ਨੂਰਮਹਿਲ ਦੀ ਸਰਾਂ – ਸੁਭਾਸ਼ ਪਰਿਹਾਰ

Date:

Share post:

ਇਤਿਹਾਸ ਵਿਚ ਭਾਰਤ ਦੀ ਰਾਜਧਾਨੀ ਕੋਈ ਵੀ ਰਹੀ ਹੋਵੇ; ਪਾਟਲੀਪੁੱਤਰ, ਆਗਰਾ ਜਾਂ ਦਿੱਲੀ, ਇਹਨੂੰ ਉੱਤਰ-ਪੱਛਮੀ ਹੱਦ ਨਾਲ਼ ਜੋੜਨ ਲਈ ਕੋਈ ਨਾ ਕੋਈ ਰਾਹ ਹਮੇਸ਼ਾ ਮੌਜੂਦ ਰਿਹਾ ਹੈ। ਭੁਗੋਲਿਕ ਤੇ ਰਾਜਨੀਤਿਕ ਕਾਰਣਾਂ ਕਰਕੇ ਇਹ ਰਾਹ ਥੋੜ੍ਹਾ-ਮੋਟਾ ਇੱਧਰ-ਉੱਧਰ ਹੁੰਦਾ ਰਿਹਾ ਹੈ। ਮੁਗ਼ਲ ਕਾਲ ਵਿਚ ਇਸ ਰਾਹ ਦਾ ਆਗਰਿਓਂ ਲਾਹੌਰ ਤਕ ਦਾ ਹਿੱਸਾ ਜਿਸ-ਜਿਸ ਨੇ ਵੀ ਵੇਖਿਆ, ਉਹ ਅਸ਼-ਅਸ਼ ਕਰ ਉੱਠਿਆ। ਬਾਦਸ਼ਾਹ ਜਹਾਂਗੀਰ ਦੇ ਰਾਜ ਦੌਰਾਨ ਹਿੰਦੁਸਤਾਨ ਆਇਆ ਇੰਗਲੈਂਡ ਦੇ ਰਾਜੇ ਜੇਮਜ਼ ਪਹਿਲੇ ਦਾ ਰਾਜਦੂਤ ਸਰ ਟਾਮਸ ਰੋਅ ਇਸ ਸ਼ਾਹਰਾਹ ਨੂੰ ਦੁਨੀਆ ਦੇ ਮਹਾਨ ਕੰਮਾਂ ਅਤੇ ਅਜੂਬਿਆਂ ਵਿੱਚੋਂ ਇਕ ਮੰਨਦਾ ਹੈ। ਟਾਮਸ ਰੋਅ ਤੋਂ ਇਲਾਵਾ ਸਤ੍ਹਾਰਵੀਂ ਸਦੀ ਵਿਚ ਹਿੰਦੁਸਤਾਨ ਆਏ ਕਈ ਹੋਰ ਯੂਰਪੀਅਨ ਯਾਤਰੀ, ਜਿਵੇਂ ਬ੍ਰਿਟਿਸ਼ ਵਪਾਰੀ ਵਿਲਿਅਮ ਫ਼ਿੰਚ, ਰਿਚਰਡ ਸਟੀਲ, ਜੌ੍ਹਨ ਕਰਾਉਥਰ, ਫ਼ਰਾਂਸੀਸੀ ਜੌਹਰੀ ਜਯਾਂ ਬਾਪਤਿਸਤ ਤੇਵਰਨਿਏ, ਪੁਰਤਗਾਲੀ (ਈਸਾਈ) ਧਰਮ-ਪ੍ਰਚਾਰਕ ਫਰੇ ਸੇਬਾਸਤੀਅਨ ਮੈਨਰੀਕ ਵੀ ਇਸ ਸ਼ਾਹਰਾਹ ’ਤੋਂ ਦੀ ਲੰਘੇ ਅਤੇ ਇਹਦੀ ਖੁੱਲ੍ਹ ਕੇ ਵਡਿਆਈ ਕੀਤੀ।
ਇਨ੍ਹਾਂ ਸਾਰੇ ਯਾਤਰੂਆਂ ਦੀ ਇਹ ਵਡਿਆਈ ਇਸ ਸ਼ਾਹਰਾਹ ’ਤੇ ਸਫ਼ਰ ਕਰਨ ਵਾiਲ਼ਆਂ ਲਈ ਮਿਲ਼ਦੀਆਂ ਸਹੂਲਤਾਂ ਕਰਕੇ ਸੀ। ਰਾਹ ਦੇ ਦੋਹਵੇਂ ਪਾਸੇ ਧੁਰੋ-ਧੁਰ ਛਾਂਦਾਰ ਦਰੱਖ਼ਤ ਸਨ। ਹਰ ਕੋਹ ਦੇ ਫ਼ਾਸਿਲੇ ’ਤੇ ਇਕ ਕੋਸ-ਮੀਨਾਰ ਹੁੰਦਾ ਸੀ, ਜਿਸ ਨਾਲ਼ ਤੈਅ ਕੀਤੇ ਸਫ਼ਰ ਦਾ ਅੰਦਾਜ਼ਾ ਰਹਿੰਦਾ ਸੀ। ਤਿਹਾਏ ਮੁਸਾਫ਼ਿਰਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਬਉਲ਼ੀਆਂ ਅਤੇ ਤਲਾਅ ਸਨ। ਦਿਨ ਦੇ ਥਕੇਵੇਂ ਭਰੇ ਸਫ਼ਰ ਤੋਂ ਬਾਅਦ ਮੁਸਾਫ਼ਿਰਾਂ ਦੇ ਰਾਤ ਕੱਟਣ ਲਈ ਖ਼ੂਬਸੂਰਤ ਤੇ ਕਿਲਿਆਂ ਵਰਗੀਆਂ ਮਜ਼ਬੂਤ ਤੇ ਮਹਿਫ਼ੂਜ਼ ਸਰਾਵਾਂ ਸਨ।
ਆਗਰਿਓਂ ਲਾਹੌਰ ਤੀਕ ਇਸ ਰਾਹ ਉੱਤੇ ਮੁੱਖ ਪੜਾਅ ਇਹ ਹੁੰਦੇ ਸਨ: ਰੁਣਕਟਾਬਾਦ-ਮਥੁਰਾ-ਆਜ਼ਮਾਬਾਦ-ਛਾਤਾ-ਕੋਸੀ-ਹੋਡਲ-ਪਲਵਲ-ਫ਼ਰੀਦਾਬਾਦ-ਖ਼ਵਾਜਾ-ਸਰਾਏ-ਨਿਜ਼ਾਮੁਦੀਨ-ਦਿੱਲੀ-ਬਾਦਲੀ-ਨਰੇਲਾ-ਸੋਨੀਪਤ-ਗਨੌਰ-ਸਮਾਲਖਾ-ਪਾਨੀਪਤ-ਘਰੋਂਡਾ-ਕਰਨਾਲ਼-ਤਰਾਉੜੀ ਥਾਨੇਸਰ-ਸ਼ਾਹਾਬਾਦ-ਕੋਟ ਕਛਵਾਹਾ-ਅੰਬਾਲ਼ਾ (ਇਥੋਂ ਇਹ ਰਾਹ ਹੁਣ ਦੇ ਪੂਰਬੀ ਪੰਜਾਬ ਵਿਚ ਪ੍ਰਵੇਸ਼ ਕਰਦਾ ਹੈ)-ਸ਼ੰਭੂ-ਰਾਜਪੁਰਾ-ਸਰਾਏ ਬੰਜਾਰਾ-ਸਰਹਿੰਦ-ਖੰਨਾ-ਸਰਾਏ ਲਸ਼ਕਰ ਖ਼ਾਨ-ਕਨੇਚ-ਦੋਰਾਹਾ-ਲੁਧਿਆਣਾ-ਫਿਲੌਰ-ਨੂਰਮਹਿਲ-ਨਕੋਦਰ-ਦੱਖਣੀ ਸਰਾਂ-ਸੁਲਤਾਨਪੁਰ ਲੋਧੀ-ਗੋਇੰਦਵਾਲ-ਫ਼ਤਿਹਾਬਾਦ-ਨੌਰੰਗਾਬਾਦ-ਨੂਰਦੀ-ਸਰਾਏ ਅਮਾਨਤ ਖ਼ਾਨ-ਰਾਜਾ ਤਾਲ (ਇਥੋਂ ਇਹ ਰਾਹ ਹੁਣ ਦੇ ਪੱਛਮੀ ਪੰਜਾਬ ਵਿਚ ਪ੍ਰਵੇਸ਼ ਕਰਦਾ ਹੈ)-ਸਰਾਏ ਖ਼ਾਨੇਖ਼ਾਨਾ-ਲਾਹੌਰ।

ਇਸ ਸਾਰੇ ਸ਼ਾਹਰਾਹ ਦੇ ਨਾਲ਼-ਨਾਲ਼ ਹੁਣ ਵੀ ਅਨੇਕ ਸਰਾਵਾਂ, ਕੋਸ-ਮੀਨਾਰ, ਬਉਲ਼ੀਆਂ, ਪੁਲ਼ ਆਦਿ ਵੇਖੇ ਜਾ ਸਕਦੇ ਹਨ। ਪੂਰੀਆਂ ਸਰਾਵਾਂ ਜਾਂ ਉਨ੍ਹਾਂ ਦੇ ਕੁਝ ਹਿੱਸੇ ਸ਼ੰਭੂ, ਰਾਜਪੁਰਾ, ਸਰਾਏ ਬੰਜਾਰਾ, ਸਰਾਏ ਲਸ਼ਕਰ ਖ਼ਾਨ, ਦੋਰਾਹਾ, ਫਿਲੌਰ, ਨੂਰਮਹਿਲ, ਮਹਲੀਆਂ ਕਲਾਂ, ਸੁਲਤਾਨਪੁਰ ਲੋਧੀ, ਫ਼ਤਿਹਾਬਾਦ, ਨੂਰਦੀ ਅਤੇ ਸਰਾਏ ਅਮਾਨਤ ਖ਼ਾਨ ਵਿਚ ਬਚੇ ਹੋਏ ਹਨ। ਭਾਵੇਂ ਇਨ੍ਹਾਂ ਵਿੱਚੋਂ ਬਹੁਤੀਆਂ ਸਰਾਵਾਂ ਇਮਾਰਤਸਾਜ਼ੀ ਦੀ ਕਲਾ ਦੇ ਸੁਹਣੇ ਨਮੂਨੇ ਹਨ; ਪਰ ਪੰਜਾਬ ਭਰ ਵਿਚ ਜੋ ਪ੍ਰਸਿੱਧੀ ਨੂਰਮਹਿਲ ਦੀ ਸਰਾਂ ਨੂੰ ਮਿਲ਼ੀ ਕਿਸੇ ਹੋਰ ਨੂੰ ਨਹੀਂ ਮਿਲ਼ ਸਕੀ। ਇਥੋਂ ਤਕ ਕਿ ਵਾਕਾਂਸ਼ ‘ਨੂਰਮਹਿਲ ਦੀ ਸਰਾਂ’ ਪੰਜਾਬੀ ਬੋਲੀ ਵਿਚ ਵਿਸ਼ਾਲਤਾ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਬਣ ਗਿਆ ਹੈ। ਇੱਥੋਂ ਲਾਹੌਰ ਤਕਰੀਬਨ 140 ਕਿਲੋਮੀਟਰ ਦੂਰ ਪੈਂਦਾ ਸੀ, ਯਾਨੀ ਤਕਰੀਬਨ ਚਾਰ-ਪੰਜ ਦਿਨ ਦਾ ਸਫ਼ਰ।
ਸਾਰੀਆਂ ਬਚਦੀਆਂ ਮੁਗ਼ਲ ਸਰਾਵਾਂ ਦੀ ਬਣਤਰ ਤਕਰੀਬਨ ਇੱਕੋ ਜਿਹੀ ਹੀ ਹੈ। ਉੱਚੀਆਂ ਕੰਧਾਂ ਨਾਲ਼ ਘਿਰਿਆ ਇਕ ਚਕੋਰ ਵਲਗਣ ਜਿਸ ਦੇ ਚਾਰੇਂ ਕੋਣਿਆਂ ’ਤੇ ਇਕ-ਇਕ ਬੁਰਜ ਹੁੰਦਾ ਸੀ। ਇਸ ਵਲਗਣ ਦੀਆਂ ਦੋ ਬਾਹੀਆਂ ਵਿਚ ਆਹਮਣੇ-ਸਾਹਮਣੇ ਇਕ-ਇਕ ਦੋ ਜਾਂ ਤਿੰਨ ਮੰਜ਼ਿਲਾ ਵਿਸ਼ਾਲ ਦਰਵਾਜ਼ਾ ਹੁੰਦਾ ਸੀ। ਦਰਵਾਜ਼ਿਆਂ ਦੇ ਕਮਰਿਆਂ ਵਿਚ ਸਰਾਂ ਦੇ ਪ੍ਰਬੰਧਕ ਤੇ ਰਾਖੇ ਰਹਿੰਦੇ ਹੋਣਗੇ। ਦਰਵਾਜ਼ੇ ਵਿਚ ਦੀ ਲਾਂਘਾ ਇੰਨਾ ਉੱਚਾ ਹੁੰਦਾ ਸੀ ਕਿ ਵਪਾਰੀਆਂ ਦੇ ਊੱਠ ਸਾਮਾਨ ਨਾਲ਼ ਲੱਦੇ-ਲਦਾਏ ਲੰਘ ਜਾਣ। ਵਲਗਣ ਦੇ ਅੰਦਰ ਆਮ ਯਾਤਰੀਆਂ ਦੇ ਠਹਿਰਣ ਲਈ ਚਾਰੇ ਪਾਸੇ ਕੰਧਾਂ ਦੇ ਨਾਲ਼-ਨਾਲ਼ ਤਕਰੀਬਨ 10 ਮੁਰੱਬਾ ਫੁੱਟ ਦੇ ਛੋਟੇ-ਛੋਟੇ ਸੌ-ਸਵਾ ਸੌ ਕਮਰੇ ਹੁੰਦੇ ਸਨ। ਵਿਸ਼ੇਸ਼ ਯਾਤਰੀਆਂ ਲਈ ਸਰਾਂ ਦੇ ਕੋਣਿਆਂ ਵਿਚ ਅਤੇ ਦੋ ਬਾਹੀਆਂ ਦੇ ਵਿਚਕਾਰ ਵੱਡੇ ਕਮਰੇ ਹੁੰਦੇ ਸਨ। ਸਰਾਂ ਵਿਚ ਠਹਿਰਣ ਵਾਲਿਆਂ ਦੇ ਨਮਾਜ਼ ਪੜ੍ਹਨ ਲਈ ਵਿਹੜੇ ਵਿਚ ਮਸੀਤ ਹੁੰਦੀ ਸੀ ਅਤੇ ਕਈ ਸਰਾਵਾਂ ਵਿਚ ਵਿਸ਼ੇਸ਼ ਇਸ਼ਨਾਨ ਲਈ ਕਈ ਕਮਰਿਆਂ ਵਾਲ਼ਾ ਵੱਡਾ ਹਮਾਮ ਹੁੰਦਾ ਸੀ। ਪਾਣੀ ਲਈ ਸਰਾਂ ਦੇ ਅੰਦਰ-ਬਾਹਰ ਅਨੇਕ ਖੂਹ ਹੁੰਦੇ ਸਨ। ਨੂਰਮਹਿਲ ਦੀ ਸਰਾਂ ਵੀ ਇਸੇ ਬਣਤਰ ਦੀ ਹੈ।

