ਨਿੰਮ ਵਾਲੀ ਗਲ਼ੀ – ਕੁਲਵੰਤ ਗਿੱਲ

Date:

Share post:

ਭਾਈ ਜਾਨ, ਹੈ ਤਾਂ ਭੇਤ ਦੀ ਗੱਲ….
ਪਰ ਤੁਸੀਂ ਕੰਨ ਉਰੇ ਕਰੋ ਜ਼ਰਾ, ਤੁਹਾਨੂੰ ਦੱਸ ਦਿੰਦਾ ਹਾਂ ਕਿ ਅੱਜਕੱਲ੍ਹ ਇਕ ਝੋਲ ਜਿਹੀ ਪੈਣ ਲਗ ਪਈ ਹੈ ਮੇਰੇ ਦਿਮਾਗ਼ ਵਿਚ! ਜਿਵੇਂ ਕੋਈ ਝੱਲਾ ਹੋਇਆ ਬੰਦਾ ਇਸ ਦੇ ਅੰਦਰ ਛਾਪਲ ਕੇ ਬੈਠ ਗਿਆ ਹੋਵੇ। ਜਿਹੜਾ ਮੌਕਾ ਲੱਗਣ ’ਤੇ ਸਿਰ ਚੁੱਕ ਲੈਂਦਾ ਹੈ….. ਤੇ ਮੇਰਾ ਇਹ ਦਿਮਾਗ਼, ਉਸਦੇ ਆਖੇ ਲਗ ਸੋਚਦਾ ਸੋਚਦਾ ਅਜਿਹੇ ਵਹਿਣ ਵਿਚ ਵਹਿ ਤੁਰਦਾ ਹੈ ਕਿ ਬਸ ਵਹਿੰਦਾ ਹੀ ਤੁਰਿਆ ਜਾਂਦਾ। ਭੋਰਾ ਹੋਸ਼ ਨਹੀਂ ਰਹਿੰਦੀ ਫਿਰ। ਜਿਵੇਂ ਅਪਣੇ ਆਪ ਵਿਚ ਨਾ ਹੋਵਾਂ! ਬਸ ਉਸ ਝੱਲੇ ਬੰਦੇ ਦੇ ਹੱਥ ਡੋਰ ਹੋਵੇ ਮੇਰੀ…. ਤੇ ਮੈਂ ਨਹੀਂ, ਉਹ ਸੋਚ ਰਿਹਾ ਹੋਵੇ। ਮੈਂ ਤਾਂ ਮਾਤਰ ਇਕ ਗਵਾਹ ਹੋਵਾਂ ਉਸਦੀਆਂ ਸੋਚਾਂ ਦਾ। ਤੇ ਫਿਰ ਅਚਾਨਕ ਸਭ ਕੁਝ ਗੜਬੜਾ ਜਾਂਦਾ! ਅੱਖਾਂ ਅੱਗੇ ਝਾਉਲੇ ਪੈਣ ਲਗ ਜਾਂਦੇ ਹਨ। ਹੋਰ ਦਾ ਹੋਰ ਹੀ ਨਜ਼ਰ ਆਉਣ ਲਗ ਪੈਂਦਾ…. ਇਕਦਮ ਉਲਟਾ ਪੁਲਟਾ ਤੇ ਬੇਤਰਤੀਬਾ! ਪਰ ਉਵੇਂ ਨਹੀਂ ਜਿਵੇਂ ਤੁਸੀਂ ਸੋਚ ਰਹੇ ਹੋ ਸ਼ਾਇਦ…. ਕਿ ਮੈਂ ਪਾਗਲ ਹੋ ਗਿਆ ਹਾਂ। ਨਾ, ਭਾਈ ਜਾਨ, ਇਹ ਧੱਕਾ ਨਾ ਕਰੋ! ‘ਸਿਟੀ ਪਾਰਕ’ ਦੇ ਇਸ ਬੈਂਚ ’ਤੇ ਤੁਹਾਡੇ ਕੋਲ ਬੈਠਾ ਹਾਂ ਇਸ ਵਕਤ। ਦੇਖੋ ਮੇਰੇ ਵੱਲ! ਹੈ ਕੋਈ ਅਜਿਹੀ ਗੱਲ? ਨਹੀਂ ਨਾ…. ਤੇ ਹੋ ਵੀ ਕਿਵੇਂ ਸਕਦੀ ਹੈ? ਹਾਲੇ ਮੇਰੇ ਪੱਤੇ ਨੰਗੇ ਨਹੀਂ ਹੋਏ। ਬਾਜ਼ੀ ਮੇਰੇ ਹੱਥ ਵਿਚ ਹੈ। ਇਹ ਝੋਲ…. ਜਿਸਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ…. ਉਹ ਵੀ ਹਾਲੇ ਮੈਨੂੰ ਹੀ ਨਜ਼ਰ ਆਉਂਦੀ ਹੈþ…. ਤੇ ਉਹ ਚੀਕ, ਜੋ ਚਿਰਾਂ ਤੋਂ ਅਪਣੇ ਅੰਦਰ ਡੱਕੀ ਬੈਠਾ ਹਾਂ, ਉਹ ਵੀ ਮੇਰੇ ਅੰਦਰ ਹੀ ਹੈ। ਉਂਜ, ਭਾਈ ਜਾਨ, ਹੈ ਸਾਰਾ ਪੰਗਾ ਕੰਬਖ਼ਤ ਇਸ ਚੀਕ ਦਾ ਹੀ! ਓਹੀ ਤਾਂ ਹੁਣ ਮਾਰਨ ਨੂੰ ਦਿਲ ਕਰਦੈ ਮੇਰਾ। ਬੱਤੀਆਂ ਵਾਲੇ ਓਸ ਭੀੜ ਭਰੇ ਚੌਂਕ ਵਿਚ ਖੜ੍ਹ….. ਉੱਚੀ ਸਾਰੀ! ਬਾਹਵਾਂ ਉਤਾਂਹ ਨੂੰ ਉਲਾਰ…..
ਕਿਉਂ ਭਾਈ ਜਾਨ, ਹੈ ਨਾ ਭੇਤ ਦੀ ਗੱਲ? ਇਕ ਐਸਾ ਭੇਤ, ਜੋ ਇਸ ਤੋਂ ਪਹਿਲਾਂ ਸਿਰਫ਼ ਮੈਂ ਜਾਣਦਾ ਸੀ…. ਤੇ ਹੁਣ ਤੁਸੀਂ ਵੀ ਜਾਣ ਗਏ ਹੋ। ਸ਼ਾਇਦ ਕੱਲ ਤੱਕ ਇਹ ਸਾਰਾ ਸ਼ਹਿਰ ਜਾਣ ਜਾਏ! ਨਹੀਂ, ਭਾਈ ਜਾਨ, ਕੋਈ ਵੱਡੀ ਗੱਲ ਨਹੀਂ। ਜੇ ਸੱਚ ਜਾਣੋਂ ਤਾਂ ਇਹੀ ਉਹ ਡਰ ਹੈ, ਜੋ ਮੈਨੂੰ ਸਤਾ ਰਿਹਾ ਅੰਦਰੋ-ਅੰਦਰੀ। ਆਖ਼ਿਰ ਛੋਟਾ ਜਿਹਾ ਤਾਂ ਸ਼ਹਿਰ ਹੈ। ਬਹੁਤ ਪਹਿਲਾਂ ਤਾਂ ਇਹ ਇਕ ‘ਢਾਬ’ ਹੀ ਸੀ। ਪਰ ਮੇਰੀ ਸੁਰਤ ਵਿਚ ਇਹ ਕਸਬੇ ਨੁਮਾ ਸ਼ਹਿਰ ਹੁਣ ਪੂਰਾ ਸ਼ਹਿਰ ਬਣ ਗਿਆ! ਫਿਰ ਵੀ ਲਗਦੈ ਜਿਵੇਂ ਇਸਦਾ ਇੱਕਲਾ ਇੱਕਲਾ ਬੰਦਾ ਮੇਰਾ ਵਾਕਿਫ਼ ਹੈ…. ਤੇ ਹੋਵੇ ਵੀ ਕਿਉਂ ਨਾ? ਚਾਰ ਦਹਾਕੇ ਪਹਿਲਾਂ, ਇਥੇ, ਏਸੇ ਸ਼ਹਿਰ ਵਿਚ ਹੀ ਤਾਂ ਪਹਿਲੀ ਕਿਲਕਾਰੀ ਮਾਰੀ ਸੀ…. ਤੇ ਉਸ ਕਿਲਕਾਰੀ ਤੋਂ ਲੈ ਕੇ ਇਸ ਚੀਕ ਤੱਕ, ਕਿਤੇ ਹੋਰ ਗਿਆ ਵੀ ਤਾਂ ਨਹੀਂ ਮੈਂ। ਸੋ, ਜਾਹਿਰ ਹੈ ਕਿ ਇਸ ਸ਼ਹਿਰ ਦੀ ਹਰ ਗਲੀ…. ਨੁੱਕਰ…. ਤੇ ਚੁਰਾਹੇ ਤੋਂ ਵੀ ਵਾਕਿਫ਼ ਹਾਂ…. ਤੇ ਇਸਦੇ ਹਰ ਮੋੜ ਘੋੜ ਤੇ ਸ਼ਾਰਟ ਕੱਟ ਦਾ ਵੀ ਭੇਤੀ ਹਾਂ। ਉਹ ਜਿਸਨੂੰ ਅੱਜ ਕੱਲ੍ਹ ਤੁਸੀਂ ‘ਗਰੀਨ ਇਨਕਲੇਵ’ ਕਹਿੰਦੇ ਹੋ, ਜਿਥੇ ਅਚਾਨਕ ਧਨਾਢ ਹੋਏ ਕੁਝ ਲੋਕ, ਵਿੰਗੀਆਂ ਟੇਢੀਆਂ ਗਲੀਆਂ ਵਾਲੇ ਇਸ ਪੁਰਾਣੇ ਸ਼ਹਿਰ ਨੂੰ ਛੱਡ ਜਾ ਵਸੇ ਹਨ, ਤੇ ਅਪਣੇ ਘਰ ਜਾਣ ਲਈ ਨਵੇਂ ਬਣੇ ਫਲਾਈ ਓਵਰ ਦੇ ਉੱਤੋਂ ਦੀ ਲੰਘ, ਬਾਹਰੋ ਬਾਹਰ ਬਾਈ ਪਾਸ ਵੱਲ ਦੀ ਹੋ ਕੇ ਜਾਂਦੇ ਹਨ…. ਸ਼ਾਇਦ ਭੁੱਲ ਗਏ ਹਨ ਕਿ ਇਸ ਤਰਫ ‘ਗਾਂਧੀ ਨਗਰ’ ਵੱਲ ਦੀ ਹੋ, ਧੱਕੇ ਵਾਲੀ ਗਲੀ ’ਚੋਂ ਲੰਘ, ਦਰਜ਼ੀਆਂ ਵਾਲੀ ਗਲੀ ਪੈ ਬਹੁਤ ਛੇਤੀ ਪੁੰਹਚਿਆ ਜਾ ਸਕਦਾ ਹੈ। ਐਵੇਂ ਇਹ ਲੋਕ ਇੰਨੀ ਦੂਰ ਦੀ ਵਲਾ ਪਾ ਕੇ ਜਾਂਦੇ ਹਨ। ਪਰ ਲੱਗਦਾ ਉਨ੍ਹਾਂ ਦੀ ਸੱਮਸਿਆ ਇਹ ਨਹੀਂ। ਉਨ੍ਹਾਂ ਦੀ ਸੱਮਸਿਆ ਤਾਂ ਇਨ੍ਹਾਂ ਗਲੀਆਂ ਵਿਚ ਵਸਦੇ ਲੋਕ ਨੇ ਸ਼ਾਇਦ। ਜਿਹੜੇ ਅੱਜ ਵੀ ਗਲੀਆਂ ਵਿਚ ਮੰਜੇ ਡਾਹ ਕੇ ਬੈਠਦੇ ਹਨ। ਅੜਿੱਕਾ ਤਾਂ ਬਣਦੇ ਹੀ ਹਨ, ਉੱਤੋਂ ਗਲੀ ਵਿਚੋਂ ਲੰਘਣ ਵਾਲੇ ਹਰ ਜਾਣੂੰ ਬੰਦੇ ਨੂੰ ਬਦੋਬਦੀ ਬੁਲਾ ਪ੍ਰੇਸ਼ਾਨ ਕਰਦੇ ਹਨ… ਜਾਂ ਫਿਰ ਉਨ੍ਹਾਂ ਦਾ ਡਰ ਇਨ੍ਹਾਂ ਗਲੀਆਂ ਦੇ ਮੋੜਾਂ ’ਤੇ ਟੋਲੇ ਬਣਾ ਕੇ ਖੜ੍ਹੇ ਨਸ਼ਈ ਜਾਪਦੇ ਵਿਹਲੇ ਮੁੰਡੇ ਹਨ, ਜੋ ਛੋਟੀ ਮੋਟੀ ਲੁੱਟ ਖੋਹ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਤੇ ਭਾਈ ਜਾਨ, ਉਨ੍ਹਾਂ ਦਾ ਇਹ ਡਰ ਹੈ ਵੀ ਸੱਚਾ! ਮੀਡੀਏ ਤੋਂ ਪ੍ਰਾਪਤ ਖ਼ਬਰਾਂ ਅਨੁਸਾਰ ਸ਼ਹਿਰ ਵਿਚ ਹੋਈ ਹਰ ਛੋਟੀ ਮੋਟੀ ਵਾਰਦਾਤ ਤੋਂ ਬਾਅਦ ਪਕੜੇ ਗਏ ਸੋਨੂੰ ਖੱਤਰੀ…. ਵਿਜੇ ਸਪਾਰੀ…. ਦਲੀਪਾ ਭਾਊ…. ਪੱਪੂ ਡੇਂਜ਼ਰ…. ਕੀਪਾ ਮੈਂਟਲ…. ਜਿਹੇ ਅਜੀਬੋ ਗਰੀਬ ਨਾਵਾਂ ਵਾਲੇ ਮੁੰਡੇ ਇਨ੍ਹਾਂ ਗਲੀਆਂ ਦੇ ਵਿਚ ਰਹਿਣ ਵਾਲੇ ਹੀ ਤਾਂ ਹੁੰਦੇ ਹਨ। ਪਰ ਕੁਝ ਵੀ ਹੈ ਭਾਈ ਜਾਨ, ਮੈਨੂੰ ਤਾਂ ਇਨ੍ਹਾਂ ਪੁਰਾਣੀਆਂ ਗਲੀਆਂ ਨਾਲ ਜਿਵੇਂ ਦਿਲ ਤੋਂ ਮੋਹ ਹੈ। ਕਿਵੇਂ ਭੁੱਲ ਸਕਦਾ ਹਾਂ ਇਨ੍ਹਾਂ ਗਲੀਆਂ ਨੂੰ? ਖਾਸ ਕਰ ਉਹ ‘ਨਿੰਮ ਵਾਲੀ ਗਲੀ’…. ਤੇ ਉਸ ਗਲੀ ਵਿਚਲਾ ਕਿਲੇ ਨੁਮਾ ਗੁਲਾਬੀ ਕਲੀ ਵਾਲਾ ਚੁਬਾਰੇ ਵਾਲਾ ਘਰ। ਜਿਸਦੀਆਂ ਅਕਸਰ ਬੰਦ ਰਹਿੰਦੀਆਂ ਤਾਕੀਆਂ ’ਚੋਂ ਕਦੇ ਇਕ ਤਾਕੀ ਸਿਰਫ਼ ਮੇਰੇ ਲਈ ਖੁੱਲ੍ਹਦੀ ਸੀ…. ਜਿਸਦੇ ਉਹਲੇ ਖੜ੍ਹ ਕੋਈ ਵੀਣੀ ਵਿਚ ਪਾਈਆਂ ਵੰਗਾਂ ਛਣਕਾ ਝੂਠੀ ਜਿਹੀ ਖੰਘ ਖੰਘਿਆ ਸੀ…. ਮੇਰਾ ਧਿਆਨ ਖਿੱਚਣ ਲਈ।
ਨਹੀਂ, ਭਾਈ ਜਾਨ, ਇਹ ਕਿਸੇ ਅਸਫ਼ਲ ਇਸ਼ਕ ਦੀ ਕਹਾਣੀ ਨਹੀਂ। ਕਿਤੇ ਕਾਹਲੇ ਪੈ ਸੋਚ ਰਹੇ ਹੋਵੋਂ! ਇਹ ਤਾਂ ਬਸ ਸ਼ਹਿਰ ਦੀ ਗੱਲ ਤੁਰੀ ਤਾਂ ਜ਼ਿਕਰ ਹੋ ਗਿਆ। ਵਰਨਾ ਹੁਣ ਤਾਂ ਇਕ ਮੁਦੱਤ ਹੋ ਗਈ ਉਸ ਗੱਲ ਨੂੰ। ਹੁਣ ਤੱਕ ਤਾਂ ਪਤਾ ਨਹੀਂ ਕਿੰਨੇ ਝੂਠੇ ਮੂਠੇ ‘ਇਸ਼ਕ’ ਹੰਢਾ ਕੇ ਦੇਖ ਲਏ। ਇਕ ਸਹੂਲਤੀ ਇਸ਼ਕ ਦੀ ਤਾਂ ਹਾਲੇ ਕੱਲ ਪਰਸੋਂ ਹੀ ਫਾਈਲ ਬੰਦ ਹੋਈ ਹੈ! ਕਹਿਣ ਲੱਗੀ, ‘ਆਪਾਂ ਵਿਆਹੇ ਵਰੇ ਕੁਝ ਗ਼ਲਤ ਨਹੀਂ ਚੱਲ ਪਏ…. ਚੱਲ ਪਿੱਛੇ ਨੂੰ ਮੁੜੀਏ।’ ਮੈਂ ਜਿਵੇਂ ਉਸ ਤੋਂ ਪਹਿਲਾਂ ਤਿਆਰ ਹੋਵਾਂ! ਕਿਹਾ, ”ਜਿਵੇਂ ਤੂੰ ਕਹੇਂ।’ ਤੇ ਕਰਤੀ ਫਾਈਲ ਬੰਦ! ਐਵੇਂ ਰੌਲਾ ਈ ਆ ਭਾਈ ਜਾਨ…. ਕੁਝ ਵੀ ਤਾਂ ਨਹੀਂ ਹੋਇਆ ਇਸ ਦਿਲ ਅੰਦਰ।
ਨਾ ਡੁੱਬਿਆ…. ਨਾ ਤਰਿਆ।
ਪਰ ਉਹ ਮਾਸੂਮ ਜਿਹਾ ਇਸ਼ਕ… ਓਹੀ ਨਿੰਮ ਵਾਲੀ ਗਲੀ ਵਾਲਾ। ਹਾਲੇ ਵੀ ਦਿਲ ਦੀ ਅੰਗੂਠੀ ਵਿਚ ਸੁੱਚੇ ਨਗ ਵਾਂਗ ਜੜਿਆ ਪਿਆ… ਤੇ ਇਕ ਖੋਹ ਜਿਹੀ ਪਾਉਂਦਾ ਇਸ ਦਿਲ ਅੰਦਰ! ਝੂਠੀ ਜਿਹੀ ਉਸ ਸੰਗੀਤਮਈ ਖੰਘ ਦਾ ਸੰਗੀਤ ਹਾਲੇ ਵੀ ਕੰਨਾਂ ਵਿਚ ਛਣ ਛਣ ਕਰਦਾ ਕਦੇ ਕਦੇ। ਕਿੰਨਾ ਸੋਹਣਾ ਲੱਗਦਾ ਇਹ ਸ਼ਹਿਰ ਉਦੋਂ ਅਪਣਾ-ਅਪਣਾ। ਜਿਵੇਂ ਇਹ ਅੱਜ ਵੀ ਓਹੀ ਨਿੰਮ ਵਾਲੀ ਗਲੀ ਵਾਲਾ ਸ਼ਹਿਰ ਹੋਵੇ! ਪਹਿਲਾਂ ਵਾਲਾ।
ਪਰ ਭਾਈ ਜਾਨ, ਓਪਰਾ ਓਪਰਾ ਜਿਹਾ ਜਾਪਦਾ ਇਹ ਸ਼ਹਿਰ…. ਹੁਣ ਉਹ ਸ਼ਹਿਰ ਨਹੀਂ ਰਿਹਾ। ਬਹੁਤ ਬਦਲ ਗਿਆ ਹੈ ਇਹ ਅੱਜ ਕੱਲ੍ਹ। ਬਿਨਾਂ ਕੋਈ ਖ਼ਬਰ ਕੀਤਿਆਂ। ਚੁਪ ਚਾਪ। ਹੌਲੀ ਹੌਲੀ। ਜਿਵੇਂ ਕੋਈ ਰਾਤ ਬਰਾਤੇ ਦਬੇ ਪੈਰ ਚੋਰਾਂ ਵਾਂਗ ਆਇਆ…. ਤੇ ਓਸ ਪੁਰਾਣੇ ਸ਼ਹਿਰ ਦੀ ਥਾਂ ਇਹ ਹੁਣ ਵਾਲਾ ਸ਼ਹਿਰ ਟਿਕਾ ਗਿਆ। ਜਿਸ ਵਿਚੋਂ ਲੰਘਦਿਆਂ ਅਕਸਰ ਠੇਡਾ ਖਾ ਕੇ ਮੂਧੜੇ ਮੂੰਹ ਡਿੱਗ ਪੈਂਦਾ ਹਾਂ। ਉਠ ਕੇ ਤੁਰਦਾ ਹਾਂ ਤਾਂ ਲੱਗਦਾ ਹੈ ਜਿਵੇਂ ਪੈਰ ਅੱਗੇ ਨੂੰ ਤੁਰ ਰਹੇ ਹਨ…. ਪਰ ਫਿਰ ਦੂਸਰੇ ਪਲ ਜਾਪਦਾ ਜਿਵੇਂ ਹੇਠਾਂ ਨੂੰ ਧਸ ਰਹੇ ਹੋਣ….. ਕਿਸੇ ਦਲਦਲ ਵਿਚ! ਕਦੇ ਕਦੇ ਤਾਂ ਲੱਗਦਾ ਹੈ ਜਿਵੇਂ ਕਿਸੇ ਘੁੰਮਣਘੇਰੀ ਵਿਚ ਫਸ ਗਿਆ ਹੋਵਾਂ…. ਤੇ ਹੱਥ ਪੈਰ ਮਾਰਦਾ ਬਸ ਘੁੰਮ ਰਿਹਾ ਹੋਵਾਂ…. ਬੇਵੱਸ! ਅਜੀਬ ਜਾਦੂ ਦੀ ਨਗਰੀ ਬਣ ਗਿਆ ਮੇਰਾ ਇਹ ਸ਼ਹਿਰ। ਤੇ ਪਹਿਲਾਂ ਵਾਲਾ ਉਹ ਸ਼ਹਿਰ…. ਉਹ ਤਾਂ ਹੁਣ ਚੇਤੇ ਦੀ ਫਿਰਕੀ ਨੂੰ ਥੋੜ੍ਹਾ ਪਿੱਛੇ ਘੁਮਾਉਣ ’ਤੇ ਸਿਰਫ਼ ਬੰਦ ਅੱਖਾਂ ’ਚ ਹੀ ਲਿਸ਼ਕਦਾ। ਉਹ ਵੀ ਬਸ ਐਵੇਂ ਪਲ ਭਰ ਲਈ। ਅੱਖ ਝਪਕਦਿਆਂ ਤਾਂ ਦ੍ਰਿਸ਼ ਬਦਲ ਜਾਂਦਾ। ਤੇ ਅੱਖਾਂ ਅੱਗੇ ਆ ਖੜ੍ਹਦਾ ਇਹ ਹੁਣ ਵਾਲਾ ਓਪਰਾ ਸ਼ਹਿਰ!
ਜਿਵੇਂ ਉਸ ਦਿਨ ਹੋਇਆ ਸੀ….
