ਪਹਿਲੀ ਵਾਰ ਦੇ ਹੰਝੂ – ਸੁਸ਼ੀਲ ਦੁਸਾਂਝ

Date:

Share post:

ਉਹ ਜਵਾਨ ਕੁੜੀ ਅਤੇ ਬੁੱਢੀ ਅੱਗੇ-ਅੱਗੇ ਸੀ ਤੇ ਮੇਰੇ ਸਣੇ ਸਾਡੀ ਪੱਤੀ ਦੀ ਮੁੰਡੀਰ ਉਨ੍ਹਾਂ ਦੇ ਪਿੱਛੇ-ਪਿੱਛੇ। ਅਸੀਂ ਪਹਿਲੀ ਵਾਰ ਪਿੰਡ ਵਿਚ ਐਨਕਾਂ ਵਾਲੀ ਕੁੜੀ ਦੇਖ ਰਹੇ ਸੀ। ਸਾਡੇ ਲਈ ਇਹ ਕਿਸੇ ਹੋਰ ਦੁਨੀਆ ਤੋਂ ਆਇਆ ਅਜੂਬਾ ਸੀ। ਬਜ਼ੁਰਗ ਔਰਤ ਬਿਲਕੁਲ ਸਾਦ-ਮੁਰਾਦੀ, ਪਰ ਕੁੜੀ ਨੇ ਅਜੀਬ ਤਰ੍ਹਾਂ ਦੇ ਕਪੜੇ ਪਾਏ ਹੋਏ ਸੀ। ਪਿੱਛੇ-ਪਿੱਛੇ ਰੌਲ਼ਾ ਪਾਉਂਦੀ ਮੁੰਡੀਰ ਨੂੰ ਦੇਖ ਕੇ ਲੜਕੀ ਅਜੀਬ-ਜਿਹਾ ਮੂੰਹ ਬਣਾ ਰਹੀ ਸੀ। ਹੁਣ ਉਹ ਦੋਵੇਂ ਸਾਡੀ ਗਲ਼ੀ ਵਿਚ ਪਹੁੰਚ ਗਈਆਂ ਸੀ। ਮੇਰੇ ਮਨ ਵਿਚ ਇਹ ਸਵਾਲ ਖੌਰੂ ਪਾ ਰਿਹਾ ਸੀ ਕਿ ਇਹ ਕੌਣ ਹਨ ਤੇ ਕਿਹਦੇ ਘਰ ਚੱਲੀਆਂ ਹਨ? ”ਹੈਂਅ, ਇਹ ਕੀ? ਇੁਹ ਤਾਂ ਸਾਡੇ ਘਰ ਹੀ ਜਾ ਵੜੀਆਂ।” ਹੁਣ ਸਾਰੀ ਮੁੰਡੀਰ ਮੈਨੂੰ ਪੁੱਛ ਰਹੀ ਸੀ ਕੀ ਇਹ ਕੌਣ ਹਨ? ਪਰ ਮੈਂ – ਮੈਨੂੰ ਕੀ ਪਤਾ? ਕਹਿ ਉਨ੍ਹਾਂ ਦੇ ਮਗਰੇ ਹੀ ਘਰੇ ਜਾ ਵੜਿਆ। ਮੇਰੇ ਬਾਊ ਜੀ ਨੇ ਮੈਨੂੰ ਭੂਆ ਦੇ ਪੈਰੀਂ ਹੱਥ ਲਾਉਣ ਨੂੰ ਕਿਹਾ। ਮੈਂ ਮਸ਼ੀਨ ਵਾਂਗ ਭੂਆ ਦੇ ਪੈਰਾਂ ਵਿਚ ਸੀ। ਉਹ ਬਜ਼ੁਰਗ ਔਰਤ ਮੇਰੀ ਭੂਆ ਸੀ ਤੇ ਲੜਕੀ ਭੁਆ ਦੀ ਬੇਟੀ ਲਤਾ। ਉਹ ਦਿੱਲੀਓਂ ਆਈਆਂ ਸੀ।
ਦੂਸਰੇ ਸ਼ਾਇਦ ਤੀਸਰੇ ਦਿਨ ਮੈਨੂੰ ਕਿਹਾ ਗਿਆ ਕਿ ਭੂਆ ਮੈਨੂੰ ਅਪਣੇ ਨਾਲ਼ ਦਿੱਲੀ ਲਿਜਾਣ ਆਈ ਹੈ। ਭੂਆ ਦਾ ਮੁੰਡਾ ਫ਼ੌਜੀ ਹੋ ਗਿਆ ਸੀ ਤੇ ਕੁੜੀ ਗਿਆਰਵੀਂ ਵਿਚ ਪੜ੍ਹਦੀ ਸੀ। ਭੂਆ ਨੇ ਅਪਣੇ ਗ਼ਰੀਬ ਭਰਾ ਦੇ ਸਭ ਤੋਂ ਨਿੱਕੇ ਮੁੰਡੇ (ਮੈਨੂੰ) ਦਿੱਲੀ ਅਪਣੇ ਕੋਲ਼ ਲਿਜਾ ਕੇ ਪੜ੍ਹਾਉਣ ਦਾ ਸੋਚਿਆ ਸੀ। ਮੇਰੇ ਬਾਊ ਜੀ ਤੇ ਬੀਬੀ ਨੇ ਪਹਿਲਾਂ ਤਾਂ ਨਾਂਹ-ਨੁਕੱਰ ਕੀਤੀ, ਪਰ ਫੇਰ ਮੰਨ ਗਏ। ਦਿੱਲੀ ਜਾ ਕੇ ਪੜ੍ਹਨ ਦੀ ਗੱਲ ਸੁਣ ਕੇ ਮੈਂਨੂੰ ਚਾਅ-ਜਿਹਾ ਚੜ੍ਹ ਗਿਆ। ਲਤਾ ਦੀਦੀ ਨੇ ਦੂਸਰੇ ਹੀ ਦਿਨ ਮੈਨੂੰ ਅਪਣੇ ਕੋਲ਼ ਬਿਠਾ ਕੇ ‘ਸਕੂਲ’ ਲਾਉਣਾ ਸ਼ੁਰੂ ਕਰ ਦਿੱਤਾ। ਉਹ ਰੋਜ਼ ਸਵੇਰੇ ਸ਼ਾਮ ਕਿੱਕਰ ਦੀ ਦਾਤਣ ਨਾਲ਼ ਮੇਰੇ ਦੰਦਾਂ ਨੂੰ ਮਾਂਜਦੀ, ਨਹਾਉਂਦੀ, ਮੇਰੇ ਵਾਲ਼ ਵਾਹੁੰਦੀ ਤੇ ਦਿੱਲੀਓਂ ਲਿਆਂਦੇ ਸੁਹਣੇ-ਸੁਹਣੇ ਕਪੜੇ ਪੁਆ-ਪੁਆ ਦੇਖਦੀ। ਮੈਂ ਖ਼ੁਸ਼ ਸੀ। ਦਸ ਕੁ ਦਿਨਾਂ ਬਾਅਦ ਉਹ ਮੈਨੂੰ ਨਾਲ਼ ਲੈ ਫਗਵਾੜਿਓਂ ਦਿੱਲੀ ਵਾਲੀ ਗੱਡੀ ਚੜ੍ਹ ਗਏ। ਮੈਂ ਚਾਈਂ-ਚਾਈਂ ਉਨ੍ਹਾਂ ਨਾਲ਼ ਗੱਡੀ ਚੜ੍ਹਿਆ, ਪਰ ਦਿੱਲੀ ਤਕ ਪਹੁੰਚਦਿਆਂ-ਪਹੁੰਚਦਿਆਂ ਮੈਨੂੰ ਅਪਣੇ ਪਿੰਡ, ਮਿੱਤਰਾਂ, ਬਾਊ ਜੀ, ਬੀਬੀ ਤੇ ਭਰਾਵਾਂ ਦੀ ਯਾਦ ਸਤਾਉਣ ਲੱਗੀ। ਨਵੇਂ ਕੱਪੜਿਆਂ ਦੀ ਅਕੜਾਂਦ ਹੁਣ ਮੇਰਾ ਪਿੰਡਾ ਕੱਸ ਰਹੀ ਸੀ। ਤੁਰਨ ਵੇਲੇ ਦੁਸਾਂਝ ਕਲਾਂ ਤੋਂ ਸ਼ੁਰੂ ਹੋਇਆ ਹਾਸਾ ਰੇਲ ਗੱਡੀ ਦੀ ਛੁੱਕ-ਛੁੱਕ ਚ ਕਿਧਰੇ ਗੁਆਚ ਗਿਆ। ਜ਼ਿੰਦਗੀ ਦਾ ਇਹ ਪਹਿਲਾ ਸਫ਼ਰ ਮੈਨੂੰ ਕਿਸੇ ਖੂਹ ਵਿਚ ਡਿੱਗਣ ਵਾਂਗ ਲਗ ਰਿਹਾ ਸੀ ਤੇ ਸਾਹ ਰੁਕਦਾ ਜਾਪ ਰਿਹਾ ਸੀ।
ਮੈਂ ਅਪਣੇ ਪਿੰਡ ਦੇ ਸਕੂਲੋਂ ਦੂਸਰੀ ਜਮਾਤ ਵਿੱਚੋਂ ਨਾਂ ਕਟਾ ਕੇ ਦਿੱਲੀ ਦੀ ਪਾਲਮ ਕਾਲੋਨੀ ਦੇ ਪ੍ਰਾਇਮਰੀ ਸਕੂਲ ਦੀ ਪਹਿਲੀ ਜਮਾਤ ਵਿਚ ਜਾ ਦਾਖ਼ਲ ਹੋਇਆ। ਹੁਣ ਮੈਂ ਖੇਤਾਂ ਬੰਨ੍ਹਿਆਂ ਦੀ ਥਾਂ ਤੇਜ਼ ਰਫ਼ਤਾਰ ਦੌੜਦੀਆਂ ਸੜਕਾਂ ਦਾ ਜੀਵ ਸੀ। ਪਿੰਡ ਗੁਆਚ ਗਏ ਖਿਡੌਣੇ ਵਾਂਗ ਸੀ। ਦਿਨ ਲੰਘਦੇ ਗਏ ਤੇ ਮੈਂ ਵੀ ਹੌਲ਼ੀ-ਹੌਲ਼ੀ ਉਸ ਮਾਹੌਲ ਵਿਚ ਖਪਣ ਲੱਗਾ। ਭੂਆ ਮੈਂਨੂੰ ਬਹੁਤ ਪਿਆਰ ਕਰਦੀ ਤੇ ਫੁੱਫੜ ਨੇ ਵੀ ਮੈਨੂੰ ਕਦੀ ਕਿਸੇ ਗੱਲੋਂ ਟੋਕਿਆ ਨਹੀਂ ਸੀ, ਪਰ ਉਹਦਾ ਸੁਭਾਅ ਬੜਾ ਸਖ਼ਤ ਸੀ। ਲਤਾ ਮੈਨੂੰ ਲਾਡ-ਪਿਆਰ ਤਾਂ ਬਹੁਤ ਕਰਦੀ, ਪਰ ਪੜ੍ਹਾਈ ਤੇ ਘਰ ਦੇ ਹਰ ਮਾਮਲੇ ਵਿਚ ਉਹ ਅਕਸਰ ਮੇਰੇ ਨਾਲ਼ ਕਸਾਈਆਂ ਵਾਂਗ ਪੇਸ਼ ਆਉਂਦੀ। ਮੈਨੂੰ ਪਿੰਡ ਦੀ ਯਾਦ ਆਉਂਦੀ, ਪਰ ਮੈਂ ਕਿਸੇ ਨੂੰ ਕੁਝ ਦੱਸਦਾ ਨਾ। ਸਕੂਲੋਂ ਘਰ ਆਉਂਦਿਆਂ ਹੀ ਮੈਂ ‘ਲਤਾ ਦੇ ਸਕੂਲ’ ਦਾ ਇੱਕੋ-ਇਕ ਵਿਦਿਆਰਥੀ ਹੁੰਦਾ। ਉਹ ਮੈਨੂੰ ਪੜ੍ਹਾਉਂਦੀ; ਮੈਥੋਂ ਕੋਈ ਨਾ ਕੋਈ ਗ਼ਲਤੀ ਹੋ ਜਾਂਦੀ। ਉਹ ਗ਼ੁੱਸੇ ਵਿਚ ਲਾਲ ਹੋ ਜਾਂਦੀ ਤੇ ਫੇਰ ਮੇਰੀ ਸ਼ਾਮਤ ਆ ਜਾਂਦੀ। ਇਹ ਹਰ ਰੋਜ਼ ਹੁੰਦਾ। ਮੈਂ ਪਿੰਡ ਨਹਾਉਣ ਵੇਲੇ ਅੜੀਆਂ ਕਰਿਆ ਕਰਦਾ ਸੀ, ਪਰ ਹੁਣ ਲਤਾ ਰੋਜ਼ ਤੜਕੇ ਪੰਜ ਵਜੇ ਉਠਾ ਕੇ ਮੈਨੂੰ ਠੰਢੇ ਪਾਣੀ ਨਾਲ਼ ਮਲ਼-ਮਲ਼ ਕੇ ਨਹਾਉਂਦੀ। ਪੜ੍ਹਾਉਣ ਵੇਲੇ ਉਹ ਮੇਰੇ ਕੰਮ ਤੋਂ ਸੰਤੁਸ਼ਟ ਨਾ ਹੁੰਦੀ, ਤਾਂ ਕਈ ਵਾਰ ਏਨੀ ਬੁਰੀ ਤਰ੍ਹਾਂ ਮਾਰਦੀ ਕਿ ਮੈਨੂੰ ਲੱਗਦਾ ਕਿ ਮੈਂ ਹੁਣ ਨਹੀਂ ਬਚਣਾ। ਰਾਤ ਨੂੰ ਸੌਣ ਵੇਲੇ ਮੇਰੇ ਮਨ ਵਿਚ ਕਈ ਵਾਰੀ ਆਉਣਾ ਕਿ ਜਾਂ ਮੈਂ ਮਰ ਜਾਵਾਂ ਜਾਂ ਲਤਾ ਮਰ ਜਾਵੇ। ਇਸੇ ਤਰ੍ਹਾਂ ਸਭ ਕੁਝ ਚੱਲ ਰਿਹਾ ਸੀ ਕਿ ਇਕ ਦਿਨ ਪਿੰਡੋਂ ਮੇਰੇ ਬਾਊ ਜੀ ਆ ਗਏ। ਮੈਨੂੰ ਵੱਖ ਕਰ ਕੇ ਉਨ੍ਹਾਂ ਮੇਰਾ ਹਾਲ-ਚਾਲ ਪੁਛਿਆ। ਮੈਂ ਰੋ ਪਿਆ। ਉਨ੍ਹਾਂ ਮੈਨੂੰ ਕਲਾਵੇ ਵਿਚ ਲੈ ਲਿਆ। ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ, ਪਰ ਉਨ੍ਹਾਂ ਮੈਨੂੰ ਕਿਹਾ, “ਪੁੱਤ ਹੁਣ ਥੋੜ੍ਹੇ ਦਿਨ ਔਖਾ ਹੋ ਲੈ, ਸਾਰੀ ਜ਼ਿੰਦਗੀ ਮੌਜ ਕਰੇਂਗਾ।” ਦੋ ਦਿਨ ਰਹਿ ਕੇ ਬਾਊ ਜੀ ਚਲੇ ਗਏ। ਮੈਂ ਫੇਰ ਇੱਕਲਾ ਸੀ। ਫੁੱਫੜ ਜੀ, ਭੂਆ ਤੇ ਲਤਾ ਦੇ ਨਾਲ਼ ਰਹਿੰਦਿਆਂ ਵੀ ਇੱਕਲਾ।
