ਭਾਰਤ ਵਿਚ ਸੰਗੀਤ ਦੇ ਵੱਖੋ ਵੱਖਰੇ ਕਈ ਘਰਾਣੇ ਹਨ। ਹਰ ਘਰਾਣੇ ਦਾ ਆਪਣਾ-ਆਪਣਾ ਵੱਖਰਾ ਚਰਿੱਤਰ ਅਤੇ ਆਪਣੀ-ਆਪਣੀ ਵਿਸ਼ੇਸ਼ਤਾ ਹੈ। ਕਿਸੇ ਦੇ ਪ੍ਰਤੀਨਿਧ ਕਲਾਕਾਰਾਂ ਦਾ ਅਲਾਪ ਅਤੇ ਵਿਲੰਬਤ ’ਤੇ ਜ਼ੋਰ ਹੁੰਦਾ ਹੈ, ਕਿਸੇ ਦਾ ਤਿਆਰੀ, ਤਾਨਾਂ ਜਾਂ ਮੁਰਕੀਆਂ ’ਤੇ, ਕਿਸੇ ਦਾ ਪੂਰਾ ਜ਼ੋਰ ਰਾਗ ਦੀ ਸਹੀ ਖਾਨੀ ’ਤੇ ਅਤੇ ਕੋਈ ਅਸਥਾਈ ਅੰਤਰੇ ਦੇ ਬੋਲਾਂ ਦੀ ਸੁੰਦਰਤਾ ਵੱਲ ਵਧੇਰੇ ਧਿਆਨ ਦਿੰਦਾ ਹੈ। ਗੱਲ ਕੀ, ਹਰ ਘਰਾਣਾ ਆਪਣੇ ਆਪ ਵਿਚ ਇਕ ਅਜਿਹਾ ਫੁੱਲ ਹੈ ਜਿਸ ਦੀ ਰੰਗਤ ਅਤੇ ਸੁਗੰਧੀ ਆਪਣੀ ਹੈ। ਜੈਸਲਮੇਰ ਦੇ ਜੰਗਲਾਂ ਵਲੋਂ ਕੁਝ ਕਬੀਲਿਆਂ ਨੇ ਪੰਜਾਬ ਵੱਲ ਆ ਕੇ ਏਥੇ ਦੇ ਬੰਜਰ ਇਲਾਕਿਆਂ ਨੂੰ ਜਦੋਂ ਵਸਾਉਣਾ ਸ਼ੁਰੂ ਕਰ ਦਿੱਤਾ ਤਾਂ ਫੂਲਕੀਆਂ ਇਲਾਕੇ ਦੇ ਗੜ੍ਹ ਪਟਿਆਲਾ ਵਿਖੇ ਭਾਰਤੀ ਸੰਗੀਤ ਦਾ ਇਕ ਅਜਿਹਾ ਘਰਾਣਾ ਉਗਮਿਆਂ ਜਿਹੜਾ ਹੌਲੀ-ਹੌਲੀ ਦੇਸ਼ ਦੀਆਂ ਚਾਰੇ ਕੂਟਾਂ ’ਤੇ ਛਾ ਗਿਆ।
ਜੇਕਰ ਪਟਿਆਲਾ ਸ਼ਹਿਰ ਜਾਂ ਇਸਦੀ ਗਾਇਕੀ ਦੇ ਬਚਪਨ ਤੋਂ ਲੈ ਕੇ ਜੁਆਨੀ ਤੱਕ ਸਰਸਰੀ ਜਿਹੀ ਝਾਤ ਮਾਰੀਏ ਤਾਂ ਅਨੇਕ ਦਿਲਕਸ਼ ਤੱਥ ਸਾਡੇ ਸਾਹਮਣੇ ਆਉਣਗੇ। ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿਚ ਸਾਂਭੇ ਪਏ ਫ਼ਾਰਸੀ ਦੇ ਇਕ ਪੁਰਾਣੇ ਖਰੜੇ ਅਨੁਸਾਰ ਪਟਿਆਲਾ ਇਲਾਕਾ ਸੀ ਤਾਂ ਪਹਿਲਾਂ ਬੜਾ ਬਾਰੌਣਕ ਪਰ ਇਕ ਵੇਰ ਜਦੋਂ ਦਰਿਆ ਸਤਲੁਜ ’ਚ ਅਤਿ ਭਿਆਨਕ ਤੂਫ਼ਾਨ ਆ ਗਿਆ ਤਾਂ ਇਥੋਂ ਲੈ ਕੇ ਝਨਾਂ ਦੀਆਂ ਹੱਦਾਂ ਤੱਕ ਸਾਰੀ ਦੀ ਸਾਰੀ ਜ਼ਮੀਨ ਬੰਜਰ ਅਤੇ ਬੇਆਬਾਦ ਹੋ ਗਈ। ਉਨੀਂਵੀ ਸਦੀ ਦਾ ਇਕ ਲੇਖਕ ਕਰਨਲ ਭੋਲਾ ਨਾਥ ਆਪਣੀ ਇਕ ਕਿਰਤ ਦੇ ਸਫ਼ਾ 299 ’ਤੇ ਇਸ ਇਲਾਕੇ ਬਾਰੇ ਇੰਝ ਲਿਖਦਾ ਹੈ, ”ਮਾਲਵਾ ਰੇਤਲਾ, ਥਲ, ਉਜਾੜ ਬੀਆਬਾਨ ਮੁਲਕ ਹੈ। ਇਸ ਮੁਲਕ ਵਿਚ ਗੁਰੂ ਤੇਗ਼ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਸਿੱਖ ਜ਼ਿਮੀਂਦਾਰ … ਆ ਕੇ ਆਬਾਦ ਹੋਏ। ਅਹਿਮਦ ਸ਼ਾਹ ਅਬਦਾਲੀ ਵੇਲੇ ਉਹਨਾਂ ਨੇ ਜੀਂਦ, ਨਾਭਾ, ਪਟਿਆਲਾ ਕਲਸੀਆ ਸਿੱਖ ਰਿਆਸਤਾਂ ਬਣਾ ਲਈਆਂ। ਇਹਨਾਂ ਰਿਆਸਤਾਂ ਦਾ ਇਕੱਠਾ ਨਾਂ ਫੂਲਕੀਆਂ ਸੀ।’’
ਇਹ ਫੂਲਕੀਆਂ ਮਿਸਲਦਾਰ ਕੌਣ ਸਨ? ਇਹਨਾਂ ਦਾ ਪਿਛੋਕੜ ਕੀ ਹੈ, ਖੁਰਾ-ਖੋਜ ਕੀ ਹੈ? ਇਹਨਾਂ ਗੱਲਾਂ ਵਲ ਅਸੀਂ ਸਰਸਰੀ ਜਿਹੀ ਝਾਤ ਮਾਰ ਲਈਏ ਤਾਂ ਵਧੇਰੇ ਉਚਿਤ ਰਹੇਗਾ।
ਸਿੱਖਾਂ ਦੀਆਂ ਸ਼ਕਤੀਸ਼ਾਲੀ ਬਾਰਾਂ ਮਿਸਲਾਂ ਤਾਂ ਬਾਅਦ ਵਿਚ ਹੋਂਦ ਵਿਚ ਆਈਆਂ। ਅਸਲ ਵਿਚ ਫੂਲਕੀਆਂ ਦਾ ਪਰਿਵਾਰ ਜੈਸਲਮੇਰ ਦੇ ਜੰਗਲ ਛੱਡ ਕੇ ਬਠਿੰਡਾ ਵੱਲ ਦੇ ਪਾਸੇ 1305 ਈ. ਵਿਚ ਆਣ ਵਾਰਦ ਹੋਇਆ। ਏਧਰ ਆ ਕੇ ਉਹਨਾਂ ਇਸ ਦੇ ਆਲੇ ਦੁਆਲੇ ਦੇ ਬਾਈ ਪਿੰਡਾਂ ’ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਉਹਨਾਂ ਨੂੰ ਨੇੜਲੇ ਲੋਕੀਂ ‘ਬਾਈਏ’ ਜਾਂ ‘ਬਾਹੀਏ’ ਕਹਿਣ ਲੱਗ ਪਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜਿਆ ਤਾਂ ਉਸ ਤੋਂ ਅਗਲੇ ਸਾਲ ਅਰਥਾਤ 1700 ਵਿਚ ਬਾਬਾ ਫੂਲ ਦੇ ਦੋ ਬੇਟਿਆਂ ਚੌਧਰੀ ਰਾਮਾ ਅਤੇ ਤ੍ਰਿਲੋਕਾ ਨੇ ਗੁਰੂ ਮਹਾਰਾਜ ਜੀ ਤੋਂ ਸ੍ਰੀ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਛਕ ਲਿਆ ਤਾਂ ਸਿੰਘ ਸਜਣ ਪਿੱਛੋਂ ਉਹ ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਅਖਵਾਉਣ ਲੱਗੇ। ਰਾਮ ਸਿੰਘ ਦੇ ਸਪੁੱਤਰ ਆਲਾ ਸਿੰਘ ਨੇ ਪਟਿਆਲਾ ਰਿਆਸਤ ਸਥਾਪਤ ਕੀਤੀ ਅਤੇ ਇਸਦਾ ਸਭ ਤੋਂ ਪਹਿਲਾ ਮਹਾਰਾਜ ਬਣ ਗਿਆ ਜਦਕਿ ਤ੍ਰਿਲੋਕ ਦੇ ਬੰਸ ਨੇ ਰਿਆਸਤ ਨਾਭਾ ਅਤੇ ਜੀਂਦ ਦੀ ਨੀਂਹ ਰੱਖੀ। ਇਹ ਬਾਬਾ ਫੂਲਾ ਸਿੰਘ ਕਰ ਕੇ ਹੀ ਸੀ ਕਿ ਇਹ ਮਿਸਲ ਫੂਲਕੀਆਂ ਅਖਵਾਉਣ ਲੱਗ ਪਈ ਸੀ।
ਪੱਟੀ-ਆਲਾ, ਪੱਟੀ ਬਾਬਾ ਆਲਾ ਸਿੰਘ, ਜਾਂ ਜਿਸ ਨੂੰ ਹੁਣ ਅਸੀਂ ਪਟਿਆਲਾ ਆਖਦੇ ਹਾਂ, ਇਹ ਸ਼ਹਿਰ 1756 ਈ: ਵਿਚ ਹੋਂਦ ਵਿਚ ਆਇਆ। ਦੁਰਾਨੀ ਦੇ ਕੁਝ ਹਮਲੇ ਜਦੋਂ ਬਾਬਾ ਆਲਾ ਸਿੰਘ ਨੇ ਤਲਵਾਰ ਦੀ ਨੋਕ ਨਾਲ ਤਹਿਸ ਨਹਿਸ ਕੀਤੇ ਤਾਂ ਉਸ ਨੂੰ ਮਜਬੂਰਨ 1762 ਵਿਚ ਬਾਬਾ ਜੀ ਨੂੰ ਰਾਜਾ’ ਦੇ ਖ਼ਿਤਾਬ ਨਾਲ ਸਨਮਾਨਣਾ ਪਿਆ। ਉਸ ਪਿੱਛੋਂ ਇਲਾਕੇ ਦੇ ਨਵੇਂ ਬਣੇ ਇਸ ਸਰਦਾਰ ਨੇ ਸ਼ਹਿਰ ਦੇ ਵਸਾਉਣ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕੁਦਰਤੀ ਗੱਲ ਸੀ ਕਿ ਥੋੜ੍ਹੀ ਦੇਰ ਬਾਅਦ ਹੀ ਇਸ ਦੀ ਰੌਣਕ ਵਿਚ ਬਹੁਤ ਵਾਧਾ ਹੋ ਗਿਆ। ਬਾਬਾ ਆਲਾ ਸਿੰਘ ਦਾ ਸਮਾਂ ਬੰਦਾ ਬਹਾਦਰ ਦਾ ਸਮਾਂ ਸੀ। ਬਾਬਾ ਜੀ ਦੇ ਸਪੁੱਤਰ ਟਿੱਕਾ ਸਰਦੂਲ ਸਿੰਘ ਦੀ ਜਦੋਂ ਛੋਟੀ ਉਮਰੇ ਹੀ ਜੰਗ ਦੇ ਮੈਦਾਨ ਵਿਚ ਮੌਤ ਹੋ ਗਈ ਤਾਂ ਬਾਬਾ ਜੀ ਦੇ ਦਿਲ ਉੱਤੇ ਬਹੁਤ ਸੱਟ ਵੱਜੀ। ਉਨ੍ਹੀਂ ਹੀ ਦਿਨੀਂ ਉਹਨਾਂ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ (1718-1792), ਜਿਹੜੀ ਬਾਬਾ ਬੁੱਢਾ ਜੀ ਦੇ ਪਰਿਵਾਰ ਵਿਚ ਵਿਆਹੀ ਹੋਈ ਸੀ, ਜੁਆਨ ਉਮਰ ਵਿਚ ਵਿਧਵਾ ਹੋ ਗਈ ਤਾਂ ਜੱਗ ਦੇ ਇਸ ਪਦਾਰਥਵਾਦੀ ਜਾਲ ਤੋਂ ਉਹਨਾਂ ਦਾ ਦਿਲ ਹੋਰ ਵੀ ਉਚਾਟ ਹੋ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੀ ਬਿਰਤੀ ਪ੍ਰਭੂ ਸਿਮਰਨ ਤੇ ਕੀਰਤਨ ਵੱਲ ਵਧੇਰੇ ਹੋ ਗਈ।
ਸ਼ਾਸ਼ਤ੍ਰੀ ਸੰਗੀਤ ਦੇ ਪ੍ਰਸਿੱਧ ਵਿਦਵਾਨ ਡਾ. ਰਾਜਾ ਮ੍ਰਿਗੇਂਦ੍ਰ ਸਿੰਘ ਜਿਹੜੇ ਕਿ ਉਂਝ ਵੀ ਬਾਬਾ ਆਲਾ ਸਿੰਘ ਜੀ ਦੇ ਬੰਸ ਵਿਚੋਂ ਹਨ, ਦੇ ਕਥਨ ਅਨੁਸਾਰ, ਅਗਸਤ 1756 ਵਿਚ ਜਦੋਂ ਪਟਿਆਲਾ ਦੇ ਕਿਲ੍ਹੇ ਦੀ ਉਸਾਰੀ ਹੋ ਰਹੀ ਸੀ ਤਾਂ ਬਾਬਾ ਜੀ ਨੇ ਆਪਣੇ ਮਨ ਨੂੰ ਧੀਰਜ ਦੇਣ ਲਈ ਆਪਣੇ ਲਈ ਪੂਜਾ ਸਥਾਨ ਵਜੋਂ ਕਿਲੇ ਵਿਚ ਹੀ ਇਕ ਬੁਰਜ ਬਣਵਾ ਲਿਆ ਸੀ-ਜਿੱਥੇ ਉਹ ਤੇ ਉਹਨਾਂ ਦੀ ਵਿਧਵਾ ਧੀ ਰੂਹਾਨੀ ਸ਼ਾਂਤੀ ਲਈ ਕੀਰਤਨ ਕਰਨ ਲੱਗ ਪਏ। ਹੌਲੀ-ਹੌਲੀ ਬਾਬਾ ਜੀ ਦੀ ਫਿਆਜ਼ੀ ਦੂਰ-ਦੂਰ ਤੱਕ ਫੈਲ ਗਈ, ਜਿਸਦਾ ਸਦਕਾ ਦੇਸ਼ ਭਰ ਦੇ ਕੁਝ ਰਬਾਬੀ, ਜਿਹਨਾਂ ਦਾ ਸਬੰਧ ਸਿੱਧਾ ਮਰਦਾਨੇਕਿਆਂ ਨਾਲ ਸੀ, ਤੇ ਕੁਝ ਕਲੌਂਤੀਏ, ਜਿਹੜੇ ਰਾਜਾ ਮਿਸ਼ਰੀ ਸਿੰਘ ਜਾਂ ਮੀਆਂ ਤਾਨਸੈਨ ਦੇ ਲੜੀਦਾਰਾਂ ਵਿਚੋਂ ਸਨ, ਇਸ ਦਰਬਾਰ ਨਾਲ ਆ ਜੁੜੇ। ਇਸ ਤਰ੍ਹਾਂ ਨਾਲ ਪਟਿਆਲਾ ਘਰਾਣੇ ਦੀ ਸੰਗੀਤ ਪਰੰਪਰਾ ਦਾ, ਖਾਸ ਕਰਕੇ ਵਾਦਨ ਸ਼ੈਲੀ ਦਾ, ਪਿਛੋਕੜ ਮੁਗਲ ਸਮਰਾਟ ਅਕਬਰ ਦੇ ਸਮੇਂ ਨਾਲ ਜਾ ਰਲਦਾ ਹੈ। ਅਸਲ ਵਿਚ ਦਸਮੇਸ਼ ਪਿਤਾ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਹਾੜੀ ਰਾਜਿਆਂ ਨਾਲ ਜੰਗਾਂ ਵਿਚ ਜੁੱਟੇ ਹੋਏ ਸਨ ਤਾਂ ਉਦੋਂ ਉਹਨਾਂ ਨੇ ਫੂਲਕੀਆਂ ਬੰਸ ਦੇ ਮੋਢੀਆਂ ਨੂੰ ਇਹ ਹੁਕਮਨਾਮਾ ਭੇਜਿਆ ਸੀ, ”ਭਾਈ ਰਾਮਾ , ਭਾਈ ਤ੍ਰਿਲੋਕਾ, ਤੇਰਾ ਘਰ ਮੇਰਾ ਘਰ ਹੈ। ਆਪਣੇ ਸਵਾਰ ਲੈ ਕੇ ਆਉਣਾ ਤੇ ਜ਼ਰੂਰ ਆਉਣਾ।’’ ਸੋ ਇਸ ਖਾਨਦਾਨ ਦੇ ਪੁਰਾਣੇ ਸਬੰਧਾਂ ਦਾ ਸਦਕਾ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਰਾਗੀਆਂ ਰਬਾਬੀਆਂ ਦਾ ਅਦਾਨ ਪ੍ਰਦਾਨ ਹੁੰਦਾ ਰਿਹਾ, ਜਿਸ ਕਰਕੇ ਸੰਗੀਤ ਕਲਾ ਵਿਕਸਤ ਹੁੰਦੀ ਰਹੀ। ਅੱਜ ਵੀ ਰਬਾਬੀ ਘਰਾਣੇ ਦੇ ਬਹੁਤੇ ਦਫਦਾਰ ਕਟੜੀ ਬਾਵਾ ਚੂਨਾ ਮੰਡੀ ਲਾਹੌਰ ਰਹਿੰਦੇ ਹਨ ਅਤੇ ਖਾਸ ਕਰਕੇ ਭਾਈ ਸੁੰਦਰ ਜਿਹੜੇ ਇਸ ਵੇਲੇ ਆਪਣੀ ਉਮਰ ਦੇ ਆਖਰੀ ਪੇਟੇ ਵਿਚ ਹਨ, ਵੀ ਜਿਊਂਦੇ ਹਨ ਤੇ ਮਿੱਠਣਕੋਟ ਜ਼ਿਲ੍ਹਾ ਡੇਰਾ ਗਾਜ਼ੀ ਖਾਂ ਪਾਕਿਸਤਾਨ ਵਿਚ ਰਹਿ ਰਹੇ ਹਨ। ਯਾਦ ਰਹੇ, ਇਹ ਪ੍ਰਸਿੱਧ ਤਬਲਾਨਵਾਜ਼, ਜਿਹੜਾ ਕਿਸੇ ਸਮੇਂ ਪਟਿਆਲਾ ਦਰਬਾਰ ਦੀ ਜ਼ੀਨਤ ਸੀ ਅਤੇ ਜਿਹੜਾ ਰਿਆਜ਼ ਵੇਲੇ ਰਾਜਾ ਮ੍ਰਿਗੇਂਦ੍ਰ ਸਿੰਘ ਜੀ ਹੋਰਾਂ ਦਾ ਸਾਥ ਕਰਦਾ ਹੁੰਦਾ ਸੀ, ਦਾ ਸਬੰਧ ਸਿੱਧਾ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਦੇ ਗੁਰੂ ਭਾਈ ਫਰਿੰਦਾ ਨਾਲ ਸੀ।
