ਪੰਜਾਬ ਦੇ ਸੰਗੀਤ ਘਰਾਣਿਆਂ ਦਾ ਇਕ ਮੀਰ ਸੰਗੀਤਕਾਰ : ਮੀਰ ਨਾਸਿਰ ਅਹਿਮਦ – ਬਲਬੀਰ ਸਿੰਘ ਕੰਵਲ

Date:

Share post:

ਉਹ ਯਕਤਾਇ-ਜ਼ਮਾਨਾ ਨਗ਼ਮਾ ਸਰਾਈ ਅਤੇ ਬੀਨਬਾਜ਼ੀ ਦੋਹਾਂ ਕੰਮਾਂ ਵਿਚ ਮਸ਼ਹੂਰ ਹੋਇਆ। ਉਸਨੇ ਐਨੀ ਤਪਸਾਧਨਾ ਕੀਤੀ ਕਿ ਪੁਰਾਣੇ ਸਮੇਂ ਦੇ ਸਭ ਉਸਤਾਦਾਂ ਨੂੰ ਭੁਲਾ ਦਿੱਤਾ। ਸਮੇਂ ਦੇ ਵੱਡੇ ਉਸਤਾਦ ਅਤੇ ਖ਼ਲੀਫ਼ੇ ਇਸ ਗੱਲ ਵਿਚ ਯਕੀਨ ਰਖਦੇ ਸਨ ਕਿ ਉਸ ਤੋਂ ਪੁਰਾਣੇ ਸਮਿਆਂ ਦੇ ਉਸਤਾਦ ਉਸਦੇ ’ਉਸ਼ਰ ਉਸ਼ੀਰ’ ਭਾਵ ਕਿ ਉਸਦੇ ਸੌਵੇਂ ਹਿੱਸੇ ਦੇ ਵੀ ਬਰਾਬਰ ਨਹੀਂ ਸਨ।(ਹਵਾਲਾ-ਆਸਾਰ-ਉੱਲ-ਸਨਾਦੀਦ, ਵਲੋਂ ਸਰ ਸੱਯਦ ਅਹਿਮਦ ਖ਼ਾਂ (1817-1898) ਛਪਣ ਸਾਲ 1846 ਈ.-ਸਫਾ 175)

