ਦਿੱਲੀ – ਉਦੈ ਪ੍ਰਕਾਸ਼

Date:

Share post:

ਜਦ ਤੱਕ ਮੁਗਲ ਨਹੀਂ ਸਨ ਆਏ। ਦਿੱਲੀ ਵਿੱਚ ਉਹਨੀਂ ਦਿਨੀਂ ਸੁਲਤਾਨਾਂ ਦਾ ਰਾਜ ਸੀ। ਅਲਾਉਦੀਨ ਖਿਲਜੀ ਬਾਦਸ਼ਾਹ ਸੀ।
ਕਈ ਸਾਲਾਂ ਤੋਂ ਦਿੱਲੀ ਦਰਬਾਰ ਵਿੱਚ ਇਹ ਹਵਾ ਸੀ ਕਿ ਹਿੰਦੁਸਤਾਨ ਦਾ ਦੱਖਣੀ ਭਾਗ ਬਹੁਤ ਅਮੀਰ ਹੈ। ਹਜ਼ਾਰ ਤੋਂ ਵੀ ਵੱਧ ਸਾਲਾਂ ਤੋਂ ਉੱਥੇ ਦੇ ਰਾਜੇ ਅਤੇ ਵਪਾਰੀ ਅਰਬ, ਯੂਨਾਨ ਅਤੇ ਤਮਾਮ ਦੇਸ਼ਾਂ ਨਾਲ ਵਪਾਰ ਕਰਕੇ ਬਹੁਤ ਅਮੀਰ ਹੋ ਗਏ ਹਨ। ਉੱਥੇ ਬਹੁਤ ਸਾਰਾ ਸੋਨਾ-ਚਾਂਦੀ, ਹੀਰੇ-ਮੋਤੀ, ਪੰਨੇ-ਪੁਖਰਾਜ, ਹਾਥੀ, ਘੋੜੇ ਹਨ।
ਅਲਾਉਦੀਨ ਖਿਲਜੀ ਨੇ ਆਪਣੇ ਸਭ ਤੋਂ ਭਰੋਸੇਮੰਦ, ਯੋਗ ਅਤੇ ਵਫ਼ਾਦਾਰ ਸੂਬੇਦਾਰ ਉਲਗ ਖ਼ਾਨ ਨੂੰ ਜ਼ਿੰਮੇਵਾਰੀ ਸੌਂਪੀ ਕਿ ਉਹ ਦੱਖਣ ’ਤੇ ਹਮਲਾ ਕਰੇ। ਉਲਗ ਖ਼ਾਨ ਬਿਆਨਾ ਦਾ ਸੂਬੇਦਾਰ ਸੀ। ਉਹ ਫੌਜ ਇਕੱਠੀ ਕਰਨ ਲੱਗਾ, ਪ੍ਰੰਤੂ ਇਸੇ ਵਿੱਚ ਹੀ ਮਰ ਗਿਆ।
ਖ਼ਿਲਜੀ ਫ਼ਿਕਰਮੰਦ ਹੋਇਆ। ਫ਼ਿਰ ਉਸ ਨੇ ਉਲਗ ਖ਼ਾਨ ਦੀ ਥਾਂ ਮਲਿਕ ਨਾਇਬ ਕਾਫ਼ੂਰ ਹਜ਼ਾਰ ਦੀਨਾਰੀ ਨੂੰ ਇਸ ਮੁਹਿੰਮ ਦੀ ਜ਼ਿੰਮੇਵਾਰੀ ਸੌਂਪੀ।
ਕਾਫ਼ੂਰ ਦੀਨਾਰੀ ਨੇ ਮਲਾਬਾਰ ਨੂੰ ਰੌਂਦ ਦਿੱਤਾ। ਪੂਰੇ ਇੱਕ ਸਾਲ ਤੱਕ ਉਹ ਲੁੱਟ ਮਾਰ ਮਚਾਉਂਦਾ ਰਿਹਾ। ਮੰਦਰ ਤੋੜ ਦਿੱਤੇ, ਕਸਬਿਆਂ, ਬਜ਼ਾਰਾਂ ਅਤੇ ਪਿੰਡਾਂ ਨੂੰ ਲੁੱਟਿਆ।
ਹਿੰਦੀ ਖੜੀ ਬੋਲੀ ਦੇ ਸੂਫ਼ੀ ਕਵੀ ਅਤੇ ਹਜ਼ਰਤ ਨਿਜਾਮੂਦੀਨ ਔਲੀਆ ਦੇ ਸ਼ਾਗਿਰਦ ਅਮੀਰ ਖੁਸਰੋ ਨੇ ਲਿਖਿਆ ਹੈ ਕਿ ਦੱਖਣ ਦੀ ਧਰਤੀ ਵਿੱਚ, ਜਿੱਥੇ ਕਿਤੇ ਵੀ ਧਨ ਸੀ ਜਾਂ ਤਿਜੌਰੀ ਸੀ ਉਸ ਨੂੰ ਖੋਦ ਕੇ ਕੱਢ ਲਿਆ ਗਿਆ ਅਤੇ ਖੱਚਰਾਂ, ਗੱਡੀਆਂ ’ਤੇ ਲੱਦ ਕੇ ਦਿੱਲੀ ਰਵਾਨਾ ਕਰ ਦਿੱਤਾ ਗਿਆ। ਕਾਫ਼ੂਰ ਦੀਨਾਰੀ ਨੇ ਦੱਖਣ ਦੇ ਸਾਰੇ ਦਰਵਾਜ਼ਿਆਂ ਨੂੰ ਦਿੱਲੀ ਦੀ ਖ਼ਾਤਰ ਤੋੜ ਦਿੱਤਾ ਸੀ ਅਤੇ ਜਦ ਇਸ ਜਿੱਤ ਤੋਂ ਬਾਅਦ ਉਹ ਵਾਪਸ ਦਿੱਲੀ ਮੁੜਿਆ ਤਾਂ ਦੱਖਣ ਦੇ ਉਸ ਸਮੁੱਚੇ ਖੇਤਰ ਵਿੱਚ ਸੋਨਾ-ਚਾਂਦੀ, ਹੀਰੇ-ਪੰਨੇ ਨਹੀਂ, ਸਿਰਫ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀਆਂ ਗੂੰਜਾਂ ਹੀ ਬਾਕੀ ਬਚੀਆਂ ਸਨ ਅਤੇ ਬਾਕੀ ਬਚੀ ਸੀ ਮੀਲਾਂ ਕੋਹਾਂ ਫ਼ੈਲੀ ਰਾਖ ਵਿੱਚ ਅਜੇ ਵੀ ਉਸ ਵਿਨਾਸ਼ ਦੀ ਗਵਾਹੀ ਦਿੰਦੀਆਂ ਅੱਗ ਦੀਆਂ ਲਾਟਾਂ।
ਕਾਫ਼ੂਰ ਆਪਣੇ ਨਾਲ ਛੇ ਸੌ ਹਾਥੀ, ਢਾਈ ਹਜ਼ਾਰ ਘੋੜੇ, ਛਿਆਨਵੇਂ ਮਣ ਸੋਨਾ, ਇੱਕ ਹਜ਼ਾਰ ਲੰਮੇ ਵਾਲਾਂ ਅਤੇ ਵੱਡੀਆਂ ਅੱਖਾਂ ਵਾਲੀਆਂ ਦੱਖਣ ਦੀਆਂ ਸਾਂਵਲੀਆਂ ਦਾਸੀਆਂ ਅਤੇ ਤਿੰਨ ਮਣ ਹੀਰੇ-ਮੋਤੀ, ਪੰਨੇ-ਪੁਖਰਾਜ ਅਤੇ ਦੂਜੇ ਨਗ-ਨਗੀਨੇ ਲੈ ਕੇ ਮੁੜਿਆ ਸੀ। ਦੱਖਣ ਦੀ ਇਸ ਲੁੱਟ ਤੋਂ ਦਿੱਲੀ ਕੁਝ ਸਾਲਾਂ ਤੱਕ ਮਾਲਾ-ਮਾਲ ਹੋ ਗਈ ਸੀ।
ਜਦ ਦਿੱਲੀ ਦੀ ਸਲਤਨਤ ਦੇ ਤਖ਼ਤ ’ਤੇ ਖਿਲਜੀ ਦੇ ਬਾਦ ਮੁਬਾਰਕ ਸ਼ਾਹ ਬੈਠਾ ਤਾਂ ਉਸ ਦੇ ਸੁਪਨਿਆਂ ਵਿੱਚ ਮਲਿਕ ਨਾਇਬ ਕਾਫ਼ੂਰ ਦੀਨਾਰੀ ਦੱਖਣ ਵੱਲੋਂ ਦੌਲਤ ਅਤੇ ਹੂਰਾਂ ਲੈ ਕੇ ਦਿੱਲੀ ਵੱਲ ਆਉਂਦਾ ਅਕਸਰ ਦਿਖਾਈ ਦਿੰਦਾ। ਮੁਬਾਰਕ ਸ਼ਾਹ ਠੀਕ ਤਰ੍ਹਾਂ ਸੌ ਨਾ ਸਕਦਾ। ਇਸ ਲਈ ਉਸਨੇ ਆਪਣੇ ਸਭ ਤੋਂ ਵਫ਼ਾਦਾਰ ਨਾਇਬ ਸੂਬੇਦਾਰ ਖ਼ੁਸਰੋ ਖ਼ਾਨ ਨੂੰ ਫੌਜ਼ ਦੇ ਨਾਲ ਇੱਕ ਵਾਰ ਦੱਖਣ ਭੇਜਣ ਦਾ ਫ਼ੈਸਲਾ ਕੀਤਾ।