ਸਮਾਂ ਪਾ ਕੇ ਕਲਾਕਾਰਾਂ ਦੀ ਸੁਯੋਗ ਸਰਪ੍ਰਸਤੀ ਦੁਆਰਾ ਬਾਬਾ ਆਲਾ ਸਿੰਘ ਜੀ ਦਾ ਲਾਇਆ ਹੋਇਆ ਇਹ ਬੂਟਾ ਖ਼ੂਬ ਪਲਰਿਆ, ਪਸਰਿਆ ਤੇ ਇਕ ਦਿਨ ਅਜਿਹਾ ਆਇਆ ਕਿ ਅੱਜ ਇਹ ਭਾਰਤ ਦੇ ਦੂਜੇ ਸੰਗੀਤ ਘਰਾਣਿਆਂ ਵਿਚੋਂ ਬਾਬਾ ਬੋਹੜ ਦਾ ਰੁਤਬਾ ਪ੍ਰਾਪਤ ਕਰ ਚੁੱਕਾ ਹੈ। ਮਹਾਰਾਜਾ ਕਰਮ ਸਿੰਘ (1813-1845) ਦੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੇ ਰਬਾਬੀਆਂ ਵਿਚੋਂ ਭਾਈ ਦਿੱਤੇ ਖਾਂ ਪਟਿਆਲਾ ਆ ਕੇ ਪੱਕੇ ਤੌਰ ’ਤੇ ਨਿਵਾਸ ਕਰਨ ਲੱਗ ਪਿਆ। ਉਹਨਾਂ ਦਾ ਅਸਲ ਪਿੰਡ ਅੰਮ੍ਰਿਤਸਰ ਲਾਗੇ ਚੋਗਾਵਾਂ ਸੀ ਪਰ ਉਹਨਾਂ ਦੇ ਪੁਰਖ ਭਾਈ ਨੰਦ ਰਬਾਬੀ ਆਪਣਾ ਪਿੰਡ ਛੱਡ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਕੀਰਤਨ ਕਰਨ ਲੱਗ ਪਏ ਸਨ। ਮਹਾਰਾਜਾ ਪਟਿਆਲਾ ਨੇ ਭਾਈ ਦਿੱਤੇ ਨੂੰ ਦਰਬਾਰੀ ਪਦ ’ਤੇ ਰੱਖ ਲਿਆ ਅਤੇ ਉਹ ਏਥੇ ਉਸ ਸਮੇਂ ਦੇ ਪੰਜਾਬ ਦੇ ਰਿਵਾਜ਼ ਅਨੁਸਾਰ ਗ਼ਜ਼ਲਾਂ ਅਤੇ ਦੂਜੇ ਤੀਜੇ ਸਾਹਿਤਕ ਗਾਣੇ ਗਾਉਂਦਾ ਰਿਹਾ। ਇਸ ਦੇ ਨਾਲ-ਨਾਲ ਉਹ ਸਾਰੰਗੀ ਵਜਾਉਣ ਵਿਚ ਬਹੁਤ ਕੁਸ਼ਲ ਸੀ। ਉਸਦੀ ਮੌਤ ਲਗਪਗ ਸੌ ਸਾਲ ਦੀ ਉਮਰ ਵਿਚ ਪਟਿਆਲਾ ਵਿਚ ਹੀ ਹੋਈ।
ਮਹਾਰਾਜਾ ਨਰਿੰਦਰ ਸਿੰਘ (1815-1862) ਦੇ ਸਮੇਂ ਵੀ ਸੰਗੀਤ ਤੇ ਦੂਜੀਆਂ ਕੋਮਲ ਕਲਾਵਾਂ ਨੂੰ ਖ਼ੂਬ ਸਰਪ੍ਰਸਤੀ ਮਿਲੀ। ਦੱਸਿਆ ਜਾਂਦਾ ਹੈ ਕਿ ਉਸਦੇ ਦਰਬਾਰ ਦਾ ਠਾਠ-ਬਾਠ ਕਿਸੇ ਤਰ੍ਹਾਂ ਦਿੱਲੀ ਦਰਬਾਰ ਨਾਲੋਂ ਘੱਟ ਨਹੀਂ ਸੀ।
ਅਸਲ ਵਿਚ 1875 ਵਿਚ ਮੁਗ਼ਲਾਂ ਦੇ ਆਖ਼ਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਉਸ ਨੂੰ ਇਕ ਖ਼ਤ ਲਿਖਿਆ ਸੀ, ਜਿਸ ਵਿਚ ਉਸ ਨੇ ਉਸ ਕੋਲ ਅੰਗਰੇਜ਼ਾਂ ਦੇ ਬਰਖ਼ਿਲਾਫ਼ ਮਦਦ ਕਰਨ ਦੀ ਮੰਗ ਕੀਤੀ ਹੋਈ ਸੀ। ਪਰ ਉਸਦੀ ਸਿਆਸੀ ਸੂਝ ਨੇ ਉਸ ਵੇਲੇ ਉਸਦੀ ਬਜਾਏ ਅੰਗਰੇਜ਼ਾਂ ਦਾ ਸਾਥ ਦੇਣਾ ਵਧੇਰੇ ਉਚਿਤ ਸਮਝਿਆ ਅਤੇ ਤੁਰੰਤ ਹੀ ਉਸ ਨੇ ਉਹਨਾਂ ਨੂੰ ਉਸ ਮੌਕੇ ਤੋਂ ਫਾਇਦਾ ਉਠਾਉਣ ਲਈ ਸੁਨੇਹਾ ਭੇਜ ਦਿੱਤਾ। ਇਸ ਸ਼ਹਿ ’ਤੇ ਅੰਗਰੇਜ਼ ਦਿੱਲੀ ’ਤੇ ਕਾਬਜ਼ ਹੋ ਗਏ ਅਤੇ ਉਹਨਾਂ ਨੇ ਨਰਿੰਦਰ ਸਿੰਘ ਨੂੰ ਇਸ ਦਾ ਸਿਲਾ ਜਾਂ ਇਨਾਮ ਦੇਣ ਵਜੋਂ ਮਾਝੇ ਵਿਚ ਵੱਡੀਆਂ-ਵੱਡੀਆਂ ਜਗੀਰਾਂ ਦੇਣ ਉਪਰੰਤ, ਦਿੱਲੀ ਦਾ ਜ਼ੀਨਤ ਮਹੱਲ ਵੀ ਤੋਹਫ਼ੇ ਵਿਚ ਭੇਂਟ ਕਰ ਦਿੱਤਾ। ਇਸ ਉਥਲ-ਪੁਥਲ ਵਿਚ, ਇਕ ਤਰੀਕੇ ਨਾਲ ਭਾਵੇਂ ਥੋੜ੍ਹੇ ਸਮੇਂ ਲਈ ਹੀ ਦਿੱਲੀ ਦਾ ਨਵਾਂ ਬਾਦਸ਼ਾਹ ਹੁਣ ਉਹ ਸੀ। ਇਸ ਤੋਂ ਤਿੰਨ ਚਾਰ ਸਾਲ ਬਾਅਦ ਅਰਥਾਤ ਇਕ ਨਵੰਬਰ 1861 ਨੂੰ ਅੰਗਰੇਜ਼ਾਂ ਨੇ ਉਸ ਨੂੰ ਸਿਤਾਰਾ-ਇ-ਹਿੰਦ ਦੇ ਮਾਣ ਮੱਤੇ ਖ਼ਿਤਾਬ ਨਾਲ ਵੀ ਸਨਮਾਨਿਆ ਸੀ। ਸੋ ਉਹਨਾਂ ਹਾਲਾਤ ’ਚ ਦਿੱਲੀ ਦਰਬਾਰ ਜਦੋਂ ਖੁੱਖ ਹੋ ਗਿਆ ਤਾਂ ਓਥੋਂ ਦੇ ਕਲਾਕਾਰ ਉਂਝ ਤਾਂ ਜਿੱਥੇ ਕਿਸੇ ਦੇ ਵੀ ਸਿੰਗ ਸਮਾਏ, ਉੱਧਰ ਭੱਜ ਗਏ, ਪਰ ਉਹਨਾਂ ਵਿਚ ਬਹੁਤਿਆਂ ਨੇ ਪਟਿਆਲਾ ਦਰਬਾਰ ਵਿਚ ਆ ਸ਼ਰਨ ਲਈ ਜਦਕਿ ਅਵਧ ਦਰਬਾਰ ਦੇ ਕਲਾਕਾਰਾਂ ਨੂੰ ਰਾਮਪੁਰ ਤੇ ਬਨਾਰਸ ਵਰਗੀਆਂ ਰਿਆਸਤਾਂ ਨੇ ਝੱਲਿਆ। ਏਥੋਂ ਤੱਕ ਕਿ ਇਕ ਸਮੇਂ, ਨਾ ਕੇਵਲ ਮੀਆਂ ਤਾਨਰਸ ਖਾਂ ਅਤੇ ਗੋਖੀ ਬਾਈ ਹੀ ਏਥੇ ਆਏ, ਸਗੋਂ ਉਰਦੂ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਅਤੇ ਮੋਮਿਨ ਵੀ ਆ ਕੇ ਕੁਝ ਸਮਾਂ ਏਥੇ ਰਹਿੰਦੇ ਗਏ। ਉਰਦੂ ਦੀ ਪ੍ਰਸਿੱਧ ਕਿਰਤ ”ਆਬਿ ਹਯਾਤ’’ ਦਾ ਕਰਤਾ ਇਕ ਥਾਂ ਇੰਝ ਵੀ ਲਿਖਦਾ ਹੈ ਕਿ ਮਹਾਰਾਜਾ ਕਰਮ ਸਿੰਘ, ਮਹਾਰਾਜਾ ਨਰਿੰਦਰ ਸਿੰਘ ਤੋਂ ਬਾਅਦ, ਉਸ ਦਾ ਲੜਕਾ ਮਹਿੰਦਰ ਸਿੰਘ (1862-1876) ਗੱਦੀ ’ਤੇ ਬੈਠਾ। ਆਪਣੇ-ਆਪਣੇ ਸਮੇਂ ਉਹਨਾਂ ਦੋਹਾਂ ਨੇ ਹੀ ਕੋਮਲ ਕਲਾਵਾਂ ਦੀ ਬੜੀ ਸਰਪ੍ਰਸਤੀ ਕੀਤੀ।[1]
ਫਾਰਸੀ ਦੇ ਇਕ ਸ਼ਾਇਰ ਨੇ ਮਹਾਰਾਜਾ ਮਹਿੰਦਰ ਸਿੰਘ ’ਤੇ ਇਕ ਵੇਰ ਇਕ ਤਿੰਨ ਸਫ਼ੇ ਦਾ ਕਸੀਦਾ ਲਿਖਿਆ, ਜਿਹੜਾ ਕਿ ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿਚ ਅੱਜ ਵੀ ਵੇਖਿਆ ਜਾ ਸਕਦਾ ਹੈ। ਸੂਝਵਾਨ ਸ਼ਾਇਰ ਉਸਦੀ ਤਾਰੀਫ਼ ਕਰਦਾ-ਕਰਦਾ ਉਸ ਕਸੀਦੇ ਵਿਚ ਇਹ ਵੀ ਲਿਖਦਾ ਹੈ :-
ਬਹਿਰ ਕੂ ਨਗ਼ਮਾ ਅਜ਼ ਸਾਜ਼ੋ ਸਾਰੰਗ,[2]
ਬਹਿਰ ਸੋ ਸੂਤ ਖੁਸ਼ ਅਜ਼ ਆਬਸ਼ਾਰਾਂ।
ਬ ਰਕਸ ਵ ਵਜਦ ਪਾਈ ਮਿਹਰ ਰੋਯਾਂ,
ਨਗਾਰਿ ਬਸਤਾ ਦਸਤ ਮੈ ਨਗਾਰਾਂ।
ਦਰੋ ਦੀਵਾਰ ਦਰ ਸ਼ੋਰ ਵ ਸਰੂਰ ਅੰਦ,
ਦਫੋ ਸਾਗਰ ਬਦਸਤ ਬਾਦਾ ਖੁਆਰਾਂ।
ਅਰਥਾਤ : ”ਪਟਿਆਲਾ ਦੀ ਹਰ ਗਲੀ ਮੈਨੂੰ ਅਜਿਹੀ ਲੱਗਦੀ ਹੈ ਕਿ ਇਸ ਵਿਚ ਸਾਜ਼ ਅਤੇ ਆਵਾਜ਼ ਦੋਵੇਂ ਨਗਮਾ ਸਰਾ ਹਨ। ਹਰ ਪਾਸੇ ਕੁਝ ਅਜਿਹੀ ਖ਼ੁਸ਼ੀ ਭਰਪੂਰ ਕੈਫ਼ੀਅਤ ਪੈਦਾ ਹੋ ਗਈ ਹੈ, ਜਿਵੇਂ ਝਰਨੇ ਕੋਈ ਨਗ਼ਮਾ ਗਾ ਰਹੇ ਹੋਣ।
ਮਾਸ਼ੂਕ ਅਤੇ ਉਸਦਾ ਨਾਚ ਕੁਝ ਅਜਿਹੀ ਮਸਤੀ ਪੈਦਾ ਕਰ ਰਿਹਾ ਹੈ, ਜਿਵੇਂ ਮੇਰੇ ਮਹਿਬੂਬ ਦੇ ਸਾਹਮਣੇ, ਦੁਨੀਆਂ ਦੇ ਸਭ ਮਹਿਬੂਬ ਨਜ਼ਰਾਂ ਰੱਖ ਰਹੇ ਹੋਣ। ਦਰੋਦੀਵਾਰ ਤੋਂ ਇਕ ਹੰਗਾਮਾ ਜਿਹਾ ਹੋ ਰਿਹਾ ਹੈ, ਜਿਵੇਂ ਸ਼ੋਰ ਅਤੇ ਸਰੂਰ ਦੋਵੇਂ ਹੋਣ ਅਤੇ ਸ਼ਰਾਬੀ ਖ਼ੁਸ਼ੀ ਵਿਚ ਝੂਮ-ਝੂਮ ਕੇ ਆਪਣੇ ਨਸ਼ੇ ਵਿਚ ਡਫਾਂ ਵਜਾ ਰਹੇ ਹੋਣ।’’ ਮਹਾਰਾਜਾ ਕਰਮ ਸਿੰਘ ਦੇ ਸਮੇਂ ਪਟਿਆਲੇ ਵਿਚ ਸੰਗੀਤ ਵੀ ਇਕ ਬਹੁਤ ਵੱਡੀ ਕਾਨਫਰੰਸ ਬੁਲਾਈ ਗਈ ਤਾਂ ਉਸ ਵਿਚ ਭਾਗ ਲੈਣ ਲਈ ਦੇਸ਼ ਭਰ ਵਿਚੋਂ ਚੌਦਾਂ ਸੌ ਕਲਾਕਾਰ ਆਏ, ਜਿਸ ਵਿਚ ਬੜੇ ਰਾਮ ਦਾਸ ਅਤੇ ਦਿੱਲੀ ਵਾਲੇ ਉਸਤਾਦ ਕੁਤਬ ਬਖਸ਼ ਖਾਂ, ਜਿਨ੍ਹਾਂ ਨੂੰ ‘ਤਾਨਰਸ’ ਦਾ ਖ਼ਿਤਾਬ ਮਿਲਿਆ ਹੋਇਆ ਸੀ, ਸ਼ਾਇਰ ਉਸਦੀ ਤਾਰੀਫ਼ ਕਰਦਾ-ਕਰਦਾ ਉਸ ਕਸੀਦੇ ਵਿਚ ਇਹ ਵੀ ਲਿਖਦਾ ਹੈ :-
ਬਹਿਰ ਕੂ ਨਗ਼ਮਾ ਅਜ਼ ਸਾਜ਼ੋ ਸਾਰੰਗ,
ਬਹਿਰ ਸੋ ਸੂਤ ਖੁਸ਼ ਅਜ਼ ਆਬਸ਼ਾਰਾਂ।
ਬ ਰਕਸ ਵ ਵਜਦ ਪਾਈ ਮਿਹਰ ਰੋਯਾਂ,
ਨਗਾਰਿ ਬਸਤਾ ਦਸਤ ਮੈ ਨਗਾਰਾਂ।
ਦਰੋ ਦੀਵਾਰ ਦਰ ਸ਼ੋਰ ਵ ਸਰੂਰ ਅੰਦ,
ਦਫੋ ਸਾਗਰ ਬਦਸਤ ਬਾਦਾ ਖੁਆਰਾਂ।
ਅਰਥਾਤ : ”ਪਟਿਆਲਾ ਦੀ ਹਰ ਗਲੀ ਮੈਨੂੰ ਅਜਿਹੀ ਲੱਗਦੀ ਹੈ ਕਿ ਇਸ ਵਿਚ ਸਾਜ਼ ਅਤੇ ਆਵਾਜ਼ ਦੋਵੇਂ ਨਗਮਾ ਸਰਾ ਹਨ। ਹਰ ਪਾਸੇ ਕੁਝ ਅਜਿਹੀ ਖ਼ੁਸ਼ੀ ਭਰਪੂਰ ਕੈਫ਼ੀਅਤ ਪੈਦਾ ਹੋ ਗਈ ਹੈ, ਜਿਵੇਂ ਝਰਨੇ ਕੋਈ ਨਗ਼ਮਾ ਗਾ ਰਹੇ ਹੋਣ।