ਇਹ ਯਕਤਾਇ-ਜ਼ਮਾਨਾ, ਮੀਰ ਨਾਸਿਰ ਕੌਣ ਸੀ; ਜਿਹਦੇ ਤੁੱਲ ਦਾ ਉਸ ਵੇਲੇ ਕੋਈ ਫ਼ਨਕਾਰ ਨਹੀਂ ਸੀ? ਭਾਰਤੀ ਸੰਗੀਤ ਵਿਚ ਉਹਨੂੰ ਕਿਹੜਾ ਮੁਕਾਮ ਹਾਸਿਲ ਹੈ? ਇਹ ਅਧਿਅਨ ਅਪਣੇ ਆਪ ਵਿਚ ਬੜਾ ਮਨਮੋਹਕ ਹੈ। ਉਨ੍ਹੀਵੀਂ ਸਦੀ ਦੀ ਇਕ ਪ੍ਰਸਿੱਧ ਕਿਰਤ ’ਸਰਮਾਇਆ ਇਸ਼ਰਤ’ ਜਿਹੜੀ ਉਹਦੇ ਕਰਤਾ ਸਾਦਿਕ ਅਲੀ ਖ਼ਾਂ ਨੇ 1866 ਈਸਵੀ ਵਿਚ ਸੰਪੂਰਣ ਕੀਤੀ ਅਤੇ 1874 ਵਿਚ ਛਾਪੀ ਸੀ, ਉਸ ਵਿਚ ਸੰਗੀਤ ਦਾ ਆਲਮ ਕਰਤਾ ਅਪਣੇ ਦੌਰ ਦੇ ਕੁਝ ਬੜੇ ਉਸਤਾਦਾਂ ਦਾ ਵਰਣਨ ਕਰਨ ਲੱਗਿਆਂ ਬੀਨ ਜਾਂ ਵੀਣਾ-ਵਾਦਨ ਵਿਚ ਦੋ ਕਲਾਕਾਰਾਂ ਦੇ ਨਾਂ ਲਿਖਦਾ ਹੈ: (1) ਮੀਰ ਨਾਸਿਰ ਅਹਿਮਦ ਦੇਹਲਵੀ (2) ਮੀਰ ਨਾਸਿਰ ਅਲੀ ਲਖਨਊ। ਉਹਦਾ ਜਨਮ 1800 ਈਸਵੀ ਦੇ ਨੇੜੇ-ਤੇੜੇ ਦਿੱਲੀ ਦੇ ਕਰੀਬ ਹੋਇਆ। ਉਹਦੇ ਪਿਤਾ ਦਾ ਨਾਂ ਸੱਯਦ ਮੀਰ ਨਿਰਮਲ ਸ਼ਾਹ ਸੀ। ਪੰਜ ਸਾਲ ਦੀ ਉਮਰ ਵਿਚ ਉਸਨੂੰ ਮਦਰੱਸੇ ਦਾਖ਼ਿਲ ਕਰਵਾਇਆ ਗਿਆ, ਜਿਥੇ ਉਰਦੂ ਅਤੇ ਫ਼ਾਰਸੀ ਦੀ ਤਾਲੀਮ ਦਿੱਤੀ ਜਾਂਦੀ ਸੀ। ਬਚਪਨ ਵਿਚ ਹੀ ਉਸਨੇ ਅਪਣੇ ਨਾਨੇ ਹਿੰਮਤ ਖ਼ਾਂ (ਕਸੂਰੀ?) ਕੋਲ਼ੋਂ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਸੀ।
ਗਾਇਨ ਦੀ ਸਿੱਖਿਆ ਦੇ ਨਾਲ਼-ਨਾਲ਼ ਉਸਨੇ ਬੀਨ, ਕਾਨੂਨ, ਮ੍ਰਿਦੰਗ ਅਤੇ ਜਲ-ਤ੍ਰੰਗ ਵਰਗੇ ਸਾਜ਼ ਵੀ ਸਿੱਖਣੇ ਸ਼ੁਰੂ ਕਰ ਦਿੱਤੇ। ਜਿਸ ਬੀਨ ‘ਤੇ ਉਹ ਖ਼ੁਸ਼ ਹੋ ਕੇ ਰਿਆਜ਼ ਕਰਦਾ ਸੀ, ਉਸਦੀਆਂ ਬਾਈ ਸੁੰਦਰੀਆਂ ਸਨ। ਜੁਆਨ ਹੋ ਕੇ ਉਸਨੇ ਬੁਲੰਦ ਅਖ਼ਤਰ ਨਾਂ ਦੀ ਘਰਾਣੇਦਾਰ ਤ੍ਰੀਮਤ ਨਾਲ਼ ਸ਼ਾਦੀ ਕਰ ਲਈ। ਸਾਲਾਂ-ਬੱਧੀ ਤਪਸਾਧਨਾ ਦਾ ਇਹ ਅਸਰ ਹੋਇਆ ਕਿ ਬੀਨ ਵਜਾਉਣ ਵਿਚ ਉਸਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਇਸ ਗੱਲ ਦੀ ਭਿਣਕ ਜਦ ਹੀ ਬਹਾਦਰਸ਼ਾਹ ਜ਼ਫ਼ਰ ਦੇ ਕੰਨਾਂ ਵਿਚ ਪਈ, ਤਾਂ ਉਹਨੇ ਉਹਨੂੰ ਅਪਣੇ ਦਰਬਾਰ ਵਿਚ ਸੱਦ ਲਿਆ ਅਤੇ ਉਸ ਲਈ ਯੋਗ ਵਜ਼ੀਫ਼ਾ ਨੀਯਤ ਕਰ ਦਿੱਤਾ। ਕੁਝ ਸਾਲਾਂ ਮਗਰੋਂ ਉਹਦੀ ਤਾਰੀਫ਼ ਸੁਣਕੇ ਨਵਾਬ ਵਾਜਦ ਅਲੀ ਸ਼ਾਹ ਨੇ ਉਸਨੂੰ ਅਪਣੇ ਦਰਬਾਰ ਵਿਚ ਲਖਨਊ ਸੱਦ ਲਿਆ ਅਤੇ ਯੋਗ ਸਥਾਨ ਦਿੱਤਾ।
