ਫ਼ਰਜ – ਅਮਰ ਸੂੁਫ਼ੀ

Date:

Share post:

ਪੁਲਿਸ ਥਾਣਾ ਮਮਦ੍ਹੋਟ।
ਚੇਤ ਦਾ ਪਹਿਲਾ ਪੱਖ।
ਲੌਢਾ ਵੇਲਾ।
ਕੌਰ ਚੰਦ ਸੂਹੀਆ ਥਾਣੇ ‘ਚ ਆ ਕੇ ਇਤਲਾਹ ਦੇ ਗਿਆ ਸੀ। ਉਸ ਦਾ ਥਾਣੇ ਆਉਣ ਦਾ ਅਰਥ, ਸੂਚਨਾ ਸੋਲਾਂ ਆਨੇ ਸੱਚੀ ਹੁੰਦਾ ਸੀ।
“ਅਸ਼ੋਕ ਜਿਪਸੀ ਲਿਆ। ਨਾਲੇ ਦੇਵ, ਇਕਬਾਲ ਅਤੇ ਅਜੀਤਪਾਲ ਨੂੰ ਕਹਿ, ਜਲਦੀ ਤਿਆਰ ਹੋ ਜਾਣ।” ਛੋਟਾ ਥਾਣੇਦਾਰ ਯਸ਼ਪਾਲ- ਜਿਸ ਦੀ ਅੱਲ ਵੱਢਖਾਣਾ ਪਈ ਹੋਈ ਸੀ- ਅਸ਼ੋਕ ਡਰਾਈਵਰ ਨੂੰ ਜ਼ਰਾ ਛੇਤੀ ਕਰਨ ਲਈ ਕਹਿ ਕੇ, ਆਪ ਮੁੱਖ-ਮੁਨਸ਼ੀ ਦੇ ਕਮਰੇ ਵੱਲ ਤੁਰ ਗਿਆ। ਥੋੜ੍ਹੀ ਦੇਰ ਬਾਅਦ ਹੀ ਥਾਣੇ ਚੋਂ ਰਵਾਨਗੀ ਪਾ ਕੇ ਸਾਡੀ ਜਿਪਸੀ ਖੁੰਦਰਾਂ ਵਾਲੇ ਰਾਹ ਪੈ ਗਈ। ਜਿਉਂ ਹੀ ਜਿਪਸੀ ਖੱਬੇ ਮੁੜ ਕੇ ਸੇਮ ਨਾਲੇ ਦੀ ਕੱਚੀ ਪਟੜੀ ਚੜ੍ਹੀ ਤਾਂ ਇਕ ਦਮ ਹੀ ਗਰਦੋ-ਗੁਬਾਰ ਹੋ ਗਿਆ ਸੀ। ਗੱਡੀ ਦੀ ਆਵਾਜ਼ ਸੁਣ ਤੇ ਧੂੜ ਉੱਡਦੀ ਵੇਖ ਕੇ ਸਾਡੇ ਸਾਹਮਣੇ ਹੀ ਤਿੰਨ ਜਣੇ ਪਹਾੜੀ ਕਿੱਕਰਾਂ ਦੀਆਂ ਝਾੜੀਆਂ ‘ਚੋਂ ਨਿਕਲ ਸੇਮ ਨਾਲੇ ਦੇ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਦੂਜੇ ਪਾਸੇ ਦੀ ਪਟੜੀ ‘ਤੇ ਜਾ ਖਲੋਤੇ ਸਨ।
ਜਿਪਸੀ ਰੁਕਦਿਆਂ ਹੀ ਥਾਣੇਦਾਰ ਕੜਕਿਆ, “ਰੁਕ ਜਾਓ, ਹਰਾਮ ਜ਼ਾਦਿਓ।”
ਉਨ੍ਹਾਂ ‘ਚੋਂ ਇੱਕ ਜਣੇ ਨੇ ਅਪਣੇ ਝੱਗੇ ਦੀ ਖੱਬੀ ਕੰਨੀ ਨੂੰ ਫੜ੍ਹ ਕੇ ਉਤਾਂਹ ਚੁੱਕ ਲਿਆ ਤੇ ਖੱਬੇ ਹੱਥ ਦੀ ਮੁੱਠ ਜੋਰ ਦੀ ਮੀਚ ਕੇ ਬਾਂਹ ਨੂੰ ਦੋ-ਤਿੰਨ ਵਾਰ ਹਿਲਾ ਕੇ ਦੂਜਿਆਂ ਦੇ ਮਗਰੇ ਹੀ ਪਟੜੀ ਤੋਂ ਹੇਠਾਂ ਲਹਿ ਕੇ ਉਹਲੇ ਹੋ ਗਿਆ।
ਪਟੜੀ ਦੇ ਹੇਠਲੇ ਹਿੱਸੇ ‘ਚ – ਜਿੱਥੇ ਜਿਪਸੀ ਖੜ੍ਹੀ ਸੀ – ਤਿੰਨ ਭੱਠੀਆਂ ਲੱਗੀਆਂ ਹੋਈਆਂ ਸਨ ਤੇ ਲਾਹਣ ਦਾ ਮੁਸ਼ਕ ਆ ਰਿਹਾ ਸੀ। ਭੱਠੀਆਂ ਨੂੰ ਸੰਭਾਲਣ ਵਾਲੇ ਤਾਂ ਤਿੰਨੇ ਹੀ ਹੱਥੋਂ ਨਿਕਲ ਗਏ ਸਨ ਪਰ ਪੰਦਰਾਂ-ਵੀਹ ਕਦਮਾਂ ਦੂਰ ਧਰਤੀ ‘ਚ ਪੁੱਟੇ ਹੋਏ ਟੋਏ ‘ਚੋਂ ਪਾਣੀ ਦੀ ਬਾਲਟੀ ਭਰਨ ਉੱਤਰਿਆ ਹੋਇਆ ਇੱਕ ਜਣਾ ਬਾਹਰ ਨਿਕਲ ਕੇ ਭੱਜਣ ਦੇ ਜਤਨ ‘ਚ ਹੀ ਦਬੋਚਿਆ ਗਿਆ ਸੀ।
“ਤੇਰੀ ਭੈਣ ਨਾਲ ਲੈ ਲਾਂ ਫੇਰੇ ਉਏ।” ਵੱਢਖਾਣੇ ਨੇ ਉਸ ਦੇ ਮੌਰਾਂ ‘ਚ ਡੰਡਾ ਕੱਢ ਮਾਰਿਆ ਸੀ। ਉਹ, ਹੁੱਜਤ ਕਰਕੇ ਭੱਜ ਜਾਣ ਵਾਲੇ ਦਾ ਗੁੱਸਾ ਵੀ ਇਹਦੇ ‘ਤੇ ਹੀ ਲਾਹੁਣਾ ਚਾਹੁੰਦਾ ਸੀ।
“ਮਾਪਿਓ! ਮੈਂ ਤਾਂ ਦਿਹਾੜੀ ਆਇਆਂ ਜੀ।” ਉਹ ਹੱਥ ਜੋੜ ਕੇ ਗਿੜ-ਗਿੜਾ ਪਿਆ।
“ਕਿਹੜੀ ਭੈਣ ਦੀ ਜੰਞ ਵਾਸਤੇ ਇਹ ਸ਼ਰਾਬ ਕੱਢਣ ਡਹੇ ਜੇ?” ਵੱਢਖਾਣੇ ਨੇ ਉਹਦੀਆਂ ਪਿੰਜਣੀਆਂ ‘ਤੇ ਤਿੰਨ-ਚਾਰ ਡੰਡੇ ਹੋਰ ਜੜ ਦਿੱਤੇ। ਦੇਵ ਵੀ ਉਹਦੇ ਦੋ-ਤਿੰਨ ਘਸੁੰਨ ਠੋਕ ਗਿਆ ਸੀ। ਮਾਰ ਦੀ ਪੀੜ ਕਾਰਨ ਉਹਦੀਆਂ ਅੱਖਾਂ ‘ਚ ਗਲੇਡੂ ਭਰ ਆਏ ਸਨ। ਪੀੜੋ-ਪੀੜ ਹੋਇਆ, ਕਸੀਸ ਵੱਟਦਾ ਉਹ ਹੱਥ ਜੋੜੀ ਖੜ੍ਹਾ ਸੀ।
“ਬੰਨ੍ਹੋ ਇਹਦੀਆਂ ਮਾਂਅ… ਚੋਅ ਦੀਆਂ ਮੁਸ਼ਕਾਂ… ਥਾਣੇ ਚੱਲ ਕੇ ਬਣਾਉਂਦੇ ਹਾਂ ਸਾਲਾ।” ਥਾਣੇਦਾਰ ਨੇ ਹੁਕਮ ਦੇ ਦਿੱਤਾ।
ਦੇਵ ਨੇ ਉਹਦਾ ਸਿਰੋਂ ਲਹਿ ਕੇ ਭੁੰਜੇ ਡਿੱਗਿਆ ਅੱਧੋਰਾਣਾ ਜਿਹਾ ਪਰਨਾ ਚੁੱਕਿਆ ਤੇ ਉਹਦੀਆਂ ਬਾਹਾਂ ਪਿਛਲੇ ਪਾਸੇ ਕਰਕੇ ਕੱਸ ਕੇ ਬੰਨ੍ਹ ਦਿੱਤੀਆਂ।
“ਕੀ ਨਾਂ ਉਏ ਤੇਰਾ ?” ਥਾਣੇਦਾਰ ਨੇ ਅਪਣੀ ਡਾਇਰੀ ਖੋਲ੍ਹਦਿਆਂ ਪੁੱਛਿਆ।
“ਗੋਧੈ ਜੀ।” ਉਹ ਹੌਲ਼ੀ ਜਿਹੀ ਬੁੜਬੁੜਾਇਆ।
”ਕੁੜੀ ਦੇਣਿਆਂ…ਇਹ ਕੋਈ ਨਾਂਅ ਐ? ਚੱਜ ਦਾ ਦੱਸ।” ਕਹਿੰਦਿਆਂ ਵੱਢਖਾਣਾ ਉਹਦੇ ਇੱਕ ਹੋਰ ਥੱਪੜ ਮਾਰ ਗਿਆ।
“ਮਾਪਿਆਂ ਦਾ ਰੱਖਿਆ। ਗਰੀਬਾਂ ਦੇ ਇਹੋ ਜਿਹੇ ਨਾਂ ਹੀ ਹੁੰਦੇ ਐ ਜੀ।”
“ਖਾਸਾ ਫੈਕਟਰੀ ਦਾ ਮਾਲਕ ਬਣਿਆ ਬੈਠੈਂ, ਤਿੰਨ-ਤਿੰਨ ਭੱਠੀਆਂ ਚੱਲਦੀਐਂ, ਅਜੇ ਤੂੰ ਅਪਣੇ ਆਪ ਨੂੰ ਗ਼ਰੀਬ ਦੱਸਦੈਂ।” ਕਹਿੰਦਿਆਂ ਵੱਢਖਾਣਾ ਉਹਦੇ ਇੱਕ ਹੋਰ ਥੱਪੜ ਮਾਰ ਗਿਆ। ਬਾਹਾਂ ਪਿੱਛੇ ਕਰਕੇ ਬੱਝੀਆਂ ਹੋਣ ਕਾਰਨ ਉਹ ਸੰਭਲ ਨਾ ਸਕਿਆ ਤੇ ਧਰਤੀ ‘ਤੇ ਧੜੰਮ ਕਰਕੇ ਡਿੱਗ ਪਿਆ। ਉੱਠਦੇ-ਉੱਠਦੇ ਦੇ ਦੋ-ਤਿੰਨ ਠੁੱਡੇ ਦੇਵ ਵੀ ਮਾਰ ਗਿਆ।
“ਹੋਰ ਕਿਹੜੇ-ਕਿਹੜੇ ਹਰਾਮ ਦੇ ਬੀਅ ਤੇਰੇ ਨਾਲ ਸੀ ?” ਥਾਣੇਦਾਰ ਨੇ ਦੰਦ ਕਰੀਚੇ।
“ਗਿਆਨੇ ਦਾ ਜੀਤਾ ਜੀ, ਇੱਕ ਮੰਦ੍ਹੇ ਕਾ ਕੈਲਾ ਜੀ ਤੇ ਤੀਜਾ ਭੂਰਾ, ਸਰਪੰਚਾਂ ਦਾ ਸੀਰੀ।” ਉਹ ਤਿੰਨਾਂ ਦੇ ਨਾਂ ਗਿਣਾ ਗਿਆ।
“…ਤੇ ਤੂੰ ਕੀਹਦੈਂ? ਥਾਣੇਦਾਰ ਉਹਦੇ ਵੱਲ ਨੂੰ ਅਹੁਲਿਆ। ਪਰ ਉਹ ਥੋੜ੍ਹਾ ਜਿਹਾ ਖਿਸਕ ਕੇ ਮੇਰੇ ਅੜਤਲੇ ‘ਚ ਹੋ ਗਿਆ।
“ਮੈਂ ਬਾਰੇ ਦਾ ਮੁੰਡਾ ਹਾਂ ਜੀ।” ਅਪਣੇ ਬਾਰੇ ਦੱਸਦਿਆਂ ਉਹਦੀ ਹੋਰ ਨੀਵੀਂ ਪੈ ਗਈ।
“ਬਾਰੇ ਬਲੈਕੀਏ ਦਾ ?” ਬਾਰੇ ਦਾ ਨਾਂ ਸੁਣ ਕੇ ਵੱਢਖਾਣਾ ਥੋੜ੍ਹੀ ਜਿਹੀ ਨਰਮੀ ਨਾਲ ਬੋਲਿਆ।
“ਨਹੀਂ ਜੀ ਦੂਜੇ ਦਾ। ਘੋਨੇ ਕੇ ਦਾ।”
“ਭੱਠੀਆਂ ਕੀਹਦੀ ਜਗ੍ਹਾ ‘ਚ ਲੱਗੀਐਂ ?” ਥਾਣੇਦਾਰ ਦਾ ਰੁਖ਼ ਕੁੱਝ ਹੋਰ ਨਰਮ ਹੋ ਗਿਆ।
“ਸਰਕਾਰੀ ਜਗ੍ਹਾ ਐ ਜੀ, ਸੇਮ ਨਾਲੇ ਦੀ।”
“ਨਾਲ ਲੱਗਦੀ ਜ਼ਮੀਨ ਕੀਹਦੀ ਐ?” ਥਾਣੇਦਾਰ ਨੇ ਅਗਲੀ ਪੁੱਛ ਪਾਈ।
“ਹੈ ਤਾਂ ਫ਼ਕੀਰੀਏ ਦੀ। ਕਬਜ਼ਾ ਸਰਪੰਚਾਂ ਦਾ ਐ ਜੀ।” ਗੋਧਾ ਬੋਲਿਆ।
“ਬਹਾਓ ਇਹਨੂੰ ਜਿਪਸੀ ‘ਚ, ਦੂਜਿਆਂ ਦੀ ਭੈਣ ਵੀ ਗੜ੍ਹਦੇ ਹਾਂ, ਰਾਤ ਨੂੰ ਛਾਪਾ ਮਾਰ ਕੇ।” ਥਾਣੇਦਾਰ ਨੇ ਡਾਇਰੀ ਬੰਦ ਕਰਕੇ ਹੁਕਮਈਆ ਲਹਿਜੇL ‘ਚ ਕਿਹਾ।
ਮੈਂ ਤੇ ਇਕਬਾਲ ਉਹਨੂੰ ਅੱਗੇ ਲਾ, ਪਟੜੀ ‘ਤੇ ਖੜ੍ਹੀ ਜਿਪਸੀ – ਜਿਸ ਦਾ ਮੂੰਹ ਅਸ਼ੋਕ ਨੇ ਭੁਆ ਰੱਖਿਆ ਸੀ, ਵੱਲ ਲੈ ਤੁਰੇ।
“ਦੇਵ, ਤਿਆਰ ਮਾਲ ਦੀਆਂ ਕੇਨੀਆਂ ਰੱਖ ਗੱਡੀ ‘ਚ…।ਆਸੇ-ਪਾਸੇ ਟੋਹ ਕੇ ਦੇਖ ਲੈ…ਲੁਕੋਅ ਕੇ ਨਾ ਰੱਖੀ ਹੋਵੇ ਕਿਤੇ……। ਤੂੰ ਰਹਿ ਇੱਥੇ, ਜਿੰਨਾਂ ਚਿਰ ਕੈਂਟਰ ਨਾ ਆ ਜਾਏ। ਅੱਗ ਬੁਝਾਅ ਦੇ। ਸਾਰਾ ਸਾਮਾਨ ਚੁਕਾਅ ਲਿਆਈਂ…ਤੇ ਧਿਆਨ ਨਾਲ ਰਹੀਂ।” ਵੱਢਖਾਣਾ ਇਕੋ ਵਾਰ ਵਿੱਚ ਹੀ ਕਈ ਕੁਝ ਕਹਿੰਦਾ ਹੋਇਆ, ਮੋਬਾਈਲ ‘ਤੇ ਨੰਬਰ ਮਿਲਾਉਣ ਲੱਗ ਪਿਆ ਸੀ। ਉਸ ਨੇ ਮੁਨਸ਼ੀ ਨੂੰ ਕੈਂਟਰ ਭੇਜਣ ਬਾਰੇ ਸਮਝਾ ਦਿੱਤਾ।