ਕੁਝ ਨੂਰਮਹਿਲੀਆਂ ਦਾ ਕਹਿਣਾ ਹੈ ਕਿ ਜਹਾਂਗੀਰ ਦੀ ਸਭ ਤੋਂ ਚਹੇਤੀ ਬੇਗਮ ਨੂਰਜਹਾਂ ਦੀ ਪੈਦਾਇਸ਼ ਇਸ ਥਾਂ ’ਤੇ ਹੋਈ ਸੀ ਅਤੇ ਕੁਝ ਦਾ ਖ਼ਿਆਲ ਹੈ ਕਿ ਉਹਦਾ ਪਾਲਣ-ਪੋਸ਼ਣ ਇੱਥੇ ਹੋਇਆ ਸੀ, ਜਿਸ ਕਰਕੇ ਬਾਅਦ ਵਿਚ ਉਹਨੇ ਇੱਥੇ ਇੰਨੀ ਵੱਡੀ ਸਰਾਂ ਬਣਵਾਈ। ਪਰ ਇਤਿਹਾਸ ਇਸ ਬਾਰੇ ਚੁੱਪ ਹੈ। ਬਾਦਸ਼ਾਹ ਜਹਾਂਗੀਰ ਕਈ ਵਾਰ ਇੱਥੋਂ ਦੀ ਲੰਘਦਿਆਂ ਸਵੈ-ਜੀਵਨੀ ‘ਤੁਜ਼ੁਕੇ-ਜਹਾਂਗੀਰੀ’ ਵਿਚ ਇਸ ਸਰਾਂ ਦਾ ਜ਼ਿਕਰ ਕਰਦਾ ਹੈ, ਪਰ ਨੂਰਜਹਾਂ ਦੇ ਇਥੇ ਪੈਦਾ ਹੋਣ ਬਾਰੇ ਜਾਂ ਪਾਲਣ-ਪੋਸ਼ਣ ਹੋਏ ਹੋਣ ਬਾਰੇ ਕੁਝ ਨਹੀਂ ਲਿਖਦਾ। ਹਾਂ, ਇੰਨਾ ਕੁ ਤਾਂ ਪੱਕਾ ਹੈ ਕਿ ਇਸ ਸਰਾਂ ਦੀ ਉਸਾਰੀ ਨੂਰਜਹਾਂ ਬੇਗਮ ਦੇ ਹੁਕਮ ਨਾਲ਼ ਕਰਵਾਈ ਗਈ। ਸਰਾਂ ਦੇ ਪੱਛਮੀ ਦਰਵਾਜ਼ੇ ਉਪਰ ਫ਼ਾਰਸੀ ਕਵਿਤਾ ਵਿਚ ਲਿਖੇ ਚਾਰ ਬੰਦ ਇਹਦਾ ਸਬੂਤ ਹਨ, ਜਿਹਨਾਂ ਦਾ ਤਰਜਮਾ ਇਸ ਤਰ੍ਹਾਂ ਹੈ:
ਅਕਬਰ ਸ਼ਾਹ ਦੇ ਪੁੱਤਰ ਜਹਾਂਗੀਰ ਸ਼ਾਹ ਦੇ ਇੰਸਾਫ਼ (ਭਰੇ) ਰਾਜਕਾਲ ਵਿਚ
ਜਿਸ ਵਰਗਾ ਨਾ ਸੁਰਗ ਨੂੰ, ਨਾ ਧਰਤੀ ਨੂੰ ਕੋਈ ਯਾਦ ਹੈ
ਫਿਲੌਰ ਜ਼ਿਲ੍ਹੇ ਵਿਚ ਨੂਰ ਸਰਾਂ ਦੀ ਨੀਂਹ ਰੱਖੀ ਗਈ
ਫ਼ਰਿਸ਼ਤਿਆਂ ਵਰਗੀ ਨੂਰਜਹਾਂ ਬੇਗਮ ਦੇ ਹੁਕਮ ਨਾਲ਼
ਇਹਦੀ ਨੀਂਹ ਰੱਖਣ ਦੀ ਤਾਰੀਖ਼ ਸ਼ਾਇਰ ਨੇ ਖ਼ੁਸ਼ੀ ਨਾਲ਼ (ਇਹਨਾਂ ਲਫਜ਼ਾਂ ਵਿਚ) ਲੱਭੀ:
‘ਇਸ ਸਰਾਂ ਦੀ ਨੀਂਹ ਨੂਰਜਹਾਂ ਬੇਗਮ ਨੇ ਰੱਖੀ’ (1028)
ਇਸ (ਸਰਾਂ) ਦੇ ਪੂਰੀ ਹੋਣ ਦੀ ਤਾਰੀਖ ਅਕLਲ ਨੇ ਇਹਨਾਂ ਲਫਜ਼ਾਂ ਵਿਚ ਲੱਭੀ:
‘ਇਸ ਸਰਾਂ ਦੀ ਉਸਾਰੀ ਨੂਰਜਹਾਂ ਬੇਗਮ ਨੇ ਕਰਵਾਈ’ (1030)

ਸਰਾਂ ਦੀ ਨੀਂਹ ਰੱਖਣ ਤੇ ਪੂਰੀ ਹੋਣ ਦੀਆਂ ਤਾਰੀਖਾਂ, 1028 ਅਤੇ 1030, ਹਿਜਰੀ ਕੈਲੰਡਰ ਮੁਤਾਬਿਕ ਹਨ; ਜੋ ਕਿ ਵਾਰੀ-ਸਿਰ ਈਸਵੀ ਵਰ੍ਹੇ 1618-19 ਅਤੇ 1620-21 ਬਣਦੇ ਹਨ। ਆਲੇਖ ਵਿਚ ਇਹ ਦੋਹਵੇਂ ਤਾਰੀਖ਼ਾਂ ਅਬਜਦ ਪ੍ਰਣਾਲੀ ਨਾਲ਼ ਵੀ ਲਿਖੀਆਂ ਹੋਈਆਂ ਹਨ। ਇਸ ਪ੍ਰਣਾਲੀ ਮੁਤਾਬਿਕ ਅਰਬੀ ਤੇ ਫ਼ਾਰਸੀ ਦੇ ਹਰ ਅੱਖਰ ਦਾ ਹਿੰਦਸਿਆਂ ਵਿਚ ਨਿਸ਼ਚਿਤ ਮੁੱਲ ਹੁੰਦਾ ਹੈ ਅਤੇ ਕੋਈ ਵਾਕ ਇਸ ਤਰ੍ਹਾਂ ਜੋੜ ਕੇ ਬਣਾਇਆ ਜਾਂਦਾ ਹੈ ਕਿ ਉਹਦੇ ਅੱਖਰਾਂ ਦੇ ਹਿੰਦਸਿਆਂ ਦਾ ਕੁੱਲ ਮੁੱਲ ਉਹ ਤਾਰੀਖ਼ ਬਣ ਜਾਵੇ। ਉਪਰੋਕਤ ਆਲੇਖ ਦੀ ਛੇਵੀਂ ਤੇ ਅੱਠਵੀਂ ਸਤਰ ਦੇ ਅੱਖਰਾਂ ਦਾ ਮੁੱਲ ਵਾਰੀਸਿਰ 1028 ਅਤੇ 1030 ਬਣਦਾ ਹੈ।
