ਪਿੰਜਰ – ਕਿਰਪਾਲ ਕਜ਼ਾਕ

Date:

Share post:

ਲਿਜ਼ਾ
ਦੋਸਤਾਂ ਵਿਚ ਮੈਂ ਮਰਦਾਂ ਨੂੰ ਨੈਪਕਨ ਵਾਂਗ ਵਰਤ ਕੇ ਸੁੱਟ ਦੇਣ ਲਈ ਬਦਨਾਮ ਹਾਂ। ਸਭ ਕਹਿੰਦੇ ਮੈਂ ਸੈਕਸੀ ਹਾਂ। ਬਿਸਤਰੇ ਵਿਚ ਠੰਡੇ ਮਰਦ ਨੂੰ ਪਸੰਦ ਨਹੀਂ ਕਰਦੀ। ਰਿਸ਼ਤੇ ਮੇਰੇ ਲਈ ਬਕਵਾਸ ਹਨ। ‘ਮਨੀ’ ਅਤੇ ‘ਮੈਨ’ ਮੇਰੀ ਕਮਜ਼ੋਰੀ ਹਨ। ਪਰ ਇਹ ਸੱਚ ਨਹੀਂ। ਕੁਝ ਚੀਜ਼ਾਂ ਮੇਰੀ ਉਮਰ ਅਤੇ ਲੋੜ ਲਈ ਜ਼ਰੂਰੀ ਹਨ। ਹਾਂ, ਮੈਂ ਕੁਝ-ਕੁਝ ਅਲੱਗ ਹਾਂ, ਇਹ ਸੱਚ ਹੈ। ਕਿਤਨੇਂ ਲੋਕ ਮੇਰੀ ਜ਼ਿੰਦਗੀ ’ਚ ਆਏ, ਪਤਾ ਨਹੀਂ। ਪਰ ਕੋਈ ਵੀ ਦਿਲ ਦੀਆਂ ਗਹਿਰਾਈਆਂ ਵਿਚ ਨਹੀਂ ਉੱਤਰਿਆ, ਇਹ ਭੁੱਲਦਾ ਨਹੀਂ। ਫ਼ਿਰ ਵੀ ਮੈਂ ਫਲਰਟ ਹਾਂ ਤਾਂ ਇਹ ਕਸੂਰ ਮੇਰੀ ਮਾਂ ਦਾ ਹੈ, ਜਿਸਨੇਂ ਮੇਰੇ ਬਾਲਗ ਹੋਣ ਤੱਕ ਤਿੰਨ ਮਰਦ ਬਦਲੇ, ਪਰ ਕਦੇ ਕਿਸੇ ਪਿਛਲੇ ਨੂੰ ਯਾਦ ਨਹੀਂ ਕੀਤਾ।…
ਪਰ ਜਿਸ ਦਿਨ ਮੈਂ ਬਾਲਗ ਹੋਈ, ਉਹਨੇਂ ਸਭ ਕੁਝ ਯਾਦ ਕਰ ਲਿਆ। ਇਕ ਨਿਊਡ ਫੋਟੋ ਸ਼ੈਸ਼ਨ ਤੋਂ ਮਿਲੇ ਪੈਸੇ ਅਤੇ ਜਿਊਲਰੀ ਵੇਚ ਕੇ ਉਹਨੇ ਦੋਸਤਾਂ ਨੂੰ ਇਕ ਰੇਸਤਰਾਂ ’ਚ ਵੱਡੀ ਪਾਰਟੀ ਦਿੱਤੀ। ਵਿਸਕੀ, ਸ਼ੈਮਪੇਨ, ਵੋਦਕਾ, ਵਾਈਨ ਅਤੇ ਬੀਅਰ ਦੀਆਂ ਚੁਸਕੀਆਂ ਤੋਂ ਬਾਦ ਡਾਂਸ ਫਲੋਰ ’ਤੇ ਸਭ ਥਿਰਕ ਰਹੇ ਸਨ। ਮਾਂ ਵੀ ਬੇ-ਹੱਦ ਖੁਸ਼; ਪਰ ਡਿਨਰ ਹਾਲੇ ਲੱਗ ਹੀ ਰਿਹਾ ਸੀ ਕਿ ਮਾਂ ਮੇਰੇ ਗਲ ਲੱਗ ਕੇ ਰੋਣ ਲੱਗੀ। ਸਭ ਹੈਰਾਨ। ਮਾਂ ਨੂੰ ਕੀ ਹੋਇਆ?
”ਲਿਜ਼ਾ! ਤੂੰ ਬਾਲਗ ਹੋ ਗਈ ਤੇ ਮੈਂ ਸੁਰਖਰੂ… ਪਰ ਯਾਦ ਰਖੀਂ ਤੂੰ ਹਰਾਮ ਏਂ ਇੱਕ ਪਾਦਰੀ ਦਾ…। ਉਸ ਕੁੱਤੇ ਨੇਂ ਸੋਲਾਂ ਸਾਲ ਦੀ ਤੇਰੀ ਇਸ ਮਾਂ ਨੂੰ ਰੇਪ ਕੀਤਾ। ਜੀਸਸ ਕਰਾਈਸ ਦੀ ਹਾਜ਼ਰੀ ਤੇ ਗਿਰਜੇ ਦੀਆਂ ਪੌੜੀਆਂ ਵਿਚ…। ਉਸ ਦੇ ਗੁਨਾਹ ਦੀ ਸਜ਼ਾ ਮੈਂ ਅੱਜ ਤੱਕ ਭੁਗਤੀ…। ਹੁਣ ਹੋਰ ਨਹੀਂ… ਥੱਕ ਗਈ ਹਾਂ ਮੈਂ…। ਬੈਸਟ ਆਫ਼ ਲੱਕ…।”
ਉਸ ਮੈਨੂੰ ਬੇਤਹਾਸ਼ਾ ਚੁੰਮਿਆ, ਕੁਝ ਡਾਲਰ ਮੇਰੀ ਮੁੱਠੀ ’ਚ ਘੁੱਟੇ ਅਤੇ ਚਲੀ ਗਈ। ਮੈਂ ਉਹਨੂੰ ਬਿਨਾਂ ਕਿਸੇ ਦਾ ਥੈਂਕਸ ਕੀਤੇ, ਬਾਹਰ ਜਾਂਦੇ ਵੇਖਿਆ। ਉਹ ਰੋ ਰਹੀ ਸੀ। ਮੇਜ਼ਬਾਨ ਨਹੀਂ ਤਾਂ ਡਿਨਰ ਕਾਹਦਾ? ਮੈਂ ਬੜਾ ਕਿਹਾ, ਪਰ ਮਹਿਮਾਨ ਰੁਕੇ ਨਹੀਂ, ਸ਼ਾਮ ਖੂਹ ’ਚ ਪੈ ਗਈ।
ਪਰ ਮੈਂ ਨਾ ਰੋਈ, ਨਾ ਹੈਰਾਨ ਹੋਈ।
ਜਿਹੜੀ ਗੱਲ ਮਾਂ ਨੇਂ ਬੜੀ ਪੀੜ ਨਾਲ ਦੱਸੀ ਸੀ, ਉਹ ਮੈਨੂੰ ਪਹਿਲਾਂ ਹੀ ਪਤਾ ਸੀ।
ਉਹਨੀਂ ਦਿਨੀਂ ਮਾਂ ਇਕ ਲੈਰੇ ਜਿਹੇ ਨੀਗਰੋ ਦੀ ਰਖੇਲ ਸੀ। ਹਰ ਵੇਲੇ ਮੈਂ ਉਹਨੂੰ ਅੱਪਸੈਟ ਦੇਖਦੀ…। ਉਹ ਸਾਰਾ ਜ਼ੋਰ ਉਸ ਨੀਗਰੋ ਤੋਂ ਮੇਰੀ ਇੱਜ਼ਤ ਬਚਾਉਣ ’ਤੇ ਲਾਉਂਦੀ ਜਿਸਨੂੰ ਮੈਂ ਖ਼ੁਦ ਲੋਚਦੀ ਸਾਂ। ਪਰ ਮਾਂ ਨਹੀਂ ਸੀ ਜਾਣਦੀ, ਉਹਦੇ ਪਹਿਲੇ ਪਤੀ ਫਿਲਪ ਨੇਂ, ਪਿੱਤਰੀ ਪਿਆਰ ਦੀ ਓਟ ਵਿਚ ਮੇਰਾ ‘ਸਭ ਕੁਝ’ ਪਹਿਲਾਂ ਹੀ ਲੁੱਟ ਲਿਆ ਹੋਇਆ ਸੀ। ਹੁਣ ਮੇਰੇ ਕੋਲ ਜਿਸਮ ਅਤੇ ਜਿਸਮਾਨੀ ਭੁੱਖ ਤੋਂ ਬਿਨਾਂ ਕੁਝ ਨਹੀਂ ਸੀ।
ਮਾਂ ਚਲੀ ਗਈ। ਨੀਗਰੋ ਕੋਲ ਵੀ ਨਾ ਪਰਤੀ। ਮੈਂ ਕਿੱਥੇ ਜਾਂਦੀ? ਆਪਣੀ ਇੱਕ ਸਹੇਲੀ ਸਿਲੀਆ ਨਾਲ ਰਹਿਣ ਲੱਗੀ।
ਪਹਿਲਾਂ ਕਮਰਾ ਸ਼ਿਅਰ ਕੀਤਾ, ਫਿਰ ਦੋਸਤ ਸਾਂਝੇ ਹੋ ਗਏ। ਸਿਲੀਆ ਖ਼ੂਬਸੂਰਤ ਸੀ। ਮੈਥੋਂ ਵੀ…। ਆਪਣੀ ਨਾਨੀ ਦੀ ਆਰਥਿਕ ਮਦਦ ਅਤੇ ਕਿਸੇ ਦੋਸਤ ਨਾਲ ਰਾਤ ਬਿਤਾਉਣ ਦੇ ਇਵਜ਼ ਵਜੋਂ ਨਰਸਿੰਗ ਦਾ ਕੋਰਸ ਕਰ ਰਹੀ ਸੀ। ਜਦ ਕਿ ਮੈਂ ਮਾਂ ਦੀ ਗ਼ੁਰਬਤ ਅਤੇ ਆਪਣੀ ਅੱਯਾਸ਼ ਤਬੀਅਤ ਕਾਰਨ ਕਾਲਜ ਤੱਕ ਵੀ ਨਹੀਂ ਸਾਂ ਜਾ ਸੱਕੀ।
ਮੇਰੀ ਮਾਂ ਮਕਸੀਕੋ ਸੀ। ਉੱਚੀ ਲੰਮੀ ਅਤੇ ਕੱਕੀ ਭੂਰੀ। ਜਰਮਨ ਪਿਉ ਤੇ ਰਸ਼ੀਅਨ ਮਾਂ ਦਾ ਮੇਲ। ਜਿਸਮ ਪਿਲਪਲਾ। ਛਾਤੀ ਢਿਲਕੀ। ਅੱਖਾਂ ਚੰਨ੍ਹੀਆਂ; ਪਰ ਬੇਹਦ ਪਿਆਰ ਕਰਨ ਵਾਲੀ। ਮੇਰੇ ਨਾਨਾ ਨਾਨੀ ਦੀ ਇਕ ਸਟੀਮਰ ਡੁੱਬਣ ਕਾਰਨ ਹੋਈ ਮੌਤ ਵਜੋਂ, ਮੇਰੀ ਮਾਂ ਪਿੱਤਰੀ ਪਿਆਰ ਤੋਂ ਵਾਂਝੀ ਰਹੀ ਸੀ ਤੇ ਕਿਸੇ ਮਿਹਰਬਾਨ ਸਦਕਾ ਇਕ ਗਿਰਜੇ ਵਿਚ ਨੰਨ੍ਹ ਬਣਨ ਚਲੀ ਗਈ ਸੀ, ਜਿਥੇ ਉਹਨੂੰ ਜ਼ਿੰਦਗੀ ਬੜੀ ਕਰੂਰ ਰੂਪ ਵਿਚ ਮਿਲੀ। ਸ਼ਾਇਦ ਇਸੇ ਲਈ ਉਸ ਵਿਚ ਮਰਦ ਨੂੰ ਸੇਕ ਦੇਣ ਵਾਲਾ ਕੁਝ ਨਹੀਂ ਸੀ ਅਤੇ ਕੋਈ ਮਰਦ ਉਹਦੇ ਸਾਥ ਵਿਚ ਬਹੁਤਾ ਚਿਰ ਟਿਕਿਆ ਨਹੀਂ ਸੀ, ਪਰ ਉਸ ਵਿਚ ਅੰਤਾਂ ਦਾ ਹਠ ਸੀ। ਮੈਥੋਂ ਵਿਛੜ ਕੇ ਉਹਨੇਂ ਕੁਝ ਬਲਿਊ ਫਿਲਮਾਂ ਦੇ ਨੇਕਡ ਕਰਾਊਡ ਵਿਚ ਕੰਮ ਕੀਤਾ ਸੀ ਤੇ ਫਿਰ ਇਕ ਘਟੀਆ ਜਿਹੇ ਚਕਲੇ ਦਾ ਹਿੱਸਾ ਬਣ ਗਈ ਸੀ।
ਇਸਦੇ ਉਲਟ ਮੈਂ ਕਿਸੇ ਵੀ ਰਿਸ਼ਤੇ ਵਿਚ ਬੱਝਣ ਤੋਂ ਬਾਗ਼ੀ ਹੋ ਗਈ। ਘੱਟ ਕੰਮ, ਵੱਧ ਐਸ਼…। ਵੰਨ ਲਾਈਨ ਟਰੈਕ…। ਪਰ ਇਕ ਦਿਨ ਸਭ ਕੁਝ ਫਿਨਸ਼।…
ਉਸ ਸ਼ਾਮ ਮੈਂ ਇਕ ਘਟੀਆ ਜਿਹੇ ਪੱਬ ਵੱਲ ਨਿਕਲੀ ਸਾਂ। ਕਿਸੇ ਸਾਥ ਦੀ ਤਲਾਸ਼ ਵਿਚ; ਇਕ ਹਨੇਰੀ ਜਿਹੀ ਟੇਬਲ ’ਤੇ ਮਨੀਂ ਬੈਠਾ ਦਿੱਸਿਆ।
ਉਹ ਇੰਡੀਅਨ ਸੀ ਤੇ ਮੇਰੀ ਰੂਮਮੇਟ ਸਿਲੀਆ ਦਾ ਫਰੈਂਡ ਸੀ।
ਇੰਡੀਅਨ ਮੈਂ ਲਾਈਕ ਨਹੀਂ ਸਾਂ ਕਰਦੀ, ਪਰ ਮੈਨੂੰ ਕਿਸੇ ਸਾਥ ਦੀ ਤਲਬ ਸੀ।
ਮੈਂ ਹੈਲੋ ਕਹੀ।
”ਜੇਬ ਗਰਮ ਹੈ ਤਾਂ ਰਾਤ ਲਈ ਕੁੜੀ ਚਾਹੇਂਗਾ?”
ਉਹਨੇ ਬੜੀ ਨੀਰਸ ਜਹੀ ਹਾਂ ਕਹੀ।
ਅਸੀਂ ਉਹਦੇ ਹੀ ਸੂਟ ’ਚ ਆ ਗਏ।
ਮੈਂ ਕੱਪੜੇ ਲਾਹੁਣ ਲੱਗੀ ਤਾਂ ਉਹ ਚੀਕਿਆ।
”ਨਹੀਂ… ਅੱਜ ਨਹੀਂ…।”
”ਕਿਉਂ? ਅੱਜ ਕਿਉਂ ਨਹੀ?”…
”ਮੈਂ ਉਦਾਸ ਹਾਂ, ਮੈਨੂੰ ਸਾਥ ਚਾਹੀਦੈ।”…
”ਬੇਵਕੂਫ ਪੈਸੇ ਖਰਚ ਕੇ ਸ਼ਕਲ ਦੇਖੇਂ ਗਾ?”
”ਕੋਈ ਗੱਲ ਨਹੀਂ…।”
ਮੈਂ ਉਹਦੇ ਤਣੇ ਮਥੇ ਅਤੇ ਨਮ ਅੱਖਾਂ ’ਚ ਦੇਖਿਆ।
ਉਹ ਏਨਾਂ ਅਮੀਰ ਨਹੀਂ ਸੀ ਕਿ ਕਿਸੇ ਕੱਪੜਿਆਂ ’ਚ ਕੱਜੀ ਕੁੜੀ ਲਈ ਪੈਸੇ ਖਰਚ ਕਰ ਸਕਦਾ। ਕਿਹੋ ਜਿਹਾ ਆਦਮੀ ਸੀ? ਰੁਕਾਂ ਜਾਂ ਜਾਵਾਂ? ਮੈਂ ਸੋਚਣ ਲੱਗੀ। ਫ਼ੈਸਲੇ ਲਈ ਮੈਨੂੰ ਵਕਤ ਚਾਹੀਦਾ ਸੀ। ਫਰੀਜ਼ਰ ਵਿਚੋਂ ਡਰਿੰਕ ਲੈ ਕੇ ਮੁੜੀ ਤਾਂ ਦੇਖਿਆ ਘਰ ਵਿਚ ਸਾਫ਼ ਸਫ਼ਾਈ ਨਹੀਂ ਸੀ; ਪਰ ਇਕ ਟੇਬਲ ’ਤੇ ਕਿਸੇ ਖ਼ੂਬਸ਼ੂਰਤ ਕੁੜੀ ਦੀ ਤਸਵੀਰ ਪਈ ਸੀ। ਮੈਨੂੰ ਯਾਦ ਆਇਆ, ਸਿਲੀਆ ਨੇ ਦੱਸਿਆ ਸੀ ਕਿ ਇੰਡੀਆ ’ਚ ਇਹਦੀ ਕੋਈ ਪ੍ਰੇਮਿਕਾ ਸੀ ਜਿਸਦੇ ਵਿਛੋੜੇ ’ਚ ਇਹਨੇਂ ਵਿਆਹ ਨਹੀਂ ਸੀ ਕਰਵਾਇਆ। ਦਿਲ ਕੀਤਾ ਪੁੱਛਾਂ, ਪਰ ਜਿਉਂ ਹੀ ਮੈਂ ਪਰਤੀ ਉਹ ਰੋ ਰਿਹਾ ਸੀ।
ਪਤਾ ਲੱਗਾ ਪੰਜਾਬ ਤੋਂ ਉਹਦੀ ਮਾਂ ਦੀ ਮੌਤ ਬਾਰੇ ਖ਼ਬਰ ਆਈ ਸੀ।
ਮੇਰਾ ਮਨ ਭਰ ਆਇਆ। ਮੈਂ ਮਾਂ ਲਈ ਭਾਵੁਕ ਹੋ ਗਈ।
ਮੈਨੂੰ ਮਾਂ ਦੀ ਯਾਦ ਆਈ। ਮੇਰੇ ਲਈ ਉਹਨੇ ਕਿੰਨੇ ਜ਼ਫ਼ਰ ਜਾਲੇ ਸਨ? ਮੱਥੇ ਵਿਚੋਂ ਇਕ ਚੀਸ ਉੱਠੀ… ਹਾਏ! ਕਿੱਥੇ ਸੀ ਮਾਂ?…
”ਦੇਖ! ਤੁਰੰਤ ਚਲਾ ਜਾ ਇੰਡੀਆ, ਪੈਸੇ ਦੀ ਪ੍ਰਾਬਲਮ ਏ ਤਾਂ ਦੱਸ।” ਮੈਂ ਆਪਣਾ ਪਰਸ ਢੇਰੀ ਕਰਦਿਆਂ ਕਿਹਾ। ਜਿਸ ਵਿਚ ਕੁਝ ਡਾਲਰ ਤੇ ਇਕ ਡਾਈਮੰਡ ਦੀ ਰਿੰਗ ਸੀ।
ਉਹਦਾ ਹੱਥ ਫੜ ਕੇ ਛਾਤੀ ਨਾਲ ਘੁੱਟਿਆ। ਅਗਲੇ ਹੀ ਪਲ ਝਟਕ ਦਿੱਤਾ। ਇਹ ਮੈਂ ਕੀ ਕਰ ਰਹੀ ਸਾਂ? ਮੇਰੇ ਜਹੀ ਕੁੜੀ ਲਈ ਇਹੋ ਜਿਹੀ ਹਮਦਰਦੀ ਠੀਕ ਨਹੀਂ ਸੀ।
ਪਰ ਦਿਲ ਨੇ ਕਿਹਾ।
”ਹੋਰ ਲੋੜ ਏ ਤਾਂ ਦੱਸ… ਮੈਂ ਮਦਦ ਕਰਾਂਗੀ।”
”ਪੈਸੇ ਦੀ ਗੱਲ ਨਹੀਂ… ਕਿਸ ਮੂੰਹ ਨਾਲ ਜਾਵਾਂ? ਪੰਜ ਸਾਲ ਮੈਂ ਪਿੱਠ ਮੋੜੀ ਰੱਖੀ… ਬਹੁਤ ਸ਼ਰਮਿੰਦਾ ਹਾਂ ਲਿਜ਼ਾ! ਮੈਨੂੰ ਮਰ ਜਾਣਾ ਚਾਹੀਦੈ।…”
ਉਹ ਮੇਰੀ ਛਾਤੀ ’ਚ ਮੂੰਹ ਦੇ ਕੇ ਰੋਣ ਲੱਗਾ।
ਇਸ ਤੋਂ ਪਹਿਲਾਂ ਮੈਂ ਕਿਸੇ ਮਰਦ ਨੂੰ ਇੰਜ ਰੋਂਦੇ ਨਹੀਂ ਸੀ ਦੇਖਿਆ। ਉਹ ਮਰਨ ਲਈ ਕਹਿ ਰਿਹਾ ਸੀ। ਮੌਤ ਬਾਰੇ ਸੋਚ ਮੈਂ ਕੰਬ ਗਈ।
ਮੈਂ ਮਾਂ ਨੂੰ ਕਈ ਰੂਪਾਂ ਵਿਚ ਮਰਦੇ ਦੇਖਿਆ ਸੀ।
ਅਸੀਂ ਦੋਵੇਂ ਰੋਣ ਲੱਗੇ।
ਨਹੀਂ ਜਾਣਦੀ, ਉਸ ਰਾਤ ਕੀ ਹੋਇਆ। ਅਗਲੀ ਸਵੇਰ ਅਸੀਂ ਮਾਂ ਨੂੰ ਲੱਭਣ ਜਾ ਰਹੇ ਸਾਂ।…
ਮਾਂ ਬੜੀ ਮੁਸ਼ਕਿਲ ਨਾਲ ਮਿਲੀ। ਉਹ ਬਦਲ ਗਈ ਹੋਈ ਸੀ ਤੇ ਇਕ ਨੀਂਦਰਲੈਂਡ ਦੇ ਡੱਚ ਨਾਲ ਦਿਨ-ਕਟੀ ਕਰ ਰਹੀ ਸੀ।
ਜਿਸ ਮਾਂ ਲਈ ਮੈਂ ਰਾਤ ਭਰ ਵਿਲਕੀ ਸਾਂ, ਉਸ ਤੋਂ ਮੈਨੂੰ ਘਿਣ ਆਈ, ਪਰ ਮਨੀ ਪਸੀਜ ਗਿਆ ਅਤੇ ਮੇਰੇ ਰੋਕਣ ਦੇ ਬਾਵਜੂਦ ਮਾਂ ਨੂੰ ਘਰ ਲੈ ਆਇਆ।
”ਕੀ ਕਰੇਂਗਾ ਮੇਰਾ?” ਮਾਂ ਕਿਹਾ।
”ਇਕੱਠੇ ਰਹਾਂਗੇ… ਲਿਜ਼ਾ ਵੀ ਚਾਹੇ ਤਾਂ ਰਹਿ ਸਕਦੀ ਹੈ।” ਉਸ ਕਿਹਾ।
ਜਾਣਦੀ ਸਾਂ ਇਹ ਭਾਵੁਕਤਾ ਬਹੁਤੀ ਦੇਰ ਚੱਲਣ ਵਾਲੀ ਨਹੀਂ ਸੀ। ਮਨੀ ਦੀ ਜਾਬ ਐਹੋ ਜਿਹੀ ਨਹੀਂ ਸੀ ਕਿ ਸਾਡਾ ਦੋਹਾਂ ਦਾ ਭਾਰ ਝਲ ਸਕਦਾ। ਪਰ ਮਾਂ ਛੇਤੀ ਹੀ ਅਡਜੈਸਟ ਹੋ ਗਈ ਅਤੇ ਕਿਸੇ ਸਟੋਰ ’ਚ ਕੰਮ ਕਰਨ ਜਾ ਲੱਗੀ।
ਸ਼ੁਰੂ ’ਚ ਮੈਂ ਮਾਂ ਅਤੇ ਮਨੀ ਦੀ ਨੇੜਤਾ ਨੂੰ ਸ਼ੱਕ ਨਾਲ ਦੇਖਿਆ, ਪਰ ਜਦੋਂ ਉਹ ਮਾਂ ਨੂੰ ਸੱਚਮੁੱਚ ਪਿਆਰ ਕਰਦਾ ਤਾਂ ਲੱਗਦਾ, ਉਹ ਆਪਣੀ ਮਾਂ ਨੂੰ ਮੇਰੀ ਮਾਂ ’ਚੋਂ ਤਲਾਸ਼ ਕਰ ਰਿਹਾ ਸੀ।
ਮਨੀ ਮੈਨੂੰ ਪਸੰਦ ਆਇਆ। ਉਸ ਵਿਚ ਮੇਰੀ ਪਸੰਦ ਦੇ ਕਈ ਗੁਣ ਸਨ।
ਮਿਹਨਤੀ, ਤੇ ਔਰਤ ਦੀ ਇੱਜ਼ਤ ਕਰਨ ਵਾਲਾ।
”ਵਿਆਹ ਕਰੇਂਗਾ ਮੇਰੇ ਨਾਲ”… ਇਕ ਦਿਨ ਮੈਂ ਕਿਹਾ।
”ਵਿਆਹ ਤੇ ਤੂੰ?” ਉਹ ਹੱਸਿਆ। ਉਹ ਸੱਚਾ ਸੀ।
ਕੁਝ ਦਿਨ ਪਹਿਲਾਂ ਮੇਰੇ ਨਾਲ ਹਮਬਿਸਤਰ ਹੁੰਦੇ ਉਹਨੇ ਕਿਸੇ ਗੱਲੋਂ ਮੇਰੇ ’ਤੇ ਹੱਕ ਜਤਾਇਆ ਸੀ ਤਾਂ ਮੈਂ ਝਿੜਕ ਦਿੱਤਾ ਸੀ।
”ਪਲੀਜ਼! ਮੇਰਾ ਮਜ਼ਾਕ ਨਾ ਉਡਾ… ਸੀਰੀਅਸ ਹਾਂ ਮੈਂ…”
”ਨਹੀਂ ਲੀਜ਼ਾ! ਵਿਆਹ ਜਿਸ ਨਾਲ ਹੋਣਾ ਸੀ, ਉਹਦੇ ਨਾਲ ਨਹੀਂ ਹੋਇਆ ਤਾਂ ਕਿਸੇ ਹੋਰ ਨਾਲ ਕਰਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।” ਉਹਨੇ ਕਿਹਾ।
ਪਰ ਮੈਂ ਦ੍ਰਿੜ ਸਾਂ।
ਉਹ ਮੇਰੇ ’ਤੇ ਹੱਸਣ ਲੱਗਾ ਅਤੇ ਬਾਹਰ ਲਾਨ ਵਿਚ ਕੰਮ ਕਰਦੀ ਮੇਰੀ ਮਾਂ ਨੂੰ ਦੱਸਣ ਚਲਾ ਗਿਆ।
ਮੁੜਿਆ ਤਾਂ ਚੀਕਿਆ, ”ਲੀਜ਼ਾ!”…
ਮੈਂ ਆਪਣੀ ਨਸ ਕੱਟ ਲਈ ਸੀ ਤੇ ਕਾਲੀਨ ਲਹੂ ਨਾਲ ਭਿੱਜ ਰਿਹਾ ਸੀ।
”ਹਾਂ ਕਰ… ਨਹੀਂ ਗਈ ਮੈਂ…।”
ਅਗਲੇ ਦਿਨ ਅਸੀਂ ਮਜਿਸਟਰੇਟ ਦੇ ਸਾਮ੍ਹਣੇ ਸਾਂ।
ਐਗਰੀਮੈਂਟ ਹੋਣ ਲੱਗਾ ਤਾਂ ਮੈਂ ਕਿਹਾ।
”ਵਿਆਹ ਮਨਜ਼ੂਰ! ਪਰ ਬੱਚਾ ਨਹੀਂ…”
”ਕਿਉਂ? ਬੱਚਾ ਕਿਉਂ ਨਹੀਂ?…” ਉਹ ਤ੍ਰਭਕਿਆ ਅਤੇ ਹੈਰਾਨ ਹੋਇਆ।
”ਮੈਂ ਬੰਧਨ ਸਵੀਕਾਰ ਨਹੀਂ ਕਰਦੀ…”
”ਵਿਆਹ ਬੰਧਨ ਨਹੀਂ ਲਿਜ਼ਾ…” ਉਹਨੇ ਤਰਲਾ ਲਿਆ।
”ਨਹੀਂ… ਵਿਆਹ ਜਦ ਮੈਂ ਚਾਹਾਂ ਤੋੜ ਸਕਦੀ ਹਾਂ, ਪਰ ਬੱਚਾ ਮੈਨੂੰ ਬੰਨ੍ਹ ਦੇਵੇਗਾ।”
”ਪਰ ਤੂੰ ਵਿਆਹ ਤੋੜੇਂਗੀ ਹੀ ਕਿਉਂ?”
”ਏਸ ਲਈ ਕਿ ਹੋ ਸਕਦੈ ਤੇਰੇ ਕਮਰੇ ’ਚ ਟੇਬਲ ’ਤੇ ਪਈ ਪਈ ਤਸਵੀਰ ਵਿਚਲੀ ਕੁੜੀ ਤੇਰੇ ਜ਼ਿਹਨ ਵਿਚ ਵੀ ਬੈਠੀ ਹੋਵੇ; ਤੂੰ ਮੇਰੇ ’ਚੋਂ ਉਸਨੂੰ ਤਲਾਸ਼ ਕਰੇਂ ਅਤੇ ਉਹ ਲੱਭੇ ਨਾ…
”ਪਰ ਬੇਟੀ…”
”ਨਹੀਂ ਮਾਂ! ਤੂੰ ਨਾ ਬੋਲ…। ਤੂੰ ਕੀ ਖੱਟਿਆ ਬੱਚਾ ਪੈਦਾ ਕਰਕੇ?” ਮੈਂ ਮਾਂ ਨੂੰ ਤਲਖ਼ੀ ਨਾਲ ਕੱਟਿਆ।
”ਖੱਟਿਆ? ਕਿਸ ਖੱਟੀ ਦੀ ਗੱਲ ਕਰਦੀ ਏਂ ਤੂੰ?… ਜਿਸ ਖੱਟੀ ਨਾਲ ਐਸ਼ ਕਰਦੀ ਏਂ ਤੂੰ? ਐਹੋ ਜਹੀ ਖੱਟੀ ਜਿੰਨੀ ਮਰਜ਼ੀ ਕੱਠੀ ਕਰ ਲੈ… ਪਰ ਤੂੰ ਉਸ ਖੱਟੀ ਨਾਲ ਆਪਣੇ ਜਹੀ ਇਕ ਲਿਜ਼ਾ ਪੈਦਾ ਕਰਕੇ ਦਿਖਾ… ਮੈਂ ਰੇਪ ਹੋਈ, ਦੁੱਖ ਕੱਟੇ, ਪਰ ਆਪਣੇ ਜਹੀ ਇਕ ਲਿਜ਼ਾ ਪੈਦਾ ਕੀਤੀ… ਪਿਆਰੀ ਲਿਜ਼ਾ! ਮੇਰਾ ਵਿਸਥਾਰ…
ਮੈਂ ਕੁਝ ਨਾ ਬੋਲੀ, ਅਤੇ ਐਗਰੀਮੈਂਟ ਪਾੜ ਕੇ ਚਲੀ ਆਈ।
ਦੁਬਾਰਾ ਮਾਂ ਅਤੇ ਮਨੀ ਨੂੰ ਨਹੀਂ ਮਿਲੀ।
ਇਕ ਦਿਨ ਸਿਲੀਆ ਮਿਲੀ।
”ਮੂਰਖ ਸੀ ਤੂੰ…”
”ਅਜ਼ਾਦੀ ਮੰਗ ਲਈ, ਇਸ ਲਈ?…”
”ਨਹੀਂ!”
”ਫ਼ਿਰ?”
”ਠੀਕ ਫ਼ੈਸਲਾ, ਨਾ ਕਰ ਸਕੀ…”
”ਮਤਲਬ?”
”ਦੇਖ, ਪਹਿਲਾਂ ਉਹ ਵਿਆਹ ਲਈ ਤਿਆਰ ਨਹੀਂ ਸੀ।”
”ਹਾਂ!”
”ਫਿਰ ਉਹਨੇ ਹਾਂ ਕਹੀ… ਪਰ ਤੂੰ ਦੁਬਿਧਾ ’ਚ ਫਸ ਗਈ।”
”ਕਿਵੇਂ?”
”ਤੈਨੂੰ ਮਰਦ ਚਾਹੀਦੈ, ਪਰ ਬੰਧਨ ਨਹੀਂ… ਸਾਥੀ ਚਾਹੀਦੈ, ਪਰ ਬੱਚਾ ਨਹੀਂ… ਤੂੰ ਪੈਸੇ ਨੂੰ ਪਿਆਰ ਕਰਦੀ ਏਂ… ਪਰ ਪੈਸੇ ਵਾਲੇ ਨੂੰ ਨਹੀਂ।”
”ਪਰ ਉਹਦੀ ਬੱਚੇ ਲਈ ਜ਼ਿਦ…”
”ਕੇਵਲ ਬੱਚੇ ਲਈ ਨਹੀਂ ਲਿਜ਼ਾ… ਪੂਰੇ ਪਰਿਵਾਰ ਦੀ ਹੋਂਦ ਲਈ ਜ਼ਿਦ…”
”ਪਰ ਮੇਰੀ ਅਜ਼ਾਦੀ…”
”ਕਿਹੜੀ ਅਜ਼ਾਦੀ? ਹਰ ਸ਼ਾਮ ਸ਼ਰਾਬ ਤੇ ਕਿਸੇ ਨਵੇਂ ਮਰਦ ਦੀ ਤਲਾਸ਼… ਇਹਨੂੰ ਅਜ਼ਾਦੀ ਕਹਿੰਨੀ ਏਂ ਤੂੰ? ਇਹ ਤਾਂ ਕਦੇ ਵੀ ਨਾ ਮੁੱਕਣ ਵਾਲੀ ਸਜ਼ਾ ਏ ਲਿਜ਼ਾ…”
ਮੈਂ ਸੋਚਣ ਲੱਗੀ।
”ਤੂੰ ਉਸ ਵਿਚ ਪਰਿਵਾਰ ਦੀ ਇੱਛਾ ਪੈਦਾ ਕਰਕੇ ਮੇਰਾ ਵੀ ਨੁਕਸਾਨ ਕੀਤਾ।”
”ਕਿਉਂ? ਤੇਰਾ ਕਿਵੇਂ?”
”ਉਹ ਬੈਚੂਲਰ ਸੀ, ਕਦੇ ਕਦਾਈਂ ਦੇ ਸਾਥ ਬਦਲੇ ਉਹ ਮੇਰੇ ਲਈ ਵੀ ਕਮਾਉਂਦਾ ਸੀ।”
”ਹੁਣ ਕੀ ਹੋਇਆ?”
”ਹੁਣ ਉਹ ਪੰਜਾਬ ਜਾ ਰਿਹੈ… ਆਪਣੇ ਭਰਾ ਦੀ ਵਿਧਵਾ ਨਾਲ ਸ਼ਾਦੀ ਕਰਨ… ਜਿਸਦੇ ਦੋ ਬੱਚੇ ਵੀ ਨੇ…”
ਇਕ ਤ੍ਰਾਟ ਮੇਰੇ ਮੱਥੇ ’ਚੋਂ ਉੱਠੀ ਅਤੇ ਸਾਰੇ ਵਜੂਦ ਨੂੰ ਚੀਰਦੀ ਚਲੀ ਗਈ।
ਇਹ ਮੈਂ ਕੀ ਸੁਣ ਰਹੀ ਸਾਂ।
”ਨਹੀਂ ਇਹ ਸੱਚ ਨਹੀਂ ਸਿਲੀਆ!”
”ਇਹ ਸੱਚ ਏ ਲਿਜ਼ਾ…”
ਮੈਨੂੰ ਲੱਗਾ, ਮੈਨੂੰ ਚੱਕਰ ਆ ਰਹੇ ਸਨ ਤੇ ਮੇਰੀ ਹੋਸ਼ ਉੱਡ ਰਹੀ ਸੀ।
ਲੰਗੋਟੀਏ
ਬਾਹਰ ਸੂਰਜ ਡੁੱਬ ਰਿਹਾ ਸੀ, ਤੇ ਅੰਦਰ ਮੈਂ…। ਮੈਂ ਯਾਨੀ ਠਿੱਪਰ, ਉਰਫ਼ ਜਸਵੰਤ ਸਿੰਘ, ਉਰਫ਼ ਜੱਸੀ ਉਰਫ਼ ਨੇਤਾ ਜੀ!
ਏਅਰਪੋਰਟ ਦੀ ਏਅਰਕੰਡੀਸ਼ਨਡ ਲੌਬੀ, ਪਰ ਪਿੰਡਾ ਤ੍ਰੇਲੀਓ ਤ੍ਰੇਲੀ… ਮੇਰੇ ਨਾਲ ਆਇਆ ਪੰਡਤ (ਸਾਡਾ ਦੋਸਤ) ਕੁਰਸੀ ’ਤੇ ਟੇਢਾ ਹੋਇਆ ਪਿਆ ਸੀ ਤੇ ਮੈਂ ਪੈਰਾਂ ਤੋਂ ਸਿਰ ਤੱਕ ਉਚਾਟ ਏਧਰ ਓਧਰ ਚੱਕਰ ਕੱਟ ਰਿਹਾ ਸਾਂ।
ਮੱਥੇ ਵਿੱਚ ਇੱਕੋ ਪ੍ਰਸ਼ਨ ਵਾਰ ਵਾਰ ਟਸਕਦਾ…। ਹਰ ਕਾਮਯਾਬੀ ਮੇਰੇ ਕੋਲ ਚੱਲ ਆਈ, ਪਰ ਅੱਜ ਨਿੱਕੀ ਜਹੀ ਗੱਲ ਬਦਲੇ ਆਪ ਆਉਣਾ ਪੈ ਗਿਆ। ਆਖ਼ਿਰ ਕਿਉਂ? ਨਿੰਦੀ ਨੂੰ ਭੋਗਣ ਦੀ ਇੱਛਾ, ਜਾਂ ਮਨੀ ਲਈ ਯਾਰੀ ਦਾ ਵਿਖਾਵਾ…। ਕੁਝ ਵੀ ਸੀ, ਮੈਂ ਤੇ ਪੰਡਿਤ ਏਅਰ ਪੋਰਟ ’ਤੇ ਸਾਂ।
ਮਨੀ ਨੂੰ ਮੈਂ ਭੁੱਲ ਚੁੱਕਾ ਸਾਂ, ਪਰ ਨਿੰਦੀ ਲਈ ਮੇਰੀ ਭੁੱਖ ਹੋਰ ਵੀ ਹਾਬੜ ਗਈ ਸੀ। ਕਹਿਣ ਨੂੰ ਮੈਂ, ਯਾਨੀ ਠਿੱਪਰ, ਉਰਫ਼ ਜੱਸੀ, ਉਰਫ਼ ਨੇਤਾ, ਪੰਡਤ, ਮਨੀ, ਲਾਡੋ, ਪਾਸ਼ੀ ਅਤੇ ਨਿੰਦੀ… ’ਕੱਠੇ ਖੇਡਦੇ ਵੱਡੇ ਹੋਏ ਸਾਂ; ਪਰ ਨਿੰਦੀ ਲਈ ਮੇਰੀ ਤੜਪ ਹੋਰ ਤਰ੍ਹਾਂ ਦੀ ਸੀ। ਹਾਲਾਂ ਕਿ ਪੰਡਤ ਅਤੇ ਮਨੀ ਵੀ ਨਿੰਦੀ ਲਈ ਸਿਰ ਧੜ ਦੀ ਲਾਈ ਖੜ੍ਹੇ ਸਨ। ਪਰ ਅਚਾਨਕ ਅਜਿਹੀ ਵਾ ਵਗੀ ਕਿ ਵਰੋਲੇ ਵਾਂਗ ਉੱਡਦੇ, ਕੱਖਾਂ ਵਾਂਗ ਹੀ ਖਿੰਡ ਗਏ।…
ਪੰਡਤ ਸਾਧ ਬਣ ਗਿਆ। ਮੈਂ ਨੇਤਾ, ਤੇ ਮਨੀ ਅਮਰੀਕਾ ਚਲਾ ਗਿਆ। ਪਾਸ਼ੀ ਦੋ ਕੁੜੀਆਂ ਨੂੰ ਲੈ ਕੇ ਘਰੋਂ ਨਿਕਲ ਗਈ। ਲਾਡੋ ਕਿਸੇ ਅਮੀਰ ਦੀ ਸੇਜ ਜਾ ਚੜ੍ਹੀ ਤੇ ਨਿੰਦੀ, ਜਿਹੜੀ ਸਾਡੇ ਸਭ ਲਈ ਕੋਹ-ਕਾਫ਼ ਦੀ ਪਰੀ ਸੀ। ਕਿਸੇ ਦਿਉ ਨੇ ਕੈਦ ਕਰ ਲਈ।
ਅੱਜ ਸੋਚਦਾ ਹਾਂ, ਮੈਂ ਪਾਕਸਤਾਨੋਂ ਆਇਆ ਸ਼ਰਨਾਰਥੀ…ਮਨੀ, ਪੰਡਤ, ਲਾਡੋ, ਪਾਸ਼ੀ, ਨਿੰਦੀਂ ਨਹੀਂ ਨਾਜ਼ੀਆ, ਪਟਿਆਲੇ ਦੇ ਜੱਦੀ ਬਾਸ਼ਿੰਦੇ…। ਪਤਾ ਹੀ ਨਾ ਲੱਗਾ ਦੋਸਤੀ ਕਦੋਂ ਇੱਕ ਦੂਜੇ ਵਿਚ ਬੇਰੀ ਦੇ ਛਾਪੇ ਵਾਂਗ ਫਸ ਗਈ।
ਇਕ ਦੂਜੇ ਨੂੰ ਵੇਖ ਕੇ ਹੱਸਣਾ, ਖੇਡਣਾ…ਲੜਨਾ, ਝਗੜਨਾ…ਰੁਸਣਾ ਤੇ ਮੰਨਣਾ; ਯਾਰੀ ਲਈ ਹੋਰ ਕੀ ਚਾਹੀਦਾ ਸੀ? ਪਰ ਛੇਤੀ ਹੀ ਸਾਨੂੰ ਲੱਗਾ ਸਾਡੀ ਯਾਰੀ ਦੀ ਵਜਾਹ ‘ਨਾਜ਼ੀਆ’ ਸੀ। ਜਿਹੜੀ ਚੁੱਪ ਰਹਿੰਦੀ ਸੀ ਤੇ ਮਨੀ ਦੇ ਕੁਝ ਵੱਧ ਨੇੜੇ ਜਾਪਦੀ…। ਹਾਲਾਂ ਕਿ ਮੈਂ ਤੇ ਪੰਡਤ ਉਹਨੂੰ ਮਨੀ ਤੋਂ ਵੀ ਵੱਧ ਚਾਹੁੰਦੇ ।
ਨਾਜ਼ੀਆ! ਜੀਹਦੇ ਗਲ਼ ਲੱਗ ਕੇ ਮਰਨ ਨੂੰ ਜੀ ਕਰਦਾ।
ਨਾਜ਼ੀਆ! ਜਿਹਨੂੰ ਦੇਸ਼ ਵੰਡ ਵੇਲੇ ਨਿੰਦੀ ਬਣਾ ਲਿਆ ਗਿਆ ਸੀ। ਕਹਿਣ ਨੂੰ ਬੀਤੇ ਦੀਆਂ ਗੱਲਾਂ ਸਨ। ਪਰ ਮੇਰੇ ਲਈ ਕੱਲ੍ਹ ਦੀਆਂ ਹਨ। ਫਿਰ ਕੀ ਸੀ? ਜੋ ਨਿੰਦੀ ਨੂੰ ਵੇਖਣ ’ਤੇ ਮੱਥੇ ਵਿਚ ਟਸਕਦਾ ਸੀ? ਤੇ ਚਿੱਤ ’ਚ ਖੌਰੂ ਪਾੳਂੁਦਾ ਸੀ? ਸ਼ਾਇਦ ਕੋਈ ਤਲਿਸਮ ਸੀ….। ਅਜਿਹਾ ਤਲਿਸਮ…ਜਿਸ ਵਿਚ ਕੋਈ ਵੀ ਭਟਕ ਸਕਦਾ ਸੀ।
ਇਕ ਦਿਨ ਮੈਂ ਵੀ ਭਟਕ ਗਿਆ ਤੇ ਨਿੰਦੀ ਨੂੰ ਚੁੰਮ ਲਿਆ।
ਅਗਲੇ ਪਲ ਮੁਆਫ਼ੀ ਮੰਗਣ ਲੱਗਾ।
”ਹੈ ਕਮਲਾ! ਮੁਆਫ਼ੀ ਕਾਹਦੀ…ਹਿੰਦੂ ਬਣਾਉਣ ਦਾ ਮੁੱਲ ਨਹੀਂ ਲੈਣਾ ਤੁਸੀਂ? ਕੀ ਹੋਇਆ ਜੇ ਚੁੰਮ ਲਿਆ?”
