ਧਨੀ ਰਾਮ ਚਾਤ੍ਰਿਕ – ਸ਼ਹਰਯਾਰ

Date:

Share post:

ਅਜੋਕੇ ਪੰਜਾਬੀ ਸਾਹਿਤ ਦੇ ਉਸਰੱਈਏ ਲਾਲਾ ਧਨੀ ਰਾਮ ਚਾਤ੍ਰਿਕ (ਜਨਮ 4 ਅਕਤੂਬਰ 1876 – ਚਲਾਣਾ 10 ਦਸੰਬਰ 1956) ਨੇ ਤਿੰਨ ਵੱਡੇ ਕਾਰਨਾਮੇ ਕੀਤੇ ਸਨ। ਇਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਛਾਪੇ ਦੇ ਸਿੱਕੇ ਦੇ ਅੱਖਰਾਂ ਵਿਚ ਪਹਿਲੀ ਵਾਰ ਢਾiਲ਼ਆ; ਇਨ੍ਹਾਂ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਕਾਹਨ ਸਿੰਘ ਦਾ ਮਹਾਨਕੋਸ਼ ਨਵੀਂ ਵਿਧੀ ਨਾਲ਼ ਛਾਪਿਆ। ਭਾਈ ਵੀਰ ਸਿੰਘ ਦਾ ਰਚਿਆ ਸਾਰਾ ਸਾਹਿਤ ਲਾਲਾ ਜੀ ਦੇ ਹੱਥੀਂ ਛਪ ਕੇ ਨਿਕiਲ਼ਆ ਸੀ। ਇਨ੍ਹਾਂ ਦੇ 130ਵੇਂ ਜਨਮ ਦਿਨ ਅਤੇ 50ਵੇਂ ਵਰ੍ਹੀਣੇ ਵੇਲੇ ਸੰਤੋਖ ਸਿੰਘ ਸ਼ਹਰਯਾਰ ਨੇ ਇਹ ਅਨੋਖਾ ਲੇਖ ‘ਹੁਣ’ ਵਾਸਤੇ ਉਚੇਚਾ ਲਿਖਿਆ ਹੈ

– ਤੁਸੀਂ ਬਜ਼ੁਰਗੋ?

– ਹਾਂ ਮੈਂ, ਆਪ ਜੀ?

– ਮੈਂ ਤਾਂ ਲਾਲਾ ਧਨੀ ਰਾਮ ਚਾਤ੍ਰਿਕ ਦੇ ਘਰ ਦੇ, ਘਰਦਿਆਂ ਦੇ ਦਰਸ਼ਨ ਮੇਲਿਆਂ ਲਈ ਆਇਆ ਸਾਂ।

– ਫੇਰ ਕਰ ਲਏ ਮੇਲੇ?

– ਨਹੀਂ, ਬਜ਼ੁਰਗ ਤਾਂ ਕਦੋਂ ਦੇ ਪੂਰੇ ਹੋ ਗਏ ਸਨ। ਪਰ ਸ਼ਾਇਰਾਂ ਦਾ ਕੀ ਏ, ਤੁਰ ਗਏ ਯਾ ਹੈਗੇ ਜੇ, ਉਨ੍ਹਾਂ ਦਾ ਕੁਝ ਨਾ ਕੁਝ ਤਾਂ ਬਕਾਇਆ ਰਹਿ ਹੀ ਜਾਂਦਾ ਏ। ਨਜ਼ਮਾਂ ਹੈਗੀਆਂ ਨੇ, ਬਿਸ਼ੱਕ ਸਾਰੀਆਂ ਨਾ ਹੋਣ।

– ਹਲਾ ਇਹ ਗੱਲ ਏ? ਫੇਰ ਏਥੇ ਕੀ ਵੇਖਿਆ? 

– ਬੱਸ ਇਕ ਪੋਤ ਜੁਆਈ ਸੁਣਿਆ ਏ। ਕਹਿੰਦੇ ਬੜਾ ਪਿਆਰਾ ਇਨਸਾਨ ਏ। ਲੇਕਿਨ ਉਹਨੂੰ ਆਂਹਦੇ ਬਹੁਤਾ ਕੁਝ ਨਹੀਂ ਪਤਾ ਬਜ਼ੁਰਗਾਂ ਬਾਰੇ।

– ਕਾਕਾ ਬੱਲੀ! ਸਾਰਾ ਕੁਝ ਇਨਸਾਨ ਨੂੰ ਤਾਂ ਅਪਣੇ ਬਾਰੇ ਵੀ ਪਤਾ ਨਹੀਂ ਲੱਗਦਾ, ਸਾਰੀ ਉਮਰ ਵੀ। ਉਹ ਤਾਂ ਫੇਰ ਤੀਜੇ ਥਾਂ ਏਂ। ਹਾਂ, ਉਨ੍ਹਾਂ ਕੋਲੋਂ ਕੁਝ ਗੱਲਾਂ ਅਜਿਹੀਆਂ ਵੀ ਮਿਲਦੀਆਂ ਨੇ, ਜਿਹੜੀਆਂ ਹੋਰ ਕਿਤੇ ਨਹੀਂ ਮਿਲ ਸਕਣੀਆਂ; ਬਲਕਿ ਮੈਨੂੰ ਵੀ ਨਹੀਂ ਪਤਾ ਹੋਣਾ।

– ਪਰ ਤੁਸੀਂ?

– ਮੈਂ ਚਾਤ੍ਰਿਕ, ਲਾਲਾ ਧਨੀ ਰਾਮ ਚਾਤ੍ਰਿਕ, ਸ੍ਵਰਗਵਾਸੀ। (ਪੈਰ ਫੜਨ ਲੱਗਦਾ ਹੈ। ਚਾਤ੍ਰਿਕ ਪੈਰੋਂ ਉਤਰਦੇ ਨੂੰ ਘੁੱਟ ਕੇ ਜੱਫੀ ਵਿਚ ਲੈਂਦਾ ਹੈ)

– ਲੈ ਪੁੱਤਰਾ, ਸਾਡੀ ਸਾਧਨਾ ਸਫਲ ਹੋ ਗਈ। ਅਜੇ ਤਕ ਮੈਨੂੰ ਯਾਦ ਕਰ ਰਹੇ ਹੋ!

– ਨਹੀਂ ਚਾਤ੍ਰਿਕ ਸਾਹਿਬ…

– ਨਹੀਂ, ਚਾਤ੍ਰਿਕ ਨਹੀਂ ਆਖਣਾ, ਫੇਰ ਨਾਲ਼ ‘ਸਾਹਬ’ ਵੀ ਲਾ ਰਿਹੈਂ। ਬਹੁਤਾ ਏ ਤਾਂ ਲਾਲਾ ਜੀ ਕਹਿ ਦੇਵੀਂ।

– ਜੀ, ਜੋ ਹੁਕਮ। ਪਰ ਤੁਸੀਂ ਏਥੇ ਕਿਵੇਂ?

– ਪਹਿਲੋਂ ਤੂੰ ਦੱਸ।

– ਨਹੀਂ, ਲਾਲਾ ਜੀ ਪਹਿਲੋਂ…

– ਨਹੀਂ ਪਹਿਲੋਂ ਤੂੰ…

– ਲਾਲਾ ਜੀ, ਦਰਅਸਲ ਮੈਨੂੰ ‘ਹੁਣ’ ਪਰਚੇ ਵਾiਲ਼ਆਂ ਸੁਨਾਹ ਭੇਜਿਆ ਕਿ ਲਾਲਾ ਜੀ ਦਾ 130ਵਾਂ ਜਨਮ ਦਿਹਾੜਾ ਏ; ਇਨ੍ਹਾਂ ਬਾਰੇ ਕੁਝ ਪੁੱਛ, ਦੱਸ ਕੇ ਭੇਜ; ਅਸੀਂ ਲੋਕਾਂ ਤਕ ਪਹੁੰਚਾਉਣਾ ਏਂ। ਪਰ ਜਦੋਂ ਮੈਂ ਆਇਆ ਤਾਂ ਵੇਖਿਆ ਕਿ ਘਰ ਦੇ ਕਿੰਨੇ ਹੀ ਟੁਕੜੇ ਵੇਚੇ ਜਾਂਦੇ ਰਹੇ ਨੇ, ਵਕਤ ਦੇ ਨਾਲ਼-ਨਾਲ਼। ਇਹ ਬਕਾਇਆ ਸੀ। ਵੇਚਿਆ ਤਾਂ ਜਾ ਚੁੱਕਾ ਸੀ, ਪਰ ਅਜੇ ਕੁਝ ਟੁਕੜੇ ਪਏ ਸਨ; ਕਬਾੜ ਬਣੇ, ਖ਼ਾਲੀ ਅਲਮਾਰੀਆਂ ਸਨ; ਜਦੋਂ ਪੰਜਾਬੀ ਸਾਹਿਤ ਦਾ ਨਗ਼ਮਾ ਹੁੰਦਾ ਸੀ ਚਾਤ੍ਰਿਕ ਦਾ ਘਰ। ਨਾਲ਼ ਹੀ ਗੁਆਂਢ ਵਿਚ ਚੰਨਣ ਸਿੰਘ ਜੇਠੂਵਾਲ਼ੀਏ ਦੀ ਕੋਈ ਬਹੁਤ ਪੁਰਾਣੀ ਨੇਮ ਪਲੇਟ ਲੱਗੀ ਹੋਈ ਹੈ ਦੀਵਾਰ ’ਤੇ, ਪਿੱਤਲ਼ ਦੀ।

– ਅੱਛਾ ਅਜੇ ਵੀ ਲੱਗੀ ਹੋਈ ਏ? ਬੜਾ ਮਸਤ ਆਦਮੀ ਸੀ। ਆਹਲਾ ਸ਼ਾਇਰ।

– ਕਿਤੇ ਇਹ ਮਨ-ਆਈਆਂ  ਵਾਲ਼ਾ ਤੇ ਨਹੀਂ ਸੀ?

– ਹਾਂ, ਉਹੋ ਸੀ। ਕਿਸੇ ਨੇ ਬਹੁਤਾ ਗੌiਲ਼ਆ ਈ ਨਹੀਂ। ਦਰਅਸਲ ਵੱਡਾ ਹੋਣਾ ਹੋਰ ਬਾਤ ਏ ਤੇ ਪਾਪੂਲਰ ਹੋਣਾ ਹੋਰ।

– ਪਰ ਤੁਸੀਂ ਤਾਂ ਦੋਵੇਂ ਈ ਸੀ!

– ਸਾਰਾ ਕੁਝ ਨਹੀਂ ਹਰਦਮ, ਉਹੋ ਜਿਹਾ ਲਿਖਿਆ ਜਾਂਦਾ। ਜੋ ਲਿਖਣਾ ਹੁੰਦਾ ਏ, ਉਹ ਸਮਾਂ ਰਹਿ ਜਾਂਦਾ ਏ ਤੇ ਜੋ ਨਹੀਂ ਲਿਖਣਾ ਹੁੰਦਾ, ਲਿਖਿਆ ਜਾਂਦਾ ਏ। ਕੀ ਪਤਾ ਮਾਂ ਸੁਰਸਤੀ ਕੀ-ਕੀ ਕਰਨ ਦੇਂਦੀ ਏ। ਪਰ ਇਹ ਤੇ ਦੱਸ ਕਾਕਾ, ਤੈਨੂੰ ਕੁਝ ਮੇਰਾ ਕਲਾਮ ਵੀ ਯਾਦ ਹੈ ਕਿ ਐਵੇਂ ਕਿਸੇ ਦੇ ਕਹੇ ਕਹਾਇਆਂ ਉਂਜ ਹੀ ਲਿਖ ਦੇਂਗਾ?

– (ਹੱਸ ਕੇ) ਲਾਲਾ ਜੀ ਤੁਸੀਂ ਨਹੀਂ ਸੀ ਲਿਖਦੇ ਹੁੰਦੇ, ਸਮੱਸਿਆ ਲੈ ਕੇ?

– ਉਹ ਗੱਲ ਹੋਰ ਸੀ,। ਹਾਂ, ਪਰ ਹੈ ਤੇ ਉਹੀਓ ਸੀ ਨਾ। ਕਿਸੇ ਦੇ ਕਹੇ-ਕਹਾਏ ਲਿਖਣਾ।

– ਪਰ ਲਾਲਾ ਜੀ, ਕੁਦਰਤ ਵੀ ਤਾਂ ਤੁਹਾਨੂੰ ਵਾਜਾਂ ਮਾਰਦੀ ਹੁੰਦੀ ਏ ਕਿ ਲਿਖ ਮੇਰੇ ਬਾਰੇ; ਹੁਣੇ, ਇਸੇ ਵਕਤ।

– ਵਾਹ ਬਈ ਸ਼ਾਇਰਾ, ਵਾਹ! ਪਹਿਲੋਂ ਰਗਾਂ ਨੱਪਣ ਲੱਗ ਪੈਂਦਾ ਏ, ਫੇਰ ਚਰਨ ਪਰਸਣ ਲੱਗ ਜਾਨਾ ਇਆਂ। ਕਿਤੇ ਤੂੰ ਕਿਤੇ ਉਹ, ਕੀ ਆਂਹਦਾ ਜੇ, ਆਲੋਚਕ-ਅਲੂਚਕ ਤਾਂ ਨਹੀਂ ਜੇ ਕਿਤੇ?

– ਨਹੀਂ ਲਾਲਾ ਜੀ ਨਹੀਂ। ਮੈਨੂੰ ਗਾਹਲ਼ ਨਾ ਕੱਢੋ। ਮੈਂ ਤਾਂ ਨਿੱਕਾ-ਜਿਹਾ ਸ਼ਾਇਰ ਹਾਂ। ਤੁਹਾਡੇ ਆਖ਼ਰੀ ਕਮਰੇ ਘਰ ਦੇ ਵੇਖਣ ਲੱਗਾ ਸਾਂ। ਕੁਝ ਤਸਵੀਰਾਂ ਹੀ ਖਿੱਚ ਲਵਾਂ ਮਨਾ। ਖ਼ਾਲੀ ਅਲਮਾਰੀ ਬਾਕੀ ਘਰ ਦੀ ਸਫ਼ਾਈ ਤੇ ਲਾਲਾ ਜੀ ਇਥੋਂ ਦੂਰ। ਪਰ ਲਾਲਾ ਜੀ ਤੁਸੀਂ ਦੂਰ ਕਿਵੇਂ ਹੋ ਸਕਦੇ ਹੋ? ਆਖੋ ਤਾਂ ਪੂਰੀਆਂ ਨਜ਼ਮਾਂ ਸੁਣਾ ਦਿਆਂ, ਲੰਮੀਆਂ, ਤੁਹਾਨੂੰ ਯਾਦ ਹੋਣਗੀਆਂ।

– ਨਹੀਂ ਬਈ ਯਾਦ ਤਾਂ ਹੋਣੀਆਂ ਨਹੀਂ। ਪਰ ਯਾਦ ਕਰਨ ਦਾ ਇਹ ਵੀ ਤੇ ਕੁਦਰਤੀ ਵਸੀਲਾ ਹੀ ਏ। ਵੱਸਦੇ ਰਹੋ!

