ਨਿੱਕੇ-ਨਿੱਕੇ ਹੱਥ – ਮੋਹਨ ਲਾਲ ਫਿਲੌਰੀਆ

Date:

Share post:

ਮੀਟਿੰਗ ਵਿਚ ਮੈਂ ਜਾਣ ਬੁੱਝ ਕੇ ਨਹੀਂ ਸੀ ਗਿਆ। ਭਾਵੇਂ ਕਾਰਡ ਤਾਂ ਕਈ ਦਿਨ ਪਹਿਲਾਂ ਮਿਲ ਗਿਆ ਸੀ। ਪਰ ਅੱਜ ਕੋਈ ਬੁਲਾਉਣ ਵੀ ਤਾਂ ਨਹੀਂ ਸੀ ਆਇਆ। ਇਹੋ ਜਿਹੀਆਂ ਮੀਟਿੰਗਾਂ ਤੋਂ ਮੈਂ ਪਤਾ ਨਹੀਂ ਕਿਉਂ ਕਤਰਾਅ ਜਾਂਦਾ ਹਾਂ।
ਮੀਟਿੰਗ ਤੋਂ ਵਾਪਸੀ ’ਤੇ ਮੇਰਾ ਗੁਆਂਢੀ ਸ਼ਾਮ ਲਾਲ ਚਤਰਥ ਅਤੇ ਉਸ ਦੀ ਪਤਨੀ ਸਿੱਧੇ ਹੀ ਮੈਨੂੰ ਦੇਖ ਕੇ ਸਾਡੇ ਵੱਲ ਹੀ ਆ ਗਏ।
”ਅੱਜ ਤੁਸੀਂ ਮੀਟਿੰਗ ਵਿਚ ਕਿਉਂ ਨਹੀਂ ਆਏ।’’ ਚਤਰਥ ਸਾਹਿਬ ਬਿਨਾਂ ਕਹਿਆਂ ਬੈਠਦੇ ਹੋਏ ਬੋਲੇ।
”ਕਿਹੜੀ ਮੀਟਿੰਗ ’’? ਮੈਂ ਕਿਹਾ।
”ਲਓ, ਮੈਂ ਖ਼ੁਦ ਤਾਂ ਮੀਟਿੰਗ ਦਾ ਕਾਰਡ ਦੇ ਕੇ ਗਿਆ ਸੀ।’’ ਉਹ ਬੋਲਿਆ।
ਮੈਂ ਕੁਝ ਢਿੱਲਾ ਜਿਹਾ ਪੈ ਗਿਆ। ਕਾਰਡ ਆਇਆ ਤਾਂ ਸੀ ਮੀਟਿੰਗ ’ਤੇ ਜਾਣਾ ਚਾਹੀਦਾ ਸੀ। ਮੈਂ ਨਹੀਂ ਗਿਆ। ਬਹਾਨੇ ਸੋਚਣ ਲੱਗਾ। ਐਤਵਾਰ ਸੀ। ਮੁਹੱਲੇ ਦੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੀ। ਮੈਂ ਨਹੀਂ ਸੀ ਗਿਆ। ਸ਼ਾਇਦ ਇਸ ਕਰਕੇ ਕਿ ਮੈਂ ਤਾਂ ਏਥੇ ਕਿਰਾਏਦਾਰ ਹਾਂ। ਬਾਕੀ ਸਭ ਮਾਲਕ ਹਨ। ਪਤਾ ਵੀ ਨਹੀਂ ਕਿਰਾਏਦਾਰ ਵੀ ਹੋਣਗੇ। ਏਜੰਡਾ ਕੀ ਸੀ ਮੀਟਿੰਗ ਦਾ, ਇਹ ਵੀ ਨਹੀਂ ਸੀ ਪਤਾ। ਪਤਾ ਨਹੀਂ ਕੀ ਕਰਦੇ ਕਰਾਉਣਗੇ ਮੀਟਿੰਗ ਕਰਕੇ। ਹਾਂ ਮੁਹੱਲੇ ਵਾਲੇ ਸਭ ਇਕ ਦੂਜੇ ਨੂੰ ਜਾਣਦੇ ਹਨ। ਆਦਮੀ ਵੀ ਔਰਤਾਂ ਵੀ। ਔਰਤਾਂ ਤਾਂ ਕਿੱਟੀ ਖੇਡਦੀਆਂ ਹਨ। ਬੰਦੇ ਵੀ ਕਲੱਬ ਬਣਾਈ ਬੈਠੇ ਹਨ।
”ਬੱਸ ਉਂਜ ਹੀ ਸਵੇਰੇ ਪਹਿਲਾਂ ਮਹਿਮਾਨ ਆ ਗਏ ਤੁਸੀਂ ਵੀ ਨਿਕਲ ਗਏ। ਬੱਸ ਘੌਲ-ਘੌਲ ਵਿਚ ਵਿਸਰ ਹੀ ਗਿਆ।’’ ਮੈਂ ਪਾਣੀ ਦਾ ਗਲਾਸ ਅੱਗੇ ਕਰਦਿਆਂ ਕਿਹਾ।
” ਜਾਣਾ ਚਾਹੀਦਾ। ਮੁਹੱਲੇਦਾਰੀ ਹੈ। ਜਾਣਾ ਆਉਣਾ ਖੁੱਲ੍ਹਦਾ ਹੈ। ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ। ਸਭ ਜਾਣ ਪਛਾਣ ਹੋ ਜਾਂਦੀ ਹੈ। ਸਾਰੇ ਆਏ ਸਨ, ਤੁਹਾਡੇ ਬਾਰੇ ਕਈਆਂ ਨੇ ਪੁੱਛਿਆ। ਪਹਿਲਾ ਪ੍ਰਧਾਨ ਵੀ ਸੀ ਨਵਾਂ ਵੀ.. .. ’’ ਚਤਰਥ ਚੁੱਪ ਕੀਤਾ।
”ਪਰ ਮੈਨੂੰ ਤੇ ਕੋਈ ਜਾਣਦਾ ਨਹੀਂ ਉੱਥੇ। ਮੈਂ ਵੀ ਕਿਸੇ ਨੂੰ ਨਹੀਂ ਜਾਣਦਾ, ਇਕ ਅੱਧ ਵਾਰ ਹੀ ਗਿਆ ਹਾਂ।’’
”ਉਹ ਰਹਿਣ ਦਿਓ ਜੀ, ਇਹ ਭੁਲੇਖਾ ਕੱਢ ਦਿਓ, ਤੁਹਾਨੂੰ ਸਭ ਜਾਣਦੇ ਨੇ। ਤੁਸੀਂ ਕਿੱਥੇ ਕੰਮ ਕਰਦੇ ਹੋ, ਕੀ ਹੋ, ਕਿਹੜਾ ਪਿੰਡ ਹੈ? ਤੁਹਾਡੀ ਤਨਖਾਹ ਕੀ ਹੈ, ਮੈਨੂੰ ਤਾਂ ਪਤਾ ਨਹੀਂ, ਉਹ ਤੁਹਾਡਾ ਸਰਨੇਮ ਟਾਈਟਲ ਵੀ ਜਾਣਦੇ ਹਨ….।’’
”ਚਲੋ ਅਗਲੀ ਵਾਰ ਚੱਲਾਂਗੇ.. . ਇਸ ਵਾਰ ਤਾਂ ਰਹਿ ਗਿਆ।’’ ਚਤਰਥ ਸਾਹਿਬ ਬੋਲੀ ਜਾ ਰਹੇ ਸਨ। ਮੈਂ ਗੱਲ ਖ਼ਤਮ ਕਰਨੀ ਚਾਹੁੰਦਾ ਸੀ।
”ਮੀਟਿੰਗ ਵਿਚ ਖਾਸ ਕੀ ਕੀਤਾ।’’ ਮੈਂ ਪੁੱਛਿਆ।
”ਅੱਜ ਤਾਂ ਜਾਣ-ਪਛਾਣ ਹੀ ਸੀ। ਪਿਛਲੀ ਵਾਰ ਨਵੀਂ ਇਲੈਕਸ਼ਨ ਹੋਈ ਹੈ ਨਾ। ਬੱਸ ਚਾਹ-ਪਾਣੀ ਸੀ, ਲੰਚ ਸੀ। ਹਾਂ ਇਕ ਜਿਹੜਾ ਖਾਸ ਫੈਸਲਾ ਹੋਇਆ ਉਹ ਇਹ ਇਕ ਚੜ੍ਹੇ ਮਹੀਨੇ ਤੋਂ ਸਵੀਪਰ ਨੂੰ ਵੀਹ ਰੁਪਏ ਮਹੀਨਾ ਦੇਣੇ ਨੇ ਤੇ ਚੌਕੀਦਾਰ ਨੂੰ ਪੰਦਰਾਂ ਰੁਪਏ ਮਹੀਨਾ ਦੇਣੇ ਹਨ। ਦੇਖਿਆ ਤੁਹਾਡਾ ਘਰ ਬੈਠਿਆਂ ਦਾ ਦਸ ਰੁਪਏ ਮਹੀਨਾ ਫਾਇਦਾ ਕਰਾ ਦਿੱਤਾ। ਤੁਸੀਂ ਤਾਂ ਬਾਹਰ ਹੀ ਨਹੀਂ ਨਿਕਲਦੇ।’’ ਚਤਰਥ ਸਾਹਿਬ ਥੋੜ੍ਹਾ ਮੁਸਕਰਾਏ।
”ਪਰ ਇਹਨਾਂ ਨੂੰ ਪਹਿਲਾਂ ਕਿੰਨੇ ਦੇਂਦੇ ਸੀ’’?
