ ਨਾਲ ਬੈਠ ਕੇ ਗੱਲਾਂ ਕਰਦਿਆਂ, ਖ਼ਾਤਰਦਾਰੀ ਕਰਵਾਉਂਦਿਆਂ ਚੰਗਾ-ਚੰਗਾ ਲੱਗ ਰਿਹਾ ਸੀ। ਸਮਰੂ ਬੇਗ਼ਮ ਉਸ ਤੋਂ ਪੰਦਰਾਂ ਸੋਲ੍ਹਾਂ ਵਰ੍ਹੇ ਛੋਟੀ ਸੀ, ਭਰ ਜਵਾਨ ਅਤੇ ਖ਼ੂਬਸੂਰਤ, ਆਕਰਸ਼ਕ। ਆਪਣੀ ਕਲਪਨਾ ’ਚੋਂ ਉਹ ਸਮਰੂ ਬੇਗ਼ਮ ਨੂੰ ਆਪਣੀਆਂ ਤਿੰਨ ਬੀਵੀਆਂ ਰਤਨ ਕੌਰ, ਰੂਪ ਕੌਰ ਅਤੇ ਰਾਮ ਕੌਰ ਨਾਲ ਖੜ੍ਹਿਆਂ ਵੇਖਣ ਲੱਗਾ। ਸਮਰੂ ਬੇਗ਼ਮ ਨੇ ਮੁਸਕਰਾਉਂਦਿਆਂ ਅਤੇ ਭਾਵਪੂਰਨ ਨਜ਼ਰਾਂ ਨਾਲ ਉਸ ਦੀਆਂ ਅੱਖਾਂ ਵੱਲ ਤੱਕਿਆ। ਬਘੇਲ ਸਿੰਘ ਨੂੰ ਲੱਗਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ।
ਬੇਗ਼ਮ ਵੀ ਜਿਵੇਂ ਉਸ ਦੇ ਮਨੋਭਾਵਾਂ ਨੂੰ ਸਮਝ ਰਹੀ ਹੋਵੇ। ਉਸ ਨੇ ਮਨ ਹੀ ਮਨ ਆਖਿਆ : ਮੈਂ ਸਮਝ ਰਹੀ ਹਾਂ ਸਿੰਘ ਸਾਹਿਬ ਕਿ ਤੁਸੀਂ ਕੀ ਸੋਚ ਰਹੇ ਹੋ। ਪਰ ਕਈ ਰਿਸ਼ਤੇ ਐਸੇ ਹੁੰਦੇ ਹਨ, ਜਿਹਨਾਂ ਨੂੰ ਉਵੇਂ ਦਾ ਉਵੇਂ ਹੀ ਰਹਿਣ ਦਿੱਤਾ ਜਾਵੇ ਤਾਂ ਚੰਗਾ ਹੈ। ਫੇਰ ਬਘੇਲ ਸਿੰਘ ਨੂੰ ਕੰਧ ’ਤੇ ਲੱਗੀ ਆਪਣੇ ਸੁਰਗਵਾਸ ਪਤੀ ਦੀ ਤਸਵੀਰ ਵੱਲ ਤੱਕਦਿਆਂ ਵੇਖ ਕੇ ਬੋਲੀ :
”ਇਹਨਾਂ ਅਤੇ ਤੁਹਾਡੇ ਵਿਚਕਾਰ ਜਿਸਮਾਨੀ ਤੌਰ ’ਤੇ ਜਿੰਨਾ ਫ਼ਰਕ ਹੈ, ਨਫਾਸਤੀ ਤੌਰ ’ਤੇ ਓਨੀ ਹੀ ਸਮਾਨਤਾ ਹੈ। ਇਹ ਵੀ ਤੁਹਾਡੇ ਵਾਂਗ ਬਾਹਿੰਮਤ, ਬਹਾਦਰ ਅਤੇ ਦੋਸਤੀ ਦੀ ਕਦਰ ਕਰਨ ਵਾਲੇ ਸਨ। ਆਪਣੇ ਮੁਲਕ ਤੋਂ ਐਨੀ ਦੂਰ ਆ ਕੇ ਇਕੱਲਿਆਂ ਹੀ ਇਕ ਹਕੂਮਤ ਕਾਇਮ ਕਰ ਲਈ ਸੀ।’’ ਇਹ ਕਹਿੰਦਿਆਂ ਸਮਰੂ ਬੇਗ਼ਮ ਉਸ ਨਾਲ ਆਪਣੇ ਦੋਸਤਾਨਾ ਸਬੰਧਾਂ ਨੂੰ ਪੱਕਿਆਂ ਵੀ ਕਰ ਰਹੀ ਸੀ ਅਤੇ ਇਕ ਸਤਿਕਾਰ ਭਰੀ ਨੇੜਤਾ ਵਾਲਾ ਰਿਸ਼ਤਾ ਵੀ।

ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ, ਰਾਮਗੜ੍ਹੀਆ ਆਦਿ ਦੀਆਂ ਖ਼ਾਲਸਾ ਫੌਜਾਂ ਦੇ ਦਿੱਲੀ ਵੱਲ ਤੁਰ ਪੈਣ ਦੀ ਖ਼ਬਰ ਸੁਣ ਕੇ ਦਿੱਲੀ ਦਾ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਆਪਣੇ ਮਹੱਲ ਦੀ ਛੱਤ ਉੱਪਰ ਇਕ ਸੰਗਮਰਮਰ ਦੇ ਚਬੂਤਰੇ ਉੱਤੇ ਆ ਬੈਠਾ। ਉਸ ਦੇ ਇੱਥੇ ਬੈਠਣ ਦੇ ਕੁਝ ਪਲਾਂ ਬਾਅਦ ਹੀ ਉਸ ਦੀ ਕੋਕਿਲਾ ਨਾਮ ਦੀ ਚਹੇਤੀ ਬੇਗ਼ਮ ਉਸ ਕੋਲ ਆ ਬੈਠੀ। ਪਿੱਛੇ-ਪਿੱਛੇ ਦੋ ਬਾਂਦੀਆਂ ਇਕ ਤਸ਼ਤਰੀ ’ਚ ਸ਼ਰਾਬ ਦੀ ਭਰੀ ਸੁਰਾਹੀ ਅਤੇ ਪਿਆਲੇ ਲਈ ਆ ਪਹੁੰਚੀਆਂ ਅਤੇ ਚਬੂਤਰੇ ਦੇ ਸਾਹਮਣੇ ਵਾਲੀ ਸੰਗਮਰਮਰ ਦੀ ਚੁਪਾਈ ’ਤੇ ਰੱਖ ਕੇ ਦੂਰ ਜਾ ਖੜ੍ਹੀਆਂ ਹੋਈਆਂ।
ਕੋਕਿਲਾ, ਜਿਸ ਨੂੰ ਲੋਕੀਂ ‘ਕੋਕੀ’ ਦੇ ਨਾਮ ਨਾਲ ਹੀ ਯਾਦ ਕਰਦੇ ਸਨ, ਨੇ ਸ਼ਾਹ ਆਲਮ ਦੀ ਗਰਦਨ ਦੁਆਲੇ ਬਾਂਹ ਵਲ ਕੇ ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਦੂਜੇ ਹੱਥ ਨਾਲ ਸੁਰਾਹੀ ’ਚੋਂ ਪਿਆਲੇ ’ਚ ਸ਼ਰਾਬ ਉਲਟਾਉਣ ਲੱਗੀ। ਮੁਗ਼ਲ ਬਾਦਸ਼ਾਹ ਦੀ ਸਭ ਤੋਂ ਚਹੇਤੀ ਬੇਗ਼ਮ ਬਣਨ ਤੋਂ ਪਹਿਲਾਂ ਇਹ ਇਕ ਅੰਨ੍ਹੇ ਅਤੇ ਕਿੱਸਾ-ਗੋ ਫ਼ਕੀਰ ਦੀ ਧੀ ਸੀ। ਇਹ ਕਿੱਸਾ-ਗੋ ਜਾਮਾ ਮਸਜਿਦ ਦੀਆਂ ਪੌੜੀਆਂ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਅਲਫ਼ ਲੈਲਾ, ਸ਼ੀਰੀ ਫਰਿਆਦ, ਅਨਾਰਕਲੀ ਦੇ ਕਿੱਸੇ ਜਾਂ ਮੁਗ਼ਲ ਬਾਦਸ਼ਾਹਾਂ ਦੀਆਂ ਬਹਾਦਰੀਆਂ ਦੇ ਕਾਰਨਾਮੇ ਸੁਣਾਇਆ ਕਰਦਾ। ਪਤਲਾ ਸਰੀਰ, ਉੱਪਰ ਲੰਮਾ ਚੋਗ਼ਾ ਅਤੇ ਭਾਰੀ ਆਵਾਜ਼ ’ਚ ਇਕ ਕਸ਼ਿਸ਼ ਸੀ ਅਤੇ ਸੁਣਾਉਣ ਦੇ ਨਾਟਕੀ ਢੰਗ ’ਚ ਸੁਣਨ ਵਾਲਿਆਂ ਦਾ ਧਿਆਨ ਖਿੱਚਣ ਵਾਲੀ ਸ਼ਕਤੀ। ਕਿੱਸਾ-ਗੋਈ ਤੋਂ ਬਾਅਦ ਉਸ ਦੀ ਧੀ ‘ਕੋਕੀ’ ਸਰੋਤਿਆਂ ਦੁਆਰਾ ਚਾਦਰ ਉੱਤੇ ਸੁੱਟੇ ਪੈਸੇ ਇਕੱਠੇ ਕਰਦੀ ਅਤੇ ਫਕੀਰ ਦਾ ਹੱਥ ਫੜ ਕੇ ਘਰ ਵੱਲ ਲੈ ਤੁਰਦੀ। ਆਵਾਰਾ ਅਤੇ ਸ਼ੋਹਦੇ ਕਿਸਮ ਦੇ ਲੋਕਾਂ ਤੋਂ ਬਚਣ ਲਈ ਉਸ ਨੇ ਆਪਣਾ ਪੂਰਾ ਚਿਹਰਾ ਕਾਲੇ ਰੰਗ ਦੇ ਦੁਪੱਟੇ ਨਾਲ ਢਕਿਆ ਹੁੰਦਾ ਅਤੇ ਜਦ ਇਕ ਦਿਨ ਸ਼ਾਹ ਆਲਮ ਜਾਮਾ ਮਸਜਿਦ ਦੀਆਂ ਪੌੜੀਆਂ ਚੜ੍ਹਦਿਆਂ ਮਸਜਿਦ ਵੱਲ ਜਾ ਰਹੇ ਸਨ ਤਾਂ ਕੋਕੀ ਨੇ ਬਾਦਸ਼ਾਹ ਸਲਾਮਤ ਵੱਲ ਗਹੁ ਨਾਲ ਵੇਖਣ ਦੀ ਖ਼ਾਤਰ ਆਪਣਾ ਦੁਪੱਟਾ ਪਰੇ ਹਟਾ ਦਿੱਤਾ। ਉਸੇ ਵੇਲੇ ਸ਼ਾਹ ਆਲਮ ਦੀ ਨਜ਼ਰ ਵੀ ਉਸ ਉੱਤੇ ਪਈ ਅਤੇ ਪਛਾਣ ਲਿਆ ਕਿ ਇਹ ਤੇ ਗੁਦੜੀ ’ਚ ਲੁਕਿਆ ਲਾਲ ਹੈ।
ਦੂਜੇ ਦਿਨ ਹੀ ਉਹ ਬਾਦਸ਼ਾਹ ਦੀ ਹਰਮ ਵਿਚ ਸੀ। ਕੋਕੀ ਵੀ ਆਪਣੀ ਖ਼ੂਬਸੂਰਤੀ ਅਤੇ ਚਤੁਰਾਈ ਦੀ ਵਰਤੋਂ ਬੜੀ ਹੁਸ਼ਿਆਰੀ ਨਾਲ ਕਰਦਿਆਂ ਸ਼ਾਹ ਆਲਮ ਦੇ ਮਹੱਲਾਂ ਦੀ ਹੀ ਨਹੀਂ, ਬਲਕਿ ਉਸ ਦੇ ਦਿਲ ਦੀ ਵੀ ਮਲਿਕਾ ਬਣ ਗਈ। ਕਿਹਾ ਜਾਂਦਾ ਸੀ ਕਿ ਹਕੁੂਮਤ ਦੇ ਬਹੁਤ ਸਾਰੇ ਫ਼ੈਸਲੇ ਉਸ ਦੀ ਮਰਜ਼ੀ ਨਾਲ ਹੁੰਦੇ ਅਤੇ ਸ਼ਾਹੀ ਮੋਹਰ ਵੀ ਉਸੇ ਦੇ ਕਬਜ਼ੇ ’ਚ ਰਹਿੰਦੀ ਸੀ। ਜਿਸ ਨੇ ਵੀ ਬਾਦਸ਼ਾਹ ਦੁਆਰਾ ਕੁਝ ਕੰਮ ਕਰਵਾਉਣਾ ਜਾਂ ਉਸ ਨੂੰ ਮਿਲਣਾ ਹੁੰਦਾ ਤਾਂ ਕੋਕੀ ਦੀ ਮਾਅਰਫ਼ਤ ਹੀ ਸੰਭਵ ਹੋ ਸਕਦਾ। ਉਸ ਬਾਰੇ ਲੋਕੀਂ ਇਹ ਸ਼ੇਅਰ ਗੁਣਗੁਣਾਇਆ ਕਰਦੇ ਸਨ :
‘ਮਰਦਾ ਨਾ ਕੁਨੰਦ, ਖ਼ਾਕ ਬਰਸਰ ਚੇਹ ਕੁਨੰਦ
ਇਮਰੋਜ਼ ਜ਼ਾਨੇ ਬਜਾਏ ਆਲਮਗੀਰ ਅਸਤ’
(ਆਦਮੀ ਆਪਣੇ ਸਿਰ ’ਤੇ ਖ਼ਾਕ ਸੁੱਟਣ ਦੇ ਸਿਵਾ ਹੋਰ ਕੀ ਕਰੇ ਜਦ ਕਿ ਇਕ ਔਰਤ ਉਸ ਜਗਾਹ ’ਤੇ ਆ ਬੈਠੇ ਜਿਸ ’ਤੇ ਕਦੀ ਔਰੰਗਜ਼ੇਬ ਆਲਮਗੀਰ ਬੈਠਿਆ ਕਰਦਾ ਸੀ)
ਅੱਗਿਓਂ ਕੋਕੀ ਵੀ ਘੱਟ ਨਹੀਂ ਸੀ। ਉਹ ਕਹਿੰਦੀ :
”ਇਹ ਵੀ ਇਕ ਅਜੀਬ-ਓ-ਗ਼ਰੀਬ ਵਾਕਿਆ ਕਿ ਇਕ ਮੁਰਗ਼ੀ ਉਸ ਥਾਵੇਂ ਆ ਬੈਠੀ ਹੈ ਜਿਸ ’ਤੇ ਮੁਰਗ਼ੇ ਕਦੇ ਆਪਣੇ ਸਿਰ ’ਤੇ ਕਲਗੀ ਸਜਾਈ ਬੈਠਿਆ ਕਰਦੇ ਸਨ।’’

ਸ਼ਾਹ ਆਲਮ ਨੇ ਕੋਕੀ ਦੇ ਹੱਥੋਂ ਪਿਆਲਾ ਲੈ ਕੇ ਖ਼ਾਲੀ ਕੀਤਾ ਅਤੇ ਖ਼ਾਲੀ-ਖ਼ਾਲੀ ਅੱਖਾਂ ਨਾਲ ਆਪਣੇ ਤੋਂ ਕੁਝ ਦੂਰ ਪਸਰੇ ਚਾਂਦਨੀ ਚੌਕ ਵੱਲ ਤੱਕਣ ਲੱਗਾ। ਇਹ ਦਿੱਲੀ ਸ਼ਹਿਰ ਨਾਦਰ ਸ਼ਾਹਾਂ ਅਤੇ ਅਬਦਾਲੀਆਂ ਦੀਆਂ ਲੁੱਟਾਂ ਮਾਰਾਂ ਤੋਂ ਬਾਅਦ ਵੀ ਅਮੀਰ ਸੀ, ਖ਼ੁਸ਼ਹਾਲ ਸੀ। ਪਰ ਇਹ ਖ਼ੁਸ਼ਹਾਲੀ ਹੁਣ ਮੁਸਲਮਾਨ ਅਮੀਰ-ਉਮਰਾ ਦੇ ਵਿਹੜਿਆਂ ’ਚੋਂ ਨਿਕਲ ਕੇ ਹਿੰਦੂ ਵਪਾਰੀਆਂ, ਸੇਠਾਂ ਦੀਆਂ ਹਵੇਲੀਆਂ ’ਚ ਹਿਜ਼ਰਤ ਕਰ ਗਈ ਸੀ। ਮੁਗਲੀਆ ਹਕੂਮਤ, ਜੋ ਕਦੇ ਦੱਰਾ ਖੈਬਰ ਤੋਂ ਲੈ ਕੇ ਬੰਗਾਲ ਤੱਕ ਪਸਰੀ ਹੋਈ ਸੀ, ਹੁਣ ਨਜਫ਼ਗੜ੍ਹ ਤੋਂ ਲੈ ਕੇ ਫਰੀਦਾਬਾਦ ਤੱਕ ਰਹਿ ਗਈ ਸੀ। ਉਹ ਵੀ ਨਾ ਮਾਤਰ। ਦਿੱਲੀ ਦੁਆਲੇ ਕਿਸੇ ਪਾਸੇ ਮਰਾਠੇ ‘ਚੌਥ’ ਵਸੂਲ ਕਰ ਰਹੇ ਸਨ, ਕਿਸੇ ਪਾਸੇ ਸਿੱਖ ‘ਰਾਖੀ’ ਅਤੇ ਕਿਸੇ ਪਾਸੇ ਰੁਹੇਲੇ ਲੁੱਟ ਮਾਰ ਕਰ ਰਹੇ ਸਨ। ਫਰੰਗੀ ਆਪਣੀਆਂ ਤਿਗੜਮਾਂ ’ਚ ਲੱਗਿਆ ਹੋਇਆ ਸੀ।
ਅਤੇ ਹੁਣ ਇਹ ਸਿੱਖ ਦਿੱਲੀ ਤੋਂ ਮਸਾਂ ਪੰਦਰਾਂ ਵੀਹ ਕੋਹਾਂ ਦੀ ਵਿੱਥ ’ਤੇ ਰਹਿ ਗਏ ਸਨ।
”ਤੁਹਾਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਮੇਰਾ ਕਲੇਜਾ ਮੂੰਹ ਨੂੰ ਆਉਂਦਾ ਹੈ, ”ਕੋਕੀ ਬੋਲੀ, ”ਹੁਕਮ ਕਰੋ ਤੁਹਾਡੀ ਉਦਾਸੀ ਦੂਰ ਕਰਨ ਲਈ ਇਹ ਬਾਂਦੀ ਕੀ ਕਰ ਸਕਦੀ ਹੈ।’’
”ਹੁਣ ਇਹ ਤੇਰੇ ਮੇਰੇ ਵਸ ਦਾ ਨਹੀਂ ਰਿਹਾ ਬੇਗ਼ਮ! ਅੱਠ ਦਸ ਦਿਨ ਪਹਿਲਾਂ ਸਿੰਧੀਆ ਮਰਾਠੇ ਦੇ ਵਕੀਲ ਨੂੰ ਕਈ ਲੱਖ ਰੁਪਏ ਦੇ ਕੇ ਟਾਲਿਆ, ਹੁਣ ਇਹ ਸਿੱਖ, ਜੋ ਹਾਲੇ ਤੱਕ ਦਿੱਲੀ ਦੇ ਪਰੇ-ਪਰੇ ਹੀ ਰਹੇ ਸਨ, ਕੱਲ ਪਰਸੋਂ ਤੱਕ ਦਿੱਲੀ ਦੇ ਦਰਵਾਜ਼ਿਆਂ ਸਾਹਮਣੇ ਆ ਪਹੁੰਚਣਗੇ। ਸਾਰਾ ਪੰਜਾਬ ਤਾਂ ਪਹਿਲਾਂ ਹੀ ਇਹਨਾਂ ਦੇ ਕਬਜ਼ੇ ’ਚ ਆ ਚੁੱਕਾ ਹੈ।’’
ਉਸੇ ਵੇਲੇ ਇਕ ਖ਼ਾਦਮ ਨੇ ਆ ਕੇ ਦੱਸਿਆ ਕਿ ਸ਼ਹਿਜ਼ਾਦਾ ਮਿਰਜ਼ਾ ਸ਼ਕੋਹ ਅਤੇ ਸਿਪਹਸਾਲਾਰ ਫਜ਼ਲ ਖਾਂ ਹਾਜ਼ਰ ਹੋਣ ਦੀ ਇਜਾਜ਼ਤ ਚਾਹੁੰਦੇ ਹਨ। ਉਹਨਾਂ ਦੇ ਆਉਣ ’ਤੇ ਕੋਕੀ ਬੇਗ਼ਮ ਨੇ ਆਪਣੇ ਚਿਹਰੇ ਨੂੰ ਦੁਪੱਟੇ ਨਾਲ ਢਕਿਆ ਅਤੇ ਜ਼ਰਾ ਦੂਰ ਜਾ ਕੇ ਬੈਠ ਗਈ। ਰਸਮੀਂ ਆਦਾਬ-ਸਲਾਮ ਤੋਂ ਬਾਅਦ ਉਹਨਾਂ ਦੋਹਾਂ ਨੇ ਵੀ ਸਿੱਖਾਂ ਦੇ ਦਿੱਲੀ ਕੋਲ ਪਹੁੰਚ ਜਾਣ ਦੀ ਚਿੰਤਾ ਪ੍ਰਗਟ ਕੀਤੀ।
”ਇਹ ਦੱਸੋ ਫ਼ਜ਼ਲ ਖਾਂ, ਕੀ ਸਾਡੀ ਫੌਜ ਇਹਨਾਂ ਸਿੱਖਾਂ ਤੋਂ ਦਿੱਲੀ ਨੂੰ ਬਚਾ ਸਕਦੀ ਹੈ?’’
”ਬਚਾ ਕਿਉਂ ਨਹੀਂ ਸਕਦੀ ਆਲਮ ਪਨਾਹ। ਪਰ ਮੇਰਾ ਖਿਆਲ ਹੈ ਕਿ ਸਿੰਧੀਆ ਕੋਲ…।’’
”ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ।’’ ਸ਼ਾਹ ਆਲਮ ਉਸ ਦੀ ਗੱਲ ਵਿਚੋਂ ਹੀ ਕੱਟਦਾ ਬੋਲਿਆ, ”ਕਿ ਮਾਹਦਜੀ ਸਿੰਧੀਆ ਕੋਲ ਇਸ ਬਾਰੇ ਖ਼ਬਰ ਪਹੁੰਚੀ ਕਿ ਨਹੀਂ। ਅਹਦਨਾਮੇ ਮੁਤਾਬਿਕ ਉਹ ਦਿੱਲੀ ਦੀ ਹਫਾਜ਼ਤ ਕਰਨ ਲਈ ਵਚਨਬੱਧ ਹੈ।’’
”ਪੈਗ਼ਾਮ ਤਾਂ ਭੇਜ ਦਿੱਤਾ ਗਿਆ ਹੈ।’’ ਮਿਰਜ਼ਾ ਸ਼ਕੋਹ ਬੋਲਿਆ, ”ਪਰ ਮੈਨੂੰ ਪਤਾ ਲੱਗਾ ਹੈ ਕਿ ਸਿੰਧੀਆ ਅਤੇ ਸਿੱਖਾਂ ਦੇ ਕਿਸੇ ਬਘੇਲ ਸਿੰਘ ਨਾਮ ਦੇ ਸਰਦਾਰ ਨਾਲ ਵੀ ਗੰਢ-ਜੋੜ ਹੋਈ ਹੈ। ਮੈਨੂੰ ਸ਼ੱਕ ਹੈ ਕਿ ਸਾਡਾ ਪੈਗ਼ਾਮ ਮਿਲਣ ’ਤੇ ਵੀ ਸਿੰਧੀਆ ਸਾਡੀ ਮਦਦ ਲਈ ਨਹੀਂ ਪਹੁੰਚੇਗਾ।
ਸ਼ਾਹ ਆਲਮ ਨੇ ਮਾਯੂਸ ਅੱਖਾਂ ਨਾਲ ਆਕਾਸ਼ ਵੱਲ ਤੱਕਿਆ ਅਤੇ ਬੋਲਿਆ :
”ਇਹਨਾਂ ਲੋਕਾਂ ਨੂੰ ਅਸਾਂ ਹਜ਼ਾਰਾਂ ਵਿਚ ਮਾਰਿਆ; ਤਸੀਹੇ ਦੇ-ਦੇ ਕੇ ਮਾਰਿਆ, ਇਹਨਾਂ ਦੇ ਪੀਰਾਂ ਨੂੰ ਦਿੱਲੀ ਦੇ ਬਜ਼ਾਰਾਂ ’ਚ ਕਤਲ ਕੀਤਾ। ਇਹਨਾਂ ਦੇ ਸਿਰਾਂ ਦੀ ਕੀਮਤ ਰੱਖੀ। ਪਿੰਡਾਂ, ਘਰਾਂ ’ਚੋਂ ਕੱਢ-ਕੱਢ ਕੇ ਮਾਰਿਆ। ਕੋਈ ਉਸ ਕੌਮ ਨੂੰ ਕਿਵੇਂ ਹਰਾ ਸਕਦਾ ਹੈ ਜੋ ਆਪਣੀ ਹਾਰ ਮੰਨਣ ਤੋਂ ਇਨਕਾਰੀ ਹੋਵੇ! ਇਹ…. ਇਹ ਤੇ ਇਸੇ ਤਰ੍ਹਾਂ ਹੈ ਜਿਵੇਂ ਤੁਸੀਂ ਕਿਸੇ ਦਾ ਕਤਲ ਕਰਕੇ ਉਸ ਦੀ ਲਾਸ਼ ਵਿਚ ਹਜ਼ਾਰ ਵਾਰੀ ਤਲਵਾਰ ਖੋਭੋ ਅਤੇ ਥੋੜ੍ਹੀ ਦੇਰ ਬਾਅਦ ਹੀ ਉਹ ਲਾਸ਼ ਮੁੜ ਲੜਨ ਲਈ ਉੱਠ ਖੜ੍ਹੀ ਹੋਵੇ। ਤੁਸੀਂ ਬਾਂਹ ਕੱਟ ਦੇਵੋ ਉਹ ਦੂਜੀ ਬਾਂਹ ਨਾਲ ਤਲਵਾਰ ਚੁੱਕ ਲਵੇ। ਤੁਸੀਂ ਉਹ ਬਾਂਹ ਵੀ ਕੱਟ ਦੇਵੋ ਤਾਂ ਵੇਖੋ ਕਿ ਪਹਿਲੀ ਬਾਂਹ ਫੇਰ ਉੱਗ ਆਈ ਹੈ। ਤੇ ਜੇ ਤੁਸੀਂ ਉਸ ਦਾ ਸਿਰ ਵੀ ਕੱਟ ਦੋਵੋ ਤਾਂ ਉਹ ਬਿਨਾ ਸਿਰ ਦੇ ਵੀ ਤੁਹਾਡੇ ਉੱਤੇ ਵਾਰ ਕਰਦਾ ਜਾਵੇ…। ਕਿਵੇਂ ਹਰਾ ਸਕਦੇ ਹੋ ਤੁਸੀਂ ਉਹਨਾਂ ਨੂੰ ….!’’ ਜਿਵੇਂ ਕੁਝ ਰਹਿ ਗਿਆ ਹੋਵੇ। ਮਨ ਦੀ ਭੜਾਸ ਪੂਰੀ ਨਾ ਨਿਕਲੀ ਹੋਵੇ। ਕੁਝ ਦੇਰ ਰੁਕਣ ਤੋਂ ਬਾਅਦ ਉਹ ਫੇਰ ਬੋਲਿਆ :
”ਲੱਗਦਾ ਏ ਕੁਝ ਵੀ ਨਹੀਂ ਬਦਲਿਆ। ਜਿੰਨਾ ਅਸੀਂ ਉਹਨਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰਦੇ ਗਏ, ਉਹ ਹੋਰ ਤਾਕਤਵਰ ਹੁੰਦੇ ਗਏ…। ਜਿੱਥੇ ਉਹ ਹਾਰਦੇ ਸਨ, ਉੱਥੇ ਉਹ ਜਿੱਤ ਰਹੇ ਹਨ; ਜਿੱਥੇ ਉਹ ਨੱਸਦੇ ਸਨ, ਉੱਥੇ ਉਹ ਅੱਗੇ ਵਧ ਰਹੇ ਹਨ …!’’