ਜਦ 1878-79 ਵਿਚ ਭਾਰਤੀ ਪੁਰਾਤੱਤਵ ਸਰਵੇਖਣ ਦਾ ਪਹਿਲਾ ਸਰਵੇਅਰ ਜੈਨਰਲ ਕਨਿੰਘਮ ਇਥੇ ਆਇਆ, ਤਾਂ ਉਹਨੂੰ ਕਿਸੇ ਨੇ ਦੱਸਿਆ ਕਿ ਕਿਸੇ ਸਮੇਂ ਪੰਜ ਬੰਦਾਂ ਦੀ ਲਿਖਿਤ ਸਰਾਂ ਦੇ ਪੂਰਬੀ ਦਰਵਾਜ਼ੇ ’ਤੇ ਵੀ ਸੀ। ਲਿਖਿਤ ਦਾ ਪੱਥਰ ਤਾਂ ਗੁੰਮ ਹੋ ਗਿਆ ਸੀ, ਪਰ ਇਸ ਉੱਤੇ ਲਿਖੀ ਇਬਾਰਤ ਉਹਨੇ ਸਾਂਭ ਲਈ ਸੀ, ਜਿਹਦਾ ਪੰਜਾਬੀ ਤਰਜਮਾ ਇਹ ਬਣਦਾ ਹੈ:
ਦੁਨੀਆ ਦੇ ਮਾਲਿਕ ਜਹਾਂਗੀਰ ਬਾਦਸ਼ਾਹ ਦੇ ਰਾਜ ਵਿਚ
(ਜੋ ਕਿ) ਅਪਣੇ ਸਮੇਂ ਦੇ ਦੁਨੀਆ ਦੇ ਬਾਦਸ਼ਾਹਾਂ ਦਾ ਬਾਦਸ਼ਾਹ (ਅਤੇ) ਖ਼ੁਦਾ ਦਾ ਪਰਛਾਵਾਂ (ਹੈ)
ਜਿਸ ਦੀ ਚੰਗਿਆਈ ਤੇ ਇੰਸਾਫ਼ ਦੀ ਪ੍ਰਸਿੱਧੀ (ਸਾਰੀ) ਧਰਤੀ ’ਤੇ ਫੈਲੀ ਹੈ
(ਇਥੋਂ ਤੀਕ ਕਿ) ਸਭ ਤੋਂ ਉੱਚੇ ਆਸਮਾਨਾਂ ਵਿਚ ਵੀ ਪਹੁੰਚ ਗਈ ਹੈ
ਉਹਦੀ ਪਤਨੀ ਤੇ ਭਰੋਸੇਯੋਗ ਸਾਥਣ, ਨੂਰਜਹਾਂ (ਨੇ)
ਸੁਰਗ ਵਰਗੀ ਵਿਸ਼ਾਲ ਇਸ ਸਰਾਂ ਦੇ ਬਣਾਉਣ ਦਾ ਹੁਕਮ ਦਿੱਤਾ
ਜਦ ਇਹ ਸੁਭਾਗੀ ਇਮਾਰਤ ਧਰਤੀ ਦੇ ਚਿਹਰੇ ’ਤੇ ਬਣ ਗਈ
ਰੱਬ ਕਰੇ ਇਹਦੀਆਂ ਕੰਧਾਂ ਸਦਾ ਸਦਾ ਸੁਰੱਖਿਅਤ ਰਹਿਣ
ਇਸ ਦੀ ਨੀਂਹ ਰੱਖਣ ਦੀ ਤਾਰੀਖ਼ ਬੁੱਧੀ ਨੇ ਇਹਨਾਂ ਲਫਜ਼ਾਂ ਵਿਚ ਪਾਈ:
‘ਇਸ ਸਰਾਂ ਦੀ ਨੀਂਹ ਨੂਰਜਹਾਂ ਬੇਗਮ ਨੇ ਰੱਖੀ’

ਫ਼ਾਰਸੀ ਵਿਚ ਹੀ ਇਕ ਹੋਰ ਲਿਖਤ ਪੱਛਮੀ ਦਰਵਾਜ਼ੇ ਦੇ ਦੱਖਣੀ ਕੌਲ਼ੇ ’ਤੇ ਦਰਜ ਹੈ। ਇਸ ਵਿਚ ਲਿਖਿਆ ਹੈ: “ਯਾਤਰੀਆਂ ਤੋਂ ਇਵਜ਼ਾਨਾ ਲੈਣਾ ਮਨ੍ਹਾ ਹੈ। ਜ਼ਿਲ੍ਹੇ ਦੇ ਸੂਬੇ ਨਵਾਬ ਜ਼ਕਰੀਆ ਖ਼ਾਨ ਨੇ ਇਹ ਮੁਆਫ਼ ਕੀਤਾ ਹੈ। ਜੇ ਦੁਆਬੇ ਦਾ ਕੋਈ ਫ਼ੌਜਦਾਰ ਇਵਜ਼ਾਨਾ ਲਵੇ, ਤਾਂ ਰੱਬ ਕਰੇ ਉਹਦੀਆਂ ਬੀਵੀਆਂ ਨੂੰ ਤਲਾਕ ਮਿਲ਼ ਜਾਵੇ।” ਇਹ ਆਲੇਖ ਸਰਾਂ ਦੀ ਉਸਾਰੀ ਦੇ ਸਮੇਂ ਦਾ ਨਹੀਂ, ਸਗੋਂ ਬਾਅਦ ਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਂਞ ਤਾਂ ਸਰਾਂ ਵਿਚ ਠਹਿਰਣ ਦੇ ਕੋਈ ਪੈਸੇ ਨਹੀਂ ਸੀ ਦੇਣੇ ਹੁੰਦੇ, ਪਰ ਪ੍ਰਬੰਧਕ ਨਾਜਾਇਜ਼ ਤੌਰ ’ਤੇ ਕੁਝ ਇਵਜ਼ਾਨਾ ਲੈ ਲੈਂਦੇ ਹੋਣਗੇ; ਜਿਹਦੀ ਇਸ ਲਿਖਤ ਵਿਚ ਮਨਾਹੀ ਹੈ। ਆਲੇਖ ਦੇ ਅੰਤਿਮ ਭਾਗ ਵਿਚ ਅਜੇਹਾ ਕਰਨ ਵਾਲੇ ਨੂੰ ਸਰਾਪ ਦਿੱਤਾ ਗਿਆ ਹੈ। ਗਵਰਨਰ ਨਵਾਬ ਜ਼ਕਰੀਆ ਖ਼ਾਨ ਉਹੋ ਸ਼ਖ਼ਸ ਹੈ, ਜਿਹਦਾ ਅਠਾ੍ਹਰਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਜਾਬਰ ਹਾਕਮ ਦੇ ਤੌਰ ’ਤੇ ਨਾਂ ਆਉਂਦਾ ਹੈ।
