ਫਗਵਾੜੇ ਵਾਲੇ ਦਿਨ – ਹਰਬਖਸ਼ ਮਕਸੂਦਪੁਰੀ

Date:

Share post:

ਰਾਮਗੜ੍ਹੀਆ ਸਕੂਲ ਦੀ ਨੌਕਰੀ

ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ ‘ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ ਦੇ ਫਾਸਲੇ ‘ਤੇ ਸੜਕ ਦੇ ਖੱਬੇ ਪਾਸੇ ਸੀ। ਹੁਣ ਇਸ ਸਕੂਲ ਦਾ ਨਾਉਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਹੈ। ਅੱਜ ਵਾਂਗ ਉਦੋਂ ਇੰਨੀ ਆਬਾਦੀ ਨਹੀਂ ਸੀ, ਰੇਲਵੇ ਲਾਈਨ ਤੋਂ ਲੈ ਕੇ ਸਕੂਲ ਤੱਕ ਸਾਰਾ ਥਾਂ ਬੇਆਬਾਦ ਪਿਆ ਸੀ। ਸੜਕ ਦੇ ਦੂਜੇ ਪਾਸੇ ਇੱਕ ਦੋ ਦੁਕਾਨਾਂ ਸਨ ਤੇ ਜਾਂ ਫੇਰ ਸਰਦਾਰ ਮੋਹਨ ਸਿੰਘ ਹਦੀਅਦਾਬਾਦੀ ਦਾ ਬਾਗ ਸੀ ਤੇ ਬਾਗ ਦੇ ਅੰਦਰ ਕੋਠੀ ਸੀ। ਅੱਜ ਵਾਲੇ ਸਤਨਾਮਪੁਰੇ ਵਿਚ ਉਸ ਵੇਲੇ ਬਹੁਤ ਥੋੜ੍ਹੇ ਘਰ ਸਨ। ਘਰੋਂ ਤੁਰਨ ਦੇ ਅੱਧੇ ਕੁ ਘੰਟੇ ਵਿਚ ਮੈਂ ਸਕੂਲ ਦੇ ਦਫ਼ਤਰ ਕੋਲ ਸਾਈਕਲ ਜਾ ਖੜ੍ਹਾ ਕੀਤਾ। ਦਫ਼ਤਰ ਦੇ ਮੋਹਰੇ ਬਰਾਂਡੇ ਵਿਚ ਸਟੂਲ ‘ਤੇ ਇੱਕ ਚੁਸਤ ਜਿਹਾ ਬੰਦਾ ਬੈਠਾ ਸੀ। ਸ਼ਕਲ ਸੂਰਤ ਤੋਂ ਉਹ ਚਪੜਾਸੀ ਤਾਂ ਲੱਗਦਾ ਨਹੀਂ ਸੀ। ਸੋਚਿਆ ਹੋਰ ਕੌਣ ਦਫ਼ਤਰ ਦੇ ਬਾਹਰ ਸਟੂਲ ’ਤੇ ਬੈਠਾ ਹੋ ਸਕਦਾ ਹੈ? ਮੈਨੂੰ ਦੇਖ ਕੇ ਉਹਨੇ “ਸਤਿ ਸੀ੍ਰ ਅਕਾਲ” ਕਹੀ ਤੇ ਪੁੱਛਿਆ, “ਦੱਸੋ ਜੀ! ਕੀ ਕੰਮ ਹੈ?” ਮੈਂ “ਸਤਿ ਸ੍ਰੀ ਅਕਾਲ” ਦਾ ਜਵਾਬ ਦਿੱਤਾ ਤੇ ਕਿਹਾ, “ਹੈੱਡਮਾਸਟਰ ਸਾਹਿਬ ਨੂੰ ਮਿਲਣਾ ਹੈ?” ਨੇੜੇ ਪਈ ਕੁਰਸੀ ਵਲ ਇਸ਼ਾਰਾ ਕਰ ਕੇ ਉਹਨੇ ਕਿਹਾ, “ਤੁਸੀਂ ਇੱਥੇ ਬੈਠੋ, ਮੈਂ ਹੁਣੇ ਪੁੱਛ ਕੇ ਦਸਦਾਂ।” ਇਹ ਕਹਿ ਕੇ ਉਹ ਪਰਦਾ ਹਟਾ ਕੇ ਦਫ਼ਤਰ ਅੰਦਰ ਗਿਆ ਤੇ ਉਸੇ ਵੇਲੇ ਬਾਹਰ ਆ ਕੇ ਕਿਹਾ, “ਹੁਣੇ ਹੈੱਡਮਾਸਟਰ ਸਾਹਿਬ ਤੁਹਾਨੂੰ ਬੁਲਾਉਣਗੇ। ਘੰਟੀ ਵੱਜੀ ’ਤੇ ਅੰਦਰ ਚਲੇ ਜਾਣਾ।” ਇਹ ਕਹਿ ਕੇ ਉਹ ਕਿਸੇ ਹੋਰ ਕੰਮ ਚਲਾ ਗਿਆ। ਇਸ ਸਕੂਲ ਵਿਚ ਕੰਮ ਕਰਦੇ ਸਮੇਂ ਇਸ ਚਪੜਾਸੀ ਨਾਲ ਮੇਰਾ ਨਿਤ ਵਾਹ ਪੈਂਦਾ ਰਿਹਾ। ਨਾਉਂ ਉਹਦਾ ਗੁਰਮੀਤ ਸਿੰਘ ਸੀ। ਸਦਾ ਖੁਸ਼ ਦਿਸਦਾ ਤੇ ਸਾਰੇ ਕੰਮ ਹੱਸ ਹੱਸ ਕੇ ਕਰਦਾ। ਜਦ ਵੀ ਉਹ ਕਿਸੇ ਆਰਡਰ ਤੇ ਦਸਤਖ਼ਤ ਕਰਵਾਉਣ ਆਉਂਦਾ ਤਾਂ ਕਹਿੰਦਾ ਸੀ, “ਮਾਸਟਰ ਜੀ! ਮਾਰ ਦਿਉ ਘੁੱਗੀ।”

ਦੋ ਕੁ ਮਿੰਟ ਪਿੱਛੋਂ ਘੰਟੀ ਵੱਜੀ, ਤਾਂ ਮੈਂ ਪਰਦਾ ਹਟਾ ਕੇ ਅੰਦਰ ਚਲਾ ਗਿਆ। ਅੰਦਰ ਕੁਰਸੀ ‘ਤੇ ਡਟਿਆ, ਕਰੀਨੇ ਨਾਲ ਬੰਨ੍ਹੀ ਸਜਵੀਂ ਫਬਵੀਂ ਕਾਲੀ ਦਾੜ੍ਹੀ ਤੇ ਸੁਨਹਿਰੀ ਫਰੇਮ ਵਾਲੀਆਂ ਐਨਕਾਂ ਵਾਲਾ ਸ਼ੁਕੀਨ ਜਿਹਾ ਬੰਦਾ ਸਲੇਟੀ ਸੂਟ ਪਾਈ ’ਤੇ ਉਸੇ ਰੰਗ ਦੀ ਟਾਈ ਬੰਨ੍ਹੀ ਸਾਹਮਣੇ ਡੈਸਕ ’ਤੇ ਪਏ ਪੈਡ ’ਤੇ ਕੁਝ ਲਿਖ ਰਿਹਾ ਸੀ। ਉਹਨੇ ਚਿੱਟੀ ਪੱਗ ਸਜਾ ਕੇ ਇੰਝ ਬੰਨ੍ਹੀ ਹੋਈ ਸੀ ਕਿ ਜੇ ਮੈਨੂੰ ਪਤਾ ਵੀ ਨਾ ਹੁੰਦਾ ਕਿ ਉਹ ਰਾਮਗੜ੍ਹੀਆ ਹੈ ਤਾਂ ਵੀ ਉਹਦੀ ਪੱਗ ਦੇ ਸਟਾਈਲ ਨੇ ਦੱਸ ਦੇਣਾ ਸੀ। ਇਹ ਹੈੱਡਮਾਸਟਰ ਅਮਰ ਸਿੰਘ ਵਿਰਦੀ ਤੋਂ ਬਿਨਾ ਹੋਰ ਕੋਈ ਹੋ ਹੀ ਨਹੀਂ ਸਕਦਾ ਸੀ। ਮੈਂ “ਸਤਿ ਸ੍ਰੀ ਅਕਾਲ” ਕਹੀ। ਇੱਕ ਮਿੰਟ ਪਿੱਛੋਂ ਉਹਨੇ ਉਸੇ ਤਰ੍ਹਾਂ ਲਿਖਦਿਆਂ ਹੀ ਐਨਕਾਂ ਉਪਰੋਂ ਦੀ ਮੇਰੇ ਵਲ ਝਾਕ ਕੇ ਕਿਹਾ, “ਦੱਸੋ ਕੀ ਕੰਮ ਹੈ?” ਮੈਂ ਮਾਸਟਰ ਰਘੁਬੀਰ ਸਿੰਘ ਦੀ ਚਿੱਠੀ ਉਹਨੂੰ ਫੜਾ ਦਿੱਤੀ ਤੇ ਆਪ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਉਸੇ ਤਰ੍ਹਾਂ ਖੜ੍ਹਾ ਰਿਹਾ। ਉਹਨੇ ਚਿੱਠੀ ਧਿਆਨ ਨਾਲ ਪੜ੍ਹੀ ਤੇ ਫੇਰ ਮੁਸਕਰਾ ਕੇ ਕਿਹਾ, “ਤੁਸੀਂ ਵਕLਤ ਸਿਰ ਹੀ ਆਏ ਹੋ। ਸਾਡੇ ਕੋਲ ਪੰਜਾਬੀ ਟੀਚਰ ਲਈ ਜਗ੍ਹਾ ਹੁਣੇ ਖਾਲੀ ਹੋਈ ਹੈ। ਮੈਨੂੰ ਐਪਲੀਕੇਸ਼ਨ ਦੇ ਜਾਉ ਤੇ ਕੱਲ ਨੂੰ ਇੰਟਰਵੀਊ ਦੇਣ ਲਈ ਆ ਜਾਣਾ, ਰਾਮਗੜ੍ਹੀਆ ਐਜੂਜੇਸ਼ਨ ਕਮੇਟੀ ਦੇ ਦਫ਼ਤਰ ਵਿਚ। ਸਰਦਾਰ ਮੇਲਾ ਸਿੰਘ ਤੁਹਾਡੀ ਇੰਟਰਵੀਊ ਲੈਣਗੇ।”
ਮੈਂ ਦੂਜੇ ਦਿਨ ਦਸ ਵਜੇ ਇੰਟਰਵੀਊ ਲਈ ਪੁੱਜ ਗਿਆ। ਸਕੂਲ ਦੀ ਚਾਰਦੀਵਾਰੀ ਦੇ ਅੰਦਰ ਹੀ ਬਾਹਰਲੇ ਗੇਟ ਦੇ ਨੇੜੇ ਇੱਕ ਚੁਬਾਰੇ ਵਿਚ ਕਮੇਟੀ ਦਾ ਦਫ਼ਤਰ ਸੀ। ਮੈਂ ਪੌੜੀਆਂ ਚੜ੍ਹਿਆ ਤਾਂ ਇੱਕ ਬੰਦਾ ਜਿਹੜਾ ਕਮਰੇ ਤੋਂ ਬਾਹਰ ਸਟੂਲ ’ਤੇ ਬੈਠਾ ਸੀ, ਮੈਨੂੰ ਅੰਦਰ ਲੈ ਗਿਆ। ਅੰਦਰ ਮੇਜ਼ ਦੇ ਸਾਹਮਣੇ ਵਾਲੀ ਕੁਰਸੀ ’ਤੇ ਪੀਲੀ ਜਿਹੀ ਕੁਢੱਬੀ ਪੱਗ ਬੰਨ੍ਹੀ ਖਿਝੇ ਜਿਹੇ ਮਲੱਠੀ ਰੰਗੇ ਚਿਹਰੇ ਤੇ ਚਿੱਟੀ ਨੂੜੀ ਹੋਈ ਦਾੜ੍ਹੀ ਵਾਲਾ ਇੱਕ ਬਜ਼ੁਰਗ ਬੈਠਾ ਸੀ। ਉਹਦੇ ਸੱਜੇ ਪਾਸੇ ਕੁਰਸੀ ‘ਤੇ ਹੈੱਡਮਾਸਟਰ ਅਮਰ ਸਿੰਘ ਤੇ ਖੱਬੇ ਪਾਸੇ ਇੱਕ ਹੋਰ ਬੰਦਾ ਬੈਠਾ ਸੀ। ਮੈਂ ਤਿੰਨਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੇਜ਼ ਦੇ ਸਾਹਮਣੇ ਜਾ ਖੜ੍ਹਾ ਹੋਇਆ। ਖੱਬੇ ਪਾਸੇ ਵਾਲਾ ਬੰਦਾ ਜਿਹੜਾ ਆਪਣੀ ਕਾਰਜ ਵਿਧੀ ਤੋਂ ਕਮੇਟੀ ਦਾ ਸੈਕਟਰੀ ਜਾਪਦਾ ਸੀ, ਨੇ ਮੈਨੂੰ ਸਾਹਮਣੇ ਪਈ ਕੁਰਸੀ ਤੇ ਬਹਿਣ ਲਈ ਇਸ਼ਾਰਾ ਕੀਤਾ ਤੇ ਫੇਰ ਫਾਈਲ ਖੋਲ੍ਹ ਕੇ ਮੇਰੀ ਅਰਜ਼ੀ ਕੱਢੀ ’ਤੇ ਉਸ ਬਜ਼ੁਰਗ ਦੇ ਅੱਗੇ ਰਖਦਿਆਂ ਕਿਹਾ, “ਹਰਬਖਸ਼ ਸਿੰਘ ਬੈਂਸ ਗਿਆਨੀ!”
ਬਜ਼ੁਰਗ ਨੇ ਮੋਟੀਆਂ ਐਨਕਾਂ ਵਿਚੋਂ ਝਾਕ ਕੇ ਕਿਹਾ, “ਕਿਉਂ ਬਈ ਮੁੰਡਿਆ! ਪੜ੍ਹਾਉਣ ਦਾ ਸ਼ੌਂਕ ਵੀ ਹੈ ਕਿ ਐਵੇਂ ਅਰਜ਼ੀ ਦੇ ਦਿੱਤੀ?”
