ਨਿੱਕਾ ਮੋਟਾ ਬਾਜਰਾ – ਕਹਾਣੀਆਂ

Date:

Share post:

ਗਾਨੀ ਵਾਲਾ ਤੋਤਾ

ਕਈ ਸਾਲ ਹੋਏ ਮੈਨੂੰ ਤਾਪ ਚੜ੍ਹ ਗਿਆ। ਹਲਕਾ ਹਲਕਾ ਬੁਖ਼ਾਰ ਰਹਿੰਦਾ-ਵਿਚ ਵਿਚ ਉਤਰ ਜਾਂਦਾ, ਫਿਰ ਚੜ੍ਹ ਜਾਂਦਾ। ਦਿਨ-ਬ-ਦਿਨ ਮੇਰੀ ਸਿਹਤ ਡਿੱਗਦੀ ਜਾ ਰਹੀ ਸੀ। ਚਿਹਰੇ ਦਾ ਰੰਗ ਉੱਡ ਗਿਆ ਸੀ, ਭਾਰ ਘਟ ਰਿਹਾ ਸੀ। ਡਾਕਟਰਾਂ ਨੇ ਕਈ ਟੈਸਟ ਕਰਵਾਏ, ਕੁਝ ਪਤਾ ਨਹੀਂ ਲੱਗਿਆ। ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ, ਪਰ ਕਿਸੇ ਨਾਲ ਕੋਈ ਫ਼ਰਕ ਨਹੀਂ ਪਿਆ। ਕੋਈ ਕੋਈ ਡਾਕਟਰ ਤਾਂ ਇਹ ਵੀ ਆਖ ਦਿੰਦਾ ਕਿ ਬਹੁਤੀਆਂ ਦਵਾਈਆਂ ਖਾਣ ਕਰਕੇ ਹੀ ਬੁਖ਼ਾਰ ਨਹੀਂ ਉਤਰ ਰਿਹਾ।

ਘਰ ਦੇ ਸਹਿਮ ਜਿਹੇ ਗਏ ਸੀ, ਪਰ ਮੇਰੇ ਸਾਹਮਣੇ ਕੁਝ ਨਾ ਕਹਿੰਦੇ। ਖੁਦ ਮੇਰੇ ਆਪਣੇ ਮਨ `ਚ ਵੀ ਕਈ ਤਰ੍ਹਾਂ ਦੇ ਖਿ਼ਆਲ ਆਉਂਦੇ ਜਾਂਦੇ ਰਹਿੰਦੇ। ਮਿੱਤਰ, ਰਿਸ਼ਤੇਦਾਰ ਖ਼ਬਰ ਨੂੰ ਆਉਂਦੇ ਤਾਂ ਸਲਾਹਾਂ ਦਿੰਦੇ। ਕੋਈ ਕਹਿੰਦਾ 'ਹੋਮੋਪੈਥੀ ਲਉ ਜੀ`` ਤੇ ਕੋਈ ਕਿਸੇ ਵੈਦ-ਹਕੀਮ ਦੀ ਦੱਸ ਪਾਉਂਦਾ। ਪਿੰਡੋਂ ਮਾਮਾ ਜੀ ਆਏ ਤਾਂ ਬੀਜੀ ਨੂੰ ਕਹਿਣ ਲੱਗੇ, ''ਕਸਰ ਐ, ਭੈਣੇ।`` ਇਕ ਸਿਆਣੇ ਨੂੰ ਤਾਂ ਘਰ ਹੀ ਬੁਲਾ ਲਿਆਏ।
ਇਉਂ ਹੀ ਦਿਨ ਲੰਘ ਰਹੇ ਸੀ। ਸਿਆਲ ਦੇ ਦਿਨ ਸਨ। ਧੁੱਪ ਨਿਕਲਦੀ ਤਾਂ ਮੈਂ ਕੋਠੀ ਦੇ ਪਿਛਲੇ ਲਾਅਨ ਵਿਚ ਮੰਜੀ ਡਹਾ ਲੈਂਦਾ। ਉੱਥੇ ਚੁੱਪ-ਚਾਪ ਪਿਆ ਰਹਿੰਦਾ। ਕੁਝ ਇਸ ਤਰ੍ਹਾਂ ਦਾ ਮਨ ਹੋ ਗਿਆ ਸੀ ਕਿ ਅਖ਼ਬਾਰ ਵੇਖਣ ਨੂੰ ਵੀ ਚਿੱਤ ਨਾ ਕਰਦਾ। ਬਸ ਅਸਮਾਨ ਵੱਲ ਝਾਕਦਾ ਰਹਿੰਦਾ, ਜ਼ਿੰਦਗੀ ਤੇ ਮੌਤ ਬਾਰੇ ਸੋਚਦਾ ਰਹਿੰਦਾ।

ਲਾਅਨ ਵਿਚ ਕਈ ਕਿਸਮ ਦੇ ਬੂਟੇ ਲੱਗੇ ਹੋਏ ਸੀ-ਨਾਖ, ਆੜੂ ਤੇ ਅੰਜੀਰ ਦਾ ਇਕ ਇਕ ਤੇ ਛੋਟੇ ਕਦ ਵਾਲੇ ਅੰਬ ਤੇ ਅਮਰੂਦ ਦੇ ਦੋ ਦੋ। ਮੈਂ ਨੋਟ ਕੀਤਾ ਕਿ ਮੇਰੇ ਸਾਹਮਣੇ ਵਾਲੇ ਅਮਰੂਦ `ਤੇ ਇਕ ਗਾਨੀ ਵਾਲਾ ਰਾ ਤੋਤਾ ਆ ਕੇ ਬੈਠ ਜਾਂਦਾ ਸੀ। ਅਮਰੂਦ ਟੁਕਦਾ ਵੀ ਮੇਰੇ ਕੰਨੀਂ ਝਾਕਦਾ ਰਹਿੰਦਾ। ਵਿਚ ਵਿਚ ਗੁੱਰੌਣ ਜਿਹਾ ਲੱਗ ਜਾਂਦਾ ਜਿਵੇਂ ਕੋਈ ਗੱਲ ਕਰ ਰਿਹਾ ਹੋਵੇ, ਮੈਨੂੰ ਕੁਝ ਆਖ ਰਿਹਾ ਹੋਵੇ। 

ਇਹ ਤਾਂ ਜਿਵੇਂ ਰੋਜ਼ ਦੀ ਗੱਲ ਹੋ ਗਈ। ਠੀਕ ਉਸੇ ਟਾਈਮ ਤੋਤਾ ਆ ਜਾਂਦਾ, ਅਮਰੂਦ ਟੁਕਦਾ ਮੇਰੇ ਕੰਨੀਂ ਝਾਕਦਾ ਰਹਿੰਦਾ, ਕੁਝ ਬੋਲਦਾ ਤੇ ਉੱਡ ਜਾਂਦਾ। ਹੁਣ ਤਾਂ ਅਸੀਂ ਦੋਵੇਂ ਗੱਲਾਂ ਵੀ ਕਰਨ ਲੱਗ ਪਏ ਸੀ! ਜਦੋਂ ਉਹ ਬੋਲਦਾ ਤਾਂ ਮੈਂ ਅੱਗੋਂ ਉਹਨੂੰ ਕਹਿੰਦਾ ''ਮੈਨੂੰ ਬੁਖ਼ਾਰ ਐ ਨਾ ਬਾਈ, ਤਾਂ ਹੀ ਤਾਂ ਏਥੇ ਪਿਆ ਰਹਿਨਾ।`` ਕਦੇ ਮੈਂ ਆਖ ਦਿੰਦਾ ''ਤੂੰ ਫਿ਼ਕਰ ਨਾ ਕਰ ਮਿੱਠੂ, ਮੈਂ ਠੀਕ ਹੋਜੂੰ।`` ਤੋਤਾ ਜਿਵੇਂ ਬੜੇ ਧਿਆਨ ਨਾਲ ਸੁਣਦਾ, ਕੁਝ ਬੋਲਦਾ ਵੀ, ਤੇ ਉੱਡ ਜਾਂਦਾ।