ਉਹ ਜੋ ਪੁਰਾਣੇ ਡਾਕਖਾਨੇ ਕੋਲ ਗੁਲਾਟੀ ਬ੍ਰਦਰਜ਼ ਨੇ ਨਵਾਂ ‘ਸ਼ਾਪਿੰਗ ਕੰਪਲੈਕਸ’ ਬਣਾਇਆ…. ਉਸਦੇ ਸਾਹਮਣੇ ਖੜ੍ਹਾ ਸੀ ਉਸ ਦਿਨ। ਬੁੱਤ ਬਣਿਆ…. ਤੇ ਬਿੱਟ ਬਿੱਟ ਝਾਕਦਾ ਸੋਚ ਰਿਹਾ ਸੀ ਕਿ ਭਲਾ ਇਸ ਥਾਂ ’ਤੇ ਪਹਿਲਾਂ ਕੀ ਹੁੰਦਾ ਸੀ? ਤਾਂ ਇਕ ਲਿਸ਼ਕੋਰ ਜਿਹੀ ਵੱਜੀ ਦਿਮਾਗ਼ ਵਿਚ…. ਹੈਂ! ਏਥੇ ਤਾਂ ਇਕ ਵੱਡਾ ਸਾਰਾ ਪਿੱਪਲ ਹੁੰਦਾ ਸੀ ਕਦੇ। ਬਿਨਾ ਵਲਗਣ ਤੋਂ ਇਕ ਖੁੱਲ੍ਹੀ ਥਾਂ ਦੇ ਵਿਚਕਾਰ ਕਰਕੇ ਲਹਿਰਾਉਂਦਾ ਹੋਇਆ…. ਤੇ ਭਾਈ ਜਾਨ, ਜੇ ਸੱਚ ਜਾਣੋ ਤਾਂ ਦੱਸਦਾਂ, ਕਿ ਚੇਤੇ ਵਿਚ ਲਹਿਰਾ ਉਠੇ ਉਸ ਪਿੱਪਲ ਦੇ ਪੱਤਿਆਂ ਦੀ ਖੜ੍ਹ ਖੜ੍ਹ ਦੀ ਸਰਗਮ ਵੱਜਣ ਲੱਗ ਪਈ ਸੀ ਮੇਰੇ ਕੰਨਾਂ ਵਿਚ! ਵੰਗਾਂ ਦੀ ਉਸ ਖਣ ਖਣ ਜਿਹੀ…. ਜੋ ‘ਨਿੰਮ ਵਾਲੀ ਗਲੀ’ ਵਿਚ ਊਸੇ ਤਾਕੀ ਕੋਲੋਂ ਲੰਘਦਿਆਂ ਕਈ ਵਾਰ ਸੁਣੀ ਸੀ। ਬਸ ਸੁਰੀਲੀ ਜਿਹੀ ਲੋਰ ਵਿਚ ਹੀ ਅੱਖਾਂ ਮਿਚ ਗਈਆਂ ਕਿਤੇ! ਪਹਿਲਾਂ ਤਾਂ ਬੰਦ ਅੱਖਾਂ ਵਿਚ ਕੁਝ ਪਰਛਾਵੇਂ ਉਭਰੇ। ਕਾਲੇ ਕਾਲੇ ਧੁੰਦਲੇ ਜਿਹੇ। ਨਕਸ਼ ਸਾਫ ਨਹੀਂ ਦਿਸ ਰਹੇ ਸਨ ਉਨ੍ਹਾਂ ਦੇ। ਫ਼ਿਰ ਚੇਤੇ ’ਤੇ ਜ਼ਰਾ ਦਬਾ ਵਧਾਇਆ ਤਾਂ ਅਚਾਨਕ ਉਨ੍ਹਾਂ ਵਿਚ ਰੰਗ ਭਰ ਗਏ ਜਿਵੇਂ। ਸਭ ਕੁਝ ਸਾਫ ਦਿਸ ਰਿਹਾ ਸੀ ਹੁਣ। ਸਭ ਤੋਂ ਪਹਿਲਾਂ ਨਜ਼ਰ ਆਇਆ ਤਾਲੇ ਠੀਕ ਕਰਨ ਵਾਲਾ ਬਿਰਜ ਲਾਲ… ਉਸਦੀ ਢੂਹੀ ’ਤੇ ਉਵੇਂ ਹੀ ਇਕ ਛੋਟਾ ਜਿਹਾ ਕੁੱਬ ਉਭਰਿਆ ਸੀ… ਤੇ ਉਸਦੇ ਅੱਗੇ ਵਿਛੀ ਬੋਰੀ ’ਤੇ ਨਵੇਂ ਪੁਰਾਣੇ ਤਾਲੇ ਸਜੇ ਹੋਏ ਸੀ। ਬਿਰਜ ਲਾਲ ਨੀਵੀਂ ਪਾਈ ਇਕ ਜੰਗਾਲੇ ਹੋਏ ਪੁਰਾਣੇ ਤਾਲੇ ਵਿਚ ਕੁੰਜੀ ਫੇਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੰਜੀ ਫਿਰ ਨਹੀਂ ਰਹੀ ਸੀ। ਬਿਰਜ ਲਾਲ ਨੇ ਪੈਰਾਂ ’ਚ ਪਈ ਤੇਲ ਦੀ ਕੁੱਪੀ ਉਠਾ ਤੇਲ ਦੀਆਂ ਕੁਝ ਬੂੰਦਾਂ ਹੋਰ ਉਸਦੇ ਸੁਰਾਖ ਵਿਚ ਟਪਕਾ ਦਿੱਤੀਆਂ…. ਪਰ ਕੁੰਜੀ ਹਾਲੇ ਵੀ ਫਿਰੀ ਨਹੀਂ ਸੀ। ਹਾਰ ਕੇ ਉਸਨੇ ਤਾਲਾ ਹੇਠਾਂ ਰੱਖ ਜੇਬ ’ਚੋਂ ਬੀੜੀਆਂ ਦਾ ਬੰਡਲ ਕੱਢ ਲਿਆ… ਤੇ ਬੀੜੀ ਸੁਲਘਾ ਇਕ ਲੰਬਾ ਕਸ਼ ਖਿੱਚਿਆ। ਉਸਦੇ ਗਲੇ ਦੀਆਂ ਨਾੜਾਂ ਤਣ ਗਈਆਂ। ਜਿਵੇਂ ਉਨ੍ਹਾਂ ਵਿਚ ਲਹੂ ਦੌੜਨ ਲੱਗ ਪਿਆ ਹੋਵੇ… ਤੇ ਫਿਰ ਉਸਨੇ ਸਿਰ ਉੱਪਰ ਉਠਾ ਅੰਦਰ ਖਿੱਚਿਆ ਧੂੰਆਂ ਹਵਾ ਵਿਚ ਛੱਡ ਦਿੱਤਾ। ਦੋ ਚਾਰ ਵਾਰ ਹੋਰ ਇੰਜ ਕਰ ਉਸਨੇ ਬੀੜੀ ਬੁਝਾ ਕੇ ਅਪਣੇ ਕੰਨ ’ਤੇ ਟੰਗ ਲਈ…. ਤੇ ਹੁਣ ਜਦੋਂ ਉਸਨੇ ਤਾਲੇ ਨੂੰ ਉਠਾ ਕੁੰਜੀ ਫੇਰੀ ਤਾਂ ਉਹ ਬੜੀ ਸੌਖ ਨਾਲ ਫਿਰ ਗਈ।
ਕਰਰ ਕਰਰ ਦੀ ਆਵਾਜ਼ ਜਿਵੇਂ ਉਸਨੂੰ ਅਜੀਬ ਜਿਹਾ ਸਕੂਨ ਦੇ ਰਹੀ ਸੀ…. ਕੁੰਜੀ ਫੇਰ ਵਾਰ ਵਾਰ ਸੁਣ ਰਿਹਾ ਸੀ। ਚੇਤੇ ’ਚ ਲਹਿਰਾ ਰਹੇ ਇਸ ਪਿੱਪਲ ਹੇਠਾਂ ਹੀ ਤਾਂ ਬੈਠਦਾ ਸੀ ਬਿਰਜ ਲਾਲ! ਤੇ ਮੈਂ ਕਿੰਨਾ ਸਾਫ ਦੇਖ ਰਿਹਾ ਸੀ ਉਸਨੂੰ!! ਉਸਦੀ ਲੱਕੜ ਦੀ ਛੋਟੀ ਜਿਹੀ ਸੰਦੂਕੜੀ ਵੀ ਉਸਦੇ ਕੋਲ ਹੀ ਪਈ ਸੀ।
ਠੱਕ…. ਠੱਕ…. ਠੱਕ….
ਲੋਹੇ ਦੇ ਟਰੰਕ ਬਣਾਉਣ ਵਾਲਾ ਹੰਸ ਰਾਜ… ਉਹ ਵੀ ਤਾਂ ਇਥੇ ਹੀ ਬੈਠਦਾ ਸੀ। ਇਹ ਠੱਕ ਠੱਕ ਉਸਦੀ ਹਥੌੜੀ ਦੀ ਸੀ। ਉਹ ਲੋਹੇ ਦੀ ਚਾਦਰ ਨੂੰ ਭੁੰਜੇ ਵਿਛਾ ਸਿੱਧਾ ਕਰ ਰਿਹਾ ਸੀ। ਉਸਦੇ ਕੋਲ ਸਾਈ ’ਤੇ ਬਣੀਆਂ ਕੁਝ ਟਰੰਕ ਟਰੰਕੀਆਂ ਪਈਆਂ ਸਨ। ਲਿਸ਼ ਲਿਸ਼ ਕਰਦੀਆਂ…. ਤੇ ਉਨ੍ਹਾਂ ਦੇ ਕੋਲ ਕਰਕੇ ਪਈ ਸੀ ਇਕ ਵੱਡੀ ਸਾਰੀ ਲੋਹੇ ਦੀ ਪੇਟੀ…. ਜਿਸਦੇ ਕੁੰਡੇ ਨਾਲ ਸ਼ਗਨਾਂ ਵਾਲੀ ਲਾਲ ਮੌਲੀ ਬੰਨ੍ਹੀ ਹੋਈ ਸੀ। ਜਿਵੇਂ ਕੋਈ ਦਿਨ ਵਾਰ ਦਾ ਖ਼ਿਆਲ ਕਰ ਉਸਨੂੰ ਘਰ ਨਾ ਲੈ ਕੇ ਗਿਆ ਹੋਵੇ…. ਪਰ ਮੌਲੀ ਬੰਨ੍ਹ ਉਸਨੂੰ ਸੁੱਚਾ ਕਰ ਗਿਆ ਹੋਵੇ। ਤੇ ਭਾਈ ਜਾਨ, ਫਿਰ ਮੈਨੂੰ ਨਾਨਕ ਚੰਦ…. ਜਿਸਦਾ ਬੇਟਾ ਹਰੀਸ਼ ਮੇਰਾ ਜਮਾਤੀ ਸੀ…. ਉਸਦਾ ਭੱਠ ਦਿਸਿਆ। ਉਹ ਵੀ ਤਾਂ ਇਕ ਨੁੱਕਰ ਵਿਚ ਇਸ ਪਿੱਪਲ ਹੇਠਾ ਹੁੰਦਾ ਸੀ। ਮੈਨੂੰ ਯਾਦ ਹੈ ਨਾਨਕ ਚੰਦ ਕੋਲ ਆਟੇ ਦੇ ਬਿਸਕੁਟ ਬਣਵਾਉਣ ਵਾਲਿਆਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਸੀ। ਲੋਕ ਘਰੋਂ ਲਿਆਂਦੇ ਸਮਾਨ ਨੂੰ ਬੋਚੀ ਪਿੱਪਲ ਦੁਆਲੇ ਬਣੇ ਪੱਕੇ ਥੜ੍ਹੇ ‘ਤੇ ਬੈਠ ਆਥਣ ਤਾਈਂ ਅਪਣੀ ਵਾਰੀ ਉਡੀਕਦੇ ਸਨ। ਤੇ ਨਾਨਕ ਚੰਦ ਦੇ ਭੱਠ ਦੇ ਨਾਲ ਕਰਕੇ ਬੈਠਦਾ ਸੀ ਕਰਤਾਰ ਘੜੀਸਾਜ਼…. ਉਹ ਵੀ ਅੱਖ ’ਤੇ ‘ਆਈ ਗਲਾਸ’ ਲਗਾਈ ਕਿਸੇ ਘੜੀ ਦੀਆਂ ਸੂਈਆਂ ਨਾਲ ਉਲਝਿਆ ਹੋਇਆ ਦਿਸਿਆ। ਤੇ ਜਵਾਂ ਅਖੀਰ ਵਿਚ ਹੁੰਦੀ ਸੀ ਧਨੀ ਰਾਮ ਦੀ ਟਾਲ…. ਯਕੀਨ ਕਰਿਓ ਭਾਈ ਜਾਨ, ਉੱਚੇ ਕਰਕੇ ਲਗਾਏ ਕੰਡੇ ਦੁਆਲੇ ਲੱਕੜ ਦੇ ਗਿੱਟੂਆਂ ਦੇ ਢੇਰ ਉਵੇਂ ਦੇ ਉਵੇਂ ਹੀ ਨਜ਼ਰ ਆਏ। ਫਿਰ ਟਨ…. ਟਨ…. ਦੀ ਆਵਾਜ਼ ਨਾਲ…. ਚੇਤੇ ਵਿਚ ਉਭਰਿਆ ਇਕ ਮੰਦਰ…. ਉਹ ਵੀ ਤਾਂ ਇੱਥੇ ਜਿਹੇ ਕਰਕੇ ਹੀ ਹੁੰਦਾ ਸੀ ਕਿਤੇ! ਕਦੇ ਉਥੋਂ ਲੰਘੇ ਤਾਂ ਧਿਆਨ ਨਾਲ ਦੇਖਿਓ…. ਉਹ ਅੱਜ ਵੀ ਉਥੇ ਹੀ ਹੈ! ਪਰ ਹੁਣ ਉਸਦਾ ਬਾਰ ਪਿਛਲੇ ਪਾਸੇ ਇਕ ਤੰਗ ਜਿਹੀ ਗਲੀ ਵਿਚ ਖੁੱਲਦਾ।
ਤੇ ਭਾਈ ਜਾਨ, ਮੈਂ ਹੈਰਾਨ ਹੋਇਆ ਸੋਚੀ ਜਾਵਾਂ ਕਿ ਬਿਰਜ ਲਾਲ… ਹੰਸ ਰਾਜ… ਨਾਨਕ ਚੰਦ… ਉਸਦਾ ਬੇਟਾ ਹਰੀਸ਼…. ਕਰਤਾਰ… ਤੇ ਧਨੀ ਰਾਮ ਭਲਾ ਕਿਧਰ ਗਏ ਸਾਰੇ? ਕਦੇ ਨਜ਼ਰ ਹੀ ਨਹੀਂ ਆਏ! ਉਦੋਂ ਹੀ ਕਿਤੇ ਉਪਰ ਹੀ ਚੜ੍ਹ ਆਈ ਇਕ ਕਾਰ ਦੇ ਵੱਜੇ ਤਿੱਖੇ ਹਾਰਨ ਨਾਲ ਹੋਸ਼ ਪਰਤ ਆਈ। ਸਾਹਮਣੇ ਸੀ ਇਹ ਹੁਣ ਵਾਲਾ ਸ਼ਹਿਰ! ਤੇ ਮੈਂ ਗੁਲਾਟੀ ਬ੍ਰਦਰਜ਼ ਦੇ ‘ਸ਼ਾਪਿੰਗ ਕੰਪਲੈਕਸ’ ਦੇ ਸਾਹਮਣੇ ਖੜ੍ਹਾ ਸੀ। ਜਿਸਦੇ ਬਾਹਰ ਪਤਲੇ ਜਿਹੇ ਲੱਕ ਵਾਲੀ ਮਾਡਲ ਕੁੜੀ ਦਾ ਕੱਟ ਆਊਟ ਲੱਗਿਆ…. ਤੇ ਉਸਦੇ ਭਿੱਜੇ ਹੋਏ ਬਦਨ ’ਤੇ ਪਾਣੀ ਦੀਆਂ ਬੂੰਦਾਂ ਲਿਸ਼ਕ ਰਹੀਆਂ ਹਨ। ਉਹ ਬੜੀ ਅਦਾ ਨਾਲ ਸਿਰਫ਼ ਅੰਦਰੂਨੀ ਟੂ ਪੀਸ ਪਹਿਨੀ ਅਪਣੇ ‘ਪੈਂਟੀ’ ਦੇ ਲਾਸਟਕ ਨੂੰ ਥੋੜ੍ਹਾ ਥੱਲੇ ਵੱਲ ਖਿਸਕਾਉਂਦੀ ਹੋਈ ਅੱਖ ਦੱਬ ਰਹੀ ਹੈ। ਜਿਵੇਂ ਇਕ ਛੱਤ ਹੇਠ ਸ਼ਾਪਿੰਗ ਕਰਨ ਦਾ ਲੁਤਫ਼ ਲੈਣ ਲਈ ਸੈਨਤ ਮਾਰ ਰਹੀ ਹੋਵੇ!…
.
ਲਓ, ਭਾਈ ਜਾਨ, ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਰੌਲਾ ਇੱਕਲਾ ਉਸ ਚੀਕ ਦਾ ਨਹੀਂ, ਜਿਹੜੀ ਹੁਣ ਮੈਥੋਂ ਅਪਣੇ ਅੰਦਰ ਡੱਕ ਨਹੀਂ ਹੋ ਰਹੀ। ਇਹ ਜੋ ਮੈਂ ਗੱਲ ਕਰਦਾ ਕਰਦਾ ਵਿਚ ਵਿਚਾਲੇ ਹੋਰ ਹੀ ਪਾਸੇ ਤੁਰ ਪੈਂਦਾ ਹਾਂ…. ਇਸਦਾ ਕਿਹੜਾ ਘੱਟ ਪੰਗਾ। ਹੁਣ ਵੀ ਦੇਖ ਲਓ, ਗੱਲ ਤਾਂ ਕਰ ਰਿਹਾ ਸੀ ਇਕ ਭੇਤ ਦੀ…. ਤੇ ਕਹਿਣਾ ਇਹ ਸੀ ਕਿ ਦੇਖਿਓ ਭਾਈ ਜਾਨ ਕਿ ਹੁਣ ਕਿਤੇ ਉਹੀ ਗੱਲ ਕਰਦੇ ਹੋਵੋ…. ਅਪਣਿਆਂ ਵਾਲੀ! ਮਤਲਬ ਇਸ ਭੇਤ ਨੂੰ ਗੇਂਦ ਵਾਂਗ ਹਵਾ ਵਿਚ ਉਛਾਲ ਅਪਣੇ ਭੱਜਣ ਲਈ ਕੋਈ ਰਾਹ ਲਓ। ਕਹੋ ਕਿ ਇਸ ਖ਼ਤਰਨਾਕ ਬੰਦੇ ਨਾਲ ਕਿਹੜਾ ਖੜ੍ਹੇ, ਜੋ ਇਕ ਚੀਕ ਤੱਕ ਅਪਣੇ ਅੰਦਰ ਡੱਕ ਕੇ ਨਹੀਂ ਰੱਖ ਸਕਦਾ। ਜਦਕਿ ਕਿੰਨਾ ਸਹਿਜ ਹੈ ਇਸ ਨੂੰ ਅੰਦਰ ਹੀ ਘੁੱਟ ਲੈਣਾ…. ਤੇ ਬੋਚ ਬੋਚ ਕੇ ਪੱਬ ਧਰ ਤੁਰਨਾ। ਜਿਵੇਂ ਕੁਝ ਹੋਇਆ ਹੀ ਨਾ ਹੋਵੇ! ਫਿਰ ਤਾਂ ਭਾਈ ਜਾਨ, ਮੈਂ ਤੁਹਾਡੀ ਦੂਸਰੀ ਦਲੀਲ ਵੀ ਜਾਣਦਾ ਹਾਂ। ਇਨ੍ਹਾਂ ‘ਅਪਣਿਆਂ’ ਕੋਲੋਂ ਹੀ ਸੁਣੀ ਸੀ। ਕਹਿੰਦੇ ਸੀ, ਸ਼ਹਿਰ ਵਿਚ ਹੋਰ ਵੀ ਤਾ ਲੋਕ ਰਹਿੰਦੇ ਹਨ। ਉਹ ਵੀ ਤਾਂ ਬੱਤੀਆਂ ਵਾਲੇ ਓਸ ਚੌਂਕ ’ਚੋਂ ਲੰਘਦੇ ਨੇ…. ਜਿਥੇ ਸ਼ਹਿਰ ਦੇ ‘ਪਤਵੰਤੇ’ ਬੰਦਿਆਂ ਦੀਆਂ ਤਸਵੀਰਾਂ ਵਾਲਾ ਉਹ ਬੋਰਡ ਲਟਕ ਰਿਹਾ। ਕਿਸੇ ਹੋਰ ਨੂੰ ਤਾਂ ਉਨ੍ਹਾਂ ਤਸਵੀਰਾਂ ਵੱਲ ਦੇਖ ਕੁਝ ਨਹੀਂ ਹੁੰਦਾ। ਫੇਰ ਤੈਨੂੰ ਕਿਓਂ…..
