ਦੇਵਕੀ ਜੇਮਜ – ਪ੍ਰੇਮ ਪ੍ਰਕਾਸ਼

Date:

Share post:

ਮੇਰਾ ਸਕੂਟਰ ਸ਼ਰਾਬ ਦੇ ਠੇਕੇ ਅੱਗੇ ਆ ਕੇ ਰੁਕ ਗਿਆ ਏ। ਪਊਆ ਲੈ ਕੇ ਮੈਂ ਨਾਲ ਦੇ ਹਾਤੇ ’ਚ ਵੜ ਗਿਆ ਹਾਂ।
ਮੱਛੀ ਖਾਂਦਾ ਮੇਰੇ ਅੰਦਰਲਾ ਬ੍ਰਾਹਮਣ ਹੱਸਦਾ ਏ। ਉਹ ‘ਜਲ ਤੋਰੀ-’ ਦੱਸਦਾ ਏ। ਸ਼ਰਾਬ ਦਾ ਇਹ ਦੂਜਾ ਦੌਰ ਏ। ਪਹਿਲਾ ਪੈਸੇ ਮੰਗਣ ਲਈ ਭਾਅ ਜੀ ਦੀ ਦੁਕਾਨ ’ਤੇ ਜਾਣ ਤੋਂ ਪਹਿਲਾਂ ਲੱਗਿਆ ਸੀ।
ਹੱਥ ਗਲਾਸ ਨੂੰ ਪੈਣ ਤੋਂ ਕਤਰਾਣ ਲਗ ਪਿਆ ਏੇ। ਕੰਨ ਭੱਖ ਗਏ ਨੇ। ਨਜ਼ਰ ਧੁੰਦਲੀ ਹੋਣ ਲੱਗੀ ਏ। … ਮੈਨੂੰ ਦੇਵਕੀ ਜੇਮਜ਼ ਗਿੱਲ ਯਾਦ ਆ ਰਹੀ ਏ। ਉਹਦੇ ਆਪਣੇ ਘਰ ਵਿਚ ਸੁਆਗਤ ਕਰਨ, ਪਿਆਰ ਕਰਨ ਤੇ ਨਾਸ਼ਤਾ ਤਿਆਰ ਕਰ ਕੇ ਖਵਾਣ ਤੇ ਫੇਰ ਵਿਦਾ ਕਰਨ ਤਕ ਦੀਆਂ ਸਾਰੀਆਂ ਤਸਵੀਰਾਂ ਮੇਰੇ ਅੱਗੇ ਮੇਜ਼ ’ਤੇ ਵਿਛੀਆਂ ਪਈਆਂ ਨੇ। ਉਹਦਾ ਕਮਰਾ ਭਾਵੇਂ ਹੈਗਾ ਏਸ ਹਾਤੇ ਵਰਗਾ ਹੀ, ਖਿੱਲਰਿਆ ਪੁੱਲਰਿਆ। ਪਰ ਮੈਨੂੰ ਸਵੇਰੇ ਸਾਢੇ ਦਸ ਵਜੇ ਤੋਂ ਗਿਆਰਾਂ ਵਜੇ ਤੱਕ ਵਾਜਾਂ ਮਾਰਦਾ ਰਹਿੰਦਾ ਏ । ਉਦੋਂ ਤਕ ਉਹਦਾ ਜਵਾਨ ਪੁੱਤਰ ਕੰਮ ’ਤੇ ਚਲਿਆ ਗਿਆ ਹੁੰਦਾ ਏ। ਫੇਰ ਕਦੇ ਸ਼ਾਮ ਵੇਲੇ ਜਦ ਉਹ ਹਾਲੇ ਮੁੜ ਕੇ ਨਹੀਂ ਆਇਆ ਹੁੰਦਾ ਜਾਂ ਉਹਦੀ ਡਿਊਟੀ ਰਾਤ ਦੀ ਹੁੰਦੀ ਏ ਤਾਂ ਸਾਨੂੰ ਮੌਕਾ ਮਿਲ ਜਾਂਦਾ ਏ। ਮੈਨੂੰ ਮੇਰਾ ਅੰਦਰਲਾ ਏਸੇ ਵੇਲੇ ਉਹਦੇ ਕੋਲ ਜਾਣ ਲਈ ਕਾਹਲ ਪਾ ਰਿਹਾ ਏ। ਪਰ ਮੈਂ ਏਸ ਵੇਲੇ ਓਥੇ ਜਾ ਨਹੀਂ ਸਕਦਾ। ਮੇਰਾ ਬੇਟਾ ਵਿਨੈ ਸ਼ਰਮਾ ਤੇ ਨੂੰਹ ਸੁਨੀਤਾ ਚਰਚ ਰੋਡ ’ਤੇ ਸੈਰ ਕਰਨ ਜਾਂਦੇ ਨੇ ਏਸ ਵੇਲੇ। ਮੈਂ ਆਮ ਤੌਰ ’ਤੇ ਸਵੇਰੇ ਈ ਮੌਕਾ ਲੱਭਦਾ ਹਾਂ। ਓਸ ਵੇਲੇ ਮੇਰੀ ਪਤਨੀ ਤਾਰਾ, ਦੋਵੇਂ ਪੁੱਤਰ ਤੇ ਨੂੰਹ ਕੰਮਾਂ ’ਤੇ ਚਲੇ ਜਾਂਦੇ ਨੇ।
ਮੈਂ ਮਰਜ਼ੀ ਦੀ ਰੀਟਾਇਰਮੈਂਟ ਲਈ ਹੋਈ ਏ। ਬੰਦੇ ਦੀ ਜੇਬ ’ਚ ਮਾਲ ਤੇ ਸਰੀਰ ’ਚ ਜਾਨ ਹੋਣੀ ਚਾਹੀਦੀ ਏ। ਤਦੇ ਟੱਬਰ ਬੁੱਢੇ ਨੂੰ ਝੱਲਦਾ ਏ! …. ਹੈਕਨਾ? … ਜਵਾਨੀ ਤਾਂ ਘਰ ਟੱਬਰ ਦੇ ਐਵੇਂ ਜਿਹੇ ਸੰਸਿਆਂ ’ਚ ਤੇ ਆਪਣੇ ਸੁਫਨਿਆਂ ਦੀ ਦੁਨੀਆ ’ਚ ਕਲਪਨਾ ਦਾ ਸ਼ਹਿਰ ਵਸਾਉਂਦਿਆਂ ਗਵਾ ਦਿੱਤੀ ਏ। ਜਿਊਣ ਦਾ ਪਤਾ ਤਾਂ ਹੁਣ ਲੱਗਿਆ ਏ, ਰੀਟਾਇਰ ਹੋ ਕੇ । ਜਿਵੇਂ ਮੇਰੀ ਪਤਨੀ ਤਾਰਾ ਕਹਿੰਦੀ ਹੁੰਦੀ ਏ… ‘ਬੰਦੇ ਦੇ ਭਾਗ ਪਤਾ ਨਹੀਂ ਕਦੋਂ ਚਮਕ ਜਾਂਦੇ ਨੇ।’ … ਏਸ ਨਸ਼ਈ ਹੋਏ ਕਾਮਰੇਡ ਚੇਤਨ ਸ਼ਰਮਾ ਤੇ ਦੇਵਕੀ ਜੇਮਜ਼ ਗਿੱਲ ਦੀ ਕਹਾਣੀ ਦੀ ਫਿਲਮ ਚੱਲਦੀ ਰਹਿੰਦੀ ਏ ਮੇਰੇ ਅੰਦਰ। ਇਹ ਦਿਲ ’ਤੇ ਬੋਝ ਬਣਿਆ ਪੱਥਰ ਜਿਹਾ ਮੈਂ ਖ਼ਲੀਫ਼ਾ ਚਾਚਾ ਉੱਗਰ ਵਿਦਰੋਹੀ ਨੂੰੂ ਦੱਸ ਕੇ ਲਾਹ ਨਾ ਦਿਆਂ ਅੱਜੇ? … ਅੱਖਾਂ ਪਾਟ ਜਾਣਗੀਆਂ ਸੁਣ ਕੇ, ਕੌਫੀ ਹਾਊਸ ਦੇ ਮੇਰੇ ਮੁਰਸ਼ਦ ਯਾਰ ਦੀਆਂ! … ਹੈਕਨਾ?.. ਓਦੋਂ ਕੌਫੀ ਹਾਊਸ ’ਚ ਏਸ ਖ਼ਲੀਫੇL ਦੇ ਇਸ਼ਕ ਦੇ ਕਿੱਸੇ ਚੱਲਦੇ ਸੀ।… ਹੁਣ ਮੇਰਾ ਸੁਣੂ ਤਾਂ ਹੈਰਾਨ ਹੋ ਜਾਊ।