19 ਫ਼ਰਵਰੀ 1919 ਦੇ ਹੁਕਮ ਅਨੁਸਾਰ ਸਰਾਂ ਦੀ ਇਮਾਰਤ ਨੂੰ ਕੇਂਦਰੀ ਪੁਰਾਤੱਤਵ ਵਿਭਾਗ ਦੇ ਸੁਰੱਖਿਅਤ ਸਮਾਰਕ ਕਰਾਰ ਦਿੱਤੇ ਜਾਣ ਦੇ ਬਾਵਜੂਦ ਕੋਈ ਅੱਠ ਦਹਾਕਿਆਂ ਤੀਕ ਇਸ ਦੇ ਵੱਖ-ਵੱਖ ਭਾਗਾਂ ਨੂੰ ਪੁਲਿਸ ਸਟੇਸ਼ਨ, ਮਿਉਂਸਪਲ ਕਮੇਟੀ ਦਫ਼ਤਰ, ਸਕੂਲ ਅਤੇ ਪੀ. ਡਬਲਯੂ. ਡੀ. ਦੇ ਸਟੋਰ ਦੇ ਤੌਰ ’ਤੇ ਵਰਤਿਆ ਜਾਂਦਾ ਰਿਹਾ ਹੈ। ਪਰ ਹੁਣ ਵਿਭਾਗ ਨੇ ਇਹ ਸਮਾਰਕ ਸਾਰੇ ਦਫ਼ਤਰਾਂ ਤੋਂ ਖ਼ਾਲੀ ਕਰਵਾ ਲਿਆ ਹੈ। ਸਰਾਂ ਦਾ ਕਾਫ਼ੀ ਹਿੱਸਾ ਡਿੱਗ ਚੁਕਿਆ ਹੈ; ਪਰ ਤਾਂ ਵੀ ਇਹਦੀ ਚਾਰਦੀਵਾਰੀ ਦੀਆਂ ਤਿੰਨ ਕੰਧਾਂ, ਇਕ ਦਰਵਾਜ਼ਾ ਸਲਾਮਤ ਹੈ ਅਤੇ ਦੂਜਾ ਖੰਡਰ ਬਣ ਚੁੱਕਾ ਹੈ। ਮਸਜਿਦ, ਹਮਾਮ ਅਤੇ ਕੁਝ ਕਮਰੇ ਹੀ ਬਚੇ ਹੋਏ ਹਨ।
ਸਰਾਂ ਦੇ ਉੱਜੜਨ ਦੇ ਕਈ ਕਾਰਣ ਸਨ। ਦੋ ਵਾਰ ਤਾਂ ਨੂਰਮਹਿਲ ਨੂੰ ਅਫ਼ਗ਼ਾਨ ਹਮਲਾਵਰ ਨਾਦਿਰ ਸ਼ਾਹ ਨੇ ਹੀ ਲੁੱਟਿਆ। ਫੇਰ 1767 ਦੇ ਅਹਿਮਦ ਸ਼ਾਹ ਅਬਦਾਲੀ ਦੇ ਆਖ਼ਿਰੀ ਹਮਲੇ ਤੋਂ ਬਾਅਦ ਕਿਲੇ ਵਰਗੀ ਇਸ ਸਰਾਂ ’ਤੇ ਇਲਾਕੇ ਦੇ ਮੰਝ ਰਾਜਪੂਤਾਂ ਦੇ ਸਰਦਾਰ ਮੀਆਂ ਮਹਿਮੂਦ ਖ਼ਾਨ ਨੇ ਕਬਜ਼ਾ ਕਰ ਲਿਆ। ਉਹ ਡੱਲੇਵਾਲੀਆ ਮਿਸਲ ਦੇ ਸਰਦਾਰ ਕਰੋੜਾ ਸਿੰਘ ਦੀ ਸੁਰੱਖਿਆ ਵਿਚ ਸੀ। ਕਈ ਸਾਲ ਇਹ ਸਰਾਂ ਉਨ੍ਹਾਂ ਦੇ ਕਬਜ਼ੇ ਵਿਚ ਰਹੀ। ਫੇਰ ਸਿੱਖ ਸਰਦਾਰਾਂ ਨੇ ਇਸ ਨੂੰ ਘੇਰਾ ਪਾ ਲਿਆ। ਤੇਤੀ ਦਿਨਾਂ ਦੇ ਘੇਰੇ ਤੋਂ ਬਾਅਦ ਉਹ ਇਸ ’ਤੇ ਕਬਜ਼ਾ ਕਰਨ ਵਿਚ ਸਫਲ ਹੋ ਗਏ। ਅਠਾਰ੍ਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਨੂਰਮਹਿਲ ਦੀ ਸਰਾਂ ਹੀ ਨਹੀਂ, ਸਗੋਂ ਇਲਾਕੇ ਦੀਆਂ ਸਾਰੀਆਂ ਸਰਾਵਾਂ ’ਤੇ ਵੱਖ-ਵੱਖ ਸਿੱਖ ਮਿਸਲਾਂ ਨੇ ਕਬਜ਼ਾ ਕਰ ਲਿਆ ਅਤੇ ਇਹਨਾਂ ਨੂੰ ਕਿਲਿਆਂ ਦੇ ਤੌਰ ’ਤੇ ਵਰਤਣ ਲੱਗੇ।
ਸਰਾਂ ਦੇ ਬਚਦੇ ਹਿੱਸੇ ਵਿੱਚੋਂ ਸਭ ਤੋਂ ਅਹਿਮ ਹੈ – ਸਰਾਂ ਦਾ ਪੱਛਮੀ ਦਰਵਾਜ਼ਾ। ਇਹ ਇੱਟਾਂ ਦੀ ਵਿਸ਼ਾਲ ਇਮਾਰਤ ਹੈ, ਜਿਸ ਦਾ ਸਾਹਮਣੇ ਦਾ ਹਿੱਸਾ ਲਾਲ ਪੱਥਰ ਨਾਲ਼ ਕੱਜਿਆ ਹੋਇਆ ਹੈ। ਹਿੰਦੁਸਤਾਨ ਦੀ ਮੁਗ਼ਲ ਇਮਾਰਤਸਾਜ਼ੀ ਦੀ ਕਲਾ ਦੇ ਇਤਿਹਾਸ ਵਿਚ ਇਸ ਦਾ ਖ਼ਾਸ ਥਾਂ ਹੈ। ਆਖ਼ਿਰ ਇਸ ਦਰਵਾਜ਼ੇ ਦੀ ਖ਼ਾਸੀਅਤ ਕੀ ਹੈ?

