ਨਕੋਦਰ ਦੇ ਮਕਬਰੇ – ਸੁਭਾਸ਼ ਪਰਿਹਾਰ

Date:

Share post:

ਹੁਣ ਕਸਬਾ ਨਕੋਦਰ ਜਲੰਧਰ ਸ਼ਹਿਰ ਦੇ ਲਗਭਗ 25 ਕਿਲੋਮੀਟਰ ਦੱਖਣ ਵਿਚ ਹੈ। ਪਰ ਮੁਗ਼ਲ ਕਾਲ ਵਿਚ ਕਿਹਾ ਜਾਂਦਾ ਹੋਵੇਗਾ ਕਿ ਜਲੰਧਰ ਨਕੋਦਰ ਦੇ ਛੇ ਕੋਹ ਉੱਤਰ ਵਿਚ ਹੈ, ਕਿਉਂਕਿ ਉਸ ਸਮੇਂ ਜਲੰਧਰ ਨਾਲ਼ੋਂ ਨਕੋਦਰ ਦਾ ਮਹੱਤਵ ਵੱਧ ਸੀ। ਕਾਰਣ ਇਹ ਕਿ ਨਕੋਦਰ ਦਿੱਲੀਓਂ ਲਾਹੌਰ ਜਾਣ ਵਾਲ਼ੇ ਸ਼ਾਹਰਾਹ ’ਤੇ ਪੈਂਦਾ ਸੀ। ਇਥੋਂ ਲਾਹੌਰ ਦਾ ਫ਼ਾਸਲਾ ਇਕ-ਚੌਥਾਈ ਹੀ ਰਹਿ ਜਾਂਦਾ ਸੀ।

ਨਕੋਦਰ ਦੇ ਵੱਸਣ ਬਾਰੇ ਅਨੇਕ ਧਾਰਣਾਵਾਂ ਪ੍ਰਚਲਿਤ ਹਨ। ਕੁਝ ਲੋਕ ਇਹ ਕਸਬਾ ਵਸਾਉਣ ਦਾ ਸੇਹਰਾ ਨਕੋਦਰ ਖ਼ਾਨ ਨਾਂ ਦੇ ਪਠਾਣ ਦੇ ਸਿਰ ਬੰਨ੍ਹਦੇ ਹਨ; ਕੁਝ ਲੋਕ ਰਾਏ ਇੱਜ਼ਤ ਦੇ ਸਿਰ। ਕੁਝ ਹੋਰਨਾਂ ਦਾ ਖ਼ਿਆਲ ਹੈ ਕਿ ਇਹਦਾ ਨਾਂ ਮੁਗ਼ਲਾਂ ਦੇ ਲਸ਼ਕਰ ਨਿਕੋਦਰੀ ਦੇ ਨਾਂ ’ਤੇ ਪਿਆ ਹੈ। ਅਕਬਰ ਦੇ ਦਰਬਾਰੀ ਇਤਿਹਾਸ ਆਈਨਾ-ਏ-ਅਕਬਰੀ ਵਿਚ ਇਸ ਨੂੰ ਮੰਝ ਰਾਜਪੂਤਾਂ ਦਾ ਇਲਾਕਾ ਦੱਸਿਆ ਹੈ। ਮੱਧਕਾਲ ਦੌਰਾਨ ਇਸ ਕਸਬੇ ਦਾ ਇਤਿਹਾਸਿਕ ਮਹੱਤਵ ਇਥੇ ਬਚਦੇ ਇਤਿਹਾਸਿਕ ਸਮਾਰਕ ਵੇਖ ਕੇ ਵੀ ਲਾਇਆ ਜਾ ਸਕਦਾ ਹੈ।

ਨਕੋਦਰ ਦੇ ਮਕਬਰੇ. 1986. ਫ਼ੋਟੋਕਾਰ: ਅਮਰਜੀਤ ਚੰਦਨ

ਬਚਦੇ ਇਤਿਹਾਸਿਕ ਸਮਾਰਕਾਂ ਵਿੱਚੋਂ ਪ੍ਰਮੁੱਖ ਹਨ ਕਸਬੇ ਦੇ ਪੱਛਮ ਵਿਚ ਸਥਿਤ ਦੋ ਸ਼ਾਨਦਾਰ ਮਕਬਰੇ, ਜਿਨ੍ਹਾਂ ਨੂੰ ਲੋਕ ‘ਉਸਤਾਦ ਤੇ ਸ਼ਾਗਿਰਦ’ ਦੇ ਮਕਬਰੇ ਦੇ ਨਾਂ ਨਾਲ਼ ਜਾਣਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਹ ਸ਼ਾਨਦਾਰ ਇਮਾਰਤਾਂ ਕਿਸੇ ਉਸਤਾਦ ਅਤੇ ਸ਼ਾਗਿਰਦ ਕਾਰੀਗਰ ਨੇ ਮੁਕਾਬਲੇ ਵਜੋਂ ਉਸਾਰੀਆਂ ਸਨ। ਲੋਕਾਂ ਦਾ ਅਜੇਹਾ ਹੀ ਵਿਚਾਰ ਪੰਜਾਬ ਵਿਚਲੀਆਂ ਅਨੇਕਾਂ ਹੋਰ ਇਮਾਰਤਾਂ ਬਾਰੇ ਵੀ ਹੈ, ਜਿਵੇਂ ਕਿ ਸਰਹਿੰਦ ਵਿਚ ਵੀ ਇਨ੍ਹਾਂ ਹੀ ਨਾਵਾਂ ਦੇ ਦੋ ਮਕਬਰੇ ਹਨ। ਹੋਰ ਕਈ ਥਾਵਾਂ ਦੀਆਂ ਇਮਾਰਤਾਂ ਵਿਚ ਇਹ ਉਸਤਾਦ ਅਤੇ ਸ਼ਾਗਿਰਦ ਕਾਰੀਗਰ, ਚਾਚਾ-ਭਤੀਜਾ ਹੋ ਜਾਂਦੇ ਹਨ ਅਤੇ ਕਿਤੇ ਮਾਮਾ-ਭਾਣਜਾ। ਪਰ ਇਹ ਸਭ ਕੋਰੀਆਂ ਕਲਪਨਾਵਾਂ ਹਨ, ਹਕੀਕਤ ਨਹੀਂ।