ਪਰ ਭਾਈ ਜਾਨ, ਐਵੇਂ ਕਹਾਂ… ਮੈਨੂੰ ਨਹੀਂ ਲਗਦਾ ਕਿ ਤੁਸੀਂ ਕੋਈ ਅਜਿਹੀ ਦਿਲ ਦੁਖਾਵੀਂ ਗੱਲ ਕਹੋਗੇ। ਬਸ ਮੇਰਾ ਦਿਲ ਕਹਿ ਰਿਹੈ…. ਤੇ ਜੋ ਦਿਲ ਕਹਿ ਰਿਹਾ ਹੋਵੇ, ਮੇਰੇ ਲਈ ਤਾਂ ਉਹੀ ਸਹੀ ਹੁੰਦਾ। ਵੈਸੇ ਵੀ ਇੰਜ ਤਾਂ ‘ਅਪਣੇ’ ਕਰਦੇ ਨੇ! ਕਿਓਂ ਭਾਈ ਜਾਨ, ਤੁਹਾਡਾ ਕੀ ਖ਼ਿਆਲ ਹੈ? ਪਰ ਇਕ ਮਿੰਟ…. ਇਹ ਜੋ ਮੈਂ ਵਾਰ ਵਾਰ ‘ਅਪਣੇ-ਅਪਣੇ’ ਜ਼ਰਾ ਘਰੋਟ ਕੇ ਕਹਿ ਰਿਹਾਂ…. ਇਸਦੀ ਕੋਈ ਖ਼ਾਸ ਵਜ੍ਹਾ ਨਹੀਂ! ਕਿਤੇ ਮੇਰੇ ਦਿਮਾਗ਼ ਵਿਚ ਪੈਣ ਲਗ ਪਈ ‘ਝੋਲ’ ਦੀ ਘੁੰਡੀ ਇਨ੍ਹਾਂ ਆਪਣਿਆਂ ਦੇ ਅਲਾਪ ਵਿਚ ਲੱਭਦੇ ਫਿਰੋ…. ਤੇ ਐਵੇਂ ਕੋਈ ਗ਼ਲਤ ਕੰਨੀਂ ਖਿੱਚ ਮੇਰੀ ਇਸ ਝੋਲ ਦੀ ‘ਗੋਲ਼ ਰੀਢ’ ਬਣਾ ਦਿਓ। ਫੇਰ ਨਹੀਂ ਖੁੱਲ੍ਹਣਾ ਇਸਨੇ। ਲਾਈ ਜਾਇਓ ਅਪਣੀ ਵਾਹ! ਹੋਰ ਵੀ ਪੀਚਦੀ ਜਾਊ। ਪਰ ਭਾਈ ਜਾਨ, ਤੁਹਾਡਾ ਵੀ ਕੋਈ ਕਸੂਰ ਨਹੀਂ…. ਮੇਰੀ ਗੱਲ ਸੁਣ ਕੇ ਦਿਮਾਗ਼ ਵਾਲੇ ਡਾਕਟਰ ਸਾਵੰਤ ਨੂੰ ਵੀ ਤਾਂ ਇੰਜ ਹੀ ਲੱਗਿਆ ਸੀ।
ਹਾਂ, ਭਾਈ ਜਾਨ, ਹੁਣ ਤੁਹਾਡੇ ਤੋਂ ਕਾਹਦਾ ਓਹਲਾ…. ਗਿਆ ਸੀ ਇਕ ਦਿਨ ਉਸ ਕੋਲ! ਸੋਚਿਆ, ਹੈ ਤਾਂ ਇਹ ਕੋਈ ਦਿਮਾਗ਼ੀ ਉਲਝਣ ਹੀ ਨਾ…. ਫੇਰ ਹਰਜ਼ ਕੀ ਹੈ ਸਲਾਹ ਲੈਣ ਵਿਚ। ਆਖ਼ਿਰ ਸ਼ਹਿਰ ਵਿਚ ਇੰਨਾ ਨਾਂ ਹੈ ਡਾਕਟਰ ਸਾਵੰਤ ਦਾ। ਐਵੇਂ ਤਾਂ ਨਹੀਂ ‘ਪਾਰਸ ਰੋਡ’ ’ਤੇ ਰਾਇਲ ਕਲਾਸਿਕ ਵਾਲਿਆਂ ਦੀ ਬਿਲਡਿੰਗ ਕੋਲ ਇੰਨਾ ਵੱਡਾ ਹਸਪਤਾਲ ਬਣਾਈ ਬੈਠਾ। ਮੈਂ ਤਾਂ ਹਮੇਸ਼ਾ ਇਕ ਭੀੜ ਲੱਗੀ ਦੇਖੀ ਆ ਉਸ ਕੋਲ। ਸੋਚਿਆ ਤਾਂ ਏਹੀ ਸੀ ਕਿ ਸ਼ਾਇਦ ਉਸਦੀ ਸਲਾਹ ਨਾਲ ਮੇਰੀ ਇਹ ਝੋਲ, ਸਹੀ ਤੋਲ ਵਿਚ ਆ ਜਾਏ…. ਹੋਰਾਂ ਵਾਂਗ! ਪਰ ਭਾਈ ਜਾਨ, ਹੋਇਆ ਕੀ ਕਿ ਮੈਂ ਝਕਦਾ ਝਕਦਾ ਚਲਾ ਤਾਂ ਗਿਆ ਉੱਥੇ…. ਪਰ ਡਾਕਟਰ ਸਾਂਵੰਤ ਨੂੰ ਅਪਣੀ ਤਕਲੀਫ ਦੱਸਦਿਆਂ ਮੈਂ ਇੰਜ ਵਿਹਾਰ ਕਰ ਰਿਹਾ ਸੀ ਜਿਵੇਂ ਕੋਈ ਬਾਹਲੀ ਵੱਡੀ ਸੱਮਸਿਆ ਨਾ ਹੋਵੇ ਮੈਨੂੰ। ਬਸ ਐਵੇਂ ਟਹਿਲਦਾ ਹੋਇਆ ਖ਼ੁਸ਼ੀ ਨਾਲ ਹੀ ਉਨ੍ਹਾਂ ਕੋਲ ਆ ਗਿਆ ਹੋਵਾਂ। ਅਪਣੇ ਜਾਣੇ ਹੱਸ ਹੱਸ ਕੇ ਗੱਲ ਕਰਾਂ। ਜਿਵੇਂ ਕੁਝ ਛੁਪਾ ਰਿਹਾ ਹੋਵਾਂ। ਪਰ ਡਾਕਟਰ ਸਾਵੰਤ ਦੀ ਵੀ ਕਮਾਲ ਮੰਨ ਗਿਆ! ਮੈਂ ਬੋਲ ਰਿਹਾ ਸੀ ਤਾਂ ਹੇਠਲਾਂ ਬੁੱਲ੍ਹ ਸੁੱਟੀ ਮੇਰੇ ਕੰਨੀਂ ਦੇਖ ਰਿਹਾ ਸੀ… ਟਿਕ ਟਿਕੀ ਲੱਗਾ। ਵਿਚ ਵਿਚ ਅੱਖਾਂ ਝਪਕਾ ਸਿਰ ਹਿਲਾ ਛੱਡੇ। ਜਿਵੇਂ ਸਭ ਸਮਝ ਰਿਹਾ ਹੋਵੇ! ਫਿਰ ਮੈਂ ਚੁਪ ਕਰ ਗਿਆ…. ਤਾਂ ਭਾਈ ਜਾਨ, ਪਤਾ ਪਹਿਲਾ ਸਵਾਲ ਉਸਨੇ ਮੇਰੇ ਨਾਲ ਕੀ ਕੀਤਾ?
ਕਹਿੰਦਾ, ‘ਮਿਸਟਰ, ਜ਼ਰਾ ਅਪਣਿਆਂ ਬਾਰੇ ਖੁੱਲ੍ਹ ਕੇ ਦੱਸੋ!’ ਹੁਣ ਖੁੱਲ੍ਹ ਕੇ ਦੱਸਣ ਵਾਲੀ ਕੋਈ ਗੱਲ ਹੋਵੇ ਤਾਂ ਦੱਸਾਂ। ਤਾਂ ਹੀ ਤਾਂ ਤੁਹਾਨੂੰ ਵੀ ਟੋਕਤਾ। ਕਿਤੇ ਇਸ ਤਰਫ ਨੂੰ ਹੀ ਸੋਚੀ ਜਾਓ। ਸੱਚੀਓ ਭਾਈ ਜਾਨ, ਇਨ੍ਹਾਂ ‘ਅਪਣਿਆਂ’ ਦਾ ਕੋਈ ਪੰਗਾ ਨਹੀਂ! ਤੇ ਇੰਜ ਹੀ ਡਾਕਟਰ ਸਾਵੰਤ ਨੂੰ ਹੱਸ ਕੇ ਕਿਹਾ ਸੀ। ਪਤਾ ਨਹੀਂ ਉਨ੍ਹਾਂ ਨੇ ਯਕੀਨ ਕੀਤਾ ਜਾਂ ਨਹੀਂ…. ਪਰ ਮੇਰਾ ਦਿਲ ਕਹਿ ਰਿਹੈ ਕਿ ਤੁਸੀਂ ਜ਼ਰੂਰ ਕਰੋਗੇ। ਉਂਜ, ਇਕ ਗੱਲ ਜ਼ਰੂਰ ਆ ਭਾਈ ਜਾਨ! ਚੰਗਾ ਹੈ, ਜੋ ਤੁਸੀਂ ਇਨ੍ਹਾਂ ਅਪਣਿਆਂ ’ਚੋਂ ਨਹੀਂ। ਤੁਹਾਡਾ ਤਾਂ ਨਾਂ ਤੱਕ ਨਹੀਂ ਜਾਣਦਾ ਮੈਂ। ਦੇਖ ਹੀ ਰਹੇ ਹੋ… ਭਾਈ ਜਾਨ ਕਹਿ ਬੁਲਾ ਰਿਹਾ ਤੁਹਾਨੂੰ।
ਮੇਰਾ ਨਾਮ?
ਰਹਿਣ ਦਿਓ ਭਾਈ ਜਾਨ! ਕਹਿੰਦੇ ਨੀ ਹੁੰਦੇ ਕਿ ਨਾਂ ਵਿਚ ਕੀ ਪਿਆ…. ਸੋ, ਮੈਨੂੰ ਬੇਨਾਮ ਹੀ ਸਮਝ ਲਓ। ਇੰਜ ਅਪਣੇਪਨ ਦਾ ਕੋਈ ਭਰਮ ਵੀ ਨਹੀਂ ਰਹੇਗਾ….
ਪਰ ਭਾਈ ਜਾਨ, ਇੰਜ ਨਹੀਂ….. ਜੇ ਹੁਣ ਗੱਲ ਤੁਰ ਹੀ ਪਈ ਹੈ ਤਾਂ ਪਹਿਲਾਂ ਇਕ ਕੰਮ ਕਰੋ। ਜ਼ਰਾ ਸਰਕ ਕੇ ਉਰੇ ਨੂੰ ਹੋਵੋ। ਜ਼ਰਾ ਹੋਰ… ਹਾਂ, ਹੁਣ ਠੀਕ ਆ। ਕੁਝ ਹੋਰ ਦੱਸਦਾਂ ਤੁਹਾਨੂੰ! ਜੋ ਮੈਂ ਡਾਕਟਰ ਸਾਵੰਤ ਨੂੰ ਵੀ ਨਹੀਂ ਦੱਸਿਆ ਸੀ। ਛੁਪਾ ਗਿਆ ਸੀ। ਸੋਚਿਆ ਐਵੇਂ ਮੈਨੂੰ ਪਾਗਲ ਹੀ ਨਾ ਸਮਝ ਲਏ। ਪਰ ਹੁਣ ਤਾਂ ਮੇਰੀ ਇਸ ‘ਝੋਲ’ ਦਾ ਇਹ ਹਾਲ ਹੋ ਗਿਆ ਭਾਈ ਜਾਨ…. ਕਿ ਦਿਲ ਕਰਦੈ ਕਿ ਇਹ ਜੋ ਮੈਂ ਸਲੀਕੇ ਨਾਲ ਕੱਪੜੇ ਪਾਏ ਹੋਏ ਨੇ…. ਇਨ੍ਹਾਂ ਨੂੰ ਫਾੜ ਲਵਾਂ…. ਤੇ ਲੰਗਾਰ ਲਾਹ ਚੀਕ ਮਾਰਨ ਤੋਂ ਬਾਅਦ ਬੱਤੀਆਂ ਵਾਲੇ ਓਸ ਚੌਂਕ ਦੇ ਐਨ ਵਿਚਕਾਰ ਚੌਫਾਲ ਲਿਟ ਜਾਵਾਂ।
ਭਾਈ ਜਾਨ, ਤੁਸੀਂ ਤਾਂ ਹੈਰਾਨ ਹੋ ਰਹੇ ਹੋ! ਮੇਰੇ ਵੱਲ ਇੰਜ ਦੇਖ ਰਹੇ ਹੋ ਜਿਵੇਂ ਮੈਂ ਕੋਈ ਬਾਹਲੀ ਅਲੋਕਾਰੀ ਗੱਲ ਕਹਿ ਦਿੱਤੀ ਹੋਵੇ…. ਕਿ ਇਹ ਸੋਚ ਰਹੇ ਹੋ ਕਿ ਕਿਹੋ ਜਿਹੀ ਹੋਵੇਗੀ ਇਸ ਬੰਦੇ ਦੀ ਚੀਕ… ਠੁਸ….. ਅ…. ਅ…..! ਉਹ ਵੀ ਜੇ ਮੈਂ ਮਾਰ ਸਕਿਆ ਤਾਂ। ਕਿਓਂ ਭਾਈ ਜਾਨ, ਏਹੀ ਸੋਚ ਰਹੇ ਹੋ ਨਾ? ਨਾ ਦੱਸੋ ਬੇਸ਼ੱਕ…. ਜਾਣਦਾ ਹਾਂ ਕਿ ਤੁਸੀਂ ਇੰਜ ਕਿਉਂ ਸੋਚ ਰਹੇ ਹੋ। ਇਹ ਭੇਤ ਦੀ ਗੱਲ ਆਸਾ ਪਾਸਾ ਦੇਖ ਕੇ ਡਰਦੇ ਹੋਏ ਤੁਹਾਡੇ ਕੰਨ ਵਿਚ ਦੱਸੀ ਹੈ, ਇਸ ਲਈ ਨਾ? ਸੋਚ ਰਹੇ ਹੋ ਕਿ ਐਸਾ ਡਰਪੋਕ ਬੰਦਾ ਕੀ ਚੀਕ ਮਾਰੂ। ਤਾਂ ਭਾਈ ਜਾਨ, ਹੈ ਤਾਂ ਗੁਸਤਾਖ਼ੀ….. ਪਰ ਜੇ ਬੁਰਾ ਨਾ ਲੱਗੇ, ਤਾਂ ਕਹਿ ਦਿੰਨਾ…. ਤੁਸੀਂ ਸਹੀ ਨਹੀਂ ਸੋਚ ਰਹੇ। ਲਗਦਾ ਭੀੜ ਵਿਚ ਤੁਰ ਰਹੇ ਇੱਕਲੇ ਬੰਦੇ ਦੀ ਚੁੱਪ ਬਾਰੇ ਨਹੀਂ ਜਾਣਦੇ! ਕਿ ਜਾਣਦੇ ਹੋ? ਜੇ ਜਾਣਦੇ ਹੋ ਤਾਂ ਦੱਸੋ ਫਿਰ…. ਚੁੱਪ ਕਿਉਂ ਹੋ? ਨਹੀਂ ਤਾਂ ਜਾਣ ਲਓ ਭਾਈ ਜਾਨ, ਬਹੁਤ ਖ਼ਤਰਨਾਕ ਹੁੰਦੀ ਹੈ ਇਹ…. ਵਿਸਫੋਟ ਜਿਹੀ! ਕਈ ਵਾਰ ਭੀੜ ਵਿਚ ਤੁਰਦਿਆਂ ਜ਼ਰਾ ਕੁ ਮੋਢਾ ਖਹਿਣ ’ਤੇ ਹੀ ਫਟ ਜਾਂਦੀ ਹੈ। ਇਸ ਲਈ ਕਿਸੇ ਭਰਮ ਵਿਚ ਨਾ ਰਹਿਣਾ। ਮੈਂ ਚੀਕ ਮਾਰ ਵੀ ਸਕਦਾਂ। ਦੇਖਿਓ ਫਿਰ! ਜੇ ਇਹ ਬੇਤਰਤੀਬੀਆਂ ਥਮ ਨਾ ਗਈਆਂ ਤਾਂ…….
ਤੇ ਇੰਜ ਹੋ ਜਾਣਾ ਸੀ ਅੱਜ!
ਹਾਂ, ਭਾਈ ਜਾਨ, ਆਹ ਹੁਣੇ ਥੋੜ੍ਹੀ ਦੇਰ ਪਹਿਲਾਂ। ਜੇ ਘਬਰਾ ਕੇ ਇਸ ‘ਸਿਟੀ ਪਾਰਕ’ ਵਿਚ ਪਨਾਹ ਨਾ ਲੈ ਲੈਂਦਾ, ਬੱਤੀਆਂ ਵਾਲੇ ਉਸ ਚੌਂਕ ਦੇ ਸਾਹਮਣੇ ਹੀ ਤਾਂ ਹੈ ਇਹ ‘ਸਿਟੀ ਪਾਰਕ’। ਪਤਾ ਨਹੀਂ ਕਿਹੜੀਆਂ ਸੋਚਾਂ ’ਚ ਡੁੱਬਿਆ ਓਧਰ ਚਲਾ ਗਿਆ ਸੀ ਅੱਜ…. ਤੇ ਆਖ਼ਿਰ ਉਹੀ ਗੱਲ ਹੋਈ! ਜਿਸਦਾ ਮੈਨੂੰ ਡਰ ਸੀ। ਨਜ਼ਰ ਬੋਰਡ ’ਤੇ ਛਪੀਆਂ ਉਨ੍ਹਾਂ ਤਸਵੀਰਾਂ ’ਤੇ ਜਾ ਟਿਕੀ….. ਤੇ ਦੇਖਦਿਆਂ ਦੇਖਦਿਆਂ ਹੀ ਇਕ ਪਲ ਅਜਿਹਾ ਆਇਆ ਕਿ ਪਤਾ ਹੀ ਨਹੀਂ ਚਲਿਆ ਕਿ ਕਦੋਂ ਆਹ ਮੇਰੀਆਂ ਬਾਹਵਾਂ ਥੋੜ੍ਹੀਆਂ ਜਿਹੀਆਂ ਉਤਾਂਹ ਨੂੰ ਉਲਰ ਗਈਆਂ…. ਤੇ ਚੀਕ ਗਲੇ ਦੀ ਹੱਦ ਉਲੰਘ ਬੁੱਲਾਂ ਤੱਕ ਅੱਪੜ ਗਈ। ਫਿਰ ਪਤਾ ਨਹੀਂ ਕੀ ਹੋਇਆ ਕਿ ਅਚਾਨਕ ਹੋਸ਼ ਪਰਤ ਆਈ। ਦੇਖਿਆ! ਸੜਕ ਦੇ ਐਨ ਵਿਚਾਲੇ ਖੜ੍ਹਾ ਸੀ ਮੈਂ। ਡੌਰ ਭੌਰ ਹੋਇਆ। ਅਪਣੇ ਆਪ ਵਿਚ ਪਰਤਣ ਲਈ ਅੱਖਾਂ ਝਪਕ ਰਿਹਾ ਸੀ। ਕੋਲੋਂ ਇਕ ਕਾਲੇ ਰੰਗ ਦੀ ਸਫ਼ਾਰੀ ਗੱਡੀ ਲੰਘੀ। ਕੁਝ ਲਿਖਿਆ ਸੀ ਉਹਦੇ ਮਗਰ। ਅਖੇ, ਸੜ ਨਾ…. ਰੀਸ ਕਰ! ਤਾਂ ਭਾਈ ਜਾਨ, ਚੀਕ ਦੀ ਥਾਂ ਇਕ ਮੋਟੀ ਜਿਹੀ ਗਾਲ੍ਹ ਨਿਕਲੀ ਸੀ ਮੂੰਹੋਂ। ਹੁਣ ਤੁਸੀਂ ਹੀ ਦੱਸੋ…. ਬੰਦੇ ਨੂੰ ਟਾਰਚਰ ਕਰਨ ਦਾ ਇਹ ਕੀ ਤਰੀਕਾ ਹੋਇਆ ਭਲਾ? ਕਿ ਭਰੇ ਬਾਜ਼ਾਰ ’ਚੋਂ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਠਿੱਠ ਕਰਦੇ ਲੰਘੋਂ…. ਤੇ ਕੋਈ ਪੁੱਛਣ ਵਾਲਾ ਨਾ ਹੋਵੇ!