ਮੁਸਲਮਾਨ ਆਮ ਤੌਰ ’ਤੇ ਕਿਸੇ ਵੀ ਮਨੁੱਖ ਜਾਂ ਜੀਅ-ਜੰਤ ਦੀ ਤਸਵੀਰ ਜਾਂ ਮੂਰਤੀ ਬਣਾਉਣ ਨੂੰ ਕੁਫ਼ਰ ਸਮਝਦੇ ਹਨ। ਭਾਵੇਂ ਇਸ ਬਾਰੇ ਕੁਰਾਨ ਸ਼ਰੀਫ ਵਿਚ ਇਜੇਹੀ ਕੋਈ ਮਨਾਹੀ ਨਹੀਂ ਹੈ। ਇਸੇ ਕਰਕੇ ਮੁਸਲਿਮ ਇਮਾਰਤਾਂ ’ਤੇ ਸਾਨੂੰ ਆਮ ਤੌਰ ’ਤੇ ਫੁੱਲ-ਪੱਤੀਆਂ ਜਾਂ ਜਿਓਮੈਟਰੀਕਲ ਨਮੂਨਿਆਂ ਨਾਲ਼ ਕੀਤੀ ਸਜਾਵਟ ਹੀ ਮਿਲਦੀ ਹੈ। ਪਰ ਨੂਰਮਹਿਲ ਦੀ ਸਰਾਂ ਦਾ ਪੱਛਮੀ ਦਰਵਾਜ਼ਾ ਇਸ ਪੱਖੋਂ ਵਿਲੱਖਣ ਹੈ। ਇਸ ਦੇ ਲਾਲ ਪੱਥਰ ਦੇ ਸਾਰੇ ਆਵਰਣ ਨੂੰ 31 ਪੈਨਲਾਂ ਵਿਚ ਵੰਡਿਆ ਹੋਇਆ ਹੈ ਅਤੇ ਹਰ ਪੈਨਲ ਵਿਚ ਤਰ੍ਹਾਂ-ਤਰ੍ਹਾਂ ਦੇ ਦ੍ਰਿਸ਼ ਅਤੇ ਫੁੱਲ-ਪੱਤੀਆਂ ਜਾਂ ਜਿਓਮੈਟਰੀਕਲ ਨਮੂਨੇ ਤਰਾਸ਼ੇ ਹੋਏ ਹਨ। ਕਿਸੇ ਦ੍ਰਿਸ਼ ਵਿਚ ਘੋੜਸਵਾਰ ਚੋਗਾਨ ਜਾਂ ਪੋਲੋ ਖੇਡ ਰਹੇ ਹਨ; ਕਿਸੇ ਵਿਚ ਹਾਥੀਆਂ ਦੀ ਲੜਾਈ ਦਾ ਚਿਤਰਣ ਹੈ। ਕਿਸੇ ਪੈਨਲ ਵਿਚ ਸ਼ੇਰ ਹਾਥੀ ’ਤੇ ਹਮਲਾ ਕਰ ਰਿਹਾ ਹੈ; ਕਿਸੇ ਵਿਚ ਸਾਜ਼ ਵਜਾਉਂਦੀਆਂ ਪਰੀਆਂ ਉੱਡ ਰਹੀਆਂ ਹਨ। ਦੋ ਇੱਕੋ ਜਿਹੇ ਦ੍ਰਿਸ਼ ਰਹੱਸਮਈ ਹਨ। ਇਨ੍ਹਾਂ ਵਿਚ ਕੋਈ ਇਜੇਹਾ ਕਾਲਪਨਿਕ ਜਾਨਵਰ ਦਰਸਾਇਆ ਗਿਆ ਹੈ, ਜਿਹਦਾ ਸਰੀਰ ਸ਼ੇਰ ਦਾ ਤੇ ਸਿਰ ਹਾਥੀ ਦਾ ਹੈ। ਇਸ ਦੇ ਖੰਭ ਵੀ ਹਨ। ਇਜੇਹੀਆਂ ਆਕ੍ਰਿਤਾਂ ਨੂੰ ਮੁਗ਼ਲ ਸ਼ੁਭ ਸਮਝਦੇ ਸਨ। ਨੀਵੇਂ ਪੈਨਲਾਂ ਵਿਚ ਦੋ ਹੋਰ ਦ੍ਰਿਸ਼ ਧਿਆਨ ਖਿੱਚਦੇ ਹਨ। ਇਨ੍ਹਾਂ ਵਿੱਚੋਂ ਇਕ ਵਿਚ ਹੱਥ ’ਤੇ ਤੋਤਾ ਬਿਠਾਈ ਔਰਤ ਖੜ੍ਹੀ ਹੈ ਅਤੇ ਸਾਹਮਣੇ ਖੜ੍ਹਾ ਬੰਦਾ ਉਹਨੂੰ ਫੁੱਲ ਭੇਟ ਕਰ ਰਿਹਾ ਹੈ। ਸ਼ਾਇਦ ਸ਼ਿਲਪਕਾਰ ਨੇ ਅਪਣੇ ਵੱਲੋਂ ਨੂਰਜਹਾਂ ਤੇ ਜਹਾਂਗੀਰ ਬਣਾਏ ਹੋਣ। ਦੂਸਰੇ ਦ੍ਰਿਸ਼ ਵਿਚ ਇਹੋ ਔਰਤ ਤਖ਼ਤ ’ਤੇ ਖੜ੍ਹੀ ਹੈ ਅਤੇ ਮੱਥੇ ’ਤੇ ਟਿੱਕੇ ਵਾਲ਼ਾ ਬੰਦਾ ਉਹਨੂੰ ਗੁਲਦਸਤਾ ਭੇਟ ਕਰ ਰਿਹਾ ਹੈ। ਇਹ ਬੰਦਾ ਕੋਈ ਰਾਜਪੂਤ ਸਰਦਾਰ ਬਣਾਇਆ ਹੋਵੇਗਾ। ਇਨ੍ਹਾਂ ਤੋਂ ਇਲਾਵਾ ਹੋਰ ਪੈਨਲਾਂ ਵਿਚ ਪਰੀਆਂ, ਗੈਂਡੇ, ਊਠ, ਮੋਰ, ਚਿੜੀਆਂ, ਬੱਤਖਾਂ, ਕਬੂਤਰ, ਕੁੱਕੜ, ਮੱਛੀਆਂ ਆਦਿ ਬਣੀਆਂ ਹੋਈਆਂ ਹਨ। ਦਰਵਾਜ਼ੇ ਦੇ ਉੱਪਰਲੇ ਹਿੱਸੇ ਵਿਚ ਦੋ ਸੁਹਣੇ ਛੱਜੇ (ਬਾਲਕਨੀਆਂ) ਹਨ, ਜੋ ਹਾਥੀ ਦੇ ਆਕਾਰ ਵਿਚ ਤਰਾਸ਼ੀਆਂ ਬਰੈਕਿਟਾਂ ਉੱਪਰ ਖੜ੍ਹੀਆਂ ਹਨ।