ਮੁਗਲ ਬਾਗ ਦਾ ਬਚਿਆ ਇਕੋ ਇਕ ਦਰਵਾਜਾ

ਅਖੌਤੀ ਉਸਤਾਦ ਦੇ ਮਕਬਰੇ ਦੀ ਉਸਾਰੀ ਇਹਦੀ ਦੱਖਣੀ ਕੰਧ ਉਪਰ ਲਿਖੇ ਫ਼ਾਰਸੀ ਦੇ ਆਲੇਖ ਅਨੁਸਾਰ 1021 ਹਿਜਰੀ (1612-13 ਈਸਵੀ) ਵਿਚ ਮੁਹੰਮਦ ਮੋਮਿਨ ਹੁਸੈਨੀ ਨਾਂ ਦੇ ਸ਼ਖ਼ਸ ਨੇ ਕਰਵਾਈ ਸੀ, ਜਿਸ ਬਾਰੇ ਸਾਨੂੰ ਕਿਸੇ ਹੋਰ ਸੋਮੇ ਤੋਂ ਹੋਰ ਕੋਈ ਜਾਣਕਾਰੀ ਨਹੀਂ ਮਿਲ਼ਦੀ। ਭਾਰਤੀ ਪੁਰਾਤਤਵ ਵਿਭਾਗ ਦੇ ਪਹਿਲੇ ਸਰਵੇਅਰ ਅਲੈਕਜ਼ੈਂਡਰ ਕਨਿੰਘਮ ਦਾ ਖ਼ਿਆਲ ਹੈ ਕਿ ਇਹ ਮੁਹੰਮਦ ਮੋਮਿਨ ਅਸਲ ਵਿਚ ਅਕਬਰ ਬਾਦਸ਼ਾਹ ਦੇ ਪ੍ਰਮੁੱਖ ਦਰਬਾਰੀ ਅਬਦੁਲ ਰਹੀਮ ਖ਼ਾਨੇਖ਼ਾਨਾਂ ਕੋਲ਼ ਨੌਕਰੀ ਕਰਦਾ ਤੰਬੂਰਾ ਵਜੰਤਰੀ ਉਸਤਾਦ ਮੁਹੰਮਦ ਹੁਸੈਨ ਸੀ, ਜਿਹਦਾ ਜ਼ਿਕਰ ਆਈਨ-ਏ-ਅਕਬਰੀ ਵਿਚ ਵੀ ਆਉਂਦਾ ਹੈ। ਪਰ ਮੈਨੂੰ ਨਹੀਂ ਲਗਦਾ ਕਿ ਤੰਬੂਰਾ-ਵਜੰਤਰੀ ਵਰਗਾ ਸਾਜ਼ਿੰਦਾ ਇੰਨੀ ਮਹਿੰਗੀ ਇਮਾਰਤ ਦੀ ਉਸਾਰੀ ਕਰਵਾ ਸਕਦਾ ਹੋਵੇ, ਜਦ ਕਿ ਅਕਬਰ ਦੇ ਸ਼੍ਰੋਮਣੀ ਰਾਗੀ ਤਾਨਸੈਨ ਜਿੱਡੇ ਕਲਾਕਾਰ ਦੀ ਵੀ ਕੋਈ ਯਾਦਗਾਰ ਨਹੀਂ ਹੈ।

ਮੁਹੰਮਦ ਮੋਮਿਨ ਹੁਸੈਨੀ ਦਾ ਮਕਬਰਾ (1612-13 ਈ:)

ਜਹਾਂਗੀਰ ਦੇ ਸੰਸਮਰਣ ਤੁਜ਼ੁਕ-ਏ-ਜਹਾਂਗੀਰੀ ਵਿਚ ਇਕ ਥਾਂ ਦਰਜ ਹੈ ਕਿ ਉਹਨੇ ਨਕੋਦਰ ਦੇ ਜਾਗੀਰਦਾਰ ਮੁਈਜ਼-ਉਲ-ਮੁਲਕ ਨੂੰ ਉੱਥੇ ਬਾਗ਼ ਲਾਉਣ ਅਤੇ ਇਮਾਰਤ ਬਣਾਉਣ ਦਾ ਹੁਕਮ ਦਿੱਤਾ, ਤਾਂ ਜੋ ਇਥੋਂ ਲੰਘਣ ਵਾਲ਼ੇ ਲੋਕ ਇਨ੍ਹਾਂ ਨੂੰ ਵੇਖ ਕੇ ਖ਼ੁਸ਼ ਹੋਣ। ਹੋ ਸਕਦਾ ਹੈ ਕਿ ਇਹ ਮਕਬਰਾ ਉਹ ਇਮਾਰਤ ਹੋਵੇ ਅਤੇ ਮੁਈਜ਼-ਉਲ-ਮੁਲਕ, ਮੁਹੰਮਦ ਮੋਮਿਨ ਹੁਸੈਨੀ ਦਾ ਹੀ ਖ਼ਿਤਾਬ ਹੋਵੇ।

