ਪੰਜ ਪਸਤੌਲਾਂ ਵਾਲ਼ੇ

Date:

Share post:

ਭਗਤ ਸਿੰਘ. 1924. ਲਹੌਰ

॥ਦੋਹਰਾ॥
ਦਫ਼ਤਰ ਮੂਹਰੇ ਖੜ੍ਹ ਗਏ, ਭਰ ਕੇ ਤੇ ਪਸਤੌਲ। ਭਗਤ ਛੱਡੇ ਅੰਗਰੇਜ਼ ‘ਤੇ ਪੈਣ ਕਾਲ਼ਜੇ ਹੌਲ॥
ਟੋਲੀ ਆਣ ਸੜਕ ‘ਤੇ ਅਟਕੀ, ਦਫ਼ਤਰ ਬੰਦ ਹੋ ਘੰਟੀ ਖੜਕੀ।
ਘੇਰਨ ਲਾਉਣ ਸ਼ਿਕਾਰੀ ਟਾਲ਼ਾ, ਆਵੇ ਮੂਨਾਂ ਦੇ ਵਿਚ ਕਾਲ਼ਾ।
ਚੱਕਿਆ ਗੜ੍ਹਾ ਉਤਾਹਾਂ ਨੂੰ। ਹੋਣੀ ਖੜ੍ਹੀ ਸਾਂਡਰਸ ਕੋਲ਼ੇ, ਲੱਗ ਗੀ ਗਿਣਨੇ ਸਾਹਾਂ ਨੂੰ।
ਸਜਦੇ ਸੂਟ ਜਿਉਂ ਚੜ੍ਹਨ ਬਰਾਤਾਂ, ਗੱਭਰੂ ਖੜ੍ਹ ਗੇ ਲਾ ਕਰ ਘਾਤਾਂ।
ਬਹੁਤੀ ਆਕੜ ਕਰੇ ਹੰਕਾਰੀ, ਟੰਗ ਨੂੰ ਵਲ਼ ਕੇ ਹੁਬਕਲ਼ੀ ਮਾਰੀ।
ਚੜ੍ਹ ਗਿਆ ਸਾਈਕਲ ਚੰਗੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥
ਛੱਡ ‘ਤਾ ਭਗਤ ਜੁਆਨ ਨੇ ਭਰ ਕੇ, ਪਾਇਆ ਸ਼ੋਰ ਕਲਰਕਾਂ ਡਰ ਕੇ।
ਅੱਖੀਆਂ ਮੀਚਣ ਸਾਈਕਲ ਭਿੜਗੇ, ਕਿਧਰੇ ਟੋਪ ਅੰਗਰੇਜ਼ੀ ਰਿੜ੍ਹਗੇ।
ਸੁੱਚੀਆਂ ਟਾਈਆਂ ਲਿੱਬੜਦੀਆਂ। ਫਿੱਸੀਆਂ ਗੋਰੀਆਂ ਗੋਗੜਾਂ, ਗੋਰੇ ਅੱਧ-ਪੱਕ ਚਿੱਭੜ ਦੀਆਂ।
ਸਾਰਾ ਜੁੱਸਾ ਥਰ-ਥਰ ਕੰਬ ਗਿਆ, ਫੱਟੜ ਰੋਝ ਬਥੇਰਾ ਰੰਭ ਗਿਆ।
ਆ ਗੀ ਹੋਣੀ ਰੱਤ ਦੀ ਪਿਆਸੀ, ਭੱਜ ਗਿਆ ਕਿਧਰੇ ਨੰਗ ਚਪੜਾਸੀ।
ਪੇਚੇ ਪੈਣ ਪਤੰਗੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥
ਆ ਗੀ ਰਾਜਗੁਰੂ ਦੀ ਵਾਰੀ, ਪਿਸਟਲ ਭਰ ਕੇ ਗੋਲ਼ੀ ਮਾਰੀ।
ਹੋ ਗਿਆ ਸ਼ਹਿਰ ਵਿਚਾਲ਼ੇ ਸਾਕਾ, ਇਕ ਬਟੇ ਦੋ ਕੋਹ ਸੁਣੇ ਧਮਾਕਾ।