ਦੋ ਦਿਨ ਬਾਅਦ ਹੀ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਏ ਦੀਆਂ ਫੌਜਾਂ ਅਜਮੇਰੀ ਦਰਵਾਜ਼ੇ ਸਾਹਮਣੇ ਆਣ ਖੜ੍ਹੀਆਂ ਹੋਈਆਂ। ਸ਼ਾਹ ਆਲਮ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਆਪਣੇ ਪੁੱਤਰ ਮਿਰਜ਼ਾ ਸ਼ਕੋਹ ਨੂੰ ਭੇਜਿਆ। ਜਦ ਉਹ ਨਾਕਾਮ ਰਿਹਾ ਤਾਂ ਸਿਪਹ-ਸਾਲਾਰ ਫ਼ਜ਼ਲ ਖਾਂ ਆਪਣੀ ਪੂਰੀ ਫੌਜ ਇਕੱਠੀ ਕਰ ਕੇ ਆ ਪਹੁੰਚਿਆ। ਇਸ ਤੋਂ ਪਹਿਲਾਂ ਕਿ ਉਹਨਾਂ ਦੀਆਂ ਤੋਪਾਂ ਦੇ ਗੋਲੇ ਸਿੰਘਾਂ ਦਾ ਕੁਝ ਨੁਕਸਾਨ ਕਰ ਸਕਦੇ, ਸਿੰਘ ਅਜਮੇਰੀ ਦਰਵਾਜ਼ਾ ਤੋੜ ਕੇ ਅੰਦਰ ਜਾ ਵੜੇ। ਮੁਗਲ ਸਿਪਾਹੀ ਆਪਣੀ ਜਾਨ ਬਚਾ ਕੇ ਲਾਲ ਕਿਲ੍ਹੇ ਵਿਚ ਜਾ ਲੁਕੇ ਅਤੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਲਿਆ।
ਸਿੰਘਾਂ ਦੀ ਫੌਜ ਦਰਿਆ ਗੰਜ ’ਚੋਂ ਅਤੇ ਫੇਰ ਲਾਲ ਕਿਲ੍ਹੇ ਦੀ ਉੱਚੀ ਕੰਧ ਕੋਲੋਂ ਲੰਘਦਿਆਂ ਚਾਂਦਨੀ ਚੌਕ ਜਾ ਵੜੀ। ਜਦੋਂ ਬਘੇਲ ਸਿੰਘ ਆਪਣੇ ਘਰੋਂ ਦਿੱਲੀ ਲਈ ਤੁਰਿਆ ਤਾਂ ਉਸ ਨੇ ਮਨ ਹੀ ਮਨ ਇਹ ਨਿਸ਼ਚਾ ਕੀਤਾ ਸੀ ਕਿ ਜੇ ਵਾਹਿਗੁਰੂ ਨੇ ਉਹਨਾਂ ਨੂੰ ਦਿੱਲੀ ਦੀ ਫਤਹਿ ਬਖ਼ਸ਼ੀ ਤਾਂ ਉਹ ਉਹਨਾਂ ਸਾਰੇ ਸਥਾਨਾਂ ਤੇ ਗੁਰਦੁਆਰਿਆਂ ਦਾ ਨਿਰਮਾਣ ਕਰੇਗਾ, ਜਿੱਥੇ-ਜਿੱਥੇ ਉਹਨਾਂ ਦੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਜਾਂ ਚਰਨ ਪਾਏ ਸਨ।
”ਕੀ ਇਹ ਉਹੀ ਚਾਂਦਨੀ ਚੌਕ ਹੈ ਜਿੱਥੇ ਗੁਰੂ ਤੇਗ ਬਹਾਦਰ ਅਤੇ ਭਾਈ ਮਨੀ ਸਿੰਘ ਦਾ ਕਤਲ ਕੀਤਾ ਗਿਆ ਸੀ?’’ ਬਘੇਲ ਸਿੰਘ ਦੇ ਬੋਲਾਂ ’ਚ ਕ੍ਰੋਧ ਘੱਟ ਅਤੇ ਦੁੱਖ ਜ਼ਿਆਦਾ ਸੀ।’’
ਜੱਸਾ ਸਿੰਘ ਵੀ ਸ਼ਾਇਦ ਇਹੋ ਕੁਝ ਸੋਚ ਰਿਹਾ ਸੀ। ਉਸ ਨੇ ‘ਹਾਂ’ ’ਚ ਸਿਰ ਹਿਲਾ ਦਿੱਤਾ। ਫੇਰ ਕੁਝ ਦੇਰ ਬਾਅਦ ਬੋਲਿਆ, ”ਇਹਨਾਂ ਦਿੱਲੀ ਵਾਲਿਆਂ, ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਇਸ ਚਾਂਦਨੀ ਚੌਕ ’ਚ ਸਾਡੇ ਲੋਕਾਂ ’ਤੇ ਵੀ ਕੁਝ ਵਾਪਰਦਾ ਰਿਹਾ ਹੈ।’’
”ਜਿਨ੍ਹਾਂ ਉੱਤੇ ਪੈਂਦੀ ਹੈ, ਉਹ ਭਲਾ ਕਿਵੇਂ ਭੁੱਲ ਸਕਦੇ ਹਨ?’’ ਅੱਗਿਓਂ ਬਘੇਲ ਸਿੰਘ ਨੇ ਆਖਿਆ, ”ਮੈਂ ਸੋਚ ਰਿਹਾ ਹਾਂ ਕਿ ਸਾਡੇ ਇੱਥੇ ਆਉਣ ਦੀ ਜ਼ਿੰਮੇਵਾਰ ਵੀ ਮੁਗਲੀਆ ਹਕੂਮਤ ਹੀ ਹੈ।’’
”ਉਹ ਕਿਵੇਂ?’’
”ਬਹੁਤ ਸਿੱਧੀ ਗੱਲ ਹੈ। ਜੇ ਗੁਰੂ ਤੇਗ਼ ਬਹਾਦਰ ਦੀ ਮੁਗਲਾਂ ਦੁਆਰਾ ਸ਼ਹਾਦਤ ਨਾ ਹੁੰਦੀ ਤਾਂ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਾਜਣ ਦੀ ਵੀ ਲੋੜ ਨਾ ਪੈਂਦੀ ਅਤੇ ਜੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ’ਚ ਨਾ ਚਿਣਵਾਏ ਜਾਂਦੇ ਤਾਂ ਗੁਰੂ ਸਾਹਿਬ ਬੰਦਾ ਬਹਾਦਰ ਨੂੰ ਨੰਦੇੜ ਤੋਂ ਪੰਜਾਬ ਨਾ ਭੇਜਦੇ। ਅਤੇ… ਅਤੇ ਜੇ ਬੰਦਾ ਨਾ ਹੁੰਦਾ ਤਾਂ ਸਾਡੀਆਂ ਅੱਜ ਦੀਆਂ ਮਿਸਲਾਂ ਵੀ ਨਾ ਹੁੰਦੀਆਂ।’’
”ਭਾਵ ਕਿ ਅਤੀਤ ਹੀ ਸਾਨੂੰ ਅੱਜ ਇੱਥੇ ਲੈ ਕੇ ਆਇਆ ਹੈ।’’ ਜੱਸਾ ਸਿੰਘ ਬੋਲਿਆ।’’
”ਹਾਂ, ਇਕ ਘਟਨਾ ਦੂਜੀ ਨੂੰ ਅਤੇ ਦੂਜੀ ਤੀਸਰੀ ਨੂੰ ਜਨਮ ਦੇਂਦੀ ਚਲੀ ਜਾਂਦੀ ਹੈ। ਅਤੀਤ ਦਾ ਸਫ਼ਰ ਵਰਤਮਾਨ ਅਤੇ ਵਰਤਮਾਨ ਦਾ ਭਵਿੱਖ ਵੱਲ ਜਾਰੀ ਰਹਿੰਦਾ ਹੈ; ਸਾਡੇ ਬਿਨਾ ਯਤਨ ਕੀਤਿਆਂ, ਚੁੱਪ-ਚਾਪ, ਹੌਲੇ ਪੈਰੀਂ…।’’
”ਹਾਂ, ਇਕ ਘਟਨਾ ਤੋਂ ਦੂਜੀ ਘਟਨਾ ਦਾ ਜਨਮ ਹੁੰਦਾ ਹੈ। ਬੀਤ ਗਏ ਦੀ ਯਾਤਰਾ ਵਰਤਮਾਨ ’ਚ ਅਤੇ ਵਰਤਮਾਨ ਦੀ ਭਵਿੱਖਤ ਵੱਲ ਜਾਰੀ ਰਹਿੰਦੀ ਹੈ; ਬਿਨਾ ਕਿਸੇ ਦੇ ਯਤਨ ਕੀਤਿਆਂ…।
”ਤੁਹਾਨੂੰ ਪਤਾ ਹੈ ਕਿ ਸਾਡੇ ਗੁਰੂ ਤੇਗ ਬਹਾਦਰ ਨੂੰ ਕਿਸ ਥਾਵੇਂ ਕਤਲ ਕੀਤਾ ਗਿਆ ਸੀ?’’
”ਸਾਨੂੰ ਨਹੀਂ ਪਤਾ। ਅਸਾਂ ਤੇ ਸਿਰਫ਼ ਸੁਣਿਆ ਹੈ।’’
”ਐਨਾ ਹੀ ਸੁਣਿਆ ਹੈ ਆਪਣੇ ਦਾਦੇ ਤੋਂ ਕਿ ਇੱਥੇ ਹੀ ਕਿਤੇ ਮਸਜਿਦ ਕੋਲ ਹੋਇਆ ਸੀ।’’ ਦੂਜਾ ਬੋਲਿਆ।
”ਮਸਜਿਦ ਕਿੱਥੇ ਕੁ ਹੈ?’’
”ਬਸ ਥੋੜ੍ਹੀ ਹੀ ਦੂਰ, ਸੌ, ਦੋ ਸੌ ਕਦਮਾਂ ’ਤੇ।’’
ਥੋੜ੍ਹੀ ਦੇਰ ਬਾਅਦ ਚਾਂਦਨੀ ਚੌਕ ਬਜ਼ਾਰ ਦੇ ਖੱਬੇ ਪਾਸੇ ਦਿਸਦੀ ਮਸਜਿਦ ਕੋਲ ਜਾ ਕੇ ਬਘੇਲ ਸਿੰਘ ਨੇ ਆਪਣੀ ਫੌਜ ਨੂੰ ਖੜ੍ਹੇ ਹੋਣ ਦਾ ਹੁਕਮ ਦੇ ਦਿੱਤਾ।
”ਵੇਖੋ ਸਿੰਘ ਜੀ,” ਬਘੇਲ ਸਿੰਘ, ਜੱਸਾ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ”ਜਿੱਥੇ ਕਿਤੇ ਇਕ ਸਿੱਖ ਨਹੀਂ ਸੀ ਖੜ੍ਹਾ ਹੋ ਸਕਦਾ, ਅੱਜ ਹਜ਼ਾਰਾਂ ਦੀ ਗਿਣਤੀ ’ਚ ਖੜ੍ਹੇ ਹਨ। ਆਓ ਵਾਹਿਗੁਰੂ ਦਾ ਧੰਨਵਾਦ ਅਤੇ ਅਰਦਾਸ ਕਰੀਏ।’’
ਸਾਰੇ ਸਿੰਘ ਘੋੜਿਆਂ ਤੋਂ ਉਤਰ ਕੇ, ਜੋੜੇ ਲਾਹ ਕੇ ਅਤੇ ਹੱਥ ਜੋੜ ਕੇ ਖੜ੍ਹੇ ਹੋ ਗਏ। ਜੱਸਾ ਸਿੰਘ ਆਹਲੂਵਾਲੀਏ ਨੇ ਅਰਦਾਸ ਕੀਤੀ। ਅਰਦਾਸ ਅਤੇ ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਏ…’ ਉਚਾਰਨ ਤੋਂ ਬਾਅਦ ‘ਬੋਲੇ ਸੋ ਨਿਹਾਲ’ਦੇ ਪੰਜ ਜੈਕਾਰਿਆਂ ਨਾਲ ਸਾਰਾ ਵਾਯੂਮੰਡਲ ਗੂੰਜ ਉੱਠਿਆ। ਤੀਹ ਹਜ਼ਾਰ ਕੰਠਾਂ ’ਚੋਂ ਨਿਕਲੇ ਇਹ ਸਮੂਹਿਕ ਜੈਕਾਰੇ ਦੀ ਗੂੰਜ ਲਾਲ ਕਿਲ੍ਹੇ ਤੋਂ ਲੈ ਕੇ ਫਤਿਹਪੁਰੀ ਤੱਕ, ਲੋਕਾਂ ਨੇ ਆਪਣੇ ਘਰਾਂ ’ਚ ਬੈਠਿਆਂ ਸੁਣੀ ਅਤੇ ਹੋਣ ਵਾਲੀ ਲੁੱਟ ਮਾਰ ਦੇ ਡਰ ਨਾਲ ਕੰਬ ਉੱਠੇ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦੁਆਰਾ ਹੋਈ ਲੁੱਟ ਮਾਰ ਅਤੇ ਕਤਲ-ਏ-ਆਮ ਨੂੰ ਉਹ ਭੁੱਲੇ ਨਹੀਂ ਸਨ।
ਜੈਕਾਰੇ ਤੋਂ ਬਾਅਦ ਅਨੂਪ ਸਿੰਘ ਅਤੇ ਹੋਰ ਸਿੰਘਾਂ ਨੇ ਆਖਿਆ :
”ਅਰਦਾਸੇ ਤੋਂ ਬਾਅਦ ਪਰਸ਼ਾਦ ਨਹੀਂ ਮਿਲੇਗਾ?’’
”ਪਰਸ਼ਾਦ?’’ ਬਘੇਲ ਸਿੰਘ ਬੋਲਿਆ, ”ਦਿੱਲੀ ਦੀ ਫਤਿਹ ਤੋਂ ਵੱਡਾ ਪਰਸ਼ਾਦ ਹੋਰ ਕੀ ਹੋ ਸਕਦਾ ਹੈ।’’
ਫੇਰ ਉਸ ਵੇਖਿਆ ਕਿ ਕੁਝ ਸਿੰਘ ਦੁਕਾਨਾਂ ਤੋੜ ਕੇ ਲੁੱਟ ਮਾਰ ਕਰਨ ਲੱਗ ਪਏ ਹਨ। ਬਘੇਲ ਸਿੰਘ ਨੇ ਉਹਨਾਂ ਨੂੰ ਰੋਕਦਿਆਂ ਆਖਿਆ :
”ਅਸੀਂ ਲੁੱਟ ਮਾਰ ਕਰਾਂਗੇ, ਪਰ ਤਰੀਕੇ ਨਾਲ। ਅਮੀਰਾਂ ਅਤੇ ਮੁਸਾਹਿਬਾਂ ਦੀਆਂ ਸੂਚੀਆਂ ਬਣਾ ਕੇ। ”ਐਵੇਂ ‘ਨਾਦਰ ਸ਼ਾਹੀ’ ਕਰਕੇ ਆਪਣੀ ਕੌਮ ਨੂੰ ਬਦਨਾਮ ਨਹੀਂ ਕਰਨਾ।’’

ਬਘੇਲ ਸਿੰਘ ਜਾਣਦਾ ਸੀ ਕਿ ਲੁੱਟਮਾਰ ਦੇ ਲਾਲਚ ’ਚ ਕਈ ਚੋਰ-ਉਚੱਕੇ ਵੀ ਉਸ ਦੀ ਫੌਜ ’ਚ ਮਿਲੇ ਹੋਏ ਹਨ। ਇਸ ਡਰ ਤੋਂ ਕਿ ਕਿਤੇ ਮੁਆਮਲਾ ਹੱਥੋਂ ਬਾਹਰ ਨਾ ਹੋ ਜਾਏ, ਉਸ ਨੇ ਚਾਂਦਨੀ ਚੌਕ ਦੇ ਵਿਚੋਂ ਹੀ ਹੋ ਕੇ ਜਾਣ ਦਾ ਰਸਤਾ ਬਦਲ ਲਿਆ ਅਤੇ ਕਸ਼ਮੀਰੀ ਦਰਵਾਜ਼ੇ ’ਚੋਂ ਲੰਘ ਕੇ ਬਾਹਰ ਇਕ ਖੁੱਲ੍ਹੇ ਮੈਦਾਨ ’ਚ ਜਾ ਤੰਬੂ ਲਾਏ। (ਉਸ ਵੇਲੇ ਇਸ ਦੀ ਫੌਜ ਦੀ ਗਿਣਤੀ ਤੀਹ ਹਜ਼ਾਰ ਸੀ। ਬਾਅਦ ’ਚ ਇਸ ਮੈਦਾਨ ਦਾ ਨਾਮ ‘ਤੀਸ ਹਜ਼ਾਰੀ’ ਪੈ ਗਿਆ)

ਬਘੇਲ ਸਿੰਘ ਇਸ ਗੱਲੋਂ ਬਹੁਤ ਹੁਸ਼ਿਆਰ ਬੰਦਾ ਸੀ। ਉਹ ਜੋ ਵੀ ਕੰਮ ਕਰਦਾ, ਪੂਰੀ ਯੋਜਨਾ ਬਣਾ ਕੇ ਕਰਦਾ; ਜਿਸ ਖੇਤਰ ’ਤੇ ਹਮਲਾ ਕਰਨਾ ਹੁੰਦਾ, ਉਸ ਖੇਤਰ ’ਚ ਪਹਿਲਾਂ ਹੀ ਆਪਣੇ ਸੂਹੀਏ ਭੇਜ ਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਲੈਂਦਾ। ਦਿੱਲੀ ਵਿਚ ਵੀ ਉਸ ਨੇ ਆਪਣੇ ਸੂਹੀਏ ਰੱਖੇ ਹੋਏ ਸਨ। ਉਸ ਨੇ ਆਪਣੇ ਵਕੀਲ ਲਖਪਤ ਰਾਏ, ਪੰਜ ਸੱਤ ਸੂਹੀਆਂ ਨੂੰ ਬੁਲਾਇਆ ਅਤੇ ਦਿੱਲੀ ਦੇ ਸਾਰੇ ਅਮੀਰਾਂ, ਧਨਾਢ ਵਪਾਰੀਆਂ, ਮੁਗ਼ਲ ਅਹੁਦੇਦਾਰਾਂ ਦੀ ਸੂਚੀ ਬਣਾਉਣ ਲਈ ਆਖਿਆ। ਕੁਝ ਦਿਨ ਵਿਚ ਸੂਚੀ ਤਿਆਰ ਹੋ ਗਈ ਤਾਂ ਉਸ ਨੇ ਪੰਜਾਹ-ਪੰਜਾਹ, ਸੌ-ਸੌ ਦੇ ਜਥਿਆਂ ’ਚ ਆਪਣੇ ਸਿੰਘਾਂ ਨੂੰ ਇਹਨਾਂ ਅਮੀਰਾਂ ਨੂੰ ਲੁੱਟਣ ਅਤੇ ਮਾਲ ਇਕੱਠਾ ਕਰਨ ਲਈ ਭੇਜ ਦਿੱਤਾ।

ਇਹ ਲੁੱਟ ਮਾਰ ਛੇ ਸੱਤ ਦਿਨਾਂ ਤੱਕ ਚੱਲਦੀ ਰਹੀ। ਕੁਝ ਦਿਨਾਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਫੌਜ ਅਤੇ ਲੁੱਟ ਮਾਰ ਦੇ ਸਮਾਨ ਸਮੇਤ ਮਜਨੂੰ ਦੇ ਟਿੱਲੇ ਜਾ ਕੇ ਡੇਰੇ ਲਾਏ।

