ਨੰਦ ਲਾਲ ਨੂਰਪੁਰੀ

Date:

Share post:

ਜਨਮ ਸ਼ਤਾਬਦੀ 1906-2006

ਇਸ ਸਾਲ 3 ਜੂਨ ਨੂੰ ਨੰਦ ਲਾਲ ਨੂਰਪੁਰੀ ਪੂਰੇ ਇਕ ਸੌ ਸਾਲਾਂ ਦਾ ਹੋ ਗਿਆ।
ਪੰਜਾਬੀ ਗੀਤ ਸੰਗੀਤ ਨਾਲ਼ ਮੱਸ ਰਖਣ ਵਾਲ਼ਾ ਸ਼ਾਇਦ ਹੀ ਕੋਈ ਹੋਵੇਗਾ ਕਿ ਜਿਹਨੇ ਲਾਇਲਪੁਰ ਦੇ ਪਿੰਡ ਨੂਰਪੁਰ ਦੇ ਜੰਮਪਲ਼ ਨੰਦ ਲਾਲ ਦਾ ਨਾਂ ਨਾ ਸੁਣਿਆ ਹੋਵੇ ਅਤੇ ਇਹਦੇ ਲਿਖੇ ਅਮਰ ਗੀਤ ਨਾ ਸੁਣੇ ਹੋਣ। ਗੀਤਕਾਰੀ ਵਿਚ ਇਹਦਾ ਸਾਨੀ ਬਾਬੂ ਫ਼ੀਰੋਜ਼ਦੀਨ ਸ਼ਰਫ਼ ਹੀ ਹੋਇਆ ਹੈ; ਪਰ ਉਹਨੇ ਨੂਰਪੁਰੀ ਜਿੰਨੇ ਗੀਤ ਨਹੀਂ ਸੀ ਲਿਖੇ।
ਨੂਰਪੁਰੀ ਦਾ ਨਾਂ ਪੰਜਾਬ ਵਿਚ ਪਹਿਲੀ ਵਾਰ ਮੰਗਤੀ ਫ਼ਿਲਮ (1940) ਦੇ ਗੀਤਾਂ ਨਾਲ਼ ਧੁੰਮਿਆ ਸੀ। ਪੰਜਾਬ ਦੇ ਉਜਾੜੇ ਤੋਂ ਪਹਿਲਾਂ ਬਣੀ ਇਸ ਫ਼ਿਲਮ ਦੇ ਇਸ ਗੀਤ ਦਾ ਹਰ ਕੋਈ ਦੀਵਾਨਾ ਸੀ ਏਥੋਂ ਉਡ ਜਾ ਭੋਲ਼ਿਆ ਪੰਛੀਆ…।
ਸੰਨ ਸੰਤਾਲ਼ੀ ਪਿੱਛੋਂ ਨੂਰਪੁਰੀ ਜਲੰਧਰ ਜਾ ਕੇ ਵਸ ਗਿਆ ਸੀ। ਤੰਗਦਸਤੀ ਅਤੇ ਦਿਲਗੀਰੀ ਕਾਰਣ ਕੀਤੀ ਖ਼ੁਦਕੁਸ਼ੀ ਤਕ ਅਗਲੇ ਦੋ ਦਹਾਕੇ ਇਹਦਾ ਗੁਜ਼ਾਰਾ ਕਵੀ ਦਰਬਾਰਾਂ, ਰਿਕਾਰਡ ਕੰਪਨੀਆਂ ਦੇ ਤੁੱਛ ਇਵਜ਼ਾਨੇ ਅਤੇ ਕੁਝ ਫ਼ਿਲਮਾਂ ਵਾਸਤੇ ਲਿਖੇ ਗੀਤਾਂ ਸਦਕਾ ਚਲਦਾ ਰਿਹਾ।
