ਪੰਜਾਬ ਦੀ ਕਲਾ – ਪ੍ਰੇਮ ਸਿੰਘ

Date:

Share post:

ਪੰਜਾਬ ਵਾਹੁੰਦਾ-ਖਾਂਦਾ, ਨੱਚਦਾ-ਗਾਉਂਦਾ, ਹੱਸਦਾ-ਵੱਸਦਾ ਦੇਸ ਹੈ। ਇਹਦਾ ਇਤਿਹਾਸ ਦੱਸਦਾ ਹੈ ਕਿ ਅਤਿਅੰਤ ਔਕੜਾਂ ਦੇ ਬਾਵਜੂਦ ਇੱਥੋਂ ਦੇ ਲੋਕਾਂ ਦਾ ਜੀਵਨ ਰੱਜ ਕੇ ਮਾਨਣ ਦਾ ਉਤਸ਼ਾਹ ਕਦੇ ਵੀ ਮੱਠਾ ਨਹੀਂ ਪਿਆ। ‘ਦੱਬ ਕੇ ਵਾਹ, ਰੱਜ ਕੇ ਖਾਹ’ ਤੇ ‘ਦੋ ਦਿਨ ਘੱਟ ਜਿਊਣਾ, ਜਿਊਣਾ ਮੜ੍ਹਕ ਦੇ ਨਾਲ਼’ ਵਰਗੇ ਲੋਕ-ਗੀਤ ਪੰਜਾਬੀਆਂ ਦੇ ਸੁਭਾਅ ਦੀ ਸਹੀ ਤਰਜਮਾਨੀ ਕਰਦੇ ਹਨ।
ਇਸ ਜੀਵਨ-ਉਤਸਵ ਵਿਚ ਕਲਾ ਦਾ ਹਮੇਸ਼ਾ ਚਾਨਣ ਰਿਹਾ। ਧਰਮਾਂ ਦੇ ਨਾਂ ਵੱਖਰੇ ਹੋ ਸਕਦੇ ਹਨ, ਪਰ ਪੰਜਾਬ ਇਕ ਹੈ; ਪੰਜਾਬੀ ਇੱਕੋ ਹੀ ਹਨ ਤੇ ਪੰਜਾਬੀਅਤ ਇਨ੍ਹਾਂ ਦਾ ਵਿਰਸਾ ਹੈ। ਇਸ ਵਿਰਸੇ ਨੂੰ ਅਮੀਰ ਕਰਨ ਵਿਚ ਪੰਜਾਬ ਦੀਆਂ ਲਲਿਤ ਕਲਾਵਾਂ ਦਾ ਵਿਸ਼ੇਸ਼ ਯੋਗਦਾਨ ਹੈ।
ਖੇਤੀ ਤੇ ਸੁਰੱਖਿਆ ਦੇ ਖੇਤਰ ਵਿਚ ਤਾਂ ਪੰਜਾਬੀਆਂ ਦੀ ‘ਬੱਲੇ-ਬੱਲੇ’ ਹੈ, ਪਰ ਕਲਾ ਦੇ ਪਿੜ ਵਿਚ ਅਜੇ ਜਚਦੀ-ਬਣਦੀ ਥਾਂ ਇਨ੍ਹਾਂ ਨੂੰ ਨਹੀਂ ਮਿਲ਼ੀ। ਸੰਸਕ੍ਰਿਤੀ ਪੱਖੋਂ ਪੰਜਾਬ ਨੂੰ ‘ਪੱਛੜਿਆ ਇਲਾਕਾ’ ਤੇ ਪੰਜਾਬੀਆਂ ਨੂੰ ‘ਢੱਗੇ’ ਕਹਿ ਕੇ ਨਕਾਰਿਆ ਜਾਂਦਾ ਹੈ ਕਿ ਪੰਜਾਬ ਵਿਚ ਐਗਰੀਕਲਚਰ ਤਾਂ ਹੈ, ਪਰ ਕਲਚਰ ਨਹੀਂ ਹੈ। ਇਹ ਬੇਬੁਨਿਆਦ ਤੇ ਝੂਠੀ ਗੱਲ ਹੈ।
ਭਾਰਤੀ ਕਲਾ ਤੇ ਸੰਸਕ੍ਰਿਤੀ ਦਾ ਇਤਿਹਾਸ ਦੱਸਦਾ ਹੈ ਕਿ ਇਹਦੇ ਏਕੀਕਰਣ ਤੇ ਉੱਨਤੀ ਵਿਚ ਪੰਜਾਬ ਨੇ ਹਮੇਸ਼ਾ ਹੀ ਅਹਿਮ ਭੂਮਿਕਾ ਨਿਭਾਈ ਹੈ। ਮਿਹਨਤੀ ਤੇ ਨਿਮਰਤਾ ਭਰੇ ਪੰਜਾਬੀਆਂ ਦਾ ਕਲਾ ਨਾਲ਼ ਮੋਹ ਹਮੇਸ਼ਾ ਰਿਹਾ ਹੈ। ਜੀਵਨ ਨੂੰ ਸੁਹਣਾ ਤੇ ਸੁਹਜਾਤਮਕ ਬਣਾਉਣ ਦੀ ਰੀਝ ਉਨ੍ਹਾਂ ਵਿਚ ਹਮੇਸ਼ਾ ਰਹੀ ਹੈ। ਪੰਜਾਬੀ ਜੀਵਨ ਦੀ ਭਰਪੂਰਤਾ ਤੇ ਸੁਹੱਪਣ ਪੰਜਾਬ ਦੀ ਫੁਲਕਾਰੀ ਵਿਚ ਸਹਿਜੇ ਹੀ ਮਾਣੀ ਜਾ ਸਕਦੀ ਹੈ। ਲੋਕਬਾਣੀ ਵੀ ਇਸ ਦਾ ਇਕ ਹੋਰ ਪ੍ਰਤੀਕ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੂੰ ਲਗਾਤਾਰ ਵਿਦੇਸ਼ੀ ਹਮਲਾਵਰਾਂ ਨਾਲ਼ ਜੂਝਣਾ ਪਿਆ। ਇਸ ਤਰ੍ਹਾਂ ਦੀ ਅਸਥਿਰਤਾ ਵਿਚ ਕਿਸੇ ਸਥਾਈ ਕਲਾ-ਪਰੰਪਰਾ ਦਾ ਬਣ ਸਕਣਾ ਸੰਭਵ ਨਹੀਂ ਸੀ। ਕਲਾ ਨਾਲ਼ੋਂ ਸਰਹੱਦੀ ਚੇਤੰਨਤਾ ਵਧੇਰੇ ਵਧ ਗਈ। ਪਰ ਵਿਦੇਸ਼ੀ ਹਮਲਾਵਰਾਂ ਦੇ ਨਾਲ਼ ਉਨ੍ਹਾਂ ਦੀ ਕਲਾ ਤੇ ਸੰਸਕ੍ਰਿਤੀ ਆਈ। ਸੋ, ਪੰਜਾਬੀ ਅਪਣੇ ਮਨ ਦਾ ਪ੍ਰਗਟਾਵਾ ਸਦਾ ਕਰਦੇ ਰਹੇ। ਸਿਰਜਣਾ ਪ੍ਰਤੀ ਮਨੁੱਖ ਦਾ ਪਿਆਰ ਤੇ ਉਤਸ਼ਾਹ ਕਦੇ ਮਰਦਾ ਨਹੀਂ, ਸਗੋਂ ਦਰਿਆ ਵਾਂਗ ਹਮੇਸ਼ਾ ਵਗਦਾ ਰਹਿੰਦਾ ਹੈ।
ਮੁਗ਼ਲ ਬਾਦਸ਼ਾਹ ਕਲਾ ਤੇ ਸੰਸਕ੍ਰਿਤੀ ਦੇ ਸਰਪ੍ਰਸਤ ਸਨ। ਉਨ੍ਹਾਂ ਦੇ ਰਾਜ ਦੇ ਅੰਤ ਮਗਰੋਂ ਕਲਾਕਾਰਾਂ ਨੂੰ ਮਾਨਤਾ ਪ੍ਰਾਪਤ ਕਰਨ ਲਈ ਦੂਰ-ਦੁਰਾਡੇ ਜਾਣਾ ਪਿਆ। ਇਨ੍ਹਾਂ ਵਿਚ ਬਹੁਤੇਰੇ ਪਹਾੜਾਂ ਵਿਚ ਜਾ ਵਸੇ ਤੇ ਉੱਥੋਂ ਦੇ ਰਾਜਿਆਂ ਲਈ ਕਲਾ ਸਿਰਜਣਾ ਕਰਦੇ ਰਹੇ। ਪਹਾੜੀ ਰਾਜਿਆਂ ਦੀ ਸਰਪ੍ਰਸਤੀ ਸਦਕਾ ਹੀ ਕਾਂਗੜਾ ਤੇ ਗੁਲੇਰ ਕਲਮ ਦਾ ਵਿਕਾਸ ਹੋਇਆ।
ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬੀ ਰਾਜ ਤੋਂ ਪਹਿਲਾਂ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਕਲਾ ਦੀ ਸਰਗਰਮੀ ਤੇ ਸਰਪ੍ਰਸਤੀ ਵਧੇਰੇ ਨਹੀਂ ਸੀ। ਫਿਰ ਵੀ 18ਵੀਂ ਸਦੀ ਦੇ ਕੁਝ ਬਣੇ ਕੰਧ-ਚਿਤ੍ਰ ਮਿਲ਼ੇ ਹਨ, ਜੋ ਬਹੁਤ ਹੀ ਸਿੱਧੜ ਤੇ ਮੋਟੀ ਰੂਪ-ਰੇਖਾ ਰੀਤ ਦੇ ਹਨ।
ਪੰਜਾਬ ਦੇ ਪਹਾੜੀ ਇਲਾਕਿਆਂ ’ਤੇ ਉਹਦਾ ਕੰਟਰੋਲ ਹੋਣ ਕਰਕੇ ਕਾਂਗੜਾ ਤੇ ਗੁਲੇਰ ਦੇ ਕਲਾਕਾਰ ਵੀ ਸ਼ਾਹੀ ਸ਼ਾਨ ਤੇ ਸ਼ੋਭਾ ਤੋਂ ਪ੍ਰਭਾਵਿਤ ਹੋ ਕੇ ਲਹੌਰ-ਅਮ੍ਰਿਤਸਰ ਤੇ ਦਿੱਲੀ ਵੱਲ ਮੁੜੇ। ਪਰ ਦਰਬਾਰ ਦੀ ਮਿਲ਼ੀ ਨਿਰਉਤਸ਼ਾਹ ਸਰਪ੍ਰਸਤੀ ਵੇਖ ਕੇ ਉਨ੍ਹਾਂ ਨੂੰ ਸਰਾਸਰ ਨਿਰਾਸ਼ਾ ਹੋਈ। ਕਲਾਵਾਂ ਚਿੱਤ ਦੇ ਚੰਚਲ ਪਲਾਂ ਦਾ ਸਿਰਜਣਾਤਮਕ ਤੇ ਕਲਪਨਾਮਈ ਪ੍ਰਗਟਾਅ ਹੈ। ਇਸ ਦੀ ਉਤਪਤੀ ਲਈ ਸ਼ਾਹੀ ਆਦੇਸ਼ਾਂ ਦੀ ਲੋੜ ਨਹੀਂ ਹੁੰਦੀ।
ਬਦਲੇ ਮਾਹੌਲ ਵਿਚ ਲੱਗੇ ਮੁੱਢਲੇ ਝਟਕਿਆਂ ਨੂੰ ਜੀਰਣ ਲਈ ਕਲਾਕਾਰਾਂ ਨੂੰ ਨਵੇਂ ਸਰਪ੍ਰਸਤਾਂ ਦੇ ਰਉਂ, ਰੰਗ ਤੇ ਮੰਗ ਦੀ ਪੂਰਤੀ ਕਰਨ ਲਈ ਨਵੀਂ ਸ਼ੈਲੀ ਤੇ ਨਵੇਂ ਵਿਸ਼ਿਆਂ ਨੂੰ ਅਪਣਾਉਣ ਵਿਚ ਥੋੜ੍ਹਾ ਸਮਾਂ ਲੱਗਾ। ਇਸ ਤਰ੍ਹਾਂ ਇਨ੍ਹਾਂ ਕਲਾਕਾਰਾਂ ਨੇ ਅਪਣੀ ਨਿਰਾਸਤਾ ਨੂੰ ਲਾਂਭੇ ਰੱਖ ਕੇ ਸਿੱਖ ਵਿਸ਼ਿਆਂ ’ਤੇ ਭਰਪੂਰ ਚਿਤ੍ਰ ਬਣਾਏ। ਮਿਥਿਹਾਸ ਦਾ ਚਿਤ੍ਰਣ ਵੀ ਇਸ ਸ਼ੈਲੀ ਵਿਚ ਹੋਇਆ। ਕਲਾ ਵੱਲ ਸ਼ਾਹੀ ਅਣਗਹਿਲੀ ਦੇ ਬਾਵਜੂਦ ਕਈ ਵਿਦੇਸ਼ੀ ਕਲਾਕਾਰ ਲਹੌਰ ਆਏ। ਜੀ.ਟੀ. ਵਿਗਨੇ, ਡਬਲਯੂ.ਜੀ. ਓਸਬੋਰਨ, ਏਮਿਲੀ ਈਡਨ, ਅਗਸਟ ਥੀਓਡੋਰ ਸ਼ੋਫ਼ਟ ਉਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਂ ਹਨ। ਇਨ੍ਹਾਂ ਦੀ ਆਮਦ ਨੇ ਪੰਜਾਬ ਦੀ ਕਲਾ ਵਿਚ ਨਵੀਂ ਚੁਣੌਤੀ ਲਿਆਂਦੀ।
ਇਸ ਸਮੇਂ ਵਧੇਰੇ ਕਰਕੇ ਪ੍ਰੋਟਰੇਟ ਪੇਂਟਿੰਗ ਹੋਈ। ਤੇਲ-ਚਿਤ੍ਰ, ਜਲ-ਰੰਗ ਚਿਤ੍ਰ, ਲਘੂ-ਚਿਤ੍ਰ, ਮਿਉਰਲ, ਲਿਥੋਗ੍ਰਾਫ਼, ਵੁੱਡ-ਕੱਟ ਤੇ ਹਾਥੀ-ਦੰਦ ਤਸ਼ਤਰੀ ਆਦਿ ਦੀ ਕਲਾ ਉਸ ਸਮੇਂ ਪ੍ਰਚਲਿਤ ਹੋਈ।