ਮਾਸ਼ੂਕ ਅਤੇ ਉਸਦਾ ਨਾਚ ਕੁਝ ਅਜਿਹੀ ਮਸਤੀ ਪੈਦਾ ਕਰ ਰਿਹਾ ਹੈ, ਜਿਵੇਂ ਮੇਰੇ ਮਹਿਬੂਬ ਦੇ ਸਾਹਮਣੇ, ਦੁਨੀਆਂ ਦੇ ਸਭ ਮਹਿਬੂਬ ਨਜ਼ਰਾਂ ਰੱਖ ਰਹੇ ਹੋਣ। ਦਰੋਦੀਵਾਰ ਤੋਂ ਇਕ ਹੰਗਾਮਾ ਜਿਹਾ ਹੋ ਰਿਹਾ ਹੈ, ਜਿਵੇਂ ਸ਼ੋਰ ਅਤੇ ਸਰੂਰ ਦੋਵੇਂ ਹੋਣ ਅਤੇ ਸ਼ਰਾਬੀ ਖ਼ੁਸ਼ੀ ਵਿਚ ਝੂਮ-ਝੂਮ ਕੇ ਆਪਣੇ ਨਸ਼ੇ ਵਿਚ ਡਫਾਂ ਵਜਾ ਰਹੇ ਹੋਣ।’’ ਮਹਾਰਾਜਾ ਕਰਮ ਸਿੰਘ ਦੇ ਸਮੇਂ ਪਟਿਆਲੇ ਵਿਚ ਸੰਗੀਤ ਵੀ ਇਕ ਬਹੁਤ ਵੱਡੀ ਕਾਨਫਰੰਸ ਬੁਲਾਈ ਗਈ ਤਾਂ ਉਸ ਵਿਚ ਭਾਗ ਲੈਣ ਲਈ ਦੇਸ਼ ਭਰ ਵਿਚੋਂ ਚੌਦਾਂ ਸੌ ਕਲਾਕਾਰ ਆਏ, ਜਿਸ ਵਿਚ ਬੜੇ ਰਾਮ ਦਾਸ ਅਤੇ ਦਿੱਲੀ ਵਾਲੇ ਉਸਤਾਦ ਕੁਤਬ ਬਖਸ਼ ਖਾਂ, ਜਿਨ੍ਹਾਂ ਨੂੰ ‘ਤਾਨਰਸ’ ਦਾ ਖ਼ਿਤਾਬ ਮਿਲਿਆਪਹਿਲੇ ਦਰਜੇ ’ਤੇ ਆਏ ਸਨ।
ਇਸ ਕਲਾਕਾਰ, ਅਰਥਾਤ ਮੀਆਂ ਤਾਨ ਰਸ ਖਾਂ ਸਾਹਿਬ ਦੇ ਦੋ ਸ਼ਾਗਿਰਦਾਂ ਜਰਨੈਲ ਸਾਹਿਬ ਤੇ ਕਰਨੈਲ ਸਾਹਿਬ ਦੇ ਸਮੇਂ ਪਟਿਆਲਾ ਘਰਾਣੇ ਦੀ ਗਾਇਕੀ ਸਿਖ਼ਰਾਂ ਨੂੰ ਪੁੱਜ ਗਈ। ਉਹਨਾਂ ਸਮੇਂ ਤਾਂ ਬਸ ਇਹ ਇਕ ਕਹਾਵਤ ਹੀ ਬਣ ਗਈ ਸੀ, ”ਭਈ ਅੱਜ ਕੱਲ੍ਹ ‘ਤਾਨ’ ਤਾਂ ਪਟਿਆਲੇ ਵਜਦੀ ਹੈ… ਭਾਰਤ ਦੇ ਹੋਰ ਕਿਸੇ ਸ਼ਹਿਰ ਵਿਚ ਨਹੀਂ। ਜਿਸ ਕਿਸੇ ਨੇ ‘ਤਾਨ’ ਵੇਖਣੀ ਸੁਣਨੀ ਹੋਵੇ… ਉਹ ਓਥੇ ਚਲਾ ਜਾਏ।’’
ਇਸ ਮਹਾਨ ਗਾਇਕ ਜੋੜੀ ਤੋਂ ਥੋੜ੍ਹਾ ਜਿਹਾ ਹਟਵਾਂ ਪਟਿਆਲਾ ਦਰਬਾਰ ਦਾ ਇਕ ਹੋਰ ਕਲਾਕਾਰ ਉਸਤਾਦ ਬੁੰਦੂ ਖਾਂ ਸਾਰੰਗੀ ਨਵਾਜ਼ ਦਰਬਾਰੀ ਕਾਨੜਾ ਦਾ ਰੀਕਾਰਡ ਭਰਵਾਉਂਦਿਆਂ (ਜਿਹੜਾ ਕਿ ਇਸ ਲੇਖਕ ਦੇ ਸੰਗ੍ਰਹਿ ਵਿਚ ਸੁਰੱਖਿਅਤ ਹੈ) ਸਾਰੰਗੀ ਵਜਾਉਂਦਿਆਂ ਐਲਾਨੀਆਂ ਤੌਰ ’ਤੇ ਵਿਚ ਕਹਿ ਵੀ ਦਿੰਦਾ ਹੈ, ”ਬਾਰਾਂ ਬਰਸ ਕੋਈ ਮਿਹਨਤ ਕਰੇ ਤੋ ਸਾਰੰਗੀਉ ਸੇ ਯੇਹ ਤਾਨੇਂ ਸੁਨਨੇ ਮੇਂ ਨਹੀਂ ਆਏਂ ਗੀ। ਹੇ! ਕਿ ਯੇਹ ਗਈ!! ਬੀਨ ਵਾਲੇ ਲਗਾਤੇ ਹੈਂ ਯੇਹ।’’
ਮੀਆਂ ਦਿੱਤੇ ਖਾਂ, ਉਸਤਾਦ ਤਾਨ ਰਸ ਖਾਂ ਮੀਆ ਕਾਲੂ ਖਾਂ ਗੋਖੀ ਬਾਈ, ਭਾਈ ਮਹਿਬੂਬ ਅਲੀ ਅਤੇ ਮਹੰਤ ਗੱਜਾ ਸਿੰਘ ਇਸ ਘਰਾਣੇ ਦੇ ਥੰਮ੍ਹ ਕਹੇ ਜਾ ਸਕਦੇ ਹਨ। ਪਰ ਜਿਨ੍ਹਾਂ ਦੋ ਕਲਾਕਾਰਾਂ ਨੇ ਇਸ ਦੀ ਗਾਇਕੀ ਨੂੰ ਸਿਖ਼ਰਾਂ ਤੱਕ ਪਹੁੰਚਾਇਆ, ਉਹ ਸਨ ਤਾਨ ਰਸ ਖਾਂ ਦੇ ਦੋ ਸ਼ਾਗਿਰਦ ਉਸਤਾਦ ਅਲੀ ਬਖਸ਼ ਜਰਨੈਲ ਸਾਹਿਬ ਅਤੇ ਫਤਹਿ ਅਲੀ ਖਾਂ ਕਰਨੈਲ ਸਾਹਿਬ।
ਯਾਦ ਰਹੇ ਕਿ ਇਹ ਦੋਵੇਂ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਦੇਸ਼ ਦੇ ਕੁਝ ਮਹਾਰਾਜਿਆਂ ਤੋਂ ਛੁੱਟ ‘ਜਰਨੈਲ’ ‘ਕਰਨੈਲ’ ਦਾ ਇਹ ਮਾਣ ਮੱਤਾ ਖ਼ਿਤਾਬ ਅੰਗਰੇਜ਼ ਸਰਕਾਰ ਨੇ ਵੀ ਦਿੱਤਾ ਸੀ। ਕੀ ਆਪਣੇ ਆਪ ਵਿਚ ਇਹ ਕੋਈ ਛੋਟੀ ਗੱਲ ਹੈ ਕਿ ਬਰਤਾਨੀਆ ਵਿਚ ਅੱਜ ਵੀ ਉਸ ਅੰਗਰੇਜ਼ ਹਾਕਮ ਵਾਇਸਰਾਏ ਹਿੰਦ ਲਾਰਡ ਐਡਵਰਡ ਐਲਗਨ (1857-1934) ਦੀ ਫ਼ੋਟੋ ਵੀਹ ਪੌਂਡ ਦੇ ਨੋਟ ’ਤੇ ਛਪਦੀ ਹੈ, ਜਿਸ ਨੇ ਉਦੋਂ ਕਲਕੱਤਾ ਵਿਖੇ ਅਲੀ ਬਖ਼ਸ਼ ਅਤੇ ਫਤਹਿ ਅਲੀ ਨੂੰ ਇਹ ਦੋਵੇਂ ਖ਼ਿਤਾਬ ਬਖਸ਼ ਕੇ ਉਹਨਾਂ ਦੇ ਪੈਰਾਂ ਵਿਚ ਪਾਉਣ ਲਈ ਸੋਨੇ ਦੇ ਤਾਜ਼ੀਮ (ਝਾਂਜਰ ਕੜੇ) ਵੀ ਪੇਸ਼ ਕੀਤੇ ਸਨ। ਯਾਦ ਰੱਖਣ ਵਾਲੀ ਗੱਲ ਹੈ ਕਿ ਉਹਨਾਂ ਰਿਆਸਤੀ ਸਮਿਆਂ ’ਚ ਆਮ ਵਿਅਕਤੀ ਨੂੰ ਪੈਰਾਂ ਵਿਚ ਇਹ ਗਹਿਣਾ ਪਾਉਣ ਦੀ ਮਨਾਹੀ ਹੁੰਦੀ ਸੀ, ਜਿਸ ਨੂੰ ਸਿਰਫ਼ ਅਤੇ ਸਿਰਫ਼ ਰਾਜੇ ਮਹਾਰਾਜੇ ਹੀ ਪਹਿਨ ਸਕਦੇ ਸਨ।
ਪਟਿਆਲਾ ਦਰਬਾਰ ਦੇ ਉਸ ਸਮੇਂ ਦੇ ਮਾਹੌਲ ਅਤੇ ਜਲੌ ਬਾਰੇ, ਏਥੇ ਦਾ ਹੀ ਇਕ ਹੋਰ ਸਮਕਾਲੀ ਇਤਿਹਾਸਕਾਰ, ਜਿਹੜਾ ਕਿ ਕੁਝ ਸਮਾਂ ਇਸ ਰਿਆਸਤ ਦਾ ਮੁੱਖ ਮੰਤਰੀ ਵੀ ਰਿਹਾ, ਇਹਨਾਂ ਸ਼ਬਦਾਂ ਵਿਚ ਬਿਆਨ ਕਰਦਾ ਹੈ :-
”ਰਾਤ ਨੂੰ ਅੱਠ ਵਜੇ ਤੱਕ ਅਕਸਰ ਨਾਚ ਗਾਣਾ ਹੁੰਦਾ ਸੀ ਅਤੇ ਸਰਦੀ ਦੇ ਮੌਸਮ ਵਿਚ ਕਦੇ-ਕਦੇ ਦੋ ਚਾਰ ਘੰਟਿਆਂ ਲਈ ਸ਼ਿਕਾਰ ਵੀ ਹੁੰਦਾ ਸੀ। ਮਹੀਨੇ ’ਚ ਦੋ ਵਾਰ ਇਕਾਦਸ਼ੀ ਦੀ ਰਾਤ ਨੂੰ ਸ਼ਿਅਰੋ ਸ਼ਾਇਰੀ ਦਾ ਚਰਚਾ ਵੀ ਹੋ ਜਾਂਦਾ ਸੀ ਤੇ ਸ਼ਾਇਰ ਅਤੇ ਕਵੀਸ਼ਰ ਗ਼ਜ਼ਲਾਂ ਅਤੇ ਕਬਿੱਤ ਸੁਣਾਉਂਦੇ ਹੁੰਦੇ ਸਨ।”
ਪਟਿਆਲਾ ਘਰਾਣਾ ਦੀ ਗਾਇਕੀ ਅਤੇ ਕੁਝ ਪ੍ਰਮੁੱਖ ਗਾਇਕ ਵਜਾਇਕ
ਦੱਸਿਆ ਜਾਂਦਾ ਹੈ ਕਿ ਅਲੀ ਬਖ਼ਸ਼ ਖਾਂ ਲੋਹੜੇ ਦਾ ਤਾਨਬਾਜ਼ ਸੀ ਅਤੇ ਬਹੁਤ ਤਿਆਰ ਗਾਉਂਦਾ ਸੀ। ਸਪਾਟ ਦੀਆਂ ਤਾਨਾਂ ਲੈਂਦਾ ਜਿਵੇਂ ਅਸਮਾਨ ਵੱਲ ਨੂੰ ਕੋਈ ਰੌਕਟ ਚੜ੍ਹ ਰਿਹਾ ਹੋਵੇ। ਦੇਸ਼ ਭਰ ਦੇ ਕਲਾਕਾਰ ਉਸ ਦਾ ਨਾਂ ਲੈਂਦਿਆਂ ਆਪਣੇ ਕੰਨ ਫੜਦੇ ਸਨ। ਪਰ ਇਕ ਵੇਰ ਟੌਂਕ ਰਿਆਸਤ ਵਿਚ ਦੇਸ਼ ਦੇ ਇਕ ਸਿਰਮੌਰ ਸਾਰੰਗੀਏ ਉਸਤਾਦ ਮਿਰਚ ਖਾਂ ਨੇ ਉਸ ਨਾਲ ਮੁਕਾਬਲੇ ਲਈ ਜਦੋਂ ਜ਼ਿੱਦ ਕੀਤੀ ਤਾਂ ਜਰਨੈਲ ਸਾਹਿਬ ਦੀਆਂ ਤਾਨਾਂ ਸਾਰੰਗੀ ਵਿਚ ਨਾ ਨਿਕਲਣ ਦੀ ਸੂਰਤ ਵਿਚ ਮਿਰਚ ਖ਼ਾਂ ਨੇ ਖ਼ੁਦਕੁਸ਼ੀ ਕਰ ਲਈ ਸੀ। ਯਾਦ ਰਹੇ ਜਰਨੈਲ ਸਾਹਿਬ ਨੇ ਉਸ ਸਮੇਂ ”ਭੂਪ ਕਲਿਆਣ’’ ਛੇੜਿਆ ਹੋਇਆ ਸੀ।[3]
ਅਲੀ ਬਖ਼ਸ਼ ਖਾਂ ਤੇ ਫਤਹਿ ਅਲੀ ਖਾਂ ਨੂੰ ਰਿਆਸਤ ਟੌਂਕ ਤੇ ਨਿਪਾਲ ਤੋਂ ਵੀ ਇਹਨਾਂ ਖ਼ਿਤਾਬਾਂ ਨਾਲ ਸਨਮਾਨਿਆ ਜਾ ਚੁੱਕਾ ਸੀ। ਰਿਆਸਤ ਟੌਂਕ ਦੇ ਨਵਾਬ ਨੇ ਤਾਂ ਜਰਨੈਲ ਸਾਹਿਬ ਨੂੰ ਆਪਣਾ ਗੁਰੂ ਵੀ ਧਾਰਨ ਕਰ ਲਿਆ ਸੀ ਜਰਨੈਲ ਸਾਹਿਬ ਅਲਾਪ ਤੇ ਵਿਲੰਬਸਤ ਵਿਚ ਪੁੱਜੇ ਹੋਏ ਸਨ ਤੇ ਕਰਨੈਲ ਸਾਹਿਬ ਰਾਗ ਦੀ ਬੜ੍ਹਤ ਤੇ ਤਾਨਾਂ ਵਿਚ ਬੇਜੋੜ ਸਨ। ਉਹਨਾਂ ਦੋਹਾਂ ਵਿਚ ਮਾਮੂਲੀ ਜਿਹਾ ਫ਼ਰਕ ਇਕ ਇਹ ਵੀ ਸੀ ਕਿ ਪਹਿਲੇ ਖ਼ਾਂ ਸਾਹਿਬ ਜਿੱਥੇ ਅਤਿਅੰਤ ਤਿਆਰ ਗਾਉਂਦੇ ਸਨ, ਉੱਥੇ ਦੂਜੇ ਖ਼ਾਂ ਸਾਹਿਬ ਮੁਕਾਬਲਤਨ ਵਧੇਰੇ ਸੁਰੀਲੇ ਸਨ।
ਉਹਨਾਂ ਦੋਹਾਂ ਨੂੰ ਗੋਖੀ ਬਾਈ ਨੇ ਤਿਆਰ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਡਰ ਤੋਂ ਕਿ ਉਸ ਦੀ ਗਾਇਕੀ ਜਾਂ ਉਸ ਦਾ ਅੰਗ ਚੋਰੀ ਛੁਪੀ ਕਿਸੇ ਹੋਰ ਗਵੱਈਏ ਕੋਲ ਨਾ ਚਲਾ ਜਾਏ, ਗੋਖੀ ਬਾਈ ਨੇ ਉਹਨਾਂ ਨੂੰ ਵੀਹ ਸਾਲ ਇਕ ਭੋਰੇ ਵਿਚ ਹੀ ਤਾਲੀਮ ਦਿੱਤੀ ਸੀ। ਉਸ ਤੋਂ ਛੁੱਟ ਉਹ ਬਹਾਦੁਰ ਹੁਸੈਨ ਖ਼ਾਂ, ਜਿਸ ਦਾ ਸਬੰਧ ਮੀਆਂ ਤਾਨ ਸੈਨ ਦੇ ਸੈਨੀ ਘਰਾਣੇ ਨਾਲ ਸੀ, ਉਸ ਕੋਲੋਂ ਤਿੰਨ ਸਾਲ ਤਰਾਨੇ ਦੀ ਤਾਲੀਮ ਲੈਂਦੇ ਰਹੇ। ਉਹ ਫਿਰ ਜੈਪੁਰ ਵਾਲੇ ਮਹਾਨ ਪੰਡਿਤ ਬਹਿਰਾਮ ਖ਼ਾਂ ਸਾਹਿਬ ਦੇ ਸ਼ਾਗਿਰਦ ਵੀ ਬਣੇ। ਉਸ ਪਿੱਛੋਂ ਉਹ ਰਿਆਸਤ ਰੀਵਾ ਦੇ ਮਹਾਨ ਉਸਤਾਦ ਮੁਬਾਰਕ ਅਲੀ ਖ਼ਾਂ ਤੋਂ ਵੀ ਫ਼ੈਜ਼ ਪਾਉਂਦੇ ਰਹੇ। ਉਹਨਾਂ ਨੇ ਗਵਾਲੀਅਰ ਦੀਆਂ ਨਾਮਵਰ ਹਸਤੀਆਂ ਹੱਦੂ ਹੱਸੂ ਖ਼ਾਂ ਹੋਰਾਂ ਤੋਂ ਵੀ ਇਸ ਇਲਮ ਸਬੰਧੀ ਕੁਝ ਚੀਜ਼ਾਂ ਲਈਆਂ। ਦਿੱਲੀ ਘਰਾਣੇ ਵਾਲੇ ਮਹਾਨ ਉਸਤਾਦ ਮੀਆਂ ਤਾਨ ਰਸ ਖ਼ਾਂ, ਜਿਹੜਾ ਮੁਗ਼ਲਾਂ ਦੇ ਆਖ਼ਰੀ ਤਾਜਦਾਰ ਬਾਦਸ਼ਾਹ ਬਹਾਦਰ ਸ਼ਾਹ ‘ਜ਼ਫ਼ਰ’ ਦਾ ਉਸਤਾਦ ਸੀ, ਕੋਲ ਵੀ ਕਈ ਵਰ੍ਹੇ ਰਹੇ। ਇਸ ਅਖ਼ੀਰਲੇ ਉਸਤਾਦ ਨੇ ਉਹਨਾਂ ਨੂੰ ਅਸਲ ਮੰਜ਼ਿਲ ਤੱਕ ਪਹੁੰਚਾਇਆ। ਦੱਸਿਆ ਜਾਂਦਾ ਹੈ ਕਿ ਮੁਗ਼ਲ ਦਰਬਾਰ ਦੇ ਇਸ ਸ਼ਾਹੀ ਗਵੱਈਏ ਨੇ ਜਦੋਂ ਇਸ ਜੋੜੀ ਨੂੰ ਪਹਿਲੀ ਵੇਰ ਸੁਣਿਆ ਤਾਂ ਉਸ ਦੀ ਬੂਟੀ (ਜਿਸ ਦਾ ਉਹ ਨਸ਼ਾ ਕਰਦਾ ਹੁੰਦਾ ਸੀ) ਲਹਿ ਗਈ ਸੀ!