ਸੰਨ ਸੰਤਾਲੀ ਪਿੱਛੋਂ ਪੂਰਬੀ ਪੰਜਾਬੀ ਸਾਹਿਤ ਕਲਚਰ ਵਿਚ ਸਿਆਸੀ ਪ੍ਰਚਾਰ ਦੀਆਂ ਦੋ ਧਾਰਾਵਾਂ ਨਾਲ਼ੋ-ਨਾਲ਼ ਚਲਦੀਆਂ ਰਹੀਆਂ ਇਕ ਪਾਸੇ ‘ਕਾਮਰੇਡੀ’ ਸੋਚ ਵਾਲ਼ੇ ਕਵੀ ਗੀਤਕਾਰ ਸਨ, ਜੋ ਆਜ਼ਾਦੀ ਨੂੰ ਝੂਠੀ ਕਹਿ ਕੇ ਭੰਡਦੇ ਰਹੇ ਅਤੇ ਦੂਸਰੇ ਪਾਸੇ ਅਖੌਤੀ ਸਟੇਜੀ ਕਵੀ ਸਨ, ਜੋ ਜਲੰਧਰ ਰੇਡੀਓ ਦੇ ਦੇਹਾਤੀ ਪ੍ਰੋਗਰਾਮ ਅਤੇ ਪਬਲਿਕ ਰੀਲੇਸ਼ਨਜ਼ ਮਹਿਕਮੇ ਦੇ ਕਵੀ ਦਰਬਾਰਾਂ ਵਿਚ ਪੰਜ-ਸਾਲਾ ਯੋਜਨਾਵਾਂ ਅਤੇ ਭਾਖੜੇ ਡੈਮ ਦੀ ਤੁਕਬੰਦੀ ਪੜ੍ਹਦੇ ਹੁੰਦੇ ਸੀ। ਦੂਸਰੀ ਧਿਰ ਵਿਚ ਹੁੰਦਿਆਂ ਵੀ ਨੂਰਪੁਰੀ ਨੇ ਕਈ ਯਾਦਗਾਰੀ ਗੀਤ ਲਿਖੇ, ਜਿਨ੍ਹਾਂ ਨੂੰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨੇ ਗਾ ਕੇ ਅਮਰ ਕਰ ਦਿੱਤਾ। ਬੋਲ, ਆਵਾਜ਼ ਅਤੇ ਸੰਗੀਤ ਦੀ ਤ੍ਰਿਵੇਣੀ ਦਾ ਐਸਾ ਸੰਗਮ ਪੰਜਾਬੀ ਸੰਗੀਤ ਵਿਚ ਮੁੜ ਕੇ ਨਹੀਂ ਹੋਇਆ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਨੂਰਪੁਰੀ ਵਰਗੇ ਗੀਤਕਾਰਾਂ ਦੀ ਦੇਣ ਅਣਡਿੱਠ ਹੀ ਕੀਤੀ ਰੱਖੀ ਹੈ, ਪਰ ਅੰਮ੍ਰਿਤਾ ਪ੍ਰੀਤਮ ਨੇ ਸਾਹਿਤ ਅਕਾਦੇਮੀ ਦੇ ਪਹਿਲੇ ਸੰਗ੍ਰਹਿ ਚੋਣਵੀਂ ਪੰਜਾਬੀ ਕਵਿਤਾ (1957) ਵਿਚ ਨੂਰਪੁਰੀ ਦਾ ਇਹ ਗੀਤ ਪਾਇਆ ਸੀ ਚੰਨ ਵੇ ਕਿ ਸ਼ੌਂਕਣ ਮੇਲੇ ਦੀ…। ਮੋਹਨ ਸਿੰਘ ਜਿਹੇ ਵੱਡੇ ਕਵੀ ਨੇ ਪੰਜਾਬੀ ਯੂਨੀਵਰਸਟੀ ਵਾਸਤੇ ਨੂਰਪੁਰੀ ਦੇ ਕੁਲ ਕਲਾਮ ਦੀ ਕਿਤਾਬ ਸੰਜੋਈ ਸੀ।
