ਦਿੱਲੀ ਦੀ ਕੰਧ – ਉਦੈ ਪ੍ਰਕਾਸ਼

Date:

Share post:

ਅਨੁਵਾਦ: ਭਜਨਬੀਰ ਸਿੰਘ

ਅਸਲ ਵਿੱਚ ਇਹ ਕਹਾਣੀ ਇੱਕ ਓਹਲਾ ਹੈ, ਜਿਸਦੇ ਪਿੱਛੇ ਲੁਕਿਆ ਹੋਇਆ ਮੈਂ ਇੱਕ ਰਹੱਸ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਕਿਉਂਕਿ ਜਿਹੋ ਜਿਹੀਆਂ ਸਥਿਤੀਆਂ ਹਨ, ਉਨ੍ਹਾਂ ਵਿੱਚ ਅਫ਼ਵਾਹਾਂ ਹੀ ਸੂਚਨਾਵਾਂ ਦੀ ਸ਼ਕਲ ਵਿੱਚ ਤੁਹਾਡੇ ਤੱਕ ਪਹੁੰਚ ਰਹੀਆਂ ਹਨ ਅਤੇ ਸਥਿਤੀਆਂ ਅਜਿਹੀਆਂ ਵੀ ਹਨ ਕਿ ਪਤਾ ਨਹੀਂ ਕਦੋਂ ਮੈਂ ਆਪਣੇ ਸਮੇਂ ਵਿੱਚੋਂ ਅਚਾਨਕ ਗ਼ੈਰ ਹਾਜ਼ਰ ਹੋ ਜਾਵਾਂ।

ਪਾਨ ਦੀ ਦੁਕਾਨ ਵਿੱਚ ਖੁੱਲ੍ਹਦੀ ਸੁਰੰਗ ਦੀ ਨਾਗਰਿਕਤਾ, ਫ਼ਕੀਰ ਦੇ ਹੰਝੂ ਅਤੇ ਥੁੱਕ ਮੇਰੇ ਫ਼ਲੈਟ ਤੋਂ ਸੰਜੈ ਚੌਰਸੀਆ ਦੇ ਪਾਨ ਦੇ ਠੇਲੇ ਦੀ ਦੂਰੀ ਅੱਧੇ ਕਿਲੋਮੀਟਰ ਤੋਂ ਵੀ ਘੱਟ ਸੀ। ਉਸਦੇ ਠੇਲੇ ਦੇ ਨਾਲ ਹੀ ਰਤਨ ਲਾਲ ਦਾ ਚਾਹ ਦਾ ਠੇਲਾ ਸੀ। ਸੰਜੈ ਪ੍ਰਤਾਪਗੜ੍ਹ ਦੇ ਨੇੜਲੇ ਪਿੰਡ ਬੀਸੀਪੁਰਾ ਤੋਂ ਦਿੱਲੀ ਆਇਆ ਸੀ ਅਤੇ ਚਾਹ ਵਾਲਾ ਰਤਨਲਾਲ ਸਾਸਾਰਾਮ ਤੋਂ। ਦੋਵਾਂ ਦੀਆਂ ਦੁਕਾਨਾਂ ਠੇਲੇ ’ਤੇ ਇਸ ਲਈ ਸਨ ਕਿ ਜੇ ਕਦੇ ਮਿਊਂਸਪੈਲਟੀ ਵਾਲੇ ਇੱਧਰ ਨੇੜੇ-ਤੇੜੇ ਦਿੱਸਣ ਤਾਂ ਤੁਰੰਤ ਠੇਲਾ ਘਸੀਟਦੇ ਹੋਏ ਇੱਥੋਂ ਰਫੂਚੱਕਰ ਹੋ ਜਾਣ। ਹਾਲਾਂਕਿ ਮੋਟਰਸਾਈਕਲ ’ਤੇ ਗਸ਼ਤ ਲਾਉਂਦੇ ਪੁਲਿਸ ਵਾਲੇ ਅਕਸਰ ਇੱਧਰੋਂ ਲੰਘਦੇ ਰਹਿੰਦੇ ਸਨ ਪ੍ਰੰਤੂ ਉਨ੍ਹਾਂ ਕੋਲੋਂ ਖ਼ਤਰਾ ਘੱਟ ਸੀ ਕਿਉਂਕਿ ਉਨ੍ਹਾਂ ਦਾ ਹਫ਼ਤਾ ਬੱਝਾ ਹੋਇਆ ਸੀ। ਚਾਹ ਵਾਲਾ ਰਤਨ ਲਾਲ ਪੁਲਿਸ ਨੂੰ ਪੰਜ ਸੌ ਅਤੇ ਸੰਜੈ ਸਾਢੇ ਸੱਤ ਸੌ ਰੁਪਏ ਮਹੀਨਾ ਦਿੰਦਾ ਸੀ।
”ਚੈਨ ਹੈ, ਕਿਤੇ ਪੱਕੀ ਦੁਕਾਨ ਲੈਂਦੇ ਤਾਂ ਵੀ ਕਿਰਾਇਆ ਦੇਣਾ ਪੈਂਦਾ! ਹੈ ਕਿ ਨਹੀਂ? ਜਦ ਆਦਮੀ ਦਾਲ-ਰੋਟੀ ਖਾਂਦਾ ਹੈ, ਤਾਂ ਚਾਰ ਬੁਰਕੀਆਂ ਕੁੱਤੇ ਨੂੰ ਵੀ ਤਾਂ ਪਾ ਹੀ ਦਿੰਦਾ ਹੈ। ਹੈ ਕਿ ਨਹੀਂ? ਸੰਜੈ ਮੁਸਕਰਾਉਂਦਾ ਹੋਇਆ ਕਹਿੰਦਾ। ਪ੍ਰੰਤੂ ਕਿਸ ਦੀ ਜ਼ਿੰਦਗੀ ਕੁੱਤੇ ਵਰਗੀ ਹੈ? ਮੈਂ ਇਹ ਸੋਚਣ ਲੱਗਦਾ।
ਉੱਥੇ ਹੋਰ ਰੇਹੜੀ ਵਾਲੇ ਵੀ ਸਨ। ਦਸ ਕਦਮ ਹਟ ਕੇ ਸਾਈਕਲਾਂ ਦੇ ਪੈਂਚਰ ਲਾਉਣ ਵਾਲਾ ਮਦਨ ਲਾਲ, ਉਸਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੋਚੀ ਦੇਵੀ ਦੀਨ, ਕੁਝ ਅੱਗੇ ਜਾ ਕੇ ਸਕੂਟਰ ਅਤੇ ਆਟੋ ਦੀ ਮੁਰੰਮਤ ਕਰਨ ਅਤੇ ਪੈਂਚਰ ਲਾਉਣ ਵਾਲਾ ਸੰਤੋਸ਼। ਸੰਤੋਸ਼ ਸੀਤਾਮੜੀ ਤੋਂ ਚਾਰ ਸਾਲ ਪਹਿਲਾਂ ਦਿੱਲੀ ਆਇਆ ਸੀ। ਮਦਨ ਅਤੇ ਦੇਵੀ ਦੀਨ ਨੇੜਿਓਂ ਹੀ ਹਰਿਆਣਾ ਦੇ ਕਿਸੇ ਪਿੰਡ ਤੋਂ, ਇੱਥੇ ਆਉਂਦੇ ਸਨ। ਉਹ ਭੁੰਜੇ ਹੀ ਆਪਣਾ ਅੱਡਾ ਜਮਾਉਂਦੇ ਸਨ। ਸ਼ਾਮ ਪੈਂਦਿਆਂ-ਪੈਂਦਿਆਂ ਕਵਾਲਟੀ ਆਈਸ ਕਰੀਮ ਵਾਲਾ ਬਜੇਂਦਰ ਵੀ ਆਪਣਾ ਬਿਜਲੀ ਅਤੇ ਗਲਾਸ ਫਾਈਬਰ ਦੀ ਬਾਡੀ ਵਾਲਾ, ਅੰਗਰੇਜ਼ੀ ਵਿੱਚ ਲਿਖਿਆ, ਰੰਗੀਨ ਠੇਲਾ ਲੈ ਕੇ ਉੱਥੇ ਪਹੁੰਚ ਜਾਂਦਾ ਸੀ। ਸ਼ਾਮ ਨੂੰ ਉੱਥੇ ਉੱਬਲੇ ਆਂਡੇ ਵੇਚਣ ਵਾਲੀ ਰਾਜਵਤੀ ਆਪਣੇ ਪਤੀ ਗੁਲਸ਼ਨ ਅਤੇ ਤਿੰਨ ਬੱਚਿਆਂ ਦੇ ਨਾਲ ਆ ਜਾਂਦੀ ਸੀ। ਉਸਦੀ ਦੁਕਾਨ ਤੋਂ ਥੋੜ੍ਹਾ ਜਿਹਾ ਪਿੱਛੇ ਇੱਟਾਂ ਦੀ ਕੰਧ ਦਾ ਇਕ ਅਹਾਤਾ ਸੀ। ਉਹ ਥਾਂ ਸੁੰਨਸਾਨ ਹੁੰਦੀ ਸੀ। ਰਾਤ ਨੂੰ ਉੱਥੇ ਕਾਰ ਵਾਲੇ ਆ ਜਾਂਦੇ ਅਤੇ ਗੁਲਸ਼ਨ ਕੋਲੋਂ ਵਿਸਕੀ ਜਾਂ ਰਮ ਮੰਗਵਾਉਂਦੇ। ਤਦ ਤੱਕ ਸ਼ਰਾਬ ਦੀਆਂ ਸਰਕਾਰੀ ਦੁਕਾਨਾਂ ਬੰਦ ਹੋ ਚੁੱਕੀਆਂ ਹੁੰਦੀਆਂ ਸਨ। ਇਸ ਲਈ ਗੁਲਸ਼ਨ ਸਾਈਕਲ ’ਤੇ ਜਾ ਕੇ ਕਿਤੋਂ ਬਲੈਕ ਵਿਚ ਅੱਧੀਆ ਜਾਂ ਪਊਆ ਲੈ ਆਉਂਦਾ। ਕੁਛ ਗਾਹਕ ਉੱਬਲੇ ਆਂਡਿਆ ਤੋਂ ਬਿਨਾਂ ਚਿਕਨ ਟਿੱਕਾ ਵੀ ਮੰਗਵਾਉਂਦੇ। ਉਹ ਅਗਲੀ ਲਾਲ ਬੱਤੀ ਦੇ ਕੋਲ ਸਰਦਾਰ ਸੱਤੇ ਸਿੰਘ ਦੇ ਠੇਲੇ ਤੋਂ ਮਿਲਦਾ। ਗੁਲਸ਼ਨ ਉਹ ਵੀ ਲਿਆਉਂਦਾ। ਉਸਨੂੰ ਟਿਪ ਵਿੱਚ ਥੋੜ੍ਹੀ ਜਿਹੀ ਸ਼ਰਾਬ ਅਤੇ ਕੁਝ ਰੁਪਏ ਮਿਲ ਜਾਂਦੇ। ਰਾਜਵਤੀ ਉਸਨੂੰ ਪੀਣ ਤੋਂ ਨਹੀਂ ਸੀ ਰੋਕਦੀ, ਕਿਉਂਕਿ ਮੁਫ਼ਤ ਵਿੱਚ ਮਿਲਣ ਵਾਲੀ ਅੰਗਰੇਜ਼ੀ ਸ਼ਰਾਬ, ਆਪਣਿਆਂ ਪੈਸਿਆਂ ਨਾਲ ਖਰੀਦ ਕੇ ਮਿਲਣ ਵਾਲੇ ਲੋਕਲ ਠਰਰੇ ਤੋਂ ਲੱਖ ਗੁਣਾ ਚੰਗੀ ਸੀ। ਠਰਰੇ ਦੇ ਪਾਊਚ ਵਿਚ ਮਿਲਾਵਟ ਹੁੰਦੀ ਸੀ, ਜਿਸ ਨੂੰ ਪੀ ਕੇ ਕਈ ਵਾਰ ਲੋਕ ਜਾਂ ਤਾਂ ਅੰਨ੍ਹੇ ਹੋ ਜਾਂਦੇ ਜਾਂ ਮਰ ਜਾਂਦੇ ਸਨ।
ਉਸ ਥਾਂ ’ਤੇ ਰਿਕਸ਼ੇ ਵਾਲੇ ਵੀ ਸੁਸਤਾਉਣ ਅਤੇ ਸਵਾਰੀਆਂ ਦੀ ਉਡੀਕ ਵਿੱਚ ਆ ਕੇ ਖੜੇ ਹੋ ਜਾਂਦੇ ਸਨ। ਇਸ ਲਈ ਉੱਥੇ ਚਹਿਲ-ਪਹਿਲ ਰਹਿੰਦੀ ਸੀ। ਜ਼ਿਆਦਾਤਰ ਰਿਕਸ਼ੇ ਵਾਲੇ ਬਿਹਾਰ ਅਤੇ ਉੜੀਸਾ ਦੇ ਹੁੰਦੇ ਸਨ। ਕੁਝ ਦਿਨਾਂ ਤੱਕ ਅਹਾਤੇ ਦੇ ਕੋਲ ਹੀ ਨਾਲੰਦਾ ਤੋਂ ਆਇਆ ਹੋਇਆ ਤੁਫ਼ੈਲ ਅਹਿਮਦ ਆਪਣੀ ਸਿਲਾਈ ਮਸ਼ੀਨ ਲੈ ਕੇ ਬਹਿਣ ਲੱਗ ਪਿਆ ਸੀ। ਤੁਫ਼ੈਲ ਅਹਿਮਦ ਦੇ ਰਹਿਣ ਦਾ ਕੋਈ ਠੀਕ ਪਤਾ ਟਿਕਾਣਾ ਨਹੀਂ ਸੀ, ਇਸ ਲਈ ਉਹਦੇ ਕੋਲ ਸੀਊਣੇ ਦਿੱਤੇ ਕੱਪੜੇ ਕੋਈ ਨਹੀਂ ਸੀ ਛੱਡਦਾ। ਜ਼ਿਆਦਾਤਰ ਸਕੂਲੀ ਬੱਚਿਆਂ ਦੇ ਬਸਤੇ ਜਾਂ ਮਜ਼ਦੂਰਾਂ ਅਤੇ ਰਿਕਸ਼ੇ ਵਾਲਿਆਂ ਦੀ ਤੁਰਪਾਈ ਅਤੇ ‘ਆਲਟਰ’ ਦਾ ਕੰਮ ਹੀ ਉਹਦੇ ਕੋਲ ਆਉਂਦਾ। ਹੁਣ ਲੱਗਪੱਗ ਪੰਦਰਾਂ ਵੀਹਾਂ ਦਿਨਾਂ ਤੋਂ ਉਹ ਉੱਥੇ ਨਹੀਂ ਸੀ ਆ ਰਿਹਾ। ਕੋਈ ਕਹਿੰਦਾ ਉਹ ਬੀਮਾਰ ਹੈ, ਕੋਈ ਕਹਿੰਦਾ ਉਹ ਨਾਲੰਦਾ ਮੁੜ ਗਿਆ ਅਤੇ ਕਿਸੇ ਦਾ ਕਹਿਣਾ ਸੀ ਕਿ ਉੱਥੇ ਆਉਂਦਿਆਂ ਹੋਇਆਂ ਰਾਹ ਵਿੱਚ ਉਹ ਕਿਸੇ ਬਲਿਊ ਲਾਈਨ ਬੱਸ ਹੇਠਾਂ ਆ ਗਿਆ ਅਤੇ ਮਰ ਗਿਆ। ਉਸਦੀ ਸਿਲਾਈ ਮਸ਼ੀਨ ਥਾਣੇ ਦੇ ਪਿਛਵਾੜੇ ਪਈ ਹੋਈ ਹੈ।
ਇਸੇ ਤਰ੍ਹਾਂ ਰਾਜਵਤੀ ਦੇ ਆਂਡਿਆਂ ਦੇ ਠੇਲੇ ਦੇ ਕੋਲ ਰਾਤ ਨੂੰ ਉੱਬਲਿਆ ਚਨਾ ਮਸਾਲਾ ਅਤੇ ਦਿਨੇ ਛੋਲੇ ਕੁਲਚੇ ਵੇਚਣ ਵਾਲੀ ਨੱਥੋ ਅਤੇ ਉਸਦੇ ਪਤੀ ਮਾਂਗੇ ਰਾਮ ਦਾ ਕਈ ਮਹੀਨਿਆਂ ਤੋਂ ਪਤਾ ਹੀ ਨਹੀਂ ਸੀ ਲੱਗ ਰਿਹਾ। ਕਿਸੇ ਨੇ ਦੱਸਿਆ ਕਿ ਮਾਂਗੇ ਰਾਮ ਦੇ ਢਿੱਡ ਵਿਚ ਕੈਂਸਰ ਹੋ ਗਿਆ ਸੀ, ਜਿਸਦੇ ਦਵਾ-ਦਾਰੂ ਵਿੱਚ ਨੱਥੋ ਬਰਬਾਦ ਹੋ ਗਈ ਅਤੇ ਉਸਦੇ ਮਰਨ ਪਿੱਛੋਂ ਆਪਣੇ ਦੋਵਾਂ ਬੱਚਿਆਂ ਨਾਲ ਜਮੁਨਾ ਪਾਰਲੇ ਕਿਸੇ ਕੁਲਚੇ ਵਾਲੇ ਕੋਲ ਚਲੀ ਗਈ।
ਇੱਥੇ ਇੰਝ ਹੀ ਹੁੰਦਾ ਸੀ। ਇਹ ਕਿਸੇ ਨਿਯਮ ਵਰਗਾ ਸੀ। ਇੱਥੇ ਹਰ ਰੋਜ਼ ਆਉਣ ਵਾਲਾ ਆਦਮੀ ਅਚਾਨਕ ਹੀ ਇੱਕ ਦਿਨ ਗਾਇਬ ਹੋ ਜਾਂਦਾ ਅਤੇ ਫ਼ਿਰ ਭਵਿੱਖ ਵਿੱਚ ਕਦੇ ਨਜ਼ਰ ਨਾ ਆਉਂਦਾ। ਇਨ੍ਹਾਂ ਵਿੱਚੋਂ ਜ਼ਿਆਦਾ ਲੋਕਾਂ ਦਾ ਪੱਕਾ ਪਤਾ ਨਹੀਂ ਸੀ ਹੁੰਦਾ ਕਿ ਉਨ੍ਹਾਂ ਦੇ ਬਾਰੇ ਕੋਈ ਜਾਣਕਾਰੀ ਹਾਸਲ ਕੀਤੀ ਜਾਵੇ। ਉਦਾਹਰਣ ਦੇ ਤੌਰ ’ਤੇ ਰਾਜਵਤੀ ਆਪਣੇ ਪਤੀ ਗੁਲਸ਼ਨ ਅਤੇ ਬੱਚਿਆਂ ਦੇ ਨਾਲ ਇੱਥੋਂ ਚਾਰ ਕਿਲੋਮੀਟਰ ਅੱਗੇ, ਬਾਈਪਾਸ ਦੇ ਕੋਲ, ਇੱਕ ਸੋਲ੍ਹਵੀਂ ਸਦੀ ਦੀ ਇਮਾਰਤ ਦੇ ਖੰਡਰ ਵਿੱਚ ਰਹਿੰਦੀ ਸੀ। ਕਰਨਾਲ ਅਤੇ ਅੰਮ੍ਰਿਤਸਰ ਵੱਲ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਤੋਂ ਜੇ ਤੁਸੀਂ ਕਦੇ ਉੱਤਰ ਵੱਲ ਨਿਗ੍ਹਾ ਮਾਰੀ ਹੋਵੇ, ਜਿਸ ਪਾਸੇ ਨਿਕਾਸੀ ਦਾ ਗੰਦਾ ਨਾਲਾ ਵਹਿੰਦਾ ਹੈ, ਤਾਂ ਉਹਦੇ ਕੰਢੇ ਉਸ ਗੋਲ ਗੁੰਬਦ ਵਾਲੀ ਪੁਰਾਣੀ ਇਮਾਰਤ ਨੂੰ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਕਾਈ ਲੱਗੇ ਮਟਮੈਲੇ ਪੱਥਰਾਂ ਅਤੇ ਕਥਈ ਪੁਰਾਣੀਆਂ ਇੱਟਾਂ ਵਾਲੀ ਟੁੱਟੀ-ਭੱਜੀ ਇਮਾਰਤ। ਕੋਈ ਸੋਚ ਨਹੀਂ ਸਕਦਾ ਕਿ ਉੱਥੇ ਕੋਈ ਆਦਮਜਾਤ ਵੀ ਰਹਿੰਦਾ ਹੋਵੇਗਾ। ਦਿੱਲੀ ਤੋਂ ਲਾਹੌਰ ਭਾਵ ਹਿੰਦੋਸਤਾਨ ਤੋਂ ਪਾਕਿਸਤਾਨ ਜਾਣ ਵਾਲੀ ਮਸ਼ਹੂਰ ‘ਸਦਭਾਵਨਾ’ ਬੱਸ ਏਸੇ ਹਾਈਵੇ ਤੋਂ ਹੋ ਕੇ ਲੰਘਦੀ ਹੈ।
ਇਸ ਖੰਡਰ ਵਿੱਚ ਹੋਰ ਲੋਕ ਵੀ ਰਹਿੰਦੇ ਸਨ। ਪ੍ਰੰਤੂ ਜ਼ਿਆਦਾਤਰ ਟੱਬਰ ਵਾਲੇ ਹੀ ਸਨ। ਸਿਰਫ ਦੋ ਜਣਿਆਂ ਨੂੰ ਛੱਡ ਕੇ। ਇੱਕ ਸੀ ਰਿਜ਼ਵਾਨ, ਜਿਸ ਦਾ ਸੱਜਾ ਪੈਰ ਅਤੇ ਸੱਜਾ ਹੱਥ ਕੋੜ੍ਹ ਨਾਲ ਗਲ ਗਿਆ ਸੀ ਅਤੇ ਦੂਜਾ ਸਨੇਹੀ ਰਾਮ, ਜੋ ਇੰਨਾ ਬੁੱਢਾ ਹੋ ਗਿਆ ਸੀ ਕਿ ਨਾਲੇ ਦੇ ਕੋਲ ਹੀ ਉੱਗੇ ਇਕ ਨਿੰਮ ਦੇ ਰੁੱਖ ਹੇਠਾਂ ਸਾਰਾ ਦਿਨ ਸੁੱਤਾ ਰਹਿੰਦਾ ਸੀ। ਸਨੇਹੀ ਰਾਮ ਨੂੰ ਰਾਮ-ਚਰਿਤ ਮਾਨਸ ਅਤੇ ਸੂਰ ਸਾਗਰ ਪੂਰਾ ਯਾਦ ਸੀ। ਢੋਲਾ ਮਾਰੂ ਦੀ ਕਥਾ ਅਤੇ ਆਲ੍ਹਾ ਉਹ ਇੰਨੇ ਸੁਰੀਲੇ ਗਾਉਂਦਾ ਸੀ ਕਿ ਸੁਨਣ ਵਾਲਾ ਮਗਨ ਹੋ ਜਾਂਦਾ ਸੀ। ਇਸ ਖੰਡਰ ਵਿੱਚ ਰਹਿਣ ਵਾਲੇ ਪਰਿਵਾਰਾਂ ਵਿੱਚੋਂ ਕੋਈ ਨਾ ਕੋਈ ਉਸਨੂੰ ਰੋਟੀ ਦੇ ਜਾਂਦਾ ਸੀ। ਰਿਜ਼ਵਾਨ ਸਵੇਰੇ-ਸਵੇਰੇ ਬਾਈ ਪਾਸ ਵੱਲ ਚਲਾ ਜਾਂਦਾ। ਉੱਥੇ ਹੀ ਗੋਪਾਲ ਧਨਖੜ ਦੇ ਠੇਲੇ ਤੋਂ ਚਾਹ ਪੀਂਦਾ, ਮੱਠੀ ਜਾਂ ਬੰਦ ਖਾਂਦਾ ਅਤੇ ਬੱਸ ਸਟਾਪ ’ਤੇ ਬਹਿ ਕੇ ਸ਼ਾਮ ਤੱਕ ਭੀਖ ਮੰਗਦਾ। ਭੀਖ ਚੰਗੀ ਮਿਲ ਜਾਂਦੀ ਸੀ। ਰਿਜ਼ਵਾਨ ਦੇ ਚਿਹਰੇ ’ਤੇ ਖਿਚੜੀ ਦਾੜੀ ਸੀ ਅਤੇ ਉਸਦਾ ਚਿਹਰਾ ਦੇਖ ਕੇ ਫ਼ਿਲਮ ਕਾਬਲੀਵਾਲਾ ਦੇ ਬਲਰਾਜ ਸਾਹਨੀ ਦੀ ਯਾਦ ਆਉਂਦੀ ਸੀ।
ਸੋਲ੍ਹਵੀਂ ਸਦੀ ਦੇ ਉਸੇ ਖੰਡਰ ਵਿੱਚ ਰਾਜਵਤੀ ਦੀ ਭੈਣ ਫੂਲੋ, ਅਜ਼ਾਦਪੁਰ ਸਬਜ਼ੀ ਮੰਡੀ ਦੇ ਨਿਕਾਸੀ ਫ਼ਾਟਕ ਤੇ ਮੂੰਗਫ਼ਲੀ ਵੇਚਣ ਵਾਲੇ ਜਗਰਾਜ ਦੀ ਪਤਨੀ ਸੋਮਾਲੀ ਅਤੇ ਲਾਲ ਕਿਲੇ ਦੇ ਨੇੜੇ-ਤੇੜੇ ਚਰਸ ਵੇਚਣ ਵਾਲੇ ਮੁਸ਼ਤਾਕ ਦੀ ਫ਼ੁਫੇਰੀ ਭੈਣ ਸਲੀਮਨ, ਜੋ ਹੁਣ ਉਸਦੀ ਪਤਨੀ ਵੀ ਸੀ, ਰਹਿੰਦੀਆਂ ਸਨ। ਉਹ ਤਿੰਨੇ ਧੰਦਾ ਕਰਦੀਆਂ ਸਨ। ਸੋਮਾਲੀ ਤਾਂ ਖੰਡਰ ਵਿਚ ਰਹਿ ਕੇ ਹੀ, ਉੱਥੇ ਅਕਸਰ ਆਉਣ ਵਾਲੇ ਸਮੈਕੀਆਂ-ਤਿਲਕ, ਭੂਸ਼ਨ ਅਤੇ ਅਜ਼ਾਦ ਦੇ ਲਿਆਂਦੇ ਹੋਏ ਗਾਹਕਾਂ ਨੂੰ ਨਿਪਟਾਉਂਦੀ ਪ੍ਰੰਤੂ ਸਲੀਮਨ ਅਤੇ ਫੂਲੋ ਸ਼ਾਮ ਨੂੰ ਰਿਕਸ਼ਾ ਲੈ ਕੇ ਸੜਕ ਤੇ ਗਾਹਕਾਂ ਦੀ ਖੋਜ ਵਿੱਚ ਵੀ ਘੁੰਮਦੀਆਂ ਸਨ। ਫੂਲੋ ਕਦੇ-ਕਦੇ ‘ਪਾਰਟੀ’ ਵਿੱਚ ਵੀ ਸਾਰੀ-ਸਾਰੀ ਰਾਤ ਲਈ ਬਾਹਰ ਜਾਂਦੀ ਹੁੰਦੀ ਸੀ।
ਫੂਲੋ ਕਦੇ-ਕਦੇ ਅਜ਼ਾਦ ਦੇ ਨਾਲ ਸੌਂਦੀ ਵੀ ਸੀ, ਹਾਲਾਂਕਿ ਇਸ ਲਈ ਉਸਦੀ ਭੈਣ ਰਾਜਵਤੀ ਅਤੇ ਜੀਜੇ ਗੁਲਸ਼ਨ ਨੇ ਮਨ੍ਹਾਂ ਕੀਤਾ ਹੋਇਆ ਸੀ। ਘਰ ਦੇ ਬੰਦਿਆਂ ਨਾਲ ਨਾ ਧੰਦਾ ਨਾ ਉਧਾਰ। ਇਹ ਗੁਲਸ਼ਨ ਕਹਿੰਦਾ ਹੁੰਦਾ ਸੀ। ਗੁਲਸ਼ਨ, ਰਾਜਵਤੀ ਅਤੇ ਫੂਲੋ ਇਸ ਖੰਡਰ ਦੇ ਨਿਵਾਸੀਆਂ ਵਿਚੋਂ ਸਭ ਤੋਂ ਅਮੀਰ ਸਨ ਅਤੇ ਪਿਛਲੇ ਸਾਲ ਕੁ ਤੋਂ, ਜਦੋਂ ਦੀ ਫੂਲੋ ਪਿੰਡੋਂ ਇੱਥੇ ਰਹਿਣ ਆ ਗਈ ਸੀ ਅਤੇ ਧੰਦਾ ਕਰਨ ਲੱਗੀ ਸੀ, ਉਨ੍ਹਾਂ ਦੀ ਕਮਾਈ ਇੰਨੀ ਵਧ ਗਈ ਸੀ ਕਿ ਉਹ ਲੋਨੀ ਬਾਰਡਰ ਵੱਲ ਘਰ ਬਣਾਉਣ ਲਈ ਪਲਾਟ ਦੇਖਣ ਕਈ ਵਾਰ ਜਾ ਚੁੱਕੇ ਸਨ।
”ਜੇ ਤੂੰ ਉੱਥੇ ਗਈ, ਤਾਂ ਮੈਂ ਵੀ ਉਸੇ ਪਾਸੇ ਕੋਈ ਕੰਮ ਫੜ ਲਵਾਂਗਾ।’’ ਇਹ ਅਜ਼ਾਦ ਨੇ ਕਿਹਾ ਸੀ, ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਉਸਦਾ ਸਰੀਰ ਲਗਾਤਾਰ ਕੰਬਦਾ ਰਹਿੰਦਾ ਸੀ ਅਤੇ ਰਾਤ ਨੂੰ ਉਹ ਆਕੜਨ ਲੱਗਦਾ ਸੀ। ਗੁਲਸ਼ਨ ਨੇ ਕਿਹਾ ਸੀ ਹੁਣ ਇਹ ਜ਼ਿਆਦਾ ਦਿਨ ਨਹੀਂ ਬਚਦਾ। ਸਾਰੇ ਸਮੈਕੀਆਂ ਦਾ ਇਹੋ ਹਾਲ ਹੁੰਦਾ ਹੈ। ਅਜ਼ਾਦ ਦਾ ਚਿਹਰਾ ਕਿਸੇ ਬੱਚੇ ਵਾਂਗੂ ਮਾਸੂਮ ਸੀ। ਉਸਦਾ ਰੰਗ ਗੋਰਾ ਸੀ। ਤਿਲਕ ਕਹਿੰਦਾ ਸੀ, ਅਜ਼ਾਦ ਫ਼ਤਹਿਪੁਰ ਦੇ ਕਿਸੇ ਜ਼ਿਮੀਦਾਰ ਘਰ ਦਾ ਮੁੰਡਾ ਹੈ। ਮਾਂ-ਪਿਉ ਮਰ ਗਏ ਤਾਂ ਭਰਾ ਅਤੇ ਭਾਬੀ ਨੇ ਸਾਰੀ ਜ਼ਮੀਨ ਜਾਇਦਾਦ ’ਤੇ ਕਬਜ਼ਾ ਕਰ ਲਿਆ। ਭਰਾ ਦੇ ਸਾਲੇ ਨੇ ਹੀ ਸਾਜ਼ਿਸ਼ ਦੇ ਤੌਰ ’ਤੇ ਸਮੈਕ ਦੀ ਆਦਤ ਪਾ ਦਿੱਤੀ। ਫਿਰ ਉਸਦੀ ਅਜਿਹੀ ਹਾਲਤ ਕਰ ਦਿੱਤੀ ਕਿ ਉਸਨੂੰ ਘਰੋਂ ਭੱਜਣਾ ਪਿਆ। ਕਹਿੰਦੇ ਹਨ ਕਿ ਅਜ਼ਾਦ ਪਹਿਲਾਂ ਬਹੁਤ ਕਿਤਾਬਾਂ ਪੜ੍ਹਦਾ ਸੀ।
ਮੈਂ ਅਜ਼ਾਦ ਨਾਲ ਦੇਰ-ਦੇਰ ਤੱਕ ਗੱਲਾਂ ਕੀਤੀਆਂ ਸਨ। ਉਹ ਬਹੁਤ ਸਾਫ਼ ਸੁਥਰੀ ਜ਼ੁਬਾਨ ਬੋਲਦਾ ਸੀ। ਵਿਦੇਸ਼ੀ ਪਰਫਿਊਮ ਤੇ ਦੇਸੀ ਇਤਰ ਅਤੇ ਘੋੜਿਆਂ ਦੇ ਬਾਰੇ ਵਿੱਚ ਉਸਦੀ ਜਾਣਕਾਰੀ ਤੋਂ ਮੈਂ ਹੈਰਾਨ ਰਹਿ ਜਾਂਦਾ ਸਾਂ। ਕੀਹਦੇ ਨਾਲ ਕਿਵੇਂ ਗੱਲ ਕੀਤੀ ਜਾਵੇ, ਇਸਦਾ ਉਸਨੂੰ ਪੂਰਾ ਇਲਮ ਸੀ। ਸਮੈਕ ਦੀ ਆਦਤ ਤੋਂ ਬਿਨਾਂ ਉਸਦੀ ਪੂਰੀ ਸ਼ਖਸੀਅਤ ਵਿੱਚ ਦੂਜਾ ਕੋਈ ਵੀ ਐਬ ਨਹੀਂ ਸੀ। ਪ੍ਰੰਤੂ ਹੁਣ ਪਿਛਲੇ ਕੁਝ ਦਿਨਾਂ ਤੋਂ ਉਸਦਾ ਸਰੀਰ ਇਸ ਤਰ੍ਹਾਂ ਕੰਬਣ ਲੱਗ ਪਿਆ ਸੀ, ਜਿਵੇਂ ਮਲੇਰੀਏ ਦੇ ਤੇਜ਼ ਬੁਖਾਰ ਵਿਚ ਕੰਬਦਾ ਹੈ ਜਾਂ ਜਿਵੇਂ ਪਰਕਿੰਸਨ ਰੋਗ ਵਿੱਚ। ਮੈਂ ਅੰਦਰੋਂ-ਅੰਦਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਇੱਕ ਦਿਨ ਜਦ ਮੈਂ ਇਸ ਖੰਡਰ ਤੱਕ ਪਹੁੰਚਾਂਗਾ ਤਾਂ ਫੂਲੋ, ਤਿਲਕ, ਭੂਸ਼ਨ ਜਾਂ ਸਲੀਮਨ ਵਿਚੋਂ ਕੋਈ ਕਹੇਗਾ,”ਪਤਾ ਹੈ ਵਿਨਾਇਕ, ਅਜ਼ਾਦ ਚਾਰ ਦਿਨਾਂ ਤੋਂ ਨਹੀਂ ਦਿਸਿਆ। ਚਾਰ ਦਿਨ ਪਹਿਲਾਂ ਸਵੇਰੇ-ਸਵੇਰੇ ਗਿਆ ਸੀ, ਫ਼ਿਰ ਅੱਜ ਤੱਕ ਮੁੜਿਆ ਹੀ ਨਹੀਂ। ਤੈਨੂੰ ਕਿਤੇ ਦਿੱਸਿਆ ਤਾਂ ਨਹੀਂ?’’
ਇਹੀ ਹੁੰਦਾ ਹੈ ਇਨ੍ਹਾਂ ਸਾਰਿਆਂ ਨਾਲ। ਅਜ਼ਾਦ ਹੁਣ ਕਦੇ ਨਹੀਂ ਮੁੜੇਗਾ। ਪ੍ਰੰਤੂ ਮੈਂ? ਮੈਂ ਵਿਨਾਇਕ ਦੱਤਾਤ੍ਰੇਯ। ਮੈਂ ਵੀ ਇੱਥੇ ਕਿੰਨਾ ਸੁਰੱਖਿਅਤ ਹਾਂ? ਮੇਰੇ ਹਾਲਾਤ ਅਜਿਹੇ ਹੋ ਗਏ ਹਨ ਕਿ ਮੈਂ ਇਕ ਡਰਾਉਣੀ ਬੇਰੁਜ਼ਗਾਰੀ ਵਿੱਚ ਘਿਰਿਆ ਹੋਇਆ ਘੰਟਿਆਂ ਬੱਧੀ ਉਸ ਪਨਵਾੜੀ ਦੀ ਰੇਹੜੀ ਕੋਲ ਬੈਠਾ ਰਹਿੰਦਾ ਹਾਂ। ਨਿਕੰਮਾ, ਬੇਚੈਨ ਅਤੇ ਬਦਹਵਾਸ।
ਦਰਅਸਲ ਮੈਂ ਹੁਣ ਉਸੇ ਜੀਵਨ ਦਾ ਹਿੱਸਾ ਸਾਂ। ਘਰ ਪਰਤ ਕੇ ਬੇਟੇ ਅਤੇ ਪਤਨੀ ਦੀਆਂ ਅੱਖਾਂ ਦੀ ਤਾਬ ਦਾ ਸਾਹਮਣਾ ਕਰਨ ਦੀ ਹਿੰਮਤ ਮੇਰੇ ਅੰਦਰ ਨਹੀਂ ਸੀ ਬਚੀ। ਰਾਤ ਨੂੰ ਜਦ ਮੇਰਾ ਪੁੱਤਰ ਰੋਟੀ ਦੀ ਬੁਰਕੀ ਮੂੰਹ ਵਿੱਚ ਰੱਖ ਕੇ ਹੌਲੀ-ਹੌਲੀ ਚਿੱਥਦਾ ਤਾਂ ਮੈਨੂੰ ਲੱਗਦਾ, ਉਹ ਕਿਸੇ ਹਨ੍ਹੇਰੇ ਦੀਆਂ ਪੌੜੀਆਂ ਉੱਤਰ ਰਿਹਾ ਹੈ ਅਤੇ ਹੁਣ ਮੈਂ ਭਵਿੱਖ ਵਿੱਚ ਕਦੇ ਉਸਦਾ ਚਿਹਰਾ ਨਹੀਂ ਦੇਖ ਸਕਾਂਗਾ। ਮੇਰੇ ਅੰਦਰਲੀ ਆਤਮਾ ਵਰਗੀ ਚੀਜ਼ ਚੁੱਪ-ਚਾਪ ਰੋਂਦੀ। ਮੈਂ ਇਸ ਬਦਕਿਸਮਤੀ ਲਈ ਜਿੰਨੀ ਵਾਰ ਆਪਣੇ ਅੰਦਰਲੀਆਂ ਕਮੀਆਂ ਲੱਭਣ ਦੀ ਕੋਸ਼ਿਸ਼ ਕਰਦਾ, ਯਕੀਨ ਕਰੋ, ਮੈਨੂੰ ਸਾਰੀਆਂ ਖਾਮੀਆਂ ਇਸ ਸਮੁੱਚੇ ਤੰਤਰ ਵਿੱਚ ਦਿਖਾਈ ਦਿੰਦੀਆਂ, ਜਿਸ ਨੂੰ ਬਨਾਉਣ ਵਿੱਚ ਜ਼ਰੂਰ ਹੀ ਸ਼ੈਤਾਨਾਂ ਦਾ ਹੱਥ ਸੀ।
ਇਹ ਤੈਅ ਸੀ ਕਿ ਅਚਾਨਕ ਇੱਕ ਦਿਨ ਮੈਂ ਵੀ ਇਸ ਨੁੱਕੜ ’ਤੇ ਦਿੱਸਣੋ ਹਟ ਜਾਵਾਂਗਾ। ਜਿੰਨ੍ਹਾਂ ਵਰਗੇ ਅਤੇ ਦੌਲਤਮੰਦਾਂ ਦੇ ਇਸ ਦਿੱਲੀ ਸ਼ਹਿਰ ਵਿੱਚੋਂ ਇੰਝ ਹੀ ਗਾਇਬ ਹੁੰਦੇ ਹਨ ਦਰਵੇਸ਼, ਗਰੀਬ, ਬੀਮਾਰ ਅਤੇ ਮਾਮੂਲੀ ਲੋਕ। ਫ਼ਿਰ ਉਹ ਕਦੇ ਨਹੀਂ ਮੁੜਦੇ। ਉਹ ਕਿਤੇ ਨਹੀਂ ਮੁੜਦੇ। ਇਸ ਸ਼ਹਿਰ ਵਿੱਚ ਉਨ੍ਹਾਂ ਦੀਆਂ ਯਾਦਾਂ ਤੱਕ ਬਾਕੀ ਨਹੀਂ ਰਹਿੰਦੀਆਂ।
ਉਹ ਕਿਸੇ ਬਦਕਿਸਮਤ ਫ਼ਕੀਰ ਦੇ ਹੰਝੂ ਵਾਂਗੂ ਹੁੰਦੇ ਹਨ, ਜਿਹੜਾ ਜਦੋਂ ਡਿੱਗਦਾ ਹੈ, ਤਾਂ ਉਸ ਥਾਂ ’ਤੇ, ਜਿੱਥੇ ਉਸਦਾ ਵਜੂਦ ਹੁੰਦਾ ਸੀ। ਸਿਰਫ ਛੋਟੀ ਜਿਹੀ ਨਮੀ ਥੋੜ੍ਹਾ ਜਿਹਾ ਗਿੱਲਾਪਨ ਛੱਡ ਜਾਂਦਾ ਹੈ। ਇਹ ਨਮੀ ਉਹਦੇ ਵੇਲੇ ਦੇ ਅਨਿਆਂ ਦੇ ਸਾਹਮਣੇ ਉਸਦੇ ਖ਼ਾਮੋਸ਼ ਹੰਝੂਆਂ ਅਤੇ ਥੁੱਕ ਦੀ ਹੁੰਦੀ ਹੈ।
ਇਤਿਹਾਸ ਦੀਆਂ ਖੰਡਿਤ ਮੂਰਤੀਆਂ ਅਤੇ
ਕੋਰੋਨੇਸ਼ਨ ਪਾਰਕ ਵਿਚੋਂ ਨਿਕਲਦਾ ਵਿਸ਼ਾਲ ਝੁੰਡ:
ਪ੍ਰੰਤੂ ਲੱਗਦਾ ਹੈ, ਅਸੀਂ ਭਟਕ ਗਏ ਹਾਂ। ਗੱਲ ਮੇਰੇ ਫ਼ਲੈਟ ਤੋਂ ਥੋੜ੍ਹੀ ਹੀ ਦੂਰ, ਨੁੱਕੜ ਦੇ ਸੰਜੈ ਚੌਰਸੀਆ ਦੇ ਪਾਨ ਦੇ ਠੇਲੇ ਦੀ ਚੱਲ ਰਹੀ ਸੀ ਅਤੇ ਅਸੀਂ ਇੱਧਰ ਬਾਈਪਾਸ ਦੇ ਕੋਲ ਸੋਲ੍ਹਵੀਂ ਸਦੀ ਦੇ ਖੰਡਰ ਤੱਕ ਆ ਗਏ। ਪ੍ਰੰਤੂ ਅਸਲੀਅਤ ਇਹੋ ਹੈ ਕਿ ਜੇ ਤੁਸੀਂ ਆਪਣੇ ਫ਼ਲੈਟ ਤੋਂ ਬਾਹਰ ਨਿਕਲ ਕੇ ਕਿਸੇ ਵੀ ਨੁੱਕੜ ਦੀ ਜ਼ਿੰਦਗੀ ਨੂੰ ਧਿਆਨ ਨਾਲ ਦੇਖੋ ਤਾਂ ਤੁਸੀਂ ਹੌਲੀ-ਹੌਲੀ ਇੱਕ ਅਜਿਹੀ ਸੁਰੰਗ ਵਿੱਚ ਵੜ ਜਾਓਗੇ, ਜਿੱਥੇ ਇੱਕ ਬਿਲਕੁੱਲ ਵੱਖਰੀ ਅਬਾਦੀ ਵੱਸਦੀ ਹੈ। ਇੱਥੇ ਇੱਕ ਵੱਖਰੀ ਤਰ੍ਹਾਂ ਦੀ ਨਾਗਰਿਕਤਾ ਦਾ ਨਿਵਾਸ ਹੁੰਦਾ ਹੈ। ਇੱਥੋਂ ਦੇ ਹਾਦਸਿਆਂ ਅਤੇ ਘਟਨਾਵਾਂ ਦੀ ਕੋਈ ਖ਼ਬਰ ਅਖ਼ਬਾਰਾਂ ਵਿੱਚ ਨਹੀਂ ਛਪਦੀ। ਅਸਲ ਵਿੱਚ ਅਖ਼ਬਾਰ ਹੁੰਦੇ ਹੀ ਇਸੇ ਲਈ ਹਨ ਕਿ ਉਹ ਇੱਥੋਂ ਦੀਆਂ ਖ਼ਬਰਾਂ ਅਤੇ ਹਾਦਸਿਆਂ ਨੂੰ ਲੁਕਾਉਣ।
ਜੇ ਤੁਸੀਂ ਦਿੱਲੀ ਵਿੱਚ ਹੋ ਅਤੇ ਕੋਈ ਅਜਿਹੀ ਜ਼ਿੰਦਗੀ ਜੀ ਰਹੇ ਹੋ ਜਿਸ ਵਿੱਚ ਅਕਸਰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਤੁਸੀਂ ਅਚਾਨਕ ਤਿੰਨ ਜਾਂ ਚਾਰ ਵਜੇ ਉੱਠ ਕੇ ਸੜਕਾਂ ’ਤੇ ਉਂਝ ਹੀ ਭਟਕਣ ਲੱਗਦੇ ਹੋ, ਤਾਂ ਤੁਸੀਂ ਕਦੇ ਨਾ ਕਦੇ ‘ਕਿੰਗਸਵੇ ਕੈਂਪ’ ਤੋਂ ਰਾਜਘਾਟ ਵੱਲ ਜਾਣ ਵਾਲੀ ਸੜਕ ਦਾ ਦ੍ਰਿਸ਼ ਜ਼ਰੂਰ ਦੇਖਿਆ ਹੋਵੇਗਾ। ‘ਕਿੰਗਸਵੇ ਕੈਂਪ’ ਦਾ ਨਾਂ ਹੁਣ ਬਦਲ ਕੇ ਵਿਜੈ ਨਗਰ ਰੱਖ ਦਿੱਤਾ ਗਿਆ ਹੈ। ਜੇ ਤੁਸੀਂ ਵਿਜੈ ਨਗਰ ਚੌਰਾਹੇ ਤੋਂ ਅੰਦਰ ਵੱਲ, ਨਿਰੰਕਾਰੀ ਕਲੋਨੀ ਜਾਂ ਮੁਖਰਜੀ ਨਗਰ ਜਾਣ ਵਾਲੀ ਸੜਕ ’ਤੇ ਤੁਰੋ, ਤਾਂ ਹੌਲੀ-ਹੌਲੀ ਉਸ ਉਜਾੜ ਜਿਹੀ ਥਾਂ ’ਤੇ ਪਹੁੰਚ ਜਾਓਗੇ, ਜਿਸਨੂੰ ‘ਕੋਰੋਨੇਸ਼ਨ ਪਾਰਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦ ਕਿ ਹੁਣ ਇਸ ਨੂੰ ਇੱਕ ਵੱਡੇ ਸਾਰੇ ਸੁੰਦਰ ਪਾਰਕ ਵਿੱਚ ਬਦਲ ਦਿੱਤਾ ਗਿਆ ਹੈ, ਪ੍ਰੰਤੂ ਇਹੀ ਉਹ ਥਾਂ ਹੈ, ਜਿਸ ਦੇ ਅਧਾਰ ’ਤੇ ਇਹ ਇਲਾਕਾ ‘ਕਿੰਗਸਵੇ ਕੈਂਪ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕਹਿੰਦੇ ਹਨ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਦ ਜਾਰਜ ਪੰਚਮ ਜਾਂ ਚਾਰਲਸ ਪਤਾ ਨਹੀਂ ਦੋਵਾਂ ਵਿਚੋਂ ਕਿਹੜਾ ਹਿੰਦੋਸਤਾਨ ਆਏ ਸਨ ਤਾਂ, ਇੱਥੋਂ ਦੇ ਦੇਸੀ ਰਿਆਸਤਾਂ ਦੇ ਰਾਜਿਆਂ-ਰਜਵਾੜਿਆਂ ਦੇ ਕੈਂਪ ਇਸੇ ਥਾਂ ’ਤੇ ਲੱਗੇ ਸਨ। ਉਹ ਵਿਲਾਇਤ ਦੇ ਆਪਣੇ ਸਮਰਾਟ ਦਾ ਸਵਾਗਤ ਕਰਨ ਲਈ ਇੱਥੇ ਇਕੱਠੇ ਹੋਏ ਸਨ। ਕਹਿੰਦੇ ਹਨ ਕਿ ਉਹ ਸਵਾਗਤ ਕੁਝ-ਕੁਝ ਉਹੋ ਜਿਹਾ ਹੀ ਸੀ, ਜਿਹੋ ਜਿਹਾ ਕੁਝ ਸਾਲ ਪਹਿਲਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਬਿੱਲ ਕਲਿੰਟਨ ਦਾ ਸੀ। ਇਸੇ ਥਾਂ ’ਤੇ ਦੇਸੀ ਰਿਆਸਤਾਂ ਦੇ ਰਾਜਿਆਂ-ਰਜਵਾੜਿਆਂ ਨੇ ਆਪਣੇ ਅੰਗਰੇਜ਼ ਸਮਰਾਟ ਦਾ ਰਾਜ-ਤਿਲਕ ਕੀਤਾ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ‘ਕੋਰੋਨੇਸ਼ਨ’ ਕਹਿੰਦੇ ਹਨ ਅਤੇ ਵਿਲਾਇਤੀ ਸਮਰਾਟ ਨੇ ਇੱਥੇ ਜੋ ਭਾਸ਼ਣ ਦਿੱਤਾ ਸੀ, ਉਸਦੇ ਜਾਣ ਪਿੱਛੋਂ ਇਸਨੂੰ ਰਾਸ਼ਟਰੀ ਰਿਕਾਰਡ ਰੂਮ ਵਿੱਚ ਰੱਖ ਦਿੱਤਾ ਗਿਆ ਸੀ। ਭਾਸ਼ਣ ਦੀ ਇਸ ਕਾਪੀ ਨੂੰ ਹਿੰਦੋਸਤਾਨ ਦੇ ਇਤਿਹਾਸ ਦਾ ਇੱਕ ਅਹਿਮ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਸਮਰਾਟ ਦੀ ਇੱਕ ਮੂਰਤੀ ਇੰਡੀਆ ਗੇਟ ਦੇ ਵਿਚਕਾਰ ਇੱਕ ਸੁੰਦਰ ਛਤਰੀ ਦੇ ਹੇਠਾਂ ਖੜੀ ਕਰ ਦਿੱਤੀ ਗਈ ਸੀ, ਬਾਅਦ ਵਿੱਚ ਜਦ 1947 ਵਿੱਚ ਅੰਗਰੇਜ਼ ਇੰਗਲੈਂਡ ਮੁੜ ਗਏ, ਤਾਂ ਉਹ ਮੂਰਤੀ, ਅੰਗਰੇਜ਼ ਸ਼ਾਸਕਾਂ ਦੀਆਂ ਦੂਜੀਆਂ ਸਾਰੀਆਂ ਮੂਰਤੀਆਂ ਦੇ ਨਾਲ, ਇਸੇ ਕਿੰਗਸਵੇ ਕੈਂਪ ਦੇ ਕੋਰੋਨੇਸ਼ਨ ਪਾਰਕ ਵਿੱਚ ਰੱਖ ਦਿੱਤੀ ਗਈ।
ਅਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਇਹ ਪਾਰਕ ਹੌਲੀ-ਹੌਲੀ ਭਿਖਾਰੀਆਂ, ਪਾਗਲਾਂ, ਕੋੜੀਆਂ, ਲੂਲਿਆਂ-ਲੰਗੜਿਆਂ, ਨਸ਼ੇੜੀਆਂ ਅਤੇ ਲਾਵਾਰਿਸ ਅਨਾਗਰਿਕ ਮਨੁੱਖਾਂ ਦੀ ਅਵਾਰਾਗਰਦੀ ਦਾ ਅੱਡਾ ਬਣ ਗਿਆ। ਚੁੱਲ੍ਹਾ, ਚੱਕੀ, ਘਨ, ਹਥੌੜਾ, ਸਿੱਲ-ਵੱਟਾ ਅਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਇਨ੍ਹਾਂ ਲੋਕਾਂ ਨੇ ਸਮਰਾਟ ਸਮੇਤ ਅੰਗਰੇਜ਼ ਹੁਕਮਰਾਨਾਂ ਦੀਆਂ ਮੂਰਤੀਆਂ ਦੇ ਅੰਗ-ਤੋੜ ਸੁੱਟੇ। ਕੋਈ ਸਮਰਾਟ ਦਾ ਸਿਰ ਤੋੜ ਕੇ ਲੈ ਗਿਆ, ਕੋਈ ਹੱਥ, ਕੋਈ ਪੈਰ। ਬਾਕੀ ਮੂਰਤੀਆਂ ਵੀ ਹੁਣ ਸਿਰਫ਼ ਡਰਾਉਣੇ ਧੜਾਂ ਦੇ ਰੂਪ ਵਿੱਚ ਇੱਥੇ-ਉੱਥੇ ਜ਼ਮੀਨ ’ਤੇ ਬੇ-ਤਰਤੀਬੇ ਉੱਗੇ ਜੰਗਲੀ ਘਾਹ ਅਤੇ ਝਾੜੀਆਂ ਵਿੱਚ, ਖਿੱਲਰੀਆਂ ਪਈਆਂ ਸਨ। ਰਾਤ ਪੈਂਦਿਆਂ ਹੀ ਸਮੁੱਚੀ ਦਿੱਲੀ ਦੇ ਕੋਨੇ-ਕੋਨੇ ਤੋਂ ਅਜਿਹੇ ਲੋਕਾਂ ਦੀ ਅਬਾਦੀ ਇਸ ਪਾਰਕ ਵਿੱਚ ਆ ਜਾਂਦੀ ਅਤੇ ਥਾਂ-ਥਾਂ ਖਿੱਲਰੀਆਂ ਇਨ੍ਹਾਂ ਖੰਡਿਤ ਮੂਰਤੀਆਂ ਦੇ ਵਿੱਚ ਸੌ ਕੇ, ਰਾਤ ਲੰਘਾਉਂਦੀ।
ਤਾਂ ਜਿਵੇਂ ਮੈਂ ਕਿਹਾ ਕਿ ਜੇ ਤੁਸੀਂ ਦਿੱਲੀ ਵਿੱਚ ਹੋ ਅਤੇ ਇੱਕ ਅਜਿਹੀ ਜ਼ਿੰਦਗੀ ਜਿਊਂਦੇ ਹੋ, ਜਿਸ ਵਿੱਚ ਅਕਸਰ ਸ਼ੱਕ ਦੀ ਕੋਈ ਅੰਤਹੀਣ ਡਰਾਉਣੀ ਫਿਲਮ ਸਾਰੀ ਰਾਤ ਤੁਹਾਡੇ ਦਿਮਾਗ ਦੇ ਅੰਦਰ ਚੱਲਦੀ ਰਹਿੰਦੀ ਹੈ ਅਤੇ ਕਿਸੇ ਬੇਚੈਨੀ ਜਾਂ ਬਦਹਵਾਸੀ ਵਿੱਚ ਘਿਰ ਕੇ ਅੱਧੀ ਰਾਤੀ ਜਾਂ ਬਿਲਕੁਲ ਤੜਕੇ ਤੁਸੀਂ ਇੱਥੋਂ ਦੀਆਂ ਸੜਕਾਂ ’ਤੇ ਬੇਮਕਸਦ ਭਟਕਣ ਲੱਗਦੇ ਹੋ ਤਾਂ ਤੁਸੀਂ ਕਿੰਗਸਵੇ ਕੈਂਪ ਦੇ ਕੋਰੇਨੇਸ਼ਨ ਪਾਰਕ ਵਿੱਚੋਂ ਨਿਕਲ ਕੇ ਹੌਲੀ-ਹੌਲੀ ਮਾਲ ਰੋਡ ’ਤੇ ਰਾਜ ਘਾਟ ਵੱਲ ਰੀਂਗਦੇ ਮਨੁੱਖਾਂ ਦੇ ਉਸ ਅਪਾਰ ਝੁੰਡ ਨੂੰ ਜ਼ਰੂਰ ਦੇਖਿਆ ਹੋਵੇਗਾ। ਰਾਤ ਦਾ ਹਨੇਰਾ ਅਜੇ ਪੂਰੀ ਤਰ੍ਹਾਂ ਮਿਟਿਆ ਨਹੀਂ ਹੁੰਦਾ, ਸਵੇਰ ਦਾ ਕੋਹਰਾ ਦ੍ਰਿਸ਼ ਵਿੱਚ ਇੱਕ ਧੁੰਦਲਾ ਰਹੱਸ ਭਰਦਾ ਰਹਿੰਦਾ ਹੈ ਅਤੇ ਤੁਸੀਂ ਦੇਖਦੇ ਹੋ ਕਿ ਫ਼ੇਲਿਨੀ ਜਾਂ ਅੰਤੋਨਿਯੋਨੀ ਦੀ ਕਿਸੇ ਫ਼ਿਲਮ ਦੇ ਕਿਸੇ ਸੀਰੀਅਲਿਸਟ ਸ਼ਾਟ ਵਾਂਗ ਟੁੱਟੇ-ਭੱਜੇ ਅੰਗਹੀਣ, ਅਪਾਹਜ, ਅੱਧੇ-ਅਧੂਰੇ ਮਨੁੱਖਾਂ ਦਾ ਵਿਸ਼ਾਲ ਝੁੰਡ ਰਾਜਧਾਨੀ ਵੱਲ ਚੁੱਪ-ਚਾਪ ਵਧ ਰਿਹਾ ਹੈ।
ਲੱਗਦਾ ਹੈ ਕਿ ਪਿਛਲੀ ਸਦੀ ਦੇ ਕਿਸੇ ਮਹਾਂਯੁੱਧ ਵਿੱਚ ਹੋਈ ਭਿਆਨਕ ਬੰਬਾਰੀ ਤੋਂ ਪਿੱਛੋਂ ਜ਼ਿੰਦਾ ਬਚੇ ਜ਼ਖਮੀ ਅਤੇ ਅੰਗਹੀਣ ਲੋਕਾਂ ਦੀ ਅਬਾਦੀ ਉਨ੍ਹਾਂ ਮੜ੍ਹੀਆਂ ਦੇ ਮਲਬੇ ਵਿੱਚੋਂ ਨਿਕਲ ਕੇ ਕਿਸੇ ਸੁਰੱਖਿਅਤ ਜੀਵਨ ਦੀ ਸ਼ਰਨ ਵੱਲ ਵਧ ਰਹੀ ਹੈ। ਕਿਸੇ ਅੰਤਮ ਸਹਾਰੇ ਵੱਲ।
ਇੱਥੋਂ ਰੀਂਗਦੇ ਹੋਏ, ਉਹ ਸੂਰਜ ਦੇ ਨਿਕਲਦਿਆਂ-ਨਿਕਲਦਿਆਂ, ਸਮੁੱਚੀ ਰਾਜਧਾਨੀ ਦੇ ਕੋਨੇ-ਕੋਨੇ ਵਿੱਚ ਖਿਲਰ ਜਾਂਦੇ ਹਨ। ਉਨ੍ਹਾਂ ਨੂੰ ਤੁਸੀਂ ਸਟੇਸ਼ਨ, ਬੱਸ ਅੱਡੇ ਤੋਂ ਲੈ ਕੇ ਦਰਗਾਹਾਂ, ਮੰਦਰਾਂ ਅਤੇ ਸ਼ਹਿਰ ਦੇ ਹਰ ਚੌਰਾਹੇ ਅਤੇ ਪਟਰੀਆਂ ’ਤੇ ਦੇਖ ਸਕਦੇ ਹੋ। ਇਹ ਅਬਾਦੀ ਝੁੱਗੀਆਂ ਵਿੱਚ ਰਹਿਣ ਵਾਲੀ ਅਬਾਦੀ ਤੋਂ ਬਿਲਕੁੱਲ ਅਲੱਗ ਹੈ ਅਤੇ ਇਸਦੀ ਜਨਸੰਖਿਆ ਅਜ਼ਾਦੀ ਤੋਂ ਪਿੱਛੋਂ ਲਗਾਤਾਰ ਵਧਦੀ ਗਈ ਹੈ।
ਸੰਜੈ ਚੌਰਸੀਆ ਦੇ ਪਾਨ ਵਾਲੇ ਠੇਲੇ ਦੇ ਕੋਲ ਨੁੱਕੜ ’ਤੇ ਕਦੇ-ਕਦਾਈ ਰੰਗੀਨ ਕਾਗਜ਼ ਦੇ ਫੁੱਲ ਅਤੇ ਹਵਾ ਵਿੱਚ ਘੁੰਮਣ ਵਾਲੀਆਂ ਭੰਬੀਰੀਆਂ ਵੇਚਣ ਵਾਲੀ ਕਾਲੀ ਅਤੇ ਸਫ਼ੈਦ ਕੋਹੜ ਨਾਲ ਭਰੇ ਦਾਗਦਾਰ ਚਿਹਰੇ ਵਾਲੀ ਰੂਪਨਾ ਮੰਡਲ ਵੀ ਕਿੰਗਸਵੇ ਕੈਂਪ ਦੇ ਉਸੇ ਕੋਰੋਨੇਸ਼ਨ ਪਾਰਕ ਤੋਂ ਆਉਂਦੀ ਹੈ। ਉਸਦੇ ਨਾਲ-ਨਾਲ ਕਦੀ-ਕਦੀ ਆਉਣ ਵਾਲਾ ਬਿਨਾਂ ਬਾਹਾਂ ਵਾਲਾ ਸੱਤ-ਅੱਠ ਸਾਲ ਦਾ ਬੱਚਾ ਸੋਹਣਾ ਵੀ ਉਸੇ ਅਣ-ਅਧਿਕਾਰਤ ਅਬਾਦੀ ਦਾ ਹਿੱਸਾ ਹੈ।
ਤਾਂ ਤੁਸੀਂ ਦੇਖਿਆ ਹੈ ਨਾ ਕਿ ਕਿਵੇਂ ਸੰਜੈ ਚੌਰਸੀਆ ਦੇ ਪਾਨ ਦੇ ਠੇਲੇ ਵਾਲੇ ਨੁੱਕੜ ਤੋਂ ਜੋ ਸੁਰੰਗ ਸ਼ੁਰੂ ਹੁੰਦੀ ਹੈ, ਉਹ ਬਾਈਪਾਸ ਦੇ ਖੰਡਰ ਵਿੱਚੋਂ ਹੁੰਦੀ ਹੋਈ ਕਿੰਗਸਵੇ ਕੈਂਪ ਤੱਕ ਅਤੇ ਫ਼ਿਰ ਉੱਥੋਂ ਸਮੁੱਚੀ ਰਾਜਧਾਨੀ ਦੇ ਕੋਨੇ-ਕੋਨੇ ਤੱਕ ਖਿੱਲਰ ਜਾਂਦੀ ਹੈ। ਜੇ ਤੁਸੀਂ ਇਸ ਸੁਰੰਗ ਵਿੱਚ ਦਾਖ਼ਲ ਹੋ ਜਾਓ ਅਤੇ ਚੁੱਪ-ਚਾਪ ਤੁਰਦੇ ਜਾਓ ਤਾਂ ਤੁਸੀਂ ਦੇਖੋਗੇ ਕਿ ਸੁਰੰਗ ਜ਼ਮੀਨ ਦੇ ਅੰਦਰ-ਅੰਦਰ ਪੂਰੇ ਮੁਲਕ ਅਤੇ ਸਮੁੰਦਰ ਦੇ ਅੰਦਰੋਂ-ਅੰਦਰ ਲੰਘਦੀ ਹੋਈ ਸਮੁੱਚੀ ਦੁਨੀਆਂ ਤੱਕ ਫ਼ੈਲਦੀ ਜਾਂਦੀ ਹੈ। ਇਹ ਇੱਕ ਅਲੱਗ ਪ੍ਰਕਾਰ ਦਾ ਭੂ-ਮੰਡਲੀਕਰਣ ਹੈ, ਜੋ ਇੰਨੇ ਅਦ੍ਰਿਸ਼ ਅਤੇ ਗੁਪਤ ਤਰੀਕੇ ਨਾਲ ਹੋ ਰਿਹਾ ਹੈ ਕਿ ਇਸਦੇ ਬਾਰੇ ਵਿੱਚ ਕੋਈ ਵੀ ਸਮਾਜ ਸ਼ਾਸਤਰੀ ਅਜੇ ਜ਼ਿਆਦਾ ਨਹੀਂ ਜਾਣਦਾ। ਜਿਹੜੇ ਜਾਣਦੇ ਹਨ ਉਹ ਚੁੱਪ ਰਹਿੰਦੇ ਹਨ ਅਤੇ ਆਉਣ ਵਾਲੇ ਸਮੇਂ ਦੀ ਉਡੀਕ ਕਰ ਰਹੇ ਹਨ। ਪ੍ਰੰਤੂ ਮਹੱਤਵਪੂਰਨ ਇਹ ਹੈ ਕਿ ਇਸ ਸੁਰੰਗ ਦੀ ਸ਼ੁਰੂਆਤ ਸੰਜੈ ਚੌਰਸੀਆ ਦੀ ਜਿਸ ਦੁਕਾਨ ਤੋਂ ਹੁੰਦੀ ਹੈ, ਉਹ ਦੁਕਾਨ ਮੇਰੇ ਫ਼ਲੈਟ ਤੋਂ ਬੱਸ ਕੁਝ ਹੀ ਕਦਮਾਂ ਦੀ ਦੂਰੀ ’ਤੇ ਹੈ।
ਬਿਲਕੁਲ ਸੰਭਵ ਹੈ ਕਿ ਤੁਸੀਂ ਆਪਣੇ ਫ਼ਲੈਟ ਜਾਂ ਅਲੱਗ-ਥਲੱਗ ਬਣੇ ਕਿਸੇ ਮਕਾਨ ਤੋਂ ਬਾਹਰ ਨਿਕਲਦੇ ਕਿਸੇ ਅਜਿਹੇ ਹੀ ਠੇਲੇ ਜਾਂ ਰੇਹੜੀ ਦੇ ਨੇੜਲੇ ਜਮਾਵੜੇ ਨੂੰ ਧਿਆਨ ਨਾਲ ਦੇਖੋ ਤਾਂ ਇਸ ਸੁਰੰਗ ਦਾ ਕੋਈ ਮੁਹਾਨਾ ਤੁਹਾਨੂੰ ਵੀ ਮਿਲ ਜਾਵੇ।
ਰਾਮ ਨਿਵਾਸ ਨਾਲ ਮੁਲਾਕਾਤ ਅਤੇ
ਰਹੱਸ ਦੀ ਸ਼ੁਰੂਆਤ
ਇਸੇ ਨੁੱਕੜ ’ਤੇ ਮੇਰੀ ਮੁਲਾਕਾਤ ਰਾਮਨਿਵਾਸ ਪਸੀਆ ਨਾਲ ਹੋਈ ਸੀ। ਉਹ ਇਲਾਹਾਬਾਦ ਦੇ ਹੰਡੀਆ ਤਹਿਸੀਲ ਦੇ ਇੱਕ ਪਿੰਡ ਸ਼ਾਹੀਪੁਰ ਤੋਂ ਵੀਹ ਸਾਲ ਪਹਿਲਾਂ ਆਪਣੇ ਪਿਤਾ ਬਬੁਲਾ ਪਸੀਆ ਦੇ ਨਾਲ ਦਿੱਲੀ ਆਇਆ ਸੀ। ਬਬਲਾ ਪਹਿਲਾਂ ਰੋਹਤਕ ਰੋਡ ਦੇ ਇੱਕ ਢਾਬੇ ’ਤੇ ਭਾਂਡੇ ਮਾਂਜਣ ਦਾ ਕੰਮ ਕਰਦਾ ਸੀ, ਫ਼ਿਰ ਅੱਗੇ ਜਾ ਕੇ ਉਸਨੇ ਤੰਦੂਰੀ ਰੋਟੀ ਬਣਾਉਣ ਅਤੇ ਦਾਲ ਸਬਜ਼ੀ ਨੂੰ ਤੜਕਾ ਲਾਉਣ ਦਾ ਕੰਮ ਸਿੱਖ ਲਿਆ। ਪੰਜ ਸਾਲ ਪਹਿਲਾਂ ਉੱਤਰ-ਪੱਛਮੀ ਦਿੱਲੀ ਦੇ ਸਮੇਪੁਰ ਬਾਦਲੀ ਪਿੰਡ ਦੀ ਝੁੱਗੀ-ਬਸਤੀ ਵਿੱਚ ਉਸਨੇ ਆਪਣੀ ਇੱਕ ਝੁੱਗੀ ਪਾ ਲਈ ਸੀ ਅਤੇ ਇਸ ਤਰ੍ਹਾਂ ਉਸਦਾ ਪਰਿਵਾਰ ਦਿੱਲੀ ਨਿਵਾਸੀ ਬਣ ਗਿਆ। ਭਾਵੇਂ ਕਿ ਉਹ ਬਸਤੀ ਜਿੱਥੇ ਉਸਦੀ ਝੁੱਗੀ ਸੀ, ਅਣ-ਅਧਿਕਾਰਤ ਬਸਤੀ ਸੀ ਅਤੇ ਕਦੇ ਵੀ ਇਸ ’ਤੇ ਮਿਊਂਸਪੈਲਿਟੀ ਦਾ ਬਲਡੋਜ਼ਰ ਚੱਲ ਸਕਦਾ ਸੀ ਪ੍ਰੰਤੂ ਪਿਛਲੇ ਸਾਲ ਚੋਣਾਂ ਤੋਂ ਪਿੱਛੋਂ ਰਾਸ਼ਨ ਕਾਰਡ ਬਣ ਜਾਣ ਤੋਂ ਬਾਅਦ ਇਹ ਉਮੀਦ ਬਣ ਗਈ ਸੀ ਕਿ ਹੁਣ ਉਨ੍ਹਾਂ ਨੂੰ ਇੱਥੋਂ ਹਟਾਇਆ ਨਹੀਂ ਜਾਵੇਗਾ।
ਰਾਮ ਨਿਵਾਸ ਪਸੀਆ ਦੀ ਉਮਰ ਮੁਸ਼ਕਲ ਨਾਲ ਸਤਾਈ-ਅਠਾਈ ਸਾਲ ਦੀ ਸੀ। ਇਸ ਇਲਾਕੇ ਦੇ ਕੌਂਸਲਰ ਰਾਮ ਲਾਲ ਸ਼ਰਮਾ ਦੀ ਸਿਫ਼ਾਰਸ਼ ਨਾਲ ਉਸਨੂੰ ਨਵੀਂ ਦਿੱਲੀ ਨਗਰ ਪਾਲਿਕਾ ਵਿੱਚ ਅਸਥਾਈ ਸਫ਼ਾਈ ਕਰਮਚਾਰੀ ਦਾ ਕੰਮ ਮਿਲ ਗਿਆ ਸੀ। ਉਸਦੀ ਡਿਊਟੀ ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਵਿੱਚ ਲੱਗੀ ਸੀ। ਸਵੇਰੇ ਅੱਠ ਵਜੇ ਇੱਕ ਝੋਲੇ ਵਿੱਚ ਉਹ ਪਲਾਸਟਿਕ ਦੇ ਟਿਫ਼ਿਨ ਦੇ ਅੰਦਰ ਰੋਟੀਆਂ ਰੱਖ ਕੇ ਡੀ.ਟੀ.ਸੀ. ਦੀ ਬੱਸ ਵਿੱਚ ਧੌਲਾ ਕੂਆਂ ਵੱਲ ਨਿਕਲ ਜਾਂਦਾ ਅਤੇ ਫ਼ਿਰ ਉੱਥੋਂ ਦੂਜੀ ਬੱਸ ਲੈ ਕੇ ਸਾਕੇਤ ਪਹੁੰਚਦਾ। ਦਫ਼ਤਰ ਵਿੱਚ ਹਾਜ਼ਰੀ ਲਾਉਣ ਤੋਂ ਬਾਅਦ ਉਹ ਆਪਣਾ ਝਾੜੂ ਅਤੇ ਸਫ਼ਾਈ ਦਾ ਹੋਰ ਸਾਮਾਨ ਲੈ ਕੇ ਉਸ ਇਲਾਕੇ ਵਿੱਚ ਪਹੁੰਚ ਜਾਂਦਾ ਜਿੱਥੇ ਉਸਦੀ ਡਿਊਟੀ ਹੁੰਦੀ। ਦੁਪਹਿਰੇ ਭੁੱਖ ਲੱਗਦੀ ਤਾਂ ਕਿਸੇ ਕੁਲਚੇ ਵਾਲੇ ਕੋਲੋਂ ਦੋ ਰੁਪਏ ਦੇ ਛੋਲੇ ਲੈ ਕੇ ਘਰੋਂ ਲਿਆਂਦੀ ਰੋਟੀ ਦੇ ਨਾਲ ਢਿੱਡ ਭਰ ਕੇ ਖਾ ਲੈਂਦਾ। ਰੋਟੀਆਂ ਉਸਦੀ ਪਤਨੀ ਬਬੀਆ ਬਣਾਉਂਦੀ ਸੀ। ਬਬੀਆ ਨਾਲ ਉਸਦਾ ਵਿਆਹ ਤਦ ਹੋਇਆ ਸੀ, ਜਦ ਉਸਦੀ ਉਮਰ ਸਤਾਰ੍ਹਾਂ ਸਾਲਾਂ ਦੀ ਸੀ। ਹੁਣ ਉਹ ਦੋ ਬੱਚਿਆਂ ਦਾ ਪਿਤਾ ਬਣ ਚੁੱਕਾ ਸੀ। ਇੱਕ ਪੁੱਤਰ ਅਤੇ ਇੱਕ ਧੀ। ਜੇ ਇੱਕ ਪੁੱਤਰ ਮਰ ਨਾ ਗਿਆ ਹੁੰਦਾ ਤਾਂ ਇਹ ਗਿਣਤੀ ਤਿੰਨ ਹੁੰਦੀ।
ਰਾਮ ਨਿਵਾਸ ਨਾਲ ਮੇਰੀ ਮੁਲਾਕਾਤ ਸੰਜੈ ਦੇ ਠੇਲੇ ਦੇ ਕੋਲ ਹੀ ਹੋਈ। ਸਾਡੇ ਇਲਾਕੇ ਵਿੱਚ ਉਹਦੇ ਅਕਸਰ ਆਉਣ ਦਾ ਇੱਕ ਖਾਸ ਕਾਰਣ ਸੀ। ਦਰਅਸਲ ਉਸਦਾ ਸੁਸ਼ਮਾ ਨਾਂ ਦੀ ਕੁੜੀ ਨਾਲ ਕੋਈ ਚੱਕਰ ਚੱਲ ਰਿਹਾ ਸੀ। ਸੁਸ਼ਮਾ ਘਰਾਂ ਵਿੱਚ ਕੱਪੜੇ-ਭਾਂਡੇ ਦਾ ਕੰਮ ਕਰਦੀ ਅਤੇ ਟਾਇਮ ਨਾਲ ਬਾਦਲੀ ਤੋਂ ਰੋਜ਼ ਇਥੇ ਆਉਂਦੀ ਸੀ। ਰਾਮ ਨਿਵਾਸ ਕਈ ਵਾਰੀ ਉਹਦੇ ਨਾਲ-ਨਾਲ ਆ ਜਾਂਦਾ ਅਤੇ ਜਦੋ ਤੱਕ ਉਹ ਘਰਾਂ ਵਿੱਚ ਕੰਮ ਕਰਦੀ ਤਦ ਤੱਕ ਉਹ ਸੰਜੈ ਦੇ ਠੇਲੇ ਤੋਂ ਬੀੜੀ ਜਾਂ ਸਿਗਰਟ ਖਰੀਦ ਕੇ ਸੂਟੇ ਖਿੱਚਦਾ ਜਾਂ ਰਤਨ ਲਾਲ ਦੇ ਠੇਲੇ ਤੋਂ ਚਾਹ ਪੀਂਦਾ। ਸੁਸ਼ਮਾ ਦੀ ਉਮਰ ਮੁਸ਼ਕਲ ਨਾਲ ਸਤਾਰਾਂ-ਅਠਾਰਾਂ ਸਾਲ ਦੀ ਹੋਵੇਗੀ, ਯਾਨੀ ਉਹ ਰਾਮ ਨਿਵਾਸ ਨਾਲੋਂ ਘੱਟੋ-ਘੱਟ ਦਸ ਸਾਲ ਛੋਟੀ ਸੀ। ਸਾਂਵਲੇ ਰੰਗ ਦੇ ਰਾਮ ਨਿਵਾਸ ਦਾ ਸਰੀਰ ਇਕਹਿਰਾ ਸੀ ਅਤੇ ਜੇ ਫ਼ਿਲਮੀ ਐਕਟਰ ਜਤਿੰਦਰ ਥੋੜ੍ਹਾ ਕਾਲਾ, ਪਤਲਾ ਅਤੇ ਗਰੀਬ ਹੋ ਜਾਂਦਾ ਤਾਂ ਉਹ ਬਿਲਕੁਲ ਰਾਮ ਨਿਵਾਸ ਵਾਂਗੂ ਹੀ ਦਿੱਸਦਾ। ਸੁਸ਼ਮਾ ਉਸਨੂੰ ਪਸੰਦ ਕਰਦੀ ਸੀ, ਇਹ ਦੋਵਾਂ ਨੂੰ ਇਕੱਠੇ ਦੇਖਦਿਆਂ ਹੀ ਪਤਾ ਲੱਗਾ ਜਾਂਦਾ ਸੀ।
ਰਾਮ ਨਿਵਾਸ ਦੇ ਨਾਲ ਜਿਹੜਾ ਕਿੱਸਾ ਜੁੜਿਆ ਹੋਇਆ ਹੈ, ਉਸੇ ਵਿੱਚ ਉਹ ਰਹੱਸ ਹੈ, ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਤੁਹਾਨੂੰ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਕਿਸੇ ਨੂੰ ਵੀ ਇਹ ਨਾ ਦੱਸਣਾ ਕਿ ਤੁਹਾਨੂੰ ਇਸ ਰਹੱਸ ਦੀ ਜਾਣਕਾਰੀ ਕਿਸ ਨੇ ਦਿੱਤੀ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਪਹਿਲਾਂ ਹੀ ਤਮਾਮ ਸੰਕਟਾਂ ਵਿੱਚ ਘਿਰਿਆ ਹੋਇਆ ਮੈਂ, ਇਸ ਤੋਂ ਬਾਅਦ ਕਿੰਨੇ ਵੱਡੇ ਜੋਖ਼ਮ ਵਿੱਚ ਫ਼ਸ ਜਾਵਾਂਗਾ।
ਸੁਸ਼ਮਾ ਨੂੰ ਮੈਂ ਕੱਲ੍ਹ ਵੀ ਦੇਖਿਆ ਸੀ। ਉਹ ਅੱਜ ਵੀ ਸਾਡੇ ਇਲਾਕੇ ਦੇ ਕਈ ਘਰਾਂ ਵਿੱਚ ਕੰਮ ਕਰਦੀ ਹੈ। ਉਹ ਅਜੇ ਵੀ ਪਹਿਲਾਂ ਵਾਂਗੂ ਹੀ ਹਰ ਰੋਜ਼ ਇੱਥੇ ਆਉਂਦੀ ਹੈ।
ਪ੍ਰੰਤੂ ਰਾਮ ਨਿਵਾਸ?