ਮੈਂ ਤੇ ਇਕਬਾਲ, ਗੋਧੇ ਨੂੰ ਅੱਗੇ ਲਾ ਕੇ ਜਿਪਸੀ ਕੋਲ ਲੈ ਆਏ ਸਾਂ। ਮਗਰੇ ਹੀ ਥਾਣੇਦਾਰ ਤੇ ਦੇਵ ਆ ਗਏ ਸਨ। ਦੇਵ ਨੇ ਭਰੀਆਂ ਹੋਈਆਂ ਦੋਵੇਂ ਕੇਨੀਆਂ ਜਿਪਸੀ ਦੇ ਪਿਛਲੇ ਹਿੱਸੇ ‘ਚ ਅੱਗੇ ਕਰਕੇ ਰੱਖ ਦਿੱਤੀਆਂ।
“ਲੰਮਾ ਪਾਓ, ਇਹਨੂੰ ਭੈਂ ਚੋਅ ਨੂੰ ਇਥੇ ਹੀ।” ਇਕ ਵਾਰ ਫਿਰ ਵੱਢਖਾਣੇ ਦੇ ਨੱਕ ‘ਚੋਂ ਠੂੰਹੇਂ ਡਿੱਗਣ ਲੱਗ ਪਏ ਸਨ।
“ਥਾਣੇ ਚੱਲ ਕੇ ਛਿੱਲਦੇ ਹਾਂ, ਜਨਾਬ।” ਇਕਬਾਲ ਨੇ ਥਾਣੇਦਾਰ ਨੂੰ ਕਿਹਾ ਤੇ ਗੋਧੇ ਨੂੰ ਧੱਕਾ ਮਾਰ ਕੇ ਬੋਲਿਆ, “ਚੜ੍ਹ ‘ਤਾਂਹ, ਬੈਠ ਉਏ ਚੜ੍ਹੰਮੇ ਗੱਡੀ ‘ਚ।”
ਅਸੀਂ ਦੋਵੇ ਉਹਨੂੰ ਲੈ ਕੇ ਪਿੱਛੇ ਬਹਿ ਗਏ।
“ਧਿਆਨ ਨਾਲ ਰਹੀਂ, ਕੋਈ ਗੱਲ ਹੋਈ ਤਾਂ ਘੰਟੀ ਮਾਰ ਦੇਈਂ, ਹੁਣੇ ਆਉਂਦੈ ਕੈਂਟਰ।” ਦੇਵ ਨੂੰ ਤਾਗ਼ੀਦ ਕਰਕੇ ਥਾਣੇਦਾਰ ਜਿਪਸੀ ‘ਚ ਅੱਗੇ ਜਾ ਬੈਠਾ।
ਗੱਡੀ ਸੇਮ ਨਾਲੇ ਦਾ ਧੂੜ ਭਰਿਆ ਰਾਹ ਛੱਡ ਕੇ ਪੱਕੀ ਸੜਕ ਪੈ ਗਈ।
“ਕੰਜਰ ਦਿਓ ਪੁੱਤੋ, ਕਿਉਂ ਐਹੋ ਜਿਹੇ ਕੁੱਤੇ ਕੰਮ ਕਰਦੇ ਹੁੰਦੇ ਓ।” ਇਕਬਾਲ ਨੇ ਗੋਧੇ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆ।
“ਮਾਲ ਤਾਂ ਉਹਨਾਂ ਦਾ ਈ ਐ ਜੀ। ਸੀਰੇ ਸਰਪੰਚ ਕਾ ਜੀ। ਮੈਨੂੰ ਤਾਂ ਦਿਹਾੜੀ ਦਿੰਦੇ ਆ ਜੀ।” ਉਹ ਸੱਚੋ-ਸੱਚ ਬਕ ਗਿਆ।
“ਆਪ ਤਾਂ ਸੁੱਕੇ ਨਿਕਲ ਗਏ…ਤੈਨੂੰ ਠੇਕੇਦਾਰ ਬਣਾਇਆ ਪਿਐ।” ਮੈਂ ਥੋੜ੍ਹੇ ਜਿਹੇ ਕੁੂਲ਼ੇ ਸ਼ਬਦ ਬੋਲੇ।
ਉਸ ਦੀ ਗੱਲ ਸੁਣਨ ਉਪਰੰਤ ਮੈਨੂੰ ਉਸ ਨਾਲ ਹਮਦਰਦੀ ਹੋ ਰਹੀ ਸੀ। ਉਸ ਵੱਲ ਵੇਖ ਕੇ ਮੈਂ ਮਹਿਸੂਸ ਕਰ ਰਿਹਾ ਸਾਂ; ਜਿਵੇਂ-ਜਿਵੇਂ ਥਾਣੇ ਦੀ ਵਾਟ ਮੁੱਕਦੀ ਜਾ ਰਹੀ ਸੀ, ਉਵੇਂ-ਉਵੇਂ ਉਸ ਦੇ ਚਿਹਰੇ ‘ਤੇ ਡਰ ਦਾ ਪਰਛਾਵਾਂ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਸੀ…।ਤੇ ਮੈਂ ਸੋਚ ਰਿਹਾ ਸਾਂ, ‘ਬੇਕਾਰੀ ਦੀ ਮਾਰੀ ਜਵਾਨੀ ਕਿਹੋ ਜਿਹੇ ਕੰਮਾਂ ਦੇ ਰਾਹ ਪਈ ਹੋਈ ਹੈ? ਇਹ ਗੋਧਾ ਵੀ ਬੇਕਾਰਾਂ ਦੀ ਧਾੜ ਦਾ ਇੱਕ…।’
“ਸਰਦਾਰ ਜੀ ਤੁਹਾਡਾ ਪਿੰਡ ਕਿਹੜੈ?” ਉਸਨੇ ਮੇਰੀ ਸੋਚ ਦੀ ਲੜੀ ਤੋੜਦਿਆਂ, ਬੱਝੀਆਂ ਬਾਹਾਂ ਵਾਲੇ ਮੋਢਿਆਂ ਨੂੰ ਇਸ ਤਰ੍ਹਾਂ ਸੰਗੋੜਿਆ, ਜਿਵੇਂ ਉਹ ਹੱਥ ਜੋੜ ਕੇ ਪੁੱਛਣਾ ਚਾਹੁੰਦਾ ਹੋਵੇ।
“ਕਿਉਂ, ਤੂੰ ਸਾਕ ਕਰਨੈ ਸਰਦਾਰ ਜੀ ਨੂੰ ?” ਮੇਰੇ ਬੋਲਣ ਤੋਂ ਪਹਿਲਾਂ ਹੀ ਇਕਬਾਲ ਬੋਲ ਉੱਠਿਆ।
ਇਕਬਾਲ ਦੀ ਇਸ ਨਸ਼ਤਰੀ ਚੋਭ ਨੇ ਉਸ ਨੂੰ ਪਤਾ ਨਹੀਂ ਕਿੰਨਾ ਕੁ ਵਿੰਨ੍ਹ ਦਿੱਤਾ ਹੋਵੇਗਾ, ਉਸ ਦੀਆਂ ਅੱਖਾਂ ‘ਚੋਂ ਪਰਲ-ਪਰਲ ਅੱਥਰੂ ਵਹਿ ਤੁਰੇ। ਉਸ ਦੇ ਚਿਹਰੇ ‘ਤੇ ਪੀੜ ਹੀ ਪੀੜ ਉੱਕਰੀ ਪਈ ਸੀ। ਇੱਕ ਵਾਰ ਉਸ ਦੇ ਬੁੱਲ੍ਹ ਫ਼ਰਕੇ , ਜਿਵਂੇ ਉਹ ਕੁਝ ਕਹਿਣਾ ਤਾਂ ਚਾਹੁੰਦਾ ਹੋਵੇ ਪਰ ਜੀਭ ਸਾਥ ਨਾ ਦੇ ਰਹੀ ਹੋਵੇ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਉਹ ਬਹੁਤ ਹੀ ਦੁਖ਼ਦਾਈ ਮਾਨਸਿਕ ਪੀੜ ‘ਚੋਂ ਲੰਘ ਰਿਹਾ ਸੀ। ਇਕ ਅਜਿਹੀ ਪੀੜ, ਜਿਸ ਨੂੰ ਉਹ ਬੋਲ ਕੇ ਨਹੀਂ ਸੀ ਦੱਸ ਸਕਦਾ, ਸਿਰਫ਼ ਉਸ ਦੇ ਚਿਹਰੇ ਤੋਂ ਹੀ ਪੜ੍ਹੀ ਜਾ ਸਕਦੀ ਸੀ।
“ਕਿਉਂ? ਤੂੰ ਪਿੰਡ ਪੁੱਛ ਕੇ ਕੀ ਲੈਣੈ ?” ਮੈਂ ਧਰਵਾਸ ਦੇਣ ਵਾਲੇ ਬੋਲੀਂ ਉਹਨੂੰ ਪੁੱਛਿਆ।
“ਮੈਂ ਸੋਚਦਾ ਸੀ ਜੀ, ਮੈਨੂੰ ਭੁਲੇਖਾ ਨਾ ਲੱਗਦਾ ਹੋਵੇ।” ਉਹ ਬੋਲਿਆ , ਪਰ ਸ਼ਬਦ ਬੇਜ਼ਾਨ ਜਿਹੇ ਸਨ, ਬੇਬਸੀ ਦੇ ਮਾਰੇ ਹੋਏ।
ਮੈਂ ਅਜੇ ਪਿੰਡ ਦਾ ਨਾਂ ਲੈਣ ਹੀ ਵਾਲਾ ਸਾਂ ਕਿ ਉਹ ਫਿਰ ਬੋਲਿਆ, “ਤੁਹਾਡਾ ਪਿੰਡ ਦੀਪ ਸਿੰਘ ਵਾਲੈ ਨਾ ਜੀ ?”
“ਹਾਂਅ…।” ਮੈਂ ਉਸ ਵੱਲ ਗਹੁ ਨਾਲ ਵੇਖ ਕੇ ਕਿਹਾ।
“ਬਾਈ ਜੀ ਮੈਨੂੰ ਥਾਣੇ ਲਿਜਾ ਕੇ ਮਾਰਿਓ ਨਾ, ਮੇਰੀ ਮਿੰਨਤ ਐ।”
ਉਹ ਸਰਦਾਰ ਜੀ ਤੋਂ ਬਾਈ ਜੀ ‘ਤੇ ਆ ਗਿਆ ਸੀ। ਉਹਦੇ ਬੋਲਾਂ ‘ਚ ਇੱਕ ਖਾਸ ਕਿਸਮ ਦਾ ਤਰਲਾ ਸੀ।
“ਕਿਉਂ ਲੌਢਾ ਸਾਲਾ ਲੱਗਦੈਂ; ਬਈ ਤੈਨੂੰ ਮਾਰੀਏ ਨਾ। ਉਦੋਂ ਗਲਤ ਕੰਮ ਕਰਨ ਲੱਗਿਆਂ ਸੋਚ ਲਿਆ ਕਰੋ।” ਇਕਬਾਲ ਉਹਦੇ ਪੋਲੀ ਜਿਹੀ ਚਪੇੜ ਮਾਰ ਗਿਆ। ਉਹਨੇ ਕਸੀਸ ਵੱਟੀ। ਉਹਦਾ ਚਿਹਰਾ ਇਕ ਵਾਰ ਫਿਰ ਪੀੜੋ-ਪੀੜ ਹੋ ਗਿਆ ਸੀ। ਉਹ ਡਰਦਾ-ਡਰਦਾ ਮੇਰੇ ਵੱਲ ਤੱਕਦਿਆਂ ਬੋਲਿਆ, ”ਬਾਈ ਜੀ ਮੈਂ ਤੁਹਾਡੇ ਪਿੰਡ ਵਿਆਹਿਆ ਹੋਇਆਂ।” ਇਹ ਕਹਿੰਦਿਆਂ ਹੀ ਉਹਦੀਆਂ ਅੱਖਾਂ ਡੁੱਬ-ਡੁਬਾ ਗਈਆਂ। ਹੰਝੂ ਛੱਲ ਵਾਂਗ ਨਿੱਕਲ ਆਏ ਸਨ।
“ਤੂੰ ਇਹਨੂੰ ਸਾਲਾ ਦੱਸਦੈਂ; ਇਹ ਤਾਂ ਭਣੋਈਆ ਬਣਿਆ ਬੈਠੈ।” ਮੈਂ ਇਕਬਾਲ ਵੱਲ ਤੱਕਦਿਆਂ ਕਿਹਾ। ਅੰਦਰੇ-ਅੰਦਰ ਮੈਂ ਰੱਬ ਦਾ ਸ਼ੁਕਰ ਕਰ ਰਿਹਾ ਸਾਂ ਕਿ ਮੈਂ ਇੱਕ ਵਾਰ ਵੀ ਉਹਦੇ ‘ਤੇ ਹੱਥ ਨਹੀਂ ਸੀ ਚੁੱਕਿਆ ਅਤੇ ਨਾ ਹੀ ਕੋਈ ਗਾਲ੍ਹ-ਦੁੱਪੜ ਕੱਢੀ ਸੀ।
“ਸੰਭਾਲ ਫਿਰ ਰਿਸ਼ਤੇਦਾਰ ਨੂੰ; ਥਾਣੇ ਚੱਲ ਕੇ ਖੰਡ-ਘਿਓ ਪਾ ਕੇ ਸੇਵਾ ਕਰ ਦੇਈਂ। ਦਾਰੂ ਤਾਂ ਨਾਲ ਹੀ ਲੈ ਚੱਲਿਅਂੈ।” ਇਕਬਾਲ ਮੈਨੂੰ ਛੇੜਨ ਦੇ ਰੌਂਅ ‘ਚ, ‘ਖੰਡ-ਘਿਓ’ ਸ਼ਬਦ ‘ਤੇ ਜ਼ਿਆਦਾ ਬਲ ਦੇ ਕੇ ਬੋਲਿਆ।
“ਕਿੰਨ੍ਹਾਂ ਦੇ ਵਿਆਹਿਐਂ?” ਇਕਬਾਲ ਦੀ ਟਿੱਚਰ ਦਾ ਜਵਾਬ ਦੇਣ ਦੀ ਥਾਂ, ਮੈਂ ਖੁਰਾ-ਖੋਜ ਕੱਢਣ ਲਈ ਉਹਨੂੰ ਪੁੱਛਿਆ।
“ਚੰਦ ਕੇ ਜੀ।” ਕਹਿੰਦਿਆਂ ਉਹ ਨੀਵੀਂ ਪਾ ਗਿਆ।
“ਨੰਦੂ ਦਾ ਭਰਾ ਐ ਜਿਹੜਾ ?” ਕਹਿੰਦਿਆਂ, ਅਪਣੇ-ਆਪ ਹੀ ਮੇਰਾ ਸੱਜਾ ਹੱਥ ਉਹਦੇ ਮੋਢੇ ‘ਤੇ ਜਾ ਟਿਕਿਆ ਸੀ।
“ਹਾਂ ਜੀ, ਉਹਨਾਂ ਦੇ ਈ। ਸ਼ਿੰਦਰਪਾਲੇ ਕੇ ਜੀ।” ਗੋਧੇ ਨੇ ਸ਼ਿੰਦਰਪਾਲ ਦਾ ਨਾਂ ਥੋੜ੍ਹਾ ਜਿਹਾ ਉੱਚੀ ਕਰਕੇ ਲਿਆ ।
“ਤੇਰੇ ਘਰੇ ਕਿਹੜੀ ਕੁੜੀ ਐ- ਭੰਤੋ ਕਿ ਕੰਮੋ?”