– ਤੇ ਕੁਝ ਮੈਨੂੰ ਤੇ ਭੁੱਲਦੀਆਂ ਹੀ ਨਹੀਂ। ਅੱਠਵੀਂ ਸੱਤਵੀਂ ਜਮਾਤ ਦੀਆਂ ਪੜ੍ਹੀਆਂ ਹੋਈਆਂ ਨੇ, ਪਰ ਕਾਲ਼ਜੇ ਵਿਚ ਉਵੇਂ ਦੀਆਂ ਉਵੇਂ ਖੜ੍ਹੀਆਂ ਨੇ।

– ਹਲਾ! ਤੇ ਸ਼ੇਰਾ ਸੁਣਾ ਖਾਂ ਕੋਈ, ਮੈਂ ਵੀ ਵੇਖ ਲਵਾਂ ਕਿ ਮੈਂ ਲਿਖਦਾ ਕੀ ਰਿਹਾਂ ਤੇ ਅਜੇ ਤਕ ਵੀ, ਕੁਝ ਲੋਕਾਂ ਤਕ ਵੀ ਪਹੁੰਚ ਰਿਹਾ ਹਾਂ!

– ਨਹੀਂ, ਨਹੀਂ ਲਾਲਾ ਜੀ, ਯਾਦ ਤਾਂ ਬੜਿਆਂ ਨੂੰ ਹੋਵੇਗਾ। ਚਾਤ੍ਰਿਕ ਜਿਸ ਨੇ ਪੜ੍ਹ ਲਿਆ ਉਹ ਪੜ੍ਹ ਲਿਆ; ਉਹ ਤੁਹਾਡੇ ਸ਼ਬਦ-ਭੰਡਾਰ ਤੋਂ ਆਰਾਮ ਨਾਲ਼ ਨਹੀਂ ਖਿਸਕ ਸਕਦਾ।

– ਤੇ ਸੁਣਾ ਫੇਰ। ਮੈਨੂੰ ਤੇ ਖੋਹ ਪੈਂਦੀ ਏ।

– ਲਾਲਾ ਜੀ ਸਾਰੀਆਂ ਤੇ ਬਹੁਤ ਹੋਣਗੀਆਂ। ਪਰ ਜੇ ਇਕ ਸ਼ੰਕਾ ਸਾਂਝੀ ਕਰ ਲਵਾਂ ਤੁਹਾਡੇ ਨਾਲ਼?

– ਸ਼ੰਕਾ! ਇਸ ਵਕਤ! ਪਰ ਚੱਲ ਖ਼ੈਰ, ਪੁੱਛ!

– ਲਾਲਾ ਜੀ, ਸ਼ੰਕਾ ਇਹ ਵੇ ਕਿ ਤੁਹਾਡੀ ਨਜ਼ਮ ਏ  ਪੰਜਾਬ। ਇਸ ਵਿਚ ਜਿੰਨੀ ਗੁੱਧੀ ਹੋਈ ਕਵਿਤਾ ਪੰਜਾਬ ਬਾਰੇ ਤੁਹਾਡੀ ਏ, ਮੈਨੂੰ ਅਜਿਹੀ ਕਿਧਰੇ ਹੋਰ ਘੱਟ ਹੀ ਮਿਲੀ ਏ। ਪਰ ਇਸ ਵਿਚ ਕੁਝ ਸਤਰਾਂ:

ਭਾਰਤ ਦੇ ਸਿਰ ’ਤੇ ਛਤ੍ਰ ਤਿਰਾ, ਤੇਰੇ ਸਿਰ ਛਤ੍ਰ ਹਿਮਾਲਾ ਦਾ।

ਮੋਢੇ ’ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜੁਆਲਾ ਦਾ।

ਇਹ ਕੀ ਏ?

– ਨਹੀਂ ਸ਼ਾਇਰਾ ਤੇਰੇ ਮਨ ਵਿਚ ਹੋਰ ਏ ਕੁਝ, ਜੋ ਤੂੰ ਅਖਵਾਉਣਾ ਚਾਹੁੰਦਾ ਏਂ।

– ਸ਼ਾਇਦ ਇੰਜ ਵੀ ਹੋਵੇ। ਪਰ ਇਹ ਸਤਰਾਂ ਕੀ ਨੇ? ਕੀ ਕੁਝ ਚਾਹੁੰਦੀਆਂ ਨੇ।

– ਦਰਅਸਲ ਕਾਕਾ, ਸਾਰਾ ਬਚਪਨ ਮੇਲਿਆਂ-ਗੇਲਿਆਂ ਵਿਚ ਹੀ ਕੱਟਿਆ ਏ। ਦਰਅਸਲ ਜਦੋਂ ਪਿੰਡਾਂ ਵਿਚ ਮੇਲੇ ਲੱਗਦੇ ਸਨ, ਰਾਤਾਂ ਨੂੰ ਦੇਰ ਤਕ ਸੁਣੀਆਂ ਢਾਡੀਆਂ ਦੀਆਂ ਮਨ-ਪਰਚਾਉਣੀਆਂ, ਦੇਖਣਾ ਕਿ ਕਿੰਨਾ ਈ ਵਕਤ ਤਾਂ ਸਿਰਫ਼ ਵਿਸ਼ੇ ਦੇ ਵਿਸ਼ੇਸ਼ ਪਾਤਰ ਦੀ ਧਮੀਰ  ’ਤੇ ਲਾ ਛੱਡਣੀ। ਇਹੋ ਕੁਝ ਕਿੱਸਿਆਂ ਵਿਚ ਹੋਣਾ। ਤੇ ਮੈਂ ਭਾਈ ਸਾਹਿਬ ਪਾਸ ਆਇਆ, ਅਮ੍ਰਿਤਸਰ, ਉਨ੍ਹਾਂ ਮੈਨੂੰ ਹੀ ਨੱਕਾਸ਼ੀ ਦੀ ਦਿੱਤੀ, ਪ੍ਰੈੱਸ ਦਾ ਕੰਮ ਦੇ ਦਿੱਤਾ। ਬੜਾ ਸਾਹਿਤ ਮੇਰੇ ਹੱਥਾਂ ਵਿਚੋਂ ਲੰਘਿਆ। ਕੁਝ ਕਿੱਸੇ ਵਿਚ ਅਟਕੇ ਪਏ ਸਨ। ਫੇਰ ਮੇਰੇ ਮਨ ਵਿਚ ਆਇਆ ਕਿ ਅਜਿਹੀ ਸ਼ਾਇਰੀ ਤਾਂ ਮੇਰੇ ਲਈ ਏਨਾ ਔਖਾ ਕੰਮ ਨਹੀਂ। ਬੱਸ ਲਿਖਣ ਦਾ ਕੰਮ ਸ਼ੁਰੂ ਹੋ ਗਿਆ। ਤੇ ਇਹ ਨਜ਼ਮ ਵੀ ਉਸੇ ਦਾ ਫਲ ਹੈ।

– ਨਹੀਂ ਲਾਲਾ ਜੀ। ਸਿਰਫ਼ ਇਹ ਸਤਰਾਂ! ਤੁਸੀਂ ਪੰਜਾਬ ਦੀ ਤਾਰੀਫ਼ ਕਰੀ ਜਾ ਰਹੇ ਹੋ!

– ਸ਼ਾਇਰਾ, ਮੈਂ ਬਾਣੀਏ ਪਰਿਵਾਰ ਵਿੱਚੋਂ ਹਾਂ। ਘੱਟ ਤੋਂ ਘੱਟ ਲਿਖਣਾ ਅਤੇ ਵੱਧ ਤੋਂ ਵੱਧ ਸਮਝ ਲੈਣਾ। ਲੰਡੇ ਵਹੀਆਂ ਦਾ ਜੁਗਾੜ ਵਿਚ ਮੈਂ ਕਰ ਲੈਂਦਾ ਸਾਂ। ਇਸੇ ਤਰ੍ਹਾਂ ਹੋਇਆ ਹੋਏਗਾ ਕਿ ਕਵਿਤਾ ਵਿਚ ਕੋਈ ਵਿਰਲ ਨਾ ਰਹਿ ਜਾਂਦੀ ਹੋਏ। ਇਹ ਨਜ਼ਮ ਤੇ ਬੜੀ ਸੌਖੀ ਏ। ਭਾਰਤ ਦਾ ਛਤ੍ਰ, ਹਿਮਾਲਾ ਦਾ ਛਤ੍ਰ, ਮੋਢੇ ’ਤੇ ਚਾਦਰ, ਬਰਫ਼, ਜੁਆਲਾ। ਜੁਆਲਾ ਜੀ ਗਿਐਂ ਕਿਤੇ?

– ਨਹੀਂ ਸੀ, ਜਾ ਨਹੀਂ ਹੋਇਆ

– ਨਹੀਂ? ਤਾਹੀਓਂ ਤੇ। ਵੇਖੇਂ ਨਾ! ਬਰਫ਼ ਦਾ ਪਹਾੜ ਤੇ ਅੰਦਰੋਂ-ਅੰਦਰ ਨਿਕਲਦੀਆਂ ਅੱਗ ਦੀਆਂ ਲਾਟਾਂ, ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ। ਬਰਫ਼ ਤੇ ਅੱਗ ਦਾ ਮੇਲ਼ ਕੋਈ ਬਣਦਾ ਏ? ਨਹੀਂ ਨਾ? ਪਰ ਮੈਂ ਨਹੀਂ ਬਣਾਇਆ! ਜਵਾਲ਼ਾ ਮਾਤਾ ਨੇ ਬਣਾਇਆ ਏ। ਮੈਂ ਬੱਸ ਉਸ ਦੀ ਅੱਕਾਸੀ ਕਰ ਦਿੱਤੀ। ਉਸ ਵਿਚ ਕੀ ਸੀ?

– ਲਾਲਾ ਜੀ ਅਗਲੀ ਸਤਰ!

– ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ।

– ਮਤਲਬ ਇਹ ਕਿ ਤੁਸੀਂ ਪਹਾੜੋਂ ਉਤਰ ਰਹੇ ਹੋ, ਜੁਆਲਾ ਜੀ ਵੱਲੋਂ।

– ਬਿਲਕੁਲ! ਉਵੇਂ ਮੈਂ ਲਿਖ ਦਿੱਤਾ। ਉਸ ਵਿਚ ਕੀ ਓਪਰਾ ਏ।

– ਲਾਲਾ ਜੀ। ਬੜੀ ਗ਼ਜ਼ਬ ਦੀ ਏ ਤੁਹਾਡੀ ਅੱਕਾਸੀ। ਪਰ ਇਹ ਪੰਜਾਬ ਕਿੱਥੇ ਵੇ?

– ਦੱਸਿਆ ਤੇ ਹੈ। ਇਸੇ ਥਾਂ। ਜਿੱਥੇ ਅਸੀਂ ਛੱਡ ਗਏ ਸਾਂ, ਪਰ ਕਿਉਂ ਹੁਣ ਇਹ ਪੰਜਾਬ ਉਹ ਪੰਜਾਬ ਨਹੀਂ, ਕੋਈ ਘਰ ਲੈ ਗਿਆ ਏ? ਪਰ ਤੂੰ ਸਾਡੇ ਵੇਲਿਆਂ ਦਾ ਪੰਜਾਬ ਵੇਖਿਆ ਨਹੀਂ। ਬਿਲਕੁਲ ਉਵੇਂ ਸੀ, ਜਿਵੇਂ ਲਿਖ ਗਿਆ ਸਾਂ। ਮੈਨੂੰ ਕੋਈ ਗ਼ੈਬੋਂ ਉਤਰੀ ਸ਼ਾਇਰੀ ਨਹੀਂ ਮਿਲ਼ੀ।

– ਨਹੀਂ ਲਾਲਾ ਜੀ। ਇਹ ਪੰਜਾਬ ਉਹ ਨਹੀਂ। ਨਕਸ਼ਾ ਬਦਲ ਗਿਆ ਏ। ਜੁਆਲਾ ਜੀ ਚਲੇ ਗਏ ਹਿਮਾਚਲ ਵਿਚ। ਜਮਨਾ ਚਲੀ ਗਈ ਦਿੱਲੀ ਰਾਜ ਵਿਚ। ਅਟਕ ਚਲਾ ਗਿਆ ਏ ਪਾਕਿਸਤਾਨ ਵਿਚ। ਹੁਣ ਤੁਹਾਡੀ ਭਾਸ਼ਾ, ਬੋਲੀ ਤੇ ਪੰਜਾਬੀ; ਹਿਮਾਚਲੀ, ਹਰਿਆਣਵੀ ਨਹੀਂ ਪੜ੍ਹ ਸਕਣਗੇ। ਲਾਲਾ ਜੀ ਸਿਰ ਫੜ ਕੇ ਨਾ ਬੈਠੋ, ਇਹ ਤਾਂ ਹੋ ਗਿਆ ਏ। ਵਾਪਰ ਗਿਆ ਏ। ਮੈਂ ਤੇ ਔਖਾ-ਸੌਖਾ ਸਮਝ ਲਵਾਂਗਾ, ਏਨੀ ਸੁੰਦਰ ਤੇ ਗੁੱਝੀ ਸ਼ਾਇਰੀ। ਪਰ ਅਗਲੀਆਂ ਨਸਲਾਂ, ਹਰਿਆਣੇ, ਹਿਮਾਚਲੀਆਂ ਦੀਆਂ! ਤੇ ਪੰਜਾਬੀਆਂ ਦੀਆਂ?!

– ਜਾਉ ਉਇ ਮਾਂ-ਮਾਰਿਉ। ਤੁਸੀਂ ਮੇਰੇ ਵਾਂਗੂੰ ਸਿਰ ਫੜ ਕੇ ਬੈਠ ਰਹੋਗੇ। ਗਾਹਲ਼ਾਂ ਕੱਢੀ ਜਾਉਗੇ ਅਪਣੇ ਕੁ-ਲੱਗਦਿਆਂ ਨੂੰ। ਤੁਹਾਡੀ ਬਾਤ ਨਹੀਂ ਪੁੱਛਣੀ ਕਿਸੇ ਨੇ, ਸਮਝੇ!

– ਲਾਲਾ ਜੀ, ਸ਼ਾਂਤੀ, ਜੋ ਹੋਣਾ ਸੀ ਸੋ ਹੋ ਗਿਆ। ਨਕਸ਼ੇ ਬਦਲਦੇ ਰਹਿੰਦੇ ਨੇ। ਮੈਂ ਵੀ ਕਹਾਂ ਕਿ ਜੇ ਲਾਲਾ ਜੀ ਅੱਜ ਇਹ ਕਵਿਤਾ ਦੁਬਾਰਾ ਲਿਖਦੇ, ਤਾਂ ਕਿੰਜ ਲਿਖਦੇ?

– ਕਿਉਂ, ਲਿਖਦਾ, ਕਿਵੇਂ ਲਿਖਦਾ!

– ਲਾਲਾ ਜੀ ਏਨੀ ਸ਼ਾਂਤ ਨਜ਼ਮ, ਤੱਤੇ ਨਾ ਹੋਵੇ। ਚਾਰ ਸਤਰਾਂ ਹੋਰ ਪੁੱਛਾਂ?