ਸੋਖ਼ ਭੜਕੀਲੀ ਪੁਸ਼ਾਕ, ਚੂੜੀਦਾਰ ਪਜਾਮੀ, ਚਮਕਦਾਰ ਦੰਦ ਅਤੇ ਹਮੇਸ਼ਾ ਮੁਸਕਰਾਉਣ ਵਾਲੇ ਦਿੱਲੀ ਦੇ ਖ਼ੁਸਰੋ ਖ਼ਾਨ ਦੇ ਚਰਚੇ ਪੂਰੇ ਹਿੰਦੁਸਤਾਨ ਵਿੱਚ ਸਨ। ਮਾਵਾਂ ਆਪਣੇ ਬੱਚਿਆਂ ਨੂੰ ਖ਼ੁਸਰੋ ਖ਼ਾਨ ਦਾ ਨਾਂ ਲੈ ਕੇ ਡਰਾਉਂਦੀਆਂ ਸਨ। ਕੁੜੀਆਂ ਆਪਣੇ ਚਿਹਰੇ ਪਰਦਿਆਂ ਨਾਲ ਢਕ ਕੇ ਬਾਹਰ ਨਿਕਲਦੀਆਂ ਸਨ ਕਿ ਕਿਤੇ ਖ਼ੁਸਰੋ ਖ਼ਾਨ ਨਾ ਦੇਖ਼ ਲਵੇ। ਹਾਲਾਂਕਿ ਖ਼ੁਸਰੋ ਖ਼ਾਨ ਨਾਚ-ਗਾਣੇ ਅਤੇ ਤਹਿਜ਼ੀਬ ਵਗੈਰਾ ਨੂੰ ਬਹੁਤ ਉੱਚਾ ਦਰਜਾ ਦਿੰਦਾ ਸੀ, ਪ੍ਰੰਤੂ ਉਸਦੇ ਬਾਰੇ ਵਿੱਚ ਮਸ਼ਹੂਰ ਸੀ ਕਿ ਉਹ ਜਿਸ ’ਤੇ ਰਹਿਮ ਕਰਦਾ ਸੀ, ਉਸਦੇ ਨੱਕ-ਕੰਨ ਵੱਢ ਕੇ ਜਾਨ ਬਖ਼ਸ਼ ਦਿੰਦਾ ਸੀ।
ਦੱਖਣ ਦੇ ਮਲਾਬਾਰ ਦੇ ਬਾਸ਼ਿੰਦਿਆਂ ਨੂੰ ਜਦ ਇਹ ਪਤਾ ਲੱਗਾ ਕਿ ਇਸ ਵਾਰ ਦਿੱਲੀ ਤੋਂ ਖ਼ੁਸਰੋ ਖ਼ਾਨ ਆ ਰਿਹਾ ਹੈ, ਤਾਂ ਸਭ ਨੇ ਇਕੱਠਿਆਂ ਕਿਹਾ, ”ਭੱਜੋ।’’ ਅਤੇ ਉਹ ਸਾਰੇ ਦੇ ਸਾਰੇ ਲੋਕ ਆਪਣਾ ਆਪਣਾ ਸੋਨਾ-ਚਾਂਦੀ, ਮਾਲ-ਅਸਬਾਬ, ਧਨ-ਦੌਲਤ ਲੈ ਕੇ ਮਦੁਰੈ ਤੋਂ ਵੀ ਦੱਖਣ ਭੱਜ ਗਏ, ਜਿੱਥੇ ਉਹ ਸੁਰੱਖਿਅਤ ਰਹਿ ਸਕਣ। ਪ੍ਰੰਤੂ ਮਲਾਬਾਰ ਦਾ ਇੱਕ ਮੁਸਲਮਾਨ ਵਪਾਰੀ ਅਜਿਹਾ ਸੀ, ਜਿਸ ਨੇ ਸਾਰੇ ਮੁਸਲਮਾਨ ਵਪਾਰੀਆਂ ਨੂੰ ਸਮਝਾਇਆ ਕਿ ਸਾਨੂੰ ਖ਼ੁਸਰੋ ਖ਼ਾਨ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਖ਼ੁਸਰੋ ਖ਼ਾਨ ਤਾਂ ਇਸਲਾਮੀ ਫ਼ੌਜ ਲੈ ਕੇ ਸਾਨੂੰ ਕਾਫ਼ਰਾਂ ਤੋਂ ਆਜ਼ਾਦ ਕਰਵਾਉਣ ਆ ਰਿਹਾ ਹੈ। ਹੁਣ ਦੱਖਣ ਵਿੱਚ ਸਾਰਾ ਵਪਾਰ ਕਾਰੋਬਾਰ ਸਾਡੇ ਕਬਜ਼ੇ ਵਿੱਚ ਹੋਵੇਗਾ। ਇੱਥੇ ਮੁਸਲਮਾਨ ਹਕੂਮਤ ਕਰਨਗੇ।