1857 ਦੇ ਗ਼ਦਰ ਪਿੱਛੋਂ ਅੰਗਰੇਜ਼ਾਂ ਦੇ ਆਖ਼ਿਰੀ ਤਾਜਦਾਰ ਬਾਦਸ਼ਾਹ ਬਹਾਦਰਸ਼ਾਹ ਜ਼ਫ਼ਰ ਨੂੰ ਜਦੋਂ ਬੰਦੀ ਬਣਾ ਲਿਆ ਗਿਆ, ਤਾਂ ਉਸਦੇ ਨਾਲ਼ ਹੀ ਉਸਦੇ ਉਸਤਾਦ ਤਾਨਰਸ ਖ਼ਾਂ ਅਤੇ ਮੀਰ ਨਾਸਿਰ ਅਹਿਮਦ ਨੂੰ ਵੀ ਕੈਦ ਕਰ ਲਿਆ ਗਿਆ ਸੀ। ਚੋਟੀ ਦੇ ਸੰਗੀਤਕਾਰਾਂ, ਮੋਮਿਨ ਅਤੇ ਮਿਰਜ਼ਾ ਗ਼ਾਲਿਬ ਵਰਗੇ ਸ਼ਾਇਰਾਂ ਨੂੰ ਵੀ ਬਦਬਖ਼ਤੀ ਨੇ ਘੇਰ ਲਿਆ। ਇੁਨ੍ਹਾਂ ਹਾਲਾਤ ਵਿਚ ਮੁਗ਼ਲੀਆ ਸਲਤਨਤ ਦੇ ਬਹੁਤ ਵੱਡੇ-ਵੱਡੇ ਕਲਾਕਾਰਾਂ ਨੇ ਦੇਸ਼- ਭਰ ਦੀਆਂ ਏਧਰ-ਓਧਰ ਦੀਆਂ ਹੋਰ ਰਿਆਸਤਾਂ ਵਿਚ ਜਾ ਪਨਾਹ ਲਈ। ਕੁਝਨਾ ਨੇ ਪੰਜਾਬ ਦੀਆਂ ਕੁਝ ਰਿਆਸਤਾਂ, ਜਿਵੇਂ ਕਪੂਰਥਲਾ ਅਤੇ ਪਟਿਆਲਾ ਵੱਲ ਨੂੰ ਵੀ ਰੁਖ਼ ਕਰ ਲਿਆ।
ਮੀਰ ਨਾਸਿਰ ਜਦੋਂ ਬਹਾਦਰਸ਼ਾਹ ਜ਼ਫ਼ਰ ਸਮੇਤ ਕੈਦ ਕੱਟ ਰਿਹਾ ਸੀ; ਤਾਂ ਕਪੂਰਥਲਿਓਂਂ ਮਹਾਰਾਜਾ ਰਣਧੀਰ ਸਿੰਘ, ਬਿਕਰਮ ਸਿੰਘ ਨੇ ਇਹ ਕਹਿ ਕੇ ਕਿ ਇਹ ਤਾਂ ਲਲਿਤ ਕਲਾਵਾਂ ਦੇ ਮਾਮਲਿਆਂ ਦਾ ਹੀ ਵਜ਼ੀਰ ਸੀ, ਜਿਸਦਾ ਸਿਆਸਤ ਨਾਲ਼ ਦੂਰ ਦਾ ਵੀ ਸੰਬੰਧ ਨਹੀ ਹੈ, ਜ਼ਮਾਨਤ ‘ਤੇ ਛੁਡਾ ਕੇ ਅਪਣੀ ਰਿਆਸਤ ਕਪੂਰਥਲੇ ਲੈ ਆਂਦਾ ਸੀ। ਕੁਝ ਇਸ ਤਰ੍ਹਾਂ ਜਾਪਦਾ ਹੈ ਕਿ ਕਪੂਰਥਲ਼ੇ ਵਾਲ਼ੇ ਹੀ ਉਰਦੂ ਦੇ ਪ੍ਰਸਿੱਧ ਸ਼ਾਇਰ ਮੋਮਿਨ ਨੂੰ ਵੀ ਸਾਢੇ ਤਿੰਨ ਸੌ ਰੁਪਿਆ ਮਹੀਨਾ ਕਰਕੇ, ਨਾਲ਼ ਹਜ਼ਾਰ ਰੁਪਿਆ ਸਫ਼ਰ ਖ਼ਰਚ ਭੇਜ ਕੇ ਅਪਣੇ ਕੋਲ਼ ਰੱਖਣਾ ਚਾਹੁੰਦੇ ਸਨ। ਆਉਣ ਲਈ ਉਹ ਤਿਆਰ ਵੀ ਹੋ ਗਿਆ ਸੀ, ਪਰ ਜਦੋਂ ਹੀ ਉਸਨੂੰ ਇਸ ਗੱਲ ਦਾ ਪਤਾ ਲੱਗਾ ਕਿ ਓਸ ਰਿਆਸਤ ਵਿਚ ਗਵੱਈਏ ਦੀ ਤਨਖ਼ਾਹ ਵੀ ਏਨੀ ਹੈ, ਉਹਨੇ ਅੱਗੋਂ ਨਾਂਹ ਕਰਦਿਆਂ ਉੱਤਰ ਭੇਜਿਆ ਸੀ: “ਜਿਥੇ ਮੇਰੀ ਅਤੇ ਕਿਸੇ ਗਵੱਈਏ ਦੀ ਤਨਖ਼ਾਹ ਬਰਾਬਰ ਹੋਵੇ, ਮੈਂ ਓਥੇ ਨਹੀਂ ਜਾ ਸਕਦਾ।’’ (੍ਹਵਾਲੇ ਲਈ ਦੇਖੋ: ਮੁਹੰਮਦ ਹੁਸੈਨ ਆਜ਼ਾਦ ਦੀ ਕਿਰਤ ’ਆਬਿ-ਹਿਆਤ’ ਸਫ਼ਾ 385)।