ਮੈਂ ਕਿਹਾ, “ਸਰਦਾਰ ਜੀ! ਪੜ੍ਹਾਉਣ ਦਾ ਸ਼ੌਕ ਕਰਕੇ ਹੀ ਤੁਹਾਡੇ ਦਰਸ਼ਨ ਕਰਨ ਆਇਆ ਹਾਂ।”
“ਪੜ੍ਹਾਏਂਗਾ ਵੀ ਕਿ ਦਰਸ਼ਨ ਹੀ ਕਰੇਂਗਾ?”, ਉਹਨੇ ਥੋੜ੍ਹਾ ਜਿਹਾ ਖਿੜ ਕੇ ਕਿਹਾ।
“ਸਰਦਾਰ ਜੀ! ਪੜ੍ਹਾਉਣਾ ਤਾਂ ਮੇਰਾ ਫਰਜ਼ ਹੋਣਾ ਹੀ ਹੈ। ਜੇ ਰੂੰਘੇ ਵਿਚ ਤੁਹਾਡੇ ਵਰਗੇ ਮਹਾਪੁਰਖਾਂ ਦੇ ਦਰਸ਼ਨ ਵੀ ਹੁੰਦੇ ਰਹਿਣ ਤਾਂ ਮੇਰੀ ਖ਼ੁਸ਼ਕਿਸਮਤੀ ਹੋਵੇਗੀ”, ਮੈਂ ਕੁਝ ਵਿਅੰਗ ਜਿਹੇ ਦੇ ਮੂਡ ਵਿਚ ਕਿਹਾ। ਬਜ਼ੁਰਗ ਹੋਰ ਚੌੜਾ ਹੋ ਗਿਆ ਤੇ ਹੋਰ ਵੀ ਖਿੜ ਕੇ ਕਹਿਣ ਲੱਗਾ, “ਗੱਲਾਂ ਤਾਂ ਤੂੰ ਬਹੁਤ ਸੁਹਣੀਆਂ ਕਰਦਾਂ। ਕਿਤੇ ਤੂੰ ਕੌਮਨਿਸਟ ਤਾਂ ਨਹੀਂ? ਫਿਕਰ ਨਾ ਕਰੀਂ, ਜੇ ਹੈਗਾਂ ਤਾਂ ਦੱਸਦੇ ਮੈਂ ਵੀ ਤਾਂ ਕੌਮਨਿਸਟ ਆਂ।”
ਮੈਂ ਸਮਝ ਗਿਆ, ਉਹ ਮੈਥੋਂ ਕੀ ਕਹਾਉਣਾ ਚਾਹੁੰਦਾ ਸੀ? ਮੈਂ ਉਹੀ ਕਹਿ ਦਿੱਤਾ, “ਕਿੱਥੇ! ਸਰਦਾਰ ਜੀ, ਮੈਂ ਤਾਂ ਕੌਮਨਿਸਟਾਂ ਦਾ ਨਾਂ ਪਹਿਲੀ ਵੇਰ ਤੁਹਾਥੋਂ ਸੁਣਿਆਂ।”
“ਅੱਛਾ ਫੇਰ ਮੁੰਡਿਆ! ਤੈਨੂੰ ਰੱਖ ਲਿਆ। ਤੇਰਾ ਉਲਾਂਭਾ ਨਾ ਆਵੇ”, ਬਜ਼ੁਰਗ ਨੇ ਕਿਹਾ।
ਹੈੱਡਮਾਸਟਰ ਅਮਰ ਸਿੰਘ ਮੁਸਕੜੀਏਂ ਹੱਸ ਰਿਹਾ ਸੀ। ਇੰਨੀ ਕੁ ਗੱਲ ਤਾਂ ਮੈਂ ਵੀ ਸਮਝਦਾ ਸਾਂ ਕਿ ਇਹ ਸਾਰੀ ਕਾਰਵਾਈ ਖਾਨਾ ਪੁਰੀ ਕਰਨ ਲਈ ਹੀ ਹੋ ਰਹੀ ਸੀ। ਸਰਦਾਰ ਮੇਲਾ ਸਿੰਘ ਰਾਮਗੜੀ੍ਹਆ ਐਜੂਕੇਸ਼ਨ ਕਮੇਟੀ ਦਾ ਵਾਈਸ-ਚੇਅਰਮੈਨ ਸੀ। ਉਹ ਵਿਚਾਰਾ ਚਿੱਟਾ ਅਨਪੜ੍ਹ ਸੀ, ਉਹਨੂੰ ਕੀ ਪਤਾ ਸੀ ਪੜ੍ਹਾਈ ਕੀ ਹੁੰਦੀ ਹੈ ਤੇ ਪੜ੍ਹਾਇਆ ਕਿਵੇਂ ਜਾਂਦਾ ਹੈ? ਹੈੱਡਮਾਸਟਰ ਨੇ ਜੋ ਕੁਝ ਕਿਹਾ ਸੀ ਉਹਨੇ ਉਹੀ ਕਰ ਦਿੱਤਾ ਸੀ। ਹੈੱਡਮਾਸਟਰ ਅਮਰ ਸਿੰਘ ਨੇ ਪਹਿਲਾਂ ਹੀ ਟਾਈਪ ਕੀਤਾ ਨਿਯੁਕਤੀ ਪੱਤਰ ਸਰਦਾਰ ਮੇਲਾ ਸਿੰਘ ਤੋਂ ਸਹੀ ਪੁਆ ਕੇ ਮੇਰੇ ਹਵਾਲੇ ਕਰ ਦਿੱਤਾ।
ਮੈਂ ਦੂਜੇ ਦਿਨ 9 ਵਜੇ ਸਵੇਰੇ ਪੰਜਾਬੀ ਅਧਿਆਪਕ ਦੇ ਤੌਰ ’ਤੇ ਰਾਮਗੜ੍ਹੀਆ ਕਾਲਜੀਏਟ ਸਕੂਲ ਵਿਚ ਡਿਊਟੀ ’ਤੇ ਆ ਗਿਆ। ਤਨਖਾਹ ਮੇਰੀ 65 ਰੁਪਏ ਮਹੀਨਾ ਮਿੱਥੀ ਗਈ ਸੀ। ਮੈਂ ਕਿਹੜਾ ਸਿੱਖਸ਼ਤ ਅਧਿਆਪਕ ਸਾਂ? ਜੋ ਮਿਲਿਆ ਉਹੀ ਸਵੀਕਾਰ ਕਰ ਲਿਆ। ਮੇਰਾ ਨਿਸ਼ਾਨਾ ਤਾਂ ਪੜ੍ਹਾਉਂਦਿਆਂ ਅੱਗੇ ਪੜ੍ਹਨ ਦਾ ਸੀ। ਇਸ ਕੰਮ ਲਈ ਇੱਥੇ ਆਉਣ ਦਾ ਮੈਨੂੰ ਲਾਭ ਹੀ ਰਿਹਾ।
ਹਾਲੀਂ ਤੱਕ ਮੈਂ ਪਿੰਡਾਂ ਵਿਚ ਹੀ ਪੜ੍ਹਾਇਆ ਸੀ ਤੇ ਪਿੰਡਾਂ ਵਿਚ ਹੀ ਰਿਹਾ ਸਾਂ। ਇਸ ਲਈ ਸ਼ਹਿਰੀ ਤੌਰ ਤਰੀਕਿਆਂ ਤੋਂ ਅਨਜਾਣ ਸਾਂ। ਮੈਂ ਪਹਿਲੇ ਦਿਨ ਹੀ ਫਾਂਟਾਂ ਵਾਲਾ ਪਜਾਮਾ ਪਾ ਕੇ ਆ ਗਿਆ। ਮਾਸਟਰ ਮੇਰੇ ਵਲ ਇਵੇਂ ਝਾਕਣ ਜਿਵੇਂ ਮੇਰੇ ਸਿਰ ‘ਤੇ ਸਿੰਗ ਉਗ ਆਏ ਹੋਣ। ਇੱਕ ਭਲੇ ਜਿਹੇ ਮਾਸਟਰ ਨੇ ਮੈਨੂੰ ਉਹਲੇ ਜਿਹੇ ਕਰ ਕੇ ਦੱਸ ਹੀ ਦਿੱਤਾ, “ਆਹ ਫਾਟਾਂ ਵਾਲਾ ਪਜਾਮਾ ਪਾ ਕੇ ਫੇਰ ਸਕੂਲ ਨਾ ਆਈਂ ਕਮੇਟੀ ਦਾ ਚੇਅਰਮੈਨ ਇਹਨੂੰ ਪਸੰਦ ਨਹੀਂ ਕਰਦਾ। ਉਹਦਾ ਖਿਆਲ ਹੈ ਕਿ ਇਹ ਪਜਾਮਾ ਰਾਤ ਨੂੰ ਪਾਉਣ ਲਈ ਹੁੰਦਾ।” ਮੈਂ ਹੈਰਾਨ ਜਿਹਾ ਹੋ ਕੇ “ਅੱਛਾ ਜੀ” ਤਾਂ ਕਹਿ ਦਿੱਤਾ, ਪਰ ਸੋਚ ਗਿਆ, “ਰੱਬ ਖੈਰ ਕਰੇ, ਪਤਾ ਨਹੀਂ ਚੇਅਰਮੈਨ ਨੂੰ ਹੋਰ ਕੀ ਕੀ ਪਸੰਦ ਨਹੀਂ? ਪਿੰਡਾਂ ਦਾ ਆਜ਼ਾਦ ਪੰਛੀ ਸ਼ਹਿਰ ਦੇ ਪਿੰਜਰੇ ਵਿਚ ਆ ਫਸਿਆ। ਦੇਖੀਏ ਕਿੰਨਾ ਚਿਰ ਕੱਢਦਾ?”
ਮੈਂ ਸਤੰਬਰ 1955 ਵਿਚ ਇਸ ਸਕੂਲ ਵਿਚ ਲੱਗਾ ਸਾਂ। ਪੰਜ ਕੁ ਸਾਲ ਇੱਥੇ ਕੰਮ ਕੀਤਾ। ਇਸ ਸਮੇਂ ਦੌਰਾਨ ਮੈਂ ਬੀ. ਏ. ਦੀ ਡਿਗਰੀ ਵੀ ਪ੍ਰਾਪਤ ਕਰ ਲਈ ਤੇ ਫੇਰ ਐਮ. ਏ. ਪੰਜਾਬੀ ਦਾ ਇਮਤਿਹਾਨ ਪਾਸ ਕਰ ਕੇ ਪੋਸਟ-ਗ੍ਰੈਜੂਏਟ ਵੀ ਬਣ ਗਿਆ। ਮੈਨੂੰ ਉਹ ਮਾਹੌਲ ਮਿਲ ਗਿਆ ਸੀ, ਜਿਹੜਾ ਹੋਰ ਕਿਤੇ ਵੀ ਨਹੀਂ ਮਿਲਿਆ ਸੀ। ਆਉਂਦਿਆਂ ਹੀ ਕੁਝ ਅਜੇਹੇ ਅਧਿਆਪਕਾਂ ਨਾਲ ਨੇੜ੍ਹਤਾ ਹੋ ਗਈ ਸੀ, ਜਿਹੜੇ ਮੇਰੇ ਵਾਂਗ ਹੀ ਵਿੱਦਿਆ ਪ੍ਰਾਪਤੀ ਦੇ ਰਾਹ ਪਏ ਹੋਏ ਸਨ। ਗੁਰਨਾਮ ਸਿੰਘ ਸੀ, ਜਿਸਨੇ ਸਾਰੀ ਪੜ੍ਹਾਈ ਪ੍ਰਾਈਵੇਟ ਕੀਤੀ ਸੀ। ਉਹ ਪੰਜਾਬੀ ਦੀ ਐਮ.ਏ. ਸੀ। ਕੁਝ ਪੀਰੀਅਡ ਨਾਲ ਲੱਗਦੇ ਰਾਮਗੜ੍ਹੀਆ ਕਾਲਜ ਵਿਚ ਵੀ ਲਾਉਂਦਾ ਸੀ ਤੇ ਦਿਨ ਵਿਚ ਇੱਕ ਵੇਰ ਇਸ ਸਕੂਲ ਦੇ ਐਨ ਸਾਹਮਣੇ ਇੱਕ ਖੁਲ੍ਹੇ ਬਾਗ਼ ਵਿਚ ਬਣੀ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਮੋਹਨ ਸਿੰਘ ਰਈਸ ਹਦੀਆਬਾਦੀ ਦੀ ਕੋਠੀ ਵਿਚ ਵੀ ਜਾਂਦਾ ਸੀ। ਸੁਣਿਆ ਸੀ, ਮੋਹਨ ਸਿੰਘ ਪੰਚ-ਤੰਤਰ ਦਾ ਪੰਜਾਬੀ ਅਨੁਵਾਦ ਕਰਦਾ ਸੀ ਤੇ ਗੁਰਨਾਮ ਸਿੰਘ ਉਹਦੇ ਬੋਲਾਂ ਨੂੰ ਲਿਖਤ ਵਿਚ ਬਦਲਦਾ ਸੀ। ਇਸ ਸੇਵਾ ਦੇ ਬਦਲੇ ਉਹਨੂੰ ਹੋਰ ਕੁਝ ਤਾਂ ਕੀ ਮਿਲਣਾ ਸੀ? ਬੱਸ ਕੁਝ ਪੀਰੀਅਡ ਕਾਲਜ ਵਿਚ ਪੰਜਾਬੀ ਪੜ੍ਹਾਉਣ ਦੇ ਮਿਲ ਜਾਂਦੇ ਸਨ। ਇਸ ਲਈ ਉਹ ਪੰਜਾਬੀ ਦਾ ਪੋ੍ਰਫੈਸਰ ਕਹਾਉਣ ਲੱਗ ਪਿਆ ਸੀ। ਉਹ ਐਮ.ਏ ਰਾਜਨੀਤੀ ਵਿਗਿਆਨ ਦੇ ਇਮਤਿਹਾਨ ਲਈ ਤਿਆਰੀ ਕਰ ਰਿਹਾ ਸੀ। ਮਾਸਟਰ ਲਛਮਣ ਸਿੰਘ ਸੰਧੂ ਸੀ, ਉਹ ਬੀ.ਏ.ਬੀ.ਟੀ. ਤਾਂ ਸੀ ਹੀ, ਉਸ ਸਮੇਂ ਉਹ ਪੰਜਾਬੀ ਐਮ.ਏ. ਦੀ ਤਿਆਰੀ ਕਰ ਰਿਹਾ ਸੀ। ਮਾਸਟਰ ਵਿੱਦਿਆ ਪ੍ਰਕਾਸ਼ ਤੇ ਜਗਦੀਸ਼ ਰਾਜ ਦੋਵੇਂ ਅੰਗਰੇਜ਼ੀ ਦੇ ਅਧਿਆਪਕ ਸਨ ’ਤੇ ਫਾਰਮੈਨ ਕ੍ਰਿਸਚੀਅਨ ਕਾਲਜ ਲਾਹੌਰ ਦੇ ਪੜ੍ਹੇ ਹੋਏ ਸਨ ਤੰ ਅੰਗਰੇਜ਼ੀ ਬੋਲਣ ਲਿਖਣ ਵਿਚ ਅੰਗਰੇਜ਼ਾਂ ਦੇ ਵੀ ਕੰਨ ਕੁਤਰਦੇ ਸਨ। ਉਹ ਦੋਵੇਂ ਹਾਸ-ਵਿਅੰਗ ਦੇ ਇੰਨੇ ਮਾਹਰ ਸਨ ਕਿ ਸਟਾਫ ਰੂਮ ਵਿਚ ਮਾਸਟਰਾਂ ਦਾ ਦਿਲ ਲਾਈ ਰੱਖਦੇ ਤੇ ਜਮਾਤਾਂ ਵਿਚ ਮੁੰਡਿਆਂ ਦੀਆਂ ਵੱਖੀਆਂ ਪਕਾਈ ਰੱਖਦੇ ਸਨ। ਮਾਸਟਰ ਕਿਰਪਾਲ ਸਿੰਘ ਸੀ, ਜਿਹੜਾ ਉਮਰ ਵਿਚ ਮੈਥੋਂ ਛੋਟਾ ਸੀ, ਉਹਦੇ ਸ਼ੌਕ ਬੜੇ ਅਵੱਲੇ ਸਨ। ਉਹ ਸੰਗੀਤ ਦਾ ਸ਼ੌਕੀਨ ਸੀ ਤੇ ਉਹਨੇ ਸੰਗੀਤ ਦਾ ਕੋਈ ਡਿਪਲੋਮਾ ਵੀ ਕੀਤਾ ਹੋਇਆ ਸੀ। ਉਹ ਗਿਆਨੀ ਓ.ਟੀ. ਪਾਸ ਪੰਜਾਬੀ ਦਾ ਅਧਿਆਪਕ ਸੀ। ਸੀ ਬਹੁਤ ਸੁਨੱਖਾ ਚੁਲਬੁਲਾ ਆਸ਼ਕ ਮਿਜ਼ਾਜ, ਮੇਰੇ ਨਾਲੋਂ ਐਨ ਉਲਟ, ਫੇਰ ਵੀ ਮੇਰਾ ਤੇ ਉਹਦਾ ਸਾਥ ਬਹੁਤ ਲੰਮਾ ਰਿਹਾ ਤੇ ਦੋਸਤੀ ਹੁਣ ਤੱਕ ਨਿਭ ਰਹੀ ਹੈ। ਇਹੋ ਜਿਹੇ ਦੋਸਤਾਂ ਵਿਚ ਵਿਚਰਦਿਆਂ ਮੇਰੇ ਲਈ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਚੰਗਾ ਮਾਹੌਲ ਪੈਦਾ ਹੋ ਗਿਆ ਸੀ।