ਮੇਰਾ ਸਕੂਟਰ ਆਪੇ ਮੰਦਰ ਵੱਲ ਮੁੜ ਗਿਆ ਏ। ਚਾਚੇ ਦੀ ਬੈਠਕ ਦੀ ਬੱਤੀ ਜਗਦੀ ਪਈ ਏ। ਖਲੀਫਾ ਮੋਟੇ ਸਰ੍ਹਾਣਿਆਂ ਦੇ ਸਹਾਰੇ ਅਧਲੇਟਿਆ ਜਾਲੀ ਵਾਲੇ ਬੂਹੇ ਵਿਚੀਂ ਦਿਸਦਾ ਏ। ਹੁੱਕਾ ਪੀ ਰਿਹਾ ਏ। ਕੰਨਾਂ ਨੂੰ ਟੂਟੀਆਂ ਲੱਗੀਆਂ ਹੋਈਆਂ ਨੇ। … ਹੁਣ ਤਾਕਤ ਨਹੀਂ ਨਾ ਰਹੀ, ਸ਼ਰਾਬ ਪੀਣ ਦੀ।
”ਚਾਚਾ ਜੀ, ਪੈਰੀ ਪੈਨੈਂ।’’… ਪੈਰਾਂ ਵੱਲ ਹੱਥ ਵਧਾਦਿਆਂ ਈ ਮੇਰੇ ਮੂੰਹੋਂ ਆਪਣੇ ਆਪ ਹੀ ਨਿੱਕਲ ਜਾਂਦਾ ਏ। … ਇਹ ਉਹੀ ਉੱਗਰ ਵਿਦਰੋਹੀ ਏ? … ਕਿਥੇ! … ਉਹ ਕਿੱਥੇ ਗਿਆ ਕੌਫੀ ਹਾਊਸ ਦਾ ਚਹਿਕਦਾ ਪਰਿੰਦਾ? ਇਹ ਤਾਂ ਹਾਰਿਆ ਟੁੱਟਿਆ ਇਨਕਲਾਬੀ ਲੱਗਦਾ ਏ। ਐਨਕਾਂ ਦੇ ਸ਼ੀਸ਼ਿਆਂ ਵਿਚੀਂ ਅੱਖਾਂ ਹੇਠ ਮਾਸ ਦੀਆਂ ਪੋਟਲੀਆਂ। ਚਿਹਰੇ ’ਤੇ ਹੱਥਾਂ ਦੀਆਂ ਉਭਰੀਆਂ ਹੱਡੀਆਂ ਤੇ ਨਾੜਾਂ। ਚਮੜੀ ਸੁੰਗੜ ਗਈ ਲੱਗਦੀ ਏ। ਹੁੱਕੇ ਦਾ ਘੁਟ ਭਰਨ ਲਈ ਸਾਹ ਖਿੱਚਣ ਵੇਲੇ ਗੱਲ੍ਹਾਂ ਵਿਚ ਨੂੰ ਵੜ ਜਾਂਦੀਆਂ ਨੇ ਤੇ ਫੇਰ ਬਾਹਰ ਨਿੱਕਲ ਆਉਂਦੀਆਂ।…ਮੈਂ ਲਗਾਤਾਰ ਉਹਦੇ ਚਿਹਰੇ ਵੱਲ ਦੇਖ ਰਿਹਾਂ। …. ਮੈਨੂੰ ਅੱਚਵੀ ਜਿਹੀ ਮਹਿਸੂਸ ਹੁੰਦੀ ਏ। ….ਮੈਂ ਜੇਬ ਵਿੱਚੋਂ ਭਾਅ ਜੀ ਕੋਲੋਂ ਲਿਆਂਦੇ ਨੋਟਾਂ ਦੀ ਥੱਬੀ ਲਹਿਰਾ ਕੇ ਵਿਖਾਂਦਾ ਹਾਂ। ਉਹ ਹਲਕਾ ਮੁਸਕਰਾਂਦੇ ਨੇ। ਸ਼ਾਇਦ ਮੇਰੀ ਹੋਛੀ ਜਿਹੀ ਹਰਕਤ ’ਤੇ।
”ਕਿਥੋਂ ਆਏ ਇਹ?’’ ਨੜੀ ਆਪਣੇ ਕਮਜ਼ੋਰ ਪੀਲੇ ਬੁਲ੍ਹਾਂ ਤੋਂ ਹਟਾ ਕੇ ਪੁੱਛਦੇ ਨੇ। ਮੇਰੇ ਚਿਹਰੇ ਵੱਲ ਲਗਾਤਾਰ ਦੇਖ ਰਹੇ ਨੇ। ਮੈਂ ਜੇਤੂ ਅੰਦਾਜ਼ ’ਚ ਦੱਸਦਾ ਹਾਂ,”ਭਾਅ ਜੀ ਤੋਂ ਮੰਗੇ। ਉਹਨਾਂ ਨਾ ਦਿੱਤੇ। ਮੈਂ ਸਾਂਝੀ ਜਾਇਦਾਦ ਦੀ ਗੱਲ ਕੀਤੀ। ਉਹ ਚੁੱਪ ਰਹੇ। ਮੈਂ ਮਿੰਨਤ ਕੀਤੀ। ਉਹ ਗਾਹਕ ਭੁਗਤਾਈ ਗਏ। ਫੇਰ ਮੈਂ ਅੱਖਾਂ ’ਚ ਬ੍ਰਹਮ ਤੇਜ ਲਿਆ ਕੇ ਸਾਰੇ ਰਿਸ਼ਤੇ ਤੋੜਨ ਦੀ ਧਮਕੀ ਦਿੱਤੀ। ਤਾਂ ਜਾ ਕੇ ਟੀਕਾ ਲੱਗਿਆ।… ਪੱਸਮ ਪਏ।’’