ਉਸ ਵਪਾਰੀ ਦਾ ਨਾਂ ਸੀ ਖ਼ਵਾਜ਼ਾ ਤਕੀ। ਉਹ ਪੰਜੇ ਵੇਲੇ ਨਮਾਜ਼ ਪੜ੍ਹਦਾ ਸੀ ਅਤੇ ਮਜ਼ਹਬੀ ਅਸੂਲਾਂ ਦਾ ਵਿਦਵਾਨ ਸੀ। ਉਸਦੀ ਬੜੀ ਇੱਜ਼ਤ ਸੀ। ਇਸ ਲਈ ਉਸਦੀ ਗੱਲ ’ਤੇ ਸਾਰੇ ਮੁਸਲਮਾਨਾਂ ਨੇ ਯਕੀਨ ਕਰ ਲਿਆ ਅਤੇ ਉਹ ਉੱਥੇ ਹੀ ਰੁਕ ਗਏ। ਆਪਣੇ ਧਨ ਦੌਲਤ, ਸੋਨਾ-ਚਾਂਦੀ ਅਤੇ ਨੂੰਹਾਂ-ਧੀਆਂ ਦੇ ਨਾਲ।
ਵਪਾਰੀ ਖ਼ਵਾਜ਼ਾ ਤਕੀ ਨੇ ਕਿਹਾ, ”ਅਸੀਂ ਮਲਾਬਾਰ ਦੀ ਸਰਜ਼ਮੀ ਤੇ ਦਿੱਲੀ ਸਲਤਨਤ ਵੱਲੋਂ ਆਉਣ ਵਾਲੇ ਮਲਿਕ ਨਾਇਬ ਖ਼ੁਸਰੋ ਖ਼ਾਨ ਅਤੇ ਉਸਦੀ ਪਾਕ ਇਸਲਾਮੀ ਫ਼ੌਜ ਦਾ ਖੈਰ ਮਕਦਮ ਕਰਾਂਗੇ।’’
ਬਹਿਰਹਾਲ, ਜਦ ਖ਼ੁਸਰੋ ਖ਼ਾਨ ਆਪਣੀ ਫ਼ੌਜ ਦੇ ਨਾਲ ਮਲਾਬਾਰ ਪਹੁੰਚਿਆ ਤਾਂ ਖ਼ਵਾਜ਼ਾ ਤਕੀ ਦੀ ਅਗਵਾਈ ਵਿੱਚ ਤਮਾਮ ਮੁਸਲਮਾਨ ਵਪਾਰੀਆਂ ਅਤੇ ਮਜ਼ਹਬੀਆਂ ਨੇ ਉਸਦਾ ਸਵਾਗਤ ਕੀਤਾ ਅਤੇ ਉਸਦੇ ਸਨਮਾਨ ਵਿੱਚ ਉਸ ਰਾਤ ਦਾਵਤ ਅਤੇ ਨਾਚ-ਗਾਣੇ ਦੇ ਜਲਸੇ ਦਾ ਇੰਤਜ਼ਾਮ ਕੀਤਾ।
ਇੰਤਜ਼ਾਮ ਬਹੁਤ ਚੰਗਾ ਸੀ। ਖਾਣਾ ਲਜੀਜ਼ ਸੀ। ਰਕਾਸਾਵਾਂ ਜੰਨਤ ਦੀਆਂ ਸਾਂਵਲੀਆਂ ਹੂਰਾਂ ਸਨ। ਜਦ ਸਭ ਨੇ ਖਾ ਪੀ ਲਿਆ ਤਾਂ ਖ਼ੁਸਰੋ ਖ਼ਾਨ ਨੇ ਡਕਾਰ ਮਾਰਿਆ ਅਤੇ ਚੀਕ ਕੇ ਆਪਣੇ ਸਿਪਾਸਲਾਰਾਂ ਨੂੰ ਕਿਹਾ, ”ਦੇਖਦੇ ਕੀ ਹੋ, ਸ਼ੁਰੂ ਹੋ ਜਾਉ, ਅਸੀਂ ਆਪਣੇ ਫ਼ਰਜ਼ ਤੋਂ ਗੁੰਮਰਾਹ ਨਹੀਂ ਹੋਣਾ।’’
ਆਪਣੇ ਗਲੇ ਦੀ ਪੂਰੀ ਤਾਕਤ ਨਾਲ ਖ਼ੁਸਰੋ ਖ਼ਾਨ ਆਪਣੀ ਫ਼ੌਜ ਨੂੰ ਹੁਕਮ ਦਿੰਦਿਆਂ ਹੋਇਆ ਚੀਕਿਆ,”ਲੁੱਟੋ ਅਤੇ ਮਾਰੋ। ਵੱਢ ਸੁੱਟੋ।’’