ਰਾਮ ਨਿਵਾਸ ਕਈ ਮਹੀਨਿਆਂ ਤੋਂ ਇਸ ਨੁੱਕੜ ’ਤੇ ਨਹੀਂ ਦਿਸਿਆ। ਹੁਣ ਉਹ ਕਿਤੇ ਨਹੀਂ ਦਿੱਸੇਗਾ। ਸੁਸ਼ਮਾ ਵੀ ਉਸ ਦਾ ਕੋਈ ਜ਼ਿਕਰ ਨਹੀਂ ਕਰਦੀ। ਮੈਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਇੱਕ ਅਜਿਹਾ ਜੀਵਨ ਹੈ, ਜਿਸ ਵਿੱਚ ਕਦੇ ਵੀ, ਹਰ ਰੋਜ਼ ਦਿਖਾਈ ਦੇਣ ਵਾਲਾ ਬੰਦਾ, ਇੱਕ ਦਿਨ ਅਚਾਨਕ ਗੈLਰਹਾਜ਼ਰ ਹੋ ਜਾਂਦਾ ਹੈ। ਫਿਰ ਉਹ ਕਦੇ ਨਹੀਂ ਦਿੱਸਦਾ। ਬਾਅਦ ਵਿੱਚ ਉਸਦੀ ਯਾਦ ਵੀ ਬਕਾਇਆ ਨਹੀਂ ਰਹਿੰਦੀ। ਜੇ ਤੁਸੀਂ ਉਸਨੂੰ ਲੱਭਣਾ ਵੀ ਚਾਹੋ ਤਾਂ ਉਸ ਜ਼ਮੀਨ ’ਤੇ, ਜਿੱਥੇ ਕਦੇ ਉਸਦੀ ਹੋਂਦ ਹੁੰਦੀ ਸੀ, ਉੱਥੇ ਥੋੜ੍ਹਾ ਜਿਹਾ ਗਿੱਲਾਪਨ, ਜ਼ਰਾ ਕੁ ਨਮੀ ਤੁਹਾਨੂੰ ਮੁਸ਼ਕਲ ਨਾਲ ਮਿਲੇਗੀ, ਜੋ ਇਸ ਤੱਥ ਦਾ ਸਬੂਤ ਹੋਵੇਗੀ ਕਿ ਇਸ ਥਾਂ ’ਤੇ ਕਦੇ ਨਾ ਕਦੇ ਇੱਕ ਮਨੁੱਖ ਦਾ ਜੀਵਨ ਜ਼ਰੂਰ ਹੁੰਦਾ ਸੀ, ਜੋ ਹੁਣ ਨਹੀਂ ਰਿਹਾ, ਜਿਹੜਾ ਹੁਣ ਕਦੇ ਨਹੀਂ ਹੋਵੇਗਾ।
ਮੈਂ ਤੁਹਾਨੂੰ ਉਸੇ ਰਾਮ ਨਿਵਾਸ ਦੇ ਬਾਰੇ ਵਿੱਚ ਸੰਖੇਪ ਵਿੱਚ ਦੱਸਣਾ ਚਾਹੁੰਦਾ ਹਾਂ। ਭਾਵ ਰਾਮ ਨਿਵਾਸ ਦੇ ਨਾ ਹੋਣ ਦਾ ਸਧਾਰਣ ਜਿਹਾ ਬਿਰਤਾਂਤ ਅਤੇ ਉਸੇ ਵਿੱਚ ਇਸ ਰਹੱਸ ਦਾ ਪਹਿਲਾ ਸਿਰਾ ਮੌਜੂਦ ਹੈ, ਜਿਸਨੂੰ ਜਾਨਣਾ, ਇਸ ਵੇਲੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ।
ਪਿਛਲੇ ਤੋਂ ਪਿਛਲੇ ਸਾਲ ਦੀ ਮਈ ਦੀ ਪੱਚੀ ਤਰੀਕ ਸੀ। ਦਿਨ ਸੀ ਮੰਗਲਵਾਰ। ਉਸ ਦਿਨ ਹਮੇਸ਼ਾਂ ਵਾਂਗੂ ਰਾਮ ਨਿਵਾਸ ਸਵੇਰੇ ਸਾਢੇ ਸੱਤ ਵਜੇ ਆਪਣੇ ਘਰੋਂ ਤਿਆਰ ਹੋ ਕੇ ਸਾਕੇਤ ਜਾਣ ਲਈ ਨਿਕਲਿਆ। ਉਸਦੇ ਘਰੋਂ ਸਾਕੇਤ ਦੀ ਦੂਰੀ ਲੱਗਪੱਗ 42 ਕਿਲੋਮੀਟਰ ਸੀ। ਉਸਦੀ ਪਤਨੀ ਬਬੀਆ ਨੇ ਉਸਦੇ ਝੋਲੇ ਵਿੱਚ ਅੱਜ ਰੋਟੀਆਂ ਵਾਲੇ ਪਲਾਸਟਿਕ ਦੇ ਟਿਫ਼ਿਨ ਦੇ ਇਲਾਵਾ ਸਟੀਲ ਦਾ ਇੱਕ ਡੱਬਾ ਹੋਰ ਵੀ ਰੱਖਿਆ ਸੀ। ਉਸ ਵਿੱਚ ਆਲੂ ਅਤੇ ਛੋਲਿਆਂ ਦੀ ਮਸਾਲੇਦਾਰ ਸਬਜ਼ੀ ਸੀ, ਜੋ ਰਾਮ ਨਿਵਾਸ ਨੂੰ ਬਹੁਤ ਪਸੰਦ ਸੀ। ਰਾਮ ਨਿਵਾਸ ਜਦ ਬੱਸ ਸਟਾਪ ਪਹੁੰਚਿਆ ਤਾਂ ਸੁਸ਼ਮਾ ਪਹਿਲਾਂ ਹੀ ਖੜੀ ਸੀ। ਉਸਨੇ ਅੱਜ ਆਪਣਾ ਲਾਲ ਬਿੰਦੀਆਂ ਵਾਲਾ ਸਲਵਾਰ ਸੂਟ ਪਾਇਆ ਹੋਇਆ ਸੀ ਅਤੇ ਚਿਹਰੇ ’ਤੇ ਕਰੀਮ ਲਾਈ ਹੋਈ ਸੀ। ਉਹ ਸੁੰਦਰ ਲੱਗ ਰਹੀ ਸੀ।
ਪਿਛਲੇ ਹਫਤੇ, ਸ਼ਨੀਵਾਰ ਦੇ ਦਿਨ ਉਹ ਰਾਮ ਨਿਵਾਸ ਦੇ ਨਾਲ ਪਹਿਲੀ ਵਾਰ ਫਿਲਮ ਵੇਖਣ ਅਲਪਨਾ ਸਿਨੇਮੇ ਗਈ ਸੀ ਅਤੇ ਇੰਟਰਵਲ ਵਿੱਚ ਦੋਵਾਂ ਨੇ ਬਾਹਰ ਚਾਟ-ਪਾਪੜੀ ਖਾਧੀ ਸੀ। ਸਿਨੇਮਾ ਹਾਲ ਦੇ ਅੰਦਰ ਅਤੇ ਬਾਦ ਵਿੱਚ ਘਰ ਮੁੜਦਿਆਂ ਹੋਇਆਂ ਬੱਸ ਵਿੱਚ, ਰਾਮ ਨਿਵਾਸ ਲਗਾਤਾਰ ਉਸਦੇ ਨਾਲ ਚਿਪਕੀ ਜਾ ਰਿਹਾ ਸੀ। ਉਹ ਉਸ ਕੋਲੋਂ ਹਾਮੀ ਭਰਵਾਉਣ ਲਈ ਜ਼ਿੱਦ ਕਰ ਰਿਹਾ ਸੀ। ਸੁਸ਼ਮਾ ਲਗਾਤਾਰ ਟਾਲ ਰਹੀ ਸੀ। ਪ੍ਰੰਤੂ ਬੱਸ ਤੋਂ ਉੱਤਰ ਕੇ ਜਦ ਉਹ ਆਪਣੇ ਘਰ ਜਾ ਰਹੀ ਸੀ, ਤਾਂ ਮੋੜ ’ਤੇ ਰਾਮ ਨਿਵਾਸ ਨੇ ਕਿਹਾ ਸੀ ਕਿ ਜੇ ਉਹ ਮੰਗਲਵਾਰ ਨੂੰ ਸਵੇਰੇ ਇਸ ਬੱਸ ਸਟਾਪ ’ਤੇ ਨਾ ਮਿਲੀ ਤਾਂ ਸਭ ਖ਼ਤਮ। ਮਤਲਬ ਕਿ ਉਹ ਰਾਮ ਨਿਵਾਸ ਨੂੰ ਪਸੰਦ ਨਹੀਂ ਕਰਦੀ।
ਅੱਜ ਮੰਗਲਵਾਰ ਹੀ ਸੀ। ਹਰ ਰੋਜ਼ ਸਵੇਰੇ ਨਹਾਉਣ ਤੋਂ ਪਿੱਛੋਂ ਉਹ ਬਬੀਆ ਕੋਲੋਂ ਰਾਤ ਦੀ ਬਚੀ ਬੇਹੀ ਰੋਟੀ ਮੰਗ ਕੇ ਖਾ ਜਾਂਦਾ ਸੀ। ਅੱਜ ਉਸਦੇ ਢਿੱਡ ਵਿੱਚ ਭੁੱਖ ਦੀ ਥਾਂ ਇੱਕ ਅਜੀਬ ਜਿਹੀ ਬੇਚੈਨੀ ਭਰੀ ਹੋਈ ਸੀ, ਜਿਸ ਨੂੰ ਉਹ ਬਬੀਆ ਕੋਲੋਂ ਲੁਕਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਘਰੋਂ ਨਿਕਲਦਿਆਂ ਹੋਇਆਂ ਉਸਦਾ ਦਿਲ ਡੁੱਬ ਜਿਹਾ ਰਿਹਾ ਸੀ। ਰਾਮ ਨਿਵਾਸ ਨੂੰ ਅਕਸਰ ਸ਼ੱਕ ਰਹਿੰਦਾ ਸੀ ਉਸਦੇ ਬਾਰੇ ਵਿੱਚ ਸੁਸ਼ਮਾ ਕਈ ਤਰ੍ਹਾਂ ਦੀਆਂ ਦੁਚਿੱਤੀਆਂ ਵਿਚੋਂ ਲੰਘ ਰਹੀ ਹੈ। ਇਸ ਲਈ ਅੱਜ ਉਸਨੂੰ ਬੱਸ ਸਟਾਪ ’ਤੇ ਪਹਿਲਾਂ ਖੜੀ ਦੇਖ ਕੇ ਉਹ ਇੰਨਾ ਜ਼ਿਆਦਾ ਖੁਸ਼ ਹੋਇਆ ਸੀ ਕਿ ਸੁਸ਼ਮਾ ਨਾਲ ਬੱਸ ਦੀ ਜਗ੍ਹਾ ਆਟੋ ਵਿੱਚ ਜਾਣ ਲਈ ਜ਼ਿੱਦ ਕਰਨ ਲੱਗਾ। ਬਹੁਤ ਜ਼ਿੱਦ ਕਰਨ ’ਤੇ ਵੀ ਸੁਸ਼ਮਾ ਇਹਦੇ ਲਈ ਤਿਆਰ ਨਾ ਹੋਈ। ”ਫਾਲਤੂ ਪੈਸੇ ਸੁੱਟਣ ਅਤੇ ਕਮਾਈ ਨੂੰ ਅੱਗ ਲਾਉਣ ਦਾ ਕੀ ਫ਼ਾਇਦਾ? ਇੰਝ ਹੀ ਚਲਦੇ ਹਾਂ।’’ ਅਜਿਹਾ ਸੁਸ਼ਮਾ ਨੇ ਕਿਹਾ। ਰਾਮ ਨਿਵਾਸ ਇਸ ਨਾਲ ਨਿਰਾਸ਼ ਹੋਇਆ ਕਿਉਂਕਿ ਉਸਦਾ ਇਰਾਦਾ ਆਟੋ ਦੀ ਪਿਛਲੀ ਸੀਟ ’ਤੇ ਸੁਸ਼ਮਾ ਨਾਲ ਚਿਪਕਣ ਅਤੇ ਉਸ ਨਾਲ ਛੇੜ-ਛਾੜ ਕਰਨ ਦਾ ਸੀ। ਇਸ ਦੇ ਬਾਵਜੂਦ ਕਿਉਂਕਿ ਸੁਸ਼ਮਾ ਨੇ ਅੱਜ ਬੱਸ ਸਟਾਪ ’ਤੇ ਆ ਕੇ ਇੱਕ ਤਰ੍ਹਾਂ ਨਾਲ ਰਾਮ ਨਿਵਾਸ ਦੇ ਲਈ ਹਾਮੀ ਭਰ ਦੇਣ ਦਾ ਸਿਗਨਲ ਦੇ ਦਿੱਤਾ ਸੀ, ਇਸ ਲਈ ਉਸਦੇ ਦਿਲ ਵਿੱਚ ਲੱਡੂ ਫੁੱਟ ਰਹੇ ਸਨ। ਉਹ ਸੱਚਮੁੱਚ ਬਹੁਤ ਖੁਸ਼ ਸੀ। ਉਸਨੂੰ ਆਪਣੀ ਹੁਣ ਤੱਕ ਦੀ ਜ਼ਿੰਦਗੀ ਬਦਲੀ ਹੋਈ ਲੱਗ ਰਹੀ ਸੀ।
ਆਪਣੀ ਪਤਨੀ ਬਬੀਆ ਨਾਲ ਉਸਦੀ ਹਰ ਰੋਜ਼ ਖਚ-ਖਚ ਹੁੰਦੀ ਰਹਿੰਦੀ ਸੀ। ਉਸਨੂੰ ਬੱਚਿਆਂ ਨੂੰ ਸਾਂਭਣ ਅਤੇ ਘਰ ਦੇ ਕੰਮ-ਕਾਰ ਤੋਂ ਹੀ ਵਿਹਲ ਨਹੀਂ ਸੀ ਮਿਲਦੀ। ਦੋਵਾਂ ਬੱਚਿਆਂ ਵਿੱਚੋਂ ਕੋਈ ਨਾ ਕੋਈ ਸਦਾ ਬੀਮਾਰ ਹੀ ਰਹਿੰਦਾ ਸੀ। ਵੱਡੇ ਰੋਹਿਨ ਨੂੰ ਤਾਂ ਉਸਨੇ ਸ਼ਾਇਦ ਹੀ ਕਦੇ ਹੱਸਦਿਆਂ ਅਤੇ ਖੇਡਦਿਆਂ-ਕੁੱਦਦਿਆਂ ਦੇਖਿਆ ਹੋਵੇ। ਘਰ ਵਿੱਚ ਰਾਮ ਨਿਵਾਸ ਦੀ ਤਨਖ਼ਾਹ ਨਾਲ ਕਦੇ ਪੂਰੀ ਨਹੀਂ ਸੀ ਪੈਂਦੀ। ਭਾਵੇਂ ਇਸ ਵਿੱਚ ਕਸੂਰ ਬਬੀਆ ਦਾ ਨਹੀਂ ਘਰ ਦੀਆਂ ਜ਼ਰੂਰਤਾਂ ਦਾ ਸੀ ਫਿਰ ਵੀ ਰਾਮ ਨਿਵਾਸ ਨੂੰ ਗੁੱਸਾ ਬਬੀਆ’ਤੇ ਹੀ ਆਉਂਦਾ ਸੀ। ਤੇਰੇ ਹੱਥ ਵਿੱਚ ਬਰਕਤ ਨਹੀਂ ਹੈ। ਗੋਪਾਲ ਨੂੰ ਦੇਖ, ਚਾਰ ਬੱਚੇ ਹਨ, ਮਾਂ-ਬਾਪ ਹੈ, ਉੱਪਰੋਂ ਰਿਸ਼ਤੇਦਾਰਾਂ ਵਿੱਚੋਂ ਕੋਈ ਨਾ ਕੋਈ ਆਇਆ ਹੀ ਰਹਿੰਦਾ ਹੈ। ਮੇਰੇ ਨਾਲੋਂ ਘੱਟ ਤਨਖਾਹ ਹੈ ਪ੍ਰੰਤੂ ਫਿਰ ਵੀ ਮਜੇL ਨਾਲ ਗੁਜ਼ਾਰਾ ਚਲਦਾ ਹੈ ਅਤੇ ਇੱਧਰ ਤੂੰ। ਦਿਨ ਰਾਤ ਹਾਇ ਹਾਇ। ਹਾਇ ਹਾਇ।’’ ਇਹ ਉਹ ਅਕਸਰ ਬਬੀਆ ਨੂੰ ਕਹਿੰਦਾ। ਬਬੀਆ ਚੁੱਪ ਰਹਿੰਦੀ ਹੋਈ ਅਜਿਹੀ ਅੱਖ ਨਾਲ ਉਸਨੂੰ ਘੂਰਦੀ, ਜੋ ਸਾਰਾ ਦਿਨ ਰਾਮ ਨਿਵਾਸ ਦੇ ਦਿਮਾਗ ਦੇ ਅੰਦਰ ਚੁੱਪ-ਚਾਪ ਸੁਲਗਦੀ ਰਹਿੰਦੀ। ਇਸੇ ਅੱਖ ਦੇ ਕਾਰਣ ਉਹ ਇੱਕ-ਇੱਕ ਪੈਸਾ ਸੋਚ ਸਮਝ ਕੇ ਖਰਚ ਕਰਦਾ। ਭੁੱਖ ਲੱਗਦੀ ਤਾਂ ਢਿੱਡ ਘੁੱਟ ਲੈਂਦਾ। ਚਾਹ ਦੀ ਤਲਬ ਹੁੰਦੀ ਤਾਂ ਕਿਸੇ ਕੋਲੋਂ ਵੱਖਰੇ-ਵੱਖਰੇ ਜੁਗਾੜ ਕਰਦਾ। ਡੀ.ਟੀ.ਸੀ. ਵਿੱਚ ਅਕਸਰ ਬਿਨਾਂ ਟਿਕਟ ਸਫ਼ਰ ਕਰਦਾ। ਉਹ ਬਬੀਆ ਦੀ ਉਹਦੇ ਦਿਮਾਗ ਵਿੱਚ ਹਰ ਪਲ ਸੁਲਗਦੀ ਅੱਖ ਹੀ ਸੀ, ਜਿਸ ਕਾਰਣ ਰਾਮ ਨਿਵਾਸ ਕਦੇ ਹੱਸ ਨਾ ਸਕਦਾ।
ਉਸ ਮੰਗਲਵਾਰ ਨੂੰ ਰਾਮ ਨਿਵਾਸ ਨੇ ਸੁਸ਼ਮਾ ਨੂੰ ਕਿਹਾ ਕਿ ਅੱਜ ਉਹ ਡਿਊਟੀ ਤੋਂ ਛੇਤੀ ਮੁੜ ਆਵੇਗਾ ਜਿਸ ਲਈ ਅੱਜ ਦੋ ਵਜੇ ਤੱਕ ਸੰਜੈ ਦੇ ਠੇਲੇ ਦੇ ਕੋਲ ਉਸਦੀ ਉਡੀਕ ਕਰ ਲਵੇ। ਦੋਵੇਂ ਇਕੱਠੇ ਵਾਪਸ ਮੁੜਨਗੇ। ਭਾਵੇਂ ਕਿ ਪਹਿਲਾਂ ਸੁਸ਼ਮਾ ਨੇ ਕਿਹਾ ਕਿ ਉੱਥੇ ਉਡੀਕ ਕਰਨੀ ਉਸਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਸਕੂਟਰ ਮਕੈਨਿਕ ਸੰਤੋਸ਼ ਉਸ ਨਾਲ ਐਸੀਆਂ-ਵੈਸੀਆਂ ਗੱਲਾਂ ਕਰਦਾ ਹੈ ਅਤੇ ਸੰਜੈ ਵੀ ਮਜ਼ਾਕ ਕਰਦਾ ਹੈ ਪ੍ਰੰਤੂ ਬਾਅਦ ਵਿੱਚ ਉਹ ਇਸ ਲਈ ਤਿਆਰ ਹੋ ਗਈ। ਪ੍ਰੰਤੂ ਅੱਜ ਪਹਿਲੀ ਵਾਰ ਸੁਸ਼ਮਾ ਨੇ ਰਾਮ ਨਿਵਾਸ ਨੂੰ ਹੌਲੀ ਜਿਹੇ ਇਹ ਕਿਹਾ ਕਿ ਉਹ ਸਕੇਤ ਤੋਂ ਮੁੜਦਿਆਂ ਹੋਇਆਂ, ਅਨੁਪਮ ਸਿਨੇਮੇ ਕੋਲੋਂ ਮਿਰਚੀ ਪਕੌੜਾ ਜ਼ਰੂਰ ਲੈ ਆਵੇ। ਰਾਮ ਨਿਵਾਸ ਕਈ ਵਾਰ ਉਸ ਕੋਲ ਉੱਥੋਂ ਦੇ ਮਿਰਚੀ ਪਕੌੜੇ ਦਾ ਜ਼ਿਕਰ ਕਰ ਚੁੱਕਾ ਸੀ। ਸੁਸ਼ਮਾ ਨੇ ਜਦ ਅੱਜ ਉਸਨੂੰ ਅਜਿਹਾ ਕਿਹਾ ਤਾਂ ਰਾਮ ਨਿਵਾਸ ਨੂੰ ਉਸਦੀ ਅਵਾਜ਼ ਵਿੱਚ ਉਸ ’ਤੇ ਹੱਕ ਜਮਾਉਣ ਵਰਗਾ ਆਪਣਾਪਣ ਲੱਗਾ, ਜੋ ਉਸਨੂੰ ਚੰਗਾ ਲੱਗਾ। ਉਸਨੇ, ‘ਹਾਂ ਹਾਂ। ਦੇਖਾਂਗਾ-ਦੇਖਾਂਗਾ’ ਕਹਿ ਕੇ ਬੜੀ ਮੁਸ਼ਕਲ ਨਾਲ ਇਹ ਚੰਗਾ ਲੱਗਣਾ ਸੁਸ਼ਮਾ ਕੋਲੋਂ ਲੁਕਾਇਆ।
ਝਾੜੂ ਦੀ ਮੁੱਠ, ਕੋਠੀ ਦਾ ਜਿਮ ਸੈਂਟਰ ਅਤੇ
ਗੁਰੂ ਨੂੰ ਘੂਰਦਾ ਮੰਗਲ
ਰਾਮ ਨਿਵਾਸ ਉਸ ਦਿਨ ਕਾਫੀ ਖੁਸ਼ ਸੀ ਅਤੇ ਫ਼ਿਲਮ ‘ਕੁਛ ਕੁਛ ਹੋਤਾ ਹੈ’ ਦਾ ਗਾਣਾ ਗਾ ਰਿਹਾ ਸੀ। ਉਸਨੇ ਦਫ਼ਤਰ ਵਿੱਚ ਆਪਣੀ ਹਾਜ਼ਰੀ ਲਾਉਣ ਤੋਂ ਬਾਅਦ ਚੋਪੜਾ ਸਾਹਿਬ ਨੂੰ ਕਿਹਾ ਕਿ ਅੱਜ ਉਹ ਜਲਦੀ ਘਰ ਚਲਾ ਜਾਵੇਗਾ ਕਿਉਂਕਿ ਪਤਨੀ ਦੀ ਤਬੀਅਤ ਖ਼ਰਾਬ ਹੈ ਅਤੇ ਉਸਨੂੰ ਹਸਪਤਾਲ ਲੈ ਕੇ ਜਾਣਾ ਹੈ। ਚੋਪੜਾ ਸਾਹਿਬ ਉਸ ਦਿਨ ਅਰਾਮ ਨਾਲ ਮੰਨ ਗਏ ਸਨ, ਜਦ ਕਿ ਇਸ ਮਾਮਲੇ ਵਿੱਚ ਉਹ ਹਮੇਸ਼ਾ ਚਿਕ-ਚਿਕ ਕਰਦੇ ਸਨ ਅਤੇ ਛੁੱਟੀ ਦੀ ਐਪਲੀਕੇਸ਼ਨ ਦੇਣ ਦੀ ਜ਼ਿੱਦ ਕਰਦੇ ਸਨ। ਅੱਜ ਦਾ ਦਿਨ ਬਹੁਤ ਕਿਸਮਤ ਵਾਲਾ ਹੈ। ਰਾਮ ਨਿਵਾਸ ਨੇ ਮਨ ਵਿੱਚ ਇਹ ਸੋਚਿਆ।
ਉਹ ਇੱਕ ਕੋਠੀ ਦਾ ਵੱਡਾ ਸਾਰਾ ਹਾਲ ਸੀ, ਜਿਸ ਵਿੱਚ ਉਹ ਝਾੜੂ ਲਾ ਰਿਹਾ ਸੀ। ਇਸ ਵਿੱਚ ਝਾੜੂ ਲਾਉਣਾ ਉਸਦੀ ਡਿਊਟੀ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਉਹ ਕੋਠੀ ਸਰਕਾਰੀ ਨਹੀਂ ਸੀ ਪ੍ਰੰਤੂ ਚੋਪੜਾ ਸਾਹਿਬ ਨੇ ਕਿਹਾ ਸੀ ਕਿਉਂਕਿ ਇਸ ਕੋਠੀ ਵਿੱਚ ਸਾਹਿਬ ਲੋਕ ਅਤੇ ਉਨ੍ਹਾਂ ਦੇ ਬੀਵੀ-ਬੱਚੇ ਕਸਰਤ ਕਰਨ ਲਈ ਅਤੇ ਆਪਣਾ ਮੋਟਾਪਾ ਘੱਟ ਕਰਨ ਲਈ ਰੋਜ਼ ਜਾਂਦੇ ਹਨ, ਇਸ ਲਈ ਰਾਮ ਨਿਵਾਸ ਉਸਨੂੰ ਵੀ ਸਾਫ਼ ਕਰ ਦਿਆ ਕਰੇ।
ਅਸਲ ਵਿੱਚ ਉਹ ਇੱਕ ਜਿਮ ਸੈਂਟਰ ਸੀ। ਉਸ ਵਿੱਚ ਢਿੱਡ ਘਟਾਉਣ, ਚਰਬੀ ਛਾਂਟਣ, ਲੱਕ ਪਤਲਾ ਅਤੇ ਮੋਟਾਪਾ ਘੱਟ ਕਰਨ ਵਾਲੀਆਂ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਰੱਖੀਆਂ ਸਨ। ਸਾਕੇਤ ਵਿੱਚ ਰਹਿਣ ਵਾਲੇ ਵੱਡੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ ਵਿੱਚ ਸਵੇਰੇ ਸ਼ਾਮ ਆ ਜਾਂਦੇ ਅਤੇ ਉੱਥੇ ਘੰਟਿਆਂ ਬੱਧੀ ਚਹਿਲ ਪਹਿਲ ਰਹਿੰਦੀ। ਇਸੇ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਇੱਕ ਬਿਊਟੀ ਪਾਰਲਰ ਅਤੇ ਇੱਕ ਮਾਲਸ਼ ਸੈਂਟਰ ਵੀ ਖੁੱਲ੍ਹ ਗਿਆ ਸੀ। ਅੱਧਖੜ ਅਤੇ ਅੱਧਬੁੱਢੇ ਰਈਸ਼ ਮਾਲਸ਼ ਸੈਂਟਰ ਵਿੱਚ ਆ ਕੇ ਆਪਣੀ ਮਾਲਿਸ਼ ਕਰਵਾਉਂਦੇ ਅਤੇ ਕਦੇ-ਕਦੇ ਉਨ੍ਹਾਂ ਵਿੱਚੋਂ ਕਈ ਕੁੜੀਆਂ ਨੂੰ ਆਪਣੀ ਕਾਰ ਵਿੱਚ ਬਾਹਰ ਵੀ ਲੈ ਜਾਂਦੇ। ਉਸਨੇ ਕਈ ਪੁਲੀਸ ਅਫ਼ਸਰਾਂ ਅਤੇ ਨੇਤਾਵਾਂ ਨੂੰ ਵੀ ਇੱਥੇ ਆਉਂਦੇ ਦੇਖਿਆ ਸੀ।
ਸੁਨੀਲਾ ਨਾਂ ਦੀ ਕੁੜੀ ਬਾਹਰ ਜਾਣ ਦਾ ਪੰਜ ਹਜ਼ਾਰ ਲੈਂਦੀ ਸੀ, ਇਹ ਸਾਹਮਣੀ ਨੁੱਕੜ ਦੇ ਚਾਹ ਵਾਲੇ ਗੋਵਿੰਦ ਨੇ ਦੱਸਿਆ ਸੀ। ”ਪਤਾ ਨਹੀਂ ਸਾਲੇ, ਸਾਹਿਬ ਇੱਥੇ ਕੀ ਕੀ ਕਰਦੇ ਹਨ? ਸਾਰੀ ਰਾਤ ਪਾਰਟੀ ਚੱਲਦੀ ਹੈ, ਨੇੜੇ-ਤੇੜੇ ਦੀਆਂ ਕਈ ਕੋਠੀਆਂ ਦੀਆਂ ਕੁੜੀਆਂ ਅਤੇ ਮੁੰਡੇ ਇਸ ਵਿੱਚ ਰਾਤ ਨੂੰ ਆਉਂਦੇ ਹਨ।’’ ਗੋਵਿੰਦ ਨੇ ਦੱਸਿਆ ਸੀ। ਇਸ ਜਿਮ ਸੈਂਟਰ ਨਾਲ ਉਸਦੀ ਆਮਦਨ ਵਧ ਗਈ ਸੀ ਕਿਉਂਕਿ ਰਾਤ ਨੂੰ ਅਕਸਰ ਪੈਪਸੀ ਅਤੇ ਸੋਡੇ ਦੀ ਮੰਗ ਉੱਥੋਂ ਆਉਂਦੀ। ਉਹ ਲੋਕ ਰਾਤ ਨੂੰ ਉੱਥੇ ਮੌਜ ਮਸਤੀ ਕਰਦੇ ਅਤੇ ਸ਼ਰਾਬ ਪੀਂਦੇ। ਇਹੀ ਕਾਰਣ ਸੀ ਕਿ ਰਾਮ ਨਿਵਾਸ ਨੂੰ ਸਫ਼ਾਈ ਦੌਰਾਨ ਉੱਥੋਂ ਦੇ ਬਾਥਰੂਮ ਵਿੱਚ ਕਈ ਵਾਰ ਅਜਿਹੀਆਂ ਊਂਟ-ਪਟਾਂਗ ਚੀਜ਼ਾਂ ਮਿਲ ਜਾਂਦੀਆਂ ਜਿਨ੍ਹਾਂ ਨੂੰ ਟਿਕਾਣੇ ਲਾਉਣਾ ਵੀ ਸੌਖਾ ਨਾ ਹੁੰਦਾ।