ਤੇ ਇਕ ਦਿਨ... ਉਹ ਆਇਆ ਤੇ ਇਕ ਟਾਹਣੀ `ਤੇ ਆ ਕੇ ਬੈਠ ਗਿਆ। ਉਹਨੇ ਅਮਰੂਦ ਨਹੀਂ ਖਾਧਾ, ਕੋਈ ਆਵਾਜ਼ ਨਹੀਂ ਦਿੱਤੀ-ਬਸ ਬੈਠਾ ਮੈਨੂੰ ਦੇਖਦਾ ਰਿਹਾ। ਮੈਂ ਗਹੁ ਨਾਲ ਦੇਖਿਆ, ਲੱਗਿਆ ਜਿਵੇਂ ਉਹ ਠੀਕ ਨਹੀਂ ਸੀ, ਕੁਝ ਡੋਲ ਜਿਹਾ ਰਿਹਾ ਸੀ। ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਜਾਂ ਕਰਦਾ, ਉਹ ਭੁਆਂਟਣੀ ਜਿਹੀ ਖਾ ਕੇ ਹੇਠਾਂ ਡਿੱਗ ਪਿਆ। ਮੈਂ ਛੇਤੀ ਨਾਲ ਉੱਠ ਕੇ ਉਹਨੂੰ ਚੁੱਕ ਲਿਆ। ਹੋਰ ਤਾਂ ਕੁਝ ਸੁੱਝਾ ਨਹੀਂ ਬੱਸ ਉਹਦੇ ਮੂੰਹ `ਚ ਥੋੜ੍ਹਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ। ਉਹਦੀਆਂ ਅੱਖਾਂ ਮਿਚ ਰਹੀਆਂ ਸੀ ਤੇ ਗਰਦਨ ਇਕ ਪਾਸੇ ਲੁੜਕ ਰਹੀ ਸੀ। ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ। ਮੈਂ ਰੋਣ ਹਾਕਾ ਹੋ ਕੇ ਉੱਚੀ ਦੇਣੇ ਉਹਨੂੰ ਹਾਕ ਮਾਰੀ। ਉਹਨੇ ਇਕ ਵਾਰੀ ਥੋੜ੍ਹੀ ਜਿਹੀ ਅੱਖ ਖੋਲ੍ਹੀ, ਤੇ ਫਿਰ ਇਕ ਪਾਸੇ ਗਰਦਨ ਸਿੱਟ ਦਿੱਤੀ।

ਉਹ ਮੇਰੇ ਬੁਖ਼ਾਰ ਦਾ ਆਖਰੀ ਦਿਨ ਸੀ-ਉਸ ਦਿਨ ਤੋਂ ਬਾਅਦ ਮੈਨੂੰ ਬੁਖ਼ਾਰ ਨਹੀਂ ਹੋਇਆ...

ਅਚਾਨਕ

ਉਸ ਸ਼ਹਿਰ ਆਇਆਂ ਮੈਨੂੰ ਕਈ ਮਹੀਨੇ ਹੋ ਗਏ ਸੀ। ਸਵੇਰੇ ਸਦੇਹਾਂ ਕੰਮ `ਤੇ ਨਿਕਲ ਜਾਂਦਾ, ਆਥਣੇ ਥੱਕਿਆ ਜਿਹਾ ਘਰ ਮੁੜਦਾ। ਨਵੀਂ ਨਵੀਂ ਨੌਕਰੀ ਮਿਲੀ ਸੀ, ਸੋ ਕੁਝ ਚਾਓ ਵੀ ਸੀ, ਕੁਝ ਫਿ਼ਕਰ ਵੀ। ਇਕ ਚੰਗੀ ਜਿਹੀ ਲੋਕੈਲਿਟੀ ਵਿਚ ਮੈਂ ਇਕ ਕਮਰੇ ਵਾਲਾ ਸੈੱਟ ਕਿਰਾਏ `ਤੇ ਲਿਆ ਹੋਇਆ ਸੀ। ਦੂਸਰੀ ਮੰਜ਼ਿਲ `ਤੇ ਕਾਫੀ ਵੱਡਾ ਕਮਰਾ ਸੀ। ਨਾਲ ਰਸੋਈ ਸੀ, ਬਾਥਰੂਮ ਸੀ, ਖੁੱਲ੍ਹਾ ਵਿਹੜਾ ਸੀ।

ਆਥਣੇ ਵਾਪਸ ਆਉਂਦਾ ਤਾਂ ਕੱਪੜੇ ਬਦਲ ਕੇ ਚੁੱਪ-ਚਾਪ ਪੈ ਜਾਂਦਾ। ਕਦੇ ਕਦੇ ਪਏ ਨੂੰ ਨੀਂਦ ਵੀ ਆ ਜਾਂਦੀ। ਉੱਠਦਾ ਤਾਂ ਰਾਤ ਦੀ ਰੋਟੀ ਦਾ ਰੇੜਕਾ ਸਾਹਮਣੇ ਖੜ੍ਹਾ ਹੁੰਦਾ। ਜੀ ਕਰਦਾ ਤਾਂ ਡਿਨਰ ਲਈ ਕੋਈ ਆਪ ਹੀ ਅਹੁੜ-ਪਹੁੜ ਕਰ ਲੈਂਦਾ, ਨਹੀਂ ਬਾਹਰ ਖਾਣ ਚਲਿਆ ਜਾਂਦਾ। ਐਤਵਾਰ ਜਾਂ ਛੁੱਟੀ ਵਾਲੇ ਦਿਨ ਇਕ ਮਾਈ ਆ ਕੇ ਘਰ ਦੀ ਸਫਾਈ ਕਰ ਜਾਂਦੀ, ਮੇਰੇ ਕੱਪੜੇ ਧੋ ਦਿੰਦੀ। ਉਹ ਕੰਮ ਕਰਦੀ ਤੇ ਮੈਂ ਬਾਹਰ ਵਿਹੜੇ ਵਿਚ ਬੈਠਾ ਕੋਈ ਕਿਤਾਬ ਪੜ੍ਹਦਾ ਰਹਿੰਦਾ। ਪੜ੍ਹਨ ਦਾ ਸ਼ੌਕ ਸੀ ਮੈਨੂੰ।

ਪਰ ਕਦੇ ਕਦੇ ਮਨ ਉਦਾਸ ਹੋ ਜਾਂਦਾ। ਨੌਕਰੀ ਤੋਂ ਕੋਫ਼ਤ ਜਿਹੀ ਹੋਣ ਲੱਗਦੀ। ਸੋਚਦਾ, ਮੇਰੀ ਜ਼ਿੰਦਗੀ ਇਸ ਤਰ੍ਹਾਂ ਬੀਤੂਗੀ ਕੀ? ਪਰ ਦੂਸਰਾ ਚਾਰਾ ਵੀ ਤਾਂ ਕੋਈ ਨਜ਼ਰ ਨਹੀਂ ਸੀ ਆਉਂਦਾ। ਵਿਆਹ ਦਾ ਖਿ਼ਆਲ ਵੀ ਕਦੇ ਕਦੇ ਮਨ `ਚੋਂ ਲੰਘਦਾ, ਪਰ ਵਿਆਹ ਤੋਂ ਜਾਣੀ ਮੈਨੂੰ ਭੈਅ ਆਉਂਦਾ ਸੀ। ਉਹ ਮਿੱਤਰ ਯਾਦ ਆਉਂਦੇ, ਜਿਹੜੇ ਵਿਆਹ ਕਰਾ ਕੇ ਰੁਲ ਗਏ ਸੀ, ਡੌਰ--ਭੌਰ ਜਿਹੇ ਹੋਏ ਫਿਰਦੇ ਸੀ।
ਇਸ ਤਰ੍ਹਾਂ ਹੀ ਆਸ-ਨਿਰਾਸ਼ ਵਿਚ ਦਿਨ ਲੰਘ ਰਹੇ ਸੀ ਕਿ ਇਕ ਦਿਨ....

