ਪੰਜਾਬ ਦੀ ਵਿਦਵਤਾ

Date:

Share post:

ਪੰਜਾਬ ਦੀ ਵਿਦਵਤਾ ਨੂੰ ਪਹਿਲੀ ਮਾਰ ਖ਼ਪਤ ਸਭਿਆਚਾਰ ਵਲੋਂ ਪਈ ਹੈ। ਖ਼ਪਤ ਸਭਿਆਚਾਰ ਦਾ ਸੰਕਲਪ ਸਾਡੇ ਲਈ ਨਵਾਂ ਨਹੀਂ ਹੈ। ਅਜੋਕੇ ਦੌਰ ਨੂੰ ਤਾਂ ਅਸੀਂ ਪਰਿਭਾਸ਼ਿਤ ਹੀ ਖ਼ਪਤ ਸਭਿਆਚਾਰ ਦੇ ਨਜ਼ਰੀਏ ਤੋਂ ਕਰਦੇ ਹਾਂ। ਅਜਿਹਾ ਕਰਨਾ ਗ਼ਲਤ ਵੀ ਨਹੀਂ। ਵਿਸ਼ਵ ਪੂੰਜੀਵਾਦ ਨੇ ਵਸਤ ਉਤਪਾਦਨ ਦੀ ਇਕ ਤਰ੍ਹਾਂ ਨਾਲ ਹਨ੍ਹੇਰੀ ਹੀ ਲਿਆ ਦਿੱਤੀ ਹੈ। ਵੰਨ ਸੁਵੰਨੀਆਂ ਵਸਤਾਂ ਦੇ ਅੰਬਾਰ ਲੱਗ ਗਏ ਹਨ। ਬਾਜ਼ਾਰ ਵਸਤਾਂ ਨਾਲ ਤੂੜੇ ਪਏ ਹਨ। ਹਰ ਕੋਈ ਅਪਣੀ ਤੌਫ਼ੀਕ ਮੁਤਾਬਿਕ ਵਸਤਾਂ ਤੱਕ ਅਪਣੀ ਪਹੁੰਚ ਬਣਾਉਂਦਾ ਹੈ। ਸਰਦਾ-ਪੁੱਜਦਾ ਬੰਦਾ ਖਰੀਦ ਲੈਂਦਾ ਹੈ, ਥੁੜ੍ਹਿਆ-ਟੁੱਟਿਆ ਮਹਿਰੂਮ ਰਹਿ ਜਾਂਦਾ ਹੈ। ਉਂਝ ਇਸ ਮਹਿਰੂਮ ਅੰਦਰ ਵੀ ਵਸਤਾਂ ਲਈ ਲਾਲਸਾ ਬਰਕਰਾਰ ਰਹਿੰਦੀ ਹੈ। ਵਸਤ ਦੀ ਪ੍ਰਾਥਮਿਕਤਾ ਨੇ ਚਿੰਤਨ ਨੂੰ ਹਾਸ਼ੀਏ ’ਤੇ ਧਕੇਲ ਦਿੱਤਾ ਹੈ। ਸਮਕਾਲੀ ਸਮਾਜਿਕ ਦ੍ਰਿਸ਼ ਤੋਂ ਇਉਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਵਿਦਵਤਾ ਦੀਆਂ ਵੰਗਾਰਾਂ ਖ਼ਤਮ ਹੀ ਹੋ ਗਈਆਂ ਹੋਣ। ਸਿਰਜਣਾਤਮਿਕ ਪੰਜਾਬੀ ਸਾਹਿਤ ਵਿਚ ਵੀ ਇਹੋ ਵਰਤਾਰਾ ਪ੍ਰਧਾਨ ਹੈ।