ਇਨ੍ਹਾਂ ਸਭਨਾਂ ਘਰਾਣਿਆਂ ਦੇ ਉਸਤਾਦਾਂ ਤੋਂ ਜਿਹੜੀ ਜਿਹੜੀ ਚੀਜ਼ ਵੀ ਉਹਨਾਂ ਨੂੰ ਚੰਗੀ ਲੱਗੀ, ਉਹ ਲੈ ਕੇ, ਉਹਨਾਂ ਨੇ ਪੰਜਾਬ ਦੇ ਇਸ ਵਿਰਾਟ ਘਰਾਣੇ ਦੀ ਨੀਂਹ ਰੱਖੀ। ਉਹਨਾਂ ਦੀ ਗਾਇਕੀ ਕਾਹਦੀ ਸੀ, ਥਾਂ-ਥਾਂ ਤੋਂ ਸੁਹਣੇ-ਸੁਹਣੇ ਫੁੱਲ ਚੁਣ-ਚੁਣ ਕੇ ਬਣਾਇਆ ਗਿਆ ਇਕ ਗੁਲਦਸਤਾ ਸੀ। ਇਸ ਦਾ ਇਹ ਅਸਰ ਹੋਇਆ ਕਿ ਥੋੜ੍ਹੇ ਸਮੇਂ ਵਿਚ ਹੀ ਇਸ ਘਰਾਣੇ ਨੇ ਤੂਫ਼ਾਨ ਜਿਹਾ ਮਚਾ ਦਿੱਤਾ। ਉਸਤਾਦ ਆਸ਼ਕ ਅਲੀ ਖ਼ਾਂ ਦਾ ਮਾਮਾ ਅੱਲਾ ਦੀਆ ਖ਼ਾਂ, ‘ਮਿਹਰਬਾਨ’ ਜਿਸ ਨੂੰ ਸ਼ਾਮਚੁਰਾਸੀ ਘਰਾਣੇ ਦੇ ਉਸਤਾਦ ਨਿਆਜ਼ ਹੁਸੈਨ ਖ਼ਾਂ ‘ਸ਼ਾਮੀ’ (1917-1972) ਪਟਿਆਲਾ ਘਰਾਣੇ ਦੇ ਪ੍ਰਾਪੇਗੰਡਾ ਸੈਕਟਰੀ ਆਖਦੇ ਹੁੰਦੇ ਸਨ, ਉਸਦੀ ਰਾਗ ਦਰਬਾਰੀ ਦੀ ਇਕ ਬੰਦਸ਼ ਅਨੁਸਾਰ :
ਅਸਥਾਈ : ਨਗਰ ਨਗਰ ਫਿਰ ਗਾਏ ਹਿੰਦ ਮੇਂ
ਸਭ ਗੁਨੀਅਨ ਕੇ ਆਗੇ, ਸਨਮੁੱਖ ਧੂਮ ਧਾਮ ਸੌਂ।
ਅੰਤਰਾ : ਸ੍ਵਰ ਕਾ ਪੁਤਲਾ, ਫਤਹਿ ਅਲੀ ਖ਼ਾਂ
‘ਮਿਹਰਬਾਨ’ ਬੈ ਸਭ ਰਾਜੇ,
ਮੋਤੀਆਂ ਹਾਰ ਪਹਿਨਾਏ, ਮਨ ਮਾਰ ਨਗਰ ਨਗਰ ਫਿਰ ਗਾਏ।[4]
ਅਤੇ ਜਾਂ ਫਿਰ :
ਅਸਥਾਈ: ਹਿੰਦ ਮੇਂ ਨਾਮ ਕੀਓ, ਫਤਿਹ ਅਲੀ ਖ਼ਾਂ ਨੇ।
ਅੰਤਰਾ : ਤਾਨ ਤਲਵਾਰ ਮੈਦਾਨ ਮੇਂ ਚਲਨੇ ਲਗੀ,
ਕੁਛ ਫ਼ਰਕ ਹੀ ਨਹੀਂ ਜਨਰਲ ਕਪਤਾਨ ਮੇਂ। (ਰਾਗ ਕੈਦਾਰਾ-ਦਰੁੱਤ)
ਫਤਹਿ ਅਲੀ ਖ਼ਾਂ ਕਰਨੈਲ ਸਾਹਿਬ ਦੇ ਜਿਹੜੇ ਇਕ ਸ਼ਾਗਿਰਦ ਨੇ ਪਟਿਆਲਾ ਘਰਾਣੇ ਦੀ ਗਾਇਕੀ ਦਾ ਬੰਗਾਲ ਦੇ ਇਲਾਕੇ ’ਚ, ਖਾਸ ਕਰਕੇ ਕਲਕੱਤਾ ਅਤੇ ਉਸਦੇ ਨੇੜੇ-ਤੇੜੇ ਬਹੁਤ ਪ੍ਰਚਾਰ ਕੀਤਾ, ਉਹ ਸਨ ਕਸੂਰ ਘਰਾਣੇ ਦੇ ਉਸਤਾਦ ਮੀਰਾਂ ਬਖ਼ਸ਼ ਉਰਫ ਕਾਲੇ ਖ਼ਾਂ (1872-1917?)। ਆਪ ਪਦਮ ਭੂਸ਼ਨ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਦੇ ਚਾਚਾ ਸਨ ਅਤੇ ਇਕ ਬੜੇ ਵੱਡੇ, ਦਬੰਗ ਗਵੱਈਏ ਸਨ। ਉਹਨਾਂ ਨੂੰ ਅਕਸਰ ”ਭੂਤ ਗਾਇਕ’’ ਕਰਕੇ ਵੀ ਜਾਣਿਆ ਜਾਂਦਾ ਸੀ। ਸਾਡੇ ਕੋਲ ਉਹਨਾਂ ਦੀਆਂ ਦੋ ਤਿੰਨ ਬੇਹੱਦ ਨਾਦਰ ਨਾਯਾਬ ਚੀਜ਼ਾਂ ਸੁਰੱਖਿਅਤ ਹਨ ਜਿਹੜੀਆਂ ਕਿ ਉਸਦੀ ਆਵਾਜ਼ ਵਿਚ 1904-1905 ਵਿਚ ਭਰੀਆਂ ਗਈਆਂ ਸਨ। ਰਾਗ ਹਨ, ਤਿਲਕ ਕਮੋਦ, ਛਾਇਆ ਨਟ ਅਤੇ ਬਿਹਾਗ ਆਦਿ। 1904 ਵਿਚ ਇਕ ਪਾਸੇ ਭਰੇ ਗਏ ਲਾਖ ਦੇ ਤਵੇ ’ਤੇ ਅਜੇ ਉਹ ਚੀਜ਼ ਦੇ ਬੋਲ, ”ਨੀਰ ਭਰਨ ਕੈਸੇ ਜਾਊਂ ਮੋਰੀ ਸੱਜਨੀ’’ ਹੀ ਸ਼ੁਰੂ ਕਰਦਾ ਹੈ ਕਿ ਵਿਚ ਹੀ ਇਹ ਗੱਲ ਆਖਣ ਲੱਗ ਪੈਂਦਾ ਹੈ ”ਨਾ ਭਈ ਨਾ, ਮੈਂ ਨਹੀਂ ਗਾਤਾ। ਮੇਰਾ ਗਾਣਾ ਚੋਰੀ ਹੋ ਜਾਏਗਾ।’’ ਇਹ ਚੀਜ਼ ਭਾਵੇਂ ਉਸਨੇ ਤਿਲਕ ਕਮੋਦ ਵਿਚ ਗਾਈ ਹੋਈ ਹੈ ਦੀ ਜੈਕਟ ਤੇ ਸ਼ਬਦ ‘ਕੱਵਾਲੀ’[5] ਵੀ ਉੱਕਰਿਆ ਹੋਇਆ ਹੈ। ਉਸਤਾਦ ਫਤਹਿ ਅਲੀ ਖ਼ਾਂ, ਕਰਨੈਲ ਸਾਹਿਬ ਦੇ ਆਪਣੇ ਇਕਲੌਤੇ ਪੁੱਤਰ ਉਸਤਾਦ ਆਸ਼ਕ ਅਲੀ ਖ਼ਾਂ ਨੇ ਵੀ ਉਂਜ ਤਾਂ ਦੇਸ਼ ਦੀਆਂ ਚੌਹੇਂ ਕੂਟਾਂ ਵਿਚ ਪ੍ਰਚਾਰ ਪ੍ਰਸਾਰ ਕੀਤਾ, ਪਰ ਸਭ ਤੋਂ ਵੱਧ ਉਸ ਨੇ ਸਿੰਧ ਦੇ ਇਲਾਕੇ ਵਿਚ ਇਹ ਗਾਇਕੀ ਫੈਲਾਈ। ਦੱਸਿਆ ਜਾਂਦਾ ਹੈ ਕਿ ਇਹ ਉਸਤਾਦ ਸਿੰਧੀ ਭੈਰਵੀ ਅਤੇ ਸਰਾਇਕੀ ਕਾਫ਼ੀ ਗਾਉਣ ਵਿਚ ਬੇਮਿਸਾਲ ਸੀ। ਮਿਸਾਲ ਵਜੋਂ ਉਹਨਾਂ ਦੀ ਇਹ ਚੀਜ਼ ਦੇਖੋ :
ਦੀਦਾਂ ਵਾਲੇ ਦੀਦ ਕਰੇਸਨ,
ਮੇਰਾ ਵਿਛੜਿਆ ਯਾਰ ਮਿਲਾ ਦੇ ਬੇ ਮੀਆਂ।
ਸਦਕਾ ਪੰਜ ਤਨ ਦਾ।
1935 ਦੀ ਇਹ ਇਕ ਪ੍ਰਸਿੱਧ ਘਟਨਾ ਹੈ ਕਿ ਜੈਨੋਫੋਨ ਕੰਪਨੀ ਲਾਹੌਰ ਵਾਲਿਆਂ ਨੇ ਉਸਦਾ ਰੀਕਾਰਡ ਬਣਾਉਣ ਲਈ ਉਸਦੀ ਆਵਾਜ਼ ਭਰਨੀ ਸੀ, ਬੋਲ ਸਨ, ”ਢੋਲਣ ਮਿਲਸੀ ਕਿਹੜੇ ਵਾਰ ਸਾਨੂੰ-ਮਿਲਸੀ ਕਿਹੜੇ ਵਾਰ?’’ ਖ਼ਾਂ ਸਾਹਿਬ ਨੇ ਸਿੰਧੀ ਭੈਰਵੀ ਦੀ ਇਹ ਚੀਜ਼ ਗਮ ’ਚ ਡੁੱਬ ਕੇ ਅਜਿਹੀ ਗਾਈ ਕਿ ਜਿੱਥੇ ਇਸ ਵਿਚ ਉਹ ਆਪ ਖੋਹ ਗਏ, ਓਥੇ ਸਰੋਤਿਆਂ ਨੂੰ ਵੀ ਆਪਣੀ ਕੋਈ ਸੁੱਧ ਬੁੱਧ ਨਹੀਂ ਸੀ ਰਹੀ। ਸੁਣਨ ਵਾਲਿਆਂ ਵਿਚੋਂ ਇਹ ਵਿਅਕਤੀ ਖਾਸ ਸਨ : ਪਲੇਬੈਕ ਸਿੰਗਰ ਸ਼ਾਮਸ਼ਾਦ ਬੇਗਮ, ਉਸਦੀ ਵੱਡੀ ਭੈਣ ਮੁਬਾਰਕ ਬੇਗ਼ਮ, ਹੁਸ਼ਿਆਰਪੁਰ ਦੀ ਪ੍ਰਸਿੱਧ ਗਾਇਕਾ ਉਮਰਾਓ ਜ਼ਿਆ ਬੇਗ਼ਮ ਅਤੇ ਸੁਪ੍ਰਸਿੱਧ ਰਬਾਬੀ ਮਾਸਟਰ ਗੁਲਾਮ ਹੈਦਰ (ਫ਼ਿਲਮੀ ਧੁਨਾਂ ਬਣਾਉਣ ਦਾ ਧਨੰਤਰ ਅਤੇ ਦੁਨੀਆਂ ਵਾਲਿਆਂ ਲਈ ਮੈਡਮ ਨੂਰ ਜਹਾਨ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗ਼ਮ ਵਰਗੀਆਂ ਗਾਇਕਾਵਾਂ ਆਦਿ ਨੂੰ ਘੜਨ ਵਾਲਾ ਘਾੜਾ ਜਾਦੂਗਰ) ਇਸ ਤਵਾਰੀਖੀ ਘਟਨਾ ਦਾ ਅੱਖੀਂ ਡਿੱਠਾ ਹਾਲ ਕਾਜ਼ੀ ਜ਼ਹੂਰ ਇਲਾਹੀ ਨੇ ਆਪਣੀ ਇਕ ਕਿਰਤ ਮੁਅਲਮਅਲ ਨਗ਼ਮਾਤ (1882) ਦੇ ਸਫ਼ਾ 76 ’ਤੇ ਬੜੀ ਖ਼ੂਬਸੂਰਤੀ ਨਾਲ ਅੰਕਿਤ ਕੀਤਾ ਹੈ-
ਉਸਦੀ ਆਵਾਜ਼, ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ ਦੇ ਉਲਟ ਭਾਵੇਂ ਕਿ ਐਨੀ ਸੁਰੀਲੀ ਨਹੀਂ ਤਾਂ ਵੀ ਫਿਰਤ ਅਤੇ ਲਯਕਾਰੀ ਹੈ ਕਿਤੇ-ਕੋਈ ਅੰਤ ਹੀ ਨਹੀਂ। ਨਿਰਸੰਦੇਹ, ਗਾਉਣ ਸਮੇਂ ਉਹ, ਸਰੋਤਿਆਂ ਦੇ ਕਾਲਜਿਆਂ ਨੂੰ ਧੂਹ ਪਾ ਦਿੰਦਾ ਸੀ। ‘ਬੇਡਾਰ’ ਨਾਂ ਦੀ ਨਵੀਂ ਸ਼ੈਲੀ ਦਾ ਸਿਹਰਾ ਵੀ ਉਸਦੇ ਸਿਰ ਹੀ ਬੱਝਦਾ ਹੈ। ਇਹ ਵੀ ਪਟਿਆਲਾ ਘਰਾਣੇ ਦੀ ਇਕ ਹੋਰ ਖਾਸ ਚੀਜ਼ ਹੈ।
ਉਸਤਾਦ ਆਸ਼ਕ ਅਲੀ ਖਾਂ ਨੇ ਠੁਮਰੀ ਸ਼ੈਲੀ ਦੇ ਅੰਤਰਗਤ ਸਿੰਧੀ, ਭੈਰਵੀ, ਕਾਫੀ ਅਤੇ ਠੁਮਰੀ ਸ਼ੈਲੀਆਂ ਨੂੰ ਮਿਲਾ ਕੇ ਇਸ ਨਵੀਂ ਸ਼ੈਲੀ ਦਾ ਆਵਿਸ਼ਕਾਰ ਕੀਤਾ ਸੀ। ਇਸ ਤੋਂ ਛੁਟ ਇਹ ਉਹ ਹੀ ਕਲਾਕਾਰ ਸੀ, ਜਿਸ ਨੇ ਪੰਜਾਬੀ ਅੰਗ ਠੁਮਰੀ ਨੂੰ ਵੀ ਬੇਹੱਦ ਮਕਬੂਲ ਬਣਾਉਣ ਵਿਚ ਆਪਣਾ ਪੂਰਾ ਹਿੱਸਾ ਪਾਇਆ। ਏਸੇ ਹੀ ਘਰਾਣੇ ਦੇ ਦੋ ਹੋਰ ਉਸਤਾਦਾਂ, ਬੜੇ ਗ਼ੁਲਾਮ ਅਲੀ ਖਾਂ ਅਤੇ ਉਸਦੇ ਛੋਟੇ ਵੀਰ ਬਰਕਤ ਅਲੀ ਨੇ ਪਟਿਆਲਾ ਘਰਾਣੇ ਦੀ ਸਾਰੀ ਦੁਨੀਆਂ ਵਿਚ ਧਾਂਕ ਬਿਠਾਉਣ ਲਈ ਜਿਹੜਾ ਕੰਮ ਕੀਤਾ, ਉਸਦੀ ਕਿਧਰੇ ਹੋਰ ਕੋਈ ਮਿਸਾਲ ਨਹੀਂ ਮਿਲਦੀ।
ਉਹ ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਪਟਿਆਲਾ ਘਰਾਣੇ ਦੀਆਂ ਖਾਸ ਹਨ ਅਤੇ ਉਹ ਕੀ ਕੁਝ ਹੈ, ਜਿਹੜਾ ਇਸ ਨੂੰ ਦੇਸ਼ ਦੇ ਦੂਜੇ ਘਰਾਣਿਆਂ ਨਾਲੋਂ ਨਿਖੇੜ ਕੇ ਜੁਦਾ ਕਰਦਾ ਹੈ?