– ਰਹਿਣ ਦੇ ਯਾਰ…

– ਨਹੀਂ ਲਾਲਾ ਜੀ, ਇੰਜ  ਨਾ ਆਖੋ। ਨਜ਼ਮ  ਕਹਿੰਦੀ ਹੈ:

ਵੱਸੇ ਰੱਸੇ ਘਰ ਬਾਰ ਤਿਰਾ,

ਜੀਵੇ ਜਾਗੇ ਪਰਵਾਰ ਤਿਰਾ।

ਮਸਜਿਦ, ਮੰਦਿਰ, ਦਰਬਾਰ ਤਿਰਾ,

ਮੀਆਂ, ਲਾਲਾ, ਸਰਦਾਰ ਤਿਰਾ।

ਦੁਨੀਆ ਸਾਰੀ ਹੀ ਸੋਹਣੀ ਹੈ,

ਪਰ ਤੇਰਾ ਰੰਗ ਨਿਆਰਾ ਹੈ।

ਤੇਰੀ ਮਿੱਟੀ ਦਾ ਕੁੱਲਾ ਭੀ,

ਸ਼ਾਹੀ ਮਹਿਲਾਂ ਤੋਂ ਪਿਆਰਾ ਹੈ।

              ਇਹ ਜੋ ਤੁਸੀਂ ਮਸਜਿਦ, ਮੰਦਿਰ, ਦਰਬਾਰ, ਮੀਆਂ, ਲਾਲਾ, ਸਰਦਾਰ ਦੇ ਸਮੀਕਰਣ ਗੁੱਧੇ ਹੈਨ, ਕਮਾਲ ਹੈਨ। ਮਸਜਿਦਾਂ ਵੀ ਹੈਨ, ਮੰਦਿਰ ਵੀ ਹੈਨ, ਮੀਏਂ ਭੀ, ਲਾਲੇ ਭੀ, ਸਰਦਾਰ ਭੀ। ਪਰ ਦਰਬਾਰ ਤੇ ਦਰਬਾਰ ਹੀ ਹੋਇਆ, ਹਰਿਮੰਦਰ ਸਾਹਿਬ?

– ਬਿਲਕੁਲ

– ਇਸ ਨੂੰ ਤੁਸੀਂ ਸਮੀਕਰਣਾਂ ਤੋਂ ਵੀ ਤੋੜ ਦਿੱਤਾ ਪਹਿਲੋਂ ਜੋੜ ਕੇ।

– ਹਾਂ ਸ਼ਾਇਰਾ; ਦਰਬਾਰ, ਸਾਹਿਬਾਂ ਦਾ ਦਰਬਾਰ, ਦਰਬਾਰ ਸਾਹਿਬ ਅਮ੍ਰਿਤਸਰ ਹੈ ਈ ਅਜਿਹਾ। ਜੇ ਤੂੰ ਸਮਝ ਗਿਐਂ ਤੇ ਨਜ਼ਮ ਦੀ ਕੀਮਤ ਵਸੂਲ ਹੋ ਗਈ। ਵਾਹ ਮਾਲਕਾ! ਤੂੰ ਅੰਦਰਲੀ ਗੱਲ ਅੰਦਰ ਤਕ ਪਹੁੰਚਾਉਣ ਦੀ ਸਮਰੱਥਾ ਵੀ ਦੇ ਦੇਂਦਾ ਏਂ। ਹਾਂ ਪਤਾ ਲੱਗਾ, ਅੱਜ, ਕਿ ਮੈਂ ਸ਼ਾਇਰ ਮਾੜਾ ਨਹੀਂ। ਇਕ ਕਵੀ ਦੇ ਝੋਰੇ ਨੇ ਤੇ ਮੈਨੂੰ ਡਰਾ ਈ ਛੱਡਿਆ ਸੀ ਕਿ ਮੈਨੂੰ ਕੋਈ ਯਾਦ ਈ ਨਹੀਂ ਕਰਦਾ ਹੁਣ। ਮੈਂ ਕਿਹਾ ਬਥੇਰਾ ਕਿ ਨਹੀਂ ਚਾਤ੍ਰਿਕ ਰਚਨਾਵਲੀ  ਭਾਸ਼ਾ ਵਿਭਾਗ ਨੇ ਛਾਪ ਦਿੱਤੀ ਸੀ, ਮੈਂ ਵੀ ਸੁਣਿਆ ਈ। ਸਗੋਂ ਉਸ ਕਵੀ ਨੂੰ ਉਦਾਸ ਵੇਖ ਕੇ ਪਹਿਲਾਂ ਮੈਂ ਹੈਰਾਨ ਹੋਇਆ  ਤੇ ਫੇਰ ਮੈਂ ਵੀ ਉਦਾਸ।

– ਨਹੀਂ ਲਾਲਾ ਜੀ, ਉਹ ਤੇ ਛਪ ਗਈ ਸੀ। ਮੈਂ ਆਪ ਕਈ ਵੇਰ ਪੜ੍ਹੀ ਏ, ਦਰਸ਼ਨ ਕੀਤੇ ਨੇ। ਪਰ ਲਾਲਾ ਜੀ ਜਦੋਂ ਸਾਰਾ ਹਿੰਦੁਸਤਾਨ ਧੁਖ ਰਿਹਾ ਸੀ, ਬਲ਼ ਰਿਹਾ ਸੀ। ਤੁਸੀਂ ਪੰਜਾਬ ਬਾਰੇ ਅਜਿਹੀ ਨਜ਼ਮ ਕਿਉਂ ਲਿਖੀ?

– ਲਿਖੀ ਕਿਉਂ? ਇਸਦਾ ਜਵਾਬ ਤੇ ਮੇਰੇ ਕੋਲ਼ ਨਹੀਂ। ਪਰ ਮੈਨੂੰ ਕੁਝ ਇਉਂ ਲਗਦਾ ਹੋਵੇਗਾ ਕਿ ਭਲਾ ਇਹ ਸਭ ਕੁਝ ਸੜ ਕੇ ਰਾਖ ਹੋ ਗਿਆ! ਫੇਰ ਮੈਂ ਸ਼ਾਇਦ ਅਜਿਹਾ ਇਸ ਲਈ ਕੀਤਾ ਕਿ ਇਹ ਪੰਜਾਬ ਦੀ ਥਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਹੋਂਦ, ਔਕਾਤ ਦੀ ਸਮਰੱਥਾ ਦਾ ਸ਼ੀਸ਼ਾ ਵਿਖਾਉਣਾ ਚਾਹੁੰਦਾ ਸਾਂ। ਜੰਗ ਦੇ ਮੈਦਾਨ ਵਿਚ ਉਤਰਨ ਤੋਂ ਪਹਿਲਾਂ, ਉਨ੍ਹਾਂ ਨੂੰ ਅਪਣੇ ਆਪ ਦਾ ਇਲਮ ਹੋਵੇ। ਇਹ ਜੋ ਕੁੱਲੀ ਦੀ ਥਾਂ ’ਤੇ ਮੈਂ ਕੁੱਲਾ ਲਿਖਿਆ ਏ ਹੈ ਤਾਂ ਨਿਹੰਗ ਬੋਲਿਆਂ ਵਿਚ ਇਹ ਅਜਨਬੀ ਜਿਹਾ, ਪਰ ਇਸ ਅਜਨਬੀ ਨੂੰ ਅਪਣਾ ਬਣਾ ਕੇ ਸ਼ਾਹੀ ਮਹਿਲਾਂ ਅੰਗਰੇਜ਼-ਪਰਪੰਚ ਵਿਚ ਮੋਘਾ ਕੱਢਣਾ ਸੀ। ਪਤਾ ਨਹੀਂ ਕਿਵੇਂ ਰਿਹਾ ਹੋਵੇ!

– ਨਹੀਂ ਲਾਲਾ ਜੀ ਇਸ ਵਿਚ ਤੁਸੀਂ ਬਹੁਤ ਕਾਮਯਾਬ ਹੋ। ਹੈਰਾਨੀ ਮੇਰੇ ਲਈ ਲਾਲਾ ਜੀ ਕੀ ਸ਼ਾਂਤੀ ਸੰਦੇਸ਼ ਦੇਣ ਤੁਰ ਪਏ ਨੇ! ਸਮਝ ਗਿਆਂ, ਹੁਣ ਸਮਝਿਆਂ। ਨਹੀਂ ਲਾਲਾ, ਮੁਆਫ਼ੀ!

– ਨਹੀਂ ਪੁੱਤਰ ਨਹੀਂ, ਮੈਨੂੰ ਵੀ ਹੁਣੇ ਪਤਾ ਲੱਗਾ ਕਿ ਅਜਿਹੇ ਸ਼ੰਕੇ ਵੀ ਹੋ ਸਕਦੇ, ਬੜੇ ਖ਼ਤਰਨਾਕ। ਪਰ ਅਜਿਹੇ ਨਤੀਜੇ ਵੀ ਆ ਸਕਦੇ, ਬੜੇ ਦਿਲਕਸ਼। ਮੈਨੂੰ ਤੇ ਬਹੁਤ ਵਕਤ ਹੋ ਗਿਆ। ਚੱਲਾਂ?

– ਲਾਲਾ ਜੀ ਇਕ ਨਜ਼ਮ ਹੋਰ!

– ਵਕਤ ਤੇ ਨਹੀਂ, ਚੱਲ, ਦੱਸ, ਕਿਹੜੀ?

– ਰਾਧਾ ਸੰਦੇਸ਼।

– ਸ਼ਾਇਰਾ ਮੈਨੂੰ ਵੱਸ ਕਰਨਾ ਚਾਹੁੰਦਾ ਏਂ? ਹੁਣ ਪੁੱਛੇਂਗਾ ਕਿ ਤੇਰੀ ਰਾਧਾ ਕਿਹੜੀ ਸੀ; ਵਗ਼ੈਰਾ, ਵਗ਼ੈਰਾ!

– ਹਾਂ, ਲਾਲਾ ਜੀ, ਪੁੱਛਣਾ ਪਹਿਲਾਂ ਤੇ ਇਹ ਈ ਸੀ।

– ਇਸ ਬਾਰੇ ਮੈਂ ਕੁਝ ਕਹਿ ਸਕਦਾ। ਜਾਂ ਕਹਿ ਲੈ ਕਿ ਮੈਨੂੰ ਕੁਝ ਪਤਾ ਨਹੀਂ। ਜੋ ਤੇਰਾ ਜੀ ਕਰਦਾ ਕਹਿ ਲੈ, ਪਰ ਇਹ ਵੇਖ ਲਈਂ ਸਵਾਲ ਵਿਚ ਤੇਰੀ ਕੋਈ ਅਪਣੀ ਰਾਧਾ ਤੇ ਨਹੀਂ ਬੈਠੀ?

– ਨਹੀਂ ਲਾਲਾ ਜੀ, ਮੈਂ ਤੇ ਸਿਰਫ਼ ਤੁਹਾਡੀ ਗੱਲ ਕਹਿਣ ਵੀ ਸੁਣਨੀ ਸੀ, ਤੁਸੀਂ ਇਸ ਨਜ਼ਮ ਦਾ ਕੀ ਕਰਦੇ ਹੋ?

– ਮੈਂ ਸਿਰਫ਼ ਗਾਉਨਾ ’ਵਾਂ। ਇਕੱਲਾ।

– ਅਕਸਰ!

– ਹਾਂ। ਪਰ ਮੈਥੋਂ ਹੋਰ ਹੋਰ ਨਾ ਪੁੱਛੀ ਜਾਹ, ਵਕੀਲਾਂ ਵਾਂਙ।

– ਨਹੀਂ ਲਾਲਾ, ਬੱਸ ਇਕ ਸਵਾਲ। ਤੁਸੀਂ ਲਿਖਿਆ ਏ:

ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ

ਜਿੱਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ

ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ

‘ਰਾਧਾ’ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ।

– ਤੁਸੀਂ ਇਸ ਨੂੰ ਇਸ਼ਕ ਦੀ ਵਾਰ ਕਹਿ ਦਿੱਤਾ ਏ?

– ਨਹੀਂ ਯਾਰ, ਇਹ ਤੇ ਮੈਨੂੰ ਤੇ ਪਤਾ ਈ ਨਹੀਂ ਲੱਗਾ!

              ਪਰ ਨਹੀਂ ਹੁਣ ਤੇਰੇ ਨਾਲ਼ ਕੋਈ ਗੱਲ ਨਹੀਂ ਕਰਨੀ, ਹੋਰ ਮੇਰੀ ਮਿੱਟੀ ਬਾਲ਼ੀ ਜਾਵਨਾ ਏਂ। ਹੁਣ ਨਹੀਂ। ਕਦੀ ਫੇਰ ਮਿਲ਼ਾਂਗੇ।

              ਇਹ ਆਖ ਚਾਤ੍ਰਿਕ ਜੀ ਅਲੋਪ ਹੋ ਗਏ।

(ਚਾਤ੍ਰਿਕ ਦਾ ਪੋਤ-ਜੁਆਈ ਹੱਥ ਝਾੜਦਾ ਆ ਰਿਹਾ ਏ)

 – ਸੱਚੀ ਬੜਾ ਘੱਟਾ ਪਿਆ ਏ। ਅੱਜ ਹੀ ਸਫ਼ਾਈ ਕਰਕੇ ਹਟਿਆ ਹਾਂ। ਅਜੇ ਟੈਲੀਫ਼ੋਨ ਤੇ ਬਕਸੇ ਸਾਂਭਣ ਵਾਲ਼ੇ ਪਏ ਨੇ। ਅੱਛਾ ਚਾਹ ਦਾ ਪਿਆਲਾ ਪੀ ਹੀ ਲਉਗੇ?