ਮੈਨੂੰ ਲੱਗਾ ਏ ਕਿ ਖ਼ਲੀਫ਼ਾ ਚਾਚਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹ ਕੌੜੀ ਨਜ਼ਰ ਨਾਲ ਮੈਨੂੰ ਦੇਖਣ ਲੱਗੇ ਨੇ। ਮੈਨੂੰ ਆਪਣਾ ਇਹ ਕਿਰਦਾਰ ਆਪ ਨੂੰ ਵੀ ਚੰਗਾ ਨਹੀਂ ਲੱਗਾ। ਪਰ ਲੋੜ ਜਦ ਤੰਗ ਕਰਦੀ ਏ, ਜਿਸਮ ਟੁੱਟਦਾ ਏ। ਪਤਨੀ ਤੋਂ ਚੋਰੀ ਰੱਖੇ ਪੈਸੇ ਮੁੱਕ ਜਾਂਦੇ ਨੇ।… ਕਦੇ ਦੇਵਕੀ ਦੀ ਚੋਲੀ ’ਚ ਹੱਥ ਪਾਉਣ ਨੂੰ ਦਿਲ ਕਰ ਆਉਂਦੈ। …. ਜਿਹੜਾ ਸੁਰਗ ਦੇਵਕੀ ਨੇ ਵਿਖਾਇਆ ਏ ਮੈਨੂੰ, ਹੋਰ ਕੌਣ ਵਿਖਾ ਸਕਿਆ ਏ , ਏਨੀ ਲੰਮੀ ਉਮਰ ਵਿੱਚ? …. ਕੀ ਗੰਦੀ ਮੰਦੀ ਸੋਚ ! ਕੋਈ ਸੁਣੇ ਤਾਂ ਕੀ ਆਖੇ? ਹੈਕਨਾ… ਹੈਤ…। …. ਏਸ ਅਹਿਸਾਸ ਨੂੰ ਗਵਾਣ ਲਈ ਮੈਂ ਬੂਹੇ ਵੱਲ ਦੇਖਦਾ ਹਾਂ। ਕਿਤੇ ਚਾਚੀ ਨਾ ਆ ਖੜ੍ਹੀ ਹੋਵੇ। ਨਿਸ਼ਚਿੰਤ ਹੋ ਕੇ ਤੇ ਬਾਂਹ ਚਾਚੇ ਵੱਲ ਉਲਾਰ ਕੇ ਗਾਓਣ ਲੱਗਦਾ ਹਾਂ,…” ਇਸ ਦਸ਼ਤ ਮੇਂ ਇਕ ਸ਼ਹਰ ਥਾ, … ਵੋਹ ਕਯਾ ਹੁਆ ,….. ਆਵਾਰਗੀ …। (ਏਸ ਬੀਆਬਾਨ ’ਚ ਇਕ ਸ਼ਹਿਰ ਵਸਦਾ ਹੁੰਦਾ ਸੀ। ਉਹ ਕਿੱਥੇ ਗਿਆ? ਮੈਂ ਲੱਭਦਾ ਫਿਰਦਾ ਹਾਂ।) ’’
ਚਾਚਾ ਜੀ ਖੁਸ਼ ਹੋ ਕੇ ਹੌਲੀ ਆਵਾਜ਼ ’ਚ ਦੁਹਰਾਂਦੇ ਨੇ… ”ਇਕ ਸ਼ਹਰ ਥਾ…… ਵੋਹ ਕਯਾ ਹੁਆ…. ਆਵਾਰਗੀ।… ਇਕ ਸ਼ਹਰ ਥਾ…. ਹਾਏ…. ਵੋਹ ਕਯਾ ਹੁਆ ?….’’ ਇਹਨਾਂ ਦੀਆਂ ਅੱਖਾ ’ਚ ਚਮਕ ਆਉਂਦੀ ਏ, ਆਪਣੇ ਜਵਾਨੀ ਪਹਿਰੇ ਨੂੰ ਯਾਦ ਕਰ ਕੇ। ਇਹਨਾਂ ਨੂੰ ਉਹ ਸ਼ਹਿਰ ਵੀ ਯਾਦ ਆਇਆ ਹੋਣਾ ਏ, ਜਿਹੜਾ ਇਹਨਾਂ ਦੀ ਤੇ ਕੁਝ ਸਾਡੀ ਪੀੜ੍ਹੀ ਨੇ ਕਮਿਊਨਿਸਟ ਪਾਰਟੀ ਦੇ ਦਫਤਰਾਂ, ਜਲਸਿਆਂ , ਜਲੂਸਾਂ, ਕਾਲਜਾਂ , ਯੂਨੀਵਰਸਿਟੀਆਂ ਤੇ ਕੌਫੀ ਹਾਊਸਾਂ ’ਚ ਬਹਿ ਕੇ ਸੁਫਨਿਆ ’ਚ ਵਸਾਇਆ ਸੀ। ਰੂਸ ਦੇ ਖੂਬਸੂਰਤ ਸ਼ਹਿਰ ਸੇਂਟ ਪੀਟਰਜ਼ਬਰਗ ਜਿਹਾ। ਜਿਸ ਵਿਚ ਸਭ ਲੋਕ ਰੱਜੇ ਪੁੱਜੇ, ਖੁਸ਼ਹਾਲ, ਖੁਸ਼-ਲਿਬਾਸ ਤੇ ਖਿੜੇ ਚਿਹਰਿਆਂ ਵਾਲੇ ਨੇ। ਉਹ ਧਰਮ ਅਸਥਾਨਾਂ ’ਚ ਦੇਵਤਿਆਂ ਦੀ ਸ਼ਰਣ ’ਚ ਜਾਣ ਦੀ ਥਾਂ ਵਿਦਿਆਲਿਆਂ , ਕੌਫੀ ਹਾਊਸਾਂ, ਸ਼ਰਾਬ ਖਾਨਿਆਂ ਤੇ ਨਾਚ ਘਰਾਂ ’ਚ ਜਾਂਦੇ ਨੇ। … ਇਹਨਾਂ ਦਾ ਤੇ ਸਾਡਾ ਉਹ ਸ਼ਹਿਰ ਹੁਣ ਕਿੱਥੇ ਗਿਆ ?
ਮੈਂ ਏਸ ਭਾਵੁਕ ਬੁੜ੍ਹੇ ਨੂੰ ਏਦਾਂ ਹੀ ਫਾਹ ਲੈਂਦਾ ਹਾਂ, ਆਪਣੀ ਗੱਲ ਮਨਵਾਉਣ ਲਈ ਜਾਂ ਕੋਈ ਪੁਰਾਣੀ ਕਿਤਾਬ ਜਾਂ ਟੇਪ ਲੈਣ ਲਈ।
ਚਾਚਾ ਜੀ ਚਾਹ ਪਾਣੀ ਪੁੱਛਣ ਲਗ ਪਏ ਨੇ। ਹੁਣ ਮੈਂ ਸ਼ਰਾਬ ਵੀ ਪੀ ਸਕਦਾ ਹਾਂ, ਏਥੇ ਬਹਿ ਕੇ। … ਹੋਰ ਨਹੀਂ ਤਾਂ ਗੋਲੀ ਤਾਂ ਖਾ ਹੀ ਸਕਦਾ ਹਾਂ। … ਹੁਣ ਮੈਂ ਆਪਣੀ ਪ੍ਰੇਮ ਕਹਾਣੀ ਨਾ ਸੁਣਾ ਦਿਆਂ? ‘ਕਨਫੈਸ਼ਨ’ ਕਹਿ ਕੇ। ..ਹੈਕਨਾ? ਬਥੇਰੀਆਂ ਕਹਾਣੀਆਂ ਸੁਣਦਾ ਰਿਹਾ ਹਾਂ, ਇਹਨਾਂ ਦੀਆਂ। ਪਤਾ ਨਹੀਂ ਕਿੱਥੇ ਕਿੱਥੇ ਟਾਂਕੇ ਜੋੜਦਾ ਰਹਿੰਦਾ ਸੀ , ਇਹ ਬੁੱਢਾ ਚਾਚਾ ਵਿਦਰੋਹੀ! … ਇਹਨੂੰ ਫੈਜ਼ ਦਾ ਸ਼ਿਅਰ ਨਾ ਸੁਣਾ ਦਿਆਂ?… ਮੁਝ ਸੇ ਪਹਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ…..