ਮੇਰੇ ਕਮਰੇ ਦੇ ਉੱਤਰ ਵਾਲੇ ਪਾਸੇ ਦੀ ਕੰਧ ਵਿਚ ਦੋ ਤਾਕੀਆਂ ਸੀ। ਘਰ ਵਾਲਿਆਂ ਨੇ ਦੋਹਾਂ ਉੱਤੇ ਮੋਟੇ ਮੋਟੇ ਪੜਦੇ ਟੰਗ ਰੱਖੇ ਸੀ। ਇਕ-ਅੱਧ ਵਾਰ ਨੂੰ ਛੱਡ ਕੇ ਸ਼ਾਇਦ ਹੀ ਮੈਂ ਕਦੇ ਪੜਦੇ ਹਟਾਏ ਹੋਣ ਜਾਂ ਕੋਈ ਤਾਕੀ ਖੋਲ੍ਹੀ ਹੋਵੇ। ਉਸ ਦਿਨ ਸੀ ਤਾਂ ਜੁਮਾ, ਪਰ ਚੇਤਾ ਨਹੀਂ ਕਿਉਂ ਮੈਂ ਘਰੇ ਜਲਦੀ ਮੁੜ ਆਇਆ ਸੀ। ਕੱਤੇ ਦਾ ਮਹੀਨਾ ਸੀ। ਠੰਡ ਭਾਵੇਂ ਅਜੇ ਨਹੀਂ ਸੀ ਉਤਰੀ, ਪਰ ਬਹੁਤੀ ਗਰਮੀ ਵੀ ਹੁਣ ਨਹੀਂ ਸੀ ਰਹੀ। ਘਰੇ ਆ ਕੇ ਕੁਝ ਦੇਰ ਮੈਂ ਵਿਹੜੇ `ਚ ਬੈਠਾ ਅਖਬਾਰ ਪੜ੍ਹਦਾ ਰਿਹਾ। ਫਿਰ ਪਤਾ ਨਹੀਂ ਕਦੋਂ ਉੱਠ ਕੇ ਮੈਂ ਕਮਰੇ `ਚ ਆਇਆ ਤੇ ਕਦੋਂ ਅਚਨਚੇਤ ਪੜਦਾ ਹਟਾ ਕੇ ਤਾਕੀ ਖੋਲ੍ਹ ਦਿੱਤੀ। ਸਾਹਮਣੇ ਵਾਲੀ ਕੋਠੀ ਦੀ ਉਪਰਲੀ ਤਾਕੀ ਵਿਚ ਇਕ ਔਰਤ ਖੜ੍ਹੀ ਸੀ....

ਇਕ ਤਸਵੀਰ ਜਿਹੀ ਬਣੀ ਉਹ ਕਿਧਰੇ ਦੂਰ ਦੇਖ ਰਹੀ ਸੀ-ਡੁੱਬਦੇ ਸੂਰਜ ਨੂੰ ਜਾਂ ਸ਼ਾਇਦ ਉਸ ਤੋਂ ਵੀ ਪਾਰ। ਮੈਂ ਬੌਰਿਆਂ ਵਾਂਗ ਉਹਨੂੰ ਨਿਹਾਰਦਾ ਰਿਹਾ, ਨਿਹਾਰਦਾ ਗਿਆ। ਅਚਾਨਕ ਉਹਦੀ ਜਿਵੇਂ ਬਿਰਤੀ ਟੁੱਟੀ। ਉਹਨੇ ਗਰਦਨ ਘੁਮਾ ਕੇ ਉੱਧਰ ਦੇਖਿਆ ਜਿੱਧਰ ਮੈਂ ਖੜ੍ਹਾ ਸੀ। ਬਿੰਦ ਦੇ ਬਿੰਦ ਸਾਡੀਆਂ ਨਜ਼ਰਾਂ ਮਿਲੀਆਂ। ਲੱਗਿਆ ਮੈਨੂੰ ਇਉਂ ਖੜ੍ਹਾ ਦੇਖ ਉਹ ਥੋੜ੍ਹਾ ਝੇਪ ਜਿਹੀ ਗਈ। ਉਹ ਮੁੜ ਉੱਧਰ ਝਾਕਣ ਲੱਗ ਗਈ, ਜਿੱਧਰ ਪਹਿਲਾਂ ਝਾਕ ਰਹੀ ਸੀ ਤੇ ਫਿਰ ਉਹ ਤਾਕੀ `ਚੋਂ ਹਟ ਗਈ। ਤਾਕੀ ਅੱਗੇ ਨਾਇਲਨ ਦਾ ਚਿੱਟਾ ਪੜਦਾ ਕਰ ਦਿੱਤਾ। ਮੈਂ ਕਮਲਿਆਂ ਵਾਂਗ ਉਵੇਂ ਹੀ ਖੜ੍ਹਾ ਰਿਹਾ, ਉਵੇਂ ਹੀ ਝਾਕਦਾ ਰਿਹਾ, ਜਿਵੇਂ ਕੀਲਿਆ ਗਿਆ ਹੋਵਾਂ।

ਥੋੜ੍ਹੀ ਦੇਰ ਬਾਅਦ ਉਸ ਕਮਰੇ ਦੀ, ਜਿੱਥੇ ਉਹ ਖੜ੍ਹੀ ਸੀ, ਬੱਤੀ ਜਗੀ। ਦੇਖਿਆ ਇਕ ਪਰਛਾਈਂ ਜਿਹੀ ਨਾਇਲਨ ਦੇ ਚਿੱਟੇ ਪੜ੍ਹਦੇ ਪਿੱਛੇ ਆ ਕੇ ਖੜ੍ਹ ਗਈ। ਮੇਰੇ ਮਨ ਨੇ ਕਿਹਾ, ਉਹੋ ਹੀ ਐ। ਸੋਚਿਆ ਦੇਖਣ ਆਈ ਹੋਊ ਕਿ ਬੰਦਾ ਉੱਥੇ ਹੀ ਖੜ੍ਹੈ ਜਾਂ ਚਲਿਆ ਗਿਆ। ਪਰ ਉਹ ਪੜਦੇ ਪਿੱਛੋਂ ਇਕਦਮ ਨਹੀਂ ਹਟੀ, ਕੁਝ ਦੇਰ ਖੜ੍ਹੀ ਰਹੀ। ਮੈਂ ਵੀ ਜਿਵੇਂ ਟਕਟਕੀ ਲਾ ਉੱਧਰ ਹੀ ਝਾਕਦਾ ਰਿਹਾ...

ਉਸ ਦਿਨ ਤੋਂ ਬਾਅਦ ਜਿਵੇਂ ਮੇਰੀ ਜ਼ਿੰਦਗੀ ਹੀ ਬਦਲ ਗਈ। ਹਰ ਪਲ-ਉਠਦਿਆਂ-ਬੈਠਦਿਆਂ, ਸੁੱਤਿਆਂ-ਜਾਗਦਿਆਂ-ਉਹਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ। ਹਰ ਪਲ ਇਕ ਅਜੀਬ ਖੋਹ ਜਿਹੀ ਪੈਂਦੀ ਰਹਿੰਦੀ। ਮੈਂ ਆਪਣੇ ਉੱਤੇ ਹੈਰਾਨ ਹੁੰਦਾ ਕਿ ਇਹ ਮੈਨੂੰ ਕੀ ਹੋ ਗਿਆ। ਦਫਤਰੋਂ ਕਾਹਲ ਨਾਲ ਘਰ ਆਉਂਦਾ। ਘਰ ਪਹੁੰਚ ਕੇ ਬਸ ਘੜੀ ਕੰਨੀ ਝਾਕਦਾ ਰਹਿੰਦਾ। ਸੱਤ ਵਜਦੇ ਤਾਂ ਮੈਂ ਪੜਦਾ ਹਟਾ ਕੇ ਤਾਕੀ ਕੋਲ ਆ ਕੇ ਖੜ੍ਹ ਜਾਂਦਾ। ਥੋੜ੍ਹੀ ਦੇਰ ਬਾਅਦ ਉਹਦੇ ਕਮਰੇ ਦੀ ਬੱਤੀ ਜਗਦੀ ਤੇ ਇਕ ਕਾਲੀ ਪਰਛਾਈਂ ਚਿੱਟੇ ਨਾਇਲਨ ਦੇ ਪੜ੍ਹਦੇ ਪਿੱਛੇ ਆ ਜਾਂਦੀ। ਅਸੀਂ ਕਿੰਨੀ ਕਿੰਨੀ ਦੇਰ ਉਵੇਂ ਹੀ ਖੜ੍ਹੇ ਰਹਿੰਦੇ...। ਕਦੇ ਕਦੇ ਲੱਗਦਾ ਜਿਵੇਂ ਉਹ ਹੱਥ ਹਿਲਾ ਕੇ ਸ਼ੱਬਾ- ਖ਼ੈਰ ਕਹਿ ਰਹੀ ਹੋਵੇ। ਜਦੋਂ ਉਹ ਉਥੋਂ ਚਲੇ ਵੀ ਜਾਂਦੀ, ਮੈਂ ਫੇਰ ਵੀ ਉੱਥੇ ਹੀ ਖੜ੍ਹਾ ਰਹਿੰਦਾ। ਰਾਤ ਨੂੰ ਨੀਂਦ ਨਾ ਆਉਂਦੀ ਤਾਂ ਕਈ ਵਾਰ ਤਾਕੀ ਕੋਲ ਆ ਕੇ ਖੜ੍ਹ ਜਾਂਦਾ। ਮੈਨੂੰ ਪਤਾ ਹੁੰਦਾ ਸੀ ਕਿ ਹੁਣ ਬੱਤੀ ਨਹੀਂ ਜਗਣੀ, ਫਿਰ ਵੀ। ਪਰ ਕਈ ਵਾਰ ਲਗਦਾ ਕਿ ਨੇਰ੍ਹੇ `ਚ ਖੜ੍ਹੀ ਸ਼ਾਇਦ ਉਹ ਵੀ ਮੈਨੂੰ ਦੇਖ ਰਹੀ ਹੋਵੇ।
ਇਉਂ ਹੀ ਸਿਲਸਿਲਾ ਚੱਲ ਰਿਆ ਸੀ ਕਿ ਇਕ ਦਿਨ ਅਚਾਨਕ...