– ਨਹੀਂ ਅਜੇ ਕਿਸੇ ਨੂੰ ਮਿਲਣ ਜਾਣਾ ਹੀ ਏ। ਇਹ ਤੇ ਸਬੱਬ ਹੀ ਸੀ ਕਿ ਘਰ ਦਾ ਆਖ਼ਰੀ ‘ਕੂੜਾ ਕਰਕਟ’ ਤੁਸੀਂ ਸਾਂਭਣ ਲੱਗੇ ਹੋ। ਦਿਹਾੜੀ ਲੇਟ ਹੋ ਜਾਂਦੇ, ਤੁਹਾਡੇ ਨਵੇਂ ਘਰ ਕਦੀ ਸਾਡੀ ਪਹੁੰਚ ਨਹੀਂ ਸੀ ਹੋਣੀ; ਕੋਈ ਨਹੀਂ ਮਿਲਣਾ ਸੀ। ਕੁਝ ਗੱਲਾਂ ਤੇ ਤੁਹਾਡੇ ਕੋਲ਼ੋਂ ਵੀ ਪਤਾ ਲੱਗ ਹੀ ਜਾਣਗੀਆਂ।

–             ਨਹੀਂ ਜੀ, ਮੇਰੇ ਕੋਲ਼ੋਂ ਬਹੁਤਾ ਪਤਾ ਨਹੀਂ ਮਿਲਣਾ। ਲੇਕਿਨ ਸ਼ਾਸਤਰੀ ਨਗਰ ਵਿਚ ਬਾਕੀ ਪਰਿਵਾਰ ਰਹਿ ਰਿਹਾ ਏ। ਇਹ ਜੇ ਉਸ ਘਰ ਦੇ ਟੈਲੀਫ਼ੋਨ ਨੰਬਰ। ਬੱਸ ਪਹਿਲੋਂ ਜ਼ਰਾ ਖ਼ਬਰ ਕਰ ਦੇਣਾ। ਜਦੋਂ ਘਰ ਦਾ ਸਾਮਾਨ ਸ਼ਿਫਟ ਕਰਨ ਲੱਗੇ ਸਾਂ, ਉਸੀ ਦੀ ਬੇਟੀ ਨੇ, ਉਨ੍ਹਾਂ ਦਾ ਬਹੁਤ ਸਾਰਾ ਪੁਰਾਣਾ ਲਿਟਰੇਚਰ ਜਾਂ ਕੁਝ ਹੋਰ ਚੀਜ਼ਾਂ ਵੀ ਸਾਂਭ ਲਈਆਂ ਨੇ। ਉਹ ਤੇ ਬਲਕਿ ਕਿਸੇ ਵਿਦਿਅਕ ਅਦਾਰੇ ਨੂੰ ਦੇਣ ਲਈ ਕਹਿੰਦੇ ਸਨ ਕਿ ਇਹ ਕਿਧਰੇ ਗੁੰਮ ਨਾ ਹੋਏ, ਸਿਉਂਕ ਨਾ ਖਾ ਜਾਏ। ਸ਼ਾਇਦ ਕਿਸੇ ਵਿਦਵਾਨ, ਵਿਦਿਆਰਥੀ ਦੇ ਕੰਮ ਵੀ ਆ ਜਾਏ।

–             ਪੋਤ ਜੁਆਈ ਵੀ ਕਈ ਵਾਰੀ ਸਿਆਣੇ ਨਿਕਲ਼ ਆਉਂਦੇ ਨੇ (ਮੈਂ ਹੱਸ ਕੇ ਕਿਹਾ)। ਜਨਾਬ ਜਿੰਨੀਆਂ ਸਾਨੂੰ ਦੱਸ ਚੱਲੇ ਹੋ, ਉਨ੍ਹਾਂ ਵਿਚ ਅਜੇ ਹੋਰ ਪਤਾ ਨਹੀਂ ਕੀ ਕੁਝ ਲਭ ਜਾਵੇ। ਲੇਕਿਨ ਮੁਨੀਸ਼ ਜੀ, ਤੁਸੀਂ ਸਾਡੇ ’ਤੇ ਬੜੀ ਮਿਹਰਬਾਨੀ ਕਰ ਚੱਲੇ ਹੋ। ਫੇਰ ਚਾਹ ਤੁਹਾਡੇ ਨਾਲ਼ ਬਹਿ ਕੇ ਸਹੀ। ਸ਼ਾਸਤਰੀ ਨਗਰ।

–    ਜੀ ਆਇਆਂ ਨੂੰ ਜੀ। ਇਹ ਚਾਰ ਟੈਲੀਫ਼ੋਨ ਹੈਨ। ਅਹਿ ਦੋ ਸੋਮਵਾਰ ਤੋਂ ਸ਼ੁਰੂ ਹੋ ਜਾਣਗੇ। ਦੋ ਚੱਲ ਰਹੇ ਨੇ। ਅਸੀਂ ਵੀ ਤੁਹਾਨੂੰ ਉਡੀਕਾਂਗੇ।

              ਚਾਤ੍ਰਿਕ ਜੀ ਦੇ ਸਭ ਤੋਂ ਛੋਟੇ ਬੇਟੇ ਮੋਹਨ ਕੁਮਾਰ ਮੋਂਗੀਆ ਜੀ ਦਾ ਪਰਿਵਾਰ, ਬੇਟੀ, ਜੁਆਈ ਅਤੇ ਉਨ੍ਹਾਂ ਦਾ ਪਰਿਵਾਰ ਅਮ੍ਰਿਤਸਰ ਵਿਚ ਵਸਦੇ ਪਏ ਨੇ। ਸਭ ਤੋਂ ਵੱਡਾ ਜਸਵੰਤ ਰਾਏ ਬੰਬਈ ਨਿਵਾਸੀ ਬਣ ਚੁੱਕਿਆ ਹੈ। (ਇਹ ਕਦੇ ਅਮ੍ਰਿਤਸਰ ਦੀ ਕਮਿਉਨਿਸਟ ਪਾਰਟੀ ਦਾ ਸੈਕੇ੍ਰਟਰੀ ਹੁੰਦਾ ਸੀ)। ਦੂਜੇ ਦੋ, ਬਲਵੰਤ ਰਾਏ, ਅਲਾਹਬਾਦ ਅਤੇ ਬ੍ਰਿਜ ਮੋਂਗਾ, ਦਿੱਲੀ ਪ੍ਰਭੂ ਚਰਣਾਂ ਵਿਚ ਬਿਰਾਜ ਗਏ ਹੋਏ ਨੇ। ਇਕ ਬੇਟੀ ਸਭ ਤੋਂ ਛੋਟੀ ਸੀ।

              ਮੋਹਨ ਕੁਮਾਰ ਦੀ ਬੇਟੀ ਨੇਹਾ ਨੂੰ ਦਾਦਾ ਜੀ ਦੀਆਂ ਬਹੁਤ ਸਾਖੀਆਂ ਆਉਂਦੀਆਂ ਹਨ। ਸਾਰਾ ਪਰਿਵਾਰ, ਇਸ ਟਕਸਾਲੀ ਸ਼ਾਇਰ ਦੀ ਔਲਾਦ, ਸਾਰੇ ਤਕਰੀਬਨ ਹਿੰਦੀ ਬੋਲਦੇ ਹਨ। ਜਦੋਂ ਕੋਈ ਕਵਿਤਾ, ਸਕੂਲ ਪੜ੍ਹਦਿਆਂ ਕਿਤੇ ਕਿਤਾਬ ਵਿਚ ਆ ਜਾਣੀ; ਨੇਹਾ ਨੇ ਆਖਣਾ: ‘ਦਾਦਾ ਜੀ ਹਮਾਰੇ ਲੀਏ ਯੇ ਨਯਾ ਪੰਗਾ ਛੋੜ ਗਏ ਹੈਂ।’ ਇਹ ਬੀਬੀ ਰਾਣੀ ਕਹਿੰਦੀ ਹੈ ਕਿ ਮੈਨੂੰ ਦਾਦਾ ਜੀ ਦੀਆਂ ਕਵਿਤਾਵਾਂ ਨਾਲ਼ੋਂ ਭਾਈ ਵੀਰ ਸਿੰਘ ਜ਼ਿਆਦਾ ਆਸਾਨ ਲੱਗਦਾ ਸੀ। ਮੈਂ ਕਾਰਣ ਸਮਝ ਸਕਦਾ ਹਾਂ। ਜਿੰਨੀ ਮਿੱਟੀ-ਗੁੱਧੇ ਸ਼ਬਦ ਚਾਤ੍ਰਿਕ ਦੀ ਡਿਕਸ਼ਨਰੀ ਵਿਚ ਹਨ, ਸ਼ਹਿਰ ਦੇ ਬੱਚਿਆਂ ਤਕ ਉਹਦੀ ਰਸਾਈ ਨਹੀਂ। ਚਾਤ੍ਰਿਕ ਦੀ ਕਵਿਤਾ ਵਿਚ ਵਿਰਲਾਂ ਨਹੀਂ। ਜਿੰਨਾ ਛੰਦ-ਸ਼ਾਸਤਰ ਅਤੇ ਕਵਿਤਾ ਦੇ ਲੋਕਧਾਰਾਈ ਆਧਾਰ ਚਾਤ੍ਰਿਕ ਕੋਲ਼ ਹਨ; ਨਾ ਭਾਈ ਸਾਹਿਬ ਪਾਸ ਹਨ, ਨਾ ਪੂਰਨ ਸਿੰਘ ਪਾਸ। ਭਾਈ ਵੀਰ ਸਿੰਘ ਬਚ-ਬਚ ਕੇ ਕਵਿਤਾ ਕਹਿੰਦਾ ਹੈ। ਚਾਤ੍ਰਿਕ ਜੋ ਸਮਝਦਾ ਹੈ, ਬੋਲ ਦੇਂਦਾ ਹੈ; ਜੋ ਬੋਲਦਾ ਹੈ, ਲਿਖ ਦੇਂਦਾ ਹੈ। ਪੂਰਨ ਸਿੰਘ ਜਿਵੇਂ ਲਿਖਦਾ ਹੈ; ਐਨ ਸਰਸ਼ਾਰ ਕਰਨ ’ਤੇ ਵੀ ਯਾਦ ਰਹਿਣ ਦੀ ਸਮਰੱਥਾ ਪਾਠਕ ਕੋਲ਼ੋਂ ਵਾਪਸ ਲੈ ਲੈਂਦਾ ਹੈ। ਭਾਈ ਸਾਹਿਬ ਦੀ ਕਵਿਤਾ ‘ਜ਼ਿਮੇਵਾਰ’ ਕਵਿਤਾ ਹੈ। ਪੂਰਨ ਸਿੰਘ ਤੇ ਚਾਤ੍ਰਿਕ ਜ਼ਿੰਮੇਵਾਰੀ ਦੇ ਚੱਕਰ ਵਿਚ ਨਹੀਂ ਪੈਂਦੇ। ਚਾਤ੍ਰਿਕ ਲੋਕ-ਮਨ ਦਾ ਚਿਤ੍ਰਕਾਰ ਹੈ। ਉਹਦੀ ਮਿੱਟੀ ਦਾ ਅਪਣਾ ਵਜੂਦ ਹੈ, ਰੰਗ ਹੈ, ਵਜਦ ਹੈ। ਇਹ ਬੜੀ ਵਾਰੀ ਇਕਾਲਕੀ ਵੀ ਬਣ ਜਾਂਦਾ ਹੈ, ਲੇਕਿਨ ਉਹ ਬਹੁ-ਕਾਲਕੀ ਬਣਨ ਲੱਗਾ ਵੀ ਨਾਲ਼ ਦੀ ਬਾਰਡਰ-ਚੌਂਕੀ ’ਤੇ ਰੁਕਦਾ ਨਹੀਂ; ਕੋਈ ਉਹਨੂੰ ਪੁੱਛਦਾ ਨਹੀਂ। ਇਉਂ ਇਨ੍ਹਾਂ ਤਿੰਨਾਂ ਸਮਕਾਲੀਆਂ ਦੀ ਆਜ਼ਾਦਾਨਾ ਤਰਬੀਅਤ ਦੇ ਬਾਵਜੂਦ ਮੁਹੱਬਤੀ ਸਾਂਝ ਵੀ ਹੈ; ਜੋ ਅੱਜ ਨਹੀਂ । ਇਉਂ ਇਸ ਸਾਂਝ ਨੂੰ ਰਤਾ ਗਹੁ ਨਾਲ਼ ਵੇਖ ਲਿਆ ਜਾਂਦਾ ਹੈ ਤੇ ਸਾਹਿਤ ਦਾ ਮੁਹਾਂਦਰਾ ਬਦਲ ਜਾਣ ਦਾ ‘ਖ਼ਦਸ਼ਾ’ ਹੈ, ਬੇਸ਼ੱਕ ਅੱਜ ਦੇ ‘ਸੈਮੀਨਾਰੀਅਨ’ ਹਉਂਵਾਦੀ ਪ੍ਰਪੰਚਕ ਇੰਜ ਹੋਣ ਵੀ ਨਹੀਂ ਦੇਣਗੇ। ਚਾਤ੍ਰਿਕ ਨੇ ਉਮਰ ਦੇ ਨਿਬੇੜੇ ਤੋਂ ਕੁਝ ਚਿਰ ਪਹਿਲਾਂ ਟਾਂਗਾ ਵੀ ਲਿਆ ਸੀ। ਬਾਦਸ਼ਾਹ ਬੰਦੇ ਨੇ ਦੁਨੀਆ ਨੂੰ ਵੀ ਬਾਦਸ਼ਾਹੀ ਵਿਖਾਉਣੀ ਸੀ। ਨੌ ਕਨਾਲ਼ਾਂ ਦੀ ਕੋਠੀ ਵਿਚ ਚਾਤ੍ਰਿਕ ਮਹੱਲ ਵੀ ਸੀ, ਡੰਗਰ ਪਸ਼ੂ ਵੀ, ਪ੍ਰੈੱਸ ਦਾ ਕੰਮ ਕਾਜ ਵੀ, ਘਰ ਬਾਰ ਵੀ।

     ਹੈਰਾਨੀ ਨਹੀਂ ਹੋਵੇਗੀ ਕਿ ਸਭ ਤੋਂ ਪਹਿਲਾਂ ਅਮ੍ਰਿਤਸਰ ਵਿਚ, ਪੰਜਾਬੀ ਟਾਈਪ ਫ਼ੌਂਡਰੀ ਚਾਤ੍ਰਿਕ ਨੇ ਬਣਵਾਈ ਸੀ, ਸੁਦਰਸ਼ਨ ਪੱ੍ਰੈਸ। ਅੱਜ ਵੀ ਹੈ, ਬਿਸ਼ੱਕ ਮਾਲਕੀ ਬਦਲ ਗਈ ਹੈ।

ਪਹਿਲਾ ਮਹਾਨ ਕੋਸ਼ ਇਸੇ ਦਾ ਬਣਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਦੀ 40 ਪੁਆਇੰਟ ਦੀ ਛਾਪ ਪਹਿਲੀ ਇਥੇ ਹੀ ਤਿਆਰ ਹੋਈ ਸੀ।

ਸੰਨ 1953 ਵਿਚ ਅੰਮ੍ਰਿਤਾ ਪ੍ਰੀਤਮ ਆਕਾਸ਼ਵਾਣੀ ਤੋਂ ਪਹਿਲੀ ਕਵਿਤਾ ਚਾਤ੍ਰਿਕ ਜੀ ਨਾਲ਼ ਪੜ੍ਹਦੀ ਪਈ ਸੀ, ਜਿਹਦੀ ਪਹਿਲੀ ਸਤਰ ਸੀ:

ਪੈਰਾਂ ਹੇਠਾਂ ਸੱਤ ਸਮੁੰਦਰ ਕਾਬਾ ਪਰਲੇ ਬੰਨੇ

ਚਾਤ੍ਰਿਕ ਅਕਸਰ ਵਜਦ ਵਿਚ ਆ ਕੇ ਇਹ ਕਵਿਤਾ ਗਾਉਂਦੇ ਰਹਿੰਦੇ, ਜੋ ਮੋਹਨ ਜੀ ਅੱਜ ਸਾਨੂੰ ਸੁਣਾ ਰਹੇ ਹਨ।