ਮਿੱਟੀ ਦੀ ਕਲਾ ਦੀ ਅਪਣੀ ਹੀ ਮਹਿਕ ਸੀ। ਅਠਾਰਾਂ ਸੌ ਉਣਤਾਲੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਕੋਈ ਇਕ ਦਹਾਕੇ ਦੀ ਅਸ਼ਾਂਤੀ ਮਗਰੋਂ ਬਰਤਾਨਵੀ ਸਰਕਾਰ ਨੇ 21 ਮਾਰਚ, 1843 ਨੂੰ ਪੰਜਾਬ ‘ਤੇ ਕਬਜ਼ਾ ਕਰ ਲਿਆ। ਬਰਤਾਨਵੀਆਂ ਨੇ ਅਪਣੇ ਰਾਜ ਦੀਆਂ ਇੱਛਾਵਾਂ ਤੇ ਜ਼ਰੂਰਤਾਂ ਨੂੰ ਸਾਹਮਣੇ ਰੱਖ ਕੇ ਨਵੀਂ ਸਿੱਖਿਆ-ਪ੍ਰਣਾਲੀ ਲਾਗੂ ਕੀਤੀ। ਕਲਕੱਤਾ, ਬੰਬਈ, ਮਦਰਾਸ ਤੇ ਲਾਹੌਰ ਵਿਚ ਆਰਟ ਸਕੂਲ ਚਲਾਏੇ। ਪੰਜਾਬ ’ਚ ਪ੍ਰਚਲਿਤ ਲਲਿਤ ਕਲਾਵਾਂ ਦੀ ਪਰੰਪਰਾ ਅਣਡਿੱਠ ਕਰਕੇ ਬਰਤਾਨਵੀ ਸੋਚ ਤੇ ਸ਼ੈਲੀ ਵਿਚ ਸਿੱਖਿਆ ਦੇਣੀ ਆਰੰਭੀ। ਹੋ ਸਕਦਾ ਹੈ ਕਿ ਉਸ ਸਮੇਂ ਦੇ ਰਾਜ-ਕਾਜ ਚਲਾਉਣ ਵਾiਲ਼ਆਂ ਦੀ ਇਹ ਬਸਤੀਵਾਦੀ ਨੀਤੀ ਹੋਵੇ, ਜਿਸ ਦੇ ਤਹਿਤ ਉਹ ਜੱਦੀ ਸੁਜੋੜ ਨੂੰ ਤਬਾਹ ਕਰਕੇ ਅਪਣੀ ਉੱਤਮਤਾ ਦਾ ਦਾਅਵਾ ਪੱਕਾ ਕਰ ਸਕਣ। ਉਸ ਸਮੇਂ ਦੇ ਕਲਾਕਾਰਾਂ ਤੇ ਸ਼ਿਲਪਕਾਰਾਂ ਦੇ ਕੰਮ ਕਰਨ ਦੇ ਰੰਗ-ਢੰਗ ਵਿਚ ਕਲਾ-ਵਸਤਾਂ ਦੀ ਉਤਪਤੀ ਲਈ ਵਿਹਾਰਵਾਦ ਦੀ ਮਜਬੂਰੀ ਵੀ ਵੇਖੀ ਗਈ। ਇਸ ਤਰ੍ਹਾਂ ਦੀ ਵਿਹਾਰਵਾਦੀ ਸੋਚ ਨੇ ਰਵਾਇਤੀ ਕਲਾ ਦੇ ਸਰੋਦੀ ਗੁਣਾਂ ਨੂੰ ਨੁਕਸਾਨ ਪਹੁੰਚਾਇਆ। ਕਈ ਪੰਜਾਬੀ ਕਲਾਕਾਰ ਵੀ ਪੱਛਮ ਦੀ ਸ਼ੈਲੀ ਤੇ ਸੰਵੇਦਨਸ਼ੀਲਤਾ ਤੋਂ ਪ੍ਰਭਾਵਿਤ ਹੋਏ।
ਇਸ ਤਰ੍ਹਾਂ ਦੀ ਤਾਂਘ ਇਤਫ਼ਾਕੀਆ ਬਣੇ ਚਿਤ੍ਰਕਾਰ ਕਪੂਰ ਸਿੰਘ ਦੀ ਕਲਾ ਵਿਚ ਹੈ। ਉਹਨੂੰ ਕਪੂਰਥਲੇ ਦੇ ਰਾਜੇ ਨੇ ਅਪਣੇ ਮਹਿਲਾਂ ਵਿਚ ਬਾਹਰੋਂ ਆਏ ਕੁਝ ਅੰਗਰੇਜ਼ ਚਿਤ੍ਰਕਾਰਾਂ ਨੂੰ ਪੱਖਾ ਝੱਲਣ ਲਈ ਰੱਖਿਆ ਸੀ। ਇਹ ਸੇਵਾ ਨਿਭਾਉਂਦਿਆਂ ਕਪੂਰ ਸਿੰਘ ਨੇ ਤੀਖਣ ਬੁੱਧੀ ਤੇ ਸੂਖਮ ਦ੍ਰਿਸ਼ਟੀ ਨਾਲ਼ ਚਿਤ੍ਰ ਬਣਾਉਣੇ ਸਿੱਖੇ। ਉਹਦੇ ਅੰਦਰ ਚਿਤ੍ਰਕਾਰ ਹੋਣ ਦਾ ਵਿਸ਼ਵਾਸ ਜਾਗਿਆ। ਮਗਰੋਂ ਉਹਨੇ ਕੁਝ ਚਿਤ੍ਰ ਬਣਾਏ। ਉਹਦੀ ਕਲਾ ਦਾ ਮਾਧਿਅਮ ਤੇਲ-ਰੰਗ ਤੇ ਜਲ-ਰੰਗ ਸੀ। ਪ੍ਰਸ਼ੰਸਾ ਹੋਈ ਤੇ ਮਾਨਤਾ ਵਧੀ। ਕਪੂਰ ਸਿੰਘ ਪੰਜਾਬ ਦਾ ਪਹਿਲਾ ਚਿਤ੍ਰਕਾਰ ਹੈ, ਜਿਹਨੇ ਪੱਛਮੀ ਸ਼ੈਲੀ ਵਿਚ ਤੇਲ ਤੇ ਜਲ-ਰੰਗ ਵਿਚ ਚਿਤ੍ਰਕਾਰੀ ਕੀਤੀ। ਦੋਸਤ ਮੁਹੰਮਦ ਖ਼ਾਨ ਤੇਲ-ਰੰਗਾਂ ਵਿਚ ਕਪੂਰ ਸਿੰਘ ਦਾ ਬਣਾਇਆ ਪ੍ਰੋਟਰੇਟ ਅੱਜ ਕੱਲ੍ਹ ਕਲਕੱਤੇ ਵਿਕਟੋਰੀਆ ਮੈਮੋਰੀਅਲ ਹਾਲ ਵਿਚ ਹੈ। ਪਰਸੀ ਬਰਾਊਨ ਵਰਗੇ ਉੱਘੇ ਵਿਦਵਾਨਾਂ ਨੇ ਉਹਦੀ ਕਲਾ ਦਾ ਮੁਲਾਂਕਣ ਕੀਤਾ।
ਬਰਤਾਨਵੀ ਰਾਜ ਸਮੇਂ ਵਧਦੇ ਪੱਛਮੀ ਪ੍ਰਭਾਵ ਨੇ ਭਾਰਤੀ ਕਲਾਕਾਰਾਂ ਦੇ ਪੈਰ ਉਖਾੜ ਦਿੱਤੇ। 19ਵੀਂ ਸਦੀ ਦੇ ਚੌਥੇ ਭਾਗ ਵਿਚ ਭਾਰਤੀ ਸੁਹਜ-ਸ਼ਾਸਤਰ ਦੀ ਉੱਤਮ ਪਰੰਪਰਾ ਨੂੰ ਸਹੀ ਮਾਨਤਾ ਦੇਣ ਲਈ ਕੁਝ ਕੁ ਪ੍ਰਬੁੱਧ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਈ.ਬੀ. ਹੈਵਲ ਤੇ ਕੁਮਾਰਾਸਵਾਮੀ ਦਾ ਪਾਇਆ ਯੋਗਦਾਨ ਮਹੱਤਵਪੂਰਨ ਹੈ।
ਭਾਰਤੀ ਕਲਾ ਦਾ ਰੰਗ-ਢੰਗ, ਕਲਾ ਕੌਸ਼ਲ ਤੇ ਆਤਮਾ ਭਾਰਤੀ ਹੋਣੀ ਚਾਹੀਦੀ ਹੈ। ਇਸ ਲਈ ਪੱਛਮ ਵੱਲ ਝਾਕਣ ਦੀ ਲੋੜ ਨਹੀਂ, ਸਗੋਂ ਅਪਣੇ ਵਿਰਸੇ ਨਾਲ਼ ਜੁੜਨ ਦੀ ਜ਼ਰੂਰਤ ਹੈ। ਇਹ ਸੋਚ ਬਰਤਾਨਵੀ ਰਾਜ ਤੋਂ ਪਹਿਲਾਂ ਵੀ ਮੌਜੂਦ ਸੀ। ਈ.ਬੀ.ਹੈਵਲ ਨੇ ਇਸ ਕਥਨ ਦੀ ਪੁਸ਼ਟੀ ਕਰਦਿਆਂ ਸਿੱਖ ਕਲਮ ’ਚ ਬਣੇ ਇਕ ਚਿਤ੍ਰ ਦਾ ਵਿਸ਼ੇਸ਼ ਵਰਨਣ ਕੀਤਾ। ਬਰਤਾਨਵੀ ਰਾਜ ਦੇ ਗਲ-ਘੋਟੂ ਮਾਹੌਲ ਵਿਚ ਇਹ ਬਹੁਤ ਵੱਡੀ ਚੁਣੌਤੀ ਸੀ।
ਚਿਤ੍ਰਕਾਰ ਅਬਨਿੰਦਰ ਨਾਥ ਟੈਗੋਰ ਦੀ ਰਹਿਨੁਮਾਈ ਵਿਚ ਬੰਗਾਲ ਸਕੂਲ ਦੀ ਸਥਾਪਨਾ ਹੋਈ। ਅਜੰਤਾ ਤੇ ਏਲੋਰਾ ਦੀ ਕਲਾ ਦਾ ਇਲਹਾਮ ਅਗਮ-ਗਿਆਨ ਸਿੱਧ ਹੋਇਆ। ਇਸ ਸਮੇਂ ਹੋਈ ਕਲਾ ਵਿਚ ਕੌਮੀ ਰੰਗਤ ਵਧੇਰੇ ਤੇ ਸਿਰਜਣਾਤਮਕ ਸੋਚ ਦ੍ਰਿਸ਼ਟੀ ਸੰਕੋਚੀ ਸੀ। ਭਾਰਤੀ ਸੁਹਜ-ਸ਼ਾਸਤਰ ਨੂੰ ਮੰਨ ਕੇ ਕੌਮੀ ਕਲਾ ਨੂੰ ਨਵਾਂ ਰੂਪ ਦੇਣ ਦਾ ਵਿਚਾਰ ਤਾਂ ਚੰਗਾ ਸੀ, ਪਰ ਬੰਗਾਲ ਦੇ ਕਲਾਕਾਰ ਭਾਵੁਕਤਾ ਵਿਚ ਦਿਸ਼ਾ ’ਤੇ ਕੇਂਦਰਿਤ ਨਾ ਰਹਿ ਸਕੇ। ਇਹ ਉਹ ਸਮਾਂ ਸੀ, ਜਦ ਕਿ ਪੱਛਮ ਵਿਚ ਆਧੁਨਿਕ ਕਲਾ ਦੀਆਂ ਜੜ੍ਹਾਂ ਪੱਕੀ ਤਰ੍ਹਾਂ ਲੱਗ ਚੁੱਕੀਆਂ ਸਨ ਤੇ ਮਾਨੇ, ਮੋਨੇ, ਸਿਸਲੇ, ਪਿਸਾਰੋ, ਵਾਨ ਗਾੱਗ, ਗਾਉਗਾਂ, ਸੇਜ਼ਾਨ, ਮਾਤਿਸ ਤੇ ਪਿਕਾਸੋ ਸਾਰੇ ਸੰਸਾਰ ਵਿਚ ਇਸ ਕਲਾ ਦੀ ਪਛਾਣ ਬਣ ਚੁੱਕੇ ਸਨ। ਸਮੇਂ ਤੇ ਸਥਾਨ ਦੀ ਸੰਵੇਦਨਸ਼ੀਲਤਾ ਤੇ ਸਾਂਸਕ੍ਰਿਤਕ ਦਾ ਸਹੀ ਤਰਜਮਾ ਕਰਦੀ ਕਲਾ ਲਈ ਖੋਜ ਮੁੜ ਆਰੰਭ ਹੋਈ। ਰਾਬਿੰਦਰਨਾਥ ਟੈਗੋਰ ਨੂੰ ਕਾਵਿਕ ਕਲਪਨਾ, ਰਚਨਾਤਮਕ ਦ੍ਰਿਸ਼ਟੀ ਤੇ ਉਤਮ ਭਾਵ-ਵਿਅੰਜਨਾ ਸਦਕਾ ਕੌਮਾਂਤਰੀ ਪੱਧਰ ’ਤੇ ਪ੍ਰਵਾਨਗੀ ਮਿਲੀ।
ਭਾਰਤ ਵਿਚ ਆਧੁਨਿਕ ਕਲਾ ਦੀ ਚਾਲ ਪਾਉਣ ਵਾਲੀ ਮੋਢੀ ਚਿਤ੍ਰਕਾਰ ਅਮ੍ਰਿਤਾ ਸ਼ੇਰਗਿੱਲ (1913-1941) ਸੀ। ਉਹ ਦੀਆਂ ਰਗਾਂ ਵਿਚ ਪੰਜਾਬੀ ਪਿਤਾ ਤੇ ਹੰਗੇਰਿਅਨ ਮਾਤਾ ਦਾ ਲਹੂ ਸੀ। ਪੈØਰਿਸ ਵਿਚ ਕਲਾ ਸਿਖਿਆ ਲਈ ਤੇ ਪੰਜਾਬ ਵਿਚ ਰਹਿ ਕੇ ਚਿਤ੍ਰਕਾਰੀ ਕੀਤੀ। ਉਹਨੇ ਭਾਰਤੀ ਆਧੁਨਿਕ ਕਲਾ ਨੂੰ ਸਿਰਜਣਾਤਮਕ ਸੋਚ-ਦ੍ਰਿਸ਼ਟੀ ਦਿੱਤੀ। ਉਹਦੀ ਚਿਤ੍ਰਕਲਾ ਵਿਚ ਬੁਨਿਆਦੀ ਮੂਲ ਸਿਧਾਂਤਾਂ ਦੀ ਖੋਜ ਸੀ, ਜਿਹਦਾ ਆਧਾਰ ਕਲਾ ਦੇ ਮਾਧਿਅਮ ਰਾਹੀਂ ਪਰਮ ਸੱਚ ਦੀ ਖੋਜ ਸੀ।
ਅਮ੍ਰਿਤਾ ਦੇ ਚਿਤ੍ਰਾਂ ਵਿਚ ਮਾਸੂਮ ਤੇ ਉਦਾਸ ਚਿਹਰੇ, ਸਖ਼ਤ ਮਿਹਨਤ ਨਾਲ਼ ਥੱਕੇ ਅੰਗ ਅਤੇ ਅੰਗਾਂ ਉੱਤੇ ਸਿੱਧੇ-ਸਾਦੇ ਕਪੜੇ, ਗ਼ਰੀਬ ਤੇ ਦੁਖਿਆਰੇ ਲੋਕ ਹਨ। ਉਹ ਤੁਹਾਡੇ ਅੰਦਰ ਹੰਗਾਲ ਪੈਦਾ ਕਰਦੇ ਹਨ। ਉਸ ਦੇ ਚਿਤ੍ਰਾਂ ਦੀ ਆਤਮਾ ਭਾਰਤੀ ਹੈ ਤੇ ਮਹਿਕ ਪੰਜਾਬੀ ਹੈ।