ਮੇਰੇ ਪੈਰ ਚੱਕੇ ਗਏ। ਹੁੱਭ ਕੇ ਮੈਂ ਪੰਡਤ ਤੇ ਮਨੀ ਨੂੰ ਜਾ ਦੱਸਿਆ।
ਉਹ ਹੱਸਣ ਲੱਗੇ।
ਇਹੋ ਜਿਹੇ ਫ਼ਿਕਰੇ ਉਹ ਵੀ ਸੁਣ ਚੁੱਕੇ ਸਨ।
”ਨਿਕਾਹ ਕਰੇਂਗੀ ਮੇਰੇ ਨਾਲ?….” ਇਕ ਦਿਨ ਮਨੀ ਨੇ ਕਿਹਾ ਸੀ।
”ਵਿਆਹ ਦੀ ਗੱਲ ਕਰ….ਨਿਕਾਹ ਵਾਲੀ ਤਾਂ ਦਫ਼ਨ ਹੋ ਗਈ।”
ਇਵੇਂ ਹੀ ਇਕ ਦਿਨ ਸੁੱਖੀ ਪੰਡਤ ਕਹਿ ਬੈਠਾ।
”ਜਾਂ ਨਿੰਦੀਏ ਤੂੰ….ਜਾਂ ਕੋਈ ਵੀ ਨਹੀਂ…।”
”ਹੈ ਮੂਰਖ! ਮਾਂ ਪਿਉ ਕਤਲ ਹੋ ਗਏ। ਘਰ ਲੁੱਟੇ ਗਏ। ਦੀਨ ਈਮਾਨ ਜਾਂਦਾ ਰਿਹਾ। ਹੁਣ ਤੈਥੋਂ ਬਿਨਾ ਮੇਰਾ ਕਿਹੜੈ?”
ਉਹ ਕੀ ਕਹਿ ਰਹੀ ਸੀ? ਇਹ ਬਦਲਾ ਸੀ ਜਾਂ ਬੇਬਸੀ? ਕੁਝ ਸਮਝ ਨਹੀਂ ਸੀ ਆਉਂਦਾ।
ਪਰ ਭਾਵੀ ਕੁਝ ਹੋਰ ਈ ਸੀ।
ਇਕ ਦਿਨ ਮਨੀ ਦਾ ਛੋਟਾ ਭਰਾ ਮੱਦੀ ਹਨੇਰੀ ਵਾਂਗ ਆਇਆ, ਅਤੇ ਨਿੰਦੀ ਨੂੰ ਲੈ ਕੇ ਚੱਲਦਾ ਬਣਿਆ।
ਸਾਡੇ ਲਈ ਇਹ ਵੱਡੀ ਸੱਟ ਸੀ। ਖਾਸ ਕਰ ਮੇਰੇ ਲਈ।
ਭਾਵੀ ਇਉਂ ਬਣੀ ਕਿ ਪਾਸ਼ੀ ਜੋ ਨਿੰਦੀ ਦੀ ਮਸੇਰ ਭੈਣ ਸੀ, ਗੁੱਸੇ-ਖੋਰੀ ਸੀ। ਜਿਹੜੇ ਹਿੰਦੂਆਂ ਨੇ ਉਹਦੇ ਮਾਂ ਪਿਉ ਕਤਲ ਕੀਤੇ, ਬਦਲੇ ਵਿਚ ਉਹਨਾਂ ਦੀਆਂ ਮੁਟਿਆਰ ਕੁੜੀਆਂ ਨੂੰ ਲੈ ਕੇ ਘਰੋਂ ਨਿਕਲ ਗਈ। ਪਾਸ਼ੀ ਨਿੰਦੀ ਕੇ ਟੱਬਰ ’ਚ ਰਹਿੰਦੀ ਸੀ। ਇਸ ਤੋਂ ਪਹਿਲਾਂ ਕਿ ਨਿੰਦੀ ਦੇ ਟੱਬਰ ਦੀ ਤੋਏ-ਤੋਏ ਹੁੰਦੀ…। ਲੋਕ ਮੂੰਹ ’ਤੇ ਥੁੱਕਦੇ; ਪਾਸ਼ੀ ਕੁੜੀਆਂ ਨਾਲ ਗੱਡੀ ’ਚ ਸਵਾਰ ਮੱਦੀ ਨੂੰ ਟੱਕਰ ਗਈ। ਮੱਦੀ ਕੁੜੀਆਂ ਘਰ ਲੈ ਆਇਆ। ਵਿਰੋਧੀ ਸੱਗਵੀਂ ਕੁੜੀ (ਨਿੰਦੀ) ਨੂੰ ਚੁੱਕਣ ਲਈ ਫ਼ਿਰਦੇ ਸੀ। ਪਰ ਮੱਦੀ ਨੇ ਸੌਦੇਬਾਜ਼ੀ ’ਚ ਪਾਸ਼ੀ ਉਹਨਾਂ ਦੇ ਪੇਟੇ ਪਾ ਦਿੱਤੀ ਤੇ ਆਪ ਵਿਚੋਲਗਿਰੀ ਦੇ ਇਵਜ਼ ਵਜੋਂ ਚੁੱਪ ਰਹਿਣ ਬਦਲੇ ਨਿੰਦੀ ਨੂੰ ਲੈ ਕੇ ਚਲਦਾ ਬਣਿਆ।
ਤੇ ਇਉਂ ਨਿੰਦੀ ਪਹਿਲਾਂ ਧਰਮੀ ਜਨੂਨ, ਤੇ ਫ਼ਿਰ ਮਾਂ ਦੀ ਇਜ਼ਤ ਬਦਲੇ ਚੁਪ-ਚਾਪ ਅਸਮਤ ਦੀ ਬਲੀ ਚੜ੍ਹ ਗਈ।
ਨਿੰਦੀ ਨਹੀਂ ਤਾਂ ਕੁਝ ਵੀ ਨਹੀਂ…
ਅਸੀਂ ਵੀ ਸਭ ਆਪੋ ਆਪਣੇ ਰਾਹ ਪੈ ਗਏ।…
ਫ਼ਿਰ ਇਕ ਦਿਨ ਮੱਦੀ ਦੇ ਮਰ ਜਾਣ ਦੀ ਖ਼ਬਰ ਆਈ।
ਕਿਸੇ ਹਾਤੇ ਵਿਚ ਪੀਂਦੇ ਨੂੰ ਸ਼ਰਾਬ ਲੜ ਗਈ।
ਚੌਥੇ ਦਿਨ ਮਾਂ ਵੀ ਚਲਦੀ ਬਣੀ।
ਨਿੰਦੀ ਨਾ ਰੋਈ, ਨਾ ਕਲਪੀ।…..
”ਦੇਖ ਪੈਸਾ, ਇੱਜ਼ਤ, ਸ਼ੋਹਰਤ ਸਭ ਕੁਝ ਆਪਣੇ ਕੋਲ ਐ….। ਬੱਚੇ ਤੇਰੇ ਹੋਸਟਲ ’ਚ ਪੜ੍ਹਨ ਗੇ.. ਤੇਰੇ ਲਈ ਨਵੀਂ ਕੋਠੀ…। ਲੋਕਾਂ ਲਈ ਮੈਂ ਲੱਖ ਨੇਤਾ….ਕਮੀਨਾ…ਕੁੱਤਾ…ਪੁਲਸ ਦਾ ਟਾਊਟ ਆਂ…ਪਰ ਤੇਰੇ ਲਈ ਸਿਰਫ਼ ਠਿੱਪਰ ਆਂ, ਠਿੱਪਰ ਉਰਫ ਜੱਸੀ…। ਹਾਂ ਕਰ ਤੇ ਏਸ ਕੁੱਤ-ਖਾਨੇ ’ਚੋਂ ਨਿਕਲ…। ਸੋਨੇ ਚਾਂਦੀ ’ਚ ਮੜ੍ਹ ਕੇ ਰੱਖੂੰ…ਤੇ ਪੈਸਾ? ਪੈਸਾ ਤਾਂ ਅੱਗ ਲਾਇਆਂ ਨੀਂ ਸੜਦਾ…ਬਸ ਤੂੰ ਹਾਂ ਕਰ, ਤੇ ਕੰਚਨ ਜਹੀ ਦੇਹ ਨਾ ਗਾਲ।” ਇਕ ਦਿਨ ਦਿਲਾਸਾ ਦੇਣ ਗਏ ਮੈਂ ਕਿਹਾ।
ਨਿੰਦੀ ਜਿਹੜੀ ਪੱਥਰ ਬਣੀ ਬੈਠੀ ਸੀ। ਮੇਰੇ ਮੋਢੇ ਲੱਗ ਕੇ ਫੁੱਟ ਫੁੱਟ ਰੋਣ ਲੱਗੀ। ਮੈਂ ਮਹਿਸੂਸ ਕੀਤਾ, ਉਸ ਵਿਚ ਉਹੋ ਸੇਕ ਸੀ। ਮੈਂ ਫ਼ੈਸਲਾ ਲਿਆ, ਕੁਝ ਵੀ ਹੋਵੇ, ਛੱਡਣੀ ਨਹੀਂ। ਜਿਥੇ ਇਕ
ਰਖੇਲ, ਉਥੇ ਦੋ…। ਮੈਂ ਨਾਲ ਘੁੱਟਿਆ, ਅੱਥਰੂ ਪੂੰਝੇ, ਮੱਥਾ ਚੁੰਮਿਆ। ”ਕਮਲੀਏ! ਦਿਲ ਕਿਉਂ ਛੋਟਾ ਕਰਦੀ ਏਂ ਤੂੰ!” ਤੇ ਉਹਦੀ ਭਰਵੀਂ ਛਾਤੀ ਦੇ ਡੂੰਘ ਵਿਚ ਨੋਟਾਂ ਦੀ ਇੱਕ ਦੱਥੀ ਧਰਦਾ ਚਲਾ ਆਇਆ।
ਫਿਰ ਅਚਾਨਕ ਸੁਣਿਆ ਉਹਨੂੰ ਮਨੀ ਲੈਣ ਆ ਰਿਹਾ ਸੀ।
ਜਿਸਨੂੰ ਰਸੀਵ ਕਰਨ ਲਈ ਮੈਂ ਤੇ ਪੰਡਤ ਏਅਰ ਪੋਰਟ ’ਤੇ ਖੜ੍ਹੇ ਸਾਂ।
ਇੱਕ ਉਦਾਸ ਸਫ਼ਰ
ਮਨੀ ਬੜੇ ਬੁਝੇ ਮਨ ਨਾਲ ਮਿਲਿਆ।
ਰਸੀਮ ਜਿਹੀ ”ਹੈਲੋ!” ਤੇ ਬੱਸ।
ਉਹ ਬਿਲਕੁਲ ਬਦਲ ਗਿਆ ਸੀ। ਉਹਨੂੰ ਸ਼ਾਇਦ ਮਾਂ ਦਾ ਦੁੱਖ ਸੀ। ਮੱਦੀ ਨੂੰ ਤਾਂ ਉਹ ਪਹਿਲਾਂ ਹੀ ਨਹੀਂ ਸੀ ਚਾਹੁੰਦਾ। ਸ਼ਾਇਦ ਨਿੰਦੀ ਸਾਂਭ ਲੈਣ ਕਰਕੇ। ਉਹਦੇ ਬੁਝੇ ਹੋਣ ਦੀ ਮੈਨੂੰ ਖੁਸ਼ੀ ਹੋਈ। ਮੈਂ ਉਹਨੂੰ ਖੁਸ਼ ਵੇਖਣ ਦਾ ਚਾਹਵਾਨ ਵੀ ਨਹੀਂ ਸਾਂ। ਉਹ ਮੇਰੇ ਤੇ ਨਿੰਦੀ ਵਿਚਾਲੇ ਰੋੜਾ ਬਣ ਰਿਹਾ ਸੀ। ਪਰ ਕੀ ਉਹ ਮੈਥੋਂ ਨਿੰਦੀ ਖੋਹ ਕੇ ਲੈ ਜਾ ਸਕੇਗਾ? ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਨਹੀਂ ਸੀ ਜਾਣਦਾ ਸਮਾਂ ਬਦਲ ਚੁੱਕਾ ਸੀ, ਤੇ ਮੈਂ ਉਹ ਠਿੱਪਰ ਨਹੀਂ ਸਾਂ ਰਿਹਾ।
ਮੈਂ ਤਾਂ ਕਦੇ ਵਿਰੋਧੀ ਨਹੀਂ ਸੀ ਜਿੱਤਣ ਦਿੱਤਾ; ਫ਼ਿਰ ਇਹ ਮਨੀ ਕਿਆ ਚੀਜ਼ ਐ? ਮੇਰੇ ਕੋਲ ਸੱਤਾ ਐ…ਤਾਕਤ ਐ…ਪੈਸੈ…. ਤੇ ਸਭ ਤੋਂ ਵੱਧ ਮੈਂ ਨਿੰਦੀ ਲਈ ਬੁਰੇ ਦੇ ਘਰ ਤੱਕ ਜਾ ਸਕਦਾਂ।
ਉਹਨੂੰ ਕੀ ਪਤਾ….ਜਿਹੜੀ ਰਖੇਲ ਅੱਜ ਕੱਲ੍ਹ ਮੇਰੀ ਬੁੱਕਲ ਵਿਚ ਹੈ ਉਹ ਕਿਹੜਾ ਸੌਖੀ ਮਿਲ ਗਈ। ਵੀਹ ਪਾਪੜ ਵੇਲੇ, ਪਹਿਲਾਂ ਉਹਦੇ ਪਤੀ ਨੂੰ ਡਰੱਗ ਮਾਫ਼ੀਏ ’ਚ ਸੱਤ ਸਾਲੀ ਕਰਵਾਈ। ਕੁਝ ਮੁਸ਼ਕਲਾਂ ਖੜ੍ਹੀਆਂ ਕੀਤੀਆਂ, ਕੁਝ ਮਦਦ….ਤੇ ਬਾਜ਼ੀ ਚਿੱਤ। ਅੱਜ ਜਲੰਧਰ ਦੇ ਉਬਰਾਏ ਖ਼ਾਨਦਾਨ ਦੀ ਮਾਡਲ ਧੀ ਅਤੇ ਰੂਪਾ ਟਰੈਵਲ ਏਜੰਸੀ ਵਾਲਿਆਂ ਦੀ ਖ਼ੂਬਸੂਰਤ ਨੂੰਹ! ਦਾਸ ਦੀ ਦਾੜ੍ਹ ਹੈਠ ਐ। ਫਿਰ ਨਿੰਦੀ ਵਾਲਾ ਮਾਮਲਾ ਤਾਂ ਲੀਹ ’ਤੇ ਸੀ। ਮੱਦੀ ਮਰ ਚੁੱਕਾ ਸੀ। ਨਿੰਦੀ ਰੋਟੀ ਲਈ ਆਤੁਰ ਸੀ। ਥੋੜ੍ਹਾ ਜਿਹਾ ਪੈਸਾ…ਥੋੜ੍ਹਾ ਜਿਹਾ ਧੱਕਾ…ਥੋੜ੍ਹੀ ਜਹੀ ਅਪਣੱਤ…ਤੇ ਮਾਮਲਾ ਚਿੱਤ; ਇਹ ਤਾਂ ਮਨੀ ਦੇ ਵਿਚ ਆ ਟਪਕਣ ਤੇ ਥੋੜ੍ਹਾ ਵੱਖਰਾ ਪਲਾਨ ਕਰਨਾ ਪਿਆ।
ਪਲਾਨ ਵੀ ਕਾਹਦਾ? ਕਿਸੇ ਹੋਟਲ ’ਚ ਮਨੀ ਦਾ ਉਤਾਰਾ… ਡਾ. ਖੋਸਲਾ ਵੱਲੋਂ ਡਰਿੰਕ ਵਿਚ ਦਿੱਤਾ ਨਸ਼ੇ ਦਾ ਇੱਕ ਡਰਾਪ…। ਤਿੰਨ ਚਾਰ ਕੁੜੀਆਂ ਨਾਲ ਮਨੀ ਦੇ ਨੇਕਡ ਸਨੈਪ ਤੇ ਨਿੰਦੀ ਦੇ ਦਿਲੋਂ ਮਨੀ ਸਾਹਿਬ ਦਾ ਪੱਤਾ ਸਾਫ਼…। ਜੇ ਇਹ ਨਹੀਂ, ਤਾਂ ਫ਼ਿਰ ਨਿੰਦੀ ਗਾਇਬ!
ਹੋਰ ਵੀ ਕਈ ਜੁਗਤਾਂ ਸਨ; ਪਰ ਮੌਕੇ ਅਨੁਸਾਰ, ਹਥਿਆਰ ਉਹ ਜੋ ਕੰਮ ਆਵੇ…। ਪਿਛਲੇ ਮਹੀਨੇ ਹੀ ਹਾਲੇ ਮੈਂ ਆਪਣੀ ਸਟੈਨੋ ਦਾ ਫਸਤਾ ਵੱਢਿ੍ਹਆ ਸੀ। ਕਹਿੰਦੀ, ”ਸਰ! ਜ਼ਰਾ
ਮੇਰੇ ਪੇਟ ’ਤੇ ਹੱਥ ਰੱਖ ਕੇ ਬੁਝਿਓ ਖਾਂ ਭਲਾ ਕੀ ਏ?” ਮੇਰਾ ਮੱਥਾ ਠਣਕਿਆ। ਸਾਲੀ ਨੇ ਪ੍ਰਕੌਸ਼ਨ ’ਚ ਧੋਖਾ ਕੀਤਾ। ਮੈਂ ਸੋਚਿਆ, ਅਸੀਂ ਤਾਂ ਉਡਦੇ ਪੰਛੀ ਦੇ ਪਰ ਗਿਣਦੇ ਆਂ ਬੱਲੀਏ! ਸਾਨੂੰ ਹੱਥ ਰੱਖਣ ਦੀ ਕੀ ਲੋੜ? ਲੈ ਤੂੰ ਪਹਿਲਾਂ ਬੀਅਰ ਦਾ ਇਕ ਪੈੱਗ ਗਟਕ…। ਬੱਸ ਇੱਕ ਡਰਾਪ ਪੁਆਇਜ਼ਨ, ਇਕ ਪੈੱਗ…ਤੇ ਘਰ ਤੱਕ ਜਾਂਦੀ ਦਾ ਪੱਤਾ ਸਾਫ਼। ਕੇਵਲ ਪੱਤਾ ਹੀ ਸਾਫ਼ ਨਹੀਂ ਜਨਾਬ! ਖ਼ੁਦ ਪੋਸਟ ਮਾਟਰਮ…ਖ਼ੁਦ ਕਿਰਿਆ ਕਰਮ, ਸਾਲ ਦੀ ਤਨਖ਼ਾਹ ਗ਼ਰੀਬ ਮਾਂ ਪਿਉ ਦੀ ਜੇਬ ਵਿਚ ਤੇ ਛੋਟੀ ਭੈਣ (ਅੰਡਰ ਗਰੈਜੁਏਟ) ਨੂੰ ਅਪਾਇੰਟਮੈਂਟ ਲੈਟਰ….। ਆਖ਼ਰ ਨੇਤਾਗਿਰੀ ਕਿਆ ਚੀਜ਼ ਐ?