ਰੁੱਗ ਮਾਸ ਕੱਢ ਲਿਆ ਗਰਦਨ ਦਾ। ਦਰਦ ਵੰਡਾਵਣ ਚੜ੍ਹ ਗਿਆ ਦਰਦੀ ਭਾਰਤ ਦਰਦਣ ਦਾ।
ਦੋਹਵੇਂ ਮੌਰ ਵਚਾਲ਼ਿਓਂ ਪਾਟੇ, ਲੱਗ ਗੇ ਰੱਤ ਦੇ ਪੈਣ ਧਲ਼ਾਟੇ।
ਪੈ ਗਿਆ ਗਲ਼ ਚ ਟੋਪ ਦਾ ਫੀਤਾ, ਪੀੜਾਂ ਲੱਗੀਆਂ ਹਾਏ-ਹਾਏ ਕੀਤਾ।
ਚੀਰ ਬਣਾ ਤੇ ਸੰਘੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥
ਫਿਰ ਸੁਖਦੇਵ ਚਲਾ ਤੀ ਗੋਲ਼ੀ, ਰਾਹੀ ਪਾਉਂਦੇ ਕਾਵਾਂ-ਰੌਲ਼ੀ।
ਸਹੁਰੀ ਟੀਂ-ਟੀਂ ਕਰਦੀ ਜਾਂਦੀ, ਰਾਜ਼ੀ ਕਿਚਲੂ, ਝੁਰਦਾ ਗਾਂਧੀ।
ਰੰਗਣਾਂ ਚੜ੍ਹੀ ਜਵਾਹਰ ਨੂੰ। ਐ ਅੰਗਰੇਜ਼ ਦਬੱਲ ਦਿਓ ਹਿੰਦੋਸਤਾਨੋਂ ਬਾਹਰ ਨੂੰ।
ਹੋ ਗਿਆ ਖੜਕਾ ਭੱਜ ਗੇ ਤੂੰਬੇ, ਗਿਰਦੇ ਫਿਰਦੇ ਰੱਤ ਦੇ ਬੂੰਬੇ।
ਸੀ ਲਾਲ ਮਖ਼ਮਲ ਵਰਗੀ ਦੇਹੀ, ਵੱਜ ਕੇ ਤੇਜ਼ ਬਰੂਦਾਂ ਫੇਹੀ।
ਜੈਸੇ ਕਰਦ ਨਰੰਗੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥
ਚੰਦਰ ਸ਼ੇਖਰ ਰੌਂਦ ਚਲਾਇਆ, ਮਾਂ ਦੇ ਲਾਲ ਜ਼ਬਿਸਕੂ1 ਢਾਇਆ।
ਕਾਰਤੂਸ ਕੱਢ ਤਾ ਮੋਟੇ ਪੱਟ ਚੋਂ, ਗਿਰਦਾ ਸੁਰਖ਼ ਲਹੂ ਜਿਹਾ ਫੱਟ ਚੋਂ।
ਜਿਵੇਂ ਦੋ ਨਾਲ਼ੇ ਮੋਘੇ ਜੀ। ਬਗਲੇ ਹਿੰਦ ਚੋਂ ਲਾਉਣ ਉਡਾਰੀ, ਚੁਗਣ ਵਲਾਇਤੋਂ ਚੋਗੇ ਜੀ।
ਜਿਹੜੇ ਬੁੱਲ੍ਹ ਸਨ ਪਾਨੋਂ ਪਤਲੇ, ਪਾੜਿਆ ਮਾਸ ਖਿੰਡਾ ਤੇ ਗਤਲ਼ੇ।
ਹੋ ਗੇ ਲੰਦਨ ਦੇ ਅੱਜ ਢੈਲ਼ੇ, ਚੜ੍ਹਗੇ ਦੋ-ਦੋ ਉਂਗਲ਼ਾਂ ਮੈਲ਼ੇ।
ਉਸਦੀ ਹਿਕ ਜ੍ਹੀ ਨੰਗੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥
ਚਲਾ ਤੀ ਜੈ ਗੁਪਾਲ ਨੇ ਮਗਰੋਂ, ਡੂੰਘਾ ਟੋਆ ਬਣਾ ਤਾ ਗੱਗਰੋਂ।
ਲਗ ਗਿਆ ਸੀਸ ਜ਼ਿਮੀਂ ‘ਤੇ ਲੇਟਣ, ਪੱਕੀਆਂ ਸੜਕਾਂ ਫਿਸ ਗਿਆ ਟੋਟਣ।
ਗੇੜਾ ਬੰਨ੍ਹ ਲਿਆ ਬਾਹਵਾਂ ਨੇ। ਤੇ ਜੱਟ ਮਿਰਜ਼ੇ ਵਾਂਙੂੰ ਝੁਰਮਟ ਪਾ ਲਿਆ ਕਾਵਾਂ ਨੇ।
ਪਿੱਟ ਕੇ ਦਸ ਪੰਦਰਾਂ ਸਾਲ ਧਾਂਦਲ਼, ‘ਬਾਬੂ’ ਗੋਰੇ ਟੱਪ ਗੇ ਚਾਂਦਲ਼ 2।
ਸਾਜ਼ੋਂ ਬਿਨਾਂ ਕਵੀਸ਼ਰ ਗੱਜਦੇ, ਕਿਤੇ ਤਾਂ ਤੂੰਬੇ ਤੁਣ-ਤੁਣ ਵੱਜਦੇ।
ਕਈ ਸੁਰ ਲੌਣ ਸਰੰਗੀ ‘ਤੇ। ਪੰਜ ਪਸਤੌਲਾਂ ਵਾਲ਼ੇ ਕਰਦੇ ਫ਼ੈਰ ਫ਼ਰੰਗੀ ‘ਤੇ॥

ਬਾਬੂ ਰਜਬ ਅਲੀ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਵੇਲੇ ਸਮਕਾਲ ਵਾਸਤੇ ਬਾਬੂ ਰਜਬ ਅਲੀ ਦਾ ਇਹ ਛੰਦ ਕਿਉਂ ਚੁਣਿਆ?
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਤੇ ਹਿੰਦੁਸਤਾਨ ਭਰ ਵਿਚ ਆਜ਼ਾਦੀ ਦੀ ਜੰਗ ਵਿਚ ਹੋਰ ਅਣਗਿਣਤ ਲੋਕਾਂ ਨੇ ਅਪਣੀਆਂ ਜਾਨਾਂ ਵਾਰੀਆਂ। ਭਗਤ ਸਿੰਘ ਨੂੰ “ਸ਼ਹੀਦ-ਏ-ਆਜ਼ਮ” ਆਖਣ ਨਾਲ਼ ਉਹਦਾ ਕੋਈ ਬਹੁਤਾ ਮਾਣ ਨਹੀਂ ਹੁੰਦਾ। ਭਗਤ ਸਿੰਘ ਨੂੰ ਆਪ ਸ਼ਹੀਦ ਹੋਣ ਦਾ ਚਾਅ ਤਾਂ ਸੀ, ਪਰ ਉਹਨੇ ਨਹੀਂ ਚਾਹਿਆ ਹੋਣਾ ਕਿ ਉਹਨੂੰ ਸ਼ਹੀਦ-ਏ-ਆਜ਼ਮ ਦੀ ਉਪਾਧੀ ਦਿੱਤੀ ਜਾਵੇ। ਕਰਤਾਰ ਸਿੰਘ ਸਰਾਭਾ ਅਤੇ ਹੋਰ ਅਨੇਕ ਸ਼ਹੀਦ ਭਗਤ ਸਿੰਘ ਦੇ ਰੋਲ ਮਾਡਲ ਸਨ। ਜੇ ਭਗਤ ਸਿੰਘ “ਸ਼ਹੀਦ-ਏ-ਆਜ਼ਮ” ਹੈ, ਤਾਂ ਅਸੀਂ ਕਰਤਾਰ ਸਿੰਘ ਨੂੰ ਕੀ ਆਖਾਂਗੇ? ਗੁਰੂ ਅਰਜਨ ਦੇਵ ਜੀ ਨੂੰ ਕੀ ਆਖਾਂਗੇ?
