ਪਹਿਲਵਾਨਾਂ ਦੀਆਂ ਦਫਾਂ-ਬਲਬੀਰ ਸਿੰਘ ਕੰਵਲ

Date:

Share post:

ਭਾਰਤ ਵਿਚ ਮੱਲ-ਯੁੱਧ ਜਾਂ ਕੁਸ਼ਤੀ ਕਲਾ ਬੜੇ ਪ੍ਰਾਚੀਨ ਸਮੇਂ ਤੋਂ ਪ੍ਰਚਲਤ ਹੈ। ਮੁਸਲਮਾਨ ਧਾੜਵੀਆਂ ਨੇ ਸਾਡੇ ਦੇਸ਼ ਵਿਚ ਆ ਕੇ ਮੱਲ-ਯੁੱਧ ਲਈ ਫ਼ਾਰਸੀ ਦਾ ਇੱਕ ਸ਼ਬਦ ‘ਕੁਸ਼ਤੀ’ ਦੇ ਦਿੱਤਾ। ਇੰਝ ਪ੍ਰਤੀਤ ਹੁੰਦਾ ਹੈ ਕਿ ਕੁਸ਼ਤੀ ਨਾਲੋਂ ‘ਮੁਸ਼ਤੀ’ (ਮੁੱਕੇਬਾਜ਼ੀ ਜਾਂ ਬੌਕਸਿੰਗ) ਪਹਿਲਾਂ ਪ੍ਰਚਲਤ ਹੋਈ’ ਜਿਸਦਾ ਸੂਖ਼ਮ ਰੂਪ ਕੁਸ਼ਤੀ ਹੋ ਗਿਆ ਅਤੇ ਇਸ ਦੀਆਂ ਅਗਾਂਹ ਤਿੰਨ ਜਾਂ ਚਾਰ ਸ਼ਾਖ਼ਾਂ ਬਣ ਗਈਆਂ’ ਜਿਨ੍ਹਾਂ ਵਿਚੋਂ ਕੇਵਲ ਪਹਿਲੀਆਂ ਤਿੰਨ ਹੀ ਵਧੇਰੇ ਪ੍ਰਚਲਤ ਹੋ ਸਕੀਆਂ-ਭੀਮ ਸੈਨੀ’ ਹਨੁਮੰਤੀ ਅਤੇ ਜਾਮਵੰਤੀ। ਭੀਮ ਸੈਨੀ ਕਿਸਮ ਵਿਚ ਜਿੱਤ ਕੇਵਲ ਤਾਕਤ ਤੇ ਬਲ ਨਾਲ ਪ੍ਰਾਪਤ ਕੀਤੀ ਜਾਂਦੀ ਸੀ। ਹਨੁਮੰਤੀ ਦੀ ਬੁਨਿਆਦ ਢੇਰ ਕਰਕੇ ਦਾਅਵਾਂ-ਪੇਚਾਂ ਦੇ ਸਿਰ ‘ਤੇ ਸੀ’ ਜ਼ਾਮਵੰਤੀ ਵਿਚ ਵਿਰੋਧੀ ਨੂੰ ਵਧੇਰੇ ਦੁਖਦਾਈ ਦਾਅਵਾਂ ਜਿਵੇਂ ਨਮਾਜ਼ਬੰਦ ਅਤੇ ਕਮਰਘੋੜਾ ਆਦਿ ਨਾਲ ਨਿੱਸਲ ਕਰਕੇ ਢਾਇਆ ਜਾਂਦਾ ਸੀ। ਚੌਥੀ ਕਿਸਮ ਜਰਾਬੰਧੀ ਵਿਚ ਨੌਬਤ ਕਈ ਵੇਰ ਮਰਨ ਮਾਰਨ ਤੱਕ ਅੱਪੜ ਜਾਂਦੀ ਸੀ। ਇਸੇ ਲਈ ਇਹ ਬਹੁਤੀ ਹਰਮਨਪਿਆਰੀ ਨਾ ਹੋ ਸਕੀ।
ਸਾਡੀ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ (1835-1910) ਨੂੰ ਮੰਨਿਆ ਜਾਂਦਾ ਹੈ ਜਿਸਨੇ ਕਿ 361 ਦਾਅ ਪੇਚ ਅਤੇ ਉਨਾਂ ਦੇ ਤੋੜ ਈਜਾਦ ਕੀਤੇ । ਭਲਵਾਨੀ ਦੇ ਬੜ੍ਹਾਵੇ ਲਈ ਉਸਨੇ ਤਿੰਨ ਵਖੋ ਵੱਖਰੇ ਦਲ ਜਾਂ ਟੋਲੇ ਬਣਾ ਦਿੱਤੇ ਜਿਹੜੇ ਕਿ ਪਿਛੋਂ ਦਫਾਂ ਅਖਵਾਏ। ਇਹ ਇਸਤਰ੍ਹਾਂ ਸਨ- ਨੂਰੇਵਾਲੇ’ ਕੋਟਵਾਲੇ ਅਤੇ ਕਾਲੂਵਾਲੇ। ਇਨ੍ਹਾਂ ਸਭਨਾਂ ਦੀ ਲੜੰਤ ਦੀ ਅਪਣੀ ਅਪਣੀ ਵਿਸ਼ੇਸ਼ਤਾ ਜਾਂ ਵਿਲੱਖਣਤਾ ਸੀ।
ਨੂਰੇਵਾਲੇ ਪਹਿਲਵਾਨ