“ਭੰਤੋ ਆ ਜੀ…। ਸਰਦਾਰ ਜੀ ਮਿੰਨਤ ਆ ਜੀ। ਮੈਨੂੰ ਕੁੱਟਿਓ ਨਾ ਜੀ।” ਉਹਨੇ ਸਾਡੇ ਦੋਹਾਂ ਵੱਲ ਵਾਰੀ-ਵਾਰੀ ਵੇਖਿਆ।
ਉਹ ਤਰਲ ਹੋਇਆ ਪਿਆ ਸੀ। ਅੱਥਰੂ ਉਸਦੀਆਂ ਅੱਖਾਂ ‘ਚੋਂ ਇੱਕਦਮ ਵਹਿ ਤੁਰੇ ਸਨ। ਉਹ ਮੋਢਿਆਂ ਨੂੰ ਵੀ ਪਹਿਲਾਂ ਵਾਂਗ ਹੀ ਸੁੰਗੇੜ ਰਿਹਾ ਸੀ।
“ਤੂੰ ਤਾਂ ਬਾਈ ਦਾ ਰਿਸ਼ਤੇਦਾਰ ਨਿਕਲ ਆਇਐਂ। ਹੁਣ ਇਹ ਤੈਨੂੰ ਕਿਵੇਂ ਮਾਰ ਸਕਦੈ ? ਉਲਟਾ ਤੇਰੀ ਸੇਵਾ ਕਰੂਗਾ।” ਇਕਬਾਲ ਮੈਨੂੰ ਛੇੜਨ ਦੇ ਰੌਂਅ ‘ਚ ਉਹਨੂੰ ਟਿੱਚਰਾਂ ਕਰਨ ਲੱਗ ਪਿਆ। ਨਾਲ ਹੀ ਮੇਰੇ ਵੱਲ ਵੇਖ ਕੇ ਹੱਸਦਾ ਹੋਇਆ ਆਦਤਨ ਮੁੱਛ ਨੂੰ ਮਰੋੜਾ ਦਿਂੰਦਾ ਹੋਇਆ, ਇੱਕ ਵਾਲ ਵੀ ਪੁੱਟ ਗਿਆ।
ਚੰਦ ਤੇ ਨੰਦੂ ਦੋ ਭਰਾ ਹਨ। ਇਹਨਾਂ ਦਾ ਪਿਓ ਕੁੰਦਨ ਸਿੰਘ – ਜਿਹਨੂੰ ਸਾਰੇ ਕੁੰਦੂ ਹੀ ਕਹਿੰਦੇ ਸਨ; ਪਾਕਿਸਤਾਨੋਂ ਉੱਜੜ ਕੇ ਆਉਂਦਿਆਂ, ਸਾਡੇ ਪਰਿਵਾਰ ਦੇ ਨਾਲ ਹੀ ਇਥੇ ਦੀਪ ਸਿੰਘ ਵਾਲੇ ਆ ਬੈਠੇ ਸਨ। ਇਹ ਪਿੰਡ ਮੇਰੇ ਪਿਤਾ ਜੀ ਦੇ ਨਾਨਕਿਆਂ ਦਾ ਪਿੰਡ ਹੈ ਅਤੇ ਚੰਦ ਤੇ ਨੰਦੂ ਦੇ ਨਾਨਕੇ ਵੀ ਇਥੇ ਹੀ ਹਨ। ਮੇਰੀ ਦਾਦੀ ਹੀ ਇਨ੍ਹਾਂ ਦੀ ਮਾਂ ਆਸੋ ਦਾ ਸਾਕ ਅਪਣੇ ਪੇਕਿਆਂ ਤੋਂ ਕੁੰਦਨ ਊਰਫ ਕੁੰਦੂ ਨੂੰ ਲੈ ਕੇ ਗਈ ਸੀ। ਕੁੰਦਨ ਉਥੇ ਮੇਰੇ ਦਾਦਾ ਜੀ ਦਾ ਸੀਰੀ ਹੁੰਦਾ ਸੀ। ਪਿਤਾ ਜੀ ਹੁਰਾਂ ਵਾਂਗ ਉਜਾੜੇ ਵੇਲੇ ਚੰਦ ਤੇ ਨੰਦੂ ਵੀ ਅਜੇ ਗੱਭਰੂ ਨਹੀਂ ਸਨ ਹੋਏ। ਇੱਥੇ ਆ ਕੇ ਨੰਦੂ ਪਹਿਲਾਂ ਸਾਡਾ ਛੇੜੂ ਹੁੰਦਾ ਸੀ। ਫਿਰ ਅਪਣੇ ਪਿਓ ਕੁੰਦੂ, ਦੀ ਮੌਤ ਤੋਂ ਬਾਅਦ ਉਹ ਕਈ ਵਰ੍ਹੇ ਸਾਡਾ ਸੀਰੀ ਰਿਹਾ ਸੀ। ਮੇਰੇ ਜਮਾਤੀ ਰਹੇ ਉਹਦੇ ਇੱਕੋ-ਇੱਕ ਮੁੰਡੇ ਸ਼ਿੰਦਰਪਾਲ ਨੂੰ, ਦਸਵੀਂ ਪਾਸ ਕਰਨ ਤੋਂ ਬਾਅਦ ਪਿਤਾ ਜੀ ਨੇ ਜਤਨ ਕਰਕੇ ਫੌਜ ‘ਚ ਭਰਤੀ ਕਰਵਾ ਦਿੱਤਾ ਸੀ। ਚੰਦ ਦੀਆਂ ਦੋ ਕੁੜੀਆਂ ਹੀ ਸਨ; ਭੰਤੋ ਤੇ ਕੰਮੋ। ਉਹ ਅਪਣੀ ਮਾਂ ਪੰਜਾਬੋ ਨਾਲ ਸਾਡਾ ਗੋਹਾ-ਕੂੜਾ ਕਰਦੀਆਂ ਰਹੀਆਂ ਸਨ। ਮੈਂ ਚੰਦ ਨੂੰ ਚਾਚਾ ਤੇ ਨੰਦੂ ਨੂੰ ਤਾਇਆ ਕਹਿੰਦਾ ਹਾਂ। ਉਹ ਦੋਵੇਂ ਮੈਨੂੰ ਭਤੀਜ ਸਾਹਬ ਕਹਿਕੇ ਬਲਾਉਂਦੇ ਹਨ।
“ਤੂੰ ਆਪਣਾ ਨਾਂ ਕੀ ਦੱਸਿਆ ਸੀ ?” ਮੈਂ ਅਪਣੀ ਸੁਰਤੀ ਭੁਆ ਕੇ ਉਸਨੂੰ ਹੌਲ਼ੀ ਜਿਹੀ ਝੰਜੋੜਦਿਆਂ ਪੁੱਛਿਆ।
“ਇਥੇ ਤਾਂ ਮੇਰਾ ਨਾਂ ਗੋਧਾ ਈ ਆ ਜੀ। ਊਂ ਤੁਹਾਡੇ ਪਿੰਡ ਵਾਲਿਆਂ ਮੇਰਾ ਨਾਂ ਗੁਰਧੀਰ ਸਿੰਘ ਰੱਖਿਆ ਹੋਇਐ ਜੀ।” ਉਹ ਜ਼ਰਾ ਟਹਿਕਰੇ ‘ਚ ਹੋ ਕੇ ਬੋਲਿਆ ਸੀ।
“ਥਾਣੇਦਾਰ ਨੂੰ ਤਾਂ ਤੂੰ ਆਪਣਾ ਇਹ ਨਾਂ ਦੱਸਿਆ ਨਹੀਂ ਸੀ। ਹੁਣ ਰਿਸ਼ਤੇਦਾਰ ਨੂੰ ਭੁੱਟ-ਭੁੱਟ ਦੱਸੀ ਜਾਨੈ।” ਇਕਬਾਲ ਮਸ਼ਕਰੀ ਕਰਦਾ ਇਕ ਹੋਰ ਕੋਕਾ ਜੜ ਗਿਆ।
“ਨਹੀਂ ਜੀ, ਬਾਈ ਜੀ; ਇਹਨਾਂ ਤੋਂ ਕੀ ਲੁਕੋਅ ਐ।” ਗੋਧਾ ਹੁਣ ਕੁਝ ਹੌਸਲਾ ਫੜ੍ਹ ਗਿਆ ਸੀ। ਲੱਗਦਾ ਸੀ, ਉਸ ਦਾ ਡਰ ਵੀ ਕੁਝ ਘੱਟ ਹੋ ਗਿਆ ਸੀ।
ਇੱਕ ਪਲ ‘ਚ ਹੀ ਮੈਂ ਬੜਾ ਕੁਝ ਸੋਚ ਗਿਆ ਸਾਂ; ‘ਇਹ ਗੱਲ ਪਿੰਡ ਵੀ ਜਾਊਗੀ। ਬੇਸ਼ੱਕ ਉਹ ਛੋਟੀ ਜਾਤੀ ਦਾ ਪ੍ਰੀਵਾਰ ਹੈ ਪਰ ਉਨ੍ਹਾਂ ਨਾਲ ਸਾਡੀ ਤਿੰਨ ਪੀੜ੍ਹੀਆਂ ਦੀ ਸਾਂਝ ਹੈ; ਚਲੋ ਸਾਂਝ ਨਾ ਵੀ ਹੋਵੇ, ਪਿੰਡ ਦਾ ਤਾਂ ਪ੍ਰਾਹੁਣੈ ਨਾ, ਜੁਆਈ ਭਾਈ, ਲੋਕਾਂ ਨੇ ਕਹਿਣੈ-ਛੱਬੀ ਵਾਲਿਆਂ ਦੇ ਅਜੀਤਪਾਲ ਨੇ ਚੰਦ ਕੇ ਪ੍ਰਾਹੁਣੇ ‘ਤੇ ਭੱਠੀਆਂ ਪਾ ਦਿੱਤੀਐਂ…।’ ਲਹਿੰਦੇ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦਾ ਚੱਕ ਨੰਬਰ ਛੱਬੀ, ਸਾਡਾ ਪਿੰਡ ਹੋਣ ਕਰਕੇ ਪਿੰਡ ‘ਚ ਸਾਰੇ ਸਾਨੂੰ ‘ਛੱਬੀ ਵਾਲੇ’ ਹੀ ਕਹਿੰਦੇ ਸਨ।
ਜਿਪਸੀ ਅਪਣੀ ਚਾਲੇ ਚੱਲ ਰਹੀ ਸੀ। ਜਿਉਂ-ਜਿਉਂ ਥਾਣਾ ਨੇੜੇ ਆ ਰਿਹਾ ਸੀ, ਮੈਂ ਧਰਮ-ਸੰਕਟ ‘ਚ ਹੋਰ ਜਕੜਿਆ ਜਾ ਰਿਹਾ ਸਾਂ। ਅੰਤਰ-ਮਨ ‘ਚ ਕਈ ਕੁਝ ਚੱਲ ਰਿਹਾਸੀ,’… ਨੌਕਰੀ… ਫਰਜ਼… ਪਿੰਡ ਦਾ ਪ੍ਰਾਹੁਣਾ…।’
ਪਲ ਵਿੱਚ ਹੀ ਮੈਂ ਫ਼ੈਸਲਾ ਕਰ ਲਿਆ।
“ਜੇ ਗੋਧਾ ਸਿੰਹਾਂ ਤੈਨੂੰ ਭਜਾ ਦੇਈਏ ਤਾਂ…।?” ਮੈਂ ਇਕਬਾਲ ਵੱਲ ਵੇਖ ਕੇ ਗੋਧੇ ਨੂੰ ਪੁੱਛਿਆ।
“ਫੇਰ ਤਾਂ ਬੜੀ ਮਿਹਰਬਾਨੀ ਜੀ; ਇਕ ਵਾਰੀ ਬਚਾ ਦਿਓ, ਫੜ੍ਹੀ ਦਾ ਮੈਂ ਹੈ ਨਹੀਂ।” ਉੁਸ ਨੇ ਅਪਣੇ ਮੋਢੇ ਫਿਰ ਉਸੇ ਤਰ੍ਹਾਂ ਸੰਗੋੜੇ ਜਿਵੇਂ ਉਹ ਹੱਥ ਜੋੜ ਰਿਹਾ ਹੋਵੇ। ਉਹ ਪੱਬਾਂ ਭਾਰ ਹੋ ਕੇ ਵੀ ਬਹਿ ਗਿਆ, ਜਿਵੇਂ ਦੌੜ ਸ਼ੁਰੂ ਕਰਨੀ ਹੋਵੇ।
“ਕਿਉਂ ਇਕਬਾਲ?” ਮੈਂ ਇਕਬਾਲ ਦੀ ਰਾਇ ਜਾਨਣੀ ਚਾਹੁੰਦਾ ਸਾਂ।
“ਵੇਖ ਲੈ ਅਜੀਤਪਾਲ! ਕੰਮ ਟੇਢੈ। ਪੁੱਠੀ ਪਊਗੀ। ਇਹ ਭੈਣ ਦਾ ਦੁੱਗ ਐ ਪੂਰਾ।” ਇਕਬਾਲ ਨੇ ਜਿਪਸੀ ਦੀ ਮੂਹਰਲੀ ਸੀਟ ‘ਤੇ ਬੈਠੇ ਥਾਣੇਦਾਰ ਵੱਲ ਇਸ਼ਾਰਾ ਕਰਦਿਆਂ ਦੁਚਿੱਤੀ ਵਿਖਾਈ।
”ਵੇਖੀ ਜਾਊ, ਜਿਹੜੀ ਹੋਊਗੀ। ਪਿੰਡ ਦਾ ਪ੍ਰਾਹੁਣੈ। ਆਵਦੀ ਬੇਇੱਜ਼ਤੀ ਤਾਂ ਨਹੀਂ ਕਰਾਉਣੀ। ਪਿੰਡ ਵਾਲਿਆਂ ਤਾਂ ਊਂਈ ਨਹੀਂ ਛੱਡਣਾ…ਬਈ …।” ਮੈਂ ਅਪਣਾ ਸੱਜਾ ਹੱਥ ਹਿੱਕ ‘ਤੇ ਰੱਖ ਕੇ ਕਹਿ ਗਿਆ।
“ਸੋਚ ਲੈ… ਚੰਗੀ ਤਰ੍ਹਾਂ।” ਇਕਬਾਲ ਨੇ ਫਿਰ ਸਮਝੌਤੀ ਦਿੱਤੀ।
“ਸੋਚ ਲਿਐ।” ਮੈਂ ਅਪਣੀ ਦ੍ਰਿੜਤਾ ਵਿਖਾਈ।
ਮੇਰੇ ਏਨਾ ਕਹਿਣ ‘ਤੇ ਗੋਧਾ ਮੇਰੇ ਵੱਲ ਵੇਖ ਕੇ ਮਾੜਾ ਜਿਹਾ ਹੱਸਿਆ। ਕਾਲੇ ਬੁੱਲ੍ਹਾਂ ਵਿੱਚੋਂ ਉਹਦੇ ਚਿੱਟੇ ਦੰਦ ਲਿਸ਼ਕ ਪਏ ਸਨ।
ਥਾਣਾ ਅਜੇ ਦੋ ਕੁ ਮੀਲ ਰਹਿੰਦਾ ਸੀ, ਪਰ ਜਿਪਸੀ ਹੌਲ਼ੀ ਹੋ ਗਈ।ਅੱਗੋਂ ਆਉਂਦਾ ਕੈਂਟਰ, ਹੌਲ਼ੀ ਹੋਈ ਜਿਪਸੀ ਨੂੰ ਵੇਖ ਕੇ ਸੜਕੋਂ ਕੱਚੇ ਲਹਿ ਕੇ ਰੁਕ ਗਿਆ ਸੀ।ਜਿਪਸੀ ਕੈਂਟਰ ਦੇ ਬਰਾਬਰ ਆ ਰੁਕੀ।
“ਐਧਰ ਮੇਰੇ ਵੱਲ ਆ।” ਕੈਂਟਰ ‘ਚੋਂ ਉਤਰਦੇ ਤੀਰਥ ਡਰਾਈਵਰ ਨੂੰ ਥਾਣੇਦਾਰ ਜਿਪਸੀ ਦੇ ਅੰਦਰੋਂ ਹੀ ਬੋਲਿਆ।
ਤੀਰਥ, ਥਾਣੇਦਾਰ ਦੇ ਨੇੜੇ ਆ, ਸਲੂਟ ਮਾਰ ਕੇ ਬੋਲਿਆ, “ਦੱਸੋ ਸਾਅਬ ?”
“ਖੁੰਦਰਾਂ ਵਾਲੇ ਪੁਲ ‘ਤੇ ਜਾ ਕੇ ਖੱਬੇ ਮੁੜ ਜਾਈਂ। ਛੇ-ਸੱਤ ਕਿੱਲੇ ਅਗਾਂਹ ਦੇਵ ਖੜ੍ਹਾ ਹੋਊਗਾ, ਸਾਰਾ ਮਾਲ ਧਿਆਨ ਨਾਲ ਲੱਦ ਕੇ ਲਿਆਇਓ, ਗਰਮ ਹੋਊਗਾ, ਡੁੱਲਣ ਵੀਟ੍ਹਣ ਤੋਂ ਬਚਾ ਕੇ…।” ਥਾਣੇਦਾਰ ਨੇ ਉਸ ਨੂੰ ਸਭ ਕੁਝ ਸਮਝਾ ਦਿੱਤਾ।
“ਠੀਕ ਐ ਜੀ।” ਤੀਰਥ ਨੇ ਸਲੂਟ ਮਾਰਨ ਲਈ ਸੱਜਾ ਹੱਥ ਚੁੱਕਿਆ।
“ਅੱਛਾ! ਐਂ ਕਰ, ਪਿੱਛੋਂ ਜਿਪਸੀ ‘ਚੋਂ ਵੱਡੀ ਕੇਨੀ ਚੁੱਕ ਲਾ, ਅੱਗੇ ਰੱਖ ਲਾ, ਮੁੜਦਾ ਅਪਣੇ ਘਰੇ, ਕਵਾਟਰ ‘ਚ ਰੱਖ ਆਈਂ, ਚੰਗੀ ਬਣੀ ਲੱਗਦੀ ਐ।” ਥਾਣੇਦਾਰ ਤੀਰਥ ਨੂੰ ਹਿਦਾਇਤ ਦਿੰਦਿਆਂ,ਨਿੱਕੀਆਂ-ਨਿੱਕੀਆਂ ਮੁੱਛਾਂ ‘ਚੋਂ ਮੁਸਕਰਾਇਆ ਤੇ ਅਪਣੀ ਜੀਭ ਵੀ ਬੁੱਲ੍ਹਾਂ ‘ਤੇ ਫੇਰ ਗਿਆ।
“ਠੀਕ ਐ ਸਰ।” ਕਹਿ ਕੇ ਤੀਰਥ ਜਿਪਸੀ ਦੇ ਪਿਛਲੇ ਪਾਸੇ ਵੱਲ ਨੂੰ ਅਹੁਲਿਆ।
“ਸੁਣਾਅ ਇਕਬਾਲ! ਫੜ ਲਿਆਂਦਾ ਮੁਰਗਾ? ਹਾਅ ਕੈਨੀ ਫੜਾ ਵੱਡੀ।” ਤੀਰਥ ਕੇਨੀ ਵੱਲ ਹੱਥ ਵਧਾਉਂਦਾ ਬੋਲਿਆ।
“ਇਹ ਤਾਂ ਬਾਈ ਦਾ ਰਿਸ਼ਤੇਦਾਰ ਕਰਕੇ ਲਿਆਂਦੈ।” ਇਕਬਾਲ ਦਸ ਲੀਟਰ ਵਾਲੀ ਕੇਨੀ ਤੀਰਥ ਵੱਲ ਕਰਦਾ, ਹੱਸਦਿਆਂ ਬੋਲਿਆ। ਸ਼ਰਾਰਤ ਉਸਦੀਆਂ ਅੱਖਾਂ ‘ਚੋਂ ਡੁੱਲ੍ਹ ਰਹੀ ਸੀ।
“ਛੇਤੀ ਆ ਜਾਇਓ, ਦੇਰ ਨਾ ਲਾਇਓ।” ਥਾਣੇਦਾਰ ਨੇ ਤੀਰਥ ਨੂੰ ਕਿਹਾ, ਪਰ ਉਹ ਜਵਾਬ ਦੇਣ ਦੀ ਥਾਂ, ਕੇਨੀ ਅੰਦਰ ਰੱਖ ਕੇ, ਕੈਂਟਰ ‘ਚ ਚੜ੍ਹ ਗਿਆ।
ਜਿਪਸੀ ਤੁਰ ਪਈ। ਮੇਰੇ ਮਨ ‘ਚ ਸਿਰਫ਼ ਇਕੋ ਗੱਲ ਆ ਰਹੀ ਸੀ ਕਿ ਗੋਧੇ ਨੂੰ ਭਜਾਇਆ ਕਿਵੇਂ ਜਾਏ ?