ਇੱਥੇ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਅਮੀਰ ਮੁਸਲਮਾਨਾਂ ਤੇ ਬਾਦਸ਼ਾਹਾਂ ਵਿਚ ਅਪਣੇ ਲਈ ਜੀਉਂਦੇ-ਜੀਅ ਸ਼ਾਨਦਾਰ ਮਕਬਰਾ ਬਣਵਾਉਣ ਦੀ ਰੀਤ ਰਹੀ ਹੈ, ਕਿਉਂਕਿ ਕਿਸੇ ਨੂੰ ਇਹ ਭਰੋਸਾ ਨਹੀਂ ਸੀ ਹੁੰਦਾ ਕਿ ਉਹਦੇ ਵਾਰਿਸ ਉਹਦੇ ਮਰਨ ਮਗਰੋਂ ਉਹਦੀ ਯਾਦਗਾਰ ਬਣਾਉਣਗੇ। ਜੀਉਂਦੇ-ਜੀਅ ਉਹ ਇਜੇਹੀਆਂ ਇਮਾਰਤਾਂ ਨੂੰ ਉਂਜ ਵਰਤਦੇ ਰਹਿੰਦੇ ਸਨ ਅਤੇ ਮਰਨ ਮਗਰੋਂ ਇਨ੍ਹਾਂ ਵਿਚ ਹੀ ਉਹ ਦਫ਼ਨਾ ਦਿੱਤੇ ਜਾਂਦੇ ਸਨ।

ਹਾਜ਼ੀ ਜਮਾਲ ਦਾ ਮਕਬਰਾ (1656-57)

ਮੁਹੰਮਦ ਮੋਮਿਨ ਹੁਸੈਨੀ ਦਾ ਖ਼ੂਬਸੂਰਤ ਮਕਬਰਾ ਅੱਠਭੁਜੀ ਇਮਾਰਤ ਹੈ, ਜਿਸ ਦੀਆਂ ਚਾਰ ਬਾਹੀਆਂ ਲੰਮੀਆਂ ਅਤੇ ਚਾਰ ਛੋਟੀਆਂ ਹਨ। ਅਜੇਹੀ ਅੱਠਭੁਜ ਨੂੰ ਬਗ਼ਦਾਦੀ ਅੱਠਭੁਜ ਕਿਹਾ ਜਾਂਦਾ ਹੈ। ਇਸ ਦੇ ਹਰ ਵੱਡੇ ਮੱਥੇ ਵਿਚ ਇਕ ਵੱਡੀ ਡਾਟ ਅਤੇ ਛੋਟੇ ਮੱਥੇ ਵਿਚ ਉਪਰ-ਹੇਠ ਦੋ ਛੋਟੀਆਂ ਡਾਟਾਂ ਹਨ। ਇਮਾਰਤ ਦੇ ਬਨੇਰਿਆਂ ’ਤੇ ਚਾਰ ਛੋਟੀਆਂ ਬੁਰਜੀਆਂ ਹਨ ਅਤੇ ਵਿਚਾਲ਼ੇ ਵੱਡਾ ਗੁੰਬਦ। ਮਕਬਰਾ ਅੰਦਰੋਂ ਚਕੋਰ ਹੈ। ਇਸ ਦੇ ਅੰਦਰ ਕੰਧਾਂ ’ਤੇ ਸੰਗਮਰਮਰ ਵਰਗੀ ਪਾਲਿਸ਼ ਹੈ। ਕੰਧਾਂ ਦੇ ਉਪਰਲੇ ਹਿੱਸੇ ’ਤੇ ਲੰਮੀ ਲਕੀਰ ਵਿਚ ਅਰਬੀ ਬੋਲੀ ਵਿਚ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦਰਜ ਹਨ।
ਇਮਾਰਤ ਅੱਠਭੁਜੇ ਚਬੂਤਰੇ ’ਤੇ ਖੜ੍ਹੀ ਹੈ, ਜਿਸ ਵਿਚ ਤਹਿਖ਼ਾਨਾ ਹੈ। ਇਸਲਾਮੀ ਰੀਤ ਅਨੁਸਾਰ ਅਸਲ ਕਬਰਾਂ ਤਹਿਖ਼ਾਨੇ ਵਿਚ ਹੁੰਦੀਆਂ ਸਨ। ਇਨ੍ਹਾਂ ਕਬਰਾਂ ਦੇ ਜੋ ਨਕਲੀ ਤਾਬੂਤ ਮਕਬਰੇ ਵਿਚ ਸਨ, ਉਹ ਗ਼ਾਇਬ ਹੋ ਚੁੱਕੇ ਹਨ। ਕਨਿੰਘਮ ਨੇ ਨਵੰਬਰ 1838 ਵਿਚ ਇੱਥੇ ਨਸਵਾਰੀ ਰੰਗੇ ਸੰਗਮਰਮਰ ਦੇ ਦੋ ਤਾਬੂਤ ਵੇਖੇ ਸਨ। ਕੁਝ ਲੋਕ ਤਹਿਖ਼ਾਨਿਆਂ ਨੂੰ ਸੁਰੰਗਾਂ ਸਮਝਣ ਦਾ ਭੁਲੇਖਾ ਖਾਂਦੇ ਹਨ।