‘ਕੀ ਜ਼ਿੰਦਗੀ ਹੈ ਸਾਹਿਬ ਲੋਕਾਂ ਦੀ। ਖਾ-ਖਾ ਕੇ ਫੁੱਲ ਗਏ ਹਨ ਅਤੇ ਚਰਬੀ ਹੈ ਕਿ ਘਟਾਇਆਂ ਨਹੀਂ ਘਟਦੀ ਅਤੇ ਕਿੱਥੇ ਅਸੀਂ। ਗੰਦੇ ਨਾਲੇ ਦੀ ਮੱਛੀ ਖਾ ਲੈਣ ਨਾਲ ਇੱਕ ਪੁੱਤ ਮਰ ਗਿਆ। ਦੂਜਾ ਦਵਾਈ ਆਸਰੇ ਸਾਹ ਖਿੱਚ ਰਿਹਾ ਹੈ।’’ ਰਾਮ ਨਿਵਾਸ ਨੇ ਸੋਚਿਆ। ਤਦੇ ਉਸਨੂੰ ਸੁਸ਼ਮਾ ਦੀ ਯਾਦ ਆਈ। ਉਹ ਦੋ ਵਜੇ ਤੱਕ ਸੰਜੈ ਦੇ ਠੇਲੇ ’ਤੇ ਉਸਦੀ ਉਡੀਕ ਕਰੇਗੀ। ਜਲਦੀ-ਜਲਦੀ ਸਾਰਾ ਕੰਮ ਖ਼ਤਮ ਕਰਨ ਦੇ ਚੱਕਰ ਵਿੱਚ ਉਹ ਲੱਗ ਗਿਆ।
ਰਾਮ ਨਿਵਾਸ ਜਿਮ ਸੈਂਟਰ ਦੇ ਵੱਡੇ ਸਾਰੇ ਹਾਲ ਦੇ ਫਰਸ਼ ’ਤੇ ਝਾੜੂ ਲਾ ਰਿਹਾ ਸੀ। ਝਾੜੂ ਦੀ ਮੁੱਠ ’ਤੇ ਬੰਨ੍ਹੀ ਸੂਤੜੀ ਦੀ ਕਸਾਵਟ ਢਿੱਲੀ ਪੈ ਗਈ ਸੀ ਇਸ ਲਈ ਝਾੜੂ ਦੀਆਂ ਤੀਲਾਂ ਵਾਰ-ਵਾਰ ਖਿਸਕ ਜਾਂਦੀਆਂ ਸਨ। ਰਾਮ ਨਿਵਾਸ ਪਰੇਸ਼ਾਨ ਹੋ ਰਿਹਾ ਸੀ। ਉਸਨੇ ਝਾੜੂ ਦੀਆਂ ਤੀਲਾਂ ਨੂੰ ਬਰਾਬਰ ਕਰਨ ਲਈ ਹਾਲ ਦੀ ਕੰਧ ’ਤੇ, ਉਸਦੀ ਮੁੱਠ ਨੂੰ ਠੋਕਿਆ ਤਾਂ ਚੌਂਕ ਪਿਆ। ਉਸਨੇ ਕੰਧ ਨੂੰ ਦੁਬਾਰਾ ਠੋਕਿਆ ਤਾਂ ਉਸਦਾ ਸ਼ੱਕ ਪੱਕਾ ਹੋ ਗਿਆ। ਅਜੀਬ ਗੱਲ ਸੀ, ਠੋਕਣ ’ਤੇ ਕੰਧ ਵਿੱਚੋਂ ਖੱਟ-ਖੱਟ ਦੀ ਨਹੀਂ ਧੱਪ-ਧੱਪ ਦੀ ਅਵਾਜ਼ ਆ ਰਹੀ ਸੀ। ਇਸ ਦਾ ਮਤਲਬ ਸੀ ਕਿ ਕੰਧ ਉੱਥੋਂ ਖੋਖਲੀ ਸੀ। ਉਸਦੇ ਅੰਦਰ ਖੋਲ ਸੀ, ਬੱਸ ਉੱਪਰੋਂ ਪਲੱਸਤਰ ਚੜ੍ਹਾ ਦਿੱਤਾ ਗਿਆ ਸੀ। ਜਿਸ ਥਾਂ ਉਹ ਕੰਧ ਸੀ, ਉੱਥੇ ਦੋ ਕੁਰਸੀਆਂ, ਇੱਕ ਮੇਜ਼ ਅਤੇ ਪਟਸਨ ਦੇ ਦੋ ਬੋਰੇ ਰੱਖੇ ਹੋਏ ਸਨ। ਰਾਮ ਨਿਵਾਸ ਨੇ ਉਨ੍ਹਾਂ ਨੂੰ ਖਿਸਕਾ ਥਾਂ ਬਣਾਈ ਅਤੇ ਝਾੜੂ ਦੀ ਮੁੱਠ ਨੂੰ ਜ਼ੋਰ ਨਾਲ ਕੰਧ ਦੀ ਉਸ ਥਾਂ ’ਤੇ ਠੋਕਣ ਲੱਗਾ।
ਜਿਵੇਂ ਕਿ ਹੋਣਾ ਹੀ ਸੀ। ਪਲੱਸਤਰ ਵਿੱਚ ਪਹਿਲਾਂ ਦਰਾਰਾਂ ਪਈਆਂ ਫ਼ਿਰ ਉਸਦੀਆਂ ਚਿੱਪਰਾਂ ਉਖੜਨ ਲੱਗੀਆਂ। ਦੇਖਦਿਆਂ-ਦੇਖਦਿਆਂ ਇੱਕ ਵੱਡਾ ਸਾਰਾ ਛੇਕ ਉੱਥੇ ਖੁੱਲ੍ਹ ਗਿਆ। ਫ਼ਿਨਾਇਲ ਜਾਂ ਗੈਮੇਕਿਸਨ ਦੀ ਤੇਜ਼ ਗੰਧ ਉੱਥੋਂ ਆ ਰਹੀ ਸੀ। ਰਾਮ ਨਿਵਾਸ ਨੇ ਉਸਦੇ ਅੰਦਰ ਝਾਕ ਕੇ ਦੇਖਿਆ ਤਾਂ ਉਸਦਾ ਸਾਹ ਰੁਕ ਗਿਆ। ਉਹ ਜੜ ਹੋ ਗਿਆ। ਬਾਪ ਰੇ! ਅੰਦਰ ਨੋਟ ਹੀ ਨੋਟ ਸਨ। ਸੌ-ਸੌ ਅਤੇ ਪੰਜ-ਪੰਜ ਸੌ ਦੀਆਂ ਗੱਠੀਆਂ।
ਉਸਨੇ ਆਪਣੀਆਂ ਅੱਖਾਂ ਛੇਕ ਦੇ ਹੋਰ ਨੇੜੇ ਕੀਤੀਆਂ। ਕੰਧ ਅੰਦਰਲਾ ਖੋਲ ਬਹੁਤ ਵੱਡਾ ਸੀ। ਕਿਸੇ ਲੰਮੀ ਸੁਰੰਗ ਵਰਗਾ ਖੋਖਲਾ ਉਸ ਕੰਧ ਦੇ ਅੰਦਰ ਪਹਿਲਾਂ ਮੌਜੂਦ ਸੀ ਅਤੇ ਉਸ ਵਿੱਚ ਦੂਰ-ਦੂਰ ਤੱਕ ਨੋਟਾਂ ਦੀਆਂ ਗੱਠੀਆਂ ਭਰੀਆਂ ਹੋਈਆਂ ਸਨ। ਇੱਥੋਂ ਉੱਥੇ ਤੱਕ। ਅੱਗੇ ਜਿੱਥੇ ਹਨੇਰਾ ਸੰਘਣਾ ਹੁੰਦਾ ਜਾਂਦਾ ਸੀ, ਉਸ ਵਿੱਚ ਉਹ ਗੱਠੀਆਂ ਡੁੱਬ ਰਹੀਆਂ ਸਨ। ਹਨੇਰੇ ਦੀ ਕਾਲਕ ਉਨ੍ਹਾਂ ਨੂੰ ਆਪਣੇ ਅੰਦਰ ਲੁਕੋ ਰਹੀ ਸੀ। ਰਾਮ ਨਿਵਾਸ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ। ਉਸਨੇ ਡਰਦੇ ਹੋਏ ਇੱਧਰ-ਉੱਧਰ ਨਜ਼ਰ ਦੌੜਾਈ। ਨੇੜੇ-ਤੇੜੇ ਕੋਈ ਨਹੀਂ ਸੀ। ਸਿਰਫ਼ ਉਹੀ ਸੀ। ਇਕੱਲਾ ਅਤੇ ਸਾਕੇਤ ਦੀ ਉਸ ਕੋਠੀ ਨੰਬਰ ਏ-11/ਡੀ ਐਕਸ-33 ਦੇ ਜਿਮ ਸੈਂਟਰ ਦੇ ਵੱਡੇ ਸਾਰੇ ਹਾਲ ਦੀ ਉਹ ਕੰਧ ਉਸਦੇ ਸਾਹਮਣੇ ਸੀ, ਜਿਮ ਵਿੱਚ ਇੱਕ ਅਜਿਹਾ ਖੋਲ ਉਸਦੇ ਝਾੜੂ ਦੀ ਮੁੱਠ ਦੀ ਠੋਕਰ ਨਾਲ ਅਚਾਨਕ ਖੁੱਲ੍ਹ ਗਿਆ ਸੀ, ਜਿਸ ਵਿੱਚ ਅਣਗਿਣਤ ਨੋਟਾਂ ਦੀਆਂ ਗੱਠੀਆਂ ਭਰੀਆਂ ਪਈਆਂ ਸਨ।
‘ਕਾਲਾ ਧਨ… ਕਾਲਾ ਧਨ… ਕਾਲਾ, ਕਾਲਾ, ਕਾਲਾ’ ‘ਉਸਦੇ ਕੰਨਾਂ ਵਿੱਚ ਜਿਵੇਂ ਕੋਈ ਫ਼ੁਸਫ਼ਸਾ ਰਿਹਾ ਸੀ। ਉਸਦੇ ਸਰੀਰ ਦਾ ਰੋਮ-ਰੋਮ ਕੰਬ ਰਿਹਾ ਸੀ। ਜਿਸ ਚੀਜ਼ ਦੇ ਬਾਰੇ ਵਿੱਚ ਉਹ ਸਿਰਫ਼ ਸੁਣਦਾ ਹੁੰਦਾ ਸੀ, ਇਸ ਸਮੇਂ ਉਹ ਉਸਦੀਆਂ ਅੱਖਾਂ ਦੇ ਠੀਕ ਸਾਹਮਣੇ, ਸਾਹ ਭਰ ਦੀ ਦੂਰੀ ’ਤੇ ਸ਼ਾਖ਼ਸ਼ਾਤ ਮੌਜੂਦ ਸੀ। ਇਹ ਨਾ ਕੋਈ ਸੁਪਨਾ ਸੀ, ਨਾ ਕੋਈ ਕਿੱਸਾ। ਇਹ ਇੱਕ ਸਚਾਈ ਸੀ, ਜੋ ਸੰਜੋਗ ਨਾਲ ਉਸਦੀਆਂ ਅੱਖਾਂ ਦੇ ਸਾਹਮਣੇ ਇਸ ਵੇਲੇ ਮੌਜੂਦ ਸੀ।
ਰਾਮ ਨਿਵਾਸ ਕੁਝ ਦੇਰ ਤੱਕ ਚੁੱਪ-ਚਾਪ ਖੜਾ ਸੋਚਦਾ ਰਿਹਾ ਫ਼ਿਰ ਉਸਨੇ ਉੱਤਰੀ ਕੋਨੇ ਦੇ ਮੇਜ਼ ’ਤੇ ਰੱਖਿਆ ਆਪਣਾ ਝੋਲਾ ਚੁੱਕਿਆ ਅਤੇ ਇੱਧਰ-ਉੱਧਰ ਚੰਗੀ ਤਰ੍ਹਾਂ ਦੇਖ ਕੇ ਪੰਜ-ਪੰਜ ਸੌ ਦੇ ਨੋਟਾਂ ਦੀਆਂ ਦੋ ਗੱਠੀਆਂ ਨੂੰ ਉਸ ਵਿੱਚ ਪਾ ਦਿੱਤਾ। ਇਸ ਤੋਂ ਬਾਅਦ ਉਸਨੇ ਖੋਲ ਨੂੰ ਢਕਣ ਲਈ ਉੱਥੇ ਪਏ ਪਟਸਨ ਦੇ ਬੋਰੇ ਨੂੰ ਖਿਸਕਾ ਕੇ ਨਾਲ ਲਾ ਦਿੱਤਾ ਜਿਸ ਨਾਲ ਉਸਦੇ ਬਾਰੇ ਕਿਸੇ ਨੂੰ ਪਤਾ ਨਾ ਲੱਗੇ। ਫ਼ਿਰ ਉਸਨੇ ਫ਼ਰਸ਼ ’ਤੇ ਚੰਗੀ ਤਰ੍ਹਾਂ ਝਾੜੂ ਫ਼ੇਰ ਕੇ, ਝੜਿਆ ਪਲੱਸਤਰ ਅਤੇ ਘੱਟੇ-ਮਿੱਟੀ ਨੂੰ ਸਾਫ਼ ਕੀਤਾ ਅਤੇ ਅਰਾਮ ਨਾਲ ਬਾਹਰ ਨਿਕਲ ਕੇ ਗੋਵਿੰਦ ਦੀ ਦੁਕਾਨ ’ਤੇ ਆ ਗਿਆ। ਉੱਥੇ ਉਸਨੇ ਇੱਕ ਕੱਪ ਕੜਕ ਚਾਹ ਪੀਤੀ ਅਤੇ ਦੋ ਮੱਠੀਆਂ ਖਾਧੀਆਂ।
”ਅੱਜ ਗਰਮੀ ਕੁਝ ਜ਼ਿਆਦਾ ਹੀ ਵਧ ਗਈ ਹੈ। ਕੱਲ੍ਹ ਤਾਂ ਫ਼ਿਰ ਵੀ ਠੀਕ ਸੀ।’’ ਉਸਨੇ ਗੋਵਿੰਦ ਨੂੰ ਕਿਹਾ। ਗੋਵਿੰਦ ਜ਼ਿਆਦਾ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀ ਕਿਉਂਕਿ ਤਦੇ ਇੱਕ ਜੀਪ ਆ ਕੇ ਖੜੀ ਹੋ ਗਈ ਸੀ। ਜਿਸ ਵਿੱਚ ਬੈਠੇ ਲੋਕਾਂ ਨੇ ਪੰਜ ਚਾਹ ਅਤੇ ਪੰਜ ਮੱਠੀਆਂ ਦਾ ਆਰਡਰ ਦਿੱਤਾ ਸੀ। ਜੀਪ ਸਰਕਾਰੀ ਸੀ।
”ਗਰਮੀ ਤਾਂ ਅਜੇ ਹੋਰ ਵਧੇਗੀ’’ ਗੋਵਿੰਦ ਨੇ ਸਿਰਫ਼ ਇੰਨਾ ਕਿਹਾ ਅਤੇ ਪਤੀਲੇ ਵਿੱਚ ਚਾਹ ਉਬਾਲਣ ਲੱਗ ਪਿਆ। ਅਜੇ ਤੱਕ ਸਿਰਫ਼ ਸਾਢੇ ਗਿਆਰਾ ਵਜੇ ਸਨ ਅਤੇ ਇਸ ਇਲਾਕੇ ਦੀ ਸਫ਼ਾਈ ਦਾ ਅੱਧਾ ਕੰਮ ਅਜੇ ਵੀ ਬਾਕੀ ਸੀ। ਪ੍ਰੰਤੂ ਰਾਮ ਨਿਵਾਸ ਉੱਥੋਂ ਸਿੱਧਾ ਆਪਣੇ ਦਫ਼ਤਰ ਗਿਆ। ਝਾੜੂ ਜਮ੍ਹਾਂ ਕੀਤੀ ਅਤੇ ਇਹ ਕਹਿ ਕੇ ਕਿ ਪਤਨੀ ਦੀ ਤਬੀਅਤ ਕਾਫ਼ੀ ਵਿਗੜ ਰਹੀ ਹੈ, ਘਰੋਂ ਫੋਨ ਆਇਆ ਹੈ, ਉਹ ਨਿਕਲ ਗਿਆ।
ਨੋਟਾਂ ਦੇ ਇੱਕ ਬੰਡਲ ਵਿੱਚ ਦਸ ਹਜ਼ਾਰ ਰੁਪਏ ਸਨ। ਯਾਨੀ ਰਾਮ ਨਿਵਾਸ ਦੇ ਝੋਲੇ ਵਿੱਚ ਇਸ ਵੇਲੇ ਵੀਹ ਹਜ਼ਾਰ ਰੁਪਏ ਮੌਜੂਦ ਸਨ। ਇੰਨੇ ਸਾਰੇ ਇਕੱਠੇ ਰੁਪਏ ਉਸਨੇ ਆਪਣੇ ਜੀਵਨ ਵਿੱਚ ਕਦੇ ਨਹੀਂ ਸਨ ਦੇਖੇ। ਉਹ ਡਰ ਰਿਹਾ ਸੀ ਇਸ ਲਈ ਸਾਕੇਤ ਤੋਂ ਰੋਹਿਣੀ ਤੱਕ ਦੇ ਬੱਸ ਦੇ ਸਫ਼ਰ ਦੌਰਾਨ ਉਸਨੇ ਝੋਲੇ ਨੂੰ ਕੱਸ ਕੇ ਆਪਣੇ ਢਿੱਡ ਨਾਲ ਲਾਈ ਰੱਖਿਆ। ਜੇ ਕਿਸੇ ਵੀ ਬੰਦੇ ਕੋਲ ਥੋੜੀ ਫੁਰਸਤ ਹੁੰਦੀ ਅਤੇ ਉਹ ਰਾਮ ਨਿਵਾਸ ਦੇ ਚਿਹਰੇ ਵੱਲ ਧਿਆਨ ਦਿੰਦਾ ਤਾਂ ਉਸਨੂੰ ਪਤਾ ਲੱਗ ਸਕਦਾ ਸੀ ਕਿ ਉਹ ਕਿੰਨੀ ਘਬਰਾਹਟ ਅਤੇ ਤਣਾਅ ਦੀ ਹਾਲਤ ਵਿੱਚ ਹੈ।
ਬੱਸ ਸਟਾਪ ਤੋਂ ਰਿਕਸ਼ਾ ਲੈ ਕੇ ਉਹ ਸੰਜੈ ਦੇ ਠੇਲੇ ’ਤੇ ਪਹੁੰਚਿਆ ਤਾਂ ਸੁਸ਼ਮਾ ਉੱਥੇ ਖੜੀ ਸੀ ਅਤੇ ਸਕੂਟਰ ਮਕੈਨਿਕ ਸੰਤੋਸ਼ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਰਾਮ ਨਿਵਾਸ ਨੂੰ ਥੋੜ੍ਹਾ ਗੁੱਸਾ ਆਇਆ, ਪ੍ਰੰਤੂ ਉਸ ਦੇ ਦੇਖਦਿਆਂ ਹੀ ਜਦ ਸੁਸ਼ਮਾ ਨੇ ਕਿਹਾ ਕਿ, ”ਕਿਥੋਂ ਦਾ ਖਜ਼ਾਨਾ ਹੱਥ ਲੱਗਾ ਹੈ? ਅੱਜ ਤਾਂ ਰਿਕਸ਼ੇ ਵਿੱਚ ਐਸ਼ ਹੋ ਰਹੀ ਹੈ।’’ ਤਾਂ ਉਹ ਘਬਰਾ ਗਿਆ।
ਸੁਸ਼ਮਾ ਨੇ ਫਿਰ ਪੁੱਛਿਆ,”ਤੂੰ ਤਾਂ ਦੋ ਵਜੇ ਆਉਣ ਦਾ ਕਿਹਾ ਸੀ। ਇੰਨੀ ਛੇਤੀ ਛੁੱਟੀ ਕਿਵੇਂ ਮਿਲ ਗਈ? ਅਜੇ ਤਾਂ ਇੱਕ ਵੀ ਨਹੀਂ ਵੱਜਾ।’’ ਤਾਂ ਰਾਮ ਨਿਵਾਸ ਹੱਸ ਪਿਆ।
ਸੁਸ਼ਮਾ ਨੂੰ ਦੇਖ ਕੇ ਅਤੇ ਸੁਭਾਵਿਕ ਉਸ ਥਾਂ ’ਤੇ ਪਹੁੰਚ ਕੇ ਉਸਨੂੰ ਕੁਝ ਤਸੱਲੀ ਜਿਹੀ ਹੋ ਰਹੀ ਸੀ। ਉਸਦੀ ਘਬਰਾਹਟ ਅਚਾਨਕ ਘੱਟ ਹੋ ਗਈ ਸੀ।
ਸੁਪਨੇ ਵਿੱਚ ਆਟੋ ਰਿਕਸ਼ਾ ਅਤੇ
ਮਜ਼ੇਦਾਰੀ ਦਾ ਅਨੋਖਾ ਰੁੱਖ
”ਮੈਂ ਜਲਦੀ ਭੱਜ ਆਇਆ।’’ ਉਸਨੇ ਕਿਹਾ ਅਤੇ ਸੁਸ਼ਮਾ ਨੂੰ ਦੇਖ ਕੇ ਹੱਸਣ ਲੱਗਾ। ਸੁਸ਼ਮਾ ਵੀ ਹੱਸਣ ਲੱਗੀ ਸੀ, ਪਰ ਅਚਾਨਕ ਉਸਨੂੰ ਲੱਗਾ ਕਿ ਰਾਮ ਨਿਵਾਸ ਦੇ ਇਹ ਕਹਿੰਦਿਆਂ ਹੀ ਸੰਜੈ ਅਤੇ ਸੰਤੋਸ਼ ਉਸ ਵੱਲ ਦੇਖਣ ਲੱਗੇ ਹਨ, ਤਾਂ ਉਹ ਪਹਿਲਾਂ ਵਾਂਗੂ ਹੀ ਰਹੀ।
”ਤੁਸੀਂ ਚਾਹ ਪੀਓਗੇ?’’ ਰਾਮ ਨਿਵਾਸ ਨੇ ਜਦ ਸੰਤੋਸ਼ ਅਤੇ ਸੰਜੈ ਨੂੰ ਪੁੱਛਿਆ ਤਾਂ ਦੋਵਾਂ ਨੂੰ ਹੈਰਾਨੀ ਹੋਈ। ”ਗੱਲ ਕੀ ਹੈ ਭਾਈ ਅੱਜ ਤਾਂ। ਓ.ਟੀ. ਮਿਲਿਆ ਲੱਗਦਾ ਹੈ।’’ ਸੰਤੋਸ਼ ਨੇ ਕਿਹਾ ਸੁਸ਼ਮਾ ਨੂੰ ਵੀ ਥੋੜ੍ਹੀ ਹੈਰਾਨੀ ਹੋਈ ਕਿਉਂਕਿ ਪੈਸਿਆਂ ਦੇ ਮਾਮਲੇ ਵਿੱਚ ਉਹ ਰਾਮ ਨਿਵਾਸ ਨੂੰ ਮੱਖੀ ਚੂਸ ਮੰਨਦੀ ਸੀ। ਚਾਹ ਜਾਂ ਬੀੜੀ ਦੇ ਲਈ ਜਦ ਉਹ ਲੋਕਾਂ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਦਾ, ਤਾਂ ਉਸਨੂੰ ਚੰਗਾ ਨਹੀਂ ਸੀ ਲੱਗਦਾ। ਪ੍ਰੰਤੂ ਰਾਮ ਨਿਵਾਸ ਨੇ ਉਸ ਦਿਨ ਸੰਜੈ ਅਤੇ ਸੰਤੋਸ਼ ਨੂੰ ਹੀ ਨਹੀਂ, ਮੋਚੀ ਦੇਵੀ ਦੀਨ ਅਤੇ ਸਾਈਕਲ ਵਾਲੇ ਮਦਨ ਨੂੰ ਵੀ ਇੱਕ-ਇੱਕ ਸਪੈਸ਼ਲ ਚਾਹ ਪਿਆਈ।
ਸੁਸ਼ਮਾ ਨੇ ਬਹੁਤ ਰੋਕਿਆ ਕਿ ਕਿਉਂ ਪੈਸਿਆਂ ਨੂੰ ਅੱਗ ਲਾਉਂਦਾ ਹੈ, ਪਰ ਰਾਮ ਨਿਵਾਸ ਨਹੀਂ ਮੰਨਿਆ। ਉਸਨੇ ਆਟੋ ਰਿਕਸ਼ਾ ਕਿਰਾਏ ਤੇ ਲਿਆ ਅਤੇ ਸੁਸ਼ਮਾ ਦੇ ਨਾਲ ਕਰੋਲ ਬਾਗ, ਕਮਲਾ ਨਗਰ, ਦੀਪ ਮਾਰਕੀਟ ਘੁੰਮਦਾ ਰਿਹਾ। ਸੁਸ਼ਮਾ ਨੂੰ ਉਸਨੂੰ ਪੈਪਸੀ ਪਿਆਈ, ਚਾਟ ਪਾਪੜੀ ਖਵਾਈ, ਕਰੋਲ ਬਾਗ ਵਿੱਚੋਂ ਉਸ ਲਈ ਇੱਕ ਲੇਡੀਜ਼ ਪਰਸ ਖਰੀਦਿਆ ਅਤੇ ਕਮਲਾ ਨਗਰ ਦੇ ਕੋਲਾਪੁਰ ਰੋਡ ਤੋਂ ਪੰਜ ਸੌ ਦਾ ਸਲਵਾਰ-ਸੂਟ ਅਤੇ ਇੱਕ ਜੋੜੀ ਚੁੰਨੀ ਖਰੀਦ ਕੇ ਦਿੱਤੀ। ਸੁਸ਼ਮਾ ਨੂੰ ਇਹ ਸਭ ਕੁਝ ਇੱਕ ਸੁਪਨੇ ਵਰਗਾ ਲੱਗ ਰਿਹਾ ਸੀ। ਉਹ ਜਦ ਜਦ ਰਾਮ ਨਿਵਾਸ ਵੱਲ ਦੇਖਦੀ ਜਾਂ ਉਸਨੂੰ ਛੂੰਹਦੀ, ਖੁਸ਼ੀ ਦਾ ਇੱਕ ਤੇਜ਼ ਝਰਨਾ ਅਚਾਨਕ ਫ਼ੁੱਟ ਕੇ ਉਸਨੂੰ ਅੰਦਰੋਂ ਬਾਹਰੋਂ ਨਵਾਅ ਦਿੰਦਾ। ਕੱਲ੍ਹ ਤੱਕ ਵਾਲਾ ਉਦਾਸ ਅਤੇ ਪਰੇਸ਼ਾਨ ਰਾਮ ਨਿਵਾਸ, ਜਿਸਦੇ ਬਾਰੇ ਵਿੱਚ ਕਈ ਵਾਰ ਉਹ ਸੋਚਣ ਲੱਗਦੀ ਸੀ ਕਿ ਉਹ ਉਸ ਨਾਲ ਮਿਲਣਾ-ਜੁਲਣਾ ਬੰਦ ਕਰ ਦਵੇਗੀ, ਅੱਜ ਕਿਸੇ ਨਾ-ਮੰਨਣਯੋਗ ਸੁੱਖ ਅਤੇ ਕਈ-ਕਈ ਰੰਗਾਂ ਨਾਲ ਭਰੇ ਸੁਪਨੇ ਦੇ ਨਾਇਕ ਵਿੱਚ ਬਦਲ ਗਿਆ ਸੀ। ਭਾਵੇਂ ਕਿ ਉਸਦੀ ਦਾੜੀ ਅਜੇ ਵੀ ਬੇਤਰਤੀਬ ਵਧੀ ਹੋਈ ਸੀ, ਠੂੰਠ ਉੱਗ ਰਹੇ ਸਨ ਅਤੇ ਮੂੰਹ ਵਿੱਚੋਂ ਬੀੜੀ ਦੀ ਤਿੱਖੀ ਬੋ ਆ ਰਹੀ ਸੀ ਪ੍ਰੰਤੂ ਸਕੂਟਰ ਦੀ ਪਿਛਲੀ ਸੀਟ ‘ਤੇ ਜਦ-ਜਦ ਉਹ ਉਸ ਨੂੰ ਚੁੰਮਦਾ, ਸੁਸ਼ਮਾ ਨੂੰ ਲੱਗਦਾ ਜਿਵੇਂ ਫੁੱਲਾਂ ਦੇ ਕਿਸੇ ਬਗੀਚੇ ਨੇ ਉਸਨੂੰ ਆਪਣੇ ਅੰਦਰ ਸਮੇਟ ਲਿਆ ਹੋਵੇ।
ਸੁਸ਼ਮਾ ਨੂੰ ਪਤਾ ਨਾ ਲੱਗਾ ਕਿ ਰਾਮ ਨਿਵਾਸ ਵਿੱਚ ਅਜਿਹਾ ਹੈਰਾਨੀ-ਜਨਕ ਪਰਿਵਰਤਨ ਕਿਵੇਂ ਹੋਇਆ। ਉਸਨੂੰ ਲੱਗਦਾ ਕਿ ਅੱਜ ਮੰਗਲਵਾਰ ਨੂੰ ਸਮੇਪੁਰ ਬਾਦਲੀ ਦੇ ਬੱਸ ਸਟੈਂਡ ‘ਤੇ ਆ ਕੇ ਉਸਨੇ ਇੱਕ ਚੰਗਾ ਕੰਮ ਕੀਤਾ, ਜਦ ਕਿ ਆਉਣ ਨਾ ਆਉਣ ਦੇ ਬਾਰੇ ਵਿੱਚ ਉਹ ਰਾਤ ਭਰ ਸੋਚਦੀ ਰਹੀ ਸੀ। ਉਸਦਾ ਫੈਸਲਾ ਆਖ਼ਰ ਠੀਕ ਹੀ ਨਿਕਲਿਆ, ਕਿਉਂਕਿ ਹੁਣ ਉਹ ਇਹੀ ਸੋਚ ਕੇ ਖੁਸ਼ੀ ਨਾਲ ਕੰਬ ਉੱਠਦੀ ਸੀ ਕਿ ਦੁਨੀਆਂ ਵਿੱਚ ਕੋਈ ਉਸਨੂੰ ਇੰਨਾ ਪਿਆਰ ਕਰਨ ਵਾਲਾ ਵੀ ਮੌਜੂਦ ਹੈ। ਅਤੇ ਇਸ ਵੇਲੇ ਉਹ ਉਸੇ ਦੇ ਨਾਲ ਹੈ। ਰਾਮ ਨਿਵਾਸ ਉਸਨੂੰ ਬਹੁਤ ਭੋਲਾ ਅਤੇ ਉਸਦੇ ਲਈ ਕਿਸੇ ਛੋਟੇ ਬੱਚੇ ਵਾਂਗੂ ਚੰਚਲ ਲੱਗ ਰਿਹਾ ਸੀ। ਸੁਸ਼ਮਾ ਜਦ ਕੁਝ ਦਿਨਾਂ ਬਾਅਦ ਰਾਮ ਨਿਵਾਸ ਨਾਲ ਸੌਣ ਲੱਗੀ ਅਤੇ ਬਾਅਦ ਵਿੱਚ ਉਸਦੇ ਬੱਚਾ ਵੀ ਠਹਿਰਿਆ, ਜਿਸਨੂੰ ਉਨ੍ਹਾਂ ਨੇ ਨਾਹਰਪੁਰ ਦੇ ਮਿੱਤਲ ਕਲੀਨਿਕ ਵਿੱਚ ਗਿਰਵਾਇਆ, ਤਦ ਵੀ ਉਸ ਦਿਨ ਦੀ ਆਟੋ ਰਿਕਸ਼ਾ ਦੀ ਯਾਤਰਾ ਉਸਦੇ ਚੇਤੇ ਵਿੱਚ ਸਦਾ ਰਹੀ। ਇਹ ਇੱਕ ਸੁਪਨਾ ਸੀ, ਜਿਸ ਵਿੱਚ ਸੁਸ਼ਮਾ ਅਤੇ ਰਾਮ ਨਿਵਾਸ ਦੋ ਸਾਲ ਪਹਿਲਾਂ, ਮਈ ਮਹੀਨੇ ਦੀ 23 ਤਰੀਕ ਦੇ ਉਸ ਮੰਗਲਵਾਰ ਨੂੰ ਅਚਾਨਕ ਦਾਖ਼ਲ ਹੋ ਗਏ ਸਨ, ਜਿਸ ਮੰਗਲਵਾਰ ਨੂੰ ਰਾਮ ਨਿਵਾਸ ਨੂੰ ਸਾਕੇਤ ਦੀ ਕੋਠੀ ਨੰਬਰ ਏ-11/ਡੀ ਐਕਸ-33 ਦੀ ਕੰਧ ਦੇ ਖੋਲ ਅੰਦਰ ਲੁਕੇ ਹੋਏ ਰੁਪਏ ਮਿਲੇ ਸਨ।