……ਤੇ ਥਾਣੇਦਾਰ ਵੱਲੋਂ ਫੜ੍ਹੀ ਦੇਸੀ ਸ਼ਰਾਬ ਦੀ ਕੇਨੀ ਤੀਰਥ ਨੂੰ ਚੁਕਾ ਕੇ ਅਪਣੇ ਕੁਆਟਰ ‘ਚ ਰੱਖਣ ਵਾਲੀ ਗੱਲ ਵੀ ਮੈਨੂੰ ਚੁਭਣ ਲੱਗ ਪਈ ਸੀ…।ਤੇ ਜਦੋਂ ਦਾ ਮੈਨੂੰ ਪਤਾ ਲੱਗਿਆ ਸੀ ਕਿ ਇਹ ਭੰਤੋ ਦਾ ਘਰ ਵਾਲਾ-ਮੇਰੇ ਪਿੰਡ ਦਾ ਪ੍ਰਾਹੁਣਾ ਹੈ -ਉਦੋਂ ਤੋਂ ਹੀ ਥਾਣੇਦਾਰ ਵੱਲੋਂ ਕੀਤੀ, ਉਸਦੀ ਬੇਇੱਜ਼ਤੀ ਵੀ ਮੇਰੇ ਮਨ ‘ਚ ਰੜਕ ਰਹੀ ਸੀ। ਵਾਰ-ਵਾਰ ਇਕੋ ਗੱਲ ਦਿਮਾਗ਼ ‘ਚ ਆ ਰਹੀ ਸੀ-ਪਿੰਡ ਦਾ ਪ੍ਰਾਹੁਣਾ, ਥਾਣੇਦਾਰ ਵੱਲੋਂ ਕੁੱਟ-ਮਾਰ, ਗਾਲ੍ਹੀ-ਗਲੋਚ, ਸ਼ਰਾਬ ਦੀ ਕੇਨੀ ੁ ਤੀਰਥ ਚੰਦ ੁ ਭੰਤੋ ੁ ਗੋਧਾ ।ਜਿਵੇਂ-ਜਿਵੇਂ ਥਾਣਾ ਨੇੜੇ ਆ ਰਿਹਾ ਸੀ, ਮੇਰਾ ਧਰਮ-ਸੰਕਟ ਹੋਰ ਡੂੰਘਾ, ਹੋਰ ਡੂੰਘੇਰਾ ਹੁੰਦਾ ਜਾ ਰਿਹਾ ਸੀ।’…ਇਹਨੂੰ ਭਜਾ ਦਿੱਤਾ ਜਾਏ? ‘ਫਰਜ਼… ਨੌਕਰੀ… ਪੇਸ਼ੀ… ਕੇਸ… ਸਜ਼ਾ……।’
“ਵੇਖੀ ਜਾਊ…।” ਜਿਉਂ ਹੀ ਆਪ-ਮੁਹਾਰੇ ਮੇਰੇ ਮੂੰਹੋਂ ਉੱਚੀ ਸਾਰੀ ਇਹ ਸ਼ਬਦ ਨਿਕਲੇ, ਇਕਬਾਲ ਤੇ ਗੋਧੇ ਨੇ ਮੇਰੇ ਵੱਲ ਨੀਝ ਲਾ ਕੇ ਦੇਖਿਆ ।
“ਸੁਣ ਲਾ ਮੇਰੀ ਗੱਲ, ਥਾਣੇ ‘ਚ ਵੜਨ ਤੋਂ ਪਹਿਲਾਂ ਬਾਜ਼ਾਰ ‘ਚ ਇੱਕ ਕੂਹਣੀ-ਮੋੜ ਆਉਂਦੈ, ਮੁੜਨ ਲੱਗਿਆਂ ਗੱਡੀ ਹੌਲ਼ੀ ਹੋਊਗੀ, ਛਾਲ ਮਾਰ ਕੇ ਭੱਜ ਜਾਈਂ, ਫੜ੍ਹਿਆ ਨਾ ਜਾਈਂ…।” ਗੋਧੇ ਨੂੰ ਸਮਝਾਉਦਿਆਂ ਮੈਂ ਉਸਦੀਆਂ ਮੁਸ਼ਕਾਂ ਦੀ ਗੰਢ ਥੋੜ੍ਹੀ ਜਿਹੀ ਢਿੱਲੀ ਕਰ ਦਿੱਤੀ।
“ਅਜੀਤਪਾਲ ਤੈਨੂੰ ਪੁੱਠੀ ਪੈ ਜਾਣੀ ਹੈ।” ਇਕਬਾਲ ਨੇ ਅੰਦਰੋਂ ਸਹਿਮਤੀ ਦਿਖਾਈ ਐਪਰ ਉਪਰੋਂ ਉਹ ਡਰ ਰਿਹਾ ਸੀ।
“ਵੇਖੀ ਜਾਊ, ਜਿਹੜੀ ਹੋਊਗੀ।” ਮੈਂ ਬੜੀ ਹੀ ਬੇਪ੍ਰਵਾਹੀ ਨਾਲ ਕਹਿ ਗਿਆ ਤੇ ਉਸ ਦੀਆਂ ਮੁਸ਼ਕਾਂ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤੀਆਂ। ਉਂਝ ਪਰਨਾ ਬਾਹਵਾਂ ਦੁਆਲੇ ਵਲਿਆ ਹੋਇਆ ਹੀ ਸੀ।
ਗੱਡੀ ਹੌਲ਼ੀ ਹੋਣ ਦੀ ਦੇਰ ਸੀ ਕਿ ਗੋਧਾ ਅਪਣਾ ਪਰਨਾ ਸੰਭਾਲਦਾ, ਛਾਲ ਮਾਰ ਕੇ ਭੱਜ ਨਿਕਲਿਆ। ਮੈਂ ਤੇ ਇਕਬਾਲ ਵੀ ਉਹਦੇ ਮਗਰ ਭੱਜ ਤੁਰੇ। ਜੇ ਫੜ੍ਹਨਾ ਹੀ ਹੁੰਦਾ ਤਾਂ ਉਸਨੂੰ ਭਜਾਇਆ ਹੀ ਕਿਉਂ ਜਾਂਦਾ? ਇਹ ਤਾਂ ਸਿਰਫ਼ ਇਕ ਨਾਟਕ ਸੀ। ਦੋ-ਚਹੁੰ ਮਿੰਟਾਂ ‘ਚ ਹੀ ਉਹ ਗਲੀਆਂ ਵਿੱਚ ਦੀ ਛੁਪਣ-ਛੂ ਹੋ ਗਿਆ ਸੀ…।ਤੇ ਅਸੀਂ ਦੋਵੇਂ ਹਫ਼ਦੇ ਹੋਏ ਪਰਤ ਆਏ ਸਾਂ। ਲਾਅਲਾ-ਲਾਅਲਾ ਹੋਣ ਤੋਂ ਬਾਅਦ ਥਾਣੇਦਾਰ ਤੇ ਅਸ਼ੋਕ ਵੀ ਕੁਝ ਕੁ ਦੂਰੀ ਤੱਕ ਸਾਡੇ ਮਗਰ ਆਏ ਸਨ, ਪਰ ਹੁਣ ਉਹ ਦੋਵੇਂ ਗੱਡੀ ਕੋਲ ਹੀ ਖੜ੍ਹੇ ਸਨ।
“ਦੱਲਿਓ ਭਜਾ ਤਾਂ ਨਾ…?” ਵੱਢਖਾਣਾ ਸਾਡੇ ਦੋਹਾਂ ਵੱਲ ਵੇਖ ਕੇ ਕੜਕਿਆ।
“ਅਸੀਂ ਨਹੀਂ ਭਜਾਇਆ, ਭੱਜ ਗਿਐ।” ਇਕਬਾਲ ਨੇ ਅਪਣੇ ਵੱਲੋਂ ਸਫਾਈ ਦਿੱਤੀ।
“ਉਹਦੀਆਂ ਮੁਸ਼ਕਾਂ ਕੱਸ ਕੇ ਬੰਨ੍ਹੀਆਂ ਹੋਈਆਂ ਸੀ, ਔਖਾ ਬੈਠਾ ਸੀ, ਕਹਿੰਦਾ ਥੋੜ੍ਹੀਆਂ-ਜਿਹੀਆਂ ਢਿੱਲੀਆਂ ਕਰ ਦਿਓ, ਕਰਤੀਆਂ, ਪਤਾ ਈ ਨੀਂ ਲੱਗਾ ਕਦੋਂ ਛਾਲ ਮਾਰ ਗਿਆ।” ਮੈਂ ਝੂਠ-ਸੱਚ ਰਲਾ ਕੇ ਕਿਹਾ।
“ਭਣੋਈਆ ਲੱਗਦਾ ਸੀ? ਮੁਸ਼ਕਾਂ ਢਿੱਲੀਆਂ ਕਰਨ ਲੱਗ ਪਿਆ।” ਥਾਣੇਦਾਰ ਫੁੰਕਾਰਿਆ।
“ ਮੂੰਹ ਸੰਭਾਲ ਕੇ ਬੋਲ – ਅਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ।’’ ਉਹਦੇ ਮੰਦਾ ਬੋਲਣ ਉਪਰੰਤ ਵੀ ਮੈਂ ਅਪਣੇ ਆਪ ਨੂੰ ਅਜੇ ਤੱਕ ਕਾਬੂ ‘ਚ ਰੱਖਿਆ ਹੋਇਆ ਸੀ।
“ਭੈਂ ਚੋਅ.. ਨਾਲੇ ਮੁਲਜ਼ਮ ਭਜਾ ਦਿੱਤਾ, ਨਾਲੇ .. ।’’
“ਖਲੋਅ ਕੁੱਤਿਆ ਬਾਹਮਣਾ…।” ਗਾਲ੍ਹ ਕੱਢਣ ਤੋਂ ਬਾਅਦ ਉਹ ਬਾਕੀ ਦਾ ਵਾਕ ਪੂਰਾ ਨਹੀਂ ਸੀ ਕਰ ਸਕਿਆ ਕਿ ਮੈਂ ਉਸ ਨੂੰ ਗਲਮਿਉਂ ਫੜ੍ਹ ਕੇ ਦੋ-ਤਿੰਨ ਘਸੁੰਨ ਜੜ ਦਿੱਤੇ।
ਅਸ਼ੋਕ ਤੇ ਇਕਬਾਲ ਨੇ ਬੇਸ਼ੱਕ ਉਹਦੇ ਗਲਮੇ ਨੂੰ ਮੇਰੇ ਹੱਥੋਂ ਛੁਡਾਅ ਦਿੱਤਾ ਸੀ, ਪਰ ਵੱਢਖਾਣੇ ਦੀ ਬੇਇੱਜ਼ਤੀ ਹੋਣ ਸਦਕਾ ਉਹ ਅੰਦਰੋਂ ਖੁਸ਼ ਸਨ।
ਕਿੰਨੀ ਦੇਰ ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ। ਵਾਹਵਾ ਸਾਰੀ ਭੀੜ ਵੀ ਤਮਾਸ਼ਾ ਵੇਖਣ ਲਈ ਜੁੜ ਗਈ ਸੀ। ਅਸ਼ੋਕ ਉਸਨੂੰ ਜਿਪਸੀ ‘ਚ ਬਹਾ ਕੇ ਲੈ ਗਿਆ ਅਤੇ ਮੈਂ ਤੇ ਇਕਬਾਲ ਮਗਰੇ-ਮਗਰ ਤੁਰ ਕੇ ਥਾਣੇ ਪਹੁੰਚ ਗਏ।
ਡਿਊੜੀ ਤੋਂ ਅੰਦਰ ਲੰਘਦਿਆਂ ਸਾਰ , ਸਾਹਮਣੇ ਕੁਰਸੀ ’ਤੇ ਬੈਠੇ ਵੱਡੇ ਥਾਣੇਦਾਰ ਸ਼ੇਰ ਸਿੰਘ ਦੀ ਆਵਾਜ਼ ਆਈ, ”ਅਜੀਤਪਾਲ! ਐਧਰ ਆ।”
ਥਾਣੇਦਾਰ ਵੱਢਖਾਣਾ ਵੀ ਡੱਡੋਲਿਕਾ ਜਿਹਾ ਹੋਇਆ, ਉਹਦੇ ਕੋਲ ਬੈਠਾ ਹੋਇਆ ਸੀ।
“ਤੂੰ ਮੁਲਜ਼ਮ ਭਜਾ ਦਿੱਤਾ?” ਸ਼ੇਰ ਸਿੰਘ ਨੇ ਕਹਿਣ ਵਾਂਗ ਪੁੱਛਿਆ।
”ਤੁਹਾਨੂੰ ਕੀਹਨੇ ਦੱਸਿਆ?” ਮੈਂ ਪੂਰੀ ਨਿੱਡਰਤਾ ਨਾਲ ਪੁੱਛਿਆ ।
ਮੈਨੂੰ ਸ਼ੇਰ iਂਸੰਘ ਥਾਣੇਦਾਰ ਤੋਂ ਭੋਰਾ ਭਰ ਵੀ ਜਕਾਅ ਨਹੀਂ ਸੀ, ਕਿਉਂਕਿ ਇੱਕ ਤਾਂ, ਕੁਝ ਦਿਨ ਪਹਿਲਾਂ ਹੀ ਉਸ ਦਾ ਵੱਡਾ ਐਸ.ਡੀ.ਓ. ਲੱਗਿਆ ਹੋਇਆ ਭਰਾ, ਅਪਣੀ ਜੇ.ਬੀ.ਟੀ. ਅਧਿਆਪਕਾ ਕੁੜੀ ਦਾ ਰਿਸ਼ਤਾ ਕਰਨ ਵਾਸਤੇ ਮੈਨੂੰ ਵੇਖ ਕੇ ਗਿਆ ਸੀ। ਸ਼ੇਰ ਸਿੰਘ ਹੀ ਉਸਨੂੰ ਲੈ ਕੇ ਆਇਆ ਸੀ। ਦੂਜਾ, ਉਹ ਸਿੱਧੜ ਜਿਹਾ ਸੀ, ਤੇਜ਼-ਤਰਾਰ ਪੁਲਸੀਆ ਨਹੀਂ ਸੀ। ਮੇਰਾ ਜੀਅ ਕਰਦਾ ਸੀ ਕਿ ਵੱਢਖਾਣੇ ਨੂੰ ਇਥੇ ਹੀ ਢਾਹ ਲਵਾਂ ਤੇ ਉਸਦੇ ਚੰਗੀ ਤਰ੍ਹਾਂ ਰਗੜਬਾਲੇ ਕੱਢਾਂ। ਲੱਗਦਾ ਸੀ, ਸ਼ੇਰ ਸਿੰਘ ਦੀ ਮੂਕ ਸਹਿਮਤੀ ਮੇਰੇ ਨਾਲ ਹੈ।
“ਇਹਨੇ ਦੱਸਿਐ।” ਸ਼ੇਰ ਸਿੰਘ ਨੇ ਵੱਢਖਾਣੇ ਵੱਲ ਇਸ਼ਾਰਾ ਕਰਕੇ ਕਿਹਾ।
“ਇਹਨੂੰ ਪਤਾ ਹੋਊਗਾ।” ਮੈਂ ਉੱਚੀ ਸਾਰੀ ਕਹਿ ਗਿਆ ਸਾਂ।
”ਤੂੰ ਗ਼ਲਤ ਕੰਮ ਕੀਤੈ। ਨਾਲੇ ਇਹਦੇ ਘਸੁੰਨ ਮਾਰੇ ਐ।”
“ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ। ਘਸੁੰਨ ਇਹਨੇ ਆਵਦੀ ਕਰਤੂਤ ਕਰਕੇ ਖਾਧੇ ਐ। ਇਹਨੇ ਮੈਨੂੰ ਗਾਲ੍ਹ ਕਿਵੇਂ ਕੱਢੀ? …ਭੈਂ ਚੋ…ਨੇ।” ਮੈਂ ਤਲਖ਼ ਹੋ ਗਿਆ ਸਾਂ। ਮੇਰੇ ਮੂੰਹੋਂ ਗਾਲ੍ਹ ਸੁਣ ਕੇ ਵੀ ਵੱਢਖਾਣਾ ਕੁਸਕਿਆ ਤੱਕ ਨਹੀਂ ਸੀ ।
ਮੇਰੇ ਬੋਲਣ ‘ਤੇ ਸ਼ੇਰ ਸਿੰਘ ਦੇ ਮੂੰਹ ‘ਤੇ ਮੁਸਕਣੀ ਜਿਹੀ ਆ ਗਈ। ਉਹ ਵੱਢਖਾਣੇ ਨਾਲ ਹੁੰਦੀ ਵੇਖ ਕੇ ਅੰਦਰਖਾਤੇ ਖੁਸ਼ ਹੋ ਰਿਹਾ ਸੀ। ਸ਼ੇਰ ਸਿੰਘ ਨੂੰ ਵੀ ਉਸ ‘ਤੇ ਰੰਜ ਰਹਿੰਦਾ ਸੀ ਕਿ ‘ਉਗਰਾਹੀ’ ਨੂੰ ਉਹ ਵੱਧ ਹੱਥ ਮਾਰ ਜਾਂਦਾ ਸੀ।