ਪਰ ਇਕ ਗੱਲ ਚੰਗੀ ਹੋਈ ਭਾਈ ਜਾਨ ….ਕਿ ਨਜ਼ਰ ਉਸ ਬੋਰਡ ਤੋਂ ਹਟ ਗਈ। ਤੇ ਹਮੇਸ਼ਾ ਦੀ ਤਰ੍ਹਾਂ ਸੁਰਤ ਨੂੰ ਸੰਭਾਲ ਛੇਤੀ ਨਾਲ ਇਸ ‘ਸਿਟੀ ਪਾਰਕ’ ਦੇ ਅੰਦਰ ਆ ਗਿਆ। ਪਰ ਅੱਗੇ ਮੇਰੀ ਪਸੰਦ ਦੇ ਇਸ ਬੈਂਚ ’ਤੇ ਤੁਸੀਂ ਜਚੇ ਬੈਠੇ ਸੀ ਅੱਜ! ਹੁਣ ਹੈ ਤਾਂ ਅਜੀਬ ਜਿਹੀ ਆਦਤ…. ਪਰ ਕੀ ਕਰਾਂ? ਮੈਨੂੰ ਏਥੇ ਇਸ ਬੈਂਚ ’ਤੇ ਬੈਠਣਾ ਹੀ ਚੰਗਾ ਲੱਗਦਾ। ਉਹ ਵੀ ਬਿਲਕੁਲ ਇੱਕਲਿਆਂ! ਔਹ ਸਾਹਮਣੇ ਲੋਹੇ ਦਾ ਵੱਡਾ ਗੇਟ ਦੇਖ ਰਹੇ ਹੋ ਨਾ, ਜਿਹੜਾ ਬੰਦ ਰਹਿੰਦਾ ਅਕਸਰ…. ਉਸਦੇ ਨਾਲ਼ ਵਾਲਾ ਛੋਟਾ ਭੰਬੀਰੀ ਗੇਟ ਘੁਮਾ ਅੰਦਰ ਲੰਘਦਿਆਂ ਸਭ ਤੋਂ ਪਹਿਲਾਂ ਇਸ ਬੈਂਚ ’ਤੇ ਹੀ ਨਜ਼ਰ ਮਾਰਦਾ ਹਾਂ। ਜੇ ਖ਼ਾਲੀ ਦਿਸੇ ਤਾਂ ਛੇਤੀ ਨਾਲ ਇਸ ਵੱਲ ਅਹੁਲਦਾਂ, ਮਤੇ ਕੋਈ ਹੋਰ ਨਾ ਰੋਕ ਲਏ। ਕਦੇ ਨੋਟ ਕਰਿਓ ਭਾਈ ਜਾਨ, ਤੁਹਾਨੂੰ ਇਸ ਬੈਂਚ ਦੇ ਇਕ ਕੋਨੇ ਵਿਚ ਬੈਠਾ ਨਹੀਂ ਦਿਖਾਂਗਾ। ਵਿਚਕਾਰ ਬੈਠਦਾ ਹਾਂ ਹਮੇਸ਼ਾ…. ਤਾਂ ਜੁ ਕੋਈ ਹੋਰ ਆ ਕੇ ਦੂਸਰੇ ਕੋਨੇ ਵਿਚ ਨਾ ਬੈਠ ਸਕੇ। ਮਜਬੂਰੀ ਹੀ ਸਮਝ ਲਓ…. ਕਿਉਂ ਜੋ ਕੋਲ ਆ ਬੈਠੇ ਕਿਸੇ ਦੂਸਰੇ ਬੰਦੇ ਦੀ ਸੋਚ ਦੀਆਂ ਤਰੰਗਾਂ ਪ੍ਰੇਸ਼ਾਨ ਕਰਦੀਆਂ ਨੇ ਮੈਨੂੰ। ਮੇਰੀਆਂ ਅਪਣੀਆਂ ਸੋਚਾਂ ਦਾ ਨੈੱਟਵਰਕ ਗੜਬੜਾ ਜਾਂਦਾ ਉਦੋਂ। ਫਿਰ ਉਸ ਸਵਾਲ…. ਜੋ ‘ਸਿਟੀ ਪਾਰਕ’ ਦੇ ਇਸ ਬੈਂਚ ’ਤੇ ਬੈਠ ਸੋਚਦਾ ਹਾਂ, ਉਨ੍ਹਾਂ ਦੇ ਜਵਾਬ ਸਾਫ ਸਾਫ ਨਹੀਂ ਸੁਣਦੇ ਮੈਨੂੰ। ਸੋ, ਇੱਕਲੇ ਬੈਠਣਾ ਹੀ ਚੰਗਾ ਲੱਗਦਾ ਹੈ।
ਉਹ ਸਾਹਮਣੇ ਬੈਂਚ ’ਤੇ ਬੈਠੇ ਬੰਦੇ ਵਾਂਗ! ਬਿਲਕੁਲ ਇੱਕਲਿਆਂ।
ਭਾਈ ਜਾਨ, ਪਰ ਉਹ ਤਾਂ ਕੁਝ ਬੁੜਬੜਾ ਰਿਹਾ ਸ਼ਾਇਦ। ਦੇਖੋ! ਬੁੱਲ ਫਰਕ ਰਹੇ ਨੇ ਉਸਦੇ। ਆਵਾਜ਼ ਏਥੋਂ ਤੱਕ ਆ ਰਹੀ ਹੈ। ਸੁਣ ਰਹੇ ਹੋ ਨਾ ਭਾਈ ਜਾਨ? ਕਿਵੇਂ ਕੁਲਝ ਰਿਹਾ ਅਪਣੇ ਆਪ ਨਾਲ। ਜਿਵੇਂ ਬਹੁਤ ਖਫ਼ਾ ਹੋਵੇ! ਕਈ ਦਿਨਾਂ ਤੋਂ ਦੇਖ ਰਿਹਾ ਹਾਂ ਮੈਂ। ਕੁਝ ਠੀਕ ਨਹੀਂ ਜਾਪਦਾ। ਤੇ ਭਾਈ ਜਾਨ, ਏਹੀ ਤਾਂ ਡਰ ਮੈਨੂੰ ਖਾ ਰਿਹਾ। ਦੱਸਿਆ ਨਾ ਛੋਟਾ ਜਿਹਾ ਤਾਂ ਹੈ ਇਹ ਸ਼ਹਿਰ। ਚਾਹੇ ਕਿੰਨਾ ਵੀ ਬਦਲ ਗਿਆ ਹੈ…. ਪਰ ਹਾਲੇ ਵੀ ਕੋਈ ਗੱਲ ਲੁਕੀ ਛੁਪੀ ਨਹੀਂ ਰਹਿੰਦੀ। ਜੇ ਕਿਤੇ ਥੋੜ੍ਹੀ ਦੇਰ ਪਹਿਲਾਂ…. ਸੱਚੀਓਂ, ਮੇਰੀ ਚੀਕ ਨਿਕਲ ਜਾਂਦੀ! ਫੇਰ? ਹੁਣ ਤੱਕ ਤਾਂ ਇੱਕਲੇ ਇੱਕਲੇ ਬੰਦੇ ਨੂੰ ਖ਼ਬਰ ਹੋ ਜਾਣੀ ਸੀ। ਹੈਂ! ਇਹ ਤਾਂ ਚੰਗਾ ਭਲਾ ਹੁੰਦਾ ਸੀ। ਹੈਰਾਨ ਹੋ ਸਭ ਨੇ ਕਹਿਣਾ ਸੀ। ਪਰ ਭਾਈ ਜਾਨ, ਐ ਤਾਂ ਕੁਝ ਦਿਨ ਪਹਿਲਾਂ ਤੱਕ ਇਹ ਬੰਦਾ ਵੀ ਚੰਗਾ ਭਲਾ ਸੀ। ਜਾਣਦਾ ਹਾਂ ਮੈਂ ਇਸਨੂੰ। ਸਾਡੀ ਕਾਲੋਨੀ ਦੇ ਹੀ 102/5 ਵਿਚ ਰਹਿੰਦਾ ਹੈ। ਤਿਲਕ ਰਾਜ ਕਾਲੜਾ…. ਬੈਂਕ ਵਿਚ ਕੈਸ਼ੀਅਰ ਸੀ। ਰਿਟਾਇਰ ਹੋਣ ਵਿਚ ਹਾਲੇ ਕੁਝ ਸਾਲ ਰਹਿੰਦੇ ਸਨ…. ਕਿ ਬੈਂਕ ਦਾ ਨਵੀਨੀਕਰਨ ਹੋ ਗਿਆ। ਫਿਰ ਪਤਾ ਨਹੀਂ ਬੈਂਕ ਨੇ ਇਸਨੂੰ ਫਿੱਟ ਨਹੀਂ ਪਾਇਆ ਕਿ ਇਸਨੂੰ ਆਪ ਨੂੰ ਲੱਗਿਆ ਕਿ ਨਵੇਂ ਸਿਸਟਮ ਨਾਲ ਇਹ ਨਿਭ ਨਹੀਂ ਸਕੇਗਾ। ਬਸ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ।
ਪਰ ਭਾਈ ਜਾਨ, ਮੈਂ ਤਾਂ ਇਸ ਵਕਤ ਕੁਝ ਹੋਰ ਸੋਚ ਰਿਹਾ ਹਾਂ। ਔਹ ਗੇਟ ਦੇ ਖੱਬੇ ਹੱਥ ਤਿਰਛੀਆਂ ਢਲਾਨਾਂ ਵਾਲੀ ‘ਹੱਟ’ ਦੇਖ ਰਹੇ ਹੋ ਨਾ…. ‘ਮੀਰਾ ਕੁੰਜ’ ਨਾਮ ਹੈ ਉਸਦਾ। ਸਵੇਰੇ ਸ਼ਾਮ ਲੋਕ ‘ਯੋਗਾ’ ਕਰਦੇ ਨੇ ਉਥੇ। ਇਹ ਕਾਲੜਾ ਸਾਹਿਬ ਵੀ ਹੁੰਦੇ ਹਨ ਉਨ੍ਹਾਂ ਵਿਚ। ‘ਆਸਣ ਕੁਸ਼ਾ’ ਵਿਛਾ ‘ਸਿੱਧਆਸਣ’ ਅਵਸਥਾ ਵਿਚ ਪ੍ਰਾਣਾਯਾਮ ਕਰਦੇ! ਨਿਯਮਿਤ ਰੂਪ ਵਿਚ ਬਿਨਾ ਕੋਈ ਨਾਗਾ ਪਾਏ। ਪਹਿਲਾਂ ਮੱਧਗਤੀ ਨਾਲ ਭਸਤ੍ਰਿਕਾ ਪ੍ਰਾਣਾਯਾਮ…. ਤੇ ਫਿਰ ਕਪਾਲਭਾਤੀ ਤੇ ਅਨੁਲੋਮ-ਵਿਲੋਮ ਕਰਦਿਆਂ ‘ਰੇਚਕ’ ਦਰਮਿਆਨ ਅੰਦਰ ਖਿੱਚੇ ਸਾਹਾਂ ਨੂੰ ਇੰਜ ਬਾਹਰ ਸੁਟਦੇ ਨੇ ਜਿਵੇਂ ਮਨ ’ਚ ਹੋ ਰਹੀ ਇਸ ਬੁੜਬੜਾਹਟ ਨੂੰ ਵੀ ਨਾਲ ਹੀ ਬਾਹਰ ਸੁੱਟ ਰਹੇ ਹੋਣ। ਪਰ ਇਹ ਬੁੜਬੜਾਹਟ ਉਦੋਂ ਨਹੀਂ, ਸ਼ਾਇਦ ਹੁਣ ਬਾਹਰ ਨਿਕਲ ਰਹੀ ਹੈ। ਮੈਂ ਅਕਸਰ ਦੇਖਦਾ ਹਾਂ ਕਿ ਮਸਨੂਈ ਹਾਸਾ ਹੱਸਣ ਦੀ ਕਿਰਿਆ ਕਰਨ ਵਕਤ ਪੂਰਾ ਖੁੱਲ੍ਹ ਕੇ ਹੱਸਦੇ ਨੇ ਕਾਲੜਾ ਸਾਹਿਬ। ਹਾ…. ਹਾ…. ਹੋ…. ਹੋ…. ਕਰ! ਪੂਰੇ ‘ਸਿਟੀ ਪਾਰਕ’ ਵਿਚ ਗੂੰਜਦੇ ਹਨ ਇਸਦੇ ਠਹਾਕੇ। ਪਰ ਹੁਣ ਮੈਂ ਸੋਚਦਾ ਹਾਂ ਇਹ ਠਹਾਕੇ ਨਹੀਂ, ਜਿਵੇਂ ਦਬਕੇ ਸਨ ਇਸਦੇ। ਜੋ ਇਹ ਅਪਣੇ ਅੰਦਰ ਡੱਕੀ ਚੀਕ ਨੂੰ ਮਾਰਦੇ ਸਨ। ਤਾਂ ਜੁ ਉਹ ਅੰਦਰ ਹੀ ਕਿਸੇ ਕੋਨੇ ਵਿਚ ਦੁਬਕੀ ਬੈਠੀ ਰਹੇ। ਪਰ ਹੁਣ ਦੇਖੋ…. ਪੱਤੇ ਨੰਗੇ ਹੋ ਗਏ ਵਿਚਾਰੇ ਦੇ! ਕਦੋਂ ਦਾ ਇੱਕਲਾ ਬੈਠਾ ਬੁੜਬੜਾ ਰਿਹਾ। ਹੈ ਕੋਈ ਹੋਸ਼ ਕਿ ਆਪਾਂ ਦੇਖ ਰਹੇ ਹਾਂ? ਗੱਲ ਕਰ ਰਹੇ ਹਾਂ ਉਸਦੀ। ਨਹੀਂ ਨਾ?…. ਇੰਜ ਹੀ ਹੁੰਦਾ ਭਾਈ ਜਾਨ! ਸਾਰੀ ਜ਼ਿੰਦਗੀ ਬੈਂਕ ਵਿਚ ਕੈਸ਼ੀਅਰ ਰਿਹਾ…. ਸ਼ਾਇਦ ਖਰਚ ਹੋ ਗਈ ਜ਼ਿੰਦਗੀ ਦਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ ਹੋਣਾ!
ਜੇ ਸੱਚ ਜਾਣੋਂ ਤਾਂ ਭਾਈ ਜਾਨ, ਆਹ ਕਾਲੜਾ ਸਾਹਿਬ ਦੀ ਹਾਲਤ ਦੇਖ ਕੇ ਤਾਂ ਦਿਲ ਸਕਤੇ ਵਿਚ ਆ ਗਿਆ। ਜਿਵੇਂ ਮੇਰੇ ਅੰਦਰ ਬੈਠਾ ਡਰ ਵੀ ਡਰ ਨਾਲ ਕੰਬ ਗਿਆ ਹੋਵੇ। ਤੁਸੀਂ ਦੇਖ ਹੀ ਰਹੇ ਹੋ…. ਕਿਵੇਂ ਉਲਝ ਰਿਹਾ ਇਹ ਬੰਦਾ ਅਪਣੇ ਆਪ ਨਾਲ। ਤੇ ਬੁੜਬੜਾਹਟ ਵੀ ਤਿੱਖੀ ਹੁੰਦੀ ਜਾ ਰਹੀ ਹੈ ਇਸਦੀ। ਕੋਈ ਸਮਝ ਨਹੀਂ ਆ ਰਹੀ ਕਿ ਕੀ ਬੋਲ ਰਿਹਾ ਇਹ…. ਪਰ ਉਹ ਕੁਝ ਲੋਕ ਜ਼ਰੂਰ ਇਸਨੂੰ ਦੇਖ ਰੁਕ ਗਏ ਹਨ…. ਹੱਸ ਰਹੇ ਨੇ ਸ਼ਾਇਦ। ਤੇ ਇਹ ਬੋਲਦਾ ਬੋਲਦਾ ਬੈਂਚ ਦੀ ਨੁੱਕਰ ਵਿਚ ਇੱਕਠਾ ਜਾ ਕਿਉਂ ਹੋਈ ਜਾਂਦਾ…. ਤੇ ਕਿਵੇਂ ਪਜ਼ਾਮੇ ਦੇ ਪੋਚਿਆਂ ਨੂੰ ਉਪਰ ਚੜ੍ਹਾ ਪੈਰ ਚੁੱਕੀ ਛੀ ਛੀ ਕਰ ਰਿਹਾ…. ਜਿਵੇਂ ਪੈਰਾਂ ਵਿਚ ਕੋਈ ਜ਼ਹਿਰੀ ਸੱਪ ਫਨ ਫੈਲਾਈ ਬੈਠਾ ਹੋਵੇ ….ਤੇ ਇਹ ਡਰਾ ਕੇ ਦੂਰ ਭਜਾ ਰਿਹਾ ਹੋਵੇ ਉਸਨੂੰ। ਲਓ, ਉਹ ਤਾਂ ਬੈਂਚ ’ਤੇ ਚੜ੍ਹ ਪੈਰਾਂ ਭਾਰ ਬੈਠ ਗਿਆ। ਲਗਦਾ ਮੇਰੇ ਵਾਂਗ ਕੋਈ ਡਰ ਬੈਠ ਗਿਆ ਇਸਦੇ ਅੰਦਰ…. ਜੋ ਛਲਕ ਕੇ ਬਾਹਰ ਆ ਰਿਹਾ ਹੁਣ। ਤੇ ਭਾਈ ਜਾਨ, ਮੇਰੇ ਇਸ ਝੱਲੇ ਦਿਮਾਗ਼ ਵਿਚ ਦੇਖੋ ਕੀ ਚੱਲਣ ਲਗ ਪਿਆ ਇਸ ਵਕਤ! ਅਪਣੇ ਆਪ ਨੂੰ ਕਾਲੜਾ ਸਾਹਿਬ ਦੀ ਥਾਂ ’ਤੇ ਰੱਖ ਕੇ ਦੇਖ ਰਿਹਾ ਹਾਂ। ਜਿਵੇਂ ਤੁਸੀਂ ਤੇ ਇਹ ਕਾਲੜਾ ਸਾਹਿਬ, ਏਥੇ ਇਸ ਬੈਂਚ ’ਤੇ ਬੈਠੇ ਹੋ…. ਤੇ ਮੈਂ ਸਾਹਮਣੇ ਉਸ ਬੈਂਚ ’ਤੇ ਕਾਲੜਾ ਸਾਹਿਬ ਵਾਲੀ ਥਾਂ ’ਤੇ ਬੈਠਾ ਹਾਂ। ਮੇਰੇ ਦਿਮਾਗ਼ ਦੀ ਇਹ ‘ਝੋਲ’ ਛਲਕ ਕੇ ਬਾਹਰ ਆ ਗਈ ਹੈ…. ਅੱਖਾਂ ਅੱਗੇ ਘੁੰਮ ਰਹੀਆਂ ਤਸਵੀਰਾਂ ਨੂੰ ਉਲਟ ਪੁਲਟ ਹੁੰਦੀਆਂ ਦੇਖ ਮੈਂ ਬੋਲਣ ਲਗ ਪਿਆ ਹਾਂ। ਤੇ ਉਹ ਲੋਕ ਜੋ ਇਸ ਵਕਤ ਕਾਲੜਾ ਸਾਹਿਬ ਨੂੰ ਇੰਜ ਕਰਦਿਆਂ ਦੇਖ ਹੱਸ ਰਹੇ ਹਨ…. ਉਹ ਉਥੇ ਹੀ ਖੜ੍ਹੇ ਹਨ। ਉਨ੍ਹਾਂ ਨਾਲ ਕੁਝ ਲੋਕ ਹੋਰ ਆ ਰਲੇ ਹਨ…. ਤੇ ਮੇਰੀਆਂ ਗੱਲਾਂ ਸੁਣ ਹੱਸ ਰਹੇ ਹਨ ਸਭ। ਤੁਸੀਂ ਮੈਨੂੰ ਦੇਖ ਰਹੇ ਹੋ। ਕਾਲੜਾ ਸਾਹਿਬ ਤੁਹਾਨੂੰ ਮੇਰੇ ਬਾਰੇ ਦਸ ਰਹੇ ਨੇ ਕੁਝ। ਕਹਿ ਰਹੇ ਹਨ- ਮੈਂ ਜਾਣਦਾ ਹਾਂ ਇਸ ਬੰਦੇ ਨੂੰ। ਇਹ ਪਰਦੀਪ ਕੁਮਾਰ ਧੀਂਗੜਾ ਸਾਡੀ ਹੀ ਕਾਲੋਨੀ ਦੇ 24/12 ਵਿਚ ਰਹਿੰਦਾ। ਜਿਹੜੇ ਦਫ਼ਤਰ ਵਿਚ ਕੰਮ ਕਰਦਾ ਸੀ ਕਦੇ…. ਉਥੇ ਵਗਦੀ ਹਵਾ ਇਸਨੂੰ ਰਾਸ ਨਹੀਂ ਆਈ। ਉਸਦੀ ਉਲਟ ਦਿਸ਼ਾ ਵੱਲ ਤੁਰੇ…. ਮਤਲਬ ਤੁਕ ਨਾਲ ਤੁਕ ਮਿਲਾਉਣ ਦੀ ਥਾਂ ਚੋਰ ਚੋਰ ਦਾ ਰੌਲਾ ਪਾਏ…. ਤੇ ਹੁਣ ਆਪ ਚੋਰੀ ਦੇ ਕੇਸ ਵਿਚ ਤਰੀਕਾਂ ਭੁਗਤ ਰਿਹਾ। ਇੱਕਲਾ ਸੀ ਇਹ…. ਇਸ ਨਾਲ ਇੰਜ ਹੀ ਹੋਣਾ ਤੈਅ ਸੀ! ਹੁਣ ਝੱਲਾ ਹੋਇਆ ਇਸ ਪਾਰਕ ਵਿਚ ਬੈਠਾ ਬੁੜਬੜਾਉਂਦਾ ਰਹਿੰਦਾ। ਹਮੇਸ਼ਾ ਇਸ ਬੈਂਚ ’ਤੇ ਹੀ ਬੈਠਦਾ…. ਤੇ ਬਿੰਦੇ ਬਿੰਦੇ ਅਪਣੇ ਕੱਪੜੇ ਝਾੜਦਾ ਰਹਿੰਦਾ। ਜਿਵੇਂ ਵਹਿਮ ਹੋਵੇ ਕਿ ਹਾਲੇ ਵੀ ਇਸਦੇ ਕੱਪੜਿਆਂ ਵਿਚ ਕੋਈ ਬਿੱਛੂ ਜਾਂ ਠੂਹਾਂ ਛੁਪਿਆ ਬੈਠਾ…. ਜੋ ਇਸਨੂੰ ਡੰਗ ਮਾਰ ਸਕਦਾ ਹੈ।
ਕਿੰਨਾ ਡਰਾਉਣਾ ਖ਼ਿਆਲ ਹੈ!
ਭਾਈ ਜਾਨ, ਮੈਂ ਸੋਚਦਾਂ ਜੇ ਸੱਚਮੁਚ ਇਸ ਤਰ੍ਹਾਂ ਹੋ ਗਿਆ…. ਫਿਰ ਤਾਂ ਸਮਝੋ ਹੋ ਗਏ ਪੱਤੇ ਨੰਗੇ! ਗਈ ਬਾਜ਼ੀ ਹੱਥੋਂ…. ਇਹ ਬਾਜ਼ੀ ਹੀ ਤਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਮੈਂ। ਪਤਾ ਨਹੀਂ ਕਿਹੜਾ ਐਸਾ ‘ਰੰਗ ਦਾ ਪੱਤਾ’ ਲੁਕਾਈ ਬੈਠਾ ਹਾਂ, ਜਿਸਨੂੰ ਸੁੱਟ ਬਾਜ਼ੀ ਪਲਟਾ ਸਕਦਾ ਮੈਂ ਹਾਲੇ ਵੀ। ਕੋਈ ਨਜ਼ਰ ਤਾਂ ਆਉਂਦਾ ਨਹੀਂ। ਸਿਵਾਏ ਇਸ ਡਰ ਦੇ…. ਜੋ ਮੇਰੇ ਨਾਲ ਨਾਲ ਤੁਰਦਾ ਅੱਜਕੱਲ੍ਹ।
ਤੇ ਇਕ ਇਹ ਝੋਲ! ਜੋ ਮੇਰੇ ਦਿਮਾਗ਼ ਵਿਚ ਪੈਣ ਲਗ ਪਈ ਹੈ।
ਕੀ ਕਰਾਂ ਭਾਈ ਜਾਨ? ਡਾਕਟਰ ਸਾਵੰਤ ਨੇ ਵੀ ਤਾਂ ਕੋਈ ਰਾਹ ਨਹੀਂ ਪਾਇਆ। ਬਸ ਕਹਿਤਾ ਕਿ ਬਾਹਲਾ ਸੋਚਿਆ ਨਾ ਕਰੋ। ਸੋਚਣ ਕਾਰਨ ਹੀ ਤੁਹਾਨੂੰ ਇਹ ਸਭ ਕੁਝ ਉਲਟਾ ਪੁਲਟਾ ਤੇ ਬੇਤਰਤੀਬਾ ਨਜ਼ਰ ਆਉਂਦਾ ਹੈ। ਜੋ ਹੋ ਰਿਹਾ, ਹੋਣ ਦਿਓ… ਬੋਲੋ ਕੁਝ ਨਾ …ਟੀ. ਵੀ. ਦੇਖੋ… ਸੈਕਸ ਕਰੋ… ਸਵੇਰੇ ਉਠ ਕੇ ਯੋਗਾ ਕਰੋ… ਮਤਲਬ ਰਿਲੈਕਸ ਕਰੋ…. ਤੇ ਰਿਲੈਕਸ ਕਰਨ ਲਈ ਥੱਬਾ ਗੋਲੀਆਂ ਦਾ ਲਿਖ ਦਿੱਤਾ। ਅਖੇ ਕੁਝ ਦਿਨ ਖਾਓ, ਸਭ ਠੀਕ ਹੋ ਜਾਏਗਾ। ਮੈਂ ਵੀ ਕੁਝ ਦਿਨ ਹੀ ਖਾਧੀਆਂ। ਮੁੜਕੇ ਨਹੀਂ ਗਿਆ ਉਨ੍ਹਾਂ ਕੋਲ। ਐਵੇਂ ਜਿੰਨੇ ਦਿਨ ਖਾਧੀਆਂ…. ਸੁੰਨ ਜਿਹਾ ਹੋਇਆ ਤੁਰਿਆ ਫਿਰਿਆ। ਦਿਮਾਗ਼ ਵਿਚ ਕੋਈ ਸੋਚ ਹੀ ਨਾ ਆਵੇ। ਜਿਵੇਂ ਸੌਂ ਹੀ ਗਿਆ ਹੋਵੇ! ਲੱਗੇ ਹੀ ਨਾ ਕਿ ਇਸ ਧੜ ਦੇ ਉਪਰ ਕੋਈ ਦਿਮਾਗ਼ ਵੀ ਸੀ ਕਦੇ। ਮੈਂ ਤਾਂ ਪਰ੍ਹਾਂ ਵਗਾਹ ਮਾਰੀਆਂ ਇਕ ਦਿਨ…. ਰੁੜ੍ਹਦੀਆਂ ਫਿਰਨ ਵਿਹੜੇ ਵਿਚ। ਭਲਾ ਇਹ ਕੀ ਹੋਇਆ ਇਲਾਜ ਕਿ ਬੰਦੇ ਨੂੰ ਤੁਸੀਂ ਸੁੰਨ ਹੀ ਕਰ ਦਿਓ ਇਕਦਮ। ਕੁਝ ਸੋਚੇ ਹੀ ਨਾ ਉਹ! ਸੱਚੀ ਗੱਲ ਆ ਭਾਈ ਜਾਨ, ਮੈਂ ਤਾਂ ਨਹੀਂ ਰਹਿ ਸਕਦਾ ਸੋਚੇ ਬਿਨਾਂ। ਪਰ ਉਸ ਲਈ ਜ਼ਰੂਰੀ ਹੈ ਕਿ ਇਹ ਬੈਂਚ ਖ਼ਾਲੀ ਹੋਵੇ…. ਤੇ ਮੈਂ ਇੱਕਲਾ ਬੈਠਾ ਹੋਵਾਂ।
ਪਰ ਅੱਜ….