ਨੂਰੇਵਾਲੇ ਅਰਥਾਤ ਪਹਿਲਾ ਟੋਲਾ ਉਸਤਾਦ ਦੇ ਅਪਣੇ ਨਾਂ ‘ਤੇ ਨਾਮਿਆ ਗਿਆ ਸੀ। ਸ਼ੁਰੂ ਤੋਂ ਹੀ ਇਸਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸਦੇ ਭਲਵਾਨ ਕੁਸ਼ਤੀ ਨੂੰ ਹਮੇਸ਼ਾ ਬੜੀ ਬਰੀਕੀ ਨਾਲ ਲੈਂਦੇ ਰਹੇ ਹਨ ਅਤੇ ਪੈਰ ਤੇ ਪੈਰ ਦਾਅ ਮਾਰਨ ਦੇ ਮਾਹਿਰ ਹੁੰਦੇ ਸਨ। ਚਿਰਾਗ ਅਲੀਵਾਲਾ ( ਜਿਹੜਾ ਗੁਲਾਮ ਰੁਸਤਮੇ-ਜਹਾਨ ਨਾਲ ਜੋਧਪੁਰ ਵਿਖੇ ਬੁਢਾਪੇ ਦੇ ਆਲਮ ਵਿਚ ਵੀ ਇੱਕ ਵੇਰ ਦੋ ਘੰਟੇ ਬਰਾਬਰ ਲੜ ਗਿਆ ਸੀ) ਖ਼ਲੀਫ਼ਾ ਮੇਰਾਜਦੀਨ’ ਖ਼ਲੀਫ਼ਾ ਗੁਲਾਮ ਮਹੱਈਉਦੀਨ’ ਬੂਟਾ ਮੱਲ’ ਕਰੀਮ ਬਖਸ਼ ਪੇਲੜਾ’ ਵਿਦੋ ਬ੍ਰਾਹਮਣ ਅਤੇ ਸਾਲਾ ਰਾਜ ਆਦਿ ਇਸ ਦਫਾ ਦੇ ਕੁਝ ਪ੍ਰਤੀਨਿਧ ਪਹਿਲਵਾਨ ਸਨ। ਇਸ ਦਲ ਦੇ ਖ਼ਲੀਫ਼ਾ ਮਹੱਈਉਦੀਨ (1866-1963) ਗਾਮੇ ਨਾਲ ਹੋਈਆਂ ਦੋ ਕੁਸ਼ਤੀਆਂ ਅਤੇ ਇਮਾਮ ਬਖਸ਼ ਨਾਲ ਟੱਕਰਾਂ ਸਾਡੀ ਕੁਸ਼ਤੀ ਦੇ ਇਤਿਹਾਸ ਦਾ ਸਰਮਾਇਆ ਹਨ। ਯਾਦ ਰਹੇ ਕਿ ਜਦੋਂ ਉਹ ਇਮਾਮ ਬਖਸ਼ ਵਰਗੇ ਬਬਰ ਸ਼ੇਰ ਨਾਲ ਘੁਲਿਆ ਤਾਂ ਇਮਾਮ ਦੀਆਂ ਲਗਾਤਾਰ ਛੇ ਪੁੱਠੀਆਂ ਖ਼ਲੀਫ਼ੇ ਦਾ ਕੁਝ ਨਹੀਂ ਸੀ ਵਿਗਾੜ ਸਕੀਆਂ। ਇਮਾਮ ਹਰ ਵੇਰ ਜ਼ੋਰਦਾਰ ਅਤੇ ਧਮਾਕੇਦਾਰ ਪੁੱਠੀ ਮਾਰਦਾ ਰਿਹਾ ਪਰ ਵਾਰੇ ਜਾਈਏ ਖ਼ਲੀਫ਼ੇ ਦੀ ਲੜੰਤ ਦੇ ਕਿ ਹਰ ਵੇਰ ਪੰਜਿਆਂ ਦੇ ਬਲ ਉਹ ਜ਼ਮੀਨ ‘ਤੇ ਇਸ ਤਰ੍ਹਾਂ ਡਿਗਦਾ ਰਿਹਾ ਜਿਵੇਂ ਉਹ ਕੋਈ ਬਿੱਲਾ ਹੋਵੇ।
ਸ: ਹਰਬੰਸ ਸਿੰਘ ਰੁਸਤਮੇ ਹਿੰਦ ਰਾਏਪੁਰ ਡੱਬਾ ਦੇ ਬੇਟੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਮੈਨੂੰ ਇਹ ਗੱਲ ਸੁਣਾਈ ਸੀ ਕਿ ਇੱਕ ਵੇਰ ਦੁਆਬੇ ਦੇ ਦੋ ਪ੍ਰਸਿੱਧ ਪਹਿਲਵਾਨ ਖੜਕਾ ਤੇ ਬਸੰਤਾ ਜੰਡਿਆਲਾ ਵਾਲੇ ਰਿਆਸਤ ਕੋਹਲਾਪੁਰ ਗਏ ਜਿਥੇ ਖ਼ਲੀਫ਼ਾ ਆਪਣੇ ਅਖਾੜੇ ਦੁਆਲੇ ਘੁੰਮ ਰਿਹਾ ਸੀ। ਉਨ੍ਹਾਂ ਖ਼ਲੀਫ਼ਾ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਖ਼ਲੀਫ਼ੇ ਨੇ ਘੇਸਲ ਵੱਟ ਲਈ ਅਤੇ ਇਹ ਨਾ ਦੱਸਿਆ ਕਿ ਮੈਂ ਹੀ ਗੁਲਾਮ ਮਹੀਉਦੀਨ ਹਾਂ।
‘ਜੁਆਨੋ’ ਉਸ ਨਾਲ ਕੀ ਕੰਮ ਹੈ ਭਈ ?
