ਨਾਗਸੈਨ ਦਾ ਮਿਲਿੰਦ-ਪ੍ਰਸ਼ਨ ‒ ਹਰਪਾਲ ਸਿੰਘ ਪੰਨੂ

Date:

Share post:

ਈਸਵੀ ਸਨ ਸ਼ੁਰੂ ਹੋਣ ਤੋ ਥੋੜ੍ਹਾ ਸਮਾਂ ਪਹਿਲਾਂ ਜਾਂ ਥੋੜ੍ਹਾ ਸਮਾਂ ਬਾਦ ਪਾਲੀ ਭਾਸ਼ਾ ਦੇ ਇਸ ਵਿਸ਼ਵ-ਪ੍ਰਸਿੱਧ ਗ੍ਰੰਥ ਮਿਲਿੰਦ-ਪ੍ਰਸ਼ਨ ਦੀ ਰਚਨਾ ਸਿਆਲਕੋਟ ਸ਼ਹਿਰ ਵਿਚ ਹੋਈ ਜਿਸ ਸ਼ਹਿਰ ਦਾ ਨਾਮ ਉਦੋਂ ਸਾਕਲ ਸੀ। ਇਸ ਹਿਸਾਬ ਇਹ ਰਚਨਾ ਦੋ ਹਜ਼ਾਰ ਸਾਲ ਦੇ ਕਰੀਬ ਪੁਰਾਣੀ ਹੈ। ਪੁਰਾਣੇ ਵੇਲਿਆਂ ਤੋਂ, ਬਾਕੀ ਕੌਮਾਂ ਤੋਂ ਇਲਾਵਾ ਯੂਨਾਨੀਆਂ ਨੇ ਉਸ ਵਕਤ ਦੇ ਪੰਜਾਬ ਉਪਰ ਹਮਲੇ ਕੀਤੇ, ਕਦੀ ਲੁਟ ਦਾ ਮਾਲ ਲਿਜਾਂਦੇ, ਕਦੀ ਸਥਾਈ ਰਾਜ ਸਥਾਪਤ ਕਰਦੇ। ਮਿਲਿੰਦ, ਅਲੈਗਜ਼ੈਂਡਰੀਆ ਦਾ ਸ਼ਾਸਕ ਸੀ ਜਿਸਦਾ ਪੂਰਾ ਨਾਮ ਮੀਨਾਂਦਰ ਸੀ ਪਰ ਪਾਲੀ ਵਿਚ ਉਸਨੂੰ ਮਿਲਿੰਦ ਲਿਖਿਆ ਮਿਲਦਾ ਹੈ। ਗ੍ਰੰਥ ਦਾ ਮੂਲ ਨਾਮ ਮਿਲਿੰਦ-ਪਨਹ ਹੈ, ਪਾਲੀ ਵਿਚ ਪਨਹ ਮਾਇਨੇ ਪ੍ਰਸ਼ਨ ਹੈ।
ਉਸਦਾ ਰਾਜ ਅਮਨ ਸ਼ਾਂਤੀ ਅਤੇ ਨਿਆਂਪੂਰਨ ਸੀ, ਲੋਕ ਖੁਸ਼ਹਾਲ ਸਨ, ਇਸ ਦਾ ਸਬੂਤ ਖੁਦ ਨਾਗਸੈਨ ਹੀ ਦੇ ਦਿੰਦਾ ਹੈ। ਉਦੋਂ ਦਾ ਇਹ ਪੁਰਾਤਨ ਪੰਜਾਬ ਪੂਰੇ ਦਾ ਪੂਰਾ ਬੋਧ ਪੰਜਾਬ ਸੀ। ਹੈਰਾਨੀਜਨਕ ਤੱਥ ਇਹ ਹੈ ਕਿ ਜਿਸ ਧਰਤੀ ਉਪਰ ਮਿਲਿੰਦ-ਪ੍ਰਸ਼ਨ ਗ੍ਰੰਥ ਰਚਿਆ ਗਿਆ ਉਥੋਂ ਇਹ ਸਦਾ ਲਈ ਲੋਪ ਹੋ ਗਿਆ। ਨਾ ਲੋਕ ਇਸ ਗ੍ਰੰਥ ਨੂੰ ਜਾਣਨ, ਨਾ ਇਸ ਦੇ ਕਰਤਾ ਨੂੰ। ਐਮ.ਏ. ਵਿਚ ਪੜ੍ਹਦਿਆਂ ਪਹਿਲੀ ਵਾਰ ਮੈਂ ਇਸ ਦਾ ਨਾਮ ਸੁਣਿਆ ਤੇ 1975 ਵਿਚ ਪਾਠ ਕੀਤਾ। ਉਦੋਂ ਦਾ ਮੇਰੇ ਮਨ ਵਿਚ ਸੁਫਨਾ ਸੀ ਕਿ ਇਸਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਨਿਹਾਇਤ ਜ਼ਰੂਰੀ ਹੈ। ਪੰਜਾਬ ਵਿਚੋਂ ਸਰਕਦਿਆਂ ਸਰਕਦਿਆਂ ਇਹ ਦੱਖਣੀ ਭਾਰਤ ਵਿਚ ਪੁੱਜਿਆ ਤੇ ਉਥੋਂ ਸ੍ਰੀ ਲੰਕਾ ਗਿਆ। ਦੱਖਣੀ ਭਾਰਤੀਆਂ ਨੇ ਅਤੇ ਲੰਕਾ ਨਿਵਾਸੀਆਂ ਨੇ ਇਸ ਨੂੰ ਆਪਣੀ ਸਿੰਘਲੀ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਤੇ ਸਟੈਂਡਰਡ ਟੈਕਸਟ ਵੀ ਬਣਾਈ। ਦੁਨੀਆਂ ਦੀ ਵਰਤੋਂ ਵਿਚ ਜਿਹੜੀ ਸੈਂਚੀ ਅਜ ਆਉਂਦੀ ਹੈ, ਉਹ ਲੰਕਾ ਵਾਲੀ ਹੀ ਹੈ। ਰਾਈਸ ਡੇਵਿਡਜ਼ ਅਤੇ ਮੈਕਸਮੂਲਰ ਨੇ ਜਦੋਂ ਅੰਗਰੇਜ਼ੀ ਦੀਆਂ ਦੋ ਜਿਲਦਾਂ ਵਿਚ ਇਸ ਗ੍ਰੰਥ ਦਾ ਸੰਪਾਦਨ ਅਤੇ ਅਨੁਵਾਦ ਕੀਤਾ, ਉਨ੍ਹਾਂ ਨੇ ਲੰਕਾ ਵਾਲੀਆਂ ਸੈਂਚੀਆਂ ਦਾ ਸਹਾਰਾ ਲਿਆ ਕਿਉਂਕਿ ਹੋਰ ਬੋਲੀਆਂ ਵਿਚ ਪ੍ਰਾਪਤ ਮਿਲਿੰਦ-ਪ੍ਰਸ਼ਨ ਦਾ ਆਧਾਰ ਵੀ ਸਿੰਘਲੀ ਗ੍ਰੰਥ ਹੀ ਹਨ। ਲੰਕਾ ਵਿਚ ਮੁੜ ਇਸ ਦਾ ਪਾਲੀ ਅਨੁਵਾਦ ਕਰਕੇ ਬਰਮਾ ਅਤੇ ਸਿਆਮ ਵਿਚ ਸੈਂਚੀਆਂ ਭੇਜੀਆਂ ਗਈਆਂ।
ਮਿਲਿੰਦ ਪਨਹ ਦਾ ਰੁਤਬਾ ਪਾਲੀ ਤ੍ਰਿਪਿਟਿਕ (ਬੋਧ ਧਰਮ ਗ੍ਰੰਥ, ਸੁਤ ਪਿਟਿਕ, ਵਿਨਯ ਪਿਟਿਕ, ਧੱਮ ਪਿਟਿਕ) ਤੋਂ ਬਾਦ ਬਾਕੀ ਸਾਰੇ ਬੋਧ ਸਾਹਿਤ ਤੋਂ ਸ਼੍ਰੋਮਣੀ ਹੈ। ਨਾਗਸੈਨ, ਮਹਾਤਮਾ ਬੁੱਧ ਤੋਂ ਪੰਜ ਸਦੀਆਂ ਬਾਦ ਹੋਇਆ ਤੇ ਨਾਗਸੈਨ ਤੋਂ ਪੰਜ ਸੌ ਸਾਲ ਬਾਦ ਸਰਬਪ੍ਰਣਾਵਤ ਬੋਧ ਵਿਦਵਾਨ ਬੁੱਧਘੋਸ਼ ਹੋਇਆ ਜਿਸ ਦੀ ਰਚਨਾ ‘ਅੱਠਕਥਾ’ ਪੂਰਨ ਸਤਿਕਾਰਯੋਗ ਹੈ। ਵਿਦਵਤਾ ਵਿਚ ਬੁੱਧਘੋਸ਼ ਬਾਬਤ ਕਿਤੇ ਵਿਵਾਦ ਨਹੀਂ, ਪਰ ਆਪਣੇ ਗ੍ਰੰਥ ਵਿਚ ਥਾਂ ਥਾਂ ਉਹ ਨਾਗਸੈਨ ਦਾ ਜ਼ਿਕਰ ਕਰਦਿਆਂ ਲਿਖਦਾ ਹੈ ਕਿ ਉਸਦਾ ਕੋਈ ਮੁਕਾਬਲਾ ਨਹੀਂ, ਉਹ ਸਾਡੀ ਸੁਪਰੀਮ ਕੋਰਟ ਹੈ। ਜਦੋਂ ਬੁਧਘੋਸ਼ (500 ਏ.ਡੀ.) ਕਿਸੇ ਸਮਕਾਲੀ ਵਿਵਾਦ ਦਾ ਹੱਲ ਕਰਨ ਲਈ ਦਲੀਲ ਛੁੰਹਦਾ ਹੈ, ਜੇਕਰ ਉਸ ਮਸਲੇ ਬਾਰੇ ਉਸਨੂੰ ਨਾਗਸੈਨ ਦੀ ਕੋਈ ਪੰਕਤੀ ਮਿਲ ਜਾਵੇ ਤਦ ਉਹ ਅਗੇ ਸੰਵਾਦ ਤੋਰਦਾ ਹੀ ਨਹੀਂ, ਲਿਖ ਦਿੰਦਾ ਹੈ – ਸਾਡੇ ਵਡੇਰੇ ਨਾਗਸੈਨ ਨੇ ਇਸ ਬਾਰੇ ਫੈਸਲਾ ਕਰ ਦਿਤਾ ਹੈ, ਤਾਂ ਅਸੀਂ ਏਨੇ ਮੂਰਖ ਨਹੀਂ ਕਿ ਆਪਣੇ ਆਪਣੇ ਹੋਰ ਵਿਚਾਰ ਵੀ ਦੇਈਏ। ਮੰਨਿਆ ਗਿਆ ਹੈ ਕਿ ਕੁੱਲ ਬੋਧ ਸਾਹਿਤ ਦੀ ਵਾਰਤਕ ਵਿਚ ਅਤੇ ਦਾਰਸ਼ਨਿਕ ਦਲੀਲ ਯੁਕਤੀ ਵਿਚ ਉਸ ਦੀ ਕਲਾ ਸਿਖਰਲਾ ਮੁਕਾਮ ਛੁੰਹਦੀ ਹੈ।
ਸਿੰਘਲੀ ਭਾਸ਼ਾ ਵਿਚ ਪਹਿਲੀ ਵਾਰ 1877 ਈਸਵੀ ਵਿਚ ਮਿਲਿੰਦ-ਪ੍ਰਸ਼ਨ ਅੱਠ ਜਿਲਦਾਂ ਵਿਚ ਛਪਿਆ। ਜਿਨ੍ਹਾਂ ਪੰਜ ਦਾਨੀਆਂ ਨੇ ਇਹ ਕੰਮ ਸਿਰੇ ਚਾੜ੍ਹਿਆ, ਉਹ ਹਨ ਕਰੋਲੀ ਪੀਰੀ, ਅਬਰਾਹਮ ਲਿਵੇਰਾ, ਲੂਈ ਮੇਂਦੀ, ਵਿਜੇਰਤਨ, ਨੰਦੀਮਦੀ ਅਮਰਸੇਖਰ ਅਤੇ ਚਾਰਲੀ ਅਰਨੌਲੀ। ਇਸ ਛਾਪ ਦਾ ਖਰੜਾ ਪਾਲੀ ਤੋਂ ਸਿੰਘਲੀ ਵਿਚ ਲੰਕਾ ਦੇ ਰਾਜੇ ਕੀਰਤੀ ਸ੍ਰੀਰਾਗ ਸਿੰਘ ਦੀ ਸਰਪ੍ਰਸਤੀ ਅਧੀਨ 1747 ਈਸਵੀ ਵਿਚ ਤਿਆਰ ਹੋਇਆ ਸੀ ਤੇ ਸਮਕਾਲੀ ਬੋਧ ਵਿਦਵਾਨਾਂ ਨੇ ਇਸ ਵਿਚ ਪੂਰੀ ਤਨਦੇਹੀ ਨਾਲ ਆਪਣਾ ਆਪਣਾ ਹਿੱਸਾ ਪਾਇਆ। ”ਇਹ ਗ੍ਰੰਥ ਜਿਸਦਾ ਕੋਈ ਸਾਨੀ ਨਹੀਂ, ਜੋ ਬੋਧ ਸਿਧਾਂਤ ਸਮਝਣ ਵਿਚ ਸਦਾ ਸਹਾਈ ਹੋਵੇਗਾ, ਜਿਸ ਦੇ ਪਾਠ ਕਰਨ ਉਪਰੰਤ ਦੁਵਿਧਾ ਖਤਮ ਹੋਏਗੀ ਤੇ ਗਿਆਨ ਦਾ ਪ੍ਰਕਾਸ਼, ਇਸ ਵਿਚ ਸਮੇਂ ਸਮੇਂ ਉਤਾਰੇ ਕਰਦਿਆਂ ਜੋ ਊਣਤਾਈਆਂ ਸ਼ਾਮਲ ਹੋ ਗਈਆਂ, ਉਹ ਦੂਰ ਕਰਕੇ ਨਵਪ੍ਰਕਾਸ਼ਨ ਦਾ ਕਾਰਜ ਵਿਦਵਾਨ ਮਹੋਤੀ ਵੱਤ ਗੁਣਾਨੰਦ ਕਰਨਗੇ।’’ ਇਹ ਐਲਾਨ ਬੋਧ ਸਿੰਘ ਦੇ ਪ੍ਰਮੁੱਖ ਭਿੱਖੂ ਸੰਘਰਾਗ ਵਿਲੀਵਿੱਤ ਸਰਨਕਰ ਨੇ ਕੀਤਾ।
ਪਹਿਲੀ ਸਦੀ ਈਸਵੀ ਤੋਂ ਲੈ ਕੇ 1747 ਈਸਵੀ ਤੱਕ ਇਸ ਗ੍ਰੰਥ ਦਾ ਕੋਈ ਇਤਿਹਾਸ ਨਹੀਂ ਮਿਲਦਾ, ਯਾਨੀ ਕਿ ਕਿਸ ਕਿਸ ਵਿਦਵਾਨ ਰਾਹੀਂ ਇਹ ਕਿਸ ਕਿਸ ਦੇਸ ਅਤੇ ਕਿਹੜੀ ਕਿਹੜੀ ਬੋਲੀ ਵਿਚ ਉਲਥਾਇਆ ਗਿਆ ਇਸ ਬਾਰੇ ਕੋਈ ਸੰਕੇਤ ਪ੍ਰਾਪਤ ਨਹੀਂ। ਜਿਸ ਥਾਂ ਤੇ ਗ੍ਰੰਥ ਦਾ ਜਨਮ ਹੋਇਆ ਉਥੋਂ ਦੇ ਵਸਨੀਕ ਗ੍ਰੰਥ ਅਤੇ ਗ੍ਰੰਥਕਾਰ ਦੋਹਾਂ ਨੂੰ ਨਹੀਂ ਜਾਣਦੇ। ਸ੍ਰੀ ਲੰਕਾ ਵਿਚ ਇਹ ਲੋਕ-ਸਾਹਿਤ ਬਣ ਕੇ ਸਾਖੀਆਂ ਦੇ ਰੂਪ ਵਿਚ ਅੱਜ ਤੱਕ ਸੁਣਾਇਆ ਜਾਂਦਾ ਹੈ। ਸਾਡੇ ਪੰਜਾਬੀਆਂ ਲਈ ਹਰੀ ਸਿੰਘ ਨਲੂਏ ਉਪਰ ਫ਼ਖਰ ਕਰਨਾ ਸ਼ੋਭਨੀਕ ਹੈ ਪਰ ਨਾਗਸੈਨ ਦਾ ਨਾਮ ਤੱਕ ਉਡ ਜਾਣਾ ਸ਼ਰਮਨਾਕ ਤੱਥ ਹੈ। ਬੁਧਘੋਸ਼ ਜਦੋਂ ਆਪਣੇ ਗ੍ਰੰਥ ਰਚ ਰਿਹਾ ਸੀ, ਉਸਦੇ ਸਾਹਮਣੇ ਨਾਗਸੈਨ ਦਾ ਗ੍ਰੰਥ ਪਿਆ ਸੀ ਜਿਸ ਵਿਚੋਂ ਉਹ ਹਵਾਲੇ ਤਾਂ ਦਿੰਦਾ ਹੈ ਪਰ ਗ੍ਰੰਥ ਦਾ ਪਿਛਲਾ ਪੰਜ ਸਦੀਆਂ ਦਾ ਇਤਿਹਾਸ ਉਹ ਵੀ ਨਹੀਂ ਦੱਸਦਾ ਕਿ ਕਿਥੋਂ ਕਿਥੋਂ ਇਹ ਉਸ ਤੱਕ ਪੁਜਦਾ ਹੋਇਆ। ਯੋਰਪ ਵਿਚ ਇਸ ਦੀਆਂ ਸੱਤ ਪ੍ਰਮਾਣਿਕ ਹਥ ਲਿਖਤਾਂ ਪਈਆਂ ਹਨ ਜੋ ਸਾਰੀਆਂ ਲੰਕਾਂ ਰਾਹੀਂ ਉੱਥੇ ਪੁੱਜੀਆਂ।