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਘਰਾਣੇ ਦੇ ਕਲਾਕਾਰਾਂ ਦੀ ਦੂਜੇ ਘਰਾਣਿਆਂ ਦੇ ਕਲਾਕਾਰਾਂ ਨਾਲੋਂ ਤਿਆਰੀ ਬਹੁਤ ਜ਼ਿਆਦਾ ਹੈ। ਕਿਰਾਨੇ ਵਾਲਿਆਂ ਵਾਂਗ ਇਸ ਦੇ ਕਲਾਕਾਰ ਵਿਲੰਬਤ ਉੱਤੇ ਬਹੁਤਾ ਧਿਆਨ ਨਹੀਂ ਦਿੰਦੇ, ਸਗੋਂ ਆਪਣਾ ਸਾਰਾ ਜ਼ੋਰ ਦਰੁੱਤ ਲਯ ਉੱਤੇ ਲਾਉਂਦੇ ਹਨ। ਤਿਆਰੀ ਅਤੇ ਤਾਨਾਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਗਾਉਂਦਿਆਂ ਇੰਝ ਜਾਪਦਾ ਹੈ ਜਿਵੇਂ ਹਵਾਈਆਂ ਉੱਡ ਰਹੀਆਂ ਹੋਣ, ਦਰੁੱਤ ਵਿਚ ਇਹ ਤੇਜ਼ੀ, ਇਹ ਤਰਾਰੀ, ਇਹ ਗਰਾਰੀ, ਇਹ ਫਰਾਰੀ ਸਰੋਤਿਆਂ ਨੂੰ ਚੱਕ੍ਰਿਤ ਕਰ ਦਿੰਦੀ ਹੈ। ਦਰੁੱਤ ਲਯ ਵਿਚ ਆਵਾਜ਼ ਦਾ ਜਿਹੜਾ ਲਹਿਰਾ ਜਿਹਾ, ਲੱਛਾ ਜਿਹਾ ਚੱਲਦਾ ਹੈ, ਉਹ ਹੱਦੂ ਹੱਸੂ ਖਾਂ ਹੋਰਾਂ ਦੀ ਦੇਣ ਹੈ। ਪਰ ਜਿਹੜੀ ਚੀਜ਼ ਇਸ ਘਰਾਣੇ ਨੂੰ ਦਿੱਲੀ ਘਰਾਣੇ ਨਾਲੋਂ ਜੁਦਾ ਕਰਦੀ ਹੈ, ਉਹ ਹੈ ਗਮਕ ਦਾ ਅਥਾਹ ਰਿਆਜ਼ ਅਤੇ ਜਦੋਂ ਤਿਆਰੀ ਦੇ ਨਾਲ ਨਾਲ ਗਮਕ ਦਾ ਅਥਾਹ ਰਿਆਜ਼ ਪੂਰਾ ਹੋ ਜਾਏ, ਆਵਾਜ਼ ਰਸ ਵਿਚ ਡੁੱਬ ਜਾਏ, ਜਿਵੇਂ ਸ਼ਹਿਦ ਵਿਚ ਅੰਗੂਰ ਤਾਂ ਪਟਿਆਲਾ ਗਾਇਕੀ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਹੈ। ਆਗਰਾ ਘਰਾਣੇ ਦੇ ਪ੍ਰਸਿੱਧ ਉਸਤਾਦ ਫਿਆਜ਼ ਖਾਂ ਆਫਤਾਬਿ-ਮੌਸੀਕੀ ਦੀ ਗਾਇਕੀ ਵਿਚ ਤਾਨ ਦੀ ਗੜਗੱਜ ਧਮਕ ਕਿਸੇ ਹੱਦ ਤੱਕ ਇਸ ਘਰਾਣੇ ਦੇ ਕਲਾਕਾਰਾਂ ਵਲੋਂ ਧਰੁਪੱਦ ਗਾਇਕੀ ਦੇ ਬਰਅਕਸ ਖ਼ਿਆਲ ਗਾਇਕੀ ਦਾ ਉਨੀਵੀਂ ਸਦੀ ਤੱਕ ਇਹ ਹਾਲ ਸੀ ਕਿ ਸਰ ਸਯਦ ਅਹਿਮਦ ਖਾਂ ਵਰਗਾ ਵਿਦਵਾਨ ਵੀ, ਦਿੱਲੀ ਦੇ ਪ੍ਰਮੁੱਖ ਗਾਇਕਾਂ ਵਜਾਇਕਾਂ ਬਾਰੇ ਆਪਣੀ ਪ੍ਰਸਿੱਧ ਕਿਰਤ ‘ਆਸਾਰੁਸਸ਼ਨਾਦੀਦ’ (1846 ਈ.) ਵਿਚ ਲਿਖਣ ਲੱਗਿਆਂ, ਹੋਰਨਾਂ ਕਈਆਂ ਦੀ ਤਾਰੀਫ਼ ਦੇ ਪੁਲ ਤਾਂ ਬੰਨ੍ਹਦਾ ਹੈ, ਪਰ ਮੁਗਲੀਆ ਸਲਤਨਤ ਦੇ ਆਖ਼ਰੀ ਤਾਜਦਾਰ ਬਾਦਸ਼ਾਹ ਜ਼ਫ਼ਰ ਦੇ ਦਰਬਾਰੀ ਗਵੱਈਏ ਅਤੇ ਉਸਦੇ ਉਸਤਾਦ ਦੀਆਂ ਤਾਨਰਸ ਖ਼ਾਂ ਵਰਗੀ ਮਹਾਨ ਸ਼ਖ਼ਸੀਅਤ ਦਾ ਕਿਧਰੇ ਨਾ ਤੱਕ ਵੀ ਦਰਜ ਨਹੀਂ ਕਰਦਾ। ਸੋ ਪਟਿਆਲਾ ਘਰਾਣੇ ਦੀ ਇਕ ਦੇਣ ਇਹ ਵੀ ਹੈ ਕਿ ਇਸ ਨੇ ਗਾਇਕੀ ਦੇ ਇਸ ਨਵੇਂ ਅੰਗ ਨੂੰ ਨਾ ਕੇਵਲ ਆਪ ਵਧਾਇਆ ਫੈਲਾਇਆ, ਸਗੋਂ ਪੰਜਾਬ ਦੇ ਦੂਜੇ ਘਰਾਣਿਆਂ ਨੂੰ ਵੀ ਇਸ ਪਾਸੇ ਆਕਰਸ਼ਿਤ ਕੀਤਾ। ਇਸ ਦੇ ਕਲਾਕਾਰ ਆਲੰਕਾਰਕ, ਵੱਕਾਰ ਤੇ ਫਿਰਤ ਤਾਨਾਂ ਦੀ ਵਰਤੋਂ ਕਰਦੇ ਹਨ। ਤਾਨਬਾਜ਼ੀ ਵਲ ਵਧੇਰੇ ਧਿਆਨ ਦਿੰਦੇ ਹਨ, ਪਰ ਜਬੜੇ ਦੀ ਤਾਨ ਨਹੀਂ ਲੈਂਦੇ। ‘ਖ਼ਿਆਲ’ ਤਾਂ ਇਹ ਗਾਉਂਦੇ ਹੀ ਹਨ, ਪੰਜਾਬ ਅੰਗਾਂ ਦੀ ਠੁਮਰੀ ਵੀ ਗਾਉਂਦੇ ਹਨ, ਜਿਸ ਵਿਚ ਇਹਨਾਂ ਨੂੰ ਇਕ ਨਿਵੇਕਲਾ ਅਸਥਾਨ ਪ੍ਰਾਪਤ ਹੈ।
ਅੱਜ ਤੋਂ ਕਈ ਵਰ੍ਹੇ ਪਹਿਲਾਂ ਪਾਕਿਸਤਾਨ ਦੇ ਇਕ ਸਾਹਿਤਕਾਰ ਅਹਿਮਦ ਬਸ਼ੀਰ ਨੇ ਇਕ ਲੇਖ ‘ਰਾਗਦਾਰੀ ਤੇ ਸਿਆਸਤ’ ਲਿਖਿਆ ਸੀ ਜਿਸ ਵਿਚ ਇਕ ਥਾਂ ਉਹ ਕਹਿੰਦਾ ਹੈ, ”ਪਟਿਆਲਾ ਘਰਾਣੇ ਦੀ ਗਾਇਕੀ ਅਸਲ ਵਿਚ ਪੰਜਾਬ ਦੀ ਗਾਇਕੀ ਹੈ : ਤਾਕਤਵਰ, ਮਰਦਾਵੀਂ, ਖੁੱਲ੍ਹੀ ਤੇ ਮੁਸ਼ਕਿਲ ਪਸੰਦ। ਇਸ ਗਾਇਕੀ ਦੇ ਮਿਜਾਜ਼ ਪੂਰੇ ਪੰਜਾਬ ਦਾ ਮਿਜਾਜ਼ ਏ, ਜਿਹੜਾ ਏਥੋਂ ਦੀ ਛੋਟੀ ਮਾਲਿਕੀ, ਕਿਸਾਨੀ ਰਵਾਇਤ ਦਾ ਮਿਜ਼ਾਜ਼ ਏ।’’ ਵਿਦਵਾਨ ਲੇਖਕ ਇਹਨਾਂ ਵਾਕਾਂ ਵਿਚ ਪਤੇ ਦੀਆਂ ਗੱਲਾਂ ਕਹਿੰਦਾ ਕਹਿੰਦਾ, ਅਖੀਰਲੇ ਦਸ ਲਫਜ਼ ਵਾਧੂ ਜੜ ਕੇ ਸਾਰੀ ਗੱਲ ਨੂੰ ਹੀ ਬੇਸੁਆਦੀ ਕਰ ਗਿਆ। ਖ਼ੂਬਸੂਰਤ ਗੱਲ ਤਾਂ ਇਹ ਹੈ ਕਿ ਇਸ ਨੇ ਅਵਾਮ ਦੇ ਦਿਲਾਂ ਦੀ ਧੜਕਣ ਦੀ ਤਰਜਮਾਨੀ ਵੀ ਕੀਤੀ ਹੈ। ਸੰਖੇਪ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਦੂਜੇ ਘਰਾਣਿਆਂ ਦੀ ਸੰਗੀਤ ਸ਼ੈਲੀ ਜਿੱਥੇ ਸ਼ਾਸਤਰੀ ਨੇਮਾਂ ਦੀ ਕੱਟੜਤਾ ਤੱਕ ਸੀਮਤ ਹੈ, ਓਥੇ ਪਟਿਆਲੇ ਦੀ ਗਾਇਕੀ ਵਿਚ ਸਥਾਈ ਭਾਵ ਤੋਂ ਸ਼ਾਸਤ੍ਰੀ ਨੇਮਾਂ ਵਿਚ ਰਹਿੰਦਿਆਂ ਵਾਜਿਬ-ਵਾਜਿਬ ਵੱਖਰੇ ਵੇਗ ਦੀ ਤਬਦੀਲੀ ਦੀ ਗੁੰਜਾਇਸ਼ ਵੀ ਹੈ। ਇਸ ਤੋਂ ਛੁੱਟ ਇਸ ਨੇ ਸ਼ਾਸਤ੍ਰੀਅਤਾ ਦੇ ਅਸਲੋਂ ਕੱਟੜਪੁਣੇ ਨੂੰ ਪਾਸੇ ਰੱਖਦਿਆਂ, ਨਿਰਾਪੁਰਾ ਹਿਸਾਬੀ ਕਿਤਾਬੀ ਫਾਰਮੂਲਿਆਂ ਦੀ ਭੂਤ ਫੇਰੀ ਨੂੰ ਹੀ ਸਭ ਕੁਝ ਨਾਂ ਮੰਨਦਿਆਂ, ਪੰਜਾਬ ਦੇ ਲੋਕ-ਸੰਗੀਤ ਦੇ ਵਿਰਸੇ ਨੂੰ ਵੀ ਗਲ ਨਾਲ ਲਾਈ ਰੱਖਿਆ ਹੈ। ਅੰਗਰੇਜ਼ੀ ਦੇ ਇਕ ਸੁਪ੍ਰਸਿੱਧ ਲੇਖਕ ਥੌਮਸ ਕਾਰਲਾਈਨ ਨੇ ਵੀ ਇਕ ਵੇਰ ਇੰਝ ਕਿਹਾ ਸੀ, ”ਮੇਰੇ ਵਿਚਾਰਾਂ, ਅਨੁਸਾਰ, ਰੂੜ੍ਹੀਵਾਦੀ ਕਿਸਮ ਦੇ ਤਕੜੇ ਗਰਾਮਰਦਾਨ ਲਿਖਿਆਰਾਂ ਦੇ ਤੌਰ ’ਤੇ ਕੂੜ ਹੀ ਰਹੇ ਹਨ ਜਦਕਿ ਚੰਗੇ ਤਕੜੇ ਲਿਖਾਰੀ, ਵਿਆਕਰਣ ਪੱਖੋਂ ਭੈੜੇ ਜਾਂ ਵਿਹੂਣੇ!’’ ਉਂਝ ਵੀ ਲੋਕਾਇਣ ਦੀ ਥਿਊਰੀ ਵੀ ਏਹੋ ਹੈ ਕਿ ਮਨੁੱਖ ਨੂੰ ਬੋਲੀ ਪਹਿਲਾਂ ਆਉਂਦੀ ਹੈ, ਵਿਆਕਰਣ ਪਿੱਛੋਂ।
ਪਟਿਆਲਾ ਘਰਾਣੇ ਦੀ ਸ਼ੈਲੀ ਨੇ ਪੰਜਾਬ ਦੇ ਟੱਪਿਆਂ, ਵਾਰਾਂ ਤੇ ਕੁਝ ਹੋਰ ਲੋਕ ਧੁਨਾਂ ਦੇ ਪ੍ਰਭਾਵ ਨੂੰ ਵੀ ਆਪਣੇ ਵਿਚ ਸਮੋਇਆ ਹੈ, ਜਿਸ ਦੀ ਸਭ ਤੋਂ ਸੁਹਣੀ ਮਿਸਾਲ ਅੱਜ ਕੱਲ੍ਹ ਪਾਕਿਸਤਾਨ ਦੇ ਇਕ ਕਲਾਕਾਰ ਤੂਫ਼ੈਲ ਨਿਆਜ਼ੀ ਦੀ ਗਵੈਸ਼ ਤੋਂ ਮਿਲਦੀ ਹੈ, ਜਿਹੜਾ ਕਈ ਫੇਰ ਏਹੋ ਜਿਹੀਆਂ ਸਾਦਮੁਰਾਦੀਆਂ ਚੀਜ਼ਾਂ ਫੜ ਕੇ ਵੀ ਤੁਹਾਨੂੰ ਸ਼ਾਸਤ੍ਰੀਅਤਾ ਦੇ ਸਾਗਰ ਵਿਚ ਲੈ ਜਾ ਕੇ ਤਾਰੀਆਂ ਦੇ ਜਾਂਦਾ ਹੈ।
”ਕਦੇ ਆ ਵੇ ਮਾਹੀ, ਗਲ ਲੱਗ ਵੇ, ਤੇਰੀ ਦੀਦ ਗ਼ਰੀਬਾਂ ਦਾ ਹੱਜ ਵੇ।’’
ਜਰਨੈਲ ਕਰਨੈਲ ਸਾਹਿਬ ਨੇ ਪਹਾੜੀ ਧੁਨਾਂ ਉੱਤੇ ਅਧਾਰਤ ਕੁਝ ਅਜਿਹੀਆਂ ਠੁਮਰੀਆਂ ਵੀ ਰਚੀਆਂ ਸਨ, ਜਿਹੜੀਆਂ ਦੇਸ਼ ਭਰ ਦੇ ਸੰਗੀਤ ਵਿਚ ਹੋਰ ਕਿਧਰੇ ਨਹੀਂ ਮਿਲਦੀਆਂ। ਆਪਣੇ ਸਮੇਂ ਬੜੇ ਗ਼ੁਲਾਮ ਅਲੀ ਖ਼ਾਂ ਦੇ ਛੋਟੇ ਭਰਾ ਉਸਤਾਦ ਬਰਕਤ ਅਲੀ ਖਾਂ ਨੇ ਠੁਮਰੀ ਤੇ ਪਹਾੜੀ ਅੰਗਾਂ ਨੂੰ ਰੌਸ਼ਨ ਰੱਖਿਆ ਸੀ, ਜਿਸ ਨੂੰ ਅੱਜਕੱਲ੍ਹ ਪਾਕਿਸਤਾਨ ਦਾ ਪ੍ਰਸਿੱਧ ਗਾਇਕ ਛੋਟੇ ਗੁਲਾਮ ਅਲੀ (ਤੇਰੇ ਸ਼ੌਕ ਦਾ ਨਹੀਂ ਇਤਬਾਰ ਮੈਨੂੰ) ਜੀਉਂਦਾ ਰੱਖ ਰਿਹਾ ਹੈ।