ਮੈਂ ਕਮਰੇ `ਚ ਬੈਠਾ ਸੱਤ ਵੱਜਣ ਦੀ ਉਡੀਕ ਕਰ ਰਿਹਾ ਸੀ। ਸੱਤ ਵੱਜੇ ਤਾਂ ਮੈਂ ਰੋਜ਼ ਵਾਂਗ ਤਾਕੀ ਕੋਲ ਆ ਕੇ ਖੜ੍ਹ ਗਿਆ। ਪਰ ਕਿੰਨਾ ਚਿਰ ਹੋ ਗਿਆ, ਉਹ ਨਹੀਂ ਆਈ। ਇਕ, ਦੋ, ਤਿੰਨ-ਕਿੰਨੇ ਘੰਟੇ ਗੁਜ਼ਰ ਗਏ, ਫਿਰ ਵੀ ਉਹਦੇ ਕਮਰੇ ਦੀ ਬੱਤੀ ਨਹੀਂ ਜਗੀ। ਸੋਚਿਆ ਕੋਈ ਕੰਮ ਹੋਣੈ, ਕਿਤੇ ਗਈ ਹੋਊ। ਤਾਂ ਵੀ ਬੇਚੈਨੀ ਹੋ ਰਹੀ ਸੀ। ਸਾਰੀ ਰਾਤ ਨੀਂਦ ਨਹੀਂ ਆਈ। ਉੱਠ ਉੱਠ ਕੇ ਉਹਦੇ ਕਮਰੇ ਵੱਲ ਦੇਖਦਾ, ਪਰ ਚੁੱਪ ਹਨੇਰੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ....

ਇਕ ਰਾਤ, ਦੂਸਰੀ ਰਾਤ, ਤੀਸਰੀ ਰਾਤ- ਤਿੰਨ ਰਾਤਾਂ ਏਵੇਂ ਹੀ ਨਿਕਲ ਗਈਆਂ। ਕਿੰਨੀ ਕਿੰਨੀ ਦੇਰ ਮੈਂ ਖਿੜਕੀ ਕੋਲ ਖੜ੍ਹਾ ਰਹਿੰਦਾ, ਪਰ ਉਹਦੇ ਕਮਰੇ ਦੀ ਬੱਤੀ ਨਾ ਜਗਦੀ। ਚੌਥੀ ਰਾਤ ਵੀ ਜਦੋਂ ਬੱਤੀ ਨਹੀਂ ਜਗੀ ਤਾਂ ਮੈਂ ਬਿਹਬਲ ਹੋ ਗਿਆ। ਮੈਥੋਂ ਰਿਹਾ ਨਹੀਂ ਗਿਆ ਤੇ ਕਮਰਾ ਉਵੇਂ ਹੀ ਛੱਡ , ਮੈਂ ਕਾਹਲੀ ਕਾਹਲੀ ਪੌੜੀਆਂ ਉਤਰ ਕੇ ਉਸ ਕੋਠੀ ਵੱਲ ਤੁਰ ਪਿਆ। ਬਿਨਾ ਰੁਕੇ, ਬਿਨਾ ਕਿਸੇ ਨੂੰ ਪੁੱਛੇ ਬਾਹਰਵਾਰ ਬਣੀਆਂ ਪੌੜੀਆਂ ਚੜ੍ਹ ਕੇ ਉੱਪਰ ਚਲਿਆ ਗਿਆ। ਇਕ ਗੋਰਖਾ ਕਮਰੇ ਨੂੰ ਤਾਲਾ ਲਾ ਰਿਹਾ ਸੀ। ਮੈਂ ਕਮਰੇ ਵੱਲ ਇਸ਼ਾਰਾ ਕਰਕੇ ਉਹਨੂੰ ਪੁੱਛਿਆ, ''ਇਹ ਕਿੱਥੇ ਨੇ?`` 
''ਵੋ ਤੋ ਕਲਕੱਤਾ ਚਲੇ ਗਏ-ਆਪ-।``
''ਕਲਕੱਤੇ ਚਲੇ ਗਏ?`` ਮੇਰੇ ਜੀ ਨੂੰ ਕੁਝ ਹੋਇਆ।
''ਉਨ ਕਾ ਕੋਈ ਐੱਡਰੈੱਸ।।``
''ਵੋ ਤੋ ਬਾਬੂ ਜੀ ਕੇ ਪਾਸ ਹੋਗਾ ਸਾਬ੍ਹ`` ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ।
''ਠੀਕ ਹੈ`` ਆਖ ਕੇ ਮੈਂ ਪੌੜੀਆਂ ਉਤਰ ਆਇਆ।
ਪਤਾ ਨਹੀਂ ਕਦੋਂ ਮੈਂ ਆਪਣੇ ਕਮਰੇ ਵਿਚ ਵਾਪਿਸ ਆ ਗਿਆ। ਕਿਹੋ ਜਿਹੀ ਹੋਏਗੀ ਮੇਰੀ ਮਾਨਸਿਕ ਦਸ਼ਾ ਉਸ ਵੇਲੇ ਕਿ ਵਾਪਿਸ ਆ ਕੇ ਅਲਮਾਰੀ `ਚੋਂ ਟੈਚੀ ਕੱਢ ਕੇ ਕੱਪੜੇ ਇਉਂ ਰੱਖਣੇ ਸ਼ੁਰੂ ਕਰ ਦਿੱਤੇ ਜਿਵੇਂ ਹੁਣੇ ਹੀ ਕਿਤੇ ਜਾਣਾ ਹੋਵੇ। ਪਤਾ ਨਹੀਂ ਮੈਂ ਕੀਹਨੂੰ ਕਹੀ ਜਾ ਰਿਹਾ ਸੀ ''ਮੈਂ ਉਹਦੇ ਬਿਨਾ ਨਹੀਂ ਰਹਿ ਸਕਦਾ, ਮੈਂ ਉਹਦੇ ਬਿਨਾ ਨਹੀਂ ਜੀ ਸਕਦਾ...``
ਟੈਚੀ ਤਿਆਰ ਕਰਕੇ ਮੈਂ ਰੁਕ ਗਿਆ। ਕਿੰਨਾ ਚਿਰ ਸੁੰਨ- ਸੁੰਨ ਖੁੱਲ੍ਹੇ ਟੈਚੀ ਕੰਨੀ ਝਾਕਦਾ ਰਿਹਾ।
ਸੋਚਣ ਲੱਗਿਆ : ਕਲਕੱਤੇ ਜਾਵਾਂਗਾ, ਉਹਨੂੰ ਲੱਭਾਂਗਾ ਕਿੱਥੇ? ਜੇ ਉਹ ਮਿਲ ਵੀ ਗਈ ਉਹਨੂੰ ਕਹਾਂਗਾ ਕੀ? ''ਓ ਮਾਂ!``` ਕਹਿ ਕੇ ਮੈਂ ਆਪਣਾ ਸਿਰ ਟੈਚੀ ਉੱਤੇ ਹੀ ਰੱਖ ਦਿੱਤਾ। ਮੇਰੇ ਅੰਦਰ ਕੁਝ ਖੁੱਸ ਰਿਹਾ ਸੀ, ਅੱਖਾਂ `ਚੋਂ ਕਿਣ-ਮਿਣ-ਕਿਣ-ਮਿਣ ਹੋ ਰਹੀ ਸੀ...