“ਅਜੀਤਪਾਲ ਗਾਲ੍ਹ ਨਹੀਂ ਕੱਢਣੀ…। ਇਹ ਐਫ.ਆਈ.ਆਰ. ਦਰਜ ਕਰਵਾਉਣ ਨੂੰ ਕਹਿੰਦੈ। ਮੈਂ ਐਸ.ਐਸ.ਪੀ. ਸਾਅਬ ਦੇ ਧਿਆਨ ‘ਚ ਲਿਆ ਦੇਣੀ ਐ ਸਾਰੀ ਗੱਲ।” ਥਾਣੇਦਾਰ ਨੇ ਵੱਢਖਾਣੇ ਵੱਲ ਤੱਕਦਿਆਂ ਮੈਨੂੰ ਕਿਹਾ।” ਠੀਕ ਐ ਜੀ…ਜਿਵੇਂ ਮਰਜ਼ੀ ਕਰੋ।” ਮੈਂ ਸਹਿਜ ਹੁੰਦਿਆਂ ਬੜੀ ਹੀ ਬੇਪ੍ਰਵਾਹੀ ਨਾਲ ਕਹਿ ਗਿਆ।
“ਤੂੰ ਅਪਣੇ ਕੁਆਟਰ ‘ਚ ਚੱਲ। ਇੱਥੇ ਨਹੀਂ ਰਹਿਣਾ।” ਸ਼ੇਰ ਸਿੰਘ ਨੇ ਇੱਕ ਪ੍ਰਕਾਰ ਦਾ ਹੁਕਮ ਦੇ ਦਿੱਤਾ ਸੀ।
ਉਸਨੂੰ ਬਿਨਾਂ ਸਲੂਟ ਮਾਰਿਆਂ ਹੀ ਮੈਂ ਕੁਆਟਰ ਵੱਲ ਨੂੰ ਤੁਰ ਪਿਆ। ਸੰਤਰੀ ਮੇਰੇ ਵੱਲ ਵੇਖ ਕੇ ਥੋੜ੍ਹਾ ਜਿਹਾ ਮੁਸਕਰਾਇਆ, ਜਿਵੇਂ ਉਹ ਕਹਿ ਰਿਹਾ ਹੋਵੇ,’ਵੱਢਖਾਣੇ ਨਾਲ ਹੋਣੀ ਹੀ ਏਵੇਂ ਚਾਹੀਦੀ ਸੀ।’
ਕੁਆਟਰ ‘ਚ ਪਹੁੰਚ, ਮੈਂ ਅਜੇ ਵਰਦੀ ਲਾਹ ਕੇ ਨਹਾਉਣ ਲਈ ਖ਼ੁਰੇ ‘ਚ ਵੜਨ ਹੀ ਲੱਗਾ ਸਾਂ ਕਿ ਇਕਬਾਲ ਆ ਗਿਆ।
“ਮੁਨਸ਼ੀ ਦੱਸਦਾ ਸੀ, ਸਰਦਾਰ ਨੇ ਸਾਰੀ ਗੱਲ ਐਸ.ਐਸ.ਪੀ. ਦੇ ਧਿਆਨ ‘ਚ ਲਿਆ ਦਿੱਤੀ ਐ। ਵੱਢਖਾਣੇ ਨੇ ਆਪ ਟੈਲੀਫੋਨ ‘ਤੇ ਗੱਲ ਕੀਤੀ ਐ। ਤੈਨੂੰ ਰਾਤ ਨੂੰ ਹਵਾਲਾਤ ‘ਚ ਬੰਦ ਕਰਨਗੇ। ਸਵੇਰੇ ਪੇਸ਼ੀ ਐ, ਔਲਖ ਸਾਹਿਬ ਅੱਗੇ, ਦਸ ਵਜੇ।” ਇਕਬਾਲ ਇਕੋ ਸਾਹੇ ਸਾਰੀ ਗੱਲ ਦੱਸ ਗਿਆ।
“ਕੋਈ ਗੱਲ ਨਹੀਂ, ਵੇਖ ਲਵਾਂਗੇ, ਜਦੋਂ ਸਵੇਰ ਆਊਗੀ। ਉਹਨੂੰ ਭਜਾ ਕੇ ਆਪਾਂ ਮਾੜਾ ਕੰਮ ਨਹੀਂ ਕੀਤਾ ਇਕਬਾਲ ।” ਮੈਂ ਬੇਪ੍ਰਵਾਹੀ ਦੇ ਆਲਮ ‘ਚੋਂ ਆਖਿਆ।
“ਤੂੰ ਪ੍ਰਾਹੁਣੇ ਨੂੰ ਭਜਾ ਕੇ ਤਾਂ ਬਹੁਤ ਹੀ ਵਧੀਆ ਕੀਤੈ, ਪਰ ਮਾੜਾ ਵੱਢਖਾਣੇ ਦੇ ਵੱਟ ਕੱਢਣ ਵਾਲਾ ਵੀ ਨਹੀਂ ਕੀਤਾ।” ਵੱਢਖਾਣੇ ਦੀ ਬੇਇੱਜ਼ਤੀ ਹੋਣ ‘ਤੇ ਇਕਬਾਲ ਪੂਰਾ ਖੁਸ਼ ਸੀ।
“ਦੋਵੇਂ ਕੰਮ ਵਧੀਆ ਹੋ ਗਏ।”
“ਇਹਦੇ ਨਾਲ ਹੋਣਾ ਹੀ ਇੰਞ ਚਾਹੀਦਾ ਸੀ। ਸਾਲਾ ਸੱਚ-ਪੁੱਤ ਬਣਦੈ। ਦਸ ਲੀਟਰ ਦੀ ਕੇਨੀ ਤੀਰਥੇ ਨੂੰ ਚੁਕਾ ਦਿੱਤੀ, ਬਈ ਘਰੇ ਰੱਖ ਆਈਂ।”
“ਤੂੰ ਚਾਹ ਬਣਾਅ, ਮੈਂ ਨਹਾ ਲਵਾਂ…” ਮੈਂ ਉਸ ਨੂੰ ਕਹਿ ਕੇ ਤੌਲੀਆ ਚੁੱਕ ਲਿਆ।
ਇਕਬਾਲ ਰਸੋਈ ‘ਚ ਚਾਹ ਬਣਾਉਣ ਲੱਗ ਪਿਆ।
ਜਦੋਂ ਮੈਂ ਨਹਾ ਕੇ ਬਾਹਰ ਨਿਕਲਿਆ ਤਾਂ ਦੇਵ ਵੀ ਆਇਆ ਬੈਠਾ ਸੀ।
“ਬੱਲੇ ਉਏ ਬਾਈ! ਚੱਕ ਕੰਮ ਫੇਰ…?” ਦੇਵ ਪੂਰਾ ਖੁਸ਼ ਸੀ।
“ਉਹਨੇ ਗਾਲ੍ਹ ਕੱਢੀ, ਆਪਾਂ ਮਾਂਜ ਦਿੱਤਾ ਨਿਹੰਗਾਂ ਦੇ ਡੋਲ ਵਾਗੂੰ।”
“ਇਸ ਭੈਂ ਚੋਅ… ਟੌਂਡੇ ਨਾਲ ਹੋਣੀ ਏਵੇਂ ਚਾਹੀਦੀ ਸੀ…।” ਦੇਵ ਬੋਲਿਆ।
“ਜਿਵੇਂ ਹੋਣੀ ਚਾਹੀਦੀ ਸੀ, ਓਵੇਂ ਕਰ ਦਿੱਤੀ ਆਪਾਂ…।”
ਚਾਹ ਪੀਂਦੇ ਵਾਹਵਾ ਦੇਰ ਅਸੀਂ ਵੱਢਖਾਣੇ ਵੱਲੋਂ ਇਕ ਮੁੰਡੇ ਨੂੰ ਫੜ੍ਹ ਕੇ, ਸ਼ੱਕੀ ਖਾੜਕੂ ਵਜੋਂ ਮੁਕਾਬਲਾ ਬਣਾ ਕੇ ਮਾਰ ਦੇਣ, ਬਾਰੇ ਬਲੈਕੀਏ ਨਾਲ ਹਿੱਸਾ-ਪੱਤੀ, ਅਤੇ ਮਿ੍ਹੰਦੋ ਮਹਿਰੀ ਦੇ ਘਰੋਂ ਫੜ੍ਹੇ ਜਾਣ ਦੀਆਂ ਗੱਲਾਂ ਮਸਾਲੇ ਲਾ-ਲਾ ਕੇ ਕਰਦੇ ਰਹੇ।
ਚਾਹ ਦਾ ਖਾਲੀ ਕੱਪ ਰੱਖ ਕੇ, ਮੇਰੇ ਵੱਲ ਵੇਖਦਿਆਂ ਦੇਵ ਬੋਲਿਆ, “ਹਾਂ ਸੱਚ, ਅਜੀਤਪਾਲ, ਤੈਨੂੰ ਸਰਦਾਰ ਨੇ ਬੁਲਾਇਐ। ਕਹਿੰਦਾ ਸੀ ਛੇਤੀ ਆਵੇ।”
“ਚੱਲ, ਚੱਲਦੇ ਹਾਂ। ਮਿਲ ਲੈਂਦੇ ਹਾਂ ਤੇਰੇ ਸਰਦਾਰ ਨੂੰ ਵੀ ।” ਤਿੰਨੇ ਖਾਲੀ ਕੱਪ ਰਸੋਈ ‘ਚ ਰੱਖ ਮੈਂ ਕੁੜਤਾ-ਪਜਾਮਾ ਪਾਉਣ ਲੱਗ ਪਿਆ। ਸਿਰ ‘ਤੇ ਸਾਫ਼ਾ ਵਲ੍ਹੇਟਦਿਆਂ ਮੈਂ ਕਿਹਾ, “ਚੱਲੀਏ ?”
“ਕੋਟੀ-ਕੂਟੀ ਪਾ ਲੈ… ਬੰਦ ਕਰੂਗਾ ਤੈਨੂੰ, ਗਿੱਦੜ ਸਿੰਹੁ।” ਇਕਬਾਲ ਬੋਲਿਆ। ਉਹ ਥਾਣੇਦਾਰ ਸ਼ੇਰ ਸਿੰਘ ਨੂੰ ਗਿੱਦੜ ਸਿੰਘ ਹੀ ਕਹਿੰਦਾ ਹੁੰਦਾ ਸੀ।
ਟੰਗਣੀ ਨਾਲੋਂ ਲਾਹ ਕੇ ਮੈਂ ਗਰਮ ਕੋਟੀ ਪਾ ਲਈ। ਬਾਹਰ ਨਿਕਲ, ਕਮਰੇ ਨੂੰ ਜਿੰਦਰਾ ਲਾ ਕੇ ਚਾਬੀ ਇਕਬਾਲ ਨੂੰ ਫੜਾ ਦਿੱਤੀ।
ਇਕਬਾਲ ਅਤੇ ਦੇਵ ਤਾਂ ਥਾਣਿਓਂ ਬਾਹਰ ਹੀ ਰਹਿ ਪਏ ਸਨ।
ਮੇਰੇ ਡਿਊਢੀ ਲੰਘਦੇ ਸਾਰ ਹੀ ਸਾਹਮਣੇ ਬੈਠੇ ਥਾਣੇਦਾਰ ਸ਼ੇਰ ਸਿੰਘ ਨੇ ਸੰਤਰੀ ਨੂੰ ਇਸ਼ਾਰਾ ਕੀਤਾ। ਸੰਤਰੀ ਨੇ ਤੜ੍ਹਾਕ ਦੇਣੇ ਬਾਰੀ ਬੰਦ ਕਰ ਦਿੱਤੀ ਸੀ।
“ਹਾਂ ਬਈ ਅਜੀਤਪਾਲ …ਤਿਆਰ ਹੋ ਕੇ ਆਇਆ ਲੱਗਦੈਂ?” ਸ਼ੇਰ ਸਿੰਘ ਮੇਰੇ ‘ਤੇ ਨਜ਼ਰ ਸੁੱਟਦਿਆਂ ਬੋਲਿਆ। ਬੇਸ਼ੱਕ ਉਸ ਨੇ ‘ਹਵਾਲਾਤ ‘ਚ ਬੰਦ ਹੋਣ ਲਈ’ ਸ਼ਬਦ ਨਹੀਂ ਸੀ ਵਰਤੇ, ਪਰ ਲੱਗਦਾ ਸੀ, ਉਹ ਕਹਿਣਾ ਇਹੋ ਹੀ ਚਾਹੁੰਦਾ ਸੀ।
“ਹਾਂ। ਹਵਾਲਾਤ ‘ਚ ਬੰਦ ਹੋਣ ਲਈ ਤਿਆਰ ਹੋ ਕੇ ਅਇਆ ਹਾਂ।” ਮੇਰੇ ਮੂੰਹੋਂ ਸਿਰਫ਼ ‘ਹਾਂ’ ਹੀ ਨਿਕਲਿਆ, ਜਦੋਂ ਕਿ ਪਹਿਲਾਂ ਮੈਂ ਉਸਨੂੰ ‘ਹਾਂ ਜੀ, ਸਰਦਾਰ ਜੀ’ ਕਿਹਾ ਕਰਦਾ ਸੀ । ਥਾਣੇਦਾਰ ਵੱਲੋਂ ਇਸ਼ਾਰਾ ਕਰਨ ‘ਤੇ ਸੰਤਰੀ ਦੇ ਤੜ੍ਹਾਕ ਦੇਣੇ ਬਾਰੀ ਬੰਦ ਕਰਨ ਨਾਲ ਮੈਨੂੰ ਔਖ ਚੜ੍ਹ ਗਈ ਸੀ ।
“ਰਾਮਪਾਲ ਇੱਧਰ ਆ।” ਥਾਣੇਦਾਰ ਨੇ ਸਾਹਮਣੇ ਬੈਠੇ ਮੁਨਸ਼ੀ ਨੂੰ ਆਵਾਜ਼ ਮਾਰ ਕੇ ਸੱਦਿਆ।
“ਇਹਨੂੰ ਹਵਾਲਾਤ ਨਹੀ, ਸਾਹਮਣੇ ਮੇਰੇ ਵਾਲੇ ਕਮਰੇ ‘ਚ ਬੰਦ ਕਰ ਦੇ। ਜਿੰਦਾ ਲਾ ਕੇ ਚਾਬੀ ਮੈਨੂੰ ਦੇ ਦੇਈਂ। ਤੇਰੀ ਪੇਸ਼ੀ ਐ ਸਵੇਰੇ ਦਸ ਵਜੇ – ਐਸ.ਐਸ.ਪੀ. ਸਾਹਬ ਦੇ।” ਸ਼ੇਰ ਸਿੰਘ ਪਹਿਲਾ ਅੱਧ ਮੁਨਸ਼ੀ ਤੇ ਪਿਛਲਾ ਅੱਧ, ਮੇਰੇ ਵੱਲ ਵੇਖਦਿਆਂ ਬੋਲਿਆ।
“ਠੀਕ ਐ।” ਮੈਂ ਕਿਹਾ।
ਰਾਮਪਾਲ ਮੈਨੂੰ ਉਸੇ ਵੇਲੇ ਹੀ ਥਾਣੇਦਾਰ ਦੇ ਆਰਾਮ ਕਮਰੇ ‘ਚ ਲੈ ਜਾ ਕੇ ਜਿੰਦਰਾ ਲਾਉਣ ਤੋਂ ਪਹਿਲਾਂ ਬੋਲਿਆ, “ਅਜੀਤਪਾਲ ਕੋਈ ਲੋੜ ਹੋਵੇ ਤਾਂ ਆਵਾਜ਼ ਦੇ ਦੇਵੀਂ।”
“ਰਾਮਪਾਲ! ਇੰਞ ਕਰ, ਇੱਕ ਕਾਗਜ਼ ਤੇ ਪੈੱਨ ਫੜਾਅ ਜਾਹ।” ਮੈਂ ਕਿਹਾ।
“ਕਿਉਂ? ਕੀ ਕਰਨੈ?” ਰਾਮਪਾਲ ਮੇਰੇ ਵੱਲ ਸ਼ੱਕੀ ਜਿਹੀ ਤੱਕਣੀ ਸੁੱਟਦਿਆਂ ਬੋਲਿਆ।
“ਇਸ ਕੁੱਤੀ ਨੌਕਰੀ ਤੋਂ ਅਸਤੀਫ਼ਾ ਲਿਖ ਕੇ ਦੇਣੈ।” ਮੈਂ ਦੱਸਿਆ।
“ਅਸਤੀਫੇ ਦੀ ਲੋੜ ਈ ਨਹੀਂ ਪੈਣੀ। ਮੇਰਾ ਖ਼ਿਆਲ ਹੈ, ਤੈਨੂੰ ਐਸ.ਐਸ.ਪੀ. ਸਾਹਬ ਨੇ ਬਰਖ਼ਾਸਤ ਹੀ ਕਰ ਦੇਣੈ। ਵੱਢਖਾਣਾ ਤੇਰੇ ਖ਼ਿਲਾਫ਼ ਬਹੁਤ ਭੌਂਕਿਐ…ਫੋਨ ‘ਤੇ।” ਰਾਮਪਾਲ ਨੇ ਪੇਸ਼ੀਨਗੋਈ ਕੀਤੀ ।
“ਨਹੀਂ ਤੂੰ ਦੇ ਹੀ ਜਾਹ।” ਮੈਂ ਮੁਨਸ਼ੀ ਨੂੰ ਜ਼ੋਰ ਪਾ ਕੇ ਕਿਹਾ।