ਮਾਲਵੇ ਦੇ ਕਵੀਸ਼ਰ ਬਾਬੂ ਰਜਬ ਅਲੀ (ਜਨਮ: 1894 ਸਾਹੋਕੇ ਚਲਾਣਾ: 1979 ਓਕਾੜਾ) ਦਾ ਇਹ ਛੰਦ ਇਸ ਲਈ ਚੁਣਿਆ ਹੈ ਕਿ ਇਹ ਪੰਜਾਬੀ ਲੋਕ-ਮਾਨਸਿਕਤਾ ਦੀ ਐਨ ਸਹੀ ਤਰਜਮਾਨੀ ਕਰਦੀ ਹੈ। ਭਗਤ ਸਿੰਘ ਬਾਰੇ ਬੀਸੀਓਂ ਕਿੱਸੇ-ਚਿੱਠੇ, ਕਵਿਤਾਵਾਂ, ਗੀਤ, ਡਰਾਮੇ ਲਿਖੇ ਗਏ ਹਨ ਅਤੇ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਬਾਬੂ ਦੀ ਇਹ ਰਚਨਾ ਉਨ੍ਹਾਂ ਸਾਰੀਆਂ ਕਿਰਤਾਂ ਦਾ ਨਚੋੜ ਹੈ ਅਤੇ ਹੁਣ ਤਕ ਭਗਤ ਸਿੰਘ ਬਾਰੇ ਬਣੀ ਹਰ ਫ਼ਿਲਮ ਦਾ ਸਕ੍ਰੀਨ ਪਲੇਅ ਹੈ। ਭਗਤ ਸਿੰਘ ਦੀ ਇਸ ਫ਼ਿਲਮ ਦਾ ਸਿਖਰ ਮੀਆਂਵਾਲ਼ੀ-ਸਰਗੋਧੇ ਦੇ ਰਾਮ ਲਭਾਇਆ ਤਾਹਿਰ ਦੀ ਲਿਖੀ ਘੋੜੀ ਹੈ। ਭਗਤ ਸਿੰਘ ਨੂੰ ‘ਲੋਕਾਂ’ ਦੀਆਂ ਨਜ਼ਰਾਂ ਨਾਲ਼ ਦੇਖਣ ਲਈ ਇਹ ਦੋ ਰਚਨਾਵਾਂ ਹੀ ਬਹੁਤੇਰੀਆਂ ਹਨ। ਡੇੜ੍ਹ ਸੌ ਪੰਜਾਬੀ ਕਵੀਆਂ ਦੀ ਲਿਖੀ ਇੱਕੋ ਰਚਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਾਵਿ (ਨੈਸ਼ਨਲ ਬੁੱਕ ਟਰੱਸਟ ਇੰਡੀਆ. 2005) ਕਿਤਾਬ ਵਿਚ ਦਰਜ ਹੈ।
ਪੰਜਾਬੀ ਲੋਕ-ਮਾਨਸਿਕਤਾ ਦਾ ਕੀ ਮਤਲਬ ਹੈ?
ਪੰਜਾਬ ਦਾ ਤਿੰਨ ਹਜ਼ਾਰ ਸਾਲ ਦਾ ਇਤਿਹਾਸ ਬਾਹਰਲੇ ਧਾੜਵੀਆਂ ਅੱਗੇ ਹਿੱਕ ਡਾਹੁਣ ਦਾ ਇਤਿਹਾਸ ਹੈ। ਸਿੱਖ ਅਰਦਾਸ ਵੀ ਜ਼ੁਲਮ, ਤਸ਼ੱਦਦ ਤੇ ਕੁਰਬਾਨੀ ਦੇ ਇਸ ਇਤਿਹਾਸ ਦੀ ਵਾਰਤਾ ਹੈ।
ਪੰਜਾਬ ਵਿੱਚੋਂ ਬਰਤਾਨਵੀ ਸਾਮਰਾਜ-ਵਿਰੋਧੀ ਲਹਿਰ ਵਿਚ ਕੋਈ ਕੌਮੀ ਪੱਧਰ ਦਾ ਆਗੂ ਨਹੀਂ ੳੱੁਭਰ ਸਕਿਆ ਸੀ। ਅਜੀਤ ਸਿੰਘ ਤੇ ਲਾਜਪਤ ਰਾਏ ਇਹ ਘਾਟਾ ਪੂਰ ਸਕਦੇ ਸੀ। ਪਰ ਅਜੀਤ ਸਿੰਘ ਦੀ ਖਾਹਮਖਾਹ ਦੀ ਆਪ-ਸਹੇੜੀ ਜਲਾਵਤਨੀ ਅਤੇ ਲਾਜਪਤ ਰਾਏ ਦੀ ਹੋਈ ਕੁਵੇਲੇ ਮੌਤ ਨਾਲ਼ ਇਹ ਇਤਿਹਾਸਕ ਵੇਲਾ ਖੁੰਝ ਗਿਆ।