ਮਨੀ ਚੁੱਪ ਸੀ ਤੇ ਲਗਾਤਾਰ ਬਾਹਰ ਵੇਖ ਰਿਹਾ ਸੀ। ਮੈਂ ਉਹਨੂੰ ਹਕਾਰਤ ਦੀ ਅੱਖ ਨਾਲ ਵੇਖਿਆ ਤੇ ਪਟਿਆਲੇ ਪੁੱਜਣ ਤੱਕ ਪਿੱਠ ਕਾਰ ਸੀਟ ਦੀ ਢੋਹ ਨਾਲ ਲਾ ਲਈ।
ਵਰਤਮਾਨ ਬਨਾਮ ਅਤੀਤ
ਪੰਜ ਸਾਲ ਬਾਦ ਮੈਂ ਜਿਸ ਚਾਅ ਨਾਲ ਏਅਰਪੋਰਟ ’ਤੇ ਉੱਤਰਿਆ ਸਾਂ। ਪੰਡਤ ਅਤੇ ਠਿੱਪਰ ਨੂੰ ਮਿਲਦਿਆਂ, ਠੁੱਸ ਹੋ ਗਿਆ। ਠਿੱਪਰ ਦੀ ਕਾਂਗਰਸੀ ਦਿੱਖ ਬਨਾਵਟੀ, ਅੱਖ ਨਾਸ਼ੁਕਰੀ ਅਤੇ ਚਿਹਰਾ ਭਾਵਹੀਣ ਸੀ। ਪੰਡਤ ਮਾਡਰਨ ਸਾਧੂਆਂ ਦੇ ਭੇਸ ਵਿਚ ਸੀ। ਭਗਵਾਂ ਚੋਲਾ….ਗਲ ਮੋਟੇ ਮਣਕਿਆਂ ਦੀਆਂ ਮਾਲਾਂ। ਮੋਟੇ ਨਗਾਂ ਦੀਆਂ ਛੇ ਅੰਗੂਠੀਆਂ। ਮੱਥੇ ਤਿਲਕ…ਮੂੰਹ ’ਚ ਪਾਨ ਅਤੇ ਹਰ ਸਾਹ ਨਾਲ ਹਰੀ ਓਮ…ਹਰੇ ਹਰੇ….। ਬਾਕੀ ਸਭ ਕੁਝ ਵਿਲਾਇਤੀ। ਮਹਿੰਗੇ ਜੁੱਤੇ, ਰੇਬਨ ਦੇ ਚਸ਼ਮੇ, ਵੱਡੀ ਗੋਗੜ ਤੇ ਵਿਦੇਸ਼ੀ ਪ੍ਰਫਿਊਮ ਦੇ ਉੱਡਦੇ ਬੁੱਲੇ।…. ਪਤਾ ਲੱਗਾ ਅੱਜ ਕੱਲ੍ਹ ਉਹ ਇਕ ਮੰਦਰ ਦਾ ਮੁਖੀਆ ਸੀ ਅਤੇ ਭਗਵਾਨ ਨਾਲ ਉਸਦੀ ਸਿੱਧੀ ਗੱਲ-ਬਾਤ ਸੀ ਜਿਸਦੇ ਸਿੱਟੇ ਵਜੋਂ ਜਿਤਨਾ ਉਹ ਪੈਸੇ ਤੋਂ ਦੂਰ ਭੱਜਦਾ ਦੌਲਤ ਉਹਦੇ ਪੈਰਾਂ ’ਚ ਰੁਲਦੀ, ਜਿਤਨਾ ਉਹ ਔਰਤਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ, ਸ਼ਰਧਾਲੂ ਉਹਦੀ ਛੋਹ ਨੂੰ ਤਰਸ ਜਾਂਦੇ।
ਮੈਂ ਸਾਰਾ ਧਿਆਨ ਨਿੰਦੀ ’ਤੇ ਕੇਂਦਰਿਤ ਕਰ ਲਿਆ। ਠਿੱਪਰ ਦੀ ਹਰ ਗੱਲ ਮੇਮਾਂ ਦੇ ਨੰਗ ’ਤੇ ਆ ਕੇ ਮੁੱਕ ਜਾਂਦੀ ਤਾਂ ਉਸ ਤੋਂ ਵੀ ਪਾਸਾ ਵੱਟ ਕੇ ਚੁੱਪੀ ਸਾਧ ਲਈ। ਇਉਂ ਦਿੱਲੀ ਤੋਂ ਪਟਿਆਲੇ ਤੱਕ ਦਾ ਸਫ਼ਰ ਬੜਾ ਫਿੱਕਾ ਰਿਹਾ।
ਆਪਣੇ ਜੱਦੀ ਸ਼ਹਿਰ ’ਚ ਦਾਖ਼ਲ ਹੋਇਆ ਤਾਂ ਅੰਦਰ ਇਕ ਤਾਰ ਜਿਹੀ ਫਿਰੀ…। ਠਿੱਪਰ ਨੇ ਮੇਰਾ ਉਤਾਰਾ ਸ਼ਹਿਰ ਦੇ ਇੱਕ ਬੜੇ ਮਹਿੰਗੇ ਹੋਟਲ ’ਚ ਕੀਤਾ ਸੀ; ਪਰ ਮੈਂ ਘਰ ਜਾਣ ਲਈ ਬਜ਼ਿੱਦ ਸਾਂ। ਬੜਾ ਕਚੀਰਾ ਹੋਇਆ। ਉਹ ਨਰਾਜ਼ ਹੋ ਗਿਆ ਤੇ ਹੋਟਲ ਤੋਂ ਹੀ ਵੱਖ ਹੋ ਗਿਆ।
ਘਰ ਆ ਕੇ ਮੈਂ ਵੀ ਉਦਾਸ ਹੋ ਗਿਆ। ਠਿੱਪਰ ਕਰਕੇ ਨਹੀਂ। ਸਗੋਂ ਇਸ ਲਈ ਕਿ ਮੇਰੇ ਆਉਣ ਦੀ ਕਿਸੇ ਨੂੰ ਖ਼ਬਰ ਹੀ ਨਹੀਂ ਸੀ। ਸਭ ਕੁਝ ਸੋਚ ਤੋਂ ਉਲਟ। ਨਾ ਭੀੜ, ਨਾ ਸੁਆਗਤ। ਕੁਝ ਲੋਕਾਂ ਮੈਨੂੰ ਦੂਰੋਂ ਹੀ ਕਾਰ ’ਚੋਂ ਸਾਮਾਨ ਕੱਢਦਿਆਂ ਵੇਖਿਆ ਤੇ ਬੱਸ…। ਡਰਾਈਵਰ ਮੇਰੇ ਆਉਣ ਬਾਰੇ ਅੰਦਰ ਦੱਸ ਕੇ ਚੱਲਦਾ ਬਣਿਆ।
ਬੈਠਕ ਖੁੱਲ੍ਹੀ ਸੀ। ਮੈਂ ਅੰਦਰ ਚਲਿਆ ਗਿਆ। ਵੜਦਿਆਂ ਹੀ ਮੈਂ ਮਹਿਸੂਸ ਕੀਤਾ, ਨਿੰਦੀ ਬਾਹਰ ਨਹੀਂ ਸੀ ਆਈ? ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ, ਮੈਂ ਬੈਠਕ ਵਿਚਲੀ ਸਿੱਲ੍ਹ ਤੇ ਕੱਲਰ ਦੀ ਹਮਕ ਬਾਰੇ ਸੋਚਣ ਲੱਗਾ।
ਪੁਰਾਣੀਆਂ ਅਲਮਾਰੀਆਂ, ਡਾਟਾਂ ਵਾਲੇ ਬੂਹੇ ਬਾਰੀਆਂ, ਮਾਂ ਦਾ ਨੁਆਰੀ ਪਲੰਘ ਉਵੇਂ ਦਾ ਉਵੇਂ ਸੀ ਪਰ ਸਭ ਕੁਝ ਪੁਰਾਣਾ ਅਤੇ ਮਟਿਆਲਾ ਜਿਹਾ। ਅਮਰੀਕਾ ’ਚ ਹੁੰਦਾ ਤਾਂ ਇਹ ਸਭ ਕੁਝ ਇੰਟੀਕ ਬਣ ਗਿਆ ਹੁੰਦਾ। ਮੈਂ ਕਾਹਲੀ ਨਾਲ ਸੂਟਕੇਸ ਟੇਬਲ ’ਤੇ ਰੱਖੇ ਅਤੇ ਡੂੰਘਾ ਹਉਕਾ ਲਿਆ।….
ਬਾਹਰ ਸ਼ਾਮ ਗੂਹੜੀ ਹੋ ਰਹੀ ਸੀ। ਮੈਂ ਬਾਰੀ ਦੇ ਰੰਗਦਾਰ ਸ਼ੀਸ਼ੇ, ਉਹਨਾਂ ਚੋਂ ਝਰਦਾ ਚਾਨਣ…ਪੱਖਰ ਦੀ ਛੱਤ ਅਤੇ ਬਜ਼ਾਰ ਵੱਲ ਖੁੱਲ੍ਹਦਾ ਬੈਠਕ ਦਾ ਬੂਹਾ ਵੇਂਹਦੇ ਪਲੰਘ ’ਤੇ ਟੇਢੇ ਹੁੰਦੇ ਅੱਖਾਂ ਮੀਟ ਲਈਆਂ।
ਪਲ ਦਾ ਪਲ ਮੈਨੂੰ ਆਉਣ ਦਾ ਪਛਤਾਵਾ ਹੋਇਆ।
ਤਦੇ ਖੜਕਾ ਹੋਇਆ।
ਇਸ ਤੋਂ ਪਹਿਲਾਂ ਕਿ ਮੈਂ ਉੱਠਦਾ, ਸੰਭਲਦਾ, ਅਤੇ ਦੇਖਦਾ, ਕੋਈ ਮੇਰੇ ਨਾਲ ਲਿਪਟ ਕੇ ਰੋਣ ਲੱਗਾ।
ਮੈਂ ਬੌਂਦਲ ਗਿਆ। ਇਹ ਕਿਹੋ ਜਿਹਾ ਸੁਆਗਤ ਸੀ?
ਪਾਸ਼ੀ ਸੀ।
”ਐਨਾ ਗੁੱਸਾ….ਮੁੜ ਕੇ ਵਾਤ ਹੀ ਨਾ ਲਈ ਦੀਦੀ ਦੀ…।”
ਉਹਨੇਂ ਨੱਕ ਸਿਣਕਿਆ ਤੇ ਅੱਥਰੂ ਪੂੰਝੇ।
ਮੈਂ ਹੈਰਾਨ ਹੋਇਆ, ਕੀ ਇਹ ਉਹੋ ਪਾਸ਼ੀ ਸੀ? ਜਿਸਨੂੰ ਮੈਂ ਛੱਡ ਕੇ ਗਿਆ ਸਾਂ? ਚੌੜੀ ਚਕਲੀ..ਥੁਲਥੁਲ ਕਰਦੀ, ਕਿਸੇ ਕੋਠੇ ਦੀ ਬਾਈ ਜਿਹੀ।
ਮੈਂ ਉਹਨੂੰ ਕੋਈ ਗਿਫ਼ਟ ਦੇਣਾ ਚਾਹੁੰਦਾ ਸਾਂ ਪਰ ਸੂਟਕੇਸ ਹਾਲੇ ਖੋਹਲੇ ਨਹੀਂ ਸਨ ਤੇ ਮੈਂ ਸੋਚ ਵੀ ਨਹੀਂ ਸਾਂ ਸਕਿਆ ਕਿ ਮੈਨੂੰ ਕੀ ਦੇਣਾ ਚਾਹੀਦਾ ਸੀ।
ਉਹ ਬੋਲਦੀ ਰਹੀ।…
ਪਰ ਮੈਨੂੰ ਕੇਵਲ ਇਤਨਾ ਸੁਣਿਆ, ”ਬੜੇ ਤਸੀਹੇ ਦਿੱਤੇ ਮੱਦੀ ਨੇ….”
ਪਾਸ਼ੀ ਪਰਤ ਗਈ ਪਰ ਮੇਰੇ ਅੰਦਰ ਕੋਈ ਜਵਾਲਾਮੁਖੀ ਉੱਠ ਖੜਿਆ।
ਜਾਣਦਾ ਸਾਂ ਨਿੰਦੀ ਅੰਦਰ ਸੀ, ਪਰ ਮੈਂ ਵਿਹੜੇ ਵਿਚ ਜਾਣ ਦੀ ਥਾਂ ਪੌੜੀਆਂ ਚੜ੍ਹ, ਚੁਬਾਰੇ ਦੀ ਛੱਤ ’ਤੇ ਆ ਗਿਆ।
ਉਹੀ ਛੱਤ, ਉਹੀ ਥਾਂ…ਜਿਥੇ ਬਚਪਨ ਬੀਤਿਆ, ਪਰ ਸਭ ਕੁਝ ਓਪਰਾ ਓਪਰਾ….। ਤਦੇ ਪੌੜੀਆਂ ’ਚ ਖੜਕਾ ਹੋਇਆ।
ਨਿੰਦੀ ਸੀ……
ਨਹੀਂ, ਸ਼ਾਇਦ ਕੋਈ ਔਰਤ ਸੀ। ਦੋ ਬੱਚੇ ਇੱਕ ਕੁੱਛੜ, ਇੱਕ ਉਂਗਲੀ ਨਾਲ….।
ਉਹ ਕਾਹਲੀ ਨਾਲ ਮੇਰੇ ਪੈਰਾਂ ਵੱਲ ਝੁਕੀ
”ਓ ਨੋ!….” ਮੈਂ ਥਿੜਕਦੇ ਕਿਹਾ।
”ਪੈਰੀਂ ਹੱਥ ਲਾ ਤਾਇਆ ਜੀ ਦੇ….।” ਉਹਨੇ ਬੱਚੇ ਨੂੰ ਕਿਹਾ।
ਉਹ ਇਕੋ ਫ਼ਿਕਰੇ ਨਾਲ ਮੈਥੋਂ ਕਈ ਵਰ੍ਹੇ ਛੋਟੀ ਬਣ ਗਈ।
ਮੈਂ ਨੀਝ ਨਾਲ ਵੇਖਿਆ। ਉਹ ਸਸਤੇ ਲੀੜਿਆਂ ਵਿਚ ਸੀ। ਪਰ ਚਿਹਰੇ ਦੀ ਆਭਾ ਤੇਜੱਸਵੀ ਸੀ। ਨਾਜ਼ੀਆ ਕਿਥੇ ਸੀ? ਗੋਰੀ ਨਿਛੋਹ…ਲਟ ਲਟ ਬਲਦੀ..ਨਿੱਕੀ ਜਿਹੀ ਛੋਹ ਤੇ ਛੂਈ ਮੂਈ। ….ਚੀਰਦੀ ਮੁਸਕਾਨ…ਗੱਲ੍ਹਾਂ ’ਚ ਟੋਏ…ਪਤਲਾ ਲੱਕ…ਭਰਵੀਂ ਛਾਤੀ ਤੇ ਲਗਰ ਜਿਹਾ ਕੱਦ…। ਇਹ ਤਾਂ ਕੋਈ ਤਾਂਬੇ ਰੰਗੀ ਸੀ। ਨੀਵੀਂ ਅੱਖ…ਫਰਕਦੇ ਬੁੱਲ੍ਹ…ਤੇ ਧੁਆਂਖੇ ਪੈਰ…ਉਹਦੀ ਬਾਂਹ ’ਤੇ ਤਾਜ਼ੇ ਜ਼ਖ਼ਮ ਦਾ ਖਰੀਂਢ ਸੀ। ਮੇਰੇ ਦੇਖਦਿਆਂ ਹੀ ਉਹਨੇਂ ਚੁੰਨੀ ਹੇਠ ਕੱਜ ਲਿਆ।
”ਚਲੋ ਰੋਟੀ ਪਕਾਈਏ ਚੱਲ ਕੇ….” ਉਹ ਜਾਣ ਲਈ ਬੱਚੇ ਨੂੰ ਬੋਲੀ। ”ਪਤਾ ਨਹੀਂ ਸੀ ਤੁਸੀਂ ਆਉਗੇ ਏਧਰ” ਉਹ ਕਾਹਲੀ ਨਾਲ ਪੌੜੀਆਂ ਉੱਤਰ ਗਈ।
ਤੜਪ ਕੇ ਮੈਂ ਚੁਫ਼ੇਰੇ ਦੀਆਂ ਮਮਟੀਆਂ ਵਿਚੋਂ ਨਿੰਦੀ ਦਾ ਉਹ ਘਰ ਲੱਭਣ ਲੱਗਾ, ਜਿਹੜਾ ਕਦੇ ਨਾਜ਼ੀਆ ਦਾ ਘਰ ਸੀ।
ਅਚਨਚੇਤ ਮੈਨੂੰ ਇਕ ਦ੍ਰਿਸ਼ ਚੇਤੇ ਆਇਆ।
ਓਸ ਦਿਨ, ਗੋਂਦਨੀਆਂ ਤੋੜਨ ਲਈ ਲਸੂੜੇ ਦੀ ਟੀਸੀ ਵੱਲ ਸਿਟਿਆ ਰੋੜਾ ਕਿਸੇ ਦੇ ਵਿਹੜੇ ਵਿਚ ਜਾ ਡਿੱਗਾ ਸੀ। ਨਾਲ ਦੇ ਆੜੀ ਦੌੜੇ, ਮੈਂ ਡਾਡ ਮਾਰੀ। ਹੋਸ਼ ਆਈ ਤਾਂ ਨਾਜ਼ੀਆ ਦੀ ਅੰਮੀਂ ਸੀ।
”ਕਮਲਿਆ! ਜੇ ਰੋੜਾ ਤੇਰੀ ਇਸ ਅੰਮੀ ਨੂੰ ਜਾ ਲਗਦਾ?”
ਮੈਂ ਰੋਣ ਲੱਗਾ।
ਉਸ ਦਿਨ ਤੋਂ ਬਾਦ ਜਦੋਂ ਵੀ ਅੰਮੀ ਮੈਨੂੰ ਲਸੂੜੇ ਥੱਲੇ ਦੇਖਦੀ, ਨਾਜ਼ੀਆ ਨੂੰ ਕਹਿੰਦੀ, ”ਨੀ ਕੁੜੇ ਜਾ ਕੋਠੇ ’ਤੇ, ਲਸੂੜੇ ਤੋੜ ਕੇ ਦੇਹ ਮੇਰੀ ਡੱਡ ਨੂੰ।”
ਤੇ ਨਾਜ਼ੀਆ ਜਿਹੜੀ ਵੀ ਗੋਦਨੀਂ ਤੋੜ ਕੇ ਦੇਂਦੀ, ਉਸ ਵਿਚ ਅੰਤਾਂ ਦਾ ਸ਼ਹਿਦ ਭਰ ਜਾਂਦਾ।…
ਨਾਜ਼ੀਆ ਬਹੁਤ ਸੋਹਣੀ ਸੀ। ਕੋਲ ਹੁੰਦੀ ਤਾਂ ਮੈਂ ਹਵਾ ’ਚ ਉੱਡਣ ਲੱਗਦਾ। ਜਾਪਦਾ, ਹੁਣੇ ਕੋਈ ਤਾਰਾ ਤੋੜ ਕੇ ਕਹਾਂਗਾ। ”ਲੈ ਇਹਨੂੰ ਕੋਕੇ ’ਚ ਜੜ ਲੈ ਨਾਜ਼ੀਆ।” ਪਰ ਉਹਦਾ ਕੋਕਾ ਤਾਂ ਬਿਨਾਂ ਤਾਰੇ ਤੋਂ ਹੀ ਚਮਕਣ ਲੱਗਦਾ… ਜਦੋਂ ਉਹ ਪੌੜੀਆਂ ਦੇ ਹਨੇਰੇ ਵਿਚ ਮੇਰੀਆਂ ਦੋਵੇਂ ਗੱਲ੍ਹਾਂ ਪੁੱਟ ਕੇ ਕਹਿੰਦੀ….”ਕਿਉਂ ਵੇ ਝੁੱਡੂਆ…ਤੈਨੂੰ ਮਿੱਠੀ ਫਿੱਕੀ ਗੋਦਨੀਂ ਦਾ ਵੀ ਨਹੀਂ ਪਤਾ?”