ਅੱਜ ਤਾਂ ‘ਸਿਟੀ ਪਾਰਕ’ ਦੇ ਇਸ ਬੈਂਚ ’ਤੇ ਤੁਸੀਂ ਬੈਠੇ ਸੀ। ਇਕ ਵਾਰ ਤਾਂ ਮੁਸ਼ਕਲ ਹੋ ਗਈ ਮੇਰੇ ਲਈ। ਸੋਚਿਆ ਕੀ ਕਰਾਂ ਹੁਣ! ਹਾਲਤ ਤਾਂ ਅਪਣੀ ਦੱਸ ਹੀ ਚੁੱਕਾਂ ਹਾਂ ਕਿ ਕੀ ਬਣੀ ਹੋਈ ਸੀ ਉਦੋਂ। ਸਿੱਧਾ ਓਸ ਬੱਤੀਆਂ ਵਾਲੇ ਚੌਂਕ ’ਚੋਂ ਆਇਆ ਸੀ। ਪਰ ਤੁਹਾਨੂੰ ਉਠ ਕੇ ਜਾਣ ਲਈ ਵੀ ਨਹੀਂ ਕਹਿ ਸਕਦਾ ਸੀ। ਸੋ, ਹਾਰ ਕੇ ਸੈਰ ਕਰਨ ਲਈ ਬਣੇ ਇਸ ਗੋਲ ਟਰੈਕ ਵਿਚ ਚੱਕਰ ਲਗਾਉਣ ਲੱਗ ਪਿਆ। ਕਿੰਨੇ ਵਾਰ ਤਾਂ ਲੰਘਿਆਂ ਤੁਹਾਡੇ ਕੋਲੋਂ। ਇਸ ਬੈਂਚ ਵੱਲ ਦੇਖਦਾ। ਲਗਦਾ ਤੁਸੀਂ ਦੇਖਿਆ ਨਹੀਂ। ਭਾਈ ਜਾਨ, ਇਹੀ ਤਾਂ ਖਾਸੀਅਤ ਹੈ ਇਸ ਬੈਂਚ ਦੀ। ਇਥੇ ਬੈਠ ਬੰਦਾ ਸੋਚਾਂ ’ਚ ਇੰਨਾ ਡੂੰਘਾ ਲਹਿ ਜਾਂਦਾ ਹੈ ਕਿ ਕੋਈ ਖ਼ਬਰ ਹੀ ਨਹੀਂ ਰਹਿੰਦੀ ਫਿਰ। ਹੋ ਸਕਦਾ ਹੈ ਕਿ ਕਿਸੇ ਹੋਰ ਬੈਂਚ ’ਤੇ ਬੈਠਿਆ ਵੀ ਇੰਜ ਹੀ ਹੁੰਦਾ ਹੋਵੇ। ਪਰ ਕੁਝ ਕਹਿ ਨਹੀਂ ਸਕਦਾ। ਕਦੇ ਕਿਸੇ ਹੋਰ ਬੈਂਚ ’ਤੇ ਬੈਠਾ ਹੀ ਨਹੀਂ ਮੈਂ। ਪਰ ਤੁਸੀਂ…. ਤੁਸੀਂ ਤਾਂ ਉਠ ਕੇ ਜਾ ਹੀ ਨਹੀਂ ਰਹੇ ਸੀ ਅੱਜ। ‘ਸਟਰੈੱਸ ਬਾਲ’ ਵੀ ਨਹੀਂ ਸੀ ਉਸ ਵਕਤ ਮੇਰੇ ਕੋਲ। ਜੇ ਘਰ ਹੁੰਦਾ ਤਾਂ ਉਸਨੂੰ ਦਬਾਅ ਰਿਲੈਕਸ ਹੋ ਜਾਂਦਾ। ਡਾਰਕਟਰ ਸਾਵੰਤ ਨੇ ਹੀ ਦੱਸਿਆ ਸੀ ਇਸ ‘ਸਟਰੈੱਸ ਬਾਲ’ ਬਾਰੇ। ਅਖੇ ਜਦੋਂ ਤਣਾਵ ਮਹਿਸੂਸ ਕਰੋ…. ਇਸਨੂੰ ਦਬਾਇਆ ਕਰੋ।
ਤੇ ਭਾਈ ਜਾਨ, ਇਸ ‘ਸਟਰੈੱਸ ਬਾਲ’ ਦੀ ਤਰਜ਼ ’ਤੇ ਇਕ ਖੇਡ ਹੋਰ ਵੀ ਹੈ ਮੇਰੇ ਕੋਲ। ਹੁਣੇ ਥੋੜ੍ਹੀ ਦੇਰ ਪਹਿਲਾਂ ਉਸ ਵਿਚ ਹੀ ਤਾਂ ਖੁਭਿਆ ਹੋਇਆ ਸੀ। ਮਤਲਬ ਇਸ ਗੋਲ ਟਰੈਕ ਦੇ ਇਕ ਚੱਕਰ ਵਿਚ ਕਿੰਨੇ ਕਦਮ ਬਣਦੇ ਹਨ, ਉਹ ਗਿਣਨ ਲੱਗ ਪਿਆ ਸੀ। ਅੱਗੇ ਵੀ ਬਹੁਤ ਵਾਰ ਗਿਣੇ ਹਨ। ਪੂਰੇ ਤਿੰਨ ਸੌ ਸਤਾਹਟ ਹਨ। ਹੈਰਾਨ ਨਾ ਹੋਵੋ ਭਾਈ ਜਾਨ! ਕੋਈ ਗ਼ਲਤ ਨਹੀਂ ਕਹਿ ਰਿਹਾ। ਛੋਟਾ ਜਿਹਾ ਤਾਂ ਟਰੈਕ ਹੈ। ਚਾਹੋ ਤਾਂ ਗਿਣ ਸਕਦੇ ਹੋ। ਤਿੰਨ ਸੌ ਸਤਾਹਟ ਹੀ ਹੋਣਗੇ ਨਾ ਇਕ ਕਦਮ ਘਟੇਗਾ ਨਾ ਵਧੇਗਾ। ਹੁਣੇ ਗਿਣ ਰਿਹਾ ਸੀ, ਉਹੀ ਤਿੰਨ ਸੌ ਸਤਾਹਟ। ਪਰ ਐਵੇਂ ਨਹੀਂ ਖੇਡਦਾ ਮੈਂ ਇਹ ਖੇਡ। ਹੁਣੇ ਥੋੜ੍ਹੀ ਦੇਰ ਪਹਿਲਾਂ ਬੱਤੀਆਂ ਵਾਲੇ ਓਸ ਚੌਂਕ ਵਿਚ ਜੋ ਮੇਰੀ ਹਾਲਤ ਬਣ ਗਈ ਸੀ, ਮੈਂ ਹੀ ਜਾਣਦਾਂ। ਇਹ ਖੇਡ ‘ਸਟਰੈੱਸ ਬਾਲ’ ਦੀ ਤਰ੍ਹਾਂ ਸਹਿਜ ਹੋਣ ਲਈ ਹੀ ਤਾਂ ਹੈ। ਮੇਰੀ ਤਾਂ ਅਜ਼ਮਾਈ ਹੋਈ ਏ ਸਾਰੀ ਗੱਲ। ਇੰਜ ਕਦਮ ਗਿਣਦਿਆਂ ਦੂਜੇ, ਨਹੀਂ ਤਾਂ ਤੀਜੇ ਚੱਕਰ ਤੱਕ ਸਹਿਜ ਜੋ ਜਾਂਦਾ ਹਾਂ। ਚਾਹੇ ਥੋੜ੍ਹੇ ਵਕਤ ਲਈ ਹੀ ਸਹੀ…. ਪਰ ਇਕ ਵਾਰ ਤਾਂ ਭੁੱਲ ਜਾਂਦਾ ਹਾਂ ਕਿ ਹੁਣੇ ਥੋੜ੍ਹੀ ਦੇਰ ਪਹਿਲਾਂ ਕਿਸ ਗੱਲ ਤੋਂ ਪ੍ਰੇਸ਼ਾਨ ਸੀ। ਤੁਸੀਂ ਵੀ ਕਦੇ ਅਜ਼ਮਾ ਕੇ ਦੇਖਿਓ। ਪਰ ਯਾਦ ਰਹੇ ਗਿਣਤੀ ਕਰਦਿਆਂ ਤੁਹਾਡੀ ਨਜ਼ਰ ਤੁਹਾਡੇ ਪੈਰਾਂ ’ਤੇ ਟਿਕੀ ਹੋਵੇ…. ਮਤਲਬ ਹਰ ਵਧਦਾ ਹੋਇਆ ਕਦਮ ਤੁਸੀਂ ਦੇਖ ਰਹੇ ਹੋਵੋ। ਖੱਬੇ ਹੱਥ ’ਤੇ ਅਪਣਾ ਸੱਜਾ ਹੱਥ ਟਿਕਾ ਬਾਹਵਾਂ ਪਿੱਛੇ ਕਰਕੇ ਤੁਰੋ…. ਵਿਸ਼ਰਾਮ ਹਾਲਤ ਵਿਚ। ਗਿਣਤੀ ਮੂੰਹ ਵਿਚ ਕਰਨੀ ਹੈ…. ਤੇ ਤੁਰਦੇ ਜਾਣਾ ਹੈ। ਕੋਸ਼ਿਸ਼ ਕਰੋ ਕਿ ਤੁਹਾਡਾ ਮਨ ਵੀ ਇਸ ਖੇਡ ਵਿਚ ਖੁਭ ਸਕੇ। ਹਾਂ! ਤੁਹਾਡਾ ਮੋਬਾਇਲ ਔਫ਼ ਹੋਣਾ ਚਾਹੀਦਾ ਉਦੋਂ। ਦੇਖਿਓ…. ਇਕ ਦੋ ਚੱਕਰਾਂ ਤੋਂ ਬਾਅਦ ਕੁਝ ਰਾਹਤ ਮਹਿਸੂਸ ਕਰੋਗੇ। ਆਹ ਮੇਰਾ ਤੀਸਰਾ ਚੱਕਰ ਸੀ ਹੁਣ। ਕੁਝ ਠੀਕ ਲੱਗ ਰਿਹਾ ਸੀ। ਪਰ ਥਕਾਵਟ ਮਹਿਸੂਸ ਹੋਣ ਕਾਰਨ ਬੈਠ ਜਾਣਾ ਚਾਹਿਆ…. ਤਾਂ ਦੇਖਿਆ ਤੁਸੀਂ ਤਾਂ ਹਾਲੇ ਵੀ ਬੈਠੇ ਹੋ! ਸੋ, ਤੁਹਾਡੇ ਨਾਲ ਹੀ ਦੂਸਰੇ ਕੋਨੇ ਵਿਚ ਆ ਕੇ ਬੈਠ ਗਿਆ। ਸੋਚ ਤਾਂ ਏਹੀ ਸੀ ਕਿ ਬਸ ਤੁਸੀਂ ਥੋੜ੍ਹੀ ਦੇਰ ਬੈਠੋਗੇ…. ਤੇ ਫਿਰ ਜੇਬ ’ਚੋਂ ਅਪਣਾ ਮੋਬਾਇਲ ਕੱਢ, ਕੋਈ ਨੰਬਰ ਮਿਲਾਉਣ ਦਾ ਪੱਜ ਬਣਾਉਂਦੇ ਓਧਰ ਪਰ੍ਹਾਂ ਵੱਲ ਨੂੰ ਤੁਰ ਜਾਉਗੇ। ਅੱਗੇ ਤਾਂ ਹਮੇਸ਼ਾਂ ਇੰਜ ਹੀ ਹੁੰਦਾ। ਪਰ ਅੱਜ….
ਖੈਰ, ਭਾਈ ਜਾਨ, ਇਕ ਗੱਲ ਦੱਸੋ ਜ਼ਰਾ…. ਭਲਾ ਓਸ ਕੋਨੇ ਵਿਚ, ਜਿਥੇ ਤੁਸੀਂ ਬੈਠੇ ਹੋ, ਤੋਂ ਲੈ ਕੇ ਇਸ ਕੋਨੇ ਤੱਕ, ਜਿਥੇ ਮੈਂ ਬੈਠਾ ਹਾਂ…. ਵਿਚਕਾਰ ਕਿੰਨੀ ਕੁ ਦੂਰੀ ਹੋਵੇਗੀ? ਮੁਸ਼ਕਲ ਨਾਲ ਦੋ ਢਾਈ ਫੁਟ…. ਹੱਦ ਤਿੰਨ ਫੁਟ! ਇਹੀ ਨਾ? ਕੋਈ ਮੀਲਾਂ ਲੰਬਾ ਫਾਸਲਾ ਤਾਂ ਨਹੀਂ ਨਾ? ਪਰ ਕਦੇ ਇਸ ਦੂਰੀ ਨੂੰ ਤੈਅ ਕਰ ….ਓਸ ਕੋਨੇ ਵਿਚ ਬੈਠੇ ਬੰਦੇ ਨਾਲ ਗੱਲ ਕਰਨ ਦਾ ਸਬੱਬ ਹੀ ਨਹੀਂ ਬਣਿਆ। ਮਤਲਬ ਭਾਈ ਜਾਨ, ਬੰਦਾ ਇੰਨਾ ਇੱਕਲਾ ਕਿਵੇਂ ਹੋ ਗਿਆ? ਕਿਉਂ ਉਸ ਨੇ ਅਪਣੇ ਆਲੇ ਦੁਆਲੇ ਸਿਰਜੇ ਘੇਰੇ ਨੂੰ ਇਸ ਕਦਰ ਤੰਗ ਕਰ ਲਿਆ…. ਕਿ ਕਿਸੇ ਦੂਸਰੇ ਲਈ ਉਸ ਵਿਚ ਕੋਈ ਥਾਂ ਹੀ ਨਹੀਂ ਰਹੀ? ਆਖ਼ਿਰ ਬੰਦਾ ਬੰਦੇ ਦਾ ਦਾਰੂ ਹੈ। ਮੈਂ ਤਾਂ ਇਹੀ ਸੁਣਿਆ। ਫਿਰ ਉਹ ਇੰਨਾ ਇੱਕਲਾ ਕਿਵੇਂ ਹੋ ਸਕਦਾ…. ਕਿ ਕਰ ਦਿੱਤਾ ਗਿਆ ਉਸਨੂੰ। ਤਾਂ ਜੋ ਉਹ ਇੱਕਲਾ ਇੱਕਲਾ ਸੋਚੇ…. ਰਲ ਕੇ ਸੋਚੇਗਾ ਤਾਂ ਖ਼ਤਰਨਾਕ ਹੋ ਸਕਦਾ ਉਹ। ਤੇ ਇਹੀ ਸਵਾਲ ਮੈਂ ਡਾਕਟਰ ਸਾਵੰਤ ਨੂੰ ਪੁਛਿਆ ਸੀ। ਮੇਰਾ ਸਵਾਲ ਸੁਣ ਕੇ ਹੱਸ ਪਿਆ ਸੀ ਉਹ। ਫਿਰ ਮੇਰੇ ਵੱਲ ਤਿਰਛਾ ਜਿਹਾ ਝਾਕ ਕੇ ਕਹਿੰਦਾ, ‘ਮਿਸਟਰ, ਦੱਸੋ ਠੀਕ ਹੋਣਾ ਚਾਹੁੰਦੇ ਹੋ?’ ਹੁਣ ਤੁਸੀਂ ਹੀ ਦੱਸੋ ਭਾਈ ਜਾਨ, ਕਿ ਇਸ ਸਵਾਲ ਦਾ ਕੀ ਜਵਾਬ ਹੋ ਸਕਦਾ। ਠੀਕ ਹੋਣ ਲਈ ਹੀ ਤਾਂ ਗਿਆ ਸੀ ਉਸ ਕੋਲ। ਪਰ ਜਦੋਂ ਸਿਰ ਹਿਲਾ ‘ਹਾਂ’ ਕਿਹਾ ਤਾਂ ਕੁਝ ਸਖ਼ਤ ਲਹਿਜੇ ਵਿਚ ਬੋਲਿਆ, ‘ਮਿਸਟਰ, ਅੱਜ ਤੋਂ…. ਸਗੋਂ ਮੈਂ ਤਾਂ ਕਹਾਂਗਾ ਹੁਣੇ ਤੋਂ ਇਹ ਬੇਫਜ਼ੂਲ ਸੋਚਣਾ ਬੰਦ ਕਰੋ…. ਮਸਤ ਰਹੋ…. ਤੇ ਮੰਨ ਕੇ ਚੱਲੋ ਕਿ ਹਰ ਬੰਦਾ ਇੱਕਲਾ ਹੈ…. ਆਲ ਆਰ ਅਲੋਨ….।’
ਪਰ ਭਾਈ ਜਾਨ, ਕਿੰਨਾ ਔਖਾ ਹੈ ਇੰਜ ਇੱਕਲਿਆਂ ਸੋਚਣਾ…. ਤੇ ਆਪਣੀਆਂ ਗੱਲਾਂ ਦਾ ਆਪ ਹੀ ਹੁੰਗਾਰਾ ਭਰਨਾ। ਚੰਗਾ ਹੋਇਆ, ਜੋ ਤੁਸੀਂ ਬੈਠੇ ਰਹੇ ਅੱਜ। ਪਰ ਤੁਸੀਂ ਨੋਟ ਨਹੀਂ ਕੀਤਾ ਸ਼ਾਇਦ। ਮੈਂ ਵਿਚ ਵਿਚ ਦੇਖ ਰਿਹਾ ਸੀ ਤੁਹਾਡੇ ਵੱਲ। ਤੁਸੀਂ ਟਿਕਟਿਕੀ ਲਾ ਓਹ ਸਾਹਮਣੇ ਵਾਲੇ ਰਾਹ ਵੱਲ ਦੇਖ ਰਹੇ ਸੀ…. ਮਸਤ। ਜਿਵੇਂ ਕਿਸੇ ਨੂੰ ਉਡੀਕ ਰਹੇ ਹੋਵੋ…. ਤੇ ਉਦੋਂ ਹੀ ਤਾਂ ਭਾਈ ਜਾਨ, ਇਕ ਤਰੰਗ ਨੇ ਮੇਰੇ ਮਨ ਮਸਤਕ ’ਤੇ ਦਸਤਕ ਦਿੱਤੀ ਜਿਵੇਂ…. ਜੋ ਸ਼ਾਇਦ ਤੁਹਾਡੇ ਵੱਲੋਂ ਆਈ ਸੀ। ਤੁਹਾਡੇ ਨਾਲ ਗੱਲ ਕਰਨ ਦਾ ਸੁਨੇਹਾ ਦਿੱਤਾ ਜਿਵੇਂ ਉਸਨੇ। ਸੋ, ਨਜ਼ਰ ਭਵਾਂ ਕੇ ਦੇਖਿਆ ਤਾਂ ਤੁਸੀਂ ਵੀ ਮੇਰੇ ਵੱਲ ਦੇਖ ਰਹੇ ਸੀ। ਜਿਵੇਂ ਕਿਸੇ ਹੋਰ ਤਰੰਗ ਨੇ ਤੁਹਾਨੂੰ ਵੀ ਇਹੀ ਸੁਨੇਹਾ ਦਿੱਤਾ ਹੋਵੇ। ਕਦੇ ਕਦੇ ਹੁੰਦਾ ਹੈ ਇਸ ਤਰ੍ਹਾਂ ਭਾਈ ਜਾਨ! ਤੇ ਦੇਖੋ ਕਿੰਨਾ ਚੰਗਾ ਲੱਗ ਰਿਹਾ ਹੈ ਇੱਕਲਤਾ ਦੇ ਖੋਲ ’ਚੋਂ ਬਹਰ ਨਿਕਲ, ਤੁਹਾਡੇ ਨਾਲ ਇੰਜ ਗੱਲਾਂ ਕਰਨਾ। ਇੰਨਾ ਚੰਗਾ ਕਿ ਇਕ ਚਮਤਕਾਰ ਵਾਪਰ ਗਿਆ। ਮੈਂ ਜੋ ਹਰ ਪਲ ਸੁਚੇਤ ਰਹਿੰਦਾ ਹਾਂ ਕਿ ਮੇਰੀ ਇਸ ਹਾਲਤ ਬਾਰੇ ਕਿਸੇ ਨੂੰ ਭੋਰਾ ਖ਼ਬਰ ਨਾ ਹੋਵੇ…. ਮਤਲਬ ਅਗਲੇ ਨੂੰ ਲੱਗੇ ਕਿ ਮੈਂ ਬਿਲਕੁਲ ਠੀਕ ਠਾਕ ਹਾਂ…. ਉਸਨੇ ਅਪਣਾ ਇੰਨਾ ਵੱਡਾ ਭੇਤ ਤੁਹਾਡੇ ਨਾਲ ਸਾਂਝਾ ਕਰ ਲਿਆ ਕਿ ਅਸਲ ਵਿਚ ਕੁਝ ਠੀਕ ਨਹੀਂ ਹਾਂ ਅੱਜਕੱਲ੍ਹ। ਇਕ ‘ਝੋਲ’ ਜਿਹੀ ਪੈਣ ਲੱਗ ਪਈ ਹੈ ਮੇਰੇ ਦਿਮਾਗ਼ ਵਿਚ। ਜਿਸਦੇ ਕਾਰਨ ਬੱਤੀਆਂ ਵਾਲੇ ਓਸ ਭੀੜ ਭਰੇ ਚੌਂਕ ਵਿਚ ਖੜ੍ਹ ਚੀਕ ਮਾਰਨ ਨੂੰ ਦਿਲ ਕਰਦੈ ਮੇਰਾ…. ਉੱਚੀ ਸਾਰੀ। ਬਾਹਵਾਂ ਉਤਾਂਹ ਨੂੰ ਓਲਾਰ….