ਇਹ ਦੁਨੀਆ ਕੀ ਐ ਸਰਵਣਾ

ਰਾਜ ਨਹੀਂ ਰਿਹਾ। ਪੰਜਾਬ ਤੋਂ ਦੂਰ ਹੋਣ ਕਰਕੇ ਇਕਦਮ ਪਤਾ ਹੀ ਨੀਂ ਲੱਗਾ। ਜਦੋਂ ਭੋਗ ਦਾ ਕਾਰਡ ਮਿਲਿਆ, ਮੇਰੇ ਤਾਂ ਧਰਤੀ ਅਸਮਾਨ ਡੋਲ ਗਏ। ਇਕੋ ਇਕ ਤਾਂ ਮੇਰਾ ਦੋਸਤ ਸੀ ਭਰਾਵਾਂ ਵਰਗਾ। ਲੱਗਿਆ ਮੇਰੀ ਤਾਂ ਜਾਨ ਹੀ ਕੱਢ ਲਈ ਕਿਸੇ ਨੇ।

ਰਾਜ ਦੇ ਪਿੰਡੋਂ ਕੋਹ ਦੀ ਵਾਟ `ਤੇ ਮੈਂ ਇਕ ਬੋਹੜ ਹੇਠਾਂ ਬੈਠਾਂ ਸੋਚ ਰਿਹਾ ਸੀ ਕਿ ਕੀ ਰਾਜ ਸੱਚਮੁੱਚ ਹੀ ਚਲਿਆ ਗਿਐ? ਉਸ ਘਰ ਵਿਚ ਮੈਂ ਕਿਸ ਤਰ੍ਹਾਂ ਵੜੂੰਗਾ ਜਿੱਥੇ ਹੁਣ ਰਾਜ ਨਹੀਂ ਹੈ? ਉਹਦੀ ਬੇਬੇ ਨੂੰ ਕਿਸ ਤਰ੍ਹਾਂ ਮਿਲੂੰਗਾ, ਕੀ ਕਹੂੰਗਾ ਉਹਨੂੰ? ਭਾਬੀ ਵੱਲ ਵੀ ਕਿਸ ਤਰ੍ਹਾਂ ਝਾਕ ਸਕਾਂਗਾ...

ਕੱਲ੍ਹ ਆਥਣੇ ਜਿਹੇ ਹੀ ਪਿੰਡ ਪਹੁੰਚਿਆ। ਗਹਾਂ ਬਾਪੂ ਜੀ ਬੁਖ਼ਾਰ ਨਾਲ ਪਏ ਸੀ। ਬਾਪੂ ਜੀ ਬੇਜੀ ਤੋਂ ਬਿਨਾਂ ਹੋਰ ਹੈ ਹੀ ਕੌਣ ਸੀ ਪਿੰਡ। ਇਕ ਭੈਣ ਸੀ ਉਹਨੂੰ ਪਰਦੇਸ ਤੋਰ ਦਿੱਤਾ ਸੀ। ਬਾਪੂ ਜੀ ਕਹਿੰਦੇ, ''ਮੈਥੋਂ ਨਹੀਂ ਜਾ ਹੋਣਾ ਭਾਈ, ਤੁਸੀਂ ਗੱਡੀ ਲੈ ਜਾਇਉ।`` ਮੈਂ ਕਿਹਾ, ''ਕੋਈ ਨੀ ਬਾਪੂ ਜੀ, ਦੇਖ ਲਾਂਗੇ।``

ਸਵੇਰੇ ਮੇਰਾ ਗੱਡੀ ਲਿਜਾਣ ਨੂੰ ਜੀ ਨਹੀਂ ਕਰਦਾ। ਨਾਲੇ ਰਾਜ ਦਾ ਪਿੰਡ ਕਿਹੜਾ ਦੂਰ ਸੀ। ਬੇਬੇ ਜੀ ਨੂੰ ਦੱਸ ਕੇ ਪੈਦਲ ਹੀ ਤੁਰ ਪਿਆ। ਅੱਧਾ ਕੁ ਪੈਂਡਾ ਕਰਕੇ ਲਿੰਕ ਰੋਡ ਦੇ ਖੱਬੇ ਪਾਸੇ ਉਤਰ ਕੇ ਮੈਂ ਉਸ ਬੋਹੜ ਹੇਠਾਂ ਆ ਕੇ ਬੈਠ ਗਿਆ ਜੀਹਦੇ ਆਲੇ ਦੁਆਲੇ ਇਕ ਥੜ੍ਹਾ ਜਿਹਾ ਬਣਿਆ ਹੋਇਆ ਸੀ। ਪਤਾ ਨਹੀਂ ਕਦੋਂ ਕਿਸੇ ਭਲੇ ਆਦਮੀ ਨੇ ਇਹ ਥੜ੍ਹਾ ਬਣਵਾਇਆ ਸੀ। ਕਦੇ ਕਦੇ ਰਾਜ ਤੇ ਮੈਂ ਸੈਰ ਕਰਦੇ ਕਰਦੇ ਇੱਥੇ ਆ ਕੇ ਬੈਠ ਜਾਂਦੇ ਹੁੰਦੇ ਸੀ।

ਬੋਹੜ ਹੇਠਾਂ ਬੈਠਾ ਮੈਂ ਆਪਣੇ ਆਪ ਨੂੰ ਮਹਿਸੂਸ ਕਰਾਉਣ ਦਾ, ਸਮਝਾਉਣ ਦਾ, ਜਤਨ ਕਰ ਰਿਹਾ ਸੀ ਕਿ ਰਾਜ ਚਲਿਆ ਗਿਆ ਹੈ। ਸਾਥੋਂ ਹਮੇਸ਼ਾ ਲਈ ਵਿੱਛੜ ਗਿਆ ਹੈ। ਜਿੰਨੀ ਵਾਰ ਮੇਰੇ ਜ਼ਿਹਨ ਵਿਚੋਂ ਇਹ ਖਿ਼ਆਲ ਗੁਜ਼ਰਦਾ, ਉਨੀਂ ਵਾਰ ਹੀ ਅੰਦਰ ਇਕ ਅਜੀਬ ਡੋਬ ਜਿਹਾ ਪੈਂਦਾ। ਪਰ ਫਿਰ ਮਨ ਪੁੱਛਦਾ  'ਰਾਜ ਦੀ ਮਿਰਤੂ ਕੀ ਸੱਚਮੁੱਚ ਹੀ ਅਣਹੋਣੀ ਹੋਈ ਐ? ਕੀ ਤੈਨੂੰ ਨਹੀਂ ਸੀ ਪਤਾ ਕਿ ਉਹ ਆਹਿਸਤਾ ਆਹਿਸਤਾ ਇਕ ਅੰਨ੍ਹੇ ਖੂਹ ਵੱਲ ਵੱਧ ਰਿਹੈ?``

ਪਤਾ ਸੀ ਮੈਨੂੰ, ਪਰ ਏਡੀ ਜਲਦੀ ਸਭ ਕੁਝ ਇਉਂ ਵਾਪਰ ਜਾਏਗਾ, ਇਹ ਨਹੀਂ ਸੀ ਪਤਾ...
ਰਾਜ ਤੇ ਮੈਂ ਕੱਠੇ ਪੜ੍ਹੇ, ਕੱਠੇ ਖੇਡਦੇ ਰਹੇ। ਕਾਲਜ ਵਿਚ ਵਿਦਿਆਰਥੀ ਲਹਿਰ ਵਿਚ ਵੀ ਕੱਠੇ ਹਿੱਸਾ ਲੈਂਦੇ ਰਹੇ। ਛੁੱਟੀਆਂ ਹੁੰਦੀਆਂ ਤਾਂ ਅਸੀਂ ਬਹੁਤਾ ਸਮਾਂ ਇਕ ਦੂਸਰੇ ਦੇ ਕੋਲ ਹੀ ਕੱਟਦੇ; ਜਾਂ ਰਾਜ ਸਾਡੇ ਆ ਜਾਂਦਾ ਜਾਂ ਮੈਂ ਰਾਜ ਕੋਲ ਚਲਿਆ ਜਾਂਦਾ। ਸ਼ਾਇਦ ਅਸੀਂ ਕੱਠੇ ਤੁਰੇ ਜਾਂਦੇ ਸੁਹਣੇ ਲੱਗਦੇ ਹੋਵਾਂਗੇ ਕਿ ਜਦੋਂ ਅਸੀਂ ਘਰ ਪਹੁੰਚਦੇ ਤਾਂ ਬੇਜੀ ਸਾਡੇ ਤੋਂ ਮਿਰਚਾਂ ਵਾਰ ਕੇ ਚੁੱਲ੍ਹੇ `ਚ ਪਾ ਦਿੰਦੇ।
ਰਾਜ ਜਮਾਂ ਕੱਲਾ ਸੀ। ਛੋਟਾ ਹੀ ਸੀ ਜਦੋਂ ਉਹਦੇ ਬਾਪੂ ਜੀ ਗੁਜ਼ਰ ਗਏ। ਉਧਰੋਂ ਮੈਂ ਵੀ ਕੱਲਾ ਸੀ। ਸ਼ਾਇਦ ਇਸੇ ਕਰਕੇ ਸਾਨੂੰ ਇਕ ਦੂਸਰੇ ਦੀ ਬਹੁਤ ਲੋੜ ਮਹਿਸੂਸ ਹੁੰਦੀ ਸੀ। ਰਾਜ ਐਮ.ਏ. ਕਰਕੇ ਕਾਲਜ ਵਿਚ ਪੜ੍ਹਾਉਣ ਲੱਗ ਗਿਆ। ਮੈਂ ਰਿਸਰਚ ਲਈ ਦਿੱਲੀ-ਦੱਖਣ ਚਲਿਆ ਗਿਆ। ਬਾਅਦ ਵਿਚ ਨੌਕਰੀ ਵੀ ਉੱਧਰ ਹੀ ਮਿਲ ਗਈ। ਟੈਮ ਨਾਲ ਸਾਡੇ ਵਿਆਹ ਹੋ ਗਏ, ਬੱਚੇ ਵੀ ਹੋ ਗਏ। ਰਾਜ ਦੇ ਇਕ ਬੇਟਾ ਸੀ, ਮੇਰੇ ਵੀ।