ਇਸ ਗ੍ਰੰਥ ਦੀ ਅਲੋਚਨਾ ਇਹ ਕਹਿਕੇ ਵੀ ਕੀਤੀ ਗਈ ਕਿ ਨਾ ਕੋਈ ਸੰਵਾਦ ਮਿਲਿੰਦ ਅਤੇ ਨਾਗਸੈਨ ਵਿਚ ਹੋਇਆ, ਨਾ ਇਸ ਤਰ੍ਹਾਂ ਦੀ ਕੋਈ ਇਤਿਹਾਸਕ ਘਟਨਾ ਘਟੀ। ਅਪਣੇ ਮੱਤ ਨੂੰ ਦਾਰਸ਼ਨਿਕ ਵਿਧੀ ਰਾਹੀਂ ਹੋਰ ਸਾਫ਼ ਕਰਨ ਹਿਤ ਕਲਪਿਤ ਮੀਟਿੰਗ ਵਿਚ ਕਲਪਿਤ ਪ੍ਰਸ਼ਨ ਅਤੇ ਕਲਪਿਤ ਉੱਤਰ ਘੜ ਲਏ ਗਏ। ਇਸ ਤਰ੍ਹਾਂ ਦਾ ਸਾਹਿਤਕ ਰੁਮਾਂਸ ਹਰੇਕ ਧਰਮ ਵਿਚ ਕਿਤੇ ਵਧ, ਕਿਤੇ ਘੱਟ ਚਲਦਾ ਹੀ ਰਹਿੰਦਾ ਹੈ। ਇਸ ਸ਼ੱਕ ਦੇ ਹੱਕ ਵਿਚ ਇਹ ਗਵਾਹੀ ਵੀ ਦਿਤੀ ਜਾਂਦੀ ਹੈ ਕਿ ਗ੍ਰੰਥ ਵਿਚ ਮਿਲਿੰਦ ਦੀ ਥਾਂ ਨਾਗਸੈਨ ਸ਼ਕਤੀਸ਼ਾਲੀ ਨਾਇਕ ਵੱਜੋਂ ਉਭਰਦਾ ਹੈ। ਇਹ ਤਾਂ ਹੋਣਾ ਹੀ ਸੀ। ਪਹਿਲੀ ਗੱਲ ਤਾਂ ਇਹ ਕਿ ਮਿਲਿੰਦ ਦਾਰਸ਼ਨਿਕ ਹੈ ਈ ਨਹੀਂ ਸੀ, ਇਹ ਗੱਲ ਉਹ ਨਾਗਸੈਨ ਦੇ ਸਾਹਮਣੇ ਨਿਰੁੱਤਰ ਹੁੰਦਿਆਂ ਖੁਦ ਸਵੀਕਾਰ ਕਰਦਾ ਹੈ। ਦੂਜਾ, ਬੋਧਾਚਾਰੀਆ ਨੇ ਆਪਣੇ ਗ੍ਰੰਥ ਵਿਚ ਜੇ ਨਾਗਸੈਨ ਨੂੰ ਮਹਾਂਨਾਇਕ ਦਿਖਾਇਆ ਹੈ, ਮਿਲਿੰਦ ਨੂੰ ਨਹੀਂ, ਤਾਂ ਇਸ ਦੀ ਮਹੱਤਤਾ ਘੱਟ ਕਿਵੇਂ ਗਈ? ਸਗੋਂ ਮੈਂ ਇਸ ਨੂੰ ਬਹਾਦਰੀ ਮੰਨਦਾ ਹਾਂ ਕਿ ਨਾਗਸੈਨ ਸਮੇਤ ਬਾਕੀ ਭਿੱਖੂ ਮਿਲਿੰਦ ਦੀ ਪਰਜਾ ਹਨ। ਜੇ ਅਜੋਕੇ ਵਿਦਵਾਨਾਂ ਵਰਗੇ ਹੁੰਦੇ ਤਦ ਉਹ ਮਹਾਰਾਜੇ ਦਾ ਗੁਣਗਾਇਨ ਰੱਜ ਕੇ ਕਰਦੇ। ਉਹ ਨਾਗਸੈਨ ਨੂੰ ਸਲਾਮ ਕਰਦੇ ਹਨ, ਮਿਲਿੰਦ ਦੀ ਥਾਂ ਨੂੰ ਅਕਲ ਇਲਮ ਵਿਚ ਦੂਜੀ ਥਾਂ ‘ਤੇ ਰੱਖਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਦਿਨਾਂ ਵਿਚ ਗ੍ਰੰਥ ਦੀ ਰਚਨਾ ਹੋਈ, ਉਦੋਂ ਯੂਨਾਨੀ ਮੀਨਾਂਦਰ ਉਤਰ ਪੱਛਮੀ ਭਾਰਤ ਦਾ ਮਾਲਕ ਸੀ। ਉਸਦਾ ਨਾਮ ਮਿਲਿੰਦ ਲਿਖ ਦੇਣਾ ਇਥੋਂ ਦੇ ਭਾਸ਼ਾਈ ਰੁਝਾਣਾਂ ਦਾ ਨਤੀਜਾ ਹੈ। ਸੰਸਕ੍ਰਿਤ ਦੇ ਚੰਦ੍ਰ ਨੂੰ ਚੰਦ, ਇੰਦ੍ਰ ਨੂੰ ਇੰਦ (ਕੇਤੇ ਇੰਦ ਚੰਦ ਸੂਰ ਕੇਤੇ – ਜਪੁਜੀ) ਲਿਖਣ ਦਾ ਰਿਵਾਜ ਹੈ। ਇਥੇ ਤਾਂ ਦਿਮਿਤ੍ਰੀਓਸ ਬਦਲ ਕੇ ਦੇਵਮੰਤੀ ਨਾਮ ਹੋ ਗਿਆ ਸੀ। ਪਲੂਟਾਰਕ ਨੇ ਮਿਲਿੰਦ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਕੀਤਾ ਹੈ ਤੇ ਲਿਖਿਆ ਹੈ ਕਿ ਨਾਗਸੈਨ ਦੇ ਫੁਲ ਚੁਗਣ ਦੀ ਰਸਮ ਵੇਲੇ ਮਿਲਿੰਦ ਸਮੇਤ ਬਹੁਤ ਸਾਰੇ ਰਾਜਿਆਂ ਨੇ ਅਸਥੀਆਂ ਵਿਚੋਂ ਹਿੱਸਾ ਮੰਗਿਆ ਤਾਂ ਕਿ ਉਹ ਉਨ੍ਹਾਂ ਉਪਰ ਬੋਧਸਤੂਪ ਉਸਾਰ ਸਕਣ। ਇਹ ਮਾਣ ਇਸ ਤੋਂ ਪਹਿਲਾਂ ਕੇਵਲ ਸਿਧਾਰਥ ਦੀਆਂ ਅਸਥੀਆਂ ਚੁਗਣ ਵਕਤ ਹੋਇਆ ਸੀ। ਇਸ ਤੱਥ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਨਾਗਸੈਨ ਦੇ ਪ੍ਰਭਾਵ ਅਧੀਨ ਮਿਲਿੰਦ ਬੋਧੀ ਹੋ ਗਿਆ ਹੋਵੇ ਕਿਉਂਕਿ ਅਸਥੀਆਂ ਲਿਜਾਣ ਦਾ ਉਦੇਸ਼ ਧਾਰਮਿਕ ਹੈ, ਸਿਆਸੀ ਨਹੀਂ।
ਹੁਣ ਤੱਕ ਮਿਲਿੰਦ ਦੇ 22 ਸਿੱਕੇ ਮਿਲੇ ਹਨ ਜੋ ਕਾਬਲ, ਮਥਰਾ,ਕਸ਼ਮੀਰ ਅਤੇ ਗੁਜਰਾਤ ਤੱਕ ਦੇ ਇਲਾਕਿਆਂ ਤੱਕ ਫੈਲੇ ਹੋਏ ਸਨ। ਅੱਠ ਸਿੱਕਿਆਂ ਉਪਰ ਮਿਲਿੰਦ ਦੀ ਅਰਥੀ ਉਕਰੀ ਹੋਈ ਹੈ ਜਿਸਦਾ ਅਰਥ ਹੋਇਆ ਕਿ ਮੌਤ ਉਪਰੰਤ ਵੀ ਉਸਦਾ ਸਤਿਕਾਰ ਹੋਇਆ ਤੇ ਸਿੱਕਾ ਚੱਲਿਆ। ਜੁਆਨ ਮਿਲਿੰਦ ਤੋਂ ਲੈਕੇ ਬਜ਼ੁਰਗ ਮਿਲਿੰਦ ਦੇ ਚਿਹਰੇ ਹਨ। ਸਿੱਕਿਆਂ ਦੇ ਇਕ ਪਾਸੇ ਯੂਨਾਨੀ ਤੇ ਦੂਜੇ ਪਾਸੇ ਪਾਲੀ ਲਿਖਤ ਹੈ। ਛਾਲ ਮਾਰਦਾ ਘੋੜਾ, ਡਾਲਫਿਨ ਮੱਛੀ, ਦੇਵਤਾ, ਦੋ ਘਮੰਡਾਂ ਵਾਲਾ ਊਠ, ਚਿੰਘਾੜਦਾ ਹਾਥੀ, ਰਿੱਛ, ਪਹੀਆ ਅਤੇ ਰੁੱਖ ਦਾ ਪੱਤਾ ਆਦਿਕ ਚਿੰਨ੍ਹ ਵਖ ਵਖ ਸਿੱਕਿਆਂ ਉਪਰ ਹਨ। ਉੱਲੂ ਅਤੇ ਬਲਦ ਦਾ ਸਿਰ ਵੀ ਹੈ। ਪਹੀਏ ਨੂੰ ਛੱਡ ਕੇ ਕੋਈ ਚਿੰਨ੍ਹ ਬੋਧੀ ਨਹੀਂ, ਲੋਕ-ਵੇਦਿਕ ਹਨ।
ਨਾਗਸੈਨ ਨੇ ਜਿਨ੍ਹਾਂ ਦਰਿਆਵਾਂ ਦਾ ਜ਼ਿਕਰ ਕੀਤਾ ਹੈ, ਉਹ ਹਨ ਗੰਗਾ, ਜਮਨਾ, ਰਾਵੀ, ਬਿਆਸ, ਝਨਾ, ਸਰਸਵਤੀ। ਮੈਕਸਮੂਲਰ ਦਾ ਪੱਕਾ ਦਾਅਵਾ ਹੈ ਕਿ ਉਹ ਪੰਜਾਬ ਦਾ ਵਾਸੀ ਸੀ। ਉਸਦੀ ਸਹੀ ਜਨਮ ਭੂਮੀ, ਯਾਨੀ ਕਿ ਕਿਸ ਸ਼ਹਿਰ ਜਾਂ ਕਿਸ ਪਿੰਡ ਦਾ ਸੀ, ਬਾਬਤ ਕੋਈ ਪਤਾ ਨਹੀਂ,ਪਰ ਪੰਜਾਬੀ ਹੋਣ ਬਾਬਤ ਸ਼ੱਕ ਨਹੀਂ। ਮੈਕਸਮੂਲਰ ਉਸਨੂੰ ਸ਼ਾਂਤ ਸਾਗਰ ਵਿਚ ਤੈਰਦਾ ਹੋਇਆ ਵੱਡਾ ਤੇ ਭਾਰਾ ਜਹਾਜ਼ ਆਖਦਾ ਹੈ ਜਿਹੜਾ ਡੋਲਦਾ ਨਹੀਂ, ਜਿਸ ਨੂੰ ਦਿਸ਼ਾ ਦਾ ਭੁਲੇਖਾ ਨਹੀਂ ਤੇ ਜਿਸ ਵਿਚ ਸਵਾਰ ਮੁਸਾਫ਼ਰ ਅਤੇ ਉਨ੍ਹਾਂ ਦਾ ਸਾਮਾਨ ਸੁਰੱਖਿਅਤ ਹੈ। ਇਹ ਕਾਫਲਾ ਮੁਕਤੀਦੁਆਰ ਤੱਕ ਪੁੱਜਣ ਵਾਸਤੇ ਦ੍ਰਿੜ੍ਹ ਹੈ।
ਕਿਤਾਬ ਦੇ ਪਹਿਲੇ ਅਧਿਆਇ ਦਾ ਨਾਮ ਹੈ ਬਾਹਿਰ ਕਥਾ, ਭਾਵ ਮੂਲ ਪਾਠ ਜਿਸ ਨਾਲ ਇਸ ਦਾ ਸਿੱਧਾ ਸਬੰਧ ਨਹੀਂ, ਇਹ ਆਲੇ ਦੁਆਲੇ ਦੀ ਜਾਣ ਪਛਾਣ ਹੈ ਜਿਹੜੀ ਸਹਿਜੇ ਸਹਿਜੇ ਵਿਸ਼ੇ ਵੱਲ ਵਧੇਗੀ। ਬਾਹਿਰ, ਭਾਵ ਬਾਹਰਲੀ। ਵਸਤੂ ਦੇ ਦੁਆਲੇ ਪਰਿਕਰਮਾ ਕਰਾਂਗੇ, ਵਸਤੂ ਦੇ ਅੰਦਰ ਪ੍ਰਵੇਸ਼ ਕਰਨਾ ਅਜੇ ਦੂਰ ਹੈ। ਸੁਹਣੀ ਧਰਤੀ, ਸੁਹਣੀਆਂ ਵਾਦੀਆਂ, ਬਾਗ, ਪਾਣੀ ਦੀ ਕੋਈ ਘਾਟ ਨਹੀਂ, ਚਰਾਂਦਾਂ, ਝੀਲਾਂ, ਤਲਾਬਾਂ, ਦਰਿਆਵਾਂ, ਪਹਾੜੀਆਂ ਅਤੇ ਜੰਗਲਾਂ ਵਿਚਕਾਰ ਘਿਰਿਆ ਹੋਇਆ ਸੁਰਗ ਹੈ ਇਹ। ਸਿਆਣੇ ਨੱਕਾਸ਼ਾਂ ਨੇ ਇਸਦੇ ਡਿਜ਼ਾਈਨ ਸੰਵਾਰੇ ਹਨ। ਲੋਕਾਂ ਨੂੰ ਪਤਾ ਨਹੀਂ ਕਿ ਜ਼ਿਆਦਤੀ ਕੀ ਹੁੰਦੀ ਹੈ, ਕੋਈ ਦੁਸ਼ਮਣ ਨਹੀਂ, ਤਕਲੀਫ ਨਹੀਂ। ਸੁਰੱਖਿਆ ਹਿਤ ਦੀਵਾਰ ਹੈ, ਉਚੇ ਮੀਨਾਰ ਅਤੇ ਬੁਲੰਦ ਦਰਵਾਜ਼ੇ ਹਨ। ਵਿਚਕਾਰ ਸਫੈਦ ਰੰਗ ਦਾ ਸ਼ਾਹੀ ਮਹੱਲ ਹੈ, ਇਕਦਮ ਸ਼ਾਂਤ।
ਗਲੀਆਂ, ਚੌਕ ਅਤੇ ਬਾਜ਼ਾਰ ਸਵੱਛ ਵਿਉਂਤਬੰਦੀ ਦਾ ਨਤੀਜਾ ਹਨ। ਕੀਮਤੀ ਸਾਮਾਨ ਨਾਲ ਦੁਕਾਨਾਂ ਭਰੀਆਂ ਭਕੁੰਨੀਆਂ ਹਨ। ਹਿਮਾਲਾ ਪਰਬਤ ਵਾਂਗ ਆਕਾਸ਼ ਛੁੰਹਦੀਆਂ ਇਮਾਰਤਾਂ ਹਨ। ਗਲੀਆਂ ਵਿਚੋਂ ਦੀ ਹਾਥੀ, ਘੋੜੇ, ਰਥ, ਪੈਦਲ ਮਰਦ, ਸੁਣੱਖੀਆਂ ਔਰਤਾਂ ਦੇ ਝੁੰਡ ਚਲਦੇ ਦਿਸਣਗੇ। ਬ੍ਰਾਹਮਣ, ਅਮੀਰਜ਼ਾਦੇ, ਕਾਰੀਗਰ ਤੇ ਨੌਕਰ, ਹਰ ਤਰ੍ਹਾਂ ਦੇ ਲੋਕ। ਜਿਹੜੇ ਮਰਜ਼ੀ ਧਰਮ ਦਾ ਵਿਦਵਾਨ ਇਥੇ ਪੁੱਜੇ, ਖਿੜੇ ਹੋਠਾਂ ਨਾਲ ਮਧੁਰ ਬੋਲਾਂ ਨਾਲ, ਉਸਦਾ ਸੁਆਗਤ ਹੁੰਦਾ ਹੈ। ਬਨਾਰਸ ਦੀ ਮਖਮਲ ਤੋਂ ਲੈਕੇ ਹਰ ਤਰ੍ਹਾਂ ਦਾ ਕੱਪੜਾ, ਇਤਰ, ਫੁੱਲ ਸਜੇ ਦਿਸਣਗੇ। ਹਰੇਕ ਤਰ੍ਹਾਂ ਦੇ ਗਹਿਣਿਆਂ ਅਤੇ ਸਜਾਵਟਾਂ ਨਾਲ ਭਰੀਆਂ ਦੁਕਾਨਾਂ ਹਨ, ਕੁਸ਼ਲ ਵਪਾਰੀ ਹਨ। ਤਾਂਬੇ, ਪੱਥਰ, ਚਾਂਦੀ ਅਤੇ ਸੋਨੇ ਦੇ ਲਿਸ਼ਕਾਰੇ ਅਸਮਾਨ ਨੂੰ ਚੁੰਧਿਆ ਰਹੇ ਹਨ, ਖ਼ਜ਼ਾਨੇ ਹੀ ਖਜ਼ਾਨੇ। ਖਾਣ ਪੀਣ ਦੀਆਂ ਚੀਜ਼ਾਂ ਦੇ ਸਟੋਰ ਨੱਕੋ ਨੱਕ ਭਰੇ ਹੋਏ ਹਨ, ਮਿਠਾਈਆਂ ਅਤੇ ਸ਼ਰਬਤਾਂ ਦੀ ਭਰਮਾਰ। ਮੁਕਾਬਲਾ ਕਰਨਾ ਹੋਵੇ ਤਾਂ ਧਨਵਾਨ ਇਹ ਉੱਤਰਾਕੁਰੂ ਵਰਗਾ ਤੇ ਸ਼ਾਨ, ਦੇਵਤਿਆਂ ਦੇ ਸ਼ਹਿਰ ਅਲਕਮੰਡ ਜਿਹੀ ਹੈ।
ਸਿਆਲਕੋਟ ਬਾਬਤ ਉਕਤ ਕਥਨ ਤੋਂ ਬਾਦ ਨਾਗਸੈਨ ਲਿਖਦਾ ਹੈ – ਛੇ ਖੰਡਾਂ ਵਿਚ ਅਸੀਂ ਅਪਣਾ ਗ੍ਰੰਥ ਵੰਡਾਂਗੇ:

  1. ਪਹਿਲਾ ਭਾਗ ਪੁੱਬ-ਕਥਾ (ਪੁੱਬ-ਜੋਗ ਸ਼ਬਦ ਵੀ ਵਰਤਿਆ ਹੈ, ਭਾਵ ਪਿਛਲੇ ਜਨਮ ਦੀ ਕਹਾਣੀ)।
  2. ਮਿਲਿੰਦ ਦੇ ਆਮ ਪ੍ਰਸ਼ਨ।
  3. ਪ੍ਰਮੁੱਖ ਹਸਤੀਆਂ ਬਾਬਤ ਪ੍ਰਸ਼ਨ।
  4. ਆਪਾਵਿਰੋਧੀ ਕਥਨਾਂ ਬਾਬਤ ਪ੍ਰਸ਼ਨ।
  5. ਅਸਪਸ਼ਟ ਸਮੱਸਿਆਵਾਂ ਬਾਬਤ ਸੰਵਾਦ।
  6. ਉਹ ਪ੍ਰਸ਼ਨ ਜਿਹੜੇ ਰੂਪਕਾਂ ਨਾਲ ਸਬੰਧਤ ਹਨ।
    ਪਿਛਲੀ ਕਥਾ (ਭਾਵ ਨਾਗਸੈਨ ਦੇ ਪਿਛਲੇ ਜਨਮ ਦੀ ਕਹਾਣੀ) ਇਥੋਂ ਸ਼ੁਰੂ ਹੁੰਦੀ ਹੈ:
    ‘ਬਹੁਤ ਲੰਮਾ ਸਮਾਂ ਪਹਿਲਾਂ ਗੰਗਾ ਦਰਿਆ ਕਿਨਾਰੇ ਬੋਧ ਆਸ਼ਰਮ ਹੋਇਆ ਕਰਦਾ ਸੀ ਜਿਥੇ ਭਿੱਖੂ ਧਰਮ ਅਤੇ ਵਿਦਿਆ ਗ੍ਰਹਿਣ ਕਰਿਆ ਕਰਦੇ। ਆਸ਼ਰਮ ਦੀ ਸਫ਼ਾਈ ਕਰਨ ਹਿਤ ਇਕ ਉਪਾਸ਼ਕ ਨਿੱਤਨੇਮ ਅਨੁਸਾਰ ਹੱਥ ਵਿਚ ਝਾੜੂ ਲੈਕੇ ਸਵੇਰਸਾਰ ਆਉਂਦਾ। ਉਸਦੇ ਹੋਠਾਂ ਉਪਰ ਬੁੱਧ ਦਾ ਸਿਮਰਨ ਹੁੰਦਾ ਤੇ ਹੱਥ ਕੰਮ ਵਿਚ ਮਗਨ ਹੁੰਦੇ। ਕੂੜੇ ਦਾ ਢੇਰ ਆਸ਼ਰਮ ਵਲ ਵਧਦਾ ਆ ਰਿਹਾ ਸੀ। ਇਸ ਅਨਪੜ੍ਹ ਸਫਾਈ ਸੇਵਕ ਨੂੰ ਕਿੰਨੀ ਵਾਰ ਕਿਹਾ ਕਿ ਕੂੜਾ ਪਰੇ ਸੁੱਟੇ ਤੇ ਵਧਿਆ ਢੇਰ ਪਿਛੇ ਹਟਾ ਦਏ ਪਰ ਉਸਨੇ ਗੱਲ ਗੌਲੀ ਨਾਂ। ਦੋ ਤਿੰਨ ਵਾਰ ਕਹਿਣ ’ਤੇ ਵੀ ਅਸਰ ਨਾ ਹੋਇਆ ਤਾਂ ਮਹਾਂਸੈਨ (ਨਾਗਸੈਨ ਦਾ ਪੂਰਬਲਾ ਨਾਮ) ਨੇ ਉਸਦੇ ਮੂੰਹ ’ਤੇ ਝਾੜੂ ਮਾਰਿਆ। ਇਹ ਜਾਹਲ ਬੰਦਾ ਢੇਰ ਪਰੇ ਵੀ ਹਟਾਈ ਗਿਆ, ਨਾਲੇ ਰੋਂਦਾ ਰੋਂਦਾ ਇਉਂ ਕਹੀ ਜਾਂਦਾ ਸੀ – ”ਹਰੇਕ ਜਨਮ ਵਿਚ ਬਾਰ ਬਾਰ ਸਫਾਈ ਕਰਦਾ ਰਿਹਾ ਤਾਂ ਮੈਨੂੰ ਨਿਰਵਾਣ ਮਿਲੇਗਾ, ਮੈਂ ਸੂਰਜ ਵਾਂਗ ਚਮਕਾਂਗਾ ਇਕ ਦਿਨ।’’
    ਕੰਮ ਮੁਕਾ ਕੇ ਉਹ ਗੰਗਾ ਵਿਚ ਇਸ਼ਨਾਨ ਕਰਨ ਗਿਆ। ਪੂਰੀ ਤਾਕਤ ਨਾਲ ਗਰਜਦਾ ਹੋਇਆ ਦਰਿਆ ਭਰਿਆ ਵਗਿਆ ਜਾਂਦਾ ਦੇਖਕੇ ਉਸਨੇ ਕਿਹਾ, ”ਹੇ ਸਾਕਯਮੁਨੀ ਪਿਤਾ, ਹਰ ਜਨਮ ਵਿਚ ਸੇਵਾ ਕਰਾਂਗਾ, ਸਹੀ ਗੱਲ ਨੂੰ ਸਹੀ ਕਹਾਂਗਾ, ਸਮੇਂ ਸਿਰ ਕਹਾਂਗਾ ਜੋ ਮਰਜੀ ਮੇਰੇ ਨਾਲ ਬੀਤੇ, ਕੀ ਤੂੰ ਮੈਨੂੰ ਇਸ ਦਰਿਆ ਜਿੰਨੀ ਤਾਕਤ ਦੇ ਦਏਂਗਾ ਫੇਰ?’’
    ਜਿਸ ਭਿੱਖੂ ਨੇ ਸਫਾਈ ਸੇਵਕ ਨੂੰ ਕੁੱਟਿਆ, ਉਸਨੇ ਉਸਦੇ ਇਹ ਬੋਲ ਸੁਣੇ ਤਾਂ ਹੈਰਾਨ ਹੋ ਗਿਆ ਕਿ ਇਹ ਫਜ਼ੂਲ ਜਿਹਾ ਜਾਹਲ ਬੰਦਾ ਕੀ ਕੀ ਮੰਗ ਰਿਹਾ ਹੈ। ਉਸਦੇ ਮਨ ਵਿਚ ਆਇਆ ਕਿ ਮੈਂ ਵੀ ਇਸੇ ਵਾਂਗ ਅਰਦਾਸ ਕਰਾਂ, ਇਹਦੇ ਬੋਲ ਬਰਕਤ ਵਾਲੇ ਹਨ। ਇਸ਼ਨਾਨ ਕਰਕੇ ਭਿੱਖੂ ਨੇ ਅਰਦਾਸ ਕੀਤੀ – ਹੇ ਸਿਧਾਰਥ ਪਿਤਾ, ਹਰ ਜਨਮ ਵਿਚ ਮੈਨੂੰ ਇਹ ਤਾਕਤ ਦੇਹ ਕਿ ਮੈਂ ਡੂੰਘੇ ਰਹੱਸ ਪ੍ਰਗਟ ਕਰ ਸਕਾਂ, ਮੁਸ਼ਕਲ ਤੋਂ ਮੁਸ਼ਕਲ ਸਵਾਲ ਦਾ ਉੱਤਰ ਮੇਰੇ ਕੋਲ ਹੋਵੇ। ਦਰਿਆ ਜਿਵੇਂ ਹਰੇਕ ਵਸਤੂ ਨੂੰ ਰੋੜ੍ਹ ਲਿਜਾਂਦਾ ਹੈ, ਮੇਰੇ ਵਹਾਅ ਵਿਚ ਸਭ ਵਹਿ ਜਾਣ।
    ਦੋਵਾਂ ਦੀਆਂ ਪ੍ਰਾਰਥਨਾਵਾਂ ਨਾਲ ਬੁੱਧ ਪ੍ਰਸੰਨ ਹੋਇਆ, ਕਿਹਾ – ਇਹ ਦੁਨੀਆਂ ਵਿੱਚ ਫੇਰ ਜਾਣਗੇ। ਸੂਖਮ ਬੋਧ-ਕਾਨੂੰਨ ਅਤੇ ਦਰਸ਼ਨ ਦੀਆਂ ਅਣਖੁੱਲ੍ਹੀਆਂ ਗੰਢਾਂ ਖੋਲ੍ਹਣਗੇ, ਇਨ੍ਹਾਂ ਦੋਹਾਂ ਦੇ ਸਵਾਲ ਅਤੇ ਜਵਾਬ ਰੂਪਕਾਂ ਅਤੇ ਅਲੰਕਾਰਾਂ ਦੀ ਬਾਰਸ਼ ਕਰਨਗੇ। ਸਮਾਂ ਬੀਤਣ ਨਾਲ ਧਰਮ ਵਿਚ ਜਿਹੜਾ ਹਨੇਰਾ ਛਾ ਜਾਏਗਾ, ਇਹ ਦੋਵੇਂ ਫੇਰ ਚਾਨਣ ਕਰਨਗੇ।
    ਬੁੱਧ ਦੀ ਅਸੀਸ ਨਾਲ ਜਾਹਲ ਸਫਾਈ ਸੇਵਕ ਮੁੜ ਜਨਮ ਲੈਕੇ ਸਿਆਲਕੋਟ ਦਾ ਬਾਦਸ਼ਾਹ ਹੋਇਆ ਜਿਸਦਾ ਨਾਮ ਮਿਲਿੰਦ ਸੀ। ਉਹ ਵੱਡਾ ਪਾਰਖੂ, ਵਿਦਵਾਨ ਪੁਰਖ, ਭੂਤ ਭਵਿੱਖ ਬਾਬਤ ਹੋਰ ਵੀ ਜਾਣਨ ਲਈ ਉਤਾਵਲਾ, ਖਟਦਰਸ਼ਨ, ਗਣਿਤ, ਸੰਗੀਤ, ਹਿਕਮਤ, ਵੇਦ, ਪੁਰਾਣ ਅਤੇ ਇਤਿਹਾਸ ਦਾ ਗਿਆਤਾ ਸੀ। ਯੁੱਧ ਨੀਤੀ ਅਤੇ ਰਾਜਨੀਤੀ ਤਾਂ ਉਸਦਾ ਕਿੱਤਾ ਹੀ ਸੀ, ਉਸ ਨੂੰ ਸ਼ਾਇਰੀ, ਜਾਦੂ ਅਤੇ ਨਛੱਤਰਾਂ ਦਾ ਗਿਆਨ ਸੀ। ਉਸ ਨਾਲ ਵਿਚਾਰ ਵਟਾਂਦਰਾ ਕਰਨਾ ਦੁਰਗਮ ਕਾਰਜ ਸੀ। ਭਾਰਤ ਦੇਸ ਵਿਚ ਉਸ ਵਰਗੀ ਜਿਸਮਾਨੀ ਤਾਕਤ, ਫੁਰਤੀ ਅਤੇ ਧਨ ਵੀ ਹੋਰ ਕਿਸੇ ਪਾਸ ਨਹੀਂ ਸੀ। ਸੈਨਾਵਾਂ ਦੀ ਗਿਣਤੀ ਨਹੀਂ ਸੀ।
    ਇਕ ਦਿਨ ਆਲੇ ਦੁਆਲੇ ਬੈਠੇ ਰਾਜਦਰਬਾਰੀਆਂ ਨੂੰ ਉਸਨੇ ਕਿਹਾ – ਮੇਰੀ ਜਗਿਆਸਾ ਸਤੁੰਸ਼ਟ ਕਰਨ ਵਾਲਾ ਕੋਈ ਵਿਦਵਾਨ ਨਹੀਂ ਦਿਸਦਾ। ਰਾਜਮੰਤਰੀ ਨੇ ਹਉਕਾ ਲੈ ਕੇ ਕਿਹਾ – ਹਾਂ ਮਹਾਰਾਜ। ਸਿਆਲਕੋਟ ਵਿਦਵਾਨਾਂ ਤੋਂ ਸੱਖਣਾ ਹੋ ਗਿਆ ਹੈ।
    ਹਿਮਾਲਾ ਵਿਚ ਤਪੱਸਿਆ ਕਰਦੇ ਬੋਧ ਸਾਧੂਆਂ ਪਾਸ ਇਹ ਖਬਰ ਪੁੱਜੀ। ਇਹ ਉਹ ਭਿੱਖੂ ਸਨ ਜਿਹੜੇ ਜੀਵਨ ਮੁਕਤ ਹੋ ਚੁਕੇ ਸਨ। ਜੁਗੰਧਰ ਪਰਬਤ ਉਪਰ ਅਸੱਗੁਤ ਨੇ ਸਭਾ ਬੁਲਾਈ ਤੇ ਕਿਹਾ – ਭਾਈਓ, ਕੋਈ ਹੈ ਅਜਿਹਾ ਜਿਹੜਾ ਮਿਲਿੰਦ ਦੇ ਸ਼ੰਕੇ ਨਵਿਰਤ ਕਰ ਸਕੇ ?
    ਸਭ ਪਾਸੇ ਖਾਮੋਸ਼ੀ ਛਾ ਗਈ। ਦੂਜੀ, ਫ਼ਿਰ ਤੀਜੀ ਵਾਰ ਅਸੱਗੁਤ ਨੇ ਸਵਾਲ ਕੀਤਾ ਪਰ ਨਿਰੁੱਤਰ। ਫਿਰ ਉਸਨੇ ਸੰਘ ਨੂੰ ਸੰਬੋਧਨ ਕਰਦਿਆਂ ਕਿਹਾ – ਸਵਰਗ ਵਿਚ ਵਿਗਿਆਂਤ ਮਹਲ ਦੇ ਪੂਰਬਲੀ ਹਵੇਲੀ ਕੇਤਮਤੀ ਵਿਚ ਮੁਕਤ ਹੋਇਆ ਦੇਵ ਰਹਿੰਦਾ ਹੈ ਜਿਸਦਾ ਨਾਮ ਮਹਾਂਸੈਨ ਹੈ। ਸਿਰਫ਼ ਉਹੀ ਅਜਿਹਾ ਸਮਰੱਥਾਵਾਨ ਹੈ।