ਪਰ ਹੁਣ ਇਹ ਮਹਾਨ ਕਲਾਕਾਰ ਕਪੂਰਥਲਾ ਰਿਆਸਤ ਵਿਚ ਰਹਿਣ ਲੱਗ ਪਿਆ ਸੀ। ਉਸਦਾ ਇਕ ਪੁੱਤਰ ਮੀਰ ਰਹਿਮਤ ਅਲੀ ਪਹਿਲਾਂ ਕਪੂਰਥਲ਼ੇ ਰਹਿੰਦਾ ਰਿਹਾ; ਪਿੱਛੋਂ ਰਾਜਕੁਮਾਰੀ ਅੰਮ੍ਰਿਤ ਕੌਰ (ਯੂਨੀਅਨ ਸਿਹਤ ਮੰਤਰੀ) ਦੇ ਪਿਤਾ ਰਾਜਾ ਸਰ ਦਲਜੀਤ ਸਿੰਘ ਕੋਲ਼ ਜਲੰਧਰ ਰਹਿਣ ਲੱਗ ਪਿਆ। ਕਪੂਰਥਲੇ ਰਹਿੰਦਿਆਂ ਪਿਓ ਤੇ ਪੁੱਤਰ ਨੇ ਕਈ ਬੜੇ-ਬੜੇ ਉਸਤਾਦਾਂ ਨੂੰ ਤਿਆਰ ਕੀਤਾ; ਜਿਨ੍ਹਾਂ ਵਿੱਚੋਂ ਪ੍ਰਮੁੱਖ ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ ਸੀ, ਜਿਸ ਨੂੰ ਪਹਿਲੀ ਵੇਰ ਕਲਕੱਤੇ ਸੁਣਕੇ ਪਿੱਛੋਂ ਉਸਤਾਦ ਵਿਲਾਇਤ ਖ਼ਾਂ (ਸਿਤਾਰ ਨਵਾਜ਼) ਦੇ ਬਾਬੇ ਇਮਦਾਦ ਖ਼ਾਂ ਵਰਗਿਆਂ ਨੇ ਵੀ ਉਦੋਂ ਇਕ ਸੌ ਰੁਪਿਆ ਨਜ਼ਰ ਭੇਟ ਕੀਤੀ ਸੀ।
1876-77 ਵਿਚ ਅੰਗਰੇਜ਼ ਹਕੂਮਤ ਨੇ ਅਪਣੀ ਗੋਲਡਨ ਜੁਬਲੀ ਮਨਾਉਣ ਮਗਰੋਂ ਕਿੰਗ ਐਡਵਰਡ ਹਫ਼ਤਮ ਦੀ ਤਾਜਪੋਸ਼ੀ ਸਮੇਂ ਹਿੰਦੁਸਤਾਨ ਵਿਚ ਸ਼ਾਸਤ੍ਰੀ ਸੰਗੀਤ ਦੀ ਬਹੁਤ ਭਾਰੀ ਕਾਨਫ਼੍ਰੰਸ ਕੀਤੀ; ਜਿਸ ਲਈ ਮੁਗ਼ਲੀਆ ਦਰਬਾਰ ਦੇ ਸਾਬਕਾ ਕਲਾਕਾਰਾਂ ਜਿਨ੍ਹਾਂ ਵਿਚੋਂ ਬਹੁਤ ਸਾਰੇ ਓਦੋਂ ਪਟਿਆਲਾ, ਲਖਨਊ, ਗਵਾਲੀਅਰ, ਜੈਪੁਰ, ਹੈਦਰਾਬਾਦ ਆਦਿ ਰਿਆਸਤਾਂ ਵਿਚ ਜਾ ਵਸੇ ਸਨ ਨੂੰ ਦਿੱਲੀ ਵਿਚ ਹੋਣ ਵਾਲ਼ੇ ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਦਾਅਵਤਾਂ ਭੇਜੀਆਂ ਗਈਆਂ। ਜਦ ਕਿ ਪਟਿਆਲਾ ਰਿਆਸਤ ਵਿੱਚੋਂ ਇਨ੍ਹਾਂ ਕਲਾਕਾਰਾਂ ਮਹੰਤ ਗੱਜਾ ਸਿੰਘ, ਭਾਈ ਪੁਸ਼ਕਰਾ ਸਿੰਘ, ਭਾਈ ਸ਼ਿਗਾਰਹਾਟਕ ਸਿੰਘ, ਭਾਈ ਕਾਲ਼ੂ ਰਬਾਬੀ, ਗੋਖੀ ਬਾਈ, ਭਾਈ ਅਲੀ ਬਖ਼ਸ਼, ਫ਼ਤਿਹ ਅਲੀ ਖ਼ਾਂ (ਅਲੀਆ ਫੱਤੂ), ਜਰਨੈਲ ਕਰਨੈਲ ਸਾਹਿਬ, ਗ਼ੁਲਾਮ ਹੁਸੈਨ ਖ਼ਾਂ ਅਤੇ ਭਾਈ ਗੋਪਾਲ ਸਿੰਘ ਮ੍ਰਿਦੰਗ ਨਵਾਜ਼ ਆਦਿਕ ਨੂੰ ਬੁਲਾਇਆ ਗਿਆ, ਤਾਂ ਕਪੂਰਥਲਾ ਰਿਆਸਤ ਦੀ ਨੁਮਾਇੰਦਗੀ ਕਰਨ ਵਾਲ਼ੇ ਕਲਾਕਾਰਾਂ ਵਿੱਚੋਂ ਮੀਰ ਨਾਸਿਰ ਅਹਿਮਦ ਪ੍ਰਮੁੱਖ ਸੀ। ਉਸ ਸਮੇਂ ਸਭ ਤੋਂ ਵੱਧ ਮਾਣ-ਸਤਿਕਾਰ ਇਸ ਕਲਾਕਾਰ ਦਾ ਹੀ ਹੋਇਆ ਸੀ। ਉਹ ਇਸ ਲਈ ਕਿ ਉਹ ਮੁਗ਼ਲੀਆ ਸਲਤਨਤ ਦਾ ਵਜ਼ੀਰ ਰਹਿ ਚੁੱਕਾ ਸੀ, ਜਦ ਕਿ ਤਾਨ ਰਸ ਖ਼ਾਂ ਬਹਾਦਰਸ਼ਾਹ ਜ਼ਫ਼ਰ ਦਾ ਕੇਵਲ ਉਸਤਾਦ ਸੀ। ਉਸ ਸਮੇਂ ਇਨ੍ਹਾਂ ਮਹਾਨ ਕਲਾਕਾਰਾਂ ਦੀ ਮੀਆਂ ਤਾਨਰਸ ਖ਼ਾਂ ਨੇ ਬਹੁਤ ਵੱਡੀ ਦਾਅਵਤ ਕੀਤੀ ਸੀ, ਜਿਸਦੀ ਦਿੱਲੀ ਦੀਆਂ ਗਲ਼ੀਆਂ ਵਿਚ ਪਿਛੋਂ ਬਹੁਤ ਚਿਰ ਚਰਚਾ ਹੁੰਦੀ ਰਹੀ ਸੀ।
ਬੜੇ ਗੌਰਵ ਦੀ ਗੱਲ ਹੈ ਕਿ ਮੀਰ ਨਾਸਿਰ ਅਹਿਮਦ ਦੀ ਲਿਖੀ ਛੋਟੀ-ਜਿਹੀ ਹੱਥ ਲਿਖਤ ਪੁਸਤਕ ਹਿੰਦ-ਪਾਕ ਉਪ ਮਹਾਂਦੀਪ ਦੇ ਮਹਾਨ ਸੰਗੀਤ ਆਚਾਰਯ ਚਲਦੇ-ਫਿਰਦੇ ਇਨਸਾਈਕਲੋਪੀਡੀਆ ਡਾਕਟਰ ਰਾਜਾ ਮ੍ਰਿਗੇਂਦਰ ਸਿੰਘ ਜੀ ਪਟਿਆਲ਼ਾ ਵਾiਲ਼ਆਂ ਕੋਲ਼ ਅੱਜ ਵੀ ਸਾਂਭੀ ਪਈ ਹੈ। ਕਰਤਾ ਨੂੰ ਉਸ ਮਹਾਨ ਰਚਨਾ ਦਾ ਸਪੱਰਸ਼ ਅਤੇ ਦਰਸ਼ਨ ਕਰਨ ਦਾ ਸ਼ਰਫ਼ ਹਾਸਲ ਹੈ। ਕਿਤਾਬ ਕਾਹਦੀ ਹੈ, ਬੀਨਕਾਰੀ ਬਾਰੇ ਕੁੱਜੇ ਵਿਚ ਬੰਦ ਕੀਤਾ ਸਮੁੰਦਰ ਹੈ। ਹਰਫ਼ਿ-ਆਖ਼ਿਰ ਕਹਿ ਲਉ, ਟ੍ਰੀਟਾਈਜ਼ ਜਾਂ ਟਕਸਾਲੀ ਟੀਕਾ। ਆਖ਼ਰਾਂ ਦੇ ਦੁਰਲੱਭ ਖਰੜੇ ਦਾ 104 ਸਫ਼ਾ ਖ਼ਾਲੀ ਹੈ। ਸਫ਼ਾ 55 ਤੇ ਜਿੱਥੇ ਕੁਝ ਰਾਗਾਂ, ਜਿਵੇਂ ਪੰਜਾਬੀ ਰੂਪ ਕਲੀ, ਸੁੰਦਰ ਕੌਂਸ ਆਦਿ ਦੇ ਨਾਂ ਅੰਕਿਤ ਹਨ; ਉਥੇ ਇਹ ਗੱਲ ਵੀ ਦਰਜ ਹੈ ਕਿ ਬੀਨ ਦੀਆਂ ਕੁੱਲ ਪੰਦਰਾਂ ਚਾਲਾਂ, ਫ਼ਾਰਮੂਲੇ ਜਾਂ ਕਾਇਦੇ ਹੁੰਦੇ ਹਨ।
ਕੀ ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਹੈ ਕਿ ਹੁਣ ਤਕ ਬਹੁਤੇ ਬੀਨਕਾਰ ਮੀਰ ਨਾਸਿਰ ਦੇ ਬਣਾਏ ਹੋਏ ਕਾਇਦੇ ਹੀ ਵਜਾਉਂਦੇ ਹਨ। ਆਗਰਾ ਘਰਾਣੇ ਦੇ ਪ੍ਰਸਿੱਧ ਗਵੱਈਏ ਉਸਤਾਦ ਵਿਲਾਇਤ ਹੁਸੈਨ ਖ਼ਾਂ ਨੇ ਕਿਤਾਬ ’ਹਿਆਤਿ ਮੌਸੀਕਾਰਾਂ ’ ਲਿਖੀ ਸੀ, ਜਿਹੜੀ ਭਾਰਤੀ ਸੰਗੀਤ ਅਕਾਦੇਮੀ ਨੇ ਛਾਪੀ ਸੀ। ਉਸ ਵਿਚ ਮੀਰ ਨਾਸਿਰ ਬਾਰੇ ਉਹ ਇਹ ਗੱਲ ਲਿਖਦੇ ਹਨ: “ਨਵਾਬ ਵਾਜਿਦ ਅਲੀ ਸ਼ਾਹ ਮੀਰ ਨਾਸਿਰ ਨੂੰ ਬਾਰ-ਬਾਰ ਸੁਣਦੇ ਸਨ, ਪਰ ਉਨ੍ਹਾਂ ਦੀ ਤਬੀਅਤ ਨਹੀਂ ਸੀ ਭਰਦੀ ਅਤੇ ਉਹਦੀ ਉਮਰ ਦਾ ਬਾਕੀ ਹਿੱਸਾ ਫਿਰ ਓਥੇ ਹੀ ਬਸਰ ਹੋਇਆ।’’ (ਸਫ਼ਾ 122)