ਥੋੜ੍ਹੀ ਦੇਰ ਬਾਅਦ ਹੀ ਉਹ ਪੈੱਨ ਤੇ ਚੂੰਢੀ-ਫੱਟੇ ‘ਚ ਦੋ-ਤਿੰਨ ਸਾਫ਼ ਕਾਗਜ਼ ਅੜੁੰਗ ਕੇ ਫੜਾ ਗਿਆ।
ਅਸਤੀਫਾ ਲਿਖ ਕੇ, ਮੈਂ ਆਰਾਮ ਨਾਲ ਮੰਜੇ ‘ਤੇ ਪੈ ਗਿਆ ਸਾਂ। ਸੋਚ ਰਿਹਾ ਸਾਂ-ਗੋਧੇ ਨੂੰ ਭਜਾ ਕੇ ਚੰਗਾ ਹੀ ਕੀਤੈ। ਨਹੀਂ ਤਾਂ ਹੁਣ ਨੂੰ ਮੱਛੀਓਂ-ਮਾਸ ਕਰਕੇ ਸਾਹਮਣੀ ਹਵਾਲਾਤ ‘ਚ ਤੁੰਨਿਆ ਹੋਇਆ ਹੋਣਾ ਸੀ।
“…ਤੇ ਹੁਣ ਉਸਦੀ ਥਾਂ ਤੂੰ ਹਵਾਲਾਤ ‘ਚ ਐਂ। ਜਦੋਂ ਬਾਹਰੋਂ ਜਿੰਦਰਾ ਲਾਇਆ ਹੋਇਐ ਤਾਂ ਹਵਾਲਾਤ ਈ ਐ।” ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ-“ ਕੋਈ ਗੱਲ ਨਹੀ। ਪਿੰਡ ਦੇ ਜੁਆਈ ਨੂੰ ਅੱਖਾਂ ਸਾਹਮਣੇ ਕੁੱਟੀਦਾ ਤਾਂ ਨਹੀਂ ਦੇਖਿਆ। ਕਾਨੂੰਨ ਦੀ ਨਿਗਾਹ ‘ਚ ਮੈਂ ਦੋਸ਼ੀ ਹੋ ਸਕਦਾ ਹਾਂ ਪਰ ਪਿੰਡ ਵਾਲੇ ਤਾਂ ਸ਼ਾਬਾਸ਼ੇ ਦੇਣਗੇ ।” ਮੈਂ ਅਪਣੇ ਆਪ ਨਾਲ ਹੀ ਗੱਲ ਕਰ ਗਿਆ। ਮੇਰੇ ਲਈ ਮੇਰਾ ਭਾਈਚਾਰਾ ਕਾਨੂੰਨ ਤੋਂ ਉੱਪਰ ਹੋਇਆ ਪਿਆ ਸੀ।
ਥੋੜ੍ਹੀ ਦੇਰ ਬਾਅਦ ਹੀ ਦੇਵ ਰਾਤ ਦੀ ਰੋਟੀ ਤੇ ਦੁੱਧ ਦਾ ਗਿਲਾਸ ਦੇਣ ਆਇਆ ਤਾਂ ਥਾਣੇਦਾਰ ਸ਼ੇਰ ਸਿੰਘ ਵੀ ਜਿੰਦਰਾ ਖੋਲ੍ਹ ਕੇ ਉਹਦੇ ਨਾਲ ਹੀ ਅੰਦਰ ਲੰਘ ਆਇਆ ਸੀ।
“ਘਬਰਾਈਂ ਨਾ, ਕੋਈ ਬੰਬ ਨਹੀਂ ਡਿੱਗਦਾ। ਸਾਅਬ ਦਾ ਹੁਕਮ ਐ। ਸਵੇਰੇ ਪੇਸ਼ੀ ਕਰਕੇ ਇੱਥੇ ਪਾਉਣਾ ਪਿਐ ਤੈਨੂੰ ।” ਸ਼ੇਰ ਸਿੰਘ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਹਿ ਰਿਹਾ ਸੀ। ਉਹ ਮੈਨੂੰ ਅਪਣਾ ‘ਕੱਚਾ’ ਰਿਸ਼ਤੇਦਾਰ ਵੀ ਸਮਝੀ ਬੈਠਾ ਸੀ। ਵੱਢਖਾਣੇ ਦੀ ਬੇਇੱਜ਼ਤੀ ਹੋਈ ਹੋਣ ਕਰਕੇ ਉਹ ਅੰਦਰੋਂ ਖੁਸ਼ ਸੀ ਪਰ ਇਕ ਥਾਣੇਦਾਰ ਦੀ ਬੇਹੁਰਮਤੀ ਹੋਈ ਹੋਣ ਅਤੇ ਐਸ.ਐਸ.ਪੀ. ਸਾਹਿਬ ਦੇ ਧਿਆਨ ‘ਚ ਆ ਜਾਣ ਕਰਕੇ, ਉਸ ਨੂੰ ਇਸ ਤਰ੍ਹਾਂ ਕਰਨਾ ਹੀ ਪੈਣਾ ਸੀ। ਇਹ ਉਸਦੀ ਕਾਨੂੰਨੀ ਮਜ਼ਬੂਰੀ ਵੀ ਸੀ।
“ਨਹੀਂ ਜੀ ਘਬਰਾਉਣਾ ਕਿਹੜੀ ਗੱਲ ਤੋਂ ਐ? ਇਹਨੇ ਕਿਹੜਾ ਕਿਸੇ ਦੀ ਕੁੜੀ ਕੱਢ ਲਈ ਐ?” ਮੇਰੀ ਥਾਂ ਦੇਵ ਬੋਲਿਆ।
“ਲਾਉਣੀ ਐ ਘੁੱਟ ਤਾਂ ਮੰਗਵਾਵਾਂ? ” ਥਾਣੇਦਾਰ ਨੇ ਸੁਲ੍ਹਾ ਮਾਰੀ।
“ਤੁਹਾਨੂੰ ਪਤੈ ਮੈਂ ਪੀਂਦਾ ਨਹੀਂ। ਸੁਲ੍ਹਾ ਮਾਰਨ ਲਈ ਮਿਹਰਬਾਨੀ।” ਮੈਂ ਉਸ ਦਾ ਧੰਨਵਾਦ ਕੀਤਾ।
“ਅਜੀਤਪਾਲ! ਫ਼ਿਕਰ ਨਾ ਕਰੀ, ਮੈਂ ਇਥੇ ਈ ਆਂ।” ਥਾਣੇਦਾਰ ਏਨਾ ਕਹਿਕੇ, ਦੇਵ ਤੋਂ ਬਾਹਰੋਂ ਜਿੰਦਾ ਲੁਆ ਕੇ, ਚਾਬੀ ਅਪਣੀ ਜੇਬ ‘ਚ ਪਾ ਕੇ, ਅਪਣੇ ਦਫਤਰ ਵੱਲ ਤੁਰ ਗਿਆ ਸੀ।
ਰੋਟੀ ਖਾ, ਦੁੱਧ ਪੀ ਕੇ ਮੈਂ ਨਿੱਸਲ ਹੋ ਕੇ ਪੈ ਗਿਆ ਸਾਂ। ਭਾਵੇਂ ਮੈਂ ‘ਬੰਦ’ ਸਾਂ ਪਰ ਗੋਧੇ ਨੂੰ ਭਜਾ ਕੇ ਇਕ ਵਿਸ਼ੇਸ ਕਿਸਮ ਦੀ ਖੁਸ਼ੀ ਕਾਰਨ ਮੈਨੂੰ ਨੀਂਦ ਨਹੀਂ ਆ ਰਹੀ ਸੀ।
ਅਜੇ ਜਾਗਦਾ ਹੀ ਪਿਆ ਸਾਂ ਕਿ ਅੱਧੀ ਕੁ ਰਾਤੀਂ ਇਕਬਾਲ ਅਤੇ ਦੇਵ ਫਿਰ ਆ ਗਏ। ਦੇਵ ਨੇ ਬਾਰੀ ‘ਚੋਂ ਹੀ ਪੁੱਛਿਆ, ”ਸੌਂ ਗਿਐਂ ਕਿ ਜਾਗਦੈਂ?”
“ਜਾਗਦਾ ਈ ਆਂ। ਕਿਉਂ? ਕਿਵੇਂ ਆਏ?” ਮੈਂ ਉੱਠ ਕੇ ਬੈਠ ਗਿਆ।
“ਮੈਂ ਕਿਹਾ ਬਾਈ ਦਾ ਪਤਾ ਲੈ ਆਈਏ। ਗੋਧਾ ਸਾਹਮਣੇ ਹਵਾਲਾਤ ‘ਚ ਪਿਆ ਹੁੰਦਾ ਤਾਂ ਤੂੰ ਆਵਦੇ ਰਿਸ਼ਤੇਦਾਰ ਦਾ ਪਤਾ ਲੈਣ ਨਾ ਆਉਂਦਾ?” ਇਕਬਾਲ ਅਪਣੀ ਆਦਤ ਅਨੁਸਾਰ ਮੈਨੂੰ ਟਿੱਚਰ ਕਰਨ ਤੋਂ ਨਾ ਹਟਿਆ।
“ਚਾਹ-ਚੂਹ ਪੀਣੀ ਐ ਤਾਂ ਬਣਾ ਲਿਆਵਾਂ ਬਾਈ?” ਦੇਵ ਨੇ ਗੰਭੀਰਤਾ ਨਾਲ ਪੁੱਛਿਆ। ਇਕਬਾਲ ਦਾ ਸਹਿਜ ਹੱਸਣ-ਹਸਾਉਣ ਵਾਲਾ ਹੈ ਪ੍ਰੰਤੂ ਦੇਵ ਪੂਰਾ ਗਹਿਰ-ਗੰਭੀਰ ਹੈ, ਯਾਰਾਂ ਦਾ ਯਾਰ ।
“ਨਹੀਂ…। ਪੈ ਜਾਓ ਯਾਰ ਜਾ ਕੇ। ਐਵੇਂ ਮੇਰੇ ਪਿੱਛੇ ਔਖੇ ਹੁੰਦੇ ਫਿਰਦੇ ਓ।” ਮੈਂ ਕਿਹਾ।
“ਰਾਤ ਅੱਧਂ ਟੱਪ ਗਈ ਐ, ਤੂੰ ਸੌਂ ਜਾਹ ਹੁਣ, ਸਵੇਰੇ ਮੈਂ ਤੇਰੇ ਲਈ ਚਾਹ ਲੈ ਕੇ ਆਊਂਗਾ।” ਇਕਬਾਲ ਬੋਲਿਆ।
…ਉਹਨਾਂ ਦੇ ਚਲੇ ਜਾਣ ਤੋਂ ਕੁਝ ਦੇਰ ਬਾਅਦ ਹੀ ਬਹੁਤ ਗੂੜ੍ਹੀ ਨੀਂਦ ਆ ਗਈ ਸੀ। ਜਦੋਂ ਇਕਬਾਲ ਚਾਹ ਤੇ ਦੋ ਪਰੌਂਠੇ ਲੈ ਕੇ ਆਇਆ ਤਾਂ ਸੂਰਜ ਕਾਫ਼ੀ ਚੜ੍ਹ ਆਇਆ ਸੀ। ਚਾਬੀ ਥਾਣੇਦਾਰ ਕੋਲ ਸੀ। ਉਸ ਨੇ ਚਾਹ ਦਾ ਕੱਪ ਤੇ ਪਰੌਂਠਿਆਂ ਵਾਲੀ ਪਲੇਟ ਸਰੀਆਂ ਵਾਲੇ ਜੰਗਲੇ ਵਿੱਚੋਂ ਦੀ ਹੀ ਮੈਨੂੰ ਫੜਾ ਦਿੱਤੀ ਸੀ।
“ਮੈਂ ਤੇ ਦੇਵ ਨੇ ਤੈਨੂੰ ਪੇਸ਼ ਕਰਨੈਂ, ਸਾਹਬ ਅੱਗੇ। ਟੌਂਡਾ ਵੀ ਜਾਊਗਾ, ਆਵਦਾ ਪੱਖ ਪੇਸ਼ ਕਰਨ। ਐਸ. ਐਸ .ਪੀ. ਸਾਹਬ ਨੇ ਪਰਚਾ ਕਰਨੋਂ ਮਨ੍ਹਾਂ ਕਰ ਦਿੱਤਾ ਹੈ। ਬਾਮ੍ਹਣ ਨੇ ਤੇਰੇ ਖ਼ਿਲਾਫ਼ ਸਿਰਫ਼ ਦਰਖਾਸਤ ਹੀ ਦਿੱਤੀ ਐ।” ਇਕਬਾਲ ਦੱਸ ਰਿਹਾ ਸੀ, ਇਹ ਸਾਰੀ ਸੂਚਨਾ ਉਸ ਨੂੰ ਥਾਣੇਦਾਰ ਸ਼ੇਰ ਸਿੰਘ ਨੇ ਹੀ ਦਿੱਤੀ ਸੀ।
“ਠੀਕ ਐ…। ਪਰਚਾ ਹੋ ਜਾਂਦਾ ਫਿਰ ਕਿਹੜਾ ਉੱਤੇ ਡਿੱਗਦੈ? ” ਮੈਂ ਬੇਪਰਵਾਹੀ ਨਾਲ ਕਿਹਾ।
“ਸਰਦਾਰ ਨੇ ਕਿਹੈ- ਨੌਂ ਕੁ ਵੱਜਦੇ ਨੂੰ ਤਿਆਰ ਹੋ ਜਾਈਂ…।
“ਤੂੰ ਐਂ ਕਰ- ਮੇਰੀ ਪੈਂਟ-ਸ਼ਰਟ ਤੇ ‘ਨਾਭੀ ਪੱਗ ਦੇ ਜਾਈਂ, ਨਾਲੇ ਚਿੱਟੇ ਬੂਟ ਚੁੱਕ ਲਿਆਈਂ। ਬਟੂਆ ਵੀ ਅਲਮਾਰੀ ‘ਚ ਪਿਆ ਹੋਊਗਾ।” ਮੈਂ ਉਸ ਨੂੰ ਕੱਪੜਿਆਂ ਬਾਰੇ ਸਮਝਾਇਆ।
“ਹੋਰ ਕੁਝ? ”
“ਨਹੀਂ ਹੋਰ ਠੀਕ ਐ।”
ਇਕਬਾਲ ਉਹਨੀਂ ਪੈਰੀਂ ਚਲਾ ਗਿਆ।
ਮੈਂ ਅਜੇ ਨਹਾ ਕੇ ਹਟਿਆ ਹੀ ਸੀ ਕਿ ਇਕਬਾਲ ਪ੍ਰੈਸ ਕਰਵਾ ਕੇ ਪੈਂਟ-ਸ਼ਰਟ ਲੈ ਆਇਆ ਸੀ। ਉਨਾਭੀ ਪੱਗ ਤੇ ਬਟੂਆ ਵੀ। ਕਮਰੇ ਦੀ ਚਾਬੀ ਵੀ ਉਹ ਆਉਂਦਾ ਹੋਇਆ ਸ਼ੇਰ ਸਿੰਘ ਤੋਂ ਫੜ੍ਹ ਲਿਆਇਆ ਸੀ।
“ਨੌਂ ਵੱਜਣ ਵਾਲੇ ਐ, ਤਿਆਰ ਹੋ ਜਾ ਛੇਤੀ।” ਇਕਬਾਲ ਘੜੀ ਵੱਲ ਤੱਕਦਾ ਬੋਲਿਆ।
ਪੰਦਰਾਂ-ਵੀਹ ਮਿੰਂਟਾਂ ‘ਚ ਹੀ ਮੈਂ ਤਿਆਰ ਹੋ ਗਿਆ ਸਾਂ।
ਅਸ਼ੋਕ ਜਿਪਸੀ ਲੈ ਆਇਆ ਸੀ। ਪੂਰੇ ਸਾਢੇ ਨੌਂ ਵਜੇ ਅਸੀਂ ਫਿਰੋਜ਼ਪੁਰ ਨੂੰ ਚਾਲੇ ਪਾ ਦਿੱਤੇ ਸਨ। ਬੇਸ਼ੱਕ ਥਾਣੇ ‘ਚੋਂ ਤੁਰਨ ਲੱਗਿਆਂ ਦੇਵ ਨੇ ਥਾਣੇਦਾਰ ਨੂੰ ਵਿਖਾ ਕੇ, ਮੈਨੂੰ ਹੱਥਕੜੀ ਮਾਰ ਕੇ ਜਿਪਸੀ ‘ਚ ਬਹਾਇਆ ਸੀ ਪਰ ਥਾਣਿਓਂ ਬਾਹਰ ਹੁੰਦੇ ਸਾਰ ਹੀ, ਉਹਨੇ ਜਿੰਦਰਾ ਖੋਲ੍ਹ ਕੇ ਹੱਥਕੜੀ ਪੈਰਾਂ ‘ਚ ਰੱਖ ਲਈ ਸੀ।
“ਕੋਈ ਨਹੀਂ ਲੱਗੀ ਰਹਿਣ ਦਿੰਦਾ, ਮੈਨੂੰ ਵੀ ਪਤਾ ਲੱਗੇ ਇਹ ਹੱਥਕੜੀ ਕੀ ਹੁੰਦੀ ਐ ?”