ਲਓ, ਭਾਈ ਜਾਨ, ਤੁਸੀਂ ਤਾਂ ਓਧਰ ਦੇਖਣ ਲੱਗ ਪਏ। ਸ਼ਾਇਦ ਗੇਟ ’ਤੇ ਝੂਲ ਰਹੇ ਓਸ ਬੈਨਰ ਨੂੰ ਪੜ੍ਹ ਰਹੇ ਹੋ। ਮੈਥੋਂ ਪੁੱਛੋ, ਮੈਂ ਦੱਸਦਾ ਹਾਂ…. ‘ਆਰਟ ਆਫ਼ ਲਿਵਿੰਗ’ ਦਾ ਕੈਂਪ ਲੱਗ ਰਿਹਾ। ਏਸੇ ਮਹੀਨੇ…. ਬਾਈ, ਤੇਈ ਤੇ ਚੌਵੀ ਤਾਰੀਕ ਨੂੰ। ਪਾਰਕ ਪਲਾਜ਼ਾ ਦੇ ਏ. ਸੀ. ਹਾਲ ਵਿਚ। ਹੇਠਾਂ ਲਾਲ ਅੱਖਰਾਂ ਵਿਚ ਐਂਟਰੀ ਫੀਸ ਲਿਖੀ ਹੈ। ਯੋਗ ਗੁਰੂ ਜੀ ਖੁਦ ਆ ਰਹੇ ਹਨ। ਯੋਗ ਸਾਧਨਾ ਤੇ ਧਿਆਨ ਰਾਹੀਂ ਮਨ ਨੂੰ ਇਕਾਗਰ ਕਰਨ ਦੀਆਂ ਕਿਰਿਆਵਾਂ ਸਿਖਾਉਣਗੇ। ਇਸਦੇ ਪਾਰਟ ਵੰਨ ਵਿਚ ਮੈਂ ਵੀ ਸ਼ਾਮਿਲ ਹੋਇਆ ਸੀ…. ਪਰ ਭਾਈ ਜਾਨ, ਮੇਰੀ ਤਾਂ ਓਹੀ ਗੱਲ। ਤੁਹਾਨੂੰ ਪਤਾ ਜੇ ਸੋਚਣ ਲੱਗ ਜਾਵਾਂ ਤਾਂ ਸੋਚਦਾ ਸੋਚਦਾ ਕਿਧਰ ਨੂੰ ਤੁਰ ਪਵਾਂ…. ਕੀ ਪਤਾ? ਪਹਿਲੇ ਦਿਨ ‘ਧਿਆਨ’ ਦੀ ਮੁਦਰਾ ਵਿਚ ਬੈਠਾ ਸੀ…. ਤੇ ਸੋਚ ਰਿਹਾ ਸੀ ਕਿ ਜੇ ਜੀਊਣ ਦੀ ਕੋਈ ਕਲਾ ਹੋ ਸਕਦੀ ਹੈ ਤਾਂ ਜ਼ਰੂਰ ਮਰਨ ਦੀ ਵੀ ਕੋਈ ਕਲਾ ਹੋਵੇਗੀ। ਬਸ ਫੇਰ ਕੀ…. ਮੇਰੀ ਸੋਚ ‘ਆਰਟ ਆਫ਼ ਲਿਵਿੰਗ’ ਤੇ ‘ਆਰਫ ਆਫ਼ ਡਾਇੰਗ’ ਦੇ ਵਿਚਕਾਰ ਲਟਕ ਰਹੀ ਸੀ ….ਤੇ ਮੈਂ ਬੰਦੇ ਦੇ ‘ਇੱਕਲੇ’ ਹੋ ਜਾਣ ਬਾਰੇ ਡਾਕਟਰ ਸਾਵੰਤ ਨੂੰ ਪੁੱਛੇ ਸਵਾਲ ਤੇ ਉਸ ਤੋਂ ਮਿਲੇ ਜਵਾਬ ਬਾਰੇ ਸੋਚ ਰਿਹਾ ਸੀ। ਜਦ ਕਿ ਆਸਣ ’ਤੇ ਬਿਰਾਜਮਾਨ ‘ਯੋਗ ਗੁਰੂ’ ਸਮਝਾ ਰਹੇ ਸਨ, ‘ਧਿਆਨ ਸਮੇਂ ਕਿਸੇ ਵੀ ਵਿਚਾਰ ਨੂੰ, ਚਾਹੇ ਉਹ ਕਿਤਨਾ ਵੀ ਜ਼ਰੂਰੀ ਹੋਵੇ…. ਨਜ਼ਰ ਅੰਦਾਜ਼ ਕਰ ਦਿਓ…. ਤੁਹਾਡਾ ਲਕਸ਼ ਕੇਵਲ ਈਸ਼ਵਰ ਹੈ…. ਤੇ ਚਿੰਤਨ ਕਰੋ ਕਿ ਮੈਂ ਬਿਲਕੁਲ ਇੱਕਲਾ ਹਾਂ …ਮੇਰਾ ਕੋਈ ਨਹੀਂ ਹੈ… ਮੈਂ ਕਿਸੇ ਦਾ ਨਹੀਂ ਹਾਂ… ਤੇ ਇਹੀ ਸੱਚ ਹੈ… ਇਹ ਸੱਚ ਮੈਨੂੰ ਸਵੀਕਾਰ ਹੈ…. ਜੋ ਵੀ ਹੋ ਰਿਹਾ ਹੈ…. ਚਾਹੇ ਉਹ ਗ਼ਲਤ ਹੈ, ਚਾਹੇ ਸਹੀ…. ਮੈਂ ਉਸ ਤੋਂ ਪਰ੍ਹੇ ਹਾਂ ….ਉਪਰ ਹਾਂ ….ਮੈਂ ਤਾਂ ਉਸ ‘ਬ੍ਰਹਮ’ ਤੋਂ ਟੁੱਟਿਆ ਹੋਇਆ ਅੰਸ਼ ਹਾਂ। ਮੇਰਾ ਲਕਸ਼ ਸਿਰਫ਼ ਉਸ ਨਾਲ ਜੁੜਨਾ ਹੈ, ਬਸ….।’ ਤੇ ਭਾਈ ਜਾਨ, ਉਹ ਪਹਿਲਾ ਦਿਨ ਸੀ…. ਉਸ ਤੋਂ ਬਾਅਦ ਨਹੀਂ ਗਿਆ ਸੀ ਮੈਂ। ਜਿਵੇਂ ਮੇਰਾ ਲਕਸ਼ ਕੋਈ ਹੋਰ ਹੋਵੇ….।


ਭਾਈ ਜਾਨ, ਸੱਚ ਦੱਸੋ…. ਕਿਤੇ ਉਕਤਾ ਤਾਂ ਨਹੀਂ ਗਏ ਮੇਰੀਆਂ ਗੱਲ ਤੋਂ? ਸੋਚ ਰਹੇ ਹੋਵੋਂ ਕਿ ਐਵੇਂ ਹੁੰਗਾਰਾ ਭਰ ਕੇ ਫਸ ਹੀ ਗਏ। ਹੈ ਕੋਈ ਅਜਿਹੀ ਗੱਲ ਤਾਂ ਦੱਸੋ? ਮੈਨੂੰ ਤਾਂ ਲੱਗਿਆ ਤੁਸੀਂ ਗੰਭੀਰ ਬੰਦੇ ਹੋ…. ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ…. ਤੇ ਹੋ ਗਿਆ ਸ਼ੁਰੂ। ਬਸ ਇਹੋ ਜਿਹਾ ਹੀ ਹਾਂ ਮੈਂ। ਪਰ ਜੇ ਕਹੋ ਤਾਂ ਬੰਦ ਕਰ ਦਿੰਦਾ ਹਾਂ ਇਹ ਗੱਲ? ਨਹੀਂ ਤਾਂ ਹਟਾਓ ਅਪਣੀ ਨਜ਼ਰ ਰੌਲਾ ਪਾ ਰਹੇ ਓਸ ਬੰਦੇ ਤੋਂ…. ਇਹ ਤਾਂ ਇੰਜ ਹੀ ਬੋਲਦਾ ਹਰ ਵਕਤ। ਅਪਣੇ ਆਪ ਵਿਚ ਨਹੀਂ ਇਹ ਬੰਦਾ। ਮਤਲਬ ‘ਹਿੱਲ’ ਚੁੱਕਿਆ। ਜਾਣਦੇ ਹੀ ਹੋਵੋਗੇ ਇਸਨੂੰ? ਨਹੀਂ? ….ਫੇਰ ਤਾਂ ਭਾਈ ਜਾਨ, ਇਸ ਪਾਰਕ ਵਿਚ ਹੀ ਨਹੀਂ, ਲਗਦੈ ਇਸ ਸ਼ਹਿਰ ਵਿਚ ਵੀ ਪਹਿਲੀ ਵਾਰ ਆਏ ਹੋ। ਇਸਨੂੰ ਕੌਣ ਨਹੀਂ ਜਾਣਦਾ? ਇਹ ਮੁਕੰਦ ਲਾਲ…. ਬਕੱਲਮ ਖ਼ੁਦ ਹੈ।
ਸੋਚ ਰਹੇ ਹੋਵੋਂਗੇ ਕਿ ਮੁਕੰਦ ਲਾਲ ਤਾਂ ਭਲਾ ਇਸਦਾ ਨਾਂ ਹੋਇਆ…. ਫਿਰ ਇਹ ‘ਬਕੱਲਮ ਖੁਦ’ ਕੀ ਹੋਇਆ। ਇਹ ਇਸਦਾ ਤਕੀਆ ਕਲਾਮ ਹੈ, ਭਾਈ ਜਾਨ। ਕਦੇ ਸੁਣਨਾ…. ਬੋਲਦਾ ਹੋਇਆ ਅਪਣੇ ਨਾਂ ਨਾਲ ਇਸ ਤਰ੍ਹਾਂ ਲਗਾਉਂਦਾ ਜਿਵੇਂ ਸਰਕਾਰ ਕੋਲੋਂ ਕੋਈ ਪਦਮਸ਼੍ਰੀ ਦਾ ਖ਼ਿਤਾਬ ਮਿਲਿਆ ਹੋਵੇ। ਅਖੇ ਮੁਕੰਦ ਲਾਲ…. ਬਕੱਲਮ ਖ਼ੁਦ ਫਰਮਾ ਰਹੇਂ ਹੈਂ…. ਸੁਨੋਂ ਹਮਾਰੀ ਖ਼ਬਰੇਂ। ਦੇਖਿਓ…. ਹੁਣੇ ਇਸਨੇ ਅਪਣੇ ਸਾਹਮਣੇ ਘਾਹ ’ਤੇ ਕੰਬਲ ਤਾਣ ਕੇ ਸੌਂ ਜਾਣਾ। ਹਾਂ, ਭਾਈ ਜਾਨ, ਇੰਨੀ ਗਰਮੀ ਵਿਚ ਵੀ। ਦੇਖ ਨਹੀਂ ਰਹੇ ਕਿਵੇਂ ਕੋਟ ਚੜ੍ਹਾਈ ਫਿਰਦਾ ਹੈ। ਜਿਵੇਂ ਬਹੁਤ ਕੱਕਰ ਪੈ ਰਿਹਾ ਹੋਵੇ। ਤੇ ਜਦੋਂ ਸੱਚਮੁੱਚ ਪਾਲਾ ਉਤਰਿਆ…. ਇਸਨੇ ਇਹ ਕੋਟ ਉਤਾਰ ਕੇ ਰੱਖ ਦੇਣਾ ਕਿਤੇ…. ਤੇ ਬਹੁਤ ਥੋੜ੍ਹੇ ਕੱਪੜਿਆਂ ਵਿਚ ਇੰਜ ਹੀ ਰੌਲਾ ਪਾਉਂਦੇ ਤੁਰੇ ਫਿਰਨਾਂ। ਇਹ ਕੰਬਲ ਵੀ ਨਹੀਂ ਹੋਣਾ ਇਸ ਕੋਲ ਉਦੋਂ। ਇਸਦਾ ਹਰ ਕੰਮ ਉਲਟਾ ਹੈ, ਭਾਈ ਜਾਨ। ਮੇਰੇ ਵਾਂਗ…. ਹੁਣ ਤੁਹਾਡੇ ਤੋਂ ਕਾਹਦਾ ਓਹਲਾ ਰਿਹਾ। ਕਾਲੜਾ ਸਾਹਿਬ ਦੱਸ ਤਾਂ ਚੁੱਕੇ ਨੇ ਤੁਹਾਨੂੰ ਕਿ ਹਵਾ ਦੇ ਰੁਖ ਦੇ ਉਲਟ ਚਲਦਾ ਰਿਹਾ ਮੈਂ…. ਤੇ ਇਸ ਮੁਕੰਦ ਲਾਲ…. ਬਕੱਲਮ ਖੁਦ ਦਾ ਵੀ ਇਹੀ ਹਾਲ ਹੈ। ਤਾਂ ਹੀ ਤਾਂ ਲੱਗਦੈ ਅੱਜ ਫੇਰ ਕਿਸੇ ਤੋਂ ਕੁੱਟ ਖਾ ਕੇ ਆਇਆ।
ਸ਼ਾਇਦ ਚਿੱਟਿਆਂ ਤੋਂ….
ਹੈਰਾਨ ਨਾ ਹੋਵੇ ਭਾਈ ਜਾਨ! ਅੱਜ ਕੱਲ੍ਹ ਇੰਜ ਹੀ ਗੱਲ ਕਰਦਾ ਹਾਂ ਮੈਂ। ਰੰਗਾਂ ਦੇ ਉਹਲੇ ਵਿਚ। ਹੁਣ ਪਹਿਲਾਂ ਜਿੰਨਾ ਖ਼ਤਰਨਾਕ ਨਹੀਂ ਰਿਹਾ ਮੈਂ। ਸੋਚਦਾ ਹਾਂ, ਇਹ ਡਰ ਹੀ ਤਾਂ ਹੈ, ਜੋ ਬੰਦੇ ਨੂੰ ਲੀਹ ’ਤੇ ਰੱਖਦਾ। ਤਾਂ ਜੁ ਉਹ ਬੰਦ ਗਲੇ ਵਾਲਾ ਕੋਟ ਪਾ ਤੁਕ ਨਾਲ ਤੁਕ ਮਿਲਾਉਂਦਾ ਰਹੇ।
ਪਰ ਭਾਈ ਜਾਨ, ਇਹ ਮੁਕੰਦ ਲਾਲ…. ਬਕੱਲਮ ਖੁਦ ਤਾਂ ਹੋਰ ਹੀ ਤੁਕਾਂ ਮਿਲਾਉਂਦਾ। ਪਤਾ ਨਹੀਂ ਸਹੀ ਵਜ਼ਨ ਵਿਚ ਹੁੰਦੀਆਂ ਨੇ ਜਾ ਨਹੀਂ…. ਪਰ ਕਦੇ ਸੁਣਨਾ ਇਸ ਦੀਆਂ ਖ਼ਬਰਾਂ। ਇਸ ‘ਸਿਟੀ ਪਾਰਕ’ ’ਚੋਂ ਬਾਹਰ ਨਿਕਲ ਮੇਨ ਸੜਕ ’ਤੇ ਥੋੜ੍ਹਾ ਅੱਗੇ ਜਾ ਬੱਤੀਆਂ ਵਾਲਾ ਚੌਂਕ ਹੈ…. ਉਥੇ ਹੁੰਦਾ ਇਹ ਸਵੇਰੇ ਸਵੇਰੇ। ਬੱਤਰਾ ਨਿਊਜ਼ ਏਜ਼ੰਸੀ ਦੇ ਬਾਹਰ। ਅਖ਼ਬਾਰਾਂ ਖਰੀਦ ਰਹੇ ਲੋਕਾਂ ਨੂੰ ‘ਧੁਪ ਰੰਗੀਆਂ’ ਖ਼ਬਰਾਂ ਸੁਣਾਉਂਦਾ। ਠੁਰ ਠੁਰ ਕਰਦੀਆਂ ਉਨ੍ਹਾਂ ਖ਼ਬਰਾਂ ਤੋਂ ਬਿਲਕੁਲ ਅਲੱਗ…. ਜਿਹੜੀਆਂ ਉਸ ਵਕਤ ਲੋਕ ਮੁੱਲ ਲੈ ਕੇ ਪੜ੍ਹ ਰਹੇ ਹੁੰਦੇ ਹਨ। ਤੇ ਇਹ ਮੁਕੰਦ ਲਾਲ…. ਬਕੱਲਮ ਖੁਦ ਆਪਣੀਆਂ ਖ਼ਬਰਾਂ ਚੌਂਕ ਵਿਚ ਲੱਗੀਆਂ ਸ਼ਹਿਰ ਦੇ ‘ਪਤਵੰਤਿਆਂ’ ਦੀਆਂ ਤਸਵੀਰਾਂ ਵੱਲ ਇਸ਼ਾਰੇ ਕਰ ਕਰ ਸਣਾਉਂਦਾ। ਕਿਹਰ ਦਾ ਕਿਹੜਾ ‘ਪਤਵੰਤਾ’ ਕੀ ਕਰ ਰਿਹਾ…. ਨਾਂ ਲੈ ਕੇ। ਅਖੇ, ‘ਮੁਕੰਦ ਲਾਲ ….ਬਕੱਲਮ ਖੁਦ ਬਤਾ ਰਹੇਂ ਹੈਂ…. ਮਿਲੋ ਇਨਸੇ…. ਯੇਹ ਹੈਂ ਹਮਾਰੇ ਬਿੱਟਾ ਜੀ….।’ ਤੇ ਖ਼ਬਰ ਦਾ ਵਿਸਥਾਰ ਸੁਣ ਕੇ ਡਰ ਨਾਲ ਜ਼ਰਦ ਹੋਏ ਚਿਹਰੇ ਹੋਰ ਵੀ ਜ਼ਰਦ ਹੋ ਜਾਂਦੇ ਹਨ। ਪਰ ਇਹ ਸਭ ਕੁਝ ਤੋਂ ਬੇਖ਼ਬਰ ਉਦੋਂ ਤੱਕ ਕਿਸੇ ਹੋਰ ਤਸਵੀਰ ਵੱਲ ਇਸ਼ਾਰਾ ਕਰ ਸ਼ੁਰੂ ਹੋ ਜਾਂਦਾ, ‘ਔਰ ਵੋਹ ਜੋ ਦਾਈਂ ਤਰਫ ਹੈਂ…. ਵੋਹ ਹੈਂ ਹਮਾਰੇ ਸੰਨੀ ਭਾਜੀ…. ਔਰ ਉਨਕੇ ਨੀਚੇ ਹੈਂ ਹਮਾਰੇ ਮਿੰਟੂ ਜੀ…. ਫਿਰ ਲਵਲੀ ਜੀ…. ਔਰ ਉਨਕੀ ਬਗਲ ਮੇਂ ਹੈਂ ਚਾਰਲੀ ਸਾਹਿਬ।’ ਫਿਰ ਥੋੜ੍ਹਾ ਰੁਕ ਅੱਖ ਦੱਬਦਿਆਂ ਕਹੇਗਾ, ‘ਬੀਚ ਵਾਲੇ ‘ਅਲੀ ਬਾਬਾ’ ਕੋ ਤੋ ਸਭੀ ਜਾਨਤੇ ਹੈਂ।’ ਤੇ ਭਾਈ ਜਾਨ, ਨਵੇਂ ਸ਼ਹਿਰ ਦੇ ਇਨ੍ਹਾਂ ਨਵੇਂ ‘ਪਤਵੰਤਿਆਂ’ ਤੋਂ ਕੌਣ ਵਾਕਿਫ਼ ਨਹੀਂ? ਸੋ, ਡਰ ਨਾਲ ਅਗਲ ਬਗਲ ਝਾਕਦੇ ਲੋਕ ਇਸ ਅੱਗੇ ਹੱਥ ਜੋੜ ਖੜ੍ਹ ਜਾਂਦੇ ਹਨ। ਇਸਨੂੰ ਅੱਗੇ ਤੁਰ ਜਾਣ ਲਈ ਕਹਿਣਗੇ…. ਪਰ ਇਹ ਕੰਬਖ਼ਤ ਮੁਕੰਦ ਲਾਲ…. ਬਕੱਲਮ ਖੁਦ ਉਨ੍ਹਾਂ ’ਤੇ ਹੱਸ ਪੈਂਦਾ ਉਦੋਂ। ਹਾਰ ਕੇ ਲੋਕ ਖਰੀਦੀ ਹੋਈ ਅਖ਼ਬਾਰ ਕੱਛ ਵਿਚ ਵਲੇਟ ਆਪ ਹੀ ਉਥੋਂ ਤੁਰ ਪੈਂਦੇ ਹਨ…. ਤੇ ਉਦੋਂ ਇਹ ਮੂੰਹ ’ਚੋਂ ਲੰਬੀ ਸਾਰੀ ‘ਪੀਂਅ…. ਅ…. ਅ….’ ਦੀ ਅਵਾਜ਼ ਕੱਢ ਉਨ੍ਹਾਂ ਤੁਰੇ ਜਾਂਦਿਆਂ ਨੂੰ ਹੋਰ ਵੀ ਖਿਝਾ ਦਿੰਦਾ।
ਲਗਦਾ ਹੁਣ ਵੀ ਕੋਈ ਖ਼ਬਰ ਸੁਣਾ ਰਿਹਾ….
‘ਮੁਕੰਦ ਲਾਲ…. ਬਕੱਲਮ ਖੁਦ ਐਲਾਨ ਕਰਤੇਂ ਹੈਂ…. ਆਜ ਬਿਜਲੀ ਕਾ ਕੱਟ ਨਹੀਂ ਲਗੇਗਾ…. ਆਜ ਕਾਕਾ ਜੀ ਕਾ ਹੈਪੀ ਬਰਥ ਡੇ ਹੈ…. ਓ ਨੋ ਬਕੱਲਮ ਖੁਦ ਸੌਰੀ ਬੋਲਤਾ…. ਹੈਪੀ ਡਰਥ ਡੇ ਨਹੀਂ, ਤਾਜਪੋਸ਼ੀ ਹੈ ਆਜ…. ਯਾਦ ਰਹੇ ਅਬ ਬਾਪ ਰਾਜਾ…. ਬੇਟਾ ਵਜ਼ੀਰ…. ਔਰ ਜਨਤਾ ਫ਼ਕੀਰ ਹੈ….।’
ਸੁਣ ਰਹੇ ਹੋ ਨਾ ਭਾਈ ਜਾਨ। ਕਿਵੇਂ ਇਨ੍ਹਾਂ ਪੁਰਾਣੀਆਂ ਕਹਾਵਤਾਂ ਨੂੰ ਅਪਣੀਆਂ ਖ਼ਬਰਾਂ ਵਿਚ ਪਰੋ ਰਿਹਾ। ਤੇ ਇਹ ਜਿਹੜੇ ਲੋਕ ਝੁਰਮਟ ਪਾਈ ਇਸਦੇ ਦੁਆਲੇ ਖੜ੍ਹੇ ਹਨ ਇਸ ਵਕਤ…. ਤੇ ਇਸ ਦੀਆਂ ਕਮਲੀਆਂ ਰਮਲੀਆਂ ਸੁਣ ਹੀਂ ਹੀਂ ਕਰ ਹੱਸ ਰਹੇ ਹਨ…. ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਇਹ ਜ਼ਰੂਰ ‘ਨੀਲੇ’ ਹੋਣਗੇ। ਨਹੀਂ, ਭਾਈ ਜਾਨ, ਮੈਂ ਕੌਣ ਹੁੰਦਾ ਹਾਂ ਲੋਕਾਂ ਨੂੰ ਰੰਗਾਂ ਵਿਚ ਵੰਡਣ ਵਾਲਾ। ਮੇਰੀ ਕਿੱਥੇ ਇੰਨੀ ਜੁਰਅੱਤ। ਇਹ ਤਾਂ ਇਸ ਸ਼ਹਿਰ ਦੇ ਲੋਕ ਹਨ…. ਜੋ ਖ਼ੁਦ ਹੀ ਰੰਗਾਂ ਵਿਚ ਵੰਡੇ ਜਾਣਾ ਪਸੰਦ ਕਰਦੇ ਹਨ। ਇਨ੍ਹਾਂ ਨੇ ਤਾਂ ਇਸ ਮੁਕੰਦ ਲਾਲ ….ਬਕੱਲਮ ਖੁਦ ਦੇ ਪਾਗਲਪਨ ਨੂੰ ਵੀ ਵੰਡ ਲਿਆ। ਦੇਖ ਰਹੇ ਹੋ ਨਾ ਜੇ ਇਹ ‘ਚਿੱਟਿਆਂ’ ਬਾਰੇ ਕੁਝ ਕਹਿ ਰਿਹਾ…. ਤਾਂ ‘ਨੀਲੇ’ ਕਿੰਨੇ ਖ਼ੁਸ਼ ਹਨ…. ਤੇ ਜੇ ਕਿਤੇ ‘ਚਿੱਟੇ’ ਇਸਨੂੰ ਕੁੱਟਣ ਪੈ ਜਾਣ ਤਾਂ ਇਹ ‘ਨੀਲੇ’ ਬੁਰਾ ਮਨਾਉਂਦੇ ਹਨ। ਕਹਿਣਗੇ, ‘ਦਰਵੇਸ਼ ਬੰਦਾ…. ਸੱਚੀਆਂ ਗੱਲਾਂ ਕਰਦਾ…. ਕਿਸੇ ਦਾ ਕੀ ਲੈਂਦਾ।’ ਮੈਨੂੰ ਤਾਂ ਭਾਈ ਜਾਨ, ਡਰ ਲੱਗਦੈ ਕਿਤੇ ਇਸ ਗੱਲ ਨੂੰ ਲੈ ਕੇ ਇਨ੍ਹਾਂ ‘ਚਿੱਟਿਆਂ’ ਤੇ ‘ਨੀਲਿਆਂ’ ਵਿਚਕਾਰ ਦੰਗੇ ਹੀ ਨਾ ਹੋ ਜਾਣ ਕਿਸੇ ਦਿਨ।