ਅਮ੍ਰਿਤਾ ਸ਼ੇਰਗਿਲ

ਅਮ੍ਰਿਤਾ ਸ਼ੇਰਗਿੱਲ
ਇਸ ਲਈ ਉਹਨੂੰ ਪ੍ਰੇਰਨਾ ਅਜੰਤਾ, ਏਲੋਰਾ, ਰਾਜਪੂਤ ਤੇ ਪਹਾੜੀ ਕਲਮ ਤੋਂ ਵਧੇਰੇ ਮਿਲੀ। ਉਹਦਾ ਮਨੋਵੇਗ ਰੰਗ ਸੀ ਤੇ ਇਹੋ ਸੀ ਉਹਦੇ ਮਨੋਭਾਵਾਂ ਨੂੰ ਪ੍ਰਗਟਾਉਣ ਦੀ ਪਿਆਸ। ਉਹਨੇ ਕਲਾ ਨੂੰ ਅਪਣੀ ਦੇਸ਼ ਦੀ ਮਿੱਟੀ ਨਾਲ਼ ਜੋੜਿਆ ਤੇ ਇਥੋਂ ਦੇ ਲੋਕਾਂ ਨੂੰ ਹੀ ਅਪਣੀ ਚਿਤ੍ਰਕਲਾ ਦਾ ਵਿਸ਼ਾ ਬਣਾਇਆ।
ਅਮ੍ਰਿਤਾ ਸ਼ੇਰਗਿੱਲ ਦੇ ਕਲਾਤਮਕ ਯਤਨ ਵਿਚ ਸਾਨੂੰ ਇਕਮਿਕਤਾ, ਵਿਆਪਕਤਾ ਤੇ ਖੁੱਲ੍ਹਦਿਲੀ ਦੀ ਸਮਰੱਥਾ ਮਿਲਦੀ ਹੈ। ਪੰਜਾਬੀ ਸੁਭਾਅ ਵੀ ਕੁਝ ਇਸ ਤਰ੍ਹਾਂ ਦਾ ਹੈ। ਭਾਵੇਂ ਇਹ ਚਿਤ੍ਰਕਾਰ ਭਰ-ਜਵਾਨੀ ਵਿਚ ਹੀ ਸਾਡੇ ਕੋਲ਼ੋਂ ਵਿਛੜ ਗਈ, ਪਰ ਤਦ ਤਕ ਉਸ ਨੇ ਭਾਰਤੀ ਸੁਹਜ-ਸ਼ਾਸਤਰ ਤੇ ਪੱਛਮੀ ਆਧੁਨਿਕਤਾ ਦੇ ਸੁਮੇਲ ਵਿਚ ਛੁਪੀਆਂ ਸੰਭਾਵਨਾਵਾਂ ਨੂੰ ਉਜਾਗਰ ਕਰ ਦਿੱਤਾ ਸੀ।
ਅੱਜ ਇਸ ਦੀਆਂ ਕਲਾ-ਕਿਰਤਾਂ ਦੇਸ ਦਾ ਵੱਡਮੁੱਲਾ ਧਨ ਹੈ। ਚਿਤ੍ਰਕਾਰ ਰੂਪ ਕ੍ਰਿਸ਼ਨ ਵੀ ਇਸੇ ਸਮੇਂ ਦਾ ਪ੍ਰਤੀਨਿਧੀ ਚਿਤ੍ਰਕਾਰ ਸੀ, ਜਿਹਨੂੰ ਵਿਸਾਰ ਦਿੱਤਾ ਗਿਆ। ਅੰਗਰੇਜ਼ ਚਿਤ੍ਰਕਾਰ ਪਤਨੀ ਮੇਰੀ ਨਾਲ਼ ਇੰਗਲੈਂਡ ਵਿਚ ਜਾ ਕੇ ਗੁਆਚ ਗਿਆ।