ਪੜ੍ਹਨਾ ਵੀ ਸੀ ਤੇ ਪੜ੍ਹਾਉਣਾ ਵੀ। ਫੇਰ ਚੰਗਾ ਅਧਿਆਪਕ ਹੋਣ ਦੀ ਭੱਲ ਨੂੰ ਵੀ ਕਾਇਮ ਰੱਖਣਾ ਸੀ। ਇਸ ਲਈ ਹਫਤੇ ਦੇ ਬਹੁਤੇ ਦਿਨ ਫਗਵਾੜੇ ਹੀ ਰਹਿਣ ਦਾ ਜੁਗਾੜ ਬਣਾ ਲਿਆ। ਪਹਿਲਾਂ ਤਾਂ ਰੇਲਵੇ ਰੋਡ ਤੋਂ ਖੱਬੇ ਪਾਸੇ 25 ਕੁ ਗਜ਼ ਦੀ ਵਿੱਥ ’ਤੇ ਇੱਕ ਗਲੀ ਵਿਚ ਬਣੇ ਬੜੇ ਸਾਰੇ ਮਕਾਨ ਝੀਂਜਾ ਬਿਲਡਿੰਗ ਵਿਚ ਲਛਮਣ ਸਿੰਘ ਸੰਧੂ ਤੇ ਗੁਰਨਾਮ ਸਿੰਘ ਹੋਰਾਂ ਕੋਲ ਡੇਰੇ ਲਾ ਲਏ ਸਨ ਤੇ ਫੇਰ ਸਾਲ ਕੁ ਪਿੱਛੋਂ ਰੇਲਵੇ ਰੋਡ ਉੱਤੇ ਸੱਜੇ ਪਾਸੇ ਦਰਸ਼ਨ ਸਿੰਘ ਸੈਣੀ ਬਿਲਡਿੰਗ ਵਿਚ ਕਿਰਪਾਲ ਸਿੰਘ ਨਾਲ ਰਲ ਕੇ ਕਮਰਾ ਲੈ ਲਿਆ।
ਸਾਹਿਤਕ ਸ਼ੌਕ ਤੇ ਸਿਆਸੀ ਸ਼ੌਕ ਵੀ ਇੱਥੇ ਦੋਵੇਂ ਪੂਰੇ ਹੋਈ ਜਾਂਦੇ ਸਨ। ਗੁਰਚਰਨ ਰਾਮਪੁਰੀ ਇੱਥੇ ਰਾਮਗੜ੍ਹੀਆ ਪੌਲੀਟੈਕਨਿਕ ਵਿਚ ਡਰਾਫਟਸਮੈਨੀ ਦਾ ਕੋਰਸ ਕਰਨ ਆਇਆ ਹੋਇਆ ਸੀ। ਫਗਵਾੜੇ ਇੱਕ ਕਵੀ ਸਭਾ ਸੀ। ਉਹਦੇ ਵਿਚ ਰਾਮਪੁਰੀ ਮੂੰਹੋਂ ਸੁਣੀ ਗ਼ਜ਼ਲ ਦਾ ਇੱਕ ਸ਼ਿਅਰ ਮੈਨੂੰ ਹਾਲੀਂ ਵੀ ਭੁੱਲਿਆ ਨਹੀਂ:-
ਭਾਈ ਤੇ ਪੰਡਤ ‘ਚ ਜੇ ਵੈਰ ਹੁੰਦਾ
ਰਾਤੇ ਨੂੰ ਇੱਕੋ ਚੁਬਾਰੇ ਨਾ ਹੁੰਦੇ
ਰਾਮਪੁਰੀ ਤਾਂ ਛੇਤੀ ਹੀ ਆਪਣਾ ਇਮਤਿਹਾਨ ਪਾਸ ਕਰ ਕੇ ਇੱਥੋਂ ਚਲਾ ਗਿਆ। ਖੁਸ਼ਕਿਸਮਤੀ ਨੂੰ ਅਵਤਾਰ ਜੰਡਿਆਲਵੀ, ਹਰਭਜਨ ਹੁੰਦਲ ਤੇ ਸੁਰਿੰਦਰ ਗਿੱਲ ਦਾ ਤ੍ਰੇਗੜਾ ਇੱਥੇ ਪੜ੍ਹਨ ਆ ਲੱਗਾ। ਸੁਰਿੰਦਰ ਗਿੱਲ ਡਰਾਇੰਗ ਮਾਸਟਰੀ ਦਾ ਕੋਰਸ ਕਰਨ ਆਇਆ ਸੀ ਤੇ ਅਵਤਾਰ ਤੇ ਹਰਭਜਨ ਦੋਵੇਂ ਬੀ. ਏ. ਕਰਨ ਪਿਛੋਂ ਬੀ. ਐਡ. ਕਰਨ ਆਏ ਸਨ। ਬੱਸ ਸਮਝੋ ਕਿ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋ ਗਈ ਸੀ। ਅਵਤਾਰ ਦੁਆਬੇ ਦੀ ਧੁੰਨੀ ਜੰਡਿਆਲੇ ਦਾ ਸੀ, ਹਰਭਜਨ ਮਾਝੇ ਦਾ ਖੁੰਡ ਤੇ ਸੁਰਿੰਦਰ ਮਾਲਵੇ ਦੀ ਵੰਨਗੀ। ਅਵਤਾਰ ਜਿੰਨਾ ਲੋੜ ਨਾਲੋਂ ਵੱਧ ਉੱਚਾ ਸੀ, ਸੁਰਿੰਦਰ ਉੱਨਾ ਹੀ ਨਿੱਕਾ ਜਿਹਾ, ਕੁੜੀਆਂ ਵਰਗਾ ਸੁਹਣਾ ਨਾਜ਼ਕ ਮਲੂਕ। ਇਹ ਦੋਵੇਂ ਜਿੰਨੇ ਖਿੜੇ ਰਹਿੰਦੇ ਸਨ, ਹਰਭਜਨ ਉੱਨਾ ਹੀ ਚੁੱਪ ਚੁਪੀਤਾ ਤੇ ਖਿਝੂ ਜਿਹਾ ਲਗਦਾ ਸੀ। ਉਹਦਾ ਵੀ ਬੱਸ ਨਹੀਂ ਸੀ, ਉਹਨੇ ਪੜ੍ਹਦੇ ਨੇ ਹੀ ਕਮਿਊਨਿਸਟ ਪਾਰਟੀ ਦੀ ਪਹੁਲ਼ ਲੈ ਲਈ ਸੀ। ਜੇ ਗੰਭੀਰ ਮਾਰਕਸਵਾਦੀ ਬਣਨਾ ਸੀ ਤਾਂ ਦਿਸਣਾ ਵੀ ਗੰਭੀਰ ਹੀ ਚਾਹੀਦਾ ਸੀ। ਸੁਭਾਵਾਂ ਦਾ ਫਰਕ ਹੋਣ ’ਤੇ ਵੀ ਇਹ ਤਿੰਨੇ ਸਦਾ ਇਕੱਠੇ ਦਿਸਦੇ ਸਨ।
ਕੇਂਦਰੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਤੇਰਾ ਸਿੰਘ ਚੰਨ ਨੇ ਕੁਝ ਚਿਰ ਪਿੱਛੋਂ ਇੱਥੇ ਫਗਵਾੜੇ ਵਿਚ ਗਿਆਨੀ ਕਾਲਜ ਖੋਲ੍ਹ ਲਿਆ। ਉਹਦੇ ਆਉਣ ਨਾਲ ਸਾਰੀਆਂ ਕਸਰਾਂ ਪੂਰੀਆਂ ਹੋ ਗਈਆਂ। ਉਹਦੀ ਛਤਰ ਛਾਇਆ ਹੇਠ ਪੰਜਾਬੀ ਸਾਹਿਤ ਸਭਾ ਫਗਵਾੜਾ ਹੋਂਦ ਵਿਚ ਆ ਗਈ। ਮੈਂ ਵੀ ਆਪਣੇ ਦੋਸਤਾਂ ਸੁਰਿੰਦਰ, ਅਵਤਾਰ ਤੇ ਹਰਭਜਨ ਸਣੇ ਇਸ ਸਭਾ ਦਾ ਮੈਂਬਰ ਬਣ ਗਿਆ। ਮੈਂ ਉਨ੍ਹਾਂ ਦਿਨਾਂ ਵਿਚ ਐਮ. ਏ ਪਾਰਟ ਪਹਿਲੇ ਦੀ ਤਿਆਰੀ ਕਰ ਰਿਹਾ ਸਾਂ।
ਅਸੀਂ ਹਰ ਚੌਥੇ ਐਤਵਾਰ ਸਭਾ ਦੀ ਇਕੱਤਰਤਾ ਰਖਦੇ। ਅਸੀਂ ਤਾਂ ਹਰ ਇਕੱਤਰਤਾ ਵਿਚ ਜਾਂਦੇ ਹੀ ਸਾਂ, ਕਦੀ ਕਦੀ ਕਾਲਜ ਦੇ ਕੁਝ ਪ੍ਰੋਫੈਸਰ ਵੀ ਆ ਜਾਂਦੇ। ਗਣਿਤ ਦਾ ਪੋ੍ਰਫੈਸਰ ਭੁਪਿੰਦਰ ਸਿੰਘ, ਅੰਗਰੇਜ਼ੀ ਦਾ ਪੋ੍ਰਫ਼ੈਸਰ ਪਿਆਰਾ ਸਿੰਘ ਤੇ ਪੰਜਾਬੀ ਦਾ ਪ੍ਰੋਫੈਸਰ ਗੁਰਦਿੱਤ ਸਿੰਘ ਪ੍ਰੇਮੀ ਵੀ ਇਸ ਸਭਾ ਦੀਆਂ ਇਕੱਤਰਤਾਵਾਂ ਨੂੰ ਕਿਤੇ ਕਿਤੇ ਭਾਗ ਲਾਉਣ ਆ ਜਾਂਦੇ ਸਨ। ਭਗਤ ਰਾਮ ਪਤੰਗਾ ਵਰਗੇ ਸੋਸ਼ਲਿਸਟ, ਮੁਨੀ ਲਾਲ ਹਿੰਦੀ ਵਰਗੇ ਕਾਂਗਰਸੀ ਤੇ ਕਰਮ ਸਿੰਘ ਲਾਇਲਪੁਰੀ ਵਰਗੇ ਕਮਿਊਨਿਸਟ ਵੀ ਆ ਜਾਂਦੇ ਸਨ ਤੇ ਬਹਿਸ ਕਈ ਵੇਰ ਸਾਹਿਤਕ ਦੀ ਥਾਂ ਸਿਆਸੀ ਜਿਹੀ ਬਣ ਜਾਂਦੀ ਸੀ। ਸਭਾ ਦੇ ਸੰਚਾਲਕ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਜਾਂ ਹਮਦਰਦ, ਇਸ ਲਈ ਉਹ ਇਸ ਰੁਝਾਨ ਨੂੰ ਗ਼ਲਤ ਨਹੀਂ ਸਮਝਦੇ ਸਨ। ਇਸ ਸਭਾ ਦੀਆਂ ਮੀਟਿੰਗਾਂ ਵਿਚ ਸਾਹਿਤ ਸਮਾਜ ਤੇ ਰਾਜਨੀਤੀ ਬਾਰੇ ਬਹੁਤ ਕੁਝ ਨਵਾਂ ਮਿਲਦਾ ਰਹਿੰਦਾ ਸੀ। ਨਿਤ ਨਵੀਆਂ ਸਾਹਿਤਕ ਰਚਨਾਵਾਂ ਸੁਣਨ ਲਈ ਮਿਲਦੀਆਂ। ਅਵਤਾਰ ਦੀਆਂ ਰੁਮਾਂਟਿਕ ਕਵਿਤਾਵਾਂ ਰੰਗ ਬੰਨ੍ਹ ਦਿੰਦੀਆਂ ਸਨ ਤੇ ਸੁਰਿੰਦਰ ਦੇ ਸੁਰੀਲੇ ਗੀਤ।