ਅਸੀਂ ਇਕ ਦੂਸਰੇ ਤੋਂ ਦੂਰ ਤਾਂ ਹੋ ਗਏ, ਪਰ ਮਾਨਸਿਕ ਤੌਰ `ਤੇ ਨਹੀਂ। ਖ਼ਤ ਲਿਖਦੇ ਰਹਿੰਦੇ। ਕਦੇ ਕਦੇ ਟੈਲੀਫੋਨ `ਤੇ ਵੀ ਗੱਲ ਹੋ ਜਾਂਦੀ। ਪਿੰਡ ਜਾਂਦਾ ਤਾਂ ਪਹੁੰਚਦਿਆਂ ਸਾਰ ਹੀ ਰਾਜ ਨੂੰ ਮਿਲਣ ਚਲਿਆ ਜਾਂਦਾ।
ਪਰ ਫਿਰ ਮੌਸਮ ਬਦਲਣ ਲੱਗਿਆ....

ਰਾਜ ਦਾ ਖ਼ਤ ਹੁਣ ਕਦੇ ਕਦੇ ਆਉਂਦਾ, ਉਹ ਵੀ ਮੁਖ਼ਤਸਰ ਜਿਹਾ। ਰਾਜ ਬਦਲ ਰਿਹਾ ਸੀ। ਪਿੰਡ ਗਿਆ ਤਾਂ ਭਾਬੀ ਕਹਿੰਦੀ, ''ਕਾਲਜੋਂ ਆ ਕੇ ਬਸ ਕਮਰੇ `ਚ ਬੈਠੇ ਪੜ੍ਹਦੇ ਰਹਿੰਦੇ ਐ ਜਾਂ ਆਥਣੇ ਕੱਲੇ ਬਾਹਰ ਕੰਨੀ ਨਿੱਕਲ ਜਾਂਦੇ ਐ``। ਰਾਜ ਮਿਲਿਆ ਤਾਂ ਲੱਗਿਆ ਉਹ ਲਿੱਸਾ ਹੋ ਗਿਐ। ਉਹਦੀਆਂ ਅੱਖਾਂ ਵਿਚ ਉਦਾਸੀ ਸੀ। ਉਹ ਚੁੱਪ ਚੁੱਪ ਜਿਹਾ ਹੋ ਗਿਆ ਸੀ।

ਉਸ ਦਿਨ ਮੈਂ ਰਾਜ ਕੋਲ ਹੀ ਰਿਹਾ। ਮੇਰਾ ਜੀ ਘਬਰਾ ਰਿਹਾ ਸੀ। ਆਥਣੇ ਜਿਹੇ ਅਸੀਂ ਬਾਹਰ ਨਿਕਲ ਗਏ। ਤੁਰਦੇ ਤੁਰਦੇ ਇਸੇ ਬਰੋਟੇ ਹੇਠਾਂ ਆ ਕੇ ਬੈਠ ਗਏ। ਕਿੰਨਾ ਚਿਰ ਚੁੱਪ-ਚਾਪ ਬੈਠੇ ਰਹੇ। ਫਿਰ ਮੈਂ ਪੁੱਛਿਆ, ''ਰਾਜ, ਕੀ ਹੋ ਗਿਆ ਤੈਨੂੰ?`` ਉਹ ਕੁਝ ਦੇਰ ਨਹੀਂ ਬੋਲਿਆ, ਦੂਰ ਡੁੱਬਦੇ ਸੂਰਜ ਵੱਲ ਵੇਖਦਾ ਰਿਹਾ। ਫਿਰ ਮੇਰੇ ਵੱਲ ਝਾਕ ਕੇ ਕਹਿੰਦਾ, ''ਮੇਰਾ ਜੀ ਨਹੀਂ ਲੱਗਦਾ।`` ਉਹ ਰੁਕ ਗਿਆ। ਫਿਰ ਕਹਿੰਦਾ, ''ਅੱਜ ਅਸੀਂ ਹਾਂ, ਕੱਲ੍ਹ ਨਹੀਂ ਰਹਾਂਗੇ। ਕਿਸੇ ਚੀਜ਼ ਦਾ ਕੋਈ ਅਰਥ ਹੀ ਨਹੀਂ ਜਾਪਦਾ।`` ਮੈਂ ਮਨ ਹੀ ਮਨ ਉਹਦੀ ਗੱਲ `ਤੇ ਕਿਆਸ ਕੀਤਾ। ਮੈਂ ਕਿਹਾ, ''ਰਾਜ, ਪਹਿਲਾਂ ਤਾਂ ਤੂੰ ਇਉਂ ਨਹੀਂ ਸੀ ਸੋਚਦਾ...।`` ਉਹਨੇ ਜਵਾਬ ਨਹੀਂ ਦਿੱਤਾ। ਉਹ ਬਹੁਤ ਗੰਭੀਰ ਸੀ, ਇਸ ਲਈ ਮੈਂ ਗੱਲ ਹੋਰ ਨਹੀਂ ਵਧਾਈ।

ਇਸ ਮੁਲਾਕਾਤ ਤੋਂ ਬਾਅਦ ਮੈਂ ਰਾਜ ਨੂੰ ਕਈ ਖ਼ਤ ਲਿਖੇ, ਪਰ ਉਹਦਾ ਕਦੇ ਕੋਈ ਜਵਾਬ ਨਹੀਂ ਆਇਆ। ਕਈ ਮਹੀਨੇ ਗੁਜ਼ਰ ਗਏ। ਹਾਰ ਕੇ ਮੈਂ ਬਾਪੂ ਜੀ ਨੂੰ ਟੈਲੀਫੋਨ ਕੀਤਾ। ਕਹਿੰਦੇ, ''ਮੈਂ ਕੱਲ੍ਹ ਹੀ ਜਾ ਕੇ ਆਇਆਂ। ਰਾਜ ਠੀਕ ਨੀਂ ਕੁਸ਼। ਜਿਗਰ `ਚ ਨੁਕਸ ਦੱਸਦੇ ਐ।`` ਜਿਗਰ `ਚ ਨੁਕਸ? ਮੈਂ ਬਹੁਤ ਬੇਚੈਨ ਹੋ ਗਿਆ। ਅਗਲੇ ਦਿਨ ਗੱਡੀ ਫੜ ਕੇ ਮੈਂ ਤੀਸਰੇ ਦਿਨ ਦੁਪਹਿਰੇ ਰਾਜ ਦੇ ਪਿੰਡ ਪਹੁੰਚ ਗਿਆ। ਬੇਜੀ ਨੂੰ ਮੱਥਾ ਟੇਕਿਆ ਤਾਂ ਉਹ ਰੋ ਪਏ। ਮੇਰਾ ਹੱਥ ਫੜ ਕੇ ਰਾਜ ਕੋਲ ਲੈ ਗਏ।