ਰੂਪ ਕ੍ਰਿਸ਼ਣ

ਰੂਪ ਕ੍ਰਿਸ਼ਣ
1947 ਦਾ ਵਰ੍ਹਾ ਭਾਰਤ ਲਈ ਦੁੱਖ ਤੇ ਸੁੱਖ ਦਾ ਵਰ੍ਹਾ ਸੀ। ਦੁੱਖ ਸੀ ਦੇਸ਼ ਦੀ ਵੰਡ ਤੇ ਇਸ ਨਾਲ਼ ਅਣਗਿਣਤ ਭੋਲੇ-ਭਾਲੇ ਤੇ ਮਾਸੂਮ ਲੋਕਾਂ ਦਾ ਫ਼ਿਰਕੂ ਕਤਲੇਆਮ। ਸੁੱਖ ਸੀ ਬਰਤਾਨਵੀ ਰਾਜ ਦੀ ਗ਼ੁਲਾਮੀ ਤੋਂ ਮਿਲੀ ਆਜ਼ਾਦੀ ਦਾ। ਲਾਹੌਰ, ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੀ ਕਲਾ ਤੇ ਸੰਸਕ੍ਰਿਤੀ ਦੀ ਰਾਜਧਾਨੀ ਸੀ, ਪਾਕਿਸਤਾਨ ਦਾ ਹਿੱਸਾ ਬਣ ਗਿਆ। ਪੰਜਾਬੀ ਚਿਤ੍ਰਕਾਰ, ਬੁੱਤ ਤਰਾਸ਼ ਤੇ ਪ੍ਰਿੰਟ ਮੇਕਰ ਸ਼ਰਣਾਰਥੀ ਹੋਏ ਭਾਰਤ ਆ ਗਏ। ਕੁਝ ਕੁ ਪ੍ਰਮੁੱਖ ਨਾਂ ਸਨ: ਧੰਨਰਾਜ ਭਗਤ, ਅਮਰਨਾਥ ਸਹਿਗਲ, ਸਰਦਾਰੀ ਲਾਲ ਪਰਾਸ਼ਰ, ਪ੍ਰਾਣ ਨਾਥ ਮਾਗੋ, ਬੀ. ਸੀ. ਸ਼ਾਨਿਆਲ (‘ਆਨਰੇਰੀ’ ਪੰਜਾਬੀ), ਸਤੀਸ਼ ਗੁਜਰਾਲ, ਜਸਵੰਤ ਸਿੰਘ, ਕੇ.ਸੀ. ਆਰਯਨ, ਕ੍ਰਿਸ਼ਣ ਖੰਨਾ, ਸੋਭਾ ਸਿੰਘ। ਇਨ੍ਹਾਂ ਵਿੱਚੋਂ ਵਧੇਰੇ ਕਰਕੇ ਦਿੱਲੀ ਵਿਚ ਰਹਿ ਕੇ ਮੁੜ ਤੋਂ ਅਪਣੀ ਕਲਾ ਦੀ ਸਿਰਜਣਾ ਕਰਨ ਲੱਗੇ। ਬਹੁਤ ਹੀ ਦੁਖਦਾਇਕ ਤੇ ਔਖਿਆਈਆਂ ਭਰਿਆ ਸੀ ਸਮਾਂ। ਇਨ੍ਹਾਂ ਦੇ ਸਮਕਾਲੀ ਹੁਸੈਨ ਬਖ਼ਸ਼, ਮੁਹੰਮਦ ਆਲਮ, ਅੱਲਾ ਬਖ਼ਸ਼ ਤੇ ਅਬਦੁੱਲ ਰਹਿਮਾਨ ਚੁਗ਼ਤਾਈ ਲਹੌਰ ਵਿਚ ਰਹਿ ਗਏ। ਪੰਜਾਬੀ ਚਿਤ੍ਰਕਾਰਾਂ ਦਾ ਪਾਕਿਸਤਾਨੋਂ ਆ ਕੇ ਦਿੱਲੀ ਤੇ ਬੰਬਈ ਵਸਣ ਦਾ ਇਕ ਕਾਰਣ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਵਿਚ ਲੋੜੀਂਦੀ ਸਰਪ੍ਰਸਤੀ ਤੇ ਕਲਾਤਮਕ ਮਾਹੌਲ ਦੀ ਘਾਟ ਸੀ। ਇਨ੍ਹਾਂ ਜੜ੍ਹੋਂ ਉੱਖੜੇ ਕਲਾਕਾਰਾਂ ਨੇ ਇਹਦਾ ਪ੍ਰਭਾਵ ਅਪਣੀ ਰਚਨਾਤਮਕ ਸ਼ਕਤੀ ਤੇ ਯੋਗਤਾ ’ਤੇ ਪੈਣ ਨਹੀਂ ਦਿੱਤਾ। ਇਨ੍ਹਾਂ ਦੀ ਕਲਾ ਅਪਣੀ ਵਿਸ਼ੇਸ਼ ਵਿਅਕਤੀਗਤ ਪਛਾਣ ਕਰਕੇ ਵਡਿਆਈ ਜਾਂਦੀ ਹੈ।
ਵੰਡ ਦੇ ਸੰਤਾਪ ਨੂੰ ਜਿਸ ਤਰ੍ਹਾਂ ਇਨ੍ਹਾਂ ਨੇ ਹੰਢਾਇਆ ਤੇ ਮਗਰੋਂ ਉਨ੍ਹਾਂ ਦੀ ਕਲਾ ਵਿਚ ਇਸ ਦਾ ਹੋਇਆ ਪ੍ਰਗਟਾਅ ਅਹਿਮ ਘਟਨਾ ਹੈ। ਇਸ ’ਤੇ ਹੋਰ ਖੋਜ ਕਰਨ ਦੀ ਲੋੜ ਹੈ ਤਾਂ ਕਿ ਇਸ ਸਮੇਂ ਹੋਈ ਕਲਾ ਦੀ ਸਹੀ ਅਰਥਾਂ ਵਿਚ ਮਹੱਤਾ ਨੂੰ ਸਮਝਿਆ ਜਾ ਸਕੇ। ਫ਼ਿਰਕੂ ਹਿੰਸਾ ਤੋਂ ਪ੍ਰਭਾਵਿਤ ਹੋਈ ਕਲਾ ਦਾ ਕੌਮੀ ਪੱਧਰ ’ਤੇ ਮਿਊਜ਼ੀਅਮ ਬਣਾਉਣ ਦੀ ਲੋੜ ਹੈ। ਕਲਾ ਮਨੁੱਖ ਨੂੰ ਸੁਹਜ ਪ੍ਰਦਾਨ ਕਰਨ ਦੇ ਨਾਲ਼-ਨਾਲ਼ ਮਨੁੱਖਤਾ ਵੀ ਸਿਖਾਂਦੀ ਹੈ। ਵੰਡ ਉਪਰੰਤ ਹੋਈ ਕਲਾ ਵਿਚ ਪੰਜਾਬੀ ਚਿਤ੍ਰਕਾਰ ਦੇ ਮਨ ਦੀ ਸੂਖਮਤਾ, ਸੰਵੇਦਨਸ਼ੀਲਤਾ ਤੇ ਮਾਨਵਤਾ ਦੀ ਗੰਭੀਰਤਾ ਤੇ ਗਹਿਰਾਈ ਦਾ ਪਤਾ ਚੱਲਦਾ ਹੈ।
ਕੁਝ ਹੋਰ ਉੱਘੇ ਚਿਤ੍ਰਕਾਰ ਤੇ ਬੁੱਤ ਤਰਾਸ਼

ਐਸ. ਜੀ. ਠਾਕੁਰ ਸਿੰਘ
ਯਥਾਰਥਕ ਸ਼ੈਲੀ ਵਿਚ ਚਿਤ੍ਰਕਾਰੀ ਕਰਕੇ ਠਾਕੁਰ ਸਿੰੰਘ (1899-1976) ਨੇ ਅਪਣੀ ਕਲਾਤਮਕ ਪ੍ਰਤਿਭਾ ਤੇ ਨਿਸ਼ਚਤਾ ਦਾ ਪ੍ਰਮਾਣ ਦਿੱਤਾ। ਮਹਾਨ ਕਵੀ-ਕਲਾਕਾਰ ਰਾਬਿੰਦਰਨਾਥ ਟੈਗੋਰ ਨੇ ਇਕ ਵਾਰ ਆਖਿਆ ਸੀ ਕਿ ਠਾਕੁਰ ਸਿੰਘ ਦੀਆਂ ਕਲਾ-ਕ੍ਰਿਤਾਂ ਵੇਖ ਕੇ ਸੱਚੇ ਮਨੋ ਖ਼ੁਸ਼ੀ ਮਿਲਦੀ ਹੈ। 1967 ਵਿਚ ਕੇਂਦਰੀ ਲਲਿਤ ਕਲਾ ਅਕਾਦਮੀ ਨੇ ਠਾਕੁਰ ਸਿੰਘ ਦੀ ਕਲਾ ਬਾਰੇ ਮੋਨੋਗਰਾਫ਼ ਪ੍ਰਕਾਸ਼ਿਤ ਕੀਤਾ। ਉਨ੍ਹਾਂ ਬਹੁਤੀ ਚਿਤ੍ਰਕਲਾ ਤੇਲ ਰੰਗ ਵਿਚ ਕੀਤੀ। ਸ਼ੈਲੀ ਪਿੱਛੇ ਸੱਚ-ਦ੍ਰਿਸ਼ਟੀ ਪੱਛਮੀ ਤੇ ਮਨ ਪੰਜਾਬੀ ਸੀ। 1928 ਵਿਚ ਅਮ੍ਰਿਤਸਰ ਵਿਚ ਠਾਕੁਰ ਸਿੰਘ ਨੇ ਇੰਡੀਅਨ ਅਕਾਦਮੀ ਆੱਵ ਫ਼ਾਈਨ ਆਰਟਸ ਕਾਇਮ ਕਰਕੇ ਪੰਜਾਬ ਵਿਚ ਕਲਾ ਦੀ ਚਾਲ ਪੱਕੀ ਕੀਤੀ। ਇਹ ਠਾਕੁਰ ਸਿੰਘ ਦੀ ਅਪਣੀ ਜਨਮ-ਭੂਮੀ ਲਈ ਪ੍ਰਤੀਬੱਧਤਾ ਦਰਸਾਂਦੀ ਹੈ। ਉਨ੍ਹਾਂ ਦੀ ਚਿਤ੍ਰਕਲਾ ਦਾ ਵਿਸ਼ਾ ਦ੍ਰਿਸ਼ ਚਿਤ੍ਰ, ਪ੍ਰਸਿੱਧ ਤੇ ਇਤਿਹਾਸਕ ਮਹੱਤਾ ਵਾਲ਼ੀਆਂ ਇਮਾਰਤਾਂ ਸਨ।