ਖ਼ੁਸਰੋ ਖ਼ਾਨ ਦੀ ਅਵਾਜ਼ ਸਮੁੱਚੇ ਮਲਾਬਾਰ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਗੂੰਜਦੀ ਰਹੀ। ਇਸ ਵਾਰ ਅਜਿਹੀ ਲੁੱਟ-ਮਾਰ, ਅਗਜ਼ਨੀ, ਜ਼ਿਨਾਹ ਅਤੇ ਵਹਿਸ਼ੀਆਨਾ ਕੰਮ ਹੋਏ ਕਿ ਲੋਕ ਮਲਿਕ ਦੀਨਾਰੀ ਦੀ ਲੁੱਟ ਨੂੰ ਵੀ ਭੁੱਲ ਗਏ। ਮਲਾਬਾਰ ਵਿੱਚ ਰੁਕ ਜਾਣ ਵਾਲਾ ਕੋਈ ਵੀ ਵਪਾਰੀ ਜਾਂ ਬਸ਼ਿੰਦਾ ਅਜਿਹਾ ਨਹੀਂ ਸੀ, ਜਿਸਦੇ ਘਰ ਵਿੱਚ ਇੱਕ ਕੌਡੀ ਜਾਂ ਜਵਾਨ ਕੁੜੀ ਬਚੀ ਹੋਵੇ।
ਜਦ ਖ਼ੁਸਰੋ ਖ਼ਾਨ ਦੱਖਣ ਦੀ ਲੁੱਟ ਦਾ ਸਾਰਾ ਸਮਾਨ ਖੱਚਰਾਂ, ਗੱਡੀਆਂ ’ਤੇ ਲੱਦ ਕੇ ਦਿੱਲੀ ਲਈ ਕੂਚ ਕਰ ਰਿਹਾ ਸੀ ਤਾਂ ਉਹ ਮਲਾਬਾਰ ਦੀ ਸਰਜ਼ਮੀ ’ਤੇ ਆਪਣਾ ਖੈਰ ਮਕਦਮ ਕਰਨ ਵਾਲੇ ਵਪਾਰੀ ਖ਼ਵਾਜ਼ਾ ਤਕੀ ਨੂੰ ਮਿਲਿਆ। ਖ਼ਵਾਜ਼ਾ ਤਕੀ ਲੁੱਟ-ਪੁੱਟ ਚੁੱਕਿਆ ਸੀ ਅਤੇ ਫ਼ਟੇ-ਪੁਰਾਣੇ ਚੀਥੜਿਆਂ ਵਿੱਚ ਸੀ।
ਖ਼ੁਸਰੋ ਖ਼ਾਨ ਨੇ ਚਮਕੀਲੇ ਦੰਦਾਂ ਵਿੱਚੋਂ ਮੁਸਕਰਾਂਦੇ ਹੋਏ ਖ਼ਵਾਜ਼ਾ ਤਕੀ ਨੂੰ ਕਿਹਾ, ”ਖ਼ਵਾਜ਼ਾ! ਅਸੀਂ ਦਿੱਲੀ ਦਰਬਾਰ ਤੋਂ ਆਏ ਸੀ। ਹੁਣ ਤੇਰੇ ਨਾਲ ਇੰਨੇ ਹਾਦਸੇ ਹੋ ਚੁੱਕੇ ਹਨ ਕਿ ਅਸੀਂ ਤੈਨੂੰ ਇਹ ਹਕੀਕਤ ਬਿਆਨ ਕਰ ਦਿੰਦੇ ਹਾਂ, ਜਿਸ ਨਾਲ ਤੇਰੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ ਹੋ ਜਾਣਗੀਆਂ।’’