ਨਹੀਂ, ਨਸ਼ਾ ਕੁਝ ਘਟ ਗਿਆ ਲੱਗਦਾ ਏ ਮੈਨੂੰ। … ਦੋ ਪੈਗ ਚੱਕਣ ਲਈ ਪੁੱਛਾਂ? … ਨਹੀਂ। ਚਾਚੀ ਉਤੇ ਆ ਜਾਵੇਗੀ। ਖੱਜਲ ਕਰੇਗੀ ਚਾਚੇ ਨੂੰ। … ਚਲੋ, ਗੋਲੀ ਛਕ ਲੈਂਦੇ ਹਾਂ। …. ਉਂਜ ਤਾਂ ਬੱਸ ਗੱਲ ਟੁਰਨ ਦੀ ਦੇਰ ਏ। ਸਭ ਕੁਝ ਆਖ ਹੋ ਜਾਣਾ ਏ। …
ਮੈਂ ਉਠ ਕੇ ਪਾਣੀ ਦਾ ਗਲਾਸ ਭਰ ਕੇ ਚਾਚਾ ਜੀ ਨੂੰ ਦਖਾ ਕੇ ਗੋਲੀ ਖਾਂਦਾ ਹਾਂ। …
ਅੱਖਾਂ ਬੰਦ ਕਰ ਕੇ ਬੈਠੇ ਨੂੰ ਮਹਿਸੂਸ ਹੋਣ ਲੱਗ ਪਿਆ ਏ ਕਿ ਨਸ਼ਾ ਮੁੜ ਕੇ ਹੋਣ ਲਗ ਪਿਆ ਏੇ। ਉਹ ਦਿਮਾਗ ’ਚ ਸਰਕਦਾ ਵਧਦਾ ਮਹਿਸੂਸ ਹੁੰਦਾ ਏ।
” ਜਨਾਬ ਜੀ!… ਪੀਰੋ ਮੁਰਸ਼ਦ ਜੀ!…’’ ਮੈਂ ਆਪਣੇ ਹੱਥ ਨੂੰ ਵਾਰ ਵਾਰ ਚੁੱਕ ਕੇ ਮੱਥੇ ਨੂੰ ਲਾ ਕੇ ਸਲਾਮ ਕਰਦਾ ਹਾਂ। ਉਹ ਨੜੀ ਮੂੰਹ ’ਚ ਫੜੀ ਉਵੇਂ ਨੀਵੀ ਪਾਈ ਮੈਨੂੰ ਦੇਖ ਰਹੇ ਨੇ। … ਕੰਨਾਂ ਦੀਆਂ ਟੂਟੀਆਂ ਆਨ ਹੀ ਲੱਗਦੀਆਂ ਨੇ। ਇਹ ਬੁੱਢੇ ਇਨਕਲਾਬੀ ਕਦੇ ਮੈਨੂੰ ਬੜੇ ਪਿਆਰੇ ਲੱਗਦੇ ਨੇ ਤੇ ਕਦੇ ਬਹੁਤ ਬੁਰੇ… ਹੜੱਪਾ ਦੀ ਖੁਦਾਈ ’ਚੋਂ ਲੱਭੀ ਮੂਰਤੀ ਜਿਹੇ।
ਮੈਂ ਹੌਂਸਲਾ ਕਰ ਕੇ ਆਪਣੀ ਗੱਲ ਤੋਰਦਾ ਹਾਂ। …” ਏਸ ਸ਼ਹਿਰ ’ਚ ਇਕ ਬੁੱਢੇ ਬ੍ਰਾਹਮਣ ਨਾਲ ਆਖਰ ਉਹੀ ਘਟਨਾ ਅਚਾਨਕ ਘਟ ਗਈ, ਜੀਹਦੀ ਮੈਂ ਸ਼ੰਕਾ ਜ਼ਾਹਰ ਕੀਤਾ ਸੀ, ਇਕ ਦਿਨ। … ਸੁਣਦੇ ਹੋਂ ਨਾਂ?… ਸਭ ਕੁਸ਼ ਅਚਾਨਕ … ਅਪਣੇ ਆਪ … ਬੱਸ ਹੋ ਗਿਆ। ਜੋ ਹੋਣਾ ਸੀ।…. ਨਾ ਕੁਛ ਵਸ ਮੇਰੇ ਦੇਵਕੀ, ਨਾ ਕੁਛ ਵਸ ਤੇਰੇ….।’’
ਮੈਨੂੰ ਲੱਗਾ ਏ ਕਿ ਮੈਂ ਬੇਵਕੂਫੀਆਂ ਕਰਨ ਲਗ ਪਿਆ ਹਾਂ। ਬੋਲਦਾ-ਬੋਲਦਾ ਵਿਚ ਗਾਣ ਲੱਗ ਪੈਂਦਾ ਹਾਂ। ਅਵਾਜ਼ ਕਦੇ ਲੋੜੋਂ ਵੱਧ ਉੱਚੀ ਹੋ ਜਾਂਦੀ ਏ। ਜਿਸ ਨਾਲ ਗੱਲ ਦੀ ਸੰਜੀਦਗੀ ਮਰ ਜਾਂਦੀ ਏ।… ਮੈਨੂੰ ਚਾਹੀਦਾ ਏ ਕਿ ਮੈਂ ਪਹਿਲਾਂ ਗੱਲ ਮਨ ’ਚ ਸਿੱਧੀ ਕਰ ਲਵਾਂ। … ਏਸ ਤਰ੍ਹਾਂ ਦੱਸਾਂ। ਮੈਂ ਸਾਰੀਆਂ ਘਟਨਾਵਾਂ ਨੂੰ ਮਨ ਹੀ ਮਨ ’ਚ ਤਰਤੀਬ ਦੇਂਦਾ ਹਾਂ।
‘… ਮੇਰੇ ਵੱਡੇ ਮੁੰਡੇ ਦਾ ਵਿਆਹ ਧਰਿਆ ਹੋਇਆ ਸੀ। ਤਾਰਾ ’ਤੇ ਕੰਮ ਦਾ ਬੋਝ ਸੀ। ਉਹਦੀ ਸਹੇਲੀ ਨੇ ਇਕ ਕੰਮ ਕਰਨ ਵਾਲੀ ਭੇਜ ਦਿੱਤੀ। ਸੁਹਣੀ ਤੇ ਤਕੜੀ ਔਰਤ , ਦੇਵਕੀ। ਉਹਦਾ ਪੂਰਾ ਨਾਂ ਦੇਵਕੀ ਜੇਮਜ਼ ਗਿੱਲ ਸੀ। ਇਹਦਾ ਪਤਾ ਮੈਨੂੰ ਉਹਦੇ ਜਵਾਨ ਮੁੰਡੇ ਦਾ ਵੀਜ਼ਾ ਫਾਰਮ ਭਰਦਿਆਂ ਲੱਗਾ ਸੀ। ਘਰ ਦਾ ਪਤਾ ਵੀ ਮੈਂ ਚੋਰੀਉਂ ਨੋਟ ਕਰ ਲਿਆ ਸੀ। ਘਰ ਦੀ ਸਫਾਈ ਪੋਚੇ ਕਰ ਜਾਂਦੀ ਸੀ। ਤਾਰਾ ਉਹਨੂੰ ਰਸੋਈ ’ਚ ਨਹੀਂ ਸੀ ਵਾੜਦੀ। ਕਹਿੰਦੀ, ਚਰਚ ਰੋਡ ’ਤੇ ਠੱਠੀ ਵਾਲੇ ਪਾਸੇ ਦੀ ਏ। … ਵਿਆਹ ਲੰਘ ਗਿਆ। ਨੂੰਹ ਘਰ ਆ ਗਈ। ਤਾਰਾ ਨੇ ਮੇਰਾ ਬਿਸਤਰਾ ਚੁਕਵਾ ਕੇ ਬੈਠਕ ’ਚ ਕਰ ਦਿੱਤਾ। ਆਪਣੇ ਤੋਂ ਦੂਰ….। ਆਪ ਭਗਵਾਨ ਦੀ ਕੱਛ ’ਚ ਜਾ ਵੜੀ।
ਇਕ ਦਿਨ ਤਾਰਾ ਬਾਥ ਰੂਮ ’ਚ ਸੀ। ਦੇਵਕੀ ਮੇਰੇ ਕਮਰੇ ’ਚ ਪੋਚਾ ਮਾਰਨ ਆ ਗਈ। ਮੈਂ ਅਖਬਾਰ ਪੜ੍ਹਦਾ ਉਹਨੂੰ ਦੇਖਦਾ ਰਿਹਾ। ਮੈਂ ਕਿਹਾ, ਮੇਰੇ ਬੈਡ ਦੇ ਹੇਠਾਂ ਵੀ ਮਾਰ ਦੇ। ਉਹ ਮੇਰੇ ਨੇੜੇ ਹੋ ਕੇ ਝੁਕੀ ਤਾਂ ਉਹਦੇ ਗਲਵੇ ਵਿਖੀਂ ਸਭ ਕੁਝ ਦਿਸ ਪਿਆ। ਮੈਨੂੰ ਪਤਾ ਨਹੀਂ ਅਚਾਨਕ ਕੀ ਸੁਝਿਆ , ਮੈਂ ਇਕ ਲਾਲ ਨੋਟ ਕੱਢ ਕੇ ਉਹਦੀ ਚੋਲੀ ਦੇ ਗਲਾਵੇਂ ’ਚ ਪਾ ਦਿੱਤਾ ਤੇ ਕਿਹਾ, ਤਾਰਾ ਨੂੰ ਨਾ ਦੱਸੀਂ। ਉਹ ਬੋਝੇ ਪਾ ਕੇ ਮੁਸਕਰਾਂਦੀ ਚਲੀ ਗਈ। ….