ਸੋਭਾ ਸਿੰਘ
ਫੋਟੋ : ਨਿਰੰਦਰ ਸਿੰਘ ਨਕੋਦਰੀ

ਸੋਭਾ ਸਿੰਘ
ਸੋਭਾ ਸਿੰਘ (1901-1986) ਅਪਣੇ ਸਮੇਂ ਦੇ ਲੋਕ-ਪ੍ਰਿਅ ਚਿਤ੍ਰਕਾਰ ਸਨ। ਉਨ੍ਹਾਂ ਦੀ ਕਲਾ ਸਿਰਜਣਾ ਦਾ ਘੇਰਾ ਸਿੱਖ ਗੁਰੂ, ਸੰਤ, ਉੱਘੀਆਂ ਸ਼ਖ਼ਸੀਅਤਾਂ ਤੇ ਪ੍ਰੇਮ ਗਾਥਾਵਾਂ ਸਨ। ਲਹੌਰ, ਦਿੱਲੀ ਤੇ ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਚ ਰਹਿ ਕੇ ਉਨ੍ਹਾਂ ਨੇ ਕਲਾ-ਸਾਧਨਾ ਕੀਤੀ। ਕਲਾ ਦਾ ਸੁਭਾਅ ਯਥਾਰਥਵਾਦੀ ਸੀ। ਕਲਪਨਾ ਰੋਮਾਂਚਕ ਸੀ। ਭਾਰਤੀ ਜੀਵਨ-ਫ਼ਲਸਫ਼ੇ ਦਾ ਸੰਬੋਧ ਸਤੑਯਮ-ਸ਼ਿਵਮ-ਸੁੰਦਰਮ ਨੂੰ ਉਹ ਸੁੰਦਰਮ-ਸ਼ਿਵਮ-ਸਤੑਯਮ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਸਨ। ਉਨ੍ਹਾਂ ਦੀ ਚਿਤ੍ਰਕਾਰੀ ਦੇ ਵਿਸ਼ੇਸ਼ ਗੁਣ ਸਨ – ਵਿਚਿਤ੍ਰ ਮਿਸਟਿਕ ਸਰੂਪ, ਉੱਤਮ ਕਲਾਤਮਕਤਾ ਤੇ ਸਰੋਦੀ ਸੌਫ਼ਟਨੈੱਸ।
ਬਭੇਸ਼ ਚੰਦਰ ਸਾਨਿਆਲ
ਬਭੇਸ਼ ਚੰਦਰ ਸਾਨਿਆਲ (1902-2003) ਚਿਤ੍ਰਕਾਰ ਤੇ ਬੁੱਤ ਤਰਾਸ਼ ਪੰਜਾਬ ਦਾ ਜੰਮਪਲ ਤਾਂ ਨਹੀਂ ਸੀ, ਪਰ ਉਨ੍ਹਾਂ ਦਾ ਪੰਜਾਬ ਪ੍ਰਤੀ ਪ੍ਰੇਮ ਤੇ ਇਥੋਂ ਦੀ ਕਲਾ ਵਿਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ‘ਔਨਰੇਰੀ ਪੰਜਾਬੀ’ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਲਾਹੌਰ ਤੇ ਮਗਰੋਂ ਦਿੱਲੀ ਰਹਿ ਕੇ ਉਨ੍ਹਾਂ ਨੇ ਭਾਰਤੀ ਕਲਾ ਵਿਚ ਵਿਸ਼ੇਸ਼ ਹਿੱਸਾ ਪਾਇਆ। ਉਨ੍ਹਾਂ ਨੂੰ ਭਾਰਤੀ ਕਲਾ ਦਾ ‘ਪਿਤਾਮਾ’ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ।
ਕਲਾ ਉਨ੍ਹਾਂ ਲਈ ਜੀਵਨ ਸੀ ਤੇ ਜੀਵਨ ਹੀ ਸੀ ਉਨ੍ਹਾਂ ਦੀ ਕਲਾ। ਵੰਡ ਸਮੇਂ ਦੇ ਬਣਾਏ ਚਿਤ੍ਰ ਬਹੁਤ ਹੀ ਭਾਵਪੂਰਤ ਹਨ। ਭਾਰਤ ਦੇ ਸੁਹਜ-ਸ਼ਾਸਤਰ ਅੰਦਰ ਰਹਿ ਕੇ ਉਨ੍ਹਾਂ ਨੇ ਅਪਣੀ ਚਿਤ੍ਰਕਾਰੀ ਵਿਚ ਆਧੁਨਿਕ ਸੰਵੇਦਨਾ ਨੂੰ ਪ੍ਰਗਟਾਇਆ। ਉਨ੍ਹਾਂ ਦੀ ਕਲਾ ਵਿਚ ਸਰੋਦੀ ਸੁਰ ਹੈ। ਮਂੰਨੇ-ਹੋਏ ਬੁੱਤ ਤਰਾਸ਼ ਵੀ ਸਨ। ਪੰਜਾਬ ਵਿਚ ਲਲਿਤ ਕਲਾ ਦੀ ਸਿੱਖਿਆ ਲਈ ਉਨ੍ਹਾਂ ਨੇ ਨਿੱਗਰ ਤੇ ਸਿਹਤਮੰਦ ਸੋਚ ਦਾ ਪਰੀਚੈ ਦਿੱਤਾ। ਮੰਤਵ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ, ਜਿਨ੍ਹਾਂ ਦਾ ਉਨ੍ਹਾਂ ਤੇ ਉਨ੍ਹਾਂ ਦੇ ਸਮਕਾਲੀਆਂ ਨੇ ਕੀਤਾ।
ਧੰਨਰਾਜ ਭਗਤ
ਧੰਨਰਾਜ ਭਗਤ (1917-1988) ਭਾਰਤ ਦੇ ਮਹਾਨ ਬੁੱਤ ਤਰਾਸ਼ ਹਨ। ਉਹ ਅਸਲ ਵਿਚ ਸੱਚੇ ਤੇ ਸੁੱਚੇ ਕਲਾ ਦੇ ਭਗਤ ਸਨ। ਦਿੱਲੀ ਦੇ ਆਰਟ ਕਾਲਜ ਵਿਚ ਬੁੱਤ ਕਲਾ ਦੇ ਮੁਖੀ ਸਨ। ਉਨ੍ਹਾਂ ਦੇ ਵਿਦਿਆਰਥੀਆਂ ਦੇ ਕਥਨ ਅਨੁਸਾਰ ਉਹ ਬੜੇ ਹੀ ਸੁਚੱਜੇ ਅਧਿਆਪਕ ਸਨ, ਜਿਹੜੇ ਕਿ ਖੁੱਲ੍ਹੀ ਕਿਤਾਬ ਵਾਂਙ ਸੀ। ਉਹ ਬੁੱਤ ਕਲਾ ਵਿਚ ਜੋ ਵੀ ਹਾਸਲ ਕਰਦੇ ਸਨ, ਅਪਣੇ ਵਿਦਿਆਰਥੀਆਂ ਵਿਚ ਉਹ ਗੁਣ ਵੰਡ ਦਿੰਦੇ ਸਨ।
ਸ਼ੁਰੂ ਵਿਚ ਉਨ੍ਹਾਂ ਨੇ ਮਿੱਟੀ ਤੇ ਪਲਾਸਟਰ ਵਿਚ ਕੰਮ ਕੀਤਾ। ਫਿਰ ਲੱਕੜੀ ’ਤੇ ਹੱਥ ਆਜ਼ਮਾਇਆ। ਪਤਲੀਆਂ, ਲੰਮੀਆਂ ਤੇ ਵਲ਼ ਖਾਂਦੀਆਂ ਮੁਟਿਆਰਾਂ ਨੂੰ ਲੱਕੜੀ ਦੇ ਮੁੱਢਾਂ ਵਿੱਚੋਂ ਅਪਣੀ ਬੁੱਤ ਤਰਾਸ਼ੀ ਨਾਲ਼ ਆਜ਼ਾਦ ਕੀਤਾ। ਇਸ ਵਿਚ ਜਵਾਨੀ ਦਾ ਸੰਗੀਤ ਤੇ ਸੁਪਨਾ ਹੈ।
ਵੰਡ ਸਮੇਂ ਹੋਈ ਫ਼ਿਰਕੂ ਹਿੰਸਾ ਨੇ ਇਨ੍ਹਾਂ ਦੀ ਕਲਾ ਵਿੱਚੋੋਂ ਕੋਮਲਤਾ ਤੇ ਕਾਵਿਕਤਾ ਨਿਗਲ਼ ਲਈ। ਤਰਾਸ਼ੀ ਵਿਚ ਖੁਰਦਰੇਪਨ ਤੇ ਜ਼ੋਰਦਾਰ ਵੇਗ ਨੇ ਲੈ ਲਈ। ਇਸ ਸਮੇਂ ਕੀਤੀ ਬੁੱਤ ਤਰਾਸ਼ੀ ਵਿਚ ਵਿਯੋਗ ਤੇ ਉਸ ਦਾ ਦੁੱਖ ਮਨ ਉੱਤੇ ਅਸਰ ਪਾਉਂਦਾ ਹੈ।
ਭਾਰਤੀ ਮੂਰਤੀ ਕਲਾ ਵਿਚ ਨ੍ਰਿਤ ਤੇ ਸੰਗੀਤ ਪ੍ਰਧਾਨ ਹੈ। ਇਨ੍ਹਾਂ ਦੇ ਅਧਿਅਨ ਦੇ ਫਲਸਰੂਪ ਭਗਤ ਜੀ ਦੀਆਂ ਕਲਾ-ਕ੍ਰਿਤਾਂ ਵਿਚ ਵੀ ਤੀਬਰਤਾ ਤੇ ਤੀਖਣਤਾ ਆਈ। ਭਗਵਾਨ ਸ਼ਿਵ ਤੇ ਉਸ ਦੀ ਨ੍ਰਿਤ ਕਲਾ ’ਚ ਗਤੀ ਨੂੰ ਉਨ੍ਹਾਂ ਨੇ ਅਪਣੀ ਬੁੱਤ ਕਲਾ ਵਿਚ ਸਾਦਗੀ ਤੇ ਸਹਿਜ ਸੁਭਾਵਕਤਾ ਨਾਲ਼ ਪ੍ਰਗਟਾਇਆ। ਕਲਾ ਦੇ ਉੱਘੇ ਪੜਚੋਲਕ ਚਾਰਲਸ ਫ਼ਾਬਰੀ ਨੇ ਇਨ੍ਹਾਂ ਸ਼ਿਵ-ਮੂਰਤੀਆਂ ਨੂੰ ਪੁਰਾਤਨ ਸਮੇਂ ਵਿਚ ਦੱਖਣੀ ਭਾਰਤ ਵਿਚ ਬਣੀਆਂ ਨਟਰਾਜ ਦੀਆਂ ਮੂਰਤੀਆਂ ਦੇ ਮੁਕਾਬਲੇ ਦਾ ਦੱਸਿਆ ਹੈ। ਪੁਰਾਤਨ ਸ਼ਿਵ ਦੀਆਂ ਮੂਰਤੀਆਂ ਧਰਤੀ ਨਾਲ਼ ਸੰਬੰਧਤ ਹਨ, ਪਰ ਧੰਨਰਾਜ ਭਗਤ ਨੇ ਇਨ੍ਹਾਂ ਵਿਚ ਸੈਨਤ ਤੇ ਹਰਕਤ ਲਿਆ ਕੇ ਮੁਕਤ ਕੀਤਾ ਤੇ ਹੁਣ ਇਹ ਇਸ ਦੁਨੀਆ ਦੀਆਂ ਦ੍ਰਿਸ਼ਟੀ ਦੇ ਉਚਿਤ ਸੀ।