ਸਮੁੱਚੇ ਹਿੰਦੁਸਤਾਨ ਦੀ ਮੁਗ਼ਲ ਉਸਾਰੀ ਕਲਾ ਵਿਚ ਸਾਨੂੰ ਇਜੇਹੀ ਸਜਾਵਟ ਵਾਲ਼ੀ ਹੋਰ ਕੋਈ ਮਿਸਾਲ ਨਹੀਂ ਮਿਲ਼ਦੀ। ਤਰਾਸ਼ੀਆਂ ਹੋਈਆਂ ਕੁਝ ਸ਼ਕਲਾਂ ਲਾਹੌਰ ਦੇ ਕਿਲੇ ਦੀਆਂ ਜਹਾਂਗੀਰੀ ਇਮਾਰਤਾਂ ਦੀਆਂ ਬਰੈਕਿਟਾਂ ਦੀਆਂ ਸ਼ਕਲਾਂ ਨਾਲ਼ ਮਿਲ਼ਦੀਆਂ-ਜੁਲ਼ਦੀਆਂ ਹਨ। ਹੋ ਸਕਦਾ ਹੈ ਕਿ ਦੋਹਵੇਂ ਇਮਾਰਤਾਂ ਦੀ ਸਜਾਵਟ ਦਾ ਕੰੰਮ ਸ਼ਿਲਪਕਾਰਾਂ ਦੇ ਇੱਕੋ ਜੁੱਟ ਨੇ ਕੀਤਾ ਹੋਵੇ।
ਨੂਰਮਹਿਲ ਵਰਗੀਆਂ ਸਰਾਵਾਂ ਵਿਚ ਠਹਿਰਣ ਦੇ ਪ੍ਰਬੰਧ ਬਾਰੇ ਸਾਨੂੰ ਕੁਝ ਵੇਰਵੇ ਕਈ ਯੂਰਪੀਅਨ ਯਾਤਰੀਆਂ ਦੀਆਂ ਲਿਖਤਾਂ ਤੋਂ ਮਿਲ਼ਦੇ ਹਨ। ਮੁਗ਼ਲ ਕਾਲ ਦੌਰਾਨ ਕਾਫ਼ੀ ਅਰਸਾ ਹਿੰਦੁਸਤਾਨ ਵਿਚ ਰਿਹਾ ਫ਼ਰਾਂਸੀਸੀ ਹਕੀਮ ਨਿਕੋਲਾਓ ਮਾਨੂਚੀ ਲਿਖਦਾ ਹੈ ਕਿ ਹਰ ਸਰਾਂ ਵਿਚ ਇਕ ਅਫ਼ਸਰ ਹੁੰਦਾ ਹੈ, ਜਿਹਦੀ ਇਹ ਡਿਉਟੀ ਹੈ ਕਿ ਉਹ ਦਿਨ ਛਿਪਣ ’ਤੇ ਸਰਾਂ ਦੇ ਦਰਵਾਜ਼ੇ ਬੰਦ ਕਰ ਦੇਵੇ। ਦਰਵਾਜ਼ੇ ਬੰਦ ਕਰਨ ਤੋਂ ਬਾਅਦ ਉਹ ਹੋਕਾ ਦਿੰਦਾ ਹੈ ਕਿ ਸਾਰੇ ਮੁਸਾਫ਼ਿਰ ਅਪਣਾ-ਅਪਣਾ ਸਾਮਾਨ ਸੰਭਾਲ਼ ਲੈਣ; ਅਪਣੇ ਘੋੜਿਆਂ ਦੀਆਂ ਮੁਹਰਲੀਆਂ ਤੇ ਮਗਰਲੀਆਂ ਲੱਤਾਂ ਬੰਨ੍ਹ ਲੈਣ। ਸਵੇਰੇ ਛੇ ਵਜੇ ਦਰਵਾਜ਼ੇ ਖੋਲ੍ਹਣ ਤੋਂ ਪਹਿਲਾਂ ਚੌਕੀਦਾਰ ਮੁਸਾਫ਼ਿਰਾਂ ਨੂੰ ਤਿੰਨ ਵਾਰ ਚੇਤਾਵਨੀ ਦਿੰਦਾ ਹੈ ਕਿ ਉਹ ਅਪਣਾ ਸਾਮਾਨ ਸੰਭਾਲ਼ ਲੈਣ। ਇਸ ਤੋਂ ਬਾਅਦ ਜੇ ਕਿਸੇ ਨੂੰ ਲੱਗੇ ਕਿ ਉਹਦਾ ਸਾਮਾਨ ਪੂਰਾ ਨਹੀਂ ਹੈ; ਤਾਂ ਸਰਾਂ ਦੇ ਦਰਵਾਜ਼ੇ ਓਦੋਂ ਤਕ ਨਹੀਂ ਖੋਲ੍ਹੇ ਜਾਂਦੇ, ਜਦ ਤਕ ਉਹ ਸਾਮਾਨ ਲੱਭ ਨਾ ਜਾਵੇ।
ਮੁਗ਼ਲ-ਕਾਲ ਵਿਚ ਇਨ੍ਹਾਂ ਸਰਾਵਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਹੋਵੇਗਾ, ਇਹਦੀ ਇਕ ਝਲਕ ਨੋਬੇਲ ਪੁਰਸਕਾਰ ਜੇਤੂ ਅੰਗ੍ਰੇਜ਼ ਨਾਵਲਕਾਰ ਰੁਡਯਾਰਡ ਕਿਪਲਿੰਗ ਦੇ ਨਾਵਲ ‘ਕਿਮ’ ਵਿੱਚੋਂ ਮਿਲ਼ਦੀ ਹੈ। ਭਾਵੇਂ ਲੇਖਕ ਨੇ ਲਾਹੌਰ ਦੀ ਕਿਸੇ ਸਰਾਂ ਦੇ ਉਨ੍ਹੀਵੀਂ ਸਦੀ ਦੇ ਮਾਹੌਲ ਬਾਰੇ ਲਿਖਿਆ ਹੈ, ਪਰ ਕਿਸੇ ਵੀ ਮੁਗ਼ਲ ਸਰਾਂ ਦਾ ਪੁਰਾਤਨ ਮਾਹੌਲ ਇਸ ਨਾਲ਼ੋਂ ਬਹੁਤਾ ਵੱਖਰਾ ਨਹੀਂ ਹੁੰਦਾ ਹੋਵੇਗਾ। ਕਿਪਲਿੰਗ ਲਿਖਦਾ ਹੈ:
ਉਹ ਕਸ਼ਮੀਰ ਸਰਾਂ ਦੇ ਬੁਲੰਦ ਦਰਵਾਜ਼ੇ ਕੋਲ਼ ਪੁੱਜਾ। ਡਾਟਾਂ ਦੀਆਂ ਕਤਾਰਾਂ ਨਾਲ਼ ਘਿਰਿਆ ਹੋਇਆ