ਚਾਤ੍ਰਿਕ ਜੀ ਦੇ ਪੜ-ਦੋਹਤਰਾ, ਦੋਹਤਰੀ, ਯਾਸ਼ਿਮਾ ਤੇ ਅਭਿਨਵ ਵੱਡੇ ਨਾਨਾਸ਼ਿਰੀ ਦੀਆਂ ਗੱਲਾਂ ਸੁਣ ਕੇ ਭੱਜੇ ਆਉਣਗੇ। ਚਾਤ੍ਰਿਕ ਜੀ ਦੀਆਂ ਬਹੁਤ ਤਸਵੀਰਾਂ ਤੇ ਕਈ ਕੁਝ ਚਿੱਠੀਆਂ ਪ੍ਰੇਮ ਦੇ ਨਵੇਂ ਘਰ ਵਿਚ ਮਿਲਣਗੀਆਂ, ਜਦੋਂ ਇਸ ਨਵੇਂ ਘਰ ਦੀ ਸ਼ਕਲ ਸੂਰਤ ਸੰਭਲ ਗਈ ਤੇ ਜੀਅ ਵਸਣ ਲੱਗ ਪਏ। ਉਸ ਪੁਰਾਣੇ ਘਰ ਵਿਚ ਕਈ ਵੱਡੇ ਪੈਲੇਸ, ਹਸਪਤਾਲ ਤੇ ਮਲਟੀ ਸਮਿਆਨ ਵਾਲ਼ੇ ਸਟੋਰ ਬਣ ਗਏ ਹਨ; ਬਣੀ ਜਾ ਰਹੇ ਹਨ। ਪੁਰਾਣੀ ਇੱਟ ਵਾਲ਼ਾ ਰਕਬਾ ਬਹੁਤ ਥੋੜ੍ਹਾ ਰਹਿ ਗਿਆ ਤੇ ਨਵੇਂ ਮਾਲਕ ਇਸ ਨੂੰ ਵੀ ਮਰਜ਼ੀ ਮੁਤਾਬਕ ਢਾਲ਼ ਲੈਣਗੇ, ਜਿਵੇਂ ਚਾਤ੍ਰਿਕ ਅੱਖਰਾਂ ਨੂੰ ਢਾਲ਼ ਲਿਆ ਕਰਦਾ ਸੀ।

ਜੇ ਤੁਸੀਂ ਚਾਤ੍ਰਿਕ ਬਾਰੇ ਪੁੱਛਣਾ ਚਾਹੋ, ਤਾਂ ਜਿੰਨੇ ਬੀੜਵੇਂ ਸ਼ਬਦਾਂ ਵਿਚ ਚਾਤ੍ਰਿਕ ਦੱਸ ਗਿਆ ਹੈ, ਹੋਰ ਕੋਈ ਕੀ ਦੱਸੇਗਾ? ਇਸ ਲਈ ਇਹ ਚਾਤ੍ਰਿਕ ਪ੍ਰਵਚਨ ਅਤੇ ਜੋ ਚਮਤਕਾਰੀ ਨਜ਼ਮਾਂ ਨਜ਼ਰ ਆਈਆਂ ਪੰਜਾਬ ਅਤੇ ਰਾਧਾ ਸੰਦੇਸ਼ ਵੀ ਨਾਲ਼ ਹੀ ਛਾਪ ਰਹੇ ਹਾਂ ਤਾਂ ਕਿ ਪਾਠਕ ਨਤੀਜੇ ਅਪਣੇ ਮੁਤਾਬਿਕ ਕੱਢ ਸਕੇ। ਚਾਤ੍ਰਿਕ, ਚਾਤ੍ਰਿਕ ਹੈ। ਜਦੋਂ ਗਾਉਣ ਲੱਗਦਾ ਹੈ, ਕੰਨਾਂ ਨੂੰ ਖਾਂਦਾ ਨਹੀਂ, ਮੈਨੂੰ ਅਪਣੀ ਤੇਹ ਦਾ ਅਹਿਸਾਸ ਦਿਵਾਂਦਾ ਹੈ ਤੇ ਨਾਲ਼ ਹੀ ‘ਝਿੰਮ ਝਿੰਮ ਬਰਸੇ’ ਦਾ ਸਕੂਨ ਵੀ।      

ਚਾਤ੍ਰਿਕ ਜੀ ਦੇ ਸਮੇਂ ਦਾ ਦਿਹਾਤੀ-ਪੰਜਾਬ

ਚਾਤ੍ਰਿਕ ਜੀ ਦੇ ਅਪਣੇ ਸ਼ਬਦਾਂ ਵਿਚ

 ਭੂਮਿਕਾ ਪੁਸਤਕ ਕੇਸਰ ਕਿਆਰੀ

ਪੰਜਾਬ ਦੀ ਕਲਚਰ, ਰਹਿਣੀ-ਬਹਿਣੀ, ਮਿਲਵਰਤਣ ਤੇ ਸੁਭਾਓ ਦੀ ਰੁਚੀ ਨੂੰ ਉਸ ਦੀ ਪੇਂਡੂ ਜੀਵਨ-ਪੁਸਤਕ ਵਿਚੋਂ ਹੀ ਵਾਚਿਆ ਜਾ ਸਕਦਾ ਹੈ, ਵਧੇਰੇ ਸਮਝਦਾਰ ਤੇ ਵਿਹਾਰੀ ਤਬਕਾ ਤਾਂ ਸ਼ਹਿਰਾਂ ਵਿਚ ਜਾ ਜੁੜਦਾ ਹੈ, ਪਰ ਪੰਜਾਬ ਦਾ ਅਸਲੀ ਸਮਾਜਿਕ ਜੀਵਨ ਪਿੰਡਾਂ ਵਿਚ ਹੀ ਤੁਰਦਾ ਫਿਰਦਾ ਝਲਕਦਾ ਹੈ। ਮੈਂ ਆਪ ਤਾਂ ਭਾਵੇਂ ਥੋੜ੍ਹਾ ਚਿਰ ਹੀ ਇਸ ਪੇਂਡੂ ਜੀਵਨ ਨੂੰ ਮਾਣਿਆ ਹੈ, ਪਰ ਆਪਣੇ ਵਡ-ਵਡੇਰਿਆਂ ਪਾਸੋਂ ਸੁਣੇ ਹਾਲਾਤ ਅਜੇ ਭੀ ਭੁੱਲੇ ਨਹੀਂ। ਹੁਣ ਭੀ ਸੌ ਸੌ ਵਰ੍ਹੇ ਦੇ ਬਿਰਧਾਂ ਦੀਆਂ ਛਾਤੀਆਂ ਵਿਚ ਆਪਣੀਆਂ ਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਰਵਾਇਤਾਂ ਮੌਜੂਦ ਹਨ। ਉਸ ਵੇਲੇ ਪੰਜਾਬ ਕਿਸ ਤਰ੍ਹਾਂ ਦੇ ਸੁਹਜਾਂ ਦਾ ਘਰ ਸੀ, ਇਹ ਪੁਰਾਤਨ ਰਿਵਾਜਾਂ ਤੋਂ ਵੀ ਕਾਫੀ ਲੱਭਿਆ ਜਾ ਸਕਦਾ ਹੈ। ਉਸ ਸਮੇਂ ਦਾ ਸੁਭਾਓ ਬੜਾ ਮਿੱਠਾ, ਜੀਵਨ ਬੜਾ ਸਾਦਾ, ਲੋਕ ਬੜੇ ਮਿਲਾਪੜੇ, ਹਮਦਰਦ, ਸਾਫ਼ ਦਿਲ ਤੇ ਆਦਰ-ਭਰੇ ਸਨ। ਗ਼ਰੀਬੀ ਅਮੀਰੀ ਤੇ ਹਿੰਦਵਾਣੀ ਤੁਰਕਾਣੀ ਦਾ ਕੋਈ ਨਿਖੇੜਾ ਨਹੀਂ ਸੀ। ਸੁੱਖਾਂ ਦੁੱਖਾਂ ਦੀ ਸਾਂਝ ਵੰਡਾਣ ਲਈ ਸਾਰੇ ਇਕੋ ਭੂਰਾ ਵਿਛਾ ਕੇ ਬਹਿ ਜਾਂਦੇ ਸਨ, ਇਕ ਦੇ ਘਰ ਕਿਸੇ ਸ਼ੈਅ ਦੀ ਥੁੜ੍ਹਹੋਣੀ ਤਾਂ ਨਾਲ਼ ਦੇ ਗੁਆਂਢੀ ਨੇ ਆਪਣੇ ਆਪ ਸੁੱਟ ਜਾਣੀ। ਇਕ ਦੀ ਧੀ ਭੈਣ ਸਾਰੇ ਨਗਰ ਦੀ ਧੀ ਭੈਣ, ਨੱਕ-ਨਮੂਜ਼ ਸਾਂਝਾ, ਤੇ ਵਰਤੋਂ ਵਿਹਾਰ ਇਤਬਾਰ-ਭਰਿਆ, ਅੰਦਰ ਵੜ ਕੇ ਲੈ ਜਾਣਾ ਤੇ ਅੰਦਰ ਵੜ ਕੇ ਦੇ ਜਾਣਾ। ਜੇ ਦੋ ਭਾਂਡੇ ਠਹਿਕ ਪੈਣ, ਤਾਂ ਪੰਚਾਇਤ ਨੇ ਵਿਚ ਪੈ ਕੇ ਚੁੱਪ ਕਰਾ ਦੇਣਾ। ਸਰਕਾਰੇ ਦਰਬਾਰੇ ਭੀ ਸਾਰੇ ਨਗਰ ਦੀ ਸਾਂਝੀ ਜ਼ਿੰਮੇਵਾਰੀ। ਪਿੰਡ ਦਾ ਚੌਧਰੀ ਭੀ ਹੱਕ ਨਿਆਂ ਵਾਲ਼ਾ ਤੇ ਸਾਰਿਆਂ ਦੀ ਪਤਿ ਆਬਰੂ1 ਦਾ ਭਾਈਵਾਲ਼, ਉਸ ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੁੰਦਾ ਸੀ। ਜ਼ਿਮੀਂਦਾਰ ਸਭ ਰੱਜੇ-ਪੁੱਜੇ ਤੇ ਖ਼ੁਲਕ2 ਵਾਲ਼ੇ, ਬੇਰੋਜ਼ਗਾਰੀ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਝਿਊਰ, ਨਾਈ, ਮੋਚੀ, ਤੇਲੀ, ਛੀਂਬਾ, ਜੁਲਾਹਾ, ਘੁਮਿਆਰ, ਲੁਹਾਰ, ਤਰਖਾਣ, ਧੋਬੀ, ਲਲਾਰੀ, ਚੂੜ੍ਹਾ, ਬਰਵਾਲ਼ਾ, ਸਭ ਆਪੋ ਆਪਣੇ ਨਸੀਬ ਤੇ ਸ਼ਾਕਰ3 ਸਨ।

ਪਾਂਧੀ ਪਰਾਹੁਣਾ ਕਿਸੇ ਦੇ ਘਰ ਜਾ ਵੜੇ ਤਾਂ ਆਦਰ ਨਾਲ਼ ਬਹਾਇਆ ਜਾਂਦਾ ਸੀ। ਸਾਧੂ ਸੰਤ, ਸਾਈਂ ਫ਼ਕੀਰ ਉੱਤੇ ਸਭ ਦੀ ਸ਼ਰਧਾ ਸੀ। ਮੰਗਤਾ, ਮੁਥਾਜ, ਸਾਂਹਸੀ, ਮਰਾਸੀ, ਭੋਜਕੀ, ਭਰਾਈ ਸਭ ਨੂੰ ਰੱਜਵਾਂ ਖੈਰ ਪੈ ਜਾਂਦਾ ਸੀ, ਬੂਹੇ ’ਤੇ ਆਏ ਨੂੰ ਖ਼ਾਲੀ ਮੋੜਨਾ ਬੁਰਾ ਸਮਝਿਆ ਜਾਂਦਾ ਸੀ। ਲਾਗੀ4 ਲੋਕ ਭਾਵੇਂ ਖ਼ਿਦਮਤਗਾਰੀ5 ਦਾ ਹੀ ਕੰਮ ਕਰਦੇ ਸਨ, ਪਰ ਸਤਿਕਾਰ ਉਨ੍ਹਾਂ ਦਾ ਭੀ ਘਰ ਦੇ ਬੰਦਿਆਂ ਵਾਂਗ ਹੁੰਦਾ ਸੀ, ਇਹਨਾਂ ਦੇ ਘਰ ਕਾਜ ਹੋਵੇ, ਤਾਂ ਸਾਊ6 ਬਰਾਬਰ ਦਾ ਮੋਢਾ ਦੇਂਦੇ ਸਨ। ਨਜ਼ਾਮ7 ਕੁਝ ਇਹੋ ਜਿਹਾ ਸੀ ਕਿ ਇਹਨਾਂ ਲੋਕਾਂ ਦੀ ਗੁਜ਼ਰਾਨ ਤੋਰਨ ਤੇ ਜ਼ਾਮਨ8 ਨਗਰ ਨਿਵਾਸੀ ਸਨ। ਜਿੰਨਾ ਕੰਮ ਕਿਸੇ ਪਾਸੋਂ ਲਿਆ ਜਾਂਦਾ ਸੀ, ਸੁਆਣੀਆਂ ਉਸ ਦਾ ਮੋੜਾ ਸਮੇਂ ਦੇ ਸਮੇਂ ਦਾਣੇ ਫੱਕੇ ਦੀ ਸ਼ਕਲ ਵਿਚ ਆਪਣੇ ਆਪ  ਘਰ ਸੱਦ ਕੇ ਦੇ ਦੇਂਦੀਆਂ ਸਨ ਤੇ ਇਹ ਲੋਕ ਸਾਰਾ ਵਰ੍ਹਾ ਅਸੀਸਾਂ ਹੀ ਦੇਂਦੇ ਰਹਿੰਦੇ ਸਨ। ਵਿਆਹ ਸ਼ਾਦੀਆਂ ਉੱਤੇ ਜਿੱਥੇ ਲਾਗੀਆਂ ਦੇ ਬੰਧਾਨ ਬੱਝੇ ਹੋਏ ਸਨ, ਉੱਥੇ ਮੰਦਰ, ਧਰਮਸ਼ਾਲਾ, ਮਸੀਤ, ਖ਼ਾਨਗਾਹ, ਸਮਾਧ, ਦਾਇਰੇ ਆਦਿਕ ਦੇ ਲਾਗ ਭੀ ਬਰਾਬਰ ਕੱਢੇ ਜਾਂਦੇ ਸਨ। ਵੈਦ, ਹਕੀਮ, ਸ਼ਾਹੂਕਾਰ ਹਾਕਮ ਜਾਂ ਪਟਵਾਰੀ ਤੇ ਪੰਡਤ ਜਾਂ ਗੁਰੂ ਗੁਸਾਈਂ ਨਗਰ ਦੇ ਚਾਰ ਥੰਮ ਸਮਝੇ ਜਾਂਦੇ ਸਨ। ਨਫ਼ਰਤ9, ਤਅਸਬ 10 ਤੇ ਮਕਰ-ਫ਼ਰੇਬ ਦਾ ਨਾਂ ਨਹੀਂ ਸੀ, ਲੁੱਚਾ-ਲੰਡਾ ਅੱਖ ਉੱਚੀ ਨਹੀਂ ਸੀ ਕਰ ਸਕਦਾ, ਜੇ ਕੋਈ ਗੰਦਾ ਕੀੜਾ ਪੈਦਾ ਹੋ ਭੀ ਜਾਏ, ਤਾਂ ਪਿੰਡ ਵਿਚ ਉਸ ਦਾ ਰਹਿਣਾ ਔਖਾ ਹੋ ਜਾਂਦਾ ਸੀ।