ਹਰ ਖੁਸ਼ੀ ਦੀ ਜੜ੍ਹ ਨੋਟਾਂ ਵਿੱਚ ਲੁਕੀ ਹੁੰਦੀ ਹੈ, ਉੱਥੋਂ ਹੀ ਮਜ਼ੇਦਾਰੀ ਦਾ ਰੁੱਖ ਪਨਪਦਾ ਹੈ। ਨੋਟਾਂ ਦੀਆਂ ਗੱਠੀਆਂ ਵਿੱਚ ਹੀ ਸ਼ਾਇਦ ਆਦਮੀ ਦੀਆਂ ਸਾਰੀਆਂ ਚੰਗਿਆਈਆਂ ਵੀ ਬੰਦ ਹੁੰਦੀਆਂ ਹਨ। ਰਾਮ ਨਿਵਾਸ ਅਕਸਰ ਸੋਚਣ ਲੱਗਦਾ। ਉਹ ਹੁਣ ਬਿਲਕੁਲ ਨਵਾਂ ਆਦਮੀ ਬਣ ਚੁੱਕਾ ਸੀ। ਉਸਦੇ ਰਹਿਣ ਸਹਿਣ ਦਾ ਢੰਗ ਬਦਲ ਗਿਆ ਸੀ। ਪਹਿਲੇ ਗਰੀਬ, ਫਟੀਚਰ ਅਤੇ ਉਦਾਸ ਜਤਿੰਦਰ ਦੀ ਥਾਂ ਹੁਣ ਉਹ ਚਮਕਦਾਰ, ਰੰਗੀਨ ਅਤੇ ਗਾਲੜੀ ਗੋਵਿੰਦਾ ਨਜ਼ਰ ਆਉਣ ਲੱਗਾ ਸੀ, ਜਿਸ ਦੇ ਦੰਦ ਹਮੇਸ਼ਾ ਨਿਕਲਦੇ ਰਹਿੰਦੇ ਸਨ। ਉਸਦੇ ਘਰ ਦੀ ਹਾਲਤ ਵੀ ਸੁਧਰ ਗਈ ਸੀ। ਉਸਦੀ ਪਤਨੀ ਬਬੀਆ ਹੁਣ ਸਦਾ ਖੁਸ਼ ਰਹਿੰਦੀ। ਘਰ ਚੰਗੀ ਰੋਟੀ ਪੱਕਦੀ। ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਉਹ ਮੀਟ ਖਾਂਦੇ। ਆਂਡੇ ਤਾਂ ਰੋਜ਼ ਹੀ ਜਦ ਜੀਅ ਕਰਦਾ ਉਹ ਲੈ ਆਉਂਦੇ। ਬੱਚੇ ਆਈਸ ਕਰੀਮ ਮੰਗਦੇ ਤਾਂ ਮਿਲਦੀ। ਕੋਈ ਮਹਿਮਾਨ ਆਉਂਦਾ ਤਾਂ ਹਲਦੀ ਰਾਮ ਦਾ ਭੁਜੀਆ, ਬ੍ਰਟਾਨੀਆ ਦੇ ਬਿਸਕੁਟ ਬਬੀਆ ਟਰੇਅ ਵਿੱਚ ਰੱਖਦੀ ਅਤੇ ਕਹਿੰਦੀ,”ਭਾਈ ਸਾਹਿਬ ਥੋੜ੍ਹਾ ਜਿਹਾ ਤਾਂ ਲਉ। ਸੋਫ਼ਾ, ਟੀ.ਵੀ., ਵੀ.ਸੀ.ਆਰ., ਡਬਲ ਬੈੱਡ, ਫਰਿੱਜ ਆਦਿ ਖਰੀਦ ਲਿਆ ਗਿਆ ਸੀ। ਰਾਮ ਨਿਵਾਸ ਪਾਲਿਕਾ ਬਜ਼ਾਰ ਵਿੱਚੋਂ ਇੱਕ ਵਿਦੇਸ਼ੀ ਸੀ.ਡੀ. ਪਲੇਅਰ ਵੀ ਖਰੀਦ ਲਿਆਇਆ ਸੀ ਅਤੇ ਕਹਿੰਦਾ ਸੀ ਕਿ ਛੇਤੀ ਹੀ ਬੱਚਿਆਂ ਲਈ ਕੰਪਿਊਟਰ ਖਰੀਦ ਕੇ ਲਿਆਵੇਗਾ। ਉਹ ਦੱਸਦਾ ਸੀ ਕਿ ਲੋਕ ਕਹਿੰਦੇ ਹਨ ਕਿ ਅੱਜ ਦੇ ਜ਼ਮਾਨੇ ਵਿੱਚ ਕੰਪਿਊਟਰ ਸਿੱਖੇ ਬਿਨਾਂ ਕੋਈ ਤਰੱਕੀ ਨਹੀਂ ਕਰ ਸਕਦਾ। ਆਪਣੇ ਬੱਚਿਆਂ ਰੋਹਨ ਅਤੇ ਉਰਮਿਲਾ ਦੇ ਲਈ ਉਹ ਕੰਪਿਊਟਰ ਕੋਰਸ ਦੇ ਬਾਰੇ ਵਿੱਚ ਪਤਾ ਕਰਦਾ ਰਹਿੰਦਾ। ਉਹ ਪਲਾਨ ਬਣਾਉਂਦਾ ਕਿ ਦੋਵਾਂ ਨੂੰ ਉਹ ਅਮਰੀਕਾ ਭੇਜੇਗਾ, ਜਿੱਥੇ ਉਹ ਕਿਸੇ ਕੰਪਨੀ ਵਿੱਚ ਕੰਮ ਕਰਨਗੇ ਅਤੇ ਹਰ ਮਹੀਨੇ ਕਈ ਲੱਖ ਤਨਖ਼ਾਹ ਲੈਣਗੇ।
ਰਾਮ ਨਿਵਾਸ ਦੇ ਨਾਤੇ ਰਿਸ਼ਤੇਦਾਰ, ਜੋ ਕਦੇ ਉਸ ਕੋਲ ਫ਼ਟਕਦੇ ਨਹੀਂ ਸਨ, ਹੁਣ ਉਹ ਅਕਸਰ ਪਰਿਵਾਰ ਸਮੇਤ ਉਸ ਕੋਲ ਆਉਂਦੇ। ਉਨ੍ਹਾਂ ਨੂੰ ਪਹਿਲਾਂ ਘੁੰਨੇ ਅਤੇ ਫ਼ਟੀਚਰ ਰਾਮ ਨਿਵਾਸ ਵਿੱਚ ਹੁਣ ਸੰਸਾਰ ਦੇ ਸਾਰੇ ਸਦਗੁਣ ਦਿਖਾਈ ਦਿੰਦੇ, ਜਿਨ੍ਹਾਂ ਦੀ ਚਰਚਾ ਉਹ ਅਕਸਰ ਬਬੀਆ ਅਤੇ ਖੁਦ ਉਸਦੇ ਸਾਹਮਣੇ ਕਰਦੇ। ਜਾਤ-ਬਿਰਾਦਰੀ ਵਿੱਚ ਰਾਮ ਨਿਵਾਸ ਦੀ ਪੁੱਛ ਪੜਤਾਲ ਵਧ ਗਈ ਸੀ। ਵਿਆਹ-ਸ਼ਾਦੀ ਦੇ ਮਾਮਲੇ ਵਿੱਚ ਉਸਦੀ ਸਲਾਹ ਲਈ ਜਾਂਦੀ। ਉਸ ਕੋਲ ਚਿੱਠੀਆਂ ਅਤੇ ਸ਼ਾਦੀ-ਵਿਆਹ ਲਈ ਸੱਦੇ ਆਉਂਦੇ। ਉਹ ਕਿਤੇ ਜਾਂਦਾ, ਕਿਤੇ ਨਾ ਜਾਂਦਾ। ਜਿੱਥੇ ਜਾਂਦਾ, ਉਸਦਾ ਬਹੁਤ ਸਤਿਕਾਰ ਹੁੰਦਾ।
”ਸਭ ਆਪਣੇ ਹਨ ਭਾਈ, ਮੈਂ ਸਭ ਨੂੰ ਮੁਆਫ਼ ਕੀਤਾ।’’ ਉਹ ਅਕਸਰ ਕਹਿੰਦਾ ਅਤੇ ਲੋਕਾਂ ਦੀ ਮਦਦ ਕਰਦਾ। ਮੁਹਾਵਰੇ ਵਿੱਚ ਸੰਖੇਪ ਕਰਕੇ ਕਹੀਏ ਤਾਂ ਇਹ ਕਿ ਹੁਣ ਰਾਮ ਨਿਵਾਸ ਦੇ ਦਿਨ ਫਿਰ ਗਏ ਸਨ।
ਪਰ ਰਾਮ ਨਿਵਾਸ ਰੋਜ਼ ਸ਼ਰਾਬ ਪੀਣ ਲੱਗ ਪਿਆ ਸੀ। ਸੁਸ਼ਮਾ ਦੇ ਨਾਲ ਉਸਦਾ ਮਿਲਣਾ-ਜੁਲਣਾ ਰੋਜ਼ ਦਾ ਕੰਮ ਹੋ ਗਿਆ ਸੀ। ਬਬੀਆ ਨੂੰ ਉਨ੍ਹਾਂ ਦੇ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ, ਪ੍ਰੰਤੂ ਚੁੱਪ ਸੀ। ਉਹ ਰਾਮ ਨਿਵਾਸ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸਨੂੰ ਪਤਾ ਸੀ ਕਿ ਭਾਵੇਂ ਕੁਝ ਵੀ ਹੋਵੇ, ਉਹ ਉਸਨੂੰ ਅਤੇ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਵੇਗਾ, ਇਸ ਲਈ ਉਹ ਨਿਸ਼ਚਿੰਤ ਸੀ।
ਕਈ ਵਾਰ ਰਾਮ ਨਿਵਾਸ ਅੱਧੀ ਰਾਤ ਪਿੱਛੋਂ ਘਰ ਮੁੜਦਾ। ਕਈ ਵਾਰ ਦੋ ਤਿੰਨ ਦਿਨ ਗਾਇਬ ਰਹਿੰਦਾ। ਇਹਨੀਂ ਦਿਨੀਂ ਸੁਸ਼ਮਾ ਵੀ ਆਪਣੇ ਘਰੋਂ ਬਾਹਰ ਹੁੰਦੀ ਪਰ ਬਬੀਆ ਨੂੰ ਇਸ ਨਾਲ ਕੋਈ ਫ਼ਰਕ ਨਾ ਪੈਂਦਾ। ਮੁਹੱਲੇ ਵਿੱਚ ਰਾਮ ਨਿਵਾਸ ਦਾ ਸਨਮਾਨ ਅਤੇ ਰੁਤਬਾ ਵਧ ਗਿਆ ਸੀ। ਉਹ ਹੁਣ ਸਿੱਧਾ ਸੁਸ਼ਮਾ ਦੇ ਘਰ ਜਾਂਦਾ ਅਤੇ ਉਸਦੀ ਅੰਮਾਂ ਬਿਲਾਡੀ ਬਾਈ, ਜਿਹੜੀ ਘਰਾਂ ਵਿੱਚ ਝਾੜੂ ਪੋਚਾ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ, ਦੇ ਸਾਹਮਣੇ ਉਸਨੂੰ ਫ਼ਿਲਮ ਦੇਖਣ ਲਈ ਚੱਲਣ ਲਈ ਕਹਿੰਦਾ।
ਸੁਸ਼ਮਾ ਦੇ ਕੋਲ ਕਈ ਜੋੜੇ ਸਲਵਾਰ-ਸੂਟ, ਸੈਂਡਲ ਅਤੇ ਗਹਿਣੇ ਹੋ ਗਏ ਸਨ। ਪਹਿਲਾਂ ਉਹ ਰਾਮ ਨਿਵਾਸ ਨਾਲ ਬਰਾਬਰੀ ਦੀ ਲੜਾਈ ਕਰ ਲੈਂਦੀ ਸੀ ਪਰ ਹੁਣ ਉਹ ਉਸਦੀਆਂ ਕਈ ਗੱਲਾਂ ਚੁੱਪਚਾਪ ਜਰ ਲੈਂਦੀ। ਉਸਨੂੰ ਡਰ ਲੱਗਦਾ ਕਿ ਕਿਤੇ ਰਾਮ ਨਿਵਾਸ ਉਸ ਨਾਲ ਨਰਾਜ਼ ਨਾ ਹੋ ਜਾਵੇ। ਸੁਸ਼ਮਾ ਦੀ ਅੰਮਾਂ ਕਈ ਵਾਰ ਉਸਨੂੰ ਕਹਿੰਦੀ,”ਅਜਿਹਾ ਕਦ ਤੱਕ ਚੱਲੇਗਾ? ਤੂੰ ਇਸ ’ਤੇ ਆਪਣਾ ਹੱਕ ਜਮ੍ਹਾ ਲੈ। ਲੋਕ ਗੱਲਾਂ ਕਰਨ ਲੱਗ ਪਏ ਹਨ।’’ ਪ੍ਰੰਤੂ ਸੁਸ਼ਮਾ ਕਹਿੰਦੀ,”ਅੰਮਾਂ ਕਿਸੇ ਦੂਜੀ ਔਰਤ ਦਾ ਘਰ ਮੇਰੇ ਕੋਲੋਂ ਉਜਾੜਿਆ ਨਹੀਂ ਜਾਵੇਗਾ। ਉਹ ਵੀ ਬਾਲ ਬੱਚਿਆਂ ਵਾਲਾ। ਇੰਝ ਹੀ ਚੱਲਣ ਦੇ, ਜਦ ਤੱਕ ਚੱਲਦਾ ਹੈ।’’ ਪ੍ਰੰਤੂ ਉਸਨੂੰ ਅੰਦਰੋਂ ਅੰਦਰ ਕਿਤੇ ਵਿਸ਼ਵਾਸ ਸੀ ਕਿ ਅਜਿਹਾ ਸਦਾ ਚਲਦਾ ਰਹੇਗਾ। ਜਦ ਤੱਕ ਉਹ ਅਤੇ ਰਾਮ ਨਿਵਾਸ ਦੋਵੇਂ ਜਿਊਂਦੇ ਰਹਿਣਗੇ।
ਜੇ ਲੋਕ ਰਾਮ ਨਿਵਾਸ ਨੂੰ ਪੁੱਛਦੇ ਕਿ ਉਸ ਕੋਲ ਇੰਨਾ ਪੈਸਾ ਕਿੱਥੋਂ ਆਇਆ ਹੈ ਤਾਂ ਉਹ ਕਹਿੰਦਾ ਕਿ ਉਸਨੇ ਸਾਕੇਤ ਵਿੱਚ ਪੰਜ ਲੱਖ ਦੀ ਕਮੇਟੀ ਪਾਈ ਹੋਈ ਹੈ ਜਾਂ ਉਹ ਅੱਜ-ਕੱਲ੍ਹ ਸੱਟੇ ਬਜ਼ਾਰੀ ਦੀ ਕਮਾਈ ਕਰ ਰਿਹਾ ਹੈ। ਕਿਸੇ ਨੂੰ ਉਹ ਕਹਿੰਦਾ ਕਿ ਉਸਦੀ ਲਾਟਰੀ ਨਿਕਲ ਆਈ ਹੈ। ਕਿਸੇ-ਕਿਸੇ ਨੂੰ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਮਸਜਿਦ ਮੱਠ ਦੇ ਕੋਲ ਉਸਨੂੰ ਇੱਕ ਅਜਿਹੇ ਸਾਧੂ ਮਹਾਰਾਜ ਮਿਲੇ ਸਨ, ਜਿਨ੍ਹਾਂ ਨੇ ਇੱਕ ਅਜਿਹਾ ਮੰਤਰ ਉਸਦੇ ਕੰਨ ਵਿੱਚ ਫੂਕਿਆ ਸੀ ਕਿ ਸੱਟੇ ਦਾ ਖੁੱਲ੍ਹਣ ਵਾਲਾ ਨੰਬਰ ਅੱਖਾਂ ਬੰਦ ਕਰਨ ’ਤੇ ਉਸਨੂੰ ਸਾਫ਼-ਸਾਫ਼ ਦਿੱਸਦਾ ਹੈ। ਰਾਮ ਨਿਵਾਸ ਕੋਲੋਂ ਕਈ ਲੋਕਾਂ ਨੇ ਉਹ ਮੰਤਰ ਆਪਣੇ ਆਪਣੇ ਕੰਨ ਵਿੱਚ ਫੁਕਵਾਇਆ ਪ੍ਰੰਤੂ ਕਿਸੇ ਨੂੰ ਅੱਖਾਂ ਬੰਦ ਕਰਨ ’ਤੇ ਉਹ ਨੰਬਰ ਨਹੀਂ ਦਿੱਸਿਆ। ਰਾਮ ਨਿਵਾਸ ਕਹਿੰਦਾ ਤੁਹਾਡਾ ਦਿਲ ਸਾਫ਼ ਨਹੀਂ ਹੈ। ਇਸ ਲਈ ਤੁਹਾਨੂੰ ਨੰਬਰ ਨਹੀਂ ਦਿੱਸਦਾ। ਕਿਸੇ ਦੀ ਰੀਸ ਨਾ ਕਰੋ, ਨਾ ਕਿਸੇ ਦੀ ਚੁਗਲੀ ਕਰੋ, ਕਿਸੇ ਦਾ ਨੁਕਸਾਨ ਨਾ ਕਰੋ, ਸੱਟੇ ਅਤੇ ਲਾਟਰੀ ਦਾ ਨੰਬਰ ਆਪਣੇ ਆਪ ਤੁਹਾਡੇ ਦਿਮਾਗ ਦੇ ਪਰਦੇ ’ਤੇ ਨੱਚੇਗਾ।
ਜਦ ਵੀ ਉਸਦਾ ਦਿਲ ਕਰਦਾ ਉਹ ਕੋਠੀ ਦੀ ਕੰਧ ਵਿੱਚੋਂ ਨੋਟਾਂ ਦੀਆਂ ਗੱਠੀਆਂ ਆਪਣੇ ਝੋਲੇ ਵਿੱਚ ਭਰ ਲਿਆਉਂਦਾ। ਹੈਰਾਨੀ ਦੀ ਗੱਲ ਸੀ ਕਿ ਇੰਨੇ ਦਿਨ ਹੋ ਗਏ ਸਨ, ਅਜੇ ਤੱਕ ਨਾ ਤਾਂ ਉਸਨੂੰ ਕਿਸੇ ਨੇ ਟੋਕਿਆ ਜਾਂ ਫ਼ੜਿਆ ਸੀ ਨਾ ਉਸ ਖੋਲ ਵਿੱਚੋਂ ਗੱਠੀਆਂ ਨੂੰ ਇੱਧਰ-ਉਧਰ ਕੀਤਾ ਸੀ। ਇੰਨੇ ਦਿਨ ਬੇਰੋਕ-ਟੋਕ ਇਨ੍ਹਾਂ ਰੁਪਿਆਂ ਦੀ ਵਰਤੋਂ ਕਰਦੇ ਰਹਿਣ ਨਾਲ ਰਾਮ ਨਿਵਾਸ ਹੁਣ ਬੇਫ਼ਿਕਰ ਹੋ ਗਿਆ ਸੀ। ਉਸਦੀ ਹਿੰਮਤ ਵਧ ਗਈ ਸੀ। ਫ਼ਿਰ ਵੀ ਕਦੇ-ਕਦੇ ਉਸ ਨੂੰ ਸ਼ੱਕ ਸਤਾਉਂਦਾ ਕਿ ਕਿਤੇ ਇੰਝ ਨਾ ਹੋਵੇ ਕਿ ਕਿਸੇ ਦਿਨ ਇਨ੍ਹਾਂ ਰੁਪਈਆਂ ਦਾ ਅਸਲੀ ਮਾਲਕ ਆ ਜਾਵੇ ਅਤੇ ਉੱਥੋਂ ਆਪਣੀ ਲੁਕੀ ਹੋਈ ਦੌਲਤ ਲੈ ਜਾਵੇ, ਇਸ ਲਈ ਉਸਨੇ ਸਮਝਦਾਰੀ ਅਤੇ ਦੂਰ-ਅੰਦੇਸੀ ਨਾਲ ਦੋ ਕੰਮ ਕੀਤੇ। ਇੱਕ ਤਾਂ ਉਸਨੇ ਲੋਨੀ ਬਾਰਡਰ ਵਿੱਚ ਪੰਜ ਸੌ ਗਜ਼ ਦਾ ਇੱਕ ਪਲਾਟ ਆਪਣੀ ਪਤਨੀ ਬਬੀਆ ਪਸੀਆ ਦੇ ਨਾਂ ਖਰੀਦਿਆ ਅਤੇ ਦੂਜਾ ਉਸਨੇ ਤਿੰਨ ਚਾਰ ਲੱਖ ਰੁਪਏ ਦੇ ਫ਼ਿਕਸਡ ਡਿਪਾਜ਼ਿਟ ਤਿੰਨ-ਚਾਰ ਬੈਂਕਾਂ ਵਿੱਚ ਅੱਡ-ਅੱਡ ਨਾਂ ’ਤੇ ਜਮ੍ਹਾਂ ਕਰਵਾ ਦਿੱਤੇ। ਇਸ ਵਿੱਚ ਪੰਜਾਹ ਹਜ਼ਾਰ ਦਾ ਇੱਕ ਫ਼ਿਕਸ ਡਿਪਾਜ਼ਿਟ ਸੁਸ਼ਮਾ ਦੇ ਨਾਂ ਵੀ ਸੀ, ਜਿਸ ਨੇ ਹੁਣ ਰਾਮ ਨਿਵਾਸ ਦੇ ਨਾਲ ਇਸੇ ਤਰ੍ਹਾਂ ਹਮੇਸ਼ਾ ਰਹਿਣ ਦਾ ਮਨ ਬਣਾ ਲਿਆ ਸੀ।
ਤਾਜ ਮਹਿਲ ਵਿੱਚ ਪਿਆਰ,
ਏ.ਸੀ. ਰੂਮ, ਬਾਜ਼ ਦੀਆਂ ਅੱਖਾਂ ਅਤੇ ਪੁਲਿਸ
ਇਹ ਘਟਨਾ ਸੱਤ-ਅੱਠ ਮਹੀਨੇ ਪਹਿਲਾਂ ਦੀ ਹੈ।
ਰਾਮ ਨਿਵਾਸ ਨੇ ਸੁਸ਼ਮਾ ਦੇ ਨਾਲ ਆਗਰੇ ਅਤੇ ਜੈਪੁਰ ਘੁੰਮਣ ਅਤੇ ਤਾਜ ਮਹਿਲ ਦੇ ਸਾਹਮਣੇ ਫ਼ੋਟੋ ਖਿਚਵਾਉਣ ਦਾ ਪ੍ਰੋਗਰਾਮ ਬਣਾਇਆ। ਦੋ-ਤਿੰਨ ਦਿਨ ਉਹ ਮੌਜ-ਮਸਤੀ ਕਰਨਾ ਚਾਹੁੰਦਾ ਸੀ। ਸੁਸ਼ਮਾ ਇਸ ਲਈ ਤੁਰੰਤ ਰਾਜ਼ੀ ਹੋ ਗਈ। ਦੋਵੇਂ ਟਰੇਨ ਰਾਹੀਂ ਆਗਰਾ ਪਹੁੰਚੇ।
ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਉਨ੍ਹਾਂ ਨੂੰ ਇਕ ਟੈਕਸੀ ਵਾਲਾ ਮਿਲ ਗਿਆ। ਉਸਨੂੰ ਰਾਮ ਨਿਵਾਸ ਨੇ ਕਿਸੇ ਹੋਟਲ ਵਿੱਚ ਚੱਲਣ ਲਈ ਕਿਹਾ। ”ਕਿਹੋ ਜਿਹਾ ਹੋਟਲ ਚੱਲੇਗਾ?’’ ਇਹ ਪੁੱਛਦਿਆਂ ਹੋਇਆਂ ਉਸ ਟੈਕਸੀ ਵਾਲੇ ਨੇ ਜਿਸ ਨਜ਼ਰ ਨਾਲ ਰਾਮ ਨਿਵਾਸ ਨੂੰ ਘੂਰਿਆ, ਉਸ ਨਾਲ ਰਾਮ ਨਿਵਾਸ ਨੂੰ ਲੱਗਾ ਕਿ ਉਹ ਉਸਨੂੰ ਕੋਈ ਭਿਖਾਰੀ ਜਾਂ ਮਾਮੂਲੀ ਆਦਮੀ ਸਮਝ ਰਿਹਾ ਹੈ। ”ਕੋਈ ਵੀ ਚੰਗਾ ਜਿਹਾ, ਟਾਪ ਦਾ ਹੋਟਲ। ਕਿਸੇ ਗਲੇ ਸੜੇ, ਸੜਕ ਛਾਪ ਵਿੱਚ ਨਾ ਲੈ ਜਾਈਂ।’’ ਰਾਮ ਨਿਵਾਸ ਨੇ ਕਰੜੀ ਅਤੇ ਰੋਹਬਦਾਰ ਅਵਾਜ਼ ਵਿੱਚ ਕਿਹਾ। ਟੈਕਸੀ ਵਾਲੇ ਨੇ, ਜੋ ਦੇਖਣ ਵਿੱਚ ਚਾਲੀ-ਪੰਨਤਾਲੀ ਸਾਲ ਦਾ ਕੋਈ ਖਰਾਂਟ ਲੱਗ ਰਿਹਾ ਸੀ, ਜਿਸ ਦੀਆਂ ਅੱਖਾਂ ਭੂਰੀਆਂ ਸਨ ਅਤੇ ਇਨ੍ਹਾਂ ਵਿੱਚ ਕਿਸੇ ਸ਼ਿਕਾਰੀ ਬਾਜ਼ ਦੀਆਂ ਅੱਖਾਂ ਦੀ ਚਮਕ ਸੀ, ਉਸ ਵੱਲ ਮੁਸਕਰਾਂਦਿਆਂ ਹੋਇਆਂ ਵਿਅੰਗ ਨਾਲ ਦੇਖਿਆ ਅਤੇ ਕਿਹਾ,”ਥ੍ਰੀ ਸਟਾਰ ਚੱਲੇਗਾ? ਕੋਲ ਹੀ ਹੈ।’’ ਉਸਨੇ ਸੋਚਿਆ ਹੋਵੇਗਾ ਕਿ ਥ੍ਰੀ ਸਟਾਰ ਦਾ ਨਾਂ ਸੁਣਦਿਆਂ ਹੀ ਰਾਮ ਨਿਵਾਸ ਦੀ ਗਰਮੀ ਉੱਤਰ ਜਾਵੇਗੀ ਪ੍ਰੰਤੂ ਜਦ ਰਾਮ ਨਿਵਾਸ ਨੇ ਉਸਨੂੰ ਠੰਡੀ ਅਵਾਜ਼ ਵਿੱਚ ਕਿਹਾ,”ਲੈ ਚੱਲ ਮੇਰੇ ਵੀਰ, ਜਿੱਥੇ ਤੇਰਾ ਜੀ ਕਰੇ। ਥ੍ਰੀ ਸਟਾਰ, ਫ਼ਾਈਵ ਸਟਾਰ…, ਸਿਕਸ ਸਟਾਰ। ਪਰ ਛੇਤੀ ਕਰ। ਮੈਂ ਹੁਣੇ ਤੁਰੰਤ ਗਰਮ ਪਾਣੀ ਨਾਲ ਨਹਾਉਣਾ ਹੈ ਅਤੇ ਫ਼ਿਰ ਉਸ ਤੋਂ ਬਾਅਦ ਬਟਰ ਚਿਕਨ ਖਾਣਾ ਹੈ ਡਬਲ ਪਲੇਟ।’’ ਤਾਂ ਟੈਕਸੀ ਵਾਲੇ ਖਰਾਂਟ ਨੇ ਉਸਨੂੰ ਘੋਖਦੀਆਂ ਅੱਖਾਂ ਨਾਲ ਦੇਖਿਆ। ਉਸਤੋਂ ਬਾਅਦ ਉਨੀ ਹੀ ਚੀਰਦੀ ਹੋਈ ਚੀਲ ਵਰਗੀ ਨਜ਼ਰ ਉਸਨੇ ਸੁਸ਼ਮਾ ‘ਤੇ ਸੁੱਟੀ ਅਤੇ ਤਸੱਲੀ ਵਿੱਚ ਥੋੜ੍ਹਾ ਜਿਹਾ ਵਿਅੰਗ ਰਲਾ ਕੇ ਕਿਹਾ,”ਚਲਦਾ ਹਾਂ ਮਾਲਕ! ਤੁਸੀਂ ਗੀਜਰ ਵਿੱਚ ਨਹੀਂ, ਗਰਮ ਪਾਣੀ ਦੇ ਟੱਬ ਵਿੱਚ ਨਹਾਉਣਾ। ਮੈਂ ਤੁਹਾਨੂੰ ਇਹੋ ਜਿਹੇ ਹੋਟਲ ਵਿੱਚ ਪਹੁੰਚਾ ਦਿਆਂਗਾ ਕਿ ਬਟਰ ਚਿਕਨ ਹੀ ਨਹੀਂ ਜੋ ਜੋ ਤੁਸੀਂ ਮੰਗਵਾਓਗੇ, ਸਭ ਮਿਲੇਗਾ।’’ ਉਸਦੀ ਇਸ ਗੱਲ ’ਤੇ ਹੱਸ ਕੇ ਰਾਮ ਨਿਵਾਸ ਨੇ ਕਿਹਾ-”ਹੁਣ ਆ ਗਿਆ ਨਾ ਲਾਈਨ ’ਤੇ। ਹੁਣ ਤੁਰ। ਛੇਤੀ ਗੱਡੀ ਹੱਕ।’’
ਰਾਹ ਵਿੱਚ ਟੈਕਸੀ ਵਾਲੇ ਨੇ ਫ਼ਿਰ ਪੁੱਛਿਆ,”ਕਿੱਥੋਂ ਆਏ ਹੋ ਸਾਹਿਬ ਜੀ?’’