“ਇਹ ਤਾਂ ਦੋਸ਼ੀਆਂ ਵਾਸਤੇ ਹੁੰਦੀ ਐ ਬਾਈ, ਤੂੰ ਤਾਂ ਮਰਦਾਂ ਵਾਲਾ ਕੰਮ ਕੀਤੈ।” ਉਸਨੇ ਮੇਰੇ ਉੱਤੋਂ ਦੀ ਸੱਜੀ ਬਾਂਹ ਵਲਾ ਕੇ ਅਪਣੇ ਨਾਲ ਘੁੱਟ ਕੇ ਕਿਹਾ। ਉਹ ਮੇਰੇ ਵੱਲੋਂ ਕੀਤੇ ‘ਦੋਸ਼’ ਨੂੰ ਮਰਦਾਂ ਵਾਲਾ ਕੰਮ ਕਹਿ ਰਿਹਾ ਸੀ ਜਦੋਂ ਕਿ ਕਾਨੂੰਨ ਦੀ ਨਿਗਾਹ ‘ਚ ਇਕ ਮੁਲਜ਼ਮ ਨੂੰ ਭਜਾ ਦੇਣਾ ਇਕ ਨਾ-ਮੁਆਫ਼ ਕਰਨ ਯੋਗ ਜ਼ੁਰਮ ਹੈ।
“ਰਿਸ਼ਤੇਦਾਰ ਵਾਸਤੇ ਐਨੀ ਕੁ ਕੁਰਬਾਨੀ ਤਾਂ ਕਰਨੀ ਵੀ ਪੈਂਦੀ ਐ।” ਇਕਬਾਲ ਟਿੱਚਰ ਕਰਨੋਂ ਬਾਜ਼ ਨਹੀਂ ਆਇਆ ਸੀ।
“ਤੂੰ ਪਾ ਲੈ ਗੋਧੇ ਨਾਲ ਰਿਸ਼ਤੇਦਾਰੀ। ਨਾਲੇ ਅਮਰੀਕੀ ਢੱਟੇ ਵਰਗਾ ਪਿਐ।” ਮੈਂ ਇਕਬਾਲ ਨੂੰ ਮੋੜਾ ਦਿੱਤਾ।
“ਨਾ ਬਾਈ ਨਾ! ਮੇਰੇ ਕੋਲੋਂ ਤੇਰੇ ਵਾਲੀ ਦਲੇਰੀ ਨਹੀਂ ਸੀ ਹੋਣੀ। ਨਾ ਮੇਰੇ ਕੋਲੋਂ ਗੋਧੇ, ਨਹੀਂ ਸੱਚ ਗੁਰਧੀਰ ਸਿੰਹੁ ਨੂੰ ਭਜਾਇਆ ਜਾਣਾ ਸੀ, ਨਾ ਹੀ ਬਾਹਮਣ ਫਂੈਟਿਆ ਜਾਣਾ ਸੀ।” ਦੋਵੇਂ ਹੱਥ ਅਪਣੇ ਕੰਨਾਂ ਨੂੰ ਲਾਉਂਦਿਆਂ, ਉਹਨੇ ਗੋਧੇ ਨੂੰ ਗੁਰਧੀਰ ਸਿੰਘ ਕਹਿ ਕੇ ਹਾਸੜ ਮਚਾ ਦਿੱਤੀ ਸੀ।
ਹੱਸਦੇ-ਖੇਡਦੇ ਦਸ ਵੱਜਣ ਤੋਂ ਪਹਿਲਾਂ ਹੀ ਅਸੀਂ ਐਸ.ਐਸ.ਪੀ. ਦਫਤਰ ਆ ਪਹੁੰਚੇ ਸਾਂ। ਬੇਸ਼ੱਕ ਜਿਪਸੀ ‘ਚੋਂ ਉਤਰਨ ਤੋਂ ਪਹਿਲਾਂ ਦੇਵ ਨੇ ਮੇਰੇ ਹੱਥਕੜੀ ਲਾ ਦਿੱਤੀ ਸੀ ਪਰ ਮੈਂ ਉਸ ਨੂੰ ਇਕੱਠੀ ਕਰਕੇ ਇਸ ਤਰਾਂ ਫੜ੍ਹਿਆ ਹੋਇਆ ਸੀ ਕੇ ਉਹ ਗੁੱਟ ਨੂੰ ਵੱਜੀ ਹੋਈ ਨਹੀਂ ਸੀ ਭਾਸਦੀ। ਵੱਢਖਾਣਾ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਪਰ ਸਾਨੂੰ ਵੇਖਦਿਆਂ ਸਾਰ ਹੀ ਉਹ ਇਕ ਪਾਸੇ ਨੂੰ ਟਲ਼ ਗਿਆ ਸੀ। ਅਸੀਂ ਤਿੰਨੇ ਰੀਡਰ ਵਾਲੇ ਕਮਰੇ ਦੇ ਬਾਹਰ ਪਏ ਲੰਬੇ ਬੈਂਚ ‘ਤੇ ਜਾ ਬੈਠੇ ਸਾਂ। ਉਥੋਂ ਬੈਠਿਆਂ ਐਸ.ਐਸ.ਪੀ. ਸਾਹਬ ਦੇ ਦਫਤਰ ਦਾ ਬੂਹਾ ਤੇ ਉੱਪਰ ਚੁਗਾਠ ‘ਤੇ ਲੱਗੀ ਹੋਈ ਤਖ਼ਤੀ ਪੂਰੀ ਤਰ੍ਹਾਂ ਵਿਖਾਈ ਦੇ ਰਹੀ ਸੀ। ਤਖ਼ਤੀ ਉੱਪਰ ਬੜੀ ਹੀ ਸੁੰਦਰ ਲਿਖਾਈ ‘ਚ ਲਿਖਿਆ ਸੀ- ਐਨ.ਐਸ.ਔਲਖ, ਆਈ.ਪੀ.ਐਸ., ਐਸ.ਐਸ.ਪੀ.
ਤਖ਼ਤੀ ਉੱਤੇ ਲਿਖਿਆ ਨਾਂ ਪੜ੍ਹ ਕੇ ਮੈਂ ਅਤੀਤ ‘ਚ ਗੁਆਚ ਗਿਆ ਸਾਂ।
ਜਿਹੜੇ ਸਾਲ ਮੈਂ ਦਸਵੀਂ ‘ਚ ਸਾਂ, ਉਦੋਂ ਔਲਖ ਸਾਹਬ ਫ਼ਰੀਦਕੋਟ ਦੇ ਐਸ.ਐਸ.ਪੀ. ਸਨ। ਸੂਬਾ ਪੱਧਰੀ ਸਕੂਲੀ ਮੁਕਾਬਲਿਆਂ ‘ਚ ਫ਼ਰੀਦਕੋਟ ਜ਼ਿਲ੍ਹੇ ਦੀ ਕਬੱਡੀ ਟੀਮ ਨੇ ਪਹਿਲੀ ਵਾਰ ਰੋਪੜ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਸੂਬਾ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਮੈਂ ਉਸ ਟੀਮ ਦਾ ਕਪਤਾਨ ਸਾਂ। ਅਖ਼ੀਰਲੇ ਫਸਵੀਂ ਟੱਕਰ ਵਾਲੇ ਮੈਚ ਦੀ ਪ੍ਰਧਾਨਗੀ ਔਲਖ ਸਾਹਬ ਨੇ ਹੀ ਕੀਤੀ ਸੀ ਤੇ ਇਨਾਮ ਵੰਡਣ ਦੀ ਰਸਮ ਨਿਭਾਉਦਿਆਂ ਅਪਣੇ ਜ਼ਿਲ੍ਹੇ ਦੀ ਜੇਤੂ ਟੀਮ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਸੀ, ”ਇਸ ਜੇਤੂ ਟੀਮ ਦੀ ਸੂਚੀ ਮੈਨੂੰ ਦੇ ਦਿਓ, ਜਿਹੜੇ ਜਵਾਨ ਦਸਵੀਂ ਪਾਸ ਕਰ ਜਾਣ, ਨਤੀਜਾ ਨਿਕਲਦਿਆਂ ਸਾਰ ਉਹ ਸਨਦ ਲੈ ਕੇ ਮੇਰੇ ਦਫਤਰ ਆ ਜਾਣ। ਉਹ ਅੱਜ ਤੋਂ ਹੀ ਅਪਣੇ ਆਪ ਨੂੰ ਪੰਜਾਬ ਪੁਲਿਸ ਦੇ ਹੌਲਦਾਰ ਸਮਝ ਲੈਣ।”
“ਕੀ ਨਾਂ ਹੈ ਜਵਾਨ ਤੇਰਾ?” ਉਨ੍ਹਾਂ ਹੱਥ ਮਿਲਾਉਦਿਆਂ ਪੁੱਛਿਆ ਸੀ…।
“ਅਜੀਤਪਾਲ ਐ ਜੀ।” ਮੇਰੇ ਤੋਂ ਉਨ੍ਹਾਂ ਦੇ ਚਿਹਰੇ ਦੀ ਤਾਬ ਝੱਲੀ ਨਹੀਂ ਗਈ ਸੀ ਤੇ ਮੇਰੀ ਨੀਵੀਂ ਪੈ ਗਈ ਸੀ।
“ਤੇਰੀ ਖੇਡ ਬੜੀ ਪਿਆਰੀ ਹੈ, ਅਜੀਤਪਾਲ ਸਿੰਘ।” ਉਨ੍ਹਾਂ ਮੇਰੀ ਖੇਡ ਦੀ ਵਡਿਆਈ ਕੀਤੀ ਸੀ- ਤੇ ਸੁਨਿਹਰੀ ਜੇਤੂ ਟਰਾਫੀ ਦਿੰਦਿਆਂ, ਮੈਨੂੰ ਆਪਣੇ ਨਾਲ ਹੀ ਘੁੱਟ ਲਿਆ ਸੀ। ਪਾਸ ਭਾਵੇਂ ਸਾਰੀ ਟੀਮ ਹੀ ਹੋ ਗਈ ਹੋਵੇਗੀ, ਪਰ ਇਕੋ ਸਕੂਲ ਦੇ ਅਸੀਂ ਤਿੰਨ – ਮੈਂ, ਦੇਵ ਤੇ ਇਕਬਾਲ – ਹੀ ਸਾਂ। ਤਿੰਨੇ ਹੀ ਐਸ.ਐਸ.ਪੀ. ਸਾਹਬ ਦੇ ਦਫਤਰ ਚਲੇ ਗਏ ਸਾਂ। ਉਹਨਾਂ ਨੇ ਰੀਡਰ ਨੂੰ ਸੱਦ ਕੇ ਸਾਡੇ ਭਰਤੀ ਹੋਣ ਬਾਰੇ ਹਿਦਾਇਤ ਕਰ ਦਿੱਤੀ ਸੀ। ਦੋ-ਤਿੰਨ ਦਿਨਾਂ ‘ਚ ਹੀ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਉਹਨਾਂ ਸਾਨੂੰ ਫਿਲੌਰ ਨੂੰ ਤੋਰ ਦਿੱਤਾ।
ਫਿਲੌਰ ਪਾਸ ਕਰਨ ਤੋਂ ਬਾਅਦ, ਹਾਜ਼ਰੀ ਦੇਣ ਵੇਲੇ ਔਲਖ ਸਾਹਬ ਨੇ ਸਾਨੂੰ ਤਿੰਨਾਂ ਨੂੰ ਹੀ ਅਪਣੀ ਸੁਰੱਖਿਆ ਗਾਰਦ ‘ਚ ਰੱਖ ਲਿਆ ਸੀ ਤੇ ਚੁਟਕੀ ਮਾਰ ਕੇ ਕਹਿ ਦਿੱਤਾ ਸੀ, ”ਹੋਰ ਕੋਈ ਕੰਮ ਨਹੀਂ, ਖਾਓ-ਪੀਓ, ਮੌਜ ਕਰੋ- ਕਸਰਤ ਕਰੋ, ਖੇਡੋ-ਮੱਲੋ ਪਰ ਪੁਲਿਸ ਖੇਡ ਮੁਕਾਬਲਿਆਂ ‘ਚ ਅਪਣੇ ਜ਼ਿਲ੍ਹੇ ਦੀ ਟੀਮ ਜੇਤੂ ਰਹਿਣੀ ਚਾਹੀਦੀ ਹੈ। “…ਤੇ ਅਸੀਂ ਪਿਛਲੇ ਦੋਵਂੇ ਵਰ੍ਹੇ ਉਨ੍ਹਾਂ ਦੀ ਗੱਲ ‘ਤੇ ਫੁੱਲ ਚੜ੍ਹਾਉਂਦੇ ਰਹੇ ਸਾਂ। ਉਹ ਸਾਡੇ ਉੱਤੇ ਪੂਰੇ ਖੁਸ਼ ਸਨ। ਉਹ ਏਨੇ ਮਿਹਰਬਾਨ ਤੇ ਨੇਕ ਦਿਲ ਸਨ ਕਿ ਮੇਰਾ ਇਕ ਸਾਧਾਰਨ ਹੌਲਦਾਰ ਦਾ ਨਾਂ ਲੈਣ ਲੱਗਿਆਂ, ਅਜੀਤਪਾਲ ਸਿੰਘ ਕਹਿੰਦੇ।
ਫ਼ਰੀਦਕੋਟ ਤੋਂ ਇਥੇ ਬਦਲੀ ਹੋਣ ਉਪਰੰਤ, ਉਹ ਆਪ ਹੀ ਸਾਡੀ ਬਦਲੀ ਕਰਵਾ ਕੇ ਅਪਣੇ ਨਾਲ ਹੀ ਇਥੇ ਲੈ ਆਏ ਸਨ। ਨਫ਼ਰੀ ਦੀ ਘਾਟ ਹੋਣ ਅਤੇ ਸਰਹੱਦ ਦੇ ਨੇੜੇ ਦਾ ਬਦਨਾਮ ਥਾਣਾ ਹੋਣ ਕਾਰਨ ਉਨ੍ਹਾਂ ਆਪ ਹੀ ਸਾਨੂੰ ਮਮਦ੍ਹੋਟ ਥਾਣੇ ‘ਚ ਭੇਜ ਦਿੱਤਾ ਸੀ…ਅਜੇ ਦੋ ਮਹੀਨੇ ਪਹਿਲਾਂ ਹੋਏ ਸੂਬਾ ਪੱਧਰੀ ਪੁਲਿਸ ਖੇਡ ਮੁਕਾਬਲਿਆਂ ‘ਚੋਂ ਪੰਜਾਬ ਜੇਤੂ ਰਹਿਣ ਉਪਰੰਤ ਉਨ੍ਹਾਂ ਮੇਰਾ, ਇਕਬਾਲ ਅਤੇ ਦੇਵ ਦਾ ਨਾਂ ਤਰੱਕੀ ਲਈ ਸਿਫ਼ਾਰਸ਼ ਕਰਕੇ ਸੂਬੇ ਦੇ ਪੁਲਿਸ ਮੁਖੀ ਨੂੰ ਭੇਜਿਆ ਹੋਇਆ ਹੈ।
…ਤੇ ਅੱਜ ਹੱਥਕੜੀ ਲੱਗੀ, ਇਕ ਦੋਸ਼ੀ ਦੀ ਹੈਸੀਅਤ ‘ਚ ਮੈਂ ਇਥੇ ਬੈਠਾ ਹੋਇਆ ਹਾਂ। ਸੋਚਦਿਆਂ, ਆਪ ਮੁਹਾਰੇ ਹੀ ਮੇਰੀਆਂ ਅੱਖਾਂ ਨਮ ਹੋ ਗਈਆਂ। ਮੇਰੀਆਂ ਅੱਖਾਂ ‘ਚ ਹੰਝੂ ਤਰਦੇ ਦੇਖ ਕੇ ਦੇਵ ਵੀ ਮਨ ਭਰ ਆਇਆ ਸੀ ।
ਪਤਾ ਹੀ ਨਾ ਲੱਗਾ ਕਿ ਕਦੋਂ ਐਸ.ਐਸ.ਪੀ. ਸਾਹਬ ਸਾਡੇ ਵੱਲ ਤੱਕਦਿਆਂ ਸਾਡੇ ਕੋਲ ਦੀ ਲੰਘ ਕੇ ਅਪਣੇ ਦਫਤਰ ‘ਚ ਵੜ ਗਏ। ਉਹ ਏਨੀ ਤੇਜ਼ੀ ਨਾਲ ਆਏ ਕਿ ਸਾਨੂੰ ਸਲੂਟ ਮਾਰਨ ਦਾ ਮੌਕਾ ਹੀ ਨਾ ਮਿਲਿਆ। ਹਰੇਕ ਪਾਸੇ ਵਿਸ਼ੇਸ ਕਿਸਮ ਦੀ ਹਲਚਲ ਹੋ ਗਈ ਸੀ। ਵੱਢਖਾਣਾ ਵੀ ਦਫ਼ਤਰ ਅੱਗੇ ਆ ਖੜ੍ਹਾ ਹੋਇਆ ਤੇ ਉਹਨੇ ਇਕ ਪਰਚੀ – ਜਿਸ ‘ਤੇ ਕੁਝ ਲਿਖਿਆ ਹੋਇਆ ਸੀ, ਅਰਦਲੀ ਰਾਹੀਂ ਅੰਦਰ ਭੇਜ ਦਿੱਤੀ ਸੀ।
ਥੋੜ੍ਹੀ ਦੇਰ ਬਾਅਦ ਅਰਦਲੀ ਸਾਨੂੰ ਸਾਹਬ ਦੇ ਪੇਸ਼ ਹੋਣ ਲਈ ਕਹਿ ਗਿਆ ਸੀ। ਇਕਬਾਲ ਮੇਰੀ ਹੱਥਕੜੀ ਖੋਲ੍ਹ ਕੇ ਰੀਡਰ ਦੇ ਕਮਰੇ ‘ਚ ਰੱਖ ਆਇਆ ਸੀ। ਦੇਵ ਤੇ ਇਕਬਾਲ ਮੇਰੇ ਸੱਜੇ-ਖੱਬੇ ਹੋ ਕੇ ਮੈਨੂੰ ਦਫਤਰ ਅੰਦਰ ਲੈ ਗਏ ਸਨ। ਅਸੀਂ ਤਿੰਨਾਂ ਨੇ ਇਕੱਠਾ ਸਲੂਟ ਮਾਰਿਆ। ਵੱਢਖਾਣਾ ਵੀ ਸਾਡੇ ਮਗਰ ਹੀ ਅੰਦਰ ਵੜ ਆਇਆ ਸੀ। ਉਹ ਅਜੇ ਸਲੂਟ ਮਾਰ ਕੇ ਸਾਵਧਾਨ ਹੀ ਹੋਇਆ ਸੀ ਕਿ ਐਸ.ਐਸ.ਪੀ ਸਾਹਬ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਬਾਹਰ ਜਾਣ ਲਈ ਕਹਿ ਦਿੱਤਾ।
“ਹਾਂ ਬਈ ਅਜੀਤਪਾਲ ਸਿੰਘ !” ਔਲਖ ਸਾਹਬ ਬੋਲੇ।
“ਜੀ ਜਨਾਬ ।” ਮੈਂ ਪੂਰਾ ਸਾਵਧਾਨ ਹੋ ਕੇ ਆਖਿਆ ।
“ਕੀ ਹਾਲ ਹੈ, ਤੇਰਾ ?”