ਕਪੂਰਥਲੇ ਵਿਚ ਮੀਰ ਨਾਸਿਰ ਅਹਿਮਦ ਦਾ ਮਕਬਰਾ

ਪਰ ਸਾਡੀ ਖੋਜ ਉਸਤਾਦ ਵਿਲਾਇਤ ਖ਼ਾਂ ਦੇ ਇਸ ਤੱਥ ਨੂੰ ਰੱਦ ਕਰਦੀ ਹੈ ਕਿ ਮੀਰ ਨਾਸਿਰ ਨੇ ਅਪਣੀ ਉਮਰ ਦਾ ਆਖ਼ਿਰੀ ਹਿੱਸਾ ਲਖਨਊ ਵਿਖੇ ਕੱਟਿਆ। ਏਸੇ ਹੀ ਤਰ੍ਹਾਂ ਸਾਡੀ ਇਹ ਖੋਜ ਬੰਗਾਲ ਦੇ ਬਹੁਤ ਵੱਡੇ ਸੰਗੀਤ ਵਿਦਵਾਨ ਬਾਲਮੁਕੰਦ ਰਾਏ ਚੌਧਰੀ ਦੀ ਲਿਖੀ ਲਾਸਾਨੀ ਕਿਤਾਬ’ਭਾਰਤਯ ਸੰਗੀਤ ਕੋਸ਼ ’ ਵਿਚ ਦਿੱਤੇ ਗਏ ਕੁਝ ਤਾਰੀਖ਼ੀ ਤੱਥਾਂ ਨੂੰ ਵੀ ਰੱਦ ਕਰਦੀ ਹੈ। ਅਸਲ ਗੱਲ ਤਾਂ ਇਹ ਹੈ ਕਿ ਅਪਣੀ ਉਮਰ ਦੇ ਆਖ਼ਿਰੀ ਵੇਲੇ ਮੀਰ ਨਾਸਿਰ ਕਪੂਰਥਲੇ ਹੀ ਰਹਿੰਦੇ ਰਹੇ ਅਤੇ ਏਥੇ ਹੀ ਉਨ੍ਹਾਂ ਵਫ਼ਾਤ ਪਾਈ। ਉਨ੍ਹਾਂ ਦਾ ਕਫ਼ਨ-ਦਫ਼ਨ ਵੀ ਇਥੇ ਹੀ ਹੋਇਆ। ਪੰਜਾਬ ਦੀ ਮਿੱਟੀ ਕੁਝ ਪੁਸ਼ਤਾਂ ਪਿੱਛੋਂ ਅਪਣੀ ਮਿੱਟੀ ਵਿਚ ਆ ਮਿਲ਼ੀ ਸੀ; ਕਿਉਂਕਿ ਮੀਰ ਨਾਸਿਰ ਦੇ ਵਡੇਰੇ ਮੀਆਂ ਤਾਨ ਸੈਨ ਜਿਹੜੇ ਮੁਸਲਮਾਨ ਧਾੜਵੀਆਂ ਦੀਆਂ ਨਿਤ-ਦਿਹਾੜੇ ਦੀਆਂ ਮਾਰਾਂ-ਧਾੜਾਂ ਦੀ ਮਾਰ ਨਾ ਝੱਲਦੇ ਹੋਏ ਲਾਹੌਰੋਂ ਜਾ ਕੇ ਕਦੇ ਬਿੰਦਰਾਵਨ ਜਾਂ ਗਵਾਲੀਅਰ ਵਲਾਂ ਜਾ ਵਸੇ ਸਨ ਅਤੇ ਓਥੇ ਜਾ ਕੇ ਵੀ ਚੌਗਿਰਦਾ ਰਾਸ ਨਾ ਆਉਣ ਦੀ ਸੂਰਤ ਵਿਚ ਅਪਣਾ ਧਰਮ ਬਦਲਕੇ ਇਸਲਾਮ ਕਬੂਲ ਕਰ ਗਏ ਸਨ। ਉਨ੍ਹਾਂ ਦੀ ਮਿੱਟੀ ਉਨ੍ਹਾਂ ਨੂੰ ਮੁੜ ਅਪਣੇ ਵਤਨ ਵਾਪਸ ਲੈ ਆਈ ਸੀ।
ਤਾਨ ਸੈਨ ਨੇ ਅਪਣੀ ਸਭ ਤੋਂ ਪਹਿਲੀ ਨੌਕਰੀ ਕਿਉਂਕਿ ਸ਼ੇਰ ਸ਼ਾਹ ਸੂਰੀ (1474-1545) ਦੇ ਪੁੱਤਰ ਦੌਲਤ ਖ਼ਾਂ ਕੋਲ਼ ਕੀਤੀ ਸੀ, ਇਸ ਲਈ ਸਾਫ਼ ਜ਼ਾਹਿਰ ਹੈ ਕਿ ਪੰਜਾਬ ਤੋਂ ਹਿਜਰਤ ਕਰਦਿਆਂ ਓਦੋਂ ਸੜਕਿ-ਆਜ਼ਮ (ਜਰਨੈਲੀ ਸੜਕ ਜਾਂ ਜੀ.ਟੀ. ਰੋਡ) ਜਿਹੜੀ ਬਣਵਾਈ ਵੀ ਸ਼ੇਰ ਸ਼ਾਹ ਸੂਰੀ ਨੇ ਹੀ ਸੀ ਤੇ ਉਸ ਸਮੇਂ ਨੂਰਮਹਿਲੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਤੋਂ ਨਿਕਲ਼ਦੀ ਸੀ, ਤਾਨ ਸੈਨ ਅਪਣੇ ਪਰਿਵਾਰ ਸਮੇਤ ਜ਼ਰੂਰ ਕਦੇ ਇਸੇ ਥਾਹੀਂ ਲੰਘਿਆ ਹੋਵੇਗਾ।
ਮੀਰ ਨਾਸਿਰ ਦੀ ਮੌਤ ਬਾਰੇ ਪੱਕਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਦੇ ਮਕਬਰੇ ਤੋਂ ਕੋਈ ਤਖ਼ਤੀ (epitaph) ਉੜਾ ਕੇ ਲੈ ਗਿਆ ਹੈ। ਪਰ ਜਾਪਦਾ ਹੈ, ਜਿਵੇਂ ਉਹਦਾ ਅੰਤ ਕਿਧਰੇ 1880 ਈਸਵੀ ਦੇ ਨੇੜੇ-ਤੇੜੇ ਹੋਇਆ। ਨਾਨਕਸ਼ਾਹੀ ਇੱਟਾਂ ਦਾ ਬਣਾਇਆ ਇਹ ਮਕਬਰਾ ਕਪੂਰਥਲ਼ੇ ਮਨਸੂਰਵਾਲ਼ ਪੀਰ ਚੌਧਰੀ ਦੀ ਦਰਗਾਹ ਨੇੜੇ ਡਿਗਦੀ-ਢਹਿੰਦੀ ਹਾਲਤ ਵਿਚ ਅੱਜ ਵੀ ਵੇਖਿਆ ਜਾ ਸਕਦਾ ਹੈ।
ਮੀਆਂ ਤਾਨਸੈਨ ਖ਼ਾਨਦਾਨ ਦੀ ਬੰਸਾਵਲੀ
ਮੀਆਂ ਤਾਨ ਸੈਨ (1524? 1589) ਦੀ ਗਾਇਕੀ-ਵਜਾਇਕੀ ਦੇ ਤੌਰ ਤਰੀਕੇ ਅਪਣਾਉਣ ਵਜੋਂ ਹਿੰਦੁਸਤਾਨੀ ਸੰਗੀਤ ਦੇ ਦੋ ਪ੍ਰਮੁੱਖ ਘਰਾਣੇ ਵਜੂਦ ਵਿਚ ਆਏ। ਇਕ ਉਸਦੇ ਬੇਟੇ ਬਿਲਾਸ ਖ਼ਾਂ ਦਾ ਅਤੇ ਦੂਜਾ ਉਸਦੀ ਧੀ ਸਰਸਵਤੀ ਦਾ। ਬੇਟੇ ਦਾ ਚਲਾਇਆ ਘਰਾਣਾ ਰਬਾਬੀ ਖ਼ਾਨਦਾਨ ਅਖਵਾਇਆ, ਜਦ ਕਿ ਸਰਸਵਤੀ ਦਾ ਚਲਾਇਆ ਘਰਾਣਾ ਬੀਨਕਾਰ ਜਾਂ ਵੀਣਾਕਾਰ ਅਖਵਾਇਆ।