ਪਟਿਆਲਾ ਗਾਇਕੀ ਦੀ ਹੁਸੀਨ ਸ਼ੈਲੀ ਜਿਸ ਦਾ ਮੁੱਖ ਲੱਛਣ ਸੌਂਦਰਯ ਹੈ, ਜਿਸਦੀ ਮੌਸੀਕੀ ਦਾ ਮੁੱਖ ਲੱਛਣ ਮਜ਼ਾਮੀਰੀ ਅੰਗ ਹੈ… ਐਨੀਆਂ ਖੂਬੀਆਂ ਹੋਣ ਦੇ ਬਾਵਜੂਦ, ਕਦੇ ਕਦੇ ਕੁਝ ਕੀਨਾਕਾਰ ਕਲਾਕਾਰਾਂ ਵਲੋਂ ਅੱਖੜ ਜਾਂ ਬੇਢਬਵੀਂ ਅਖਵਾਉਂਦੀ ਹੈ… ਜਿਹੜੀ ਬਸ ਏਨੀ ਕੁ ਹੀ ਬੇਤੁਕੀ ਗੱਲ ਹੈ ਜਿਵੇਂ ਕੋਈ ਦਿਨ ਨੂੰ ਰਾਤ ਕਹੀ ਜਾਵੇ। ਉਂਜ ‘ਪਸੰਦ ਆਪਣੀ ਆਪਣੀ’ ਤੱਕ ਤਾਂ ਗੱਲ ਮੰਨੀ ਜਾ ਸਕਦੀ ਹੈ, ਬਾਕੀ ਤਾਂ ਨਿਰੀਪੁਰੀ ਫਜ਼ੂਲ ਗੱਲ ਹੈ। ਏਹੋ ਜਿਹੇ ਕੀਨਾ ਪਰਿਵਰਾਂ ਲਈ ਆਪਣੇ ਮੂੰਹ ’ਤੇ ਆਪ ਹੀ ਚੁਪੇੜ ਮਾਰਨ ਲਈ ਬੜੇ ਗੁਲਾਮ ਅਲੀ ਖ਼ਾਂ ਸਾਹਿਬ ਦਾ ਕੋਈ ਵੀ ਇਕ ਅੱਧ ਖ਼ਿਆਲ ਜਾਂ ਠੁਮਰੀ ਹੀ ਬਸ ਕਾਫ਼ੀ ਹੈ।
ਇਸ ਘਰਾਣੇ ’ਤੇ ਆਲੋਚਨਾ ਕਰਦਿਆਂ ਕੁਝ ਉਸਤਾਦ ਏਹੋ ਜਿਹੀਆਂ ਗੱਲਾਂ ਕਰਦੇ ਵੀ ਸੁਣੇ ਗਏ ਹਨ, ”ਓ ਜੀ ਪੰਜਾਬ ਵਿਚ ਧਰੁਪਦੀਆਂ ਦੇ ਅਸਲ ਘਰਾਣੇ ਤਾਂ ਚਾਰ ਹੋਏ ਹਨ। ਪਟਿਆਲਾ ਘਰਾਣਾ ਐਨਾ ਪੁਰਾਣਾ ਨਹੀਂ। ਉਂਜ ਵੀ ਇਹ ਘਰਾਣਾ ‘ਸਾਰੰਗੀ’ ਵਿਚੋਂ ਨਿਕਲਿਆ ਹੈ, ਕਿਉਂਕਿ ਮੀਆਂ ਕਾਲੂ, ਗੋਖੀ ਬਾਈ ਦਾ ਸਫਰਦਾ ਸੀ। ਉਹਨਾਂ ਦੋਹਾਂ ਦਾ ਇਸ਼ਕ ਹੋ ਗਿਆ ਤਾਂ ਬਕਾਇਦਾ ਨਕਾਹ ਪੜ੍ਹਿਆ ਗਿਆ। ਉਹਨਾਂ ਦੋਹਾਂ ਦੇ ਇਕ ਘਰ ਅਬਦੁੱਲਾ ਨਾਂ ਦੇ ਇਕ ਬੱਚੇ ਨੇ ਵੀ ਜਨਮ ਲਿਆ, ਜਿਹਨੇ ਜਰਨੈਲ ਹੋਰਾਂ ਵਾਂਗ ਹੀ ਬਹੁਤ ਗਾਇਆ ਪਰ ਛੇਤੀ ਮਰ ਗਿਆ।’’
ਪਟਿਆਲਾ ਘਰਾਣੇ ਤੇ ਲੱਗੀ ਇਸ ਊਜ ਦਾ ਜੇਕਰ ਆਪਾਂ ਕੁਝ ਵਿਸ਼ਲੇਸ਼ਣ ਕਰੀਏ ਤਾਂ ਦੋ-ਤਿੰਨ ਬੜੇ ਅਹਿਮ ਨੁਕਤੇ ਉਭਰ ਕੇ ਸਾਡੇ ਸਾਹਮਣੇ ਆ ਜਾਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਏਹੋ ਜਿਹਾ ਇਲਜ਼ਾਮ ਉਹਨਾਂ ਲੋਕਾਂ ਵਲੋਂ ਆਉਂਦਾ ਹੈ ਜਿਹੜੇ ਆਪ ਧਰੁੱਪਦ ਨੂੰ ਛੱਡ ਕੇ ਖ਼ਿਆਲ ਗਾਇਕੀ ਅਪਣਾ ਚੁੱਕੇ ਹਨ। ਦੂਜੀ ਗੱਲ ਇਹ ਕਿ ਪਟਿਆਲਾ ਘਰਾਣਾ ਸਾਰੰਗੀ ਵਿਚੋਂ ਨਿਕਲਿਆ ਹੈ-ਬੜੀ ਹਾਸੋਹੀਣੀ ਜਿਹੀ ਗੱਲ ਜਾਪਦੀ ਹੈ ਕਿਉਂਕਿ ਬੜੇ ਗ਼ੁਲਾਮ ਅਲੀ ਖ਼ਾਂ ਸਾਹਿਬ ਦੇ ਪਿਤਾ ਉਸਤਾਦ ਅਲੀ ਬਖ਼ਸ਼ ਖ਼ਾਂ ਦਿਲਰੁਬਾ ਦੇ ਬੜੇ ਵੱਡੇ ਉਸਤਾਦ ਸਨ ਅਤੇ ਬੜੇ ਖ਼ਾਂ ਸਾਹਿਬ ਆਪ ਵੀ ਪਹਿਲਾਂ ਕਈ ਵਰ੍ਹੇ ਇਨਾiਂੲਤ ਬਾਈ ਢੇਰੂ ਵਾਲੀ ਨਾਲ ਸਾਰੰਗੀ ਵਜਾਉਂਦੇ ਰਹੇ। ਇਸੇ ਤਰ੍ਹਾਂ ਉਸਤਾਦ ਅਮੀਰ ਖ਼ਾਂ ਹੋਰਾਂ ਦੀ ਜੱਦ ਪੁਸ਼ਤ ਸਿੱਧੀ ਇਕ ਸਾਰੰਗੀ ਦੇ ਘਰਾਣੇ ਨਾਲ ਹੈ, ਪਰ ਉਹ ਦਿਨ ਰਾਤ ਦਾ ਤਪ ਕਰਕੇ ਆਉਣ ਵਾਲੀਆਂ ਨਸਲਾਂ ਲਈ ਰੀਕਾਰਡਾਂ ਦੀ ਸੂਰਤ ਵਿਚ ਉਹ ਕੁਝ ਛੱਡ ਗਏ ਹਨ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਪਟਿਆਲਾ ਘਰਾਣੇ ਦੀ ਵਾਦਨ ਪਰੰਪਰਾ
ਜਿਥੋਂ ਤੱਕ ਪਟਿਆਲਾ ਘਰਾਣੇ ਦੀ ਵਾਦਨ ਪਰੰਪਰਾ ਦਾ ਸਬੰਧ ਹੈ, ਆਪਣੇ ਆਪ ਵਿਚ ਇਹ ਬਹੁਤ ਅਮੀਰ ਹੈ। ਭਾਰਤ ਦੇ ਸੰਗੀਤ ਘਰਾਣਿਆਂ ਵਿਚ ਇਹ ਹੀ ਇਕੋ ਇਕ ਘਰਾਣਾ ਹੈ ਜਿਸ ਵਿਚ ਸਿਤਾਰ ਦੇ ਸੱਤ ਬਾਜ ਅਤੇ ਵੀਣਾ ਦੇ ਪੰਜ ਕਾਇਦੇ ਅੱਜ ਤੱਕ ਜੀਉਂਦੇ ਚਲੇ ਆ ਰਹੇ ਹਨ। ਉੱਪਰ ਅਸੀਂ ਇਸ ਗੱਲ ਦਾ ਵਰਨਣ ਕਰ ਆਏ ਹਾਂ ਕਿ ਭਾਈ ਫਰਿੰਦੇ ਦੇ ਰਬਾਬੀ ਬੰਸ ਵਿਚੋਂ ਕੁਝ ਕਲਾਕਾਰ ਏਥੇ ਆ ਕੇ ਟਿਕ ਗਏ ਸਨ। 1857 ਦੇ ਗ਼ਦਰ ਸਮੇਂ ਅੰਗਰੇਜ਼ਾਂ ਨੇ ਜਦੋਂ ਬਹਾਦੁਰ ਸ਼ਾਹ ‘ਜ਼ਫ਼ਰ’ ਨੂੰ ਬੰਦੀ ਬਣਾ ਕੇ ਰੰਗੂਨ ਭੇਜ ਦਿੱਤਾ ਤਾਂ ਉਸਦੇ ਨਾਲ ਹੀ ਉਸ ਦੇ ਕੁਝ ਦਰਬਾਰੀ ਸੰਗੀਤਕਾਰ ਜਿਵੇਂ ਕਿ ਸੱਯਦ ਨਿਰਮਲ ਸ਼ਾਹ ਦੇ ਪੁੱਤਰ ਮੀਰ ਨਾਸਿਰ ਅਹਿਮਦ ਨੂੰ ਵੀ ਸਣੇ ਮੀਆਂ ਤਾਨਰਸ ਖ਼ਾਂ ਦੇ ਫੜ ਲਿਆ ਗਿਆ ਸੀ। ਕਪੂਰਥਲਾ ਦੇ ਮਹਾਰਾਜਾ ਰਣਧੀਰ ਸਿੰਘ ਨੇ ਅੰਗਰੇਜ਼ਾਂ ਨੂੰ ਇਹ ਕਹਿ ਕੇ ਕਿ ਇਹ ਤਾਂ ਬਾਦਸ਼ਾਹ ਦਾ ਕੇਵਲ ਲਲਿਤ ਕਲਾਵਾਂ ਦੇ ਮਾਮਲਿਆਂ ਦਾ ਹੀ ਵਜ਼ੀਰ ਸੀ ਅਤੇ ਰਾਜਨੀਤੀ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ, ਜ਼ਮਾਨਤ ਦੇ ਕੇ ਉਸ ਨੂੰ ਛੁਡਾ ਲਿਆ ਸੀ। ਉਸ ਪਿੱਛੋਂ ਮੀਰ ਨਾਸਿਰ ਅਹਿਮਦ ਮਹਾਰਾਜੇ ਨਾਲ ਪੰਜਾਬ ਆ ਗਿਆ ਅਤੇ ਕਪੂਰਥਲਾ ਦੇ ਹੀ ਰਾਜਾ ਹਰਨਾਮ ਸਿੰਘ ਕੋਲ ਜਲੰਧਰ ਰਹਿਣ ਲੱਗ ਪਿਆ। ਉਧਰੋਂ ਜਿਵੇਂ ਕਿ ਪੁਰਾਣੀ ਤਾਰੀਖ ਦੱਸਦੀ ਹੈ, ਗੁਰੂ ਨਾਨਕ ਦੇਵ ਜੀ ਹੋਰਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਨੇ ਜਦੋਂ ਡੇਹਰਾ ਸਾਹਿਬ ’ਤੇ ਕਬਜ਼ਾ ਕਰ ਲਿਆ, ਤਾਂ ਪੰਜਵੀਂ ਪਾਤਸ਼ਾਹੀ ਨਾਲ ਉਥੋਂ ਦੇ ਰਬਾਬੀ ਵੀ ਆ ਗਏ ਸਨ ਅਤੇ ਹੁਣ 1594 ਪਿੱਛੋਂ ਜਲੰਧਰ ਲਾਗੇ ਉਹਨਾਂ ਦੇ ਹੀ ਵਸਾਏ ਹੋਏ ਨਵੇਂਸ਼ਹਿਰ ਕਰਤਾਰਪੁਰ ਰਹਿਣ ਲੱਗ ਪਏ ਸਨ। ਭਾਈ ਫਰਿੰਦੇ ਦੇ ਵਾਰਿਸਾਂ ਨੂੰ ਇਸ ਤਰ੍ਹਾਂ ਨਾਲ ਹੁਣ ਕਰਤਾਰਪੁਰ ਵਾਲੇ ਰਬਾਬੀ ਵੀ ਕਿਹਾ ਜਾਣ ਲੱਗ ਪਿਆ ਸੀ। ਉਹਨਾਂ ਦੇ ਪਰਿਵਾਰ ਵਿਚੋਂ ਹੀ ਭਾਈ ਅਮੀਰ ਬਖ਼ਸ਼ ਰਬਾਬੀ (?) ਦਾ ਪੁੱਤਰ ਭਾਈ ਮਹਿਬੂਬ ਅਲੀ ਉਰਫ ਭਾਈ ਬੂਬਾ (1854-1946) ਰਬਾਬੀ ਸੀ। ਪਿਤਾ ਪੁਰਖੀ ਕਿੱਤੇ ਕਰਕੇ, ਆਪਣੀ ਕਲਾ ਵਿਚ ਉਹ ਨਿਪੁੰਨ ਸੀ, ਪਰ ਜਦੋਂ ਮੀਰ ਨਾਸਿਰ ਹੋਰੀਂ ਜਲੰਧਰ ਆ ਗਏ ਤਾਂ ਉਸ ਨੇ ਸੰਗੀਤ ਦੀ ਸਿੱਖਿਆ ਉਸ ਦੇ ਪੁੱਤਰ ਮੀਰ ਰਹਿਮਤ ਅਲੀ ਤੋਂ ਵੀ ਪ੍ਰਾਪਤ ਕੀਤੀ ਸੀ। ਇਸ ਤਰ੍ਹਾਂ ਨਾਲ ਉਸ ਕੋਲ ਮੀਆਂ ਤਾਨਸੈਨ ਅਤੇ ਮਿਸ਼ਰੀ ਸਿੰਘ ਹੋਰਾਂ ਦੀ ਬਾਜ ਵੀ ਆ ਗਈ ਸੀ। ਦੱਸਿਆ ਜਾਂਦਾ ਹੈ ਕਿ ਪਿਛਲੀ ਸਦੀ ਦੇ ਆਖਰੀ ਹਿੱਸੇ ਤੋਂ ਲੈ ਕੇ 1940 ਦੇ ਕਰੀਬ ਤੱਕ ਸਾਰੇ ਭਾਰਤ ਵਿਚ ਉਸਦੇ ਮੁਕਾਬਲੇ ਦਾ ਕੋਈ ਹੋਰ ਸਿਤਾਰ ਅਤੇ ਵੀਣਾ-ਵਾਦਕ ਨਹੀਂ ਸੀ। ਆਪਣੇ ਜੀਊਂਦੇ ਜੀਅ ਸਿਤਾਰ ਦੇ ਸੱਤਾਂ ਬਾਜਾਂ (ਮਸੀਤਖਾਨੀ, ਫੀਰੋਜ਼ਖਾਨੀ, ਬੇਗ਼ਮੀ, ਰਜ਼ਾਖਾਨੀ, ਠੁਮਰੀ, ਬਹਿਰ ਅਤੇ ਨਾਚ) ਅਤੇ ਵੀਣਾ ਦੇ ਪੰਜ ਬਾਜਾਂ (ਅਲਾਪ, ਅਲਾਪਤੀ, ਅਲਾਪਨ ਜਿਸ ਵਿਚ ਰੂਪਕ ਤੇ ਭੰਜਨੀ ਵੀ ਸ਼ਾਮਲ ਹਨ-ਬ੍ਰਹੱਮ ਬਾਜ ਅਤੇ ਨਿਬੰਧ ਬਾਜ) ਦੀ ਸਾਰੀ ਤਾਲੀਮ ਉਹ ਡਾ. ਰਾਜਾ ਮ੍ਰਿਗੇਂਦ੍ਰ ਸਿੰਘ ਹੋਰਾਂ ਨੂੰ ਦੇ ਗਿਆ, ਜਿਹੜੇ ਇਹਨਾਂ ਸਭਨਾਂ ਸ਼ੈਲੀਆਂ ਨੂੰ, ਉਹਨਾਂ ਦੀਆਂ ਵਿਸ਼ੇਸ਼ ਬਾਰੀਕੀਆਂ ਸਮੇਤ ਪੂਰਨ ਰੂਪ ਵਿਚ ਚੰਗੀ ਤਰ੍ਹਾਂ ਵਜਾ ਸਕਦੇ ਹਨ!