”ਪਹਿਲਾਂ ਸਵੀਪਰ ਪੱਚੀ ਲੈ ਕੇ ਜਾਂਦਾ ਸੀ ਤੇ ਚੌਕੀਦਾਰ ਵੀਹ।’’
”ਪਰ ਅਕਸਰ ਤਾਂ ਤਨਖਾਹਾਂ ਵਧਦੀਆਂ ਹਨ, ਸਾਡਾ ਤਾਂ ਡੀ.ਏ. ਵਧਿਆ ਹੀ ਰਹਿੰਦਾ ਹੈ ਤੇ ਇਨ੍ਹਾਂ ਦੇ ਪੈਸੇ ਕਿਉਂ ਘਟਾ ਦਿੱਤੇ।’’ ਮੈਂ ਪੁੱਛਿਆ।
”ਇਹ ਨੁਕਤਾ ਉੱਥੇ ਵੀ ਕਿਸੇ ਨੇ ਉਠਾਇਆ ਸੀ। ਬੜੀ ਬਹਿਸ ਹੋਈ ਉੱਥੇ ਵੀ, ਪਰ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਜੇਕਰ ਉਨ੍ਹਾਂ ਨੂੰ ਵੀਹ ਵੀ ਨਾ ਦਿੱਤੇ ਜਾਣ ਤਾਂ ਵੀ ਚੱਲੇਗਾ ਕਿਉਂਕਿ ਇਹ ਕੂੜਾ ਚੁੱਕਣ ਵਾਲੇ ਰੋਜ਼ ਦੀਆਂ ਤੀਹ ਪੈਂਤੀ ਤਾਂ ਖਾਲੀ ਬੋਤਲਾਂ ਹੀ ਲੈ ਜਾਂਦੇ ਹਨ ਇਕੱਠੀਆਂ ਕਰਕੇ। ਇਕ ਬੋਤਲ ਢਾਈ ਰੁਪਏ ਦੀ ਵੀ ਵਿਕੀ ਤਾਂ ਲਾਓ ਅੰਦਾਜ਼ਾ ਸੱਠ-ਸੱਤਰ ਰੁਪਏ ਤਾਂ ਮਾਮੂਲੀ ਗੱਲ ਹੈ।’’
”ਪ੍ਰਧਾਨ ਨੂੰ ਕਹਿਣਾ ਸੀ ਕਿ ਉਹ ਸਵੇਰੇ ਉੱਠ ਕੇ ਬੋਤਲਾਂ ਆਪ ਇਕੱਠੀਆਂ ਕਰ ਲਿਆ ਕਰੇ ਜਾਂ ਲੋਕਾਂ ਨੂੰ ਕਹਿਣ ਕਿ ਉਹ ਪੀਣੀ ਬੰਦ ਕਰ ਦੇਣ ਜਾਂ ਬੋਤਲ ਠੇਕੇ ’ਤੇ ਖਾਲੀ ਵਾਪਸ ਕਰ ਆਇਆ ਕਰਨ ਤੇ ਭਰੀ ਹੋਈ ਲੈ ਆਇਆ ਕਰਨ।’’ ਮੇਰੀ ਗੱਲ ਸੁਣ ਕੇ ਗੱਲ ਹਾਸੇ ਵਿਚ ਪੈ ਗਈ।
”ਪ੍ਰਧਾਨ ਜੀ ਦੀ ਦਲੀਲ ਦੇਖੋ ਉਸ ਨੇ ਇਹ ਵੀ ਕਿਹਾ ਕਿ ਸਵੇਰੇ ਖਾਲੀ ਬੋਤਲਾਂ ਇਕੱਠੀਆਂ ਕਰਨ ਦਾ ਕਿਸੇ ਸਵੀਪਰ ਨੂੰ ਠੇਕਾ ਦੇ ਦਿੱਤਾ ਜਾਵੇ। ਉਹਦਾ ਕਹਿਣਾ ਸੀ ਕਿ ਪਿੰਡਾਂ ਵਿਚ ਪਹਿਲਾਂ ਮਰੇ ਹੋਏ ਪਸ਼ੂ ਚਮਾਰਾਂ ਨੂੰ ਮੁਫਤ ਚੁਕਾਏ ਜਾਂਦੇ ਸਨ। ਹੁਣ ਉਹ ਮਰੇ ਹੋਏ ਪਸ਼ੂ ਮੁਫਤ ਚੁਕਾਉਣ ਦੀ ਪ੍ਰਥਾ ਬੰਦ ਹੋ ਗਈ ਹੈ। ਸਾਡੇ ਪਿੰਡਾਂ ’ਚ ਹੁਣ ਮਰੇ ਹੋਏ ਪਸ਼ੂਆਂ ਦਾ ਠੇਕਾ ਦਿੱਤਾ ਜਾਂਦਾ ਹੈ। ਅਗਰ ਕਿਸੇ ਦੀ ਪੰਦਰਾਂ-ਵੀਹ ਹਜ਼ਾਰ ਦੀ ਮੱਝ ਮਰ ਜਾਂਦੀ ਹੈ ਤਾਂ ਹਜ਼ਾਰ-ਦੋ ਹਜ਼ਾਰ ਦਾ ਚਮੜਾ ਤਾਂ ਛੱਡ ਜਾਂਦੀ ਹੈ। ਇਸ ਕਰਕੇ ਹੁਣ ਚਮੜਾ ਮੁਫਤ ਨਹੀਂ ਚੁਕਾਇਆ ਜਾਂਦਾ। ਜੇ ਅੱਜ ਨਹੀਂ ਤਾਂ ਕੱਲ੍ਹ ਖਾਲੀ ਬੋਤਲਾਂ ਵੀ ਠੇਕੇ ’ਤੇ ਚੁਕਾਉਣ ਦਾ ਧੰਦਾ ਸ਼ੁਰੂ ਹੋ ਜਾਵੇਗਾ।’’ ਚਤਰਥ ਮੁਸਕਰਾਇਆ।
ਮੈਂ ਉਸ ਮੁੰਡੇ ਬਾਰੇ ਸੋਚਦਾ ਹਾਂ। ਉਹ ਗਰੀਬ ਮੁੰਡਾ ਉਮਰ ਚੌਂਦਾਂ-ਪੰਦਰਾਂ ਸਾਲ-ਉਸਦੇ ਨਿੱਕੇ ਨਿੱਕੇ ਹੱਥ। ਉਸ ਮੁੰਡੇ ਨਾਲ ਕਦੀ ਉਸ ਦੇ ਦੋ ਭਰਾ ਹੋਰ ਵੀ ਹੁੰਦੇ ਹਨ। ਉਹਨਾਂ ਦੇ ਵੀ ਨਿੱਕੇ ਨਿੱਕੇ ਹੱਥ। ਉਹ ਮੁੰਡਾ ਸਵੇਰੇ ਉੱਠ ਕੇ ਘੰਟੀ ਲਗਾ ਕੇ ਆਵਾਜ਼ ਮਾਰੇਗਾ ”ਕੂੜਾ’’?