ਇਸ ਨਵੇਂ ਮਾਹੌਲ ਵਿਚ ਮੇਰੀ ਰਚਨਾ ਪ੍ਰਕਿਰਿਆ ’ਤੇ ਵੀ ਅਸਰ ਹੋਣਾ ਹੀ ਸੀ। ਮੈਂ ਕਵਿਤਾਵਾਂ ਤਾਂ ਚਿਰ ਤੋਂ ਲਿਖਦਾ ਆ ਰਿਹਾ ਸਾਂ, ਪਰ ਉਨ੍ਹਾਂ ਵਿਚ ਨਿਖਾਰ ਇਸ ਸਭਾ ਦੀਆਂ ਮੀਟਿੰਗਾਂ ਵਿਚ ਹੀ ਆਉਣ ਲੱਗਾ। ਇਨ੍ਹਾਂ ਦਿਨਾਂ ਵਿਚ ਹੀ ਮੈਂ ਕੁਝ ਕਹਾਣੀਆਂ ਵੀ ਲਿਖੀਆਂ ਪਰ ਉਸ ਵੇਲੇ ਐਮ.ਏ. ਦੇ ਇਮਤਿਹਾਨ ਦੀ ਤਿਆਰੀ ਵਿਚ ਰੁਝਿਆ ਹੋਇਆ ਹੋਣ ਕਰਕੇ ਬਹੁਤਾ ਜ਼ੋਰ ਮੇਰਾ ਸਾਹਿਤ-ਅਲੋਚਨਾ ਉੱਤੇ ਹੀ ਲੱਗਾ ਰਿਹਾ। ਮੇਰੇ ਸਾਹਿਤ-ਅਲੋਚਨਾ ਦੇ ਲੇਖ ਭਾਸ਼ਾ ਵਿਭਾਗ ਪੰਜਾਬ ਦੇ ਰਸਾਲੇ ‘ਪੰਜਾਬੀ ਦੁਨੀਆ’ ਵਿਚ ਛਪ ਜਾਂਦੇ ਸਨ। ਭਾਸ਼ਾ ਵਿਭਾਗ ਹਰ ਛਪੀ ਲਿਖਤ ਦਾ ਸੇਵਾ-ਫਲ ਅਦਾ ਕਰਦਾ ਸੀ। ਮੈਨੂੰ ਇਸ ਤਰ੍ਹਾਂ ਕੁਝ ਵਾਧੂ ਆਮਦਨੀ ਹੋਣ ਲੱਗ ਪਈ ਸੀ। ਵਾਧੂ ਆਮਦਨੀ ਦੇ ਲਾਲਚ ਬਸ ਮੈਂ ਕੁਝ ਨਾ ਕੁਝ ਲਿਖਦਾ ਰਹਿੰਦਾ ਸਾਂ। ਭਾਸ਼ਾ ਵਿਭਾਗ ਦਾ ਇੱਕ ਹੋਰ ਰਚਨਾਤਮਕ ਸਾਹਿਤ ਦਾ ਰਸਾਲਾ ‘ਜਨ ਸਾਹਿਤ’ ਸੀ, ਉਹਦੇ ਵਿਚ ਰਚਨਾਤਮਕ ਲਿਖਤਾਂ ਛਪ ਜਾਂਦੀਆਂ ਸਨ। ‘ਪ੍ਰੀਤ-ਲੜੀ’ ਵਾਲੇ ਵੀ ਲੇਖਕਾਂ ਨੂੰ ਸੇਵਾ ਫਲ ਦਿੰਦੇ ਸਨ। ਮੇਰੀਆਂ ਕਹਾਣੀਆਂ ਪ੍ਰੀਤ-ਲੜੀ ਵਿਚ ਵੀ ਛਪ ਜਾਂਦੀਆਂ ਸਨ।
ਸੰਤ ਸਿੰਘ ਸੇਖੋਂ ਨੂੰ ਉਸ ਵੇਲੇ ਪੰਜਾਬੀ ਸਾਹਿਤ ਦਾ ਇੱਕੋ ਇੱਕ ਰਾਹ ਦਸੇਰਾ ਤੇ ਮਹਾਂ ਪੰਡਤ ਸਮਝਿਆ ਜਾਂਦਾ ਸੀ। ਚੀਨ ਦੇ ਇਨਕਲਾਬ ਪਿੱਛੋਂ ਇਹ ਪ੍ਰਗਤੀਵਾਦੀ ਖਿਆਲਾਂ ਦੀ ਚੜ੍ਹਤਲ ਦਾ ਦੌਰ ਸੀ। ਸੰਤ ਸਿੰਘ ਸੇਖੋਂ ਹੀ ਇੱਕੋ ਇੱਕ ਪੰਜਾਬੀ ਵਿਦਵਾਨ ਸੀ, ਜਿਸਨੂੰ ਪੰਜਾਬੀ ਕਮਿਊਨਿਸਟ ਕਿਸੇ ਗਿਣਤੀ ਵਿਚ ਲਿਆਉਂਦੇ ਸਨ। ਉਹ ਹੀ ਸਮਾਜਵਾਦੀ ਯਥਾਰਥਵਾਦ ਦਾ ਵਿਆਖਿਆਕਾਰ ਮੰਨਿਆ ਜਾਂਦਾ ਸੀ ਤੇ ਉਹ ਨੇ ਹੀ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦ ਨੂੰ ਸਮਾਜਵਾਦੀ ਯਥਾਰਥਵਾਦ ਦਾ ਭਾਰਤੀ ਰੂਪ ਕਿਹਾ ਸੀ। ਮੈਂ ਆਪ ਵੀ ਉਸ ਵੇਲੇ ਸੇਖੋਂ ਦਾ ਹੀ ਪੈਰੋਕਾਰ ਸਾਂ, ਇਸ ਲਈ ਕਿਸੇ ਵੀ ਉਸ ਸਾਹਿਤਕ ਕਾਨਫਰੰਸ ਵਿਚ ਜਰੂਰ ਜਾਣ ਦਾ ਯਤਨ ਕਰਦਾ ਸਾਂ, ਜਿੱਥੇ ਸੇਖੋਂ ਨੇ ਪਰਚਾ ਪੜ੍ਹਨਾ ਹੋਵੇ ਜਾਂ ਦਰਸ਼ਨ ਹੀ ਦੇਣੇ ਹੋਣ।
ਕੇਂਦਰੀ ਲਿਖਾਰੀ ਸਭਾ ਦੀ ਇਕ ਕਾਨਫਰੰਸ ਜਲੰਧਰ ਵਿਚ ਰੱਖੀ ਗਈ ਸੀ, ਜਿਸ ਵਿਚ ਪ੍ਰੋਫੈਸਰ ਕਿਸ਼ਨ ਸਿੰਘ ਨੇ ਪਰਚਾ ਪੜ੍ਹਨਾ ਸੀ। ਪੋ੍ਰਫੈਸਰ ਕਿਸ਼ਨ ਸਿੰਘ ਸੀ ਤਾਂ ਸੇਖੋਂ ਦਾ ਹੀ ਸ਼ਗਿਰਦ, ਫੇਰ ਵੀ ਉਹ ਸੇਖੋਂ ਦੀਆਂ ਪੰਜਾਬੀ ਸਾਹਿਤ ਬਾਰੇ ਬਹੁਤੀਆਂ ਧਾਰਨਾਵਾਂ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਦੋਹਾਂ ਵਿਚ ਇਹ ਅਸਹਿਮਤੀ ਚਿਰਾਂ ਤੋਂ ਚਲ ਰਹੀ ਸੀ ਤੇ ਸਾਹਿਤਕ ਕਾਨਫਰੰਸਾਂ ਵਿਚ ਪ੍ਰਦਰਸ਼ਤ ਹੁੰਦੀ ਰਹਿੰਦੀ ਸੀ। ਇਸ ਕਾਨਫਰੰਸ ਵਿਚ ਵੀ ਪਰਚਾ ਪੜ੍ਹਦਿਆਂ ਪ੍ਰੋ: ਕਿਸ਼ਨ ਸਿੰਘ ਨੇ ਸੇਖੋਂ ਦੀਆਂ ਕੁਝ ਧਾਰਨਾਵਾਂ ’ਤੇ ਕਿੰਤੂ ਉਠਾਉਣ ਦਾ ਯਤਨ ਕੀਤਾ ਤਾਂ ਸੇਖੋਂ ਨੇ ਆਪਣੀ ਆਦਤ ਅਨੁਸਾਰ ਸਟੇਜ ਤੇ ਬੈਠਿਆਂ ਪਿੱਛੋਂ ਟੋਕਾ ਟਾਕੀ ਸ਼ੁਰੂ ਕਰ ਦਿੱਤੀ। ਪੋ੍ਰ: ਕਿਸ਼ਨ ਸਿੰਘ ਨੇ ਕਿਹਾ, “ਸੇਖੋਂ ਸਾਹਿਬ ਧਿਆਨ ਦਿਓ।” ਅੱਗਿਓਂ ਸੇਖੋਂ ਨੇ ਇੰਨੀ ਜ਼ੋਰ ਨਾਲ “ਸ਼ਟ ਅੱਪ (ਬਕਵਾਸ ਬੰਦ ਕਰ)” ਕਿਹਾ ਕਿ ਸਾਰੇ ਪੰਡਾਲ ਵਿਚ ਬੈਠੇ ਸ੍ਰੋਤਿਆਂ ਨੂੰ ਸੁਣ ਪਿਆ। ਮੈਂ ਆਪ ਉਸ ਕਾਨਫਰੰਸ ਵਿਚ ਫਗਵਾੜਾ ਸਾਹਿਤ ਸਭਾ ਦੇ ਪ੍ਰਤੀਨਿਧ ਵਜੋਂ ਸ੍ਰੋਤਿਆਂ ਵਿਚ ਬੈਠਾ ਸਾਂ।
ਪੰਡਾਲ ਵਿਚ ਬੈਠੇ ਕੁਝ ਸਰੋਤਿਆਂ ਨੂੰ ਸੇਖੋਂ ਦੀ ਇਹ ਗੱਲ ਚੰਗੀ ਨਾ ਲੱਗੀ। ਉਨ੍ਹਾਂ ਨੇ ਉੱਠ ਕੇ ਕਹਿਣਾ ਸ਼ੁਰੂ ਕਰ ਦਿੱਤਾ, “ਸੇਖੋਂ! ਲਫਜ਼ ਵਾਪਸ ਲਵੋ।” ਸੇਖੋਂ ਨੇ ਜੋ ਕੁਝ ਇਨ੍ਹਾਂ ਦੇ ਇਤਰਾਜ਼ ਦੇ ਜਵਾਬ ਵਿਚ ਕਿਹਾ, ਉਹ ਵੀ ਸਾਰੇ ਪੰਡਾਲ ਨੂੰ ਸੁਣ ਪਿਆ। ਸੇਖੋਂ ਸਾਹਿਬ ਨੇ ਜੋ ਫਰਮਾਇਆ ਸੀ, ਉਹ ਸੀ, “ਕੀ ਯਾਰ ਤੁਸੀਂ ਕਮੀਣ ਨੂੰ ਮੇਰੇ ਮਗਰ ਲਾ ਦਿੱਤਾ।”
ਮੈਂ ਆਪ ਪ੍ਰੋ: ਕਿਸ਼ਨ ਸਿੰਘ ਦੀਆਂ ਬਹੁਤੀਆਂ ਧਾਰਨਾਵਾਂ ਨਾਲ ਸਹਿਮਤ ਨਹੀਂ ਸਾਂ। ਪਰ ਉਸ ਵਰਗੇ ਪ੍ਰਤਿਸ਼ਟ ਸਜਨ ਨੂੰ ਕਮੀਣ ਕਿਹਾ ਜਾਵੇ, ਇਹ ਗੱਲ ਮੇਰੇ ਲਈ ਨਿਗਲਣੀ ਮੁਸ਼ਕਲ ਸੀ। ਮੈਂ ਤਾਂ ਇਹੀ ਪੜ੍ਹਦਾ ਸੁਣਦਾ ਆਇਆ ਸਾਂ ਕਿ ਕਮਿਊਨਿਸਟ ਜਾਤਾਂ ਤੇ ਧਰਮਾਂ ਦੇ ਫਰਕਾਂ ਨੂੰ ਨਹੀਂ ਮੰਨਦੇ ਹੁੰਦੇ। ਸੇਖੋਂ ਵਰਗਾ ਕਹਿੰਦਾ ਕਹਾਉਂਦਾ ਮਾਰਕਸੀ ਵਿੱਦਵਾਨ ਇਹ ਸ਼ਬਦ ਵਰਤੇ, ਮੈਂ ਤਾਂ ਇਹ ਸੋਚ ਵੀ ਨਹੀਂ ਸਕਦਾ ਸਾਂ। ਉਸ ਦਿਨ ਤੋਂ ਲੈ ਕੇ ਮੈਂ ਕਦੀ ਵੀ ਸੇਖੋਂ ਨੂੰ ਗੰਭੀਰ ਮਾਰਕਸਵਾਦੀ ਤੇ ਵਿਚਾਰਵਾਨ ਨਹੀਂ ਮੰਨ ਸਕਿਆ। ਆਉਣ ਵਾਲੇ ਸਮੇਂ ਨੇ ਮੇਰੀ ਇਸ ਗੱਲ ਨੂੰ ਠੀਕ ਹੀ ਸਾਬਤ ਕੀਤਾ।
ਸਿਆਸੀ ਰੁਝਾਨ ਮੇਰੇ ਪਹਿਲਾਂ ਵਰਗੇ ਹੀ ਸਨ। ਕਮਿਊਨਿਸਟ ਪਾਰਟੀ ਦੀਆਂ ਕਾਨਫਰੰਸਾਂ ਦੇਖਣ ਦੂਰ ਦੂਰ ਤੱਕ ਚਲੇ ਜਾਂਦਾ ਸਾਂ। ਪਾਰਟੀ ਬਾਰੇ ਤੇ ਮਾਰਕਸਵਾਦ ਬਾਰੇ ਜਾਣਨ ਦੀ ਭੁੱਖ ਹੋਰ ਵੀ ਵੱਧ ਗਈ ਸੀ। ਰਾਣੀ ਪੁਰ ਵਾਲ਼ਾ ਕਰਮ ਸਿੰਘ ਲਾਇਲਪੁਰੀ ਫਗਵਾੜੇ ਵਿਚ ਮਜ਼ਦੂਰ ਫਰੰਟ ‘ਤੇ ਕੰਮ ਕਰਦਾ ਸੀ, ਉਹ ਮਿਲਣ ਆ ਜਾਂਦਾ ਸੀ। ਉਹਦੇ ਨਾਲ ਲੰਮੀਆਂ ਮੁਲਾਕਾਤਾਂ ਨਾਲ ਬਹੁਤ ਕੁਝ ਪਾਰਟੀ ਬਾਰੇ ਜਾਣ ਗਿਆ ਸਾਂ। ਇਹ ਵੀ ਪਤਾ ਲੱਗ ਗਿਆ ਸੀ ਕਿ ਇੱਕੋ ਪਾਰਟੀ ਵਿਚ ਸਿਰ ਧੜ ਦੀ ਬਾਜ਼ੀ ਲਾ ਕੇ ਕੰਮ ਕਰਨ ਵਾਲੇ ਉਪਰੋਂ ਇੱਕ ਰੂਪ ਦਿਸਦੇ ਇਹ ਕਾਮਰੇਡ ਇੱਕ ਨਹੀਂ ਸਨ। ਇਨ੍ਹਾਂ ਵਿਚ ਮਤਭੇਦ ਵੀ ਬੜੇ ਤਿੱਖੇ ਸਨ। ਬਹੁਤ ਸਾਰੇ ਮਸਲਿਆਂ ਬਾਰੇ ਪਾਰਟੀ ਅੰਦਰ ਮਤਭੇਦ ਸਦਾ ਰਹੇ ਸਨ ਤੇ ਉਪਰੋਂ ਉਪਰੋਂ ਇਸ ਤਰ੍ਹਾਂ ਪੋਚਾ-ਪਾਚੀ ਕੀਤੀ ਹੋਈ ਹੁੰਦੀ ਸੀ ਕਿ ਬਾਹਰ ਬੈਠੇ ਬੰਦਿਆਂ ਨੂੰ ਪਾਰਟੀ ਦਾ ਰੂਪ ਇੱਕ ਹੀ ਦਿਸਦਾ ਸੀ ਇਹੀ ਹਾLਲ ਸੰਸਾਰ ਕਮਿਊਨਿਸਟ ਲਹਿਰ ਦਾ ਸੀ। ਇੱਕ ਦਿਸਦੇ ਬਲਾਕ ਵਿਚ ਤ੍ਰੇੜਾਂ ਨਜ਼ਰ ਆਉਣ ਲੱਗ ਪਈਆਂ ਸਨ। ਸੋਵੀਅਤ ਯੂਨੀਅਨ ਵਿਚ ਵੀ ਬਹੁਤ ਕੁਝ ਐਸਾ ਹੋ ਰਿਹਾ ਸੀ, ਜਿਸਨੂੰ ਸੁਣ/ਪੜ੍ਹ ਕੇ ਕੋਈ ਖੁਸ਼ੀ ਨਹੀਂ ਹੋ ਰਹੀ ਸੀ।