1968 ਵਿਚ ਚੰਡੀਗੜ੍ਹ ਵਿਚ ਹੋਏ ਮਹਿੰਦਰ ਸਿੰਘ ਰੰਧਾਵਾ ਅਭਿਨੰਦਨ ਗ੍ਰੰਥ ਸਮਾਰੋਹ ਦੀ ਦੁਰਲਭ ਤਸਵੀਰ ਖੱਬਿਓਂ : ਚਿਤ੍ਰਕਾਰ ਰੂਪ ਚੰਦ (ਦੂਸਰਾ), ਸ਼ਿਵ ਕੁਮਾਰ, ਜਸਵੰਤ ਸਿੰਘ, ਰਿਖੀ ਭਾਰਦਵਾਜ, ਬਲਵਿੰਦਰ ਸਿੰਘ ਅਤੇ ਪ੍ਰੇਮ ਸਿੰਘ

ਐੱਸ ਐੱਲ ਪਰਾਸ਼ਰ
ਵੰਡ ਸਮੇਂ ਮੇਓ ਸਕੂਲ ਆਫ ਆਰਟ-ਲਾਹੌਰ ਤੋਂ ਭਾਰਤ ਵਿੱਚ ਆਇਆ। 1951 ਵਿੱਚ ਪੰਜਾਬ ਸਰਕਾਰ ਵੱਲੋਂ ਸਥਾਪਤ ਗੌਰਮਿੰਟ ਆਰਟ ਅਤੇ ਕਰਾਫਟ ਸਕੂਲ-ਸ਼ਿਮਲਾ ਦਾ ਪ੍ਰਿੰਸੀਪਲ ਨਿਯੁਕਤ ਹੋਇਆ। ਕਲਾ ਦੀ ਚਾਲ ਨੂੰ ਹੋਰ ਪੱਕਿਆਂ ਕਰਨ ਲਈ ਜਿੰਨੇ ਵੀ ਚਿੱਤਰਕਾਰ ਸੰਭਵ ਹੋਏ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ”ਅਸੀਂ ਉਸਾਰੂ’’ ਨਾਂ ਦਾ ਗਰੁੱਪ ਸੰਗਠਿਤ ਕੀਤਾ। ਇਸ਼ਵਰ ਚਿੱਤਰਕਾਰ, ਪ੍ਰਾਨ ਨਾਥ ਮਾਸੋ, ਏਗੌਤਮ, ਬਲਦੇਵ ਰਾਜ ਰਤਨ, ਐਨ ਆਰਤ੍ਰਿਵੇਦੀ ਤੇ ਸ਼ਨੀਅਲ ਚੱਟਰਜੀ ਸਨ ਇਸ ਦੇ ਮੁਢਲੇ ਮੈਂਬਰ। ਮਨੋਰਥ ਸੀ ਕਲਾ ਨੇ ਇਸ ਦੀ ਦਿਸ਼ਾ ਬਾਰੇ ਇਕੱਠਿਆਂ ਬੈਠ ਕੇ ਅਲੋਚਨਾਤਮਾਂ ਮੁਲਾਂਕਣ ਕਰਨਾ। ਇਹ ਗਰੁੱਪ ਬੰਗਾਲ ਸਕੂਲ, ਕਲਕੱਤਾ ਗਰੁੱਪ, ਪ੍ਰੋਗਰੈਸਿਵ ਆਰਟਿਸਟਸ ਗਰੁੱਪ (ਬੰਬਈ), ਬੰਬਈ ਨਰੁੱਖ, ਦਿੱਲੀ ਸਿਲਪੀ ਚੱਕਰਾ ਵਾਂਗ ਭਾਰਤੀ ਕਲਾ ਵਿਚ ਕੋਈ ਉੱਘਾ ਯੋਗਦਾਨ ਨਹੀਂ ਪਾ ਸਕਿਆ ਪਰ ਇਸ ਨੇ ਸਹਿਜੇ ਹੀ ਪੰਜਾਬ ਦੇ ਕਲਾਕਾਰਾਂ ਵਿੱਚ ਆਪਣੀ ਸੋਚ ਤੇ ਸ਼ੈਲੀ ਨੂੰ ਨਿਖਾਰਨ ਲਈ ਕਾਫੀ ਸਹਾਈ ਹੋਇਆ।
ਸੁਤੰਤਰਤਾ ਮਗਰੋਂ ਦੀ ਕਲਾ-ਸਥਿਤੀ ਦਾ ਸਾਹਮਣਾ ਕਰਦੇ ਪਰਾਸ਼ਰ ਵਿੱਚ ਇਕ ਨਵੀਂ ਚੇਤਨਾ ਦੀ ਸਵੇਰ ਹੋਈ। ਉਸ ਸਮੇਂ ਵਧੇਰੇ ਕਰਕੇ ਭਾਰਤੀ ਕਲਾਕਾਰ ਅਧੁਨਿਕ ਬਣਨ ਕਈ ਪੱਛਮ ਦੀ ਸ਼ਿਸ਼ਟ ਸ਼ੈਲੀ ਦੀ ਅੰਨ੍ਹੇਵਾਹ ਨਕਲ ਕਰ ਰਹੇ ਸਨ। ਇਸ ਤਰ੍ਹਾਂ ਦੀ ਭੈ-ਜਨਨ ਸਥਿਤੀ ਨੇ ਪਰਾਸ਼ਰ ਨੂੰ ਨਵੀਂ ਦਿਸ਼ਾ ਤਾਲਾਸ਼ ਕਰਨ ਲਈ ਮਜਬੂਰ ਕੀਤਾ। ਜੋ ਸਮਕਾਲੀ ਕਲਾ ਜਗਤ, ਤੇ ਉਸ ਦੇ ਵਿਰਸੇ ਨਾਲ ਮੇਲ ਕਰੇ।
ਡਾਮੁਲਕ ਰਾਜ ਅਨੰਦ ਨੇ ਇਸ ਕਲਾਕਾਰ ਬਾਰੇ ‘ਮਾਰਗ’ ਰਸਾਲੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ :-
”ਪਰਾਸ਼ਰ ਇਕ ਪ੍ਰਕ੍ਰਿਤਕ ਕਲਾਕਾਰ ਹੈ ਜਿਸ ਨੇ ਪੰਜਾਬ ਵਿੱਚ ਬੰਗਾਲ ਸਕੂਲ ਦੇ ਅਯਥਾਰਥਕ ਪ੍ਰਭਾਵ ਤੇ ਅਧੁਨਿਕ ਯੂਰਪੀਅਨ ਤਕਨੀਕ ਵਿਚਕਾਰ ਦੇ ਪਾੜ ਨੂੰ ਜੋੜਿਆ। ਉਸ ਦੀ ਨਿਸ਼ਕਟਪਤਾ ਤੇ ਮੂਲ-ਸੁੱਧ ਵਿਵੇਕਸ਼ੀਲਤਾ ਨਿਡੱਰ, ਪ੍ਰਯੋਗਵਾਦ ਨਾਲ ਸਬੰਧਤ ਸੀ, ਜਿਸ ਨੇ ਉਸ ਨੂੰ ਰੂਪ ਅਨੁਕੂਲ ਸਿਰਜਣਾ ਵਿੱਚ ਸਹਾਇਤਾ ਦਿੱਤੀ । ਪਰਾਸ਼ਰ ਨੇ ਚਿਤ੍ਰਕਲਾ, ਬੁੱਤ ਕਲਾ ਤੇ ਲੀਕ-ਚਿਤ੍ਰ ਦੇ ਖੇਤਰ ਵਿਚ ਇਤਿਹਾਸਕ ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਕੇ.ਸੀ. ਆਰਯਨ