ਬਿਨਾਂ ਆਵਾਜ਼ ਸੁਣੇ ਉਹ ਡਸਟ ਬਿਨ ’ਚੋਂ ਕੂੜਾ ਅਪਣੀ ਬੋਰੀ ਵਿੱਚ ਉਲਟਾਏਗਾ। ”ਹੋਰ ਕੂੜਾ’’ ਉਹ ਸਵਾਲ ਕਰੇਗਾ। ਕੂੜਾ ਕਿੰਨਾ ਵੀ ਗੰਦਾ ਹੋਵੇ ਉਹ ਨੱਕ ਨਹੀਂ ਚੜਾਂਉਂਦਾ। ਪਰ ਸਾਰਾ ਮੁਹੱਲਾ ਉਸ ਮੁੰਡੇ ਨੂੰ ਦੇਖ ਕੇ ਨੱਕ ਚੜ੍ਹਾ ਲੈਂਦਾ ਹੈ। ਉਹ ਸਾਰੇ ਘਰਾਂ ’ਚ ਜਾਵੇਗਾ। ਘੰਟੀ ਮਾਰੇਗਾ ”ਕੂੜਾ’’ ਪੁਕਾਰੇਗਾ। ਕਿਸੇ ਕਿਸੇ ਘਰ ਤੋਂ ਬੇਹੀ ਰੋਟੀ ਬੇਹੀ ਸਬਜ਼ੀ ਨਾਲ ਮਿਲ ਜਾਵੇਗੀ, ਉਹ ਗੇਟ ’ਤੇ ਬੈਠ ਕੇ ਖਾ ਲਵੇਗਾ। ਵਿਚਾਰਾ ”ਛੋਟੂ’’ ਸ਼ਾਇਦ ਉਸ ਦਾ ਇਹੀ ਨਾਂ ਹੈ।
”ਵੈਸੇ ਬੜਾ ਕਠਨ ਕੰਮ ਹੈ ਜੀ ਕੂੜਾ ਚੁੱਕਣਾ ਅਤੇ ਮਰੇ ਹੋਏ ਪਸ਼ੂ ਚੁੱਕਣਾ …।’’ ਮੈਂ ਵਾਪਸ ਪਰਤਿਆ।
”ਤੁਸੀਂ ਤਾਂ ਬਹੁਤ ਹਮਦਰਦੀ ਰੱਖਦੇ ਹੋ ਜੀ ਇਨ੍ਹਾਂ ਨਾਲ ਜਿਵੇਂ ਇਹ ਤੁਹਾਡੇ ਖਾਸ ਹੁੰਦੇ ਹਨ।’’ ਚਤਰਥ ਬੋਲਿਆ।
”ਖਾਸ ਦੀ ਗੱਲ ਨਹੀਂ। ਸਵੇਰੇ ਉੱਠ ਸਾਡੇ ਤੁਹਾਡੇ ਬੱਚੇ ਸਕੂਲ ਜਾਂਦੇ ਹਨ। ਏਹਨਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਦੇਖਿਆ। ਏਥੋਂ ਵਿਹਲੇ ਹੋ ਕੇ ਗੰਦਗੀ ਦੇ ਢੇਰ ਤੋਂ ਕਾਗਜ਼ ਲਫ਼ਾਫੇ ਵਗੈਰਾ ਚੁਗਦੇ ਹਨ, ਕੀ ਲੇਖ ਹਨ ਇਹਨਾਂ ਦੇ। ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਉਮਰਾਂ-ਨਿੱਕੇ ਨਿੱਕੇ ਹੱਥ-ਨਿੱਕੀਆਂ ਨਿੱਕੀਆਂ ਜਾਤਾਂ। ਇਹ ਨਿੱਕੇ ਨਿੱਕੇ ਧੰਦੇ ਅਤੇ ਇਹਨਾਂ ਕੰਮਾਂ ’ਚ ਜਿਹੜਾ ਨਿੱਕਾ ਨਿੱਕਾ ਪੈਸਾ ਸੀ, ਉਸ ਉੱਤੇ ਵੀ ਪ੍ਰਧਾਨ ਦੀ ਅੱਖ ਪਹੁੰਚ ਗਈ ਹੈ।’’
”ਉਹ ਛੱਡੋ ਜੀ ਇਹ ਨਿੱਕੀਆਂ ਨਿੱਕੀਆਂ ਜਾਤਾਂ ਲਈ ਏਨਾ ਭਾਵਕ ਨਹੀਂ ਹੋਈ ਦਾ। ਸਾਡੇ ਇਕ ਕਹਾਵਤ ਹੈ ਕਿ ਜੇਕਰ ਇਹ ਪੇਟ ਭਰ ਖਾਣ ਲੱਗ ਪਏ ਤਾਂ ਫਿਰ ਗੰਦ ਕੌਣ ਚੁੱਕੇਗਾ।’’ ਚਤਰਥ ਬੋਲਿਆ।