”ਦਿੱਲੀ ਵਾਸੀ ਹਾਂ ਅਸੀਂ। ਤੂੰ ਸਾਨੂੰ ਯੂ.ਪੀ. ਦਾ ਸਮਝ ਰਿਹਾ ਸੀ ਜਾਂ ਐਮ.ਪੀ. ਸੈਮ.ਪੀ. ਦਾ? ਰਾਮ ਨਿਵਾਸ ਨੇ ਤੜੀ ਮਾਰੀ ਅਤੇ ਜੇਤੂ ਵਾਂਗੂ ਸੁਸ਼ਮਾ ਵੱਲ ਦੇਖ ਕੇ ਮੁਸਕਰਾਇਆ। ”ਅਤੇ ਆਗਰੇ ਤਾਂ ਅਸੀਂ ਆਉਂਦੇ ਹੀ ਰਹਿੰਦੇ ਹਾਂ। ਦਫ਼ਤਰ ਦੀ ਗੱਡੀ ਵਿੱਚ। ਮਹੀਨੇ ਪੰਦਰਾਂ ਦਿਨਾਂ ਵਿੱਚ।’’ ਰਾਮ ਨਿਵਾਸ ਡਰਿਆ ਕਿ ਜੇ ਹੁਣ ਖਰਾਂਟ ਨੇ ਉਸਦੀ ਪੋਸਟ ਦੇ ਬਾਰੇ ਵਿੱਚ ਪੁੱਛਿਆ ਤਾਂ ਉਹ ਕੀ ਦੱਸੇਗਾ? ਚੌਥਾ ਦਰਜਾ, ਸਵੱਛਤਾ ਕਰਮੀ? ਝਾੜੂ ਲਾਉਣ ਵਾਲਾ ਜਮਾਂਦਾਰ? ਸਫ਼ਾਈ ਕਰਮਚਾਰੀ? ਪ੍ਰੰਤੂ ਖਰਾਂਟ ਨੇ ਅੱਗੇ ਕੁਝ ਨਾ ਪੁੱਛਿਆ।
ਜਦ ਹੋਟਲ ਆ ਗਿਆ ਅਤੇ ਰਾਮ ਨਿਵਾਸ ਟੈਕਸੀ ਦੀ ਡਿੱਗੀ ਵਿੱਚੋਂ ਸਾਮਾਨ ਕਢਵਾ ਰਿਹਾ ਸੀ ਤਾਂ ਟੈਕਸੀ ਵਾਲੇ ਨੇ ਕਿਹਾ,”ਤੁਸੀਂ ਪਹਿਲਾਂ ਜਾ ਕੇ ਪਤਾ ਕਰ ਲਓ ਕਿ ਰੂਮ ਖਾਲੀ ਹੈ ਜਾਂ ਨਹੀਂ। ਨਹੀਂ ਤਾਂ ਫਿਰ ਅਗਲਾ ਹੋਟਲ ਦੇਖਾਂਗੇ।’’
ਰਾਮ ਨਿਵਾਸ ਸੁਸ਼ਮਾ ਨੂੰ ਟੈਕਸੀ ਵਿੱਚ ਹੀ ਛੱਡ ਕੇ ਅੰਦਰ ਗਿਆ ਅਤੇ ਕਾਊਂਟਰ ’ਤੇ ਜਦ ਕਮਰੇ ਦਾ ਰੇਟ ਪੁੱਛਿਆ ਤਾਂ ਇੱਕ ਵਾਰ ਉਸਦੇ ਮਨ ਵਿੱਚ ਆਇਆ ਕਿ ਕੋਈ ਦੂਜਾ ਸਸਤਾ ਜਿਹਾ ਹੋਟਲ ਦੇਖ ਲਏ ਪ੍ਰੰਤੂ ਫ਼ਿਰ ਉਸਨੇ ਇਰਾਦਾ ਬਦਲ ਦਿੱਤਾ। ਪੰਦਰਾਂ ਸੌ ਰੋਜ਼ਾਨਾ ਕਿਰਾਏ ਵਾਲਾ ਏ.ਸੀ., ਡਬਲ ਬੈੱਡ ਉਸਨੇ ਬੁੱਕ ਕਰਵਾ ਲਿਆ। ਕਾਊਂਟਰ ’ਤੇ ਬੈਠੇ ਆਦਮੀ ਨੇ ਉਸਨੂੰ ਰੂਮ ਦੇਖਣ ਲਈ ਉੱਪਰ ਭੇਜ ਦਿੱਤਾ ਅਤੇ ਹੋਟਲ ਦੇ ਇੱਕ ਮੁੰਡੇ ਨੂੰ ਟੈਕਸੀ ਵਿੱਚੋਂ ਸਾਮਾਨ ਲਿਆਉਣ ਲਈ ਰਵਾਨਾ ਕਰ ਦਿੱਤਾ।
ਸਾਮਾਨ ਦੇ ਨਾਲ ਸੁਸ਼ਮਾ ਜਦ ਆਈ ਤਾਂ ਉਹ ਥੋੜ੍ਹੀ ਘਬਰਾਈ ਹੋਈ ਲੱਗ ਰਹੀ ਹੈ। ”ਕਿਹੋ ਜਿਹੇ ਥਾਂ ’ਤੇ ਲੈ ਆਇਐ ਤੂੰ? ਹਰ ਚੀਜ਼ ਕੱਚ ਵਾਂਗੂ ਲਿਸ਼ਲਿਸ਼ ਚਮਕਦੀ ਹੈ। ਲੱਗਦਾ ਹੈ ਕਿਸੇ ਚੀਜ਼ ਨੂੰ ਹੱਥ ਲਾ ਦਿੱਤਾ ਤਾਂ ਗੰਦੀ ਹੋ ਜਾਵੇਗੀ। ਇਹ ਸਾਮਾਨ ਲੈ ਕੇ ਆਉਣ ਵਾਲਾ ਮੁੰਡਾ ਵੀ ਮੈਨੂੰ ਠੀਕ ਨਹੀਂ ਸੀ ਲੱਗ ਰਿਹਾ’’ ਸੁਸ਼ਮਾ ਨੇ ਉਸਨੂੰ ਹੌਲੀ ਜਿਹੀ ਕਿਹਾ।
ਹੋਟਲ ਵਾਲਾ ਮੁੰਡਾ ਜਦੋਂ ਸਾਮਾਨ ਰੱਖ ਕੇ ਪਾਣੀ ਦਾ ਜੱਗ ਚੁੱਕ ਕੇ ਚਲਾ ਗਿਆ ਤਾਂ ਰਾਮ ਨਿਵਾਸ ਨੇ ਸੁਸ਼ਮਾ ਨੂੰ ਕਿਹਾ,”ਮਸਤ ਰਹਿ ਅਤੇ ਫ਼ਿਕਰ ਨਾ ਕਰ। ਜਦ ਤੱਕ ਡੱਬ ਵਿੱਚ ਮਾਲ ਹੈ ਤਦ ਤਕ ਡਰਨ ਦੀ ਕੋਈ ਲੋੜ ਨਹੀਂ ਹੈ। ਉਸਤੋਂ ਬਾਅਦ ਉਸਨੇ ਪਿਆਰ ਨਾਲ ਕਿਹਾ,”ਆ ਜਾ, ਇੱਕ ਪੱਪੀ ਦੇ ਦੇ ਅਤੇ ਝੋਲੇ ਵਿੱਚੋਂ ਬੋਤਲ ਕੱਢ।’’
ਰਾਤ ਨੂੰ ਸਾਢੇ ਦਸ ਵੱਜੇ ਹੋਣਗੇ, ਜਦ ਕਿਸੇ ਨੇ ਘੰਟੀ ਵਜਾਈ ਉਸਤੋਂ ਪਹਿਲਾਂ ਦਿਨ ਵਿੱਚ ਰਾਮ ਨਿਵਾਸ ਸੁਸ਼ਮਾ ਦੇ ਨਾਲ ਤਾਜ ਮਹਿਲ ਦੇਖ ਆਇਆ ਸੀ, ਉੱਥੇ ਅੱਡ-ਅੱਡ ਪੋਜ਼ਾਂ ਵਿੱਚ ਉਸਦੇ ਨਾਲ ਫ਼ੋਟੋਆਂ ਵੀ ਖਿਚਵਾਈਆਂ ਸਨ ਅਤੇ ਰਾਹ ਵਿੱਚ ਅੰਟ ਸ਼ੰਟ ਖਰੀਦਦਾਰੀ ਵੀ ਕੀਤੀ ਸੀ। ਸੁਸ਼ਮਾ ਦੇ ਲਈ ਹੋਰ ਚੀਜ਼ਾਂ ਤੋਂ ਬਿਨਾਂ ਉਸਨੇ ਫ਼ਿਰੋਜ਼ਾਬਾਦੀ ਚੂੜੀਆਂ ਦੇ ਸੈਟ ਵੀ ਲਏ ਸਨ, ਜਿਸ ਨਾਲ ਉਹ ਬਹੁਤ ਖੁਸ਼ ਸੀ।
ਇੰਨੀ ਰਾਤ ਲੰਘੇ ਕੌਣ ਆ ਮਰਿਆ। ਰਾਮ ਨਿਵਾਸ ਸੋਚ ਰਿਹਾ ਸੀ। ਉਸਨੇ ਰੂਮ ਦਾ ਦਰਵਾਜ਼ਾ ਖੋਲਿ੍ਹਆ ਤਾਂ ਦੋ ਪੁਲਿਸ ਵਾਲੇ ਉੱਥੇ ਖੜ੍ਹੇ ਸਨ। ਉਨ੍ਹਾਂ ਵਿੱਚੋਂ ਇੱਕ ਇੰਸਪੈਕਟਰ ਸੀ ਦੂਜਾ ਸਿਪਾਹੀ।
”ਕੁੜੀ ਨਾਲ ਹੈ?’’ ਇੰਸਪੈਕਟਰ ਨੇ ਡਾਂਟਦੀ ਹੋਈ ਅਵਾਜ਼ ਵਿੱਚ ਰਾਮ ਨਿਵਾਸ ਨੂੰ ਪੁੱਛਿਆ।
”ਹਾਂ’’ ਰਾਮ ਨਿਵਾਸ ਨੇ ਕਿਹਾ। ਇੰਸਪੈਕਟਰ ਅਤੇ ਸਿਪਾਹੀ ਰੂਮ ਦੇ ਅੰਦਰ ਆ ਗਏ। ਇੰਸਪੈਕਟਰ ਦੀ ਵਰਦੀ ਤੇ ਛਾਤੀ ਦੀ ਪਾਕਿਟ ਦੇ ਠੀਕ ਉੱਪਰ ਵੀ.ਐਨ. ਭਾਰਦਵਾਜ ਦੀ ਪੱਟੀ ਲੱਗੀ ਸੀ। ਉਹ ਜਿਸ ਬੇਸ਼ਰਮੀ ਨਾਲ ਸੁਸ਼ਮਾ ਨੂੰ ਘੂਰ ਰਿਹਾ ਸੀ, ਉਸ ਨਾਲ ਰਾਮ ਨਿਵਾਸ ਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ, ਪ੍ਰੰਤੂ ਉਸਦੇ ਅੰਦਰ ਡਰ ਵੀ ਸੀ। ਸੁਸ਼ਮਾ ਨੇ ਗੁਲਾਬੀ ਰੰਗ ਦੀ ਨਾਇਟੀ ਪਾਈ ਹੋਈ ਸੀ, ਜੋ ਨਾਈਲੋਨ ਸੀ, ਜਿਸ ਦੇ ਅੰਦਰੋਂ ਕਮਲਾ ਨਗਰ ਤੋਂ ਖਰੀਦੀ ਗਈ ਕਾਲੇ ਰੰਗ ਦੀ ਬ੍ਰੇਸਰੀ ਸਾਫ਼ ਝਲਕ ਰਹੀ ਸੀ। ਸੁਸ਼ਮਾ ਦਾ ਰੰਗ ਵੀ ਗੋਰਾ ਹੀ ਕਿਹਾ ਜਾ ਸਕਦਾ ਸੀ।
”ਤੇਰੀ ਘਰਵਾਲੀ ਤਾਂ ਨਹੀਂ ਲੱਗਦੀ। ਕਿੱਥੋਂ ਚੁੱਕ ਕੇ ਲਿਆਇਐਂ?’’ ਇੰਸਪੈਕਟਰ ਨੇ ਪੁੱਛਿਆ। ਲੱਗਪੱਗ ਚੌਰਸ ਚਿਹਰੇ, ਟਿਮਟਿਮਾਉਂਦੀਆਂ ਤੇਜ਼ ਅੱਖਾਂ ਅਤੇ ਖਿਜ਼ਾਬ ਨਾਲ ਬੇਤਹਾਸ਼ਾ ਰੰਗੇ ਕਾਲੇ ਵਾਲਾਂ ਅਤੇ ਮੋਟੀ ਖੱਲ ਵਾਲਾ ਉਹ ਬੰਦਾ ਪਹਿਲੀ ਨਜ਼ਰੇ ਹੀ ਕੋਈ ਘਾਗ ਚਾਲਬਾਜ਼ ਅਤੇ ਲੰਪਟ ਲੱਗਦਾ ਸੀ।
”ਸਾਡੇ ਗੁਆਂਢ ਵਿੱਚ ਹੀ ਰਹਿੰਦੀ ਹੈ। ਸਾਲੀ ਲੱਗਦੀ ਹੈ ਸਾਬ।’’ ਰਾਮ ਨਿਵਾਸ ਨੇ ਕਿਹਾ। ਉਸ ਕੋਲੋਂ ਝੂਠ ਨਹੀਂ ਸੀ ਬੋਲਿਆ ਜਾ ਰਿਹਾ। ਉਸਦੀ ਅਵਾਜ਼ ਵਿੱਚ ਘਬਰਾਹਟ ਅਤੇ ਸ਼ਰਾਫ਼ਤ ਦੇ ਵਿੱਚੋਂ ਪੈਦਾ ਹੋਣ ਵਾਲੀ ਕਮਜ਼ੋਰੀ ਸੀ।
”ਬੋਤਲ ਵੀ ਹੈ!’’ ਇੰਸਪੈਕਟਰ ਨੇ ਮੇਜ਼ ’ਤੇ ਰੱਖੇ ਡਿਪਲੋਮੇਟ ਦੇ ਅੱਧੇ ਨੂੰ ਘੂਰਿਆ ਫ਼ਿਰ ਚੀਰਦੀ ਹੋਈ ਨਜ਼ਰ ਨਾਲ ਸੁਸ਼ਮਾ ਨੂੰ ਦੇਖਦਿਆਂ ਹੋਇਆ ਕਿਹਾ। ”ਭਜਾ ਕੇ ਲੈ ਜਾ ਰਿਹੈ ਇਸਨੂੰ। ਦੇਖਣ ਨੂੰ ਤਾਂ ਨਾਬਾਲਗ ਲੱਗਦੀ ਹੈ।’’
”ਕੀ ਉਮਰ ਹੈ ਤੇਰੀ?’’ ਉਸਨੇ ਸੁਸ਼ਮਾ ਨੂੰ ਪੁੱਛਿਆ।
”ਸਤਾਰਾਂ ਸਾਲ।’’ ਸੁਸ਼ਮਾ ਡਰ ਗਈ ਸੀ। ਪਤਾ ਨਹੀਂ ਕਿਉਂ ਉਸਨੂੰ ਲੱਗ ਰਿਹਾ ਸੀ ਕਿ ਅੱਜ ਕੋਈ ਅਣਹੋਣੀ ਹੋਣ ਵਾਲੀ ਹੈ, ਜਿਸ ਨਾਲ ਉਹ ਅਤੇ ਰਾਮ ਨਿਵਾਸ ਦੋਵੇਂ ਬਰਬਾਦ ਹੋ ਜਾਣਗੇ।
”ਤੁਸੀਂ ਦੋਵੇਂ ਥਾਣੇ ਚੱਲੋ। ਮੈਡੀਕਲ ਨਾਲ ਸਭ ਪਤਾ ਲੱਗ ਜਾਵੇਗਾ ਕਿ ਕਿੰਨੀ ਮੌਜ ਮਸਤੀ ਕੀਤੀ ਹੈ। ਤਿੰਨ ਸੌ ਪਜੱਤਰ ਛਿਹੱਤਰ ਲੱਗੇਗੀ।’’ ਇੰਸਪੈਕਟਰ ਨੇ ਕਿਹਾ। ਇਸ ਤੋਂ ਪਿੱਛੋਂ ਕੁਰਸੀ ਖਿੱਚ ਕੇ ਬਹਿੰਦਿਆਂ ਹੋਇਆਂ ਉਸਨੇ ਰਾਮ ਨਿਵਾਸ ਵੱਲ ਦੇਖਦਿਆਂ ਹੋਇਆ ਕਿਹਾ,”ਪੈਸੇ ਕਿੱਥੋਂ ਉਡਾਏ? ਥ੍ਰੀ ਸਟਾਰ ਦੇ ਏ.ਸੀ. ਕਮਰੇ ਵਿੱਚ ਰਹਿਣ ਦੀ ਔਕਾਤ ਤਾਂ ਨਹੀਂ ਲੱਗਦੀ ਤੇਰੀ। ਕੀ ਕਿਤੇ ਸੰਨ੍ਹ ਲਾਈ ਹੈ? ਜਾਂ ਕਿਸੇ ਨੂੰ ਚੂਨਾ ਲਾਇਐ?’’
ਰਾਮ ਨਿਵਾਸ ਨੇ ਪੀਤੀ ਹੋਈ ਸੀ। ਉਸਦੀ ਹਿੰਮਤ ਵਧਣੀ ਚਾਹੀਦੀ ਸੀ ਪ੍ਰੰਤੂ ਸੁਸ਼ਮਾ ਨੇ ਆਪਣੀ ਉਮਰ ਦੱਸ ਕੇ ਅਣਜਾਣਪੁਣੇ ਵਿੱਚ ਉਸਨੂੰ ਫ਼ਸਾ ਦਿੱਤਾ ਸੀ। ਹੁਣ ਉਹ ਖੁਦ ਨੂੰ ਪੁਲਿਸ ਦੇ ਜਾਲ ਵਿੱਚ ਉਲਝਿਆ ਹੋਇਆ ਮਹਿਸੂਸ ਕਰ ਰਿਹਾ ਸੀ। ਆਖਰ ਸੋਚ-ਸਮਝ ਕੇ ਉਹ ਮੁਸਕਰਾਇਆ,”ਕੀ ਚੱਲੇਗਾ ਸਾਹਿਬ? ਅੱਧੀਆ ਤਾਂ ਖ਼ਾਲੀ ਹੋ ਗਿਆ?’’
”ਉਹ ਤਾਂ ਹੋਟਲ ਵਿੱਚੋਂ ਆ ਜਾਵੇਗਾ। ਪਰ ਅਜੇ ਤਾਂ ਤੁਸੀਂ ਦੋਵੇਂ ਥਾਣੇ ਚੱਲੋ। ਚਲੋ ਤਿਆਰ ਹੋ ਜਾਓ। ਅਤੇ ਕੀ ਇਹ ਇੰਝ ਹੀ ਜਾਵੇਗੀ? ਆਪਣੀ ਬਾਡਿਸ ਦਿਖਾਉਂਦੀ ਹੋਈ।’’ ਇੰਸਪੈਕਟਰ ਨੇ ਸਪਾਟ ਅਵਾਜ਼ ਵਿੱਚ ਕਿਹਾ।
”ਥਾਣੇ ਦਾ ਕੀ ਹੈ ਸਾਹਿਬ। ਉਹ ਤਾਂ ਜਿੱਥੇ ਤੁਸੀਂ ਹੋ, ਉੱਥੇ ਹੀ ਥਾਣਾ ਹੋਇਆ। ਇੱਥੇ ਹੀ ਨਿਬੇੜ ਲੈਂਦੇ ਹਾਂ।’’ ਹੱਸਦਿਆਂ ਹੋਇਆਂ ਰਾਮ ਨਿਵਾਸ ਨੇ ਕਿਹਾ।
ਉਸਨੂੰ ਆਪਣੇ ਆਪ ’ਤੇ ਹੈਰਾਨੀ ਹੋਈ। ਹੁਣ ਤੱਕ ਉਸਦੇ ਅੰਦਰ ਲੁਕਿਆ ਇਹ ਹੁਨਰ ਕਿੱਥੇ ਸੀ? ਉਸਨੇ ਪਲੰਘ ਦੇ ਕੋਲ ਖੜ੍ਹੇ ਸਿਪਾਹੀ ਵੱਲ ਸਮਰਥਨ ਦੇ ਲਈ ਦੇਖਿਆ। ਉਸਨੂੰ ਪਟਾਉਣ ਦੇ ਅੰਦਾਜ਼ ਵਿੱਚ। ਸਿਪਾਹੀ ਸੁਸ਼ਮਾ ਨੂੰ ਘੂਰਨ ਵਿੱਚ ਲੱਗਾ ਹੋਇਆ ਸੀ। ਰਾਮ ਨਿਵਾਸ ਨਾਲ ਅੱਖ ਮਿਲਣ ’ਤੇ ਉਸਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਅਤੇ ਮੁਸਕਰਾਇਆ,”ਛੋਕਰੇ ਹਨ ਵਿਚਾਰੇ ਭਾਰਦਵਾਜ ਸਾਹਿਬ। ਤਾਜ ਮਹਿਲ ਦੇਖਣ ਆਏ ਹਨ। ਖਾਣ-ਪੀਣ ਦਿਓ। ਅਸੀਂ ਵੀ ਜ਼ਰਾ ਟਾਈਮ ਪਾਸ ਕਰ ਲੈਂਦੇ ਹਾਂ ਇਸਦੇ ਨਾਲ। ਬੋਲ ਭਾਈ, ਤੈਨੂੰ ਕੋਈ ਇਤਰਾਜ਼ ਤਾਂ ਨਹੀਂ।’’
ਰਾਮ ਨਿਵਾਸ ਨੂੰ ਸਿਪਾਹੀ ਦੇ ਇਰਾਦੇ ਠੀਕ ਨਹੀਂ ਲੱਗੇ। ਉਸਨੂੰ ਇਸ ਬਿਨਾਂ ਕਾਰਣ ਦੀ ਮੁਸੀਬਤ ਦੇ ਬਾਵਜੂਦ ਗੁੱਸਾ ਆ ਗਿਆ,”ਦੇਖੋ ਜਿੱਥੋਂ ਤੱਕ ਖਾਣ-ਪੀਣ ਦੀ ਗੱਲ ਹੈ, ਭਾਰਦਵਾਜ ਸਾਹਿਬ ਹੁਕਮ ਕਰਣ, ਜੋ-ਜੋ ਤੁਸੀਂ ਚਾਹੋਗੇ, ਸਭ ਆਰਡਰ ਹੋ ਜਾਵੇਗਾ। ਪ੍ਰੰਤੂ ਇਹ ਸੱਚ-ਮੁੱਚ ਮੇਰੀ ਸਾਲੀ ਹੈ ਸਾਹਿਬ। ਤੁਸੀਂ ਮੇਰਾ ਯਕੀਨ ਕਰੋ। ਕਸਮ ਨਾਲ।’’
ਇੰਸਪੈਕਟਰ ਪਹਿਲੀ ਵਾਰ ਹੱਸਿਆ,”ਕਿਉਂ ਭਾਈ, ਏ.ਸੀ. ਕਮਰੇ ਵਿੱਚ ਆਪਣੀ ਨਾਬਾਲਗ ਸਾਲੀ ਨਾਲ ਦਾਰੂ ਦਾ ਅਧੀਆ ਖਿੱਚ ਕੇ ਭਜਨ ਕਰ ਰਿਹਾ ਸੀ ਤੂੰ? ਚੰਗਾ ਚੱਲ, ਆਰ.ਸੀ. ਦੀ ਇੱਕ ਫੁੱਲ ਬੋਤਲ ਅਤੇ ਖਾਣ ਲਈ ਚਿਕਨ-ਸਿਕਨ ਦਾ ਆਰਡਰ ਦੇ ਕੇ ਆਜਾ. ਚੰਗਾ ਤੂੰ ਰੁਕ… ਮੈਂ ਇੱਥੋਂ ਹੀ ਕਹਿੰਦਾ ਹਾਂ।’’ ਇਹ ਕਹਿ ਕੇ ਇੰਸਪੈਕਟਰ ਨੇ ਪਲੰਘ ’ਤੇ ਚੜ੍ਹਕੇ ਸਰਾਣੇ ਪਏ ਇੰਟਰਕਾਮ ਨਾਲ ਹੋਟਲ ਦੇ ਕਾਊਂਟਰ ਨੂੰ ਫ਼ੋਨ ਕੀਤਾ ਅਤੇ ਉੱਥੇ ਹੀ ਪਸਰ ਕੇ ਬਹਿ ਗਿਆ। ਉਸਨੇ ਆਪਣੀ ਬੈਲਟ ਢਿੱਲੀ ਕਰ ਲਈ ਅਤੇ ਫ਼ਿਰ ਉਸਨੇ ਪਲੰਘ ਦੀ ਪੁਆਂਦੀ ’ਤੇ ਸਿਮਟੀ ਬੈਠੀ ਸੁਸ਼ਮਾ ਵੱਲ ਦੇਖ ਕੇ ਕਿਹਾ,”ਅਤੇ ਤੂੰ ਤਾਂ ਜਾ ’ਕੇ ਉਸ ਕੋਨੇ ਦੀ ਕੁਰਸੀ ਤੇ ਇੱਧਰ ਪਿੱਠ ਫੇਰ ਕੇ ਬਹਿ ਜਾ। ਦਿਮਾਗ ਖਰਾਬ ਨਾ ਕਰ। ਦਾਰੂ ਚੜ੍ਹ ਗਈ ਤਾਂ ਕੰਟਰੋਲ ਹਟ ਜਾਵੇਗਾ, ਫ਼ਿਰ ਦੋਵੇਂ ਸਾਡੇ ਨਾਂ ਨੂੰ ਰੋਓਗੇ। ਉਂਝ ਵੀ ਆਗਰੇ ਵਿੱਚ ਫਿਰੰਗੀ ਟੂਰਿਸਟਾਂ ਨੂੰ ਦੇਖ-ਦੇਖ ਕੇ ਸਾਲਾ ਦਿਲ ਡੋਲਦਾ ਰਹਿੰਦਾ ਹੈ।’’ ਸਿਪਾਹੀ ਇਸ ਵਾਰ ਹੱਸਿਆ ਜ਼ੋਰ ਨਾਲ।
ਡੇਢ ਘੰਟੇ ਵਿੱਚ ਪੂਰੀ ਬੋਤਲ ਖ਼ਾਲੀ ਹੋ ਗਈ। ਰਾਮ ਨਿਵਾਸ ਅਧੀਆ ਤਾਂ ਪਹਿਲਾਂ ਹੀ ਚੜਾ ਚੁੱਕਾ ਸੀ, ਤਿੰਨ ਪੈੱਗ ਪੁਲਿਸ ਵਾਲਿਆਂ ਦੇ ਨਾਲ ਹੋਰ ਪੀ ਗਿਆ। ਉਸਨੂੰ ਹੋਸ਼ ਨਹੀਂ ਸੀ ਕਿ ਉਹ ਨਸ਼ੇ ਵਿੱਚ ਕੀ ਕੀ ਬੋਲਦਾ ਰਿਹਾ। ਇੰਸਪੈਕਟਰ ਭਾਰਦਵਾਜ ਅਤੇ ਉਹ ਸਿਪਾਹੀ ਰਾਤ ਲੱਗਪੱਗ ਬਾਰ੍ਹਾਂ ਵਜੇ ਉਸਦੇ ਕਮਰੇ ਵਿੱਚੋਂ ਗਏ। ਪੰਜ ਸੌ ਰੁਪਏ ਵਿੱਚ ਗੱਲ ਟੁੱਟੀ। ਬਾਅਦ ਵਿੱਚ ਸਿਪਾਹੀ ਨੇ ਵੀ ਸੌ ਰੁਪਏ ਵੱਖਰੇ ਝਟਕੇ। ਪੁਲਿਸ ਵਾਲਿਆਂ ਦੇ ਜਾਂਦਿਆਂ-ਜਾਂਦਿਆਂ ਰਾਮ ਨਿਵਾਸ ਥੱਕ ਚੁੱਕਾ ਸੀ ਅਤੇ ਨਸ਼ਾ ਉਸਦੇ ਦਿਮਾਗ ਦੇ ਅੰਦਰ ਕਿਸੇ ਚੱਕਰੀ ਵਾਂਗੂ ਘੁੰਮ ਰਿਹਾ ਸੀ। ਉਸਨੂੰ ਚੱਕਰ ਆਉਣ ਲੱਗਾ। ਸੁਸ਼ਮਾ ਉਸਨੂੰ ਸੰਭਾਲ ਕੇ ਬਾਥਰੂਮ ਤੱਕ ਲੈ ਗਈ ਕਿ ਉਸਦੇ ਸਿਰ ਵਿੱਚ ਠੰਡਾ ਪਾਣੀ ਪਾ ਦਵੇ ਪ੍ਰੰਤੂ ਰਾਮ ਨਿਵਾਸ ਉੱਥੇ ਫ਼ਰਸ਼ ’ਤੇ ਹੀ ਬਹਿ ਗਿਆ ਅਤੇ ਬੇਤਹਾਸ਼ਾ ਉਲਟੀਆਂ ਕਰਨ ਲੱਗਾ। ਉਸਦੇ ਗਲੇ ਵਿੱਚੋਂ ਸਾਰਾ ਬਟਰ ਚਿਕਨ, ਨਾਨ ਅਤੇ ਪੁਲਾਅ ਨਿਕਲ ਰਿਹਾ ਸੀ। ਉਲਟੀ ਕਰਨ ਤੋਂ ਪਿੱਛੋਂ ਜਦ ਉਸਨੇ ਸੁਸ਼ਮਾ ਨੂੰ ਆਪਣੇ ਕੋਲ ਖਿੱਚਿਆ ਤਾਂ ਉਸਦੀਆਂ ਅੱਖਾਂ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਉਹ ਸਿੱਧਾ ਬਿਸਤਰੇ ’ਤੇ ਮੂਧੇ ਮੂੰਹ ਡਿੱਗਿਆ ਅਤੇ ਉਸਦੇ ਨੱਕ ਅਤੇ ਗਲੇ ਵਿੱਚੋਂ ਤੁਰੰਤ ਅਜਿਹੀਆਂ ਅਵਾਜ਼ਾਂ ਨਿਕਲਣ ਲੱਗੀਆਂ, ਜਿਵੇਂ ਕਿਸੇ ਮੀਲਾਂ ਦੇ ਸਫ਼ਰ ਵਿੱਚ ਥੱਕੇ ਹੋਏ ਘੋੜੇ ਨੂੰ ਦਮੇ ਦੀ ਸੀਕਰ ਆ ਰਹੀ ਹੋਵੇ।
ਸਵੇਰੇ ਸੁਸ਼ਮਾ ਨੇ ਜਦ ਉਸਨੂੰ ਦੱਸਿਆ ਕਿ ਉਹ ਰਾਤੀ ਨਸ਼ੇ ਵਿੱਚ ਪੁਲਿਸ ਵਾਲਿਆਂ ਨੂੰ ਸਾਕੇਤ ਦੀ ਕਿਸੇ ਕੋਠੀ ਦੇ ਕੰਧ ਦੇ ਖੋਲ ਵਿੱਚ ਲੁਕੇ ਨੋਟਾਂ ਦੀਆਂ ਗੱਠੀਆਂ ਦੇ ਬਾਰੇ ਵਿੱਚ ਦੱਸ ਰਿਹਾ ਸੀ, ਤਾਂ ਰਾਮ ਨਿਵਾਸ ਦੇ ਹੋਸ਼ ਉੱਡ ਗਏ। ਕਿੰਨੀ ਹੁਸ਼ਿਆਰੀ ਅਤੇ ਸਮਝਦਾਰੀ ਨਾਲ ਉਸਨੇ ਇਹ ਰਹੱਸ ਹੁਣ ਤੱਕ ਲੁਕੋਈ ਰੱਖਿਆ ਸੀ। ਇੱਥੋਂ ਤੱਕ ਕਿ ਸੁਸ਼ਮਾ ਅਤੇ ਆਪਣੀ ਘਰਵਾਲੀ ਤੱਕ ਨੂੰ ਉਸਨੇ ਇਸ ਦੀ ਭਿਣਕ ਨਹੀਂ ਸੀ ਪੈਣ ਦਿੱਤੀ। ਆਖ਼ਰ ਕਰ ਦਿੱਤਾ ਨਾ ਦਾਰੂ ਨੇ ਸਾਰਾ ਗੁੜ ਗੋਬਰ।