ਅਗਲੇ ਦਿਨ ਇਹ ਆਈ ਤਾਂ ਤਾਰਾ ਜਾ ਚੁੱਕੀ ਸੀ। ਜਾਂ ਉਹ ਜਾਣ ਕੇ ਲੇਟ ਆਈ ਸੀ। ਮੇਰੇ ਕਮਰੇ ’ਚ ਪੋਚਾ ਮਾਰਦੀ ਨੇ ਉੱਠ ਕੇ ਮੈਨੂੰ ਜੱਫੀ ਪਾ ਲਈ। ਮੈਂ ਘਬਰਾ ਗਿਆ। ਛੋਟਾ ਮੁੰਡਾ ਦੂਜੇ ਕਮਰੇ ’ਚ ਸੁੱਤਾ ਪਿਆ ਸੀ। ਉਹ ਰਾਤ ਦੀ ਡਿਊਟੀ ਕਰ ਘਰੇ ਆਇਆ ਸੀ। …. ਮੈਂ ਹੈਰਾਨ ਪਈ ਇਕ ਨੋਟ ਦਾ ਪਾਸਾ ਐਨਾ ਸਿੱਧਾ ਪੈ ਗਿਆ ਸੀ। ਬੱਸ,ਅੱਧਾ ਰਾਮ ਨਾਮ ਸੱਤ ਹੋ ਗਿਆ । … ਫੇਰ ਤਾਂ ਸੁੱਤਾ ਮੁੰਡਾ ਕੀ, ਤੇ ਜਾਗਦਾ ਕੀ! … ਮੈਂ ਈ ਨਹੀਂ, ਉਹ ਵੀ ਮਰਨ ਨੂੰ ਪਹਿਲਾਂ ਤਿਆਰ ਹੁੰਦੀ।
ਤੀਜੇ ਦਿਨ ਉਹ ਫੇਰ ਆ ਚਿੰਬੜੀ…। ਮੈਂ ਰੋਕਾਂ ਕਿ ਮੁੰਡਾ ਚਾਹ ਪੱਤੀ ਲੈਣ ਗਿਆ ਏ। ਇਹਨੇ ਤਾਂ ਜੀ ਮੈਨੂੰ ਫੜ ਕੇ ਬੈਡ ’ਤੇ ਸੁੱਟ ਲਿਆ। ਫੇਰ ਐਨੇ ਜੋਸ਼ ’ਚ ਆ ਗਈ ਕਿ ਮੈਂ ਬੈਡ ਤੋਂ ਹੇਠਾਂ ਜਾ ਪਿਆ। …. ਉਹ ਚਲੀ ਗਈ , ਪਰ ਮੈਨੂੰ ਸਾਹ ਲੈਣਾ ਔਖਾ ਹੋ ਗਿਆ। ਮੈਂ iਂੲਕ ਦੋਸਤ ਕੋਲ ਸਲਾਹ ਕਰਨ ਗਿਆ। ਹੁਣ ਮੈਂ ਕੀ ਕਰਾਂ? ਉਹ ਕਹਿੰਦਾ, ਤੂੰ ਆਪ ਉਹਦੇ ਘਰ ਜਾਇਆ ਕਰ। ਤੇਰਾ ਆਪਣੇ ਘਰ ’ਚ ਤਾਂ ਹਾਰਟ ਫੇਲ੍ਹ ਹੋ ਜੂ।
ਅਗਲੇ ਦਿਨ ਮੈਂ ਦੇਵਕੀ ਨੂੰ ਉਹਦੇ ਘਰ ਤੇ ਘਰਦਿਆਂ ਬਾਰੇ ਪੁੱਛਣ ਈ ਲੱਗਿਆ ਸੀ ਕਿ ਉਹਨੇ ਆਪਣੇ ਮੁੰਡੇ ਦਾ ਇਕ ਹੋਰ ਫਾਰਮ ਮੈਨੂੰ ਭਰਨ ਨੂੰ ਦੇ ਦਿੱਤਾ। ਫੇਰ ਗੱਲਾਂ ’ਚ ਉਹਨੇ ਆਪ ਈ ਦੱਸਿਆ ਕਿ ਉਹਦੀ ਇਕ ਕੁੜੀ ਵੀ ਏ। ਉਹ ਹੁਣੇ ਵਿਆਹੀ ਏ। ਉਹਨੂੰ ਦੇਖ ਕੇ ਕੁੜੀ ਵਾਲੀ ਗੱਲ ਠੀਕ ਨਹੀਂ ਸੀ ਲੱਗਦੀ।
ਉਹ ਦੋ ਦਿਨ ਨਾ ਆਈ। ਮੈਨੂੰ ਬਹਾਨਾ ਮਿਲ ਗਿਆ। ਮੈਂ ਚਰਚ ਰੋਡ ’ਤੇ ਉਹਦੇ ਮੁਹੱਲੇ ਚਲਿਆ ਗਿਆ। ਓਥੇ ਇਕ ਵਾਕਿਫ ਮਿਲ ਗਿਆ। ਮੈਂ ਝੂਠ ਸੱਚ ਬੋਲੀ ਜਾਵਾਂ। ਮੈਨੂੰ ਆਪ ਨਾ ਪਤਾ ਲੱਗੇ ਕਿ ਮੈਂ ਕੀ ਕਹੀ ਜਾਂਦਾ ਹਾਂ। ਉਹ ਆਪ ਮੈਨੂੰ ਇਹਦੇ ਘਰ ਕੋਲ ਛੱਡ ਗਿਆ।
ਉਹ ਹੈਰਾਨ ਨਹੀਂ ਹੋਈ। ਉਹਨੂੰ ਆਸ ਸੀ ਖਬਰੇ। ਘਰ ’ਚ ਹੋਰ ਕੋਈ ਨਹੀਂ ਸੀ। ਬਾਹਰਲਾ ਬੂਹਾ ਖੁਲ੍ਹਾ ਸੀ। ਅੰਦਰਲੇ ਦਾ ਅੱਧਾ ਪਟ ਟੇਢਾ ਸੀ। ਮੈਂ ਉਹਨੂੰ ਇਕ ਖੂੰਜੇ ’ਚ ਖਿੱਚ ਲਿਆ। ਉਹ ਭਾਰਾਂ ’ਤੇ ਪੈ ਗਈ। ਕਹਿੰਦੀ, ‘ਨਾ… ਤੀਜੇ ਘਰ ਮੇਰੀ ਦਰਾਣੀ ਏ। ਜਦ ਮਰਜੀ ਮੂੰਹ ਚੱਕ ਕੇ ਆ ਜਾਂਦੀ ਏ।’ … ਜਦ ਮੈਂ ਵੀਣੀ ਫੜ ਕੇ ਉਹਨੂੰ ਨੇੜੇ ਕੀਤਾ ਤਾਂ ਕਹਿੰਦੀ, ‘ਬਾਬੂ ਜੀ, ਐਂ ਨ੍ਹੀਂ ਚੱਲਣਾ ਕੰਮ।… ਤੁਸੀਂ ਮੈਨੂੰ ਕਿਤੇ ਬਾਹਰ ਲੈ ਚੱਲੋ।’ ਮੈਂ ਪੁੱਛਿਆ, ਕਿੱਥੇ? ਕਹਿੰਦੀ , ਜਿੱਥੇ ਮਰਜ਼ੀ।
ਅਸੀਂ ਜਦੇ ਅੱਡੇ ’ਤੇ ਗਏ। ਬਸ ਚੜ੍ਹ ਕੇ ਹੁਸ਼ਿਆਰ ਪੁਰ ਚਲੇ ਗਏ। ਬਜ਼ਾਰਾਂ ’ਚ ਘੁੰਮਦੇ ਕਦੇ ਜੂਸ ਪੀਂਦੇ ਤੇ ਕਦੇ ਚਾਹ। ਹੋਟਲ ‘ਚ ਜਾਣ ਦਾ ਹੌਸਲਾ ਕਿੱਥੇ! ਥੱਕ ਕੇ ਅਸੀਂ ਸਿਨੇਮੇ ਜਾ ਵੜੇ। ਪਤਾ ਨਹੀਂ ਕਿਹੜੀ ਫਿਲਮ ਸੀ। ਚੁੰਨੀ ਹੇਠ ਉਹਨੇ ਜਿਹੜਾ ਮੇਰਾ ਹੱਥ ਫੜਿਆ ਹੋਇਆ ਸੀ, ਉਹਦੇ ਨਾਲ ਸਾਰਾ ਜਿਸਮ ਮਘਦਾ ਰਿਹਾ। ਫੇਰ ਇਕ ਸੀਨ ਹਨੇਰੇ ਦਾ ਆਇਆ। ਮੁੰਡਾ ਕੁੜੀ ਨੂੰ ਖੰਡਰਾਂ ’ਚ ਲਈ ਫਿਰੇ। ਹਨੇਰਾ ਹੋਣ ਕਰ ਕੇ ਸਕਰੀਨ ਦਾ ਰੰਗ ਨੀਲਾ ਸੀ। ਅਸੀਂ ਬੜੇ ਔਖੇ ਹੋਏ। ਆਪਣੀਆਂ ਸੀਟਾਂ ’ਤੇ ਸ਼ਾਂਤ ਹੋ ਕੇ ਬੈਠ ਗਏ। ਫੇਰ ਅਸੀਂ ਇੰਟਰਵਲ ਦੇ ਬਾਅਦ ਨਿਕਲ ਕੇ ਮੁੜ ਬਸ ਫੜ ਲਈ। ਦੇਵਕੀ ਰਾਹ ’ਚ ਮੈਨੂੰ ਮਿਹਣੇ ਮਾਰਦੀ ਰਹੀ। ਨਾਲੇ ਆਖੀ ਜਾਵੇ, ਮੈਂ ਪੈਸਿਆਂ ਦੀ ਭੁੱਖੀ ਨਹੀਂ।