‘ਓ ਜੀ ਅਸੀਂ ਉਸ ਨਾਲ ਜ਼ਰਾ ਜ਼ੋਰ ਕਰਨਾ ਚਾਹੁੰਦੇ ਹਾਂ।’
‘ਆ ਜਾਓ ਫਿਰ ਜ਼ਰਾ।’
ਦੱਸਿਆ ਜਾਂਦਾ ਹੈ ਕਿ ਉਸਨੇ ਉਨ੍ਹਾਂ ਦੋਹਾਂ ਦਾ ਹੀ ਆਸਾਨੀ ਨਾਲ ਜ਼ੋਰ ਕਰਾ ਕੇ ਉਨ੍ਹਾਂ ਨੂੰ ਅਖਾੜਿਉਂ ਬਾਹਰ ਕੱਢ ਦਿੱਤਾ ਸੀ। ਬਾਹਰੋਂ ਆਏ ਉਹਦੇ ਸ਼ਾਗਿਰਦਾਂ ਨੇ ਜਦੋਂ ਉਨ੍ਹਾਂ ਨੂੰ ਇਹ ਗੱਲ ਦੱਸੀ ਕਿ ਇਹ ਤਾਂ ਖ਼ਲੀਫ਼ਾ ਹਨ ਤਾਂ ਪੰਜਾਬ ਤੋਂ ਆਏ ਇਨ੍ਹਾਂ ਪਹਿਲਵਾਨਾਂ ਨੇ ਸਤਿਕਾਰ ਵਿਚ ਉਸ ਅੱਗੇ ਸਿਰ ਝੁਕਾ ਦਿੱਤਾ ਸੀ।
ਉਸਤਾਦ ਨੂਰਉਦੀਨ ਕੁਤਬੇ ਜ਼ਨਾ ਦੇ ਬੰਸ ਨਾਲ ਸਿੱਧਾ ਸਬੰਧ ਰੱਖਣ ਵਾਲੇ ਇਸ ਖ਼ਲੀਫ਼ੇ ਨੇ ਇੱਕ ਵੇਰ ਲੇਖਕ ਨੂੰ ਉਨ੍ਹਾਂ ਬਾਰੇ ਇਹ ਗੱਲ ਵੀ ਦੱਸੀ ਕਿ ਉਨ੍ਹਾਂ ਨੇ ਇੱਕ ਕਿੱਸਾ ‘ਮੱਲਾਂ ਦਾ ਬਾਰਾ ਮਾਹ’ ਜਿਹੜਾ ਕਿ ਭਲਵਾਨੀ ਜ਼ਬਾਨ ਵਿਚ ਸਾਲ ਦੇ ਬਾਰਾਂ ਮਹੀਨਿਆਂ ਦੇ ਜੁਦੇ ਜੁਦੇ ਬਾਰਾਂ ਪਾਣੀਆਂ (ਖਾਣ ਪੀਣ ਦੀਆਂ ਚੀਜ਼ਾਂ) ਦੇ ਸਲਾਹ ਮਸ਼ਵਰੇ ‘ਤੇ ਆਧਾਰਤ ਸੀ- ਅਥਵਾ ਭਲਵਾਨ ਨੂੰ ਕਿਹੜੀ ਉਮਰੇ’ ਕਿਹੜੀ ਰੁੱਤੇ ਕਿਹੜੀ ਖੁਰਾਕ ਕਿੰਨੀ ਮਿਕਦਾਰ ਵਿਚ ਖਾਣੀ ਚਾਹੀਦੀ ਹੈ। ਮਿਸਾਲ ਲਈ ਸਵੇਰੇ ਡੰਡ ਬੈਠਕਾਂ ਲਾਉਣ ਪਿਛੋਂ ਆਉਲੇ ਦੇ ਮੁਰੱਬੇ ਨੂੰ ਕੁੱਟਕੇ ਲੈਚੀਆਂ ਤੇ ਤਬਾਸੀਰ ਸਣੇ ਚਾਂਦੀ ਦੇ ਵਰਕ ਮਿਲਾ ਕੇ ਖਾਣਾ। ਇਹ ਮੁਰੱਬਾ ਇਸ ਲਈ ਦਿੰਦੇ ਸਨ ਤਾਂ ਜੋ ਮਿਹਨਤ ਦੀ ਗਰਮੀ ਤੋਂ ਜਿਗਰ ਤੇ ਦਿਮਾਗ਼ ਨੂੰ ਬਚਾਇਆ ਜਾ ਸਕੇ ਅਤੇ ਤਾਅ ਵਗੈਰਾ ਨਾ ਲੱਗ ਜਾਵੇ। ਜੇਕਰ ਤਾਅ ਲੱਗ ਜਾਵੇ ਤਾਂ ਦਿਲ ਧੜਕਣ ਦੀ ਬੀਮਾਰੀ ਲੱਗ ਜਾਂਦੀ ਹੈ’ ਸਿਰ ਵਿਚ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਦਿਲ ਹਰ ਵੇਲੇ ਕਾਹਲਾ ਜਿਹਾ ਪੈਣ ਲੱਗ ਜਾਂਦਾ ਹੈ। ਉਸ ਪਿੱਛੋਂ ਲੰਗਰ ਜਾਂ ਜਾਂਘੀਆ ਖੋਲ੍ਹਕੇ ਟਹਿਲਣਾ ਤਾਂ ਜੋ ਸਾਹ ਵਗੈਰਾ ਜ਼ਰਾ ਨੌਰਮਲ ਜਾਂ ਠੀਕ ਹੋ ਜਾਵੇ। ਮੁੜ੍ਹਕਾ ਸੁਕਾਉਣ ਪਿਛੋਂ ਬਦਾਮਾਂ ਦੀ ਠੰਡਿਆਈ’ ਸਰਦਾਈ ਆਦਿ ਜਿਸ ਵਿਚ ਅੱਧ ਪਾਉ ਬਦਾਮਾਂ ਦੀਆਂ ਗਿਰੀਆਂ’ ਦਸ ਦਾਣੇ ਨਿੱਕੀ ਲੈਚੀ ਤੇ ਅੱਠ ਦਸ ਕਾਲੀਆਂ ਮਿਰਚਾਂ ਸੁੜ੍ਹਕਾ ਲਾ ਕੇ ਪੀਣੀ ਤਾਂ ਜੋ ਤ੍ਰੇਹ ਆਦਿ ਬੁਝ ਜਾਵੇ ਅਤੇ ਸਟੈਮਨਾ ਵੀ ਵਧੇ। ਡੇਢ ਦੋ ਘੰਟੇ ਬਾਅਦ ਲੋੜ ਮੂਜਬ ਦੁੱਧ ਘਿਓ ਪੀਣਾ ਅਤੇ ਫਿਰ ਆਰਾਮ ਕਰਕੇ ਕੁਝ ਘੰਟਿਆਂ ਬਾਅਦ ਮੀਟ ਮੱਛੀ ਜਾਂ ਦੂਜੀ ਖੁਰਾਕ ਦਾ ਸੇਵਨ।
ਉਸਤਾਦ ਕੁਝ ਇਹੋ ਜਹੇ ਖਿਆਲਾਂ ਦਾ ਵੀ ਧਾਰਨੀ ਸੀ ਕਿ ਬਹੁਤਾ ਦੁੱਧ’ ਬਹੁਤਾ ਅੰਨ ਅਤੇ ਬਹੁਤੇ ਬਦਾਮ ਵੀ ਭਲਵਾਨਾਂ ਦੇ ਮੇਹਦੇ ਬੋਝਲ ਜਾਂ ਗਲੀਜ਼ ਕਰਦੇ ਹਨ । ਪਹਿਲਵਾਨ ਦੀ ਜਿਉਂ ਜਿਉਂ ਉਮਰ ਜਾਂ ਮਿਹਨਤ ਵਧਦੀ ਜਾਂਦੀ ਹੈ’ ਤਿਉਂ ਤਿਉਂ ਉਹਦੀ ਖੁਰਾਕ ਵੀ। ਹਫ਼ਤੇ ਵਿਚ ਇੱਕ ਦਿਨ ਖਾਸ ਕਰਕੇ ਜੁਮੇਰਾਤ (ਵੀਰਵਾਰ) ਨੂੰ ਗਜ਼ਾ ਖਾਣ ਦਾ ਨਾਗਾ ਕਰਨਾ ਤੇ ਸਿਰਫ਼ ਸਾਧਾਰਨ ਰੋਟੀ’ ਪਾਣੀ ਪੀਣਾ’ ਮਿਹਨਤ ਰਿਆਜਲ ਤੋਂ ਵੀ ਨਾਗ਼ਾ ਪਾਉਣਾ ਆਦਿ- ਉਸ ਵਿਚ ਇਹੋ ਜਹੀਆਂ ਹਦਾਇਤਾਂ ਸਨ।

ਕਾਲੂ ਵਾਲੀ ਦਫਾ ਨਾਲ ਸੰਬੰਧਤ ਕਿੱਕਰ ਸਿੰਘ ਪਹਿਲਵਾਨ 1910 ਵਿਚ ਲੱਭੂ ਲੁਹਾਰ ਨਾਲ ਘੁਲਣ ਸਮੇਂ।

ਕੋਟਵਾਲੇ ਪਹਿਲਵਾਨ
ਉਸਤਾਦ ਨੂਰਉਦੀਨ ਪਿਛੋਂ ਅਜੋਕੀ ਕੁਸ਼ਤੀ ਦੇ ਮੋਢੀਆਂ ਜਾਂ ਥੰਮਾਂ ਵਿਚ ਅਮਰ ਸਿੰਘ ਨੂੰ ਦੂਜਾ ਦਰਜਾ ਪ੍ਰਾਪਤ ਹੈ। ਇਹੀ ਵਜ੍ਹਾ ਹੈ ਕਿ ਉਸਦੇ ਨਾਂ ‘ਤੇ ਅਜੇ ਤੀਕ ਵੀ ਇੱਕ ‘ ਕੋਟ ਵਾਲਿਆਂ’ ਦੀ ਦਫ ਚਲਦੀ ਆ ਰਹੀ ਹੈ। ਗਾਮਾ ਪਹਿਲਵਾਨ ਰੁਸਤਮੇ ਜਹਾਨ ਕੋਟ ਵਾਲਿਆਂ ਵਿਚੋਂ ਹੀ ਸਨ। ਉਸ ਟੋਲੀ ਦੇ ਸਾਰੇ ਪਹਿਲਵਾਨ ਕਿਉਂਕਿ ਭਾਟੀ ਦਰਵਾਜ਼ੇ ਲਾਹੌਰ ਦੇ ਬਾਹਰ ਵਾਲੀ ਥਾਂ ਮਾਮੇ ਭਾਣਜੇ ਦੇ ਪਿੱਪਲ ਹੇਠ ਜ਼ੋਰ ਕਰਦੇ ਹੁੰਦੇ ਸਨ ਅਤੇ ਸ਼ਾਹੀ ਕਿਲ੍ਹੇ ਦੀ ਕੰਧ ਬਿਲਕੁਲ ਨਾਲ ਹੀ ਸੀ’ ਇਸ ਲਈ ਉਨ੍ਹਾਂ ਮੱਲਾਂ ਨੂੰ ਕੋਟ ਵਾਲੇ ਕਿਹਾ ਜਾਣ ਲੱਗ ਪਿਆ। ਕੋਟ ਪੰਜਾਬੀ ਸ਼ਬਦ ਹੈ ਜਿਸਦਾ ਭਾਵ ਕਿਸੇ ਕਿਲ੍ਹੇ ਜਾਂ ਕੰਧ ਤੋਂ ਹੈ। ਕੋਟ ਵਾਲੀ ਦਫ ਦਾ ਮੋਢੀ ਅਮਰ ਸਿੰਘ ਪਹਿਲਵਾਨ ਹੈ। ਕੁਝ ਮੁਸਲਮਾਨਾਂ ਦੇ ਵਿਸ਼ਵਾਸ਼ ਅਨੁਸਾਰ ਇਸ ਦਫ ਦਾ ਮੋਢੀ ਇਲਾਹੀ ਬਖ਼ਸ਼ ਪਹਿਲਵਾਨ ਸੀ’ ਜਿਹੜੀ ਸਰਾਸਰ ਗ਼ਲਤ ਗੱਲ ਹੈ। ਕੋਟ ਵਾਲੇ ਪਹਿਲਵਾਨਾਂ ਦਾ ਸਿਰਤਾਜ ਤਾਂ ਏਹੀ ਅਮਰ ਸਿੰਘ ਸੀ ਜਿਸ ਦਾ ਸਾਰੇ ਭਾਰਤ ਵਿਚ ਉਸ ਵੇਲੇ ਕੋਈ ਜੋੜ ਨਹੀਂ ਸੀ। ਉਹ ਗੁਜਰਾਂਵਾਲਾ ਦਾ ਜੰਮਪਲ ਸੀ ਪਰ ਬਹੁਤੀ ਦੇਰ ਲਾਹੌਰ ਹੀ ਰਿਹਾ। ਉਂਝ ਵੀ ਦੂਰੋਂ ਨੇੜਿਉਂ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਪਰਿਵਾਰ ਵਿਚੋਂ ਹੀ ਸੀ।
ਇਹ ਵੀ ਸੁਣਿਆ ਹੈ ਕਿ ਇੱਕ ਵੇਰ ਉਸਦੀ ਮਹਿਮਾ ਸੁਣਕੇ ਮਹਾਰਾਜਾ ਬੜੋਦਾ ਨੇ ਵੀ ਉਸਨੂੰ ਅਪਣੀ ਰਿਆਸਤ ਵਿਚ ਇਸ ਲਈ ਸੱਦਿਆ ਸੀ ਤਾਂ ਜੋ ਉਹ ਏਥੇ ਆ ਕੇ ਇਥੋਂ ਦੇ ਮੱਲ ਅਖਾੜਿਆਂ ਵਿਚ ਪਹਿਲਵਾਨਾਂ ਨੂੰ ਤਰਬੀਅਤ ਦੇ ਸਕੇ। ਰੱਬ ਜਾਣੇ ਕਿ ਉਹ ਫਿਰ ਇਥੇ ਕਿੰਨੇ ਕੁ ਸਾਲ ਰਿਹਾ।
ਪਹਿਲਵਾਨਾਂ ਅਤੇ ਪੰਜਾਬ ਦੇ ਪਹਿਲਵਾਨੀ ਸ਼ਹਿਰਾਂ ਦੀ ਤਾਰੀਖ ਬੜੀ ਦਿਲਚਸਪ ਹੈ। ਮੁਗ਼ਲ ਦੌਰ ਦੀਆਂ ਕਿਤਾਬਾਂ ਵਿਚ ਇਹਦਾ ਕਿਧਰੇ ਕੋਈ ਨਾਂ ਨਹੀਂ ਮਿਲਦਾ। ਅਕਬਰ ਦੇ ਅਹਿਦ ਵਿਚ ਏਥੇ ਐਮਨਾਬਾਦ ਅਤੇ ਹਾਫਜ਼ਆਬਾਦ ਵਸਾਏ ਗਏ ਸਨ ਜਦ ਕਿ ਗੁਜਰਾਂਵਾਲਾ ਵਾਲੀ ਥਾਂ ਵੀਰਾਨ ਸੀ। ਆਖਦੇ ਨੇ ਕਿ ਅਠ੍ਹਾਰਵੀਂ ਸਦੀ ਪਿਛੋਂ ਅੰਮ੍ਰਿਤਸਰ ਦੇ ਸਾਂਸੀ ਜੱਟਾਂ ਨੇ ਗੁਜਰਾਂ ਨੂੰ ਅਪਣੇ ਸ਼ਹਿਰ ਅਮ੍ਰਿਤਸਰ ਵਿਚੋਂ ਕੱਢਕੇ ਏਥੇ ਆਬਾਦ ਕਰ ਦਿੱਤਾ ਅਤੇ ਇਸ ਤਰ੍ਹਾਂ ਇਸ ਸ਼ਹਿਰ ਦਾ ਨਾਂ ਗੁਜਰਾਂਵਾਲਾ ਪੈ ਗਿਆ ਜਿਸਨੂੰ ਕਿ ਪਿਛੋਂ ਭਲਵਾਨਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਰਿਹਾ। ਰੁਸਤਮੇ-ਜਹਾਨ ਗਾਮਾ ਪਹਿਲਵਾਨ ਨਾਲ ਸਿੱਧੀਆਂ ਟੱਕਰਾਂ ਲੈਣ ਵਾਲੇ ਪ੍ਰਸਿੱਧ ਪਹਿਲਵਾਨ ਰਹੀਮ ਸੁਲਤਾਨੀਵਾਲਾ’ ਜਿਹੜੇ ਕਿ ਗੁਲਾਮ ਪਹਿਲਵਾਨ ਅਮ੍ਰਿਤਸਰੀ ਦੇ ਸ਼ਾਗਿਰਦ ਸਨ’ ਵੀ ਇਸੇ ਸ਼ਹਿਰ ਦੇ ਜੰਮਪਲ ਸਨ।
ਅਪਣੀਆਂ ਅਪਣੀਆਂ ਦਫਾਂ ਦੇ ਉਂਝ ਤਾਂ ਸਾਰੇ ਹੀ ਅਖਾੜੇ ਬੜੇ ਹਰਮਨ ਪਿਆਰੇ ਸਨ ਪਰ ਕੋਟ ਵਾਲਿਆਂ ਦਾ ਇਹ ਅਖਾੜਾ ਜਿਹੜਾ ਕਿ ਗੁਰੁ ਰਾਮਦਾਸ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਵੀ ਬਹੁਤਾ ਦੂਰ ਨਹੀਂ ਸੀ ਖ਼ਬਰੇ ਇਸ ਲਈ ਵੀ ਵੱਧ ਆਕ੍ਰਸ਼ਿਤ ਸੀ ਕਿ ਇਸ ਥਾਂ ਤੇ ਤਿੰਨ ਚਰਖੜੀਆਂ ਵਾਲੇ ਖੂਹ ਦੇ ਪਾਣੀ ਦੀ ਇਹ ਅਸੀਰ ਸੀ ਕਿ ਉਹ ਗਲਾ ਫੁੱਲ ਕੇ ਗਿਲੜ ਹੋ ਜਾਣ ਵਾਲੀ ਬੀਮਾਰੀ ਲਈ’ ਜਿਹੜੀ ਉਨ੍ਹੀਂ ਦਿਨੀਂ ਲਾਹੌਰੀ ਬੱਚਿਆਂ ਨੂੰ ਆਮ ਹੋ ਜਾਂਦੀ ਹੁੰਦੀ ਸੀ’ ਬੜਾ ਲਾਭਦਾਇਕ ਸੀ। ਲੋਕੀ ਬੀਮਾਰ ਬੱਚੇ ਨੂੰ ਇਸਦਾ ਪਾਣੀ ਪਿਆ ਦਿੰਦੇ ਜਾਂ ਏਥੋਂ ਦੀ ਮਿੱਟੀ ਨੂੰ ਉਹਦੇ ਗਲ ਦੁਆਲੇ ਬੰਨ੍ਹ ਦਿੰਦੇ ਜਿਸ ਨਾਲ ਬੱਚਾ ਬਿਲਕੁਲ ਠੀਕ ਹੋ ਜਾਂਦਾ ਸੀ। ਇਥੇ ਦੀ ਮਿੱਟੀ ਕੰਨਾਂ ਵਿਚ ਸੋਜ ਪੈ ਜਾਣ ਦੇ ਇਲਾਜ ਲਈ ਵੀ ਬੜੀ ਕਾਰਗਰ ਸਿੱਧ ਹੁੰਦੀ ਸੀ। ਉਸ ਥਾਂ ਭਾਵੇਂ ਅੱਜ ਨਾ ਕੋਈ ਖੂਹ ਰਿਹਾ ਤੇ ਨਾ ਹੀ ਅਖਾੜਾ’ ਤਾਂ ਵੀ ਉਥੇ ਦੀ ਇਸ ਮਾਨਤਾ ਵਿਚ ਲੋਕਾਂ ਦਾ ਵਿਸ਼ਵਾਸ ਅੱਜ ਵੀ ਉਂਝ ਹੀ ਕਾਇਮ ਹੈ। ਇਸ ਦਫ ਵਿਚੋਂ ਗੁਲਾਮ ਪਹਿਲਵਾਨ ਰੁਸਤਮੇ ਜਹਾਨ ਕੱਲੂ’ ਗਾਮਾ’ ਇਮਾਮ ਬਖਸ਼’ਅਰਜਣ ਸਿੰਘ ਢੱਟੀ ਸਭ ਤੋਂ ਤਕੜੇ ਪਹਿਲਵਾਨ ਹੋ ਗੁਜ਼ਰੇ ਹਨ।

ਲੇਖਕ ਬਲਬੀਰ ਸਿੰਘ ਕੰਵਲ ਇਮਾਮ ਬਖ਼ਸ਼ ਨਾਲ ਜੋ ਗਾਮੇ ਦੇ ਛੋਟੇ ਭਾਈ ਸਨ।

ਕਾਲੂ ਵਾਲੇ ਪਹਿਲਵਾਨ
ਉਸਤਾਦ ਨੂਰਉਦੀਨ ਦਾ ਇੱਕ ਸਮਕਾਲੀ ਅਤੇ ਸ਼ਾਗਿਰਦ ਕਾਲੂ ਪਹਿਲਵਾਨ ਰੁਸਤਮੇ ਹਿੰਦ ਸੀ ਜਿਸਦੇ ਨਾਂ ‘ਤੇ ਪਹਿਲਵਾਨਾਂ ਦੀ ਤੀਜੀ ਦਫ ਨਾਮੀ ਗਈ ਸੀ। ਲਾਹੌਰ ਵਿਚ ਇਸ ਦਾ ਸਭ ਤੋਂ ਵੱਡਾ ਅਖਾੜਾ ਖਾਈਵਾਲਾ ਸੀ ਜਿਹੜਾ ਕਿ ਸ਼ਾਹੀ ਕਿਲ੍ਹੇ ਦੇ ਦੱਖਣ ਵੱਲ ਦੇ ਪਾਸੇ ਲੀਲਾ ਪਾਰਕ ਵਲ ਬਿਜਲੀ ਘਰ ਦੇ ਨੇੜੇ ਸਥਿਤ ਹੈ। ਇਸ ਦਫ ਦੇ ਮੱਲਾਂ ਦੀ ਲੜੰਤ ਦੀ ਇਹ ਵਿਸ਼ੇਸ਼ਤਾ ਸੀ ਕਿ ਕੁਸ਼ਤੀ ਲੜਨ ਲੱਗੇ ਇਹ ਮਾਰ ਧਾੜ ਤੋਂ ਵਧੇਰੇ ਕੰਮ ਲੈਂਦੇ ਸਨ’ ਪਰ ਇਸਦੀਆਂ ਬਾਰੀਕੀਆਂ ਵਲਾਂ ਬਹੁਤਾ ਧਿਆਨ ਨਹੀਂ ਸਨ ਦਿੰਦੇ। ਹਰਬੌਂਗ ਕਰਨੀ ਫਾਊਲ ਹੈ ਤਾਂ ਫਾਊਲ ਹੀ ਸਹੀ’ ਰੱਫੜ ਪਾਈ ਜਾਣਾ’ ਨੇਸਤੀ ਕਰਨੀ ਆਦਿ ਇਨ੍ਹਾਂ ਦੇ ਕੁਝ ਮੁੱਖ ਲੱਛਣ ਹੁੰਦੇ ਸਨ। ਬੂਟਾ ਪਹਿਲਵਾਨ ਰੁਸਤਮੇ ਹਿੰਦ’ ਚੂਹਾ’ ਕਿੱਕਰ ਸਿੰਘ’ ਗਾਮੂਦ ਬਾਲੀਵਾਲਾ’ ਚੰਨਣ ਕਸਾਈ’ ਮੁੰਨੀ ਰੈਣੀਵਾਲਾ’ ਗੁੰਗਾ ਪਹਿਲਵਾਨ ਅਤੇ ਜਮਾਲ ਚੰਗੜ ਆਦਿ ਇਸ ਦਫ ਦੇ ਕੁਝ ਕੁ ਬਹੁਤ ਮਸ਼ਹੂਰ ਭਲਵਾਨ ਹੋ ਗੁਜ਼ਰੇ ਹਨ।
ਇਹ ਗੱਲ ਏਥੇ ਜ਼ਿਹਨ ਵਿਚ ਖਾਸ ਤੌਰ ‘ਤੇ ਵਸਾਉਣ ਵਾਲੀ ਹੈ ਕਿ ਮੱਲਾਂ ਦੀਆਂ ਦਫਾਂ ਦੀ ਇਹ ਵੰਡ ਮੋਟੇ ਠੁਲ੍ਹੇ ਰੂਪ ‘ਚ ਹੀ ਇਵੇਂ ਕੀਤੀ ਗਈ ਸੀ। ਨਹੀਂ ਤਾਂ ਕੁਝ ਕਾਲੂ ਵਾਲੇ’ ਜਾਂ ਕੋਈ ਹੋਰ’ ਅਪਣੀ ਅਪਣੀ ਰੁਚੀ ਜਾਂ ਸੁਭਾਅ ਅਨੁਸਾਰ ਅਜਿਹਾ ਵੀ ਘੁਲ ਗਏ ਕਿ ਜਿਨ੍ਹਾਂ ਤੇ ਨੂਰੋਵਾਲੀਆ ਦੀ ਪਈ ਛਾਪ ਦਾ ਝਾਉਲਾ ਵੀ ਪੈਂਦਾ ਸੀ। ਮਿਸਾਲ ਵਜੋਂ ਬੂਟਾ ਭਲਵਾਨ ਸਾਰੀ ਉਮਰ ( ਛੁਟ ਉਸਦੀ ਰਮਜ਼ੀ ਨਾਲ ਹੋਈ ਰਫੜੀ ਰੌਲੇ ਗੌਲੇ ਵਾਲੀ ਇੱਕ ਕੁਸ਼ਤੀ ਦੇ) ਐਨਾ ਸਾਫ ਸੁਥਰਾ ਘੁਲ ਗਿਆ ਜਿਵੇਂ ਕੋਈ ਨੂਰੇਵਾਲਾ ਹੋਵੇ। ਉਸਤਾਦ ਨੂਰਉਦੀਨ ਦਾ ਇਹ ਫਰਮਾਨ ਸੀ ਕਿ ਕੋਟਵਾਲੇ ਅਤੇ ਕਾਲੂਵਾਲੇ ਆਪਸ ਵਿਚ ਕਦੇ ਵੀ ਸਿੱਧੀ ਟੱਕਰ ਨਾ ਲੈਣ ਬਲਕਿ ਇਨ੍ਹਾਂ ਦੋਹਾਂ ਦਫਾਂ ਦੇ ਭਲਵਾਨ ਹਮੇਸ਼ਾ ਨੂਰੇਵਾਲਿਆਂ ਨਾਲ ਲੜ ਲਿਆ ਕਰਨ। ਫੇਰ 1924 ਦੀ ਘਟਨਾ ਹੈ ਕਿ ਭਾਟੀ ਦਰਵਾਜ਼ਾ ਲਾਹੌਰ ਦੇ ਇੱਕ ਪਹਿਲਵਾਨ ਹਾਜੀ ਬਿੱਲਾ ਨੇ ਹਜ਼ਾਰਾਂ ਰੁਪਿਆ ਖਰਚ ਕਰਕੇ’ ਪਿਛਲੀ ਚੱਲ ਰਹੀ ਪ੍ਰੰਪਰਾ ਨੂੰ ਤੋੜਕੇ ਇਨ੍ਹਾਂ ਦੋ ਮੁਖਾਲਫ਼ ਦਫਾਂ ਦੇ ਭਲਵਾਨਾਂ ਅਰਥਾਤ ਇਮਾਮ ਬਖ਼ਸ਼ ਕੋਟਵਾਲਾ ਅਤੇ ਗੁੰਗਾ ਕਾਲੂਵਾਲਾ ਨੂੰ ਆਪਸ ਵਿਚ ਲੜਾ ਭਿੜਾ ਦਿੱਤਾ ਸੀ ਜਿਸਦਾ ਨਤੀਜਾ ਆਮ ਕਿਆਸਰਾਈਆਂ ਦੇ ਬਿਲਕੁਲ ਉਲਟ ਨਿਕਲਿਆ ਸੀ ਜਦ ਕਿ ਗੁੰਗੇ ਨੇ ਦੁਨੀਆ ਭਰ ਦੇ ਇੱਕ ਬਹੁਤ ਵੱਡੇ ਨਾਕਾਬਲੇ ਸ਼ਿਕਸ਼ਤ ਪਹਿਲਵਾਨ ਨੂੰ ਐਨ ਤੋੜਕੇ ਢਾਹ ਲਿਆ ਸੀ। ਇਸ ਦਫ ਦੇ ਬਾਨੀ ਉਸਤਾਦ ਕਾਲੂ ਦੇ ਖੂਹ ਵਿਚੋਂ ਨਿਕਲੀ ਇੱਕ ਯਾਦਗਾਰੀ ਸਿਲ ਤੋਂ ਜ਼ਾਹਰ ਹੁੰਦਾ ਹੈ ਕਿ ਉਸਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦਸ ਸਾਲ ਪਹਿਲਾਂ ਅਰਥਾਤ 1829 ਵਿਚ ਲਾਹੌਰ ਵਿਖੇ ਹੋਈ ਸੀ। ਫਾਰਸੀ ਅੱਖਰਾਂ ਵਿਚ ਉਸ ਵਿਚ ਜੋ ਕੁਝ ਉਕਰਿਆ ਪਿਆ ਹੈ ਉਹ ਇਸ ਪ੍ਰਕਾਰ ਹੈ- ਬਾਨੀ ਈ ਚਾਹ ਕਾਲੂ ਪਹਿਲਵਾਨ ਇਬਨੇ ਮੁਸ਼ਤਾਕ ਅਜ ਕੌਮ 1243 ਹਿਜਰੀ’ ਅਰਥਾਤ ਇਹ ਖੂਹ ਕੌਮ ਦੇ ਲਾਡਲੇ ਸਪੂਤ ਕਾਲੂ ਪਹਿਲਵਾਨ ਦਾ ਹੈ।
ਅਤੇ ਅੰਤ ਵਿਚ ਇਹ ਗੱਲ ਖਾਸ ਵਿਸ਼ੇਸ਼ਤਾ ਰਖਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਤਿੰਨੇ ਮਹਾਨ ਕੁਸ਼ਤੀਗੀਰਾਂ ਦਾ’ ਜਿਨ੍ਹਾਂ ਨੇ ਇਹ ਦਫਾਂ ਚਲਾਈਆਂ’ ਬੜਾ ਉਪਾਸ਼ਕ ਸੀ ਅਤੇ ਉਨ੍ਹਾਂ ਸਭਨਾਂ ਨੂੰ ਭਰਪੂਰ ਸਹਾਇਤਾ ਦਿੰਦਾ ਰਹਿੰਦਾ ਸੀ। ਉਹ ਇਨ੍ਹਾਂ ਤਿੰਨਾਂ ਦਾ ਦਿਲੋਂ ਸਤਿਕਾਰ ਕਰਦਾ ਸੀ’ ਏਥੋਂ ਕਿ ਜਦ ਕਦੀ ਵੀ ਉਸਨੇ ਇਨ੍ਹਾਂ ਨੂੰ ਮਿਲਣ ਆਉਣਾ’ ਉਨ੍ਹਾਂ ਦੀਆਂ ਹਵੇਲੀਆਂ ਵਿਚ ਵੜਦਿਆਂ ਹੀ ਸਤਿਕਾਰ ਸਹਿਤ ਅਪਣੇ ਜੋੜੇ ਲਾਹ ਕੇ ਬਾਹਰ ਰੱਖਣੇ’ ਫਿਰ ਅੰਦਰ ਦਾਖ਼ਲ ਹੋਣਾ। 1810 ਈਸਵੀ ਵਿਚ ਜਦੋਂ ਉਸਨੇ ਉਸਤਾਦ ਨੂਰਉਦੀਨ ਦੇ ਬੀਮਾਰ ਹੋਣ ਦਾ ਸੁਣਿਆ ਤਾਂ ਉਸਦੀ ਖ਼ਬਰ ਲੈਣ ਲਈ ਕੂਚਾ ਕੋਠੀਦਾਰਾਂ ਵਿਚ ਤਿੰਨ ਵੇਰ ਉਨ੍ਹਾਂ ਦੇ ਘਰ ਆਇਆ। ਉਸਦੀ ਮੌਤ ਉਪਰੰਤ ਉਸਦੀ ਕਬਰ ‘ਤੇ ਤਾਵੀਜ (ਪੱਥਰ ਤਖਤੀ) ਵੀ ਫਿਰ ਉਸਨੇ ਹੀ ਰੱਖਿਆ ਸੀ।

ਨੋਟ: ਵਿਸਥਾਰ ਲਈ ਦੇਖੋ ਕਰਤਾ ਦੀ ਕਿਤਾਬ ‘ਭਾਰਤ ਦੇ ਪਹਿਲਵਾਨ’- 1635-198ਲ7

ਬਾਲਬੀਰ ਸਿੰਘ ਕੰਵਲ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!