ਖ਼ੁਸਰੋ ਖ਼ਾਨ ਫ਼ਿਰ ਮੁਸਕ੍ਰਾਇਆ ਅਤੇ ਉਸਨੇ ਕਿਹਾ, ”ਤੈਨੂੰ ਪਤਾ ਹੋਣਾ ਚਾਹੀਦਾ ਕਿ ਦਿੱਲੀ ਸਾਰੇ ਹਿੰਦੁਸਤਾਨ ਨੂੰ ਸਿਰਫ਼ ਇੱਕ ਅੱਖ ਨਾਲ ਦੇਖਦੀ ਹੈ। ਦਿੱਲੀ ਲਈ ਸਾਰੀ ਪਰਜਾ ਬਰਾਬਰ ਹੈ। ਰੰਗ, ਮਜ਼ਹਬ, ਨਸਲ, ਜ਼ੁਬਾਨਾਂ… ਕੋਈ ਭੇਦਭਾਵ ਨਹੀਂ। ਪ੍ਰੰਤੂ ਖਵਾਜ਼ਾ, ਯਾਦ ਰੱਖੋ ਕਿ ਉਹ ਇੱਕ ਅੱਖ ਕਿਸੇ ਸੂਫ਼ੀ, ਔਲੀਏ, ਖਲੀਫ਼ਾ, ਕਿਸੇ ਦਾਨਿਸ਼ਵਰ ਦਰਵੇਸ਼ ਜਾਂ ਕਿਸੇ ਇਨਸਾਫ਼ ਪਸੰਦ ਹੁਕਮਰਾਨ ਦੀ ਨਹੀਂ ਹੈ। ਉਹ ਅੱਖ ਦਰ ਹਕੀਕਤ ਕਿਸੇ ਲੁਟੇਰੇ ਜਾਂ ਡਾਕੂ ਦੀ ਹੈ। ਉਹ ਕਿਸੇ ਵਹਿਸ਼ੀ ਜਾਂ ਹਰਾਮਖੋਰ ਜ਼ਾਲਮ ਦੀ ਅੱਖ ਹੈ। ਖ਼ਵਾਜ਼ਾ ਤੈਨੂੰ ਪਤਾ ਹੋਣਾ ਚਾਹੀਦੈ ਕਿ ਦਿੱਲੀ ਦੌਲਤਮੰਦ ਲੁਟੇਰਿਆਂ ਦੀ ਨਗਰੀ ਹੈ। ਕੋਈ ਗਰੀਬ ਜਾਂ ਦੀਨ-ਓ-ਈਮਾਨ ਵਾਲਾ ਆਦਮੀ ਜੇ ਉੱਥੇ ਰਹਿਣ ਦੀ ਕੋਸ਼ਿਸ਼ ਕਰੇਗਾ, ਤਾਂ ਉਸਦਾ ਅਜਿਹਾ ਹਸ਼ਰ ਹੋਵੇਗਾ ਕਿ ਉਸਦਾ ਹਾਲ ਦੇਖਣ-ਸੁਨਣ ਵਾਲਿਆਂ ਦੇ ਸਾਰੇ ਲੂੰ-ਕੰਡੇ ਖੜ੍ਹੇ ਹੋ ਜਾਣਗੇ ਅਤੇ ਨਰਮ ਦਿਲ-ਓ-ਦਿਮਾਗ ਵਾਲੇ ਲੋਕਾਂ ਦੇ ਅੱਥਰੂ ਸੁੱਕ ਜਾਣਗੇ। ਦਿੱਲੀ ਵਿੱਚ ਕਾਬਲੀਅਤ, ਸ਼ਰਾਫ਼ਤ, ਈਮਾਨ, ਮਿਹਨਤ ਅਤੇ ਹੁਨਰ ਦੇ ਦਮ ’ਤੇ ਰਹਿਣ ਦੀ ਕੋਸ਼ਿਸ਼ ਕਰਨ ਵਾਲਾ ਆਦਮੀ ਜਾਂ ਤਾਂ ਪਾਗਲ ਹੋ ਕੇ ਸੜਕਾਂ ’ਤੇ ਬਦਹਾਲ ਭਟਕੇਗਾ ਜਾਂ ਖੁਦਕਸ਼ੀ ਕਰ ਲਵੇਗਾ ਜਾਂ ਫ਼ਿਰ ਦਿੱਲੀ ਉਸਨੂੰ ਲੱਤ ਮਾਰ ਕੇ ਸ਼ਹਿਰੋਂ ਬਾਹਰ ਕਰ ਦਵੇਗੀ।’’
ਖ਼ੁਸਰੋ ਖ਼ਾਨ ਨੇ ਖ਼ਵਾਜ਼ਾ ਤਕੀ ਵੱਲ ਮੁਸਕ੍ਰਾਂਦਿਆਂ ਹੋਇਆਂ ਦੇਖਿਆ ਅਤੇ ਕਿਹਾ, ”ਖ਼ਵਾਜ਼ਾ ਉਸ ਰਾਤ ਜਲਸਾ ਸ਼ਾਨਦਾਰ ਸੀ ਅਤੇ ਦਾਵਤ ਬਹੁਤ ਵਧੀਆ। ਫ਼ਿਰ ਤੇਰਾ ਜੋ ਹਾਲ ਹੋਇਆ ਹੈ, ਉਸ ਲਈ ਮੈਨੂੰ ਤੇਰੇ ’ਤੇ ਬਹੁਤ ਰਹਿਮ ਵੀ ਆ ਰਿਹਾ ਹੈ ਅਤੇ ਤੂੰ ਤਾਂ ਜਾਣਦਾ ਹੈਂ ਕਿ ਖ਼ੁਸਰੋ ਖ਼ਾਨ ਕਿਸੇ ’ਤੇ ਰਹਿਮ ਕਰਦਾ ਹੈ, ਤਾਂ ਕੀ ਕਰਦਾ ਹੈ।’’
ਇਸ ਤਰ੍ਹਾਂ ਦਿੱਲੀ ਦੇ ਖ਼ੁਸਰੋ ਖ਼ਾਨ ਨੇ ਮਲਾਬਾਰ ਦੇ ਖ਼ਵਾਜ਼ਾ ਤਕੀ ’ਤੇ ਰਹਿਮ ਕੀਤਾ। ਉਸਨੇ ਉਸਦੀ ਜਾਨ ਬਖ਼ਸ਼ ਦਿੱਤੀ ਅਤੇ ਸਿਰਫ ਨੱਕ-ਕੰਨ ਵੱਢ ਕੇ ਚਲਾ ਗਿਆ।
ਕਹਿੰਦੇ ਹਨ, ਬਾਦ ਦੀ ਬਚੀ-ਖੁਚੀ ਜ਼ਿੰਦਗੀ ਵਿੱਚ ਖ਼ਵਾਜ਼ਾ ਤਕੀ ਨੇ ਮਿਹਨਤ ਅਤੇ ਸਮਝਦਾਰੀ ਨਾਲ ਆਪਣਾ ਵਪਾਰ ਦੁਬਾਰਾ ਸ਼ੁਰੂ ਕੀਤਾ ਅਤੇ ਦੌਲਤ ਕਮਾਈ। ਸਾਰੀ ਜ਼ਿੰਦਗੀ ਉਹ ਮਲਾਬਾਰ ਦੇ ਹਿੰਦੂਆਂ, ਈਸਾਈਆਂ, ਯਹੂਦੀਆਂ ਅਤੇ ਗ਼ੈਰ ਮਜ਼ਹਬੀ ਵਸਨੀਕਾਂ ਦੇ ਨਾਲ ਬੜੇ ਪਿਆਰ-ਮੁਹੱਬਤ ਦੇ ਨਾਲ ਰਿਹਾ।
ਕਹਿੰਦੇ ਹਨ, ਜਦ ਖ਼ਵਾਜ਼ਾ ਤਕੀ ਮਰ ਰਿਹਾ ਸੀ, ਤਾਂ ਉਸਨੇ ਆਪਣੇ ਸਾਰੇ ਪੁੱਤਰਾਂ, ਦੋਹਤਿਆਂ, ਪੋਤਿਆਂ ਅਤੇ ਆਪਣੇ ਨਾਲ ਮੇਲ-ਮੁਲਾਕਾਤ ਰੱਖਣ ਵਾਲੇ ਸਾਰੇ ਅਮੀਰਾਂ-ਉਮਰਾਂ ਅਤੇ ਦੂਜੇ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, ”ਮੈਂ ਆਪਣੇ ਆਖ਼ਰੀ ਸਮੇਂ, ਮਰਨ ਤੋਂ ਠੀਕ ਪਹਿਲਾਂ ਤੁਹਾਨੂੰ ਤਿੰਨ ਗੱਲਾਂ ਕਹਿੰਦਾ ਹਾਂ। ਇਨ੍ਹਾਂ ਤੇ ਅਮਲ ਕਰਨਾ, ਇਸ ਨਾਲ ਮੇਰੀ ਰੂਹ ਨੂੰ ਸ਼ਾਂਤੀ ਮਿਲੇਗੀ।’’
ਕਹਿੰਦੇ ਹਨ, ਖ਼ਵਾਜ਼ਾ ਤਕੀ ਨੇ ਮਰਨ ਤੋਂ ਪਹਿਲਾਂ ਤਿੰਨ ਗੱਲਾਂ ਕਹੀਆਂ ਸਨ, ਉਹ ਇਸ ਤਰ੍ਹਾਂ ਹਨ:
ਪਹਿਲੀ ਗੱਲ: ਤੁਸੀਂ ਸਭ ਨੇ ਆਪਸ ਵਿੱਚ ਬਹੁਤ ਪਿਆਰ-ਮੁਹੱਬਤ ਦੇ ਨਾਲ ਰਹਿਣਾ। ਹਿੰਦੂ, ਮੁਸਲਮਾਨ, ਈਸਾਈ, ਯਹੂਦੀ- ਸਾਰੇ ਇਨਸਾਨ ਹਨ ਅਤੇ ਦਰਅਸਲ ਇਹ ਸਭ ਇੱਕ ਹੀ ਹਨ।