ਮੇਰਾ ਖਿਆਲ ਸੀ ਸੋਵੀਅਤ ਯੂਨੀਅਨ ਵਿਚ ਜਮਹੂਰੀ ਕੇਂਦਰੀਵਾਦ ਨੂੰ ਲਾਗੂ ਕਰਨ ਵਿਚ ਹੀ ਕਿਤੇ ਨੁਕਸ ਸੀ ਜਾਂ ਉਸਾਰੇ ਜਾ ਰਹੇ ਨਵੇਂ ਢਾਂਚੇ ਵਿਚ ਕਿਤੇ ਕੱਜ ਸੀ ਜਿਸ ਕਰਕੇ ਸਤਾਲਿਨ ਗ਼ਲਤੀਆਂ ਕਰਨ ਦੇ ਯੋਗ ਹੋਇਆ ਸੀ ਤੇ ਜਿਸ ਕਰ ਕੇ ਬੇਰੀਆ ਪੈਦਾ ਹੋਇਆ ਸੀ। ਜੇ ਢਾਂਚਾ ਇਹੀ ਰਹਿਣਾ ਸੀ ਤਾਂ ਇੱਕ ਜਾਂ ਦੂਜੀ ਤਰ੍ਹਾਂ ਦੇ ਅਤਿ ਪੈਦਾ ਹੁੰਦੇ ਹੀ ਰਹਿਣੇ ਸਨ। ਪਰ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਦੋਵੇਂ ਧੜੇ ਇੱਕ ਦੂਜੇ ਦੇ ਵਿਰੋਧ ਵਿਚ ਖੜੇ ਸਨ ਤੇ ਇਸ ਗੱਲ ਵਲ ਕੋਈ ਵੀ ਧਿਆਨ ਦੇਣ ਲਈ ਤਿਆਰ ਨਹੀਂ ਸੀ। ਇਸ ਸਮੇਂ ਮੈਂ ਕਿਸੇ ਤਰ੍ਹਾਂ ਦੀ ਵੀ ਸਰਗਰਮ ਸਿਆਸਤ ਤੋਂ ਪਰੇ ਰਹਿਣ ਦਾ ਫੇਸਲਾ ਕਰ ਲਿਆ ਤੇ ਹਰ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਨੂੰ ਹੀ ਆਪਣਾ ਮੁੱਖ ਨਿਸ਼ਾਨਾ ਬਣਾ ਲਿਆ।
ਬਿਸ਼ਨ ਸਿੰਘ ਉਪਾਸ਼ਕ
ਰਾਮਗੜ੍ਹੀਆ ਐਜੂਕੇਸ਼ਨ ਕਮੇਟੀ “ਕੌਮੀ ਸੰਦੇਸ਼” ਨਾਉਂ ਦਾ ਹਫਤੇਵਾਰ ਅਖ਼ਬਾਰ ਕੱਢਦੀ ਸੀ। ਇਸ ਅਖ਼ਬਾਰ ਦਾ ਮੰਤਵ ਇਸ ਕਮੇਟੀ ਦੇ ਕੰਮਾਂ ਦਾ ਪਰਚਾਰ ਕਰ ਕੇ ਇਸਦੇ ਪ੍ਰਬੰਧਕਾਂ ਦੀ ਸਿਫਤ ਸਲਾਹ ਕਰਨਾ ਹੀ ਸੀ। ਇਸਦਾ ਦਫ਼ਤਰ ਤੇ ਪ੍ਰੈੱਸ ਉਸੇ ਬਿਲਡਿੰਗ ਦੇ ਹੇਠਲੇ ਹਿੱਸੇ ਵਿਚ ਸਨ, ਜਿਸ ਦੇ ਉਪਰਲੇ ਹਿੱਸੇ ਵਿਚ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਦਾ ਦਫ਼ਤਰ ਸੀ। ਜਦੋਂ ਮੈਂ ਰਾਮਗੜ੍ਹੀਆ ਕਾਲਜੀਏਟ ਸਕੂਲ ਵਿਚ ਨਿਯੁਕਤ ਹੋਇਆ ਸਾਂ, ਉਸ ਵੇਲੇ ਮੋਹਨ ਸਿੰਘ ਮਤਵਾਲਾ ਇਸ ਅਖ਼ਬਾਰ ਦਾ ਐਡੀਟਰ ਸੀ। ਮਤਵਾਲਾ ਉਹਦਾ ਉਪਨਾਮ ਸੀ। ਮੈਂ ਨਾ ਕਦੀ ਉਹਨੂੰ ਮਤਵਾਲਾ ਹੋਇਆ ਦੇਖਿਆ ਸੀ ਤੇ ਨਾ ਉਹਦੇ ਵਿਚ ਮਤਵਾਲਿਆਂ ਵਾਲੀ ਕੋਈ ਗੱਲ ਸੀ। ਉਹਦਾ ਸਰੀਰ ਹੀ ਸੰਖੇਪ ਜਿਹਾ ਨਹੀਂ ਸੀ, ਉਹਦੀ ਗੱਲਬਾਤ ਤੇ ਰਹਿਣੀ ਬਹਿਣੀ ਵੀ ਉਹਦੇ ਵਰਗੀ ਸੰਖੇਪ ਜਿਹੀ ਸੀ। ਬਸ ਹਰ ਗੱਲ ਵਿਚ ਪਤਲਾ ਪਤੰਗ ਸੀ। ਦੋ ਕੁ ਸਾਲ ਪਿੱਛੋਂ ਉਹਦੀ ਥਾਂ ਬਿਸ਼ਨ ਸਿੰਘ ਉਪਾਸ਼ਕ ਆ ਗਿਆ ਸੀ। ਮਤਵਾਲਾ ਜਿੰਨਾ ਭਲਾ ਲੋਕ ਸੀ ਤੇ ਦਬੜੂ ਜਿਹਾ ਸੀ, ਉਪਾਸ਼ਕ ਉSਨਾ ਹੀ ਦਬੰਗ ਤੇ ਖਰਾਂਟ ਸੀ। ਜਿੰਨਾ ਮਤਵਾਲਾ ਚੁੱਪ ਚੁਪੀਤਾ ਸੀ, ਉSਨਾ ਹੀ ਉਪਾਸ਼ਕ ਬੜਬੋਲਾ ਸੀ। ਉਹਦੇ ਵਰਗਾ ਪੰਜੇ ਐਬ ਸ਼ਰੱਈ ਇੱਥੇ ਕਿੰਨਾ ਚਿਰ ਟਿਕ ਸਕਦਾ ਸੀ। ਇੱਥੇ ਤਾਂ ਕੀ ਉਹ ਬਹੁਤਾ ਚਿਰ ਕਿਤੇ ਵੀ ਨਹੀਂ ਟਿਕ ਸਕਦਾ ਸੀ। ਟਿਕ ਕੇ ਬੈਠਣਾ ਉਹਦੀ ਤਬੀਅਤ ਦੇ ਹੀ ਉਲਟ ਸੀ।
ਉਹਦਾ ਖੁੱਲ੍ਹਾ ਸੁਭਾ, ਮੂੰਹ ’ਤੇ ਸਾਫ ਗੱਲ ਕਹਿ ਦੇਣ ਦੀ ਦਲੇਰੀ ਤੇ ਬਿਨਾ ਕਿਸੇ ਝਿਜਕ ਦੇ ਰਿਕਸ਼ੇ ਵਾਲਿਆਂ ਤੋਂ ਲੈ ਕੇ ਕਾਰਖ਼ਾਨੇਦਾਰਾਂ ਤੱਕ ਨਾਲ ਯਾਰੀ, ਉਹਦਾ ਹਾਸ ਵਿਅੰਗ ਤੇ ਲਤੀਫ਼ੇਬਾਜ਼ੀ ਮੈਨੂੰ ਮੱਲੋ ਮੱਲੀਂ ਉਹਦੇ ਨੇੜੇ ਲੈ ਗਏ ਜਾਂ ਇਹ ਸਮਝ ਲਵੋ, ਉਹ ਮੱਲੋ ਮੱਲੀਂ ਮੇਰੇ ਨੇੜੇ ਆ ਗਿਆ। ਪਹਿਲੀ ਨਾਲੋਂ ਦੂਜੀ ਗਲ ਸ਼ਾਇਦ ਵਧੇਰੇ ਠੀਕ ਸੀ। ਉਹ ਇੱਕ ਵੇਰ ਜਿਹਦੇ ਨੇੜੇ ਆ ਜਾਂਦਾ ਸੀ ਫੇਰ ਉਹਦਾ ਖਹਿੜਾ ਨਹੀਂ ਛੱਡਦਾ ਸੀ। ਮੈਂ ਸੀ ਪੜ੍ਹਨ ਪੜ੍ਹਾਉਣ ਵਾਲਾ ਬੰਦਾ, ਜਿਹੜਾ ਕਿਸੇ ਨਾ ਕਿਸੇ ਇਮਤਿਹਾਨ ਦੀ ਤਿਆਰੀ ਵਿਚ ਲੱਗਾ ਰਹਿੰਦਾ ਸਾਂ, ਉਹ ਸੀ ਮਲੰਗ, ਨਾ ਦੀਨ ਦੀ, ਨਾ ਦੁਨੀਆ ਦੀ ਪਰਵਾਹ, ਜਦੋਂ ਵੀ ਉਹਦਾ ਜੀਅ ਕਰਦਾ ਆ ਵੱਜਦਾ। ਕੰਬਖਤ ਸੀ ਹੀ ਅਜੇਹਾ, ਜਿਹਨੂੰ ਰੱਖਣਾ ਵੀ ਮੁਸ਼ਕਲ ਸੀ ਤੇ ਛੱਡਣਾ ਵੀ।
ਜਦੋਂ ਵੀ ਉਹ ਆਉਂਦਾ ਮੈਂ ਕਿਤਾਬ ਫੜੀ ਪੜ੍ਹਨ ਵਿਚ ਮਗਨ ਹੁੰਦਾ। ਉਹਨੂੰ ਦੇਖ ਕੇ ਕਿਤੇ ਕਿਤੇ ਖਿਝ ਵੀ ਜਾਂਦਾ। ਉਹ ਆਉਂਦਿਆਂ ਹੀ ਦੋ ਕੁ ਲਤੀਫ਼ੇ ਅਜੇਹੇ ਛੱਡਦਾ ਕਿ ਕਿਤਾਬ ਹੱਥੋਂ ਡਿਗ ਪੈਂਦੀ ਤੇ ਉਹਦੇ ਹਾਸੇ ਦੇ ਛਣਕਾਟੇ ਵਿਚ ਉੱਥੇ ਹੀ ਪਈ ਰਹਿ ਜਾਂਦੀ ਤੇ ਮੈਨੂੰ ਪੜ੍ਹਨਾ ਪੜ੍ਹਾਉਣਾ ਸਭ ਭੁੱਲ ਜਾਂਦਾ। ਜੇ ਕਿਤੇ ਉਹਨੇ ਕੋਈ ਨਵੀਂ ਗ਼ਜ਼ਲ ਲਿਖੀ ਹੁੰਦੀ ਤਾਂ ਉਹ ਕਾਹਲੀ ਕਾਹਲੀ ਆਉਂਦਾ ਤੇ ਆਉਂਦਾ ਹੀ ਸ਼ੁਰੂ ਹੋ ਜਾਂਦਾ। ਅਵਾਜ਼ ਤਾਂ ਉਹਦੀ ਪਾਟੇ ਬਾਂਸ ਵਰਗੀ ਸੀ, ਫੇਰ ਵੀ ਉਹ ਗਾ ਕੇ ਕਹਿੰਦਾ:-
ਦੇਖ ਕੇ ਤੇਰੇ ਚਿਹਰੇ ਦਾ ਹਾਲਾ
ਰੋਜ਼ ਪੀਤਾ ਜ਼ਹਿਰ ਦਾ ਪਿਆਲਾ
ਮਾਰਦੇ ਮਰ ਗਏ ਨੇ ਜੀਣ ਜੋਗੇ
ਪਰ ਨਾ ਮਰਿਆ ਅਜੇ ਮਰਨ ਵਾਲਾ
ਪਲ ਦੀ ਪਲ ਹੈ ਹੁਸੀਨਾਂ ਦੀ ਰੌਣਕ
ਆਸ਼ਕਾਂ ਦਾ ਸਦਾ ਬੋਲ ਬਾਲਾ
ਮੈਂ ਉਪਾਸ਼ਕ ਧੁਰੋਂ ਸਰਘੀਆਂ ਦਾ
ਕਰ ਰਿਹਾ ਹਾਂ ਨਵੀਂ ਦੀਪ ਮਾਲਾ
ਕਦੀ ਕਦੀ ਆਉਂਦਿਆਂ ਹੀ ਉਹ ਇਹ ਸ਼ਿਅਰ ਗਾਉਣ ਲੱਗ ਪੈਂਦਾ:-
ਅੱਜ ਕਿਸੇ ਦੀ ਯਾਦ ਆਈ
ਬਹੁਤ ਰੋਇਆ ਬਹੁਤ ਰੋਇਆ
ਮੈਂ ਜਿਹਨੂੰ ਅਪਣਾ ਨਾ ਸਕਿਆ
ਜੋ ਕਦੇ ਮੇਰਾ ਨਾ ਹੋਇਆ
ਤੇ ਗਾਉਂਦਾ ਗਾਉਂਦਾ ਉਹ ਸੱਚ ਮੁਚ ਰੋਣ ਲੱਗ ਪੈਂਦਾ। ਜਾਪਦਾ ਸੀ ਉਹਦੇ ਅੰਦਰ ਕੋਈ ਡੂੰਘਾ ਜ਼ਖਮ ਸੀ ਜਿਹਨੂੰ ਉਹ ਹਾਸਿਆਂ, ਲਤੀਫ਼ਿਆਂ ਵਿਚ ਭੁਲਾਉਣ ਦੀ ਬੇ ਸੂਦ ਕੋਸ਼ਿਸ਼ ਕਰਦਾ ਸੀ। ਉਹਦੇ ਮੂੰਹੋਂ ਇਹ ਸ਼ਿਅਰ ਮੈਂ ਪਤਾ ਨਹੀਂ ਕਿੰਨੀ ਵੇਰ ਸੁਣੇ:-
ਤੈਨੂੰ ਦਿਲੋਂ ਭੁਲਾਉਣ ਦੀ ਕੋਸ਼ਿਸ਼ ਕਰਾਂਗਾ ਮੈਂ
ਮੁਹਰਾ ਗ਼ਮਾਂ ਦਾ ਖਾਣ ਦੀ ਕੋਸ਼ਿਸ਼ ਕਰਾਂਗਾ ਮੈਂ
ਜੀਂਦਾ ਰਹੇਂ ਜਹਾਨ ਤੇ ਖਾਬਾਂ ਦੇ ਮਾਲਕਾ!