ਰਾਤੀਂ ਆਏ ਬੱਦਲ ਮੀਂਹ ਵਰ੍ਹਾ ਕੇ ਲੰਘ ਗਏ ਸਨ। ਅਕਾਸ਼ ਹੁਣ ਬਿਲਕੁਲ ਸਾਫ਼ ਸੀ, ਨਾ ਠੰਡ, ਨਾ ਗਰਮੀ। ਬਘੇਲ ਸਿੰਘ ਆਪਣੇ ਦਲ ਦੇ ਕੁਝ ਸਰਦਾਰਾਂ ਨਾਲ ਤੀਹ-ਹਜ਼ਾਰੀ ਮੈਦਾਨ ’ਚ ਆਪਣੇ ਤੰਬੂ ਦੇ ਸਾਹਮਣੇ ਖੜ੍ਹਾ ਦਿੱਲੀ ਦੀ ਲੁੱਟ ਦਾ ਸਾਮਾਨ ਗੱਡਿਆਂ ਉੱਤੇ ਲੱਦਿਆ ਜਾਂਦਾ ਵੇਖ ਰਿਹਾ ਸੀ। ਆਪਣੇ ਸਰਦਾਰਾਂ ਵਿਚਕਾਰ ਸਾਦੇ ਕੱਪੜਿਆਂ ਵਿਚ ਖੜ੍ਹਾ ਉਹ ਆਮ ਸਿੰਘਾਂ ਵਿਚੋਂ ਇਕ ਲੱਗ ਰਿਹਾ ਸੀ। ਜੇ ਕੁਝ ਉਸ ਨੂੰ ਉਹਨਾਂ ਤੋਂ ਵਖਰਾਉਂਦਾ ਸੀ, ਉਹ ਸੀ ਉਸ ਦਾ ਆਮ ਤੋਂ ਜ਼ਿਆਦਾ ਪੱਕਾ ਰੰਗ, ਲੋਹੇ ਵਰਗਾ ਮਜ਼ਬੂਤ ਲੰਮਾ ਸਰੀਰ, ਬਲੌਰੀ ਅੱਖਾਂ ਜੋ ਉਸ ਦੇ ਸੂਝਵਾਨ ਅਤੇ ਚੇਤੰਨ ਹੋਣ ਦਾ ਪ੍ਰਭਾਵ ਪਾ ਰਹੀਆਂ ਸਨ।
ਉਸ ਨੇ ਪੱਥਰਾਂ ਦੀ ਬਣੀ ਉੱਚੀ ਕੰਧ ਦੇ ਪਿੱਛੇ ਲੁਕੀ ਦਿੱਲੀ ਵੱਲ ਨਜ਼ਰ ਮਾਰੀ ਜਿੱਥੇ ਕਿਤੇ ਕਿਤੇ ਉੱਚੀਆਂ ਇਮਾਰਤਾਂ ਅਤੇ ਮਸਜਿਦਾਂ ਦੇ ਗੁੰਬਦ ਸਵੇਰ ਦੀ ਧੁੱਪ ’ਚ ਚਮਕਦੇ ਦਿਸ ਰਹੇ ਸਨ। ਇਕ ਹਜ਼ਾਰ ਤੋਂ ਵੱਧ ਗੱਡਿਆਂ ਅਤੇ ਊਠਾਂ ਉੱਤੇ ਲੁੱਟ ਦਾ ਸਮਾਨ ਲੱਦਿਆ ਜਾਂਦਾ ਵੇਖ ਕੇ ਬਘੇਲ ਸਿੰਘ ਦੇ ਬੁੱਲ੍ਹਾਂ ’ਤੇ ਵਿਅੰਗਮਈ ਮੁਸਕਾਨ ਖਿੰਡ ਗਈ : ਕਈ ਸੌ ਵਰ੍ਹੇ ਤੱਕ ਦਿੱਲੀ ਲੁੱਟਦੀ ਰਹੀ ਸੀ ਪੰਜਾਬ ਨੂੰ, ਅੱਜ ਪੰਜਾਬ ਦਿੱਲੀ ਨੂੰ ਲੁੱਟ ਰਿਹਾ ਸੀ….।
ਪਰ ਦਿੱਲੀ ਤੇ ਦਿੱਲੀ ਹੈ। ਉਜੜਦੀ ਅਤੇ ਵਸਦੀ ਰਹੀ। ਕੁਝ ਲੋਕਾਂ ਨੇ ਤਾਂ ਲੁੱਟ ਮਾਰ ਨੂੰ ਆਪਣੇ ਵਪਾਰ ਦਾ ਸਾਧਨ ਵੀ ਬਣਾ ਲਿਆ ਸੀ। ਲੁੱਟ ਦਾ ਉਹ ਮਾਲ ਜੋ ਬਹੁਤ ਭਾਰਾ ਜਾਂ ਜੇਤੂ ਸਿਪਾਹੀਆਂ ਲਈ ਬੇਲੋੜਾ ਹੁੰਦਾ, ਇਹ ਵਪਾਰੀ ਇਸ ਤਰ੍ਹਾਂ ਦੇ ਮਾਲ ਨੂੰ ਸਸਤੇ ਭਾਅ ਖਰੀਦ ਲੈਂਦੇ ਅਤੇ ਮੁੜ ਦਿੱਲੀ ਵਾਸੀਆਂ ਨੂੰ ਤੇ ਕਦੇ-ਕਦੇ ਉਸ ਦੇ ਅਸਲੀ ਮਾਲਕਾਂ ਨੂੰ ਆਪਣਾ ਮੁਨਾਫ਼ਾ ਖੱਟ ਕੇ ਵੇਚ ਦੇਂਦੇ। ਜਨਕ ਰਾਜ ਨਾਮ ਦਾ ਇਕ ਵਪਾਰੀ ਹਾਲੇ ਵੀ ਬਘੇਲ ਸਿੰਘ ਤੋਂ ਜ਼ਰਾ ਕੁ ਵਿੱਥ ’ਤੇ ਉਸ ਨਾਲ ਗੱਲ ਕਰਨ ਦੀ ਉਡੀਕ ਵਿਚ ਖੜ੍ਹਾ ਸੀ : ਚਾਂਦੀ ਦੇ ਪਾਵਿਆਂ ਵਾਲਾ ਇਕ ਪਲੰਘ ਦਾ ਸੌਦਾ ਕਰਨ ਲਈ, ਜਿਸ ਦੇ ਅਸਲੀ ਮਾਲਕ ਨੇ ਕਿਸੇ ਵੀ ਕੀਮਤ ’ਤੇ ਇਹ ਪਲੰਘ ਲਿਆ ਦੇਣ ਲਈ ਕਿਹਾ ਸੀ। ਇਹ ਪਲੰਘ ਉਹਨਾਂ ਕੋਲ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ।
ਉਸੇ ਵੇਲੇ ਇਕ ਸਿੰਘ ਨੇ ਆ ਕੇ ਬਘੇਲ ਸਿੰਘ ਨੂੰ ਦੱਸਿਆ ਕਿ ਕੋਈ ਮਨਸੂਰ ਖ਼ਾਂ ‘ਮਵਾਤੀ’ ਨਾਮ ਦਾ ਆਦਮੀ ਉਸ ਨੂੰ ਮਿਲਣਾ ਚਾਹੁੰਦਾ ਹੈ।
”ਮਨਸੂਰ ਖ਼ਾਂ ਮਵਾਤੀ? ਕੁਝ ਚੰਗੀ ਤਰ੍ਹਾਂ ਯਾਦ ਨਹੀਂ ਆ ਰਿਹਾ।’’
”ਮੈਂ ਜਾਣਦਾ ਹਾਂ ਉਸ ਨੂੰ… ਕੋਲ ਖੜ੍ਹਾ ਜਨਕ ਰਾਜ ਬੋਲਿਆ, ”ਬਿਲਕੁਲ ਨਾ ਆਉਣ ਦਿਓ ਅੰਦਰ ਉਸ ਨੂੰ। ਬੜਾ ਲੁਟੇਰਾ ਅਤੇ ਕਮੀਨਾ ਆਦਮੀ ਹੈ।’’
”ਹਾ, ਹਾ’’, ਬਘੇਲ ਸਿੰਘ ਹੱਸਦਿਆਂ ਬੋਲਿਆ, ”ਅਸੀਂ ਵੀ ਤੇ ਲੁਟੇਰੇ ਹਾਂ ਦਿੱਲੀ ਵਾਲਿਆਂ ਲਈ। ਮੁਗ਼ਲ ਬਾਦਸ਼ਾਹਾਂ ਦੇ ਸੂਬੇਦਾਰ ਅਤੇ ਅਹਿਮਦ ਸ਼ਾਹ ਅਬਦਾਲੀ ਲੁਟੇਰੇ ਸਨ ਪੰਜਾਬ ਲਈ। ਖ਼ੈਰ! ਮਿਲਣ ਦਾ ਕੀ ਹਰਜ਼ ਏ। ਕਈ ਵਾਰੀ ਇਸ ਤਰ੍ਹਾਂ ਦਾ ਆਦਮੀ ਬੜਾ ਉਪਯੋਗੀ ਸਿੱਧ ਹੁੰਦਾ ਹੈ।’’
ਕੁਝ ਦੇਰ ਬਾਅਦ ਇਕ ਦਰਮਿਆਨੇ ਕੱਦ, ਪੱਕੇ ਰੰਗ ਅਤੇ ਅਧਖੜ੍ਹਉਮਰ ਦਾ ਫੁਰਤੀਲਾ ਆਦਮੀ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ। ਇਸ ਦੇ ਚਿਹਰੇ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਅੱਖਾਂ ਉਸ ਦੀ ਚਤੁਰਤਾ ਦੀ ਸੂਚਨਾ ਦੇ ਰਹੀਆਂ ਸਨ। ਉਸ ਨੇ ਬਘੇਲ ਸਿੰਘ ਨੂੰ ਝੁਕ ਕੇ ਸਲਾਮ ਕਰਦਿਆਂ ਆਖਿਆ :
”ਤੁਸੀਂ ਸ਼ਾਇਦ ਮੈਨੂੰ ਭੁੱਲ ਗਏ ਹੋ। ਚੰਦੋਸੀ ਦੇ ਹਮਲੇ ਵੇਲੇ ਜਿਸ ਖਾਦਮ ਨੇ ਤੁਹਾਡੀ ਮਦਦ ਕੀਤੀ ਸੀ, ਉਹ ਮੈਂ ਹੀ ਸਾਂ।’’
‘ਹਾਂ, ਹਾਂ, ਯਾਦ ਆ ਗਿਆ। ਪਰ ਅੱਜ ਕਿਸ ਤਰ੍ਹਾਂ? ਹੁਣ ਤੇ ਲੁੱਟ ਮਾਰ ਖ਼ਤਮ ਹੋ ਗਈ। ਖਾਲਸਾ ਦਲ ਦਿੱਲੀ ਦੀ ਚੁੰਗੀ ਵਸੂਲ ਕਰਦਾ ਹੈ। ਮੁਗ਼ਲ ਬਾਦਸ਼ਾਹ ਵੀ…।’’
”ਇਹ ਸਭ ਕੁਝ ਖ਼ਾਦਮ ਖ਼ੂਬ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਇਹ ਵੀ ਕਿ ਦਰਿਆਏ ਸਿੰਧ ਤੋਂ ਲੈ ਕੇ ਜਮੁਨਾ ਤੱਕ ਕੋਈ ਤਾਕਤ ਨਹੀਂ ਜੋ ਖਾਲਸੇ ਸਾਹਮਣੇ ਖੜ੍ਹੀ ਹੋ ਸਕੇ।’’
”ਤਾਂ ਅੱਜ ਫੇਰ?’’
”ਮੈਂ ਚਾਹੁੰਦਾ ਹਾਂ ਕਿ ਹੁਣ ਮੈਂ ਬਾਕੀ ਜ਼ਿੰਦਗੀ ਕਿਤੇ ਅਰਾਮ ਨਾਲ ਬੈਠ ਕੇ ਗੁਜ਼ਾਰਾਂ, ਆਪਣੇ ਬਾਲ ਬੱਚਿਆਂ ਨਾਲ।’’
”ਪਰ ਕੌਣ ਰੋਕਦਾ ਹੈ ਤੈਨੂੰ? ਜਾਹ ਮੌਜ ਕਰ।’’
”ਇਹੀ ਤੇ ਫ਼ਰਿਆਦ ਲੈ ਕੇ ਆਇਆ ਹਾਂ। ਨੂਹ ਤੋਂ ਕੁਝ ਦੂਰ ਇਕ ਛੋਟੀ ਜਿਹੀ ਜਗੀਰ ਬਣਾਈ ਸੀ। ਉਸ ਉੱਤੇ ਗ਼ੁਲਾਮ ਕਾਦਰ ਰੁਹੇਲੇ ਨੇ ਕਬਜ਼ਾ ਕਰਕੇ ਮੈਨੂੰ ਉੱਥੋਂ ਕੱਢ ਦਿੱਤਾ।’’
”ਤੇ ਹੁਣ ਤੂੰ ਚਾਹੁੰਨਾ ਏਂ ਕਿ ਮੈਂ…?’’
”ਹਾਂ ਸਿੰਘ ਜੀ। ਜੇ ਤੁਸੀਂ ਮੇਰੀ ਜਗੀਰ ਉਸ ਤੋਂ ਵਾਪਸ ਦਵਾ ਦੇਵੋ ਤਾਂ…।’’
”ਤੂੰ ਵੀ ਤੇ ਕਿਸੇ ਨੂੰ ਭਜਾ ਕੇ ਕਬਜ਼ਾ ਕੀਤਾ ਹੋਵੇਗਾ।’’
”ਸਾਰੇ ਰਾਜੇ-ਨਵਾਬ ਇਸੇ ਤਰ੍ਹਾਂ ਕਰਦੇ ਹਨ। ਪਹਿਲਾਂ ਲੁਟੇਰੇ, ਫੇਰ ਨਵਾਬ। ਕੀ ਪਤਾ ਕੱਲ੍ਹ ਨੂੰ ਤੁਸੀਂ ਵੀ ਪੰਜਾਬ ਦੇ ਬਾਦਸ਼ਾਹ ਬਣ ਜਾਓ! ਬਲਕਿ ਮੈਂ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਜੇ ਤੁਸੀਂ ਤਿੰਨ ਚਾਰ ਸਰਦਾਰ ਮਿਲ ਜਾਵੋ ਤਾਂ ਪੰਜਾਬ ਦੇ ਹੀ ਕੀ ਦਿੱਲੀ ਦੇ ਵੀ ਮਾਲਕ ਬਣ ਸਕਦੇ ਹੋ।’’
ਬਘੇਲ ਸਿੰਘ ਕੁਝ ਗੰਭੀਰ ਹੋ ਗਿਆ ਅਤੇ ਮਨ ਹੀ ਮਨ ਆਖਿਆ : ਇਹ ਆਪਸ ਵਿਚ ਮਿਲ ਪਾਉਣਾ ਹੀ ਤੇ ਮੁਸ਼ਕਲ ਹੈ। ਫੇਰ ਹੱਸਦਿਆਂ ਬੋਲਿਆ, ”ਮੈਨੂੰ ਇਸ ਤਰ੍ਹਾਂ ਦੇ ਫਜ਼ੂਲ ਸੁਫ਼ਨੇ ਲੈਣ ਦੀ ਆਦਤ ਨਹੀਂ। ਮੈਂ ਕੀ ਸੀ ਅਤੇ ਕਿੱਥੇ ਪਹੁੰਚ ਗਿਆ, ਮੇਰੇ ਲਈ ਇਹੀ ਬਹੁਤ ਹੈ।”
”ਮੈਂ ਜਾਣਦਾ ਹਾਂ। ਆਪਣੀਆਂ ਜੜ੍ਹਾਂ ਨੂੰ ਨਾ ਭੁੱਲਣਾ ਵੱਡਾ ਆਦਮੀ ਹੋਣ ਦੀ ਨਿਸ਼ਾਨੀ ਹੈ। ਮੇਰਾ ਬਾਪ ਵੀ ਮੱਝਾਂ ਚਾਰਿਆ ਕਰਦਾ ਸੀ, ਉਹ ਵੀ ਕਿਸੇ ਦੀਆਂ।’’
ਗੱਲਾਂ ਕਰਦੇ-ਕਰਦੇ ਉਹ ਤੰਬੂ ਦੇ ਅੰਦਰ ਆ ਗਏ ਸਨ ਜਿੱਥੇ ਚਾਂਦੀ ਦੇ ਪਾਵਿਆਂ ਵਾਲਾ ਪਲੰਘ ਪਿਆ ਹੋਇਆ ਸੀ। ਉਹ ਜਦੋਂ ਵੀ ਇਸ ਪਲੰਘ ’ਤੇ ਬੈਠਣ ਲੱਗਦਾ, ਉਸ ਦੇ ਜੀ ਨੂੰ ਕੁਝ ਹੋਣ ਲੱਗਦਾ ਤੇ ਉਸ ਨੇ ਫ਼ੈਸਲਾ ਕਰ ਲਿਆ ਕਿ ਜਨਕ ਰਾਜ ਤੋਂ ਇਸ ਦੇ ਮਾਲਕ ਦਾ ਨਾਮ ਪਤਾ ਪੁੱਛ ਕੇ ਉਸ ਨੂੰ ਵਾਪਸ ਪੁਚਾ ਦੇਵੇਗਾ, ਬਿਨਾਂ ਕੋਈ ਪੈਸਾ ਲਿਆਂ। ਬਘੇਲ ਸਿੰਘ ਲੁੱਟ ਮਾਰ ਕਰਦਿਆਂ ਜਾਂ ਲੜਦਿਆਂ ਇਸ ਤਰ੍ਹਾਂ ਦੇ ਚੰਗੇ ਕੰਮ ਵੀ ਕਰ ਲਿਆ ਕਰਦਾ ਸੀ। ਫੇਰ ਉਹ ਗ਼ੁਲਾਮ ਕਾਦਰ ਰੁਹੇਲੇ ਬਾਰੇ ਸੋਚਣ ਲੱਗਾ।
”ਠੀਕ ਏ,’’ ਉਹ ਮਨਸੂਰ ਖ਼ਾਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ”ਜ਼ਰਾ ਇਸ ਦਿੱਲੀ ਵਾਲੇ ਮਾਮਲੇ ਨੂੰ ਨਬੇੜ ਲਵਾਂ।’’
”ਦਿੱਲੀ ਵਾਲੇ ਮਾਮਲੇ ਵੀ ਕਦੀ ਨਿਬੜੇ ਨੇ! ਤੁਸੀਂ ਬੱਸ ਕਿਸੇ ਸਰਦਾਰ ਦੇ ਅਧੀਨ ਇਕ ਹਜ਼ਾਰ ਖਾਲਸਾ ਭੇਜ ਦੇਵੋ ਮੇਰੇ ਨਾਲ।’’

”ਚੰਗਾ ਚੰਗਾ। ਤੂੰ ਜ਼ਰਾ ਸਾਹ ਲੈ ਅਤੇ ਕੁਝ ਸੋਚਣ ਦੇ ਮੈਨੂੰ।’’

ਬਘੇਲ ਸਿੰਘ ਨੂੰ ਉਸ ਦੇ ਸੂਹੀਆਂ ਨੇ ਖ਼ਬਰ ਦਿੱਤੀ ਕਿ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਸਰਧਾਨਾ ਦੀ ‘ਬੇਗ਼ਮ ਸਮਰੂ’ ਨੂੰ ਬੁਲਾਇਆ ਹੈ, ਵਚੋਲਾ ਬਣ ਕੇ ਖਾਲਸਾ ਦਲ ਨਾਲ ਗੱਲ ਬਾਤ ਕਰਨ ਲਈ। ਸਮਰੂ ਬੇਗ਼ਮ ਨੂੰ ਸ਼ਾਹ ਆਲਮ ਅਤੇ ਖਾਲਸਾ ਦਲ, ਦੋਹਾਂ ਦਾ ਵਿਸ਼ਵਾਸ ਪ੍ਰਾਪਤ ਸੀ, ਖ਼ਾਸ ਕਰਕੇ ਉਸ ਦਿਨ ਤੋਂ ਜਦੋਂ ਬਘੇਲ ਸਿੰਘ ਨੇ ਉਸ ਨੂੰ ਗ਼ੁਲਾਮ ਕਾਦਰ ਰੁਹੇਲੇ ਦੇ ਹਮਲੇ ਤੋਂ ਬਚਾਇਆ ਸੀ।
”ਬੜੀ ਜ਼ਬਰਜੰਗ ਔਰਤ ਏ! ਮਰਦਾਂ ਵਿਚੋਂ ਮਰਦ।’’ ਕਰਮ ਸਿੰਘ ਨਿਰਮਲਾ ਬੋਲਿਆ, ”ਐਸੀ ਹੁਸ਼ਿਆਰ ਔਰਤ ਮੈਂ ਕਦੇ ਨਹੀਂ ਵੇਖੀ।’’

”ਤਾਂ ਹੀ ਤੇ ਸਰਧਾਨੇ ਦਾ ਰਾਜ ਕਾਇਮ ਰੱਖਿਆ ਹੋਇਆ ਹੈ। ਨਹੀਂ ਤੇ ਬੇਵਾ ਨੂੰ ਭਲਾ ਕੌਣ ਪੁੱਛਦਾ ਹੈ ਅਤੇ ਉਹ ਵੀ ਅੱਜ ਦੇ ਹਾਲਾਤ ਵਿਚ!’’ ਤਾਰਾ ਸਿੰਘ ਗੈਬਾ ਨੇ ਆਖਿਆ।

ਆਪਣੇ ਤੰਬੂ ਤੋਂ ਜ਼ਰਾ ਕੁ ਅੱਗੇ ਵਧ ਕੇ ਬਘੇਲ ਸਿੰਘ ਨੇ ਸਮਰੂ ਬੇਗ਼ਮ ਨੂੰ ਜੀ ਆਇਆਂ ਆਖਿਆ। ਬਘੇਲ ਸਿੰਘ ਦੇ ਉੱਚੇ ਲੰਮੇ ਕੱਦ ਦੇ ਸਾਹਮਣੇ ਦਰਮਿਆਨੇ ਤੋਂ ਵੀ ਜ਼ਰਾ ਛੋਟੇ ਕੱਦ ਦੀ ਸਮਰੂ ਬੇਗ਼ਮ ਹੋਰ ਵੀ ਛੋਟੀ ਲੱਗ ਰਹੀ ਸੀ। ਉਸ ਦੇ ਗਲ ਅਤੇ ਬਾਹਾਂ ’ਚ ਪਾਏ ਗਹਿਣਿਆਂ ਅਤੇ ਕੀਮਤੀ ਪੌਸ਼ਾਕ ਸਾਹਮਣੇ ਬਘੇਲ ਸਿੰਘ ਇਕ ਮਾਮੂਲੀ ਜ਼ਿਮੀਂਦਾਰ ਲੱਗ ਰਿਹਾ ਸੀ।
”ਮੇਰੀ ਖ਼ੁਸ਼ਨਸੀਬੀ ਕਿ ਬੇਗ਼ਮ ਨੇ ਖ਼ੁਦ ਤਸ਼ਰੀਫ਼ ਲਿਆ ਕੇ ਇਸ ਨਾਚੀਜ਼ ਦੀ ਇੱਜ਼ਤ ਅਫ਼ਜਾਈ ਕੀਤੀ।’’ ਬਘੇਲ ਸਿੰਘ ਨੇ ਆਖਿਆ।