ਉਸਨੇ ਸੁਸ਼ਮਾ ਨੂੰ ਤਬੀਅਤ ਖ਼ਰਾਬ ਹੋਣ ਅਤੇ ਦਿੱਲੀ ਵਿੱਚ ਇੱਕ ਜ਼ਰੂਰੀ ਕੰਮ ਦਾ ਬਹਾਨਾ ਬਣਾਇਆ ਅਤੇ ਜੈਪੁਰ ਘੁੰਮਣ ਦਾ ਪ੍ਰੋਗਰਾਮ ਕੈਂਸਲ ਕਰ ਕੇ ਅਗਲੀ ਗੱਡੀ ਵਿੱਚ ਦਿੱਲੀ ਮੁੜਨ ਦਾ ਫ਼ੈਸਲਾ ਲੈ ਲਿਆ।
ਬੁੱਧ ਜਯੰਤੀ ਪਾਰਕ, ਬਿਨਾਂ ਨੰਬਰ ਦੀ
ਐਸਟੀਮ ਅਤੇ ਆਖ਼ਰੀ ਬੀੜੀ
ਜਿਵੇਂ ਉਸਨੂੰ ਸ਼ੱਕ ਸੀ, ਅਗਲੇ ਹੀ ਦਿਨ ਸਵੇਰੇ-ਸਵੇਰੇ, ਜਦ ਉਹ ਡਿਊਟੀ ’ਤੇ ਜਾਣ ਲਈ ਘਰੋਂ ਨਿਕਲ ਰਿਹਾ ਸੀ, ਪੁਲਿਸ ਦੀ ਜਿਪਸੀ ਉਸਦੇ ਘਰ ਆ ਗਈ। ”ਏ.ਸੀ.ਪੀ. ਸਾਹਿਬ ਨੇ ਬੁਲਾਇਆ ਹੈ।’’ ਉਸ ਇੰਸਪੈਕਟਰ ਨੇ ਕਿਹਾ ਜਿਸਦੀ ਛਾਤੀ ਦੀ ਜੇਬ ਦੇ ਉੱਪਰ ਡੀ.ਕੇ. ਤਿਆਗੀ ਲਿਖਿਆ ਹੋਇਆ ਸੀ। ਰਾਮ ਨਿਵਾਸ ਨੇ ਜਿਪਸੀ ਦੇ ਅੰਦਰ ਬੈਠਿਆਂ ਹੋਇਆਂ ਹੀ ਸਮੇਪੁਰ ਬਾਦਲੀ ਦੇ ਉਸ ਬੱਸ ਸਟਾਪ ਨੂੰ ਦੇਖਿਆ, ਜਿੱਥੋਂ ਹਰ ਰੋਜ਼ ਉਹ ਧੌਲੇ ਕੂੰਏ ਦੇ ਲਈ ਬੱਸ ਲੈਂਦਾ ਸੀ। ਸੁਸ਼ਮਾ ਉੱਥੇ ਉਸਦੀ ਉਡੀਕ ਵਿੱਚ ਖੜੀ ਸੀ।
ਸੱਤ-ਅੱਠ ਮਹੀਨੇ ਪਹਿਲਾਂ, ਉਹ ਸ਼ਾਇਦ ਮੰਗਲਵਾਰ ਦਾ ਹੀ ਦਿਨ ਸੀ, ਉਸ ਦਿਨ ਹਲਕੇ-ਹਲਕੇ ਬੱਦਲ ਅਸਮਾਨ ਵਿੱਚ ਛਾਏ ਹੋਏ ਸਨ ਅਤੇ ਕਦੇ ਵੀ ਬੂੰਦਾ-ਬਾਂਦੀ ਹੋ ਸਕਦੀ ਸੀ, ਸੰਜੈ ਚੌਰਸੀਆ ਦੇ ਉਸੇ ਪਾਨ ਵਾਲੇ ਠੇਲੇ ਦੇ ਕੋਲ ਰਾਮ ਨਿਵਾਸ ਨਾਲ ਮੇਰੀ ਮੁਲਾਕਾਤ ਹੋਈ ਸੀ। ਉਹ ਸੁਸ਼ਮਾ ਨੂੰ ਮਿਲਣ ਆਇਆ ਸੀ।
ਇਹੋ ਜਿਹੇ ਮੌਸਮ ਵਿੱਚ, ਜਦ ਬੱਦਲ ਛਾਏ ਹੋਏ ਹੁੰਦੇ, ਬੂੰਦਾ-ਬਾਂਦੀ ਦੇ ਅਸਾਰ ਹੁੰਦੇ ਅਤੇ ਹਵਾ ਭਾਰੀ ਹੋ ਗਈ ਹੁੰਦੀ, ਰਾਮ ਨਿਵਾਸ ਕਹਿੰਦਾ ਹੁੰਦਾ ਸੀ,”ਅੱਜ ਤਾਂ ਲੱਗਦਾ ਹੈ ਕਿ ਮੌਸਮ ਸੀਟੀ ਵਜਾ ਰਿਹਾ ਹੈ।’’ ਅਜਿਹੇ ਮੌਸਮ ਵਿੱਚ ਉਹ ਸੁਸ਼ਮਾ ਨਾਲ ਆਟੋ ਰਿਕਸ਼ੇ ਵਿੱਚ ਘੁੰਮਦਾ ਹੁੰਦਾ ਸੀ ਅਤੇ ਦੁਨੀਆਂ ਭਰ ਦੀਆਂ ਊਲ-ਜਲੂਲ ਚੀਜ਼ਾਂ ਉਸਨੂੰ ਖਵਾਉਂਦਾ ਰਹਿੰਦਾ ਸੀ। ਪ੍ਰੰਤੂ ਅੱਜ ਉਹ ਬਹੁਤ ਪਰੇਸ਼ਾਨ ਦਿਖਾਈ ਦੇ ਰਿਹਾ ਸੀ। ਅੱਧੇ ਘੰਟੇ ਦੇ ਅੰਦਰ ਉਸਨੇ ਤਿੰਨ ਚਾਰ ਸਿਗਰਟਾਂ ਫੂਕ ਦਿੱਤੀਆਂ। ਵਾਰ-ਵਾਰ ਕਿਸੇ ਬੇਚੈਨੀ ਵਿੱਚ ਉਹ ਆਪਣੀਆਂ ਉਂਗਲਾਂ ਦੇ ਪਟਾਕੇ ਕੱਢਣ ਲੱਗ ਪੈਂਦਾ ਸੀ। ਇੰਝ ਲੱਗਦਾ ਸੀ ਜਿਵੇਂ ਉਸਦੇ ਅੰਦਰ ਕੋਈ ਤੇਜ਼ ਉਥਲ-ਪੁਥਲ ਮੱਚੀ ਹੋਈ ਹੈ।
ਮੈਂ ਰਤਨ ਲਾਲ ਕੋਲੋਂ ਸਪੈਸ਼ਲ ਚਾਹ ਦੇ ਦੋ ਕੱਪ ਮੰਗਵਾਏ। ਰਾਮ ਨਿਵਾਸ ਕਿੰਨਾ ਪਰੇਸ਼ਾਨ ਸੀ, ਇਸ ਦਾ ਅੰਦਾਜ਼ਾ ਮੈਨੂੰ ਤਦ ਹੋਇਆ, ਜਦ ਉਸਨੇ ਲੱਗਪੱਗ ਖੌਲਦੀ ਹੋਈ ਚਾਹ ਸਿੱਧੀ ਆਪਣੇ ਸੰਘ ਵਿੱਚ ਸੁੱਟ ਲਈ, ਜਿਸ ਨਾਲ ਉਸਦਾ ਗਲਾ ਅਤੇ ਮੂੰਹ ਸੜ ਗਿਆ।
ਉਸ ਸਮੇਂ ਦੋ ਢਾਈ ਵੱਜੇ ਹੋਣਗੇ, ਜਦ ਰਾਮ ਨਿਵਾਸ ਨੇ ਬਹੁਤ ਯਾਚਨਾ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ,’ਵਿਨਾਇਕ ਜੀ, ਮੈਂ ਇੱਕ ਬਹੁਤ ਵੱਡੇ ਜ਼ੰਜਾਲ ਵਿੱਚ ਫ਼ਸ ਗਿਆ ਹਾਂ। ਤੁਸੀਂ ਮੈਨੂੰ ਕਿਸੇ ਤਰ੍ਹਾਂ ਇਸ ਵਿੱਚੋਂ ਬਾਹਰ ਕੱਢੋ। ਜਦ ਤੱਕ ਜ਼ਿੰਦਗੀ ਰਹੇਗੀ, ਤੁਹਾਡਾ ਅਹਿਸਾਨ ਮੰਨਾਂਗਾ।
ਮੈਂ ਉਸਨੂੰ ਪੁੱਛਿਆ ਕਿ ਆਖ਼ਰ ਗੱਲ ਕੀ ਹੈ ਤਾਂ ਉਸ ਦਿਨ ਉਸ ਨੇ ਮੈਨੂੰ ਜੋ ਕੁਝ ਦੱਸਿਆ, ਉਹੀ ਮੈਂ ਹੁਣ ਤੱਕ ਤੁਹਾਨੂੰ ਉੱਪਰ ਦੱਸਿਆ ਹੈ। ਉਸਦੀ ਗੱਲ ਖਤਮ ਹੋਈ ਹੀ ਸੀ ਅਤੇ ਮੈਂ ਉਸਨੂੰ ਉਹ ਤਰੀਕਾ ਦੱਸਣ ਹੀ ਵਾਲਾ ਸੀ, ਜਿਸ ਨਾਲ ਉਹ ਇਸ ਜੰਜਾਲ ਵਿੱਚੋਂ ਬਾਹਰ ਨਿਕਲਦਾ ਕਿ ਠੀਕ ਉਸੇ ਵੇਲੇ ਸੁਸ਼ਮਾ ਉੱਥੇ ਆ ਗਈ।
”ਹੁਣ ਮੈਂ ਜਾਂਦਾ ਹਾਂ। ਕੱਲ੍ਹ ਸਵੇਰੇ ਤੁਹਾਨੂੰ ਇਸੇ ਥਾਂ ’ਤੇ ਮਿਲਾਂਗਾ।’’ ਰਾਮ ਨਿਵਾਸ ਨੇ ਮੈਨੂੰ ਕਿਹਾ ਅਤੇ ਉਹ ਦੋਵੇਂ ਇੱਕ ਰਿਕਸ਼ੇ ਵਿੱਚ ਬਹਿ ਕੇ ਚਲੇ ਗਏ। ਦੋਵਾਂ ਦੀ ਜਾਂਦੀ ਹੋਈ ਪਿੱਠ ਰਿਕਸ਼ੇ ਤੇ ਜਦ ਤੱਕ ਦਿਖਾਈ ਦਿੰਦੀ ਰਹੀ, ਮੈਂ ਦੇਖਦਾ ਰਿਹਾ।
ਰਾਮ ਨਿਵਾਸ ਨਾਲ ਇਹ ਮੇਰੀ ਆਖ਼ਰੀ ਮੁਲਾਕਾਤ ਸੀ।
ਉਹ ਫ਼ਿਰ ਉਸ ਨੁੱਕੜ ’ਤੇ ਕਦੇ ਨਾ ਮੁੜਿਆ। ਹੁਣ ਉਹ ਕਦੇ ਨਹੀਂ ਮੁੜੇਗਾ। ਉਸਦੇ ਬਾਰੇ ਵਿੱਚ ਤੁਸੀਂ ਇੱਥੇ ਕਿਸੇ ਨੂੰ ਵੀ ਪੁੱਛੋਗੇ, ਤਾਂ ਕੋਈ ਕੁਝ ਨਹੀਂ ਦੱਸੇਗਾ। ਨਾ ਪਾਨ ਦੇ ਠੇਲੇ ਵਾਲਾ ਸੰਜੈ ਚੌਰਸੀਆ, ਨਾ ਚਾਹ ਵਾਲਾ ਰਤਨ ਲਾਲ, ਨਾ ਮੋਚੀ ਦੇਵੀ ਦੀਨ, ਨਾ ਸਕੂਟਰ ਮਕੈਨਿਕ ਸੰਤੋਸ਼ ਅਤੇ ਨਾ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਮਦਨ।
ਤੁਸੀਂ ਜੇ ਇਸ ਨੁੱਕੜ ਤੋਂ ਤੁਰ ਕੇ ਬਾਈ-ਪਾਸ ਦੇ ਉਸ ਸੋਲਵੀਂ ਸਦੀ ਦੇ ਖੰਡਰ ਤੱਕ ਵੀ ਪਹੁੰਚੋ ਅਤੇ ਉੱਥੇ ਸਲੀਮਨ, ਸੋਮਾਲੀ, ਭੂਸ਼ਨ, ਤਿਲਕ ਜਾਂ ਰਿਜ਼ਬਨ ਕੋਲੋਂ ਰਾਮ ਨਿਵਾਸ ਦੇ ਬਾਰੇ ਵਿੱਚ ਪੁੱਛੋ, ਤਾਂ ਕੋਈ ਕੁਝ ਨਹੀਂ ਦੱਸੇਗਾ, ਰੰਗੀਨ ਕਾਗਜ਼ ਦੀਆਂ ਭੰਬੀਰੀਆਂ ਵੇਚਣ ਵਾਲੀ ਕਾਣੀ ਅਤੇ ਸਫ਼ੈਦ ਧਾਰੀਆਂ ਵਾਲੇ ਚਿਹਰੇ ਵਾਲੀ ਰੂਪਨ ਮੰਡਲ ਜਾਂ ਆਪਣੇ ਪਤੀ ਗੁਲਸ਼ਨ ਦੇ ਨਾਲ ਰੋਜ਼ ਸ਼ਾਮੀਂ ਉੱਬਲੇ ਆਂਡੇ ਵੇਚਣ ਵਾਲੀ ਰਾਜਵਤੀ ਵੀ ਤੁਹਾਡੇ ਸਵਾਲ ਨੂੰ ਟਾਲ ਦੇਵੇਗੀ।
ਇੱਥੋਂ ਤੱਕ ਕਿ ਹਰੇਕ ਸਵੇਰ ਸਮੇਪੁਰ ਬਾਦਲੀ ਤੋਂ ਇੱਥੋਂ ਆਉਣ ਵਾਲੀ ਅਤੇ ਇਧਰਲੇ ਫਲੈਟਾਂ ਵਿੱਚ ਭਾਂਡੇ-ਕੱਪੜੇ ਧੋਣ ਵਾਲੀ ਗੋਰੀ, ਪਤਲੀ ਸੁਸ਼ਮਾ ਵੀ ਬਿਨਾਂ ਕੁਝ ਕਹੇ ਚੁੱਪ-ਚਾਪ ਤੇਜ਼ ਤੁਰਦੀ ਹੋਈ ਅੱਗੇ ਵਧ ਜਾਵੇਗੀ। ਅੱਜ-ਕੱਲ੍ਹ ਉਹ ਸਕੂਟਰ ਮਕੈਨਿਕ ਸੰਤੋਸ਼ ਦੇ ਨਾਲ ਕਈ ਵਾਰ ਆਟੋ ਰਿਕਸ਼ੇ ਵਿੱਚ ਘੁੰਮਦੀ ਹੋਈ ਦਿਖਾਈ ਦਿੰਦੀ ਹੈ। ਦੋਵਾਂ ਨੂੰ ਪਿਛਲੇ ਹਫ਼ਤੇ ਮੈਂ ਸ਼ੀਲਾ ਸਿਨੇਮੇ ਦੇ ਕੋਲ ਚਾਟ ਪਾਪੜੀ ਖਾਂਦਿਆਂ ਹੋਇਆਂ ਦੇਖਿਆ ਸੀ।
ਇਹ ਜੀਵਨ ਇੰਝ ਹੀ ਚੱਲਦਾ ਹੈ।
ਜੇ ਤੁਸੀਂ ਸਮੇਪੁਰ ਬਾਦਲੀ ਦੇ ਗੰਦੇ ਨਾਲੇ ਦੇ ਕੋਲ ਵੱਸੀ ਉਸ ਝੁੱਗੀ ਬਸਤੀ ਤੱਕ ਪਹੁੰਚੋਂ ਅਤੇ ਉੱਥੋਂ ਕਿਸੇ ਤਰ੍ਹਾਂ ਉਸ ਛੱਪਰ ਦਾ ਪਤਾ ਲਾ ਲਉ, ਜਿਸਨੂੰ ਰਾਮ ਨਿਵਾਸ ਨੇ ਪੱਕੇ ਮਕਾਨ ਵਿੱਚ ਬਦਲ ਦਿੱਤਾ ਸੀ ਅਤੇ ਜਿੱਥੇ ਉਸਦੀ ਪਤਨੀ ਬਬੀਆ ਆਪਣੇ ਬੀਮਾਰ ਪੁੱਤਰ ਰੋਹਿਨ ਅਤੇ ਧੀ ਉਰਮਿਲਾ ਦੇ ਨਾਲ ਰਹਿੰਦੀ ਹੈ ਅਤੇ ਉਸ ਕੋਲੋਂ ਤੁਸੀਂ ਰਾਮ ਨਿਵਾਸ ਦੇ ਬਾਰੇ ਵਿੱਚ ਪੁੱਛੋ, ਤਾਂ ਉਹ ਪੱਥਰ ਵਰਗੇ ਭਾਵਹੀਣ ਚਿਹਰੇ ਨਾਲ ਆਖੇਗੀ, ਘਰ ਨਹੀਂ ਹਨ। ਬਾਹਰ ਗਏ ਹਨ। ਜੇ ਤੁਸੀਂ ਪੁੱਛੋ ਕਿ ਉਹ ਕਦੋਂ ਤੱਕ ਮੁੜਨਗੇ, ਤਾਂ ਬਬੀਆ,”ਮੈਨੂੰ ਨਹੀਂ ਪਤਾ’’ ਕਹਿ ਕੇ ਘਰ ਕੇ ਅੰਦਰ ਚਲੀ ਜਾਵੇਗੀ।
ਸਾਕੇਤ ਵਿੱਚ, ਨਵੀਂ ਦਿੱਲੀ ਮਿਊਂਸਪੈਲਟੀ ਦੇ ਦਫ਼ਤਰ ਵਿੱਚ, ਜਿੱਥੇ ਰਾਮ ਨਿਵਾਸ ਕੰਮ ਕਰਦਾ ਸੀ ਜੇ ਤੁਸੀਂ ਚੋਪੜਾ ਸਾਹਿਬ ਜਾਂ ਕਿਸੇ ਕਰਮਚਾਰੀ ਤੋਂ ਇਸ ਨਾਂ ਦੇ ਆਦਮੀ ਦੇ ਬਾਰੇ ਵਿੱਚ ਪੁੱਛੋ ਤਾਂ ਉਸਦਾ ਜਵਾਬ ਹੋਵੇਗਾ,”ਇੱਥੇ ਡੇਲੀ ਵੇਜਿਜ਼ ’ਤੇ ਕੰਮ ਕਰਨ ਵਾਲੇ ਸੈਂਕੜੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਅਸੀਂ ਕਿਸ-ਕਿਸ ਦਾ ਨਾਂ ਯਾਦ ਰੱਖੀਏ।’’
ਇਹ ਸੱਚ ਹੈ ਕਿ ਦਿੱਲੀ ਵਿੱਚ ਹੁਣ ਰਾਮ ਨਿਵਾਸ ਦੇ ਬਾਰੇ ਵਿੱਚ ਕੋਈ ਕੁਝ ਨਹੀਂ ਜਾਣਦਾ। ਹੁਣ ਉਹ ਕਿਤੇ ਨਹੀਂ ਹੈ। ਉਸਦਾ ਕਿਤੇ ਕੋਈ ਨਿਸ਼ਾਨ ਨਹੀਂ ਹੈ। ਪ੍ਰੰਤੂ ਰੁਕੋ, ਮੈਂ ਤੁਹਾਨੂੰ ਰਾਮ ਨਿਵਾਸ ਦੇ ਬਾਰੇ ਵਿੱਚ ਉਹ ਆਖ਼ਰੀ ਸੂਚਨਾ ਦਿੰਦਾ ਹਾਂ, ਜਿਸ ਦੇ ਅੰਦਰ ਉਹ ਰਹੱਸ ਲੁਕਿਆ ਹੈ, ਜਿਸਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਹੀ ਮੈਂ ਇਸ ਕਹਾਣੀ ਦੀ ਓਟ ਲਈ ਸੀ।
ਹੁਣੇ ਇਸੇ ਸਾਲ, ਯਾਨੀ ਸੰਨ 2001 ਦੇ 27 ਜੂਨ ਦਾ ਦਿੱਲੀ ਤੋਂ ਨਿਕਲਣ ਵਾਲਾ ਕੋਈ ਵੀ ਹਿੰਦੀ-ਅੰਗਰੇਜ਼ੀ ਦਾ ਅਖ਼ਬਾਰ, ‘ਇੰਡੀਅਨ ਨਿਊਜ਼ ਐਕਸਪ੍ਰੈਸ’, ‘ਟਾਈਮਜ਼ ਆਫ਼ ਮੈਟਰੋ ਇੰਡੀਆ’ ਜਾਂ ‘ਸ਼ਤਾਬਦੀ ਸੰਚਾਰ ਟਾਈਮਜ਼’ ਚੁੱਕ ਲਓ ਅਤੇ ਤੀਜੇ ਸਫ਼ੇ ਨੂੰ ਖੋਲ੍ਹੋ, ਉਹੀ ਜਿੱਥੇ ਇਸ ਮਹਾਂਨਗਰ ਦੀਆਂ ਸਥਾਨਕ ਖ਼ਬਰਾਂ ਛੱਪਦੀਆਂ ਹਨ। ਉਸ ਦਿਨ ਇਸ ਪੇਜ਼ ਦੇ ਸੱਜੇ ਪਾਸੇ ਦੋ ਕਾਲਮਾਂ ਦੀ ਚੌੜਾਈ ਘੇਰਦਾ, ਇੱਕ ਛੋਟਾ ਜਿਹਾ ਫ਼ੋਟੋਗ੍ਰਾਫ ਛਪਿਆ ਹੈ ਅਤੇ ਉਸਦੇ ਹੇਠਾਂ ਇੱਕ ਸੰਖੇਪ ਜਿਹੀ ਖ਼ਬਰ।
20 ਪੁਆਇੰਟ ਬੋਲਡ ਵਿੱਚ ਉਸ ਖ਼ਬਰ ਦਾ ਹੈਡਿੰਗ ਹੈ: ‘ਰਾਬਰਸ ਕਿਲਡ ਇਨ ਇਨਕਾਊਂਟਰ’ ਅਤੇ ਉਸਦੇ ਹੇਠਾਂ 16 ਪੁਆਇੰਟ ਵਿੱਚ ਉਪ-ਸਿਰਲੇਖ ਹੈ ‘ਪੋਲਿਸ ਰਿਕਵਰਜ਼ ਬਿਗ ਮਨੀ ਫ਼ਰਾਮ ਕਾਰ।’
ਇਸ ਖ਼ਬਰ ਨੂੰ ਅਖ਼ਬਾਰ ਦੇ ਸਥਾਨਕ ਕ੍ਰਾਈਮ ਰੀਪੋਰਟਰ ਦੇ ਹਵਾਲੇ ਨਾਲ ਛਾਪਿਆ ਗਿਆ ਹੈ। ਜਿਸ ਅਨੁਸਾਰ ਪੁਲਿਸ ਨੇ ਕੱਲ੍ਹ ਰਾਤ ਰਾਜਧਾਨੀ ਦਿੱਲੀ ਵਿੱਚ, ‘ਧੌਲਾ ਕੂੰਆਂ’ ਦੇ ਰਜਿੰਦਰ ਨਗਰ ਅਤੇ ਕਰੋਲ ਬਾਗ ਜਾਣ ਵਾਲੀ ਰਿਜ ਰੋਡ ਤੇ ਬੁੱਧ ਜਯੰਤੀ ਪਾਰਕ ਦੇ ਨੇੜੇ, ਇੱਕ ਬਿਨਾਂ ਨੰਬਰ ਪਲੇਟ ਵਾਲੀ ਅਸਟੀਮ ਕਾਰ ਨੂੰ ਰੋਕਿਆ। ਕਾਰ ਵਿੱਚ ਸਵਾਰ ਲੋਕਾਂ ਨੇ ਰੁਕਣ ਦੀ ਬਜਾਏ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋ ਅਪਰਾਧੀ ਮੌਕੇ ’ਤੇ ਮਾਰੇ ਗਏ, ਜਦ ਕਿ ਤਿੰਨ ਹੋਰ ਹਨੇਰੇ ਦਾ ਲਾਭ ਉਠਾਂਦਿਆਂ ਭੱਜਣ ਵਿੱਚ ਸਫਲ ਰਹੇ। ਮਰਨ ਵਾਲਿਆਂ ਵਿੱਚ ਇੱਕ ਜਲੰਧਰ ਦਾ ਬਦਨਾਮ ਅਪਰਾਧੀ ਕੁਲਦੀਪ ਉਰਫ ਕੁੱਲਾ ਹੈ। ਦੂਜੇ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਉਪ ਸੁਪਰਡੈਂਟ ਸਬਰਵਾਲ ਨੇ ਦੱਸਿਆ ਕਿ ਪੁਲਿਸ ਨੇ ਕਾਰ ਦੀ ਡਿੱਗੀ ਵਿੱਚੋਂ ਤੇਈ ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਵਿੱਚ ਵੱਡੀ ਮਾਤਰਾ ਵਿੱਚ ਪੰਜ ਸੌ ਦੇ ਜਾਲੀ ਨੋਟ ਵੀ ਸ਼ਾਮਲ ਹਨ। ਇਹ ਪਿਛਲੇ ਕੁਝ ਸਾਲਾਂ ਵਿੱਚ ਮਿਲਣ ਵਾਲੀ ਪੁਲਿਸ ਦੀ ਸਭ ਤੋਂ ਵੱਡੀ ਸਫ਼ਲਤਾ ਹੈ। ਪੁਲਿਸ ਉਪ-ਸੁਪਰਡੈਂਟ ਨੇ ਇਸ ਸਿਲਸਿਲੇ ਵਿੱਚ ਆਗਰਾ ਪੁਲਿਸ ਕੋਲੋਂ ਮਿਲੀਆਂ ਸੂਚਨਾਵਾਂ ਨੂੰ ਇਸ ਸਫ਼ਲਤਾ ਲਈ ਮਹੱਤਵਪੂਰਨ ਮੰਨਿਆ ਹੈ।
ਜੇ ਤੁਸੀਂ ਇਸ ਖ਼ਬਰ ਦੇ ਉੱਪਰ ਛਪੀ ਫ਼ੋਟੋ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਲੱਗੇਗਾ ਕਿ ਬੁੱਧ ਜਯੰਤੀ ਪਾਰਕ ਦੇ ਠੀਕ ਸਾਹਮਣੇ ਉਹ ਕਾਰ ਖੜੀ ਹੋਈ ਹੈ। ਉਸਦੇ ਅਗਲੇ ਅਤੇ ਪਿਛਲੇ ਦਰਵਾਜ਼ੇ ਖੁੱਲ੍ਹੇ ਹੋਏ ਹਨ। ਕਾਰ ਦੇ ਅਗਲੇ ਪਹੀਏ ਦੇ ਕੋਲ ਇੱਕ ਆਦਮੀ ਮੂਧਾ ਪਿਆ ਹੋਇਆ ਹੈ। ਉਸਦੇ ਸਿਰ ’ਤੇ ਪੱਗ ਹੈ ਅਤੇ ਕਾਰ ਦੇ ਪਿਛਲੇ ਦਰਵਾਜ਼ੇ ਦੇ ਠੀਕ ਸਾਹਮਣੇ ਜਿਹੜਾ ਆਦਮੀ ਮਰਿਆ ਪਿਆ ਹੈ, ਉਸਦਾ ਸਿਰ ਅਸਮਾਨ ਵੱਲ ਹੈ। ਤੁਸੀਂ ਇਸ ਆਦਮੀ ਦੇ ਚਿਹਰੇ ਨੂੰ ਧਿਆਨ ਨਾਲ ਦੇਖੋ। ਜੇ ਲੈਨਜ਼ ਦੀ ਮਦਦ ਲੈ ਸਕੋ ਜਾਂ ਫ਼ੋਟੋ ਇਨਲਾਰਜ ਕਰਵਾ ਸਕੋ ਤਾਂ ਹੋਰ ਬਿਹਤਰ ਹੋਵੇਗਾ।
ਕਾਰ ਦੇ ਪਿਛਲੇ ਦਰਵਾਜ਼ੇ ਦੇ ਸਾਹਮਣੇ ਸੜਕ ’ਤੇ ਮਰਿਆ ਹੋਇਆ ਆਦਮੀ, ਜਿਸ ਦਾ ਸਿਰ ਅਸਮਾਨ ਵੱਲ ਹੈ ਅਤੇ ਜਿਸਦਾ ਮੂੰਹ ਖੁੱਲ੍ਹਾ ਹੋਇਆ ਹੈ, ਪੈਂਟ ਖਿਸਕ ਗਈ ਹੈ ਅਤੇ ਸ਼ਰਟ ਦੇ ਬਟਨ ਖੁੱਲ੍ਹੇ ਹੋਏ ਹਨ ਅਤੇ ਜਿਸਦੀ ਛਾਤੀ ਪੁਲਿਸ ਦੀਆਂ ਗੋਲੀਆਂ ਨਾਲ ਲਹੂ-ਲੁਹਾਨ ਹੈ ਉਹ ਕੋਈ ਹੋਰ ਨਹੀਂ, ਰਾਮ ਨਿਵਾਸ ਹੀ ਹੈ। ਇਹੀ ਉਹ ਅਪਰਾਧੀ ਹੈ ਜਿਸ ਦੀ ਸ਼ਨਾਖ਼ਤ ਅੱਜ ਤੱਕ ਨਹੀਂ ਹੋ ਸਕੀ।
ਉਸਦੀ ਸ਼ਨਾਖ਼ਤ ਹੁਣ ਕਦੇ ਨਹੀਂ ਹੋ ਸਕੇਗੀ, ਕਿਉਂਕਿ ਉਸਨੂੰ ਹੁਣ ਕੋਈ ਪਛਾਣੇਗਾ ਨਹੀਂ।
ਸੱਬਲ, ਕੁਦਾਲ ਅਤੇ ਔਲੀਏ ਦੀ ਦਰਗਾਹ
ਹੁਣ ਤੁਸੀਂ ਇਹ ਜਾਣ ਲਓ ਕਿ ਉਸ ਦਿਨ, ਜਿਸ ਦਿਨ ਇਹ ਮੁੱਠਭੇੜ ਹੋਈ, ਉਸ ਤੋਂ ਲੱਗਪੱਗ ਦੋ ਘੰਟੇ ਪਹਿਲਾਂ ਕੀ ਹੋਇਆ?