ਦੁਨੀਆ ਨਵੀਂ ਵਸਾਉਣ ਦੀ ਕੋਸ਼ਿਸ਼ ਕਰਾਂਗਾ ਮੈਂ
ਨਾ ਉਹ ਉਹਨੂੰ ਦਿਲੋਂ ਭੁਲਾ ਸਕਿਆ ਤੇ ਨਾ ਨਵੀਂ ਦੁਨੀਆ ਵਸਾ ਸਕਿਆ। ਗ਼ਮਾਂ ਦਾ ਮੁਹਰਾ ਤਾਂ ਉਹਨੇ ਖਾਣਾ ਹੀ ਸੀ ਤੇ ਉਸਦੀ ਜ਼ਹਿਰ ਨੂੰ ਉਹ ਸ਼ਰਾਬ ਵਿਚ ਡੁਬਾਉਣ ਦਾ ਯਤਨ ਕਰਦਾ ਰਿਹਾ।
ਉਹਦੇ ਕੋਲ ਲੁੱਚੇ ਤੋਂ ਲੁੱਚੇ ਲਤੀਫ਼ਿਆਂ ਦਾ ਭੰਡਾਰ ਸੀ, ਜੋ ਕਦੀ ਮੁੱਕਦਾ ਨਹੀਂ ਸੀ। ਕਹਿੰਦਾ ਭਾਵੇਂ ਉਹ ਹਾਸੇ ਦੇ ਮੂਡ ਵਿਚ ਸੀ, “ਔਰਤ ਤੇ ਸ਼ਰਾਬ ਦੀ ਕਿਸਮ ਨਹੀਂ ਪੁੱਛੀਦੀ”, ਉਹਦੇ ਸੁਭਾ ਨਾਲ ਸ਼ਰਾਬ ਵਾਲੀ ਗੱਲ ਤਾਂ ਐਨ ਢੁਕਦੀ ਸੀ, ਦੂਜੀ ਗੱਲ ਦਾ ਤਾਂ ਉਹਨੂੰ ਹੀ ਪਤਾ ਹੋਵੇਗਾ। ਮੈਂ ਉਹਨੂੰ ਕੀਮਤੀ ਤੋਂ ਕੀਮਤੀ ਸ਼ਰਾਬ ਪੀਂਦੇ ਵੀ ਦੇਖਿਆ ਸੀ ਤੇ ਸਸਤੀ ਤੋਂ ਸਸਤੀ ਢੇਰ ਮਾਰਕਾ ਵੀ। ਔਰਤਾਂ ਬਾਰੇ ਉਹਦੇ ਕਿੱਸੇ ਵੀ ਸੁਣਦੇ ਰਹੀਦਾ ਸੀ। ਇੱਕ ਵੇਰ ਕਹਿੰਦਾ, “ਮੈਂ ਕੰਜਰੀ ਦੇ ਕੋਠੇ ‘ਤੇ ਚਲਾ ਗਿਆ। ਜਦੋਂ ਉਹਨੂੰ ਦੇਖਿਆ ਤਾਂ ਉਹ ਸੱਤਰ ਕੁ ਸਾਲ ਦੀ ਉਮਰ ਦੀ ਬੁੜ੍ਹੀ ਫਾਫਾਂ ਸੀ। ਮੈਂ ਉਹਨੂੰ ਪੈਸੇ ਦਿੱਤੇ ਤੇ ਉਨ੍ਹੀਂ ਪੈਰੀਂ ਵਾਪਸ ਮੁੜ ਪਿਆ। ਉਹ ਕਹਿੰਦੀ, ‘ਸਰਦਾਰਾ ਕਿਆ ਬਾਤ ਹੈ, ਅੇਸੇ ਵਾਪਸ ਹੋ ਚਲੇ?’ ਮੈਂ ਕਿਹਾ, “ਮੈਨੂੰ ਮਹਿਬੂਬਾ ਦੀ ਲੋੜ ਹੈ ਮਾਂ ਦੀ ਨਹੀਂ। ਮਾਂ ਤਾਂ ਮੇਰੇ ਘਰ ਵੀ ਹੈਗੀ ਆ।”
ਉਹਦਾ ਕੱਦ ਅਜੇਹਾ ਸੀ ਕਿ ਠੀਗਣੇ ਜਿਹੇ ਬੰਦੇ ਦੇ ਸਾਹਮਣੇ ਲੰਮਾ ਲਗਦਾ ਤੇ ਲੰਮੇ ਬੰਦੇ ਦੇ ਸਾਹਮਣੇ ਠੀਂਗਣਾ। ਉਹਦਾ ਰੰਗ ਚੋਖਾ ਪੱਕਾ ਸੀ ਤੇ ਕਰੀਨੇ ਨਾਲ ਬੰਨ੍ਹੀ ਚਿੱਟੀ ਪੱਗ ਨਾਲ ਉਹ ਹੋਰ ਵੀ ਪੱਕਾ ਲੱਗਣ ਲੱਗ ਪੈਂਦਾ ਤੇ ਉਪਰੋਂ ਉਹੋ ਜੇਹੀਆਂ ਕਾਲੀਆਂ ਐਨਕਾਂ ਲਾ ਲੈਂਦਾ। ਨਵੀਂ ਨਵੀਂ ਕਾਲੀ ਕੀਤੀ ਤੇ ਚਾੜ੍ਹ ਕੇ ਬੰਨ੍ਹੀ ਦਾੜ੍ਹੀ ਉਹਦੇ ਚਿਹਰੇ ਨਾਲ ਹੀ ਇੱਕ ਮਿੱਕ ਹੋ ਜਾਂਦੀ। ਵਿਅੰਗ ਕੱਸਣ ਵੇਲ਼ੇ ਉਹ ਆਪਣਾ ਦੇਖਦਾ ਨਾ ਪਰਾਇਆ ਤੇ ਆਪਣੇ ਆਪ ਨੂੰ ਵੀ ਨਾ ਬਖਸ਼ਦਾ।
ਇੱਕ ਦਿਨ ਉਹ ਮੇਰੇ ਨਾਲ ਹਦੀਆਬਾਦ ਰੋਡ ‘ਤੇ ਤੁਰਿਆ ਜਾ ਰਿਹਾ ਸੀ ਕਿ ਸਾਮਣਿਉਂ ਅਵਤਾਰ ਜੰਡਿਆਲਵੀ ਤੇ ਸੁਰਿੰਦਰ ਗਿੱਲ ਤੁਰੇ ਆਉਂਦੇ ਦਿਸ ਪਏ। ਉਹ ਨੱਠ ਕੇ ਉਹਨਾਂ ਦੇ ਸਾਹਮਣੇ ਗਿਆ, ਫੇਰ ਭੰਬੀਰੀ ਵਾਂਗ ਉਨ੍ਹਾਂ ਦੇ ਦੁਆਲੇ ਘੁੰਮਿਆਂ ਤੇ ਅਵਤਾਰ ਵਲ ਐਨਕਾਂ ਦੇ ਉੱਤੋਂ ਦੀ ਝਾਕ ਕੇ ਕਿਹਾ, “ਅਵਤਾਰ! ਸੁਰਿੰਦਰ ਤੇਰੇ ਨਾਲ ਤੁਰਿਆ ਜਾਂਦਾ ਇਵੇਂ ਲਗਦਾ ਹੈ, ਜਿਵੇਂ ਅਲਫ਼ ਦੇ ਪੈਰਾਂ ਵਿਚ ਹਮਜਾ ਦੌੜ ਲਾ ਰਿਹਾ ਹੋਵੇ।” ਫੇਰ ਉਨ੍ਹਾਂ ਦੇ ਹਾਸੇ ਵਿਚ ਸ਼ਾਮਲ ਹੁੰਦਾ ਹੋਇਆ ਕਹਿਣ ਲੱਗਾ, “ਲਗਦਾ ਤਾਂ ਹਰਬਖਸ਼ ਨਾਲ ਤੁਰਦਾ ਕੁਝ ਮੈਂ ਵੀ ਇੰਝ ਹੀ ਹਾਂ ਜਿਵੇਂ ਬੌਲਦ ਨਾਲ ਬੱਕਰੀ ਤੁਰੀ ਆਉਂਦੀ ਹੋਵੇ।” ਮੈਂ ਉਹਦੇ ਮੋਢੇ ’ਤੇ ਧੱਫਾ ਮਾਰ ਕੇ ਕਿਹਾ, “ਓਏ! ਤੂੰ ਆਪ ਤਾਂ ਪਸੂ ਹੈਂ ਹੀ, ਮੈਨੂੰ ਖ਼ਾਹ-ਮਖ਼ਾਹ ਪਸੂਆਂ ਵਿਚ ਸ਼ਾਮਿਲ ਕਰੀ ਜਾਂਦੈ।”
ਉਹ ਮੂਡ ਵਿਚ ਸੀ। ਕਹਿੰਦਾ, “ਚਲੋ, ਇੱਕ ਇੱਕ ਕੱਪ ਚਾਹ ਦਾ ਹੋ ਜਾਵੇ।” ਤੇ ਫੇਰ ਘੇਰ ਕੇ ਸਾਨੂੰ ਚਾਹ ਦੀ ਦੁਕਾਨ ‘ਤੇ ਲੈ ਗਿਆ। ਚਾਹ ਵਾਲੇ ਨੂੰ ਕਹਿਣ ਲੱਗਾ, “ਲੈ ਬਈ ਪਿਆਰਾ ਸਿਹਾਂ! ਅੱਜ ਚਾਰ ਸ਼ਾਇਰ ਤੇਰੀ ਕਮਾਈ ਵਿਚ ਬਰਕਤ ਪਾਉਣ ਆਏ ਆ। ਇੱਦਾਂ ਦੀ ਚਾਹ ਪਿਲਾ ਕਿ ਇਹ ਸਾਰੀ ਉਮਰ ਤੇਰੀ ਚਾਹ ਦੀ ਸਿਫ਼ਤ ਵਿਚ ਸ਼ੇਅਰ ਕਹਿੰਦੇ ਰਹਿਣ। ਨਾਲੇ ਜੋਖ ਦੇ ਇੱਕ ਪੌਂਡ ਬਰਫ਼ੀ, ਸ਼ਿਅਰ ਜ਼ਰਾ ਹੋਰ ਮਿੱਠੇ ਹੋ ਜਾਣਗੇ।” ਉਹ ਚਾਹ ਵਾਲੇ ਨਾਲ ਇਵੇਂ ਖੁਲ੍ਹ ਗਿਆ ਜਿਵੇਂ ਉਹ ਉਹਦਾ ਲੰਗੋਟੀਆ ਯਾਰ ਹੋਵੇ। ਉਹਦੇ ਸੁਭਾ ਦੇ ਇਸ ਪੱਖ ਨੂੰ ਮੈਂ ਬਹੁਤ ਵਾਰ ਨੋਟ ਕੀਤਾ ਸੀ। ਉਹ ਚਪੜਾਸੀਆਂ, ਰਿਕਸ਼ੇ ਵਾਲਿਆਂ, ਕੁਲੀਆਂ ਤੇ ਰੇੜ੍ਹੀ ਵਾਲਿਆਂ ਨਾਲ ਇਸੇ ਤਰ੍ਹਾਂ ਬੇਝਿਜਕ ਗੱਲਾਂ ਕਰਦਾ। ਪਤਾ ਨਹੀਂ ਕਿੰਨੇ ਕੁ ਅਜੇਹੇ ਬੰਦਿਆਂ ਦੇ ਨਾਂ ਉਹਨੂੰ ਕੰਠ ਸਨ।
ਚਾਹ ਪਾਣੀ ਛਕ ਛਕਾ ਕੇ ਕਹਿੰਦਾ, “ਹਰਬਖਸ਼! ਅਸੀਂ ਤਾਂ ਤਿੰਨੇ ਹੋਏ ਸ਼ਾਇਰ, ਤੂੰ ਹੋਇਆ ਸਾਡਾ ਆਲੋਚਕ। ਸ਼ਾਇਰ ਵਿਚਾਰੇ ਆਲੋਚਕ ਦੇ ਸਾਹਮਣੇ ਕਿਵੇਂ ਵੱਡੇ ਬਣ ਸਕਦੇ ਆ? ਇਸ ਲਈ ਕੱਢ ਪੰਜ ਰੁਪਏ ਤੇ ਤਾਰ ਬਿੱਲ। ਜੇ ਅਸੀਂ ਤਾਰ ਦਿੱਤਾ ਤਾਂ ਤੇਰੀ ਬੇਇੱਜ਼ਤੀ ਖਰਾਬ ਹੋਵੇਗੀ।” ਮੈਂ ਹੱਸ ਕੇ ਕਿਹਾ, “ਚੰਗਾ ਬਹਾਨਾ ਬਣਾਇਆ ਮੇਰੀ ਹਜਾਮਤ ਕਰਨ ਦਾ। ਚਲੋ ਇਸ ਭਾਅ ਮਾੜਾ ਨਹੀਂ, ਤੂੰ ਵੀ ਤਾਂ ਇੰਨੇ ਚਿਰ ਦਾ ਮਰਾਸੀਪੁਣਾ ਕਰ ਕੇ ਬਿਨਾ ਮੁਆਵਜ਼ੇ ਦੇ ਸਾਡਾ ਜੀਅ ਪਰਚਾਵਾ ਕਰ ਰਿਹਾਂ।” ਮੈਂ ਪੰਜ ਰੁਪਏ ਕੱਢ ਕੇ ਪਿਆਰਾ ਸਿਹੁੰ ਨੂੰ ਫੜਾ ਦਿੱਤੇ।
ਉਹ ਤੋਂ ਡਰ ਹੀ ਰਹਿੰਦਾ ਸੀ ਕਿ ਉਹ ਕਿਤੇ ਸੁੱਤੇ ਸਿੱਧ ਤੁਰਿਆਂ ਜਾਂਦਿਆਂ ਦਾ ਤੁਹਾਡਾ ਮਖੌਲ ਨਾ ਬਣਾ ਦੇਵੇ। ਉਹ ਨਾ ਆਪਣੀ ਰੱਖਦਾ ਸੀ ਤੇ ਨਾ ਦੂਜੇ ਦੀ ਰਹਿਣ ਦਿੰਦਾ ਸੀ। ਇੱਕ ਦਿਨ ਮੈਂ ਫਗਵਾੜਾ ਮਾਡਲ ਟਾਊਨ ਵਿਚ ਰਹਿੰਦੇ ਇੱਕ ਮਿੱਤਰ ਨੂੰ ਮਿਲਣ ਜਾ ਰਿਹਾ ਸਾਂ ਕਿ ਸਾਹਮਣੇ ਉਪਾਸ਼ਕ ਸਾਈਕਲ ਸਵਾਰ ਆਉਂਦਾ ਦਿਸਿਆ। ਉਹਦੇ ਮੋਹਰੇ ਕੋਈ ਕੁੜੀ ਬੈਠੀ ਸੀ। ਕੁਦਰਤੀ ਸੰਗਾਊ ਜਿਹਾ ਹੋਣ ਕਰ ਕੇ ਮੈਂ ਕੋਲੋਂ ਲੰਘਣ ਹੀ ਲੱਗਾ ਸਾਂ ਕਿ ਉਹਨੇ ਬੁਲਾ ਲਿਆ। “ਹਰਬਖਸ!L ਗੱਲ ਸੁਣ”, ਇਹ ਕਹਿ ਕੇ ਉਹਨੇ ਐਨ ਮੇਰੇ ਕੋਲ ਸਾਈਕਲ ਲਿਆ ਖੜ੍ਹਾ ਕੀਤਾ। ਉਸੇ ਤਰ੍ਹਾਂ ਸਾਈਕਲ ਸਵਾਰ ਨੇ ਹੀ ਇੱਕ ਪੈਰ ਫੁੱਟ-ਪਾਥ ਦੀ ਵੱਟ ਨੂੰ ਲਾ ਲਿਆ ਤੇ ਕਿਹਾ, “ਆਹ ਕੁੜੀ ਸੁਰਜੀਤ ਗਿੱਲ ਹੈ, ਕਹਿੰਦੀ ਹੈ, ‘ਜਸਵੰਤ ਆਹਲੂਵਾਲੀਆ ਕਹਾਣੀ ਬਹੁਤ ਸੁਹਣੀ ਲਿਖਦੀਂ ਹੈ, ਮੈਂ ਕਹਿੰਦਾਂ, ਉਹਨੂੰ ਕਹਾਣੀ ਲਿਖਣੀ ਆਉਂਦੀ ਹੀ ਨਹੀਂ, ਤੇਰਾ ਕੀ ਖਿਆਲ ਹੈ?”