ਲਤਾ ਦੀ ਸਖ਼ਤੀ ਦਾ ਅਸਰ ਕਹਿ ਲਓ ਜਾਂ ਉਹਦੀ ਕੁੱਟ ਦਾ ਭੈਅ ਮੈਂ ਕਲਾਸ ਵਿਚੋਂ ਲਗਾਤਾਰ ਫ਼ਸਟ ਆਉਣ ਲੱਗਾ। ਦਿੱਲੀ ਦੀ ਪ੍ਰਾਇਮਰੀ ਸਕੂਲਾਂ ਦੀ ਵਜ਼ੀਫ਼ਾ ਪ੍ਰੀਖਿਆ ਵਿੱਚੋਂ ਵੀ ਮੈਂ ਪਹਿਲੇ ਸਥਾਨ ’ਤੇ ਆਇਆ। ਉਦੋਂ ਦੇ ਭਾਰਤ ਦੇ ਰਾਸ਼ਟਰਪਤੀ ਫ਼ਖ਼ਰੂਦੀਨ ਅਲੀ ਅਹਿਮਦ ਨਾਲ਼ ਮਿਲਣੀ ਦਾ ਸਬੱਬ ਵੀ ਇਸੇ ਕਾਰਣ ਬਣਿਆ, ਪਰ ਇਸ ਸਭ ਦੇ ਬਾਵਜੂਦ ਜੇ ਮੇਰੇ 100 ਵਿਚੋਂ 98 ਨੰਬਰ ਆਉਂਦੇ, ਤਾਂ ਵੀ ਮੇਰੇ ’ਤੇ ਲਤਾ ਦਾ ਕਹਿਰ ਵਰਤਦਾ।
ਇਕ ਦਿਨ ਭੂਆ ਦਾ ਲੜਕਾ ਬਲਦੇਵ ਛੁੱਟੀ ਆਇਆ। ਉਸ ਮੈਨੂੰ ਚੁੱਕਿਆ, ਪਿਆਰ ਕੀਤਾ, ਮੈਨੂੰ ਲੱਗਾ ਇਹ ਮੇਰਾ ਵੱਡਾ ਭਰਾ ਦੀਸ਼ਾ ਹੈ, ਜਿਹੜਾ ਇਕ ਵਾਰ ਮੰਢਾਲ਼ੀ ਦੇ ਮੇਲੇ ਤੋਂ ਭਰੀ ਬਰਸਾਤ ਵਿਚ ਮੈਨੂੰ ਅਪਣੇ ਮੌਢਿਆਂ ’ਤੇ ਚੁੱਕ ਕੇ ਤਿੰਨ ਕਿਲੋਮੀਟਰ ਪੈਦਲ ਘਰ ਆਇਆ ਸੀ। ਛੁੱਟੀ ਆਇਆ ਬਲਦੇਵ ਲਤਾ ਨੂੰ ਪੜ੍ਹਾਉਂਦਾ ਤੇ ਲਤਾ ਮੈਨੂੰ। ਲਤਾ ਮੇਰੇ ਕੰਨ ਮਰੋੜਦੀ ਤੇ ਬਲਦੇਵ ਲਤਾ ਦੀ ਚੰਗੀ ਤਰ੍ਹਾਂ ਖ਼ਬਰ ਲੈਂਦਾ। ਇਕ ਦਿਨ ਲਤਾ ਨੂੰ ਪੜ੍ਹਾਉਂਦਿਆਂ ਬਲਦੇਵ ਕੁਝ ਜ਼ਿਆਦਾ ਹੀ ਗ਼ੁੱਸੇ ਵਿਚ ਆ ਗਿਆ। ਲਤਾ ਨੂੰ ਕੋਈ ਸਵਾਲ ਸਮਝ ਨਹੀਂ ਸੀ ਆ ਰਿਹਾ। ਬਲਦੇਵ ਨੇ ਫੁੱਟੇ ਨਾਲ਼ ਲਤਾ ਦੇ ਹੱਥਾਂ ’ਤੇ ਮਾਰਿਆ। ਲਤਾ ਨੇ ਉੱਚੀ-ਉੱਚੀ ਚੀਕਦਿਆਂ ਜ਼ਿੱਦ ਫੜ ਲਈ ਕਿ ਮੈਂ ਬਦਲਾ ਲੈਣਾ ਹੈ। ਬਲਦੇਵ ਨੇ ਅਪਣੀ ਕਮੀਜ਼ ਲਾਹੀ ਤੇ ਪਤਲੀ ਛਿਟੀ ਲਤਾ ਦੇ ਹੱਥ ਫੜਾਉਂਦਿਆਂ ਕਿਹਾ, ”ਜਿੰਨੀ ਜ਼ੋਰ ਦੀ ਮਾਰ ਸਕਦੀ ਐਂ ਮਾਰ।’’ ਲਤਾ ਨੇ ਪੂਰੇ ਜ਼ੋਰ ਨਾਲ਼ ਬਲਦੇਵ ਦੀ ਨੰਗੀ ਪਿੱਠ ’ਤੇ ਲਗਾਤਾਰ ਕਈ ਵਾਰ ਮਾਰਿਆ। ਬਲਦੇਵ ਨੇ ਸੀਅ ਤਕ ਨਾ ਕੀਤੀ। ਮੈਂ ਸੋਚ ਰਿਹਾ ਸੀ ਕਿ ਕੀ ਮੈਂ ਵੀ ਕਦੇ ਲਤਾ ਤੋਂ ਬਦਲਾ ਲੈ ਸਕਾਂਗਾ।
ਬਲਦੇਵ ਮਹੀਨਾ ਰਿਹਾ ਤੇ ਇਸ ਦੌਰਾਨ ਉਹਨੇ ਅਪਣੀ ਪ੍ਰੇਮਿਕਾ ਨੀਤੀ ਨੂੰ ਘਰ ਲਿਆਉਣਾ ਸ਼ੁਰੂ ਕਰ ਦਿੱਤਾ। ਖੱਤਰੀਆਂ ਦੀ ਕੁੜੀ ਅਤੇ ਬਲਦੇਵ ਦੇ ਰਿਸ਼ਤੇ ‘ਤੇ ਘਰ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਜਦੋਂ ਉਹ ਘਰ ਆਉਂਦੀ, ਤਾਂ ਦੋਵੇਂ ਜਣੇ ਸਾਰਾ-ਸਾਰਾ ਦਿਨ ਦੂਸਰੇ ਕਮਰੇ ਵਿਚ ਬੈਠੇ ਰਹਿੰਦੇ। ਬਲਦੇਵ ਘਰ ਦਾ ਇੱਕੋ-ਇਕ ਮੁੰਡਾ ਸੀ। ਸ਼ਾਇਦ ਇਸੇ ਲਈ ਕਿਸੇ ਨੇ ਕਦੇ ਉਜ਼ਰ ਨਾ ਕੀਤਾ। ਇਸੇ ਦੌਰਾਨ ਲਤਾ ਨੂੰ ਵੀ ਇਕ ਮੁੰਡੇ ਨਾਲ਼ ਇਸ਼ਕ ਹੋ ਗਿਆ। ਪਰ ਘਰ ਵਿਚ ਇਹ ਕਿਸੇ ਨੂੰ ਪ੍ਰਵਾਨ ਨਹੀਂ ਸੀ। ਜੋਗਿੰਦਰ ਪਾਲ ਨਾਂ ਦਾ ਇਹ ਮੁੰਡਾ ਪਿੱਛੋਂ ਜਲੰਧਰ ਦੇ ਪਿੰਡ ਕਾਨ੍ਹਾਂ ਢੇਸੀਆਂ ਦੇ ਕਿਸੇ ਦਲਿਤ ਪਰਿਵਾਰ ਵਿੱਚੋਂ ਸੀ।