    ਬ੍ਰਹਮ ਗਿਆਨੀਆਂ ਦੀ ਇਹ ਸਭਾ ਉਡੀ ਤਾਂ ਕਿ ਸੁਰਗ ਵਿਚ ਮਹਾਂਸੈਨ ਦੇ ਦਰਬਾਰ ਵਿੱਚ ਹਾਜ਼ਰ ਹੋਵੇ। ਦੇਵਾਂ ਦੇ ਰਾਜੇ ਸੱਕ ਨੇ ਪੁੱਛਿਆ – ਮਾਤਲੋਕ ਦੇ ਸਾਧੂਆਂ ਦੀ ਮੰਡਲੀ ਇਧਰ ਆਕਾਸ਼ ਲੋਕ ਵਲ ਕੀ ਕਰਨ ਆ ਰਹੀ ਹੈ ਅਸੱਗੁਤ?
    ਅਸੱਗੁਤ ਨੇ ਕਿਹਾ – ਧਰਤੀ ਉਪਰ ਵਡਪਰਤਾਪੀ ਰਾਜਾ ਮਿਲਿੰਦ ਖੁਦ ਵਿਦਵਾਨ ਹੈ ਅਤੇ ਹੋਰ ਜਾਣਨ ਦਾ ਇਛੁਕ ਹੈ, ਮਹਾਰਾਜ। ਕੋਈ ਉਸ ਦੀ ਪਿਆਸ ਬੁਝਾਉਣ ਵਾਲਾ ਉਥੇ ਨਹੀਂ। ਸੱਕ ਨੇ ਕਿਹਾ – ਇਥੇ ਮਹਾਂਸੈਨ ਨਾਮ ਦਾ ਦੇਵ ਇਸ ਕਾਬਲ ਹੈ। ਪਰ ਮਿਲਿੰਦ ਦੀ ਜਗਿਆਸਾ ਪੂਰਤੀ ਲਈ ਉਸ ਨੂੰ ਫਿਰ ਮਨੁੱਖਾ ਜਨਮ ਧਾਰਨ ਕਰਨਾ ਪਵੇਗਾ।
    ਇਸ ਮੰਡਲੀ ਸਮੇਤ ਸੱਕ ਮਹਾਸੈਨ ਪਾਸ ਗਿਆ, ਗਲਵਕੜੀ ਪਾਕੇ ਮਿਲਿਆ ਤੇ ਕਿਹਾ, ਇਨ੍ਹਾਂ ਸਾਧੂਆਂ ਦੀ ਬੇਨਤੀ ਹੈ ਕਿ ਇਕ ਵਾਰ ਫੇਰ ਧਰਤੀ ਉਪਰ ਜਾਓ ਮਹਾਸੈਨ। ਮਹਾਸੈਨ ਨੇ ਕਿਹਾ – ਨਾ ਭਰਾਓ। ਕਰਮਾਂ ਤੋਂ ਮਸਾਂ ਛੁਟਕਾਰਾ ਮਿਲਿਆ ਹੈ। ਕਿਉਂ ਉਸੇ ਖੱਪਖਾਨੇ ਵਿਚ ਮੁੜੀਏ ਜਿਥੋਂ ਮਿਹਨਤ ਕਰਕੇ ਨਿਕਲੇ?
    ਸੱਕ ਅਤੇ ਅਸੱਗੁਤ ਨੇ ਕਿਹਾ – ਕਿਰਪਾਲੂ ਹੋਵੋ ਮਹਾਂਸੈਨ। ਸਾਨੂੰ ਨਹੀਂ, ਸੰਘ ਨੂੰ, ਧਰਮ ਨੂੰ ਤੁਹਾਡੀ ਲੋੜ ਹੈ। ਤੁਹਾਡੇ ਜਿਹਾ ਕੋਈ ਹੋਰ ਹੁੰਦਾ ਅਸੀਂ ਉਸ ਪਾਸ ਚਲੇ ਜਾਂਦੇ। ਤਥਾਗਤ ਦੇ ਧਰਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਮਾਤਲੋਕ ਵਿਚ ਪਧਾਰੋ ਮਹਾਂਸੈਨ।
    ਦਿਆਲੂ ਮਹਾਂਸੈਨ ਇਸ ਲਈ ਮੰਨ ਗਿਆ ਕਿਉਂਕਿ ਸੰਘ ਨੂੰ ਉਸ ਦੀ ਸੇਵਾ ਚਾਹੀਦੀ ਸੀ। ਅਸੱਗੁਤ ਨੇ ਰੋਹਣ ਨੂੰ ਕਿਹਾ – ਕਜੰਗਲ ਨਾਮ ਦੇ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਹੈ ਜਿਸਦਾ ਨਾਮ ਸੋਨੁੱਤਰ ਹੈ। ਉਸਦੇ ਘਰ ਬੇਟਾ ਪੈਦਾ ਹੋਵੇਗਾ ਜਿਸਦਾ ਨਾਮ ਉਹ ਨਾਗਸੈਨ ਰੱਖਣਗੇ। ਸੱਤ ਸਾਲ ਦਸ ਮਹੀਨੇ ਉਸਦੇ ਘਰ ਭਿਖਿਆ ਮੰਗਣ ਜਾਈਂ ਹਰ ਰੋਜ਼। ਇਸ ਤਰ੍ਹਾਂ ਦਾ ਸਬੱਬ ਬਣੇਗਾ ਕਿ ਤੇਰੇ ਰਾਹੀਂ ਉਹ ਬੱਚਾ ਸੰਘ ਵਿਚ ਦਾਖ਼ਲ ਹੋਵੇ। ਜਦੋਂ ਉਹ ਸੰਘਪ੍ਰਵੇਸ਼ ਕਰ ਲਵੇ ਤਦ ਤੇਰੀ ਜ਼ਿੰਮੇਵਾਰੀ ਖ਼ਤਮ ਹੋਵੇਗੀ।
    ਸੋਨੁੱਤਰ ਦੀ ਔਰਤ ਦੇ ਪੁੱਤਰ ਜੰਮਿਆ ਤਾਂ ਤਿੰਨ ਕਰਾਮਾਤਾਂ ਹੋਈਆਂ। ਹਥਿਆਰ ਅੱਗ ਦੀਆਂ ਲਪਟਾਂ ਵਿਚ ਜਲ ਗਏ, ਕਾਲ ਪਿਆ ਹੋਇਆ ਸੀ, ਜਮ ਕੇ ਬਾਰਸ਼ ਹੋਈ ਤੇ ਭਰਪੂਰ ਅੰਨ ਹੋਇਆ। ਰੋਹਣ ਹਰ ਰੋਜ਼ ਬ੍ਰਾਹਮਣ ਦੇ ਦਰ ਉਪਰ ਜਾਂਦਾ, ਭਿਖਿਆ ਤਾਂ ਕੀ ਮਿਲਣੀ ਸੀ, ਕੋਈ ਉਸ ਵੱਲ ਦੇਖਦਾ ਵੀ ਨਾਂ, ਹੱਥ ਜੋੜਨੇ ਜਾਂ ਸਿਰ ਝੁਕਾਉਣਾ ਤਾਂ ਦੂਰ ਦੀ ਗੱਲ ਹੈ। ਸਗੋਂ ਲਗੇਵਾਹ ਉਸਦੀ ਬੇਇਜ਼ਤੀ ਕੀਤੀ ਜਾਂਦੀ।
    ਇਕ ਦਿਨ ਰਸਤੇ ਵਿਚ ਵਾਪਸ ਜਾਂਦੇ ਰੋਹਣ ਨੂੰ ਬ੍ਰਾਹਮਣ ਮਿਲਿਆ ਤਾਂ ਪੁੱਛਿਆ – ਸਾਡੇ ਘਰੋਂ ਮਿਲਿਆ ਕੁੱਝ? ”ਹਾਂ, ਮਿਲਿਆ,’’ ਬ੍ਰਾਹਮਣ ਕ੍ਰੋਧਵਾਨ ਹੋਕੇ ਘਰ ਆਇਆ ਤੇ ਪਰਿਵਾਰ ਨੂੰ ਪੁੱਛਿਆ ਕਿ ਰੋਹਣ ਨੂੰ ਕੀ ਦਿੱਤਾ? ਸਭ ਨੇ ਕਿਹਾ – ਕੁਝ ਦੇਣ ਦਾ ਸਵਾਲ ਈ ਨੀ। ਠੀਕ ਹੈ, ਕੱਲ੍ਹ ਨੂੰ ਮੰਗਤਾ ਆਵੇਗਾ ਤਾਂ ਜ਼ਲੀਲ ਕਰਾਂਗਾ ਕਿ ਝੂਠ ਕਿਉਂ ਬੋਲਿਆ।
    ਅਗਲੀ ਸਵੇਰ ਰੋਹਣ ਆਇਆ ਤਾਂ ਬ੍ਰਾਹਮਣ ਨੇ ਰੋਕ ਕੇ ਕਿਹਾ – ਝੂਠ ਬੋਲਣਾ ਭਿੱਖੂਆਂ ਲਈ ਸਹੀ ਹੈ? ਰੋਹਣ ਨੇ ਕਿਹਾ – ਹਰਗਿਜ਼ ਨਹੀਂ ਜੀ। ਫ਼ਿਰ ਤੂੰ ਇਹ ਕਿਉਂ ਕਿਹਾ ਕਿ ਮੇਰੇ ਘਰੋਂ ਕੱਲ੍ਹ ਤੈਨੂੰ ਕੁੱਝ ਮਿਲਿਆ ਜਦੋਂ ਕਿ ਇਹ ਸੱਚ ਨਹੀਂ। ਰੋਹਣ ਨੇ ਕਿਹਾ – ਮੈਨੂੰ ਏਸ ਘਰੋਂ ਵਸਤੂ ਤਾਂ ਕੀ ਕਦੀ ਚੰਗਾ ਸ਼ਬਦ ਵੀ ਨਹੀਂ ਮਿਲਿਆ ਸੀ। ਕੱਲ੍ਹ ਮਾਲਕਣ ਨੇ ਮਿਠਾਸ ਨਾਲ ਕਿਹਾ – ਅਗਲੇ ਘਰ ਜਾਹ ਭਰਾ। ਇਹ ਸੁਹਣੇ ਸ਼ਬਦ ਮੇਰੇ ਲਈ ਬਹੁਤ ਵਧੀਆ ਭਿਖਿਆ ਸਨ ਮਹਾਰਾਜ। ਪਹਿਲੀ ਵਾਰ ਤੁਸਾਂ ਦੇ ਘਰੋਂ ਮਿਲੇ ਸਨ ਇਹ ਮਿੱਠੇ ਬੋਲ।
    ਬ੍ਰਾਹਮਣ ਹੈਰਾਨ ਹੋ ਗਿਆ। ਕਿਸ ਮਿੱਟੀ ਦੇ ਬਣੇ ਹੋਏ ਹਨ ਇਹ ਭਿੱਖੂ? ਮਾੜੀ ਜਿਹੀ ਜ਼ਬਾਨੀ ਕੀਤੀ ਗਈ ਚੰਗੀ ਗੱਲ ਦੇ ਵੀ ਕਿੰਨੇ ਸ਼ੁਕਰਗੁਜ਼ਾਰ ਹਨ। ਇਨ੍ਹਾਂ ਨੂੰ ਜੇ ਦਾਨ ਦੇ ਹੀ ਦਿੱਤਾ ਜਾਵੇ, ਫੇਰ ਇਹ ਕਿੰਨੀਆਂ ਅਸੀਸਾਂ ਦੇਣ ! ਖਾਣ ਲਈ ਬ੍ਰਾਹਮਣ ਨੇ ਰੋਹਣ ਨੂੰ ਉਹ ਕੜ੍ਹੀ ਚਾਵਲ ਭੇਟ ਕੀਤੇ ਜੋ ਉਸਨੇ ਖੁਦ ਖਾਣੇ ਸਨ ਤੇ ਕਿਹਾ – ਹਰ ਰੋਜ਼ ਆਇਆ ਕਰਨਾ ਭੰਤੇ।
    ਹਰ ਰੋਜ਼ ਰੋਹਣ ਆਉਂਦਾ, ਖਾਣਾ ਖਾਂਦਾ, ਅਸੀਸਾਂ ਦਿੰਦਾ ਤੇ ਕੋਈ ਨਾ ਕੋਈ ਬੋਧਵਾਕ ਸੁਣਾ ਕੇ ਜਾਂਦਾ। ਜਦੋਂ ਪੁੱਤਰ ਨਾਗਸੈਨ ਸੱਤ ਸਾਲ ਦਾ ਹੋਇਆ, ਪਿਤਾ ਨੇ ਪੁੱਛਿਆ – ਨਾਗਸੈਨ ਪੁੱਤਰ, ਹੁਣ ਉਹ ਵਿਦਿਆ ਜਿਹੜੀ ਪਰੰਪਰਾ ਤੋਂ ਸਾਡੇ ਘਰ ਤੁਰੀ ਆਈ ਹੈ, ਤੈਨੂੰ ਸਿਖਾਣੀ ਸ਼ੁਰੂ ਕਰੀਏ?