ਦੂਜੇ ਦਿਨ ਮੇਰੇ ਘਰ ਦੇ ਲੈਟਰ ਬੌਕਸ ’ਚ ਚਿੱਠੀ ਸੁੱਟ ਗਈ। ਲਿਖਿਆ ਸੀ, ਗਿਆਰਾਂ ਵਜੇ ਰੇਲਵੇ ਸਟੇਸ਼ਨ ਦੇ ਫਲਾਣੇ ਪਲੇਟਫਾਰਮ ’ਤੇ ਆ ਜਾ। ਆਪਾਂ ਮੰਡੀ ਜਾਣਾ ਏ।…. ਮੈਂਖਿਆ, ਇਹ ਚਿੱਠੀਆਂ ਸਾਲੀਆਂ ਮਰਵਾਣਗੀਆਂ। ਮੈਂ ਬਹੁਤ ਡਰ ਗਿਆ। … ਪਰ ਜਦ ਪੌਣੇ ਗਿਆਰਾਂ ਵੱਜੇ, ਮੈਂ ਸਕੂਟਰ ਲੈ ਕੇ ਸਟੇਸ਼ਨ ’ਤੇ ਪਹੁੰਚ ਗਿਆ। ਉਥੇ ਉਹਦੇ ਨਾਲ ਉਹਦੀ ਮਾਸੀ ਮਾਈ ਗੋਗਾਂ ਬੈਠੀ ਸੀ ਤੇ ਨਾਲ ਇਕ ਬੁੱਢਾ। ਮੈਂ ਇਕ ਪਾਸੇ ਲਿਜਾ ਕੇ ਪੁੱਛਿਆ, ਇਹਨੂੰ ਕਿਉਂ ਲੈ ਆਈ? ਕਹਿੰਦੀ, ਓਥੇ ਇਹਦੀ ਕੁੜੀ ਵਿਆਹੀ ਹੋਈ ਏ। ਉਹਦੇ ਘਰ ਜਾਵਾਂਗੇ। ਉਹ ਮੇਰੀ ਸਹੇਲੀ ਏ। … ਤੇ ਇਹ ਬੁੱਢਾ? … ਇਹਨੇ ਮੁੜ ਜਾਣੈ। …. ਉਹ ਸੱਚੀ ਮੁੱਚੀਂ ਉਠ ਕੇ ਚਲਿਆ ਗਿਆ।
ਫੇਰ ਬੁੱਢੀ ਕਹਿੰਦੀ, ਮੈਨੂੰ ਭੁੱਖ ਲੱਗੀ ਏ। ਸਮੋਸੇ ਮੰਗਾ ਲੈ। ਦੇਵਕੀ ਮੈਨੂੰ ਕਹਿੰਦੀ, ਮੰਗਾ ਲਓ। ਮੈਂ ਫੜ੍ਹੀ ਵਾਲੇ ਨੂੰ ਕਿਹਾ। ਬੁੱਢੀ ਤਿੰਨ ਖਾ ਗਈ। ਦੋ ਦੇਵਕੀ ਨੇ ਖਾਧੇ। ਇਕ ਮੈਂ। ਚਾਹ ਪੀਂਦਿਆਂ ਗੱਡੀ ਆ ਗਈ।
ਜਦ ਅਸੀਂ ਸੁੰਨੇ ਜਿਹੇ ਨਿੱਕੇ ਸਟੇਸ਼ਨ ’ਤੇ ਉੱਤਰੇ ਤਾਂ ਦੇਵਕੀ ਨੇ ਖੇਤਾਂ ’ਚ ਬਣਿਆ ਚੁਬਾਰੇ ਵਾਲਾ ਉਹ ਘਰ ਦਿਖਾਇਆ, ਜਿੱਥੇ ਅਸੀਂ ਜਾਣਾ ਸੀ। ਬਸ ਸਟੈਂਡ ਕੋਲ ਬੁੱਢੀ ਰੁਕ ਗਈ। ਕਹਿੰਦੀ, ਮੈਂ ਉਹਦੇ ਅੰਦਰ ਨਹੀਂ ਜਾਣਾ। ਮੈਨੂੰ ਪੈਸੇ ਦੇ ਕੇ ਮੋੜ ਦਿਓ। ਮੈਂਖਿਆ, ਪੈਸੇ ਕਾਹਦੇ? ਦੇਵਕੀ ਕਹਿੰਦੀ , ਚਲੋ ਹੋਊ, ਲੋੜਵੰਦ ਏ, ਦਿਓ ਇਕ ਨੋਟ। ਬੁੱਢੀ ਗੁੱਸੇ ਹੋ ਕੇ ਕਹਿੰਦੀ, ਆਹ ਇਕ ਨੋਟ! ਦੇਵਕੀ ਨੇ ਮੇਰੇ ਹੱਥੋਂ ਫੜ ਕੇ ਇਕ ਨੋਟ ਹੋਰ ਦੇ ਦਿੱਤਾ। ਨਾਲੇ ਆਪਣੇ ਕੋਲੋਂ ਭਾੜਾ ਦਿੱਤਾ। ਉਹ ਚਲੀ ਗਈ। ਅਸੀਂ ਅੱਡੇ ਤੋਂ ਫਲ ਫਰੂਟ ਖਰੀਦਿਆ। ਮੈਂ ਨਾਲ ਅਧੀਆ ਵੀ ਫੜ ਲਿਆ। …. ਦੇਖੋ ਬ੍ਰਾਹਮਣ ਬੱਚਾ, ਕਿੱਥੇ-ਕਿੱਥੇ, ਕੀ ਕੀ ਕਰਦਾ ਰਿਹਾ!
ਓਸ ਪੱਕੇ ਘਰ ’ਚ ਵੜੇ ਤਾਂ ਨਿਆਣੇ ਦੇਵਕੀ ਨੂੰ ਮਾਮੀ ਮਾਮੀ ਆਖਣ। ਪਤਾ ਲੱਗਾ ਕਿ ਜਿਹੜੀ ਜਨਾਨੀ ਐਥੇ ਆਪਣੇ ਬiੱਚਆਂ ਨਾਲ ਰਹਿੰਦੀ ਏ, ਉਹਦਾ ਘਰਵਾਲਾ ਕੈਨੇਡਾ ਗਿਆ ਹੋਇਆ ਏ। ਚਾਹ ਪੀ ਕੇ ਮੈਂ ਤਿੰਨਾਂ ਬੱਚਿਆਂ ਨੂੰ ਇਕ ਇਕ ਛੋਟਾ ਨੋਟ ਦੇ ਦਿੱਤਾ ਤਾਂ ਉਹ ਬਾਹਰ ਬਜ਼ਾਰ ਵੱਲ ਨੂੰ ਭੱਜ ਗਏ। ਓਸ ਜਨਾਨੀ ਨੇ ਸਾਨੂੰ ਚੁਬਾਰੇ ਚਾੜ੍ਹ ਦਿੱਤਾ। ਅਸੀਂ ਕੁੰਡਾ ਲਾ ਕੇ ਪੀਣ ਲਗ ਗਏ। ਬੜਾ ਨਸ਼ਾ ਖਿੜਿਆ। ਅਸੀਂ ਫਿਲਮੀ ਨਾਇਕ ਨਾਇਕਾ ਬਣ ਕੇ ਪਿਆਰ ਦੇ ਡਾਇਲਾਗ ਬੋਲਣ ਲੱਗੇ। ਜ਼ਰਾ ਸੋਚੋ,ਨੂੰਹ ਵਾਲਾ ਰੀਟਾਰਿਡ ਬੁੱਢਾ ਤੇ ਜਵਾਈ ਵਾਲੀ ਬੁੱਢੀ!