ਹਮਾਮ ਜਾਂ ਰੰਗਮਹਿਲ

ਇਮਾਰਤ ਉਪਰੀ ਕੀਤੀ ਹੋਈ ਗਲੇਜ਼ਡ ਟਾਈਲਾਂ ਤੇ ਰੰਗਾਂ ਨਾਲ਼ ਕੀਤੀ ਸਜਾਵਟ ਵਿੱਚੋਂ ਟਾਈਲਾਂ ਦਾ ਕੰਮ ਹਾਲੇ ਵੀ ਬਚਿਆ ਹੈ। ਰੰਗਾਂ ਨਾਲ਼ ਕੀਤੀ ਸਜਾਵਟ ਦਾ ਵਿਸ਼ਾ ਰੁੱਖ ਤੇ ਬੂਟੇ ਹਨ। ਇਨ੍ਹਾਂ ਵਿੱਚੋਂ ਦੋ ਪੇਨਲ ਵਿਸ਼ੇਸ਼ ਮਹੱਤਵ ਦੇ ਹਨ। ਇਨ੍ਹਾਂ ਵਿੱਚੋਂ ਇਕ ਵਿਚ ਖਜੂਰ ਦੇ ਦਰੱਖ਼ਤ ’ਤੇ ਬਾਂਦਰ ਦਰਸਾਇਆ ਹੈ ਅਤੇ ਦੂਸਰੇ ਵਿਚ ਦਰੱਖ਼ਤ ਦੇ ਤਣੇ ਦੁਆਲ਼ੇ ਲਿਪਟਿਆ ਸੱਪ (ਹੁਣ ਇਹ ਤਸਵੀਰਾਂ ਬਹੁਤ ਫਿੱਕੀਆਂ ਪੈ ਚੁੱਕੀਆਂ ਹਨ)। ਇਹ ਅਹਿਮ ਇਸ ਲਈ ਹਨ ਕਿ ਮੁਸਲਿਮ ਇਮਾਰਤਾਂ ’ਤੇ ਆਮ ਤੌਰ ’ਤੇ ਮਨੁੱਖੀ ਜਾਂ ਜੀਅ-ਜੰਤੂਆਂ ਦੀਆਂ ਤਸਵੀਰਾਂ ਨਹੀਂ ਸਨ ਬਣਾਈਆਂ ਜਾਂਦੀਆ। ਕੰਧਾਂ ’ਤੇ ਬਾਕੀ ਬਚਦੀ ਥਾਂ ਉੱਪਰ ਲਾਲ ਪਿੱਠ-ਭੂਮੀ ’ਤੇ ਚਿੱਟੇ ਰੰਗ ਨਾਲ਼ ਇੱਟਾਂ ਵਾਹੀਆਂ ਹੋਈਆਂ ਹਨ। ਇਸ ਤਰ੍ਹਾਂ ਦੀ ਸਜਾਵਟ ਨੂੰ ‘ਤਾਜ਼ਾਕਾਰੀ’ ਕਿਹਾ ਜਾਂਦਾ ਸੀ।

ਨਕੋਦਰ ਦਾ ਇਕ ਹੋਰ ਉਜੜਿਆ ਹੋਇਆ ਮਕਬਰਾ

ਮੁਹੰਮਦ ਮੋਮਿਨ ਦੇ ਮਕਬਰੇ ਦੇ ਨੇੜੇ ਹੀ ਅਖੌਤੀ ਸ਼ਾਗਿਰਦ ਦਾ ਮਕਬਰਾ ਹੈ। ਇਸ ਉੱਪਰਲਾ ਆਲੇਖ ਦਸਦਾ ਹੈ ਕਿ ਇਹਦੀ ਉਸਾਰੀ 1067 ਹਿਜਰੀ (1656-57 ਈਸਵੀ) ਵਿਚ ਹਾਜੀ ਜਮਾਲ ਨੇ ਕਰਵਾਈ ਸੀ। ਸੋ ਸਪੱਸ਼ਟ ਹੈ ਕਿ ਦੋਹਾਂ ਮਕਬਰਿਆਂ ਦੀ ਉਸਾਰੀ ਵਿਚ ਛਿਆਲ਼ੀ ਸਾਲ ਦਾ ਵਕਫ਼ਾ ਹੈ। ਪਤਾ ਨਹੀਂ ਇਹ ਹਾਜੀ ਜਮਾਲ ਕੌਣ ਸੀ, ਪਰ ਇੰਜ ਲਗਦਾ ਹੈ ਕਿ ਇਹ ਮੁਹੰਮਦ ਮੋਮਿਨ ਦਾ ਕੋਈ ਨੇੜਲਾ ਰਿਸ਼ਤੇਦਾਰ ਸੀ, ਵਰਨਾ ਹੋਰ ਕਿਸੇ ਨੂੰ ਅਪਣਾ ਮਕਬਰਾ ਇਹਦੇ ਇੰਨੀ ਨੇੜੇ ਬਣਵਾਉਣ ਦੀ ਕੀ ਲੋੜ ਸੀ? ਇਸ ਮਕਬਰੇ ਵਿਚਲੇ ਸੰਗਮਰਮਰ ਦੇ ਮੁੱਖ ਤਾਬੂਤ ਦਾ ਰੰਗ ਵੀ ਨਸਵਾਰੀ ਹੀ ਹੈ ਅਤੇ ਅੰਦਰਲੇ ਪਾਸੇ ਕੰਧਾਂ ਉੱਪਰ ਵੀ ਪਹਿਲੇ ਮਕਬਰੇ ਵਾਂਗ ਕੁਰਾਨ ਸ਼ਰੀਫ਼ ਦੀਆਂ ਆਇਤਾਂ ਵੀ ਲਿਖੀਆਂ ਹੋਈਆਂ ਹਨ।