– ਪਿਤਾ ਜੀ ਉਹ ਕਿਹੜੀ ਵਿਦਿਆ ਹੈ ? ਨਾਗਸੈਨ ਨੇ ਪੁੱਛਿਆ।

– ਵੇਦ ਗਿਆਨ ਪੁੱਤਰ। ਬਾਕੀ ਵਿਦਿਆ ਤਾਂ ਐਵੇਂ ਹੁਨਰਮੰਦੀ ਹੈ।

– ਠੀਕ ਹੈ ਪਿਤਾ ਜੀ, ਸਿੱਖਾਂਗਾ। ਪੁੱਤਰ ਨੇ ਕਿਹਾ।
ਨਾਗਸੈਨ ਨੂੰ ਵਿਦਵਾਨ ਬ੍ਰਾਹਮਣ ਪਾਸ ਭੇਜਿਆ ਗਿਆ, ਨਾਗਸੈਨ ਗਜ਼ਬ ਦਾ ਮਿਹਨਤੀ ਸੀ ਤੇ ਤੇਜ਼ੀ ਨਾਲ ਵੇਦ ਬਾਣੀ ਨਾ ਕੇਵਲ ਕੰਠ ਕਰ ਗਿਆ, ਇਸ ਦੇ ਅਰਥ, ਵਿਆਕਰਣ ਅਤੇ ਸ਼ਬਦ ਦਾ ਗੁਹਝ ਭੇਦ ਪਾ ਗਿਆ। ਅਧਿਆਪਕ ਅਤੇ ਪਿਤਾ ਮੰਨ ਗਏ ਕਿ ਉਨ੍ਹਾਂ ਕੋਲ ਸਿਖਾਉਣ ਵਾਸਤੇ ਹੋਰ ਕੋਈ ਵਿਦਿਆ ਬਾਕੀ ਨਹੀਂ ਬਚੀ।
ਆਗਿਆ ਲੈਕੇ ਉਹ ਜੰਗਲ ਵਿਚ ਗਿਆ ਤੇ ਅੰਤਰ ਧਿਆਨ ਹੋ ਗਿਆ। ਉਹ ਹੋਰ ਵਿਦਿਆ ਪ੍ਰਾਪਤ ਕਰਨ ਦਾ ਅਭਿਲਾਖੀ ਸੀ। ਰੋਹਣ ਅਪਣੇ ਵੱਤਣੀ ਨਾਂ ਦੇ ਆਸ਼ਰਮ ਵਿਚ ਸਮਾਧੀ ਸਥਿਤ ਸੀ ਤਾਂ ਨਾਗਸੈਨ ਦੀ ਜਗਿਆਸਾ ਉਸ ਤੱਕ ਪੁੱਜੀ। ਰੋਹਣ ਉਠਿਆ ਅਤੇ ਨਾਗਸੈਨ ਨੂੰ ਮਿਲਣ ਤੁਰ ਪਿਆ। ਨਾਗਸੈਨ ਨੇ ਸਤਿਕਾਰ ਸਹਿਤ ਰੋਹਣ ਅਗੇ ਬੇਨਤੀ ਕੀਤੀ ਕਿ ਮੈਨੂੰ ਉਹ ਵਿਦਿਆ ਦਿਉ ਜੋ ਤੁਹਾਡੇ ਪਾਸ ਹੈ। ਰੋਹਣ ਨੇ ਕਿਹਾ – ਜੋ ਸੰਘ ਵਿਚ ਦਾਖਲ ਨਹੀਂ ਹੁੰਦਾ, ਉਸ ਨੂੰ ਅਸੀਂ ਅਪਣੀ ਵਿਦਿਆ ਨਹੀਂ ਦਿੰਦੇ। ਸੰਘ ਵਿਚ ਦਾਖਲ ਹੋਣ ਲਈ ਮਾਪਿਆਂ ਦੀ ਆਗਿਆ ਲੈ ਕੇ ਆਉ। ਮਾਪਿਆਂ ਨੇ ਪੁੱਤਰ ਨੂੰ ਆਗਿਆ ਦਿੱਤੀ ਤਦ ਉਹ ਸੰਘ ਵਿਚ ਦਾਖਲ ਹੋਇਆ। ਇਥੇ ਉਸਨੇ ਬਹੁਤ ਜਲਦੀ ਜਲਦੀ ਸਾਰੇ ਬੋਧ ਗ੍ਰੰਥ ਕੰਠ ਕੀਤੇ ਅਤੇ ਉਨ੍ਹਾਂ ਦੇ ਸਭਨਾ ਭੇਦਾਂ ਦਾ ਗਿਆਤਾ ਹੋ ਗਿਆ। ਅਭਿਧੱਮ ਦੇ ਸੱਤੇ ਗ੍ਰੰਥ ਜਦੋਂ ਉਸਨੇ ਜ਼ਬਾਨੀ ਉਚਾਰੇ ਤਦ ਧਰਤੀ ਕੰਬੀ, ਦੇਵਤਿਆਂ ਨੇ ਜੈ ਜੈਕਾਰ ਕੀਤੀ, ਆਕਾਸ਼ ਵਿਚੋਂ ਮੰਦਾਰ ਦੇ ਫੁੱਲਾਂ ਅਤੇ ਸੰਦਲ ਦੇ ਧੂੜੇ ਦੀ ਬਾਰਸ਼ ਹੋਈ।
ਨਾਗਸੈਨ ਨੂੰ ਸੰਪੂਰਨ ਭਿੱਖੂ ਵਜੋਂ ਜਦੋਂ ਚੋਲਾ ਪਹਿਨਾਇਆ ਗਿਆ ਉਦੋਂ ਉਸ ਦੀ ਉਮਰ ਵੀਹ ਸਾਲ ਸੀ। ਉਸ ਨੇ ਮਨ ਵਿਚ ਕਿਹਾ – ਮੇਰਾ ਗੁਰੂ ਰੋਹਣ ਕੇਹਾ ਮੂਰਖ ਹੈ। ਬਾਕੀ ਬੋਧਵਾਣੀ ਛੱਡ ਕੇ ਸਭ ਤੋਂ ਪਹਿਲਾਂ ਅਭਿੱਧਮ ਦੀ ਵਿਦਿਆ ਦਿੱਤੀ।
ਅੰਤਰ ਜਾਮੀ ਰੋਹਣ ਨੇ ਨਾਗਸੈਨ ਨੂੰ ਬੁਲਾਇਆ ਅਤੇ ਝਿੜਕਿਆ। ਨਾਗਸੈਨ ਨੇ ਮਾਫ਼ੀ ਮੰਗਦਿਆਂ ਕਿਹਾ – ਅਗੋਂ ਤੋਂ ਅਜਿਹਾ ਕੋਈ ਫੁਰਨਾ ਮਨ ਵਿਚ ਨਹੀਂ ਆਉਣ ਦਿਆਂਗਾ ਗੁਰੂ ਜੀ। ਇਸ ਵਾਰ ਖਿਮਾ ਕਰ ਦਿਉ।
ਰੋਹਣ ਨੇ ਕਿਹਾ – ਮੁਫ਼ਤ ਵਿਚ ਖਿਮਾ ਨਹੀਂ ਦਿੱਤੀ ਜਾਵੇਗੀ। ਤੈਨੂੰ ਇਕ ਕੰਮ ਸੌਂਪਣਾ ਹੈ। ਉਹ ਪੂਰਾ ਕਰੇਂਗਾ ਤਾਂ ਮੁਆਫ਼ ਹੋਏਂਗਾ। ਸਿਆਲਕੋਟ ਜਾਹ। ਉਥੇ ਜਾ ਕੇ ਬਾਦਸ਼ਾਹ ਮਿਲਿੰਦ ਨੂੰ ਮਿਲ ਤੇ ਦੱਸ ਕਿ ਤੂੰ ਉਸਦੀ ਜਗਿਆਸਾ ਪੂਰਤੀ ਹਿਤ ਆਇਆ ਹੈਂ।
”ਤੁਹਾਡੀ ਅਸੀਸ ਸਦਕਾ ਮਲਿੰਦ ਦੀ ਨਹੀਂ ਸੰਸਾਰ ਦੇ ਸਾਰੇ ਮਹਾਰਾਜਿਆ ਦੀ ਜਗਿਆਸਾ ਸੰਤੁਸ਼ਟ ਕਰ ਸਕਾਂਗਾ। ਅਸ਼ੀਰਵਾਦ ਦਿਉ ਗੁਰੂ ਜੀ।’’
ਰੋਹਣ ਨੇ ਸਿਰਨਾਵਾਂ ਦੱਸ ਕੇ ਕਿਹਾ – ਅਸੱਗੁਤ ਵੱਡੇ ਹਨ। ਉਨ੍ਹਾਂ ਦੀ ਅਸੀਸ ਲੈ ਕੇ ਜਾਹ। ਜਦੋਂ ਚਰਨ ਛੁਹ ਕੇ ਮੱਥਾ ਟੇਕੇਂ ਤਾਂ ਤੇਰੇ ਤੋਂ ਉਹ ਤੇਰੇ ਗੁਰੂ ਦਾ ਨਾ ਪੁੱਛਣਗੇ। ਤੂੰ ਮੇਰਾ ਨਾਮ ਲਵੀਂ। ਫੇਰ ਉਹ ਤੇਰੇ ਤੋਂ ਪੁੱਛਣਗੇ, ”ਇਹ ਦੱਸ ਕਿ ਮੈਂ ਕੌਣ ਹਾਂ?’’ ਤੂੰ ਕਹੀਂ – ਮੇਰੇ ਗੁਰੂ ਜੀ ਜਾਣਦੇ ਹਨ ਤੁਸੀਂ ਕੌਣ ਹੋ।
ਨਾਗਸੈਨ ਅਸੱਗੁਤ ਕੋਲ ਗਿਆ ਤੇ ਦੱਸੇ ਅਨੁਸਾਰ ਵਿਹਾਰ ਕੀਤਾ। ਉਸਨੂੰ ਉਥੇ ਠਹਿਰਨ ਦਾ ਹੁਕਮ ਹੋਇਆ। ਹਰ ਸਵੇਰ ਨਾਗਸੈਨ ਅਸੱਗੁਤ ਦੀ ਕੁਟੀਆ ਬੁਹਾਰਦਾ, ਪਾਣੀ ਦਾ ਘੜਾ ਭਰਦਾ ਤੇ ਦਾਤਣ ਰਖਦਾ। ਹਰ ਰੋਜ਼ ਅਸੱਗੁਤ ਪਾਣੀ ਡੋਹਲ ਦਿੰਦਾ, ਦਾਤਣ ਸੁੱਟ ਦਿੰਦਾ ਤੇ ਮੁੜ ਝਾੜੂ ਖੁਦ ਮਾਰਦਾ। ਸੱਤ ਦਿਨ ਬਾਦ ਇਕ ਔਰਤ ਹਾਜ਼ਰ ਹੋਈ ਤੇ ਦੁਪਹਿਰ ਦਾ ਖਾਣਾ ਪ੍ਰਵਾਨ ਕਰਨ ਦੀ ਅਰਜ਼ ਗੁਜ਼ਾਰੀ। ਅਸੱਗੁਤ ਨੇ ਮਨਜ਼ੂਰੀ ਦੇ ਦਿਤੀ ਤੇ ਦੁਪਹਿਰ ਵਕਤ ਨਾਗਸੈਨ ਸਮੇਤ ਉਸਦੇ ਘਰ ਪੁੱਜੇ। ਖਾਣਾ ਖਾਧਾ ਤਾਂ ਅਸੱਗੁਤ ਨੇ ਕਿਹਾ – ਇਹ ਬਿਰਧ ਬੀਬੀ ਤੀਹ ਸਾਲ ਤੋਂ ਆਸ਼ਰਮ ਦੀ ਸੇਵਾ ਕਰਦੀ ਆ ਰਹੀ ਹੈ। ਖਾਣੇ ਦਾ ਸ਼ੁਕਰਾਨਾਂ ਅਤੇ ਅਸੀਸ ਦੇਣ ਦਾ ਕੰਮ ਤੂੰ ਕਰੀਂ। ਇਹ ਕਹਿ ਕੇ ਸਾਧੂ ਤੁਰ ਆਇਆ। ਨਾਗਸੈਨ ਨੇ ਅਸੀਸ ਦੇਣ ਵਕਤ ਅਭਿਧਮ ਦੇ ਬੇਅੰਤ ਬਰੀਕ ਭੇਦ ਖੋਹਲੇ ਜਿਸ ਨਾਲ ਔਰਤ ਵਿਸਮਾਦ ਵਿਚ ਆ ਗਈ ਤੇ ਬੋਧ ਗਿਆਨ ਦਾ ਚਾਨਣ ਹੋਇਆ। ਵਚਿਤਰ ਗੱਲ ਇਹ ਕਿ ਖੁਦ ਨਾਗਸੈਨ ਨੂੰ ਪ੍ਰਤੀਤ ਹੋਇਆ ਕਿ ਉਹ ਕਿਸੇ ਵੱਖਰੇ ਦੇਸ ਵਿਚ ਚਲਾ ਗਿਆ ਹੈ ਜਿਹੜਾ ਵਿੱਦਿਆ ਤੋਂ ਪਾਰ ਹੈ। ਉਸਦਾ ਅੰਦਰ ਬਾਹਰ ਨੂਰੋ ਨੂਰ ਹੋਇਆ। ਹੱਥ ਵਿਚ ਠੂਠਾ ਫੜੀ ਜਦੋਂ ਉਹ ਆਸ਼ਰਮ ਪੁੱਜਾ ਤਾਂ ਅਸੱਗੁਤ ਨੇ ਕਿਹਾ – ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਿਆ ਕਰੇਂਗਾ ਨਾਗਸੈਨ। ਦੇਵਤਿਆਂ ਨੇ ਜੈ ਜੈਕਾਰ ਕੀਤੀ ਹੈ ਅੱਜ।
ਦੇਵਮੰਤੀ ਨੇ ਬਾਦਸ਼ਾਹ ਮਿਲਿੰਦ ਨੂੰ ਨਾਗਸੈਨ ਬਾਬਤ ਜੋ ਜੋ ਦੱਸਿਆ ਉਸ ਤੋਂ ਉਹ ਸੰਖੇਪ ਵਿਚ ਸਾਰੀਆਂ ਵਿਹਾਰਕ ਅਤੇ ਰੂਹਾਨੀ ਬਰਕਤਾਂ ਦਾ ਮਾਲਕ ਸਾਬਤ ਹੁੰਦਾ ਹੈ। ਕਈ ਪੰਨਿਆਂ ਵਿਚ ਉਸਦੇ ਗੁਣਾਂ ਦਾ ਬਿਰਤਾਂਤ ਦਿੱਤਾ ਗਿਆ ਹੈ। ਬਾਦਸ਼ਾਹ ਨੇ ਨਾਗਸੈਨ ਦਾ ਟਿਕਾਣਾ ਪੁੱਛਿਆ ਤੇ ਕਿਹਾ – ਅਸੀਂ ਜਿਸਨੂੰ ਚਾਹੀਏ, ਬੁਲਾ ਸਕਦੇ ਹਾਂ, ਪਰ ਇਸ ਤਰਾਂ ਦੇ ਵਿਦਵਾਨ ਕੋਲ ਸਾਨੂੰ ਖੁਦ ਜਾਣਾ ਚਾਹੀਦਾ ਹੈ। ਬਾਦਸ਼ਾਹ ਆਪਣੇ ਦਰਬਾਰੀਆਂ ਸਮੇਤ ਸੰਖੇ ਆਸ਼ਰਮ ਪੁੱਜਾ।
ਯੋਗ ਸ਼ਬਦਾਂ ਨਾਲ ਉਸਨੇ ਨਾਗਸੈਨ ਨੂੰ ਸੰਬੋਧਨ ਕੀਤਾ ਤੇ ਉਵੇਂ ਹੀ ਆਦਰਯੋਗ ਢੰਗ ਨਾਲ ਨਾਗਸੈਨ ਨੇ ਜੀ ਆਇਆ ਆਖਿਆ। ਆਸਣਾਂ ਉਪਰ ਬਿਰਾਜਮਾਨ ਹੋਣ ਪਿਛੋਂ ਬਾਦਸ਼ਾਹ ਨੇ ਕਿਹਾ – ”ਕੀ ਮੈਂ ਕੁਝ ਮਸਲਿਆਂ ਬਾਬਤ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਸਕਦਾ ਹਾਂ ਪੂਜਨੀਕ ਨਾਗਸੈਨ? ਨਾਗਸੈਨ ਨੇ ਕਿਹਾ – ਜੇ ਵਿਦਵਾਨਾਂ ਵਾਂਗ ਵਿਚਾਰ ਵਟਾਂਦਰਾ ਕਰਨ ਦਾ ਇਰਾਦਾ ਹੈ ਤਾਂ ਸੁਆਗਤ ਹੈ ਮਹਾਰਾਜ। ਜੇ ਬਾਦਸ਼ਾਹਾਂ ਵਾਂਗ ਗੱਲਾਂ ਕਰਨੀਆਂ ਹਨ ਫਿਰ ਆਗਿਆ ਨਹੀਂ ਹੈ। ਬਾਦਸ਼ਾਹ ਨੇ ਪ੍ਰਸੰਨਚਿਤ ਕਿਹਾ – ਵਿਦਵਾਨਾਂ ਵਾਂਗ, ਯਕੀਨਨ ਵਿਦਵਾਨਾਂ ਵਾਂਗ ਅਤੇ ਜਗਿਆਸੂਆਂ ਵਾਂਗ ਨਾਗਸੈਨ। ਬਾਦਸ਼ਾਹਾਂ ਵਾਂਗ ਹਰਗਿਜ਼ ਨਹੀਂ। ਇਸ ਪਿਛੋਂ ਸਵਾਲਾਂ ਅਤੇ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਨਮੂਨੇ ਵਾਸਤੇ ਕੁਝ ਕੁ ਹਿੱਸੇ ਇਥੇ ਦਿਤੇ ਗਏ ਹਨ।
ਮਿਲਿੰਦ ਅਤੇ ਨਾਗਸੈਨ ਇਕ ਦੂਜੇ ਨੂੰ ਸਤਿਕਾਰ ਨਾਲ ਮਿਲੇ। ਆਹਮੋ ਸਾਹਮਣੇ ਬੈਠ ਕੇ ਇਉ’ ਗੱਲਾਂ ਹੋਈਆਂ-

ਮਿਲਿੰਦ- ਤੁਸੀ’ ਸਿਧਾਰਥ ਨੂੰ ਦੇਖਿਆ ਨਹੀ’ ਨਾਗਸੈਨ। ਫਿਰ ਕਿਵੇ’ ਦਾਅਵਾ ਕਰਦੇ ਹੋ ਕਿ ਉਹ ਵੱਡਾ ਸੀ?
ਨਾਗਸੈਨ- ਸਮੁੰਦਰ ਵੱਡਾ ਹੈ ਨਾ ਮਹਾਰਾਜ ਮਿਲਿੰਦ?

ਮਿਲਿੰਦ- ਹਾਂ ਨਾਗਸੈਨ, ਸਮੁੰਦਰ ਯਕੀਨਨ ਵੱਡਾ ਹੈ।
ਨਾਗਸੈਨ- ਕਿਵੇ’ ਸਾਬਤ ਕਰੋਗੇ ਕਿ ਸਮੁੰਦਰ ਵੱਡਾ ਹੈ?

ਮਿਲਿੰਦ- ਮੈ’ ਦਾਰਸ਼ਨਿਕ ਨਹੀ’ ਹਾਂ ਨਾਗਸੈਨ। ਕਿਰਪਾ ਕਰਕੇ ਤੁਸੀ’ ਹੀ ਦੱਸੋ ਕਿ ਸਮੁੰਦਰ ਵੱਡਾ ਕਿਵੇ’ ਹੈ।
ਨਾਗਸੈਨ- ਗਰਮੀ ਦੀ ਰੁੱਤੇ ਲੂਆਂ ਵਗਦੀਆਂ ਹਨ ਤਾਂ ਸਭ ਨਦੀਆਂ ਨਾਲੇ ਝੀਲਾਂ ਤਲਾਬ ਸੁੱਕ ਜਾਂਦੇ ਹਨ। ਗਰਮੀਆਂ ਵਿਚ ਕਦੀ ਸਮੁੰਦਰ ਵੀ ਸੁੱਕਿਆ ਹੈ?