ਮੈਂ ਜਾਣਦਾ ਸਾਂ…ਉਹ ਬਹੁਤ ਮਿੱਠੀ ਸੀ।
ਕਈ ਵੇਰ ਤਾਂ ਕਿਸੇ ਬਹੁਤ ਮਿੱਠੀ ਗੋਂਦਨੀ ਨੂੰ ਬੁੱਲਾਂ ਵਿਚ ਘੁੱਟ ਕੇ ਉਹ ਮੇਰੇ ਬੁੱਲ੍ਹਾਂ ਵਿਚ ਹੀ ਸਰਕਾ ਦਿੰਦੀ….।
ਫਿਰ ਅਚਾਨਕ (ਪਤਾ ਨਹੀਂ ਕਦੋਂ ਅਤੇ ਕੇਹੀ) ਇੱਕ ਹਨੇਰੀ ਆਈ ਕਿ ਇਹਨਾਂ ਸਾਰੀਆਂ ਮਿੱਠੀਆਂ-ਫਿੱਕੀਆਂ ਗੋਂਦਨੀਆਂ ਵਿਚ ਜ਼ਹਿਰ ਭਰ ਗਈ।
ਉਸ ਦਿਨ ਅਸੀਂ ਕੋਠੇ ’ਤੇ ਸਾਂ, ਕਿ ਥੱਲੇ ਬਜ਼ਾਰ ਵਿਚ ਸ਼ੋਰ ਉੱਚਾ ਹੋਇਆ।
”ਪਾਕਿਸਤਾਨ ਜ਼ਿੰਦਾਬਾਦ!”
ਮੇਰੇ ਲਈ ਇਹ ਬੋਲ ਨਵੇਂ ਸਨ। ਪਰ ਨਾਜ਼ੀਆ ਨੇ ਦੋਵੇਂ ਗੋਡੇ ਭੁੰਏ ’ਤੇ ਟੇਕ ਲਏ ਅਤੇ ਦੋਵੇਂ ਹੱਥ ਫੈਲਾ ਕੇ ਕਿਹਾ।
”ਯਾ ਅੱਲ੍ਹਾ!”
ਉਹ ਬਿਨਾਂ ਕੁਝ ਬੋਲੇ ਥੱਲ੍ਹੇ ਉੱਤਰ ਗਈ।
ਵਿਹੜੇ ਵਿਚ ਅੰਮਾ ਨਮਾਜ਼ ਪੜ੍ਹ ਰਹੀ ਸੀ। ਫਾਰਗ ਹੋਈ ਤਾਂ ਪੁੱØਛਿਆ।
”ਇਹ ਪਾਕਿਸਤਾਨ ਕੀ ਏ ਅੰਮਾਂ?”
”ਸਿਰ ਏ ਇਹਨਾਂ ਕੰਜਰਾਂ ਦਾ….ਤੂੰ ਘਰ ਜਾਹ ਪੁੱਤ!” ਉਹ ਬੋਲੀ।
ਕਿੰਨਾ ਕੁਝ ਸੀ ਜੋ ਮੇਰੇ ਚੇਤੇ ’ਚੋਂ ਅੱਖ ਦੇ ਫੋਰ ਵਾਂਗ ਲੰਘ ਗਿਆ।
ਘਰ ਪਰਤਿਆ ਤਾਂ ਕੁਝ ਹੋਰ ਲੋਕ ਨਾਅਰੇ ਮਾਰਦੇ ਲੰਘੇ।
”ਇਕ ਪਕੌੜਾ ਤੇਲ ਮੇਂ….ਪਾਕਿਸਤਾਨ ਜੇਲ੍ਹ ਮੇਂ….।”
ਸੋਚਦਾ ਰਿਹਾ, ਕੋਈ ਇਕ ਪਕੌੜੇ ਬਦਲੇ ਜੇਲ੍ਹ ਕਿਵੇਂ ਜਾ ਸਕਦੈ?
ਅਗਲੇ ਦਿਨ ਸਕੂਲ ਗਏ ਤਾਂ ਕੁਝ ਮੁੰਡੇ ਸਾਥੋਂ ਨਿੱਖੜ ਕੇ ਵਖਰੀਆਂ ਟੋਲੀਆਂ ਵਿਚ ਬੈਠ ਗਏ। ਮੈਂ ਇਹ ਗੱਲ ਮਾਂ ਨੂੰ ਪੁੱਛੀ ਤਾਂ ਉਸ ਝਿੜਕ ਕੇ ਕਿਹਾ।
”ਕੋਈ ਕਿਤੇ ਬੈਠੇ….ਤੂੰ ਹਿੰਦੂ ਸਿੱਖਾਂ ’ਚ ਬੈਠਿਆ ਕਰ।”
ਮੈਂ ਉਚਾਟ ਹੋ ਗਿਆ। ਸੋਚਿਆ, ਅੰਮਾਂ ਨੂੰ ਪੁੱਛਾਂਗਾ।
ਅੰਮਾਂ ਵੱਲ ਗਿਆ ਤਾਂ ਕੁਝ ਲੋਕ ਸਾਮ੍ਹਣੇ ਮਸੀਤ ਦੇ ਥੜ੍ਹੇ ’ਤੇ ਖੀਰ ਪੂੜੇ ਖਾ ਰਹੇ ਸਨ। ਪੁੱਛਿਆ ਤਾਂ ਬੋਲੀ।
”ਤੂੰ ਖੀਰ ਖਾਹ ਪੁੱਤ! ਤੈਂ ਕੀ ਲੈਣੈ ਇਹਨਾਂ ਗੱਲਾਂ ਤੋਂ…।”
ਅਚਾਨਕ ਜ਼ੋਰ ਦੀ ਥੱਪੜ ਪਿਆ।
ਮਾਂ ਸੀ।
”ਨੀ ਸ਼ਰਮ ਕਰ ਜੀਨਤੇ; ਕਿਉਂ ਮੇਰੇ ਪੁੱਤ ਦਾ ਜਨਮ ਭ੍ਰਿਸ਼ਟ ਕਰਨ ਡਹੀਂ ਏ…।”
ਮਾਂ ਮੈਨੂੰ ਕੁੱਟਦੀ ਗੁਰਦੁਆਰੇ ਲੈ ਆਈ।
”ਹੇ ਸੱਚੇ ਪਾ ਸ਼ਾਹ! ਮਿਹਰ ਕਰੀਂ ਬੱਚੇ ’ਤੇ…..ਇਹਨੂੰ ਵਿਚਾਰੇ ਨੂੰ ਕੀ ਪਤਾ, ਕੌਣ ਸਿੱਖ ਤੇ ਕੌਣ ਮੁਸਲਮਾਨ…।”
ਘਰ ਆਏ ਤਾਂ ਪਿਤਾ ਜੀ ਤੜਫੇ ਪਏ ਸਨ।
”ਚਲੋ ਅੰਦਰ ਸ਼ਹਿਰ ’ਚ ਦੰਗੇ ਭੜਕ ਪਏ।”
ਸਭ ਬੂਹੇ ਬਾਰੀਆਂ ਭੀੜ ਲਏ ਗਏ। ਪਰ ਫਿਰ ਵੀ ਤਲਵਾਰਾਂ ਅੱਗ ਦੀਆਂ ਜੀਭਾਂ ਵਾਂਗ ਲਿਸ਼ਕੀਆਂ।…
ਫਿਰ ਉਸ ਰਾਤ ਜਿਵੇਂ ਸੂਰਜ ਹੀ ਕਤਲ ਹੋ ਗਿਆ। ਲਾਲੀ ਸਿਸਕੀਆਂ ਭਰਨ ਲੱਗੀ ਤੇ ਰਾਤ ਜਿਵੇਂ ਧੁਆਂਖੀ ਗਈ। ਘੜੀਆਂ ਪਲਾਂ ਵਿਚ ਹੀ ਜਨੂੰਨ ਦਾ ਜਿਵੇਂ ਕੋਈ ਜਵਾਰਭਾਟਾ ਉੱਠ ਖੜ੍ਹਿਆ।…
ਯਾਦ ਆਉਣ ’ਤੇ ਮੈਂ ਕੰਬ ਉੱਠਿਆ ਅਤੇ ਬਨੇਰੇ ਨਾਲ ਢੋਹ ਲਾ ਲਈ। ਵਰਿਹਾਂ ਤੱਕ ਇਹ ਦ੍ਰਿਸ਼ ਮੇਰੇ ਚੇਤੇ ਦਾ ਹਿੱਸਾ ਰਹੇ ਸਨ। ਪਰ ਉਸੇ ਹੀ ਕੋਠੇ ਦੀ ਛੱਤ ’ਤੇ ਖਲੋ ਕੇ, ਦੁਬਾਰਾ ਚੇਤੇ ਕਰਨਾ ਤਕਲੀਫਦੇਹ ਜਾਪਿਆ।
ਮੈਨੂੰ ਯਾਦ ਆਇਆ।
ਉਸ ਰਾਤ ਮਾਂ ਬਹੁਤ ਸਹਿਮ ਗਈ ਸੀ। ਪਰ ਪਿਤਾ ਜੀ ਚੁੱਲ੍ਹੇ ਦੀ ਅੱਗ ਵਿਚ ਬਰਛੀ ਦੇ ਫ਼ਲ ਲਈ ਰੇਤੀ ਦਾ ਟੁਕੜਾ ਗਰਮ ਕਰਨ ਲੱਗੇ ਸਨ। ਇਹ ਦ੍ਰਿਸ਼ ਮੈਂ ਜਦੋਂ ਵੀ ਯਾਦ ਕਰਦਾਂ, ਤਾਂ ਕੰਬ ਉੱਠਦਾ ਹਾਂ। ਅੰਗਿਆਰ ਚੁੱਲ੍ਹੇ ਵਿਚ ਨਹੀਂ ਪਿਤਾ ਜੀ ਦੀਆਂ ਅੱਖਾਂ ਵਿਚ ਮਘਣ ਲੱਗੇ ਸਨ। ਆਖ਼ਰ ਕਿਹੋ ਜਿਹੀ ਹਵਾ ਸੀ ਜਿਸਨੂੰ ਗੰਢ ਮਾਰਨ ਲਈ ਔਜ਼ਾਰਾਂ ਨੂੰ ਹਥਿਆਰਾਂ ਵਿਚ ਬਦਲਣ ਦੀ ਲੋੜ ਪੈ ਗਈ ਸੀ।…
ਥੱਲੇ ਰੋਟੀ ਲਈ ਨਿੰਦੀ ਉਡੀਕ ਕਰ ਰਹੀ ਸੀ। ਪਰ ਮੈਂ ਸੋਚਾਂ ਵਿਚ ਉੱਤਰ ਰਿਹਾ ਸਾਂ।…
ਦੂਜੇ ਦਿਨ ਕਰਫ਼ਿਊ ਲੱਗ ਗਿਆ। ਬਾਹਰ ਨਿਕਲਣ ’ਤੇ ਗੋਲੀ ਦਾ ਹੁਕਮ ਸੀ। ਪਰ ਸ਼ਹਿਰ ਵਿਚ ਕਿੰਨੇਂ ਦੰਗੇ ਹੋਏ, ਬਲਵੇ ਹੋਏ, ਅੱਗਾਂ ਲੱਗੀਆਂ, ਜਬਰ-ਜਨਾਹ ਹੋਏ, ਘਰ ਲੁੱਟੇ ਗਏ, ਸਭ ਨੂੰ ਪਤਾ ਸੀ।
ਖ਼ਬਰਾਂ ਹਵਾ ਵਿਚ ਉੱਡ ਰਹੀਆਂ ਸਨ।
ਕਰਫ਼ਿਊ ਖੁੱਲਿ੍ਹਆ ਤਾਂ ਪਿਤਾ ਜੀ ਕਾਹਲੀ ਨਾਲ ਪਰਤ ਆਏ। ਪਤਾ ਲੱਗਾ, ਨਾਲ ਦੀ ਗਲੀ ਵਿਚ ਅੱਲਾ ਰੱਖੇ ਦਾ ਟੱਬਰ ਵੱਢ੍ਹ ਦਿੱਤਾ ਗਿਆ ਸੀ।
ਇਕ ਦਮ ਭਗਦੜ ਤੇ ਦੁਕਾਨਾਂ ਬੰਦ ਹੋਣ ਲੱਗੀਆਂ।
ਅਚਾਨਕ ਲੇਰ ਸੁਣੀ।
”ਅੱਲ੍ਹਾ ਦੇ ਵਾਸਤੇ ਬੂਹਾ ਖੋਲ੍ਹ ਬੀਰੇ… ਮਾਰ ਦੇਣਗੇ ਮੈਨੂੰ…।”
ਬੈਠਕ ਦਾ ਬੂਹਾ ਖੜਕਣ ਲੱਗਾ।
ਪਿਤਾ ਜੀ ਬੂਹੇ ਨਾਲ ਲੱਗ ਕੇ ਖੜ੍ਹੇ ਸਨ।
ਨਾਜ਼ੀਆ ਦਾ ਅੱਬਾ ਸੀ। ਜਦੋਂ ਵੀ ਗਲੀ ’ਚੋਂ ਲੰਘਦਾ, ਪਿਤਾ ਜੀ ਝਿੜਕ ਕੇ ਕਹਿੰਦੇ, ”ਪੈਰੀਂ ਹੱਥ ਲਾ ਉਏ ਤਾਏ ਦੇ… ਸੀਸ ਲੈ ਸ਼ਾਹ ਜੀ ਦੀ।”
ਅਸੀਂ ਦੇਖਿਆ; ਪਿਤਾ ਜੀ ਦੀ ਦਾੜੀ ਵਿਚ ਕੁਝ ਅੱਥਰੂ ਡਿਗ ਕੇ ਅਟਕ ਗਏ ਸਨ।
ਕੁਝ ਦੇਰ ਬਾਦ ਫ਼ਿਰ ਰੌਲਾ ਪਿਆ।
”ਹਿੰਦੋਸਤਾਨ ਜ਼ਿੰਦਾਬਾਦ!…” ਦਗੜ ਦਗੜ ਤੇ ਚੁੱਪ।
ਪਿਤਾ ਜੀ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ, ਦੂਰ ਤੱਕ ਸੁੰਨ ਸੀ।
ਸਵੇਰੇ ਸੁਣਿਆ, ਸ਼ਹਿਰ ਵਿਚ ਇਤਨਾਂ ਕਤਲੇਆਮ ਹੋਇਆ, ਲਾਸ਼ਾਂ ਸੜ ਗਈਆਂ ਸਨ। ਕਿਸੇ ਦਾ ਕੋਈ ਵਾਲੀਵਾਰਸ ਨਹੀਂ ਸੀ। ਕਿਸੇ ਨੇ ਮਾਂ ਨੂੰ ਦੱਸਿਆ। ਇਕ ਔਰਤ ਤੇ ਉਹਦੀ ਧੀ ਨੂੰ ਪਹਿਲਾਂ ਪਿਉ, ਪਤੀ ਅਤੇ ਭਰਾ ਦੇ ਸਾਮ੍ਹਣੇ ਜਦੋਂ ਅਸਮਤ ਲੁੱਟ ਕੇ ਕਿਰਪਾਨਾਂ ਨਾਲ ਚੀਰਿਆ ਗਿਆ ਤਾਂ ਮਾਂ ਦੀ ਘੰਡੀ ਵਿਚ ਸਾਹ ਅੜੇ ਰਹਿ ਗਏ।
ਉਹ ਰਾਹੀਆਂ ਦੇ ਤਰਲੇ ਲਵੇ। ”ਅੱਲ੍ਹਾ ਦੇ ਵਾਸਤੇ ਮਾਰ ਦਿਉ ਮੈਨੂੰ” ਕੋਈ ਵਾਹ ਨਾ ਚੱਲੀ ਤਾਂ ਮਿੱਟੀ ’ਚ ਮੂੰਹ ਦੇ ਕੇ ਜਾਨ ਦੇ ਦਿੱਤੀ।
ਮਾਂ ਵਾਖ਼ਰੂ ਵਾਖ਼ਰੂ ਕਰਦੀ ਅੰਦਰ ਲੰਘ ਗਈ ਤਾਂ ਇਕਾ-ਇਕ ਬੂਹਾ ਖੜਕਿਆ। ਖੋਲਿ੍ਹਆ ਤਾਂ ਨਾਜ਼ੀਆ, ਸ਼ਬਨਮ ਤੇ ਅੰਮੀਜਾਨ ਸਨ।
”ਹਾਏ ਨੀ ਜ਼ੀਨਤੇ ਕੀ ਕਰਦੀ ਏਂ ਤੂੰ… ਮਰਵਾਏਂਗੀ ਸਾਨੂੰ ਵੀ…।”
ਮਾਂ ਕਲਪੀ।
ਪਰ ਮੈਂ ਨਾਜ਼ੀਆ ਨੂੰ ਧੂੰਹਦਾ ਅੰਦਰਲੇ ਕੋਠੇ ਵੱਲ ਲੈ ਤੁਰਿਆ।
ਮਾਂ ਲਈ ਕੋਈ ਚਾਰਾ ਨਹੀਂ ਸੀ। ਉਹਨੇ ਸਭ ਨੂੰ ਪਿਛਲੇ ਅੰਦਰ ਜਾਣ ਲਈ ਕਿਹਾ ਅਤੇ ਬੂਹਾ ਭੇੜ ਦਿੱਤਾ।
”ਤੂੰ ਬਾਹਰ ਆ ਵੇ… ਪਿਉ ਨੂੰ ਸ਼ੱਕ ਹੋ ਗਿਆ ਤਾਂ ਮਰਵਾਏਂਗਾ ਇਹਨਾਂ ਨੂੰ ਵੀ।”
ਥੋੜ੍ਹੀ ਦੇਰ ਬਾਦ ਸ਼ਾਹ ਜੀ ਟੱਬਰ ਨੂੰ ਲੱਭਦੇ ਗਲੀ ’ਚ ਆਏ।।
”ਲੋਕੋ… ਮੈਂ ਦਾਸ… ਮੈਂ ਗੋਲਾ… ਸਾਰੀ ਉਮਰ ਸੇਵਾ ਕੀਤੀ, ਅੱਲ੍ਹਾ ਦੇ ਵਾਸਤੇ ਹਿੰਦੂ ਬਣਾ ਲਉ ਪਰ ਮਾਰਿਓ ਨਾ…।” ਉਹਨਾਂ ਲੇਰ ਮਾਰੀ ”ਸ਼ਾਹ ਜੀ ਘਰ ਬੈਠੋ ਜਾ ਕੇ, ਇਥੇ ਮਰਨੈ ਥੌਡੇ ਟੱਬਰ ਨੇਂ ਆ ਕੇ?”
ਪਿਤਾ ਜੀ ਨੇ ਝਿੜਕਿਆ।
ਉਹਨਾਂ ਨੂੰ ਮੇਰੀ ਤੇ ਮਾਂ ਦੀ ਸ਼ਾਜਿਸ਼ ਬਾਰੇ ਪਤਾ ਨਹੀਂ ਸੀ।
ਸ਼ਾਮੀ ਅਸੀਂ ਦੋ ਚਾਰ ਮੁੰਡੇ ਡਰਦੇ ਜਿਹੇ ਬਾਗ ਵੱਲ ਨਿਕਲੇ।
ਨਾਜ਼ੀਆ ਦਾ ਅੱਬਾ ਤੇ ਉਹਦਾ ਭਰਾ ਰਫ਼ੀਕ, ਕੁਝ ਬੰਦਿਆਂ ਅੱਗੇ ਤਰਲੇ ਲੈ ਰਹੇ ਸਨ।
”ਖੁਦਾ ਦੇ ਵਾਸਤੇ ਹਿੰਦੂ ਬਣਾ ਲਵੋ… ਪਰ ਮੇਰਾ ਟੱਬਰ!”
ਬੰਦਿਆਂ ਇਕ ਦੂਜੇ ਵੱਲ ਵੇਖਿਆ।
”ਚੱਲ ਸ਼ਾਹ! ਮੱਥਾ ਟੇਕ ਮੰਦਰ ਵੱਲ ਮੂੰਹ ਕਰਕੇ, ਹਿੰਦੂ ਬਣਾਈਏ ਤੈਨੂੰ।”
ਜਿਉਂ ਹੀ ਉਹ ਦੋਵੇਂ ਭੁੰਏਂ ਵੱਲ ਨਿਵੇਂ, ਇਕ ਲਿਸ਼ਕਵੀ ਤਲਵਾਰ, ਤੇ ਸਾਡੀ ਚੀਕ। ਅਸੀਂ ਡਡਿਆ ਕੇ ਦੌੜੇ।
ਘਰ ਆਇਆ ਤਾਂ ਤਾਪ ਮੇਰੇ ਸਿਰ ਨੂੰ ਚੜ੍ਹ ਗਿਆ।
ਮਾਂ ਦੱਸਦੀ ਸੀ ਦਸਵੇਂ ਦਿਨ ਹੋਸ਼ ਆਈ।
ਹੋਸ਼ ਕੀ ਆਈ, ਤਦ ਤੱਕ ਨਾਜ਼ੀਆ, ਸ਼ਬਨਮ, ਰਾਬੀਆ, ਅੰਮੀਜਾਨ, ਕਰਮੀ ਤੇ ਹੋਰ ਪਤਾ ਨਹੀਂ ਕਿੰਨੇਂ ਕੂ ਹਿੰਦੂ ਬਣਾ ਲਏ ਗਏ ਸਨ।
ਥੋੜ੍ਹੇ, ਚਲੇ ਗਏ ਸਨ, ਬਹੁਤੇ ਵੱਸ ਰਹੇ ਸਨ। ਪਾਕਿਸਤਾਨ ਜਿਹੜਾ ਮੇਰੇ ਲਈ ਨਵਾਂ ਸੀ ਹੁਣ ਹਰ ਬੰਦੇ ਦੇ ਮੂੰਹੋਂ ਸੁਣਦਾ ਸੀ।
ਨਾਜ਼ੀਆ ਹੋਰੀਂ ਹਿੰਦੂ ਕਿਵੇਂ ਬਣੀਆਂ, ਪਤਾ ਨਹੀਂ। ਪਰ ਇਤਨਾ ਪਤਾ ਹੈ, ਜਦ ਨੂੰ ਉਹ ਹਵੇਲੀ ਪਰਤੀਆਂ, ਉਹਨਾਂ ਦੇ ਅੰਗ-ਸਾਕ ਮਾਰ ਦਿੱਤੇ ਗਏ ਸਨ। ਹਵੇਲੀ ਧੁਖ਼ ਰਹੀ ਸੀ ਅਤੇ ਰਹਿੰਦੀ ਰਫਿਊਜੀਆਂ ਮੱਲ ਲਈ ਹੋਈ ਸੀ, ਜਿਨ੍ਹਾਂ ਵਿਚ ਇੱਕ ਠਿੱਪਰ ਕਾ ਵੀ ਟਬੱਰ ਸੀ।
ਫ਼ਿਰ ਧੁੰਦ ਛਟਦੀ ਗਈ ਤੇ ਅਸੀਂ ਨੇੜੇ ਦੇ ਸਕੂਲ ਜਾਣ ਲੱਗੇ। ਅੰਮਾ ਜਦੋਂ ਵੀ ਮਿਲਦੀ,
”ਤੇਰੇ ਪੈਰਾਂ ਸਦਕਾ ਪੁੱਤ…” ਤੇ ਅੱਗੋਂ ਉਹ ਰੋਣ ਲੱਗ ਜਾਂਦੀ। ਅਸੀਂ ਸਾਰੇ ਨਾਲੋ-ਨਾਲ ਵੱਡੇ ਹੋਏ ਸਾਂ, ਪਰ ਪਤਾ ਨਹੀਂ ਕਿਉਂ? ਨਾਜ਼ੀਆ ਮੈਨੂੰ ਕੁਝ ਜ਼ਿਆਦਾ ਹੀ ਆਪਣੀ ਲੱਗਦੀ। ਪਰ ਉਹ ਬਿਲਕੁਲ ਬਦਲ ਗਈ ਸੀ। ਹਰ ਵੇਲੇ ਚੁੱਪ, ਜਾਂ ਬੇ-ਵਜਹ ਹਾਸਾ ਮਜ਼ਾਕ।
ਜਿਉਂ ਜਿਉਂ ਵੱਡੇ ਹੋਏ, ਸਮਝ ਆਈ। ਇਸ ਚੁੱਪ ਦੇ ਪਿਛੇ ਕੋਈ ਵਿਸਫੋਟ ਸੀ ਜੋ ਹਾਸੇ ’ਚ ਲਿਪਟਿਆ ਪਿਆ ਸੀ। ਦੁੱਖ ਦਰਦ ਅਤੇ ਪੀੜਾ ਸੀ ਜੋ ਬਹੁਤ ਗਹਿਰੀਆਂ ਡੂੰਘਾਂਣਾਂ ਵਿਚ ਕਿਤੇ ਛੱਹਿ ਲਾਈ ਬੈਠੀ ਸੀ।
ਹਰ ਕਿਸੇ ਨੂੰ ਲਗਦਾ ਉਹ ਉਸੇ ਨੂੰ ਪਿਆਰ ਕਰਦੀ ਹੈ। ਪਰ ਮੈਂ ਜਾਣਦਾ ਸਾਂ, ਉਹ ਹੁਣ ਆਪਣੇ ਆਪ ਨੂੰ ਵੀ ਪਿਆਰ ਨਹੀਂ ਸੀ ਕਰਦੀ।
ਸਭ ਕੁਝ ਯਾਦ ਆਉਣ ’ਤੇ ਮੈਂ ਬੁਝ ਜਿਹਾ ਗਿਆ। ਇਹਨਾਂ ਸੋਚਾਂ ਤੋਂ ਪਿੱਛਾ ਛੁਡਾਉਣ ਲਈ ਹੀ ਮੈਂ ਇਹ ਮੁਲਕ ਛੱਡਿਆ ਸੀ ਪਰ ਕਿਸਮਤ ਨੇ ਫਿਰ ਉਥੇ ਹੀ ਲਿਆ ਖੜ੍ਹਾ ਕੀਤਾ। ਇਕ ਪਲ ਮੈਂ ਤੜਪ ਕੇ ਸੋਚਿਆ, ਕੁਝ ਦੇਰ ਪਹਿਲਾਂ ਕੋਠੇ ’ਤੇ ਆਈ ਔਰਤ ਕੌਣ ਸੀ? ਨਾਜ਼ੀਆ… ਨਿੰਦੀ…. ਜਾਂ ਕੋਈ ਹੋਰ? ਸ਼ਾਇਦ ਇਹਨਾਂ ਵਿਚੋਂ ਕੋਈ ਵੀ ਨਹੀਂ ਸੀ। ਇਕ ਪਲ ਮੈਂ ਫ਼ੈਸਲਾ ਨਾ ਕਰ ਸਕਿਆ ਕਿ ਉਹ ਕੌਣ ਸੀ ਤੇ ਮੈਨੂੰ ਇਥੇ ਆਉਣਾ ਚਾਹੀਦਾ ਸੀ ਕਿ ਨਹੀਂ……
ਧੂਰ ਅੰਦਰ ਕਿਤੇ ਚੀਸ ਪਈ। ਰਾਤ ਉੱਤਰ ਆਈ ਸੀ, ਪਤਾ ਹੀ ਨਹੀਂ ਸੀ ਲੱਗਾ।
ਪੌੜੀਆਂ ਉੱਤਰਦਾ ਮੈਂ ਪਿਛਲੇ ਵਿਹੜੇ ਚ ਆ ਰਿਹਾ।
ਨਿੰਦੀ ਚੌਂਕੇ ’ਚ ਸੀ।
ਮੈਂ ਛੋਟਾ ਅਟੈਚੀ ਤਖਤਪੋਸ਼ ’ਤੇ ਸਰਕਾਇਆ, ਨਿੰਦੀ ਲਈ ਕੁਝ ਗਿਫ਼ਟ ਸਨ ਜੋ ਮੈਂ ਉਹਦੇ ਲਈ ਲੈ ਕੇ ਆਇਆ ਸਾਂ।
”ਇਹ ਤੇਰੇ ਲਈ ਨੇ…”
ਨਿੰਦੀ ਕੁਝ ਨਾ ਬੋਲੀ, ਨਾ ਉਸ ਸੂਟਕੇਸ ਵੱਲ ਵੇਖਿਆ ਹੀ, ਮੈਨੂੰ ਬੁਰਾ ਲੱਗਾ।
”ਬੱਚੇ ਕਿਥੇ ਗਏ? ਬੈਠਦਿਆਂ ਮੈਂ ਚੁੱਪ ਤੋੜੀ।
”ਸੌਂ ਗਏ…।”
”ਏਨੀਂ ਛੇਤੀ?”
”ਬਸ ਆਦਤ ਐ…”
”ਕਿਉਂ?” ਮੈਂ ਗੱਲ ਤੋਰਨ ਲਈ ਕਿਹਾ।
”ਸ਼ਰਾਬੀ ਪਿਉ ਤੋਂ ਡਰਦਿਆਂ…”
”ਤੇ ਤੇਰੀ ਆਦਤ?…” ਮੈਂ ਸ਼ਰਾਰਤ ਨਾਲ ਕਿਹਾ।
”ਰੋਟੀ ਦੇਵਾਂ?” ਉਹਨੇਂ ਗੱਲ ਬਦਲੀ।
”ਨਾਂ ਕੀ ਏ ਬੇਟੇ ਦਾ?”
”ਮਨਿੰਦਰ!”
”ਵਾਹ! ਬੜਾ ਪਿਆਰਾ ਨਾਂ ਏਂ… ਮਨੀ + ਇੰਦਰ, ਤੇ ਬਿਟੀਆ ਦਾ?”
”ਨਜ਼ਮ!”
”ਯਾਨੀ ਨਾਜ਼ੀਆ, ਹੈ ਨਾ?…” ਮੈਂ ਮਿੱਸੇ ਚਾਨਣ ’ਚ ਉਹਦੇ ਨਕਸ਼ ਦੇਖਣ ਦੀ ਕੋਸ਼ਿਸ਼ ਕੀਤੀ।
”ਨਹੀਂ, ਨਾਜ਼ੀਆ ਤਾਂ ਮਰ ਗਈ…।” ਉਹ ਡੁੱਬਦੀ ਅਵਾਜ਼ ’ਚ ਬੋਲੀ।
”ਨਹੀਂ, ਮੇਰੇ ਲਈ ਨਹੀਂ… ਮੈਂ ਤਾਂ ਉਸੇ ਲਈ ਆਇਆਂ।”
ਇਕ ਡੂੰਘਾ ਹਉਕਾ ਤੇ ਚੁੱਪ।
ਉਹਨੇ ਮੇਰੇ ਵੱਲ ਥਾਲੀ ਸਰਕਾਈ।
”ਪਤਾ ਹੁੰਦਾ ਤੁਸੀਂ ਘਰ ਆਉਣੈ ਤਾਂ ਕੋਈ ਸਬਜ਼ੀ ਬਣਾਉਂਦੀ।” ਉਹਦੀ ਅਵਾਜ਼ ਕੰਬੀ।
ਮੈਂ ਦੇਖਿਆ, ਅਣਚੋਪੜੀ ਰੋਟੀ ਤੇ ਅਚਾਰ ਦੀ ਫਾੜੀ ਸੀ।
ਮੇਰਾ ਮਨ ਭਰ ਆਇਆ।
”ਸੌਰੀ! ਮੈਨੂੰ ਪਤਾ ਨਹੀਂ ਸੀ ਖਰਚੇ ਦੀ ਏਨੀਂ ਤੰਗੀ ਐ।” ਮੈਨੂੰ ਸ਼ਰਮ ਆਈ।
ਉਹ ਬਿਨਾਂ ਕੁਝ ਕਹੇ ਉੱਠੀ ਅਤੇ ਟਾਂਟ ਦੇ ਪਿੱਛੋਂ ਨੋਟਾਂ ਦੀ ਗੱਠੀ ਮੇਰੇ ਵੱਲ ਸਿੱਟਦੀ ਬੋਲੀ,
”ਤੇਰਾ ਠਿੱਪਰ ਦੇ ਕੇ ਗਿਐ… ਹੋਰ ਵੀ ਕਈ ਦੇਣ ਨੂੰ ਫਿਰਦੇ ਐ… ਕੀ ਸਮਝਦੇ ਐ ਲੋਕ? ਕੋਠੇ ’ਤੇ ਬੈਠੀ ਰੰਡੀ ਆਂ ਮੈਂ…?”
ਉਹਦੇ ਬੋਲ ਚੁੱਪ ਰਾਤ ਨੂੰ ਚੀਰਦੇ ਸਨ।
ਮੈਨੂੰ ਖੁਸ਼ੀ ਹੋਈ। ਮੈਂ ਨਾਜ਼ੀਆ ਨੂੰ ਸੁਣ ਰਿਹਾ ਸਾਂ। ਮੇਰਾ ਅੰਦਾਜ਼ਾ ਠੀਕ ਸੀ। ਜਿਉਂਦੀ ਸੀ ਨਾਜ਼ੀਆ।
ਮੈਂ ਟਾਂਟ ’ਤੇ ਚੰਦ ਭਾਂਡੇ, ਚੁੱਲ੍ਹੇ ਲਈ ਬਾਲਣ ਦੀਆਂ ਦੋ ਫ਼ਿੰਜੜਾਂ, ਧੁਆਂਖਿਆ ਚਾਨਣ ਤੇ ਮਟਿਆਲੀਆਂ ਜਹੀਆਂ ਕੰਧਾਂ ਦੇਖੀਆਂ। ਉਹਨੇਂ ਗਿਲਾਸ ਦੀ ਥਾਂ ਵੱਡੀ ਬਾਟੀ ਵਿਚ ਪਾਣੀ ਮੇਰੇ ਵੱਲ ਸਰਕਾਇਆ ਤਾਂ ਮੇਰੀ ਪਿਆਸ ਹੀ ਜਾਂਦੀ ਰਹੀ। ਹਾਲਾਂ ਕਿ ਮੈਂ ਪਾਣੀ ਉਬਾਲ ਕੇ ਪੀਣਾ ਸੀ।
ਇਹਦਾ ਮਤਲਬ ਘਰ ਵਿਚ ਗਿਲਾਸ ਨਹੀਂ ਸੀ।
ਮੈਂ ਅਣਮੰਨੇ ਮਨ ਨਾਲ ਰੋਟੀ ਖਾਧ੍ਹੀ ਤੇ ਕਿਹਾ।
”ਵਾਹ! ਬਈ ਮਜ਼ਾ ਆ ਗਿਆ।”
ਨਿੰਦੀ ਚੁੱਪ! ਉਹ ਜਾਣਦੀ ਸੀ, ਮੈਂ ਝੂਠ ਬੋਲ ਰਿਹਾ ਸਾਂ।
”ਮੈਂ ਸੌਣਾ ਕਿੱਥੇ ਐ?” ਫਿਰ ਆਪੇ ਕਿਹਾ, ”ਚਲੋ ਬੈਠਕ ਈ ਠੀਕ ਐ।”
ਮੈਨੂੰ ਲੱਗਾ, ਨਿੰਦੀ ਜਿਸ ਹਾਲਤ ਵਿਚ ਸੀ, ਮੈਂ ਆ ਕੇ ਠੀਕ ਹੀ ਕੀਤਾ ਸੀ। ਸਵੇਰੇ ਹੀ ਕਿਸੇ ਬੈਂਕ ਵਿਚੋਂ ਡਾਲਰ ਵਟਾ ਕੇ ਇਹਦੀ ਕਾਇਆ ਕਲਪ ਕਰਾਂਗਾ।
ਜਾਗੋ-ਮੀਟੀ ’ਚ ਸਾਂ ਕਿ ਨਿੰਦੀ ਆ ਗਈ। ਦੁੱਧ ਦੀ ਬਾਟੀ ਤਪਾਈ ’ਤੇ ਰੱਖਦੀ ਖੜ੍ਹੀ ਰਹੀ।
ਮੈਂ ਬੈਠਣ ਲਈ ਕਿਹਾ, ਤਾਂ ਪਲੰਘ ਦੀ ਨੁੱਕਰ ’ਤੇ ਹੀ ਸਿਮਟ ਗਈ।
”ਦੁੱਧ ਦੀ ਤਾਂ ਆਦਤ ਨਹੀਂ ਮੈਨੂੰ!” ਮੈਂ ਰਸਮੀ ਨਾਂਹ ਕੀਤੀ। ਹਾਲਾਂ ਕਿ ਮੈਨੂੰ ਦੁੱਧ-ਚਾਹ ਦੀ ਪੂਰੀ ਤਲਬ ਸੀ। ਕੋਈ ਹੋਰ ਵੀ ਤਲਬ ਸੀ ਜੋ ਮੈਂ ਜ਼ਾਹਰ ਨਹੀਂ ਸੀ ਹੋਣ ਦਿੱਤੀ।
”ਉਥੋਂ ਦੀ ਆਦਤ ਉਥੋਂ ਨਾਲ, ਤੇ ਏਥੋਂ ਦੀ ਏਥੇ ਨਾਲ… ਚਲੋ ਉਠੋ ਪੀਵੋ ਛੇਤੀ।”
ਮੈਂ ਤ੍ਰਭਕ ਕੇ ਵੇਖਿਆ! ਉਹੋ ਲਹਿਜ਼ਾ, ਉਹੋ ਅਪਣੱਤ, ਉਹੋ ਸ਼ਕਲ… ਪਤਾ ਨਹੀਂ ਮੈਨੂੰ ਕੀ ਹੋਇਆ। ਮੈਂ ਉਹਨੂੰ ਆਪਣੇ ਵੱਲ ਖਿੱਚਿਆ ਤੇ ਕਿਹਾ,
”ਮੈਂ ਤੇਰੇ ਲਈ ਆਇਆਂ ਨਾਜ਼ੀਆ! ਦੁੱਧ ਪੀਣ ਨਹੀਂ।”
”ਨਹੀਂ ਮਨੀ! ਐਵੇਂ ਭਰਮ ਨਾ ਪਾਲ… ਨਾਜ਼ੀਆ ਮਰ ਗਈ ਤੇ ਨਿੰਦੀ ਦੋ ਬੱਚਿਆਂ ਦੀ ਮਾਂ ਐ ਤੇਰੇ ਸਾਮ੍ਹਣੇ ਤੇ… ਉੱਤੋਂ ਵਿਧਵਾ।…”
”ਮੈਂ ਜਾਣਦਾਂ…”
”ਜਾਣਨਾ ਹੋਰ… ਤੇ ਜਰਨਾਂ ਹੋਰ…”
”ਰੱਬ ਦਾ ਵਾਸਤਾ ਐਹੋ ਜਹੀਆਂ ਗੱਲਾਂ ਨਾ ਕਰ…”
”ਕਿਉਂ ਨਾ ਕਰਾਂ? ਮੈਂ ਨਹੀਂ ਚਾਹੁੰਦੀ ਕੋਈ ਮੇਰੇ ਲਈ ਜੀਵਨ ਬਰਬਾਦ ਕਰੇ।”
ਫਿਰ ਚੁੱਪ।
ਮੈਂ ਉਹਨੂੰ ਕਲਾਵੇ ’ਚ ਲੈਣ ਦੀ ਕੋਸ਼ਿਸ਼ ਕੀਤੀ। ਹਨੇਰੇ ਵਿਚ ਉਹ ਪਰੇ ਸਰਕ ਗਈ।
”ਨਹੀ ਮਨੀਂ, ਮੇਰੇ ਨਾਲ ਦੋ ਬੱਚੇ ਵੀ ਨੇ…”
”ਇਹਨਾਂ ਫਜ਼ੂਲ ਗੱਲਾਂ ਲਈ ਮੇਰੇ ਕੋਲ ਕੋਈ ਵਕਤ ਨਹੀਂ ਨਾਜ਼ੀਆ! ਮੈਂ ਐਵੇਂ ਨਹੀਂ ਆਇਆ। ਮੈਂ ਤੇਰਾ ਸਾਂ, ਤੇਰਾ ਹਾਂ, ਤੇ ਤੇਰਾ ਰਹਾਂਗਾ।”…
ਉਸ ਹਉਕਾ ਲਿਆ ਅਤੇ ਚੁੱਪ ਹੋ ਗਈ।
ਹਨੇਰਾ ਹੋਰ ਤਣ ਗਿਆ।
ਮੇਰੇ ਲਈ ਹੁਣ ਆਪਣਾ ਆਪ ਬਰਦਾਸ਼ਤ ਤੋਂ ਬਾਹਰ ਸੀ।
ਇਕ ਜ਼ਲਜ਼ਲਾ ਤੇ ਬੱਸ…।
ਮੇਰਾ ਮਨ, ਮਸਤਕ, ਸਭ ਕੁਝ ਸੁੰਨ ਹੋ ਗਿਆ।
ਸਭ ਕੁਝ ਚੁੱਪ, ਅਤੇ ਅਹਿਲ ਸੀ।…
ਹਨੇਰਾ ਤਪਣ ਲੱਗਾ। ਅੰਗ ਹਰਕਤ ’ਚ ਆਏ…
ਮੈਂ ਨਾਜ਼ੀਆ ਨੂੰ ਲੈ ਕੇ ਪੌੜੀਆਂ ਚੜ੍ਹਨ ਲੱਗਾ। ਅਚਾਨਕ ਉਹਦਾ ਕੋਕਾ ਹਨੇਰੇ ’ਚ ਲਿਸ਼ਕਿਆ। ਮੈਨੂੰ ਲੱਗਾ ਸਾਡੇ ਮੂੰਹ ਵਿਚ ਗੋਂਦਨੀਆਂ ਦੀ ਇਕ ਲੱਪ ਸੀ। ਜੋ ਕਦੇ ਉਹਦੇ, ਕਦੇ ਮੇਰੇ ਮੂੰਹ ਵਿਚ ਚਲੀ ਜਾਂਦੀ।…
”ਕਿਉਂ ਆਇਆ ਤੂੰ?… ਜਦੋਂ ਗੋਂਦਨੀਆਂ ਹੀ ਸੁੱਕ ਗਈਆਂ।”
ਬਹੁਤ ਦੂਰੋਂ ਕਿਤੋਂ ਕੋਈ ਬੋਲਿਆ। ਰੋਣ ਵਾਂਗ।
ਬਹੁਤ ਸੰਘਣਾ ਹਨੇਰਾ…. ਅਤੇ ਹਨੇਰੇ ਵਿਚ ਲਿਪਟੀ ਕੋਈ ਮਹਿਕ। ਮੁੰਦੀਆਂ ਅੱਖਾਂ… ਪਰ ਹਨੇਰੇ ’ਚ ਪਾਰ ਦੇਖਦੀਆਂ ਕੋਈ ਵਜੂਦ! ਧੂੰਏ ਦਾ ਧੌਲਰ…।
ਕਈ ਗੋਰੀਆਂ ਦੇ ਨਾਜ਼ੁਕ ਪਿੰਡੇ ਮੇਰੀ ਚੇਤਨਾ ਚੋਂ ਅਸਮਾਨੀ ਬਿਜਲੀ ਦੀ ਲਿਸ਼ਕ ਵਾਂਗ ਅੱਖ ਦੇ ਫੋਰ ਵਿਚ ਗੁਜ਼ਰੇ ਤੇ ਲੰਘ ਗਏ। ਖੁੱਲ੍ਹੀਆਂ ਅੱਖਾਂ ’ਚ ਹੱਥ ਵੀ ਨਹੀਂ ਸੀ ਦਿਸਦਾ। ਪਰ ਮੈਂ ਹਨੇਰੇ ਵਿਚੋਂ ਹੋਰ ਵੀ ਕੁਝ ਦੇਖ ਰਿਹਾ ਸਾਂ।…
ਹਨੇਰਾ… ਅਤੇ ਹਨੇਰੇ ਵਿਚ ਘੁਲਿਆ ਸੋਨਾ ਅਤੇ ਤਾਂਬਾ। ਤਰਾਸ਼ੇ ਨਕਸ਼… ਲੰਮੀ ਧੌਣ… ਭਰਵੀਂ ਛਾਤੀ… ਖਰਾਦੇ ਉਭਾਰ ਤੇ ਲੱਕ ਦਾ ਡੂੰਘ…। ਮੇਰੇ ਹੱਥਾਂ ਦੀਆਂ ਤਲੀਆਂ ’ਚ ਕੁਝ ਪਿਘਲ ਰਿਹਾ ਸੀ। ਨਿਰਾ ਸੇਕ ਹੀ ਸੇਕ…।
ਅਚਨਚੇਤ ਨਾਜ਼ੀਆ ਵੀ ਪੌੜੀਆਂ ਚੜ੍ਹਨ ਲੱਗੀ। ਹਨੇਰਾ ਪਿੰਜਿਆ ਜਾਣ ਲੱਗਾ…।
ਜਿਸਮਾਂ ਦੀਆਂ ਬੋਟੀਆਂ ਹਨੇਰੇ ਨੂੰ ਜਿਵੇਂ ਲਹੂਓ ਲੁਹਾਣ ਕਰਨ ਲੱਗੀਆਂ। ਅਚਾਨਕ ਲੰਬ ਉੱਠੇ… ਅੱਗ ਦੀਆਂ ਜੀਭਾਂ, ਤੇ ਸੇਕ… ਹਨੇਰੀ…ਝੱਖੜ ਤੇ ਤੂਫਾਨ…।
ਬਾਰਿਸ਼… ਤੇ ਫਿਰ ਸਭ ਕੁਝ ਸਾਂਤ, ਅਹਿਲ ਅਤੇ ਨਿਰਜਿੰਦ। ਨਿਰ ਵਸਤਰ… ਨਿਰ ਵਿਕਾਰ, ਅਤੇ ਸੱਤਿਆ ਹੀਣ।…
ਪਲੰਘ ਦੀ ਚਾਦਰ ਪੈਰਾਂ ਵਿਚ ਪਈ ਸੀ ਤੇ ਮੇਰੇ ਬਰਾਬਰ ਹਫ਼ਦੇ ਜਿਸਮ ਦੀਆਂ ਸ਼ੁਆਵਾਂ ਹਨੇਰੇ ਦੀਆਂ ਪਰਤਾਂ ਚੀਰ ਰਹੀਆਂ ਸਨ।…
ਮੈਨੂੰ ਲੱਗਾ, ਇਸ ਨਾਜ਼ੀਆ ਨੂੰ ਤਾਂ ਕਿਸੇ ਛੋਹਿਆ ਤੱਕ ਨਹੀਂ ਸੀ। ਮੈਨੂੰ ਆਪਦੇ ਬਾਹੂ-ਬਲ ’ਤੇ ਸ਼ਰਮ ਆਈ… ਨਾਜ਼ੀਆ ਦਾ ਕੋਈ ਬਦਲ ਨਹੀਂ ਸੀ।… ਮੈਂ ਆਪਣੇ ਆਪ ਨੂੰ ਕਿਹਾ।
ਮੈਨੂੰ ਲੱਗਾ ਮੈਂ ਫਿਰ ਕਿਸੇ ਮਹਿਕ ਵਿਚ ਲਿਪਟ ਰਿਹਾ ਸਾਂ। ਉਹੋ ਸੋਨਾ, ਉਹੋ ਤਾਂਬਾ, ਉਹੋ ਸੇਕ, ਉਹੋ ਹਨੇਰਾ, ਉਹੋ ਪੌੜੀਆਂ, ਜਿਸ ਵਿਚੋਂ ਅਸੀਂ ਦੋਵੇਂ ਹੁਣੇ ਹੁਣੇ ਗੋਦਨੀਆਂ ਵਾਲੇ ਕੋਠੇ ’ਤੇ ਗਏ ਸਾਂ।ਉਹਦਾ ਕੋਕਾ ਫਿਰ ਲਿਸ਼ਕ ਰਿਹਾ ਸੀ…
”ਕਿਉਂ ਕਬਰਾਂ ਫਰੋਲਦੈਂ ਮਨੀ ਨਾਜ਼ੀਆਂ ਤਾਂ ਕਦੋਂ ਦੀ ਦਫ਼ਨ ਹੋ ਗਈ।”
ਦੂਰ ਕੋਈ ਆਖ ਰਿਹਾ ਸੀ।
ਪਰ ਨਹੀਂ, ਇਕ ਘੜੀ ਪਹਿਲਾਂ ਨਾਜ਼ੀਆ ਹੀ ਤਾਂ ਸੀ। ਮੈਂ ਫਿਰ ਹਨੇਰਾ ਟੋਹਿਆ ਤੇ ਨਾਜ਼ੀਆ ਨੂੰ ਫੜਨ ਲੱਗਾ। ਉਹੀ ਪੌੜੀਆਂ, ਉਹੀ ਕੋਠਾ… ਅਚਾਨਕ ਥੱਲੇ ਸ਼ੋਰ ਉੱਚਾ ਹੋਇਆ।
ਪਾਕਿਸਤਾਨ ਜਿੰLਦਾਬਾਦ!