ਦੂਜੀ ਗੱਲ: ਜੇ ਕਿਸੇ ਡਰ ਜਾਂ ਖ਼ਤਰੇ ਦਾ ਸਮਾਂ ਆਵੇ, ਤਾਂ ਅਜਿਹੇ ਵਿੱਚ ਜੇ ਭੱਜਣਾ ਹੈ, ਸਾਰੇ ਇਕੱਠੇ ਰਲ ਕੇ ਭੱਜੋ ਅਤੇ ਜੇ ਉਸਦਾ ਮੁਕਾਬਲਾ ਕਰਨਾ ਹੈ, ਤਾਂ ਇਕੱਠੇ ਮੁਕਾਬਲਾ ਕਰੋ। ਕੋਸ਼ਿਸ਼ ਮੁਕਾਬਲੇ ਦੀ ਕਰੋ। ਯਕੀਨ ਕਰੋ ਹਰ ਲੁਟੇਰਾ ਅੰਦਰੋਂ ਬਹੁਤ ਬੁਜ਼ਦਿਲ ਅਤੇ ਡਿੱਗੀ ਜ਼ਿਹਨੀਅਤ ਵਾਲਾ ਹੁੰਦਾ ਹੈ। ਉਹ ਅੰਤ ਵਿੱਚ ਹਰ ਹਾਲ ਵਿੱਚ ਤੁਹਾਡੇ ਕੋਲੋਂ ਹਾਰੇਗਾ।
ਕਹਿੰਦੇ ਹਨ ਕਿ ਖ਼ਵਾਜ਼ਾ ਤਕੀ ਨੇ ਮਰਨ ਤੋਂ ਪਹਿਲਾ ਜੋ ਤੀਜੀ ਅਤੇ ਆਖ਼ਰੀ ਗੱਲ ਬੁੜਬੜਾਂਦਿਆਂ ਹੋਇਆਂ ਕਹੀ ਸੀ, ਉਹ ਇਹ ਸੀ ਕਿ ਅੱਜ ਤੋਂ ਜੇ ਇਸ ਇਲਾਕੇ ਵਿੱਚ ਕੋਈ ਦਿੱਲੀ ਦਰਬਾਰ ਤੋਂ ਆਵੇ ਅਤੇ ਤੁਹਾਨੂੰ ਕੁਝ ਕਹੇ, ਵਾਅਦੇ ਕਰੇ, ਤਿਜ਼ਾਰਤੀ ਸੌਦਾ ਕਰੇ, ਤਾਂ ਚੁੱਪਚਾਪ ਉਸਦੀਆਂ ਗੱਲਾਂ ਇੱਕ ਕੰਨ ’ਚ ਸੁਣੋ ਅਤੇ ਦੂਜੇ ਕੰਨ ਵਿੱਚੋਂ ਕੱਢ ਦਿਉ ਅਤੇ ਜੇ ਲੱਗੇ ਕਿ ਉਸਦੀਆਂ ਗੱਲਾਂ ਦਾ ਅਸਰ ਤੁਹਾਡੇ ’ਤੇ ਹੋਣ ਲੱਗਾ ਹੈ ਤਾਂ ਉਸਨੂੰ ਆਪਣੇ ਦਸਤਰਖ਼ਾਨ ਵਿੱਚ ਲੈ ਜਾਉ। ਉਸਨੂੰ ਵਧੀਆ ਲਜ਼ੀਜ਼ ਚੀਜ਼ਾਂ ਖਾਣ ਲਈ ਦਿਉ। ਰਾਤ ਗੁਜ਼ਾਰਨ ਦੇ ਲਈ ਗੁਦ-ਗੁਦਾ, ਨਰਮ ਬਿਸਤਰਾ ਉਸ ਲਈ ਵਿਛਾਉ ਅਤੇ ਜਦ ਉਹ ਸੌ ਜਾਵੇ ਤਾਂ ਉਸਦੇ ਸਾਰੇ ਕੱਪੜੇ ਲਾਹ ਕੇ ਉਸਦਾ ਸਿਰ ਉਸਤਰੇ ਨਾਲ ਮੁੰਨ ਕੇ, ਗਧੇ ’ਤੇ ਪੁੱਠਾ ਬਿਠਾ ਕੇ ਉਸਨੂੰ ਬਾਇੱਜ਼ਤ ਦਿੱਲੀ ਦੇ ਲਈ ਰੁਖ਼ਸਤ ਕਰ ਦਿਉ।
ਕਹਿੰਦੇ ਹਨ, ਇੰਨਾ ਕਹਿ ਕੇ ਖ਼ਵਾਜ਼ਾ ਤਕੀ ਮਰ ਗਿਆ ਸੀ।

(ਅਨੁਵਾਦ: ਭਜਨਬੀਰ ਸਿੰਘ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!