ਮੈਂ ਤਾਂ ਪਹਿਲਾਂ ਹੀ ਤ੍ਰੇਲੀਓ ਤ੍ਰੇਲੀ ਸਾਂ, ਕੀ ਕਹਿੰਦਾ? ਮੈਂ ਖਹਿੜਾ ਛੁਡਾਉਣ ਲਈ ਉਹਦੇ ਨਾਲ ਸਹਿਮਤ ਹੋ ਗਿਆ ਤੇ ਕਹਿ ਦਿੱਤਾ, “ਉਹਨੂੰ ਕਿੱਥੇ ਕਹਾਣੀ ਲਿਖਣੀ ਆਉਂਦੀ ਆ?”
ਮੈਂ ਦੇਖਿਆ, ਉਹਦੇ ਅੱਗੇ ਬੈਠੀ ਕੁੜੀ ਕੁਝ ਔਖੀ ਜਿਹੀ ਮਹਿਸੂਸ ਕਰ ਰਹੀ ਸੀ। ਉਪਾਸ਼ਕ ਨੇ ਠਹਾਕਾ ਮਾਰ ਕੇ ਕਿਹਾ, “ਇਹਨੂੰ ਮਿਲ, ਇਹ ਜਸਵੰਤ ਆਹਲੂਵਾਲੀਆ ਹੈ।” ਇਹ ਕਹਿ ਕੇ ਉਹਨੇ ਸਾਈਕਲ ਚਲਾ ਲਿਆ ਤੇ ਤਿੱਤਰ ਹੋ ਗਿਆ।
ਉਹ ਰੋਜ਼ ਨਹੀਂ ਤਾਂ ਹਰ ਤੀਜੇ ਦਿਨ ਤਾਂ ਜ਼ਰੂਰ ਮਿਲਦਾ। ਜਦ ਵੀ ਮਿਲਦਾ ਹੱਸਦਾ ਹਸਾਉਂਦਾ ਤੇ ਆਪਣੇ ਹਾਸ ਵਿਅੰਗ ਦੇ ਜਲਵੇ ਦਿਖਾਉਂਦਾ। ਦੋ ਕੁ ਸਾਲ ਉਹਦਾ ਸਾਥ ਬਣਿਆ ਰਿਹਾ।
ਕਹਾਣੀ ਦੀ ਕਹਾਣੀ
ਫੇਰ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਹਨ, ਉਪਾਸ਼ਕ ਨੇ ਆਪਣੇ ਪੈਰਾਂ ‘ਤੇ ਆਪ ਹੀ ਕੁਹਾੜਾ ਮਾਰ ਲਿਆ। ਗੱਲ ਇਸ ਤਰ੍ਹਾਂ ਹੋਈ ਕਿ ਮੈਂ ਇੱਕ ਦਿਨ ਅੱਧੀ ਛੁੱਟੀ ਵੇਲੇ ਉਹਦੇ ਦਫ਼ਤਰ ਵਿਚ ਗੱਪ-ਛਪ ਲਈ ਜਾ ਪੁੱਜਿਆ। ਸੋਚਿਆ ਸੀ ਨਾਲੇ ਚਾਹ ਦਾ ਅਨੰਦ ਮਾਣਾਂਗੇ, ਨਾਲੇ ਉਹਦੇ ਲਤੀਫ਼ੇ ਸੁਣ ਕੇ ਕੁਝ ਚਿਰ ਲਈ ਫਿਕਰਾਂ ਦੀਆਂ ਪੰਡਾਂ ਹਲਕੀਆਂ ਕਰਾਂਗੇ। ਉਹ ਜਾਂਦੇ ਨੂੰ ਹੀ ਕਹਿੰਦਾ, “ਹਰਬਖਸ਼! ਕੁਝ ਛਪਣ ਲਈ ਦੇਹ। ਅਖ਼ਬਾਰ ਦੇ ਦੋ ਸਫ਼ੇ ਖਾਲੀ ਪਏ ਆ।” ਮੈਂ ਕਿਹਾ, “ਹੋ ਜਾਵੇਗਾ ਬੰਦੋਬਸਤ, ਪਹਿਲਾਂ ਚਾਹ ਪਿਲਾਉਣ ਦਾ ਬੰਦੋਬਸਤ ਕਰ।” ਉਹਨੇ ਉਸੇ ਵੇਲੇ ਕੰਟੀਨ ਵਿਚ ਸੁਨੇਹਾ ਭੇਜ ਕੇ ਚਾਹ ਦੇ ਦੋ ਕੱਪ ਮੰਗਾ ਲਏ ਤੇ ਨਾਲ ਹੀ ਕੁਝ ਬਰਫ਼ੀ ਵੀ। ਮੈਂ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਿਹਾ, “ਯਾਰ! ਇੱਕ ਨਵੀਂ ਕਹਾਣੀ ਲਿਖੀ ਹੈ। ਹੈ ਵੀ ਮੇਰੇ ਕੋਲ। ਪਰ ਮੈਨੂੰ ਡਰ ਹੈ ਕਿ ਇਹ ਕਹਾਣੀ ਤੇਰੇ ਮਾਲਕਾਂ ਨੂੰ ਪਚਣੀ ਨਹੀਂ।”
“ਕੱਢ ਉਰੇ ਦੇਖੀਏ”, ਇਹ ਕਹਿ ਕੇ ਉਹਨੇ ਆਪ ਹੀ ਮੇਰੇ ਕੋਟ ਦੀ ਜੇਬ ‘ਚੋਂ ਕਹਾਣੀ ਧੂਅ ਲਈ। ਇਹ ਕਹਾਣੀ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਅਦਾਰਿਆਂ ਵਲੋਂ ਅਧਿਆਪਕਾਂ ਦੀ ਦੁਰਵਰਤੋਂ ਬਾਰੇ ਮੈਂ ਹੁਣੇ ਹੁਣੇ ਲਿਖੀ ਸੀ ਤੇ ਹਾਲੀਂ ਹੋਰ ਕਿਤੇ ਛਪੀ ਵੀ ਨਹੀਂ ਸੀ। ਉਹ ਕਹਾਣੀ ਪੜ੍ਹਦਾ ਪੜ੍ਹਦਾ ਕੁਝ ਗੰਭੀਰ ਜਿਹਾ ਹੋ ਗਿਆ। ਫੇਰ ਆਪ ਹੀ ਕਹਿਣ ਲੱਗਾ, “ਗੱਲ ਤਾਂ ਜ਼ਰੂਰ ਪ੍ਰਬੰਧਕਾਂ ਨੂੰ ਅੱਗ ਲਾਉਣ ਵਾਲੀ ਹੈ। ਪਰ ਦੇਖਿਆ ਜਾਊਗਾ ਜੋ ਹਊਗਾ। ਮੈਂ ਇਹ ਅਖ਼ਬਾਰ ਵਿਚ ਜ਼ਰੂਰ ਦੇ ਦੇਣੀ ਹੈ। ਕੱਲ ਨੂੰ ਦੋਵੇਂ ਬਿਸਤਰੇ ਬੰਨ੍ਹ ਕੇ ਹੀ ਕੰਮ ’ਤੇ ਆਵਾਂਗੇ।”
ਉਪਾਸ਼ਕ ਆਪ ਤਾਂ ਉਹ ਕਹਾਣੀ ਪ੍ਰੈਸ ਵਿਚ ਦੇ ਕੇ ਕੁਝ ਦਿਨਾਂ ਦੀ ਛੁੱਟੀ ’ਤੇ ਚਲਾ ਗਿਆ। ਮਗਰੋਂ ਕਿਸ ਨੇ ਦੇਖਣਾ ਸੀ ਕੀ ਛਪ ਰਿਹਾ ਹੈ? ਜਦੋਂ ਇਸ ਕਹਾਣੀ ਵਾਲਾ ਫਰਮਾਂ ਛਪ ਵੀ ਗਿਆ ਤਾਂ ਕਿਸੇ ਸੂਹੀਏ ਨੇ ਸਰਦਾਰ ਮੇਲਾ ਸਿੰਘ ਨੂੰ ਜਾ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਲੇਖ ਛਪ ਰਿਹਾ ਸੀ। ਸੂਹੀਏ ਨੂੰ ਕੀ ਪਤਾ ਸੀ ਕਹਾਣੀ ਕੀ ਹੁੰਦੀ ਹੈ ਤੇ ਲੇਖ ਕੀ? ਮੇਲਾ ਸਿੰਘ ਨੂੰ ਤਾਂ ਊੜੇ ਦੀ ਪਛਾਣ ਵੀ ਮਸੀਂ ਸੀ। ਟੈਲੀਫੋਨ ਖੜਕ ਗਏ ਤੇ ਅਖ਼ਬਾਰ ਦੀ ਛਪਾਈ ਉੱਥੇ ਹੀ ਰੁਕ ਗਈ। ਫੇਰ ਉਸ ਹਫਤੇ ਦੀ ਅਖ਼ਬਾਰ ਬਿਨਾ ਦੋ ਸਫ਼ਿਆਂ ਦੇ ਡਾਕੇ ਪਾਉਣੀ ਪਈ। ਉਪਾਸ਼ਕ ਨੂੰ ਤਾਂ ਬਿਨਾ ਕਿਸੇ ਪੁੱਛ ਦੱਸ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਤੇ ਮੈਨੂੰ ਮੇਲਾ ਸਿੰਘ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋ ਗਿਆ।
ਮੈਂ ਜਦ ਮੇਲਾ ਸਿੰਘ ਦੇ ਸਾਹਮਣੇ ਪੇਸ਼ ਹੋਇਆ, ਤਾਂ ਉਹਨੇ ਸੈਕਟਰੀ ਨੂੰ ਸਾਹਮਣੇ ਪਏ ਕਾਗ਼ਜ਼ਾਂ ’ਤੇ ਲਾਲ ਲਕੀਰਾਂ ਲੱਗੀਆਂ ਸਤਰਾਂ ਪੜ੍ਹਨ ਲਈ ਕਿਹਾ ਤੇ ਆਪ ਉਹ ਉSਨਾ ਚਿਰ ਆਪਣੀਆਂ ਐਨਕਾਂ ਉਪਰੋਂ ਮੇਰੇ ਵਲ ਝਾਕਦਾ ਰਿਹਾ। ਮੈਨੂੰ ਕਿਸੇ ਨੇ ਬੈਠਣ ਲਈ ਕਿਹਾ ਹੀ ਨਾ, ਇਸ ਲਈ ਮੈਂ ਖੜ੍ਹਾ ਰਿਹਾ। ਜਦ ਸੈਕਟਰੀ ਪੜ੍ਹ ਹਟਿਆ ਤਾਂ ਮੇਲਾ ਸਿੰਘ ਨੇ ਮੈਨੂੰ ਕਿਹਾ, “ਕਿਉਂ ਲੈ ਲਿਆ ਸਾਦੀਫਿਟਕ (ਸਰਟੀਫੀਕੇਟ)?” ਮੈਂ ਕਿਹਾ,”ਸਰਦਾਰ ਸਾਹਿਬ ਮੈਂ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਲਿਖਿਆ। ਇਹ ਲੇਖ ਨਹੀਂ ਕਹਾਣੀ ਹੈ। ਕਹਾਣੀ ਸਦਾ ਕਲਪਤ ਹੁੰਦੀ ਹੈ। ਇਸਦਾ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਨਾਲ ਕਿਸੇ ਤਰ੍ਹਾਂ ਵੀ ਮੇਲ ਨਹੀਂ।” ਮੇਰੀ ਸਾਰੀ ਗੱਲ ਉਹਦੇ ਸਿਰ ਤੋਂ ਲੰਘ ਗਈ। ਉਹਨੇ ਕਿਹਾ, “ਚੰਗਾ ਜਾਹ! ਹੁਣ ਤੇਰੇ ਨਾਲ ਚੇਅਰਮੈਨ ਆਪ ਹੀ ਸਿੱਝੂਗਾ।”