ਹਿੰਦੋਸਤਾਨ ਜਿੰLਦਾਬਾਦ!
ਨਾਜ਼ੀਆ ਉੱਠੀ ਤੇ ਦਗੜ ਦਗੜ ਕਰਦੀ ਪੌੜੀਆਂ ਉਤਰ ਗਈ।
ਮੈਂ ਹਨੇਰਾ ਟੋਹਣ ਲੱਗਾ।
ਕੱਪੜੇ ਨਹੀਂ ਸਨ ਲੱਭ ਰਹੇ।…
ਮੈਂ ਕੁਝ ਵੀ ਸੋਚਣ ਤੋਂ ਪਹਿਲਾਂ ਅਲਫ਼, ਵਿਹੜੇ ’ਚ ਆ ਖੜ੍ਹਿਆ।
ਬੱਚੇ ਉੱਠ ਖੜ੍ਹੇ ਸਨ। ਰੋ ਰਹੇ ਸਨ, ਤੇ ਨਿੰਦੀ ਚੁੱਪ ਕਰਾ ਰਹੀ ਸੀ।
ਪਿਛਲੇ ਕੋਠੇ ਨੇੜੇ ਗਿਆ। ਬਾਰੀ ਦੀ ਝੀਤ ਥਾਣੀਂ ਵੇਖਿਆ, ਬੱਚੇ ਰੋ ਰੋ ਫਾਵੇ ਹੋ ਗਏ ਸਨ, ਅਤੇ ਭੁੰਜੇ ਪਏ ਸਨ।
ਨਿੰਦੀ ਪਲੰਘ ਦੀ ਚਾਦਰ ਲਪੇਟੀ ਬੈਠੀ ਸੀ ਤੇ ਡਰੀ ਡਰੀ ਲੱਗ ਰਹੀ ਸੀ। ਜਿਵੇਂ ਗੁਨਾਹ ਕਰਦੀ ਫੜੀ ਗਈ ਹੋਵੇ। ਕਮਰੇ ਵਿਚ ਜ਼ੀਰੋ ਵਾਟ ਦਾ ਬਿਮਾਰ ਚਾਨਣ ਸੀ ਤੇ ਨਿੰਦੀ ਨਾਲ ਚੰਬੜੇ ਬੱਚੇ ਡਡਿਆ ਰਹੇ ਸਨ।
ਤ੍ਰੇਲੀਓ ਤ੍ਰੇਲੀ ਮੈਂ ਬੈਠਕ ਵਿਚ ਆ ਕੇ ਬੱਤੀ ਜਗਾਈ ਅਤੇ ਕੱਪੜੇ ਲੱਭਣ ਲੱਗਾ।
ਜਿਉਂ ਹੀ ਮੈਂ ਨਿੰਦੀ ਦੇ ਕੱਪੜੇ ਲੈ ਕੇ ਪਿਛਲੇ ਕਮਰੇ ’ਚ ਗਿਆ, ਚੁੱਪ ਕੀਤੇ ਬੱਚੇ ਫਿਰ ਰੋਣ ਲੱਗੇ। ਮੈਨੂੰ ਭੁੱਲ ਦਾ ਅਹਿਸਾਸ ਹੋਇਆ, ਕੱਪੜੇ ਦੇ ਕੇ ਜਿਵੇਂ ਮੈਂ ਉਹਨੂੰ ਫਿਰ ਨੰਗੀ ਕਰ ਦਿੱਤਾ ਸੀ।
ਦੇਰ ਤੱਕ ਮੈਨੂੰ ਨੀਂਦਰ ਨਾ ਪਈ।
ਕਈ ਵੇਰ ਉੱਠ ਕੇ ਵਿਹੜਾ ਪਾਰ ਕੀਤਾ, ਪਰ ਅੰਦਰਲੇ ਕਮਰੇ ਦਾ ਬੂਹਾ ਖੋਲ੍ਹਣ ਦੀ ਹਿੰਮਤ ਨਾ ਪਈ।…
ਹਾਰ ਕੇ ਮੈਂ ਪਿਛਲੇ ਕਮਰੇ ਦੀ ਬਾਰੀ ਵਿਚੋਂ ਝਾਕਿਆ। ਨਿੰਦੀ ਭੁੰਜੇ ਪਈ ਸੀ ਤੇ ਦੋਵੇਂ ਬੱਚੇ ਉਹਦੇ ਨਾਲ ਲਿਪਟੇ ਪਏ ਸਨ।
ਗਹੁ ਨਾਲ ਦੇਖਿਆ, ਅਚਾਨਕ ਲੱਗਾ, ਜਿਵੇਂ ਇਹ ਕੋਈ ਹੋਰ ਔਰਤ ਸੀ, ਜੋ ਬਾਲਾਂ ਨਾਲ ਪਈ ਸੀ… ਇਹਨੂੰ ਤਾਂ ਮੈਂ ਉੱਕਾ ਹੀ ਨਹੀਂ ਸਾਂ ਜਾਣਦਾ। ਸ਼ਾਇਦ ਇਹ ਉਹੋ ਔਰਤ ਸੀ ਜੋ ਬਾਲਾਂ ਨੂੰ ਲੈ ਕੇ ਕੋਠੇ ਉੱਤੇ ਆਈ ਸੀ।…
ਨਾਜ਼ੀਆ ਕੋਈ ਹੋਰ ਸੀ।…
ਬੈਠਕ ਵਿਚ ਆ ਕੇ ਮੈਂ ਤੜਪਣ ਲੱਗਾ।
ਰਿਹਾ ਨਾ ਗਿਆ ਤਾਂ ਮੈਂ ਗੁੱਸੇ ਨਾਲ ਪਿਛਲੇ ਕਮਰੇ ਦਾ ਬੂਹਾ ਧੱਕਿਆ। ਅੰਦਰੋਂ ਲਾਕ ਸੀ। ਨੌਕ ਕੀਤਾ। ਨਿੰਦੀ ਅਲਸਾਈ ਜਿਹੀ ਉੱਠੀ। ਬੂਹੇ ਦੀ ਝੀਤ ਚੋਂ ਝਾਕਿਆ।
”ਜੀ ਦੱਸੋ?” ਉਹ ਬਿਲਕੁਲ ਓਪਰਿਆਂ ਵਾਂਗ ਬੋਲੀ
”ਸੌਂ ਗਏ?”
”ਕੌਣ…?”
”ਬੱਚੇ?”
”ਨਹੀਂ!”
”ਪਰ ਸੁੱਤੇ ਤਾਂ ਪਏ ਨੇ…”
”ਨਹੀਂ! ਜਾਗ ਰਿਹੈ ਵੱਡਾ….ਕਹਿੰਦਾ ਸਵੇਰੇ ਪਾਪਾ ਨੂੰ ਦੱਸਾਂਗਾ।”
”ਪਲੀਜ਼! ਨਾਜ਼ੀਆ!”
”ਨਹੀਂ ਮਨੀ! ਪੈ ਜੋ ਚੁੱਪ ਕਰਕੇ….।”
ਠਾਹ! ਦਰਵਾਜ਼ਾ ਬੰਦ।….ਜਿਵੇਂ ਕਿਸਮਤ ਨੇ ਹੀ ਦਰ ਭੇੜ ਲਏ ਹੋਣ।
ਮੈਨੂੰ ਲੱਗਾ, ਮੈਂ ਇਸ ਔਰਤ ਲਈ ਤਾਂ ਬਿਲਕੁਲ ਹੀ ਏਂਨੀ ਦੂਰੋਂ ਚੱਲ ਕੇ ਨਹੀਂ ਸਾਂ ਆਇਆ।…
ਮੂੰਹ ਹਨੇਰਾ ਹੀ ਸੀ ਕਿ ਬਾਹਰ ਠਿੱਪਰ ਗਰਜਿਆ।
ਵੱਸ ਚਲਦਾ ਤਾਂ ਗੋਲੀ ਮਾਰ ਦਿੰਦਾ।
”ਉੱਠ ਖੜ੍ਹੋ ਬੜੇ ਭਾਈ…ਦਿਨ ਤਾਂ ਚੜ੍ਹ ਗਿਆ।”
ਦੁਖੀ ਮਨ ਨਾਲ ਬੂਹਾ ਖੋਲਿ੍ਹਆ। ਪੰਡਿਤ ਵੀ ਨਾਲ ਸੀ ਐਨ ਤਿਆਰ ਬਰ ਤਿਆਰ।
ਮੈਨੂੰ ਸਮਝ ਨਾ ਆਈ ਪੰਡਤ ਇਹਦੇ ਨਾਲ ਕਿਉਂ ਤੁਰਿਆ ਫਿਰਦਾ ਸੀ? ਜਦ ਕਿ ਦੋਹਾਂ ਦੀ ਨੇਚਰ ਬਿਲਕੁਲ ਵੱਖੋ-ਵੱਖਰੀ ਸੀ।
ਦੋਵੇਂ ਧਾਹ ਕੇ ਅੰਦਰ ਵਧੇ ਤੇ ਚਾਰ ਚੁਫ਼ੇਰੇ ’ਚੋਂ ਕੁਝ ਲੱਭਣ ਲੱਗੇ।”ਕਿਵੇਂ ਰਹੀ ਫ਼ਿਰ ਬੜੇ ਭਾਈ?” ਠਿੱਪਰ ਹਰ ਚੀਜ਼ ਨੂੰ ਬੜੇ ਗਹੁ ਨਾਲ ਵੇਖ ਰਿਹਾ ਸੀ। ਜਿਵੇਂ ਕਿਸੇ ਤਲਾਸ਼ ਵਿਚ ਆਇਆ ਹੋਵੇ।
”…….ਲੈ ਦੇਖ ਲੈ ਪੰਡਤਾ, ਅਲਾਣੇ ਪਲੰਘ ’ਤੇ ਈ ਸੌਂ ਗਿਆ ਪੱਟੂ। ਚੰਗਾ ਭਲਾ ਇੰਤਜ਼ਾਮ ਸੀ ਹੋਟਲ ’ਚ….ਦੱਸ ਕੀ ਟੀਂਡੀਆਂ ਲੈਲੀਆਂ ੲੈਥੇ ਆ ਕੇ….।”
ਮੈਂ ਅੱਖਾਂ ਮਲਣ ਲੱਗਾ।
”ਰਾਤ….ਫ਼ੇ-ਪ੍ਰਸ਼ਾਦ ਪਾਣੀ ਛਕਿਆ ਕਿ ਨਈਂ?”
ਠਿੱਪਰ ਦੇ ਲਹਿਜ਼ੇ ਵਿਚ ਨੀਚਤਾ ਸੀ। ਮੈਂ ਤ੍ਰਭਕ ਕੇ ਵੇਖਿਆ। ਉਹਦੇ ਚਿਹਰੇ ’ਤੇ ਖਚਰੀ ਹਾਸੀ ਸੀ।
”ਕੀ ਮਤਲਬ?” ਮੈਂ ਗੁੱਸੇ ਨਾਲ ਕਿਹਾ।
”ਮੇਰਾ ਮਤਲਬ ਰੋਟੀ ਪਾਣੀ ਛਕ ਲਿਆ ਸੀ ਨਾ….” ਉਹ ਝੇਪ ਗਿਆ।
”ਹੱਛਾ ਬੜੇ ਭਾਈ, ਲੈ ਪ੍ਰੋਗਰਾਮ ਸੁਣ….ਬ੍ਰੇਕਫਾਸਟ ਐ ਮੇਰੇ ਘਰੇ। ਦੁਪਹਿਰ ਦਾ ਲੰਚ ਪੰਡਤ ਵੱਲੋਂ….ਸ਼ਾਮੀ ਡਿਨਰ ਹੋਟਲ ’ਚ….ਇਕ ਪਾਰਟੀ ਵੀ ਰੱਖੀ ਐ ਤੇਰੇ ਲਈ….ਮਖਿਆ ਦਿਖਾਈਏ ਜ਼ਰਾ ਜਲਵਾ ਆਪਣੀ ਨੇਤਾਗਿਰੀ ਦਾ…. ”
ਪਤਾ ਨਹੀਂ ਕਿਉਂ ਮੈਨੂੰ ਉਹਦਾ ਹਰ ਬੋਲ ਬਹੁਤ ਬੁਰਾ ਲੱਗਿਆ। ਪਰ ਮੈਂ ਚੁੱਪ ਰਿਹਾ।
”ਅੰਦਰ ਲਾ ਯਾਰ ਹੁਕਮ ਭਾਬੀ ਨੂੰ….ਚਾਹ ਤਾਂ ਪਿਆਵੇ ਦੋ ਘੁੱਟਾਂ….”
”ਨੋ!” ਮੇਰੇ ਸੱਤੀਂ ਕੱਪੜੀਂ ਲੱਗ ਗਈ। ”ਸੁੱਤੇ ਪਏ ਨੇ ਸਾਰੇ।”
”ਦਿਨ ਚੜ੍ਹ ਗਿਆ ਬੜੇ ਭਾਈ!…ਤੂੰ ਜਾਹ ਯਾਰ! ਕਹਿ ਠਿੱਪਰ ਜੀ ਆਏ ਐ।” ਉਸ ਜ਼ਿੱਦ ਕੀਤੀ, ਜਿਵੇਂ ਨਿੰਦੀ ਦੇ ਚਿਹਰੇ ਤੋਂ ਕੁਝ ਪੜ੍ਹਨ ਲਈ ਕਾਹਲਾ ਹੋਵੇ।
”ਨਹੀਂ ਪੰਡਤ! ਬੈਠਾ ਰਹਿ ਚੁੱਪ ਕਰਕੇ…। ਹੱਦ ਹੋ ਗਈ ਯਾਰ!….ਬਿਨਾਂ ਪੁੱਛੇ ਕਿਸੇ ਦੇ ਘਰ ’ਚ ਇੰਜ ਵੜਨਾ…. ਕਮਾਲ ਦੀ ਤਹਿਜ਼ੀਬ ਹੈ।”
”ਸਾਡੇ ਘਰ ਤਾਂ ਕੁੱਤਾ ਆ ਜਾਵੇ ਤਾਂ ਨਹੀਂ ਚਾਹ ਤੋਂ ਬਿਨਾ ਜਾਣ ਦੇਈਦਾ…ਫਿਰ ਏਹ ਤਾ ਆਪਣਾ ਘਰ ਐ ਬੜੇ ਭਾਈ!”
”ਨੋ!” ਤੇਰਾ ਨਹੀਂ…ਇਹ ਕਿਸੇ ਹੋਰ ਦਾ ਘਰ ਐ ਠਿੱਪਰ!”
”ਚਲ ਛੱਡ ਬੜੇ ਭਾਈ! ਤੂੰ ਤਾਂ ਮਾਈਂਡ ਕਰ ਗਿਆ।”
”ਸੋ ਥੈਂਕਸ! ਤੁਸੀਂ ਹੁਣ ਜਾਓ ਪਲੀਜ਼…ਤੇ ਨਾਲੇ ਠਿੱਪਰ! ਮੈਂ ਆ ਨਹੀਂ ਸਕਾਂਗਾ ਤੁਹਾਡੇ ਵੱਲ।”
”ਕਿਉਂ?”
”ਬੈਂਕ ਵਗੈਰਾ ਜਾਵਾਂਗਾ ਪਹਿਲਾਂ….”
”ਕਿਉਂ ਬੈਂਕ ਕਿਉਂ? ਤੂੰ ਹੁਕਮ ਕਰ ਬੜੇ ਭਾਈ!”
‘ਨਹੀਂ ਮਿਹਰਬਾਨੀ….”