ਸਾਕੇਤ ਦੀ ਕੋਠੀ ਨੰਬਰ-ਏ-11/ਡੀ ਐਕਸ 33 ਦੇ ਨੇੜਲੇ ਨੁੱਕੜ ’ਤੇ ਚਾਹ ਦੀ ਦੁਕਾਨ ਚਲਾਉਣ ਵਾਲੇ ਗੋਵਿੰਦ ਨੇ ਦੱਸਿਆ ਸੀ ਕਿ ਉਸ ਰਾਤ ਲੱਗਪੱਗ ਦਸ ਵਜੇ ਪੁਲਿਸ ਦੀ ਇੱਕ ਜਿਪਸੀ ਇੱਥੇ ਆਈ ਸੀ। ਉਸ ਵਿੱਚੋਂ ਦੋ ਪੁਲਿਸ ਵਾਲਿਆਂ ਦੇ ਇਲਾਵਾ ਤਿੰਨ ਸਾਦੇ ਕੱਪੜਿਆਂ ਵਾਲੇ ਬੰਦੇ ਵੀ ਸਨ। ਉਨ੍ਹਾਂ ਨੇ ਜਿਮ ਸੈਂਟਰ ਵਿੱਚੋਂ ਮੁੰਡੇ-ਕੁੜੀਆਂ ਨੂੰ ਕੱਢ ਦਿੱਤਾ ਸੀ ਅਤੇ ਮੁੜ ਗਏ ਸਨ। ਇਸ ਤੋਂ ਇੱਕ ਘੰਟਾ ਬਾਅਦ ਜਦ ਉਹ ਆਪਣੀ ਦੁਕਾਨ ਬੰਦ ਕਰ ਰਿਹਾ ਸੀ, ਤਦੇ ਇੱਕ ਅਸਟੀਮ ਉੱਥੇ ਆ ਕੇ ਰੁਕੀ ਸੀ। ਉਸ ’ਤੇ ਕੋਈ ਨੰਬਰ ਪਲੇਟ ਨਹੀਂ ਸੀ ਉਸ ਗੱਡੀ ਵਿੱਚੋਂ ਦਰਮਿਆਨੇ ਕੱਦ ਦੇ ਇੱਕ ਸਰਦਾਰ ਜੀ ਉੱਤਰੇ ਸਨ।
…ਅਤੇ ਪਿਛਲੀ ਸੀਟ ਤੋਂ ਉਨ੍ਹਾਂ ਦੇ ਪਿੱਛੇ-ਪਿੱਛੇ ਉਤਰਿਆ ਸੀ, ਰਾਮ ਨਿਵਾਸ ਉਹ ਕੋਠੀ ਦੇ ਅੰਦਰ ਚਲੇ ਗਏ ਸਨ ਅਤੇ ਲੱਗਪੱਗ ਡੇਢ ਘੰਟੇ ਤੱਕ ਉੱਥੇ ਰਹੇ ਸਨ। ਉਹ ਦੋਵੇਂ ਅੰਦਰੋਂ ਕੋਈ ਚੀਜ਼ ਢੋਅ ਕੇ ਕਾਰ ਦੀ ਡਿੱਗੀ ਅਤੇ ਪਿਛਲੀ ਸੀਟ ਦੀ ਥਾਂ ’ਤੇ ਭਰ ਰਹੇ ਸਨ। ਸਾਹਮਣੇ ਮੋੜ ’ਤੇ, ਜਿੱਥੇ ‘ਖੰਨਾ ਇੰਟਰਨੈਸ਼ਨਲ ਟਰੈਵਲਜ਼ ਐਂਡ ਕੋਰੀਅਰਜ਼’ ਦੀ ਦੁਕਾਨ ਹੈ, ਉਸਦੇ ਸਾਹਮਣੇ ਇੱਕ ਲਾਲ ਬੱਤੀ ਵਾਲੀ ਐਮਬੈਸਡਰ ਉਸੇ ਵੇਲੇ ਆ ਕੇ ਖੜੀ ਹੋ ਗਈ ਸੀ ਅਤੇ ਅਸਟੀਮ ਦੇ ਜਾਂਦਿਆਂ ਹੀ ਉਸਦੇ ਪਿੱਛੇ-ਪਿੱਛੇ ਚਲੀ ਗਈ ਸੀ।
ਗੋਵਿੰਦ ਨੇ ਦੱਸਿਆ ਸੀ ਕਿ ਬਿਨਾਂ ਨੰਬਰ ਪਲੇਟ ਦੀ ਕਾਲੀ ਰੰਗ ਦੀ ਅਸਟੀਮ, ਜਦ ਕੋਠੀ ਵਿੱਚੋਂ ਮੁੜ ਰਹੀ ਸੀ ਤਾਂ ਉਸ ਸਮੇਂ ਉਹ ਦੁਕਾਨ ਬੰਦ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਅਸਟੀਮ ਠੀਕ ਉਸਦੇ ਕੋਲ ਆ ਕੇ ਰੁਕੀ ਅਤੇ ਪਿਛਲੀ ਸੀਟ ’ਤੇ ਬੈਠੇ ਰਾਮ ਨਿਵਾਸ ਨੇ ਉਸ ਕੋਲੋਂ ਬੀੜੀ ਮੰਗੀ। ਗੋਵਿੰਦ ਨੇ ਗਣੇਸ਼ ਛਾਪ ਬੀੜੀ ਦਾ ਅੱਧਾ, ਖੁੱਲ੍ਹਾ ਹੋਇਆ ਬੰਡਲ, ਜੋ ਉਸਦੀ ਜੇਬ ਵਿੱਚ ਉਸ ਵੇਲੇ ਪਿਆ ਹੋਇਆ ਸੀ, ਉਸਨੂੰ ਦਿੱਤਾ।
ਗੋਵਿੰਦ ਨੇ ਦੱਸਿਆ ਕਿ ਰਾਮ ਨਿਵਾਸ ਬਹੁਤ ਘਬਰਾਇਆ ਹੋਇਆ ਅਤੇ ਪਰੇਸ਼ਾਨ ਲੱਗ ਰਿਹਾ ਸੀ। ਉਸਦੀਆਂ ਅੱਖਾਂ ਇੰਝ ਲੱਗ ਰਹੀਆਂ ਸਨ ਜਿਵੇਂ ਮੁਰਦੇ ਦੀਆਂ ਅੱਖਾਂ ਹੁੰਦੀਆਂ ਹਨ। ਉਹ ਉਸਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੱਕ ਝਟਕੇ ਨਾਲ ਅਸਟੀਮ ਅੱਗੇ ਵਧ ਗਈ। ਉਸਨੂੰ ਉਹ ਸਰਦਾਰ ਚਲਾ ਰਿਹਾ ਸੀ।
ਧੋਲੇ ਕੂੰਏ ਦੇ ਚੁਰਸਤੇ ਤੋਂ, ਜੇ ਤੁਸੀਂ ਰਿੰਗ ਰੋਡ ਭਾਵ ਮਹਾਤਮਾ ਗਾਂਧੀ ਮਾਰਗ ਵੱਲ ਨਾ ਮੁੜੋ ਅਤੇ ਉਸਦੀ ਅਗਲੀ ਸੜਕ ’ਤੇ ਖੱਬੇ ਪਾਸੇ ਘੁੰਮ ਜਾਓ ਤਾਂ ਉਹੀ ਰਿਜ ਰੋਡ ਹੈ। ਇਸੇ ਸੜਕ ’ਤੇ ਬੁੱਧ ਜਯੰਤੀ ਪਾਰਕ ਦੇ ਸਾਹਮਣੇ ਉਹ ਘਟਨਾ ਘਟੀ, ਜਿਸਦਾ ਫ਼ੋਟੋਗ੍ਰਾਫ ਅਤੇ ਖ਼ਬਰ ਅਖ਼ਬਾਰ ਵਿੱਚ ਛਪੀ ਹੈ।
ਰਾਮ ਨਿਵਾਸ ਨੇ ਸਾਕੇਤ ਦੀ ਕੋਠੀ ਨੰਬਰ ਏ-11/ਡੀ ਐਕਸ 33 ਦੇ ਜਿਮ ਸੈਂਟਰ ਵਾਲੇ ਹਾਲ ਦੀ ਕੰਧ ਦੇ ਖੋਲ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਸੀ, ਉਸ ਅਨੁਸਾਰ ਇਸ ਖੋਲ ਦਾ ਅਕਾਰ ਕਾਫੀ ਵੱਡਾ ਹੋਣਾ ਚਾਹੀਦਾ ਹੈ। ਮੇਰਾ ਅੰਦਾਜ਼ਾ ਹੈ ਕਿ ਮਾੜੀ ਤੋਂ ਮਾੜੀ ਹਾਲਤ ਵਿੱਚ ਉਸਦੀ ਲੰਬਾਈ ਲੱਗਭੱਗ ਬਾਰ੍ਹਾਂ ਫੁੱਟ ਅਤੇ ਉਚਾਈ ਚਾਰ-ਸਾਢੇ ਚਾਰ ਫੁੱਟ ਹੋਣੀ ਚਾਹੀਦੀ ਹੈ। ਰਾਮ ਨਿਵਾਸ ਨੇ ਦੱਸਿਆ ਸੀ ਕਿ ਉਹ ਥਾਂ ਪੰਜ ਸੌ ਅਤੇ ਸੌ-ਸੌ ਦੀਆਂ ਗੱਠੀਆਂ ਨਾਲ ਤੁੰਨ-ਤੁੰਨ ਕੇ ਭਰੀ ਹੋਈ ਸੀ, ਇਸ ਲਿਹਾਜ਼ ਨਾਲ ਮੇਰਾ ਅਨੁਮਾਨ ਹੈ ਕਿ ਉਸ ਵਿੱਚ ਘੱਟੋ-ਘੱਟ ਦਸ ਪੰਦਰਾਂ ਕਰੋੜ ਰੁਪਏ ਪਏ ਹੋਣਗੇ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦ ਪਿਛਲੀ ਸਰਕਾਰ ਦੇ ਇੱਕ ਕੇਂਦਰੀ ਮੰਤਰੀ ਦੇ ਘਰ ਅਤੇ ਦੂਜਿਆਂ ਟਿਕਾਣਿਆਂ ’ਤੇ ਨਵੀਂ ਸਰਕਾਰ ਨੇ ਸੀ.ਬੀ.ਆਈ. ਦੇ ਛਾਪੇ ਮਰਵਾਏ ਸਨ। ਉਸ ਮੰਤਰੀ ’ਤੇ ਉੱਚ ਤਕਨੀਕੀ ਯੰਤਰਾਂ ਦੀ ਖਰੀਦ ਅਤੇ ਠੇਕੇ ਦੇ ਸਬੰਧ ਵਿੱਚ ਕਿਸੇ ਵਿਦੇਸ਼ੀ ਕੰਪਨੀ ਕੋਲੋਂ ਕਈ ਸੌ ਕਰੋੜ ਰੁਪਏ ਦਾ ਕਮਿਸ਼ਨ ਲੈਣ ਦਾ ਦੋਸ਼ ਲੱਗਾ ਸੀ। ਉਸਨੂੰ ਕੁਝ ਦਿਨਾਂ ਲਈ ਜੇਲ੍ਹ ਵੀ ਜਾਣਾ ਪਿਆ ਸੀ। ਬਾਦ ਵਿੱਚ ਉਹ ਮੰਤਰੀ ਉਸੇ ਨਵੀਂ ਸਰਕਾਰ ਵਿੱਚ ਸ਼ਾਮਲ ਹੋ ਗਿਆ ਸੀ, ਜੋ ਉਸਦੇ ਵਿਰੁੱਧ ਜਾਂਚ ਕਰ ਰਹੀ ਸੀ। ਸਾਫ਼ ਹੈ ਕਿ ਉਹ ਸਾਰਾ ਰੁਪਈਆ, ਜਿਸ ਨੂੰ ਕਿਸੇ ਗ੍ਰਹਿ-ਨਛੱਤਰ ਦੀ ਵਿਸ਼ੇਸ਼ ਸਥਿਤੀ ਜਾਂ ਆਪਣੀ ਕਿਸਮਤ ਜਾਂ ਮਹਿਜ਼ ਸੰਯੋਗ ਦੇ ਚਲਦਿਆਂ ਰਾਮ ਨਿਵਾਸ ਨੇ ਆਪਣੇ ਝਾੜੂ ਦੀ ਮੁੱਠ ਦਾ ਬੰਨ੍ਹ ਢਿੱਲਾ ਹੋ ਜਾਣ ਦੇ ਕਾਰਣ, ਉੱਥੋਂ ਦੀ ਦੀਵਾਰ ਨੂੰ ਠੋਕਦਿਆਂ ਹੋਇਆਂ, ਉਸ ਖੋਲ ਨੂੰ ਲੱਭ ਲੈਣ ਤੇ ਅਚਾਨਕ ਹੀ ਉਸ ਦਿਨ ਦੇਖ ਲਿਆ ਸੀ, ਉਹ ਸਾਰਾ ਰੁਪਈਆ ਸੀ.ਬੀ.ਆਈ. ਦੇ ਛਾਪਿਆਂ ਅਤੇ ਇਨਕਮ ਟੈਕਸ ਤੋਂ ਬਚਣ ਲਈ ਉੱਥੇ ਲੁਕੋਇਆ ਗਿਆ ਸੀ। ਭਾਵ ਉਹ ਸਾਰੀ ਦੌਲਤ ਅਜਿਹੀ ਸੀ, ਜਿਸਦਾ ਕੋਈ ਜ਼ਿਕਰ ਕਿਤੇ ਨਹੀਂ ਹੁੰਦਾ। ਅਨ-ਅਕਾਊਂਟਿਡ ਮਨੀ। ਇਸੇ ਨੂੰ ਕਾਲਾ ਧੰਨ ਕਹਿੰਦੇ ਹਨ।
ਸੰਜੈ ਚੌਰਸੀਆ ਦੇ ਪਾਨ ਦੇ ਠੇਲੇ ਦੇ ਖੱਬੇ ਪਾਸੇ, ਸਾਇਕਲ ਦਾ ਪੈਂਚਰ ਲਾਉਣ ਵਾਲੇ ਮਦਨ ਦੇ ਨੇੜੇ ਹੀ, ਪਿਛਲੇ ਕੁਝ ਦਿਨਾਂ ਤੋਂ ਪਟਰੀ ’ਤੇ ਚਟਾਈ ਵਿਛਾ ਕੇ ਬਹਿਣ ਵਾਲੇ ਜੋਤਸ਼ੀ, ਪੰਡਤ ਦੀਨ ਦਿਆਲ ਉਪਾਧਿਆਏ ਨਾਲ ਮੈਂ ਅਪ੍ਰਤੱਖ ਤਰੀਕੇ ਨਾਲ ਇਸ ਬਾਰੇ ਗੱਲਬਾਤ ਕੀਤੀ। ਉਸਦਾ ਕਹਿਣਾ ਸੀ ਕਿ ਜੇ ਗੁਰੂ ਤੀਜੇ ਘਰ ਵਿੱਚ ਹੋਵੇ ਅਤੇ ਮੰਗਲ ਨੂੰ ਨਿਹਾਰ ਰਿਹਾ ਹੋਵੇ ਅਤੇ ਛੇਵੇਂ ਘਰ ਵਿੱਚੋਂ ਮੰਗਲ, ਸ਼ੁੱਕਰ ਅਤੇ ਗੁਰੂ ਨੂੰ ਵਾਰੀ-ਵਾਰੀ ਨਿਹਾਰ ਰਿਹਾ ਹੋਵੇ ਅਤੇ ਜੇ ਮਹੀਨੇ ਦਾ ਕ੍ਰਿਸ਼ਨ-ਪੱਖ ਚੱਲ ਰਿਹਾ ਹੋਵੇ ਅਤੇ ਸੰਯੋਗ ਨਾਲ ਤਰੀਕ ਚੌਥੀ ਅਤੇ ਨੌਵੀਂ ਹੋਵੇ ਉੱਪਰੋਂ ਘਨਿਸ਼ਠ ਨਛੱਤਰ ਲੱਗਾ ਹੋਵੇ ਅਤੇ ਵਿਸ਼ਿਟਕਣ ਤੋਂ ਬਣੀ ਹੋਈ ਸਿੱਧੀ ਅਕਾਰਣ ਉਪਸਥਿਤ ਹੋਵੇ ਤਾਂ ਕੁਬੇਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਅਤੇ ਅਪਾਰ ਧੰਨ ਜਾਂ ਦੱਬੀ ਹੋਈ ਤਿਜੋਰੀ ਮਿਲਣ ਦੀ ਪ੍ਰਬਲ ਸੰਭਾਵਨਾ ਹੁੰਦੀ ਹੈ।
ਪੰਡਤ ਦੀਨ ਦਿਆਲ ਉਪਾਧਿਆਏ, ਜੋ ਬਲੀਆ ਤੋਂ ਆਏ ਹੋਏ ਹਨ ਅਤੇ ਨਾਹਰਪੁਰ ਦੇ ਨਾਲੇ ਦੇ ਕੋਲ ਇੱਕ ਛੱਪਰ ਵਿੱਚ ਕਿਰਾਏ ’ਤੇ ਰਹਿੰਦੇ ਹਨ, ਨੇ ਮੇਰੇ ਬਾਰੇ ਵਿੱਚ ਦੱਸਿਆ ਹੋਇਆ ਹੈ ਕਿ ਅਜੇ ਮਾਰਕੇਸ ਅਤੇ ਸਾੜ ਸਤੀ ਦੀ ਸ਼ਨੀ ਦਸ਼ਾ ਚੱਲ ਰਹੀ ਹੈ ਅਤੇ ਮੈਨੂੰ ਰਾਜਸੀ ਕ੍ਰੋਧ ਦਾ ਸ਼ਿਕਾਰ ਹੋਣਾ ਪਵੇਗਾ।
ਮੈਨੂੰ ਲੱਗਦਾ ਹੈ ਕਿ ਪਿਛਲੇ ਸਾਲ 23 ਮਈ ਨੂੰ ਮੰਗਲਵਾਰ ਨੂੰ ਸੰਭਵ ਤੌਰ ’ਤੇ ਰਾਮ ਨਿਵਾਸ ਉੱਪਰ ਅਜਿਹੀ ਹੀ ਕਿਸੇ ਦਸ਼ਾ ਵਿੱਚ ਕੁਬੇਰ ਨੇ ਦ੍ਰਿਸ਼ਟੀ ਸੁੱਟੀ ਹੋਵੇਗੀ, ਜਿਸ ਨਾਲ ਉਸਦੀ ਕਿਸਮਤ ਬਿਲਕੁੱਲ ਬਦਲ ਗਈ। ਨਹੀਂ ਤਾਂ ਤੁਸੀਂ ਆਪ ਹੀ ਸੋਚੋਂ, ਕਿ ਕੂੜਾ ਕਰਕਟ ਅਤੇ ਗੰਦਗੀ ਸਾਫ਼ ਕਰਨ ਵਾਲੀ ਇੱਕ ਮਾਮੂਲੀ ਝਾੜੂ ਦੀ ਮੁੱਠ ਦੀ ਸੂਤੜੀ ਦਾ ਕਸਾਅ ਢਿੱਲਾ ਪੈਣ ਦੇ ਕਾਰਣ ਘਾਹ ਦੇ ਤਿਣਕਿਆਂ ਦੀਆਂ ਤੀਲਾਂ ਨੂੰ ਇਕਸਾਰ ਕਰਨ ਲਈ ਇੱਕ ਬਿਲਕੁਲ ਸਧਾਰਣ ਜਿਹੀ ਕੰਧ ਨੂੰ ਠੋਕਦਿਆਂ ਹੀ, ਉਸਨੂੰ ਨੋਟਾਂ ਦੀਆਂ ਗੱਠੀਆਂ ਇਸ ਤਰ੍ਹਾਂ ਅਚਾਨਕ ਕਿਵੇਂ ਮਿਲ ਜਾਂਦੀਆਂ? ਵਰਨਾ ਉਹ ਕਿਵੇਂ, ਕੁਝ ਮਹੀਨਿਆਂ ਦੇ ਲਈ, ਆਪਣੇ ਸੁਪਨਿਆਂ ਅਤੇ ਇੱਛਾਵਾਂ ਦੇ ਸੰਸਾਰ ਵਿੱਚ ਅਚਾਨਕ ਦਾਖਲ ਹੋ ਜਾਂਦਾ? ਆਪਣੀ ਪਤਨੀ ਬਬੀਆ, ਪੁੱਤਰ ਰੋਹਿਨ ਅਤੇ ਧੀ ਉਰਮਿਲਾ ਨੂੰ ਰੱਜਵਾਂ ਖਾਣ ਅਤੇ ਮਨ ਪਸੰਦ ਪਹਿਨਣ ਦਾ ਸੁੱਖ ਦੇ ਸਕਦਾ?… ਅਤੇ ਆਪਣੀ ਨਾਬਾਲਿਗ ਪ੍ਰੇਮਿਕਾ ਸੁਸ਼ਮਾ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਜਗਮਗਾਉਂਦੇ ਇੰਦਰ ਧੁਨਸ਼ਾਂ ਦੇ ਉਸ ਲੋਕ ਵਿੱਚ ਕਿਵੇਂ ਲੈ ਜਾਂਦਾ, ਜਿੱਥੇ ਇੱਕ ਤਾਜ ਮਹਿਲ ਵੀ ਸੀ ਅਤੇ ਜਿੱਥੇ ਦੋਵਾਂ ਨੇ ਇੱਕ ਦੂਜੇ ਦੇ ਨਾਲ ਕਈ ਪੋਜਾਂ ਵਿੱਚ ਫ਼ੋਟੋ ਖਿਚਵਾਈਆਂ ਸਨ?
ਪ੍ਰੰਤੂ ਜੋਤਸ਼ੀ ਜੀ ਨੇ ਇਹ ਵੀ ਕਿਹਾ ਹੈ ਕਿ ਜੇ ਅਜਿਹੇ ਸੰਯੋਗ ਨਾਲ ਮਿਲਣ ਵਾਲਾ ਧਨ ਪਾਪ ਦਾ ਕਾਲਾ, ਅਪਵਿੱਤਰ ਧਨ ਹੋਵੇ ਤਾਂ ਉਸਦਾ ਨਤੀਜਾ ਘਾਤਕ ਹੁੰਦਾ ਹੈ। ਮੇਰਾ ਮੰਨਣਾ ਹੈ ਕਿ 26 ਜੂਨ 2001 ਦੀ ਰਾਤ ਲੱਗਪੱਗ 12 ਵੱਜ ਕੇ 10 ਮਿੰਟ ’ਤੇ ਉਸੇ ਪਾਪ ਦੇ ਘਾਤ ਨਾਲ ਰਾਮ ਨਿਵਾਸ ਅਤੇ ਉਸਦੇ ਸੁਪਨਿਆਂ ਦਾ ਹਿੰਸਕ ਅੰਤ ਹੋਇਆ।
ਪ੍ਰੰਤੂ ਤੁਸੀਂ ਪੁੱਛੋਗੇ ਕਿ ਆਖ਼ਰ ਉਹ ਕਿਹੜਾ ਰਹੱਸ ਹੈ, ਜਿਹੜਾ ਮੈਂ ਇਸ ਕਹਾਣੀ ਦੀ ਓਟ ਦੇ ਪਿੱਛੇ ਲੁਕ ਕੇ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਹਾਂ।
ਤੁਸੀਂ ਤਾਂ ਜਾਣਦੇ ਹੀ ਹੋ ਕਿ ਉਸ ਰਾਤ ਰਾਮ ਨਿਵਾਸ ਜਦ ਕੁਲਦੀਪ ਉਰਫ਼ ਕੁੱਲਾ ਦੇ ਨਾਲ ਰਿਜ ਰੋਡ ’ਤੇ ਮਾਰਿਆ ਗਿਆ, ਤਾਂ ਬਿਨਾਂ ਨੰਬਰ ਵਾਲੀ ਅਸਟੀਮ ਵਿੱਚੋਂ ਸਿਰਫ਼ ਕੁਝ ਲੱਖ ਰੁਪਏ ਹੀ ਬਰਾਮਦ ਹੋਏ। ਉਨ੍ਹਾਂ ਵਿੱਚੋਂ ਵੀ ਪੰਜ ਸੌ ਦੇ ਜ਼ਿਆਦਾ ਨੋਟ ਜਾਲੀ ਸਨ। ਜਦਕਿ ਅਸਲੀਅਤ ਇਹ ਹੈ ਕਿ ਉਸ ਕੰਧ ਦੇ ਖੋਲ ਵਿੱਚੋਂ ਲੱਗਪੱਗ ਤੇਰ੍ਹਾਂ ਕਰੋੜ ਰੁਪਏ ਨਿਕਲੇ ਸਨ।
ਜਿੱਥੋਂ ਤੱਕ ਉਸ ਪੁਲਿਸ ਅਫ਼ਸਰ ਦੀ ਗੱਲ ਹੈ, ਜਿਸ ਦੀ ਨਿਗਰਾਨੀ ਹੇਠ ‘ਆਪਰੇਸ਼ਨ ਰਾਮ ਨਿਵਾਸ’ ਹੋਇਆ, ਉਹ ਬਹੁਤ ਸਨਮਾਨਤ ਅਤੇ ਤਾਕਤਵਰ ਪੁਲਿਸ ਅਫ਼ਸਰ ਹੈ। ਉਸਦੀਆਂ ਕਈ ਕੋਠੀਆਂ ਅਤੇ ਫ਼ਾਰਮ ਹਾਊਸ ਹਨ, ਜਿੱਥੇ ਉਹ ਅਕਸਰ ਪਾਰਟੀਆਂ ਦਿੰਦਾ ਰਹਿੰਦਾ ਹੈ। ਇਨ੍ਹਾਂ ਪਾਰਟੀਆਂ ਵਿੱਚ ਨੇਤਾ, ਅਫ਼ਸਰ, ਪੱਤਰਕਾਰ, ਵੱਡੇ-ਵੱਡੇ ਬੁਧੀਜੀਵੀ ਅਤੇ ਕਈ ਸੀਨੀਅਰ ਸਾਹਿਤਕਾਰ ਆਉਂਦੇ ਹਨ ਅਤੇ ਸ਼ਰਾਬ ਪੀ ਕੇ ਉਸਦੇ ਕਲੀਨ ’ਤੇ ਲੋਟ-ਪੋਟ ਹੋ ਜਾਂਦੇ ਹਨ। ਰਾਜਧਾਨੀ ਤੋਂ ਨਿਕਲਣ ਵਾਲੇ ਅਖ਼ਬਾਰਾਂ ਵਿੱਚ ਤੁਸੀਂ ਅਕਸਰ ਉਸਦੀ ਫ਼ੋਟੋ ਦੇਖਦੇ ਹੋਵੋਗੇ। ਇਹ ਲੋਕ ਹੁਣ ਸਾਡੇ ਤੁਹਾਡੇ ਵਾਂਗੂ ਆਦਮੀ ਨਹੀਂ ਰਹਿ ਗਏ। ਉਹ ਮਿਲ-ਜੁਲ ਕੇ ਇੱਕ ਦੂਜੇ ਨੂੰ ਬ੍ਰਾਂਡ ਵਿੱਚ ਬਦਲ ਚੁੱਕੇ ਹਨ। ਜੇ ਤੁਸੀਂ ਕਵਿਤਾ ਕਹਾਣੀ ਪੜ੍ਹਦੇ ਹੋ, ਤਾਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਅੱਜ-ਕੱਲ੍ਹ ਉਨ੍ਹਾਂ ਅੰਦਰੋਂ ਸ਼ਰਾਬ ਦੀ ਬੇਤਹਾਸ਼ਾ ਬੋ ਆ ਰਹੀ ਹੈ ਅਤੇ ਉਨ੍ਹਾਂ ਦੇ ਵਾਕਾਂ ਦੇ ਹੇਠਾਂ, ਮੁਰਗਿਆਂ, ਬੱਕਰਿਆਂ ਅਤੇ ਨਿਰਦੋਸ਼ ਆਦਮੀਆਂ ਦੀਆਂ ਹੱਡੀਆਂ ਦਾ ਢੇਰ ਦਿਖਾਈ ਦੇ ਰਿਹਾ ਹੈ। ਜੇ ਤੁਸੀਂ ਆਪਣੇ ਝਾੜੂ ਦੀ ਮੁੱਠ ਨਾਲ ਸਮਕਾਲੀਨ ਸਾਹਿਤ ਨੂੰ ਠੋਕੋ, ਤਾਂ ਉਹੀ ਖੋਲ ਤੁਹਾਨੂੰ ਇੱਥੇ ਵੀ ਦਿਖਾਈ ਦੇਵੇਗਾ ਜਿਸ ਦੇ ਅੰਦਰ ਨੋਟਾਂ ਦੀਆਂ ਗੱਠੀਆਂ ਭਰੀਆਂ ਪਈਆਂ ਹਨ। ਪਾਪ ਦਾ ਅਪਵਿੱਤਰ ਕਾਲਾ ਧਨ।
ਮੈਂ ਲੱਗਪੱਗ ਚੌਥਾਈ ਸਦੀ ਤੋਂ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਾਂ ਅਤੇ ਡਰਿਆ ਹੋਇਆ ਹਾਂ। ਮੈਨੂੰ ਸ਼ੱਕ ਹੈ ਕਿ ਰਾਮ ਨਿਵਾਸ ਨੇ ਉਸ ਪੁਲਿਸ ਅਫ਼ਸਰ ਨੂੰ ਇਹ ਦੱਸ ਦਿੱਤਾ ਹੈ ਕਿ ਦਿੱਲੀ ਦੀ ਕੰਧ ਦੇ ਖੋਲ ਦਾ ਰਹੱਸ ਉਸ ਦੁਆਰਾ ਮੈਨੂੰ ਪਤਾ ਲੱਗ ਚੁੱਕਾ ਹੈ। ਤੁਸੀਂ ਸਮਝ ਸਕਦੇ ਹੋ ਫ਼ਿਲਹਾਲ ਮੇਰਾ ਜੀਵਨ ਕਿੰਨੇ ਖ਼ਤਰੇ ਵਿੱਚ ਹੈ?
ਇਸਦੇ ਬਾਵਜੂਦ ਜਿੰਨੇ ਵੀ ਥੋੜ੍ਹੇ ਬਹੁਤੇ ਦਿਨ ਜਾਂ ਮਹੀਨੇ ਜਾਂ ਸਾਲ ਇਸ ਬਦਹਾਲ ਜ਼ਿੰਦਗੀ ਦੇ ਬਚੇ ਹਨ, ਮੇਰੀ ਇੱਛਾ ਹੈ ਕਿ ਮੈਂ ਵੀ ਰਾਮ ਨਿਵਾਸ ਵਾਂਗੂ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਕਿਸੇ ਤਰ੍ਹਾਂ ਇੱਕ ਵਾਰ ਦਾਖ਼ਲ ਹੋ ਜਾਵਾਂ।
ਤਾਂ, ਇਸ ਲਈ ਅੱਜ ਕੱਲ੍ਹ ਹਰ ਰੋਜ਼ ਅੱਧੀ ਰਾਤ, ਜਦ ਸਾਰੀ ਦਿੱਲੀ ਨੀਂਦ ਵਿੱਚ ਡੁੱਬੀ ਹੋਈ ਹੁੰਦੀ ਹੈ, ਮੈਂ ਕਾਲੇ ਕੱਪੜੇ ਪਾ ਕੇ, ਇੱਕ ਹੱਥ ਵਿੱਚ ਕੁਦਾਲ ਅਤੇ ਦੂਜੇ ਵਿੱਚ ਇੱਕ ਸੱਬਲ ਲੈ ਕੇ ਨਿਕਲ ਪੈਂਦਾ ਹਾਂ ਅਤੇ ਦਿੱਲੀ ਦੀਆਂ ਕੰਧਾਂ ਨੂੰ ਹਨੇਰੇ ਵਿੱਚ ਠੋਕਦਾ ਰਹਿੰਦਾ ਹਾਂ। ਮੈਨੂੰ ਯਕੀਨ ਹੈ ਕਿ ਦਿੱਲੀ ਦੀਆਂ ਜ਼ਿਆਦਾ ਕੰਧਾਂ ਵਿੱਚ ਅਸੰਖ ਖੋਲ ਹਨ ਅਤੇ ਉੱਥੇ ਅਪਾਰ ਧਨ ਮੌਜੂਦ ਹੈ। ਅਜਿਹਾ ਧਨ ਜੋ ਪੂਰੀ ਤਰ੍ਹਾਂ ਅਨ-ਅਕਾਊਂਟਿਡ ਹੈ। ਮੈਨੂੰ ਜ਼ਿਆਦਾ ਪਛਤਾਵਾ ਇਸ ਗੱਲ ਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਪੱਚੀ ਸਾਲ ਫਜੂਲ ਬਰਬਾਦ ਕੀਤੇ। ਪੱਚੀ ਦਿਨ ਵੀ ਜੇ ਮੈਂ ਇੱਥੋਂ ਦੀਆਂ ਕੰਧਾਂ ਨੂੰ ਠੋਕਣ ਵਿੱਚ ਲਾਏ ਹੁੰਦੇ ਤਾਂ ਹੁਣ ਤੱਕ ਮੈਂ ਕਰੋੜਪਤੀ ਬਣ ਗਿਆ ਹੁੰਦਾ ਅਤੇ ਇੱਕ ਸਨਮਾਨਤ ਜੀਵਨ ਜੀ ਰਿਹਾ ਹੁੰਦਾ।
ਜੇ ਤੁਸੀਂ ਇਹ ਕਹਾਣੀ ਪੜ੍ਹ ਲਓ ਤਾਂ ਸੱਬਲ ਅਤੇ ਕੁਦਾਲ ਲੈ ਕੇ ਫੌਰਨ ਦਿੱਲੀ ਵੱਲ ਰਵਾਨਾ ਹੋ ਜਾਓ। ਕਰੋੜਪਤੀ ਬਨਣ ਅਤੇ ਛੱਪੜ ਪਾੜ ਕੇ ਆਉਣ ਵਾਲੀ ਦੌਲਤ ਪ੍ਰਾਪਤ ਕਰਨ ਦਾ ਹੁਣ ਇਹੀ ਇੱਕ ਰਾਹ ਬਚਿਆ ਹੈ। ਮਿਹਨਤ, ਈਮਾਨਦਾਰੀ, ਪ੍ਰਤਿਭਾ, ਨਿਸ਼ਠਾ, ਲਗਨ ਆਦਿ ਦੇ ਰਾਹ ’ਤੇ ਤੁਰ ਕੇ ਤੁਸੀਂ ਜੀਣਾ ਚਾਹੋਗੇ ਤਾਂ ਭੁੱਖੇ ਮਰ ਜਾਓਗੇ ਅਤੇ ਪੁਲਿਸ ਵਾਲੇ ਤੁਹਾਡੇ ਪਿੱਛੇ ਪੈ ਜਾਣਗੇ। ਤੁਹਾਨੂੰ ਪਤਾ ਹੀ ਹੋਵੇਗਾ, ਮਹਾਂਰਾਸ਼ਟਰ ਦੇ ਇੱਕ ਨਿਆਂਮੂਰਤੀ ਨੇ ਕਿਹਾ ਸੀ, ਭਾਰਤੀ ਪੁਲਿਸ ਗੁੰਡਿਆਂ ਅਤੇ ਅਪਰਾਧੀਆਂ ਦਾ ਇੱਕ ਸੰਗਠਿਤ ਅਤੇ ਕਾਨੂੰਨੀ ਗਿਰੋਹ ਹੈ।
ਮੈਂ ਫ਼ਿਲਹਾਲ ਕਿੰਗਸਵੇ ਕੈਂਪ ਦੇ ਕੋਰੋਨੇਸ਼ਨ ਪਾਰਕ ਵਿੱਚ ਅੰਗਰੇਜ਼ ਸਮਰਾਟ ਅਤੇ ਦੂਜੇ ਹੁਕਮਰਾਨਾਂ ਦੀਆਂ ਟੁੱਟੀਆਂ ਭੱਜੀਆਂ ਮੂਰਤੀਆਂ ਦੇ ਵਿੱਚ ਕੋੜੀਆਂ, ਮੰਗਤਿਆਂ, ਸਮੈਕੀਆਂ ਅਤੇ ਲਵਾਰਿਸ ਅਨਾਗਰਿਕਾਂ ਦੇ ਵਿੱਚਕਾਰ ਸੌਂਦਾ ਹਾਂ। ਮੈਂ ਖੁਦ ਵੀ ਉਨ੍ਹਾਂ ਮੂਰਤੀਆਂ ਵਾਂਗੂ ਖੰਡਤ ਹਾਂ। ਰੀੜ੍ਹ ਦੀ ਹੱਡੀ ਗਲ ਚੁੱਕੀ ਹੈ ਅਤੇ ਹੱਡੀ-ਖੋਰੇ ਦਾ ਰੋਗ ਮੈਨੂੰ ਲੱਗ ਚੁੱਕਾ ਹੈ। ਕਦੇ-ਕਦੇ ਮੌਕਾ ਮਿਲਦਾ ਹੈ ਤਾਂ ਦਿੱਲੀ ਦੇ ਚਿੜੀਆ ਘਰ ਦੇ ਅੱਗੇ, ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ ਸੰਗਮਰਮਰ ਦੇ ਫ਼ਰਸ਼ ’ਤੇ ਘੰਟਿਆਂ-ਬੱਧੀ ਬੈਠਾ ਰਹਿੰਦਾ ਹਾਂ ਅਤੇ ਉਹੀ ਵਾਕ ਦੁਹਰਾਉਂਦਾ ਰਹਿੰਦਾ ਹਾਂ, ਜੋ ਔਲੀਏ ਨੇ ਦਿੱਲੀ ਦੇ ਬਾਦਸ਼ਾਹ ਗਿਆਸ-ਊ-ਦੀਨ ਤੁਗਲਕ ਨੂੰ ਕਿਹਾ ਸੀ ਅਤੇ ਜਿਸ ਤੋਂ ਬਾਅਦ ਬਾਦਸ਼ਾਹ ਸ਼ਰਾਬ ਅਤੇ ਜਸ਼ਨ ਵਿੱਚ ਡੁੱਬਾ, ਸਿਰਫ ਇੱਕ ਸ਼ਮਿਆਨੇ ਦੇ ਡਿੱਗ ਪੈਣ ਨਾਲ ਦਿੱਲੀ ਦੀ ਸਰਹੱਦ ’ਤੇ ਹੀ ਮਰ ਗਿਆ ਸੀ। ਉਹ ਥਾਂ ਹੁਣ ਤੁਗਲਕਾਬਾਦ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਜਿੱਥੇ ਔਲੀਏ ਦੀ ਦਰਗਾਹ ਹੈ, ਉੱਥੇ ਅਮੀਰ ਖ਼ੁਸਰੋ ਦੀ ਮਜ਼ਾਰ ਵੀ ਹੈ। ਉਹੀ ਅਮੀਰ ਖ਼ੁਸਰੋ, ਜਿਹੜਾ ਹਿੰਦੀ ਖੜੀ ਬੋਲੀ ਦਾ ਪਹਿਲਾ ਕਵੀ ਸੀ ਅਤੇ ਜਿਸਨੇ ਆਪਣੀ ਜ਼ਿੰਦਗੀ ਵਿੱਚ ਦਿੱਲੀ ਦੇ ਗਿਆਰਾ ਬਾਦਸ਼ਾਹਾਂ, ਉਨ੍ਹਾਂ ਦੇ ਦਰਬਾਰੀਆਂ ਅਤੇ ਚਾਪਲੂਸਾਂ ਦੇ ਉਭਾਰ ਅਤੇ ਨਿਘਾਰ ਨੂੰ ਦੇਖਿਆ ਸੀ। ਜੇ ਤੁਸੀਂ ਉੱਥੇ ਜਾ ਕੇ ਸੱਯਦ ਨਿਜ਼ਾਮੀ ਦਾ ਰਜਿਸਟਰ ਦੇਖੋ ਤਾਂ ਮੇਰਾ ਨਾਂ ਉਸ ਵਿੱਚ ਲਿਖਿਆ ਹੋਇਆ ਮਿਲੇਗਾ।
ਯਕੀਨ ਮੰਨੋ, ਉੱਥੇ ਮੈਂ ਸਿਰਫ਼, ਤੁਹਾਡੀ ਸਾਰਿਆਂ ਦੀ ਅਤੇ ਆਪਣੇ ਪਿਆਰੇ ਵਤਨ ਦੀ ਖੈਰੀਅਤ ਦੀ ਦੁਆ ਮੰਗਦਾ ਰਹਿੰਦਾ ਹਾਂ। ਭਰੋਸਾ ਰੱਖੋ, ਔਲੀਏ ਤੱਕ ਮੇਰੀ ਪ੍ਰਾਰਥਨਾ ਜ਼ਰੂਰ ਪਹੁੰਚ ਰਹੀ ਹੋਵੇਗੀ।
ਅਤੇ ਛੇਤੀ ਹੀ ਜੇ ਪੁਲਿਸ ਅਤੇ ਦਿੱਲੀ ਦੇ ਤਾਕਤਵਰਾਂ ਨੇ ਮੈਨੂੰ ਕਿਸੇ ਝੂਠੇ ਜੁਰਮ ਵਿੱਚ ਫ਼ਸਾ ਨਾ ਦਿੱਤਾ, ਤਾਂ ਆਪਣੀ ਕੁਦਾਲ ਅਤੇ ਸੱਬਲ ਦੇ ਜ਼ੋਰ ਨਾਲ ਮੈਂ ਦਿੱਲੀ ਦੀਆਂ ਅਣਗਿਣਤ ਕੰਧਾਂ ਦੇ ਖੋਲਾਂ ਵਿੱਚ ਲੁਕੀ ਦੌਲਤ ਨੂੰ ਇੱਕ ਦਿਨ ਜ਼ਰੂਰ ਦੇਖ ਲਵਾਂਗਾ।
ਤੁਸੀਂ ਵੀ ਜੇ ਆਪਣੀ ਕਿਸਮਤ ਸੁਧਾਰਨਾ ਚਾਹੁੰਦੇ ਹੋ ਤਾਂ ਜਿੱਥੇ ਕਿਤੇ ਵੀ ਹੋ, ਦਿੱਲੀ ਲਈ ਤੁਰੰਤ ਰਵਾਨਾ ਹੋ ਜਾਓ। ਦਿੱਲੀ ਦੂਰ ਨਹੀਂ ਹੈ। ਵਿਸ਼ਵਾਸ ਕਰੋ, ਕਰੋੜਪਤੀ ਬਨਣ ਦਾ ਹੀ ਨਹੀਂ, ਦਾਲ ਰੋਟੀ ਚਲਾਉਣ ਦਾ ਵੀ ਹੁਣ ਇਹ ਇੱਕੋ-ਇੱਕ ਰਾਹ ਬਚਿਆ ਹੈ।
ਦੂਜੇ ਰਾਹ ਅਖ਼ਬਾਰਾਂ ਅਤੇ ਮੀਡੀਏ ਦੁਆਰਾ ਫ਼ੈਲਾਈਆਂ ਗਈਆਂ ਅਫ਼ਵਾਹਾਂ ਹਨ। ਹੋਰ ਕੁਝ ਵੀ ਨਹੀਂ।

ਉਦੈ ਪ੍ਰਕਾਸ਼
ਉਦੈ ਪ੍ਰਕਾਸ਼ ਹਿੰਦੀ ਕਥਾ ਜਗਤ ਦੇ ਬਿਲਕੁਲ ਵੱਖਰੀ ਭਾਂਤ ਦੇ ਨਿਵੇਕਲੇ ਨਾਂਅ ਹਨ। ਉਨ੍ਹਾਂ ਦੀਆਂ ਕਹਾਣੀਆਂ ਦੇ ਕੇਂਦਰ ਵਿਚ ਆਮ ਬੰਦਾ ਅਪਣੇ ਸਾਰੇ ਗੁਣਾਂ-ਔਗੁਣਾਂ ਸਣੇ ਹਾਜ਼ਰ ਰਹਿੰਦਾ ਹੈ। ਹੱਥਲੀ ਕਹਾਣੀ ਇਸ ਦਾ ਪ੍ਰਮਾਣ ਹੈ। ਇਸ ਤੋਂ ਪਹਿਲਾਂ 'ਹੁਣ' ਨੂੰ ਉਦੈ ਪ੍ਰਕਾਸ਼ ਦੀਆਂ ਦੋ ਕਹਾਣੀਆਂ 'ਮੋਹਨ ਦਾਸ' ਅਤੇ 'ਦਿੱਲੀ' ਛਾਪਣ ਦਾ ਮਾਣ ਹਾਸਲ ਹੈ। 'ਮੋਹਨ ਦਾਸ' ਕਹਾਣੀ ਉਪਰ ਪੰਜਾਬੀ ਦੇ ਨਾਮਵਰ ਨਾਟਕਕਾਰਾਂ ਨੇ ਨਾਟਕ ਵੀ ਖੇਡੇ ਹਨ। ਇਸੇ ਕਹਾਣੀ `ਤੇ ਹਿੰਦੀ ਵਿਚ ਫ਼ਿਲਮ ਵੀ ਬਣੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!