ਯਾਦ ਰਹੇ, ਰਾਮਪੁਰ ਦੇ ਸੈਨੀਏਂ ਘਰਾਣੇ ਵਿਚ ਸਿਤਾਰ ਦੇ ਕੇਵਲ ਦੋ ਬਾਜ (ਮਸੀਤਖਾਨੀ ਅਤੇ ਰਜ਼ਾਖਾਨੀ) ਹੀ ਪ੍ਰਸਿੱਧ ਹਨ ਅਤੇ ਏਸੇ ਤਰ੍ਹਾਂ ਵੀਣਾ ਦਾ ਸਿਰਫ਼ ਇਕ ਬਾਜ … ਅਲਾਪ-ਜੋੜ-ਝਾਲਾ ਹੀ ਪ੍ਰਚਲਤ ਹਨ ਜਦਕਿ ਪਟਿਆਲਾ ਘਰਾਣੇ ਦੀ ਵਾਦਨ ਸ਼ੈਲੀ ਵਿਚ ਵੀ, ਇਸਦੇ ਗਾਇਨ ਵਾਂਗ, ਬਹੁਤ ਵਿਸ਼ਾਲਤਾ ਹੈ। ਇਸ ਦੌਰ ਦੇ ਦੋ ਮਹਾਨ ਸਿਤਾਰ ਨਵਾਜ਼ ਉਸਤਾਦ ਵਿਲਾਇਤ ਖ਼ਾਂ ਅਤੇ ਪੰਡਿਤ ਰਵੀ ਸ਼ੰਕਰ ਅੱਜ ਕੱਲ੍ਹ ਗਾਇਕੀ ਅਤੇ ਠੁਮਰੀ ਦੇ ਅੰਗ ਪ੍ਰਚੱਲਤ ਕਰ ਰਹੇ ਹਨ, ਜਿਹੜੇ ਪਟਿਆਲਾ ਘਰਾਣੇ ਦੇ ਫੀਰੋਜਖਾਨੀ ਅਤੇ ਠੁਮਰੀ ਬਾਜ ਵਿਚ ਪਹਿਲਾਂ ਹੀ ਪਾਏ ਜਾਂਦੇ ਹਨ। ਕੁਮਾਰੀ ਸਰਵਜੀਤ ਕੌਰ ਵੀ ਇਹਨਾਂ ਪੂਰਨਿਆਂ ’ਤੇ ਹੀ ਚੱਲ ਰਹੀ ਹੈ।
ਸੋ ਇਸ ਤਰ੍ਹਾਂ ਨਾਲ ਪਟਿਆਲਾ ਦੇ ਸੰਗੀਤ ਘਰਾਣੇ ਦਾ ਚਿਤ੍ਰ-ਪੱਟ ਬਹੁਤ ਵਿਸ਼ਾਲ ਹੈ। ਇਸਦੀਆਂ ਹੱਦਾਂ ਪੰਜਾਬ ਤੋਂ ਲੈ ਕੇ ਬੰਗਾਲ ਤੱਕ ਹਨ, ਬਲਕਿ ਗੋਆ (ਪ੍ਰਵੀਨ ਸੁਲਤਾਨਾਂ) ਤੱਕ ਵੀ ਫੈਲੀਆਂ ਹੋਈਆਂ ਹਨ)। ਇਹ ਦਿੱਤੇ ਖ਼ਾਂ ਤੋਂ ਤੁਰਦਾ ਹੈ ਤਾਂ ਅੱਲਾ ਦੀਆ ਖ਼ਾਂ ‘ਮਿਹਰਬਾਨ’ ਤੱਕ ਜਾਂਦਾ ਹੈ, ਅਲੀ ਬਖ਼ਸ਼ ਤੋਂ ਤੁਰਦਾ ਹੈ, ਤਾਂ ਇਲਾਹੀਜਾਨ ਜਗਰਾਵਾਂ ਵਾਲੀ ਤੱਕ ਜਾਂਦਾ ਹੈ, ਫਤਹਿ ਅਲੀ ਖ਼ਾਂ ਤੋਂ ਹੁੰਦਾ ਹੋਇਆ, ਫਰੀਦਾ ਖਾਨਮ ਤੱਕ ਜਾਂਦਾ ਹੈ। ਉਸਤਾਦ ਕਾਲੇ ਖਾਂ ਤੋਂ ਲੈ ਕੇ ਕਾਲੂ ਕੱਵਾਲ ਤੱਕ ਉਸਤਾਦ ਆਸ਼ਕ ਅਲੀ ਖਾਂ ਤੋਂ ਲੈ ਕੇ ਬੇਗਮ ਅਖ਼ਤਰ ਫੈਜ਼ਾਬਾਦੀ ਤੱਕ, ਮਲਿਕਾ ਪੁਖਰਾਜ ਅਤੇ ਤਾਹਿਰਾ ਸੱਯਦ ਤੱਕ। ਇਸਦੇ ਕਲਾਵੇ ਵਿਚ ਬੜੇ ਗੁਲਾਮ ਅਲੀ ਖ਼ਾਂ ਤੋਂ ਲੈ ਕੇ, ਛੋਟੇ ਗੁਲਾਮ ਅਲੀ ਤੱਕ ਸਭ ਆ ਜਾਂਦੇ ਹਨ। ਇਸਦੇ ਘੇਰੇ ਵਿਚ ਉਸਤਾਦ ਅੱਲਾ ਰੱਖਾ ਤਬਲਾ ਨਵਾਜ਼ ਤੋਂ ਲੈ ਕੇ ਅੱਲਾ ਵਸਾਈ (ਨੂਰ ਜਹਾਂ ਦਾ ਪਹਿਲਾ ਅਤੇ ਅਸਲੀ ਨਾਂ) ਸਭ ਆ ਜਾਂਦੇ ਹਨ। ਇਸ ਤੋਂ ਛੁਟ ਇਕ ਹੋਰ ਗੱਲ ਜਿਹੜੀ ਬੜੀ ਵਿਸ਼ੇਸ਼ ਹੈ, ਉਹ ਇਹ ਹੈ ਕਿ ਏਥੇ ਮਹਾਰਾਜਾ ਭੁਪਿੰਦਰ ਸਿੰਘ (1911-1938)। ਹੋਰਾਂ ਦੇ ਵੇਲੇ ਜਰਨੈਲ ਅਲੀ ਬਖ਼ਸ਼ ਦਾ ਸਮਕਾਲੀ ਉਸਤਾਦ ਮੱਮਣ ਖਾਂ (ਜਿਹੜਾ ਉਂਜ ਵੀ ਇਸ ਰਿਆਸਤ ਵਿਚ ਜਰਨੈਲ ਸਾਹਿਬ ਨਾਲ ਹੀ ਏਥੇ ਆਇਆ ਸੀ…) ਨੇ ਇਕ ਨਵੇਂ ਸਾਜ਼ ‘ਸੁਰ ਸਾਗਰ’ ਦੀ ਈਜਾਦ ਕੀਤੀ ਸੀ। ਉਸਦੀ ਸਭ ਤੋਂ ਬੜੀ ਖੂਬੀ ਇਹ ਸੀ ਕਿ ਉਸ ਉੱਤੇ ਉਹ ਸਿਤਾਰ ਦੇ ਝਾਲੇ ਵੀ ਵਜਾ ਸਕਦਾ ਸੀ। ਏਸੇ ਤਰ੍ਹਾਂ ਇਸ ਘਰਾਣੇ ਦੇ ਹੀ ਇਕ ਹੋਰ ਉਸਤਾਦ ਅਬਦੁਲ ਅਜ਼ੀਜ਼ ਖਾਂ ਨੇ ਅਸਲੋਂ ਇਕ ਨਵੇਂ ਸਾਜ਼ ‘ਵਚਿੱਤ੍ਰ ਵੀਣਾ’ ਦੀ ਕਾਢ ਵੀ ਕੱਢੀ ਸੀ।[6] ਖੁਸ਼ੀ ਦੀ ਗੱਲ ਹੈ ਕਿ ਇਹਨਾਂ ਸਤਰਾਂ ਦੇ ਲੇਖਕ ਕੋਲ ਉਸਤਾਦ ਬੁੰਦੂ ਖ਼ਾਂ ਹੋਰਾਂ ਦੇ ਵਜਾਏ ਗਏ ਤਿੰਨ ਰਾਗ ਸੁਰੱਖਿਅਤ ਹਨ : (1) ਪੀਲੂ (2) ਬਿਲਾਵਲ ਬਹਾਰ ਅਤੇ (3) ਦਰਬਾਰੀ ਕਾਨ੍ਹੜਾ। ਉਸਤਾਦ ਅਬਦੁਲ ਅਜ਼ੀਜ਼ ਖ਼ਾਂ ਦੀ ਵੀਣਾ ਦੇ ਤਿੰਨ ਰਾਗ… ਟੋਡੀ ਹੁਸੈਨੀ ਕਾਨ੍ਹੜਾ ਅਤੇ ਪੀਲੂ ਵੀ ਸਾਂਭੇ ਪਏ ਹਨ। ਏਸੇ ਤਰ੍ਹਾਂ ਉਸਦੇ ਦੋ ਹੋਰ ਨਾਯਾਬ ਤਵੇ ਰਾਗ ਦਰਬਾਰੀ/ਜੋਗੀਆ ਆਸਾਵਰੀ ਅਤੇ ਇਕ ਠੁਮਰੀਆਂ ਦਾ ਪੀਲੂ ਅਤੇ ਭੈਰਵੀ ਵੀ ਉਪਲਬਧ ਹਨ। ਕਰਨੈਲ ਫਤਹਿ ਅਲੀ ਬਖ਼ਸ਼ ਖਾਂ ਦੇ ਬੇਟੇ ਅਤੇ ਉਸਤਾਦ ਬੜੇ ਗੁਲਾਮ ਅਲੀ ਖਾਂ ਦੇ ਉਸਤਾਦ ਆਸ਼ਕ ਅਲੀ ਖਾਂ ਹੋਰਾਂ ਦਾ ਸ਼ਾਮ ਕਲਿਆਣ ਅਤੇ ਲਲਿਤ ਦਾ ਇਕ ਰੀਕਾਰਡ ਵੀ ਸਾਡੇ ਕੋਲ ਸੁਰੱਖਿਅਤ ਹੈ।
ਮਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਪਟਿਆਲਾ ਰਿਆਸਤ ਵਿਚ ਨੌਕਰੀ ਕਰ ਰਹੇ ਕਲਾਕਾਰਾਂ ਨੂੰ ਬੜੀਆਂ ਬੜੀਆਂ ਜਗੀਰਾਂ, ਨਕਦ ਇਨਾਮਾਂ ਤੇ ਰਸਦਾਂ ਤੋਂ ਛੁੱਟ ਮਹਿਤਪੁਰ (ਜਲੰਧਰ) ਦੇ ਇਕ ਵਸਨੀਕ ਸੰਸਕ੍ਰਿਤ ਦੇ ਮਹਾਨ ਵਿਦਵਾਨ ਰਾਜ ਪੰਡਿਤ ਮੁਲਖ ਰਾਜ ਨੂੰ ਇਹ ਹੁਕਮ ਸੀ ਕਿ ਰਿਆਸਤ ਦੇ ਫੰਡਾਂ ਵਿਚੋਂ ਹਰ ਸਾਲ ਉਹ ਘੱਟ ਤੋਂ ਘੱਟ ਸਵਾ ਲੱਖ ਰੁਪਿਆ ਤਕਸੀਮ ਕਰ ਦਿਆ ਕਰੇ। ”ਤੁਹਾਡੇ ਟੱਬਰਾਂ ਨੂੰ ਪਾਲਣਾ ਮੇਰਾ ਜੁੰਮਾ ਹੈ ਅਤੇ ਰਾਗ ਵਿਦਿਆ ਨੂੰ ਸਿਖ਼ਰ ਤੱਕ ਪਹੁੰਚਾਉਣਾ, ਤੁਹਾਡਾ।’’ ਇਹ ਹੱਲਾਸ਼ੇਰੀ ਮਹਾਰਾਜਾ ਉਹਨਾਂ ਨੂੰ ਆਮ ਹੀ ਦਿੰਦਾ ਰਹਿੰਦਾ ਸੀ।
ਇਹ ਹੀ ਕਾਰਨ ਸੀ ਕਿ ਪਟਿਆਲੇ ਦੇ ਗਾਇਕਾਂ ਜਾਂ ਵਜਾਇਕਾਂ ਦਾ ਉਸ ਸਮੇਂ ਹੋਰ ਕੋਈ ਮੁਕਾਬਲਾ ਹੀ ਨਹੀਂ ਸੀ। ਅਲੀ ਬਖ਼ਸ਼ ਖ਼ਾਂ ਜਰਨੈਲ ਸਾਹਿਬ, ਫਤਹਿ ਅਲੀ ਖ਼ਾਂ, ਕਰਨੈਲ ਸਾਹਿਬ, ਮੀਆਂ ਜਾਨ ਖ਼ਾਂ, ਭਾਈ ਕਾਲੂ ਸਾਰੰਦਾ ਨਵਾਜ਼, ਮੱਮਣ ਖ਼ਾਂ ਸਾਰੰਗੀ ਅਤੇ ਸੁਰ ਸਾਗਰ ਨਵਾਜ਼, ਅਬਦੁਲ ਅਜ਼ੀਜ਼ ਖਾਂ ਬੀਨਕਾਰ (ਵਚਿੱਤ੍ਰ ਵੀਣਾ ਵਾਦਕ), ਮਹੰਤ ਗੱਜਾ ਸਿੰਘ (ਤਾਊਸ ਨਵਾਜ਼), ਭਾਈ ਮਹਿਬੂਬ ਅਲੀ ਉਰਫ਼ ਬੂਬਾ ਰਬਾਬੀ (ਸਿਤਾਰ ਅਤੇ ਵੀਣਾ ਵਾਦਕ), ਭਾਈ ਗੋਪਾਲ ਸਿੰਘ (ਮ੍ਰਿਦੰਗ ਨਵਾਜ਼), ਗੌਹਰ ਜਾਨ, ਬਰਕਤ ਉੱਲਾ ਖ਼ਾਂ (ਸਿਤਾਰ ਨਵਾਜ਼), ਉਸਤਾਦ ਬੁੰਦੂ ਖ਼ਾਂ (ਸਾਰੰਗੀ ਨਵਾਜ਼), ਇਤਵਾ ਘਰਾਣੇ ਦੇ ਸੁਪ੍ਰਸਿੱਧ ਉਸਤਾਦ ਇਮਦਾਦ ਖ਼ਾਂ ਦੇ ਬੜੇ ਬੇਟੇ ਅਤੇ ਉਸਤਾਦ ਵਿਲਾਇਤ ਖ਼ਾਂ ਦੇ ਤਾਇਆ ਵਹੀਦ ਖਾਂ (ਸੁਰ ਬਹਾਰ ਅਤੇ ਸਿਤਾਰ ਵਾਦਕ) ਬੜੇ ਗੁਲਾਮ ਅਲੀ ਖ਼ਾਂ ਦੇ ਪਿਤਾ ਅਲੀ ਬਖ਼ਸ਼ ਖਾਂ (ਦਿਲਰੁਬਾ ਨਵਾਜ਼) ਬਾਬਾ ਮਲੰਗ ਖ਼ਾਂ ਬੋਹਣ ਪੱਟੀ (ਤਬਲਾ ਨਵਾਜ਼), ਅੱਛਣ ਮਹਾਰਾਜ, ਸ਼ੰਭੂ ਮਹਾਰਾਜ ਅਤੇ ਹਨੂਮਾਨ ਕਥਕ (ਨ੍ਰਿਤਕਾਰ) ਜਿਹਨਾਂ ਦਾ ਸਬੰਧ ਅਵਧ ਦਰਬਾਰ ਦੇ ਸ਼ਾਹੀ ਨਚਾਰਾਂ ਬਿੰਦਾ ਦੀਨ ਅਤੇ ਕਾਲਕਾ ਹੋਰਾਂ ਨਾਲ ਸੀ… ਏਹੋ ਜਿਹੇ ਕਲਾਕਾਰ ਕਿਸੇ ਨੇ ਕੀ ਹੋ ਜਾਣਾ ਹੈ? ਉਹਨਾਂ ਸਿਖ਼ਰਾਂ ਨੂੰ ਛੂਹਣਾ ਨਿਰਾਪੁਰਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਜਿਹਾ ਵੀ ਹੈ।
ਮਹਾਰਾਜਾ ਭੁਪਿੰਦਰ ਸਿੰਘ ਦੀਆਂ ਫਿਆਜ਼ੀਆਂ ਅਤੇ ਸ਼ਾਹ ਖਰਚੀਆਂ ਕਿਉਂਕਿ ਜਗਤ ਪ੍ਰਸਿੱਧ ਸਨ, ਇਸ ਲਈ ਹਿੰਦੁਸਤਾਨ ਭਰ ’ਚੋਂ ਵੱਡੇ ਤੋਂ ਵੱਡੇ ਫਨਕਾਰ ਉਸਦੇ ਦਰਬਾਰ ਵਿਚ ਹਾਜ਼ਰ ਹੋ ਕੇ, ਗਾ ਵਜਾ ਕੇ ਵੱਡੇ-ਵੱਡੇ ਇਨਾਮ ਇਕਰਾਮ ਹਾਸਲ ਕਰਨ ਲੱਗ ਪਏ ਸਨ। ਇੱਥੋਂ ਤੱਕ ਕਿ ਉਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣ ਲਈ ਕੁਝ ਜਣੇ ਖਣੇ ਕੱਚ ਘਰੜ, ਕੱਚ ਮਰੜ ਕਿਸਮ ਦੇ ਗਵੱਈਆਂ ਨੇ ਵੀ ਇਨਾਮ ਲੈਣ ਖਾਤਰ ਏਥੇ ਆਉਣਾ ਸ਼ੁਰੂ ਕਰ ਦਿੱਤਾ। ਐਵੇਂ ਖਾਹ ਮਖਾਹ ਵਿਚ ਬਦਮਜ਼ਗੀ ਜਿਹੀ ਪੈਦਾ ਹੋਣ ਲੱਗ ਪਈ। ਜਰਨੈਲ ਅਲੀ ਬਖ਼ਸ਼ ਸਾਹਿਬ ਦੀ ਇਕ ਮਸ਼ਹੂਰ ਸ਼ਾਗਿਰਦ ਹੀਰਾ ਬਾਈ ਨਾਭਾ ਵਾਲੀ ਜਿਹੜੀ ਕਿ ਉਂਝ ਹੁਸੀਨ ਵੀ ਬਹੁਤ ਸੀ ਅਤੇ ਮਹਾਰਾਜੇ ਦੀ ਮਨਜ਼ੂਰਿ ਨਜ਼ਰ ਵੀ ਸੀ ਇਸ ਮਸਲੇ ਦੇ ਹੱਲ ਲਈ ਅੱਗੇ ਆਈ। ਇਸ ਥਾਂ ਭਾਗ ਲੈਣ ਆਏ ਕਲਾਕਾਰਾਂ ਨੂੰ ਉਹ ਪਹਿਲਾਂ ਆਪ ਸੁਣਦੀ, ਉਹਨਾਂ ਦਾ ‘ਟੈਸਟ’ ਲੈਂਦੀ। ਉਸਦੇ ਮਿਆਰ ਮੂਜਬ ਅਗਰ ਉਹ ਪੂਰਾ ਨਾ ਉਤਰਨ ਤਾਂ ਉਹ ਉਹਨਾਂ ਦਾ ਤੰਬੂਰਾ ਖੋਹ ਕੇ ਅੰਦਰ ਰੱਖ ਲੈਂਦੀ ਅਤੇ ਉਹ ਵਿਚਾਰੇ ਬੜੀ ਬੁਰੀ ਸ਼ਰਮਸਾਰੀ ਦੀ ਹਾਲਤ ਵਿਚ ਆਪਣੇ ਘਰੀਂ ਵਾਪਸ ਪਰਤ ਜਾਂਦੇ। ਇਸ ਮੁਕਾਮ ਤੱਕ ਪੁੱਜਦਿਆਂ, ਮਨਾਂ ਵਿਚ ਇਹ ਗੱਲ ਸਹਿਜੇ ਹੀ ਆ ਜਾਂਦੀ ਹੈ ਕਿ ਉਹ ਕਿਹੜੇ ਕਾਰਨ ਸਨ, ਜਿਹਨਾਂ ਸਦਕਾ ਇਹ ਘਰਾਣਾ ਐਨੀ ਛੇਤੀ ਐਨੀਆਂ ਸਿਖ਼ਰਾਂ ਨੂੰ ਛੋਹ ਗਿਆ। ਇਸਦੇ ਮੁੱਖ ਕਾਰਨ ਦਿਲੀ ਸ਼ੌਕ, ਸੁਯੋਗ ਸਰਪ੍ਰਸਤੀ ਅਤੇ ਸਹੀ ਤੌਰ ਤਰੀਕੇ ਹੋ ਸਕਦੇ ਹਨ। ਪਟਿਆਲਾ ਰਿਆਸਤ ਵਿਚ ਦੋ ਦਰਜਨ (24) ਸ਼ਾਹੀ ਲਾਗੀ ਹੁੰਦੇ ਸਨ ਜਿਹੜੇ ਵੱਖ-ਵੱਖ ਰਸਮਾਂ ਕਾਰਜਾਂ ਸਮੇਂ ਦੇਣ ਲੈਣ ਦਾ ਪ੍ਰਬੰਧ ਚਲਾਉਂਦੇ ਸਨ। ਉਹਨਾਂ ਦਾ ਸਲਾਨਾ ਬਜਟ ਪੰਜ ਲੱਖ ਰੁਪਏ ਦਾ ਹੁੰਦਾ ਸੀ। ਉਹਨਾਂ ਚੌਵੀ ਲਾਗੀਆਂ ਵਿਚੋਂ ਤਿੰਨ ਮੁੱਖ ਲਾਗੀ ਇਹ ਹੁੰਦੇ ਸਨ (1) ਪ੍ਰੋਹਿਤ-ਪੁੰਨ ਗੋਲਕ-ਗਰੀਬ ਗੁਰਬੇ ਨੂੰ ਪੁੰਨ ਦਾਨ ਕਰਨ ਲਈ ਪੰਜ ਲੱਖ ਦੀ ਰਕਮ (2) ਮਿਰਾਸੀ ਅਤੇ (3) ਨਾਈ। ਸੰਗੀਤ ਦਾ ‘ਵਿੰਗ’ ਜਿਸ ਨੂੰ ਉਦੋਂ ਮਹਿਕਮਾ ਅਰਬਾਬਿ-ਨਿਸ਼ਾਤ ਕਿਹਾ ਜਾਂਦਾ ਸੀ, ਸਰਦਾਰ ਸਾਹਿਬ ਡਿਓੜੀ (Department of Protocol) ਦੇ ਅਧੀਨ ਸੀ। ਮਿਰਾਸੀਆਂ ਦੀ ਡਿਊੁਟੀ ਵਿਚ ਗਾਉਣ ਤੋਂ ਛੁੱਟ ਲਾਗ ਦੇਣ ਸਮੇਂ ਸ਼ਾਹੀ ਦੁਸ਼ਾਲੇ ਭੇਂਟ ਕਰਨੇ, ਖ਼ਤ ਪੱਤਰ ਜਾਂ ਦੂਸਰੀਆਂ ਅਹਿਮ ਦਸਤਾਵੇਜਾਂ ਪਹੁੰਚਾਉਣੀਆਂ ਸ਼ਾਮਲ ਸਨ। ਸਰਦਾਰ ਸਾਹਿਬ ਡਿਓੜੀ ਮੁਅੱਲਾ (ਮੁਅੱਲਾ-ਮਾਅਨਵੀ ਤੌਰ ’ਤੇ ਬਹੁਤ ਵੱਡੇ ਰੁਤਬੇ ਵਾਲਾ, ਬੜੇ ਬੜੇ ਖਿਤਾਬਾਂ ਅਤੇ ਲਕਬਾਂ ਵਾਲਾ- Chief of Protocol) ਦੀਆਂ ਜ਼ਿੰਮੇਵਾਰੀਆਂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਰਾਬਤਾ ਕਾਇਮ ਰੱਖਣ ਦੀ ਤਾਂ ਗੱਲ ਹੀ ਛੱਡੋ, ਉਹਨਾਂ ਦਾ ਕੰਮ ਹੁੰਦਾ ਸੀ ਸਾਲ ਵਿਚ ਇਹ ਦਰਬਾਰਾਂ ਦਾ ਬੰਦੋਬਸਤ ਕਰਨਾ : (1) ਦਰਬਾਰਿ-ਆਮ (2) ਦਰਬਾਰਿ ਖਾਸ ਅਤੇ (3) ਦਰਬਾਰ ਖਾਸੁਲਖਾਸ। ਅਰਬਾਬਿ-ਨਿਸ਼ਾਤ ਦੇ ਛੋਟੇ ਮਹਿਕਮੇ ਥਲੜੇ ਦਰਬਾਰ ਦੇ ਸੰਗੀਤਕਾਰ, ਨੌਬਤ ਨਫੀਰੀ ਅਤੇ ਮਾਹੀ ਮੁਰਾਤਬ (ਚਿੱਠੀ ਪੱਤਰ ਰਾਹੀਂ ਰਾਬਤਾ ਰੱਖਣ ਵਾਲੇ) ਜਿਹਨਾਂ ਦੀ ਗਿਣਤੀ ਪੰਜਾਹ ਕਰਮਚਾਰੀਆਂ ਦੇ ਅਧਾਰਤ ਹੁੰਦੀ ਸੀ, ਉਹਨਾਂ ਦੀ ਜ਼ਿੰਮੇਵਾਰੀ ਵਿਚ ਦੇਸ਼ ਭਰ ਦੀਆਂ ਦੂਜੀਆਂ ਰਿਆਸਤਾਂ ਦੇ ਵੱਡੇ-ਵੱਡੇ ਸੰਗੀਤਕਾਰਾਂ, ਦੂਸਰੇ ਕਲਾਕਾਰਾਂ, ਗੁਣੀਜਨਾਂ ਅਤੇ ਨਚਾਰਾਂ ਨਿਰਤਕਾਂ ਆਦਿ ਨੂੰ ਨਿਮੰਤਰਣ ਭੇਜਣੇ ਆਦਿ ਸ਼ਾਮਲ ਸੀ। ਇਹ ਦਾਅਵਤਨਾਮੇ ਉਹਨਾਂ ਨੂੰ ਰਿਆਸਤ ਵਿਚ ਹੋ ਰਹੇ ਖ਼ਾਸ ਜਸ਼ਨਾਂ ਸਮੇਂ ਭੇਜੇ ਜਾਂਦੇ ਸਨ। ਸਾਲ ਭਰ ਵਿਚ ਹਰ ਮਹੀਨੇ ਕੋਈ ਨਾ ਕੋਈ ਜਸ਼ਨ ਤਾਂ ਹੁੰਦਾ ਰਹਿੰਦਾ ਸੀ, ਜਿੱਥੇ ਦੇਸ਼ ਭਰ ਦੇ ਚੋਣਵੇਂ ਕਲਾਕਾਰ ਸ਼ਿਰਕਤ ਕਰਦੇ ਅਤੇ ਇਸ ਤਰ੍ਹਾਂ ਨਾਲ ਉਹਨਾਂ ਦਾ ਆਪਸ ਵਿਚ ਅਦਾਨ ਪ੍ਰਦਾਨ ਹੁੰਦਾ ਚੱਲਦਾ ਰਹਿੰਦਾ ਸੀ। ਏਹੀ ਕਾਰਨ ਸੀ ਕਿ ਸਾਡੀਆਂ ਕੋਮਲ ਕਲਾਵਾਂ ਅਤੇ ਖਾਸ ਕਰਕੇ ਸਾਡਾ ਸੰਗੀਤ, ਦਿਨ ਬਦਿਨ ਤਰੱਕੀ ਕਰਦਾ ਰਿਹਾ। ਏਥੇ ਇਸ ਗੱਲ ਦਾ ਨਿਖੇੜਾ ਕਰ ਦੇਣਾ ਬੜਾ ਜ਼ਰੂਰੀ ਹੈ ਕਿ ਅੰਗਰੇਜ਼ ਬੈਂਡ ਬਾਜੇ ਦੇ ਅੱਠਾਂ ਦਸਤਿਆਂ ਦਾ, ਅਰਬਾਬਿ-ਨਿਸ਼ਾਤ ਮਹਿਕਮੇ ਨਾਲ ਕੋਈ ਸਬੰਧ ਨਹੀਂ ਸੀ, ਕਿਉਂਕਿ ਉਹ ਜਾਂ ਤਾਂ ਪੁਲਿਸ ਮਹਿਕਮੇ ਨਾਲ ਸਬੰਧਤ ਹੁੰਦੇ ਸਨ ਅਤੇ ਜਾਂ ਫਿਰ ਪਿਆਦਾ (infentry) ਫੌਜ ਨਾਲ। ਉਹਨਾਂ ਦੀ ਅਧਿਕ ਲੋੜ ਗੋਰੇ ਅਫ਼ਸਰਾਂ/ਮਹਿਮਾਨਾਂ ਦੀ ਆਮਦ ’ਤੇ ਵਧੇਰੇ ਹੁੰਦੀ ਸੀ। ਮਹਾਰਾਜੇ ਨੇ ਬੈਂਡ ਬਾਜੇ ਦਾ ਕੰਡਕਟਰ ਇਕ ਅੰਗਰੇਜ਼ ਮੈਕਸ ਗ੍ਰੈਗਰ ਨੂੰ ਰੱਖਿਆ ਹੋਇਆ ਸੀ। ਸੋ ਇਹਨਾਂ ਕਾਰਨਾਂ ਕਰਕੇ, ਪਟਿਆਲਾ ਸੰਗੀਤ ਘਰਾਣੇ ਦੀ ਰੀਸ ਕਰਨੀ ਬੜੀ ਔਖੀ ਹੈ। ਸ਼ਾਸਤ੍ਰੀਅਤਾ ਦੇ ਨਾਲ-ਨਾਲ ਇਸਦੀ ਗਾਇਕੀ ਸਦਾ ਮਨੁੱਖੀ ਹਿਰਦੇ ਦੇ ਹਾਵਾਂ ਭਾਵਾਂ ਅਤੇ ਉਮੰਗਾਂ ਤ੍ਰੰਗਾਂ ਦੀ ਤਰਜਮਾਨੀ ਕਰਦੀ ਰਹੀ ਹੈ-ਏਸੇ ਕਾਰਨ ਹੀ ਇਹ ਹਮੇਸ਼ਾ ਹਰਮਨ ਪਿਆਰੀ ਰਹੀ ਹੈ ਅਤੇ ਇਸਦਾ ਹਸ਼ਰ ਸਾਡੀ ਇਕ ਕਲਾਸਕੀ ਜ਼ੁਬਾਨ ਸੰਸਕ੍ਰਿਤ ਵਰਗਾ ਨਹੀਂ ਹੋਇਆ। ਆਮ ਤੌਰ ’ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਵੇਲੇ ਹਿੰਦ-ਪਾਕਿ ਉੱਪ ਮਹਾਂਦੀਪ ਦੇ ਨੀਮ-ਕਲਾਸੀਕਲ ਗਵੱਈਆਂ ਵਿਚੋਂ ਇਕ ਵੀ ਅਜਿਹਾ ਕਲਾਕਾਰ ਨਹੀਂ ਹੈ, ਜਿਸਦੇ ਗਾਣੇ ਵਿਚੋਂ ਬੜੇ ਗੁਲਾਮ ਅਲੀ ਖ਼ਾਂ ਦੀਆਂ ਸਾਫ਼ ਸ਼ਫਾਫ ਤਾਨਾਂ ਅਤੇ ਉਸਦੇ ਛੋਟੇ ਭਾਈ ਬਰਕਤ ਅਲੀ ਖ਼ਾਂ ਦੇ ਤਾਨ ਪਲਟਿਆਂ ਦੀ ਝਲਕ ਦਿਖਾਈ ਨਾ ਦਿੰਦੀ ਹੋਵੇ।
ਕੀ ਆਪਣੇ ਆਪ ਵਿਚ ਇਹ ਕੋਈ ਛੋਟੀ ਗੱਲ ਹੈ ਕਿ ਧਰੁੱਪਦ ਗਾਇਕੀ ਲਗਪਗ ਖ਼ਤਮ ਹੋ ਜਾਣ ਕਾਰਨ ਅੱਜ ਸਾਰੇ ਦਾ ਸਾਰਾ ਉੱਤਰੀ ਭਾਰਤ, ਸਮੇਤ ਪਾਕਿਸਤਾਨ ਦੇ, ਪਟਿਆਲਾ ਅੰਗ ਹੀ ਗਾ ਵਜਾ ਰਿਹਾ ਹੈ?
(ਇਸ ਲੇਖ ਦੀ ਤਿਆਰੀ ਅਤੇ ਸੰਪੂਰਨਤਾ ਲਈ ਡਾ. ਰਾਜਾ ਮ੍ਰਿਗੇਂਦ੍ਰ ਸਿੰਘ ਜੀ ਪਟਿਆਲਾ ਵਾਲਿਆਂ ਨੇ ਮੇਰੀ ਹਰ ਕਦਮ ਤੇ ਅਗਵਾਈ ਕੀਤੀ, ਜਿਸ ਲਈ ਉਨ੍ਹਾਂ ਦਾ ਮੈਂ ਹਾਰਦਿਕ ਧੰਨਵਾਦੀ ਹਾਂ)
[1] Vadivelu : The ruling chief, Nobles and Zamindars of India, Vol. 1. 1915 Madras G.C. Loga Nadhan, PP. 113.
[2] (Munish Syed ABD Ullah : Qasida in praise of Maharaja of Patiala Mohinder Singh or : 2060 Folio : 237 XXIX Fol : 216-217 1876-lithographed : Ludhiana
[3] ਖਲੀਫਾ ਮੁਹੰਮਦ ਹਸਨ : ਤਾਰੀਖਿ-ਪਟਿਆਲਾ (ਉਰਦੂ) ਸਫੀਰਿ-ਹਿੰਦ ਪ੍ਰੈਸ, ਅੰਮ੍ਰਿਤਸਰ-1878-ਸਫਾ 463, ਮੁਕਾਬਲੇ ਵਾਲੇ ਦਿਨ ਮਿਰਚ ਖਾਂ ਨੇ ਆਪਣੀ, ਹਾਰ ਮੰਨਦਿਆਂ ਹਇਆਂ, ਨਵਾਬ ਸਾਹਿਬ ਅੱਗੇ ਖੜ੍ਹ ਕੇ, ਗੱਲ ਵਿੱਚ ਪੱਲਾ ਪਾ ਕੇ ਇਹ ਗੱਲ ਆਖੀ ਸੀ, ‘‘ਹਜੂਰ, ਜਰਨੈਲ ਸਾਹਿਬ ਦੇ ਉਸਤਾਦ ਮੀਆਂ ਤਾਨ ਰਸ ਖਾਂ ਸਾਹਿਬ ਦੇ ਨਾਲ ਮੈਂ ਸਤਾਰਾਂ ਸਾਲ ਸਾਰੰਗੀ ਵਜਾਈ ਹੈ, ਪਰ ਅਫਸੋਸ ਅੱਜ ਮੈਥੋਂ ਇਨ੍ਹਾਂ ਦਾ ਸਾਥ ਨਹੀਂ ਦੇ ਹੋਇਆ। ਅਗਰ ਮੈਂ ਏਕ ਤਾਨ ਵਜਾਤਾ ਹੂੰ, ਤੋ ਯੇਹ ਊਪਰ ਸੇ ਸਾਤ ਤਾਨੇ ਫੈਂਕਤਾ ਹੈ। ਅਗਰ ਕੋਈ ਗਵੱਈਆ ਅਸਮਾਨ ਸੇ ਭੀ ਆ ਜਾਏ, ਮੈਂ ਉਸਦਾ ਸਾਥ ਕਰਨ ਲਈ ਤਿਆਰ ਹਾਂ, ਪਰ ਅਫਸੋਸ। ਅੱਜ ਮੈਥੋਂ।’’ ਬਸ ਏਨੀ ਗੱਲ ਕਹਿ ਕੇ ਹੀ ਉਸਦਾ ਗਲ ਭਰ ਗਿਆ ਸੀ।
[4] ‘ਤਾਨ ਕਪਤਾਨ ਜੱਗ ਮੇਂ ਕਹਾ ਗਏ, ਫਤਹਿ ਅਲੀ ਖਾਨ।“
ਕਿਰਾਨਾ ਘਰਾਣੇ ਦੀ ਪ੍ਰਸਿੱਧ ਗਾਇਕਾ ਮਲਕਾਇ-ਮੌਸੀਕੀ ਰੌਸ਼ਨ ਆਰਾ ਬੇਗਮ (1924-1982) ਨੇ ਵੀ ਉਸਦੀ ਮਹਿਮਾ ਵਿਚ ਇਹ ਅਸਥਾਈ 1941-1942 ਵਿਚ ਕੋਲੰਬੀਆ ਗ੍ਰਾਮੋਫੋਨ ਕੰਪਨੀ (Co;VE 5032) ਦੁਆਰਾ ਰੀਕਾਰਡ ਕਰਵਾਈ ਸੀ, ਜਿਹੜੀ ਰਾਗ ਅੜਾਨਾ ਵਿਚ ਹੈ। ਇਹ ਹੀ ਚੀਜ਼ ਜਿਹੜੀ ਏਸੇ ਘਰਾਣੇ ਦੀ ਖਾਸ ਹੈ, ਜਰਨੈਲ ਸਾਹਿਬ ਦੇ ਪੋਤੇ ਉਸਤਾਦ ਫਤਹਿ ਅਲੀ ਖਾਂ (ਪਾਕਿਸਤਾਨ) ਨੇ ਵੀ ਕੀ ਗਾਈ ਹੈ, ਕਿ ਬਸ ਤਬਾਹੀ ਮਚਾ ਦਿੱਤੀ ਹੈ। ਉਸਦਾ ਰਾਗ ਦਰਬਾਰੀ ਵੀ ਸੁਣਨ ਨਾਲ ਹੀ ਸਬੰਧ ਰੱਖਦਾ ਹੈ।
[5] ਸ਼ੁੱਧ ਰਾਗਾਂ ਦੇ ਨਾਮਾਂ ਨਾਲ ਸ਼ਬਦ ਕੱਵਾਲੀ ਦੀ ਜੁੜਤ, ਸੰਗੀਤ ਦੇ ਵਿਦਵਾਨਾਂ ਲਈ ਅਸਲੋਂ ਹੀ ਇਕ ਨਵਾਂ ਨੁਕਤਾ ਜਾਂ ਪਹਿਲੂ ਹੈ। ਸਾਡੇ ਕੋਲ ਉਸਤਾਦ ਵਿਲਾਇਤ ਖਾਂ ਸਿਤਾਰ ਨਵਾਜ਼ ਦੇ ਬਾਬਾ ਉਸਤਾਦ ਇਮਦਾਦ ਖਾਂ ਦਾ ਵੀ ਲਾਖ ਦਾ ਇਕ ਤਵਾ ਹੁੰਦਾ ਸੀ, ਜਿਹੜਾ 1908 ਵਿਚ ਜਰਮਨੀ ਵਿਚ ਤਿਆਰ ਕੀਤਾ ਗਿਆ ਸੀ। ਉਸ ਉੱਪਰ ਉਸਤਾਦ ਦਾ ਨਾਂ ਛਾਪ ਕੇ ਇਹ ਵੀ ਲਿਖਿਆ ਹੋਇਆ ਸੀ Indian Guitar ਘੁਟਿਅਰ ਅਤੇ ਉਰਦੂ ਅੱਖਰਾਂ ਵਿਚ ਵੀ, ਸਿਤਾਰ ਕੀ ਗਤ-ਬਿਹਾਗ ਅਤੇ ਬਿਹਾਗ ਦੇ ਮਗਰੋਂ ਉਰਦੂ ਅੱਖਰਾਂ ਵਿਚ ਹੀ ਸ਼ਬਦ ‘ਕੱਵਾਲੀ` ਬਰੈਕਟਾਂ ਵਿਚ ਲਿਖਿਆ ਹੋਇਆ ਸੀ-ਕਾਫ਼ ਦੂਜੇ ਨਾਲ ਨਹੀਂ ਬਲਕਿ ਡੰਡੇ ਵਾਲੇ ਕਾਫ਼ ਨਾਲ। ਅਫ਼ਸੋਸ, ਉਹ ਅਦੁੱਤੀ ਤਵਾ ਸਾਡੇ ਕੋਲੋਂ ਕਈ ਸਾਲ ਪਹਿਲਾਂ ਹੱਥ ਤੇ ਹੱਥ ਮਾਰ ਕੇ ਸਾਡਾ ਇਕ ਉਚੱਕਾ ਦਸੌਰੀ ਦੋਸਤ ਲੈ ਕੇ ਉੜ ਗਿਆ ਸੀ। ਉਸਦੇ ਉਦੋਂ ਹੋਰ ਕੱਢੇ ਗਏ ਤਵਿਆਂ `ਤੇ ਵੀ ਜੌਨਪੁਰੀ ਕੱਵਾਲੀ, ਖਮਾਜ ਕੱਵਾਲੀ, ਕਾਫ਼ੀ ਕੱਵਾਲੀ ਲਿਖਿਆ ਮਿਲਦਾ ਸੀ।
[6] S. Krishna Swami : Musical Instruments of India-Publications Division, Ministry of Information & Broadcasting – 1965