ਸਾਡੀ ਪ੍ਰਤਿਭਾ ਨਿਰੰਤਰ ਵਿਕਾਸ ਦੇ ਪੱਖੋਂ ਕਮਜ਼ੋਰ ਪੈ ਰਹੀ ਹੈ, ਇਹੋ ਇਸਦਾ ਸਭ ਤੋਂ ਵੱਡਾ ਦੁਖਾਂਤ ਹੈ। ਜਿਨ੍ਹਾਂ ਲੇਖਕਾਂ ਦਾ ਲਿਖਣ ਕਾਰਜ ਜਦੋਂ ਇਕ ਵਿਸ਼ੇਸ਼ ਪੜਾਅ ’ਤੇ ਪਹੁੰਚ ਕੇ ਪ੍ਰਸੰਸਾ ਦਾ ਅਧਿਕਾਰੀ ਬਣ ਜਾਂਦਾ ਹੈ, ਉਦੋਂ ਉਹ ਸ਼੍ਰੋਮਣੀ ਹੋ ਜਾਂਦੇ ਹਨ। ਅਗਲੇਰੇ ਯਤਨ ਉਹ ਅਪਣੀ ਪਦਵੀ ਨੂੰ ਬਚਾਈ ਰੱਖਣ ਲਈ ਹੀ ਕਰਦੇ ਹਨ। ਇਉਂ ਉਨ੍ਹਾਂ ਦਾ ਬਹੁਤੇ ਵਕਤ ਰੁਤਬੇ ਦੀ ਰਾਜਨੀਤੀ ਕਰਦਿਆਂ ਹੀ ਬੀਤ ਜਾਂਦਾ ਹੈ। ਰੁਤਬੇ ਦੀ ਰਾਜਨੀਤੀ ਕਰ ਰਿਹਾ ਲੇਖਕ, ਇਕਬਾਲ (Confession) ਕਰਨ ਤੋਂ ਤਾਂ ਟਾਲਾ ਵੱਟਦਾ ਹੀ ਹੈ, ਨਾਲ ਹੀ ਕਿਸੇ ਨਵੀਂ ਚੁਣੌਤੀ ਨੂੰ ਕਬੂਲ ਕਰਨ ਦੇ ਵੀ ਯੋਗ ਨਹੀਂ ਰਹਿੰਦਾ। ਇੰਜ ਉਸ ਦੀ ਸਿਰਜਣਾ ਅਤੇ ਚਿੰਤਨ ਦੀ ਵਿਕਾਸ ਰੇਖਾ ਜੇ ਹੇਠਾਂ ਵੱਲ ਨਹੀਂ ਵੀ ਡਿੱਗਦੀ ਤਾਂ ਇਕ ਬਿੰਦੂ ’ਤੇ ਆ ਕੇ ਜ਼ਰੂਰ ਹੀ ਰੁਕ ਜਾਂਦੀ ਹੈ।

ਪੰਜਾਬੀ ਸਾਹਿਤ ਦੇ ਅਕਾਦਮਿਕ ਖੇਤਰ ਵਿਚ ਸਾਹਿਤਕ ਪ੍ਰਤਿਭਾ ਰੱਖਣ ਵਾਲੇ ਲੋਕਾਂ ਦੀ ਥਾਂ ਉਨ੍ਹਾਂ ਲੋਕਾਂ ਦੀ ਭਰਮਾਰ ਹੋ ਗਈ ਹੈ, ਜਿਹੜੇ ਪੰਜਾਬੀ ਸਾਹਿਤ ਨੂੰ ਕੈਰੀਅਰ ਬਣਾਉਣ ਦਾ ਸੁਖ਼ਾਲਾ ਸਾਧਨ ਸਮਝਦੇ ਹਨ। ਪੀ.ਐਚ.ਡੀ. ਮਾਤਰ ਇਕ ਡਿਗਰੀ ਵਜੋਂ ਹੀ ਮਹੱਤਵਪੂਰਨ ਸਮਝੀ ਜਾਂਦੀ ਹੈ। ਇਹ ਗੱਲ ਹੁਣ ਕੋਈ ਲੁਕੀ-ਛਿਪੀ ਨਹੀਂ ਕਿ ਪੀ.ਐਚ.ਡੀ. ਕਿਵੇਂ ਕੀਤੀ ਅਤੇ ਕਿਵੇਂ ਕਰਵਾਈ ਜਾਂਦੀ ਹੈ। ਪੀ.ਐਚ.ਡੀ. ਦੀ ਅਕਾਦਮਿਕ ਯੋਗਤਾ ਵਜੋਂ ਮਾਨਤਾ ਨੇ ਬੌਧਿਕਤਾ ਦੀ ਪ੍ਰਤੀਕ ਮੰਨੀ ਜਾਂਦੀ ਇਸ ਡਿਗਰੀ ਨੂੰ ਗਿਆਨੀ ਦੇ ਪੱਧਰ ਤੱਕ ਘਟਾ ਦਿੱਤਾ ਹੈ। ਅਕਾਦਮਿਕ ਖੇਤਰ ਵਿਚ ਬੌਧਿਕਤਾ ਦੇ ਵਿਕਸਿਤ ਹੋਣ ਲਈ ਢੁਕਵਾਂ ਮਾਹੌਲ ਤੇ ਬੁਨਿਆਦੀ ਢਾਂਚਾ ਹੁੰਦਾ ਹੈ, ਪ੍ਰੰਤੂ ਪ੍ਰਤਿਭਾ ਦੇ ਅਭਾਵ ਵਿਚ ਇਹ ਸਭ ਕੁਝ ਅਰਥਹੀਣ ਹੋ ਕੇ ਰਹਿ ਗਿਆ ਹੈ, ਏਧਰੋਂ-ਓਧਰੋਂ ਨਕਲ ਕਰਕੇ ਬਣਾਏ ਹੋਏ ਪੀ.ਐਚ.ਡੀ. ਦੇ ਸ਼ੋਧ ਪ੍ਰਬੰਧ ਅਕਾਦਮਿਕ ਖੇਤਰ ਵਿਚਲੀ ਬੌਧਿਕਤਾ ਦੀ ਤਰਸਯੋਗ ਮਿਸਾਲ ਪੇਸ਼ ਕਰਦੇ ਹਨ। ਪੰਜਾਬੀ ਸਾਹਿਤ ਦੇ ਅਧਿਆਪਨ ਦਾ ਵੀ ਲਗਪਗ ਇਹੋ ਹਾਲ ਹੈ।