ਪੰਜਾਬੀ ਔਰਤ ਦੇ ਹੁਸਨ ਅਤੇ ਪਿਆਰ ਦੀ ਮੂਰਤ ਨੂਰਪੁਰੀ ਦੇ ਇਨ੍ਹਾਂ ਗੀਤਾਂ ਵਿਚ ਸਾਕਾਰ ਹੈ ‘ਗੋਰੀ ਦੀਆਂ ਝਾਂਜਰਾਂ ਬੁਲਾਂਦੀਆ ਗਈਆਂ’; ‘ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ…।’ ਇਹ ਨੂਰਪੁਰੀ ਦਾ ਕਮਾਲ ਸੀ ਕਿ ਇਹਨੇ ਅਪਣੇ ਗੀਤਾਂ ਵਿਚ ਜੱਟ ਦੀ ਗੱਲ ਕੀਤੀ; ਪਰ ਉਸ ਵਿਚ ਜਾਤਪਾਤ ਵਾਲ਼ੀ ਹੈਂਕੜ ਨਹੀਂ ਹੈ; ਕੁੜਤੀ ਵਿੱਚੋਂ ਅੱਗ ਸਿੰਮਣ ਅਤੇ ਪੰਧ ਝਾਗਦੇ ਪੱਟਾਂ ਦੀ ਗੱਲ ਕੀਤੀ; ਪਰ ਉਸ ਵਿਚ ਅਸ਼ਲੀਲਤਾ ਕਿਤੇ ਨਹੀਂ। ਨੂਰਪੁਰੀ ਦੇ ਇਨ੍ਹਾਂ ਗੀਤਾਂ ਦੀ ਬੁਲੰਦੀ ਨੂੰ ਵੀਹਵੀਂ ਸਦੀ ਦਾ ਕੋਈ ਵੀ ਸਿੱਖ ਰਹੱਸਵਾਦੀ ਕਵੀ ਨਹੀਂ ਪੁੱਜ ਸਕਿਆ: ‘ਮਾਛੀਵਾੜੇ ਵਿਚ ਬੈਠਾ ਸ਼ਹਿਨਸ਼ਾਹ ਜਹਾਨ ਦਾ’, ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’, ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ…।’
ਅੱਜ ਇੰਟਰਨੈੱਟ ਸਦਕਾ ਦੁਨੀਆ ਦੀ ਹਰ ਜੂਹ ਵਿਚ ਬੈਠੇ ਪੰਜਾਬੀ ਨੂਰਪੁਰੀ ਵਰਗੇ ਵੱਡੇ ਕਵੀਆਂ ਦੀ ਦੇਣ ਦੀਆਂ ਗੱਲਾਂ ਕਰਦੇ, ਬਿਨਾਂ ਕਿਸੇ ਖੇਚਲ਼ ਦੇ ਬੱਟਣ ਦਬਾ ਕੇ ਉਨ੍ਹਾਂ ਦੇ ਲਿਖੇ ਗੀਤ ਸੁਣ-ਸੁਣ ਉਨ੍ਹਾਂ ਨੂੰ ਪਿਆਰ, ਸਤਿਕਾਰ ਤੇ ਮਾਣ ਨਾਲ਼ ਚੇਤੇ ਕਰਦੇ ਹਨ।
ਅਜੋਕੇ ਡੀਵੀਡੀ ਪੰਜਾਬੀ ਪੌਪ ਦਾ ਨਿਘਾਰ ਪੰਜਾਬੀ ਕਿਤਾਬਾਂ ਦੇ ਨਿਘਾਰ ਵਰਗਾ ਹੀ ਹੈ। ਹੁਣ ਪੈਸਾ ਫੋਕੀ ਮਸ਼ਹੂਰੀ ਦਾ ਸ਼ੌਰਟਕਟ ਬਣ ਗਿਆ ਹੈ। ਐਸੀ ਹਾਲਤ ਵਿਚ ਨੂਰਪੁਰੀ ਵਰਗੇ ਗੀਤਕਾਰਾਂ ਦੀ ਕਦਰ ਹੋਰ ਵੀ ਵਧ ਗਈ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!