ਖੁੱਲ੍ਹਾ ਵੇਹੜਾ ਜਿੱਥੇ ਮੱਧ ਏਸ਼ੀਆ ਤੋਂ ਮੁੜਦੇ ਹੋਏ ਘੋੜਿਆਂ ਤੇ ਊੱਠਾਂ ਦੇ ਕਾਫਲੇ ਠਹਿਰਦੇ ਹਨ।
ਇਥੇ ਉੱਤਰੀ (ਭਾਰਤ ਦੇ) ਲੋਕਾਂ ਨੂੰ ਉਨ੍ਹਾਂ ਦੇ ਸਾਰੇ ਰੂਪਾਂ ਵਿਚ ਵੇਖਿਆ ਜਾ ਸਕਦਾ ਹੈ – ਲਗਾਮ
ਪਾਏ ਟੱਟੂਆਂ ਤੇ ਗੋਡਿਆਂ ਭਾਰ ਬੈਠੇ ਉੱਠਾਂ ਦੀ ਟਹਿਲ ਕਰਦੇ ਹੋਏ, ਬੋਰੇ ਤੇ ਪੰਡਾਂ ਲੱਦਦੇ ਅਤੇ
ਲਾਹੁੰਦੇ ਹੋਏ, ਖੂਹ ਦੀਆਂ ਚੀਕਦੀਆਂ ਭੌਣੀਆਂ ਤੋਂ ਸ਼ਾਮ ਦੀ ਰੋਟੀ ਲਈ ਪਾਣੀ ਭਰਦੇ ਹੋਏ, ਜਾਂਗਲੀ
ਅੱਖਾਂ ਵਾਲੇ ਘੋੜਿਆਂ ਨੂੰ ਘਾਹ ਪਾਉਂਦੇ ਹੋਏ, ਕਾਫ਼ਲੇ ਦੇ ਅਵੈੜ ਕੁੱਤਿਆਂ ਦੇ ਧੱਫੇ ਮਾਰਦੇ ਹੋਏ,
ਊਠ-ਚਾਲਕਾਂ ਨੂੰ ਪੈਸੇ ਦਿੰਦੇ ਹੋਏ, ਨਵੇਂ ਝਾੜੂ ਲੈਂਦੇ ਹੋਏ, ਖਚਾਖਚ ਵਿਹੜੇ ਵਿਚ ਚੀਕਦੇ, ਬਹਿਸਦੇ,
ਸਹੁੰਆਂ ਖਾਂਦੇ ਅਤੇ ਝਗੜਾ ਕਰਕੇ ਮੁੱਲ ਚੁਕਾਉਂਦੇ ਹੋਏ…
ਜਦੋਂ ਤਕ ਆਵਾਜਾਈ ਦੇ ਸਾਧਨ ਮੱਧਕਾਲੀ ਰਹੇ ਤੇ ਸੁੱਖ-ਸ਼ਾਂਤੀ ਦਾ ਸਮਾਂ ਰਿਹਾ, ਆਗਰਾ-ਲਾਹੌਰ ਸ਼ਾਹਰਾਹ ਦੀਆਂ ਮੁਗ਼ਲ ਸਰਾਵਾਂ ਮੁਸਾਫ਼ਿਰਾਂ ਦੇ ਕੰਮ ਆਉਂਦੀਆਂ ਰਹੀਆਂ। ਪਰ ਅਠਾਰ੍ਹਵੀਂ ਸਦੀ ਦਾ ਦੂਸਰਾ ਅੱਧ ਪੰਜਾਬ ਵਿਚ ਉੱਥਲ਼-ਪੁੱਥਲ਼ ਦਾ ਸਮਾਂ ਸੀ। ਸਿੱਖ ਮਿਸਲਦਾਰਾਂ ਨੇ ਇਨ੍ਹਾਂ ਸਰਾਵਾਂ ਨੂੰ ਕਿਲਿਆਂ ਵਿਚ ਬਦਲ ਲਿਆ। ਇਸ ਤੋਂ ਬਾਅਦ ਉਨ੍ਹੀਵੀਂ ਸਦੀ ਵਿਚ ਰੇਲ ਤੇ ਮੋਟਰਕਾਰ ਦੇ ਆ ਜਾਣ ਨਾਲ਼ ਰਾਹ ਬਦਲ ਗਏ; ਮੁਸਾਫ਼ਿਰਾਂ ਦੀਆਂ ਲੋੜਾਂ ਬਦਲ ਗਈਆਂ, ਤਾਂ ਇਹ ਸ਼ਾਨਦਾਰ ਸਰਾਵਾਂ ਕਲਾਤਮਕ ਸਮਾਰਕ ਮਾਤਰ ਰਹਿ ਗਈਆਂ।

ਸੁਭਾਸ਼ ਪਰਿਹਾਰ
ਨੂਰਮਹਿਲ ਦੀ ਸਰਾਂ, ਦੱਖਣੀ ਸਰਾਂ ਅਤੇ ਸਰਹੰਦ ਬਾਗ਼ ਵਰਗੀਆਂ ਪੰਜਾਬ ਦੀਆਂ ਇਤਿਹਾਸਕ ਇਮਾਰਤਾਂ/ਥਾਵਾਂ ਬਾਰੇ ਚਿਤ੍ਰਕਾਰ, ਫ਼ੋਟੋਗਰਾਫ਼ਰ ਤੇ ਕਾਲਜ ਅਧਿਆਪਕ ਸੁਭਾਸ਼ ਪਰਿਹਾਰ (ਜਨਮ 1953) ਦੇ ਲਿਖੇ ਖੋਜੀ ਲੇਖ ਭਾਰਤ ਦੇ 'ਮਾਰਗ' ਵਰਗੇ ਉੱਚ-ਕੋਟੀ ਦੇ ਅਤੇ ਯੂਰਪ ਅਮਰੀਕਾ ਦੇ ਖੋਜ ਪਰਚਿਆਂ ਵਿਚ ਛਪਦੇ ਰਹਿੰਦੇ ਹਨ। ਇਸ ਖੇਤਰ ਵਿਚ ਇਹਦੇ ਜਿੰਨਾ ਮਿਹਨਤੀ ਤੇ ਲਗਨ ਵਾਲ਼ਾ ਨਿਰਮਾਣ ਵਿਦਵਾਨ ਸਾਰੇ ਪੰਜਾਬ ਵਿਚ ਹੋਰ ਕੋਈ ਨਹੀਂ। -ਸੰਪਾਦਕ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!