ਦੇਵਕੀ ਜ਼ਿਆਦਾ ਪੀ ਗਈ ਸੀ। ਉਹ ਹਿੱਲ ਗਈ। ਉਹ ਪਾਗਲਾਂ ਵਾਂਗੂੰ ਕਦੇ ਉੱਪਰਲਾ ਕੱਪੜਾ ਲਾਹ ਲਵੇ ਤੇ ਕਦੇ ਹੇਠਲਾ। ਕਦੇ ਮੈਨੂੰ ਬੱਚਿਆਂ ਵਾਂਗ ਪੱਟਾਂ ’ਚ ਪਾ ਲਵੇ। … ਅਖੀਰ ਮੈਂ ਵੀ ਸ਼ੇਰ ਹੋ ਗਿਆ। ਉਹਦੇ ਜਿਸਮ ਦਾ ਹਰ ਹਿੱਸਾ ਪਵਿੱਤਰ ਬਣ ਗਿਆ। ਉਹ ਸੱਚੀ ਮੁੱਚੀ ਪਾਗਲਾਂ ਵਾਂਗੂੰ ਬੋਲਣ ਤੇ ਹੱਸਣ ਜਾਂ ਰੋਣ ਲੱਗ ਪਈ। ਜਦ ਮੈਂ ਗੁਪਤ ਦਾਓ ਮਾਰਿਆ ਤਾ ਉਹਦੀ ਅਵਾਜ਼ ਬਦਲ ਕੇ ਹੋਰ ਈ ਤਰ੍ਹਾਂ ਦੀ ਹੋ ਗਈ। …. ਉਹ ਅਵਾਜ਼ ਨਾ ਮਰਦ ਦੀ ਸੀ, ਨਾ ਤੀਂਵੀ ਦੀ।…. ਬੱਸ ਕੋਈ ਅਵਾਜ਼ ਸੀ, ਜਿੱਦਾਂਂ ਬੱਕਰਾ ਛੁਰੀ ਹੇਠ ਮਿਆਂਕਦਾ ਹੁੰਦਾ। ਜਿਵੇਂ ਬਹੁਤੇ ਕੁੱਤਿਆਂ ਦਾ ਭੰਬੋੜਿਆ ਜਾ ਰਿਹਾ ਬਿੱਲਾ ਰੋਂਦਾ ਹੁੰਦਾ। ਫੇਰ ਇਹ ਸੀਨ ਅਵਾਜ਼ ਸਣੇ ਮੁੜ ਮੁੜ ਦੁਹਰਾਇਆ ਜਾ ਰਿਹਾ ਹੋਵੇ। … ਜਿੱਦਾਂ ਕਿਸੇ ਜੀਵ ਦੀ ਜਾਨ ਨਿੱਕਲਦੀ ਹੋਵੇ। ਜਾਂ ਨਿੱਕਲ ਨਾ ਰਹੀ ਹੋਵੇ। ਜੀਹਨੂੰ ਨਿੱਕਲਣ ਤੋਂ ਰੋਕਿਆ ਵੀ ਜਾ ਰਿਹਾ ਹੋਵੇ । ਤੇ ਕਦੇ ਨਿੱਕਲਣ ਦਿੱਤਾ ਜਾ ਰਿਹਾ ਹੋਵੇ, ਜਾਨ ਨੂੰ ਸੌਖਿਆਂ ਕਰਨ ਲਈ।
ਮੈਂ ਉਹ ਅਵਾਜ਼ ਜ਼ਿੰਦਗੀ ’ਚ ਪਹਿਲੀ ਵਾਰ ਸੁਣੀ ਸੀ। … ਘਰਾਂ ’ਚ ਤਾਂ ਅਸੀਂ ਗੂੰਗੇ ਤੇ ਅਨ੍ਹੇ ਈ ਰਹੇ ਹਾਂ, ਰਾਤ ਨੂੰ। ਕਲਪਨਾ ਸ਼ਕਤੀ ਵੀ ਮਰੀ ਮਰੀ ਜਿਹੀ ਹੀ ਹੁੰਦੀ ਏ।
ਉਹ ਅਵਾਜ਼ ਮੇਰੇ ਮਨ ਦੇ ਕਿਸੇ ਕੋਨੇ ’ਚ ਫਸ ਗਈ ਤੇ ਫੇਰ ਫਸੀ ਹੀ ਰਹਿ ਗਈ। … ਮੁੜ ਨਾ ਸੁਣੀ ਗਈ।… ਕਦੇ ਕਦੇ ਸੁਣਾਈ ਦੇਂਦੀ ਏ।… ਜ਼ੋਰ ਲਾ ਕੇ ਸੁਣਦਾ ਹਾਂ, ਕਦੇ ਥੋੜ੍ਹੀ ਬਹੁਤ। …. ਦੋ ਮਹੀਨਿਆਂ ਤੋਂ ਮੈਂ ਏਸੇ ਦੀ ਤਲਾਸ਼ ’ਚ ਭਟਕਦਾ ਫਿਰ ਰਿਹਾ ਹਾਂ।
ਤਾਰਾ ਦਫਤਰ ਜਾਣ ਲੱਗੀ ਮੈਨੂੰ ਰੋਜ਼ ਇਕ ਨੋਟ ਦੇ ਜਾਂਦੀ ਏ। ਪਰ ਮੇਰਾ ਉਹਦੇ ਨਾਲ ਸਰਦਾ ਨਹੀਂ। ਮੈਂ ਕਿਸੇ ਨਾ ਕਿਸੇ ਥਾਂ ਤੋਂ ਚੋਰੀ ਕਰ ਲੈਂਦਾ ਹਾਂ। … ਐਸ ਉਮਰ ‘ਚ ਦੇਖੋ, ਕੀ ਕੀ ਸਿੱਖ ਰਿਹਾ ਹਾਂ? … ਕੀ ਕਰਾਂ, ਕਦੇ ਗੋਲੀਆਂ ਦੇ ਬੱਝੇ ਕੋਟੇ ਨਾਲ ਸਰਦਾ ਨਹੀਂ, ਪੀਣੀ ਪੈਂਦੀ ਏ। ਚਾਰ ਟਕੇ ਦੇਵਕੀ ਜਾਂ ਉਹਦੇ ਪੁੱਤ ਧੀ ਦੇ ਹੱਥ ’ਤੇ ਵੀ ਧਰਨੇ ਪੈਂਦੇ ਨੇ। … ਜਦ ਕਦੇ ਪਰੇਸ਼ਾਨੀ ਵਧ ਜਾਂਦੀ ਏ, ਮੈਂ ਦੇਸੀ ਦਾ ਅਧੀਆ ਲੈ ਆਉਂਦਾ ਹੈ। ਅੱਧਾ ਕਿੱਲੋ ਕੱਚੀ ਮੱਛੀ ਫੜਦਾ ਹਾਂ , ਰੇਹੜੀ ਤੋਂ। ਸਿੱਧਾ ਚਲਿਆ ਜਾਂਦਾ ਹਾਂ ਸੜਕਾਂ ਬਨਾਣ ਵਾਲਿਆਂ ਦੀਆਂ ਝੁੱਗੀਆਂ ਕੋਲ। ਓਥੇ ਇਕ ਬੰਗਾਲੀ ਮੁਸਲਮਾਨ ਏ। ਉਹਦੀ ਘਰ ਵਾਲੀ ਮੱਛੀ ਭੁੰਨ ਦੇਂਦੀ ਏ। ਅਸੀਂ ਦੋ ਦੋ ਪੈਗ ਇੱਟਾਂ ’ਤੇ ਬਹਿ ਕੇ ਲਾ ਲੈਂਦੇ ਹਾਂ। ਮੱਛੀ ਬੜੀ ਸੁਆਦ ਹੁੰਦੀ ਏ। ਨਸ਼ਾ ਚੋਖਾ ਚੜ੍ਹਦਾ ਏ। ਅਸੀਂ ਦੋਵੇਂ ਨਜ਼ਰੁਲ ਇਸਲਾਮ ਦੇ ਕ੍ਰਾਂਤੀਕਾਰੀ ਗੀਤ ਗਾਂਦੇ ਹਾਂ। ਦਿਲ ਕਰਦਾ ਹੁੰਦਾ ਏ ਕਿ ਉਥੇ ਈ ਵਿਛੀ ਪਰਾਲੀ ’ਤੇ ਸੌਂ ਜਾਵਾਂ। ਪਰ ਨਹੀਂ, ਡਰ ਲੱਗਣ ਲਗ ਪੈਂਦਾ ਏ ਕਿ ਹੁਣੇ ਤਾਰਾ ਤੇ ਦੋਵੇਂ ਮੁੰਡੇ ਲੱਭਦੇ ਲਭਾਂਦੇ ਆ ਜਾਣਗੇ, ਏਸ ਆਵਾਰਾ ਬਾਪ ਨੂੰ। … ਸੱਚੀ ਗੱਲ ਏ, ਮੈਨੂੰ ਆਪਣਾ ਘਰ ਚੰਗਾ ਨਹੀਂ ਲੱਗਦਾ। ਦਿਲ ਕਰਦਾ ਏ, ਓਸ ਬੰਗਾਲੀ ਕੋਲ ਈ ਰਹਿ ਪਿਆ ਕਰਾਂ, ਸਾਰੀ ਰਾਤ। ਜਾਂ ਫੇਰ ਕਦੇ ਦੇਵਕੀ ਦੇ ਜਾ ਵੜਿਆ ਕਰਾਂ!