ਮਿਲਿੰਦ- ਨਹੀ’ ਨਾਗਸੈਨ, ਅਜਿਹਾ ਨਹੀ’ ਹੁੰਦਾ।
ਨਾਗਸੈਨ- ਬਰਸਾਤ ਦੀ ਰੁੱਤੇ ਸਭ ਨਦੀਆਂ ਨਾਲੇ ਝੀਲਾਂ ਤਲਾਬ ਨੱਕੋ ਨੱਕ ਭਰ ਕੇ ਉਛੱਲ ਜਾਂਦੇ ਹਨ। ਸਮੁੰਦਰ ਉਤੇ ਵੀ ਬਾਰਸ਼ ਹੁੰਦੀ ਹੈ। ਸੈ’ਕੜੇ ਨਦੀਆਂ ਵੀ ਉਸ ਵਿਚ ਡਿਗਦੀਆਂ ਹਨ। ਪਰ ਕਦੀ ਸਮੁੰਦਰ ਕਿਨਾਰਿਆਂ ਤੋ’ ਬਾਹਰ ਨਹੀ’ ਉਛਲਦਾ।

ਮਿਲਿੰਦ- ਸਹੀ ਹੈ ਪੂਜਨੀਕ ਨਾਗਸੈਨ।
ਨਾਗਸੈਨ- ਇਸ ਲਈ ਸਾਬਤ ਹੋਇਆ ਕਿ ਸਮੁੰਦਰ ਵੱਡਾ ਹੈ। ਬ੍ਰਾਹਮਣਾਂ ਨੇ ਸਿਧਾਰਥ ਦੇ ਖਿਲਾਫ ਹਜ਼ਾਰਾਂ ਗ੍ਰੰਥ ਲਿਖੇ। ਪਰ ਜਿੱਡਾ ਉਹ ਸੀ, ਇਹ ਗ੍ਰੰਥ ਉਸ ਦਾ ਕੱਦ ਘਟਾ ਨਹੀ’ ਸਕੇ। ਬੋਧੀ ਵਿਦਵਾਨਾਂ ਨੇ ਉਸਦੀ ਉਸਤਤਿ ਵਿਚ ਲੱਖਾਂ ਗ੍ਰੰਥ ਰਚੇ। ਪਰ ਜਿੱਡਾ ਉਸਦਾ ਕੱਦ ਸੀ, ਇਹ ਗ੍ਰੰਥ ਉਸਨੂੰ ਹੋਰ ਨਹੀ’ ਵਧਾ ਪਾਏ। ਇਸ ਕਰਕੇ ਮੈ’ ਆਖਦਾ ਹਾਂ ਮਹਾਰਾਜ ਕਿ ਸਿਧਾਰਥ ਵੱਡਾ ਸੀ।

ਮਿਲਿੰਦ- ਪਰ ਨਾਗਸੈਨ, ਹੁਣ ਤਾਂ ਉਹ ਨਹੀ’ ਰਿਹਾ। ਫਿਰ ਉਸਨੂੰ ਯਾਦ ਕਰਨ ਦਾ ਕੀ ਲਾਭ?
ਨਾਗਸੈਨ- ਜਿਸ ਲੱਕੜ ਦੀ ਅੱਗ ਸੇਕਦੇ ਰਹੇ, ਤੁਹਾਨੂੰ ਲੱਗਿਆ ਉਹ ਅੱਗ ਬੁਝ ਗਈ ਹੈ। ਪਰ ਅੱਗ ਲੱਕੜ ਵਿਚ ਅਜੇ ਵੀ ਹੈ। ਅੱਗ ਹਰੇਕ ਰੁੱਖ ਵਿਚ ਮੌਜੂਦ ਹੈ, ਬਸ ਛੁਪੀ ਹੋਈ ਹੈ ਤੇ ਕਿਸੇ ਵਕਤ ਵੀ ਮਘ ਸਕਦੀ ਹੈ, ਕਿਸੇ ਵਿਚ ਵੀ। ਅੱਗ ਦਾ ਬੁਝਣਾ ਅੱਗ ਦੀ ਸਮਾਪਤੀ ਨਹੀ’ ਮਹਾਰਾਜ। ਤਥਾਗਤ ਵਿਸ਼ਵ ਦੇ ਹਿਰਦੇ ਵਿਚ ਸ਼ਾਂਤ ਛੁਪਿਆ ਹੋਇਆ ਹੈ।

ਮਿਲਿੰਦ- ਜਿਸ ਬੱਚੇ ਨੇ ਜਨਮ ਲਿਆ, ਉਹ ਵੱਡਾ ਹੋਇਆ। ਨਾਗਸੈਨ, ਜਿਹੜਾ ਵੱਡਾ ਹੋ ਗਿਆ ਹੈ, ਇਹ ਉਹੀ ਬੱਚਾ ਹੈ ਕਿ ਕੋਈ ਹੋਰ ਹੈ?
ਨਾਗਸੈਨ- ਉਹੀ ਵੀ ਹੈ ਮਹਾਰਾਜ ਅਤੇ ਉਹ ਨਹੀ’ ਵੀ ਹੈ।

ਮਿਲਿੰਦ- ਕਿਵੇ’ ਨਾਗਸੈਨ? ਉਹੀ ਵੀ ਅਤੇ ਉਹ ਨਹੀ’ ਵੀ, ਦੋਵੇ’ ਕਿਵੇ’?
ਨਾਗਸੈਨ- ਬਚਪਨ ਵਿਚ ਤੁਸੀ’ ਮਾਪਿਆਂ ਦੀ ਗੋਦ ਵਿਚ ਖੇਡੇ। ਫਿਰ ਸਕੂਲ ਵਿਚ ਵਿਦਿਆ ਪ੍ਰਾਪਤ ਕੀਤੀ। ਫਿਰ ਤੁਸੀ’ ਹਕੂਮਤ ਸੰਭਾਲੀ। ਜੇ ਤੁਸੀ’ ਬਿਲਕੁਲ ਕੋਈ ਹੋਰ ਹੋ ਤਾਂ ਫਿਰ ਉਹ ਕੌਣ ਸੀ ਜਿਹੜਾ ਪੰਘੂੜੇ ਵਿਚ ਖੇਡਿਆ ਸੀ? ਉਹ ਕੌਣ ਸੀ ਜਿਸਨੇ ਸਕੂਲ ਵਿਚ ਵਿਦਿਆ ਪ੍ਰਾਪਤ ਕੀਤੀ ਸੀ? ਜੇ ਉਹ ਕੋਈ ਹੋਰ ਸੀ ਤਾਂ ਉਹੀ ਵਿਦਿਆ ਫਿਰ ਤੁਹਾਡੇ ਕੰਮ ਕਿਵੇ’ ਆ ਰਹੀ ਹੈ? ਪੰਘੂੜੇ ਵਿਚ ਪਏ ਬੱਚੇ ਦੀ ਮਾਂ ਉਹੀ ਹੈ ਜੋ ਅੱਜ ਇਸ ਬਾਦਸ਼ਾਹ ਦੀ ਮਾਂ ਹੈ। ਇਸ ਲਈ ਮਿਲਿੰਦ-ਬੱਚਾ ਉਹੀ ਵੀ ਹੈ ਤੇ ਹੋਰ ਵੀ। ਜਿਸ ਨੇ ਚੋਰੀ ਕੀਤੀ, ਉਹੀ ਸੀ ਜਿਸ ਦੇ ਹੱਥ ਕੱਟੇ ਗਏ। ਰਾਤ ਭਰ ਇਕ ਦੀਵਾ ਬਲਿਆ। ਪਹਿਲੇ ਪਹਿਰ ਲਾਟ ਹੋਰ ਸੀ, ਅੱਧੀ ਰਾਤ ਹੋਰ ਤੇ ਸਵੇਰ ਹੋਰ। ਦੀਵਾ ਉਹੀ ਹੈ ਮਹਾਰਾਜ ਜਿਹੜਾ ਰਾਤ ਭਰ ਬਲਦਾ ਰਿਹਾ। ਜੀਵਨ, ਰੂਪ ਬਦਲਦਾ ਹੈ ਪਰ ਉਹੀ ਹੈ।

ਮਿਲਿੰਦ- ਕੀ ਵਿਚਾਰ ਵਟਾਂਦਰੇ ਨਾਲ ਗਿਆਨ ਪ੍ਰਾਪਤ ਹੋ ਜਾਂਦਾ ਹੈ ਨਾਗਸੈਨ?
ਨਾਗਸੈਨ- ਇਸ ਦੀ ਸੰਭਾਵਨਾ ਹੈ ਮਹਾਰਾਜ। ਹੋ ਸਕਦਾ ਹੈ।

ਮਿਲਿੰਦ- ਮੈ’ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹਾਂ। ਪਰ ਥੋੜ੍ਹੀ ਦੇਰ ਬਾਦ ਸਾਡਾ ਸੰਵਾਦ ਖ਼ਤਮ ਹੋ ਜਾਵੇਗਾ। ਕੀ ਫਿਰ ਗਿਆਨ ਵੀ ਨਾਲ ਹੀ ਖਤਮ ਨਹੀ’ ਹੋ ਜਾਵੇਗਾ ਨਾਗਸੈਨ?
ਨਾਗਸੈਨ- ਅਜਿਹਾ ਨਹੀ’ ਹੁੰਦਾ ਮਹਾਰਾਜ। ਮੈ’ ਰਾਤ ਨੂੰ ਉਠਿੱਆ। ਦੀਵਾ ਬਾਲਿਆ ਅਤੇ ਇਕ ਜਰੂਰੀ ਸੁਨੇਹਾ ਖ਼ਤ ਵਿਚ ਲਿਖ ਕੇ ਭਿੱਖੂ ਨੂੰ ਦਿਤਾ ਤੇ ਖ਼ਾਸ ਥਾਂ ਉਤੇ ਪੁਚਾਣ ਲਈ ਕਹਿ ਕੇ ਦੀਵਾ ਬੁਝਾ ਕੇ ਮੈ’ ਫਿਰ ਸੌ’ ਗਿਆ। ਪੱਤਰ ਲਿਖਿਆ ਜਾ ਚੁੱਕਾ ਸੀ ਮਹਾਰਾਜ, ਦੀਵਾ ਬੁਝਾਉਣ ਨਾਲ ਉਸਦੀ ਲਿਖਤ ਮਿਟੇਗੀ ਨਹੀ’।

ਮਿਲਿੰਦ- ਸੁਹਣੀਆਂ ਲੱਗਣ ਵਾਲੀਆਂ ਵਸਤਾਂ ਚੰਗੀਆਂ ਹਨ ਕਿ ਬੁਰੀਆਂ ਨਾਗਸੈਨ?
ਨਾਗਸੈਨ- ਚੰਗੀਆਂ ਵੀ ਹਨ, ਬੁਰੀਆਂ ਵੀ ਹਨ, ਚੰਗਿਆਈ ਬੁਰਾਈ ਤੋ’ ਪਰੇ ਵੀ ਹਨ।

ਮਿਲਿੰਦ- ਉਹ ਕਿਵੇ’ ਨਾਗਸੈਨ?
ਨਾਗਸੈਨ- ਗਰਮੀ ਵਿਚ ਦਿਲ ਕਰਦਾ ਹੈ ਠੰਢੀ ਹਵਾ ਵਗੇ। ਸਰਦੀਆਂ ਵਿਚ ਨਿੱਘ ਚੰਗੀ ਲਗਦੀ ਹੈ। ਦੋਵੇ’ ਚੰਗੀਆਂ ਵੀ ਲਗਦੀਆਂ ਹਨ ਤੇ ਬੁਰੀਆਂ ਵੀ।

ਮਿਲਿੰਦ- ਠੀਕ ਹੈ ਨਾਗਸੈਨ। ਪਰ ਜੇ ਸਰਦੀ ਅਤੇ ਗਰਮੀ ਇਕੱਠੀ ਹੋ ਜਾਵੇ ਕੀ ਫਿਰ ਚੰਗੀਆਂ ਲੱਗਣਗੀਆਂ?
ਨਾਗਸੈਨ- ਅਜਿਹੀ ਗੱਲ ਵੀ ਨਹੀ’ ਮਹਾਰਾਜ। ਇੱਕ ਬੰਦੇ ਨੂੰ ਕਹੋ ਦੋਵੇ’ ਹੱਥ ਅੱਗੇ ਫੈਲਾਏ। ਇੱਕ ਹੱਥ ਉਪਰ ਗਰਮ ਲੋਹੇ ਦਾ ਟੁੱਕੜਾ ਰੱਖ ਦਿਉ ਤੇ ਦੂਜੇ ਉਪਰ ਬਰਫ ਦਾ ਗੋਲਾ। ਇਕੋ ਵਕਤ ਗਰਮ ਅਤੇ ਸਰਦ ਵਸਤੂ ਨਾਲ ਦੋਹਾਂ ਹੱਥਾਂ ਨੂੰ ਦੁੱਖ ਪੁਜੇਗਾ। ਦਰਦ ਦੀ ਕਿਸਮ ਭਿੰਨ ਭਿੰਨ ਹੈ, ਪਰ ਦੁਖ ਤਾਂ ਦੁਖ ਹੈ ਮਹਾਰਾਜ। ਦੁਖ ਕਰਵਟਾਂ ਬਦਲਦਾ ਹੈ ਲਗਾਤਾਰ।

ਮਿਲਿੰਦ- ਤੁਹਾਡੇ ਗ੍ਰੰਥਾਂ ਵਿਚ ਲਿਖਿਆ ਹੈ ਕਿ ਬੁਰੇ ਕਰਮ ਕਰਨ ਵਾਲੇ ਲੋਕਾਂ ਨੂੰ ਸੈ’ਕੜੇ ਸਾਲ ਦੋਜ਼ਖ਼ ਦੀ ਅੱਗ ਵਿਚ ਸੜਨਾ ਪਵੇਗਾ। ਇਹ ਵੀ ਲਿਖਿਆ ਹੈ ਕਿ ਦੋਜ਼ਖ ਦੀ ਅੱਗ ਧਰਤੀ ਦੀ ਅੱਗ ਤੋ’ ਕਿਤੇ ਵਧੀਕ ਤੇਜ਼ ਹੈ। ਇਹ ਕਿਵੇ’ ਹੋ ਸਕਦਾ ਹੈ ਨਾਗਸੈਨ? ਇਸ ਅੱਗ ਵਿਚ ਲਾਸ਼ ਕੁੱਝ ਸਮੇ’ ਵਿਚ ਭਸਮ ਹੋ ਜਾਂਦੀ ਹੈ। ਫਿਰ ਦੋਜ਼ਖਾਂ ਦੀ ਅੱਗ, ਜਿਹੜੀ ਕਿ ਵੱਧ ਤੇਜ਼ ਹੈ ਵਿਚ ਸੈ’ਕੜੇ ਸਾਲ ਕਿਵੇਂ ਸਾੜੇਗੀ?
ਨਾਗਸੈਨ- ਦੇਵਲੋਕ ਦੇ ਤਾਂ ਵਚਿਤਰ ਵਰਤਾਰੇ ਹਨ ਹੀ,ਧਰਤੀ ਉਪਰ ਵੀ ਇਹੋ ਜਿਹੇ ਕੌਤਕ ਦੇਖਣ ਨੂੰ ਮਿਲ ਜਾਂਦੇ ਹਨ। ਸ਼ੇਰਨੀ ਆਪਣਾ ਸ਼ਿਕਾਰ ਮਾਰਦੀ ਹੈ। ਮਾਸ ਅਤੇ ਹੱਡੀਆਂ ਚਬਾ ਜਾਂਦੀ ਹੈ। ਇਹ ਮਾਸ ਅਤੇ ਹੱਡੀਆਂ ਕੁਝ ਘੰਟਿਆਂ ਵਿਚ ਗਲ ਜਾਂਦੀਆਂ ਹਨ, ਹਜ਼ਮ ਹੋ ਜਾਂਦੀਆਂ ਹਨ। ਜਿਸ ਪੇਟ ਦੀ ਅਗਨੀ ਵਿਚ ਜਾ ਕੇ ਹੱਡੀਆਂ ਤੱਕ ਗਲ ਗਈਆਂ, ਇਸੇ ਪੇਟ ਵਿਚ ਸ਼ੇਰਨੀ ਦਾ ਬੱਚਾ ਗਲਦਾ ਨਹੀ’ ਸਗੋ’ ਪਲ ਰਿਹਾ ਹੈ। ਇਥੇ ਵੀ ਇਹੋ ਜਿਹੇ ਦਿਲਚਸਪ ਵਰਤਾਰੇ ਹਨ ਮਹਾਰਾਜ।

ਮਿਲਿੰਦ- ਸਮੇ’ ਦੀ ਜੜ੍ਹ ਕਿਥੇ ਹੈ ਨਾਗਸੈਨ? ਭੂਤ, ਵਰਤਮਾਨ ਤੇ ਭਵਿਖ ਕਿਥੋ’ ਆਏ?
ਨਾਗਸੈਨ- ਕਾਲ ਦੀ ਜੜ੍ਹ ਅਗਿਆਨਤਾ ਵਿਚ ਹੈ ਮਹਾਰਾਜ। ਅਗਿਆਨਤਾ ਕਾਰਨ ਵਾਸਨਾਵਾਂ ਪੈਦਾ ਹੋਈਆਂ। ਵਾਸਨਾਵਾਂ ਕਾਰਨ ਕਰਮ ਕੀਤੇ। ਕਰਮਾਂ ਕਰਕੇ ਨਾਮ ਤੇ ਰੂਪ ਮਿਲਿਆ, ਗਿਆਨ ਇੰਦਰੀਆਂ ਮਿਲੀਆਂ। ਭੁੱਖ ਪਿਆਸ ਮਿਲੀ। ਜਨਮ, ਮੌਤ ਮਿਲੇ। ਇਹ ਸਭ ਦੁੱਖ ਹੈ। ਇਕ ਦੁੱਖ ਵਿਚੋ’ ਨਿਕਲਿਆ ਦੂਜਾ ਦੁਖ। ਬਸ ਕਾਲ ਅਤੇ ਦੁਖ ਇਕ ਦੂਜੇ ਵਿਚ ਹਨ ਤੇ ਦੋਹਾਂ ਦੀ ਜੜ੍ਹ ਅਗਿਆਨਤਾ ਵਿਚ ਹੈ।