ਰਾਜ ਨੂੰ ਬੁਖ਼ਾਰ ਸੀ। ਅੱਖਾਂ ਮੀਟੀ ਮੰਜੇ `ਤੇ ਪਿਆ ਸੀ। ਮੈਂ ਮੰਜੇ `ਤੇ ਬੈਠ ਕੇ ਉਹਨੂੰ ਜੱਫੀ `ਚ ਲਿਆ। ਭਰੀਆਂ ਹੋਈਆਂ ਅੱਖਾਂ ਨਾਲ ਉਹਦੇ ਵੱਲ ਝਾਕਦਿਆਂ ਪੁੱਛਿਆ, ''ਠੀਕ ਐਂ ਰਾਜ?`` ਉਹ ਥੋੜ੍ਹਾ ਮੁਸਕਰਾਇਆ, ਫਿਰ ਨੀਵੀਂ ਪਾ ਲਈ।  ਬੋਲਿਆ ਨਹੀਂ। ਮੈਂ ਪੁੱਛਿਆ, ''ਕੀ ਹੋ ਗਿਆ ਸੀ?``। ਕਹਿੰਦਾ,  “ਬੁਖ਼ਾਰ  ਨਹੀਂ ਉਤਰ ਰਿਹਾ।`` ਮੈਂ ਡਾਕਟਰ ਬਾਰੇ ਪੁੱਛਿਆ, ਟੈਸਟਾਂ ਬਾਰੇ ਪੁੱਛਿਆ। ਕੁਝ ਰਿਪੋਟਾਂ ਅੱਜ ਮਿਲਣੀਆਂ ਸੀ, ਕੁਝ ਪਰਸੋਂ। ਭਾਬੀ ਤੇ ਬੇਟਾ ਡਾਕਟਰ ਕੋਲ ਹੀ ਗਏ ਹੋਏ ਸੀ ਸ਼ਹਿਰ।

ਮੈਂ ਰਾਜ ਕੋਲ ਕੁਰਸੀ `ਤੇ ਬੈਠਾ ਰਿਹਾ। ਚਾਹ ਪੀਂਦਾ ਉਹਨੂੰ ਦੇਖਦਾ ਰਿਹਾ। ਕਿੰਨੇ ਵਾ ਵਰੋਲੇ ਮੇਰੇ ਅੰਦਰ ਉੱਠ ਰਹੇ ਸੀ। ਰਾਜ ਕਦੇ ਛੱਤ ਕੰਨੀ ਝਾਕਣ ਲੱਗ ਜਾਂਦਾ, ਕਦੇ ਅੱਖਾਂ ਮੀਟ ਲੈਂਦਾ। ਵਿਚੋਂ ਇਕ ਵਾਰ ਉੱਠ ਕੇ ਮੈਂ ਉਹਦੇ ਮੱਥੇ `ਤੇ ਹੱਥ ਰੱਖ ਕੇ ਦੇਖਿਆ। ਰਾਜ ਨੇ ਅੱਖਾਂ ਖੋਲ੍ਹੀਆਂ, ਕਿੰਨਾ ਚਿਰ ਮੇਰੇ ਵੱਲ ਦੇਖਦਾ ਰਿਹਾ। ਫਿਰ ਕਹਿੰਦਾ, ''ਇਹ ਦੁਨੀਆ ਕੀ ਐ ਸਰਵਣਾ? ਕੀ ਮੌਤ ਨਾਲ ਸਭ ਕੁਝ ਮੁੱਕ ਜਾਂਦੈ? ਬਦੀ ਟਲਦੀ ਕਿਉਂ ਨਹੀਂ? ਮੈਨੂੰ ਕੁਝ ਵੀ ਤਾਂ ਸਮਝ ਨਹੀਂ ਲੱਗੀ...।`` ਰਾਜ ਇਸ ਤੋਂ ਅੱਗੇ ਨਹੀਂਂ ਬੋਲ ਸਕਿਆ। ਮੈਂ ਉਹਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ, ਮੱਥਾ ਚੁੰਮਿਆ ਪਰ ਕਹਿਣ ਨੂੰ ਕੁਝ ਨਹੀਂ ਅਹੁੜਿਆ। ਬਸ ਏਨਾ ਹੀ ਕਿਹਾ, ''ਤੂੰ ਠੀਕ ਹੋ ਜਾਏਂਗਾ ਰਾਜ।``

ਆਥਣੇ ਭਾਬੀ ਨੇ ਦੱਸਿਆ ਕਿ ਰਿਪੋਟਾਂ ਠੀਕ ਨੇ; ਬਸ ਇਕ `ਚ ਥੋੜ੍ਹਾ ਨੁਕਸ ਐ। ਦੋ ਰਿਪੋਟਾਂ ਅਜੇ ਬੰਬਈ ਤੋਂ ਆਉਣੀਆਂ ਸੀ।
ਮੈਂ ਦੋ ਕੁ ਦਿਨ ਰਿਹਾ। ਸਾਰਾ ਦਿਨ ਰਾਜ ਕੋਲ ਕਟਦਾ, ਨੇਰ੍ਹਾ ਪਏ ਪਿੰਡ ਚਲਿਆ ਜਾਂਦਾ। ਤੀਸਰੇ ਦਿਨ ਮੈਂ ਗੱਡੀ ਫੜ ਲਈ; ਮੇਰਾ ਵਾਪਸ ਜਾਣਾ ਜ਼ਰੂਰੀ ਸੀ। ਜਾਣ ਤੋਂ ਪਹਿਲਾਂ ਮੈਂ ਰਾਜ ਨੂੰ ਮਿਲ ਕੇ ਗਿਆ। ਉਹ ਅੱਗੇ ਨਾਲੋਂ ਠੀਕ ਲੱਗ ਰਿਹਾ ਸੀ।

ਵਾਪਸ ਜਾ ਕੇ ਇਕ-ਡੇਢ ਮਹੀਨਾ ਤਾਂ ਹੋਸ਼ ਨਹੀਂ ਆਈ। ਏਨੇ ਕੰਮ ਸੀ। ਇਕ ਦੋ ਵਾਰ ਰਾਜ ਕੇ ਫੋਨ ਕੀਤਾ। ਇਕ ਵਾਰ ਭਾਬੀ ਨੇ ਚੱਕਿਆ। ਕਹਿੰਦੀ, ''ਉਵੇਂ ਹੀ ਨੇ, ਕੁਸ਼ ਪਤਾ ਨੀਂ ਲੱਗ ਰਿਹਾ।`` ਇਸ ਤੋਂ ਅੱਗੇ ਉਹਦੇ ਕੋਲੋਂ ਕੋਈ ਗੱਲ ਨਹੀਂ ਸੀ ਹੋ ਸਕੀ।

ਫਿਰ ਇਕ ਦਿਨ ਰਾਜ ਦਾ ਖ਼ਤ ਮਿਲਿਆ। ਖਤ ਵਿਚ ਕੁਝ ਵੀ ਨਹੀਂ ਸੀ ਲਿਖਿਆ। ਬਸ ਮੇਰਾ ਨਾਉਂ ਲਿਖਿਆ ਸੀ ''ਸਰਵਣ, ਮੇਰੇ ਮਿੱਤਰ।`` ਸ਼ਾਇਦ ਆਖਰੀ ਵੇਲੇ ਉਹਨੇ ਮੈਨੂੰ ਯਾਦ ਕੀਤਾ ਸੀ। ਹਾਕ ਮਾਰੀ ਸੀ ਮੈਨੂੰ। ਖ਼ਤ ਦੇ ਥੋੜ੍ਹੇ ਦਿਨਾਂ ਬਾਅਦ ਹੀ ਭੋਗ ਦਾ ਕਾਰਡ ਮਿਲ ਗਿਆ...
ਰਾਜ ਚਲਿਆ ਗਿਆ ਹੈ ਪਰ ਆਪਣੇ ਪ੍ਰਸ਼ਨ ਪਿੱਛੇ ਛੱਡ ਗਿਆ : ਇਹ ਦੁਨੀਆ ਕੀ ਐ ਸਰਵਣਾ? ਕੀ ਮੌਤ ਨਾਲ ਸਭ ਕੁਝ ਮੁੱਕ ਜਾਂਦੈ? ਬਦੀ ਟਲਦੀ ਕਿਉਂ ਨਹੀਂ....