”ਖ਼ੁਸ਼ਨਸੀਬੀ ਤੇ ਮੇਰੀ ਹੈ ਕਿ ਇਕ ਵਾਰ ਫੇਰ ਮੈਂ ਪੰਜਾਬ ਦੇ ਸ਼ੇਰ ਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਰਹੀ ਹਾਂ। ਤੁਸੀਂ ਜਾਣ ਨਹੀਂ ਸਕਦੇ ਕਿ ਮੈਨੂੰ ਕਿੰਨਾ ਫ਼ਖ਼ਰ ਹੈ ਆਪ ਦੀ ਦੋਸਤੀ ਦਾ ਅਤੇ ਇਸ ਮਾਰੋ ਮਾਰੀ ਦੇ ਦੌਰ ਵਿਚ ਮੈਂ ਆਪਣੇ ਆਪ ਨੂੰ ਕਿੰਨਾ ਮਹਿਫੂਜ਼ ਅਨੁਭਵ ਕਰ ਰਹੀ ਹਾਂ।’’
”ਆਓ ਅੰਦਰ ਤਸ਼ਰੀਫ਼ ਲੈ ਆਓ,’’ ਬਘੇਲ ਸਿੰਘ ਆਪਣੇ ਤੰਬੂ ਵੱਲ ਸੰਕੇਤ ਕਰਦਿਆਂ ਬੋਲਿਆ, ”ਤੁਸੀਂ ਜਾਣਦੇ ਹੀ ਹੋ ਕਿ ਮੈਂ ਇਕ ਸਿੱਧਾ ਸਾਦਾ ਆਦਮੀ ਹਾਂ ਅਤੇ ਬੇਗ਼ਮ ਸਾਹਿਬਾ ਦੀ ਸ਼ਾਨ ਅਨੁਸਾਰ…।’’
”ਇਹ ਸਾਦਗੀ ਅਤੇ ਚਰਿੱਤਰ ਹੀ ਖਾਲਸੇ ਦੀ ਤਾਕਤ ਦਾ ਅਸਲੀ ਭੇਦ ਹੈ। ਜਿਸ ਦਿਨ ਇਹ ਇਖ਼ਲਾਕ, ਇਹ ਸਾਦਗੀ ਖ਼ਤਮ ਹੋ ਗਈ। ਉਸ ਦਿਨ ਬਹੁਤ ਕੁਝ ਖ਼ਤਮ ਹੋ ਜਾਏਗਾ। ਪਰਸੋਂ ਹੀ ਜਦ ਮੈਂ ਲਾਲ ਕਿਲ੍ਹੇ ਪਹੁੰਚੀ ਤਾਂ ਸ਼ਾਹ ਆਲਮ ਦੇ ਸਾਹਮਣੇ ਖਾਲਸੇ ਦੀ ਲੁੱਟ ਮਾਰ ਤੋਂ ਤੰਗ ਆਏ ਦਿੱਲੀ ਦੇ ਲੋਕ ਫਰਿਆਦ ਕਰ ਰਹੇ ਸਨ। ਪਰ ਇਕ ਗੱਲ ਤੋਂ ਸਭ ਮੁਤਫ਼ਿਕ ਸਨ ਕਿ ਖਾਲਸੇ ਦੇ ਕਿਸੇ ਸਿਪਾਹੀ ਨੇ ਕਿਸੇ ਔਰਤ ਦੀ ਇੱਜ਼ਤ ’ਤੇ ਹੱਥ ਨਹੀਂ ਪਾਇਆ। ਇਸ ਸਿਫ਼ਤ ਦਾ ਹੱਕਦਾਰ ਹਿੰਦੁਸਤਾਨ ’ਚ ਜਾਂ ਖਾਲਸਾ ਹੈ ਅਤੇ ਜਾਂ ਫਰੰਗੀ।’’
”ਤੁਸੀਂ ਦਰੁਸਤ ਫਰਮਾਇਆ।’’
ਉਨੀ ਦੇਰ ’ਚ ਬੇਗ਼ਮ ਤੰਬੂ ਦੇ ਅੰਦਰ ਆ ਕੇ ਬੈਠ ਗਈ ਸੀ। ਹੁਣ ਤੰਬੂ ਵਿਚ ਉਹਨਾਂ ਦੋਵਾਂ ਦੇ ਇਲਾਵਾ ਬਘੇਲ ਸਿੰਘ ਦਾ (ਗੋਦ ਲਿਆ) ਜਵਾਨ ਪੁੱਤਰ ਸੁੱਖਾ ਸਿੰਘ ਹੀ ਸੀ। ਸੁੱਖਾ ਸਿੰਘ ਕੁਝ ਕਹਿਣਾ ਚਾਹ ਰਿਹਾ ਸੀ ਅਤੇ ਮੌਕੇ ਦੀ ਉਡੀਕ ਵਿਚ ਉਹਨਾਂ ਦੋਹਾਂ ਵੱਲ ਤੱਕ ਰਿਹਾ ਸੀ। ਬਘੇਲ ਸਿੰਘ ਨੇ ਉਸ ਵੱਲ ਤੱਕਦਿਆਂ ਪੁੱਛਿਆ,
”ਕਿਓਂ? ਕੁਝ ਕਹਿਣਾ ਚਾਹ ਰਿਹਾ ਏਂ?’’
”ਕੁਝ ਨਹੀਂ, ਬਸ ਇਕ ਗੱਲ ਯਾਦ ਆ ਗਈ।’’
”ਕੀ ਗੱਲ?’’
”ਕੁਝ ਦਿਨ ਪਹਿਲਾਂ ਹੌਜ਼ ਕਾਜ਼ੀ ’ਚ ਆਪਣੇ ਦਸਤੇ ਲੁੱਟ ਮਾਰ ਕਰ ਰਹੇ ਸਨ। ਕੁਝ ਸਿੰਘ ਇਕ ਹਵੇਲੀ ’ਚ ਵੜ ਕੇ ਉਹਨਾਂ ਦੇ ਟਰੰਕਾਂ ’ਚੋਂ ਗਹਿਣੇ ਕੱਢਣ ਲੱਗੇ। ਇਕ ਨਵੀਂ ਵਿਆਹੀ ਦਿਸ ਰਹੀ ਤੀਵੀਂ ਦੇ ਗਲ ਵਿਚ ਹੀਰੇ ਮੋਤੀਆਂ ਦਾ ਹਾਰ ਵੇਖ ਕੇ, ਜਿਸ ਨੂੰ ਉਹ ਆਪਣੇ ਕੱਪੜਿਆਂ ਪਿੱਛੇ ਲੁਕਾਉਣ ਦਾ ਯਤਨ ਕਰ ਰਹੀ ਸੀ, ਇਕ ਸਿੰਘ ਨੇ ਕਿਹਾ : ਲਿਆ ਭੈਣੇ, ਆਪੇ ਲਾਹ ਕੇ ਦੇ ਕੇ। ਨਹੀਂ ਤੇ ਤੇਰੇ ਸਰੀਰ ਨੂੰ ਛੋਹਣ ਦਾ ਦੋਸ਼ ਲੱਗ ਜਾਊ! ਤੀਵੀਂ ਨੇ ਆਪਣਾ ਹਾਰ ਉਤਾਰ ਕੇ ਉਸ ਸਿੰਘ ਦੇ ਹੱਥਾਂ ’ਚ ਫੜਾਉਂਦਿਆਂ ਕਿਹਾ : ਇਹ ਕੀ ਹੋਇਆ ਭਲਾ? ਇਕ ਪਾਸੇ ਭੈਣ ਕਹਿਨਾ ਏਂ ਤੇ ਦੂਜੇ ਪਾਸੇ ਭੈਣ ਦੇ ਜ਼ੇਵਰ ਲੁਹਾਉਂਦਾ ਏਂ?’’ ਇਹ ਗੱਲ ਸਿੰਘ ਦੇ ਮਨ ’ਚ ਐਸੀ ਲੱਗੀ ਕਿ ਉਹ ਉਸ ਹਾਰ ਨੂੰ ਉਸ ਦੇ ਪੈਰਾਂ ’ਚ ਰੱਖ ਕੇ ਬਾਹਰ ਨਿੱਕਲ ਆਇਆ।’’ (ਉਂਝ ਉਹ ਸਿੰਘ ਸੁੱਖਾ ਸਿੰਘ ਆਪ ਹੀ ਸੀ)
”ਇਸੇ ਤਰ੍ਹਾਂ ਦੀਆਂ ਗੱਲਾਂ ਮੈਂ ਵੀ ਬਹੁਤ ਸੁਣੀਆਂ ਹਨ, ਦਿੱਲੀ ਦੇ ਅਵਾਮ ਤੋਂ। ਜ਼ੁਲਮ ਦੇ ਨਾਲ ਦਯਾ, ਲੁੱਟ ਮਾਰ ਦੇ ਨਾਲ ਨਾਲ ਖੁੱਲ੍ਹਦਿਲੀ।’’ ਬੇਗ਼ਮ ਸਮਰੂ ਨੇ ਹਾਂ ’ਚ ਹਾਂ ਮਿਲਾਉਂਦਿਆਂ ਆਖਿਆ।
”ਦਯਾ ਤੇ ਖੁੱਲ੍ਹਦਿਲੀ ਸਾਡੀ ਫ਼ਿਤਰਤ ਏ ਬੇਗ਼ਮ ਸਾਹਿਬਾ, ਜ਼ੋਰ ਜ਼ਬਰ ਅਤੇ ਲੁੱਟ ਮਾਰ ਸਾਡੀ ਲੋੜ। ਸਿਰਫ਼ ਸਾਡੀ ਹੀ ਨਹੀਂ ਬਲਕਿ ਸਮੇਂ ਦੀ ਮੰਗ ਹੈ ਇਹ।’’ ਬਘੇਲ ਸਿੰਘ ਕੁਝ ਗੰਭੀਰ ਹੁੰਦਿਆਂ ਬੋਲਿਆ, ”ਤੁਸੀਂ ਆਪ ਹੀ ਵੇਖੋ, ਮਰਹੱਟਿਆਂ ਦੇ ਮੁਲਕ ਤੋਂ ਲੈ ਕੇ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਤੱਕ ਕੋਈ ਪੱਕੀ ਹਕੂਮਤ ਨਹੀਂ। ਅਰਾਜਕਤਾ ਹੀ ਅਰਾਜਕਤਾ। ਇਸ ਅਰਾਜਕਤਾ ਦੇ ਯੁਗ ਵਿਚ ਜਿਉਂਦਿਆਂ ਰਹਿ ਸਕਣਾ ਹੀ ਇਕ ਬਹੁਤ ਵੱਡੀ ਗੱਲ ਏ।’’
”ਕਿਸੇ ਪੁਖ਼ਤਾ ਅਤੇ ਮਜ਼ਬੂਤ ਮਰਕਜ਼ੀ ਹਕੂਮਤ ਦਾ ਨਾ ਹੋਣਾ ਹੀ ਤੁਹਾਡੇ ਲੋਕਾਂ ਲਈ ਵਰਦਾਨ ਹੈ।’’ ਸਮਰੂ ਬੇਗ਼ਮ ਬੋਲੀ, ”ਪਰ ਕਈ ਵਾਰੀ ਤੁਸੀਂ ਲੁੱਟ ਮਾਰ ਦੇ ਨਾਲ-ਨਾਲ ਕੁਝ ਗ਼ਲਤ ਆਦਮੀਆਂ ਨਾਲ ਸਮਝੌਤੇ ਕਰਦੇ ਹੋ। ਕੁਝ ਘਟਨਾਵਾਂ ਵੀ ਐਸੀਆਂ ਸੁਣਨ ’ਚ ਆਉਂਦੀਆਂ ਹਨ ਜੋ ਤੁਹਾਡੀ ਖ਼ਾਲਸਾ ਕੌਮ ਦੀ ਸ਼ਾਨ ਦੇ ਵਿਰੁੱਧ ਜਾਂਦੀਆਂ ਹਨ।’’
“ਕਈ ਘਟਨਾਵਾਂ ਆਦਮੀ ਦੇ ਆਪਣੇ ਵੱਸ ’ਚ ਨਹੀਂ ਹੁੰਦੀਆਂ। ਚਾਹੇ ਬੰਦਾ ਆਪ ਹੋਵੇ, ਚਾਹੇ ਕੌਮ, ਚਾਹੇ ਹਕੂਮਤਾਂ। ਘਟਨਾਵਾਂ ਦੀ ਇਕ ਆਪਣੀ ਚਾਲ, ਆਪਣੀ….,” ਉਹ ਮਨ ਹੀ ਮਨ ਸਹੀ ਸ਼ਬਦਾਂ ਨੂੰ ਲੱਭਦਿਆਂ ਬੋਲਿਆ, ”ਆਪਣੀ ਖ਼ਾਸੀਅਤ ਹੁੰਦੀ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ।’’
”ਆਦਮੀ ਜੇ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ।’’
”ਹਾਂ, ਕਰ ਸਕਦਾ ਹੈ।’’ ਬਘੇਲ ਸਿੰਘ ਆਪਣੇ ਮਸਤਕ ’ਤੇ ਜ਼ੋਰ ਪਾਉਂਦਿਆਂ ਬੋਲਿਆ, ”ਜੇ ਸਮੱਸਿਆਵਾਂ ਦੇ ਹੱਲ ਸਮੇਂ ਸਿਰ ਅਤੇ ਆਮ ਲੋਕਾਂ ਦਾ ਹਿੱਤ ਸੋਚ ਕੇ ਹੁੰਦੇ ਰਹਿਣ। ਪਰ ਅਫ਼ਸੋਸ ਇਹ ਕਿ ਇਕ ਕੌਮ ਜਾਂ ਧਰਮ ਦੇ ਲੋਕ ਜਾਂ ਹਕੂਮਤਾਂ ਦੂਜਿਆਂ ਉੱਤੇ ਜ਼ਿਆਦਤੀਆਂ ਕਰਨ ਤੋਂ ਬਾਅਦ ਵੀ ਕਦੇ ਦਿਲ ਵਿਚ ਮਹਿਸੂਸ ਨਹੀਂ ਕਰਦੀਆਂ ਕਿ ਉਹਨਾਂ ਕੀ-ਕੀ ਜ਼ਿਆਦਤੀਆਂ ਅਤੇ ਜ਼ੁਲਮ ਕੀਤੇ ਹਨ। ਕੋਈ ਪਛਤਾਵਾ ਨਹੀਂ ਹੁੰਦਾ। ਖ਼ੂਨ ਦਾ ਬਦਲਾ ਖ਼ੂਨ ਹੀ ਚੱਲਦਾ ਆਇਆ ਹੈ ਅਤੇ ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਕੁਝ ਨਹੀਂ ਕਿਹਾ ਜਾ ਸਕਦਾ।’’
”ਕੀ ਤੁਸੀਂ ਚਾਹੁੰਦੇ ਹੋ ਕਿ ਇਸ ਸਿਲਸਿਲੇ ਦੀ ਲੜੀ ਟੁੱਟ ਜਾਵੇ।’’ ਸਮਰੂ ਬੇਗ਼ਮ ਨੇ ਪੁੱਛਿਆ।
”ਕਿਓਂ ਨਹੀਂ ਚਾਹੁੰਦਾ। ਪਰ ਸ਼ਰਤ ਇਹ ਹੈ ਕਿ ਦੂਸਰੀ ਧਿਰ ਆਪਣੇ ਪੁਰਖ਼ਿਆਂ ਦੀਆਂ ਵਧੀਕੀਆਂ ਨੂੰ ਮਹਿਸੂਸ ਕਰਦਿਆਂ ਉਹਨਾਂ ਨੂੰ ਕਬੂਲ ਕਰਨ, ਨਾ ਕਿ ਤਰ੍ਹਾਂ-ਤਰ੍ਹਾਂ ਦੇ ਤਰਕਾਂ ਦੁਆਰਾ ਉਹਨਾਂ ਨੂੰ ਸਹੀ ਸਿੱਧ ਕਰਦੇ ਰਹਿਣ।’’
”ਕੀ ਇਹ ਜ਼ਿਆਦਤੀਆਂ ਸਿਰਫ਼ ਹਕੂਮਤਾਂ ਹੀ ਕਰਦੀਆਂ ਹਨ?’’ ਸਮਰੂ ਬੇਗ਼ਮ ਨੇ ਆਖਿਆ।
”ਹਕੂਮਤਾਂ ਵੀ, ਜਾਤੀਆਂ ਵੀ, ਕੌਮਾਂ ਵੀ।’’ ਬਘੇਲ ਸਿੰਘ ਆਪਣੇ ਗ਼ਰੀਬ ਮਾਤਾ ਪਿਤਾ ਅਤੇ ਆਪਣੇ ਬਚਪਨ ਬਾਰੇ ਅਤੇ ਉੱਚੀਆਂ ਜਾਤੀਆਂ ਦੀਆਂ ਵਧੀਕੀਆਂ ਬਾਰੇ ਸੋਚਦਿਆਂ ਬੋਲਿਆ।
”ਜਿਸ ਵੇਲੇ ਆਦਮੀ ਹੱਥ ’ਚ ਹਥਿਆਰ ਚੁੱਕਦਾ ਹੈ, ਕਿਸੇ ਫੌਜ ਦਾ ਹਿੱਸਾ ਬਣਦਾ ਹੈ ਤਾਂ ਜ਼ਿਆਦਤੀਆਂ ਤਾਂ ਹੁੰਦੀਆਂ ਹੀ ਹਨ।’’ ਸਮਰੂ ਬੇਗ਼ਮ ਨੇ ਆਖਿਆ, ”ਹੁਣ ਤੁਸੀਂ ਆਪ ਹੀ ਵੇਖੋ ਕਿ ਤੁਹਾਡੀ ਫੌਜ ਦੇ ਸਿਪਾਹੀ ਅਤੇ ਮੁਗ਼ਲਾਂ ਦੀ ਫੌਜ ਦੇ ਸਿਪਾਹੀ ’ਚ ਕੀ ਫ਼ਰਕ ਹੈ? ਤੁਹਾਡੇ ਸਿੱਖ ਵੀ ਉਹੀ ਕਰਦੇ ਅਤੇ ਕਰਨਗੇ, ਜੋ ਕਿਸੇ ਬਾਦਸ਼ਾਹ ਦੇ ਸਿਪਾਹੀ ਕਰਦੇ ਆਏ ਹਨ।’’
”ਸ਼ਾਇਦ।’’ ਬਘੇਲ ਸਿੰਘ ਕਹਿਣ ਲੱਗਾ, ”ਪਰ ਮੈਨੂੰ ਲੱਗਦਾ ਹੈ ਕਿ ਇਕ ਬਾਦਸ਼ਾਹ ਦੇ ਸਿਪਾਹੀ ਅਤੇ ਮੇਰੀ ਫੌਜ ਦੇ ਸਿੰਘਾਂ ’ਚ ਇਕ ਮੂਲ ਅੰਤਰ ਹੈ। ਕਿਸੇ ਬਾਦਸ਼ਾਹ ਦੇ ਸਿਪਾਹੀ ਦੀ ਕੋਈ ਸਵੈ ਇੱਛਾ ਨਹੀਂ ਹੁੰਦੀ। ਉਹ ਬਾਦਸ਼ਾਹ ਦੀ ਇੱਛਾ ਦਾ ਗ਼ੁਲਾਮ ਹੁੰਦਾ ਹੈ, ਪਰ ਸਾਡੇ ਇਹ ਸਿੰਘ? ਇਹਨਾਂ ਦੀ ਆਪਣੀ ਇਕ ਸੁਤੰਤਰ ਇੱਛਾ ਹੀ ਨਹੀਂ ਬਲਕਿ ਇਸ ਦੇ ਪਿੱਛੇ ਸੇਆਂ ਵਰਿ੍ਹਆਂ ਦੀਆਂ ਸਿਮਰਤੀਆਂ ਹਨ। ਜ਼ੁਲਮਾਂ ਨੂੰ ਸਹਿੰਦੇ ਰਹਿਣ ਦੀ ਪੀੜ ਹੈ।’’
”ਮੈਂ ਇਕ ਸਿੱਧਾ ਸਵਾਲ ਪੁੱਛਣਾ ਚਾਹੁੰਦੀ ਹਾਂ।’’ ਸਮਰੂ ਬੇਗ਼ਮ ਬੋਲੀ, ”ਹਾਂ, ਪੁੱਛੋ।’’
”ਕੀ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨਾਲ ਲੜਾਈ ਦੇ ਇਲਾਵਾ ਤੁਹਾਡੇ ਪਾਸ ਹੋਰ ਕੋਈ ਰਾਹ ਨਹੀਂ?’’
”ਮੈਂ ਜਾਣਦਾ ਹਾਂ ਕਿ ਸ਼ਾਹ ਆਲਮ ਨੂੰ ਤੁਸੀਂ ਆਪਣੇ ਬਾਪ ਦੀ ਤਰ੍ਹਾਂ ਸਮਝਦੇ ਹੋ। ਪਰ ਸਾਡੇ ਲਈ ਸ਼ਾਹ ਆਲਮ ਇਕ ਪ੍ਰਤੀਕ ਹੈ ਮੁਗ਼ਲੀਆ ਸਲਤਨਤ ਦਾ।’’
”ਪ੍ਰਤੀਕ ਹੈ ਜਾਂ ਨਫ਼ਰਤ ਹੈ ਤੁਹਾਡੇ ਮਨ ਵਿਚ ਇਨ੍ਹਾਂ ਲਈ?’’

”ਮੈਂ ਤੁਹਾਡੇ ਸਿੱਧੇ ਸਵਾਲ ਦਾ ਜਵਾਬ ਸਿੱਧੇ ਸ਼ਬਦਾਂ ’ਚ ਹੀ ਦੇਵਾਂਗਾ।’’ ਬਘੇਲ ਸਿੰਘ ਕਹਿਣ ਲੱਗਾ, ”ਹਾਂ, ਅਸੀਂ ਇਸ ਹਕੂਮਤ ਨਾਲ ਨਫ਼ਰਤ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਲਈ ਨਹੀਂ ਕਿ ਸ਼ਾਹ ਆਲਮ ਨਾਲ ਮੇਰੀ ਕੋਈ ਜ਼ਾਤੀ ਦੁਸ਼ਮਣੀ ਹੈ ਬਲਕਿ ਇਸ ਲਈ ਕਿ ਇਹਨਾਂ ਲੋਕਾਂ ਨੇ ਮਜ਼ਹਬ ਦੇ ਨਾਮ ’ਤੇ, ਹਕੂਮਤ ਦੇ ਅਸੂਲਾਂ ਦੇ ਨਾਮ ’ਤੇ, ਸਾਡੀਆਂ ਰਾਤਾਂ ਦੀ ਨੀਂਦ ਹੀ ਹਰਾਮ ਨਹੀਂ ਕੀਤੀ ਬਲਕਿ ਸਾਡੀ ਸੋਚ, ਸਾਡੀ ਆਤਮਾ ਨੂੰ ਲੂਹਿਆ ਹੈ।’’