ਮਿਲਿੰਦ- ਕਾਲ ਤੋ’ ਮੁਕਤ ਕਿਵੇ’ ਹੋਈਏ ਨਾਗਸੈਨ?
ਨਾਗਸੈਨ- ਦੇਖੋ ਮਹਾਰਾਜ ਮੈ’ ਧਰਤੀ ਉਪਰ ਇਹ ਗੋਲ ਚੱਕਰ ਵਾਹ ਦਿੱਤਾ ਹੈ। ਦੱਸੋ ਇਹ ਚੱਕਰ ਕਿਥੋ’ ਸ਼ੁਰੂ ਹੋਇਆ ਹੈ ਤੇ ਕਿਥੇ ਖਤਮ ਹੁੰਦਾ ਹੈ। ਇਸ ਦਾ ਕੋਈ ਸਿਰਾ ਨਹੀ’। ਜਦ ਤੱਕ ਇਹ ਚੱਕਰ ਹੈ, ਮੁਕਤੀ ਨਹੀ’। ਕਾਲ ਦਾ ਇਹ ਚੱਕਰ ਤੋੜਨਾ ਪਵੇਗਾ। ਜਦੋ’ ਚੱਕਰ ਟੁੱਟੇਗਾ ਤਾਂ ਮਨੁੱਖ ਅਕਾਲੀ ਹੋ ਜਾਵੇਗਾ।

ਮਿਲਿੰਦ- ਦ੍ਰਿੱਸ਼ ਪਹਿਲਾਂ ਹੈ ਕਿ ਵਿਚਾਰ ਨਾਗਸੈਨ? ਤੇ ਕਿਉ’?
ਨਾਗਸੈਨ- ਪਹਿਲਾਂ ਦ੍ਰਿੱਸ਼ ਹੈ। ਵਿਚਾਰ ਬਾਦ ਵਿਚ ਪੈਦਾ ਹੁੰਦਾ ਹੈ। ਕਿਉ’ ਦਾ ਉਤੱਰ ਇਹ ਹੈ ਕਿ ਦ੍ਰਿੱਸ਼ ਉਚਾ ਹੈ। ਵਿਚਾਰ ਉਸ ਤੋ’ ਹੇਠਾਂ ਹੈ। ਇਹ ਵਿਧਾਨ ਹੈ ਕਿ ਪਾਣੀ ਨੇ ਉਪਰੋ’ ਹੇਠਾਂ ਆਉਣਾ ਹੈ। ਪਰਸੋ’ ਮੀ’ਹ ਪਿਆ। ਪਾਣੀ ਨੀਵਾਣਾਂ ਵੱਲ ਚਲਾ ਗਿਆ। ਕੱਲ੍ਹ ਫਿਰ ਮੀ’ਹ ਪਿਆ। ਉਸੇ ਰਸਤੇ ਪਾਣੀ ਫਿਰ ਚਲਾ ਗਿਆ। ਪਰਸੋ’ ਵਾਲੇ ਪਾਣੀ ਨੇ ਕੱਲ੍ਹ ਵਾਲੇ ਪਾਣੀ ਨੂੰ ਰਸਤਾ ਨਹੀ’ ਦੱਸਿਆ ਸੀ। ਕੱਲ੍ਹ ਵਾਲੇ ਪਾਣੀ ਨੇ ਵੀ ਪਰਸੋ’ ਵਾਲੇ ਪਾਣੀ ਨੂੰ ਇਹ ਨਹੀ’ ਕਿਹਾ ਕਿ ਭਰਾ ਮੈ’ ਤੇਰੇ ਪਾਏ ਪੂਰਨਿਆਂ ’ਤੇ ਚੱਲਾਂਗਾ। ਦੋਹਾਂ ਦੀ ਕੋਈ ਗੱਲ ਆਪਸ ਵਿਚ ਨਹੀ’ ਹੋਈ ਪਰ ਇਕੋ ਰਸਤੇ ਗਏ। ਨਿਯਮ ਇਹੀ ਹੈ। ਵਿਧਾ ਇਹੀ ਹੈ।

ਮਿਲਿੰਦ- ਜਾਣਕਾਰੀ ਅਤੇ ਗਿਆਨ ਵਿਚ ਕੀ ਫਰਕ ਹੈ ਨਾਗਸੈਨ ਮਿੱਤਰ?
ਨਾਗਸੈਨ- ਬਾਜਰੇ ਦੀ ਵਾਢੀ ਕਰਦੇ ਕਿਸਾਨ ਦੇਖੋ। ਖੱਬੇ ਹੱਥ ਨਾਲ ਉਹ ਕੁੱਝ ਬੂਟਿਆਂ ਦਾ ਦੱਥਾ ਫੜਦੇ ਹਨ ਤੇ ਸੱਜੇ ਹੱਥ ਨਾਲ ਦਾਤੀ ਚਲਾ ਕੇ ਕਟਦੇ ਹਨ। ਇਉ’ ਦੱਥਾ ਫੜਨਾ ਤੇ ਕੱਟਣਾ ਉਨ੍ਹਾਂ ਦੀ ਜਾਣਕਾਰੀ ਹੈ ਤੇ ਇਕੱਠਾ ਕੀਤਾ ਅੰਨ, ਗਿਆਨ।

ਮਿਲਿੰਦ- ਗਿਆਨ ਅਤੇ ਅਗਿਆਨਤਾ ਵਖ ਵਖ ਹਨ ਕਿ ਇਕੱਠੇ?
ਨਾਗਸੈਨ- ਵਖ ਵਖ ਵੀ ਹਨ ਇਕੱਠੇ ਵੀ ਹਨ। ਠਠੇਰਿਆਂ ਨੂੰ ਤਾਂਬੇ ਦੇ ਬਰਤਨ ਬਣਾਉ’ਦੇ ਦੇਖੋ। ਤਾਂਬੇ ਦੀ ਚਾਦਰ ਕੁੱਟ ਕੁੱਟ ਉਹ ਗੋਲ ਕਰਦੇ ਜਾਂਦੇ ਹਨ ਤਾਂ ਸਹਿਜੇ ਸਹਿਜੇ ਗਾਗਰ ਬਣ ਜਾਂਦੀ ਹੈ। ਗਾਗਰ ਬਣਾਉਣ ਵੇਲੇ ਜਿਹੜੀ ਠਕ ਠਕ ਦੀ ਆਵਾਜ਼ ਹੋਈ ਉਹ ਫਾਲਤੂ ਸੀ ਪਰ ਆਵਾਜ਼ ਪੈਦਾ ਹੋਵੇਗੀ ਹੀ ਹੋਵੇਗੀ। ਅਸੀ’ ਆਵਾਜ਼ ਥੋੜ੍ਹੀ ਲੈਣੀ ਸੀ, ਸਾਨੂੰ ਤਾਂ ਗਾਗਰ ਚਾਹੀਦੀ ਸੀ। ਪਰ ਆਵਾਜ਼ ਵੀ ਪੈਦਾ ਹੋਵੇਗੀ। ਇਸ ਬੇਕਾਰ ਆਵਾਜ਼ ਨੂੰ ਅਗਿਆਨਤਾ ਸਮਝੋ ਤੇ ਗਾਗਰ ਨੂੰ ਗਿਆਨ। ਦੋਵੇ’ ਇਕੱਠੇ ਵੀ ਹਨ ਵੱਖ ਵੀ।

ਮਿਲਿੰਦ- ਕਿਤਾਬਾਂ ਵਿਚ ਅਤੇ ਗਿਆਨ ਵਿਚ ਕੀ ਫਰਕ ਹੈ ਨਾਗਸੈਨ?
ਨਾਗਸੈਨ- ਲੂਣ ਦਾ ਸੁਆਦ ਜੀਭ ਚਖਦੀ ਹੈ। ਪਰ ਲੂਣ ਨੂੰ ਅੱਖ ਵੀ ਦੇਖ ਸਕਦੀ ਹੈ। ਅੱਖ ਦੇਖ ਸਕਦੀ ਹੈ ਚੱਖ ਨਹੀ’ ਸਕਦੀ। ਲੂਣ ਵਿਚ ਭਾਰ ਹੈ, ਬਲਦ ਲੂਣ ਦਾ ਭਰਿਆ ਗੱਡਾ ਖਿਚਦੇ ਹਨ। ਲੂਣ ਨੂੰ ਅਸੀ’ ਤੋਲਦੇ ਹਾਂ, ਦੋ ਮਣ, ਪੰਜ ਮਣ। ਇਹ ਦੋ ਮਣ ਜਾਂ ਪੰਜ ਮਣ ਇਹ ਲੂਣ ਨਹੀ’, ਇਹ ਤਾਂ ਲੂਣ ਦਾ ਭਾਰ ਹੈ। ਲੂਣ ਉਹ ਨਮਕੀਨ ਚੀਜ਼ ਹੈ ਜਿਸ ਦਾ ਸੁਆਦ ਕੇਵਲ ਜੀਭ ਪਰਖੇਗੀ। ਕਿਤਾਬਾਂ ਵਿਚ ਤੇ ਗਿਆਨ ਵਿਚ ਉਹੀ ਫਰਕ ਹੈ ਜਿੰਨਾ ਭਾਰ ਵਿਚ ਤੇ ਸੁਆਦ ਵਿਚ ਹੈ।

ਮਿਲਿੰਦ- ਤੁਸੀ’ ਭਿੱਖੂ ਕੀ ਸਰੀਰ ਨੂੰ ਪਿਆਰ ਕਰਦੇ ਹੋ ਨਾਗਸੈਨ?
ਨਾਗਸੈਨ- ਨਹੀ’ ਮਹਾਰਾਜ ਅਜਿਹੀ ਕੋਈ ਗੱਲ ਨਹੀ’।
ਮਿਲਿੰਦ- ਫਿਰ ਤੁਸੀ’ ਇਸ਼ਨਾਨ ਕਿਉ’ ਕਰਦੇ ਹੋ? ਖਾਂਦੇ ਪੀ’ਦੇ ਕਿਉ’ ਹੋ?
ਨਾਗਸੈਨ- ਕੀ ਤੁਹਾਡੇ ਸਰੀਰ ਉਤੇ ਤੀਰ ਜਾਂ ਤਲਵਾਰ ਦਾ ਕਦੀ ਜ਼ਖਮ ਹੋਇਆ ਹੈ?

ਮਿਲਿੰਦ- ਹਾਂ ਇੱਕ ਵਾਰ ਨਹੀ’ ਅਨੇਕ ਵਾਰ।
ਨਾਗਸੈਨ- ਤਦ ਤੁਸੀ’ ਜ਼ਖਮ ਨੂੰ ਸਾਫ ਕਰਦੇ ਹੋ। ਫਿਰ ਮੱਲ੍ਹਮ ਲਾਉ’ਦੇ ਹੋ। ਫਿਰ ਪੱਟੀ ਬੰਨ੍ਹਦੇ ਹੋ। ਫਿਰ ਖਿਆਲ ਰਖਦੇ ਹੋ ਕਿ ਇਸ ਦੇ ਹੋਰ ਚੋਟ ਨਾ ਲੱਗੇ। ਕੀ ਤੁਸੀ’ ਜ਼ਖਮਾਂ ਨੂੰ ਪਿਆਰ ਕਰਦੇ ਹੋ ਮਹਾਰਾਜ, ਜੋ ਇੰਨਾ ਖਿਆਲ ਰਖਦੇ ਹੋ?

ਮਿਲਿੰਦ- ਨਹੀ’ ਨਾਗਸੈਨ ਵੱਡੇ ਭਰਾ। ਮੈ’ ਜ਼ਖਮਾਂ ਤੋ’ ਮੁਕਤ ਹੋਣ ਲਈ ਅਜਿਹਾ ਕਰਦਾ ਹਾਂ।
ਨਾਗਸੈਨ- ਅਸੀ’ ਵੀ ਸਰੀਰ ਨੂੰ ਪਿਆਰ ਨਹੀ’ ਕਰਦੇ। ਮੁਕਤ ਹੋਣ ਤੱਕ ਇਸ ਦੀ ਸੰਭਾਲ ਕਰਦੇ ਹਾਂ। ਅਨੰਤ ਸਦੈਵੀ ਅਮਰਾਪਦ ਉਪਰ ਦ੍ਰਿਸ਼ਟਮਾਨ ਸਾਡੇ ਸਰੀਰ ਨਿਕੇ ਨਿਕੇ ਜ਼ਖਮ ਹਨ।

ਮਿਲਿੰਦ- ਸਤਿਕਾਰਯੋਗ ਨਾਗਸੈਨ, ਇਕ ਵਾਰ ਸਿਧਾਰਥ ਨੇ ਕਿਹਾ ਸੀ, ”ਦਿਲ ਦੀ ਗੱਲ ਕਰੋਗੇ ਤਾਂ ਰੁਖ ਹੁੰਗਾਰਾ ਭਰਨਗੇ। ਰੁੱਖ ਵੀ ਜਵਾਬ ਦੇਣਗੇ।’’ ਇਹ ਕਥਨ ਠੀਕ ਨਹੀ’ ਲਗਦਾ ਨਾਗਸੈਨ। ਰੁੱਖਾਂ ਨੇ ਕਿਹੜੀ ਗੱਲ ਕਰਨੀ ਹੈ? ਫਿਰ ਤਥਾਗਤ ਨੇ ਇਹ ਕਥਨ ਕਿਉ’ ਕੀਤਾ?
ਨਾਗਸੈਨ- ਤਥਾਗਤ ਭਾਸ਼ਾ ਦਾ ਕਾਮਲ ਉਸਤਾਦ ਸੀ ਮਹਾਰਾਜ। ਭਾਸ਼ਾ ਦੇ ਅਰਥ ਜਿਵੇ’ ਤੁਸੀ’ ਸਮਝ ਰਹੇ ਹੋ,ਹਮੇਸ਼ ਉਸ ਪ੍ਰਕਾਰ ਨਹੀ’ ਹੁੰਦੇ। ਅਸੀ’ ਅਕਸਰ ਆਖ ਦਿੰਦੇ ਹਾਂ, ”ਗੁੜ ਦਾ ਗੱਡਾ ਜਾ ਰਿਹਾ ਹੈ।’’ ਗੱਡਾ ਗੁੜ ਦਾ ਬਣਿਆ ਹੋਇਆ ਨਹੀ’ ਹੁੰਦਾ। ਲੱਕੜ ਦਾ ਹੈ। ਗੁੜ ਉਸ ਵਿਚ ਭਰਿਆ ਹੋਇਆ ਹੈ। ਇਵੇ’ ਹੀ ਆਖਦੇ ਹਾਂ, ”ਉਹ ਆਟਾ ਪੀਹ ਰਹੀ ਹੈ। ਉਹ ਦੁੱਧ ਰਿੜਕ ਰਹੀ ਹੈ।’’ ਆਟਾ ਨਹੀ’ ਪੀਸ ਰਹੀ, ਔਰਤ ਦਾਣੇ ਪੀਸਦੀ ਹੈ ਤੇ ਦੁੱਧ ਕੋਈ ਨਹੀ’ ਰਿੜਕਦਾ ਹੁੰਦਾ, ਦਹੀ’ ਰਿੜਕੀ’ਦੀ ਹੈ। ਇਹ ਕਈ ਪ੍ਰਕਾਰ ਦੇ ਭਾਸ਼ਾਈ ਅਲੰਕਾਰ ਹਨ ਮਹਾਰਾਜ, ਇਨ੍ਹਾਂ ਨੂੰ ਸਾਦੇ ਅਰਥਾਂ ਵਿਚ ਨਹੀ’ ਸਮਝਿਆ ਜਾ ਸਕਦਾ। ਭਾਸ਼ਾ ਦੇ ਅਰਥ ਅਨੇਕ ਦ੍ਰਿਸ਼ਟੀਕੋਣਾਂ ਤੋ’ ਹੁੰਦੇ ਹਨ। ਤਥਾਗਤ ਨਵੀਨਤਮ ਅਲੰਕਾਰਾਂ ਦਾ ਸਿਰਜਣਹਾਰ ਸੀ ਮਹਾਰਾਜ।

ਇਕ ਸਵੇਰ ਸੰਵਾਦ ਰਚਾਉਣ ਵਾਸਤੇ ਦੋਵੇ’ ਆਪਸ ਵਿਚ ਮਿਲੇ ਤਾਂ ਇਸ ਤਰ੍ਹਾਂ ਗੱਲ ਹੋਈ:

ਮਿਲਿੰਦ- ਕਈ ਵਾਰ ਦੇਰ ਤੱਕ ਨੀ’ਦ ਨਹੀ’ ਆਉ’ਦੀ ਨਾਗਸੈਨ। ਦੇਰ ਤੱਕ ਸੋਚਦਾ ਰਹਿੰਦਾ ਹਾਂ ਕਿ ਮਹਾਨ ਸਾਧੂ ਨਾਗਸੈਨ ਵੱਡਾ ਵਿਦਵਾਨ ਹੈ। ਕਿਤੇ ਮੈ’ ਅਗਿਆਨਤਾ ਵਸ ਕੋਈ ਅਜਿਹਾ ਪ੍ਰਸ਼ਨ ਤਾਂ ਨਹੀ’ ਪੁੱਛ ਬੈਠਾ ਜਿਹੜਾ ਉਸਦੀ ਸ਼ਾਨ ਦੇ ਅਨੁਕੂਲ ਨਾ ਹੋਵੇ? ਕਿਤੇ ਕੋਈ ਅਵੱਗਿਆ, ਕੋਈ ਬੇਅਦਬੀ ਤਾਂ ਨਹੀ’ ਹੋਈ?
ਨਾਗਸੈਨ- ਦੇਰ ਤੱਕ ਮੇਰੇ ਨਾਲ ਵੀ ਅਜਿਹਾ ਵਾਪਰਦਾ ਹੈ ਮਹਾਰਾਜ। ਮੈ’ ਇਸ ਗੱਲੋ’ ਚਿੰਤਿਤ ਹੋ ਜਾਂਦਾ ਹਾਂ ਕਿ ਤੁਹਾਡੇ ਪ੍ਰਸ਼ਨਾਂ ਦੇ ਉਤੱਰ ਦਿੰਦਿਆਂ ਕਿਤੇ ਮੈ’ ਕੋਈ ਅਜਿਹੀ ਗੱਲ ਤਾਂ ਨਹੀ’ ਕਰ ਦਿੱਤੀ ਜਿਸ ਨਾਲ ਸਾਕਯਮੁਨੀ ਦੀ ਬੇਅਦਬੀ ਹੋਈ ਹੋਵੇ? ਮੇਰੇ ਦਿੱਤੇ ਉਤੱਰ ਸਿਧਾਰਥ ਦੀ ਸ਼ਖਸ਼ੀਅਤ ਅਤੇ ਧਰਮ ਦੇ ਅਨੁਸਾਰ ਵੀ ਸਨ ਕਿ ਨਹੀ’। ਉਸਦਾ ਰੁਤਬਾ ਬਹੁਤ ਵੱਡਾ ਹੈ ਮਹਾਰਾਜ ਮਿਲਿੰਦ। ਬੜਾ ਧਿਆਨ ਰੱਖਣਾ ਪਵੇਗਾ। ਪਰ ਉਹ ਤੁਹਾਡਾ ਅਸਾਡਾ ਸਭ ਦਾ ਹਿਤੈਸ਼ੀ, ਸਭ ਦਾ ਕਲਿਆਣਕਾਰੀ ਹੈ। ਉਹ ਸਾਡਾ ਸਹਾਈ ਹੋਵੇਗਾ। ਆਪਾਂ ਉਸਦੀ ਸ਼ਰਣ ਵਿਚ ਸੁਰੱਖਿਅਤ ਹਾਂ।

ਜਿਵੇਂ ਕੁੱਝ ਸਿੱਖ ਜਗਿਆਸੂ, ਬਚਿਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਇਸ ਕਰਕੇ ਨਹੀਂ ਮੰਨਦੇ ਕਿ ਇਸ ਵਿਚ ਉਨ੍ਹਾਂ ਨੇ ਪਿਛਲੇ ਜਨਮ ਬਾਬਤ ਲਿਖਿਆ ਤੇ ਇਹ ਪ੍ਰਸੰਗਰਹਿਤ ਹੈ, ਪਹਿਲੀ ਵਾਰ ਨਾਗਸੈਨ ਦਾ ਗ੍ਰੰਥ ਪੜ੍ਹਿਆ ਤਾਂ ਮੈਨੂੰ ਵੀ ਦੇਰ ਤਕ ਇਸ ਗੱਲ ਦੀ ਸਮਝ ਨਹੀਂ ਲੱਗੀ ਸੀ ਕਿ ਏਨੇ ਵਡੇ ਰੌਸ਼ਨ ਦਿਮਾਗ ਨਾਗਸੈਨ ਨੇ ਪਿਛਲੇ ਜਨਮ ਦੀ ਕਲਪਿਤ ਸਾਖੀ ਕਾਹਨੂੰ ਘੜਨੀ ਸੀ? ਉਸ ਨੂੰ ਮਿੱਥ ਸਿਰਜਣ ਦੀ ਲੋੜ ਕਿਉਂ ਪਈ? ਵਾਸਤਵ ਵਿਚ ਸਾਰੇ ਭਾਰਤੀ ਪੁਰਾਣ ਸਾਹਿਤ ਵਿਚ ਇਹ ਰਿਵਾਜ ਰਿਹਾ ਕਿ ਪੂਰਬਲੀ ਕਥਾ ਤੋਂ ਗੱਲ ਸ਼ੁਰੂ ਕਰੀਏ। ਅਜਿਹਾ ਇਸ ਕਰਕੇ ਕੀਤਾ ਜਾਂਦਾ ਸੀ ਕਿਉਂਕਿ ਇਸੇ ਪੂਰਬਲੀ ਕਥਾ ਤੋਂ ਗ੍ਰੰਥ ਰਚਣ ਦਾ ਮਨੋਰਥ ਪ੍ਰਗਟ ਹੁੰਦਾ ਹੈ। ਪਿਛਲੇ ਜਨਮ ਵਿਚ ਨਾਗਸੈਨ ਜਦੋਂ ਮਹਾਂਸੈਨ ਸੀ, ਉਦੋਂ ਉਹ ਵਿਦਵਾਨ ਸੀ ਪਰ ਧਰਮ ਤੋਂ ਸੱਖਣਾ ਤੇ ਕਰੋਧੀ। ਸਫ਼ਾਈ ਸੇਵਕ ਦੀ ਅਰਦਾਸ ਸੁਣਕੇ ਉਹ ਦੰਗ ਰਹਿ ਜਾਂਦਾ ਹੈ ਤੇ ਸਿਧਾਰਥ ਤੋਂ ਉਵੇਂ ਹੀ ਮੁਰਾਦਾਂ ਮੰਗਦਾ ਹੈ ਜਿਵੇਂ ਉਸਨੇ ਸੇਵਾਦਾਰ ਤੋਂ ਸੁਣੀਆਂ। ਵਡੇ ਤੋਂ ਵਡਾ ਵਿਦਵਾਨ ਜਦੋਂ ਜਾਹਲ ਤੋਂ ਜਾਹਲ ਅਖੌਤੀ ਸ਼ੁਦਰ ਤੋਂ ਸਿਖਿਆ ਲੈਣ ਲਈ ਤਿਆਰ ਹੋ ਜਾਵੇ ਉਦੋਂ ਉਹ ਧਰਮੀ ਹੋ ਜਾਂਦਾ ਹੈ। ਦੂਜਾ ਸੰਦੇਸ਼ ਨਾਗਸੈਨ ਇਹ ਦੇ ਰਿਹਾ ਹੈ ਕਿ ਨੀਵੀਂ ਤੋਂ ਨੀਂਵੀਂ ਸੇਵਾ ਕਰੋਗੇ ਤਾਂ ਰਾਜ ਸਿੰਘਾਸਨ ਮਿਲਣਗੇ। ਤੀਜਾ ਸੰਕੇਤ ਇਹ ਹੈ ਕਿ ਭਿੱਖੂ, ਮਿਲਿੰਦ ਦੀ ਸ਼ਾਨ ਤੋਂ ਵਧੀਕ ਪ੍ਰਭਾਵਿਤ ਨਾ ਹੋਣ। ਪਿਛਲੇ ਜਨਮ ਵਿਚ ਉਹ ਬੋਧਾਸ਼ਰਮ ਦਾ ਝਾੜੂ ਬਰਦਾਰ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਇਹ ਦੱਸ ਰਹੇ ਹਨ ਕਿ ਪਿਛਲੇ ਜਨਮ ਵਿਚ ਉਨ੍ਹਾਂ ਨੇ ਸਪਤਸ਼ਿ੍ਰੰਗ ਉਪਰ ਤਪੱਸਿਆ ਕੀਤੀ ਸੀ ਤਦ ਉਨ੍ਹਾਂ ਦਾ ਮਨੋਰਥ ਇਹ ਹੈ ਕਿ ਪੁਰਾਤਨ ਭਾਰਤੀ ਰੂਹਾਨੀਅਤ ਦੇ ਸਹੀ ਵਾਰਸ ਉਹ ਖੁਦ ਹਨ ਜਿਸਨੂੰ ਹਿੰਦੂ ਭੁੱਲ ਚੁਕੇ ਹਨ। ਸੱਚ ਇੱਕ ਹੈ ਤਾਂ ਰਿਗਵੇਦ ਦੇ ਰੂਪ ਵਿਚ ਰਿਸ਼ੀਆਂ ਨੇ ਜੋ ਉਤਾਰਿਆ ਸੀ ਉਸ ਸੱਚ ਨੂੰ ਹਿੰਦੁਸਤਾਨ ਭੁੱਲ ਗਿਆ। ਗੁਰਮੁਖੀ ਅੱਖਰਾਂ ਅਤੇ ਦੇਸੀ ਜੁਬਾਨ ਵਿਚ ਆਦਿ ਸੱਚ ਮੁੜਕੇ ਪ੍ਰਗਟ ਕਰਨ ਦੇ ਮਨੋਰਥ ਨਾਲ ਦਸਮਗ੍ਰੰਥ ਬਾਣੀ ਪ੍ਰਕਾਸ਼ਵਾਨ ਹੋਈ ਅਤੇ ਸਨਾਤਨੀ ਹਿੰਦੂ ਧਰਮ ਗ੍ਰੰਥਾਂ ਦੀ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਪਹਿਲੀ ਵਾਰ ਟਕਸਾਲੀ ਵਿਆਖਿਆ ਦਸਮਗ੍ਰੰਥ ਵਿਚ ਹੋਈ।
ਪਾਠਕਾਂ ਨੂੰ ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਮਹਾਤਮਾ ਬੁੱਧ ਨੂੰ ਜਿਹੜੇ ਵੈਦਿਕ ਦੇਵਤੇ ਚੰਗੇ ਨਹੀਂ ਲੱਗੇ ਉਹ ਉਸਨੇ ਮਾਰ ਦਿਤੇ, ਜਿਹੜੇ ਮਰੇ ਨਾਂ, ਉਹਨਾਂ ਦੀਆਂ ਸ਼ਕਤੀਆਂ ਘਟਾ ਦਿੱਤੀਆਂ (Demoted) ਤੇ ਇੰਦਰ ਵਰਗੇ ਜਿਹੜੇ ਦੇਵਤੇ ਬਹੁਤ ਵਧੀਕ ਹਰਮਨ ਪਿਆਰੇ ਸਨ, ਉਨ੍ਹਾਂ ਦੇ ਸੁਭਾਅ ਬਦਲ ਦਿਤੇ। ਰਿਗਵੇਦ ਵਿਚਲਾ ਇੰਦਰ ਹਿੰਸਕ ਹੈ ਪਰ ਤ੍ਰਿਪਿਟਿਕ ਵਿਚਲਾ ਸਖੀ ਤੇ ਦਿਆਲੂ। ਬੋਧ ਕਥਾ ਵਿਚ ਲਿਖਿਆ ਹੈ – ਇੰਦਰ ਨੂੰ ਬਦਨਾਮ ਕਰਨ ਲਈ ਬ੍ਰਾਹਮਣਾਂ ਨੇ ਉਸਨੂੰ ਹਿੰਸਕ ਲਿਖਿਆ ਜਦੋਂ ਕਿ ਉਸਨੇ ਕਿਸੇ ਦੇਸ ’ਤੇ ਹਮਲਾ ਨਹੀਂ ਕੀਤਾ ਸੀ ਤੇ ਕੋਈ ਹੱਤਿਆ ਨਹੀਂ ਕੀਤੀ ਸੀ, ਹਾਂ ਕੋਈ ਉਸ ਦੇ ਦੇਸ ’ਤੇ ਹਮਲਾ ਕਰਦਾ ਤਾਂ ਬਚਾਉ ਲਈ ਲੜਦਾ ਸੀ। ਇਕ ਵਾਰ ਬਚਾਉ ਹਿਤ ਸੈਨਾ ਦੀ ਅਗਵਾਈ ਕਰਦਿਆਂ ਉਹ ਜਾ ਰਿਹਾ ਸੀ ਤਾਂ ਅਗੇ ਨਰਮੇ ਦੇ ਖੇਤ ਵਿਚੋਂ ਲੰਘਣਾ ਪਿਆ। ਇੰਦਰ ਨੇ ਦੇਖਿਆ ਕਿ ਇਕ ਛਟੀ ਉਪਰ ਚਿੜ੍ਹੀ ਦਾ ਆਹਲਣਾ ਹੈ ਜਿਸ ਵਿਚ ਉਸਦੇ ਬੋਟ ਹਨ। ਇੰਦਰ ਨੇ ਤੁਰੰਤ ਸੈਨਾ ਰੋਕੀ ਅਤੇ ਹੁਕਮ ਦਿਤਾ ਕਿ ਨਰਮੇ ਦੇ ਖੇਤ ਦੁਆਲੇ ਵਲ ਪਾ ਕੇ ਲੰਘੋ ਕਿਉਂਕਿ ਬੋਟ ਬਚਣੇ ਚਾਹੀਦੇ ਹਨ।
ਚਿੜੀ ਦੀ ਇਹ ਸਾਖੀ ਕਿਸੇ ਵੈਦਿਕ ਗ੍ਰੰਥ ਵਿਚ ਦਰਜ ਨਹੀਂ ਹੈ। ਇਹ ਕੇਵਲ ਬੋਧਕਥਾ ਹੈ। ਦੁਨੀਆਂ ਵਿਚ ਅੱਜ ਵੀ ਜੇ ਸਿਖ ਨਾਵਾਂ ਦੇ ਪਿਛੇਤਰ ਦੀ ਗਿਣਤੀ ਕਰੀਏ ਤਾਂ ਇੰਦਰ ਦੀ ਪ੍ਰਤੀਸ਼ਤਤਾ ਇਕ ਨੰਬਰ ਤੇ ਰਹੇਗੀ (ਇੰਦਰ ਸਿੰਘ, ਰਾਜਿੰਦਰ ਸਿੰਘ, ਵਰਿੰਦਰ ਸਿੰਘ ਆਦਿ) ਦਸਮ ਗ੍ਰੰਥ ਵਿਚਲੇ ਦੇਵਤੇ ਅਤੇ ਅਵਤਾਰ ਵੈਦਿਕ ਦੇਵਤਿਆਂ ਅਵਤਾਰਾਂ ਤੋਂ ਭਿੰਨ ਹਨ। ਸਭ ਤੋਂ ਲੰਮਾ ਕ੍ਰਿਸ਼ਨਾਵਤਾਰ ਪੜ੍ਹੋ ਤਾਂ ਹੈਰਾਨ ਹੋਵੋਗੇ ਕਿ ਖੜਗ ਸਿੰਘ ਕ੍ਰਿਸ਼ਨ ਜੀ ਵਿਰੁੱਧ ਜੰਗ ਲੜ ਕੇ ਕ੍ਰਿਸ਼ਨ ਨੂੰ ਹਰਾ ਰਿਹਾ ਹੈ। ਕ੍ਰਿਸ਼ਨ ਜੀ ਉਸ ਵਿਰੁੱਧ ਮੁਸਲਮਾਨਾਂ ਦੀ ਸਹਾਇਤਾ ਲੈ ਰਹੇ ਹਨ। ਦੁਆਪਰ ਯੁੱਗ ਵਿਚ ਉਦੋਂ ਨਾ ਮੁਸਲਮਾਨ ਸਨ ਨਾ ਸਿੱਖ। ਅਜੇ ਤਾਂ ਇਹ ਧਰਮ ਪੈਦਾ ਨਹੀਂ ਹੋਏ ਸਨ ! ਫ਼ਿਰ ਇਹ ਕੀ ਹੋਇਆ? ਇਹੋ ਤਾਂ ਨਾਟਕ ਹੈ ਜੋ ਬਚਿਤ੍ਰ ਹੈ। ਕੁਝ ਬੰਦਿਆਂ ਨੇ ਇਸ ਨੂੰ Politics of Poetry ਕਿਹਾ ਹੈ। ਕ੍ਰਿਸ਼ਨ ਭਗਤ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਰਲ ਕੇ ਸਿੰਘਾਂ ਵਿਰੁੱਧ ਜੰਗ ਲੜਨਾ ਹੈ, ਜਿਸ ਵਿਚ ਪੰਥ ਵਿਜੇਤਾ ਹੋਵੇਗਾ, ਇਹੋ ਦਸਮ ਗ੍ਰੰਥ ਦੀ ਸਿਆਸਤ ਹੈ, ਇਹੋ ਸੱਚ ਸਾਬਤ ਹੋਇਆ।
ਨਾਗਸੈਨ ਦੀ ਪੁੱਬ ਕਥਾ ਅਤੇ ਬਚਿਤ੍ਰ ਨਾਟਕ ਦੀ ਪਿੱਠਭੂਮੀ ਦੇ ਮਨੋਰਥ ਗੂੜ੍ਹ ਹਨ।

ਹਰਪਾਲ ਸਿੰਘ ਪੰਨੂ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!