ਉਂਜ ਡੀਜ਼ਾਇਨ ਵਿਚ ਇਹ ਪਹਿਲੇ ਮਕਬਰੇ ਤੋਂ ਉਲ਼ਟ ਹੈ, ਮਤਲਬ ਕਿ ਇਹ ਬਾਹਰੋਂ ਚਤੁਰਭੁਜ ਪਰ ਅੰਦਰੋਂ ਅੱਠਭੁਜ ਆਕਾਰ ਦਾ ਹੈ। ਬਾਹਰ ਹਰ ਕੋਣੇ ’ਤੇ ਛਤਰੀਦਾਰ ਅੱਠਭੁਜ ਮੀਨਾਰ ਹੈ। ਇਮਾਰਤ ਦੀਆਂ ਕੰਧਾਂ ’ਤੇ ਗਲੇਜ਼ਡ ਟਾਈਲਾਂ ਨਾਲ਼ ਕੀਤੀ ਦਿਲ-ਟੁੰਬਵੀਂ ਸਜਾਵਟ ਹੈ, ਜੋ ਤਕਨੀਕੀ ਪੱਖੋਂ ਪਹਿਲੇ ਮਕਬਰੇ ਨਾਲ਼ੋਂ ਵੱਖਰੀ ਹੈ। ਜਿੱਥੇ ਪਹਿਲੇ ਮਕਬਰੇ ਉੱਪਰ ਟਾਈਲਾਂ ਨਾਲ਼ ਬਣੇ ਡੀਜ਼ਾਇਨ ਜਿਉਮੈਟਰੀਕਲ ਹਨ, ਇਸ ਮਕਬਰੇ ਉੱਪਰ ਇਹ ਭਰਪੂਰ ਗੁਲਦਸਤਿਆਂ ਦੇ ਰੂਪ ਵਿਚ ਹਨ। ਕੰਮ ਦੀ ਬਾਰੀਕੀ ਵੇਖ ਕੇ ਹੀ ਪਤਾ ਚਲ ਸਕਦੀ ਹੈ। ਹਰ ਫੁੱਲ ਦੀ ਇਕ-ਇਕ ਪੱਤੀ ਵੱਖਰੀ ਰੰਗ ਦੇ ਟਾਈਲ ਦੇ ਟੁਕੜੇ ਨਾਲ਼ ਬਣਿਆ ਹੋਇਆ ਹੈ। ਟਾਈਲਾਂ ਨਾਲ਼ ਇਸ ਤਰ੍ਹਾਂ ਦੇ ਨਮੂਨਿਆਂ ਨਾਲ਼ ਸਜਾਵਟ ਕਰਨੀ ਸਤਾਰ੍ਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੱੱਧ ਵਿਚ ਸ਼ੁਰੂ ਹੋਈ ਅਤੇ ਆਉਣ ਵਾਲੇ ਕੋਈ ਅੱਠ ਦਹਾਕਿਆਂ ਤੀਕ ਇਹਦਾ ਰਿਵਾਜ ਰਿਹਾ। ਲਾਹੌਰ ਇਸ ਕਲਾ ਦਾ ਕੇਂਦਰ ਰਿਹਾ ਹੈ। ਇੱਥੋਂ ਦੀਆਂ ਅਨੇਕ ਇਮਾਰਤਾਂ ’ਤੇ ਹਾਲੇ ਵੀ ਇਸ ਤਰਾਂ ਦੀ ਸਜਾਵਟ ਮਿਲ਼ਦੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਵਜ਼ੀਰ ਖ਼ਾਨ ਦੀ ਮਸਜਿਦ, ਗੁਲਾਬੀਬਾਗ਼ ਦਾ ਦਰਵਾਜ਼ਾ, ਚਬੁਰਜੀ, ਸ਼ਾਲੀਮਾਰ ਬਾਗ਼ ਦਾ ਦਰਵਾਜ਼ਾ, ਦਾਈ ਅੰਗਾ ਦੀ ਮਸਜਿਦ ਆਦਿ। ਪਰ ਪੂਰਬੀ ਪੰਜਾਬ ਵਿਚ ਇਸ ਕੰਮ ਦੀ ਬਚਣ ਵਾਲੀ ਇਹ ਸਭ ਤੋਂ ਬੇਹਤਰੀਨ ਇਮਾਰਤ ਨਕੋਕਦਰ ਦਾ ਇਹ ਮਕਬਰਾ ਹੀ ਹੈ।

ਇਮਾਰਤ ਉੱਪਰ ਇਸ ਸਜਾਵਟ ਦੀ 1902 ਵਿਚ ਕੁਝ ਮੁਰੰਮਤ ਵੀ ਕੀਤੀ ਗਈ ਸੀ, ਜਿਸ ਬਾਰੇ ਉਰਦੂ ਦੀਆਂ ਛੋਟੀਆਂ- ਛੋਟੀਆਂ ਦੋ ਇੱਕੋ ਜਿਹੀਆਂ ਲਿਖਤਾਂ ਵਿਚ ਦਰਜ ਹੈ – ਕਾਰਖ਼ਾਨਾ ਮੁਹੰਮਦ ਸ਼ਰੀਫ਼ 1320 ਹਿਜਰੀ ਚੀਨੀਗਰ ਜਲੰਧਰ ਸ਼ਹਿਰ। ਚੀਨੀਗਰ ਗਲੇਜ਼ਡ ਟਾਈਲਾਂ ਨਾਲ਼ ਸਜਾਵਟ ਕਰਨ ਵਾਲ਼ੇ ਕਾਰੀਗਰ ਨੂੰ ਕਹਿੰਦੇ ਸਨ। ਇਹ ਮੁਹੰਮਦ ਸ਼ਰੀਫ਼ ਉਹੋ ਮਾਹਿਰ ਕਾਰੀਗਰ ਹੈ, ਜਿਹਦੀ ਕਲਾ ਦੇ ਕੁਝ ਨਮੂਨੇ 1888 ਵਿਚ ਲੱਗੀ ਗਲਾਸਗੋ ਇੰਟਰਨੈਸ਼ਨਲ ਨੁਮਾਇਸ਼ ਵਿਚ ਰੱਖੇ ਗਏ ਸਨ। ਉਹਦਾ ਪਿਤਾ ਸ਼ਰਫ਼ ਦੀਨ ਵੀ ਮਾਹਿਰ ਚੀਨੀਗਰ ਸੀ।