ਮੈਂ ਸਦਾ ਲਤਾ ਤੋਂ ਭੈਅ ਖਾਂਦਾ ਸੀ, ਕਿਉਂਕਿ ਉਹਦਾ ਵਰਤਾਓ ਹੀ ਜੱਲਾਦਾਂ ਵਰਗਾ ਸੀ, ਪਰ ਜਦੋਂ ਬਲਦੇਵ-ਨੀਤੀ ਤੇ ਲਤਾ-ਜੋਗਿੰਦਰ ਦੇ ਰਿਸ਼ਤਿਆਂ ਬਾਰੇ ਘਰਦਿਆਂ ਦੇ ਵਖਰੇਵੇਂ ਨੂੰ ਦੇਖਦਾ, ਤਾਂ ਦੁਖੀ ਹੁੰਦਾ। ਮੈਨੂੰ ਲਗਦਾ ਕਿ ਇਨ੍ਹਾਂ ਦੋਹਾਂ ਦਾ ਵਿਆਹ ਹੋਣਾ ਚਾਹੀਦਾ ਹੈ। ਬੜੀ ਅਜੀਬ ਗੱਲ ਸੀ ਕਿ ਜਿਸ ਲਤਾ ਨੂੰ ਮੈਂ ਘੋਰ ਨਫ਼ਰਤ ਕਰਦਾ ਸੀ, ਉਸੇ ਦੀ ਇੱਛਾ ਪੂਰੀ ਹੋਣ ਦਾ ਖ਼ਿਆਲ ਮਨ ’ਚ ਲਿਆ ਰਿਹਾ ਸੀ ਤੇ ਏਸ ਕੰਮ ਵਿਚ ਮੈਂ ਉਹਦੀ ਮਦਦ ਵੀ ਕਰਦਾ। ਇਥੋਂ ਤਕ ਕਿ ਉਹਦੇ ਹੱਕ ਵਿਚ ਮੈਂ ਭੂਆ ਨੂੰ ਕਈ ਵਾਰ ‘ਭੀਲਣੀ ਤੇ ਰਾਮ’ ਦੀ ਕਥਾ ਵੀ ਸਣਾਉਣੀ। ਭੂਆ ਇਸ ਗੱਲੋਂ ਨਾਰਾਜ਼ ਵੀ ਹੋ ਜਾਂਦੀ, ਪਰ ਮੈਂ ਲਤਾ ਦਾ ਸਾਥ ਨਾ ਛੱਡਣਾ।
ਫੇਰ ਇਕ ਦਿਨ ਬਲਦੇਵ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਤੇ ਦਿੱਲੀ ਆ ਕੇ ਨੀਤੀ ਨਾਲ਼ ਵਿਆਹ ਕਰਵਾ ਲਿਆ। ਉਹ ਸਾਨੂੰ ਪਾਲਮ ਕਾਲੋਨੀ ਛੱਡ ਕੇ ਸਫ਼ਦਰਜੰਗ ਹਸਪਤਾਲ ਵੱਲੋਂ ਨੀਤੀ ਨੂੰ ਮਿਲ਼ੇ ਫਲੈਟ ਵਿਚ ਆਰ.ਕੇ.ਪੁਰਮ ਰਹਿਣ ਲੱਗੇ। ਉਨ੍ਹਾਂ ਗਾਹੇ-ਬਗਾਹੇ ਪਾਲਮ ਕਾਲੋਨੀ ਆਉਣਾ ਤੇ ਨਾਲ਼ ਹੀ ਤਾਕੀਦ ਕਰ ਜਾਣੀ ਕਿ ਲਤਾ ਦਾ ਵਿਆਹ ਛੇਤੀ ਕਰ ਦਿਓ, ਪਰ ਜੋਗਿੰਦਰ ਨਾਲ਼ ਉਹਦਾ ਵਿਆਹ ਨਹੀਂ ਹੋਣਾ ਚਾਹੀਦਾ। ਮੇਰਾ ਮਨ ਕਰਨਾ ਕਿ ਮੈਂ ਬਲਦੇਵ ਨੂੰ ਪੁੱਛਾਂ – ਭਾਅ ਜੀ ਜੇ ਤੁਸੀਂ ਆਪਣੀ ਮਰਜ਼ੀ ਨਾਲ਼ ਖੱਤਰੀਆਂ ਦੀ ਕੁੜੀ ਨਾਲ਼ ਵਿਆਹ ਕਰਵਾ ਸਕਦੇ ਹੋ, ਤਾਂ ਲਤਾ ਅਪਣੀ ਮਰਜ਼ੀ ਨਾਲ਼ ਵਿਆਹ ਕਿਉਂ ਨਹੀਂ ਕਰਵਾ ਸਕਦੀ? ਪਰ ਮੈਂ ਬਹੁਤ ਛੋਟਾ ਸੀ, ਏਨਾ ਛੋਟਾ ਕਿ ਮੈਂ ਤਾਂ ਅਪਣੀ ਗੱਲ ਅਪਣੇ-ਆਪ ਨੂੰ ਵੀ ਕਹਿਣ ਜੋਗਾ ਨਹੀਂ ਸੀ। ਮੈਂ ਲਤਾ ਦੇ ਅਪਣੇ ਪ੍ਰਤੀ ਵਿਹਾਰ ਤੋਂ ਬਹੁਤ ਦੁਖੀ ਹੁੰਦਾ, ਪਰ ਫਿਰ ਵੀ ਮੈਨੂੰ ਉਹਦੇ ਤੇ ਜੋਗਿੰਦਰ ਨਾਲ਼ ਕਿਉਂ ਹਮਦਰਦੀ ਸੀ, ਮੈਂ ਜਾਣ ਨਹੀਂ ਸਕਿਆ। ਉਨ੍ਹਾਂ ਦੋਹਾਂ ਨੇ ਅਪਣੇ ਪ੍ਰੇਮ ਪੱਤਰਾਂ ਦਾ ਮੈਨੂੰ ਹੀ ਕਾਸਿਦ ਬਣਾਇਆ ਹੋਇਆ ਸੀ। ਉਹ ਮੈਨੂੰ ਅਪਣੇ ਪ੍ਰੇਮ ਪੱਤਰਾਂ ਵਿਚ ਪੋਸਟ ਬੌਕਸ ਨੰਬਰ 999 ਲਿਖਦੇ ਤੇ ਮੈਂ ਜੋਗਦਿੰਰ ਦੇ ਲਤਾ ਨੂੰ ਭੇਜੇ ਪ੍ਰੇਮ ਪੱਤਰ ਥਾਂ-ਕੁਥਾਂ ਲੁਕਾਉਂਦਾ ਫਿਰਦਾ।