ਪਰ ਭਾਈ ਜਾਨ, ਮੈਨੂੰ ਤਾਂ ਕਈ ਵਾਰ ਲਗਦਾ ਇਹ ਮੁਕੰਦ ਲਾਲ ….ਬਕੱਲਮ ਖੁਦ ਵੀ ਇਸ ਸ਼ਹਿਰ ਨਾਲ ਰੰਗਾਂ ਦੀ ਖੇਡ, ਖੇਡ ਰਿਹਾ। ਜਿਵੇਂ ਰੰਗਾਂ ਵਿਚ ਵੰਡੇ ਇਨ੍ਹਾਂ ਲੋਕਾਂ ਦਾ ਭੇਤ ਪਾ ਗਿਆ ਹੋਵੇ। ਕਦੇ ਨੋਟ ਕਰਿਓ, ਬਾਜ਼ਾਰ ’ਚੋਂ ਲੰਘਦਾ ਇਹ ਹਮੇਸ਼ਾ ‘ਨੀਲਿਆਂ’ ਦੀ ਦੁਕਾਨ ਅੱਗੇ ਹੀ ਖੜ੍ਹਦਾ ਹੈ। ਉਹ ਖ਼ੁਸ਼ ਹੋ ਕਹਿਣਗੇ, ‘ਆ ਮੁਕੰਦ ਲਾਲ…. ਬਕੱਲਮ ਖੁਦ…. ਕੀ ਕਹਿੰਦਾ ਫੇਰ ਤੇਰਾ ਰੇਡੀਓ? ਤੇ ਇਹ ਇਕਦਮ ਨਹੀਂ ਸ਼ੁਰੂ ਹੋ ਜਾਂਦਾ। ਪਹਿਲਾਂ ਚਾਹ ਪੀਣ ਦੀ ਇੱਛਾ ਜ਼ਾਹਿਰ ਕਰੇਗਾ। ਜਦੋਂ ਅਗਲਾ ਚਾਹ ਦਾ ਆਡਰ ਦੇਣ ਲਗਦਾ ਤਾਂ ਕਹੇਗਾ, ‘ਮੁਕੰਦ ਲਾਲ…. ਬਕੱਲਮ ਖੁਦ ਏਕ ਨਹੀਂ, ਦੋ ਕੱਪ ਪੀਏਗਾ ਆਜ।’ ਇਹ ਜਾਣਦਾ ਹੈ ਕਿ ਇਨ੍ਹਾਂ ਨੂੰ ਇਸ ਦੀਆਂ ਖ਼ਬਰਾਂ ਦਾ ਚਸਕਾ ਹੈ। ਇਸ ਲਈ ਜੇ ਭੁੱਖ ਲੱਗੀ ਹੋਵੇਗੀ ਤਾਂ ਕੋਲੋਂ ਲੰਘ ਰਹੀ ਕਿਸੇ ਰੇਹੜੀ ਵੱਲ ਵੀ ਇਸ਼ਾਰਾ ਕਰ ਦਿੰਦਾ। ਪੂਰਾ ਰੱਜ ਕੇ ਹੀ ਅਪਣੇ ਰੇਡੀਓ ਦਾ ਬਟਨ ਮਰੋੜਦਾ। ਹੁਣ ਵੀ ਦੇਖੋ ਕਿਵੇਂ ਹੱਥ ਵਿਚ ਘੁੱਟੀ ਖੜ੍ਹਾ ਅਪਣਾ ਰੇਡੀਓ। ਇਸਦਾ ਤਾਂ ਇਕ ਪਲ ਵਸਾਹ ਨਹੀਂ ਖਾਂਦਾ ਇਹ। ਜਿਵੇਂ ਇਸ ਰੇਡੀਓ ਵਿਚ ਜਾਨ ਹੋਵੇ ਇਸਦੀ। ਦੇਖਿਓ, ਏਥੇ ਆ ਕੰਬਲ ਤਾਣ ਕੇ ਸੌਣ ਤੋਂ ਪਹਿਲਾਂ ਪੁਰਾਣੇ ਗੀਤ ਸੁਣੇਗਾ। ਪੂਰਾ ਟਿਕਾਅ ਵਿਚ ਹੋਵੇਗਾ ਉਦੋਂ। ਚੁਟਕੀਆਂ ਮਾਰ ਮਾਰ ਸਿਰ ਝੁਲਾ ਰਿਹਾ ਹੋਵੇਗਾ। ਅੱਖਾਂ ਬੰਦ…. ਜਿਵੇਂ ਕਿਤੇ ਲਿਵ ਲਗ ਗਈ ਹੋਵੇ। ਖ਼ਬਰਾਂ ਸੁਣਾਉਣ ਵਕਤ ਤਾਂ ਬੰਦ ਹੁੰਦਾ ਇਹ ਰੇਡੀਓ। ਬਸ ਦਿਖਾਵੇ ਵਜੋਂ ਹੀ ਬਟਨ ਘੁਮਾ ਸ਼ੁਰੂ ਹੋ ਜਾਂਦਾ। ਐਵੇਂ ਫਜ਼ੂਲ ਵਿਚ ਸੈੱਲ ਨਹੀਂ ਮਚਾਉਂਦਾ। ਜਾਂ ਕਹਿ ਲਓ, ਉਦੋਂ ਇਸਦੇ ਅਪਣੇ ਸੈੱਲ ਮਚਦੇ ਹਨ।
ਤੇ ਭਾਈ ਜਾਨ, ਬੇਸ਼ੱਕ ਅੱਜ ਸ਼ਹਿਰ ਦੇ ਬਹੁਤੇ ਲੋਕਾਂ ਲਈ ਇਹ ‘ਹਿੱਲ’ ਚੁੱਕਿਆ ਬੰਦਾ ਸਿਰਫ਼ ਮਨੋਰੰਜਨ ਦਾ ਇਕ ਸਸਤਾ ਸਾਧਨ ਹੈ…. ਪਰ ਹਾਲੇ ਵੀ ਸ਼ਹਿਰ ਦੇ ਕੁਝ ਲੋਕ ਜਾਣਦੇ ਹਨ ਕਿ ਇਹ ਕੋਟਲਾ ਬਾਜ਼ਾਰ ਵਾਲੇ ਖ਼ਾਨਦਾਨੀ ਵੈਦ ਮੋਹਨ ਲਾਲ ਦਾ ਪੁੱਤ ਵੈਦ ਮੁਕੰਦ ਲਾਲ ‘ਸਿਧ ਯੋਗੀ’ ਹੈ। ਇਸਦੀ ਕੱਛ ਵਿਚ ਘੁੱਟਿਆ ਕਾਲੇ ਰੰਗ ਦਾ ਚਮੜੇ ਦਾ ਬੈਗ ਦੇਖ ਰਹੇ ਹੋ ਨਾ…. ਇਸ ਵਿਚ ਖਸਤਾ ਹਾਲ ਇਕ ਪੁਰਾਣੀ ਪੋਥੀ ਹੈ। ਲਾ-ਇਲਾਜ਼ ਰੋਗਾਂ ਲਈ ਅਜ਼ਮਾਏ ਹੋਏ ਦੇਸੀ ਨੁਸਖਿਆਂ ਵਾਲੀ। ਜਿਸ ’ਤੇ ਸਿਰਫ਼ ਇਸਨੂੰ ਹੀ ਸਮਝ ਆਉਣ ਵਾਲੇ ਕੁਝ ਨਾਂ ਲਿਖੇ ਹੋਏ ਹਨ। ਅੱਜ ਵੀ ਜੇ ਕੋਈ ਪੁਰਾਣਾ ਕਦਰਦਾਨ ਮਿਲ ਜਾਏ ਤਾਂ ਉਸਦਾ ਹੱਥ ਫੜ੍ਹ ਕੋਲ ਬਿਠਾ ਲੈਂਦਾ…. ਤੇ ਉਸਦੀ ਤਕਲੀਫ ਸੁਣ ਇਸ ਪੋਥੀ ਦੇ ਪੰਨੇ ਪਲਟਦਾ ਕੁਝ ਨਾਂ ਲਿਖਾਉਂਦਾ ਕਹੇਗਾ, ‘ਲਿਖ ਮਾਲ੍ਹ ਕੰਗਣੀ…. ਸਾਲਮ ਪੰਜਾ…. ਮੂਸਲੀ ਸਫੈਦ…. ਸਵਰਨ ਭੰਗ…. ਹਰੜ ਜਲਾਬ…. ਕੌਚ ਬੀਜ਼…. ਅਕਰਕਰਾ…. ਮਰੌੜ ਫਲੀ…. ਮੀਚਕਾਂ…. ਗੌਖਰੂ…. ਕਾਂਫਲ…. ਕਾਂਤ ਲੋਹ…. ਸੁਮੁੰਦਰ ਸੋਕ…. ਜੈਫਲ…. ਪਰਵਾਲ ਪਿਸਟੀ….।’ ਤੇ ਜੇ ਉਹ ਲਿਖਦਾ ਹੋਇਆ ਇਨ੍ਹਾਂ ਅਜੀਬ ਨਾਵਾਂ ਨੂੰ ਸੁਣ ਹੈਰਾਨ ਹੋ ਪੁੱਛੇ ਕਿ ਇਹ ਸਭ ਮਿਲੇਗਾ ਕਿੱਥੋਂ…. ਤਾਂ ਇਹ ਉਸਨੂੰ ਸਦਰ ਬਾਜ਼ਾਰ ਵਾਲੀ ਨਵੀਂ ਬਣੀ ਏ. ਸੀ. ਮਾਰਕੀਟ ਦੇ ਕੋਲੋਂ ਲੰਘਾਂ, ਪਿਛਲੇ ਪਾਸੇ ਇਕ ਤੰਗ ਜਿਹੇ ਬਾਜ਼ਾਰ ਵਿਚ ਇਕ ਸੌ ਅਠਾਈ ਸਾਲ ਪੁਰਾਣੀ ‘ਵੈਦ ਮਾਛੀ ਰਾਮ ਐਂਡ ਸਨਜ਼’ ਦੀ ਦੁਕਾਨ ’ਤੇ ਜਾ ਬਿਠਾਉਂਦਾ। ਤੇ ਭਾਈ ਜਾਨ, ਇਸਦੇ ਬੈਗ ਦੀ ਇਕ ਨੁੱਕਰ ਵਿਚ ਲੱਗੀਆਂ ਹੋਣਗੀਆਂ ‘ਠੰਢੇ ਸੁਰਮੇ’ ਦੀ ਪੁੜੀਆਂ…. ਜੋ ਕਦੇ ਬਹੁਤ ਵਿਕਦੀਆਂ ਸਨ। ਸੱਪ ਦੀ ‘ਕੁੰਜ’ ਤੋਂ ਤਿਆਰ ਇਨ੍ਹਾਂ ਸਿਧ ਯੋਗੀਆਂ ਦਾ ‘ਠੰਢਾ ਸੁਰਮਾ’ ਪਲ ਭਰ ਲਈ ਅੱਖਾਂ ਵਿਚ ਮਿਰਚਾਂ ਵਾਂਗ ਲੜਦਾ…. ਪਰ ਫਿਰ ਅਜਿਹੀ ਠੰਢ ਪੈਂਦੀ ਕਿ ਦੂਰ ਤੱਕ ਨਜ਼ਰ ਮਾਰਿਆਂ ਨਜ਼ਰ ਪਾਟਦੀ ਨਾ। ਹੁਣ ਪੁਰਾਣੇ ਕਦਰਦਾਨ ਨਹੀਂ ਰਹੇ ਤਾਂ ਬਹੁਤ ਮੰਦਾ ਹੈ ਵਿਚਾਰੇ ਦਾ। ‘ਠੰਢੇ ਸੁਰਮੇ’ ਦਾ ਕੰਮ ਹੁਣ ਇਸ ਦੀਆਂ ਖ਼ਬਰਾਂ ਕਰਦੀਆਂ ਹਨ। ਪਰ ਇਸ ਮੰਦੇ ਕਾਰਨ ਵਿਚ ਜਿਹੇ ‘ਸੱਟਾ’ ਲਗਵਾਉਣ ਲਗ ਪਿਆ ਸੀ ਇਹ…. ਵੈਦ ਤੋਂ ਸੱਟੇਬਾਜ਼ਾਂ ਦਾ ‘ਖਾਈਵਾਲ’ ਬਣ ਗਿਆ ਸੀ। ਇਕ ਦਿਨ ਪੁਲਿਸ ਨੇ ਥਾਣੇ ਦੇ ਦਰਵਾਜ਼ੇ ਵਿਚ ਮੂਧਾ ਪਾ ਕੇ ਕੁੱਟਿਆ…. ਤੇ ਗਲ ਵਿਚ ‘ਸੱਟੇਬਾਜ਼’ ਦੀ ਤਖ਼ਤੀ ਲਟਕਾ ਸ਼ਾਮ ਤੱਕ ਉਥੇ ਹੀ ਬਠਾਈ ਰੱਖਿਆ। ਲੰਘਣ ਟੱਪਣ ਵਾਲੇ ਲੋਕ ਦੇਖ ਦੇਖ ਹੱਸ ਰਹੇ ਸਨ। ਉਦੋਂ ਦਾ ਹੀ ਅਪਣੇ ਆਪ ਵਿਚ ਨਹੀਂ। ਉਂਜ ‘ਚਿੱਟਿਆਂ’ ਨਾਲ ਇਸਦਾ ਕੋਈ ਖਾਸ ਵੈਰ ਨਹੀਂ। ਬਸ ਇਤਫਾਕ ਹੀ ਸਮਝੋ ਕਿ ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ, ਉਨ੍ਹਾਂ ਦਿਨਾਂ ਵਿਚ ਥਾਣਿਆਂ ਵਿਚ ‘ਚਿੱਟਿਆਂ’ ਦੇ ਹੁਕਮ ਚੱਲਣ ਦੀ ਵਾਰੀ ਸੀ…. ਤੇ ਇਕ ‘ਚਿੱਟੇ’ ਦੇ ਕਹਿਣ ’ਤੇ ਹੀ ਇਸਦੀ ਜੇਬ ਵਿਚੋਂ ਸੱਟੇ ਦੀਆਂ ਪਰਚੀਆਂ ਬਰਾਮਦ ਹੋਈਆਂ ਸਨ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅਸਲ ਵਿਚ ਉਸ ਦਿਨ ਇਹ ਥਾਣੇ ਇਤਲਾਹ ਦੇਣ ਗਿਆ ਸੀ ਕਿ ਇਸਨੇ ਅੱਜ ਤੋਂ ‘ਸੱਟਾ’ ਨਾ ਲਗਵਾਉਣ ਦਾ ਫ਼ੈਸਲਾ ਕਰ ਲਿਆ। ਪਰ….
ਭਾਈ ਜਾਨ, ਸਹੀ ਦੱਸੋ…. ਕੀ ਸੋਚ ਰਹੇ ਹੋ ਇਸ ਵਕਤ? ਮੇਰੇ ਵੱਲ ਹੈਰਾਨੀ ਨਾਲ ਦੇਖ ਰਹੇ ਹੋ, ਇਸ ਲਈ ਪੁੱਛ ਰਿਹਾ ਹਾਂ…. ਕਿਤੇ ਇਹ ਤਾਂ ਨਹੀਂ ਸੋਚ ਰਹੇ ਕਿ ਮੇਰੀ ਤਾਂ ਇਸ ਮੁਕੰਦ ਲਾਲ ’ਤੇ ਪੂਰੀ ਖੋਜ ਕੀਤੀ ਹੋਈ ਹੈ। ਅਜਿਹੀ ਗੱਲ ਨਹੀਂ ਭਾਈ ਜਾਨ। ਸਗੋਂ ਮੈਂ ਤਾਂ ਆਪ ਬਹੁਤ ਦੁਖੀ ਹਾਂ ਇਸ ਬੰਦੇ ਤੋਂ। ਬਹੁਤ ਵਾਰ ਸੁਣੀਆਂ ਹਨ ਇਸ ਦੀਆਂ ਇਹ ਖ਼ਬਰਾਂ…. ਤੇ ਹੁਣ ਜਦੋਂ ਦੀ ਮੇਰੇ ਦਿਮਾਗ਼ ਵਿਚ ਇਹ ‘ਝੋਲ’ ਜਿਹੀ ਪੈਣ ਲੱਗ ਪਈ ਹੈ, ਅਕਸਰ ਹੀ ਇਸਨੂੰ ਅਪਣੇ ਸੁਪਨਿਆਂ ਵਿਚ ਦੇਖਦਾ ਹਾਂ। ਕਈ ਵਾਰ ਤਾਂ ਕੀ ਦੇਖਦਾ ਹਾਂ ਕਿ ਮੈਂ ਆਪ ਇਸ ਵਾਂਗ ਬਾਵਰਾ ਹੋਇਆ ਤੁਰਿਆ ਫਿਰਦਾ ਹਾਂ। ਇੰਜ ਹੀ ਰੌਲਾ ਪਾਉਂਦਾ….ਤੇ ਮੇਰੀਆਂ ਗੱਲਾਂ ਸੁਣ ਲੋਕ ਹੱਸ ਰਹੇ ਹਨ। ਹਰ ਰੋਜ ਇਸਨੂੰ ਇਸ ਸਿਟੀ ਪਾਰਕ ਵਿਚ ਦੇਖਦਾ ਹਾਂ। ਸ਼ਾਇਦ ਇਸਦਾ ਅਸਰ ਹੋਵੇ। ਡਰਦਾ ਹਾਂ ਕਿਤੇ ਇਹ ਸੁਪਨਾ ਸੱਚ ਨਾ ਹੋ ਜਾਵੇ। ਤੇ ਕੁਝ ਹੋਰ ਲੋਕ ਵੀ ਹਨ ਇਸ ਪਾਰਕ ਵਿਚ…. ਜਿਨ੍ਹਾਂ ਵਿਚ ਸਾਹਮਣੇ ਬੈਠੇ ਇਹ ਕਾਲੜਾ ਸਾਹਿਬ ਵੀ ਸ਼ਾਮਿਲ ਹੋ ਗਏ ਹਨ ਅੱਜ ਤੋਂ। ਇਨ੍ਹਾਂ ਦੀਆਂ ਹਰਕਤਾਂ ਦੇਖ ਅਕਸਰ ਡਰ ਜਾਂਦਾ ਹਾਂ। ਵੱਟਿਆਂ ਵਾਲਾ ਸੋਮ ਨਾਥ…. ਉਹ ਵੀ ਤਾਂ ਇਥੇ ਹੀ ਹੁੰਦਾ ਇਸ ਵਕਤ। ਦਿਸ ਨਹੀਂ ਰਿਹਾ ਕਿਤੇ ਅੱਜ। ਉਸਨੂੰ ਵਹਿਮ ਹੈ ਕਿ ਗਲੀਆਂ ਵਿਚ ਭੌਂਕਦੇ ਫਿਰਦੇ ਇਹ ਅਵਾਰਾ ਕੁੱਤੇ ਉਸ ਨੂੰ ਵੱਢ ਖਾਣਗੇ। ਇਸ ਲਈ ਹੱਥ ਵਿਚ ਵੱਟੇ ਫੜ੍ਹੀ ਰੱਖਦਾ। ਇਕ ਸੁੱਟਦਾ…. ਦੂਸਰਾ ਚੁੱਕ ਲੈਂਦਾ। ਇਕ ਦੋ ਵੱਟੇ ਤਾਂ ਅਪਣੀਆਂ ਜੇਬਾਂ ਵਿਚ ਸੁਰਖਿੱਅਤ ਰੱਖਦਾ ਹਰ ਵਕਤ। ਮੁਕੰਦ ਲਾਲ ਦੀ ਤਰ੍ਹਾਂ ਮੂੰਹੋਂ ਤਾਂ ਕੁਝ ਨਹੀਂ ਕਹਿੰਦਾ…. ਪਰ ਕੋਈ ਕੁੱਤਾ ਨਜ਼ਰ ਆਇਆ ਨਹੀਂ ਕਿ ਵੱਟੇ ਚਲਾਉਣ ਲੱਗ ਪੈਂਦਾ। ਦੂਰ ਤੱਕ ਭਜਾ ਕੇ ਆਉਂਦਾ ਫਿਰ ਉਸਨੂੰ। ਪਤਾ ਨਹੀਂ ਕੀ ਵੈਰ ਹੈ ਇਨ੍ਹਾਂ ਦਾ। ਮੈਂ ਦੇਖਿਆ ਕੁੱਤੇ ਵੀ ਸੋਮਨਾਥ ਨੂੰ ਦੇਖ ਖੂਬ ਭੌਂਕਦੇ ਹਨ। ਰਲ ਕੇ ਘੇਰ ਲੈਂਦੇ ਹਨ ਕਈ ਵਾਰ ਇਸਨੂੰ। ਅੱਜ ਦਿਸ ਨਹੀਂ ਰਿਹਾ…. ਰੱਬ ਖੈਰ ਕਰੇ…. ਕਿਤੇ ਕਿਸੇ ਗਲੀ ਵਿਚ ਘਿਰ ਨਾ ਗਿਆ ਹੋਵੇ।
ਤੇ ਮਨਚੰਦਾ ਸਾਹਿਬ…. ਉਨ੍ਹਾਂ ਦਾ ਵੀ ਵਕਤ ਹੋਇਆ ਪਿਆ ਆਉਣ ਦਾ। ਬਸ ਆਉਂਦੇ ਹੀ ਹੋਣਗੇ। ਦੇਖਿਓ, ਬਹੁਤ ਅਵਾਜ਼ਾਰ ਨੇ ਉਹ ਵੀ। ਆਹ ਨਾਲ ਦੇ ਬਾਈ ਨੰਬਰ ਵਾਰਡ ’ਚੋਂ ਹਨ। ਕਦੇ ਵਾਰਡ ਦੇ ਸਾਂਝੇ ਕੰਮਾਂ ਵਿਚ ਮੋਹਰੀ ਬਣ ਵਿਚਰਦੇ ਸਨ। ਲੋਕ ਕਹਿਣ ਲੱਗ ਪਏ ਕਿ ਮਨਚੰਦਾ ਸਾਹਿਬ ਤਾਂ ਸਾਡੇ ਵਾਰਡ ਦੇ ਐੱਮ. ਸੀ. ਹਨ। ਸਾਧਾਰਨ ਬੰਦਾ ਸੀ ਵਿਚਾਰਾ…. ਚੰਗਾ ਭਲਾ ਦਰਜ਼ੀ ਦਾ ਕੰਮ ਕਰਦਾ ਸੀ। ਕਿਤੇ ਡੂੰਘੀ ਬਹਿ ਗਈ ਇਹ ਗੱਲ ਉਸਦੇ ਅੰਦਰ। ਵਾਰਡ ਦਾ ਕੋਈ ਬੰਦਾ ਮਿਲੇ…. ਲੀਡਰਾਂ ਵਾਂਗ ਹੱਥ ਜੋੜ ਖੜ੍ਹ ਜਾਇਆ ਕਰੇ। ਅਪਣੀਆਂ ਸਰਗਰਮੀਆਂ ਵੀ ਵਧਾ ਦਿੱਤੀਆਂ। ਹਰ ਇਕ ਦੇ ਦੁੱਖ ਸੁੱਖ ਦਾ ਭਾਈਵਾਲ ਬਣ ਗਿਆ। ਪਰ ਪਿਛਲੇ ਵੀਹ ਸਾਲਾਂ ਤੋਂ ਅਪਣੀ ‘ਤਾਜ਼ਪੋਸ਼ੀ’ ਉਡੀਕਦਾ ਆਖਿਰ ‘ਹਿੱਲ’ ਗਿਆ। ਹੁਣ ਜੇ ਕੋਈ ਐੱਮ. ਸੀ. ਕਹੇ ਤਾਂ ਚਿੜ੍ਹ ਜਾਂਦਾ। ਅਗਲੇ ਦੇ ਗਲ ਪੈ ਜਾਂਦਾ। ਅਵਾ ਤਵਾ ਬੋਲਦਾ ਅਚਾਨਕ ਰੋਣ ਲੱਗ ਪੈਂਦਾ। ਪਰ ਮੁਹੱਲੇ ਦੇ ਨਿਆਣੇ ਤਾਂ ਉਸਦੀ ਝੇੜ ਬਣਾਈ ਬੈਠੇ ਹਨ। ਤਮਾਸ਼ਾ ਦੇਖਣ ਲਈ ਕੋਲੋਂ ਲੰਘਦੇ ਨੂੰ ‘ਐੱਮ. ਸੀ.’ ਕਹਿ ਛੇੜ ਦਿੰਦੇ ਹਨ। ਤੇ ਇਹ ਹੋ ਜਾਂਦਾ ਸ਼ੁਰੂ…. ਬਹੁਤ ਖਪਦਾ ਫਿਰ। ਪਰ ਸਿਆਣਿਆਂ ਦਾ ਕਿਰਦਾਰ ਦੇਖੋ ਭਾਈ ਜਾਨ, ਨਿਆਣਿਆਂ ਨੂੰ ਝੂਠਾ ਮੂਠਾ ਜਿਹਾ ਡਾਂਟਦੇ ਅਪਣਾ ਹਾਸਾ ਮਸਾਂ ਰੋਕੇ ਹਨ ਉਸ ਵਕਤ। ਹੁਣ ਵੀ ਜੇ ਅਪਣੇ ਆਪ ਵਿਚ ਹੋਇਆ ਤਾਂ ਦੇਖਿਓ ਅਪਣੇ ਕੋਲ ਆ ਹੱਥ ਜੋੜ ਖੜ੍ਹ ਜਾਏਗਾ। ਜਿਵੇਂ ਹਾਲੇ ਵੀ ਕੋਈ ਆਸ ਬਚੀ ਹੋਵੇ। ਪਰ ਇਹ ਆਸ ਉਸਦੀ ਬੀਵੀ ਨੂੰ ਨਹੀਂ ਸੀ ਸ਼ਾਇਦ…. ਇਸਦੀ ਬਣ ਗਈ ਇਸ ਹਾਲਤ ਨੂੰ ਦੇਖ ਘਰ ਛੱਡ ਕੇ ਚਲੀ ਗਈ ਹੈ। ਜੇ ਇਸ ਮਾਨਚੰਦਾ ਸਾਹਿਬ ਨੂੰ ਪੁੱਛੋ ਤਾਂ ਕਹੇਗਾ, ‘ਖ਼ਰਚ ਬਹੁਤ ਕਰਦੀ ਸੀ ਯਾਰ। ਭਜਾ ਦਿੱਤੀ ਮੈਂ….।’ ਜੇ ਪੁੱਛੋ ਕਿ ਕਿੰਨਾ ਕੁ ਖ਼ਰਚ ਕਰਦੀ ਸੀ ਤਾਂ ਕਦੇ ਮਹੀਨੇ ਦਾ ਇਕ ਲੱਖ ਦੱਸਦਾ…. ਕਦੇ ਪੰਜ ਲੱਖ।
ਭਾਈ ਜਾਨ, ਹੋਰ ਦੇਖਿਓ…. ਕੰਟੀਨ ਦੇ ਨਾਲ ਵਾਲੇ ਗੇਟ ’ਚੋਂ ਇਕ ਜੋੜਾ ਆਏਗਾ ਹੁਣੇ…. ਫਟੇਹਾਲ। ਮੀਆਂ ਬੀਵੀ ਨੇ ਦੋਨੋਂ। ਆ ਕੇ ਕੰਟੀਨ ਦੇ ਸਾਹਮਣੇ ਬਣੀ ਓਸ ਥੜੀ ’ਤੇ ਬੈਠ ਜਾਣਗੇ। ਜ਼ਰਾ ਗਹੁ ਨਾਲ ਦੇਖਿਓ…. ਇਕ ਭੁੱਖ ਨਜ਼ਰ ਆਏਗੀ ਉਨ੍ਹਾਂ ਦੀਆਂ ਅੱਖਾਂ ਵਿਚ। ਖਾ ਪੀ ਰਹੇ ਲੋਕਾਂ ਵੱਲ ਦੇਖਦੇ ਰਹਿੰਦੇ ਹਨ ਇਕ ਟਕ। ਮੀਆਂ ਅਪਣੀਆਂ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ’ਚੋਂ ਝਾਕਦਾ ਇਕ ਵਾਰ ਤਾਂ ਇੰਜ ਲਗਦਾ ਜਿਵੇਂ ਡਰਾ ਰਿਹਾ ਹੋਵੇ ਤੁਹਾਨੂੰ…. ਤੇ ਉਸਦੀ ਬੀਵੀ ਅਪਣੇ ਜਟਾਂ ਬਣੇ ਵਾਲਾਂ ’ਚ ਖੁਰਕਦੀ ਓਸ ‘ਪੀਜ਼ਾ ਹੱਟ’ ਵੱਲ ਦੇਖਦੀ ਰਹਿੰਦੀ ਹੈ…. ਹਾਬੱੜਿਆਂ ਵਾਂਗ। ਫਿਰ ਜਿਵੇਂ ਖ਼ੁਸ਼ਬੂਦਾਰ ਮਸਾਲਿਆਂ ਦੀ ਤੇਜ ਖ਼ੁਸ਼ਬੂ ਉਸਦੇ ਦਿਮਾਗ਼ ਨੂੰ ਚੜ੍ਹ ਜਾਂਦੀ ਹੈ…. ਤੇ ਅਚਾਨਕ ਕੁਝ ਬੋਲਣ ਲੱਗ ਪੈਂਦੀ ਹੈ, ਜੋ ਸਮਝ ਨਹੀਂ ਆਉਂਦਾ। ਮੀਆਂ ਉਸਨੂੰ ਘੂਰ ਕੇ ਚੁਪ ਕਰਾਉਣ ਦੀ ਕੋਸ਼ਿਸ਼ ਕਰਦਾ ਆਖਿਰ ਆਪ ਵੀ ਉਖੜ ਜਾਂਦਾ…. ਤੇ ਦੌਰਾ ਪੈਣ ਵਾਲਿਆਂ ਵਾਂਗ ਕਰਨ ਲੱਗ ਪੈਂਦਾ। ਤੇ ਭਾਈ ਜਾਨ, ਇਹ ਲੋਕ…. ਇਹ ਤਾਂ ਉਨ੍ਹਾਂ ’ਤੇ ਵੀ ਹੱਸਣਾ ਨਹੀਂ ਭੁੱਲਦੇ ਕਦੇ। ਇਸ ਲਈ ਮੇਰਾ ਡਰ ਸੱਚਾ ਹੈ…. ਹੁਣ ਤੱਕ ਤਾਂ ਸਾਰੇ ਸ਼ਹਿਰ ਨੂੰ ਖ਼ਬਰ ਹੋ ਜਾਣੀ ਸੀ ਕਿ ਬੱਤੀਆਂ ਵਾਲੇ ਓਸ ਭੀੜ ਭਰੇ ਚੌਂਕ ਵਿਚ ਖੜ੍ਹ ਮੈਂ ਬਾਹਵਾਂ ਉਤਾਂਹ ਨੂੰ ਓਲਾਰ….