ਤ੍ਰਿਲੋਚਨ ਦਾਸ ਮਿਸ਼ਰ ਉਰਫ਼ ਤਾਨ ਸੈਨ ਅਪਣੇ ਗੁਰੂ ਸਵਾਮੀ ਹਰਿਦਾਸ ਨਾਲ਼

ਪਾਠਕਾਂ ਦੇ ਗਿਆਤ ਲਈ ਹੇਠ ਅਸੀਂ ਕੇਵਲ ਬੀਨਕਾਰ ਘਰਾਣੇ ਦਾ ਛੋਟਾ-ਜਿਹਾ ਸ਼ਜਰਾ-ਨਸਬ ਹੀ ਪੇਸ਼ ਕਰ ਰਹੇ ਹਾਂ।

ਤ੍ਰਿਲੋਚਨ ਦਾਸ ਮਿਸ਼ਰ (ਹਿੰਦੂ ਨਾਂ)
ਮੀਆਂ ਤਾਨ ਸੈਨ (ਇਸਲਾਮ ਕਬੂਲ ਕਰਨ ਉਪਰੰਤ ਨਾਮ)

ਸਰਸਵਤੀ ਬੀਨਕਾਰ (ਧੀ, ਰਾਜਾ ਮਿਸ਼ਰੀ ਸਿੰਘ ਉਰਫ਼ ਨੌਬਤ ਖ਼ਾਂ ਨਾਲ਼ ਵਿਆਹ ਕਰਾਉਣ ਉਪਰੰਤ)

ਹਸਨ ਖ਼ਾਂ

ਹੁਸੈਨ ਖ਼ਾਂ

ਬਾਜਦ ਖ਼ਾਂ

ਨਜ਼ੀਰ ਖ਼ੁਸ਼ਹਾਲ ਖ਼ਾਂ

ਲਾਲ ਖ਼ਾਂ ਗੁਣ ਸਮੁੰਦਰ

ਨਿਆਮਤ ਖ਼ਾਂ ਸਦਾਰੰਗ (ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਦਰਬਾਰੀ ਗਾਇਕ ਅਤੇ ਖ਼ਿਆਲ ਗਾਇਕੀ ਦਾ ਮੋਢੀ )

ਫ਼ੀਰੋਜ਼ ਖ਼ਾਂ ਅਦਾਰੰਗ ਭੂਪਤ ਖ਼ਾਂ ਮਹਾਂਰੰਗ –
ਪਿਆਰ ਖ਼ਾਂ ਉਂਗਲੀ ਕੱਟ , ਜੀਵਨ ਸ਼ਾਹ

ਸੱਯਦ ਨਿਰਮਲ ਸ਼ਾਹ

ਮੀਰ ਨਾਸਿਰ ਅਹਿਮਦ ਖ਼ਾਂ (ਰਿਆਸਤ ਕਪੂਰਥਲਾ ਕਪੂਰਥਲਾ ਘਰਾਣੇ ਦੀ ਵਾਦਨ-ਪ੍ਰੰਪਰਾ ਦੇ ਮੋਢੀ )
–ਲੜਕੇ, ਅਬਦੁਰ ਰਹਿਮਾਨ-ਮੀਰ ਰਹਿਮਤ ਅਲੀ ।
ਇਨ੍ਹਾਂ ਦੇ ਸ਼ਾਗਿਰਦ