ਗਰਮੀ ਦੀਆਂ ਛੁੱਟੀਆਂ ਹੋਈਆਂ, ਤਾਂ ਭੂਆ ਤੇ ਲਤਾ ਮੈਨੂੰ ਮੇਰੇ ਪਿੰਡ ਦੁਸਾਂਝ ਕਲਾਂ ਲੈ ਆਈਆਂ। ਮੇਰੇ ਉਦਾਸ ਚਿਹਰੇ ’ਤੇ ਰੌਣਕਾਂ ਪਰਤ ਆਈਆਂØ। ਕਿਸੇ ਗੱਲੋਂ ਭੂਆ ਨਾਲ਼ ਗੁੱਸੇ ਹੋ ਕੇ ਮੈਂ ਪਾਏ ਹੋਏ ਸਾਰੇ ਕਪੜੇ ਇਕ-ਇਕ ਕਰਕੇ ਲਾਹ ਕੇ ਵਗਾਹ ਮਾਰੇ। ਮੈਂ ਕਹਿ ਰਿਹਾ ਸਾਂ, ”ਨਹੀਂ ਜਾਣਾ ਤੁਹਾਡੇ ਨਾਲ਼ ਦਿੱਲੀ, ਚੁੱਕ ਲਓ ਅਪਣੇ ਕਪੜੇ।’’ ਪਿੰਡ ਵੀਹ ਕੁ ਦਿਨ ਰਹੇ ਹੋਵਾਂਗੇ। ਬਾਊ ਜੀ, ਬੀਬੀ ਨੇ ਫੇਰ ਮੈਨੂੰ ਮਨਾ ਕੇ ਭੂਆ ਨਾਲ਼ ਦਿੱਲੀ ਤੌਰ ਦਿੱਤਾ। ਫਗਵਾੜਿਓਂਂ ਗੱਡੀ ਵਿਚ ਬੈਠਣ ਤੋਂ ਲੈ ਕੇ ਦਿੱਲੀ ਘਰ ਪਹੁੰਚਣ ਤਕ ਮੈਂ ਕੁਝ ਨਾ ਖਾਧਾ। ਮੈਨੂੰ ਲੱਗੇ ਜਿਵੇਂ ਮੇਰੇ ਅੰਦਰੋਂ ਕੁਝ ਟੁੱਟ ਰਿਹਾ ਹੈ। ਮੇਰੀਆਂ ਅੱਖਾਂ ਵਿਚ ਹੰਝੂ ਤਾਂ ਨਹੀਂ ਸਨ, ਪਰ ਇਉਂ ਲੱਗੇ ਜਿਵੇਂ ਅੱਖਾਂ ਵਿਚ ਰੇਤਾ ਹੀ ਰੇਤਾ ਆ ਵੜਿਆ ਹੋਵੇ।
ਹੁਣ ਪਾਲਮ ਕਾਲੋਨੀ ਆ ਕੇ ਮੇਰਾ ਦਿਲ ਬਿਲਕੁਲ ਨਹੀਂ ਸੀ ਲੱਗਾ ਰਿਹਾ। ਲਤਾ ਦੀ ਮਣਸ਼ਾ ਭਾਵੇਂ ਉਦੋਂ ਮੈਨੂੰ ‘ਵੱਡਾ ਬੰਦਾ’ ਬਣਾਉਣ ਦੀ ਹੀ ਰਹੀ ਹੋਵੇਗੀ, ਪਰ ਉਹਦੇ ਢੰਗ ਤਰੀਕਿਆਂ ਨੇ ਮੇਰੇ ਬਾਲ ਮਨ ’ਤੇ ਅਜਿਹਾ ਖ਼ੌਫ਼ ਪਾਇਆ ਕਿ ਮੇਰੀਆਂ ਆਦਤਾਂ ਵਿਗੜਨ ਲੱਗੀਆਂ। ਮੈਂ ਹਰ ਗੱਲ ਵਿਚ ਝੂਠ ਬੋਲਣ ਲੱਗਾ। ਘਰੋਂਂ ਬਾਹਰ ਰਹਿਣ ਦੇ ਸੌ-ਸੌ ਬਹਾਨੇ ਘੜਨ ਲੱਗਾ। ਇੱਥੋਂ ਤਕ ਕਿ ਮੈਂ ਚੌਥੀ ਜਮਾਤ ਵਿਚ ਪੜ੍ਹਦਿਆਂ ਘਰ ਦੇ ਨੇੜਿਓਂ ਲੰਘਦੀ ਰੇਲਵੇ ਲਾਇਨ ’ਤੇ ਆਵਾਰਾ ਮੁੰਡਿਆਂ ਨਾਲ਼ ਘੁੰਮਦਿਆਂ ਬੀੜੀ ਵੀ ਪੀਣ ਲਗ ਪਿਆ। ਦੇਰ ਨਾਲ਼ ਘਰ ਆਉਣਾ ਤੇ ਲਤਾ ਦੀ ਕੁੱਟ ਰੋਜ਼ ਦਾ ਵਰਤਾਰਾ ਬਣ ਗਿਆ। ਹਾਲਤ ਇਹ ਹੋ ਗਈ ਕਿ ਘਰ ਵਿਚ ਕੋਈ ਨੁਕਸਾਨ ਹੋ ਜਾਣਾ, ਤਾਂ ਬਿਨਾਂ ਕਸੂਰੋਂ ਹੀ ਮੈਂ ਦੋਸ਼ੀ ਹੋ ਜਾਣਾ। ਸਾਹ ਘੜੀਸ-ਘੜੀਸ ਕੇ ਹਟਕੋਰੇ ਲੈਂਦਿਆਂ ਕੁੱਟ ਦੇ ਡਰੋਂ ਕਹਿ ਦੇਣਾ ਕਿ ਮੇਰੇ ਤੋਂ ਗ਼ਲਤੀ ਹੋ ਗਈ। ਫੇਰ ਇਕ ਦਿਨ ਤਾਂ ਲਤਾ ਦਾ ਗ਼ੁੱਸਾ ਸਿਖਰ ’ਤੇ ਪੁੱਜ ਗਿਆ। ਕਮਰੇ ਵਿਚ ਲੱਗੀ ਤਸਵੀਰ ਥੱਲੇ ਆਣ ਡਿੱਗੀ। ਮੇਰੀ ਸ਼ਾਮਤ ਆ ਗਈ। ਲਤਾ ਮੈਨੂੰ ਬੁਰੀ ਤਰ੍ਹਾਂ ਮਾਰ ਰਹੀ ਸੀ। ਉਹਨੂੰ ਲੱਗਦਾ ਸੀ ਕਿ ਉਹ ਫ਼ੋਟੋ ਮੈਂ ਹੀ ਹੇਠਾਂ ਸੁੱਟੀ ਹੈ। ਮੈਂ ਕਿੰਨੀ ਦੇਰ ਮਾਰ ਸਹਿੰਦਾ ਰਿਹਾ, ਪਰ ਅਖ਼ੀਰ ਕੁੱਟ ਤੋਂ ਬਚਣ ਲਈ ਮੈਂ ‘ਚਿੜੀ ਦੀ ਸ਼ਰਾਰਤ’ ਅਪਣੇ ਸਿਰ ਲੈ ਲਈ। ਗ਼ਲਤੀ ਮੰਨਣ ਮਗਰੋਂ ਹੀ ਮੇਰਾ ਲਤਾ ਤੋਂ ਛੁਟਕਾਰਾ ਹੋਇਆ। ਛੁੱਟਣ ਦੀ ਦੇਰ ਸੀ ਕਿ ਮੈਂ ਘਰੋਂ ਤਿੱਤਰ ਹੋ ਗਿਆ। ਪਾਲਮ ਕਾਲੋਨੀ ਦੇ ਰੇਲਵੇ ਸਟੇਸ਼ਨ ਤੋਂ ਮੈਂ ਗੱਡੀ ਵਿਚ ਚੜ੍ਹਕੇ ਸਿੱਧਾ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਿਆ। ਉਥੋਂ ਫਗਵਾੜੇ ਜਾਣ ਵਾਲ਼ੀ ਗੱਡੀ ਬਾਰੇ ਪੁੱਛਿਆ, ਤਾਂ ਪਤਾ ਲੱਗਾ ਕਿ ਹਰ ਰੋਜ਼ ਰਾਤ ਨੂੰ ਨੌਂ ਵਜੇ ਛਤੀਸਗੜ੍ਹ ਗੱਡੀ ਜਾਂਦੀ ਹੈ। ਸਮਾਂ ਨੌਂ ਤੋਂ ਜ਼ਿਆਦਾ ਹੋ ਚੁੱਕਾ ਸੀ। ਮੈਂ ਕਿਸੇ ਹੋਰ ਗੱਡੀ ਵਿਚ ਚੜ੍ਹਕੇ ਦੇਰ ਰਾਤ ਵਾਪਸ ਪਾਲਮ ਕਾਲੋਨੀ ਆ ਗਿਆ। ਘਰ ਆਇਆ ਤਾਂ ਦਰਵਾਜ਼ੇ ਬੰਦ ਸਨ। ਘਰ ਦੀ ਬਾਹਰਲੀ ਕੰਧ ਨਾਲ਼ ਲੱਗ ਕੇ ਬੈਠ ਗਿਆ ਤੇ ਜ਼ੋਰ-ਜ਼ੋਰ ਨਾਲ਼ ਕੁਹਣੀਆਂ ਕੰਧ ਵਿਚ ਮਾਰਨ ਲੱਗਾ, ਤਾਂ ਜੋ ਘਰਦਿਆਂ ਨੂੰ ਮੇਰੇ ਆਉਣ ਦਾ ਪਤਾ ਲੱਗ ਸਕੇ, ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿ੍ਹਆ। ਹਾਰ-ਹੰਭ ਕੇ ਮੈਂ ਮਕਾਨ ਮਾਲਕ ਦੇ ਕਮਰੇ ਬਾਹਰ ਪਈ ਟੁੱਟੀ ਮੰਜੀ ’ਤੇ ਜਾ ਪਿਆ। ਮੈਨੂੰ ਕਦੋਂ ਨੀਂਦ ਆਈ ਤੇ ਕਦੋਂ ਸਵੇਰ ਹੋ ਗਈ ਪਤਾ ਨਹੀਂ ਲੱਗਾ। ਕੰਨ ਮਰੋੜ ਕੇ ਲਤਾ ਨੇ ਜਦੋਂ ਮੈਨੂੰ ਉਸ ਮੰਜੀ ਤੋਂ ਉਠਾਇਆ, ਤਾਂ ਮੇਰੇ ਉਪਰ ਰਜ਼ਾਈ ਸੀ, ਜੋ ਸ਼ਾਇਦ ਮਕਾਨ ਮਾਲਕ ਬਜ਼ੁਰਗ ਡਾਕਟਰ ਨੇ ਰਾਤ ਵੇਲੇ ਮੇਰੇ ਉਪਰ ਸੁੱਟ ਦਿੱਤੀ ਸੀ।
ਸਵੇਰੇ ਮੁੜ ਮੇਰੇ ’ਤੇ ਤਸ਼ਦੱਦ ਸ਼ੁਰੂ ਹੋ ਗਿਆ। ਲਤਾ ਨੇ ਮੇਰੀਆਂ ਬਾਹਵਾਂ ਰੱਸੀ ਪਾ ਕੇ ਦਰਵਾਜ਼ੇ ਉਪਰ ਬੰਨ੍ਹ ਦਿੱਤੀਆਂ। ਹੁਣ ਉਹ ਬਹੁਤ ਗ਼ੁੱਸੇ ਵਿਚ ਸੀ। ਉਹ ਲੰਘਦੀ ਵੜਦੀ ਮੈਨੂੰ ਮਾਰਦੀ ਜਾਂਦੀ ਸੀ। ਭੂਆ ਤੇ ਫੁੱਫੜ ਦੀ ਹਿੰਮਤ ਨਹੀਂ ਸੀ ਕਿ ਉਹ ਮੈਨੂੰ ਉਹਦੇ ਤੋਂ ਬਚਾ ਸਕਣ। ਘੰਟੇ ਕੁ ਬਾਅਦ ਸ਼ਾਇਦ ਉਹਨੂੰ ਮੇਰੇ ’ਤੇ ਰਹਿਮ ਆ ਗਿਆ। ਉਸ ਮੈਨੂੰ ਖੋਲਿ੍ਹਆ ਤੇ ਬੜੇ ਪਿਆਰ ਨਾਲ਼ ਅਪਣੇ ਕੋਲ ਬਿਠਾ ਕੇ ਰੋਟੀ ਖੁਆਣ ਲੱਗੀ। ਮੇਰੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗ ਰਹੇ ਸਨ, ਰੋਟੀ ਮੇਰੇ ਸੰਘੋਂ ਹੇਠਾਂ ਨਹੀਂ ਸੀ ਜਾ ਰਹੀ। ਫੇਰ ਉਹਨੇ ਮੈਨੂੰ ਬੜੇ ਪਿਆਰ ਨਾਲ਼ ਮੰਜੇ ’ਤੇ ਪਾ ਕੇ ਪਿਆਰ ਕੀਤਾ ਤੇ ਸੌਂ ਜਾਣ ਨੂੰ ਕਿਹਾ। ਮੈਂ ਅੱਖਾਂ ਬੰਦ ਕੀਤੀਆਂ, ਪਰ ਨੀਂਦ ਨਾ ਆਵੇ। ਭੂਆ ਮੇਰੇ ਕੋਲ਼ ਆਈ, ਉਹਦੀਆਂ ਅੱਖਾਂ ਵਿਚ ਨਮੀ ਸੀ। ਉਹਨੇ ਮੈਨੂੰ ਅਪਣੀ ਛਾਤੀ ਨਾਲ਼ ਲਾ ਲਿਆ। ਮੈਂ ਹੁਬਕੀਂ ਰੋ ਪਿਆ। ਉਹ ਮੈਨੂੰ ਪਿਆਰ ਕਰਕੇ ਚਲੀ ਗਈ। ਮੈਨੂੰ ਅਪਣੀ ਬੀਬੀ ਚੇਤੇ ਆ ਰਹੀ ਸੀ। ਦਿਲ ਕੀਤਾ ਭੱਜ ਕੇ ਬੀਬੀ ਦੀ ਛਾਤੀ ਨਾਲ਼ ਲੱਗ ਜਾਵਾਂ। ਪਿੰਡ ਮੈਂ ਸੌਣ ਲੱਗਿਆਂ ਹਮੇਸ਼ਾ ਬੀਬੀ ਦੀ ਛਾਤੀ ’ਤੇ ਹੱਥ ਧਰ ਕੇ ਸੌਂਦਾ ਸੀ; ਉਹ ਮੇਰੇ ਲਈ ਦੁਨੀਆ ਵਿਚ ਸਭ ਤੋਂ ਮਹਿਫ਼ੂਜ਼ ਥਾਂ ਸੀ। ਬੀਬੀ ਦੀ ਗੋਦੀ ’ਚ ਕਿਸੇ ‘ਦੈਂਤ’ ਦਾ ਡਰ ਨਹੀਂ ਸੀ। ਮੈਨੂੰ ਮੇਰਾ ਪਿੰਡ, ਮੇਰੇ ਮਿੱਤਰ, ਬਾਊ ਜੀ, ਬੀਬੀ ਤੇ ਭਰਾ ਚੇਤੇ ਆ ਰਹੇ ਸਨ। ਅੱਖਾਂ ਬੰਦ ਕਰਕੇ ਮੈਂ ਪਿੰਡ ਵਿਚ ਘੁੰਮ ਰਿਹਾ ਸੀ। ਪੰਜ ਕੁ ਵਜ ਗਏ ਹੋਣਗੇ, ਜਦੋਂ ਮੈਂ ਉਸ ਮੰਜੇ ਤੋਂ ਉੱਠਿਆ। ਮੈਂ ਬਾਹਰ ਜਾ ਕੇ ਖੇਡਣ ਦੀ ਗੱਲ ਕਹੀ, ਤਾਂ ਭੂਆ ਨੇ ਤੁਰੰਤ ਮੈਨੂੰ ਜਾਣ ਦੀ ਆਗਿਆ ਦੇ ਦਿੱਤੀ। ਮੈਂ ਬਾਹਰ ਅੱਧਾ ਕੁ ਘੰਟਾ ਖੇਡਦਾ ਰਿਹਾ ਤੇ ਫੇਰ ਅਚਾਨਕ ਪਾਲਮ ਕਾਲੋਨੀ ਦੇ ਰੇਲਵੇ ਸਟੇਸ਼ਨ ਵਲ ਦੌੜ ਪਿਆ। ਉਥੋਂ ਗੱਡੀ ਫੜ ਕੇ ਮੈਂ ਪੁਰਾਣੀ ਦਿੱਲੀ ਦੇ ਸਟੇਸ਼ਨ ਪਹੁੰਚਿਆ ਤੇ 9 ਵਜੇ ਛਤੀਸਗੜ੍ਹ ਵਿਚ ਜਾ ਸਵਾਰ ਹੋਇਆ। ਛਤੀਸਗੜ੍ਹ ਐਕਸਪ੍ਰੈੱਸ ਦੇ ਜਿਸ ਡੱਬੇ ਵਿਚ ਮੈਂ ਸਵਾਰ ਸੀ, ਉਸ ਵਿਚ ਕੋਈ ਦਸ ਕੁ ਹੋਰ ਸਵਾਰੀਆਂ ਸਨ। ਮੈਂ ਉਨ੍ਹਾਂ ਸਾਰਿਆਂ ਨੂੰ ਅਪਣੀਆਂ ਤੇਜ਼-ਤਰਾਰ ਗੱਲਾਂ ਨਾਲ਼ ਮੋਹ ਲਿਆ। ਮੈਂ ਉਨ੍ਹਾਂ ਨੂੰ ਰਤਾ ਵੀ ਅਹਿਸਾਸ ਨਾ ਹੋਣ ਦਿੱਤਾ ਕਿ ਮੈਂ ਘਰੋਂ ਭੱਜ ਕੇ ਆਇਆ ਹਾਂ। ਸਗੋਂ ਮੈਂ ਉਨ੍ਹਾਂ ਨੂੰ ਇਹ ਯਕੀਨ ਦੁਆ ਦਿੱਤਾ ਕਿ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹੋਈਆਂ ਕਰਕੇ ਮੇਰੀ ਭੂਆ ਨੇ ਦਿੱਲੀਓਂਂ ਮੈਨੂੰ ਗੱਡੀ ਚੜ੍ਹਾਇਆ ਹੈ; ਫਗਵਾੜੇ ਮੈਨੂੰ ਮੇਰੇ ਬਾਊ ਜੀ ਲੈ ਲੈਣਗੇ। ਲਤਾ ਦੀ ਕੁੱਟ ਤੇ ਘਰਦਿਆਂ ਤੋਂ ਦੂਰੀ ਨੇ ਮੈਨੂੰ ਮਾਸੂਮ ਬੱਚੇ ਤੋਂ ਚਾਲਾਕ ਮੁੰਡਾ ਬਣਾ ਦਿੱਤਾ ਸੀ।
ਗੱਡੀ ਤੜਕੇ ਪੰਜ ਕੁ ਵਜੇ ਫਗਵਾੜੇ ਜਾ ਲੱਗੀ। ਸਭ ਮੁਸਾਫ਼ਿਰ ਲੰਘ ਗਏ, ਪਰ ਮੈਂ ਸਾਈਡ ’ਤੇ ਲੱਗੇ ਬੈਂਚ ’ਤੇ ਬੈਠ ਕੇ ਟਿਕਟ ਕੁਲੈਕਟਰ ਦੇ ਜਾਣ ਦੀ ਉਡੀਕ ਕਰਦਾ ਰਿਹਾ। ਅੱਧ ਕੁ ਘੰਟੇ ਬਾਅਦ ਗੇਟ ਖ਼ਾਲੀ ਹੋਇਆ, ਤਾਂ ਮੈਂ ਸਟੇਸ਼ਨ ਤੋਂ ਬਾਹਰ ਸੀ। ਹੁਣ ਮੈਂ ਅਪਣੇ ਪਿੰਡ ਦੁਸਾਂਝ ਕਲਾਂ ਜਾਣਾ ਸੀ। ਮੈਨੂੰ ਸਿਰਫ਼ ਇਹ ਪਤਾ ਸੀ ਕਿ ਮੇਰੇ ਪਿੰਡ ਨੂੰ ਨਹਿਰ ਜਾਂਦੀ ਹੈ।
ਮੈਂ ਪੈਦਲ ਤੁਰ ਪਿਆ ਤੇ ਨਹਿਰ ’ਤੇ ਪਹੁੰਚ ਗਿਆ। ਨਹਿਰ ਤੋਂ ਮੈਨੂੰ ਕੋਈ ਸਾਈਕਲ ਸਵਾਰ ਮਿiਲ਼ਆ। ਉਸ ਮੈਨੂੰ ਅਪਣੇ ਨਾਲ਼ ਬਿਠਾ ਲਿਆ। ਉਹਨੇ ਦੁਸਾਂਝ ਕਲਾਂ ਤੋਂ ਅਗਲੇ ਪਿੰਡ ਮਤਫੱਲੂ ਜਾਣਾ ਸੀ। ਸਵੇਰੇ ਲਗਭਗ ਸਤ ਵਜੇ ਮੈਂ ਅਪਣੇ ਪਿੰਡ ਦੇ ਅੱਡੇ ’ਤੇ ਸੀ। ਅੱਡੇ ਤੋਂ ਮੈਂ ਸਿੱਧਾ ਅਪਣੇ ਘਰ ਜਾ ਪਹੁੰਚਿਆ। ਘਰ ਮੇਰੀ ਬੀਬੀ ਤੇ ਬਾਊ ਜੀ ਨੇ ਮੈਨੂੰ ਦੇਖਿਆ ਤਾਂ ਕਲਾਵੇ ਲੈਂਦਿਆਂ ਪੁੱਛਿਆ, ‘ਤੇਰੀ ਭੂਆ ਕਿੱਥੇ ਐ?’ ਮੈਂ ਕਿਹਾ, “ਮੈਂ ਕੱਲਾ ਆਇਆਂ।’’ ਉਹ ਯਕੀਨ ਨਾ ਕਰਨ। ਫੇਰ ਮੈਂ ਸਾਰੀ ਕਹਾਣੀ ਦੱਸੀ। ਉਨ੍ਹਾਂ ਦੂਸਰੇ ਦਿਨ ਮੇਰੀ ਭੂਆ ਨੂੰ ਦਿੱਲੀ ਖ਼ਤ ਲਿਖਿਆ “ਕਾਕਾ ਪਿੰਡ ਆ ਗਿਆ ਹੈ।’’ ਪੰਦਰਾਂ ਕੁ ਦਿਨਾਂ ਬਾਅਦ ਭੂਆ ਦਾ ਖ਼ਤ ਆਇਆ, “ਕਾਕਾ ਲੱਭਦਾ ਨਹੀਂ, ਅਸੀਂ ਬਹੁਤ ਪ੍ਰੇਸ਼ਾਨ ਹਾਂ, ਕਿਤੇ ਪਿੰਡ ਤਾਂ ਨਹੀਂ ਆ ਗਿਆ।’’ ਜਦੋਂ ਸਾਨੂੰ ਉਨ੍ਹਾਂ ਦੀ ਚਿੱਠੀ ਮਿਲੀ, ਸ਼ਾਇਦ ਉਦੋਂ ਕੁ ਹੀ ਉਨ੍ਹਾਂ ਨੂੰ ਸਾਡੀ ਚਿੱਠੀ ਮਿਲ਼ ਗਈ ਹੋਵੇਗੀ।
ਮੇਰੇ ਪਿੰਡ ਆਉਣ ਤੋਂ ਦੋ ਕੁ ਮਹੀਨੇ ਬਾਅਦ ਹੀ ਇਹ ਖ਼ਬਰ ਮਿਲੀ ਕਿ ਲਤਾ ਨੇ ਅਪਣੇ ਪ੍ਰੇਮੀ ਜੋਗਿੰਦਰ ਨਾਲ਼ ਵਿਆਹ ਕਰਵਾ ਲਿਆ ਹੈ, ਪਰ ਘਰਦਿਆਂ ਨੇ ਉਸਨੂੰ ਬਿਲਕੁਲ ਪ੍ਰਵਾਨ ਨਾ ਕੀਤਾ। ਲਤਾ ਤੇ ਜੋਗਿੰਦਰ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਹਨ। ਕਈ ਸਾਲਾਂ ਤਕ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ। ਇਸ ਦੌਰਾਨ ਪਹਿਲਾਂ ਫੁੱਫੜ ਤੇ ਫਿਰ ਭੂਆ ਸਦਾ ਲਈ ਤੁਰ ਗਏ। ਬਲਦੇਵ ਨਾਲ਼ ਲਗਾਤਾਰ ਰਾਬਤਾ ਰਿਹਾ, ਪਰ ਉਹਨੇ ਅਜ ਤਕ ਵੀ ਲਤਾ ਦਾ ਨਾਂ ਆਪਣੀ ਜ਼ਬਾਨ ‘ਤੇ ਨਾ ਲਿਆਂਦਾ। ਮੈਂ ਪਿੰਡੋਂ ਮੈਟ੍ਰਿਕ ਕਰਕੇ ਫਗਵਾੜੇ ਆਈ. ਟੀ. ਆਈ. ਜਾ ਦਾਖ਼ਲਾ ਲਿਆ। ਉੱਥੇ ਮੈਨੂੰ ਕਾਨ੍ਹਾ ਢੇਸੀਆਂ ਪਿੰਡ ਦੇ ਕੁਝ ਵਿਦਿਆਰਥੀ ਮਿਲ਼ੇ। ਉਨ੍ਹਾਂ ਵਿਚੋਂ ਇਕ ਜੋਗਿੰਦਰ ਦਾ ਭਤੀਜਾ ਸੀ। ਉਹਨੇ ਦੱਸਿਆ ਕਿ ਜੋਗਿੰਦਰ ਅੱਜਕੱਲ੍ਹ ਸਮਾਲ ਸਕੇਲ ਇੰਡਸਟਰੀ ਵਿਚ ਡਿਪਟੀ ਡਾਇਰੈਕਟਰ ਹੈ ਤੇ ਉਹ ਅਪਣੇ ਟੱਬਰ ਨਾਲ਼ ਲੁਧਿਆਣੇ ਰਹਿੰਦਾ ਹੈ। ਐਡਰੈੱਸ ਮਿਲਣ ’ਤੇ ਮੈਂ ਲੁਧਿਆਣੇ ਦਸਮੇਸ਼ ਨਗਰ ਗਿਆ। ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਲਤਾ ਬਾਹਰ ਨਿਕਲ਼ੀ। ਉਹਨੇ ਅਜਨਬੀ ਅੱਖਾਂ ਨਾਲ਼ ਮੇਰੇ ਵਲ ਤਕਿਆ। ਮੈਂ ਪੈਰੀਂ ਹੱਥ ਲਾਏ। ਉਹ ਮੈਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਕੁਝ ਮਿਲ ਜਾਣ ਦੇ ਚਾਅ ਨਾਲ਼ ਕਿਹਾ, “ਦੀਦੀ ਮੈਂ ਕਾਕਾ… ਦੁਸਾਂਝਾਂ ਤੋਂ।’ ਉਹਨੇ ਡੌਰ-ਭੌਰ ਹੋ ਕੇ ਮੇਰੇ ਵੱਲ ਤਕਿਆ ਤੇ ਫੇਰ ਧਾੱਅ ਕੇ ਲਤਾ ਵਾਂਗ ਮੇਰੇ ਨਾਲ਼ ਲਿਪਟ ਗਈ। ਉਹਦੀਆਂ ਅੱਖਾਂ ਵਿਚ ਮੈਂ ਪਹਿਲੀ ਵਾਰ ਹੰਝੂ ਦੇਖ ਰਿਹਾ ਸੀ।

ਸੁਸ਼ੀਲ ਦੁਸਾਂਝ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!