ਕੇ ਸੀ ਆਰਯਨ (1919-2002) ਆਧੁਨਿਕ ਕਲਾ ਦੇ ਖੁੱਲ੍ਹੇ ਤੇ ਸਾਹਸੀ ਸੁਭਾ ਨੇ ਆਰਯਨ ਨੂੰ ਪਰੰਪਰਾਗਤ ਸੋਚ ਨਾਲ਼ੋਂ ਮੁਕਤ ਕੀਤਾ। ਉਹਦੇ ਮਨ ਨੂੰ ਲੋਕ-ਕਲਾ ਸੁਖਾਂਦੀ ਸੀ। ਇਸੇ ਰਉਂ ਤੇ ਰੰਗ ਵਿਚ ਬਣਾਏ ਚਿਤ੍ਰ-ਪਤੰਗ ਵੇਚਣ ਵਾਲ਼ਾ (1949), ਹੀਰ-ਰਾਂਝਾ (1955), ਨਿਹੰਗ (1954) ਪੰਜਾਬੀ ਚਿਤ੍ਰਕਾਰੀ ਨੂੰ ਅਮੀਰੀ ਬਖ਼ਸ਼ਦੇ ਹਨ।
ਫਿਰ ਕੁਝ ਸਮੇਂ ਲਈ ਆਰਯਨ ਨੇ ਰੰਗ, ਬੁਰਸ਼ ਤੇ ਕੈਨਵਸ ਨੂੰ ਲਾਂਭੇ ਰੱਖ ਕੇ ਮੈਟਲ-ਸਕਰੈਪ, ਲੋਹੇ ਤੇ ਉਸ ਤੋਂ ਬਣੀਆਂ ਭਾਂਤ-ਭਾਂਤ ਦੀਆਂ ਜਾਲ਼ੀਆਂ ਆਦਿ ਅਪਣੀ ਕਲਾ ਵਿਚ ਵਰਤੀਆਂ। ਇਸ ਮਾਧਿਅਮ ਵਿਚ ਆਰਯਨ ਨੇ ਦੋ-ਪਰਤੀ ਤੇ ਤਿੰੰਨ-ਪਰਤੀ ਕਲਾ-ਕ੍ਰਿਤਾਂ ਦੀ ਸਿਰਜਣਾ ਕੀਤੀ। ਇਸ ਲਈ ਉਸ ਨੂੰ ਕੌਮੀ ਪੁਰਸਕਾਰ ਵੀ ਮਿਲਿਆ। ਭਾਰਤੀ ਆਧੁਨਿਕ ਕਲਾ ਦੇ ਖੇਤਰ ਵਿਚ ਇਹ ਪਹਿਲ ਸੀ। ਇਨ੍ਹਾਂ ਕਲਾ-ਕਿਰਤਾਂ ਸਦਕੇ ਉਹਨੂੰ ‘ਸਮੇਂ ਤੋਂ ਅੱਗੇ ਦਾ ਕਲਾਕਾਰ’ ਆਖਿਆ ਗਿਆ।
ਲੋਕ-ਕਲਾ ਤੇ ਜਨਜਾਤੀ ਕਲਾ ਬਾਰੇ ਪੁਸਤਕਾਂ ਲਿਖ ਕੇ ਇਸ ਵਿਰਸੇ ਦੀ ਇਤਿਹਾਸਕ, ਸਮਾਜਕ ਤੇ ਕਲਾਤਮਕ ਮਹੱਤਾ ਨੂੰ ਦਰਸਾਇਆ। ਗੁੜਗਾਓਂ ਵਿਚ ਹੋਮ ਆੱਵ ਫ਼ੋਕ ਆਰਟ ਦੀ ਸਥਾਪਨਾ ਕੀਤੀ।

ਹਰਕ੍ਰਿਸ਼ਨ ਲਾਲ

ਹਰਕ੍ਰਿਸ਼ਨ ਲਾਲ

ਹਰਕ੍ਰਿਸ਼ਨ ਲਾਲ ਕਲਸੀ (1921-2000) ਲੁਧਿਆਣੇ ਦਾ ਜੰਮਪਲ ਸੀ। ਇਹਨੇ ਬੰਬਈ ਵਿਚ ਕਲਾ-ਸਿੱਖਿਆ ਲੈ ਕੇ ਬੰਬਈ ਵਿਚ ਹੀ ਅਪਣਾ ਕਲਾ ਜੀਵਨ ਬਿਤਾਇਆ। ਉਹ ਸਿਰਜਣਾਤਮਕ ਸੋਚ ਦਾ ਕਲਾਕਾਰ ਸੀ। ਸੰਸਾਰ ਵਿਚ ਚੱਲ ਰਹੀਆਂ ਕਲਾ-ਪ੍ਰਵਿਰਤੀਆਂ ਪ੍ਰਤੀ ਉਹ ਪੂਰੀ ਤਰ੍ਹਾਂ ਜਾਗਰੂਕ ਸੀ। ਉਹਦੀ ਕਲਾ ਦੀ ਸ਼ਕਤੀ ਭਾਰਤੀ ਕਲਾ ਤੇ ਸੰਸਕ੍ਰਿਤੀ ਦੀ ਸਾਰਥਿਕਤਾ ਸੀ। ਉਸ ਦੀ ਚਿਤ੍ਰਕਾਰੀ ਵਿਚ ਉਹਦੀ ਅਪਣੀ ਧਰਤੀ, ਇਸ ਵਿਚ ਜੀਵਨ ਨੂੰ ਮਾਣਦੇ ਲੋਕ ਤੇ ਉਸ ਵਿਚ ਹਰ-ਪਲ ਰੰਗ ਭਰਦੀ ਕੁਦਰਤ ਦੀ ਮਹਿਕ ਹੈ। ਆਰੰਭ ਵਿਚ ਉਸ ਦੀ ਸ਼ੈਲੀ ਪਰਗਟਾਉਵਾਦੀ ਸੀ, ਪਰ ਮਗਰੋਂ ਰੰਗਾਂ ਦੇ ਪਿਆਰ ਨੇ ਉਹਨੂੰ ਪ੍ਰਭਾਵਵਾਦੀ ਬਣਾਇਆ। ਸਮਕਾਲੀ ਦ੍ਰਿਸ਼ ਚਿਤ੍ਰਨ ਵਿਚ ਉਸ ਦੀ ਮੌਲਿਕ ਹੈਸੀਅਤ ਹੈ। ਰੰਗ ਪੰਜਾਬ ਦੀ ਫੁੱਲਕਾਰੀ ਵਰਗੀ ਅਮੀਰੀ ਤੇ ਆਨੰਦ ਪ੍ਰਦਾਨ ਕਰਦੇ ਹਨ।

ਸਤੀਸ਼ ਗੁਜਰਾਲ ਦਾ ਸਵੈ-ਚਿੱਤਰ

ਸਤੀਸ਼ ਗੁਜਰਾਲ ਨੇ ਅਪਣੀ ਪ੍ਰਤਿਸ਼ਠਤਾ ਚਿਤ੍ਰਕਾਰ, ਬੁੱਤ ਤਰਾਸ਼, ਮਿਊਰਲਿਸਟ ਤੇ ਆਰਕੀਟੈਕਟ ਵਜੋਂ ਵਿਖਾਈ। 1947 ਦੀ ਵੰਡ ਨੇ ਇਸ ’ਤੇ ਗਹਿਰਾ ਤੇ ਅਮਿੱਟ ਪ੍ਰਭਾਵ ਪਾਇਆ। ਇਹਦੇ ਇਸ ਸਮੇਂ ਦੇ ਬਣਾਏ ਚਿਤ੍ਰ ਦਰਦਨਾਕ ਤੇ ਖ਼ੌਫਨਾਕ ਘਟਨਾਵਾਂ ਦੇ ਸ਼ਿਕਾਰ ਹੋਏ ਲੋਕਾਂ ਦੇ ਹਨ। ਇਨ੍ਹਾਂ ਬਾਰੇ ਕਲਾਕਾਰ ਨੇ ਆਪ ਆਖਿਆ ਹੈ ਕਿ ਕਲਾ ਮੇਰੇ ਲਈ ਮਨੁੱਖ ਤੇ ਹੋਣੀ, ਵਿਅਕਤੀ ਤੇ ਉਹਦਾ ਮਾਹੌਲ ਤੇ ਇਥੋਂ ਤਕ ਕਿ ਉਸਦੇ ਆਪੇ ਵਿਰੁੱਧ ਜੱਦੋਜਹਿਦ ਨੂੰ ਪ੍ਰਗਟਾਉਣ ਦਾ ਸਾਧਨ ਹੈ। ਸਤੀਸ਼ ਦੇ ਚਿਤ੍ਰਾਂ ਵਿਚ ਇਹਦਾ ਸਮਾਜਵਾਦੀ ਪੱਖ ਵਧੇਰੇ ਉਘੜਿਆ ਹੈ। ਸਾਰੇ ਚਿਤ੍ਰ ਉਸ ਦੇ ਅੰਦਰ ਭਖ ਰਹੇ ਜਵਾਲਾਮੁਖੀ ਦਾ ਪ੍ਰਤੀਕ ਹਨ। ਉਨ੍ਹਾਂ ਵਿਚ ਪ੍ਰਗਟਾਈ ਉਤੇਜਨਾ, ਸ਼ਕਤੀ ਤੇ ਆਕਰਸ਼ਣਸ਼ੀਲਤਾ ਆਧੁਨਿਕ ਭਾਰਤੀ ਚਿਤ੍ਰਕਲਾ ਵਿਚ ਇਸ ਤੋਂ ਪਹਿਲਾਂ ਵੇਖਣ ਵਿਚ ਨਹੀਂ ਆਈ। ਵੰਡ ਸਮੇਂ ਦੇ ਇਹ ਚਿਤ੍ਰ ਇਤਿਹਾਸਕ ਦਸਤਾਵੇਜ਼ ਹਨ। ਮਿਊਰਲ, ਬੁੱਤ ਤਰਾਸ਼ੀ ਤੇ ਭਵਨ-ਨਿਰਮਾਣ ਕਲਾ ਵਿਚ ਇਹਨੇ ਕਈ ਨਵੀਆਂ ਰੀਤਾਂ ਨੂੰ ਜਨਮ ਦਿੱਤਾ।
ਅੱਜ ਵੀ ਇਹ ਕਲਾਕਾਰ ਅਪਣੀ ਕਲਾ ਰਾਹੀਂ ਅਪਣੇ ਵਿਰਸੇ ਨਾਲ਼ ਮੇਲ ਕੇ ਸਮਕਾਲੀ ਜੀਵਨ ਨੂੰ ਨਿਰੰਤਰ ਚਿਤਰ ਰਿਹਾ ਹੈ। ਸਤੀਸ਼ ਗੁਜਰਾਲ ਵਰਗੇ ਬਹੁ-ਪੱਖੀ ਕਲਾਕਾਰ ਦੀ ਦੁਨੀਆ ਵਿਚ ਅਸੀਂ ਅਜੰਤਾ/ਏਲੋਰਾ ਦੇ ਕਲਾਕਾਰ ਵੰਸ਼ ਦਾ ਜਾਂਨਸ਼ੀਨ ਲਭ ਸਕਦੇ ਹਾਂ।