ਮੇਰੀ ਹਮਦਰਦੀ ਅਜੇ ਵੀ ਉਸ ਮੁੰਡੇ ਨਾਲ ਹੈ। ਉਸ ਦੀ ਮਾਂ-ਭੈਣ ਤੇ ਪਿਓ ਵੀ ਸਭ ਮਿਲ ਕੇ ਘਰ-ਘਰ ਜਾਂਦੇ ਹਨ ਤੇ ਚੜ੍ਹੇ ਮਹੀਨੇ ਘਰ ਘਰ ਜਾ ਕੇ ‘ਭੀਖ’ ਮੰਗਣ ਦੀ ਤਰ੍ਹਾਂ ਮਿਹਨਤ ਇਕੱਠੀ ਕਰਦੇ ਹਨ। ਕਈ ਘਰਾਂ ’ਚੋਂ ਆਵਾਜ਼ ਆਉਂਦੀ ਹੈ ਅੱਜ ‘ਟੁੱਟੇ’ ਨਹੀਂ ਹਨ। ਕੱਲ੍ਹ ਆਉਣਾ।
”ਅਸੀਂ ਚੰਗੀ ਕਲੌਨੀ ਵਿਚ ਰਹਿੰਦੇ ਹਾਂ ਸਾਨੂੰ ਆਪਣਾ ਦਿਲ ਵੀ ਚੰਗਾ ਰੱਖਣਾ ਚਾਹੀਦਾ ਹੈ। ਗਰੀਬਾਂ ਲਈ ਹਮਦਰਦੀ ਹੋਣੀ ਚਾਹੀਦੀ ਹੈ…।’’ ਮੈਂ ਸੋਚਣ ਲੱਗਾ।
”ਪ੍ਰਧਾਨ ਨੂੰ ਕਈ ਬੰਦਿਆਂ ਨੇ ਕਿਹਾ ਸੀ। ਹੁਣ ਪ੍ਰਧਾਨ ਨੂੰ ਹੀ ਲੈ ਲਓ। ਇਨਕਮ ਟੈਕਸ ਵਾਲੇ ਮਹਿਕਮੇ ਵਿਚ ਹੈ। ਦਾਰੂ ਉਹ ਕਿਹੜਾ ਪੈਸੇ ਖਰਚ ਕੇ ਲਿਆਉਂਦਾ ਹੈ। ਫਰੀ ਪੇਟੀਆਂ ਦੀਆਂ ਪੇਟੀਆਂ ਆਉਂਦੀ ਹੈ ਤੇ ਹੁਣ ਖਾਲੀ ਬੋਤਲਾਂ ਦਾ ਵੀ ਪੈਸਾ ਵੀ ਚਾਹੁੰਦਾ ਹੈ। ਬੱਸ ਹੁਣ ਤਾਂ ਪੈਸਾ ਹੀ ਰਹਿ ਗਿਆ ਜ਼ਿੰਦਗੀ ’ਚ, ਪੈਸਾ-ਕੀ ਕੀਤਾ ਜਾਵੇ…।’’
”ਫਿਰ ਤਾਂ ਹੋਰ ਵੀ ਮਾੜੀ ਗੱਲ ਏ। ਪ੍ਰਧਾਨ ਇਨਕਮ ਟੈਕਸ ਵਿਚ ਹੈ ਬੜੀ ਸੇਵਾ ਕਰਦੇ ਹੋਣਗੇ ਲੋਕ। ਦਾਰੂ ਫਰੀ ਫਿਰ ਤਾਂ ਇਹ ਸਾਰਾ ਕੁਝ ਉਹਨਾਂ ਦੀ ਤਨਖਾਹ ’ਚੋਂ ਕੱਟ ਲੈਣਾ ਚਾਹੀਦਾ ਹੈ। ….।’’
ਉਹ ਜੀ ਤਕੜਿਆਂ ਦਾ ਸੱਤੀ ਵੀਹੀਂ ਸੌ। ਚਲੋ ਛੱਡੋ ਅਪਣਾ ਸਮਾਂ ਕੱਟੋ। ਹੁਣ ਕੀ ਕਰ ਸਕਦੇ ਹਾਂ-ਵੈਸੇ ਮੈਂ ਸਹਿਮਤ ਹਾਂ ਗਰੀਬ ਦੇ ਪੱਚੀਆਂ ਤੋਂ ਤੀਹ ਕਰਨੇ ਬਣਦੇ ਸੀ ਪਰ ਪੱਚੀਆਂ ਤੋਂ ਵੀਹ ਤਾਂ ਨਿਆਂ ਨਹੀਂ ਨਾ ਹੋਇਆ ਪਰ ਗੱਲ ਹੋਰ ਵੀ ਹੈ, ਇਹ ਉਹਨਾਂ ਨੂੰ ਪੁੱਛ ਕੇ ਹੀ ਕੀਤੇ, ਉਹ ਇਸ ਕਰਕੇ ਸਹਿਮਤ ਹੋ ਗਏ ਕਿ ਨਹੀਂ ਤਾਂ ਉਹਨਾਂ ਦੀ ਜਗ੍ਹਾ ਹੋਰ ਬੰਦਾ ਆਉਣ ਲਈ ਤਿਆਰ ਹੈ। ਉਹਨਾਂ ’ਚ ਆਪੂੰ ਵੀ ਤਾਂ ਏਕਤਾ ਇਤਫ਼ਾਕ ਨਹੀਂ…।’’
ਏਨੇ ਨੂੰ ਬਾਹਰ ਤੋਂ ਘੰਟੀ ਵੱਜਦੀ ਹੈ। ਉਹੀ ਛੋਟੂ ਹੈ। ਛੋਟੂ ਤੋਂ ਛੋਟਾ ਬਾਹਰ ਖੜ੍ਹਾ ਹੈ। ”ਕੂੜਾ’’ ਉਸ ਦੀ ਆਵਾਜ਼ ਆਈ। ਡਸਟ ਬਿੰਨ ਵਾਲਾ ਕੂੜਾ ਉਸ ਨੇ ਬੋਰੀ ਵਿਚ ਉਲਟਾ ਲਿਆ ਹੈ। ਉਸ ਦੇ ਸੱਜੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਹੈ। ਲੱਗਦਾ ਹੈ ਉਹ ਡਾਕਟਰ ਕੋਲੋਂ ਹੋ ਕੇ ਆਇਆ ਹੈ।