ਬਿਨਾਂ ਸ਼ੱਕ ਗਾਂਧੀ ਜੀ ਕੌਮੀ ਲਹਿਰ ਦੇ ਮਹਾਨ ਆਗੂ ਸਨ। ਪਰ ਪੰਜਾਬੀ ਕੌਮਪ੍ਰਸਤੀ ਦਾ ਕੰਡਾ “ਹਿੰਦੂ ਗੁਜਰਾਤੀ ਖੱਸੀ ਬਾਣੀਏ” ਨੂੰ ਆਜ਼ਾਦੀ ਦਾ ਆਗੂ ਮੰਨਣ ਲਈ ਤਿਆਰ ਨਹੀਂ। ਭਗਤ ਸਿੰਘ ਨੂੰ ਗਾਂਧੀ ਦੇ ਬਰਾਬਰ ਦਾ ਜਾਂ ਉਸ ਤੋਂ ਵੱਡਾ ਦਰਜਾ ਦੇ ਕੇ ਹਰ ਪੰਜਾਬੀ ਨੂੰ ਤਸੱਲੀ ਹੁੰਦੀ ਹੈ।
ਭਗਤ ਸਿੰਘ ਦਾ ਨਾਂ ਹਰ ਧਰਮ, ਹਰ ਸਿਆਸੀ ਵਿਚਾਰਧਾਰਾ ਦਾ ਘਰ ਪੂਰਾ ਕਰਦਾ ਹੈ। ਸਿਰਫ਼ ਗਿਣਤੀ ਦੇ “ਖ਼ਾਲਿਸਤਾਨੀ” ਭਗਤ ਸਿੰਘ ਨੂੰ ਨਾ ਸ਼ਹੀਦ ਮੰਨਦੇ ਹਨ ਅਤੇ ਨਾ ਉਹਦੀ ਕੋਈ ਦੇਣ।
ਭਗਤ ਸਿੰਘ ਦੇਸ ਪੰਜਾਬ ਦੀ ਕੌਮੀ ਪਛਾਣ ਹੈ। ਓਵੇਂ ਜਿਵੇਂ ਗੁਰੂ ਸਾਹਿਬਾਨ, ਹੀਰ-ਰਾਂਝਾ-ਵਾਰਿਸ ਅਤੇ ਸੂਫ਼ੀ ਪੀਰ।
ਸੰਤ ਸਿੰਘ ਸੇਖੋਂ ਭਗਤ ਸਿੰਘ ਨੂੰ ਨਾਇਕ ਮੰਨਣੋਂ ਇਨਕਾਰੀ ਕਿਉਂ ਸੀ?
ਮੁੱਛ-ਮਰੋੜ ਟੋਪ-ਬੰਬ-ਪਿਸਤੌਲ ਵਾਲ਼ੇ ਭਗਤ ਸਿੰਘ ਦਾ ਮਾਰਕਸਵਾਦ-ਲੇਨਿਨਵਾਦ ਨਾਲ਼ ਕੋਈ ਵਾਸਤਾ ਨਹੀਂ। ਅਸਲ ਵਿਚ ਭਗਤ ਸਿੰਘ ਨੂੰ ਜੇਲ ਚ ਜਾ ਕੇ ਗਿਆਨ ਹੋਇਆ ਸੀ ਕਿ ਇਹ ਕਤਲਾਂ-ਬੰਬਾਂ-ਪਿਸਤੌਲਾਂ ਵਾਲ਼ਾ ਰਸਤਾ ਲੋਕ ਲਹਿਰ ਦਾ ਨਹੀਂ; ਸਿੱਧਾ ਅਜਾਈਂ ਮੌਤ ਦੀ ਲਹਿਰ ਦਾ ਰਸਤਾ ਹੈ। ਇਹਨੇ ਜੇਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ 19 ਅਕਤੂਬਰ 1929 ਦੀ ਚਿੱਠੀ ਲਿਖ ਕੇ ਇਸ ਰਸਤਿਓਂ ਵਰਜਿਆ ਵੀ ਸੀ “ਅਸੀਂ ਨੌਜਵਾਨਾਂ ਨੂੰ ਬੰਬ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਉਨ੍ਹਾਂ ਦੇ ਕਰਨ ਨੂੰ ਇਸ ਤੋਂ ਕਿਤੇ ਵੱਡੇ ਕੰਮ ਹਨ।