ਇਸ ਸਾਰੀ ਖੁੱਲ੍ਹ ਡੁੱਲ੍ਹ ਤੇ ਅਮਨ-ਚੈਨ ਦੀ ਜੀਵਨ-ਤਾਰ ਸਾਦਗੀ ਤੇ ਬੇਲੋੜਾਪਣ ਸੀ। ਸਧਾਰਨ ਜੇਹੀ ਖ਼ੁਰਾਕ, ਮੋਟਾ ਠੁੱਲ੍ਹਾ ਪਹਿਰਾਵਾ, ਲੋਹੇ ’ਤੇ ਲੂਣ ਤੋਂ ਸਿਵਾ ਹਰੇਕ ਚੀਜ਼ ਆਪਣੇ ਘਰਾਂ ਵਿਚੋਂ ਹੀ ਪੈਦਾ ਹੋ ਜਾਂਦੀ। ਦਿਨ ਰਾਤ ਚਰਖੇ ਚੱਲਦੇ, ਖੱਦਰ, ਪੈਂਸੀ11, ਸੂਸੀ12, ਖੇਸ, ਚੁਤੱਹੀਆ, ਲਾਚੇ13, ਪੇਚੇ14, ਪਿੰਡ ਵਿਚ ਹੀ ਉਣੇ ਜਾਂਦੇ ਸਨ। ਸਰੀਰ ਨਰੋਏ, ਹੱਡਾਂ ਪੈਰਾਂ ਵਿਚ ਹਿੰਮਤ, ਕਮਾਈਆਂ ਵਿਚ ਬਰਕਤ ਤੇ ਦਿਲਾਂ ਵਿਚ ਸਬਰ ਸੰਤੋਖ ਦਾ ਵਾਸਾ ਹੁੰਦਾ ਸੀ। ਢੰਗਾਂ ਸੁਆਰਥਾਂ ਦੇ ਖਰਚ ਮਾਮੂਲੀ, ਲਵੇਰਾ ਆਮ, ਖੁੱਲ੍ਹੀਆਂ ਚਰਾਂਦਾਂ, ਵਿਹਲੀਆਂ ਜੂਹਾਂ ਤੇ ਦੁੱਧ ਘਿਓ ਦੀ ਲਹਿਰ ਬਹਿਰ, ਬਰਸਾਤ ਹੋਣੀ ਤੇ ਰੱਜ ਕੇ ਹੋਣੀ , ਘਾਹ ਪੱਠਾ ਖੁੱਲ੍ਹਾ ਹੋ ਜਾਣਾ, ਇਕ ਕਮਾਊ ਤੇ ਸਿਰ ’ਤੇ ਦਸ ਵਿਹਲੇ ਪਲ ਰਹੇ ਸਨ। ਵਿਹਲ ਤੇ ਬੇਫ਼ਿਕਰੀ ਕਾਫ਼ੀ ਤੋਂ ਵੱਧ ਸਨ। ਹਾੜ੍ਹੀ ਸੌਣੀ ਦੀ ਫ਼ਸਲ ਅੰਦਰੀਂ ਆ ਜਾਣ ਦੇ ਬਾਅਦ ਬਾਕੀ ਸਾਰਾ ਸਮਾਂ ਵਿਹਲ ਹੀ ਵਿਹਲ ਹੁੰਦੀ ਸੀ। ਬਰਸਾਤ ਦਾ ਛੱਟਾ ਪੈਂਦਿਆਂ ਹੀ ਬੋਹੜਾਂ, ਪਿੱਪਲਾਂ ਤੇ ਥੱਲੇ ਜ਼ਿਮੀਂਦਾਰਾਂ  ਨੇ ਦੁਪਹਿਰ ਕੱਟਣ ਲਈ ਘਰੋਂ ਮੰਜੇ ਲਿਆ ਡਾਹੁਣੇ, ਕਿਰਤੀ ਲੋਕਾਂ ਭੀ ਆਪਣੇ ਹੱਥ ਦੇ ਕੰਮ ਨਾਲ਼ ਲੈ ਆਉਣੇ। ਵੰਝਲੀ, ਅਲਗੋਜ਼ਾ, ਤੂੰਬਾ, ਢੱਡ ਸਾਰੰਗੀ, ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁਨੂੰ, ਮਿਰਜ਼ਾ ਸਾਹਿਬਾਂ, ਪੂਰਨ, ਗੋਪੀ ਚੰਦ, ਸ਼ਾਹ ਬਹਿਰਾਮ, ਵਾਰਾਂ, ਸ਼ਾਹ ਮੁਹੰਮਦ ਤੇ ਬੈਂਤ ਤੇ ਹੋਰ ਅਨੇਕਾਂ ਦਿਲ ਪ੍ਰਚਾਵੇ ਦੇ ਸਮਾਨ ਜਾਗ ਉੱਠਦੇ ਸਨ। ਦਿਨ ਢਲਿਆ ਖੁੱਲ੍ਹੀ ਰੌੜ ਵਿਚ ਕੌਡ ਕਬੱਡੀ, ਸੌਂਚੀ15, ਮੁਗਦਰ, ਛਾਲਾਂ, ਘੋਲ ਆਦਿ ਸਖ਼ਤ ਕਸਰਤਾਂ ਹੋ ਜਾਣੀਆਂ। ਤਿਕਾਲੀਂ ਨਹਾ ਧੋ ਕੇ ਰੋਟੀ ਖਾਣੀ ਤੇ ਪਿੱਛੋਂ ਬਾਹਰ ਪਰਿਹਾਂ ਲੱਗਣੀ, ਅਖ਼ੀਰ ਸਭ ਨੇ ਸੁਖ ਦੀ ਨੀਂਦ ਸੌਂ ਜਾਣਾ। ਮਰਦਾਂ ਨਾਲ਼ੋਂ ਤ੍ਰੀਮਤਾਂ ਭੀ ਕਿਸੇ ਪਾਸਿਓਂ ਨਾ ਘੱਟ ਤੇ ਨਾ ਕਮਜ਼ੋਰ ਸਨ। ਤੜਕੇ ਉੱਠ ਕੇ ਟੱਬਰ ਜੋਗਾ ਆਟਾ ਪੀਹ ਲੈਣਾ, ਫੇਰ ਰਿੜਕਣਾ ਪਾ ਦੇਣਾ, ਉਸਦੇ ਬਾਅਦ ਛਾਹ ਵੇਲਾ ਤਿਆਰ ਕਰਨਾ, ਦੁਪਹਿਰੇ ਰੋਟੀ, ਲੋੜ ਹੋਵੇ ਤਾਂ ਖੂਹਾਂ ’ਤੇ ਪੁਚਾਣ ਜਾਣਾ। ਘਰ ਆ ਕੇ ਚਰਖਾ ਜਾਂ ਕਸੀਦਾ ਛੋਹ ਦੇਣਾ। ਅਸਲ ਗੱਲ ਤਾਂ ਇਹ ਹੈ ਕਿ ਜਿਮੀਂਦਾਰਾ ਕਲਾਸ ਵਿਚ ਘਰ ਦਾ ਸਭ ਤੋਂ ਬਹੁਤਾ ਮਿਹਨਤੀ ਮੈਂਬਰ ਤ੍ਰੀਮਤ ਹੀ ਰਹੀ ਹੈ, ਜਿਸ ਘਰ ਨੂੰ ਤ੍ਰੀਮਤ ਨੇ ਸੁਘੜਤਾ ਨਾਲ਼ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ਼ ਭੀ ਢਾਹ ਨਹੀਂ ਸਕਦਾ। ਇਸੇ ਉੱਤੇ ਪੰਜਾਬੀ ਦਾ ਅਖਾਣ ਹੈ: “ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ।’’

ਤ੍ਰੀਮਤਾਂ ਦੇ ਦਿਲ-ਪ੍ਰਚਾਵੇ ਦੇ ਸਮਾਨ ਭੀ ਕਾਫ਼ੀ ਸਨ। ਪਿੱਪਲਾਂ ਹੇਠ ਪੀਂਘਾਂ, ਰਾਤ ਨੂੰ ਚੰਦ ਦੀ ਚਾਨਣੀ ਵਿਚ ਗਿੱਧਾ। ਇਹਨਾਂ ਸੁੱਖ-ਭਰੇ ਆਹਰਾਂ ਪਾਹਰਾਂ ਵਿਚ ਦਿਨ ਲੰਘਦਾ ਮਲੂਮ ਭੀ ਨਾ ਹੋਣਾ। ਲੌਢੇ ਪਹਿਰ ਭੱਠੀਆਂ ਤਪ ਜਾਣੀਆਂ, ਦਾਣੇ ਚੱਬਣ ਦਾ ਰਿਵਾਜ ਆਮ ਸੀ। ਸਿਆਲ ਨਿਕਲਦਿਆਂ ਮੇਲੇ ਮੁਸਾਹਬੇ, ਰਾਸਾਂ, ਹੋਲੀਆਂ, ਨਾਚ, ਮੁਜਰੇ ਹੁੰਦੇ ਰਹਿਣੇ। ਕੱਚੇ ਰਾਹਾਂ ਤੇ ਘੋੜੇ ਟੱਟੂ ਜਾਂ ਬੈਲਾਂ ਦੀ ਸਵਾਰੀ ਤਾਂ ਲੱਭ ਜਾਂਦੀ ਸੀ ਪਰ ਗਭਰੂਆਂ ਦੇ ਸੰਗਾਂ ਤੇ ਸੰਗ ਜੁੜ ਕੇ ਝਿੜੀ, ਵੈਸ਼ਨੋ ਦੇਵੀ, ਜਵਾਲ਼ਾ ਜੀ, ਨਗਾਹੇ, ਦੀਵਾਲੀ, ਵਿਸਾਖੀ ਆਦਿਕ ਮੇਲਿਆਂ ਉੱਤੇ ਪੈਦਲ ਹੀ ਜਾ ਅੱਪੜਦੇ ਸਨ ਦੇਵੀ ਦਿਉਤਿਆਂ ਅਤੇ ਪੀਰਾਂ ਫਕੀਰਾਂ ’ਤੇ ਇਕੋ ਜਿਹੀ ਸ਼ਰਧਾ ਸੀ। ਘਰ ਦੀ ਪ੍ਰਬੰਧਕ ਜਾਂ ਡਿਕਟਰੇਟਰ ਤ੍ਰੀਮਤ ਹੀ ਤ੍ਰੀਮਤ ਸੀ, ਮਰਦ ਸਿਰਫ਼ ਫ਼ਸਲਾਂ ਤਿਆਰ ਕਰਨ ਵਾਲੇ ਸਨ। ਸਾਕ-ਨਾਤਿਆਂ ਦਾ ਕੰਮ ਵਤੀਸਰਾਂ-ਨਾਈ16 ਬਾਹਮਣ, ਮਰਾਸੀ ਦੇ ਹਵਾਲੇ ਹੁੰਦਾ ਸੀ ਤੇ ਉਹ ਭੀ ਪੂਰੇ ਵਿਸ਼ਵਾਸ ਪਾਤ੍ਰ ਹੁੰਦੇ ਸਨ। ਗੱਲ ਕੀ, ਪੰਜਾਬ ਉਸ ਜ਼ਮਾਨੇ ਵਿਚ ਅਸਲ ਪੰਜਾਬ ਸੀ, ਉਸ ਦਾ ਹਰ ਦਿਨ ਈਦ ਤੇ ਹਰ ਰਾਤ ਸ਼ਬਰਾਤ ਵਾਂਗ ਬੀਤਦੇ ਸਨ। ਉਨ੍ਹਾਂ ਦਿਨਾਂ ਵਰਗਾ ਫਾਇਰਗੁਲਬਾਲ17 ਪੰਜਾਬ ਸ਼ਾਇਦ ਹੀ ਕਦੇ ਹੋ ਸਕੇ।

ਇਸ ਵਿਚ ਕੋਈ ਸ਼ੱਕ ਨਹੀਂ, ਕਿ ਜ਼ਮਾਨਾ ਬਦਲ ਗਿਆ ਤੇ ਦੁਨੀਆ ਹੋਰ ਦੀ ਹੋਰ ਹੋ ਪਈ ਹੈ, ਪੁਰਾਣਾ ਪੰਜਾਬ ਬਹੁਤ ਪਿੱਛੇ ਰਹਿ ਗਿਆ, ਬੇਸ਼ੁਮਾਰ ਨਵੀਆਂ ਚੀਜ਼ਾਂ ਪੈਦਾ ਹੋ ਗਈਆਂ, ਦੂਰ ਦੁਰਾਡੇ ਸਫ਼ਰ ਅਸਾਨ ਹੋ ਗਏ, ਰੇਲਾਂ, ਮੋਟਰਾਂ, ਲਾਰੀਆਂ, ਹਵਾਈ ਜਹਾਜ਼, ਹਸਪਤਾਲ, ਤਾਰ ਘਰ, ਡਾਕਖ਼ਾਨੇ, ਨਹਿਰਾਂ, ਸਕੂਲ ਕਾਲਜ, ਛਾਪੇਖ਼ਾਨੇ, ਅਖ਼ਬਾਰਾਂ ਤੇ ਰੇਡੀਓ ਪੈਦਾ ਹੋ ਗਏ, ਕਾਲ, ਮਰੀ, ਮਲੇਰੀਆ, ਹੈਜ਼ਾ, ਮਾਤਾ ਆਦਿਕ ਵਬਾਵਾਂ18 ਦੀ ਰੋਕਥਾਮ ਕਾਫ਼ੀ ਹੋ ਗਈ ਹੈ। ਦੇਸ਼ ਦੀ ਆਜ਼ਾਦੀ ਭੀ ਕਈ ਗੁਣਾਂ ਵੱਧ ਚੁੱਕੀ ਹੈ, ਪੈਦਾਵਾਰ ਤੇ ਮਾਲੀਏ ਵਿਚ ਭੀ ਚੋਖੀ ਤਰੱਕੀ ਹੋ ਗਈ ਹੈ, ਪਰ ਐਨਂੀ ਅਦਲਾ ਬਦਲੀ ਦੇ ਬਾਵਜੂਦ ਮੈਨੂੰ ਪੰਜਾਬ ਦੇ ਬੁਨਿਆਦੀ ਸੁਭਾਓ ਵਿਚ ਕੋਈ ਉਚੇਚਾ ਵਟ-ਸਟ ਨਜ਼ਰ ਆਇਆ। ਪੰਜਾਬ ਦੀਆਂ, ਕਈ ਪੀਹੜੀਆਂ ਲੰਘ ਜਾਣ ’ਤੇ ਭੀ ਉਸ ਦੀਆਂ ਕੁਦਰਤੀ ਸਿਫ਼ਤਾਂ-ਹਮਦਰਦੀ, ਮਿਲਾਪੜਾਪਣ, ਉਦਾਹਰਤਾ, ਮਿੱਠਾ ਬੋਲ ਤੇ ਸਭ ਤੋਂ ਵਧ ਕੇ ਸਾਫ਼-ਸਾਫ਼ ਕਹਿ ਦੇਣ ਦੀ ਦਲੇਰੀ-ਉਸੇ ਤਰ੍ਹਾਂ ਜੀਊਂਦੀਆਂ ਜਾਗਦੀਆਂ ਹਨ, ਪਿੰਡਾਂ ਵਿਚ ਸ਼ਰਾਰਤ ਤੇ ਸ਼ੈਤਾਨੀ ਨੂੰ ਅਜੇ ਵੀ ਥਾਂ ਨਹੀਂ ਮਿਲੀ। ਇਹ ਠੀਕ ਹੈ ਕਿ ਖਰਚਾਂ ਦੇ ਫੈਲ ਜਾਣ ਨਾਲ਼ ਓਨਾ ਹੱਥ ਖੁੱਲ੍ਹਾ ਤੇ ਸਮੇਂ ਦਾ ਵਿਹਲ ਨਹੀਂ ਰਿਹਾ। ਪਰ ਇਸ ਦੀ ਤਹਿ ਥੱਲੇ ਆਰਥਿਕ ਸਵਾਲ ਹੈ ਅਤੇ ਆਸ ਹੈ, ਇਸ ਦਾ ਹੱਲ ਨਿਕਲ ਪੰਜਾਬੀ ਆਪਣੀਆਂ ਹਨੇਰੇ ਵਿਚ ਗੁਆਚੀਆਂ ਜ਼ੀਨਤਾਂ19 ਨੂੰ ਲੱਭ ਸਕੇਗਾ।’’