ਮੈਂ ਪੁੱਛਿਆ ”ਛੋਟੂ ਕਿਆ ਹੂਆ ਹਾਥ ਪਰ’’ –
”ਅੰਕਲ ਵੋਹ ਕੋਨੇ ਵਾਲੇ ਘਰ ਕਾ ਕਚਰਾ ਉਠਾ ਰਹਾ ਥਾ। ਡਸਟ ਬਿਨ ਮੇਂ ਇਕ ਟੁੱਟੀ ਹੋਈ ਬੋਤਲ ਫੈਂਕ ਰੱਖੀ ਥੀ। ਉਸ ਕਾ ਕਾਂਚ ਮੇਰੇ ਹਾਥ ਕੋ ਕਾਟ ਗਿਆ। ਬਹੁਤ ਜ਼ੋਰ ਸੇ ਲੱਗਾ। ਖ਼ੂਨ ਬੰਦ ਹੀ ਨਹੀਂ ਹੋ ਰਿਹਾ। ਡਾਕਟਰ ਨੇ ਪੱਟੀ ਕਰੀ ਹੈ। ਇਕ ਟੀਕਾ ਭੀ ਲਗਾਇਆ। ਪਚਾਸ ਰੁਪਈਆ ਲੈ ਲਿਆ।’’ ਉਸ ਲੜਕੇ ਨੇ ਹਉਕਾ ਭਰਿਆ।
ਮੈਂ ਉਸ ਦੇ ਨਿੱਕੇ ਨਿੱਕੇ ਹੱਥ ਛੂਹ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਇਕ ਹੱਥ ਫੱਟੜ ਹੈ, ਦੂਸਰਾ ਸਲਾਮਤ ਹੈ ਕੂੜਾ ਚੁੱਕਣ ਵਾਸਤੇ । ਮੈਂ ਅਪਣੇ ਹੱਥ ਨਾਲ ਉਸਦਾ ਨਿੱਕਾ ਹੱਥ ਛੂੰਹਦਾ ਹਾਂ। ਪਰ ਡਰਦਾ ਹਾਂ ਕਿ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ।
”ਰੱਦੀ ਅਖਬਾਰ-ਖਾਲੀ ਬੋਤਲਾਂ-ਖਾਲੀ ਡੱਬਾ’’ ਗੇਟ ਸਾਹਮਣੇ ਦੋ ਸਾਈਕਲ ਆ ਕੇ ਰੁਕਦੇ ਹਨ। ਉਹਨਾਂ ਪਿੱਛੇ ਤੱਕੜੀ ਤੇ ਖਾਲੀ ਬੋਰੀਆਂ ਰੱਖੀਆਂ ਹੋਈਆਂ ਹਨ। ਉਹ ਜ਼ੋਰ ਦੀ ਆਵਾਜ਼ਾਂ ਲਾ ਰਹੇ ਹਨ। ਇਕ ਸਤਾਰਾਂ-ਅਠਾਰਾਂ ਸਾਲ ਦਾ ਮੁੰਡਾ ਹੈ ਇਕ ਸਿਆਣੀ ਉਮਰ ਦਾ ਪੰਜਾਹ ਦੇ ਆਸ-ਪਾਸ ਆਦਮੀ। ਛੋਟੇ ਮੁੰਡੇ ਦੇ ਹੱਥ ’ਤੇ ਪੱਟੀ ਬੰਨ੍ਹ ਰੱਖੀ ਹੈ, ਉਸ ਦੇ ਨਿੱਕੇ ਨਿੱਕੇ ਹੱਥ ਹਨ, ਇਕ ਨਿੱਕਾ ਹੱਥ ਫੱਟੜ ਹੈ। ਪੁੱਛਿਆ ਹੱਥ ’ਤੇ ਕੀ ਹੋਇਆ। ਲੜਕਾ ਚੁੱਪ ਰਿਹਾ।
”ਕੀ ਬਤਾਏਂ ਬਾਬੂ ਜੀ ਸ਼ਰਮ ਆਤੀ ਹੈ। ਖ਼ਾਲੀ ਬੋਤਲਾਂ ਖਰੀਦ ਕੇ ਲਿਆਇਆ। ਸਾਰੀਆਂ ਬੋਤਲਾਂ ’ਚ ਇਕ ਇਕ ਬੂੰਦ ਸ਼ਰਾਬ ਬਚੀ ਹੋਈ ਸੀ। ਇਹ ਬੇਵਕੂਫ ਬੋਤਲ ਖੋਲ੍ਹ ਕੇ ਖੱਬੇ ਹੱਥ ’ਤੇ ਸ਼ਰਾਬ ਦੀਆਂ ਬਚੀਆਂ ਬੂੰਦਾਂ ਪਾ ਕੇ ਚੱਟਣ ਲੱਗ ਪਿਆ। ਪੰਜ-ਸੱਤ ਬੂੰਦਾਂ ਪੰਜ-ਸੱਤ ਬੋਤਲਾਂ ਵਿਚੋਂ ਨਿਕਲੀਆਂ। ਚੱਟਦਾ ਰਿਹਾ। ਖਾਲੀ ਬੋਤਲਾਂ ’ਚ ਇਕ ਬੋਤਲ ਤੇਜ਼ਾਬ ਵਾਲੀ ਬੋਤਲ ਸੀ। ਉਹ ਤੇਜ਼ਾਬ ਦੀਆਂ ਬੂੰਦਾਂ ਹੱਥ ’ਤੇ ਪਾਈਆਂ ਹੱਥ ਸੜ ਗਿਆ, ਕਾਫੀ ਡੂੰਘਾ ਜ਼ਖ਼ਮ ਹੋ ਗਿਆ, ਇਹ ਤਾਂ ਬਚਾਅ ਹੋ ਗਿਆ ਤੇਜ਼ਾਬ ਜੀਭ ਨਾਲ ਨਹੀਂ ਚੱਟ ਲਿਆ ਨਹੀਂ ਤਾਂ ਜੀਭ ਵੀ ਕੱਟੀ ਜਾਂਦੀ…।’’ ਲੜਕੇ ਦਾ ਬਾਪ ਬੋਲਿਆ।
”ਹੈ ਕੋਈ ਖਾਲੀ ਬੋਤਲ-ਰੱਦੀ।’’ ਉਹ ਫਿਰ ਬੋਲਿਆ।
”ਨਹੀਂ ਯਾਰ…।’’ ਮੈਂ ਉਸ ਲੜਕੇ ਦੇ ਸੜੇ ਹੋਏ ਹੱਥ ਵੱਲਾਂ ਦੇਖ ਰਿਹਾ ਸੀ। ਸਾਹਮਣੇ ਵੱਲ ਸ਼ਰਮਾ ਜੀ ਨੇ ਕਾਫੀ ਵਧੀਆ ਪਾਰਕ ਸੰਭਾਲ ਰੱਖਿਆ ਹੈ। ਮਾਲੀ ਬੂਟਿਆਂ ਦੀ ਗੋਡੀ ਕਰ ਰਿਹਾ ਹੈ। ਉਸ ਦਾ ਧਿਆਨ ਸਾਡੇ ਵੱਲ ਹੈ। ਖ਼ੁਰਪਾ ਗੋਡੀ ਵੱਲ ਚੱਲ ਰਿਹਾ ਹੈ। ਉਸ ਦੀ ਉਂਗਲ ਕੱਟੀ ਗਈ ਹੈ। ਹੱਥ ਚੋਂ ਖੂਨ ਵਗਣ ਲੱਗਾ।
”ਬਾਬੂ ਜੀ ਉਂਗਲ ’ਤੇ ਖੁਰਪਾ ਲੱਗ ਗਿਆ ਕੋਈ ਡਿਟੋਲ ਹੋਏਗੀ…।’’ ਮਾਲੀ ਚੀਕਿਆ।
ਡਿਟੋਲ ਘਰ ਵਿਚ ਨਹੀਂ ਹੈ। ਮਾਲੀ ਨੇ ਅਪਣੀ ਕੱਟੀ ਹੋਈ ਉਂਗਲ ਪਾਣੀ ਵਿਚ ਭਿਉਂ ਦਿੱਤੀ ਹੈ। ਉਹ ਖ਼ੂਨ ਬੰਦ ਕਰਨ ਲਈ ਕਦੀ ਹੱਥ ਨੂੰ ਤੇ ਕਦੀ ਉਂਗਲ ਨੂੰ ਘੁੱਟਦਾ ਹੈ।
”ਇਹ ਕੀ ਹੋ ਰਿਹਾ ਹੈ ਪਹਿਲਾਂ ਹੁਣੇ ਹੀ ਸਾਹਮਣੇ ਵਾਲਾ ਧੋਬੀ ਫਿਰਦਾ ਗਿਆ, ਉਸ ਦੇ ਵੀ ਗਰਮ-ਗਰਮ ਪਰੈਸ ਲੱਗ ਗਈ, ਉਹ ਵੀ ਹੱਥ ਬੰਨ੍ਹੀ ਫਿਰ ਰਿਹਾ ਸੀ।’’ ਗੁਆਂਢਣ ਜਿਹੜੀ ਪਹਿਲਾਂ ਚਲੀ ਗਈ ਸੀ ਫਿਰ ਆਈ ਹੈ।
”ਬਚੋ ਬਚੋ ਖ਼ੂਨੀ ਪੰਜੇ ਤੋਂ ਬਚੋ। ਇਹ ਪੰਜਾ ਬੜਾ ਜ਼ਾਲਮ ਹੈ। ਵੋਟ ਬਸ ਤੱਕੜੀ ਨੂੰ ਹੀ ਪਾਉਣਾ। ਬਚੋ ਬਚੋ ਖ਼ੂਨੀ ਪੰਜੇ ਤੋਂ ਬਚੋ। ਵੋਟਾਂ ਵਾਲੇ ਸਪੀਕਰ ’ਤੇ ਬਾਹਰ ਵੋਟਾਂ ਲਈ ਪ੍ਰਚਾਰ ਕਰ ਰਹੇ ਹਨ। ਇਕ ਸਪੀਕਰ ਚਲਾ ਗਿਆ ਹੈ। ਦੂਸਰਾ ਆ ਗਿਆ ਹੈ, ਯਾਦ ਰੱਖੋ ਹੱਥ-ਹੱਥ-ਹੱਥ ਇਹ ਗ਼ਰੀਬ ਦਾ ਹੱਥ-ਮਜ਼ਦੂਰ ਦਾ ਹੱਥ-ਕਿਸਾਨ ਦਾ ਹੱਥ। ਇਹ ਤੁਹਾਡਾ ਹੱਥ-ਇਹ ਸਾਡਾ। ਹੱਥ ਹੱਥ ਹੀ ਹੱਥ-ਨਿੱਕੇ ਨਿੱਕੇ ਹੱਥ…।’’