”ਮਿਹਰਬਾਨੀ ਕਾਹਦੀ….ਚਾਹ ਤਾਂ ਪੀਣ ਨਹੀਂ ਦਿੱਤੀ।”
”ਨਾਲੇ ਠਿੱਪਰ ਤੂੰ ਦਿਨ ਵਿਚ ਪੈਸੇ ਲੈ ਜਾਈਂ ਆ ਕੇ….”
”ਕਿਹੜੇ ਪੈਸੇ?….”
”ਜਿਹੜੇ ਨਿੰਦੀ ਨੂੰ ਦਿੱਤੇ ਤੂੰ…”
”ਦੇਖ ਲੈ ਐਨੀ ਗੱਲ ਨੀਂ ਪਚਦੀ ਇਹਨਾਂ ਤੀਮੀਆਂ ਦੇ ਢਿੱਡ ’ਚ, ਹਾਲਾਂ ਕਿ ਮੈਂ ਉਹਨੂੰ ਨਹੀਂ…ਬੱਚਿਆਂ ਨੂੰ ਦਿੱਤੇ ਸੀ ਪੈਸੇ….।”
”ਪਰ ਖ਼ੈਰਾਇਤ ਉਹਨੇ ਲਈ ਨਹੀਂ ਤੇਰੀ…”
”ਪਰ…..”
”ਬੱਸ ਹੁਣ ਹੋਰ ਨਹੀਂ ਠਿੱਪਰ! ਬਹੁਤ ਹੋ ਗਿਆ….।”
”ਚਲੋ!” ਉਹਨੇ ਹਉਕਾ ਲਿਆ, ”ਪਰ ਐਨਾ ਹੰਕਾਰ ਠੀਕ ਨਹੀਂ ਬੜੇ ਭਾਈ।”
”ਮੈਨੂੰ ਲਗਦੈ ਤੁਹਾਨੂੰ ਜਾਣਾ ਚਾਹੀਦੈ ਹੁਣ…..”
ਮੈਂ ਹਾਲੇ ਬਰੱਸ਼ ਹੀ ਕੀਤਾ ਸੀ ਕਿ ਅੰਮੀ ਜਾਨ ਆ ਗਏ।
”ਕਿਮੇਂ ਐਂ ਪੁੱਤ?”
”ਠੀਕ ਆਂ ਅੰਮੀ ਜਾਨ…..”
”ਦੇਖ ਲੈ ਕੀ ਭਾਣਾ ਵਰਤ ਗਿਆ…।” ਉਹ ਰੋਣ ਲੱਗੇ, ”ਰੱਬ ਨੇ ਇਹ ਦਿਨ ਵੀ ਦਿਖਾਉਣੇ ਸੀ।…ਹੁਣ ਘਰ ਦੀ ਲਾਜ ਤੇਰੇ ਹੱਥ ਐ ਪੁੱਤ!”
ਉਹ ਗਏ ਤਾਂ ਪਾਸ਼ੀ ਆ ਗਈ।
”ਦੇਖ ਲਿਆ ਨਾ ਕਿਵੇਂ ਜੂਨ ਕੱਟਦੀ ਏ ਵਿਚਾਰੀ…..ਪਰ ਬੜੀ ਖੁੱਦਾਰ ਏ ਦੀਦੀ…ਭੁੱਖਿਆਂ ਰਹਿ ਲਿਆ…ਪਰ ਹੱਥ ਨਹੀਂ ਅੱਡਿਆ।”
ਉਹ ਲਗਾਤਾਰ ਬੋਲ ਰਹੀ ਸੀ। ਮੈਂ ਟੋਕਿਆ।
”ਤੂੰ ਆਪਣੀ ਸੁਣਾ….ਤੇਰਾ ਕੀ ਹਾਲ ਐ?”
”ਸਾਨੂੰ ਤਾਂ ਇਹੋ ਖੁਸ਼ੀ ਐ ਬੱਚੇ ਅਮਰੀਕਾ ਜਾਣਗੇ ਤਾਂ ਧੋਣੇ ਧੁਪ ਜਾਣਗੇ ਸਾਰੇ…ਬੜਾ ਦਸੌਧਾ ਕੱਟਿਆ ਵਿਚਾਰੀ ਨੇਂ….।”
ਮੇਰਾ ਮੱਥਾ ਠਣਕਿਆ, ਬੱਚੇ, ਅਮਰੀਕਾ…ਇਹ ਕੀ ਸੋਚਿਆ ਜਾ ਰਿਹਾ ਸੀ ਮੇਰੇ ਬਾਰੇ…।
ਮੈਂ ਬੈਂਕ ਵਿਚੋਂ ਕੁਝ ਡਾਲਰ ਭੁਨਾਏ ਅਤੇ ਪੈਸੇ ਨਿੰਦੀ ਅੱਗੇ ਲਿਆ ਰੱਖੇ।
”ਕੀ ਕਰਾਂ ਇਹਨਾਂ ਦਾ…?” ਉਹ ਤਲਖ਼ੀ ਨਾਲ ਬੋਲੀ।
”ਸਮਾਨ ਖ਼ਰੀਦ…..ਰੱਜ ਕੇ ਖਾਹ, ਤੇ ਬੱਚੇ ਪੜ੍ਹਾ…ਕੁਝ ਪੈਸੇ ਫਿਕਸ ਕਰਵਾ ਦਿਆਂਗਾ। ਹਰ ਮਹੀਨੇ ਖਰਚਾ ਮਿਲੇਗਾ…ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਏਗੀ।”
”ਤੇ ਮੈਂ?…”
”ਮੈਂ ਕੀ?”
”ਮੈਂ ਕੀ ਕਰਾਂ ਗੀ?”
”ਬੱਚੇ ਪਾਲ…ਸਾਲ ਤੱਕ ਵੀਜਾ ਲੱਗ ਗਿਆ ਤਾਂ ਓਥੇ…ਫਿਰ ਕੋਈ ਮਸਲਾ ਈ ਨਹੀਂ।”
”ਤੇ ਬੱਚੇ….?”
”ਬੱਚੇ ਸ਼ਾਇਦ ਮੈਂ ਨਾਲ ਨਾ ਲੈ ਕੇ ਜਾ ਸਕਾਂ…”
”ਕਿਉਂ?”
”ਮੈਂ ਦੱਸ ਨਹੀਂ ਸਕਦਾ…ਪਰ…”
”ਪਰ ਕਿਉਂ?…” ਉਹ ਜਿਵੇਂ ਚੀਕੀ।
”ਬੱਚੇ ਤੇਰੇ ਅਤੀਤ ਨੂੰ ਭੁੱਲਣ ਨਹੀਂ ਦੇਣਗੇ ਨਾਜ਼ੀਆ…”
ਉਹ ਬਹੁਤ ਦੂਰ ਦੇਖਣ ਲੱਗੀ ਅਤੇ ਚੁੱਪ ਕਰ ਗਈ।
ਜਿਵੇਂ ਕਿਸੇ ਪੀੜ ਵਿਚ ਘਿਰ ਗਈ ਹੋਵੇ।
ਤਕਾਲੀਂ ਠਿੱਪਰ ਦੀ ਥਾਂ ਪੰਡਤ ਆ ਧਮਕਿਆ।
”ਬੜੇ ਭਾਈ ਕੋਈ ਸੇਵਾ…”
”ਨਹੀਂ ਪੰਡਤ, ਇੱਛਾ ਨਹੀਂ…”
”ਹਰੀ ਹਰ! ਜੋ ਇਛੈ ਦੱਸ…ਚਿੜੀਆਂ ਦਾ ਦੁੱਧ ਨਾ ਹਾਜ਼ਰ ਕਰਾਂ ਤਾਂ…।”
”ਨਹੀਂ ਦੋਸਤ! ਚਿੜੀਆਂ ਦਾ ਦੁੱਧ ਨਹੀਂ ਚੈਨ ਚਾਹੀਦੈ…।”
”ਹੱਦ ਹੋ ਗਈ ਯਾਰ! ਭਾਬੀ ਸਾਡੀ ਸੇਵਾ ਕਰਨ ਨੂੰ, ਹੋਰ ਚੈਨ ਕੀ ਹੁੰਦੈ.. ਬਾਕੀ ਹਰੀ ਆਪ ਜਾਨੀ-ਜਾਣ ਐਂ..।”
ਮੈਂ ਬੱਸ ਹਉਕਾ ਭਰਿਆ ਤੇ ਚੁੱਪੀ ਸਾਧ ਲਈ।
ਰਾਤ ਦੀ ਰੋਟੀ ਤੋਂ ਲੈ ਕੇ ਦੁੱਧ ਦਾ ਗਿਲਾਸ ਲੈ ਕੇ ਆਉਣ ਤੱਕ, ਸਭ ਕੁਝ ਕੱਲ੍ਹ ਵਰਗਾ ਸੀ। ਪਰ ਜਿਉਂ ਹੀ ਮੈਂ ਬੈਠਕ ਦੀ ਲਾਈਟ ਆਫ਼ ਕੀਤੀ ਨਿੰਦੀ ਉੱਠ ਕੇ ਦਰਾਂ ’ਚ ਜਾ ਖੜ੍ਹੀ…।
”ਕੀ ਗੱਲ?”
”ਨਹੀਂ ਮਨੀ…ਜੋ ਹੋ ਗਿਆ ਉਹੋ ਭਲਾ।”
”ਕਿਉਂ ਕੋਈ ਪ੍ਰਾਬਲਮ ਐ?”
”ਹਾਂ! ਪਹਿਲਾਂ ਰਿਸ਼ਤਾ ਸਪਸ਼ਟ ਹੋ ਲਵੇ, ਫਿਰ…।”
”ਕਮਾਲ ਐ, ਮੈਂ ਵਿਆਹ ਕਰਾਉਣ ਆਇਆਂ ਬਈ….।”
”ਵਿਆਹ ਨਹੀਂ, ਕਰੇਵਾ….।”
”ਕੀ ਫ਼ਰਕ ਪੈਂਦੇ?”
”ਮੈਨੂੰ ਪੈਂਦੇ….ਮੇਰੇ ਦੋ ਬੱਚੇ ਵੀ ਨੇ….।”
”ਨਹੀਂ! ਮੈਂ ਤੇਰੇ ਲਈ ਆਇਆਂ ਨਾਜ਼ੀਆ, ਤੂੰ ਸਮਝਦੀ ਕਿਉਂ ਨਹੀਂ?”
”ਨਹੀਂ ਮਨੀ, ਬੱਚੇ ਪਹਿਲਾਂ….ਪਿਛੋਂ ਮੈਂ…”
ਤੇ ਉਹ ਬਿਨਾਂ ਉੱਤਰ ਉਡੀਕੇ, ਹਨੇਰੇ ’ਚ ਸਰਕ ਗਈ।
ਮੇਰੇ ਲਈ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ। ਮੈਂ ਬੜੀ ਮੁਸ਼ਕਿਲ ਨਾਲ ਰਾਤ ਦੀ ਉਡੀਕ ਕੀਤੀ ਸੀ। ਰਹਿ ਰਹਿ ਕੇ ਮੈਂ ਕਿਸੇ ਮਹਿਕ ਵਿਚ ਲਿਪਟਦਾ, ਲੁੱਛਦਾ ਅਤੇ ਤੜਪਦਾ…
ਕਈ ਵਾਰ ਮੈਂ ਅੰਦਰਲੇ ਕਮਰੇ ਤੱਕ ਗਿਆ।
ਹਰ ਵਾਰ ਉਹ ਬੱਚਿਆਂ ਨਾਲ ਲਿਪਟੀ ਪਈ ਦਿਸੀ ਜਾਂ ਬੱਚੇ ਉਹਦੇ ਨਾਲ ਚੰਬੜੇ ਪਏ ਦਿੱਸੇ…। ਹਾਰ ਕੇ ਮੈਂ ਦਰਵਾਜ਼ਾ ਨੌਕ ਕੀਤਾ।
”ਦੱਸੋ!” ਉਹ ਬਿਲਕੁਲ ਓਪਰਿਆਂ ਵਾਂਗ ਬੋਲੀ।
”ਮੈਂ ਗੱਲ ਕਰਨੀਂ ਚਾਹੁੰਨਾਂ!”
ਉਹ ਵਿਹੜੇ ਵਿਚ ਆ ਖੜ੍ਹੀ।
”ਪਲੀਜ਼ ਨਾਜ਼ੀਆ! ਏਨੀ ਨਿਰਦਈ ਨਾ ਬਣ… ਤੈਨੂੰ ਪਤੈ ਮੈਂ ਸਿਰਫ਼ ਤੇਰੇ ਲਈ ਆਇਆਂ।”
”ਹੋਸ਼ ’ਚ ਆ ਮਨੀ, ਮੈਂ ਵੀਹ ਵੇਰੀਂ ਕਿਹੈ ਕਿ ਨਿੰਦੀ ਹਾਂ ਮੈਂ… ਨਾਜ਼ੀਆ ਨਹੀਂ।” ਉਹ ਬਹੁਤ ਉੱਚੀ ਬੋਲੀ। ਮੈਂ ਡਰਿਆ।
”ਪਲੀਜ਼!” ਮੈਂ ਬਹੁਤ ਧੀਮਾ ਕਿਹਾ।
”ਕੀ ਪਲੀਜ਼ ਪਲੀਜ਼ ਲਾ ਰੱਖੀ ਐ ਤੂੰ… ਹੈਂ?” ਉਹ ਚੀਕੀ। ”ਔਰ ਕੀ ਸਮਝ ਰਖਿਐ ਤੁਸੀਂ?… ਪੈਸੇ ਦਿਤੇ… ਜਿਸਮ ਖਰੀਦੇ…ਤੇ ਸਮਝ ਲਿਆ, ਮੁੱਠੀ ’ਚ ਆ ਗਈ ਔਰਤ… ਭੋਗ ਲਈ ਔਰਤ… ਤੇਰੇ ਤੇ ਠਿੱਪਰ ’ਚ ਫ਼ਰਕ ਕੀ ਏ ਮਨੀ… ਉਹ ਰਖੇਲ ਚਾਹੁੰਦੇਂ, ਤੇ ਤੂੰ ਨਾਜ਼ੀਆ… ਇਕ ਤਪਦਾ… ਮਘਦਾ ਤੇ ਸ਼ੂਕਦਾ ਜਿਸਮ… ਪਰ ਤੂੰ ਦੱਸ ਉਹ ਔਰਤ ਕਿਥੇ ਜਾਵੇ? ਜਿਸ ਦੇ ਬੱਚੇ ਵੀ ਨੇ ਦੋ… ਜਿਹੜੀ ਨਾਜ਼ੀਆ ਨਹੀਂ, ਨਿੰਦੀ ਏ ਨਿੰਦੀ…” ਤੇਰਾ ਭਰਾ ਸ਼ਰਾਬੀ ਸੀ… ਪਰ ਬੱਚਿਆਂ ਵਿਚ ਜਾਨ ਸੀ ਉਹਦੀ… ਤੇ ਤੁਸੀਂ? ਬੱਚਿਆਂ ਲਈ ਕੋਈ ਹੋਰ ਰਾਹ ਤਲਾਸ਼ ਕਰੋਗੇ…?
ਜਾਓ ਮਨੀ ਸਾਬ੍ਹ! ਗ਼ਲਤ ਜਗ੍ਹਾ ਆ ਗਏ ਤੁਸੀਂ… ਕੋਈ ਨਾਜ਼ੀਆ ਵਾਜ਼ੀਆ ਨਹੀਂ ਰਹਿੰਦੀ ਏਸ ਘਰ ’ਚ…। ਇਕ ਵਿਧਵਾ ਦਾ ਘਰ ਏ ਇਹ… ਗ਼ਰੀਬ…ਲਾਚਾਰ… ਤੇ ਮਮਤਾ ਦੀ ਮਾਰੀ ਵਿਧਵਾ ਦਾ ਘਰ… ਗ਼ਲਤ ਜਗ੍ਹਾ ਆ ਗਏ ਤੁਸੀਂ…।”
ਉਹ ਤਪਣ ਲੱਗੀ, ਤੇ ਅੰਦਰ ਚਲੀ ਗਈ।
ਮੇਰੇ ’ਚ ਹਿੰਮਤ ਨਹੀਂ ਸੀ ਕਿ ਮੈਂ ਰੋਕ ਸਕਾਂ।
ਮੈਂ ਬੈਠਕ ’ਚ ਆ ਰਿਹਾ।
ਮੇਰੀ ਨੀਂਦਰ ਅਤੇ ਜ਼ਿਹਨ ਵਿਚਲਾ ਫਤੂਰ ਉੱਡ ਚੁੱਕਾ ਸੀ।
ਤੇ ਮੈਂ ਸੋਚ ਰਿਹਾ ਸਾਂ… ਲਗਾਤਾਰ…
ਲੀਜ਼ਾ ਬੱਚਾ ਨਹੀਂ ਸੀ ਚਾਹੁੰਦੀ…ਤੇ ਨਿੰਦੀ ਬੱਚਿਆਂ ਤੋਂ ਵੱਖ ਨਹੀਂ ਸੀ ਹੋ ਰਹੀ…।
ਬੱਚੇ ਮੈਂ ਲੈ ਕੇ ਨਹੀਂ ਸਾਂ ਜਾਣਾ ਚਾਹੁੰਦਾ…ਤੇ ਨਾਜ਼ੀਆ ਨੂੰ ਮੈਂ ਛੱਡ ਨਹੀਂ ਸੀ ਸੱਕਦਾ…। ਮੈਨੂੰ ਪਤਾ ਸੀ, ਠਿੱਪਰ ਉਹਨੂੰ ਚੱਬ ਜਾਣ ਵਾਲਾ ਸੀ…
ਬੱਚੇ ਉਹਦਾ ਨਿੰਦੀ ਹੋਣ ਦਾ ਅਹਿਸਾਸ ਦਿਵਾਉਂਦੇ ਸਨ…ਤੇ ਨਿੰਦੀ ਲਈ ਮੇਰੇ ਮਨ ’ਚ ਕੋਈ ਥਾਂ ਨਹੀਂ ਸੀ।… ਕੀ ਕਰਾਂ?…
ਸਿਰ ਫਟਣ ਲੱਗਾ… ਬੇਵਸੀ ’ਚ ਮੈਂ ਨੀਂਦਰ ਦੀ ਗੋਲੀ ਅੰਦਰ ਲੰਘਾਈ ਤੇ ਅੱਖਾਂ ਮੀਟ ਲਈਆਂ।…
ਪਤਾ ਨਹੀਂ ਕਦੋਂ ਮੈਂ ਆਪਣੇ ਅਰਧ ਚੇਤਨ ਮਨ ਨਾਲ ਆਪਣੇ ਆਪ ਨੂੰ ਏਅਰ ਪੋਰਟ ’ਤੇ ਖਲੋਤੇ ਵੇਖਿਆ ਅਤੇ ਕੰਬ ਗਿਆ। ਮੇਰੀ ਜਾਗ ਖੁੱਲ੍ਹ ਗਈ।
ਮੈਨੂੰ ਲੱਗਾ, ਚੁਫੇਰੇ ਸੰਘਣਾ ਹਨੇਰਾ ਸੀ ਪਰ ਸਵੇਰ ਹੋਣ ਵਿਚ ਬਹੁਤੀ ਦੇਰ ਨਹੀਂ ਸੀ।…

ਕਿਰਪਾਲ ਕਜ਼ਾਕ
ਕਿਰਪਾਲ ਕਜ਼ਾਕ ਪੰਜਾਬੀ ਦਾ ਪ੍ਰੋਢ ਕਹਾਣੀਕਾਰ ਹੈ। ਪੰਜਾਬੀ ਕਹਾਣੀ ਦੀ ਗੱਲ ਕਿਰਪਾਲ ਕਜ਼ਾਕ ਦੀਆਂ ਕਹਾਣੀਆਂ ਤੋਂ ਬਿਨਾਂ ਕੀਤੀ ਹੀ ਨਹੀਂ ਜਾ ਸਕਦੀ। ਉਹਦੀਆਂ ਕਹਾਣੀਆਂ ਪੜ੍ਹਦਿਆਂ ਕਿਤੇ ਕੋਈ ਝੋਲ ਨਜ਼ਰ ਨਹੀਂ ਆ ਸਕਦਾ। ਉਹ ਪੰਜਾਬੀ ਕਹਾਣੀ ਦਾ ਅਸਲੀ ਸ਼ਿਲਪਕਾਰ ਹੈ। ਹਰ ਵਾਰ ਉਹ ਸ਼ਿਖਰ ਸਿਰਜਦਾ ਹੈ। ਹਥਲੀ ਕਹਾਣੀ ਵੀ ਪੰਜਾਬੀ ਕਹਾਣੀ ਵਿਚ ਇਕ ਨਿਵੇਕਲਾ ਤਜਰਬਾ ਹੈ। ਇਕ ਬੰਦੇ ਅੰਦਰ ਵਿਚਰਦੇ ਕਈ ਕਈ ਬੰਦਿਆਂ ਨੂੰ ਪਕੜਨ ਦੀ ਸੁੱਚਜੀ ਮੁਹਾਰਤ ਹੀ ਕਿਰਪਾਲ ਕਜ਼ਾਕ ਨੂੰ ਹੋਰਨਾਂ ਕਹਾਣੀਕਾਰਾਂ ਤੋਂ ਬਹੁਤ ਵੱਖਰੀ ਭਾਂਤ ਦਾ ਕਹਾਣੀਕਾਰ ਸਾਬਤ ਕਰਦੀ ਹੈ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!