1. ਇੱਜ਼ਤ 2. ਖੁਸ਼-ਰਹਿਣੇ ਦੇ ਮਿੱਠੇ ਸੁਭਾਓ ਦੇ 3. ਸ਼ੁਕਰ ਵਿਚ, ਧੰਨਵਾਦੀ, ਕ੍ਰਿਤਗਯ 4. ਪਿੰਡਾਂ ਵਿਚ ਜ਼ਿਮੀਂਦਾਰਾਂ ਦਾ ਕੰਮ ਕਰਨ ਵਾਲੇ ਲੋਕ 5. ਸੇਵਾ, ਨੌਕਰੀ 6. ਭਲੇਮਾਣਸ, ਇੱਜ਼ਤ ਵਾਲੇ 7. ਪ੍ਰਬੰਧ 8. ਜ਼ਿੰਮੇਵਾਰ 9. ਘ੍ਰਿਣਾ 10. ਤੰਗ-ਦਿਲੀ, ਸਾੜਾ, ਦੂਜੇ ਧਰਮ ਨੂੰ ਘ੍ਰਿਣਾ 11. ਮੋਟਾ ਸੂਤੀ ਕੱਪੜਾ 12. ਸੁਥਣਾਂ ਸਲਵਾਰਾਂ ਲਈ ਧਾਰੀਦਾਰ ਕੱਪੜਾ 13. ਲਾਲ ਰੇਸ਼ਮੀ ਕੰਨੀ ਵਾਲੇ ਖੇਸ 14. ਛੋਟੀਆਂ ਪੱਗਾਂ ਲਈ ਕੱਪੜਾ 15. ਮੇਲਿਆਂ ਉੱਤੇ ਖੇਡੀ ਜਾਣ ਵਾਲੀ ਇਕ ਪੁਰਾਣੀ ਖੇਡ 16. ਸੁਨੇਹੇ ਲਿਜਾਣ ਵਾਲੇ 17. ਨਿਸਚਿੰਤ 18. ਰੋਗ,ਬਿਮਾਰੀਆਂ 19. ਸਜਾਵਟਾਂ

ਰਾਧਾ ਸੰਦੇਸ਼

ਕੰਸ ਨੂੰ ਮਾਰ ਕੇ ਸ੍ਰੀ ਕ੍ਰਿਸ਼ਣ ਜੀ ਮਥਰਾ ਦੇ ਰਾਜ ਪ੍ਰਬੰਧ ਵਿਚ ਜੁਟ ਜਾਂਦੇ ਹਨ। ਪਿੱਛੋਂ ਬ੍ਰਜ ਗੋਪੀਆਂ ਦੇ ਸੁਨੇਹੇ ’ਤੇ ਸੁਨੇਹੇ ਆਉਂਦੇ ਹਨ। ਅੰਤ ਕ੍ਰਿਸ਼ਣ ਜੀ ਊਧੋ ਨੂੰ ਭੇਜਦੇ ਹਨ ਕਿ ਸਾਡੀ ਲਾਚਾਰੀ ਜਿਤਾ ਕੇ, ਗੋਪੀਆਂ ਨੂੰ ਗਯਾਨ ਉਪਦੇਸ਼ ਕਰ ਆਓ। ਊਧੋ ਦੀਆਂ ਗੱਲਾਂ ਤੋਂ ਖਿਝ ਕੇ ਰਾਧਾ ਉਸ ਨੂੰ ਉੱਤਰ ਦੇਂਦੀ ਹੈ। ਪ੍ਰੇਮ ਲਗਨ ਵਿਚ ਝੱਲੀ ਹੋਈ-ਹੋਈ, ਗੱਲ ਊਧੋ ਨਾਲ਼ ਕਰਦੀ ਹੈ ਤੇ ਕੋਈ ਗੱਲ ਵੇਲੇ ਕ੍ਰਿਸ਼ਣ ਜੀ ਨੂੰ ਸਨਮੁੱਖ ਕਰ ਲੈਂਦੀ ਹੈ।

ਅੱਲ੍ਹਾ ਬਖ਼ਸ਼ ਦੀ ਬਣਾਈ ਸ੍ਰੀ ਕ੍ਰਿਸ਼ਣ ਜੀ ਦੀ ਤਸਵੀਰ
ਅਲਹਮਰਾ ਗੈਲਰੀ. ਲਹੌਰ. ਫ਼ੋਟੋਕਾਰ: ਅਮਰਜੀਤ ਚੰਦਨ

1.

ਊਧੋ! ਕਾਹਨ ਦੀ ਗੱਲ ਸੁਣਾ ਸਾਨੂੰ,

ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀਂ?

ਮਸਾਂ ਮਸਾਂ ਸਨ ਆਠਰਨ ਘਾਉ ਲੱਗੇ,

ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀਂ!

ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ,

ਮੁੜ ਕੇ ਸੁੱਤੀਆਂ ਕਲਾਂ ਜਗਾਈਆਂ ਨੀਂ!

ਤੇਰੇ ਗਯਾਨ ਦੀ ਪੁੜੀ ਨਹੀਂ ਕਾਟ ਕਰਦੀ

ਏਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨੀਂ।

ਆਪ ਆਉਣ ਦੀ ਨਹੀਂ ਜੇ ਨੀਤ ਉਸ ਦੀ,

ਕਾਹਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ?

ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ,

ਪਾ ਪਾ ਤੇਲ ਕਿਉਂ ਸੜਿਆਂ ਨੂੰ ਸਾੜਦਾ ਹੈ?

2.

ਉਸ ਨੂੰ ਆਖ, ਅੱਖੀਂ ਆ ਦੇ ਦੇਖ ਜਾਏ,

ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ,

ਵਾਟਾਂ ਵੇਂਹਦਿਆਂ ਔਂਸੀਆਂ ਪਾਂਦਿਆਂ ਨੂੰ,

ਤਾਰੇ ਗਿਣ-ਗਿਣ ਕੇ ਰਾਤਾਂ ਲੰਘਾਂਦਿਆਂ ਨੂੰ,

ਸਾਂਗਾਂ ਸਹਿੰਦਿਆਂ, ਜਿੰਦ ਲੁੜਛਾਂਦਿਆਂ ਨੂੰ,

ਘੁਲ ਘੁਲ ਹਿਜਰ ਵਿਚ ਮੁਕਦਿਆਂ ਜਾਂਦਿਆਂ ਨੂੰ,

ਫੁਟ ਗਿਆਂ ਨਸੀਬਾਂ ਤੇ ਝੂਰਦਿਆਂ ਨੂੰ,

ਘਰੋਂ ਕੱਢ ਬਰਕਤ ਪੱਛੋਤਾਂਦਿਆਂ ਨੂੰ।

ਤੂੰ ਤਾਂ ਮਥਰਾ ਦੀਆਂ ਕੁੰਜੀਆਂ ਸਾਂਭ ਬੈਠੋਂ,

ਐਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ!

ਜਾ ਕੇ, ਘਰਾਂ ਵੱਲ ਮੁੜਨ ਦੀ ਜਾਚ ਭੁਲ ਗਈ,

ਨਿਕਲ ਗਿਓਂ ਕਿਹੜੇ ਵਾਰ ਚੰਦਰੇ ਵੇ!

3.

ਗੱਲਾਂ ਨਾਲ਼ ਕੀ ਪਿਆ ਪਰਚਾਉਂਦਾ ਏਂ,

ਉਸ ਦੇ ਪਿਆਰ ਨੂੰ ਅਸਾਂ ਪਰਤਾ ਲਿਆ ਹੈ।

ਮਾਰੇ ਕੁਬਜਾਂ ਦੀ ਹਿੱਕੇ ਇਹ ਗਯਾਨ-ਗੋਲੀ,

ਬੂਹੇ ਵੜਦਿਆਂ ਜਿਨ੍ਹੇ ਭਰਮਾ ਲਿਆ ਹੈ।

ਊਧੋ! ਕੋਰੜੂ ਮੋਠ ਵਿਚ ਮੋਹ ਪਾ ਕੇ,

ਅਸਾਂ ਆਪਣਾ ਆਪ ਗੁਆ ਲਿਆ ਹੈ।

ਦੁੱਖਾਂ ਪੀ ਲਿਆ, ਗਮਾਂ ਨੇ ਖਾ ਲਿਆ ਹੈ,

ਕੁੰਦਨ[1] ਦੇਹੀ ਨੂੰ ਰੋਗ ਜਿਹਾ ਲਾ ਗਿਆ ਹੈ।

ਏਨ੍ਹਾਂ ਤਿਲਾਂ ਵਿਚ ਤੇਲ ਹੁਣ ਜਾਪਦਾ ਨਹੀਂ,

ਸਾਰਾ ਹੀਜ-ਪਿਆਜ[2] ਮੈਂ ਟੋਹ ਲਿਆ ਹੈ।

ਹੱਛਾ, ਸੁੱਖ! ਜਿੱਥੇ ਜਾਏ ਘੁੱਗ ਵੱਸੇ,

ਸਾਡੇ ਦਿਲੋਂ ਭੀ ਕਿਸੇ ਨੇ ਖੋਹ ਲਿਆ ਹੈ?

4.

ਆਖੀਂ : ਕੱਚਿਆ! ਸੱਚ ਨੂੰ ਲਾਜ ਲਾਈਓ!

ਸੁਖਨ[3] ਪਾਲਣੋਂ ਭੀ, ਬੱਸ! ਰਹਿ ਗਿਓਂ ਵੇ?

ਕਾਲੇ ਭੌਰ ਦੀ ਬਾਣ ਨਾ ਗਈ ਤੇਰੀ,

ਜਿੱਥੇ ਫੁੱਲ ਡਿੱਠਾ, ਓਥੇ ਬਹਿ ਗਿਓਂ ਵੇ!

ਸਾਨੂੰ ਗਯਾਨ ਦੇ ਖੂਹਾਂ ਵਿਚ ਦੇਇੰ ਧੱਕੇ,

ਆਪ ਮਾਲਣ ਦੇ ਰੋੜ੍ਹ ਵਿਚ ਵਹਿ ਗਿਓਂ ਵੇ!

ਡੰਗਰ ਚਾਰਦਾ ਵੜ ਗਿਓਂ ਸ਼ੀਸ਼ ਮਹਿਲੀਂ

ਘੋਟ ਘੋਟ ਗੱਲਾਂ ਕਰਨ ਡਹਿ ਗਿਓਂ ਵੇ!

ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨੀ,

ਸਾਡੇ ਨਾਲ਼ ਵੀ ਅੰਗ ਕੁਝ ਪਾਲ ਛਡਦੋਂ।

ਕੋਈ ਮਹਿਲਾਂ ਦੀਆਂ ਲੂਹਲਾਂ[4] ਨਹੀਂ ਲਾਹ ਖੜਦਾ,

ਦੋ ਦਿਲ ਸਾਨੂੰ ਵੀ ਧੌਲਰ ਵਿਖਾਲ ਛਡਦੋਂ।

5.

ਆਖੀਂ : ਪ੍ਰੇਮ ਇਹ ਪਿੱਛਾ ਨਹੀਂ ਮੁੜਨ ਜੋਗਾ,

ਬੇੜੇ ਸਿਦਕ ਦੇ ਠਿਲ੍ਹਦੇ ਰਹਿਣਗੇ ਵੇ!

ਏਨ੍ਹਾਂ ਨ੍ਹਵਾਂ ਤੋਂ ਮਾਸ ਨਹੀਂ ਵੱਖ ਹੋਣਾ,

ਜਦ ਤਕ ਸੂਰਜ ਚੜ੍ਹਨ ਲਹਿਣਗੇ ਵੇ।

ਏਸ ਇਸ਼ਕ ਦੀ ਛਿੜੇਗੀ ਵਾਹ ਮਾਹੀਆ!

ਜਿੱਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ।

ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ।

‘ਰਾਧਾ’ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ।

ਤ੍ਰੈ ਸੌ ਸੱਠ ਜੁੜ ਪਏਗੀ ਨਾਰ ਤੈਨੂੰ,

ਜਮ ਜਮ ਹੋਣ ਪਏ ਦੂਣੇ ਇਕਬਾਲ ਤੇਰੇ।

ਪਰਲੋ ਤੀਕ ਪਰ ਮੰਦਰਾਂ ਵਿਚ, ਚਾਤ੍ਰਿਕ,

ਏਸੇ ਬੰਦੀ ਨੇ ਵੱਸਣਾ ਏ ਨਾਲ਼ ਤੇਰੇ।

ਪੰਜਾਬ

1. ਬਣਤਰ

ਪੰਜਾਬ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤਿਰੇ।

ਜਲ-ਪੌਣ ਤਿਰਾ, ਹਰਿਔਲ ਤਿਰੀ, ਦਰਯਾ, ਪਰਬਤ, ਮੈਦਾਨ ਤਿਰੇ।

ਭਾਰਤ ਦੇ ਸਿਰ ਤੇ ਛਤ੍ਰ ਤਿਰਾ, ਤੇਰੇ ਸਿਰ ਛਤ੍ਰ ਹਿਮਾਲਾ ਦਾ।

ਮੋਢੇ ਤੇ ਚਾਦਰ ਬਰਫਾਂ ਦੀ, ਸੀਨੇ ਵਿਚ ਇਕ ਸੇਕ ਜੁਆਲਾ ਦਾ।

ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ।

ਪਿਛਵਾੜੇ ਬੰਦ ਚਿਟਾਨਾਂ ਦਾ, ਕੋਈ ਵੈਰੀ ਤੋੜ ਨਾ ਸਕਦਾ ਹੈ।

ਅਰਸ਼ੀ ਬਰਕਤ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ।

ਚਾਂਦੀ ਢਲ ਢਲ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।

2. ਬਰਕਤਾਂ

ਸਿਰ ਸਾਇਬਾਨ ਹੈ ਅੰਬਾਂ ਦਾ ਮਸਲੰਦ[5] ਮਖ਼ਮਲੀ ਘਾਵਾਂ ਦੀ।

ਚੱਪੇ ਚੱਪੇ ’ਤੇ ਫੈਲ ਰਹੀ, ਦੌਲਤ ਤੇਰਿਆਂ ਦਰਯਾਵਾਂ ਦੀ।

ਘਰ ਤੇਰੇ ਗਊਆਂ ਮਹੀਆਂ ਨੇ, ਦੁੱਧ ਘਿਓ ਦੀ ਲਹਿਰ ਲਗਾਈ ਹੈ।

ਬਾਹਰ ਬਲਦਾਂ ਦੀਆਂ ਜੋਗਾਂ ਨੇ, ਖ਼ਲਕਤ ਦੀ ਅੱਗ ਬੁਝਾਈ ਹੈ।

ਰੌਣਕ ਤੇਰੀ ਦੀਆਂ ਰਿਸ਼ਮਾਂ[6] ਨੇ, ਜ਼ੱਰਾ ਜ਼ੱਰਾ ਚਮਕਾਇਆ ਹੈ।

ਯੂਰਪ ਅਮਰੀਕਾ ਭੁੱਲ ਗਿਆ, ਜਿਨ ਤੇਰਾ ਦਰਸ਼ਨ ਪਾਇਆ ਹੈ।

ਸ਼ਿਮਲਾ, ਡਲਹੌਜ਼ੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ।

ਦਿੱਲੀ ਤੇਰੀ, ਲਾਹੌਰ ਤਿਰਾ, ਅਮ੍ਰਿਤਸਰ ਸੋਹੇ ਸਵਰਗ ਤਿਰਾ।

3. ਸਖ਼ਾਵਤ[7]

ਕਿਸ ਦਿਲ ਵਿਚ ਤੂੰ ਆਬਾਦ ਨਹੀਂ?