ਜਸਵੰਤ ਸਿੰਘ
ਜਸਵੰਤ ਸਿੰਘ ਨੇ ਅਪਣਾ ਜੀਵਨ ਸਾਈਨ ਬੋਰਡ ਪੇਂਟਰ ਤੋਂ ਸ਼ੁਰੂ ਕਰਕੇ ਭਾਰਤ ਦੇ ਪਦਾਰਥਵਾਦੀ ਚਿਤ੍ਰਕਾਰ ਬਣਕੇ ਨਿਭਾਇਆ। ਸੰਗੀਤ ਤੇ ਕਲਾ ਉਸ ਦੇ ਜੀਵਨ ਸਾਥੀ ਸਨ। 1959 ਵਿਚ ਜਦੋਂ ਦਿੱਲੀ ਵਿਚ ਜਸਵੰਤ ਸਿੰਘ ਨੇ ਅਪਣੀ ਪਹਿਲੀ ਨੁਮਾਇਸ਼ ਕੀਤੀ, ਤਾਂ ਇਸ ਸਮੇਂ ਦੇ ਪ੍ਰਸਿੱਧ ਕਲਾ-ਸਮੀਖਿਅਕ ਚਾਰਲਸ ਫ਼ਾਬਰੀ ਨੇ ਉਹਨੂੰ ‘ਸੰਪੂਰਨ ਮੌਲਿਕ ਤੇ ਕਲਪਨਾ ਨਾਲ਼ ਵਰੋਸਾਇਆ’ ਚਿਤ੍ਰਕਾਰ ਦੱਸਿਆ ਤੇ ਉਦੋਂ ਤੋਂ ਹੀ ਉਸ ਦੀ ਪਦਾਰਥਵਾਦੀ ਚਿਤ੍ਰਕਾਰ ਵਜੋਂ ਪਹਿਚਾਣ ਬਣੀ। ਜਸਵੰਤ ਸਿੰਘ ਨੇ ਅਪਣੀ ਨਿਪੁੰਨ ਸ਼ੈਲੀ ਦੁਆਰਾ ਅਪਣੇ ਸੁਫ਼ਨੇ, ਅਨੋਖੇ-ਵਿਚਾਰ, ਵਿਅੰਗ, ਪ੍ਰਤੀਕਾਤਮਕ ਪ੍ਰੋਟਰੇਟਸ, ਸਿੱਖ ਗੁਰੂ, ਸੰਤ ਤੇ ਅਵਤਾਰ ਆਦਿ ਚਿਤਰਿਤ ਕੀਤੇ। ‘ਰਾਗਮਾਲਾ’ ਦੀ ਚਿਤ੍ਰਕਾਰੀ ਨੇ ਉਸ ਨੂੰ ਅਨੋਖੀ ਪ੍ਰਤਿਭਾ ਤੇ ਰਚਨਾਤਮਕ ਕਲਪਨਾ ਦਾ ਕਲਾਕਾਰ ਸਥਾਪਤ ਕੀਤਾ। ਖ਼ੁਦ ਸਾਰੰਗੀਵਾਦਕ ਹੋਣ ਦੇ ਨਾਤੇ ਕਲਾ ’ਚ ਸੰਗੀਤ ਦੀ ਮਹੱਤਾ ਨੂੰ ਸਮਝਦਾ ਸੀ। ਬੜੇ ਗ਼ੁਲਾਮ ਅਲੀ ਖ਼ਾਨ ਵਰਗੇ ਸੰਗੀਤ ਸਮਰਾਟ ਦੀ ਵੀ ਉਸ ’ਤੇ ਮਿਹਰ ਸੀ।
ਅਸਲ ਵਿਚ ਉਹ ਪਹਿਲਾ ਭਾਰਤੀ ਆਧੁਨਿਕ ਚਿਤ੍ਰਕਾਰ ਹੈ, ਜਿਹਨੇ ਰਾਜਪੂਤ ਤੇ ਪਹਾੜੀ ਕਲਮ ਦੇ ਚਿਤ੍ਰਕਾਰਾਂ ਮਗਰੋਂ ‘ਰਾਗਮਾਲਾ ਨੂੰ ਨਵੀਂ ਵਿਜ਼ੀਬਲ ਫ਼ੌਰਮ ਦਿੱਤੀ। ਕਈ ਨਵੇਂ ਪ੍ਰਤੀਕ ਚਿਤ੍ਰਕਲਾ ਨੂੰ ਭਾਵਨਾਮਈ ਤੇ ਸੰਚਾਰੀ ਬਣਾਉਣ ਲਈ ਸਿਰਜੇ।

ਜਸਵੰਤ ਸਿੰਘ ਦੀ ਬਣਾਈ ਅਦੁੱਤੀ ਤਸਵੀਰ: ਭਾਈ ਜੈਤਾ ਜੀ

ਸੋਹਨ ਕਾਦਰੀ

ਸੋਹਨ ਕਾਦਰੀ
ਫ਼ੋਟੋਕਾਰ : ਤਾਰਬੁਨ ਹੁੱਸ

ਸੋਹਨ ਕਾਦਰੀ ਸ਼ਿਮਲੇ ਦੇ ਗੌਰਮਿੰਟ ਆਰਟ ਅਤੇ ਕਰਾਫ਼ਟ ਸਕੂਲ ਦਾ ਪਹਿਲਾ ਵਿਦਿਆਰਥੀ ਹੈ, ਜਿਹਨੇ ਕਲਾਕਾਰਾਂ-ਕਵੀਆਂ ਤੇ ਆਰਕੀਟੈਕਟਸ ਦਾ ਪੰਜਾਬ ਵਿਚ ‘ਲੂਜ਼ ਗਰੁੱਪ’ ਬਣਾਇਆ ਸੀ। ਇਸ ਗਰੁੱਪ ਨੇ ਕਈ ਸਮੂਹਿਕ ਨੁਮਾਇਸ਼ਾਂ ਕੀਤੀਆਂ। ਥੋੜ੍ਹੇ ਸਮੇਂ ਤਕ ਕਾਦਰੀ ਅਧਿਆਪਕ ਰਿਹਾ, ਫਿਰ ਵਿਦੇਸ਼ ਚਲਾ ਗਿਆ। ਅੱਜ ਕੱਲ੍ਹ ਡੈੱਨਮਾਰਕ ਕੋਪਨਹੇਗਨ ਰਹਿ ਕੇ ਚਿਤ੍ਰਕਾਰੀ ਕਰਦਾ ਹੈ। ਇਹ ਅਪਣੇ ‘ਮੈਡੀਟੇਵਿਟ ਵੀਯਨਜ਼’ ਕਰਕੇ ਜਾਣਿਆ ਜਾਂਦਾ ਹੈ। ਕਾਦਰੀ ਦੇ ਚਿਤ੍ਰਾਂ ਵਿਚ ਚੁੱਪ ਦਾ ਪ੍ਰਕਾਸ਼ ਹੈ ਜਿਹੜਾ ਰੰਗ, ਰੂਪ ਤੇ ਟੈਕਸਚਰ ਤੇ ਏਨਕਾਊਂਟਰਜ਼ ਵਿਚ ਸ਼ਾਂਤ ਰਹੱਸਮਈ ਦਾ ਵੀਯਨ ਸਮਲਿਤ ਹੈ ਜੋ ਕਿ ਅਪਾਰ ਸਪੇਸ ਵਿਚ ਅਪਣੇ ਪ੍ਰਕਾਸ਼ ਰਾਹੀਂ ਵੀਯਨ ਤੋਂ ਪਰੇ ਵੇਖਣ ਦੀ ਸਮਰੱਥਾ ਹੈ। ਇਸ ਤਰ੍ਹਾਂ ਦੀ ਉਦਭਵ ਵਿਚ ਸੁਹਜਾਤਮਕ ਪ੍ਰਕਾਸ਼ ਹੈ ਤੇ ਸਿਰਜਣਾਤਮਕ ਗਹਿਰਾਈ ਹੈ; ਜੋ ਮਾਨਸਿਕ ਤੌਰ ’ਤੇ ਗ੍ਰਹਿਣ ਨਹੀਂ ਹੋ ਸਕਦੀ, ਸਗੋਂ ਅਨੁਭਵ ਹੀ ਕੀਤੀ ਜਾ ਸਕਦੀ ਹੈ। ਸੋਹਨ ਕਾਦਰੀ ਦੀ ਕਲਾ ਉਸ ਦੀ ਸਵੈ-ਅਭਿਵਿਅਕਤੀ ਦੀ ਨਿਰੰਤਰ ਪ੍ਰਣਾਲੀ ਹੈ। ਉਹ ਅਪਣੇ ਕੈਨਵਸ/ਕਾਗਜ਼ ਤੇ ਕਾਰਜ ਨੂੰ ਇਤਫ਼ਾਕੀਆ ਵਾਪਰਨ ਦਿੰਦਾ ਹੈ, ਤਾਂ ਕਿ ਉਹਦੇ ਗੁਆਚਣ ਵਿਚ ਅਪਣੇ ਸਵੈ ਨੂੰ ਲਭ ਸਕੇ। ਦੁਨੀਆ ਦੇ ਨਿਰੰਤਰ ਤਬਦੀਲ ਹੁੰਦੇ ਰੂਪਾਂ ਵਿਚ ਕਾਦਰੀ ਅਪਣੇ ਕਾਵਿਕ ਚੁੱਪ ਦੇ ਪਲਾਂ ਵਿਚ ਵਿਸ੍ਹਪਰ ਕਰਦਾ ਹੈ – ‘ਲੂਜ਼ ਯੂਅਰ ਸੈਲਫ਼ ਐਂਡ ਫ਼ਾਈਂਡ’।
ਸ਼ਿਵ ਸਿੰਘ
ਸ਼ਿਵ ਸਿੰਘ ਬੁੱਤ ਤਰਾਸ਼ ਹੈ। ਲੱਕੜੀ, ਲੋਹੇ ਤੇ ਪੱਥਰ ਵਿਚ ਬਣਾਏ ਸਕਲਪਚਰਜ਼ ਦੀ ਪ੍ਰੇਰਨਾ ਪ੍ਰਕ੍ਰਿਤੀ ਵਿਚ ਹੈ। ਇਹਦੇ ਕੰਮ ਵਿਚ ਸਾਨੂੰ ਸ਼ੈਲੀ ਤੇ ਸਕਿੱਲ, ਸੁਜੋੜ ਤੇ ਗਤੀ, ਬਲ (ਤਾਣ) ਤੇ ਤਾਕਤ, ਸ਼ੋਭਾ ਤੇ ਖ਼ੂਬਸੂਰਤੀ, ਆਨੰਦ ਤੇ ਉਪ ਸਥਿਤੀ ਦਾ ਅਹਿਸਾਸ ਮਿਲ਼ਦਾ ਹੈ। ਇਹ ਅਨੁਭਵ ਉਸੇ ਤਰ੍ਹਾਂ ਦਾ ਹੈ, ਜਿਵੇਂ ਕੋਈ ਕੁਦਰਤ ਤੇ ਉਸ ਦੇ ਅਣਗਿਣਤ ਮਿਜ਼ਾਜਾਂ ਤੇ ਅਭਿਵਿਅੰਜਨਾ ਨਾਲ਼ ਹੋਏ ਸੰਵਾਦ ਵਿਚ ਮਹਿਸੂਸ ਕਰਦਾ ਹੈ।
ਅੱਜ ਪੰਜਾਬ ਕਲਾ ਦੇ ਖੇਤਰ ਵਿਚ ਨਿੱਤ ਵਧਦੀ ਸਰਗਰਮੀ ਭਵਿੱਖ ਲਈ ਇਕ ਚੰਗਾ ਸੰਕੇਤ ਹੈ।

ਪ੍ਰੇਮ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!