ਜਿਉਂ-ਜਿਉਂ ਵਸਤਾਂ ਲਈ ਭੁੱਖ ਵਧ ਰਹੀ ਹੈ, ਤਿਉਂ-ਤਿਉਂ ਸਾਡੇ ਅੰਦਰੋਂ ਗਿਆਨ ਲਈ ਭੁੱਖ ਮਰਦੀ ਜਾ ਰਹੀ ਹੈ। ਗਿਆਨ ਨੂੰ ਅਸੀਂ ਅਪਣੀ ਜੀਵਨ ਸ਼ੈਲੀ ਵਿਚੋਂ ਖਾਰਜ ਕਰਦੇ ਜਾ ਰਹੇ ਹਾਂ। ਆਦਰਸ਼, ਸਿਧਾਂਤ, ਪ੍ਰਤੀਬੱਧਤਾ, ਵਿਚਾਰਧਾਰਾ, ਕਦਰਾਂ ਕੀਮਤਾਂ ਤੇ ਮਾਨਵਤਾ, ਸਭ ਨੂੰ ਹੀ ਨਵੀਂ ਸਭਿਅਤਾ ਨੇ ਤਿਲਾਂਜਲੀ ਦੇ ਦਿੱਤੀ ਹੈ, ਜਦੋਂ ਕਿ ਇਨ੍ਹਾਂ ਬਗੈਰ ਸਭਿਅਤਾ ਦਾ ਤਸੱਵਰ ਹੀ ਧੁੰਦਲਾ ਪੈ ਜਾਂਦਾ ਹੈ। ਬੌਧਿਕਤਾ ਦੇ ਪੱਖ ਤੋਂ ਸਮਕਾਲੀ ਸਥਿਤੀ ਬੇਹੱਦ ਪੇਚੀਦਾ, ਭੁਲੇਖਾਪਾਊ ਅਤੇ ਨਿਰਾਸ਼ਾਜਨਕ ਹੈ, ਫਿਰ ਵੀ ਸਾਨੂੰ ਜ਼ਰਾ ਤਕੜੇ ਹੋ ਕੇ ਇਸ ਸਥਿਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਬੌਧਿਕ ਵਿਕਾਸ ਦਾ ਪੰਧ ਤਲਾਸ਼ ਕਰਨ ਲਈ ਨਿੱਗਰ ਉਪਰਾਲੇ ਕਰਨੇ ਚਾਹੀਦੇ ਹਨ।

ਅਵਤਾਰ ਜੰਡਿਆਲਵੀ

ਸੁਸ਼ੀਲ ਦੁਸਾਂਝ

ਮਿਤੀ : 18-12-2008

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!