ਕਿਸ ਰਣ ਵਿਚ ਨਹੀਂ ਨਿਸ਼ਾਨ ਤਿਰਾ?

ਕਿਸ ਮੂੰਹ ਵਿਚ ਤੇਰਾ ਅੰਨ ਨਹੀਂ?

ਕਿਸ ਸਿਰ ’ਤੇ ਨਹੀਂ ਅਹਿਸਾਨ ਤਿਰਾ?

ਕਿਸ ਕਿਸ ਦੀ ਰਾਲ ਨ ਟਪਕੀ ਹੈ, ਸ਼ੌਕਤ ਤੇ ਰਹਿਮਤ ਤੇਰੀ ਤੇ?

ਲੱਖਾਂ ਮਖੀਰ ਪਏ ਪਲਦੇ ਨੇ, ਤੇਰਿਆਂ ਫੁੱਲਾਂ ਦੀ ਢੇਰੀ ‘ਤੇ।

ਤੂੰ ਤਖ਼ਤ ਤਾਊਸ[8] ਕਰੋੜਾਂ ਦਾ, ਸਿਰ ਦਾ ਸਦਕਾ ਮਣਸਾ ਦਿੱਤਾ।

ਕੋਹ-ਨੂਰ[9], ਤਲੀ ’ਤੇ ਧਰ ਕੇ, ਦਿਲ ਆਪਣਾ ਚੀਰ ਵਿਖਾ ਦਿੱਤਾ।

ਹਰ ਮੁਸ਼ਕਿਲ ਵੇਲੇ ਤੇਰੇ ’ਤੇ ਉੱਠਦੀ ਹੈ ਨਿਗਾਹ ਜ਼ਮਾਨੇ ਦੀ।

ਸਿਰ ਝੂਮ ਰਿਹਾ ਹੈ ਮਸਤੀ ਦਾ, ਪੀ ਪੀ ਤੇਰੇ ਮੈਖ਼ਾਨੇ ਦੀ।

4. ਇਤਿਹਾਸਕ ਸ਼ਾਨ

ਤੇਰੀ ਤਹਿਜ਼ੀਬ[10] ਕਦੀਮੀ ਹੈ, ਇਕਬਾਲ ਤੇਰਾ ਲਾਸਾਨੀ ਹੈ।

‘ਤਕਸ਼ਿਲਾ’[11] ਤਿਰੇ ਇਤਿਹਾਸਾਂ ਦੀ ਇਕ ਧੁੰਦਲੀ ਜਿਹੀ ਨਿਸ਼ਾਨੀ ਹੈ।

ਕੁਦਰਤ ਪੰਘੂੜਾ ਘੜਿਆ ਸੀ, ਤੈਨੂੰ ਰਿਸ਼ੀਆਂ ਅਵਤਾਰਾਂ ਦਾ।

ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ, ਬਲਬੀਰਾਂ, ਸਤੀਆਂ ਨਾਰਾਂ ਦਾ।

ਸਚਿਆਈਓਂ ਸਦਕਾ ਲੈਣ ਲਈ, ਜਦ ਬੋਲਿਆ ਮਾਰੂ ਨਾਦ ਕੋਈ।

ਤਦ ਨਿਕਲ ਪਿਆ ਤਬਰੇਜ਼[12] ਕੋਈ, ਪੂਰਨ ਕੋਈ, ਪ੍ਰਹਿਲਾਦ ਕੋਈ।

ਲਵ ਕੁਸ਼ ਦੇ ਤੀਰ ਰਹੇ ਵਰ੍ਹਦੇ, ਮਹਾਭਾਰਤ ਦੇ ਘਮਸਾਨ ਰਹੇ।

ਗੁਰੂ ਅਰਜਨ, ਤੇਗ ਬਹਾਦਰ ਜਹੇ, ਤੇਰੇ ਤੋਂ ਦੇਂਦੇ ਜਾਨ ਰਹੇ।

ਬਾਬਾ ਨਾਨਕ, ਬਾਬਾ ਫ਼ਰੀਦ, ਆਪਣੀ ਛਾਤੀ ਤੇ ਪਾਲੇ ਤੂੰ।

ਦੁਨੀਆ ਨੂੰ ਚਾਨਣ ਦੇਣ ਲਈ, ਕਈ ਰੌਸ਼ਨ ਦੀਵੇ ਬਾਲੇ ਤੂੰ।

5. ਸਾਹਸ (ਜਿਗਰਾ)

ਸਿਦਕਾਂ ਵਿਚ ਤੇਰੀ ਇਸ਼ਕ-ਲਹਿਰ, ਕੀ ਕੀ ਤਾਰੀ ਤਰਦੀ ਨਾ ਰਹੀ?

ਰਾਂਝਾ ਕੰਨ ਪੜਵਾਂਦਾ ਨ ਰਿਹਾ? ਸੋਹਣੀ ਡੁਬ ਮਰਦੀ ਨ ਰਹੀ?

ਝੱਖੜ ਬੇਅੰਤ ਤੇਰੇ ਸਿਰ ’ਤੇ ਆ ਆ ਕੇ ਮਿਟ ਮਿਟ ਜਾਂਦੇ ਰਹੇ।

ਫ਼ਰਜ਼ੰਦ[13] ਤਿਰੇ ਚੜ੍ਹ ਚੜ੍ਹ ਚਰਖ਼ੀਂ, ਆਕਾਸ਼ ਤੇਰਾ ਚਮਕਾਂਦੇ ਰਹੇ।

ਜਾਗੇ ਕਈ ਦੇਸ਼ ਜਾਗਾਣ ਲਈ, ਸੁੱਤੇ ਸੌਂ ਗਏ ਸੁਲਤਾਨ ਕਈ।

ਸਿਰ ਤਲੀ ਧਰੀ ਖੰਡਾ ਵਾਂਹਦੇ, ਹੀਰੇ ਹੋ ਗਏ ਕੁਰਬਾਨ ਕਈ।

ਤੂੰ ਸੈਦ[14] ਭੀ ਹੈਂ, ਸੱਯਾਦ[15] ਭੀ ਹੈਂ, ਸ਼ੀਰੀ ਭੀ ਹੈਂ, ਫਰਿਹਾਦ ਭੀ ਹੈਂ।

ਢਲ ਜਾਣ ਲਈ ਤੂੰ ਮੌਮ ਭੀ ਹੈਂ, ਪਰ ਲੋੜ ਪਿਆਂ ਫੌਲਾਦ ਭੀ ਹੈਂ।

ਤੂੰ ਆਜ਼ਾਦੀ ਦਾ ਆਗੂ ਹੈਂ, ਤੂੰ ਕੁਰਬਾਨੀ ਦਾ ਬਾਨੀ ਹੈਂ।

ਹਰ ਔਕੜ ਪਿਆਂ, ਭਰਾਵਾਂ ਦੀ, ਤੂੰਹੇਂ ਕਰਦਾ ਅਗਵਾਨੀ[16] ਹੈਂ।

6. ਸੁਭਾਉ

ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ[17] ਹੈ ਨਾ ਪਾਲਾ[18] ਹੈ।

ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ।

ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ।

ਹਿੱਕਾਂ ਵਿਚ ਹਿੰਮਤ ਆਲੀ  ਹੈ, ਚਿਹਰੇ ’ਤੇ ਗਿੱਠ ਗਿੱਠ ਲਾਲੀ ਹੈ।

ਕਿਆ ਚੂੜੇ ਬੀੜੇ ਫਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ।

ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉਠਣ ਘਮਕਾਰਾਂ ਦੇ।

ਕੋਈ ਤੁੰਬਦੀ ਹੈ ਕੋਈ ਕੱਤਦੀ ਹੈ, ਕੋਈ ਪੀਂਹਦੀ ਹੈ ਕੋਈ ਛੜਦੀ ਹੈ।

ਕੋਈ ਸੀਉਂਦੀ ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕੱਢਦੀ ਹੈ।

ਪਿਪਲਾਂ ਦੀ ਛਾਵੇਂ ਪੀਂਘਾਂ ਨੂੰ, ਕੁਦ ਕੁਦ ਕੇ ਮਸਤੀ ਚੜ੍ਹਦੀ ਹੈ।

ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ।

ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।

ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।      

ਵੰਝਲੀ ਵਹਿਣਾਂ ਵਿਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ।

ਮਿਰਜ਼ਾ ਪਿਆ ਕੂਕਾਂ ਛੱਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ।

ਖੂਹਾਂ ਤੇ ਟਿੱਚ ਟਿੱਚ ਹੁੰਦੀ ਹੈ, ਖੇਤਾਂ ਵਿਚ ਹਲ ਪਏ ਧਸਦੇ ਨੇ।

ਭੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤਕ ਤਕ ਕੇ ਹੱਸਦੇ ਨੇ।

ਤੇਰੀ ਮਾਖਿਓਂ ਮਿੱਠੀ ਬੋਲੀ ਦੀ, ਜੀ ਕਰਦਿਆਂ ਸਿਫ਼ਤ ਨ ਰੱਜਦਾ ਹੈ।

ਉਰਦੂ ਹਿੰਦੀ ਦਿਆਂ ਸਾਜ਼ਾਂ ਵਿਚ, ਸੁਰ-ਤਾਲ ਤਿਰਾ ਹੀ ਵੱਜਦਾ ਹੈ।

7.

ਵੱਸੇ ਰਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ।

ਮਸਜਿਦ, ਮੰਦਿਰ, ਦਰਬਾਰ ਤਿਰਾ, ਮੀਆਂ, ਲਾਲਾ, ਸਰਦਾਰ ਤਿਰਾ।

ਦੁਨੀਆ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ।

ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ।

ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ।

ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆ ਦੀ ਚਿੰਤਾ ਨਸਦੀ ਹੈ।

ਦਰਗਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ।

ਪਰ ਤੇਰੇ ਬੂਹਿਓਂ ਹਿੱਲਣ ਨੂੰ ‘ਚਾਤ੍ਰਿਕ’ ਦਾ ਜੀ ਨਹੀਂ ਕਰਦਾ ਹੈ।


[1] ਸੋਨੇ ਵਰਗੀ

[2] ਪੋਲ, ਭੇਤ (ਮੁਹਾਵਰਾ ਹੈ)

[3] ਵਚਨ

[4] ਪੱਚਰ, ਲੇਅ

[5] ਫ਼ਰਸ਼ ਉੱਤੇ ਵਿਛਾਉਣ ਵਾਲ਼ੀ ਦਰੀ

[6] ਕਿਰਨਾਂ ਜਦ ਇਹ ਕਵਿਤਾ ਲਿਖੀ ਗਈ; ਓਦੋਂ ਦਿੱਲੀ, ਕਸ਼ਮੀਰ, ਹਿਮਾਚਲ ਤੇ ਪੱਛਮੀ (ਪਾਕਿਸਤਾਨੀ) ਪੰਜਾਬ, ਪੰਜਾਬ ਦਾ ਹੀ ਭਾਗ ਸਨ

[7] ਖੁੱਲ੍ਹਦਿਲੀ, ਦਾਨ

[8] ਸ਼ਾਹ ਜਹਾਨ ਦਾ ਮੋਰ ਦੀ ਸ਼ਕਲ ਵਰਗਾ ਹੀਰੇ ਜੜਿਆ ਤਖ਼ਤ

[9] ਇੱਕੋ ਬਹੁਤ ਹੀ ਕੀਮਤੀ ਹੀਰਾ, ਜੋ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਇੰਗਲੈਂਡ ਪੁੱਜ ਗਿਆ ਸੀ ਤੇ ਉੱਥੇ ਹੈ

[10] ਸਭਿਅਤਾ

[11] ਟੈਕਸਲਾ (ਸ਼ਹਿਰ ਤੇ ਯੂਨੀਵਰਸਿਟੀ ਜੋ ਹੁਣ ਪਾਕਿਸਤਾਨ ਵਿਚ ਹੈ)

[12] ਸ਼ਮਸ ਤਬਰੇਜ਼, ਜਿਸ ਦੀ ਪੁੱਠੀ ਖੱਲ ਲਾਹੀ ਗਈ ਸੀ

[13] ਪੁੱਤਰ

[14] ਸ਼ਿਕਾਰ ਹੋਣ ਵਾਲ਼ਾ ਜਾਨਵਰ

[15] ਸ਼ਿਕਾਰੀ

[16] ਉੱਚੇ ਦਰਜੇ ਦੀ

[17] ਭਾਵ ਹੰਕਾਰ, ਕਰੋਧ

[18] ਡਰ, ਦਬਾਉ, ਖ਼ੁਸ਼ਾਮਦ।

ਸ਼ਹਰਯਾਰ
ਲੋਕਧਾਰਾ ਦੇ ਖੋਜੀ ਅਤੇ ਸੱਤ ਪੁਸਤਕਾਂ ਦੇ ਕਵੀ ਸੰਤੋਖ ਸਿੰਘ ਸ਼ਹਰਯਾਰ ਨੂੰ ਨਵਾਂ ਨਵੇਕਲਾ ਸੋਚਣ ਤੇ ਉਹਨੂੰ ਨਿਆਰੇ ਸਰੂਪ ਵਿਚ ਸਿਰਜਣ ਦੀ ਮੁਹਾਰਤ ਹੈ। ਕੋਈ ਇਤਿਹਾਸਕ/ਮਿਥਿਹਾਸਕ ਜਾਂ ਸਮਕਾਲੀ ਵਰਤਾਰਾ ਚਾਣਚੱਕ ਇਹਨੂੰ ਉਤੇਜਕ ਮਾਨਸਿਕਤਾ ਨਾਲ਼ ਭਰ ਦੇਂਦਾ ਹੈ ਤੇ ਉਸ ਭਾਵ-ਬੋਧਿਕ ਸਥਿਤੀ ਨੂੰ ਅਪਣੀ ਚਿੰਤਾ ਬਣਾ ਲੈਂਦਾ ਹੈ।
'ਹੁਣ` ਵਾਸਤੇ ਚਾਤ੍ਰਿਕ ਜੀ ਬਾਰੇ ਇਹ ਮਿਆਰੀ ਨਿਬੰਧ ਸ਼ਹਰਯਾਰ ਦੀ ਭਾਵੁਕ ਯਾਤਰਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!