ਕੁਝ ਦੇਰ ਤੱਕ ਦੋਹਾਂ ਵਿਚਕਾਰ ਚੁੱਪ ਵਰਤੀ ਰਹੀ। ਫੇਰ ਬਘੇਲ ਸਿੰਘ ਸਮਰੂ ਬੇਗ਼ਮ ਵੱਲ ਤੱਕਦਿਆਂ ਬੋਲਿਆ :
”ਇਸ ਤਰ੍ਹਾਂ ਦੀ ਬਹਿਸ ਦਾ ਸਿਲਸਿਲਾ ਕਦੀ ਬੰਦ ਨਹੀਂ ਹੋ ਸਕਦਾ। ਹੁਣ ਮੈਂ ਜਾਣਨਾ ਚਾਹਵਾਂਗਾ ਕਿ ਸਮਰੂ ਬੇਗ਼ਮ ਨੇ ਅੱਜ ਸਿੰਘਾਂ ਦੀ ਛਾਉਣੀ ’ਚ ਆਉਣ ਦਾ ਕਸ਼ਟ ਕਿਵੇਂ ਕੀਤਾ?’’
”ਦਰਅਸਲ ਬਾਦਸ਼ਾਹ ਸਲਾਮਤ ਨੇ ਮੈਨੂੰ ਇਕ ਖ਼ਾਸ ਕੰਮ ਲਈ ਤੁਹਾਡੇ ਕੋਲ ਭੇਜਿਆ ਹੈ। ਦਿੱਲੀ ਦੀ ਰਿਆਇਆ ਤਾਂ ਪਹਿਲਾਂ ਹੀ ਬਹੁਤ ਸਤੀ ਹੋਈ ਹੈ, ਕਦੀ ਮਰਾਠਿਆਂ, ਕਦੀ ਭਰਤਪੁਰ ਦੇ ਜੱਟਾਂ, ਕਦੀ ਰੁਹੇਲਿਆਂ ਤੋਂ। ਇਹਨਾਂ ਦਾ ਲਹੂ ਇੰਨਾ ਨਚੋੜਿਆ ਜਾ ਚੁੱਕਿਆ ਹੈ ਕਿ ਹੁਣ ਮਸਾਂ ਉਨੇ ਹੀ ਕਤਰੇ ਬਾਕੀ ਬਚੇ ਹਨ ਜਿਸ ਨਾਲ ਬੱਸ ਸਾਹ ਲੈ ਸਕਣ।’’
ਬਘੇਲ ਸਿੰਘ ਦੇ ਮੁੱਖ ’ਤੇ ਵਿਅੰਗਮਈ ਮੁਸਕਾਨ ਖਿੰਡ ਗਈ ਤੇ ਉਹ ਬੋਲਿਆ, ”ਅੱਜ ਦਿੱਲੀ ਦੇ ਬਾਦਸ਼ਾਹ ਨੂੰ ਦਿੱਲੀ ਦੀ ਫ਼ਿਕਰ ਪੈ ਗਈ। ਪੰਜਾਬ ਦਾ ਲਹੂ ਦਿੱਲੀ ਦੇ ਤਖ਼ਤਨਸ਼ੀਨ ਕਿੰਨੀਆਂ ਸਦੀਆਂ ਤੋਂ ਨਚੋੜਦੇ ਆਏ ਹਨ? ਇਸੇ ਦਿੱਲੀ ਦੇ ਚਾਂਦਨੀ ਚੌਕ ਵਿਚ ਸਾਡੇ ਗੁਰੂ ਨੂੰ ਸ਼ਹੀਦ ਕੀਤਾ, ਬੰਦੇ ਬਹਾਦਰ ਨੂੰ ਤਸੀਹੇ ਦੇ ਦੇ ਕੇ ਮਾਰਿਆ, ਤਦ ਕਿਸੇ ਦਿੱਲੀ ਵਾਲੇ ਦੀ ਆਵਾਜ਼ ਨਹੀਂ ਨਿੱਕਲੀ।’’
”ਹਰ ਕਿਸੇ ਨੂੰ ਆਪਣੇ ਗੁਨਾਹਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ’’, ਬੇਗ਼ਮ ਬੋਲੀ, ”ਚਾਹੇ ਉਹ ਆਪ ਭੁਗਤਣ, ਚਾਹੇ ਉਹਨਾਂ ਦੀ ਔਲਾਦ।’’
”ਤੇ ਹੁਣ ਸ਼ਾਹ ਆਲਮ ਕੀ ਚਾਹੁੰਦੇ ਨੇ ਸਾਡੇ ਤੋਂ?’’
”ਮੈਂ ਇਹ ਤਾਂ ਚੰਗੀ ਤਰ੍ਹਾਂ ਸਮਝਦੀ ਹਾਂ ਕਿ ਖਾਲਸਾ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕਰਨ ਨਹੀਂ ਆਇਆ। ਜੇ ਚਾਹੇ ਤਾਂ ਵੀ ਖਾਲਸਾ ਇਸ ਜ਼ਿੰਮੇਵਾਰੀ ਲਈ ਹਾਲੇ ਤਿਆਰ ਨਹੀਂ।’’
ਬਘੇਲ ਸਿੰਘ ਆਪ ਚੰਗੀ ਤਰ੍ਹਾਂ ਸਮਝਦਾ ਸੀ ਇਸ ਵਾਸਤਵਿਕਤਾ ਨੂੰ। ਪਰ ਉਹ ਸਮਰੂ ਬੇਗ਼ਮ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ, ”ਕਿਉਂ ਤਿਆਰ ਨਹੀਂ?’’
ਸਮਰੂ ਬੇਗ਼ਮ ਹੌਲੀ ਦੇਣੀ ਹੱਸੀ ਤੇ ਬੋਲੀ, ”ਉਂਜ ਤੇ ਬਹੁਤ ਕੁਝ ਕਹਿ ਸਕਦੀ ਹਾਂ। ਪਰ ਇਕ ਸਬੂਤ ਤੇ ਤੁਸਾਂ ਆਪਣੀ ਅੱਖੀਂ ਵੇਖ ਲਿਆ ਹੋਵੇਗਾ-ਕੁਝ ਦਿਨ ਪਹਿਲਾਂ, ਲਾਲ ਕਿਲ੍ਹੇ ਵਿਚ ਤੁਹਾਡੇ ਦੋ ਜੱਸਿਆਂ ਵਾਲਾ ਮਾਮਲਾ…?’’
”ਮੈਂ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ। ਪਰ ਕੁਝ-ਕੁਝ ਸੁਣਿਆ ਜ਼ਰੂਰ ਹੈ। ਪਤਾ ਨਹੀਂ ਕਿੰਨਾ ਕੁ ਸੱਚ ਹੈ ਇਸ ਵਿਚ।’’ ਬਘੇਲ ਸਿੰਘ ਅਣਜਾਣ ਬਣਦਾ ਬੋਲਿਆ।
”ਮੈਂ ਜੋ ਸੁਣਿਆ, ਉਹ ਇਸ ਤਰ੍ਹਾਂ ਹੈ : “ਸਮਰੂ ਬੇਗ਼ਮ ਦੱਸਣ ਲੱਗੀ ”ਜਦ ਜੱਸਾ ਸਿੰਘ ਆਹਲੂਵਾਲੀਆ ਆਪਣੇ ਵੀਹ ਹਜ਼ਾਰ ਸਿੰਘਾਂ ਨਾਲ ਲਾਲ ਕਿਲ੍ਹੇ ’ਚ ਵੜ ਕੇ ਦੀਵਾਨ-ਏ-ਆਮ ਵਿਚ ਪਹੁੰਚਿਆ ਤਾਂ ਉਸ ਦੇ ਕੁਝ ਸਿੰਘ ਬੋਲੇ : ਇਹ ਉਹੀ ਸਥਾਨ ਏ ਜਿੱਥੇ ਬੈਠ ਕੇ ਮੁਗ਼ਲ ਬਾਦਸ਼ਾਹ ਹੁਕਮ ਚਲਾਇਆ ਕਰਦਾ ਸੀ। ਅੱਜ ਤੋਂ ਸਾਡਾ ਜੱਸਾ ਸਿੰਘ ਆਹਲੂਵਾਲੀਆ ਇੱਥੇ ਬੈਠ ਕੇ ਹੁਕਮ ਚਲਾਏਗਾ ਅਤੇ ਉਹਨਾਂ ਨੇ ਜੱਸਾ ਸਿੰਘ ਨੂੰ ਚੁੱਕ ਕੇ ਦੀਵਾਨ-ਏ-ਆਮ ਵਾਲੇ ਸ਼ਾਹੀ ਤਖ਼ਤ ’ਤੇ ਬਿਠਾ ਕੇ ਅਤੇ ‘ਪਾਤਸ਼ਾਹ ਸਿੰਘ’ ਦੀ ਉਪਾਧੀ ਦੇ ਕੇ ਜੈਕਾਰੇ ਬੁਲਾ ਦਿੱਤੇ। ਉਸੇ ਵੇਲੇ, ਸੁਣਿਆ ਹੈ, ਕਿ ਜੱਸਾ ਸਿੰਘ ਰਾਮਗੜ੍ਹੀਆ ਵੀ ਉੱਥੇ ਆ ਪਹੁੰਚਿਆ ਅਤੇ ਆਹਲੂਵਾਲੀਏ ਨੂੰ ਤਖ਼ਤ ਤੋਂ ਉਤਰ ਜਾਣ ਲਈ ਕਿਹਾ। ਦੋਹਾਂ ਧਿਰਾਂ ਦੀਆਂ ਤਲਵਾਰਾਂ ਮਿਆਨਾਂ ’ਚੋਂ ਨਿਕਲ ਆਈਆਂ। ਪਰ ਆਹਲੂਵਾਲੀਆ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਛਾਲ ਮਾਰ ਕੇ ਥੱਲੇ ਆ ਗਿਆ ਅਤੇ ਰਾਮਗੜ੍ਹੀਏ ਦੇ ਸਾਹਮਣੇ ਆ ਕੇ ਬੋਲਿਆ : ਤੁਸੀਂ ਐਵੇਂ ਐਨੀ ਗੰਭੀਰਤਾ ਨਾਲ ਨਾ ਲਵੋ ਇਸ ਗੱਲ ਨੂੰ। ਇਹ ਤੇ ਬੱਸ ਇਕ ਮਜ਼ਾਕ ਸੀ, ਇਕ ਮੌਜ ਮੇਲਾ…।’’
ਇਸ ਘਟਨਾ ਨੂੰ ਯਾਦ ਕਰਦਿਆਂ ਇਕ ਸੰਤੁਸ਼ਟੀ ਭਰੀ ਮੁਸਕਾਨ ਬਘੇਲ ਸਿੰਘ ਦਿਆਂ ਬੁੱਲ੍ਹਾਂ ’ਤੇ ਖਿੰਡਰ ਗਈ। ਉਹ ਬੋਲਿਆ :
”ਇਹ ਮਜ਼ਾਕ ਹੁੰਦਿਆਂ ਵੀ ਕੇਵਲ ਮਜ਼ਾਕ ਨਹੀਂ ਸੀ ਸਮਰੂ ਬੇਗ਼ਮ। ਸਾਡੇ ਲਈ ਇਹ ਵੀ ਇਕ ਮਹੱਤਵਪੂਰਨ ਘਟਨਾ, ਇਕ ਪ੍ਰਤੀਕ ਹੈ, ਕਿ ਜਿਸ ਲਾਲ ਕਿਲ੍ਹੇ ਦੇ ਤਖ਼ਤ ’ਤੇ ਬੈਠ ਕੇ ਮੁਗ਼ਲ ਬਾਦਸ਼ਾਹ ਸਾਡੇ ਗੁਰੂਆਂ ਅਤੇ ਸਾਡੀ ਕੌਮ ਲਈ ਕਤਲ-ਓ-ਗ਼ਾਰਤ ਦੇ ਹੁਕਮਨਾਮਿਆਂ ਦਾ ਐਲਾਨ ਕਰਦੇ ਰਹੇ, ਉਸ ਉੱਤੇ ਹੁਣ ਖਾਲਸਾ ਜਾ ਬੈਠਿਆ ਹੈ।’’ ਇਹ ਇਕ ਸੰਕੇਤ ਹੈ ਆਉਣ ਵਾਲੇ ਸਮੇਂ ਵੱਲ।’’
”ਆਉਣ ਵਾਲਾ ਸਮਾਂ!’’ ਸਮਰੂ ਬੇਗ਼ਮ ਨੇ ਕੁਝ ਸੋਚਦਿਆਂ ਆਖਿਆ।
”ਮੈਂ ਕਿੰਨੇ ਸਾਲਾਂ ਤੋਂ ਹਕੂਮਤ ਕਰ ਰਹੀ ਹਾਂ ਇਕ ਛੋਟੀ ਜਿਹੀ ਰਿਆਸਤ ਉੱਤੇ। ਜੋ ਥੋੜ੍ਹਾ ਬਹੁਤ ਸਮਝ ਸਕੀ ਹਾਂ ਉਹ ਇਹ ਕਿ ਫੌਜੀ ਤਾਕਤ ਕਿਸੇ ਇਲਾਕੇ ’ਤੇ ਕਬਜ਼ਾ ਤਾਂ ਕਰ ਸਕਦੀ ਹੈ ਪਰ ਇਕ ਪੁਖ਼ਤਾ ਹਕੂਮਤ ਕਾਇਮ ਨਹੀਂ ਕਰ ਸਕਦੀ। ਫ਼ੌਜੀ ਤਾਕਤ ਕਿਸੇ ਹਕੂਮਤ ਦਾ ਤਣਾਂ ਜਾਂ ਸ਼ਾਖਾ ਹੋ ਸਕਦੀਆਂ ਹਨ, ਪਰ ਜੜ੍ਹਾਂ ਹੁੰਦੀਆਂ ਹਨ, ਉਸ ਦਾ ਆਈਨੀ ਦਸਤੂਰ, ਉਸ ਦੀ ਤਨਜ਼ੀਮ, ਉਸ ਦੀ ਹਕੂਮਤੀ ਰਵਾਇਤ ਅਤੇ ਅਸੂਲ।’’
”ਜਿਸ ਵੇਲੇ ਖ਼ਾਲਸਾ ਰਾਜ ਕਾਇਮ ਹੋਵੇਗਾ ਤਾਂ ਰਵਾਇਤਾਂ ਅਤੇ ਅਸੂਲ ਵੀ ਬਣ ਜਾਣਗੇ ਅਤੇ ਆਈਨੀ ਦਸਤੂਰ ਵੀ।’’ ਬਘੇਲ ਸਿੰਘ ਨੇ ਆਖਿਆ।
”ਛੋਟਾ ਮੂੰਹ ਵੱਡੀ ਗੱਲ।’’ ਸਮਰੂ ਬੇਗ਼ਮ ਬੋਲੀ, ”ਮੈਨੂੰ ਖ਼ਾਲਸਾ ਰਾਜ ਦੇ ਕਾਇਮ ਹੋਣ ’ਚ ਕੋਈ ਸ਼ੱਕ ਨਹੀਂ। ਜੇ ਅੱਜ ਨਹੀਂ ਤਾਂ ਕੱਲ। ਪਰ ਸ਼ੰਕਾ ਵੀ ਹੈ।’’
”ਸ਼ੰਕਾ?’’
”ਹਾਂ, ਸ਼ੰਕਾ ਇਹ ਕਿ ਜੇ ਤੁਸੀਂ ਲੋਕ ਕੋਈ ਚੰਗੀਆਂ ਰਾਜਸੀ ਰਵਾਇਤਾਂ ਅਤੇ ਆਈਨੀ ਦਸਤੂਰ ਨਾ ਕਾਇਮ ਰੱਖ ਸਕੇ ਤਾਂ…। ਖ਼ੈਰ, ਇਹਨਾਂ ਕਿਆਸ-ਬਾਜ਼ੀਆਂ ਨੂੰ ਫ਼ਿਲਹਾਲ ਅਣਕਿਹਾ ਹੀ ਰਹਿਣ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ।’’
ਕੁਝ ਦੇਰ ਉਹ ਦੋਵੇਂ ਆਪਣੀਆਂ-ਆਪਣੀਆਂ ਸੋਚਾਂ ’ਚ ਵਿਅਸਤ ਬੈਠੇ ਰਹੇ। ਫੇਰ ਸਮਰੂ ਬੇਗ਼ਮ ਇਕ ਦਮ ਬੋਲੀ, ਜਿਵੇਂ ਕਿ ਉਸ ਨੂੰ ਡਰ ਹੋਵੇ ਕਿ ਗੱਲਾਂ ਦਾ ਸਿਲਸਿਲਾ ਫੇਰ ਕਿਸੇ ਹੋਰ ਪਾਸੇ ਨਾ ਮੁੜ ਜਾਵੇ :

”ਬਾਦਸ਼ਾਹ ਸਲਾਮਤ ਤੁਹਾਨੂੰ ਨਿੱਜੀ ਤੌਰ ’ਤੇ ਮਿਲਣ ਦੇ ਚਾਹਵਾਨ ਹਨ।’’

ਬਾਦਸ਼ਾਹ ਸ਼ਾਹ ਆਲਮ ਨੂੰ ਮਿਲਣ ਜਾਣ ਤੋਂ ਪਹਿਲਾਂ ਜਦ ਸਮਰੂ ਬੇਗ਼ਮ ਬਘੇਲ ਸਿੰਘ ਦੇ ਪਹਿਨਣ ਲਈ ਨਵੇਂ ਬਸਤਰ ਲੈ ਕੇ ਆਈ ਤਾਂ ਬਘੇਲ ਸਿੰਘ ਬੋਲਿਆ : ”ਇਹ ਕੀ?’’
”ਆਦਮੀ ਨੂੰ ਤਿੰਨ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ।’’ ਸਮਰੂ ਬੇਗ਼ਮ ਨੇ ਮੁਸਕਰਾਉਂਦਿਆਂ ਉੱਤਰ ’ਚ ਆਖਿਆ, ”ਸਭ ਤੋਂ ਪਹਿਲਾਂ ਇਹ ਲਿਬਾਸ ਹੀ ਦੂਸਰੇ ਆਦਮੀ ਨੂੰ ਮੁਤਾਅਸਰ ਕਰਦਾ ਹੈ। ਉਸ ਤੋਂ ਬਾਅਦ ਉਸ ਦੀ ਪਹਿਚਾਣ ਉਸ ਦੇ ਤੁਰਨ, ਖੜ੍ਹੇ ਹੋਣ ਅਤੇ ਬੋਲਣ ਦੇ ਅੰਦਾਜ਼ ਅਤੇ ਲਫਜ਼ਾਂ ਨਾਲ ਹੁੰਦੀ ਹੈ। ਪਰ ਦਰਹਕੀਕਤ ਆਦਮੀ ਉਹ ਹੁੰਦਾ ਹੈ ਜੋ ਉਸ ਦੇ ਦਿਲ ਅਤੇ ਦਿਮਾਗ਼ ’ਚ ਹੁੰਦਾ ਹੈ। ਤੁਸੀਂ ਬਾਦਸ਼ਾਹ ਸਲਾਮਤ ਨੂੰ ਪਹਿਲੀ ਵਾਰੀ ਮਿਲਣ ਜਾ ਰਿਹੇ ਹੋ ਅਤੇ ਪਹਿਲਾ ਪ੍ਰਭਾਵ ਬਹੁਤ ਮਾਅਨੇ ਰੱਖਦਾ ਹੈ।’’
ਇਹ ਕਹਿ ਕੇ ਉਸ ਨੂੰ ਬਘੇਲ ਸਿੰਘ ਦੇ ਸਾਹਮਣੇ ਸੋਨੇ ਦੇ ਤਿੱਲੇ ਨਾਲ ਕਢਾਈ ਕੀਤਾ ਚੋਗ਼ਾ, ਰੇਸ਼ਮੀਂ ਕਮਰ-ਬੰਦ, ਸਿਰ ’ਤੇ ਸਜਾਣ ਲਈ ਕਲਗੀ ਅਤੇ ਪਹਿਨਣ ਵਾਲੀਆਂ ਹੋਰ ਕਈ ਵਸਤੂਆਂ ਰੱਖ ਦਿੱਤੀਆਂ। ਕੁਝ ਦੇਰ ਬਾਅਦ, ਜਦ ਉਹ ਨਵੇਂ ਵਸਤਰ ਪਹਿਨ ਕੇ ਆਪਣੇ ਤੰਬੂ ਦੇ ਬਾਹਰ ਨਿਕਲਿਆ ਤਾਂ ਜਿਵੇਂ ਉਸ ਦੀ ਸਾਰੀ ਸ਼ਖ਼ਸੀਅਤ ਹੀ ਬਦਲ ਗਈ ਹੋਵੇ।
ਅਗਲੇ ਦਿਨ ਬਘੇਲ ਸਿੰਘ ਦੇ ਚੁਣੇ ਹੋਏ ਇਕ ਹਜ਼ਾਰ ਘੋੜ ਸਵਾਰਾਂ ਦਾ ਜਥਾ ਦਿੱਲੀ ਦੇ ਮੋਰੀ ਦਰਵਾਜ਼ੇ ’ਚੋਂ ਨਿਕਲ ਕੇ ਦਿੱਲੀ ਸ਼ਹਿਰ ਵਿਚ ਦਾਖ਼ਲ ਹੋ ਗਿਆ। ਇਹਨਾਂ ਸਾਰਿਆਂ ਦੀਆਂ ਚੌੜ੍ਹੀਆਂ ਛਾਤੀਆਂ, ਉੱਚੇ ਕੱਦ, ਭਰਵੇਂ ਚਿਹਰਿਆਂ ’ਤੇ ਸਜੀਆਂ ਦਾਹੜੀਆਂ ਅਤੇ ਸਿਰ ’ਤੇ ਨੀਲੇ ਰੰਗ ਦੀਆਂ ਵੱਡੀਆਂ-ਵੱਡੀਆਂ ਪੱਗਾਂ ਬੰਨ੍ਹੀਆਂ ਹੋਈਆਂ, ਜਿਹਨਾਂ ਦੁਆਲੇ ਗੋਲ ਚੱਕਰ ਚਮਕ ਰਹੇ ਸਨ। ਇਹਨਾਂ ਦੀਆਂ ਪਿੱਠਾਂ ਉੱਤੇ ਵੱਡੀਆਂ-ਵੱਡੀਆਂ ਢਾਲਾਂ, ਲੱਕਾਂ ਨਾਲ ਲਮਕਦੀਆਂ ਤਲਵਾਰਾਂ ਅਤੇ ਹੱਥਾਂ ’ਚ ਲੰਮੇ ਆਕਾਰ ਦੇ ਬਰਛੇ ਚੁੱਕੇ ਹੋਏ। ਕਈਆਂ ਨੇ ਬਰਛੇ ਦੀ ਥਾਵੇਂ ਛੋਟੇ ਆਕਾਰ ਦੇ ਕਮਾਨ ਚੁੱਕੇ ਹੋਏ ਸਨ, ਕੁਝ ਇਸ ਤਰ੍ਹਾਂ ਕਿ ਲੋੜ ਵੇਲੇ ਇਸ ਦੀ ਵਰਤੋਂ ਝਟ ਪਟ ਹੋ ਸਕੇ।
ਪਰ ਇਸ ਖ਼ਾਲਸਾਈ ਜਲੂਸ ਦਾ ਮਕਸਦ ਬਹੁਤ ਕਰਕੇ ਦਿੱਲੀ ਵਾਸੀਆਂ ਉੱਤੇ ਸਕਾਰਾਤਮਕ ਰੋਹਬ ਪਾਉਣਾ ਹੀ ਸੀ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਵੀ ਸਾਰੇ ਸ਼ਹਿਰ ’ਚ ਡੌਂਡੀ ਪਿਟਵਾ ਦਿੱਤੀ ਸੀ ਕਿ ਇਹ ਖ਼ਾਲਸਾ ਫੌਜ ਬਾਦਸ਼ਾਹ ਸਲਾਮਤ ਨੂੰ ਮਿਲਣ ਆ ਰਹੀ ਹੈ, ਲਿਹਾਜ਼ਾ ਕੋਈ ਵੀ ਸ਼ਹਿਰੀ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਜੋ ਇਹਨਾਂ ਦੀ ਸ਼ਾਨ ਦੇ ਖਿਲਾਫ਼ ਹੋਵੇ । ਸਮਰੂ ਬੇਗ਼ਮ ਦੀ ਤਜਵੀਜ਼ ਮੰਨਣ ਤੋਂ ਪਹਿਲਾਂ ਬਘੇਲ ਸਿੰਘ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਸਨ : ਉਹਨਾਂ ’ਚੋਂ ਕੁਝ ਇਹ ਕਿ ਉਹ ਮੁਗ਼ਲ ਬਾਦਸ਼ਾਹ ਸਾਹਮਣੇ ਸਿਰ ਨਹੀਂ ਝੁਕਾਏਗਾ; ਆਪਣੇ ਹਥਿਆਰਬੰਦ ਸਾਥੀਆਂ ਸਮੇਤ ਘੋੜੇ ਉੱਤੇ ਬੈਠਿਆਂ ਲਾਲ ਕਿਲ੍ਹੇ ’ਚ ਦਾਖ਼ਲ ਹੋ ਕੇ ਉਸ ਦੇ ਸਾਹਮਣੇ ਜਾਵੇਗਾ ਅਤੇ ਜੇ ਕਿਤੇ ਅਤੇ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਅਵੱਗਿਆ ਜਾਂ ‘ਬਦਸਲੂਕੀ’ ਵਰਤੀ ਗਈ ਤਾਂ ਉਸ ਦੇ ਨਤੀਜਿਆਂ ਦਾ ਜ਼ਿੰਮੇਵਾਰ ਉਹ ਆਪ ਨਹੀਂ ਹੋਵੇਗਾ। ਇਕ ਹਜ਼ਾਰ ਸਿੰਘਾਂ ਦੇ ਅੱਗੇ-ਅੱਗੇ ਬਘੇਲ ਸਿੰਘ ਆਪਣੇ ਪੰਜ ਹੋਰ ਸਿੰਘਾਂ ਨਾਲ ਸਾਰੇ ਜਥੇ ਦੀ ਅਗਵਾਈ ਕਰ ਰਿਹਾ ਸੀ।
ਬਾਦਸ਼ਾਹ ਦੇ ਹੁਕਮ ਮੁਤਾਬਿਕ ਚਾਂਦਨੀ ਚੌਕ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ, ਚਾਹੇ ਗਾਹਕ ਕੋਈ ਨਹੀਂ ਸੀ ਅਤੇ ਨਾ ਹੀ ਕੋਈ ਤੁਰਦਾ ਫਿਰਦਾ ਨਜ਼ਰ ਆ ਰਿਹਾ ਸੀ। ਦੁਕਾਨਾਂ ਦੇ ਉੱਪਰ ਮਕਾਨਾਂ ਤੇ ਛੱਜਿਆਂ, ਵਰਾਂਡਿਆਂ ’ਚ ਖੜ੍ਹੇ ਬੱਚੇ, ਤੀਵੀਆਂ ਅਤੇ ਆਦਮੀਂ ਉਹਨਾਂ ਵੱਲ ਹੈਰਾਨੀ ਭਰੀਆਂ ਅੱਖਾਂ ਨਾਲ ਵੇਖ ਰਹੇ ਸਨ। ਹਿੰਦੂ-ਮੁਸਲਮਾਨ ਸੁੱਖ ਦਾ ਸਾਹ ਵੀ ਲੈ ਰਹੇ ਸਨ ਕਿ ਘੱਟ ਤੋਂ ਘੱਟ ਲੁੱਟ ਮਾਰ ਤਾਂ ਖ਼ਤਮ ਹੋਈ। ਜਿਹਨਾਂ ਨੇ ਆਪਣੇ ਬਾਪ ਦਾਦਾ ਤੋਂ ਸਿੱਖਾਂ ਦੇ ਬਾਰੇ ਸੁਣਿਆ ਸੀ। ਉਹ ਸਮੇਂ ਅਤੇ ਇਤਿਹਾਸ ਦੀ ਇਸ ਤਬਦੀਲੀ ਬਾਰੇ ਗੱਲਾਂ ਕਰ ਰਹੇ ਸਨ।
ਬਘੇਲ ਸਿੰਘ ਨੇ ਵੀ ਆਪਣੇ ਸੱਜੇ ਪਾਸੇ ਚੱਲ ਰਹੇ ਤਾਰਾ ਸਿੰਘ ਗੈਬਾ ਨੂੰ ਆਖਿਆ :
”ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ ਛਿਆਟ-ਸਤਾਹਟ ਵਰ੍ਹੇ ਪਹਿਲਾਂ ਸੰਗਲਾਂ ਨਾਲ ਜਕੜੇ ਬੰਦਾ ਬਹਾਦਰ ਨੂੰ ਪਿੰਜਰੇ ’ਚ ਪਾ ਕੇ ਅਤੇ ਹਾਥੀ ’ਤੇ ਬਿਠਾ ਕੇ ਇਸੇ ਚਾਂਦਨੀ ਚੌਕ ’ਚ ਜਲੂਸ ਕੱਢਿਆ ਗਿਆ ਸੀ!’’
”ਹਾਂ, ਕਿਵੇਂ ਭੁਲਾਇਆ ਜਾ ਸਕਦਾ ਹੈ ਉਹ ਸਭ ਕੁਝ?’’ ਤਾਰਾ ਸਿੰਘ ਭਰੀ ਹੋਈ ਆਵਾਜ਼ ’ਚ ਬੋਲਿਆ।
”ਕਿੰਨਾ ਲੰਮਾ ਸਫ਼ਰ ਤੈਹ ਕੀਤਾ ਹੈ ਇਥੋਂ ਤੱਕ ਪਹੁੰਚਣ ਲਈ।’’ ਖੱਬੇ ਪਾਸੇ ਚੱਲ ਰਹੇ ਕਰਮ ਸਿੰਘ ਨਿਰਮਲੇ ਨੇ ਲੰਮਾ ਸਾਰਾ ਸਾਹ ਖਿੱਚਦਿਆਂ ਆਖਿਆ। ਫੇਰ ਥੋੜ੍ਹੀ ਦੇਰ ਬਾਅਦ ਹੀ ਉਹ ਮੁੜ ਵਰਤਮਾਨ ’ਚ ਆ ਗਏ ਅਤੇ ਉਹਨਾਂ ਦਾ ਮਨ ਅਕਹਿ ਅਭਿਮਾਨ ਨਾਲ ਭਰ ਆਇਆ। ਆਪਣੇ ਘਰਾਂ ਦੇ ਵਰਾਂਡਿਆਂ, ਬਾਰੀਆਂ ’ਚ ਖੜ੍ਹੇ ਲੋਕਾਂ ’ਚੋਂ ਕਿਸੇ ਦੇ ਮਨ ਵਿਚ ਭਉ, ਕਿਸੇ ’ਚ ਹੈਰਾਨੀ ਅਤੇ ਕਿਸੇ ਦੇ ਮਨ ’ਚ ਸ਼ਰਧਾ ਉਪਜ ਰਹੀ ਸੀ। ਉਹਨਾਂ ਨੇ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਵੱਲੋਂ ਹੋਈ ਦਿੱਲੀ ਦੀ ਲੁੱਟ ਮਾਰ ਬਾਰੇ ਸੁਣਿਆ ਸੀ। ਉਹਨਾਂ ਗਰੀਬ-ਅਮੀਰ, ਕਿਸੇ ਨੂੰ ਨਹੀਂ ਸੀ ਛੱਡਿਆ। ਜਿਹੜਾ ਵੀ ਸਾਹਮਣੇ ਆਇਆ, ਗਦਰਨ ਉਡਾ ਦਿੱਤੀ। ਸਾਰੇ ਸ਼ਹਿਰ ’ਚ ਕਤਲ-ਏ-ਆਮ, ਲਾਸ਼ਾਂ ਦੇ ਢੇਰ ਲਾ ਦਿੱਤੇ ਸਨ। ਪਰ ਸਿੱਖਾਂ ਦੀ ਆਮਦ ਦਿੱਲੀ ਸ਼ਹਿਰੀਆਂ ਦੀਆਂ ਕਲਪਨਾਵਾਂ ਤੋਂ ਕੁਝ ਹੱਦ ਤੱਕ ਵਿਪਰੀਤ ਸੀ।
ਲਾਲ ਕਿਲ੍ਹੇ ਦੇ ਮੁੱਖ ਦਰਵਾਜ਼ੇ ਸਾਹਮਣੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੇ ਮੁਸਾਹਿਬ, ਅਮੀਰ-ਉਮਰਾ ਬਘੇਲ ਸਿੰਘ ਦੇ ਸੁਆਗਤ ਲਈ ਖੜ੍ਹੇ ਸਨ। ਸਾਰਿਆਂ ਨੇ ਝੁਕ ਕੇ ਅਦਬ ਨਾਲ ਸਲਾਮ ਕੀਤਾ, ਬਘੇਲ ਸਿੰਘ ਨੇ ਸਲਾਮ ਦਾ ਜਵਾਬ ਸਤਿ ਸ੍ਰੀ ਅਕਾਲ ਨਾਲ ਦਿੱਤਾ। ਦਰਵਾਜ਼ੇ ਤੋਂ ਲੈ ਕੇ ਦੀਵਾਨ-ਏ-ਆਮ ਤੱਕ ਦੋਵੇਂ ਪਾਸੇ ਮੁਗ਼ਲ ਸਿਪਾਹੀ ਕਤਾਰਾਂ ’ਚ ਖੜ੍ਹੇ ਸਨ। ਦੀਵਾਨ-ਏ-ਆਮ ਦੇ ਕੋਲ ਪਹੁੰਚ ਕੇ ਬਘੇਲ ਸਿੰਘ ਨੇ ਆਪਣੇ ਇਕ ਹਜ਼ਾਰ ਸਿੰਘਾਂ ਨੂੰ ਰੁਕ ਜਾਣ ਦਾ ਇਸ਼ਾਰਾ ਕੀਤਾ ਅਤੇ ਆਪ ਆਪਣੇ ਪੰਜ ਸਿੰਘਾਂ ਨਾਲ ਘੋੜੇ ’ਤੇ ਬੈਠਿਆਂ ਹੀ ਉਸ ਸਥਾਨ ’ਤੇ ਜਾ ਪਹੁੰਚਿਆ, ਜਿੱਥੇ ਬਾਦਸ਼ਾਹ ਸ਼ਾਹ ਆਲਮ ਆਪਣੇ ਵਜ਼ੀਰਾਂ-ਮੁਸਾਹਿਬਾਂ ਨਾਲ ਉਸ ਦੇ ਸੁਆਗਤ ਲਈ ਖੜ੍ਹੇ ਸਨ। ਫੇਰ ਬਘੇਲ ਸਿੰਘ ਦੀ ਨਜ਼ਰ ਬਾਦਸ਼ਾਹ ਦੇ ਐਨ ਨਾਲ ਖੜ੍ਹੀ ਸਮਰੂ ਬੇਗ਼ਮ ’ਤੇ ਪਈ। ਉਹ ਬਘੇਲ ਸਿੰਘ ਵੱਲ ਤੱਕਦਿਆਂ ਮੁਸਕੁਰਾ ਰਹੀ ਸੀ। ਬਘੇਲ ਸਿੰਘ ਨੇ ਪਹਿਲਾਂ ਉਸ ਵੱਲ ਅਤੇ ਫੇਰ ਬਾਦਸ਼ਾਹ ਸ਼ਾਹ ਆਲਮ ਵੱਲ ਤੱਕਿਆ। ਕੋਲ ਪਹੁੰਚਕੇ ਛੇਓ ਸਿੰਘ ਆਪਣੇ ਘੋੜਿਆਂ ਤੋਂ ਉੱਤਰੇ ਅਤੇ ਸਤਿ ਸ੍ਰੀ ਅਕਾਲ ਬੁਲਾਈ। ਸ਼ਾਹ ਆਲਮ ਨੇ ਪਹਿਲਾਂ ਬਘੇਲ ਸਿੰਘ ਅਤੇ ਫੇਰ ਪੰਜਾਂ ਸਿੰਘਾਂ ਵੱਲ ਤੱਕਦਿਆਂ ਆਪਣੇ ਢੰਗ ਨਾਲ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ।
ਕੁਝ ਦੇਰ ਬਾਅਦ ਉਹ ਸਾਰੇ ਸੰਗਮਰਮਰ ਦੇ ਬਣੇ ਫਰਸ਼ ਉੱਤੇ ਬਣੀਆਂ ਸੰਗਮਰਮਰ ਦੀਆਂ ਚੁਪਾਈਆਂ ਉੱਤੇ ਬੈਠੇ ਗੱਲਾਂ ਕਰ ਰਹੇ ਸਨ। ਸਮਰੂ ਬੇਗ਼ਮ ਨੇ ਦੋਹਾਂ ਧਿਰਾਂ ਨੂੰ ਸਮਝਾ ਦਿੱਤਾ ਹੋਇਆ ਸੀ ਕਿ ਕੋਈ ਵੀ ਇਕ ਦੂਜੇ ਵੱਲੋਂ ਹੋਈਆਂ ਪਿਛਲੀਆਂ ਜ਼ਿਆਦਤੀਆਂ ਦਾ ਜ਼ਿਕਰ ਨਾ ਕਰੇ ਤਾਂ ਕਿ ਸਾਰੀ ਗੱਲਬਾਤ ਦਾ ਰੁਖ਼ ਪਿੱਛੇ ਦੀ ਬਜਾਏ ਸਕਾਰਾਤਮਕ ਢੰਗ ਨਾਲ ਅੱਗੇ ਵੱਲ ਤੁਰ ਸਕੇ।
ਇਹ ਪਹਿਲੀ ਵਾਰ ਸੀ ਕਿ ਬਘੇਲ ਸਿੰਘ, ਜੋ ਕੁਝ ਵਰ੍ਹੇ ਪਹਿਲਾਂ ਖੱਦਰ ਦੇ ਮੋਟੇ ਕੱਪੜੇ ਪਾਉਂਦਾ ਅਤੇ ਨੰਗੇ ਪੈਰੀਂ ਫਿਰਦਾ ਸੀ, ਅੱਜ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਨਮੁਖ ਬਰਾਬਰੀ ਦੀ ਹੈਸੀਅਤ ’ਚ ਬੈਠਾ ਸੀ, ਬਲਕਿ ਕਈਆਂ ਗੱਲਾਂ ’ਚ ਬਾਦਸ਼ਾਹ ਤੋਂ ਉੱਪਰ। ਇਕ ਵਾਰੀ ਤਾਂ ਆਲੇ ਦੁਆਲੇ ਦੀ ਸ਼ਾਨ-ਓ-ਸ਼ੌਕਤ, ਮੁਸਾਹਿਬਾਂ ਤੇ ਸ਼ਹਿਜ਼ਾਦਿਆਂ ਦੇ ਗਲਾਂ ’ਚ ਮੋਤੀਆਂ, ਹੀਰਿਆਂ ਦੇ ਹਾਰ ਵੇਖ ਕੇ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਪਰ ਉਸ ਦੇ ਸਵੈ-ਵਿਸ਼ਵਾਸ ਨੇ ਉਸ ਨੂੰ ਕਿਸੇ ਹੀਣ-ਭਾਵਨਾ ਤੋਂ ਮੁਕਤ ਹੀ ਰੱਖਿਆ।
ਸੁੱਖ-ਸਾਂਦ ਪੁੱਛਣ ਤੋਂ ਬਾਅਦ ਸ਼ਾਹ ਆਲਮ ਨੇ ਆਖਿਆ :
”ਮੈਂ ਸਮਰੂ ਬੇਗਮ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੀ ਵਜਾਹ ਨਾਲ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਹਾਸਲ ਹੋਇਆ।’’
ਬਘੇਲ ਸਿੰਘ ਚੁੱਪ ਰਿਹਾ। ਉਸ ਨੇ ਕੋਲ ਬੈਠੀ ਸਮਰੂ ਬੇਗ਼ਮ ਵੱਲ ਤੱਕਿਆ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਅੱਗਿਓਂ ਕੀ ਆਖੇ। ਫੇਰ ਉਸ ਨੇ ਵੀ ਸਮਰੂ ਬੇਗ਼ਮ ਬਾਰੇ ਸ਼ੁਕਰਾਨੇ ਵਾਲੇ ਸ਼ਬਦ ਆਖੇ ਅਤੇ ਬੋਲਿਆ :
”ਸਾਡੇ ਇੱਥੇ ਆਉਣ ਨਾਲ ਤੁਹਾਨੂੰ ਅਤੇ ਦਿੱਲੀ ਦੇ ਬਾਸ਼ਿੰਦਿਆਂ ਨੂੰ ਜਿਹਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਲਈ ਖਿਮਾ ਮੰਗਦਾ ਹਾਂ।’’
”ਸਾਨੂੰ ਇਸ ਅਸਲੀਅਤ ਦਾ ਵੀ ਅਹਿਸਾਸ ਹੈ ਕਿ ਤੁਹਾਡੇ ਸਿਪਾਹੀਆਂ ਨੇ ਉਹ ਕੁਝ ਨਹੀਂ ਕੀਤਾ ਜੋ ਦੂਜੀਆਂ ਫੌਜਾਂ ਦੇ ਸਿਪਾਹੀ ਕਰਦੇ ਆਏ ਹਨ।’’ ਸ਼ਾਹ ਆਲਮ ਬੋਲਿਆ।
”ਜਿਵੇਂ ਕਿ ਤੁਹਾਡੇ ਆਪਣੇ ਮੁਗ਼ਲਾਂ ਦੇ ਸਿਪਾਹੀ।’’ ਬਘੇਲ ਸਿੰਘ ਨੇ ਮਨ ਹੀ ਮਨ ਆਖਿਆ।
”ਖਾਲਸੇ ਦੀ ਇਹੀ ਖ਼ਾਸੀਅਤ ਹੈ।’’ ਉਹ ਸ਼ਾਹ ਆਲਮ ਅਤੇ ਦੂਜੇ ਮੁਸਾਹਿਬਾਂ ਵੱਲ ਤੱਕਦਿਆਂ ਬੋਲਿਆ।
”ਇਹ ਖ਼ਾਸੀਅਤ, ਮੈਨੂੰ ਉਮੀਦ ਹੈ, ਤੁਹਾਨੂੰ ਬਹੁਤ ਦੂਰ ਤੱਕ ਲੈ ਜਾਏਗੀ।’’
”ਭਵਿੱਖ ਕਿਸ ਨੇ ਵੇਖਿਆ ਹੈ।’’ ਬਘੇਲ ਸਿੰਘ ਬੋਲਿਆ।
”ਪਰ ਅੰਦਾਜ਼ਾ ਤੇ ਲਾਇਆ ਹੀ ਜਾ ਸਕਦਾ ਹੈ। ਜੋ ਸਫ਼ਰ ਸ਼ੁਰੂ ਹੁੰਦਾ ਹੈ ਉਸ ਨੇ ਕਿਤੇ ਨਾ ਕਿਤੇ ਜਾ ਕੇ ਖ਼ਤਮ ਵੀ ਹੋਣਾ ਹੁੰਦਾ ਹੈ।’’ ਸ਼ਾਹ ਆਲਮ ਕਹਿ ਰਿਹਾ ਸੀ, ”ਜੋ ਆਪਣੇ ਅਰੂਜ (ਸ਼ਿਖਰ) ’ਤੇ ਪਹੁੰਚ ਜਾਵੇ ਉਹ ਉਸ ਉਚਾਈ ’ਤੇ ਬਹੁਤ ਅਰਸੇ ਤੱਕ ਖੜ੍ਹਾ ਨਹੀਂ ਰਹਿ ਸਕਦਾ। ਮੁਗ਼ਲੀਆ ਸਲਤਨਤ ਦਾ ਅਰੂਜ ਵੀ ਆਇਆ। ਮੇਰੀ ਬਦਕਿਸਮਤੀ ਇਹ ਕਿ ਮੈਂ ਉਸ ਵੇਲੇ ਪੈਦਾ ਹੋਇਆ ਜਦੋਂ ਇਸ ਸਲਤਨਤ ਦਾ ਥੱਲੇ ਵੱਲ ਦਾ ਸਫ਼ਰ ਸ਼ੁਰੂ ਹੋ ਚੁੱਕਾ ਸੀ।
”ਹਰ ਕਿਸੇ ਨੂੰ ਆਪਣੇ ਸਮੇਂ ਅਤੇ ਹਾਲਾਤ ਅਨੁਸਾਰ ਕੰਮ ਕਰਨਾ ਪੈਂਦਾ ਹੈ।’’ ਬਘੇਲ ਸਿੰਘ ਮਨ ਹੀ ਮਨ ਵਾਜਬ ਸ਼ਬਦਾਂ ਦੀ ਚੋਣ ਕਰਦਿਆਂ ਬੋਲਿਆ, ”ਜੇ ਮੈਂ ਅੱਜ ਤੋਂ ਸੱਠ ਸੱਤਰ ਸਾਲ ਪਹਿਲਾਂ ਪੈਦਾ ਹੋਇਆ ਹੁੰਦਾ ਤਾਂ ਮੇਰਾ ਵੀ ਉਹੀ ਹਸ਼ਰ ਹੋਣਾ ਸੀ ਜੋ ਸਾਡੇ ਬੰਦਾ ਬਹਾਦਰ ਦਾ ਹੋਇਆ।’’
ਕੁਝ ਦੇਰ ਤੱਕ ਉਹਨਾਂ ਵਿਚਕਾਰ ਇਕ ਗੰਭੀਰ ਜਹੀ ਚੁੱਪ ਵਰਤੀ ਰਹੀ। ਫੇਰ ਸਮਰੂ ਬੇਗ਼ਮ ਬੋਲੀ, ”ਵਕਤ ਬਹੁਤ ਤਾਕਤਵਰ ਹੈ ਸਿੰਘ ਸਾਹਿਬ। ਪਰ ਨਾਲ ਹੀ ਇਹ ਵੀ ਕਹਾਂਗੀ ਕਿ ਕਿਸੇ ਖ਼ਾਸ ਸ਼ਖ਼ਸੀਅਤ ਦੀ ਇਹੀ ਨਿਸ਼ਾਨੀ ਕਿ ਉਹ ਵਕਤ ਦੀ ਆਵਾਜ਼ ਨੂੰ ਸੁਣਦਾ ਅਤੇ ਲੋੜ ਨੂੰ ਪਛਾਣਦਾ ਹੈ; ਆਪਣੇ ਲੋਕਾਂ ਨੂੰ ਉਸ ਬਾਰੇ ਖ਼ਬਰਦਾਰ ਕਰਦਾ ਅਤੇ ਵਕਤ ਦੀ ਰੂਹ ਦੀ ਤਰਜ਼ਮਾਨੀ ਕਰਦਾ ਹੈ।’’
”ਮੈਂ ਤੁਹਾਡੇ ਲੋਕਾਂ ਵਾਂਗ ਬਹੁਤਾ ਪੜ੍ਹਿਆ ਲਿਖਿਆ ਆਦਮੀ ਨਹੀਂ।’’ ਬਘੇਲ ਸਿੰਘ ਬੋਲਿਆ, ”ਪਰ ਸੋਚਦਾ ਹਾਂ ਕਿ ਬੰਦਾ ਇਹ ਸਭ ਕੁਝ ਤਾਂ ਹੀ ਕਰ ਸਕਦਾ ਹੈ ਜੇ ਹਾਲਾਤ ਵੀ ਉਸ ਦਾ ਸਾਥ ਦੇਵੇ। ਨਹੀਂ ਤੇ…।’’ ਫੇਰ ਸਾਰਿਆਂ ਵੱਲ ਤੇ ਸਮਰੂ ਬੇਗ਼ਮ ਵੱਲ ਤੱਕਦਿਆਂ ਆਖਿਆ, ”ਕੋਈ ਮਨੁੱਖ ਆਪਣੀ ਤਾਕਤ ਅਤੇ ਯੋਗਤਾ ਨਾਲ ਹਾਲਾਤ ਦਾ ਰੁਖ਼ ਬਦਲਦਾ ਹੈ; ਕਈ ਸਿਰਫ਼ ਪਹਿਲਾਂ ਤੋਂ ਹੀ ਮੌਜੂਦ ਲਹਿਰਾਂ ਦੀ ਸਵਾਰੀ ਕਰਦਿਆਂ ਉਚਾਈਆਂ ਤੱਕ ਪਹੁੰਚਦੇ ਹਨ।’’ ਇਹ ਕਹਿੰਦਿਆਂ ਉਹ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬਹਾਦਰ ਬਾਰੇ ਸੋਚ ਰਿਹਾ ਸੀ, ਜਿਹਨਾਂ ਨੇ ਹਾਲਾਤ ਦਾ ਰੁਖ਼ ਬਦਲਿਆ ਅਤੇ ਉਚਾਈਆਂ ਨੂੰ ਛੋਹਿਆ ਅਤੇ ਉਹ ਆਪ ਅਤੇ ਆਹਲੂਵਾਲੀਆ ਆਦਿ ਪਹਿਲਾਂ ਤੋਂ ਹੀ ਮੌਜੂਦ ਲਹਿਰਾਂ ਦੀ ਸਵਾਰੀ ਕਰਕੇ ਇਥੋਂ ਤੱਕ ਪਹੁੰਚੇ ਸਨ…।
ਸ਼ਾਹ ਆਲਮ ਦੁਆਲੇ ਬੈਠੇ ਪੰਜ ਸੱਤ ਅਮੀਰ-ਉਮਰਾ ਅਤੇ ਵਜ਼ੀਰ ਇਸ ਵਾਰਤਾਲਾਪ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ। ਪਿਛਲੇ ਕਈ ਵਰਿ੍ਹਆਂ ਤੋਂ ਸੰਜੀਦਾ ਅਤੇ ਮਸਤਕ ਨਾਲ ਸਬੰਧ ਰੱਖਣ ਵਾਲਿਆਂ ਵਿਸ਼ਿਆਂ ਤੇ ਬਹਿਸਾਂ, ਗੱਲਾਂ ਬਾਤਾਂ ਲਾਲ ਕਿਲ੍ਹੇ ’ਚ ਬੰਦ ਹੋ ਚੁੱਕੀਆਂ ਸਨ ਅਤੇ ਉਸ ਦੀ ਥਾਂ ਲੈ ਲਈ ਹੋਈ ਸੀ ਐਸ਼-ਓ-ਅਸ਼ਰਤ ਅਤੇ ਸ਼ੜ੍ਹ-ਯੰਤਰਾਂ ਦੀਆਂ ਗੱਲਾਂ ਨੇ।
”ਹੁਣ ਮੈਂ ਸੋਚਦਾ ਹਾਂ, ਚਾਹੇ ਇਹ ਕੁਝ ਸੋਚਣ ਦਾ ਸਮਾਂ ਬਹੁਤ ਪਿੱਛੇ ਲੰਘ ਗਿਆ।” ਸ਼ਾਹ ਆਲਮ ਬੋਲਿਆ, ”ਕਿ ਸਾਡੇ ਅੱਬਾ-ਓ-ਅਜਦਾਦ ਸ਼ਹਿਨਸ਼ਾਹ ਅਕਬਰ ਨੇ ਵਕਤ ਦੀ ਆਵਾਜ਼ ਨੂੰ ਹੀ ਨਹੀਂ ਬਲਕਿ ਸਰ-ਜ਼ਮੀਨ-ਏ ਹਿੰਦ ਦੀ ਆਵਾਜ਼ ਨੂੰ ਪਛਾਣਿਆ; ਹਿੰਦ ਅਤੇ ਸਲਤਨਤ, ਦੋਹਾਂ ਨੂੰ ਬੁਲੰਦੀਆਂ ਦੀ ਇੰਤਹਾ ਤੱਕ ਪਹੁੰਚਾਇਆ।’’
”ਪਰ ਤੁਹਾਡੇ ਬਜ਼ੁਰਗ ਸ਼ਹਿਨਸ਼ਾਹ ਔਰੰਗਜ਼ੇਬ ਨੇ ਵਕਤ ਨੂੰ ਹੀ ਨਹੀਂ ਬਲਕਿ ਲੋਕਾਂ ਦੀ ਸੋਚ ਨੂੰ ਵੀ ਆਪਣੇ ਰੰਗ ’ਚ ਰੰਗਣ ਦੀ ਕੋਸ਼ਿਸ਼ ਕੀਤੀ। ”ਬਘੇਲ ਸਿੰਘ ਦੇ ਨਾ ਚਾਹੁੰਦਿਆਂ ਹੋਇਆਂ ਵੀ ਉਸ ਦੇ ਮੂੰਹ ’ਚੋਂ ਨਿਕਲ ਗਿਆ। ਨਾਲ ਹੀ ਉਹ ਆਪਣੀ ਸਾਫਗੋਈ ਦੇ ਪ੍ਰਭਾਵ ਨੂੰ ਉਸ ਦੇ ਚਿਹਰੇ ’ਤੇ ਵੇਖਣ ਲੱਗਾ।
ਸ਼ਾਹ ਆਲਮ ਨੇ ਅਤੀਤ ਵੱਲ ਝਾਕਦਿਆਂ ਸਿਰ ਹਿਲਾਇਆ ਤੇ ਬੋਲਿਆ, ”ਜਿਸਦਾ ਨਤੀਜਾ ਅਸੀਂ ਅੱਜ ਭੁਗਤ ਰਹੇ ਹਾਂ। ਪਰ ਲੱਗਦਾ ਹੈ ਕਿ ਔਰੰਗਜ਼ੇਬ ਆਲਮਗੀਰ ਨੂੰ ਵੀ ਪਿਛਲੀ ਉਮਰੇ ਇਸ ਹਕੀਕਤ ਦਾ ਅਹਿਸਾਸ ਹੋਣ ਲੱਗਾ ਸੀ। ਜਿਥੋਂ ਤੱਕ ਮੈਨੂੰ ਯਾਦ ਹੈ ਤੁਹਾਡੇ ਪੀਰ ਗੁਰੂ ਗੋਬਿੰਦ ਸਿੰਘ ਵੱਲ ਉਹਨਾਂ ਦੋਸਤੀ ਦਾ ਹੱਥ ਵਧਾਇਆ ਸੀ-ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹਨਾਂ ਨਾਲ ਮੁਲਾਕਾਤ ਮੁਮਕਿਨ ਹੋਣ ਤੋਂ ਪਹਿਲਾਂ ਹੀ ਉਹ ਫੌਤ ਹੋ ਗਏ। ਜੇ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਤਾਂ ਸ਼ਾਇਦ ਅੱਜ ਦੀ ਤਵਾਰੀਖ਼ ਕਿਸੇ ਹੋਰ ਤਰ੍ਹਾਂ ਲਿਖੀ ਜਾਣੀ ਸੀ।’’ ਕਹਿੰਦਿਆਂ ਸ਼ਾਹ ਆਲਮ ਨੇ ਆਪਣੇ ਬੁੱਢੇ ਵਜ਼ੀਰ ਵੱਲ ਤੱਕਿਆ।
”ਹਜ਼ੂਰ ਨੇ ਦਰੁਸਤ ਫਰਮਾਇਆ, ”ਵਜ਼ੀਰ ਆਪਣੀ ਚਿੱਟੀ ਤੇ ਲੰਮੀ ਦਾਹੜੀ ’ਤੇ ਹੱਥ ਫੇਰਦਿਆਂ ਬੋਲਿਆ, ”ਪਰ ਜੇ ਗੁਸਤਾਖ਼ੀ ਮੁਆਫ਼ ਹੋਵੇ ਤਾਂ ਮੈਂ ਕਹਾਂਗਾ ਕਿ ਅਸੀਂ ਅੱਛੇ-ਬੁਰੇ ਨਤੀਜਿਆਂ ਦਾ ਫ਼ੈਸਲਾ ਵਕਤ ਦੇ ਟੁਕੜਿਆਂ ਤੇ ਐਤਮਾਦ ਕਰਕੇ ਕਰਦੇ ਹਾਂ। ਜ਼ਿੰਦਗੀ ਇਕ ਨਾ ਖ਼ਤਮ ਹੋਣ ਵਾਲਾ ਦਰਿਆ ਹੈ ਅਤੇ ਦੁਨੀਆਂ ਦੇ ਸ਼ੁਰੂ ਅਤੇ ਅਖ਼ਤਾਮ ਦਾ ਵੀ ਕਿਸੇ ਨੂੰ ਪਤਾ ਨਹੀਂ। ਕੀ ਠੀਕ ਹੋਇਆ, ਕੀ ਗ਼ਲਤ, ਇਸ ਦਾ ਫ਼ੈਸਲਾ ਵੀ ਖ਼ੁਦਾ ਰੋਜ਼-ਏ-ਅਜਲ ਹੀ ਕਰ ਸਕਦਾ ਹੈ। ਬੰਦੇ ਦੀ ਭਲਾ ਕੀ ਔਕਾਤ?’’
ਬਘੇਲ ਸਿੰਘ ਨੂੰ ‘ਰੋਜ਼-ਏ-ਅਜਲ’ ਦਾ ਮਤਲਬ ਸਮਝ ਨਹੀਂ ਆਇਆ। ਫੇਰ ਮਸਤਕ ’ਤੇ ਜ਼ੋਰ ਪਾਉਣ ਤੇ ਉਹ ਆਪ ਹੀ ਸਮਝ ਗਿਆ ਕਿ ਇਸ ਦਾ ਭਾਵ ‘ਦੁਨੀਆਂ ਦਾ ਅੰਤ’ ਹੀ ਹੋਵੇਗਾ।
ਉਹਨਾਂ ਦੀ ਗੱਲਬਾਤ ਦਾ ਸਿਲਸਿਲਾ ਲੰਮਾ ਹੁੰਦਾ ਜਾ ਰਿਹਾ ਸੀ। ਖਾਣ ਪੀਣ ਲਈ ਸ਼ਰਬਤ, ਮੇਵੇ-ਬਦਾਮ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਉਹਨਾਂ ਦੇ ਸਾਹਮਣੇ ਰੱਖੇ ਜਾਣ ਲੱਗੇ।
ਸ਼ਾਹ ਆਲਮ ਨੇ ਬਘੇਲ ਸਿੰਘ ਦੀ ਬਹਾਦੁਰੀ ਅਤੇ ਲੜਾਈ ਦੇ ਮੈਦਾਨ ’ਚ ਸਫ਼ਲਤਾਵਾਂ ਬਾਰੇ ਬਹੁਤ ਕੁਝ ਸੁਣਿਆ ਸੀ। ਹੁਣ ਉਹ ਆਪ ਬਘੇਲ ਸਿੰਘ ਦੀ ਦਾਨਸ਼ਮੰਦੀ, ਦੂਰਅੰਦੇਸ਼ੀ ਅਤੇ ਖ਼ਲੂਸ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ।
”ਤੁਹਾਡੇ ਵਜ਼ੀਰ ਅਤੇ ਤੁਸਾਂ ਸਹੀ ਫਰਮਾਇਆ,” ਬਘੇਲ ਸਿੰਘ ਕਹਿਣ ਲੱਗਾ, ”ਮੈਂ ਜੋ ਕੁਝ ਵੀ ਸਿੱਖਿਆ ਵਿਹਾਰਕ ਜੀਵਨ ਤੋਂ ਹੀ ਸਿੱਖਿਆ। ਬੀਤ ਚੁੱਕੇ ਦੀ ਰੋਸ਼ਨੀ ’ਚ ਅਸੀਂ ਅੱਜ ਨੂੰ ਅਤੇ ਅੱਜ ਦੀ ਰੋਸ਼ਨੀ ਵਿਚ ਉਸ ਨੂੰ ਜੋ ਬੀਤ ਚੁੱਕਿਆ ਹੈ ਦੇਖਦੇ ਹਾਂ।’’
ਉਸੇ ਵੇਲੇ ਸਮਰੂ ਬੇਗ਼ਮ ਨੇ ਸ਼ਾਹ ਆਲਮ ਨੂੰ ਕੁਝ ਇਸ਼ਾਰਾ ਕੀਤਾ। ਸ਼ਾਹ ਆਲਮ ਨੇ ਭਾਵਪੂਰਨ ਨਜ਼ਰਾਂ ਨਾਲ ਆਪਣੇ ਮੁਸਾਹਿਬਾਂ, ਅਮੀਰਾਂ ਵੱਲ ਤੱਕਿਆ। ਬਾਦਸ਼ਾਹ ਦੇ ਸੰਕੇਤ ਨੂੰ ਸਮਝਦਿਆਂ ਉਹ ਸਭ ਉੱਠ ਕੇ ਚਲੇ ਗਏ ਅਤੇ ਸਿਰਫ਼ ਸਮਰੂ ਬੇਗ਼ਮ ਅਤੇ ਸ਼ਾਹ ਆਲਮ ਰਹਿ ਗਏ। ਬਘੇਲ ਸਿੰਘ ਸਮਝ ਗਿਆ ਕਿ ਹੁਣ ਕੁਝ ਨਿੱਜੀ ਅਤੇ ਮਤਲਬ ਦੀਆਂ ਗੱਲਾਂ ਕਰਨ ਦਾ ਸਮਾਂ ਆ ਗਿਆ ਹੈ। ਸਾਰੇ ਵਾਤਾਵਰਨ ਦਾ ਅਨੁਮਾਨ ਲਾਉਂਦਿਆਂ ਬਘੇਲ ਸਿੰਘ ਦੇ ਨਾਲ ਆਏ ਪੰਜ ਸਿੰਘ ਵੀ ਉੱਠ ਕੇ ਲਾਲ ਕਿਲ੍ਹੇ ਦੀ ਪਿਛਲੀ ਕੰਧ ਕੋਲ ਜਾ ਖੜ੍ਹੇ ਹੋਏ ਅਤੇ ਕਿਲ੍ਹੇ ਦੀ ਕੰਧ ਨਾਲ ਖਹਿ ਕੇ ਵਗਦੀ ਜਮੁਨਾ ਨਦੀ ਵੱਲ ਤੱਕਣ ਲੱਗੇ।
ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਤਿੰਨਾਂ ਵਿਚਕਾਰ ਕੁਝ ਦੇਰ ਚੁੱਪ ਵਰਤੀ ਰਹੀ ਫੇਰ ਸਮਰੂ ਬੇਗਮ ਚੁਪ ਨੂੰ ਤੋੜਦਿਆਂ ਬੋਲੀ :
“ਬਾਦਸ਼ਾਹ ਸਲਾਮਤ, ਹਜ਼ੂਰ ਸ਼ਾਹ ਆਲਮ ਨੂੰ ਸਿੰਘਾਂ ਦੀ ਤਾਕਤ ਬਾਰੇ ਪੂਰੀ ਜਾਣਕਾਰੀ ਹੈ। ਅਤੇ ਸਿੱਖ ਸਰਦਾਰਾਂ ਵਿਚੋਂ ਜੇ ਕਿਸੇ ਉੱਤੇ ਐਤਮਾਦ ਕਰ ਸਕਦੇ ਹਨ ਤਾਂ ਉਹ ਤੁਹਾਡੇ ਉੱਤੇ। ਚਾਰੇ ਪਾਸੇ ਮਰਾਠੇ, ਰੁਹੇਲੇ, ਰਾਜਪੂਤ ਅਤੇ ਹੁਣ ਫਰੰਗੀ ਵੀ ਭੁੱਖੇ ਬਘਿਆੜਾਂ ਵਾਂਗ ਘਾਤ ਲਾਈ ਬੈਠੇ ਹਨ। ਜੇ ਇਹਨਾਂ ਦੀ ਹਫਾਜ਼ਤ ਕੋਈ ਤਾਕਤ ਕਰ ਸਕਦੀ ਹੈ ਤਾਂ ਪੰਜਾਬ ਦੇ ਸਿੱਖਾਂ ਦੀ ਤਾਕਤ।’’
”ਯਅਨੀ ਜਿਹਨਾਂ ਨਾਲ ਮੁਗ਼ਲੀਆ ਸਲਤਨਤ ਦੀ ਪਿਛਲੇ ਦੋ ਸੌ ਸਾਲਾਂ ਤੋਂ ਦੁਸ਼ਮਣੀ ਚੱਲਦੀ ਆ ਰਹੀ ਹੈ, ਅੱਜ ਉਹ ਹੀ ਇਹਨਾਂ ਦੇ ਰਖਵਾਲੇ ਬਣ ਜਾਣ? ਇਹਨਾਂ ਦੀ ਹਫਾਜ਼ਤ ਲਈ ਆਪਣੀ ਤਲਵਾਰ ਚੁੱਕਣ?’’
”ਕੱਲ੍ਹ ਦੇ ਦੁਸ਼ਮਣ ਅੱਜ ਦੇ ਦੋਸਤ ਅਤੇ ਅੱਜ ਦੇ ਦੋਸਤ ਕੱਲ੍ਹ ਦੇ ਦੁਸ਼ਮਣ ਬਣ ਜਾਂਦੇ ਹਨ। ਇਹੀ ਰਾਜਨੀਤੀ ਹੈ।’’
ਸੁਣ ਕੇ ਬਘੇਲ ਸਿੰਘ ਦੇ ਬੁੱਲ੍ਹਾਂ ’ਤੇ ਇਕ ਵਿਅੰਗਪੂਰਨ ਮੁਸਕਾਨ ਆ ਗਈ। ਉਹ ਕੀ ਕਹਿਣਾ ਚਾਹ ਰਹੀ ਹੈ? ਇਹ ਸਮਝਣ ’ਚ ਬਘੇਲ ਸਿੰਘ ਨੂੰ ਦੇਰ ਨਾ ਲੱਗੀ। ਕੁਝ ਵਰ੍ਹੇ ਪਹਿਲਾਂ ਤੱਕ ਮਰਾਠਿਆਂ ਨਾਲ ਉਸ ਦੀਆਂ ਲੜਾਈਆਂ ਹੁੰਦੀਆਂ ਰਹੀਆਂ। ਅੱਜ ਉਹ ਉਸ ਦੇ ਦੋਸਤ ਹਨ। ਇਸੇ ਤਰ੍ਹਾਂ ਫਰੰਗੀ ਵੀ, ਚਾਹੇ ਆਰਜ਼ੀ ਤੌਰ ’ਤੇ। ਪਰ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ ਤਾਂ ਉਸ ਦੇ ਆਪਣੇ ਸਨ। ਫੇਰ ਵੀ ਇਹ ਬਘੇਲ ਸਿੰਘ ਦੇ ਖੇਤਰਾਂ ’ਤੇ ਹਮਲਾ ਕਰਦੇ ਅਤੇ ਉਸ ਨਾਲ ਲੜਦੇ ਰਹੇ। ਠੀਕ ਹੀ ਆਖਿਆ ਸਮਰੂ ਬੇਗਮ ਨੇ-ਠੀਕ ਹੀ ਆਖਿਆ।
”ਤੁਸੀਂ ਸਾਫ਼-ਸਾਫ਼ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?’’ ਬਘੇਲ ਸਿੰਘ ਬੋਲਿਆ।
”ਇਸ ਵੇਲੇ ਮੁਗ਼ਲੀਆ ਸਲਤਨਤ ਨੂੰ ਆਪਣੀ ਹਫ਼ਾਜ਼ਤ ਲਈ ਕਿਸੇ ਪੂਰੇ ਮਦਦਗਾਰ ਦੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਬਾਦਸ਼ਾਹ ਸਲਾਮਤ ਦੇ ਸਾਹਮਣੇ ਸਿਰਫ਼ ਦੋ ਆਦਮੀ ਹਨ। ਇਕ ਹੈ ਮਰਾਠਾ ਸਰਦਾਰ ਮਾਹਦਜੀ ਸਿੰਧੀਆ ਅਤੇ ਦੂਜੇ ਤੁਸੀਂ…।’’
”ਪਰ…ਪਰ ਮੈਂ ਹੀ ਕਿਓਂ? ਜੱਸਾ ਸਿੰਘ ਆਹਲੂਵਾਲੀਆ ਹੈ? ਜੱਸਾ ਸਿੰਘ ਰਾਮਗੜ੍ਹੀਆ ਹੈ?’’
”ਇਹ ਦੋਵੇਂ ਬਹਾਦਰ ਹਨ, ਲੜਾਈਆਂ ਜਿੱਤ ਸਕਦੇ ਹਨ, ਪਰ ਸਿਆਸਤ ਦੇ ਦਾਓ-ਪੇਚਾਂ ਨੂੰ ਉਨੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਜਿੰਨੀ ਚੰਗੀ ਤਰ੍ਹਾਂ ਤੁਸੀਂ।’’ ਸਮਰੂ ਬੇਗ਼ਮ ਬੋਲੀ।’’
”ਇਸ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਕੁਝ ਸੋਚ ਵਿਚਾਰ ਅਤੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਨਾ ਚਾਹਵਾਂਗਾ।’’
ਬਘੇਲ ਸਿੰਘ ਆਪਣੇ ਤੰਬੂਆਂ ’ਚ ਪਹੁੰਚਿਆ ਤਾਂ ਉਸ ਦਾ ਵਕੀਲ ਲਖਪਤ ਰਾਏ ਉਸ ਦੀ ਉਡੀਕ ਕਰ ਰਿਹਾ ਸੀ। ਬਘੇਲ ਸਿੰਘ ਤੋਂ ਸਭ ਕੁਝ ਸੁਣਨ ਤੋਂ ਬਾਅਦ ਉਹ ਬੋਲਿਆ :
”ਜੇ ਮੇਰੀ ਮੰਨੋਂ ਤਾਂ ਇਸ ਮੌਕੇ ਨੂੰ ਹੱਥੋਂ ਛੱਡਣਾ ਨਹੀਂ ਚਾਹੀਦਾ। ਤੁਸੀਂ ਇਸ ਦੀ ਬਰੀਕੀ ਵਿਚ ਜਾਣ ਦੀ ਕੋਸ਼ਿਸ਼ ਕਰੋ। ਇਸ ਦਾ ਮਤਲਬ ਹੈ ਕਿ ਮੁਗ਼ਲੀਆ ਸਲਤਨਤ ਦਾ ਕਾਰਵਾਹਕ ਸ਼ਾਸਕ।’’
”ਮੈਂ ਇਸ ਦੀ ਬਰੀਕੀ ’ਚ ਹੀ ਜਾਣ ਦਾ ਯਤਨ ਕਰ ਰਿਹਾ ਹਾਂ। ਇਸ ਦਾ ਦੂਜਾ ਮਤਲਬ ਇਹ ਵੀ ਕਿ ਮੈਂ ਬਾਦਸ਼ਾਹ ਸ਼ਾਹ ਆਲਮ ਦਾ ਇੰਤਜ਼ਾਮੀਆ ਮੁੰਸਬ ਹੋਵਾਂਗਾ। ਯਅਨੀ ਕੁਝ ਰਕਮ ਅਤੇ ਸਹੂਲਤਾਂ ਬਦਲੇ ਸ਼ਾਹ ਆਲਮ ਲਈ ਲੜੀਏ ਅਸੀਂ ਅਤੇ ਹਕੂਮਤ ਉਹ ਕਰੇ।’’
”ਹੂਕਮਤਾਂ ਕਾਇਮ ਕਰਨ ਲਈ ਕਈ ਆਰਜ਼ੀ ਸਮਝੌਤੇ ਕਰਨੇ ਪੈਂਦੇ ਹਨ। ਲਖਪਤ ਰਾਏ ਕਹਿਣ ਲੱਗਾ, ”ਇਹ ਤੇ ਪਹਿਲਾ ਕਦਮ ਹੋਵੇਗਾ ਦਿੱਲੀ ’ਚ ਆਪਣੀ ਹਕੂਮਤ ਕਾਇਮ ਕਰਨ ਦਾ। ਇਹ ਕੰਮ ਤੁਸੀਂ ਇਕੱਲੇ ਜਾਂ ਸਾਰੇ ਸਿੱਖ ਸਰਦਾਰ ਮਿਲ ਕੇ ਕਰ ਸਕਦੇ ਹੋ। ਇਸ ਤਰ੍ਹਾਂ ਬਿਨਾ ਤਲਵਾਰ ਚਲਾਏ ਇਕੋ ਸੱਟ ਵਿਚ ਖਾਲਸੇ ਦਾ ਰਾਜ ਪੰਜਾਬ ਤੋਂ ਲੈ ਕੇ ਗੰਗਾ ਦੁਆਬ ਤੱਕ ਫੈਲ ਜਾਵੇਗਾ। ਮੇਰਾ ਦੂਜਾ ਮਤਲਬ ਇਹ ਕਿ ਅਵਸਰ ਆਉਣ ’ਤੇ ਸਰਪਰਸਤੀ ਦਾ ਚੋਲਾ ਲਾਹ ਕੇ ਖ਼ੁਦ ਦਿੱਲੀ ਦੇ ਹਾਕਮ ਬਣ ਸਕਦੇ ਹੋ।’’
”ਇਹ ਕੰਮ ਐਨਾ ਅਸਾਨ ਨਹੀਂ ਲਖਪਤ ਜੀ, ”ਬਘੇਲ ਸਿੰਘ ਬੋਲਿਆ, ”ਦਿੱਲੀ ਵੱਲ ਤੁਰਨ ਤੋਂ ਪਹਿਲਾਂ ਅਸੀਂ ਤਿੰਨੇ ਸਰਦਾਰ ਇਸ ਵਾਸਤਵਿਕਤਾ ਬਾਰੇ ਪੂਰੀ ਤਰ੍ਹਾਂ ਸਾਫ ਸਾਂ ਕਿ ਚਾਹੇ ਇਕ ਵਾਰ ਦਿੱਲੀ ਨੂੰ ਫਤਹਿ ਕਰ ਸਕਦੇ ਹਾਂ। ਪਰ ਕਬਜ਼ਾ ਨਹੀਂ ਜਮਾ ਸਕਦੇ। ਹਾਲੇ ਤਾਂ ਪੰਜਾਬ ਵਿਚ ਹੀ ਆਪਣੇ ਪੈਰ ਪੂਰੀ ਤਰ੍ਹਾਂ ਜੰਮ ਨਹੀਂ ਸਕੇ। ਦੂਜੀ ਗੱਲ ਇਹ ਹਕੂਮਤਾਂ ਵਾਲਾ ਪ੍ਰਬੰਧਕ ਢਾਂਚਾ ਹਾਲੇ ਸਾਡੇ ਪਾਸ ਨਹੀਂ ਹੈ।’’
”ਗੱਦੀ ’ਤੇ ਬੈਠਦਿਆਂ ਹੀ ਆਦਮੀ ਸਭ ਕੁਝ ਸਿੱਖ ਜਾਂਦਾ ਹੈ।’’
”ਕਾਰਨ ਹੋਰ ਵੀ ਹਨ’’, ਬਘੇਲ ਸਿੰਘ ਕਹਿਣ ਲੱਗਾ, ”ਇਕ ਤੇ ਇਹ ਕਿ ਮੈਂ ਸੌਂਹ ਖਾਧੀ ਹੋਈ ਹੈ ਕਿ ਕਿਸੇ ਮੁਸਲਮਾਨ ਹਾਕਮ ਦੀ ਅਧੀਨਗੀ ਨਹੀਂ ਕਰਨੀ। ਦੂਜਾ ਵੱਡਾ ਕਾਰਨ ਇਹ ਕਿ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ ਸਰਦਾਰ ਇਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਇਕ ਘਰੇਲੂ ਨੌਕਰ ਤੋਂ ਉੱਠਿਆ ਆਦਮੀ ਉਹਨਾਂ ਤੋਂ ਅੱਗੇ ਵਧ ਜਾਏ। ਇਹ ਈਰਖਾ ਬੜੀ ਨਾਮੁਰਾਦ ਚੀਜ਼ ਹੁੰਦੀ ਹੈ। ਇਸ ਤੋਂ ਕੋਈ ਨਹੀਂ ਬਚ ਸਕਦਾ, ਚਾਹੇ ਉਹ ਬਾਦਸ਼ਾਹ ਹੋਵੇ, ਚਾਹੇ ਫ਼ਕੀਰ ਅਤੇ ਚਾਹੇ ਦੇਵਤਾ।’’