…ਫ਼ੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ਼, ਪਿੰਡਾਂ ਦੀਆਂ ਕੁੱਲੀਆਂ ਢਾਰਿਆਂ ਵਿਚ ਨੌਜਵਾਨਾਂ ਨੇ ਇਨਕ਼ਲਾਬ ਦਾ ਸੁਨੇਹਾ ਦੇਸ ਦੀ ਹਰ ਨੁੱਕਰ ਚ ਪਹੁੰਚਾਣਾ ਹੈ।” ਗ਼ਦਰ ਪਾਰਟੀ ਦੇ ਆਗੂ ਲਲਤੋਂ ਵਾਲ਼ੇ ਬਾਬੇ ਗੁਰਮੁਖ ਸਿੰਘ ਅਤੇ ਮਾਹਲਪੁਰ ਦੇ ਹਰਜਾਪ ਸਿੰਘ ਨੇ ਰੂਸ ਤੋਂ ਇਨਕਲ਼ਾਬੀ ਤਾਲੀਮ ਲੈ ਕੇ ਕਾਬਲ ਵਿਚ ਜਲਾਵਤਨੀ ਕੱਟਦਿਆਂ ਸੰਨ 1930 ਦੇ ਕਿਰਤੀ ਪਰਚੇ ਵਿਚ ਛਪਵਾਈ ਅਪਣੀ ਸਾਂਝੀ ਚਿੱਠੀ ਵਿਚ ਭਗਤ ਸਿੰਘ ਹੁਰਾਂ ਦੇ ਜ਼ਾਤੀ ਐਕਸ਼ਨਾਂ ਨੂੰ ਅਤੇ ਇੱਥੋਂ ਤਕ ਗ਼ਦਰ ਲਹਿਰ ਅਤੇ ਬੱਬਰ ਲਹਿਰ ਨੂੰ ਵੀ ‘ਟੈਰਾਰਿਸਟ’ ਆਖਿਆ ਸੀ। ਸੇਖੋਂ ਨੇ ਇਹ ਮਿਸਾਲ ਦਿੱਤੀ ਸੀ ਕਿ ਲੇਨਿਨ ਨੇ ਅਪਣੇ ਵੱਡੇ ਭਰਾ ਦੇ ਬੁੱਤ ਰੂਸ ਵਿਚ ਥਾਂ-ਪਰ-ਥਾਂ ਨਹੀਂ ਸੀ ਲੁਆਏ, ਜਿਹੜਾ ਰੂਸ ਦੇ ਰਾਜੇ ਨੂੰ ਕਤਲ ਕਰਨ ਦੇ ਦੋਸ਼ ਵਿਚ ਫਾਹੇ ਲਗ ਗਿਆ ਸੀ।
ਸੇਖੋਂ ਤਾਂ ਖ਼ੈਰ ਲਿਖਾਰੀ ਸੀ, ਪਰ ਸਾਰੇ ਪੰਜਾਬੀ ਕਮਿਉਨਿਸਟ ਲੀਡਰ ਸਣੇ ਅਜੈ ਘੋਸ਼ ਦੇ, ਭਗਤ ਸਿੰਘ ਬਾਰੇ ਜਜ਼ਬਾਤੀ ਗੱਲਾਂ ਦੀ ਦਾਲ਼ ਰਿੰਨ੍ਹ ਕੇ ਉਪਰ ਮਾਰਕਸਵਾਦ-ਲੇਨਿਨਵਾਦ ਦਾ ਧਨੀਆ ਛਿੜਕ ਕੇ ਲਾਂਭੇ ਹੁੰਦੇ ਰਹੇ ਹਨ। ਕੋਈ ਨਹੀਂ ਦਸਦਾ ਕਿ ਭਗਤ ਸਿੰਘ ਜਿਨ੍ਹਾਂ ਕਾਰਨਾਮਿਆਂ ਕਰਕੇ ਫਾਹੇ ਲੱਗਿਆ, ਉਹ ਸਹੀ ਸੀ ਜਾਂ ਨਹੀਂ? ਕੀ ਅਸੰਬਲੀ ਚ ਬੰਬ ਸੁੱਟਣ ਨਾਲ਼ ‘ਬੋਲ਼ੇ’ ਸੁਣਨ ਲਗ ਪਏ ਸੀ? ਨਵੀਨਤਮ ਮਿਸਾਲ ‘ਰੁਸਤਮ-ਏ-ਹਿੰਦ’ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ਹੇਠਾਂ ਛਪੀਆਂ ਅਤੇ ਇੰਟਰਨੈੱਟ ‘ਤੇ ਚੜ੍ਹੀਆਂ ਲਿਖਤਾਂ ਹਨ।
ਸੇਖੋਂ ਜਾਂ ਚੰਦ-ਕੁ ਹੋਰ ਬੰਦਿਆਂ ਦੀਆਂ ਫੈਲਸੂਫੀਆਂ ਕਿਸੇ ਆਮ ਬੰਦੇ ਨੂੰ ਕਦੇ ਵੀ ਨਹੀਂ ਪੋਹਣਗੀਆਂ; ਜਿਹੜਾ ਭਗਤ ਸਿੰਘ ਦੀ ਘੋੜੀ, ‘ਉਹਦੀ ਹੋਵਣ ਵਾਲ਼ੀ ਨਾਰ ਨੂੰ ਕਿਸੇ ਨੇ ਦੱਸਿਆ ਜਾ…’ ਗੀਤ ਸੁਣ-ਸੁਣ ਅਤੇ ਫ਼ਿਲਮਾਂ ਵਿਚ ਫਾਂਸੀ ਦਾ ਰੱਸਾ ਚੁੰਮਦੇ ਭਗਤ ਸਿੰਘ ਦਾ ਨਜ਼ਾਰਾ ਦੇਖ ਕੇ ਬੁਕ-ਬੁਕ ਰੋਂਦਾ ਹੈ। ਤੇ ਨਾਲ਼ ਹੀ ਸੋਚਦਾ ਹੈ ਭਗਤ ਸਿੰਘ ਘਰ-ਘਰ ਜੰਮੇ, ਪਰ ਗਵਾਂਢੀਆਂ ਦੇ ਜੰਮੇ!
ਕਿੰਨੇ ਕੁ ਭਗਤ ਸਿੰਘ ਦੀ ਇਹ ਪਤੇ ਦੀ ਗੱਲ ਸਮਝਣੀ ਚਾਹੁੰਦੇ ਹਨ? ਇਨਕ਼ਲਾਬ ਦੀ ਤਲਵਾਰ ਅਕ਼ਲ ਦੀ ਸਾਣ ‘ਤੇ ਤਿੱਖੀ ਹੁੰਦੀ ਹੈ।
ਭਗਤ ਸਿੰਘ ਦਾ ਤੇਈ ਸਾਲ ਦੀ ਨਿੱਕੀ ਉਮਰ ਚ ਫਾਹੇ ਲਗ ਜਾਣਾ, ਉਹਦੇ ਘਰ-ਦਿਆਂ ਵਾਸਤੇ ਹੀ ਨਹੀਂ; ਸਗੋਂ ਸਾਰੇ ਦੇਸ ਦਾ ਬਹੁਤ ਵੱਡਾ ਦੁਖਾਂਤ ਸੀ। ਉਹਦੇ ਜਿੰਨੀ ਦਾਨਿਸ਼ਵਰੀ ਕੌਮੀ ਲਹਿਰ ਦੇ ਹੋਰ ਕਿਸੇ ਪੰਜਾਬੀ ਆਗੂ ਵਿਚ ਨਹੀਂ ਦਿਸਦੀ। ਰਤਾ ਸੋਚੋ, ਜੇ ਲੇਨਿਨ ਤੇਈ ਸਾਲ ਦੀ ਉਮਰੇ ਫਾਹੇ ਲਗ ਜਾਂਦਾ, ਜਾਂ ਹੋ ਚੀ ਮਿੰਨ੍ਹ, ਤਾਂ ਉਨ੍ਹਾਂ ਦੇ ਦੇਸਾਂ ਦਾ ਇਤਿਹਾਸ ਅੱਜ ਕੀ ਹੁੰਦਾ।