ਇਸ ਮਕਬਰੇ ਅੰਦਰ ਛੇ ਤਾਬੂਤ ਹਨ। ਹੋਰ ਥਾਂ ਨਾਂ ਬਚੀ ਹੋਣ ਕਰਕੇ ਇਕ ਤਾਬੂਤ ਬਾਹਰ ਚਬੂਤਰੇ ’ਤੇ ਬਣਿਆ ਹੋਇਆ ਹੈ, ਜਿਸ ਬਾਰੇ ਇਹ ਰੋਚਕ ਦੰਤਕਥਾ ਪ੍ਰਚਲਿਤ ਹੈ – ਪਹਿਲਾਂ ਮਕਬਰੇ ਦੀ ਛੱਤ ਤੋਂ ਸੋਨੇ ਦੀ ਜ਼ੰਜੀਰ ਲਮਕਦੀ ਹੁੰਦੀ ਸੀ। ਕੋਈ ਚੋਰ ਇਹ ਨੂੰ ਲਾਹ ਕੇ ਭੱਜਣ ਲੱਗਾ, ਤਾਂ ਇਹ ਜ਼ੰਜੀਰ ਲੋਹੇ ਦੀ ਬਣ ਗਈ ਅਤੇ ਚੋਰ ਬਾਹਰ ਨਿਕਲ਼ਦਿਆਂ ਹੀ ਮਰ ਗਿਆ ਅਤੇ ਬਾਹਰਲੀ ਕਬਰ ਉਸ ਚੋਰ ਦੀ ਕਹੀ ਜਾਂਦੀ ਹੈ। ਪਰ ਇਹ ਕਥਾ ਮੂਲੋਂ ਨਿਰਾਧਾਰ ਲਗਦੀ ਹੈ।

ਹਾਜ਼ੀ ਜਮਾਲ ਦੇ ਮਕਬਰੇ ‘ਤੇ ਗਲੇਜ਼ਡ ਟਾਈਲਾਂ ਨਾਲ ਕੀਤੀ ਸਜਾਵਟ ਦੀ ਡੀਟੇਲ

ਇਨ੍ਹਾਂ ਮਕਬਰਿਆਂ ਦੇ ਆਲ਼ੇ-ਦੁਆਲ਼ੇ ਬਚੀਆਂ ਕੁਝ ਹੋਰ ਇਮਾਰਤਾਂ ਤੋਂ ਪਤਾ ਲਗਦਾ ਹੈ ਕਿ ਇਹ ਅਸਲ ਵਿਚ ਇਕ ਵੱਡ-ਆਕਾਰੀ ਮੁਗ਼ਲ ਬਾਗ਼ ਵਿਚ ਸਥਿਤ ਸਨ। ਇਸ ਬਾਗ਼ ਦੇ ਬਚਦੇ ਹੋਰ ਹਿੱਸੇ ਹਨ – ਇਹਦਾ ਇਕ ਦਰਵਾਜ਼ਾ, ਹਮਾਮ ਜਾਂ ਰੰਗਮਹਿਲ, ਬਾਰਾਂਦਰੀ ਅਤੇ ਤਲਾਅ। ਤਲਾਅ ਹੁਣ ਛੱਪੜ ਹੈ ਅਤੇ ਬਚਦੀਆਂ ਤਿੰਨੇ ਇਮਾਰਤਾਂ ਪ੍ਰਾਈਵੇਟ ਲੋਕ ਜਾਂ ਵੱਖ-ਵੱਖ ਸਰਕਾਰੀ ਵਿਭਾਗ ਹੋਰ ਕੰਮਾਂ ਲਈ ਵਰਤਦੇ ਹਨ। ਇਸ ਲਈ ਇਹ ਬਹੁਤਾ ਧਿਆਨ ਵਿਚ ਵੀ ਨਹੀਂ ਆਉਂਦੀਆਂ। ਦਰਵਾਜ਼ੇ ਨੂੰ ਪਹਿਲਾਂ ਪੀ. ਡਬਲਯੂ. ਡੀ. ਵਾiਲ਼ਆਂ ਨੇ ਅਪਣਾ ਰੈਸਟ ਹਾਉਸ ਬਣਾ ਰੱਖਿਆ ਸੀ। ਸੰਨ 1970 ਦੇ ਕਰੀਬ ਇਲਾਕੇ ਦੇ ਐਂਟੀ-ਨਕਸਾਲਾਈਟ ਪੁਲਸ ਅਫ਼ਸਰ ਦਾ ਦਫ਼ਤਰ ਤੇ ਰਿਹਾਇਸ਼ ਵੀ ਰਿਹਾ। ਹੁਣ ਇਹ ਖ਼ਾਲੀ ਖੰਡਰ ਹੈ। ਹਮਾਮ ਜਾਂ ਰੰਗਮਹਿਲ ਨੂੰ ਕਚਹਿਰੀ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ ਅਤੇ ਬਾਰਾਦਰੀ ਪ੍ਰਾਈਵੇਟ ਕਬਜ਼ੇ ਵਿਚ ਹੈ। ਸੌ ਕੁ ਸਾਲ ਪਹਿਲਾਂ ਤੀਕ ਇਸ ਇਲਾਕੇ ਨੂੰ ਹਜ਼ੀਰਿਆਂਵਾਲ਼ਾ ਬਾਗ਼ ਕਿਹਾ ਜਾਂਦਾ ਸੀ, ਜਿਹਦਾ ਮਤਲਬ ਹੀ ਮਕਬਰਿਆਂਵਾਲ਼ਾ ਬਾਗ਼ ਹੈ। ਜਦ 1878-79 ਵਿਚ ਕਨਿੰਘਮ ਇੱਥੇ ਆਇਆ ਸੀ, ਤਾਂ ਉਹਨੇ ਬਾਗ਼ ਦੇ ਕੁਝ ਪੁਰਾਤਨ ਦਰੱਖ਼ਤ ਵੀ ਵੇਖੇ ਸਨ। ਜਦ ਮੈਂ ਪਹਿਲੀ ਵਾਰ 1980 ਵਿਚ ਇੱਥੇ ਗਿਆ, ਤਾਂ ਇਨ੍ਹਾਂ ਵਿੱਚੋਂ ਕੁਝ ਦਰੱਖ਼ਤ ਹਾਲੇ ਵੀ ਮੌਜੂਦ ਸਨ।