ਬਘੇਲ ਸਿੰਘ ਦੇ ਸਰਪ੍ਰਸਤ ਬਣਨ ਤੋਂ ਇਨਕਾਰ ਕਰਨ ’ਤੇ ਸਮਰੂ ਬੇਗ਼ਮ ਨੂੰ ਬਹੁਤ ਦੁੱਖ ਹੋਇਆ। ਹੁਣ ਤੀਹ ਚਾਲੀ ਹਜ਼ਾਰ ਦੀ ਖ਼ਾਲਸਾ ਫੌਜ, ਘੋੜਿਆਂ, ਊਠਾਂ ਦੀ ਰਸਦ ਪਾਣੀ ਦੇ ਖਰਚੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਲੀ ਵਾਸੀਆਂ ਦੀ ਬਣ ਗਈ ਹੋਈ ਸੀ। ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ ਦੁਆਰਾ ਦਿੱਲੀ ਦੇ ਆਲੇ ਦੁਆਲੇ ਦੇ ਇਲਾਕੇ ਦੀ ਲੁੱਟ ਮਾਰ ਵੀ ਜਾਰੀ ਸੀ। ਲੁੱਟਮਾਰ ਨਾ ਕਰਨ ਅਤੇ ਦਿੱਲੀ ਦਾ ਘੇਰਾ ਛੱਡ ਕੇ ਜਾਣ ਬਾਰੇ ਵੀ ਸਿੱਖਾਂ ਅਤੇ ਸ਼ਾਹ ਆਲਮ ਵਿਚਕਾਰ ਗੱਲਬਾਤ ਚੱਲ ਰਹੀ ਸੀ।
ਆਖਰ ਸੁਲਾਹਨਾਮੇ ਅਨੁਸਾਰ ਇਹ ਤੈਅ ਹੋਇਆ ਕਿ ਖਾਲਸਾ ਦਲ ਛੇਤੀ ਹੀ ਇਥੋਂ ਚਲਿਆ ਜਾਵੇਗਾ। ਬਘੇਲ ਸਿੰਘ ਆਪਣੇ ਚਾਰ ਹਜ਼ਾਰ ਸਿੰਘਾਂ ਨਾਲ ਦਿੱਲੀ ’ਚ ਰਹਿੰਦਿਆਂ ਦਿੱਲੀ ’ਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਦਾ ਜ਼ਿੰਮੇਵਾਰ ਹੋਵੇਗਾ। ਇਸ ਦੇ ਖਰਚੇ ਲਈ ਉਹ ਦਿੱਲੀ ਦੀ ਚੁੰਗੀ ਦੇ ਇਕ ਤਿਹਾਈ ਤੋਂ ਵੱਧ ਭਾਗ ਦਾ ਹੱਕਦਾਰ ਹੋਵੇਗਾ ਅਤੇ ਅਖੀਰਲੀ ਸ਼ਰਤ ਇਹ ਕਿ ਦਿੱਲੀ ’ਚ ਸੱਤ ਯਾਦਗਾਰੀ ਗੁਰਦੁਆਰਿਆਂ ਦੇ ਨਿਰਮਾਣ ਅਤੇ ਨਿਰਮਾਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਅਤੇ ਖ਼ਰਚੇ ਦਾ ਪ੍ਰਬੰਧ ਵੀ ਕਰੇਗਾ।
ਤੁਰਕਮਾਨ ਦਰਵਾਜ਼ੇ ਤੋਂ ਬਾਹਰ ਕਰਕੇ ਮਾਤਾ ਸੁੰਦਰੀ, ਜੈਪੁਰੇ ਵਿਚ ਬੰਗਲਾ ਸਾਹਿਬ ਅਤੇ ਹੋਰ ਚਾਰ ਗੁਰਦੁਆਰਿਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ’ਚ ਕੋਈ ਬਹੁਤੀ ਔਕੜ ਨਹੀਂ ਆਈ। ਜਦ ਗੁਰਦੁਆਰਾ ਸੀਸ ਗੰਜ ਬਣਾਉਣ ਦੀ ਵਾਰੀ ਆਈ ਤਾਂ ਇਹ ਪਤਾ ਲਾਉਣਾ ਮੁਸ਼ਕਿਲ ਹੋ ਗਿਆ ਕਿ ਉਹ ਸਥਾਨ ਕਿਹੜਾ ਹੈ ਜਿੱਥੇ ਗੁਰੂ ਤੇਗ਼ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਬਹੁਤ ਪੁੱਛਗਿੱਛ ਕਰਨ ’ਤੇ ਇਕ ਮਾਸ਼ਕਨ ਸਾਹਮਣੇ ਆਈ ਜਿਸ ਨੇ ਇਕ ਥਾਂ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇਸ ਸਥਾਨ ਉੱਤੇ ਸਿੱਖਾਂ ਦਾ ਪੀਰ ਇਕ ਲੱਕੜੀ ਦੀ ਚੌਂਕੀ ’ਤੇ ਬੈਠਿਆ ਸੀ। ‘ਇੱਥੇ’ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕੀਤਾ ਗਿਆ ਅਤੇ ਉਸ ਦੇ ਪਿਓ ਨੇ ਲਹੂ ਨਾਲ ਲਿਬੜੀ ਉਹ ਚੌਂਕੀ ਅਤੇ ਉਹ ਥਾਂ ਸਾਫ਼ ਕੀਤੀ ਸੀ।
ਪਰ ਜਦ ਬਘੇਲ ਸਿੰਘ ਰਕਾਬ ਗੰਜ ਪਹੁੰਚਿਆ ਜਿੱਥੇ ਲੱਖੀ ਵਣਜਾਰੇ ਨੇ ਗੁਰੂ ਤੇਗ ਬਹਾਦਰ ਦੇ ਧੜ ਦਾ ਦਾਹ ਸੰਸਕਾਰ ਕੀਤਾ ਸੀ ਤਾਂ ਵੇਖਿਆ ਕਿ ਉਸ ਸਥਾਨ ’ਤੇ ਮਸੀਤ ਬਣੀ ਹੋਈ ਸੀ।
ਬਘੇਲ ਸਿੰਘ ਨੇ ਮਸੀਤ ਨੂੰ ਢਾਹੁਣ ਦਾ ਹੁਕਮ ਦੇ ਦਿੱਤਾ।
ਜਦ ਦਿੱਲੀ ਦੇ ਮੁਸਲਮਾਨਾਂ ਨੂੰ ਪਤਾ ਲੱਗਾ ਤਾਂ ਦਿੱਲੀ ਦੇ ਕਈ ਹਜ਼ਾਰ ਮੁਸਲਮਾਨ ਅਤੇ ਜਾਮਾਂ ਮਸਜਦ ਦਾ ਅਮਾਮ ਆਣ ਇਕੱਠੇ ਹੋਏ। ਜਹਾਦ ਦਾ ਨਾਅਰਾ ਬੁਲੰਦ ਹੋ ਗਿਆ ਕਿ ਉਹ ਮਸਜਦ ਨਹੀਂ ਢਾਹੁਣ ਦੇਣਗੇ।
ਬਘੇਲ ਸਿੰਘ ਨੇ ਕਿਹਾ ਕਿ ਇਹ ਇਕ ਪੇਚੀਦਾ ਮਸਲਾ ਹੈ ਅਤੇ ਉਹ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨਾ ਚਾਹੇਗਾ। ਜਦ ਉਹਨਾਂ ਦੇ ਸੌ ਨੁਮਾਇੰਦੇ ਇਕੱਠੇ ਹੋ ਗਏ ਤਾਂ ਬਘੇਲ ਸਿੰਘ ਉਹਨਾਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ :
”ਤੁਸੀਂ ਇਹ ਦੱਸਣ ਦੀ ਕਿਰਪਾ ਕਰੋਗੇ ਕਿ ਜਿਸ ਸਥਾਨ ’ਤੇ ਤੁਹਾਡੇ ਕੋਈ ਪੀਰ ਫ਼ਕੀਰ ਦਫ਼ਨ ਹੋਵੇ ਤਾਂ ਉੱਥੇ ਗੁਰਦੁਆਰਾ ਜਾਂ ਮੰਦਰ ਬਣਨਾ ਜਾਇਜ਼ ਹੋਵੇਗਾ?’’
”ਬਿਲਕੁਲ ਨਹੀਂ, ਉੱਥੇ ਤਾਂ ਮਸਜਦ ਹੀ ਬਣੇਗੀ,’’ ਪਰ ਵਿਚੋਂ ਕੁਝ ਸਿਆਣੇ ਮੁਸਲਮਾਨਾਂ ਨੂੰ ਇਹ ਅਨੁਮਾਨ ਲਾਉਣ ’ਚ ਦੇਰ ਨਾ ਲੱਗੀ ਕਿ ਬਹਿਸ ਦਾ ਰੁਖ਼ ਕਿਸ ਪਾਸੇ ਜਾ ਰਿਹਾ ਹੈ।
”ਫੇਰ ਇਹ ਦੱਸਣ ਦੀ ਮਿਹਰਬਾਨੀ ਵੀ ਕਰੋ ਕਿ ਗੁਰੂ ਤੇਗ਼ ਬਹਾਦਰ ਤੁਹਾਡਾ ਪੀਰ ਸੀ ਕਿ ਸਾਡਾ।’’
”ਤੁਹਾਡਾ,ਸਿੱਖਾਂ ਦਾ।’’ ਹੁਣ ਸਿਰਫ਼ ਦੋ ਤਿੰਨ ਆਵਾਜ਼ਾਂ ਹੀ ਆਈਆਂ। ਬਾਕੀਆਂ ਨੂੰ ਮੌਲਵੀ ਅਲਫ਼ ਦੀਨ ਅਤੇ ਵਕਾਰ ਅਲੀ ਨੇ ਇਸ਼ਾਰਾ ਕਰਕੇ ਚੁੱਪ ਕਰਾ ਦਿੱਤਾ।
”ਪਹਿਲਾਂ ਤਾਂ ਤੁਸਾਂ ਲੋਕਾਂ ਸਾਡੇ ਪੀਰ ਪੈਗ਼ੰਬਰ ਨੂੰ ਕਤਲ ਕਰਨ ਦਾ ਜੁਰਮ ਕੀਤਾ। ਇਨਸਾਫ਼ ਦਾ ਤਕਾਜ਼ਾ ਤੇ ਇਹੀ ਹੈ ਕਿ ਖਾਲਸਾ ਤੁਹਾਡੇ ਪੀਰਾਂ ਅਤੇ ਨੁਮਾਇੰਦਿਆਂ ਨੂੰ ਕਤਲ ਕਰਕੇ ਉਸ ਦਾ ਬਦਲਾ ਲਵੇ। ਪਰ ਮੈਂ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦਾ। ਜਿਹਨਾਂ ਨੇ ਕਤਲ ਕਰਵਾਇਆ, ਉਹਨਾਂ ਤੋਂ ਅੱਲਾਹ ਨੇ ਆਪ ਬਦਲਾ ਲੈ ਲਿਆ। ਅੱਜ ਉਹਨਾਂ ਦੀ ਔਲਾਦ ਦਾ ਕੀ ਹਸ਼ਰ ਹੋ ਰਿਹਾ ਹੈ ਅਤੇ ਕੀ ਹੋਵੇਗਾ? ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਉਸ ਉੱਤੇ ਤੁਸਾਂ ਸਾਡੇ ਗੁਰੂ ਦੇ ਦਾਹ-ਸੰਸਕਾਰ ਦੇ ਸਥਾਨ ’ਤੇ ਆਪਣੀ ਮਸੀਤ ਬਣਾਉਣ ਦੀ ਗ਼ਲਤੀ ਕੀਤੀ। ਭਲਾ ਇਹ ਕਿਥੋਂ ਦਾ ਇਨਸਾਫ਼?’’
ਸਾਰੇ ਨੁਮਾਇੰਦੇ ਇਕ ਦੂਜੇ ਵੱਲ ਵੇਖਣ ਲੱਗੇ। ਫੇਰ ਮੌਲਵੀ ਅਲਫ਼ਦੀਨ ਬੋਲਿਆ, ”ਇਸ ਬਾਰੇ ਅਸੀਂ ਕੁਝ ਨਹੀਂ ਜਾਣਦੇ। ਪਰ ਜਿੱਥੇ ਇਕ ਵਾਰੀ ਮਸਜਦ ਬਣ ਜਾਏ, ਉਹ ਨਾ ਢਹਿ ਸਕਦੀ ਹੈ ਅਤੇ ਨਾ ਉੱਥੇ ਕੋਈ ਗੁਰਦੁਆਰਾ ਜਾਂ ਮੰਦਰ ਬਣ ਸਕਦਾ ਹੈ।’’
”ਵਾਹ! ਮੰਦਰ ਗੁਰਦੁਆਰੇ ਢਾਹ ਕੇ ਮਸਜਿਦ ਬਣ ਸਕਦੀ ਹੈ ਪਰ ਮਸਜਿਦ ਦੀ ਥਾਂ ਗੁਰਦੁਆਰਾ ਨਹੀਂ। ਇਹ ਤੇ ਜ਼ੋਰ ਜ਼ਬਰਦਸਤੀ ਹੋਈ। ਕੋਈ ਦਲੀਲ ਨਾ ਹੋਈ।’’
”ਤੁਸੀਂ ਕੁਝ ਵੀ ਸਮਝੋ। ਪਰ ਇਹ ਸਾਡੇ ਦੀਨ ਦਾ ਸਵਾਲ ਹੈ।’’
”ਐਹ ਵੇਖੋ!’’ ਬਘੇਲ ਸਿੰਘ ਨੇ ਸ਼ਾਹ ਆਲਮ ਦੇ ਹੁਕਮ ਦੀ ਸਨਦ ਵਿਖਾਉਂਦਿਆਂ ਆਖਿਆ, ”ਮੈਂ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕਰ ਰਿਹਾ। ਜਦ ਤੱਕ ਇਹ ਗੁਰਦੁਆਰਾ ਨਹੀਂ ਬਣੇਗਾ ਤਦ ਤੱਕ ਖਾਲਸਾ ਦਲ ਦੇ ਸਿੰਘ ਵੀ ਦਿੱਲੀ ਦੇ ਬਾਹਰ ਡੇਰੇ ਪਾਈ ਰੱਖਣਗੇ ਅਤੇ ਪੰਜਾਹ ਹਜ਼ਾਰ ਖਾਲਸੇ, ਘੋੜਿਆਂ, ਬਲ੍ਹਦਾਂ ਅਤੇ ਊਠਾਂ ਆਦਿ ਦਾ ਖਰਚਾ ਵੀ ਤੁਹਾਨੂੰ ਦਿੱਲੀ ਵਾਲਿਆਂ ਨੂੰ ਚੁੱਕਣਾ ਪਵੇਗਾ।
”ਇਹ ਤੇ ਜ਼ੋਰ ਜ਼ਬਰਦਸਤੀ ਹੋਈ ਸਾਡੇ ਉੱਤੇ।’’ ਵਕਾਰ ਅਲੀ ਬੋਲਿਆ।
”ਵਾਹ! ਜਦੋਂ ਤੁਸੀਂ ਜ਼ੋਰ ਜ਼ਬਰਦਸਤੀ ਕਰੋ ਤਾਂ ਦੀਨ-ਧਰਮ ਅਤੇ ਜੇ ਅਸੀਂ ਆਪਣਾ ਧਰਮ ਨਿਭਾਈਏ ਤਾਂ ਜ਼ੋਰ ਜ਼ਬਰਦਸਤੀ?’’
ਕੁਝ ਦੇਰ ਚੁੱਪ ਪਸਰੀ ਰਹੀ। ਫੇਰ ਮੌਲਵੀ ਅਲਫ਼ ਦੀਨ ਬੋਲਿਆ, ”ਇਹ ਤੇ ਸਭ ਦਰੁਸਤ ਏ। ਪਰ ਇਸ ਵੇਲੇ ਹਜ਼ਾਰਾਂ ਮੁਸਲਮਾਨ ਬਾਹਰ ਖੜ੍ਹੇ ਨੇ। ਤੁਸੀਂ ਜਾਣਦੇ ਹੋ ਮਜ਼੍ਹਬ ਤੇ ਮਸਲਿਆਂ ’ਚ ਦਲੀਲਾਂ ਨਹੀਂ ਚੱਲਦੀਆਂ।’’
”ਮਸਲਮਾਨ ਹਾਕਮਾਂ ਨੇ ਪੰਜਾਬ ’ਚ ਜਿੰਨੇ ਵੀ ਗੁਰਦੁਆਰੇ ਅਤੇ ਮੰਦਰ ਢਾਹ ਕੇ ਮਸੀਤਾਂ ਬਣਾਈਆਂ ਸਨ, ਉੱਥੇ ਮੁੜ ਗੁਰਦੁਆਰੇ ਤੇ ਮੰਦਰ ਬਣ ਗਏ। ਇਸ ਭੀੜ ਨੂੰੂ ਉੱਥੇ ਭੇਜੋ ਜਹਾਦ ਕਰਨ ਲਈ। ਜਹਾਦ ਦਾ ਨਾਅਰਾ ਤੁਸੀਂ ਹੀ ਨਹੀਂ, ਹੋਰ ਵੀ ਲਾ ਸਕਦੇ ਹਨ।’’
”ਉਹ ਪੰਜਾਬ ਸੀ, ਇਹ ਦਿੱਲੀ ਹੈ।’’
ਬਘੇਲ ਸਿੰਘ ਨੂੰ ਕਰੋਧ ਆ ਗਿਆ ਅਤੇ ਉਹ ਬੋਲਿਆ, ”ਤਾਂ ਫੇਰ ਸਮਝ ਲਵੋ ਅੱਜ ਤੋਂ ਦਿੱਲੀ ਵੀ ਪੰਜਾਬ ਦਾ ਹਿੱਸਾ ਬਣ ਗਿਆ। ਮੈਂ ਹੁਣੇ ਜੱਸਾ ਸਿੰਘ ਆਹਲੂਵਾਲੀਏ ਅਤੇ ਹੋਰ ਸਰਦਾਰਾਂ ਨੂੰ ਬੁਲਾ ਕੇ ਗੱਲ ਕਰਦਾ ਹਾਂ। ਕੱਲ੍ਹ ਤੋਂ ਸਿੱਖ ਸਰਪੰਚਾਂ ਦਾ ਰਾਜ ਸ਼ੁਰੂ ਹੋਵੇਗਾ ਅਤੇ ਲਾਲ ਕਿਲ੍ਹੇ ’ਤੇ ਖਾਲਸੇ ਦਾ ਝੰਡਾ ਝੁਲੇਗਾ।” (ਉਂਜ ਬਘੇਲ ਸਿੰਘ ਜਾਣਦਾ ਸੀ ਕਿ ਇਹ ਸੰਭਵ ਨਹੀਂ ਅਤੇ ਸਿਰਫ਼ ਡਰਾਉਣ ਲਈ ਕਹਿ ਰਿਹਾ ਸੀ)