ਭਗਤ ਸਿੰਘ ਦੇ ਕਿੰਨੇ ਬੁੱਤ ਪੰਜਾਬ ਤੇ ਹੋਰ ਥਾਈਂ ਲੱਗੇ ਹੋਏ ਹਨ। ਕਿੰਨੀਆਂ ਸੜਕਾਂ, ਗਲ਼ੀਆਂ-ਮੁਹੱਲਿਆਂ ਦੇ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖੇ ਹੋਏ ਹਨ। ਉਹਦੀ ਯਾਦ ਵਿਚ ਕਿੰਨੇ ਅਖੰਡ ਪਾਠ, ਕਿੰਨੇ ਕਬੱਡੀ ਟੂਰਨਾਮੈਂਟ ਦੇਸਾਂ-ਪਰਦੇਸਾਂ ਵਿਚ ਹੁੰਦੇ ਹਨ। ਭਾਰਤ ਸਰਕਾਰ ਨੇ ਭਗਤ ਸਿੰਘ ਦੀ ਡਾਕ-ਟਿਕਟ ਵੀ ਇਸ ਸਾਲ ਜਾਰੀ ਕਰ ਦੇਣੀ ਹੈ; ਇਹਦੀ ਤਸਵੀਰ ਪਾਰਲੀਮੈਂਟ ਚ ਲਗ ਜਾਣੀ ਹੈ। ਪਰ ਇਹਦੀ ਸਿੱਕੇਬੰਦ ਜੀਵਨੀ ਕਿਸੇ ਨੇ ਨਹੀਂ ਲਿਖਣੀ।
ਲੋਕ ਅਪਣੀ ਲੋੜ ਨੂੰ ਭਗਤ ਸਿੰਘ ਅਤੇ ਇਹਦੇ ਵਰਗੇ ਹੋਰ ਕਰਨੀ ਵਾਲ਼ਿਆਂ ਤੋਂ ਪ੍ਰੇਰਣਾ ਲੈਂਦਿਆਂ ਰਿਜ਼ਕ ਤੇ ਆਜ਼ਾਦੀ ਲਈ ਜੂਝਦੇ ਰਹਿਣਗੇ। ਭਗਤ ਸਿੰਘ ਨੂੰ ਅਸਲ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਲੇਨਿਨ ਦੇ ਆਖਣ ਵਾਂਙ ‘ਆਤਮਘਾਤ ਦੇ ਬਚਪਣੇ ਦੇ ਰੋਗ’ ਤੋਂ ਬਚਦਿਆਂ ਸਮਾਜੀ ਨਿਆਂ ਦੀ ਲੋਕ-ਲਹਿਰ ਉਸਰਦੀ ਰਹੇ। ਉਨ੍ਹਾਂ ਦਾ ਲਿਆ ਸੁਪਨਾ ਤਾਂ ਹਾਲੇ ਵੀ ਪੂਰਾ ਨਹੀਂ ਹੋਇਆ। ਅੱਜ ਵੀ ਪੂੰਜੀਵਾਦ ਤੇ ਸਾਮਰਾਜਵਾਦ ਦੀ ਚੜ੍ਹ ਮਚੀ ਹੋਈ ਹੈ। ਸਮਾਜਵਾਦ ਕਿਤੇ ਦਿਸਦਾ ਨਹੀਂ। ਭਗਤ ਸਿੰਘ ਦਾ ਨਾਂ ਸਦਾ ਸਲਾਮਤ ਹੈ।

ਨੈਸ਼ਨਲ ਕਾਲਜ ਲਹੌਰ ਡਰਾਮੈਟਿਕ ਕਲੱਬ. ਖੜ੍ਹਿਆਂ ਚ ਸੱਜਿਓਂ ਚੌਥਾ ਭਗਤ ਸਿੰਘ ਹੈ. 1924
  1. ਜਿਵੇਂ ਗਾਮੇ ਭਲਵਾਨ ਨੇ ਸੰਨ 1930 ਵਿਚ ਗੁਰਜਧਾਰੀ ਮਿਰਕਣ ਮੱਲ ਜ਼ਬਿਸਕੂ ਨੂੰ ਢਾਹ ਕੇ ਲੰਡਨ ਦੀ ਛਿੰਜ ਦਾ ਪਟਕਾ ਜਿੱਤਿਆ ਸੀ
  2. ਇੰਗਲਿਸ਼ ਚੈਨਲ: ਯੂਰਪ ਤੇ ਬਰਤਾਨੀਆ ਦੇ ਟਾਪੂ ਵਿਚਾਲ਼ੇ ਦਾ ਬਾਈ ਮੀਲ ਲੰਮਾ ਸਮੁੰਦਰੀ ਪਾੜ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!