ਇਸ ਮਕਬਰੇ ਦੇ ਪੱਛਮ ਵਾਲੀ ਇਮਾਰਤ ਤਿੰਨ-ਮੰਜ਼ਿਲਾ ਦਰਵਾਜ਼ਾ ਹੈ। ਮਕਬਰਿਆਂ ਦੇ ਇੰਚਾਰਜ ਚਾਂਦਜੀ ਕੌਲ ਨੇ ਦੱਸਿਆ ਕਿ ਪਹਿਲਾਂ ਇਜੇਹਾ ਹੀ ਦਰਵਾਜ਼ਾ ਪੂਰਬ ਵਾਲ਼ੇ ਪਾਸੇ ਵੀ ਸੀ।

ਮਕਬਰੇ ਦੇ ਉੱਤਰ ਵਾਲ਼ੀ ਇਮਾਰਤ ਨੂੰ – ਜਿਸ ਵਿਚ ਸਰਕਾਰੀ ਕਚਿਹਰੀ ਹੈ – ਹਮਾਮ ਕਿਹਾ ਜਾਂਦਾ ਹੈ। ਪਰ ਜੇ ਇਹਦੀ ਹਾਲਤ ਵੇਖੀਏ, ਤਾਂ ਬਿਲਕੁਲ ਪਿੰਜੋਰ ਬਾਗ਼ ਵਿਚਲੇ ਰੰਗਮਹਿਲ ਵਾਲ਼ੀ ਹੈ, ਜਿਹਦੀ ਉਸਾਰੀ ਫ਼ਿਦਾਈ ਖ਼ਾਨ ਕੋਕੇ ਨੇ 1661-62 ਵਿਚ ਕਰਵਾਈ ਸੀ। ਇਸ ਲਈ ਇਸ ਇਮਾਰਤ ਨੂੰ ਰੰਗਮਹਿਲ ਕਹਿਣਾ ਵਧੇਰੇ ਠੀਕ ਹੈ। ਇਸ ਇਮਾਰਤ ਦੇ ਪੱਛਮ ਵਾਲ਼ੇ ਪਾਸੇ ਕੰਧ ਦਾ ਕੁਝ ਹਿੱਸਾ ਬਚਿਆ ਹੈ। ਇਮਾਰਤ ਦੇ ਉੱਤਰ ਵਾਲੇ ਪਾਸੇ ਵੱਡਾ ਛੱਪੜ ਹੈ, ਜੋ ਕਿ ਅਸਲ ਵਿਚ ਪੱਕਾ ਤਲਾਅ ਹੁੰਦਾ ਸੀ। ਇਸ ਤਲਾਅ ਦੇ ਪਾਰ ਖੇਤਾਂ ਵਿਚ ਇਕ ਹੋਰ ਵਿਸ਼ਾਲ ਇਮਾਰਤ ਹੈ, ਜਿਹਨੂੰ ਬਾਰਾਂਦਰੀ ਕਿਹਾ ਜਾਂਦਾ ਹੈ। ਇਮਾਰਤ ਵਿਚਕਾਰ ਖੁੱਲ੍ਹਾ ਵੇਹੜਾ ਹੈ, ਜਿਸ ਵਿਚਕਾਰ ਕਬਰ ਹੈ। ਇਮਾਰਤ ਦੀ ਪੱਛਮੀ ਕੰਧ ਨੂੰ ਬੰਦ ਕਰਕੇ ਇਬਾਦਤ ਲਈ ਮਿਹਰਾਬ ਬਣਾਈ ਹੋਈ ਹੈ।

ਬਾਰਾਂਦਰੀ

ਇਸ ਬਾਰਾਂਦਰੀ ਅੰਦਰਲੀ ਕਬਰ ਨੂੰ ਸ਼ੇਰੇ ਵਲੀ ਬਾਬਾ ਖ਼ਾਨ ਬਹਾਦੁਰ ਦੀ ਕਬਰ ਕਿਹਾ ਜਾਂਦਾ ਹੈ। ਇਸ ਨਾਂ ਤੋਂ ਸੰਕੇਤ ਮਿਲਦਾ ਹੈ। ਅਠਾਹਰਵੀਂ ਸਦੀ ਵਿਚ ਲਿਖੀ ਸ਼ਾਹ ਨਵਾਜ਼ ਖਾਨ ਦੀ ਕਿਤਾਬ ਮਾਸਿਰ-ਉਲ-ਉਮਰਾ ਵਿਚ ਕਿਸੇ ਖ਼ਾਨ ਜਹਾਨ ਬਹਾਦਰ ਜ਼ਫ਼ਰ ਜੰਗ ਕੋਕਲਤਾਸ਼ ਦਾ ਜ਼ਿਕਰ ਹੈ, ਜਿਹਦਾ ਅਸਲ ਨਾਂ ਮੀਰ ਮਲਿਕ ਹੁਸੈਨ ਸੀ। “ਉਹ 23 ਨਵੰਬਰ 1697 ਦੇ ਦਿਨ ਇਸਲਾਮਾਬਾਦ ਬਰਹਮਾਪੁਰ ਨਾਮਕ ਥਾਂ ’ਤੇ ਪੂਰਾ ਹੋਇਆ ਅਤੇ ਉਸਦੀ ਦੇਹ ਨੂੰ ਨਕੋਦਰ ਲਿਆਂਦਾ ਗਿਆ, ਜਿਥੇ ਉਹਦਾ ਖ਼ਾਨਦਾਨੀ ਮਕਬਰਾ ਹੈ।” ਸੰਭਾਵਨਾ ਇਹ ਹੈ ਕਿ ਇਹ ਦੋਹੇਂ ਵਿਅਕਤੀ ਇਕੋ ਹਨ। ਇਸ ਬਾਰਾਂਦਰੀ ਦੇ ਮੁਹੰਮਦ ਮੋਮਿਨ ਦੇ ਮਕਬਰੇ ਅਤੇ ਹਾਜੀ ਜਮਾਲ ਦੇ ਮਕਬਰੇ ਦੀ ਬਿਲਕੁਲ ਸੇਧ ਵਿਚ ਹੋਣ ਤੋਂ ਇਹ ਲਗਦਾ ਹੈਕਿ ਇਹ ਸਾਰੇ ਸਮਾਰਕ ਇਕੋ ਵਿਸ਼ਾਲ ਕੰਪਲੈਕਸ ਦੇ ਹਿੱਸੇ ਹਨ।