“ਬਹੁਤ ਵਧੀਆ ਹੈ ਜੀ।”
“ਤੇਰੀ ਸ਼ਿਕਾਇਤ ਆਈ ਹੈ।” ਐਸ. ਐਸ. ਪੀ. ਸ਼ਾਹਬ ਨੇ ਮੇਰੇ ੳੁੱਤੇ ਪੜਚੋਲਵੀਂ ਨਜ਼ਰ ਸੁੱਟੀ ।
“…” ਮੈਂ ਕਹਿਣਾ ਚਾਹੁੰਦਾ ਸਾਂ ਕਿ ਸ਼ਿਕਾਇਤ ਠੀਕ ਹੈ। ਐਪਰ ਮੈਂ ਬੋਲ ਨਹੀਂ ਸਾਂ ਸਕਿਆ।
“ਤੂੰ ਏ.ਐਸ.ਆਈ. ਸ਼ਰਮਾ ਦੇ ਗਲ ਪਿਐਂ?” ਔਲਖ ਸਾਹਬ ਨੇ ਸਵਾਲ ਕੀਤਾ ।
“ਹਾਂ ਜੀ, ਜਨਾਬ।” ਮੈ ਸੱਚ ਬੋਲਣਾ ਹੀ ਬਿਹਤਰ ਸਮਝਿਆ।
“ਕਿਉਂ? ਤੂੰ ਉਹਦੇ ਗਲ ਕਿਉਂ ਪਿਆ?” ਉਹਨਾਂ ਅਗਲੀ ਪੁੱਛ ਪਾਈ।
“ਉਹਨੇ ਮੈਨੂੰ ਗਾਲ੍ਹ ਕੱਢੀ ਸੀ ਜੀ , ਬੇਸ਼ੱਕ ਇਕਬਾਲ ਨੂੰ ਪੁੱਛ ਲਓ।” ਮੈਂ ਇਕਬਾਲ ਵੱਲ ਇਸ਼ਾਰਾ ਕਰਦਿਆਂ ਕਿਹਾ।
“ਕਿਉਂ ਬਈ…?” ਉਹਨਾਂ ਇਕਬਾਲ ਨੂੰ ਪੁੱਛਿਆ।
“ਹਾਂ ਜੀ, ਸਰ। ਭੈਣ ਦੀ ਗਾਲ੍ਹ ਕੱਢੀ ਸੀ ਜੀ।” ਇਕਬਾਲ ਵੀ ਸੱਚ ਬੋਲ ਗਿਆ। “ਫਿਰ ?”
“ਫਿਰ ਕੀ ਜੀ, ਇਹਨੇ ਦੋ-ਤਿੰਨ ਘਸੁੰਨ ਜੜ ਦਿੱਤੇ। ਅਸੀਂ ਛੁਡਾਅ ਦਿੱਤੇ ਸੀ, ਸਰ।” ਇਕਬਾਲ ਮੇਰੇ ਵੱਲ ਦੇਖ ਕੇ ਸਾਰੀ ਗੱਲ ਦੱਸ ਗਿਆ।
“ਤੂੰ ਵੀ ਛੁਡਾਉਣ ਵਾਲਿਆਂ ‘ਚ ਸੀ ?” ਐਸ.ਐਸ.ਪੀ. ਨੇ ਦੇਵ ਨੂੰ ਪੁੱਛਿਆ।
“ਨਹੀਂ ਜੀ, ਸਰ! ਮੈਂ ਤਾਂ ਉੱਥੇ ਹੈ ਈ ਨਹੀਂ ਸੀ।” ਦੇਵ ਨੇ ਕਿਹਾ।
“ਅੱਛਾ! ਅਜੀਤਪਾਲ ਸਿੰਘ, ਤੈਨੂੰ ਇਸ ਕੰਮ ਨੂੰ ਭਰਤੀ ਕੀਤਾ ਸੀ ਕਿ ਤੂੰ ਮੁਲਜ਼ਮ ਭਜਾ ਦੇਵੇਂ।” ਉਹਨਾਂ ਨੇ ਬੜੇ ਹੀ ਸ਼ਾਂਤ ਬੋਲੀਂ ਪੁੱਛਿਆ।
ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਕੀ ਕਹਾਂ? ਉਨ੍ਹਾਂ ਵੱਲੋਂ ਮੇਰਾ ਨਾਂ ਅਜੀਤਪਾਲ ਸਿੰਘ ਲੈਣ ਅਤੇ ਸੁਭਾਅ ਦੇ ਉਲਟ ਨਰਮੀ ਨਾਲ ਪੇਸ਼ ਆਉਣ ਕਰਕੇ ਮੈਨੂੰ ਥੋੜ੍ਹੀ ਜਿਹੀ ਧਰਵਾਸ ਬੱਝ ਗਈ ਸੀ ਕਿ ਕੋਈ ਵੱਡਾ ਪਹਾੜ ਨਹੀਂ ਡਿੱਗਣ ਵਾਲਾ। ਉਂਝ, ਮੈਂ ਅਪਣੇ ਆਪ ਨੂੰ ਹਰੇਕ ਤਰ੍ਹਾਂ ਦੀ ਸਥਿੱਤੀ ਦਾ ਮੁਕਾਬਲਾ ਕਰਨ ਲਈ ਤਿਆਰ ਕਰਕੇ ਲਿਅਇਆ ਹੋਇਆ ਸਾਂ।
“ਬੋਲਿਆ ਨਹੀਂ। ਕਿਉਂ ਭਜਾਇਆ ਮੁਲਜ਼ਮ ?” ਔਲਖ ਸਾਹਬ ਦੇ ਬੋਲਾਂ ‘ਚ ਕੁਝ ਸਖ਼ਤੀ ਆ ਗਈ ਸੀ।
“ਜਨਾਬ! ਤੁਹਾਡਾ ਸਵਾਲ ਗ਼ਲਤ ਐ ਜੀ।” ਮੈਂ ਅਪਣੀ ਸਾਰੀ ਹਿੰਮਤ ਇਕੱਠੀ ਕਰਕੇ ਪੂਰੀ ਦਲੇਰੀ ਨਾਲ ਕਿਹਾ ।
“ਹੋਰ ਕਿਵੇਂ ਹੋਣਾ ਚਾਹੀਦਾ ਸੀ ਸਵਾਲ?” ਉਨ੍ਹਾਂ ਦੇ ਬੋਲਾਂ ‘ਚੋਂ ਥੋੜ੍ਹੀ ਤਲਖ਼ੀ ਉੱਭਰੀ।
“ਜਨਾਬ ਤੁਸੀਂ ਮੈਨੂੰ ਪੁੱਛੋ, ਮੁਲਜ਼ਮ ਭਜਾਇਆ ਕਿ ਨਹੀਂ?” ਕਹਿੰਦਿਆਂ, ਮੈਂ ਉਨ੍ਹਾਂ ਵੱਲ ਸਿੱਧਾ ਝਾਕਿਆ ਸਾਂ ।
ਉਹਨਾਂ ਇਕ ਗੰਭੀਰ ਨਜ਼ਰ ਮੇਰੇ ‘ਤੇ ਸੁੱਟੀ। ਥੋੜ੍ਹਾ ਜਿਹਾ ਕਾਟਵਾਂ ਮੁਸਕਰਾ ਕੇ ਥੋੜ੍ਹੀ ਦੇਰ ਠਹਿਰ ਕੇ ਬੋਲੇ ,”ਅੱਛਾ! ਮੇਰੇ ਵੱਲ ਵੇਖ ….ਤੇ ਸੱਚੋ-ਸੱਚ ਦੱਸ ਮੁਲਜ਼ਮ ਭਜਾਇਆ ਕਿ ਨਹੀਂ?” ਉਹਨਾਂ ਦੇ ਬੋਲ ਪੁਲਿਸ ਅਧਿਕਾਰੀ ਦੀ ਥਾਂ ਕਿਸੇ ਅਧਿਆਪਕ ਦੇ ਬੋਲਾਂ ਵਰਗੇ ਲੱਗੇ ਸਨ ।
“ਭਜਾਇਐ ਜੀ।” ਇਹ ਦੋ ਸ਼ਬਦ ਬੋਲਣ ਲੱਗਿਆਂ ਮੈਨੂੰ ਕੋਈ ਵੀ ਔਖ ਨਹੀਂ ਹੋਈ ਸੀ, ਮੈਂ ਇਹੋ ਹੀ ਦੱਸਣਾ ਚਾਹੁੰਦਾ ਸਾਂ ।
“ਕਿਉਂ ਭਜਾਇਐ…? ਜਦੋਂ ਕਿ ਤੁਸੀਂ ਪੁਲਿਸ ਪਾਰਟੀ ਨਾਲ ਛਾਪਾ ਮਾਰ ਕੇ ਮੁਲਜ਼ਮ ਨੂੰ ਨਾਜਾਇਜ਼ ਸ਼ਰਾਬ ਬਣਾਉਂਦੇ ਗ੍ਰਿਫਤਾਰ ਕਰ ਲਿਆ ਸੀ। ਤੁਸੀਂ ਉਹਨੂੰ ਗ੍ਰਿਫ਼ਤਾਰ ਕਰ ਲਿਆ ਸੀ ਨਾ?” ਔਲਖ ਸਾਹਬ ਨੇ ਪੁਲਸੀਆ ਸ਼ਬਦਾਵਲੀ ‘ਚ ਪੁੱਛਿਆ।
“ਹਾਂ ਜੀ ਜਨਾਬ! ਗ੍ਰਿਫਤਾਰ ਕਰ ਲਿਆ ਸੀ ਜੀ।” ਮੈਂ ਕਿਹਾ।
“ਫਿਰ ਭਜਾਅ ਕਿਉਂ ਦਿੱਤਾ?”
“ਸ਼ਹਿਰ ‘ਚ ਜੀ, ਕੋਈ ਵੀ ਕਿਸੇ ਦਾ ਕੁਝ ਨਹੀਂ ਲੱਗਦਾ। ਪਿੰਡ ‘ਚ ਹਰੇਕ ਕੋਈ ਕਿਸੇ ਦਾ ਕੁਝ ਨਾ ਕੁਝ ਲਗਦੈ ਜੀ।” ਮਂੈ ਸਿਰਫ਼ ਏਨਾ ਕੁ ਹੀ ਕਹਿ ਸਕਿਆ ਸਾਂ। ਮੇਰੇ ਸ਼ਬਦਾਂ ‘ਚ ਪੂਰੀ ਦ੍ਰਿੜਤਾ ਸੀ ਪਰ ਮਨ ਉਛਾਲਾ ਖਾ ਰਿਹਾ ਸੀ।
“ਸਮਝ ਨਹੀਂ ਲੱਗੀ, ਅਜੀਤਪਾਲ ਸਿੰਘ ਤੂੰ ਕੀ ਕਹਿਣਾ ਚਾਹੁੰਦੈ ?” ਹੌਲ਼ੀ ਜਿਹੀ ਕਹਿਕੇ, ਉਹ ਇਕ ਟੱਕ ਮੇਰੇ ਵੱਲ ਵੇਖ ਰਹੇ ਸਨ।
ਉਹਨਾਂ ਦੇ ਮੇਰੇ ਵੱਲ ਵੇਖਣ ਦੇ ਅੰਦਾਜ ਤੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੀ ਇਸ ਗੱਲ ਨੇ ਉਨ੍ਹਾਂ ‘ਤੇ ਥੋੜ੍ਹਾ-ਬਹੁਤ ਅਸਰ ਜ਼ਰੂਰ ਕੀਤਾ ਹੈ।
“ਜਨਾਬ! ਜਿਸਨੂੰ ਤੁਸੀਂ ਮੁਲਜ਼ਮ ਆਖਦੇ ਹੋ, ਉਹ ਆਦਮੀ ਮੇਰੇ ਪਿੰਡ ਵਿਆਹਿਆ ਹੋਇਐ ਜੀ। ਬੇਸ਼ੱਕ ਉਹ ਛੋਟੀ ਜਾਤ ਦਾ ਹੈ ਪਰ ਮੇਰੇ ਪਿੰਡ ਦਾ ਜੁਆਈ-ਭਾਈ ਐ ਜੀ। ਉਹਦੇ ਸਹੁਰੇ ਨੂੰ ਮੈਂ ਚਾਚਾ ਆਖਦਾ ਹਾਂ ਜੀ…।” ਮੈਂ ਪੂਰਾ ਨਿੱਡਰ ਹੋ ਕੇ ਆਪਣੀ ਗੱਲ ਕਹਿ ਗਿਆ। ਮੇਰੀਆਂ ਅੱਖਾਂ ਵੀ ਭਰ ਆਈਆਂ ਸਨ।
ਮੈਂ ਬੋਲ ਰਿਹਾ ਸਾਂ ਅਤੇ ਦੇਵ ਤੇ ਇਕਬਾਲ ਮੇਰੇ ਵੱਲ ਚੁੱਪ-ਚਾਪ ਵੇਖ ਰਹੇ ਸਨ। ਪਲ ਕੁ ਦੀ ਚੁੱਪ ਤੋਂ ਬਾਅਦ ਔਲਖ ਸਾਹਬ ਅਪਣੀ ਕੁਰਸੀ ਤੋਂ ਉੱਠੇ। ਅਸੀਂ ਤਿੰਨੇ ਸਾਵਧਾਨ ਹੋ ਗਏ। ਸਾਡੇ ਨੇੜੇ ਆ ਕੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਹਿਣ ਲੱਗੇ, “ਅਜੀਤਪਾਲ ਸਿੰਘ! ਤੈਨੂੰ ਪਤਾ ਹੈ ਕਿ ਕਾਨੂੰਨ ਤੇ ਭਾਵੁਕਤਾ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਪਰ ਤੇਰੀ ਗ਼ਲਤੀ ਮਾਫ਼। ਤੂੰ ਥਾਣੇ ‘ਚ ਕੰਮ ਕਰਨ ਦੇ ਯੋਗ ਨਹੀਂ। ਕੱਲ੍ਹ ਨੂੰ ਇਥੇ ਆ ਕੇ ਹਾਜ਼ਰੀ ਦੇਣੀ ਐਂ, ਮੇਰੇ ਕੋਲ।”
“ਜਨਾਬ ! ਮੈਂ ਥਾਣਾ ਤਾਂ ਕੀ, ਇਸ ਮਹਿਕਮੇ ‘ਚ ਹੀ ਕੰਮ ਕਰਨ ਦੇ ਯੋਗ ਨਹੀਂ ਹਾਂ। ਮੈਂ ਅਪਣਾ ਅਸਤੀਫਾ ਲੈ ਕੇ ਆਇਆ ਹਾਂ ਜੀ।” ਇਹ ਕਹਿੰਦਿਆਂ ਮੈਂ ਅਪਣੀ ਜੇਬ ‘ਚੋਂ ਤਹਿਦਾਰ ਸਫ਼ੈਦ ਕਾਗਜ਼ ਕੱਢ ਕੇ ਔਲਖ ਸਾਹਬ ਦੇ ਅੱਗੇ ਕਰ ਦਿੱਤਾ। ਮੇਰੀਆਂ ਅੱਖਾਂ ਨਮ ਹੋ ਗਈਆਂ ਸਨ। ਬਿਨਾਂ ਤਹਿ ਖੋਲ੍ਹੇ ਹੀ ਉਨ੍ਹਾਂ ਕਾਗਜ਼ ਦੇ ਦੋ ਟੁਕੜੇ ਕਰ ਕੇ ਮੇਜ਼ ਉੱਤੇ ਰੱਖ ਦਿੱਤੇ।
“ਬੇਟਾ! ਤੇਰੇ ਵਰਗਿਆਂ ਦੀ ਤਾਂ ਇਸ ਮਹਿਕਮੇ ‘ਚ ਬਹੁਤ ਲੋੜ ਹੈ।” ਉਹਨਾਂ ਕਿਹਾ ਤੇ ਘੁੱਟ ਕੇ ਮੈਨੂੰ ਹਿੱਕ ਨਾਲ ਲਾ ਲਿਆ। ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਸਨ। ਦੇਵ ਤੇ ਇਕਬਾਲ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ ।

ਅਮਰ ਸੂੁਫ਼ੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!