ਮੇਰਾ ਦਿਲ ਕਹਿ ਰਿਹਾ…. ਜਿਸਨੂੰ ਉਡੀਕ ਰਹੇ ਹੋ, ਜ਼ਰੂਰ ਆਏਗਾ ਉਹ।
ਹਾਂ, ਭਾਈ ਜਾਨ, ਮੈਂ ਦੇਖ ਰਿਹਾ ਹਾਂ ਕਿ ਤੁਸੀਂ ਕਿਸੇ ਦੀ ਉਡੀਕ ਵਿਚ ਹੋ…. ਤੇ ਇਕ ਪਲ ਲਈ ਵੀ ਸਾਹਮਣੇ ਤੋਂ ਆਉਂਦੇ ਉਸ ਰਾਹ ਤੋਂ ਨਜ਼ਰ ਨਹੀਂ ਹਟਾ ਰਹੇ…. ਪਰ ਹੁਣ ਬੇਚੈਨ ਹੋ ਘੜੀ ਦੇਖ ਰਹੇ ਹੋ ਵਾਰ ਵਾਰ। ਉਡੀਕ ਦੇ ਪਲ ਅਜਿਹੇ ਹੀ ਹੁੰਦੇ ਹਨ। ਤੇ ਭਾਈ ਜਾਨ, ਜੇ ਹੁਣ ਮੈਂ ਕਹਾਂ ਕਿ ਇਨ੍ਹਾਂ ਸਭ ਗੱਲਾਂ ਦਾ, ਜੋ ਮੈਂ ਹੁਣ ਤੱਕ ਤੁਹਾਡੇ ਨਾਲ ਕੀਤੀਆਂ ਹਨ…. ਤੇ ਇਨ੍ਹਾਂ ਸਭ ਬੰਦਿਆਂ ਦਾ, ਖ਼ਾਸ ਕਰਕੇ ਇਸ ਮੁਕੰਦ ਲਾਲ…. ਬਕੱਲਮ ਖੁਦ ਦਾ, ਮੇਰੀਆਂ ਸੋਚਾਂ ਵਿਚ ਬਹੁਤ ਜ਼ਿਆਦਾ ਦਖ਼ਲ ਹੈ ਤਾਂ ਤੁਸੀਂ ਜ਼ਰੂਰ ਪੁੱਛੋਗੇ ਕਿ ਕਿਵੇਂ? ਓਹੀ ਤਾਂ ਦੱਸਣਾ ਚਾਹੁੰਦਾ ਹਾਂ ਮੈਂ….
ਉਸ ਦਿਨ ਗੁਲਾਟੀ ਬ੍ਰਦਰਜ਼ ਦੇ ‘ਸ਼ਾਪਿੰਗ ਕੰਪਲੈਕਸ’ ਦੇ ਸਾਹਮਣੇ ਬੁੱਤ ਬਣਿਆ ਖੜ੍ਹਾ ਸੀ…. ਤੇ ਸੋਚ ਰਿਹਾ ਸੀ ਕਿ ਇਸ ਥਾਂ ’ਤੇ ਪਹਿਲਾਂ ਕੀ ਹੁੰਦਾ ਸੀ…. ਤਾਂ ਚੇਤੇ ਵਿਚ ਲਹਿਰਾ ਉਠੇ ਇਕ ਪਿੱਪਲ ਹੇਠ ਬਿਰਜ ਲਾਲ…. ਹੰਸ ਰਾਜ…. ਨਾਨਕ ਚੰਦ…. ਕਰਤਾਰ…. ਤੇ ਧਨੀ ਰਾਮ ਦਿਸੇ ਸਨ…. ਤੇ ਮੈਂ ਨਾਨਕ ਚੰਦ ਦੇ ਬੇਟੇ ਹਰੀਸ਼ ਨੂੰ ਯਾਦ ਕਰਦਿਆਂ ਹੈਰਾਨ ਹੋ ਸੋਚ ਰਿਹਾ ਸੀ ਕਿ ਇਹ ਸਭ ਲੋਕ ਕਿਧਰ ਗਏ…. ਕਦੇ ਨਜ਼ਰ ਹੀ ਨਹੀਂ ਆਏ…. ਤਾਂ ਇਕ ਤਿੱਖੇ ਵੱਜੇ ਹਾਰਨ ਨਾਲ ਮੇਰੀ ਹੋਸ਼ ਪਰਤ ਆਈ ਸੀ।
ਹਾਂ, ਭਾਈ ਜਾਨ, ਜਾਣਦਾ ਹਾਂ ਕਿ ਇਹ ਸਭ ਕੁਝ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ…. ਪਰ ਇਹ ਨਹੀਂ ਦੱਸਿਆ ਕਿ ਹੋਸ਼ ਪਰਤਣ ਤੋਂ ਪਹਿਲਾਂ ਮੇਰੇ ਦਿਮਾਗ਼ ਵਿਚ ਛਾਪਲ ਕੇ ਬੈਠੇ ਇਕ ਝੱਲੇ ਬੰਦੇ ਨੇ ਅਪਣਾ ਸਿਰ ਉਠਾ ਲਿਆ ਸੀ…. ਤੇ ਉਸਦੇ ਆਖੇ ਲੱਗ ਸੋਚਦਿਆਂ ਹੋਰ ਦਾ ਹੋਰ ਹੀ ਨਜ਼ਰ ਆਉਣ ਲੱਗ ਪਿਆ ਸੀ। ਅਜੀਬੋ ਗਰੀਬ…. ਉਲਟਾ ਪੁਲਟਾ ਤੇ ਬੇਤਰਤੀਬਾ। ਲੱਗਿਆ ਕਿ ਜਿਵੇਂ ਇਹ ਲੋਕ ਉਸ ‘ਸ਼ਾਪਿੰਗ ਕੰਪਲੈਕਸ’ ਦੇ ਅੰਦਰ ਫਿਰ ਰਹੇ ਹੋਣ। ਬਦਲ ਗਏ ਇਸ ਸ਼ਹਿਰ ਦਾ ਮੁੱਲ ਤਾਰਦੇ। ਬਿਰਜ ਲਾਲ…. ਤੇ ਹੰਸ ਰਾਜ ਲਿਸ਼ਕਵੇਂ ਫਰਸ਼ ’ਤੇ ਪੋਚਾ ਲੱਗਾ ਰਹੇ ਸਨ। ਕਰਤਾਰ ਤੇ ਨਾਨਕ ਚੰਦ ਵੀ ਝਾੜਾ ਪੂੰਝੀ ਕਰਦੇ ਦਿਖਾਈ ਦਿੱਤੇ…. ਤੇ ਮੇਰਾ ਜਮਾਤੀ ਹਰੀਸ਼ ਟਰੇਅ ਵਿਚ ਰੱਖੇ ਪਾਣੀ ਦੇ ਗਲਾਸਾਂ ਨੂੰ ਖਰੀਦੋ ਫਰੋਖਤ ਕਰ ਰਹੇ ਲੋਕਾਂ ਦੇ ਅੱਗੇ ਕਰ ਰਿਹਾ ਸੀ।
ਤੇ ਭਾਈ ਜਾਨ, ਫਿਰ ਅੱਖ ਝਪਕਦਿਆਂ ਦ੍ਰਿਸ਼ ਬਦਲ ਗਿਆ। ਬਿਰਜ ਲਾਲ ਨੀਵੀਂ ਪਾਈ ਇਕ ਜੰਗਾਲੇ ਹੋਏ ਤਾਲੇ ਵਿਚ ਕੁੰਜੀ ਫੇਰਨ ਦੀ ਕੋਸ਼ਿਸ਼ ਕਰ ਰਿਹਾ ਸੀ…. ਤਾਂ ਉਸ ਦੀ ਢੂਹੀ ’ਤੇ ਉਭਰਿਆ ਕੁੱਬ ਹਿੱਲ ਰਿਹ ਸੀ। ਫਿਰ ਉਹ ਪਲ ਪਲ ਵਧਣ ਲੱਗ ਪਿਆ…. ਤੇ ਵਧਦਾ ਵਧਦਾ ਇਕ ਵੱਡਾ ਸਾਰਾ ਟਿੱਬਾ ਬਣ ਗਿਆ। ਬਿਰਜ ਲਾਲ ਉਸਦੇ ਬੋਝ ਹੇਠ ਦਬਿਆ ਜਾ ਰਿਹਾ ਸੀ…. ਅਚਾਨਕ ਉਹ ਟਿੱਬਾ ਜਗਮਗ ਕਰਦੇ ‘ਸ਼ਾਪਿੰਗ ਕੰਪਲੈਕਸ’ ਵਿਚ ਬਦਲ ਗਿਆ। ਤੇ ਜਦੋਂ ਬਿਰਜ ਲਾਲ ਨੇ ਬੀੜੀ ਦੇ ਸੂਟੇ ਨਾਲ ਅੰਦਰ ਖਿੱਚੇ ਧੂੰਏਂ ਨੂੰ ਬਾਹਰ ਕੱਢਣ ਲਈ ਅਪਣਾ ਸਿਰ ਉਤਾਂਹ ਉਠਾਇਆ ਤਾਂ ਉਹ ਸ਼ਾਪਿੰਗ ਕੰਪਲੈਕਸ ਧੜੰਮ ਕਰ ਹੇਠਾਂ ਡਿੱਗ ਪਿਆ ਸੀ। ਪਰ ਨਹੀਂ ਭਾਈ ਜਾਨ, ਇਸ ਤੋਂ ਪਹਿਲਾਂ ਇਹ ਸੋਮ ਨਾਥ ਉਸ ਸ਼ਾਪਿੰਗ ਕੰਪਲੈਕਸ ਵੱਲ ਵੱਟੇ ਚਲਾ ਰਿਹਾ ਸੀ। ਚਰਰ ਚਰਰ ਕਰ ਸ਼ੀਸ਼ੇ ਟੁੱਟ ਰਹੇ ਸਨ। ਆਵਾਜ਼ ਸੁਣ ਸੋਮਨਾਥ ਹੋਰ ਵੀ ਜ਼ੋਸ਼ ਵਿਚ ਆ ਰਿਹਾ ਸੀ। ਵੱਟੇ ਚਲਾਉਂਦਾ ਨਾਲ ਨਾਲ ਤਾੜੀਆਂ ਵੀ ਮਾਰ ਰਿਹਾ ਸੀ ਉਹ। ਜਿਵੇਂ ਅੱਜ ਉਸਨੇ ਅਸਲੀ ਕੁੱਤਿਆਂ ਨੂੰ ਅੱਗੇ ਲਾ ਲਿਆ ਹੋਵੇ। ਤੇ ਭਾਈ ਜਾਨ, ਤੁਸੀਂ ਹੈਰਾਨ ਹੋਵੋਂਗੇ…. ਇਕ ਪਲ ਤਾਂ ਮੈਂ ਦੇਖਿਆ ਕਿ ਧੱਕਾ ਬਸਤੀ ਦੇ ਮੋੜਾਂ ’ਤੇ ਖੜ੍ਹੇ ਉਹ ਅਜੀਬ ਨਾਵਾਂ ਵਾਲੇ ਮੁੰਡੇ ਸੋਨੂੰ ਖੱਤਰੀ…. ਵਿਜੇ ਸਪਾਰੀ…. ਪੱਪੂ ਡੇਂਜਰ…. ਦੀਪਾ ਮੈਂਟਲ…. ਹਰਲ ਹਰਲ ਕਰਦੇ ਉਸ ਸ਼ਾਪਿੰਗ ਕੰਪਲੈਕਸ ਦੇ ਅੰਦਰ ਜਾ ਵੜੇ ਸਨ ਤੇ ਉਥੋਂ ਕੀਮਤੀ ਸਮਾਨ ਉਠਾ ਵਾਹੋਦਾਹੀ ਅਪਣੇ ਘਰਾਂ ਵੱਲ ਭੱਜ ਰਹੇ ਸਨ। ਮਨਚੰਦਾ ਸਾਹਿਬ ਉਨ੍ਹਾਂ ਅੱਗੇ ਹੱਥ ਜੋੜ ਅਜਿਹਾ ਕਰਨ ਤੋਂ ਵਰਜ ਰਿਹਾ ਸੀ। ਤੇ ਭਾਈ ਜਾਨ, ਹੋਸ਼ ਪਰਤਣ ਤੋਂ ਐਨ ਪਹਿਲਾਂ ਮੈਂ ਇਸ ਮੁਕੰਦ ਲਾਲ…. ਬਕੱਲਮ ਖੁਦ ਨੂੰ ਦੇਖ ਰਿਹਾ ਸੀ। ਇਹ ਹੱਥ ਵਿਚ ਮਾਈਕ ਫੜ੍ਹੀ ਕਿਸੇ ਨਿਊਜ਼ ਚੈਨਲ ਲਈ ਰਿਪੋਟਿੰਗ ਕਰ ਰਿਹਾ ਸੀ। ਅਪਣੇ ਖਾਸ ਅੰਦਾਜ਼ ਵਿਚ। ਅਖੇ, ਯੇਹ ਤੋ ਏਕ ਦਿਨ ਹੋਨਾ ਹੀ ਥਾ।
ਭਾਈ ਜਾਨ, ਏਹੀ ਤਾਂ ਹੈ ਉਹ ‘ਝੋਲ’। ਜੋ ਅੱਜ ਕੱਲ੍ਹ ਮੇਰੇ ਦਿਮਾਗ਼ ਵਿਚ ਪੈਣ ਲੱਗ ਪਈ ਹੈ…. ਤੇ ਜਿਸ ਤੋਂ ਡਰਦਾ ਮੈਂ ਬੱਤੀਆਂ ਵਾਲੇ ਓਸ ਚੌਂਕ ਵੱਲ ਨਹੀਂ ਜਾਂਦਾ। ਜਿੱਥੇ ਲਟਕ ਰਹੇ ਉਸ ਬੋਰਡ ’ਤੇ ਸ਼ਹਿਰ ਦੇ ‘ਪਤਵੰਤਿਆਂ’ ਦੀਆਂ ਤਸਵੀਰਾਂ ਲੱਗੀਆਂ ਹਨ। ਜਿਨ੍ਹਾਂ ਵੱਲ ਇਹ ਮੁਕੰਦ ਲਾਲ…. ਬਕੱਲਮ ਖੁਦ ਇਸ਼ਾਰੇ ਕਰ ਅਪਣੀਆਂ ਖ਼ਬਰਾਂ ਸੁਣਾਉਂਦਾ ਹੈ। ਸ਼ਾਇਦ ਉਸ ਦੀਆਂ ਇਨ੍ਹਾਂ ਖ਼ਬਰਾਂ ਦਾ ਹੀ ਅਸਰ ਹੈ ਕਿ ਪਹਿਲਾਂ ਤਾਂ ਇਹ ਤਸਵੀਰਾਂ ਮੈਨੂੰ ਸਿਰਫ ਰੰਗ ਵਟਾਉਂਦੀਆਂ ਹੀ ਦਿਸਦੀਆਂ ਸਨ…. ਕਦੇ ਚਿੱਟੇ ਤੇ ਕਦੇ ਨੀਲੇ ਲਿਬਾਸ ਵਿਚ। ਹਾਰ ਕੇ ਮੈਂ ਤਾਂ ਉਸ ਤਰਫ ਜਾਣਾ ਹੀ ਛੱਡ ਦਿੱਤਾ ਸੀ। ਪਰ ਅੱਜ ਤਾਂ ਕਮਾਲ ਹੋ ਗਈ ਭਾਈ ਜਾਨ। ਹੁਣੇ ਥੋੜ੍ਹੀ ਦੇਰ ਪਹਿਲਾਂ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਡੁੱਬਿਆ ਓਧਰ ਚਲਾ ਗਿਆ ਸੀ…. ਤੇ ਉਹੀ ਹੋਇਆ…. ਜਿਸਦਾ ਮੈਨੂੰ ਡਰ ਸੀ। ਅਪਣੇ ਆਪ ਨੂੰ ਰੋਕ ਰਿਹਾ ਸੀ…. ਪਰ ਨਜ਼ਰ ਫਿਰ ਵੀ ਉਨ੍ਹਾਂ ਤਸਵੀਰਾਂ ’ਤੇ ਜਾ ਟਿਕੀ। ਤੇ ਵੇਖਦਿਆਂ ਵੇਖਦਿਆਂ ਹੀ ਉਹ ਤਸਵੀਰਾਂ ਉਲਟ ਪੁਲਟ ਹੋਣ ਲੱਗ ਪਈਆਂ। ਕਦੇ ਨੀਲੀਆਂ…. ਕਦੇ ਚਿੱਟੀਆਂ। ਕਦੇ ਚਿੱਟੀਆਂ…. ਤੇ ਕਦੇ ਫਿਰ ਨੀਲੀਆਂ। ਫਿਰ ਇਕ ਦਾਇਰੇ ਵਿਚ ਘੁੰਮਣ ਲੱਗ ਪਈਆਂ ਇਹ। ਪਹਿਲਾਂ ਹੌਲੀ ਹੌਲੀ…. ਫਿਰ ਇਕਦਮ ਤੇਜ ਹੋ ਗਈਆਂ। ਸਿਰਫ ਕੁਝ ਲਕੀਰਾਂ ਜਿਹੀਆਂ ਦਿਸ ਰਹੀਆਂ ਸਨ ਫਿਰ…. ਤੇ ਆਖਿਰ ਜਦੋਂ ਰੁਕੀਆਂ ਤਾਂ ਦੇਖ ਕੇ ਹੈਰਾਨ ਹੋ ਗਿਆ। ਬਿੱਟਾ ਜੀ…. ਸੰਨੀ ਭਾਜੀ…. ਮਿੰਟੂ ਜੀ…. ਲਵਲੀ ਜੀ…. ਤੇ ਚਾਰਲੀ ਸਾਹਿਬ ਦੀ ਥਾਂ ਇਹ ਬਿਰਜ ਲਾਲ…. ਹੰਸ ਰਾਜ…. ਨਾਨਕ ਚੰਦ…. ਕਰਤਾਰ…. ਤੇ ਧਨੀ ਰਾਮ ਦਿਸ ਰਹੇ ਸਨ…. ਤੇ ‘ਅਲੀ ਬਾਬਾ’ ਵਾਲੀ ਥਾਂ ’ਤੇ ਇਹ ਮੁਕੰਦ ਲਾਲ…. ਬਕੱਲਮ ਖੁਦ ਮੁਸਕਰਾ ਰਿਹਾ ਸੀ। ਉਦੋਂ ਹੀ ਕਿਤੇ ਮੇਰੀਆਂ ਇਹ ਬਾਹਵਾਂ ਥੋੜ੍ਹਾ ਜਿਹਾ ਉਤਾਂਹ ਨੂੰ ਉਲਰ ਗਈਆਂ ਤੇ ਚੀਕ….
ਭਾਈ ਜਾਨ, ਚੰਗਾ ਸੀ ਜੇ ਨਿਕਲ ਜਾਂਦੀ ਅੱਜ। ਇਹ ਚੀਕ ਮਾਰ ਸੌਖਾ ਤਾਂ ਹੋ ਜਾਂਦਾ ਮੈਂ। ਪਰ ਹੋਸ਼ ਪਰਤਣ ’ਤੇ ਵੀ ਕੀ ਨਜ਼ਰ ਆਉਣਾ ਸੀ…. ਇਹ ਹੁਣ ਵਾਲਾ ਸ਼ਹਿਰ। ਜੋ ਬਹੁਤ ਬਦਲ ਗਿਆ ਹੈ। ਜਿਸਦੇ ਨਵੇਂ ਨਕਸ਼ੇ ਅਨੁਸਾਰ ‘ਨਿੰਮ’ ਵਾਲੀ ਥਾਂ ’ਤੇ ‘ਟਾਵਰ’ ਲੱਗ ਚੁੱੱਕਿਆ…. ਤੇ ਉਸਨੂੰ ‘ਨਿੰਮ ਵਾਲੀ ਗਲੀ’ ਦੀ ਥਾਂ ਟਾਵਰ ਵਾਲੀ ਗਲੀ ਕਹਿੰਦੇ ਹਨ…. ਤੇ ਉਸ ਗਲੀ ਦਾ ਕਿਲੇ ਨੁਮਾ ਗੁਲਾਬੀ ਕਲੀ ਵਾਲਾ ਚੁਬਾਰੇ ਵਾਲਾ ਘਰ ਕਦੋਂ ਦਾ ਢਹਿ ਚੁੱਕਿਆ ਹੈ…. ਜਿਸਦੀਆਂ ਅਕਸਰ ਬੰਦ ਰਹਿੰਦੀਆਂ ਤਾਕੀਆਂ ’ਚੋਂ ਕਦੇ ਇਕ ਤਾਕੀ ਸਿਰਫ਼ ਮੇਰੇ ਲਈ ਖੁੱਲ੍ਹਦੀ ਸੀ। ਜਿਸਦੇ ਉਹਲੇ ਖੜ੍ਹ ਕੋਈ….।

ਕੁਲਵੰਤ ਗਿੱਲ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!