ਸਰਦਾਰ ਮੇਲਾ ਸਿੰਘ ਬਹੁਤ ਹੀ ਸਿੱਧਾ ਸਾਦਾ ਤੇ ਸਿੱਧੇ ਸਾਦੇ ਬੰਦਿਆਂ ਵਾਂਗ ਬਹੁਤ ਹੀ ਤਕੜਾ ਕਾਮਾ ਸੀ। ਉਹਦੀ ਬੋਲ ਬਾਣੀ ਆਮ ਜਿਹੇ ਪੇਂਡੂ ਕਿਰਤੀ ਕਾਰੀਗਰਾਂ ਵਰਗੀ ਸੀ। ਠੇਕੇਦਾਰੀ ਦੇ ਰਾਹੇ ਪੈ ਕੇ ਆਪਣੇ ਭਾਈਚਾਰੇ ਵਿਚ ਉਹਨੂੰ ਕਹਿੰਦਾ ਕਹਾਉਂਦਾ ਅਮੀਰ ਬਣਨ ਦਾ ਮੌਕਾ ਲੱਗ ਗਿਆ ਸੀ। ਉਹ ਸਰਦਾਰ ਮੋਹਨ ਸਿੰਘ ਰਈਸ ਹਦੀਆਵਾਦੀ ਤੋਂ ਦੂਜੇ ਨੰਬਰ ‘ਤੇ ਸੀ ਤੇ ਇਸੇ ਕਾਰਣ ਹੀ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਦਾ ਵਾਈਸ-ਚੇਅਰਮੈਨ ਸੀ, ਭਾਵੇਂ ਉਹਨੂੰ ਐਜੂਕੇਸ਼ਨ ਦਾ ਬਹੁਤਾ ਪਤਾ ਨਹੀਂ ਸੀ। ਫੇਰ ਵੀ ਸੱਚ ਇਹ ਹੈ ਕਿ ਜੇ ਹਦੀਆਬਾਦ ਰੋਡ ’ਤੇ ਐਡੀਆਂ ਵੱਡੀਆਂ ਵਿੱਦਿਅਕ ਸੰਸਥਾਵਾਂ ਉੱਸਰ ਗਈਆਂ ਸਨ ਤਾਂ ਉਹ ਇਸ ਸਿੱਧੇ ਸਾਦੇ ਅਨਪੜ੍ਹ ਤੇ ਸਖ਼ਤ ਮਿਹਨਤੀ ਬੰਦੇ ਦੇ ਸਦਕੇ ਹੀ ਸਨ। ਸਰਦਾਰ ਮੋਹਨ ਸਿੰਘ ਹਦੀਆਬਾਦੀ ਨੇ ਤਾਂ ਇਨ੍ਹਾਂ ਸੰਸਥਾਵਾਂ ਲਈ ਜ਼ਮੀਨ ਹੀ ਦਾਨ ਕੀਤੀ ਸੀ ਤੇ ਜ਼ਮੀਨ ਦਾ ਉਹਦੇ ਕੋਲ ਘਾਟਾ ਨਹੀਂ ਸੀ।
ਮੋਹਨ ਸਿੰਘ ਨੂੰ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਨੇ ਕਦੀ ਇਨ੍ਹਾਂ ਸੰਸਥਾਵਾਂ ਵਿਚ ਆਉਂਦਿਆਂ ਨਹੀਂ ਦੇਖਿਆ ਸੀ ਸਵਾਏ ਕਿਸੇ ਸਾਲਾਨਾ ਸਮਾਗਮ ਦੇ ਸਮੇਂ ਤੋਂ। ਪਰ ਮੇਲਾ ਸਿੰਘ ਸੀ ਕਿ ਸਾਈਕਲ ਖਿੱਚੀ ਇਨ੍ਹਾਂ ਸੰਸਥਾਵਾਂ ਵਿਚ ਫਿਰਦਾ ਨਿਤ ਦਿਸਦਾ ਸੀ।
ਬੋਲ ਬਾਣੀ ਤਾਂ ਉਹਦੀ ਪੇਂਡੂ ਬੰਦਿਆਂ ਵਰਗੀ ਸੀ ਹੀ, ਉਹ ਹੈੱਡਮਾਸਟਰ ਨੂੰ ਹੈਡਮਾਸਟਰਾ ਤੇ ਕਾਲਜ ਦੇ ਪਿੰ੍ਰਸੀਪਲ ਨੂੰ ਪ੍ਰਿੰਸੀਪਲਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਤੇ ਬਿਨਾ ਪੁੱਛਿਆਂ ਦੱਸਿਆਂ ਉਨ੍ਹਾਂ ਦੇ ਦਫ਼ਤਰਾਂ ਵਿਚ ਧੁੱਸ ਦੇ ਕੇ ਜਾ ਵੜਦਾ ਸੀ। ਸ਼ਹਿਰੀ ਬੋਲ ਚਾਲ ਦਾ ਬਣਾਉਟੀਪਣ ਉਹ ਜਾਣਦਾ ਨਹੀਂ ਸੀ ਨਾ ਜਾਣਨ ਦੀ ਲੋੜ ਸਮਝਦਾ ਸੀ।
ਇੱਕ ਘਟਨਾ ਜਿਹੜੀ ਇਸ ਪ੍ਰਸੰਗ ਵਿਚ ਮੈਂ ਦੱਸਣ ਲੱਗਾ ਹਾਂ, ਪਾਠਕਾਂ ਦੀ ਦਿਲਚਸਪੀ ਦਾ ਕਾਰਣ ਬਣੇਗੀ। ਰਾਮਗੜ੍ਹੀਆ ਕਾਲਜ ਦਾ ਪਿੰ੍ਰਸੀਪਲ ਕ੍ਰਿਪਾਲ ਸਿੰਘ ਨਾਰੰਗ ਹੁੰਦਾ ਸੀ। ਉਹ ਪੰਜਾਬ ਯੂਨੀਵਰਸਿਟੀ ਦਾ ਰਜਿਸਟ੍ਰਾਰ ਨਿਯੁਕਤ ਹੋ ਗਿਆ ਸੀ ਤੇ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਨੂੰ ਪ੍ਰਿੰਸੀਪਲ ਮਿਲ ਗਿਆ ਇੱਕ ਬੰਗਾਲੀ ਜਿਹੜਾ ਪੰਜਾਬੀ ਦਾ ਊੜਾ ਵੀ ਨਹੀਂ ਜਾਣਦਾ ਸੀ। ਸਰਦਾਰ ਮੇਲਾ ਸਿੰਘ ਪੰਜਾਬੀ ਤੋਂ ਬਿਨਾ ਕੋਈ ਹੋਰ ਜ਼ਬਾਨ ਜਾਣਦਾ ਨਹੀਂ ਸੀ। ਉਹ ਇੱਕ ਦਿਨ ਧੁੱਸ ਦੇ ਕੇ ਲਾਲ ਅੱਖਾਂ ਕਰੀ ਪਿੰ੍ਰਸੀਪਲ ਦੇ ਦਫ਼ਤਰ ਵਿਚ ਜਾ ਵੜਿਆ ਤੇ ਜਾਂਦਾ ਹੀ ਆਪਣੀ ਸਿੱਧੀ ਸਾਦੀ ਪੇਂਡੂ ਪੰਜਾਬੀ ਵਿਚ ਬੋਲਿਆ, “ਓਏ ਪ੍ਰਿੰਸੀਪਲਾ! ਤੈਨੂੰ ਕੁਝ ਪਤਾ ਆ ਕਿ ਨਹੀਂ, ਬਾਹਰ ਮੁੰਡੇ ਰੌਲਾ ਪਾਉਂਦੇ ਫਿਰਦੇ ਆ ਤੂੰ ਅੰਦਰ ਬੈਠਾਂ ਘੁੱਗੂ ਬਣ ਕੇ। ਮੁੰਡਿਆਂ ਨੂੰ ਕਾਬੂ ਕੌਣ ਕਰੂ ਤੇਰਾ ਪੇਅ ਆ ਕੇ?”
ਪ੍ਰਿੰਸੀਪਲ ਵਿਚਾਰੇ ਨੂੰ ਉਹਦਾ ਬੋਲਿਆ ਇੱਕ ਵੀ ਲਫਜ਼ ਸਮਝ ਤਾਂ ਆਉਣਾ ਨਹੀਂ ਸੀ। ਉਹਨੇ ਸਮਝਿਆ, ਕੋਈ ਉਜੱਡ ਜਿਹਾ ਪੇਂਡੂ ਬੰਦਾ ਦਫ਼ਤਰ ਅੰਦਰ ਬਿਨਾ ਪੁੱਛੇ ਆ ਵੜਿਆ ਹੈ। ਉਹਨੇ ਘੰਟੀ ਦਾ ਬਟਨ ਦੱਬਿਆ ਤੇ ਚਪੜਾਸੀ ਨੂੰ ਆਉਂਦੇ ਨੂੰ ਹੀ ਕਿਹਾ,” ਇਸ ਬੁੜ੍ਹੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ।” ਚਪੜਾਸੀ ਵਿਚਾਰਾ ਕੰਬੀ ਜਾਵੇ। ਨਾ ਉਹ ਆਪਣੇ ਮਾਲਕ ਦੀ ਹੁਕਮ ਅਦੂਲੀ ਕਰਨ ਯੋਗਾ ਨਾ ਸਰਦਾਰ ਮੇਲਾ ਸਿੰਘ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਯੋਗਾ। ਨਤੀਜਾ ਇਹ ਨਿਕਲਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਹੀ ਪਿੰ੍ਰਸੀਪਲ ਨੂੰ ਬਰਖ਼ਾਸਤਗੀ ਦਾ ਨੋਟਸ ਮਿਲ ਗਿਆ।
ਸਟਾਫ ਰੂਮ ਵਿਚ ਪੁੱਜਦਿਆਂ ਹੀ ਹੈੱਡਮਾਸਟਰ ਦੇ ਦਸਖ਼ਤਾਂ ਹੇਠ ਮੈਨੂੰ “ਕਾਰਣ ਦੱਸੋ” ਦਾ ਨੋਟਸ ਮਿਲ ਗਿਆ। ਮੈਂ ਘੰਟੇ ਕੁ ਵਿਚ ਉਹਦਾ ਜਵਾਬ ਵੀ ਲਿਖ ਦਿੱਤਾ। ਭੇਜਣ ਤੋਂ ਪਹਿਲਾਂ ਨੋਟਸ ਦਾ ਜਵਾਬ ਮੈਂ ਆਪਣੇ ਇੱਕ ਸਾਥੀ ਮਾਸਟਰ ਰਘੁਬੀਰ ਸਿੰਘ ਨੂੰ ਵੀ ਪੜ੍ਹਾ ਦਿੱਤਾ। ਉਹਨੇ ਮੇਰੀ ਉਹ ਕਹਾਣੀ ਪੜ੍ਹੀ ਹੋਈ ਸੀ। ਉਹ ਕਹਿੰਦਾ, “ਆਹ ਤਾਂ ਬਈ ਕਹਾਣੀ ਤੋਂ ਵੀ ਉਪਰ ਦੀ ਗੱਲ ਹੈ।” ਉਹ ਕਹਾਣੀ ਸੀ “ਕਹਾਣੀ ਕਦੋਂ ਲਿਖਾਂ?”
ਚੇਅਰਮੈਨ ਮੋਹਨ ਸਿੰਘ ਪੜ੍ਹਿਆ ਲਿਖਿਆ ਵੀ ਸੀ ਤੇ ਸਾਹਿਤ ਬਾਰੇ ਵੀ ਕੁਝ ਜਾਣਕਾਰੀ ਰੱਖਦਾ ਸੀ। ਜਦੋਂ ਉਹਦੇ ਕੋਲ ਸ਼ਿਕਾਇਤ ਪੁੱਜੀ ਤਾਂ ਉਹਨੇ ਇਸ ਗੱਲ ਨੂੰ ਤੂਲ ਦੇਣਾ ਠੀਕ ਨਾ ਸਮਝਿਆ। ਗੱਲ ਉੱਥੇ ਹੀ ਦੱਬੀ ਗਈ। ਇਸ ਘਟਨਾ ਦੇ ਪਿੱਛੋਂ ਵੀ ਮੈਂ ਦੋ ਕੁ ਸਾਲ ਇਸ ਸਕੂਲ ਵਿਚ ਕੰਮ ਕਰਦਾ ਰਿਹਾ।
ਕਾਲ ਗਤੀ ਦਾ ਬੱਝਾ ਮੈਂ 1963 ਵਿਚ ਦੇਸ਼ ਨਿਕਾਲ਼ਾ ਲੈ ਕੇ ਇੰਗਲੈਂਡ ਆ ਗਿਆ ਸਾਂ। ਥੋੜੇ੍ਹ ਹੀ ਚਿਰ ਪਿਛੋਂ ਖ਼ਬਰ ਮਿਲ ਗਈ ਕਿ ਉਪਾਸ਼ਕ ਸਾਈਕਲ ’ਤੇ ਸੜਕਾਂ ਕੱਛਦਾ ਇੱਕ ਹਾਦਸੇ ਦੀ ਲਪੇਟ ਵਿਚ ਆ ਕੇ ਇਸ ਜਹਾਨ ਤੋਂ ਵਿਦਾਇਗੀ ਲੈ ਗਿਆ ਹੈ। ਜੀਵਨ ਦੇ ਲੰਮੇ ਸਫ਼ਰ ਵਿਚ ਸੈਂਕੜੇ ਬੰਦੇ ਮਿਲਦੇ ਹਨ ਤੇ ਯਾਦ ਦੀ ਤਖਤੀ ਤੋਂ ਮਿਟ ਜਾਂਦੇ ਹਨ ਪਰ ਕੋਈ ਕੋਈ ਅਜੇਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਯਾਦ ਇੰਨੀ ਡੂੰਘੀ ਉੱਕਰੀ ਜਾਂਦੀ ਹੈ ਕਿ ਉਮਰ ਭਰ ਦਾ ਸਾਥ ਬਣ ਜਾਂਦੀ ਹੈ। ਉਪਾਸ਼ਕ ਅਜੇਹੇ ਬੰਦਿਆਂ ਵਿਚੋਂ ਇੱਕ ਸੀ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!