ਹਾਜੀ ਜਮਾਲ ਦੇ ਮਕਬਰੇ ‘ਤੇ ਗਲੇਜ਼ਡ ਟਾਈਲਾਂ ਨਾਲ ਕੀਤੀ ਸਜਾਵਟ

ਜਿਵੇਂ ਪਹਿਲੇ ਨੋਟ ਕੀਤਾ ਹੈ ਕਿ ਜਹਾਂਗੀਰ ਨੇ ਨਕੋਦਰ ਵਿਖੇ ਬਾਗ਼ ਲਾਉਣ ਅਤੇ ਖ਼ੂਬਸੂਰਤ ਇਮਾਰਤ ਬਣਾਉਣ ਦਾ ਹੁਕਮ ਦਿੱਤਾ ਸੀ। ਪਰ ਬਾਰਾਂਦਰੀ ਅਤੇ ਹਮਾਮ (ਰੰਗਮਹਿਲ) ਦੀ ਸ਼ੈਲੀ ਇੰਨੀ ਪੁਰਾਣੀ ਨਹੀਂ ਲਗਦੀ। ਕਿਤਾਬ ਮਾਸਿਰ-ਉਲ-ਉਮਰਾ ਵਿਚ ਇਹ ਵੀ ਦਰਜ ਹੈ ਕਿ ਖ਼ਾਨ ਜਹਾਨ ਬਹਾਦਰ ਕੋਕਲਤਾਸ਼ ਸ਼ਾਨਦਾਰ ਇਮਾਰਤਾਂ ਬਣਵਾਉਣ ਲਈ ਪ੍ਰਸਿੱਧ ਸੀ। ਉਹ 1690-91 ਵਿਚ ਪੰਜਾਬ ਦਾ ਸੂਬਾ (ਗਵਰਨਰ) ਵੀ ਰਿਹਾ ਸੀ। ਹੋ ਸਕਦਾ ਹੈ ਕਿ ਬਾਰਾਂਦਰੀ ਤੇ ਰੰਗਮਹਿਲ ਦੀ ਉਸਾਰੀ ਕਰਵਾਉਣ ਵਾਲ਼ਾ ਇਹੋ ਸ਼ਖਸ ਸੀ। ਹੋ ਸਕਦਾ ਹੈ ਜਹਾਂਗੀਰ ਦੇ ਹੁਕਮ ਨਾਲ਼ ਬਣਵਾਇਆ ਗਿਆ ਬਾਗ਼ ਕਿਸੇ ਸਮੇਂ ਉੱਜੜ ਗਿਆ ਹੋਵੇ ਅਤੇ ਖ਼ਾਨ ਜਹਾਨ ਨੇ ਉਸ ਥਾਂ ’ਤੇ ਇਹ ਇਮਾਰਤਾਂ ਬਣਵਾ ਦਿੱਤੀਆਂ ਹੋਣ।
ਨਕਦੋਰ ਦੇ ਇਨ੍ਹਾਂ ਮਕਬਰਿਆਂ ਦਾ ਪੰਜਾਬੀ ਕਵਿਤਾ ਵਿਚ ਵੀ ਜ਼ਿਕ੍ਰ ਹੋਇਆ ਹੈ। ਗੁਰਦਾਸ ਰਾਮ ਆਲਮ ਦੀ ਕਿਤਾਬ ਜੇ ਮੈਂ ਮਰ ਗਿਆ (1952) ਵਿਚ ਕਵੀ ਅਪਣੀ ਪ੍ਰੇਮਣ ਨੂੰ ਕਹਿੰਦਾ ਹੈ:
ਤੂੰ ਮੈਨੂੰ ਆ ਕੇ ਮਿਲ਼ੀਂ ਨਕੋਦਰ ਦੇ ਮਕਬਰੀਂ…।

ਸੁਭਾਸ਼ ਪਰਿਹਾਰ ਦੀ ਨਵੀਨਤਮ ਕਿਤਾਬ ਦਾ ਨਾਂ ਸਰਹਿੰਦ (2006) ਹੈ,
ਜੋ ਅੰਗਰੇਜ਼ੀ ਵਿਚ ਦਿੱਲੀ ਦੇ ਪ੍ਰਕਾਸ਼ਕ ਆਰੀਅਨ ਬੁਕਸ ਇੰਟਰਨੈਸ਼ਨਲ ਨੇ ਛਾਪੀ ਹੈ

ਸੁਭਾਸ਼ ਪਰਾਸ਼ਰ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!