ਸੋ ਮੁਸਲਮਾਨ ਨੁਮਾਇੰਦਿਆਂ ਵਿਚਕਾਰ ਘੁਸਰ-ਮੁਸਰ ਹੋਣ ਲੱਗੀ। ਕੁਝ ਬਘੇਲ ਸਿੰਘ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਸਨ, ਕੁਝ ਡਰੇ ਅਤੇ ਕੁਝ ਅੜੇ ਹੋਏ। ਬਘੇਲ ਸਿੰਘ ਸਾਰਿਆਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ”ਠੀਕ ਏ, ਤੁਸੀਂ ਆਪਸ ਵਿਚ ਸਲਾਹ ਮਸ਼ਵਰਾ ਕਰ ਲਓ। ਮੈਂ ਤੁਹਾਨੂੰ ਦੋ ਹਫ਼ਤੇ ਦੀ ਮੁਹਲਤ ਦੇਂਦਾ ਹਾਂ। ਉਸ ਤੋਂ ਬਾਅਦ ਜੋ ਵੀ ਤੁਹਾਡਾ ਫ਼ੈਸਲਾ ਹੋਵੇ ਮੈਨੂੰੂ ਦੱਸ ਦੇਣਾ।’’

ਆਪਣੇ ਤੰਬੂ ’ਚ ਆ ਕੇ ਬਘੇਲ ਸਿੰਘ ਨੇ ਸਮਰੂ ਬੇਗ਼ਮ ਅਤੇ ਲਖਪਤ ਰਾਏ ਅਤੇ ਮਨਸੂਰ ਖ਼ਾਂ ਮੁਆਤੀ ਨੂੰ ਬੁਲਾ ਭੇਜਿਆ। ਸਾਰੀ ਗੱਲ ਸੁਣਨ ਤੋਂ ਬਾਅਦ ਲਖਪਤ ਰਾਏ ਬੋਲਿਆ :
”ਜਦੋਂ ਤੁਸੀਂ ਉਹਨਾਂ ਮੌਲਾਣਿਆਂ ਨਾਲ ਬਹਿਸ ਕਰ ਰਹੇ ਸੀ, ਮੈਂ ਭੇਸ ਬਦਲ ਕੇ ਉਹਨਾਂ ਵਿਚਕਾਰ ਹੀ ਖੜ੍ਹਾ ਸੀ। ਇਹ ਦੀਨ-ਧਰਮ ਦੇ ਮੁਆਮਲੇ ਬੜੇ ਨਾਜ਼ੁਕ ਹੁੰਦੇ ਹਨ। ਤੁਸੀਂ ਉਹਨਾਂ ਨਾਲ ਤਰਕ ਦੇ ਸਹਾਰੇ ਬਹਿਸ ਕਰ ਰਹੇ ਸੀ। ਧਰਮ ਦੇ ਵਿਸ਼ਵਾਸਾਂ ’ਚ ਤਰਕ ਅਤੇ ਅਕਲ ਦਾ ਕੋਈ ਵਾਸਤਾ ਨਹੀਂ ਹੁੰਦਾ।’’
ਬਘੇਲ ਸਿੰਘ ਨੇ ਸਮਰੂ ਬੇਗ਼ਮ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕਿਆ।
”ਮੈਂ ਸੋਚ ਰਹੀ ਹਾਂ ਕਿ ਪੀਰਾਂ ਪੈਗ਼ੰਬਰਾਂ ਨੇ ਆਦਮੀ ਨੂੰ ਅੰਧ-ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਪੈਗ਼ਾਮ ਦਿੱਤਾ ਸੀ। ਪਰ ਲੱਗਦਾ ਏ ਕਿ ਆਦਮੀ ਨੂੰ ਅੰਧ-ਵਿਸ਼ਵਾਸਾਂ ਨਾਲ ਪਿਆਰ ਹੈ। ਉਹ ਪੁਰਾਣੇ ਛੱਡ ਕੇ ਨਵੇਂ ਅੰਧ-ਵਿਸ਼ਵਾਸ ਘੜ ਲੈਂਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ’ਚ ਮੇਰਾ ਨਜ਼ਰੀਆ ਬੜਾ ਸਾਫ਼ ਹੈ। ਆਪਣੇ ਮਜ਼ਹਬ ਜਾਂ ਅਕੀਦਿਆਂ ਨੂੰ ਦੂਜਿਆਂ ਦੇ ਵਿਸ਼ਵਾਸਾਂ ਤੋਂ ਬਿਹਤਰ ਸਮਝਣਾ ਅਤੇ ਉਹਨਾਂ ਨੂੰ ਦੂਜਿਆਂ ਦੇ ਸਿਰ ’ਤੇ ਥੋਪਣਾ ਬੁਨਿਆਦੀ ਤੌਰ ’ਤੇ ਗ਼ਲਤ ਹੈ।’’
”ਇਹ ਤੇ ਮੈਂ ਵੀ ਸਮਝਦਾ ਹਾਂ। ਪਰ ਮੈਂ ਤੁਹਾਨੂੰ ਇਸ ਸਮੱਸਿਆ ਦਾ ਕੋਈ ਹੱਲ ਲੱਭਣ ਲਈ ਬੁਲਾਇਆ ਹੈ।’’ ਬਘੇਲ ਸਿੰਘ ਨੇ ਉਹਨਾਂ ਵੱਲ ਤੱਕਦਿਆਂ ਆਖਿਆ, ”ਅਤੇ-ਅਤੇ ਮੇਰੇ ਕੋਲ ਇਸ ਬਾਰੇ ਬਦਸ਼ਾਹ ਸ਼ਾਹ ਆਲਮ ਦਾ ਅਹਿਦਨਾਮਾ ਹੈ।’’
”ਹੁਣ ਇਹ ਮੁਆਮਲਾ ਸ਼ਾਹ ਆਲਮ ਦੇ ਹੱਥੋਂ ਨਿਕਲ ਕੇ ਮੁਲਾਂ ਮੌਲਾਣਿਆਂ ਦੇ ਹੱਥ ’ਚ ਆ ਗਿਆ ਹੈ। ਇਹਨਾਂ ਮੌਲਾਣਿਆਂ ਨੇ ਤਾਂ ਆਪਣੇ ਪੰਜ ਛੇ ਸੌ ਆਦਮੀ ਵੀ ਰਕਾਬਗੰਜ ਦੁਆਲੇ ਤੈਨਾਤ ਕਰ ਦਿੱਤੇ ਹੋਏ ਹਨ।’’ ਲਖਪਤ ਰਾਏ ਬੋਲਿਆ।
”ਮੈਂ ਕਿਸੇ ਖ਼ੂਨ-ਖ਼ਰਾਬੇ ਤੋਂ ਡਰ ਰਹੀ ਹਾਂ। ਮਜ਼ਹਬ ਅਤੇ ਆਪਣੇ ਘਰ-ਪਰਿਵਾਰ ਲਈ ਆਦਮੀ ਕੀ ਕੁਝ ਨਹੀਂ ਕਰ ਸਕਦਾ।’’ ਸਮਰੂ ਬੇਗ਼ਮ ਨੇ ਆਪਣੀ ਰਾਏ ਜ਼ਾਹਰ ਕਰਦਿਆਂ ਆਖਿਆ।
”ਘਰ ਪਰਿਵਾਰ… ਘਰ ਪਰਿਵਾਰ…?’’ ਬਘੇਲ ਸਿੰਘ ਕੁਝ ਸੋਚਦਿਆਂ ਮਨ ਹੀ ਮਨ ਕਹਿ ਰਿਹਾ ਸੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਪਹਿਲਾਂ ਸਮਰੂ ਬੇਗ਼ਮ ਅਤੇ ਫੇਰ ਮਨਸੂਰ ਖ਼ਾਂ ਮੁਆਤੀ ਵੱਲ ਤੱਕਦਿਆਂ ਆਖਿਆ :
”ਤੁਹਾਡੇ ’ਚੋਂ ਇਕ ਜਮੁਨਾ ਦੇ ਪੂਰਬ ਵੱਲ ਅਤੇ ਦੂਜਾ ਪੱਛਮ ਵੱਲ ਰਹਿੰਦਾ ਹੈ। ਇਹਨਾਂ ਸਾਰਿਆਂ ਸਰਗਣਿਆਂ ’ਚੋਂ ਬਹੁਤਿਆਂ ਦੀਆਂ ਜਗੀਰਾਂ ਜਾਂ ਮੇਰਠ, ਬੁਲੰਦ ਸ਼ਹਿਰ ਵਾਲੇ ਪਾਸੇ ਹਨ ਅਤੇ ਜਾਂ ਗੁੜਗਾਵਾਂ, ਨੂਹ ਅਤੇ ਫਿਰੋਜ਼ਪੁਰ ਭਿਰਕਾ ਵਾਲੇ ਪਾਸੇ। ਮੈਨੂੰ ਇਹਨਾਂ ਸਾਰਿਆਂ ਦੇ ਘਰਾਂ, ਜਗੀਰਾਂ ਦੇ ਪਤੇ ਚਾਹੀਦੇ ਹਨ। ਕਰ ਸਕੋਗੇ ਇਹ ਕੰਮ?’’
”ਇਹ ਕੋਈ ਮੁਸ਼ਕਲ ਨਹੀਂ। ਪਰ…?” ਮੁਆਤੀ ਬਘੇਲ ਸਿੰਘ ਵੱਲ ਤੱਕਦਿਆਂ ਬੋਲਿਆ।
”ਇਹ ਮੈਂ ਬਾਅਦ ਵਿੱਚ ਹੀ ਦੱਸਾਂਗਾ। ਪਰ ਇਹ ਸਾਰਾ ਕੰਮ ਚੁੱਪ ਚਾਪ ਹੋਣਾ ਚਾਹੀਦਾ ਹੈ। ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ।’’
ਤਿੰਨ ਚਾਰ ਦਿਨਾਂ ਬਾਅਦ ਹੀ ਸੌ ਸਰਗਣਿਆਂ ਦੀਆਂ ਜਗੀਰਾਂ ਦੇ ਥਹੁ-ਪਤੇ ਬਘੇਲ ਸਿੰਘ ਦੇ ਹੱਥ ਵਿਚ ਸਨ। ਫੇਰ ਉਸ ਨੇ ਆਪਣੇ ਵੀਹ ਕੁ ਸਰਦਾਰਾਂ ਨੂੰ ਚੁਣਿਆ ਅਤੇ ਉਸ ਸੂਚੀ ਦੀਆਂ ਪ੍ਰਤੀਲਿੱਪੀਆਂ ਉਹਨਾਂ ਦੇ ਹੱਥ ਫੜਾਉਂਦਿਆਂ ਆਖਿਆ :
”ਇਹਨਾਂ ਜਗੀਰਾਂ ’ਤੇ ਹਮਲੇ ਕਰਕੇ ਉਹਨਾਂ ਦਾ ਸਾਰਾ ਰੁਪਿਆ-ਪੈਸਾ, ਮਾਲ-ਡੰਗਰ, ਘਰਾਂ ਦਾ ਸਾਰਾ ਸਮਾਨ, ਇਥੋਂ ਤੱਕ ਕਿ ਘਰਾਂ ਦੇ ਬੂਹੇ ਤੱਕ ਲਾਹ ਕੇ ਆਪਣੇ ਕਬਜ਼ੇ ’ਚ ਕਰ ਲਓ…।’’
ਦੋ ਹਫ਼ਤੇ ਦੀ ਮਿਆਦ ਸਮਾਪਤ ਹੋਣ ਤੋਂ ਪਹਿਲਾਂ ਹੀ ਉਹਨਾਂ ਸੌ ਨੁਮਾਇੰਦਿਆਂ ’ਚੋਂ ਪਚੱਨਵੇਂ ਨੇ ਬਘੇਲ ਸਿੰਘ ਨੂੰ ਲਿਖ ਕੇ ਦੇ ਦਿੱਤਾ ਕਿ ਰਕਾਬਗੰਜ ਸਿੱਖਾਂ ਦੇ ਗੁਰੂ-ਪੀਰ ਦੇ ਦਾਹ-ਸੰਸਕਾਰ ਦਾ ਪਾਕ ਮੁਕਾਮ ਹੈ, ਲਿਹਾਜ਼ਾ ਇਸ ਜਗ੍ਹਾ ‘ਤੇ ਮਸਜਿਦ ਢਾਹ ਕੇ ਗੁਰਦੁਆਰਾ ਬਣਾਏ ਜਾਣ ‘ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ…।”

ਮਨਮੋਹਨ ਬਾਵਾ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!