ਦੇਵਕੀ ਦੇ ਘਰ ਕਈ ਵਾਰ ਨਾਟਕ ਖੇਡੇ। ਨਾਟਕ ਦੁਹਰਾਏ ਗਏ। … ਫੇਰ ਇਹ ਸੀਮਾ ਆ ਗਈ ਕਿ ਮੈਨੂੰ ਨਾਟਕ ਖੇਡਣ ਤੋਂ ਨਫ਼ਰਤ ਹੋ ਗਈ। ਦਿਲ ਕਰਦਾ ਏ, ਕਿਸੇ ਦਿਨ ਆਖ਼ਰੀ ਵਾਰ ਲੰਮਾ ਨਾਟਕ ਖੇਡਾਂ ਤੇ …। ਜੇ ਉਹ ਆਵਾਜ਼ਾਂ ਨਾ ਸੁਨਣ ਤਾਂ ਫੇਰ ਕਿਸੇ ਵੀ ਢੰਗ ਨਾਲ ਮਰ ਜਾਵਾਂ… ਕਿਸੇ ਵੀ ਗੰਦੇ ਤੋਂ ਗੰਦੇ ਤਰੀਕੇ ਨਾਲ…।’
”ਚੇਤਨ ! … ਚੇਤਨ ਸ਼ਰਮਾ…!’’ ਲੱਗਿਆ, ਮੈਨੂੰ ਕਿਸੇ ਵਾਜ ਮਾਰੀ ਏ। … ਅੱਖਾਂ ਖੁਲ੍ਹੱਦੀਆਂ ਨੇ ਤਾਂ ਪਤਾ ਲੱਗਦਾ ਏ ਕਿ ਚਾਚਾ ਮੈਨੂੰ ਉਠਾ ਰਿਹਾ ਏ। ਮੈਂ ਨਜ਼ਰਾਂ ਚੁਫੇਰੇ ਘੁਮਾ ਕੇ ਜਾਚਦਾ ਹਾਂ ਕਿ ਮੈਂ ਕਿੱਥੇ ਹਾਂ? …
ਮੈਂ ਉਹਨਾਂ ਵੱਲ ਦੇਖਦਾ ਹਾਂ। ਖਿਝ ਕੇ ਕਹਿੰਦਾ ਹਾਂ,” ਮੈਨੂੰ ਕੀ ਹੋਇਆ? … ਕੀ ਹੋ ਗਿਐ ਮੈਨੂੰ?’’
ਮੈਨੂੰ ਲੱਗਦਾ ਏ, ਜਿਵੇਂ ਉਹ ਮੇਰੇ ਨਸ਼ਈ ਹੋਣ ਦਾ ਮਜ਼ਾਕ ਉਡਾ ਰਹੇ ਨੇ । ਪਰ ਜਦੇ ਚਾਚੀ ਦਿੱਸਦੀ ਏ। ਉਹਦੇ ਹੱਥ ’ਚ ਪਾਣੀ ਦਾ ਗਿਲਾਸ ਏ। ਮੈਂ ਠੀਕ ਹੋ ਕੇ ਪਾਣੀ ਪੀ ਲੈਂਦਾ ਹਾਂ। ਫੇਰ ਡਰ ਲੱਗਦਾ ਏ ਕਿ ਚਾਚੀ ਮੇਰੇ ਘਰ ਤਾਰਾ ਨੂੰ ਕਿਤੇ ਫੋਨ ਨਾ ਕਰ ਦੇਵੇ। ਉਹ ਮੈਨੂੰ ਲੈਣ ਏਥੇ ਆ ਜਾਵੇ ਜਾਂ ਮੁੰਡੇ ਨੂੰ ਭੇਜ ਦੇਵੇ। … ਚਾਚੀ ਨੂੰ ਦੇਖ ਕੇ ਮੈਨੂੰ ਸਾਰੀ ਗੱਲ ਸਮਝ ’ਚ ਆ ਜਾਂਦੀ ਏ।
ਮੈਂ ਉਠ ਕੇ ” ਚੰਗਾ ਚਾਚਾ ਜੀ’’ ਆਖਦਾ ਹਾਂ ਤਾਂ ਮੇਰੇ ਹੱਥ ਉਹਨਾਂ ਦੇ ਗੋਡਿਆਂ ਵੱਲ ਝੁਕ ਜਾਂਦੇ ਨੇ ਤੇ ਮੂੰਹੋਂ ‘ ਪੈਰੀ ਪੈਣਾ ’ ਨਿੱਕਲ ਜਾਂਦਾ ਏ।
ਘਰ ਜਾ ਕੇ ਮੈਨੂੰ ਸੋਚਣ ’ਤੇ ਵੀ ਪਤਾ ਨਹੀਂ ਲੱਗਦਾ ਕਿ ਮੈਂ ਚਾਚਾ ਜੀ ਨੂੰ ਕੀ ਆਖ ਦੱਸ ਆਇਆ ਹਾਂ। ਏਨਾ ਚੇਤਾ ਆਂਦਾ ਏ ਕਿ ਮੈਂ ਕਨਫੈਸ਼ਨ ਕਰਨ ਗਿਆ ਸੀ , ਉਹਨਾਂ ਕੋਲ। … ਪਤਾ ਨਹੀਂ ਕੀ ਕੀ ਦੱਸ ਆਇਆ ਹਾਂ!
ਉਹਨਾਂ ਨੂੰ ਫੋਨ ਕਰਦਾ ਹਾਂ। ਡਰ ਏ ਕਿ ਉਹ ਕਿਤੇ ਗੁੱਸੇ ਨਾ ਹੋਣ ਮੇਰੀ ਕਿਸੇ ਬੇਹੂਦਗੀ ਤੋਂ। …. ਉਹ ਹੱਸਦੇ ਪੁੱਛਦੇ ਨੇ ,” ਕੀ ਹਾਲ ਏ ਤੇਰੇ ਸ਼ਹਿਰ ਦਾ?’’
ਉਹਨਾਂ ਦੀ ਅਵਾਜ਼ ਸੁਖਾਵੀਂ ਏ। ਮੈਂ ਖਿੜ ਜਾਂਦਾ ਹਾਂ। ਗਾਂਦਾ ਹਾਂ,…” ਇਸ ਦਸ਼ਤ ਮੇਂ ਇਕ ਸ਼ਹਰ ਏ,… ਹਜ਼ੂਰ ‘ਥਾ’ ਨਹੀਂ,… ‘ਹੈ’ ਕਹੋ। ਇਕ ਸ਼ਹਿਰ ਏ…ਵੋ ਕਯਾ ਕਰੇਂ? …ਆਵਾਰਗੀ। …।

ਪ੍ਰੇਮ ਪ੍ਰਕਾਸ਼

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!