ਬੰਦੇ ਅਲੀ ਖ਼ਾਂ ਸਬਰਸ ਬੀਨਕਾਰ(1830-1890) ਬੇਮਿਸਾਲ ਬੀਨਾਕਾਰ ਅਤੇ ਬਾਨੀ ਕਿਰਾਨਾ ਘਰਾਣਾ

ਪੰਡਿਤ ਹਰਿਵਲਭ , ਰਾਜਾ ਬਿਕ੍ਰਮ ਸਿੰਘ ਕਪੂਰਥਲਾ (1835-1887), ਮਹੰਤ ਗੱਜਾ ਸਿੰਘ, ਪ੍ਰਸਿੱਧ ਤਾਰੀਖ਼ਦਾਨ ਮੈਕਾਲਫ਼ ਅਨੁਸਾਰ ਸਿੱਖਾਂ ਦਾ ਸਭ ਤੋਂ ਵੱਡਾ ਰਾਗੀ ਤੇ ਭਾਈ ਕਾਹਨ ਸਿੰਘ ਨਾਭਾ ਦਾ ਗੁਰਦੇਵ।

ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ (1854-1946) ਭਾਈ ਮਰਦਾਨਾ ਦੇ ਗੁਰੂ ਭਾਈ ਫ਼ਰਿੰਦਾ ਜੀ ਦੀ ਕੁੱਲ ’ਚੋਂ ਸੋਲ੍ਹਵੀਂ ਪੁਸ਼ਤ,
ਭਾਈ ਮਸਤਾਨ ਸਿੰਘ , ਭਾਈ ਹਰਨਾਮ ਸਿੰਘ , ਭਾਈ ਲਾਲ ਰਬਾਬੀ
(1887-1962) ਸੰਗੀਤ ਸਾਗਰਫ਼ਤਿਹ ਅਲੀ ਖ਼ਾਂ –
ਗੁੱਲ ਖ਼ਾਂ ਅੱਗੋਂ ਹੋਰ

ਕੰਵਰ ਮ੍ਰਿਗੇਂਦ੍ਰ ਸਿੰਘ ਰਾਜਾ ਸਾਹਿਬ ਪਟਿਆਲ਼ਾ
ਬਰਕਤ ਅਲੀ ਖ਼ਾਂ

ਭਾਈ ਲਾਲ ਜਿੰਨੇ ਸ਼ਾਇਦ ਹੋਰ ਕਿਸੇ ਨੇ ਗੁਰੂਘਰ ਦੇ ਸਿਖਰ ਦੇ ਰਬਾਬੀ, ਰਾਗੀ ਤਿਆਰ ਨਹੀਂ ਕੀਤੇ। ਅਗਾਂਹ ਭਾਈ ਚਾਂਦ,
ਭਾਈ ਸੰਤਾ ਸਿੰਘ, ਭਾਈ ਗੁਰਮੁਖ ਸਿੰਘ, ਸਰਮੁਖ ਸਿੰਘ ਫੱਕਰ, ਭਾਈ ਅਮਰੀਕ ਸਿੰਘ ਜਿਹਲਮ, ਜਗਤ ਸਿੰਘ ਵੇਰਕਾ,
ਨੱਥਾ ਸਿੰਘ,
ਭਾਈ ਆਗ਼ਾ ਫ਼ੈਜ਼, ਭਾਈ ਪਿਸ਼ਾਵਰ ਖ਼ਾਂ ਧੁਲੇਤਾ
ਸਭ ਆਪ ਦੇ ਹੀ ਸ਼ਾਗਿਰਦ ਸਨ

ਗ਼ੁਲਾਮ ਹਸਨ ਸ਼ਗਨ ਰਬਾਬੀ (ਸਪੁੱਤਰ ਭਾਈ ਲਾਲ) ਜਿਹੜੇ
ਪਿਛਲੇ ਸਾਲ ਚੌਥੇ ਜੱਸਾ ਸਿੰਘ ਕਪੂਰਥਲਾ ਵਿਰਾਸਤੀ
ਮੇਲੇ ‘ਤੇ ਪਾਕਿਸਤਾਨੋਂ ਉਚੇਚੇ ਤੌਰ ਤੇ ਸ਼ਿਰਕਤ ਕਰਨ ਆਏ
ਅਤੇ 77 ਸਾਲ ਦੀ ਉਮਰ ਹੋਣ ਦੇ ਬਾਵਜੂਦ ਅਪਣੀ
ਗੱਡਵੀਂ ਗੂੰਜਦਾਰ ਤਾਨਾਂ-ਭਰੀ ਗਾਇਕੀ ਦਾ
ਲੋਹਾ ਮੰਨਵਾ ਕੇ ਗਏ

ਬਲਬੀਰ ਸਿੰਘ ਕੰਵਲ
ਬਲਬੀਰ ਸਿੰਘ ਕੰਵਲ ਜਿਸਨੇ ਆਪਣਾ ਸਾਰਾ ਜੀਵਨ ਸੰਗੀਤ ਅਤੇ ਦੋਹਾਂ ਪੰਜਾਬਾਂ ਦੀਆਂ ਹੋਰ ਸਭਿਆਚਾਰਕ ਖੋਜਾਂ ਤੇ ਲਾ ਦਿੱਤਾ । ਉਹਦੀਆਂ ਇਕੱਤਰ ਕੀਤੀਆਂ ਦੁਰਲੱਭ ਵਸਤਾਂ ਦੇਖਿਆਂ ਹੀ ਬਣਦੀਆਂ ਹਨ । ਕਈ ਪੁਸਤਕਾਂ ਦਾ ਰਚੇਤਾ ਅਜ ਕਲ ਲੰਡਨ ਵਾਸੀ ਹੈ ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!