ਗੁਆਂਢਣ ਖੜ੍ਹੀ ਉਸ ਆ ਰਹੇ ਛੋਟੂ ਨੂੰ ਤੱਕ ਰਹੀ ਹੈ। ਅੰਦਰ ਆ ਕੇ ਭੈਣ ਜੀ ਨੂੰ ਖੋਜ ਰਹੀ ਹੈ।
“‘ਭੈਣ ਜੀ ਉਹ ਛੋਟੂ ਆ ਰਿਹਾ ਹੈ, ਵੀਹ ਰੁਪਏ ਹੀ ਦੇਣਾ ਨਹੀਂ ਤਾਂ ਪ੍ਰਧਾਨ ਗੁੱਸੇ ਹੋ ਜਾਵੇਗਾ। ਇਹ ਫੈਸਲਾ ਕਮੇਟੀ ਵਾਲਿਆਂ ਦਾ ਹੈ।’’ ਗੁਆਂਢਣ ਫੁਰਮਾਨ ਕਰ ਰਹੀ ਹੈ।
ਮੈਂ ਅਪਣੀ ਪਤਨੀ ਦੇ ਕੰਨ ਵਿਚ ਕਹਿੰਦਾ ਹਾਂ, ”ਕੋਈ ਫਰਕ ਨਹੀਂ ਪੈਂਦਾ ਪੰਜ-ਸੱਤ ਰੁਪਈਆਂ ਨਾਲ। ਦੇ ਦੇਣਾ ਉਸ ਛੋਟੂ ਨੂੰ ਪੱਚੀ ਹੀ…।’’
”ਤੁਸੀਂ ਚਾਰ ਦਿਨ ਏਥੇ ਕੱਟਣੇ ਕਿ ਨਹੀਂ ਆਹ ਅਗਲ ਬਗਲ ਵਾਲੇ ਕੀ ਕਹਿਣਗੇ ਜੇਕਰ ਏਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਏਹਨਾਂ ਦੀ ਬਰਾਦਰੀ ਦੇ ਹੋ ਤੇ ਇਹਨਾਂ ਦੀ ਮਦਦ ਕਰਦੇ ਹੋ, ਸਾਨੂੰ ਏਥੇ ਕੋਈ ਨਹੀਂ ਰਹਿਣ ਦੇਵੇਗਾ। ਤੁਸੀਂ ਤਾਂ ਸਾਰਾ ਦਿਨ ਦਫਤਰ ਕੱਟ ਲੈਣਾ, ਸਾਡਾ ਕਦੀ ਸੋਚਿਆ। ਦੂਸਰਾ ਮੁਹੱਲੇ ਵਾਲੇ ਇਹ ਵੀ ਸੋਚਣਗੇ ਕਿ ਇਹਨਾਂ ਕੋਲ ਪਤਾ ਨਹੀਂ ਕਿਥੋਂ ਪੈਸਾ ਫਾਲਤੂ ਆ ਰਿਹਾ।’’ ਇਹ ਆਵਾਜ਼ ਮੇਰੇ ਘਰ ਤੋਂ ਹੀ ਸੀ।
ਸਾਹਮਣੇ ਤੋਂ ਕੂੜਾ ਚੁੱਕਣ ਵਾਲਾ ”ਛੋਟੂ’’ ਆਇਆ ਹੈ। ਉਹ ਵੀਹ ਰੁਪਏ ਫੜ ਕੇ ਚਲਾ ਗਿਆ ਹੈ। ਪਹਿਲਾਂ ਪੱਚੀ ਲੈ ਕੇ ਜਾਂਦਾ ਸੀ। ਇਕ ਦਰਦ ਜਿਹਾ ਉੱਠਦਾ ਹੈ-

ਮੋਹਨ ਲਾਲ ਫਿਲੌਰੀਆ
ਮੋਹਨ ਲਾਲ ਫਿਲੌਰੀਆ ਪੰਜਾਬੀ ਦੇ ਚਰਚਿਤ ਕਹਾਣੀਕਾਰ ਹਨ। ਇਨ੍ਹਾਂ ਦੀਆਂ ਕਹਾਣੀਆਂ ਤੰਗੀਆਂ-ਤੁਰਸੀਆਂ ਭਰਿਆ ਜੀਵਨ ਹੰਡਾਉਣ ਲਈ ਮਜ਼ਬੂਰ ਲੋਕਾਂ ਦੇ ਆਰ-ਪਾਰ ਦੇਖਣ ਲਾਉਂਦੀਆਂ ਹਨ। ਦਲਿਤ ਚੇਤਨਾ ਨੂੰ ਇਕ ਵੱਖਰੇ ਦ੍ਰਿਸ਼ਟੀਕੌਣ ਨਾਲ ਦੇਖਣ ਦਾ ਕਲਾਮਈ ਅੰਦਾਜ਼ ਇਨ੍ਹਾਂ ਕੋਲ ਖੂਬ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!