ਜੂਲੀਅਸ

ਅਮਰੀਕਾ ਵਿਚ ਮੇਰੀ ਇਕ ਦੋਸਤ ਹੈ ਲਿਜ਼ ਸਾਇਲਰ। 'ਲਿਜ਼` ਅਲਿਜ਼ਬੈੱਥ ਦਾ ਹੀ ਛੋਟਾ ਰੂਪ ਹੈ, ਜਿਵੇਂ ਪਾਰੋ ਪਾਰਬਤੀ ਦਾ। ਉਹ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਜਿਹਨਾਂ ਵਿਦਿਆਰਥੀਆਂ ਦੀ ਮਾਂ-ਬੋਲੀ ਅੰਗਰੇਜ਼ੀ ਨਹੀਂ, ਉਹਨਾਂ ਨੂੰ ਪੜ੍ਹਾਉਣ ਦੀ ਮਾਹਿਰ ਐ ਉਹ। 

ਲਿਜ਼ ਤੇ ਮੈਂ ਆਹਮੋ-ਸਾਹਮਣੇ ਕਦੇ ਨਹੀਂ ਮਿਲੇ, ਬਸ ਨੈੱਟ `ਤੇ ਮੁਲਾਕਾਤ ਹੋਈ ਤੇ ਸਾਡੀ ਮਿੱਤਰਤਾ ਹੋ ਗਈ। ਇਕ ਦੂਸਰੇ ਨੂੰ ਈ-ਮੇਲ ਕਰਦੇ, ਗਰੀਟਿੰਗਜ਼ ਤੇ ਗਿਫਟ ਭੇਜਦੇ ਅਸੀਂ ਏਨੇ ਨੇੜੇ ਹੋ ਗਏ ਕਿ ਇਕ ਦੂਸਰੇ ਦੇ ਪਰਿਵਾਰ ਦੇ ਸਦੱਸ ਹੀ ਬਣ ਗਏ। ਸਾਡੇ ਘਰ ਦੇ ਸਾਰੇ ਜੀਅ ਲਿਜ਼ ਬਾਰੇ ਜਾਣਦੇ ਨੇ, ਉਹਦੇ ਬਾਰੇ ਪੁੱਛਦੇ ਰਹਿੰਦੇ ਨੇ। ਮੈਂ ਇਕ ਵਾਰ ਲਿਜ਼ ਨੂੰ ਇਹ ਗੱਲ ਦੱਸੀ ਤਾਂ ਉਹ ਕਹਿੰਦੀ ਏਧਰ ਵੀ ਏਹੋ ਹਾਲ ਐ!

ਮੈਂ ਲਿਜ਼ ਦੀ ਤਸਵੀਰ ਵੇਖੀ ਐ, ਉਹ ਬਹੁਤ ਸੁੰਦਰ ਐ। ਪਰ ਇਸ ਤੋਂ ਵੱਧ, ਉਹ ਤੀਖਣ ਬੁੱਧੀ ਵਾਲੀ, ਅਕਲ ਲਤੀਫ਼ ਐ। ਉਹਦੀ ਕਾਬਲੀਅਤ ਤੇ ਗਿਆਨ ਮੈਨੂੰ ਅਕਸਰ ਹੈਰਾਨ ਕਰ ਦਿੰਦੇ ਨੇ।

ਲਿਜ਼ ਨੂੰ ਜਾਨਵਰ ਰੱਖਣ ਦਾ ਸ਼ੌਕ ਐ। ਉਹਦੇ ਕੋਲ ਦੋ ਕੁੱਤੇ ਤੇ ਦੋ ਬਿੱਲੀਆਂ ਨੇ। ਬਹੁਤ ਸੁਹਣੇ। ਪਿੱਛੇ ਜਿਹੇ ਉਹਦੀ ਮੇਲ ਆਈ ਕਿ ਕਿਤੋਂ ਉਹਨੂੰ ਇਕ ਤੋਤਾ ਵੀ ਮਿਲ ਗਿਐ : ਜੂਲੀਅਸ। ਉਹਨੇ ਦੱਸਿਆ ਕਿ ਕਮਾਲ ਦਾ ਤੋਤਾ ਐ ਜੂਲੀਅਸ। ਅੰਗਰੇਜ਼ੀ ਦੇ ਪੰਜ ਸੌ ਸ਼ਬਦ ਉਹ ਬੋਲ ਸਕਦੈ। ਪੰਜ ਸੌ! ਪੜ੍ਹ ਕੇ ਮੈਂ ਤਾਂ ਭਵੰਤਰ ਗਿਆ। ਲੱਗਿਆ ਇਹ ਤਾਂ ਸਾਡੇ ਯੂਨੀਵਰਸਿਟੀ ਪ੍ਰੋਫੈਸਰਾਂ ਨੂੰ ਮਾਤ ਪਾ ਗਿਐ।

ਖ਼ੈਰ ਜਿਵੇਂ ਵੀ ਹੋਵੇ, ਜੂਲੀਅਸ ਲਿਜ਼ ਨੂੰ ਉਦੋਂ ਮਿਲਿਆ ਜਦੋਂ ਜਾਰਜ ਬੁਸ਼ ਨੇ ਇਰਾਕ ਤੇ ਚੜ੍ਹਾਈ ਕੀਤੀ ਹੋਈ ਸੀ। ਲਿਜ਼ ਇਰਾਕ ਉੱਤੇ ਹਮਲੇ ਦੇ ਖਿ਼ਲਾਫ਼ ਸੀ। ਉਹਨੂੰ ਲੱਗ ਰਿਹਾ ਸੀ ਕਿ ਬੁਸ਼ ਤੇ ਬਾਕੀ ਅਮਰੀਕਨ ਲੀਡਰ ਸਰਾਸਰ ਝੂਠ ਬੋਲ ਰਹੇ ਨੇ। ਉਹਨਾਂ ਸਿਰਫ ਤੇਲ ਖ਼ਾਤਿਰ ਤੇ ਇਰਾਕ ਉੱਤੇ ਕਾਬਜ਼ ਹੋਣ ਲਈ ਹਰ ਇਖਲਾਕ ਤੋਂ ਬੇਪਰਵਾਹ ਹੋ ਕੇ ਹਮਲਾ ਕੀਤਾ ਸੀ। ਮੈਂ ਲਿਜ਼ ਨਾਲ ਸਹਿਮਤ ਸੀ। ਮੇਰੇ ਲਈ ਵੀ ਅਮਰੀਕਾ ਇਕ ਨਹਿਸ਼ ਕਿਸਮ ਦਾ ਮੁਲਕ ਬਣ ਗਿਆ ਸੀ, ਜਿਸ ਨੂੰ ਆਪਣੀ ਸਰਮਾਏਦਾਰੀ ਤੇ ਸਰਦਾਰੀ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਸੀ ਆਉਂਦਾ।

ਲਿਜ਼ ਬਹੁਤ ਗੁੱਸੇ ਵਿਚ ਸੀ। ਪਰ ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਕੀ ਕਰੇ। ਇਕ ਦਿਨ ਲਿਜ਼ ਦੀ ਈ-ਮੇਲ ਆਈ ਕਿ ਉਹਨੇ ਆਪਣਾ ਗੁੱਸਾ ਕੱਢਣ ਦਾ ਇਹ ਰਾਹ ਲੱਭ ਲਿਐ। ਹਰ ਰੋਜ਼ ਬੁਸ਼ ਦੀ ਕੋਈ ਤਸਵੀਰ ਉਹ ਜੂਲੀਅਸ ਦੇ ਪਿੰਜਰੇ ਵਿਚ ਰੱਖ ਦਿੰਦੀ ਐ। ਤੇ ਜੂਲੀਅਸ ਉਹਨੂੰ ਠੁੰਗਦਾ, ਚੁੰਝਾਂ ਮਾਰਦਾ, ਉਹਦੀ ਚੂਰੀ ਕਰ ਦਿੰਦੈ...

ਕਿੰਨਾ ਚਿਰ ਲਿਜ਼ ਦੇ ਖ਼ਤ ਨੂੰ ਮੈਂ ਨਿਹਾਰਦਾ ਰਿਹਾ। ਮੁਸਕਰਾਉਂਦਾ ਰਿਹਾ ਤੇ ਸੋਚਦਾ ਰਿਹਾ। ਸੋਚਦਿਆਂ ਸੋਚਦਿਆਂ ਖਿ਼ਆਲ ਆਇਆ ਕਿ ਜੂਲੀਅਸ ਦੇ ਪਿੰਜਰੇ ਵਿਚ ਜੇ ਮੈਂ ਤਸਵੀਰ ਰੱਖਣੀ ਹੋਵੇ ਤਾਂ ਭਲਾ ਕੀਹਦੀ ਰੱਖਾਂ? ਕਿੰਨੇ ਚਿਹਰੇ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੇ, ਘੁੰਮਦੇ ਰਹੇ। ਫਿਰ ਸੋਚਿਆ ਮਨਾਂ ਕੀਹਦੀ ਕੀਹਦੀ ਚੂਰੀ ਕਰੂਗਾ ਵਿਚਾਰਾ ਜੂਲੀਅਸ। ਅਜੇ ਤਾਂ ਬੁਸ਼ ਨੂੰ ਹੀ ਠੁੰਗੇ ਖਾਣ ਦੇ....  

ਸਵਰਣ ਮਿਨਹਾਸ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!